ਡਰਾਉਣੀ ਰਾਤ – ਤ੍ਰੈਲੋਚਣ ਲੋਚੀ

Date:

Share post:

ਇਹ ਗੱਲ 1986 ਦੇ ਸਰਦ ਦਿਨਾਂ ਦੀ ਹੈ। ਉਦੋਂ ਪੰਜਾਬ ਦੇ ਹਾਲਾਤ ਬਹੁਤ ਹੀ ਨਾਜ਼ੁਕ ਸਨ। ਉਹਨਾਂ ਦਿਨਾਂ ਵਿਚ ਮੈਂ ਸਰਕਾਰੀ ਕਾਲਜ ਮੁਕਤਸਰ ਦਾ ਵਿਦਿਆਰਥੀ ਸਾਂ। ਸਾਡੇ ਕਾਲਜ ਅੰਤਰ-ਕਾਲਜ ਮੁਕਾਬਲਿਆਂ ਲਈ ਕਰਮਸਰ ਰਾੜਾ ਸਾਹਿਬ ਤੋਂ ਸੱਦਾ ਪੱਤਰ ਆਇਆ। ਪ੍ਰਿੰਸੀਪਲ ਸਾਹਿਬ ਦਾ ਹੁਕਮ ਮਿਲਦਿਆਂ ਹੀ ਅਸੀਂ ਮੁਕਾਬਲੇ ਲਈ ਤਿਆਰੀ ਸ਼ੁਰੂ ਕਰ ਦਿੱਤੀ। ਘਰ ਵਾਲਿਆਂ, ਰਿਸ਼ਤੇਦਾਰਾਂ ਤੇ ਆਂਢੀਆਂ-ਗੁਆਂਢੀਆਂ ਨੇ ਹਾਲਾਤ ਕਰਕੇ ਸਾਨੂੰ ਜਾਣ ਤੋਂ ਵਰਜਿਆ ਪਰ ਸਾਡੇ ਅੰਦਰ ਮੁਕਾਬਲੇ ਵਿਚ ਹਿੱਸਾ ਲੈਣ ਲਈ ਪੂਰਾ ਚਾਅ ਸੀ। ਉਨ੍ਹਾਂ ਦਿਨਾਂ ਵਿਚ ਹਨੇਰੇ ਦਾ ਸਫ਼ਰ ਕਰਨਾ ਬਹੁਤ ਖ਼ਤਰਨਾਕ ਸਮਝਿਆ ਜਾਂਦਾ ਸੀ। ਉਦੋਂ ਇਕ ਫਿਰਕੇ ਦੇ ਲੋਕਾਂ ਨੂੰ ਬੱਸਾਂ ਵਿਚੋਂ ਲਾਹ ਕੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਸੀ।
ਅਸੀਂ ਸਵੇਰੇ ਪੰਜ ਵਜੇ ਬੱਸ ਸਟੈਂਡ ’ਤੇ ਇਕੱਠੇ ਹੋ ਗਏ। ਅਸੀਂ ਸਾਰੇ ਗੁਰਦੁਆਰੇ ਵੱਲ ਸਿਰ ਨਿਵਾ ਕੇ ਸਾਢੇ ਪੰਜ ਵਾਲੀ ਬੱਸ ਵਿਚ ਸਵਾਰ ਹੋ ਗਏ। ਸਾਡੀ ਇਸ ਟੀਮ ਵਿਚ ਸੱਤ ਲੜਕੇ ਤੇ ਤਿੰਨ ਲੜਕੀਆਂ ਸਨ। ਨਿੱਕੀਆਂ ਨਿੱਕੀਆਂ ਬਾਤਾਂ ਪਾਉਂਦੇ ਸਾਢੇ ਕੁ ਅੱਠ ਵਜੇ ਅਸੀਂ ਲੁਧਿਆਣੇ ਪਹੁੰਚ ਗਏ। ਉਥੋਂ ਨਾਸ਼ਤਾ ਕਰਕੇ ਤਕਰੀਬਨ ਦਸ ਵਜੇ ਕਰਮਸਰ ਪਹੁੰਚੇ। ਬੱਸ ਨੇ ਸਾਨੂੰ ਬਿਲਕੁਲ ਨਹਿਰ ਦੇ ਕੰਢੇ ’ਤੇ ਲਾਹਿਆ। ਇਹ ਨਹਿਰ ਗੁਰਦੁਆਰਾ ਸਾਹਿਬ ਤੇ ਕਾਲਜ ਦੇ ਸਾਹਮਣਿਉਂ ਗੁਜ਼ਰਦੀ ਹੈ। ਬੱਸ ਤੋਂ ਉੱਤਰੇ ਤਾਂ ਧੁੰਦ ਤੋਂ ਬਾਅਦ ਨਿੱਘੀ-ਨਿੱਘੀ ਧੁੱਪ ਨੇ ਸਾਡਾ ਸੁਆਗਤ ਕੀਤਾ। ਮੇਰਾ ਦਿਲ ਕਰ ਰਿਹਾ ਸੀ ਕਿ ਇਹ ਨਿੱਘੀ-ਨਿੱਘੀ ਧੁੱਪ ਨਹਿਰ ਦੇ ਕੰਢੇ ਟਹਿਲਦਿਆਂ ਜਾਂ ਕਿਧਰੇ ਬੈਠ ਕੇ ਮਾਣੀ ਜਾਏ ਪਰ ਫੰਕਸ਼ਨ ਦਾ ਸਮਾਂ ਹੋ ਰਿਹਾ ਸੀ।
ਫੰਕਸ਼ਨ ਕੋਈ ਸਾਢੇ ਗਿਆਰਾਂ ਵਜੇ ਸ਼ੁਰੂ ਹੋ ਕੇ ਸ਼ਾਮ ਪੰਜ ਵਜੇ ਸਮਾਪਤ ਹੋਇਆ। ਅਸੀਂ ਗ਼ਜ਼ਲ ਤੇ ਗੀਤ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸਾਡਾ ਨਾਟਕ ਤੇ ਮੋਨੋ-ਐਕਟਿੰਗ ਦੂਸਰੇ ਸਥਾਨ ’ਤੇ ਆਏ। ਨਤੀਜੇ ਸੁਣ ਕੇ ਸਭਨਾਂ ਦੇ ਮਨਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਉਸ ਤੋਂ ਬਾਅਦ ਵੱਖ-ਵੱਖ ਕਾਲਜਾਂ ਤੋਂ ਆਏ ਮਿੱਤਰਾਂ ਨਾਲ ਚਾਹ ਦਾ ਪਿਆਲਾ ਸਾਂਝਾ ਕਰਦਿਆਂ ਸ਼ਾਮ ਦੇ ਛੇ ਵੱਜ ਗਏ। ਹਨੇਰਾ ਉਤਰ ਆਇਆ ਸੀ। ਕਰਮਸਰ ਤੋਂ ਵਾਪਸ ਮੁਕਤਸਰ ਆਉਣ ਦਾ ਨਾ ਸਮਾਂ ਸੀ ਤੇ ਨਾ ਹੀ ਕੋਈ ਸਾਧਨ। ਚਾਰ ਵਜੇ ਤੋਂ ਬਾਅਦ ਕੋਈ ਵੀ ਬੱਸ ਨਹੀਂ ਸੀ ਚਲਦੀ। ਪ੍ਰਬੰਧਕਾਂ ਨੇ ਵੀ ਹਾਲਤ ਨੂੰ ਦੇਖਦੇ ਹੋਏ ਸਾਡਾ ਉੱਥੇ ਰਹਿਣ ਦਾ ਵਧੀਆ ਪ੍ਰਬੰਧ ਕਰ ਦਿੱਤਾ। ਸਮਾਨ ਕਮਰਿਆਂ ਵਿਚ ਟਿਕਾ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਨਿਕਲ ਤੁਰੇ। ਨਹਿਰ ਦੇ ਕੰਢੇ-ਕੰਢੇ ਤੁਰਨ ਦਾ ਆਪਣਾ ਹੀ ਮਜ਼ਾ ਸੀ। ਗੁਰਦੁਆਰੇ ਮੱਥਾ ਟੇਕ ਕੇ ਤੇ ਖਾਣਾ ਖਾ ਕੇ ਅਸੀਂ ਅੱਠ ਕੁ ਵਜੇ ਕਮਰੇ ਵਿਚ ਪਰਤ ਆਏ। ਸਰਦੀ ਤੇ ਥਕਾਵਟ ਕਰਕੇ ਸਭ ਆਪੋ ਆਪਣੀਆਂ ਰਜਾਈਆਂ ਵਿਚ ਵੜ ਗਏ ਪਰ ਮੇਰਾ ਮਨ ਅਜੇ ਵੀ ਨਹਿਰ ਦੇ ਕੰਢੇ ਘੁੰਮਣ ਨੂੰ ਕਰ ਰਿਹਾ ਸੀ। ਦਸ ਵੱਜ ਗਏ ਸਨ। ਹੋਰ ਸਭਨਾਂ ਨੂੰ ਨੀਂਦ-ਰਾਣੀ ਨੇ ਆਣ ਘੇਰਿਆ, ਪਰ ਮੇਰੀਆਂ ਅੱਖਾਂ ਤੋਂ ਨੀਂਦ ਕੋਹਾਂ ਦੂਰ ਸੀ। ਲੁਧਿਆਣੇ ਦੇ ਕਾਲਜ ਤੋਂ ਆਇਆ ਮੁੰਡਾ ਜਤਿੰਦਰ ਧਾਲੀਵਾਲ, ਜੋ ਮੁਕਾਬਲੇ ਵਿਚ ਗ਼ਜ਼ਲ ਲੈ ਕੇ ਆਇਆ ਸੀ, ਸੈਕਿੰਡ ਰਿਹਾ ਸੀ, ਉਹ ਪੰਜ-ਸੱਤ ਘੰਟਿਆਂ ਵਿਚ ਹੀ ਮੇਰਾ ਦੋਸਤ ਬਣ ਗਿਆ। ਉਹ ਦਿਨ ਵੇਲੇ ਵੀ ਮੇਰੇ ਨਾਲ ਸ਼ਾਇਰੀ ਤੇ ਗਾਇਕੀ ਦੀਆਂ ਬਾਤਾਂ ਪਾਉਂਦਾ ਰਿਹਾ। ਜਦੋਂ ਮੈਂ ਜਤਿੰਦਰ ਨੂੰ ਆਪਣੇ ਘੁੰਮਣ ਫਿਰਨ ਦੇ ਮੂਡ ਬਾਰੇ ਦੱਸਿਆ ਤਾਂ ਉਹ ਵੀ ਝਟਪਟ ਤਿਆਰ ਹੋ ਗਿਆ। ਅਸੀਂ ਬਿਨਾਂ ਕੋਈ ਆਵਾਜ਼ ਕੀਤਿਆਂ ਤੇ ਬਿਨਾਂ ਕਿਸੇ ਨੂੰ ਦੱਸਿਆਂ ਕਾਲਜ ਤੋਂ ਬਾਹਰ ਆ ਗਏ। ਨਹਿਰ ’ਤੇ ਪਹੁੰਚੇ ਤਾਂ ਚੁਫੇਰੇ ਹਨੇਰਾ। ਧੁੰਦ ਆਪਣੇ ਪੂਰੇ ਰੰਗ ਵਿਚ ਸੀ। ਕਾਲੇ ਦਿਨਾਂ ਦੀ ਇਸ ਕਾਲੀ ਰਾਤ ਦੀ ਦਹਿਸ਼ਤ ਦਾ ਸਾਡੇ ’ਤੇ ਕੋਈ ਖਾਸ ਅਸਰ ਨਹੀਂ ਸੀ। ਅਸੀਂ ਦੋਨੋਂ ਸ਼ਾਇਰ, ਗਵੱਈਏ ਆਪਣੀ ਹੀ ਧੁਨ ਵਿਚ ਨਹਿਰ ਦੇ ਕੰਢੇ-ਕੰਢੇ ਹੌਲੇ-ਹੌਲੇ ਟਹਿਲ ਰਹੇ ਸਾਂ।
ਜਤਿੰਦਰ ਦੇ ਕਹਿਣ ’ਤੇ ਪਹਿਲਾਂ ਮੈਂ ਗ਼ਜ਼ਲ ਸੁਣਾਉਣੀ ਸ਼ੁਰੂ ਕੀਤੀ। ਉਹਨਾਂ ਦਿਨਾਂ ਵਿਚ ਮੈਂ ਨਵਾਂ ਨਵਾਂ ਹੀ ਲਿਖਣਾ ਸ਼ੁਰੂ ਕੀਤਾ ਸੀ। ਗ਼ਜ਼ਲ ਦਾ ਮਤਲਾ ਸੀ :

ਪਤਾ ਨਹੀਂ ਸੀ ਇਸ਼ਕ ਦੇ ਅੰਦਰ,
ਏਹ ਵੀ ਜਾਵੇ ਹੋ।
ਅਪਣਿਆਂ ਸਾਹਾਂ ’ਚੋਂ ਆਉਂਦੀ,
ਕਿਸੇ ਦੀ ਹੈ ਖ਼ੁਸ਼ਬੋ।

ਮੈਂ ਮਸਤੀ ਵਿਚ ਆਇਆ ਇਹ ਗ਼ਜ਼ਲ ਸੁਣਾ ਰਿਹਾ ਸਾਂ, ਜਤਿੰਦਰ ਸ਼ੇਅਰ ਵਾਰ-ਵਾਰ ਸੁਣ ਰਿਹਾ ਸੀ। ਨਾਲ-ਨਾਲ ਉਹ ਆਪ ਵੀ ਗਾ ਰਿਹਾ ਸੀ। ਅਚਾਨਕ ਹੀ ਝਾੜੀਆਂ ਵਿਚੋਂ ਇਕ ਗਰਜ਼ਵੀਂ ਆਵਾਜ਼ ਆਈ ”ਕੇਹੜੇ ਐਂ ਉਏ?’’ ਸਾਡੇ ਦੋਹਾਂ ਦੀਆਂ ਉੱਥੇ ਹੀ ਬਰੇਕਾਂ ਲੱਗ ਗਈਆਂ। ਪਲ ਵਿਚ ਹੀ ਸਾਡੇ ਸਾਹਵੇਂ ਚਾਰ ਸ਼ਖ਼ਸ ਆਣ ਖਲੋਤੇ। ਉਹਨਾਂ ਨੇ ਵੱਡੀ ਸਾਰੀ ਟਾਰਚ ਜਗਾਈ ਤਾਂ ਆਸੇ-ਪਾਸੇ ਚਾਨਣ ਜਿਹਾ ਹੋ ਗਿਆ। ਸਾਡੇ ਸਾਹਮਣੇ ਚਾਰ ਕੇਸਰੀ ਪੱਗਾਂ ਵਾਲੇ ਨੌਜਵਾਨ ਹੱਥਾਂ ਵਿਚ ਗੰਨਾਂ ਲੈ ਕੇ ਖੜ੍ਹੇ ਸਨ। ਸਾਡੇ ਦੋਹਾਂ ਦੇ ਹੋਸ਼ ਉੱਡ ਗਏ।
”ਕੌਣ ਓ, ਕਿੱਥੋਂ ਆਏ ਹੋ? ਏਥੇ ਕੀ ਕਰ ਰਹੇ ਹੋ?’’ ਉਹਨਾਂ ਨੇ ਸੁਆਲਾਂ ਦੀ ਝੜੀ ਲਾ ਦਿੱਤੀ।
ਜਤਿੰਦਰ ਵੀ ਉਦੋਂ ਹੀ ਨਵੀਂ-ਨਵੀਂ ਪੱਗ ਬੰਨ੍ਹਣ ਲੱਗਿਆ ਸੀ। ਪਰ ਮੈਂ ਤਾਂ ਮੋਨਾ ਸਾਂ, ਹਾਲਾਂਕਿ ਮੈਂ ਇਕ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਪਰ ਉਦੋਂ ਮੈਂ ਸੋਚ ਰਿਹਾ ਸਾਂ ਕਿ ਇਹਨਾਂ ਨੇ ਸਾਡੀ ਗੱਲ ਕਦੋਂ ਮੰਨਣੀ ਏ ਤੇ ਉਸ ਵਕਤ ਮੈਨੂੰ ਮੇਰੀ ਮੌਤ ਕਿਤੇ ਨੇੜੇ ਤੇੜੇ ਹੀ ਜਾਪ ਰਹੀ ਸੀ। ਅਸੀਂ ਉਹਨਾਂ ਨੂੰ ਕੰਬਦੇ ਜਿਹੇ ਬੋਲਾਂ ਨਾਲ ਸਾਰੀ ਕਹਾਣੀ ਦੱਸੀ ਕਿ ਅਸੀਂ ਤਾਂ ਕਾਲਜ ਦੇ ਵਿਦਿਆਰਥੀ ਹਾਂ ਤੇ ਏਥੇ ਇੰਟਰ ਕਾਲਜ ਕੰਪੀਟੀਸ਼ਨ ਵਿਚ ਹਿੱਸਾ ਲੈਣ ਆਏ ਹਾਂ।
”ਕੀ ਗਾ ਰਹੇ ਸੀ ਹੁਣੇ?’’ ਉਹਨਾਂ ਵਿਚੋਂ ਇਕ ਗਰਜਿਆ।
”ਗ਼ਜ਼ਲ।’’ ਮੈਂ ਹੌਲੇ ਜਿਹੇ ਆਖਿਆ।
”ਇਸ਼ਕ ਵਾਲੀ।’’ ਉਹਨਾਂ ਵਿਚੋਂ ਇਕ ਹੋਰ ਕੜਕਵੀਂ ਆਵਾਜ਼ ਵਿਚ ਬੋਲਿਆ। ਅਸੀਂ ਡਰ ਨਾਲ ਹੋਰ ਸਹਿਮ ਗਏ। ਲੱਤਾਂ ਜੁਆਬ ਦੇ ਰਹੀਆਂ ਸਨ।
”ਸਾਨੂੰ ਵੀ ਸੁਣਾਓ ਖਾਂ ਇਕ ਵੇਰਾਂ।’’ ਉਹੀ ਫੇਰ ਉੱਚੀ ਆਵਾਜ਼ ਵਿਚ ਬੋਲਿਆ।
ਮੇਰੇ ਸੁਰ ਫਿਸਲਦੇ ਜਾ ਰਹੇ ਸਨ।
ਮੈਂ ਡਰਦਿਆਂ-ਡਰਦਿਆਂ ਆਪਣੇ ਆਪ ਨੂੰ ਸੁਰ ਵਿਚ ਕੀਤਾ ਤੇ ਅਣਮੰਨੇ ਮਨ ਨਾਲ ਪੂਰੀ ਗ਼ਜ਼ਲ ਸੁਣਾ ਦਿੱਤੀ।
”ਕੌਮ ’ਤੇ ਭੀੜ ਬਣੀ ਹੋਈ ਐ ਤੇ ਤੁਹਾਨੂੰ ਇਸ਼ਕ ਮੁਸ਼ਕ ਦੀਆਂ ਗੱਲਾਂ ਸੁੱਝਦੀਆਂ ਨੇ।’’ ਉਹ ਫਿਰ ਕੜਕਵੇਂ ਸੁਰ ਵਿਚ ਬੋਲਿਆ। ਸਾਡੇ ਦੋਹਾਂ ਕੋਲ ਉਸਦੇ ਇਸ ਇਸ ਸੁਆਲ ਜੁਆਬ ਨਹੀਂ ਸੀ। ਫਿਰ ਉਸਨੂੰ ਇਕਦਮ ਮੇਰੇ ਮੋਨੇ ਹੋਣ ਦਾ ਅਹਿਸਾਸ ਹੋਇਆ।
”ਉਏ, ਤੂੰ ਤਾਂ ਮੋਨਾ ਏਂ, ਇਸ ਲਈ ਤੈਨੂੰ ਸੋਧਣਾ ਤਾਂ ਬਹੁਤ ਜ਼ਰੂਰੀ ਐ।’’ ਜਦੋਂ ਉਸਨੇ ਭਾਰੀ ਆਵਾਜ਼ ਵਿਚ ਇਹ ਆਖ ਕੇ ਗੰਨ ਆਪਣੇ ਮੋਢੇ ਤੋਂ ਲਾਹੀ ਤਾਂ ਉਸ ਸਮੇਂ ਜੋ ਮੇਰਾ ਹਾਲ ਸੀ, ਉਸ ਨੂੰ ਮੈਂ ਜਾਣਦਾ ਹਾਂ ਜਾਂ ਫਿਰ ਮੇਰਾ ਰੱਬ। ਘਰਦਿਆਂ ਦੇ, ਰਿਸ਼ਤੇਦਾਰਾਂ ਤੇ ਯਾਰਾਂ ਮਿੱਤਰਾਂ ਦੇ ਚੇਹਰੇ ਮੇਰੀਆਂ ਅੱਖਾਂ ਮੂਹਰੇ ਇਕ ਇਕ ਕਰਕੇ ਘੁੰਮਣ ਲੱਗੇ। ਮੈਨੂੰ ਲੱਗ ਰਿਹਾ ਸੀ ਕਿ ਗੋਲੀ ਚੱਲੀ ਕਿ ਚੱਲੀ। ਮੈਂ ਸਹਿਮੇ ਸਹਿਮੇ ਨੇ ਆਪਣੀ ਚੁੱਪ ਨੂੰ ਤੋੜਿਆ ਤੇ ਹੌਸਲਾ ਕਰਕੇ ਹੌਲੇ ਜਿਹੇ ਬੋਲਿਆ, ”ਮੈਂ ਵੀ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਤੇ ਸਾਡਾ ਸਾਰਾ ਖਾਨਦਾਨ ਹੀ ਸਰਦਾਰ ਹੈ।’’
”ਤੇ ਫਿਰ ਆਹ ਪਟੇ ਜਿਹੇ ਕਿਉਂ ਛੱਡੇ ਐ ਉਏ?’’ ਉਹ ਫਿਰ ਗਰਜ਼ਵੀਂ ਆਵਾਜ਼ ਵਿਚ ਬੋਲਿਆ।
”ਵੈਸੇ ਹੀ।’’ ਮੈਂ ਕਿਹਾ।
”ਵੈਸੇ ਹੀ, ਇਸਦਾ ਕੀ ਮਤਲਬ ਹੋਇਆ ਉਏ? ਤੁਸੀਂ ਲੋਕਾਂ ਨੇ ਹੀ ਸਿੱਖੀ ਨੂੰ ਬਦਨਾਮ ਕੀਤਾ ਐ।’’ ਉਸਦੇ ਇਹ ਕੁਰੱਖ਼ਤ ਬੋਲ ਟਿਕੀ ਰਾਤ ਵਿਚ ਹੋਰ ਵੀ ਭਿਆਨਕ ਲੱਗੇ। ਮੇਰਾ ਦਿਲ ਤਾਂ ਕੀਤਾ ਕਿ ਮੈਂ ਉਹਨੂੰ ਆਖਾਂ ਕਿ ਸਿੱਖੀ ਨੂੰ ਬਦਨਾਮ ਮੈਂ ਕੀਤਾ ਹੈ ਕਿ ਤੁਸੀਂ। ਬੇ-ਦੋਸ਼ਿਆਂ ਨੂੰ ਐਵੇਂ ਹੀ ਮਾਰ ਰਹੇ ਹੋ, ਪਰ ਸਹਿਮੀ ਹਾਲਤ ਵਿਚ ਮੈਥੋਂ ਇਹ ਸੱਚ ਬੋਲਿਆ ਨਾ ਗਿਆ। ਮੇਰੇ ਮੂੰਹ ਨੂੰ ਜਿਵੇਂ ਜਿੰਦਰਾ ਲੱਗ ਗਿਆ ਹੋਵੇ। ਜਤਿੰਦਰ ਨੇ ਸਹਿਜੇ ਜਿਹੇ ਬੋਲਾਂ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹਦਾ ਨਾਂਅ ਤਰਲੋਚਨ ਸਿੰਘ ਹੈ ਪਰ ਉਸ ਨੇ ਜਤਿੰਦਰ ਦੀ ਗੱਲ ਨੂੰ ਭੋਰਾ ਨਾ ਗੌਲਿਆ।
ਉਹ ਮੇਰੇ ਨੇੜੇ ਹੋਇਆ ਤੇ ਫਿਰ ਹੌਲੇ ਜਿਹੇ ਕਹਿਣ ਲੱਗਾ, ”ਗੱਲ ਸੁਣ ਉਏ ਮੁੰਡਿਆ, ਤੂੰ ਲਿਖਦਾ ਵੀ ਵਧੀਆ ਏਂ ਤੇ ਗਾਉਂਦਾ ਵੀ ਸੋਹਣਾ ਏਂ ਪਰ ਮੇਰੀ ਗੱਲ ਕੰਨ੍ਹ ਖੋਲ੍ਹਕੇ ਚੰਗੀ ਤਰ੍ਹਾਂ ਸੁਣ ਲੈ ਕਿ ਅੱਗੇ ਤੋਂ ਧਾਰਮਿਕ ਗੀਤ ਗਾਇਆ ਕਰ।’’ ਉਸਦੇ ਇਹ ਬੋਲ ਸੁਣ ਕੇ ਮੈਨੂੰ ਥੋੜ੍ਹਾ ਜਿਹਾ ਹੌਸਲਾ ਹੋਇਆ ਤੇ ਲੱਗਾ ਕਿ ਹੁਣ ਇਹ ਮਾਰਨ ਨਹੀਂ ਲੱਗੇ।
”ਐਹ ਛੱਡ ਇਸ਼ਕ-ਮੁਸ਼ਕ ਦੇ ਰੋਣੇ। ਖਾਲਿਸਤਾਨ ਦੀ ਜਿੱਤ ਦੇ ਗੀਤ ਗਾਇਆ ਕਰ। ਆਵਦੀ ਆਵਾਜ਼ ਦਾ ਸਹੀ ਇਸਤੇਮਾਲ ਕਰ। ਲੱਚਰ ਜਿਹੇ ਗੀਤ ਗਾਉਣ ਵਾਲੇ ਤਾਂ ਅਸੀਂ ਛੇਤੀ ਹੀ ਸੋਧ ਦੇਣੇ ਨੇ। ਨਾਲੇ ਤੂੰ ਸਿੱਖਾਂ ਦਾ ਮੁੰਡਾਂ, ਉਮਰ ਵੀ ਤੇਰੀ ਛੋਟੀ ਏ। ਅੱਗੇ ਤੋਂ ਪੱਗ ਬੰਨ੍ਹਣੀ ਸ਼ੁਰੂ ਕਰ ਦੇ, ਨਾਲੇ ਦਾੜ੍ਹੀ ਸਜਾ ਲਵੀਂ। ਤੇਰੇ ਗੋਲ ਚਿਹਰੇ ’ਤੇ ਤਾਂ ਪੱਗ ਤੇ ਦਾੜ੍ਹੀ ਬਹੁਤ ਜਚੇਗੀ।” ਉਹਦੇ ਨਰਮ ਬੋਲਾਂ ਦੀ ਇਸ ਤਬਦੀਲੀ ’ਤੇ ਮੈਂ ਤੇ ਜਤਿੰਦਰ ਦੋਵੇਂ ਹੀ ਹੈਰਾਨ ਸਾਂ।
”ਜਾਓ ਹੁਣ ਜਾ ਕੇ ਆਰਾਮ ਕਰੋ।’’ ਆਖ ਕੇ ਉਹ ਪਿੱਛੇ ਨੂੰ ਮੁੜ ਗਿਆ ਤੇ ਉਸਦੇ ਤਿੰਨੇ ਸਾਥੀ ਵੀ ਉਸਦੇ ਪਿੱਛੇ ਹੀ ਹਨੇਰੇ ਵਿਚ ਅਲੋਪ ਹੋ ਗਏ। ਅਸੀਂ ਸਾਹੋ-ਸਹੀ ਹੋਏ ਕਾਲਜ ਪਹੁੰਚੇ ਤੇ ਬਿਸਤਰਿਆਂ ਵਿਚ ਆਣ ਵੜ੍ਹੇ। ਸਰਦੀਆਂ ਦੀ ਠੰਡੀ ਰਾਤ ਵਿਚ ਵੀ ਮੱਥੇ ’ਤੇ ਤਰੇਲੀਆਂ ਆਈਆਂ ਹੋਈਆਂ ਸਨ। ਸਾਰੀ ਰਾਤ ਸਾਨੂੰ ਦੋਹਾਂ ਨੂੰ ਨੀਂਦ ਨਾ ਆਈ। ਨਾ ਹੀ ਅਸੀਂ ਆਪਸ ਵਿਚ ਕੋਈ ਗੱਲ ਸਾਂਝੀ ਕੀਤੀ।
ਇਸ ਘਟਨਾ ਦਾ ਜ਼ਿਕਰ ਨਾ ਤਾਂ ਅਸੀਂ ਕਾਲਜ ਕਿਸੇ ਕੋਲ ਕੀਤਾ ਤੇ ਨਾ ਹੀ ਘਰਦਿਆਂ ਕੋਲ ਇਸਦੀ ਭਾਫ਼ ਕੱਢੀ। ਜੇ ਮੈਂ ਘਰ ਆ ਕੇ ਜ਼ਿਕਰ ਕਰ ਦਿੰਦਾ ਤਾਂ ਮੇਰਾ ਫੰਕਸ਼ਨਾਂ ਵਿਚ ਆਉਣਾ ਜਾਣਾ ਬੰਦ ਹੋ ਸਕਦਾ ਸੀ। ਸੋ, ਮੈਂ ਇਸ ਗੱਲ ’ਤੇ ਮਿੱਟੀ ਪਾ ਦਿੱਤੀ।
ਫਿਰ ਉਸ ਤੋਂ ਬਾਅਦ 1992 ਸਤੰਬਰ ਦੀ ਗੱਲ ਹੈ। ਪੰਜਾਬੀ ਅਕੈਡਮੀ ਦਿੱਲੀ ਨੇ ਮੈਨੂੰ ਫੰਕਸ਼ਨ ਵਿਚ ਬੁਲਾਇਆ। ਇਹ ਪ੍ਰੋਗਰਾਮ ਤ੍ਰਿਵੈਣੀ ਹਾਲ ਵਿਚ ਹੋ ਰਿਹਾ ਸੀ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਤ੍ਰਿਵੈਣੀ ਹਾਲ ਦੇ ਬਾਹਰ ਇਕ ਉੋੱਚੇ ਲੰਮੇ ਕਲੀਨ ਸ਼ੇਵਨ ਨੌਜਵਾਨ ਨੇ ਮੈਨੂੰ ਆਪਣੀ ਗਲਵਕੜੀ ਵਿਚ ਭਰ ਲਿਆ ਤੇ ਬੜੇ ਹੀ ਲਾਡ ਨਾਲ ਬੋਲਿਆ, ”ਵਾਹ, ਲੋਚੀ ਵੀਰਿਆ! ਤੂੰ ਤਾਂ ਵਾਕਈ ਹੀ ਅੱਜ ਕਮਾਲ ਕਰਤੀ।’’
ਮੁਆਫ਼ ਕਰਨਾ ਵੀਰੇ। ਮੈਂ ਤੁਹਾਨੂੰ ਪਛਾਣਿਆਂ ਨਹੀਂ।’’ ਮੈਂ ਉਸ ਨੂੰ ਕਿਹਾ। ਮੇਰੇ ਬੋਲ ਸੁਣ ਕੇ ਉਸ ਨੇ ਮੈਨੂੰ ਫੇਰ ਆਪਣੇ ਕਲਾਵੇ ਵਿਚ ਭਰ ਲਿਆ ਤੇ ਉਸ ਤੋਂ ਬਾਅਦ ਉਹ ਮੈਨੂੰ ਪਰਾਂ ਹਨੇਰੇ ਵੱਲ ਨੂੰ ਲੈ ਤੁਰਿਆ। ਉਸ ਨੇ ਬੜੇ ਹੀ ਠਰ੍ਹੰਮੇ ਨਾਲ ਮੈਨੂੰ ਕਰਮਸਰ (ਰਾੜਾ ਸਾਹਿਬ) ਨਹਿਰ ਦੇ ਕੰਢੇ ਵਾਲੀ ਘਟਨਾ ਯਾਦ ਕਰਵਾਈ। ਉਸਦੀ ਗੱਲ ਸੁਣਕੇ ਪੂਰੀ ਘਟਨਾ ਫ਼ਿਲਮ ਵਾਂਗ ਮੇਰੀਆਂ ਅੱਖਾਂ ਮੂਹਰੇ ਘੁੰਮ ਗਈ। ਪਰ ਮੈਂ ਅੰਦਰੋਂ ਪੂਰੀ ਤਰ੍ਹਾਂ ਹੈਰਾਨ ਸਾਂ ਕਿ ਇਸਨੂੰ ਉਸ ਬਾਰੇ ਕਿੰਝ ਪਤਾ ਹੈ। ਇਸ ਦਾ ਜ਼ਿਕਰ ਤਾਂ ਮੈਂ ਦੁਬਾਰਾ ਆਪਣੇ ਆਪ ਨਾਲ ਵੀ ਨਹੀਂ ਕੀਤਾ, ਪਰ ਇਸ ਨੂੰ …।
”ਪਰ ਤੁਹਾਨੂੰ ਉਸ ਘਟਨਾ ਬਾਰੇ ਕਿੰਝ ਪਤਾ ਹੈ?’’ ਮੈਂ ਹੈਰਾਨ ਹੋ ਕੇ ਪੁੱਛਿਆ। ਪਹਿਲਾਂ ਤਾਂ ਉਹ ਮੁਸਕਰਾਇਆ ਤੇ ਫਿਰ ਬੋਲਿਆ, ”ਉਹਨਾਂ ਚਾਰਾਂ ਵਿਚੋਂ ਇਕ ਮੈਂ ਵੀ ਸਾਂ।’’ ਉਸਦੀ ਇਹ ਗੱਲ ਸੁਣ ਕੇ ਮੈਂ ਹੈਰਾਨਗੀ ਨਾਲ ਉਸਦੇ ਚੇਹਰੇ ਨੂੰ ਗੌਹ ਨਾਲ ਦੇਖਿਆ ਤਾਂ ਉਹ ਅੱਗੋਂ ਮੁਸਕਰਾ ਰਿਹਾ ਸੀ। ਉਹ ਕਲੀਨ ਸ਼ੇਵਨ ਕਿਉਂ ਹੋਇਆ, ਇਸ ਬਾਰੇ ਨਾ ਮੈਂ ਪੁੱਛਿਆ ਤੇ ਨਾ ਹੀ ਉਸਨੇ ਦੱਸਿਆ।
”ਤੇਰਾ ਨਾਂ ਤਾਂ ਮੈਂ ਅੱਜ ਤੱਕ ਨਹੀਂ ਭੁੱਲਿਆ।’’ ਉਸਦੇ ਏਹਨਾਂ ਬੋਲਾਂ ਨੇ ਮੈਨੂੰ ਹੋਰ ਵੀ ਹੈਰਾਨ ਕਰ ਦਿੱਤਾ।
”ਤੇਰੀਆਂ ਗ਼ਜ਼ਲਾਂ ਤੇ ਗੀਤ ਅਖ਼ਬਾਰਾਂ ਵਿਚ ਅਕਸਰ ਪੜ੍ਹਦਾ ਹਾਂ। ਤੈਨੂੰ ਟੀ.ਵੀ. ਤੋਂ ਵੀ ਸੁਣਿਆ ਹੈ।’’ ਉਹ ਥੋੜ੍ਹੀ ਦੇਰ ਚੁੱਪ ਹੋਇਆ ਤੇ ਫਿਰ ਬੋਲਿਆ, ”ਜੇ ਅਸੀਂ ਉਸ ਰਾਤ ਗ਼ਲਤੀ ਨਾਲ ਤੇਰੇ ਗੋਲੀ ਮਾਰ ਦਿੰਦੇ ਤਾਂ ਸਾਡੀ ਸਭ ਤੋਂ ਵੱਡੀ ਗ਼ਲਤੀ ਹੋਣੀ ਸੀ। ਉਹਨਾਂ ਦਿਨਾਂ ਵਿਚ ਗੋਲੀ ਮਾਰਨਾ ਤਾਂ ਸਾਡੇ ਲਈ ਆਮ ਜਿਹੀ ਗੱਲ ਸੀ।’’ ਏਨਾ ਆਖ ਕੇ ਉਸ ਨੇ ਫੇਰ ਮੈਨੂੰ ਗਲਵੱਕੜੀ ਵਿਚ ਲੈ ਲਿਆ।
”ਤੇ ਤੁਹਾਡੇ ਉਹ ਤਿੰਨ ਸਾਥੀ ਜੋ ਉਸ ਰਾਤ ਤੁਹਾਡੇ ਨਾਲ ਸਨ, ਉਹ ਅੱਜ ਕੱਲ੍ਹ ਕੀ ਕਰ ਰਹੇ ਨੇ?’’ ਮੈਂ ਬੜੀ ਉਤਸੁਕਤਾ ਨਾਲ ਉਸ ਨੂੰ ਪੁੱਛਿਆ।
”ਉਹ ਕੌਮ ਲਈ ਸ਼ਹੀਦ ਹੋ ਗਏ।’’ ਏਨਾ ਕਹਿੰਦਿਆਂ ਉਸਦੇ ਚੇਹਰੇ ’ਤੇ ਉਦਾਸੀ ਛਾ ਗਈ। ਫਿਰ ਉਸਨੇ ਉਹਨਾਂ ਤਿੰਨਾਂ ਬਾਰੇ ਥੋੜ੍ਹਾ-ਥੋੜ੍ਹਾ ਦੱਸਿਆ ਪਰ ਆਪਣੇ ਬਾਰੇ ਕੁਝ ਵੀ ਨਾ ਦੱਸਿਆ। ਜਦੋਂ ਉਸ ਨੇ ਮੈਨੂੰ ਉਹਨਾਂ ਤਿੰਨਾਂ ਵਿਚੋਂ ਇਕ ਨੌਜਵਾਨ ਦਾ ਨਾਂ ਦੱਸਿਆ ਤਾਂ ਮੇਰੇ ਫਿਰ ਹੋਸ਼ ਉੱਡ ਗਏ ਕਿਉਂਕਿ ਉਹਨਾਂ ਦਿਨਾਂ ਵਿਚ ਉਹ ਵੱਡਾ ਖਾੜਕੂ ਸੀ। ਮੈਂ ਉਸ ਨਾਲ ਭੂਤ ਤੇ ਭਵਿੱਖ ਬਾਰੇ ਬਹੁਤ ਗੱਲਾਂ ਕਰਨੀਆਂ ਚਾਹੁੰਦਾ ਸਾਂ। ਮੈਂ ਪੁੱਛਣਾ ਚਾਹੁੰਦਾ ਸਾਂ ਕਿ ਤੁਹਾਡਾ ਮਕਸਦ ਕੀ ਸੀ? ਤੁਸੀਂ ਕਿਉਂ ਹਜ਼ਾਰਾਂ ਹੀ ਘਰਾਂ ਨੂੰ ਉਜਾੜ ਸੁੱਟਿਆ? ਤੁਹਾਡੇ ਹੱਥਾਂ ਵਿਚ ਪੁਸਤਕਾਂ ਦੀ ਥਾਂ ਇਹ ਬੇ-ਰਹਿਮ ਬੰਦੂਕਾਂ ਕਿਵੇਂ ਤੇ ਕਿਉਂ ਆਈਆਂ? ਤੁਸੀਂ ਆਪਣੇ ਪਿਆਰੇ ਪੰਜਾਬ ਦਾ ਇਹ ਹਸ਼ਰ ਕਿਉਂ ਕੀਤਾ? ਇਸ ਪਿੱਛੇ ਕਿਹੜੀ ਸ਼ਕਤੀ ਤੇ ਕਿਹੜੇ ਦਿਮਾਗ਼ ਕੰਮ ਕਰ ਰਹੇ ਸਨ? ਮੈਂ ਇਹ ਗੱਲਾਂ ਅਜੇ ਸੋਚ ਹੀ ਰਿਹਾ ਸਾਂ ਕਿ ਉਦੋਂ ਹੀ ਇਕ ਲਾਲ ਰੰਗ ਦੀ ਕਾਰ ਸਾਡੇ ਸਾਹਮਣੇ ਆ ਕੇ ਰੁਕੀ। ਉਸ ਕਾਰ ਵਿਚ ਦੋ ਸਿੱਖ ਤੇ ਇਕ ਮੋਨਾ ਨੌਜਵਾਨ ਰਾਤ ਸਮੇਂ ਵੀ ਕਾਲੀਆਂ ਐਨਕਾਂ ਲਾਈ ਬੈਠੇ ਸਨ। ਗੱਡੀ ਰੋਕ ਕੇ ਉਹਨਾਂ ਨੇ ਦੋ ਤਿੰਨ ਹਾਰਨ ਮਾਰੇ ਤੇ ਬਾਹਰ ਖੜ੍ਹੇ ਉਸ ਕਲੀਨ ਸ਼ੇਵਨ ਨੌਜਵਾਨ ਨੇ ਮੇਰੇ ਦੋਹਾਂ ਹੱਥਾਂ ਨੂੰ ਆਪਣੇ ਹੱਥਾਂ ਵਿਚ ਘੁੱਟਿਆ ਤੇ ”ਜਿਉਂਦਾ ਵੱਸਦਾ ਰਹਿ’’ ਕਹਿ ਕੇ ਗੱਡੀ ਦੀ ਅਗਲੀ ਸੀਟ ’ਤੇ ਬੈਠ ਗਿਆ। ਦੂਰ ਤੱਕ ਉਹ ਹੱਥ ਹਿਲਾਉਂਦਾ ਗਿਆ ਤੇ ਫਿਰ ਮੇਰੀਆਂ ਅੱਖਾਂ ਤੋਂ ਉਹ ਓਝਲ ਹੋ ਗਏ।

ਤ੍ਰੈਲੋਚਣ ਲੋਚੀ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!