ਜੀਣ ਜੋਗਾ – ਗੁਰਸੇਵਕ ਸਿੰਘ ਪ੍ਰੀਤ

Date:

Share post:

”ਬੰਧੂ … ਮੈਂ ਵਕਤ ਬੋਲ ਰਹਾ ਹੂੰ … ਮੈਂ ਸਰਬਸ਼ਕਤੀਮਾਨ… ਮੈਂ ਸਰਬਵਿਆਪਕ। ਪਰ ਬੰਧੂ ਕੁਸ਼ ਸਮੇਂ ਸੇ ਮੈਂ ਖੁਦ ‘ਵਕਤ ਮੇਂ ਪੜਾ ਹੂਆ’ ਥਾ… ਵੋਹ ਬੀ ਸਿਰਫ ਏਕ ਅਦਨੇ ਸੇ ਆਦਮੀ ਕੇ ਕਾਰਨ… ਆਦਮੀ ਬੀ ਕਿਆ, ਤੀਨ ਮੇਂ ਨਾਂ ਤੇਰਾਂ ਮਂੇ… ਪਰ ਆਜ ਮੇਰੀ ਜੀਤ ਹੋਨੇ ਜਾ ਰਹੀ ਹੈ … ਹਾਂ ਹਾਂ… ਜਬ ਮੈਂ ਆਪਕੋ ਪੂਰੀ ਬਾਤ ਬਤਾ ਦੂੰਗਾ ਤੋ ਆਪ ਜੀ ਅਵੱਸ਼ ਮੇਰੀ ਉਤਸੁਕਤਾ ਵ ਖੁਸ਼ੀ ਜਾਨ ਜਾਓਗੇ… ਹਾਂ ਤੋ ਬੰਧੂ … ਵੋ ਦੇਖੋ ਉਸ ਆਦਮੀ ਕੇ ਘਰ ਮੇਂ…’’
ਇੰਦਰ ਸਿੰਘ ਖੱਤਰੀ ਦੇ ਘਰ ਚੀਕ ਚਿਹਾੜਾ ਮੱਚਿਆ ਹੋਇਆ। ਸਾਰਾ ਪਿੰਡ ਉਥੇ ਜੁੜਿਆ ਬੈਠਾ। ਉਸ ਕੋਲ ਬੈਠੇ ਸਿਆਣੀ ਉਮਰ ਦੇ ਬੰਦੇ ‘ਵੱਡੇ’ ਦੁੱਖਾਂ ਦੀਆਂ ਕਹਾਣੀਆਂ ਪਾ ਕੇ ਉਹਦੇ ਦੁੱਖ ਨੂੰ ‘ਛੋਟਾ’ ਕਰਨ ਦਾ ਯਤਨ ਕਰ ਰਹੇ ਨੇ। ਪਰ ਪੱਥਰ ਬਣਿਆ ਬੈਠਾ ਇੰਦਰ ਨਾ ਹੁੰਗਾਰਾ ਭਰਦਾ, ਨਾ ਕਿਸੇ ਵੱਲ ਝਾਕਦੈ। ਸਗੋਂ ਅੱਖ ਬਚਾ ਕੇ ਹੋਰ ਪਾਸੇ ਝਾਕਣ ਲੱਗ ਜਾਂਦੈ। ਉਹ ਨੀਵੀਂ ਪਾਈ ਬੈਠਾ ਕਦੇ ਮੱਥੇ ’ਤੇ ਹੱਥ ਰੱਖਦੈ ਤੇ ਕਦੇ ਅੱਖਾਂ ਬੰਦ ਕਰਕੇ ਕੰਧ ਨਾਲ ਢਾਸਣਾ ਲਾਉਂਦੈ।
‘… ਮੌਤ ਮੂਹਰੇ ਕੋਈ ਜੋਰ ਨੀਂ ਭਾਈ… ਦਰਿਆ ਨੂੰ ਡਿੰਘ ਨਾਲ ਟੱਪਣ ਆਲਾ ਸ਼ਿੰਦਾ ਭੋਰਾ ਭਰ ਨਹਿਰ ’ਚ ਡਿੱਗ ਕੇ ਮਰ ਗਿਆ… ਗੱਲ ਸਮਝ ਨੀਂ ਆਈ …।’
‘ਓ ਨਹੀਂ, ਡਿੱਗਣ ਨੂੰ ਉਹ ਕਿਤੇ ਨਿਆਣਾ ਸੀ … ਡਿੱਗਿਆ ਨਹੀਂ… ਆਪੇ ਛਾਲ ਮਾਰੀ ਹੋਊ … ਤੈਨੂੰ ਮੈਂ ਦੱਸਾਂ।’
‘ਲੈ ਦੱਸਣ ਨੂੰ ਤਾਂ ਤੂੰ ਹੈਂਗਾ ਵੱਡਾ ਸੀਐਡੀ ਆਲਾ… ਆਪੇ ਮਰਨ ਨੂੰ ਕੀਹਦਾ ਜੀਅ ਕਰਦੈ ਓਏ… ਨਾਲੇ ਤੂੰ ਮਰਜੇਂਗਾ, ਪਾਂਅ ਖਾਧਿਆ ਜਿਹਿਆ… ਇਹ ਤਾਂ ਕਿਸੇ ਨੇ ਦੁਸ਼ਮਣੀ ਕੱਢੀ ਆ… ਦੇਖਲੀਂ ਕਤਲ ਨਿਕਲੂ ਕਤਲ…।’
‘ਚੁੱਪ ਕਰੋ ਓ ਕੰਜਰੋ… ਕੋਈ ਵੇਲਾ ਕੁਵੈਲਾ ਵੀ ਵੇਖ ਲਿਆ ਕਰੋ… ਐਵੀਂ ਭਕਾਈ ਮਾਰੇ ਜਾਨੇ ਓਂ…।’ ਬਾਬਾ ਕੈਲਾ ਬੋਲਿਆ।
ਬੁੜੀਆਂ ਕੀਰਨੇ ਪਾ ਰਹੀਆਂ ਨੇ।
ਕਈ ਦਿਨਾਂ ਦੇ ਲਾਪਤਾ ਹੋਏ ਸ਼ਿੰਦੇ ਦੀ ਲਾਸ਼ ਹੁਣ ਸਰਕਾਰੀ ਹਸਪਤਾਲ ’ਚ ਪੋਸਟ ਮਾਰਟਮ ਲਈ ਪਈ ਆ। ਸੱਠਾਂ ਨੂੰ ਢੁੱਕੇ ਇੰਦਰ ਦਾ ਇਕੋ ਇਕ ਆਸਰਾ ਸੀ ਉਸਦਾ ਪੁੱਤਰ ਸ਼ਿੰਦਾ।
‘ਦੁੱਖ ਦਾ ਗੋਲਾ ਕਾਲਜੇ ’ਤੇ ਬਹਿ ਗਿਆ ਭਾਈ ਇੰਦਰ ਸਿਓਂ ਦੇ ਤਾਂ… ’ਸਾਨ ਮਾਰੇ ਜਾਂਦੇ ਨੇ, ਜਵਾਨ ਪੁੱਤ ਦੀ ਮੌਤ ਕਿਤੇ ਛੋਟੀ ਗੱਲ ਆ… ਪਰ ਰੋਏ ਬਿਨਾਂ ਦਿਲ ਹੌਲਾ ਨੀਂ ਹੋਣਾ… ਊਂ ਡਮਾਕ ਹਿੱਲ ਜੂ… ਐਹਨੂੰ ਕਹੋ ਭਾਈ ਗੱਲਾਂ ਕਰੇ… ਜੀ ਹੌਲਾ ਹੋ ਜੂ।’ ਛਿੰਦੋ ਨੈਣ ਬੋਲੀ।
‘ਬੰਦੇ ਦੇ ਕੀ ਵੱਸ ਆ ਭਾਈ… ਸਬਰ ਕਰੋ… ਹੁਣ ਓਦੀ ਮਿੱਟੀ ਕਿਊਂਟਣ ਬਾਰੇ ਸੋਚੋ…।’ ਨੰਬਰਦਾਰ ਨੇ ਬੰਦਿਆਂ ਵੱਲ ਝਾਕਦਿਆਂ ਗੱਲ ਬਦਲੀ।
ਪਿੰਡ ਵਾਲੇ ਸ਼ਿੰਦੇ ਦੇ ਪੋਸਟ ਮਾਰਟਮ ਲਈ ਹਸਪਤਾਲ ਪਹੁੰਚੇ ਤਾਂ ਇੰਦਰ ਨੇ ਬੁਸੀ ਜਿਹੀ ਆਵਾਜ਼ ’ਚ ਕੋਲ ਖੜੇ ਸਰਪੰਚ ਨੂੰ ਪੁੱਛਿਆ ‘… ਸਰੀਰ ਪੂਰਾ ਸੀ ਸ਼ਿੰਦੇ ਦਾ…।’
.. ਹਾਂ, ਬਾਈ ਪੂਰਾ ਸੀ… ਬੱਸ ਫੁਲ ਗਿਆ… ਰੰਗ ਕਾਲਾ ਹੋ ਗਿਆ, ਪਾਣੀ ’ਚ ਪਿਆ ਰਹਿਣ ਕਰਕੇ ਹੋ ਜਾਂਦੈ…।’ ਸਰਪੰਚ ਬੋਲਿਆ। ਸੁਣਦਿਆਂ ਹੀ ਇੰਦਰ ਹੋਰ ਭਵੰਤਰ ਗਿਆ। ਗੁੰਮ-ਸੁੰਮ ਜਿਹਾ ਆਸੇ-ਪਾਸੇ ਲੁਕਵਾਂ ਝਾਕਦਾ ਪਰ੍ਹਾਂ ਖੜੀ ਟਾਹਲੀ ਹੇਠ ਲੋਕਾਂ ਵੱਲ ਪਿੱਠ ਕਰਕੇ ਬਹਿ ਗਿਆ।
‘ਲੈ ਬਈ, ਇੰਦਰ ਤਾਂ ਚਾਰ ਦਿਨ ਨੀਂਅ ਕੱਟਦਾ… ਲਿਖਾ ਲੋ ਮੈਥੋਂ…।’ ਚੌਂਕੀਦਾਰ ਲਾਭਾ ਚੁੱਚੀਆਂ ਅੱਖਾਂ ਮਲਦਾ ਬੋਲਿਆ।
‘ਜੱਗ ’ਚੋਂ ਈ ਸੀਰ ਮੁੱਕ ਗਿਆ… ਕਾਹਦਾ ਜਿਓਣ ਆ ਭਾਈ…।’ ਦੇਸ ਰਾਜ ਨੇ ਹੁੰਗਾਰਾ ਭਰਿਆ।
‘ਆਖਰ ਬੰਦੈ ਰੱਬ ਤਾਂ ਨਈਂ… ਸਭ ਕਰਮਾਂ ਦੀ ਖੇਡ ਆ…।’ ਗਿਆਨੀ ਹਰਨਾਮ ਸਿੰਘ ਨੇ ਪਰਨਾ ਛੰਡਦਿਆਂ ਆਖਿਆ।
ਪੂਰੇ ਪਿੰਡ ਨੇ ਸ਼ਿੰਦੇ ਦੀ ਮੌਤ ’ਤੇ ਦੁੱਖ ਮਨਾਇਆ। ਕਿਸੇ ਚੁੱਲੇ ਅੱਗ ਨੀਂ ਪਾਈ, ਪਰ ਇੰਦਰ ਦੀ ਅੱਖ ’ਚੋਂ ਹਿੰਝ ਨਾ ਡਿੱਗੀ।
” ਅਰੇ ਬੰਧੂ ਯਹੀ ਤੋਂ ਮੈਂ ਚਾਹਤਾ ਹੂੰ … ਇੰਦਰ ਸੀਂਘ ਨਾ ਰੋਏ … ਮੈਂ… ਮੈਂ ਮਹਾਂਬਲੀ ਵਕਤ ਨੇ ਬੜੀ ਬੜੀ ਸਲਤਨਤੋਂ ਕੋ ਖਾਕ ਕਰ ਦੀਆ… ਯੇ ਬਿਚਾਰਾ ਇੰਦਰ ਸੀਂਘ ਤੋਂ ਕਿਸ ਖੇਤ ਕੀ ਮੂਲੀ ਹੈ… ਇਬ ਯੇ ਖਤਮ ਹੋ ਰੀਆ ਹੈ… ਧੀਰੇ ਧੀਰੇ… ਬੱਸ ਆਪ ਜੀ ਦੇਖਤੇ ਜਾਓ… ਯੇ ਜੀਨਾ ਛੋੜੇ ਤੋ ਮੈਂ ਆਗੇ ਚਲੂੰ… ਵਕਤ ਹੂੰ ਨਾ

ਇੰਦਰ ਸਿੰਘ ਦਾ ਟੱਬਰ ਵੰਡ ਵੇਲੇ ਪਾਕਿਸਤਾਨੋਂ ਆਇਆ ਸੀ। ਕਾਫਲੇ ਨਾਲ ਤੁਰੇ ਆਉਂਦਿਆਂ ਹੋਏ ਇਕ ਹੋਅ ਹੱਲੇ ’ਚ ਉਸਦੇ ਹੱਥੋਂ ਮਾਂ ਦੀ ਉਂਗਲੀ ਛੁੱਟ ਗਈ। ਉਸ ਚੀਕਾਂ ਮਾਰੀਆਂ, ਮਾਂ ਕਿਤੇ ਨਾ ਲੱਭੀ। ਚਾਲੀ ਜੀਆਂ ਦੇ ਵੱਡੇ ਲਾਣੇ ’ਚੋਂ ਸਿਰਫ ਇੰਦਰ ਤੇ ਉਸਦਾ ਭਾਈ ਕਿਸ਼ਨਾ ਹੀ ਬਚਿਆ।
ਅੰਮ੍ਰਿਤਸਰ ਦੀਆਂ ਭੀੜੀਆਂ ਗਲੀਆਂ ਉਨ੍ਹਾਂ ਦਾ ਘਰ ਹੋ ਗਈਆਂ। ਜਿਥੇ ਢੋਅ ਲੱਗਦਾ ਡੰਗ ਟਪਾ ਲੈਂਦੇ। ਕਿਸ਼ਨਾ ਟਰੱਕ ’ਤੇ ਕਲੀਨਰ ਲੱਗ ਗਿਆ। ਮਹੀਨੇ-ਛਿਮਾਹੀ ਮੁੜਦਾ। ਕਦੇ ਇੰਦਰ ਨੂੰ ਮਿਲਦਾ। ਕਦੇ ਟਿਕਾਣਾ ਬਦਲਿਆ ਹੋਣ ਕਰਕੇ ਬਿਨਾਂ ਮਿਲਿਆਂ ਮੁੜ ਜਾਂਦਾ। ਤੇ ਹੌਲੀ-ਹੌਲੀ ਕਿਸ਼ਨਾ ਉਸਦੀ ਜ਼ਿੰਦਗੀ ’ਚੋਂ ਅਲੋਪ ਹੋ ਗਿਆ।
ਕੌੜੀਆਂ ਸੱਚਾਈਆਂ ਨੇ ਇੰਦਰ ਨੂੰ ਉਮਰੋਂ ਪਹਿਲਾਂ ਹੀ ਸਿਆਣਾ ਕਰ ਦਿੱਤਾ। ਖੱਤਰੀ ਖਾਨਦਾਨ ਦਾ ਖੂਨ ਤੇ ਬਾਲ ਚੇਤੇ ’ਚ ਵੱਸੀਆਂ ਬਾਪ ਦੀਆਂ ਮੱਤਾਂ ਨੇ ਉਸ ਨੂੰ ਜ਼ਿੰਦਗੀ ਦੀਆਂ ਔਖੀਆਂ ਚੜ੍ਹਾਈਆਂ ’ਤੇ ਸਾਹ ਫੁੱਲਣ ਤੋਂ ਬਚਾਈ ਰੱਖਿਆ।
ਕੱਪੜੇ ਦੇ ਥਾਨ ਸੰਵਾਰਦਾ-ਸੰਵਾਰਦਾ ਇੰਦਰ ਲਾਇਲਪੁਰੀਆਂ ਦੇ ਸ਼ੋਅ ਰੂਮ ’ਚ ਸੇਲਜ਼ਮੈਨ ਬਣ ਗਿਆ। ਸੁਭਾਅ ਦਾ ਠੰਡਾ, ਜ਼ੁਬਾਨ ਦਾ ਮਿੱਠਾ ਤੇ ਢਿੱਡ ’ਚ ਵੜਣ ਦਾ ਗੁਰ ਜਾਣਦਾ ਹੋਣ ਕਰਕੇ ਸਰਦਾਰਾਂ ਦਾ ਚਹੇਤਾ ਬਣ ਗਿਆ। ਉਸ ਲਈ ਵੀ ਸਭ ਕੁਝ ਸਰਦਾਰ ਹੀ ਸੀ। ਨਾ ਕਦੇ ਤਨਖਾਹ ਲਈ ਨਾ ਖਰਚਾ ਪੁਛਿਆ। ਸਰਦਾਰਾਂ ਦੇ ਘਰੋਂ ਰੋਟੀ ਖਾਂਦਾ, ਦੁਕਾਨ ’ਤੇ ਕੰਮ ਕਰਦਾ ਤੇ ਸਟੋਰ ’ਚ ਪੈ ਛੱਡਦਾ।
ਕਈ ਵਰ੍ਹੇ ਲੰਘ ਗਏ। ਇਕ ਦਿਨ ਸਰਦਾਰਾਂ ਦੇ ਘਰ ਰੌਲਾ ਪੈ ਗਿਆ। ਅਖੈ ‘ਇੰਦਰ ਨੇ ਉਨ੍ਹਾਂ ਦੀ ਧੀ ਨਾਲ ਜ਼ਬਰ ਜਿਨਾਹ ਕੀਤੈ। ਕੁੜੀ ਨੇ ਖੁਦ ਉਹਦਾ ਨਾਂ ਲਿਆ।’
ਲਾਇਲਪੁਰੀਆਂ ਨੇ ਇੰਦਰ ਨੂੰ ਕੁੱਟ-ਕੁੱਟ ਕੇ ਮਰਿਆਂ ਬਰੋਬਰ ਕਰ ਦਿੱਤਾ। ਪਰ ਅਗਲੇ ਦਿਨ ਕੁੜੀ ਕਿਸੇ ਹੋਰ ਨਾਲ ਨਿਕਲ ਗਈ।
ਨਿਰਾਸ਼ ਹੋਇਆ ਇੰਦਰ ਆਪਣੇ ਇਕ ਸਿਆਣੂ ਕੱਪੜੇ ਵਾਲੇ ਬਖਸ਼ੀ ਕੋਲ ਆ ਗਿਆ। ਪਰ ਉਸਦਾ ਇਹ ਆਸਰਾ ਵੀ ਬਹੁਤਾ ਸਮਾਂ ਨਾ ਨਿਭਿਆ। ਦੁਕਾਨ ’ਚ ਚੋਰੀ ਹੋ ਗਈ। ਬਖਸ਼ੀ ਨੇ ਪੁਲੀਸ ਅੱਗੇ ਇੰਦਰ ਨੂੰ ਕਰ ’ਤਾ। ਕਈ ਦਿਨ ਕੁਟਾਪਾ ਚੜ੍ਹਦਾ ਰਿਹਾ। ਪੁੱਠਾ ਲਟਕਾਇਆ। ਘੋਟਣਾ ਫੇਰਿਆ। ਭੌਣ ’ਤੇ ਬਿਠਾਇਆ। ਪਰ ਇੰਦਰ ਨੂੰ ਨਾ ਕੁਝ ਪਤਾ ਸੀ ਨਾ ਉਸ ਦੱਸਿਆ। ਥਾਣੇ ਕਚਿਹਰੀਆਂ ’ਚ ਰੁਲਦਾ ਰਿਹਾ। ਕੋਈ ਜ਼ਮਾਨਤ ਦੇਣ ਵਾਲਾ ਨਹੀਂ ਸੀ। ਜੇਲੋਂ ਨਿਕਲਿਆ ਤਾਂ ਹੱਥ ਖਾਲੀ, ਜੇਬ ਖਾਲੀ ਤੇ ਢਿੱਡ ਖਾਲੀ।
ਜ਼ਿੰਦਗੀ ਦੀਆਂ ਘੁੱਟ-ਘੁੱਟ ਫੜੀਆਂ ਤਣੀਆਂ ਉਸਦੇ ਹੱਥਾਂ ’ਤੇ ਡੂੰਘੀਆਂ ਚੀਘਾਂ ਪਾ ਕੇ ਖਿਸਕਦੀਆਂ ਗਈਆਂ। ਪਿੱਛੇ ਰਹਿ ਗਈ ਸੀ ਇਕ ਜਲੂਣ। ਇੰਦਰ ਨੂੰ ਲੱਗਿਆ ਜਿਵੇਂ ਇਕ ਵਾਰੀ ਫਿਰ ਉਸਦੇ ਹੱਥੋਂ ਮਾਂ ਦੀ ਉਂਗਲੀ ਛੁੱਟ ਗਈ ਹੋਵੇ।
ਉਹ ਕਈ ਦੁਕਾਨਦਾਰਾਂ ਕੋਲ ਗਿਆ ਪਰ ਕਿਸੇ ਨੇ ਕੰਮ ’ਤੇ ਨਾ ਰੱਖਿਆ। ਸਾਰਿਆਂ ਨੂੰ ਬਖਸ਼ੀ ਨੇ ਰੋਕ ਦਿੱਤਾ। ਅਖੀਰ ਢਿੱਡ ਭਰਨ ਲਈ ਦਿਹਾੜੀ ਕਰਨ ਲੱਗਿਆ। ਕੈਲੇ ਮਿਸਤਰੀ ਨਾਲ ਸਾਂਝ ਬਣ ਗਈ। ਪਿੰਡ ਜੱਟਾਂ ਦਾ ਗੋਲ ਪੁਣਾ ਕਰਕੇ ਖਾਂਗੜ ਹੋਇਆ ਤੇ ‘ਚੂਹੜਾ’ ਸੁਣ-ਸੁਣ ਅੱਕਿਆ ਕੈਲਾ ਸ਼ਹਿਰ ਆ ਗਿਆ ਸੀ। ਕਈ ਵਰ੍ਹੇ ਧੱਕੇ ਮੁੱਕੀਆਂ ਖਾ ਕੇ ਕਰੰਡੀ ਫੜਣ ਜੋਗਾ ਹੋਇਆ। ਕੈਲਾ ਜਿਥੇ ਕੰਮ ਕਰਦਾ ਇੰਦਰ ਨੂੰ ਵੀ ਨਾਲ ਲਾ ਲੈਂਦਾ। ਇੰਦਰ ਕੈਲੇ ਦੇ ਘਰ ਹੀ ਰਹਿਣ ਲੱਗਾ।
ਕੈਲੇ ਦੀ ਘਰਵਾਲੀ ਗਿਆਨੋ ਇਕ ਦਿਨ ਕੈਲੇ ਨੂੰ ਕਹਿਣ ਲੱਗੀ ‘ਮੱਖ ਮਿਸ਼ਤਰੀਆ, ਇੰਦਰ ਨਾਲ ਵਿਆਹ ਦੀ ਗੱਲ ਕਰਾਂ… ਜੇ ਤੂੰ ਕਹੇਂ ਤਾਂ…।’
‘ ਕੀ ਗੱਲ ਮੇਰੇ ’ਚੋਂ ਮੁਸ਼ਕ ਔਣ ਲੱਗ ਪਿਆ… ਭੈਣ ਦੇਣੀਏ, ਜੇ ਇੰਦਰ ਕਰਨਾ ਈ ਆ ਤਾਂ ਮੈਥੋਂ ਪੁੱਛ ਕੇ ਕਰਨਾ…।’
‘ ਫੋਟ… ਐਵੀਂ ਮੂੰਹ ਮਾਰੀ ਜਾਊ… ਕੀ ਹੋਇਆ ਜੇ ਮੁੰਡਾ ਮੂੰਹੋਂ ਨਹੀਂ ਫੁੱਟਦਾ, ਸ਼ੁੱਖ ਨਾਲ ਉਮਰ ਤਾਂ ਉਦ੍ਹੀ ਹੋਈ ਪਈ ਆ ਕਿ… ਅੱਧਾ ਬੰਦਾ ਲੱਗਦਾ… ਤੂੰ ਤਾਂ ਐਮੀਂ…।’
‘ ਲੈ ਆ ਫੇਰ ਕੋਈ ਮੇਮ … ਉਹ ਕਿਹੜਾ ਹਨੂਮਾਨ ਦਾ ਭਗਤ ਆ…।’
‘ ਲੈ ਤੂੰ ਤਾਂ ਹਾਸ਼ੇ ’ਚ ਗੱਲ ਪਾਈ ਜਾਨਾਂ… ਮੱਖ ਉਹਦਾ ਕਿਹੜਾ ਕੋਈ ਮਾਂ ਪਿਓ ਹੈਗਾ ਬਚਾਰੇ ਦਾ… ਹੁਣ ਤੇਰੇ ਲੜ ਲੱਗਿਆ ਤਾਂ ਕੁਝ ਸ਼ੋਚ ਵੀ…।’
‘… ਇਹ ਬੁੜੀਆਂ ਦੇ ਕੰਮ ਹੁੰਦੇ ਆ…ਪੁੱਛ ਦੱਸ ਲਾ ਜੇ ਕਿਤੇ ਗੱਲ ਅੜਦੀ ਆ ਤਾਂ… ਨਾਲੇ ਐਵੀਂ ਨਾ ਮਜਬੀਆਂ ਦੇ ਘਰੀਂ ਕਰੇਲੇ ਦਿੰਦੀ ਫਿਰੀਂ … ਖੱਤਰੀਆਂ ਦਾ ਮੁੰਡਾ ਆ ਇੰਦਰ…।’
‘… ਲੈ ਹੈਂਅ, ਮੈਨੂੰ ਪਤਾ ਆ… ਖੱਤਰੀ ਬੀ ਬਿਚਾਰੇ ਬਥੇਰੇ ਫਿਰਦੇ ਨੇ ਇੰਦਰ ਵਾਂਗੂੰ…ਵਖਤਾਂ ਦੇ ਮਾਰੇ… ਐਹ ਤਾਂ ਪੈਸੇ ਨੇ ਬੰਦਿਆਂ ’ਚ ਵੱਟਾਂ ਪਾ ਤੀਆਂ… ਹੈ ਤਾਂ ਸ਼ਾਰੇ ਇਕੋ ਖੂਨ…।’
‘… ਚੱਲ ਠੀਕ ਆ, ਹੁਣ ਬਹੁਤਾ ਗਿਆਨ ਨਾ ਘੋਟ… ਸੌਣ ਦੇ ਘੜੀ…।’
ਗਿਆਨੋ ਨੇ ਕਈ ਖੱਤਰਾਣੀਆਂ, ਸੋਢਣਾਂ ਤੇ ਭਟਿਆਣੀਆਂ ਨਾਲ ਗੱਲ ਕੀਤੀ। ਪਰ ਕਿਸੇ ਲੜ ਨਾ ਫੜਾਇਆ। ਮਨਿਆਰੀ ਵਾਲੀ ਸ਼ੀਲਾ ਨੇ ਤਾਂ ਉਹਦੇ ਨਾਲ ਆਢਾ ਹੀ ਲਾ ਲਿਆ। ਕਹਿੰਦੀ, ‘ਮੁੰਡਾ ਗਰੀਬ ਹੋਵੇ ਗੱਲ ਵੱਖਰੀ ਆ ਗਿਆਨੋ… ਕੋਈ ਅੱਗੇ ਪਿੱਛੇ ਤਾਂ ਹੋਣਾ ਚਾਹੀਦੈ… ਰਹਿੰਦਾ ਤਾਂ ਉਹ ਚੂਹੜਿਆਂ ਦੇ ਚੁੱਲੇ ’ਤੇ ਆ ਤੇ ਤੂੰ ਕੁੜੀ ਭਾਲਦੀ ਆਂ ਸੋਭਾ ਸਿਓਂ ਖੱਤਰੀ ਦੀ… ਹੈਂਅ… ਕੋਈ ਚੂਹੜੀ ਚੱਪੜੀ ਮਿਲਜੇ ਤਾਂ ਭਲੀ ਜਾਣ…।’
‘ਦੇਖ ਬੀਰਾ… ਮੈਂ ਤੇਰੀ ਖਾਤਰ ਖੱਤਰੀਆਂ ਦੇ ਕਈ ਘਰੀਂ ਗੱਲ ਚਲਾਈ ਆ… ਹੁਣ ਤੇਰਾ ਕੋਈ ਹੁੰਦਾ ਤਾਂ ਉਹ ਫਿਕਰ ਕਰਦਾ… ਭਾਈ ਹੱਕ ਤਾਂ ਹੈਨੀ… ਦੇਖ ਲਾ, ਜੇ ਕਹੇਂ ਤਾਂ ਕਿਸੇ ਨੀਵੀਂ ਜਾਤ ਦੇ ਘਰੋਂ ਕੁੜੀ ਟੋਲ ਲਵਾਂ… ਹੋਊ ਸ਼ੋਹਣੀ ਐਨੀ ਮੇਰੀ ਗਰੰਟੀ ਆ ਮੱਖ…।’ ਜਕਾ ਤਕੀ ’ਚ ਗਿਆਨੋ ਨੇ ਸਾਰੀ ਗੱਲ ਇੰਦਰ ਨੂੰ ਦੱਸ ਦਿੱਤੀ।
‘ਬੀਬੀ… ਜਿਵੇਂ ਤੁਹਾਨੂੰ ਚੰਗਾ ਲੱਗਦੈ… ਮੈਨੂੰ ਕੋਈ ਫਰਕ ਨਹੀਂ…ਮੈਨੂੰ ਤਾਂ ਬੱਸ ਜੀਣ ਜੋਗਾ ਆਸਰਾ ਚਾਹੀਦੈ…।’
ਗਿਆਨੋ ਨੇ ਰਾਮਦਾਸੀਆਂ ਦੀ ਇਕ ਕੁੜੀ ਭਾਲ ਲਈ।
‘ਲੈ ਭਾਈ ਦਿਨ ਸ਼ਿੱਧੇ ਹੋਣ ਤਾਂ ਰੱਬ ਆਪੇ ਨੱਕੇ ਮੋੜਦੈ… ਤੇਰਾ ਰਿਸ਼ਤਾ ਪੱਕਾ ਕਰਤਾ… ਗੇਲੀ ਅਰਗੀ ਆ ਕੁੜੀ… ਸ਼ੁੱਖ ਨਾਲ… ਦਾਜ ’ਚ ਬਣਿਆ ਬਣਾਇਆ ਘਰ ਮਿਲੂਜੂ … ਘਰ ਜਵਾਈ ਬਣਨ ਲਈ ਤਿਆਰ ਹੋ ਜਾ ਮੇਰਾ ਪੁੱਤ…।’ ਗਿਆਨੋ ਨੇ ਚਾਅ ਨਾਲ ਇੰਦਰ ਨੂੰ ਕਿਹਾ।
ਕੁੜੀ ਦੀ ਮਾਂ ਮਨਜੀਤ ਕੌਰ ਵਕਤਾਂ ਦੀ ਮਾਰੀ ਸੀ। ਉਸਦਾ ਘਰ ਵਾਲਾ ਮਜ਼ਦੂਰੀ ਕਰਦਾ ਫੈਕਟਰੀ ਦੀ ਮਸ਼ੀਨ ’ਚ ਵਲੇਟਿਆ ਗਿਆ ਸੀ। ਉਹ ਰੋਟੀ ਤੋਂ ਵੀ ਮੁਥਾਜ ਹੋ ਗਈ। ਰਿਸ਼ਤੇਦਾਰਾਂ ਨੇ ਅੱਖਾਂ ਮੋੜ ਲਈਆਂ। ਸਾਰਾ ਦਿਨ ਕੱਪੜੇ ਸਿਓਣ ਵਾਲੀ ਮਸ਼ੀਨ ਗੇੜ-ਗੇੜ ਕੇ ਘਰ ਚਲਾਉਂਦੀ ਨੇ ਆਪਣੀਆਂ ਸਾਰੀਆਂ ਸਿਆਣਪਾਂ ਜਵਾਨ ਹੋ ਰਹੀ ਧੀ ਕਰਤਾਰੋ ਦੇ ਢਿੱਡ ਪਾ ਦਿੱਤੀਆਂ। ਗਰੀਬ ਦੀ ਧੀ ਦਾ ਹੁਸਨ ਹੀ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦੈ। ਮਾੜੇ ਵੇਲਿਆਂ ਤੋਂ ਡਰਦੀ ਮਨਜੀਤ ਨੇ ਗਿਆਨੋ ਦੇ ਬੋਲ ਭੁੰਜੇ ਨਾ ਡਿੱਗਣ ਦਿੱਤੇ ਤੇ ਆਪਣੀ ਧੀ ਦਾ ਹੱਥ ਇੰਦਰ ਦੇ ਹੱਥ ਦੇ ਦਿੱਤਾ।
ਇੰਦਰ ਸਹੁਰੀਂ ਰਹਿਣ ਲੱਗ ਪਿਆ। ਘਰ ਕਰਿਆਨੇ ਦੀ ਦੁਕਾਨ ਕਰ ਲਈ। ਨਵੀਂ ਕਬੀਲਦਾਰੀ ਤੇ ਆਪਣਿਆਂ ਦੇ ਮੋਹ ਨੇ ਉਸ ਦੇ ਸੁੱਤੇ ਚਾਅ ਜਗਾ ਦਿੱਤੇ। ਸੁਭਾ ਸਾਜਰੇ ਡੱਗੀ ਲੈ ਕੇ ਪਿੰਡਾਂ ’ਚ ਜਾਂਦਾ, ਆ ਕੇ ਦੁਕਾਨ ’ਤੇ ਬੈਠਦਾ। ਤਾਰੋ ਘਰੇ ਕੱਪੜੇ ਸਿਊਂਦੀ। ਜ਼ਿੰਦਗੀ ਸਾਂਵੀ ਤੋਰ ਤੁਰ ਪਈ।
‘ਤਾਰੋ… ਅੱਧੀ ਉਮਰ ਖਾਲੀ ਜਿਹੀ ਨਿਕਲਗੀ, ਹੁਣ ਤੂੰ ਮਿਲ ਗਈ ਤਾਂ ਰੱਜ ਆ ਗਿਆ… ਆਪਾਂ ਹੁਣ ਬਾਕੀ ਉਮਰ ’ਕੱਠਿਆਂ ਕੱਟਣੀ ਆ…’ਕੱਠੇ ਈ ਮਰਾਂਗੇ…।’ ਉਹ ਅਕਸਰ ਕਹਿੰਦਾ।
ਪਲੇਠੀ ਧੀ ਦੀਆਂ ਉਨ੍ਹਾਂ ਰੱਜ ਕੇ ਖੁਸ਼ੀਆਂ ਮਨਾਈਆਂ। ਸਾਰੇ ਪਿੰਡ ’ਚ ਗੁੜ ਫੇਰਿਆ। ਲੋਹੜੀ ਬਾਲ੍ਹੀ। ਗੁੱਡੀਆਂ ਪਟੋਲਿਆਂ ਨਾਲ ਘਰ ਭਰ ’ਤਾ। ਤਾਰੋ ਆਖਦੀ ‘ਰਾਣੀ ਦਾ ਬਹੁਤਾ ਮੋਹ ਨਾ ਕਰਿਆ ਕਰ… ਐਹ ਤਾਂ ਬਗਾਨਾ ਧੰਨ ਏ।’
ਇੰਦਰ ਅੱਗੋਂ ਹੱਸ ਕੇ ਜਵਾਬ ਦਿੰਦਾ ‘ਨਹੀ ਰਾਣੀ ਤਾਂ ਮੇਰਾ ਸ਼ੇਰ ਪੁੱਤ ਆ… ਮੈ ਐਹਨੂੰ ਪੜ੍ਹਾ ਲਿਖਾ ਕੇ ਅਫਸਰ ਬਣਾਊਂ… ਜਿਧਰ ਦੀ ਲੰਘਿਆ ਕਰੂ ਲੋਕ ਕਹਿਣਗੇ ਇੰਦਰ ਸਿਓਂ ਖੱਤਰੀ ਦੀ ਧੀ ਰਣਜੀਤ ਕੌਰ ਜਾਂਦੀ ਆ… ਰਹਿੰਦੀ ਦੁਨੀਆ ਤੱਕ ਮੇਰਾ ਨਾਂ ਚੱਲੂ…।’
ਪਰ ਕੁੜੀ ਦੋ ਸਾਲ ਦੀ ਹੋਣ ਤੋਂ ਪਹਿਲਾਂ ਹੀ ਤੁਰ ਗਈ। ਜਿਵੇਂ ਲੰਬੀ ਉਡੀਕ ਬਾਅਦ ਆਈ ਬੱਦਲੀ ਬਿਨਾਂ ਵਰਿ੍ਹਆਂ ਲੰਘ ਗਈ ਹੋਵੇ। ਰਾਣੀ ਵੱਡੇ ਆਪ੍ਰੇਸ਼ਨ ਨਾਲ ਹੋਈ ਸੀ। ਡਾਕਟਰ ਕਹਿੰਦੇ ਹੋਰ ਬੱਚਾ ਕਰਤਾਰੋ ਦੀ ਜਾਨ ਲਈ ਖਤਰਾ ਹੋਵੇਗਾ।
‘… ਜੇ ਕਰਮਾਂ ’ਚ ਹੈਨੀ ਤਾਂ ਰੱਬ ਨਾ ਦਿੰਦਾ ਪਰ ਦੇ ਕੇ ਖੋਹਣ ਦਾ ਤੈਨੂੰ ਕੀ ਹੱਕ ਆ… ।’ ਇੰਦਰ ਰੱਬ ਨਾਲ ਮਿਹਣੋ ਮਿਹਣੀ ਹੁੰਦਾ।
ਉਸਨੇ ਡੱਗੀ ਲਿਜਾਣੀ ਛੱਡ ਦਿੱਤੀ। ਹੱਟੀ ’ਤੇ ਵੀ ਘੱਟ ਹੀ ਬਹਿੰਦਾ। ਸਾਰਾ ਦਿਨ ਪਿਆ ਰਹਿੰਦਾ।
‘… ਕੀਹਦੇ ਲਈ ਧੱਕੇ ਖਾਵਾਂ… ਐਥੇ ਕਿਹੜੇ ਨਿਆਣੇ ਭੁੱਖੇ ਮਰਦੇ ਆ…।’
ਮਾਸਟਰ ਰਾਮ ਜਸ ਅਕਸਰ ਇੰਦਰ ਨਾਲ ਗੱਲੀ ਲੱਗਿਆ ਕਹਿੰਦਾ ‘ ਪੁੱਤਰਾ… ਜਿਓਣਾ ਮਰਨਾ ਕੋਈ ਬੰਦੇ ਦੇ ਵੱਸ ਥੋੜਾ… ਸਿਆਣਿਆ ਨੇ ਆਖਿਆ ਭਈ ਰੱਜੇ ਬੰਦੇ ਨੂੰ ਤਾਂ ਮੌਤ ਆਉਣ ਦੇ ਸੌ ਬਹਾਨੇ ਬਣ ਜਾਂਦੇ ਨੇ … ਭੁੱਖਾ ਤਾਂ ਤੜਪ-ਤੜਪ ਕੇ ਵੀ ਨਹੀਂ ਮਰਦਾ… ਮਾਲਕ ਦੇ ਰੰਗ ਆ ਭਾਈ… ਹੌਂਸਲਾ ਰੱਖੋ।’
ਉਸਨੇ ਜ਼ਿੰਦਗੀ ਦੀ ਬਾਜ਼ੀ ਲੜਣ ਤੋਂ ਹੱਥ ਖੜੇ ਕਰ ਦਿੱਤੇ।
‘ਸਾਰੀ ਉਮਰ ਐਸੇ ਹੌਂਸਲੇ ’ਚ ਕੱਟੀ, ਬਈ ਕੱਲ ਨੂੰ ਜਵਾਕ ਦੁੱਖ ਸੁੱਖ ਦੇ ਹਾਣੀ ਬਣਨਗੇ… ਪਰ…।’
‘ਜੇ ਤੂੰ ਕਹੇ ਤਾਂ ਕਿਸੇ ਦਾ ਜਵਾਕ ਗੋਦ ਲੈ ਲਈਏ… ਕਹਿੰਦੇ ਨੇ ਸ਼ਹਿਰੋਂ ਯਤੀਮ ਖਾਨਿਆਂ ’ਚੋਂ ਮਿਲ ਜਾਂਦੇ ਨੇ…।’ ਕਰਤਾਰੋ ਦੁੱਖ ਘੱਟ ਕਰਨ ਦੀ ਵਿਉਂਤ ਘੜਦੀ।
‘ਤਾਰੋ…ਮੇਰਾ ਭਾਈਆ ਬੜਾ ਦਾਨਸ਼ਮੰਦ ਬੰਦਾ ਸੀ… ਪਰ੍ਹੇ ਪੰਚਾਇਤ ਕੋਈ ਉਹਦੀ ਗੱਲ ਨੀਂਹ ਸੀ ’ਲੱਦਦਾ… ਉਹ ਕਹਿੰਦਾ ਸੀ ਔਲਾਦ ਹੋਵੇ ਤਾਂ ਆਵਦੀ… ਬਿਗਾਨੇ ਖੂਨ ਦਾ ਕੋਈ ਭਰੋਸਾ ਨਹੀਂ… ਆਵਦਾ ਵੱਢੂ ਤਾਂ ਛਾਂਵੇ ਸਿੱਟੂ… ਨਾਲੇ ਜੇ ਕਰਮਾਂ ’ਚ ਈ ਹੈਨੀ ਤਾਂ ਐਵੇਂ…।’ ਇੰਦਰ ਨੇ ਹੌਕਾ ਖਿੱਚਿਆ।
” ਬੱਸ ਬੱਸ ਬੰਧੂ ਯਹੀਂ ਪਰ ਆ ਕੇ ਬਾਤ ਬਿਗੜ ਗਈ … ਮੇਰਾ ਕਾਮ ਪੂਰੇ ਹੋਨੇ ਵਾਲਾ ਹੀ ਥਾ ਕਿ ਇੰਦਰ ਨੇ ਅਗਲੀ ਸੁਭਾ ਦੁਕਾਨ ਖੋਲ ਲੀ… ਫਿਰ ਚਲ ਪੜਾ … ਮਰਤਾ ਮਰਤਾ ਉਠ ਖੜਾ… ਈਸੀ ਲੀਏ ਤੋਂ ਮੇਰਾ ਕਾਮ ਲਮਕ ਗਿਆ… ਲੋ ਆਗੇ ਸੁਨੋ…।’’
‘ਇੰਦਰ… ਤੂੰ ਕਰਤਾਰੋ ਨੂੰ ਡਾਕਟਰ ਗੁਲਾਟੀ ਦੇ ਵਖਾ ਖਾਂ … ਕਹਿੰਦੇ ਬੜਾ ਸਿਆਣਾ… ਖਵਰਾ ਕਿਤੇ ਮੇਹਰ ਪੈ ਜੇ…।’ ਕੈਲੇ ਮਿਸਤਰੀ ਨੇ ਇੰਦਰ ਕੋਲ ਗੱਲ ਕੀਤੀ।
ਔਲਾਦ ਦੀ ਦੱਬੀ ਖਾਹਿਸ਼ ਇਕ ਵਾਰ ਫਿਰ ਇੰਦਰ ਦੀ ਹਿੱਕ ’ਚ ਵਲਵਲੇ ਲੈਣ ਲੱਗੀ।
‘… ਬੀਬੀ ਤੂੰ ਮਾਂ ਤਾਂ ਬਣ ਸਕਦੀ ਐਂ … ਪਰ ਕੇਅਰ ਕਾਫੀ ਕਰਨੀ ਪਊ… ਅਸੀਂ ਪੂਰੀ ਕੋਸ਼ਿਸ਼ ਕਰਾਂਗੇ, ਡਰ ਤਾਂ ਕੋਈ ਨੀਂ ਅੱਗੇ ਰੱਬ ਦੀ ਰਜ਼ਾ… ਤੁਸੀਂ ਸਲਾਹ ਕਰ ਲਓ।’ ਡਾਕਟਰ ਨੇ ਉਨ੍ਹਾਂ ਨੂੰ ਸਮਝਾਉਂਦਿਆ ਗੱਲ ਮੁਕਾਈ।
‘ਡਾਕਟਰ ਸਾਅਬ… ਖਰਚਾ…।’ ਇੰਦਰ ਨੇ ਸੰਸਾ ਜ਼ਾਹਿਰ ਕੀਤਾ।
‘… ਟੈਸਟ, ਦਵਾਈਆਂ ਤੇ ਆਪ੍ਰੇਸ਼ਨ ਵਗੈਰਾ ਦਾ ਤੁਸੀਂ ਤੀਹ ਚਾਲੀ ਹਜ਼ਾਰ ਦਾ ਖਰਚਾ ਮੰਨ ਕੇ ਚੱਲੋ…।’
‘ ਤੀਹ ਚਾਲੀ ਹਜ਼ਾਰ…।’ ਤਾਰੋ ਨੂੰ ਚੱਕਰ ਆਇਆ। ਜਿਵੇਂ ਕਿਸੇ ਨੇ ਝੂਟਾ ਦੇ ਕੇ ਸਿਖਰ ਚੜ੍ਹੀ ਪੀਂਘ ਦਾ ਰੱਸਾ ਤੋੜ ਦਿੱਤਾ ਹੋਵੇ।
‘… ਸਲਾਹ ਕਰਕੇ ਦੱਸ ਦਿਆਂਗੇ ਜੀ…।’ ਇੰਦਰ ਨੇ ਡਾਕਟਰ ਦੇ ਮੇਜ਼ ਤੋਂ ਕੰਬਦੀਆਂ ਲੱਤਾਂ ਨਾਲ ਉਠਦਿਆਂ ਕਿਹਾ।
ਇੰਦਰ ਲਈ ਨਵੀਂ ਜੰਗ ਸ਼ੁਰੂ ਹੋ ਗਈ। ਉਸਨੇ ਜੋੜ ਲਾਇਆ ਘਰ ਤੇ ਗਹਿਣੇ ਗੱਟੇ ਵੇਚ ਕੇ ਵੀ ਇੰਨੇ ਪੈਸੇ ਇਕੱਠੇ ਨਹੀਂ ਸੀ ਹੁੰਦੇ। ਉਤੋਂ ਤਾਰੋ ਦੀ ਜਾਨ ਦਾ ਖਤਰਾ ਵੱਖਰਾ। ਉਹ ਕਿਸੇ ਹਾਲਤ ’ਚ ਵੀ ਤਾਰੋ ਨੂੰ ਗੁਆਉਣਾ ਨਹੀਂ ਸੀ ਚਾਹੁੰਦਾ। ਉਸਨੂੂੰ ਕਿਧਰੇ ਵੀ ਚੈਨ ਨਾ ਆਉਂਦਾ। ਰਾਤ ਨੂੰ ਸੁਪਨੇ ਆਉਂਦੇ। ਉਹ ਦੇਖਦਾ ਉਸਦੇ ਆਲੇ ਦੁਆਲੇ ਨਿਆਣਿਆਂ ਦੀ ਭੀੜ ਲੱਗੀ ਪਈ ਆ। ਉਹ ਇਕ ਬੱਚੇ ਨੂੰ ਫੜਣ ਲਈ ਉਠਦਾ ਤਾਂ ਸਾਰੇ ਭੱਜ ਜਾਂਦੇ ਤੇ ਇਕ ਵੱਡੇ ਸਾਰੇ ਬੋਹੜ ਦੇ ਪਿਛੇ ਜਾ ਕੇ ਗਾਇਬ ਹੋ ਜਾਂਦੇ। ਉਹ ਭਾਲਦਾ ਭਾਲਦਾ ਹੰਭ ਜਾਂਦਾ ਤੇ ਅਖੀਰ ਉੱਚੀ ਉੱਚੀ ਅਵਾਜ਼ਾਂ ਮਾਰਨ ਲੱਗਦਾ।
ਹਾਲ ਤਾਂ ਕਰਤਾਰੋ ਦਾ ਵੀ ਮਾੜਾ ਸੀ ਪਰ ਬੈਚੇਨੀ ਇੰਦਰ ਨੂੰ ਜ਼ਿਆਦਾ ਸੀ। ਬੱਚੇ ਦੀ ਚਾਹ ਨੇ ਉਸ ਨੂੰ ਪਾਗਲ ਕਰ ਦਿੱਤਾ। ਦੂਸਰੇ ਪਾਸੇ ਪੈਸਿਆਂ ਦਾ ਪਹਾੜ ਪਾਰ ਕਰਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਸੀ।
‘ਜੇ ਕੋਈ ਮੈਨੂੰ ਮੁੱਲ ਖਰੀਦ ਲਵੇ ਤਾਂ ਚਾਲੀ ਹਜ਼ਾਰ ਤੋਂ ਇਕ ਕੌਡੀ ਵੱਧ ਨਾ ਮੰਗਾਂ… ਤੇ ਸਾਰੇ ਪੈਸੇ ਡਾਕਟਰ ਨੂੰ ਫੜਾ ਉਸਤਂੋ ਫਟਾ ਫਟ ਜਵਾਕ ਲੈ ਲਵਾਂ… ਬੱਸ ਫੇਰ ਮੁੜ ਕੇ ਪਿੱਛੇ ਨਾ ਵੇਖਾਂ… ਦਿਨ ਰਾਤ ਮੋਢਿਆਂ ’ਤੇ ਚੱਕੀ ਫਿਰਾਂ…।’
‘…ਤੇ ਜਿਹੜਾ ਤੈਨੂੰ ਮੁੱਲ ਲਊ ਉਹਦਾ ਕੰਮ ਤੇਰਾ ਪਿਓ ਕਰੂ…।’
‘ਕਮਲੀਏ ਪਿਓ ਨੂੰ ਕਿਉਂ ਵਿਚ ਘੜੀਸਦੀ ਐਂ… ਉਹਦਾ ਕਰਮਾਂ ਵਾਲੇ ਦਾ ਵਿਹੜਾ ਤਾਂ ਭਰਿਆ ਰਹਿੰਦਾ ਸੀ ਜੀਆਂ ਨਾਲ… ਇਹ ਤਾਂ ਆਪਣੇ ਹੀ ਕਰਮਾਂ ’ਚ …।’
” ਦੇਖੋ ਦੇਖੋ ਬੰਧੂ ਇਨ ਲੋਗੋਂ ਕੀ ਕਰਤੂਤ ਦੇਖੋ… ਪਤਾ ਨਹੀਂ ਕਹਾਂ ਸੇ ਲਾਏ ਪੈਸੇ… ਇਲਾਜ ਸ਼ੁਰੂ ਕਰ ਲੀਆ… ਮੇਰੇ ਸੇ … ਮੇਰੇ ਸੇ ਪੰਗਾ … ਵਕਤ ਸੇ… ਅਬ ਦੇਖਨਾ ਮੈਂ ਇਨਕੋ ਕੈਸੇ ਕੈਸੇ ਮਜ਼ੇ ਚਖਾਤਾ ਹੂੰ… ਵਕਤ ਸੇ ਆਂਖੇ ਮਿਲਾਤੇ ਹੈਂ ਸੁਸਰੇ… ਦੋ ਕੌਡੀ ਕਾ ਆਦਮੀ… ਔਰ… ਔਰ… ਮੇਰੇ ਸੇ … ਮੇਰੇ ਸੇ…।’’
ਅੱਖਾਂ ਬੰਦ ਕੀਤਿਆਂ ਛੇ ਮਹੀਨੇ ਲੰਘ ਗਏ। ਇਲਾਜ ਠੀਕ ਸੀ। ਬੱਚਾ ਠੀਕ ਸੀ। ਇੰਦਰ ਤੇ ਤਾਰੋ ਇਕ ਵੱਖਰੀ ਦੁਨੀਆ ’ਚ ਗੁਆਚੇ ਰਹਿੰਦੇ। ਇਕ ਪਲ ਉਨ੍ਹਾਂ ਨੂੰ ਚਾਰੇ ਪਾਸੇ ਹਰੇ ਵਾਈ ਦਿਖਦੀ। ਕੂਲੀ ਕੂਲੀ, ਠੰਡੀ ਤੇ ਸੋਹਣੀ। ਪਰ ਦੂਸਰੇ ਹੀ ਪਲ ਝੁਲਦੇ ਹਨੇਰੀ ਝੱਖੜ ਨਾਲ ਉਜੜਿਆ ਬਾਗ ਵਿਖਾਈ ਦਿੰਦਾ। ਇੰਦਰ ਰਾਤ ਨੂੰ ਕਈ ਵਾਰ ਉੱਠ ਕੇ ਤਾਰੋ ਦਾ ਮੂੰਹ ਵੇਖਦਾ।
‘ਰੱਬਾ, ਇਕ ਵਾਰ ਜੱਗ ’ਚ ਸੀਰ ਪਾ ਦੇਹ, ਫੇਰ ਭਾਵੇਂ ਮੇਰੀ ਜਾਨ ਲੈ ਲੀ…।’ ਕਰਤਾਰੋ ਦੇਵੀ ਦੇਵਤਿਆਂ ਅੱਗੇ ਅਰਜ਼ੋਈਆਂ ਕਰਦੀ।
‘… ਜੇ ਤਾਰੋ ਨੂੰ ਕੁਝ ਹੋ ਗਿਆ ਤਾਂ ਮੈਂ ਚਾਰ ਦਿਹਾੜੇ ਵੀ ਨਹੀਂ ਕੱਢਣੇ… ਮੈਂ ਮਰਜੂੰ…’ ਇੰਦਰ ਰੱਬ ਅੱਗੇ ਹਾੜੇ ਕੱਢਦਾ।
ਪੂਰੇ ਦਿਨਾਂ ਤੋਂ ਕੁਝ ਦਿਨ ਪਹਿਲਾਂ ਡਾਕਟਰ ਨੇ ਕਰਤਾਰੋ ਨੂੰ ਹਸਪਤਾਲ ਸੱਦ ਲਿਆ। ਆਪ੍ਰੇਸ਼ਨ ਦੇ ਪ੍ਰਬੰਧ ਮੁਕੰਮਲ ਕਰ ਲਏ। ਇੰਦਰ ਕਰਤਾਰੋ ਕੋਲੋਂ ਇਕ ਘੜੀ ਵੀ ਪਾਸੇ ਨਹੀਂ ਹੋਇਆ। ਸਾਰਾ ਦਿਨ ਬੈਠਾ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ। ਇੰਦਰ ਹਸਪਤਾਲ ਦੇ ਸਾਰੇ ਸਟਾਫ ਨੂੰ ਜੀ ਜੀ ਕਰਦਾ। ਉਸਨੂੰ ਉਹ ਉਸਦੀਆਂ ਆਸਾਂ ਪੂਰੀਆਂ ਕਰਨ ਵਾਲੇ ਫਰਿਸ਼ਤੇ ਜਾਪਦੇ।
ਰਾਤ ਢਲਦਿਆਂ ਹੀ ਕਰਤਾਰੋ ਨੂੰ ਪੀੜਾਂ ਸ਼ੁਰੂ ਹੋ ਗਈਆਂ। ਇੰਦਰ ਸਾਹ ਰੋਕੀ ਬੈਠਾ ਸੀ। ਜਦੋਂ ਗੁਰਦੁਆਰੇ ਬਾਬਾ ਬੋਲਿਆ ਤਾਂ ਇੰਦਰ ਦੇ ਕੰਨੀਂ ਬਾਲ ਦੇ ਰੋਣ ਦੀ ਆਵਾਜ਼ ਪਈ।
‘ਤਾਰੋ!…’ ਉਸਨੂੰ ਹੌਲ ਪਿਆ। ਕੁਝ ਸਮੇਂ ਬਾਅਦ ਡਾਕਟਰ ਗੁਲਾਟੀ ਅਤੇ ਹੋਰ ਡਾਕਟਰ ਲੇਬਰ ਰੂਮ ’ਚੋਂ ਬਾਹਰ ਆਏ।
‘… ਇੰਦਰ ਸਿੰਘ ਤੂੰ ਬਾਪ ਬਣ ਗਿਐਂ … ਪਰ… ਤੁਸੀਂ ਇਕ ਮਿੰਟ ਮੇਰੇ ਨਾਲ ਆਓ।’ ਡਾਕਟਰ ਗੁਲਾਟੀ ਉਸ ਨੂੰ ਨਾਲ ਲੈ ਤੁਰਿਆ।
‘ ਡਾਕਟਰ ਸਾਅਬ ਕੀ ਗੱਲ ਆ… ਤਾਰੋ ਤਾਂ ਠੀਕ ਆ… ਡਾਕਟਰ ਸਾਅਬ ਮੁੰਡੇ ਕੁੜੀ ਦੀ ਤੁਸੀਂ ਚਿੰਤਾ ਨਾ ਕਰੋ… ਮੈਨੂੰ ਤਾਂ ਕੁੜੀਆਂ ਮੁੰਡਿਆਂ ਨਾਲੋਂ ਵੀ ਪਿਆਰੀਆਂ ਨੇ… ਨਰਸ ਭੈਣ ਜੀ ਨੂੰ ਪੁੱਛਲੋ, ਮੈਂ ਤਾਂ ਪਹਿਲਾਂ ਈ ਕਿਹਾ ਸੀ ਬਈ ਮੁੰਡਾ ਹੋਵੇ ਜਾਂ ਕੁੜੀ ਮੈਂ ਲੋਹੜੀ ਬਾਲੂੰ…ਹੈ ਨਾ ਬੀਬੀ ਜੀ…ਮੈਂ ਤਾਂ ਪਹਿਲਾਂ ਵੀ ਕੁੜੀ ਦੀ ਬਹੁਤ ਖੁਸ਼ੀ ਕੀਤੀ ਸੀ ਜੀ…।’ ਇੰਦਰ ਡਾਕਟਰ ਅੱਗੇ ਹੱਥ ਜੋੜਦਾ ਉਸਦੇ ਪੈਰੀਂ ਹੱਥ ਲਾਉਂਦਾ ਕਮਲਿਆਂ ਵਾਂਗ ਬੋਲੀ ਜਾ ਰਿਹਾ ਸੀ।
‘ਤੁਸੀਂ ਪਲੀਜ਼ ਇਕ ਮਿੰਟ ਅੰਦਰ ਆਓ… ਜ਼ਰੂਰੀ ਗੱਲ ਆ…।’
ਬੂਹੇ ਲਾਗੇ ਖੜੇ ਇੰਦਰ ਨੇ ਡਾਕਟਰ ਦੀ ਬਾਂਹ ਫੜ ਲਈ।
‘… ਡਾ… ਡਾਕ… ਡਾਕਟਰ ਸਾਅਬ… ਵੇਖਿਓ ਕਿਤੇ… ਮੈਂ ਦੁਨੀਆਂ ਨੂੰ ਅੱਗ ਲਾ ਦੂੰ ਜੇ ਤਾਰੋ ਨੂੰ ਕੁਝ… ਤੁਸੀਂ ਜੋ ਮਰਜ਼ੀ ਕਰੋ… ਵੱਡੇ ਤੋਂ ਵੱਡਾ ਡਾਕਟਰ ਬਲਾ ਲਓ … ਜੋ ਕਹੋਂਗੇ ਮੈਂ ਕਰੂੰਗਾ… ਪਰ ਡਾਟ … ਸਾ…ਅ…ਬ…।’ ਇੰਦਰ ਉੱਚੀ ਉੱਚੀ ਰੋਣ ਲੱਗ ਪਿਆ।
‘… ਇੰਦਰ ਸਿੰਘ… ਇੰਦਰ ਸਿੰਘ… ਪਲੀਜ਼ ਟਰਾਈ ਟੂ ਅੰਡਰ ਸਟੈਂਡ… ਅੱਛਾ ਐਦਾਂ ਕਰ ਤੂੰ ਤਾਰੋ ਤੇ ਬੱਚੇ ਨੂੰ ਮਿਲ ਆ… ਫਿਰ ਮੇਰੇ ਕੋਲ ਆਈ… ਘਬਰਾਓ ਨਾ… ਸਿਸਟਰ… ਐਨਾ ਨੂੰ ਪੇਸ਼ੈਂਟ ਕੋਲ ਲੈ ਜਾਓ…।’
ਕਰਤਾਰੋ ਦਾ ਚਿਹਰਾ ਪੀਲਾ, ਅੱਖਾਂ ਅੱਧ ਖੁੱਲੀਆਂ ਅਤੇ ਬੁੱਲਾਂ ’ਤੇ ਸਕੂਨ ਭਰੀ ਮੁਸਕਰਾਹਟ ਸੀ। ਇੰਦਰ ਨੇ ਕੱਪੜੇ ’ਚ ਲਪੇਟੇ ਪਏ ਭੋਰਾ ਭਰ ਬਾਲ ਨੂੰ ਬੋਚ ਕੇ ਆਪਣੇ ਦੋਹਾਂ ਹੱਥਾਂ ’ਚ ਚੁੱਕ ਲਿਆ। ਉਹ ਰੂੰ ਦੇ ਗੋਹੜੇ ਵਰਗਾ ਸੀ। ਇੰਦਰ ਦਾ ਚਿਹਰਾ ਲਾਲ ਹੋ ਗਿਆ।
ਉਸ ਨੇ ਬੱਚੇ ਨੂੰ ਛਾਤੀ ਨਾਲ ਲਾਇਆ। ਉਸਦਾ ਚਿਹਰਾ ਸ਼ਾਂਤ ਹੋ ਗਿਆ। ਫਿਰ ਉਹ ਕਰਤਾਰੋ ਵੱਲ ਵੇਖ ਕੇ ਹੱਸ ਪਿਆ। ਬੱਚੇ ਤੋਂ ਵਾਰ ਕੇ ਸੌ ਦਾ ਨੋਟ ਨਰਸ ਨੂੰ ਦਿੱਤਾ। ਨਰਸ ਨੇ ਚੁੱਪ ਕਰਕੇ ਨੋਟ ਫੜ ਲਿਆ ਤੇ ਮੂੰਹ ਪਰ੍ਹਾਂ ਨੂੰ ਕਰਕੇ ਖੜ੍ਹ ਗਈ। ਇੰਦਰ ਚਾਹੁੰਦਾ ਸੀ ਉਹ ਪੈਸੇ ਚਲਾ ਕੇ ਮਾਰੇ ਤੇ ਕਹੇ ‘ਮੈਂ ਨਹੀਂ ਹਜ਼ਾਰ ਤੋਂ ਘੱਟ ਲੈਣਾ। ਐਡਾ ਸੋਹਣਾ ਜਵਾਕ ਦਿੱਤਾ ਅਸੀਂ ਤੁਹਾਨੂੰ , ਤੇ ਰੁਪਈਆ ਸੌ…।’ ਪਰ ਨਾ ਨਰਸ ਨੇ ਪੈਸੇ ਚਲਾ ਕੇ ਮਾਰੇ ਤੇ ਨਾ ਕਰਤਾਰੋ ਦੀ ਮੁਸਕਰਾਹਟ ਹਾਸੇ ’ਚ ਬਦਲੀ।
ਖੁਸ਼ੀ ਤੇ ਪ੍ਰੇਸ਼ਾਨੀ ਜਿਹੀ ’ਚ ਲਿਪਟਿਆ ਇੰਦਰ ਬੋਲਿਆ ‘ ਚੰਗਾ, ਤਾਰੋ ਮੈਂ ਡਾਕਟਰ ਸਾਅਬ ਨੂੰ ਮਿਲ ਆਵਾਂ… ਕਹਿੰਦੇ ਸੀ ਮੇਰੇ ਕੋਲ ਆਈਂ… (ਹੱਸ ਕੇ) ਮੈਨੂੰ ਪਤਾ ਪੈਸਿਆਂ ਨੂੰ ਕਹੂਗਾ… ਆ ਵੇਖ ਮੈਂ ਸਾਰਾ ਬੰਦੋਬਸਤ ਕੀਤਾ ਹੋਇਆ… ਹੁਣੇ ਪੈਸੇ ਦੇ ਕੇ ਫਟਾ ਫਟ ਛੁੱਟੀ ਲੈ ਆਪਾਂ ਘਰੇ ਚੱਲਾਂਗੇ… ਕੈਲੇ ਹੋਰੀਂ ਉਡੀਕਦੇ ਨੇ … ਤੂੰ ਫਿਕਰ ਨਾ ਕਰੀਂ… ਅੱਛਾ ਐਂ ਤਾਂ ਦੱਸ ਮੁੰਡਾ ਕੇ ਕੁੜੀ।’
‘…’ ।
‘ਤਾਰੋ … ਤਾਰੋ ਤੁੂੰ ਬੋਲਦੀ ਕਿਉਂ ਨੀਂਅ… ਤਾਰੋ…।’
‘ ਭਾਈ ਸਾਅਬ ਪੇਸ਼ੈਂਟ ਨੂੰ ਇੰਜ਼ੈਕਸ਼ਨ ਲੱਗੇ ਹੋਏ ਨੇ। ਉਹ ਅਜੇ ਪੂਰੀ ਸੁਰਤ ’ਚ ਨਹੀਂ… ਤੁਸੀਂ ਡਾਕਟਰ ਸਾਅਬ ਕੋਲ ਜਾ ਆਓ।’ ਨਰਸ ਨੇ ਕਿਹਾ।
‘ਭੈਣ ਜੀ ਮੁੰਡਾ ਕਿ ਕੁੜੀ?’
‘ਪਲੀਜ਼ ਡਾਕਟਰ ਸਾਅਬ ਕੋਲ ਜਾਓ, ਓਹੀ ਦੱਸਣਗੇ’ ਨਰਸ ਨੇ ਪਰਾਂ ਨੂੰ ਮੂੰਹ ਫੇਰ ਲਿਆ।
‘ਹੂੰ… ਕਿਵੇਂ ਭੂਸਰੀ ਖੜੀ ਆ… ਝੜੱਮ ਜੀਅ… ਇਹਨਾਂ ਨੂੰ ਕਿਸੇ ਦੀ ਖੁਸ਼ੀ ਨਾਲ ਕੋਈ ਮਤਲਬ ਈ ਨਹੀਂ… ਬੱਸ ਨੋਟ ਚਾਹੀਦੇ ਨੇ… ਡਾਕਟਰ ਸ਼ਾਬ ਦੱਸ਼ਣਗੇ…’।
‘ਆਓ ਇੰਦਰ ਸਿੰਘ ਬੈਠੋ।’ ਡਾਕਟਰ ਗੁਲਾਟੀ ਬੋਲਿਆ।
‘ਡਾਕਟਰ ਸਾਅਬ ਤੁਹਾਡਾ ਲੱਖ ਲੱਖ ਸ਼ੁਕਰ ਆ ਜੀ… ਮੈਂ ਸਾਰੀ ਉਮਰ ਤੁਹਾਡਾ ਦੇਣ ਨੀਂਅ ਦੇ ਸਕਦਾ ਜੀ… ਤੁਸੀਂ ਜਦੋਂ ਮਰਜ਼ੀ ਮੈਨੂੰ ਵਾਜ ਮਾਰ ਲਈਓ। ਜਾਨ ਵੀ ਹਾਜ਼ਰ ਆ ਜੀ। ਡਾਕਟਰ ਸਾਅਬ ਬੱਸ ਜੀਅ ਦੀ ਘਾਟ ਸੀ ਪੂਰੀ ਹੋ ਗੀ… ਪ੍ਰਮਾਤਮਾ ਲੰਬੀ ਉਮਰ ਬਖਸ਼ੇ… ਹਾਂ ਡਾਕਟਰ ਸਾਅਬ ਪੈਸੇ ਦੱਸ ਦਿਓ… ਤੇ ਛੇਤੀ ਛੁੱਟੀ ਦੇ ਦਿਓ… ਤਿੰਨ ਦਿਨ ਹੋ ਗਏ ਦੁਕਾਨ ਬੰਦ ਪਈ ਨੂੰ… ਕਿੰਨੇ ਪੈਸੇ ਜੀ…।’
‘ਇੰਦਰ ਸਿੰਘ … ਗੱਲ ਇਹ ਵੇ … ਪੈਸਿਆਂ ਦੀ ਕੋਈ ਗੱਲ ਨੀਂਅ ਤੂੰ ਤਾਂ ਘਰ ਦਾ ਬੰਦਾਂ… ਵੀਰੇ ਗੱਲ ਇਹ ਵਾ ਪਈ …. ਆਪ੍ਰੇਸ਼ਨ ਬਹੁਤ ਵੱਡਾ ਸੀ। ਡਲਿਵਰੀ ਸਹੀ ਹੋ ਗਈ। ਕਰਤਾਰ ਕੌਰ ਨੂੰ ਕੁਝ ਦਿਨ ਅਜੇ ਹਸਪਤਾਲ ’ਚ ਹੋਰ ਰੱਖਣਾ ਪਊ… ਤੂੰ ਪੈਸਿਆਂ ਦਾ ਕੋਈ ਫਿਕਰ ਨਾ ਕਰ… ਤੇਰੇ ਕੋਲੋਂ ਅਸੀਂ ਹੋਰ ਕੋਈ ਪੈਸਾ ਨਹੀਂ ਲੈਣਾ… ਬੱਸ ਤੂੰ ਮਾਂ ਤੇ ਬੱਚੇ ਦੀ ਚੰਗੀ ਤਰਾਂ ਦੇਖਭਾਲ ਕਰੀਂ… ਠੀਕ ਆਂ… ਤੇ…।’
‘ਚੰਗਾ ਡਾਕਟਰ ਸਾਅਬ ਮੈਂ ਆਪਣੇ ਬੇਲੀਆਂ ਨੂੰ ਸੁਨੇਹਾ ਦੇ ਆਵਾਂ… ਉਹ ਤਾਂ ਕਿੱਦਣ ਦੇ ਪਾਰਟੀ ਮੰਗਦੇ ਫਿਰਦੇ ਆ… ਘਰੇ ਦੋ ਬੋਤਲਾਂ ਵੀ ਰੱਖ ਰੱਖੀਆਂ ਨੇ ਜੀ…।’
‘ਇੰਦਰ ਸਿੰਘ ਗੱਲ ਇਹ ਹੈ ਕਿ ਬੱਚਾ…ਬੱਚਾ।’
‘…ਜੀ…?’
‘ਬੱਚਾ … ਖੁਸਰਾ ਹੈ’
‘… ਹੈਂਅ… !’
ਚੀਰ ਫਾੜ ਦੀ ਮਾਰ ਤੇ ਅਗੋਂ ਬੱਚਾ ਖੁਸਰਾ, ਕਰਤਾਰੋ ਨੇ ਹਫਤਾ ਵੀ ਨਾ ਕੱਟਿਆ। ਕਰਤਾਰੋ ਦਾ ਤੁਰ ਜਾਣਾ ਇੰਦਰ ਲਈ ਅਸਿਹ ਸੀ। ਉਸਨੂੰ ਲੱਗਦਾ ਜਿਵੇਂ ਇਕ ਵਾਰ ਫਿਰ ‘ਰੌਲਾ’ ਪੈ ਗਿਆ ਹੋਵੇ ਤੇ ਉਸਦੇ ਹੱਥੋਂ ਮਾਂ ਦੀ ਫੜੀ ਉਂਗਲੀ ਛੁੱਟ ਗਈ ਹੋਵੇ।
” ਅੱਬ ਬੋਲੋ ਇੰਦਰ ਸਿੰਘ ਜੀ… ਮੇਰੇ ਸੇ … ਵਕਤ ਸੇ ਪੰਗਾ ਲੇਤੇ ਥੇ ਲੈ ਲੀਆ ਸਵਾਦ… ਬੀਵੀ ਗਈ… ਹਾਥ ਆਇਆ ਖੁਸਰਾ… ਅਭ ਢੋਤੇ ਰਹਿਣਾ ਦੋ ਸੇਰ ਮਾਸ … ਨਾ ਆਗੇ ਕੁਸ਼ ਨਾ ਪੀਛੇ …ਅਰੇ ਕਿਆ ਸੋਚਨੇ ਲਗੇ ਬੰਧੂ … ਅਰੇ ਭਾਈ ਐਸਾ ਨਾ ਕਰੂੰ ਤੋਂ ਲੋਗ ਵਕਤ ਕੋ ਬੂਲ ਹੀ ਜਾਏਂ… ਫਿਰ ਯੇ ਆਦਮੀ ਮੇਰੇ ਸੇ ਕੈਸੇ ਡਰੇਗਾ… ਹੈਂ…।’’

ਇੰਦਰ ਸਿੰਘ ਨੇ ਸਾਰਿਆਂ ਨੂੰ ਦੱਸ ਦਿੱਤਾ ਕਿ ‘ਮੁੰਡਾ’ ਹੋਇਆ। ਨੈਣ ਨੇ ਇੰਦਰ ਦੇ ਬੂਹੇ ਸ਼ਰੀਂਹ ਬੰਨ੍ਹ ਦਿੱਤਾ। ਸਾਰੇ ਪਿੰਡ ਵਿਚ ਗੁੜ ਵੰਡਿਆ। ਸਵਾ ਮਹੀਨੇ ਤੋਂ ਘਰ ਖੁਸਰੇ ਵੀ ਨੱਚ ਗਏ। ਬੱਚਾ ਹਸਪਤਾਲ ਹੀ ਰਿਹਾ। ਡਾਕਟਰ ਨੇ ਦੋ ਮਹੀਨੇ ਤੱਕ ਕਿਸੇ ਨੂੰ ਬੱਚੇ ਦੇ ਨੇੜੇ ਆਉਣ ਤੋਂ ਰੋਕੀ ਰੱਖਿਆ। ਫਿਰ ਅਚਾਨਕ ਇੰਦਰ ਨੇ ਪਿੰਡ ਛੱਡ ਦਿੱਤਾ। ਕਦੇ ਕਿਤੇ ਚਾਰ ਦਿਨ ਲਾਉਂਦਾ, ਕਦੇ ਕਿਤੇ। ਬੱਚਾ ਗੋਦੀ ਚੁੱਕ ਕੇ ਤੁਰਿਆ ਫਿਰਦਾ ਤੇ ਉਸਨੂੰ ਸ਼ਿੰਦਾ ਪੁੱਤ ਕਹਿ ਕੇ ਬਲਾਉਂਦਾ। ਸੱਤ ਸਾਲ ਬਾਅਦ ਇੰਦਰ ਪਿੰਡ ਮੁੜਿਆ ਤਾਂ ਸ਼ਿੰਦਾ ਬਹੁਤ ਸੋਹਣਾ ‘ਮੁੰਡਾ’ ਲੱਗਦਾ ਸੀ।
‘ਵੇਖ ਪੁੱਤ ਕਿਸੇ ਮੂਹਰੇ ਕੱਛੀ ਨਹੀਂ ਲਾਹੁਣੀ… ਕਿਸੇ ਸਾਹਮਣੇ ਪਸ਼ਾਬ ਨਹੀਂ ਕਰਨਾ… ਨਾ ਕਿਸੇ ਨਾਲ ਕੋਈ ਐਹੋ ਜਹੀ ਗੱਲ ਕਰਨੀ… ਨਹੀਂ ਤਾਂ ਭੂਤ ਖਾ ਜੂ…।’
‘ਮੈਨੂੰ ਪਤੈ ਪਾਪਾ ਜੀ…।’
ਛੋਟੇ ਜਿਹੇ ਸ਼ਿੰਦੇ ਨੂੰ ਇੰਦਰ ਨੇ ਬਹੁਤ ਕੁਝ ਪੜ੍ਹਾ ਦਿੱਤਾ। ਉਸਨੇ ਮੁੜ ਤੋਂ ਦੁਕਾਨ ਖੋਲ੍ਹ ਲਈ। ਡੱਗੀ ਵੀ ਲਾਉਣ ਲੱਗਾ। ਕਹਿੰਦਾ ਕਬੀਲਦਾਰੀ ਚਲਾਉਣ ਲਈ ਜਿੰਨਾ ਕੰਮ ਕਰ ਲੋ ਥੋੜਾ। ਅੱਜ ਤਾਂ ‘ਮੁੰਡਾ’ ਛੋਟਾ ਭਲਕ ਨੂੰ ਵੱਡਾ ਹੋਊ ਤਾਂ ਖਰਚ ਵੀ ਤਾਂ ਵੱਧਣਾ। ਸ਼ਿੰਦੇ ਨੂੰ ਸਕੂਲ ਪਾ ਦਿੱਤਾ। ਮਾਸਟਰ ਨੇ ਸਕੂਲ ਦੇ ਰਜਿਸਟਰ ਵਿਚ ਸ਼ਮਸ਼ੇਰ ਸਿੰਘ ਪੁੱਤਰ ਸਰਦਾਰ ਇੰਦਰ ਸਿੰਘ ਕੌਮ ਖੱਤਰੀ ਨਾਮ ਦਰਜ ਕਰ ਲਿਆ।
ਸੱਤਵੇਂ ਸਾਲ ’ਚ ਸਕੂਲੇ ਦਾਖਲ ਹੋਇਆ ਸ਼ਿੰਦਾ ਹਾਣੀਆਂ ਨਾਲੋਂ ਦੁੱਗਣਾ ਸੀ। ਇਕ ਦਿਨ ਛੀਂਬਿਆਂ ਦੀ ਕੁੜੀ ਲਾਲੀ ਨੇ ਉਸਨੂੰ ਬੋਕ ਕਹਿਤਾ। ਉਸਨੇ ਕੁੜੀ ਨੂੰ ਗੁੱਤੋਂ ਫੜ ਘੁੰਮਾ ਕੇ ਪਰੇ ਚਲਾ ਮਾਰਿਆ। ਕੁੜੀ ਦਾ ਸਿਰ ਪਾਟ ਗਿਆ। ਘਰ ਉਲਾਂਭਾ ਆਇਆ ਤਾਂ ਇੰਦਰ ਨੇ ਸ਼ਾਮ ਨੂੰ ਮੀਟ ਰਿਨਿੰਆ।
‘ਸਾਲੇ… ਆਵਦੀ ’ਲਾਦ ਨੂੰ ਨੀਂਅ ਸਮਝਾਉਂਦੇ ਬਈ ਮੁੰਡਿਆਂ ਨਾਲ ਕਿਵੇਂ ਗੱਲ ਕਰੀਦੀ ਆ… ਪਤਾ ਲੱਗ ਗਿਆ ਨਾ ਬਗਾਨੇ ਪੁੱਤ ਨੂੰ ਬੋਕ ਕਹਿਣ ਦਾ… ਆ ਗਏ ’ਲਾਂਭਾ ਦੇਣ… ਪੁੱਤ ਤੂੰ ਡਰ ਨਾ ਕਿਸੇ ਤੋਂ… ਮੈਂ ਹੈਗਾਂ…।’
ਪੰਜਵੀਂ ਤੱਕ ਤਾਂ ਸ਼ਿੰਦਾ ਬਿਨਾਂ ਪੜ੍ਹੇ ਪਾਸ ਹੋਈ ਗਿਆ। ਪਰ ਛੇਵੀਂ ’ਚ ਪੈਰ ਅੜ ਗਏ।
‘ਇੰਦਰ ਸਿਆਂ ਮੁੰਡੇ ਨੂੰ ਸਮਝਾ… ਖੱਤਰੀ ਦਾ ਪੁੱਤ ਆ… ਚਾਰ ਅੱਖਰ ਪੜੂ ਤਾਂ ਕਿਤੇ ਕਮਾਉਣ ਜੋਗਾ ਹੋਊ… ਆਪਣੇ ਕਿਹੜਾ ਹਲ ਚੱਲਦੇ ਆ…।’ ਮਾਸਟਰ ਨੇ ਇੰਦਰ ਨੂੰ ਸਕੂਲੇ ਸੱਦ ਕੇ ਕਿਹਾ।
‘ਕੋਈ ਨਾ ਮਾਸਟਰ ਜੀ… ਬਥੇਰਾ ਕਮਾਇਆ ਪਿਆ ਮੇਰਾ… ਭਾਵੇਂ ਦੋ ਪੀੜੀਆਂ ਤੱਕ ਬੈਠ ਕੇ ਖਾਈ ਜਾਵੇ ਸ਼ਿੰਦਾ… ਆਹ ਸ਼ਿਵ ਦਾ ਮੁੰਡਾ, ਚੌਦਾਂ ਜਮਾਤਾਂ ਪੜਿਆ… ਐਹਨੂੰ ਤਾਂ ਕਿਤੇ ਨੌਕਰੀ ਮਿਲੀ ਨੀਂਅ … ਹੁਣ ਚੂੜੀਆਂ ਵੇਚਦਾ ਫਿਰਦਾ ਵਿਚਾਰਾ.. ਤੁਸੀਂ ਚਿੰਤਾ ਨਾ ਕਰੋ… ਜਿੰਨਾ ਪੜ੍ਹਦਾ ਪੜਾ ਦਿਓ… ਨਾਲੇ ਪੜ ਕੇ ਤੁਸੀਂ ਕਿਹੜਾ ਜੱਜ ਲੱਗਗੇ… ਮਾਸਟਰੀ ਨਾਲੋਂ ਚਾਰ ਗੁਣੀ ਕਮਾਈ ਤਾਂ ਮੈਂ ਹੱਟੀ ’ਚੋਂ ਕਰ ਲੈਨਾ…।’
ਸ਼ਿੰਦੇ ਦੀ ਯਾਰੀ ਵੱਡੇ ਘਰਾਂ ਦੇ ਮੁੰਡਿਆਂ ਨਾਲ ਹੋ ਗਈ। ਕਦੇ ਕਿਸੇ ਦੀ ਜੀਪ ’ਤੇ ਸ਼ਹਿਰ ਜਾਂਦਾ। ਕਦੇ ਕਿਸੇ ਦੇ ਮੋਟਰ ਸਾਇਕਲ ’ਤੇ। ਪਟਿਆਂ ਦੇ ਨਿੱਤ ਨਵੇ ਡਿਜ਼ਾਇਨ ਬਣਾਉਂਦਾ। ਮੀਟ, ਦਾਰੂ ਹੁਣ ਇੰਦਰ ਦੇ ਘਰ ਲੂਣ ਤੇਲ ਹੋ ਗਿਆ ਸੀ।
ਹੌਲੀ-ਹੌਲੀ ਸ਼ਿੰਦੇ ਦੇ ਨਾਂ ਨਾਲ ਵੈਲੀ ਜੁੜ ਗਿਆ। ਨਵੇਂ ਤੋਂ ਨਵੇਂ ਮੁੰਡੇ ਉਸ ਨਾਲ ਤੁਰੇ ਫਿਰਦੇ। ਉਸਦੇ ਸੱਜੇ ਡੋਲੇ ’ਤੇ ਵੱਜੇ ਗੰਡਾਸੇ ਦਾ ਟੱਕ, ਉਪਰਲੀ ਦੰਦਬੀੜ ਦਾ ਟੁੱਟਿਆ ਸੂਆ ਅਤੇ ਫੁਲ ਤੋਂ ਵੱਡਿਆ ਸੱਜਾ ਅੰਗੂਠਾ ਉਸਦੀ ‘ਕਾਬਲੀਅਤ’ ਦੇ ਸਰਟੀਫਿਕੇਟ ਬਣ ਗਏ। ਜੇ ਕੋਈ ਇੰਦਰ ਕੋਲ ਸ਼ਿੰਦੇ ਨੂੰ ਸੰਭਾਲਣ ਦੀ ਸਲਾਹ ਦਿੰਦਾ ਅੱਗੋਂ ਉਹ ਇਕ ਦੀਆਂ ਸੌ ਸੁਣਾਉਂਦਾ।
ਉਸ ਦਿਨ ਸੱਥ ’ਚ ਬੈਠਿਆਂ ਜੱਗਾ ਤਖਾਣ ਇੰਦਰ ਨੂੰ ਕਹਿਣ ਲੱਗਿਆ, ‘ਇੰਦਰ ਸਿਹਾਂ ਸ਼ਿੰਦੇ ਨੂੰ ਕਾਬੂ ’ਚ ਰੱਖ, ਵਿਗੜਦਾ ਜਾਂਦੈ… ਮੁੰਡੇ ਤਾਂ ਮੇਰੇ ਵੀ ਚਾਰ ਨੇ, ਪਰ ਮਜਾਲ ਆ ਕਦੇ ਚੂੰ ਕਰ ਜਾਣ… ਮੁੰਡਾ ਤੇ ਰੰਬਾ ਜਿੰਨਾ ਚੰਡੀਏ ਓਨਾ ਈ ਸੂਤ ਰਹਿੰਦੇ ਨੇ…।’
‘ਚਾਚਾ… ਮੁੰਡੇ ਖੁੰਡੇ ਐਹੋ ਜਿਹਾ ਕੁਸ਼ ਕਰਦੇ ਈ ਨੇ … ਉਹ ਖੁਸਰੇ ਹੋਣਗੇ ਜਿਹੜੇ ਅੰਦਰ ਵੜੇ ਰਹਿੰਦੇ ਨੇ… ਨਾਲੇ ਤੈਨੂੰ ਦੁੱਧ ਧੋਤੇ ਨੂੰ ਮੈਂ ਜਾਣਦਾਂ… ਭੁੱਲ ਗਿਆਂ ਜਦੋਂ ਪਰਾਰ ਲੋਕਾਂ ਨੇ ਨਰਮੇ ’ਚੋਂ ਫੜਿਆ ਸੀ, ਖੇਹ ਖਾਂਦੇ ਨੂੰ…।’ ਇੰਦਰ ਨੇ ਮੋੜ ਦਿੱਤਾ।
ਲਗਾਤਾਰ ਤਿੰਨ ਦਿਨਾਂ ਬਾਅਦ ਸ਼ਿੰਦਾ ਘਰ ਮੁੜਿਆ ਤਾਂ ਇੰੰਦਰ ਨੇ ਪੁੱਛਿਆ, ‘ਸ਼ਿੰਦਿਆ ਕਿਥੇ ਗਿਆ ਸੀ… ਦੱਸ ਜਾਂਦਾ ਯਾਰ… ਮੈਨੂੰ ਫਿਕਰ ਲੱਗਿਆ ਰਿਹਾ… ਤਿੰਨ ਦਿਨ ਹੋਗੇ… ਸੁੱਖ ਸੀ…?’
‘ਕੀ ਦੱਸਾਂ ਪਾਪਾ ਜੀ … ਕਸੂਤਾ ਫਸ ਗਿਆ ਸੀ। ਮੇਰਾ ਬੇਲੀ ਇਕਬਾਲ ਤੇ ਪਟਵਾਰੀਆਂ ਦਾ ਗੁਰਦੀਪ ਹੋਟਲ ’ਚ ਕੁੜੀ ਲੈ ਗਏ। ਨਾਲ ਮੈਂ ਵੀ ਸੀ। ਕਿਸੇ ਨੇ ਪੁਲਸ ਕੋਲ ਚੁਗਲੀ ਕਰ ’ਤੀ। ਸਾਨੂੰ ਪੁਲਸ ਫੜ ਕੇ ਲੈ ਗੀ… ਅਵਾਰਾ ਗਰਦੀ ਦਾ ਕੇਸ ਪਾ ’ਤਾ… ਪਾਪਾ ਜੀ ਮੈਂ ਤਾਂ ਨਿਕਲ ਸਕਦਾ ਸੀ। ਮੇਰੇ ‘ਤੇ ਤਾਂ ਕੋਈ ਕੇਸ ਨਹੀਂ ਸੀ ਬਣਨਾ… ਪਰ ਇਸ ਵਾਸਤੇ ਮੈਨੂੰ ਡਾਕਟਰੀ ਕਰਾਉਣੀ ਪੈਣੀ ਸੀ… ਪਰ ਫੇਰ ਤੁਹਾਡਾ ਜਿਓਣਾ ਦੁੱਬਰ ਹੋ ਜਾਣਾ ਸੀ… ਪਾਪਾ ਜੀ ਮੈਂ ਤੁਹਾਨੂੰ ਦੁਖੀ ਨਹੀਂ ਸੀ ਦੇਖ ਸਕਦਾ… ਐਸ ਲਈ ਮੈਂ ਆਪਣੇ ’ਤੇ ਅਵਾਰਾ ਗਰਦੀ ਦਾ ਕੇਸ ਪਵਾ ਲਿਆ… ਅੱਜ ਜ਼ਮਾਨਤ ਹੋਈ ਆ… ਪਾਪਾ ਜੀ ਮੈਂ ਠੀਕ ਕੀਤਾ ਨਾ…।’
‘… ਸ਼ਿੰਦਿਆ… ਤੂੰ ਮੈਨੂੰ ਜਿਉਂਦਿਆਂ ’ਚ ਰੱਖ ਲਿਆ… ਪੁੱਤ ਇਹ ਬਦਨਾਮੀ ਸਾਡੇ ਲਈ ਕਾਲਖ ਦਾ ਟਿੱਕਾ ਨਹੀਂ ਜਿਓਣ ਦਾ ਆਸਰਾ… ਹੁਣ ਤਾਂ ਆਪਾਂ ਇਉਂ ਹੀ ਆਪਣੇ ਦਿਹਾੜੇ ਪੂਰੇ ਕਰਨੇ ਨੇ… ਮੈਂ ਤੈਨੂੰ ਉਹ ਕੁਸ਼ ਤਾਂ ਨਹੀਂ ਦੇ ਸਕਦਾ ਜੋ ਤੈਨੂੰ ਮਰਦ ਬਣਾ ਦੇਵੇ … ਪਰ ਦੁਨੀਆ ਤੈਨੂੰ ਮਰਦਾਂ ਵਾਗੁੂੰ ਈ ਪੂਜੂ। ਇਕ ਗੱਲ ਮੇਰੀ ਹੋਰ ਸੁਣ, ਦੁਨੀਆਂ ਨੂੰ ਜੋ ਵਿਖਾਓ ਇਹ ਓਸੇ ਨੂੰ ਸੱਚ ਮੰਨ ਲੈਂਦੀ ਆ… ਜਿਸ ਦਿਨ ਇਹਨਾਂ ਨੂੰ ਪਤਾ ਲੱਗ ਗਿਆ ਤੂੰ ਖੁਸਰੈਂ, ਤਾਂ ਇਹ ਜਿਹੜੇ ਤੇਥੋਂ ਡਰਦੇ ਲੁਕਦੇ ਫਿਰਦੇ ਨੇ ਨਾਂ, ਤਾੜੀਆਂ ਮਾਰ ਮਾਰ ਕੇ ਮਾਰ ਦੇਣਗੇ… ਸ਼ਿੰਦਿਆਂ ਮੈਂ ਬਹੁਤ ਔਖੀ ਲੜਾਈ ਲੜੀ ਆ ਹੁਣ ਬਾਜ਼ੀ ਤੇਰੇ ਹੱਥ ਆ…।’
” ਹੈਂਅ ਹੈਂਅ ਅਰੇ ਬੰਧੂ ਬੁੂਢਾ ਤੋਂ ਬੂਢਾ ਯੇ ਮੁੰਡਾ ਬੀ ਬੜਾ ਚਾਲੂ ਨਿਕਲਾ… ਹਰ ਚਾਲ ਕੋ ਮਾਤ ਕਰ ਦੇਤੇ ਹੈਂਅ… ਬੀਸ ਸਾਲ ਹੋਨੇ ਕੋ ਆ ਗਏ … ਮੈਂ ਅਭੀ ਤੱਕ ਦੁਨੀਆ ਕੋ ਯੇ ਨਹੀਂ ਬਤਾ ਸਕਾ ਕਿ ਯੇ ਜੋ ਬੜਾ ਬਦਮਾਸ਼ ਬਨਾ ਫਿਰਤਾ ਹੈ ਯੇ ਖੁਸਰਾ ਹੈ … ਬਤਾਊਂ ਕੇਸੇ ਸੁਸਰੇ ਮੌਕਾ ਹੀ ਨਹੀਂ ਦੇਤੇ… ਪਰ ਮੈਂ ਬੀ ਵਕਤ ਹੂੰਅ … ਦੇਖਤਾ ਹੂੰ ਕਹਾਂ ਤੱਕ ਬਾਗਤੇ ਹੈਂ…।’’
ਸਿਆਲਾਂ ਦੀ ਰਾਤ ਸੀ।
‘ਕੀ ਗੱਲ ਪੁੱਤ… ਚੁੱਪ ਜਿਹਾ ਕਿਉਂ ਬੈਠਾਂ… ਰੋਟੀ ਵੀ ਨੀਂ ਖਾਧੀ।’
ਉਸ ਰਾਤ ਸ਼ਿੰਦਾ ਬਹੁਤ ਉਦਾਸ ਸੀ।
‘ਪਾਪਾ ਜੀ… ਮੈਂ ਇਹ ਬਣਾਉਟੀ ਜ਼ਿੰਦਗੀ ਜੀਂਦਾ ਜੀਂਦਾ ਅੱਕ ਗਿਆਂ…।’
‘ਪੁੱਤ ਜੀਣ ਦੀ ਮਜ਼ਬੂਰੀ ਆ… ਕੋਈ ਹੱਲ ਵੀ ਤਾਂ ਨਹੀਂ।’
‘ਨਿੱਤ ਨਿੱਤ ਦੇ ਜੱਭ ਨਾਲੋਂ ਇਕੋ ਵਾਰੀ ਕੌੜਾ ਘੁੱਟ ਭਰ ਲੈਂਦੇ… ਕਿੰਨਾ ਕੁ ਚਿਰ ਝੂਠ ਦੇ ਪੱਜ ਜੀਵਾਂਗੇ… ਥਾਣੇਦਾਰਾਂ ਦੀ ਜੋਤੀ ਮੈਨੂੰ ਪਿਆਰ ਕਰਦੀ ਆ… ਵਿਆਹ ਕਰਨ ਲਈ ਕਹਿੰਦੀ ਆ… ਦੱਸ ਮੈਂ ਉਹਨੂੰ ਕੀ ਜਵਾਬ ਦੇਵਾਂ… ਮੈਨੂੰ ਜੰਮਦੇ ਨੂੰ ਮਾਰ ਦਿੰਦਾ ਜਾਂ ਡੇਰੇ ਛੱਡ ਦਿੰਦਾ…।’
ਪਿਓ ਪੁੱਤ ਰਾਤ ਭਰ ਰੋਂਦੇ ਰਹੇ।
” ਹਾ ਹਾ ਹਾ ਹਾ… ਬੰਧੂ ਕਿਆ ਦੇਖ ਰਹੇ ਹੋ… ਅਬ ਆਇਆ ਨਾ ਊਂਟ ਪਹਾੜ ਕੇ ਨੀਚੇ… ਅਬ ਦੇਖਨਾ ਕੈਸੇ ਗਿੜ ਗਿੜਾ ਕੇ ਮੌਤ ਮਾਂਗਤਾ ਹੈ ਜੇ ਇੰਦਰ ਸੀਂਘ ਖੱਤਰੀ… ਅਰੇ ਬੰਧੂ ਵਕਤ ਹੂੰ ਮੈਂ ਵਕਤ… ਵਕਤ ਕੀ ਮਾਰ ਸੇ ਕੌਨ ਬਚ ਸਕਾ ਹੈ… ਹੈ ਨਾ…।

ਲੋਕ ਮੁੜ ਸ਼ਿੰਦੇ ਦੀ ਮੌਤ ਬਾਰੇ ਗੱਲਾਂ ਕਰਨ ਲੱਗੇ। ਸ਼ਿੰਦੇ ਦੇ ਕੱਪੜਿਆਂ ਤੇ ਦੰਦਾਂ ’ਤੋਂ ਹੀ ਉਹਦੀ ਸ਼ਨਾਖਤ ਹੋਈ। ਜਦੋਂ ਇੰਦਰ ਨੂੰ ਲਾਸ਼ ਵਿਖਾਈ ਤਾਂ ਉਹ ਵਾਰ ਵਾਰ ਲੱਤਾਂ ਵਾਲੇ ਪਾਸਿਓਂ ਚਾਦਰ ਲਾਹ ਕੇ ਵੇਖਣ ਦੀ ਕੋਸ਼ਿਸ਼ ਕਰਦਾ। ਪਰ ਉਸਨੂੰ ਪਾਸਿਆਂ ਤੋਂ ਫੜੀ ਖੜੇ ਲੋਕ ਕਮਰਿਓਂ ਬਾਹਰ ਲੈ ਆਏ।
ਡਾਕਟਰ ਪੋਸਟ ਮਾਰਟਮ ਤੋਂ ਵਿਹਲਾ ਹੋ ਕੇ ਆਪਣੇ ਦਫਤਰ ਵੱਲ ਤੁਰ ਪਿਆ। ਜਦੋਂ ਉਹ ਟਾਹਲੀ ਕੋਲ ਖੜੇ ਇੰਦਰ ਕੋਲੋਂ ਲੰਘਣ ਲੱਗਿਆ ਤਾਂ ਇੰਦਰ ਹੱਥ ਜੋੜ ਕੇ ਬੋਲਿਆ, ‘… ਡਾਕਟਰ ਸਾਅਬ ਮੈਂ ਓ੍ਹਦਾ ਪਿਓ ਆਂ… ਸੱਚੀਂ ਦੱਸਿਓ … ਸ਼ਿੰਦੇ ਦਾ ਸਰੀਰ ਪੂਰਾ ਸੀ … ਧੜ ਤੇ ਮਾਸ ਸੀਗਾ…।’
‘ ਨਹੀਂ ਬਾਈ ਜੀ…’ ਡਾਕਟਰ ਹੌਲੀ ਜਿਹੇ ਬੋਲਿਆ, ‘ ਕੁਝ ਮਾਸ ਤਾਂ ਮੱਛੀਆਂ ਨੇ ਖਾ ਲਿਆ ਕੁਝ ਗਲ ਸੜ ਗਿਆ… ਸਰੀਰ ਉਪਰ ਮਾਸ ਤਾਂ ਹੈ ਈ ਨਹੀਂ ਸੀ… ਬੱਸ ਹੱਡੀਆਂ ਈ ਸਨ ਉਹ ਵੀ ਪੂਰੀਆਂ ਨਹੀਂ… ਜਾਨਵਰ ਖਾ ਗਏ ਹੋਣਗੇ… ਜੋ ਰੱਬ ਨੂੰ ਮੰਨਜ਼ੂਰ … ਹੌਂਸਲਾ ਰੱਖੋ… ਮਹੀਨੇ ਕੁ ਤੱਕ ਪੋਸਟ ਮਾਰਟਮ ਦੀ ਰਿਪੋਰਟ ਆ ਜਾਊਗੀ… ਫਿਰ ਮੌਤ ਦੇ ਕਾਰਨ ਦਾ ਵੀ ਪਤਾ ਲੱਗ ਜੂ…’ ਡਾਕਟਰ ਉਸਦੇ ਦੋਵੇਂ ਹੱਥ ਘੁੱਟ ਕੇ ਹਮਦਰਦੀ ਦਿੰਦਾ ਚਲਾ ਗਿਆ।
” ਅਭ ਗਿਆ… ਬੰਧੂ ਮੇਰੇ ਬਰਸੋਂ ਕੀ ਜੱਦੋ ਜਹਿਦ ਅਬ ਪੂਰੀ ਹੋ ਗਈ… ਬੜਾ ਸਖਤ ਹੱਡੀ ਕਾ ਨਿਕਲਾ ਸੁਸਰਾ … ਪਰ ਅਭ ਗਿਆ… ਅਭ ਨਹੀਂ ਬਚਤਾ… ਅਰੇ ਬੰਧੂ ਜੀਏਗਾ ਕਿਸਕੇ ਸਹਾਰੇ… ਸਭੀ ਸਹਾਰੇ ਤੋ ਮੈਨੇ ਤੋੜ ਦੀਏ…. ਹਾ ਹਾ ਹਾ… ਵਕਤ ਹੂੰ ਨਾ … ਕਾਮ ਹੈ ਜੇ ਮੇਰਾ ਬੰਧੂ…।’’
‘ਸਰੀਰ ਉਪਰ ਮਾਸ ਤਾਂ ਹੈ ਈ ਨਹੀਂ ਸੀ…ਸਰੀਰ ਉਪਰ ਮਾਸ ਤਾਂ ਹੈ ਈ ਨਹੀਂ ਸੀ… ਸਰੀਰ ਉਪਰ ਮਾਸ ਤਾਂ ਹੈ ਈ ਨਹੀਂ ਸੀ… ।’ ਇੰਦਰ ਦੇ ਆਲੇ ਦੁਆਲੇ ਇਹ ਸ਼ਬਦ ਗੂੰਜਣ ਲੱਗੇ। ਉਸਨੇ ਇਕ ਲੰਬਾ ਸਾਹ ਖਿੱਚਿਆ। ਠੰਡੀ ਹਵਾ ਨਾਲ ਅੰਦਰ ਭਰ ਗਿਆ। ਅੱਖਾਂ ਅੱਗੋਂ ਧੁੰਦ ਛਿੱਦੀ ਹੋ ਗਈ।
ਇੰਦਰ ਨੇ ਪਿਛੇ ਮੁੜ ਕੇ ਵੇਖਿਆ। ਸਾਰਾ ਪਿੰਡ ਉਸ ਵੱਲ ਭਾਰੀ ਦੁੱਖ ਤੇ ਡਾਢੀ ਹਮਦਰਦੀ ਨਾਲ ਵੇਖ ਰਿਹਾ ਸੀ, ਉਸਦਾ ‘ਗੱਭਰੂ ਪੁੱਤ’ ਜੋ ਮਰ ਗਿਆ ਸੀ।
‘ਸ਼ਿੰਦਿਆਂ … ਤੂੰ ਤਾਂ ਮਰਕੇ ਵੀ ਮੈਨੂੰ ਜੀਣ ਜੋਗਾ ਕਰ ਗਿਆ ਉਏ…।’ ਇੰਦਰ ਦੇ ਧੁਰ ਅੰਦਰੋਂ ਇਕ ਆਵਾਜ਼ ਨਿਕਲੀ।
ਦੋ ਪਹਿਰਾਂ ਤੋਂ ਬੰਨ੍ਹ ਕੇ ਰੱਖਿਆ ਦੁੱਖ ਦਾ ਦਰਿਆ ਟੁੱਟ ਕੇ ਵਹਿ ਤੁਰਿਆ। ਚੀਕਾਂ, ਹੰਝੂ ਤੇ ਦੁਹੱਥੜ। ਉਹ ਟਾਹਲੀ ਦੇ ਮੁੱਢ ਨਾਲ ਸਿਰ ਮਾਰਨ ਲੱਗਿਆ।
ਦੂਰ ਖੜੇ ਬੰਦੇ ਉਸ ਨੂੰ ਸਾਂਭਣ ਲਈ ਭੱਜ ਤੁਰੇ।
” ਅਰੇ ਅਰੇ… ਯੇ ਕਿਆ … ਯੇ ਤੋ ਫਿਰ ਚੱਲ ਪੜਾ… ਜੀਨੇ ਕੀ ਬਾਤ ਕਰਤਾ ਹੈ ਤੋ ਮਰੇਗਾ ਕੌਨ… ਬੱਸ ਬੱਸ… ਯਹੀ ਹੈ ਮੇਰੀ ਮੁਸੀਬਤ ਇਸ ਆਦਮੀ ਨੇ ਤੋ ਮੁਝੇ ਹਰਾ ਕੇ ਰੱਖ ਦੀਆ… ਦੇਖੋ ਬੰਧੂ ਮੈਂ ਕੇਸਾ ਵਕਤ ਹੂੰ ਜੋ ਖੁਦ ਵਕਤ ਮੇਂ ਪੜਾ ਹੂੰ…।’’

ਗੁਰਸੇਵਕ ਸਿੰਘ ਪ੍ਰੀਤ
ਕਿੱਤੇ ਵਜੋਂ ਪੱਤਰਕਾਰ ਗੁਰਸੇਵਕ ਸਿੰਘ ਪ੍ਰੀਤ ਕਹਾਣੀਕਾਰ ਦੇ ਤੌਰ 'ਤੇ ਅਪਣਾ ਵਖ਼ਰਾ ਸਥਾਨ ਬਣਾਉਣ ਦੇ ਸਫ਼ਰ 'ਤੇ ਹੈ। ਮਾਨਵੀ ਰਿਸ਼ਤਿਆਂ ਦੀਆਂ ਸੂਖ਼ਮ ਤੰਦਾਂ ਨੂੰ ਫੜਣ ਦੀ ਉਸ ਨੂੰ ਸੋਝੀ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!