ਤਲਵੰਡੀ-ਰਾਗ ਦੀ ਮੰਡੀ – ਬਲਬੀਰ ਸਿੰਘ ਕੰਵਲ

Date:

Share post:

ਧਰੁੱਪਦ ਦਾ ਧਨੰਤਰ ਘਰਾਣਾ

ਓਪਰੀ ਨਜ਼ਰੇ ਦੇਖਦਿਆਂ ਇਸ ਲੇਖ ਦਾ ਨਾਮ ਗੁਮਰਾਹਕੁਨ ਹੋ ਸਕਦਾ ਹੈ,ਪਰ ਅਜਿਹਾ ਨਾਮਕਰਨ ‘ਤਲਵੰਡੀ-ਰਾਗ ਦੀ ਮੰਡੀ’ ਲੋਕਾਇਣ ਅਨੁਸਾਰ ਹੀ ਕੀਤਾ ਗਿਆ ਹੈ। ਅਸਲ ਗੱਲ ਇਹ ਹੈ ਕਿ ਇਸ ਘਰਾਣੇ ਦੇ ਪਾਟੇ ਖਾਂ ਕਲਾਕਾਰਾਂ ਦੇ ਸਨਕ ਜਾਂ ਖ਼ਬਤ ਦਾ ਇਹ ਆਲਮ ਹੈ ਕਿ ਉਹ ਆਪਣੇ ਆਪ ਤੋਂ ਛੁੱਟ ਹੋਰ ਕਿਸੇ ਨੂੰ ਟਿੱਚ ਵੀ ਨਹੀਂ ਸਮਝਦੇ। ਉਨ੍ਹਾਂ ਭਾਣੇ ਸਿਰਫ ਉਹ ਤੇ ਉਹ ਹੀ ਸ਼ੁੱਧ ਗਾ ਸਕਦੇ ਹਨ,ਬਾਕੀ ਸੱਭੇ ਗ਼ਲਤ ਹਨ।ਤੋਬਾ!

ਜੇਕਰ ਸਮੁੱਚੇ ਭਾਰਤ ਨੇ ਸਾਨੂੰ ਸੰਗੀਤ ਦੇ ਪ੍ਰਮੁੱਖ ਪੰਜ ਘਰਾਣੇ ਜਿਵੇਂ ਕਿ ਗਵਾਲੀਅਰ, ਦਿੱਲੀ, ਆਗਰਾ, ਜੈਪੁਰ, ਕਿਰਾਨਾ (ਜਿਸਨੂੰ ਪੰਜਾਬੀ ਲਬੋ-ਲਹਿਜੇ ’ਚ ਅਸੀਂ ਕਰਿਆਣਾ ਆਖਦੇ ਹਾਂ) ਦਿੱਤੇ ਹਨ,ਤਾਂ ਇਸ ਨਾਲੋਂ ਜਿ਼ਆਦਾ ਘਰਾਣੇ ਤਾਂ ਇਕੱਲੇ ਸਾਡੇ ਪੰਜਾਬ ਵਿਚ ਹੀ ਹੋਏ ਹਨ ਜਿਵੇਂ ਕਿ ਪਟਿਆਲਾ, ਤਲਵੰਡੀ, ਸ਼ਾਮ ਚੁਰਾਸੀ, ਹਰਿਆਣਾ, ਕਸੂਰ,ਨੌਸ਼ਹਿਰਾ ਨੰਗਲੀ (ਉਸਤਾਦ ਬੰਨੇ ਖਾਂ ਹੋਰਾਂ ਵਾਲਾ) ਅਤੇ ਕਪੂਰਥਲਾ (ਰਬਾਬੀ) ਆਦਿ।ਕੁਝ ਸੰਗੀਤ ਸ਼ਾਸ਼ਤ੍ਰੀਆਂ ਦੇ ਕਥਨ ਅਨੁਸਾਰ ਸਾਰੇ ਦੇਸ਼ ਵਿਚ ਵੱਡੇ ਵੱਡੇ ਘਰਾਣੇ ਤਾਂ ਕੇਵਲ ਚਾਰ ਹੀ ਹੋਏ ਹਨ :

ਗਵਾਲੀਅਰ,ਦਿੱਲੀ,ਹਰਿਆਣਾ ਅਤੇ ਤਲਵੰਡੀ। ਤਲਵੰਡੀ ਦਾ ਪਹਿਲਾ ਨਾਂ ਰਾਏ ਦੀ ਬਸੀ ਜਾਂ ਬਸਤੀ ਸੀ।ਰਾਏ ਦਾ ਮਾਅਨਵੀ ਮਤਲਬ,ਰਾਜਾ,ਅਮੀਰ ਜਾਂ ਮਲਿਕ ਮਾਲਿਕ ਹੁੰਦਾ ਹੈ। ਮੁਸਲਮਾਨ ਕਾਲ ਵਿਚ ਜੇਕਰ ਅਠਾਰਾਂ ਨਾਇਕ ਸਾਰੇ ਭਾਰਤ ਵਿਚ ਸਨ ਤਾਂ ਪੰਜ ਛੇ ਨਾਇਕ ਤਾਂ ਕੇਵਲ ਇਸ ਬਸੀ ਵਿਚ ਹੀ ਰਹਿੰਦੇ ਸਨ,ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਸਨ: ਨਾਇਕ ਬੈਜੂ ਬਾਵਰਾ, ਨਾਇਕ ਬਖਸ਼ੂ,ਨਾਇਕ ਸੂਰਜ ਖਾਂ,ਨਾਇਕ ਚਾਂਦ ਖਾਂ,ਨਾਇਕ ਜਹਾਂਗੀਰ ਦਾਦ ਖਾਂ,ਨਾਇਕ ਮਲਿਕ ਨੱਥਣ ਖਾਂ ਆਦਿ।

ਇਥੇ ਇਸ ਗੱਲ ਦੀ ਤਸ਼ਰੀਹ ਕਰ ਦੇਣੀ ਵੀ ਬੇਤੁਕੀ ਨਹੀਂ ਹੋਵੇਗੀ ਕਿ ਸੰਗੀਤ ਦੀ ਦੁਨੀਆ ਵਿਚ ਸਭ ਤੋਂ ਉੱਤਮ ਦਰਜਾ ਨਾਇਕ ਦਾ ਹੀ ਹੈ,ਨਹੀਂ ਤਾਂ ਇਸ ਮੰਜ਼ਲ ਦੀਆਂ ਪੌੜੀਆਂ ਇਸ ਪ੍ਰਕਾਰ ਹਨ; ਜੇਕਰ ਕਿਸੇ ਨੇ ਇਸ ਸੰਬੰਧੀ ਕਿਸੇ ਕਾਮਲ ਕੋਲੋਂ ਕਲਾ ਦੀ ਵਾਕਫੀਅਤ ਪ੍ਰਾਪਤ ਕਰ ਲਈ ਤਾਂ ਉਹ ਪੰਡਿਤ ਹੋ ਗਿਆ,ਜ਼ਰਾ ਕੁ ਹੋਰ ਵਧ ਗਿਆ ਤਾਂ ਗੁਣੀ ਕਹਾਇਆ,ਉਸ ਨਾਲੋਂ ਜ਼ਰਾ ਹੋਰ ਉਪਰ ਚਲੇ ਗਿਆ ਤਾਂ ਗੰਧਰਵ ਸਦਵਾਇਆ, ਉਸ ਨਾਲੋਂ ਹੋਰ ਵਧ ਗਿਆ ਤਾਂ ਗਾਇਕ ਹੋ ਗਿਆ ਅਤੇ ਜੇਕਰ ਸਾਰੀਆਂ ਪੌੜੀਆਂ ਚੜ੍ਹ ਗਿਆ ਤਾਂ ਜਾ ਕੇ ਕਿਧਰੇ ਨਾਇਕ ਦੀ ਪਦਵੀ ਪ੍ਰਾਪਤ ਹੁੰਦੀ ਹੈ ਜਿਹੜੀ ਕਿ ਬਹੁਤ ਹੀ ਘੱਟ ਕਲਾਕਾਰਾਂ ਨੂੰ ਨਸੀਬ ਹੁੰਦੀ ਹੈ।

ਧਰੁਪਦੀਆਂ ਦੇ ਬਾਨੀ ਇਸ ਘਰਾਣੇ ਨੂੰ,ਜਿਸ ਨੂੰ ਕਈ ਵੇਰ ‘ਤਲਵੰਡੀ-ਰਾਗ ਦੀ ਮੰਡੀ’ਜਾਂ ‘ਧਰੁਪਦ ਦੀ ਦੁਕਾਨ ਵੀ ਆਖਿਆ ਜਾਂਦਾ ਰਿਹਾ ਹੈ,ਪ੍ਰਾਪਤ ਹੋਈ ਉਚਤਾ ਦਾ ਅੰਦਾਜ਼ਾ ਕੇਵਲ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਮੁਗ਼ਲ ਕਾਲ ਸਮੇਂ ਸ਼ਾਇਰਾਂ ਵਿਚੋਂ ‘ਮਲਿਕੁਲ-ਸ਼ੁਅਰਾ’ ਦਾ ਸਭ ਤੋਂ ਪਹਿਲਾ ਖਿਤਾਬ ਅਕਬਰ ਸਮੇਂ ਜਿਥੇ ਗਜ਼ਾਲੀ ਨੂੰ,ਜਹਾਂਗੀਰ ਸਮੇਂ ਤਾਲਿਬ ਨੂੰ ਅਤੇ ਸ਼ਾਹਜਹਾਨ ਸਮੇਂ ਕੁਦਸੀ ਨੂੰ ਦਿੱਤਾ ਗਿਆ ਸੀ,ਉਥੇ ਸੰਗੀਤਕਾਰਾਂ ਵਿਚੋਂ ਸ਼ਾਹਜਹਾਨ ਸਮੇਂ ‘ਮਲਿਕਜ਼ਾਦਾ’ ਦਾ ਖਿਤਾਬ ਤਲਵੰਡੀ ਦੇ ਬਾਬਾ ਰਹੀਮ ਦਾਸ ਖਾਂ ਨੂੰ ਦਿੱਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਸ ਘਰਾਣੇ ਦੇ ਮੋਢੀ ਕਲਾਕਾਰਾਂ ਨੂੰ ਸਈਦ ਅਲੀ ਸਰਮਸਤ ਖਲੀਫਾ ਸਰਕਾਰ ਜਤੀ ਸ਼ਾਹਬਾਜ਼ ਕਲੰਦਰ ਸੇਵਨ ਸ਼ਰੀਫ ਹੋਰਾਂ ਦਾ ਵਰ ਪ੍ਰਾਪਤ ਸੀ।

ਮਧਕਾਲੀਨ ਗਵਈਆਂ ਵਿਚ ਜਿਹੜੀਆਂ ਚਾਰ ਬਾਣੀਆਂ ਪ੍ਰਚਲਤ ਹੋਈਆਂ ਉਹ ਸਨ: ਮੀਆਂ ਤਾਨ ਸੈਨ ਤੋਂ ਗੋਰਾਰੀ,ਬ੍ਰਿਜ ਚੰਦ ਤੋਂ ‘ਡਾਂਗਰੀ’,ਰਾਜਾ ਸੁਮੱਖਣ ਸਿੰਘ ਤੋਂ ਖੰਡਾਰੀ ਅਤੇ ਸ਼੍ਰੀ ਚੰਦ ਤੋਂ ਠੋਹਾਰੀ। ਬਾਣੀਆਂ ਦਾ ਇਹ ਨਾਮੀਕਰਨ ਆਮ ਤੌਰ ’ਤੇ ਇਨ੍ਹਾਂ ਕਲਾਕਾਰਾਂ ਦੇ ਪਿੰਡਾਂ ਥਾਵਾਂ ਜਾਂ ਇਲਾਕਿਆਂ ਤੋਂ ਕੀਤਾ ਗਿਆ ਸੀ। ਆਉਣ ਵਾਲੇ ਅਗਾਂਹ ਦੇ ਕਲਾਕਾਰਾਂ ਨੇ ਜਿਨ੍ਹਾਂ ਜਿਨ੍ਹਾਂ ਬਾਣੀਆਂ ਨੂੰ ਅਪਣਾਇਆ,ਉਨ੍ਹਾਂ ਦੀ ਅੱਲ ਤਿਵੇਂ ਤਿਵੇਂ ਹੀ ਪੈਂਦੀ ਗਈ।ਤਲਵੰਡੀ ਘਰਾਣੇ ਦੇ ਕਲਾਕਾਰਾਂ ਨੇ ਕਿਉਂਕਿ ਖੰਡਾਰੀ ਬਾਣੀ ਨੂੰ ਅਪਣਾਇਆ ਸੀ,ਇਸ ਲਈ ਆਪਣੇ ਆਪ ਨੂੰ ਉਹ ਹੁਣ ਤੱਕ ‘ਖੰਡੋਰੇ’ ਅਖਵਾਉਂਦੇ ਚਲੇ ਆ ਰਹੇ ਹਨ।

ਇਸ ਲੇਖ ਦੀ ਸਿੱਧੀ,ਸੀਖ ਭਾਨੀ ਉਠਾਨ ਭਰਨ ਤੋਂ ਪਹਿਲਾਂ ਪਾਠਕਾਂ ਦਾ ਸੰਭਾਵੀ ਗਮਝਲਾ ਦੂਰ ਕਰਨਾ ਬੜਾ ਜ਼ਰੂਰੀ ਬਣਦਾ ਹੈ। ਜੇਕਰ ਆਪਾਂ ਪੰਜਾਬ ਦੇ ਪੁਰਾਣੇ ਨਕਸ਼ੇ ਦੇਖ ਸਕੀਏ ਤਾਂ ਇਹ ਗੱਲ ਸਾਨੂੰ ਸਾਫ ਤੌਰ ’ਤੇ ਦਿਸ ਪਏਗੀ ਕਿ ਦਿੱਲੀ ਵੀ ਕਦੇ ਪੰਜਾਬ ਦਾ ਹਿੱਸਾ ਹੀ ਹੁੰਦਾ ਸੀ। 1857 ਦੇ ਗਦਰ ਵੇਲੇ ਇਹ ਨਗਰ ਕੋਈ ਬਹੁਤਾ ਵੱਡਾ ਨਹੀਂ ਸੀ ਹੁੰਦਾ (ਉਦੋਂ ਪੰਜਾਬ ਦੇ ਇੱਕ ਦੋ ਸ਼ਹਿਰ ਇਸ ਨਾਲੋਂ ਜ਼ਿਆਦਾ ਵੱਡੇ ਹੁੰਦੇ ਸਨ)। ਇਸ ਦੀ ਆਬਾਦੀ ਉਦੋਂ ਇੱਕ ਲੱਖ ਚਾਲੀ ਹਜ਼ਾਰ ਦੀ ਹੁੰਦੀ ਸੀ। ਇਹ ਗੱਲ ਫਿਰ 9 ਨਵੰਬਰ 1901 ਦੀ ਹੈ ਕਿ ਗੋਰਿਆਂ ਨੇ ਪੰਜਾਬ ਦੀਆਂ ਵਿੱਤੀ ਅਤੇ ਇੰਤਜ਼ਾਮੀਆ ਲੋੜਾਂ ਦੇ ਮੁਤਾਬਿਕ ਇਸ ਨੂੰ ਪੰਜ ਕਿਸਮਤਾਂ (ਕਮਿਸ਼ਨਰੀਆਂ) ਵਿਚ ਵੰਡ ਦਿੱਤਾ ਸੀ। ਉਦੋਂ ਇਸ ਦੇ 29 ਜਿ਼ਲ੍ਹੇ ਬਣਾਏ ਗਏ ਸਨ ਅਤੇ 114 ਤਸੀਲਾਂ। ਜ਼ਿਲ੍ਹਾ ਦਿੱਲੀ ਦੀ ਕਿਸਮਤ ਵਿਚ ਉਦੋਂ ਇਹ ਤਸੀਲਾਂ ਸ਼ਾਮਿਲ ਸਨ:- ਦਿੱਲੀ,ਸੋਨੀਪਤ ਅਤੇ ਬੱਲਬਗੜ ਜਾਂ ਬੱਲਮਗੜ੍ਹ੍ਹ। ਫਿਰ 1911 ਵਿਚ ਅੰਗਰੇਜ਼ਾਂ ਨੇ ਆਪਣੇ ਪ੍ਰਬੰਧਕੀ ਸੌਖ ਨੂੰ ਮੁੱਖ ਰਖਦਿਆਂ ਕਲਕੱਤੇ ਤੋਂ ਰਾਜਧਾਨੀ ਬਦਲ ਕੇ ਦਿੱਲੀ ਨੂੰ ਆਪਣਾ ਕੇਂਦਰ ਬਣਾਇਆ ਤਾਂ ਇਸ ਦੀ ਸਜ ਧਜ ਅਤੇ ਰੌਣਕ ਵਿਚ ਬੇਹੱਦ ਵਾਧਾ ਹੋਇਆ। ਉਦੋਂ ਵੀ ਇਸ ਦੇ ਮੁੱਖ ਉਸਰਈਏ ਚਾਰ ਪੰਜ ਪੰਜਾਬੀ ਹੀ ਸਨ। ਸਰਦਾਰ ਬਹਾਦਰ ਸਰ ਸੋਭਾ ਸਿੰਘ (ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਦੇ ਪਿਤਾ), ਸਰ ਵਿਸਾਖਾ ਸਿੰਘ, ਸਰਦਾਰ ਨਰੈਣ ਸਿੰਘ, ਸਰਦਾਰ ਰਣਜੀਤ ਸਿੰਘ(ਮਾਲਕ ਇੰਪੀਰੀਅਲ ਹੋਟਲ ਅਮ੍ਰਿਤਸਰ) ਮਲਹੌਤਰਾ ਆਦਿ। ਇਨ੍ਹਾਂ ਮੁੱਖ ਉਸਰਈਆਂ ਵਿਚੋਂ ਇਕੋ ਇੱਕ ਜਿਹੜਾ ਗੈਰ ਪੰਜਾਬੀ ਮੁਸਲਮਾਨ ਸੀ ਉਹ ਸੀ ਹੈਦਰਾਬਾਦ ਦਾ ਤਾਇਬਜੀ। ਇਨ੍ਹਾਂ ਵਿਚ ਸਰ ਸੋਭਾ ਸਿੰਘ ਰਾਵਲਪਿੰਡੀ ਦੇ ਭਾਪਾ ਸਨ, ਸਰ ਵਿਸਾਖਾ ਸਿੰਘ ਮਝੈਲ ਛੱਜਲਵੱਡੀ ਦੇ ਨੇੜਲੇ ਪਿੰਡ ਮੁੱਛਲ ਦੇ ਜੰਮਪਲ ਜਦ ਕਿ ਨਰੈਣ ਸਿੰਘ ਅਤੇ ਰਣਜੀਤ ਸਿੰਘ ਸੰਗਰੂਰ ਦੇ ਸਨ।ਇਨ੍ਹਾਂ ਸਭਨਾਂ ਪਤਵੰਤੇ ਸੱਜਨਾਂ ਨੂੰ ਜਾਨਣ ਵਾਲੇ ਸਿੱਖਾਂ ਦੇ ਮੌਲਾਨਾ ਆਜ਼ਾਦ ਵਜੋਂ ਮੰਨੇ ਜਾਂਦੇ ਮਹਾਨ ਵਿਦਵਾਨ ਸ:ਸਰਦੂਲ ਸਿੰਘ ਜੀ ਕਵੀਸ਼ਰ ਸਨ ਜਿਨ੍ਹਾਂ ਨੂੰ ਮੈਂ ਖੁਸ਼ਕਿਸਮਤੀ ਵੱਸ ਅਕਸਰ ਮਿਲਦਾ ਰਹਿੰਦਾ ਸਾਂ। ਮੇਰੀਆਂ ਮੁਲਾਕਾਤਾਂ ਦੌਰਾਨ ਉਹ ਸਰਦਾਰ ਨਰੈਣ ਸਿੰਘ ਦੀ ਅਕਸਰ ਤਾਰੀਫ ਕਰਿਆ ਕਰਦੇ ਸਨ ਅਤੇ ਕਿਸੇ ਸਮੇਂ ਉਹ ਸਰ ਸੋਭਾ ਸਿੰਘ ਅਤੇ ਸਰਦਾਰ ਬਲਦੇਵ ਸਿੰਘ ਦੇ ਪਿਤਾ ਤੋਂ ਵੀ ਵੱਧ ਅਮੀਰ ਸਰਦਾਰ ਸਨ।ਦਿੱਲੀ ਵਿਚ ਹੋਣ ਵਾਲੇ ਦੰਗਲਾਂ,ਖਾਸ ਕਰਕੇ 1911 ਵਿਚ ਕਿੱਕਰ ਸਿੰਘ ਅਤੇ ਕੱਲੂ ਵਿਚਕਾਰ ਹੋਣ ਵਾਲੀ ਇਤਿਹਾਸਕ ਕੁਸ਼ਤੀ ਦਾ ਠੇਕਾ ਵੀ ਉਨ੍ਹਾਂ ਨੇ ਹੀ ਲਿਆ ਸੀ। ਉਹ ਕਈ ਵਾਰੀ ਰੌਂਅ ਵਿਚ ਆ ਕੇ ਇਸ ਗੱਲ ਦਾ ਵੀ ਦਾਅਵਾ ਕਰਿਆ ਕਰਦੇ ਸਨ ਕਿ ਜਗਤ ਪ੍ਰਸਿੱਧ ਪੰਜਾਬੀ ਲਿਖਾਰੀ ਪ੍ਰੋ. ਤੇਜਾ ਸਿੰਘ ਨੂੰ ਲਿਖਣ ਵਾਲੇ ਪਾਸੇ ਮੈਂ ਹੀ ਲਾਇਆ ਸੀ। ਬਾਅਦ ਵਿਚ ਜਦੋਂ ਮੈਂ ਦੀਵਾਨ ਸਿੰਘ ਮਫਤੂਨ ਦੀਆਂ ਯਾਦਾਂ ਦੇ ਕੁਝ ਪੱਤਰੇ ਪੜ੍ਹੇ ਤਾਂ ਉਨ੍ਹਾਂ ਵਲੋਂ ਕਿਹਾ ਸੁਣਿਆਂ ਮੈਂ ਸੌ ਫੀਸਦੀ ਸਹੀ ਜਾਤਾ। ਇੱਕ ਥਾਂ ਉਹ ਲਿਖਦੇ ਹਨ, ‘ਸਰਦਾਰ ਨਰੈਣ ਸਿੰਘ ਠੇਕੇਦਾਰ ਦਿੱਲੀ ਦੀ ਜਿ਼ੰਦਗੀ ਛੇ ਰੁਪਏ ਮਾਹਵਾਰ ਇੱਕ ਫੌਜੀ ਸਿਪਾਹੀ ਦੀ ਸੂਰਤ ਵਿਚ ਸ਼ੁਰੂ ਹੋਈ ਸੀ। ਆਪ ‘ਸੈਲਫ ਮੇਡ’ ਸਨ। ਉਨ੍ਹਾਂ ਨੇ ਕਿੰਨੀ ਤਰੱਕੀ ਕੀਤੀ ਇਸ ਗੱਲ ਦਾ ਅੰਦਾਜ਼ਾ ਇਉਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਜਾਇਦਾਦ ਦਾ ਕਰਾਇਆ ਅਤੇ ਠੇਕੇਦਾਰੀਆਂ ਆਦਿ ਦੀ ਆਮਦਨ ਉਨ੍ਹਾਂ ਦਿਨਾਂ ਵਿਚ ਦਸ ਲੱਖ ਰੁਪਏ ਸਾਲਾਨਾ ਦੇ ਨੇੜੇ ਤੇੜੇ ਸੀ। ’

ਏਸੇ ਤਰ੍ਹਾਂ ਹੀ ਦੇਸ਼ ਦਾ ਪ੍ਰਸਿੱਧ ਕਿਰਾਨਾ ਘਰਾਣਾ ਵੀ ਸਹਾਰਨਪੁਰ ਦੇ ਨੇੜੇ ਹੋਣ ਕਰਕੇ ਜਿਹਨੀ ਅਤੇ ਜਿਸਮਾਨੀ ਤੌਰ ’ਤੇ ਧੜ ਧੜਕਣ ਵਜੋਂ ਹਮੇਸ਼ਾ ਪੰਜਾਬ ਨਾਲ ਜੁੜਿਆ ਰਿਹਾ ਹੈ। ਰਹੀ ਦੇਸ਼ ਦੇ ਸਭ ਤੋਂ ਵੱਡੇ ਸੰਗੀਤ ਘਰਾਣੇ ਗਵਾਲੀਅਰ ਦੀ ਗੱਲ,ਉਸਦਾ ਅਸਲਾ ਕੀ ਹੈ,ਉਸ ਦੀਆਂ ਜੜ੍ਹਾਂ ਵਿਚ ਕੀ ਹੈ,ਉਸਦੀ ਨਿਸ਼ਾਨਦੇਹੀ ਅਸੀਂ ‘ਹੁਣ’ ਦੇ ਪਿਛਲੇ ਅੰਕ ਵਿਚ ਹਰਿਆਣਾ ਘਰਾਣਾ ਵਾਲੇ ਲੇਖ ਵਿਚ ਪਹਿਲਾਂ ਹੀ ਕਰ ਚੁੱਕੇ ਹਾਂ।

ਪੰਜਾਬ ਦੀਆਂ ਜੁਗਰਾਫੀਆਈ ਜਾਂ ਪੰਜਾਬ ਦੇ ਸੰਗੀਤ ਘਰਾਣਿਆਂ ਦੀਆਂ ਹੱਦਬੰਦੀਆਂ ਨਿਸ਼ਚਤ ਕਰਨ ਤੋਂ ਪਹਿਲਾਂ ਇਨ੍ਹਾਂ ਪੁਰਾਤਨ ਹਵਾਲਿਆਂ ਦਾ ਵੇਰਵਾ ਜੇਕਰ ਨਾ ਵੀ ਦੇਣਾ ਹੋਵੇ ਤਾਂ ਅਜੇ ਕਲ੍ਹ ਦੀ ਮਿਸਾਲ ਹੀ ਤੁਹਾਡੇ ਸਾਹਮਣੇ ਹੈ ਕਿ ਵੰਡੇ ਗਏ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਿਆ ਤਾਂ ਸਰਦਾਰ ਬਲਦੇਵ ਸਿੰਘ (ਕੇਂਦਰੀ ਮੰਤਰੀ) ਦੀਆਂ ਜ਼ਮੀਨਾਂ ਪੰਜਾਬ ਵਿਚ ਸਨ ਪਰ ਉਨ੍ਹਾਂ ਦੀ ਗਣਤਾ ਯੂਨੀਅਨ ਟੈਰੀਟਰੀ ਵਿਚ ਹੁੰਦੀ ਹੈ। ਇਸੇ ਤਰ੍ਹਾਂ ਬੰਬਈ ਦੇ ਇੱਕ ਚਤੁਰ ਵਕੀਲ ਅਕਾਉਟੈਂਟ ਵਾਮਨਰਾਉ ਦੇਸ਼ਪਾਂਡੇ (ਜਨਮ 1907) ਨੇ 1961-62 ਵਿਚ ਮਰਾਠੀ ਜ਼ਬਾਨ ’ਚ ‘ਘਰਾਣੇਦਾਰ ਗਾਇਕੀ’ ਨਾਮ ਦੀ ਇੱਕ ਕਿਤਾਬ ਛਾਪੀ ਸੀ ਜਿਸਨੂੰ ਉਸੇ ਸਾਲ ਸੰਗੀਤ ਨਾਟਕ ਅਕੈਡਮੀ ਦਾ ਪਹਿਲਾ ਇਨਾਮ ਵੀ ਮਿਲਿਆ ਸੀ। ਉਸਦਾ ਅੰਗਰੇਜ਼ੀ ਉਲਥਾ ਸੱਤਰਵਿਆਂ ਵਿਚ ਛਪਿਆ ਤਾਂ ਵਿਦਵਾਨ ਕਰਤਾ ਨੇ ਉਸਦੀ ਇੱਕ ਕੰਪਲੀਮੈਂਟਰੀ ਕਾਪੀ ਬੰਬਈ ਦੇ ਇੱਕ ਸੰਸਾਰ ਪ੍ਰਸਿੱਧ ਤਬਲੀਏ ਰਾਹੀਂ ਸਾਡੇ ਤੱਕ ਵੀ ਉਪੜਾਈ। ਅਖੇ ਮੈਂ ਉਸਦਾ ਰੀਵੀਊ ਕਰਾਂ ਜਾਂ ਆਪਣੀ ਰਾਏ ਦਾ ਪ੍ਰਗਟਾਵਾ ਕਰਾਂ। ਕਿਤਾਬ ਅੱਛੀ ਸੀ ਜਿਸ ਵਿਚ ਕਰਤਾ ਸੰਗੀਤ ਦੇ ਘਰਾਣਿਆਂ ਦਾ ਵਿਸ਼ਲੇਸ਼ਣ ਸਹਿਤ ਅਧਿਅਨ ਕਰਦਾ ਸੋਹਣਾ ਲਗਦਾ ਹੈ ਪਰ ਉਹਦੇ ਚੌਹਟ ਸਫੇ ’ਤੇ ਉਹਦਾ ਇੱਕ ਲੇਖ The Indore Gharana of Amir Khan ਪੜ੍ਹਿਆ ਤਾਂ ਬੜਾ ਹਾਸਾ ਆਇਆ।ਬੜੇ ਗੁਲਾਮ ਅਲੀ ਖਾਂ (1901-1968) ਅਮੀਰ ਖਾਂ (1912-1978) ਅਤੇ ਸਲਾਮਤ ਅਲੀ ਖਾਂ ਵੀਹਵੀਂ ਸਦੀ ਦੇ ਥੰਮ ਰਹੇ ਸਨ ਜਿਨ੍ਹਾਂ ਬਾਰੇ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ। ਉਹ ਤਿੰਨੇ ਵੱਖਰੋ ਵੱਖਰੇ ਜ਼ਾਇਕਿਆਂ ਦੇ ਸਰੋਤਿਆਂ ਦੇ ਜਿ਼ਹਨੀ ਸਕੂਨ ਦੀ ਪੂਰਤੀ ਕਰਦੇ ਸਨ। ਹਾਸੇ ਵਾਲੀ ਗੱਲ ਇਹ ਹੈ ਕਿ ਸਿਰਫ ਇੱਕੋ ਕਲਾਕਾਰ ਨਾਲ ਅਸਲੋਂ ਨਵਾਂ ਘਰਾਣਾ ਉਹ ਵੀ ‘ਇੰਦੌਰ ਘਰਾਣਾ’ ਕਿਵੇਂ ਬਣ ਗਿਆ। ਅਸਲੀਅਤ ਇਹ ਹੈ ਕਿ ਅਮੀਰ ਖਾਂ ਦੀਆਂ ਰਗਾਂ ਵਿਚ ਪੰਜਾਬੀ ਖੂਨ ਦੌੜਦਾ ਸੀ। ਉਸਦੇ ਵਡੇਰੇ ਸ਼ਾਹਮੀਰ ਉਰਫ ਸ਼ਮੀਰ ਖਾਂ ਪੰਜਾਬ ਦੇ ਬਹੁਤ ਵੱਡੇ ਸਾਰੰਗੀਏ ਸਨ। ਉਨ੍ਹਾਂ ਦਾ ਅਸਲਾ ਤੇ ਪਿੱਛਾ ਜੀਂਦ ਰਿਆਸਤ ਦਾ ਹੈ। ਇਸ ਨੁਕਤੇ ਨੂੰ ਸਮਝਣ ਲਈ ਗੱਲ ਨੂੰ ਜ਼ਰਾ ਹੋਰ ਛੋਟੀ ਕਰ ਲਈਏ। ਅਜੇ ਇਹ ਕਲ੍ਹ ਦੀਆਂ ਗੱਲਾਂ ਹੀ ਹਨ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਜਿਨ੍ਹਾਂ ਦੇ ਨਾਂ ਕਦੇ ਕਿਸੇ ਨੇ ਸੁਣੇ ਵੀ ਨਹੀਂ ਸਨ। ਇਹ ਵੀ ਸਾਡੇ ਪੰਜਾਬ ਦਾ ਹਿੱਸਾ ਹੀ ਹੋਇਆ ਕਰਦੇ ਸਨ। ਉਸ ਸਮੇਂ ਦੇ ਪੰਜਾਬ ਦੀ ਭੂਗੋਲਿਕ ਸਥਿਤੀ ਦਰਸਾਉਣ ਲਈ ਮਾੜੀ ਮੋਟੀ ਮੰਜ਼ਰ ਕਸ਼ੀ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ। ਹੁਣ ਤੁਸੀਂ ਦਿੱਲੀ ਘਰਾਣੇ ਦੀ ਗਿਣਤੀ ਭਾਵੇਂ ਜਿਹੜੇ ਮਰਜ਼ੀ ਪ੍ਰਾਂਤ ਵਿਚ ਕਰ ਲਉ,ਇਸ ਨਾਲ ਬਹੁਤਾ ਫਰਕ ਨਹੀਂ ਪੈਣਾ।

ਸਾਰਅੰਸ ਇਹ ਹੈ ਕਿ ਪੰਜਾਬ ਦਾ ਵਿਰਸਾ ਬੇਹੱਦ ਵਿਸ਼ਾਲ ਅਤੇ ਵਿਰਾਟ ਹੈ। ਇਸਨੂੰ ਸਾਂਭਣਾ ਸਾਡੇ ਬੁਧੀਜੀਵੀਆਂ ਦਾ ਹੀ ਕੰਮ ਹੈ। ਪੰਜਾਬ ਦੀਆਂ ਯੂਨੀਵਰਸਟੀਆਂ ਦੇ ਵੀ.ਸੀਆਂ, ਡੀ.ਸੀਆਂ ਨੂੰ ਆਪਣੇ ਪ੍ਰਬੰਧਕੀ ਕੰਮ ਦੇ ਹੀ ਬੜੇ ਪਟੌਟੇ ਹੁੰਦੇ ਹਨ। ਇਹ ਜ਼ੰੁਮੇਵਾਰੀ ਸੰਗੀਤ ਮਹਿਕਮੇ ਦੇ ਛ਼ਤਰਧਾਰੀ ਹੈਡਾਂ ਦੀ ਹੀ ਬਣਦੀ ਹੈ ਨਹੀਂ ਤਾਂ, ‘ਸੱਸੀਏ ਬੇਖ਼ਬਰੇ, ਤੇਰਾ ਲੁੱਟ ਗਿਆ ਸ਼ਹਿਰ ਭੰਬੋਰ’ ਵਾਲੀ ਗੱਲ ਪਹਿਲਾਂ ਹੀ ਹੋ ਰਹੀ ਹੈ। ਰਹਿੰਦੀ ਖੂੰਹਦੀ ਹੋਰ ਵੀ ਹੋ ਜਾਵੇਗੀ।

ਘਰਾਣੇਦਾਰੀ ਨੂੰ ਸਮਝਣ ਲਈ ਉਪ੍ਰੋਕਤ ਗੱਲਾਂ ਕੁਝ ਜ਼ਰੂਰੀ ਜਾਪਦੀਆ ਸਨ। ਹੁਣ ਆਪਾਂ ਤਲਵੰਡੀ ਤੇ ਕਸਬਾ ਰਾਏਕੋਟ ਦੇ ਮੁੱਢ ਬੱਝਣ ਬਾਰੇ ਜਾਨਣ ਦੀ ਕੋਸਿ਼ਸ ਕਰਾਂਗੇ।

ਬ੍ਰਿਟਿਸ਼ ਮਿਊਜ਼ੀਅਮ ਵਿਚ ਸਾਂਭੇ ਪਏ ਕੁਝ ਅਹਿਮ ਕਾਗਜ਼ਾਂ-ਪਤਰਾਂ ਅਨੁਸਾਰ, ‘ਸ਼ੇਖ ਦਾਦੂ ਨਾਂ ਦਾ ਰਾਜਪੂਤ ਉਰਫ ਮੰਝ ਸੀ,ਜਿਹੜਾ ਕਿ ਪਹਿਲਾਂ ਹਿੰਦੂ ਸੀ। ਉਹ ਜੈਸਲਮੇਰ ਦਾ ਰਹਿਣ ਵਾਲਾ ਸੀ ਜਿਸਦੇ ਕੋਈ ਔਲਾਦ ਨਹੀਂ ਸੀ ਹੁੰਦੀ। ਬੇਸ਼ੱਕ ਉਹ ਸਾਹਿਬੇ-ਜਾਹ ਅਰਥਾਤ ਰਿਆਸਤ ਦਾ ਮਾਲਕ ਸੀ ਤਾਂ ਵੀ ਔਲਾਦ ਲਈ ਉਹ ਏਧਰ ਓਧਰ ਭਟਕਦਾ ਫਿਰਦਾ ਸੀ। ਇਸ ਮੰਤਵ ਲਈ ਉਹ ਇਲਾਕੇ ਦੇ ਇੱਕ ਫਕੀਰ ਹਜ਼ਰਤ ਮਖਦੂਮ ਜਹਾਨੀਆ, ਜਿਹੜੇ ਕਿ ਰੱਬ ਨੂੰ ਪੁੱਜੇ ਹੋਏ ਵਲੀ ਸਨ, ਨੂੰ ਮਿਲਿਆ ਜਿਨ੍ਹਾਂ ਦੀ ਦੁਆ ਸਦਕਾ ਉਸ ਦੇ ਔਲਾਦ ਹੋਣੀ ਸ਼ੁਰੂ ਹੋ ਗਈ। ਉਨ੍ਹਾਂ ਨੂੰ ਕਾਮਲ ਵਲੀ ਮੰਨਦਿਆਂ ਉਹ ਆਪ ਵੀ ਮੁਸਲਮਾਨ ਬਣ ਗਿਆ। ਏਧਰ ਆ ਕੇ ਉਸਨੇ ਕਈ ਪਿੰਡ ਆਬਾਦ ਕੀਤੇ ਜਿਨ੍ਹਾਂ ਤੋਂ ਥੜਾ(ਹਥੌੜ) ਜਾਂ ਹਠੂਰ ਵੀ ਹੈ। ਹਠੂਰ ਇਸਲਾਮ ਦੇ ਆਗਮਨ ਸਮੇਂ ਇਸ ਇਲਾਕੇ ਦੇ ਮੁਸਲਮਾਨਾਂ ਦਾ ਪਬੰਧਕੀ ਕੇਂਦਰ ਹੁੰਦਾ ਸੀ। ਉਸ ਵਲੀ ਦੇ ਵਰ ਸਦਕਾ ਉਸ ਦੀ ਔਲਾਦ ਅਗਾਂਹ ਕਾਫੀ ਸਿਆਣੀ ਨਿੱਕਲੀ। ਉਸਦੀ ਕਾਬਲੀਅਤ ਨੂੰ ਦੇਖਕੇ ਦਿੱਲੀ ਬਾਦਸ਼ਾਹੀ ਵਲੋਂ  ਉਸਨੂੰ ਖਿਤਾਬ ਰਾਏਕੋਟ ਵਾਲਾ ਪ੍ਰਦਾਨ ਹੋਇਆ ਸੀ। ਨਵਾਬ ਈਸਾ ਖਾਂ ,ਸਲੀਹਾਂ ਵਾਲਾ ਤੇ ਤਲਬਣ ਵਾਲੇ ਓਸੇ ਦੀ ਹੀ ਔਲਾਦ ਹਨ।

ਇਸੇ ਸਮੇਂ ਦੌਰਾਨ ਸੰਮਤ 1535 ਵਿਚ ਰਾਏ ਕਮਾਲ-ਉਦੀਨ ਨੇ, ਜਿਹੜਾ ਕਿ ਅਲੀ ਰਾਈਆਂ ਕੋਟ ਦਾ ਸੀ ਅਤੇ ਪਿੰਡ ਅਠੂਰ ਵਿਚ ਰਹਿੰਦਾ ਸੀ, ਉਥੋਂ ਉੱਠ ਕੇ ਕਸਬਾ ਤਲਵੰਡੀ ਵਸਾਇਆ ਜਿਹੜਾ ਕਿ ਕੋਟ ਰਾਏ ਤੋਂ ਤਿੰਨ ਕੋਹ ਦੇ ਫਾਸਲੇ ’ਤੇ ਦੱਖਣ ਵੱਲ ਨੂੰ ਹੈ। ਉਸਨੇ ਆਪਣੀ ਰਿਹਾਇਸ਼ ਲਈ ਏਥੇ ਹੀ ਹਵੇਲੀਆਂ ਬਣਾਈਆਂ। ਉਸਦਾ ਦੂਜਾ ਭਰਾ ਮਨਜ਼ੂਰ ਰਾਏ ਸੀ ਜਿਸਨੇ ਆਪਣੇ ਭਾਈ ਦੇ ਮੁਕਾਬਲੇ ਤੇ ਹਲਵਾਰਾ ਵਸਾਇਆ ਤੇ ਉਸ ਨੇ ਵੀ ਉਥੇ ਰਹਿਣ ਲਈ ਚੰਗੀਆਂ ਤਕੜੀਆਂ ਹਵੇਲੀਆਂ ਬਣਾ ਲਈਆਂ।

ਮੈਂ ਤਲਵੰਡੀ ਘਰਾਣੇ ਬਾਰੇ ਆਪਣੀ ਤਰਕ ਤਹਿਕੀਕ ਜਾਰੀ ਰੱਖਦਿਆਂ,ਇਸ ਦੀਆਂ ਜੜ੍ਹਾਂ ਫਰੋਲਣ ਦੇ ਮੰਤਵ ਨਾਲ,ਬੜੇ ਸਾਲ ਏਧਰ ਓਧਰ ਭਟਕਦਾ ਰਿਹਾ ਪਰ ਕਰੜੀ ਤਪਸਾਧਨਾ ਦੇ ਬਾਵਜੂਦ ਦਸਤਾਵੇਜ਼ੀ ਤੌਰ ’ਤੇ ਕੁਝ ਪਿੜ ਪੱਲੇ ਨਾ ਪੈਂਦਾ। ਹਾਰ ਕੇ ਇੱਕ ਮਸੱਵਦਾ ‘ਜ਼ਿਕਰ ਖਾਨਦਾਨ ਵਾਲੀ ਕੇ ਕੱਵਾਲਾਂ ਮੌਜ਼ਾ (ਪਿੰਡ) ਤਲਵੰਡੀ-ਹਜ਼ਰਤ ਜਹਾਂਗੀਰ ਬਾਦਸ਼ਾਹ’ ਲੱਭ ਪਿਆ ਤਾਂ ਦਿਲ ਨੂੰ ਆਖਰਾਂ ਦੀ ਖੁਸ਼ੀ ਹੋਈ। ਲਗਦਾ ਸੀ ਕਿ ਉਹ ਫਾਰਸੀ ਦਾ ਨੁਸਖਾ ਹੈ ਪਰ ਜਦੋਂ ਲਾਹੌਰ ਦੇ ਕੁਝ ਆਲਮਾਂ ਨੂੰ ਉਲਥੇ ਲਈ ਭੇਜਿਆ ਤਾਂ ਉਨ੍ਹਾਂ ਦੇ ਹੱਥ ਪੱਲੇ ਵੀ ਕੁਝ ਨਾ ਪਿਆ। ਸਾਡਾ ਸਰੋਤ ਕੋਈ ਮਾੜਾ ਮੋਟਾ ਆਲਮ ਨਹੀਂ ਸੀ ਸਗੋਂ ਉਹ ਉਸ ਬੰਸ ਵਿਚੋਂ ਸੀ ਜਿਨ੍ਹਾਂ ਦੇ ਵਡੇਰੇ ਅਰਬੀ ਫਾਰਸੀ ਦੇ ਪ੍ਰਸਿੱਧ ਆਲਮ ਫਾਜ਼ਲ ਮੌਲਾਨਾ ਗਰਾਮੀ, ਉਰਦੂ ਸ਼ਾਇਰ ਮੁਹੰਮਦ ਇਕਬਾਲ ਦੇ ਉਸਤਾਦ ਸਨ ਅਤੇ ਸਾਡੇ ਘਰਾਂ ਤੋਂ ਕਰੀਬਨ ਇੱਕ ਮੀਲ ਦੀ ਦੂਰੀ ’ਤੇ ਬਸਤੀ ਦਾਨਿਸ਼ਮੰਦਾਂ/ ਗੁਜ਼ਾਂ (ਜਲੰਧਰ) ਤੋਂ ਉਠ ਕੇ ਗਏ ਹੋਏ ਸਨ, ਜਿੱਥੇ ਕਿ ਕੱਵਾਲ ਨੁਸਰਤ ਅਲੀ ਖਾਂ ਜਾਂ ਕ੍ਰਿਕਟਰ ਇਮਰਾਨ ਖਾਂ ਦੇ ਵਡੇਰੇ ਵੀ ਰਿਹਾ ਕਰਦੇ ਸਨ। ਜਨਾਬ ਅਯੂਬ ਖਾਂ ਦਾ ਉਤਰ ਸੀ, ‘ਮੁਹਤਰਿਮ ਸਰਦਾਰ ਕੰਵਲ ਸਾਹਿਬ, ਜਿਹੜੇ ਪੱਤਰੇ ਤੁਸੀਂ ਸਾਨੂੰ ਭੇਜੇ ਹਨ ਉਹ ਨਾ ਫਾਰਸੀ ਜ਼ਬਾਨ ਹੈ ਨਾ ਹੀ ਤੁਰਕੀ। ਇਸ ਜ਼ਬਾਨ ਨੂੰ ਸਮਝਣ ਵਾਲਾ ਅੱਜ ਕੱਲ ਲਾਹੌਰ ਵਿਚ ਕੋਈ ਬੰਦਾ ਨਹੀਂ। ਇਹ ਵਸਤੀ (ਸੈਂਟਰਲ) ਏਸ਼ੀਆ ਦੀ ਕੋਈ ਪੁਰਾਣੀ ਜ਼ਬਾਨ ਲਗਦੀ ਹੈ ਜਿਹੜੀ ਕਿ ਹੁਣ ਖਤਮ ਹੋ ਚੁੱਕੀ ਹੈ।’

ਕੋਈ ਦਸਤਾਵੇਜ਼ੀ ਸਬੂਤ ਨਾ ਹੋਣ ਕਾਰਨ ਇਸ ਨਗਰ ਜਾਂ ਇਸਦੇ ਵਸਨੀਕਾਂ ਬਾਰੇ ਜਾਨਣ ਲਈ ਇਕ ਤਰੀਕੇ ਨਾਲ ਅਸੀਂ ਬੁਰੀ ਤਰ੍ਹਾਂ ਫਸੇ ਹੋਏ ਸਾਂ। ਫਿਰ ਸੋਚਿਆ ਕਿ ਇਸ ਬਾਰੇ ਸਿੱਖਾਂ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ ਹੀ ਸਹਾਈ ਹੋ ਸਕਣ। ਇਸ ਸ਼ਹਿਰ ਬਾਰੇ ਉਹ ਇੰਝ ਅੰਕਿਤ ਕਰਦੇ ਹਨ, ‘ਰਾਯ ਕੋਟ ਜਿ਼ਲ੍ਹਾ ਲੁਧਿਆਣਾ ਦੀ ਜਗਰਾਉਂ ਤਹਿਸੀਲ ਵਿਚ ਲੁਧਿਆਣੇ ਤੋਂ 27 ਮੀਲ ਦੀ ਵਿੱਥ ਪੁਰ ਇੱਕ ਨਗਰ,ਜੋ ਰਾਯ ਅਹਿਮਦ ਨੇ 1648 ਵਿਚ ਆਬਾਦ ਕੀਤਾ। ਅਹਿਮਦ ਦਾ ਵਡੇਰਾ ਤੁਲਸੀ ਰਾਮ ਰਾਜਪੂਤ ਮੁਸਲਮਾਨ ਹੋ ਗਿਆ ਸੀ,ਜਿਸਦਾ ਨਾਮ ਸ਼ੇਖ ਚੱਕੂ ਪ੍ਰਸਿੱਧ ਹੈ,ਅਹਿਮਦ ਦੇ ਭਾਈ ਰਾਏ ਕਮਾਲੁਦੀਨ ਨੇ ਜਗਰਾਉਂ ਆਬਾਦ ਕੀਤਾ,ਇਸਦੇ ਪੁੱਤਰ ਕਲਾ ਰਾਏ ਨੇ ਕਈ ਵਾਰ ਸ੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਨੂੰ ਆਪਣੇ ਘਰ ਠਹਿਰਾ ਕੇ ਸੇਵਾ ਕੀਤੀ,ਇਸਦੀ ਮਾਤਾ ਗੁਰੁ ਸਾਹਿਬ ਵਿਚ ਭਾਰੀ ਸ਼ਰਧਾ ਰੱਖਦੀ ਸੀ।ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦਾ ਹਾਲ ਕਲ੍ਹਾ ਰਾਯ ਨੇ ਹੀ ਆਪਣਾ ਦੂਤ ਭੇਜ ਕੇ ਮਾਲੂਮ ਕੀਤਾ ਅਤੇ ਦਸ਼ਮੇਸ਼ ਪਿਤਾ ਨੂੰ ਦੱਸਿਆ ਸੀ। ਗੁਰੂ ਸਾਹਿਬ ਨੇ ਕਲ੍ਹਾ ਰਾਯ ਨੂੰ ਇੱਕ ਤਲਵਾਰ ਬਕਸ਼ ਕੇ ਫਰਮਾਇਆ ਸੀ ਕਿ ਜਦ ਤੱਕ ਇਸਦਾ ਸਨਮਾਨ ਕਰੋਗੇ ਤੁਹਾਡਾ ਰਾਜ ਭਾਗ ਕਾਇਮ ਰਹੇਗਾ,ਕਲ੍ਹੇ ਦਾ ਪੋਤਾ ਤਲਵਾਰ ਪਹਿਨ ਕੇ ਸ਼ਿਕਾਰ ਗਿਆ ਪਰ ਘੋੜੇ ਤੋਂ ਡਿਗ ਕੇ ਉਸੇ ਤਲਵਾਰ ਨਾਲ ਜ਼ਖਮੀ ਹੋ ਕੇ ਮਰ ਗਿਆ।ਹੁਣ ਇਹ ਤਲਵਾਰ ਰਿਆਸਤ ਨਾਭੇ ਦੇ ਸਿਰੋਪਾਉ ਗੁਰਦੁਆਰੇ ਵਿਚ ਹੈ।’’ (ਮਹਾਨ ਕੋਸ਼ ਸਫਾ 1037)।

ਬੇਸ਼ਕ ਭਾਈ ਜੀ ਵਲੋਂ ਲਿਖੀ ਹੋਈ ਕੋਈ ਵੀ ਗੱਲ ਸਨਦੀ ਮੰਨੀ ਜਾਣੀ ਚਾਹੀਦੀ ਹੈ,ਤਾਂ ਵੀ ਸਾਡੇ ਅਧਿਅਨ ਅਨੁਸਾਰ ਇਹ ਨਗਰ 1639 ਈ: ਵਿਚ ਆਬਾਦ ਹੋ ਗਿਆ ਸੀ। ਏਥੇ ਇਸ ਹਕੀਕਤ ਦਾ ਜਿ਼ਕਰ ਕਰਨਾ ਵੀ ਬੜਾ ਜ਼ਰੂਰੀ ਬਣਦਾ ਹੈ ਕਿ ਕਲਗੀਧਰ ਜੀ ਇਸ ਖਾਨਦਾਨ ਨੂੰ ਨਿਸ਼ਾਨੀ ਵਜੋਂ ਕੁਝ ਹੋਰ ਵਸਤਾਂ ਵੀ ਦੇ ਗਏ ਸਨ,ਜਿਨ੍ਹਾਂ ਵਿਚੋਂ ਉਨ੍ਹਾਂ ਦੀ ਨੌਵੀਂ ਪੀੜ੍ਹੀ ਦੇ ਬੰਸਦਾਰ,ਇਕੱਲੌਤੇ ਪੁੱਤਰ ਰਾਏ ਅਜ਼ੀਜ਼ਉਲਾ ਕੋਲ ‘ਗੰਗਾ ਸਾਗਰ’ ਲਾਹੌਰ ਵਿਖੇ ਅੱਜ ਵੀ ਸ਼ਰਧਾ ਸਹਿਤ ਸੁਰੱਖਿਅਤ ਪਿਆ ਹੈ। ਗੁਰੁ ਮਹਾਰਾਜ ਨੇ ਉਨ੍ਹਾਂ ਦੇ ਪਰਿਵਾਰ ਨੂੰ ਉਦੋਂ ਇਹ ਬਚਨ ਵੀ ਦਿੱਤੇ ਸਨ,ਉਹ ਭਾਈ ਤੁਹਾਡੇ ਪਰਿਵਾਰ ਵਿਚ ‘ਰਹੇਗਾ ਹਮੇਸ਼ਾ ਇਕੱਲਾ,ਪਰ ਨਾਲ ਰਹੇਗਾ ਅੱਲਾ’। ਚੁਨਾਚਿ ਇਥੇ ਇਹ ਗੱਲ ਖਾਸ ਤੌਰ ’ਤੇ ਨੋਟ ਕਰਨ ਵਾਲੀ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ,ਛੁੱਟ ਇੱਕ ਅੱਧ ਸੂਰਤ ਦੇ,ਇਨ੍ਹਾ ਦੇ ਪਰਿਵਾਰ ਵਿਚ ਬੇਟੀਆਂ ਬੇਸ਼ੱਕ ਵਧੇਰੇ ਹੋ ਜਾਣ,ਬੇਟਾ ਸਿਰਫ ਇੱਕ ਹੀ ਜੰਮਦਾ ਹੈ। ਰਹੀ ਉਸ ਇਤਿਹਾਸਕ ਗੰਗਾ ਸਾਗਰ ਦੀ ਗੱਲ,ਜੇਕਰ ਉਸਦੀ ਤਾਰੀਖ ਲਿਖਣ ਲੱਗੀਏ ਤਾਂ ਸਾਨੂੰ ਕਈ ਸਫੇ ਚਾਹੀਦੇ ਹਨ। ਸੰਖੇਪ ਵਿਚ ਸਿਰਫ ਇਹ ਕਿ ਇਹ ਉਹੀ ਲੋਟਾ ਨੁਮਾ ਗੰਗਾ ਸਾਗਰ ਹੈ ਜਿਸ ਵਿਚ ਮਹਾਰਾਜ ਜੀ ਨੇ ਨੂਰੇ ਮਾਹੀ ਦੇ ਹੱਥ ਫੜਾ ਕੇ ਇਕ ਔਂਸਰ ਫੰਡਰ ਮੱਝ ਦੇ ਥਣਾਂ ਵਿਚੋਂ ਦੁੱਧ ਚੁਆ ਕੇ,ਉਸ ਵਿਚ 198 ਛੇਕ ਹੋਣ ਦੇ ਬਾਵਜੂਦ ਇਕ ਬੂੰਦ ਵੀ ਨਾ ਚੋਣ ਦੇਣ ਦਾ ਕੌਤਕ ਕਰ ਵਖਾਇਆ ਸੀ।

ਭਾਵੇਂ ਇਸ ਗੱਲ ਦੇ ਸਾਨੂੰ ਲਿਖਤੀ ਹਵਾਲੇ ਨਹੀਂ ਮਿਲਦੇ ਪਰ ਤਲਵੰਡੀ ਘਰਾਣੇ ਦੇ ਵਾਰਿਸ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਖੰਡੋਰੀ ਬਾਣੀ ਦਾ ਬਾਨੀ ਉਨ੍ਹਾਂ ਦਾ ਇਕ ਨਾਇਕ ਖੰਡੋਰ ਸੀ,ਨਿਰੇ ਖੰਡ ਵਰਗੇ ਮਿੱਠੇ ਗਲੇ ਦਾ ਮਾਲਕ,ਜਿਹੜਾ ਕਿ ਅਮੀਰ ਖੁਸਰੋ ਦੇ ਸਮੇਂ ਤੋਂ ਪਹਿਲਾਂ ਹੋ ਗੁਜ਼ਰਿਆ ਹੈ। ਉਹ ਇਹ ਵੀ ਆਖਦੇ ਹਨ ਕਿ ਇਸ ਪਿੰਡ ਵਿਚ ਤਾਲ ਅਤੇ ਸੁਰ ਉਨ੍ਹਾਂ ਦੇ ਪੁਰਖਿਆਂ ਨੇ ਹੀ ਬਖੇਰਿਆ,ਖੰਡੇਰਿਆ,ਜਿਸ ਕਰਕੇ ਉਨ੍ਹਾਂ ਦੇ ਘਰਾਣੇ ਦਾ ਨਾਂ ‘ਤਾਲਵੰਡੀ’ ਪੈ ਗਿਆ ਸੀ ਜਿਹੜਾ ਪਿਛੋਂ ਵਿਗੜਕੇ ਤਲਵੰਡੀ ਬਣਕੇ ਰਹਿ ਗਿਆ ਸੀ। ਉਹ ਇਸ ਗੱਲ ਦਾ ਦਾਅਵਾ ਵੀ ਕਰਦੇ ਹਨ ਕਿ ਕਿਸੇ ਸਮੇਂ ਇਹ ਸਾਰਾ ਪਿੰਡ ਸਾਡੇ ਵਡੇਰਿਆਂ ਦੀ ਜਮੀਨ ਸੀ ਪਰ ਇੱਕ ਵੇਰ ਹੋਇਆ ਇੰਝ ਕਿ ਬਾਦਸ਼ਾਹ ਮੁਹੰਮਦ ਅਕਬਰ ਸਾਡੇ ਇੱਕ ਵਡੇਰੇ ਦੀ ਧੀ ਦਾ ਡੋਲਾ ਮੰਗ ਬੈਠਾ ਪਰ ਜਦ ਹੀ ਸਾਡੇ ਖੁਦਦਾਰ ਵਡੇਰਿਆਂ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿਤਾ ਤਾਂ ਸਾਡੀ ਇਹ ਸਾਰੀ ਜ਼ਮੀਨ ਸਾਥੋਂ ਖੁੱਸ ਗਈ ਸੀ ਤੇ ਅਸੀਂ ਬੇਘਰੇ ਜਹੇ ਹੋ ਗਏ ਸਾਂ।

ਤਲਵੰਡੀ ਦੇ ਵਾਰਸਾਂ ਦਾ ਇਹ ਦਾਅਵਾ ਠੀਕ ਜਾਪਦਾ ਹੈ ਕਿਉਂਕਿ 1971 ਵਿਚ ਭਾਸ਼ਾ ਵਿਭਾਗ ਪੰਜਾਬ ਵਾਲਿਆਂ ਨੇ ਰਾਏ ਕੋਟ ਬਾਰੇ ਜਿਹੜੀ ਇੱਕ ਸਰਵੇ ਪੁਸਤਕ ਛਾਪੀ ਸੀ ਉਸਦੇ 18 ਸਫੇ ’ਤੇ ਇਸ ਗੱਲ ਦਾ ਹਵਾਲਾ ਇਨ੍ਹਾਂ ਸ਼ਬਦਾਂ ਵਿਚ ਅੰਕਿਤ ਹੈ, ‘ਤਲਵੰਡੀ ਰਾਏ ਵਿਚ ਰਾਏ ਇਲੀਆਸ ਦੀ ਕਬਰ ਵੀ ਹੈ ਜਿਸਨੂੰ ਦੱਸਦੇ ਹਨ ਕਿ ਖੂਨੀ ਹਾਥੀ ਨਾਲ ਲੜਾਇਆ ਗਿਆ ਸੀ ਕਿਉਂਕਿ ਉਸਨੇ ਸਮੇਂ ਦੇ ਹਾਕਮ ਨੂੰ ਆਪਣੀ ਧੀ ਦਾ ਡੋਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।’

ਆਮ ਪਾਠਕਾਂ ਨੂੰ ਅਕਬਰ ਦੇ ਰਾਜ ਦਰਬਾਰ ਬਾਰੇ ਏਨੀ ਕੁ ਜਾਣਕਾਰੀ ਜ਼ਰੂਰ ਹੈ ਕਿ ਉਸਦੇ ਨੌਂ ਰਤਨਾਂ ਵਿਚ ਮੀਆਂ ਤਾਨਸੈਨ ਵਰਗੇ ਲਾਸਾਨੀ ਗਵਈਏ ਵੀ ਸਸ਼ੋਭਤ ਸਨ। ਅਗਾਂਹ ਉਸਦੇ ਪੁੱਤਰ ਦਾ ਦਰਬਾਰ ਕਿਹੋ ਜਿਹਾ ਸੀ,ਆਉ ਆਪਾਂ ਹੁਣ ਇਸ ਗੱਲ ਵੱਲ ਝਾਤ ਮਾਰ ਲਈਏ।

ਜਹਾਂਗੀਰ ਜਿਥੇ ਇਕ ਆਸ਼ਕ ਮਜਾਜ਼ ਸਾਸ਼ਕ ਸੀ ਉਥੇ ਉਹ ਇੱਕ ਬੁੱਚੜ ਵੀ ਸੀ। ਇਹ ਉਹ ਹੀ ਸੀ ਜਿਸਨੇ ਕਿ ਆਪਣੇ ਪਿਉ ਦੇ ਜਿਗਰੀ ਯਾਰ ਅਬੂ ਫਜ਼ਲ ਵਰਗੇ ਕਲਾਸੀਕਲ ਲੇਖਕ ਨੂੰ ਕਤਲ ਕਰਵਾ ਦਿੱਤਾ ਸੀ। ਅਕਬਰ ਦੀ ਮੌਤ 1605 ਈ: ਵਿਚ ਹੋ ਗਈ ਸੀ। ਨੂਰ ਜਹਾਂ, ਜਿਸਦੀ ਮਾਂ ਨੇ ਇਤਰ ਦੀ ਕਾਢ ਕੱਢੀ ਸੀ, ਤੇ ਮਰ ਮਿਟਣ ਵਾਲਾ ਇਹ ਸ਼ਹਿਨਸ਼ਾਹ ਆਪਣੀ ਤਖਤਨਸ਼ੀਨੀ ਦੇ ਪਿਛੋਂ ਪਹਿਲੇ ਜਸ਼ਨਿਰੋਜ਼ ਨੂੰ ਬਿਆਨ ਕਰਦਾ ਹੈ, ‘ਮੇਰੀ ਰਿਆਇਆ ਨੇ ਫਰਾਖ਼ਦਿਲੀ ਨਾਲ ਐਸ਼ ਇਸ਼ਰਤ ਮਨਾਈ। ਹਰ ਕਿਸਮ ਦੇ ਸਾਜਿ਼ੰਦੇ ਅਤੇ ਗਾਇਕ ਦਰਬਾਰ ਵਿਚ ਹਾਜ਼ਰ ਸਨ। ਮੈਂ ਹੁਕਮ ਦਿੱਤਾ ਕਿ ਸ਼ਰਾਬ ਅਤੇ ਦੂਜੀਆਂ ਤੀਜੀਆਂ ਨਸ਼ਾ ਦੇਣ ਵਾਲੀਆਂ ਚੀਜ਼ਾਂ ਹਰ ਸਖਸ਼ ਨੂੰ ਸੇਵਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ।’ (ਤੌਜ਼ਕਿ-ਜਹਾਂਗੀਰੀ ਸਫਾ 66)।

ਇਸ ਕਾਰਨ ਕਰਕੇ ਪਿਉ ਨੇ ਤਾਂ ਆਪਣੀ ਕੌੜ ਕੱਢ ਲਈ,ਉਨ੍ਹਾਂ ਦੀ ਜਗੀਰ ਖੋਹ ਲਈ,ਪਰ ਕਿਉਂਕਿ ਉਨ੍ਹਾਂ ਦਾ ਪਰਿਵਾਰ ਗਾਇਕੀ ਵਿਚ ਬੜਾ ਤਕੜਾ ਸੀ ਇਸ ਲਈ ਅਗਾਂਹ ਉਸਦੇ ਪੁੱਤਰ ਜਹਾਂਗੀਰ ਨੇ ਉਨ੍ਹਾ ਦਾ ਦਰਬਾਰੀ ਪਦ ਉਵੇਂ ਦਾ ਉਵੇਂ ਬਰਕਰਾਰ ਰੱਖਿਆ। ਇਸ ਘਰਾਣੇ ਦੇ ਅਜੋਕੇ ਉਸਤਾਦ ਹਫੀਜ਼ ਖਾਂ ਦਾ ਮੱਤ ਕੁਝ ਇਸ ਤਰ੍ਹਾਂ ਦਾ ਹੈ ਕਿ ਉਨ੍ਹਾਂ ਦੇ ਇੱਕ ਵਡੇਰੇ ਨੱਥਣ ਜੀ ਦੇ ਛੇ ਲੜਕੇ ਸਨ ਤੇ ਇਹ ਸਾਰੇ ਦੇ ਸਾਰੇ ਜਹਾਂਗੀਰ ਦੇ ਦਰਬਾਰੀ ਸਨ। ਉਨ੍ਹਾਂ ਦੇ ਨਾਂ ਇਸ ਪ੍ਰਕਾਰ ਸਨ:-ਜਹਾਂਗੀਰ ਦਾਦ ਖਾਂ,ਪਰਵੇਜ਼ਦਾਦ ਖਾਂ,ਖੁਰਮਦਾਦ ਖਾਂ,ਚਤਰ ਖਾਂ ਅਤੇ ਹਮਜ਼ਾ ਖਾਂ। ਮੁਗ਼ਲ ਰਾਜ ਸਮੇਂ ਦੀਆਂ ਦੋ ਪ੍ਰਸਿੱਧ ਕਿਰਤਾਂ ‘ਆਈਨਾ-ਏ ਅਕਬਰ’ ਵਿਚ ਮੀਆਂ ਤਾਨਸੈਨ ਖਾਂ ਬਾਰੇ ਤਾਂ ਇੱਕ ਅੱਧ ਸਤਰ ਲਿਖੀ ਮਿਲ ਜਾਂਦੀ ਹੈ,ਚਾਂਦ ਖਾਂ ਦਾ ਜਿ਼ਕਰ ਵੀ ਆ ਜਾਂਦਾ ਹੈ ਪਰ ‘ਤੌਜ਼ਕਿ-ਜਹਾਂਗੀਰੀ’ ਵਿਚ ਸੰਗੀਤ ਜਾਂ ਸੰਗੀਤਕਾਰਾਂ ਪ੍ਰਤੀ ਸਾਨੂੰ ਬਹੁਤੇ ਵੇਰਵੇ ਨਹੀਂ ਮਿਲਦੇ। ਜਹਾਂਗੀਰ ਆਪਣੀ ਕਿਰਤ ਵਿਚ ਆਪਣੇ ਦਰਬਾਰੀ ਗਵਈਆਂ ਦੇ ਨਾਂ ਇਸ ਪ੍ਰਕਾਰ ਦਿੰਦਾ ਹੈ:- ਚਤਰ ਖਾਂ,ਪਰਵੀਨ ਦਾਦ,ਮਾਖੂ ਖਾਂ ਮਖੂ ਅਤੇ ਹਮਜ਼ਾ। ਇਹ ਫ੍ਰਿੱਸਤ ਉਸਦੀ ਕਿਰਤ ਦੇ ਸਫਾ ਬੱਤੀ ’ਤੇ ਦੇਖੀ ਜਾ ਸਕਦੀ ਹੈ। ਇਹ ਚਾਰੇ ਗਾਇਕ ਤਲਵੰਡੀ ਕਿਆਂ ਦੇ ਦਾਅਵੇ ਅਨੁਸਾਰ ਏਥੇ ਤਲਵੰਡੀ ਦੇ ਹੀ ਜੰਮਪਲ ਸਨ।

ਇਹ ਗੱਲ ਜੱਗ ਜ਼ਾਹਿਰ ਹੈ ਕਿ ਜਹਾਂਗੀਰ ਨਸ਼ੇ ਪੱਤੇ ਦਾ ਬੜਾ ਰਸੀਆ ਸੀ। ਉਹ ਬਖਤਰ ਖਾਂ ਕਲਾਵੰਤ ਦੇ ਗਾਣੇ ਤੋਂ ਬੜਾ ਮੁਤਾਸਰ ਸੀ। ਇੱਕ ਵਾਰ  ਉਸ ਨੇ ਉਸਨੂੰ ਦਸ ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਵੀ ਨਿਵਾਜਿਆ ਸੀ। ਇੱਕ ਥਾਂ ਉਸਦਾ ਜਿ਼ਕਰ ਕਰਦਿਆਂ ਉਹ ਇੰਝ ਲਿਖਦਾ ਹੈ:- ਉਹ ਰਾਤ ਗਏ ਤੱਕ ,ਮੇਰੀ ਖਿਦਮਤ ਵਿਚ ਹਾਜ਼ਰ ਰਹਿੰਦਾ ਅਤੇ ਧਰੁਪੁਤ ( ਉਹ ਧਰੁਪਦ ਨਹੀਂ ਲਿਖਦਾ) ਅਲਾਪਦਾ ਰਹਿੰਦਾ ਸੀ। ਆਦਲ ਖਾਂ ਨੇ ਉਹਦਾ ਨਾਂ ‘ਨੌਂ ਰਸ’ ਰੱਖਿਆ ਹੋਇਆ ਸੀ।’ ( ਹਵਾਲੇ ਲਈ ਦੇਖੋ ਤੌਜ਼ਕਿ-ਜਹਾਂਗੀਰ-ਸਫਾ 170)।

ਤਲਵੰਡੀ ਘਰਾਣੇ ਦਾ ਹੀ ਬਾਬਾ ਰਹੀਮ ਦਾਦ ਖਾਂ ਵੀ ਜਹਾਂਗੀਰ ਦਾ ਹੀ ਦਰਬਾਰੀ ਸੀ। ਦੱਸਿਆ ਜਾਂਦਾ ਹੈ ਕਿ ਉਸ ਸਮਰਾਟ ਨੇ ਆਪਣੇ ਤਿੰਨੇ ਪੁਤਰਾਂ ,ਦਾਰਾ, ਸ਼ੁਜਾਅ ਅਤੇ ਮੁਰਾਦ ਨੂੰ ਏਸੇ ਨਾਇਕ ਦੇ ਹੀ ਸ਼ਾਗਿਰਦ ਕਰਵਾਇਆ ਹੋਇਆ ਸੀ।

ਇਸ ਸ਼ਾਹ ਖਰਚ ਸਮਰਾਟ ਦੇ ਸਮੇਂ ਹੀ ਇੱਕ ਬੜੀ ਦਿਲਚਸਪ ਘਟਨਾ ਵਾਪਰੀ ਜਦ ਕਿ ਕੁਝ ਕੀਨਾ ਪਰਵਰ ਕਲਾਕਾਰਾਂ ਨੇ ਬਾਬਾ ਜੀ ਦਾ ਇਮਤਿਹਾਨ ਲੈਣ ਲਈ ਬਾਦਸ਼ਾਹ ਕੋਲ ਇਹ ਸਵਾਲ ਰੱਖਿਆ ਕਿ ਜੇ ਬਾਬਾ ਜੀ ਇਸ ਸਵਾਲ ਨੂੰ ਕੱਢ ਦੇਣ ਤਾਂ ਠੀਕ ਹੀ ਅਸੀਂ ਸਾਰੇ ਇਸ ਦੇ ਸ਼ਾਗਿਰਦ ਹੋ ਜਾਵਾਂਗੇ,ਪਰ ਜੇਕਰ ਇਨ੍ਹਾਂ ਤੋਂ ਹੱਲ ਨਾ ਹੋਇਆ ਤਾਂ ਫਿਰ ਇਨ੍ਹਾਂ ਨੂੰ ਨੌਕਰੀ ਤੋਂ ਵੀ ਕਿਉਂ ਨਾ ਕੱਢ ਦਿਤਾ ਜਾਏ। ਯਾਦ ਰਹੇ ਉਸ ਸਮੇਂ ਦਰਬਾਰ ਵਿਚ ਕਲਾਕਾਰਾਂ ਦੀ ਗਿਣਤੀ 1360 ਸੀ। ਮਸਲਾ ਇਹ ਸੀ ਕਿ ਬਾਬਾ ਜੀ ਨਾਲੇ ਤਾਂ ‘ਡੱਲਾ ਸੈਨ’ ਤਾਲ ਸੁਣਾਉਣ ਅਤੇ ਨਾਲੇ ਚਾਰੇ ਸੁਧਾਂ ਵੀ ਸੁਣਾਉਣ। ਖੈਰ ਬਾਬਾ ਜੀ ਨੇ ਭਰੇ ਦਰਬਾਰ ਵਿਚ ਏਦਾਂ ਕਰਕੇ ਦਿਖਾ ਦਿੱਤਾ ਅਤੇ ਇਸ ਤਰ੍ਹਾਂ ਸਭ ਮਹਾਨ ਕਲਾਕਾਰਾਂ ਨੇ ਉਸ ਬਾਬੇ ਨੂੰ ਮੱਥਾ ਟੇਕਿਆ ਅਤੇ ਉਸਦੇ ਸ਼ਾਗਿਰਦ ਹੋ ਗਏ। ਸ਼ਾਹਜਹਾਨ ਨੇ ਉਸੇ ਵੇਲੇ ਹੀ ਬਾਬਾ ਜੀ ਨੂੰ ਇਨਾਮ ਵਜੋਂ ਦਰਬਾਰੀ ਕਲਾਕਾਰਾਂ ਦੀ ਗਿਣਤੀ ਜਿੰਨੇ ਅਰਥਾਤ 1360 ਪਿੰਡ ਜਗੀਰ ਦੇਣ ਦਾ ਹੁਕਮ ਜਾਰੀ ਕਰ ਦਿੱਤਾ। ਏਥੇ ਗਪਾਸ਼ਟੇ ਜੜਨ ਜਾਂ ਇਸ ਗੱਲ ਦਾ ਮਫਹੂਮ ਪੁਰਜ਼ੋਰ ਬਣਾਉਨ ਲਈ ਨਹੀਂ ਸਗੋਂ ਪਾਠਕਾਂ ਦੇ ਸ਼ੰਕੇ ਦੂਰ ਕਰਨ ਲਈ ਇਹ ਗੱਲ ਲਿਖਣੀ ਵੀ ਬੜੀ ਜ਼ਰੂਰੀ ਹੈ ਕਿ ਉਨ੍ਹਾਂ ਭਲਿਆਂ ਸਮਿਆਂ ਵਿਚ ਜਦ ਕਿ ਇੱਕ ਅੱਧ ਪੈਸੇ ਦਾ ਵੀ ਕੋਈ ਮੁੱਲ ਹੁੰਦਾ ਸੀ,ਗਜ਼ਾਲੀ ਦੀ ਜਾਇਦਾਦ ਲਗਪਗ ਵੀਹ ਲੱਖ ਰੁਪਏ ਤੱਕ ਅਨੁਮਾਨਤ ਸੀ (ਵੇਖੋ ਆਈਨਾ-ਇ-ਅਕਬਰੀ ਸਫਾ 638)। ਸੰਗੀਤ ਮਹਿਫਲ ਪਿਛੋਂ ਉਨ੍ਹਾਂ ਦਾ ਇਕ ਪਾਲਕੀ ਵਿਚ ਜਲੂਸ ਕੱਢਿਆ ਗਿਆ ਜਿਸਨੂੰ ਉਸਦੇ ਤਿੰਨ ਸ਼ਹਿਜ਼ਾਦਿਆਂ ਨੇ ਮੋਢਾ ਡਾਹਿਆ ਹੋਇਆ ਸੀ।

ਬਾਬਾ ਰਹੀਮ ਦਾਦ ਖਾਂ ਦਾ ਪੁੱਤਰ ਫਤਿਹ ਮੁਹੰਮਦ ਔਰੰਗਜ਼ੇਬ ਦਾ ਦਰਬਾਰੀ ਗਵਈਆ ਸੀ। ਉਸਦੀਆਂ ਕੁਝ ਬੰਦਸ਼ਾਂ ਜਿਹੜੀਆਂ ਬ੍ਰਿਜ ਭਾਸ਼ਾ ਵਿਚ ਹਨ,ਆਲਮਗੀਰ ਦੀ ਉਸਤਤ ਵਿਚ ਮਿਲ ਜਾਂਦੀਆਂ ਹਨ।

ਜਦ ਕਦੇ ਵੀ ਮੁਗਲੀਆ ਸਲਤਨਤ ਦਾ ਜਿ਼ਕਰ ਆਉਂਦਾ ਹੈ ਤਾਂ ਦੇਸ਼ ਭਰ ਦੇ ਇਤਿਹਾਸਕਾਰ ਇਹ ਗੱਲ ਬੜੇ ਫਖ਼ਰ ਨਾਲ ਲਿਖਦੇ ਹਨ ਕਿ ਅਕਬਰ ਨੇ ਸੰਗੀਤ ਦੀ ਬੜੀ ਸਰਪ੍ਰਸਤੀ ਕੀਤੀ ਅਤੇ ਦੇਸ਼ ਦਾ ਮਹਾਨ ਸੰਗੀਤ ਸਮਰਾਟ ਮੀਆਂ ਤਾਨਸੈਨ ਉਸਦੇ ਨੌਂ ਰਤਨਾਂ ਵਿਚੋਂ ਇੱਕ ਸੀ। ਉਸ ਪਿਛੌਂ ਦੇ ਸਮੇਂ ਵਿਚ ਜਹਾਂਗੀਰ ਦੇ ਦਰਬਾਰੀ ਗਵਈਆਂ ਦਾ ਜਿ਼ਕਰ ਵੀ ਕਿਧਰੇ ਕਿਧਰੇ ਮਿਲ ਜਾਂਦਾ ਹੈ। ਮੁਗਲ ਕਾਲ ਪਿਛੋਂ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ (1780-1839) ਦਾ ਦੌਰ ਦੌਰਾ ਆ ਜਾਂਦਾ ਹੈ।

ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਇਤਿਹਾਸਕਾਰ ਉਸਦੇ ਨੌਰਤਨ ਭਾਈ ਅਮੀਰ ਬਖਸ਼ ਰਬਾਬੀ ਜਿਸਨੂੰ ਕਿ ਕਸੂਰ ਨੇੜਲਾ ਪਿੰਡ ਨਿਆਜ਼ ਬੇਗ ਜਗੀਰ ਵਜੋਂ ਮਿਲਿਆ ਹੋਇਆ ਸੀ,ਦਾ ਕਿਧਰੇ ਕੋਈ ਜਿ਼ਕਰ ਤੱਕ ਨਹੀਂ ਕਰਦੇ, ਜਿਹੜਾ ਕਿ ਉਸਦਾ ਡਿਉੜੀਦਾਰ ਸੀ ਅਤੇ ਵਜ਼ੀਰ ਦਾ ਰੁਤਬਾ ਰੱਖਦਾ ਸੀ। ਬ੍ਰਿਟਿਸ਼ ਮਿਊਜ਼ੀਅਮ ਦੇ ਆਰਕਾਈਵਜ਼ ਵਿਚ ਉਸ ਸੰਬੰਧੀ ਚਿੱਠੀ ਪਤਰਾਂ ਦੇ ਪੁਲੰਦਿਆਂ ਵਿਚ ਉਸ ਬਾਰੇ ਕਾਫੀ ਮਵਾਦ ਮਿਲਦਾ ਹੈ।[i]

ਕੀ ਸ਼ੇਰੇ ਪੰਜਾਬ ਦੀ ਸੰਗੀਤ ਪ੍ਰਤੀ ਇਹ ਸਰਪ੍ਰਸਤੀ ਨਹੀਂ ਕਿ ਉਹ ਹਰ ਦਿਨ ਸੁਦ ਤੇ ਰਬਾਬੀਆਂ ਨੂੰ ਇਨਾਮ ਦਿੰਦਾ ਨਜ਼ਰ ਆਉਂਦਾ ਹੈ? ਕੀ ਇਹ ਗੱਲ ਸੰਗੀਤ ਪ੍ਰਤੀ ਉਸਦੀ ਦਿਲਚਸਪੀ ਨਹੀਂ ਦਰਸਾਉਂਦੀ ਕਿ ਉਹ ਆਪਣੇ ਸਮੇਂ ਦੀ ਇਕ ਮਹਾਨ ਗਾਇਕਾ ਮੋਰਾਂ ਨਾਲ ਇਸ਼ਕ ਲੜਾ ਕੇ ਉਸ ਨਾਲ ਵਿਆਹ ਵੀ ਕਰਾ ਲੈਂਦਾ ਹੈ। ਮੋਰਾਂ ਦੇ ਨਾਂ ’ਤੇ ਉਹ ਸਿੱਕੇ ਵੀ ਜਾਰੀ ਕਰਾਉਂਦਾ ਹੈ ਜਿਸਦੇ ਇਕ ਪਾਸੇ ਮੋਰ ਦਾ ਪੰਖ ਹੈ ਅਤੇ ਜਿਹੜਾ ਇਤਿਹਾਸਕ ਸਿੱਕਾ ਸਾਡੇ ਕੋਲ ਸੁਰੱਖਿਅਤ ਵੀ ਹੈ। ਮੋਰਾਂ ਤੋਂ ਛੁੱਟ ਉਹ ਦੋ ਹੋਰ ਮਸ਼ਹੂਰ ਗਾਇਕਾਵਾਂ ਗੁਲ ਬਹਾਰ ਬੇਗ਼ਮ ਅਤੇ ਬਸ਼ੀਰਾਂ ਬਿੱਲੋ ਨਾਲ ਵੀ ਇਸ਼ਕ ਕਰਦਾ ਹੈ ਅਤੇ ਉਨ੍ਹਾਂ ਨਾਲ ਵੀ ਵਿਆਹ ਬੰਧਨ ਵਿਚ ਬੱਝ ਜਾਂਦਾ ਹੈ।[ii]

ਗੁਲ ਬੇਗ਼ਮ ਦੇ ਨਾਲ ਵਿਆਹ ਦੀ ਤਿਆਰੀ ਸਮੇਂ ਉਹ ਇਕ ਦਰਬਾਰ ਲਾਉਂਦਾ ਹੈ ਜਿਸ ਵਿਚ ਉਹ ਗਾਇਕਾਵਾਂ/ਨਰਤਕੀਆਂ ਨੂੰ ਸੱਤ ਹਜ਼ਾਰ ਰੁਪਏ ਇਨਾਮ ਵਜੋਂ ਦਿੰਦਾ ਹੈ। ਉਨ੍ਹਾਂ ਤਿੰਨ ਚਾਰ ਗੁਲਬਦਨਾਂ ਅਤੇ ਸੁਰੀਲਾ ਗਾਉਣ ਵਾਲੀਆਂ ਤੋਂ ਛੁੱਟ ਖੈਰਾਂ,ਕੌਲਾਂ,ਬਸਰੀ,ਬੰਨੋ ਅਤੇ ਧੰਨੋ ਮਿਰਾਸਣਾਂ ਵੀ ਉਸਦੀਆਂ ਚਹੇਤੀਆਂ ਗਾਇਕਾਵਾਂ ਹਨ। ਉਸਦੇ ਰਾਜ ਦਰਬਾਰ ਦੀ ਸਜ ਧਜ ਅਤੇ ਜਲੌ ਕਿਸੇ ਵੀ ਤਰ੍ਹਾਂ ਮੁਗ਼ਲ ਸਮਰਾਟਾਂ ਨਾਲੋਂ ਘੱਟ ਨਹੀਂ। ਗਾਉਣ ਵਾਲੀਆਂ ਦੀ ਉਸ ਕੋਲ ਪੂਰੀ ਦੀ ਪੂਰੀ ਇਕ ਪਲਟਣ ਹੈ ਜਿਨ੍ਹਾਂ ਦੇ ਤਰਤੀਬਵਾਰ ਆਪਣੇ ਆਪਣੇ ਮੁਰਾਤਬੇ ਹਨ ਜਿਵੇਂ ਕਿ ਕਮਾਂਡੈਂਟ,ਸੂਬੇਦਾਰ,ਜਮਾਂਦਾਰ ਅਤੇ ਚੋਬਦਾਰ ਆਦਿ। ਖਾਸ ਮਹਿਮਾਨਾਂ ਦੇ ਆਇਆਂ ’ਤੇ ਜਿਸ ਵਿਚ ਕਈ ਵਾਰ ਅੰਗਰੇਜ਼ ਵੀ ਹੁੰਦੇ ਸਨ ਪ੍ਰਾਹੁਣਚਾਰੀ ਅਤੇ ਮਨੋਰੰਜਨ ਕਰਦਿਆਂ ਉਨ੍ਹਾਂ ਗਾਉਣ ਵਾਲੀਆਂ ਦਾ ਆਪਣਾ ਉਚੇਚਾ ਜ਼ਾਬਤਾ ਅਤੇ ਤੌਰਤਰੀਕਾ(ਫਰੋਟੋਚਅਲ) ਵੀ ਹੈ, ਇਹ ਨਹੀਂ ਕਿ ਜਿਹੜੀ ਮਰਜ਼ੀ ਮੂੜ੍ਹਾਂ ਵਾਂਗ ਖੜੀ ਹੋ ਕੇ ਟੱਪਣ ਜਾਂ ਗਾਉਣ ਲੱਗ ਪਵੇ। ਕੁਝ ਗਾਇਕਾਵਾਂ ਉਸਨੂੰ ਖੁਸ਼ ਕਰਨ ਲਈ ‘ ਮੋਤੀਆਂ ਵਾਲਾ ਬੰਨਾ,ਨੀ ਹਾਥੀ ਉਤੇ ਆ ਗਿਆ।’[iii]  ਸਿਹਰਾ ਪੜ੍ਹਦੀਆਂ ਤਾਂ ਸਮਾਂ ਬੱਝ ਜਾਂਦਾ। ਸੰਗੀਤ ਦੇ ਅਚਾਰਯ ਇਸ ਗੱਲ ਨੂੰ ਭਲੀਭਾਂਤ ਜਾਣਦੇ ਹਨ ਕਿ ਸਿਹਰਾ ਗਾਇਨ ਮੁੱਢ ਕਦੀਮ ਤੋਂ ਹੀ ਕਸੂਰ ਘਰਾਣੇ ਦਾ ਕੁਝ ਅਜਿਹਾ ਖੇਤਰੀ ਠੇਠ (ਠੇਪਚਿਅਲ) ਗਾਇਨ ਰਿਹਾ ਹੈ ਜਿਵੇਂ ਠੇਠ ਭੰਗੜਾ ਪੰਜਾਬ ਵਿਚ ਅਤੇ ਗਰਬਾ ਗੁਜਰਾਤ ਵਿਚ। ਜ਼ਾਹਰ ਹੈ ਕਿ ਉਹ ਵਿਸ਼ੇਸ਼ ਸਿਹਰਾ ਗਾਉਣ ਵਾਲੀਆਂ ਮਲਕਾਇ ਤਰੰਨਮ ਨੂਰ ਜਹਾਨ ਦੀਆਂ ਗਰਾਈਂ ਜੰਮ ਪਲ ਹੀ ਹੋਣਗੀਆਂ। ਉਸ ਸਮੇਂ ਮਹਾਰਾਜੇ ਨੂੰ ਮਿਲਣ ਆਇਆ ਅੰਗਰੇਜ਼ ਮਹਿਮਾਨ ਨਵਾਬ(ਗਵਰਨਰ ਜਨਰਲ) ਉਨ੍ਹਾਂ ਦੇ ਗਾਣੇ ਤੋਂ ਐਨਾ ਖੁਸ਼ ਹੋ ਜਾਂਦਾ ਹੈ ਕਿ ਇੱਕ ਹਜ਼ਾਰ ਰੁਪੈਆ ਇਨਾਮ ਵਜੋਂ ਦੇ ਦਿੰਦਾ ਹੈ।

1838 ਦੀਆਂ ਗਰਮੀਆਂ ਵਿਚ ਕੁਝ ਅੰਗਰੇਜ਼ ਕਰਮਚਾਰੀ ਮਹਾਰਾਜਾ ਰਣਜੀਤ ਸਿੰਘ ਨੂੰ ਅਮ੍ਰਿਤਸਰ ਵਿਖੇ ਮਿਲਦੇ ਹਨ ਤਾਂ ਵੱਡੇ ਪੱਧਰ ’ਤੇ ਸੰਗੀਤਕ ਜਸ਼ਨ ਮਨਾਏ ਜਾਂਦੇ ਹਨ। ਉਸ ਦਿਨ ਦਾ ਨਕਸ਼ਾ ਖਿੱਚਦਿਆਂ ਕੈਪਟਨ ਵੇਡ (1794-1861) ਕੁਝ ਇਸ ਪ੍ਰਕਾਰ ਲਿਖਦਾ ਹੈ, ‘ ਜੂਨ ਦਾ ਮਹੀਨਾ ਸੀ ਅਤੇ ਮਹਾਰਾਜਾ ਅਮ੍ਰਿਤਸਰ ਆਪਣੇ ਗਰਮੀਆਂ ਦੇ ਮਹੱਲ ਵਿਚ ਸੀ ਜੋ ਅਜੇ ਵੀ ਇਤਿਹਾਸਕ ਰਾਮਬਾਗ ਵਿਚ ਕਾਇਮ ਹੈ। ਆਏ ਪ੍ਰਾਹੁਣਿਆਂ ਦੇ ਦਿਲਪ੍ਰਚਾਵੇ ਲਈ ਹੋਰ ਸਾਧਨਾਂ ਤੋਂ ਬਿਨਾ ਨਾਚੀਆਂ ਦੀ ਇਕ ਲੰਮੀ ਕਤਾਰ ਕਚਹਿਰੀਆਂ ਵਿਚ ਦਾਖ਼ਲ ਹੋਈ। ਸ਼ਾਨਦਾਰ ਹੀਰਿਆਂ ਅਤੇ ਜਵਾਹਰਾਤ ਨਾਲ ਜੜੇ ਹੋਏ ਵਿਕਤੀਆਂ ਦੀ ਇਹ  ਕਤਾਰ ਸੀ। ਅਨੋਖਾ ਨਜ਼ਾਰਾ ਸੀ।’

ਕੈਪਟਨ ਸੀ.ਐਮ. ਵੇਡ ਤੋਂ ਬਿਨਾਂ ਸੋਹਣ ਲਾਲ ਸੂਰੀ ਦੇ ਅਨੁਭਵ ਕੁਝ ਇਸ ਤਰ੍ਹਾਂ ਸਨ, ‘ ਉਸ ਪਿਛੋਂ ਬਾਂਕੇ ਗੋਰੇ ਸਾਹਿਬਾਂ ਨੇ ਦਰਬਾਰੀ ਨਾਚੀਆਂ ਦਾ ਪ੍ਰੋਗਰਾਮ ਦੇਖਿਆ ਜਿਹੜਾ ਐਨਾ ਪ੍ਰਭਾਵਸ਼ਾਲੀ ਸੀ ਕਿ ਦੇਖ ਕੇ ਤੀਜੇ ਅੰਬਰ ’ਤੇ ਬੈਠੀ ਪਿਆਰ ਦੀ ਪਰੀ ‘ਵੀਨਸ’ ਵੀ ਠਠੰਬਰ ਜਾਏ। ਉਨ੍ਹਾਂ ਦਾ ਗਾਣਾ ਏਨਾ ਮਨਮੋਹਿਕ ਸੀ ਕਿ ਸਰੋਤਿਆਂ ਦੇ ਸਾਹ ਸੂਤੇ ਹੋਏ ਸਨ।’[iv]

ਲਾਟ ਸਾਹਿਬ (ਕਮਾਂਡਰ ਇਨ ਚੀਫ) ਨਾਲ ਰੋਪੜ ਹੋਈ ਮਿਲਣੀ ਸਮੇਂ ਰਾਜਾ ਖੈਰਾਂ,ਕੌਲਾਂ ਅਤੇ ਬਸਰੋ ਨੂੰ ਹਦਾਇਤ ਦਿੰਦਾ ਹੈ ਕਿ ਗੋਰਿਆਂ ਲਈ ਉਹ ਚੋਟੀ ਦਾ ਨਾਚ ਕਰਨ। ਖੈਰਾਂ ਮੋਰ ਨਾਚ ਨੱਚਕੇ ਉਥੇ ਉਹ ਤਰਥੱਲ ਮਚਾਉਂਦੀ ਹੈ ਕਿ ਰਹੇ ਰੱਬ ਦਾ ਨਾਂ। ਮਹਾਨ ਵਿਦਵਾਨ ਸਰਦੂਲ ਸਿੰਘ ਕਵੀਸ਼ਰ ਇਹ ਗੱਲ ਬੜੀ ਚਹਿਕ ਚਹਿਕ ਕੇ ਦੱਸਦੇ ਹੁੰਦੇ ਸਨ ਕਿ ਨਰਗਸ ਦੱਤ ਦੀ ਮਾਂ ਜੱਦਣ ਬਾਈ ਵਰਗਾ ਮੋਰ ਨਾਚ ਹਿੰਦੁਸਤਾਨ ਵਿਚ ਹੋਰ ਕਿਸੇ ਨੇ ਨਹੀਂ ਨੱਚਿਆ।

ਇਹ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਦਰਬਾਰ ਵਿਚ ਹਲਕੇ ਫੁਲਕੇ ਗਾਉਣ ਦਾ ਹੀ ਸ਼ੌਕੀਨ ਸੀ ਪਰ ਉਸਦੇ ਦਰਬਾਰ ਵਿਚ ਸ਼ਾਸ਼ਤ੍ਰੀ ਗਾਇਕ ਵੀ ਸਸ਼ੋਭਿਤ ਸਨ। ਬੜੇ ਗੁਲਾਮ ਅਲੀ ਖਾਂ ਅਲੀ ਖਾਂ(1901-1969) ਇਹ ਗੱਲ ਬੜੇ ਮਾਣ ਨਾਲ ਕਰਦੇ ਹੁੰਦੇ ਸਨ ਕਿ ਉਨ੍ਹਾਂ ਦੇ ਦਾਦਾ ਉਸਤਾਦ ਅਰਸ਼ਦ ਅਲੀ (1816-1852) ਸ਼ੇਰੇ ਪੰਜਾਬ ਦੇ ਦਰਬਾਰੀ ਗਾਇਕ ਸਨ। ਕਸੂਰ ਘਰਾਣੇ ਦੇ ਕੁਝ ਹੋਰ ਗਾਇਕ ਜਿਵੇਂ ਪੀਰ ਫਜ਼ਲ ਅਲੀ ਖਾਂ,ਉਨ੍ਹਾਂ ਦੇ ਪਿਤਾ ਅਮਾਮ ਬਖਸ਼ ਅਤੇ ਭਾਈ ਅਮੀਰ ਬਖਸ਼ ਵੀ ਦਰਬਾਰ ਦੀ ਸ਼ਾਨ ਸਨ। ਹਰਿਆਣਾ ਘਰਾਣੇ ਦੇ ਕੁਝ ਸੈਨੀਏ ਵੀ ਏਥੇ ਨੌਕਰ ਸਨ। ਮੀਆਂ ਤਾਨ ਰਸ ਖਾਂ (1778-1884) ਜਦੋਂ ਲਾਹੌਰ ਦਰਬਾਰ ਵਿਚ ਆਇਆ ਤਾਂ ਉਸਨੂੰ ਐਨੇ ਖਿਤਾਬਾਂ ਨਾਲ ਵਿਭੂਸਿ਼ਤ ਕੀਤਾ ਕਿ ਉਸਦੀ ਕੋਈ ਮਿਸਾਲ ਨਹੀਂ।

ਗੱਲ ਤਲਵੰਡੀ ਘਰਾਣੇ ਦੀ ਕਰ ਰਹੇ ਸਾਂ। ਇਥੋਂ ਦਾ ਇਕ ਕਲਾਕਾਰ  ਅਤਰ ਖਾਂ ਵੀ ਸ਼ੇਰੇ ਪੰਜਾਬ ਦਾ ਹੀ ਦਰਬਾਰੀ ਗਾਇਕ ਸੀ ਜਿਸ ਬਾਰੇ ਸਿੱਖ ਰਾਜ ਦੇ ਇਕ ਰੋਜ਼ਨਾਮਚੇ ਵਿਚ ਇੰਝ ਲਿਖਿਆ ਮਿਲਦਾ ਹੈ:-

 ਡਿਉੜ੍ਹੀ ਸਰਦਾਰ ਰਣਜੀਤ ਸਿੰਘ ਬਹਾਦਰ,ਸ਼ਨੀਵਾਰ 9 ਜੂਨ 1813-ਅਮ੍ਰਿਤਸਰ-ਕਲ੍ਹ ਨੋਬਲ ਸਰਕਾਰ (ਮਹਾਰਾਜਾ) ਅਤਰ ਖਾਂ ਦਾ ਗਾਇਨ ਚਾਰ ਘੰਟੇ ਰਾਤ ਗਈ ਤੱਕ ਸੁਣਦੀ ਰਹੀ।[v]

    ਯਾਦ ਰਹੇ ਕਿ ਅਤਰ ਖਾਂ ਬਾਬਾ ਗੁਲਾਬ ਖਾਂ ਦਾ ਪਿਤਾ ਸੀ ਜਿਸਨੇ 110 ਸਾਲ ਦੀ ਉਮਰ ਭੋਗੀ। ਮਲਿਕਜ਼ਾਦਾ ਉਸਤਾਦ ਮਿਹਰ ਅਲੀ ਖਾਂ ਦੀ ਇੱਕ ਦਸਤੀ ਦਸਤਾਵੇਜ਼ ਅਨੁਸਾਰ, ਜਿਹੜੀ ਸਾਡੇ ਕੋਲ ਸੁਰੱਖਿਅਤ ਹੈ ਅਤੇ ਉਸ ਉਪਰ ਉਸਦੇ ਦਸਖਤ ਵੀ ਹਨ(16 ਜਨਵਰੀ1976)ਬਾਬਾ ਅਤਰ ਖਾਂ ਨੇ ਸੌ ਸਾਲ ਦੀ ਉਮਰ ਭੋਗ ਕੇ ਵਫਾਤ ਪਾਈ ਸੀ।

ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਘਰਾਣੇ ਦਾ ਇੱਕ ਕਲਾਕਾਰ ਪੀਰ ਖਾਂ ਉਸਦਾ ਸ਼ਾਹੀ ਗਵਈਆ ਸੀ,ਜਿਸਨੂੰ ਉਸਨੇ ਅਮ੍ਰਿਤਸਰ ਜਿ਼ਲ੍ਹੇ ਦਾ ਇੱਕ ਸਾਰੇ ਦਾ ਸਾਰਾ ਪਿੰਡ ਮੀਰੋਆਲ ਦਿੱਤਾ ਹੋਇਆ ਸੀ। ਇਹ ਪਿੰਡ ਉਨ੍ਹਾਂ ਕੋਲ ਇਸ ਸਦੀ ਦੇ ਸ਼ੁਰੂ ਤੱਕ ਰਿਹਾ ਤੇ ਫੇਰ ਕਿਸੇ ਗੱਲੋਂ ਅੰਗਰੇਜ਼ਾਂ ਨੇ ਉਨ੍ਹਾਂ ਕੋਲੋਂ ਖੋਹ ਕੇ ਜ਼ਬਤ ਕਰ ਲਿਆ।

 ਮੀਆਂ ਸਾਲੂ ਖਾਂ ਅਤੇ ਮਾਨ ਖਾਂ ਜਿਹੜੇ ਰਿਸ਼ਤੇ ਵਿਚ ਮੌਲਾਦਾਦ ਖਾਂ ਦੇ ਕਰਮਵਾਰ ਦਾਦਾ ਅਤੇ ਚਾਚਾ ਲਗਦੇ ਸਨ,ਮਹਾਰਾਜਾ ਕਰਮ ਸਿੰਘ ਵਾਲੀਏ-ਪਟਿਆਲਾ (1813-1845) ਦੇ ਸ਼ਾਹੀ ਸੰਗੀਤਕਾਰ ਸਨ, ਜਿਨ੍ਹਾਂ ਨੂੰ ਮਹਾਰਾਜੇ ਨੇ ਬਰਨਾਲੇ ਨੇੜੇ ਕੁਰੜ ਅਤੇ ਛਾਇਆ ਜਗੀਰ ਵਜੋਂ ਦਿੱਤੇ ਹੋਏ ਸਨ। ਮੌਲਾਦਾਦ ਖਾਂ ਦੇ ਭਰਾ ਰਾਗ ਰਸ ਖਾਂ ਮਹਾਰਾਜਾ      ਸੰਗਰੂਰ ਦੇ ਨੌਕਰ ਸਨ ਅਤੇ ਪਿਛੋਂ ਦਰਬਾਰ ਸਾਹਿਬ ਅਮ੍ਰਿਤਸਰ ਮੁਲਾਜ਼ਮ ਹੋ ਗਏ ਸਨ।

ਕਿਉਂਕਿ ਪਟਿਆਲਾ ਰਿਆਸਤ ਹੁਣ ਤੱਕ ਭਾਰਤੀ ਸੰਗੀਤ ਦਾ ਬੜਾ ਵੱਡਾ ਗੜ੍ਹ ਬਣ ਚੁੱਕੀ ਸੀ,ਕੁਝ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਏਸੇ ਮਾਹੌਲ ਦੇ ਅਧੀਨ ਮਹਾਰਾਜਾ ਜੀਂਦ ਦੇ ਰਾਜਾ ਰਘਬੀਰ ਸਿੰਘ  (1833-1887) ਨੇ 1864 ਈ: ਵਿਚ ਗੱਦੀ ਸੰਭਾਲਦਿਆਂ ਸੰਗਰੂਰ ਨੂੰ ਆਪਣੀ ਰਾਜਧਾਨੀ ਬਣਾਇਆ ਤਾਂ ਆਬਾਦ ਕੀਤੇ ਗਏ ਕੁਝ ਨਵੇਂ ਪਿੰਡ ਰਾਗ ਰਾਗਨੀਆਂ ਦੇ ਨਾਂਅ ’ਤੇ ਨਾਮੇ ਗਏ ਜਿਨ੍ਹਾਂ ਵਿਚੋਂ ਸ੍ਰੀ ਰਾਗ,ਪੀਲ੍ਹ ਖੇੜਾ,ਭੈਰੋਂ ਖੇੜਾ,ਰਾਮਕਲੀ ਸਿੰਧੀ ਖੇੜਾ ਅਤੇ ਵਿਹਾਰੀ ਖੇੜਾ ਆਦਿ ਵਰਨਣਯੋਗ ਹਨ।

ਉਨ੍ਹਾਂ ਸਮਿਆਂ ਦੇ ਸਭ ਵੱਡੇ ਕਲਾਕਾਰ ਰਵਾਜ ਅਨੁਸਾਰ ਗਾਉਣ ਦੇ ਨਾਲ ਨਾਲ ਵੀਣਾ ਵਜਾਉਂਦੇ ਹੁੰਦੇ ਸਨ। ਇੱਕ ਵਿਸ਼ਵਾਸ਼ ਅਨੁਸਾਰ ਜਿਹੜਾ ਕਿ ਹੁਣ ਤੱਕ ਪੀੜ੍ਹੀ ਦਰ ਪੀੜ੍ਹੀ ਚਲਦਾ ਆ ਰਿਹਾ ਹੈ, ਇਸ ਘਰਾਣੇ ਦਾ ਇੱਕ ਕਲਾਕਾਰ ਮਲਿਕਜ਼ਾਦਾ ਕਲੰਦਰ ਬਖਸ਼ ਖਾਂ ਟਿਕੀ ਰਾਤ ’ਤੇ ਜਦੋਂ ਆਪਣੀ ਰਸਵੀਣਾ ਵਜਾਉਂਦਾ ਹੁੰਦਾ ਸੀ ਤਾਂ ਸੱਪਾਂ ਦਾ ਬਾਦਸ਼ਾਹ ਉਸਦੀ ਵੀਣਾ ’ਤੇ ਮੁਗਧ ਹੋ ਕੇ ਉਸਨੂੰ ਨਜ਼ਰਾਨਾ ਪੇਸ਼ ਕਰਨ ਆਉਂਦਾ ਹੁੰਦਾ ਸੀ। ਆਪ ਮਹਾਰਾਜਾ ਗੁਲਾਬ ਸਿੰਘ ਦੇ ਦਰਬਾਰੀ ਸੰਗੀਤਕਾਰ ਸਨ। ਮੀਆਂ ਗੁਲਾਬ ਖਾਂ ਅਤੇ ਮੌਲਾਬਖਸ਼ ਹੋਰੀਂ ਵੀ ਅਪਣੀ ਜਿ਼ੰਦਗੀ ਦਾ ਢੇਰ ਸਮਾਂ ਇਸੇ ਰਿਆਸਤ ਵਿਚ ਰਹੇ। ਉਸ ਪਿਛੋਂ ਰਾਗ ਰਸ ਖਾਂ ਦੀ ਖੂਬ ਗੁੱਡੀ ਚੜ੍ਹੀ।

ਸਾਲ ਖਾਂ,ਮਾਨ ਖਾਂ ਅਤੇ ਅਲੀ ਬਖਸ਼ ਵੀ ਰਾਗ ਰਸ ਖਾਂ ਦੇ ਹੀ ਸਮਕਾਲੀ ਸਨ,ਜਿਹੜੇ ਆਪਣੇ ਦੌਰ ਦੇ ਵਧੀਆ ਕਲਾਕਾਰ ਸਨ।

ਵੀਹਵੀਂ ਸਦੀ ਦੇ ਸ਼ੁਰੂ ਵਿਚ ਸ਼ਾਇਦ ਸਭ ਤੋਂ ਵੱਧ ਨਾਮਣਾ ਮੌਲਾ ਦਾਦ ਖਾਂ ਨੇ ਖੱਟਿਆ,ਜਿਹੜਾ ਆਪਣੇ ਸਮੇਂ ਦਾ ਇੱਕ ਬਹੁਤ ਉਚਾ ਗਾਇਕ ਅਤੇ ਖਾਸ ਕਰਕੇ ਉਸ ਤੋਂ ਵੀ ਉਚ ਕੋਟੀ ਦਾ ਬੰਦਸ਼ਕਾਰ ਸੀ। ਇਥੋਂ ਤੱਕ ਕਿ ਇਹ ਕਸਬਾ  ਕਦੇ ਉਸਦੇ ਨਾਂ ’ਤੇ ਵੀ ਵਜਦਾ ਰਿਹਾ ਹੈ। ਉਸ ਦੀਆਂ ਬਣਾਈਆਂ ਹੋਈਆਂ ਰਾਗਦਾਰੀ ਦੀਆਂ ਅਨੇਕਾਂ ਬੰਦਸ਼ਾਂ ਕਈ ਲੋਕ ਅੱਜ ਵੀ ਬੜੇ ਮਾਣ ਨਾਲ ਗਾਉਂਦੇ ਹਨ। ਇਹ ਕਲਾਕਾਰ ਰਿਆਸਤ ਪਟਿਆਲਾ,ਰੀਵਾ,ਨਾਭਾ,ਸੰਗਰੂਰ ਅਤੇ ਮਲੇਰਕੋਟਲਾ ਨੌਕਰੀ ਕਰਦਾ ਰਿਹਾ। ਥੋੜ੍ਹਾ ਸਮਾਂ ਉਸਨੇ ਰਿਆਸਤ ਖੈਰਪੁਰ ਦੇ ਨਵਾਬ ਮੀਰ ਅਲੀ ਕੋਲ ਵੀ ਗੁਜ਼ਾਰਿਆ।

ਇਸ ਥਾਂ ਬਾਬਾ ਮੌਲਾ ਦਾਦ ਖਾਂ ਹੋਰਾਂ ਦੇ ਲੱਖਾਂ ਕਰੋੜਾਂ ਕਦਰਦਾਨਾਂ ਦੇ ਦਿਲ ਤੋੜਨ ਵਾਸਤੇ ਨਹੀਂ ਸਗੋਂ ਸੱਚ ਦਾ ਪੱਲਾ ਫੜਦਿਆਂ,ਇਸ ਘਰਾਣੇ ਦੀ ਅਸਲੋਂ ਹੀ ਇਕ ਪਰਦੇਦਾਰ ਗੱਲ,ਜਿਹੜੀ ਲੇਖਕ ਨੂੰ ਇਸ ਘਰਾਣੇ ਦੇ ਇੱਕ ਸਿੱਧੇ ਲੜੀਦਾਰ ਮਲਿਜ਼ਾਦਾ ਮੇਹਰ ਅਲੀ ਖਾਂ ਸਾਹਿਬ ਹੋਰਾਂ ਪਾਸੋਂ ਪ੍ਰਾਪਤ ਹੋਈ ਸੀ,ਦਾ ਰਾਜ਼ ਫਾਸ਼ ਕਰ ਦੇਣਾ ਵੀ ਜ਼ਰੂਰੀ ਹੈ ਕਿ ਅਸਲ ਵਿਚ ਮੌਲਾਦਾਦ ਖਾਂ ਅਤੇ ਬੱਘੂ ਖਾਂ ਹੋਰਾਂ ਦੇ ਵੱਡੇ ਵਡੇਰੇ ਰਹੀਮ ਅਤੇ ਕਰੀਮਦਾਦ ਪਿੰਡ ਚੱਪੜਚਿੜੀ ਦੇ ਕੱਵਾਲ ਘਰਾਣੇ ਨਾਲ ਸੰਬੰਧ ਰਖਦੇ ਸਨ। ਇਲਮ ਦੀ ਭਾਲ ਵਿਚ ਆਪਣਾ ਪਿੰਡ ਛੱਡਕੇ ਜਦੋਂ ਉਹ ਰਾਏਕੋਟ ਤਲਵੰਡੀ ਆ ਕੇ ਆਬਾਦ ਹੋ ਗਏ ਤਾਂ ਮਿਹਰ ਅਲੀ ਸਾਹਿਬ ਦੇ ਪਿਤਾ ਮਲਿਕ ਨੱਥਣ ਖਾਂ ਹੋਰਾਂ ਦੀ ਸ਼ਾਗਿਰਦੀ ਕਰ ਲਈ। ਉਸੇ ਦੌਰਾਨ ਜਦੋਂ ਇੱਕ ਦਿਨ ਮਲਿਕ ਨੱਥਣ ਜੀ ਹੋਰਾਂ ਦੇ ਬਜ਼ੁਰਗਾਂ ਦੀ ਬਿਆਜ(ਪੋਥੀ) ਚੋਰੀ ਕਰ ਲਈ ਤਾਂ ਮਲਿਕ ਸਾਹਿਬ ਨੇ ਉਨ੍ਹਾਂ ਨੂੰ ਬੱਦ ਦੁਆ ਦੇ ਕੇ ਆਖਿਆ ਸੀ, ‘ ਜਾਓ,ਇਹ ਅਦੁਤੀ ਕਿਰਤ ਚੋਰੀ ਕਰਕੇ ਜਿਹੜਾ ਲਾਭ ਤੁਸੀਂ ਉਠਾਉਣਾ ਚਾਹੁੰਦੇ ਸੀ ਉਹ ਤੁਹਾਨੂੰ ਨਾ ਮਿਲੇਗਾ,ਜਦ ਕਿ ਮੇਰੀ ਔਲਾਦ ਨੂੰ ਇਹ ਇਲਮ ਸੀਨਾ ਬਸੀਨਾ ਪਹੁੰਚਦਾ ਰਹੇਗਾ।’

ਇਹੀ ਕਾਰਨ ਸੀ ਕਿ ਚੱਪੜਚਿੜੀ ਵਾਲਿਆਂ ਗਵਈਆਂ ਕੋਲ ਇਲਮ ਦੇ ਭੰਡਾਰ ਤਾਂ ਬਹੁਤ ਸਨ,ਉਹ ਬੰਦਸ਼ਕਾਰ ਵੀ ਉਚੇ ਪਾਏ ਦੇ ਹੋ ਗੁਜ਼ਰੇ ਪਰ ਮੁਕਾਬਲਤਨ ਉਨੇ ਸੁਰੀਲੇ ਨਾ ਬਣ ਸਕੇ।

ਇਸ ਬਹਿਸ ਵਿਚ ਨਾ ਪੈਂਦਿਆਂ,ਇਸ ਥਾਂ ਬਾਬਾ ਮੌਲਾਦਾਦ ਖਾਂ ਹੋਰਾਂ ਦੀਆਂ ਦੋ ਬੰਦਸ਼ਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਤੋਂ ਉਨ੍ਹਾਂ ਦੀ ਰੂਹ ਦੀ ਫਿਰਤ ਦਾ ਅੰਦਾਜ਼ਾ ਲੱਗ ਜਾਂਦਾ ਹੈ। ਪਹਿਲੀ ਬੰਦਸ਼ ਰਾਤ ਦੇ ਪਹਿਲੇ ਪਹਿਰ ਦੇ ਇੱਕ ਰਾਗ ‘ਵਿਹਾਗ’ ਦੀ ਹੈ:-

        ਜਾਗੇ ਰਾਜਾ, ਜਾਗੇ ਪਰਜਾ,

        ਜਾਗੇ ਸੋਗੀ, ਜਾਗੇ ਭੋਗੀ। ਜਾਗੇ ਰਾਜਾ….

        ਜਾਗੇ ਪਹਿਰਵਾ, ਜਾਗੇ ਪਾਂਧੀ

        ਜਾਗੇ ਕਾਨਨ ਰਿਹਾ, ਵਿਯੋਗੀ । ਜਾਗੇ ਰਾਜਾ..

        ਜਾਗੇ ਬਾਜ਼ ਨਾਗ, ਜਾਗੇ ਜੰਤ ਪੰਖੇਰੂ,

        ਜਾਗੇ ਚੋਰ ਚਕਾਰ, ਧਨੀ, ਗਿਰਹਰੀ,

        ਗ੍ਰਹਿ ਭੀਤਰ ਜਾਗੇ,ਸੁੰਦਰ ਕਾਮਨ, ਜਾਗੇ

        ਨਾਰੀ ਪਤੀ ਲੇਕਰ, ਚੰਡ ਕੁਠਾਰਾ

        ‘ਮੌਲਾਦਾਦ’ ਏਤੇ ਸਭ ਜਾਗ ਜਾਗ ਸੋਏ,

        ਜਾਗੇ ਸ਼ੰਕਰਸ਼ਾਹ ਜੋਗੀ।

ਲਗਦੇ ਹੱਥ ਉਨ੍ਹਾਂ ਦੀ ‘ਸ਼ਾਮ ਕਲਿਆਣ’ ਦੇ ਇਕ ਧਰੁਪਦ ਦੀ ਬੰਦਸ਼ ਵੀ ਵੇਖ ਚੱਲੀਏ :-

                   ਅਸਥਾਈ :

        ਪੀਆ ਆ ਘਰ ਮੇਰੇ ਦਰਸ਼ਨ ਦਿਖਲਾ,

        ਤੁਮ ਬਿਨ ਬੇਕਲ ਹੈ ਮੇਰਾ ਜੀਅਰਾ

        ਸ਼ਰਬਤ ਵਸਲ ਪਿਲਾ।

                    ਅੰਤਰਾ:

      ਕੈਸੇ ਕਟੇ ਫੁਰਕਤ ਤੇਰੀ,

         ਨਿਸ ਦਿਨ ਪਲ ਛਿਨ ਤਰਪਤ ਮਨ ਜੈਸੇ

         ਤਰਪਤ ਮੈਹਨ,ਪਾਨੀ ਬੇ ਤਾਂ

             ਮੁਝ ਪਰ ਕਰਮ ਕਰ

         ਪੀਆ ਆ…….।

ਉਨ੍ਹੀਵੀਂ ਸਦੀ ਵਿਚ ਪੰਜਾਬ ਦੇ ਜੱਦੀ ਪੁਸ਼ਤੀ ਘਰਾਣਿਆਂ ਦਾ ਜਿ਼ਕਰ ਕਰੀਏ ਤਾਂ ਅਮ੍ਰਿਤਸਰ ਦੇ ਰਬਾਬੀਆ ਦੀ ਸਾਹੰਸਰ ਧਾਰਾ ਵੀ ਨਾਲੋ ਨਾਲ ਚਲਦੀ ਨਜ਼ਰ ਆਉਂਦੀ ਹੈ। ਗੁਰੂ ਕੀ ਨਗਰੀ ਵਿਖੇ ਭਾਈ ਵੀਰ ਸਿੰਘ ਜੀ ਦੇ ਪਿਤਾ ਡਾ:ਚਰਨ ਸਿੰਘ ਜਿਥੇ ਰਬਾਬੀਆਂ ਦੀ ਦੇਖ ਰੇਖ ਕਰਦੇ ਹਨ,ਉਥੇ ਏਥੋਂ ਦਾ ਵੀ ਇੱਕ ਪ੍ਰਸਿੱਧ ਉਸਤਾਦ ਉੱਤਮ ਸਿੰਘ ( ਪੰਡਿਤ ਦਲੀਪ ਚੰਦ ਬੇਦੀ ਜੀ ਦੇ ਗੁਰੂ) ਵੀ ਏਸੇ ਤਲਵੰਡੀ ਘਰਾਣੇ ਵਾਲਿਆਂ ਦਾ ਹੀ ਸ਼ਾਗਿਰਦ ਸੀ। ਉਸ ਗੁਰਸਿੱਖ ਤੋਂ ਛੁੱਟ ਏਥੇ ਦੇ ਦੋ ਹੋਰ ਡੇਰੇ ਦਾਰ ਵੀ ਪ੍ਰਸਿੱਧ ਸਨ-ਇੱਕ ਸੀ ਬਿਜਲੀ ਪਹਿਲਵਾਨ ਜਿਹੜਾ ਕਿ ਤਲਵੰਡੀ ਵਾਲਿਆਂ ਤੋਂ ਛੁੱਟ ਨੁਸ਼ਹਿਰਾ ਨੰਗਲੀ ਵਾਲੇ ਉਸਤਾਦ ਜਮਾਲ ਖਾਂ ਉਰਫ ਮੱਛਰ ਖਾਂ (ਤੇਜ਼ ਤਰਾਰ ਤਾਨਾਂ ਲੈਣ ਕਰਕੇ ਉਸਦਾ ਇਹ ਨਾਂ ਪਿਆ ਸੀ) ਤੋਂ ਵੀ ਸਿੱਖਦਾ ਰਿਹਾ ਸੀ। ਉਹ ਭਾਈ ਲਾਲ ਰਬਾਬੀ ਦਾ ਵੀ ਬੜਾ ਮਦਾਹ ਸੀ। ਇਸੇ ਤਰ੍ਹਾਂ ਇਥੇ ਦਾ ਹੀ ਇੱਕ ਹੋਰ ਧਨਾਡ ਸ਼ੇਖ ਅਸਗਰ ਮਜੀਦ ਪ੍ਰਸਿੱਧ ਐਡਵੋਕੇਟ ਪਟਿਆਲਾ ਘਰਾਣੇ ਦੇ ਬਾਨੀ ਉਸਤਾਦ ਅਲੀ ਬਖਸ਼ ਖਾਂ ਜਰਨੈਲ ਸਾਹਿਬ ਦਾ ਸ਼ਾਗਿਰਦ ਸੀ। ਉਹ ਤਿੰਨੇ ਕੰਨ-ਰਸੀਏ ਆਪਣੀਆਂ ਆਪਣੀਆਂ ਖੁਲ੍ਹੀਆਂ ਹਵੇਲੀਆਂ ਵਿਚ ਇਨ੍ਹਾਂ ਸਭਨਾਂ ਉਸਤਾਦਾਂ ਦੇ ਸੰਗੀਤਕ ਦੰਗਲ ਅਕਸਰ ਕਰਵਾਉਂਦੇ ਰਹਿੰਦੇ ਸਨ।

ਬਾਬਾ ਮੌਲਾਦਾਦ ਪਿਛੋਂ ਉਸਤਾਦ ਬੱਘੂ ਖਾਂ ਹੋਰਾਂ ਦੀ ਵਾਰੀ ਆਈ ਉਹ ਵੀ ਵਿਚਾਰਾ ਮਿੱਠ ਬੋਲੜੇ ਤੇ ਹਸਮੁਖ ਸੁਭਾਅ ਦਾ ਮਾਲਕ ਸੀ। ਉਸ ਦਾ ਅਸਲ ਨਾਂ ਤਾਂ ਤਾਲਿਬ ਹੁਸੈਨ ਖਾਂ ਸੀ ਪਰ ਉਹ ਬੱਘੂ ਖਾਂ ਦੇ ਨਾਮ ਨਾਲ ਵਧੇਰੇ ਪ੍ਰਸਿੱਧ ਹੋਇਆ।

ਅਤਾ ਮੁਹੰਮਦ ਕਲੌਂਤ ਉਸਦਾ ਹੀ ਲੜਕਾ ਸੀ ਜਿਹੜਾ ਬੜਾ ਪਿਆਰਾ ਗਾਉਣ ਵਾਲਾ ਸੀ।ਦੇਸ਼ ਦੇ ਵੰਡਾਰੇ ਸਮੇਂ ਉਹ ਵੀ ਪਾਕਿਸਤਾਨ ਚਲੇ ਗਿਆ ਅਤੇ ਉਥੇ ਜਾ ਕੇ ਚੀਚਾ ਵਤਨੀ ਦੀ ਇੱਕ ਰੂੰ ਫੈਕਟ੍ਰੀ ਵਿਚ ਕੰਮ ਕਰ ਰਿਹਾ ਹੈ। ਵਾਹ ਰੇ ਸੰਨ 1947-ਸਮੁੱਚੀ ਪੰਜਾਬੀਅਤ ਹੀ ਦਰੜ ਕੇ ਰੱਖ ਦਿੱਤੀ। ਤਲ ਵੰਡ ਹੋ ਗਏ, ਜਲ ਵੰਡ ਹੋ ਗਏ,ਥਲ ਵੰਡ ਹੋ ਗਏ-ਤਲਵੰਡੀ ਘਰਾਣੇ ਦੀਆਂ ਵੰਡੀਆਂ ਪੈ ਗਈਆਂ,ਕਸੂਰ ਖੁੱਸ ਗਿਆ,ਹਰਿਆਣਾ ਹਾਰ ਗਿਆ,ਸ਼ਾਮ ਚੁਰਾਸੀ ਘਰਾਣੇ ਦੀਆਂ ਸ਼ਾਮਾਂ ਪੈ ਗਈਆਂ,ਨਹੀਂ,ਨਹੀਂ,ਸਦੀਆਂ ਤੋਂ ਚਲਦੀ ਆ ਰਹੀ ਸਾਡੀ ਸਭਿਅਤਾ ਦੀਆਂ ਸ਼ਾਮਾਂ ! ਬਸ ਸੂਰਜ ਛਿਪ ਗਿਆ!! ਜਾਪ ਰਿਹਾ ਸੀ ਜਿਵੇਂ ਦੇਸ਼ ਦੇ ਵਾਸੀਆਂ ਨੇ ਇਹ ਸਾਜਿ਼ਸ਼ ਸਿਰੇ ਚਾੜ੍ਹਨ ਦਾ ਤਹੱਈਆ ਕੀਤਾ ਹੋਇਆ ਹੈ ਕਿ ਅੱਜ ਬਾਬੇ ਨਾਨਕ ਅਤੇ ਮਰਦਾਨੇ ਦੀਆਂ ਰੂਹਾਂ ਦਾ ਵੀ ਵੰਡੀਕਰਨ ਕਰਕੇ ਹੀ ਸਾਹ ਲੈਣਾ ਹੈ !!!

ਤਲਵੰਡੀ ਤੋਂ ਹਲਵਾਰਾ (ਜਿਥੇ ਕਿ ਹਵਾਈ ਅੱਡਾ ਵੀ ਹੈ) ਵੀ ਬਹੁਤਾ ਦੂਰ ਨਹੀਂ। ਮੁਸਲਮਾਨ ਰਾਜਪੂਤਾਂ ਦਾ ਇਹ ਪਿੰਡ ਵੀ ਰਾਏ ਭੋਊ ਨੇ ਵਸਾਇਆ ਸੀ ਜਿਹੜਾ ਕਿ ਤਲਵੰਡੀ/ਹਠੂਰ ਵਾਲਿਆਂ ਦਾ ਹੀ ਰਿਸ਼ਤੇਦਾਰ ਸੀ। ਦੱਸਿਆ ਜਾਂਦਾ ਹੈ ਕਿ ਇਸ ਪਿੰਡ ਵਾਲੀ ਥਾਂ ਤੇ ਲੋਕੀ ਵਾਹੀ ਕਰਨ ਵਾਲੇ ਹਲ ਇਕੱਠੇ ਕਰਕੇ ਰੱਖਦੇ ਸਨ ਜਿਸ ਕਾਰਨ ਇਸ ਦਾ ਨਾਂ ‘ਹਲਵਾੜਾ’ ਪੈ ਗਿਆ ਜਿਹੜਾ ਪਿਛੋਂ ਵਿਗੜ ਕੇ ਹਲਵਾਰਾ ਬਣ ਗਿਆ।

ਉਥੇ ਦੇ ਕਲਾਕਾਰਾਂ ਦੀ ਗਿਣਤੀ ਵੀ ਇਸੇ ਘਰਾਣੇ ਦੇ ਕਲਾਕਾਰਾਂ ਵਿਚ ਹੁੰਦੀ ਰਹੀ ਹੈ। ਅਸਲ ਵਿਚ ਇਸ ਪਿੰਡ ਮੌਲਾਦਾਦ ਖਾਂ ਹੋਰਾਂ ਦੀ ਡੂੰਘੀ ਰਿਸ਼ਤੇਦਾਰੀ ਸੀ। ਇਥੋਂ ਦੇ ਇਕ ਕਲਾਕਾਰ ਇਨਾਇਤ ਖਾਂ ਨੇ ਬਹੁਤ ਨਾਂ ਕਮਾਇਆ। ਇਹ ਬਜ਼ੁਰਗ ਜਿਹੜਾ ਕਮਾਲੀਆ ਜਿ਼ਲ੍ਹਾ ਲਾਇਲਪੁਰ ਵਿਚ ਰਹਿ ਰਿਹਾ ਸੀ,ਅੱਸੀ ਸਾਲ ਦੀ ਉਮਰ ਭੋਗ ਕੇ 1969 ਈ: ਵਿਚ ਰੱਬ ਨੂੰ ਪਿਆਰਾ ਹੋ ਗਿਆ। ਕਈ ਵਰ੍ਹੇ ਹੋਏ ਰੇਡੀਉ ਪਾਕਿਸਤਾਨ ਕੋਟੇ ਵਾਲਿਆਂ ਨੇ ਉਸ ਦੀਆਂ ਦੋ ਕੁ ਚੀਜ਼ਾਂ ਰੀਕਾਰਡ ਕੀਤੀਆਂ ਸਨ। ਇੱਕ ਰਾਗ ਭੁਪਾਲੀ ਹੈ ਜਿਹੜਾ ਬਹੁਤ ਸ਼ਾਂਤ ਸੁਰ ਵਿਚ ਗਾਇਆ ਹੋਇਆ ਹੈ। ਉਹ ਆਪਣੇ ਘਰਾਣੇ ਦੀ ਉੱਚਤਾ ਬਾਰੇ ਕਦੇ ਕਦੇ ਗੱਲ ਛੇੜਦਾ ਕਹਿੰਦਾ ਹੁੰਦਾ ਸੀ ਕਿ ਅੱਵਲ ਤਾਂ ਸਾਡੇ ਘਰਾਣੇ ਨੂੰ ਕਿਸੇ ਕੋਲੋਂ ਕੋਈ ਰਾਗ ਲੈਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਪਰ ਜੇਕਰ ਅਸੀਂ ਕੋਈ ਇੱਕ ਅੱਧੀ ਚੀਜ਼ ਲੈਣੀ ਵੀ ਹੈ ਤਾਂ ਉਹ ਸਾਨੂੰ ਕੇਵਲ ਕਿਰਾਨਾ ਘਰਾਣੇ ਵਲੋਂ ਲੈਣ ਦੀ ਹੀ ਖੁਲ੍ਹ ਹੈ। ਤੇ ਇਸੇ ਤਰ੍ਹਾਂ ਲੋੜ ਪੈਣ ’ਤੇ ਉਸ ਘਰਾਣੇ ਦੇ ਕਲਾਕਾਰ ਵੀ ਸਾਡੇ ਕੋਲੋਂ ਕੋਈ ਇੱਕ ਅੱਧੀ ਚੀਜ਼ ਲੈ ਸਕਦੇ ਹਨ।

ਮਲਿਕਜ਼ਾਦਾ ਮਿਹਰ ਅਲੀ ਖਾਂ,ਇਸ ਘਰਾਣੇ ਦੀ ਬੱਤੀਵੀਂ ਪੁਸ਼ਤ ਦੇ ਆਖਰੀ ਨੁਮਾਇੰਦੇ ਸਨ। ਦਸ ਸਾਲ ਦੀ ਉਮਰ ਵਿਚ ਦਰਬਾਰੀ ਕਾਨ੍ਹੜਾ ਇੱਕ ਮੁਕੰਮਲ ਗਾਇਕ ਦੀ ਤਰ੍ਹਾਂ ਅਲਾਪ ਰਹੇ ਸਨ ਕਿ ਸੁਣ ਕੇ ਆਪ ਦੇ ਪਿਤਾ ਅਤੇ ਤਾਇਆ ਹੈਰਾਨ ਰਹਿ ਗਏ। 17 ਸਾਲ ਦੀ ਉਮਰ ਤੱਕ ਆਪਣੇ ਪਿਤਾ ਅਤੇ ਤਾਇਆ ਹੋਰਾਂ ਨਾਲ ਰਿਆਸਤ ਜੰਮੂ, ਪਟਿਆਲਾ, ਫਰੀਦਕੋਟ, ਪੁਣਛ, ਸੁਕੇਤ ਆਦਿ ਦੀਆਂ ਰਿਆਸਤਾਂ ਵਿਚ ਆਪਣੀ ਕਲਾ ਦਾ ਸਿੱਕਾ ਜਮਾ ਕੇ ਆਖਰ 1940 ਵਿਚ ਲਾਇਲਪੁਰ ਆਪਣੇ ਇੱਕ ਸ਼ਾਗਿਰਦ ਹਰਚੰਦ ਸਿੰਘ ਹੋਰਾਂ ਕੋਲ ਟਿਕ ਗਏ। ਉਨ੍ਹਾਂ ਦੇ ਪੁੱਤਰ ਮੂਰਤ ਸਿੰਘ ਹੋਰਾਂ ਨੂੰ ਵੀ ਆਪਨੇ ਤਾਲੀਮ ਦਿੱਤੀ। ਜੀਵਨ ਭਰ ਉਨ੍ਹਾਂ ਨੇ ਉੰਝ ਤਾਂ ਅਨੇਕ ਥਾਵਾਂ ’ਤੇ ਗਾਇਆ ਪਰ ਉਨ੍ਹਾਂ ਦੀਆਂ ਦੋ ਮਹਿਫਲਾਂ ਰਹਿੰਦੀ ਦੁਨੀਆ ਤੱਕ ਯਾਦ ਰਹਿਣਗੀਆਂ।

ਉਸਤਾਦ ਮੌਲਾ ਦਾਦ ਖਾਂ (1845-1930) ਤਾਲਵੰਡੀ/ਤਲਵੰਡੀ ਘਰਾਣੇ ਦੇ ਸੁਪ੍ਰਸਿੱਧ ਗਾਇਕ, ਸ਼ਾਮ ਚੁਰਾਸੀ ਘਰਾਣੇ ਦੇ ਮਸ਼ਹੂਰ ਉਸਤਾਦ ਬਾਬਾ ਕਰੀਮ ਬਖਸ਼ ਜਾਂ ਸਹਾਰਨਪੁਰ ਘਰਾਣੇ ਦੇ ਡਾਗਰ ਬੰਧੂ ਉਸਤਾਦ ਜ਼ਾਕੁਰ ਉੱਦੀਨ ਖਾਂ (1855-1927) ਅੱਲਾ ਬੰਦੇ ਖਾਂ (1860-1925) ਅਲਵਰ ਰਿਆਸਤ ਵਾਲਿਆਂ ਵਾਂਗ, ਉਨ੍ਹੀਵੀਂ ਵੀਹਵੀਂ ਸਦੀ ਦੇ ਬਹੁਤ ਵੱਡੇ ਅਲਾਪੀਏ ਸਨ। ਆਪ ਇੱਕ ਉੱਚ-ਕੋਟੀ ਦੇ ਬੰਦਸ਼ਕਾਰ ਵੀ ਸਨ। (ਫੋਟੋ: ਧੰਨਵਾਦ ਸਹਿਤ “ਇੰਟਰਨੈਸ਼ਨਲ ਪੰਜਾਬ ਹੈਰੀਟੇਜ਼” ਲੰਡਨ ਮਿਊਜ਼ੀਅਮ)

1938 ਵਿਚ ਐਸ.ਪੀ.ਐਸ. ਹਾਲ ਲਾਹੌਰ ਵਿਚ ਉਨ੍ਹਾਂ ਦੀ ਇੱਕ ਅਤਿ ਯਾਦਗਾਰੀ ਮਹਿਫਲ ਜੰਮੀ ਜਿਸਦਾ ਇੰਤਜ਼ਾਮ ਸੰਤ ਪ੍ਰਕਾਸ਼ ਸਿੰਘ,ਜਿਹੜੇ ਉਦੋਂ ਉਥੇ ਐਸ.ਪੀ. ਸਨ,ਹੋਰਾਂ ਨੇ ਕੀਤਾ ਸੀ। ਉਸ ਮਹਿਫਲ ਵਿਚ ਇਕੋ ਸਮੇਂ ਆਪ ਨਾਲ ਦੇਸ਼ ਭਰ ਦੇ ਸਿਰਮੌਰ ਸੱਤਾਂ ਪਖਾਵਜੀਆਂ ਨੇ ਸੰਗਤ ਕੀਤੀ ਸੀ ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਸਨ-ਮੀਆਂ ਕਾਦਰ ਬਖਸ਼,ਭਾਈ ਹਰਨਾਮ ਸਿੰਘ ਜੰਮੂ ਵਾਲੇ,ਮਲੰਗ ਖਾਂ ਬੋਹਣ ਪੱਟੀ ਵਾਲੇ, ਭਾਈ ਅੱਲਾ ਰੱਖਾ, ਭਾਈ ਸੰਤੂ ਅਤੇ ਭਾਈ ਨਸੀਰਾ ਅਮ੍ਰਿਤਸਰੀ।ਖਾਂ ਸਾਹਿਬ ਧਰੁਪਦ ਗਾ ਰਹੇ ਸਨ ਅਤੇ ਤਾਲ ਨੂੰ ਕੁਝ ਇਸ ਤਰ੍ਹਾਂ ਤਕਸੀਮ ਕੀਤਾ ਹੋਇਆ ਸੀ ਕਿ ਜਦ ਵੀ ਚਾਹਿਆ, ਪਖਾਵਜੀਆਂ ਨੂੰ ਇਕ ਦਮ ਰੋਕ ਦਿੱਤਾ।

ਇਸੇ ਤਰ੍ਹਾਂ ਉਸ ਤੋਂ ਦੋ ਕੁ ਸਾਲ ਪਿਛੋਂ ਉਨ੍ਹਾਂ ਦੀ ਇੱਕ ਹੋਰ ਬੜੀ ਯਾਦਗਾਰੀ ਮਹਿਫਲ ਜੁੜੀ ਜਦੋਂ ਆਪ ਨੇ 1940 ਵਿਚ ਮੰਟੋ ਪਾਰਕ ਲਾਹੌਰ ਦੀ ਨੁਮਾਇਸ਼ ਵਿਚ ਮੀਆਂ ਦੀ ਟੋਡੀ ਦਾ ਇੱਕ ਧਰੁਪਦ ਗਾਇਆ। ਉਸ ਮਹਿਫਲ ਵਿਚ ਮਹਾਰਾਜਾ ਜੰਮੂ ਦੇ ਉਸਤਾਦ ਸਵਾਮੀ ਗਿਰ, ਜਿਨ੍ਹਾਂ ਦੀ ਉਮਰ ਉਸ ਵੇਲੇ ਲਗਪਗ ਡੇੜ੍ਹ ਸੌ ਸਾਲ ਦੇ ਕਰੀਬ ਸੀ, ਖੜੇ ਹੋ ਕੇ ਰੋ ਰਹੇ ਸਨ ਅਤੇ ਇਸ ਗੱਲ ਨੂੰ ਬੱਚਿਆਂ ਵਾਂਗ ਦੁਹਰਾਈ ਜਾ ਰਹੇ ਸਨ, ‘ ਗਾਨਾ ਜਾਰੀ ਰੱਖੋ, ਤੁਹਾਡੇ ਗਾਣੇ ’ਚੋਂ ਅੱਜ ਮੈਨੂੰ ਮੀਆਂ ਗੁਲਾਬ ਖਾਂ ਹੋਰਾਂ ਦੇ ਪ੍ਰਤੱਖ ਦਰਸ਼ਨ ਹੋ ਰਹੇ ਹਨ।’ ਯਾਦ ਰਹੇ ਸਵਾਮੀ ਗਿਰ, ਆਪ ਦੇ ਬਾਬਾ ਮੀਆਂ ਗੁਲਾਬ ਖਾਂ ਹੋਰਾਂ ਦੇ ਸ਼ਾਗਿਰਦ ਸਨ। ਅਫਸੋਸ 20 ਅਕਤੂਬਰ 1976 ਨੂੰ ਸ਼ਾਮ ਦੇ ਸਾਢੇ ਛੇ ਵਜੇ ਤਲਵੰਡੀ ਘਰਾਣੇ ਦੀ ਇਹ ਆਖਰੀ ਨਿਸ਼ਾਨੀ ਵੀ ਸਾਡੇ ਕੋਲੋਂ ਸਦਾ ਸਦਾ ਲਈ ਵਿਛੜ ਗਈ।

ਮੁੱਢ ਤੋਂ ਹੀ ਮੈਂ ਇਸ ਗੱਲ ਦਾ ਧਾਰਨੀ ਰਿਹਾ ਹਾਂ ਕਿ ਕਿਸੇ ਵੀ ਤਰ੍ਹਾਂ, ਜਿੰਨਾ ਵੀ ਹੋ ਸਕੇ ਪੰਜਾਬ ਦੇ ਸੰਗੀਤ ਘਰਾਣਿਆਂ ਦੀ ਗਾਇਕੀ ਦੇ ਅੰਗ ਅੰਸ਼, ਉਨ੍ਹਾਂ ਦੀਆਂ ਵਿਸ਼ੇਸ਼ਤਾਈਆਂ ਸਮੇਤ ਸਾਂਭੇ ਜਾ ਸਕਣ। ਇਹੀ ਕਾਰਨ ਸੀ ਕਿ 1947 ਵਿਚ ਮਹਾਜਰ ਬਣ ਕੇ ਪਾਕਿਸਤਾਨ ਜਾ ਕੇ ਵਸ ਚੁੱਕੇ ਫੰਨਕਾਰਾਂ ਦੀ ਉਦਰੇਵੇਂ ਵੱਸ ਲੱਭ ਲਭਾਈ ਕਰਦਾ ਰਹਿੰਦਾ ਸਾਂ,ਤਾਂ ਜੋ ਉਨ੍ਹਾਂ ਦੀ ਗਵਾਇਸ਼ ਸਾਂਭੀ ਜਾ ਸਕੇ।

ਜੋ ਵੀਰੇ ਮੇਰੇ ਓਧਰ ਚਲ ਗਏ

ਮੈਨੂੰ ਪਛਤਾਓ ਤਿੰਨ੍ਹਾਂ ਦਾ।

ਹਰ ਵੇਲੇ ਕੁਝ ਏਹੋ ਜਹੀ ਸੋਚ ਮੇਰੇ ’ਤੇ ਹਾਵੀ ਰਹਿੰਦੀ ਸੀ। ਇਸੇ ਕਰਕੇ ਮੇਰਾ ਉਸ ਬੰਨੇ ਜਾ ਚੁੱਕੇ ਕਲਾਕਾਰਾਂ/ਵਿਦਵਾਨਾਂ ਨਾਲ ਸੰਪਰਕ ਰਿਹਾ। ਪਾਕਿਸਤਾਨ ਨਵਾਂ ਨਵਾਂ ਬਣਿਆ ਸੀ ,ਭਾਰਤ ਪਾਕਿਸਤਾਨ ਦੇ ਸੰਬੰਧ ਕਦੇ ਵੀ ਸੁਖਾਵੇਂ ਨਹੀਂ ਸਨ ਰਹੇ,ਇਸ ਲਈ ਭਾਰਤ ਸਰਕਾਰ ਮੇਰੇ ’ਤੇ ਹਮੇਸ਼ਾਂ ਕੜੀ ਨਜ਼ਰ ਰੱਖਦੀ ਰਹੀ। ਪੁਲਸ ਮੈਨੂੰ ਕਈ ਵੇਰ ਤੰਗ ਵੀ ਕਰਦੀ ਅਤੇ ਮੇਰੀ ਡਾਕ ’ਤੇ ਹਮੇਸ਼ਾਂ ਕੜੀ ਨਿਗਰਾਨੀ ਰੱਖੀ ਜਾਂਦੀ ਸੀ। ਮੇਰੀਆਂ ਕਈ ‘ਹਾਈਜੈਕ’ ਕੀਤੀਆਂ ਚਿੱਠੀਆਂ ਕਈ ਸਾਲ ਦੇ ਵਕਫੇ ਪਿਛੋਂ ਅਪੜਾਈਆਂ ਜਾਂਦੀਆਂ। ਇਹੋ ਜਹੇ ਨਾਜ਼ੁਕ ਹਾਲਾਤ ਵਿਚ ਮੇਰਾ ਕੋਈ ਪੱਤਰ ਕਦੇ ਓਧਰ ਪਹੁੰਚਦਾ ਕਦੇ ਨਾ। ਖਬਰੇ ਕੋਈ ਖੁਫੀਆ ਏਜੰਸੀ ਕਿੱਕਰ ਸਿੰਘ ਦੇਵਿ-ਹਿੰਦ ਦੇ ਪੋਤੇ ਚਰਨੇ ਭਲਵਾਨ ਨਾਲ 1953 ਵਿਚ ਮੇਰੇ ਖੁਫੀਆ ਪਾਕਿਸਤਾਨੀ ਦੌਰੇ ਦੀ ਸੂਹ ਰੱਖਦੀ ਰਹੀ ਸੀ। ਫਿਰ ਵੀ ਕੌੜੇ ਕੁਸੈਲੇ ਹਾਲਾਤ ਵਿਚ  ਕਦੀ ਕਦੀ ਕੁਦਰਤ ਮੇਰਾ ਸਾਥ ਦੇ ਹੀ ਦਿੰਦੀ।

ਇਸ ਸਿਲਸਿਲੇ ਵਿਚ ਤਲਵੰਡੀ ਘਰਾਣੇ ਦੇ ਜਿਸ ਕਲਾਕਾਰ ਨੂੰ 1950 ਵਿਚ ਮੈਂ ਰੀਕਾਰਡ ਕਰਵਾਉਣ ਵਿਚ ਸਫਲ ਹੋ ਗਿਆ ਸਾਂ, ਉਹ ਵੀ ਏਧਰੋਂ ਡੇਰਾ ਸਯਦਾਂ ਜਿ਼ਲ੍ਹਾ ਕਪੂਰਥਲਾ ਦੇ 1909 ਵਿਚ ਜਨਮੇ ਆਗਾ ਸਾਦਿਕ ਹੁਸੈਨ ਨਕਵੀ (1909-1997) ਦੇ ਰਾਹੀਂ ਜਿਨ੍ਹਾਂ ਨੇ ਮੇਰੇ ਬਾਰਮਬਾਰ ਕਹਿਣ ’ਤੇ ਇਹ ਕੰਮ ਕੀਤਾ ਸੀ। ਉਨ੍ਹਾਂ ਨੇ ਇਸ ਘਰਾਣੇ ਦੇ ਇੱਕ ਬਜ਼ੁਰਗ ਇਨਾਇਤ ਖਾਂ ਦੀਆਂ ਕੁਝ ਚੀਜ਼ਾਂ ਆਲ ਪਾਕਿਸਤਾਨ ਰੇਡੀਓ ਸਟੇਸ਼ਨ ਕੋਇਟਾ ਵਾਲਿਆਂ ਵਲੋਂ ਰੀਕਾਰਡ ਕਰਵਾ ਲਈਆਂ ਸਨ,ਜਿਨ੍ਹਾਂ ਵਿਚੋਂ ਮੈਨੂੰ ਉਨ੍ਹਾਂ ਦਾ ਗਾਇਆ ਹੋਇਆ ਰਾਗ ਭੁਪਾਲੀ ਬੇਹੱਦ ਪਸੰਦ ਆਇਆ ਸੀ। ਇਸੇ ਤਰ੍ਹਾਂ ਰੇਡੀਓ ਪਾਕਿਸਤਾਨ ਲਾਹੌਰ ਵਾਲਿਆਂ ਨੇ ਵੀ ਮੇਰੇ ਕਹਿਣ ’ਤੇ ਹੀ ਹਰਿਆਣਾ ਘਰਾਣੇ ਦੇ ਇੱਕ ਕਲਾਕਾਰ ਮੀਆਂ ਮੁਹੰਮਦ ਬਖਸ਼ ਹਰਿਆਣਵੀ(1900-1984) ਦੀ ਕੁਝ ਰੀਕਾਡਿੰਗ ਆਉਣ ਵਾਲੀਆਂ ਨਸਲਾਂ ਲਈ ਸਾਂਭ ਲਈ ਸੀ। ਬਹੱਤਰ ਸਾਲ ਦੀ ਉਮਰ ਵਿਚ ਭਰੀ ਗਈ ਉਸ ਦੀ ਆਵਾਜ਼ ਸੁਣਕੇ ਉਸਦੇ ਗਲੇ ਦੇ ਗੇੜ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ।

ਖੈਰ ਤਲਵੰਡੀ ਘਰਾਣੇ ਦੇ ਇਨਾਇਤ ਖਾਂ ਦੀ ਗੱਲ ਕਰ ਰਹੇ ਸਾਂ। ਉਸਤਾਦ ਮੁਹੰਮਦ ਬਖਸ਼ ਜਿਹੜੇ ਕਿ ਉਸਤਾਦ ਸਲਾਮਤ ਅਲੀ ਖਾਂ ਸ਼ਾਮ ਚੁਰਾਸੀ ਵਾਲਿਆਂ ਦੇ ਮਾਮਾ ਲਗਦੇ ਸਨ,ਪਾਕਿਸਤਾਨ ਬਣਨ ਉਪਰੰਤ ਕਸੂਰ ਨੇੜਲੇ ਇੱਕ ਪਿੰਡ ਕੰਗਣਪੁਰ ਰਹਿਣ ਲੱਗ ਪਏ ਸਨ। ਕਦੇ ਕਦੇ ਉਹ ਦੀਪਾਲਪੁਰ ਆਪਣੇ ਇੱਕ ਜਿਮੀਦਾਰ ਮਦਾਹ ਕੋਲ ਵੀ ਆ ਠਹਿਰਦੇ ਸਨ। ਸਾਈਂ ਲੋਕ ਸਨ,1947 ਵਾਲੀ ਵੰਡ ਪਿਛੋਂ ਉਜੜੇ ਪਿੰਡ ਬਸ਼ੀਰਪੁਰਾ ਵਿਚ ਵੀ ਠਹਿਰ ਜਾਂਦੇ ਸਨ। ਇਲਮ ਦੇ ਖਜ਼ਾਨੇ ਇਸ ਕਲਾਕਾਰ ਨੇ ਉਧਰ ਜਾ ਕੇ ਆਪਣੀ ਉਮਰ ਬੜੀ ਤੰਗਦਸਤੀ ਵਿਚ ਗੁਜ਼ਾਰੀ। ਬਿਰਧ ਅਵਸਥਾ ਵਿਚ ਮੇਰੀ ਤਮੰਨਾ ਦਾ ਸਤਿਕਾਰ ਕਰਦਿਆਂ,ਉਨ੍ਹਾਂ ਨੇ ਸੰਗੀਤ ਦੀਆਂ ਕਰੀਬਨ ਸੌ ਬੰਦਸ਼ਾਂ ਦੇ ਲਕਸ਼ਣ ਗੀਤ ਲਿਖਕੇ,ਪੀਲੇ ਕਾਗਜ਼ ਤੇ ਕਿਤਾਬਤ ਕਰਵਾ ਕੇ ਮੇਰੇ ਲਈ ਸੁਰਖਿਅਤ ਕਰ ਲਏ ਸਨ।

ਇਸ ਘਰਾਣੇ ਦੇ ਕਲਾਕਾਰਾਂ ਦਾ ਖਾਸ ਕਰਕੇ ਇਸ ਦੇ ਬੰਸਦਾਰ ਮਲਿਕਜ਼ਾਦਿਆਂ ਦਾ ਮੁਢ ਤੋਂ ਹੀ ਇਹ ਨੇਮ ਰਿਹਾ ਹੈ ਕਿ ਕਿਸੇ ਵੀ ਰਾਗ ਨੂੰ ਗਾਉਣ ਲੱਗਿਆਂ  ਉਸਦੀ ਸ਼ਕਲ ਸੂਰਤ ਅਤੇ ਸਹੀਖਾਨੀ ਦਾ ਵੱਧ ਤੋਂ ਵੱਧ ਧਿਆਨ ਰੱਖਦੇ ਸਨ। ਉਨ੍ਹਾਂ ਦਾ ਗੌਣ ਸਦਾ ਸ਼ੁੱਧ ਅਤੇ ਬੇ-ਐਬ ਹੁੰਦਾ ਸੀ। ਸਹੀ ਸ਼ਬਦਾਂ ਵਿਚ ਏਥੇ ਦੇ ਕਲਾਕਾਰ ਇਲਮ ਦੇ ਆਲਮ ਅਤੇ ਕਲਾ ਦੇ ਕਾਮਲ ਉਸਤਾਦ ਹੁੰਦੇ ਸਨ।

ਡੂੰਘੇ ਅਧਿਅਨ ਤੋਂ ਪਤਾ ਲਗਦਾ ਹੈ ਕਿ ਸੰਗੀਤ ਦੀਆਂ ਚੀਜ਼ਾਂ ਦੇ ਬੰਦਸ਼ਕਾਰਾਂ ਨੂੰ ਮੁਢ ਤੋਂ ਹੀ ਦੋ ਤਖੱਲਸਾਂ ਨਾਲ ਖਾਸ ਇਸ਼ਕ ਰਿਹਾ ਹੈ। ਇੱਕ ‘ਪੀਆ’ ਨਾਲ ਅਤੇ ਦੂਜਾ ‘ਰੰਗ’ ਨਾਲ:- ਜਿਵੇਂ ਨਵਾਬ ਅਵਧ ਖਾਂ ਦਾ ਤਖੱਲਸ ‘ਅਖਤਰ ਪੀਆ’ ਸੀ। ਉਸ ਤੋਂ ਛੁੱਟ ‘ਅਹਿਮਦ ਪੀਆ’, ‘ਇਨਾਇਤ ਪੀਆ’, ‘ਅਮਰ ਪੀਆ’, ‘ਚਰਨ ਪੀਆ’(ਪਟਿਆਲੇ ਵਾਲੇ ਹਕੀਮ ਚਾਨਣ ਰਾਮ ਜੀ 1869-1952),’ਚਾਂਦ ਪੀਆ’, ‘ਸੁਘਰ ਪੀਆ’ ਅਤੇ ‘ਲਲਿਤ ਪੀਆ’ ਆਦਿ ਨਾਮ ਦੇ ਬੰਦਸ਼ਕਾਰ ਵੀ ਹੋਏ ਹਨ। ਇਸੇ ਤਰ੍ਹਾਂ ਹੀ ਸੰਗੀਤਕਾਰਾਂ ਨੂੰ ‘ਰੰਗ’ ਦੇ ਤਖੱਲਸ ਨਾਲ ਵੀ ਮੁੱਢ ਤੋਂ ਹੀ ਇਸ਼ਕ ਰਿਹਾ ਹੈ ਜਿਵੇਂ ਮੁਹੱਮਦ ਸ਼ਾਹ ਰੰਗੀਲੇ ਦੇ ਦਰਬਾਰੀ ਗਵਈਏ ਨਿਆਮਤ ਖਾਂ ਦਾ ਖਿਤਾਬ ‘ ਸਦਾ ਰੰਗ’ ਸੀ,ਉਸਦੇ ਭਤੀਜੇ ਅਤੇ ਜੁਆਈ ਦਾ ‘ਅਦਾਰੰਗ’ ਅਤੇ ਬਹਾਦਰ ਸ਼ਾਹ ਜ਼ਫਰ ਦਾ ‘ਸ਼ੋਖ ਰੰਗ’। ‘ਹਰ ਰੰਗ’, ‘ਰਸ ਰੰਗ’, ‘ਦਿਲ ਰੰਗ’, ‘ਸਭ ਰੰਗ’, ‘ਬ੍ਰਹਮ ਰੰਗ’, ‘ਪ੍ਰੇਮ ਰੰਗ’ ਅਤੇ ‘ਭਾਵ ਰੰਗ’ ਉਪਨਾਵਾਂ ਵਾਲੇ ਬੰਦਸ਼ਕਾਰ ਵੀ ਹੋਏ ਹਨ। ਏਸੇ ਤਰ੍ਹਾਂ ਮੀਆਂ ਮੇਹਰ ਅਲੀ ਖਾਂ ਵੀ ‘ਖੁਦ ਰੰਗ’ ਦੇ ਤਖੱਲਸ ਹੇਠ ਬੰਦਸ਼ਾਂ ਕਰਦੇ ਸਨ। ਮਾਲਕੌਂਸ ਦੀ ਇਕ ਚੀਜ਼, ਜਿਹੜੀ ਸੂਲਫਾਖਤਾ ਤਾਲ ਵਿਚ ਹੈ,ਦੀ ਬੰਦਸ਼ ਕਰਦੇ ਕਰਦੇ ਨਾਲ ਲਗਦਾ ਆਪਣੇ ਘਰਾਣੇ ਦੇ ਖਾਸੇ ਦਾ ਤਰਜਮਾ ਵੀ ਕਰ ਜਾਂਦੇ ਹਨ:-

ਅਸਥਾਈ

 ‘ਖੁਦ ਰੰਗ ਪੀਆ’ ਕੀ, ਐਸੀ ਅਪਨੀ ਅਨੋਖੀ ਚਾਲ

                 ਸ਼ੁਧ ਤਾਨ,ਸ਼ੁਧ ਰਾਗ ।

                       ਅੰਤਰਾ:

       ਇਕ ਗਾਵਤ ਮਰਦੰਗ,ਬਾਜੇ,

              ਖੁਦ ਗਾਵਤ ਦੇ ਦੇ ਤਾਲ ।

ਹੁਣ ਦੀ ਪੌਦ ਦੇ ਤਾਜ਼ੇ ਚੇਤਿਆਂ ’ਚ ਪਾਕਿਸਤਾਨ ਬਣਨ ਤੋਂ ਪਹਿਲਾਂ ਦੀਆਂ ਕੁਝ ਰਿਆਸਤਾਂ ਜਿਵੇਂ ਪਟਿਆਲਾ,ਫਰੀਦਕੋਟ,ਨਾਭਾ,ਸੰਗਰੂਰ ਤੇ ਕਪੂਰਥਲਾ ਆਦਿ ਹੀ ਟਿਕੀਆਂ ਹੋਈਆਂ ਹਨ ਪਰ ਇਸਲਾਮੀ ਰਾਜ ਸਮੇਂ ਛੋਟੇ ਛੋਟੇ ਨਗਰਾਂ ਦੇ ਮਾਲਕਾਂ ਜਾਂ ਹਾਕਮਾਂ ਨੂੰ ‘ਰਾਏ’ ਆਖਿਆ ਜਾਂਦਾ ਸੀ ਜਿਸਦਾ ਸ਼ਾਬਦਿਕ ਅਰਥ ਹੀ ਰਾਜਾ ਹੁੰਦਾ ਹੈ। ਅਕਬਰ ਬਾਦਸ਼ਾਹ ਸਮੇਂ ਵੱਡੇ ਵੱਡੇ ਚੌਧਰੀਆਂ ਨੂੰ ‘ਰਾਏ’ ਦਾ ਖਿਤਾਬ ਦਿੱਤਾ ਜਾਂਦਾ ਸੀ। ਤਲਵੰਡੀ ਰਾਏਕਿਆਂ ਦਾ ਅਸਲਾ ਹੀ ਭੱਟੀ ਜਾਂ ਮੰਝ ਪਰਿਵਾਰ ਦਾ ਹੈ। ਕੇਂਦਰੀ ਟਕਸਾਲੀ ਬੋਲੀ ਵਿਚ ਭੱਟੀ ਦਾ ਮਤਲਬ ਮਿਰਾਸੀ ਹੁੰਦਾ ਹੈ। ਕਿਉਂਕਿ ਇਹ ਗੱਲ ਹੀ ਕੁਝ ਅਤਿ ਨਾਜ਼ਕ ਹੈ-ਇਸਲਾਮ ਕਬੂਲ ਕਰਨ ਉਪਰੰਤ ਇਹ ਲੋਕ ਸਾਰੀ ਦੀ ਸਾਰੀ ਗੱਲ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਵਿਚ ਫਖ਼ਰ ਮਹਿਸੂਸ ਕਰਦੇ ਹਨ( ਉਸਤਾਦ ਅਬਦੁਲ ਕਰੀਮ ਖਾਂ (1872-1937) ਹੋਰਾਂ ਦਾ ਅਸਲਾ ਵੀ ਹਿੰਦੂ ਸੀ) ਜਿਵੇਂ ਕਿ ਇਸ ਘਰਾਣੇ ਦੇ ਇੱਕ ਸੌ ਬੱਤੀਵੇਂ ਕਲਾਕਾਰ ਲਾਇਲਪੁਰ ਰਹਿ ਰਹੇ ਉਸਤਾਦ ਹਫੀਜ਼ ਖਾਂ (ਜਨਮ 1936) ਦਾ ਇਹ ਦਾਅਵਾ ਹੈ ਕਿ ਧਰੁਪਦ ਦਾ ਗਾਣਾ ਇਸਲਾਮ ਨੂੰ ਉਜਾਗਰ ਕਰਦਾ ਹੈ ਅਤੇ ‘ਆ’ ( ਭਾਵ ਅਲਾਪ) ਦਾ ਮਤਲਬ ਹੀ ਅੱਲਾ ਹੈ। ਕੀ ਹਿੰਦੂ ਸ਼ਾਸ਼ਤ੍ਰਕਾਰ ਅਜਿਹੀ ਦਲੀਲ ਨੂੰ ਸਵੀਕਾਰ ਕਰ ਲੈਣਗੇ ? ਸਾਨੂੰ ਤਾਂ ਸਿਰਫ ਏਨੀ ਕੁ ਗੱਲ ਦਾ ਹੀ ਪਤਾ ਹੈ ਕਿ ਕਿਸੇ ਵੀ ਸ਼ਾਇਰ ਜਾਂ ਬੰਦਸ਼ਕਾਰ ਦੀ ਸ਼ਾਇਰੀ ਉਸਦੇ ਮਨ ਦਾ ਸ਼ੀਸ਼ਾ ਹੁੰਦੀ ਹੈ। ਅਸੀਂ ਮੁਸਲਮਾਨ-ਹਿੰਦੂ ਭਾਵ ਮਜ਼ਹਬੀ ਬਹਿਸ ਤੋਂ ਗੁਰੇਜ਼ ਕਰਦੇ ਹੋਏ ਸਿਰਫ ਮੀਆਂ ਮੌਲਾ ਦਾਦ ਖਾਂ (1845-1930) ਦੀ ਤਿੰਨ ਤਾਲ ਦੀ ਠੁਮਰੀ,ਜਿਹੜੀ ਮੀਆਂ ਕੀ ਮਲ੍ਹਾਰ ਵਿਚ ਬੰਨ੍ਹੀ ਗਈ ਹੈ,ਪਾਠਕਾਂ ਨਾਲ ਸਾਂਝੀ ਕਰਕੇ ਸਾਰੀ ਗੱਲ ਦਾ ਸਿੱਟਾ ਕੱਢਣਾ ਉਨ੍ਹਾਂ ’ਤੇ ਹੀ ਛੱਡ ਦੇਣਾ ਵਧੇਰੇ ਵਾਜਬ ਸਮਝਾਂਗੇ-

           ਆ ਵੇ ਭੀਗਤ ਕੁੰਜਣ ਮੈਂ ਦਊ

              —————-

              ਜਿਉਂ ਜਿਉਂ ਬੂੰਦ ਪੜੀ ਚੁਨਰੀ ਪਰ ਤਿਉਂ ਤਿਉਂ

                ਹਰ ਹਰ ਲਾਵੇ ਭੀਗਤ,ਆਵੇ ਭੀਗਤ ।

                ਮੋਰ ਕੋਇਲਾ ਬੋਲੇ ਪਵਨ ਬੇਗ ਸੇ ਆਏ

                ਲੀ ਮੁਰਲੀ,ਔਰ ਉਧਰ ਧਾਰ

                ਸ੍ਰੀ ਰਾਗ ਮਲ੍ਹਾਰ ਬਜਾਵੇ ਭੀਗਤ

                ਆਵੇ ਭੀਗਤ ।

ਫਿਰ ਇਹੋ ਹੀ ਬੰਦਸ਼ਕਾਰ ਝੱਪਤਾਲ ਵਿਚ ਭੈਰੋਂ ਦੇ ਬੋਲਾਂ ਦੀ ਘੜਤ ਇਸਲਾਮ ਨੂੰ ਮੁੱਖ ਰਖਦਿਆਂ ਕੁਝ ਇਸ ਤਰ੍ਹਾਂ ਕਰਦਾ ਹੈ:-

                     ਅਸਥਾਈ

                ਕਰ ਰੇ ਤੂ ਅਭ ਯਾਦ

                ਕਰ ਰੇ ਬੰਦ

                ਆਪਣੇ ਮੌਲਾ ਕੋ

                ਜੋ ਕੁਛ ਭਲਾ ਹੋਗਾ ਤੇਰੋ

                    -ਅੰਤਰਾ  

                ਲਾ ਇਲਾਹਾ ਇਲ ਲੱਲ

                ਮੁਹੰਮਦ ਅਲਰਸੂਲ ਅੱਲਾ

                ਕਲਮਾ ਨਬੀ ਕਾ ਜ਼ੁਬਾਨ ਪਰ ਧਰ ਕੇ ।

ਤਾਰੀਖ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਤਲਵੰਡੀ ਰਾਏ ਕੀ ਵਿਖੇ ਛੇਵੀਂ ਪਾਤਸ਼ਾਹੀ ਤੋਂ ਛੁੱਟ ਦਸਮ ਪਿਤਾ ਵੀ ਇਥੇ ਆਏ ਸਨ। ਅਸੀਂ ਇਹ ਗੱਲ ਕਿੱਦਾਂ ਮੰਨ ਲਈਏ ਕਿ ਉਹ ਆਪਣੇ ਅਸਤਰਾਂ ਸਸ਼ਤਰਾਂ ਅਤੇ ਰਬਾਬੀਆਂ ਬਗੈਰ ਕਿਧਰੇ ਗਏ ਹੋਣਗੇ ? ਇਹ ਕਿੱਦਾਂ ਹੋ ਸਕਦਾ ਹੈ ਕਿ ਉਨ੍ਹਾਂ ਦੇ ਨਾਲ ਗਏ ਰਬਾਬੀਆਂ (ਜਿਵੇਂ ਕਿ ਭਾਈ ਨੰਦ ਤੇ ਚੰਦ) ਆਦਿ ਨੇ ਕਿਸੇ ’ਤੇ ਕੋਈ ਅਸਰ ਨਾ ਪਾਇਆ ਹੋਵੇਗਾ। ਕੁਝ ਇਤਿਹਾਸਕਾਰ ਭਾਈ ਸੱਤਾ ਬਲਵੰਤ ਨੂੰ ਇਸ ਘਰਾਣੇ ਨਾਲ ਸੰਬੰਧਤ ਮੰਨਦੇ ਹਨ। ਉਹ ਜੱਟਪੁਰ ਲੰਮਾ ਦੇ ਜੰਮਪਲ ਦੱਸੀਦੇ ਹਨ। ਇਤਫਾਕਵਸ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਵੀ ਨੂਰੇ ਮਾਹੀ ਨੇ ਲੰਮਾ ਜੱਟਪੁਰ ਵਿਖੇ ਹੀ ਦਿੱਤੀ ਸੀ। ਹਾਂ ਇਹ ਗੱਲ ਜੁਦੀ ਹੈ ਕਿ ਇਹ ਜੱਟਪੁਰਾ ਤਲਵੰਡੀ ਨੇੜਲਾ ਹੋਵੇ ਅਤੇ ਸੱਤਾ ਬਲਵੰਤ ਦੀ ਜੰਮਣ ਭੋਇੰ ਵਾਲਾ ਜ਼ਰਾ ਦੁਰਾਡਾ। ਇਕ ਪੁਰਾਤਨ ਦਸਤਾਵੇਜ਼, ਜਿਸ ਦਾ ਜਿ਼ਕਰ ਅਸੀਂ ਪਹਿਲਾਂ ਕਰ ਆਏ ਹਾਂ , ਭਾਵੇਂ ਲਾਹੌਰ ਦੇ ਮਹਾਂਰਥੀਆਂ ਤੋਂ ਉਠਵਾਈ ਨਹੀਂ ਸੀ ਗਈ ਤਾਂ ਵੀ ਫਾਰਸੀ ਰਸਮੁਲਖਤ ਵਿਚ ਹੋਣ ਕਰਕੇ ਉਸ ਵਿਚ ਜਿਹੜੇ ਨਾਮ ਸਾਫ ਤੌਰ ’ਤੇ ਪੜ੍ਹੇ ਜਾ ਸਕਦੇ ਹਨ ਉਹ ਹਨ:- ਜਹਾਂਗੀਰ ਪਾਦਸ਼ਾਹ,ਸ਼ਹਿਬਾਜ਼ ਖਾਂ (ਕਲ੍ਹਾ ਦੋਮ ਦਾ ਪੋਤਾ) ਨਾਮੀ ਰਾਜਪੂਤ ਅਤੇ ਗੁਰੂ ਗੋਬਿੰਦ ਸਿੰਘ। ਸਾਡੇ ਅੰਦਾਜ਼ੇ ਅਨੁਸਾਰ ਇਹ ਜਗੀਰ ਜਹਾਂਗੀਰ ਨੇ ਏਥੇ ਦੇ ਕਵਾਲਾਂ ਦੇ ਗਾਇਨ ਤੋਂ ਖੁਸ਼ ਹੋਕੇ ਇਨਾਮ ਵਜੋਂ ਦਿੱਤੀ ਸੀ। ਧਰੁਪਦੀਆਂ ਦੇ ਆਪਣੇ ਘਰਾਣੇ ਨੂੰ ਕਵਾਲਾਂ ਨਾਲ ਜੁੜਦਿਆਂ ਵੇਖਕੇ,ਹਫੀਜ਼ ਖਾਂ ਵਰਗੇ ਕਲਾਕਾਰ ਆਦਤ ਅਨੁਸਾਰ,ਬੇਸ਼ੱਕ ਬੁਖਲਾਹਟ ਵਿਚ ਆ ਜਾਣ,ਪਰ ਇਹ ਇੱਕ ਹਕੀਕਤ ਹੈ ਕਿ ਖਿਆਲ ਗਾਇਕੀ ਦੇ ਮੋਢੀ ਮੀਆਂ ਤਾਨ ਰਸ ਖਾਂ ਵੀ ਮੀਆਂ ਅਚਪਲ ਕੱਵਾਲ ਬੱਚਾ ਦੇ ਹੀ ਸ਼ਾਗਿਰਦ ਸਨ। ਗੁਰੂ ਗੋਬਿੰਦ ਸਿੰਘ ਜੀ ਦੀ ਰਾਏ ਕਲ੍ਹਾ ਨਾਲ ਮੁਲਾਕਾਤ ਵੀ ਜੱਟਪੁਰਾ ਵਿਖੇ ਹੀ ਹੋਈ ਸੀ, ਜਿਥੇ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣਨ ਉਪਰੰਤ ਆਪ ਨੇ ਕਾਹੀ ਦੇ ਇਕ ਬੂਟੇ ਨੂੰ ਤੀਰ ਦੀ ਨੋਕ ਨਾਲ ਪੁੱਟਕੇ ਇਹ ਬਚਨ ਉਚਾਰੇ ਸਨ:- ਇਹ ਸਭ ਉਹਦਾ ਭਾਣਾ ਪਰ ਯਾਦ ਰੱਖਿਆ ਜੇ ਕਿ ਜ਼ਾਲਮ ਤੁਰਕ ਰਾਜ ਦੀ ਜੜ੍ਹ ਵੀ ਅੱਜ ਤੋਂ ਪੁੱਟੀ ਗਈ ਏ।

ਰੱਬ ਜਾਣੇ ਇਹ ਕੁਝ ਪੁਰਾਤਨ ਸੰਬੰਧਾਂ ਕਰਕੇ ਸੀ ਜਾਂ ਕੁਝ ਹੋਰ,ਇਸ ਘਰਾਣੇ ਦੇ ਉਸਤਾਦਾਂ ਨੇ ਮਜ਼ਹਬੀ ਭੇਦ-ਭਾਵ ਤੋਂ ਉਪਰ ਉਠਦਿਆਂ ਸਿੱਖ ਰਾਗੀਆਂ ਨੂੰ ਵੀ ਉਸੇ ਪਿਆਰ ਸਤਿਕਾਰ ਨਾਲ ਗਲ ਨਾਲ ਲਾਇਆ। ਇਥੋਂ ਤੱਕ ਕਿ ਨਾਮਧਾਰੀ ਸੰਪਰਦਾਇ,ਜਿਹੜੀ ਕਿ ਗੁਰਮਤ ਸੰਗੀਤ ਅਤੇ ਸ਼ਾਸਤ੍ਰੀ ਸੰਗੀਤ ਦੀ ਮਰਿਜਾਦਾ ਨੂੰ ਪੂਰੇ ਜਾਲੋ ਜਲਾਲ ਨਾਲ ਜੀਵਤ ਰੱਖਣਾ ਚਾਹੁੰਦੀ ਹੈ,ਭੈਣੀ ਸਾਹਿਬ ਵਿਖੇ 1928 ਵਿਚ ਜਦ ਹੀ ਉਨ੍ਹਾਂ ਨੇ ‘ਨਾਮਧਾਰੀ ਮਹਾਂਵਿਦਿਆਲਾ’ ਖੋਲ੍ਹਿਆ ਤਾਂ ਗਾਇਨ ਵਿਦਿਆ ਦੀ ਸਿਖਲਾਈ ਲਈ ਏਥੋਂ ਉਸਤਾਦ ਊਧੋ ਖਾਂ ਅਤੇ ਉਸਦੇ ਪੁੱਤਰ ਰਹੀਮ ਬਖਸ਼ ਨੂੰ ਨਿਯੁਕਤ ਕੀਤਾ ਗਿਆ ਸੀ। ਉਹ ਦੋਵੇਂ ਉਸਤਾਦ ਰਾਮਪੁਰ ਕਟਾਣੀ ਜਿ਼ਲ੍ਹਾ ਲੁਧਿਆਣਾ ਦੇ ਜੰਮਪਲ ਸਨ ਅਤੇ ਤਲਵੰਡੀ ਘਰਾਣੇ ਦੇ ਸਤਿਕਾਰਿਤ ਸ਼ਾਗਿਰਦ। ਅਗਾਂਹ ਫਿਰ ਸਤਿਗੁਰ ਜਗਜੀਤ ਸਿੰਘ ਅਤੇ ਮਹਾਰਾਜਾ ਬੀਰ ਸਿੰਘ ਨੇ ਉਨ੍ਹਾਂ ਤੋਂ ਹੀ ਤਾਲੀਮ ਹਾਸਲ ਕੀਤੀ ਸੀ। ਅਜੋਕਾ ਹਲਕਾ ਫੁਲਕਾ ਗਾਉਣ ਵਾਲਾ ਸੁਰੀਲਾ ਗਾਇਕ ਮੁਹੰਮਦ ਸਦੀਕ ਰਾਮਪੁਰੀ ਵੀ ਏਸੇ ਊਧੋ ਖਾਂ ਪਰਿਵਾਰ ਨਾਲ ਹੀ ਸੰਬੰਧਤ ਹੈ।

Chiefs and Families of note in the Delhi, Jallandhar, Peshawar and Derajat Divisions ( Printed at the Pioneer Press-Allahabad-1890-Page 261) ਦੇ ਕਰਤਾ ਚਾਰਲਸ ਫ੍ਰਾਂਸਿਸ ਮੈਸੀ ਨੇ ਆਪਣੀ ਇਸ ਕ੍ਰਿਤ ਵਿਚ ਕੇਹਾ ਖੂਬਸੂਰਤ ਲਿਖਿਆ ਹੈ:- The family is proud of its Hindu Rajput origin and many old Hindu customs are still observed in connection with marriages and other ceremonies.


[i] ਵਿਸਥਾਰ ਲਈ ਦੇਖੋ ਲੇਖਕ ਦੀ ਕਿਤਾਬ, ‘ ਪੰਜਾਬ ਦੇ ਪ੍ਰਸਿੱਧ ਰਾਗੀ ਰਬਾਬੀ` (1604-2004)

[ii] ਦੇਖੋ ਲੇਖਕ ਦਾ ਲੇਖ, ‘ਪੰਜਾਬ ਦੀਆਂ ਗਾਉਣ ਵਾਲੀਆਂ ਬਾਈਆਂ` ਪੰਜਾਬੀ ਸਭਿਆਚਾਰ ਵਿਸ਼ੇਸ਼ ਅੰਕ-ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਟੀ ਪਟਿਆਲਾ,ਸਤੰਬਰ 1991 ਅੰਕ 1.

[iii] ਉਸਮੁਤ ਤਵਾਰੀਖ ਦਫਤਰ 3 ਰੋਜ਼ਨਾਮਚਾ 25 ਉਕਤੂਬਰ 1831 (ਫਾਰਸੀ ਵਿਚ) ਸੋਹਣ ਲਾਲ ਸੂਰੀ ( ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਰੋਜ਼ਨਾਮਚਾਕਾਰ-ਸਫਾ 91.

[iv] Dancing girls pleased the glorious sahibs greatly….. Am original source of Panjab History Dafter3-1831-1839 by Sohan Lal Suri- translated from persian by V.S.Suri.

[v] Events: 9 June 1813- Garrett & Chopra-page 70- first published 1935-Amar Parkashan New Delhi.

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!