ਤ੍ਰੇਲ ਤੁਪਕਿਆਂ ਦਾ ਗੀਤ – ਅੰਬਰੀਸ਼

Date:

Share post:

ਇਕ ਵਾਰ ਮੈਂ ਉਹਨਾਂ ਕੁਝ ਕੰਮਾਂ, ਅਹਿਸਾਸਾਂ ਦੀ ਸੂਚੀ ਬਣਾਈ ਜਿਹੜੇ ਮੈਂ ਮਰਨ ਤੋਂ ਪਹਿਲਾਂ ਕਰਨਾ, ਮਹਿਸੂਸਣਾਂ ਚਾਹੁੰਦਾ ਸਾਂ। ਉਹਨਾਂ ’ਚ ਕਾਫੀ ਉਪਰ, ਘੱਟੋ-ਘੱਟ ਇਕ ਵਾਰ ਕਿਸੇ ਅਸਲੀ ਸੰਘਣੇ ਜੰਗਲ ’ਚ ਟਰੈਕਿੰਗ ’ਤੇ ਜਾਣਾ ਸੀ। ਇਹ ਕਈ ਸਾਲ ਪਹਿਲਾਂ ਦੀ ਗੱਲ ਹੈ, ਤੇ ਮੈਨੂੰ ਬੜਾ ਸੰਤੋਖ ਹੁੰਦਾ ਕਿ ਇਹ ਤਾਂਘ ਮੇਰੀ ਇਕ ਤੋਂ ਵੱਧ ਵਾਰ ਪੂਰੀ ਹੋ ਚੁੱਕੀ। ਜੰਗਲਾਂ ’ਚ ਏਨੇ ਭ੍ਰਮਣਾਂ ਪਿੱਛੋਂ ਵੀ ਇਹ ਕਾਮਨਾ ਘਟੀ ਨਹੀਂ, ਉਹ ਅਜੇ ਵੀ ਮੈਨੂੰ ਉਂਜ ਹੀ ਪੁਕਾਰਦੇ।
ਜੰਗਲ ਬੇਸ਼ਕ ਡਰਾਉਣੀ ਤੇ ਕਦੇ ਕਦੇ ਜਾਨਲੇਵਾ ਜਗ੍ਹਾ ਹੈ, ਪਰ ਉਹ ਇਕ ਨਿਯਮਬੱਧ , ਲੈਅਬੱਧ ਤੇ ਸੁਹਾਣਾ ਸੰਸਾਰ ਵੀ ਹੈ। ਅਸੀਂ ਬਹੁਤੀ ਵਾਰ ਉਹੀ ਜੰਗਲ ਅਪਣੇ ਅੰਦਰੀਂ ਲਈ ਫਿਰਦੇ ਹਾਂ ਜਿਹੜਾ ਸਾਨੂੰ ਰਵਾਇਤ ਨੇ ਦਿੱਤਾ। ਇਹ ਉਦੋਂ ਦਾ ਜੰਗਲ ਹੈ ਜਦੋਂ ਮਨੁੱਖ ਅਜੇ ਆਧੁਨਿਕ ਨਹੀਂ ਸੀ ਹੋਇਆ ਤੇ ਜੰਗਲ, ਜੰਗਲ ਦਾ ਹਰ ਜੀਵ-ਜਨੌਰ ਉਹਦੇ ਲਈ ਅਣਜਾਣ ਤੇ ਖੂੰਖਾਰ ਸੀ, ਉਹਦੇ ਅੰਦਰ ਡਰ ਪੈਦਾ ਕਰਦਾ ਸੀ। ਉਦੋਂ ਜੰਗਲ ਤੇ ਮਨੁੱਖ ਦਾ ਆਹਮੋ ਸਾਹਮਣੇ ਦਾ ਮੁਕਾਬਲਾ ਸੀ ਤੇ ਉਹ ਉਹਨੂੰ ਅਪਣਾ ਦੁਸ਼ਮਣ ਜਾਪਦਾ, ਜਿਹੜਾ ਹਰ ਪਲ ਉਹਨੂੰ ਨਿਗਲ ਜਾਣ ਨੂੰ ਤਿਆਰ ਰਹਿੰਦਾ। ਇਹ ਮਿਥਿਹਾਸ ਦਾ ਜੰਗਲ ਹੈ। ਇਮਾਰਤਾਂ ਦਾ ‘ਜੰਗਲ’, ‘ਜੰਗਲ ਰਾਜ ਤੇ ਕਵਿਤਾ’ ’ਚ ਜੰਗਲ ਨੂੰ ਏਸੇ ਤਰ੍ਹਾਂ ਵਰਤਦੇ ਹੋਰ ਬਿੰਬ ਹੁਣ ਏਸੇ ਕਾਰਨ ਅਢੁਕਵੇਂ ਨੇ, ਖਾਸ ਕਰ ਉਸ ਬੰਦੇ ਲਈ ਜਿਹਨੇ ਖੁLਦ ਜੰਗਲ ’ਚ ਵਿਚਰ ਕੇ ਉਹਨੂੰ ਕਈ ਵਾਰ ਮਹਿਸੂਸਿਆ ਹੋਵੇ।
ਇਕ ਵਾਰ ਮੈਂ ਇਕ ਕਵੀ ਦੋਸਤ ਨੂੰ ਦੱਸਿਆ ਕਿ ਪਤਾ ਨਹੀਂ ਉਹਨੂੰ ਪਤਾ ਹੋਵੇ ਕਿ ਨਾ ਪਰ ਉਹਦਾ ਨਾਂ ਸੰਸਕ੍ਰਿਤ ਦੇ ਇਕ ਸ਼ਬਦ ਜਿਸਦਾ ਮਾਇਨਾ ‘ਵਣ ਜੰਗਲ’ ਹੈ, ਦਾ ਹੀ ਲੋਕ-ਬੋਲੀ ਦੁਆਰਾ ਸੁਖਾਲਾ ਕਰ ਦਿੱਤਾ ਗਿਆ ਰੂਪ ਹੈ। ਉਸ ਜ਼ਰਾ ਹੈਰਾਨ ਤੇ ਥੋੜ੍ਹਾ ਪਰੇਸ਼ਾਨ ਹੋਕੇ ਕਿਹਾ-ਤਾਂ ਤੁਸੀਂ ਮੈਨੂੰ ਜੰਗਲ ਸਮਝਦੇ ਹੋ! ਜਾਹਰ ਹੈ ਉਹਦੇ ਮਨ ਵਿਚਲਾ ਜੰਗਲ ਮੇਰੇ ਅੰਦਰਲੇ ਵਣਾਂ ਤੋਂ ਵੱਖਰਾ, ਉਹੀ, ਮਿਥਿਹਾਸ ਵਾਲਾ ਜੰਗਲ!
ਵਣਾਂ ਬੇਲਿਆਂ ਦੀ ਸੁੰਦਰਤਾ ਅਕਹਿ ਤੇ ਅਮਾਪ ਹੈ। ਉਹ ਹਰ ਪਲ ਕਿਆਸ਼ੀਲ ਤੇ ਸਿਰਜਣਾਤਿਮਕ ਹਨ। ਜੰਗਲ ਦੀ ਹਰ ਹਰਕਤ, ਕ੍ਰਿਆ, ਉਹਦੇ ਹਰ ਜੀਵ ਤੇ ਪੇੜ ਪੌਦੇ ਦੀ ਸਦਾ ਸੰਪੂਰਨਤਾ ਤਾਈਂ ਪੁਜਣ ਦਾ ਸਹਿਜ ਕੁਦਰਤੀ ਵਰਤਾਰਾ ਹੈ। ਉਹ ਹਰ ਪਲ ਅਪਣੇ ਹਰ ਨਿਜਾਮ ਨੂੰ ਸੋਧਦਾ ਰਹਿੰਦਾ ਤਾਂ ਜੋ ਚਰਿੰਦ ਪਰਿੰਦ, ਫੁੱਲ ਪੱਤਾ, ਹਰ ਪੱਥਰ ਨਦੀ ਇਕ ਦੂਸਰੇ ਦੇ, ਸਭ ਕਾਸੇ ਨਾਲ ਤਾਲਮੇਲ ’ਚ ਰਹਿਣ। ਜੰਗਲ ਅਤਿ ਸੂਖ਼ਮ ਤੇ ਨਾਜ਼ੁਕ ਸਿਰਜਣਾ ਹੈ।
ਉਹਦੇ ਨਾਲ ਰਿਸ਼ਤਾ ਜੋੜਨ ਲਈ ਤੁਹਾਨੂੰ ਪੱਤਿਆਂ ਨੂੰ ਬੋਲਦਿਆਂ ਸੁਣਨਾ ਤੇ ਫੁੱਲਾਂ ਦੇ ਰੰਗਾਂ ਨੂੰ ਅਪਣੀਆਂ ਭਖਦੀਆਂ ਭਾਹਾਂ ਦੀ ਨੁਮਾਇਸ਼ ਕਰਦਿਆਂ ਵੇਖਣਾ ਆਉਣਾ ਚਾਹੀਦਾ ਹੈ। ਕਿੰਜ ਤਨੇ ਹਰੇ ਪੱਤੇ ਲਾਲ ਤੇ ਟਹਣੀਆਂ ਕਦੇ-ਕਦੇ ਬੈਂਗਣੀ ਵੀ ਹੁੰਦੀਆਂ| ਤੇ ਬੈਰੀਆਂ ਦੇ ਪੱਤੇ ਪੱਕੇ ਗੁੱਛੇ ਜਿਉਂ ਧੁੱਪ ’ਚ ਲਿਸ਼ਕਦੇ ਪਾਰਦੀਪਤ ਲਾਟੂ| ਕਿੰਜ ਤਨੇ ਤੁਹਾਡੇ ਪਲੋਸਦੇ ਹੱਥ ਸਹਿਲਾਂਉਦੇ, ਕਿੰਜ ਉਨਾਂ ਕੋਲੋਂ ਲੰਘਦਿਆਂ ਜਾਪਦਾ ਕਿ ਰੁੱਖ ਅਪਣੇ ਨਾਂ ਬੋਲ ਹਾਜ਼ਰੀ ਲੁਵਾ ਰਹੇ, ਕਿੰਜ ਕੋਈ ਮਹਿਕ ਅਚਾਨਕ ਹਵਾ ’ਚ ਤੈਰਦੀ ਔਂਦੀ ਤੇ ਤੁਸੀਂ ਗਹਿਰਾ ਸਾਹ ਲੈਂਦੇ, ਵਾਹ! ਰੱਬ ਦੀ ਅਪਣੀ ਪਸੰਦ ਦੀ ਮਹਿਕ|
ਮੇਰੇ ਚਾਚੇ ਦਾ ਪੁੱਤ ਭਰਾ ਅਮਰੀਕਾ ’ਚ ਬਾਲਟੀਮੋਰ ਨੇੜੇ ਇਕ ਛੋਟੇ ਸ਼ਹਿਰ ’ਚ ਰਹਿੰਦਾ| ਅਤਿ ਸੋਹਣੇ ਇਲਾਕੇ ’ਚ ਉਹਦਾ ਅਤਿ ਸੋਹਣਾ ਘਰ ਐਨ ਇਕ ਜੰਗਲ ਦੀ ਹੱਦ ’ਤੇ| ਸ਼ਹਿਰ ’ਚ ਜੰਗਲ! ਜੰਗਲ ਜਿਹੜਾ ਉਸ ਸ਼ਹਿਰ ਦੇ ਵਿਚਾਲੇ ਬਚਾ ਰੱਖਿਆ ਗਿਆ ਹੈ| ਬਾਹਰ ਬਾਲਕਨੀ ’ਚ ਬੈਠਿਆਂ ਤੁਹਾਨੂੰ ਅਕਸਰ ਹਿਰਨਾਂ ਦੇ ਝੁੰਡ ਵਿਖਾਲੀ ਦੇ ਜਾਂਦੇ| ਤੇ ਘਰ ਤੋਂ ਉਹਦੇ ਕੰਮ ਵਾਲੀ ਥਾਂ ਨੂੰ ਜਾਂਦਿਆਂ ਵੀ ਰਾਹ ’ਚ ਸੰਘਣਾ ਜੰਗਲ ਪੈਂਦਾ| ਅਮਰੀਕਾ ਦੇ ਅਨੇਕ ਨੈਸ਼ਨਲ ਪਾਰਕਾਂ ਤੇ ਜੰਗਲੀ ਜੀਵ ਰੁੱਖਾਂ ਵਾਂਗ ਉਹ ਵਿਸ਼ਾਲ ਵਣ ਵੀ ਨੈਸ਼ਨਲ ਪਾਰਕ ਹੈ, ਪਟਾਸਪੋ ਨੈਸ਼ਨਲ ਪਾਰਕ| ਮੈਂ ਕੱਲਿਆਂ ਉਥੇ ਪੂਰਾ ਇਕ ਦਿਨ ਬਿਤਾਇਆ| ਉਹ ਇਕ ਧੁੱਪ ਵਾਲਾ ਦਿਨ ਸੀ ਤੇ ਮੈਂ ਜੰਗਲ ’ਚ ਰੋਸ਼ਨੀ-ਨੇ੍ਹਰੇ ਦੀ ਖੇਡ ਵੇਖਦਾ ਸਾਰਾ ਦਿਨ ਘੁੰਮਦਾ ਰਿਹਾ ਸਾਂ|
ਇਕੋ ਥਾਂ ਧੁੱਪ ਦੀਆਂ ਕਈ ਭਾਹਾਂ ਵੇਖਣੀਆਂ ਹੋਣ ਤਾਂ ਜੰਗਲ ’ਚ ਵਿਚਰੋ| ਉਥੋਂ ਦੀ ਧੁੱਪ ਜਿਹੀ ਧੁੱਪ ਕਿਤੇ ਹੋਰ ਨਾ ਹੁੰਦੀ| ਘਾਹ ਸ਼ੀਸ਼ੇ ਵਾਂਗ ਲਿਸ਼ਕਦੇ, ਕਿਤੇ ਪੱਤੇ ਅਸੰਖ ਹਰੀਆਂ ਚੀਨੀ ਲਾਲਟੈਣਾਂ ਵਾਂਗ ਜਗਦੇ| ਸੰਘਣੇ ਰੁੱਖ ਛਤਰਿਆਂ ’ਚੋਂ ਛਣ ਕੇ ਔਂਦੀ ਧੁੱਪ ਮੋਟੇ ਤਨਿਆਂ ਵੇਲਾਂ ਬਨਸਪਤੀਆਂ ’ਚੋਂ ਗੁਜ਼ਰਦੀ, ਜ਼ਮੀਨ ’ਤੇ ਪਏ ਪੀਲੇ ਭੁਰੇ ਮਿੱਟੀ ਰੰਗੇ ਪੱਤਿਆਂ ਨੂੰ ਸੁਕਾਂਦੀ, ਉਹ ਪੈਰਾਂ ਥੱਲੇ ਖੜ-ਖੜ ਕਰਦੇ| ਕਦੇ ਸੰਘਣੀ ਬਨਸਪਤੀ ’ਚ ਚਰਦੀ ਤੇ ’ਚਾਨਕ ਖੜਕੇ ਨਾਲ ਚੌਕੰਨੀ ਹੋ ਗਈ ਹਿਰਨੀ ਦੀਆਂ ਅੱਖਾਂ ’ਚ ਲਿਸ਼ਕਦੀ, ਤਿਤਲੀਆਂ ਦੇ ਪੀਲੇ ਸਫੇਦ ਜਾਮਣੀ ਰੰਗਾਂ ’ਤੇ ਸਪਾਟਲਾਈਟ ਵਾਂਗ ਪੈਂਦੀ| ਹੁਣੇ ਹਰੀ ਸੀ, ਹੁਣ ਗੁਲਾਬੀ ਸੁਨਿਹਰੀ ਹੋ ਗਈ, ਐਹ ਤਾਂਬੇ ਦੇ ਰੰਗ ਦੀ ਹੋਈ! ਕਿਤੇ ਏਨੀ ਚਮਕਦੀ ਕਾਟਵੀਂ ਕਿ ਪਰਛਾਵੇਂ ਰੁੱਖਾਂ ਤੋਂ ਵੀ ਸ਼ਾਂਤ ਤੇ ਸੋਹਣੇ ਲੱਗਦੇ, ਜਾਪਦਾ ਕਿਸੇ ਵੀ ਇਕ ਪਰਛਾਵੇਂ ’ਚ ਬੈਠ ਬੰਦੇ ਨੂੰ ਨਿਰਵਾਣ ਪ੍ਰਾਪਤ ਹੋ ਸਕਦਾ| ਏਨੀ ਪਾਰਦਰਸ਼ੀ ਕਿਤੇ ਕਿ ਦੂਰ ਤਾਈਂ ਉਡਦੇ ਮਾਈ ਬੁੱਢੀ ਦੇ ਝਾਟੇ ਤੇ ਮੱਕੜੀਆਂ ਦੇ ਜਾਲੇ ਅਪਣੇ’ਚ ਫਾਥੇ ਕੀਟਾਂ ਸਮੇਤ, ਦੂਰੋਂ-ਦੂਰੋਂ ਲਿਸ਼ਕਦੇ ਦਿਸਦੇ| ਇਹ ਜੰਗਲ ਦਾ ਹੀ ਜਾਦ ਹੈ । ਇੰਜ ਦੀ ਧੁੱਪ ਕਿਤੇ ਹੋਰ ਨਾ ਹੁੰਦੀ|
ਬਾਲਟੀਮੋਰ ਤੋਂ ਜ਼ਰਾ ਹਟਵੇਂ ਉਸ ਸ਼ਹਿਰ ’ਚ, ਤੁਸੀਂ ਕਿਤੋਂ ਕਿਤੇ ਚਲੇ ਜਾਓ, ਹਰ ਪਾਸੇ ਰੁੱਖ ਹਰਿਆਉਲ ਤੇ ਸੰਘਣੀ ਬਨਸਪਤੀ| ਕਿਤੇ ਕਿਤੇ ਲਗਦਾ ਤੁਸੀਂ ਸ਼ਿਮਲਾ, ਡਲਹੌਜ਼ੀ ਦੀਆਂ ਪਹਾੜੀ ਸੜਕਾਂ ’ਤੇ ਘੁੰਮ ਰਹੇ| ਇਕ ਜਗ੍ਹਾ ਮੈਨੂੰ ਸੜਕ ਦੇ ਨਾਲ ਹੀ ਕੈਨੇਡਿਆਈ ਹੰਸਾਂ ਦਾ ਵੱਡਾ ਝੁੰਡ ਬੇਖੌLਫ਼ ਚੁਗਦਾ ਵਿਖਾਲੀ ਦਿੱਤਾ| ਮੇਰੇ ਚਾਚੇ ਦੇ ਕਹਿਣ ਅਨੁਸਾਰ ਸਿਰਫ਼ ਬਾਲਟੀਮੋਰ ’ਚ ਹੀ ਏਨੇ ਰੁੱਖ ਨੇ ਕਿ ਸਾਰੇ ਪੰਜਾਬ ’ਚ ਨਹੀਂ ਹੋਣੇ| ਅਮਰੀਕੀਆਂ ਨੇ ਅਪਣੇ ਜੰਗਲ ਤਾਂ ਸਾਂਭ ਕੇ ਰੱਖੇ ਹੋਏ, ਬਾਕੀ ਦੁਨੀਆਂ ਦੇ ਜੰਗਲਾਂ ਨਾਲ ਉਹ ਕੀ ਕਰ ਰਹੇ, ਇਹ ਵੱਖ ਮਸਲਾ|
ਸਾਲ ਕੁ ਹੋਇਆ ਮੈਂ ਇਕ ਫਿਲਮ ਵੇਖੀ “Mr & Mrs Iyer” ਇਕ ਬਹੁਤ ਖੂਬਸੂਰਤ ਪ੍ਰੇਮ ਕਹਾਣੀ ਮਜ਼ਹਬੀ ਦੰਗਿਆਂ ਦੇ ਸੰਤਾਪ ’ਚ ਉਣੀ ਹੋਈ| ਉਹਦੇ ਇਕ ਸੀਨ ’ਚ ਨਾਇਕ ਇਕ ਜੰਗਲ ’ਚ ਇਕ ਜ਼ਰਾ ਖੁੱਲ੍ਹੀ ਥਾਂ ’ਤੇ ਲੇਟ ਜਾਂਦਾ| ਸੁਬ੍ਹਾ ਦਾ ਸਮਾਂ, ਉਹ ਕੰਨ ਧਰ ਕੁਝ ਸੁਣਨ ਲੱਗਦਾ, ਤੇ ਨਾਇਕਾ ਨੂੰ ਜਿਹੜੀ ਉਹਦੇ ਕੋਲ ਹੀ ਬੈਠੀ, ਪੁੱਛਦਾ, ਤੈਨੂੰ ਸੁਣਦਾ ਕੁਝ ? ਜ਼ਰਾ ਧਿਆਨ ਨਾਲ ਸੁਣ, ਟੱਪ…ਟੱਪ ਟੱਪ ਟੱਪ, ਇਹ ਪੱਤਿਆਂ ਤੋਂ ਤੇ੍ਰਲ ਤੁਪਕੇ ਡਿੱਗਣ ਦੀ ਆਵਾਜ਼ ਹੈ| ਇਸ ਤੋਂ ਸੋਹਣਾ ਸੰਗੀਤ ਹੈ ਕੋਈ ਇਸ ਦੁਨੀਆਂ ’ਚ?
ਮੈਂ ਹੈਰਾਨ ਹੋਇਆ, ਕਿੰਨੀ ਵਾਰ ਜੰਗਲਾਂ ’ਚ ਘੁੰਮਿਆਂ ਹਾਂ, ਮੈਨੂੰ ਕਿਉਂ ਨਾ ਸੁਣੀ ਕਦੇ ਇਹ ਆਵਾਜ਼ ? ਕਿੰਜ ਦੀ ਹੋਏਗੀ ? ਫਿਲਮ ’ਚ ਚੱਲਦੀ ਪ੍ਰੇਮ ਕਹਾਣੀ ਜਿੰਨੀ ਹੀ ਸੂਖ਼ਮ ਤੇ ਨਿਰਸ਼ਬਦ?
ਜੰਗਲਾਂ, ਬੇਲਿਆਂ, ਵੀਰਾਨ ਥਾਵਾਂ ਤੇ ਅਨੇਕ ਅਸਧਾਰਣ ਪਾਤਰਾਂ ਦਾ ਦਿਲਚਸਪ ਤੇ ਟੁੰਬਵਾਂ ਚਿਤਰਣ ਤੁਹਾਨੂੰ ਤੁਰਗਨੇਵ ਦੇ “A Hunter`s Sketches” ’ਚ ਮਿਲਦਾ| ਇਹ ਕਿਤਾਬ ਮੈਂ ਬਹੁਤ ਚਿਰ ਪਹਿਲਾਂ ਪੜ੍ਹੀ ਸੀ ਪਹਿਲੀ ਵਾਰ, ਜੰਗਲਾਂ ਨਾਲ ਮੇਰੇ ਤੇਹ ’ਚ ਇਸ ਕਿਤਾਬ ਦਾ ਵੀ ਹੱਥ ਹੈ। ਜਿਹੜੀ ਸ਼ਿੱਦਤ ਤੇ ਸ਼ਕਤੀ ਇਸ ਤੇਹ ’ਚ ਹੈ, ਉਹਦੀ ਪ੍ਰਬਲਤਾ ਕਿਸੇ ਨਾਰੀ ਦੇ ਪ੍ਰੇਮ ’ਚ ਪੈਣ ਤੋਂ ਘੱਟ ਨਹੀਂ| ਸਗੋਂ ਦੋਹਾਂ ਨਾਲ ਪਿਆਰ ਆਪਸ ’ਚ ਰਲਗੱਡ ਹੋ ਜਾਂਦੇ| ਜੰਗਲ ’ਚ ਘੁੰਮਦਿਆਂ ਕੁਝ ਪੱਤਿਆਂ ’ਤੇ ਲੂਈਂ ਤੁਹਾਨੂੰ ਅਪਣੇ ਪਿਆਰੇ ਦੀ ਜਿਲਦ ’ਤੇ ਕੋਮਲ ਲੂਈਂ ਦੀ ਯਾਦ ਦਵਾਉਂਦੀ| ਹਵਾ ਰੁਮਕਣ ’ਤੇ ਪੱਤੇ ਧੁੱਪ ’ਚ ਲਿਸ਼ਕਣ ਲੱਗਦੇ ਤਾਂ ਤੁਹਾਨੂੰ ਉਹਦਾ ਦਗਦਾ ਰੰਗ ਤੇ ਚਿਹਰਾ ਯਾਦ ਔਂਦੇ| ਯਾਦ ਔਂਦਾ ਹਲਕੀਆਂ ਪੀਲੀਆਂ ਕਿਨਾਰੀਆਂ ਵਾਲੇ ਪੰਜੁੱਕਰੇ ਪੱਤਿਆਂ, ਤਿਤਰ ਮਿਤਰ ਜਗੂੰ ਬੁਝੂੰ ਧੁੱਪ ਛਾਂ ਵਾਲਾ ਉਹ ਰੁੱਖ| ਤੁਸੀਂ ਉਹਦੀ ਪਾਰਦੀਪਤ ਜਿਲਦ ਥੱਲੜੀ ਹਰ ਧਮਣੀ, ਹਰ ਕੋਸ਼ਕਾ ’ਚ ਲਹੂ ਬਣ ਉਂਜ ਹੀ ਵਿਚਰਣਾ ਚਾਹੁੰਦੇ ਜਿਉਂ ਜੰਗਲ ਦੀ ਹਰ ਟਹਿਣੀ, ਹਰ ਰੁੱਖ ਦੇ ਹਰ ਪੱਤੇ ’ਚ ਚਲਦੇ ਰਸ ਨਾਲ ਮਿਲ ਵਹਿਣਾ|
ਡਲਹੌਜ਼ੀ ਤੋਂ ਕਾਲਾ ਟੋਪ ਗਿਆ ਮੈਂ ਇਕ ਵਾਰ, ਇਕ ਪਗਡੰਡੀ ’ਤੇ ਤੁਰਦਾ ਜੰਗਲ ਦੇ ਅੰਦਰ ਹੋਰ ਅੰਦਰ ਨੂੰ ਜਾਣ ਲੱਗਾ| ਉਥੇ ਗਹਿਨ ਚੁੱਪ, ਪੰਛੀਆਂ, ਬੀਂਡਿਆਂ ਦੀਆਂ ’ਵਾਜ਼ਾਂ, ਰੋਸ਼ਨੀ ਸਾਇਆਂ ਤੇ ਧੁੱਪ ਪਰਛਾਵਿਆਂ ਦੀ ਸਿਫ਼ਨੀ ਸੀ| ਪੈਰਾਂ ਥੱਲੇ ਮ੍ਰਿਤ ਪੱਤੇ ਮਿੱਟੀ ’ਚ ਵਟ ਰਹੇ ਤੇ ਮਿੱਟੀ ਨਵਜਾਤ ਹਰੇ ਰੰਗ ’ਚ| ਮੈਂ ਉਸ ਸਿਫ਼ਨੀ ਦਾ ਸੰਮੋਹਿਆ, ਜੰਗਲ ’ਚ ਹੋਰ ਅੰਦਰ, ’ਗਾਂਹ ਤੁਰਦਾ ਰਿਹਾ ਕਿ ’ਚਾਨਕ ਰੌਂਗਟੇ ਖੜੇ੍ਹ ਹੋ ਗਏ| ਜਾਪਿਆ ਦਰਖ਼ਤਾਂ ਦੇ ਤਨਿਆਂ, ਚੱਟਾਨਾਂ ਤੇ ਝਾੜੀਆਂ ਦੇ ਨੇ੍ਹਰਿਆਂ ਪਿੱਛੋਂ ਕਈ ਖੁੰੂਖਾਰ ਅੱਖਾਂ ਮੈਨੂੰ ਘੋਖ ਰਹੀਆਂ| ਕਿੰਨਾ ’ਕੱਲਾ ਹੋ ਗਿਆ ਮੈਂ ਉਨ੍ਹੀਂ ਪਲੀਂ। ਮਰਨ ਦੇ ਛਿਣਾਂ ਜਿੰਨਾ ਜਾਂ ਭਰਪੂਰ ਜੀਣ ਦੇ ਪਲੀਂ ਹੋਈਏ| ਮੇਰਾ ਲੂੰਅ ਲੂੰਅ ਸਿਹਰਦਾ ਸੀ, ਫਿਰ ਵੀ ਮੈਂ ਜੰਗਲ ਦੇ ਹੋਰ ਅੰਦਰ, ਉਹਦੇ ਦਿਲ ਨੂੰ ਜਾਂਦੀ ਲੀਹ ’ਤੇ ਕੁਝ ਹੋਰ ਦੂਰ ਤਾਈਂ ਤੁਰਦਾ ਰਿਹਾ ਸਾਂ|
ਇੰਜ ਜਾਣਬੁੱਝ, ਜੰਗਲ ਦੇ ਨੇ੍ਹਰੇ, ਸਨਸਨੀਖ਼ੇਜ਼ ਤੇ ਖ਼ਤਰਨਾਕ ਰਾਹਾਂ ’ਤੇ ਤੁਰਨ ’ਚ ਕਿਸੇ ਔਰਤ ਨਾਲ ਵਰਜਤ ਪ੍ਰੇਮ ’ਚ ਪੈਣ ਜਿੰਨਾ ਜੋਖਮ ਤੇ ਰੋਮਾਂਚ ਨੇ|
ਹੁਸ਼ਿਆਰਪੁਰ ਨੇੜੇ ਦੇ ਅਰਧ ਪਹਾੜੀ ਇਲਾਕੇ ਦੇ ਇਕ ਨਿੱਕੇ ਪਿੰਡ ਮਹਿੰਗਰੋਵਾਲ ਕੋਲ ਇਕ ਪਹਾੜੀ ਦੀ ਟੀਸੀ ’ਤੇ ਉਸਰੇ ਜਿਸ ਜੰਗਲਾਤੀ ਰੈਸਟ ਹਾਊਸ ’ਚ ਬੈਠਾ ਮੈਂ ਇਹ ਟੋਟਾ ਲਿਖ ਰਿਹਾਂ, ਉਹ ਵੀ ਸੰਘਣੇ ਜੰਗਲ ’ਚ ਘਿਰਿਆ, ਟਾਹਣੀਆਂ ਪੱਤਿਆਂ ’ਚ ਲੁਕਿਆ ਆਲ੍ਹਣਾ ਜਿਹਾ| ਨਿੰਮ, ਚੀੜ, ਕਨੇਰ ,ਧਰੇਕ ,ਫਲਾਹੀ, ਖੈਰ, ਕਿੱਕਰ, ਸਿੰਮਲ, ਕੜ੍ਹੀਪੱਤਾ, ਤੇ ਸਾਗਵਾਨ ਤੇ ਮੇਰੇ ਅਣਜਾਣੇ ਹੋਰ ਕਿੰਨੇ ਹੀ ਰੁੱਖਾਂ ’ਚ ਘਿਰਿਆ ਦੂਰੋਂ ਮਸਾਂ ਹੀ ਦਿਸਦਾ ਏ ਇਹ ਰੈਸਟ ਹਾਊਸ| ਤੇ ਪੈਰ ਪੈਰ ’ਤੇ ਪੀਲੇ ਫੁੱਲਾਂ ਵਾਲੀਆਂ ਬਨ ਕਰੇਲੇ ਦੀਆਂ ਵੇਲਾਂ|
ਹੁਣ ਅੱਧੀ ਰਾਤ ਹੋ ਗਈ ਹੈ ਤੇ ਅਸੀਂ ਅਜੇ ਵੀ ਬਾਹਰ ਬੈਠੇ ਹਾਂ| ਠੰਡਾ ਭਿੱਜਿਆ ਪੁਰਾ ਚੱਲਦਾ, ਤਾਰੇ ਭਰ ਖਿੜੇ, ਤੇ ਇਕਸਾਰ ਭਾਵੇਂ ਪਰ ਮਿੱਠਾ, ਲੱਖਾਂ ਬੀਂਡਿਆਂ ਦਾ ਆਰਕੈਸਟਰਾ ਲਗਾਤਾਰ ਵੱਜਦਾ| ਬੀਂਡਿਆਂ, ਝੀਗਰਾਂ ਤੇ ਡੱਡੀਆਂ ਦੇ ਇਹ ਮਿਲਣ ਗੀਤ ਸਾਰੀ ਰਾਤ ਤੇ ਚੌਖੀ ਸੁਬ੍ਹਾ ਤਾਈਂ ਚੱਲਣੇ| ਫਿਰ ਅੰਮ੍ਰਿਤ ਵੇਲੇ ਦੇ ਪੰਛੀਆਂ ਦੇ ਗੀਤ, ਪਪੀਹੇ ਦੀ ਦਿਲ ਹਲੂਣਵੀਂ ਪੀਹੂ-ਪੀਹੂ ਤੇ ਥੱਲੜੀ ਵਾਦੀ ਦੇ ਆਰ ਪਾਰ ਫੈਲਦੀਆਂ ਮੋਰਾਂ ਦੀਆਂ ਉਚੀਆਂ ਕੂਕਾਂ ਨਾਲ ਰਲ ਜਾਣੇ| ਦਿਨ ’ਚ ਸੁਣਾਈ ਘੱਟ ਦੇਣਾ ਪਰ ਜੰਗਲ ਦਾ ਇਹ ਗੀਤ ਲਗਾਤਾਰ ਚੱਲਣਾ| ਦੁਨੀਆਂ ’ਚ ਇਸ ਤੋਂ ਸੋਹਣੀ ਥਾਂ ਦਾ ਤਸੱਵਰ ਕਰਨਾ ਘੱਟੋ ਘੱਟ ਇਨ੍ਹੀਂ ਪਲੀਂ ਤਾਂ ਮੁਸ਼ਕਲ ਹੈ|
ਸੁਬ੍ਹਾ ਹੋਈ ਤਾਂ ਮੈਂ ਡਾਕਬੰਗਲੇ ਤੋਂ ਥੱਲੇ ਚੋਅ ਤਾਈਂ ਉਤਰਦੀ ਸੰਘਣੇ ਦਰLਖਤਾਂ ਝਾੜੀਆਂ ’ਚੋਂ ਵਲ ਖਾਂਦੀ ਲੰਘਦੀ, ਇੱਟਾਂ ਦੀ ਤੰਗ ਸੜਕ ’ਤੇ, ਜੰਗਲ ’ਚ ਸੁਬ੍ਹਾ ਦੀ ਸੁਬਕ ਰੋਸ਼ਨੀ ਦੇ ਰੰਗ ਦੇਖਣ ਹੋ ਤੁਰਿਆ| ਨਰਮ ਜੰਗਲ ਦੇ ਨੇ੍ਹਰਿਆਂ ਥਾਵਾਂ ਤੋਂ ਅਜੇ ਵੀ ਹਟਵੀਂ (ਤੇ ਹਲਕੀ ਹਰੀ?) ਰੋਸ਼ਨੀ ਨਾਲ ਸਾਰਾ ਜੰਗਲ ਆਲੋਕਿਤ ਸੀ ਕਿ ’ਚਾਨਕ ਠਿਠਕ ਕੇ ਥਾਵੇਂ ਰੁਕ ਗਿਆ| ਟਪ…ਟਪ ਟਪ ਟਪ…ਟੱਪ ਟੱਪ…,ਮੈਨੂੰ ਵਿਸ਼ਵਾਸ਼ ਨਾ ਹੋਵੇ, ਇਹ ਤਾਂ ਤੇ੍ਰਲ ਤੁਪਕਿਆਂ ਦਾ ਗੀਤ ਸੀ| ਜਿਸ ਰੁੱਖ ਥੱਲੇ ਮੈਂ ਖੜ੍ਹਾ ਉਹਦੇ ਪੱਤੇ ਮ੍ਰਿਦਿੰਗਾਂ ਵਾਂਗ ਵੱਜ ਰਹੇ ਸੀ| ਰਾਤ ਵਾਲੇ ਬੀਂਡੇ ਅਜੇ ਵੀ ਟ੍ਰੀਂਅ …ਗਾ ਰਹੇ, ਬਹੁਤ ਸਾਰੇ ਪੰਛੀਆਂ ਦੀਆਂ ਆਵਾਜ਼ਾਂ ਵਿਚ ਆ ਰਲੀਆਂ ਸੀ ਪਰ ਇਨ੍ਹਾਂ ਸਭ ਤੋਂ ਵੱਖਰੀ ਖ਼ਾਸ, ਇਹ ਤੇ੍ਰਲ ਤੁਪਕਿਆਂ ਦੇ ਡਿੱਗਣ ਦੀ ਹੀ ਆਵਾਜ਼ ਸੀ| ਅਕਾਸ਼ ਬਿਲਕੁਲ ਸਾਫ਼ ਸੀ ਤੇ ਦੂਰ ਪਹਾੜੀ ਪਿੱਛੋਂ ਹੁਣੇ ਉਦੈ ਹੋਏ ਸੂਰਜ ਦੀ ਰੋਸ਼ਨੀ ਨਾਲ, ਸਾਗਵਾਨ ਦੇ ਵੱਡੇ ਵੱਡੇ ਪੱਤਿਆਂ ’ਤੇ ਕਿਤੇ ਕਿਤੇ ਗੁਲਾਬੀ-ਸੁਨਿਹਰੀ ਭਾਹ ਫਿਰ ਗਈ ਸੀ| ਥਾਲੀ ਥਾਲੀ ਜਿੱਡੇ ਉਹ ਪੱਤੇ ਜਾਪਦਾ ਅੰਦਰੂਨੀ ਹਰੀ ਰੋਸ਼ਨੀ ਨਾਲ ਜਗ ਰਹੇ| ਤੇ ਪੱਤਿਆਂ ਤੋਂ ਪੱਤਿਆਂ ’ਤੇ ਰਾਤ ਦੀ ਨਮੀ ਨਾਲ ਮੋਟੀਆਂ ਤੇ ਭਾਰੀਆਂ ਹੋਈਆਂ ਤੇ੍ਰਲ-ਬੂੰਦਾਂ ਦੇ ਡਿੱਗਣ ਦੀ ਆਵਾਜ਼ ਨੂੰ ਬਿਆਨ ਕਰਨਾ ਮੁਸ਼ਕਲ ਹੈ| ਟਪ ਟਪ…ਦੀ ਧਵਨੀ ਤੋਂ ਇਹ ਕਿਤੇ ਗਹਿਰੀ ਤੇ ਗੂੰਜ ਵਾਲੀ ਆਵਾਜ਼ ਸੀ, ਜਿਉਂ ਤਬਲਾਵਾਦਕ ਰੱਸੀਆਂ ਕੱਸ ਪੋਟੇ ਠਣਕਾ ਸੁਣ ਰਿਹਾ ਹੋਵੇ, ਤਾਲ ’ਚ ਔਣ ਕਰ ਰਿਹਾ ਹੋਵੇ| ਜਾਂ ਜਿਉਂ ਮੋਹਲੇਧਾਰ ਮੀਹ ਤੋਂ ਪਹਿਲਾਂ ਚੌੜੇ ਖੁਸ਼ਕ ਪੱਤਿਆਂ ’ਤੇ ਇਕ ਇਕ ਕਰਕੇ ਮੋਟੇ ਟੇਪੇ ਡਿੱਗਦੇ, ਜਾਪਿਆਂ ਸਾਗਵਾਨ ਦਾ ਹਰ ਰੁੱਖ ਅਪਣੀ ਵੱਖਰੀ ਕਿਣਮਿਣੀ ’ਚ ਭਿੱਜ ਰਿਹਾ…। ਸੰਮੋਹਿਆ ਮੈਂ ਕਿੰਨਾ ਚਿਰ ਉਥੇ ਖੜ੍ਹਾ ਰਿਹਾ| ਸੜਕ ਦੁਆਲੇ ਹੋਰ ਵੀ ਕਿੰਨੇ ਰੁੱਖ ਸੀ, ਪਰ ਤੇ੍ਰਲ ਤੁਪਕਿਆਂ ਦੀ ਆਵਾਜ਼ ਸਿਰਫ਼ ਸਾਗਵਾਨ ਦੇ ਰੁੱਖਾਂ ਥੱਲੇ ਖਲੋਣ ’ਤੇ ਹੀ ਸੁਣਦੀ| ਇਹਨੂੰ ਸੁਣਨਾ ਅਸੀਸ ਸੀ ਤੇ ਇਕ ਅਲੌਕਿਕ ਅਨੁਭਵ|
ਚੋਅ ਤਾਈਂ ਹੋ ਕੇ ਪਰਤਿਆ ਤਾਂ ਸੂਰਜ ਕਾਫੀ ’ਤਾਂਹ ਚੜ੍ਹ ਆਇਆ ਸੀ, ਸਾਗਵਾਨਾਂ ਦੇ ਪੱਤੇ ਖੁਸ਼ਕ ਹੋ ਗਏ, ਤੇ ਤੇ੍ਰਲ ਤੁਪਕਿਆਂ ਦੀਆਂ ਆਵਾਜ਼ਾ ਬੰਦ ਹੋ ਗਈਆਂ ਸਨ| ਜ਼ਾਹਰ ਹੈ ਇਸ ਗੀਤ ਨੂੰ ਸੁਣਨ ਵਾਸਤੇ ਬਿਲਕੁਲ ਸਹੀ ਸਮੇਂ, ਸਹੀ ਜੰਗਲ ਦੇ ਸਹੀ ਰੁੱਖ ਥੱਲੇ ਖਲੋਣਾ ਪਵੇਗਾ| ਤੇ ਇਹ ਵੀ ਕਿ ਪਿਛਲੀ ਸਾਰੀ ਰਾਤ ਆਸਮਾਨ ਨਿੰਮਲ ਰਿਹਾ ਹੋਏ|
ਪੰਜਾਬ ਦੇ ਅਰਧ ਪਹਾੜੀ, ਕੰਢੀ ਦੇ ਇਲਾਕਿਆਂ ’ਚ ਮਹਿੰਗਰੋਵਾਲ ਜਿਹੇ ਕਿੰਨੇ ਹੀ ਥਾਂ ਨੇ, ਲੁਕੇ ਛਿਪੇ ਅਣਜਾਣੇ ਜੰਗਲੀ| ਇਹ ਚੰਗੀ ਗੱਲ ਮਹਿੰਗਰੋਵਾਲ ਦੀ ਵਿਲੱਖਣਤਾ ਸੈਲਾਨੀਆਂ ਤੋਂ ਪਰ੍ਹੇ ਰਹਿ ਕੇ ਹੀ ਹੈ|
ਜੰਗਲ ਬੰਦੇ ਦਾ ਆਦਿ ਹੈ| ਆਧੁਨਿਕ ਮਨੁੱਖ ਅੰਦਰ ਦੂਰ ਥੱਲੇ ਕਿਤੇ ਦੱਬੀ ਸਹੀ ਸੱਭਿਅਤਾ ਸੰਸਕ੍ਰਿਤੀ ਦੀਆਂ ਅਨੇਕ ਪਰਤਾਂ ਥੱਲੇ ਲੁਕੀ ਛਿਪੀ ਹੀ ਸਹੀ, ਪਰ ਕੁਦਰਤ| ਜੰਗਲ ਨੂੰ ਪਰਤਣ ਦੀ ਉਹਦੀ ਤਾਂਘ ਅਮਿਟ ਤੇ ਅਮਰ ਹੈ| ਖ਼ਤਰਿਆਂ ਨਾਲ ਖੇਡਣ ਦੀ ਆਦਿਮ ਪ੍ਰਵਿਰਤੀ ਵੀ ਜੰਗਲ ਦੀ ਹੀ ਦੇਣ ਹੈ| ਨਹੀਂ ਤਾਂ ਕਿਉਂ ਬੰਦੇ ਦੁਰਗਮ ਦੱਰਿਆਂ ਨੂੰ ਪਾਰ ਕਰਦੇ ਪਰਬਤ ਸਿਖ਼ਰਾਂ ’ਤੇ ਪੁੱਜਦੇ, ਚੂਕਦੇ ਜਹਾਜ਼ਾਂ ’ਤੇ ਅਣਜਾਣ ਸਮੁੰਦਰਾਂ ’ਚ ਠਿਲ੍ਹਦੇ, ਫਾਰਮੂਲਾ ਵਨ ਕਾਰ ਰੇਸਾਂ ’ਚ ਮਰਦੇ, ਬੰਜੀ ਜੰਪਿੰਗ ਤੇ ਹੋਰ ਅਤਿ ਖੇਡਾਂ “Extreme Sports” ’ਚ ਹਰ ਵਾਰ ਜਾਨ ਦੀ ਬਾਜ਼ੀ ਲਗਾਉਂਦੇ, ਅਯੋਗ ਅਵੈਧ ਪ੍ਰੇਮ ’ਚ ਪੈਂਦੇ…?

ਅੰਬਰੀਸ਼

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!