ਤ੍ਰਕਾਲਾਂ ਦੀ ਧੁੱਪ ­­- ਬਲਦੇਵ ਸਿੰਘ

Date:

Share post:

ਅੱਜ ਕੱਲ੍ਹ, ਅਜੀਬ ਮਾਨਸਿਕ ਤਣਾਓ ਭੋਗ ਰਹੀ ਆਂ ਮੈਂ। ਹੋ ਸਕਦਾ ਹੈ, ਦੂਸਰਿਆਂ ਲਈ ਇਹ ਗੱਲ ਕੋਈ ਖ਼ਾਸ ਨਾ ਹੋਵੇ, ਪਰ ਮੇਰੇ ਲਈ ਰਾਤਾਂ ਦੀ ਨੀਂਦ ਉਡਾਉਣ ਵਾਲੀ ਹੈ। ਮੈਂ ਬੜੀ ਦੁਬਿੱਧਾ ਵਿਚ ਹਾਂ, ਇਸ ਤਰ੍ਹਾਂ ਦੀ ਗੱਲ ਨਸ਼ਰ ਕਰਨੀ ਚਾਹੀਦੀ ਹੈ ਜਾਂ ਨਹੀਂ। ਇਹ ਤਾਂ ਆਪਣੇ ਸਰੀਰ ਦੇ ਕਿਸੇ ਲੁਕਵੇਂ ਥਾਂ ਨਿਕਲੇ ਫੋੜੇ ਨੂੰ ਦਿਖਾਉਣ ਵਰਗੀ ਗੱਲ ਹੈ। ਬਰਦਾਸ਼ਤ ਦੀ ਵੀ ਕੋਈ ਸੀਮਾ ਹੁੰਦੀ ਹੈ। ਜੇ ਇਸ ਤਰ੍ਹਾਂ ਅੰਦਰੇ-ਅੰਦਰ ਆਪਣੇ ਨਾਲ ਘੁਲਦੀ ਰਹੀ ਤਾਂ ਮੈਂ ਪਾਗ਼ਲ ਹੋ ਜਾਵਾਂਗੀ ਜਾਂ ਕਿਸੇ ਦਿਨ ਸੁੱਤੀ ਦੀ ਸੁੱਤੀ ਰਹਿ ਜਾਵਾਂਗੀ।
ਭਲਾ ਐਨਾ ਕੁਝ ਅੱਖੀਂ ਵੇਖ ਕੇ ਕੋਈ ਸਹਿਣ ਕਰ ਸਕਦਾ ਹੈ। ਮੈਂ ਤਾਂ ਥਾਏਂ ਸੁੰਨ ਹੋ ਗਈ ਸਾਂ, ਖੜ੍ਹੀ ਦੀ ਖੜ੍ਹੀ ਰਹਿ ਗਈ। ਹੈਰਾਨ ਸਾਂ ਮੈਨੂੰ ਗਸ਼ ਕਿਉਂ ਨਹੀਂ ਪਈ।
ਦੋ-ਤਿੰਨ ਮਹੀਨੇ ਪਹਿਲਾਂ ਦੀਆਂ ਗੱਲਾਂ ਨੇ। ਮੈਨੂੰ ਸਮਝ ਨਹੀਂ ਸੀ ਆਉਂਦੀ ਰਾਜੀਵ ਦੇ ਭਾਪੇ ਨੂੰ ਹੋਈ ਕੀ ਜਾਂਦਾ ਹੈ। ਜੀਣ ਤੋਂ ਏਨਾ ਤਾਂ ਨਿਰਾਸ਼ ਨਹੀਂ ਹੋ ਜਾਣਾ ਚਾਹੀਦਾ ਬੰਦੇ ਨੂੰ। ਮੇਰੇ ਸਰੀਰ ਵਿਚ ਭਾਵੇਂ ਪੀੜਾਂ ਪੈਂਦੀਆਂ ਨੇ। ਪਿੰਜਣੀਆਂ ਫੁੱਲ ਜਾਂਦੀਆਂ ਨੇ, ਕਮਰ ਦਰਦ ਕਰਦੀ ਰਹਿੰਦੀ ਹੈ, ਧੌਣ ਅੱਡ ਦੁਖਦੀ ਹੈ, ਪਰ ਮਰਨ ਨੂੰ ਤਾਂ ਮੇਰਾ ਵੀ ਜੀ ਨਹੀਂ ਕਰਦਾ। ਇਹ ਚੰਗੇ ਭਲੇ ਹਨ ਤਾਂ ਵੀ ਆਖੀ ਜਾਂਦੇ ਸਨ… ਬੱਸ ਹੁਣ ਅਗਲੇ ਪਾਸੇ ਦੇ ਸਫ਼ਰ ਵੱਲ ਤਿਆਰੀ ਹੈ।
ਹੁਣ ਅਚਾਨਕ ਸਭ ਕੁਝ ਬਦਲ ਗਿਆ।
ਝਕਦਿਆਂ ਝਕਦਿਆਂ, ਇਕ ਦਿਨ ਆਪਣੇ ਪੁੱਤਰ ਰਾਜੀਵ ਨੂੰ ਕਿਹਾ ਸੀ, ‘ਪੁੱਤਰ ਅੱਜ ਕੱਲ੍ਹ ਤੇਰੇ ਭਾਪਾ ਜੀ ਆਪਣੀ ਸਿਹਤ ਦਾ ਕੁਝ ਵਧੇਰੇ ਹੀ ਖ਼ਿਆਲ ਰੱਖਣ ਲੱਗੇ ਨੇ।’
“ਇਹ ਤਾਂ ਚੰਗੀ ਗੱਲ ਹੈ ਮੰਮੀ।” ਪੁੱਤਰ ਨੇ ਮੇਰੀ ਗੱਲ ਨੂੰ ਕੋਈ ਖ਼ਾਸ ਅਹਿਮੀਅਤ ਨਹੀਂ ਸੀ ਦਿੱਤੀ।
“ਚੰਗੀ ਗੱਲ ਤਾਂ ਹੈ ਪੁੱਤਰ, ਰੀਟਾਇਰ ਹੋਇਆਂ ਨੂੰ ਸਾਲ ਹੋ ਚੱਲਿਐ, ਅਖ਼ਬਾਰ ਪੜ੍ਹ ਲੈਂਦੇ ਸਨ ਤੇ ਲੇਟ ਜਾਂਦੇ ਸਨ। ਹੁਣ ਤਾਂ ਯੋਗਾ ਵੀ ਕਰਨ ਲੱਗੇ ਨੇ। ਸਵੇਰੇ ਸ਼ਾਮ ਦੋ ਵਾਰ ਨਹਾਉਂਦੇ ਨੇ। ਕੱਲ੍ਹ ਆਖਦੇ ਸਨ, ਸੈਰ ਵੀ ਕਰਨ ਜਾਇਆ ਕਰਨਾ ਹੈ। ਮੈਨੂੰ ਤਾਂ ਅਜੀਬ ਲੱਗਦੀ ਹੈ ਇਹ ਗੱਲ।”
“ਮੰਮੀ, ਅਖ਼ਬਾਰਾਂ ਪੜ੍ਹਦਿਆਂ ਕਿਸੇ ਦਾ ਆਰਟੀਕਲ ਪੜ੍ਹਲਿਆ ਹੋਏਗਾ, … ਬੁਢਾਪੇ ਵਿਚ ਸਿਹਤ ਦਾ ਖ਼ਿਆਲ ਕਿਵੇਂ ਰੱਖਣਾ ਚਾਹੀਦਾ ਹੈ।” ਰਾਜੀਵ ਨੇ ਕਿਹਾ ਸੀ।
“ਉਹ ਤਾਂ ਠੀਕ ਹੈ ਬੇਟੇ, ਪਹਿਲਾਂ ਤਾਂ ਕਦੇ ਕੱਪੜੇ ਵੀ ਪਰੈਸ ਕਰਕੇ ਨਹੀਂ ਸਨ ਪਾਉਂਦੇ।”
ਜੇ ਮੈਂ ਆਖਣਾ, ਕਮੀਜ਼ ਦੇ ਕਾਲਰ ਮੈਲੇ ਹੋ ਗਏ ਨੇ ਤਾਂ ਕਹਿੰਦੇ ਸਨ, “ਕੀ ਫ਼ਰਕ ਪੈਂਦੈ, ਹੁਣ ਕਿਹੜਾ ਦਫ਼ਤਰ ਜਾਣੈ ਤੇ ਹੁਣ ਪੈਂਟ ਦੀ ਕਰੀਜ਼ ਡਬਲ ਪਰੈਸ ਹੋ ਜਾਏ ਤਾਂ ਨਰਾਜ਼ ਹੋ ਜਾਂਦੇ ਨੇ।”
“ਤਾਂ ਕੀ ਹੋਇਆ ਮੰਮੀ, ਇਹ ਸਭ ਚੰਗੀਆਂ ਗੱਲਾਂ ਨੇ।” ਰਾਜੀਵ ਅਜੇ ਵੀ ਮੇਰੇ ਮਨ ਦੀ ਹਾਲਤ ਨੂੰ ਸਮਝ ਨਹੀਂ ਸੀ ਰਿਹਾ।
“ਚੰਗੀਆਂ ਤਾਂ ਹੈ ਵੇ ਪੁੱਤਰ, ਮੈਂ ਕਦੋਂ ਕਹਿੰਨੀ ਆਂ ਇਹ ਗੱਲਾਂ ਚੰਗੀਆਂ ਨਹੀਂ। ਪਰ ਹੁਣ ਤਾਂ ਇਹ ਕਮਰੇ ਵਿਚ ਫਿਰਦੇ ਗਾਣੇ ਵੀ ਗਾਂਦੇ ਨੇ।”
“ਮੰਮਾ ਤੂੰ ਕੋਈ ਗੱਲ ਛੁਪਾ ਰਹੀ ਏਂ, ਭਾਪੇ ਬਾਰੇ ਤੈਨੂੰ ਕੋਈ ਹੋਰ ਸ਼ਿਕਾਇਤ ਹੋਵੇਗੀ।” ਰਾਜੀਵ ਨੇ ਮੇਰੀਆਂ ਅੱਖਾਂ ਵਿਚ ਝਾਕਦਿਆਂ ਪੁੱਛਿਆ ਸੀ।
ਗੱਲ ਕੋਈ ਹੋਰ ਹੋਵੇਗੀ, ਇਸ ਦਾ ਤਾਂ ਮੈਨੂੰ ਵੀ ਪਤਾ ਨਹੀਂ ਸੀ ਲੱਗ ਰਿਹਾ। ਮੈਂ ਕਿਹਾ, “ਪੁੱਤਰ ਸ਼ਕਾਇਤ ਤਾਂ ਕੀ ਹੋਣੀ ਹੈ, ਪਰ ਏਸ ਉਮਰੇ ਏਨਾ ਸਜਣਾ ਧਜਣਾ? ਇਸ ਤਰ੍ਹਾਂ ਗੁਣਗਣਾਉਂਦੇ ਫਿਰਨਾ, ਬਾਰ-ਬਾਰ ਸ਼ੀਸ਼ੇ ਵਿਚ ਆਪਣੇ-ਆਪ ਨੂੰ ਵੇਖਦੇ ਰਹਿਣਾ। ਹਾਂ ਸੱਚ-ਇਕ ਦਿਨ ਮੈਨੂੰ ਪੁੱਛਦੇ ਸਨ…. ਮੈਂ ਆਪਣੇ ਵਾਲ ਨਾ ਡਾਈ ਕਰ ਲਿਆ ਕਰਾਂ…?”
“ਓ ਮੰਮੀ ਤੂੰ ਵੀ ਬੱਸ…। ਰਾਜੀਵ ਨੇ ਇੰਜ ਹੀ ਕਿਹਾ ਸੀ ਤੇ ਬਾਹਰ ਨਿਕਲ ਗਿਆ ਸੀ।”
ਮੈਂ ਸਮਝਦੀ ਹਾਂ, ਰਾਜੀਵ ਨੂੰ ਮਹਿਸੂਸ ਤਾਂ ਜ਼ਰੂਰ ਹੋਇਆ ਹੋਵੇਗਾ, ਮੈਂ ਕੋਈ ਗੱਲ ਛੁਪਾ ਰਹੀ ਆਂ। ਮੈਂ ਜੁਆਨ-ਜਹਾਨ ਪੁੱਤਰ ਨੂੰ ਕਿਵੇਂ ਖੁੱਲ੍ਹ ਕੇ ਕਹਾਂ, ਤੇਰੇ ਡੈਡੀ ਇੰਨੇ ਸਿੱਧੇ ਸਾਦੇ ਨਹੀਂ ਲੱਗਦੇ।
ਪਹਿਲਾਂ ਉਹ ਘਰ ਨਹੀਂ ਸਨ ਵੜਦੇ। ਨਾਸ਼ਤਾ ਕੀਤਾ ਤੇ ਸਾਹਮਣੇ ਨਗਰ ਕੌਂਸਲ ਦੀ ਪਾਰਕ ਵਿਚ ਜਾ ਕੇ ਤਾਸ਼ ਖੇਡਦੇ ਕਹਿੰਦੇ ਸਨ। ਰੋਟੀ ਖਾਣ ਵੇਲੇ ਹੀ ਘਰ ਆਉਂਦੇ। ਤ੍ਰਕਾਲਾਂ ਵੇਲੇ ਫੇਰ ਚਲੇ ਜਾਂਦੇ। ਹਨੇਰਾ ਹੋ ਜਾਣਾ। ਬਿਜਲੀ ਚਲੀ ਜਾਣੀ ਤਾਂ ਮੋਮਬੱਤੀਆਂ ਬਾਲ਼ ਬਾਲ਼ ਕੇ ਤਾਸ਼ ਖੇਡੀ ਜਾਣਾ। ਪਤਾ ਨਹੀਂ ਇਹ ਸਾਰੇ ਵਿਹਲੇ ਕਿਥੋਂ ਆ ਜਾਂਦੇ ਸਨ ਪਾਰਕ ਵਿਚ। ਸਿੰਗਲਿਆਂ ਦਾ ਵਲੈਤੀ ਰਾਮ, ਬਾਂਸਲਾਂ ਦਾ ਲੱਭੂ ਰਾਮ ਤੇ ਬਰਮ੍ਹਾ ਵਾਲਿਆਂ ਦਾ ਪਿਸ਼ੌਰਾ ਸਿੰਘ। ਹੋਰ ਵੀ ਬਥੇਰੇ ਆਉਂਦੇ ਨੇ ਉੱਥੇ, ਜਿਹਨਾਂ ਨੂੰ ਘਰ ਕੋਈ ਨਹੀਂ ਪੁੱਛਦਾ। ਸਾਰਾ ਦਿਨ ਨੂੰਹਾਂ ਦੀਆਂ, ਘਰ ਵਾਲੀਆਂ ਦੀਆਂ ਚੁਗ਼ਲੀਆਂ ਹੁੰਦੀਆਂ ਰਹਿੰਦੀਆਂ। ਗਲੀ ਵਿਚ ਕਿਹੜੀ ਕੁੜੀ ਕਿਹੜੇ ਮੁੰਡੇ ਨਾਲ ਅੱਖ ਮਟੱਕਾ ਕਰਦੀ ਏ… ਵਰਗੀਆਂ ਚੁਸਕੀਆਂ ਲੈਂਦੇ ਰਹਿੰਦੇ ਨੇ। ਪਹਿਲਾਂ ਤਾਂ ਸੁਣਿਆ ਸੀ, ਉੱਥੇ ਕੋਈ ਸੀਪ ਸੂਪ ਖੇਡਦੇ ਐ, ਪਤਾ ਨਹੀਂ ਕੀ ਹੁੰਦੀ ਹੈ ਇਹ। ਹੁਣ ਤਾਂ ਇਹ ਦਿਉਰ ਭਾਬੀ ਖੇਡਦੇ ਨੇ। ਇਕ ਦਿਨ ਪਾਰਕ ਵਿਚੋਂ ਆ ਕੇ ਹੱਸੀ ਜਾਣ, ਹੱਸੀ ਜਾਣ। ਮੈਂ ਪੁੱਛਿਆ ‘ਅੱਜ ਤੇ ਬੜੀਆਂ ਲੱਛਾਂ ਚੜ੍ਹੀਆਂ ਨੇ।’ ਆਂਹਦੇ ‘ਅੱਜ ਬਾਂਸਲਾਂ ਦੇ ਲੱਭੂ ਨੂੰ ਅਸਾਂ ਭਾਬੀ ਬਣਾਇਆ। ਮੈਂ ਉਸਦੀਆਂ ਦੋ ਚੁੰਮੀਆਂ ਲਈਆਂ। ਮੈਨੂੰ ਚਾਅ ਚੜ੍ਹੀ ਜਾਵੇ, ਉਸ ਨੂੰ ਸੰਗ ਆਈ ਜਾਵੇ।’ ਮੈਂ ਕਿਹਾ, ‘ਮੈਨੂੰ ਚੁੰਮੇ ਨੂੰ ਤਾਂ ਵਰ੍ਹੇ ਤੋਂ ਉੱਪਰ ਹੋ ਗਿਆ ਏ। ਮੈਨੂੰ ਤਾਂ ਏਨੇ ਚਾਅ ਨਾਲ ਹੁਣ ਕਦੀ ਨਹੀਂ…।’ ਆਂਹਦੇ, ‘ਤੇਰੀ ਹੋਰ ਗੱਲ ਏ।’ ਮੈਂ ਹੈਰਾਨ ਹਾਂ, ਹੁਣ ਮੇਰੀ ਹੋਰ ਗੱਲ ਕਿਵੇਂ ਹੋ ਗਈ। ਇਕ ਬੁੱਢੇ ਬਾਂਸਲ ਨੂੰ ਚੁੰਮ ਕੇ ਹੁਣ ਇਹਨਾਂ ਨੂੰ ਏਨਾ ਚਾਅ ਕਿਉਂ ਚੜ੍ਹਿਆ ਪਿਆ ਏ। ਮੈਂ ਬਹੁਤ ਪਰੇਸ਼ਾਨ ਹੋ ਗਈ ਸਾਂ, ਸੱਚ ਆਖਨੀ ਆਂ।
ਹੁਣ ਤਾਂ ਹੋਰ ਵੀ ਹੱਦ ਹੋ ਗਈ ਹੈ। ਪਹਿਲਾਂ, ਚਾਰ ਪੰਜ ਵਾਰੀ ਪਾਰਕ ਵਿਚ ਸੁਨੇਹੇ ਭੇਜਣੇ ਤਾਂ ਘਰ ਆਉਣਾ। ਹੁਣ ਇਹਨਾਂ ਨੂੰ ਉਹ ਵਾਰ-ਵਾਰ ਸੱਦਣ ਆਉਂਦੇ ਨੇ ਤਾਂ ਪਾਰਕ ਵਿਚ ਜਾਂਦੇ ਨੇ। ਘਰੋਂ ਹੀ ਨਹੀਂ ਨਿਕਲਦੇ। ਜੇ ਜਾਂਦੇ ਵੀ ਹਨ ਤਾਂ ਦੋ-ਤਿੰਨ ਬਾਜ਼ੀਆਂ ਲਾ ਕੇ ਹੀ ਮੁੜ ਆਉਂਦੇ ਨੇ।
ਇਹ ਸਭ ਕੀ ਹੋ ਰਿਹਾ ਹੈ? ਰਾਜੀਵ ਦੇ ਭਾਪੇ ਦਾ ਇਹ ਕਾਇਆ-ਕਲਪ ਕਿਵੇਂ ਹੋ ਗਿਆ? ਇਹਨਾਂ ਅੰਦਰ ਤਾਂ ਜੀਣ ਦੀ ਇੱਛਾ ਹੀ ਖ਼ਤਮ ਹੋ ਗਈ ਸੀ। ਸਾਹ ਵੀ ਜਿਵੇਂ ਮਜਬੂਰੀ ਨਾਲ ਲੈਂਦੇ ਹੋਣ। ਗ੍ਰਿਸਤੀ ਜੀਵਨ ਲਗਭਗ ਇਕ ਤਰ੍ਹਾਂ ਨਾਲ ਖ਼ਤਮ ਹੋ ਗਿਆ ਸੀ। ਭਾਵੇਂ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਸ਼ੋਭਦਾ ਨਹੀਂ ਹੈ, ਫਿਰ ਵੀ ਸਾਡਾ ਬੈੱਡਰੂਮ ਅਲੱਗ ਹੋਣ ਦੇ ਬਾਵਜੂਦ, ਰਾਜੀਵ ਦੇ ਭਾਪਾ ਬੜੇ ਠੰਡੇ ਠੰਡੇ ਰਹਿੰਦੇ ਸਨ। ਕਦੀ ਮੈਂ ਜਾਣ ਬੁਝ ਕੇ ਛੇੜਨਾ ਤਾਂ ਉਹਨਾਂ ਨੇ ਖਿਝ ਜਾਣਾ, ‘ਬਹੁਤ ਹੋ ਗਿਆ, ਹੁਣ ਮੈਨੂੰ ਕੋਈ ਲਾਲਸਾ ਨਹੀਂ ਹੈ।’
ਮੈਂ ਛੇੜਨਾ, ‘ਮਰਦ ਔਰ ਘੋੜਾ ਕਦੀ ਬੁੱਢਾ ਨਹੀਂ ਹੁੰਦਾ, ਤੁਸੀਂ ਲੋਕ ਹੀ ਆਖਦੇ ਹੋ।’
ਉਹ ਹੋਰ ਖਿਝ ਜਾਂਦੇ। ‘ਬਕਵਾਸ ਮਾਰਦੇ ਨੇ ਸਾਲੇ, ਦਿਮਾਗ਼ ਦਫ਼ਤਰਾਂ ਦੀਆਂ ਫਾਈਲਾਂ ਚੱਟ ਜਾਂਦੀਆਂ ਨੇ, ਦੇਹ ਘਰ ਵਾਲੀਆਂ ਚੂਸ ਲੈਂਦੀਆਂ ਨੇ, ਰਹਿੰਦੀ-ਖੂੰਹਦੀ ਸਤਿਆ ਲੂਣ-ਮਸਾਲੇ ਖਿੱਚ ਲੈਂਦੇ ਨੇ। ਬੰਦਾ ਤਾਂ ਦੁਲੱਤੇ ਮਾਰਨ ਜੋਗਾ ਵੀ ਨਹੀਂ ਰਹਿੰਦਾ।’ ਤੇ ਉਹ ਪਾਸਾ ਵੱਟ ਕੇ ਸੌਣ ਦਾ ਬਹਾਨਾ ਕਰਦੇ ਸਨ।
ਰਿਟਾਇਰ ਹੋਣ ਤੋਂ ਬਾਅਦ ਤਾਂ ਉਹ ਹੋਰ ਵੀ ਨਿਰਾਸ਼ ਰਹਿਣ ਲੱਗੇ ਸਨ। ਆਖਿਆ ਕਰਦੇ ਸਨ, ‘ਪਤਾ ਨਹੀਂ ਮਨੁੱਖ ਜਿਉਂਦਾ ਕਿਉਂ ਹੈ। ਸਾਰੀ ਉਮਰ ਗਧੇ ਵਾਂਗ ਦੂਸਰਿਆਂ ਦਾ ਭਾਰ ਢੋਂਹਦਾ ਰਹਿੰਦਾ ਹੈ।’
ਨਾ ਕਿਸੇ ਦੇ ਵਿਆਹ ਨਾ ਮਰਨੇ ਉੱਪਰ ਜਾਂਦੇ ਸਨ, ਨਾ ਕਿਸੇ ਹੋਰ ਪ੍ਰੋਗਰਾਮ ਵਿਚ। ਮੈਨੂੰ ਹੀ ਭੇਜ ਦਿੰਦੇ ਸਨ। ਏਨਾ ਬੁਝਿਆ ਬੁਝਿਆ ਤਾਂ ਉਹਨਾਂ ਨੂੰ ਕਦੀ ਨਹੀਂ ਸੀ ਵੇਖਿਆ। ਖਾਣੇ ਵਿਚ ਵੀ ਨੁਕਸ ਨਹੀਂ ਸੀ ਕੱਢਦੇ। ਜਿਹੋ ਜਿਹਾ ਮਿਲਿਆ ਖਾ ਲਿਆ। ਤੱਤਾ ਹੋਵੇ, ਠੰਡਾ ਹੋਵੇ, ਨਿਮਕ ਜ਼ਿਆਦਾ ਹੋਵੇ, ਘੱਟ ਹੋਵੇ। ਇਕ ਦਿਨ ਤਾਂ ਮੈਂ ਜਾਣ ਬੁੱਝ ਕੇ ਸਬਜ਼ੀ ਵਿਚ ਲੂਣ ਨਹੀਂ ਪਾਇਆ, ਇਹ ਉਵੇਂ ਹੀ ਖਾ ਕੇ ਉੱਠ ਪਏ। ਮੈਨੂੰ ਬੜੀ ਚਿੰਤਾ ਹੋਈ। ਰਾਤ ਵੇਲੇ ਪੁੱਛਿਆ, ‘ਕੀ ਹੋਇਆ ਹੈ ਤੁਹਾਨੂੰ?’
ਆਂਹਦੇ, ‘ਮੈਨੂੰ ਕੀ ਹੋਣਾ ਹੈ?’
‘ਅੱਜ ਸਬਜ਼ੀ ਵਿਚ ਲੂਣ ਨਹੀਂ ਸੀ। ਤੁਸੀਂ ਮੰਗਿਆ ਨਹੀਂ।’ ਮੈਂ ਦੁਖੀ ਹੋ ਕੇ ਕਿਹਾ।
‘ਹੁਣ ਸਵਾਦਾਂ ਨਾਲ ਕੀ। ਉਂਜ ਵੀ ਏਸ ਉਮਰ ਵਿਚ ਬਹੁਤਾ ਲੂਣ ਖਾਣਾ ਚੰਗਾ ਨਹੀਂ।’ ਉਹਨਾਂ ਕਹਿੰਦਿਆਂ ਹਉਕਾ ਜਿਹਾ ਲਿਆ।
ਮੈਂ ਪੁੱਛਿਆ-ਕੀ ਹੋਇਆ ਤੁਹਾਡੀ ਉਮਰ ਨੂੰ?
ਆਂਹਦੇ, ‘ਬਹੁਤੀ ਕੱਟ ਲਈ ਥੋੜ੍ਹੀ ਰਹਿ ਗਈ।’
ਅਗਲੇ ਦਿਨ ਮੈਂ ਰਾਜੀਵ ਨੂੰ ਕਿਹਾ ਸੀ, ‘ਪੁੱਤਰ ਆਪਣੇ ਭਾਪੇ ਦਾ ਖ਼ਿਆਲ ਰੱਖਣਾ, ਪਤਾ ਨਹੀਂ ਕਿਉਂ ਬਹੁਤ ਚੁੱਪ ਰਹਿਣ ਲੱਗੇ ਨੇ।’ ਪੁੱਤਰ ਮੈਨੂੰ ਕਹਿੰਦਾ, ‘ਭਾਪੇ ਦਾ ਐਵੇਂ ਬਹੁਤ ਫ਼ਿਕਰ ਨਾ ਕਰਿਆ ਕਰ, ਚੰਗੇ ਭਲੇ ਨੇ ਉਹ।’
ਮੈਂ ਕਿਵੇਂ ਸਮਝਾਂ ਚੰਗੇ ਭਲੇ ਨੇ। ਜਦੋਂ ਹਰ ਸਮੇਂ ਮਰਨ ਅਤੇ ਸੰਸਾਰ ਛੱਡਣ ਦੀਆਂ ਗੱਲਾਂ ਕਰਦੇ ਰਹਿੰਦੇ ਨੇ। ਮੈਂ ਕਹਿਣਾ, ‘ਅਜੇ ਕੀ ਹੋਇਆ ਹੈ ਤੁਹਾਨੂੰ। ਚੰਗੀ ਖਾਸੀ ਸਿਹਤ ਹੈ। ਕਦੇ ਬੀ ਪੀ ਨਹੀਂ ਵਧਿਆ। ਸ਼ੂਗਰ ਵਰਗੀ ਨਾਮੁਰਾਦ ਬਿਮਾਰੀ ਤੁਹਾਨੂੰ ਹੈ ਨਹੀਂ। ਤੁਹਾਡਾ ਤਾਂ ਕਦੀ ਸਿਰ ਵੀ ਨਹੀਂ ਦੁਖਿਆ। ਆਪਣੇ ਪੜੋਸੀ ਗੁਲਸ਼ਨ ਦਾ ਦਾਦਾ ਤੁਸਾਂ ਨਾਲੋਂ ਦਸ ਵਰ੍ਹੇ ਵੱਡਾ ਜੇ, ਉਹ ਤਾਂ ਅਜੇ ਵੀ ਲੜਕਿਆਂ ਨੂੰ ਆਖਦਾ ਏ ਮੇਰੇ ਨਾਲ ਦੌੜ ਲਗਾ ਕੇ ਵੇਖ ਲਵੋ।’
ਮੈਨੂੰ ਕਹਿੰਦੇ, ‘ਠੀਕ ਹੈ ਕੁਸ਼ੱਲਿਆ, ਉਹ ਮੇਰੇ ਨਾਲੋਂ ਵੱਡੀ ਉਮਰ ਦਾ ਏ। ਪਰ ਪਤਾ ਨਹੀਂ ਕਿਉਂ ਮੇਰੇ ਵਿਚ ਤਾਂ ਜੀਣ ਦੀ ਰੁਚੀ ਹੀ ਨਹੀਂ ਰਹੀ। ਜੀ ਕਰਦਾ ਏ ਕਿਸੇ ਧਾਰਮਿਕ ਸਥਾਨ ਉੱਪਰ ਜਾ ਬੈਠਾਂ ਤੇ ਜਿਹੜੇ ਚਾਰ ਸੁਆਸ ਬਾਕੀ ਨੇ, ਭਗਵਾਨ ਦੀ ਉਸਤਤੀ ਕਰਾਂ।’
ਉਦੋਂ ਤਾਂ ਮੈਂ ਵੀ ਇਕ ਤਰ੍ਹਾਂ ਨਾਲ ਮਨ ਨੂੰ ਸਮਝਾ ਲਿਆ ਸੀ। ਸ਼ਾਇਦ ਇਸ ਤਰ੍ਹਾਂ ਦੀ ਪਤਝੜ, ਹਰ ਇਕ ਦੀ ਜ਼ਿੰਦਗੀ ਵਿਚ ਏਸ ਉਮਰੇ ਆਉਂਦੀ ਹੋਵੇ। ਕੋਈ ਦਸ ਦਿੰਦੇ ਨੇ, ਰਾਜੀਵ ਦੇ ਭਾਪੇ ਵਰਗੇ, ਕੋਈ ਨਹੀਂ ਦੱਸਦੇ ਹੋਣਗੇ, ਕੀ ਪਤਾ।
ਪਰ ਹੁਣ ਅਚਾਨਕ ਕੀ ਹੋ ਗਿਆ ਹੈ ਇਹਨਾਂ ਨੂੰ ਏਹੀ ਸਮਝ ਨਹੀਂ ਆਉਂਦੀ।
ਹੁਣ ਦਾਲ ਸਬਜ਼ੀ ਵਿਚ ਨੁਕਸ ਕੱਢਣ ਲੱਗੇ ਨੇ। ਕਦੇ ਲੂਣ ਘੱਟ, ਕਦੇ ਮਿਰਚਾਂ ਜ਼ਿਆਦਾ ਦੀ ਸ਼ਿਕਾਇਤ ਕਰਦੇ ਨੇ। ਕੱਪੜਿਆਂ ਦੀ ਸਫ਼ਾਈ ਵੀ ਪਸੰਦ ਨਹੀਂ ਆਉਂਦੀ। ਇਕ ਦਿਨ ਤਾਂ ਹੱਦ ਹੀ ਹੋ ਗਈ। ਆਪਣੇ ਪੋਤੇ ਨਾਲ ਰਲ ਕੇ ਗਾਣਾ ਗਾ ਰਹੇ ਸਨ, ਬੱਲੇ ਬੱਲੇ, ਸ਼ਾਵਾ ਸ਼ਾਵਾ…।
ਇਹ ਕੀ ਹੋ ਗਿਆ ਹੈ ਇਹਨਾਂ ਨੂੰ? ਅਚਾਨਕ ਜਿਉਣ ਦੀ ਲਾਲਸਾ ਕਿਧਰੋਂ ਆ ਗਈ?
ਇਕ ਰਾਤ ਤਾਂ ਮੈਨੂੰ ਲੱਗੇ ਚੁੰਮਣ ਚੱਟਣ। ਮੈਂ ਪੁੱਛਿਆ, ‘ਹੁਣ ਜਵਾਨੀ ਕਿਧਰੋਂ ਚੜ੍ਹ ਆਈ ਹੈ ਤੁਹਾਨੂੰ?’
ਆਂਹਦੇ, ‘ਚਾਰ ਦਿਨ ਜੀਣਾ ਹੈ। ਹੱਸ ਖੇਡ ਕੇ ਕੱਟ ਲਈਏ।’
ਮੈਂ ਛੇੜਿਆ, ‘ਧਾਰਮਿਕ ਸਥਾਨ ’ਤੇ ਨਹੀਓਂ ਜਾਣਾ?’
ਆਂਹਦੇ, ‘ਛੱਡ ਉਹਨਾਂ ਗੱਲਾਂ ਨੂੰ।’ ਮੈਨੂੰ ਗੁੱਸਾ ਤਾਂ ਬਹੁਤ ਆਇਆ ਸੀ। ਜਦੋਂ ਮੈਂ ਕੁਝ ਆਖਦੀ ਸਾਂ ਤਾਂ ਮੁਰਦਿਆਂ ਵਾਂਗ।… ਹਾਏ, ਮੇਰੀ ਜ਼ਬਾਨ ਸੜ ਜਾਏ, ਕਿਹੋ ਜਿਹੇ ਸ਼ਬਦ ਮੇਰੇ ਮੂੰਹੋਂ ਨਿਕਲ ਗਏ। ਤੋਬਾ ਤੋਬਾ, ਮੈਂ ਤਾਂ ਕਹਿਣਾ ਚਾਹੁੰਦੀ ਸਾਂ, ਚੁੱਪ ਕਰਕੇ ਲੇਟੇ ਰਹਿੰਦੇ ਸਨ।
ਹੁਣ ਬਾਹਰ ਜਾਂਦੇ ਨੇ ਤਾਂ ਪਰੈਸ ਕੀਤੇ ਕੱਪੜੇ ਪਾਉਂਦੇ ਨੇ। ਰੋਟੀ ਖਾਣ ਤੋਂ ਬਾਅਦ ਬਰੱਸ਼ ਵੀ ਕਰਨ ਲੱਗੇ ਨੇ। ਬਾਹਰ ਜਾਣ ਤੋਂ ਪਹਿਲਾਂ ਸ਼ੀਸ਼ੇ ਮੂਹਰੇ ਖੜ੍ਹ ਕੇ ਆਪਣੇ ਆਪ ਨੂੰ ਘੁੰਮ ਘੁੰਮ ਕੇ ਜਾਂਚਦੇ ਨੇ। ਮੈਂ ਤਾਂ ਇਹਨਾਂ ਦੀਆਂ ਹਰਕਤਾਂ ਵੇਖ ਵੇਖ ਹੈਰਾਨ ਹੁੰਦੀ ਰਹਿੰਦੀ ਆਂ।
ਮੈਂ ਤੁਹਾਨੂੰ ਦੱਸਿਆ ਸੀ, ਪਿਛਲੇ ਕੁਝ ਸਮੇਂ ਤੋਂ ਮੇਰੀ ਸਿਹਤ ਠੀਕ ਨਹੀਂ ਰਹਿੰਦੀ। ਇਹ ਗਠੀਏ ਦੀ ਬਿਮਾਰੀ ਚੰਦਰੀ ਜਿਹੀ ਪਤਾ ਨਹੀਂ ਕਿਵੇਂ ਚੰਬੜ ਗਈ ਮੈਨੂੰ। ਮੇਰੇ ਕੋਲੋਂ ਰਸੋਈ ਦਾ ਕੰਮ ਠੀਕ ਤਰ੍ਹਾਂ ਨਹੀਂ ਹੁੰਦਾ। ਕੰਮ ਕਰਨ ਵਾਲੀ ਵੀ ਬਿਰਧ ਹੈ, ਪਰ ਮੇਰੇ ਨਾਲੋਂ ਤਕੜੀ ਹੈ। ਫਿਰ ਵੀ ਏਸ ਉਮਰੇ ਕੰਮ ਕਰਦਿਆਂ ਵੇਖ ਕੇ ਮੈਨੂੰ ਅਜੀਬ ਜਿਹਾ ਲੱਗਦਾ ਹੈ। ਪਿਛਲੇ ਮਹੀਨੇ ਤੋਂ ਮੈਂ ਇਸ ਨੂੰ ਬਦਲ ਹੀ ਦਿੱਤਾ ਹੈ। ਰੋਂਦੀ ਸੀ ਕਹੇ ‘ਬੀਬੀ ਜੀ ਕੰਮ ਆਸਰੇ… ਬੱਚਿਆਂ ਨੂੰ ਖਾਣ ਪੀਣ ਅੱਛਾ ਹੋ ਜਾਂਦਾ ਸੀ। ਹੁਣ ਏਸ ਉਮਰੇ ਕੌਣ ਦੇਵੇਗਾ ਕੰਮ ਮੈਨੂੰ। ਤੁਹਾਡੇ ਨਾਲ ਤਾਂ ਏਨੇ ਵਰਿ੍ਹਆਂ ਤੋਂ ਲੱਗੀ ਆਈ ਆਂ। ਪਰ ਮੈਂ ਉਸ ਨੂੰ ਕਿਵੇਂ ਸਮਝਾਉਂਦੀ।
ਹੁਣ ਵਾਲੀ ‘ਮਾਈ’, ਮਾਈ ਤਾਂ ਨਹੀਂ ਕਹਿਣਾ ਚਾਹੀਦਾ, ਕੰਮ ਵਾਲੀ ਚਾਲੀ ਬਤਾਲੀ ਸਾਲਾਂ ਦੀ ਹੈ। ਉਂਜ ਵੀ ਮੂੰਹ ਮੱਥੇ ਲਗਦੀ ਹੈ। ਮੈਂ ਤਾਂ ਰਸੋਈ ਦਾ ਕੰਮ ਵੀ ਉਸ ਕੋਲੋਂ ਕਰਵਾ ਲੈਂਦੀ ਹਾਂ। ਆਟਾ ਗੁੰਨ ਦਿੰਦੀ ਹੈ। ਸਬਜ਼ੀ ਚੀਰ ਦਿੰਦੀ ਹੈ। ਕਈ ਵਾਰ ਤਾਂ ਫੁਲਕੇ ਵੀ ਲਾਹ ਦਿੰਦੀ ਹੈ। ਇਕ ਦਿਨ ਤਾਂ ਮੇਰੀਆਂ ਲੱਤਾਂ ਬਹੁਤੀਆਂ ਦਰਦ ਕਰ ਰਹੀਆਂ ਸਨ, ਉਸ ਨੇ ਪਿੰਜਣੀਆਂ ਦੀ ਮਾਲਸ਼ ਵੀ ਕੀਤੀ। ਰਹਿੰਦੀ ਵੀ ਸਾਫ਼ ਸੁਥਰੀ ਹੈ। ਬੁੱਢੀ ਮਾਈ ਵਾਂਗ ਉਸਦੇ ਹੱਥਾਂ ਪੈਰਾਂ ਨੂੰ ਵੇਖ ਕੇ ਘਿਣ ਨਹੀਂ ਆਉਂਦੀ। ਕੰਮ ਵਾਲੀ ਤਾਂ ਉਹ ਲੱਗਦੀ ਹੀ ਨਹੀਂ। ਸੜੀ ਖਿੱਝੀ ਵੀ ਨਹੀਂ ਰਹਿੰਦੀ… ਹੰਸੂ ਹੰਸੂ ਕਰਦੀ ਰਹਿੰਦੀ ਹੈ।
ਪਤਾ ਨਹੀਂ ਇਕ ਦਿਨ ਮੈਨੂੰ ਭੁਲੇਖਾ ਲੱਗਿਆ ਸੀ ਜਾਂ ਉਂਜ ਹੀ…। ਰਾਜੀਵ ਦੇ ਭਾਪਾ ਅੰਦਰ ਬੈੱਡ ਰੂਮ ਵਿਚ ਲੇਟੇ ਅਖ਼ਬਾਰ ਪੜ੍ਹ ਰਹੇ ਸਨ। ਕੰਮ ਵਾਲੀ ਪੋਚਾ ਲਾ ਰਹੀ ਸੀ ਬੈੱਡਰੂਮ ਵਿਚ। ਜਦੋਂ ਬਾਹਰ ਨਿਕਲੀ ਤਾਂ ਉਸਦਾ ਹਾਸਾ ਨਿਕਲਦਾ ਪਿਆ ਸੀ। ਮੈਨੂੰ ਖਿਝ ਆਈ, ਹਰਾਂਬੜ ਐਵੇਂ ਦੰਦੀਆਂ ਕੱਢਦੀ ਰਹਿੰਦੀ ਐ।
‘ਕੀ ਹੋਇਆ?’ ਮੈਂ ਪੁੱਛਿਆ
‘ਕੁਝ ਨੀ ਬੀਬੀ ਜੀ।’ ਇਹ ਵੀ ਉਸ ਨੇ ਹੱਸਦਿਆਂ ਕਿਹਾ ਸੀ।
‘ਹੱਸਦੀ ਕਿਉਂ ਪਈ ਏਂ?’ ਮੈਨੂੰ ਸੱਚ ਹੀ ਗੁੱਸਾ ਆ ਗਿਆ ਸੀ।
‘ਨਾ, ਮੈਂ ਕਦੋਂ ਹੱਸਨੀ ਆਂ ਬੀਬੀ ਜੀ।’ ਆਖ ਕੇ ਉਹ ਫੇਰ ਹੱਸਣ ਲੱਗ ਪਈ ਸੀ।
‘ਦੁਰ ਫਿਟੇ ਮੂੰਹ।’ ਮੇਰੇ ਮੂੰਹੋਂ ਨਿਕਲ ਗਿਆ। ‘ਚੰਗੀ ਲੱਗਦੀ ਏਂ ਏਦਾਂ ਹੱਸਦੀ।’
ਮੇਰੀ ਝਿੜਕ ਸੁਣ ਕੇ, ਉਹ ਫਿਰ ਬਾਹਰ ਪੋਚਾ ਲਾਉਣ ਲੱਗ ਪਈ। ਉਸ ਦੇ ਖੁੱਲ੍ਹੇ ਗਲਮੇ ਵਿਚੋਂ ਪੂਰੀਆਂ ਛਾਤੀਆਂ ਦਿਸਦੀਆਂ ਸਨ। ਭਰਵੀਆਂ ਇਸ ਨੂੰ ਸ਼ਰਮ ਹਯਾ ਨਹੀਂ ਆਉਂਦੀ। ਘਰ ਅੰਦਰ ਆਉਂਦੀ ਹੀ ਆਪਣੀ ਚੁੰਨੀ ਲਾਹ ਕੇ ਰੱਖ ਦਿੰਦੀ ਹੈ। ਮੈਨੂੰ ਈਰਖਾ ਹੋਈ, ਏਡੀਆਂ ਸੁਡੌਲ ਛਾਤੀਆਂ, ਇਹਨਾਂ ਲੋਕਾਂ ਦੀਆਂ? ਮੈਨੂੰ ਸ਼ੱਕ ਪਈ, ਜਦੋਂ ਏਹ ਬੈੱਡ ਰੂਮ ਵਿਚ ਪੋਚਾ ਲਾਂਦੀ ਹੋਵੇਗੀ ਤਾਂ ਰਾਜੀਵ ਦੇ ਭਾਪਾ… ਛਾਤੀਆਂ ਵੱਲ….। ਨਹੀਂ ਨਹੀਂ, ਏਨੇ ਜੋਗੇ ਉਹ ਕਿੱਥੇ ਨੇ। ਮੇਰੇ ਵੱਲ ਤਾਂ ਪਿੱਠ ਕਰਕੇ ਸੌਂ ਜਾਂਦੇ ਨੇ। ਜਦੋਂ ਛੇੜਨੀ ਆਂ ਤਾਂ ਆਖ ਦਿੰਦੇ ਨੇ, ‘ਬੱਸ ਹੁਣ ਕੋਈ ਇੱਛਾ ਨਹੀਂ ਹੈ। ਪਰ…।’
‘ਚੁੰਨੀ ਲੈ ਲਿਆ ਕਰ, ਦੇਖ ਤਾਂ ਚੰਗਾ ਲਗਦਾ ਏ ਇਸ ਤਰ੍ਹਾਂ?’ ਮੈਂ ਫਿਰ ਝਿੜਕਿਆ।
‘ਚੁੰਨੀ ਖ਼ਰਾਬ ਹੋ ਜਾਂਦੀ ਹੈ ਬੀਬੀ ਜੀ।’ ਉਸ ਨੇ ਆਪਣੇ ਖੁੱਲ੍ਹੇ ਗਲਮੇ ਨੂੰ ਉੱਪਰ ਵੱਲ ਖਿੱਚਦਿਆਂ ਕਿਹਾ ਤੇ ਫਿਰ ਪੋਚਾ ਲਾਉਣ ਲੱਗ ਪਈ! ਪਰ ਛਾਤੀਆਂ ਤਾਂ ਉਸਦੀਆਂ ਗਲਮੇ ਵਿਚੋਂ ਬਾਹਰ ਨਿਕਲਣ ਨਿਕਲਣ ਕਰਦੀਆਂ ਸਨ।
‘ਬੇਸ਼ਰਮ।’ ਮੈਂ ਮੂੰਹ ਵਿਚ ਬੁੜਬੁੜਾਈ ਸੀ।
ਕੱਪੜੇ ਧੋਣ ਲੱਗਦੀ ਤਾਂ ਸਲਵਾਰ ਗੋਡਿਆਂ ਤੋਂ ਉੱਪਰ ਤੱਕ ਚੜ੍ਹਾ ਲੈਂਦੀ।
ਇਕ ਦਿਨ ਸੁੱਕੇ ਕੱਪੜਿਆਂ ਦੀਆਂ ਤੈਹਾਂ ਲਾਉਂਦਿਆਂ ਮੈਂ ਵੇਖਿਆ, ਰਾਜੀਵ ਦੇ ਭਾਪਾ ਦੀ ਕਮੀਜ਼ ਦੇ ਦੋ ਬਟਨ ਟੁੱਟੇ ਹੋਏ ਸਨ। ਮੈਨੂੰ ਬੜਾ ਗੁੱਸਾ ਆਇਆ। ਪਤਾ ਨਹੀਂ ਮੈਥੋਂ ਉੱਚੀ ਕਿਵੇਂ ਬੋਲਿਆ ਗਿਆ :
”ਹਰ ਰੋਜ਼ ਸਮਝਾਨੀ ਆਂ ਕੱਪੜੇ ਧਿਆਨ ਨਾਲ ਫੈਂਟਿਆ ਕਰ, ਤੁਸਾਂ ਦੀ ਕਮੀਜ਼ ਦੇ ਦੋ ਬਟਨ ਤੋੜ ਦਿੱਤੇ ਨੇ। ਮੈਂ ਤਾਂ ਇਸ ਨੂੰ ਕੰਮ ਤੋਂ ਜਵਾਬ ਦੇ ਦੇਣਾ।’’
ਮੈਨੂੰ ਕਹਿੰਦੇ, ”ਦੇਖ ਲੈ ਫੇਰ ਤੈਨੂੰ ਏਦਾਂ ਦੀ ਕੰਮ ਕਰਨ ਵਾਲੀ ਜਲਦੀ ਨਹੀਂ ਲੱਭਣੀ।’’
”ਬਥੇਰੀਆਂ ਲੱਭ ਲਵਾਂਗੀ।’’ ਮੈਂ ਕਿਹਾ।
”ਬੁੱਢੀ ਮਾਈ ਵਰਗੀਆਂ?’’
”ਤੁਸਾਂ ਨੂੰ ਕੀ?’’
”ਮੈਨੂੰ ਹੈ ਵੇ, ਖਊਂ ਖਊਂ ਕਰਦੀਆਂ ਕੰਮ ਕਰਨਗੀਆਂ ਤੇ ਅੱਧੀ ਬਿਮਾਰੀ ਤੇਰੇ ਪੋਤੇ ਪੋਤਰੀਆਂ ਨੂੰ ਲਾਣਗੀਆਂ। ਲੱਭਣਾਂ ਤਾਂ ਪੈਣਾ ਹੀ ਹੈ, ਲੱਭ ਲੈ, ਤੈਥੋਂ ਤਾਂ ਹੁਣ ਕੋਈ ਕੰਮ ਹੁੰਦਾ ਨਹੀਂ।’’ ਉਹ ਮੇਰੇ ਵੱਲ ਭੇਦ ਭਰਿਆ ਜਿਹਾ ਝਾਕਣ ਲੱਗੇ। ਗੱਲ ਤਾਂ ਉਹਨਾਂ ਦੀ ਠੀਕ ਸੀ। ਕੰਮ ਵਾਲੀਆਂ ਉਹ ਵੀ ਚੰਗੀਆਂ, ਜਲਦੀ ਕਿੱਥੇ ਲੱਭਦੀਆਂ ਹਨ। ਫਿਰ ਵੀ ਮੈਂ ਕਿਹਾ।
”ਇਹ ਤਾਂ ਰੋਟੀਆਂ ਖਾਣ ਬਹਿ ਜਾਏ ਰੱਜਦੀ ਨਹੀਂ ਮੈਥੋਂ। ਕਹੀ ਜਾਊ, ਬੀਬੀ ਜੀ ਸਬਜ਼ੀ ਹੋਰ ਹੈਗੀ ਵੇ। ਇਕ ਫੁਲਕਾ ਹੋਰ ਦੇਹ ਨਾ ਬੀਬੀ ਜੀ।’’
”ਕੋਈ ਗੱਲ ਨਹੀਂ, ਗਰੀਬ ਅਸੀਸਾਂ ਦੇਂਦਾ ਏ। ਤੂੰ ਐਵੇਂ ਨਾ ਭੜਕੀ ਜਾਇਆ ਕਰ। ਮੈਂ ਦੇਖਦਾਂ, ਵਾਧੂ ਦਾਲਾਂ ਫੁੱਲਕੇ ਤਾਂ ਤੂੰ ਡਸਟਬਿਨ ਵਿਚ ਸੁੱਟਦੀ ਏਂ ਰੋਜ਼। ਗੱਲ ਦੋ ਬਟਨਾਂ ਦੀ ਸੀ, ਕਿਥੋਂ ਤੱਕ ਲੈ ਗਈ ਏਂ, ਖਿੱਚ ਕੇ। ਦੋ ਬਟਨ ਨਵੇਂ ਲਾ ਦੇ।’’
ਮੈਂ ਚੁੱਪ ਕਰ ਗਈ। ਉਦੋਂ ਮੈਨੂੰ ਕੀ ਪਤਾ ਸੀ, ਇਹ ਉਸਦੀ ਵਕਾਲਤ ਕਿਉਂ ਕਰਦੇ ਪਏ ਨੇ।
ਭਾਂਡਾ ਤੇ ਸਾਰਾ ਇਕ ਦਿਨ ਭੱਜਿਆ।
ਗਵਾਂਢੀਆਂ ਦੇ ਮਰਗ ਹੋ ਗਈ ਸੀ। ਉਹਨਾਂ ਦੀ ਬਿਰਧ ਮਾਤਾ ਚਲ ਵਸੀ ਸੀ। ਮੈਂ ਦੋ ਘੜੀਆਂ ਉਧਰ ਚਲੀ ਗਈ ਅਫ਼ੋਸਸ ਕਰਨ। ਪੁੱਤਰ ਦੇ ਨੂੰਹ ਆਪਣੀ ਨੌਕਰੀ ’ਤੇ ਚਲੇ ਗਏ ਸਨ ਤੇ ਬੱਚੇ ਸਕੂਲ। ਕੰਮ ਵਾਲੀ ਨੂੰ ਕਿਹਾ, ‘ਤੂੰ ਸਫ਼ਾਈ ਕਰ ਤੇ ਖ਼ਿਆਲ ਰੱਖੀਂ ਘਰ ਦਾ। ਰਾਜੀਵ ਦੇ ਭਾਪਾ ਤਾਂ ਜਦੋਂ ਅਖ਼ਬਾਰ ਵਿਚ ਖੁੱਭ ਜਾਂਦੇ ਨੇ ਤਾਂ ਫਿਰ ਭਾਵੇਂ ਕੋਈ ਘਰ ਚੁੱਕ ਕੇ ਲੈ ਜਾਏ, ਇਹਨਾਂ ਨੂੰ ਪਤਾ ਨਹੀਂ ਲੱਗਦਾ।’
ਮਰਗ ਵਾਲੇ ਘਰ ਮੁਹੱਲੇ ਦੀਆਂ ਹੋਰ ਵੀ ਔਰਤਾਂ ਸਨ। ਉੱਥੇ ਬੈਠਿਆਂ ਮੈਨੂੰ ਕੁਝ ਦੇਰ ਹੋ ਗਈ ਹੋਣੀ ਹੈ। ਜਦੋਂ ਘਰ ਆਈ ਤਾ ਦੇਖਿਆ, ਰਾਜੀਵ ਦੇ ਭਾਪਾ ਘਰ ਨਹੀਂ ਹਨ। ਮੈਨੂੰ ਬੜਾ ਗੁੱਸਾ ਆਇਆ। ਇਹ ਤਾਂ ਘਰ ਦੀ ਕੋਈ ਜ਼ਿੰਮੇਵਾਰੀ ਸਮਝਦੇ ਹੀ ਨਹੀਂ। ਕਿਧਰ ਚਲੇ ਗਏ? ਫਿਰ ਸੋਚਿਆ, ਸ਼ਾਇਦ ਕੰਮ ਵਾਲੀ ਨੂੰ ਦੱਸ ਕੇ ਗਏ ਹੋਣ। ਉਸ ਨੂੰ ਵੇਖਿਆ, ਉਹ ਵੀ ਕਿਸੇ ਕਮਰੇ ਵਿਚ ਨਹੀਂ ਦਿਸੀ। ਹੱਦ ਹੋ ਗਈ। ਸਭ ਕੁਝ ਖੁੱਲ੍ਹਾ ਪਿਆ ਹੈ, ਭਾਵੇਂ ਰਸੋਈ ਵਿਚੋਂ ਕੋਈ ਬਰਤਨ ਉਠਾ ਕੇ ਲੈ ਜਾਵੇ। ਇਹੋ ਜੇਹਿਆਂ ਨੂੰ ਕੀ ਜ਼ਿੰਮੇਵਾਰੀ ਦੇ ਕੇ ਜਾਵੇ ਕੋਈ। ਸੋਚਿਆ, ਕਿਤੇ ਛੱਤ ਉੱਪਰ ਧੋਤੇ ਕੱਪੜੇ ਤਾਂ ਨਹੀਂ ਪਾਉਣ ਚਲੀ ਗਈ। ਵੇਖਾਂ ਤੇ ਮੈਂ ਪੌੜੀਆਂ ਚੜ੍ਹਕੇ ਉਪਰ ਚਲੀ ਗਈ।
ਉਹ ਤਾਂ ਛੱਤ ਉੱਪਰ ਵੀ ਨਹੀਂ ਹੈ।
ਕਿੱਥੇ ਗਈ ਹੋਈ?
ਮੈਂ ਛੱਤ ਉਪਰਲੇ ਕਮਰੇ ਦੇ ਅੰਦਰ ਝਾਕਿਆ ਤਾਂ ਮੇਰਾ ਤਰਾਹ ਨਿਕਲ ਗਿਆ।
ਰਾਜੀਵ ਦੇ ਭਾਪਾ, ਕੰਮ ਵਾਲੀ ਨੂੰ ਕਮਰੇ ਦੀ ਗੁੱਠ ਵਿਚ ਲਈ ਖੜ੍ਹੇ ਚੁੰਮੀ ਜਾ ਰਹੇ ਸਨ।
ਮੈਂ ਤ੍ਰਬਕ ਕੇ ਪਿੱਛੇ ਹਟ ਗਈ। ਮੇਰੇ ਵਿਚ ਤਾਂ ਪੌੜੀਆਂ ਉਤਰਨ ਦੀ ਹਿੰਮਤ ਵੀ ਨਾ ਰਹੀ।

ਬਲਦੇਵ ਸਿੰਘ
ਬਲਦੇਵ ਸਿੰਘ ਪੰਜਾਬੀ ਦਾ ਅਜਿਹਾ ਨਾਵਲਕਾਰ ਅਤੇ ਕਹਾਣੀਕਾਰ ਹੈ ਜਿਹਦੀ ਹਰ ਰਚਨਾ ਦੇ ਨਾਲ-ਨਾਲ ਉਹਦਾ ਤਖ਼ਲਸ ਵੀ ਬਦਲਦਾ ਜਾਂਦਾ ਹੈ। ਕਦੇ ਉਹ ਬਲਦੇਵ ਸਿੰਘ 'ਸੜਕਨਾਮਾ' ਹੁੰਦਾ ਹੈ ਕਦੇ 'ਲਾਲ ਬੱਤੀ' ਤੇ ਕਦੇ 'ਅੰਨਦਾਤਾ'। ਅੱਜਕਲ ਲੋਕ ਸਾਹਿਤਕ ਹਲਕਿਆਂ ਵਿੱਚ 'ਪੰਜਵਾਂ ਸਾਹਿਬਜ਼ਾਦਾ' ਦੇ ਤੌਰ ’ਤੇ ਨਾਮਣਾ ਖੱਟ ਰਿਹਾ ਹੈ। ਹਥਲੀ ਕਹਾਣੀ ਉਹਨੇ 'ਹੁਣ' ਲਈ ਉਚੇਚੀ ਲਿਖੀ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!