ਡੋਰਿਸ ਲੈਸਿੰਗ – ਸਾਹਿਤ ਦਾ ਨੋਬੇਲ ਇਨਾਮ

Date:

Share post:

ਲੰਡਨ ਦੇ ਉਤਰ ਵਿਚ ਇੱਕ ਭੀੜ ਭੜੱਕੇ ਵਾਲਾ ਇਲਾਕਾ ਹੈ, ਵੈਸਟ ਹੈਮਸਟਿਡ। ਜੁੜਵੀਆਂ ਅਤੇ ਸਾਂਝੀਆਂ ਕੰਧਾਂ ਵਾਲੇ ਵੱਡੇ ਵੱਡੇ ਘਰ ਹਨ ਇਥੇ।
ਇਨ੍ਹਾਂ ਘਰਾਂ ਵਿਚੋਂ ਇੱਕ ਵਿਚ ਰਹਿੰਦੀ ਹੈ ਡੋਰਿਸ ਲੈਸਿੰਗ ਜਿਸਨੇ ਅਪਣਾ ਅਠਾਸੀਵਾਂ ਜਨਮ ਦਿਨ ਇਨ੍ਹਾਂ ਮਹੀਨਿਆਂ ਵਿਚ ਹੀ ਮਨਾਉਣਾ ਹੈ। ਇਸ ਸਾਲ (2007) ਅਕਤੂਬਰ ਮਹੀਨੇ ਦਾ ਦੂਜਾ ਹਫਤਾ ਸੀ ਅਤੇ ਦੁਪਹਿਰ ਦਾ ਸੂਰਜ ਅਜੇ ਪੱਛਮ ਵੱਲ ਤਿਲਕਣਾ ਸ਼ੁਰੂ ਹੀ ਹੋਇਆ ਸੀ ਕਿ ਇੱਕ ਰੀਪੋਰਟਰ ਨੇ ਡੋਰਿਸ ਨੂੰ ਅਪਣੇ ਘਰ ਦੇ ਨੇੜੇ ਦੀ ਮਾਰਕੀਟ ਵਿਚ ਖਰੀਦੋ ਫਰੋਖਤ ਕਰਦੀ ਨੂੰ ਲੱਭ ਲਿਆ। ਨੇੜੇ ਜਾ ਕੇ ਉਸ ਨੇ ਡੋਰਿਸ ਨੂੰ ਖੁਸ਼ਖਬਰੀ ਦਿੱਤੀ ਕਿ ਸਵੀਡਿਸ਼ ਅਕਾਦਮੀ ਨੇ ਹੁਣੇ ਹੁਣੇ ਉਸਨੂੰ ਸਾਲ 2007 ਲਈ ਸਾਹਿਤ ਦਾ ਨੋਬੇਲ ਇਨਾਮ ਦੇਣ ਦਾ ਐਲਾਨ ਕੀਤਾ ਹੈ। ਡੋਰਿਸ ਦਾ ਜਵਾਬ ਸੀ, ‘ ਚੰਗਾ ਹੋਇਆ, ਇਹੀ ਇੱਕ ਰਹਿੰਦਾ ਸੀ। ਬਾਕੀ ਤਾਂ ਸਾਰੇ ਮੈਨੂੰ ਮਿਲ ਚੁੱਕੇ ਸਨ।’
ਨੋਬੇਲ ਇਨਾਮ ਦੀ ਰਕਮ ਨੇ ਇਸ ਸਾਲ ਪੰਦਰਾਂ ਲੱਖ ਡਾਲਰ ਤੋਂ ਟੱਪ ਜਾਣਾ ਹੈ। ਪਰ ਅਸਲ ਗੱਲ ਕੇਵਲ ਇਸ ਇਨਾਮ ਵਿਚਲਾ ਪੈਸਾ ਨਹੀ, ਲੇਖਕ ਦਾ ਵਕਾਰ ਹੈ ਜੋ ਰਾਤੋ ਰਾਤ ਅਸਮਾਨ ਛੁਹ ਜਾਂਦਾ ਹੈ। ਅੱਜ ਤੱਕ ਕੁਲ ਮਿਲੇ 106 ਇਨਾਮਾਂ ਵਿਚੋਂ ਸਿਰਫ ਗਿਆਰਾਂ ਹੀ ਔਰਤਾਂ ਦੀ ਝੋਲੀ ਪਏ ਹਨ ਤੇ ਡੋਰਿਸ ਇਨ੍ਹਾਂ ਗਿਆਰਾਂ ਤਾਂ ਕੀ ਸਾਰੇ ਹੀ ਨੋਬੇਲ ਜੇਤੂਆਂ ਨਾਲੋਂ ਉਮਰ ਵਿਚ ਵਡੇਰੀ ਹੈ। ਏਨੇ ਵੱਡੇ ਇਨਾਮ ਨਾਲ ਸਿਆਸਤ ਅਤੇ ਵਾਦ ਵਿਵਾਦ ਦਾ ਜੁੜ ਜਾਣਾ ਵੀ ਸੁਭਾਵਿਕ ਹੀ ਹੈ। ਡੋਰਿਸ ਦੇ ਨਾਮ ਦਾ ਐਲਾਨ ਹੁੰਦਿਆਂ ਹੀ ਕਈਆਂ ਨੇ ਹੈਰਾਨੀ ਪ੍ਰਗਟ ਕੀਤੀ ਅਤੇ ਅਮਰੀਕਨ ਆਲੋਚਕ ਹੈਰਲਡ ਬਲੂਮ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਕਿ ਇਸ ਫੈਸਲੇ ਵਿਚ ਸਿਆਸਤ ਝਲਕਦੀ ਹੈ। ਉਸਦੇ ਲਫਜ਼ ਸਨ:- ‘ ਡੋਰਿਸ ਨੇ ਪਿਛਲੇ ਪੰਦਰਾਂ ਸਾਲਾਂ ਵਿਚ ਪੜ੍ਹਨ ਜੋਗੀ ਇੱਕ ਵੀ ਸਤਰ ਨਹੀਂ ਲਿਖੀ।’ ਪਰ ਇਹ ਹਰ ਕੋਈ ਜਾਣਦਾ ਹੈ ਕਿ ਨੋਬੇਲ ਇਨਾਮ ਕਿਸੇ ਲੇਖਕ ਦੀ ਉਮਰ ਭਰ ਦੀ ਘਾਲਣਾ ਲਈ ਦਿੱਤਾ ਜਾਂਦਾ ਹੈ।
ਬਹੁਤੇ ਪੰਜਾਬੀ ਪਾਠਕਾਂ ਨੇ ਵੀ ਸ਼ਾਇਦ ਡੋਰਿਸ ਲੈਸਿੰਗ ਦਾ ਨਾਮ ਨਾ ਸੁਣਿਆ ਹੋਵੇ ਪਰ ਵਿਚਾਰਵਾਨਾਂ ਨੇ ਉਸਦੇ ਲਿਖੇ ਨਾਵਲਾਂ ਦੀਆਂ ਸਿਫਤਾਂ ਦੇ ਹੁਣ ਢੇਰ ਲਾ ਦਿੱਤੇ ਹਨ। ਆਉ ਆਪਾਂ ਵੀ ਉਹਦੇ ਜੀਵਨ ਅਤੇ ਉਹਦੀ ਦੇਣ ’ਤੇ ਇੱਕ ਉੜਦੀ ਨਜ਼ਰ ਮਾਰ ਲਈਏ।
ਡੋਰਿਸ ਲੈਸਿੰਗ ਦਾ ਜਨਮ ਅਫਰੀਕਾ ਦੇ ਮੁਲਕ ਰੋਡੇਸ਼ੀਆ ਵਿਚ ਹੋਇਆ ਸੀ ਜਿਸਨੂੰ ਹੁਣ ਜ਼ਿਮਵਾਬੇ ਕਹਿੰਦੇ ਹਨ। ਉਦੋਂ ਉਥੇ ਦਿਆਂ ਕਾਲਿਆਂ ਦੀ ਬਹੁਗਿਣਤੀ ਉਤੇ ਗੋਰਿਆਂ ਦੀ ਘੱਟਗਿਣਤੀ ਦਾ ਰਾਜ ਸੀ। ਉਹ ਪੰਦਰਾਂ ਕੁ ਸਾਲ ਦੀ ਉਮਰ ਤੱਕ ਹੀ ਸਕੂਲ ਗਈ ਸੀ। ਪੜ੍ਹਣ ਦਾ ਬੜਾ ਸ਼ੌਕ ਸੀ ਪਰ ਉਸਨੂੰ ਰਵਾਇਤੀ ਪੜ੍ਹਾਈ ਕਰਕੇ ਖੁਸ਼ੀ ਨਹੀਂ ਸੀ ਮਿਲਦੀ। ਮਾਪਿਆਂ ਦੇ ਹਾਲਾਤ ਵੀ ਸਥਿਰ ਨਹੀਂ ਸਨ। ਇਸ ਲਈ ਡੋਰਿਸ ਨੇ ਅੱਜ ਤੱਕ ਦੀ ਬਾਕੀ ਸਾਰੀ ਪੜ੍ਹਾਈ ਆਪ ਹੀ ਕੀਤੀ ’ਤੇ ਉਨ੍ਹਾਂ ਵਿਚੋਂ ਵੀ ਬਹੁਤੇ ਅੰਗਰੇਜ਼ੀ ਨਾਵਲਾਂ ਦੀ। ਤੀਹ ਸਾਲ ਦੀ ਉਮਰ ਤੱਕ ਉਹਦੇ ਦੋ ਵਿਆਹ ਹੋ ਕੇ ਟੁੱਟ ਚੁੱਕੇ ਸਨ ਅਤੇ 1949 ਵਿਚ ਉਹ ਇੰਗਲੈਂਡ ਆ ਗਈ।
1950 ਵਿਚ ਉਹਦਾ ਪਹਿਲਾ ਨਾਵਲ ਛਪਿਆ ਸੀ ‘ਘਾਹ ਗਾਉਂਦਾ ਹੈ’ (The Grass is Singing)। ਇਹਦਾ ਪਲਾਟ ਇੱਕ ਗੋਰੀ ਮਾਲਕਣ ਦੇ ਅਪਣੇ ਕਾਲੇ ਨੌਕਰ ਦੇ ਸੰਬੰਧਾਂ ਤੇ ਆਧਾਰਤ ਸੀ। ਇਹਦੀ ਕਾਫੀ ਪ੍ਰਸੰਸਾ ਹੋਈ। ਏਹੋ ਸਮਾਂ ਸੀ ਜਦੋਂ ਉਹ ਲੰਡਨ ਦੇ ਕੇਂਦਰੀ ਇਲਾਕੇ ‘ਸੋਹੋ’ ਦੀਆਂ ਬਾਰਾਂ ਵਿਚ ਫੱਕੜ ਲੇਖਕਾਂ ਨਾਲ ਸ਼ਾਮਾਂ ਗੁਜ਼ਾਰਦੀ ਹੁੰਦੀ ਸੀ। ਅਫਰੀਕਾ ਵਿਚ ਕਮਿਊਨਿਸਟ ਪਾਰਟੀ ਦੀ ਮੈਂਬਰ ਹੋਣ ਅਤੇ ਨਸਲੀ ਨਫਰਤ ਦੇ ਖਿਲਾਫ ਬੋਲਣ ਕਰਕੇ ਉਹਦਾ ਦਾਖਲਾ ਬੰਦ ਕਰ ਦਿੱਤਾ ਗਿਆ ਸੀ ਅਤੇ ਲੰਡਨ ਵਿਚ ਵੀ ਉਹ 1952 ਤੋਂ 1956 ਤੱਕ ਦੇ ਸਾਲਾਂ ਵਿਚ ਬਰਤਾਨਵੀ ਕਮਿਊਨਿਸਟ ਪਾਰਟੀ ਦੀ ਬਾਕਾਇਦਾ ਮੈਂਬਰ ਬਣੀ ਰਹੀ।
ਡੋਰਿਸ ਦੇ ਜੀਵਨ ਦੇ ਦੋ ਹੀ ਵਡੇ ਪੜਾਅ ਮੰਨੇ ਜਾਂਦੇ ਹਨ। ਇੱਕ ਕਮਿਊਨਿਜ਼ਮ ਦਾ ਅਤੇ ਦੂਜਾ ਸੂਫੀਇਜ਼ਮ ਦਾ। ਪਰ ਉਹਦੀਆਂ ਬਹੁਤੀਆਂ ਅਤੇ ਪ੍ਰਸਿੱਧ ਲਿਖਤਾਂ ਔਰਤਾਂ ਦੇ ਮਨੋਵਿਗਿਆਨ ਦੁਆਲੇ ਘੁੰਮਦੀਆਂ ਹਨ। ਉਸਨੇ ਵਧੀਆ ਕਹਾਣੀਆਂ ਵੀ ਲਿਖੀਆਂ ਹਨ ਤੇ ਅਪਣੀ ਸਵੈਜੀਵਨੀ ਵੀ ਜਿਸਦਾ ਤੀਜਾ ਤੇ ਆਖਰੀ ਭਾਗ ਉਸਨੇ ਲਿਖਣ ਤੋਂ ਇਨਕਾਰ ਕਰ ਦਿੱਤਾ। ਉਹਦੀ ਦਲੀਲ ਸੀ, ‘ ਮੈਂ ਕਿਵੇਂ ਏਨੀ ਈਮਾਨਦਾਰ ਹੋਵਾਂ। ਜਦੋਂ ਵੱਡੇ ਵੱਡੇ ਲੋਕਾਂ ਦੀਆਂ ਬੇਵਕੂਫੀਆਂ ਦੀਆਂ ਗੱਲਾਂ ਦੱਸਦੀ ਹਾਂ ਤਾਂ ਲਿਖਣ ਨੂੰ ਦਿਲ ਨਹੀਂ ਕਰਦਾ।’
ਅੱਜ ਤੱਕ ਉਸਦੀਆਂ ਪੰਜਾਹ ਤੋਂ ਉਪਰ ਕਿਤਾਬਾਂ ਛਪ ਚੁੱਕੀਆਂ ਹਨ। ਏਸੇ ਸਾਲ ਹੀ ਉਸਦਾ ਸੱਜਰਾ ਨਾਵਲ The Cleft ਨਾਮ ਹੇਠ ਛਪਿਆ ਹੈ। ਤੀਹ ਕੁ ਸਾਲ ਪਹਿਲਾਂ ਉਹਦਾ ਝੁਕਾਅ ਸਾਇੰਸੀ ਗਲਪ ਵੱਲ ਵੀ ਹੋ ਗਿਆ ਸੀ ਪਰ ਡੋਰਿਸ ਦੀਆਂ ਦੋ ਕਿਰਤਾਂ ਹੀ ਹਨ ਜਿਨ੍ਹਾਂ ਦਾ ਲੋਹਾ ਸਭ ਆਲੋਚਕਾਂ ਨੇ ਮੰਨਿਆ ਹੈ ਤੇ ਪਾਠਕ ਵੀ ਉਨ੍ਹਾਂ ਦੇ ਦੀਵਾਨੇ ਹਨ। ਪਹਿਲੀ ਹੈ ਉਸਦਾ 1962 ਵਿਚ ਛਪਿਆ ਨਾਵਲ , ‘ ਸੁਨਹਿਰੀ ਨੋਟਬੁੱਕ’ (The Golden Notebook) ਤੇ ਦੂਜਾ ਹੈ ਉਸਦਾ 1985 ਵਿਚ ਛਪਿਆ ਨਾਵਲ , ‘ਚੰਗਾ ਅੱਤਵਾਦੀ’ (The Good Terrorist)। ਇਨ੍ਹਾਂ ਦੋਵਾਂ ਵਿਚੋਂ ਵੀ ਨੋਟਬੁੱਕ ਦੀ ਝੰਡੀ ਹੈ।
‘ਸੁਨਹਿਰੀ ਨੋਟਬੁੱਕ’ ਨੂੰ ਜ਼ਰਾ ਵਿਸਥਾਰ ਨਾਲ ਦੇਖੀਏ ਤਾਂ ਇਸ ਵਿਚ ਜ਼ਰਾ ਵੀ ਸ਼ੱਕ ਨਹੀਂ ਰਹਿੰਦਾ ਕਿ ਇਸ ਵਿਚ ਡੋਰਿਸ ਦੀ ਘੋਖਵੀਂ ਅੱਖ ਅਪਣੇ ਪੂਰੇ ਕਮਾਲ ’ਤੇ ਹੈ ਤੇ ਬੇਬਾਕੀ ਵੀ ਹੱਦ ਦਰਜੇ ਦੀ। ਨੋਟਬੁੱਕ ਦਾ ਪਲਾਟ ਇੱਕ ਐਸੀ ਔਰਤ ਦੇ ਗਿਰਦ ਘੁੰਮਦਾ ਹੈ ਜੋ ਖੁਦ ਇੱਕ ਸਫਲ ਲੇਖਿਕਾ ਹੈ ਪਰ ਜਿਸਦਾ ਲਿਖਣ ਵਲੋਂ ਅਚਾਨਕ ਚੱਕਾ ਜਾਮ ਹੋ ਜਾਂਦਾ ਹੈ। ਨਾਵਲ ਦੇ ਪਹਿਲੇ ਹੀ ਸ਼ਬਦ ਹਨ- ‘ਲੰਡਨ ਦੇ ਇੱਕ ਫਲੈਟ ਵਿਚ ਦੋ ਇਕੱਲੀਆਂ ਔਰਤਾਂ’ ਜੋ ਪਾਠਕ ਦੀ ਉਤਸੁਕਤਾ ਜਗਾ ਦਿੰਦੇ ਹਨ। ਇਹ ਦੋ ਇਕੱਲੀਆਂ ਔਰਤਾਂ ਹਨ ਐਨ ਵੋਲਫ, ਜੋ ਲੇਖਿਕਾ ਹੈ, ਅਤੇ ਉਹਦੀ ਜਵਾਨ ਧੀ।
ਐਨ ਵੋਲਫ ਅਪਣੀ ਜ਼ਿੰਦਗੀ ਦਾ ਅੱਗੜ ਪਿੱਛੜ ਯਾਦ ਕਰਨ ਲਈ ਅਤੇ ਅਪਣੇ ਅੰਦਰ ਦੀ ਅੱਗ ਮਘਾਈ ਰੱਖਣ ਲਈ ਚਾਰ ਡਾਇਰੀਆਂ ਜਾਂ ਨੋਟਬੁੱਕਾਂ ਰੱਖਦੀ ਹੈ। ਇਨ੍ਹਾਂ ਚੋਹਾਂ ਦਾ ਰੰਗ ਵੱਖਰਾ ਵੱਖਰਾ ਹੈ। ਕਾਲੀ ਨੋਟਬੁੱਕ ਅਪਣੀਆਂ ਅਫਰੀਕਾ ਦੀਆਂ ਯਾਦਾਂ ਨੂੰ ਚਿਤਵਣ ਲਈ, ਲਾਲ ਨੋਟਬੁੱਕ ਅਪਣੇ ਕਮਿਉਨਿਸਟਾਂ ਨਾਲ ਹੋਏ ਅਨੋਖੇ ਤਜਰਬਿਆਂ ਦੇ ਵੇਰਵਿਆਂ ਲਈ, ਪੀਲੀ ਨੋਟਬੁੱਕ ਅਪਣੇ ਪਿਆਰ ਵਿਚ ਹੋਈਆਂ ਦੁਖਦਾਈ ਨਿਰਾਸਤਾਵਾਂ ਅਤੇ ਇਨ੍ਹਾਂ ਵਿਚੋਂ ਜਨਮੀਆਂ ਪੀੜਾਂ ਦੇ ਅਲੇਖ ਲਈ ਅਤੇ ਨੀਲੀ ਨੋਟਬੁੱਕ ਅਪਣੇ ਸੁਪਨਿਆਂ ਅਤੇ ਤਰੰਗਾਂ ਦੇ ਵੇਰਵੇ ਲਈ। ਇਹ ਚਾਰੇ ਡਾਇਰੀਆਂ ਪਿਛੋਂ ਜਾ ਕੇ ਇੱਕੋ ਸੁਨਹਿਰੀ ਨੋਟਬੁੱਕ ਵਿਚ ਰਲ ਗੱਡ ਹੋ ਜਾਂਦੀਆਂ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਦਰਿਆ ਦੇ ਡੈਲਟੇ ਦੀਆ ਧਾਰਾਂ ਆਖਰ ਸਮੁੰਦਰ ਵਿਚ ਅਲੋਪ ਹੋ ਜਾਣ। ਚਾਰ ਵੱਖਰੇ ਵੱਖਰੇ ਕੋਣਾਂ ਤੋਂ ਵੇਖਿਆ ਹੋਇਆ ਇਕੋ ਜੀਵਨ ਡੋਰਿਸ ਦੀ ਨੀਝ ਦਾ ਪ੍ਰਤੀਕ ਵੀ ਹੈ ਅਤੇ ਉਸਨੂੰ ਭਾਵਪੂਰਤ ਵਿਸਥਾਰਾਂ ਵਿਚ ਜਾਣ ਲਈ ਮੱਦਦ ਵੀ ਕਰਦਾ ਹੈ।
ਨਾਵਲ ਦੇ ਪਹਿਲੇ ਭਾਗ ਦਾ ਨਾਮ ਹੈ ‘ਆਜ਼ਾਦ ਔਰਤਾਂ’ (Free Women) ਜਿਸ ਵਿਚ ਸੱਠਵਿਆਂ ਵਿਚ ਚੱਲੀ ਔਰਤਾਂ ਦੀ ਆਜ਼ਾਦੀ ਦੀ ਲਹਿਰ ਦੇ ਅਸਰ ਹੇਠ ਆਈਆਂ ਔਰਤਾਂ ਦੇ ਮਨਾਂ ਦਾ ਵਰਨਣ ਹੈ। ਇਸੇ ਤੋਂ ਇਹ ਵੀ ਜ਼ਾਹਿਰ ਹੈ ਕਿ ਡੋਰਿਸ ਕੋਲ ਉਨ੍ਹਾਂ ਦੇ ਅੰਦਰਲੇ ਵਿਚ ਧੁਰ ਤੱਕ ਝਾਕ ਸਕਣ ਦੀ ਕਿੰਨੀ ਦਿੱਬ ਦ੍ਰਿਸ਼ਟੀ ਹੈ।
ਅਪਣੀ ਪੀਲੀ ਨੋਟਬੁੱਕ ਦੇ ਇੱਕ ਪੰਨੇ ’ਤੇ ਨਾਵਲ ਦੀ ਮੁੱਖ ਨਾਇਕਾ ਐਨ ਵੋਲਫ ਲਿਖਦੀ ਹੈ ਮੈਂ ਦਸਾਂ ਆਦਮੀਆਂ ਨਾਲ ਸੌਂ ਚੁੱਕੀ ਹਾਂ ਜਿਨ੍ਹਾਂ ਵਿਚੋਂ ਪੰਜ ਨਾਮਰਦ ਨਿਕਲੇ ਹਨ।’ ਇਹ ਹੈ ਨਾਵਲ ਦੀ ਬੇਬਾਕੀ ਦੀ ਮਿਸਾਲ।
ਅਸਲ ਵਿਚ ਤਾਂ ਇਹ ਨਾਵਲ ਜ਼ਿੰਦਗੀ ਦੇ ਹਰ ਪਹਿਲੂ ਨੂੰ ਵਿਚਾਰ ਕੇ ਨਾਇਕਾ ਨੂੰ ਮੁੜ ਭਰਪੂਰ ਅਤੇ ਅਰਥਮਈ ਜੀਵਨ ਬਿਤਾ ਸਕਣ ਦੇ ਕਾਬਿਲ ਬਣਾਉਨ ਦਾ ਯਤਨ ਜਾਪਦਾ ਹੈ। ਨਾਲ ਹੀ ਬੀਤੇ ਨੂੰ ਵਿਚਾਰਕੇ ਅਪਣੇ ਅੰਦਰ ਦੀਆਂ ਸਿਰਜਣਾਤਮਿਕ ਸ਼ਕਤੀਆਂ ਜਗਾਉਣ ਲਈ ਲੋੜੀਂਦਾ ਉਤਸ਼ਾਹ ਦਿੰਦਾ। ਇਹਨੂੰ ਪੜ੍ਹਦਿਆਂ ਪਾਠਕਾਂ ਅਤੇ ਖਾਸ ਕਰ ਭੰਵਲਭੂਸੇ ਵਿਚ ਪਈਆਂ ਔਰਤਾਂ ਨੂੰ ਅਪਣੀ ਜ਼ਿੰਦਗੀ ਦੇ ਅਰਥ ਲੱਭਦੇ ਹਨ। ਇਸੇ ਲਈ ਤਾਂ ਡੋਰਿਸ ਨਾਲ ਹੋਏ ਪਾਠਕਾਂ ਦੇ ਇੱਕ ਇਕੱਠ ਵਿਚ ਇੱਕ ਸਾਧਾਰਨ ਔਰਤ ਨੇ ਕਿਹਾ ਸੀ, ‘ ਇਸ ਨਾਵਲ ਨੇ ਮੇਰੀ ਜ਼ਿੰਦਗੀ ਬਚਾਈ ਹੈ।’
ਸੁਪਨਿਆਂ ਬਾਰੇ ਨਾਇਕਾ ਦੀ ਰੱਖੀ ਹੋਈ ਨੀਲੀ ਨੋਟਬੁੱਕ ’ਤੇ ਵਿਚਾਰ ਹੋਈ ਤਾਂ ਡੋਰਿਸ ਨੇ ਕਿਹਾ ਸੀ, ‘ਮੈਂ ਹੀ ਜਾਣਦੀ ਹਾਂ ਕਿ ਸੁਪਨਿਆਂ ਦੀ ਜੀਵਨ ਵਿਚ ਕਿੰਨੀ ਮਹੱਤਤਾ ਹੈ। ਮੇਰੇ ਸੁਪਨੇ ਤਾਂ ਮੇਰੀ ਸਿਰਜਣਾ ਵਿਚ ਵੀ ਸਹਾਇਤਾ ਕਰਦੇ ਹਨ। ਜਦੋਂ ਕਿਧਰੇ ਮੈਨੂੰ ਜਾਪੇ ਕਿ ਪਲਾਟ ਵਿਚ ਹੁਣ ਗੱਲ ਅੱਗੇ ਨਹੀਂ ਤੁਰਦੀ ਤਾਂ ਮੈਂ ਸੌਂ ਜਾਂਦੀ ਹਾਂ, ਸੁਪਨੇ ਲੈਂਦੀ ਹਾਂ ਤੇ ਸੱਚ ਜਾਣਿਉ ਕਿ ਇਨ੍ਹਾਂ ਸੁਪਨਿਆਂ ਵਿਚੋਂ ਹੀ ਕਹਾਣੀ ਫੇਰ ਤੁਰ ਪੈਂਦੀ ਹੈ।’
ਔਰਤ ਦੇ ਮਨ ਦੀਆਂ ਡੂਘਾਈਆਂ ਜਾਣਦੀ ਡੋਰਿਸ ਨੂੰ ਕਿਸੇ ਮਨਚਲੇ ਮਰਦ ਨੇ ਪੁੱਛਿਆ ਸੀ-
‘ ਆਖਿਰ ਕੀ ਚਾਹੁੰਦੀ ਹੈ ਔਰਤ ?’
ਤਾਂ ਜਵਾਬ ਮਿਲਿਆ ਸੀ, ‘ ਇੱਕ ਹੱਟਾ ਕੱਟਾ ਆਦਮੀ ਜੋ ਅੰਦਰੋਂ ਬੇਹੱਦ ਹਸਾਸ ਅਤੇ ਔਰਤ ਦੀਆਂ ਲੋੜਾਂ ਦਾ ਖਿਆਲ ਰੱਖਣ ਵਾਲਾ ਹੋਵੇ।’
ਲਿਖਣ ਤੋਂ ਬਿਨਾ ਡੋਰਿਸ ਦਾ ਸਭ ਤੋਂ ਵੱਧ ਸਮਾਂ ਲੈਂਦੀ ਹੈ ਉਹਦੀ ਬਿੱਲੀ ਜਿਸ ਨਾਲ ਉਸਨੂੰ ਅਥਾਹ ਪਿਆਰ ਹੈ।
ਡੋਰਿਸ ਲੈਸਿੰਗ ਨੇ ਕੁਝ ਵਧੀਆ ਪਰਖ ਪੜਚੋਲ ਦੇ ਲੇਖ ਵੀ ਲਿਖੇ ਹਨ। ਇਹ ਗੱਲ ਇਥੇ ਜ਼ਿਕਰ ਵਾਲੀ ਹੈ ਕਿ ਉਸਨੇ ਅਜਿਹੇ ਹੀ ਇੱਕ ਲੇਖ ਵਿਚ ਡੀ.ਐਚ.ਲਾਰੰਸ ਦੇ ਪ੍ਰਸਿੱਧ ਨਾਵਲ Lady Chatterly`s Lover ਨੂੰ ‘ਲੜਾਈ ਵਿਰੁੱਧ ਸਭ ਤੋਂ ਜ਼ੋਰਦਾਰ ਦਸਤਾਵੇਜ਼ ਕਿਹਾ ਹੈ।’ ਏਸੇ ਨਾਵਲ ’ਤੇ ਕਿਸੇ ਸਮੇਂ ਅਸ਼ਲੀਲਤਾ ਦਾ ਇਲਜ਼ਾਮ ਲਾ ਕੇ ਲੰਡਨ ਵਿਚ ਬੜਾ ਲੰਮਾ ਮੁਕੱਦਮਾ ਵੀ ਚੱਲਿਆ ਸੀ।

– ਅਵਤਾਰ ਜੰਡਿਆਲਵੀ-ਅਕਤੂਬਰ 2007

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!