‘ਹੁਣ-5’ ਵਿਚ ਸਤਿਆਪਾਲ ਗੌਤਮ ਦੇ ‘ਸਿਮੋਨ ਦ ਬੁਵੁਆਰ’ ਬਾਰੇ ਲੇਖ ਨੇ ਮੇਰੇ ਮਨ ਵਿਚ ਪਹਿਲੋਂ ਹੀ ਉੱਠਦੇ ਬਹੁਤ ਸਾਰੇ ਸਵਾਲਾਂ ਨੂੰ ਤੀਲੀ ਲਾ ਦਿਤੀ ਹੈ। ਦਰਅਸਲ ਜਿਉਂ-ਜਿਉਂ ਔਰਤ-ਮਰਦ ਦੇ ਰਿਸ਼ਤੇ ਦੀ ਡੂੰਘਾਈ ਵਿਚ ਉਤਰੋ ਪਰਤ-ਦਰ-ਪਰਤ ਇਹ ਖਿਲਰਦਾ ਜਾਂਦਾ ਹੈ। ਬਹੁਤ ਕੁਝ ਇਸ ਬਾਰੇ ਲਿਖਿਆ ਤਾਂ ਜਾ ਚੁੱਕਾ ਹੈ ਪਰ ਖਿਲਰੀ ਸਿਆਹੀ ਵਾਂਗ ਇਹ ਅਣਸਮੇਟਿਆ ਹੀ ਰਹਿ ਜਾਂਦਾ ਹੈ। ਇਕ ਜਾਤੀ ਦੇ ਬਾਵਜੂਦ ਇਨ੍ਹਾਂ ਵਿਚਾਲੇ ਮਾਨਸਿਕ ਤੇ ਸਰੀਰਕ ਤੌਰ ’ਤੇ ਅੰਤਾਂ ਦਾ ਵਖਰੇਵਾਂ ਹੈ ਤੇ ਇਹ ਵਖਰੇਵਾਂ ਇਨ੍ਹਾਂ ਨੂੰ ਇਕ ਦੂਜੇ ਵੱਲ ਖਿਚਦਾ ਵੀ ਹੈ ਤੇ ਦੂਰ ਵੀ ਕਰਦਾ ਹੈ। ਇਹ ਵਿਗਿਆਨਕ ਸੱਚ ਹੈ ਕਿ ਲੜਕੀ ਆਪਣੇ ਪਿਤਾ ਤੇ ਲੜਕਾ ਆਪਣੀ ਮਾਂ ਵੱਲ ਆਕਰਸ਼ਤ ਹੁੰਦਾ ਹੈ। ਲੜਕੀ ਦਾ ਪਹਿਲਾ ਪਿਆਰ ਉਸ ਦਾ ਪਿਤਾ ਤੇ ਲੜਕੇ ਦਾ ਪਿਆਰ ਉਸ ਦੀ ਮਾਂ ਹੁੰਦੀ ਹੈ। ਵਿਰੋਧੀ ਲਿੰਗ ਇਕ-ਦੂਜੇ ਨੂੰ ਆਪਣੇ ਵੱਲ ਖਿਚਦੇ ਹਨ। ਭਾਵੇਂ ਇਨ੍ਹਾਂ ਰਿਸ਼ਤਿਆਂ ਵਿਚ ਸਿਰਫ਼ ਮਾਨਸਿਕ ਸਤੁੰਸਟੀ ਹੁੰਦੀ ਹੈ ਪਰ ਇਹ ਸੰਤੁਸ਼ਟੀ ਉਮਰ ਭਰ ਹਾਵੀ ਰਹਿੰਦੀ ਹੈ। ਆਪਣੇ ਜੀਵਨ ਸਾਥੀ ਵਿਚ ਬੱਚੇ ਆਪਣੇ ਮਾਂ-ਬਾਪ ਦੇ ਨਕਸ਼ ਤਲਾਸ਼ਦੇ ਰਹਿੰਦੇ ਹਨ ਜੋ ਕਈ ਵਾਰ ਦੁੱਖਾਂ ਦਾ ਕਾਰਨ ਵੀ ਬਣਦੇ ਹਨ। ਧੀ ਹਰ ਪਲ ਆਪਣੇ ਬਾਪ ਦੇ ਕਾਰ ਵਿਹਾਰ ਨੂੰ ਗਹੁ ਨਾਲ ਤੱਕਦੀ ਹੈ। ਬਾਪ ਦੀ ਹਰ ਇੱਛਾ ਦਾ ਖਿਆਲ ਰੱਖਦੀ ਹੋਈ ਮਾਂ ਦਾ ਵੀ ਮੁਕਾਬਲਾ ਕਰਦੀ ਹੈ। ਬਾਪ ਉਸ ਦੀਆਂ ਨਜ਼ਰਾਂ ਵਿਚ ਸੰਪੂਰਨ ਮਰਦ ਹੈ। ਜੇ ਉਸ ਦਾ ਪ੍ਰੇਮੀ ਜਾਂ ਪਤੀ ਉਸ ਦੇ ਬਾਪ ਦੀ ਸੋਚ ਨਾਲ ਮੇਚ ਨਾ ਖਾਵੇ ਤਾਂ ਸਾਰੀ ਉਮਰ ਦੋਹਾਂ ਮਰਦਾਂ ਦੀ ਤੁਲਨਾ ਕਰਦੀ ਰਹਿੰਦੀ ਹੈ ਪਰ ਜਦੋਂ ਕਿਸੇ ਪੁੱਤ ਦੀ ਮਾਂ ਬਣ ਜਾਂਦੀ ਹੈ ਤਾਂ ਪਹਿਲੇ ਦੋਹਾਂ ਮਰਦਾਂ ਦੀ ਹੋਂਦ ਸਹਿਜੇ ਹੀ ਉਸ ਦੇ ਅਚੇਤ ਵਿਚ ਚਲੀ ਜਾਂਦੀ ਹੈ ਤੇ ਉਸ ਦਾ ਧਿਆਨ ਸਿਰਫ ਤੇ ਸਿਰਫ ਪੁੱਤ ’ਤੇ ਹੀ ਕੇਂਦਰਤ ਹੋ ਜਾਂਦਾ ਹੈ। ਜ਼ਿਆਦਾਤਰ ਔਰਤਾਂ ਸਾਰੀ ਉਮਰ ਇਸ ਉਧੇੜ-ਬੁਣ ਵਿਚ ਲੱਗੀਆਂ ਰਹਿੰਦੀਆਂ ਹਨ। ਇਨ੍ਹਾਂ ਵਿਚਾਲੇ ਸੰਤੁਲਨ ਬਨਾਉਣਾ ਉਨ੍ਹਾਂ ਲਈ ਮੁਸ਼ਕਲ ਹੋ ਜਾਂਦਾ ਹੈ। ਮਾਂ-ਪੁੱਤ ਦਾ ਰਿਸ਼ਤਾ ਵੀ ਬਾਪ-ਧੀ ਦੇ ਪਿਆਰ ਵਾਂਗ ਹੈ। ਪੁੱਤ ਨੂੰ ਆਪਣੀ ਮਾਂ ਤੋਂ ਬਿਨਾਂ ਕੋਈ ਵੀ ਔਰਤ ਸੰਪੂਰਨ ਨਹੀਂ ਲੱਗਦੀ।
ਇਹ ਸਮਸਿਆ ਸਿਰਫ਼ ਭਾਰਤੀ ਸਮਾਜ ਦੀ ਨਹੀਂ ਬਲਕਿ ਹਰ ਥਾਂ ਇਵੇਂ ਹੀ ਹੈ। ਸਮਸਿਆਵਾਂ ਦੋਹਾਂ ਦੀਆਂ ਹੀ ਹਨ ਤੇ ਇਨ੍ਹਾਂ ਨੂੰ ਸਮਝਣ ਲਈ ਵੀ ਵੱਖ-ਵੱਖ ਤਰ੍ਹਾਂ ਸੋਚਣ ਦੀ ਲੋੜ ਹੈ। ਸਿਰਫ ਔਰਤ ਹੀ ਬੇਚਾਰੀ ਨਹੀਂ ਮਰਦ ਵੀ ਕਈ ਥਾਈਂ ਸੋਸ਼ਣ ਦਾ ਸ਼ਿਕਾਰ ਹੈ ਬਸ ਫ਼ਰਕ ਇੰਨਾ ਹੈ ਕਿ ਔਰਤਾਂ ਦੀ ਸੰਖਿਆ ਜ਼ਿਆਦਾ ਹੈ। ਬੇਹਿਸਾਬ ਤੱਰਕੀ ਦੇ ਬਾਵਜੂਦ ਅਸੀਂ ਆਪਣੀਆਂ ਲੋੜਾਂ ਮੁਤਾਬਕ ਢਲ ਨਹੀਂ ਸਕੇ। ਜ਼ਰੂਰਤਾਂ ਮੁਤਾਬਕ ਕੁਝ ਸਮਝੌਤੇ ਤਾਂ ਕੀਤੇ ਪਰ ਹਊਮੇ ਨੂੰ ਛੱਡਣਾ ਝੁਕਣ ਦੇ ਬਰਾਬਰ ਸਮਝਿਆ।
ਪਿਛੇ ਜਿਹੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਕਪੂਰਥਲਾ ਵਿਚ ਅਜਿਹੀ ਹੀ ਸਮਸਿਆ ਨੂੰ ਕੇਂਦਰ ਵਿਚ ਰੱਖ ਕੇ ‘ਨਾਰੀ ਚੇਤਨਾ’ ਸਮਾਗਮ ਰਚਾਇਆ ਗਿਆ। ਅਜਿਹੇ ਸਮਾਗਮ ਅਕਸਰ ਹੁੰਦੇ ਹੀ ਰਹਿੰਦੇ ਹਨ ਬਸ ਦੇਰ ਤਾਂ ਹੁਣ ‘ਮਰਦ ਚੇਤਨਾ’ ਸਮਾਗਮਾਂ ਦੀ ਹੈ। ‘ਨਾਰੀ ਚੇਤਨਾ’ ਜਿਵੇਂ ਕਿ ਇਸ ਸਮਾਗਮ ਦੇ ਨਾਂ ਤੋਂ ਹੀ ਸਪਸ਼ਟ ਸੀ, ਇਥੇ ਨਾਰੀ ਸੋਸ਼ਣ ਦੀ ਗੱਲ ਹੀ ਹੋਣੀ ਸੀ। ਸਮਾਗਮ ਦੇਖਦਿਆਂ ਧਿਆਨ ਗਿਆ ਕਿ ਇਥੇ ਉਹ ਹੀ ਔਰਤਾਂ ਆਈਆਂ ਹਨ ਜੋ ਆਪਣੇ ਅਧਿਕਾਰਾਂ ਬਾਰੇ ਪਹਿਲੋਂ ਚੇਤੰਨ ਸਨ ਪਰ ਇਹ ਸਚਮੁੱਚ ਕਿੰਨੀਆਂ ਕੁ ਚੇਤੰਨ ਸਨ, ਇਹਦਾ ਪਤਾ ਉਦੋਂ ਲੱਗਾ ਜਦੋਂ ਇਨ੍ਹਾਂ ਵਿਚੋਂ ਇਕ-ਦੋ ਨੂੰ ਛੱਡ ਕੇ ਬਾਕੀ ਸਭ ਨੇ ਰੱਜ ਕੇ ਮਰਦਾਂ ਨੂੰ ਹੀ ਭੰਡਿਆ। ਪਰ ਮਰਦ ਪ੍ਰਧਾਨਗੀ ਵਾਲੀ ਵਿਵਸਥਾ ਉਨ੍ਹਾਂ ਦੇ ਨਿਸ਼ਾਨੇ ਤੇ ਨਹੀਂ ਸੀ। ਸ਼ਾਇਦ ਇਹ ਉਨ੍ਹਾਂ ਦੇ ਸੁਭਾਅ ਵਿਚ ਸ਼ਾਮਲ ਸੀ ਜਾਂ ਇਨ੍ਹਾਂ ਦੇ ਮਰਦਾਂ ਨਾਲ ਤਜ਼ਰਬੇ ਮਾੜੇ ਸੀ ਜਾਂ ਇਨ੍ਹਾਂ ਨੇ ਆਪਣੀ ਹਊਮੈ ਨੂੰ ਪੱਠੇ ਪਾਉਣਾ ਜ਼ਰੂਰੀ ਸਮਝਿਆ। ਪਰ ਇੱਥੇ ਸਵਾਲ ਇਹ ਹੈ ਕਿ ਮਰਦਾਂ ਖਿਲਾਫ ਬੋਲ ਕੇ ਵੀ ਉਹ ਸ਼ਾਇਦ ਕਦੇ ਵੀ ਆਪਣੇ ‘ਮਰਦ ਪੁੱਤ’ ਖਿਲਾਫ ਨਹੀਂ ਬੋਲ ਸਕਦੀਆਂ ਪਰ ਉਹ ਆਪਣੇ ਪੁੱਤ ਦੀ ਜੀਵਨ ਸਾਥਣ ਦੇ ਵਿਰੁੱਧ ਪੂਰਾ ਮੋਰਚਾ ਲਾ ਲੈਂਦੀਆਂ ਹਨ। ਇਨ੍ਹਾਂ ਔਰਤਾਂ ਨੂੰ ਮਰਦਾਂ ਦੀਆਂ ਹੀ ਖਾਮੀਆਂ ਨਜ਼ਰ ਆਈਆਂ ਪਰ ਔਰਤ ਦੇ ਮਾੜੇ ਵਤੀਰੇ ਦੀ ਇਨ੍ਹਾਂ ਗੱਲ ਨਹੀਂ ਕੀਤੀ। ਇਹ ਨਿੱਜਤਾ ਤੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਨਹੀਂ ਕਰ ਰਹੀਆਂ ਸਨ। ਦੂਜੇ ਪਾਸੇ ਉਹ ਮਰਦ ਸੀ ਜਿਹੜੇ ਨਾਰੀ ਦੇ ਚੰਗੇ-ਮਾੜੇ ਪੱਖਾਂ ਨੂੰ ਵਿਚਾਰਨ ਆਏ ਸਨ ਪਰ ਆਪਣੀਆਂ ਨਾਰੀਆਂ ਨੂੰ ਘਰਾਂ ਵਿਚ ਤਾੜ ਕੇ।
ਪਿਛਲੇ ਕੁਝ ਸਮੇਂ ਤੋਂ ਅਜਿਹੇ ਜੋੜਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਜੋ ਆਪਣੇ-ਆਪਣੇ ਸਾਥੀ ਤੋਂ ਸੰਤੁਸ਼ਟ ਨਹੀਂ ਸਨ। ਦੋਵੇਂ ਇਕ-ਦੂਜੇ ਤੋਂ ਨਾਖੁਸ਼ ਹਨ ਪਰ ਫਸੇ-ਫਸਾਏ ਇਕ ਸਮਾਜਕ ਰਿਸ਼ਤਾ ਨਿਭਾ ਰਹੇ ਹਨ। ਸ਼ਰੀਰ ਨਾਲੋਂ ਇਨ੍ਹਾਂ ਦੀ ਬਹੁਤੀ ਪੀੜਾ ਮਾਨਸਿਕ ਹੈ। ਅਸਲ ਵਿਚ ਸਮੇਂ ਦੇ ਨਾਲ-ਨਾਲ ਸਾਡੀਆਂ ਸਮਸਿਆਵਾਂ ਵੀ ਬਦਲੀਆਂ ਹਨ। ਬਦਲ ਰਹੀਆਂ ਪ੍ਰਸਥਿਤੀਆਂ ਵਿਚ ਸਾਂਝੇ ਪਰਿਵਾਰਾਂ ਦੀ ਥਾਂ ਇਕਹਿਰੇ ਪਰਿਵਾਰ ਹਨ ਤੇ ਦੋਵੇਂ ਜੀਆਂ ਦਾ ਰੋਟੀ ਖਾਤਰ ਕੰਮ ਕਰਨਾ ਹੈ। ਕੁੱਝ ਰਿਸ਼ਤਿਆਂ ਵਿਚ ਤਰੇੜਾਂ ਦਾ ਮੁੱਖ ਕਾਰਨ ਆਰਥਿਕਤਾ ਹੈ। ਕਈਆਂ ਵਿਚ ਦੂਜੇ ’ਤੇ ਕਬਜ਼ਾ ਕਰਨ ਦੀ ਤੇ ਅਖੌਤੀ ਆਜ਼ਾਦੀ ਦੀ ਇੱਛਾ। ਬਾਜ਼ਾਰ ਦੀ ਚਕਾ-ਚੌਂਧ ਤੇ ਮੁਕਾਬਲੇ ਦੇ ਦੌਰ ਨੇ ਇਨ੍ਹਾਂ ਰਿਸ਼ਤਿਆਂ ਨੂੰ ਕਾਫੀ ਵੱਡੀ ਸੱਟ ਮਾਰੀ ਹੈ। ਕੁੱਝ ਘਰਾਂ ਦੀ ਹਾਲਤ ਤਾਂ ਰੋਂਗਟੇ ਖੜੇ ਕਰਦੀ ਹੈ ਜਿਥੇ ਜ਼ਰੂਰਤਾਂ ਪੂਰੀਆਂ ਕਰਨ ਲਈ ਆਪਣੇ ਸਰੀਰ ਦਾ ਮੁੱਲ ਵੱਟਣ ਨੂੰ ਵੀ ਮਾੜਾ ਨਹੀਂ ਸਮਝਿਆ ਜਾ ਰਿਹਾ ਹੈ। ਇਹ ਕਹਾਣੀ ਹੁਣ ਥੌੜ੍ਹੇ-ਬਹੁਤੇ ਫ਼ਰਕ ਨਾਲ ਹਰ ਪਿੰਡ-ਸ਼ਹਿਰ ਵਿਚ ਵਾਪਰ ਰਹੀ ਹੈ। ਜਿਥੇ ਪੇਟ ਤੇ ਸਰੀਰ ਦੀ ਅੱਗ ਨਾਲੋਂ ਚੁੱਲ੍ਹੇ ਦਾ ਸੇਕ ਜ਼ਿਆਦਾ ਹੈ। ਇਨ੍ਹਾਂ ਤਬਕਿਆਂ ਦਾ ਤਾਣਾ-ਬਾਣਾ ਇੰਨਾ ਉਲਝ ਚੁੱਕਾ ਹੈ ਕਿ ਆਉਣ ਵਾਲੇ ਸਮੇਂ ਵਿਚ ਪਤੀ-ਪਤਨੀ ਦੇ ਰਿਸ਼ਤੇ ਦਾ ਆਧਾਰ ਕੀ ਹੋਵੇਗਾ ਇਹਨੂੰ ਮਹਿਸੂਸਣਾ ਔਖਾ ਹੈ।
ਕੁੱਝ ਦਿਨ ਪਹਿਲਾਂ ਮੁੰਬਈ ਤੋਂ ਆਏ ਇਕ ਸੱਜਣ ਮਿਲੇ। ਮਾਰਕਸਵਾਦ ਉਨ੍ਹਾਂ ਦੇ ਪੋਟਿਆਂ ’ਤੇ ਸੀ। ਮੈਂ ਮਾਰਕਸਵਾਦ ਬਾਰੇ ਬਹੁਤਾ ਨਹੀਂ ਜਾਣਦੀ ਪਰ ਕਮਿਊਨਿਸਟ ਕਹਾਉਂਦੇ ਸੱਜਣਾਂ ਨਾਲ ਬੈਠਣ ਦਾ ਮੌਕਾ ਅਕਸਰ ਮਿਲਦਾ ਰਹਿੰਦਾ ਹੈ। ਇੰਨਾ ਹੀ ਸਮਝ ਸਕੀਂ ਹਾਂ ਕਿ ਕਮਿਊਨਿਸਟ ਹੀ ਇਕ ਅਜਿਹਾ ਵਰਗ ਹੈ ਜਿਹੜਾ ਸਭ ਤੋਂ ਸੂਝਵਾਨ ਤੇ ਸੰਜੀਦਾ ਵਿਚਾਰਾਂ ਦਾ ਹੈ। ਪਰ ਨਾਲ ਹੀ ਇਹ ਖਿਆਲ ਅਕਸਰ ਆਉਂਦਾ ਹੈ ਕਿ ਸਮੇਂ ਦੀ ਲੋੜ ਮੁਤਾਬਕ ਇਨ੍ਹਾਂ ਨੇ ਆਪਣੀ ਸੋਚ ਵਿਚ ਬਦਲਦੀਆਂ ਪ੍ਰਸਥਿਤੀਆਂ ਮੁਤਾਬਕ ਵਾਧੇ-ਘਾਟੇ ਨਹੀਂ ਕੀਤੇ। ਚੱਲੋ! ਖੈਰ ਇਹ ਤਾਂ ਬਿਲਕੁਲ ਵੱਖਰਾ ਮਸਲਾ ਹੈ, ਗੱਲ ਤਾਂ ਮਰਦ-ਔਰਤ ਦੇ ਰਿਸ਼ਤੇ ਬਾਰੇ ਹੋ ਰਹੀ ਹੈ ਤੇ ਜ਼ਿਕਰ ਹੋ ਰਿਹਾ ਸੀ ਮਹਾਂਨਗਰ ਤੋਂ ਆਏ ਸੱਜਣ ਦਾ। ਇਨ੍ਹਾਂ ਮੁੰਬਈ ਤੋਂ ਆਉਂਦਿਆਂ ਹੀ ਚੰਡੀਗੜ੍ਹ ਦੇ ਸਾਹਿਤਕ ਹਲਕਿਆਂ ਵਿੱਚ ਆਪਣੀ ਧਾਂਕ ਜਮਾ ਲਈ। ਇਹ ਸਜੱਣ ਜਿਸ ਮਹਿਫਿਲ ਵਿਚ ਮਿਲਦੇ ਮਾਰਕਸਵਾਦ ਦਾ ਕਿਤਾਬੀ ਲੈਕਚਰ ਜ਼ਰੂਰ ਦਿੰਦੇ ਪਰ ਅਫਸੋਸ! ਮੌਜੂਦਾ ਹਾਲਤਾਂ ਵਿਚ ਉਨ੍ਹਾਂ ਦੀ ਸਾਰਥਿਕਤਾ ਬਾਰੇ ਮੈਨੂੰ ਉਨ੍ਹਾਂ ਤੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਫੇਰ ਹੌਲੀ-ਹੌਲੀ ਉਨ੍ਹਾਂ ਆਪਣੇ-ਆਪ ਨੂੰ ਮਾਡਰਨ ਅੰਦਾਜ਼ ਵਿਚ ਪੇਸ਼ ਕਰਨਾ ਸ਼ੁਰੂ ਕੀਤਾ। ਔਰਤ-ਮਰਦ ਵਿਚਾਲੇ ਖੁੱਲ੍ਹੇਪਣ ਦੀ ਕਾਫੀ ਦੁਹਾਈ ਦਿੰਦੇ ਰਹੇ। ਵਿਆਹ ਸੰਸਥਾ ਨੂੰ ਨਿਰਾ ਬਕਵਾਸ ਦੱਸਿਆ। ਆਪਣੀ ਗਲ ’ਤੇ ਸਚਾਈ ਦੀ ਮੋਹਰ ਲਵਾਉਣ ਲਈ ਉਨ੍ਹਾਂ ‘ਸੀਮੋਨ ਦਾ ਬੁਵੁਆਰ’ ਦਾ ਕਾਫ਼ੀ ਜ਼ਿਕਰ ਕੀਤਾ। ਇਸ ਗੱਲ ’ਤੇ ਕਾਫ਼ੀ ਜ਼ੋਰ ਦਿੱਤਾ ਕਿ ਜੇ ਔਰਤ ਦੀ ਆਜ਼ਾਦੀ ਦੀ ਗੱਲ ਕਰਨੀ ਹੈ ਤਾਂ ਸੀਮੋਨ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਮੈਂ ਸੀਮੋਨ ਦੀ ‘ਸੈਕਿੰਡ ਸੈਕਸ’ ਖਰੀਦੀ ਤੇ ਪੜ੍ਹੀ।
ਫੇਰ ‘ਹੁਣ’ – 5 ਵਿਚ ਸਤਿਆਪਾਲ ਗੌਤਮ ਦਾ ਸੀਮੋਨ ਬਾਰੇ ਲਿਖਿਆ ਲੇਖ ਪੜ੍ਹਿਆ। ਜੋ ਮਨ ਕਾਫੀ ਦਿਨਾਂ ਤੋਂ ਉਧੇੜ ਬੁਣ ਵਿਚ ਸੀ ਕਿ ਆਖਰ ਇਹ ਰਿਸ਼ਤਾ ਕੀ ਹੈ? ਇਸ ਬਾਬਤ ਕਾਫੀ ਉਲਝਣਾ ਦੂਰ ਹੋਈਆਂ ਤੇ ਆਪਣੇ-ਆਪ ਨਾਲ ਕੀਤੇ ਸਵਾਲਾਂ ਦਾ ਜਵਾਬ ਵੀ ਮਿਲ ਗਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸੀਮੋਨ ਇਕ ਪ੍ਰਤਿਭਾਸ਼ਾਲੀ ਔਰਤ ਸੀ। ਉਸ ਨੇ ਔਰਤ ਦੀ ਆਜ਼ਾਦੀ ਅਤੇ ਔਰਤ-ਮਰਦ ਦੀ ਬਰਾਬਰਤਾ ਦੀ ਗੱਲ ਕੀਤੀ। ਮਰਦਾਂ ਵਿਚ ਰਹਿ ਕੇ ਰੂੜੀਵਾਦੀ ਮਰਦਾਂ ਖਿਲਾਫ ਬੋਲੀ। ਮਰਦ ਦੀ ਸਰੀਰਕ ਤੇ ਮਾਨਸਿਕ ਜ਼ਰੂਰਤ ਦੇ ਨਾਲ-ਨਾਲ ਔਰਤਾਂ ਦੀ ਜ਼ਰੂਰਤ ਨੂੰ ਵੀ ਦੱਸਣ ਦੀ ਜੁਅਰਤ ਕੀਤੀ। ਉਹ ਜਾਣਦੀ ਸੀ ਕਿ ਔਰਤ ਦੀ ਆਜ਼ਾਦੀ ਲਈ ਸਭ ਤੋਂ ਪਹਿਲਾਂ ਆਰਥਿਕ ਤੌਰ ’ਤੇ ਨਿਰਭਰ ਹੋਣਾ ਜ਼ਰੂਰੀ ਹੈ। ਅਸਲ ਵਿਚ ਉਸ ਨੇ ਮਰਦਾਂ ਖਿਲਾਫ਼ ਨਹੀਂ ਬਲਿਕ ਸਿਸਟਮ ਖਿਲਾਫ ਝੰਡਾ ਚੁੱਕਿਆ। ਬੇਬਾਕ ਹੋ ਕੇ ਕਈ ਮਰਦਾਂ ਨਾਲ ਪਿਆਰ ਕੀਤਾ ਤੇ ਉਨ੍ਹਾਂ ਨਾਲ ਸੰਤੁਸ਼ਟਤਾ-ਅਸੰਤੁਸ਼ਟਤਾ ਬਾਰੇ ਗੱਲ ਕੀਤੀ। ਇਨ੍ਹਾਂ ਬਾਕੀ ਮਰਦਾਂ ਦਾ ਮੁਕਾਬਲਾ ਆਪਣੇ ਪ੍ਰੇਮੀ ਸਾਰਤਰ ਨਾਲ ਕੀਤਾ ਜਿਸ ਤੋਂ ਬਿਨਾਂ ਉਸ ਨੇ ਆਪਣੀ ਜ਼ਿੰਦਗੀ ਨੂੰ ਅਧੂਰਾ ਮੰਨਿਆ। ਜੀਵਨ ਦੇ ਆਖਰੀ ਪਲਾਂ ਵਿਚ ਉਸ ਨੂੰ ਮਹਿਸੂਸ ਹੋਇਆ ਕਿ ਸਾਰਤਰ ਹੀ ਉਸ ਦਾ ਅਸਲੀ ਪਿਆਰ ਹੈ ਤੇ ਸਾਰਤਰ ਨੂੰ ਵੀ ਸੀਮੋਨ ਵਿਚ ਬੇਹਤਰੀਨ ਔਰਤ ਨਜ਼ਰ ਆਈ। ਪਰ ਦੋਹਾਂ ਨੇ ਇਕ ਰਿਸ਼ਤੇ ਵਿਚ ਬੱਝਣ ਦੀ ਬਜਾਏ ਸਮਾਜਿਕ ਬੰਧਨਾਂ ਤੋਂ ਮੁਕਤੀ ਲੈਂਦਿਆਂ ਆਜ਼ਾਦ ਰਹਿ ਕੇ ਜੀਣਾ ਬੇਹਤਰ ਸਮਝਿਆ। ਦੋਹਾਂ ਨੂੰ ਇਕ-ਦੂਜੇ ਦੇ ਹੋਰਨਾਂ ਰਿਸ਼ਤਿਆਂ ਨਾਲ ਕੋਈ ਲੈਣ-ਦੇਣ ਨਹੀਂ ਸੀ ਪਰ ਇਹ ਉਨ੍ਹਾਂ ਦੀ ਆਪਣੀ ਜ਼ਿੰਦਗੀ ਸੀ ਤੇ ਫ਼ੈਸਲਾ ਵੀ। ਮੇਰੀ ਸਮਝ ਮੁਤਾਬਕ ਹਰੇਕ ਨਜਾਇਜ਼ ਰਿਸ਼ਤੇ ਨੂੰ ਆਧੁਨਿਕਤਾ ਜਾਂ ਅਧਿਕਾਰ ਦੱਸਣਾ ਜਾਇਜ਼ ਨਹੀਂ। ਜੇ ਹਰ ਕੋਈ ਇਹੀ ਰਸਤਾ ਚੁਣੇ ਤਾਂ ਰਿਸ਼ਤਿਆਂ ਦੀ ਮੌਲਿਕਤਾ ਨੂੰ ਬਹੁਤ ਵੱਡਾ ਖ਼ਤਰਾ ਪੈਦਾ ਹੋ ਜਾਂਦਾ ਹੈ। ਭੇਡ ਬੱਕਰੀਆਂ ਵਾਂਗ ਸਬੰਧ ਬਨਾਉਣਾ ਕੁਦਰਤੀ ਸੰਤੁਲਨ ਨੂੰ ਵਿਗਾੜਦਾ ਹੈ। ਵਿਆਹ ਸੰਸਥਾ ਨੂੰ ਨਕਾਰ ਕੇ ਅਸੀਂ ਕਿਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਹਾਂ, ਇਹ ਸਾਨੂੰ ਖੁਦ ਵੀ ਨਹੀਂ ਪਤਾ ਕਿਉਂਕਿ ਸਾਡਾ ਮਕਸਦ ਆਧੁਨਿਕ ਹੋਣਾ ਨਹੀਂ ਬਲਕਿ ਆਪਣੀਆਂ ਲਾਲਸਾਵਾਂ ਨੂੰ ਆਪਣੀ ਆਜ਼ਾਦੀ ਦੱਸਣਾ ਹੈ। ਦੱਬ ਘੁੱਟ ਕੇ ਜਿਉਣਾ ਵੀ ਮੌਤ ਹੈ ਤੇ ਸੈਕਸ ਖੁੱਲ੍ਹਾਂ ਵੀ ਅਸਲ ਜ਼ਿੰਦਗੀ ਨਹੀਂ। ਕੁਦਰਤ ਦੀ ਨਿਆਮਤ ਤੋਂ ਦੂਰ ਭੱਜਣਾ ਵੀ ਗਲਤ ਹੈ ਤੇ ਇਸਨੂੰ ਸਿਰਫ਼ ਸਰੀਰਕ ਪੂਰਤੀ ਤੱਕ ਸੀਮਤ ਰੱਖਣਾ ਵੀ ਕੁਦਰਤ ਨਾਲ ਮਜ਼ਾਕ ਹੈ। ਜਿਹੜੇ ਲੋਕ ਸੀਮੋਨ-ਸਾਰਤਰ ਬਨਣ ਦੀ ਕੋਸ਼ਿਸ਼ ਕਰਦੇ ਹਨ ਉਹ ਇਹ ਭੁੱਲ ਜਾਂਦੇ ਹਨ ਕਿ ਕੁੱਝ ਖਾਸ ਹਾਲਾਤ ਹੀ ਬੰਦੇ ਨੂੰ ਵੱਖਰਾ ਬਣਾਉਂਦੇ ਹਨ। ਅਜਿਹੇ ਬੰਦਿਆਂ ਦੀ ਨਿੰਦਾ ਵੀ ਹੁੰਦੀ ਹੈ ਤੇ ਪ੍ਰਸੰਸਾ ਵੀ ਪਰ ਉਨ੍ਹਾਂ ਦੀ ਪੈੜ ਚਾਲ ਤੁਰਨਾ ਆਪਣੀ ਰਾਹ ਦੇ ਨਾਲ-ਨਾਲ ਦੂਜਿਆਂ ਦੇ ਰਾਹਾਂ ਵਿਚ ਵੀ ਕੰਡੇ ਬੀਜਣਾ ਹੈ। ਮੈਂ ਸੀਮੋਨ ਨੂੰ ਇਕ ਇਨਕਲਾਬੀ ਨਾਰੀ ਕਬੂਲਦਿਆਂ ਵੀ ਕੁੱਝ ਗੱਲਾਂ ਨਾਲ ਸਹਿਮਤ ਨਹੀਂ। ਸੀਮੋਨ ਇਕ ਅਧੂਰੀ ਔਰਤ ਸੀ। ਉਸ ਨੂੰ ਆਪਣੇ ਮਾਂ-ਬਾਪ ਦੀ ਤਕਲੀਫ ਅਤੇ ਨਾਲ ਵਿਚਰਦੀਆਂ ਔਰਤਾਂ ਦੀਆਂ ਤਕਲੀਫਾਂ ਬਾਰੇ ਅਹਿਸਾਸ ਸੀ। ਜੋ ਵੀ ਮਰਦ ਉਸ ਨੂੰ ਚੰਗਾ ਲੱਗਿਆ ਉਸ ਨਾਲ ਉਹਨੇ ਆਪਣੇ ਔਰਤ ਹੋਣ ਦੀ ਤ੍ਰਿਪਤੀ ਕੀਤੀ। ਵਿਆਹ ਸੰਸਥਾ ਦੇ ਖਿਲਾਫ਼ ਉਸਦੀ ਬਗਾਵਤ ਦਾ ਕਾਰਣ ਉਹਦੇ ਮਾਂ-ਬਾਪ ਦੇ ਰਿਸ਼ਤਿਆਂ ਵਿਚ ਆਈ ਕੜਵਾਹਟ ਅਤੇ ਆਰਥਿਕ ਤੰਗੀ ਸੀ। ਬਚਪਨ ਵਿਚ ਜੋ ਉਹਨੇ ਹੰਢਾਇਆ ਸਾਰੀ ਉਮਰ ਉਹਦੇ ’ਤੇ ਭਾਰੂ ਰਿਹਾ। ਮਾਂ ਦੀ ਪੀੜਾ ਤੇ ਸੈਕਸ ਪ੍ਰਤੀ ਬੇਬਾਕਪੁਣਾ ਸਾਰੀ ਉਮਰ ਉਹਦੇ ਨਾਲ ਚੇਤ ਅਚੇਤ ਰਿਹਾ ਪੇਟ ਭਰਨ ਲਈ ਰੋਟੀ ਤੇ ਸਰੀਰਕ ਭੁੱਖ ਪੂਰੀ ਕਰਨ ਲਈ ਸੈਕਸ ਦੀ ਲੋੜ ਹੈ ਪਰ ਮਹਿਜ ਇਨ੍ਹਾਂ ਦੀ ਪੂਰਤੀ ਲਈ ਭਟਕਣਾ ਜ਼ਿੰਦਗੀ ਦੇ ਸਫ਼ਰ ਵਿੱਚ ਕੰਡੇ ਬੀਜਣਾ ਹੈ। ਇਸ ਤੋਂ ਬਿਨਾਂ ਵੀ ਜ਼ਿੰਦਗੀ ਬਾਹਾਂ ਅੱਡੀ ਤੁਹਾਡੀ ਉਡੀਕ ਕਰਦੀ ਹੈ।
ਔਰਤ-ਮਰਦ ਦੇ ਰਿਸ਼ਤੇ ਨੂੰ ਸਮਝਣ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਦੋਹਾਂ ਦੀਆਂ ਜ਼ਰੂਰਤਾਂ ਕੀ ਹਨ। ਵੱਖਰੋ-ਵੱਖਰੀ ਸੋਚ ਵਾਲੇ ਦੋ ਇਨਸਾਨ ਜਦੋਂ ਇੱਕਠੇ ਹੁੰਦੇ ਹਨ ਤਾਂ ਉਹ ਇਸ ਸੰਸਥਾ ਤੇ ਪਰੰਪਰਾ ਵਿਚ ਬੱਝੇ ਇਕ ਦੂਜੇ ਨੂੰ ਆਪਣੇ ਮੇਚ ਦਾ ਬਨਾਉਣ ਦੀ ਕੋਸ਼ਿਸ਼ ਕਰਦੇ ਹਨ। ਕੁੱਝ ਸਫਲ ਹੋ ਜਾਂਦੇ ਹਨ ਤੇ ਕੁੱਝ ਨਹੀਂ। ਵੱਖਰੀ-ਵੱਖਰੀ ਸੋਚ ਲੈ ਕੇ ਲੰਮਾ ਸਮਾਂ ਇੱਕਠੇ ਰਹਿਣਾ ਆਪਣੇ-ਆਪ ਵਿਚ ਹੀ ਇਕ ਵੱਡੀ ਗੱਲ ਹੈ। ਕੁੱਝ ਰਿਸ਼ਤੇ ਵੱਖ-ਵੱਖ ਵਿਚਾਰਾਂ ਦੇ ਬਾਵਜੂਦ ਸਾਰੀ ਉਮਰ ਨਿਭਦੇ ਰਹਿੰਦੇ ਹਨ ਤੇ ਕੁੱਝ ਇਕੋ ਸੋਚ ਹੋਣ ਦੇ ਬਾਵਜੂਦ ਤਿੜਕ ਜਾਂਦੇ ਹਨ। ਜਿਨ੍ਹਾਂ ਜੋੜਿਆਂ ਨੂੰ ਮੈਂ ਮਿਲੀ ਉਨ੍ਹਾਂ ਵਿਚ ਇਕਲੀ ਆਰਥਿਕਤਾ ਦਾ ਮਸਲਾ ਪ੍ਰਧਾਨ ਨਹੀਂ ਸੀ, ਉੱਥੇ ਜਜ਼ਬਾਤ, ਇਕ-ਦੂਜੇ ਲਈ ਪਿਆਰ ਵੀ ਸੀ। ਇਹ ਕਹਿਣਾ ਗ਼ਲਤ ਹੋਵੇਗਾ ਕਿ ਜਿਨ੍ਹਾਂ ਰਿਸ਼ਤਿਆਂ ਵਿਚੋਂ ਜ਼ਖਮ ਰਿਸਣ ਉਨ੍ਹਾਂ ਨੂੰ ਨਿਭਾਉਂਦੇ ਰਹਿਣਾ ਚਾਹੀਦਾ ਹੈ ਪਰ ਛੋਟੀਆਂ-ਛੋਟੀਆਂ ਗੱਲਾਂ ’ਤੇ ਨਾ ਸਮਝੀ ਦਿਖਾਉਣਾ ਵੀ ਮੂਰਖ਼ਤਾ ਹੈ ਅਤੇ ਜ਼ਿੰਦਗੀ ਪ੍ਰਤੀ ਨਾ ਸਮਝ ਵਤੀਰਾ ਵੀ।