ਦਲਿਤ ਚੇਤਨਾ ਅਤੇ ਸਾਹਿਤ – ਅਜਮੇਰ ਰੋਡੇ

Date:

Share post:

ਦਲਿਤ ਚੇਤਨਾ ਅਤੇ ਦਲਿਤ ਸਾਹਿਤ ਦੀ ਸਰਗਰਮੀ ਦਾ ਕੇਂਦਰ ਨਿਰਸੰਦੇਹ ਭਾਰਤ ਹੈ ਅਤੇ ਭਾਰਤ ਹੀ ਰਹੇਗਾ ਪਰ ਪਿਛਲੇ ਦਹਾਕੇ ਤੋਂ ਦਲਿਤ ਚੇਤਨਾ ਭਾਰਤ ਤੋਂ ਬਾਹਰ ਵੀ ਪਸਰਨੀ ਸ਼ੁਰੂ ਹੋਈ ਹੈ। ਚੇਤਨਾ ਦਾ ਇਹ ਪਾਸਾਰ ਕੇਵਲ ਦੱਖਣੀ ਏਸ਼ੀਆ ਤੱਕ ਹੀ ਸੀਮਤ ਨਹੀਂ ਸਗੋਂ ਸਾਰੇ ਵਿਸ਼ਵ ਵਿਚ ਹੋ ਰਿਹਾ ਹੈ। ਇਸਦਾ ਇਕ ਕਾਰਨ ਇਹ ਹੈ ਕਿ ਦੱਖਣੀ ਏਸ਼ੀਆ ਦੇ ਲੋਕ ਵਿਸ਼ਵ ਦੇ ਜਿਸ ਭਾਗ ਵਿਚ ਵੀ ਗਏ ਜਾਤਪਾਤ ਨਾਲ ਲੈ ਕੇ ਗਏ। ਅੱਜ ਤੁਸੀਂ ਜਾਤਪਾਤ ਦੀਆਂ ਜੜ੍ਹਾਂ ਜਾਂ ਲੱਗ ਰਹੀਆਂ ਜੜ੍ਹਾਂ ਪੂਰਬੀ ਅਤੇ ਦੱਖਣੀ ਅਫਰੀਕਾ, ਮੌਰੀਟੇਨੀਆ, ਫੀਜੀ, ਸੂਰਿਨਾਮ, ਮੱਧ ਏਸ਼ੀਆ, ਮਲੇਸ਼ੀਆ, ਕੈਰਿਬੀਅਨ, ਬ੍ਰਤਾਨੀਆ, ਅਮਰੀਕਾ ਅਤੇ ਕੈਨੇਡਾ ਵਿਚ ਦੇਖ ਸਕਦੇ ਹੋ। ਉਂਜ ਭਾਰਤ ਦੀ ਜਾਤ ਪ੍ਰਣਾਲੀ (ਜਨਮ ਅਤੇ ਕਿੱਤੇ ਤੇ ਆਧਾਰਿਤ ਸਮਾਜਿਕ ਰੁਤਬਾ) ਵਰਗੀ ਜਾਤਪਾਤ ਦੇ ਸ਼ਿਕਾਰ ਲੋਕ ਜਾਪਾਨ ਵਿਚ (ਬਰਾਕੂ), ਨਾਈਜੀਰੀਆ ਵਿਚ (ਓਸੂ) ਅਤੇ ਸੈਨੀਗਾਲ ਅਤੇ ਮੌਰੀਟੇਨੀਆ ਦੇ ਕੁਝ ਭਾਗਾਂ ਵਿਚ ਵੀ ਮੌਜੂਦ ਹਨ। (ਹਿਊਮਨ ਰਾਈਟਸ ਵਾਚ ਦੀ ਰੀਪੋਰਟ, ਕਾਸਟ ਡਿਸਕ੍ਰਿਮੀਨੇਸ਼ਨ: ਏ ਗਲੋਬਲ ਕਨਸਰਨ , 2001)
ਇਸ ਸੰਖੇਪ ਰੀਪੋਰਟ ਦਾ ਮੰਤਵ ਦਲਿਤ ਸਰਗਰਮੀ ਦਾ ਇਕ ਨਮੂਨਾ ਪੇਸ਼ ਕਰਨਾ ਹੈ ਜਿਸਤੋਂ ਪਾਠਕ ਭਾਰਤ ਤੋਂ ਬਾਹਰ ਪੱਸਰ ਰਹੀ ਦਲਿਤ ਚੇਤਨਾ ਦਾ ਅੰਦਾਜ਼ਾ ਲਾ ਸਕਣ। ਇਹ ਰੀਪੋਰਟ ਮੁਖ ਤੌਰ ’ਤੇ ਕੈਨੇਡਾ ਦੇ ਪੱਛਮੀ ਤੱਟ ’ਤੇ ਕੇਂਦਰਤ ਹੈ ਜਿੱਥੇ ਲੇਖਕ ਆਪ ਰਹਿੰਦਾ ਹੈ ਅਤੇ ਜਿਸ ਵਿਚ ਲੇਖਕ ਦਾ ਕਿਸੇ ਹੱਦ ਤੱਕ ਆਪਣਾ ਅਨੁਭਵ ਵੀ ਸ਼ਾਮਲ ਹੈ। ਰੀਪੋਰਟ ਵਿਚ ਸ਼ਬਦ ਦਲਿਤ ਦੇ ਅਰਥ ਵਿਸ਼ਾਲ ਨਹੀਂ ਸਗੋਂ “ਅਛੂਤ”ਵਰਗ ਤੱਕ ਹੀ ਸੀਮਿਤ ਹਨ। ਪਰ ਦਲਿਤ ਸਾਹਿਤ ਦੇ ਅਰਥ ਕੇਵਲ ਉਸ ਸਾਹਿਤ ਤੱਕ ਸੀਮਿਤ ਨਹੀਂ ਜੋ ਦਲਿਤ ਲੇਖਕਾਂ ਨੇ ਹੀ ਰਚਿਆ ਹੋਵੇ। ਦਲਿਤ ਅਤੇ ਦਲਿਤ ਸਾਹਿਤ ਤੋਂ ਕੀ ਭਾਵ ਹੈ? ਅਜਿਹਾ ਚੱਲ ਰਿਹਾ ਵਾਦ ਵਿਵਾਦ ਇਸ ਰੀਪੋਰਟ ਦਾ ਵਿਸ਼ਾ ਨਹੀਂ।
ਦਲਿਤ ਚੇਤਨਾ ਦਾ ਸੰਬੰਧ ਕੇਵਲ ਦਲਿਤ ਪਿਛੋਕੜ ਦੇ ਲੋਕਾਂ ਨਾਲ ਹੀ ਨਹੀ। ਸਮਕਾਲੀ ਦਲਿਤ ਚੇਤਨਾ ਸਮੁੱਚੇ ਭਾਰਤ ਲਈ ਵਰਦਾਨ ਬਣ ਕੇ ਆਈ ਹੈ। ਇਹ ਲੋਕਾਂ ਦੀ ਜਾਤ ਪ੍ਰਣਾਲੀ ਪ੍ਰਤੀ ਸਦੀਆਂ ਤੋਂ ਉਦਾਸੀਨ ਹੋਈ ਸੁਰਤ ਨੂੰ ਜੁੰਬਸ਼ ਦੇ ਰਹੀ ਹੈ। ਕਿਸੇ ਨੂੰ ਇਸ ਜੁੰਬਸ਼ ਨਾਲ ਸਕੂਨ ਮਿਲ ਰਿਹਾ ਹੈ ਕਿਸੇ ਨੂੰ ਝਟਕੇ ਲੱਗ ਰਹੇ ਹਨ ਕਿਸੇ ਦਾ ਸਭ ਕੁਝ ਟੁੱਟ ਭੱਜ ਰਿਹਾ ਹੈ ਪਰ ਅੰਤ ਨੂੰ ਇਸ ਚੇਤਨਾ ਨਾਲ ਜਾਤਪਾਤ ਦੇ ਵਿਆਪਕ ਮਨੋਰੋਗ ਤੋਂ ਭਾਰਤੀਆਂ ਨੂੰ ਮੁਕਤੀ ਮਿਲਣ ਦੀ ਆਸ ਬੱਝੀ ਹੈ।
ਦਲਿਤ ਚੇਤਨਾ ਦੀ ਲਹਿਰ ਨੂੰ ਅੰਤਰ ਰਾਸ਼ਟਰੀ ਬਣਾਉਣਾ ਦਲਿਤ ਲੀਡਰਾਂ ਦਾ ਮਹੱਤਵ ਪੂਰਨ ਉਦੇਸ਼ ਹੈ। ਸਵਰਨ ਜਾਤੀਆਂ ਦੇ ਪ੍ਰਭਾਵ ਹੇਠ ਸਮਕਾਲੀ ਭਾਰਤੀ ਲੀਡਰਾਂ ਨੇ ਵਿਸ਼ਵ ਵਿਚ ਭਾਰਤ ਦਾ ਅਜਿਹਾ ਅਕਸ ਉਭਾਰਨ ਦਾ ਯਤਨ ਕੀਤਾ ਹੈ ਜਿਸ ਵਿਚੋਂ ਭਾਰਤ ਇਕ ਨਿਆਂਕਾਰੀ ਅਤੇ ਸਦਾਚਾਰਕ ਸਮਾਜ ਵਾਲਾ ਦੇਸ਼ ਝਲਕਦਾ ਹੈ ਅਤੇ ਜਿਸਦੇ ਉਚੱ ਸਭਿਆਚਾਰ ਤੋਂ ਦੂਸਰੇ ਸਭਿਆਚਾਰ ਬਹੁਤ ਕੁਝ ਸਿੱਖ ਸਕਦੇ ਹਨ। ਹਿੰਦੂਤਵਾ ਦੇ ਚੜ੍ਹਾਅ ਸਮੇਂ ਅਜਿਹੇ ਯਤਨ (ਇੰਡੀਆ ਸ਼ਾਈਨਿੰਗ) ਸਿਖਰ ’ਤੇ ਪਹੁੰਚ ਗਏ। ਦਲਿਤ ਲੀਡਰ ਭਾਰਤ ਦੇ ਇਸ ਅਕਸ ਨੂੰ ਛਲਾਵਾ ਕਹਿੰਦੇ ਹਨ। ਜਿਵੇਂ ਕੋਈ ਅਤਿੱਆਚਾਰੀ ਸਫੈਦ ਵਸਤਰ ਪਹਿਨ ਕੇ ਪਰਉਪਕਾਰੀ ਬਣਨ ਦਾ ਢੌਂਗ ਰਚ ਰਿਹਾ ਹੋਵੇ। ਇਹ ਸਵਰਨ-ਦਲਿਤ ਮੱਤਭੇਦ ਸਾਊਥ ਅਫਰੀਕਾ ਵਿਚ ਹੋਈ ਨਸਲਵਾਦ ਵਿਰੋਧੀ ਅੰਤਰ ਰਾਸ਼ਟਰੀ ਕਾਨਫਰੰਸ ਉਤੇ ਉਭਰ ਕੇ ਸਾਹਮਣੇ ਆਇਆ।
ਸੰਯੁਕਤ ਰਾਸ਼ਟਰ ਦੀ ਨਸਲਵਾਦ ਵਿਰੋਧੀ ਕਾਨਫਰੰਸ
ਸਯੁੰਕਤ ਰਾਸ਼ਟਰ ਨੇ ਇਹ ਇਤਿਹਾਸਕ ਕਾਨਫਰੰਸ ਸਤੰਬਰ 2001 ਵਿਚ ਦੱਖਣੀ ਅਫਰੀਕਾ ਦੇ ਸ਼ਹਿਰ ਡਰਬਨ ਵਿਚ ਆਯੋਜਤ ਕੀਤੀ ਜਿਸ ਵਿਚ ਵਿਸ਼ਵ ਦੇ ਰਾਜਸੀ ਲੀਡਰਾਂ, ਅਤੇ ਅਨੇਕਾਂ ਗੈਰ ਸਰਕਾਰੀ (ਐਨ.ਜੀ.ਓ.) ਸੰਸਥਾਵਾਂ ਨੇ ਭਾਗ ਲਿਆ। ਭਾਰਤ ਸਾਊਥ ਅਫਰੀਕਾ ਵਿਚ ਗੋਰੀ ਅਪਾਰਥਾਈਡ ਰਾਜਨੀਤੀ ਦਾ ਭਰਵਾਂ ਵਿਰੋਧ ਕਰਦਾ ਰਿਹਾ ਸੀ। ਮਹਾਤਮਾ ਗਾਂਧੀ ਦੇ ਸਾਊਥ ਅਫਰੀਕਾ ਵਿਚ ਨਸਲਵਾਦ ਵਿਰੋਧੀ ਕੀਤੇ ਕੰਮ ਨੂੰ ਵੀ ਸਾਊਥ ਅਫਰੀਕਾL ਵਿਚ ਬਹੁਤ ਮਾਨਤਾ ਪ੍ਰਾਪਤ ਹੈ। ਦਲਿਤ ਚੇਤਨਾ ਦੇ ਪਾਸਾਰ ਲਈ ਕੰਮ ਕਰ ਰਹੇ ਲੀਡਰਾਂ ਨੇ ਭਾਰਤੀ ਜਾਤਪਾਤ ਨੂੰ ਨਸਲਵਾਦ ਦਾ ਹੀ ਇਕ ਰੂਪ ਕਿਹਾ ਅਤੇ ਇਸਨੂੰ ਕਾਨਫਰੰਸ ਦੇ ਏਜੰਡੇ ਉਤੇ ਦਰਜ ਕਰਨ ਲਈ ਜੋLਰ ਦਿਤਾ। ਪਰ ਭਾਰਤ ਦੀ ਬੀ.ਜੇ.ਪੀ ਸਰਕਾਰ ਦੀਆਂ ਨਜ਼ਰਾਂ ਵਿਚ ਨਸਲਵਾਦ ਅਤੇ ਜਾਤਪਾਤ ਦੋ ਵੱਖਰੀਆਂ ਸਚਾਈਆਂ ਸਨ ਅਤੇ ਜਾਤਪਾਤ ਨਸਲਵਾਦ ਦਾ ਇਕ ਰੂਪ ਨਹੀਂ। ਇਸ ਲਈ ਭਾਰਤ ਨੇ ਜਾਤਪਾਤ ਦੇ ਮਸਲੇ ਨੂੰ ਕਾਨਫਰੰਸ ਦੇ ਏਜੰਡੇ ਉਤੇ ਰੱਖਣ ਦਾ ਵਿਰੋਧ ਕੀਤਾ। ਦਲਿਤ ਸਮਰਥਕਾਂ ਅਤੇ ਸਰਕਾਰੀ ਨੁਮਾਇੰਦਿਆਂ ਵਿਚਕਾਰ ਇਹ ਬਹਿਸ ਕਾਨਫਰੰਸ ਤੋਂ ਪਹਿਲਾਂ ਪੂਰਾ ਸਾਲ ਚਲਦੀ ਰਹੀ। ਮੁਖ ਤੌਰ ’ਤੇ ਇਹ ਬਹਿਸ ਭਾਰਤ ਵਿਚ ਦਲਿਤ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਗਰੁੱਪਾਂ ਅਤੇ ਨੈਸ਼ਨਲ ਫੈਡਰੇਸ਼ਨ ਔਫ ਦਲਿਤ ਵਿਮੈੱਨ ਨੇ ਛੇੜੀ ਪਰ ਪਿਛੋਂ ਇਹਨਾਂ ਨਾਲ ਦੇਸ਼ ਬਿਦੇਸ਼ ਦੀਆਂ ਕਿੰਨੀਆਂ ਹੀ ਹੋਰ ਜੱਥੇਬੰਦੀਆਂ ਰਲ ਗਈਆਂ।
ਭਾਰਤ ਸਰਕਾਰ ਵੱਲੋਂ ਸਭ ਤੋਂ ਬਲਵਾਨ ਆਵਾਜ਼ ਅਟਾਰਰਨੀ-ਜਨਰਲ, ਸੋਲੀ ਸੋਰਾਬਜੀ, ਦੀ ਸੀ। ਉਸਨੇ ਕਿਹਾ ਵਿਤਕਰਾ, ਧਰਮ, ਲਿੰਗ, ਨਸਲ ਜਾਂ ਜਾਤ, ਕਿਸੇ ਵੀ ਆਧਾਰ ’ਤੇ ਹੋ ਸਕਦਾ ਹੈ ਪਰ ਡਰਬਨ ਦੀ ਕਾਨਫਰੰਸ ਕੇਵਲ ਨਸਲਵਾਦ ’ਤੇ ਕੇਂਦਰਤ ਹੋਣੀ ਚਾਹੀਦੀ ਹੈ; ਜਾਤ ਆਧਾਰਿਤ ਵਿਤਕਰੇ ਨੂੰ ਨਸਲਵਾਦੀ ਵਿਤਕਰੇ ਦੇ ਬਰਾਬਰ ਨਹੀਂ ਰੱਖਿਆ ਜਾ ਸਕਦਾ। ਸੋਰਾਬਜੀ ਦੇ ਲੇਖ ਦਾ ਤਿੱਖਾ ਪ੍ਰਤਿਕਰਮ ਹੋਇਆ। ਨਿਊਯਾਰਕ ਵਿਚ ਹਿਊਮਨ ਰਾਈਟਸ ਵਾਚ ਲਈ ਖੋਜ ਕਰ ਰਹੀ ਸਮਿਤਾ ਨਰੂਲਾ ਨੇ ਕਿਹਾ ਕਿ ਸੋਰਾਬਜੀ ਦਾ ਤਰਕ ਭਾਰਤ ਦੀ ਮਨੁੱਖੀ ਅਧਿਕਾਰਾਂ ਪ੍ਰਤਿ ਵਚਨਬੱਧਤਾ ਨੂੰ ਛੁਟਿਆਉਂਦਾ ਹੈ। ਉਸਨੇ ਟਾਈਮਜ਼ ਔਫ ਇੰਡੀਆ (9 ਮਾਰਚ 2001) ਵਿਚ ਲਿਖਦਿਆਂ ਕਿਹਾ, “ਜਾਤ ਉਤੇ ਆਧਾਰਿਤ ਦੁਰਵਿਹਾਰ ਏਸ਼ੀਆ ਦੇ ਅਨੇਕਾਂ ਦੇਸ਼ਾਂ ਜਿਵੇਂ ਨੀਪਾਲ, ਸ੍ਰੀ ਲੰਕਾ, ਬੰਗਲਾਦੇਸ਼, ਪਾਕਿਸਤਾਨ ਤੇ ਜਾਪਾਨ ਆਦਿ ਵਿਚ ਵੀ ਪੱਸਰਿਆ ਹੋਇਆ ਹੈ। ਇਸ ਲਈ ਇਹਦਾ ਵਿਸ਼ਵ ਕਾਨਫਰੰਸ ਦੇ ਏਜੰਡੇ ’ਤੇ ਸ਼ਾਮਲ ਹੋਣਾ ਨਸਲਵਾਦ ਦੇ ਮਸਲੇ ਨੂੰ ਪੇਤਲਾ ਨਹੀ ਪਾਵੇਗਾ ਸਗੋਂ ਕ੍ਰੋੜਾਂ ਉਹਨਾਂ ਪੀੜਿਤ ਲੋਕਾਂ ਦੀ ਆਵਾਜ਼ ਵੀ ਸੁਣਾਵੇਗਾ ਜੋ ਅੱਜ ਵੀ ਸੈਗਰੀਗੇਸ਼ਨ, ਗੁਲਾਮੀ, ਅਤੇ ਅੰਤਾਂ ਦੇ ਸ਼ੋਸ਼ਣ ਅਤੇ ਹਿੰਸਾ ਦਾ ਸ਼ਿਕਾਰ ਹਨ।”
ਭਾਰਤ ਦਾ ਸਮਾਜ ਵਿਗਿਆਨੀ ਪ੍ਰੋਫੈਸਰ ਆਂਦਰੇ ਬੈਟੀਲ (ਪਦਮ ਭੂਸ਼ਨ, 2005), ਦੱਖਣੀ ਭਾਰਤ ਵਿਚ ਜਾਤਪਾਤ ਉਤੇ ਖੋਜ ਲਈ ਪ੍ਰਸਿੱਧ ਹੈ; ਉਸਨੇ ਹਿੰਦੂ ਅਖਬਾਰ ਦੇ 1 ਮਾਰਚ 2001 ਦੇ ਅੰਕ ਵਿਚ ਲਿਖਿਆ ਕਿ “ਜਾਤਪਾਤ ਨੂੰ ਨਸਲ ਦਾ ਇਕ ਰੂਪ ਕਹਿਣਾ ਰਾਜਸੀ ਸ਼ਰਾਰਤ ਹੈ। ਇਸਤੋਂ ਵੀ ਵੱਧ, ਇਹ ਵਿਗਿਆਨਕ ਤੌਰ ’ਤੇ ਬੇਅਰਥਾ ਹੈ”।
ਇਸ ਲੇਖ ਦਾ ਵੀ ਦਲਿਤ ਸਮਰਥਕਾਂ ਵੱਲੋਂ ਤਿੱਖਾ ਵਿਰੋਧ ਹੋਇਆ। ਏਸ਼ੀਅਨ ਹਿਊਮਨ ਰਾਈਟਸ ਕਮਿਸ਼ਨ ਦੇ ਡਾਇਰੈਕਟਰ ਬਾਸਲ ਫਰਨੈਂਡੋ ਨੇ ਲਿਖਿਆ ਕਿ ਅਟਾਰਨੀ-ਜਨਰਲ ਸੋਰਾਬਜੀ ਵਾਂਗ ਹਰ ਕਿਸੇ ਦੀ ਇਕੋ ਹੀ ਦਲੀਲ ਹੈ: ਜਾਤਪਾਤ ਅਤੇ ਨਸਲਵਾਦ ਦੋ ਵੱਖਰੀਆਂ ਗੱਲਾਂ ਹਨ…ਭਾਰਤ ਦੇ ਵਿਧਾਨ ਬਣਾਉਣ ਵਾਲਿਆਂ ਸਾਹਮਣੇ ਕੋਈ ਆਦਰਸ਼ ਸੀ, ਉਹ ਆਦਰਸ਼ ਅੱਜ ਮਰ ਚੁੱਕਿਆ ਹੈ। ਸਮਕਾਲੀ ਹਿੰਦੂਤਵਾ ਦੇ ਆਦਰਸ਼ਵਾਦ ਅਤੇ ਗੋਰੀਆਂ ਨਸਲਵਾਦੀ ਲਹਿਰਾਂ ਦੇ ਆਦਰਸ਼ਵਾਦ ਵਿਚ ਕੋਈ ਫਰਕ ਨਹੀਂ ਰਿਹਾ। ਇਹ ਆਦਰਸ਼ਵਾਦ ਪੂਰਨ ਨਸਲਵਾਦ ਦਾ ਆਦਰਸ਼ ਹੈ। ਜੋ ਕੁਝ ਇਹ ਆਦਰਸ਼ਵਾਦ ਪ੍ਰਗਟ ਕਰ ਰਿਹਾ ਹੈ ਉਹ ਭਾਰਤ ਲਈ ਮਾਣ ਵਾਲੀ ਗੱਲ ਨਹੀਂ ਸ਼ਰਮ ਵਾਲੀ ਹੈ।
ਪਰ ਸਰਕਾਰੀ ਨੁਮਾਇੰਦਿਆਂ ਅਤੇ ਉਹਨਾਂ ਦੇ ਹੋਰ ਸਹਿਯੋਗੀਆਂ ਦੇ ਵਿਰੋਧ ਦੇ ਬਾਵਜੂਦ ਜਾਤਪਾਤ ਦਾ ਮਸਲਾ ਵਿਸ਼ਵ ਕਾਨਫਰੰਸ ਦੇ ਏਜੰਡੇ ਵਿਚ ਸ਼ਾਮਲ ਹੋ ਗਿਆ। ਬਹੁਤੇ ਦੇਸ਼ਾਂ ਦੇ ਨੁਮਾਇੰਦਿਆਂ ਨੇ ਦਲਿਤ ਲੀਡਰਾਂ ਨਾਲ ਸਹਿਮਤੀ ਪ੍ਰਗਟਾਈ। ਪਰ ਭਾਰਤ ਨੇ ਆਪਣੀ ਰਾਜਸੀ ਅਹਿਮੀਅਤ ਅਤੇ ਵਕਾਰ ਦੇ ਬਲਬੂਤੇ ਕਾਨਫਰੰਸ ਦੌਰਾਨ ਵੀ ਜਾਤਪਾਤ ਨੂੰ ਏਜੰਡੇ ਵਿਚੋਂ ਖ਼ਾਰਜ ਕਰਵਾਉਣ ਲਈ ਪੂਰੀ ਵਾਹ ਲਾਈ। ਜਦੋਂ ਖ਼ਾਰਜ ਨਾ ਹੋ ਸਕਿਆ ਤਾਂ ਜਾਤਪਾਤ ਸੰਬੰਧੀ ਪ੍ਰਸਤਾਵ (ਪੈਰਾ 73) ਦੀ ਵਾਰਤਾ ਬਦਲਣ ’ਤੇ ਜੋLਰ ਦੇਣਾ ਸ਼ੁਰੂ ਕਰ ਦਿਤਾ। ਇਸਦਾ ਦਲਿਤ ਲੋਕਾਂ, ਲੀਡਰਾਂ, ਸਮਰਥਕਾਂ ਅਤੇ ਸਹਿਯੋਗੀਆਂ ਨੇ ਪੂਰੇ ਤਾਣ ਨਾਲ ਵਿਰੋਧ ਕੀਤਾ। ਕਾਨਫਰੰਸ ਦੇ ਬਾਹਰ ਗਲੀ ਵਿਚ ਦਲਿਤ ਹਮਾਇਤੀਆਂ ਵੱਲੋਂ ਜਲੂਸ ਨਿਕਲੇ, ਢੋਲਾਂ ਨਾਲ ਮੁਜ਼ਾਹਰੇ ਹੋਏ। ਜਯੋਤੀ ਰਾਜ ਨੇ ਭੁੱਖ ਹੜਤਾਲ ਰੱਖ ਦਿਤੀ। ਇਸ ਪਿਛੋਂ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਲੀਡਰ ਤੇ ਅਨੇਕ ਦੇਸ਼ਾਂ ਦੇ ਨੁਮਾਇੰਦੇ ਵੀ ਦਲਿਤ-ਪੱਖ ਦੇ ਹਮਾਇਤੀ ਹੋ ਗਏ। ਪਰ ਭਾਰਤੀ ਨੁਮਾਇੰਦੇ ਫੇਰ ਵੀ ਵਾਰਤਾ ਵਿਚ ਤਬਦੀਲੀ ਕਰਵਾਉਣ ਵਿਚ ਸਫਲ ਹੋ ਗਏ।
ਇਸਦੇ ਬਾਵਜੂਦ ਦਲਿਤ ਲੀਡਰਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਵਡੀ ਜਿੱਤ ਹੋਈ ਹੈ। ਉਹ ਭਾਰਤ ਦੇ ਹੁਣ ਤੱਕ ਅੰਦਰੂਨੀ ਬਣੇ ਦਲਿਤ ਮਸਲੇ ਨੂੰ ਵਿਸ਼ਵ ਸਾਹਮਣੇ ਲਿਆਉਣ ਵਿਚ ਸਫਲ ਹੋ ਗਏ। ਏਜੰਡੇ ਦੀ ਖਿਚੋਤਾਣ ਨੇ ਮਸਲੇ ਨੂੰ ਕਿਤੇ ਵੱਧ ਮਹੱਤਤਾ ਦੇ ਦਿਤੀ। ਇਸ ਪਿਛੋਂ ਦਲਿਤ ਸਮੱਸਿਆ ਉਤੇ ਅੰਤਰ ਰਾਸ਼ਟਰੀ ਪੱਧਰ ’ਤੇ ਸਰਗਰਮੀ ਆਰੰਭ ਹੋ ਗਈ। ਨਾਲ ਹੀ ਦਲਿਤ ਸਾਹਿਤ ਦੀ ਰਚਨਾ ਨੂੰ ਵੀ ਅੰਤਰ ਰਾਸ਼ਟਰੀ ਪੱਧਰ ’ਤੇ ਉਤਸ਼ਾਹ ਮਿਲਿਆ।
ਸਯੁੰਕਤ ਰਾਸ਼ਟਰ ਦੀ ਦੂਸਰੀ ਨਸਲਵਾਦ ਵਿਰੋਧੀ ਕਾਨਫਰੰਸ ਹੁਣ 2009 ਵਿਚ ਡਰਬਨ ਵਿਚ ਹੀ ਹੋ ਰਹੀ ਹੈ। ਯੂ.ਐਨ.ਓ. ਦੇ ਮੈਂਬਰ ਦੇਸ਼ਾਂ ਵਿਚੋਂ 20 ਮੈਂਬਰਾਂ ਦੀ ਕਮੇਟੀ ਚੁਣੀ ਗਈ ਹੈ। ਕਮੇਟੀ ਵਿਚ ਕਾਨਫਰੰਸ ਦੀ ਯੋਜਨਾਬੰਦੀ ਲਈ ਈਰਾਨ ਨੂੰ ਵਿਸ਼ੇਸ਼ ਸਥਾਨ ਦਿਤਾ ਗਿਆ ਹੈ ਜਿਸਦੇ ਤਿੱਖੇ ਪ੍ਰਤਿਕਰਮ ਹੋ ਰਹੇ ਹਨ। ਕਮੇਟੀ ਦੀ ਪਹਿਲੀ ਮੀਟਿੰਗ ਜਨੀਵਾ ਵਿਚ ਅਗਸਤ 2007 ਵਿਚ ਹੋਈ ਸੀ। ਜਾਤਪਾਤ ਦੇ ਮਸਲੇ ’ਤੇ ਅਜੇ ਕੁਝ ਉਭਰ ਕੇ ਸਾਹਮਣੇ ਨਹੀਂ ਆਇਆ।
“ਨਸਲਵਾਦ ਵਿਰੋਧੀ ਵਿਸ਼ਵ ਕਾਨਫਰੰਸ ਦਲਿਤ ਲਹਿਰ ਲਈ ਅਤੇ ਵਿਸ਼ਵ ਦੀਆਂ ਹੋਰ “ਨੀਵੀਆਂ ਜਾਤਾਂ” ਦੇ ਅਧਿਕਾਰਾਂ ਲਈ ਇਕ ਫੈਸਲਾਕੁਨ ਘਟਨਾ ਸੀ। ਕਾਨਫਰੰਸ ਵਿਚ ਭਾਗ ਲੈਣ ਵਾਲੇ ਦਲਿਤ ਗਰੁੱਪ ਵਿਚ 160 ਤੋਂ ਵੱਧ ਐਕਟਵਿਸਟ ਸਨ ਅਤੇ ਇਹ ਕਾਨਫਰੰਸ ਦੇ ਸਭ ਤੋਂ ਵਡੇ ਗਰੁੱਪਾਂ ਵਿਚੋਂ ਸੀ ਜਿਸਦੀ ਅਗੁਵਾਈ ਭਾਰਤ ਦੀ ਜੱਥੇਬੰਦੀ, ਨੈਸ਼ਨਲ ਕੈਂਪੇਅਨ ਫਾਰ ਦਲਿਤ ਹਿਊਮਨ ਰਾਈਟਸ ਕਰ ਰਹੀ ਸੀ। ਇਸ ਗਰੁੱਪ ਨੂੰ ਅੰਤਰਰਾਸ਼ਰੀ ਸਰਕਾਰਾਂ, ਭਾਰਤ ਦੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ, ਅਤੇ ਸਯੁੰਕਤ ਰਾਸ਼ਟਰ ਦੇ ਸਕੱਤਰ ਜਨਰਲ ਕੋਫੀ ਅਨਾਨ ਵੱਲੋਂ ਭਰਵੀਂ ਹਮਾਇਤ ਮਿਲੀ।” ਸਿਮਿਤਾ ਨਰੂਲਾ, ਸਾਊਥ ਏਸ਼ੀਆ ਹਿਊਮਨ ਰਾੲਟਸ ਵਾਚ, ਨਿਊ ਯਾਰਕ।
ਵੈਨਕੂਵਰ ਵਿਚ ਅੰਤਰ ਰਾਸ਼ਟਰੀ ਦਲਿਤ ਕਾਨਫਰੰਸ
ਮੇਰਾ ਸੰਬੰਧ ਦਲਿਤ ਲਹਿਰ ਨਾਲ ਵੈਨਕੂਵਰ ਵਿਚ ਮਈ 2003 ਵਿਚ ਹੋਈ ਅੰਤਰ ਰਾਸ਼ਟਰੀ ਦਲਿਤ ਕਾਨਫਰੰਸ ਵੇਲੇ ਜੁੜਿਆ। ਇਹ ਤਿੰਨ-ਰੋਜ਼ਾ ਕਾਨਫਰੰਸ ਐਸੋਸੀਏਸ਼ਨ ਫਾਰ ਇੰਟਰਨੈਸ਼ਨਲ ਦਲਿਤ ਕਾਨਫਰੰਸ ਨੇ ਆਯੋਜਿਤ ਕੀਤੀ ਅਤੇ ਇਸਦਾ ਸਾਰਾ ਖ਼ਰਚ ਵੀ ਦਲਿਤ ਪਰਿਵਾਸੀਆਂ ਨੇ ਹੀ ਕੀਤਾ। ਵੈਨਕੂਵਰ ਦੀ ਚੇਤਨਾ ਐਸੋਸੀਏਸ਼ਨ ਇਸ ਕਾਨਫਰੰਸ ਵਿਚ ਮੁੱਖ ਹਿੱਸੇਦਾਰ ਅਤੇ ਪ੍ਰਬੰਧਕ ਸੀ। ਮੇਰੇ ਲਈ ਇਹ ਕਾਨਫਰੰਸ ਅੱਖਾਂ ਖੋਲ੍ਹਣ ਵਾਲੀ ਸੀ। ਕਾਨਫਰੰਸ ਦਾ ਥੀਮ ਸੀ: Dalit Vision for the 21 Century। ਉਤਰੀ ਅਮਰੀਕਾ, ਯੋਰਪ, ਭਾਰਤ ਅਤੇ ਹੋਰ ਦੇਸ਼ਾਂ ਤੋਂ ਵਿਦਵਾਨਾਂ ਨੇ ਭਾਗ ਲਿਆ, ਦਲਿਤ ਵਿਸ਼ਿਆਂ ਤੇ ਪੇਪਰ ਪੜ੍ਹੇ ਗਏ, ਦਲਿਤ ਫਲਸਫੇ, ਅਤੇ ਭਵਿੱਖ ਵਿਚ ਦਲਿਤ ਲਹਿਰ ਦੀ ਸੇਧ ਬਾਰੇ ਚਰਚਾ ਹੋਇਆ।
ਕਾਨਫਰੰਸ ਦੀ ਕਾਰਵਾਈ ਅਤੇ ਪੇਪਰ ਇਕ ਸੂਵਨਿਅਰ ਵਿਚ ਛਾਪੇ ਗਏ। ਪੇਪਰਾਂ ਵਿਚ ਅਨੇਕਾਂ ਵਿਸ਼ੇ ਛੋਹੇ ਗਏ। ਦਲਿਤਾਂ ਅਤੇ ਅਫਰੀਕਨ-ਅਮਰੀਕਨ (ਬਲੈਕ) ਮੂਲ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਾਝੇ ਤੌਰ ’ਤੇ ਵਿਚਾਰਿਆ ਗਿਆ:
“ਅਫਰੀਕਨ-ਅਮਰੀਕਨ ਲੋਕਾਂ ਦੇ ਅਨੁਭਵ ਤੇ ਪ੍ਰਯੋਗ ਦਲਿਤਾਂ ਲਈ ਸੂਝ ਅਤੇ ਬਲ ਬਖਸ਼ਣ ਵਾਲੇ ਹਨ ਜਿਵੇਂ ਦਲਿਤਾਂ ਦੇ ਅਨੁਭਵ ਅਫਰੀਕਨ-ਅਮਰੀਕਨ ਲੋਕਾਂ ਲਈ।” ਗੈਰੀ ਮਾਈਕਲ ਤਾਰਤਾਕੋਵ, ਅਇਓਵਾ ਸਟੇਟ ਯੀਨੀਵਰਸਿਟੀ, ਯੂ.ਐਸ.ਏ।
“ਦਲਿਤ ਸੋਚ ਦੀ ਮੁਕਤੀ”, “ਰਵੀਦਾਸ ਤੋਂ ਅੰਬੇਦਕਰ”, ਸੁਤੰਤਰਤਾ ਦੇ ਗੀਤ”, “ਗਿਆਨ-ਪ੍ਰਾਪਤੀ ਦਾ ਬੀਜ”, ਏ ਗਲੋਬਲ ਕਨਸਰਨ”, ਦਲਿਤ ਅਤੇ ਈਸਾਈਅਤ, ਦਲਿਤ ਡਾਇਸਪੋਰਾ”, “ਮਿਥਾਂ ਜੋ ਸਾਨੂੰ ਗੁਲਾਮ ਬਣਾਉਂਦੀਆਂ ਹਨ”, “ਨਵੀਂ ਆਰਥਕ ਪਾਲਿਸੀ ਅਤੇ ਦਲਿਤ ਔਰਤਾਂ” ਆਦਿ ਅਨੇਕਾਂ ਹੋਰ ਪੇਪਰ ਪੇਸ਼ ਕੀਤੇ ਅਤੇ ਵਿਚਾਰੇ ਗਏ। ਸੂਵਨਿਅਰ ਦੇ ਆਰੰਭ ਵਿਚ ਦੇਸ਼ ਵਿਦੇਸ਼ ਦੇ ਰਾਜਸੀ ਨੇਤਾਵਾਂ ਦੇ ਸੰਦੇਸ਼ ਪ੍ਰਕਾਸ਼ਿਤ ਕੀਤੇ ਗਏ ਜਿਨ੍ਹਾਂ ਵਿਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਕੇ.ਆਰ. ਨਾਰਾਇਣ ਅਤੇ ਸੋਨੀਆ ਗਾਂਧੀ ਤੋਂ ਲੈ ਕੇ ਕੈਨੇਡਾ ਦੇ ਲੀਡਰਾਂ ਦੇ ਸੰਦੇਸ਼ ਸ਼ਾਮਲ ਸਨ।
“ਦਲਿਤ ਸੋਸ਼ਲ ਲਹਿਰ, ਗਲੋਬਲ ਕਮਿਊਨਿਟੀ ਵਿਚ ਸਮਾਜਿਕ ਨਾ-ਬਰਾਬਰੀ ਅਤੇ ਅਨਿਆ ਬਾਰੇ ਚੇਤਨਾ ਲਿਆਉਣ ਵਿਚ ਪਹਿਲਾਂ ਹੀ ਮਹੱਤਵ ਪੂਰਨ ਮੀਲ ਪੱਥਰ ਗੱਡ ਚੁੱਕੀ ਹੈ। ਤੁਹਾਡੀ 1998 ਵਿਚ ਮਲੇਸ਼ੀਆ ਵਿਚ ਹੋਈ ਆਰੰਭਕ ਕਾਨਫਰੰਸ ਤੋਂ ਲੈ ਕੇ ਡਰਬਨ (ਸਾਊਥ ਅਫਰੀਕਾ) ਦੀ ਅੰਤਰ ਰਾਸ਼ਟਰੀ ਕਾਨਫਰੰਸ ’ਤੇ ਹੋਈ ਰੈਲੀ ਤੱਕ ਤੁਹਾਡੀਆਂ ਬੁਲੰਦ ਆਵਾਜ਼ਾਂ ਸੁਣੀਆਂ ਗਈਆਂ ਹਨ। ਨਤੀਜੇ ਵਜੋਂ ਸੰਯੁਕਤ ਰਾਸ਼ਟਰ ਨੇ ਇਕ ਚਾਰਟਰ ਰਾਹੀਂ ਇਹ ਪਾਸ ਕਰ ਦਿਤਾ ਹੈ ਕਿ ਜਾਤਪਾਤ ਪ੍ਰਣਾਲੀ ਅਤੇ ਸੁਸਾਇਟੀ ਦੇ ਕਿਸੇ ਭਾਗ ਨੂੰ “ਅਛੂਤ” ਕਰਾਰ ਦੇਣਾ ਨਸਲਵਾਦ ਦੇ ਬਰਾਬਰ ਹੈ…”- ਗੁਰਮੰਤ ਗਰੇਵਾਲ, ਕਨੇਡੀਅਨ ਐਮ.ਪੀ ਦੇ ਸੰਦੇਸ਼ ਵਿਚੋਂ।
ਉਜਲ ਦੁਸਾਂਝ ਅਤੇ ਭਾਰਤੀ ਮੂਲ ਦੇ ਹੋਰ ਕਈ ਕਨੇਡੀਅਨ ਲੀਡਰਾਂ ਨੇ ਕਾਨਫਰੰਸ ਵਿਚ ਹਿੱਸਾ ਲਿਆ। ਸੂਵਨਿਅਰ ਲਈ ਚਿਤ੍ਰ ਅਤੇ ਸਕੈੱਚ ਦਲਿਤ ਕਲਾਕਾਰ ਸਵੀ ਸਾਵਰਕਰ ਨੇ ਬਣਾਏ। .“ਉਸਦੀ ਕਲਾ ਨੂਰਾਨੀ ਰੰਗਾਂ ਵਿਚ ਡੁਬੋਈ ਦਲਿਤ ਆਤਮਾ ਹੀ ਤਾਂ ਹੈ।”॥ ਸੂਵਨਿਅਰ ਸੰਪਾਦਕ। ਸੂਵੀਨਿਅਰ ਵਿਚ ਕਈ ਕਵਿਤਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਅਤੇ ਇਸਨੂੰ ਦੇਸ਼ ਵਿਦੇਸ਼ ਵਿਚ ਵੰਡਿਆ ਗਿਆ। ਵੈਨਕੂਵਰ ਤੋਂ ਕਾਨਫਰੰਸ ਦੇ ਮੁੱਖ ਲੀਡਰ ਜੈ ਬਿਰਦੀ ਦੇ ਸ਼ਬਦਾਂ ਵਿਚ ਇਸ ਕਾਨਫਰੰਸ ਨੇ ਦਲਿਤ ਮਸਲੇ ਨੂੰ ਅੰਤਰ ਰਾਸ਼ਟਰੀ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ ਹੈ।

ਕੈਨੇਡਾ ਵਿਚ ਜਾਤ ਪ੍ਰਣਾਲੀ
ਭਾਰਤੀ ਲੋਕ ਬਾਹਰਲੇ ਦੇਸ਼ਾਂ ਵਿਚ ਜਿੱਥੇ ਵੀ ਜਾ ਕੇ ਵਸੇ ਆਪਣਾ ਸਭਿਆਚਾਰ ਵੀ ਨਾਲ ਹੀ ਲੈ ਕੇ ਗਏ। ਇਕੱਲੇ ਭਾਰਤੀ ਹੀ ਨਹੀਂ ਹੋਰ ਦੇਸ਼ਾਂ ਦੇ ਲੋਕ ਵੀ ਇਸੇ ਤਰ੍ਹਾਂ ਕਰ ਰਹੇ ਹਨ। ਭਾਰਤੀ ਸਭਿਆਚਾਰ ਦਾ ਅਹਿਮ ਅੰਗ ਜਾਤਪਾਤ ਵੀ ਹਰ ਦੇਸ਼ ਵਿਚ ਭਾਰਤੀਆਂ ਦੇ ਨਾਲ ਹੀ ਗਿਆ ਹੈ। ਜਿਹਨਾਂ ਲੋਕਾਂ ਨੂੰ ਉਮੀਦ ਸੀ ਕਿ ਵਿਦੇਸ਼ ਜਾਣ ਨਾਲ ਉਹਨਾਂ ਦਾ ਜਾਤਪਾਤ ਦੀ ਲਾਅ੍ਹਨਤ ਤੋਂ ਪਿਛਾ ਛੁੱਟ ਜਾਵੇਗਾ ਉਹ ਭੁਲੇਖੇ ਵਿਚ ਸਨ। ਕੈਨੇਡਾ ਵਿਚ ਆਵਾਸ ਕਰਨ ਵਾਲੇ ਬਹੁਤੇ ਲੋਕਾਂ ਦੀ ਗਿਣਤੀ ਪੰਜਾਬੀ ਹੈ, ਵਿਸ਼ੇਸ਼ ਕਰਕੇ ਵੈੱਨਕੂਵਰ ਵਿਚ। ਪੰਜਾਬੀ ਵੀ ਆਪਣੀ ਜਾਤਪਾਤ ਨਾਲ ਹੀ ਲੈ ਕੇ ਆਏ ਹਨ। ਇਸ ਲਈ ਦਲਿਤ ਐਕਟਵਿਸਟਾਂ ਲਈ ਉਹਨਾਂ ਦੀ ਵਿਦੇਸ਼ ਵਿਚ ਨਸਲਵਾਦ ਵਿਰੁੱਧ ਜੱਦੋਜਹਿਦ ਦਾ ਜਾਤਪਾਤ ਵਿਰੋਧ ਵੀ ਭਾਗ ਬਣ ਗਿਆ। ਕੈਨੇਡਾ ਵਿਚ ਨਸਲਵਾਦ ਇਕ ਅਹਿਮ ਮਸਲਾ ਰਿਹਾ ਹੈ ਜਿਸ ਵਿਰੁੱਧ ਏਥੇ ਭਾਰਤੀ ਮੂਲ ਦੇ ਲੋਕਾਂ ਨੇ ਸੰਸਥਾਵਾਂ ਬਣਾਈਆਂ, ਕਾਨਫਰੰਸਾਂ ਕੀਤੀਆਂ, ਜਲੂਸ ਕਢੇ ਅਤੇ ਸਾਹਿਤ ਰਚਿਆ ਅਤੇ ਨਾਟਕ ਖੇਡੇ। ਪਰ ਜਾਤਪਾਤ ਵਿਰੁੱਧ ਸੰਘਰਸ਼ ਮੁੱਖ ਤੌਰ ਤੇ ਦਲਿਤ ਲੋਕਾਂ ਵੱਲੋਂ ਹੀ ਕੀਤਾ ਗਿਆ।
ਜਾਤਪਾਤ ਦਾ ਹਮਲਾ ਨਸਲਵਾਦ ਤੋਂ ਵੀ ਨਿਰਦਈ ਅਤੇ ਗੰਭੀਰ ਹੈ। ਅਜੀਬ ਗੱਲ ਇਹ ਹੈ ਕਿ ਏਥੋਂ ਦੇ ਬਹੁਗਿਣਤੀ ਪੰਜਾਬੀ ਜੋ ਆਪਣੇ ਆਪ ਨੂੰ ਨਸਲਵਾਦ ਦਾ ਸ਼ਿਕਾਰ ਸਮਝਦੇ ਹਨ ਆਪ ਪੰਜਾਬ ਵਿਚ ਨਸਲਵਾਦੀ ਗੋਰਿਆਂ ਤੋਂ ਵੀ ਬਹੁਤੇ ਨਸਲਵਾਦੀ ਰਹੇ ਹਨ। ਪੰਜਾਬ ਵਿਚ ਉਹਨਾਂ ਨੂੰ ਜਾਤਪਾਤ ਦਾ ਘਿਨਾਉਣਾਪਣ ਕਦੇ ਮਹਿਸੂਸ ਨਾ ਹੋਇਆ। ਸਗੋਂ ਉਹਨਾਂ ਨੇ ਆਪ ਇਸਨੂੰ ਬਰਕਰਾਰ ਰੱਖਣ ਵਿਚ ਹਿੱਸਾ ਲਿਆ। ਅਫਸੋਸ ਦੀ ਗੱਲ ਇਹ ਹੈ ਕਿ ਬਿਦੇਸ਼ ਆ ਕੇ ਵੀ “ਉਚੀ ਜਾਤ”ਦੇ ਲੋਕਾਂ ਨੇ ਆਪਣੇ ਕੂੜੇ ਜਾਤ -ਅਭਿਮਾਨ ਨੂੰ ਨਹੀਂ ਤਿਆਗਿਆ। ਨਾਂ ਹੀ ਉਹਨਾਂ ਨੇ ਦਲਿਤ ਲੋਕਾਂ ਦੀਆਂ ਸਰਗਰਮੀਆਂ ਵਿਚ ਹਿੱਸਾ ਲਿਆ। ਏਥੇ ਹੀ ਬੱਸ ਨਹੀਂ ਉਹਨਾਂ ਆਪਣੇ ਬੱਚਿਆਂ ਨੂੰ ਵੀ ਇਸ ਜਾਤਪਾਤ ਵਿਚ ਗ੍ਰੱਸ ਦਿਤਾ। ਅੱਜ ਅਸੀਂ ਅਨੇਕਾਂ ਪੌਪ ਗੀਤ ਤੇ ਫਿਲਮਾਂ “ਸਵਰਨ ਜਾਤਾਂ” ਦੀ ਮਹਿਮਾ ਵਿਚ ਬਣੀਆਂ ਦੇਖ ਸਕਦੇ ਹਾਂ। ਦੁੱਖ ਦੀ ਗੱਲ ਇਹ ਹੈ ਕਿ ਇਹ ਕਲਾਵਾਂ ਸਾਡੀ ਨਵੀਂ ਪੀੜ੍ਹੀ ਵੱਲੋਂ ਪ੍ਰਮੋਟ ਕੀਤੀਆਂ ਜਾ ਰਹੀਆਂ ਹਨ। ਜੇ ਇਹੋ ਜਿਹਾ ਕੁਝ ਏਥੇ ਗੋਰੀ ਕੌਮ ਦੇ ਮੁੰਡੇ ਕੁੜੀਆਂ ਕਰਨ ਲੱਗ ਪੈਣ ਤਾਂ ਨਸਲਵਾਦ ਦਾ ਚੀਕ ਚਿਹਾੜਾ ਪੈ ਜਾਵੇ, ਜਲੂਸ ਨਿਕਲਣ ਅਤੇ ਸਾਡੇ ਰਾਜਸੀ ਲੀਡਰ ਇਕ ਦੂਜੇ ਤੋਂ ਅੱਗੇ ਹੋ ਕੇ ਸਪੀਚਾਂ ਦੇਣ। ਪਰ ਜਾਤਪਾਤ ਵਿਰੱਧ ਅਜਿਹਾ ਕੋਈ ਜੋਸ਼ ਦਿਖਾਈ ਨਹੀਂ ਦੇ ਰਿਹਾ, ਇਸਦੇ ਬਾਵਜੂਦ ਕਿ ਸਿੱਖ ਧਰਮ ਵਿਚ ਇਸਦਾ ਜ਼ੋਰਦਾਰ ਖੰਡਨ ਹੈ।
ਚੇਤਨਾ ਐਸੋਸੀਏਸ਼ਨ ਔਫ਼ ਕੈਨੇਡਾ
ਜਿੱਥੇ ਕੈਨੇਡਾ ਵਿਚ ਜਾਤਪਾਤ ਦੀ ਅਲਾਮਤ ਨੇ ਆਪਣੇ ਪੈਰ ਜਮਾਉਣ ਦਾ ਯਤਨ ਕੀਤਾ ਹੈ ਉਥੇ ਜਾਤਪਾਤ ਦੀ ਵਿਰੋਧਤਾ ਵਿਚ ਵੀ ਯਤਨ ਹੋ ਰਹੇ ਹਨ। ਅਜਿਹੀ ਇਕ ਸੰਸਥਾ ਚੇਤਨਾ ਐਸੋਸੀਏਸ਼ਨ ਔਫ਼ ਕੈਨੇਡਾ ਹੈ ਜਿਸਨੂੰ ਗ੍ਰੇਟਰ ਵੈਨਕੂਵਰ ਵਿਚ ਰਹਿੰਦੇ ਕੁਝ ਸਰਗਰਮ ਲੋਕਾਂ ਨੇ 1998 ਵਿਚ ਸਥਾਪਿਤ ਕੀਤਾ। ਇਸ ਦੇ ਮੁੱਖ ਉਦੇਸ਼ਾਂ ਵਿਚ ਸਮਾਜਿਕ ਤੇ ਆਰਥਕ ਨਾ-ਬਰਾਬਰੀਆਂ ਵਿਰੁੱਧ ਲੜਨਾ, ਦਬਾਈਆਂ ਕਮਿਉਨਿਟੀਆਂ ਨੂੰ ਜਾਗ੍ਰਿਤ ਕਰਨ ਲਈ ਕਲਾ ਅਤੇ ਸਭਿਆਚਾਰਕ ਖੇਤਰਾਂ ਵਿਚ ਕੰਮ ਕਰਨਾ, ਅਤੇ ਅਜਿਹੇ ਆਸ਼ਿਆਂ ਵਾਲੀਆਂ ਹੋਰ ਅੰਤਰ ਰਾਸ਼ਟਰੀ ਸੰਸਥਾਵਾਂ ਨਾਲ ਤਾਲਮੇਲ ਰੱਖਣਾ ਸ਼ਾਮਲ ਹਨ। ਪਰ ਚੇਤਨਾ ਦਾ ਮੁੱਖ ਫੋਕਸ ਕੈਨੇਡਾ ਵਿਚਲੇ ਦਲਿਤ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨਾ, ਉਹਨਾਂ ਨੂੰ ਸਹਾਰਾ ਦੇਣਾ ਅਤੇ ਨਵੀਂ ਦਲਿਤ ਚੇਤਨਾ ਦਾ ਪਾਸਾਰ ਕਰਨਾ ਹੀ ਬਣ ਗਿਆ। ਇਸ ਐਸੋਸੀਏਸ਼ਨ ਦੇ ਮੁੱਖ ਪ੍ਰੇਰਨਾ ਸਰੋਤ ਜੋਤਿਭਾ ਰਾਓ ਫੂਲੇ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਆਦਰਸ਼ ਰਹੇ ਹਨ। ਸੰਸਥਾ ਦੇ ਆਸ਼ਿਆਂ ਨੂੰ ਆਵਾਜ਼ ਦੇਣ ਲਈ ਮਾਸਿਕ ਪਰਚਾ ‘ਚੇਤਨਾ’ ਵੀ 1999 ਵਿਚ ਸ਼ੁਰੂ ਕੀਤਾ ਗਿਆ ਅਤੇ ਨਾਲ ਹੀ ਚੇਤਨਾ ਦਾ ਵੈੱਬ ਸਾਈਟ (ੱੱੱ।ਚਹੲਟਨਅ।ਨੲ) ਵੀ ਆਰੰਭ ਕੀਤਾ ਗਿਆ।
‘ਚੇਤਨਾ’ ਨੇ ਥੋੜ੍ਹੇ ਜਿਹੇ ਸਾਲਾਂ ਵਿਚ ਹੀ ਐਨਾ ਕੁਝ ਕਰ ਲਿਆ ਜਿੰਨਾ ਇਸਦੀਆਂ ਕਈ ਸਮਕਾਲੀ ਜੱਥੇਬੰਦੀਆਂ ਆਪਣੀ ਹੋਂਦ ਦੇ ਸਾਰੇ ਸਮੇ ਵਿਚ ਨਹੀਂ ਕਰ ਸਕੀਆਂ। ਉਹ ਨੇ ਸਭਿਆਚਾਰਕ ਅਤੇ ਕਲਾਤਮਿਕ ਪਰੋਗਰਾਮ ਕੀਤੇ, ਗੁਰਦਾਸ ਰਾਮ ਆਲਮ, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਵਰਗੇ ਦਲਿਤ ਕਵੀਆਂ ਲਈ ਸਮਾਗਮ ਕੀਤੇ, ਉਹਨਾਂ ਲਈ ਫੰਡ ਇਕੱਠੇ ਕੀਤੇ, Lਜਾਤਪਾਤ ਦਾ ਖੰਡਨ ਕਰਨ ਲਈ ਨਾਟਕ ਲਿਖਵਾਏ ਅਤੇ ਮੰਚਿਤ ਕਰਵਾਏ, ਫਿਲਮਾਂ ਦਿਖਾਈਆਂ, ਜਾਤਪਾਤ ਨਾਲ ਸੰਬੰਧਿਤ ਘਟਨਾਵਾਂ ਦੀ ਆਲੋਚਨਾ ਅਤੇ ਪੈਰਵੀ ਕੀਤੀ, ਡਾਕਟਰ ਭੀਮ ਰਾਓ ਦੇ ਬੁੱਤ ਯੂਨੀਵਰਸਿਟੀਆਂ ਵਿਚ ਲਵਾਏ, ਉਸਦੇ ਪੋਰਟ੍ਰੇਟ ਕਈ ਪਬਲਿਕ ਸਥਾਨਾਂ ’ਤੇ ਲਟਕਾਏ ਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਹਿੱਸਾ ਪਾਇਆ। ਚੇਤਨਾ ਦੇ ਮੈਂਬਰ ਸ਼ੀਤਲ ਅਨਮੋਲ ਨੇ ਦਲਿਤ ਰਾਹਨੁਮਾਵਾਂ ਦੇ ਚਿਤਰ ਬਣਾਏ। ਕਮਲੇਸ਼ ਅਹੀਰ ਔਰਤਾਂ ਦੇ ਮਸਲਿਆਂ ਦੀ ਇੰਚਾਰਜ ਰਹੀ ਹੈ। ਉਹ ਗਾਇਕ ਵੀ ਹੈ ਅਤੇ ਸਟੇਜ ਤੋਂ ਭਰਪੂਰ ਜਜ਼ਬੇL ਨਾਲ ਬੋਲਣ ਵਾਲੀ ਵੀ।
‘ਚੇਤਨਾ’ ਦੇ ਮੁੱਖ ਸੰਚਾਲਕ ਭਾਵੇਂ ਦਲਿਤ ਪਿਛੋਕੜ ਦੇ ਲੋਕ ਹਨ ਪਰ ਇਸਦੇ ਮੈਂਬਰਾਂ, ਸਲਾਹਕਾਰਾਂ ਅਤੇ ਸਮਰਥਕਾਂ ਵਿਚ ਗੈਰ-ਦਲਿਤ ਵੀ ਸਰਗਰਮ ਹਨ। ਸੰਤ ਰਾਮ ਉਦਾਸੀ ਦੀ ਕਵਿਤਾ ਕੰਮੀਆਂ ਦਾ ਵੇਹੜਾ ਤੇ ਆਧਾਰਿਤ ਨਾਟਕ ਵਿਚ ਮੁੱਖ ਪਾਤਰ ਵਿਨੇ ਸ਼ਰਮਾ ਅਤੇ ਅਮਰਿੰਦਰ ਘੁੰਮਣ ਸਨ ਤੇ ਦੂਸਰੇ ਪਾਤਰ ਵੀ ਗੈਰ-ਦਲਿਤ ਪਿਛੋਕੜ ਦੇ ਸਨ। ਚੇਤਨਾ ਦੇ ਇਕ ਸਲਾਹਕਾਰ ਸਾਧੂ ਬਿਨਿੰਗ ਯੂਨੀਵਰਸਿਟੀ ਔਫ ਬ੍ਰਿਟਿਸ਼ ਕੁਲੰਬੀਆ ਵਿਚ ਪੰਜਾਬੀ ਪੜ੍ਹਾਉਂਦੇ ਹਨ ਤੇ ਉਹਨਾਂ ਨੇ ਆਪਣੇ ਸਲੇਬਸ ਵਿਚ ਦਲਿਤ ਸਾਹਿਤ ਅਤੇ ਕਲਾਵਾਂ ਨੂੰ ਵੀ ਮਾਨਤਾ ਦਿਤੀ। ਚੇਤਨਾ ਨੇ ਰੇਡੀਓ ਇੰਡੀਆ ਦੇ ਹੋਸਟ ਗੁਰਪ੍ਰੀਤ ਦੀਆਂ ਕਹਾਣੀਆਂ ਦੇ ਕਹਾਣੀ ਪਾਠ ਆਯੋਜਿਤ ਕੀਤੇ ਅਤੇ ਸੁਰਜੀਤ ਕਲਸੀ ਦੀ ਕਾਵਿ ਪੁਸਤਕ ‘ਰੋਮ ਰੋਮ ਵਿਚ ਜਗਦੇ ਦੀਵੇ’ ਵੀ ਰੀਲੀਜ਼ ਕੀਤੀ।
ਪਰ ਹਰ ਦਲਿਤ ਮਨੁੱਖ ਆਪਣੇ ਅੰਦਰ ਇਕ ਜਵਾਲਾਮੁਖੀ ਲਈ ਫਿਰਦਾ ਹੈ। ਉਸ ਅੰਦਰ “ਸਵਰਨ ਜਾਤੀਆਂ” ਲਈ ਅਤਿ ਦਾ ਕ੍ਰੋਧ ਹੈ ਤੇ ਬਹੁਤਿਆਂ ਵਿਚ ਨਫਰਤ ਵੀ। ਇਹ ਬਹੁਤ ਕੌੜੀ ਸਚਾਈ ਹੈ। ਚੇਤਨਾ ਦੇ ਲੀਡਰਾਂ ਦਾ ਇਕ ਯਤਨ ਇਹ ਵੀ ਰਿਹਾ ਹੈ ਕਿ ਇਹ ਜਵਾਲਾਮੁਖੀ ਭੜਕਣ ਨਾ ਅਤੇ ਇਹਨਾਂ ਦੀ ਸ਼ਕਤੀ ਅਜਾਈਂ ਨਾ ਜਾਵੇ, ਨਫਰਤ ਰਾਹੀਂ ਨਾ ਨਿਕਲੇ। ਉਹਨਾਂ ਨੇ ਇਸ ਸ਼ਕਤੀ ਨੂੰ ਸਿਰਜਣਾਤਮਿਕ ਪਾਸੇ ਵੱਲ ਮੋੜਨ ਦਾ ਯਤਨ ਕੀਤਾ ਹੈ। ਚੇਤਨਾ ਦਾ ਮੱਤ ਹੈ: ਅਸੀਂ ਬ੍ਰਾਹਮਣ ਦੇ ਦੁਸ਼ਮਣ ਨਹੀਂ ਬ੍ਰਾਹਮਣਵਾਦ ਦੇ ਦੁਸ਼ਮਣ ਹਾਂ; ਜੱਟ ਦੇ ਵਿਰੁੱਧ ਨਹੀਂ ਜੱਟਵਾਦ ਦੇ ਵਿਰੁੱਧ ਹਾਂ। ਜਾਤਪਾਤ ਸਭ ਦਲਿਤ ਅਤੇ ਗੈਰ-ਦਲਿਤ ਲੋਕਾਂ ਦਾ ਮਸਲਾ ਹੈ; ਇਸਨੇ ਕਿਸੇ ਨਾ ਕਿਸੇ ਢੰਗ ਨਾਲ ਸਭ ਨੂੰ ਨੁਕਸਾਨਿਆ ਹੈ। ਇਸ ਲਈ ਜਿਹੜੇ ਬ੍ਰਾਹਮਣ ਜਾਂ ਜੱਟ ਪਿਛੋਕੜ ਦੇ ਲੋੋਕ ਜਾਤਪਾਤ ਦਾ ਖੰਡਨ ਕਰਦੇ ਹਨ ਉਹ ਸਾਡੇ ਦੋਸਤ ਹਨ ਤੇ ਸਾਥੀ ਵੀ।
ਚੇਤਨਾ ਦੀ ਅਜਿਹੀ ਸਰਗਰਮੀ ਦਾ ਇਕ ਕਾਰਨ ਇਸਦੇ ਸਥਾਪਤੀ ਪ੍ਰਧਾਨ ਜੈ ਪਾਲ ਬਿਰਦੀ ਦੀ ਡੈਡੀਕੇਸ਼ਨ ਹੈ। ਉਂਜ ਭਾਵੇਂ ਹੋਰ ਵੀ ਬਹੁਤ ਮੈਂਬਰਾਂ ਨੇ ਆਪਣੇ ਸਮੇਂ ਅਤੇ ਧਨ ਨਾਲ ਐਸੋਸੀਏਸ਼ਨ ਨੂੰ ਸੰਕਟ ਦੇ ਸਮਿਆਂ ਵਿਚ ਵੀ ਜਿੰਦਾ ਰੱਖਿਆ। ਇਸਦੇ ਮੌਜੂਦਾ ਪ੍ਰਧਾਨ ਸੁਰਿੰਦਰ ਸਿੰਘ ਰੰਗਾ ਅਤੇ ਸਕੱਤਰ ਗੁਰਮੀਤ ਸਾਥੀ ਚੇਤਨਾ ਦੇ ਸਥਾਪਤੀ ਸਮੇ ਤੋਂ ਹੀ ਮੈਂਬਰ ਹਨ।

ਨਾਟਕ: ਰੀਬਰਥ ਔਫ਼ ਗਾਂਧੀ
ਚੇਤਨਾ ਦਾ ਪ੍ਰਧਾਨ ਜੈ ਪਾਲ ਬਿਰਦੀ ਵੈਨਕੂਵਰ ਦਲਿਤ ਕਾਨਫਰੰਸ ਪਿਛੋਂ ਮੈਨੂੰ ਮਿਲਿਆ ਅਤੇ ਦਲਿਤ ਵਿਸ਼ੇ ਉਤੇ ਕੋਈ ਨਾਟਕ ਲਿਖਣ ਬਾਰੇ ਕਿਹਾ ਜੋ ਚੇਤਨਾ ਵੱਲੋਂ ਪ੍ਰਡਿਯੂਸ ਕੀਤਾ ਜਾਵੇ। ਬਿਰਦੀ ਨੇ ਕਿਹਾ ਚੇਤਨਾ ਐਸੋਸੀਏਸ਼ਨ ਇਕ ਪਾਸੇ ਗਰਾਸ ਰੂਟਸ ਲੋਕਾਂ ਨਾਲ ਕੰਮ ਕਰ ਰਹੀ ਹੈ ਤੇ ਦੂਜੇ ਪਾਸੇ ਲੇਖਕਾਂ ਕਲਾਕਾਰਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ। ਮੈਂ ਇਹ ਸਲਾਹ ਖੁਸ਼ੀ ਨਾਲ ਪਰਵਾਨ ਕਰ ਲਈ ਕਿਉਂਕਿ ਮੈ ਅੰਤਰ ਰਾਸ਼ਟਰੀ ਕਾਨਫਰੰਸ ਸਮੇ ਚੇਤਨਾ ਦੀ ਗੰਭੀਰਤਾ ਵਾਲੀ ਅਪਰੋਚ ਦੇਖ ਚੁੱਕਾ ਸਾਂ। ਦਲਿਤ ਵਿਸ਼ੇ ਦੀ ਵਿਸ਼ਾਲਤਾ ਅਤੇ ਬਹੁ ਭਾਸ਼ਾਵੀ ਦਰਸ਼ਕਾਂ ਦਾ ਧਿਆਨ ਰਖਦੇ ਹੋਏ ਫੈਸਲਾ ਕੀਤਾ ਗਿਆ ਕਿ ਨਾਟਕ ਅੰਗਰੇਜ਼ੀ ਵਿਚ ਲਿਖਿਆ ਜਾਵੇ। ਹੁਣ ਤੱਕ ਮੈਂ ਨਾਟਕ ਪੰਜਾਬੀ ਵਿਚ ਹੀ ਲਿਖਦਾ ਰਿਹਾ ਸਾਂ। ਤਕਰੀਬਨ ਡੇਢ ਮਹੀਨੇ ਵਿਚ ਨਾਟਕ, ਰੀਬਰਥ ਔਫ਼ ਗਾਂਧੀ ਹੋਂਦ ਵਿਚ ਆਇਆ ਪਰ ਅਜੇ ਪੂਰਾ ਨਾ ਹੋ ਸਕਿਆ। ਇਸ ਵਿਚ ਮੁੱਖ ਕਿਰਦਾਰ ਮਹਾਤਮਾ ਗਾਂਧੀ ਦਾ ਹੋਣ ਕਰਕੇ ਸਮਾਂ ਬਹੁਤਾ ਲੱਗ ਰਿਹਾ ਸੀ। ਹਰ ਡਾਇਆਲਾਗ ਸੋਚ ਵਿਚਾਰ ਅਤੇ ਰੀਸਰਚ ਪਿਛੋਂ ਲਿਖਣਾ ਪੈਂਦਾ ਸੀ।
ਮਈ ਮਹੀਨਾ ਕੈਨੇਡਾ ਵਿਚ ਏਸ਼ੀਆ ਮੰਥ ਵਜੋਂ ਮਨਾਇਆ ਜਾਂਦਾ ਹੈ। ਦੋ ਸੰਸਥਾਵਾਂ, ਚੇਤਨਾ ਅਤੇ ਇਕਸਪਲੋਰ ਏਸ਼ੀਆ ਨੇ ਮਿਲ ਕੇ ਰੀਬਰਥ ਔਫ ਗਾਂਧੀ ਨੂੰ ਏਸੀLਆ ਮੰਥ ’ਤੇ ਪ੍ਰੋੋਡਿਊਸ ਕਰਨ ਦਾ ਫੈਸਲਾ ਕਰ ਲਿਆ। ਨਾਟਕ ਗ੍ਰੇਟਰ ਵੈਨਕੂਵਰ ਦੇ ਸਰੀ੍ਹ ਆਰਟਸ ਸੈਂਟਰ ਵਿਚ ਖੇਡਿਆ ਗਿਆ। ਇਹ ਮਹਾਤਮਾ ਗਾਂਧੀ ਦੇ ਇਸ ਕਥਨ ਉਤੇ ਆਧਾਰਤ ਹੈ:
“ਪ੍ਰਭੂ, ਮੇਰੇ ਅਗਲੇ ਜਨਮ ਵਿਚ ਜਦੋਂ ਭਾਰਤ ਇਕ ਮਾਣਮੱਤਾ ਸੁਤੰਤਰ ਦੇਸ਼ ਬਣ ਜਾਵੇ, ਜਦੋਂ ਉਸਨੂੰ ਬਾਲਗ ਕੌਮ ਬਣਨ ਵਿਚ ਮੇਰੀ ਪਿਤਾਮਾ ਉਂਗਲੀ ਦੀ ਲੋੜ ਨਾ ਰਵ੍ਹੇ, ਤਾਂ ਮੇਰਾ ਜਨਮ ਇਕ ਅਛੂਤ ਪਰਿਵਾਰ ਵਿਚ ਕਰ ਦੇਣਾ ਤਾਂ ਕਿ ਮੈਂ ਉਹਨਾਂ ਦੀ ਪੀੜ ਮਹਿਸੂਸ ਕਰ ਸਕਾਂ, ਉਹਨਾਂ ਦਾ ਦੁੱਖ ਆਪਣੇ ਅੰਦਰ ਸਮੋਅ ਸਕਾਂ, ਆਪਣਾ ਨਿਮਾਣਾ ਹੱਥ ਉਹਨਾਂ ਵੱਲ ਵਧਾ ਸਕਾਂ ਅਤੇ ਬਾਕੀ ਭਾਰਤ ਵਾਂਗ ਉਹਨਾਂ ਨੂੰ ਸੁਤੰਤਰਤਾ ਵੱਲ ਤੋਰ ਸਕਾਂ।”

ਰੀਬਰਥ ਔਫ਼ ਗਾਂਧੀ

ਨਾਟਕ ਵਿਚ ਗਾਂਧੀ ਮੌਤ ਪਿਛੋਂ ਜਦੋਂ ਉਪਰ ਜਾਂਦਾ ਹੈ ਤਾਂ ਯਮਰਾਜ ਦਾ ਜਮਦੂਤ ਉਹਨੂੰ ਦਸਦਾ ਹੈ ਕਿ ਯਮਰਾਜ ਸਾਹਿਬ ਨੇ ਤੇਰੀ ਅਰਦਾਸ ਮਨਜ਼ੂਰ ਕਰ ਲਈ ਹੈ; ਵਾਪਸ ਧਰਤੀ ਉਤੇ ਜਾ ਕੇ ਅਛੂਤ ਪਰਿਵਾਰ ਵਿਚ ਜਨਮ ਲੈ। ਗਾਂਧੀ ਵਾਪਸ ਨਾ ਆਉਣ ਲਈ ਬਹਿਸ ਕਰਦਾ ਹੈ ਤਾਂ ਜਮਦੂਤ ਉਹਨੂੰ ਕਹਿੰਦਾ ਹੈ ਕਿ ਤੇਰੇ ਏਥੇ ਰਹਿਣ ਨਾਲ ਨਰਕ ਤੇ ਸੁਰਗ ਦੋਹਾਂ ਵਿਚ ਜਾਤਪਾਤ ਦਾ ਰੋਗ ਫੈਲ ਜਾਵੇਗਾ। ਧਰਤੀ ’ਤੇ ਅਛੂਤ ਪਰਿਵਾਰ ਵਿਚ ਜਨਮ ਲੈ ਕੇ ਗਾਂਧੀ ਲੋਕਾਂ ਨੂੰ ਦਸਦਾ ਹੈ ਕਿ ਮੈਂ ਗਾਂਧੀ ਹਾਂ ਤੇ ਅਛੂਤ ਸਮਾਜ ਦੇ ਭਲਾ ਕਰਨ ਲਈ ਦੁਬਾਰਾ ਜਨਮ ਲਿਆ ਹੈ। ਲੋਕ ਉਹਨੂੰ ਸ਼ੁਦਾਈ ਸਮਝਦੇ ਹਨ।
ਨਾਟਕ ਦਾ ਪਹਿਲਾ ਸੀਨ ਜਿਸ ਵਿਚ ਜਮਦੂਤ ਅਤੇ ਗਾਂਧੀ ਵਿਚਕਾਰ ਬਹਿਸ ਚਲਦੀ ਹੈ, ਹਾਸਰਸ ਭਰਪੂਰ ਹੈ। ਜਮਦੂਤ ਦਾ ਰੋਲ ਜਰਮਨ ਪਿਛੋਕੜ ਦੇ ਗੋਰੇ ਐਕਟਰ ਮਾਰਕ ਐਂਬਾਕਰ ਨੇ ਅਤਿ ਕੁਸ਼ਲਤਾ ਨਾਲ ਨਿਬਾਹਿਆ। ਚੇਤਨਾ ਵੱਲੋਂ ਨਾਟਕ ਕਰਨ ਦਾ ਮੰਤਵ ਸਫਲ ਰਿਹਾ। ਰੇਡੀਓ, ਟੀਵੀ, ਤੇ ਪ੍ਰੈਸ ਵਿਚ ਨਾਟਕ ਦੀ ਭਰਪੂਰ ਚਰਚਾ ਹੋਈ। ਕੈਨੇਡਾ ਦੀ ਮੁੱਖਧਾਰਾ ਟੀਵੀ ਚੈਨਲ, ਸੀ.ਬੀ.ਸੀ (ਕਨੇਡੀਅਨ ਬਰਾਡਕਾਸਟਿੰਗ ਚੈਨਲ) ਨੇ ਹੀ ਦੋ ਵਾਰ ਨਿਰਦੇਸ਼ਕ ਤੇ ਐਕਟਰਾਂ ਨਾਲ ਇੰਟਰਵਿਊ ਕੀਤੀ। (ਨਾਟਕ ਦੀ ਨਿਰਦੇਸ਼ਨਾ ਲੇਖਕ ਵੱਲੋਂ ਹੀ ਕੀਤੀ ਗਈ ਸੀ)। ਚੇਤਨਾ ਦੇ ਪ੍ਰਧਾਨ ਜੈ ਬਿਰਦੀ ਨੇ ਕਿਹਾ ਕਿ ਰੀਬਰਥ ਔਫ ਗਾਂਧੀ ਚੇਤਨਾ ਐਸੋਸੀਏਸ਼ਨ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਸਾਬਤ ਹੋਇਆ ਹੈ। “ਜਿੰਨੀ ਪਬਲੀਸਿਟੀ ਸਾਡੇ ਫਲਸਫੇ ਨੂੰ ਇਸ ਨਾਟਕ ਨਾਲ ਮਿਲੀ ਹੈ ਓਨੀ ਕਾਨਫਰੰਸ ਕਰਨ ਨਾਲ ਵੀ ਨਹੀਂ ਮਿਲੀ ਸੀ।”
ਇਸ ਨਾਟਕ ਦਾ ਪਹਿਲਾ ਦ੍ਰਿਸ਼ ਆਪਣੇ ਆਪ ਵਿਚ ਸੰਪੂਰਨ ਮਿੰਨੀ ਨਾਟਕ ਵਾਂਗ ਹੈ। ਇਸ ਭਾਗ ਨੂੰ 2006 ਵਿਚ ਵਰਲਡ ਪੀਸ ਫੋਰਮ, ਦੇ ਇਕ ਸੈਸ਼ਨ ਵਿਚ ਦੁਬਾਰਾ ਮੰਚਿਤ ਕੀਤਾ ਗਿਆ, ਅਤੇ ਤੀਸਰੀ ਵਾਰ 2007 ਦੀ ਕਾਮਨਵੈਲਥ ਸਾਹਿਤਕ ਕਾਨਫਰੰਸ ਵਿਚ ਪੇਸ਼ ਕੀਤਾ ਗਿਆ।
ਵਰਲਡ ਪੀਸ ਫੋਰਮ (ਕਾਨਫਰੰਸ)
ਇਹ ਕਾਨਫਰੰਸ ਜੂਨ 2006 ਵਿਚ ਯੂਨੀਵਰਸਿਟੀ ਔਫ਼ ਬ੍ਰਿਟਿਸ਼ ਕੋਲੰਬੀਆ ਵਿਚ ਹੋਈ। ਇਹ ਕਾਨਫਰੰਸ ਅੰਤਰ ਰਾਸ਼ਟਰੀ ਸਰਗਰਮ ਵਿਅਕਤੀਆਂ, ਗਰੁੱਪਾਂ ਅਤੇ ਸਰਕਾਰਾਂ ਦੀ ਇਕੱਤਰਤਾ ਸੀ ਜਿਸ ਵਿਚ ਸਮਕਾਲੀ ਸਭਿਆਚਾਰ, ਅਮਨ, ਅਤੇ ਵਾਤਾਵਰਣ ਨੂੰ ਧਿਆਨ ਵਿਚ ਰਖਦਿਆਂ ਸੰਤੁਲਤ ਸੰਸਾਰ ਦੇ ਸੰਕਲਪ ਉਤੇ ਵਿਚਾਰ ਵਟਾਂਦਰੇ ਕੀਤੇ ਗਏ। ਕਾਨਫਰੰਸ ਦਾ ਇਕ ਪਲੈਨਰੀ ਸੈਸ਼ਨ “ਨਸਲਵਾਦ ਅਤੇ ਜਾਤਪਾਤ ਦਾ ਖ਼ਾਤਮਾ” ਚੇਤਨਾ ਸੁਸਾਇਟੀ ਦੇ ਯਤਨਾਂ ਨਾਲ ਆਯੋਜਿਤ ਕੀਤਾ ਗਿਆ। ਸੈਸ਼ਨ ਦੇ ਪ੍ਰਧਾਨ ਨੇ ਆਪਣੇ ਆਰੰਭਕ ਸ਼ਬਦਾਂ ਵਿਚ ਕਿਹਾ ਕਿ ਵਰਲਡ ਪੀਸ ਫੋਰਮ ਦੇ ਇਸ ਸੈਸ਼ਨ ਵਿਚ ਵਿਚਾਰ ਵਟਾਂਦਰਾ ਨਸਲਵਾਦ ਅਤੇ ਜਾਤਪਾਤ ਦੇ ਸਾਡੀਆਂ ਜ਼ਿੰਦਗੀਆਂ ’ਤੇ ਮਾਰੂ ਪ੍ਰਭਾਵਾਂ ਅਤੇ ਉਹਨਾਂ ਨਾਲ ਸਿੱਝਣ ਬਾਰੇ ਹੋਵੇਗਾ। ਸੈਸ਼ਨ ਵਿਚ ਕੈਨੇਡਾ ਵਿਚ ਨਸਲਵਾਦ ਨਾਲ ਸੰਬੰਧਿਤ ਵਾਪਰੀਆਂ ਇਤਿਹਾਸਕ ਘਟਨਾਵਾਂ, ਕਾਮਾਗਾਟਾਮਾਰੂ ਟ੍ਰੈਜਿਡੀ, ਵੀਹਵੀਂ ਸਦੀ ਦੇ ਆਰੰਭ ਵਿਚ ਚੀਨੀ ਆਵਾਸੀਆਂ ’ਤੇ ਲਾਇਆ ਹੈੱਡ ਟੈਕਸ, ਦੂਜੇ ਵਿਸ਼ਵ ਯੁੱਧ ਵੇਲੇ ਜਾਪਾਨੀ-ਕਨੇਡੀਅਨ ਲੋਕਾਂ ਦੀ ਇੰਟਰਨਮੈਂਟ, ਕੈਨੇਡਾ ਦੇ ਆਦਿ ਵਾਸੀਆਂ ਪ੍ਰਤਿ ਨਸਲਵਾਦ, ਆਦਿ ਸਮੱਸਿਆਵਾਂ ’ਤੇ ਵਿਚਾਰ ਵਟਾਂਦਰੇ ਕੀਤੇ ਗਏ। ਪਾਲ ਢਿੱਲੋਂ (ਸਥਾਨਕ ਇੰਡੋ-ਕਨੇਡੀਅਨ ਅਖਬਾਰ ਲਿੰਕ ਦਾ ਸੰਪਾਦਕ) ਵੱਲੋਂ ਨਸਲਵਾਦ ਨਾਲ ਸੰਬੰਧਿਤ ਇਕ ਫਿਲਮ ਵੀ ਦਿਖਾਈ ਗਈ।
ਸ਼ਾਮ ਦੇ ਸੱਭਿਆਚਾਰਕ ਪ੍ਰੋਗਰਾਮ ਵਿਚ ਅੱਡ ਅੱਡ ਸਭਿਆਚਾਰਕ ਪਿਛੋਕੜਾਂ ਦੇ ਕਲਾਕਾਰਾਂ ਨੇ ਕਵਿਤਾਵਾਂ, ਢੋਲ ਸੰਗੀਤ, ਡਾਨਸ, ਫਿਲਮੀ ਝਲਕੀਆਂ ਅਤੇ ਗੀਤ ਪੇਸ਼ ਕੀਤੇ। ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਹੈ, ਇਸ ਪ੍ਰੋਗਰਾਮ ਵਿਚ–ਰੀਬਰਥ ਔਫ ਗਾਂਧੀ ਦਾ ਪਹਿਲਾ ਭਾਗ ਵੀ ਪੇਸ਼ ਕੀਤਾ ਗਿਆ।

ਕਾਮਨਵੈਲਥ ਸਾਹਿਤਕ ਕਾਨਫਰੰਸ
ਦੀ ਐਸੋਸੀੲਸ਼ਨ ਫਾਰ ਕਾਮਨਵੈਲਥ ਲਿਟਰੇਚਰ ਐਂਡ ਲੈਂਗੁਏਜ ਸਟਡੀਜ਼, ਕਾਮਨਵੈਲਥ ਦੇਸ਼ਾਂ ਦੇ ਅਕਾਦਮਿਕ ਵਿਦਵਾਨਾਂ ਦੀ ਸੰਸਥਾ ਹੈ ਜੋ ਹਰ ਤੀਜੇ ਸਾਲ ਵੱਖਰੇ ਵੱਖਰੇ ਦੇਸ਼ਾਂ ਵਿਚ ਕਾਨਫਰੰਸ ਕਰਦੀ ਹੈ। ਇਸ ਸੰਸਥਾ ਦੀ ਚੌਧਵੀਂ ਕਾਨਫਰੰਸ ਅਗਸਤ 2007 ਵਿਚ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਚ ਹੋਈ (ਤੇਰ੍ਹਵੀਂ ਮੈਸੂਰ, ਭਾਰਤ, ਵਿਚ ਹੋਈ ਸੀ)। ਇਸ ਵਿਚ ਸ੍ਰੀ ਲੰਕਾ, ਆਸਟ੍ਰੇਲੀਆ, ਭਾਰਤ, ਪਾਕਿਸਤਾਨ, ਅਫਰੀਕਾ, ਬਰਤਾਨੀਆ, ਕੈਰਿਬੀਅਨ ਤੇ ਹੋਰ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚੋਂ ਲੇਖਕ/ਪ੍ਰੋਫੈਸਰ ਸ਼ਾਮਲ ਹੋਏ। ਇਸ ਕਾਨਫਰੰਸ ਵਿਚ ਚੇਤਨਾ ਐਸੋਸੀਏਸ਼ਨ ਨੇ ਇਕ ਸੈਸ਼ਨ ਪੇਸ਼ ਕੀਤਾ ਅਤੇ ਕਾਨਫਰੰਸ ਨਾਲ ਸੰਬੰਧਿਤ ਕਈ ਹੋਰ ਸਰਗਰਮੀਆਂ ਵੀ ਕੀਤੀਆਂ।
ਇਸ ਵਾਰ ਦੀ ਕਾਨਫਰੰਸ ਦਾ ਥੀਮ ਸੀ “ਸਾਡੇ ਸਮਿਆਂ ਲਈ ਸਾਹਿਤ”। ਕਾਨਫਰੰਸ ਦੀ ਵਾਈਸ ਚੇਅਰ ਪੋਫੈਸਰ ਅਰੁਨ ਮੁਖਰਜੀ ਦਾ ਟੋਰਾਂਟੋ ਤੋਂ ਅਗਸਤ 2006 ਵਿਚ ਫੋਨ ਆਇਆ: “ਅਗਲੇ ਸਾਲ ਵਾਲੀ ਕਾਨਫਰੰਸ ਵਿਚ ਕੋਈ ਵੀ ਪ੍ਰਪੋਜ਼ਲ ਦਲਿਤ ਸਾਹਿਤ ਉਤੇ ਨਹੀਂ ਆਈ, ਕਾਨਫਰੰਸ ਅਧੂਰੀ ਰਹਿ ਜਾਵੇਗੀ, ਹੋ ਸਕੇ ਤਾਂ ਚੇਤਨਾ ਐਸੋਸੀਏਸ਼ਨ ਨਾਲ ਮਿਲ ਕੇ ਹਫ਼ਤੇ ਦੇ ਵਿਚ ਵਿਚ ਦਲਿਤ ਸਾਹਿਤ ਤੇ ਇਕ ਸੈਸ਼ਨ ਦੀ ਰੂਪਰੇਖਾ ਤਿਆਰ ਕਰਕੇ ਸਬਮਿਟ ਕਰ ਦਿਓ। ਜ਼ਰੂਰੀ।” (ਅਰੁਨ ਮੁਖਰਜੀ ਕੈਨੇਡਾ ਦੀ ਯੌਰਕ ਯੂਨੀਵਰਸਿਟੀ ਵਿਚ ਅੰਗਰੇਜ਼ੀ ਦੀ ਪ੍ਰੋਫੈਸਰ ਹੈ)। ਐਨੇ ਥੋੜ੍ਹੇ ਸਮੇਂ ਵਿਚ ਕਿਸੇ ਪੇਪਰ ਦੀ ਰੂਪਰੇਖਾ ਤਿਆਰ ਕਰਨੀ ਮੁਸ਼ਕਲ ਜਾਪੀ। ਸਬੱਬ ਨਾਲ ਮੇਰੇ ਸਾਹਮਣੇ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਪ੍ਰਕਾਸ਼ਿਤ ਪਰਚੇ ਸਮਕਾਲੀ ਸਾਹਿਤ ਦਾ “ਦਲਿਤ ਚੇਤਨਾ-ਵਿਸ਼ੇਸ਼ ਅੰਕ” ਪਿਆ ਸੀ। ਇਸ ਵਿਚ ਪਹਿਲਾ ਲੇਖ ਸੁਤਿੰਦਰ ਸਿੰਘ ਨੂਰ ਦਾ ਸੀ, “ਦਲਿਤ ਚੇਤਨਾ ਅਤੇ ਸਾਹਿਤ”। ਮੈਂ ਇਹ ਸਿਰਲੇਖ ਚੋਰੀ ਕਰਕੇ ਅਤੇ ਇਕ ਸੈਸ਼ਨ ਦੀ ਰੂਪਰੇਖਾ ਬਣਾ ਕੇ ਸਬਮਿਟ ਕਰ ਦਿਤੀ। ਇਕ ਹੋਰ ਸੈਸ਼ਨ, “ਵੈਨਕੂਵਰ ਦੇ ਪੰਜਾਬੀ ਕਵੀਆਂ ਨਾਲ ਇਕ ਸ਼ਾਮ” ਵੀ ਸਬਮਿਟ ਕੀਤਾ। ਇਹਨਾਂ ਵਿਚੋਂ “ਦਲਿਤ ਚੇਤਨਾ ਅਤੇ ਸਾਹਿਤ” ਮਨਜ਼ੂਰ ਹੋ ਗਿਆ। (ਕਾਨਫਰੰਸ ਦੀ ਚੇਅਰ ਡਾਕਟਰ ਮੈਂਡਸ ਨੇ ਦੱਸਿਆ ਕਿ ਕਾਨਫਰੰਸ ਲਈ 300 ਪਰਚਿਆਂ ਦੇ ਐਬਸਟ੍ਰੈਕਟ ਸਬਮਿਟ ਹੋਏ ਸਨ)।
ਮੈਂ ਨੂਰ ਨੂੰ ਇਸ ਬਾਰੇ ਹੋਰ ਵਿਚਾਰ ਵਟਾਂਦਰੇ ਲਈ ਦੋ ਕੁ ਵਾਰ ਫੋਨ ਕਰਨ ਦਾ ਯਤਨ ਕੀਤਾ ਪਰ ਸਫਲ ਨਾ ਹੋ ਸਕਿਆ। ਪੰਜਾਬੀ ਅਕਾਦਮੀ ਦਿੱਲੀ ਵੱਲੋਂ ਹੀ ਇਕ ਹੋਰ ਸੰਪਾਦਿਤ ਪੁਸਤਕ , ਦਲਿਤ-ਚੇਤਨਾ ਅਤੇ ਸਾਹਿਤ ( ਪੁਸਤਕ ਮਾਲਾ ਨੰ:78, 1998) ਵੀ ਮੇਰੇ ਕੋਲ ਪਈ ਸੀ ਜਿਸਨੂੰ ਸੁਤਿੰਦਰ ਸਿੰਘ ਨੂਰ ਅਤੇ ਪ੍ਰੀਤਮ ਸਿੰਘ ਬੱਤਰਾ ਨੇ ਸੰਪਾਦਿਤ ਕੀਤਾ ਹੈ। ਇਹਨਾਂ ਦੋਹਾਂ ਪੁਸਤਕਾਂ ਵਿਚ ਭਾਵੇਂ ਮੌਲਿਕ ਪੰਜਾਬੀ ਦਲਿਤ ਸਾਹਿਤ ਨਹੀਂ ਪਰ ਦਲਿਤ ਸਾਹਿਤ ਦੀ ਸਥਿਤੀ ਬਾਰੇ, ਵਿਸ਼ੇਸ਼ ਕਰਕੇ ਪੰਜਾਬੀ ਸਾਹਿਤ ਦੇ ਸੰਦਰਭ ਵਿਚ, ਵਡਮੁੱਲੀ ਜਾਣਕਾਰੀ ਹੈ। (ਸਮੁੱਚੇ ਭਾਰਤ ਵਿਚ ਚੱਲ ਰਹੀ ਦਲਿਤ ਸਾਹਿਤਕ ਲਹਿਰ ਉਤੇ ਤਾਂ ਅੰਗਰੇਜ਼ੀ ਵਿਚ ਵੀ ਬਹੁਤ ਕੁਝ ਉਪਲਬਧ ਹੈ)। ਮੈਂ ਪੰਜਾਬੀ ਅਕਾਦਮੀ ਦਿੱਲੀ ਦੀ ਦਲਿਤ ਸਾਹਿਤ ਨੂੰ ਦੇਣ ਬਾਰੇ ਕਾਨਫਰੰਸ ਦੇ ਸਾਡੇ ਵਾਲੇ ਸੈਸ਼ਨ ਵਿਚ ਦੱਸਿਆ ਅਤੇ ਧੰਨਵਾਦ ਵੀ ਕੀਤਾ।

ਕਮਲੇਸ਼ ਅਹੀਰ

ਡੈਰਕ ਵੈਲਕਾਟ ਅਤੇ ਕਵਿਤਾ ਪਾਠ
ਕਾਮਨਵੈਲਥ ਕਾਨਫਰੰਸ ਦੇ ਆਰੰਭਕ ਸਮਾਗਮ ਲਈ ਕੈਰਿਬੀਅਨ-ਅਮਰੀਕਨ ਪਛੋਕੜ ਦਾ ਸ਼੍ਰੋਮਣੀ ਲੇਖਕ ਡੈਰਕ ਵੈਲਕਾਟ (ਨੋਬਲ ਪੁਰਸਕਾਰ, 1992) ਆਇਆ ਪਰ ਸਿਹਤ ਠੀਕ ਨਾ ਹੋਣ ਕਾਰਨ ਉਸਨੇ ਕੋਈ ਸਪੀਚ ਨਾ ਦਿਤੀ ਤੇ ਕੁਝ ਕਵਿਤਾਵਾਂ ਪੜ੍ਹ ਕੇ ਬੈਠ ਗਿਆ। ਸੈਸ਼ਨ ਪਿਛੋਂ ਕਾਨਫਰੰਸ ਦੀ ਚੇਅਰ ਨੇ ਵਾਲਕਾਟ ਨੂੰ ਕਿਹਾ ਕਿ ਐਨੇ ਲੋਕ ਟਿਕਟ ਖਰਚ ਕੇ ਉਸੇ ਨੂੰ ਸੁਣਨ ਆਏ ਸਨ ਤੇ ਉਹ ਨਿਰਾਸ਼ ਗਏ ਹਨ। ਵੈਲਕਾਟ ਨੇ ਦੂਜੇ ਦਿਨ ਸ਼ਾਮ ਨੂੰ ਹੋਣ ਵਾਲੇ ਕਵਿਤਾ ਪਾਠ ਵਿਚ ਹਿੱਸਾ ਲੈਣਾ ਮੰਨ ਲਿਆ। ਕਵਿਤਾ ਪਾਠ ਦੇ ਪਹਿਲੇ ਹਿੱਸੇ ਵਿਚ ਉਸਨੇ ਆਲੋਚਨਾ ਉਤੇ ਪ੍ਰਭਾਵਸ਼ਾਲੀ ਸਪੀਚ ਦਿਤੀ ਤੇ ਕਵਿਤਾਵਾਂ ਪੜ੍ਹੀਆਂ। ਉਸਨੇ ਕਿਹਾ ਕਿ ਜਦੋਂ ਮੈਂ ਕੋਈ ਰਚਨਾ ਪੜ੍ਹਾਂ ਤੇ ਉਹ ਰਚਨਾ ਮੈਨੂੰ ਝੰਜੋੜ ਦੇਵੇ, ਮਾਲਾਮਾਲ ਕਰ ਦੇਵੇ, ਤੇ ਫੇਰ ਮੈਂ ਉਸ ਬਾਰੇ ਆਪਣੇ ਪ੍ਰਭਾਵ ਅੰਕਿਤ ਕਰਾਂ ਤਾਂ ਏਹੋ ਵਧੀਆ ਆਲੋਚਨਾ ਹੋਵੇਗੀ। ਜੇ ਮੈਂ ਲੇਖਕ ਨੂੰ ਕੋਈ ਸੁਝਾਅ ਪੇਸ਼ ਕਰਾਂ ਤਾਂ ਉਹ ਵੀ ਸੁਹਿਰਦ ਹੋਵੇਗਾ। ਜੇ ਤੁਹਾਨੂੰ ਕੋਈ ਰਚਨਾ ਟੁੰਬਦੀ ਨਹੀਂ, ਹੈਰਾਨ ਨਹੀਂ ਕਰਦੀ, ਉਸ ਬਾਰੇ ਨਾ ਲਿਖੋ। ਵੈਲਕਾਟ ਨੇ ਰਸਮੀ ਅਕਾਦਮਿਕ ਆਲੋਚਕਾਂ ਲਈ ਸਖ਼ਤ ਸ਼ਬਦ ਵਰਤੇ। ਵੈਲਕਾਟ ਨੂੰ ਸੁਣਨਾ ਮੇਰੇ ਲਈ ਸੁਭਾਗ ਵਾਲੀ ਗੱਲ ਸੀ। ਮੈਂ ਇਹਨੀ ਦਿਨੀ ਉਹਦੀ “ਸਲੈਕਟਡ ਪੋਇਮਜ” ਪੜ੍ਹ ਰਿਹਾ ਸਾਂ। ਵੈਲਕਾਟ ਨੇ ਮੈਨੂੰ ਕਾਰਡ ਦਿਤਾ ਤੇ ਕਿਹਾ ਜੇ ਮੈਂ ਉਹਨੂੰ ਪੰਜਾਬੀ ਵਿਚ ਅਨੁਵਾਦ ਕਰਨਾ ਚਾਹਾਂ ਤਾਂ ਕਿਸੇ ਪ੍ਰਕਾਸ਼ਕ ਨੂੰ ਪੁੱਛਣ ਦੀ ਲੋੜ ਨਹੀਂ।
ਵੈਲਕਾਟ ਤੋਂ ਪਿਛੋਂ ਅੱਡ ਅੱਡ ਪਿਛੋਕੜ ਦੇ ਪੰਜ ਕਵੀਆਂ ਨੇ ਆਪਣੀਆਂ ਅੰਗਰੇਜ਼ੀ ਕਵਿਤਾਵਾਂ ਪੜ੍ਹੀਆਂ। ਇਹ ਕਵਿਤਾ ਪਾਠ ਕਾਨਫਰੰਸ ਦੀ ਹਰ ਸ਼ਾਮ ਨੂੰ ਰੱਖੇ ਗਏ ਸਨ ਜਿਹਨਾਂ ਵਿਚ ਕਾਮਨਵੈਲਥ ਦੇਸ਼ਾਂ ਤੋਂ ਆਏ ਕਵੀ ਰਚਨਾਵਾਂ ਪੜ੍ਹਦੇ ਸਨ। ਅੱਜ ਦੇ ਕਵਿਤਾ ਪਾਠ ਵਿਚ ਮੈਂ ਵੀ ਸ਼ਾਮਲ ਸਾਂ। ਸਾਨੂੰ ਸਭ ਨੂੰ ਕੈਨੇਡਾ ਕਾਊਂਸਲ ਨੇ ਸਪੌਂਸਰ ਕੀਤਾ ਸੀ। ਇਸ ਕਵਿਤਾ ਪਾਠ ਵਿਚ ਤਿੰਨ ਪੁਸਤਕਾਂ ਵੀ ਰੀਲੀਜ਼ ਕੀਤੀਆਂ ਗਈਆਂ।
ਚੇਤਨਾ ਐਸੋਸੀਏਸ਼ਨ ਨੇ ਇਸ ਕਾਨਫਰੰਸ ’ਤੇ ਆਈਆਂ ਦੋ ਲੇਖਕਾਵਾਂ, ਪੀ. ਸ਼ਿਵਾਕਾਮੀ ਅਤੇ ਅਰੁਨ ਮੁਖਰਜੀ ਨੂੰ ਸਨਮਾਨਿਤ ਕਰਨ ਲਈ ਉਲੀਕਿਆ ਹੋਇਆ ਸੀ ਪਰ ਲਾਲ ਸਿੰਘ ਦਿਲ ਦੀ ਅਚਾਨਕ ਮੌਤ ਕਾਰਨ ਇਹ ਪ੍ਰੋਗਰਾਮ ਲਾਲ ਸਿੰਘ ਨੂੰ ਸਮਰਪਿਤ ਕਰ ਦਿਤਾ ਗਿਆ। ਪਹਿਲਾਂ ਇਸ ਕਾਨਫਰੰਸ ਉਤੇ ਲਾਲ ਸਿੰਘ ਦਿਲ ਨੂੰ ਸੱਦਣ ਦੀ ਸਕੀਮ ਸੀ ਪਰ ਸਿਹਤ ਕਰਕੇ ਉਸ ਲਈ ਬਾਹਰਲਾ ਸਫਰ ਸੰਭਵ ਨਹੀਂ ਸੀ। ਇਹ ਪ੍ਰੋਗਰਾਮ, ਗ੍ਰੇਟਰ ਵੈਨਕੂਵਰ ਦੇ ਬਰਨਬੀ ਸ਼ਹਿਰ ਵਿਚ ਡਾਕਟਰ ਅੰਬੇਦਕਰ ਲਾਇਬ੍ਰੇਰੀ ਅੰਦਰ ਕੀਤਾ ਗਿਆ। ਚੇਤਨਾ ਦੇ ਪ੍ਰਧਾਨ ਸੁਰਿੰਦਰ ਰੰਗਾ ਅਤੇ ਸਕੱਤਰ ਗੁਰਮੀਤ ਸਾਥੀ ਨੇ ਬਾਹਰੋਂ ਆਏ ਲੇਖਕਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦਾ ਆਰੰਭ ਦਿਲ ਉਤੇ ਬਣਾਈ ਅਜੈ ਭਾਰਦਵਾਜ ਦੀ ਫਿਲਮ ‘ਕਿਤੇ ਮਿਲ ਵੇ ਮਾਹੀ’ ਦਿਖਾ ਕੇ ਕੀਤਾ ਗਿਆ। ਜੈ ਬਿਰਦੀ ਨੇ ਅਜੈ ਭਾਰਦਵਾਜ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਫਿਲਮ ਵਿਚ ਪੇਸ਼ ਸਾਮੱਗਰੀ ਉਤੇ ਵਿਚਾਰ ਵਟਾਂਦਰਾ ਸ਼ੁਰੂ ਕੀਤਾ। ਫਿਲਮ ਨੇ ਬਾਹਰੋਂ ਆਏ ਲੇਖਕਾਂ ਨੂੰ ਅਤਿ ਪ੍ਰਭਾਵਿਤ ਕੀਤਾ। ਨਿਰੂਪਮਾ ਦੱਤ ਵੱਲੋਂ ਈਮੇਲ ਰਾਹੀਂ ਭੇਜੀ ਗਈ ਦਿਲ ਨੂੰ ਸ਼ਰਧਾਂਜਲੀ ‘ਸ਼ਾਮ ਦਾ ਰੰਗ ਫੇਰ ਪੁਰਾਣਾ ਹੈ’ ਪੜ੍ਹ ਕੇ ਸੁਣਾਈ ਗਈ ਅਤੇ ਅਮਰਜੀਤ ਚੰਦਨ ਦੇ ਦਿਲ ਉਤੇ ਲਿਖੇ ਲੇਖ ‘ਬਹੁਤ ਚੁੱਪ ਕੀਤਿਆਂ ਦਾ ਕਵੀ’ ਦੀਆਂ ਕਾਪੀਆਂ ਵੰਡੀਆਂ ਗਈਆਂ।

ਪੀ. ਸਿਵਾਕਾਮੀ (ਫੋਟੋ: ਸੁਤੇ ਅਹੀਰ)

ਵੈਨਕੂਵਰ ਦੇ ਪੰਜਾਬੀ ਲੇਖਕ ਅੰਮ੍ਰਿਤ ਦੀਵਾਨਾ ਨੇ ਦਿਲ ਉਤੇ ਪਰਚਾ ਪੜ੍ਹਿਆ ਅਤੇ ਚੇਤਨਾ ਦੀ ਮੈਂਬਰ ਕਮਲੇਸ਼ ਨੇ ਦਿਲ ਦੀ ਇਕ ਨਜ਼ਮ ਗਾ ਕੇ ਸੁਣਾਈ। ਪ੍ਰੋਗਰਾਮ ਵਿਚ ਦਿਲ ਦੀਆਂ ਹੋਰ ਕਵਿਤਾਵਾਂ ਵੀ ਪੜ੍ਹੀਆਂ ਗਈਆਂ। ਸੁਰਜੀਤ ਕਲਸੀ ਨੇ ਗੈLਰ ਪੰਜਾਬੀ ਲੇਖਕਾਂ ਲਈ ਦਿਲ ਦੀ ਇਕ ਕਵਿਤਾ ਅੰਗਰੇਜ਼ੀ ਅਨੁਵਾਦ ਵਿਚ ਸੁਣਾਈ। ਪ੍ਰੋਗਰਾਮ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਬੋਲੀਆਂ ਵਿਚ ਕੀਤਾ ਗਿਆ ਜਿਸ ਵਿਚ ਬਾਹਰਲੇ ਲੇਖਕਾਂ ਤੋਂ ਬਿਨਾਂ ਵੈਨਕੂਵਰ ਦੇ ਲੇਖਕਾਂ ਬੁੱਧੀਜੀਵੀਆਂ ਨੇ ਵੀ ਹਿੱਸਾ ਲਿਆ। ਸਮੁੱਚਾ ਪ੍ਰੋਗਰਾਮ ਸੰਖੇਪ ਸੀ ਪਰ ਲਾਲ ਸਿੰਘ ਦਿਲ ਲਈ ਭਾਵਾਂ ਨਾਲ ਡੁਲ੍ਹਦੀ ਸ਼ਰਧਾਂਜਲੀ ਸੀ। ਪ੍ਰੋਗਰਾਮ ਦੇ ਦੂਜੇ ਹਿੱਸੇ ਵਿਚ ਬਾਹਰੋਂ ਆਏ ਲੇਖਕਾਂ ਨੂੰ ਸਨਮਾਨਤ ਕੀਤਾ ਗਿਆ ਤੇ ਉਹਨਾਂ ਦੇ ਵਿਚਾਰ ਸੁਣੇ। ਕਾਮਨਵੈਲਥ ਕਾਨਫਰੰਸ ਵਿਚ ਸ਼ਾਮਲ ਪ੍ਰਮੁੱਖ ਲੇਖਕਾਂ/ਵਿਦਵਾਨਾਂ ਵਿਚੋਂ ਦੋ ਲੇਖਕਾਵਾਂ, ਸਿਵਾਕਾਮੀ ਅਤੇ ਅਰੁਨ ਮੁਖਰਜੀ ਸਨ।
ਦਲਿਤ ਮੂਲ ਦੀ ਪੀ. ਸਿਵਾਕਾਮੀ ਨੂੰ ਕਾਮਨਵੈਲਥ ਕਾਨਫਰੰਸ ਉਤੇ ਕੀ-ਨੋਟ ਪੜ੍ਹਨ ਲਈ ਤਾਮਲ ਨਾਡੂ ਤੋਂ ਨਿਮੰਤ੍ਰਤ ਕੀਤਾ ਗਿਆ ਸੀ। ਸਿਵਾਕਾਮੀ ਆਪਣੇ ਇਕ ਤਾਮਿਲ ਨਾਵਲ ਕਰਕੇ ਪ੍ਰਸਿੱਧ ਹੈ ਜਿਸਦਾ ਅੰਗਰੇਜ਼ੀ ਅਨੁਵਾਦ, ਦਾ ਗਰਿੱਪ ਔਫ਼ ਚੇਂਜ, ਓਰੀਐਂਟ ਲੌਂਗਮੈਨ ਨੇ 2006 ਵਿਚ ਪ੍ਰਕਾਸ਼ਿਤ ਕੀਤਾ। ਸ਼ਿਵਾਕਾਮੀ ਉਂਜ ਵੀ ਆਈ. ਏ. ਐਸ. ਆਫਿਸਰ ਹੈ ਅਤੇ ਤਾਮਿਲ ਨਾਡੂ ਸਰਕਾਰ ਵਿਚ ਕਮਿਸ਼ਨਰ ਹੈ। ਸਿਵਾਕਾਮੀ ਨੇ ਦੱਸਿਆ ਕਿ ਉਹ ਉਚੇ ਅਹੁਦੇ (ਕਮਿਸ਼ਨਰ) ’ਤੇ ਹੋਣ ਦੇ ਬਾਵਜੂਦ ਦਲਿਤ ਸਰਗਰਮੀਆਂ ਵਿਚ ਪੂਰੀ ਤਰ੍ਹਾਂ ਹਿੱਸਾ ਲੈਂਦੀ ਹੈ। ਉਹ ਆਲ ਇੰਡੀਆ ਡੈਮੋਕ੍ਰੈਟਿਕ ਵਿਮੈੱਨਜ਼ ਦੀ ਮੀਤ ਪ੍ਰਧਾਨ ਹੈ ਪਰ ਉਸਦੀ ਸਭ ਤੋਂ ਮਹੱਤਵਪੂਰਨ ਦੇਣ ਲੈਂਡ ਰੀਫਾਰਮ ਲਹਿਰ ਵਿਚ ਹੈ ਜਿਸ ਅਧੀਨ ਉਸਨੇ ਲੈਂਡਲੈੱਸ ਗਰੀਬਾਂ ਨੂੰ ਜ਼ਮੀਨ ਦਿਵਾਉਣ ਵਿਚ ਯਤਨ ਕੀਤਾ। ਸ਼ਿਵਾਕਾਮੀ ਨੇ ਮੈਨੂੰ ਦੱਸਿਆ ਕਿ ਭਾਵੇਂ ਉਹ ਜ਼ਾਹਰਾ ਤੌਰ ’ਤੇ ਪ੍ਰਗਟ ਨਹੀਂ ਕਰਦੀ ਪਰ ਉਹ ਦਲਿਤ ਪੈਂਥਰ ਪਾਰਟੀ ਦੀਆਂ ਸਰਗਰਮੀਆਂ ਵਿਚ ਵੀ ਹਿੱਸਾ ਲੈਂਦੀ ਹੈ।
ਅਰੁਨ ਕਾਮਨਵੈਲਥ ਕਾਨਫਰੰਸ ਦੀ ਵਾਈਸ ਚੇਅਰ ਸੀ ਅਤੇ ਦਲਿਤ ਸੈਕਸ਼ਨ ਦੀ ਚੇਅਰ। ਉਹ ਟੋਰਾਂਟੋ ਦੀ ਯੌਰਕ ਯੂਨੀਵਰਸਿਟੀ ਵਿਚ ਮਾਇਨਾਰਟੀ ਲਿਟਰੇਚਰ ਪੜ੍ਹਾਉਂਦੀ ਹੈ ਅਤੇ ਕਨੇਡੀਅਨ ਸਾਹਿਤ ਵਿਚ ਇਕ ਆਲੋਚਕ ਵਜੋਂ ਸਥਾਪਿਤ ਹੈ। ਉਸਨੇ ਕਈ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ ਜਿਨ੍ਹਾਂ ਵਿਚੋਂ, ਟੂਵਰਡਜ਼ ਐਨ ਅਸਥੈਟਿਕ ਔਫ ਆਪੋਜ਼ੀਸ਼ਨ (ਵਿਲੀਅਮ-ਵਾਲਸ ਪਬਲਿਸ਼ਰਜ਼, ਕੈਨੇਡਾ, 1988) ਨੂੰ ਚੰਗੀ ਮਾਨਤਾ ਪ੍ਰਾਪਤ ਹੈ)। ਅਜ ਕਲ੍ਹ ਉਹ ਦਲਿਤ ਸਾਹਿਤ ਵਿਚ ਡੂੰਘੀ ਦਿਲਚਸਪੀ ਨਾਲ ਕੰਮ ਕਰ ਰਹੀ ਹੈ। ਉਸਨੇ ਦਲਿਤ ਲੇਖਕ ਓਮਪ੍ਰਕਾਸ਼ ਵਾਲਮੀਕੀ ਦੀ ਹਿੰਦੀ ਪੁਸਤਕ ‘ਜੂਠਨ’ ਦਾ ਅਨੁਵਾਦ ਅੰਗਰੇਜ਼ੀ ਵਿਚ ਕੀਤਾ ਹੈ। ਹੁਣ ਇਕ ਹੋਰ ਪ੍ਰਸਿੱਧ ਦਲਿਤ ਮਰਾਠੀ ਲੇਖਕ ਸ਼ਰਨ ਕੁਮਾਰ ਲਿੰਬਾਲੇ ਦਾ ਨਾਵਲ ਹਿੰਦੂ ਅੰਗਰੇਜੀ ਵਿਚ ਅਨੁਵਾਦ ਕਰ ਰਹੀ ਹੈ। ਅਰੁਨ ਪੰਜਾਬੀ/ਬੰਗਾਲੀ ਪਿਛੋਕੜ ਦੀ ਹੈ ਪਰ ਮਰਾਠੀ ਨਾਵਲ ਅਨੁਵਾਦ ਕਰਨ ਲਈ ਉਹਨੇ ਮਰਾਠੀ ਸਿੱਖੀ ਹੈ ਅਤੇ ਕੁਝ ਸਮਾਂ ਲੇਖਕ ਨਾਲ ਵੀ ਬਿਤਾਇਆ ਹੈ। ਅਰੁਨ ਨੇ ਆਪਣੀ ਸਪੀਚ ਲਾਲ ਸਿੰਘ ਦਿਲ ਨੂੰ ਸਰਧਾਂਜਲੀ ਨਾਲ ਸ਼ੁਰੂ ਕੀਤੀ।
ਇਸ ਸਮਾਗਮ ਵਿਚ ਹੈਦਰਾਬਾਦ ਯੂਨੀਵਰਸਿਟੀ ਤੋਂ ਆਏ ਕੁਸਮਾ ਸੱਤਿਆਨਾਰਾਇਣ ਅਤੇ ਨਵਾਂ ਸ਼ਹਿਰ ਤੋਂ ਆਏ ਦਲਿਤ ਐਕਟਵਿਸਟ ਓਮ ਪ੍ਰਕਾਸ਼ ਲਾਖਾ ਨੂੰ ਵੀ ਸਨਮਾਨਤ ਕੀਤਾ ਗਿਆ। ਓਮ ਪ੍ਰਕਾਸ਼ ਲਾਖਾ ਪੰਜਾਬ ਵਿਚ ਡਾਕਟਰ ਅੰਬੇਦਕਰ ਮਿਸ਼ਨ ਸੁਸਾਇਟੀ ਅਤੇ ਟਰਸਟ ਦੇ ਜਨਰਲ ਸਕੱਤਰ ਹਨ।

ਦਲਿਤ ਚੇਤਨਾ ਅਤੇ ਸਾਹਿਤ ਉਤੇ ਸੈਸ਼ਨ
ਕਾਮਨਵੈਲਥ ਕਾਨਫਰੰਸ ਵਿਚ ਇਹ ਸੈਸ਼ਨ ਚੇਤਨਾ ਐਸੋਸੀਏਸ਼ਨ ਵੱਲੋਂ ਪੇਸ਼ ਕੀਤਾ ਗਿਆ। ਸਾਰੀ ਕਾਨਫਰੰਸ ਵਿਚ ਸ਼ਾਇਦ ਇਹ ਸਾਡਾ ਹੀ ਸੈਸ਼ਨ ਸੀ ਜਿਸਨੂੰ ਆਯੋਜਿਤ ਕਰਨ ਵਾਲੇ ਅਕਾਦਮਿਕ ਪਿਛੋਕੜ ਦੇ ਨਹੀਂ ਸਨ। ਇਸੇ ਲਈ ਇਹ ਸੈਸ਼ਨ ਕਾਨਫਰੰਸ ਦੇ ਬਾਕੀ ਸੈਸ਼ਨਾਂ ਨਾਲੋਂ ਵੱਖਰਾ ਸੀ। ਇਸ ਵਿਚ ਸਾਹਿਤਕ ਪੇਸ਼ਕਾਰੀਆਂ ਦੇ ਨਾਲ ਨਾਲ ਫਿਲਮ ਕਲਿੱਪ, ਮਿੰਨੀ ਨਾਟਕ, ਤੇ ਦਲਿਤ ਰਾਹਨੁਮਾਵਾਂ ਦੇ ਪੋਰਟ੍ਰੇਟਾਂ ਦੀ ਨੁਮਾਇਸ਼ ਵੀ ਸ਼ਾਮਲ ਸੀ। ਪੋਰਟ੍ਰੇਟ ਵੈਨਕੂਵਰ ਦੇ ਦਲਿਤ ਕਲਾਕਾਰ ਅਨਮੋਲ ਸ਼ੀਤਲ ਨੇ ਇਸ ਸੈਸ਼ਨ ਲਈ ਵਿਸ਼ੇਸ਼ ਤਿਆਰ ਕੀਤੇ ਸਨ ਜਿਨ੍ਹਾਂ ਵਿਚ ਨਵਾਂ ਬਣਿਆ ਲਾਲ ਸਿੰਘ ਦਿਲ ਦਾ ਪੋਰਟ੍ਰੇਟ ਵੀ ਸ਼ਾਮਲ ਸੀ। ਅਨਮੋਲ ਦੇ ਬਣਾਏ ਪੋਰਟ੍ਰੇਟ ਵੈਨਕੂਵਰ ਵਿਚ ਹੋਰ ਵੀ ਕਈ ਸਥਾਨਾਂ ’ਤੇ ਲੱਗੇ ਹੋਏ ਹਨ (ਡਾਕਟਰ ਅੰਬੇਦਕਰ ਦਾ ਪੋਰਟ੍ਰੇਟ ਬਰਨਬੀ ਸਿਟੀ ਹਾਲ ਵਿਚ ਇਕ ਵਿਸ਼ੇਸ਼ ਸਮਾਗਮ ਰਾਹੀਂ ਲਾਇਆ ਗਿਆ ਸੀ)। ਸੈਸ਼ਨ ਦਾ ਆਰੰਭ, 15 ਮਿੰਟ ਦੇ ਨਾਟਕ ‘ਰੀਬਰਥ ਔਫ ਗਾਂਧੀ’ ਨਾਲ ਹੋਇਆ ਜਿਸਨੂੰ ਦਰਸ਼ਕਾਂ ਨੇ ਅਤਿ ਦਿਲਚਸਪੀ ਨਾਲ ਦੇਖਿਆ । ਨਾਟਕ ਪਿਛੋਂ ਜਾਤ ਪ੍ਰਣਾਲੀ ’ਤੇ ਵਿਚਾਰ ਵਟਾਂਦਰਾ ਹੋਣਾ ਸੀ ਪਰ ਸਮੇਂ ਦੀ ਘਾਟ ਕਰਕੇ ਹੋ ਨਾ ਸਕਿਆ।

ਲਾਲ ਸਿੰਘ ਦਿਲ (ਫ਼ੋਟੋ ਪਰਨਬ ਮੁਖਰਜੀ)

ਜੈ ਬਿਰਦੀ ਸੈਸ਼ਨ ਵਿਚ ਪਹਿਲਾ ਪੇਸ਼ਕਾਰ ਸੀ। ਉਸਨੇ ਬਿਦੇਸ਼ਾਂ ਵਿਚ ਦਲਿਤ ਸਰਗਰਮੀਆਂ ਬਾਰੇ ਦੱਸਿਆ ਤੇ ਵਿਸ਼ੇਸ਼ ਕਰਕੇ ਬ੍ਰਿਟਿਸ਼ ਕੋਲੰਬੀਆ ਵਿਚ ਚੇਤਨਾ ਐਸੋਸੀਏਸ਼ਨ ਦੇ ਨਸਲਵਾਦ ਅਤੇ ਜਾਤਵਾਦ ਵਿਰੋਧੀ ਯਤਨਾਂ ਬਾਰੇ ਦੱਸਿਆ। ਉਹਨੇ ਕਿਹਾ ਕਿ ਚੇਤਨਾ ਦੇ ਯਤਨਾਂ ਨਾਲ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਅਤੇ ਪੋਰਟ੍ਰੇਟ ਸਥਾਨਕ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ, ਮੌਂਟਰੀਆਲ ਯੂਨੀਵਰਸਿਟੀ ਵਿਚ, ਵੈਨਕੂਵਰ ਦੇ ਭਾਰਤੀ ਕਾਂਸਲੇਟ ਦੇ ਦਫਤਰ, ਬਰਨਬੀ ਸ਼ਹਿਰ ਦੇ ਸਿਟੀ ਹਾਲ ਵਿਚ ਤੇ ਹੋਰ ਕਈ ਥਾਵਾਂ ’ਤੇ ਲੱਗ ਗਏ ਹਨ। ਬਿਰਦੀ ਨੇ ਕਿਹਾ ਕਿ ਦਲਿਤ ਅੰਦੋਲਨ ਹੁਣ ਦਲਿਤ ਚੇਤਨਾ ਤੋਂ ਅੱਗੇ ਦਲਿਤ ਅਸਰਟਿਵਨੈੱਸ ਦੀ ਸਟੇਜ ’ਤੇ ਪਹੁੰਚ ਗਿਆ ਹੈ। ਸਮਕਾਲੀ ਦਲਿਤ ਆਈਡਿਆਲੋਜੀ ਜਸਟੀਫੀਕੇਸ਼ਨ ਤੇ ਡੀਫੈਂਸ ਦੀ ਥਾਂ ਅਸਰਟਿਵਨੈੱਸ ਦੀ ਹੈ। ਉਹਨੇ ਦਲਿੱਤ ਅਸਰਟਿਵਨੈੱਸ ਤੇ ਆਪਣੀ ਆ ਰਹੀ ਸੰਪਾਦਿਤ ਪੁਸਤਕ ਬਾਰੇ ਵੀ ਦੱਸਿਆ ਅਤੇ ਲਾਲ ਸਿੰਘ ਦਿਲ ਤੇ ਬਣੀ ਫਿਲਮ ‘ਕਿਤੇ ਮਿਲ ਵੇ ਮਾਹੀ’ ਦੇ ਆਧਾਰ ਤੇ ਕੁਝ ਪੇਪਰ ਵੀ ਵੰਡੇ।

ਸੈਸ਼ਨ ਦਾ ਅਗਲਾ ਮੈਂਬਰ ਹੈਦਰਾਬਾਦ ਯੂਨੀਵਰਸਿਟੀ ਤੋਂ ਆਇਆ ਸੱਤਿਆਨਾਰਾਇਣ ਸੀ। ਸੱਤਿਆ ਨੇ ਆਰੰਭ ਵਿਚ ਲਾਲ ਸਿੰਘ ਦਿਲ ਨੂੰ ਸ਼ਰਧਾਂਜਲੀ ਪੇਸ਼ ਕੀਤੀ ਅਤੇ ਕੰਧ ’ਤੇ ਲੱਗੇ ਉਹਦੇ ਪੋਰਟ੍ਰੇਟ ਵੱਲ ਇਸ਼ਾਰਾ ਕਰ ਕੇ ਕਿਹਾ, ਅਜਿਹੇ ਲੇਖਕ ਨੇ ਜੋ ਸਾਨੂੰ ਪ੍ਰੇਰਨਾ ਦਿੰਦੇ ਹਨ। ਉਹਨੇ ਸ੍ਰੋਤਿਆਂ ਨੂੰ ਪਿਛਲੀ ਸ਼ਾਮ ਚੇਤਨਾ ਦੇ ਪ੍ਰੋਗਰਾਮ ਵਿਚ ਦੇਖੀ ਲਾਲ ਸਿੰਘ ਉਤੇ ਬਣੀ ਫਿਲਮ ਬਾਰੇ ਭਾਵਾਤਮਿਕ ਸ਼ਬਦਾਂ ਵਿਚ ਦੱਸਿਆ। ਸੱਤਿਆ ਨੇ ਆਂਧਰਾ ਪ੍ਰਦੇਸ਼ ਅਤੇ ਤਾਮਲ ਨਾਡੂ ਵਿਚ ਚੱਲ ਰਹੀਆਂ ਦਲਿਤ ਸਾਹਿਤ ਦੀਆਂ ਗਤੀ ਵਿਧੀਆਂ ਬਾਰੇ ਜਾਣਕਾਰੀ ਦਿਤੀ ਤੇ ਕਿਹਾ ਕਿ ਸਮਕਾਲੀ ਆਂਧਰਾ ਪ੍ਰਦੇਸ਼ ਦੇ ਸਾਹਿਤ ਉਤੇ ਦਲਿਤ ਸਾਹਿਤ ਛਾਇਆ ਹੋਇਆ ਹੈ। ਸੱਤਿਆ ਨੇ ਦੱਖਣੀ ਭਾਰਤ ਵਿਚ ਚੱਲ ਰਹੇ ਦਲਿਤ ਅੰਦੋਲਨ ਵਿਚ ਆਪਣੀ ਸਰਗਰਮੀ ਬਾਰੇ ਦੱਸਿਆ ਤੇ ਦਲਿਤ ਪੈਂਥਰਾਂ ਬਾਰੇ ਵੀ ਜਾਣਕਾਰੀ ਦਿਤੀ। ਸੱਤਿਆ ਦੀ ਪੇਸ਼ਕਾਰੀ ਅਤਿ ਪ੍ਰਭਾਵਸ਼ਾਲੀ ਸੀ ਤੇ ਉਸਨੇ ਪਰਚਾ ਮਿਹਨਤ ਕਰਕੇ ਵਿਸਥਾਰ ਨਾਲ ਲਿਖਿਆ ਹੋਇਆ ਸੀ। ਜਦੋਂ ਮੈਂ ਸਮੇਂ ਦੀ ਸੀਮਾ ਬਾਰੇ ਸੱਤਿਆ ਨੂੰ ਇਸ਼ਾਰਾ ਕੀਤਾ ਤਾਂ ਅਰੁਨ ਮੁਖਰਜੀ ਨੇ ਕਿਹਾ “ਮੇਰੇ ਵਾਲਾ ਸਾਰਾ ਸਮਾ ਸੱਤਿਆ ਨੂੰ ਦੇ ਦੇਹ।” ਸੱਤਿਆ ਆਂਧਰਾ ਪ੍ਰਦੇਸ਼ ਵਿਚ ਬਣੀ ਸੰਸਥਾਂ , ਕੁਲ ਨਿਰਮੂਲਨਾ ਪੋਰਤਾ ਸਮਿਤੀ (ਜਾਤਪਾਤ ਦੇ ਖਾਤਮੇ ਲਈ ਫੋਰਮ) ਦਾ ਸਟੇਟ ਸੈਕਟਰੀ ਹੈ ਤੇ ਇਕ ਹੋਰ ਜੱਥੇਬੰਦੀ “ਕੁਲਨਿਰਮੂਲਨਾ” ਵੱਲੋਂ ਛਾਪੇ ਜਾਂਦੇ ਤੈਲਗੂ ਪਰਚੇ ਦਾ ਸੰਪਾਦਕ ਹੈ। ਅਜਕਲ੍ਹ ਉਹ ਪ੍ਰੋਫੈਸਰ ਸੂਜ਼ੀ ਥਰੂਅ ਨਾਲ ਮਿਲਕੇ ਦੱਖਣੀ ਭਾਰਤ ਦੀਆਂ ਚਾਰ ਭਾਸ਼ਾਵਾਂ ਦੇ ਦਲਿਤ ਸਾਹਿਤ ਦੀ ਐਂਥਾਲੋਜੀ ਤਿਆਰ ਕਰ ਰਿਹਾ ਹੈ ਜਿਸਨੂੰ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਪ੍ਰਕਾਸ਼ਿਤ ਕਰਨਾ ਹੈ।

ਅਰੁਨ ਪ੍ਰਭਾ ਮੁਖਰਜੀ

ਅੁਰਨ ਮੁਖਰਜੀ ਨੇ ਸੰਖੇਪ ਸ਼ਬਦਾਂ ਵਿਚ ਭਾਰਤ ਵਿਚ ਰਚੇ ਜਾ ਰਹੇ ਦਲਿਤ ਸਾਹਿਤ ਬਾਰੇ ਦੱਸਿਆ ਤੇ ਉਸ ਵੱਲੋਂ ਅੰਗਰੇਜ਼ੀ ਵਿਚ ਅਨੁਵਾਦ ਕੀਤੇ ਜਾ ਰਹੇ ਸ਼ਰਨ ਕੁਮਾਰ ਲਿੰਬਾਲੇ ਦੇ ਮਰਾਠੀ ਨਾਵਲ, ਹਿੰਦੂ, ਦੀ ਸੰਖੇਪ ਜਾਣਕਾਰੀ ਦਿਤੀ। ਅਰੁਨ ਨੇ ਦੱਸਿਆ ਕਿ ਦਲਿਤ ਸਾਹਿਤਕ ਲਹਿਰ ਨੇ ਕੇਵਲ ਦਲਿਤ ਰਚਨਾਵਾਂ ਨੂੰ ਹੀ ਜਨਮ ਨਹੀਂ ਦਿਤਾ ਸਗੋਂ ਸਗੋਂ ਦਲਿਤ ਸਾਹਿਤ ਬਾਰੇ ਆਪਣਾ ਸ਼ਾਸਤਰ ਵੀ ਰਚਿਆ। ਸਵਰਨ-ਜਾਤੀ ਆਲੋਚਕਾਂ ਨੇ ਦਲਿਤ ਸਾਹਿਤ ਨੂੰ ਘਟੀਆ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਨ੍ਹਾਂ ਲਈ ਇਹ ਸਾਹਿਤ ਦੇ ਸਰਵਵਿਆਪਕ ਮਾਪ ਦੰਡਾਂ ਤੇ ਪੂਰਾ ਨਹੀਂ ਉਤਰਦਾ। ਓਮਪ੍ਰਕਾਸ਼ ਵਾਲਮੀਕੀ ਅਤੇ ਸ਼ਰਨਕੁਮਾਰ ਲਿੰਬਾਲੇ ਵਰਗੇ ਦਲਿਤ ਸਾਹਿਤਕਾਰਾਂ ਨੇ “ਦਲਿਤ ਸੌਂਦਰਯ ਸ਼ਾਸਤਰ” ’ਤੇ ਵੀ ਵਿਸਥਾਰ ਵਿਚ ਲਿਖਿਆ ਹੈ। ਉਹਨਾਂ ਦੀਆਂ ਲਿਖਤਾਂ ਵਿਚ ਜਿਥੇ ਇਕ ਪਾਸੇ ਦਲਿਤ ਸਾਹਿਤ ਰਚਨਾ ਲਈ ਕੁਝ ਜ਼ਰੂਰੀ ਸ਼ਰਤਾਂ ’ਤੇ ਚਾਨਣਾ ਪਾਇਆ ਗਿਆ ਹੈ ਉਥੇ ਉਹਨਾਂ ਦੱਖਣੀ ਏਸ਼ੀਆ ਅਤੇ ਵਿਦੇਸ਼ੀ ਸਵਰਨ-ਜਾਤੀ ਸਾਹਿਤ ਦੀ ਵੀ ਸਖਤ ਆਲੋਚਨਾ ਕੀਤੀ ਹੈ ਜਿਸ ਵਿਚ ਦਲਿਤ ਅਨੁਭਵ ਗਾਇਬ ਹੈ। ਅਰੁਨ ਨੇ ਲਿੰਬਾਲੇ ਦੀ ਪ੍ਰਮੁੱਖ ਰਚਨਾ, ਟੂਵਰਡਜ਼ ਐਨ ਅਸਥੈਟਿਕ ਔਫ ਦਲਿਤ ਲਿਟਰੇਚਰ ਬਾਰੇ ਦੱਸਿਆ ਜਿਸਨੂੰ ਮਰਾਠੀ ਚੋਂ ਅਲੋਕ ਮੁਖਰਜੀ ਨੇ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਅਤੇ ਉਸ ਬਾਰੇ ਮਹੱਤਵਪੂਰਣ ਮੁੱਖਬੰਦ ਵੀ ਲਿਖਿਆ। ਅਲੋਕ ਮੁਖਰਜੀ ਅਰੁਨ ਦੇ ਜੀਵਨ ਸਾਥੀ ਹਨ ਤੇ ਅੱਜ ਕਲ੍ਹ ਕੈਨੇਡਾ ਦੇ ਓਂਟਾਰੀਓ ਸੂਬੇ ਦੇ ਪੁਲੀਸ ਕਮਿਸ਼ਨ ਦੇ ਚੇਅਰਮੈਨ ਹਨ। ਉਹ ਵੀ ਇਥੇ ਸਰੋਤਿਆਂ ਵਿਚ ਸ਼ਾਮਲ ਸਨ, ਉਹਨਾਂ ਨੇ ਪ੍ਰਸ਼ਨ-ਉਤਰ ਸਮੇਂ ਲਿੰਬਾਲੇ ਦੀ ਪੁਸਤਕ ਬਾਰੇ ਹੋਰ ਜਾਣਕਾਰੀ ਦਿਤੀ।

ਮੇਰੇ ਬੋਲਣ ਵਾਸਤੇ ਕੁਝ ਮਿੰਟ ਹੀ ਬਚੇ ਜਿਨ੍ਹਾਂ ਵਿਚ ਮੈਂ ਦਲਿਤ ਸਾਹਿਤ ਰਚਨਾ ਦੇ ਸੰਦਰਭੀ ਵਿਚ ਭਗਤੀ ਲਹਿਰ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ ਦੱਸਣ ਦਾ ਯਤਨ ਕੀਤਾ ਅਤੇ ਫੇਰ ਪੰਜਾਬੀ ਕਵੀ ਲਾਲ ਸਿੰਘ ਦਿਲ ਅਤੇ ਉਸਦੀ ਕਵਿਤਾ ਬਾਰੇ ਦੱਸਿਆ। ਪੰਜਾਬੀ ਦਲਿਤ ਲੇਖਕ ਗੁਰਨਾਮ ਸਿੰਘ ਮੁਕਤਸਰ (ਜਿਸਨੂੰ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਿਆ ਗਿਆ ਸੀ ਪਰ ਉਹ ਪੁੱਜ ਨਾ ਸਕਿਆ) ਵੱਲੋਂ ਪ੍ਰਕਾਸ਼ਿਤ ਪੁਸਤਕ, “ਸਿੱਖ ਲਹਿਰ ਦੇ ਸਿਰਜਕ” ਬਾਰੇ ਦੱਸਿਆ ਜਿਸ ਵਿਚ ਲੇਖਕ ਨੇ ਇਹ ਸਿਧ ਕਰਨ ਦਾ ਯਤਨ ਕੀਤਾ ਹੈ ਕਿ ਸਿਖ ਲਹਿਰ, ਬੁੱਧ ਧਰਮ ਦੇ ਆਗਮਨ ਪਿਛੋਂ ਜਾਤਪਾਤ ਵਿਰੁੱਧ ਦੂਜੀ ਕਾਂ੍ਰਤੀਕਾਰੀ ਲਹਿਰ ਸੀ ਜਿਸਨੂੰ ਵਾਸਤਵ ਵਿਚ ਨਾਮਦੇਵ, ਕਬੀਰ, ਤ੍ਰਲੋਚਨ, ਰਵਿਦਾਸ ਅਤੇ ਸੈਣ ਨੇ ਮੁਢਲਾ ਸਿਧਾਂਤਕ ਰੂਪ ਦਿਤਾ। ਇਹ ਸਾਰੇ ਗੈਰ ਪੰਜਾਬੀ ਦਲਿਤ ਪਿਛੋਕੜ ਦੇ ਸੰਤ-ਚਿੰਤਕ ਸਨ। ਉਸ ਪਿਛੋਂ ਪੰਜਾਬ ਵਿਚ ਇਸਨੂੰ ਸਵਰਨ- ਜਾਤੀ ਖੱਤਰੀ ਸਿੱਖ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਰੂਪ ਦੇ ਕੇ ਅੱਗੇ ਤੋਰਿਆ। ਸਿੱਖ ਗੁਰੂਆਂ ਨੇ ਆਪਣੀ ਬਾਣੀ ਵਿਚ ਸਿੱਖ ਫਲਸਫੇ ਦੇ ਮੂਲ ਸਿਰਜਕਾਂ ਦਾ ਪੂਰਾ ਸਮਰਥਨ ਕੀਤਾ ਪਰ ਉਹਨਾਂ ਨੂੰ ਗੁਰੂਆਂ ਦੀ ਥਾਂ ਭਗਤਾਂ ਦਾ ਦਰਜਾ ਦਿਤਾ। ਜਿਸ ਕਰਕੇ ਆਮ ਜਨਤਾ ਲਈ ਫਲਸਫੇ ਦੇ ਅਸਲੀ ਸਿਰਜਕ ਦਲਿਤ ਹੋਣ ਕਰਕੇ ਪਿਛੋਕੜ ਵਿਚ ਚਲੇ ਗਏ। (ਗੁਰਨਾਮ ਸਿੰਘ ਦੀ ਪੁਸਤਕ ਉਤੇ ਉਸਨੂੰ ਬਹੁਤ ਪ੍ਰਤਿਕਰਮ ਆਉਣ ਦੀ ਉਮੀਦ ਸੀ ਅਤੇ ਚਰਚਾ ਛਿੜਨ ਦੀ ਵੀ ਪਰ ਅਜੇ ਤੱਕ ਸਮਕਾਲੀ ਸਿੱਖ ਚਿੰਤਕਾਂ ਵੱਲੋਂ ਪ੍ਰਤਿਕਰਮ ਨਾਂਹ ਬਰਾਬਰ ਹਨ। ਕਾਨਫਰੰਸ ਤੋਂ ਕੁਝ ਚਿਰ ਪਿਛੋਂ ਗੁਰਨਾਮ ਸਿੰਘ ਮੁਕਤਸਰ ਇਥੇ ਵੈਨਕੂਵਰ ਆਇਆ। ਉਸ ਨਾਲ ਇਕ ਬੈਠਕ ਵਿਚ ਇਸ ਵਿਸ਼ੇ ’ਤੇ ਵਿਚਾਰ ਵਟਾਂਦਰਾ ਹੋਇਆ। ਗੁਰਨਾਮ ਸਿੰਘ ਨੇ ਕਿਹਾ ਉਸਦੀ ਪੁਸਤਕ ’ਤੇ ਪ੍ਰਤਿਕਰਮ ਨਾ ਹੋਣ ਵਿਚ ਲੇਖਕ ਦਾ ਦਲਿਤ ਹੋਣਾ ਵੀ ਇਕ ਫੈਕਟਰ ਹੈ)।

ਕੁਸਮਾ ਸੱਤਿਆਨਾਰਾਇਣ

ਸੈਸ਼ਨ ਦੇ ਅੰਤ ਉਤੇ ਕੁਝ ਸਮਾਂ ਪ੍ਰਸ਼ਨਾਂ ਲਈ ਰੱਖਿਆ ਗਿਆ। ਇਕ ਸ੍ਰੋਤੇ ਵੱਲੋਂ ਪ੍ਰਸ਼ਨ ਕੀਤਾ ਗਿਆ ਕਿ ਅੰਗਰੇਜ਼ਾਂ ਦੇ ਰਾਜ ਵੇਲੇ ਭਾਰਤ ਵਿਚ ਦਲਿਤ ਸਥਿਤੀ ਕਿਸ ਤਰ੍ਹਾਂ ਦੀ ਰਹੀ। ਇਸਦਾ ਉਤਰ ਜੈ ਬਿਰਦੀ ਅਤੇ ਸੱਤਿਆਨਾਰਾਇਣ ਨੇ ਵਿਸਥਾਰ ਵਿਚ ਦਿਤਾ। ਸਭ ਤੋਂ ਮਹੱਤਵ ਪੂਰਨ ਪ੍ਰਸ਼ਨ ਇਕ ਬਲੈਕ ਪ੍ਰੋਫੈਸਰ ਵੱਲੋਂ ਕੀਤਾ ਗਿਆ ਜਿਸਨੇ ਭਾਰਤ ਵਿਚ ਦਲਿਤ ਸਮੱਸਿਆ ਬਾਰੇ ਪਹਿਲੀ ਵਾਰ ਸੁਣਿਆ ਸੀ। ਉਸਨੇ ਪੁਛਿਆ ਕਿ ਦਲਿਤ ਆਪਣੇ ਆਪ ਨੂੰ ਦਲਿਤ ਕਿਉਂ ਕਹਿ ਰਹੇ ਹਨ? ਉਤੱਰ ਵਿਚ ਕਈ ਵਿਦਵਾਨਾਂ ਨੇ ਭਾਗ ਲਿਆ। ਸਿਵਾਕਾਮੀ ਨੇ ਕਿਹਾ ਕਿ ਇਹ ਸ਼ਬਦ ਬਹੁਤ ਸੋਚ ਵਿਚਾਰ ਪਿਛੋਂ ਅਪਣਾਇਆ ਗਿਆ ਸੀ ਅਤੇ ਇਸਨੂੰ ਸੱਤਰਵਿਆਂ ਵਿਚ ਦਲਿਤ ਪੈਂਥਰ ਲਹਿਰ ਨੇ ਹਰਮਨ ਪਿਆਰਾ ਕੀਤਾ। ਇਹ ਸ਼ਬਦ ਦਲਿਤ ਲੋਕਾਂ ਦੀ ਸਥਿਤੀ ਦੀ ਸਹੀ ਤਰਜਮਾਨੀ ਕਰਦਾ ਹੈ ਅਤੇ ਨਾਲ ਹੀ ਸਵਰਨ ਜਾਤੀਆਂ ਨੂੰ ਉਹਨਾਂ ਦੇ ਦੋਸ਼ ਦਾ ਅਹਿਸਾਸ ਵੀ ਕਰਵਾਉਂਦਾ ਹੈ। ਅਲੋਕ ਮੁਖਰਜੀ ਨੇ ਵੀ ਇਸ ਵਿਸ਼ੇ ’ਤੇ ਵਿਸਥਾਰ ਨਾਲ ਗੱਲ ਕੀਤੀ। ਜੈ ਬਿਰਦੀ ਨੇ ਕਿਹਾ ਕਿ ਇਹ ਸ਼ਬਦ ਦਲਿਤ ਪਰਾਈਡ ਨੂੰ ਵੀ ਦਰਸਾਉਂਦਾ ਹੈ। ਸੱਤਰਵਿਆਂ ਵਿਚ ਅਮਰੀਕਾ ਵਿਚ ਬਲੈਕ ਪੈਂਥਰ ਲਹਿਰ ਨੇ ਬਲੈਕ ਲੋਕਾਂ ਦੇ ਪਰਾਈਡ ਨੂੰ ਮਾਨਤਾ ਦਿਤੀ ਇਸੇ ਲਹਿਰ ਤੋਂ ਪ੍ਰੇਰਨਾ ਲੈ ਕੇ ਭਾਰਤ ਵਿਚ ਦਲਿਤ ਪੈਂਥਰਜ਼ ਲਹਿਰ ਚੱਲੀ ਜਿਸਨੇ ਦਲਿਤ ਲੋਕਾਂ ਦੇ ਰੋਹ ਅਤੇ ਮਾਣ ਨੂੰ ਜ਼ੁਬਾਨ ਦਿਤੀ। ਬਲੈਕ ਪ੍ਰੋਫੈਸਰ ਨੇ ਕਿਹਾ ਕਿ ਦਲਿਤ ਲਹਿਰਾਂ ਅਤੇ ਬਲੈਕ ਲਹਿਰਾਂ ਵਿਚ ਤਾਲਮੇਲ ਕਾਇਮ ਹੋਣਾ ਚਾਹੀਦਾ ਹੈ।

ਅਮਰੀਕਾ ਤੋਂ ਆਏ ਪ੍ਰੋਫੈਸਰ ਅੰਮ੍ਰਿਤਜੀਤ ਨੇ ਕਿਹਾ ਇਹ ਸੈਸ਼ਨ ਕਾਨਫਰੰਸ ਦੇ ਅਤਿ ਸਫਲ ਸੈਸ਼ਨਾਂ ਵਿਚੋਂ ਹੈ। ਜਿਥੇ ਆਮ ਸੈਸ਼ਨਾਂ ਵਿਚ ਦੋ-ਤਿੰਨ ਦਰਜਨ ਲੋਕ ਭਾਗ ਲੈਂਦੇ ਹਨ ਉਥੇ ਇਸ ਸੈਸ਼ਨ ਵਿਚ 70-80 ਦੇ ਕਰੀਬ ਲੋਕ ਸਨ। ਹੋਰ ਲੋਕਾਂ ਨੇ ਵੀ ਆਪਣੇ ਪ੍ਰਤਿਕਰਮ ਦੱਸੇ। ਦੂਸਰੇ ਦਿਨ ਚੇਤਨਾ ਵੱਲੋਂ ਦਿਤੇ ਇਕ ਡਿਨਰ ਵਿਚ ਕੁਸਮਾ ਸੱਤਿਆਨਾਰਾਯਣ ਨੇ ਕਿਹਾ ਇਹ ਸੈਸ਼ਨ ਆਪਣੀ ਹੀ ਕਿਸਮ ਦਾ ਸੀ ਅਤੇ ਕਾਨਫਰੰਸ ਦੇ ਦੂਜੇ ਦਸ ਸੈਸ਼ਨਾਂ ਦੇ ਬਰਾਬਰ ਸੀ।

ਅਜਮੇਰ ਰੋਡੇ
(ਫ਼ੋਟੋ: ਰਾਣਾ ਵਿੱਗ)

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!