ਤਾਜ਼ੀ ਹਵਾ ਦਾ ਬੁੱਲਾ – ਵਿੱਟਮੈਨ

Date:

Share post:

ਦੇਰ ਹੋਈ ਸ.ਗੁਰਬਖਸ਼ ਸਿੰਘ ਜੀ ਨੇ ਵਾਲਟ ਵਿੱਟਮੈਨ ਦੀਆਂ ਕੁਝ ਕਵਿਤਾਵਾਂ ਉਲਥਾ ਕਰਕੇ ‘ਪ੍ਰੀਤ ਲੜੀ’ ਵਿਚ ਛਾਪੀਆਂ ਸਨ। ਵਿੱਟਮੈਨ ਅਜਿਹਾ ਕਵੀ ਸੀ ਜਿਸਨੇ ਉਨ੍ਹੀਵੀਂ ਸਦੀ ਦੇ ਅੱਧ ਵਿਚ ਅਮਰੀਕੀ ਕਵਿਤਾ ਅੰਦਰ ਭੁਚਾਲ ਲੈ ਆਂਦਾ ਸੀ। ਪਹਿਲੀ ਵਾਰ 1855 ਵਿਚ ਛਪਿਆ ਉਹਦਾ ਕਾਵਿ ਸੰਗ੍ਰਹਿ ‘ਘਾਹ ਦੀਆਂ ਪੱਤੀਆਂ’ (Leaves Of Grass) ਪਾਠਕਾਂ ਸਾਹਮਣੇ ਆਇਆ ਤਾਂ ਉਸ ਵਿਚ ਸਿਰਫ਼ ਬਾਰਾਂ ਕਵਿਤਾਵਾਂ ਸਨ ਪਰ ਏਨੀਆਂ ਅਨੋਖੀਆਂ ਅਤੇ ਹਰ ਰਵਾਇਤ ਤੋਂ ਹਟਕੇ ਕਿ ਹਰ ਕਿਸੇ ਦੀਆਂ ਅੱਖਾਂ ਟੱਡੀਆਂ ਹੀ ਰਹਿ ਗਈਆਂ। ਪਿਛੋਂ ਅਪਣੀ ਮੌਤ ਤੱਕ ਉਹ ਇਨ੍ਹਾਂ ਵਿਚ ਨਵੀਆਂ ਤੋਂ ਨਵੀਆਂ ਕਵਿਤਾਵਾਂ ਸ਼ਾਮਿਲ ਕਰਦਾ ਰਿਹਾ।
ਵਾਲਟ ਵਿੱਟਮੈਨ 1819 ਵਿਚ ਨੀਊ ਯੌਰਕ ਦੇ ਨੇੜੇ ਹੀ ਲੌਂਗ ਆਈਲੈਂਡ ਵਿਚ ਪੈਦਾ ਹੋਇਆ ਸੀ। ਇੱਕ ਪ੍ਰਿਟਿੰਗ ਪ੍ਰੈਸ ਵਿਚ ਕੰਮ ਕਰਦਿਆਂ ਉਹ ਸ਼ਬਦਾਂ ਦਾ ਆਸ਼ਕ ਹੋ ਗਿਆ। ਫੇਰ ਉਸਦੇ ਕਈ ਸਾਲ ਅਧਿਆਪਨ ਅਤੇ ਵੱਖਰੀਆਂ ਵੱਖਰੀਆਂ ਪੱਤ੍ਰਕਾਵਾਂ ਦੀ ਸੰਪਾਦਨਾ ਵਿਚ ਗੁਜ਼ਰੇ। 73 ਸਾਲ ਦੀ ਉਮਰ ਤੱਕ ਉਹ ਆਖ਼ਰੀ ਸਾਹ ਲੈਣ ਵੇਲੇ ਵੀ ‘ਘਾਹ ਦੀਆਂ ਪੱਤੀਆਂ’ ਦੀਆਂ ਨਜ਼ਮਾਂ ਨੂੰ ਸ਼ਿੰਗਾਰਦਾ ਸਵਾਰਦਾ ਰਿਹਾ ਸੀ। ਕਈ ਦਹਾਕੇ ਤਾਂ ਅਮਰੀਕਾ ਦੇ ਅਮੀਰ ਸਤਿਕਾਰੇ ਹੋਏ ਟੱਬਰਾਂ ਨੇ ਉਹਦੀਆਂ ਕਵਿਤਾਵਾਂ ਨੂੰ ਅਪਣੇ ਘਰਾਂ ਦੇ ਦਰਵਾਜ਼ੇ ਨਾ ਲੰਘਣ ਦਿੱਤੇ। ਉਹ ਬਾਗ਼ੀ ਅਤੇ ਬੇਬਾਕ ਕਵੀ ਸੀ ਜਿਸ ਲਈ ਇੱਕੋ ਗੱਲ ਜ਼ਰੂਰੀ ਸੀ ਤੇ ਉਹ ਸੀ ਦਿਲ ਦੀ ਸੁਤੰਤਰ ਆਵਾਜ਼ ਸੁਣਨਾ ਤੇ ਉਸਨੂੰ ਸ਼ਬਦਾਂ ਵਿਚ ਢਾਲਣਾ।
ਉਹ ਇਬਰਾਹਿਮ ਲਿੰਕਨ ਦਾ ਸਮਕਾਲੀ ਸੀ ਜਿਸਨੂੰ ਅਪ੍ਰੈਲ 1865 ਵਿਚ ਕਤਲ ਕਰ ਦਿੱਤਾ ਗਿਆ। ਉਹਦੇ ਸਮੇਂ ਸਾਰੇ ਦਾ ਸਾਰਾ ਅਮ੍ਰੀਕਨ ਸਮਾਜ ਵੀ ਸਖ਼ਸ਼ੀ ਆਜ਼ਾਦੀ ਵੱਲ ਲੰਮੀਆਂ ਪੁਲਾਂਘਾਂ ਪੁੱਟ ਰਿਹਾ ਸੀ।
ਵਾਲਟ ਵਿੱਟਮੈਨ ਕੇਵਲ ਸਖ਼ਸ਼ੀ ਆਜ਼ਾਦੀ ਨੂੰ ਹੀ ਨਹੀਂ, ਅਪਣੀ ਜੰਮਣ-ਭੋਂ ਅਮਰੀਕਾ ਨੂੰ ਵੀ ਬੇਹੱਦ ਪਿਆਰ ਕਰਦਾ ਸੀ। ਇੱਕ ਵਾਰ ਉਸਨੇ ਲਿਖਿਆ, ‘ਚੰਗਾ ਕਵੀ ਹੋਣ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਕਵੀ ਦੇ ਅਪਣੇ ਦੇਸ ਦੇ ਲੋਕ ਉਸਨੂੰ ਏਨੇ ਨਿੱਘ ਨਾਲ ਜਜ਼ਬ ਕਰ ਲੈਣ ਜਿੰਨੇ ਨਿੱਘ ਨਾਲ ਕਵੀ ਨੇ ਲੋਕਾਂ ਦੇ ਹਾਵਾਂ ਭਾਵਾਂ ਨੂੰ ਜਜ਼ਬ ਕੀਤਾ ਹੋਵੇ।’
ਵਾਲਟ ਵਿੱਟਮੈਨ ਮਨ-ਮੌਜੀ ਵਿਅਕਤੀ ਸੀ। ਉਹ ਕਵੀ ਦਿਲ ਕੋਲੋਂ ਇੱਕ ਬੱਚੇ ਵਰਗੀ ਮਾਸੂਮੀਅਤ ਦੀ ਮੰਗ ਕਰਦਾ ਸੀ। ਔਰਤ ਮਰਦ ਦੇ ਲੁਕਵੇਂ ਰਿਸ਼ਤਿਆਂ ਨੂੰ ਵੀ ਨਿਸ਼ੰਗਤਾ ਨਾਲ ਸਹਿਜੇ ਹੀ ਬਿਆਨ ਕਰ ਜਾਂਦਾ ਸੀ। ਇਸੇ ਕਰਕੇ ਸਮੇਂ ਦੇ ਕਈ ਅਲੋਚਕਾਂ ਨੇ ਉਹਦੀ ਰੱਜ ਕੇ ਭੰਡੀ ਵੀ ਕੀਤੀ। ਉਸਨੂੰ ਆਪਾ ਵਿਰੋਧੀ ਅਤੇ ਫਰਾਡ ਕਿਹਾ ਪਰ ਅੱਜ ਲਗ ਪਗ ਡੇਢ ਸਦੀ ਬੀਤ ਜਾਣ ਬਾਅਦ ਵੀ ਉਹਦੀਆਂ ਕਵਿਤਾਵਾਂ ਉਸੇ ਉਤਸ਼ਾਹ ਨਾਲ ਪੜ੍ਹੀਆਂ ਜਾਂਦੀਆਂ ਹਨ।

ਵਾਲਟ ਵਿੱਟਮੈਨ ਦੀਆਂ ਕਵਿਤਾਵਾਂ

ਜੇਤੂ

ਬੁੱਢੇ ਕਿਸਾਨ, ਕਾਮੇ, ਯਾਤਰੀ
ਭਾਵੇਂ ਕਿੰਨੇ ਹੀ ਲੰਗਾਉਂਦੇ, ਕੁੱਬੇ ਹੋ ਗਏ ਹੋਣ,
ਹਟਵੇਂ ਹੋ ਗਏ ਜਹਾਜ਼ੀ
ਜੋ ਦਹਾੜਦੇ ਹੋਏ ਖ਼ਤਰਨਾਕ ਸਾਗਰਾਂ, ਤੂਫਾਨਾਂ,
ਤਬਾਹ ਹੋਏ ਜਹਾਜ਼ਾਂ ਕੋਲੋਂ ਗੁਜ਼ਰੇ ਹੋਣ।
ਲਾਮਾਂ ਨੂੰ ਸਰ ਕਰ ਚੁੱਕੇ ਬਿਰਧ ਫੌਜੀ
ਮਨ ਵਿਚ ਲਈ ਫਿਰਦੇ ਖਾਧੀਆਂ ਹਾਰਾਂ ਦੇ ਚੇਤੇ
ਪਿੰਡਿਆਂ ‘ਤੇ ਚੁੱਕੀ ਫਿਰਦੇ ਜ਼ਖ਼ਮ, ਝਰੀਟਾਂ।

ਕਾਫੀ ਸੀ ਉਨ੍ਹਾਂ ਦਾ ਜੀਵਨ ਦੇ
ਨਿਰਦਈ ਧੱਕਿਆਂ ਤੋਂ ਬਚਕੇ ਨਿਕਲ ਜਾਣਾ,
ਇਕੱਲਿਆਂ ਹੀ ਤਣਾ-ਤਣੀਆਂ, ਯੁੱਧਾਂ,
ਭਾਂਤ ਭਾਂਤ ਦੀਆਂ ਅਜ਼ਮਾਇਸ਼ਾਂ ਪਾਰ ਕਰ ਜਾਣਾ।

ਉਹੀ ਤਾਂ ਹਨ ਜੇਤੂ ਇਸ ਧਰਤੀ ਦੇ।

ਨਿੱਖਰੀ ਹੋਈ ਅੱਧੀ ਰਾਤ

ਇਹ ਹੈ ਤੇਰੀ ਰੂਹ ਦਾ ਸਮਾਂ
ਚੁੱਪ ਦੇ ਪਲਾਂ ਵੱਲ ਉੜ ਜਾਣ ਵਾਲੇ ਪਲ
ਕਿਤਾਬਾਂ ਤੋਂ ਪਰੇ, ਕਾਰੀਗਰੀਆਂ ਤੋਂ ਦੂਰ
ਪੂੰਝਕੇ ਦਿਨ ਦੇ ਪ੍ਰਛਾਵੇਂ, ਭੁੱਲਕੇ ਸਿੱਖੇ ਹੋਏ ਸਬਕ।

ਕੇਵਲ ਤੂੰ, ਇਕੱਲਾ
ਅਪਣੀ ਭਰਪੂਰਤਾ ’ਚ ਮਚਲਦਾ ਹੋਇਆ
ਚੁੱਪ, ਏਧਰ ਓਧਰ ਝਾਕਦਾ
ਸੋਚਦਾ, ਜਿਵੇਂ ਤੂੰ ਸਦਾ ਈ ਸੋਚਣਾ ਚਾਹਿਆ ਸੀ
ਨੀਂਦ, ਮੌਤ, ਤਾਰਿਆਂ ਅਤੇ ਰਾਤ ਦੇ ਹੁਸਨ ਬਾਰੇ।

ਅਮਰੀਕਾ ਨੂੰ ਗਾਉਂਦਿਆਂ ਸੁਣਦਾਂ ਮੈਂ

ਅਮਰੀਕਾ ਨੂੰ ਗਾਉਂਦਿਆਂ ਸੁਣਦਾਂ ਮੈਂ
ਭਾਂਤ ਭਾਂਤ ਦੇ ਗੀਤ,
ਮਿਸਤ੍ਰੀਆਂ ਨੂੰ ਸੁਣਦਾਂ ਗਾਉਂਦਿਆਂ
ਵੇਗਮਈ ਤੇ ਬਲਵਾਨ ਆਵਾਜ਼ਾਂ ਸਮੇਤ,
ਤਰਖਾਣਾਂ ਨੂੰ ਸੁਣਦਾਂ ਗਾਉਂਦਿਆਂ
ਬਾਲਿਆਂ, ਸ਼ਤੀਰੀਆਂ ਨੂੰ ਰੰਦੇ ਲਾਉਣ ਵੇਲੇ,
ਇੱਟਾਂ ਚਿਣਦੇ ਰਾਜ ਗਾਉਂਦੇ
ਕੰਮ ‘ਤੇ ਲੱਗਣ ਤੋਂ ਪਹਿਲਾਂ
ਕੰਮ ਮੁਕਾ ਲੈਣ ਤੋਂ ਬਾਅਦ।

ਮਾਹੀਗੀਰ ਗਾਉਂਦੇ ਕਿਸ਼ਤੀਆਂ ’ਚ
ਪਿਆ ਹੋਇਆ ਮਾਲ ਦੇਖਕੇ,
ਮਛੇਰੇ ਜਹਾਜ਼ਾਂ ਦੀਆਂ ਛੱਤਾਂ ਉਪਰ,
ਮੋਚੀ ਗਾਉਂਦਾ ਠੀਹੇ ‘ਤੇ ਬੈਠਣ ਲੱਗਾ
ਤੇ ਉਹਦਾ ਮੁੰਡਾ ਉਹਦੇ ਬਰਾਬਰ ਖੜਾ,
ਸੁਣਦਾਂ ਮੈਂ ਲੱਕੜਹਾਰੇ ਦਾ ਗੀਤ
ਕੰਮ ‘ਤੇ ਜਾਣ ਸਮੇਂ, ਛਾਹ ਵੇਲੇ ਤੇ ਫੇਰ
ਸ਼ਾਮ ਨੂੰ ਘਰ ਮੁੜਦਿਆਂ
ਮਾਵਾਂ ਦੇ ਸੁਰੀਲੇ ਗੀਤ, ਕੰਮ ਕਰਦੀਆਂ ਨੂਹਾਂ
ਕੱਪੜੇ ਸੀਊਂਦੀਆਂ ਅਤੇ ਕੱਪੜੇ ਧੋਂਦੀਆਂ
ਹੁਸੀਨ ਕੁੜੀਆਂ ਦੇ ਗੀਤ।
ਹਰ ਜਣਾ ਗਾਉਂਦਾ, ਅਪਣੇ ਆਪ ਲਈ
ਰਾਤ ਪੈਣ ਵੇਲੇ ਗੱਭਰੂਆਂ ਦੇ ਟੋਲੇ
ਖਰੂਦ ਕਰਦੇ, ਗਲਵੱਕੜੀਆਂ ਪਾਉਂਦੇ,
ਮੂੰਹ ਅੱਡੀ ਉਚੀ ਉਚੀ ਸੁਰੀਲੇ ਗੀਤ ਛੁਹੰਦੇ,

ਅਮਰੀਕਾ ਨੂੰ ਗਾਉਂਦਿਆਂ ਸੁਣਦਾਂ ਮੈਂ।

ਕ੍ਰਿਸ਼ਮੇ

ਕਿਉਂ, ਕੌਣ ਬਣਾਉਂਦਾ ਹੈ ਕ੍ਰਿਸ਼ਮਾ ?
ਮੈਨੂੰ ਤਾਂ ਏਨਾ ਹੀ ਪਤਾ ਹੈ ਕਿ ਕ੍ਰਿਸ਼ਮੇ ਹੁੰਦੇ ਹਨ,
ਚਾਹੇ ਮੈਂ *ਮੈਨਹਾਟਨ ਦੀਆਂ ਗਲੀਆਂ ’ਚੋਂ ਲੰਘਾਂ
ਜਾਂ ਨਿਗਾਹਾਂ ਚੁੱਕਕੇ ਛੱਤਾਂ ਵੱਲ ਵੇਖਾਂ,
ਕਿਸੇ ਸਮੁੰਦਰ ਦੇ ਕੰਢੇ ‘ਤੇ ਪਾਣੀ ਦੇ ਕੋਲ ਕੋਲ
ਨੰਗੇ ਪੈਰੀਂ ਹੌਲੀ ਹੌਲੀ ਤੁਰਾਂ
ਜਾਂ ਜੰਗਲ ਵਿਚ ਰੁੱਖਾਂ ਹੇਠ ਖਲੋਵਾਂ।
ਜਿਸਨੂੰ ਪਿਆਰ ਕਰਦਾ ਹੋਵਾਂ
ਉਹਦੇ ਨਾਲ ਦਿਨ ਰਾਤ ਗੱਲਾਂ ਕਰਾਂ
ਰਾਤ ਭਰ ਜੀਅ ਭਰਕੇ ਸੌਵਾਂ,
ਲੋਕਾਂ ਨੂੰ ਖਾਂਦਿਆਂ ਗੁਟਕਦਿਆਂ ਦੇਖਾਂ
ਅਜਨਬੀਆਂ ਨੂੰ ਕਾਰਾਂ ’ਚ ਘੁੰਮਦਿਆਂ ਨਿਹਾਰਾਂ।
ਗਰਮੀਆਂ ਦੀ ਰੁੱਤੇ, ਲੌਢੇ ਵੇਲੇ
ਮਧੂ ਮੱਖੀਆਂ ਦੀ ਛiੱਤਆਂ ਦੁਆਲੇ ਘੁਮਕਾਰ,
ਖੇਤਾਂ ਵਿਚ ਉਗਾਲੀ ਕਰਦੇ ਪਸ਼ੂ
ਹਵਾ ਵਿਚ ਗੇੜੀਆਂ ਕੱਢਦੇ ਕੀੜੇ,
ਦੁਮੇਲ ‘ਤੇ ਡੁੱਬ ਰਹੇ ਸੂਰਜ ਦੀ ਚਮਕ
ਰਾਤਾਂ ਵਿਚ ਚੁਪਚਾਪ ਚਮਕਦੇ ਤਾਰੇ,
ਕਦੇ ਕਦੇ ਬਹਾਰ ਦੀ ਰੁੱਤੇ ਆਕਾਸ਼ ਵਿਚ
ਨਵੇਂ ਚੜ੍ਹੇ ਚੰਦ ਦਾ ਗੋਲ ਮਟੋਲ ਚਿਹਰਾ,
ਸਭ ਕ੍ਰਿਸ਼ਮੇ ਹਨ ਮੇਰੇ ਲਈ।

ਮੇਰੇ ਲਈ ਤਾਂ ਹਰ ਪਲ ਕ੍ਰਿਸ਼ਮਾ ਹੈ,
ਧਰਤੀ ਦਾ ਹਰ ਇੰਚ, ਹਰ ਗਜ਼ ਅਜੂਬਾ ਹੈ ,
ਮੇਰੇ ਲਈ ਤਾਂ ਸਾਗਰ, ਮੱਛੀਆਂ, ਚਟਾਨਾਂ
ਲਹਿਰਾਂ ਦਾ ਸੰਗੀਤ ਕ੍ਰਿਸ਼ਮਾ ਹੈ।
* ਨੀਊ ਯਾਰਕ ਦਾ ਹਿੱਸਾ।

ਹੰਝੂ

ਹੰਝੂ, ਹੰਝੂ, ਹੰਝੂ
ਰਾਤ ਨੂੰ, ਇਕਾਂਤ ਵਿਚ
ਚਿੱਟੀ ਰੇਤ ਵਿਚ ਜਜ਼ਬ ਹੁੰਦੇ ਹੰਝੂ,
ਕੋਈ ਤਾਰਾ ਨਾ ਚਮਕਦਾ, ਬੱਸ ਹੰਝੂ।

ਝੂਰਦੀਆਂ ਅੱਖਾਂ ’ਚੋਂ ਡਿਗਦੇ ਗਿੱਲੇ ਹੰਝੂ,
ਜਾਂ ਕੌਣ ਹੈ ਉਹ ਪ੍ਰੇਤ ਜੋ ਹੰਝੂ ਕੇਰਦਾ
ਨਿਰਾਕਾਰ, ਰੇਤ ਉਪਰ ਝੁਕਿਆ ਹੋਇਆ,
ਕਦੀ ਕਦੀ ਹੰਝੂਆਂ ਦੇ ਨਾਲ ਚੀਕ ਨਿਕਲਦੀ,
ਜਾਂ ਅਛੋਪਲੇ ਪੈਰਾਂ ਦੀ ਆਵਾਜ਼ ਸੁਣਦੀ,
ਫੇਰ ਭਿਆਨਕ ਜਿਹਾ ਤੂਫਾਨ ਆਉਂਦਾ,
ਲੰਘ ਜਾਂਦਾ, ਸਮੁੰਦਰ ਨੂੰ ਆਜ਼ਾਦ ਕਰਕੇ।

ਐਸ ਵੇਲੇ

ਐਸ ਵੇਲੇ, ਇਕੱਲੇ ਬੈਠੇ ਸੋਚਦਿਆਂ,
ਲਗਦਾ ਹੈ ਹੋਰ ਵੀ ਲੋਕ ਹੋਣਗੇ
ਹੋਰ ਦੇਸਾਂ ’ਚ ਇਵੇਂ ਹੀ ਸੋਚਦੇ।

ਮਹਿਸੂਸ ਹੁੰਦਾ ਹੈ
ਜੇ ਮੈਂ ਹੱਥ ਵਧਾਵਾਂ ਤਾਂ
ਜਰਮਨੀ, ਇਟਲੀ, ਫਰਾਂਸ ਤੇ ਸਪੇਨ ਵਿਚ
ਉਨ੍ਹਾਂ ਤਾਈਂ ਪਹੁੰਚ ਸਕਦਾਂ।
ਜਾਂ ਦੂਰ ਚੀਨ, ਰੂਸ, ਜਾਪਾਨ ਤਾਈਂ
ਜਿੱਥੋਂ ਮੈਨੂੰ ਸੁਣਦੀਆਂ ਹਨ
ਭਾਂਤ ਸੁਭਾਂਤੀਆਂ ਬੋਲੀਆਂ।

ਏਦਾਂ ਲਗਦਾ ਹੈ
ਮੈਂ ਉਨ੍ਹਾਂ ਲੋਕਾਂ ਨੂੰ ਹੋਰ ਜਾਣਾਂ
ਤਾਂ ਹੋ ਜਾਣਗੇ ਉਹ ਮੇਰੀ ਹੀ ਧਰਤੀ ਦੇ ਲੋਕ,
ਮੈਨੂੰ ਪਤਾ ਹੈ ਅਸੀਂ ਭਰਾ ਈ ਹਾਂ।
ਖੁਸ਼ ਰਹਾਂਗਾ ਮੈਂ ਉਨ੍ਹਾਂ ਸਾਰਿਆਂ ਨਾਲ।

ਲੰਘਿਆ ਮੈਂ ਵੱਡੇ ਸ਼ਹਿਰ ’ਚੋਂ

ਲੰਘਿਆ ਸੀ ਵੱਡੇ ਸ਼ਹਿਰ ਵਿਚੋਂ ਮੈਂ
ਦੇਖਦਾ ਤਮਾਸ਼ੇ, ਰਹੁਰੀਤਾਂ ਤੇ ਰਿਵਾਜ ਉਹਦੇ
ਪਰ ਮੈਨੂੰ ਕੁਝ ਵੀ ਨਾ ਰਿਹਾ ਚੇਤੇ
ਬਿਨਾਂ ਓਸ ਨੱਢੜੀ ਤੋਂ
ਜਿਸ ਨੇ ਪਿਆਰ ਨਾਲ ਮੈਨੂੰ ਸੀ ਖਿਲ੍ਹਾਰ ਲਿਆ,
ਭੁੱਲ ਗਿਆ ਸਾਰਾ ਕੁਝ
ਉਹੀ ਰਾਤਾਂ ਯਾਦ ਰਹੀਆਂ, ਉਹੀ ਦਿਨ ਯਾਦ ਰਹੇ
ਜਿਹੜੇ ਅਸੀਂ ਕੱਠਿਆਂ ਗੁਜ਼ਾਰ ਲਏ।

ਹਾਲੇ ਵੀ ਮੈਂ ਉਨ੍ਹਾਂ ਪਲਾਂ ਵਿਚ ਹੀ ਗੜੂੰਦ ਹਾਂ
ਜਦੋਂ ਵੇਲ ਵਾਂਗ ਉਹੋ ਲਮਕੀ ਸੀ ਮੇਰੇ ਨਾਲ,
ਅਸੀਂ ਮਿਲੇ, ਘੁੰਮੇ ਅਤੇ ਵਿੱਛੜੇ ਸਾਂ,
ਉੇਹਨੇ ਮੇਰਾ ਹੱਥ ਫੜ ਰੱਖਿਆ ਸੀ ਘੁੱਟਕੇ,
ਉਹਦੇ ਬੁੱਲ੍ਹ ਚੁੱਪ ਪਰ ਕੰਬਦੇ ਸਨ।

ਲੰਘਿਆ ਸੀ ਵੱਡੇ ਸ਼ਹਿਰ ਵਿਚੋਂ ਮੈਂ।

ਅਨੁਵਾਦ- ਅਵਤਾਰ ਜੰਡਿਆਲਵੀ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!