ਜੇ ਅਪਨੀ ਬਿਰਥਾ ਕਹੂੰ – ਬਲਜਿੰਦਰ ਨਸਰਾਲੀ

Date:

Share post:

ਨਿਰਮੈਲ, ਨਿੰਦਰ ਤੇ ਨੈਵੀ ਸਾਡੀਆਂ ਤਿੰਨ ਪੀੜ੍ਹੀਆਂ ਦੇ ਨਾਮ ਹਨ।
ਮੇਰਾ ਪੁੱਤਰ ਨਿੰਦਰ ਮਾਂ ਮੇਰੇ ’ਤੇ ਗਿਆ ਹੈ। ਜਦੋਂ ਉਹ ਨਵਾਂ-ਨਵਾਂ ਜਵਾਨ ਹੋਇਆ ਸੀ, ਲੋਕ ਉਸ ਨੂੰ ਮੇਰਾ ਭਰਾ ਸਮਝ ਲੈਂਦੇ ਸਨ। ਨਿੰਦਰ ਦਾ ਬੇਟਾ ਨੈਵੀ ਬਿਲਕੁਲ ਮੇਰੇ ਵਾਂਗ ਤੁਰਦਾ ਹੈ। ਇਕ ਬਾਂਹ ਤੇਜ-ਤੇਜ ਮਾਰਦਾ ਜਿਵੇਂ ਕੋਈ ਬੰਦਾ ਮਨ ’ਤੇ ਬੋਝ ਪਾਈਂ ਕਿਸੇ ਨਾਲ ਸਿੱਝਣ ਤੁਰਿਆ ਜਾ ਰਿਹਾ ਹੋਵੇ। ਮਿਲਦੀਆਂ-ਜੁਲਦੀਆਂ ਸ਼ਕਲਾਂ-ਸੂਰਤਾਂ ਦੀ ਗੱਲ ਚੱਲਦਿਆਂ ਹੀ ਇਕ ਵਾਰ ਨਿੰਦਰ ਨੇ ਕਿਹਾ ਸੀ, “ਪਾਪਾ ਸ਼ਾਇਦ ਇਸੇ ਕਾਰਨ ਬੰਦੇ ਅੰਦਰ ਬੱਚਾ ਜੰਮਣ ਦੀ ਇੱਛਾ ਹੁੰਦੀ ਐ। ਬੱਚੇ ਦੇ ਰੂਪ ਵਿਚ ਆਪਣਾ ਅੰਸ਼ ਧਰਤੀ ’ਤੇ ਛੱਡਣ ਤੋਂ ਬਾਅਦ, ਮੌਤ ਨੂੰ ਸਵੀਕਾਰ ਕਰਨਾ ਉਸ ਨੂੰ ਸੌਖਾ ਲਗਦਾ ਹੈ। ਬੱਚਾ ਬੰਦੇ ਦਾ ਅਗਲਾ ਜਨਮ ਹੁੰਦੈ, ਤੁਸੀਂ ਮੇਰਾ ਪਿਛਲਾ ਜਨਮ ਹੋ…..।”
ਮੈਂ ਇਸ ਗੱਲ ਨੂੰ ਇਸ ਤਰਾਂ ਜੋੜ ਲਿਆ: ਨਿੰਦਰ ਆਪਣੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਖਾ ਰਿਹੈ। ਪਿਛਲੇ ਜਨਮ ਜਾਣੀ ਮੈਂ ਨਿਰਮੈਲ ਸਿੰਘ ਨੇ ਮਿਹਨਤ ਕੀਤੀ; ਆਪਣੇ ਘਰ ਦੀ ਖੇਤੀ ਨੂੰ ਪੈਰਾਂ ’ਤੇ ਖੜੀ ਕੀਤਾ, ਨਿੰਦਰ ਨੂੰ ਪੜ੍ਹਾਇਆ, ਨੌਕਰੀ ’ਤੇ ਲਗਵਾਇਆ ਤੇ ਹੁਣ ਉਹ ਮੇਰੇ ਕਰਮਾਂ ਦਾ ਫਲ ਖਾ ਰਿਹੈ। ਸ਼ਹਿਰ ਰਹਿੰਦੈ; ਆਰਾਮ ਦੀ ਨੌਕਰੀ ਕਰਦੈ; ਸਾਡੇ ਨਾਲੋਂ ਜ਼ਿਆਦਾ ਵਧੀਆ ਦਿਨ ਕੱਟਦੈ। ਪਰ ਉਹ ਆਪਣੇ ਕਰਮਾਂ ਦਾ ਫਲ ਸਾਨੂੰ ਕਿਉਂ ਨਹੀਂ ਖਵਾਉਂਦਾ? ਉਹ ਤਾਂ ਮੇਰੀ ਕਰਜ਼ਾ ਲਾਹੁਣ ਲਈ ਵੇਚੀ ਜ਼ਮੀਨ ਵਿਚੋਂ ਵੀ ਆਪਣੇ ਹਿੱਸੇ ਦੇ ਪੈਸੇ ਲੈ ਗਿਆ।
“ਪਾਪਾ! ਫੇਰ ਬੜੇ ਪਾਪਾ ਦਾ ਤਾਂ ਪਿਛਲਾ ਜਨਮ ਹੈ ਈ ਨੀਂ, ਇਹ ਕਿਥੋਂ ਆਗੇ?” ਮੇਰੇ ਪੋਤੇ ਨੈਵੀ ਨੇ ਸਵਾਲ ਕੀਤਾ ਸੀ।
“ਨਹੀਂ ਬੇਟੇ, ਬੜੇ ਪਾਪਾ ਦੇ ਬਾਪੂ ਜੀ ਹੈਗੇ ਸੀ ਪਰ ਉਨ੍ਹਾਂ ਦੀ ਬਹੁਤ ਸਾਲ ਪਹਿਲਾਂ ਮੌਤ ਹੋ ਗਈ ਸੀ।”
“ਉਨ੍ਹਾਂ ਦਾ ਨਾਮ ਕੀ ਸੀ ਪਾਪਾ?”
“ਚੁੱਪ ! ਖ਼ਬਰਦਾਰ! ਜੇ ਉਸ ਕਾਲੇ ਮੂੰਹ ਵਾਲੇ ਦਾ ਨਾਮ ਲਿਆ ਕਿਸੇ ਨੇ, ਕੋਈ ਹੋਰ ਗੱਲ ਨੀਂ ਕਰ ਹੁੰਦੀ ਥੋਤੋਂ?” ਪਰੇ ਬੈਠੀ ਮੇਰੀ ਬੀਬੀ, ਨਿੰਦਰ ਦੀ ਦਾਦੀ, ਨੈਵੀ ਦੀ ਪੜਦਾਦੀ, ਉਚੀ ਦੇਣੀ ਬੋਲੀ ਸੀ।
ਸਾਡੇ ਘਰ ਵਿਚ ਮੇਰੇ ਬਾਪੂ ਨਛੱਤਰ ਸਿਹੁੰ ਦਾ ਨਾਮ ਕਦੇ ਨਹੀਂ ਲਿਆ ਜਾਂਦਾ। ਅਸੀਂ ਆਪਣੇ ਬਾਪ ਦਾਦੇ ਦਾ ਸੁੱਖ ਦੇਖਿਆ ਹੀ ਨਹੀਂ। ਮੈਨੂੰ ਆਪਣਾ ਪਿਛੋਕੜ ਗ਼ੈਰ-ਹਾਜ਼ਰ ਪ੍ਰਤੀਤ ਹੁੰਦਾ ਰਹਿੰਦੈ। ਨੈਵੀ ਦੀ ਇਹ ਗੱਲ ਵੀ ਬੜੀ ਸ਼ਿੱਦਤ ਨਾਲ ਮਹਿਸੂਸ ਹੋਈ ਕਿ ਮੇਰਾ ਪਿਛਲਾ ਜਨਮ, ਹੈ ਨਹੀਂ।
ਸਾਡਾ ਪਿਉ ਪਿੰਡ ਦਾ ਸਾਰਿਆਂ ਨਾਲੋਂ ਵਿਗੜਿਆ ਹੋਇਆ ਮੁੰਡਾ ਸੀ। ਸਾਡੇ ਪਿਉ ਦੇ ਮਾਮੇ ਨੇ ਭਾਣਜ ਮੋਹ ਵਿਚ ਉਸ ਨੂੰ ਰਿਸ਼ਤਾ ਕਰਾ ਦਿੱਤਾ ਦੂਰ ਪੁਆਧ ਦੇ ਪਿੰਡ ਚੂਹੜ ਮਾਜਰੇ ਤੋਂ ਸਾਡੀ ਬੀਬੀ ਦਾ, ਜੀਹਦੇ ਵਰਗੀ ਸੋਹਣੀ ਕੁੜੀ ਚੂਹੜ ਮਾਜਰੇ ਵਿਚ ਹੋਰ ਕੋਈ ਨਹੀਂ ਸੀ ਤੇ ਜੀਹਦੇ ਵਰਗੀ ਸੋਹਣੀ ਬਹੂ ਸਾਡੇ ਪਿੰਡ ਵਿਚ ਨਹੀਂ ਸੀ। ਪੰਜ ਭਰਾਂਵਾਂ ਦੀ ’ਕੱਲੀ ਭੈਣ ਤੇ ਪੁੱਜ ਕੇ ਸੋਹਣੀ।
ਬੀਬੀ ਦੇ ਸੁਹੱਪਣ ਦੀ ਬਾਪੂ ਨੂੰ ਭੋਰਾ ਕਦਰ ਨਹੀਂ ਸੀ। ਉਹ ਜਿਵੇਂ ਉਸਦੇ ਸੋਹਣੇਪਣ ’ਤੇ ਚਿੜ੍ਹਦਾ ਸੀ। ਆਏ ਦਿਨ ਉਹ ਬੀਬੀ ਨੂੰ ਛੱਲੀਆਂ ਵਾਂਗ ਕੁੱਟ ਸਿੱਟਦਾ। ਅਸੀਂ ਦੋਏ ਭਾਈ ਗਲੀ ’ਚ ਖੜਕੇ ਚੀਕ ਚਿਹਾੜਾ ਪਾ ਦਿੰਦੇ। ਆਂਢਣਾ-ਗੁਆਂਢਣਾ ਬੀਬੀ ਨੂੰ ਛੁਡਾਉਂਦੀਆਂ।
“ਜੈ ਵੱਢੀ ਦਿਆ, ਮਾਰਨੀ ਐ ਹੁਣ ਇਹ, ਚੱਲ ਨਿਕਲ ਬਾਹਰ, ਐਹਜੀ ਸੋਹਣੀ ਬਹੂ ਮਿਲੀ ਐ। ਲੋਕ ਤਰਸਦੇ ਨੇ ਬਈ ਮਿੱਟੀ ਦੀ ਓ ਥਿਆ ਜਾਵੇ। ਬਾਂਦਰਾਂ ਨੂੰ ਬਨਾਰਸ ਦੀਆਂ ਟੋਪੀਆਂ….,” ਦੇਬੋ ਬੁੜ੍ਹੀ ਉਸ ਨੂੰ ਧੱਕ ਕੇ ਬਾਹਰ ਕੱਢਦੀ। ਅਸੀਂ ਡਰ ਕੇ ਹੋਰ ਪਰੇ ਭੱਜ ਜਾਂਦੇ। ਬਾਪੂ ਅੱਗ ਬਰਸਾਉਂਦੀਆਂ ਨਜ਼ਰਾਂ ਨਾਲ ਸਾਡੇ ਵੱਲ ਝਾਕਦਾ ਤੇ ਫਿਰ ਵਾਹੋਦਾਹੀ ਪਰੇ ਨੂੰ ਚਲੇ ਜਾਂਦਾ।
“ਦਿਆਲੇ ਬੰਦਿਆ! ਤੇਰਾ ਸੱਤੇ ਜਨਮ ਭਲਾ ਨਾ ਹੋਵੇ ਜਿਹੜਾ ਤੂੰ ਮੈਨੂੰ ਨਰਕ ਵਿਚ ਲਿਆ ਕੇ ਸੁਟਿੱਆ…,” ਰੋਣਾ ਬੰਦ ਕਰਕੇ ਬੀਬੀ ਆਪਣੇ ਵਿਚੋਲੇ ਨੂੰ ਪੁਣਨਾ ਸ਼ੁਰੂ ਕਰ ਦਿੰਦੀ।
ਹੁਣ ਜਦੋਂ ਮੈਂ ਕਿੱਕਰਪੁਰੇ ਵਾਲੇ ਦਿਆਲੇ ਦੇ ਘਰ ਵੱਲ ਦੇਖਦਾਂ ਤਾਂ ਮੈਨੂੰ ਬੀਬੀ ਦੇ ਬੋਲ ਪੁੱਗ ਗਏ ਲੱਗਦੇ ਹਨ। ਦਿਆਲੇ ਤੋਂ ਲੈ ਕੇ ਉਹਦੇ ਪੜੋਤਰਿਆਂ ਤੱਕ ਚਾਰ ਪੀੜੀਆਂ ਤਾਂ ਮੈਂ ਦੇਖ ਹੀ ਸਕਦਾਂ। ਉਸਦੇ ਪੋਤਰਿਆਂ ਨੇ ਜ਼ਮੀਨ ਵੇਚਕੇ ਨੇੜੇ ਲਾਲੀ ਤੇ ਪੜੋਤਰੇ ਫੈਂਸੀਆਂ ਪੀਂਦੇ ਫਿਰਦੇ ਨੇ।
ਊਂ ਜ਼ਮੀਨ ਤਾਂ ਮੈਂ ਵੀ ਵੇਚੀ ਐ, ਦਾਰੂ ਮੇਰਾ ਛੋਟਾ ਮੁੰਡਾ ਕਰਮਾਂ ਰੋਜ਼ ਪੀਂਦੈ। ਫਿਰ ਸਾਡੇ ਟੱਬਰ ਨੂੰ ਕੀਹਦੀ ਦੁਰਸੀਸ ਲੱਗ ਗਈ?
ਰਾਤ ਨੂੰ ਮੰਜੇ ’ਤੇ ਪੈਣ ਲੱਗੀ ਬੀਬੀ ਦੀਆਂ ਸੱਟਾਂ ਦੁਖਦੀਆਂ ਤਾਂ ਉਹ ਕਿਸੇ ਗੁਰੂ ਪੀਰ ਵਾਂਗ ਗਿਣ-ਮਿਥ ਕੇ ਆਖਦੀ, “ਨਛੱਤਰ ਬੰਦਿਆ ਮੈਂ ਤਾਂ ਕਹਿੰਨੀ ਆਂ ਤੂੰ ਬਾਹਰ ਗਿਆ ਹੀ ਰਹਿ ਜਾਵੇਂ…..।”
ਇਹ ਬੀਬੀ ਦੀ ਦੁਰਸੀਸ ਦਾ ਅਸਰ ਸੀ ਜਾਂ ਬਾਪੂ ਦੀਆਂ ਕਰਨੀਆਂ ਦਾ ਫਲ ਸੀ, ਪਤਾ ਨਹੀਂ ਕੀ ਸੀ। ਬਾਪੂ ਬਾਹਰ ਗਿਆ ਹੀ ਰਹਿ ਗਿਆ ਸੀ। ਬਾਹਰੋਂ ਉਸ ਦੀ ਸਿਰਫ ਲਾਸ਼ ਆਈ ਸੀ। ਬੀਬੀ ਰੋਈ ਸੀ, ਪਤਾ ਨੀਂ ਲੋਕ ਲੱਜ ਨੂੰ, ਪਤਾ ਨਹੀਂ ਆਪਣੀ ਮਾੜੀ ਕਿਸਮਤ ਨੂੰ ਜਾਂ ਸ਼ਾਇਦ ਇਕ ਵਿਧਵਾ ਔਰਤ ਦੇ ਭਵਿੱਖ ਨੂੰ ਦੇਖਕੇ।
ਬੀਬੀ ਨੂੰ ਲੋਕਾਂ ਨੇ ਘਰ ਆ-ਆ ਕੇ ਬਾਪੂ ਦੇ ਕਾਤਲਾਂ ਬਾਰੇ ਦੱਸਿਆ ਪਰ ਬੀਬੀ ਨੇ ਇਕ ਕੰਨ ਪਾ ਕੇ ਦੂਜੇ ਕੰਨ ਕੱਢ ਦਿੱਤਾ। ਸਾਰਾ ਧਿਆਨ ਸਾਨੂੰ ਦੋਵਾਂ ਭਰਾਵਾਂ ਨੂੰ ਪਾਲਣ ’ਤੇ ਲਾ ਦਿੱਤਾ। ਸਾਡੇ ਪੰਜਾਂ ਮਾਮਿਆਂ ਵਿਚੋਂ ਦੋ ਮਾਮੇ ਸਾਡੇ ਕੋਲ ਰਹਿਣ ਲੱਗ ਪਏ। ਸਾਡੇ ਜਵਾਨ ਹੋਣ ਤੱਕ ਸਾਡੇ ਮਾਮਿਆਂ ਨੇ ਸਾਡੀ ਮਾਂ ਦਾ ਰੰਡੇਪਾ ਕਟਵਾਇਆ। ਬੀਬੀ ਬਾਰਾਂ ਕੀਲਿਆਂ ਵਿਚੋਂ ਦੋ ਕੀਲੇ ਕੋਲ ਰੱਖ ਕੇ ਬਾਕੀ ਬਟਾਈ ’ਤੇ ਦੇਈ ਰੱਖਦੀ। ਦੋ ਕੀਲਿਆਂ ਵਿਚ ਪਸ਼ੂਆਂ ਜੋਗਾ ਨੀਰਾ ਬੀਜਵਾ ਲੈਂਦੀ। ਵੱਡੇ ਮਾਮੇ ਆ ਕੇ ਬੀਜ ਜਾਂਦੇ। ਛੋਟੇ ਮਾਮੇ ਸਾਡੇ ਕੋਲ ਹੀ ਰਹਿੰਦੇ। ਉਹ ਸਕੂਲ ਕਦੇ ਗਏ ਹੀ ਨਹੀਂ ਸਨ। ਮੈਂ ਤੇ ਮੇਰੇ ਤੋਂ ਛੋਟਾ ਭਜਨਾ ਸਕੂਲ ਜਾਂਦੇ। ਸਕੂਲੋਂ ਆਕੇ ਮਾਮਿਆਂ ਨਾਲ ਮੱਝਾਂ ਚਾਰਨ ਵੀ ਚਲੇ ਜਾਂਦੇ।
ਚੀਨ ਦੀ ਲੜਾਈ ਲੱਗ ਕੇ ਹਟੀ ਸੀ। ਫੌਜੀ ਚੰਗੇ-ਚੰਗੇ ਲੱਗਦੇ। ਟਰਾਲੀਆਂ ਦੇ ਪਿੱਛੇ ‘ਜੈ ਜਵਾਨ ਤੇ ਜੈ ਕਿਸਾਨ’ ਲਿਖਿਆ ਚੰਗਾ ਲੱਗਦਾ। ਮੈਂ ਤੇ ਦੀਵੇ ਆਲਾ ਬੰਤ ਸਕੂਲ ਦੇ ਗਰਾਂਊਂਡ ਵਿਚ ਬੈਠੇ ਸੜਕ ਤੋਂ ਲੰਘਦੇ ਕਿਸੇ ਟਰੈਕਟਰ ਨੂੰ ਦੇਖਦੇ ਤਾਂ ਟਰੈਕਟਰ ਦੀ ਟੌਅਰ ਦੀਆਂ ਗੱਲਾਂ ਕਰਦੇ। ਸਕੂਲ ਨੇੜਲੇ ਕਿਸੇ ਖੇਤ ਵਿਚ ਟਰੈਕਟਰ ਵਾਹੁੰਦਾ ਤਾਂ ਅਸੀਂ ਖੇਤ ਦੀ ਵੱਟ ’ਤੇ ਜਾ ਖੜਦੇ। ਧਰਤੀ ਦੀ ਹਿੱਕ ਪਾੜਦੇ ਜਾਂਦੇ ਟਰੈਕਟਰ ਨੂੰ ਦੇਖ ਕੇ ਅਸੀਂ ਨਸ਼ਿਆ ਜਾਂਦੇ। ਦਸਵੀਂ ’ਚ ਪੜ੍ਹਦਿਆਂ ਮੈਂ ਤੇ ਬੰਤ ਨੇ ਸਾਂਝਾ ਟਰੈਕਟਰ ਲੈਣ ਦੀ ਸਲਾਹ ਬਣਾ ਲਈ।
ਅਸੀਂ ਪੜ੍ਹਨੋਂ ਹੱਟ ਗਏ। ਭਜਨਾ ਪਹਿਲਾਂ ਹੀ ਲੰਗੇ-ਡੰਗ ਸਕੂਲ ਜਾਂਦਾ ਸੀ; ਮੇਰੀ ਰੀਸੇ ਉਹ ਵੀ ਹਟ ਗਿਆ।
ਮਾਮਿਆਂ ਨੇ ਹੌਸਲਾ ਦੇ ਦਿੱਤਾ, ਮੈਂ ਤੇ ਬੰਤ ਆਲੇ ਦੁਆਲੇ ਦੇ ਸ਼ਹਿਰਾਂ ਵਿਚ ਟਰੈਕਟਰ ਏਜੰਸੀਆਂ ਦੇ ਗੇੜੇ ਮਾਰਨ ਲੱਗੇ। ਬੰਤ ਕੋਲ ਪੈਸੇ ਤਿਆਰ ਸਨ। ਮੈਂ ਆਉਣ ਵਾਲੀ ਹਾੜੀ ਉਡੀਕ ਰਿਹਾ ਸੀ।
ਉਧਰ ਆਏ ਦਿਨ ਮੈਨੂੰ ਦੇਖਣ ਵਾਲੇ ਆਏ ਰਹਿੰਦੇ। ਮੈਂ ਕਿਸੇ ਦੇ ਆਉਣ ਬਾਰੇ ਸੁਣਦਾ ਤਾਂ ਸੰਗ ਕੇ ਮੂੰਹ ਪਰੇ ਨੂੰ ਕਰ ਲੈਂਦਾ। ਬੀਬੀ ਸੋਹਣੇ ਕਪੜੇ ਪਾਈਂ ਘਰ ਨੂੰ ਸੰਵਾਰਦੀ ਰਹਿੰਦੀ। ਉਸ ਨੂੰ ਜਵਾਨ ਹੋਏ ਪੁੱਤ ਦਾ ਚਾਅ ਸੀ। ਸਹੁਰੇ ਘਰ ਉਸ ਨੇ ਦੁੱਖ ਹੀ ਦੇਖੇ ਸਨ।
“ਦੇਣ ਲੈਣ ਦੀ ਸਾਨੂੰ ਕੋਈ ਝਾਕ ਨੀ ਪਰ ਮੁੰਡੇ ਕੁੜੀ ਕਾ ਮੇਲ ਹੋਵੈ,” ਉਹ ਵਿਚੋਲੇ ਕੋਲ ਆਖਦੀ।
ਅਖੀਰ ਬੀਬੀ ਨੇ ਪਾਇਲੀਏ ਜੰਗ ਸਿਹੁੰ ਦਾ ਲਿਆਂਦਾ ਮੰਡੀ ਦੇ ਲਾਗੇ ਵਸੇ ਪਿੰਡ ਕਕਰਾਲੇ ਦੀ ਕੁੜੀ ਦਾ ਰਿਸ਼ਤਾ ਲੈ ਲਿਆ। ਕੁੜੀ ਸ਼ਹਿਰ ਦੇ ਕੁੜੀਆਂ ਦੇ ਸਕੂਲ ਨੌਂਵੀਂ ਵਿਚ ਪੜ੍ਹਦੀ ਸੀ। ਬੀਬੀ ਨੇ ਸ਼ਰਤ ਰੱਖਤੀ ਬਈ ਕੁੜੀ ਨੂੰ ਨੌਂਵੀਂ ਕਰਕੇ ਹਟਾ ਲਿਉ। ਕਕਰਾਲੇ ਦੀਆਂ ਦੋ ਕੁੜੀਆਂ ਪਹਿਲਾਂ ਹੀ ਸਾਡੇ ਪਿੰਡ ਵਿਆਹੀਆਂ ਹੋਇਆਂ ਸਨ। ਉਹ ਬੀਬੀ ਨੂੰ ਆਖਦੀਆਂ, “ ਚਾਚੀ ਕੁੜੀ ਨੀ ਐਹਜੀ ਲੱਭਣੀ ਬਿਜਲੀ ਆਲੇ ਲਾਟੂ ਮਾਂਗੂ ਲਿਸ਼ਕੋਰਾਂ ਮਾਰਦੀ ਐ।”
ਬਿਜਲੀ ਉਦੋਂ ਟਾਂਵੇਂ-ਟਾਂਵੇਂ ਘਰ ਹੀ ਆਈ ਸੀ। ਜਿਸ ਘਰ ਵਿਚ ਬਲਵ ਜਗਦੇ ਹੁੰਦੇ ਲੋਕ ਉਧਰ ਝਾਕੀ ਜਾਂਦੇ।
ਮੇਰੀ ਮੰਗੇਤਰ ਸੁਖਜੀਤ ਕੌਰ ਉਰਫ਼ ਸੁਖਜੀਤ ਭੈਣ ਜੀ ਸੋਹਣੀ ਤਾਂ ਸੱਚ-ਮੁੱਚ ਹੀ ਏਨੀ ਸੀ ਕਿ ਜਦੋਂ ਇਹ ਰਿਸ਼ਤਾ ਟੁੱਟ ਗਿਆ ਤਾਂ ਸੱਚ-ਮੁੱਚ ਹੀ ਸਾਡੇ ਵਿਚੋਲੇ ਨੂੰ ਦੁਬਾਰਾ ਓਨੀ ਸੋਹਣੀ ਕੁੜੀ ਦਾ ਰਿਸ਼ਤਾ ਬੜੀ ਮੁਸ਼ਕਲ ਨਾਲ ਲੱਭਿਆ ਸੀ।
ਰਿਸ਼ਤਾ ਟੁਟੱਣ ਦੇ ਪਿੱਛੇ ਸਾਡੇ ਟੱਬਰ ਦੀ ਕੋਈ ਕਮੀ ਪੇਸ਼ੀ ਕਾਰਨ ਨਹੀਂ ਸੀ ਬਣੀ। ਸਾਡੀ ਦੋਵਾਂ ਭਰਾਵਾਂ ਦੀ ਤਾਂ ਲੋਕ ਮਿਸਾਲ ਦੇ ਕੇ ਗੱਲ ਕਰਦੇ ਸਨ। ਬੀਬੀ ਸਾਡੀ ਨੇ ਰੰਡੇਪਾ ਆਪਣੇ ਭਰਾਵਾਂ ਦੇ ਸਿਰ ’ਤੇ ਕੱਟ ਲਿਆ ਸੀ ਪਰ ਕਿਸੇ ਸ਼ਰੀਕ ਨੂੰ ਟੋਕਰਾ ਚੁਕਾਉਣ ਲਈ ਵੀ ਨਹੀਂ ਸੀ ਕਿਹਾ।
“ਰੰਡੀ ਤੀਵੀਂ ਨੂੰ ਤਾਂ ਲੋਕ ਟੁੱਕ ਤੇ ਡੇਲਾ ਈ ਸਮਝਦੇ ਹੁੰਦੇ ਨੇ, ਮੈਂ ਥੋਨੂੰ ਕੋਈ ਲਾਂਭਾ ਨੀਂ ਖੱਟਿਆ ਮੁੰਡਿਓ, ਹੁਣ ਦੱਬ ਕੇ ਖੇਤੀ ਕਰੋ, ਆਪਣਾ ਨਾਮ ਉਚਾ ਕਰੋ….,” ਬੀਬੀ ਹਮੇਸ਼ਾ ‘ਆਪਣਾ ਨਾਮ ਉਚਾ ਕਰੋ’ ਕਹਿੰਦੀ। ਕਦੇ ਇਹ ਨਾ ਕਹਿੰਦੀ ‘ਆਪਣੇ ਬਾਪ ਦਾਦੇ ਦਾ ਨਾਮ ਉਚਾ ਕਰੋ।’
ਅਸੀਂ ਆਪਣੀ ਜ਼ਮੀਨ ਦੇ ਨੰਬਰ ਦੇ ਕੇ ਦੀਵੇ ਵਾਲੇ ਬੰਤੇ ਨਾਲ ਸਾਂਝਾ ਮੈਸੀ ਫਰਗੂਸ਼ਨ ਟਰੈਕਟਰ ਲੈ ਆਂਦਾ। ਮੈਸੀ ਦੀ ਕੀਮਤ ਉਨ੍ਹਾਂ ਦਿਨਾਂ ਵਿਚ ਪੱਚੀ ਹਜ਼ਾਰ ਅੱਠ ਸੌ ਬੱਤੀ ਰੁਪਏ ਸੀ। ਪਿੰਡ ਵਿਚ ਗੱਲ ਪਹਿਲਾਂ ਹੀ ਧੁੰਮ ਗਈ ਸੀ ਕਿ ਨਿਰਮੈਲ ਓਣੀ ਲੁਧਿਆਣਿਓਂ ਟਰੈਕਟਰ ਲੈਣ ਗਏ ਹੋਏ ਨੇ। ਅਸੀਂ ਟਰੈਕਟਰ ਉਨ੍ਹਾਂ ਦਿਨਾਂ ਵਿਚ ਲਿਆਂਦਾ ਸੀ ਜਿਂਨ੍ਹਾਂ ਦਿਨਾਂ ਵਿਚ ਲੋਕਾਂ ਨੂੰ ਟਰੈਕਟਰ ਦਾ ਨਾਮ ਲੈਣਾ ਵੀ ਨਹੀਂ ਆਉਂਦਾ ਸੀ। ਕੋਈ ਟਰੈਟਰ ਕਹਿੰਦਾ ਤੇ ਕੋਈ ਟਰੈਗਟਰ ਬੋਲਦਾ।
ਪਿੰਡ ਵੜਦਿਆਂ ਈ ਲੋਕ ਟਰੈਕਟਰ ਦੇਖਣ ਲਈ ਸੱਥ ਵਿਚੋਂ ਉਠ ਕੇ ਸਾਡੇ ਪਿੱਛੇ ਲੱਗ ਤੁਰੇ। ਹਾਰਾਂ ਨਾਲ ਸਜਾਇਆ ਹੋਇਆ ਲਾਲ ਰੰਗ ਦਾ ਮੈਸੀ ਪਹਿਲਾਂ ਗੁਰਦੁਆਰੇ ਲਿਜਾਇਆ ਗਿਆ। ਮੱਥਾ ਟਿਕਾ ਕੇ ਫੇਰ ਆਪਣੇ ਅੰਦਰ ਵਾੜਿਆ ਗਿਆ। ਬੀਬੀ ਨੇ ਤੇਲ ਚੋਇਆ। ਲੋਕ ਦੇਖ-ਦੇਖ ਮੁੜਦੇ ਰਹੇ, ਸ਼ਾਮੀ ਅਸੀਂ ਟਰੈਕਟਰ ਨੂੰ ਬੰਤ ਕੇ ਘਰੇ ਲੈ ਗਏ। ਉਨ੍ਹਾਂ ਦੇ ਜੁਆਕ ਉਡੀਕ ਰਹੇ ਸਨ।
ਕਕਰਾਲੇ ਵਾਲੀ ਸੁਖਜੀਤ ਭੈਣ ਜੀ ਨਾਲ ਮੈਂ ਚਾਰ ਸਾਲ ਮੰਗਿਆ ਰਿਹਾ। ਮੰਗਣਾ ਟੁੱਟਣ ਤੋਂ ਪਹਿਲਾਂ ਅਸੀਂ ਬੰਤ ਓਣਾਂ ਨਾਲੋਂ ਟਰੈਕਟਰ ਦੀ ਸਾਂਝ ਤੋੜ ਲਈ ਸੀ।
ਸਾਡੀ ਸਾਂਝ ਮਸਾਂ ਦੱਸ ਮਹੀਨੇ ਚੱਲੀ। ਸਾਂਝੇ ਟਰੈਕਟਰ ਨਾਲ ਅਸੀਂ ਕਣਕ ਦੀ ਕਢਾਈ ਕੀਤੀ, ਤੂੜੀ ਘਰੇ ਲਿਆਂਦੀ, ਜੀਰੀ ਲਾਉਣ ਲਈ ਕੱਦੂ ਕੀਤਾ। ਜਾਂ..ਫਿਰ ਸਾਉਣੀ ਦੀ ਫਸਲ ਮੰਡੀ ਲਿਜਾਕੇ ਵੇਚੀ।
ਬੰਤ ਦਾ ਭਰਾ ਟਰੈਕਟਰ ਨੂੰ ਭਜਾਉਂਦਾ ਬਹੁਤ। ਸ਼ਹਿਰੋਂ ਮੁੜਦਾ ਤਾਂ ਟਰਾਲੀ ਗਿੱਠ-ਗਿੱਠ ਉਭੜਦੀ ਆਉਂਦੀ। ਮੈਂ ਤੜਪ ਕੇ ਰਹਿ ਜਾਂਦਾ। ਮੈਸੀ ਇੰਗਲੈਂਡ ਦੀ ਫਰਗੂਸ਼ਨ ਕੰਪਨੀ ਦਾ ਨਾਜ਼ੁਕ ਟਰੈਕਟਰ ਸੀ। ਅਸੀਂ ਤਾਂ ਦੋਵੇਂ ਭਰਾ ਉਸ ਨੂੰ ਪਾਲਸ਼ਾਂ ਕਰਦੇ ਨਾ ਥੱਕਦੇ।
ਮੈਂ ਤੇ ਭਜਨੇ ਨੇ ਸਾਂਝ ਤੋੜਨ ਦਾ ਫ਼ੈਸਲਾ ਕਰ ਲਿਆ। ਬੰਤ ਕਾ ਹਿੱਸਾ ਕੱਢਣ ਜੋਗੇ ਪੈਸੇ ਨਹੀਂ ਸਨ। ਮੈਂ ਮਾਮਿਆਂ ਕੋਲ ਚਲਾ ਗਿਆ। ਸਾਰੀ ਗੱਲ ਦੱਸੀ। ਮਾਮਿਆਂ ਨੇ ਏਧਰੋਂ-ਓਧਰੋਂ ਕਰਕੇ ਮੈਨੂੰ ਬੰਤ ਕਾ ਹਿੱਸਾ ਮੋੜਨ ਜੋਗਾ ਕਰ ਦਿੱਤਾ।
ਅਗਲੇ ਦਿਨ ਅਸੀਂ ਬਹਾਨੇ ਨਾਲ ਟਰੈਕਟਰ ਆਪਣੇ ਘਰ ਲੈ ਆਂਦਾ। ਸ਼ਾਮੀ ਬੰਤ ਨੂੰ ਸਾਰੀ ਗੱਲ ਸਮਝਾ ਕੇ ਪੈਸੇ ਉਸਦੇ ਹੱਥਾਂ ਵਿਚ ਥਮਾ ਦਿੱਤੇ। ਬੰਤ ਸਿਆਣਾ ਸੀ ਸਮਾਈ ਕਰ ਗਿਆ। ਕੋਈ ਹੋਰ ਹੁੰਦਾ ਵੱਧ-ਘੱਟ ਬੋਲਦਾ। ਬੇਸਵਾਦੀ ਪੈਦਾ ਕਰਦਾ। ਉਂਝ ਬੰਤ ਨੇ ਗੁੱਸਾ ਤਾਂ ਕੀਤਾ। ਅੰਦਰ ਰੱਖਿਆ। ਮੁੜਕੇ ਅੱਜ ਤੱਕ ਉਸਨੇ ਸਾਡੇ ਨਾਲ ਜੁਬਾਨ ਸਾਂਝੀ ਨਹੀਂ ਕੀਤੀ। ਮੰਡੀ ਜਾਣ ਲਈ ਵੀ ਉਸਨੇ ਸਾਡੇ ਪਿੰਡ ਵਾਲਾ ਰਸਤਾ ਹੀ ਛੱਡ ਦਿੱਤਾ। ਫਤਿਹਪੁਰ ਵੱਲ ਦੀ ਜਾਂਦਾ।
ਬਾਰਾਂ ਕੀਲਿਆਂ ਵਿਚੋਂ ਟਰੈਕਟਰ ਦੀ ਕਿਸ਼ਤ ਨਹੀਂ ਭਰੀ ਜਾ ਸਕਦੀ। ਅਸੀਂ ਪਿੰਡ ਵਿਚ ਇਹ ਵੀ ਨਹੀਂ ਕਹਾਉਣਾ ਚਾਹੁੰਦੇ ਸੀ ਕਿ ਸੀਬੋ ਬੁੜੀ ਦੇ ਮੁੰਡੇ ਵਿੱਤੋਂ ਬਾਹਰ ਚੱਲ ਗਏ। ਪਿੰਡ ਦੇ ਕਈ ਘੱਟ ਜ਼ਮੀਨੇ ਜੱਟ ਤਾਂ ਇੰਜਣਾਂ ਨੇ ਹੀ ਡੋਬਤੇ ਸੀ। ਹੁਣ ਕੋਈ ਕਹਿ ਸਕਦੈ ਬਈ ਇੰਜਣ ਕੀ ਚੀਜ਼ ਹੁੰਦੈ! ਉਦੋਂ ਇੰਜਣ ਦੀ ਕਿਸ਼ਤ ਭਰਨੀ ਵੀ ਛੋਟੇ ਜਿੰਮੀਦਾਰਾਂ ਵਾਸਤੇ ਔਖੀ ਹੁੰਦੀ ਸੀ। ਸਾਡਾ ਗੁਆਂਢੀ ਭੋਲੇ ਦਾ ਮੁੜਕੇ ਕੰਮੇਂ ਨੀਂ ਸੂਤ ਆਇਆ। ਹੁਣ ਭੋਲੇ ਦਾ ਮੁੰਡਾ ਸ਼ਹਿਰ ਦਿਹਾੜੀ ਕਰਨ ਜਾਂਦੈ, ਚਮਾਰਾਂ ਦੇ ਮੁੰਡਿਆਂ ਨਾਲ। ਨੂੰਹ ਕੱਪੜੇ ਸਿਉਂਦੀ ਆ, ਗੁਜ਼ਾਰਾ ਫੇਰ ਨੀਂ ਹੁੰਦਾ। ਘਰ ਵਿਚ ਭੰਗ ਭੁੱਜਦੀ ਐ। ਚਾਹ ਬਣਾਉਣ ਨੂੰ ਦੁੱਧ ਨੀਂ ਹੁੰਦਾ। ਇਨ੍ਹਾਂ ਦੀਆਂ ਕੁੜੀਆਂ ਮੇਰੇ ਪੋਤੇ ਨੂੰ ਖਿਡਾਉਣ ਲੈ ਜਾਂਦੀਆਂ। ਕੁਝ ਦੇਰ ਬਾਅਦ ਆ ਕੇ ਕਹਿੰਦੀਆਂ, “ ਬੇਬੇ ਜੀ, ਕਾਕਾ ਰੋਂਦੈ, ਉਹਦੀ ਸ਼ੀਸ਼ੀ ’ਚ ਦੁੱਧ ਪਾ ਕੇ ਦਿਓ।”
ਕਰਮੇਂ ਦੀ ਘਰਵਾਲੀ ਦੁੱਧ ਪਾ ਕੇ ਦੇ ਦਿੰਦੀ। ਕੁੜੀਆਂ ਪੌਣੇ ਘੰਟੇ ਬਾਅਦ ਫਿਰ ਆ ਜਾਂਦੀਆਂ, “ਭਾਬੀ ਜੀ ਕਾਕਾ ਦੁੱਧ ਮੰਗਦੈ..।” ਕਰਮੇਂ ਦੀ ਘਰਵਾਲੀ ਫਿਰ ਸ਼ੀਸ਼ੀ ਧੋ ਕੇ ਦੁੱਧ ਪਾ ਕੇ ਦੇ ਦਿੰਦੀ। ਇਹ ਤਾਂ ਖਾਸਾ ਚਿਰ ਬਾਅਦ ਪਤਾ ਲੱਗਾ ਬਈ ਉਹ ਦੁੱਧ ਦੀ ਚਾਹ ਬਣਾ ਲੈਂਦੀਆਂ ਸਨ। ਮੁੰਡੇ ਦੀ ਸ਼ੀਸ਼ੀ ਵਿਚ ਵੀ ਚਾਹ ਹੀ ਪਾ ਦਿੰਦੀਆਂ।
ਜਦੋਂ ਪਤਾ ਲੱਗਿਆ ਤਾਂ ਅਸੀਂ ਨਾਲੇ ਤਾਂ ਉਨ੍ਹਾਂ ਦੀ ਹੁਸ਼ਿਆਰੀ ’ਤੇ ਹੱਸੀਏ ਨਾਲੇ ਅਰਦਾਸ ਕਰੀਏ, ਹੇ ਪ੍ਰਮਾਤਮਾ ਗਰੀਬੀ ਨਾ ਕਿਸੇ ਨੂੰ ਦੇਈਂ।
ਵਿਹਲੇ ਸਮੇਂ ਅਸੀਂ ਟਰੈਕਟਰ ਟਰਾਲੀ ਕਿਰਾਏ ’ਤੇ ਲਾਈ ਰੱਖਦੇ। ਉਨ੍ਹਾਂ ਦਿਨਾਂ ਵਿਚ ਵਿਆਹਾਂ ਵਾਲੇ ਬੜੇ ਚਾਅ ਨਾਲ ਟਰੈਕਟਰ ਟਰਾਲੀ ਕਿਰਾਏ ’ਤੇ ਕਰਦੇ। ਬਰਾਤ ਵਿਚ ਦੋ ਤਿੰਨ ਕਾਰਾਂ ਹੁੰਦੀਆਂ ਜਿਨ੍ਹਾਂ ਵਿਚ ਖਾਸ ਖਾਸ ਰਿਸ਼ਤੇਦਾਰ ਬੈਠਦੇ। ਸ਼ਰੀਕੇ-ਕਬੀਲੇ ਤੇ ਪਿੰਡ ਦੇ ਬੰਦੇ ਆਮ ਤੌਰ ’ਤੇ ਟਰਾਲੀ ਵਿਚ ਹੀ ਜਾਂਦੇ। ਟਰਾਲੀ ਵਿਚ ਚਾਲੀ ਪੰਜਾਹ ਬੰਦੇ ਚੜ੍ਹ ਜਾਂਦੇ। ਟਰਾਲੀ ਕਾਰਾਂ ਤੋਂ ਪਹਿਲਾਂ ਤੁਰ ਪੈਂਦੀ। ਬਰਾਤੀ ਹੱਸਦੇ ਤੁੱਸਦੇ ਕੁੜੀ ਵਾਲਿਆਂ ਦੇ ਪਿੰਡ ਜਾ ਪਹੁੰਚਦੇ। ਬਾਅਦ ਵਿਚ ਬਰਾਤ ਵਿਚ ਕਾਰਾਂ ਦੀ ਗਿਣਤੀ ਵਧਦੀ ਗਈ। ਟਰਾਲੀ ਵਿਚ ਬਾਜੇ ਆਲੇ ਹੀ ਜਾਂਦੇ। ਫਿਰ ਤਾਂ ਵਾਜੇ ਆਲੇ ਵੀ ਕਾਰਾਂ ਵਿਚ ਜਾਣ ਲੱਗ ਪਏ।
ਅਸੀਂ ਦੋਵੇਂ ਭਰਾ ਟਰੈਕਟਰ ਨੂੰ ਪੂਰਾ ਸਜਾ ਕੇ ਰੱਖਦੇ। ਭੋਲੇ ਦੀ ਘਰਵਾਲੀ ਮਜ਼ਾਕ ਕਰਦੀ-
“ਵੇ ਨਿਰਮੈਲ, ਬਹੂ ਨੂੰ ਤਾਂ ਪੂਰੀ ਰਕਾਨ ਬਣਾ ਕੇ ਰੱਖਿਆ ਕਰੇਂਗਾ!”
“ਭਾਬੀ, ਉਹ ਤਾਂ ਪਹਿਲਾਂ ਈ ਰਕਾਨ ਐ…”।
“ਵੇ ਪੜ੍ਹਦੀ ਐ ਅਜੇ ਕਿ ਹੱਟਗੀ?”
“ਭਾਬੀ ਕੋਰਸ ਕਰਕੇ ਹੱਟੀ ਐ,” ਅਸਲ ਵਿਚ ਸੁਖਜੀਤ ਨੇ ਪੜ੍ਹਾਈ ਛੱਡੀ ਨਹੀਂ ਸੀ। ਉਸਦਾ ਵਿਦੇਸ਼ ਰਹਿੰਦਾ ਇਕ ਮਾਮਾ ਉਸਨੂੰ ਪੜ੍ਹਦੀ ਰਹਿਣ ਲਈ ਆਖਦਾ ਰਹਿੰਦਾ ਸੀ। ਉਨ੍ਹਾਂ ਨੇ ਵਿਚੋਲੇ ਰਾਹੀਂ ਬੀਬੀ ਨੂੰ ਵੀ ਮਨਾ ਲਿਆ ਸੀ। ਅਖੇ ਆਉਣ ਵਾਲਾ ਜੁੱਗ ਪੜ੍ਹੇ ਲਿਖੇ ਲੋਕਾਂ ਦਾ ਈ ਐ। ਆਪਣੇ ਜੁਆਕਾਂ ਨੂੰ ਪੜ੍ਹਾਉਣ ਜੋਗੀ ਹੋਜੂ।
“ਵਿਆਹ ਲਿਆ ਫੇਰ ਉਹਨੂੰ ਪੜ੍ਹਾਕੋ ਨੂੰ, ਨਾਲੇ ਸਾਨੂੰ ਵੀ ਅੱਖਰ ਠਾਲਣਾ ਸਿਖਾਦੂ। ਕਦੋਂ ਤੱਕ ਟਰੈਕਟਰ ਤੇ ਡੋਰੀਆਂ ਬੰਨੀ ਜਾਏਂਗਾ?”
“ਭਾਬੀ ਚਾਰ ਕਮਰੇ ਛੱਤ ਲਈਏ, ਇਹ ਮਕਾਨ ਤਾਂ ਜੁਆਬ ਦੇਣ ਲੱਾਪਿਆ..,“ਮੈਂ ਭਾਬੀ ਨਾਲ ਗੱਲਾਂ ਕਰਦਾ ਟਰੈਕਟਰ ਨੂੰ ਲਿਸ਼ਕਾਈ ਵੀ ਜਾ ਰਿਹਾ ਸਾਂ।
“ਨਿਰਮੈਲ ! ਇਕ ਗੱਲ ਆਖਾਂ? ਹੋਰ ਨਾ ਭੜ੍ਹਾਈਂ, ਜੇ ਬਹੁਤੀ ਪੜ੍ਹਗੀ ਤਾਂ ਕੋਈ ਹੋਰ ਸਿਆਪਾ ਨਾ ਖੜਾ ਹੋਜੇ।”
ਭਾਬੀ ਦਾ ਜ਼ਾਹਿਰ ਕੀਤਾ ਖਦਸ਼ਾ ਕੁਝ ਮਹੀਨਿਆਂ ਬਾਅਦ ਹੀ ਸੱਚ ਬਣ ਕੇ ਸਾਹਮਣੇ ਆ ਖੜ੍ਹਾ ਸੀ।
ਚੜ੍ਹਦੇ ਸਿਆਲ ਬੀਬੀ ਨੇ ਵਿਚੋਲੇ ਨੂੰ ਵਿਆਹ ਦੀ ਚਿੱਠੀ ਲਿਆਉਣ ਲਈ ਕਿਹਾ। ਕਈ ਦਿਨ ਲੰਘ ਗਏ। ਵਿਚੋਲੇ ਨੂੰ ਫਿਰ ਕਿਹਾ ਤਾਂ ਵੀ ਉਸ ਨੇ ਕੋਈ ਥਹੁ ਸਿਰਾ ਨਹੀਂ ਦਿੱਤਾ। ਸਾਨੂੰ ਸਮਝ ਨਹੀਂ ਆ ਰਹੀ ਸੀ ਕਿ ਵਿਚੋਂ ਗੱਲ ਕੀ ਹੈ? ਇਕ ਦਿਨ ਮੇਰਾ ਸਾਲਾ ਕਰਨੈਲ ਅਚਾਨਕ ਸਾਡੇ ਘਰੇ ਆ ਪਹੁੰਚਿਆ। ਉਹ ਮੰਗਣਾ ਕਰਨ ਆਏ ਬੰਦਿਆਂ ਨਾਲ ਚਾਰ ਸਾਲ ਪਹਿਲਾਂ ਸਾਡੇ ਘਰ ਆਇਆ ਸੀ। ਦੋ ਕੁ ਵਾਰ ਆਪਣੇ ਬਾਪੂ ਜੀ ਨਾਲ ਬਾਜ਼ਾਰ ਵਿਚ ਵੀ ਮਿਲਿਆ ਸੀ। ਹੁਣ ਉਹ ਮੰਡੀ ਦੇ ਕਾਲਜ ਵਿਚ ਪੜ੍ਹਦਾ ਸੀ। ਉਸ ਨੂੰ ਜਾਣਨ ਵਾਲੇ ਉਸ ਦੀ ਪ੍ਰਸੰਸਾ ਕਰਦੇ ਸਨ। ਭੈਣ ਵਾਂਗ ਹੀ ਪੜ੍ਹਨ ਨੂੰ ਹੁਸ਼ਿਆਰ ਸੀ।
ਉਸਦਾ ਇੰਝ ਕੱਚੇ ਰਿਸ਼ਤੇ, ਉਹ ਵੀ ਬਿਨਾਂ ਵਿਚੋਲੇ ਤੋਂ, ਆ ਜਾਣਾ ਅਜੀਬ ਲੱਗਿਆ ਸੀ। ਬੀਬੀ ਨੇ ਸੂਤ ਵਾਲਾ ਮੰਜਾ ਡਾਹਿਆ। ਮੈਂ ਕਰਨੈਲ ਦੇ ਕੋਲ ਬੈਠ ਗਿਆ। ਬੀਬੀ ਨੇ ਕਾੜ੍ਹਨੀ ਚੋਂ ਦੁੱਧ ਕੱਢ ਕੇ ਚੀਨੀ ਘੋਲੀ। ਪਿਤੱਲ ਦੇ ਗਿਲਾਸਾਂ ਵਿਚ ਦੁੱਧ ਪਾ ਕੇ ਸਾਨੂੰ ਫੜਾਇਆ ਤੇ ਫਿਰ ਆਪ ਪੀੜ੍ਹੀ ਡਾਹ ਕੇ ਮੰਜੇ ਨੇੜੇ ਬੈਠ ਗਈ। ਉਸਨੇ ਕਰਨੈਲ ਤੋਂ ਉਨ੍ਹਾਂ ਦੇ ਟੱਬਰ ਅਤੇ ਡੰਗਰ-ਵੱਛੇ ਦਾ ਹਾਲ-ਚਾਲ ਪੁੱਛਿਆ। ਕਰਨੈਲ ਵੀ ਮਾਸੀ ਜੀ, ਮਾਸੀ ਜੀ ਆਖ ਕੇ ਜੁਆਬ ਦਿੰਦਾ ਰਿਹਾ।
“ਬਾਈ ਜੀ, ਮੋਟਰ ਵੱਲ ਚੱਲੀਏ?”
ਦੁੱਧ ਪੀਣ ਤੋਂ ਬਾਅਦ ਉਸ ਨੇ ਕਿਹਾ। ਮੈਂ ਤੇ ਬੀਬੀ ਨੇ ਇਹੀ ਸੋਚਿਆ ਕਿ ਮੋਟਰ ਦੇਖਣ ਆਇਆ ਹੋਊ। ਉਨ੍ਹਾਂ ਦਿਨਾਂ ਵਿਚ ਖੇਤਾਂ ਵਿਚ ਬਿਜਲੀ ਦੀਆਂ ਲਾਇਨਾਂ ਪੈ ਰਹੀਆਂ ਸਨ। ਬਿਜਲੀ ਵਾਲੀ ਮੋਟਰ ਕਿਸੇ ਕਿਸੇ ਪਿੰਡ ਹੀ ਲੱਗੀ ਸੀ। ਮੇਰੀ ਭੂਆ ਦਾ ਮੁੰਡਾ ਬਿਜਲੀ ਬੋਰਡ ਵਿਚ ਭਰਤੀ ਹੋਇਆ ਹੀ ਸੀ। ਉਹ ਲੰਘਦਾ-ਆਉਂਦਾ ਮੇਰੇ ਕੋਲ ਰੁਕ ਜਾਂਦਾ, ਆਖਦਾ, “ਕੁਨੈਕਸ਼ਨ ਲੈ ਲੈ, ਹੁਣ ਇੰਜਣਾਂ ਦਾ ਸਮਾਂ ਲੰਘ ਗਿਆ। ਕਿਸੇ ਨੇ ਨੀਂ ਪੁੱਛਣਾ ਇਨ੍ਹਾਂ ਨੂੰ।”
ਉਸਦੇ ਕਹਿਣ ’ਤੇ ਅਸੀਂ ਪੰਜ ਪਾਵਰ ਦੀ ਮੋਟਰ ਦਾ ਕੁਨੈਕਸ਼ਨ ਲੈ ਲਿਆ ਸੀ। ਸੀਮਨ ਦੀ ਮੋਟਰ ਪਾਣੀ ਦੀ ਧਾਰ ਦੂਰ ਤੱਕ ਮਾਰਦੀ। ਇੰਜਣ ਦੀ ਠੱਕ ਠੱਕ ਬੰਦ ਹੋ ਗਈ। ਬਟਨ ਦੱਬੋ ਪਾਣੀ ਬਾਹਰ। ਮੈਂ ਝੋਨੇ ਨੂੰ ਪਾਣੀ ਛੱਡ ਕੇ ਤੂਤ ਥੱਲੇ ਕੋਈ ਕਿਤਾਬ ਖੋਲ੍ਹ ਕੇ ਬੈਠ ਜਾਂਦਾ। ਸਾਨੂੰ ਪਿੰਡ ਦੇ ਚਾਰ ਪੰਜ ਜਣਿਆਂ ਨੂੰ ਕਿਤਾਬਾਂ ਦਾ ਥੋੜ੍ਹਾ ਬਹੁਤ ਸ਼ੌਕ ਹੈ ਸੀ। ਸ਼ਹਿਰ ਗਿਆ ਮੈਂ ਕੋਈ ਨਾ ਕੋਈ ਕਿਤਾਬ ਰਸਾਲਾ ਜ਼ਰੂਰ ਖਰੀਦਦਾ। ਕਿਤਾਬ ਪੜ੍ਹਦਿਆਂ ਕਿਤਾਬ ਦੀ ਨਾਇਕਾ ਦੇ ਪਿੱਛਿਓਂ ਸੁਖਜੀਤ ਉਭਰ ਆਉਂਦੀ। ਉਹ ਵੱਟ ’ਤੇ ਰੋਟੀ ਲਈ ਆਉਂਦੀ ਦਿੱਸਦੀ ਪਰ ਅਗਲੇ ਹੀ ਪਲ ਮੈਨੂੰ ਉਸ ਦੀ ਪੜ੍ਹਾਈ ਯਾਦ ਆ ਜਾਂਦੀ। ਫਿਰ ਮੈਨੂੰ ਉਹ ਕਿਸੇ ਲੇਡੀ ਸਾਇਕਲ ’ਤੇ ਕਿਸੇ ਸਕੂਲ ਵੱਲ ਜਾਂਦੀ ਦਿੱਸਦੀ।
ਲੋਕ ਸਾਡੀ ਮੋਟਰ ਦੇਖਣ ਆਉਂਦੇ। ਦੇਖਕੇ ਹੈਰਾਨ ਹੁੰਦੇ। ਚਰਸ ਦੀਆਂ ਗੱਲਾਂ ਕਰਦੇ। ਖੂਹਾਂ ਅਤੇ ਖੂਹਾਂ ਚੋਂ ਨਿਕਲਦੇ ਘੱਟ ਪਾਣੀ ਦੀ ਗੱਲ ਕਰਦੇ। ਇੰਜਣ ਤੇ ਡੀਜ਼ਲ ਦੀ ਗੱਲ ਕਰਦੇ। ਮੋਟਰ ਦਾ ਤਾਂ ਚਲਦੀ ਦਾ ਵੀ ਪਤਾ ਨਾ ਲੱਗਦਾ। ਸਿਰਫ ਪਾਣੀ ਦੀ ਧਾਰ ਦੇ ਡਿੱਗਣ ਦਾ ਸ਼ੋਰ ਹੁੰਦਾ।
ਪਰ ਕਰਨੈਲ ਨੇ ਤਾਂ ਮੋਟਰ ਵੱਲ ਦੇਖਿਆ ਵੀ ਨਹੀਂ। ਮੋਟਰ ਵਾਲੇ ਤੌੜ ਵਿਚ ਪਏ ਮੰਜੇ ’ਤੇ ਬੈਠਦਿਆਂ ਉਸਨੇ ਵੱਡਿਆਂ ਵਾਂਗ ਗੱਲ ਕਰਨੀ ਸ਼ੁਰੂ ਕੀਤੀ, “ਬਾਈ ਜੀ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨ ਆਇਆਂ। ਸਾਡੇ ਘਰੇ ਕਈ ਦਿਨਾਂ ਦਾ ਕਲੇਸ਼ ਪਿਆ ਹੋਇਐ। ਤੁਹਾਡੇ ਵਿਚ ਕੋਈ ਘਾਟ ਨਹੀਂ। ਸੋਹਣੇ-ਸੁਨੱਖੇ ਓਂ, ਮਿਹਨਤ ਨਾਲ ਖੇਤੀ ਬਾੜੀ ਕਰਦੇ ਓਂ। ਵੰਨੇ ਚੰਨੇ ਲੋਕ ਤੁਹਾਡੀ ਖੇਤੀਬਾੜੀ ਦੀਆਂ ਗੱਲਾਂ ਵੀ ਕਰਦੇ ਨੇ। ਮੇਰੀ ਬੀਬੀ ਤੇ ਬਾਪੂ ਜੀ ਇਹ ਰਿਸ਼ਤਾ ਹਰ ਹੀਲੇ ਸਿਰੇ ਲਾਉਣਾ ਚਾਹੁੰਦੇ ਨੇ ..ਪਰ”।
ਕਰਨੈਲ ਨੇ ਅੱਖਾਂ ਨੀਵੀਆਂ ਕਰ ਲਈਆਂ। ਮੈਂ ਉਸ ਦੇ ਝੁਕੇ ਚਿਹਰੇ ਵੱਲ ਗੌਰ ਨਾਲ ਵੇਖਿਆ। ਮੈਂ ਕੁਝ-ਕੁਝ ਸਮਝ ਵੀ ਗਿਆ ਸੀ ਤੇ ਅਗਲੀ ਗੱਲ ਸੁਣਨ ਲਈ ਆਪਣੇ ਆਪ ਨੂੰ ਤਿਆਰ ਵੀ ਕਰ ਰਿਹਾ ਸੀ।
“ਕਰਨੈਲ ਘਬਰਾ ਨਾ, ਜੋ ਵੀ ਕਹਿਣੈ ਖੁੱਲ੍ਹ ਕੇ ਕਹਿ ਦੇ…,’’ ਮੈਂ ਆਪਣੇ ਡੁੱਬਦੇ ਜਾਂਦੇ ਦਿਲ ਦੇ ਬਾਵਜੂਦ ਉਸਨੂੰ ਹੌਸਲਾ ਦਿੱਤਾ।
“ਮੇਰੀ ਭੈਣ ਨੂੰ ਸਰਕਾਰੀ ਸਕੂਲ ਵਿਚ ਨੌਕਰੀ ਦੇ ਆਡਰ ਆ ਗਏ ਨੇ। ਉਹ ਕਹਿੰਦੀ ਮੇਰਾ ਵਿਆਹ ਕਿਸੇ ਮਾਸਟਰ ਨਾਲ ਹੀ ਕਰੋ। ਅਸੀਂ ਬਹੁਤ ਸਮਝਾਇਆ ਬਈ ਤੂੰ ਨੌਕਰੀ ਕਰੀਂ ਜਾਈਂ ਪਰ ਬਾਈ ਜੀ ਉਹ ਕਿਸੇ ਤਰ੍ਹਾਂ ਵੀ ਮੰਨਦੀ ਹੀ ਨਹੀਂ। ਕਹਿੰਦੀ ਵਿਆਹ ਤਾਂ ਮੈਂ ਆਪਣੇ ਜਿੰਨੇ ਪੜ੍ਹੇ ਮੁੰਡੇ ਨਾਲ ਹੀ ਕਰਾਊਂਗੀ, ਨਹੀਂ ਤਾਂ ਖੂਹ ’ਚ ਛਾਲ ਮਾਰ ਕੇ ਮਰਜੂੰਗੀ।”
ਕਰਨੈਲ ਚੁੱਪ ਕਰ ਗਿਆ। ਮੇਰੇ ’ਤੇ ਜਿਵੇਂ ਸੌ ਘੜਾ ਪਾਣੀ ਦਾ ਪੈ ਗਿਆ। ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲੱਗੇ। ਬੇਇਜ਼ਤੀ ਅਤੇ ਬੇਕਦਰੀ ਦਾ ਅਹਿਸਾਸ ਇਕ ਲਹਿਰ ਜਿਹੀ ਬਣਕੇ ਉਠਿਆ। ਮੇਰੀ ਸਮੁੱਚੀ ਦੇਹ ਉਸ ਵਿਚ ਡੁੱਬਦੀ ਜਾ ਰਹੀ ਸੀ।
ਅਗਲੇ ਹੀ ਪਲ ਮੈਨੂੰ ਕਰਨੈਲ ਅੱਖਾਂ ਦੇ ਕੋਇਆਂ ’ਚੋਂ ਪਾਣੀ ਸਾਫ ਕਰਦਾ ਦਿੱਸਿਆ। ਮੈਨੂੰ ਉਹਦੇ ’ਤੇ ਤਰਸ ਆਇਆ।
“ਅੱਛਿਆ, ਕਰਨੈਲ ਸਿਆਂ, ਇਹ ਗੱਲ ਐ,” ਮੈਂ ਉਸਨੂੰ ਤੇ ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕੀਤਾ।
ਕਰਨੈਲ ਨੇ ਖੰਘੂਰਾ ਮਾਰ ਕੇ ਗਲਾ ਸਾਫ ਕਰਨ ਤੋਂ ਬਾਅਦ ਕਿਹਾ, “ਬਾਈ ਜੀ, ਸਾਡੇ ਘਰੇ ਤਾਂ ਕਲੇਸ਼ ਕਾਰਨ ਰੋਟੀ ਨੀ ਲੰਘਦੀ ਕਿਸੇ ਦੇ, ਜੇ ਗੱਲ ਇਵੇਂ ਬਣੀ ਰਹੀ ਤਾਂ ਕੋਈ ਨਾ ਕੋਈ ਮਰਜੂ। ਬੇਬੇ ਬਾਪੂ ਰਿਸ਼ਤਾ ਹਰ ਹੀਲੇ ਸਿਰੇ ਚੜ੍ਹਾਉਣਾ ਚਾਹੁੰਦੇ ਨੇ। ਰਿਸ਼ਤਾ ਤੋੜਨ ਵਿਚ ਉਹ ਆਪਣੀ ਬਹੁਤ ਵੱਡੀ ਬਦਨਾਮੀ ਹੁੰਦੀ ਸਮਝਦੇ ਨੇ। ਮੈਨੂੰ ਵਿਚ ਵਿਚਾਲੇ ਸਮਝ ਨੀਂ ਆਉਂਦੀ। ਤੁਸੀਂ ਦੱਸੋ ਕੀ ਕਰਨਾ ਚਾਹੀਦਾ..?”
ਸ਼ਾਇਦ ਪਿਓ ਬਾਹਰਾ ਮੁੰਡਾ ਹੋਣ ਕਾਰਨ ਹੋਵੇ, ਮੇਰੇ ਸੁਭਾਅ ਵਿਚ ਸਹਿਣਸ਼ੀਲਤਾ ਸੀ। ਮੈਂ ਫੈਸਲਾ ਕਰ ਚੁੱਕਾ ਸੀ, “ ਆਪਾਂ ਨੂੰ ਸੁਖਜੀਤ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਵਿਆਹ ਨਾਲੋਂ ਪਹਿਲਾਂ ਜ਼ਿੰਦਗੀ ਜ਼ਰੂਰੀ ਐ। ਥੋਨੂੰ ਮੁੰਡਿਆਂ ਦਾ ਘਾਟਾ ਨਹੀਂ ਤੇ ਮੈਨੂੂੰ ਕੁੜੀਆਂ ਦਾ ਘਾਟਾ ਨਹੀਂ। ਮੈਂ ਵਿਚੋਲੇ ਨੂੰ ਤੁਹਾਡੇ ਘਰੇ ਭੇਜੂੰਗਾ, ਉਹ ਤੁਹਾਡਾ ਸਮਾਨ ਮੋੜ ਆਊਗਾ। ਸੁਖਜੀਤ ਤੇ ਕੋਈ ਗੱਲ ਨਹੀਂ ਆਉਂਗੀ। ਤੂੰ ਹੁਣ ਜਾਹ, ਆਪਣੀ ਭੈਣ ਨੂੰ ਇਹ ਗੱਲ ਦੱਸ ਦੇ, ਬੰਦਾ ਜਿਉਂਦਾ ਹੋਣਾ ਚਾਹੀਦਾ। ਇਹ ਰਿਸ਼ਤੇ ਨਾਤੇ ਇਨ੍ਹਾਂ ਦਾ ਟੁੱਟਣਾ ਜੁੜਨਾ ਛੋਟੀਆਂ ਗੱਲਾਂ ਨੇ।”
ਹਾਂ! ਬੰਦਾ ਜਿਉਂਦਾ ਹੋਣਾ ਚਾਹੀਦੈ।
ਇਹ ਗੱਲ ਮੈਂ ਉਦੋਂ ਵੀ ਆਖੀ ਸੀ ਜਦੋਂ ਸਾਡਾ ਟੱਬਰ ਫਿਰ ਇਕ ਵਾਰ ਵੱਡੇ ਸੰਕਟ ਦੇ ਸਨਮੁੱਖ ਆ ਖੜਾ ਸੀ। ਉਦੋਂ ਜਦੋਂ ਕਰਜ਼ੇ ਦੀ ਪੰਡ ਭਾਰੀ ਹੋ ਗਈ ਸੀ ਤੇ ਸਾਨੂੰ ਆਪਣਾ ਮੈਸੀ ਫਰਗੂਸ਼ਨ ਟਰੈਕਟਰ ਹੀ ਨਹੀਂ ਬਲਕਿ ਖਾਨਦਾਨੀ ਜ਼ਮੀਨ ਵੀ ਵੇਚਣੀ ਪੈ ਗਈ ਸੀ। ਨਿੰਦਰ ਦੀ ਮਾਂ ਪਾਸ਼ੋ ਨੇ ਸ਼ਰਮ ਦੇ ਮਾਰੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ ਤੇ ਮੈਂ ਉਸ ਨੂੰ ਕਿਹਾ ਸੀ, “ਆਪਾਂ ਮਰੇ ਤਾਂ ਨਹੀਂ, ਬੰਦਾ ਜਿਉਂਦਾ ਹੋਣਾ ਚਾਹੀਦਾ, ਫਿਰ ਉਹ ਕੋਈ ਨਾ ਕੋਈ ਖੂਹ ਪੁੱਟ ਹੀ ਲੈਂਦਾ ਹੁੰਦਾ।”
ਮੈਨੂੰ ਆਪਣੇ ਪਿੰਡ ਵਾਲਾ ਬੇਲੀ ਸਰਪੰਚ ਯਾਦ ਆ ਜਾਂਦਾ। ਬੇਲੀ ਜਿਹੜਾ ਦੋ ਵਾਰੀ ਸਰਬਸੰਮਤੀ ਨਾਲ ਸਰਪੰਚ ਬਣਿਆ ਸੀ। ਜਿਸਨੇ ਗਲੀਆਂ, ਨਾਲੀਆਂ ਤੋਂ ਲੈ ਕੇ ਹਰੀਜਨਾਂ ਦੀਆਂ ਲੈਟਰੀਨਾਂ ਤੱਕ ਬਣਵਾਈਆਂ ਸਨ; ਜਿਸਨੇ ਪਿੰਡ ਦੀ ਹਰ ਵਿਹਲੀ ਪਈ ਥਾਂ ’ਤੇ ਦਰਖਤ ਲਗਾਏ ਸਨ, ਪਤਾ ਨਹੀਂ ਕਿਵੇਂ ਪਿੰਡ ਨੂੰ ਸੰਵਾਰਦਾ ਸੰਵਾਰਦਾ ਆਪਣੇ ਘਰ ਦਾ ਤਵਾਜ਼ਨ ਗਵਾ ਬੈਠਾ ਸੀ। ਪਰਿਵਾਰ ਉਪਰ ਚੜ੍ਹੇ ਕਰਜ਼ੇ ਦੀ ਉਸਨੇ ਏਨੀ ਸ਼ਰਮ ਮੰਨੀ ਕਿ ਪਿੰਡ ਦੇ ਮੁੰਡਿਆਂ ਨੂੰ ਸ਼ਰਾਬ ਨੂੰ ਜ਼ਹਿਰ ਦੱਸਦਾ ਦੱਸਦਾ ਆਪ ਸਲਫਾਸ ਦੀਆਂ ਗੋਲੀਆਂ ਨੂੰ ਪਰਿਵਾਰ ਦਾ ਮੁਕਤੀ ਮਾਰਗ ਸਮਝ ਬੈਠਾ ਸੀ।
ਉਸਦੇ ਟੱਬਰ ਦੀਆਂ ਲਾਸ਼ਾਂ ਦੇਖਕੇ, ਸਾਰਾ ਇਲਾਕਾ ਤਰਾਹ ਤਰਾਹ ਕਰ ਉਠਿਆ ਸੀ। ਹਰ ਸਿਆਣੇ ਬੰਦੇ ਦੇ ਮੂੰਹੋਂ, ਇਕੋ ਗੱਲ ਨਿਕਲਦੀ, “ਸਰਪੰਚ ਨੇ, ਕੋਹੜੀ ਨੇ, ਮਾੜੀ ਗੱਲ ਕੀਤੀ, ਜੁਆਕਾਂ ਦਾ ਕੀ ਕਸੂਰ ਸੀ…।”
ਕਸੂਰ ਤਾਂ ਸਰਪੰਚ ਦਾ ਵੀ ਕੋਈ ਨਹੀਂ ਸੀ।
“ਤੁਹਾਡਾ ਕੋਈ ਕਸੂਰ ਨੀਂ ਬਾਈ ਜੀ..,’’ ਕਹਿੰਦਾ ਹੋਇਆ ਕਰਨੈਲ ਤੁਰ ਪਿਆ। ਸਾਇਕਲ ਕੋਲ ਜਾ ਕੇ ਉਸ ਨੇ ਅੱਖਾਂ ਪੂੰਝੀਆਂ। ਸਾਇਕਲ ’ਤੇ ਚੜ੍ਹ ਪੈਡਲ ਮਾਰਨ ਤੋਂ ਪਹਿਲਾਂ ਉਸਨੇ ਮੇਰੇ ਵੱਲ ਦੇਖਿਆ, ਅੱਖਾਂ ਹੀ ਅੱਖਾਂ ਰਾਹੀਂ ਧੰਨਵਾਦ ਕੀਤਾ ਤੇ ਤੁਰ ਗਿਆ।
‘ਕਸੂਰ ਕਿਸ ਦਾ ਸੀ ਜਾਂ ਕਿਸ ਦਾ ਨਹੀਂ ਸੀ ਗੱਲ ਇਹ ਨਹੀਂ ਕਰਨੈਲ ਸਿਆਂ, ਇਹ ਤਾਂ ਸੋਚਣ ਦੇ ਤਰੀਕੇ ਦਾ ਫ਼ਰਕ ਐ।’ ਮੈਂ ਕਰਨੈਲ ਨੂੰ ਸੰਬੋਧਨ ਕਰਦਿਆਂ ਮਨ ਹੀ ਮਨ ਆਪਣੇ ਆਪ ਨੂੰ ਕਿਹਾ ਸੀ।
“ਪਾਪਾ ਹਟੇ ਤੁਸੀਂ ਵੀ ਨਹੀਂ , ਸੁਖਜੀਤ ਭੈਣ ਜੀ ਜਿੰਨੀ ਸੋਹਣੀ ਕੁੜੀ ਲੱਭਕੇ ਹੀ ਵਿਆਹ ਕਰਵਾਇਆ ਫੇਰ,” ਨਿੰਦਰ ਅਕਸਰ ਹੀ ਮਜ਼ਾਕ ਕਰਦਾ।
ਅਸਲ ਵਿਚ ਮੇਰੇ ਮੰਗਣੇ ਤੋਂ ਬਾਅਦ ਮੇਰੀ ਮੰਗੇਤਰ ਦੀ ਸੋਹਣੀ ਹੋਣ ਦੀ ਗੱਲ ਇੰਨੀ ਧੁੰਮ ਗਈ ਸੀ ਕਿ ਮੈਨੂੰ ਹੁਣ ਉਸ ਤੋਂ ਘੱਟ ਮਨਜ਼ੂਰ ਹੀ ਨਹੀਂ ਸੀ। ਸੁਖਜੀਤ ਦੇ ਪਿੰਡ ਕਕਰਾਲੇ ਨਾਲ ਸਾਡਾ ਬੰਨਾ ਚੰਨਾ ਹੀ ਐ। ਤਿੰਨ ਪਿੰਡ ਹੀ ਵਿਚਕਾਰ ਨੇ ਬੱਸ। ਬੰਦਾ ਸੌ ਵਾਰ ਮੱਥੇ ਲੱਗਦੈ। ਸੁਖਜੀਤ ਨੂੰ ਮੈਂ ਦੱਸਣਾ ਵੀ ਚਾਹੁੰਦਾ ਸੀ ਕਿ ਰੱਬ ਤੈਨੂੰ ਬਣਾ ਕੇ ਸੋਹਣੀਆਂ ਕੁੜੀਆਂ ਬਣਾਉਣੀਆਂ ਭੁੱਲ ਨਹੀਂ ਗਿਆ। ਦੁਨੀਆਂ ਅੱਗੇ ਤੋਂ ਅੱਗੇ ਪਈ ਐ। ਉਪਰੋਂ ਸ਼ਾਂਤ ਦਿੱਸਣ ਦੇ ਬਾਵਜੂਦ ਮੇਰੇ ਅੰਦਰ ਬਹੁਤ ਕੁਝ ਉਪਰ ਥੱਲੇ ਹੋ ਰਿਹਾ ਸੀ। ਸੁਖਜੀਤ ਨੇ ਮੇਰੇ ਨਾਲ ਕੀਤਾ ਕੀ? ਮੇਰੇ ਵਿਚ ਘਾਟ ਕੀ ਐ? ਨਸ਼ੇ ਪੱਤੇ ਦੇ ਮੈਂ ਕਦੇ ਨੇੜਿਉਂ ਨਹੀਂ ਲੰਘਿਆ ਸਾਂ। ਸੁਖਜੀਤ ਨਾਲ ਮੰਗਣੇ ਤੋਂ ਬਾਅਦ ਮੈਂ ਅਮ੍ਰਿਤ ਵੀ ਛਕ ਲਿਆ ਸੀ। ਚਾਰ ਉਂਗਲ ਲੰਬੀ ਦਾਹੜੀ ਮੇਰੇ ਫਬਦੀ ਸੀ। ਲੋਕ ਫਸਲ ਬਾੜੀ ਵਿਚ ਮੇਰੀ ਸਲਾਹ ਲੈਂਦੇ ਸਨ। ਭਰੀ ਪਰੇ੍ਹ ਵਿਚ ਛੇਤੀ ਕੀਤੇ ਮੇਰੀ ਕੋਈ ਗੱਲ ਨਹੀਂ ਕੱਟਦਾ ਸੀ।
ਪਰ ਸ਼ਾਇਦ ਪੜੇ੍ਹ ਲਿਖੇ ਹੋਣਾ ਹੋਰ ਵੱਡੀ ਗੱਲ ਹੁੰਦੀ ਹੋਵੇਗੀ। ਪਾਇਲੀਏ ਵਿਚੋਲੇ ਨੇ ਟੁੱਟੇ ਰਿਸ਼ਤੇ ਦੀ ਹੱਤਕ ਮੰਨਦਿਆਂ ਦੂਜਾ ਰਿਸ਼ਤਾ ਕਰਵਾਉਣ ਲਈ ਬੜੀ ਭੱਜ ਨੱਠ ਕੀਤੀ।
ਸੋਹਣੀ ਸ਼ਕਲ ਤੇ ਸੀਰਤ ਦੀ ਇਕ ਆਪਣੀ ਖੁਸ਼ਬੋ ਹੁੰਦੀ ਹੈ ਸ਼ਾਇਦ। ਪਾਸ਼ੋ ਦੇ ਆਉਂਦੀ ਸਾਰ ਘਰ ਮਹਿਕਣ ਲੱਗਾ ਸੀ।
ਕਕਰਾਲੇ ਪਿੰਡ ਦੀ ਸੁਖਜੀਤ ਕੌਰ ਮੇਰੇ ਲਈ ਇਕ ਕੌੜੀ ਯਾਦ ਬਣ ਕੇ ਰਹਿ ਗਈ। ਸਮਾਂ ਬੀਤਣ ਨਾਲ ਇਹ ਯਾਦ ਧੁੰਦਲੀ ਪੈਂਦੀ ਗਈ। ਭਾਵੇਂ ਪੂਰੀ ਤਰ੍ਹਾਂ ਖਤਮ ਕਦੀ ਵੀ ਨਾ ਹੋਈ।
“ਬੜੇ ਪਾਪਾ ਜੇ ਤੁਹਾਡਾ ਵਿਆਹ ਆਪਣੇ ਪਿੰਡ ਦੇ ਸਕੂਲ ਵਾਲੀ ਸੁਖਜੀਤ ਮੈਡਮ ਨਾਲ ਹੋ ਗਿਆ ਹੁੰਦਾ ਤਾਂ ਫੇਰ ਤੁਹਾਡੇ ਘਰੇ ਪਾਪਾ ਨੇ ਤਾਂ ਨਹੀਂ ਹੋਣਾ ਸੀ? ਪਾਪਾ ਨਾ ਹੁੰਦੇ ਮੈਂ ਵੀ ਨਾ ਹੁੰਦਾ?” ਨੈਵੀ ਪੁੱਛਦਾ ਹੈ। ਇਹ ਨਵੇਂ ਜੁਆਕ ਵੀ ਬੱਸ! ਮੈਂ ਇਸ ਤਰ੍ਹਾਂ ਤਾਂ ਕਦੇ ਸੋਚਿਆ ਹੀ ਨਹੀਂ ਸੀ। ਮੇਰੀਆਂ ਅੱਖਾਂ ਅੱਗੇ ਸੁਖਜੀਤ ਭੈਣ ਜੀ ਦੇ ਮੁੰਡੇ ਦੀ ਤਸਵੀਰ ਆ ਗਈ। ਇਕ ਦਿਨ ਉਹ ਆਪਣੀ ਮੰਮੀ ਨੂੰ ਮੋਟਰਸਾਇਕਲ ’ਤੇ ਲੈਣ ਆਇਆ ਸੀ। ਮੈਂ ਟਰੈਕਟਰ ’ਤੇ ਲੰਘਿਆ ਜਾ ਰਿਹਾ ਸੀ। ਮੁੰਡਾ ਉਹਦਾ ਪੜ੍ਹਿਆ ਨਹੀਂ, ਵਿਗੜਿਆ ਹੋਇਆ ਸੀ, ਇਹ ਗੱਲ ਮੈਂ ਉਡਦੀ ਉਡਦੀ ਸੁਣੀ ਸੀ। ਉਸ ਦੇ ਤੌਰ ਤਰੀਕਿਆਂ ਤੋਂ ਵੀ ਇਹ ਗੱਲ ਸੱਚ ਹੀ ਜਾਪਦੀ ਸੀ। ਜਦੋਂ ਦੀ ਉਹ ਸਾਡੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਬਦਲ ਕੇ ਆਈ ਸੀ ਮੈਂ ਉਸ ਬਾਰੇ ਕੁਝ ਨਾ ਕੁਝ ਸੁਣਦਾ ਆਇਆ ਸਾਂ। ਕਦੇ ਇਹ ਉਸ ਦੇ ਮਿਹਨਤੀ ਅਧਿਆਪਕ ਹੋਣ ਬਾਰੇ ਹੁੰਦਾ, ਕਦੇ ਇਹ ਬੱਚਿਆਂ ਦੇ ਹੱਕਾਂ ਖਾਤਰ ਪ੍ਰਿੰਸੀਪਲ ਨਾਲ ਹੋਈ ਉਸ ਦੀ ਲੜਾਈ ਬਾਰੇ ਹੁੰਦਾ। ਸਕੂਲ ਪੜ੍ਹਨ ਵਾਲੇ ਮੁੰਡੇ ਕੁੜੀਆਂ ਆਮ ਹੀ, ਸੁਖਜੀਤ ਭੈਣ ਜੀ ਸੁਖਜੀਤ ਭੈਣ ਜੀ ਕਰਦੇ ਰਹਿੰਦੇ।
“ਬੜੇ ਪਾਪਾ ਮੇਰੇ ਕੁਐਸ਼ਚਨ ਦਾ ਜੁਆਬ ਨਹੀਂ ਦਿੱਤਾ?” ਨੈਵੀ ਹਲੂਣਦਾ ਹੈ।
“ਹਾਂ ਪੁੱਤਰ, ਤੁਸੀਂ ਕਿਉਂ ਨਾ ਹੁੰਦੇ, ਤੁਸੀਂ ਫਿਰ ਵੀ ਹੋਣਾ ਸੀ,” ਮੈਂ ਨੈਵੀ ਨੂੰ ਟਾਲਦਾ ਹਾਂ। ਉਹ ਵੀ ਅਗਲਾ ਸੁਆਲ ਕਰੇ ਬਿਨਾਂ ਭਜਨੇ ਦੇ ਪੋਤੇ ਦੀ ਹਾਕ ਸੁਣ ਕੇ ਉਨ੍ਹਾਂ ਦੇ ਘਰ ਵੱਲ ਭੱਜ ਜਾਂਦਾ ਹੈ।
ਦੋਵਾਂ ਘਰਾਂ ਦੇ ਜੁਆਕ ਇਕ ਦੂਜੇ ਦੇ ਘਰੇ ਚਲੇ ਜਾਂਦੇ ਹਨ। ਅੱਡ ਹੋਣ ਤੋਂ ਬਾਅਦ ਵੱਡੇ ਇਕ ਦੂਜੇ ਦੇ ਘਰ ਵਰੇ੍ਹ ਛਿਮਾਹੀ ਹੀ ਜਾਂਦੇ ਹਨ। ਉਂਝ ਅਸੀਂ ਜਿੰਨਾ ਚਿਰ ਇਕੱਠੇ ਰਹੇ ਸਾਡੀ ਵਧੀਆ ਨਿਭੀ।
ਮੇਰੇ ਵਿਆਹ ਤੋਂ ਚਾਰ ਕੁ ਸਾਲ ਬਾਅਦ ਅਸੀਂ ਭਜਨੇ ਦਾ ਵਿਆਹ ਵੀ ਕਰ ਲਿਆ। ਘਰਵਾਲੀਆਂ ਸਾਡੀਆਂ ਰਲ ਕੇ ਰਹਿੰਦੀਆਂ। ਸਾਡੀ ਬੀਬੀ ਘਰ ’ਤੇ ਪੂਰਾ ਕੰਟਰੋਲ ਰੱਖਦੀ। ਅਸੀਂ ਦੋਨੋਂ ਭਰਾ ਕੰਮ ਦੀਆਂ ਧੁਕੀਆਂ ਕੱਢੀ ਰੱਖਦੇ। ਬਣਦੀ ਸਾਡੀ ਏਨੀ ਸੀ ਕਿ ਲੋਕ ਹੈਰਾਨ ਹੁੰਦੇ ਰਹਿੰਦੇ ਕਿ ਇਨ੍ਹਾਂ ਦੋਵਾਂ ਭਰਾਵਾਂ ਦੀਆਂ ਗੱਲਾਂ ਈ ਨੀਂ ਮੁੱਕਦੀਆਂ। ਕਣਕ ਬੀਜਦੇ ਤਾਂ ਇਹ ਟਰੈਕਟਰ ਚਲਾਉਂਦਾ ਤੇ ਮੈਂ ਮਸ਼ੀਨ ਦੇ ਪਿੱਛੇ ਪਿੱਛੇ ਤੁਰ ਰਿਹਾ ਹੁੰਦਾ ਤਾਂ ਕਿ ਦਾਣਿਆਂ ਵਾਲਾ ਪੋਰ ਬੰਦ ਨਾ ਹੋ ਜਾਵੇ। ਇਹ ਨਵੀਂ ਉਗੀ ਕਣਕ ਨੂੰ ਪਾਣੀ ਦੇ ਰਿਹਾ ਹੁੰਦਾ ਤਾਂ ਮੈ ਇਸ ਦੀ ਰੋਟੀ ਦੇਣ ਜਾਂਦਾ। ਚਾਰ ਦਿਹਾੜੀਏ ਲਾ ਕੇ ਅਸੀਂ ਦੋਵੇਂ ਭਰਾ ਕਣਕ ਗੁੱਡਦੇ। ਫਿਰ ਰੋਟੀਆਂ ਢੋਣ ਨੂੰ ਜੁਆਕ ਉਠ ਖੜੇ। ਦੋ ਮੁੰਡੇ ਤੇ ਇਕ ਕੁੜੀ ਮੇਰੇ ਹੋਏ ਇਕ ਕੁੜੀ ਇਕ ਮੁੰਡਾ ਇਸਦੇ ਹੋਏ। ਜੁਆਕ ਬਸਤੇ ਚੱਕ ਕੇ ਸਕੂਲ ਜਾਂਦੇ, ਸਕੂਲੋਂ ਆ ਕੇ ਮੱਝਾਂ ਚਾਰਨ ਵੀ ਲਿਜਾਂਦੇ।
ਕਣਕ ਦੀ ਟਰਾਲੀ ਭਰ ਕੇ ਅਸੀਂ ਮੰਡੀ ਜਾਂਦੇ ਤਾਂ ਦੋਵੇਂ ਭਰਾ ਕੱਠੇ। ਲੋਕਾਂ ਦੇ ਟੱਬਰ ਪਾਟੋ-ਝੀਟ ਹੋਣ ਲੱਗ ਪਏ ਸਨ। ਫਸਲਾਂ ਵਿਚ ਬਰਕਤ ਵਧਦੀ ਜਾਂਦੀ ਸੀ ਪਰ ਟੱਬਰਾਂ ਵਿਚ ਖਿਲਾਰਾ ਪਈ ਜਾਂਦਾ ਸੀ। ਲੋਕ ਸਾਡੇ ‘ਕੱਠ ਨੂੰ ਦੇਖ ਦੇਖ ਮਚਦੇ। ਅਸੀਂ ਟਰੈਕਟਰ ’ਤੇ ਬੈਠੇ ਵੀ ਕੰਨ ਇਕ ਦੂਜੇ ਦੇ ਨੇੜੇ ਰੱਖਦੇ। ਲੋਕਾਂ ਨੇ ਸਾਡਾ ਦੋਵੇਂ ਭਰਾਵਾਂ ਦਾ ਨਾਂ ‘ਨਗੋਜ਼ੇ’ ਪਾ ਲਿਆ।
ਇਕ ਦਿਨ ਮੈਂ ਘਰ ਦੇ ਬਾਹਰ ਖੜਾ ਸੀ। ਭੂਆ ਦੇ ਪੋਤੇ ਦੇ ਵਿਆਹ ਦੀ ਗੱਠ ਦੇਣ ਨਾਈ ਆ ਗਿਆ। ਮੈਨੂੰ ਕਹਿੰਦਾ ਬਾਈ ਜੀ ਨਗੋਜ਼ਿਆਂ ਦਾ ਘਰ ਕਿਹੜਾ? ਮੈਂ ਕਿਹਾ ਕਿਹੜੇ ਨਗੋਜ਼ੇ? ਤੂੰ ਜਾਣਾ ਕੀਹਦੇ ਐ? ਉਹ ਕਹਿੰਦਾ ਮੈਂ ਲਿਬੜੇ ਤੋਂ ਆਇਆਂ ਵਿਆਹ ਦੀ ਗੱਠ ਦੇਣ। ਉਥੋਂ ਅੱਡੇ ਤੋਂ ਸਰਦਾਰ ਨਿਰਮੈਲ ਸਿੰਘ ਦਾ ਘਰ ਪੁੱਛਿਆ ਸੀ। ਉਹ ਕਹਿੰਦੇ ਦਰਵਾਜ਼ੇ ਕੋਲ ਜਾ ਕੇ ਨਗੋਜ਼ਿਆਂ ਦਾ ਘਰ ਪੁੱਛ ਲਈਂ। ਮੈਂ ਸਾਰੀ ਗੱਲ ਸਮਝ ਗਿਆ। ਮੈਨੂੰ ਇਕ ਚੜ੍ਹੇ ਇਕ ਉਤਰੇ, ਹਾਸਾ ਵੀ ਆਵੇ। ਸਾਲਿਆਂ ਤੋਂ ਸਾਡਾ ’ਕੱਠ ਜ਼ਰਿਆ ਨੀਂ ਜਾਂਦਾ।
“ਬੜੇ ਪਾਪਾ! ਪਹਿਲਾਂ ਭਜਨਾ ਚਾਚਾ ਤੇ ਬੀਬੀ ਓਣੀ ਏਧਰੇ ਰਹਿੰਦੇ ਹੁੰਦੇ ਸੀ?” ਨੈਵੀ ਇਕ ਦਿਨ ਪੁੱਛਦਾ ਹੈ। ਉਹ ਜਦੋਂ ਵੀ ਸ਼ਹਿਰੋਂ ਪਿੰਡ ਰਹਿਣ ਲਈ ਆਉਂਦੈ, ਬਹੁਤਾ ੳਧਰ ਹੀ ਖੇਡਦਾ ਰਹਿੰਦੈ। ਆਪਣੀ ਪੜਦਾਦੀ ਕੋਲ ਤੇ ਭਜਨੇ ਦੇ ਪੋਤੇ ਪੋਤੀ ਕੋਲ।
ਅੱਡ ਹੋਣ ਤੋਂ ਪਹਿਲਾਂ ਸਾਂਝੇ ਘਰ ਵਿਚ ਖਰਚੇ ਦੀ ਆਪੋ ਧਾਪੀ ਪੈ ਗਈ ਸੀ। ਬੱਚੇ ਜਵਾਨ ਹੋ ਰਹੇ ਸਨ। ਹਰ ਇਕ ਦੀ ਆਪੋ ਆਪਣੀ ਮੱਤ ਸੀ। ਹਰ ਇਕ ਦਾ ਅੱਡੋ ਅੱਡ ਪਾਸੇ ਮੂੰਹ ਸੀ। ਇਸ ਗੱਲ ਨੂੰ ਪੁਰਾਣੀਆਂ ਸਾਢੇ ਨੌਂ ਪੜ੍ਹਿਆ ਹੋਇਆ ਮੈਂ ਸਮਝਦਾ ਸਾਂ। ਇਸ ਗੱਲ ਨੂੰ ਪੜ੍ਹਕੇ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਮਾਸਟਰ ਲੱਗਿਆ ਨਿੰਦਰ ਸਮਝਦਾ ਸੀ। ਗੱਲ ਨਿੰਦਰ ਨੇ ਤੋਰੀ ਸੀ, ਵਿਰੋਧ ਬੀਬੀ ਵੱਲੋਂ ਹੋਇਆ ਸੀ।
“ਭਾਈ ਜਿੰਨਾਂ ਚਿਰ ਮੈਂ ਬੈਠੀ ਆਂ, ਕੱਠ ਨਿਭਾਈ ਚੱਲੋ, ਮੇਰੇ ਮਰਨ ਮਗਰੋਂ ਜਿਵੇਂ ਮਰਜ਼ੀ ਰਿਹੋ।”
“ਬੀਬੀ ਦੇਖ ਤੂੰ ਭਾਵੇਂ ਚਾਲੀ ਸਾਲ ਹੋਰ ਬੈਠੀ ਰਹਿ। ਤੈਨੂੰ ਰੋਟੀ ਤੇ ਖਰਚਾ ਦੇਣ ਤੋਂ ਨੀ ਭੱਜਦੇ, ਪਰ ਹੁਣ ਤੇਰੇ ਦੋਵਾਂ ਮੁੰਡਿਆਂ ਦੇ ਜੁਆਕ ਹੋ ਗੇ ਜਵਾਨ। ਬਾਪੂ ਆਪਣੀ ਮਰਜ਼ੀ ਦੇ ਰਿਸ਼ਤੇ ਲੱਭੇ ਤੇ ਚਾਚਾ ਆਪਣੀ ਪਹੁੰਚ ਅਨੁਸਾਰ ਮੁੰਡੇ ਕੁੜੀ ਨੂੰ ਵਿਆਹੇ। ਕੋਈ ਖਰਚ ਘੱਟ ਕਰੇ ਕੋਈ ਵੱਧ,” ਨਿੰਦਰ ਨੇ ਦੋਵਾਂ ਦਾ ਠੀਕ ਦੇਖਿਆ ਸੀ।
ਬੀਬੀ ਦੇ ਮੱਠੇ ਮੱਠੇ ਵਿਰੋਧ ਦੇ ਬਾਵਜੂਦ ਅਸੀਂ ਅੱਡ ਹੋ ਗਏ ਸਾਂ। ਕੋਈ ਰੌਲਾ ਨੀਂ, ਗੌਲਾ ਨੀਂ। ਮਨੋ ਮਨੀ ਨਰਾਜ਼ਗੀਆਂ ਜ਼ਰੂਰ ਸਨ। ਅਸੀਂ ਲੋਕਾਂ ਵਾਂਗ ਤਮਾਸ਼ਾ ਨਹੀਂ ਵਿਖਾਇਆ ਸੀ। ਮੈਨੂੰ ਦੇਵ ਮਾਮੇ ਨੇ ਸਮਝਾ ਦਿੱਤਾ ਸੀ, “ਨਿਰਮੈਲ ਸਿਆਂ! ਭਜਨਾ ਤੇਰਾ ਭਾਈ ਐ। ਤੂੰ ਵੱਡੈਂ । ਬਾਪ ਦੇ ਥਾਂਉਂ ਐਂ। ਅੱਡ ਹੋਣ ਵੇਲੇ ਝਗੜਾ ਨਾ ਕਰਿਓ। ਜੇ ਭਜਨੇ ਵੱਲ ਕੋਈ ਚੀਜ਼ ਵੱਧ ਵੀ ਚਲੀ ਜਾਵੇ ਤਾਂ ਵੀ ਕੋਈ ਗੱਲ ਨਹੀਂ। ਦਸ ਵੀਹ ਹਜ਼ਾਰ ਨਾਲ ਕੋਈ ਫ਼ਰਕ ਨੀਂ ਪੈਂਦਾ ਹੁੰਦਾ। ਰਿਸ਼ਤਿਆਂ ’ਚ ਗੱਠ ਨੀਂ ਪੈਣੀ ਚਾਹੀਦੀ। ਕਿਆ ਕਹਿੰਦੈ?”
ਅਸੀਂ ਖੇਤੀ ਬਾੜੀ ਦੇ ਸੰਦ ਸਾਂਝੇ ਰੱਖੇ। ਬਾਕੀ ਸਾਰਾ ਕੁਝ ਆਪੋ ਆਪਣਾ।
ਬੀਬੀ ਨਿੰਦਰ ਨੂੰ ਬਹੁਤ ਲਾਇਕ ਪੁੱਤ ਸਮਝਦੀ ਸੀ ਪਰ ਹੁਣ ਤੱਕ ਉਸ ਦੇ ਮਨ ਵਿਚ ਇਹ ਰੰਜਸ਼ ਰਹੀ ਕਿ ਉਸਦੇ ਪੁੱਤਾਂ ਦਾ ਬਟਵਾਰਾ ਉਸਦੇ ਪੋਤਰੇ ਨੇ ਕਰਵਾਇਆ ਹੈ।
“ਮੇਰੇ ਜਿਉਂਦੇ ਜੀਅ ਨਿੰਦਰ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ,” ਉਹ ਮੇਰੇ ਕੋਲ ਆਪਣੇ ਦਿਲ ਦੀ ਗੱਲ ਫੋਲਦੀ, “ ਠੀਕ ਐ ਭਾਈ! ਮੁੰਡਾ ਪੜ੍ਹ ਗਿਐ ਨੌਕਰੀ ਤੇ ਲਾਗਿਆ। ਹੁਣ ਚਾਚੇ ਦੇ ਟੱਬਰ ਨਾਲ ਵੰਡ ਕੇ ਕਿਉਂ ਖਾਵੇ?”
“ਵੰਡ ਕੇ ਕੌਣ ਕਿਸੇ ਨਾਲ ਖਾ ਸਕਦਾ ਬੀਬੀ? ਸਮੇਂ ਹੀ ਹੋਰ ਤਰ੍ਹਾਂ ਦੇ ਆਗੇ। ਅੱਗੇ ਹੁੰਦਾ ਸੀ, ਇਕ ਜਣਾ ਕਮਾਉਂਦਾ ਸੀ ਤੇ ਬਾਕੀ ਸਾਰਾ ਟੱਬਰ ਖਾਈ ਜਾਂਦਾ ਸੀ। ਨੌਕਰੀ ’ਤੇ ਲੱਗਕੇ ਉਹਨੇ ਪਹਿਲਾਂ ਪਹਿਲਾਂ ਕਦੇ ਭੁੱਲ ਭੁੱਲੇਖੇ ਚਾਰ ਛਿਲੜ ਜ਼ਰੂਰ ਮੇਰੇ ਹੱਥ ਤੇ ਧਰੇ ਹੋਣਗੇ। ਫਿਰ ਵਿਆਹ ਹੋਏ ਤੋਂ ਤਾਂ ਉਹਦੀ ਤਨਖਾਹ ਉਹ ਜਾਣੇ ਉਹਦਾ ਟੱਬਰ ਜਾਣੇ, ਸਾਡੇ ਤੋਂ ਤਾਂ ਬਲਕਿ ਕਣਕ ਚੌਲ ਹੋਰ ਜੋ ਵੀ ਸਰਦੈ ਲੈ ਜਾਂਦੈ।”
ਨਿੰਦਰ ਨੇ ਵਿਆਹ ’ਤੇ ਮੇਰਾ ਖਰਚ ਨਹੀਂ ਸੀ ਹੋਣ ਦਿੱਤਾ। ਸੁਨਿਆਰਾਂ ਦੀ ਤਾਂ ਸਾਨੂੰ ਦੇਹਲੀ ਵੀ ਨਹੀ ਲੱਗਣ ਦਿੱਤਾ ਸੀ। ਕੁੜੀ ਵਾਲਿਆਂ ਨੂੰ ਵੀ ਉਸਨੇ ਨਜ਼ਾਇਜ਼ ਖਰਚ ਤੋਂ ਰੋਕਿਆ। ਹੋਰ ਤਾਂ ਹੋਰ ਉਹਨੇ ਸਾਡੇ ਘਰੇ ਕੜਾਹੀ ਨਹੀਂ ਚੜ੍ਹਨ ਦਿੱਤੀ। ਮੁੱਲ ਦੀ ਮਠਿਆਈ ਲਿਆਂਦੀ। ਬਰਾਤ ਵਿਚ ਬਾਰ੍ਹਵਾਂ ਬੰਦਾ ਨੀ ਲੈ ਕੇ ਗਿਆ। ੳਦੋਂ ਮੈਨੂੰ ਗੁੱਸਾ ਵੀ ਲੱਗਿਆ ਸੀ ਜਦੋਂ ਮੈਂ ਕਾਰ ਵਿਚ ਬੈਠੇ ਨੇ ਸ਼ਰੀਕੇ ਕਬੀਲੇ ਦੇ ਬੰਦਿਆਂ ਨੂੰ ਕੱਛਾਂ ਵਿਚ ਹੱਥ ਦੇਈਂ ਚੌਕੜੀ ’ਤੇ ਖੜੇ ਦੇਖਿਆ ਸੀ। ਮੈਂ ਇਨ੍ਹਾਂ ਸਾਰਿਆਂ ਦੀਆਂ ਬਰਾਂਤਾਂ ਚੜ੍ਹਦਾ ਰਿਹਾ ਸਾਂ। ਅਗਲਾ ਕੀ ਕਹਿੰਦਾ ਹੋਊ, ਸਾਲਾ ਸਾਰੀ ਉਮਰ ਖਾਂਦਾ ਰਿਹਾ, ਜਦੋਂ ਖਵਾਉਣ ਦੀ ਵਾਰੀ ਆਈ ਤਾਂ ਮੁੰਡਾ ਮੂਹਰੇ ਕਰਤਾ। ਮੈਨੂੰ ਆਪਣੀ ਤੀਹ ਵਰਿ੍ਹਆਂ ਦੀ ਕੀਤੀ ਕੱਤਰੀ ਯਾਦ ਆ ਰਹੀ ਸੀ। ਜੇ ਬੰਦਾ ਜ਼ਿੰਦਗੀ ਵਿਚ ਇਕ ਖੁਸ਼ੀ ਵੀ ਸਾਂਝੀ ਨਾ ਕਰ ਸਕੇ ਫਿਰ ਇਹੋ ਜਿਹੀ ਜ਼ਿੰਦਗੀ ਦਾ ਹੱਜ ਐ ਕੋਈ। ਅਸੀਂ ਕਿਉਂ ਨਾ ਮਨਾਈਏ ਖੁਸ਼ੀ? ਚਰਨ ਦਾਸ ਆੜ੍ਹਤੀਏ ਦੇ ਢਿੱਡਲ ਜਿਹੇ ਮੁੰਡੇ ਦਾ ਵਿਆਹ ਸੀ। ਚਾਰ ਦਿਨ ਪਾਰਟੀਆਂ ਚੱਲਦੀਆਂ ਰਹੀਆਂ। ਮੈਨੂੰ ਚਰਨ ਦਾਸ ਦੀ ਸਾਡੇ ਵਰਗੀਆਂ ਸਾਮੀਆਂ ਨੂੰ ਵਾਰ ਵਾਰ ਆਖੀ ਗੱਲ ਯਾਦ ਆਈ, “ ਜੱਟੋ ਵਿਆਹਾਂ ’ਤੇ ਖਰਚ ਘੱਟ ਕਰੋ, ਬਚ ਕੇ ਚਲੋ ਭਾਈ, ਹਾਂ ਮਾਰੇ ਜਾਉਗੇ, ਹਾਂ।”
‘ਤੁਸੀਂ ਕਿਉਂ ਨੀ ਮਾਰੇ ਜਾਂਦੇ?’ ਚਰਨ ਦਾਸ ਦੇ ਸ਼ਹਿਰੀ ਮਹਿਮਾਨਾਂ ਵਿਚ ਔਟਲਿਆਂ ਜਿਹਾ ਫਿਰਦਾ ਮੈਂ ਆਪਣੇ ਆਪ ਨੂੰ ਸਵਾਲ ਕਰ ਰਿਹਾ ਸਾਂ।
ਉਂਝ ਮੇਰੇ ਸ਼ਰੀਕੇ ਵਾਲੇ ਨਿੰਦਰ ਦੀ ਪ੍ਰਸੰਸਾ ਕਰਦੇ ਰਹਿੰਦੇ, “ਜੇ ਭਾਈ ਸਾਰੇ ਜੱਟ ਈ ਨਿੰਦਰ ਵਾਂਗ ਕਰਨ ਲੱਗ ਜਾਣ ਤਾਂ ਬੱਚ ਜਾਣ।”
ਪਰ ਬਚ ਮੈਂ ਫਿਰ ਵੀ ਕਿਉਂ ਨਾ ਸਕਿਆ?
ਛਿਆਂ ਵਿਚੋਂ ਦੋ ਕਿਲੇ ਤਾਂ ਮੈਂ ਵੀ ਵੇਚ ਈ ਲਏ।
“ਵੇ, ਨਿਰਮੈਲ! ਆਹ ਮੈਂ ਕੀ ਸੁਣਦੀ ਆਂ। ਤੂੰ ਜ਼ਮੀਨ ਵੇਚਣ ਨੂੰ ਫਿਰਦੈਂ ਦੀਵੇ ਆਲੀ? ਵੇ ਸੱਚੀ ਐ ਇਹ ਗੱਲ?” ਬੀਬੀ ਸੋਟੀ ਦੇ ਸਹਾਰੇ ਤੁਰੀ ਆਉਂਦੀ ਮੇਰੇ ਕੋਲ ਬੈਠ ਗਈ। ਬੀਬੀ ਦਾ ਧੁੱਪ ਲੂਸਿਆ ਚਿਹਰਾ ਝੁਰੜੀਆਂ ਨਾਲ ਭਰਿਆ ਪਿਆ ਸੀ।
ਬੀਬੀ ਸਾਡੇ ਘਰ ਕਦੇ ਕਦਾਈਂ ਹੀ ਆਉਂਦੀ। ਭਜਨੇ ਦੀ ਘਰਵਾਲੀ ਨਾਲ ਉਸਦੀ ਵਧੇਰੇ ਨਿਭਦੀ ਸੀ। ਪਾਸ਼ੋ ਦਾ ਉਸ ਨਾਲ ਦਰੀਆਂ-ਖੇਸੀਆਂ ਦੀ ਵੰਡ ਪਿੱਛੇ ਮਨ ਮੁਟਾਵ ਹੋ ਗਿਆ ਸੀ। ਪਾਸ਼ੋ ਨੂੰ ਇਕ ਗੁੱਸਾ ਇਹ ਵੀ ਸੀ ਕਿ ਬੀਬੀ ਨੇ ਆਪਣੇ ਹਿੱਸੇ ਵਿਚ ਦੋ ਮੱਝਾਂ ਕਿਉਂ ਰੱਖੀਆਂ ਸਨ? ਉਹਨੇ ਏਨਾ ਦੁੱਧ ਬੁੱਢੇ ਬਾਰੇ ਕੀ ਕਰਨਾ ਸੀ। ਜਦੋਂ ਕਦੇ ਇਹ ਭਜਨੇ ਨੂੰ ਬਾਲਟੀ ਚੁੱਕੀ ਡੈਅਰੀ ਨੂੰ ਜਾਂਦਾ ਦੇਖ ਲਵੇ ਤਾਂ ਅੰਦਰ ਆਕੇ ਮੈਨੂੰ ਸੁਣਾ ਕੇ ਬੁੜ ਬੁੜ ਕਰੀ ਜਾਊ, “ਬੀਬੀ ਦੀਆਂ ਮੈਸਾਂ ਦੇ ਦੁੱਧ ਦੀ ਕਮਾਈ, ਕੱਲਾ ਈ ਖਾਈ ਜਾਂਦੈ।”
‘ਇਹ ਕਿਹੜੀਆਂ ਕਮਾਈਆਂ ਨੇ ਪ੍ਰਕਾਸ਼ ਕੁਰੇ, ਜਦੋਂ ਏਨੀਆ ਏਨੀਆਂ ਕਮਾਈਆਂ ਪਤਾ ਨੀਂ ਕਿਧਰ ਤੁਰ ਗਈਆਂ!’ ਮੈਂ ਆਪਣੇ ਆਪ ਨਾਲ ਗੱਲਾਂ ਕਰਨ ਲੱਗਦਾ ਹਾਂ। ਮੈਨੂੰ ਉਹ ਦਿਨ ਯਾਦ ਆ ਜਾਂਦੇ ਜਦੋਂ ਮੈਂ ਮੂੰਗਫਲੀ ਦੀ ਟਰਾਲੀ ਭਰ ਕੇ ਮੰਡੀ ਲੈ ਕੇ ਜਾਂਦਾ ਹੁੰਦਾ ਸੀ। ਸਾਡੇ ਦੀਵੇ ਆਲੇ ਖੇਤਾਂ ਵਿਚ ਟਿੱਬੇ ਸਨ। ਉੱਥੇ ਅਸੀਂ ਮੂੰਗਫ਼ਲੀ ਬੀਜਦੇ। ਪਿੰਡ ਵਾਲੀ ਨਿਆਈ ਵਾਲੀ ਜ਼ਮੀਨ ਵਿਚ ਜ਼ੀਰੀ ਲਾਉਂਦੇ। ਬਾਅਦ ਵਿਚ ਅਸੀਂ ਦੀਵੇ ਵਾਲੀ ਜ਼ਮੀਨ ਦਾ ਰੇਤਾ ਸ਼ਹਿਰ ਵਿਚ ਭਰਤ ਪਾਉਣ ਵਾਲਿਆਂ ਨੂੰ ਵੇਚਿਆ, ਜਿਹੜਾ ਬਚਿਆ ਉਹ ਕਰਾਹ ਕੇ ਟਿੱਬਾ ਲਾ ਦਿੱਤਾ। ਫੇਰ ਥਲਿਓਂ ਵਧੀਆ ਮਿੱਟੀ ਕਰਾਹ ਕੇ ਇਕ ਪਾਸੇ ਢੇਰ ਲਾਇਆ। ਟਿੱਬੇ ਵਾਲੇ ਰੇਤੇ ਨੂੰ ਦੁਬਾਰਾ ਕਰਾਹ ਕੇ ਥੱਲੇ ਕਰ ਦਿੱਤਾ। ਲਾਲ ਮਿੱਟੀ ਉਪਰ ਵਿਛਾ ਦਿੱਤੀ। ਧਰਤੀ ਹੀ ਉਲਟਾ ਦਿੱਤੀ ਇਕ ਤਰ੍ਹਾਂ ਨਾਲ। ਫੇਰ ਦੀਵੇ ਵਾਲੀ ਜ਼ਮੀਨ ਵਿਚ ਵੀ ਜ਼ੀਰੀ ਹੋਣ ਲੱਗੀ| ਹਾੜੀ ਸਾਉਣੀ ਕਣਕ ਅਤੇ ਜ਼ੀਰੀ ਦੇ ਏਡੇ-ਏਡੇ ਬੋਹਲ ਲੱਗ ਜਾਣੇ| ਚਰਨ ਦਾਸ ਨੇ ਮੰਡੀ ਵਿਚ ਸਾਡੇ ਵਾਸਤੇ ਜਗ੍ਹਾ ਖਾਲੀ ਰੱਖਣੀ| ਕਿੱਧਰ ਗਈ ਉਨ੍ਹਾਂ ਬੋਹਲਾਂ ਦੀ ਕਮਾਈ?
“ਵੇ ਬੋਲਦਾ ਨੀ?” ਬੀਬੀ ਦੀ ਆਵਾਜ਼ ਨਾਲ ਮੈਂ ਚੌਂਕਿਆ|
ਦੀਵੇ ਵਾਲੇ ਤਿੰਨ ਕੀਲਿਆਂ ਵਿਚੋਂ ਮੈਂ ਦੋ ਕੀਲੇ ਵੇਚਣ ਦਾ ਫੈਸਲਾ ਬੀਬੀ ਤੋਂ ਚੋਰੀ ਕੀਤਾ ਸੀ| ਮੈਂ ਮੱਘਰ ਸਿਹੁੰ ਨੂੰ ਇਹ ਆਖ ਕੇ ਸੌਦਾ ਕੀਤਾ ਸੀ ਕਿ ਕੁਝ ਸਾਲਾਂ ਲਈ ਇਹ ਜ਼ਮੀਨ ਮੈਨੂੰ ਹੀ ਠੇਕੇ ’ਤੇ ਦਿੰਦਾ ਰਹੇ| ਮੈਂ ਬਜ਼ਾਰੂ ਭਾਅ ਅਨੁਸਾਰ ਠੇਕਾ ਦਿੰਦਾ ਰਹੂੰਗਾ, ਇਸ ਤਰ੍ਹਾਂ ਲੋਕਾਂ ਨੂੰ ਪਤਾ ਨਹੀਂ ਚੱਲੂਗਾ ਕਿ ਮੈਂ ਜ਼ਮੀਨ ਵੇਚੀ ਐ| ਦੋ ਚਾਰ ਸਾਲ ਤਾਂ ਗੱਲ ਲੁਕੀ ਰਹੂਗੀ| ਉਸ ਤੋਂ ਬਾਅਦ ਮੈਨੂੰ ਆਸ ਸੀ ਕਿ ਮੇਰੇ ਟੱਬਰ ਦਾ ਕੰਮ ਠੀਕ ਹੋ ਜਾਊਗਾ| ਉਂਜ ਇਹ ਤਾਂ ਮੈਨੂੰ ਹਮੇਸ਼ਾ ਹੀ ਲੱਗਦਾ ਰਿਹਾ ਕਿ ਛੇਤੀ ਹੀ ਕੰਮ ਠੀਕ ਹੋਜੂਗਾ| ਠੀਕ ਹੋ ਜਾਣ ਦਾ ਇਹ ਸੁਪਨਾ ਸੜਕ ’ਤੇ ਦਿਸਦੇ ਪਾਣੀ ਵਾਂਗ ਮੇਰੇ ਤੋਂ ਦੂਰ ਦੂਰ ਹੀ ਰਿਹੈ|
“ਹਾਂ ਬੀਬੀ ਠੀਕ ਐ, ਤੂੰ ਸੱਚ ਹੀ ਸੁਣਿਐ,” ਮੈਂ ਕਿਹਾ|
“ਵੇ ਤੈਨੂੰ ਕੀ ਬਿਪਤਾ ਪੈਗੀ? ਤੂੰ ਕਾਹਦੇ ਪੈਸੇ ਚੜ੍ਹਾਲੇ? ਤੇਰਾ ਤਾਂ ਮੁੰਡਾ ਵੀ ਨੌਕਰੀ ਕਰਦੈ?”
ਮੇਰੀ ਹਾਂ ਸੁਣਕੇ ਬੀਬੀ ਦਾ ਮੂੰਹ ਉੱਡ ਗਿਆ| ਬੀਬੀ ਨੂੰ ਦੱਸ ਕਿਸਨੇ ਦਿੱਤਾ? ਲੋਕਾਂ ਨੇ ਮੈਨੂੰ ਮੱਘਰ ਨਾਲ ਕਚਹਿਰੀਆਂ ਵਿਚ ਜਾਂਦਾ ਆਉਂਦਾ ਦੇਖ ਲਿਆ ਹੋਣਾ| ਮੇਰਾ ਉੱਤਰਿਆ ਚਿਹਰਾ ਵੀ ਤਾਂ ਲੋਕਾਂ ਨੂੰ ਕੁਝ ਨਾ ਕੁਝ ਦੱਸਦਾ ਹੀ ਹੋਣੈ| ਦੱਸਦੀ ਤਾਂ ਮੱਘਰ ਦੇ ਚਿਹਰੇ ਦੀ ਖੁਸ਼ੀ ਵੀ ਕੁਝ ਨਾ ਕੁਝ ਹੋਵੇਗੀ ਹੀ| ਮੈਨੂੰ ਬੀਬੀ ਨੂੰ ਪਤਾ ਲੱਗਣ ਦਾ ਸੱਚਮੁੱਚ ਦੁੱਖ ਲੱਗਿਆ| ਪਹਿਲਾਂ ਜਦੋਂ ਭਜਨੇ ਨੇ ਮੁੰਡੇ ਕੁੜੀ ਦੇ ਵਿਆਹ ਤੋਂ ਬਾਅਦ ’ਕੱਠੇ ਈ ਚਾਰ ਕੀਲੇ ਬੈਅ ਕਰ ਦਿੱਤੇ ਸੀ ਤਾਂ ਬੀਬੀ ਨੇ ਮੰਜਾ ਮੱਲ ਲਿਆ ਸੀ|
ਭਜਨੇ ਦਾ ਮੁੰਡਾ ਕੰਮ ਨਹੀਂ ਕਰਦਾ। ਮੁੰਡੇ ਨੂੰ ਸੁਧਾਰਨ ਲਈ ਉਸਨੇ ਮੁੰਡੇ ਦਾ ਵਿਆਹ ਕਰ ਦਿੱਤਾ| ਖਰਚਾ ਘੱਟ ਹੋਵੇ ਇਹ ਸੋਚਕੇ ਮੁੰਡੇ ਕੁੜੀ ਦਾ ਵਿਆਹ ਇੱਕਠਾ ਕਰ ਲਿਆ| ਦੋਵਾਂ ਵਿਆਹਾਂ ਦੇ ਪੈਸੇ ਏਨੇ ਹੋ ਗਏ ਕਿ ਭਜਨੇ ਨੂੰ ਜ਼ਮੀਨ ਵੇਚਣੀ ਪੈ ਗਈ| ਉਸਦਾ ਤਿੰਨ ਕੀਲੇ ਵੇਚ ਕੇ ਸਰ ਸਕਦਾ ਸੀ ਪਰ ਉਸ ਨੇ ਚਾਰ ਵੇਚੇ| ਸੋਚਿਆ ਵਾਰ-ਵਾਰ ਵੇਚਕੇ ਸ਼ਰਮਿੰਦਗੀ ਕਿਉਂ ਮੁੱਲ ਲਵੇ| ਇਕ ਵਾਰ ਤਾਂ ਬਦਨਾਮੀ ਹੋਣੀਓ ਐ| ਚੌਥੇ ਕੀਲੇ ਦੇ ਪੈਸਿਆਂ ਨਾਲ ਕੋਈ ਕੰਮ ਤੋਰਾਂਗੇ| ਖੇਤੀ ’ਚੋਂ ਹੁਣ ਕੀ ਨਿਕਲਣਾ| ਹੋਰ ਨਹੀਂ ਤਾਂ ਵਿਆਜ ’ਤੇ ਦੇਦਾਂਗੇ|
“ਜ਼ਮੀਨਾਂ ਨੀ ਹੁਣ ਆਪਣੇ ਵਰਗੇ ਜੱਟਾਂ ਕੋਲ ਰਹਿਣੀਆਂ | ਕੋਈ ਪਹਿਲਾਂ ਕੋਈ ਪਿੱਛੋਂ ਸਭ ਵੇਚਣਗੇ…,” ਭਜਨੇ ਨੇ ਜਿਵੇਂ ਮੇਰੇ ਕੋਲ ਆਪਣੀ ਸਫ਼ਾਈ ਦਿੱਤੀ ਸੀ|
“ਆਪਣੇ ਗੁਆਂਢੀਆਂ ਵੱਲ ਦੇਖਲੈ, ਨਾਜ਼ਰ ਕੋਲ ਆਪਣੇ ਜਿੰਨੀਓ ਜ਼ਮੀਨ ਐ…ਵਿਆਜੂ ਪੈਸਾ ਚੱਲਦੈ …,” ਮੈਂ ਆਪਣੀ ਉਦਾਹਰਣ ਨਹੀਂ ਦਿੱਤੀ ਸੀ| ਉਦੋਂ ਮੇਰੀ ਵੀ ਕਬੀਲਦਾਰੀ ਨਜਿੱਠਣ ਨੂੰ ਪਈ ਸੀ| ਕਰਮੇਂ ਤੇ ਜੀਤੀ ਦੇ ਵਿਆਹ ਅੱਗੇ ਪਏ ਸਨ|
“ਨਾਜ਼ਰ ਓਣਾ ਦੀ ਕੋਈ ਜ਼ਿੰਦਗੀ ਐ?! ਸਾਰਾ ਦਿਨ ਖੇਤਾਂ ਵਿਚ ਵੜੇ ਰਹਿੰਦੇ ਨੇ| ਸਮੇਂ ਸਿਰ ਨਾਹੁਣਾ ਨੀ, ਧੋਣਾ ਨੀ| ਕੱਛਾਂ ’ਚੋਂ ਇਨ੍ਹਾਂ ਦੀਆਂ ’ਚੋਂ ਮੁਸ਼ਕ ਮਾਰਦੈ| ਦਾਲ ਸਬਜ਼ੀ ਇਹ ਨੀ ਕਦੇ ਧਰਦੇ| ਸਾਲੇ ਮਿਰਚਾਂ ਦੀ ਚਟਨੀ ਨਾਲ ਈ ਰੋਟੀ ਖਾਈ ਜਾਂਦੇ ਐ| ਕੁੜੀ ਨੂੰ ਦਿੱਤੈ ਕੁਛ? ਆਪਣੇ ਵਰਗੇ ਕੀੜਿਆਂ ਦੇ ਉਹ ਸੁੱਟਤੀ, ਮੁੜਕੇ ਬਾਤ ਨੀ ਪੁੱਛੀ ਕਦੇ| ਬਈ ਭਾਈ ਸੁਖੀ ਵਸਦੀ ਅਂੈ ਕਿ ਦੁਖੀ| ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਬੰਦਾ ਮਰ ਈ ਜਾਵੇ…,” ਭਜਨਾ ਅੱਡ ਹੋਣ ਤੋਂ ਬਾਅਦ ਹੋਰ ਤਰ੍ਹਾਂ ਸੋਚਣ ਲੱਗਾ ਸੀ|
‘ਕੱਲ ਨੂੰ ਜੁਆਕ ਜੰਮਣਗੇ, ਵੱਡੇ ਹੋਣਗੇ, ਉਨ੍ਹਾਂ ਨੂੰ ਕੀ ਜੁਆਬ ਦੇਵੇਗਾਂ?’ ਮੈਂ ਭਜਨੇ ਨੂੰ ਕਹਿਣਾ ਚਾਹੁੰਦਾ ਸੀ ਪਰ ਚੁੱਪ ਹੀ ਰਿਹਾ| ਹੁਣ ਬੀਬੀ ਮੇਰੇ ਸਾਹਮਣੇ ਬੈਠੀ ਸੀ| ਮੈਂ ਉਸਨੂੰ ਜੁਆਬ ਦੇਣਾ ਸੀ|
“ਬੀਬੀ ਮੈਂ ਆਪਣੀ ਸਾਰੀ ਕਬੀਲਦਾਰੀ ਕਿਓਂਟੀ ਐ, ਤਿੰਨ ਵਿਆਹ ਕੀਤੇ ਨੇ, ਨਿੰਦਰ ਦੇ ਵਿਆਹ ’ਤੇ ਖਰਚਾ ਬਹੁਤ ਘੱਟ ਹੋਇਐ ਪਰ ਜੀਤੀ ਦੇ ਵਿਆਹ ’ਤੇ ਤਿੰਨ ਲੱਖ ਲੱਗ ਗਿਆ| ਜੇ ਹੋਰ ਚੱਜ ਦਾ ਮੁੰਡਾ ਲੱਭਣ ਲੱਗ ਜਾਂਦੇ ਤਾਂ ਕਾਰ ਦੇਣੀ ਪੈਂਦੀ| ਕਾਰ ਦੇ ਖਰਚੇ ਤੋਂ ਬਚਣ ਲਈ ਮੈਂ ਬੀ.ਏ ਪੜ੍ਹੀ ਕੁੜੀ ਨੂੰ ਨੌਵੀਂ ਫੇਲ੍ਹ ਮੁੰਡੇ ਨਾਲ ਤੋਰਤਾ| ਹੁਣ ਇਸ ਤੋਂ ਮਾੜਾ ਮੁੰਡਾ ਕੀ ਲੱਭਦਾ ? ਆਪਣੇ ਖੂਨ ਨੂੰ ਐਂਏ ਸੁੱਟਿਆ ਵੀ ਨੀ ਜਾਂਦਾ| ਫੇਰ ਕਰਮੇਂ ਦਾ ਵਿਆਹ ਕੀਤਾ| ਨਾ-ਨਾ ਕਰਦੇ ਵੀ ਅੱਸੀ ਹਜ਼ਾਰ ਲਾੱਗਿਆ| ਉਤੋਂ ਘਰਦੇ ਖਰਚ ਨੀਂ ਸਾਹ ਲੈਣ ਦਿੰਦੇ …,” ਮੈਂ ਬੀਬੀ ਅੱਗੇ ਸਾਰਾ ਚਿੱਠਾ ਸੁਣਾ ਦਿੱਤਾ|
ਤਿੰਨਾਂ ਵਿਆਹਾਂ ਤੋਂ ਬਾਅਦ ਮੈਂ ਹਾੜ੍ਹੀ ਸਾਉਣੀ ਚੜ੍ਹੇ ਪੈਸੇ ਲਾਹੁਣ ਦਾ ਯਤਨ ਕਰਦਾ ਪਰ ਹਰ ਫ਼ਸਲ ਤੋਂ ਬਾਅਦ ਜਦੋਂ ਮੈਂ ਹਿਸਾਬ ਕਰਦਾ ਤਾਂ ਪੈਸੇ ਪਹਿਲਾਂ ਨਾਲੋਂ ਵੀ ਵਧੱਕੇ ਮੇਰੇ ਸਿਰ ਖੜ੍ਹੇ ਹੁੰਦੇ| ਕਰਜ਼ਾ ਸੂੰਦਾ ਚਲਾ ਗਿਆ| ਮੈਂ ਨਿੰਦਰ ਨਾਲ ਗੱਲ ਕੀਤੀ| ਸੋਚ ਵਿਚਾਰ ਕੇ ਨਿੰਦਰ ਪਿੰਡ ਆਇਆ| ਉਸਨੇ ਸਾਨੂੰ ਦੋਵਾਂ ਭਰਾਵਾਂ ਨੂੰ ਬਿਠਾ ਕੇ ਟਰੈਕਟਰ ਤੇ ਸਾਰੇ ਸੰਦ ਵੇਚਣ ਦੀ ਸਲਾਹ ਦਿੱਤੀ|
“ਵੇ ਨਿੰਦਰਾ! ਟਰੈਕਟਰ ਨਾ ਵੇਚੀਂ ਵੇ, ਇਹ ਮੇਰੇ ਪੁੱਤਾਂ ਦੀ ਜਵਾਨੀ ਦੀ ਕਮਾਈ ਐ ਵੇ, ਲੋਕ ਦੇਖਣ ਆਉਂਦੇ ਹੁੰਦੇ ਤੇ, ਇਹ ਤਾਂ ਮੇਰਾ ਤੀਜਾ ਪੁੱਤ ਐ ਵੇ …,” ਸਾਡੀਆਂ ਗੱਲਾਂ ਸੁਣਦੀ ਪਰੇ ਪੀੜ੍ਹੀ ’ਤੇ ਬੈਠੀ ਬੀਬੀ ਨੇ ਵਾਸਤਾ ਪਾਇਆ ਸੀ|
ਬੀਬੀ ਨੇ ਦਸ ਸਾਲ ਪਹਿਲਾਂ ਮੈਸੀ ਉਦੋਂ ਵੀ ਵੇਚਣ ਨਹੀਂ ਦਿੱਤਾ ਸੀ ਜਦੋਂ ਲੋਕਾਂ ਨੇ ਹੋਰ ਨਵੇਂ ਚੱਲੇ ਵੱਡੇ ਟਰੈਕਟਰ ਲੈ ਲਏ ਸਨ|
“ਵੇ ਇਹਦੇ ਨਾਲੇ ਕੰਮ ਸਾਰੀ ਜਾਓ, ਕਿੱਥੇ ਨਵੇਂ ਦੀਆਂ ਕਿਸ਼ਤਾਂ ਭਰਦੇ ਫਿਰੋਗੇ| ਨਾਲੇ ਨਵਾਂ ਪਤਾ ਨੀ ਕਿਹੋ ਜਿਹਾ ਨਿਕਲੇ| ਇਹ ਵੇਖਿਆ ਪਰਖਿਆ ਹੋਇਐ| ਇਕ ਮਗਰਾਟਾਂ ਤੋਂ ਬਿਨਾਂ ਹੋਰ ਤਾਂ ਇਹ ’ਚ ਕੋਈ ਘਾਟ ਨੀ| ਇਹਨੇ ਤਾਂ ਚੱਜ ਦੀ ਰੋਟੀ ਖਾਣ ਲਾਏ ਤੇ|”
“ਬੀਬੀ ਇਹ ਪੁਰਾਣਾ ਹੋ ਗਿਐ| ਤੀਏ ਮਹੀਨੇ ਤਾਂ ਵਰਕਸ਼ਾਪ ਲਿਜਾਣਾ ਪੈਂਦੈ| ਜੇ ਜ਼ਮੀਨ ਵੇਚੇ ਬਿਨਾ ਸਰ ਜਾਏ, ਟਰੈਕਟਰ ਦਾ ਕੀ ਐ, ਫੇਰ ਲੈ ਲਵਾਂਗੇ| ਜੇ ਇਹ ਮਿਹਨਤ ਕਰਨਗੇ ਤਾਂ ਟਰੈਕਟਰ ਲੈਣਾ ਕੋਈ ਔਖਾ ਨੀ| ਜੇ ਨਹੀਂ ਕਰਨਗੇ ਫੇਰ ਇਨ੍ਹਾਂ ਦੀ ਮਰਜ਼ੀ,” ਨਿੰਦਰ ਨੇ ਕਿਹਾ ਸੀ|
“ਵੇ ਫੇਰ ਕਿੱਥੇ ਲਿਆ ਜਾਣੈ, ਮੇਰੇ ਪੁੱਤਾਂ ਨੇ ਮਸਾਂ ਲਿਆ ਤਾ, ਉਦੋਂ ਜੈ ਵੱਢੀ ਦਾ ਪੱਚੀ ਹਜ਼ਾਰ ਰੁਪਈਆ ਨੀ ਤਾ ਕੱਠਾ ਹੋਣ ’ਚ ਆਉਂਦਾ| ਹੁਣ ਤਿੰਨ ਚਾਰ ਲੱਖ ਦਾ ਕਿੱਥੋਂ ਲੈ ਲੈਣਗੇ ਇਹੇ, ਤਿੰਨ ਲੱਖ ਤਾਂ ਠੀਕਰੀ ਨੀ ’ਕੱਠੀ ਹੁੰਦੀ| ਫੇਰ ਕਿੱਥੇ ਲਿਆ ਜਾਣੈ,” ਬੀਬੀ ਨੂੰ ਜਿਵੇਂ ਸੱਚ ਦੀ ਸਮਝ ਸੀ|
ਜਦੋਂ ਮਲਕਪੁਰੀਏ ਗਾਹਕ ਟਰੈਕਟਰ ਲਿਜਾਣ ਲੱਗੇ ਸਨ ਤਾਂ ਦੋਵਾਂ ਘਰਾਂ ਦੇ ਜੀਅ ਆਪੋ-ਆਪਣੇ ਦਰਵਾਜ਼ਿਆਂ ਵਿਚ ਚੁੱਪ ਚਾਪ ਖੜੇ੍ਹ ਸਨ| ਬੀਬੀ ਉਵੇਂ ਜਿਵੇਂ ਮੰਜੇ ’ਤੇ ਬੈਠੀ ਰਹੀ ਸੀ, ਸਿਰ ਫੜਕੇ|
ਅਜੇ ਉਹ ਟਰੈਕਟਰ ਦੇ ਵਿਛੋੜੇ ਦੇ ਸੱਲ ਵਿਚੋਂ ਨਿਕਲੀ ਵੀ ਨਹੀਂ ਸੀ ਕਿ ਅਗਲੇ ਦਿਨ ਟਰਾਲੀ ਦੇ ਗਾਹਕ ਵੀ ਆ ਪਹੁੰਚੇ| ਪੈਸੇ ਠੀਕ ਮਿਲ ਰਹੇ ਸਨ, ਅਸੀਂ ਵੇਚਣ ਦੀ ਕੀਤੀ| ਬੀਬੀ ਸੋਟੀ ਖੜਕਾਉਂਦੀ ਸਾਡੇ ਕੋਲ ਆ ਪਹੁੰਚੀ|
“ਵੇ ਇਹਨੂੰ ਕਾਹਨੂੰ ਵੇਚਦੇ ਓਂ ਵੇ? ਵਿਹੜਾ ਜਮਾਂ ਈ ਖਾਲੀ ਹੋਜੂ ?!” ਬੀਬੀ ਜਿਵੇਂ ਸਤੀ ਕੀਤੀ ਜਾ ਰਹੀ ਨੂੰਹ ਨੂੰ ਬਚਾਉਣ ਦਾ ਯਤਨ ਕਰ ਰਹੀ ਸੀ| ਭਜਨਾ ਉਸਨੂੰ ਅੰਦਰ ਛੱਡ ਆਇਆ|
ਬੀਬੀ ਨਿੰਦਰ ਨੂੰ ਆਪਣੇ ਦੂਜੇ ਦੋਵਾਂ ਪੋਤਿਆਂ ਨਾਲੋਂ ਚੰਗਾ ਸਮਝਦੀ ਸੀ| ਜਿਹੜਾ ਪੜ੍ਹ ਲਿਖ ਕੇ ਨੌਕਰੀ ’ਤੇ ਲੱਗ ਗਿਆ ਸੀ, ਖਾਲਸਾ ਸਕੂਲ ਦੇ ਅਸੂਲਾਂ ਅਨੁਸਾਰ ਦਾੜ੍ਹੀ ਕੇਸ ਰੱਖਕੇ ਪੱਗ ਬੰਨ੍ਹਦਾ ਸੀ, ਸ਼ਹਿਰ ਰਹਿ ਕੇ ਆਪਣੇ ਬੱਚੇ ਪਾਲਦਾ ਸੀ, ਵਰੇ੍ਹ ਛਿਮਾਹੀ ਦਾਦੀ ਨੂੰ ਸੂਟ ਸਿਲਾ ਦਿੰਦਾ ਸੀ, ਘਰ ਦੇ ਹਰ ਜੀਅ ਦੀ ਚਿੰਤਾ ਕਰਦਾ ਸੀ| ਜਦੋਂ ਟਰੈਕਟਰ ਦੀ ਗੱਲ ਚੱਲਦੀ ਤਾਂ ਬੀਬੀ ਨਿੰਦਰ ਪ੍ਰਤੀ ਆਪਣੀ ਰੰਜਸ਼ ਨੂੰ ਛੁਪਾ ਨਾ ਸਕਦੀ| ਜਦੋਂ ਕਿਰਾਏ ’ਤੇ ਵਾਹੀ ਕਰਾਉਂਣ ਲਈ ਕਿਸੇ ਦਾ ਟਰੈਕਟਰ ਲਿਆਂਦਾ ਜਾਂਦਾ ਤਾਂ ਉਹ ਕਹਿੰਦੀ, “ਫਿਰੀ ਜਾਓ ਹੁਣ ਲੋਕਾਂ ਦੇ ਗੈਲ, ਹੁਣ ਨੂੰ ਬੁੱਕਦਾ ਫਿਰਦਾ ਹੁੰਦਾ ਖੇਤ ਵਿਚ, ਨਿੰਦਰ ਹਟਿਆ ਈ ਨੀ…|”
ਵਾਹੀ ਜਾਂ ਵਾਢੀ ਦੇ ਦਿਨਾਂ ਵਿਚ ਜਦੋਂ ਸਵੇਰੇ-ਸਵੇਰੇ ਲੋਕਾਂ ਦੇ ਘਰਾਂ ਵਿਚੋਂ ਟਰੈਕਟਰ ਬਾਹਰ ਨਿਕਲ ਨਿਕਲ ਖੇਤਾਂ ਵੱਲ ਜਾਂਦੇ ਤਾਂ ਘਰ ਦੀਆਂ ਦੇਹਲੀਆਂ ਵਿਚ ਬੈਠੀ ਬੀਬੀ ਹਾਉਕਾ ਭਰਦੀ, “ਆਪਣੇ ਘਰੋਂ ਨੀ ਨਿਕਲਣਾ ਹੁਣ ਮੈਸੀ ਨੇ|”
ਜਿੰਨੇ ਪੈਸੇ ਟਰੈਕਟਰ ਅਤੇ ਹੋਰ ਸੰਦ ਵੇਚ ਕੇ ਲਾਹੇ ਸਨ ਉਨੇ ਹੀ ਦੋ ਸਾਲ ਬਾਅਦ ਮੋਟਰ ਨੇ ਫਿਰ ਚੜ੍ਹਾ ਦਿੱਤੇ ਸਨ| ਪਾਣੀ ਥੱਲੇ ਜਾਣ ਕਾਰਨ ਲੂੰਬੀ ਦੀ ਮੋਟਰ ਜਮਾਂ ਈ ਜਵਾਬ ਦੇ ਗਈ| ਸਾਨੂੰ ਲੱਖ ਰੁਪਈਆ ਖਰਚ ਕੇ ਮਛਲੀ ਪੰਪ ਲਗਵਾਉਣਾ ਪੈ ਗਿਆ| ਹੁਣ ਜ਼ਮੀਨ ਵੇਚ ਕੇ ਕਰਜ਼ਾ ਉਤਾਰਨ ਦਾ ਇਕੋ ਇਕ ਰਸਤਾ ਮੇਰੇ ਕੋਲ ਬਚਿਆ ਸੀ|
“ਵੇ ਜ਼ਮੀਨ ਨਾ ਵੇਚੀਂ, ਜ਼ਿੰਮੀਦਾਰ ਦੀ ਮਾਂ ਹੁੰਦੀ ਐ ਜ਼ਮੀਨ, ਪਤਾ ਨੀ ਆਪਣੇ ਕਿੰਨੇ ਵੱਡੇ ਵਡੇਰੇ ਐਸੇ ਜ਼ਮੀਨ ਦੇ ਸਿਰ ’ਤੇ ਜ਼ਿੰਦਗੀਆਂ ਗੁਜ਼ਾਰਗੇ| ਥੋਨੂੰ ਦੋਵਾਂ ਭਰਾਵਾਂ ਨੂੰ ਕਿਹੜੇ ਜੱਗੋਂ ਬਾਹਰਲੇ ਖਰਚੇ ਪੈਗੇ? ਪਹਿਲਾਂ ਉਹਨੇ ਨੇੜੇ ਲਾਲੀ ਹੁਣ ਤੂੰ ਵਾਢਾ ਧਰਲੈ,” ਬੀਬੀ ਨੇ ਦੋਵਾਂ ਹੱਥਾਂ ਵਿਚ ਫੜੇ ਖੂੰਢੀ ਦੇ ਸਿਰੇ ਨਾਲ ਸਿਰ ਟਿਕਾ ਲਿਆ|
“ਬੀਬੀ ਤੂੰ ਮੈਨੂੰ ਐਂਏ ਦੱਸ ਬਈ ਮੈਂ ਕਿਹੜਾ ਖਰਚਾ ਨਾ ਕਰਦਾ? ਕੁੜੀ ਨੂੰ ਕਿਸੇ ਭੁੱਖੇ ਨੰਗੇ ਘਰ ਸੁੱਟ ਦਿੰਦਾ ਜਾਂ ਮੁੰਡੇ ਦੇ ਵਿਆਹ ਵਿਚ ਬਹੂ ਲਈ ਵਰੀ ਨਾ ਲੈਕੇ ਜਾਂਦਾ? ਹੋਰ ਦੱਸ ਹੁਣ ਕੀ ਕਰੀਏ, ਟੈਲੀਫੋਨ ਕਟਾਉਨੇ ਆਂ ਤਾਂ ਟੈਲੀਫੂਨ ਬਿਨਾ ਨੀ ਸਰਦਾ| ਬਿਜਲੀ ਦਾ ਕੁਨੈਕਸ਼ਨ ਆਪਾਂ ਨੀ ਕਟਾ ਸਕਦੇ| ਕੇਬਲ ਕਰਮਾਂ ਨੀ ਕਟਾਉਣ ਦਿੰਦਾ| ਹੁਣ ਦੱਸ ਸਕੂਟਰ ਨਾ ਚਲਾਈਏ ਕਿ ਬੱਸ ਨਾ ਚੜ੍ਹੀਏ? ਸਿਨਮਿਆਂ, ਕਲੱਬਾਂ ’ਚ ਅਸੀਂ ਨੀ ਜਾਂਦੇ …,” ਮੈਂ ਬੀਬੀ ਨੂੰ ਘਰ ਦੇ ਹਾਲਾਤ ਤੋਂ ਵਾਕਫ਼ ਕਰਵਾਉਣਾ ਚਾਹੁੰਦਾ ਸੀ|
“ਜੇ ਜ਼ਮੀਨ ਨਹੀਂ ਵੇਚਦੇ ਤਾਂ ਪੈਸੇ ਦੂਣੇ-ਚੌਣੇ ਹੋਈ ਜਾਂਦੇ ਨੇ, ਲਾਹੁਣੇ ਤਾਂ ਆਪਾਂ ਨੂੰ ਹੀ ਪੈਣੇ ਨੇ …,” ਪਾਸ਼ੋ ਨੇ ਕਿਹਾ|
“ਨਿੰਦਰ ਨੂੰ ਕਹਿ ਉਹ ਲਾਹੇ,” ਬੀਬੀ ਜ਼ਮੀਨ ਬਚਾਉਣੀ ਚਾਹੁੰਦੀ ਸੀ|
“ਉਹਦੀ ਤਨਖਾਹ ਨਾਲ ਤਾਂ ਉਹਦੇ ਟੱਬਰ ਦਾ ਗੁਜ਼ਾਰਾ ਮਸਾਂ ਚੱਲਦਾ| ਮਾਸਟਰਾਂ ਦੀ ਕਿਹੜੀ ਤਨਖਾਹ ਹੁੰਦੀ ਐ ਬੀਬੀ ! ਉਪਰੋਂ ਕੋਈ ਕਮਾਈ ਇਹ ਨੀ ਕਰ ਸਕਦੇ| ਜੇ ਉਹਦੀ ਘਰਵਾਲੀ ਟਿਊਸ਼ਨਾਂ ਨਾ ਪੜਾ੍ਹਵੇ ਤਾਂ ਉਹ ਸ਼ਹਿਰ ’ਚ ਨਹੀਂ ਰਹਿ ਸਕਦੇ,” ਮੈਂ ਨਿੰਦਰ ਦੀ ਹਾਲਤ ਨੂੰ ਸਮਝਦਾ ਸਾਂ| ਪਹਿਲਾਂ ਮੈਨੂੰ ਵੀ ਸੱਚ ਨਹੀਂ ਸੀ ਆਉਂਦਾ ਹੁੰਦਾ| ਮੈਨੂੰ ਸਾਰੇ ਦੁੱਖਾਂ ਦੀ ਦਾਰੂ ਨਿੰਦਰ ਹੀ ਲੱਗਦਾ ਸੀ| ਜਦੋਂ ਉਹਦੀ ਨੌਕਰੀ ਲੱਗੀ ਤਾਂ ਮੈਨੂੰ ਲੱਗਦਾ ਸੀ ਬਈ ਹੁਣ ਸਾਡੇ ਟੱਬਰ ਦੀ ਡੁੱਬਦੀ ਬੇੜੀ ਤਰਜੂ| ਪਰ ਇਹ ਮੇਰਾ ਭੁਲੇਖਾ ਹੀ ਸੀ| ਜੀਤੀ ਦੇ ਵਿਆਹ ’ਤੇ ਨਿੰਦਰ ਨੇ ਮੇਰੀ ਪੰਜਾਹ ਹਜ਼ਾਰ ਦੀ ਮੱਦਦ ਕਰਜ਼ਾ ਚੁੱਕ ਕੇ ਕੀਤੀ ਸੀ| ਦੋ ਸਾਲ ਲਟਾ ਪੀਂਘ ਹੋ ਕੇ ਕਰਜ਼ੇ ਦੀਆਂ ਕਿਸ਼ਤਾਂ ਉਤਾਰਦਾ ਰਿਹਾ| ਹੁਣ ਮਕਾਨ ਖਰੀਦਣ ਦਾ ਖਰਚਾ ਅੱਗੇ ਖੜੈ| ਸ਼ਹਿਰ ਵਿਚ ਮਕਾਨ ਲੈਣਾ ਕਿਹੜਾ ਖਾਲਾ ਜੀ ਦਾ ਬਾੜੈ, ਪੀ.ਟੀ ਮਾਸਟਰ ਲੱਗਿਆ ਹੋਣ ਕਰਕੇ ਉਹਨੂੰ ਰਹਿਣਾ ਵੀ ਸਕੂਲ ਦੇ ਨੇੜੇ ਪੈਂਦੈ| ਜੁਆਕਾਂ ਨੂੰ ਸਵੇਰੇ ਸ਼ਾਮ ਖਿਡਾਉਣਾ ਹੁੰਦੈ|
“ਲੋਕਾਂ ਦਾ ਬਣੂ ਕੀ? ਆਪਣੇ ਪਿੰਡ ਦੇ ਕਿੰਨੇ ਈ ਘਰਾਂ ਨੇ ਜ਼ਮੀਨ ਵੇਚਲੀ, ਕਿਸੇ ਨੇ ਥੋੜ੍ਹੀ ਕਿਸੇ ਨੇ ਬਾਹਲੀ,” ਪਾਸ਼ੋ ਨੇ ਕਿਹਾ|
“ਜੇ ਇਕ ਵਾਰ ਵੇਚ ਲਵੇ ਫੇਰ ਬੰਦੇ ਦਾ ਮੁੰੂਹ ਪੈ ਜਾਂਦੈ| ਲੋਕਾਂ ਦੀ ਸ਼ਰਮ ਮੰਨਣੋਂ ਹਟ ਜਾਂਦੈ| ਫੇਰ ਹੌਲੀ ਹੌਲੀ ਸਾਰੀ ਵੇਚ ਲੈਂਦੈ,” ਬੀਬੀ ਨੇ ਜਿੰਦਗੀ ਦਾ ਨਿਚੋੜ ਕੱਢਿਆ| ਕੁਝ ਦੇਰ ਚੁੱਪ ਰਹਿ ਕੇ ਬੀਬੀ ਫਿਰ ਬੋਲੀ, “ਤੂੰ ਘੱਟ ਵੇਚਲੈ, ਇਕ ਕੀਲੇ ਨਾਲ ਨੀ ਸਰਦਾ?”
“ਤੇਰਾ ਪੋਤਾ ਕਰਮਾਂ ਕਹਿੰਦੈ ਮੈਨੂੰ ਬਾਹਰ ਕੱਢੋ| ਮੈਂ ਏਨੀ ਜ਼ਮੀਨ ’ਤੇ ਖੇਤੀ ਨੀ ਕਰਨੀ, ਇਸੇ ਲਈ ਮੈਂ ਦੋ ਦਾ ਸੌਦਾ ਕਰ ਲਿਐ,” ਮੈਂ ਦੱਸਿਆ|
ਜਿਸ ਦਿਨ ਮੈਂ ਮੱਘਰ ਸਿੰਹੁ ਤੋਂ ਬਿਆਨਾ ਫੜਿਆ ਸੀ ਉਸ ਤੋਂ ਅਗਲੇ ਦਿਨ ਨਿੰਦਰ ਤੇ ਉਹਦੀ ਘਰਵਾਲੀ ਸੁਖਰਾਜ ਪਹੁੰਚ ਗਏ| ਉਹ ਸਭਾਇਕੀ ਹੀ ਆਏ ਸਨ| ਪੁੱਤਰ ਨੂੰਹ ਤੋਂ ਗੱਲ ਲੁਕਾਉਣੀ ਜਾਇਜ਼ ਨਹੀਂ ਸੀ| ਮੈਂ ਦੋਵਾਂ ਨੂੰ ਬਿਠਾ ਕੇ ਗੱਲ ਤੋਰੀ “ਨਿੰਦਰ ਭਾਈ ਥੋਨੂੰ ਪਤਾ ਈ ਐ ਆਪਾਂ ਨੇ ਆੜ੍ਹਤੀਏ ਦਾ ਪੈਸਾ ਮੋੜਨਾ, ਉਹ ਵਿਆਜ ਪੈ-ਪੈ ਵਧੀ ਜਾਂਦੈ|”
“ਕਿਉਂ ਪੈਸਾ ਅਜੇ ਮੋੜਿਆ ਈ ਨੀ ਗਿਆ, ਏਨੇ ਸਾਲ ਹੋਗੇ?” ਉਹ ’ਕੱਠੇ ਈ ਬੋਲੇ|
“ਪੈਸੇ ਮੈਂ ਕਿੱਥੋਂ ਮੋੜ ਦਿੰਦਾ? ਖੇਤੀ ’ਚੋਂ ਬਚਦਾ ਕੀ ਐ? ਮੈਂ ਤਾਂ ਟਰੈਕਟਰ ਵੇਚਣ ਤੋਂ ਪਹਿਲਾਂ ਸਕੂਲ ਲਾਗਲਾ ਫਾਰਮ ਵੀ ਠੇਕੇ ’ਤੇ ਲੈ ਕੇ ਦੇਖ ਲਿਆ| ਏਨੀ ਮਿਹਨਤ ਕੀਤੀ ਪਰ ਕੱਖ ਨੀਂ ਬਚਿਆ, ਪੈਸੇ ਵਿਆਜ ਪੈ ਪੈ ਵਧੀ ਜਾਂਦੇ ਨੇ,” ਮੈਂ ਕਿਹਾ|
ਮੇਰਾ ਕਸੂਰ ਬੱਸ ਏਨਾ ਕੁ ਹੀ ਸੀ ਕਿ ਮੈਂ ਖੇਤੀ ’ਚੋਂ ਕਰਜ਼ਾ ਮੋੜ ਦੇਣ ਦੀ ਉਮੀਦ ਲਾਈ ਬੈਠਾ ਰਿਹਾ ਜਦੋਂ ਕਿ ਖੇਤੀ ਵਿਚੋਂ ਤਾਂ ਗੁਜ਼ਾਰਾ ਬੱਸ ਮਸਾਂ ਗੁਜ਼ਾਰਾ ਹੀ ਹੋ ਸਕਦਾ ਸੀ, ਜਿਵੇਂ ਸਾਡਾ ਸ਼ਰੀਕ ਨਾਜ਼ਰ ਸਿੰਹੁ ਕਰਦੈ| ਟੈਲੀਫੋਨ ਲਵਾਇਆ ਈ ਨੀ| ਸਕੂਟਰ ਦਾ ਲੋਕਾਂ ਨੂੰ ਪਤਾ ਵੀ ਨਹੀਂ ਕਿ ਇਨ੍ਹਾਂ ਦੇ ਹੈਗਾ ਵੀ ਐ ਕਿ ਨਹੀਂ| ਛੇ ਛੇ ਮਹੀਨੇ ਬਾਹਰ ਈ ਨੀ ਕੱਢਦੇ| ਕੇਬਲ ਦੀ ਥਾਂ ਉਹੀ ਛਤਰੀ ਜਿਹੀ ਨਾਲ ਕੰਮ ਸਾਰੀ ਜਾਂਦੇ ਨੇ| ਨਾਜ਼ਰ ਦਾ ਪੋਤਾ ਰੋਜ਼ ਸ਼ਾਮੀ ਕੋਠੇ ’ਤੇ ਚੜਕੇ ਐਨਟੀਨੇ ਨੂੰ ਘੁੰਮਾਈ ਜਾਊ ਨਾਲੇ ਥੱਲੇ ਨੂੰ ਮੂੰਹ ਕਰਕੇ ਆਪਣੀ ਮੰਮੀ ਨੂੰ ਆਖੂ, “ਏ ਮੰਮੀ ਦੇਖੀ ਡੀ.ਡੀ ਵੰਨ ਚੱਲ ਪਿਆ?” ਉਹ ਛਤਰੀ ਨੂੰ ਠੀਕ ਕਰਨ ਤੇ ਰੋਜ਼ ਏਨਾ ਸਮਾਂ ਲਾਉਦੈ ਦੇਖਣ ਨੂੰ ਪਤਾ ਨਹੀਂ ਕਿੰਨਾ ਕੁ ਸਮਾਂ ਬਚਦਾ ਹੋਊ| ਲੋਕਾਂ ਨੇ ਉਹਦਾ ਨਾਮ ਹੀ ਡੀ.ਡੀ ਵੰਨ ਪਾਇਆ ਹੋਇਐ|
“ਫੇਰ ਹੁਣ?” ਨਿੰਦਰ ਨੇ ਪੁੱਛਿਆ|
“ਜ਼ਮੀਨ ਵੇਚਣੀ ਪਉੂ, ਨਹੀਂ ਤਾਂ ਇਹ ਕਰਜ਼ਾ ਸਾਰੀ ਜ਼ਮੀਨ ਨੂੰ ਲੈ ਬੈਠੂ,” ਮੈਂ ਲੁਕੋ ਰੱਖ ਗਿਆ| ਇਹ ਪੁੱਤਰ ਨੂੰਹ ਦਾ ਕੇਹਾ ਭੈਅ ਸੀ ਕਿ ਮੈਂ ਸੱਚ ਦੱਸਣ ਦੀ ਹਿੰਮਤ ਨਹੀਂ ਕਰ ਪਾ ਰਿਹਾ ਸੀ|
“ਸਾਡੇ ਹਿੱਸੇ ਦੀ ਜ਼ਮੀਨ ਨੂੰ ਹੱਥ ਨਾ ਲਾਇਓ, ਅਸੀਂ ਸਾਡੇ ਨੈਵੀ ਦੇ ਭਵਿੱਖ ਦਾ ਵੀ ਖ਼ਿਆਲ ਰੱਖਣਾ| ਮੈਂ ਨੈਵੀ ਦੇ ਹਿੱਸੇ ਦੀ ਜ਼ਮੀਨ ਨਹੀਂ ਵੇਚਣ ਦੇਣੀ| ਅਸੀਂ ਥੋਡੇ ਤੋਂ ਕਦੇ ਕੁਛ ਨੀ ਲਿਆ| ਆਪਣਾ ਕਰਜ਼ਾ ਜਿਵੇਂ ਮਰਜ਼ੀ ਲਾਹੋ,” ਸੁਖਰਾਜ ਨੇ ਹੱਥ ਮਾਰ ਕੇ ਕਿਹਾ| ਪਰੇ ਖੇਡਦਾ ਫਿਰਦਾ ਨੈਵੀ ਆਪਣੀ ਗੱਲ ਹੁੰਦੀ ਸੁਣਕੇ ਨੇੜੇ ਆ ਗਿਆ| ਉਂਜ ਵੀ ਉਸਦਾ ਸੁਭਾਅ ਹੈ ਘਰ ਵਿਚ ਤੂੰ-ਤੂੰ ਮੈਂ-ਮੈਂ ਵਾਲਾ ਮਾਹੌਲ ਹੋਵੇ ਤਾਂ ਚੁੱਪ ਰਹਿੰਦੈ, ਸਾਰੀ ਗੱਲ ਧਿਆਨ ਨਾਲ ਸੁਣਦੈ|
“ਜ਼ਮੀਨ ਤਾਂ ਭਾਈ ਇਨ੍ਹਾਂ ਨੇ ਇਕ ਤਰਾਂ੍ਹ ਨਾਲ ਵੇਚ ਲਈ ਐ| ਬਿਆਨਾ ਫੜ ਲਿਐ, ਸੱਚੀ ਗੱਲ ਤਾਂ ਇਹ ਐ,” ਕਰਮੇ ਦੀ ਘਰਵਾਲੀ ਰਮਨ ਨੇ ਆ ਕੇ ਸਾਰਾ ਕੁਝ ਸੱਚੋ-ਸੱਚ ਦੱਸ ਦਿੱਤਾ| ਮੈਨੂੰ ਇਕ ਚੜੇ੍ਹ ਇਕ ਉਤਰੇ| ਹੁਣ ਨੂੰਹ ਧੀ ਨੂੰ ਬੰਦਾ ਕੀ ਆਖੇ|
“ਵੇਚ ਵੀ ਲਈ?” ਵੱਡਾ ਮੁੰਡਾ ਤੇ ਨੂੰਹ ਦੋਵੇਂ ’ਕੱਠੇ ਹੀ ਬੋਲੇ| ਬਹੂ ਰੋਣ ਲੱਗ ਪਈ| ਨੈਵੀ ਆਪਣੀ ਮੰਮੀ ਨੂੰ ਰੋਂਦੀ ਦੇਖਕੇ ਭੱਜਾ ਆਇਆ| ਪਹਿਲਾਂ ਆਪਣੀ ਮੰਮੀ ਦੇ ਨਾਲ ਲੱਗ ਕੇ ਖੜ੍ਹ ਗਿਆ ਫੇਰ ਮੇਰੇ ਵੱਲ ਉਂਗਲ ਦਾ ਪਿਸਤੌਲ ਜਿਹਾ ਬਣਾ ਕੇ ਕਹਿੰਦਾ, “ਬੜੇ ਪਾਪਾ ਜੇ ਮੇਰੀ ਜ਼ਮੀਨ ਵੇਚੀ ਐ ਮੈਂ ਥੋਨੂੰ ਸੁਪਰਮੈਨ ਤੋਂ ਮਰਵਾਦੂੰ…।”
ਮੈਂ ਉਸਨੂੰ ਪਲੋਸਣ ਲਈ ਹੱਥ ਅੱਗੇ ਵਧਾਇਆ ਤਾਂ ਉਹ ਮੇਰਾ ਹੱਥ ਝਟਕ ਕੇ ਆਪਣੀ ਮੰਮੀ ਕੋਲ ਚਲਾ ਗਿਆ| ਮੇਰੇ ਮਨ ਵਿਚ ਲੋਹੜੇ ਦਾ ਉਦਰੇਵਾਂ ਉਠਿਆ| ਸਾਰੇ ਜੀਆਂ ਵਿਚ ਮੈਂ ਦੋਸ਼ੀ ਬਣਿਆ ਬੈਠਾ ਸੀ| ਜਿਵੇਂ ਸਾਰਾ ਕਸੂਰ ਮੇਰਾ ਹੀ ਹੋਵੇ| ਭਾਈ ਹੈ ਵੀ ਤਾਂ ਮੇਰਾ ਹੀ ਸੀ| ਮੈਂ ਉਨ੍ਹਾਂ ਨੂੰ ਜੰਮਿਆ ਸੀ, ਪਾਲਿਆ ਸੀ, ਪੜ੍ਹਾਇਆ ਸੀ, ਵਿਆਹਿਆ ਸੀ| ਇਹ ਸਾਰਾ ਕੁਝ ਕਰਦਾ ਕਰਾਉਂਦਾ ਹੀ ਮੈਂ ਕਿਤੇ ਬਾਜ਼ੀ ਹਾਰ ਗਿਆ ਸੀ|
“ਫਿਰ ਸਾਡੇ ਤੋਂ ਲੁਕੋਅ ਕਿਉਂ ਰੱਖਿਆ ਤੁਸੀਂ?”ਨਿੰਦਰ ਨੇ ਸਵਾਲ ਕੀਤਾ|
“ਤੂੰ ਵੇਚਣ ਨਹੀਂ ਦੇਣੀ ਸੀ ਤੇ ਵੇਚੇ ਬਿਨਾ ਸਰਨਾ ਨਹੀਂ ਸੀ,” ਮੈਂ ਝੂਠ ਬੋਲਣ ਦਾ ਸੱਚਾ ਕਾਰਨ ਦੱਸਿਆ|
“ਕਿੰਨੀ ਵੇਚੀ ਐ?”
“ਕਰਮੇਂ ਦੇ ਹਿੱਸੇ ਦੇ ਦੋ ਕੀਲੇ| ਪਹਿਲਾਂ ਅਸੀਂ ਕਰਜ਼ਾ ਲਾਹਾਂਗੇ ਜਿਹੜੇ ਪੈਸੇ ਬਾਕੀ ਬਚ ਗਏ ਉਨ੍ਹਾਂ ਨਾਲ ਕਰਮੇਂ ਨੂੰ ਬਾਹਰ ਭੇਜਾਂਗੇ …,” ਮੈਨੂੰ ਸਥਿਤੀ ਕਾਬੂ ਵਿਚ ਹੁੰਦੀ ਲੱਗੀ|
“ਉਰੇ ਤਾਂ ਇਹਨੇ ਚੱਜ ਨਾਲ ਕੰਮ ਕਦੇ ਕੀਤਾ ਨੀਂ, ਉੱਥੇ ਜਾ ਕੇ ਕੀ ਇਹ ਲੱਲ੍ਹਰ ਲਾਦੂ?” ਨਿੰਦਰ ਕਰਮੇਂ ਵੱਲ ਝਾਕਿਆ|
“ਹੋਰ ਤੂੰ ਕਰਦੈਂ ਕੰਮ ਮੇਰੇ ਥਾਉਂ ?” ਪਰੇ ਬੈਠਾ ਕਰਮਾਂ ਅੱਖਾਂ ਕੱਢਣ ਲੱਗਾ|
“ਪਾਪਾ ਠੀਕ ਐ ਜੋ ਤੁਸੀਂ ਕਰ ਲਿਆ| ਹੁਣ ਸਾਡੇ ਹਿੱਸੇ ਦੀ ਜ਼ਮੀਨ ਨਿੰਦਰ ਦੇ ਨਾਮ ਲਗਵਾਦੋ,” ਸੁਖਰਾਜ ਨੇ ਅੱਖਾਂ ਪੂੰਝਕੇ ਗਲਾ ਸਾਫ਼ ਕਰਦਿਆਂ ਕਿਹਾ| ਮੈਂ ਉਸਦੀ ਗੱਲ ਨਾਲ ਇਕਦਮ ਚੌਂਕ ਪਿਆ| ਬਹੂ ਨੇ ਏਡੀ ਵੱਡੀ ਗੱਲ ਸੋਚ ਕਿਵੇਂ ਲਈ! “ਆਪਣੇ ਜਿਊਂਦੇ ਜੀਅ ਭਾਈ ਬੀਬਾ, ਮੈਂ ਜ਼ਮੀਨ ਥੋਡੇ ਨਾਮ ਕਿਵੇਂ ਲਵਾਦੂੰ? ਮੈਂ ਆਪਣੇ ਹੱਥ ਕਿਵੇਂ ਵਢਾ ਲਵਾਂ? ਹਜੇ ਤਾਂ ਸਾਡੀ ਮਾਂ ਬੈਠੀ ਐ ਜਿਊਂਦੀ ਜਾਗਦੀ|”
“ਤੂੰ ਚੁੱਪ ਕਰ ਸੁਖਰਾਜ,” ਨਿੰਦਰ ਨੇ ਕਿਹਾ|
“ਚੁੱਪ ਕਿਵੇ ਕਰਾਂ? ਮੇਰੇ ਬਾਪ ਨੇ ਤਿੰਨ ਕੀਲੇ ਦੇਖ ਕੇ ਰਿਸ਼ਤਾ ਕੀਤਾ ਸੀ| ਇਨ੍ਹਾਂ ਨੇ ਤਾਂ ਘਰ ਨੂੰ ਭੋਰ ਭੋਰ ਕੇ ਖਾਣਾ ਸ਼ੁਰੂ ਕਰ ਲਿਆ| ਆਪਣੇ ਨਾਲ ਹੋਣਾ ਪਤਾ ਕੀ ਐ ਨਿੰਦਰ ? ਜੇਕਰ ਇਨ੍ਹਾਂ ਦਾ ਬਾਹਰਲੇ ਦੇਸ਼ ਦਾ ਨਾ ਬਣਿਆ ਤਾਂ ਇਨ੍ਹਾਂ ਨੇ ਪੈਸੇ ਸਾਰੇ ਖੇਹ ਖਰਾਬ ਕਰ ਲੈਣੇ ਨੇ| ਫੇਰ ਆਖਣਗੇ ਨਿੰਦਰ ਤੇਰੇ ਕੋਲ ਤਾਂ ਨੌਕਰੀ ਐ, ਤੂੰ ਕਰਮੇਂ ਤੇ ਤਰਸ ਕਰ, ਚਾਰ ਕੀਲੇ ਜਿਹੜੇ ਬਚੇ ਨੇ ਇਨ੍ਹਾਂ ਵਿਚੋਂ ਅੱਧ ਇਹ ਫਿਰ ਇਹਨੂੰ ਦੇਣਗੇ, ਇਹ ਹੁੰਦੀ ਆਈ ਐ…।”
“ਮੈਂ ਧਾਰ ਨੀ ਮਾਰਦਾ ਥੋਡੇ ਹਿੱਸੇ ’ਤੇ, ਵੱਡੇ ਆਏ ਨੇ ਤਰਸ ਕਰਨ ਵਾਲੇ,” ਕਰਮਾ ੳੁੱਠ ਕੇ ਖੜਾ ਹੋ ਗਿਆ| ਮੈਨੂੰ ਲਗਦਾ ਸੀ ਝੱਜੂ ਹੁਣ ਪਿਆ ਕਿ ਹੁਣ ਪਿਆ| ਮੈਂ ਲੋਕਾਂ ਨੂੰ ਤਮਾਸ਼ਾ ਦਿਖਾਉਣ ਤੋਂ ਡਰਦਾ ਸੀ| ਮੈਂ ਦੇਖਿਆ ਨੈਵੀ ਡਰ ਕੇ ਆਪਣੇ ਪਿਉ ਦੀ ਗੋਦੀ ਵਿਚ ਬੈਠ ਗਿਆ| ਏਕਣੇ ਇਹ ਨਿੰਦਰ ਕਰਦਾ ਹੁੰਦਾ ਸੀ| ਜਦੋਂ ਕਦੇ ਮੇਰੇ ਤੇ ਭਜਨੇ ਦਾ ਬੋਲ ਬੁਲਾਰਾ ਹੋ ਜਾਣਾ ਤਾਂ ਇਹਨੇ ਆ ਕੇ ਮੇਰੀ ਗੋਦੀ ਵਿਚ ਬੈਠ ਜਾਣਾ, ਹੈ ਤਾਂ ਇਹ ਮੇਰਾ ਹੀ ਵਿਸਤਾਰ ਪਰ ਹੁਣ ਕਿਵੇਂ ਬੇਗਾਨੇ ਬਣੇ ਬੈਠੇ ਨੇ!
“ਮੁੰਡਿਆ! ਭਾਸ਼ਾ ਸੱੁਧ ਰੱਖ ਆਪਣੀ! ਤੇਰੀ ਵੱਡੀ ਭਾਬੀ ਐ ਉਹ, ਥੱਪੜ ਮਾਰੂੰ ਖਿੱਚ ਕੇ ਜੇ ਦੁਬਾਰਾ ਬੋਲਿਆ,” ਹੁਣ ਤੱਕ ਚੁੱਪ ਬੈਠੀ ਪਾਸ਼ੋ ਕਰਮਂੇ ਨੂੰ ਭੱਜ ਕੇ ਪਈ|
ਮੈਂ ਨਿੰਦਰ ਨੂੰ ਤਾੜੀ ਜਾ ਰਿਹਾ ਸੀ| ਉਸਨੂੰ ਆਪਣੀ ਘਰਵਾਲੀ ਦੀ ਗੱਲ ਸਮਝ ਆ ਗਈ ਸੀ| ਉਹ ਕੋਈ ਫੈਸਲਾ ਲੈ ਰਿਹਾ ਸੀ| ਸੁਖਰਾਜ ਫਿਰ ਬੋਲੀ, “ਪਾਪਾ ਜੀ, ਜ਼ਮੀਨ ਤਾਂ ਹੁਣ ਤੁਸੀਂ ਵੇਚ ਹੀ ਲਈ ਐ, ਸਾਨੂੰ ਸਾਡਾ ਹਿੱਸਾ ਦੇ ਦੇਵੋਂ! ਮੈਂ ਤੁਹਾਡੇ ਪੁੱਤ ਨੂੰ ਸ਼ਹਿਰ ਦੇ ਕਿਰਾਏ ਦੇ ਮਕਾਨ ਵਿਚ ਡਰਦਿਆਂ-ਝਿਪਦਿਆਂ ਰਹਿੰਦੇ ਨਹੀਂ ਦੇਖ ਸਕਦੀ| ਸਾਡੇ ਤੋਂ ਸਕੂਲ ਦੀ ਤਨਖਾਹ ਨਾਲ ਸ਼ਹਿਰ ਵਿਚ ਮਕਾਨ ਕਿੱਥੇ ਬਣਨੈ|”
“ਮੈਂ ਤਾਂ ਡਰਦਾ ਝਿਪਦਾ ਜਿਵੇਂ ਰਹਿੰਦਾ ਸੀ ਰਹੀ ਜਾਂਦਾ| ਥੋਨੂੰ ਜ਼ਮੀਨ ਵੇਚਣ ਨੂੰ ਕਦੀ ਨਹੀਂ ਸੀ ਕਹਿੰਦਾ| ਪਰ ਤੁਸੀਂ ਤਾਂ ਕਮਾਲ ਏ ਕਰਤੀ, ਮੈਨੂੰ ਪੁੱਛਿਆ ਤੱਕ ਨੀਂ! ਮੈਂ ਇਸ ਘਰ ਵਾਸਤੇ ਕੀ-ਕੀ ਨਹੀਂ ਕਰਦਾ? ਠੀਕ ਐ, ਸੁਖਰਾਜ ਠੀਕ ਕਹਿ ਰਹੀ ਐ| ਅਸੀਂ ਕਿਉਂ ਕਿਰਾਏ ਦੇ ਮਕਾਨਾਂ ਵਿਚ ਧੱਕੇ ਖਾਂਦੇ ਫਿਰੀਏ? ਜ਼ਮੀਨ ਦੇ ਪੈਸਿਆਂ ਵਿਚੋਂ ਅੱਧੇ ਪੈਸੇ ਸਾਨੂੰ ਦੇਦੋ|”
ਉਧਰ ਕਰਮਾਂ ਕਹੇ ਮੈਂ ਜ਼ਮੀਨ ਆਪਣੇ ਹਿੱਸੇ ’ਚੋਂ ਵੇਚੀਐ| ਮੈਂ ਬਾਹਰ ਨਿਕਲਣਾ| ਜੇ ਤੂੰ ਅੱਧੇ ਪੈਸੇ ਲੈ ਗਿਆ ਤਾਂ ਮੇਰੇ ਬਾਹਰ ਜਾਣ ਦੇ ਪੈਸੇ ਘਟ ਜਾਣਗੇ| ਨਿੰਦਰ ਕਹੇ ਤੁਸੀਂ ਮੇਰੀ ਸਲਾਹ ਕਿਉਂ ਨਹੀਂ ਲਈ| ਜ਼ਮੀਨ ਤੇਰੇ ਨਾਂ ਤਾਂ ਨਹੀਂ ਲੱਗੀ ਹੋਈ| ਨਿੰਦਰ ਤੇ ਸੁਖਰਾਜ ਤਾਂ ਕਿਸੇ ਹਾਲਤ ਵਿਚ ਵੀ ਝਿਪਣ ਨੂੰ ਤਿਆਰ ਨਹੀਂ ਸਨ| ਲੜਾਈ ਝਗੜਾ ਵਧਣ ਤੋਂ ਡਰਦਿਆ ਮੈਂ ਕਰਮੇਂ ਨੂੰ ਚੁੱਪ ਕਰ ਜਾਣ ਲਈ ਕਿਹਾ| ਮੈਂ ਨਿੰਦਰ ਦੀ ਗੱਲ ਮੰਨ ਲਈ| ਮੈਂ ਉਸ ਨੂੰ ਕਰਜ਼ੇ ਦਾ ਹਿੱਸਾ ਚੁੱਕਣ ਲਈ ਕਿਹਾ ਪਰ ਨਿੰਦਰ ਮੰਨਿਆ ਨਹੀਂ ਅਖੇ ਮੈਂ ਕਿਹੜਾ ਘਰੋਂ ਕੁਛ ਲੈ ਕੇ ਗਿਆ| ਏਨੇ ਸਾਲਾਂ ਦਾ ਹੱਥ ਝਾੜ ਹੀ ਰਿਹਾਂ| ਜੀਤੀ ਦੇ ਵਿਆਹ ਵਿਚ ਮੱਦਦ ਕੀਤੀ| ਮੈਂ ਪਿੰਡ ਵਾਲਾ ਘਰ ਇਹਨੂੰ ਛੋਟੇ ਨੂੰ ਛੱਡ ਰਿਹਾਂ| ਮੈਂ ਮਿਹਨਤ ਕੀਤੀ, ਪੜ੍ਹਕੇ ਨੌਕਰੀ ’ਤੇ ਲੱਗਿਆ| ਕਰਜ਼ਾ ਤੁਸੀਂ ਆਪ ਚੜ੍ਹਾਇਐ| ਕਰਮਾਂ ਕੰਮ ਚੱਜ ਨਾਲ ਕਰਦਾ ਨੀਂ| ਭਈਆਂ ਤੋਂ ਕੰਮ ਕਰਵਾਉਂਦੈ|
ਰਜਿਸਟਰੀ ਹੁੰਦੀ ਸਾਰ ਅਸੀਂ ਇਕ ਕੀਲੇ ਦੇ ਪੈਸੇ ਨਿੰਦਰ ਨੂੰ ਦੇ ਦਿੱਤੇ| ਕਰਮਾਂ ਹੀ ਫੜਾਕੇ ਆਇਆ ਸੀ| ਨਿੰਦਰ ਨੇ ਉਹ ਪੈਸੇ ਤੇ ਕੁਝ ਲੋਨ ਲੈ ਕੇ ਸ਼ਹਿਰ ਵਿਚ ਮਕਾਨ ਖਰੀਦ ਲਿਆ| ਤਨਖਾਹ ਮਿਲਦੀ ਸਾਰ ਉਹ ਮਕਾਨ ਦੇ ਲੋਨ ਦੀ ਕਿਸ਼ਤ ਭਰ ਦਿੰਦਾ|
ਕਰਮੇਂ ਦਾ ਬਾਹਰ ਜਾਣ ਦਾ ਕੰਮ ਲੋਟ ਨਹੀਂ ਆ ਰਿਹਾ। ਉਹ ਏਜੰਟਾਂ ਕੋਲ ਭੱਜ-ਨੱਠ ਕਰਦਾ ਰਹਿੰਦਾ ਹੈ| ਉਸ ਦੇ ਹਿੱਸੇ ਦੇ ਪੈਸਿਆਂ ਵਿਚੋਂ ਕੁਝ ਤਾਂ ਕਰਜ਼ਾ ਲਾਹੁਣ ’ਤੇ ਲੱਗ ਗਏ| ਬਾਕੀ ਬੈਂਕ ਵਿਚ ਜ਼ਮਾਂ ਸਨ| ਵੇਲੇ ਕੁਵੇਲੇ ਲੋੜ ਵੇਲੇ ਇਨ੍ਹਾਂ ਪੈਸਿਆਂ ਵਿਚੋਂ ਪੈਸੇ ਨਿਕਲਦੇ ਰਹਿੰਦੇ| ਮੈਨੂੰ ਕਰਮੇਂ ਦੇ ਖੁਰਦੇ ਜਾਂਦੇ ਪੈਸਿਆਂ ਦੀ ਚਿੰਤਾ ਵੱਢ-ਵੱਢ ਖਾਂਦੀ| ਮੈਂ ਸਬਜ਼ੀਆਂ ਬੀਜ ਲਈਆਂ| ਫਰਵਰੀ ਦੇ ਮਹੀਨੇ ਮੈਂ ਬਰਸੀਮ ਵਾਲਾ ਅੱਧਾ ਕੀਲਾ ਵਹਾ ਲਿਆ| ਮੈਂ ਸਬਜ਼ੀਆਂ ਵਾਲਾ ਪ੍ਰਯੋਗ ਕਰਕੇ ਵੇਖਣਾ ਚਾਹੁੰਦਾ ਸੀ| ਮਲੇਰਕੋਟਲੇ ਦੇ ਮੀਏਂ ਕੀਲਾ ਕੀਲਾ ਜ਼ਮੀਨ ’ਤੇ ਫੋਰਡ ਟਰੈਕਟਰ ਰੱਖੀ ਬੈਠੇ ਸਨ| ਮੈਂ ਕੱਦੂ ਪੇਠਾ ਤੇ ਭਿੰਡੀ ਬੀਜ ਦਿੱਤੇ| ਸਬਜ਼ੀਆਂ ਮਿਹਨਤ ਬਹੁਤ ਮੰਗਦੀਆਂ| ਸਾਰਾ ਦਿਨ ਖੁਰਪਾ ਲੈ ਕੇ ਖੇਤ ਵਿਚ ਰਹਿਣਾ ਪੈਂਦਾ| ਮਲੇਰਕੋਟਲੇ ਦੇ ਮੀਏਂ ਤਾਂ ਸਾਰੇ ਟੱਬਰ ਨੂੰ ਟਰੈਕਟਰ ’ਤੇ ਲੱਦ ਕੇ ਖੇਤ ਲੈ ਆਉਂਦੇ| ਸ਼ਾਮੀਂ ਘਰ ਨੂੰ ਮੁੜ੍ਹਦੇ| ਇੱਥੇ ਨਾ ਪਾਸ਼ੋ ਆ ਸਕਦੀ ਸੀ ਤੇ ਨਾ ਸਾਡੀ ਨੂੰਹ ਰਮਨ| ਕਰਮਾਂ ਕਦੇ-ਕਦੇ ਗੇੜਾ ਮਾਰਦਾ| ਬਹੁਤਾ ਉਹ ਏਜੰਟਾਂ ਵੱਲ ਤੁਰਿਆ ਰਹਿੰਦਾ| ਸਪਰੇਅ ਉਹੀ ਕਰਦਾ| ਕੱਦੂ ਨੂੰ ਲਾਲ ਭੂੰਡੀ ਤੋਂ ਬਚਾਉਣ ਲਈ ਸੇਵਨ ਦਵਾਈ ਲਿਆਂਦੀ| ਪੇਠੇ ਅਤੇ ਭਿੰਡੀ ’ਤੇ ਇੰਡੋਸਲਫਾਨ ਦੀ ਸਪਰੇਅ ਹੁੰਦੀ| ਇਨ੍ਹਾਂ ਦਵਾਈਆਂ ਦਾ ਖਰਚਾ ਬਹੁਤ ਸੀ|
ਸ਼ਾਮੀਂ ਮੈਂ ਕਿਸੇ ਵਿਹੜੇ ਵਾਲੇ ਨੂੰ ਨਾਲ ਲਗਾ ਕੇ ਸਬਜ਼ੀ ਤੁੜਵਾ ਲੈਂਦਾ| ਅਗਲਾ ਨਾਲੇ ਤੁੜਵਾ ਜਾਂਦਾ ਤੇ ਨਾਲੇ ਆਪਣੇ ਘਰ ਵਾਸਤੇ ਸਬਜ਼ੀ ਲੈ ਜਾਂਦਾ| ਸਵੇਰੇ ਸਾਢੇ ਪੰਜ ਵੱਜਦੇ ਨੂੰ ਮੈਂ ਬੋਰੀ ਨੂੰ ਸਕੂਟਰ ਦੇ ਪਿੱਛੇ ਬੰਨ ਕੇ ਸ਼ਹਿਰ ਦੀ ਮੰਡੀ ਨੂੰ ਤੁਰ ਪੈਂਦਾ| ਅਗੇਤੀ ਸਬਜ਼ੀ ਨੂੰ ਆੜਤੀਏ ਤੋਲ ਕੇ ਲੈਂਦੇ| ਸੀਜ਼ਨ ਵਾਲੀ ਸਬਜ਼ੀ ਦੀ ਬੋਰੀ ਜਾਂ ਪੰਡ ਦਾ ਹੀ ਸੌਦਾ ਹੁੰਦਾ| ਸਸਤੀ ਹੋਣ ਕਾਰਨ ਕਿੱਲੋ ਦੋ ਕਿੱਲੋ ਦਾ ਫਰਕ ਮਾਇਨੇ ਨਹੀਂ ਰੱਖਦਾ ਸੀ| ਕਦੇ ਕਦੇ ਪੈਸੇ ਬਚਦੇ ਪਰ ਬਹੁਤੀ ਵਾਰ ਮੈਂ ਜਿੰਨੇ ਪੈਸੇ ਵੱਟਦਾ ਉਹ ਘਰ ਦੇ ਸੌਦਿਆਂ ਜਾਂ ਸਪਰੇਅ ਵਾਲੀ ਦਵਾਈ ’ਤੇ ਹੀ ਖਤਮ ਹੋ ਜਾਂਦੇ| ਮੰਡੀ ਤੋਂ ਵਿਹਲਾ ਹੋ ਕੇ ਮੈਂ ਨਿੰਦਰ ਵੱਲ ਚਲਾ ਜਾਂਦਾ| ਉਨ੍ਹਾਂ ਵਾਸਤੇ ਸਬਜ਼ੀਆਂ ਲੈ ਜਾਂਦਾ| ਹਾਜ਼ਰੀ ਦੀ ਰੋਟੀ ਉੱਥੇ ਹੀ ਖਾਂਦਾ| ਨੈਵੀ ਮੇਰੇ ਨਾਲ ਆ ਬੈਠਦਾ| ਅਸੀਂ ਦਾਦਾ ਪੋਤਾ ਇਕੋ ਥਾਲੀ ਵਿਚ ਖਾਂਦੇ|
“ਸਾਡਾ ਪੁੱਤ ਪੜ੍ਹਕੇ ਕੀ ਬਣੂੰਗਾ ?”ਮੈਂ ਪੁੱਛਦਾ|
“ਜੱਜ ਬਣੂੰਗਾ ਬੜੇ ਪਾਪਾ।” ਉਹ ਆਖਦਾ|
ਇਕ ਦਿਨ ਉਸਨੇ ਟੈਲੀਵਿਜ਼ਨ ’ਤੇ ਖ਼ਬਰਾਂ ਵਿਚ ਇਕ ਜੱਜ ਨੂੰ ਗ੍ਰਿਫਤਾਰ ਹੁੰਦਿਆਂ ਦੇਖ ਲਿਆ| ਮੇਰੇ ਦੇਖਦੇ-ਦੇਖਦੇ ਉਸਨੇ ਆਪਣਾ ਫੈਸਲਾ ਬਦਲ ਲਿਆ|
“ਬੜੇ ਪਾਪਾ, ਮੈਂ ਤਾਂ ਅਮਰੀਕਾ ਜਾਊਂਗਾ, ਇੰਡੀਆ ਤਾਂ ਗੰਦਾ ਮੁਲਕ ਐ, ਇੱਥੇ ਤਾਂ ਜੱਜਾਂ ਨੂੰ ਵੀ ਪੁਲਸ ਵਾਲੇ ਫੜ ਲੈਂਦੇ ਨੇ”|
ਸ਼ਹਿਰੋਂ ਆ ਕੇ ਮੈਂ ਫਿਰ ਸਬਜ਼ੀਆਂ ਦੀ ਦੇਖ-ਭਾਲ ਕਰਨ ਲੱਗਦਾ|
“ਤਾਇਆ, ਜੇ ਪੈਸੇ ਵੱਟਣੇ ਨੇ ਤਾਂ ਆਪ ਜਾਇਆ ਕਰ ਮੰਡੀ ਵਿਚ ਜਿਹੜੀ ਸਵੇਰੇ-ਸਵੇਰੇ ਲਗਦੀ ਐ,” ਵਿਹੜੇ ਵਾਲਾ ਕਪੂਰਾ ਮੈਨੂੰ ਕਹਿਣ ਲੱਗਾ| ਉਹ ਆਪ ਸ਼ਹਿਰੋਂ ਸਬਜ਼ੀ ਲਿਆਕੇ ਪਿੰਡਾਂ ਵਿਚ ਫੇਰੀ ਲਾਉਂਦਾ ਸੀ| ਅੜੇ ਥੁੜੇ ਉਹ ਮੇਰੇ ਤੋਂ ਵੀ ਸਬਜ਼ੀ ਖਰੀਦ ਕੇ ਲੈ ਜਾਂਦਾ|
“ਕਪੂਰਿਆ ਮੈਂ ਹੁਣ ਚੰਗਾ ਲੱਗੂੰ ਭਈਆਂ ਦੇ ਬਰਾਬਰ ਬੈਠਕੇ ਸਬਜ਼ੀ ਵੇਚਦਾ!” ਅਸਲ ਵਿਚ ਜੀਅ ਤਾਂ ਮੇਰਾ ਵੀ ਕਰਦਾ ਸੀ ਪਰ ਮੈਂ ਕਪੂਰੇ ਤੋਂ ਕੋਈ ਹੌਸਲਾ ਵਧਾਊ ਦਲੀਲ ਸੁਣਨਾ ਚਾਹੁੰਦਾ ਸੀ|
“ਕਿਉਂ ਚੰਗੇ ਲੱਗਣ ਨੂੰ ਕੀ ਐ? ਪੈਸੇ ਬਚਦੇ ਐ| ਨਾਲੇ ਆਪਣੀ ਮੰਡੀ ਵਿਚ ਤਾਂ ਬਥੇਰੇ ਜੱਟ-ਜ਼ਿੰਮੀਦਾਰ ਬੈਠੇ ਹੁੰਦੇ ਐ| ਕਈ ਤਾਂ ਟਰੈਕਟਰ ਟਰਾਲੀ ਲੈ ਕੇ ਆਉਂਦੇ ਐ, ਟਰਾਲੀ ਵਿਚ ਬੈਠੇ ਈ ਤੋਲੀ ਜਾਂਦੇ ਐ,” ਕਪੂਰੇ ਨੂੰ ਪੂਰਾ ਭੇਤ ਸੀ|
ਮੈਨੂੰ ਮੈਸੀ ਦੀ ਯਾਦ ਆ ਗਈ| ਟਰਾਲੀ ਦੇ ਪਿੱਛੇ ਲਿਖਿਆ ਫਿਕਾ ਪੈ ਚੁੱਕਾ ‘ਜੈ ਜਵਾਨ ਜੈ ਕਿਸਾਨ’ ਯਾਦ ਆਇਆ| ਕਪੂਰੇ ਦੀਆਂ ਦਲੀਲਾਂ ਨੇ ਮੈਨੂੰ ਤਿਆਰ ਕਰ ਦਿੱਤਾ| ਇਕ ਦਿਨ ਮੈਂ ਤੱਕੜੀ ਤੇ ਵੱਟੇ ਖਰੀਦ ਲਿਆਇਆ| ਪਾਸ਼ੋ ਨੇ ਦੇਖੇ ਤਾਂ ਬੋਲੀ,
“ਇਹ ਕੀ?!”
“ਸਬਜ਼ੀ ਮੈਂ ਆਪ ਵੇਚਿਆ ਕਰੂੰ|”
“ਸ਼ਰਮ ਤਾਂ ਨੀਂ ਆਉਂਦੀ, ਮੁੰਡਾ ਮਾਸਟਰ ਲੱਗਿਆ ਹੋਇਐ, ਕੰਮੀਂ ਕਮੀਣਾਂ ਆਲੇ ਕੰਮ ਕਰੂ ਹੁਣ ਇਹੇ| ਇਹਨੂੰ ਮੋੜਕੇ ਆਉ, ਜਿੱਥੋਂ ਲਿਆਏ ਓ,” ਪਾਸ਼ੋ ਦੇ ਸੁਹੱਪਣ ਵਿਚ ਅਜੇ ਵੀ ਕੋਈ ਰਮਜ਼ ਸੀ|
“ਮੁੰਡਾ ਤੈਨੂੰ ਖਾਣ ਨੂੰ ਨੀਂ ਦੇਣ ਲੱਗਿਆ| ਨਾਲੇ ਉਹ ਬਹੂ ਦੇਦੂਗੀ ਜਿਹੜੀ ਜ਼ਮੀਨ ਵੇਚੀ ਤੋਂ ਪਿੱਟ ਸਿਆਪਾ ਪਾਕੇ ਬਹਿਗੀ ਸੀ| ਜਿੰਨਾ ਚਿਰ ਬੰਦੇ ਦੀਆਂ ਚੱਲਦੀਆਂ ਹੋਣ ਉਹਨੂੰ ਦੂਜਿਆਂ ਦੇ ਹੱਥਾਂ ਵੱਲ ਝਾਕਣਾ ਵੀ ਨਹੀਂ ਚਾਹੀਦਾ, ਉਹ ਕੋਈ ਬੰਦੈ ਜਿਹੜਾ ਦੂਜਿਆਂ ਦੇ ਹੱਥਾਂ ਵੱਲ ਝਾਕੀ ਜਾਵੇ, ਨਾਲੇ ਮੰਡੀ ਵਿਚੋਂ ਕੁਸ਼ ਨੀਂ ਬਚਦਾ, ਉੱਥੇ ਮੁਨਾਫਾ ਤਾਂ ਆੜ੍ਹਤੀਏ ਅਰ ਰੇਹੜੀਆਂ ਵਾਲੇ ਖਾਈ ਜਾਂਦੇ ਐ| ਮੈਂ ਤਾਂ ‘ਆਪਣੀ ਮੰਡੀ’ ਜਾਊਂ, ਉਥੇ ਸ਼ਹਿਰੀਆਂ ਨੂੰ ਆਪ ਵੇਚੂੰਗਾ ਸਿੱਧਾ,” ਮੈਂ ਕਿਹਾ|
ਮੈਂ ‘ਆਪਣੀ ਮੰਡੀ’ ਜਾਣਾ ਸ਼ੁਰੂ ਕਰ ਦਿੱਤਾ| ਮੈਂ ਦੇਖਿਆ ਸ਼ਹਿਰੀਏ ਵਪਾਰੀ ਤੇ ਮੁਲਾਜ਼ਮ ਮਹਿੰਗੀਆਂ ਸਬਜ਼ੀਆਂ ਬਹੁਤ ਖਰੀਦਦੇ| ਚੜ੍ਹਦੇ ਸਿਆਲ ਦਾ ਨਵਾਂ-ਨਵਾਂ ਉਤਰਨ ਲੱਗਿਆ ਮਟਰ ਮਹਿੰਗਾ ਸੀ ਪਰ ਝੱਟ ਵਿਕ ਜਾਂਦਾ| ਕਈ ਸ਼ਹਿਰੀਏ ਹਿਸਾਬ ਵਿਚ ਚਲਾਕੀ ਮਾਰਦੇ, ਉਹ ਮੈਨੂੰ ਅਨਪੜ੍ਹ ਜੱਟ ਸਮਝਦੇ| ਮੈਂ ਪੁਰਾਣੀਆਂ ਨੌਂ ਪਾਸ ਉਨ੍ਹਾਂ ਦੀ ਰਗ-ਰਗ ਤੋਂ ਵਾਕਫ਼ ਹੁੰਦਾ ਚਲਾ ਗਿਆ| ਊਂ ਹਿਸਾਬ ਕਿਤਾਬ ਵਿਚ ਚਲਾਕੀ ਤਾਂ ਮੇਰਾ ਸਕਾ ਪੁੱਤ ਨਿੰਦਰ ਵੀ ਮਾਰ ਹੀ ਗਿਆ ਸੀ| ਕਰਜ਼ਾ ਕੱਲੇ ਕਰਮੇਂ ਦੀ ਵਜ੍ਹਾ ਕਰਕੇ ਹੀ ਤਾਂ ਨਹੀਂ ਚੜ੍ਹਿਆ ਸੀ| ਇਹ ਤਾਂ ਚੱਲਦੇ ਘਰ ਦੇ ਖਰਚੇ ਹੀ ਸਨ ਜਿਹੜੇ ਕਰਜ਼ਾ ਬਣ ਗਏ| ਨਿੰਦਰ ਨੂੰ ਕਰਜ਼ੇ ਦਾ ਕੁਝ ਹਿੱਸਾ ਜ਼ਰੂਰ ਚੁੱਕਣਾ ਚਾਹੀਦਾ ਸੀ| ਨਾਲੇ ਕਰਮੇਂ ਨੇ ਆਪਣੇ ਹਿੱਸੇ ਦੀ ਜ਼ਮੀਨ ਵੇਚੀ ਤਾਂ ਬਾਹਰ ਜਾਣ ਲਈ ਸੀ ਪਰ ਉਹ ਦੋਵੇਂ ਜੀਅ ਆਕੇ ਵਾਧੂ ਦਾ ਰੱਫੜ ਪਾਕੇ ਬਹਿਗੇ| ਪੈਸੇ ਲੈਕੇ ਔਹ ਗਏ| ਮਕਾਨ ਲੈ ਲਿਆ| ਹੁਣ ਚੱਲਦੀ ਮਾਰੂਤੀ ਲੈਣ ਨੂੰ ਫਿਰਦੈ, ਅਖੇ ਸਕੂਲ ਤੋਂ ਬਕਾਇਆ ਮਿਲਿਐ| ਕਰਮੇਂ ਵਿਚਾਰੇ ਦੇ ਹਿੱਸੇ ’ਚੋਂ ਅੱਧੇ ਪੈਸੇ ਤਾਂ ਕਰਜ਼ਾ ਉਤਾਰਨ ’ਤੇ ਈ ਲੱਗਗੇ| ਬਾਕੀ ਬਚੇ ਤਿੰਨ ਲੱਖ ਨਾਲ ਹੁਣ ਉਹ ਕਿਹੜੇ ਦੇਸ਼ ਜਾਵੇ? ਚੰਗੇ ਦੇਸ਼ਾਂ ਦੇ ਭਾਅ ਊਂ ਦਸ-ਦਸ ਲੱਖ ਟੱਪੇ ਪਏ ਨੇ|
ਵਿਹਲੇ ਬੈਠਿਆਂ ਨਾਲ ਦੀ ਫੜ੍ਹੀ ਵਾਲੇ ਨੇ ਗੱਲ ਤੋਰੀ, “ਮੈਂ ਥੋਡੇ ਪਿੰਡ ਆਲੇ ਪੰਡਤ ਕੋਲ ਜਾਨਾਂ ਹੁੰਨਾਂ ਪੁੱਛਿਆ ਲੈਣ, ਆਪਾਂ ਕਿਹੜੇ ਭਾਈਚਾਰੇ ’ਚੋਂ ਆਂ ਬਾਈ?”
ਮੈਨੂੰ ਇਕ ਦਮ ਕੋਈ ਜੁਆਬ ਨਾ ਔੜਿਆ| ਸੋਚਿਆ ਇਹ ਵੀਹ ਕੋਲ ਗੱਲ ਕਰੂ ਸਵਾਦ ਲੈ ਕੇ|
“ਵਿਹੜੇ ’ਚੋਂ ਆਂ…,”ਮੈਂ ਆਖ ਦਿੱਤਾ|
“ਫੇਰ ਤਾਂ ਆਪਣਾ ਇੱਕੋ ਭਾਈਚਾਰਾ,” ਉਹ ਬੋਲਿਆ| ਉਹ ਉਚੇ ਪਿੰਡ ਤੋਂ ਸੀ| ਸਬਜ਼ੀ ਮੰਡੀ ’ਚੋਂ ਸਬਜ਼ੀ ਲਿਆਕੇ ਵੇਚਦਾ ਸੀ|
‘ਆਪਣੀ ਮੰਡੀ’ ਵਿਚ ਭਈਆਂ ਅਤੇ ਰੇਹੜੀਆਂ ਵਾਲਿਆਂ ਦੀ ਵੀ ਕਮੀ ਨਹੀਂ ਸੀ| ਟਰੈਕਟਰ-ਟਰਾਲੀਆਂ ਵਾਲੇ ਵੀ ਆਉਂਦੇ| ਮੈਂ ਆਪਣੀ ਥਾਂ ’ਤੇ ਸਕੂਟਰ ਖੜਾ ਕਰਕੇ ਪੱਲੀ ਵਿਛਾ ਲੈਂਦਾ| ਫਿਰ ਸਬਜ਼ੀ ਦੀਆਂ ਢੇਰੀਆਂ ਪੱਲੀ ਉਪਰ ਲਾਉਂਦਾ| ਤੱਕੜੀ ਸਾਹਮਣੇ ਰੱਖ ਕੇ ਮੈਂ ਚੱਪ ਮਾਰਕੇ ਬੈਠ ਜਾਂਦਾ| ਸ਼ਹਿਰੀਏ ਝੋਲੇ ਲੈ ਕੇ ਆਉਂਦੇ| ਸਬਜ਼ੀਆਂ ਖਰੀਦ-ਖਰੀਦ ਮੁੜੀ ਜਾਂਦੇ| ਉਸ ਦਿਨ ਮੇਰਾ ਚੌਥਾ ਦਿਨ ਸੀ| ਮੈਨੂੰ ਸਬਜ਼ੀਆਂ ਖਰੀਦਦੀ ਫਿਰਦੀ ਸੁਖਜੀਤ ਭੈਣ ਜੀ ਦਿਸ ਪਈ| ਮੇਰਾ ਸਰੀਰ ਇਕ ਦਮ ਹੀ ਪਸੀਨੋ-ਪਸੀਨੀ ਹੋ ਗਿਆ| ਇਹ ਕਿਧਰੋਂ ਆਗੀ? ਮੈਨੂੰ ਸਮਝ ਨਾ ਆਵੇ ਮੈਂ ਕੀ ਕਰਾਂ! ਮੇਰੀ ਹਾਲਤ ਪਾੜ ਵਿਚ ਰੰਗੇ ਹੱਥੀਂ ਫੜੇ ਗਏ ਚੋਰ ਵਰਗੀ ਹੋ ਗਈ| ਮੰਡੀ ਤੱਕ ਆਉਣ ਲਈ ਘੜੀਆਂ ਹੋਈਆਂ ਸਾਰੀਆਂ ਦਲੀਲਾਂ ਪਲ ਵਿਚ ਹੀ ਕਿਰ ਗਈਆਂ| ਮੈਂ ਆਪਣੀ ਫੜ੍ਹੀ ਛੱਡ ਕੇ ਪਰੇ ਬੀਪੁਰੀਏ ਜ਼ੈਲੇ ਦੀ ਟਰਾਲੀ ਕੋਲ ਜਾ ਖੜਿਆ|
ਰਿਸ਼ਤੇ ਦਾ ਉਹ ਕਿਹੜਾ ਧਾਗਾ ਸੀ ਜਿਹੜਾ ਅਜੇ ਤੱਕ ਵੀ ਟੁੱਟਿਆ ਨਹੀਂ ਸੀ?
ਇਸ ਧਾਗੇ ਦੀ ਹੋਂਦ ਦਾ ਅਹਿਸਾਸ ਮੈਨੂੰ ਉਦੋਂ ਵੀ ਹੋਇਆ ਸੀ ਜਿਸ ਦਿਨ ਸੁਖਜੀਤ ਦੀ ਬਦਲੀ ਸਾਡੇ ਪਿੰਡ ਦੇ ਸਕੂਲ ਵਿਚ ਹੋਈ ਸੀ| ਸਕੂਲ ਪੜ੍ਹਦੇ ਬੱਚਿਆਂ ਵਿਚੋਂ ਨਿੰਦਰ ਨੇ ਮੈਨੂੰ ਆਪਣੀ ਨਵੀਂ ਭੈਣ ਜੀ ਬਾਰੇ ਦੱਸਿਆ ਸੀ ਤਾਂ ਮੇਰਾ ਦਿਲ ਤੇਜੀ ਨਾਲ ਧੜਕਿਆ ਸੀ|
ਤਿੰਨ ਜੁਆਕਾਂ ਦਾ ਪਿਉ ਹੋਣ ਦੇ ਬਾਵਜੂਦ ਮੇਰੀ ਸੁਤਾ ਸਕੂਲ ਨਾਲ ਹੀ ਜੁੜੀ ਰਹਿੰਦੀ| ਇਹ ਸੁਖਜੀਤ ਦੀ ਸਕੂਲ ਵਿਚ ਹੋਂਦ ਹੀ ਸੀ ਜਿਸਨੇ ਮੈਨੂੰ ਸੂਏ ਲਾਗਲਾ ਫਾਰਮ ਛੱਡ ਕੇ ਸਕੂਲ ਲਾਗਲਾ ਫਾਰਮ ਵੱਧ ਬੋਲੀ ਦੇ ਕੇ ਠੇਕੇ ’ਤੇ ਲੈਣ ਲਈ ਮਜ਼ਬੂਰ ਕਰ ਦਿੱਤਾ ਸੀ| ਫਿਰ ਕਿੰਨੇ ਹੀ ਸਾਲ ਸਕੂਲ ਲਾਗਲਾ ਪੰਚਾਇਤੀ ਫਾਰਮ ਮੇਰੇ ਤੇ ਭਜਨੇ ਕੋਲ ਹੀ ਰਿਹਾ ਸੀ| ਸਕੂਲ ਵਿਚ ਏਧਰ-ਉਧਰ ਜਾਂਦੀ ਸੁਖਜੀਤ ਮੈਨੂੰ ਦਿਸ ਜਾਂਦੀ| ਨਿੰਦਰ, ਕਰਮਾਂ ਤੇ ਜੀਤੀ ਤਿੰਨੋਂ ਉਸ ਕੋਲ ਪੜੇ੍ਹ ਸਨ| ਇਹ ਤਿੰਨੋਂ ਜੁਆਕ ਉਸਦੇ ਪੁਰਾਣੇ ਮੰਗੇਤਰ ਨਿਰਮੈਲ ਸਿੰਘ ਦੇ ਹਨ-ਇਹ ਗੱਲ ਉਹ ਜਾਣ ਗਈ ਸੀ| ਉਸ ਨੇ ਜੀਤੀ ਤੋਂ ਸਾਡੇ ਟੱਬਰ ਬਾਰੇ ਕਈ ਕੁਝ ਪੁੱਛਿਆ ਸੀ| ਉਂਝ ਤਾਂ ਉਹ ਸਾਰੇ ਜੁਆਕਾਂ ਦਾ ਹੀ ਬਹੁਤ ਖਿਆਲ ਰੱਖਦੀ ਪਰ ਮੇਰੇ ਤਿੰਨਾਂ ਜੁਆਕਾਂ ਦਾ ਖ਼ਿਆਲ ਉਹ ਹਰ ਤਰੀਕੇ ਨਾਲ ਵੱਧ ਰੱਖਦੀ| ਮੈਂ ਆਪਣੇ ਜੁਆਕਾਂ ਨੂੰ ਤਾੜਿਆ ਹੋਇਆ ਸੀ ਕਿ ਦੱਬੇ ਹੋਏ ਮੁਰਦੇ ਨਹੀਂ ਉਖਾੜਨੇ ਚਾਹੀਦੇ| ਮੇਰੇ ਜੁਆਕਾਂ ਨੇ ਘਰੇ ਤਾਂ ਭਾਵੇਂ ਹਾਸੇ ਮਜ਼ਾਕ ਵਿਚ ਮੇਰੇ ਰਿਸ਼ਤੇ ਦੀ ਗੱਲ ਕਈ ਵਾਰ ਛੇੜੀ ਪਰ ਸਕੂਲ ਵਿਚ ਕਿਸੇ ਕੋਲ ਭਾਫ ਤੱਕ ਨਹੀਂ ਕੱਢੀ| ਕਰਮਾਂ ਸ਼ਰਾਰਤੀ ਸੀ, ਪੜ੍ਹਦਾ ਵੀ ਘੱਟ ਪਰ ਸੁਖਜੀਤ ਦੀ ਜਮਾਤ ਵਿਚ ਉਹ ਵੀ ਸਾਊ ਬਣਕੇ ਰਹਿੰਦਾ| ਮੈਂ ਸਕੂਲ ਕਈ ਵਾਰ ਗਿਆ| ਸੁਖਜੀਤ ਨਾਲ ਸਾਹਮਣਾ ਵੀ ਹੋਇਆ|
ਅਸੀਂ ਸਾਰੇ ਚੁੱਪ-ਚਾਪ ਇਕ ਟੁੱਟ ਚੁੱਕੇ ਰਿਸ਼ਤੇ ਦਾ ਸਤਿਕਾਰ ਕਰੀ ਜਾ ਰਹੇ ਸਾਂ|
ਉਨ੍ਹਾਂ ਦਿਨਾਂ ਵਿਚ ਸਾਡੀ ਦੋਵਾਂ ਭਰਾਵਾਂ ਦੀ ਪਿੰਡ ਵਿਚ ਚੜਾ੍ਹਈ ਸੀ| ਭਜਨਾ ਦਸ ਸਾਲ ਪੰਚ ਰਿਹਾ| ਬੇਲੀ ਸਰਪੰਚ ਸਾਨੂੰ ਆਪਣੇ ਨਾਲ ਨਾਲ ਰੱਖਦਾ| ਹਰ ਫੈਸਲਾ ਪੁੱਛ ਕੇ ਕਰਦਾ| ਸਕੂਲ ਵਿਚ ਕੋਈ ਰੌਲਾ ਹੁੰਦਾ, ਸਰਪੰਚ ਪੜ੍ਹਿਆ ਲਿਖਿਆ ਬੰਦਾ ਸਮਝਕੇ ਮੈਨੂੰ ਨਾਲ ਲੈ ਜਾਂਦਾ| ਸੁਖਜੀਤ ਦੇ ਮਨ ਵਿਚ ਮੇਰੇ ਪਿੰਡ ਨਾਲ ਕੋਈ ਲਗਾਅ ਸੀ ਜਾਂ ਉਂਝ ਹੀ ਉਸਦਾ ਸੁਭਾਅ ਮਿਹਨਤੀ ਸੀ, ਉਹ ਜੁਆਕਾਂ ਨੂੰ ਮਿਹਨਤ ਬਹੁਤ ਕਰਾਉਂਦੀ| ਸੁਭਾਅ ਦੀ ਥੋੜ੍ਹੀ ਸਖਤ ਵੀ ਸੀ| ਹੱਥ ਵਿਚ ਡੰਡਾ ਰੱਖਦੀ| ਜੁਆਕ ਉਸਦੀ ਪਿੱਠ ਪਿੱਛੇ ਵੀ ‘ਸੁਖਜੀਤ ਭੈਣ ਜੀ-ਸੁਖਜੀਤ ਭੈਣ ਜੀ’ ਕਰਦੇ ਰਹਿੰਦੇ| ਉਸਦਾ ਘਰਵਾਲਾ ਅੱਗੇ ਕਿਸੇ ਸਕੂਲ ਵਿਚ ਮਾਸਟਰ ਸੀ| ਉਹ ਜਾਂਦਾ ਹੋਇਆ ਉਸਨੂੰ ਸਕੂਟਰ ਤੋਂ ਉਤਾਰ ਜਾਂਦਾ ਤੇ ਛੁੱਟੀ ਤੋਂ ਬਾਅਦ ਮੁੜਦਾ ਹੋਇਆ ਉਸ ਨੂੰ ਬੈਠਾ ਲੈਂਦਾ| ਮੈਂ ਉਸ ਨੂੰ ਜਦੋਂ ਵੀ ਸਕੂਟਰ ’ਤੇ ਬੈਠਦੀ ਜਾਂ ਉਤਰਦੀ ਦੇਖਦਾ ਤਾਂ ਮੇਰੇ ਮਨ ਵਿਚ ਉਥਲ-ਪੁੱਥਲ ਹੋਣ ਲੱਗ ਜਾਂਦੀ| ਪਰ ਜਲਦੀ ਹੀ ਮੈਂ ਇਸ ਨੂੰ ਸ਼ਾਂਤ ਕਰ ਲੈਂਦਾ|
ਉਥਲ-ਪੁਥਲ ਤਾਂ ਹੁਣ ਮੰਡੀ ਵਿਚ ਖੜਿਆਂ ਵੀ ਮੇਰੇ ਅੰਦਰ ਹੋ ਰਹੀ ਸੀ ਪਰ ਇਸਨੂੰ ਮੈਂ ਸ਼ਾਂਤ ਕਰ ਨੀਂ ਪਾ ਰਿਹਾ ਸੀ| ਇਕ ਅੱਖ ਸੁਖਜੀਤ ਵੱਲ ਰੱਖਕੇ ਮੈਂ ਜੈਲੇ ਦੇ ਟਰੈਕਟਰ ਦੇ ਫੱਟੇ ’ਤੇ ਬੈਠਕੇ ਜੈਲੇ ਨਾਲ ਗੱਲਾਂ ਕਰਨ ਲੱਗਾ-
“ਗੋਭੀ ਲੱਗੀ ਜਾਂਦੀ ਐ?”
“ਗੋਭੀ ਲੱਗੂ ਕਿਉਂ ਨੀਂ ਨਿਰਮੈਲ ਸਿਆਂ, ਮਲਾਈ ਵਰਗੀ ਗੋਭੀ ਐ|…ਆ ਲੈ ਜਾ…ਲੈਜਾ ਮਲਾਈ ਵਰਗੀ ਗੋਭੀ…ਲੈਜਾ ਦਸ ਰੁਪਏ ਦੀ ਡੂਢ ਕਿਲੋ…”|
ਜੈਲੇ ਨੇ ਮੈਨੂੰ ਦੱਸਣ ਲਈ ਸੁਝਿਆ ਬੋਲ ਗਾਹਕਾਂ ਨੂੰ ਹੋਕਾ ਦੇਣ ਲਈ ਵੀ ਵਰਤ ਲਿਆ| ਉਸ ਦਾ ਮੁੰਡਾ ਗੋਭੀ ਤੋਲੀ ਜਾ ਰਿਹਾ ਸੀ| ਜੈਲਾ ਵੀ ਚਰਨ ਦਾਸ ਆੜਤੀਏ ਦੇ ਹੀ ਫ਼ਸਲ ਵੇਚਦਾ ਸੀ| ਬੋਲੀ ਉਡੀਕਦੇ ਅਸੀਂ ਕਈ-ਕਈ ਰਾਤਾਂ ਮੰਡੀ ਵਿਚ ਇੱਕਠੇ ਰਹੇ ਸਾਂ|
“ਹੁਣ ਤਾਂ ਸਾਰਾ ਸਾਲ ਏ ਆਈ ਜਾਂਦੀ ਐ ਗੋਭੀ,” ਮੈਂ ਕਿਹਾ| ਮੇਰੀ ਇਕ ਅੱਖ ਸੁਖਜੀਤ ਭੈਣ ਜੀ ਵੱਲ ਸੀ| ਉਹ ਮੇਰੀ ਫੜ੍ਹੀ ਤੋਂ ਚੌਥੇ ਨੰਬਰ ਵਾਲੀ ਫੜ੍ਹੀ ’ਤੇ ਭਈਏ ਨਾਲ ਭਿੰਡੀਆਂ ਦਾ ਭਾਅ ਕਰ ਰਹੀ ਸੀ| ਭਿੰਡੀਆਂ ਤੁਲਵਾ ਕੇ ਉਹ ਅਗਲੀ ਫੜ੍ਹੀ ’ਤੇ ਟਮਾਟਰ ਲੈਣ ਜਾ ਲੱਗੀ| ਪੈਸੇ ਦੇਕੇ ਉਸਨੇ ਭਈਏ ਨੂੰ ਕੁਝ ਕਿਹਾ| ਭਈਏ ਨੇ ਮਿਰਚਾਂ ਦੀ ਮੁੱਠੀ ਭਰ ਕੇ ਉਸਦੇ ਹੱਥ ਵਿਚਲੇ ਲਿਫਾਫੇ ਵਿਚ ਪਾ ਦਿੱਤੀ| ਸੁਖਜੀਤ ਭੈਣ ਜੀ ਨੇ ਉਸ ਨੂੰ ਪਰਸ ਵਿਚੋਂ ਕੱਢ ਕੇ ਭਾਨ ਹੋਰ ਦਿੱਤੀ| ਭਈਏ ਨੇ ਮਿਰਚਾਂ ਮੁਖ਼ਤ ਨਹੀਂ ਦਿੱਤੀਆਂ ਹੋਣੀਆਂ| ਦੋ ਚਾਰ ਰੁਪੈ ਲਏ ਹੋਣਗੇ| ਮਿਰਚਾਂ ਤਾਂ ਮੇਰੇ ਕੋਲ ਵਾਧੂ ਪਈਆਂ ਸਨ| ਪਰ ਕੀ ਕਰਾਂ ਸੁਖਜੀਤ ਕੁਰੇ, ਮੈਂ ਹੁਣ ਤੇਰੇ ਮੱਥੇ ਨਹੀਂ ਲੱਗ ਸਕਦਾ|
ਤੁਰਦੀ-ਤੁਰਦੀ ਉਹ ਮੇਰੀ ਫੜ੍ਹੀ ’ਤੇ ਆ ਕੇ ਰੁਕ ਗਈ| ਝੁਕ ਕੇ ਮਟਰ ਦੇਖਣ ਲੱਗੀ| ਉੱਚੇ ਪਿੰਡੀਏ ਮੇਰੇ ਗੁਆਂਢੀ ਨੇ ਸਿਰ ਘੁਮਾਕੇ ਆਲੇ-ਦੁਆਲੇ ਦੇਖਿਆ| ਮੈਨੂੰ ਭਾਲਿਆ| ਮੈਂ ਉਸਨੂੰ ਨਹੀਂ ਦਿਸਿਆ| ਉਹ ਅੱਗੇ ਤੁਰ ਪਈ| ਹੋਰ ਗਾਹਕ ਵੀ ਆ ਆ ਮੁੜਦੇ ਰਹੇ| ਮੈਂ ਪਰਵਾਹ ਨਾ ਕੀਤੀ| ਮੈਂ ਬੀਪੁਰੀਏ ਜੈਲੇ ਨਾਲ ਉਦੋਂ ਤੱਕ ਗੱਲਾਂ ਮਾਰੀ ਗਿਆ ਜਦੋਂ ਤੱਕ ਉਹ ਮੰਡੀ ਵਿਚੋਂ ਬਾਹਰ ਨਿਕਲਕੇ ਇਕ ਗਲੀ ਵਿਚ ਅਲੋਪ ਨਾ ਹੋ ਗਈ|
ਮੈਂ ਮੰਡੀ ਜਾਣਾ ਬੰਦ ਕਰ ਦਿੱਤਾ| ਸਬਜ਼ੀ ਕਪੂਰੇ ਨੂੰ ਵੇਚ ਦਿੰਦਾ| ਜਾਂ ‘ਵੱਡੀ ਮੰਡੀ’ ਲੈ ਜਾਂਦਾ| ਬੋਲੀ ’ਤੇ ਵੇਚ ਆਉਂਦਾ|
“ਕੀ ਗੱਲ ਤੂੰ ਹੁਣ ਤੱਕੜੀ ਬੱਟੇ ਨੀਂ ਲੈ ਕੇ ਜਾਂਦਾ?” ਪਾਸ਼ੋ ਨੇ ਪੁੱਛਿਆ|
“ ਕੀ ਸਾਲਾ ਨਖਿੱਧ ਕੰਮ, ਮੇਰੇ ਤੋਂ ਨੀਂ ਜਾਇਆ ਜਾਂਦਾ,” ਮੈਂ ਪੱਗ ਉਤਾਰ ਕੇ ਜੂੜੇ ਨੂੰ ਕਸਕੇ ਬੰਨਣ ਲੱਗਾ|
“ਹੁਣ ਤਾਂ ਚਾਰ ਪੈਸੇ ਬਚਣ ਲੱਗੇ ਸੀ…,”ਉਹ ਬੋਲੀ| ਮੈਂ ਉਸਨੂੰ ਸਾਰਾ ਹਿਸਾਬ ਦਿੰਦਾ ਸੀ|
“ਬੱਚਤ ਤਾਂ ਹੈਗੀ ਪਰ ਭਈਆਂ ਦੇ ਬਰਾਬਰ ਬੈਠਣਾ ਸੌਖਾ ਨੀਂ…,”ਹਜੇ ਮੈਂ ਉੱਚੇ ਪਿੰਡੀਏ ਦਾ ਜ਼ਿਕਰ ਨਹੀਂ ਕੀਤਾ |
ਸਿਆਲ ਲੰਘੇ ਤੋਂ ਮੈਂ ਸਬਜ਼ੀਆਂ ਬੀਜੀਆਂ ਹੀ ਨਹੀਂ| ਫਿਰ ਜੀਰੀ ਲਾ ਦਿੱਤੀ| ਸਬਜ਼ੀਆਂ ਦੇ ਚਾਰ ਪੈਸੇ ਜੁੜੇ ਸਨ ਉਹ ਮੁੱਕਣੇ ਸ਼ੁਰੂ ਹੋ ਗਏ| ਕੁਝ ਮਹੀਨਿਆਂ ਬਾਅਦ ਹੀ ਜ਼ਮੀਨ ਵੇਚੀ ਵਾਲੇ ਪੈਸਿਆਂ ਨੂੰ ਵਾਢਾ ਲੱਗ ਗਿਆ| ਇਕ ਮਹੀਨੇ ਟੈਲੀਫ਼ੋਨ ਦਾ ਬਿੱਲ ਖਾਸਾ ਆ ਗਿਆ| ਮੈਨੂੰ ਟੈਲੀਫ਼ੋਨ ਮਹਿਕਮੇ ’ਤੇ ਕਚੀਚੀਆਂ ਆਉਣ- ਤੁਸੀਂ ਵੀ ਲਾਹ ਲਵੋ ਜਿਹੜੀ ਛਿਲ ਲਾਹੁਣੀ ਐ|
ਉਪਰੋਂ ਕੁੜੀ ਦਾ ਛਿਲਾ ਕਟਾਉਣਾ ਪੈ ਗਿਆ| ਬੱਚਾ ਅਪਰੇਸ਼ਨ ਨਾਲ ਹੋਇਆ| ਗੁਰੁ ਨਾਨਕ ਹਸਪਤਾਲ ਵਾਲਿਆਂ ਨੇ ਬਿੱਲ ਅਠਾਰਾਂ ਹਜ਼ਾਰ ਦਾ ਬਣਾਤਾ| ਕੁੜੀ ਨੂੰ ਵਿਦਾ ਕਰਨ ਤੋਂ ਬਾਅਦ ਮੈਨੂੰ ਪੈਸਿਆਂ ਦੀ ਚਿੰਤਾ ਸ਼ੁਰੂ ਹੋ ਗਈ| ਰਾਤਾਂ ਦੀ ਨੀਦ ਉਡ ਗਈ| ਕਰਮੇਂ ਦੇ ਬਾਹਰ ਜਾਣ ਲਈ ਰੱਖੇ ਪੈਸੇ ਖੁਰਦੇ ਜਾਂਦੇ ਸਨ| ਉਧਰ ਉਸ ਨੂੰ ਏਜੰਟ ਕੋਈ ਰਾਹ ਨਹੀਂ ਸੀ ਦੇ ਰਿਹਾ|
“ਕੁੜੀ ਦਾ ਐਨਾ ਕੁ ਤਾਂ ਕਰਨਾ ਹੀ ਪੈਣਾ ਸੀ| ਉਹਦੇ ਸੌਹਰੇ ਤਾਂ ਭੋਰਾ ਲਾਲਚ ਨੀਂ ਕਰਦੇ| ਆਪਾਂ ਘੱਟੋ-ਘੱਟ ਕੀਤੈ…,” ਇਕ ਰਾਤ ਮੈਨੂੰ ਪਾਸੇ ਮਾਰਦਿਆਂ ਦੇਖ, ਪਾਸ਼ੋ ਮੇਰੀ ਪੁਆਂਦੀ ਆ ਬੈਠੀ|
“ਮੈਨੂੰ ਪਤੈ, ਕੁੜੀ ਵਿਚਾਰੀ ਕੀ ਲੈਗੀ…,” ਮੈਂ ਕਿਹਾ।
ਅਸੀਂ ਅੱਧੀ ਰਾਤ ਤੱਕ ਆਪਣੇ ਚੰਗੇ ਦਿਨਾਂ ਨੂੰ ਯਾਦ ਕਰ ਕਰ ਝੂਰਦੇ ਰਹੇ|
ਇਕ ਦਿਨ ਮੈਂ ਲਿਬੜੇ ਤੋਂ ਆ ਰਿਹਾ ਸੀ| ਮਾਜਰੀ ਵਾਲੇ ਇਤਿਹਾਸਕ ਗੁਰਦੁਆਰੇ ਦੇ ਬਾਹਰ ਮੈਂ ਪਾਣੀ ਪੀਣ ਲਈ ਰੁਕਿਆ| ਉਥੇ ਗੇਟ ਦੇ ਬਾਹਰ ਸਾਡੇ ਪਿੰਡ ਵਾਲਾ ਪ੍ਰੀਤਮ ਗਿਆਨੀ ਖੜਾ ਸੀ| ਉਹ ਜ਼ਮੀਨ ਵੇਚ ਵੱਟ ਕੇ ਕਈ ਸਾਲਾਂ ਤੋਂ ਪਾਠੀ ਬਣਿਆ ਹੋਇਆ ਸੀ|
“ਬਾਬਾ ਜੀ, ਏਥੇ ਕਿਵੇਂ?” ਮੈਂ ਪੁੱਛਿਆ|
“ਏਥੇ ਨਿਰਮੈਲ ਸਿਆਂ, ਅਖੰਡ ਪਾਠ ਦਾ ਆਰੰਭ ਹੋਇਐ| ਗਿਆਰਾਂ ਪਾਠ ਰੱਖੇ ਹੋਏ ਨੇ ਲੜੀਵਾਰ,” ਉਸਨੇ ਗਲ ਵਿਚ ਪਾਏ ਹੋਏ ਪਟਕੇ ਨਾਲ ਮੂੰਹ ਉਤੇ ਆ ਗਿਆ ਪਸੀਨਾ ਪੂੰਝਿਆ|
ਉਹ ਮੈਨੂੰ ਅੰਦਰ ਲੰਗਰ ਵਿਚ ਲੈ ਗਿਆ| ਦੋ ਗਲਾਸਾਂ ਵਿਚ ਚਾਹ ਪਾ ਲਿਆਇਆ|
ਬੰਦੇ ਅਤੇ ਤੀਵੀਂਆਂ ਏਧਰ-ਉਧਰ ਸੇਵਾ ਕਰਦੇ ਹੋਏ ਫਿਰ ਰਹੇ ਸਨ|
“ਥੋਨੂੰ ਪ੍ਰੀਤਮ ਸਿਆਂ ਕਿੰਨੀ ਕੁ ਸੇਵਾ ਮਿਲ ਜਾਂਦੀ ਐ?” ਮੈਂ ਪੁੱਛਿਆ|
“ਤਿੰਨ ਸੌ ਰੁਪੈ ਪਾਠ ਦਾ ਮਿਲ ਜਾਂਦੈ, ਜੇ ਤੂੰ ਵਿਹਲਾ ਹੁੰਨੈ ਤਾਂ ਆ ਜਾਇਆ ਕਰ, ਲੰਗਰ ਪਾਣੀ ਸਾਰਾ ਏਥੇ ਹੀ ਛਕਣੈਂ| ਪਾਠ ਤੂੰ ਪੜੇ੍ਹ ਲੈਂਦੈਂ, ਮੈਨੂੰ ਪਤੈ,” ਫੇਰ ਉਹ ਨੇੜੇ ਨੂੰ ਹੋਕੇ ਬੋਲਿਆ, “ਕੱਪੜਾ ਲੀੜਾ ਤੇ ਬਦਾਮ ਵੀ ਮਿਲ ਜਾਂਦੇ ਐ, ਕਿਹੜਾ ਜ਼ੋਰ ਲੱਗਣੈ| ਸੋਚ ਲੈ ਜਦ ਆਉਣਾ ਹੋਇਆ ਆਜੀਂ, ਏਥੇ ਪਾਠੀਆਂ ਦੀ ਲੋੜ ਐ|”
ਸੋਚਣ ਤਾਂ ਮੈਂ ਉਸਨੂੰ ਦੇਖਦੇ ਸਾਰ ਹੀ ਲੱਗ ਗਿਆ ਸੀ| ਉਸਨੂੰ ਮੇਰੇ ਦਿਲ ਦੀ ਗੱਲ ਕਿਵੇਂ ਪਤਾ ਲਗੱਗੀ? ਸੱਚੀ ਗੱਲ ਤਾਂ ਇਹ ਸੀ ਕਿ ਪਿੰਡ ਵਿਚ ਸਾਡੇ ਟੱਬਰ ਦੀ ਹਾਲਤ ਲੁਕੀ ਹੋਈ ਨਹੀਂ ਸੀ| ਪਿੰਡ ਦਾ ਹਰ ਮੂੰਹ ਮੱਥੇ ਲੱਗਦਾ ਬੰਦਾ ਸਾਡੇ ਚੜੇ੍ਹ ਹੋਏ ਕੰਮ ਨੂੰ ਯਾਦ ਕਰਕੇ ਸਿਰ ਮਾਰਦਾ| ਹੋਰ ਤਾਂ ਹੋਰ ਭੰਤ ਵਰਗੇ ਮੋਟੀ ਅਕਲ ਦੇ ਬੰਦੇ ਨੂੰ ਵੀ ਸਾਡੀ ਮਾੜੀ ਹਾਲਤ ਦੀ ਸੂਹ ਸੀ|
ਟੋਭੇ ਆਲਿਆਂ ਦਾ ਭੰਤ ਸਾਡੇ ਘਰੇ ਆ ਕੇ ਕਰਮੇਂ ਨੂੰ ਕਹਿੰਦਾ, “ਕਰਮਿਆਂ, ਅਸੀਂ ਸਾਡੀ ਕੁੜੀ ਧਾਗਾ ਫੈਕਟਰੀ ’ਚ ਲਾਉਣੀ ਐ, ਜੇ ਤੂੰ ਆਪਣੀ ਘਰਵਾਲੀ ਦਾ ਨਾਮ ਲਿਖਾਉਣੈਂ ਤਾਂ ਲਿਖਾਦੇ, ਫੈਕਟਰੀ ਵਾਲਿਆਂ ਦੀ ਵੈਨ ਆਈ ਹੋਈ ਐ|”
“ਚਾਚਾ! ਤੇਰਾ ਡਮਾਕ ਤਾਂ ਠੀਕ ਐ?” ਸੁਣਦੀ ਸਾਰ ਕਰਮੇਂ ਦੀਆਂ ਅੱਖਾਂ ਲਾਲ ਹੋ ਗਈਆਂ|
“ਕਿਉਂ ਭਾਈ ਮੇਰੇ ਡਮਾਕ ਨੂੰ ਕੀ ਹੋਇਐ?” ਭੰਤ ਆਪਣੇ ਮਧਰੇ ਪਰ ਚੌੜੇ ਸਰੀਰ ਨੂੰ ਸੰਭਾਲਕੇ ਕਰਮੇਂ ਵੱਲ ਹੈਰਾਨੀ ਨਾਲ ਦੇਖਣ ਲੱਗਾ|
“ਇਹ ਸੀਬੋ ਬੁੜੀ ਦਾ ਟੱਬਰ ਐ, ਸੀਬੋ ਬੁੜ੍ਹੀ ਦੀਆਂ ਪੋਤ ਨੂੰਹਾਂ ਹੁਣ ਫੈਕਟਰੀਆਂ ਵਿਚ ਧੱਕੇ ਖਾਣਗੀਆਂ ?” ਕਰਮਾਂ ਉਸ ਦੇ ਉਪਰ ਚੜ੍ਹਨ ਵਾਂਗ ਨੇੜੇ ਜਾ ਖੜਿਆ|
“ਕਿਉਂ ਮੇਰੀ ਕੁੜੀ ਨੀਂ ਜਾਊਗੀ?”
“ਤੇਰੇ ਟੱਬਰ ਦਾ ਸਾਡੇ ਨਾਲੋਂ ਫ਼ਰਕੇ ਨੀਂ ਕੋਈ?” ਕਰਮਾਂ ਉਸ ਦੇ ਹੋਰ ਨੇੜੇ ਹੋਇਆ ਤਾਂ ਭੰਤ ਡਰ ਗਿਆ| ਮੂੰਹ ਵਿਚ ਮਿਣ ਮਿਣ ਜਿਹੀ ਕਰਦਾ ਉਹ ਪਿੱਛੇ ਮੁੜ ਗਿਆ| ਮੈਂ ਕਰਮੇਂ ਨੂੰ ਭੰਤ ਦੀ ਮੋਟੀ ਮੱਤ ਦਾ ਖ਼ਿਆਲ ਕਰਵਾਇਆ| ਮੈਨੂੰ ਆਪ ਭੰਤ ਦੀ ਜ਼ੁਅਰਤ ’ਤੇ ਗੁੱਸਾ ਆ ਰਿਹਾ ਸੀ| ਪ੍ਰੀਤਮ ਸਿੰਘ ਦੀ ਜ਼ੁਅਰਤ ’ਤੇ ਮੈਨੂੰ ਗੁੱਸਾ ਨਹੀਂ ਆਇਆ। ਘਰੇ ਜਾਕੇ ਮੈਂ ਚੁੱਪ ਚਾਪ ਏਧਰ-ਉਧਰ ਫਿਰਦਾ ਆਪਣੇ ਆਪ ਨੂੰ ਤਿਆਰ ਕਰਦਾ ਰਿਹਾ|
ਗੁਰਦੁਆਰੇ ਜਾਣਾ ਤੇ ਪਾਠ ਕਰਨਾ ਮੇਰੇ ਲਈ ਓਪਰੇ ਕਰਮ ਨਹੀਂ ਸਨ| ਮੈਂ ਚਾਲੀ ਸਾਲ ਪਹਿਲਾਂ ਅੰਮ੍ਰਿਤ ਛਕਿਆ ਸੀ| ਗੁਰਦੁਆਰੇ ਭਾਵੇਂ ਕਦੇ ਕਦਾਈਂ ਜਾਵਾਂ ਪਰ ਪਾਠ ਤੋਂ ਤਾਂ ਮੈਂ ਇਕ ਦਿਨ ਵੀ ਨਾਗਾ ਨਹੀਂ ਸੀ ਪਾਇਆ| ਇਸ ਪਾਠ ਤੇ ਉਸ ਪਾਠ ਵਿਚ ਫ਼ਰਕ ਸੀ ਤੇ ਇਸ ਫ਼ਰਕ ਨੂੰ ਉਲੰਘਣ ਤੋਂ ਸਿਵਾ ਮੇਰੇ ਕੋਲ ਕੋਈ ਚਾਰਾ ਵੀ ਨਹੀਂ ਸੀ|
ਮੈਂ ਅਗਲੇ ਦਿਨ ਸਵੇਰੇ ਨਾਹ-ਧੋ ਕੇ ਨੀਲੀ ਪੱਗ ਬੰਨ੍ਹੀ ਤੇ ਮਾਜਰੀ ਗੁਰਦੁਆਰਾ ਸਾਹਿਬ ਪਹੁੰਚ ਗਿਆ| ਪ੍ਰੀਤਮ ਸਿੰਘ ਨੇ ਮੈਨੂੰ ਸਾਰਾ ਕੁਝ ਸਮਝਾ ਦਿੱਤਾ|
ਤਿੰਨ ਦਿਨ ਮੈਂ ਸਾਈਕਲ ’ਤੇ ਜਾਂਦਾ ਰਿਹਾ| ਖਰਚੇ ਤੋਂ ਡਰਦਿਆਂ ਸਕੂਟਰ ਨਹੀਂ ਚੁੱਕਿਆ| ਤਿੰਨ ਸੌ ਤਾਂ ਸਾਰਾ ਮਿਲਣਾ ਸੀ| ਉਂਜ ਵੀ ਉਥੇ ਕੋਈ ਮੰਗ ਸਕਦਾ ਸੀ| ਕਿਰਪਾਨ ਪਾਈ ਹੋਵੇ, ਬੰਦਾ ਬੰਦੇ ਦੇ ਕੰਮ ਨਾ ਆਵੇ ਇਹ ਵੀ ਚੰਗੀ ਗੱਲ ਨੀਂ|
ਤੀਜੇ ਦਿਨ ਭੋਗ ਤੋਂ ਬਾਅਦ ਮੈਂ ਘਰੇ ਆਇਆ ਤਾਂ ਮੈਂ ਹੱਥ ਵਿਚਲਾ ਬਦਾਮਾਂ, ਲੈਚੀਆਂ ਤੇ ਮਿਸਰੀ ਵਾਲਾ ਲਿਫਾਫਾ ਪਾਸ਼ੋ ਨੂੰ ਫੜਾ ਦਿੱਤਾ|
“ਤੂੰ ਕਿੱਥੋਂ ਆਇਐ?” ਉਸਨੇ ਪੁੱਛਿਆ|
ਮੇਰਾ ਜੁਆਬ ਸੁਣਕੇ ਉਹ ਮੇਰੇ ਵੱਲ ਇਸ ਤਰ੍ਹਾਂ ਝਾਕੀ ਕਿ ਉਸਦੀ ਤਾਬ ਮੈਂ ਨਾ ਝੱਲ ਸਕਿਆ| ਏਨੀ ਨਿਰਾਸ਼ਾ ਤੇ ਤਰਸ ਮੈਂ ਆਪਣੇ ਪ੍ਰਤੀ ਕਦੇ ਕਿਸੇ ਦੀਆਂ ਨਜ਼ਰਾਂ ਵਿਚ ਨਹੀਂ ਦੇਖੇ ਸਨ|
ਮੈਂ ਡੰਗਰਾਂ ਨੂੰ ਪੱਠੇ ਪਾ ਕੇ ਫਿਰ ਮਾਜਰੀ ਨੂੰ ਚਲਾ ਗਿਆ| ਇਕ ਮਹੀਨਾ ਮਾਜਰੀ ਹੀ ਲੰਘ ਗਿਆ| ਮੈਂ ਕਈ ਵਾਰ ਦੋ-ਦੋ ਦਿਨ ਘਰੇ ਨਾ ਜਾਂਦਾ| ਰਾਤ ਦੀ ਰੌਲ ਹੁੰਦੀ| ਅਖੰਡ ਪਾਠ ਕਰਵਾਉਣ ਵਾਲਾ ਟੱਬਰ ਬਾਹਰੋਂ ਆਇਆ ਹੋਇਆ ਸੀ| ਉਨ੍ਹਾਂ ਨੇ ਗਿਆਰਾਂ ਪਾਠ ਸੁੱਖੇ ਸਨ| ਗੁਰੂ ਘਰ ਦਾ ਸ਼ਰਧਾਲੂ ਟੱਬਰ ਸੀ| ਬਾਬਾ ਜੀ, ਬਾਬਾ ਜੀ ਕਰਦਿਆਂ ਦਾ ਮੂੰਹ ਨਾ ਥੱਕਦਾ| ਆਖਰੀ ਪਾਠ ਦੇ ਭੋਗ ਸਮੇਂ ਸਾਰੇ ਪਾਠੀਆਂ ਨੂੰ ਸਿਰੋਪੇ ਭੇਂਟ ਕੀਤੇ ਗਏ| ਹਰ ਪਾਠੀ ਨੂੰ ਇਕ ਇਕ ਚਿੱਟਾ ਕੱਪੜਾ ਦਿੱਤਾ ਗਿਆ-ਕੁੜਤਾ ਪਜਾਮਾਂ ਸਿਲਵਾਉਣ ਲਈ| ਤੁਰਨ ਲੱਗਿਆਂ ਇਕ ਇਕ ਮਠਿਆਈ ਦਾ ਡੱਬਾ ਵੀ ਦਿੱਤਾ| ਪ੍ਰੀਤਮ ਸਿੰਘ ਨੇ ਭਾਨਰੀ ਵਾਲੇ ਪਾਠੀ ਤੋਂ ਮੇਰੇ ਹਿੱਸੇ ਦੇ ਪੈਸੇ ਲੈ ਦਿੱਤੇ| ਬੱਸ ਇਕੋ ਗੱਲ ਮਾੜੀ ਲੱਗੀ। ਭਾਨਰੀ ਵਾਲੇ ਨੇ ਹਰ ਪਾਠ ਵਿਚੋਂ ਆਪਣਾ ਕਮਿਸ਼ਨ ਵੀਹ ਰੁਪੈ ਕੱਟ ਲਿਆ ਸੀ| ਮੇਰੇ ਦੋ ਸੌ ਵੀਹ ਰੁਪੈ ਕੱਟੇ ਗਏ| ਇਹ ਪਾਠ ਦੀ ਸਾਈ ਦਿਵਾਉਣ ਦਾ ਕਮਿਸ਼ਨ ਸੀ|
ਮੈਂ ਨੇੜੇ ਤੇੜੇ ਦੇ ਪਿੰਡਾਂ ਵਿਚ ਪਾਠਾਂ ’ਤੇ ਜਾਣਾ ਸ਼ੁਰੂ ਕਰ ਦਿੱਤਾ| ਛੋਟੇ ਮੁੰਡੇ ਅਤੇ ਬਹੂ ਨੇ ਕੋਈ ਵਿਰੋਧ ਨਾ ਕੀਤਾ| ਇਕ ਦਿਨ ਵਿਹੜੇ ਦੇ ਘਰਾਂ ਮੂਹਰਿਉਂ ਤੁਰਿਆ ਜਾ ਰਿਹਾ ਸਾਂ| ਬਿਸ਼ਨੇ ਵਪਾਰੀ ਨੇ ਰੋਕ ਲਿਆ| ਬਿਸ਼ਨਾ ਸਾਰੀ ਉਮਰ ਮੱਝਾਂ ਦਾ ਵਪਾਰ ਕਰਕੇ ਜੁਆਕ ਪਾਲਦਾ ਰਿਹਾ ਸੀ| ਉਸਦਾ ਮੁੰਡਾ ਤੇਜਾ ਸਿਹੁੰ ਸਾਡੇ ਨਿੰਦਰ ਨਾਲ ਪੜ੍ਹਦਾ ਰਿਹਾ ਸੀ| ਹੁਣ ਮਾਸਟਰ ਲੱਗਿਆ ਹੋਇਆ ਸੀ|
“ਨਿਰਮੈਲ ਸਿਆਂ! ਤੈਨੂੰ ਇਕ ਗੱਲ ਕਹਿਣੀ ਸੀ, ਕਿੰਨੀ ਸ਼ੋਡੀ ਚੜ੍ਹਤ ਰਹੀ ਐ ਪਿੰਡ ਵਿਚ, ਹੁਣ ਤੂੰ ਇਹ ਕੰਮ ਕਰਦਾ ਚੰਗਾ ਨੀਂ ਲੱਗਦਾ, ਮੇਰੀ ਗੱਲ ਦਾ ਗੁੱਸਾ ਨਾ ਕਰੀਂ|”
“ਬਿਸ਼ਨ ਸਿਆਂ ਗੁੱਸਾ ਕਾਹਤੋਂ ਕਰਨੈ| ਪਰ ਰੋਟੀ ਤਾਂ ਹੁਣ ਖਾਣੀਉਂ ਐ, ਸਿਆੜ ਖੁਰਗੇ,” ਮੈਂ ਸੱਚਮੁੱਚ ਬਿਸ਼ਨ ਸਿੰਘ ਦਾ ਗੁੱਸਾ ਨਹੀਂ ਕੀਤਾ| ਉਹ ਵਿਹੜੇ ਦੇ ਸੂਝਵਾਨ ਬੰਦਿਆਂ ਵਿਚੋਂ ਸੀ|
“ਕਿਉਂ ਰੋਟੀ ਮੁੰਡਾ ਨੀਂ ਦਿੰਦਾ? ਸੁੱਖ ਨਾਲ ਨੌਕਰੀ ’ਤੇ ਲੱਗਿਆ ਵਿਆ| ਅਸੀਂ ਵੀ ਦੋਵੇਂ ਜੀਅ ਖਾਂਦੇ ਈ ਆਂ| ਐਵੇਂ ਕਹਾਂ ਤੇਜਾ ਸਿਹੁੰ ਨੇ ਕਦੇ ਮੱਥੇ ਵੱਟ ਨੀਂ ਪਾਇਆ|”
“ਐਂ ਰੋਟੀ ਤੋਂ ਤਾਂ ਨਿੰਦਰ ਵੀ ਨੀਂ ਭੱਜਦਾ| ਪਰ ਮੈਂ ਕਹਿੰਨਾ ਜਿੰਨ੍ਹਾਂ ਚਿਰ ਨੈਣ ਪਰਾਣ ਚੱਲਦੇ ਐ ਕਾਹਨੂੰ ਵਿਹਲਾ ਬੈਠਣਾ| ਕਾਹਨੂੰ ਕਿਸੇ ਦੇ ਹੱਥਾਂ ਵੱਲ ਦੇਖਣੈ| ਜਦੋਂ ਤੇਰੀ ਉਮਰ ਵਿਚ ਆਗੇ ਫੇਰ ਤਾਂ ਕਿਸੇ ਦੇ ਦੁਆਰ ਬੈਠਣਾ ਹੀ ਪੈਣਾ,” ਮੈਂ ਕਿਹਾ|
“ਫਿਰ ਕੋਈ ਹੋਰ ਕੰਮ ਕਰ ਲੈ|”
“ਏਸ ਉਮਰ ਵਿਚ ਹੁਣ ਹੋਰ ਕਿਹੜਾ ਕੰਮ ਕਰਲੂੰਗਾ, ਬਿਸ਼ਨ ਸਿਆਂ ?” ਮੈਂ ਆਪਣੀ ਬੇਵਸੀ ਜ਼ਾਹਿਰ ਕੀਤੀ| ਬੁੱਢਾ ਸਰੀਰ ਤਾਂ ਡੰਗਰ ਵੱਛੇ ਨੂੰ ਵੀ ਸਾਂਭਣ ਤੋਂ ਇਨਕਾਰੀ ਹੁੰਦਾ ਜਾਂਦਾ ਸੀ| ਅਸਲ ਵਿਚ ਮੈਂ ਪਹਿਲੀ ਉਮਰ ਵਿਚ ਹੀ ਸਰੀਰ ਤੋਂ ਲੋੜ ਤੋਂ ਵੱਧ ਕੰਮ ਲੈ ਚੁੱਕਾ ਸੀ| ਸਰੀਰ ਦਾ ਅੰਗ-ਅੰਗ ਵਰਤਿਆ ਜਾ ਚੁੱਕਾ ਸੀ| ਕਰਮੇਂ ਦੇ ਸ਼ਬਦਾਂ ਵਿਚ ਕੰਡਮ ਹੋ ਚੁੱਕਾ ਸੀ|
“ਮੇਰੀ ਗੱਲ ਵਿਚਾਰ ਲਈਂ ਨਿਰਮੈਲ ਸਿਆਂ| ਸ਼ੋਡੇ ਟੱਬਰ ਨੇ ਬੜਾ ਜੱਸ ਖੱਟਿਐ|”
ਮੈਂ ਤੁਰ ਆਇਆ ਸਾਂ| ਬਿਸ਼ਨ ਸਿੰਘ ਦੀਆਂ ਗੱਲਾਂ ਮੇਰੇ ਆਲੇ-ਦੁਆਲੇ ਭਿਣ-ਭਿਣ ਕਰਦੀਆਂ ਰਹੀਆਂ| ਇਹ ਗੱਲ ਨਹੀਂ ਕਿ ਪਿੰਡ ਵਿਚ ਸਾਡੇ ਤੋਂ ਬਾਅਦ ਕਿਸੇ ਦਾ ਕੰਮ ਨਹੀਂ ਚੜ੍ਹਿਆ ਸੀ| ਚੜੇ੍ਹ ਸਨ, ਸਾਡੇ ਨਾਲੋਂ ਲੋਕਾਂ ਦੇ ਕੰਮ ਵੱਧ ਚੜੇ੍ਹ ਸਨ| ਪਰ ਇਕ ਅੰਤਰ ਸੀ; ਕਿਸੇ ਦਾ ਕੰਮ ਵਧੇਰੇ ਜ਼ਮੀਨ ਕਰਕੇ ਚੜ੍ਹਿਆ ਸੀ; ਕਿਸੇ ਦਾ ਕਨੇਡਾ ਅਮਰੀਕਾ ਤੋਂ ਆਏ ਪੈਸੇ ਨਾਲ ਚੜ੍ਹਿਆ ਸੀ; ਕਿਸੇ ਦਾ ਗਲਤ ਤਰੀਕੇ ਨਾਲ ਕਮਾਏ ਪੈਸੇ ਨਾਲ ਚੜ੍ਹਿਆ ਸੀ ਪਰ ਸਾਡਾ ਦੋਵਾਂ ਭਰਾਵਾਂ ਦਾ ਕੰਮ ਮਿਹਨਤ ਨਾਲ ਚੜ੍ਹਿਆ ਸੀ। ਅਸੀਂ ਥੋੜੀ ਜ਼ਮੀਨ ਦੇ ਬਾਵਜੂਦ ਉਨ੍ਹਾਂ ਦਿਨਾਂ ਵਿਚ ਕੰਮ ਨੂੰ ਪਹਿਲੇ ਸਥਾਨ ’ਤੇ ਲੈ ਗਏ ਸਾਂ|
ਇਹ ਵੀ ਨਹੀਂ ਕਿ ਪਿੰਡ ਵਿਚ ਹੋਰ ਕਿਸੇ ਦਾ ਕੰਮ ਡਿਗਿਆ ਨਹੀਂ ਸੀ| ਡਿਗੇ ਸਨ ਪਰ ਸਾਡੇ ਡਿਗੇ ਕੰਮ ਨੂੰ ਵਧੇਰੇ ਮਹਿਸੂਸ ਕੀਤਾ ਗਿਆ ਸੀ। ਅਸੀਂ ਪਿੰਡ ਦੇ ਸਾਂਝੇ ਕੰਮਾਂ ਵਿਚ ਟਰੈਕਟਰ ਹਮੇਸ਼ਾ ਅੱਧ ਬੋਲ ਭੇਜਿਆ; ਪਿੰਡ ਵਿਚ ਨਗਰ-ਕੀਰਤਨ ਨਿਕਲਦਾ ਤਾਂ ਮਹਾਰਾਜ ਦੀ ਸਵਾਰੀ ਹਮੇਸ਼ਾ ਸਾਡੀ ਟਰਾਲੀ ਵਿਚ ਹੁੰਦੀ; ਭਾਵੇਂ ਰੌਣੀ ਦੀਆਂ ਖੇਡਾਂ ਹੋਣ, ਜਰਗ ਦਾ ਮੇਲਾ ਹੋਵੇ ਜਾਂ ਈਸੜੂ ਦੇ ਮੇਲੇ ’ਤੇ ਕਾਮਰੇਡਾਂ ਦੇ ਨਾਟਕ ਹੋਣ, ਟਰਾਲੀ ਮੇਰੀ ਹੀ ਜਾਂਦੀ। ਚਾਰ ਭਰਾਵਾਂ ਨੇ ਕਿਹਾ ਨਹੀਂ ਤੇ ਮੈਂ ਟਰੈਕਟਰ-ਟਰਾਲੀ ਬਾਹਰ ਕੱਢੇ ਨਹੀਂ।
ਨਿੰਦਰ ਤੇ ਸੁਖਰਾਜ ਨੂੰ ਪਤਾ ਨਹੀਂ ਕਿਸ ਨੇ ਦੱਸ ਦਿੱਤਾ। ਉਹ ਮਿਲਣ ਆਏ ਹੋਏ ਸਨ। ਕਰਮਾਂ ਬਰਾਂਡੇ ਵਿਚ ਬੈਠਾ ਬਦਾਮ ਭੰਨ ਰਿਹਾ ਸੀ। ਉਸ ਨੇ ਮੁੱਠੀ ਭਰ ਕੇ ਨੈਵੀ ਨੂੰ ਫੜਾ ਦਿੱਤੇ। ਸੁਖਰਾਜ ੳਦੋਂ ਹੀ ਬੋਲ ਪਈ, “ ਸ਼ਰਮ ਤਾਂ ਨੀਂ ਆਉਂਦੀ ਹੋਣੀ, ਜਿਵੇਂ ਬਦਾਮ ਨੀਂ ਦੇਖੇ ਹੁੰਦੇ ਕਦੇ। ਕਿਹੜੀ ਚੀਜ਼ ਦਾ ਘਾਟਾ ਸੀ ਥੋਡੇ? ਹੁਣ ਤੁਸੀਂ ਲੋਕਾਂ ਦੇ ਬਦਾਮਾਂ ਦੇ ਸਿਰ ਤੇ ਗੁਜ਼ਾਰਾ ਕਰੋਗੇ? ਖ਼ਬਰਦਾਰ ਮੁੰਡਿਆ! ਜੇ ਇਕ ਗਿਰੀ ਵੀ ਖਾਧੀ ਐ, ਚਲ ਮੋੜ ਕੇ ਆ ਉਹਨੂੰ।”
ਸਾਰਾ ਟੱਬਰ ਅਵਾਕ ਰਹਿ ਗਿਆ। ਨੈਵੀ ਨੇ ਬਦਾਮ ਚਾਚੇ ਨੂੰ ਮੋੜ ਦਿੱਤੇ।
“ਪਾਪਾ ਜੀ! ਕੁਝ ਕਰਨ ਤੋਂ ਪਹਿਲਾਂ ਸਾਨੂੰ ਪੁੱਛ ਤਾਂ ਲਿਆ ਕਰੋ। ਅਸੀਂ ਐਨੇ ਤਾਂ ਨੀਂ ਗਏ ਗੁਜ਼ਰੇ ਕਿ ਥੋਨੂੰ ਰੋਟੀ ਵੀ ਨਾ ਦੇ ਸਕੀਏ? ਇਹ ਚੰਗਾ ਕੰਮ ਭਾਲਿਆ ਤੁਸੀਂ! ਲੋਕ ਮੂੰਹ ਜੋੜ-ਜੋੜ ਗੱਲਾਂ ਕਰਦੇ ਨੇ,” ਨਿੰਦਰ ਨੇ ਕਿਹਾ।
“ਕਿਉਂ ਕੰਮ ਕਿਉਂ ਨਹੀਂ ਹੈਗਾ ਇਹ, ਮਹਾਰਾਜ ਪੜ੍ਹਨਾ ਕੋਈ ਮਾੜਾ ਕੰਮ ਐ? ਲੋਕਾਂ ਨੇ ਮਹਾਰਾਜ ਦਾ ਮਜ਼ਾਕ ਬਣਾਇਆ ਪਿਐ। ਪੰਜ ਪੜ੍ਹਦੇ ਨੇ, ਪੱਚੀ ਉਲਟਾਉਂਦੇ ਨੇ। ਲੋਕ ਭੇਤ ਪਾ ਕੇ ਡਰਨੋਂ ਈ ਹੱਟ ਜਾਂਦੇ ਨੇ, ਮੈਂ ਇਮਾਨਦਾਰੀ ਨਾਲ ਪੜ੍ਹਦਾਂ, ਕੱਲਾ-ਕੱਲਾ ਸ਼ਬਦ ਉਚਾਰਦਾਂ,” ਮੈਂ ਕਿਹਾ।
“ਤੁਸੀਂ ਲੱਖ ਇਮਾਨਦਾਰੀ ਨਾਲ ਪੜ੍ਹੋ ਪਰ ਲੋਕਾਂ ਵਿਚ ਇਸ ਕੰਮ ਦੀ ਭੋਰਾ ਇੱਜਤ ਨੀਂ। ਤੁਸੀਂ ਸਬਜ਼ੀਆਂ ਦਾ ਕੰਮ ਕਿਉਂ ਛੱਡਿਆ? ਇਹਨੂੰ ਕਰਮੇਂ ਨੂੰ ਲਾਕੇ ਸਬਜ਼ੀਆਂ ਬੀਜੋ। ਮੈਂ ਕਹਿੰਨਾਂ ਦੋ ਮਹੀਨੇ ਨਾ ਘਰੇ ਗੇੜਾ ਮਾਰੋ, ਟੱਬਰ ਦੇ ਲੱਛਣੇ ਬਦਲ ਜਾਂਦੇ ਨੇ। ਉਧਰ ਮਾਤਾ ਜੀ ਵੱਲ ਦੇਖੋ,” ਨਿੰਦਰ ਨੇ ਪਾਸ਼ੋ ਵੱਲ ਹੱਥ ਕਰ ਕੇ ਕਿਹਾ, “ ਕਿਵੇਂ ਪਟਕੇ ਦੀ ਚੁੰਨੀ ਬਣਾ ਕੇ ਲਈ ਐ, ਕੱਲ ਨੂੰ ਰੁਮਾਲਾਂ ਦੇ ਸੂਟ ਬਣਾਉਣ ਲੱਗ ਜਾਵੋਗੇ। ਰੰਗ ਤਾਂ ਥੋਨੂੰ ਚੜ੍ਹਨਾ ਵੀ ਸ਼ੁਰੂ ਹੋ ਗਿਆ। ਮੈਂ ਕਹਿੰਨਾਂ, ਜੇ ਮੈਂ ਨਾ ਪੜ੍ਹਿਆ ਹੁੰਦਾ ਥੋਨੂੰ ਰੋਕਦਾ ਕੌਣ? ਤੁਸੀਂ ਤਾਂ ਹੁਣ ਨੂੰ ਠੂਠੇ ਲੈਕੇ ਮੰਗਣ ਵਾਲੇ ਹੋਏ ਪਏ ਹੁੰਦੇ।”
ਮੈਨੂੰ ਨਿੰਦਰ ਵਿਚੋਂ ਉਸ ਦੀ ਘਰਵਾਲੀ ਬੋਲਦੀ ਸੁਣਾਈ ਦਿੱਤੀ। ਇਹ ਮੁੰਡਾ ਤਾਂ ਇਹੋ ਜਿਹਾ ਹੈ ਹੀ ਨਹੀਂ ਸੀ। ਪਾਸ਼ੋ ਹਟੀ ਓ ਨੀਂ ਅਖੇ ਇਸੇ ਕੁੜੀ ਦਾ ਰਿਸ਼ਤਾ ਲੈਣੈ। ਕੁੜੀ ਅਕਲ ਵਾਲੀ ਐ। ਦੇਖ ਲੈ ਬਹੁਤੀ ਅਕਲ ਵਾਲੀ ਦੇ ਰੰਗ। ਮੁੰਡੇ ਨੂੰ ਨਵੀਂ-ਨਵੀਂ ਪੜ੍ਹਾ ਲਿਆਉਂਦੀ ਐ। ਬੋਲਦਾ ਤਾਂ ਦੇਖ ਕਿਵੇਂ! ਅਖੇ ਜੇ ਮੈਂ ਨਾ ਪੜ੍ਹਿਆ ਹੁੰਦਾ! ਪੜ੍ਹਾਇਆ ਕੀਹਨੇ ਐ? ਸੱਤਵੀਂ ਤੱਕ ਤਾਂ ਮੈਂ ਆਪ ਮੱਥਾ ਮਾਰਦਾ ਰਿਹਾਂ। ਫਿਰ ਝੰਡੇ ਮਾਸਟਰ ਕੋਲ ਟਿਊਸ਼ਨ ਰਖਾਈ। ਝੰਡੇ ਨੂੰ ਫੀਸ ਵੀ ਦੇਣੀ ਤੇ ਕਪਾਹ ਦੀਆਂ ਛਿਟੀਆਂ ਦੇ ਬਾਲਣ ਦੀ ਟਰਾਲੀ ਅਲੱਗ ਦੇਣੀ। ਫੇਰ ਗਾਜ਼ਰਾਂ-ਮੂਲੀਆਂ ਨਾ ਮੁਕੱਣ ਦੇਣੀਆਂ। ਮੈਖਿਆ ਮੁੰਡਾ ਪੜ੍ਹ ਜਾਵੇ।
ਪੜ੍ਹ ਕਾਹਦਾ ਗਿਆ ਨਿੰਦਰ ਤਾਂ ਹੁਣ ਗੱਲ ਹੀ ਜਲੰਧਰੋਂ ਕਰਦੈ। ਇਕ ਦਿਨ ਇਹ ਆਏ ਹੋਏ ਸਨ। ਕਰਮੇਂ ਨੇ ਵਿਹਲ ਦੇ ਦਿਨਾਂ ਵਿਚ ਟਰੱਕ ਡਰਾਇਵਰੀ ਸ਼ੁਰੂ ਕਰ ਦਿੱਤੀ ਸੀ। ਉਸ ਦਿਨ ਵੀ ਉਹ ਪਿੰਡ ਦੇ ਨਾਈਆਂ ਦੇ ਟਰੱਕ ਦਾ ਕਾਂਢਲੇ ਵੱਲ ਗੇੜਾ ਲਾ ਕੇ ਆਇਆ ਸੀ। ਮੈਂ ਵੀ ਵੀਹ ਸਾਲ ਪਹਿਲਾਂ ਇਕ ਵਾਰ ਮਾਮੇ ਦੇ ਟਰੱਕ ’ਤੇ ਕਾਂਢਲੇ ਗਿਆ ਸੀ। ਮੈਂ ਕਰਮੇਂ ਨਾਲ ਉਸ ਇਲਾਕੇ ਦੇ ਸ਼ਹਿਰਾਂ ਦੀ ਗੱਲ ਕਰ ਰਿਹਾ ਸੀ। ਨਿੰਦਰ ਸਾਨੂੰ ਭੱਜ ਕੇ ਪਿਆ, “ ਪਿਉ-ਪੁੱਤ ਗੱਲਾਂ ਦੇਖੋ ਕਿਵੇਂ ਕਰਦੇ ਐ! ਆਪਣੀ ਜ਼ਮੀਨ ਨੀਂ ਸੰਭਾਲੀ ਗਈ, ਟਰੈਕਟਰ ਨੀਂ ਸੰਭਾਲਿਆ ਗਿਆ। ਹੁਣ ਨਾਈਆਂ ਦੀਆਂ ਗੱਡੀਆਂ ’ਤੇ ਡਰੈਵਰੀਆਂ ਕਰਦੇ ਫਿਰਦੇ ਐ। ਇਹਦੇ ਨਾਲੋਂ ਤਾਂ ਬੰਦਾ ਗਰਕ ਹੀ ਹੋ ਜਾਵੇ!”
ਠੀਕ ਐ ਸ਼ਰਮ ਤਾਂ ਸਾਨੂੰ ਵੀ ਆਉਂਦੀ ਐ ਪਰ ਬੰਦੇ ਨੇ ਜਿਉਣਾ ਵੀ ਤਾਂ ਹੁੰਦੈ। ਮੁੰਡਾ ਡਰਾਇਵਰੀ ਹੀ ਕਰਦੈ, ਲੁੱਟਾਂ-ਖੋਹਾਂ ਤਾਂ ਨੀਂ ਕਰਦਾ। ਕਿਰਤ ਕਰਦੈ।
ਤੇ ਹੁਣ ਮੈਨੂੰ ਪਾਠ ਕਰਦੇ ਨੂੰ, ਦਸਾਂ ਨਹੁੰਆਂ ਦੀ ਕਿਰਤ ਕਰਦੇ ਨੂੰ, ਨਿੰਦਰ ਵਰਜ ਰਿਹਾ ਸੀ।
“ਚੱਲ ਮੰਨ ਲੈ ਨੂੰਹ-ਪੁੱਤ ਦੀ ਗੱਲ, ਜੇ ਰੋਕਦੇ ਨੇ। ਮੁੰਡਿਆ ਚੁੱਪ ਕਰ ਨਹੀਂ ਜਾਂਦਾ ਅੱਗੇ ਵਾਸਤੇ….,” ਇਨ੍ਹਾਂ ਦੀ ਮਾਂ ਨੇ ਹਥਿਆਰ ਸੁੱਟ ਦਿੱਤੇ।
“ਦੇਖ ਉਇ ਮੁਲਖਾ! ਮੈਂ ਕਹਿੰਨਾਂ ਟੱਬਰ ਨੂੰ ਹੋਇਆ ਕੀ ਹੋਇਆ! ਮੈਂ ਕੋਈ ਕੰਜਰੀਆਂ ਨਚਾਉਣ ਜਾਂਨਾਂ, ਬਈ ਟੱਬਰ ਦੀ ਬੇਇਜ਼ਤੀ ਹੁੰਦੀ ਐ। ਗੁਰਦਵਾਰੇ ਜਾਨਾਂ, ਰੱਬ ਦਾ ਨਾਉਂ ਲੈਨਾਂ। ਗੁਰਬਾਣੀ ਪੜ੍ਹਦਾਂ। ਠੀਕ ਐ, ਤੁਸੀਂ ਸਾਰੇ ਕਹਿੰਦੇ ਓਂ ਮੈਂ ਨਹੀਂ ਜਾਂਦਾ। ਘਰ ਦੇ ਖਰਚੇ ਸੰਭਾਲੋ ਫਿਰ,” ਉਠਕੇ ਬੋਲਦਾ ਬੋਲਦਾ ਮੈਂ ਘਰੋਂ ਬਾਹਰ ਨਿਕਲ ਆਇਆ। ਕੌਅਲੇ ਲਵੇ ਪਏ ਖੁੰਢ ’ਤੇ ਬੈਠ ਗਿਆ। ਕੁਝ ਦੇਰ ਬਾਅਦ ਖੇਡਦਾ-ਖੇਡਦਾ ਨੈਵੀ ਵੀ ਮੇਰੇ ਕੋਲ ਆਕੇ ਬੈਠ ਗਿਆ।
“ਬੜੇ ਪਾਪਾ ਕੀ ਹੋ ਗਿਆ ਸੀ?” ਨੈਵੀ ਨੇ ਸਾਰੀ ਗੱਲ ਸੁਣ ਲਈ ਸੀ ਫਿਰ ਵੀ ਮੈਨੂੰ ਪੁੱਛ ਰਿਹਾ ਸੀ।
“ਤੇਰੇ ਪਾਪਾ ਦਾ ਦਿਮਾਗ ਖਰਾਬ ਹੋ ਗਿਆ। ਘਰੇ ਆਉਂਦੇ ਚਾਰ ਪੈਸੇ ਸੰਭਾਲੇ ਨੀਂ ਜਾਂਦੇ….,” ਮੈਂ ਉਸਦੇ ਰੋਡੇ ਸਿਰ ’ਤੇ ਹੱਥ ਫੇਰਿਆ।
“ਸਵੇਰੇ ਮੇਰੇ ਪਾਪਾ ਕਹਿੰਦੇ ਸੀ ਬਈ ਸਾਡੇ ਬੁੜੇ੍ਹ ਦਾ ਦਿਮਾਗ ਫਿਰ ਗਿਆ। ਗਿਆਨੀ ਬਣਿਆ ਫਿਰਦਾ। ਥੋਨੂੰ ਬੜੇ ਪਾਪਾ ਕੜਾਹ ਖਾਣ ਦੀ ਤਾਂ ਮੌਜ ਹੁੰਦੀ ਐ ਨਾ ਪੂਰੀ?”
“ਆਹੋ,” ਮੈਂ ਮੁਸਕੜੀਏ ਹੱਸਦਿਆਂ ਕਿਹਾ, “ਜਾਹ ਔਹ ਜੁਆਕਾਂ ਨਾਲ ਖੇਡ ਲੈ।”
“ਉਂ ਹੂੰ…. ਉਹ ਤਾਂ ਗੰਦੇ ਨੇ,” ਉਸਨੇ ਸਾਡੇ ਘਰਾਂ ਦੇ ਜੁਆਕਾਂ ਨੂੰ ਦੇਖਕੇ ਮੋਢੇ ਮਾਰੇ।
“ ਤੇਰਾ ਪਿਉ ਏਥੋਂ ਈ ਖੇਡਦਾ ਗਿਆ। ਜੇ ਉਹ ਨੌਕਰੀ ’ਤੇ ਨਾ ਲੱਗਾ ਹੁੰਦਾ ਤਾਂ ਤੂੰ ਪੁੱਤ ਏਥੇ ਈ ਦਾਈਆਂ ਦੂਕੜੇ ਖੇਡਦੇ ਹੋਣਾ ਸੀ।”
ਮੈਂ ਫੈਸਲਾ ਕੀਤਾ ਕਿ ਮੈਂ ਹੁਣ ਡੱਕਾ ਤੋੜ ਕੇ ਦੂਹਰਾ ਨੀਂ ਕਰਨਾ। ਕਰਮਾਂ ਸੰਭਾਲੇ ਸਾਰਾ ਕੰਮ । ਬੰਦੇ ਨੂੰ ਕਦੇ ਤਾਂ ਜਿੰਦਗੀ ਵਿਚ ਅਰਾਮ ਚਾਹੀਦੈ। ਸੱਠ ਸਾਲ ਤੋਂ ਬਾਅਦ ਤਾਂ ਸਰਕਾਰ ਵੀ ਰਿਟੈਰ ਕਰ ਦਿੰਦੀ ਐ। ਮੈਂ ਬਥੇਰਾ ਕੰਮ ਕੀਤੈ। ਮੇਰੇ ਜਿੰਨਾ ਕੰਮ ਕੀਹਨੇ ਕੀਤਾ ਹੋਣੈ। ਪਹਿਲਾਂ ਟਰੈਕਟਰ ਚਲਾਕੇ ਕੱਦੂ ਕਰਨਾਂ; ਫੇਰ ਵੱਟਾਂ ਨੂੰ ਮਿੱਟੀ ਲਾਉਣੀ; ਘਰ ਨੂੰ ਮੁੜਦੇ ਸਮੇਂ ਚਾਰ-ਪੰਜ ਭਰੀਆਂ ਪੱਠਿਆਂ ਦੀਆਂ ਵੱਢ ਲਿਜਾਣੀਆਂ। ਪਹਿਲਾਂ ਟੋਕਾ ਹੱਥਾਂ ਨਾਲ ਕਰਦੇ ਸੀ; ਫਿਰ ਜਦੋਂ ਖੇਤ ਬਿਜਲੀ ਵਾਲੀ ਮੋਟਰ ਲਾਗੀ ਤਾਂ ਅਸੀਂ ਇੰਜਣ ਖੇਤੋਂ ਲਿਆਕੇ ਟੋਕੇ ਵਾਲੀ ਮਸ਼ੀਨ ’ਤੇ ਲਾ ਲਿਆ। ਗਰਮੀਆਂ ਵਿਚ ਮੱਝਾਂ ਨੂੰ ਨਲਕਾ ਗੇੜ-ਗੇੜ ਕੇ ਪਾਣੀ ਨਾਲ ਨਵਾਉਣਾ। ਸ਼ਾਮੀ ਮੱਛਰ ਤੋਂ ਬਚਾਉਣ ਲਈ ਧੂੰਆਂ ਕਰਨਾਂ। ਹੁਣ ਕਿਹੜੇ ਕੰਮ ਨੇ! ਂਨਲਕੇ ਦੀ ਥਾਂ ਮਛਲੀ ਪੰਪ ਲਾਗਿਆ। ਮੋਟਰ ਇਕ ਰਹਿਗੀ ਉਹ ਵੀ ਆਟੋ ਮੈਟਿਕ ਨਾਲ ਚਲਦੀ ਐ। ਕਰਮੇਂ ਨੂੰ ਕੰਮ ਸੰਭਾਲਣਾ ਚਾਹੀਦੈ।
ਮੈਂ ਸੱਥ ਵਿਚ ਜਾ ਕੇ ਬੈਠਾ ਰਹਿੰਦਾ। ਅਖਬਾਰ ਪੜ੍ਹ ਲੈਂਦਾ। ਤਾਸ਼ ਦੀ ਬਾਜੀ ਲਾ ਲੈਂਦਾ। ਪਰ ਕਾਹਨੂੰ, ਮੇਰੇ ਪੈਰਾਂ ਹੇਠ ਅਚਵੀ ਜਿਹੀ ਲਗੀ ਰਹਿੰਦੀ। ਜਿਹੜੇ ਬੰਦੇ ਨੇ ਸਾਰੀ ਉਮਰ ਕੰਮ ਕੀਤਾ ਹੋਵੇ ਉਹ ਵਿਹਲਾ ਨਹੀਂ ਬੈਠ ਸਕਦਾ। ਮੈਨੂੰ ਮੱਝਾਂ ਰੰਭਦੀਆਂ ਸੁਣਦੀਆਂ। ਮੈਂ ਉੱਠ ਕੇ ਘਰ ਨੂੰ ਆ ਜਾਂਦਾ। ਕਰਮਾਂ ਕਿਤੇ ਗਿਆ ਹੁੰਦਾ ਤਾਂ ਬਹੂ ਮੱਝਾਂ ਨਾਲ ਲਟਾ ਪੀਂਘ ਹੁੰਦੀ ਦਿਸਦੀ। ਅਖੀਰ ਮੈਂ ਸਾਰਾ ਕੰਮ ਫਿਰ ਆਪ ਕਰਨ ਲੱਗਾ।
“ਤੇਰੇ ਕਰਮਾਂ ਵਿਚ ’ਰਾਮ ਨੀਂ ਹੈਗਾ,” ਪਾਸ਼ੋ ਆਖਦੀ।
ਚੜ੍ਹਦੇ ਸਿਆਲ ਕਰਮੇਂ ਦੀ ਘਰਵਾਲੀ ਨੇ ਮੁੰਡੇ ਨੂੰ ਜਨਮ ਦਿੱਤਾ।ਅਸੀਂ ਸਾਰੇ ਵਾਰੋ ਵਾਰੀ ਮੁੰਡਾ ਵੇਖਣ ਗਏ। ਰਮਨ ਨੂੰ ਹਸਪਤਾਲ ਵਿਚ ਉਸ ਦੇ ਪੇਕਿਆਂ ਨੇ ਦਾਖਲ ਕਰਵਾਇਆ ਸੀ। ਜਿੰਨੇ ਦਿਨ ਉਹ ਹਸਪਤਾਲ ਰਹੇ ਰੋਟੀ ਨਿੰਦਰ ਦੇ ਘਰੋਂ ਜਾਂਦੀ ਰਹੀ। ਸੁਖਰਾਜ ਅੱਧਾ ਦਿਨ ਹਸਪਤਾਲ ਵਿਚ ਹੀ ਗੁਜਾਰਦੀ। ਫਿਰ ਛੁੱਟੀ ਮਿਲ ਗਈ । ਅਸੀਂ ਪੰਜ਼ੀਰੀ ਦੇਕੇ ਆਉਣੀ ਸੀ। ਮੈਂ ਤੇ ਪਾਸ਼ੋ ਸ਼ਹਿਰ ਨਿੰਦਰ ਕੋਲ ਗਏ। ਉਨ੍ਹਾਂ ਨੂੰ ਮੂਹਰੇ ਖੜੇ ਖਰਚ ਬਾਰੇ ਦੱਸਿਆ। ਨਵੇਂ ਜੰਮੇਂ ਮੁੰਡੇ ਨੂੰ ਘੱਟੋ ਘੱਟ ਇਕ ਤੋਲੇ ਸੋਨਾ ਤਾਂ ਪਾਉਣਾ ਹੀ ਬਣਦਾ ਸੀ।
ਰਮਨ ਦੇ ਪੇਕਿਆਂ ਦੇ ਜੀਆਂ ਨੂੰ ਸੂਟ ਚਾਹੀਦੇ ਸਨ। ਜੁਆਕ ਦੇ ਕੱਪੜੇ ਤੇ ਖਿਡਾਉਣੇ ਵੀ ਲੈਕੇ ਜਾਣੇ ਸਨ।
“ਏਨਾ ਖਰਚ ਕਰਨਾ ਜ਼ਰੂਰੀ ਐ?” ਨਿੰਦਰ ਨੇ ਪੁੱਛਿਆ।
ਮੈਨੂੰ ਬੜਾ ਗੁੱਸਾ ਆਇਆ। ਪਰ ਮੈਂ ਪੀ ਗਿਆ। ਮੈਂ ਕਿਹਾ, “ਨਵੇਂ ਆਏ ਜੀਅ ਦੀ ਖੁਸ਼ੀ ਕਿਉਂ ਨਾ ਮਨਾਈ ਜਾਵੇ? ਤੇਰੀ ਨਹੀਂ ਸੀ ਮਨਾਈ ਗਈ ਕਿ ਤੇਰੇ ਮੁੰਡੇ ਦੀ ਨੀਂ ਮਨਾਈ ਗਈ? ਐਵੇਂ ਜਗਤ ਰਵੀਰੇ ਨਾਲੋਂ ਜਮਾਂ ਈ ਟੁੱਟ ਕੇ ਜਿਉਂਇਆ ਜਾਂਦੈ?”
“ਇਹ ਤਾਂ ਜੀ ਕਰਨਾ ਈ ਪੈਂਦੈ ਹੁੰਦੈ,” ਰਸੋਈ ਵਿਚੋਂ ਚਾਹ ਲੈ ਕੇ ਆਉਂਦੀ ਹੋਈ ਸੁਖਰਾਜ ਬੋਲੀ।
‘ਕਰਨਾ ਪੈਂਦਾ ਹੁੰਦਾ ਤਾਂ ਫਿਰ ਪਾਉ ਹਿੱਸਾ।’ ਮੈਂ ਕਹਿਣਾ ਚਾਹੁੰਦਾ ਸੀ ਪਰ ਕਿਹਾ ਨਹੀਂ। ਇਹ ਗੱਲ ਮੈਂ ਤੇ ਪਾਸ਼ੋ ਸੋਚ ਕੇ ਹੀ ਗਏ ਸਾਂ ਕਿ ਉਨ੍ਹਾਂ ਨੂੰ ਖਰਚੇ ਬਾਬਤ ਦੱਸ ਦੇਣੈ, ਪੈਸੇ ਨਹੀਂ ਮੰਗਣੇ। ਜੇ ਹਿੱਸਾ ਦੇਣਗੇ ਤਾਂ ਠੀਕ ਐ, ਨਹੀਂ ਤਾਂ ਨਾ ਸਈ।
ਅਸੀਂ ਮੁੜ ਆਏ। ਮੈਂ ਜ਼ਮੀਨ ਵਾਲੇ ਪੈਸਿਆਂ ਵਿਚੋਂ ਪੈਸੇ ਕੱਢਾਕੇ ਸਾਰਾ ਖਰਚ ਕੀਤਾ। ਰਕਮ ਖੁਰਦੀ ਦੇਖ ਕੇ ਮੇਰੀ ਫਿਰ ਨੀਂਦ ਗੁਆਚ ਗਈ। ਜਦੋਂ ਇਹ ਪੈਸੇ ਮੁੱਕ ਗਏ ਫੇਰ ਕੀ ਕਰਾਂਗੇ! ਹੋਰ ਜ਼ਮੀਨ ਵੇਚਾਂਗੇ! ਬੀਬੀ ਦੀ ਗੱਲ ਯਾਦ ਆ ਗਈ। ਬੰਦਾ ਜਦੋਂ ਪਹਿਲੀ ਵਾਰੀ ਖਾਨਦਾਨੀ ਜ਼ਮੀਨ ਵੇਚਦੈ ਤਾਂ ਸ਼ਰਮਿੰਦਗੀ ਮੰਨਦੈ। ਜਿਵੇਂ ਪਾਸ਼ੋ ਮਹੀਨਾ ਭਰ ਘਰੋਂ ਬਾਹਰ ਹੀ ਨਹੀਂ ਸੀ ਨਿਕਲੀ। ਦੂਜੀ ਵਾਰ ਬੇਸ਼ਰਮ ਬਣ ਜਾਂਦੈ।
ਅਜੇ ਪੰਜ਼ੀਰੀ ਦਿੱਤੀ ਨੂੰ ਮਹੀਨਾ ਵੀ ਨਹੀਂ ਬੀਤਿਆ ਸੀ ਕਿ ਸਾਡੀ ਬੀਬੀ ਪੂਰੀ ਹੋ ਗਈ। ਰਾਤ ਨੂੰ ਸੁੱਤੀ ਪਈ ਹੀ ਦਮ ਤੋੜ ਗਈ। ਭਜਨੇ ਨੇ ਸਵੇਰੇ ਚਾਰ ਵਜੇ ਆਕੇ ਮੈਨੂੰ ਉਠਾਇਆ। ਮੈਂ ਘਬਰਾਕੇ ਇਕ ਦਮ ਉਠਿਆ। ਭਜਨਾ ਮੇਰੇ ਗਲ ਨੂੰ ਚਿੰਬੜ ਕੇ ਰੋ ਪਿਆ, “ ਬੀਬੀ ਸਾਥ ਛੱਡ ਗਈ ਉਇ ਵੀਰਿਆ…..ਆਪਾਂ ਦੋਵੇਂ ਰਹਿਗੇ…ਉਇ!”
ਕਿੰਨਾਂ ਹੀ ਚਿਰ ਅਸੀਂ ਦੋਵੇਂ ਇਕ ਦੂਜੇ ਦੇ ਗਲ ਲੱਗ ਕੇ ਰੋਂਦੇ ਰਹੇ। ਜਦ ਨੂੰ ਪਾਸ਼ੋ ਤੇ ਕਰਮਾਂ ਵੀ ਉਠ ਖੜੇ। ਪਾਸ਼ੋ ਨੇ ਸਾਨੂੰ ਵੱਖ ਕੀਤਾ। ਮੈਂ ਮੰਜੇ ’ਤੇ ਪਏ ਬੀਬੀ ਦੇ ਸਰੀਰ ਨਾਲ ਚਿੰਬੜ ਕੇ ਰੱਜ ਕੇ ਰੋਇਆ। ਸਾਰੇ ਹੀ ਰੋ ਰਹੇ ਸਨ। ਸਾਡਾ ਰੋਣਾ ਸੁਣ ਕੇ ਆਂਢੀ-ਗੁਆਂਢੀ ਵੀ ਆ ਗਏ।
ਮੈਂ ਨਿੰਦਰ ਨੂੰ ਫੋਨ ਕੀਤਾ, “ ਨਿੰਦਰ ਪਿੰਡ ਨੂੰ ਆਜੋ ਆਪਣੀ ਬੀਬੀ ਨਹੀਂ….।”
ਮੇਰੇ ਤੋਂ ਗੱਲ ਪੂਰੀ ਨਾ ਹੋ ਸਕੀ।
ਦੁਪਹਿਰ ਤੱਕ ਅਸੀਂ ਬੀਬੀ ਦੀ ਚਿਤਾ ਨੂੰ ਅੱਗ ਦੇ ਦਿੱਤੀ।
ਦੂਜੇ ਦਿਨ ਫੁੱਲ ਚੁਗੇ ਗਏ। ਹਫਤੇ ਬਾਅਦ ਭੋਗ ਪੈ ਗਿਆ। ਅਸੀਂ ਬੀਬੀ ਦਾ ਦੇਣ ਨਹੀਂ ਦੇ ਸਕਦੇ ਸੀ। ਅਸੀਂ ਆਪਣੀ ਵਿਤ ਮੂਜਬ ਸਾਰੀਆਂ ਰਸਮਾਂ ਨਿਭਾਈਆਂ। ਦੋਵੇਂ ਭਰਾਵਾਂ ਦਾ ਦਸ-ਦਸ ਹਜ਼ਾਰ ਰੁਪਏ ਖਰਚਾ ਆ ਗਿਆ। ਮੈਨੂੰ ਨਿੰਦਰ ਤੋਂ ਖਾਸੀ ਉਮੀਦ ਸੀ ਪਰ ਉਸਨੇ ਮਸਾਂ ਦੋ ਹਜ਼ਾਰ ਰੁਪਏ ਹੀ ਦਿੱਤੇ।
ਸਾਡੀ ਬੀਬੀ ਜ਼ਮੀਨ ਦੇ ਹਉਕੇ ਨੇ ਲੈ ਲਈ ਸੀ। ਬੀਬੀ ਤੋਂ ਵੱਡੇ ਸਾਡੇ ਤਿੰਨ ਮਾਮੇ ਅਜੇ ਜਿਉਂਦੇ ਬੈਠੇ ਸਨ। ਸਾਡੇ ਨਾਨਕਿਆਂ ਦੇ ਜੀਅ ਲੰਮੀ ਉਮਰ ਭੋਗ ਕੇ ਮਰਦੇ ਸਨ। ਸਾਡੇ ਨਾਨਾ-ਨਾਨੀ ਅਜੇ ਦਸ ਸਾਲ ਪਹਿਲਾਂ ਪੂਰੇ ਹੋਏ ਸਨ। ਬੀਬੀ ਅਜੇ ਹੋਰ ਜਿਉਂ ਜਾਂਦੀ ਜੇ ਉਸਨੂੰ ਸਾਡੇ ਟੁੱਟੇ ਕੰਮ ਦਾ ਝੋਰਾ ਨਾ ਖਾਂਦਾ।
ਮੈਂ ਆਪਣੀ ਜ਼ਮੀਨ ਬਚਾਉਣ ਲਈ ਇਕ ਆਖਰੀ ਹੰਭਲਾ ਮਾਰਨ ਦਾ ਫੈਸਲਾ ਕਰ ਲਿਆ। ਫਰਵਰੀ ਮਹੀਨੇ ਮੈਂ ਫਿਰ ਸਬਜ਼ੀਆਂ ਬੀਜ ਦਿੱਤੀਆਂ। ਮੈਂ ਸਾਰਾ ਦਿਨ ਗੁੱਡ ਗੁਡਾਈ ਕਰਦਾ ਰਹਿੰਦਾ। ਕਰਮਾਂ ਕਦੇ ਕਿਸੇ ਟਰੱਕ ਦਾ ਗੇੜਾ ਲਵਾਉਣ ਚਲਾ ਜਾਂਦਾ, ਕਦੇ ਮੇਰੀ ਮੱਦਦ ਵੀ ਕਰਦਾ। ਦੁਪਹਿਰ ਦੀ ਰੋਟੀ ਮੈਂ ਘਰ ਜਾ ਕੇ ਖਾਂਦਾ। ਤੀਜੇ ਪਹਿਰ ਦੀ ਚਾਹ ਦੇਣ ਆਈ ਪਾਸ਼ੋ ਸੂਰਜ ਛਿਪਣ ਤੱਕ ਮੇਰੇ ਨੇੜੇ ਵੱਟ ’ਤੇ ਬੈਠੀ ਰਹਿੰਦੀ। ਡੁੱਬਦੇ ਸੂਰਜ ਦੀਆਂ ਕਿਰਨਾਂ ਉਸਦੇ ਬੁੱਢੇ ਹੁਸਨ ਨੂੰ ਚਮਕਾ ਦਿੰਦੀਆਂ। ਪਾਸ਼ੋ ਉਮਰ ਦੇ ਪਚਵੰਜਾ ਵਰੇ੍ਹ ਟੱਪਕੇ ਵੀ ਹੁਸਨ ਦਾ ਤੀਜਾ ਪਹਿਰ ਸਾਂਭੀ ਬੈਠੀ ਸੀ। ਉਸ ਨੂੰ ਇਸ ਤਰ੍ਹਾਂ ਦੇਖਦਿਆਂ ਮੈਨੂੰ ਸੁਖਜੀਤ ਭੈਣਜੀ ਦੀ ਯਾਦ ਆ ਗਈ। ਇਸ ਵਾਰ ਮੈਂ ਪੱਕਾ ਫੈਸਲਾ ਕਰ ਲਿਆ ਸੀ ਕਿ ਮੈਂ ਉਸ ਨੂੰ ਦੇਖਕੇ ਮੰਡੀ ਨਹੀਂ ਛੱਡੂੰਗਾ।
ਜਦੋਂ ਸਬਜ਼ੀਆਂ ਉਤਰਨ ਲੱਗੀਆਂ ਮੈ ਆਪਣੀ ਤੱਕੜੀ ਤੇ ਵੱਟੇ ਕੱਢ ਲਏ। ਮੈਂ ਮੰਡੀ ਜਾਣਾ ਸ਼ੁਰੂ ਕਰ ਦਿੱਤਾ। ਸੁਖਜੀਤ ਭੈਣ ਜੀ ਨਾਲ ਮੇਰਾ ਸਾਹਮਣਾ ਮਹੀਨੇ ਬਾਅਦ ਹੋਇਆ। ਸਬਜ਼ੀਆਂ ਖਰੀਦਦੀ ਉਹ ਮੇਰੀ ਫੜ੍ਹੀ ’ਤੇ ਆ ਗਈ। ਉਸਨੇ ਮੈਨੂੰ ਨਹੀਂ ਦੇਖਿਆ। ਉਹ ਭਿੰਡੀਆਂ ਨੂੰ ਕੱਚੀਆਂ ਪੱਕੀਆਂ ਪਰਖ ਰਹੀ ਸੀ।
“ਸੁਖਜੀਤ ਭੈਣ ਜੀ, ਸਾਸਰੀ ਕਾਲ,” ਮੈਂ ਕਿਹਾ ਤੇ ਉਹ ਚੌਂਕ ਗਈ। ਇਕ ਦਮ ਸਿਰ ਚੁੱਕ ਕੇ ਮੇਰੇ ਵੱਲ ਦੇਖਿਆ। ਉਹ ਹੈਰਾਨ ਹੋਈ ਪਰ ਉਸਨੇ ਮੈਨੂੰ ਪਛਾਣ ਲਿਆ। ਇਸ ਤੋਂ ਪਹਿਲਾਂ ਉਹ ਭਾਅ ਪੁੱਛਦੀ ਜਾਂ ਕੁਝ ਕਹਿੰਦੀ ਜਾਂ ਤੁਰ ਜਾਂਦੀ, ਮੈਂ ਉਸ ਨੂੰ ਦੋ ਮਿੰਟ ਰੁਕਣ ਵਾਸਤੇ ਕਹਿੰਦਿਆਂ ਤਿੰਨ ਲਿਫਾਫਿਆਂ ਵਿਚ ਤਿੰਨ ਕਿਸਮ ਦੀ ਸਬਜ਼ੀ ਪਾਕੇ ਫੜਾਉਂਦਿਆਂ ਕਿਹਾ, “ ਤੁਸੀਂ ਅੱਧੀ ਉਮਰ ਸਾਡੇ ਪਿੰਡ ਗਾਲਤੀ; ਸਾਡੇ ਜੁਆਕ ਭੜ੍ਹਾਏ; ਥੋਡਾ ਤਾਂ ਅਸੀਂ ਬਹੁਤ ਸਤਿਕਾਰ ਕਰਦੇ ਆਂ। ਤੁਸੀਂ ਹਨੇਰੇ ਵਿਚ ਭਟਕਦਿਆਂ ਨੂੰ ਰਸਤਾ ਦਿਖੌਂਦੇ ਰਹੇ ਓਂ, ਇਹ ਮੇਰੇ ਵੱਲੋਂ ਸਤਿਕਾਰ ਵਜੋਂ ਐ। ਪੈਸੇ ਮੈਂ ਨਹੀਂ ਲੈਣੇ। ਮਿੰਨਤ ਦੀ ਗੱਲ ਐ ਮੋੜਿਓ ਨਾ। ਅਗਲੀ ਵਾਰ ਆਉਗੇ ਤਾਂ ਪੈਸੇ ਲੈ ਲੂੰਗਾ।”
“ਤੁਸੀਂ ਧੱਕਾ ਕਰ ਰਹੇ ਓ… ਫਿਰ ਪੈਸੇ ਤਾਂ ਲਓ,” ਉਹ ਹੱਕੀ ਬੱਕੀ ਰਹਿ ਗਈ ਸੀ।
“ਧੱਕਾ ਬਿਲਕੁਲ ਨਹੀਂ, ਇਹ ਕਿੱਡੀ ਕੁ ਰਕਮ ਐ। ਅਸੀਂ ਥੋਡਾ ਦੇਣ ਕਿਥੋਂ ਦੇ ਸਕਦੇ ਆਂ।”
“ਤੁਸੀਂ ਨਿੰਦਰ ਦੇ ਪਾਪਾ ਹੋ ਨਾ?”
“ਹਾਂ ਜੀ ….,” ਮੈਂ ਕਿਹਾ।
“ਉਹ ਤਾਂ ਇਥੇ ਈ ਰਹਿੰਦੈ, ਮਿਲਦਾ ਹੁੰਦੈ। ਬੜਾ ਲਾਇਕ ਮੁੰਡੈ।”
“ਬੱਸ ਜੀ ਥੋਡੇ ਕੋਲੇ ਪੜ੍ਹਿਐ…..।”
ਸੁਖਜੀਤ ਭੈਣ ਜੀ ਚਲੀ ਗਈ।
ਬਹੁਤੀਆਂ ਫੜ੍ਹੀਆਂ ਵਾਲੇ ਵਿਹਲੇ ਹੋ ਕੇ ਇਕ ਪਾਸੇ ਨੂੰ ਇੱਕਠੇ ਹੋ ਰਹੇ ਸਨ, ਮੈਂ ਵੀ ਆਪਣੀ ਬਚੀ ਹੋਈ ਸਬਜ਼ੀ ਇਕ ਰੇਹੜੀ ਵਾਲੇ ਨੂੰ ਚੁਕਾ ਦਿੱਤੀ। ਹੋਰ ਬੈਠਣ ਦਾ ਹੁਣ ਮਨ ਨਹੀਂ ਸੀ। ’ਕੱਠ ਵਲੋਂ ਇਕ ਬੰਦਾ ਉਚੇ ਥਾਂ ’ਤੇ ਖੜਾ ਸਭ ਨੂੰ ਨੇੜੇ ਆਉਣ ਲਈ ਬੁਲਾ ਰਿਹਾ ਸੀ।
“ਮੀਟਿੰਗ ਐ…,” ਉਧਰ ਨੂੰ ਜਾਂਦਾ ਹੋਇਆ ਉੱਚਾ ਪਿੰਡੀਆ ਬੋਲਿਆ।
ਮੈਂ ਬੋਰੀ ਵਿਚ ਥੱਲੇ ਵਿਛਾਉਣ ਵਾਲੀ ਪੱਲੀ ਤੇ ਤੱਕੜੀ ਬੱਟੇ ਪਾਕੇ ਸਕੂਟਰ ਦੀ ਪਿਛਲੀ ਸੀਟ ’ਤੇ ਬੰਨ ਦਿੱਤੇ। ਹੌਲੀ ਹੌਲੀ ਕਦਮ ਪੁੱਟਦਾ ਮੈਂ ਭੀੜ ਵੱਲ ਤੁਰ ਪਿਆ। ਭੀੜ ਦੇ ਪਰਲੇ ਪਾਸੇ ਮੇਨ ਰੋਡ ’ਤੇ ਮੈਨੂੰ ਨਿੰਦਰ ਕਾਰ ਚਲਾਈ ਜਾਂਦਾ ਦਿਸਿਆ। ਉਸਦੇ ਬਰਾਬਰ ਵਾਲੀ ਸੀ ’ਤੇ ਨੈਵੀ ਬੈਠਾ ਸੀ। ਨਿੰਦਰ ਉਸਨੂੰ ਸਕੂਲ ਛੱਡਣ ਚਲਿਆ ਹੋਊ।
ਭੀੜ ਦੇ ਵਿਚਕਾਰ ਖੜਾ ਨਾਭੀ ਪੱਗ ਤੇ ਲੰਮੀ ਦਾਹੜੀ ਵਾਲਾ ਬੰਦਾ ਬਾਂਹ ਹਵਾ ਵਿਚ ਲਹਿਰਾਕੇ ਬੋਲ ਰਿਹਾ ਸੀ, “ਵੀਰਨੋ ਇਹ ਤਾਂ ਸਾਡੀ ਰੋਜ਼ੀ ਰੋਟੀ ’ਤੇ ਸਿੱਧਾ ਡਾਕੈ। ਅਸੀਂ ਫੈਸਲਾ ਕੀਤਾ ਬਈ ਸ਼ਹਿਰ ਦੀ ਸਮੂਹ ਸਬਜ਼ੀ ਮੰਡੀ ਯੂਨੀਅਨ ਸੋਮਵਾਰ ਨੂੰ ਤਹਿਸੀਲ ਦੇ ਬਾਹਰ ਧਰਨਾ ਦੇਵੇਗੀ..।”
ਮੈਨੂੰ ਉਸਦੀ ਗੱਲ ਸਮਝ ਨਹੀਂ ਆਈ। ਮੈਂ ਉੱਚਾ ਪਿੰਡੀਏ ਦੇ ਨੇੜੇ ਹੋ ਕੇ ਉਸ ਨੂੰ ਪੁੱਛਿਆ। “ਰਿਲੈਂਸ ਵਾਲੇ ਸਟੋਰ ਖੋਲ੍ਹ ਰਹੇ ਨੇ, ਸਬਜ਼ੀਆਂ ਤੇ ਫਲਾਂ ਦਾ… ਉਨ੍ਹਾਂ ਦੇ ਵਿਰੁੱਧ ਹੜਤਾਲ ਕਰਨੀ ਐ।”
ਸਕੂਟਰ ਤੇ ਪਿੰਡ ਵਾਪਸ ਆਉਂਦੇ ਮੈਨੂੰ ਸਾਡਾ ਮੈਸੀ ਮਿਲ ਗਿਆ। ਸਾਹਮਣੇ ਤੋਂ ਆਉਂਦਾ ਦੇਖ ਕੇ ਮੈਂ ਉਸ ਨੂੰ ਦੂਰੋਂ ਹੀ ਪਛਾਣ ਲਿਆ। ਉਸ ਨੂੰ ਮਲਕ ਪੁਰੀਆ ਜੱਟ ਚਲਾਈ ਆ ਰਿਹਾ ਸੀ ਜਿਹੜਾ ਖਰੀਦ ਕੇ ਲੈ ਗਿਆ ਸੀ। ਪਿੱਛੇ ਟਰਾਲੀ ਬੰਦਿਆਂ ਤੇ ਔਰਤਾਂ ਨਾਲ ਭਰੀ ਹੋਈ ਸੀ। ਉਨ੍ਹਾਂ ਦੇ ਚਿੱਟੇ ਕੱਪੜਿਆਂ ਤੋਂ ਪਤਾ ਲੱਗਦਾ ਸੀ ਕਿ ਉਹ ਕਿਸੇ ਦੀ ਮਰਗ ’ਤੇ ਚੱਲੇ ਸਨ। ਮੈਸੀ ਮੇਰੇ ਕੋਲ ਦੀ ਲੰਘ ਗਿਆ।
ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਧਰਨਿਆਂ ’ਤੇ ਮੈਸੀ ਨੂੰ ਲਿਜਾਂਦੇ ਰਹੇ ਸਾਂ। ਸੋਮਵਾਰ ਨੂੰ ਸ਼ਹਿਰ ਦੇ ਹਿੰਦੂਆਂ, ਭਾਪਿਆਂ, ਹਰੀਜਨਾਂ ਤੇ ਭਈਆਂ ਦੇ ਵਿਚ ਖੜਾ ਮੈਂ ਕਿਹੋ ਜਿਹਾ ਲਗੂੰਗਾ! ਮੈਨੂੰ ਸਮਝ ਨਹੀਂ ਆਈ ਕਿ ਮੈਂ ਆਪਣੀਆਂ ਬੁੱਢੀਆਂ ਲੱਤਾਂ ਨਾਲ ਇਸ ਬਦਲੇ ਹੋਏ ਮੈਦਾਨ ਅੰਦਰ ਲੜਾਈ ਲੜ ਵੀ ਸਕਾਂਗਾ ਕਿ ਨਹੀਂ।

ਬਲਜਿੰਦਰ ਨਸਰਾਲੀ
ਬਲਜਿੰਦਰ ਨਸਰਾਲੀ ਦੇ ਹੁਣ ਤੱਕ ਦੋ ਨਾਵਲ 'ਹਾਰੇ ਦੀ ਅੱਗ' ਤੇ 'ਵੀਹਵੀਂ ਸਦੀ ਦੀ ਆਖ਼ਰੀ ਕਥਾ' ਤੇ ਇਕ ਕਹਾਣੀ ਸੰਗ੍ਰਹਿ ਪ੍ਰਕਾਸ਼ਤ। ਕਹਾਣੀ ਸੰਗ੍ਰਹਿ 'ਡਾਕਖਾਨਾ ਖਾਸ' ਗੁਰੂ ਨਾਨਕ ਦੇਵ ਯੂਨਵਰਸਿਟੀ ਅੰਮ੍ਰਿਤਸਰ ਵੱਲੋਂ ਭਾਈ ਵੀਰ ਸਿੰਘ ਗਲਪ ਪੁਰਸਕਾਰ ਨਾਲ ਸਨਮਾਨਤ। ਜਨਮ 1969 ਵਿਚ ਲੋਹੜੀ ਵਾਲੇ ਦਿਨ ਪਿੰਡ ਨਸਰਾਲੀ ਜ਼ਿਲਾ ਲੁਧਿਆਣਾ ਵਿਚ ਹੋਇਆ। ਪਹਿਲਾਂ ਸਮਾਣਾ ਵਿਚ ਕਾਲਜ ਅਧਿਆਪਨ ਤੇ ਹੁਣ ਯੂਨੀਵਰਸਿਟੀ ਆਫ਼ ਜੰਮੂ ਦੇ ਪੰਜਾਬੀ ਵਿਭਾਗ ਵਿਚ ਲੈਕਚਰਾਰ ਵਜੋਂ ਕੰਮ ਕਰ ਰਿਹਾ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!