ਦਿਲਾਂ ਦਾ ਵੈਦ – ਸਿਗਮੰਡ ਫ਼ਰਾਇਡ

Date:

Share post:

ਸੱਤਿਆਪਾਲ ਗੌਤਮ

ਇਸ ਸਾਲ ਸ਼ਨਿਚਰਵਾਰ 6 ਮਈ ਵਾਲ਼ੇ ਦਿਨ ਵੀਆਨਾ, ਲੰਡਨ, ਪੈਰਿਸ, ਨਿਊਯਾਰਕ ਅਤੇ ਦੁਨੀਆ ਦੇ ਹੋਰ ਕਈ ਸ਼ਹਿਰਾਂ ’ਚ ਸਿਗਮੰਡ (ਅਸਲ ਉੱਚਾਰਣ: ਜ਼ਿੰਗਮੁੰਡ) ਫ਼ਰਾਇਡ ਦੇ ਜਨਮ ਦੀ 150ਵੀਂ ਵਰ੍ਹੇਗੰਢ ਮਨਾਈ ਗਈ। ਆਸਟਰੀਆ ਵਿਚ ਤਾਂ ਸਾਲ 2006 “ਫ਼ਰਾਇਡ-ਵਰ੍ਹਾ-2006’’ ਦੇ ਤੌਰ ’ਤੇ ਐਲਾਨਿਆ ਗਿਆ ਹੈ। ਆਸਟਰੀਆ ਦੇ ਰਾਸ਼ਟਰਪਤੀ ਦੀ ਸਰਪ੍ਰਸਤੀ ਹੇਠ ਫ਼ਰਾਇਡ ਦੇ ਮਾਣ ਵਿਚ ਕਈ ਨੁਮਾਇਸ਼ਾਂ, ਭਾਸ਼ਣਾਂ ਅਤੇ ਗੋਸ਼ਟੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਦੁਨੀਆ ਦੇ ਹੋਰ ਸ਼ਹਿਰਾਂ ’ਚ ਵੀ ਫ਼ਰਾਇਡ ਦੇ ਜੀਵਨ, ਚਿੰਤਨ, ਸਿਧਾਂਤਾਂ ਬਾਰੇ ਉਹਦੇ ਚੇਲਿਆਂ ਅਤੇ ਪ੍ਰਸ਼ੰਸਕਾਂ, ਵਿਰੋਧੀਆਂ ਅਤੇ ਆਲੋਚਕਾਂ ਵਿਚਕਾਰ ਬਹਿਸਾਂ ਮਘਣਗੀਆਂ ਤੇ ਕਾਫ਼ੀ ਹੋ-ਹੱਲਾ ਵੀ ਹੋਵੇਗਾ।
ਇਸ ਬਾਰੇ ਕੋਈ ਸ਼ੱਕ ਨਹੀਂ ਕਿ ਵੀਆਨਾ ਸ਼ਹਿਰ ਦੇ ਇਸ ਦੜ੍ਹੀਅਲ ਯਹੂਦੀ ਮਨੋਵਿਸ਼ਲੇਸ਼ਕ ਦਾ 20ਵੀਂ ਸਦੀ ਦੇ ਵਿਚਾਰਾਂ, ਕਲਾ, ਸਾਹਿਤ, ਸਿਨੇਮਾ, ਵਿਗਿਆਨ, ਮਨੋਵਿਗਿਆਨ, ਸੰਸਕ੍ਰਿਤੀ, ਦਰਸ਼ਨ ਅਤੇ ਜੀਵਨ ਦੇ ਹੋਰ ਵੀ ਕਈ ਪੱਖਾਂ ’ਤੇ ਬਹੁਤ ਹੀ ਗੂੜ੍ਹਾ ਪ੍ਰਭਾਵ ਪਿਆ। ਇਸ ਪ੍ਰਭਾਵ ਦਾ ਮੁੱਖ ਕਾਰਣ ਫ਼ਰਾਇਡ ਦਾ ਪੇਸ਼ ਕੀਤਾ ਉਹ ਨਵਾਂ ਨਜ਼ਰੀਆ ਸੀ; ਜਿਹਦੇ ਟਾਵੇਂ-ਟਾਵੇਂ ਸੰਕੇਤ ਤਾਂ ਅਨੇਕ, ਤਕਰੀਬਨ ਸਾਰੀਆਂ, ਵਿਚਾਰ ਪਰੰਪਰਾਵਾਂ ਵਿਚ ਮਿਲ਼ਦੇ ਹਨ; ਪਰ ਫ਼ਰਾਇਡ ਵਰਗੀ ਸਾਫ਼ਗੋਈ ਨਾਲ਼ ਬਿਆਨ ਕਰਨ ਦੀ ਕੋਸ਼ਿਸ਼ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤੀ ਸੀ। ਅਚੇਤਨ ਪ੍ਰਵਿਰਤੀਆਂ, ਦਮਿਤ ਇਛਾਵਾਂ ਅਤੇ ਕਾਮ-ਲਾਲਸਾਵਾਂ ਦੀ ਮਨੁੱਖੀ ਜੀਵਨ ਵਿਚ ਕਿਹੀ ਭੂਮਿਕਾ ਅਤੇ ਮਹੱਤਾ ਹੈ – ਇਸ ਬਾਰੇ ਫ਼ਰਾਇਡ ਨੇ ਜ਼ਿੰਦਗੀ ਨੂੰ ਦੇਖਣ, ਪਰਖਣ ਅਤੇ ਸਮਝਣ ਦਾ ਅਜਿਹਾ ਨਵਾਂ ਨਜ਼ਰੀਆ 20ਵੀਂ ਸਦੀ ਦੇ ਸ਼ੁਰੂ ਵਿਚ ਪੇਸ਼ ਕੀਤਾ; ਜਿਹਦੇ ਵਿਗਿਆਨਕ-ਅਵਿਗਿਆਨਕ, ਸਹੀ-ਗ਼ਲਤ, ਸੱਚ-ਝੂਠ, ਨੈਤਿਕ-ਅਨੈਤਿਕ, ਸਵੈ-ਸਮਝ ਅਤੇ ਸਵੈ-ਵਿਕਾਸ ਲਈ ਲਾਹੇਵੰਦ ਜਾਂ ਨੁਕਸਾਨਦਾਇਕ ਹੋਣ ਬਾਰੇ ਮਤਭੇਦ ਤੇ ਵਿਵਾਦ ਸ਼ਾਇਦ ਇਸ 21ਵੀਂ ਸਦੀ ਵਿਚ ਵੀ ਕਿਸੇ ਨਿਰਣਾਇਕ ਸਿੱਟੇ ’ਤੇ ਨਾ ਪਹੁੰਚ ਸਕਣ। ਮਨੋਵਿਸ਼ਲੇਸ਼ਣ ਦਾ ਸਿਧਾਂਤ ਅਜਿਹਾ ਸਿਧਾਂਤ ਹੈ; ਜਿਹਦਾ 20ਵੀਂ ਸਦੀ ਦੇ ਮਨੋਵਿਗਿਆਨਕ, ਸਮਾਜਿਕ ਅਤੇ ਸਾਹਿਤਕ ਚਿੰਤਨ ’ਤੇ ਕਿਸੇ ਵੀ ਹੋਰ ਸਿਧਾਂਤ ਨਾਲ਼ੋਂ (ਸ਼ਾਇਦ ਮਾਰਕਸਵਾਦ ਨੂੰ ਛੱਡ ਕੇ) ਜ਼ਿਆਦਾ ਪ੍ਰਭਾਵ ਪਿਆ ਹੈ; ਪਰ ਇਹਦਾ ਖੰਡਨ ਅਤੇ ਵਿਰੋਧ, ਨਿਖੇਧੀ ਅਤੇ ਨਿੰਦਾ ਵੀ ਘੱਟ ਨਹੀਂ ਹੋਈ।
20ਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਦੌਰਾਨ ਤਾਂ ਯੂਰਪ ਅਤੇ ਅਮਰੀਕਾ ਵਿਚ ਇੰਜ ਜਾਪਦਾ ਸੀ, ਜਿਵੇਂ ਫ਼ਰਾਇਡ ਨੇ ਮਨੁੱਖੀ ਵਿਹਾਰ ਅਤੇ ਜੀਵਨ ਨੂੰ ਸਮਝਣ ਲਈ ਨਵੀਂ ਕਰਾਂਤੀਕਾਰੀ ਸੂਝ ਪੇਸ਼ ਕੀਤੀ ਹੈ, ਜਿਹੜੀ ਪੁਰਾਣੀ ਨੈਤਿਕਤਾ ਅਤੇ ਦਕੀਆਨੂਸੀ ਚਾਲ-ਚਲਣ ’ਤੇ ਸਵਾਲੀਆ ਨਿਸ਼ਾਨ ਲਾਉਂਦੀ ਹੈ। ਪਰ ਬਾਅਦ ਵਿਚ ਇਹ ਵੀ ਕਿਹਾ ਜਾਣ ਲੱਗਾ ਕਿ ਫ਼ਰਾਇਡ ਦੇ ਸਿਧਾਂਤ ਦਰਅਸਲ ਉਹਦੇ ਅਪਣੇ ਬਚਪਨ ਦੇ ਸੰਤਾਪਾਂ, ਮਾਨਸਿਕ ਤਨਾਵਾਂ, ਕਸ਼ਟਾਂ ਅਤੇ 19ਵੀਂ ਸਦੀ ਦੇ ਮੱਧਵਰਗੀ ਜੀਵਨ ਦੇ ਪੂਰਵਾਗ੍ਰਹਾਂ ਦੀ ਇਕ-ਪੱਖੀ ਤਸਵੀਰ ਅਤੇ ਨਿਰਾਧਾਰ ਕਿੱਸਾ ਹੈ। ਯੂਰਪ ਦੇ ਸੰਸਕ੍ਰਿਤਿਕ ਆਲੋਚਕ ਵੈਬਸਟਰ ਮੁਤਾਬਕ ਮਨੁੱਖੀ ਜੀਵਨ ਨੂੰ ਗ਼ਲਤ ਢੰਗ ਨਾਲ਼ ਦੇਖਣ ਅਤੇ ਪੇਸ਼ ਕਰਨ ਵਾiਲ਼ਆਂ ਵਿਚ ਫ਼ਰਾਇਡ ਇਕੱਲਾ ਨਹੀਂ ਸੀ। 19ਵੀਂ ਸਦੀ ਦੇ ਅਖ਼ੀਰਲੇ ਦਹਾਕਿਆਂ ਦੌਰਾਨ ਮਨੁੱਖੀ ਵਿਅਕਤਿਤਵ ਦੀਆਂ ਖ਼ਾਮੀਆਂ ਅਤੇ ਰੋਗਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਵਾਲ਼ੇ ਤਕਰੀਬਨ ਸਾਰੇ ਯੂਰਪੀਅਨ ਖੋਜੀ ਜਿਨ੍ਹਾਂ ਵਿਚ ਗਾਲ, ਚਾਰਕੋਟ, ਬਰੂਅਰ, ਜੈਨੇ, ਬਾਵਿੰਸਕੀ ਦੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਅਜਿਹੇ ਸਿਧਾਂਤਾਂ ਦੀ ਰਚਨਾ ਕਰ ਰਹੇ ਸਨ, ਜੋ ਸਿਰਫ਼ “ਅੱਧ-ਸੱਚ, ਮੂਰਖਤਾ ਅਤੇ ਗ਼ਲਤੀਆਂ ਦੇ ਮਹੀਨ-ਕਾਗ਼ਜ਼’’ ਤੋਂ ਸਿਵਾ ਕੁਝ ਵੀ ਨਹੀਂ ਸਨ। ਪਰ ਵੈਬਸਟਰ ਦੀ ਇਸ ਟਿੱਪਣੀ ਦੇ ਸੰਦਰਭ ਵਿਚ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਵਿਲਹੈਮ ਫ਼ਲੀਸ ਨੂੰ ਲਿਖੀ ਚਿੱਠੀ ਵਿਚ ਫ਼ਰਾਇਡ ਨੇ ਆਪ ਹੀ ਲਿਖਿਆ ਸੀ: ਦਰਅਸਲ ਮੈਂ ਵਿਗਿਆਨ ਦਾ ਆਦਮੀ ਤਾਂ ਬਿਲਕੁਲ ਨਹੀਂ ਹਾਂ, ਨਾ ਹੀ ਨਿਗਰਾਨ ਹਾਂ, ਨਾ ਹੀ ਪ੍ਰਯੋਗਕਰਤਾ ਅਤੇ ਨਾ ਹੀ ਵਿਚਾਰਕ। ਮੈਂ ਤਾਂ ਸੁਭਾਵਕ ਤੌਰ ’ਤੇ ਸਿਰਫ਼ ਜੇਤੂ ਹਾਂ- ਜਾਂਬਾਜ਼, ਜੇ ਤੁਸੀਂ ਇਸ ਦਾ ਤਰਜਮਾ ਚਾਹੁੰਦੇ ਹੋ – ਪੂਰੀ ਜਗਿਆਸਾ, ਨਿਰਭੀਕ ਲਲਕਾਰ ਅਤੇ ਦ੍ਰਿੜ੍ਹਤਾ ਨਾਲ਼-ਜਿਹੜੀ ਅਜਿਹੇ ਜਾਂਬਾਜ਼ ਆਦਮੀ ਦਾ ਕਿਰਦਾਰ ਹੁੰਦੀ ਹੈ।
ਫ਼ਰਾਇਡ ਦੀ ਸੁਭਾਵਕ ਜਾਂਬਾਜ਼ੀ ਅਤੇ ਦ੍ਰਿੜ੍ਹਤਾ ਤਾਂ ਉਹਦੇ ਜੀਵਨ ਦੇ ਆਖ਼ਿਰੀ ਦਿਨਾਂ ਤਕ ਕਾਇਮ ਰਹੀ, ਪਰ ਉਹਦੇ ਸਿਧਾਂਤਾਂ ਨੂੰ ਹੌਲ਼ੀ-ਹੌਲ਼ੀ ਮਿਲ਼ੀ ਮਾਨਤਾ ਅਤੇ ਲੋਕਪ੍ਰਿਅਤਾ ਨੇ ਉਹਨੂੰ ਅਪਣੇ ਵਿਗਿਆਨਕ, ਪ੍ਰਯੋਗਕਰਤਾ ਅਤੇ ਵਿਚਾਰਕ ਹੋਣ ਬਾਰੇ ਅਪਣੇ ਉਪਰੋਕਤ ਵਿਸ਼ਲੇਸ਼ਣ ਬਾਰੇ ਮੁੜ-ਵਿਚਾਰਨ ਲਈ ਪ੍ਰੇਰਿਆ। ਅਪਣੇ ਸਿਧਾਂਤਾਂ ਦੇ ਵਿਗਿਆਨਕ ਆਧਾਰ ਬਾਰੇ ਫ਼ਰਾਇਡ ਨੇ ਮਨੋਵਿਸ਼ਲੇਸ਼ਣ ਨੂੰ ਕੁਦਰਤ ਦੇ ਵਿਗਿਆਨਾਂ ਦੇ ਬਰਾਬਰ ਦਾ ਦਰਜਾ ਦੇਣ ਲਈ ਪੂਰਾ ਉਪਰਾਲ਼ਾ ਕੀਤਾ। ਇਸ ਉਪਰਾਲ਼ੇ ਦੀਆਂ ਖ਼ਾਮੀਆਂ ਦੀ ਚਰਚਾ ਕਰਨ ਤੋਂ ਪਹਿਲਾਂ ਅਸੀਂ ਫ਼ਰਾਇਡ ਦੇ ਸਿਧਾਂਤਾਂ ਦੇ ਵਿਕਾਸ ਦੇ ਪਿਛੋਕੜ ਨੂੰ ਜਾਨਣ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਫ਼ਰਾਇਡ ਦਾ ਜਨਮ 6 ਮਈ 1856 ਨੂੰ ਮੋਰਾਵੀਆ ਇਲਾਕੇ ਦੇ ਫ਼ਰਾਇਬਰਗ ਸ਼ਹਿਰ ਵਿਚ ਹੋਇਆ। ਅੱਜ-ਕੱਲ੍ਹ ਇਹ ਸ਼ਹਿਰ ਚੈੱਕ ਰੀਪਬਲਿਕ ਵਿਚ ਹੈ। ਜਦੋਂ ਫ਼ਰਾਇਡ ਦਾ ਜਨਮ ਹੋਇਆ, ਉਸ ਵੇਲੇ ਉਸ ਦੇ ਪਿਤਾ ਜੈਕਬ ਦੀ ਉਮਰ ਚਾਲੀ ਸਾਲ ਸੀ, ਜਦ ਕਿ ਉਹਦੀ ਮਾਤਾ ਐਮਿਲੀ ਸਿਰਫ਼ 20-21 ਸਾਲਾਂ ਦੀ ਹੀ ਸੀ। ਐਮਿਲੀ ਨਾਲ਼ ਵਿਆਹ ਤੋਂ ਪਹਿਲਾਂ ਜੈਕਬ ਦੀਆਂ ਦੋ ਸ਼ਾਦੀਆਂ ਹੋ ਚੁੱਕੀਆਂ ਸਨ। ਉਹਦੇ ਪਹਿਲੇ ਵਿਆਹ ਦੇ ਬੱਚੇ ਤਾਂ ਐਮਿਲੀ ਦੇ ਹਾਣ ਦੇ ਸਨ। ਜੰਮਦੇ ਸਾਰ ਹੀ ਫ਼ਰਾਇਡ ਅਪਣੇ ਤੋਂ ਵੱਡੇ ਬੱਚਿਆਂ ਦਾ ਚਾਚਾ ਵੀ ਬਣ ਗਿਆ। ਅਪਣੀ ਮਾਂ ਤੋਂ ਪੈਦਾ ਹੋਏ ਅੱਠ ਬੱਚਿਆਂ ਵਿੱਚੋਂ ਸਿਗਮੰਡ ਸਭ ਤੋਂ ਵੱਡਾ ਅਤੇ ਮਾਂ ਦਾ ਲਾਡਲਾ ਸੀ। ਉਹ ਤਿੰਨ ਭਰਾ ਅਤੇ ਪੰਜ ਭੈਣਾਂ ਸਨ। ਉਸ ਦੇ ਦੋ ਮਤਰਏ ਭਰਾ ਉਹਦੀ ਮਾਂ ਦੇ ਹਾਣੀ ਸਨ। ਫ਼ਰਾਇਡ ਚਾਰ ਸਾਲ ਦਾ ਸੀ, ਜਦੋਂ ਉਹਦਾ ਪਰਿਵਾਰ ਫ਼ਰਾਇਬਰਗ ਤੋਂ ਵੀਆਨਾ ਆ ਗਿਆ। ਫ਼ਰਾਇਡ ਨੇ ਅਪਣੇ ਆਤਮ-ਵਿਸ਼ਲੇਸ਼ਣ ਵਿਚ ਇਸ ਵਿਗੋਚੇ ਦਾ ਜ਼ਿਕਰ ਕੀਤਾ ਹੈ। ਇਹ ਵੀ ਧਿਆਨਯੋਗ ਹੈ ਕਿ ਫ਼ਰਾਇਡ ਦੇ ਬਚਪਨ ਵਿਚ ਪਰਿਵਾਰ ਦੇ ਜਟਿਲ ਸੰਬੰਧਾਂ ਦਾ, ਉਨ੍ਹਾਂ ਵਿਚ ਵਾਪਰੀ ਗਤੀਸ਼ੀਲਤਾ ਦਾ ਪ੍ਰਭਾਵ ਜ਼ਰੂਰ ਪਿਆ ਹੋਵੇਗਾ; ਖਾਸ ਤੌਰ ’ਤੇ ਇਹ ਤੱਥ ਕਿ ਜਦੋਂ ਫ਼ਰਾਇਡ ਦਸ ਸਾਲਾਂ ਦਾ ਹੋਇਆ, ਤਾਂ ਉਹ ਅੱਠ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ, ਪਰ ਅਪਣੇ ਭਤੀਜਿਆਂ ਤੋਂ ਛੋਟਾ ਸੀ। ਆਤਮ-ਵਿਸ਼ਲੇਸ਼ਣ ਬਾਰੇ ਫ਼ਰਾਇਡ ਨੇ ਅਪਣੇ ਸਾਥੀ ਫ਼ਲੀਸ ਨੂੰ ਖ਼ਤ ਵਿਚ ਲਿਖਿਆ ਸੀ: “ਅਪਣੇ ਆਪ ਨਾਲ਼ ਪੂਰੇ ਈਮਾਨਦਾਰ ਹੋਣਾ ਬਹੁਤ ਵਧੀਆ ਕਰਮ ਹੈ। ਮੈਨੂੰ ਅਜਿਹਾ ਵਿਚਾਰ ਸੁੱਝਿਆ ਹੈ, ਜਿਹੜਾ ਹੋਰਨਾਂ ਲਈ ਵੀ ਮਹੱਤਵਪੂਰਣ ਹੈ। ਮੈਂ ਅਪਣੇ ਬਾਰੇ ਵੀ ਇਹ ਵੇਖਿਆ ਕਿ ਮੈਂ ਅਪਣੀ ਮਾਂ ਨਾਲ਼ ਪਿਆਰ ਕਰਦਾ ਸੀ ਅਤੇ ਪਿਤਾ ਨਾਲ਼ ਈਰਖਾ ਤੇ ਹੁਣ ਮੇਰਾ ਖ਼ਿਆਲ ਹੈ ਕਿ ਬਚਪਨ ਵਿਚ ਅਜਿਹੀਆਂ ਘਟਨਾਵਾਂ ਸਾਰਿਆਂ ਨਾਲ਼ ਹੀ ਵਾਪਰਦੀਆਂ ਹਨ।’’ ਅਪਣੇ ਪਿਤਾ ਦੀ ਮੌਤ ਦੇ ਥੋੜ੍ਹੇ ਦਿਨਾਂ ਬਾਅਦ ਲਿਖੀ ਚਿੱਠੀ ਵਿਚ ਫ਼ਰਾਇਡ ਨੇ ਫ਼ਲੀਸ ਨੂੰ ਲਿਖਿਆ ਸੀ: “ਬਦਕਿਸਮਤੀ ਨਾਲ਼ ਮੇਰਾ ਪਿਤਾ ਵੀ ਅਜਿਹਾ ਵਿਕਰਿਤ ਕਾਮੀ ਸੀ ਅਤੇ ਮੇਰੇ ਭਰਾ ਅਤੇ ਭੈਣਾਂ ਦੇ ਸਨਾਯੂ ਰੋਗਾਂ ਲਈ ਜ਼ਿੰਮੇਵਾਰ ਸੀ।’’ ਫ਼ਰਾਇਡ ਦੀਆਂ ਅਜਿਹੀਆਂ ਟਿੱਪਣੀਆਂ ਤੋਂ ਮਨੋਵਿਸ਼ਲੇਸ਼ਣ ਦੇ ਕਈ ਵਿਰੋਧੀਆਂ ਦਾ ਵਿਚਾਰ ਹੈ ਕਿ ਫ਼ਰਾਇਡ ਦੇ ਅਪਣੇ ਬਚਪਨ ਦੇ ਅਨੁਭਵਾਂ ਦੀ ਕੁੜਿੱਤਣ, ਰਿਸ਼ਤਿਆਂ ਦੀ ਜਟਿਲਤਾ, ਗ਼ੁਰਬਤ ਕਾਰਣ ਸੁਭਾਵਕ ਇੱਛਾਵਾਂ ਦੇ ਦਮਨ ਵਗ਼ੈਰਾ ਦਾ ਪ੍ਰਗਟਾਵਾ ਹੀ ਉਹਦੀ ਬਾਲਿਗ਼ ਸੋਚ ਵਿਚ ਦੇਖਿਆ ਜਾ ਸਕਦਾ ਹੈ।
ਫ਼ਰਾਇਡ ਅਪਣੇ ਸਕੂਲ ਵਿਚ ਪ੍ਰਤਿਭਾਸ਼ਾਲੀ, ਲਾਇਕ ਅਤੇ ਮਿਹਨਤੀ ਵਿਦਿਆਰਥੀਆਂ ਵਿਚ ਗਿਣਿਆ ਜਾਂਦਾ ਸੀ। ਉਹਦੀ ਸਾਹਿਤ, ਦਰਸ਼ਨ, ਇਤਿਹਾਸ ਅਤੇ ਬਾਇਓਲੋਜੀ ਵਿਚ ਗਹਿਰੀ ਦਿਲਚਸਪੀ ਸੀ। ਉਹਨੇ ਸਕੂਲ ਦੇ ਬਾਅਦ 17 ਸਾਲ ਦੀ ਉਮਰ ਵਿਚ 1873 ਵਿਚ ਵੀਆਨਾ ਯੂਨੀਵਰਸਿਟੀ ਦੇ ਮੈਡੀਕਲ ਸਕੂਲ ਵਿਚ ਦਾਖ਼ਲਾ ਲਿਆ। ਅੱਠ ਸਾਲ ਲੰਬੀ ਪੜ੍ਹਾਈ ਦੇ ਬਾਅਦ 1881 ਵਿਚ ਉਹਨੇ ਅਪਣੀ ਡਾਕਟਰੀ ਦੀ ਸਿੱਖਿਆ ਪੂਰੀ ਕੀਤੀ। ਉਹਨੇ ਦਿਮਾਗ਼ੀ ਰੋਗਾਂ ਅਤੇ ਸਨਾਯੂਤੰਤਰ ਦੇ ਵਿਸ਼ਲੇਸ਼ਣ ਬਾਰੇ ਖ਼ਾਸ ਮੁਹਾਰਤ ਹਾਸਿਲ ਕੀਤੀ। ਇਸ ਪੜ੍ਹਾਈ ਦੌਰਾਨ ਫ਼ਰਾਇਡ ਦਾ ਸੰਬੰਧ ਜੋਸੇਫ਼ ਬਰੂਅਰ ਨਾਲ਼ ਬਣਿਆ। ਕੁਝ ਸਮੇਂ ਲਈ ਫ਼ਰਾਇਡ ਨੇ ਪੈਰਿਸ ਜਾ ਕੇ ਫ਼ਰਾਂਸੀਸੀ ਸਨਾਯੂਸ਼ਾਸਤਰੀ ਯਿਆਂ ਚਾਰਕੌਟ ਕੋਲ਼ੋਂ ਟ੍ਰੇਨਿੰਗ ਹਾਸਲ ਕੀਤੀ। ਪਰ ਜਦੋਂ 1885 ਵਿਚ ਫ਼ਰਾਇਡ ਪੈਰਿਸ ਪੁੱਜਿਆ, ਤਾਂ ਚਾਰਕੌਟ ਦੀ ਰੁਚੀ ਸਨਾਯੂਰੋਗਾਂ ਤੋਂ ਹਟ ਕੇ ਹਿਸਟੀਰੀਆ, ਹਿਪਨਾਟਿਜ਼ਮ ਅਤੇ ਮਸ਼ਵਰੇ ਵੱਲ ਹੋ ਗਈ ਸੀ। ਇਹ ਵੀ ਧਿਆਨਯੋਗ ਹੈ ਕਿ ਫ਼ਰਾਇਡ ਦੀ ਸ਼ੁਰੂ ਚ ਰੁਚੀ ਤਾਂ ਦਿਮਾਗ਼ ਦਾ ਵਿਗਿਆਨੀ ਬਣਨ ਵਿਚ ਸੀ, ਪਰ ਉਹਦੀਆਂ ਆਰਥਿਕ ਲੋੜਾਂ ਨੇ ਉਹਨੂੰ ਰੋਗੀਆਂ ਦੇ ਇਲਾਜ ਨੂੰ ਅਪਣਾ ਸਮਾਂ ਦੇਣ ਲਈ ਪ੍ਰੇਰਿਆ। ਹਾਲਾਂਕਿ ਉਹਨੂੰ ਵੀਆਨਾ ਯੂਨੀਵਰਸਿਟੀ ਵਿਚ ਨਿਉਰੋਪੈਥੋਲੋਜੀ ਦੇ ਲੈਕਚਰਾਰ ਦੀ ਨੌਕਰੀ ਮਿਲ਼ ਗਈ ਸੀ, ਪਰ 1886 ਵਿਚ ਉਹਨੇ ਅਪਣੀ ਮੈਡੀਕਲ ਪ੍ਰੈਕਟਿਸ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਇਸ ਫ਼ੈਸਲੇ ਦਾ ਇਕ ਕਾਰਣ ਇਹ ਵੀ ਸੀ ਕਿ ਅਪਣੀ ਪ੍ਰੇਮਿਕਾ ਮਾਰਥਾ ਬਾਰਨੇ ਨਾਲ਼ ਵਿਆਹ ਕਰਕੇ ਪਰਿਵਾਰ ਤੋਰਨ ਲਈ ਲੈਕਚਰਾਰ ਦੀ ਤਨਖ਼ਾਹ ਕਾਫ਼ੀ ਨਹੀਂ ਸੀ।
ਫ਼ਰਾਇਡ ਨੇ ਮਾਰਥਾ ਬਾਰਨੇ ਨੂੰ ਪਹਿਲੀ ਵਾਰ 1882 ਵਿਚ ਓਦੋਂ ਦੇਖਿਆ ਸੀ, ਜਦੋਂ ਉਹ ਸੇਬ ਛਿੱਲ ਰਹੀ ਸੀ। ਓਦੋਂ ਮਾਰਥਾ ਦੀ ਉਮਰ 21 ਸਾਲ ਅਤੇ ਸਿਗਮੰਡ ਫ਼ਰਾਇਡ 26 ਸਾਲਾਂ ਦਾ ਸੀ। ਛੇਤੀ ਹੀ ਸਿਗਮੰਡ ਮਾਰਥਾ ਨੂੰ ਹਰ ਰੋਜ਼ ਗੁਲਾਬ ਦੇ ਫੁੱਲ ਪੇਸ਼ ਕਰਨ ਲੱਗਾ ਅਤੇ ਉਹਨੂੰ ਅਪਣੀ ‘ਰਾਜ ਕੁਮਾਰੀ’ ਆਖਣ ਲੱਗਾ। ਪਹਿਲੀ ਮੁਲਾਕਾਤ ਦੇ ਦੋ ਮਹੀਨਿਆਂ ਬਾਅਦ ਹੀ ਦੋਨਾਂ ਦੀ ਮੰਗਣੀ ਹੋ ਗਈ। ਪਰ ਉਨ੍ਹਾਂ ਨੂੰ ਅਪਣੀ ਸ਼ਾਦੀ ਲਈ ਚਾਰ ਸਾਲ ਉਡੀਕਣਾ ਪਿਆ, ਕਿਉਂਕਿ ਫ਼ਰਾਇਡ ਦੀ ਆਰਥਿਕ ਹਾਲਤ ਪਰਿਵਾਰ ਚਲਾਉਣ ਲਈ ਸੰਤੋਸ਼ਜਨਕ ਨਹੀਂ ਸੀ। ਸ਼ਾਦੀ ਦੇ ਬਾਅਦ 1887 ਤੋਂ 1895 ਦੌਰਾਨ ਅੱਠ ਸਾਲਾਂ ਵਿਚ ਉਨ੍ਹਾਂ ਦੇ ਘਰ ਤਿੰਨ ਬੇਟੇ ਅਤੇ ਤਿੰਨ ਬੇਟੀਆਂ ਪੈਦਾ ਹੋਈਆਂ। ਸਾਰਿਆਂ ਤੋਂ ਛੋਟੀ ਬੇਟੀ ਅੱਨਾ ਦਾ ਜਨਮ 3 ਦਸੰਬਰ 1895 ਨੂੰ ਹੋਇਆ। ਅੱਨਾ ਦੇ ਜਨਮ ’ਤੇ ਫ਼ਰਾਇਡ ਨੇ ਫ਼ਲੀਸ ਨੂੰ ਚਿੱਠੀ ਵਿਚ ਲਿਖਿਆ ਸੀ: “ਜੇ ਬੇਟਾ ਪੈਦਾ ਹੋਇਆ ਹੁੰਦਾ ਤਾਂ ਮੈਂ ਤੁਹਾਨੂੰ ਉਹਦੀ ਖ਼ਬਰ ਤਾਰ ਰਾਹੀਂ ਦਿੰਦਾ, ਪਰ ਚੂੰਕਿ ਇਹ ਨੰਨ੍ਹੀ ਕੁੜੀ ਹੈ… ਤੁਹਾਨੂੰ ਇਸ ਦੀ ਖ਼ਬਰ ਦੇਰ ਨਾਲ਼ ਪੁੱਜ ਰਹੀ ਹੈ।’’ ਇਨ੍ਹਾਂ ਲਫ਼ਜ਼ਾਂ ਅਤੇ ਉਨ੍ਹਾਂ ਵਿਚ ਪ੍ਰਗਟਾਏ ਨਜ਼ਰੀਏ ਦੇ ਬਾਵਜੂਦ, ਪਿਤਾ ਨੇ ਅਪਣੀ ਇਸ ਬੇਟੀ ਨੂੰ ਅਪਣੇ ਲਈ ਵਰਦਾਨ ਹੀ ਮੰਨਿਆ। ਅੱਨਾ ਦੇ ਜਨਮ ਦੇ ਥੋੜ੍ਹੇ ਸਮੇਂ ਬਾਅਦ ਹੀ ਫ਼ਰਾਇਡ ਦੀ ਪ੍ਰੈਕਟਿਸ ਦੂਣੀ ਹੋ ਗਈ। ਬਾਅਦ ਵਿਚ ਵੀ ਅੱਨਾ ਫ਼ਰਾਇਡ ਅਪਣੇ ਪਿਤਾ ਦੀ ਵਿਰਾਸਤ ਨੂੰ ਸੰਭਾਲਣ ਅਤੇ ਅੱਗੇ ਤੋਰਨ ਵਿਚ ਲੱਗੀ ਰਹੀ।


ਫ਼ਰਾਇਡ ਦੀ ਪ੍ਰੈਕਟਿਸ ਦੀ ਸ਼ੁਰੂਆਤ ਜੋਸੇਫ਼ ਬਰੂਅਰ ਦੇ ਨਾਲ਼ ਉਹਦੇ ਸਹਿਯੋਗੀ ਵਜੋਂ ਹੋਈ ਸੀ। ਉਨ੍ਹਾਂ ਕੋਲ਼ ਅਕਸਰ ਉਹ ਮਰੀਜ਼ ਔਰਤਾਂ ਆਉਂਦੀਆਂ, ਜਿਹੜੀਆਂ ਹਿਸਟੀਰੀਆ ਦੀਆਂ ਸ਼ਿਕਾਰ ਸਨ। ਇਨ੍ਹਾਂ ਰੋਗੀਆਂ ਦਾ ਇਲਾਜ ਕਰਦਿਆਂ ਬਰੂਅਰ ਅਤੇ ਫ਼ਰਾਇਡ ਇਸ ਨਤੀਜੇ ’ਤੇ ਪੁੱਜੇ ਕਿ ਰੋਗੀ ਤੋਂ ਉਸ ਦੇ ਰੋਗ ਬਾਰੇ ਸੁਣ ਕੇ ਉਹਦੀਆਂ ਦਮਿਤ ਇੱਛਾਵਾਂ ਨੂੰ ਪਛਾਣਿਆ ਜਾ ਸਕਦਾ ਹੈ ਅਤੇ ਉਹਨੂੰ ਅਪਣੀਆਂ ਭਾਵਨਾਵਾਂ ਨੂੰ ਅਭਿਵਿਅਕਤ ਕਰਨ ਦਾ ਮੌਕਾ ਦੇ ਕੇ ਰੋਗੀ ਨੂੰ ਉਹਦੇ ਤਣਾਅ ਅਤੇ ਪਰੇਸ਼ਾਨੀ ਤੋਂ ਮੁਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਲੱਭਿਆ ਕਿ ਰੋਗ ਦੇ ਲੱਛਣਾਂ ਦਾ ਕਾਰਣ ਸਰੀਰਕ ਨਾ ਹੋ ਕੇ ਮਾਨਸਿਕ ਹੁੰਦਾ ਹੈ ਅਤੇ ਇਨ੍ਹਾਂ ਮਾਨਸਿਕ ਕਾਰਣਾਂ ਨੂੰ ਲੱਭਣ ਜਾਂ ਪਛਾਨਣ ਲਈ ਰੋਗੀ ਦੇ ਬਚਪਨ ਦੇ ਸਦਮਿਆਂ, ਦਮਿਤ ਇੱਛਾਵਾਂ ਅਤੇ ਹੋਰ ਅਸੁਖਾਵੇਂ ਅਨੁਭਵਾਂ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ। ਹਿਸਟੀਰੀਆ ਦੇ ਰੋਗੀਆਂ ਦੇ ਇਸ ਵਿਸ਼ਲੇਸ਼ਣ ਨੂੰ ਫ਼ਰਾਇਡ ਅਤੇ ਬਰੂਅਰ ਨੇ 1895 ਵਿਚ ਪ੍ਰਕਾਸ਼ਿਤ ਕੀਤਾ। ਪਰ ਹੌਲ਼ੀ-ਹੌਲ਼ੀ ਫ਼ਰਾਇਡ ਦਾ ਮਾਨਸਿਕ ਰੋਗਾਂ ਦੇ ਵਿਸ਼ਲੇਸ਼ਣ ਕਰਨ ਦਾ ਅਪਣਾ ਵਿਸ਼ੇਸ਼ ਢੰਗ ਵਿਕਸਿਤ ਹੋ ਰਿਹਾ ਸੀ। ਇਸ ਢੰਗ ਲਈ ਉਸ ਨੇ 1896 ਵਿਚ ਪਹਿਲੀ ਵਾਰੀ ਮਨੋਵਿਸ਼ਲੇਸ਼ਣ ਸ਼ਬਦ ਦਾ ਪ੍ਰਯੋਗ ਕੀਤਾ। ਇਸ ਪ੍ਰਸੰਗ ਵਿਚ ਕਿਹਾ ਜਾ ਸਕਦਾ ਹੈ ਕਿ ਫ਼ਰਾਇਡ ਸਿਰਫ਼ ਚਿਕਿਤਸਕ ਜਾਂ ਮਨੋਵਿਗਿਆਨਕ ਹੀ ਨਹੀਂ, ਦਾਰਸ਼ਨਿਕ ਵੀ ਸੀ। ਦਾਰਸ਼ਨਿਕ ਇਸ ਲਈ ਕਿ ਉਹਨੇ ਪ੍ਰਚਲਿਤ, ਪ੍ਰਵਾਨਿਤ ਧਾਰਣਾਵਾਂ ਅਤੇ ਸਿਧਾਂਤਾਂ ਨੂੰ ਤਿਆਗਣ ਦੀ ਹਿੰਮਤ ਕੀਤੀ ਅਤੇ ਨਵੀਆਂ ਧਾਰਣਾਵਾਂ ਅਤੇ ਸਿਧਾਂਤ ਪੇਸ਼ ਕੀਤੇ। ਪ੍ਰਚਲਿਤ ਅਤੇ ਪ੍ਰਵਾਨਿਤ ਧਾਰਣਾਵਾਂ ਅਤੇ ਸਿਧਾਂਤਾਂ ਅਨੁਸਾਰ ਮਨੁੱਖੀ ਮਾਨਸਿਕਤਾ ਮਨੁੱਖੀ ਚੇਤਨ ਅਵਸਥਾ ਤੋਂ ਨਿਖੇੜੀ ਨਹੀਂ ਜਾ ਸਕਦੀ। ਅਸੀਂ ਅਪਣੀਆਂ ਇੱਛਾਵਾਂ, ਵਿਚਾਰਾਂ, ਭਾਵਨਾਵਾਂ, ਯਕੀਨਾਂ ਬਾਰੇ ਹਮੇਸ਼ਾ ਚਿੰਤਨ ਵਿਚ ਹੁੰਦੇ ਹਾਂ। ਮੇਰੀ ਸੋਚ, ਮੇਰੀ ਭਾਵਨਾ, ਮੇਰੀ ਚੇਤਨਾ ਦਾ ਹੀ ਹਿੱਸਾ ਹੁੰਦੀ ਹੈ। ਫ਼ਰਾਇਡ ਨੇ ਇਸ ਦ੍ਰਿਸ਼ਟੀਕੋਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੇਰੀ ਮਾਨਸਿਕਤਾ ਮੇਰੀ ਚੇਤਨਾ ਤੋਂ ਕਿਤੇ ਜ਼ਿਆਦਾ ਡੂੰਘੀ ਹੈ। ਸਾਡਾ ਸਾਰਾ ਕਾਰ-ਵਿਹਾਰ ਸਹਿਜ-ਸੰਵੇਗਾਂ ਦੇ ਅਧੀਨ ਚੱਲਦਾ ਹੈ। ਇਹ ਸਹਿਜ-ਸੰਵੇਗ, ਫ਼ਰਾਇਡ ਦੇ ਸ਼ੁਰੂ ਦੇ ਸਿਧਾਂਤਾਂ ਵਿਚ ਆਤਮ-ਰੱਖਿਆ ਹਨ। ਬਾਅਦ ਦੀਆਂ ਰਚਨਾਵਾਂ ਵਿਚ ਇਹ ਸਹਿਜ-ਸੰਵੇਗ ਈਰੋਸ ਜੀਵਨ-ਲਾਲਸਾ ਅਤੇ ਥੈਨੇਟੌਸ ਯਾਨੀ ਮ੍ਰਿਤੂ-ਕਾਮਨਾ ਦੀਆਂ ਬਿਰਤੀਆਂ ਵਜੋਂ ਪੇਸ਼ ਕੀਤੇ ਗਏ ਹਨ। -1899 ਵਿਚ ਫ਼ਰਾਇਡ ਦੀ ਪਹਿਲੀ ਪੁਸਤਕ “ਸੁਪਨਿਆਂ ਦੀ ਵਿਆਖਿਆ” ਦਾ ਪ੍ਰਕਾਸ਼ਨ ਹੋਇਆ। ਬਾਅਦ ਵਿਚ ਪ੍ਰਕਾਸ਼ਕ ਨੇ ਇਸ ਦਾ ਪ੍ਰਕਾਸ਼ਨ ਵਰ੍ਹਾ ਬਦਲ ਕੇ 1900 ਕਰ ਦਿੱਤਾ।
ਇਸ ਪੁਸਤਕ ਵਿਚ ਪਹਿਲੀ ਵਾਰ ਮਨੁੱਖੀ ਮਾਨਸਿਕਤਾ ਦੇ ਵਿਸ਼ਲੇਸ਼ਣ ਲਈ “ਅਚੇਤਨ’’ ਦੀ ਧਾਰਣਾ ਦੀ ਵਰਤੋਂ ਕੀਤੀ ਗਈ ਸੀ। ਇਸ ਪੁਸਤਕ ਦੇ ਪ੍ਰਕਾਸ਼ਨ ਨਾਲ਼ ਫ਼ਰਾਇਡ ਅਤੇ ਬਰੂਅਰ ਦੇ ਆਪਸੀ ਸੰਬੰਧਾਂ ਵਿਚ ਅਜਿਹੀ ਤਰੇੜ ਆਈ, ਜਿਸ ਵਜੋਂ ਦੋਨੋਂ ਹੀ ਇਕ ਦੂਜੇ ਤੋਂ ਨਿੱਖੜ ਗਏ। ਇਸ ਪੁਸਤਕ ਦੀਆਂ ਮੁੱਖ ਮਾਨਤਾਵਾਂ ਸੰਖੇਪ ’ਚ ਇੰਜ ਬਿਆਨ ਕੀਤੀਆਂ ਜਾ ਸਕਦੀਆਂ ਹਨ :
(1) ਸਾਡੀਆਂ ਅਚੇਤਨ ਇੱਛਾਵਾਂ ਹੁੰਦੀਆਂ ਹਨ, ਜਿਹੜੀਆਂ ਦਮਨ ਕੀਤੀਆਂ ਹੋਣ ਕਾਰਣ ਸਾਡੀ ਚੇਤਨਾ ਵਿਚ ਨਹੀਂ ਹੁੰਦੀਆਂ ਹਨ।
(2) ਦਮਿਤ ਇੱਛਾਵਾਂ ਸਾਡੇ ਵਿਵਹਾਰ ਨੂੰ ਪ੍ਰਭਾਵਿਤ ਕਰਦੀਆਂ ਹਨ।
(3) ਸਾਡੇ ਸੁਪਨੇ ਦਮਿਤ ਇੱਛਾਵਾਂ ਨੂੰ ਪੂਰਾ ਕਰਨ ਦਾ ਮਾਧਿਅਮ ਹਨ।
(4) ਸਾਡੀ ਕਾਮ-ਬਿਰਤੀ ਸਾਡੀ ਮਾਨਸਿਕਤਾ ਦਾ ਮੂਲ ਆਧਾਰ ਹੈ।
(5) ਸੁਪਨਿਆਂ ਦਾ ਸਿਰਫ਼ ਅਰਥ ਹੀ ਨਹੀਂ ਹੁੰਦਾ, ਉਸ ਅਰਥ ਨੂੰ ਪਛਾਣਿਆ ਜਾ ਸਕਦਾ ਹੈ।
(6) ਇਹ ਪਛਾਣ ਮਨੋ-ਵਿਸ਼ਲੇਸ਼ਣ ਰਾਹੀਂ ਸੰਭਵ ਹੈ।
(7) ਹਰ ਸੁਪਨੇ ਦੀ ਇੱਕੋ-ਇੱਕ ਸਹੀ ਮਨੋ-ਵਿਸ਼ਲੇਸ਼ਣਾਤਮਕ ਵਿਆਖਿਆ ਦਿੱਤੀ ਜਾ ਸਕਦੀ ਹੈ।
(8) ਅਜਿਹੀ ਮਨੋਵਿਸ਼ਲੇਸ਼ਣਾਤਮਕ ਵਿਆਖਿਆ ਦੀ ਵਰਤੋਂ ਨਾਲ਼ ਮਾਨਸਿਕ ਰੋਗੀ ਨੂੰ ਉੁਹਦੇ ਅਚੇਤਨ ਬਾਰੇ ਚੇਤੰਨ ਕੀਤਾ ਜਾ ਸਕਦਾ ਹੈ ਅਤੇ ਉਹਨੂੰ ਦਮਿਤ ਇੱਛਾਵਾਂ ਨਾਲ਼ ਸਾਹਮਣੇ ਹੋਣ ਲਈ ਪ੍ਰੇਰਿਆ ਜਾ ਸਕਦਾ ਹੈ।
(9) ਅਪਣੀਆਂ ਦਮਿਤ ਇਛਾਵਾਂ ਦੇ ‘ਅਚੇਤਨ’ ਤੋਂ ‘ਚੇਤਨ’ ਹੋਣ ’ਤੇ ਰੋਗੀ ਨੂੰ ਅਪਣੀ ਬਿਮਾਰੀ ਤੋਂ ਮੁਕਤੀ/ਨਿਦਾਨ ਸੰਭਵ ਹੋ
ਜਾਂਦਾ ਹੈ।
ਅਪਣੇ ਪ੍ਰਕਾਸ਼ਨ ਦੇ ਪਹਿਲੇ ਸਾਲਾਂ ਵਿਚ ਇਸ ਪੁਸਤਕ ਨੂੰ ਜ਼ਿਆਦਾ ਹੁੰਗਾਰਾ ਨਹੀਂ ਮਿiਲ਼ਆ ਸੀ, ਪਰ ਹੌਲ਼ੀ-ਹੌਲ਼ੀ ਇਹ ਪੁਸਤਕ ਮਾਨਸਿਕ ਰੋਗੀਆਂ ਦੇ ਚਿਕਿਤਸਕਾਂ ਅਤੇ ਬਾਅਦ ਵਿਚ ਹੋਰ ਬੁੱਧਜੀਵੀਆਂ ਵਿਚ ਮਕਬੂਲ ਹੋ ਗਈ। ਇਸ ਪੁਸਤਕ ਦੇ ਬਾਅਦ ਅਗਲੇਰੇ ਪੰਜ ਸਾਲਾਂ ਵਿਚ ਫ਼ਰਾਇਡ ਨੇ ਸਾਈਕੋ-ਪੈਥੋਲੌਜੀ ਆੱਵ ਐਵਰੀਡੇਅ ਲਾਈਫ਼ (1901) ਅਤੇ ਥ੍ਰੀ ਐੱਸੇਜ਼ ਔਨ ਥੀਊਰੀ ਆੱਵ ਸੈਕਸੁਐਲਿਟੀ (1905) ਦੋ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ। ਇਨ੍ਹਾਂ ਪੁਸਤਕਾਂ ਦੀਆਂ ਮੁੱਖ ਸਥਾਪਨਾਵਾਂ ਸੰਖੇਪ ਵਿਚ ਇੰਜ ਹਨ :
(1) ਇਨਸਾਨੀ ਵਿਕਾਸ ਨੂੰ ਕਾਮ-ਇੱਛਾਵਾਂ ਦੇ ਬਦਲਦੇ ਸਰੂਪਾਂ, ਕਾਮ-ਇੱਛਾਵਾਂ ਦੀ ਤ੍ਰਿਪਤੀ ਲਈ ਬਦਲਦੀਆਂ ਵਸਤਾਂ ਦੀ ਮਦਦ ਨਾਲ਼ ਸਮਝਿਆ ਜਾ ਸਕਦਾ ਹੈ।
(2) ਇਨਸਾਨੀ ਮਾਨਸਿਕ-ਢਾਂਚਾ ਆਦਤਨ ਉਨ੍ਹਾਂ ਇੱਛਾਵਾਂ ਦਾ ਦਮਨ ਕਰਦਾ ਹੈ, ਜਿਹੜੀਆਂ ਸਮਾਜ ਵੱਲੋਂ ਪ੍ਰਵਾਨ ਨਹੀਂ ਹੁੰਦੀਆਂ। ਦਮਨ ਕੀਤੀਆਂ ਇੱਛਾਵਾਂ ਨਸ਼ਟ ਨਹੀਂ ਹੁੰਦੀਆਂ। ਦਮਿਤ ਇੱਛਾਵਾਂ ਸਾਡੇ ਅਚੇਤਨ ਵਿਚ ਸਾਂਭ ਲਈਆਂ ਜਾਂਦੀਆਂ ਹਨ।
(3) ਅਚੇਤਨ (ਦਮਿਤ) ਇੱਛਾਵਾਂ ਦਾ ਪ੍ਰਗਟਾਵਾ ਅਤੇ ਸੁਪਨਿਆਂ, ਗ਼ਲਤੀਆਂ, ਸਨਕਾਂ, ਮਨੋਗ੍ਰਸਤੀਆਂ ਅਤੇ ਵਿਅਕਤਿਤਵ ਵਿਚ ਆਏ ਅਜੀਬ ਲੱਛਣਾਂ ਵਿਚ ਹੁੰਦਾ ਹੈ।
(4) ਅਚੇਤਨ ਉਲਝਣਾਂ/ਵਿਰੋਧ ਸਾਡੇ ਸਨਾਯੂਰੋਗਾਂ ਦਾ ਮੁੱਖ ਸਰੋਤ ਹਨ।
(5) ਸਨਾਯੂਰੋਗਾਂ ਦੇ ਇਲਾਜ ਲਈ ਅਚੇਤਨ ਇੱਛਾਵਾਂ ਅਤੇ ਦਮਿਤ ਸਮਰਿਤੀਆਂ ਨੂੰ ਮਨੋਵਿਸ਼ਲੇਸ਼ਣ ਦੀ ਮਦਦ ਨਾਲ਼ ‘ਚੇਤਨ’ ਵਿਚ ਲਿਆਉਣਾ ਜ਼ਰੂਰੀ ਹੈ।
(6) ਸਮਾਜ ਅਜਿਹੇ ਪ੍ਰਬੰਧ ਰਚਦਾ ਹੈ, ਜਿਸ ਨਾਲ਼ ਵਿਅਕਤੀ ਦੇ ਸਹਿਜ-ਸੰਵੇਗਾਂ ਦਾ ਸਮਾਜਿਕ ਨਿਯੰਤਰਣ ਹੋ ਸਕੇ। ਫ਼ਰਾਇਡ ਨੇ ਵਿਅਕਤਿਤਵ ਦੇ ਵਿਕਾਸ ਵਿਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਲਈ ਇਡ, ਸੁਪਰ-ਈਗੋ, ਅਨਕੌਨਸ਼ਸ ਵਗ਼ੈਰਾ ਦੀ ਨਵੀਂ ਸ਼ਬਦਾਵਲੀ ਦਾ ਪ੍ਰਯੋਗ ਕੀਤਾ।
(7) ਸੁਪਰ-ਈਗੋ ਦੀ ਰਚਨਾ ਸਮਾਜਿਕ ਨੈਤਿਕਤਾ ਨਾਲ਼ ਜੁੜੀਆਂ ਵਰਜਣਾਵਾਂ ਦੇ ਆਂਤਰੀਕਰਣ ਨਾਲ਼ ਹੁੰਦੀ ਹੈ। ਇਸ ਦੀ ਮੁੱਖ ਕਾਰਗੁਜ਼ਾਰੀ ਸਹਿਜ ਸੰਵੇਗਾਂ ਦਾ ਸਮਾਜਿਕ ਨਿਯੰਤਰਣ ਕਰਨਾ ਹੈ।
(8) ਇਡ ਕੁਦਰਤੀ ਸਹਿਜ-ਸੰਵੇਗਾਂ ਦੀ ਸੰਪੂਰਣਤਾ ਹੈ, ਜਿਸ ਨਾਲ਼ ਅਸੀਂ ਅਪਣੇ ਜੀਵਨ ਦੀ ਰੱਖਿਆ ਕਰਦੇ ਹਾਂ ਅਤੇ ਕਾਮ-ਸੰਬੰਧਾਂ ਰਾਹੀਂ ਜੀਵਨ ਨੂੰ ਨਿਰੰਤਰ ਅੱਗੇ ਤੁਰਨ/ਚੱਲਣ ਦੇ ਸਮਰੱਥ ਬਣਾਉਂਦੇ ਹਾਂ।
(9) ਕੁਦਰਤੀ ਬਿਰਤੀਆਂ ਅਤੇ ਨੈਤਿਕ-ਵਰਜਣਾਵਾਂ ਦੇ ਵਿਰੋਧਾਂ ਨੂੰ ਸੰਯੋਜਿਤ ਕਰਨ ਦੀ ਭੂਮਿਕਾ ਈਗੋ ਦੀ ਹੈ। ਜੇ ਇਡ ਅਤੇ ਸੁਪਰ-ਈਗੋ ਦਾ ਆਪਸੀ ਵਿਰੋਧ ਸੁਚੱਜੇ ਢੰਗ ਨਾਲ਼ ਸਾਵਾਂ ਹੋ ਜਾਵੇ ਤਾਂ ਈਗੋ ਲਈ ਸਾਡੇ ਮਾਨਸਿਕ ਸੰਸਾਰ ਨਿਯਮਿਤ ਕਰਨ ਵਿਚ ਸਫਲਤਾ ਮਿਲ ਜਾਂਦੀ ਹੈ। ਦੀਰਘ, ਸੁਚੱਜਾ ਸੰਤੁਲਨ ਨਾ ਬਣਨ ’ਤੇ ਅਸੀਂ ਸਨਾਯੂਰੋਗਾਂ ਅਤੇ ਹੋਰ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਾਂ। ਈਗੋ ਅਪਣੇ ਘਰ ਵਿਚ ਵੀ ਆਪ ਮਾਲਿਕ ਨਹੀਂ ਹੁੰਦੀ।
(10) ਇਹ ਸਾਡੇ ਲਈ ਸੁਭਾਵਕ ਹੈ ਕਿ ਅਸੀਂ ਅਪਣੀਆਂ ਜ਼ਰੂਰਤਾਂ, ਇੱਛਾਵਾਂ ਦੀ ਤੱਤਕਾਲ ਸੰਤੁਸ਼ਟੀ ਦੀ ਕੋਸ਼ਿਸ਼ ਕਰੀਏ।
(11) ਅਸੀਂ ਅਪਣੀਆਂ ਜ਼ਰੂਰਤਾਂ/ਇੱਛਾਵਾਂ ਦੀ ਪੂਰਤੀ ਓਦੋਂ ਹੀ ਕਰੀਏ, ਜਦੋਂ ਇਸ ਵਾਸਤੇ ਕੋਈ ਸਹੀ ਮੌਕਾ/ਉਪਯੁਕਤ ਵਸਤੂ ਹਾਸਿਲ ਹੋਵੇ ਜਾਂ ਲੱਭ ਜਾਵੇ। (ਦ’ ਰੀਐਲਿਟੀ ਪ੍ਰਿੰਸੀਪਲ)।
(12) ਈਰੋਸ ਵਿਅਕਤੀ ਅਤੇ ਜਾਤੀ ਜਾਂ ਨਸਲ ਦੀ ਜ਼ਿੰਦਗੀ ਦੀ ਰਾਖੀ ਅਤੇ ਨਿਰੰਤਰਤਾ ਬਣਾਉਣ ਵਿਚ ਮਦਦ ਕਰਦਾ ਹੈ।
(13) ਥੈਨੇਟੌਸ ਸਾਨੂੰ ਰੋਜ਼ਮੱਰਾ ਜ਼ਿੰਦਗੀ ਦੀਆਂ ਮੁਸ਼ਕਿਲਾਂ ਅਤੇ ਮੁਸੀਬਤਾਂ ਤੋਂ ਬਚਣ ਲਈ, ਸ਼ਾਂਤੀ ਹਾਸਲ ਕਰਨ ਲਈ ਮ੍ਰਿਤੂ ਦੀ ਕਾਮਨਾ ਲਈ ਪ੍ਰੇਰਦਾ ਹੈ।
ਉਪਰੋਕਤ ਸਥਾਪਨਾ ਦੀ ਚਰਚਾ ਕਰਨ ਲਈ 1902 ਵਿਚ ਫ਼ਰਾਇਡ ਨੇ ਵੈਨਜ਼ਡੇ ਕਲੱਬ ਦੀ ਸਥਾਪਨਾ ਕੀਤੀ, ਜਿਹਦੀ ਮੀਟਿੰਗ ਵੀਆਨਾ ਵਿਚ ਹਰ ਬੁੱਧਵਾਰ ਹੁੰਦੀ ਸੀ। ਇਨ੍ਹਾਂ ਮੀਟਿੰਗਾਂ ਵਿਚ ਮਨੋ-ਵਿਸ਼ਲੇਸ਼ਣ ਚਿਕਿਤਸਾ ਪੱਧਤੀ ਦੀਆਂ ਪ੍ਰਾਪਤੀਆਂ ਦੀ ਚਰਚਾ ਹੁੰਦੀ। ਹੌਲ਼ੀ-ਹੌਲੀ ਫ਼ਰਾਇਡ ਦੇ ਵਿਚਾਰਾਂ ਦੇ ਸਮਰਥਕ ਵਧਣ ਲੱਗੇ। ਇਸ ਸੋਸਾਇਟੀ ਦੀਆਂ ਬੈਠਕਾਂ ਯੂਰਪ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਹੋਣ ਲੱਗੀਆਂ। ਫ਼ਰਾਇਡ ਦੀਆਂ ਕੋਸ਼ਿਸ਼ਾਂ ਅਤੇ ਉਸਦੇ ਸਮਰਥਕਾਂ ਅਤੇ ਪ੍ਰਸ਼ੰਸਕਾਂ ਦੇ ਸਹਿਯੋਗ ਨਾਲ਼ 1908 ਵਿਚ ਇੰਟਰਨੈਸ਼ਨਲ ਸਾਈਕੋਐਨਾਲਿਟੀਕਲ ਐਸੋਸੀਏਸ਼ਨ ਦੀ ਸਥਾਪਨਾ ਹੋਈ। ਓਦੋਂ ਤੋਂ ਹੀ ਇਸ ਐਸੋਸੀਏਸ਼ਨ ਨੇ ਬੜੇ ਜ਼ੋਰ-ਸ਼ੋਰ ਨਾਲ਼ ਫ਼ਰਾਇਡ ਦੀ ਚਿਕਿਤਸਾਵਿਧੀ ਅਤੇ ਮਨੁੱਖੀ ਸੱਦਭਾਵ ਦੇ ਵਿਆਖਿਆਤਮਕ ਸਿਧਾਂਤਾਂ ਦੀ ਵਰਤੋਂ ਅਤੇ ਪ੍ਰਸਾਰ ਲਈ ਸੰਗਠਿਤ ਤੌਰ ’ਤੇ ਕੰਮ ਸ਼ੁਰੂ ਕੀਤਾ। ਜੇ ਇਕ ਪਾਸੇ ਫ਼ਰਾਇਡ ਨੂੰ ਮਾਨਤਾ ਮਿਲ ਰਹੀ ਸੀ ਤੇ ਦੂਜੇ ਪਾਸੇ ਉਹਦੇ ਹੀ ਸਾਥੀ ਅਤੇ ਸਹਿਯੋਗੀ ਮਨੋਵਿਸ਼ਲੇਸ਼ਣ ਪੱਧਤੀ ਦੀਆਂ ਸੀਮਾਵਾਂ ਅਤੇ ਖ਼ਾਮੀਆਂ ਬਾਰੇ ਆਪਣੇ ਸੰਸੇ ਜ਼ਾਹਰ ਕਰਨ ਲੱਗੇ। ਇੰਟਰਨੈਸ਼ਨਲ ਸਾਈਕੋ ਐਨੇਲਿਟਿਕਲ ਐਸੋਸੀਏਸ਼ਨ ਦੀ ਸਥਾਪਨਾ ਦੇ ਪਹਿਲੇ ਦਹਾਕੇ ਵਿਚ ਹੀ ਫ਼ਰਾਇਡ ਦੇ ਸਾਥੀ ਕਾਰਲ ਯੁੰਗ, ਐਲਫ਼ਰੈੱਡ ਐਡਲਰ ਨੇ ਮਨੋਵਿਸ਼ਲੇਸ਼ਣ ਦੀ ਵਿਗਿਆਨਤਾ ’ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਲਾਉਣ ਦੇ ਨਾਲ਼-ਨਾਲ਼ ਐਸੋਸੀਏਸ਼ਨ ਨੂੰ ਛੱਡ ਕੇ ਅਪਣੀਆਂ ਵੱਖਰੀਆਂ ਚਿਕਿਤਸਾ-ਪੱਧਤੀਆਂ ਅਤੇ ਸਿਧਾਤਾਂ ਦੀ ਸਥਾਪਨਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਫ਼ਰਾਇਡ ਕਾਮ-ਬਿਰਤੀ ਨੂੰ ਜ਼ਰੂਰਤ ਤੋਂ ਜ਼ਿਆਦਾ ਮਹੱਤਾ ਦੇ ਰਿਹਾ ਸੀ। ਬਾਅਦ ਦੇ ਸਾਲਾਂ ਵਿਚ ਵਿਲਹੈਮ ਰੀਖ ਨੇ ਵੀ ਐਸੋਸੀਏਸ਼ਨ ਤੋਂ ਅਸਤੀਫ਼ਾ ਦੇ ਕੇ ਅਪਣੇ ਸਿਧਾਂਤਾਂ ਦੀ ਸਥਾਪਨਾ ਕਰਦੇ ਹੋਏ ਮਾਰਕਸਵਾਦ ਅਤੇ ਮਨੋਵਿਸ਼ਲੇਸ਼ਣ ਦੇ ਸਿਧਾਂਤਾਂ ਨੂੰ ਸੰਯੋਜਿਤ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਹੀ ਹੈ ਕਿ ਫ਼ਰਾਇਡ ਦੇ ਅਨੇਕ ਪੈਰੋਕਾਰ ਇੰਟਰਨੈਸ਼ਨਲ ਸਾਈਕੋ ਐਨੇਲਿਟਿਕਲ ਐਸੋਸੀਏਸ਼ਨ ਦੀਆਂ ਕਾਰਗੁਜ਼ਾਰੀਆਂ ਦੇ ਢੰਗਾਂ ਤੋਂ ਅਸੰਤੁਸ਼ਟ ਹੋ ਕੇ ਅਪਣੇ ਵੱਖਰੇ ਅਦਾਰਿਆਂ, ਸੰਸਥਾਵਾਂ ਦੀ ਸਥਾਪਨਾ ਕਰਦੇ ਰਹੇ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੋਚਿਕਿਤਸਾ ਦੀ ਦੁਨੀਆ ’ਤੇ ਫ਼ਰਾਇਡ ਨੇ ਅਮਿਟ ਛਾਪ ਛੱਡੀ।


ਫ਼ਰਾਇਡ ਦੀ ਵੱਡੀ ਪ੍ਰਾਪਤੀ ਇਹੀ ਹੈ ਕਿ ਇਹਨੇ ਸਾਨੂੰ ਅਪਣੀ ਮਾਨਸਿਕ ਦੁਨੀਆ ਦੀਆਂ ਗੁੰਝਲ਼ਾਂ, ਮੁਸ਼ਕਿਲਾਂ, ਖ਼ਦਸ਼ਿਆਂ, ਸੰਤਾਪਾਂ, ਸੁਪਨਿਆਂ ਅਤੇ ਆਸਾਂ ਨੂੰ ਦੇਖਣ ਦਾ ਨਵਾਂ ਨਜ਼ਰੀਆ ਦਿੱਤਾ। ਇਹਨੇ ਯੂਨਾਨੀ ਮਿਥਕਾਂ ਅਤੇ ਸਾਹਿਤ ਦੀ ਵਰਤੋਂ ਕਰਕੇ ਮਨੁੱਖੀ ਕਾਰ-ਵਿਹਾਰ ਨੂੰ ਸਮਝਣ ਲਈ ਨਵੀਆਂ ਧਾਰਨਾਵਾਂ ਅਤੇ ਨਵੇਂ ਸਿਧਾਂਤ ਦਿੱਤੇ। ਪਰ ਮਨੋਵਿਸ਼ਲੇਸ਼ਣ ਦੀ ਮੁੱਖ ਸੀਮਾ ਇਹ ਹੈ ਕਿ ਜਿੱਥੇ ਕਿਸੇ ਸੁਪਨੇ ਦੇ ਅਨੇਕ ਅਰਥ ਹੋ ਸਕਦੇ ਹਨ; ਕਿਸੇ ਕਾਰਗੁਜ਼ਾਰੀ, ਗ਼ਲਤੀ, ਖ਼ਾਮੀ ਜਾਂ ਵਿਹਾਰ ਨੂੰ ਵੱਖ-ਵੱਖ ਨਜ਼ਰੀਏ ਤੋਂ ਦੇਖਿਆ ਤੇ ਸਮਝਿਆ ਜਾ ਸਕਦਾ ਹੈ ਤੇ ਸਮਝਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ – ਇਸ ਗੱਲ ਦੀ ਸੰਭਾਵਨਾ ਨੂੰ ਨਕਾਰਦੇ ਹੋਏ ਸਿਰਫ਼ ਅਪਣੇ ਨਜ਼ਰੀਏ ਅਤੇ ਵਿਆਖਿਆ ਨੂੰ ਇੱਕੋ-ਇੱਕ ਸਹੀ ਵਿਆਖਿਆ ਦੇ ਤੌਰ ’ਤੇ ਸਾਬਿਤ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ। ਇਸੇ ਕਾਰਣ ਮਨੋਵਿਸ਼ਲੇਸ਼ਣ ਦੇ ਸਿਧਾਂਤ ਅਤੇ ਧਾਰਣਾਵਾਂ ਦੀ ਵਿਗਿਆਨਕਤਾ ਬਾਰੇ ਤੱਥਾਤਮਕ ਖ਼ਾਮੀਆਂ ਦੇ ਆਧਾਰ ’ਤੇ ਸਵਾਲੀਆ ਨਿਸ਼ਾਨ ਲੱਗਣ ਲੱਗੇ। ਮੇਰੇ ਕਿਸੇ ਸੁਪਨੇ ਦੀ ਕਿਹੜੀ ਵਿਆਖਿਆ ਮੈਨੂੰ ਅਪਣੀਆਂ ਦਮਿਤ ਇੱਛਾਵਾਂ ਅਤੇ ਅਚੇਤਨ ਸਿਮਰਤੀਆਂ ਨੂੰ ਸਮਝਣ ਲਈ ਢੁੱਕਵੀਂ ਹੋ ਸਕਦੀ ਹੈ? – ਇਹਦਾ ਨਿਰਣਾ ਕੌਣ ਕਰੇਗਾ? ਮੇਰੇ ਸੁਪਨੇ ’ਚ ਵਾਪਰੀਆਂ ਘਟਨਾਵਾਂ, ਸਥਿਤੀਆਂ, ਕਿਰਦਾਰਾਂ ਅਤੇ ਵਸਤਾਂ ਦੇ ਆਪਸੀ ਸੰਬੰਧਾਂ ਅਤੇ ਅਰਥਾਂ ਦੀ ਪਹਿਚਾਣ ਸਹੀ ਢੰਗ ਨਾਲ਼ ਹੋਈ ਵੀ ਹੈ ਜਾਂ ਨਹੀਂ- ਇਹਦਾ ਨਿਤਾਰਾ ਕਿਵੇਂ ਕੀਤਾ ਜਾਵੇ? ਅਜਿਹੇ ਸਵਾਲਾਂ ਦੇ ਸੰਤੋਸ਼ਜਨਕ ਉੱਤਰ ਮਨੋਵਿਸ਼ਲੇਸ਼ਕਾਂ ਕੋਲ਼ ਨਹੀਂ ਹਨ। ਇਨ੍ਹਾਂ ਉੱਤਰਾਂ ਤੋਂ ਬਿਨਾਂ ਮਨੋਵਿਸ਼ਲੇਸ਼ਣ ਦੀਆਂ ਧਾਰਨਾਵਾਂ ਅਤੇ ਸਿਧਾਂਤਾਂ ਨੂੰ ਵਿਗਿਆਨਕ ਕਸੌਟੀ ’ਤੇ ਖਰਾ ਸਿੱਧ ਨਹੀਂ ਕੀਤਾ ਜਾ ਸਕਦਾ। ਪਰ ਅਸੀਂ ਇਸ ਸੱਚਾਈ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਮਨੁੱਖੀ ਜੀਵਨ ਵਿਚ ਸਾਨੂੰ ਕਈ ਕਿਸਮ ਦੇ ਆਪਸੀ ਵਿਰੋਧਾਂ ਅਤੇ ਦਵੰਦਾਂ ਨਾਲ਼ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿਚੋਂ ਕਈ ਵਿਰੋਧ ਅਤੇ ਦਵੰਦ ਸਾਡੀ ਚੇਤਨਾ ਤੋਂ ਲੁਕੇ ਰਹਿੰਦੇ ਹਨ; ਕਿਉਂਕਿ ਉਨ੍ਹਾਂ ਦਾ ਸਰੋਤ ਅਜਿਹੀਆਂ ਇੱਛਾਵਾਂ, ਕਾਮਨਾਵਾਂ, ਚਾਹਤਾਂ ਵਿਚ ਹੁੰਦਾ ਹੈ; ਜਿਹੜੀਆਂ ਸਮਾਜਿਕ ਅਤੇ ਨੈਤਿਕ ਦ੍ਰਿਸ਼ਟੀਕੋਣ ਤੋਂ ਵਰਜਿਤ ਹੁੰਦੀਆਂ ਹਨ। ਅਜਿਹੇ ਵਿਰੋਧਾਂ ਦੀ ਪਛਾਣ ਨਾਲ਼ ਹੀ ਅਸੀਂ ਅਪਣੀ ਜ਼ਿੰਦਗੀ ਦਾ ਸਹੀ ਨਿਰੀਖਣ ਅਤੇ ਵਿਸ਼ਲੇਸ਼ਣ ਕਰਨ ਲਈ ਤਿਆਰ ਹੋ ਸਕਦੇ ਹਾਂ। ਇਹ ਨਿਰੀਖਣ ਸਾਨੂੰ ਸ਼ਰਮਸਾਰ ਵੀ ਕਰ ਸਕਦਾ ਹੈ, ਦੁਖੀ ਵੀ ਕਰ ਸਕਦਾ ਹੈ, ਪਰ ਅਪਣੇ ਨਜ਼ਰੀਏ, ਵਿਸ਼ਵਾਸਾਂ ਅਤੇ ਭਾਵਨਾਵਾਂ ਦੇ ਆਧਾਰ ਨੂੰ ਸਮਝਣ ਵਿਚ ਮਦਦ ਵੀ ਕਰ ਸਕਦਾ ਹੈ। ਮਾਨਸਿਕ ਰੋਗਾਂ ਕਾਰਣ ਸਾਨੂੰ ਹਮੇਸ਼ਾ ਰਹੱਸਮਈ ਅਤੇ ਖ਼ੌਫ਼ਨਾਕ ਜਾਪਦੇ ਰਹਿਣਗੇ, ਕਿਉਂਕਿ ਇਹ ਸਰੀਰਕ ਰੋਗਾਂ ਤੋਂ ਬਹੁਤ ਹੀ ਵੱਖਰੇ ਢੰਗਾਂ ਦੇ ਰੋਗ ਹਨ। ਜਦ ਤਕ ਇਨ੍ਹਾਂ ਰੋਗਾਂ ਕਾਰਣ ਸਾਡੀ ਸਵੈ-ਪਛਾਣ ਗੁਆਚਣ ਅਤੇ ਵਿਅਕਤਿਤਵ ਦੇ ਖਿੰਡਰ-ਪੁੰਡਰ ਜਾਣ ਦਾ ਖ਼ਦਸ਼ਾ ਬਣਿਆ ਰਹੇਗਾ, ਤਦ ਤਕ ਮਨੋਵਿਸ਼ਲੇਸ਼ਣ ਅਤੇ ਉਸ ਤੋਂ ਵਿਕਸਿਤ ਹੋਰ ਚਿਕਿਤਸਾ ਪੱਧਤੀਆਂ ਸਾਨੂੰ ਅਪਣੇ ਵੱਲ ਖਿੱਚਦੀਆਂ ਰਹਿਣਗੀਆਂ।

Centre for Philosophy
School of Social Sciences,
Jawaharlal Nehru University,
New Delhi – 110 067 (India)

Important Writings of Sigmund Freud

  1. Interpretation of Dreams
  2. Beyond the Pleasure Principal
  3. Introductory Lectures on Psycho Analysis
  4. Totem and Taboo
  5. Moses and Monotheism
  6. Group Psychology and Ego Analysis
  7. Three Essays on Sexuality
  8. Civilisation and its Discontents
  9. Aetiology of the Neurosis
  10. Instincts and Their Vicissitudes
ਸੱਤਿਆਪਾਲ ਗੌਤਮ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!