ਟੇਢਾ ਬੰਦਾ – ਸ਼ਿਵ ਇੰਦਰ ਸਿੰਘ

Date:

Share post:

‘‘ਹੈਲੋ ! ਜੀ ਮੈਂ ਸ਼ਿਵ ਇੰਦਰ ਬੋਲਦਾਂ, ਗੁਰਦਿਆਲ ਬੱਲ ਜੀ ਨਾਲ ਗੱਲ ਕਰਨੀ ਸੀ।”
“ਬੁਲਾਉਂਦੇ ਹਾਂ।”
ਦੋ ਮਿੰਟ ਬਾਅਦ ਆਵਾਜ਼ ਆਈ,”ਹੈਲੋ ਜੀ !”
“ਗੁਰਦਿਆਲ ਬੱਲ ਜੀ?”
“ਹਾਂ ਜੀ ਮੈਂ ਗੁਰਦਿਆਲ ਬੱਲ ਬੋਲ ਰਿਹਾਂ, ਦੱਸੋ ?”
ਆਵਾਜ਼ ਸੁਣਦੇ ਸਾਰ ਹੀ ਮੇਰੀ ਕਲਪਨਾ ਸ਼ਕਤੀ ਨੇ ਪ੍ਰਵਾਜ਼ ਭਰੀ, ਵੱਡੀ ਦਾੜ੍ਹੀ ਵਾਲੇ ਸਰਦਾਰ ਜੀ ਦੇ ਰੂਪ ‘ਚ ਬੱਲ ਦੀ ਤਸਵੀਰ ਮੇਰੇ ਦਿਮਾਗ ‘ਚ ਬਣੀ। ਸ਼ਾਇਦ ਅਜਿਹਾ ਇਸ ਕਰਕੇ ਵੀ ਸੀ ਕਿਉਂਕਿ ਉਨ੍ਹਾਂ ਹੀ ਦਿਨਾਂ ‘ਚ ਚੰਡੀਗੜ੍ਹ ਸੰਤ ਭਿੰਡਰਾਂਵਾਲੇ ‘ਤੇ ਰੱਖੇ ਕਿਸੇ ਸਮਾਗਮ ‘ਚ ਮੈਨੂੰ ਬੱਲ ਦੇ ਸ਼ਿਰਕਤ ਕਰਨ ਦੀ ਖ਼ਬਰ ਦਾ ਪਤਾ ਲੱਗਾ ਸੀ।
“ ਜੀ ਮੈਂ ਤੁਹਾਡੇ ਬਾਰੇ ਲਿਖਣਾ ਚਾਹੁੰਦਾ ਹਾਂ।” ਮੈਂ ਆਖਿਆ।
“ਤੁਸੀਂ ਮੇਰੇ ਬਾਰੇ ਕੀ ਲਿਖੋਗੇ? ਤੁਹਾਡੀ ਉਮਰ ਕਿੰਨੀ ਹੈ?” ਉਸਨੇ ਬੜਾ ਰੁੱਖਾ ਜਿਹਾ ਬੋਲ ਕੇ ਕਿਹਾ।
“ਜੀ ਤੁਸੀਂ ਏਨੇ ਤਕੜੇ ਪਾਠਕ ਹੋ ਇਸ ਲਈ। ਰਹੀ ਗੱਲ ਮੇਰੇ ਉਮਰ ਦੀ ਮੈਂ ਅਜੇ ਬਾਈਆਂ ਦਾ ਵੀ ਨਹੀਂ ਹੋਇਆ।”
“ਕਾਕਾ ਤੂੰ ਮੇਰੇ ਬਾਰੇ ਕੀ ਲਿਖੇਂਗਾ? ਨਾਲੇL ਤੂੰ ਕਿੰਨਾ ਕੁ ਸਾਹਿਤ ਨਾਲ ਵਾਹ ਰੱਖਦਾ ਏਂ? ਮੈਂ ਬੜਾ ਟੇਢਾ ਬੰਦਾ ਹਾਂ, ਛੇਤੀ ਹੱਥ ਆਉਣ ਵਾਲਾ ਨਹੀਂ ਹਾਂ।” ਉਸਨੇ ਇਕੋ ਸਾਹ ਸਭ ਆਖ ਦਿੱਤਾ।
“ਸਰ ਇਹ ਤਾਂ ਤੁਸੀਂ ਮੈਨੂੰ ਵੇਖ ਕੇ ਹੀ ਲੱਖਣ ‘ਲਾ ਲੈਣਾ ਕਿ ਕਿੰਨਾ ਕੁ ਵਾਹ ਵਾਸਤਾ ਹੈ ਮੇਰਾ; ਹਾਂ ਜੇਕਰ ਤੁਸੀਂ ਟੇਢੇ ਬੰਦੇ ਹੋ ਤਾਂ ਕੋਈ ਗੱਲ ਨਹੀਂ ਮੈਨੂੰ ਵੀ ਨਵਾਂ ਅਨੁਭਵ ਹੋ ਜਾਏਗਾ, ਟੇਢੇ ਬੰਦੇ ਨੂੰ ਮਿਲ ਕੇ।”
“ਓ, ਹਾਏ, ਹਾਏ, ਰੱਬ ਜੀ! ਚੱਲੋ ਤੁਸੀਂ ਕਹਿੰਦੇ ਹੀ ਹੋ ਤਾਂ ਕੋਈ ਗੱਲ ਨਹੀਂ ਸਵੇਰੇ ਗਿਆਰਾਂ ਵਜੇ ਤੱਕ ਪਹੁੰਚ ਜਾਣਾ। ਜੇਕਰ ਲੇਟ ਹੋ ਗਏ ਤਾਂ ਵੀ ਕੋਈ ਗੱਲ ਨਹੀਂ। ਜਿੰਨੀਆਂ ਮਰਜ਼ੀ ਗੱਲਾਂ ਮਾਰੀ ਜਾਣਾ ਭਾਵੇਂ ਰਾਤ ਵੀ ਮੇਰੇ ਏਥੇ ਠਹਿਰ ਜਾਣਾ।”
ਅਗਲੇ ਦਿਨ ਸਵੇਰੇ ਮੈਂ ਸਾਢੇ ਗਿਆਰਾਂ ਵਜੇ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਪਹੁੰਚਿਆ। ਸਾਹਮਣੇ ਹੀ ਖੜ੍ਹੇ ਇੱਕ ਵਿਅਕਤੀ ਨੇ ਮੇਰੇ ਕੋਲ ਆ ਕੇ ਪੁੱਛਿਆ, “ਤੁਸੀਂ ਸ਼ਿਵ ਇੰਦਰ ਹੋ?”
“ ਜੀ ਹਾਂ।”
“ਜੀ ਮੈਂ ਹਾਂ ਗੁਰਦਿਆਲ ਬੱਲ! ਆਜੋ ਲੰਘ ਆਵੋ।”
ਮੈਂ ਉਸਦੇ ਗੋਡੀਂ ਹੱਥ ਲਾਏ ਤੇ ਮਨ ‘ਚ ਸੋਚਿਆ “ਮਨਾ ਕਲਪਨਾ ਤਾਂ ਕੀਤੀ ਸੀ ਸਾਬੂਤ ਸੂਰਤ ਸਰੂਪ ਵਾਲੇ ਬੱਲ ਦੀ ਪਰ ਇਹ ਨਿੱਕਲਿਆ ਕਾਮਰੇਡ ਦਰਸ਼ਨ ਮੱਟੂ!”
ਮੈਂ ਉਸਦੇ ਦਫ਼ਤਰੀ ਕਮਰੇ ‘ਚ ਵੜਿਆ। ਮੇਜ਼ ਪੂਰੀ ਤਰ੍ਹਾਂ ਕਿਤਾਬਾਂ ਰਸਾਲਿਆਂ ਤੇ ਫਾਈਲਾਂ ਨਾਲ ਭਰਿਆ ਪਿਆ ਸੀ। ਉਸਨੇ ਚਾਹ-ਪਾਣੀ ਪਿਲਾਇਆ। ਅਜੇ ਗੱਲਾਂ ਕਰਨ ਹੀ ਲੱਗੇ ਸਾਂ ਕਿ ਇੰਨੇ੍ਹ ‘ਚ ਹੀ ਜੀ ਐਸੱ. ਰਿਆਲ ਆ ਗਏ। ਸੋਚਿਆ “ਮਨਾ ਅੱਜ ਤਾਂ ਆੳੋੁਣਾ ਹੀ ਸਫ਼ਲ ਹੋ ਗਿਆ।” ਅਸੀਂ ਤਿੰਨੇ ਪੰਜਾਬੀ ਭਾਸ਼ਾ ਤੇ ਭਾਸ਼ਾ ਵਿਗਿਆਨ ਬਾਰੇ ਗੱਲਾਂ ਕਰਨ ਲੱਗੇ। ਗੱਲਾਂ ਕਰਦਿਆਂ ਕਰਦਿਆਂ ਬੱਲ ਨੇ ਮੈਨੂੰ ਕਿਹਾ “ਸ਼ਿਵ ਇੰਦਰ ਤੂੰ ਮੇਰੇ ਬਾਰੇ ਲਿਖਣ ਨੂੰ ਰਹਿਣ ਦੇ, ਰਿਆਲ ਸਾਹਬ ਬਾਰੇ ਲਿਖ।”
ਮੈਂ ਕਿਹਾ,” ਸਰ ਇਨ੍ਹਾਂ ਬਾਰੇ ਕਦੇ ਫੇਰ ਸਹੀ ਅੱਜ ਤਾਂ ਮੈਂ ਤੁਹਾਡੇ ਬਾਰੇ ਲਿਖਣ ਆਇਆਂ ਹਾਂ, ਨਾਲੇL ਮੈਂ ਲੇਖਕਾਂ ਵਿਦਵਾਨਾਂ ਬਾਰੇ ਨਹੀਂ ਸਗੋਂ ਪਾਠਕਾਂ ਬਾਰੇ ਲਿਖਣਾ ਹੈ।”
ਕਰੀਬ ਵੀਹ ਕੁ ਮਿੰਟ ਮਗਰੋਂ ਰਿਆਲ ਸਾਹਿਬ ਚਲੇ ਗਏ। ਸੋਚਿਆ–“ਹੁਣ ਗੱਲਬਾਤ ਕਰਦੇ ਹਾਂ।” ਪਰ ਤੁਰੰਤ ਬਾਅਦ ਪ੍ਰੋ ਕੁਲਵੰਤ ਸਿੰਘ ਗਰੇਵਾਲ ਆ ਪਹੁੰਚੇ। ਉਹ ਕਰੀਬ ਵੀਹ ਮਿੰਟ ਰੁਕੇ। ਉਨ੍ਹਾਂ ਦੇ ਜਾਣ ਬਾਅਦ ਮੈਂ ਗੱਲਬਾਤ ਸ਼ੁਰੂ ਕੀਤੀ ਤਾਂ ਪੰਜ ਕੁ ਮਿੰਟ ਬਾਅਦ ਦਰਸ਼ਨ ਜੀਦਾ (ਸਿਆਸੀ ਸ਼ਖ਼ਸੀਅਤ) ਆ ਗਿਆ। ਜੀਦੇ ਨੇ ਬੱਲ ਦਾ ਧੰਨਵਾਦ ਕੀਤਾ ਕਿ ਉਸ ਦੁਆਰਾ ਦਿੱੱਤੇ ‘ਹੁਣ‘ ਦੇ ਅੰਕ ਉਸਨੂੰ ਵਧੀਆ ਲੱਗੇ ਖਾਸਕਰ ‘ਭਾਰ‘ ਤੇ ‘ਕੁੱਤੀ ਵਿਹੜਾ‘ ਕਹਾਣੀਆਂ। ਉਸਨੇ ਦਸ ਹੋਰ ਜਾਣਿਆਂ ਨੂੰ ਇਹ ਪਰਚਾ ਪੜ੍ਹਾਇਆ। ਜੀਦੇ ਦੇ ਜਾਣ ਤੋਂ ਬਾਅਦ ਇੱਕ-ਦੋ ਹੋਰ ਬੰਦੇ ਆਏ। ਮੈਂ ਸੋਚ ਰਿਹਾ ਸੀ ਕਿ ਇਸ ਮਾਹੌਲ ‘ਚ ਤਾਂ ਕੋਈ ਗੱਲ ਨਹੀਂ ਹੋ ਸਕਦੀ।
ਬੱਲ ਨੂੰ ਵੀ ਇਸ ਤਰ੍ਹਾਂ ਦੀ ਅਕਾਬਾਜ਼ੀ ਚੰਗੀ ਨਹੀਂ ਲੱਗੀ। ਉਸਨੇ ਕਿਹਾ ਕਿ ਆਪਾਂ ਕਾਫੀ ਹਾਊਸ ਕੋਲ ਚੱਲਦੇ ਹਾਂ। ਬੱਲ ਨੇ ਇੱਕ ਕਾਮਰੇਡਾਂ ਵਾਲਾ ਝੋਲਾ ਮੋਢੇ ਲਟਕਾ ਲਿਆ ਤੇ ਮੇਰੇ ਅੱਗੇ-ਅੱਗੇ ਚੱਲ ਪਿਆ। ਜਦੋਂ ਬੱਲ ਮੋਢੇ ਝੋਲਾ ਲਟਕਾਈ ਜਾ ਰਿਹਾ ਸੀ ਤਾਂ ਮੁੰਡੇ-ਕੁੜੀਆਂ ਉਸਨੂੰ ਵੇਖ-ਵੇਖ ਹੱਸ ਰਹੇ ਸਨ ਪਰ ਬੱਲ ਦੀ ਹਾਲਤ ‘ਮੈਨੂੰ ਸੁੱਧ ਰਹੀ ਨਾ ਸਾਰ‘ ਵਾਲੀ ਸੀ। ਉਹ ਅਪਣੀ ਮਸਤ ਚਾਲੇ ਚੱਲ ਰਿਹਾ ਸੀ। ਅਸੀਂ ਕਾਫੀ ਹਾਊਸ ਨੇੜੇ ਗਰਾਊਂਡ ‘ਚ ਬੈਠ ਗਏ। ਅਜੇ ਗੱਲਾਂ ਹੀ ਕਰਨ ਲੱਗੇ ਸੀ ਕਿ ਏਨੇ ‘ਚ ਹੀ ਪ੍ਰੋ ਰਾਜੇਸ਼ ਕੁਮਾਰ ਸ਼ਰਮਾ, ਹਰਪਾਲ ਪੰਨੂ ਤੇ ਨੌਜਵਾਨ ਨਾਵਲਕਾਰ ਵਿਨੋਦ ਮਿੱਤਲ ਸਮਾਣਾ ਸਾਡੇ ਸਾਹਮਣੇ ਪ੍ਰਗਟ ਹੋ ਗਏ। ਮੈਂ ਮੱਥੇ ਹੱਥ ਮਾਰਿਆ “ਮਨਾ ਏਹ ਕੀ…?” ਪਰ ਫੇਰ ਸੋਚਿਆ ਚਲੋ ਏਨੇ ਵੱਡੇ ਲੋਕਾਂ ਦੇ ਦਰਸ਼ਨ ਤਾਂ ਹੋ ਗਏ। ਲੇਕਿਨ ਫੇਰ ਮਨ ‘ਚ ਆਇਆ “ਬੱਲ ਨਾਲ ਗੱਲਬਾਤ ਤਾਂ…।”
ਅਸਲ ‘ਚ ਬੱਲ ਕੋਲ ਲੇਖਕਾਂ, ਵਿਦਵਾਨਾਂ ਤੇ ਪਾਠਕਾਂ ਦੀਆਂ ਮਹਿਫਲਾਂ ਲੱਗਦੀਆਂ ਰਹਿੰਦੀਆਂ ਹਨ। ਬਹੁਤ ਸਾਰੇ ਲੋਕ ਬੱਲ ਦੇ ਅਜ਼ੀਜ਼ ਹਨ, ਜਿਨ੍ਹਾਂ ‘ਚੋਂ ਪ੍ਰੋ ਬਾਵਾ ਸਿੰਘ ਸਾਬਕਾ ਉਪ-ਚੈਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ, ਗੁਰਦੀਪ ਦੇਹਰਾਦੂਨ, ਅਮਰਜੀਤ ਪਰਾਗ, ਰਛਪਾਲ, ਕੰਵਲਜੀਤ, ਕਰਮਜੀਤ ਸਿੰਘ ਹਨ। ਉਸਨੂੰ ਉਦੋਂ ਬਹੁਤ ਦੁੱਖ ਹੋਇਆ ਸੀ ਜਦੋਂ ਨਰਿੰਦਰ ਭੁਲੱਰ (ਪੰਜਾਬੀ ਟ੍ਰਿਬਿਊਨ ਵਾਲਾ) ਬੇਵਕਤੀ ਮੌਤ ਮਾਰਿਆ ਗਿਆ ਸੀ।
ਗੱਲਾਂ ਕਰਦਿਆਂ ਬੱਲ ਨੇ ਹਰਪਾਲ ਪੰਨੂ ਨੂੰ ਕਿਹਾ, “ਜੋ ਕਿਤਾਬਾਂ ਮੈਂ ਤੁਹਾਨੂੰ ਪੜ੍ਹਨ ਨੂੰ ਦਿੱਤੀਆਂ ਸਨ ਪੜ੍ਹ ਲਈਆਂ?”
ਪੰਨੂ ਨੇ ਹਿਚਕਚਾਉਂਦੇ ਕਿਹਾ, “ਨਹੀਂ।”
ਬੱਲ ਰਤਾ ਗੁੱਸੇ ਵਾਲੇ ਤੇਵਰ ‘ਚ ਬੋਲਿਆ “ਜਲਦੀ ਪੜ੍ਹੋ ਤੇ ਲਿਖੋ, ਜੇ ਨਹੀਂ ਪੜ੍ਹਨਾ ਲਿਖਣਾ ਤਾਂ ਮੇਰੀਆਂ ਕਿਤਾਬਾਂ ਵਾਪਸ ਕਰੋ।”
ਇਹ ਸਭ ਦੇਖਦਿਆਂ ਮੈਨੂੰ ਪ੍ਰਿੰ: ਤੇਜਾ ਸਿੰਘ ਦਾ ਖ਼ਿਆਲ ਆਇਆ ਜਿਨ੍ਹਾਂ ਨੇ ਖੁਦ ਉਤਨਾ ਸਾਹਿਤ ਨਹੀਂ ਲਿਖਿਆ ਜਿੰਨਾ ਹੋਰਾਂ ਤੋਂ ਲਿਖਾਇਆ ਜਾਂ ਹੋਰਨਾਂ ਨੂੰ ਲਿਖਣ ਲਈ ਸਮੱਗਰੀ ਦਿੱਤੀ। ਬੱਲ ਤਾਂ ਖੁਦ ਲਿਖਦਾ ਵੀ ਨਹੀਂ ਇਹ ਤਾਂ ਫਿਰ ਤੇਜਾ ਸਿੰਘ ਹੁਰਾਂ ਤੋਂ ਵੀ…….।
ਅਸਲ ‘ਚ ਗੁਰਦਿਆਲ ਬੱਲ ਅਜੀਬ ਸ਼ਖ਼ਸੀਅਤ ਦਾ ਮਾਲਕ ਹੈ। ਉਹਦਾ ਜੀਵਨ ਤੇ ਵਿਅਕਤੀਤਵ ਬਿਲਕੁਲ ਵੀ ਸਿੱਧਾ-ਪੱਧਰਾ ਨਹੀਂ ਹੈ। ਉਹ ਕਈ ਸਾਰੇ ਵਿਰੋਧਾਭਾਸਾਂ ਦਾ ਸੰਗਮ ਹੈ। ਉਹਨੂੰ ਇਸ ਕਾਇਨਾਤ ਨਾਲ ਇੰਤਹਾ ਮੁਹੱਬਤ ਹੈ। ਇਸਨੂੰ ਜਾਨਣ ਤੇ ਮਾਨਣ ਦੀ ਉਸ ਅੰਦਰ ਤੀਬਰ ਇੱਛਾ ਹੈ। ਕੁਦਰਤ ਦੀ ਹਰ ਖੁਬਸੂਰਤ ਸ਼ੈਅ ਨਾਲ ਉਹਨੂੰ ਮੁਹੱਬਤ ਹੈ। ਉਹ ਔਰਤ ਦੀ ਖੂਬਸੂਰਤੀ ਦਾ ਦੀਵਾਨਾ ਵੀ ਹੈ ਤੇ ਕਦਰਦਾਨ ਵੀ ਹੈ। ਇਸੇ ਲਈ ਹੀ ਉਸਨੇ ਬਾਰ੍ਹਵੀਂ ਜਮਾਤ ਦਾ ਇੱਕ ਸਾਲ ਅਜ਼ਾਈਂ ਗਵਾ ਛੱਡਿਆ ਕਿਉਂਕਿ ਉਸ ਉਪਰ ਇੱਕ ਹਸੀਨਾ ਦੇ ਹੁਸਨ ਦਾ ਜਾਦੂ ਚੱਲ ਗਿਆ ਸੀ। ਉਸਨੇ ਇਸ ਕਾਇਨਾਤ ਨੂੰ ਸਮਝਣ ਲਈ ਹੀ ਕਿਤਾਬਾਂ ਪੜ੍ਹਨ ਨੂੰ ਤਰਜੀਹ ਦਿੱਤੀ ਤਾਂ ਜੋ ਅਪਣੀ ਸੂਝ ਨੂੰ ਹੋਰ ਤਿੱਖਾ ਕੀਤਾ ਜਾਵੇ ਤੇ ਜ਼ਿੰਦਗੀ ਨੂੰ ਹੋਰ ਖੂਬਸੂਰਤ ਢੰਗ ਨਾਲ ਜੀਵਿਆ ਜਾਵੇ।
ਕਿਤਾਬਾਂ ਨੇ ਉਸਨੂੰ ਤਕੜਾ ਅਧਿਐਨਕਾਰ ਤੇ ਚਿੰਤਕ ਬਣਾ ਦਿੱਤਾ। ਗੱਲਾਂ ਕਰਨ ‘ਤੇ ਉਸਦੀ ਵਿਦਵਤਾ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਅਕਸਰ ਉਹ ਉੱਚੀ ਉੱਚੀ, ਪੂਰੇ ਜੋਸ਼ ਨਾਲ ਗੱਲਾਂ ਕਰਦਾ ਹੈ। ਉਸਨੂੰ ਗੱਲਾਂ ਕਰਨ ਲੱਗੇ ਨੂੰ ਦੂਸਰੇ ਬੰਦੇ ਲਈ ਸੰਭਾਲਣਾ ਤੇ ਮੁੜ ਉਸੇ ਵਿਸ਼ੇ ‘ਤੇ ਲੈ ਕੇ ਆਉਣਾ ਤਾਂ ਮੁਸ਼ਕਿਲ ਹੁੰਦਾ ਹੀ ਹੈ ਸਗੋਂ ਉਸ ਲਈ ਖੁਦ ਵੀ ਅਜਿਹਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਉਸਨੂੰ ਕਿਤਾਬਾਂ ਦੇ ਝੱਸ ਨੇ ਪੂਰੀ ਤਰ੍ਹਾਂ ਮਲੰਗ ਬਣਾ ਦਿੱਤਾ ਹੈ। ਉਸਨੂੰ ਦੁਨੀਆਦਾਰੀ ਦੀ ਕੋਈ ਸੂਝ ਨਹੀਂ। ਉਸਦੀ ਘਰਵਾਲੀ ਅਕਸਰ ਉਸ ਨਾਲ ਇਸੇ ਗੱਲੋਂ ਲੜਦੀ ਹੈ ਕਿ ਉਹ ਅਪਣੀ ਮਲੰਗ ਤਬੀਅਤ ਕਰਕੇ ਪਰਿਵਾਰ ਤੇ ਪਰਿਵਾਰਕ ਕੰਮਾਂ ਵੱਲੀਂ ਪੂਰੀ ਤਰ੍ਹਾਂ ਧਿਆਨ ਨਹੀਂ ਦਿੰਦਾ। ਉਸਨੂੰ ਵਿੰਗ-ਵਲ੍ਹੇਵੇਂ ਪਾ ਕੇ ਗੱਲ ਕਰਨੀ ਨਹੀਂ ਆਉਂਦੀ। ਉਹ ਤਾਂ ਮੂੰਹੋਂ ਗੱਲ ਕੱਢ ਠਾਹ ਅਗਲੇ ਦੇ ਗਿੱਟਿਆਂ ‘ਚ ਮਾਰਦਾ ਹੈ ਫੇਰ ਭਾਵੇਂ ਅਗਲਾ ਗੁੱਸੇ ਹੀ ਕਿਉਂ ਨਾ ਹੋ ਜਾਵੇ। ਬਹੁਤੇ ਅਧਿਐਨ ਨੇ ੳੋੁਸਨੂੰ ਸੰLਕਾਵਾਦੀ ਤੇ ਵਿਸ਼ਵਾਸਹੀਣ ਬਣਾ ਦਿੱਤਾ ਹੈ। ਸ਼ਾਇਦ ਉਸਨੂੰ ਕੋਈ ਵੀ ਚੀਜ਼ ਸੰਪੂਰਨ ਨਹੀਂ ਲੱਗਦੀ, ਨਾ ਹੀ ਕੋਈ ਸੱਚ ਉਸਨੂੰ ਪੂਰਨ ਸੱਚ ਜਾਂ ਅੰਤਮ ਸੱਚ ਲੱਗਦਾ ਹੈ। ਰਾਜਨੀਤਕ ਤੌਰ ‘ਤੇ ਉਹ ਕਿਸੇ ਵੀ ਬੱਝਵੀਂ ਵਿਚਾਰਧਾਰਾ ਦਾ ਪ੍ਰਤੀਨਿਧ ਨਹੀਂ ਹੈ। ਪਤਾ ਨਹੀਂ ਇਸਨੂੰ ਉਸਦਾ ਗੁਣ ਆਖਾਂ ਜਾਂ ਔਗੁਣ! ਉਹ ਪੜ੍ਹਦਾ ਤਾਂ ਬਥੇਰਾ ਹੈ ਪਰ ਲਿਖਦਾ ਨਹੀਂ ਅਰਥਾਤ ਪਾਠਕ ਤਾਂ ਬਣ ਗਿਆ ਲੇਖਕ ਨਹੀਂ। ਇਸਦਾ ਅਨੇਕਾਂ ਕਾਰਨਾਂ ‘ਚੋਂ ਇੱਕ ਕਾਰਨ ਉਸ ‘ਚ ਆਤਮ-ਵਿਸ਼ਵਾਸ ਦੀ ਘਾਟ ਹੋਣਾ ਵੀ ਹੈ।
ਕੁਝ ਵੀ ਕਹਿ ਲਵੋ ਬੱਲ ਇੱਕ ਤਕੜਾ ਪਾਠਕ/ਪੁਸਤਕ ਪ੍ਰੇਮੀ ਹੈ। ਉਸ ਵਰਗੇ ਇਨਸਾਨ ਬਹੁਤ ਘੱਟ ਮਿਲਦੇ ਹੋਣਗੇ, ਜਿਨ੍ਹਾਂ ‘ਤੇ ਜਨੂੰਨ ਦੀੇ ਹੱਦ ਤੱਕ ਪੁਸਤਕ ਪੜ੍ਹਨ ਦਾ ਭੂਤ ਸਵਾਰ ਹੋਵੇ। ਜਿਹੜੀ ਕਿਤਾਬ ਤੁਹਾਨੂੰ ਕਿਸੇ ਵੀ ਲਾਇਬ੍ਰੇਰੀ ਵਿੱਚੋਂ ਨਾ ਮਿਲੇ ਉਹ ਬੱਲ ਕੋਲੋਂ ਮਿਲ ਜਾਵੇਗੀ। ਉਸਦੇ ਘਰ ਦੇ ਤਿੰਨ ਕਮਰੇ ਕਿਤਾਬਾਂ ਨਾਲ਼ ਭਰੇ ਪਏ ਹਨ। ਉਸਦੀ ਘਰਵਾਲੀ ਦੀ ਲਾਇਬ੍ਰੇਰੀ ਵੱਖਰੀ ਹੈ। ਉਸ ਕੋਲ ਨਵੀਆਂ ਕਿਤਾਬਾਂ ਰੱਖਣ ਨੂੰ ਥਾਂ ਨਹੀਂ ਹੈ। ਉਸਦੇ ਸੌਣ ਵਾਲੇ ਕਮਰੇ ਦੇ ਮੰਜੇ ਤੇ ਫਰਸ਼ ਉੱਪਰ ਕਿਤਾਬਾਂ ਖਿਲਰੀਆਂ ਪਈਆਂ ਹਨ। ਕੋਈ ਹੈ ਤੁਹਾਡੀ ਨਜ਼ਰ ‘ਚ ਅਜਿਹਾ ਪਾਠਕ? ਉਹ ਕੇਵਲ ਆਪ ਹੀ ਨਹੀਂ ਪੜ੍ਹਦਾ ਸਗੋਂ ਹੋਰਾਂ ਨੂੰ ਵੀ ਪੜ੍ਹਾਉਂਦਾ ਹੈ। ਉਹ ਪੱਲਿਓਂ ਪੈਸੇ ਖ਼ਰਚ ਕਰਕੇ ਅਪਣੇ ਮਿੱਤਰਾਂ ਸਨੇਹੀਆਂ ਦੇ ਘਰ ਪੁਸਤਕਾਂ ਪਹੁੰਚਾਉਂਦਾ ਹੈ। ਮੋਢੇ ‘ਤੇ ਲਟਕਦੇ ਲਾਲ ਝੋਲੇ ‘ਚੋਂ ਉਹ ਤੁਹਾਨੂੰ ਅਜਿਹੀ ਕਿਤਾਬ ਕੱਢ ਕੇ ਦੇ ਦੇਵੇਗਾ ਜੋ ਤੁਸੀਂ ਪਹਿਲਾਂ ਕਦੇ ਦੇਖੀ ਸੁਣੀਂ ਵੀ ਨਾ ਹੋਵੇ। ਜੇ ਕਿਤਾਬ ਨਹੀਂ ਤਾਂ ਫੋਟੋ ਸਟੇਟ ਕਰਵਾ ਕੇ ਦੇ ਦੇਵੇਗਾ। ਉਹ ਤੁਹਾਨੂੰ ਪੜ੍ਹਨ ਨੂੰ ਜ਼ਰੂਰ ਕੁਝ ਦੇਵੇਗਾ ਬੱਸ ਉਸਨੂੰ ਪਤਾ ਲੱਗ ਜਾਵੇ ਕਿ ਤੁਸੀਂ ਪੜ੍ਹਨ ਵਾਲੇ ਹੋ, ਨਹੀਂ ਤਾਂ ਉਹ…….!
ਜੇਕਰ ਉਸਦੀ ਜੀਵਨ-ਗਾਥਾ ਦੇਖੀਏ ਤਾਂ ਉਹ ਵੀ ਬੜੀ ਵਿੰਗੀ-ਟੇਢੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਇਲਾਕੇ ਦੇ ਕੰਮੋ ਕੇ ਪਿੰਡ ਦੇ ਗੁਰਦਿਆਲ ਬੱਲ ਨੂੰ ਸੁLਰੂ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਪੈ ਗਿਆ ਸੀ। ਉਹਦਾ ਅਪਣੀ ਦਾਦੀ ਮਾਂ ਨਾਲ ਗਹਿਰਾ ਰਿਸ਼ਤਾ ਸੀ। ਜਦੋਂ ਉਹ ਛੇਵੀਂ ‘ਚ ਪੜ੍ਹਦਾ ਸੀ ਤਾਂ ਮਾਸਟਰ ਮੇਲਾ ਰਾਮ ਤੋਂ ਉਸਨੂੰ ਭਰਤ ਟੈਗੋਰ ਦਾ ‘ਮਹਾਂਭਾਰਤ‘ (ਪੰਜਾਬੀ ਅਨੁਵਾਦ) ਪ੍ਰਾਪਤ ਹੋਇਆ। ਇਹ ਕਿਤਾਬ ਉਸਨੂੰ ਦੁਨੀਆਂ ਦੀ ਸਭ ਤੋਂ ਵੱਡੀ ਕਿਤਾਬ ਲੱਗੀ। ਇਸ ਤੋਂ ਬਾਅਦ ਕਿਤਾਬਾਂ ਪੜ੍ਹਨ ਦਾ ਸਿਲਸਿਲਾ ਸੁLਰੂ ਹੋ ਗਿਆ। ਫੇਰ ਉਸਨੇ ਰਾਜ ਗੋਪਾਲ ਅਚਾਰੀਆਂ ਦਾ ‘ਮਹਾਂਭਾਰਤ‘ ‘ਸਿੱਦਕ ਖਾਲਸਾ‘ (ਕਰਤਾਰ ਸਿੰਘ ਕਲਾਸਵਾਲੀਆ) ਜੋ ਕਿ ਰੱਦੀ ਦੀ ਟੋਕਰੀ ‘ਚ ਬਿਨ੍ਹਾਂ ਜਿਲਦ ਦੇ ਮਿਲਿਆ ਤੇ ਮਿਲਦੇ ਹੀ ਪੂਰਾ ਪੜ੍ਹ ਕੇ ਸਾਹ ਲਿਆ। ਭੂਆ ਦੇ ਘਰੋਂ ਮਿਲੀਆਂ ਸੋਹਣ ਸਿੰਘ ‘ਸ਼ੀਤਲ‘ ਦੀਆਂ ‘ਸ਼ੀਤਲ ਤਰੰਗਾਂ‘ ਮਨ ਨੂੰ ਬਹੁਤ ਭਾਈਆਂ। ਖਾਸਕਰ ਉਸ ਵਿਚਲੀ ਪੰਜਾ ਸਾਹਿਬ ਵਾਲੀ ਸਾਖੀ। ਅੱਠਵੀਂ ‘ਚ ਉਸਨੇ ‘ਕ੍ਰਿਸ਼ਨ ਭਗਵਤ ਪੁਰਾਣ‘ ਪੜ੍ਹੀ। ਮੈਟਰਿਕ ਉਸਨੇ ਅਪਣੇ ਪਿੰਡ ਨੇੜੇਲੇ ਪਿੰਡ ਬੁਤਾਲੇ ਤੋੋਂ ਵਜ਼ੀਫਾ ਲੈ ਕੇ ਕੀਤੀ।
1965 ‘ਚ ਉਹ ਨੈਸ਼ਨਲ ਕਾਲਜ ਸਠਿਆਲਾ ਚਲਾ ਗਿਆ। ਇਥੇ ਅਨੇਕਾਂ ਮਾਰਕਸੀ ਵਿਚਾਰਾਂ ਵਾਲੀਆਂ ਸ਼ਖ਼ਸੀਅਤਾਂ ਮਿਲੀਆਂ ਪਰ ਮਾਰਕਸਵਾਦ ਦਾ ਜਾਦੂ ਉਸ ‘ ਤੇ ਨਾ ਚੱਲਿਆ। ਕਾਲਜ ਆ ਕੇ ਉਸਦੀ ਕਿਤਾਬਾਂ ਪੜ੍ਹਨ ਦੀ ਰੁਚੀ ਹੋਰ ਵੱਧ ਗਈ। ਏਥੇ ਪਹਿਲਾਂ ਉਹਨੇ ਨਾਨਕ ਸਿੰਘ ਤੇ ਕੰਵਲ ਨੂੰ ਪੜ੍ਹਿਆ ਫੇਰ ਸੋਵੀਅਤ ਕਿਤਾਬਾਂ ਪੜ੍ਹੀਆਂ। ਜਿਉਂ ਜਿਉਂ ਕਿਤਾਬਾਂ ਪੜ੍ਹਦਾ ਗਿਆ ਅਕਾਦਮਿਕ ਪੜ੍ਹਾਈ ‘ਚ ਥੱਲੇ ਜਾਂਦਾ ਰਿਹਾ। ਬੀ.ਏ ਦੇ ਅਖੀਰਲੇ ਸਾਲ ਤੱਕ ਪਹੁੰਚਦਿਆਂ ਹਾਲਤ ਜਮਾਂ ਹੀ ਮਾੜੀ ਹੋ ਗਈ। ਬੀ.ਏ . ਦੀ ਡਿਗਰੀ ਥਰਡ ਡਵੀਜ਼ਨ ‘ਚ ਪਾਸ ਕੀਤੀ। ਐੱਮ.ਏ. ‘ਚ ਦਾਖ਼ਲਾ ਮਿਲਣਾ ਮੁਸ਼ਕਲ ਸੀ। ਉਹਨੇ ਦੇਹਰਾਦੂਨ ਯੂਨੀਵਰਸਿਟੀ ਦਾਖ਼ਲਾ ਲੈ ਲਿਆ। ਉਥੇ ਉਸਨੂੰ ਗੁਰਦੀਪ ਸਿੰਘ ਨਾਂ ਦਾ ਦੋਸਤ ਮਿਲ ਗਿਆ। ਗੁਰਦੀਪ ਨੂੰ ਵੀ ਕਿਤਾਬਾਂ ਪੜ੍ਹਨ ਦਾ ਜਨੂੰਨ ਸੀ। ਹੋ ਗਿਆ ਫੇਰ ਦੋ ਜਨੂੰਨੀਆਂ ਦਾ ਮੇਲ! ਅਖੇ ਬੱਲ ਹੋਰ ਕੀ ਭਾਲੇ? ਬਹਿਸਾਂ ਕਰਨ ਨੂੰ ਸਾਥੀ ਜੋ ਮਿਲ ਗਿਆ।
ਚੰਨ ਉਥੇ ਵੀ ਚਾੜ੍ਹੀ ਗਿਆ। ਬਾਪੂ ਜੀ ਨੇ ਆਖ ਦਿੱਤਾ “ਪੁੱਤਰਾ ਕਮਾ ਤੇ ਖਾ” ਮੈਟਰਿਕ ਦੇ ਨੰਬਰਾਂ ਦੇ ਸਿਰ ‘ਤੇ ਪੋਸਟ ਐਂਡ ਟੈਲੀਗ੍ਰਾਮ ਮਹਿਕਮੇ ‘ਚ ਕਲਰਕੀ ਦੀ ਨੌਕਰੀ ਲਈ। ਜਦੋਂ ਉੱਥੇ ਨਾਨੀ ਚੇਤੇ ਆ ਗਈ ਤਾਂ ‘ਨਵਾਂ ਜ਼ਮਾਨਾ‘ ‘ਚ ਪੱਤਰਕਾਰੀ ਦੇ ਗੁਰ ਸਿੱਖਣ ਲੱਗਾ। ‘ਨਵਾਂ ਜ਼ਮਾਨਾ‘ ਰੋਟੀ ਖਾਣ ਜੋਗੇ ਪੈਸੇ ਦੇ ਦਿੰਦਾ ਤੇ ਸ਼ਰਾਬ ਲਈ ਦਾਦੀ ਮਾਂ ਕੋਲੋਂ ਜਾਂ ਮਾਂ ਕੋਲੋਂ। ਛੇਤੀ ਹੀ ‘ਟ੍ਰਿਬਿਊਨ ਟਰੱਸਟ‘ ਵਾਲਿਆਂ ਨੇ ‘ਪੰਜਾਬੀ ਟ੍ਰਿਬਿਊਨ‘ ਕੱਢਣ ਦਾ ਫੈLਸਲਾ ਕੀਤਾ। ਬੱਲ ਨੇ ਵੀ ਅਰਜ਼ੀ ਘੱਲ ‘ਤੀ। ਚੁਣਿਆਂ ਤਾਂ ਜਾਣਾ ਹੀ ਸੀ, ਜਦੋਂ ਗਿਆਨ ਦਾ ਘੇਰਾ ਏਨਾ ਵਿਸ਼ਾਲ ਸੀ।
ਟ੍ਰਿਬਿਊਨ ਵਾਲੇ ਪੈਸੇ ਵੀ ਚੰਗੇ ਦੇ ਦਿੰਦੇ ਸਨ। ਰੋਟੀ-ਟੁੱਕ ਤੋਂ ਬਾਅਦ ਬਚਦੇ ਪੈਸੇ ਉਹ ਸ਼ਰਾਬ ਤੇ ਕਿਤਾਬਾਂ ਵਾਲਿਆਂ ਦੀਆਂ ਜੇਬਾਂ ‘ਚ ਪਾ ਦਿੰਦਾ। ਏਥੇ ਆ ਕੇ ਹੀ ਉਸਨੇ ਵਿਸ਼ਵ ਇਤਿਹਾਸ, ਵਿਸ਼ਵ ਸਾਹਿਤ, ਵਿਸ਼ਵ ਰਾਜਨੀਤੀ ਦਾ ਘੋਰ ਅਧਿਐਨ ਕੀਤਾ। ਸਮਾਂ ਪਾ ਕੇ ਉਸਦਾ ਵਿਆਹ ਪੰਜਾਬੀ ਯੂਨੀਵਰਸਿਟੀ ਦੀ ਲੈਕਚਰਾਰ ਨਾਲ ਹੋ ਗਿਆ। ਹੌਲੀ-ਹੌਲੀ ਬੱਲ ਟ੍ਰਿਬਿਊਨ ਛੱਡ ਕੇ ਯੂਨੀਵਰਸਿਟੀ ਆ ਗਿਆ। ਮਾਇਕ ਤੌਰ ‘ਤੇ ਘਾਟਾ ਤਾਂ ਜ਼ਰੂਰ ਪਿਆ ਪਰ ਫਿਰ ਵੀ….। ਅੱਜ-ਕੱਲ੍ਹ ਉਹ ਪੰਜਾਬੀ ਯੁਨੀਵਰਸਿਟੀ ਦੇ ਪੱਤਰਕਾਰੀ ਵਿਭਾਗ ‘ਚ ਹੈ।
ਭਾਵੇਂ ਗਿਆਨ-ਵਿਗਿਆਨ ਦਾ ਕੋਈ ਵੀ ਵਿਸ਼ਾ ਬੱਲ ਤੋਂ ਅਛੂਤਾ ਨਹੀਂ ਪਰ ਉਹਦੀ ਦਿਲਚਸਪੀ ਦਾ ਮੁੱਖ ਕੇਂਦਰ ਸਮਾਜਵਾਦੀ ਦੇਸ਼ਾਂ ‘ਚ ਕਮਿਊਨਿਸਟ ਪਾਰਟੀ ਤੋਂ ਵੱਖਰੀ ਰਾਏ ਰੱਖਣ ਵਾਲੇ, ਲੇਖਕਾਂ, ਚਿੰਤਕਾਂ, ਤੇ ਕਲਾਕਾਰਾਂ ਦੀਆਂ ਕਿਤਾਬਾਂ ‘ਚ ਹੈ। ਯੂਰਪ ‘ਚ ਕਮਿਊਨਿਸਟ-ਵਿਰੋਧੀਆਂ ਦੀਆਂ ਛਪੀਆਂ ਸਭ ਕਿਤਾਬਾਂ ਉਸ ਕੋਲ ਹਨ। ਸਟਾਲਿਨ ਰਾਜ ‘ਚ ਰੂਸ ਅੰਦਰ ਪਾਰਟੀ ਤੋਂ ਵਿਰੋਧੀ ਰਾਵਾਂ ਰੱਖਣ ਵਾਲਿਆਂ ਨਾਲ ਸਬੰਧਤ ਸਭ ਕਿਤਾਬਾਂ ਬੱਲ ਕੋਲ ਹਨ। ਸਟਾਲਿਨ ਰਾਜ ਨੂੰ ਜਾਨਣ ਦੀ ਉਸ ਅੰਦਰ ਅਮੁੱਕ ਇੱਛਾ ਹੈ। ਉਹ ਹਮੇਸ਼ਾ ਇਸ ਵਿਸ਼ੇ ਬਾਰੇ ਜਾਨਣ ਲਈ ਇੱਛੁਕ ਰਹਿੰਦਾ ਹੈ।
ਇਨ੍ਹਾਂ ਤੋਂ ਬਿਨਾਂ ਉਸ ਦੀ ਦਿਲਚਸਪੀ ਵੀਹਵੀਂ ਸਦੀ ਦੇ ਘੱਲੂਘਾਰਿਆਂ, ਇਨਕਲਾਬਾਂ, ਉਲਟ ਇਨਕਲਾਬਾਂ, ਯੁੱਧਾਂ, ਸੰਸਾਰ ਜੰਗਾਂ, ਯੂਰਪ ਤੇ ਦੱਖਣੀ ਅਫਰੀਕੀ ਆਜ਼ਾਦੀ ਸੰਗਰਾਮਾਂ, ਇਤਿਹਾਸ, ਸਾਹਿਤ, ਸਿਆਸਤ, ਕਲਾ ਨਾਲ ਸਬੰਧਤ ਕਿਤਾਬਾਂ ਵਿਚ ਹੈ। ਉਸ ਕੋਲ ਪ੍ਰਸਿੱਧ ਕ੍ਰਾਂਤੀਕਾਰੀਆਂ, ਰਾਜਸੀ ਆਗੂਆਂ, ਕਲਾਕਾਰਾਂ, ਨਾਚੀਆਂ, ਵਿਗਿਆਨੀਆਂ, ਪੇਂਟਰਾਂ ਤੇ ਲੇਖਕਾਂ ਬਾਰੇ ਦੁਰਲੱਭ ਪੁਸਤਕਾਂ ਹਨ।
ਜਦੋਂ ਮੈਂ ਬੱਲ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਵਿਸ਼ੇ ਤੋਂ ਭਟਕ ਕੇ ਹੋਰ ਈ ਗੱਲਾਂ ਕਰਨ ਲੱਗ ਜਾਵੇ। ਉਸਨੂੰ ਕਾਬੂ ਕਰਕੇ ਮੁੜ ਉਸੇ ਵਿਸ਼ੇ ‘ਤੇ ਲਿਆਉਣਾ ਮੁਸ਼ਕਿਲ ਹੋ ਰਿਹਾ ਸੀ। ਜਦੋਂ ਮੈਂ ਉਸਨੂੰ ਪੁੱਛਿਆ ਕਿ ਉਨ੍ਹਾਂ ਕਿਤਾਬਾਂ ਤੇ ਲੇਖਕਾਂ ਦੇ ਨਾਂ ਦੱਸੇ ਜਿਨ੍ਹਾਂ ਉਸਨੂੰ ਕਾਫ਼ੀ ਪ੍ਰਭਾਵਤ ਕੀਤਾ ਹੈ ਤਾਂ ਉਹ ਇਕੋ ਸਾਹ ਸ਼ੁਰੂ ਹੋ ਗਿਆ।-
“ਮੈਂ ਕਾਲਜ ਸਮੇਂ ਕਮਿਊਨਿਸਟ ਮੈਨੀਫੈਸਟੋ ਪੜ੍ਹੀ ਪਰ ਉਸਨੇ ਮੇਰੇ ‘ਤੇ ਉਲਟਾ ਅਸਰ ਕੀਤਾ। ਗੋਰਕੀ, ਦਾਸਤੋਵਸਕੀ ਤੇ ਲੈਨਿਨ ਦੀ ਜੀਵਨੀ ਪੜ੍ਹੀ। ਲੈਨਿਨ ਦੀ ਜੀਵਨੀ ਮੈਨੂੰ ਖਿੱਚ ਨਾ ਪਾ ਸਕੀ। ਮੈਨੂੰ ਲੱਗਦਾ ਹੈ ਕਿ ਨਕਸਲਵਾੜੀ ਲਹਿਰ ਮੇਰੀ ਰੂਹ ਅਨੁਸਾਰ ਨਹੀਂ। ਦਾਸਤੋਵਸਕੀ ਦਾ ਨਾਵਲ ‘ਈਡੀਯਟ‘ ਪਹਿਲਾ ਨਾਵਲ ਸੀ ਜਿਸਨੂੰ ਮੈਂ ਅੰਗਰੇਜ਼ੀ ‘ਚ ਪੜ੍ਹਿਆ। ਮੈਨੂੰ ਇਸ ਨਾਵਲ ਦੇ ਕਈ ਕਰੈਕਟਰਾਂ ਨੇ ਪ੍ਰਭਾਵਿਤ ਕੀਤਾ। ‘ਕਰਾਈਮੰਡ ਪੁਨਿਸ਼ਮੈਂਟ‘ ਵੀ ਬਹੁਤ ਚੰਗਾ ਲੱਗਾ। ਸਾਰੇ ਦੁਖਾਂ ਤੋਂ ਬਾਅਦ ਦਾਸਤੋਵਸਕੀ ਨੂੰ ਪੜ੍ਹ ਕੇ ਜ਼ਿੰਦਗੀ ਬੜੀ ਖੂਬਸੂਰਤ ਲੱਗਦੀ ਹੈ। ਸਮਰਸੈਟ ਮਾੱਮ ਦਾ ‘ਮੂਨ ਐਂਡ ਸਿਕਸਪੈਂਸ ਵੀ ਵਧੀਆ ਲੱਗਾ। ਮਾਧਵਦੇਵ ਦੀ ਪ੍ਰਸਿੱਧ ਖੋਜ ਪੁਸਤਕ ‘Let History Decide’ ਮੇਰੇ ਲਈ ਕੁਰਾਨ ਸ਼ਰੀਫ਼ ਵਾਂਗ ਹੈ। ਆਈ.ਡਾਸਚਰ ਨੂੰ ਮੈਂ ਆਪ ਵੀ ਸ਼ਰਧਾ ਤੇ ਉਤਸ਼ਾਹ ਨਾਲ ਪੜ੍ਹਿਆ ਤੇ ਹੋਰਾਂ ਨੂੰ ਵੀ ਪੜ੍ਹਾਇਆ। ਟਰਾਟਸਕੀ ਦੀਆਂ ਸਾਰੀਆਂ ਹੀ ਪ੍ਰਸਿੱਧ ਪੁਸਤਕਾਂ ਪੜ੍ਹੀਆਂ ਹਨ। ਅੰਮ੍ਰਿਤਾ ਸ਼ੇਰ ਗਿੱਲ ਬਾਰੇ ਐਨ ਇਕਬਾਲ ਦੀ ਲਿਖੀ ਕਿਤਾਬ ਚੰਗੀ ਹੈ। ਸੰਸਾਰ ਪ੍ਰਸਿੱਧ ਨਾਚੀ ਈਜ਼ਾ ਡੋਰਾ ਡੰਕਨ ਦੀ ਕਿਤਾਬ ‘ਮਾਈ ਲਾਈਫ’ ਪੜ੍ਹ ਕੇ ਮੈਨੂੰ ਇਓਂ ਲੱਗਿਆ ਜਿਵੇਂ ਉਹ ਮੇਰੀ ਭੈਣ ਹੋਵੇ। ਇਹ ਕਿਤਾਬ ਮੈਂ ਹੋਰਨਾਂ ਨੂੰ ਵੀ ਪੜ੍ਹਾਈ। ਫਲਾਵੇਅਰ ਦੀ ‘ਮਦਾਮ ਬਾਬੇਰੀ‘ ਪੰਜਾਬੀ ‘ਚ ਪੜ੍ਹੀ, ਤੁਰਗਨੇਵ, ਚੈਖਵ, ਹਾਰਡੀ ਵੀ ਚੰਗੇ ਲੱਗੇ। ਗ੍ਰੀਨ ਗ੍ਰਾਹਮ ਦਾ ‘ਮੁਹੱਬਤ ਤੇ ਦੁਖਾਂਤ‘ ਬਹੁਤ ਹੀ ਵਧੀਆ ਹੈ। ਟਰਾਟਸਕੀ ਦਾ ਮੈਂ ਫੈਨ ਹਾਂ। ਮੈਨੂੰ ਲੱਗਦਾ ਸੀ ਕਿ ਰਸ਼ੀਅਨ ਇਨਕਲਾਬ ਨੂੰ ਸਰਅੰਜ਼ਾਮ ਟਰਾਟਸਕੀ ਨੇ ਦਿੱਤਾ ਹੈ ਤੇ ਇਹ ਲੈਨਿਨ ਦਾ ਸਿਪਾਹਸਿਲਾਰ ਸੀ।”
ਇਕੋ ਸਾਹੇ ਤੇਜ਼-ਤੇਜ਼ ਤੇ ਉੱੱਚੀ-ੳੇੁੱਚੀ ਬੋਲ ਕੇ ਜਦੋਂ ਉਹ ਹਟਿਆ ਤਾਂ ਉਸਨੇ ਪਾਣੀ ਦਾ ਗਿਲਾਸ ਚੁੱਕਿਆ ਤੇ ਇੱਕ ਘੁੱਟ ‘ਚ ਹੀ ਖਾਲੀ ਕਰ ਮੁਕਾਇਆ।
ਮੈਂ ਤੁਰੰਤ ਅਗਲਾ ਸਵਾਲ ਕੀਤਾ “ਪੰਜਾਬੀ ਸਾਹਿਤ ਦੀ ਵੀ ਗੱਲ ਕਰੋ।” ਤਾਂ ਉਹ ਇੱਕ ਦਮ ਬੋਲਿਆ, “ਨਾਨਕ ਸਿੰਘ, ਜਸਵੰਤ ਕੰਵਲ ਤੇ ਸੁਖਬੀਰ ਮੈਨੂੰ ਵਧੀਆ ਨਾਵਲਕਾਰ ਲੱਗਦੇ ਹਨ। ਅੰਮ੍ਰਿਤਾ ਪ੍ਰੀਤਮ ਦਾ ‘ਚੱਕ ਨੰਬਰ 36‘ ਨਾਨਕ ਸਿੰਘ ਦਾ ‘ਚਿੱਟਾ ਲਹੂ‘ ‘ਇੱਕ ਮਿਆਨ ਦੋ ਤਲਵਾਰਾਂ‘ ਕੰਵਲ ਦਾ ‘ਪੂਰਨਮਾਸ਼ੀ‘ ਤੇ ‘ਰਾਤ ਬਾਕੀ ਹੈ‘ ਬਹੁਤ ਵਧੀਆ ਨਾਵਲ ਹਨ। ਮੈਂ ਨੌਜਵਾਨ ਪੀੜ੍ਹੀ ਨੂੰ ਕਹਾਂਗਾ ਕਿ ਉਹ ਇਹ ਨਾਵਲ ਜ਼ਰੂਰ ਪੜ੍ਹਨ । ਗੁਰਦਿਆਲ ਸਿੰਘ ਦੇ ‘ਮੜ੍ਹੀ ਦਾ ਦੀਵਾ‘ ਨੇ ਮੇਰੇ ਅੰਦਰ ਖੋਹ ਜਿਹੀ ਤਾਂ ਜ਼ਰੂਰ ਪਾਈ ਸੀ ਪਰ ਨਾਨਕ ਸਿੰਘ ਤੇ ਕੰਵਲ ਤੋਂ ਬਾਅਦ ਸਭ ਤੋਂ ਵਧੀਆ ਨਾਵਲਕਾਰ ਸੁਖਬੀਰ ਹੈ। ਉਸਦਾ ‘ਸੜਕਾਂ ਤੇ ਕਮਰੇ‘ ਤਾਂ ਬਹੁਤ ਹੀ ਵਧੀਆ ਹੈ। ਮੋਢੀਆਂ ‘ਚੋਂ ਸੰਤ ਸਿੰਘ ਸੇਖੋਂ ਦਾ ‘ਲਹੂ ਮਿੱਟੀ‘ ਤਾਂ ਕਮਾਲ ਹੈ ਹੀ ਇਸੇ ਤਰ੍ਹਾਂ ‘ਸ਼ਿਆਮ ਲਾਲ ਵੇਦਾਂਤੀ‘ ਤੇ ‘ਪੇਮੀ ਦੇ ਨਿਆਣੇ‘ ਵਰਗੀਆਂ ਕਹਾਣੀਆਂ ਤਾਂ ਧੰਨ-ਧੰਨ ਹਨ। ਵਰਿਆਮ ਸੰਧੂੂ ਨੇ ਵੀ ਵਧੀਆ ਕਹਾਣੀਆਂ ਲਿਖੀਆਂ ਹਨ। “ਮੈਂ ਹੁਣ ਠੀਕ-ਠਾਕ ਹਾਂ‘ ਕਹਾਣੀ ਪੜ੍ਹ ਕੇ ਤਾਂ ਲੱਗਦਾ ਹੈ ਜਿਵੇਂ ਉਸਨੇ ਮੇਰੇ ‘ਤੇ ਕੋਈ ਨਿੱਜੀ ਅਹਿਸਾਨ ਕੀਤਾ ਹੈ ਪਤਾ ਨਹੀਂ ਉਹਦਾ ਕਰਜ਼ਾ ਕਦੋਂ ਲਾਹਾਂਗਾ !” ਥੋੜ੍ਹਾ ਰੁਕ ਕੇ ਉਹ ਫੇਰ ਬੋਲਿਆ- “ਬਾਕੀ ਕੁਝ ਵੀ ਕਹਿ ਲਵੋ ਪ੍ਰੇਮ ਪ੍ਰਕਾਸ਼ ਬਿਨਾਂ ਕੋਈ ਕਥਾ ਸੰਪੂਰਨ ਨਹੀਂ ਹੈ।”
“ਪਰ ਲੋਕ ਤਾਂ ਕਹਿੰਦੇ ਹਨ ਕਿ ਉਹ ਅਪਣੀਆਂ ਕਹਾਣੀਆਂ ‘ਚ ਇੱਕੋ ਵਿਸ਼ਾ ਵਾਰ-ਵਾਰ ਰਪੀਟ ਕਰੀ ਜਾਂਦਾ ਹੈ ਤੇ ਹੋਰ ਵੀ ਬਹੁਤ ਕੁਝ ਕਹਿੰਦੇ ਹਨ।”ਮੈਂ ਵਿੱਚੋਂ ਟੋਕ ਕੇ ਕਿਹਾ।
“ਉਨ੍ਹਾਂ ਦੀ ਭੈਂ ……ਉਨ੍ਹਾਂ ਦੀ ਮਾਂ …..ਐਵੇਂ ਸਾਲ਼ੇ ਭੈਂ ……ਭੌਕੀਂ ਜਾਂਦੇ ਨੇ।” ਮੇਰੀ ਗੱਲ ਸੁਣਦੇ ਸਾਰ ਹੀ ਉਹਨੇ ਪ੍ਰੇਮ ਪ੍ਰਕਾਸ਼ ਦੇ ਆਲੋਚਕਾਂ ਨੂੰ ਦਸ-ਦਸ ਕਿੱਲੋ ਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਗਾਲ੍ਹਾਂ ਕੱਢਣ ਤੋਂ ਬਾਅਦ ਉਹ ਮੇਰੇ ਵੱਲ ਇਉਂ ਝਾਕਣ ਲੱਗਾ ਜਿਵੇਂ ਮੈਂ ਉਸਨੂੰ ਕੋਈ ਵੱਡਾ ਅਪਰਾਧ ਕਰਦੇ ਕਰਦੇ ਨੂੰ ਵੇਖ ਲਿਆ ਹੋਵੇ।
“ ਲਿਖ ਦੇ ਲਿਖ ਦੇ ਇਹ ਗਾਹਲ਼ਾਂ ਵੀ ਲਿਖ ਦੇ ਮੈਂ ਨਹੀਂ ਡਰਦਾ ਕਿਸੇ ਤੋਂ।”
ਉਹ ਫਿਰ ਬੋਲਣ ਲੱਗਦਾ ਹੈ, “ਸੋਹਣ ਸਿੰਘ ‘ਸ਼ੀਤਲ‘ ਪੰਜਾਬੀ ਵਿਰਸੇ ਦਾ ਚਿਤੇਰਾ ਹੈ। ਮੇਰਾ ਮੰਨਣਾ ਹੈ ਕਿ ਪੰਜਾਬ ਦੇ ਹਰ ਨੌਜਵਾਨ ਮੁੰਡੇ-ਕੁੜੀ ਨੂੰ ਉਸਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਜੇਕਰ ਕਵਿਤਾ ਦੀ ਗੱਲ ਕਰਾਂ ਤਾਂ ਮੈਂ ਇਹੀ ਕਹਾਂਗਾ ਕਿ ਯਾਰ ਮੈਂ ਅਪਣੀ ਜ਼ਿੰਦਗੀ ਨੂੰ ਕਵਿਤਾ ਵਾਂਗ ਜਿਊਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਹਿਤਕ ਵਿਧਾ ਵਜੋਂ ਮੈਨੂੰ ਇਹਦੀ ਸਾਰ ਨਹੀਂ (ਏਨਾ ਆਖ ਉਹ ਉੱਚੀ-ਉੱਚੀ ਹੱਸਣ ਲੱਗਦਾ ਹੈ।) ਮੈਨੂੰ ਪਾਤਰ, ਪਾਸ਼ ਤੇ ਗੁਰਦੀਪ ਦੇਹਰਾਦੂਨ ਬਹੁਤ ਵਧੀਆ ਕਵੀ ਲੱਗਦੇ ਹਨ।”
“ਨਵਿਆਂ ‘ਚੋਂ ਮੈਨੂੰ ਸੁਖਜੀਤ ਦੀ ਕਹਾਣੀ ‘ਅੰਤਰਾ‘ ਬਹੁਤ ਸ਼ਾਹਕਾਰ ਰਚਨਾ ਲੱਗੀ। ਸਾਂਵਲ ਧਾਮੀ ਦੀ ‘ਪੇਂਜੀ ਦੇ ਫੁੱਲ‘ ਤਾਂ ਹੈਰਾਨ ਕਰ ਦੇਣ ਵਾਲੀ ਕਹਾਣੀ ਹੈ। ਮਨਿੰਦਰ ਕਾਂਗ ‘ਤੇ ਤਾਂ ਮੈਂ ਪੂਰੀ ਤਰ੍ਹਾਂ ਫਿਦਾ ਹਾਂ। ਅਜਮੇਰ ਸਿੱਧੂ ਦੀਆਂ ਕੁਝ ਕਹਾਣੀਆਂ ਵੀ ਮੈਨੂੰ ਚੰਗੀਆਂ ਲੱਗੀਆਂ। ਕਵੀਆਂ ‘ਚੋਂ ਇੱਕ ਮੁੰਡਾ ਜਿਹੜਾ ਕਨੇਡਾ ਰਹਿੰਦਾ ਕੀ ਨਾਂ ਸੀ…..ਪਤਾ ਨਹੀਂ …..ਪਤਾ ਨਹੀਂ ਨਾਂ ਹੀ ਨਹੀਂ ਚੇਤੇ ਆ ਰਿਹਾ ਚੱਲ ਛੱਡ ਯਾਰ ‘ ਹੁਣ‘ ਦਾ ਮੈਂ ਪ੍ਰਸੰਸਕ ਹਾਂ, ਮੈਨੂੰ ਇਸ ‘ਚ ਮਨਿੰਦਰ ਕਾਂਗ ਦੀਆਂ ‘ਭਾਰ‘ ਤੇ ਕੁੱਤੀ ਵਿਹੜਾ‘ ਕਹਾਣੀਆਂ ਬਹੁਤ ਹੀ ਪਸੰਦ ਆਈਆਂ। ਮਰਹੂਮ ਸਤੀ ਕੁਮਾਰ ਦਾ ਕਾਲਮ ਬਹੁਤ ਹੀ ਵਧੀਆ ਸੀ। ਗਹਿਲ਼ ਸਿੰਘ ਛੱਜਲ ਵੱਡੀ ਦਾ ਬਿਰਤਾਂਤ ਵੀ ਬਹੁਤ ਵਧੀਆ ਸੀ।”
ਜਦੋਂ ਮੈਂ ਪੰਜਾਬੀ ਨਾਟਕ ਤੇ ਵਾਰਤਕ ਦੀ ਗੱਲ ਕੀਤੀ ਤਾਂ ਉਹ ਗੱਲ ਹੋਰ ਈ ਪਾਸੇ ਲੈ ਗਿਆ।
“ਕਿਹੜੀ ਭਾਸ਼ਾ ‘ਚ ਪੜ੍ਹਨਾ ਜ਼ਿਆਦਾ ਪਸੰਦ ਕਰਦੇ ਹੋ?”
“ਯਾਰ ਬਹੁਤ ਚੰਗਾ ਕੀਤਾ ਤੂੰ ਇਹ ਸਵਾਲ ਪੁੱਛ ਕੇ ; ਹੋਰ ਬਹੁਤ ਕੁਝ ਯਾਦ ਕਰਵਾ ਦਿੱਤਾ। ਹਿੰਦੀ ‘ਚ ਮੁਨਸ਼ੀ ਪ੍ਰੇਮ ਚੰਦ ਦੇ ਤਾਂ ਕਹਿਣੇ ਹੀ ਕਿਆ ਹਨ। ‘ਪੋਹ ਦੀ ਰਾਤ‘ ਤੇ ‘ਕੱਫਨ‘ ਵਰਗੀਆਂ ਕਹਾਣੀਆਂ ਤਾਂ ਵਿਸ਼ਵ ਸਾਹਿਤ ਦਾ ਸਰਮਾਇਆ ਹਨ। ਮੋਹਨ ਰਾਕੇਸ਼ ਦੇ ਨਾਵਲਾਂ ਦਾ ਜਾਦੂ ਵੀ ਮੇਰੇ ਸਿਰ ਚੜ੍ਹ ਕੇ ਬੋਲਦਾ ਰਿਹਾ। ਨਿਰਮਲ ਵਰਮਾ ਬਹੁਤ ਹੀ ਨਾਜ਼ੁਕ ਅਹਿਸਾਸਾਂ ਦਾ ਕਥਾਕਾਰ ਹੈ। ਉਸਦੀ ‘ਵੇ ਦਿਨ‘ ਪੜ੍ਹ ਕੇ ਅਜੀਬ ਜਿਹਾ ਅਹਿਸਾਸ ਹੁੰਦਾ ਹੈ। ਕਮਲੇਸ਼ਵਰ ਦਾ ਮੈਂ ਫੈਨ ਹਾਂ। ਉਰਦੂ ‘ਚ ਰਾਜਿੰਦਰ ਸਿੰਘ ਬੇਦੀ ਨੂੰ ਪਸੰਦ ਕਰਦਾ ਹਾਂ। ਕੁੱਰਤਉਲਐਨ ਹੈਦਰ ਦਾ ‘ਅੱਗ ਦਾ ਦਰਿਆ‘ ਮੰਟੋ ਦੀ “ਟੋਭਾ ਟੇਕ ਸਿੰਘ‘ ਦੀ ਗੱਲ ਹੀ ਕੀ ਹੈ।”
“ਮੈਂ ਤਾਂ ਅਪਣੀ ਜ਼ਿੰਦਗੀ ਪ੍ਰਤੀ ਮੁਹੱਬਤ ਨੂੰ ਹੋਰ ਤਿੱਖਾ ਕਰਨ ਲਈ ਪੜ੍ਹਿਆ ਹੈ। ਇਹ ਕੰਮ ਕਿਹੜੇ ਆਈਆਂ ਮੇਰੇ ……? ਕਿਤਾਬਾਂ ਜਿਊਂਦੇ ਇਨਸਾਨਾਂ ਦਾ ਬਦਲ ਨਹੀਂ ਹਨ ਪਰ ਫੇਰ ਵੀ ਵਧੀਆ ਕਿਤਾਬਾਂ ਬੰਦੇ ਨੂੰ ਚੰਗਾ ਇਨਸਾਨ ਬਣਾਉਣ ‘ਚ ਮਦਦ ਕਰਦੀਆਂ ਹਨ। ਅੰਤਾਂ ਦੀ ਅਮੀਰੀ ਬਖਸ਼ਦੀਆਂ ਹਨ। ਬੰਦੇ ਨੂੰ ਮੁਹੱਬਤ ਕਰਨ ਦੀ ਜਾਚ ਸਿਖਾਉੰਂਦੀਆਂ ਹਨ। ਸ਼ਿੱਦਤ ਨਾਲ ਜਿਊਣ ਦੀ ਜਾਚ ਆਉਂਦੀ ਹੈ। ਜਿੰLਦਗੀ ‘ਚ ਪਸਰੇ ਹਨੇਰ ਨੂੰ ਖਿੜ੍ਹੇ ਮੱਥੇ ਚੁਣੌਤੀ ਦੇਣ ਦੀ ਹਿੰਮਤ ਰੱਖਦੀਆਂ ਹਨ ਕਿਤਾਬਾਂ।”
ਸ਼ਾਇਦ ਉਪਰੋਕਤ ਕਹੀਆਂ ਗੱਲਾਂ ਕਰਕੇ ਹੀ ਉਹ ਚੰਗੀਆਂ ਕਿਤਾਬਾਂ ਪਤਾਲ ‘ਚੋਂ ਵੀ ਲੱਭ ਲਿਆਉਂਦਾ ਹੈ। ਅੰਮ੍ਰਿਤਸਰ ਦਾ ਹਾਲ ਬਾਜ਼ਾਰ, ਵੱਖ-ਵੱਖ ਥਾਈਂ ਲੱਗਦੇ ਪੁਸਤਕ ਮੇਲੇ, ਦਿੱਲੀ ਦਾ ਪੁਸਤਕ ਮੇਲਾ, ਜਿੱਥੇ ਉਹ 1994 ਤੋਂ ਜਾਂਦਾ ਹੈ। ਚੰਡੀਗੜ੍ਹ ਦਾ ਪੰਜਾਬ ਬੁੱਕ ਸੈਂਟਰ, “ਬਰਾਊਜਰ ਦੁਕਾਨ‘ ਪਟਿਆਲੇ ਦਾ ‘ਮਦਾਨ ਬੁੱਕ ਡਿੱਪੂ’ ਦੇਹਰਾਦੂਨ ਦੀ ਅੰਗਰੇਜ਼ੀ ਕਿਤਾਬਾਂ ਦੀ ਦੁਕਾਨ, ਅਜਿਹੇ ਹੋਰ ਕਈ ਟਿਕਾਣੇ ਹਨ; ਜਿਥੋਂ ਬੱਲ ਪੰਡ ਬੰਨ੍ਹ ਕੇ ਕਿਤਾਬਾਂ ਲਿਆਉਂਦਾ ਹੈ। ਇਸ ਤੋਂ ਬਿਨ੍ਹਾਂ ਉਹ ਅਪਣੇ ਵਿਦੇਸ਼ ਗਏ ਪੁੱਤਰ ਤੋਂ ਵੀਂ ਕਿਤਾਬਾਂ ਮੰਗਵਾਉੰਦਾ ਹੈ।
ਉਸਦੇ ਕਿਤਾਬੀ ਪਿਆਰ ਨਾਲ ਜੁੜੀ ਇੱਕ ਨਿੱਕੀ ਜਿਹੀ ਕਹਾਣੀ ਹੈ ਕਿ ਇੱਕ ਵਾਰ ਉਹ ਕਿਸੇ ਕੰਮ ਤੋਂ ਟੱਲਦਾ ਸ਼ਿਮਲੇ ਦੀ ਇੱਕ ਸੰਸਥਾ ‘ਚ ਦਾਖ਼ਲਾ ਲੈ ਲੈਂਦਾ ਹੈ। ਲੋਕ ਕਹਿੰਦੇ ‘ਬਾਈ ਬੱਲ ਇਨ੍ਹਾਂ ਦੋ ਸਾਲਾਂ ‘ਚ ਕੋਈ ਥੀਸਿਜ਼ ਲਿਖ ਕੇ ਆਊ‘ ਪਰ ਬੱਲ ਸਾਹਬ ਸੰਸਥਾ ਦੀ ਲਾਇਬ੍ਰੇਰੀ ਦੀਆਂ ਸਭ ਕਿਤਾਬਾਂ ਘੋਟ ਕੇ ਪੀ ਗਏ ਤੇ ਵਾਪਸ ਖਾਲੀ ਹੱਥ ਆ ਗਏ ਬਗੈਰ ਕਿਸੇ ਥੀਸਿਜ਼ ਲਿਖੇ।
ਬੱਲ ਨੂੰ ਪੰਜਾਬੀਆਂ ਦੀ ਪੜ੍ਹਨ ਦੀ ਘੱਟ ਰਹੀ ਰੂਚੀ ‘ਤੇ ਚਿੰਤਾ ਹੈ। ਉਸ ਅਨੁਸਾਰ ਆਧੁਨਿਕ ਸਾਧਨਾਂ ਨੇ ਤਾਂ ਮਨੁੱਖ ਨੂੰ ਹੋਰ ਵੀ ਕਿਤਾਬਾਂ ਤੋਂ ਦੂਰ ਕਰ ਦਿੱਤਾ ਹੈ।
ਕਿਤਾਬਾਂ ਦੇ ਨਾਲ ਹੀ ਬੱਲ ਨੂੰ ਹਰ ਤਰ੍ਹਾਂ ਦੀ ਕਲਾ ਨਾਲ ਪਿਆਰ ਹੈ। ਉਹ ਕਲਾ ਨੂੰ ਬਹੁਤ ਵੱਡੀ ਚੀਜ਼ ਮੰਨਦਾ ਹੈ। ਚਿੱਤਰਕਾਰੀ ‘ਚ ਉਹ ਅੰਮ੍ਰਿਤਾ ਸ਼ੇਰਗਿੱਲ ਦੀਆਂ ਪੇਂਟਿੰਗਾਂ ਦਾ ਪ੍ਰਸੰਸਕ ਹੈ। ਉਹ ਫਿਲਮਾਂ ਵੀ ਦੇਖਦਾ ਹੈ ਤੇ ਖੇਡਾਂ ਦਾ ਵੀ ਸ਼ੌਕੀਨ ਹੈ। ਫੁੱਟਬਾਲ ਦੀ ਖੇਡ ਉਸਨੂੰ ਬਹੁਤ ਪਸੰਦ ਹੈ। ਉਹ ਫੁੱਟਬਾਲ ਦੀ ਖੇਡ ਨੂੰ ਵੀ ਕਲਾ ਆਖਦਾ ਹੈ।
ਅੱਤਵਾਦ ਦੇ ਸਮੇਂ ਬੱਲ ਨੂੰ ਇੱਕ ਨਵਾਂ ਸ਼ੌਕ ਪੈਦਾ ਹੋ ਗਿਆ। ਬੱਲ ਅਪਣੇ ਦੇਸੀ ਜਿਹੇ ਝੋਲੇ ‘ਚ ਇੱਕ ਰਜਿਸਟਰ ਪਾ ਕੇ ਨਿਕਲ ਤੁਰਦਾ । ਜਿਸ ਵੀ ਪਿੰਡ ਦਹਿਸ਼ਤਗਰਦਾਂ ਨੇ ਕੋਈ ਬੇਕਸੂਰ ਮਾਰਿਆ ਹੁੰਦਾ ਜਾਂ ਪੁਲਿਸ ਹੱਥੋਂ ਕੋਈ ਦਹਿਸ਼ਤਗਰਦ ਮਾਰਿਆ ਜਾਂਦਾ, ਬੱਲ ਉਸ ਪਿੰਡ- ਘਰ ਜਾ ਕੇ ਮਾਰੇ ਗਏ ਵਿਅਕਤੀ ਬਾਰੇ ਜਾਣਕਾਰੀ ਇੱਕਠੀ ਕਰਦਾ। ਜਦੋਂ ਕਦੇ ਖ਼ਤਰੇ ‘ਚ ਘਿਰ ਜਾਂਦਾ ਪੱਤਰਕਾਰਾਂ ਵਾਲਾ ਸ਼ਨਾਖ਼ਤੀ ਕਾਰਡ ਵਿਖਾ ਕੇ ਖਹਿੜਾ ਛੁਡਾਉਂਦਾ। ਮੈਨੂੰ ਕੁਝ ਬੰਦਿਆਂ ਤੋਂ ਇਹ ਪਤਾ ਲੱਗਾ ਹੈ ਕਿ ਬੱਲ ਅੱਤਵਾਦ ਦੇ ਸਮੇਂ ਕਈਂ ਨਾਮੀਂ ਅੱਤਵਾਦੀਆਂ ਨਾਲ ਮੀਟਿੰਗਾਂ ਕਰਦਾ ਰਿਹਾ ਹੈ। ਜਦੋਂ ਮੈਂ ਬੱਲ ਨੂੰ ਇਸਦੇ ਬਾਰੇ ਪੁੱਛਿਆ ਤਾਂ ਉਹੋ ਖਚਰੀ ਜਿਹੀ ਹਾਸੀ ਹੱਸਕੇ ਕਹਿੰਦਾ “ਛੱਡ ਯਾਰ, ਛੱਡ ਪਰ੍ਹਾਂ।”
ਵਾਕਿਆ ਹੀ ਗੱਲਬਾਤ ਕਰਕੇ ਪਤਾ ਲੱਗਦਾ ਹੈ ਕਿ ਬੱਲ ਬਿਲਕੁਲ ਵੀ ਸਿੱਧਾ-ਪੱਧਰਾ ਬੰਦਾ ਨਹੀਂ ਹੈ। ਬਹੁਤ ਹੀ ਟੇਢਾ ਬੰਦਾ ਹੈ। ਛੇਤੀ ਹੱਥ ਆਉਣ ਵਾਲਾ ਵੀ ਨਹੀਂ। ਮਨ ‘ਚ ਇੱਕ ਖ਼ਿਆਲ ਵਾਰ-ਵਾਰ ਜ਼ਰੂਰ ਆਉਂਦਾ ਹੈ ਕਿ ਏਨਾ ਵੱਡਾ ਪਾਠਕ, ਖੋਜੀ ਤੇ ਗਿਆਨੀ ਆਖਰ ਲਿਖਣਾ ਕਦੋਂ ਸ਼ੁਰੂ ਕਰੇਗਾ ?

ਸ਼ਿਵ ਇੰਦਰ ਸਿੰਘ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!