ਜੁਬਾੜੇ – ਲਾਲ ਸਿੰਘ

Date:

Share post:

ਮੰਡੀਆਂ ਨੂੰ ਜਾਂਦਾ ਕੱਚਾ ਰਾਹ ਪੱਕੀ ਸੜਕ ’ਚ ਤਬਦੀਲ ਹੋ ਗਿਆ। ਤਿਕੋਣੇ ਮੋੜ ਦੀ ਚਹਿਲ-ਪਹਿਲ ਕਈ ਗੁਣਾਂ ਵੱਧ ਗਈ।
ਛੋਟੀ ਪੁਲੀ ਦੇ ਇੱਕ ਪਾਸੇ ਉੱਬਲੇ-ਆਂਡੇ, ਚਿਕਨ-ਚਿੱਲੀ, ਗੁਰਦੇ-ਕਪੂਰੇ ਵਿਕਣ ਲੱਗ ਪਏ, ਦੂਜੇ ਪਾਸੇ ਟਿੱਕੀਆਂ-ਸਮੋਸੇ, ਗੋਲ-ਗੱਪੇ, ਛੋਲੇ-ਭਟੂਰੇ।
ਗਲੀਆਂ-ਮੁਹੱਲੇ, ਪਿੰਡ-ਗਰਾਂ ਗਾਹ ਕੇ ਮੁੜੇ ਸਬਜ਼ੀ-ਭਾਜੀ ਰੇੜੇ-ਰਿਕਸ਼ੇ, ਸ਼ਾਮ ਵੇਲੇ ਦੀ ਵੇਚ-ਵਟਕ ਲਈ ਇੱਕ-ਦੂਜੇ ’ਚ ਆ ਫਸਦੇ। ਬੱਸ ਅੱਡੇ ਵੱਲ ਦਾ ਗੇੜਾ ਲਾ ਕੇ ਪੁੱਜੀਆਂ ਸ਼ਿਮਲਾ-ਬੰਬੇ ਕੁਲਫ਼ੀਆਂ, ਫ਼ਲ-ਫਰੂਟ, ਖਿੱਲਾਂ-ਗਿਰੀਆਂ ਰੇੜ੍ਹੀਆਂ ਨੇ ਅਪਣੀ-ਅਪਣੀ ਥਾਂ ਪੱਕੀ ਮੱਲ ਲਈ ਸੀ।
ਏਨੀ ਸਾਰੀ ਗਹਿਮਾ-ਗਹਿਮੀ ਦੇਖ ਕੇ ਸੇਠ ਰਾਮ ਗੋਪਾਲ ਦਾ ਉਦਾਸ-ਉਦਾਸ ਰਹਿੰਦਾ ਚਿਹਰਾ ਇਕ-ਦਮ ਖ਼ੁਸ਼-ਪ੍ਰਸੰਨ ਦਿਸਣ ਲੱਗ ਪਿਆ। ਲੱਗਦੇ ਹੱਥ ਹੀ ਉਸਨੇ ਅਪਣੇ ਵੱਡੇ ਪੁੱਤਰ ਬਨਵਾਰੀ ਨੂੰ ਹੁਕਮ ਵਰਗੀ ਸਲਾਹ ਦੇ ਮਾਰੀ-”ਬਨੀ ਪੁੱਤ, ਹੁਣ ਢਿੱਲ-ਮੱਠ ਨੀ ਕਰਨੀ। ਏ ਗੱਲ ਆ ਪਈ, ਹੁਣ ਵੇਲਾ ਨਫ਼ੀਸ ਆ। ਬਣਾ ਲੈ ਮਾਰਕੀਟ ਆਲੀਸ਼ਾਨ। ਇਕ-ਦਮ ਟਿੱਪ-ਟਾਪ। ਛੱਤ ਲੈ ਬੂਥ। ਸਾਰੇ ਨਈਂ ਤਾਂ ਅੱਧੇ ਕੁ, ਸੜਕ ਵੰਨੀਂ ਦੇ। ਬਾਕੀ ਦੇ ਫੇਅਰ ਸੇਹੀ ਭਾਅ ਚੜ੍ਹੇ ਤੇ…..।’’
ਬਨੀ ਜਾਣ ਲੱਗਾ ਸੀ ਕਿਧਰੇ, ਪਿਤਾ ਦੀ ਆਗਿਆ ਸੁਣ ਕੇ ਥਾਏਂ ਰੁਕ ਗਿਆ। ਉਸ ਵੱਲ ਬੜੇ ਧਿਆਨ ਨਾਲ਼ ਦੇਖਿਆ। ਉਹ ਹੈਰਾਨ ਸੀ ਕਿ ਉਸਦਾ ਪਿਉ ਰਾਤੋ-ਰਾਤ ਕਿਵੇਂ ਬਦਲ ਗਿਆ। ਕੱਲ੍ਹ ਤੱਕ ਤਾਂ ਉਸ ਨਾਲ਼ ਬੋਲ-ਕਬੋਲ ਹੀ ਕਰਦਾ ਆਇਆ ਸੀ। ਖਫ਼ਾ ਹੁੰਦਾ ਰਿਹਾ ਸੀ ਉਸ ’ਤੇ। ਨਿੰਦਦਾ-ਭੰਡਦਾ ਰਿਹਾ ਸੀ ਉਸਦੇ ਕੀਤੇ ਨੂੰ-”ਕਿਉਂ ਰੋੜ੍ਹੀ ਜਾਨਾਂ ਐਨਾ ਪੈਹਾ? ਏ ਗੱਲ ਆ, ਕਿਉਂ ਭਰੀ ਜਾਨਾਂ ਕਿਸ਼ਤਾਂ ਰੇਤੇ ਟਿੱਬੇ ਦੀਆਂ। ਲਾਹ ਏਨ੍ਹਾਂ ਨੂੰ ਗਲੋਂ। ਏਹ ਗੱਲ ਆ ਪਈ, ਮਾਰ ਮੱਥੇ ਕਿਸੇ ਹੋਰਸ ਦੇ।’’ ਕੱਲ੍ਹ ਤੱਕ ਉਹ ਉਸ ਉੱਤੇ ਹੀ ਨਹੀਂ, ਹਰ ਇੱਕ ’ਤੇ ਖਫ਼ਾ ਸੀ, ਖਿਝਿਆ-ਖਪਿਆ ਪਿਆ ਸੀ ਆਪਣੇ-ਆਪ ’ਚ। ਬੁਰਾ-ਭਲਾ ਕਹਿੰਦਾ ਰਿਹਾ ਸੀ ਪ੍ਰਸ਼ਾਸਨ ਨੂੰ। ਖ਼ਾਸ ਕਰ ਬੀਬੀ ਮੰਤਰੀ ਨੂੰ। ਉਸਦੀ ਕਾਰਕਰਦਗੀ ਕਾਰਨ ਹੀ ਉਸਨੂੰ ਆਹ ਦਿਨ ਦੇਖਣੇ ਪਏ ਸਨ। ਉਸਦਾ ਭਲਾ ਚੰਗਾ ਅੱਡਾ ਉੱਖੜਦਾ ਹੋਇਆ ਸੀ ਸ਼ਹਿਰੋਂ ਇਮਲੀ ਚੌਂਕ ਅੰਦਰੋਂ। ਕਿੱਥੇ ਉਹ ਬਾਜ਼ਾਰ ਵੱਲ ਨੂੰ ਖੁਲ੍ਹਦੀ ਪਿਤਾ-ਪੁਰਖੀ ਹੱਟੀ ਪਿਛਵਾੜਿਉਂ ਆਰਾਮ ਨਾਲ਼ ਉੱਠਦਾ। ਮੂੰਹ-ਅੱਖਾਂ ’ਤੇ ਛਿੱਟੇ ਮਾਰ ਕੇ ਬੜੇ ਸਹਿਰ-ਧੀਰਜ ਨਾਲ਼ ਪਹਿਲਾਂ ਬੈਠਕ ਦੀ ਕਾਰਨਸ ’ਤੇ ਸਜਾਈ ਦੇਵੀ ਮਾਂ ਦੀ ਮੂਰਤੀ ਨੂੰ ਡੰਡਵੱਤ-ਪ੍ਰਣਾਮ ਕਰਦਾ, ਫਿਰ ਵਿਚਕਾਰਲਾ ਲਾਂਘਾ ਲੰਘ ਕੇ ਦੁਕਾਨ ਅੰਦਰਲੀ ਸ਼ਿਵਾ ਦੀ ਗੱਦੀ ਨੂੰ।
ਹੱਟੀਓਂ ਬਾਹਰ ਡਿੱਠੇ ਤਖ਼ਤ-ਪੋਸ਼ ’ਤੇ ਆਸਣ ਗ੍ਰਹਿਣ ਕਰਨ ਤੱਕ ਸਬਜ਼ੀ-ਭਾਜੀ ਵੇਚਣ-ਖਰੀਦਣ ਵਾਲੇ ਉਸਦੇ ਅੱਗੇ ਮੁੱਲ ’ਤੇ ਬੋਲੀ ਦਿੰਦੇ। ਉਸਦਾ ਕੰਮ ਹੁੰਦਾ ਸੀ, ਬੋਲੀ ਹੋਏ ਮਾਲ ’ਚੋਂ ਚੁੰਗੀ ਕੱਢਣਾ ਤੇ ਬੈਹੀ-ਖਾਤਾ ਭਰਨਾ। ਡੇਢ-ਦੋ ਘੰਟਿਆਂ ’ਚ ਇਕੱਠੀ ਹੋਈ ਭੀੜ ਸਾਰੀ ਦੀ ਸਾਰੀ ਖਿੱਲਰ-ਬਿਖ਼ਰ ਜਾਂਦੀ। ਵੇਚਣ ਵਾਲੇ ਵੇਚ ਤੁਰਦੇ। ਖ਼ਰੀਦਦਾਰਾਂ ਤੋਂ ਉਗਰਾਹੀ ਰੋਕੜ ਉਸਦੇ ਗੱਲੇ ’ਚ ਢੇਰੀ ਹੋ ਜਾਂਦੀ।
ਕਰਦਾ ਉਹ ਹੁਣ ਵੀ ਇਵੇਂ ਹੀ ਸੀ। ਰੋਕੜ-ਚਿੱਲਰ ਹੁਣ ਵੀ ਉਸਦੇ ਹੀ ਗੱਲੇ ’ਚ ਢੇਰੀ ਹੁੰਦੀ ਸੀ, ਪਰ ਹੁਣ ਉਸਨੂੰ ਪਹਿਲਾਂ ਵਰਗੀ ਸੌਖ ਨਹੀਂ ਸੀ ਰਹੀ। ਹੁਣ ਉਸਨੂੰ ਤੜਕਸਾਰ ਉੱਠਣਾ ਪੈਂਦਾ। ਛੋਹਲੇ ਕਦਮੀਂ ਤੁਰਦਿਆਂ ਧੂਫ-ਟਿੱਕਾ ਕਰਨਾ ਪੈਂਦਾ। ਸ਼ਿਵਾਂ ਦੀ ਗੱਦੀ ਹੇਠੋਂ ਬੈਹੀ-ਖਾਤੇ ਚੁੱਕ ਕੇ ਵੱਡੇ ਸਾਰੇ ਝੋਲੇ ’ਚ ਪਾਉਣੇ ਪੈਂਦੇ। ਰੋਕੜ ਸੰਦੂਕੜੀ ਨਾਲ਼ ਚੁੱਕਣੀ ਪੈਂਦੀ। ਫਿਰ ਕਦੀ ਉਹ ਮੋਹਣੀ ਨੂੰ ’ਵਾਜ਼ ਮਾਰਦਾ ਸਕੂਟਰ ’ਤੇ ਛੱਡ ਆਉਣ ਲਈ, ਛੋਟੇ ਪੁੱਤਰ ਮਨਮੋਹਣ ਨੂੰ, ਕਦੀ ਵੱਡੇ ਬਨਵਾਰੀ ਨੂੰ। ਜੇ ਉਹ ਢਿੱਲ-ਮੱਠ ਕਰਦੇ ਜਾਂ ਕਿਧਰੇ ਬਾਹਰ-ਅੰਦਰ ਗਏ ਹੁੰਦੇ ਤਾਂ ਮਜਬੂਰਨ ਉਸ ਨੂੰ ਰਿਕਸ਼ਾ ਲੈਣੀ ਪੈਂਦੀ। ਉਸ ਦਿਨ ਬੋਹਣੀ ਵੇਲੇ ਹੱਥੋਂ ਛੱਡੇ ਅਠਾਰਾਂ-ਵੀਹ ਰੁਪਈਏ ਉਸਨੂੰ ਸਾਰਾ ਦਿਨ ਬੇ-ਚੈਨ ਕਰੀ ਰੱਖਦੇ। ਤੜਪਾਈ ਰੱਖਦੇ ਇੱਕ ਤਰ੍ਹਾਂ ਨਾਲ਼। ਇਸ ਤੜਪ-ਬੇਚੈਨੀ ਤੋਂ ਬਚਣ ਲਈ ਉਸਨੇ ਕਈ ਵਾਰ ਪੈਦਲ ਯਾਤਰਾ ਵੀ ਪਾਈ, ਘਰੋਂ ਮੰਡੀ ਤੱਕ। ਉਸ ਦਿਨ ਨਕਦ-ਨਰੈਣ ਤਾਂ ਭਾਵੇਂ ਬਚਿਆ ਰਹਿੰਦਾ, ਪਰ ਉਸਦੀ ਭਾਰੀ ਭਰਕਮ ਦੇਹ ਸਿਰੇ ਦੀ ਨਢਾਲ ਹੋਈ ਰਹਿੰਦੀ। ਮੰਡੀ ਪੁੱਜ ਕੇ ਨਾ ਉਸਤੋਂ ਠੀਕ ਤਰ੍ਹਾਂ ਬੈਠਿਆ ਜਾਂਦਾ ਤੇ ਨਾ ਸੇਹੀ ਤਰਸ੍ਹਾਂ ਰੋਕੜੇ ਭਰੇ ਜਾਂਦੇ।
ਉਹ ਖਿਝਦਾ, ਕਲਪਦਾ, ਬੁਰਾ-ਭਲਾ ਬੋਲਦਾ ਕਈਆਂ ਨੂੰ।।
ਉਸਦੀ ਪ੍ਰਧਾਨਗੀ ਵਾਲੀ ਵਪਾਰ-ਮੰਡਲੀ ਵੀ ਉਸਨੂੰ ਜ਼ਹਿਰ ਦਿਸਣ ਲੱਗ ਪਈ ਸੀ। ਉਹਨਾਂ ’ਚੋਂ ਕਿਸੇ ਨੇ ਵੀ ਉਸਦਾ ਸਾਥ ਨਹੀਂ ਸੀ ਦਿੱਤਾ। ਕਿਸੇ ਇੱਕ ਨੇ ਵੀ ਉਸਦੀ ਹਾਮੀ ਨਹੀਂ ਸੀ ਭਰੀ। ਬੀਬੀ ਮੰਤਰੀ ਨੂੰ ਮਿਲਣ ਲਈ। ਕਹਿਣਾ-ਪੁੱਛਣਾ ਤਾਂ ਉਸ ਨੇ ਹੀ ਸੀ ਪ੍ਰਧਾਨ ਹੋਣ ਦੇ ਨਾਤੇ–‘ਕਿ, ਥਾਵਾਂ ਹੋਰ ਜੁ ਹੈਗੀਆਂ ਸਨ ਸ਼ਹਿਰ ਦੇ ਐਨ ਗੋਰੇ। ਕਮੇਟੀ ਦੀ ਹੱਦ-ਹਦੂਦ ਅੰਦਰ ਆਉਂਦੀਆਂ ਹਨ ਦੋਨੋਂ। ਇੱਕ ਵਕਫ਼-ਬੋਰਡ ਦੀ ਸੀ, ਦੂਜੀ ਉਸਦੀ ਅਪਣੀ। ਫਿਰ ਕੋਹ ਭਰ ਹਟਵੀਂ ਥਾਂ ਕਿਹੜੀ ਕਸਰੋਂ ਪਾਸ ਕਰਵਾ ਲਈ ਮੰਡੀਆਂ ਲਈ, ਨਿਰੀ-ਪੁਰੀ, ਉਜਾੜ-ਰੱਕੜ।’
ਉਸਦੇ ਵਾਰ-ਵਾਰ ਕਹਿਣ ’ਤੇ ਕੋਈ ਵੀ ਉਸਦੇ ਨਾਲ਼ ਨਹੀਂ ਸੀ ਤੁਰਿਆ, ਨਾ ਕੋਈ ਅਹੁਦੇਦਾਰ, ਨਾ ਸਾਧਾਰਨ ਮੈਂਬਰ।
ਉਸਨੂੰ ਲੱਗਾ, ਓਸ ਵਾਰ ਕਿਸੇ ਹੋਰ ਦੀ ਨਹੀਂ ਸਿਰਫ਼ ਉਸਦੀ ਪਿੱਠ ਲੱਗੀ ਸੀ, ਇਕੱਲੇ ਦੀ। ਵਿਤੋਂ ਵੱਧ ਹੇਠੀ ਹੋਈ ਸੀ। ਉਸਦੇ ਜ਼ੋਰ ਪਾਉਣ ’ਤੇ ਹੀ ਬਾਜ਼ਾਰ ਵਾਸੀਆਂ ਨੇ ਅੱਗੇ ਕੀਤਾ ਸੀ, ਬੀਬੀ ਨੂੰ। ਲਗਾਤਾਰ ਜਿੱਤਦੇ ਆਏ ਉਸਦੇ ਜਾਤ-ਬਰਾਦਰੀ ਭਾਈ ਬੰਦ ਨੂੰ ਪਿੱਠ ਦੇ ਕੇ। ਕਈ ਵਾਰ ਤੋਲਿਆ ਵੀ ਸੀ ਬੀਬੀ ਨੂੰ ਲੱਡੂਆਂ-ਸਿੱਕਿਆਂ-ਨੋਟਾਂ ਨਾਲ਼ ਚੋਣਾਂ ਵੇਲੇ। ਹੁਣ…..ਹੁਣ ਬੀਬੀ ਨੇ ਪੁੱਛਿਆ ਤੱਕ ਨਹੀਂ ਸੀ, ਉਸਨੂੰ। ਧੇਲਾ ਮੁੱਲ ਨਹੀਂ ਸੀ ਪਾਇਆ ਉਸਦਾ। ਅਪਣੇ ਧੀ-ਜੁਆਈ ਮੂਹਰੇ ਰੱਖ ਲਏ ਸਨ ਲਾਹਾ ਖਟਾਉਣ ਨੂੰ। ਐਨ ਠੋਕਵੇਂ ਪੈਸੇ ਵਟਾਏ ਸਨ ਮੰਡੀ ਬੋਰਡ ਤੋਂ ਉਹਨਾਂ ਦੇ ਟੋਇਆਂ-ਟਿੱਬਿਆਂ ਦੇ। ਪਤਾ ਸਭ ਨੂੰ ਸੀ ਅੰਦਰੋਂ-ਅੰਦਰ। ਔਖੇ ਸਾਰੇ ਸਨ, ਪਰ ਕੂਇਆ ਕੋਈ ਨਹੀਂ ਸੀ ਉਭਾਸਰ ਕੇ। ਇੱਕ ਵੀ ਸ਼ਬਦ ਮੂੰਹੋਂ ਨਹੀਂ ਸੀ ਕੱਢਿਆ ਕਿਸੇ ਵੀ ਵਣਜੀ-ਵਪਾਰੀ ਨੇ। ਉਲਟਾ ਹਾਰ ਪਾਏ ਸਨ, ਗੁਲਦਸਤੇ ਫੜਾਏ ਸਨ ਮੰਤਰੀ ਬੀਬੀ ਨੂੰ, ਉਦਘਾਟਨੀ ਰਸਮ ਵੇਲੇ। ਮੰਡੀ ਰਾਹ ਦੀ ਧੂੜ-ਧੁੱਦਲ ’ਚ ਖੜੋ ਕੇ।
……ਮੰਡੀ ਚੌਂਕ ਦੀ ਵਧੀ ਚਹਿਲ-ਪਹਿਲ ਨੇ ਰਾਮ ਗੋਪਾਲ ਦੀ ਉੱਖੜੀ-ਪੁੱਖੜੀ ਸੁਰਤੀ ਢੇਰ ਸਾਰੀ ਟਿਕਾਣੇ ਲੈ ਆਂਦੀ। ਝੱਟ-ਪੱਟ ਉਸਨੇ ਵੱਡੇ ਪੁੱਤਰ ਬਨਵਾਰੀ ਨੂੰ ਮੰਡੀ ਰੋਡ ’ਤੇ ਖਰੀਦੇ ਦਰਜਣ ਭਰ ਬੂਥ ਛੱਤਣ-ਉਸਾਰਨ ਦੀ ਸਲਾਹ ਦਿੱਤੀ-”ਬਨੀ ਪੁੱਤਰ ਹੁਣ ਢਿੱਲ-ਮੱਠ ਨਈਂ ਕਰਨੀ। ਏ ਗੱਲ ਆ ਪਈ, ਹੁਣ ਵੇਲਾ ਬੜਾ ਨਫ਼ੀਸ ਆ। ਬਣਾ ਦੇ ਮਾਰਕੀਟ ਆਲੀਸ਼ਾਨ, ਇੱਕ-ਦਮ ਟਿੱਪ-ਟਾਪ।’’ ਅਸਲ ’ਚ ਰਾਮ ਗੋਪਾਲ ਦੀ ਤਾਰ ਕਿਧਰੇ ਹੋਰ ਥਾਂ ਜਾ ਜੁੜੀ ਸੀ। ਨਿਸ਼ਾਨਾ ਹੋਰ ਤਰ੍ਹਾਂ ਦਾ ਫੁੰਡਣਾ ਚਾਹੁੰਦਾ ਸੀ ਉਹ। ਉਹ ਚਿਤਾਰਨਾ ਚਾਹੁੰਦਾ ਸੀ ਬੀਬੀ ਮੰਤਰੀ ਨੂੰ, ਉਸਦੇ ਧੀ-ਜੁਆਈ ਨੂੰ-‘ਕਿ, ਤੁਸੀਂ ਲੋਕ, ਕਹਿੰਦੇ-ਕਹਾਉਂਦੇ ਜੱਟ-ਜਿਮੀਂਦਾਰ ਵੀ ਖੇਤਾਂ-ਬੰਨਿਆਂ ਨੂੰ, ਰੋਹੀਆਂ-ਪੈਲੀਆਂ ਨੂੰ, ਧਰਤੀ ਮਾਂ ਨੂੰ ਮਾਂ ਦਾ ਦਰਜਾ ਬਿਲਕੁਲ ਨਈਂ ਦਿੰਦੇ। ਉਲਟਾ ਤੁਸੀਂ ਇਸਨੂੰ ਰੰਨ-ਰਖੇਲ ਤੋਂ ਵੱਧ-ਕੁਸ਼ ਨਈਂ ਸਮਝਦੇ। ਫਾਲਤੂ ਕਿਸਮ ਦੀ ਵਿਕਾਊ ਤੀਮੀਂ। ਇੱਕ ਤਰ੍ਹਾਂ ਦੀ ਗਸ਼ਤੀ, ਜਿੱਥੋਂ ਚਾਰ ਪੈਸੇ ਆਉਂਦੇ ਦਿਸੇ, ਉਹਦੇ ਲੜ ਬੰਨ੍ਹਤੀ। ਕਦੀ ਇਹ ਆੜ੍ਹਤੀਆਂ-ਸ਼ਾਹੂਕਾਰਾਂ ਹੇਠ ਦੱਬੀ ਹੋਈ ਹੁੰਦੀ ਆ, ਕਦੀ ਬੈਂਕਾਂ ਸੋਸੈਟੀਆਂ ਕੋਲ ਗਹਿਣੇ ਪਈ ਹੁੰਦੀ ਆ। ਤੁਆਨੂੰ ਮੂੜ੍ਹ-ਮੱਤਾਂ ਨੂੰ ਰਤੀ ਭਰ ਦੀ ਕਦਰ ਨਈਂ ਹੈਗੀ ਇਦ੍ਹੀ। ਐਧਰ ਅਸੀਂ ਸਾਡਾ ਤਾਂ ਭਲਾ ਕਾਰ-ਕਿੱਤਾ ਈ ਹੋਰ ਤਰ੍ਹਾਂ ਦਾ। ਸਾਡੇ ਹਿੱਸੇ ਆਇਆ ਤਾਂ ਇੱਕ ਮਰਲਾ ਵੀ ਕਦੀ ਕਿਸੇ ਦਾ ਦੇਣਦਾਰ ਨਹੀਂ ਹੋਇਆ। ਉਲਟਾ ਦਾਬੂ ਰਹਿੰਦਾ ਤੁਆਡੇ ਕਿੱਲਿਆਂ-ਮੁਰੱਬਿਆਂ ’ਤੇ। ਅਸੀਂ ਬਾਣੀਏ-ਵਪਾਰੀ ਤਾਂ ਟੋਇਆਂ-ਟਿੱਬਿਆਂ ਨੂੰ, ਉਜਾੜਾਂ ਰੱਕੜਾਂ ਨੂੰ ਵੀ ਕਦੀ ਸੋਨੇ ’ਚ ਬਦਲ ਲੈਨੇਂ ਆ, ਕਦੀ ਚਾਂਦੀ ’ਚ।
ਸੱਚ-ਮੁੱਚ ਉਸਦਾ ਵੀਹ ਕਿੱਲੇ ਦਾ ਟੱਕ ਇਹਨੀਂ ਦਿਨੀਂ ਸੋਨੇ-ਚਾਂਦੀ ਨਾਲੋਂ ਵੀ ਵੱਧ ਕੇ, ਮੋਹਰਾਂ ਦੀ ਟਕਸਾਲ ਬਣਿਆ ਪਿਆ ਸੀ। ਪੂਰਾ ਸੱਠ ਹਜ਼ਾਰ ਕਰਾਇਆ ਆਉਂਦਾ ਸੀ ਮਹੀਨੇ ਦਾ ਮੈਕਡੋਨਲਡ ਤੋਂ। ਫਾਸਟ-ਫੂਡ ਕੰਨਟੀਨ, ਪਲੇ-ਵੇਅ-ਵੈਲੀ ਉਹਨਾਂ ਆਪ ਉਸਾਰ ਲਈ ਅਪਣੇ ਖ਼ਰਚ ’ਤੇ। ਸਿਰਫ਼ ਪਟਾ ਸੀ ਵੀਹ ਸਾਲ ਦਾ। ਖੇਤ ਮਾਲਕੀ ਅਜੇ ਵੀ ਉਸਦੀ ਅਪਣੀ ਸੀ, ਸੇਠ ਰਾਮ ਗੋਪਾਲ ਦੀ।
ਇਹ ਮਾਲਕੀ ਉਹ ਛੱਡੂ ਸੀ, ਨਵੀਆਂ ਮੰਡੀਆਂ ਦੀ ਉਸਾਰੀ ਵੇਲੇ ਪਰ ਉਸਦੀ ਖ਼ਾਸ-ਉਲ-ਖ਼ਾਸ ਗਿਣ ਹੁੰਦੀ ਮੰਤਰੀ ਬੀਬੀ ਨੇ ਉਸਨੂੰ ਬਿਲਕੁਲ ਨਹੀਂ ਸੀ ਗੌਲਿਆ।
ਉਸਦੇ ਇਹ ਵੀਹ ਖੇਤ ਪਹਿਲੋਂ ਵੀ ਇਵੇਂ ਹੀ ਅਣਗੌਲੇ ਕਰ ਦਿੱਤੇ ਸਨ, ਉਸਦੇ ਜਾਤ-ਬਰਾਦਰੀ ਮੰਤਰੀ ਨੇ ਇੱਕ ਵਾਰ।
ਸ਼ਹਿਰ ’ਚ ਹਸਪਤਾਲ ਬਣਨਾ ਸੀ ਪੰਜਾਹ ਬੈੱਡਾਂ ਦਾ। ਹੁਣ ਤੱਕ ਡਿਸਪੈਂਨਸਰੀ ਸੀ ਇੱਥੇ। ਸਿਰਫ਼ ਦਾਰੂ-ਦਰਮਲ ਦਾ ਅੱਡਾ। ਚਲਦੀ ਵੀ ਖ਼ਸਤਾ ਹਾਲਤ ਕੋਠੜੂ ਜਿਹੇ ਹੀ ਸੀ। ਨਿੱਕੀਆਂ ਇੱਟਾਂ ਦੀ ਅੰਗਰੇਜ਼ਾਂ ਵੇਲੇ ਦੀ ਆਰਾਮ ਘਰ ਇਮਾਰਤ ’ਚ। ਸੀਗੀ ਇਹ ਉਸਦੇ ਖੇਤਾਂ ਨਾਲ਼ ਐਨ ਸਾਂਝੇ ਬੰਨੇ ਵਾਲੇ ਕਨਾਲ ਕੁ ਥਾਂ ’ਚ। ਵੱਡੇ ਹਸਪਤਾਲ ਨੂੰ ਥਾਂ ਚਾਹੀਦੀ ਸੀ, ਘੱਟੋੋ-ਘੱਟ ਅੱਧਾ ਮੁਰੱਬਾ। ਅਵੱਲ ਇਸ ਤੋਂ ਵੀ ਵੱਧ। ਰਾਮ ਗੋਪਾਲ ਨੇ ਵੀ ਅਪਣੇ ਵੀਹਾਂ ਖੇਤਾਂ ਦੇ ਫਾਰਮ ਭਰ ਦਿੱਤੇ। ਅਪਣੇ ਵੱਲੋਂ ਮੁੱਲ ਵੀ ਉਸਨੇ ਬੜਾ ਠੀਕ-ਠੀਕ ਦਰਜ ਕੀਤਾ। ਨਾ ਬਹੁਤਾ ਨਾ ਥੋੜ੍ਹਾ। ਉਹਨੇ ਸੋਚਿਆ, ਸਰਕਾਰੀ ਖ਼ਰੀਦ ਐ, ਡਿਸਪੈਨਸਰੀ ਨਾਲ਼ ਜੁੜਵੀਂ ਆਂ, ਪੂਰੀ ਢੁਕਵੀਂ ਥਾਂ ਆਂ, ਆਪੇ ਨੰਬਰ ਲੱਗ ਜਾਊ। ਪਰ ਦੋ-ਚਾਰ-ਛੇ ਮਹੀਨੇ, ਉਸਨੂੰ ਉਡੀਕਦੇ ਨੂੰ ਕਰੀਬ ਸਾਲ ਲੰਘ ਗਿਆ। ਕੋਈ ਹਿੱਲ-ਜੁਲ ਨਾ ਹੋਈ, ਕੋਈ ਉੱਘ-ਸੁੱਘ ਨਾ ਨਿਕਲੀ ਮਹਿਕਮੇਂ ਵੱਲੋਂ। ਤੂੰ-ਮੈਂ ਦੇ ਕਹੇ ਉਸਨੇ ਵੀ ਥੋੜ੍ਹੀ ਬਹੁਤ ਨੱਠ-ਭੱਜ ਸ਼ੁਰੂ ਕਰ ਦਿੱਤੀ। ਉਹ ਵੀ ਕਈਆਂ ਨੂੰ ਮਿਲਿਆ, ਉਪਰ ਹੇਠਾਂ, ਪਰ ਕਿਸੇ ਨੇ ਉਸਨੂੰ ਹੱਥ ਪੱਲਾ ਨਾ ਫੜਾਇਆ। ਨਾ ਉਸਨੂੰ ਕਿਸੇ ਨੇ ਹਾਂ ਕੀਤੀ ਨਾ ਨਾਂਹ। ਲਾਰੇ-ਲੱਪੇ ਜ਼ਰੂਰ ਲੱਗਦੇ ਰਹੇ। ਆਖ਼ਿਰ ਥੋੜ੍ਹੇ ਕੁ ਦਿਨੀਂ ਉਸਨੂੰ ਪਤਾ ਓਦੋਂ ਲੱਗਾ, ਜਦ ਭੱਠੇ ਵਾਲੇ ਵਾਸਲ ਭਰਾਮਾਂ ਦੇ ਛੇ-ਛੇ ਫੁੱਟ ਡੂੰਘੇ ਖੂਹ ਬਣੇ ਅਠਾਰਾਂ ਕਿੱਲੇ ਹਸਪਤਾਲ ਬਣਾਉਣ ਲਈ ਚੁਣ ਲਏ ਗਏ। ਉਹ ਵੀ ਸ਼ਹਿਰੋਂ ਕਾਫ਼ੀ ਸਾਰੇ ਹਟਵੇਂ। ਹੈਰਾਨ ਤਾਂ ਉਸਨੇ ਹੋਣਾ ਈ ਹੋਣਾ ਸੀ, ਉਹ ਤਾਂ ਸਿਰੇ ਦੀ ਹੱਦ ਤੱਕ ਪ੍ਰੇਸ਼ਾਨ ਹੋ ਉੱØਠਆ। ਉਸਦਾ ਰਕਤ-ਚਾਪ ਸਿੱਧਾ ਉੱਪਰ ਨੂੰ ਉੱਛਲ ਗਿਆ। ਉਹ ਰਾਤ-ਪੁਰ-ਦਿਨ ਖਿਝਦਾ ਰਹਿੰਦਾ। ਕੁੜ੍ਹਦੇ-ਖਿਝਦੇ ਨੇ ਉਸਨੇ ਫਿਰ ਉੱਪਰ-ਹੇਠਾਂ ਗੇੜੇ ਮਾਰੇ। ਦਫ਼ਤਰਾਂ-ਅਫ਼ਸਰਾਂ ਤੋਂ ਪੁੱਛ-ਪੜਤਾਲ ਕੀਤੀ। ਆਖ਼ਿਰ ਤੁਰਦੀ-ਨਿਕਲਦੀ ਗੱਲ ਉਹਦੇ ਤੱਕ ਵੀ ਪਹੁੰਚ ਗਈ। ਇਹ ਸਾਰੀ ਕਾਰਸਤਾਨੀ ਹੈ ਹੀ ਉਸਦੇ ਜਾਤ ਬਰਾਦਰੀ ਦੇ ਮੰਤਰੀ ਸਾਬ੍ਹ ਦੀ ਸੀ। ਵਾਸਲ-ਭਰਾਮਾਂ ਨੇ ਤਾਂ ਸਿਰਫ਼ ਕਾਗਜ਼ ਹੀ ਭਰੇ ਸਨ, ਖ਼ਾਲੀ ਪਏ ਖੇਤਾਂ ਦੇ। ਆਪ ਉਹ ਕਿਧਰੇ ਨਹੀਂ ਸੀ ਗਏ। ਆਪ……ਆਪ ਉਹਨਾਂ ਚੋਣ ਮੁਹਿੰਮ ਜ਼ਰੂਰ ਸਾਂਭੀ ਰੱਖੀ ਸੀ ਮੰਤਰੀ ਹੋਰਾਂ ਦੀ ਪਿਛਲੇ ਤੋਂ ਪਿਛਲੇ ਵਰ੍ਹੇ।
ਵੀਹ ਕਿੱਲੇ ਦੇ ਟੱਕ ਦੀ ਵੇਚ-ਵਟਕ ਤੋਂ ਦੂਜੀ ਵਾਰ ਖੁੰਝੇ ਰਾਮ ਗੋਪਾਲ ਸਾਹਮਣੇ ਹੁਣ ਇੱਕ ਅਵੱਲੀ ਜਿਹੀ ਸਮੱਸਿਆ ਆ ਖੜ੍ਹੀ ਹੋਈ। ਉਸਦਾ ਇੱਕ ਜੀਅ ਕਰਦਾ-‘ਉਹ ਵੀ ਕਰੇ ਕੁਸ਼ ਹੇਠਾਂ-ਉੱਤਾ ਵਾਸਲ ਭਰਾਮਾਂ ਵਰਗਾ। ਉਹ ਵੀ ਬਣੇ ਕਿਸੇ ਦੀ ਚੋਣ ਮੁਹਿੰਮ ਦਾ ਭਾਗੀਦਾਰ’, ਪਰ ਦੂਜੇ ਹੀ ਪਲ ਉਹ ਦੂਜੇ ਰੁਖ ਸੋਚਣ ਲੱਗ ਪੈਂਦਾ-‘ਕੀ ਰੱਖਿਆ ਐਹੋ ਜਿਹੇ ਕੁੱਤੀ-ਚੀਕੇ ’ਚ। ਬੰਦਾ ਆਰਾਮ ਨਾਲ਼ ਅਪਣਾ ਕਾਰ-ਕਿੱਤਾ ਕਰੇ, ਜਿੰਨਾ ਕੁ ਹੁੰਦਾ, ਓਨੇ ਕੁ ਪੈਸੇ ਕਮਾਏ ਜਿੰਨੇ ਚਾਹੀਦੇ ਆ। ਬਾਕੀ ਦੇ ਲਾਗੇ-ਦੇਗੇ ਨੂੰ ਮਾਰੇ ਗੋਲੀ।’ ਕਦੀ ਉਸਨੂੰ ਇੱਕ ਤਰ੍ਹਾਂ ਦੇ ਵਿਚਾਰ ਅੱਗ ਲਾ ਤੁਰਦੇ, ਕਦੀ ਦੂਜੀ ਤਰ੍ਹਾਂ ਦੇ। ਨਾ ਉਸਤੋਂ ਇੱਕ ਪਾਸੇ ਹੋਇਆ ਜਾਂਦਾ ਸੀ ਪੂਰੀ ਤਰ੍ਹਾਂ, ਨਾ ਦੂਜੇ ਪਾਸੇ।
ਕਿੰਨਾ ਹੀ ਚਿਰ ਉਹ ਇਸ ਖਿੱਚੋਤਾਣ ’ਚ ਫਸਿਆ ਰਿਹਾ। ਆਖ਼ਿਰ ਉਸਦੀ ਬਾਣੀਆਂ ਬੁੱਧੀ ਨੇ ਨਾ ਤਾਂ ਬਾਕੀ ਦੇ ਲਾਗੇ-ਦੇਗੇ ਨੂੰ ਗੋਲੀ ਹੀ ਮਾਰੀ, ਨਾ ਉਸਨੇ ਵਾਸਲ-ਭਰਾਮਾਂ ਵਰਗਾ ਕੁੱਝ ਹੇਠਾ-ਉੱਤਾ ਕਰਨ ਲਈ ਆਕੜਾਂ ਭੰਨੀਆਂ। ਉਸਨੇ, ਵਿਚਕਾਰਲੇ ਜਿਹੇ ਰਾਹ ਵਰਗੀ ਤਰਕੀਬ ਲੱਭ ਲਈ, ਦੋਨਾਂ ਪਾਸਿਆਂ ਦੇ ਰੱਖ-ਰਖਾ ਵਾਲੀ। ਇੱਕ ਤਾਂ ਉਸਨੇ ਸੂਬੇ ਭਰ ’ਚ ਅਚਨਚੇਤ ਆ ਪਈਆਂ ਜ਼ਿਮਨੀ ਚੋਣਾਂ ’ਚ ਅਪਣੇ ਭਾਈਬੰਦ ਮੰਤਰੀ ਨੂੰ ਛੱਡ ਕੇ ਇੱਕ ਅੱਛੀ-ਖ਼ਾਸੀ ਜਾਣ-ਪਛਾਣ ਵਾਲੀ ਬੀਬੀ ਜੀ ਨਾਲ਼ ਅੰਦਰੋ-ਅੰਦਰ ਗੰਢ-ਤੁੱਪ ਕਰ ਲਈ, ਦੂਜੇ ਉਸਨੇ ਅਪਣੇ ਵੀਹ ਕਿੱਲੇ ਦੇ ਟੱਕ ਨੂੰ ਸਬਜ਼ੀ-ਫਾਰਮ ’ਚ ਤਬਦੀਲ ਕਰ ਲਿਆ। ਸਬਜ਼ੀ ਕਾਮੇਂ ਪੱਕੇ ਰੱਖ ਲਏ ਤਜਰਬੇਕਾਰ ਪੂਰਬੀਏ। ਨਾਲ਼ ਹੀ ਉਹਨਾਂ ਦਾ ਟੱਬਰ-ਟ੍ਹੀਰ। ਉੱਥੇ ਹੀ ਉਹਨਾਂ ਦਾ ਰਹਿਣ ਵਸੇਰਾ, ਝੁੱਗੀਆਂ-ਕੁੱਲੀਆਂ। ਉਹ ਵੀ ਬੀਜਣ ਉਗਾਉਣ, ਉਹੀ ਮੰਡੀ ਅੱਪੜਦਾ ਕਰਨ, ਉਸ ਪਾਸ ਤਾਜ਼ਾ ਮਾਲ, ਸਵੇਰੇ ਤੜਕੇ। ਬਾਕੀ ਦਾ ਕੰਮ ਉਹਦਾ। ਤਿੰਨ ਕਰੇ ਤੇਰਾਂ ਕਰੇ।
ਘਰ ਹੱਟੀ ਦਾ ਕੰਮ ਮੁਕਾ ਕੇ ਉਹ ਸਬਜ਼ੀ-ਫਾਰਮ ’ਤੇ ਗੇੜਾ ਵੀ ਜ਼ਰੂਰ ਮਾਰਦਾ, ਸ਼ਾਮੀਂ ਜਿਹੇ। ਸੈਰੋ-ਤਫ਼ਰੀਹ ਵਜੋਂ ਵੀ, ਫਾਰਮ ਦੀ ਦੇਖ-ਰੇਖ ਵਜੋਂ ਵੀ। ਉਸਦੇ ਸਬਜ਼ੀ ਕਾਮੇਂ ਉਸਦੇ ਲਈ ਮੰਜੀ ਲਿਆ ਢਾਹੁੰਦੇ ਜਾਂ ਕੁਰਸੀ। ਉਹ ਕਦੀ ਬੈਠ ਵੀ ਜਾਂਦਾ ਕਦੀ ਨਾ ਵੀ। ਬੈਠੇ ਘੁੰਮਦੇ ਦੀ ਉਸਦੀ ਸੁਰਤੀ ਬਿਰਤੀ ਬਹੁਤੀ ਕਰਕੇ ਸ਼ਹਿਰ ਦੀ ਹੱਦ-ਹਦੂਦ ’ਚ ਆਉਂਦੀ ਪਈ ਖੇਤ-ਮਾਲਕੀ ’ਚ ਘਿਰੀ ਰਹਿੰਦੀ। ਇਹਨਾਂ ਦੀ ਵੇਚ ਵੱਟਕ ਤੋਂ ਲੱਗਣ ਵਾਲੀਆਂ ਨੋਟ-ਢੇਰੀਆਂ ’ਚ ਜਕੜੀ ਰਹਿੰਦੀ।
ਦੋ ਟੱਕ ਸਨ ਉਸ ਪਾਸ। ਇੱਕ ਸ਼ਹਿਰੋਂ ਲਹਿੰਦੀ ਬਾਹੀ, ਦੂਜਾ ਚੜ੍ਹਦੇ ਬੰਨੇ। ਦੋਨੋਂ ਸ਼ਹਿਰ ਦੀ ਹੱਦ ਹਦੂਦ ਦੇ ਅੰਦਰ। ਲਹਿੰਦੀ ਬਾਹੀ ਦੇ ਸਾਢੇ ਚਾਰ ਖੇਤ ਤਾਂ ਇੱਕ ਤਰ੍ਹਾਂ ਆਪ ਹੀ ਲਿਆ ਸੁੱਟੇ ਸਨ, ਉਸਦੀ ਝੋਲੀ ’ਚ ਕਿਰਪੇ ਸੈਣੀ ਨੇ। ਸਿਰੇ ਦਾ ਮਿਹਨਤੀ ਬੰਦਾ ਸੀ ਕਿਰਪਾ। ਰਾਤ-ਪੁਰ-ਦਿਨੇ ਖੁੱਭਿਆ ਰਹਿੰਦਾ ਸਬਜ਼ੀ-ਭਾਜੀ ਦੇ ਕੰਮ ’ਚ। ਸੰਜਮੀਂ ਟੱਬਰ ਸੀ ਸਾਰਾ। ਰੱਜ ਕੇ ਕਮਾਈ ਕੀਤੀ। ਸਹਿਬਨ ਉਸਨੂੰ ਕਿਸੇ ਲਾਗਲੇ ਪਿੰਡ ਬਾਰਾਂ ਕਿੱਲਿਆਂ ਦੀ ਦੱਸ ਪਈ। ਉਹ ਅਗਾਂਹ ਯੂ.ਪੀ. ਨੂੰ ਤੁਰਿਓ ਸੀ, ਵੱਡੀ ਖ਼ਰੀਦ ਲਈ ਸ਼ਾਹਜਹਾਨਪੁਰ ਲਾਗੇ। ਕਿਰਪੇ ਨੇ ਪਾਂਧਾ ਨਾ ਪੁੱਛਿਆ। ਨਾ ਹੀ ਅੱਗੋਂ ਰਾਮ ਗੋਪਾਲ ਨੇ ਜੇ-ਜੱਕ ਕੀਤੀ। ਉਸਦਾ ਅੰਗਿਆਂ ਮੁੱਲ ਦੇ ਕੇ ਸਗੋਂ ਸ਼ਾਬਾਸ਼ੇ ਦਿੱਤੀ ਉਹਨੂੰ-”ਕਿਰਪਾ ਸਿਆਂ, ਏਹ ਖੇਤ ਤੇਰੇ ਅਰਗੇ ਕਦਰਦਾਨ ਕੋਲ ਈ ਸੋਭਦੇ ਆ। ਚੌਂਹ ਤੋਂ ਬਾਰਾਂ ਬਣਾ ਕੇ ਪੂਰਾ ਮਾਣ-ਤਾਣ ਰੱਖਿਆ ਧਰਤੀ ਮਾਂ ਦਾ। ਨਹੀਂ ਬਹੁਤੀ ਗਦ੍ਹੀੜ ਤਾਂ ਐਮੇਂ ਕਾਬਜ਼ ਹੋਈ ਫਿਰਦੀ ਆ ਬੇ-ਗ਼ੈਰਤੀ ਜੇਈ…..।’’
ਕਿਰਪੇ ਦੀ ਸਿਫ਼ਤ ਸਲਾਹ ਰਾਮ ਗੋਪਾਲ ਨੇ ਉਂਝ ਹੀ ਨਹੀਂ ਸੀ ਕੀਤੀ। ਉਸਦੀ ਮੂੰਹ ਪੋਚੀ ਲਈ, ਸੋਲਾਂ ਆਨੇ ਸੱਚ ਕਿਹਾ ਸੀ ਉਸਨੇ। ਹਰ ਰੋਜ਼ ਦਾ ਵਾਹ ਸੀ ਰਾਮ ਗੋਪਾਲ ਦਾ ਖੇਤੀ ਕਾਮਗਾਰਾਂ ਨਾਲ਼ ਜੱਟਾਂ-ਜਿਮ੍ਹੀਂਦਾਰਾਂ ਨਾਲ਼। ਰੋਂਦੇ-ਕਲਪਦੇ ਉਹ ਸਨ ਜਿਹੜੇ ਹੱਥੀਂ ਕੰਮ ਬਿੱਲਕੁਲ ਨਹੀਂ ਸੀ ਕਰਦੇ, ਸਰਦਾਰੀਆਂ ਹੀ ਕਰਦੇ ਸਨ ਨਿਰੀਆਂ-ਪੁਰੀਆਂ ਜਾਂ ਅਮਲੀ-ਵੈਲੀ ਸਨ ਸਿਰੇ ਦੇ, ਸ਼ਾਮੇਂ ਲਾਹੌਰੀਏ ਵਰਗੇ।
ਚੜ੍ਹਦੀ ਬਾਹੀ ਦੇ ਵੀਹ ਖੇਤ ਕਾਬੂ ਕਰਨ ਲਈ ਬੜੀ ਜਾਨ ਮਾਰਨੀ ਪਈ ਸੀ ਰਾਮ ਗੋਪਾਲ ਨੂੰ। ਉਦੋਂ ਕੰਮ-ਕਾਰ ਵੀ ਆਈ ਚਲਾਈ ਹੀ ਸੀ ਅਜੇ। ਸਿਰੇ ਦੀ ਕਿਰਸ ਕਰਕੇ ਉਹ ਸ਼ਾਮੇਂ ਦੀ ਜਾਇਜ਼ ਨਾ-ਜਾਇਜ਼ ਮੰਗ ਵੇਲੇ ਸਿਰ ਪੂਰੀ ਕਰਦਾ ਰਿਹਾ। ਟੁੱਟਵੇਂ-ਟੋਕਵੇਂ ਰੋਕੜੇ ਦਿੰਦਾ ਗਿਆ। ਸ਼ਾਮਾਂ ਨਾ ਰਾਤ ਦੇਖਦਾ ਨਾ ਦਿਨ। ਨਾ ਵੇਲਾ ਦੇਖਦਾ ਨਾ ਕੁਵੇਲਾ। ਸਿੱਧਾ ਜਾ ਵੱਜਦਾ ਉਸ ਕੋਲ। ਕਦੀ ਉਸਦੇ ਡੋਡੇ ਮੁੱਕੇ ਹੁੰਦੇ, ਕਦੀ ਅਫ਼ੀਮ। ਘਰ ਦਾ ਰਾਸ਼ਣ-ਪਾਣੀ ਵੱਖਰਾ। ਇੱਕ ਨੰਬਰੀ, ਦੋ-ਨੰਬਰੀ ਹੋਰ ਪਤਾ ਨੀ ਕਿਹੜੇ-ਕਿਹੜੇ ਖਾਤੇ ਚਲਾ ਰੱਖੇ ਸੀ ਉਸਨੇ ਲਾਟਰੀ ਪਾਉਂਦਿਆਂ। ਦੁਪਹਿਰ ਵੇਲੇ ਦਾ ਨੰਬਰ ਨਿਕਲਣ ਤੱਕ ਉੁਹ ਅੱਡਿਉਂ ਬਾਹਰ ਨਾ ਨਿਕਲਦਾ। ਉਸਦਾ ਗੱਡਾ-ਰੇੜ੍ਹੀ ਜਿੱਥੇ ਖੜ੍ਹੀ, ਖੜ੍ਹੀ ਰਹਿੰਦੀ। ਭੁੱਖੇ ਤਿਹਾਏ ਬਲ਼ਦ ਡੈਂਬਰਿਆਂ ਹਾਲ ਐਧਰ-ਉਧਰ ਦੇਖੀ ਜਾਂਦੇ। ਰਾਮ ਗੋਪਾਲ ਵਿੱਚ-ਵਿੱਚ ਉਸਦੀ ਦਬਕ ਝਿੜਕ ਵੀ ਕਰਦਾ, ਓਪਰੀ-ਓਪਰੀ ਜਿਹੀ-”ਐਨ੍ਹਾਂ ਗਊ ਜਾਇਆਂ ਦਾ ਤਾਂ ਕੁਸ਼ ਖ਼ਿਆਲ ਕਰ ਲਿਆ ਕਰ। ਏ ਗੱਲ ਆ ਪਈ, ਕਿਉਂ ਬਦਸੀਸਾਂ ਲੈਨਾਂ ਏਨ੍ਹਾਂ ਤੋਂ। ਏਨ੍ਹਾਂ ਕੀ ਬਿਗਾੜਿਆ ਤੇਰਾ…..!?’’ ਪਰ, ਇਹ ਐਮੇਂ-ਕਿਮੇਂ ਦੀ ਬੋਲ-ਬਾਣੀ ਹੁੰਦੀ ਸੀ, ਦੇਖਦੇ ਸੁਣਦੇ ਲਈ। ਅੰਦਰਲੀ ਸੁਰਤੀ ਉਸਦੀ ਜਿੱਥੇ ਜੁੜੀ ਪਈ ਸੀ, ਉੱਥੇ ਹੀ ਜੁੜੀ ਰਹਿੰਦੀ। ਦਿਆਲ ਸਿੰਘ ਦੇ ਹੱਥੀਂ ਚੜ੍ਹੇ ਦੋ ਖੇਤ ਕੰਡੇ ਵਾਂਗ ਰੜਕਦੇ ਸਨ ਉਸਨੂੰ। ਸਾਮੀਂ ਤਾਂ ਸ਼ਾਮਾਂ ਉਸਦੀ ਰਿਹਾ ਸੀ ਚਿਰਾਂ ਤੋਂ। ਪਤਾ ਹੀ ਨਹੀਂ ਸੀ ਲੱਗਾ ਕਿਹੜੇ ਵੇਲੇ ਜਾ ਫਸਿਆ ਉਹਨਾਂ ਪਾਸੇ। ਆਪ ਤੋਂ ਕਿਧਰੇ ਨਾਂਹ-ਨੁੱਕਰ ਹੋ ਗਈ ਹੋਣੀ ਆ ਸ਼ਾਮੇਂ ਨੂੰ। ਕਈ ਵਾਰ ਨਹੀਂ ਵੀ ਹੁੰਦਾ ਪੈਸਾ-ਟਕਾ ਹੱਥਾਂ ’ਚ। ਸ਼ਾਮਾਂ ਅਗਲੀ ਸਵੇਰ ਹੀ ਸਬਜ਼ੀ ਰੇੜ੍ਹਾ ਓਧਰ ਹਿੱਕ ਲੈ ਗਿਆ। ਉਹ ਵੀ ਆੜ੍ਹਤੀਏ ਸਨ ਅੱਗੋਂ। ਸ਼ਾਮੇਂ ਦਾ ਝੁੱਗਾ ਪੱਲਾ ਉਹ ਫੱਟ ਤਾੜ ਗਏ। ਦਿਨਾਂ ਅੰਦਰ ਹੀ ਉਹਨਾਂ, ਉਸਦੇ ਦੋ ਖੇਤਾਂ ਨੂੰ ਕੁੰਡੀ ਲਾ ਲਈ। ਬਾਈਆਂ ’ਚੋਂ ਵੀਹ ਰਹਿ ਗਏ ਸਨ।।
ਇੱਕ ਵਾਰ ਦੇ ਉੱਕੇ ਰਾਮ ਗੋਪਾਲ ਨੇ ਮੁੜ ਤੋਂ ਐਹੋ-ਜਿਹੀ ਢਿੱਲ ਮੱਠ ਕਦੇ ਨਹੀਂ ਸੀ ਕੀਤੀ। ਸ਼ਾਮਾਂ ਜਦ ਵੀ ਆਉਂਦਾ, ਜਿੰਨੇ ਵੀ ਮੰਗਦਾ, ਉਸ ਲਈ ਹਾਜ਼ਰ ਕਰਦਾ ਰਾਮ ਗੋਪਾਲ, ਜਿੱਦਾਂ ਵੀ ਕਿੱਦਾਂ।
ਉਸਦੀ ਅੱਖ ਦੋ-ਚਾਰ-ਛੇ ਕਿੱਲਿਆਂ ਦੀ ਥਾਂ ਸਾਲਮ ਟੱਕ ’ਤੇ ਟਿਕ ਗਈ ਸੀ, ਸ਼ਹਿਰ ਦੇ ਐਨ ਗੋਰੇ ਡੱਕਰੇ ਵਰਗੇ ਚੌਰਸ ਟੱਕ ’ਤੇ।
ਸ਼ਾਮੇ ਦੇ ਕਿਸੇ ਪੁਰਖ਼ੇ ਨੂੰ ਅਲਾਟ ਹੋਏ ਸਨ ਇਹ ਖੇਤ ਲਾਹੌਰੋਂ ਆਏ ਨੂੰ। ਅਲਾਟ ਵੀ ਐਵੇਂ ਕਿਮੇਂ ਹੋ ਗਏ ਸਨ ਬਿਨਾਂ ਕਿਸੇ ਲੰਮੀ-ਚੌੜੀ ਨੱਠ-ਭੱਜ ਦੇ। ਇਹ ਵੀ ਪਤਾ ਕਰ ਲਿਆ ਸੀ ਰਾਮ ਗੋਪਾਲ ਨੇ ਸ਼ਾਮੇ ਦੇ ਪਿਉ ਬਿਸ਼ਨੇ ਨੂੰ ਭਰਮਾ-ਪਤਿਆ ਕੇ। ਭਲਾ ਲੋਕ ਸੀ ਬਿਸ਼ਨਾ। ਉਸਨੇ ਹੋਇਆ-ਵਾਪਰਿਆ ਸੇਹੀ-ਸੇਹੀ ਦੱਸ ਦਿੱਤਾ ਸੀ ਸਾਰਾ-”ਕਿ, ਬਾਪ ਸਾਡੇ ਨੇ ਵੀ ਪਾਈ ਸੀ ਅਰਜ਼ੀ, ਮੁੜ ਵਿਸੇਬਾ ਦਫ਼ਤਰ, ਜਲੰਧਰ। ਉਹਨੂੰ ਪਤਾ ਲੱਗਾ ਸੀ ਕਿਧਰੋਂ ਪਈ ਰੰਧਾਵੇ ਕਿਆਂ ਦਾ ਕੋਈ ਅਫ਼ਸਰ ਮੁੰਡਾ ਪਾਰੋਂ ਉੱਜੜ ਕੇ ਆਇਆ ਨੂੰ ਜ਼ਮੀਨਾਂ ਵੰਡਦਾ। ਰੰਧਾਵਿਆਂ ਦਾ ਉਹ ਲਾਗੀ ਰਿਹਾ ਸੀ ਪਹਿਲੀਆਂ ’ਚ। ਉਹ ਉਸਨੂੰ ਵੀ ਨਾਲ਼ ਲੈ ਗਏ ਸਨ, ਲੈਅਲਪੁਰ ਸੈਂਤੀ ਚੱਕ ਆਲੇ ਫਾਰਮ ’ਤੇ। ਫਾਰਮ ਸੀ ਕਿ ਅੱਧਿਓਂ ਵੱਧ ਉਜਾੜ-ਰੱਕੜ, ਝੰਗ-ਬੇਲਾ। ਵੱਡੀ ਨਹਿਰੋਂ ਵੀ ਕਿੰਨਾਂ ਸਾਰਾ ਹਟਮਾਂ। ਜਿੰਨਾਂ ਚਿਰ ਇਸਦੀ ਪੁੱਟ ਪੁਟਾਈ, ਆਬਾਦਕਾਰੀ ਹੁੰਦੀ ਰਹੀ, ਓਨਾਂ ਚਿਰ ਉਹਨਾਂ ਵੀ ਹੋਰਨਾਂ ਰੀਸੇ ਰਾਵੀ ਕੰਢੇ ਮੀਲ ਭਰ ਬਰੇਤੀ ਮੱਲੀ ਰੱਖੀ। ਸਬਜ਼ੀ-ਭਾਜੀ ਉਗਾਣ ਵੇਚਣ ਲਈ, ਸੀ ਤਾਂ ਉਹ ਵੀ ਬੜੇ ਸਕੀਮੀਂ, ਅੱਗੋਂ ਬਾਪ ਸਾਡਾ ਵੀ ਘੱਟ ਨਹੀਂ ਸੀ ਹੈਗਾ ਕਿਸੇ ਕੋਲੋਂ। ਪੂਰਾ ਸਿਰੜੀ ਸੀ ਉਹ। ਨਾ ਉਹ ਆਪ ਚੈਨ ਕਰਦਾ, ਨਾ ਦਿਹਾੜੀਦਾਰਾਂ-ਕਾਮਿਆਂ ਨੂੰ ਕਰਨ ਦਿੰਦਾ। ਡੰਗ-ਟਪਾਊ ਕੰਮਕਾਰ ਉਨ੍ਹਾਂ ਥੋੜ੍ਹੇ ਕੁ ਚਿਰ ਹੀ ਅੱਛੇ-ਖ਼ਾਸੇ ਕਾਰੋਬਾਰ ’ਚ ਬਦਲ ਗਿਆ ਪਰ ਸੱਚੀ ਗੱਲ ਇਹ ਸੀ ਪਈ ਸਬਜ਼ੀ-ਫਿਰੋਸ਼ੀ ਧੰਦਾ ਰੰਧਾਵਿਆਂ ਨੂੰ ਜਚਿਆ ਬਿਲਕੁਲ ਨਾ। ਬਓਤੀ ਨੀਮੀਂ ਪੱਧਰ ਦਾ ਲੱਗਾ ਉਹਨਾਂ ਨੂੰ ਅਪਣੀ ਹੈਸੀਅਤ ਤੋਂ।
ਬਰੇਤੀ ਸਮੇਤ ਸਾਰਾ ਕਾਰੋਬਾਰ ਗੁਰੇ ਦੇ ਨਾਂ ਲੁਆ ਕੇ ਆਪ ਉਹ ਹੋਰ ਅਗਾਂਹ ਨਿੱਕਲ ਗਏ ਸੀ, ਸ਼ੇਖੂਪੁਰੇ ਤੋਂ ਵੀ ਅੱਗੇ।’’
ਵੰਡ ਪਿੱਛੋਂ ਐਧਰ ਆਏ ਗੁਰੇ ਨੂੰ ਅਲਾਟ ਹੋਏ ਖੇਤਾਂ ਦੀ ਜਾਣਕਾਰੀ ਦਿੰਦਿਆਂ ਬਿਸ਼ਨੇ ਨੇ ਦੱਸਿਆ ਸੀ ਰਾਮ ਗੋਪਾਲ ਨੂੰ-”ਕਿ, ਓਧਰੋਂ ਮੁੜੇ ਰੰਧਾਵੇ ਤਾਂ ਪਿੰਡੋਂ ਦੂਰ-ਪਾਰ ਜਾ ਟਿਕੇ ਨਵੇਂ ਅਲਾਟ ਹੋਏ ਮੁਰੱਬਿਆਂ ਤੇ ਮਾਲਵੇ ਕੰਨੀਂ, ਪਰ ਲਾਹੌਰੋਂ ਮੁੜਿਆ ਬਾਪ ਸਾਡਾ ਫਿਰ ਠੁਣ-ਠੁਣ ਗੋਪਾਲ, ਮੁੜ ਲਾਗੀ ਦਾ ਲਾਗੀ। ਨਾ ਉਸਦੇ ਪਾਸ ਕੋਈ ਖਰੀਦ ਪਰਚਾ, ਨਾ ਖੇਤ-ਮੁਰੱਬੇ ਦੀ ਮਾਲਕੀ ਦਾ ਸਬੂਤ।
ਉਹਨੂੰ ਜਿੰਨੀ ਕੁ ਜਾਣਕਾਰੀ ਹੈਗੀ ਸੀ, ਓਨੀ ਕੁ ਭੁਰਆ ਕੇ ਅਰਜ਼ੀ ’ਚ ਉਹ ਵੀ ਜਾ ਖੜ੍ਹਾ ਹੋਇਆ, ਇੱਕ ਦਿਨ ਦਫ਼ਤਰੋਂ ਬਾਹਰ ਲੱਗੀ ਲੰਮੀਂ ਪਾਲ ’ਚ ਡਰਦਾ-ਡਰਦਾ। ਉਹਦੇ ਅੱਗੇ-ਪਿੱਛੇ ਹੋਰ ਵੀ ਕਈ ਜਣੇ ਸੀਗੇ, ਉਦ੍ਹੇ ਅਰਗੇ ਉੱਖੜੇ-ਪੁੱਖੜੇ ਜੇਹੇ, ਉਹ ਆਪੋ ਵਿੱਚਦੀ ਥੋੜ੍ਹੀ ਬਹੁਤੀ ਬਾਤ-ਚੀਤ ਕਰਦੇ ਦਿਸੇ ਸੀ ਉਨੂੰ। ਪਰ ਉਹ ਉਮੇਂ ਦਾ ਉਮੇਂ ਰਿਹਾ ਸੀ ਚੁੱਪ ਦਾ ਚੁੱਪ। ਉਸਦੀ ਨਿਗਾਹ ਸਾਹਮਣੇ ਵੱਲ ਨੂੰ ਟਿਕੀ ਰਹੀ ਸੀ, ਬਰਾਂਡੇ ਵਿੱਚ ਨੂੰ ਖੁੱਲ੍ਹਦੇ ਅੱਧ-ਭਿੜੇ ਦਰਵਾਜ਼ੇ ਵੱਲ ਨੂੰ। ਘੜੀਆਂ-ਦੋ-ਘੜੀਆਂ ਪਿੱਛੋਂ ਇੱਕ ਸਜਿਆ-ਸੰਵਰਿਆ ਜੁਆਨ-ਜਹਾਨ ਮੁੰਡਾ ਕਮਰਿਉਂ ਬਾਹਰ ਆਇਆ ਦਿੱਸਦਾ ਸੀ ਉਹਨੂੰ। ਗੁੰਦਮਾਂ ਸਰੀਰ, ਮੱਧਰਾ ਕੱਦ, ਗੋਰਾ-ਨਿਛੋਹ ਰੰਗ, ਅੱਖਾਂ ’ਤੇ ਨਜ਼ਰ ਦੀਆਂ ਐਨਕਾਂ, ਸਿਰ ’ਤੇ ਸਾਬ੍ਹਾਂ ਵਾਲਾ ਹੈਟ, ਦੇਖਣ ਨੂੰ ਨਿਰਾ-ਪੁਰਾ ਅੰਗਰੇਜ਼। ਉਹਨੂੰ ਦੇਖਕੇ ਬਾਪ ਸਾਡਾ ਰਹਿੰਦਾ ਵੀ ਨਿਢਾਲ ਹੋ ਗਿਆ। ਉਸ ਅੰਗਰੇਜ਼ ਬਾਬੂ ਦਾ ਮੁਹਾਂਦਰਾ ਤਾਂ ਰੰਧਾਵਿਆਂ ਦੇ ਕਿਸੇ ਵੀ ਵੱਡੇ-ਵਡੇਰੇ ਨਾਲ਼ ਨਈਂ ਸੀ ਮਿਲਦਾ। ਉਸਨੂੰ ਲੱਗਾ ਸੀ ਕਿ ਉਹ ਕਿਸੇ ਗਲ਼ਤ ਥਾਂ ’ਤੇ ਅੱਪੜ ਗਿਆ ਸੀ। ਉਸਨੂੰ ਮਿਲੀ ਜਾਣਕਾਰੀ ਝੂਠੀ ਜਾਪੀ ਸੀ। ਤਾਂ ਵੀ ਉਸਨੇ ਆਸ-ਉਮੀਦ ਦੀ ਕੰਨੀਂ ਨਹੀਂ ਸੀ ਛੱਡੀ। ਖੜ੍ਹਾ ਰਿਹਾ ਸੀ ਸਿਰ ਸੁੱਟੀ ਔਖਾ-ਸੌਖਾ।
ਉਸਤੋਂ ਅੱਗੇ ਖੜ੍ਹੇ ਲੋਕੀ ਇਕ-ਇਕ ਕਰਕੇ ਤੁਰਦੇ ਗਏ। ਉਹ ਖ਼ੁਸ਼-ਪ੍ਰਸੰਨ ਹੋ ਗਏ ਸਨ ਕਿ ਨਿਰਾਸ਼, ਇਹ ਵੀ ਉਸਤੋਂ ਨਹੀਂ ਸੀ ਦੇਖ ਹੋਇਆ। ਪਰ ਥੌੜੇ ਕੁ ਚਿਰ ਪਿੱਛੋਂ ਅਪਣੇ ਹੱਥੋਂ ਫੜ ਹੁੰਦੀ ਅਰਜ਼ੀ ਜ਼ਰੂਰ ਦੇਖ ਲਈ ਸੀ ਉਸਨੇ। ਤ੍ਰਭਕਦੇ ਦੀ ਉਸਦੀ ਉੱਪਰ ਉੱਠੀ ਨਿਗਾਹ ਸਾਹਮਣੇ ਆਏ ਚਿਹਰੇ ’ਤੇ ਆਪ-ਮੁਹਾਂਦਰੇ ਗੱਡੀ ਗਈ। ਉਸ ’ਚੋਂ ਰੰਧਾਵੇ ਕਿਆਂ ਦੇ ਧੁੰਦਲੇ-ਧੁੰਦਲੇ ਜਿਹੇ ਨੈਣ ਨਕਸ਼ ਵੀ ਉੱਭਰਦੇ ਦਿਸ ਪਏ। ਉਹ ਇਹਨਾਂ ਦੇ ਕਿਹੜੇ ਵਡੇਰੇ ਨਾਲ਼ ਮਿਲਦੇ ਸਨ। ਉਹ ਅਜੇ ਸੋਚਣ ਭਾਲਣ ਹੀ ਲੱਗਾ ਸੀ ਕਿ ਸਾਹਮਣੇ ਖੜ੍ਹੇ ਅਫ਼ਸਰ ਦੇ ਤੇਜ-ਗਤੀ ਬੋਲ ਉਸਦੇ ਕੰਨੀਂ ਪੈ ਗਏ–”ਚਾਚਾ ਗੁਰਦਿੱਤ ਸਿਆਂ ਤੂੰਅ…..ਅ….।’’ ਲਗਦੇ ਹੱਥ ਈ ਉਹਨੂੰ ਅਗਲਾ ਆਦੇਸ਼ ਮਿਲ ਗਿਆ”ਚੱਲ ਅੰਦਰ ਬੈਠ ਦਫ਼ਤਰ ’ਚ, ਮੈਂ ਆਇਆ…..ਆਇਆ ਬੱਸ ਛੇਤੀ।’’ ਪਾਲ ’ਚੋਂ ਨਿਕਲ ਕੇ ਬਾਪ ਸਾਡਾ ਬਰਾਂਡੇ ’ਚ ਪਏ ਬੈਂਚ ’ਤੇ ਤਾਂ ਜਾ ਬੈਠਾ, ਪਰ ਉਸਤੋਂ ਰੰਧਾਵੇ ਅਫ਼ਸਰ ਦੀ ਪੂਰੀ ਪਛਾਣ ਨਹੀਂ ਸੀ ਹੋਈ ਅਜੇ-‘ਦੋ ਭਰਾ ਸਨ ਰੰਧਾਵੇ ਸਰਦਾਰ। ਜ਼ੈਲਦਾਰ ਗੰਗਾ ਸੂੰਹ, ਜ਼ੈਲਦਾਰ ਕਰਤਾਰ ਸੰਹੂ। ਸਾਂਝੇ ਮੁਰੱਬੇ ਖ਼ਰੀਦੇ ਸਨ ਦੋਨਾਂ ਨੇ ਬਾਰ ’ਚ। ਪਹਿਲਾਂ ਲੈਲਪੁਰ, ਫਿਰ ਸ਼ੇਖੂਪੁਰੇ। ਉਹਨਾਂ ਦਾ ਅੱਗੇ ਆਰ-ਪਰਿਵਾਰ, ਤਿੰਨ ਭੈਣਾਂ ਚਾਰ ਭਰਾ-ਸੱਤਪਾਲ, ਜਗਦੀਸ਼, ਹਰਦੀਸ਼ ਤੇ ਭੁਪਿੰਦਰ। ਉਹ ਚਾਰੇ ਨਾ ਗੋਰੇ ਸਨ, ਨਾ ਮਧਰੇ। ਫਿਰ-ਫਿਰ ਰੁਲ੍ਹਦੇ ਲਾਗੀ ਦੇ ਪੁੱਤ ਗੁਰੇ ਲਾਗੀ ਨੂੰ ਗੁਰਦਿੱਤ ਸੂੰਹ ਕਹਿ ਕੇ ਕੀਹਨੇ ਬੁਲਾਇਆ ਸੀ? ਉਹ ਵੀ ਚਾਚੇ ਦੀ ਥਾਂ ਰੱਖਕੇ! ਏਸੇ ਹੀ ਪੱਟ ਉਧੇੜ ’ਚ ਉਲਝੇ ਬਾਪ ਸਾਡੇ ਨੂੰ ਚਾਣ ਚੱਕ ਜ਼ੈਲਦਾਰਾਂ ਦੀ ਜੁੜਵੇਂ ਚੁਬਾਰੇ ਵਾਲਾ ਸ਼ੇਰ ਸਿੰਘ ਚੇਤੇ ਆ ਗਿਆ। ਸ਼ੇਰ ਸਿੰਘ ਰੰਧਾਵਾ। ਪੱਕੇ ਚੁਬਾਰੇ ਵਾਲਾ ਤਸੀਲਦਾਰ। ਬਾਕੀ ਦਾ ਘਰ-ਵਿਹੜਾ ਤਾਂ ਐਮੇਂ-ਕਿਮੇਂ ਦਾ ਹੀ ਸੀ ਉਸਦਾ। ਇੱਕੜ-ਦੁੱਕੜ ਜੇਹੀ ਖਿੱਲਰਵੀਂ ਛਤੌੜ ਸੀ ਕਿੰਨੀ ਸਾਰੀ। ਦੋ ਪੁੱਤ ਸੀ ਉਸਦੇ, ਜਿ੍ਹੰਦਰ-ਮਿ੍ਹੰਦਰ ਜੁੜਮੇਂ। ਗੋਰੇ-ਨਿਛੋਹ ਗੁੱਡਿਆਂ ਅਰਗੇ। ਬਹੁਤਾ ਕਰਕੇ ਘਰੋਂ ਦੂਰ-ਪਾਰ ਹੀ ਰਹੇ ਸੀ, ਪਿਉਂ ਦੀਆਂ ਨੌਕਰੀਆਂ ਆਲੀਆਂ ਥਾਵਾਂ ’ਤੇ-ਊਨੇ, ਸਮਾਣੇ, ਅਹਿਮਦਗੜ੍ਹ, ਮੁੱਕਸਰ, ਪਰ ਦਿਨਾਂ-ਤਿਉਹਾਰਾਂ ਤੇ ਦਾਦੇ-ਦਾਦੀ ਕੋਲ ਆਏ ਉਹ ਬਾਪ ਸਾਡੇ ਨੇ ਕੁੱਛੜ ਚੁੱਕ ਕੇ ਵੀ ਖਿਡਾਏ ਸੀ, ਘੁਨੇੜੀ ਚੁੱਕ ਕੇ ਵੀ। ਹੋਰ ਵੱਡੇ ਹੋਇਆ ਦੀ ਉਹ ਘੋੜ-ਸਵਾਰੀ ਵੀ ਬਣਦਾ ਰਿਹਾ ਸੀ, ਜ਼ੈਲਦਾਰ ਸਰਦਾਰਾਂ ਨਾਲ਼ ਲੈਲਪੁਰ-ਲਾਹੌਰ ਜਾਣ ਤੋਂ ਪਹਿਲਾਂ। ਸੇਠ ਰਾਮ ਗੋਪਾਲ ਨੂੰ ਅੱਗੇ ਦੱਸਿਆ ਸੀ ਬਿਸ਼ਨੇ ਨੇ ਕਿ, ਰਾਜਿੰਦਰ-ਮੁਹਿੰਦਰ ਦਾ ਚੇਤਾ ਆਉਂਦਿਆਂ ਸਾਰ ਬਾਪ ਉਸਦਾ ਉੱਛਲ ਖਲੋਤਾ ਸੀ ਬੈਂਚ ’ਤੇ ਬੈਠਾ-ਬੈਠਾ। ਹੈਟ ਵਾਲਾ ਅਫ਼ਸਰ ਰਾਜਿੰਦਰ ਸੀ ਕਿ ਮੁਹਿੰਦਰ ਇਸਦਾ ਨਿਰਖ਼ ਕਰਨ ਦੀ ਵੀ ਉਸਨੇ ਲੋੜ ਨਹੀਂ ਸੀ ਸਮਝੀ। ਦੋਨੋਂ ਉਸਨੂੰ ਚਾਚਾ ਕਹਿ ਕੇ ਬੁਲਾਉਂਦੇ ਸੀ ਨਿੱਕੇ ਹੁੰਦੇ। ਦੋਨਾਂ ’ਚੋਂ ਇੱਕ ਉਸਦੇ ਸਾਹਮਣੇ ਸੀ। ਘੜੀ ਪਲ਼ ਲਈ ਤਾਂ ਉਹ ਭੁੱਲ-ਭੁਲਾ ਹੀ ਗਿਆ ਕਿ ਉਹ ਕੋਈ ਫ਼ਰਿਆਦ ਲੈ ਕੇ ਪੁੱਜਾ ਸੀ ਉੱਥੇ।…..ਖੜ੍ਹਾ ਖੜੋਤਾ ਉਹ ਕਿੰਨੇ ਸਾਰੇ ਵਰ੍ਹੇ ਪਿਛਾਂਹ ਵੱਲ ਨੂੰ ਤੁਰ ਕੇ ਪਿੰਡ ਜਾ ਪੁੱਜਾ ਸੀ, ਤਹਿਸੀਲਦਾਰ ਸ਼ੇਰ ਸਿੰਘ ਦੀ ਹਵੇਲੀ। ਉਸ ਦਿਨ ਉਹ ਵੀ ਪਿੰਡ ਆਇਆ ਹੋਇਆ ਸੀ ਲਾਹੌਰੋਂ। ਰਿਸ਼ਤੇਦਾਰੀ ’ਚ ਕਿਸੇ ਵਿਆਹ-ਸ਼ਾਦੀ ’ਤੇ। ਰਾਜਿੰਦਰ-ਮੁਹਿੰਦਰ ਵੀ ਘਰੇ ਹੀ ਸਨ ਉਨ੍ਹੀਂ-ਦਿਨੀਂ। ਪੜ੍ਹਾਈਆਂ-ਪਰਚਿਆਂ ਤੋਂ ਵਿਹਲ ਸੀ ਥੋੜ੍ਹੇ ਕੁ ਦਿਨਾਂ ਲਈ। ਮਾਲਵੇ ਦੇ ਇੱਕ ਵੱਡੇ ਪਿੰਡ ਨਾਰੰਗਵਾਲ ਦਾ ਨਾਈ, ਰਾਜਿੰਦਰ ਦਾ ਸ਼ਗਨ ਲਿਆ ਢੁੱਕਿਆ, ਪੂਰਾ ਸਜ ਧਜ ਕੇ ਵਿਸਾਖੀ ਵਾਲੇ ਦਿਨ। ਗੱਲ-ਬਾਤ ਪਹਿਲੋਂ ਹੋ ਚੁੱਕੀ ਸੀ ਮੁੱਕਤਸਰ। ਨਾਈ ਨੇ ਸੋਚਿਆ ਹੋਣਾਂ ਤਹਿਸੀਲਦਾਰ-ਸਾਬ੍ਹ ਦੀ ਹਵੇਲੀ ਵੀ ਉਹੋ ਜਿਹੀ ਹੋਣੀ ਆਂ ਗਰੇਵਾਲਾਂ ਦੇ ਦੀਵਾਨਖ਼ਾਨੇ ਵਰਗੀ। ਅੱਗੋਂ ਆਉਂਦੇ ਕੱਚੇ ਖਿੱਲਰਵੇਂ ਢਾਰੇ, ਡਿੱਗੂ-ਡਿੱਗੂ ਕਰਦੇ। ਬਸ ਇੱਕੋ ਚੁਬਾਰਾ ਸੀ ਪੱਕਾ, ਵੱਡੇ ਸਾਰੇ ਵਿਹੜੇ ਦੇ ਪਾਰਲੇ ਸਿਰੇ। ਓਥੇ ਤੱਕ ਤਾਂ ਪੁੱਜਾ ਈ ਨਾ। ਉਹ ਤਾਂ ਦੇਖਿਆ ਵੀ ਨਾ ਨਾਈ ਨੇ। ਨਿਮੋਝਾਣ ਹੋਇਆ ਸ਼ਗਨ-ਸਮੱਗਰੀ ਹਵੇਲੀ ਵਾਲੇ ਪਾਸੇ ਰੱਖ ਕੇ ਤੁਰਦਾ ਬਣਿਆ ਵਾਪਿਸ। ਨਾ ਲੱਸੀ, ਨਾ ਪਾਣੀ। ਨਾ ਕਿਸੇ ਨੂੰ ਸਾਬ੍ਹ ਨਾ ਸਲਾਮ। ਨਾ ਰਾਜਿੰਦਰ ਨੂੰ ਸ਼ਗਨ-ਛੁਆਰਾ। ਉਸਦੇ ਬਾਪ ਗੁਰੇ ਨੇ ਦੌੜਦੇ ਨੇ ਪਿੱਛਾ ਕੀਤਾ ਸੀ ਨਾਈ ਦਾ, ਪਰ ਉਸਦੇ ਪੁੱਜਦਿਆਂ-ਕਰਦਿਆਂ ਚਾਰ ਵਾਲੀ ਗੱਡੀ ਨਿਕਲ ਚੁੱਕੀ ਸੀ ਜਲੰਧਰ ਨੂੰ। ਪਿੱਛੋਂ ਉਹਨਾਂ ਰਲ-ਮਿਲ ਕੇ ਆਪ ਈ ਛੁਆਰਾ ਖਾਧਾ, ਆਪ ਹੀ ਲੱਡੂ-ਪਤਾਸੇ ਵੰਡੇ। ਹੱਸਦਿਆਂ-ਖੇਲ੍ਹਦਿਆਂ, ਨੱਚਦਿਆਂ-ਟੱਪਦਿਆਂ। ਸੇਠ ਰਾਮ ਗੋਪਾਲ ਨੂੰ ਦੱਸਿਆ ਸੀ ਬਿਸ਼ਨੇ ਨੇ ਕਿ ਉਸਦੇ ਬਾਪ ਗੁਰੇ ਦੇ ਪੈਰ ਫਿਰ ਨੱਚਦੇ-ਟੱਪਦੇ ਦੇ ਹੀ ਬਾਹਰ ਨਿਕਲੇ ਸਨ, ਉਸ ਦਿਨ ਮੁੜ-ਵਿਸੇਬਾ ਦਫ਼ਤਰੋਂ। ਰਾਜਿੰਦਰ ਨਹੀਂ ਮੁਹਿੰਦਰ ਲੈ ਕੇ ਗਿਆ ਸੀ, ਉਸਨੂੰ ਬਾਹੋਂ ਫੜ ਕੇ ਦਫ਼ਤਰ ਅੰਦਰ। ਵੱਡਾ ਸਾਬ੍ਹ ਮੁਹਿੰਦਰ ਸਿੰਘ ਰੰਧਾਵਾ। ਉਸ ਵੇਲੇ ਇਲਾਕਾ ਪਟਵਾਰੀ ਨੂੰ ਸੱਦਕੇ ਉਸਨੇ ਪਿੰਡ ਲਾਗਲੇ ਸ਼ਹਿਰ ਦੀ ਹੱਦ-ਬਸਤ ’ਚ ਪੈਂਦੀ ਚੌਧਰੀ ਮਸੂਦ ਅਹਿਮਦ ਦੇ ਨਾਂ ਬੋਲਦੀ ਬਾਈ ਕਿੱਲੇ ਪੈਲੀ ਉਸਦੇ ਬਾਪ ਗੁਰੇ ਦੇ ਨਾਂ ਚਾੜ੍ਹ ਦਿੱਤੀ ਸੀ, ਸਬਜ਼ੀ-ਭਾਜੀ ਦਾ ਕਰਿੰਦਾ ਹੋਣ ਕਰਕੇ। ਉਸਨੇ ਨਾ ਕੋਈ ਕਾਗਜ਼-ਪੱਤਰ ਦੇਖਿਆ-ਪੜ੍ਹਿਆ ਸੀ, ਨਾ ਕੋਈ ਲੋੜ ਸਮਝੀ ਸੀ ਇਸਦੀ। ਖੇਤਾਂ-ਪੈਲੀਆਂ ਨਾਲ਼ ਮੋਹ-ਪਿਆਰ ਦੀ ਸੰਨਦ ਹੀ ਸਭ ਤੋਂ ਵੱਡਾ ਸਬੂਤ ਸੀ, ਉਸਦੇ ਬਾਪ ਦੀ ਪਿੱਛੇ ਰਹਿ ਗੀ ਮਾਲਕੀ ਦਾ। ਬਿਸ਼ਨੇ ਤੋਂ ਸੁਣੀ ਉਸਦੀ ਆਤਮ-ਵਾਰਤਾ ਨੇ ਰਾਮ ਗੋਪਾਲ ਦੀ ਖੇਤਾਂ-ਪੈਲੀਆਂ ਬਾਰੇ ਬਣੀ ਧਾਰਨਾ ਹੋਰ ਵੀ ਪੱਕੀ ਕਰ ਦਿੱਤੀ। ਲੱਗਦੇ ਹੱਥ ਹੀ ਇਹ ਉਸਨੇ ਬਿਸ਼ਨੇ ਦੇ ਕੰਨੀਂ ਵੀ ਕੱਢ ਦਿੱਤੀ। ਸ਼ਾਮੇਂ ਦੇ ਤੌਰ-ਤਰੀਕੇ ਵਾਚਦਿਆਂ-”ਖੇਤਾਂ ਦੇ ਕਦਰਦਾਨ ਰੰਧਾਵੇ ਨੇ ਤੇਰੇ ਕਦਰਦਾਨ ਬਾਪ ਗੁਰੇ ਦੇ ਨਾਂ ਚਾੜ੍ਹੇ ਖੇਤ-ਖੱਤੇ ਉਸਨੇ ਵੀ ਸਾਂਭੀ-ਸੁਆਰੀ ਰੱਖੇ ਸੀ ਤੇ ਅੱਗੋਂ ਬਿਸ਼ਨ ਸਿਆਂ ਤੂੰ ਵੀ। ਹੁਣ…..ਹੁਣ ਹੋਰ ਅੱਗੋਂ ਦੇਖੋ ਕੀ ਬਣਦਾ।’’ ਤੇ…..ਤੇ ਜੋ ਕੁੱਝ ਬਣਿਆ ਸੀ ਹੋਰ ਅੱਗੇ। ਉਸ ਤੋਂ ਰਾਮ ਗੋਪਾਲ ਬਾਗੋ-ਬਾਗ ਤਾਂ ਸੀ ਪੂਰਾ। ਸ਼ਹਿਰ ਦੇ ਐਨ ਗੈਰੇ ਵੀਹਾਂ ਖੇਤਾਂ ਦੀ ਮਾਲਕੀ ਤਾਂ ਬਣ ਗਈ ਸੀ ਉਸਦੀ, ਸ਼ਾਮੇ ਲਾਹੌਰੀਏ ਦੀ ਥਾਂ, ਪਰ ਇੱਕ ਗੱਲੋਂ ਉਹ ਦੁਖੀ ਵੀ ਰੱਜ ਕੇ ਸੀ। ਉਸਦੇ ਮੇਲੀ-ਗੇਲੀ ਮਹਿੰਗਾ ਸਿੰਘ-ਬਚਨ ਕੌਰ ਕੱਖੋਂ ਹੋਲੇ ਕਰ ਛੱਡੇ ਸਨ, ਉਹਨਾਂ ਦੇ ਨੌਂਹ-ਪੁੱਤ ਨੇ। ਰਤੀ ਭਰ ਵੀ ਮਾਣ-ਤਾਣ ਨਹੀਂ ਸੀ ਰੱਖਿਆ ਉਹਨਾਂ ਜੱਦੀ-ਪੁਸ਼ਤੀ ਜਾਇਦਾਦ ਦਾ, ਰਾਮ ਗੋਪਾਲ ਜਿਵੇਂ ਸਕਤੇ ’ਚ ਆ ਗਿਆ ਸੀ, ਇਸ ਗੱਲੋਂ। ਉਸਦਾ ਦਿਲ-ਦਿਮਾਗ ਅਜੀਬ ਤਰ੍ਹਾਂ ਦੀ ਘੁੰਮਣ-ਘੇਰੀ ’ਚ ਫਸ ਗਿਆ ਸੀ-ਇੱਕ ਦੇ ਅਮਲ ਵੈਲ ਨੇ ਖੋਹ-ਕੋਡੀਆਂ ਕੀਤੀ ਸੀ ਪੈਲੀ, ਦੂਜੇ ਦੀ ਵਿਹਲੜ-ਅਯਾਸ਼ ਰੁਚੀ ਨੇ। ਪੰਜੀ-ਸਤਾਈ ਖੇਤ ਜਸਕਰਨ ਨੇ ਇੱਕੋ ਹੱਲੇ ਵੇਚ ਛੱਡੇ ਸਨ, ਮੰਡੀ ਬੋਰਡ ਨੂੰ। ਇੱਟਾਂ-ਬਜਰੀ ਹੇਠ ਦੱਬ ਹੋਣ ਲਈ। ਉੱਨਤੀ-ਤਰੱਕੀ ਦੀ ਆੜ ’ਚ। ਸਬਜ਼ੀ-ਮੰਡੀ, ਅਨਾਜ-ਮੰਡੀ ਕੋਹ ਭਰ ਦੂਰ ਚਲੀ ਗਈ ਸੀ ਸ਼ਹਿਰੋਂ। ਉਸਦਾ ਚੰਗਾ-ਭਲਾ ਚੰਗਾ ਆੜ੍ਹਤ-ਅੱਡਾ ਉੱਖੜਦਾ ਹੋ ਗਿਆ ਸੀ ਇਮਲੀ ਚੌਂਕ ਅੰਦਰੋਂ। ਕਿੱਥੇ ਉਹ ਬਾਜ਼ਾਰ ਵੱਲ ਨੂੰ ਖੁੱਲ੍ਹਦੀ ਪਿਤਾ-ਪੁਰਖ਼ੀ ਹੱਟੀ ਪਿਛਵਾੜਿਉਂ ਆਰਾਮ ਨਾਲ਼ ਉੱਠਦਾ ਸੀ। ਪੂਜਾ-ਪਾਠ ਨਿਬੇੜ ਕੇ, ਵਿਚਕਾਰਲੇ ਲਾਂਘੇ ਰਾਹੀਂ ਬਾਹਰ ਆ ਬੈਠਦਾ ਸੀ ਗੱਲੇ ਲਾਗੇ, ਤਖ਼ਤ ਪੋਸ਼ ’ਤੇ। ਕਿੱਥੇ ਹੁਣ ਉਸਨੂੰੂ ਤੜਕਸਾਰ ਉੱਠਣਾ ਪੈਂਦਾ ਸੀ। ਛੋਹਲੇ ਕਦਮੀਂ ਚਲਦਿਆਂ ਧੂਫ-ਟਿੱਕਾ ਕਰਨਾ ਪੈਂਦਾ ਸੀ। ਬੈਹੀ-ਖਾਤੇ, ਰੋਕੜ-ਸੰਦੂਕੜੀ ਨਾਲ਼ ਚੁੱਕਣੀ ਪੈਂਦੀ ਸੀ। ਫਿਰ, ਕਦੀ ਸਕੂਟਰ ਪਿੱਛੇ ਬੈਠ ਕੇ, ਕਦੀ ਰਿਕਸ਼ਾ ਸਵਾਰ ਬਣਕੇ, ਕਦੀ ਪੈਦਲ ਤੁਰ ਕੇ ਸ਼ਹਿਰੋਂ ਬਾਹਰ ਉਸਰੀ ਨਵੀਂ ਮੰਡੀ ਪੁੱਜਣਾ ਪੈਂਦਾ ਸੀ। ਉਹ ਕਲਪਦਾ ਸੀ, ਖਿੱਝਦਾ ਸੀ। ਉਸਦੀ ਭਾਰੀ ਭਰਕਮ ਦੇਹੀ ਐਨੀ ਖੇਚਲ ਸਹਿਣ ਦੀ ਆਦੀ ਨਹੀਂ ਸੀ ਮੁੱਢ ਤੋਂ। ….ਮੰਡੀ ਚੌਂਕ ਦੀ ਵਧੀ ਰੌਣਕ ਦੇਖਕੇ ਉਸਨੇ ਖਿੱਝ-ਗੁੱਸੇ ਦਾ ਹੱਲ ਫੱਟ ਲੱਭ ਲਿਆ। ਝੱਟ ਉਸਨੇ ਮੰਡੀ ਰਾਹ ’ਤੇ ਖ਼ਰੀਦੇ ਦਰਜਣ ਭਰ ਬੁੂਥਾਂ ਦੀ ਪੱਕੀ ਉਸਾਰੀ ਕਰ ਲੈਣ ਲਈ ਹਰੀ ਝੰਡੀ ਦੇ ਦਿੱਤੀ ਵੱਡੇ-ਪੱਤਰ ਬਨੀ ਨੂੰ। ਬਨੀ ਨੇ ਵੀ ਕਿਸੇ ਤਰ੍ਹਾਂ ਦੀ ਢਿੱਲ ਮੱਠ ਨਾ ਦਿਖਾਈ। ਬਾਰਾਂ ਵਿੱਚੋਂ ਛੇ ਬੂਥ ਉਹਨੇ ਦਿਨਾਂ ਅੰਦਰ ਹੀ ਖੜ੍ਹੇ ਕਰ ਲਏ। ਚਾਰ ਜਰਨੈਲੀ ਸੜਕ ਵਾਲੇ ਪਾਸੇ, ਦੋ ਸਬਜ਼ੀ-ਥੜ੍ਹੇ ਲਾਗੇ। ਥੜ੍ਹੇ ਲਾਗੇ ਦਾ ਇੱਕ ਬੂਥ ਬਨੀ ਨੇ ਅਪਣੇ ਦਫ਼ਤਰ ਲਈ ਰੱਖ ਲਿਆ’ਅਗਰਵਾਲ ਪ੍ਰਾਪਰਟੀ ਡੀਲਰਜ਼’ ਲਈ, ਦੂਜਾ ਪਿਤਾ ਸ਼੍ਰੀ ਦੇ ਬੈਠਣ-ਉੱਠਣ ਲਈ, ਲੇਟਣ ਸੌਣ ਲਈ ਸਜਾ-ਸੁਆਰ ਦਿੱਤਾ। ਰਾਮ ਗੋਪਾਲ ਨੂੰ ਮਿਲਿਆ ਬੂਥ, ਬੂਥ ਨਾਲੋਂ ਆਰਾਮ ਕਮਰਾ ਵੱਧ ਸੀ। ਇੱਕ ਕੰਧ ਨਾਲ਼ ਗੱਦੇਦਾਰ ਤਖ਼ਤਪੋਸ਼, ਦੋ ਕੁਰਸੀਆਂ ਇੱਕ ਮੇਜ ਸਾਹਮਣੇ ਸੋਫ਼ਾ-ਸੈੱਟ। ਵਿਚਕਾਰ ਛੋਟੇ ਦਾਅ ਲਟਕਦੇ ਲਿਸ਼-ਲਿਸ਼ ਕਰਦੇ ਪਰਦੇ ਪਿੱਛੇ ਇੱਕ ਸੇਫ, ਇੱਕ ਤਿਜੌਰੀ। ਬੈਹੀ-ਖਾਤੇ, ਰੋਕੜ-ਚਿੱਲਰ ਰੱਖਣ-ਸਾਂਭਣ ਲਈ, ਪਿਛਲੀ ਕੰਧ ਦਾ ਇੱਕ ਕੋਣਾ ਅਜੇ ਖ਼ਾਲੀ ਰਹਿਣ ਦਿੱਤਾ ਸੀ ਬਨਵਾਰੀ ਨੇ। ਮੌਸਮ ਅਨੁਸਾਰ ਫ਼ਰਿੱਜ-ਹੀਟਰ-ਮਾਈ ਕਰੋਵੇਵ ਵਗੈਰਾ-ਵਗੈਰਾ ਰੱਖਣ-ਟਿਕਾਉਣ ਲਈ।
ਸਬਜ਼ੀ ਮੰਡੀਉਂ ਵਿਹਲਾ ਹੋਏ ਰਾਮ ਗੋਪਾਲ ਨੂੰ ਹੁਣ ਵਾਪਿਸ ਸ਼ਹਿਰ ਪੁੱਜਣ ਦੀ ਕੋਈ ਕਾਹਲ ਨਾ ਹੁੰਦੀ। ਰੋਟੀ-ਪਾਣੀ, ਚਾਹ-ਪਾਣੀ ਨੌਕਰ ਮੁੰਡਾ ਆਪ ਜਾ ਕੇ ਲੈ ਆਉਂਦਾ ਘਰੋਂ, ਜਾਂ ਮੋਹਣੀ ਛੱਡ ਜਾਂਦਾ, ਛੋਟਾ ਪੁੱਤਰ ਮਨਮੋਹਣ।
ਬਹੁਤਾ ਕਰਕੇ ਵਿਹਲ ਹੀ ਹੁੰਦੀ ਸੀ ਮੋਹਣੀ ਪਾਸ। ਸਿਰਫ਼ ਦੋ ਮਹੀਨੇ ਹੁੰਦੀ ਸੀ ਬਾਰਾਂ ’ਚੋਂ ਪੂਰੀ ਨੱਠ-ਭੱਜ, ਅਨਾਜ-ਮੰਡੀ। ਕਣਕ-ਝੋਨੇ ਦੀ ਆਮਦ ਵੇਲੇ। ਇਹ ਦੋ ਮਹੀਨੇ ਰਾਤ-ਦਿਨ ਇੱਕ ਬਰਾਬਰ ਹੁੰਦੇ ਸੀ ਉਸ ਲਈ। ਸਵੇਰੇ ਦਿਨ ਚੜ੍ਹਦੇ ਤੋਂ ਲੈ ਕੇ ਦੇਰ ਰਾਤ ਤਿੰਨ, ਸਾਢੇ ਤਿੰਨ ਵਜੇ ਤੱਕ ਚੱਲ ਸੋ ਚੱਲ। ਆਈਆਂ ਢੇਰੀਆਂ ਦੀ ਸਫ਼ਾਈ-ਤੁਲਾਈ-ਭਰਾਈ-ਚੁਕਾਈ। ਬਾਕੀ ਦੇ ਦਸ ਮਹੀਨੇ ਪੂਰਾ ਆਰਾਮ, ਪੂਰੀ ਐਸ਼। ਜਾਂ ਵਿੱਚ-ਵਿਚਾਲੇ ਕਿਸਾਨਾਂ ਦੇ ਘਰੀਂ-ਖੇਤੀਂ ਫੇਰਾ-ਤੋਰਾ। ਖੜ੍ਹੀ ਫ਼ਸਲ-ਬਾੜੀ ਜਾਚਣ-ਪਰਖਣ ਲਈ। ਅੱਵਲ ਤਾਂ ਉਸਨੇ ਅੰਗੇ ਦਾਣਿਆਂ ਦੇ ਮੁੱਲ ਤੋਂ ਵੱਧ ਰੋਕੜ ਦਿੱਤੀ ਹੀ ਨਹੀਂ ਸੀ ਕਦੀ ਕਿਸੇ ਨੂੰ ਅਗਾਊਂ। ਜੇ ਕੋਈ ਵਾਹਲਾ ਈ ਲੋੜਕੂ, ਬਹੁਤਾ ਹੀ ਤਰਲੇ-ਮਿੰਨਤਾਂ ’ਤੇ ਉੱਤਰ ਆਉਂਦਾ,ਤਾਂ ਮੋਹਣੀ ਅਗਲੇ ਨੂੰ ਸਾਫ਼-ਸਾਫ਼ ਦੱਸ ਦਿਆ ਕਰਦਾ ਸੀ ਪਹਿਲੋਂ-”ਪਈ ਫ਼ਲਾਨਾ ਸਿਆਂ ਹੁਣ ਪੰਮੇਂ ਸੁਨਿਆਰੇ ਤੋਂ ਲੈ ਕੇ ਦੇਣੇ ਪੈਣੇ ਆ ਪੈਹੇ, ਓਦ੍ਹਾ ਰੁਪੱਈਆ ਸੈਂਕੜਾ ਨਾਲ਼ ਜੁੜਨਾ ਹੋਰ। ਮੇਰੇ ਕੋਲ ਤਾਂ ਜਿੰਨੀ ਕੁ ਗੁਜੈਸ਼ ਹੈਗੀ ਸੀ, ਓਨੀ ਕੁ ਰਕਮ ਤਾਂ ਤੇਰੀ ਅਲਾਂ ਪਹਿਲੋਂ ਈ ਗਈਊ ਆ।…..ਅੱਗੇ ਤੂੰ ਅਪਣਾ ਪੜ੍ਹਿਆ ਵਿਚਾਰ!’’
ਪੜ੍ਹਿਆ-ਪੁੜ੍ਹਿਆ ਤਾਂ ਕੀ ਵਿਚਾਰਨਾਂ ਹੁੰਦਾ ਸੀ ਕਿਸੇ ਨੇ, ਮੋਹਣੀ ਵਲੋਂ ਹੋਈ ਹਾਂ ਸੁਣ ਕੇ ਤਾਂ ਅਗਲਾ ਜਾਣੋਂ ਜੀਉਂਦਿਆਂ ’ਚ ਦਾਖ਼ਲ ਹੋ ਜਾਂਦਾ ਸੀ। ਜਾਨ ’ਚ ਜਾਨ ਆ ਜਾਂਦੀ ਸੀ ਉਹਦੇ। ਮੋਹਣੀ ਜਿੱਥੇ ਕਹਿੰਦਾ, ਜਿੰਨੇ ’ਤੇ ਕਹਿੰਦਾ, ਉਹ ਗੂਠਾ ਲਾ ਕੇ ਰੁਕਿਆ ਕੰਮ ਤੁਰਦਾ ਕਰ ਲੈਂਦਾ। ਕੋਈ ਵਿਆਹ-ਸ਼ਾਦੀ, ਮਰਨੇ-ਪਰਨੇ, ਕੰਧ-ਕੋਠੇ ਜਾਂ ਕਿਸੇ ਚੀਜ਼-ਵਸਤ, ਖੇਤੀ ਸੰਦ ਦੀ ਟੁੱਟੀ ਕਿਸ਼ਤ ਤੁਰਦੀ ਹੋ ਜਾਂਦੀ ਸੀ ਉਸਦੀ।
ਮੋਹਣੀ ਦੇ ਇਸ ਡੂਢੇ ਵਿਆਜ ਦੀ ਚੁੰਗਲ ’ਚੋਂ ਉਸਦੀ ਆੜ੍ਹਤ-ਹੱਟੀ ’ਤੇ ਆਉਣ ਵਾਲਾ ਕੋਈ ਵੀ ਕਾਮਾਂ-ਕਿਸਾਨ ਨਹੀਂ ਸੀ ਬਚਿਆ। ਉਂਝ ਪਤਾ ਹਰ ਇੱਕ ਨੂੰ ਹੁੰਦਾ ਸੀ ਕਿ ਪੰਮਾਂ ਸੁਨਿਆਰਾ ਤਾਂ ਐਮੇਂ ਠੀਹਾ ਹੀ ਬਣਦਾ, ਪੈਸਾ-ਧੇਲਾ ਤਾਂ ਸਾਰਾ ਅੰਦਰੋਂ ਹੀ ਕੱਢਦਾ ਸੀ ਮੋਹਣੀ, ਪਿਤਾ-ਪੁਰਖ਼ੀ ਤਿਜੌਰੀ ਵਿੱਚੋਂ।
ਰਾਮ ਗੋਪਾਲ ਨੇ ਮੋਹਣੀ ਨੂੰ ਇਸ ਕੰਮੋਂ ਰੋਕਿਆ ਵੀ ਕਈ ਵਾਰ। ਸਮਝਾਇਆ-ਬੁਝਾਇਆ ਵੀ_”ਕਿ, ਰਾਹ-ਰਾਹ ਦਾ ਵਿਆਜ-ਵਿਹਾਰ ਖ਼ਰਾ ਲੱਗਦਾ, ਐਮੇਂ ਨਾ ਠੱਗੀ-ਠੋਰੀ ਮਾਰੀ ਜਾਇਆ ਕਰ ਹਰ ਇੱਕ ਨਾਂ। ਏ ਗੱਲ ਆ ਪਈ, ਬਓਤੀ ਨੂੰ ਮੂੰਹ ਮਾਰਦਾ ਕਿਤੇ ਥੋੜੀਉਂ ਵੀ ਨਾ ਜਾਂਦਾ ਲੱਗੀਂ,’’ ਪਰ ਮੋਹਣੀ ਨੂੰ ਪਿਆ ਚਸਕਾ, ਹੱਡੀ ਚਰੂੰਡਣ ਨਾਲੋਂ ਵੀ ਉਪਰ ਸੀ। ਉਹ ਮੁੜਿਆ ਨਾ ਇਸ ਕੰਮੋਂ। ਰਾਮ ਗੋਪਾਲ ਨੂੰ ਉਲ੍ਹਾਮੇਂ ਆਉਣ ਲੱਗੇ। ਉਸਨੇ ਮੋਹਣੀ ਨੂੰ ਦਬਕ ਛੱਡਿਆ-‘ਅਤਿ ਕੀ ਚੁੱਕੀਓ ਆ ਤੂੰ। ਕਿਉਂ ਮੇਰੀ ਕੀਤੀ ਕਰਾਈ ’ਤੇ ਖੇਹ ਪਾਉਣ ਲੱਗਾਂ। ਏ ਗੱਲ ਆ ਪਈ, ਵਣਜ-ਵਪਾਰ ਦੇ ਵੀ ਕੋਈ ਅਸੂਲ ਹੁੰਦੇ ਆ। ਤੁਆਨੂੰ ਛੋਕਰ-ਵਾਧੇ ਨੂੰ ਅੱਗੇ ਦੀਹਦਾ ਕੱਖ ਨਈਂ ਪੈਹੇ ਤੋਂ ਬਿਨਾਂ। ਪਤਾ ਨਈਂ ਕੇੜ੍ਹਾ ਬੇ-ਜ਼ਮੀਰਾ ਗੁਰੂ ਟੱਕਰਿਆ ਆ ਤੁਆਨੂੰ ਨਮੀਂ ਪੌਂਦ ਨੂੰ।’’ ਮੋਹਣੀ ਨੂੰ ਪਿਉ ਦੀ ਆਖੀ ਗੱਲ ਸੂਲ ਵਾਂਗੂੰ ਚੁਭ ਗਈ। ਉਹਨੇ ਅਗਲੇ ਹੀ ਭਲਕ ਟਿੰਡ-ਫੌੜੀ ਚੁੱਕੀ, ਬਾਹਰਲੀ ਕੋਠੀ ਜਾ ਟਿਕਿਆ, ਕ੍ਰਿਸ਼ਨ ਨਗਰ।
ਸ਼ਹਿਰ ਵਾਲੇ ਘਰ ਵਿਚਲੀ ਤਿਜੋਰੀ ਦੇ ਸਾਰੇ ਰਖਣੇ ਹੁਣ ਬਨਵਾਰੀ ਕੋਲ ਸਨ। ਉਸਦੇ ਪ੍ਰਾਪਰਟੀ ਧੰਦੇ ਦੇ ਕਾਗਜ਼-ਪੱਤਰ, ਨੋਟ-ਪ੍ਰਨੋਟ ਸਾਂਭਣ ਰੱਖਣ ਲਈ।
ਬਨਵਾਰੀ ਦੇ ਪ੍ਰਾਪਰਟੀ ਦਫ਼ਤਰ ਵਰਗੇ ਹੋਰ ਵੀ ਕਈ ਅੱਡੇ ਖੁੱਲ੍ਹ ਗਏ ਸਨ, ਮੰਡੀ ਰੋਡ ’ਤੇ। ਉਸਦੇ ਖੱਬੇ-ਸੱਜੇ। ਕਈ ਸਾਰੀਆਂ ਦੁਕਾਨਾਂ ਉੱਸਰ ਗਈਆਂ ਸਨ ਦੇਖਾ-ਦੇਖੀ। ਕਿਸੇ ਨੇ ਅਪਣੇ ਕਾਰ-ਕਿੱਤੇ ਲਈ ਰੱਖ ਲਈ ਸੀ, ਕਿਸੇ ਨੇ ਕਿਰਾਏ ’ਤੇ ਚਾੜ੍ਹ ਦਿੱਤੀ ਸੀ। ਤਿਕੌਣੇ ਚੌਂਕ ਤੋਂ ਲੈ ਕੇ ਮੰਡੀ ਥੜ੍ਹੇ ਤੱਕ ਟੋਕਵਾਂ ਜਿਹਾ ਬਾਜ਼ਾਰ ਦਿੱਸਣ ਲੱਗ ਪਿਆ ਸੀ, ਸਾਲ-ਦੋ ਸਾਲਾਂ ਅੰਦਰ। ਛੋਟੀ-ਮੋਟੀ ਸ਼ੈਅ-ਵਸਤ ਵੀ ਮਿਲਣ ਲੱਗ ਪਈ ਸੀ ਨਿੱਤ ਵਰਤੋਂ ’ਚ ਆਉਣ ਵਾਲੀ ਮੰਡੀ-ਬਾਜ਼ਾਰੋਂ। ਵੱਡੀ ਸੜਕ ਵਾਲੇ ਪਾਸੇ ਦੇ ਚਾਰੇ ਬੂਥਾਂ ’ਚ ਠੇਕਾ ਸੀ ਬਨਵਾਰੀ ਲਾਲ ਦਾ ਅਪਣਾ। ਦੇਸੀ-ਅੰਗਰੇਜ਼ੀ ਦਾਰੂ ਸ਼ੀਸ਼ੀਆਂ, ਸਾਹਮਣੇ ਜੁੜਵੇਂ ਦੋਨਾਂ ’ਚ ਖੁੱਲ੍ਹਾ ਮਨਜ਼ੂਰ-ਸ਼ੁਦਾ ਇਹਾਤਾ। ਬਾਕੀ ਦੇ ਛੇਅ ਉਹਨੇ ਅਗਾਂਹ ਤੋਰ ਦਿੱਤੇ ਸਨ, ਚੰਗੀ ਮੋਟੀ ਰਕਮ ਵੱਟ ਕੇ, ਸੁੱਕੀ-ਪੁੱਕੀ। ਬਿਨਾਂ ਉਸਾਰੀ ਕੀਤਿਆਂ। ਬੱਸ ਮਾੜੀ-ਪਤਲੀ ਨਿਸ਼ਾਨ-ਦੇਹੀ ਹੀ ਕਰਨੀ ਪਈ ਸੀ, ਨੰਬਰ ਲੱਭਣ ਲਈ। ਬਾਰਾਂ-ਪੰਦਰਾਂ ਹਜ਼ਾਰ ’ਚ ਪਿਆ ਇਕੱਲਾ-ਇਕੱਲਾ ਬੂਥ ਲੱਖਾਂ ਦੀ ਵਟਕ ਵੱਟਦੀ ਕੁਰਵਾ ਗਿਆ। ਉਹੀ ਪੈਸੇ ਉਸਨੇ ਅਗਾਂਹ ਹੋਰ ਥਾਂ ਜਾ ਲਾਏ। ਮੰਡੀਆਂ ਨਾਲ਼ ਜੁੜਵੇਂ ਛੇਆਂ-ਸਾਢੇ ਛੇਆਂ ਕਿੱਲਿਆਂ ਦਾ ਸੌਦਾ ਕਰ ਲਿਆ।
ਬਨਵਾਰੀ ਦੀ ਕਾਰੋਬਾਰੀ ਚੜ੍ਹਤ ਦੇਖਦਾ ਰਾਮ ਗੋਪਾਲ ਖੁਸ਼-ਪ੍ਰਸੰਨ ਸੀ ਪੂਰਾ। ਉਸਦਾ ਖਿੱਝ-ਗੁੱਸਾ ਹੁਣ ਜਿਵੇਂ ਜੜੋਂ ਚੁੱਕ ਹੋ ਗਿਆ ਸੀ। ਹੁਣ ਨਾ ਉਸਨੂੰ ਅਪਣੀ ਪ੍ਰਧਾਨਗੀ ਵਾਲੀ ਵਿਉਪਾਰ-ਮੰਡਲੀ ਬੁਰੀ ਲੱਗਦੀ ਸੀ, ਨਾ ਬੀਬੀ ਮੰਤਰੀ। ਬੀਬੀ ਮੰਤਰੀ ਤਾਂ ਸਗੋਂ ਉੁਸਨੂੰ ਦੂਰ-ਦਰਸ਼ੀ ਨੇਤਾ ਜਾਪਣ ਲੱਗ ਪਈ। ਸਮੇਂ ਤੋਂ ਕਿੰਨਾਂ ਸਾਰਾ ਅਗਾਂਹ ਹੋ ਕੇ ਸੋਚਣ-ਤੁਰਨ ਵਾਲੀ ਰਹਿਨੁਮਾ, ਪਰ, ਅਜੇ ਵੀ ਉਸਨੂੰ ਇਸ ਗੱਲ ਦੀ ਸਮਝ ਨਹੀਂ ਸੀ ਪੈਂਦੀ ਕਿ ਬੀਬੀ ਸਮੇਤ, ਉਸਦੇ ਜੱਟ-ਜਿਮੀਂਦਾਰ ਧੀ-ਜੁਆਈ ਖੇਤਾਂ-ਪੈਲੀਆਂ ਤੋਂ ਏਨੇ ਉਪਰਾਮ, ਏਨੇ ਨਿਰਮੋਹੇ ਕਿਉਂ ਹੋਏ ਪਏ ਸਨ। ਇਹ ਖੇਤ ਮੁਰੱਬੇ ਹੀ ਤਾਂ ਹੁਣ ਤੱਕ ਉਹਨਾਂ ਦੀ ਪੱਕੀ-ਠੱਕੀ ਪਛਾਣ ਬਣਦੇ ਰਹੇ ਸਨ। ਇਹਨਾਂ ’ਚ ਉੱਗਦੇ ਰੁੱਖ-ਬੂਟੇ, ਅੰਨ-ਅਨਾਜ ਹੀ ਤਾਂ ਧੁਰਾ ਬਣਦਾ ਰਿਹਾ ਸੀ, ਉੱਨਤੀ-ਤਰੱਕੀ ਦਾ, ਵਣਜ-ਵਪਾਰ ਦਾ। ਇਹਨਾਂ ’ਚੋਂ ਹੀ ਪਸ਼ੂ ਪਰਾਣੀ ਸਮੇਤ ਸਾਹ ਲੈਂਦੇ ਹਰ ਜੀਵ-ਜੰਤੂ ਦੀ ਭੁੱਖ-ਪਿਆਸ ਮਿਟਦੀ ਆਈ ਸੀ ਆਦਿ ਸਮੇਂ ਤੋਂ ਲੈ ਕੇ ਅੱਜ ਦਿਨ ਤੱਕ। ਧਰਤੀ ਨੂੰ ਧਰਤੀ ਮਾਂ ਦੇ ਰੁਤਬੇ ’ਚ ਬਦਲਣ ਵਾਲੀ ਉਹੀ ਵਾਹੀਕਾਰ ਰਤਾ ਜਿੰਨੀ ਵੀ ਜੇ-ਜੱਕ ਕਿਉਂ ਨਹੀਂ ਸੀ ਕਰਦਾ, ਇਸਦਾ ਮੁੱਲ ਵੱਟਣ ਲੱਗਾ, ਇਸ ਨੂੰ ਪਰਾਏ ਹੱਥੀਂ ਤੋਰਨ ਲੱਗਾ?
ਅਪਣੇ ਅੰਦਰ ਦੀ ਇਸ ਗੰਢ ਨੂੰ ਖੁਲ੍ਹਦਾ ਕਰਨ ਲਈ ਇੱਕ ਸ਼ਾਮੀਂ ਰਾਮ ਗੋਪਾਲ ਜਾ ਪੁੱਜਾ ਸੀ ਬੀਬੀ ਮੰਤਰੀ ਦੀ ਕੋਠੀ। ਬੀਬੀ ਜੀ ਆਏ ਹੀ ਸਨ ਅਜੇ ਰਾਜਧਾਨੀਉਂ। ਆਉਂਦਿਆਂ ਹੀ ਉਹ ਦਫ਼ਤਰ ਬੈਠ ਗਏ। ਚਾਹ-ਪਾਣੀ ਪੀ ਕੇ ਦਰਬਾਰ ਲਾ ਲਿਆ। ਬੈਠਕ ਪਹਿਲੋਂ ਹੀ ਭਰੀ ਪਈ ਸੀ ਪੰਚਾਂ-ਸਰਪੰਚਾਂ, ਫ਼ਰਿਆਦੀਆਂ-ਸਫ਼ਾਰਸ਼ੀਆਂ ਨਾਲ਼। ਉਹਨਾਂ ਇਕੱਲੇ-ਇਕੱਲੇ ਦੀ ਸਭ ਦੀ ਸੁਣੀ। ਬੇਨਤੀਆਂ-ਅਰਜ਼ੀਆਂ ਲਈਆਂ, ਪੀ.ਏ. ਨੂੰ ਫੜਾ ਦਿੱਤੀਆਂ। ਪੀ.ਏ. ਨੇ ਅਗਾਂਹ ਮੇਜ਼ ਦੇ ਵੱਡੇ ਦਰਾਜ਼ ’ਚ ਤੁੰਨ ਦਿੱਤੀਆਂ। ਰਾਮ ਗੋਪਾਲ ਇੱਕ ਪਾਸੇ ਬੈਠਾ ਸਭ ਕੁੱਝ ਦੇਖਦਾ-ਸੁਣਦਾ ਰਿਹਾ। ਉਹ ਹੈਰਾਨ ਸੀ ਕਿ ਮੰਤਰੀ ਬੀਬੀ ਨੇ ਐਨਾ ਸਾਰਾ ਕੁੱਝ ਕਿੰਨੇ ਮਸ਼ੀਨੀ ਢੰਗ ਨਾਲ਼ ਨਿਪਟਾਇਆ ਸੀ। ਮਸ਼ੀਨੀ ਢੰਗ ਨਾਲ਼ ਹੀ ਉਸਨੇ ਧੀ-ਜੁਆਈ ਦੇ ਮਾਂ-ਪਿਉ ਨੂੰ ਤੁਰਦਾ ਕਰ ਦਿੱਤਾ।…..ਬਿਰਧ ਜੋੜਾ ਇੱਕ-ਦੂਜੇ ਨੂੰ ਆਸਰਾ ਦੇਈ ਮਸਾਂ ਪੁੱਜਾ ਸੀ ਕੋਠੀ। ਆਉਂਦੇ ਹੀ ਉਹ ਜਿਵੇਂ ਵਰ੍ਹ ਹੀ ਪਏ ਸਨ ਬੀਬੀ ਜੀ ’ਤੇ। ”ਪਤਾ ਨਈਂ ਕੀ ਧੂੜ ਦਿੱਤਾ ਤੁਸੀਂ ਮਾਮਾਂ-ਧੀਆਂ ਨੇ ਮੁੰਡੇ ਮੇਰੇ ਦੇ ਸਿਰ ’ਚ, ਰਤੀ ਭਰ ਵੀ ਕਿਧਰੇ ਘਰ ਨਈਂ ਬਹਿੰਦਾ ਟਿਕ ਕੇ,’’ ਇਹ ਜਸਕਰਨ ਦੀ ਮਾਂ ਦਾ ਗਿਲਾ ਸੀ। ”ਲੋਕੀਂ ਵੀਹ ਵੇਚ ਕੇ ਪੰਜਾਹ ਬਣਾਉਂਦੇ ਆ, ਏਹ ਪੇਏ ਦਾ ਪੁੱਤ ਕਿਧਰੇ ਸਿਆੜ ਤੱਕ ਦਾ ਵੀ ਰਵਾਦਾਰ ਨਈਂ ਬਣਿਆ। ਮਣਾਂ-ਮੂੰਹੀਂ ਨੋਟ ਭੰਗ ਦੇ ਭਾੜੇ ਉਜਾੜ ਦਿੱਤੇ,’’ ਪਿਉ ਮਹਿੰਗਾ ਸਿੰਘ ਨੂੰ ਖੁੱਸ ਚੁੱਕੇ ਮੁਰੱਬੇ ਦਾ ਵੱਡਾ ਹਿਰਖ਼ ਸੀ। ”ਚੱਲ ਜੇ ਛੇੜ ਈ ਲਏ ਸੀ ਹੋਰ ਧੰਦੇ, ਤਾਂ ਬੰਦਾ ਟਿਕ ਕੇ ਤਾਂ ਬੈਠਦਾ ਸਿਰ ’ਤੇ। ਆਪੂੰ ਰੱਖਦਾ ਪੋਰਖ਼। ਭਈਆਂ-ਭੂਈਆਂ ਨੂੰ ਸੁਆਹ ਪਤਾ ਪਸ਼ੂ-ਡੰਗਰ ਕਿੱਦਾਂ ਸਾਂਭੀਦੇ ਆ,’’ ਉੱਖੜਿਆ ਸਾਹ ਟਿਕਾਣੇ ਕਰਦੀ ਮਾਈ ਬਚਨ ਕੌਰ ਫਿਰ ਬੋਲੀ ਸੀ। ”ਆਪੂੰ ਤਾਂ ਪਿਉ ਆਲੀ ਸਾਬਣ-ਦਾਨੀਂ ਜੇਈ ’ਚੋਂ ਪੈਰ ਨਈਂ ਹੇਠਾਂ ਲਾਹੁਣਾ। ਸੈਲਾਂ ਕਰਨੀਆਂ ਦਿੱਲੀ-ਦੱਖਣ ਦੀਆਂ ਬੇ-ਮਤਲਬੀਆਂ। ਐਂ ਅਗਲੇ ਪਾਉਂਦੇ ਕੁਸ਼ ਹੱਥ ਪੱਲੇ!’’ ਮੁਰਗੀ-ਫਾਰਮ, ਡੇਅਰੀ-ਫਾਰਮ ’ਚ ਪਏ ਘਾਟੇ ਦੀ ਸਾਰੀ ਜੁੰਮੇਂਦਾਰੀ ਜਸਕਰਨ ਸਿਰ ਸੁੱਟਦੇ ਬਾਪੂ ਮਹਿੰਗਾ ਸਿੰਘ ਨੇ ਹੇਠਾਂ ਵੱਲ ਨੂੰ ਸਰਕ ਆਈ ਐਨਕ ਮੁੜ ਨੱਕ ’ਤੇ ਟਿਕਦੀ ਕੀਤੀ ਸੀ।
ਰਾਮ ਗੋਪਾਲ ਨੂੰ ਇਸ ਵਾਰ ਉਹ ਅਵੱਲੀ ਤਰ੍ਹਾਂ ਦੀ ਪੀੜ ਨਾਲ਼ ਪਰੁੱਚ ਹੋਏ ਜਾਪੇ ਸਨ, ਦੋਨੋਂ। ਹਫ਼ੀ-ਖਫ਼ੀ ਬਚਨ ਕੌਰ ਫਿਰ ਤੜਪੀ ਸੀ- ਮੁਰੱਬਾ ਤਾਂ ਚਲੋ ਮੈਗ ਸੀ, ਪਾਣੀ-ਲੱਗ ਵੀ ਹੈਨੀ ਸੀ ਸਾਰਾ, ਪਰ ਹੁਣ……ਹੁਣ ਕੀ ਮਾਰ ਵਗ ਗਈ ਆ ਉਨੂੰ। ਬਾਕੀ ਬਚਦੇ ਸਿਆੜ ਵੀ ਬੋਲੀ ’ਤੇ ਲਾ ਤੇ ਆ ਸਾਰੇ। ਅਸੀਂ ਦੋਨੋਂ ਪਿੱਟੀ ਜਾਨੇ ਆਂ, ਉਨ੍ਹਾਂ ਨੂੰ ਰਤੀ ਭਰ ਦੀ ਵੀ ਸ਼ਰਮ-ਹਯਾ ਨਈਂ ਹੈਗੀ, ਨਾ ਰੰਨ ਨੂੰ, ਨਾ ਖ਼ਸਮ ਨੂੰ….ਹੈਅ ਮੇਰਿਆ ਮਾਲਕਾ ਆਹ ਦਿਨ ਦੇਖਣ ਤੋਂ ਪਹਿਲਾਂ ਅਸੀਂ ਮਰ ਕਿਉਂ ਨਾ ਗਏ ਦੋਨੋਂ ਜੀਅ,’’ ਰੋਣ-ਹਾਕੀ ਹੋਈ ਬਚਨ ਕੌਰ ਇਸ ਵਾਰ ਹਟਕੋਰੇ ਭਰਨ ਲੱਗ ਪਈ ਸੀ, ਉੱਚੀ-ਉੱਚੀ।
ਮੰਤਰੀ ਬੀਬੀ ਨੇ ਉਹਨਾਂ ਦੀ ਕਿਹੜੀ ਗੱਲ ਕਿੰਨੀ ਸੁਣੀ, ਇਸ ਵੱਲ ਤਾਂ ਰਾਮ ਗੋਪਾਲ ਦਾ ਧਿਆਨ ਹੀ ਨਹੀਂ ਸੀ ਗਿਆ। ਉਹ ਤਾਂ ਉਸਦੇ ਧੀ-ਜੁਆਈ ਦੇ ਮਾਂ-ਪਿਉ ਦੇ ਦੁੱਖ-ਦਰਦ ਅੰਦਰ ਆਪ ਜਿਵੇਂ ਨੱਕੋ-ਨੱਕ ਡੁੱਬ ਗਿਆ ਸੀ। ਉਹਨਾਂ ਦੋਨਾਂ ਨੂੰ ਚਿਰਾਂ ਤੋਂ ਜਾਣਦਾ ਸੀ ਰਾਮ ਗੋਪਾਲ। ਉਹਨਾਂ ਦੀ ਸਾਰੀ ਫ਼ਸਲ-ਬਾੜੀ ਉਸਦੀਆਂ ਆੜ੍ਹਤ ਮੰਡੀਆਂ ’ਤੇ ਹੀ ਆਉਂਦੀ ਸੀ। ਉਹ ਧੇਲੇ ਭਰ ਦੇ ਵੀ ਕਦੀ ਉਸਦੇ ਦੇਣਦਾਰ ਨਹੀਂ ਸੀ ਬਣੇ। ਜਿੰਨਾ ਕੁ ਪੱਲੇ ਹੁੰਦਾ, ਓਨੇ ਕੁ ਪੈਰ ਪਸਾਰਦੇ। ਉਹਨਾਂ ਕਦੀ ਫਾਲਤੂ ਦਾ ਦਿੱਖ-ਦਿਖ਼ਾਵਾ ਨਹੀਂ ਸੀ ਕੀਤਾ, ਨਾ ਕਦੀ ਜਈਂ-ਜਈਂ ਕੀਤੀ ਸੀ ਕਿਸੇ ਅੱਗੇ, ਪਰ ਹੁਣ…..ਹੁਣ ਖੇਤਾਂ ਪੈਲੀਆਂ ਤੋਂ ਹੱਥਲ ਕੀਤੇ, ਉਹ ਦੋਨੋਂ ਖੇਤਾਂ-ਪੈਲੀਆਂ ਲਈ ਤਰਲੇ ਲੈਂਦੇ, ਉਸ ਤੋਂ ਦੇਖੇ ਸਹਾਰੇ ਨਹੀਂ ਸੀ ਗਏ।
ਆਇਆ ਉਹ ਕਿਸ ਕੰਮ ਸੀ, ਅੱਗੋਂ ਕੁੱਝ ਹੋਰ ਹੀ ਦੇਖਣਾ-ਸੁਣਨਾ ਪਿਆ ਸੀ ਰਾਮ ਗੋਪਾਲ ਨੂੰ। ਉਸਦੇ ਕਿਆਸ ਤੋਂ ਕਿਤੇ ਭੈੜਾ। ਬਹੁਤਾ ਹੀ ਨੀਵੇਂ ਪੱਧਰ ਦਾ। ਉਸਦੀ ਬਰਦਾਸ਼ਤ ਦੀ ਹੱਦ ਤੋਂ ਬਿਲਕੁਲ ਬਾਹਰ।
ਪਿਛਲੇ ਦਰਵਾਜਿਉਂ ਅਛੋਪਲੇ ਜਿਹੇ ਬਾਹਰ ਚਲੇ ਜਾਣ ਲਈ ਉਹ ਅਪਣੀ ਥਾਂ ਤੋਂ ਉੱਠਣ ਹੀ ਲੱਗਾ ਸੀ ਕਿ ਮੰਤਰੀ ਬੀਬੀ ਦੇ ਪੋਚਵੇਂ ਜਿਹੇ ਬੋਲ ਉਸਦੇ ਕੰਨੀਂ ਆ ਪਏ-”ਤੁਸੀਂ ਘਾਬਰੋ ਨਾ ਭੈਣ ਜੀ, ਸਭ ਠੀਕ ਹੋ ਜਾਊ। ਤੁਆਨੂੰ ਪਤਾ ਪਈ ਮੰਡੀਆਂ ਓਧਰ ਜਾਣ ਨਾਲ਼ ਸਾਰਾ ਸ਼ਹਿਰ ਈ ਜਾਣੋਂ ਉਧਰ ਨੂੰ ਉੱਲਰ ਪਿਆ ਤੁਆਡੀ ਅਲਾਂ ਨੂੰ। ਕਲੋਨੀਆਂ ਦੂਰ ਤੱਕ ਕੱਟੀਆਂ ਗਈਆਂ। ਕੋਠੀਆਂ ਘਰ ਧੜਾ-ਧੜ ਬਣੀ ਜਾਂਦੇ ਆ। ਹੁਣ ਹਰ ਕੋਈ ਚਾਹੁੰਦਾ ਪਈ ਬਾਜ਼ਾਰ ਵੀ ਨੇੜੇ-ਤੇੜੇ ਈ ਬਣ ਜਏ…..।’’ ਸ਼ੁਰੂ ਕੀਤੀ ਗੱਲ ਦਾ ਪ੍ਰਭਾਵ ਜਾਨਣ ਲਈ ਉਸਨੇ ਬਚਨ ਕੌਰ ਨੂੰ ਥੋੜ੍ਹਾ ਕੁ ਨੀਝ ਨਾਲ਼ ਦੇਖਿਆ। ਬਚਨ ਕੌਰ ਨੂੰ ਉਸਦੀ ਕਿਸੇ ਵੀ ਗੱਲ ਦੀ ਸਮਝ ਨਹੀਂ ਸੀ ਆਈ। ਬੀਬੀ ਮੰਤਰੀ ਫਿਰ ਉਸਦੇ ਪਤੀ ਮਹਿੰਗਾ ਸਿੰਘ ਨੂੰ ਮੁਖਾਤਿਬ ਸੀ-”ਤੁਸੀਂ ਹੌਸਲਾ ਰੱਖੋ ਭਾਅ ਜੀ, ਤੁਆਡੀ ਏਸ ਥਾਂ ’ਤੇ ਇੱਕ ਵੱਡੀ ਕੰਪਨੀ ਨੇ ਇੱਕ ਵੱਡਾ ਸਟੋਰ ਖੋਲ੍ਹਣਾ। ਮਾਅਲ ਕਹਿੰਦੇ ਆ ਜਿੰਨੂੰ। ਬਨਵਾਰੀ ਹੋਰਾਂ ਨਾਲ਼ ਰਲ ਕੇ। ਖਾਣ-ਪੀਣ, ਪਹਿਨਣ-ਪਰਚਣ ਤੋਂ ਲੈ ਕੇ ਮੋਟਰਾਂ ਗੱਡੀਆਂ ਤੱਕ ਦੀ ਹਰ ਸ਼ੈਅ ਇੱਥੋਂ ਮਿਲਿਆ ਕਰੂ, ਇੱਕੋ ਛੱਤ ਹੇਠੋਂ। ਹੋਰ ਤਾਂ ਹੋਰ ਚੋਣਵੀਂ-ਚੁਗਵੀਂ ਸਬਜ਼ੀ, ਫ਼ਲ-ਫਰੂਟ ਵੀ ਪਹਿਲਾਂ ਇੱਥੇ ਪੁੱਜਿਆ ਕਰਨੇ ਤੁਆਡੇ ਲਾਗੇ, ਬਾਕੀ ਦਾ ਰਹਿੰਦ-ਖੂੰਹਦ ਵਿਕਿਆ ਕਰੂ ਛੋਟੀਆਂ-ਮੋਟੀਆਂ ਦੁਕਾਨਾਂ ’ਤੇ।’’
ਮਹਿੰਗਾ ਸਿੰਘ ਦਾ ਰਹਿੰਦਾ ਬਚਦਾ ਸਾਹ ਵੀ ਸੂਤਿਆ ਗਿਆ। ਉਸਨੇ ਤਾਂ ਉਦਾਸ ਹੋਣਾ ਈ ਹੋਣਾ ਸੀ, ਰਾਮ ਗੋਪਾਲ ਉਸਤੋਂ ਵੀ ਵੱਧ ਉਦਾਸ। ਉਹ ਦੋਹਰੀ-ਤੀਹਰੀ ਫ਼ਿਕਰਮੰਦੀ ਹੇਠ ਨੱਪ ਹੋ ਗਿਆ ਸੀ-ਮਹਿੰਗਾ ਸਿੰਘ-ਬਚਨ ਕੌਰ ਦੇ ਰਹਿੰਦੇ ਬਚਦੇ ਖੇਤ ਇਕੱਲੇ ਜਸਕਰਨ ਕਾਰਨ ਹੀ ਨਹੀਂ, ਉਸਦੇ ਪੁੱਤਰ ਬਨਵਾਰੀ ਪ੍ਰਾਪਰਟੀ ਡੀਲਰ ਬਨਵਾਰੀ ਲਾਲ ਅਗਰਵਾਲ ਕਾਰਨ ਵੀ ਖੁੱਸਦੇ ਹੋਣੇ ਸੀ। ਹੋਰ ਵੀ ਭੈੜੀ ਖ਼ਬਰ ਇਹ ਸੀ ਉਸ ਲਈ ਕਿ ਉਸਦੀ ਆੜ੍ਹਤ ਮੰਡੀ ’ਤੇ ਆਉਣ ਵਾਲੀ ਸਬਜ਼ੀ ਵੀ ਕਾਣੀ-ਭੈਂਗੀ, ਰਹਿੰਦ-ਖੂੰਹਦ ਹੀ ਆਇਆ ਕਰਨੀ ਸੀ। ਅੱਗੋਂ ਛੋਟੀਆਂ ਦੁਕਾਨਾਂ, ਰੇੜ੍ਹੀਆਂ-ਫੜ੍ਹੀਆਂ ’ਤੇ ਵੇਚੇ ਜਾਣ ਲਈ, ਪਹਿਲਾਂ ਇਹ ਚੁਣ-ਚੁਗ ਹੋ ਕੇ ਉਸਦੇ ਪੁੱਤਰ ਬਨਵਾਰੀ ਦੀ ਭਾਈਵਾਲੀ ਨਾਲ਼ ਖੁੱਲ੍ਹਣ ਵਾਲੇ ਵੱਡੇ ਸਟੋਰ ’ਤੇ ਅੱਪੜਿਆ ਕਰਨੀ ਸੀ। ਇੱਕੋ ਛੱਤ ਵਾਲੇ ਵੱਡੇ ਸਟੋਰ ’ਤੇ। ਜਿਸਨੂੰ ਮਾਅਲ ਕਿਹਾ ਸੀ ਬੀਬੀ ਮੰਤਰੀ ਨੇ।
ਥੋੜ੍ਹਾ ਕੁ ਚਿਰ ਪਹਿਲਾਂ ਰਾਮ ਗੋਪਾਲ ਦਾ ਖੁਸ਼-ਪ੍ਰਸੰਨ ਦਿਸਦਾ ਚਿਹਰਾ ਇੱਕ-ਦਮ ਜਿਵੇਂ ਸੂਤਿਆ ਗਿਆ। ਅਜੀਬ ਕਿਸਮ ਦੀ ਅਚੋਆਈ ਉਸਦੇ ਅੰਗਾਂ-ਪੈਰਾਂ ’ਤੇ ਪੱਸਰ ਗਈ। ਬੀਬੀ ਮੰਤਰੀ ਦੀ ਬੈਠਕ ’ਚ ਪਿਛਾਂਹ ਕਰਕੇ ਬੈਠਾ ਉਹ ਅਛੋਪਲੇ ਜਿਹੇ ਬਾਹਰ ਨਿਕਲ ਆਇਆ, ਪਿਛਲੇ ਦਰਵਾਜਿਉਂ। ਸ਼ਹਿਰ ਵੱਲ ਜਾਣ ਦੀ ਬਜਾਏ ਉਹ ਵੱਡੀ ਸੜਕ ਵੱਲ ਨੂੰ ਹੋ ਤੁਰਿਆ। ਰੇਲ ਫਾਟਕ ਬੰਦ ਸੀ। ਕਿਹੜੀ ਗੱਡੀ ਕਿਧਰੋਂ ਆਉਣੀ ਸੀ, ਇਹਦੇ ਵੱਲ ਵੀ ਉਸਨੇ ਧਿਆਨ ਨਾ ਦਿੱਤਾ। ਛੋਟਾ ਲਾਂਘਾ ਲੰਘ ਕੇ ਸਿੱਧਾ ਰੇਲ-ਪਟੜੀ ’ਤੇ ਜਾ ਚੜ੍ਹਿਆ। ਝੱਟ ਹੀ ਆਸ-ਪਾਸ ਤੋਂ ਉਸਨੂੰ ਚੌਕਸ ਕਰਦੀਆਂ ਕਈ ਸਾਰੀਆਂ ਆਵਾਜ਼ਾਂ ਸੁਣਾਈ ਦਿੱਤੀਆਂ-‘ਸ਼ਾਹ ਜੀ….ਸ਼ਾਹ ਜੀ……ਗੱਡੀ…..ਗੱਡੀ…….।’’ ਇਹ ਸਾਰੇ ਉਸਦੇ ਜਾਣਕਾਰ ਸਨ। ”ਮਰਨਾ ਈ ਆਂ ਤਾਂ ਕਿਧਰੇ ਜਾ ਕੇ ਮਰ, ਕਿਉਂ ਮੇਰਾ ਫਾਟਕ ਗੰਦਾ ਕਰਦਾ ਬੁੜ੍ਹਿਆ,’’ ਇੱਕ ਮੁੰਡੂ ਜਿਹੇ ਗੇਟ-ਮੈਨ ਨੇ ਜਿਵੇਂ ਅਪਣੇ ਢੰਗ ਦੀ ਗਾਲ੍ਹ ਕੱਢੀ ਹੋਵੇ। ”ਨਈਂ ਪਤਾ ਲੱਗਦਾ ਐਸ ਉਮਰੇ ਬੰਦੇ ਨੂੰ……ਸ਼ੁਕਰ ਕਰੋ ਬਚਾਅ ਹੋ ਗਿਆ…..,’’ ਕਰੀਬ ਕਰੀਬ ਉਸਦੀ ਹੀ ਉਮਰ ਦੇ ਇੱਕ ਰਾਹਗੀਰ ਨੇ ਸ਼ਾਇਦ ਉਸਦੀ ਮਨੋਦਸ਼ਾ ਤਾੜ ਲਈ ਸੀ।
ਸਾਹੋ-ਸਾਹ ਹੋਇਆ ਰਾਮ ਗੋਪਾਲ ਫਾਟਕ ਲੰਘ ਕੇ ਵੀ ਰੁਕਿਆ ਨਾ। ਸਾਹਮਣੇ ਵੱਡੀ ਸੜਕ ਸੀ। ਉਹ ਵੀ ਉਸਨੇ ਧੁੱਸ ਦਿੱਤੀ ਪਾਰ ਕਰ ਲਈ। ਕਿਹੜੀ ਮੋਟਰ ਗੱਡੀ ਊਸਨੂੰ ਲੰਘਦਾ ਕਰਨ ਲਈ ਰੁਕੀ ਸੀ ਜਾ ਹੌਲ਼ੀ ਹੋਈ ਸੀ, ਇਹ ਵੀ ਉਸਨੇ ਨਹੀਂ ਸੀ ਦੇਖੀ। ਇਧਰ ਪਾਸੇ ‘ਉਸਦਾ’ ਫਾਰਮ ਸੀ। ਸ਼ਾਮੇਂ ਲਾਹੌਰੀਏ ਤੋਂ ਖ਼ਰੀਦਿਆ ਵੀਹ ਕਿੱਲੇ ਦਾ ਚੌਰਸ ਟੱਕ। ਉੱਥੇ ਉਹ ਸਬਜ਼ੀ ਬੀਜਿਆ ਕਰਦਾ ਸੀ, ਹਰ ਤਰ੍ਹਾਂ ਦੀ ਹਰ ਰੁੱਤੇ। ਸਭ ਤੋਂ ਸੁੱਥਰੀ ਸੋਹਣੀ ਵੰਨਗੀ ਉਸਦੇ ਫਾਰਮ ਦੀ ਹੁੰਦੀ, ਤਜਰਬੇਕਾਰ ਅਗਈਂ ਸਨ ਉਸਨੇ ਕਰਿੰਦੇ। ਸ਼ਹਿਰ ਦੀ ਆਸ, ਆਸ-ਪਾਸ ਦੇ ਪਿੰਡਾਂ ਦੀ ਸਭ ਤੋਂ ਚੰਗੀ ਖ਼ਰੀਦਦਾਰੀ ਉਸਦੀ ਆੜ੍ਹਤ ਮੰਡੀਉਂ ਹੁੰਦੀ। ਹੁਣ…..ਹੁਣ ਰਹਿੰਦ ਖੂੰਹਦ ਤੋਰੀਆਂ-ਫਲੀਆਂ, ਕਾਣੇਂ-ਭੈਂਗੇ ਬੈਂਗਣ-ਟੀਂਡੇ, ਬਚੇ-ਖੁਚੇ ਆਲੂ-ਪਿਆਜ਼ ਹੀ ਉਸਦੇ ਆੜ੍ਹਤ ਅੱਡੇ ਲਈ ਬਚਿਆ ਕਰਨੇ ਸਨ। ਬਾਕੀ ਦੀ ਚੋਣਵੀਂ-ਚੁਗਵੀਂ ਹਰ ਸ਼ੈਅ ਵੱਡੇ ਸਟੋਰ ’ਤੇ ਪੁੱਜਿਆ ਕਰਨੀ ਸੀ ਪਹਿਲਾਂ। ਉਸਦੇ ਵੱਡੇ ਪੁੱਤਰ ਬਨਵਾਰੀ ਦੀ ਹਿੱਸੇਦਾਰੀ ਵਾਲੇ ਮਾਅਲ ’ਤੇ।
ਮਾਅਲ…..ਮੰਡੀ…..ਸਬਜ਼ੀ…..ਰਹਿੰਦ-ਖੂੰਹਦ! ਮਾਅਲ…..ਮੰਡੀ…..ਸਬਜ਼ੀ…..ਰਹਿੰਦ-ਖੂੰਹਦ!! ਉਸਨੇ ਜਿਵੇਂ ਰਟ ਹੀ ਫੜ ਲਈ ਸੀ।
ਥੋੜ੍ਹਾ ਕੁ ਹੋਰ ਅਗਾਂਹ ਲੰਘ ਕੇ ਉਸਦੇ ਵਾਹੋ-ਦਾਹੀ ਚਲਦੇ ਕਦਮ ਇੱਕ-ਦਮ ਜਾਮ ਹੋ ਗਏ। ਉਸਦੇ ਇੱਕ ਹੱਥ ਮੈਕਡੋਨਲਡ ਸੀ। ਉਸਦੇ ਸਬਜ਼ੀ ਫਾਰਮ ’ਤੇ ਉੱਸਰਿਆ ਮੈਕਡੋਨਲਡ-ਪਲਾਜ਼ਾ, ਗੇਟ ਵੜਦਿਆਂ ਹੀ ਫ਼ਨ-ਸਿਟੀ। ਕਈ ਸਾਰੇ ਨਿੱਕੇ-ਨਿੱਕੇ ਤਲਾਅ, ਕਿਸ਼ਤੀਆਂ, ਪੀਂਘਾਂ, ਸੀ-ਸਾਅ, ਪੰਘੂੜੇ। ਇਸਦੇ ਨਾਲ਼ ਲੱਗਦਾ ਵੱਡਾ ਵੱਡਾ ਲਾਅਨ-ਮਖ਼ਮਲੀ ਘਾਅ, ਫੁੱਲ-ਬੂਟੇ, ਬਿਰਖ਼-ਰੁੱਖ, ਰੰਗ-ਬਰੰਗ-ਰੌਸ਼ਨੀਆਂ, ਹਠ-ਖੇਲੀਆਂ ਕਰਦੇ ਫ਼ੁਹਾਰੇ। ਪਿਛਲੇ ਪਾਸੇ ਵੱਡੀ ਸਾਰੀ ਇਮਾਰਤ। ਖੁੱਲ੍ਹੀ-ਡੁੱਲ੍ਹੀ ਕੰਨਟੀਨ, ਮੀਟ-ਮੁਰਗੇ, ਨੂਡਲ-ਪੀਜ਼ੇ, ਫਾਸਟ-ਫੂਡਾਂ, ਚਟ-ਪਟੇ ਖਾਣਿਆਂ, ਆਈਸ ਕਰੀਮਾਂ ਸਮੇਤ ਅਨੇਕ ਤਰ੍ਹਾਂ ਦੇ ਠੰਡਿਆਂ-ਮਿੱਠਿਆਂ ਦਾ ਵੱਡਾ ਸਟੋਰ। ਇਹ ਬਨਵਾਰੀ ਨੇ ਉਸਦੀ ਸਲਾਹ ਨਾਲ਼ ਹੀ ਦਿੱਤਾ ਸੀ ਪਟੇ ’ਤੇ। ਥਾਂ ਮਾਲਕੀ ਉਸਦੀ ਅਪਣੀ ਹੀ ਸੀ। ਤਾਂ ਵੀ ਉਸਦੀ ਇਸਦੇ ਅੰਦਰ ਜਾਣ ਦੀ ਹਿੰਮਤ ਨਾ ਪਈ। ਉਸ ਨੂੰ ਲੱਗਾ, ਉਸਦੇ ਖੜ੍ਹਿਆਂ-ਖੜ੍ਹਿਆਂ ਸਾਰਾ ਸ਼ਹਿਰ ਹੀ ਜਿਵੇਂ ਉੱਲਰ ਕੇ ਇਸ ਦੇ ਅੰਦਰ ਜਾ ਵੜਿਆ ਹੋਵੇ। ਟੱਬਰਾਂ ਦੇ ਟੱਬਰ, ਬਾਲ-ਬੱਚਿਆਂ ਸਮੇਤ। ਕਰੀਬ-ਕਰੀਬ ਸਾਰੇ ਹੀ ਉਸਨੂੰ ਜਾਣਦੇ ਪਛਾਣਦੇ ਸਨ। ਕਈਆਂ ਨੇ ਉਸਨੂੰ ਸਾਬ੍ਹ-ਸਲਾਮ ਵੀ ਕੀਤੀ, ਪਰ ਉਸਨੇ ਕਿਸੇ ਨੂੰ ਮੋੜਵਾਂ ਹੁੰਗਾਰਾ ਨਾ ਭਰਿਆ। ਸੂਰਜ ਅਜੇ ਅੰਦਰ-ਬਾਹਰ ਹੀ ਸੀ। ਉਸਨੇ ਸ਼ਾਮ ਦੀ ਸੈਰ ਵੀ ਭੁੱਲ ਵਿਸਾਰ ਛੱਡੀ। ਉਹਨੀਂ ਪੈਰੀਂ ਉਹ ਪਿਛਾਂਹ ਪਰਤ ਆਇਆ। ਰਾਮਪੁਰ ਚੌਂਕ ਉਜਾੜ ਪਿਆ ਸੀ ਇੱਕ-ਦਮ। ਨਾ ਉੱਥੇ ਰੇੜ੍ਹੇ-ਛਾਬੇ, ਨਾ ਕੁਲਫ਼ੀ ਬਕਸੇ, ਨਾ ਛੋਲੇ-ਭਟੂਰੇ, ਨਾ ਉੱਬਲੇ ਆਂਡੇ। ਸਿਰਫ਼ ਇੱਕ ਹੱਥ ਰੇੜ੍ਹੀ ਖੜ੍ਹੀ ਸੀ ਇਕ ਪਾਸੇ ਜਿਹੇ ਨੂੰ। ਆਲੂ-ਪਿਆਜ ਰੱਖੀ। ਵੱਡੀ ਸੜਕ ਵਾਲੇ ਪਾਸੇ ਧਰਮਾਂ ਹਲਵਾਈ ਹੱਟੀਉਂ ਬਾਹਰ ਬੈਠਾ ਸੀ ਅਧੋਰਾਣੇ ਜਿਹੇ ਬੈਂਚ ’ਤੇ। ਉਸਦਾ ਤਵੀ-ਛਾਬਾ ਵੀ ਖ਼ਾਲੀ ਪਏ ਸਨ, ਬੁਝੂੰ-ਬੁਝੂੰ ਕਰਦੀ ਭੱਠੀ ਲਾਗੇ। ਕਿਸੇ ਸਮੇਂ ਇਸ ਦੁਕਾਨ ਦੀ ਗਾਹਕੀ ਥੱਮੀਂ ਨਹੀਂ ਸੀ ਜਾਂਦੀ। ਟਿੱਕੀਆਂ-ਸਮੋਸੇ ਵਾਰੀ ਸਿਰ ਮਿਲਦੇ ਸਨ ਪਾਲ ’ਚ ਖੜੋਕੇ। ਰਾਮ ਗੋਪਾਲ ਚੁੱਪ-ਚਾਪ ਉਸਦੇ ਲਾਗੇ ਆ ਬੈਠਾ। ਥੋੜ੍ਹਾ ਕੁ ਦਮ ਮਾਰਨ ਲਈ, ਸਾਹ ਪੱਧਰਾ ਕਰਨ ਲਈ।
”ਚਾਹ ਪੀਓਗੇ ਸ਼ਾਹ ਜੀ…..?’’ ਇਹ ਪੁੱਛ ਕੇ ਧਰਮੇਂ ਨੇ ਉਸਦੀ ਬਜ਼ੁਰਗੀ ਦਾ ਵੀ ਸਤਿਕਾਰ ਕੀਤਾ ਸੀ, ਵਪਾਰ-ਮੰਡਲੀ ਦੀ ਪ੍ਰਧਾਨਗੀ ਦਾ ਵੀ।
”ਚਾਹ ਨਈਂ ਬੱਸ ਪਾਣੀ…।’’ ਪਾਣੀ ਪੀਂਦਿਆਂ ਸਾਰ ਰਾਮ ਗੋਪਾਲ ਉਠ ਖਲੋਇਆ ਸੀ ਧਰਮੇਂ ਲਾਗਿਉਂ। ਇਸ ਤੋਂ ਵੱਧ ਉਹਨਾਂ ਕੋਈ ਬੋਲ ਸਾਂਝਾ ਨਹੀਂ ਸੀ ਕੀਤਾ। ਤਾਂ ਵੀ ਧਰਮੇਂ ਦੀ ਚਿਰ ਪਹਿਲੋਂ ਆਖੀ ਉਸਦੇ ਸਿਰ ’ਚ ਠਾਅ ਕਰਦੀ ਆ ਵੱਜੀ-”ਕਿਉਂ ਸਾਡੀ ਰੋਜ਼ੀ-ਰੋਟੀ ਖੋਹਣ ਲੱਗੇ ਓਂ ਸ਼ਾਹ ਜੀ….! ਤੁਆਡੇ ਹੈਸ ਮੈਕਡੋ ਨੇ ਸੌ-ਪੰਜਾਹ ਟੱਬਰ ਭੁੱਖਾ ਮਾਰ ਦੇਣਾ ਸਾਡਾ ਹਲਵਾਈਆਂ ਢਾਬੇ-ਆਲਿਆਂ ਦਾ।
ਅੰਤਿਕਾ -1
ਪਾਣੀ ਪੀ ਕੇ ਉੱਠ ਤੁਰੇ ਰਾਮ ਗੋਪਾਲ ਦਾ ਉੱਖੜਿਆ ਚਿੱਤ ਥੋੜ੍ਹਾ ਕੁ ਟਿਕਾਣੇ ਆਇਆ ਲੱਗਾ। ਖ਼ਾਲੀ-ਖ਼ਾਲੀ ਦਿਸਦਾ ਰਾਮਪੁਰ ਚੌਂਕ ਓਪਰਾ-ਓਪਰਾ ਤਾਂ ਲੱਗਾ, ਪਰ ਉਸਨੂੰ ਕੋਈ ਖ਼ਾਸ ਫ਼ਿਕਰਮੰਦੀ ਨਾ ਹੋਈ। ਖ਼ਾਸ ਛੱਡ ਕੇ ਆਮ ਜਿਹੀ ਵੀ ਨਾ ਹੋਈ। ਸਗੋਂ ਇਸ ਪੱਖੋਂ ਤਸੱਲੀ ਸੀ ਉਸਨੂੰ ਕਿ ਚੌਂਕ ਵਿਚਾਰੋਂ ਲਾਂਘੇ ਦੀ ਹੁਣ ਕੋਈ ਸਮੱਸਿਆ ਨਹੀਂ ਸੀ ਰਹੀ। ਇੱਕ-ਦੂਜੀ ’ਚ ਫਸੀਆਂ ਖੜ੍ਹੀਆਂ ਰੇੜ੍ਹੀਆਂ ਬੜੀ ਵੱਡੀ ਅੜਚਣ ਬਣੀਆਂ ਰਹਿੰਦੀਆਂ ਸਨ ਹਰ ਇਕ ਲਈ। ਕਾਰਾਂ-ਜੀਪਾਂ ਵਾਲੇ ਬਹੁਤੇ ਹੀ ਤੰਗ ਹੁੰਦੇ ਸਨ, ਬਾਜ਼ਾਰ ਨੂੰ ਆਉਾਂਦੇ-ਜਾਂਦੇ। ਹੁਣ ਠੀਕ-ਠਾਕ ਸੀ ਸਭ ਕੁੱਝ।
ਬੇ-ਹੱਦ ਆਰਾਮ ਨਾਲ਼ ਰਾਮਪੁਰ ਚੌਂਕ ਲੰਘਦੇ ਦੀ ਉਸਦੀ ਸੁਰਤੀ-ਬਿਰਤੀ ਮੰਡੀ ਚੌਂਕ ਨਾਲ਼ ਜਾ ਜੁੜੀ-‘ਓਥੋਂ ਦੀ ਚਹਿਲ-ਪਹਿਲ ਨੂੰ ਤਾਂ ਕੋਈ ਫ਼ਰਕ ਨਈਂ ਪਿਆ। ਓਥੋਂ ਦਾ ਰੌਣਕ ਮੇਲਾ ਤਾਂ ਕਈ ਗੁਣਾਂ ਹੋਰ ਵੀ ਵੱਧ ਗਿਆ ਸਗੋਂ। ਚਸ਼ਮਦੀਦ ਗਵਾਹ ਸੀ ਉਹ-ਪਹਿਲਾਂ ਮੰਡੀ ਨੂੰ ਜਾਂਦਾ ਕੱਚਾ ਰਾਹ ਪੱਕਾ ਹੋਇਆ, ਫਿਰ ਦੋਨੋਂ ਪਾਸੇ ਬੂਥ ਉਸਰ ਗਏ, ਇਸ ’ਤੇ। ਹੁਣ ਮੰਡੀ ਥੜ੍ਹਾ ਲੰਘ ਕੇ ਕਾਲੋਨੀਆਂ ਕੱਟ ਹੋ ਗਈਆਂ ਸੀ ਕਈ ਸਾਰੀਆਂ ਰਿਹਾਇਸ਼ੀ। ਅੱਧਿਉਂ ਵੱਧ ਸ਼ਹਿਰ ਓਧਰ ਪਾਸੇ ਖਿਸਕ ਗਿਆ ਸੀ। ਘੁਰਨੇ-ਘਰ ਛੱਡ ਕੇ ਲੋਕੀ ਕੋਠੀਆਂ-ਬੰਗਲੇ ਜਾ ਪਾਏ। ਓਧਰ ਗਿਆਂ ਨੂੰ ਚੀਜ਼ ਵਸਤ ਵੀ ਚਾਹੀਦੀ ਸੀ ਨਾ ਹਰ ਇੱਕ। ਖਾਣ-ਪੀਣ, ਪਹਿਨਣ-ਪਰਚਣ, ਸਬਜ਼ੀ-ਭਾਜੀ ਤੋਂ ਲੈ ਕੇ ਮੋਟਰ-ਗੱਡੀ ਤੱਕ ਦੀ ਹਰ ਇੱਕ ਚੀਜ਼ ਵਸਤ। ਚਾਹੀਦੀ ਕਿ ਨਈਂ ਚਾਹੀਦੀ!’ ਅਪਣੇ-ਆਪ ਨਾਲ਼ ਚੱਲਦੀ ਕਾਨਾਂਫੂਸੀ ਉਸਨੇ ਹੋਰ ਅੱਗੇ ਤੋਰ ਲਈ-‘ਹੁਣ ਰੋਜ਼-ਰੋਜ਼ ਕੇੜ੍ਹਾ ਤੁਰਿਆ ਰਹੂ ਐਧਰ ਸ਼ਹਿਰ ਵੰਨੀ ਨੂੰ! ਕੋਹ ਭਰ ਦੂਰ। ਬਾਜ਼ਾਰ ਤਾਂ ਆਖ਼ਿਰ ਬਣਨਾ ਈ ਸੀ ਨੇੜੇ ਤੇੜੇ। ਇੱਕ ਥਾਂ ਬਣ ਜਊ ਹੋਰ ਵੀ ਚੰਗਾ। ਥਾਂ-ਥਾਂ ਘੁੰਮਣ ਦਾ ਟੰਟਾ ਮੁੱਕੂ। ਕਿਸੇ ਨਾ ਕਿਸੇ ਨੇ ਤਾਂ ਕਰਨਾ ਈ ਸੀ ਏਹ ਕੰਮ। ਬਨਵਾਰੀ ਨੇ ਕਰ ਲਿਆ ਬਾਹਲਾ ਈ ਖ਼ਰਾ ਹੋਇਆ। ਮਾਣ-ਤਾਣ ਵਧਿਆ ਹੋਰ ਵੀ। ਵਣਜ-ਵਪਾਰ ’ਚ ਤਾਂ ਐਉਂ ਈ ਚੱਲਦਾ। ਮੌਕਾ ਸਾਂਭਣ ਦੀ ਗੱਲ ਹੁੰਦੀ ਆ। ਜੇੜ੍ਹਾ ਸਾਂਭ ਗਿਆ, ਉਹ ਖੱਟ ਗਿਆ। ਕਿਤੇ ਨਈਂ ਮਰ ਚੱਲੇ ਐਥੋਂ ਆਲੇ ਦੁਕਾਨਦਾਰ। ਇਹਨਾਂ ਦੀ ਪ੍ਰਾਲਭਦ ਇਹਨਾਂ ਦੀ ਰਹਿਣੀ। ਮਹਿੰਗਾ ਸੂੰਹ, ਬਚਨ ਕੌਰ ਵੀ ਐਮੇਂ ਰੋਈ-ਪਿੱਟੀ ਜਾਂਦੇ ਆ। ਥਾਂ ਤਾਂ ਆਖ਼ਿਰ ਚਾਹੀਦੀ ਈ ਚਾਹੀਦੀ ਸੀ ਢੁਕਵੀਂ ਜੇਈ। ਐਡਾ ਵੱਡਾ ਸਟੋਰ ਬਣਨਾ। ਸਟੋਰ ਜਿਸਨੂੰ ਮਾਅਲ ਕਿਹਾ ਸੀ ਬੀਬੀ ਮੰਤਰੀ ਨੇ।’’
ਅੰਤਿਕਾ -2
ਪਾਣੀ ਪੀ ਕੇ ਉੱਠ ਤੁਰਿਆ ਰਾਮ ਗੋਪਾਲ ਥੋੜ੍ਹਾ ਵੀ ਸਹਿਜ ਨਹੀਂ ਸੀ ਹੋਇਆ। ਉਸਨੂੰ ਲੱਗੀ ਅੱਚੋਆਈ ਹੋਰ ਵੀ ਤਲਖ਼ ਰੂਪ ਧਾਰਨ ਕਰਦੀ ਗਈ। ਉਹ ਖਿਝੀ ਕੁੜ੍ਹੀ ਜਾ ਰਿਹਾ ਸੀ ਅੰਦਰੋਂ-ਅੰਦਰ-‘ਕਿ, ਉਸਦੇ ਫਾਰਮ ’ਤੇ ਖੁੱਲ੍ਹੇ ਫੂਡ-ਪਲਾਜੇ ਨੇ ਤਾਂ ਸੌ-ਪੰਜਾਹ ਹਲਵਾਈਆਂ, ਢਾਬੇ-ਵਾਲਿਆਂ ਨੂੰ ਹੀ ਹੱਥਲ ਕੀਤਾ ਸੀ। ਉਹਨਾਂ ਦੀ ਰੋਜ਼ੀ-ਰੋਟੀ ਜੇ ਸਾਰੀ ਨਈਂ ਤਾਂ ਅੱਧਿਉਂ ਵੱਧ ਜ਼ਰੂਰ ਖੋਹ ਲਈ ਸੀ। ਤੇ ਹੁਣ…..ਹੁਣ ਖਾਣ-ਪੀਣ, ਪਹਿਨਣ-ਪਰਚਣ ਤੋਂ ਲੈ ਕੇ ਮੋਟਰਾਂ-ਗੱਡੀਆਂ ਤੱਕ ਦਾ ਸਾਜ਼ੋ-ਸਮਾਨ ਰੱਖਣ ਵਾਲੀ ਇਕੋ ਛੱਤ ਨੇ ਤਾਂ ਉਸਦੀ ਪ੍ਰਧਾਨਗੀ ਵਾਲਾ ਬਾਜ਼ਾਰ ਹੀ ਸਾਰਾ ਹਿਲਦਾ ਕਰ ਦੇਣਾ ਸੀ। ਛੋਟੀ-ਮੋਟੀ ਵੇਚ-ਵਟਕ ਕਰਕੇ ਬਾਲ-ਬੱਚੇ ਪਾਲਦੇ ਸੈਂਕੜੇ ਦੁਕਾਨ-ਮਾਲਕਾਂ, ਉਹਨਾਂ ਦੇ ਨੌਕਰਾਂ-ਚਾਕਰਾਂ ਦੇ ਮੂੰਹਾਂ ’ਚੋਂ ਪਈ ਬੁਰਕੀ ਤੱਕ ਵੀ ਖੋਹੀ ਜਾਣੀ ਸੀ ਇਉਂ ਤਾਂ…..।’
ਧਰਮੇ ਦੀ ਹਾਲਤ ਦੇਖ ਕੇ ਉਸਦੀ ਚਿੰਤਾ ਚਿਖ਼ਾ ਦੀ ਹੱਦ ਤੱਕ ਭਖ਼ ਪਈ। ਮਹਿੰਗਾ ਸਿੰਘ-ਬਚਨ ਕੌਰ ਨਾਲ਼ ਹੋਈ ਬੀਤੀ ਨੇ ਪਹਿਲੋਂ ਹੀ ਉਸਨੂੰ ਜੀਣ ਜੋਗਾ ਨਹੀਂ ਸੀ ਛੱਡਿਆ। ਅੱਧ-ਮੋਇਆ ਕਰ ਛੱਡਿਆ ਸੀ ਉਸਨੂੰ।
ਉਸਦਾ ਜੀਅ ਕੀਤਾ, ਉਹ ਕਿਧਰੇ ਘੜੀ-ਪਲ ਲਈ ਬੈਠ ਜਾਏ। ਕਿਸੇ ਵੀ ਬੈਂਚ-ਕੁਰਸੀ ’ਤੇ। ਸਾਰੇ ਤਾਂ ਉਸਦੇ ਵਾਕਿਫ਼ ਸਨ, ਪਰ ਉਸਦਾ ਮਨ ਨਾ ਮੰਨਿਆ। ਉਸਦੀ ਪੈੜ-ਚਾਲ ਸਗੋਂ ਤਿੱਖੀ ਹੋ ਗਈ। ਵਿਚ ਵਾਰ ਉਸਦੇ ਡੋਲਦੇ-ਡੁਲਕਦੇ ਕਦਮ ਉੱਖੜਦੇ ਵੀ ਰਹੇ। ਉਹ, ਹਿੰਮਤ ਕਰਕੇ ਸੰਭਲਦਾ ਰਿਹਾ। ਚਲਦੇ-ਤੁਰਦੇ ਨੂੰ ਉਸਨੂੰ ਲੱਗਾ ਕਿ, ਅਪਣੇ ਘਰ ਵੱਲ ਨੂੰ ਜਾਂਦਾ ਉਹ ਇਕੱਲਾ ਨਹੀਂ ਹੈ। ਮਹਿੰਗਾ ਸਿੰਘ-ਬਚਨ ਕੌਰ-ਧਰਮਾਂ ਵੀ ਉਸਦੇ ਨਾਲ਼-ਨਾਲ਼ ਜਾਂਦੇ ਹਨ ਅੱਗੜ-ਪਿੱਛੜ। ਉਸਨੇ ਉਹਨਾਂ ਤਿੰਨਾਂ ਨੂੰ ਵਾਰੀ-ਵਾਰੀ ਬੁਲਾਇਆ ਵੀ। ਮਹਿੰਗਾ ਸਿੰਘ ਨੂੰ ’ਵਾਜ਼ ਮਾਰੀ ਉੱਚੀ ਦੇਣੀ। ਉਸਦੀ ਇਹ ਆਵਾਜ਼ ਤੁਰਦੇ-ਲੰਘਦੇ ਕਈਆਂ ਨੇ ਸੁਣੀ, ਪਰ ਹਰ ਕਿਸੇ ਨੇ ਉਸਨੂੰ ਸਿਆਣਾ ਸਰੀਰ ਸਮਝ ਕੇ ਅਣਗੌਲਿਆ ਕਰ ਛੱਡਿਆ।
ਅਪਣੇ ਘਰ ਦਾ ਮੋੜ ਮੁੜਦੇ ਦੀ ਉਸਦੀ ਪੈੜਚਾਲ ਹੋਰ ਵੀ ਉੱਖੜ ਗਈ। ਇਸ ਵਾਰ ਉਸਨੂੰ ਜਾਪਿਆ ਕਿ ਉਸਨੂੰ ਇੱਕ ਮੋਢਿਉਂ ਬਨਵਾਰੀ ਨੇ ਫੜਿਆ ਹੋਇਆ, ਦੂਜੇ ਪਾਸਿਉਂ ਜਸਕਰਨ ਨੇ। ਦੋਨੋਂ ਜਿਵੇਂ ਉਸਨੂੰ ਫੜ-ਸੰਭਾਲ ਕੇ ਘਰ ਤੱਕ ਪੁੱਜਦਾ ਕਰਨ ਤੁਰੇ ਹੋਣ। ਉਸਨੂੰ ਉਹਨਾਂ ਦੀ ਇਹ ਹਰਕਤ ਹੋਰ ਵੀ ਖਿੱਝਦਾ ਕਰ ਗਈ। ਉਸਦਾ ਪਾਰਾ ਜਿਵੇਂ ਅੱਧ-ਅਸਮਾਨੇ ਜਾ ਚੜ੍ਹਿਆ। ਉਹਨਾਂ ਤੋਂ ਬਾਹਾਂ-ਮੋਢੇ ਛਡਵਾਉਣ ਵਰਗੀ ਝੁਣਝੁਣੀ ਲੈਂਦਿਆਂ ਉਸਨੇ ਇੱਕ ਜ਼ੋਰਦਾਰ ਭਬਕ ਮਾਰੀ-” ਕਿਉਂ ਫੜਿਆ ਮੈਨੂੰ! ਤੁਸੀਂ ਹੱਥ ਈ ਕਿਉਂ ਲਾਇਆ ਮੈਨੂੰ, ਏ ਗੱਲ ਆ….। ਕੰਜਅਰ…..ਹਰਾਮਖ਼ੋਰ…..ਠਅਗ ਕਿਸਏ ਥਾਂਆਂ ਦੇਏ। ਏ ਗੱਅਲ ਆ ਅਗ ਜਓ…..ਮੇਅ……ਲਾ…..।’’ ਅਗਲੇ ਹੀ ਪਲ਼ ਉਸਦੀ ਕੰਬਦੀ-ਥਰਕਦੀ ਜੀਭ ਅੰਦਰ ਵੱਲ ਨੂੰ ਸੂਤੀ ਗਈ। ਉਸਦੇ ਮੂੰਹ ’ਚੋਂ ਵਗ ਤੁਰੀ ਚਿੱਟੀ ਝੱਗ ਨੇ ਉਸਦੀ ਬਾਕੀ ਦੀ ਗਾਲ੍ਹ ਪੂਰੀ ਨਾ ਹੋਣ ਦਿੱਤੀ। ਇਹ ਉਸਦੇ ਅੰਦਰ ਹੀ ਕਿਧਰੇ ਦੱਬੀ-ਘੁੱਟੀ ਗਈ।
ਸਾਹਮਣੇ, ਘਰ ਦੇ ਬਾਹਰਲੇ ਦਰਵਾਜ਼ੇ ’ਚ ਖੜ੍ਹਾ ਬਨਵਾਰੀ ਪਿਉ ਦੀ ਚੀਕ ਵਰਗੀ ਆਵਾਜ਼ ਸੁਣ ਕੇ ਉਸ ਵੱਲ ਨੂੰ ਦੌੜ ਆਇਆ। ਅਪਣੀ ਵੱਲੋਂ ਤਾਂ ਉਸਨੇ ਰਤਾ ਭਰ ਵੀ ਢਿੱਲ ਨਾ ਕੀਤੀ, ਪਰ ਉਸਦੇ ਪੁੱਜਦੇ-ਕਰਦੇ ਰਾਮ ਗੋਪਾਲ ਲੁੜ੍ਹਕ ਗਿਆ ਸੀ ਇੱਕ ਪਾਸੇ ਨੂੰ। ਗੁੱਛਾ ਜਿਹਾ ਬਣਿਆ, ਡਿੱਗ ਚੁੱਕਾ ਸੀ ਪੱਕੀ ਗਲੀ ’ਚ।……ਬੇ-ਤਹਾਸ਼ਾ ਹਿੱਲਦੇ ਤੜਫ਼ਦੇ ਰਾਮ ਗੋਪਾਲ ਨੂੰ ਬਨਵਾਰੀ ਨੇ ਸਾਂਭ ਵੀ ਲਿਆ। ਉਸਦਾ ਪੱਕੀ ਥਾਂ ਡਿੱਗਿਆ ਸਿਰ ਗੋਦੀ ’ਚ ਰੱਖ ਵੀ ਲਿਆ ਚੁੱਕ ਕੇ, ਪਰ ਉਸਦਾ ਵਿਗੜਿਆ ਡਰਾਉਣਾ ਚਿਹਰਾ ਦੇਖਦਾ ਬਨਵਾਰੀ ਆਪ ਹੀ ਜਿਵੇਂ ਮਿੱਟੀ ਹੋ ਗਿਆ ਸੀ। ਬੇ-ਹਿਸ ਹੋਏ ਦੀ ਉਸਦੀ ਅਪਣੀ ਵੀ ਲੇਅਰ ਨਿਕਲ ਗਈ।
ਪਲਾਂ-ਛਿਨਾਂ ’ਚ ਸਾਰਾ ਆਂਢ-ਗੁਆਂਢ ਰਾਮ ਗੋਪਾਲ ਦੀ ਚੱਕ ਸੰਭਾਲ ਲਈ ਆ ਜੁੜਿਆ, ਪਰ ਉਸਦੀਆਂ ਤਾੜੇ ਲੱਗੀਆਂ ਅੱਖਾਂ ਕਿਸੇ ਵੱਲ ਵੀ ਨਹੀਂ ਸੀ ਦੇਖ ਸਕੀਆਂ। ਅਗਲੇ ਹੀ ਪਲ਼ ਉਸਦੀ ਆਖ਼ਰੀ ਹਿੱਚਕੀ ਨੇ ਉਸਦੇ ਫੇਲ੍ਹ ਹੋ ਗਏ ਦਿਲ ਦੀ ਪੁਸ਼ਟੀ ਕਰ ਦਿੱਤੀ ਸੀ।
ਅਗਲੇ ਦਿਨ ਢਲਦੀ ਦੁਪਹਿਰ ਤੱਕ ਉਸਦੀ ਫੂੜ੍ਹੀ ’ਤੇ ਗੋਡਾ ਟੇਕਣ ਆਏ ਹਰ ਕਿਸੇ ਨੇ ਰਾਮ ਗੋਪਾਲ ਲਈ ਤਾਂ-ਹਰ ਇਕ ਦਾ ਹਮਦਰਦ, ਨੇਕ-ਦਿਲ ਇਨਸਾਨ, ਧਰਮਾਤਮਾਂ ਪੁਰਸ਼, ਦੇਵਤਾ-ਸਰੂਪ, ਅਲਾਹੀ-ਰੂਹ ਵਰਗੇ ਨਫ਼ੀਸ, ਸ਼ਾਨਦਾਰ ਤੇ ਆਹਲਾ ਸ਼ਬਦ ਵਰਤੇ ਹੀ ਵਰਤੇ, ਪਰ ਨਾਲ਼ ਹੀ ਉਸਦੇ ਵੱਡੇ ਪੁੱਤਰ ਬਨਵਾਰੀ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣੋਂ ਵੀ ਕੋਈ ਪਿੱਛੇ ਨਾ ਰਿਹਾ। ਉਹਨਾਂ, ਉਸਦੇ ਨਿੱਘੇ ਸੁਭਾਅ ਦਾ, ਮਿਲਾਪੜੇ ਹੋਣ ਦਾ, ਰਾਮ ਗੋਪਾਲ ਦਾ ਸਰਵਣ-ਪੁੱਤ ਬਣਿਆ ਰਹਿਣ ਦਾ ਗੁੱਡਾ ਵੀ ਰੱਜ ਕੇ ਬੰਨਿ੍ਹਆ ਅਤੇ ਉਸਦੀ ਕਾਰੋਬਾਰੀ ਚੜ੍ਹਤ, ਵੱਡੀਆਂ ਵਪਾਰਕ ਕੰਪਨੀਆਂ ਨਾਲ਼ ਉਸਦੀ ਸਾਂਝ-ਭਿਆਲੀ ਦੇ ਕਿੱਸੇ ਉਭਾਰਨ ਵਿੱਚ ਵੀ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਸੀ ਵਰਤੀ। ਧਰਮੇ ਨੇ ਵੀ ਨਹੀਂ।
ਸਿਰਫ਼ ਇੱਕ ਜੋੜੀ ਸੀ, ਮਹਿੰਗਾ ਸਿੰਘ-ਬਚਨ ਕੌਰ ਦੀ, ਜਿਹੜੀ ਸੋਗੀ ਸੱਥ ’ਚ ਬੈਠੀ ਵੀ ਅਪਣੇ ਅੰਦਰਲੇ ਸੱਚ ਨੂੰ ਬਾਹਰ ਆਉਣੋਂ ਨਹੀਂ ਸੀ ਰੋਕ ਸਕੀ। ਬਚਨ ਕੌਰ ਤਾਂ ਖ਼ੈਰ ਚੁੱਪ ਹੀ ਰਹੀ, ਪਰ ਮਹਿੰਗਾ ਸਿੰਘ ਨੇ ਰਾਮ ਗੋਪਾਲ ਨਾਲ਼ ਨਿੱਭਦੀ ਰਹੀ ਵਰਿ੍ਹਆਂ ਦੀ ਸਾਂਝ ਦਾ ਜ਼ਿਕਰ ਕਰਦੇ ਨੇ ਸਭ ਦੇ ਸਾਹਮਣੇ ਆਖ ਦਿੱਤਾ ਸੀ, ਬੇ-ਝਿਜਕ ਹੋ ਕੇ-”ਬਨਵਾਰੀ ਪੁੱਤਰਾ……ਬਾਪ ਤੇਰਾ ਦਿਲ ’ਤੇ ਲਾ ਬੈਠਾ ਹੱਟੀਆਂ ਦੇ ਉਜਾੜੇ ਆਲੀ ਗੱਲ ਨੂੰ…..ਬੜਾ ਨਫ਼ੀਸ ਬੰਦਾ ਸੀ ਉਹ…..ਦਿਲ ਦਾ ਸਾਫ਼….ਅੰਦਰੋਂ-ਬਾਹਰੋਂ ਇੱਕ। ਉਹ…..ਉਦ੍ਹੇ ਅਰਗਾ ਬਣ ਕੇ ਦੱਸੇ ਖਾਂ ਕੋਈ!…..ਮੈਨੂੰ ਈ ਪਤਆ ਉਹ ’ਤੇ ਕੀ ਬੀਤੀ ਸੀਈ ਮੇਰੀ ਅਲਾਂ ਦੇਖ ਕੇ।……ਬਨਵਾਰੀ ਸਿਆਂ, ਮੈਂ ਤਾਂ…..ਮੈਂ ਤਾਂ ਉੱਜੜਿਅ ਈ ਉੱਜੜਿਆ ਸੀ……ਤੇਰੇ ਆਲਾ ਕੰਪਨੀ ਸਟੋਰ ਉਨੂੰ ਵੀ ਨਿਗਲ ਗਿਆ ਲਗਦਾ। ਪੱਕੀ ਗੱਲ ਆ ਏਹ…..। ਨਈਂ…..ਊਂ ਨਈਂ ਸੀ ਜਾਣ ਆਲਾ ਐਨੀ ਛੇਤੀ, ਉਹ……!!

ਲਾਲ ਸਿੰਘ
ਅਪਣੇ ਪਹਿਲੇ ਹੀ ਕਹਾਣੀ ਸੰਗ੍ਰਹਿ 'ਮਾਰਖੋਰੇ' ਤੋਂ ਪੰਜਾਬੀ ਕਹਾਣੀ ਵਿਚ ਵੱਖਰੀ ਛਾਪ ਛੱਡਣ ਵਾਲੇ ਲਾਲ ਸਿੰਘ ਦੇ ਹੁਣ ਤੱਕ 6 ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। ਹੁਣੇ ਹੁਣੇ ਆਏ ਉਹਦੇ ਨਵੇਂ ਕਹਾਣੀ ਸੰਗ੍ਰਹਿ 'ਗੜੀ ਬਖਸ਼ਾ ਸਿੰਘ' ਵਿਚਲੀਆਂ ਸਾਰੀਆਂ ਹੀ ਕਹਾਣੀਆਂ ਚਰਚਾ ਵਿਚ ਹਨ। ਲਾਲ ਸਿੰਘ ਲਈ ਕਹਾਣੀ ਲੇਖਨ ਸ਼ੌਕ ਨਹੀਂ, ਖਬਤ ਹੈ। ਅਪਣੀਆਂ ਕਹਾਣੀਆਂ ਵਿਚ ਅਤੀਤ, ਵਰਤਮਾਨ ਅਤੇ ਭਵਿੱਖ ਦੇ ਆਰ-ਪਾਰ ਦੇਖਣ ਲਈ ਉਹਦੇ ਕੋਲ ਪ੍ਰਗਤੀਵਾਦੀ ਨਜ਼ਰੀਆ ਹੈ। 'ਹੁਣ' ਪਹਿਲੀ ਵਾਰੀ ਉਹਦੀ ਕਹਾਣੀ ਛਾਪਣ ਦੀ ਖੁਸ਼ੀ ਲੈ ਰਿਹਾ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!