ਜ਼ਮੀਰ ਦਾ ਪਹਿਰੇਦਾਰ – ਚੈਸਵਾਫ਼ ਮੀਵੋਸ਼

Date:

Share post:

ਅਠਾਰ੍ਹਵੀਂ ਸਦੀ ਤੋਂ ਲੈ ਕੇ ਜਿੰਨੀ ਉਥਲ ਪੁਥਲ ਪੋਲੈਂਡ ਦੇ ਇਤਿਹਾਸ ਵਿਚ ਹੋਈ ਹੈ ਯੂਰਪ ਦੇ ਕਿਸੇ ਹੋਰ ਮੁਲਕ ਵਿਚ ਨਹੀਂ ਹੋਈ ਹੋਣੀ। 1795 ਤੋਂ ਪਿਛੋਂ ਪੂਰੇ ਸੌ ਸਾਲ ਲਈ ਇਹ ਦੇਸ ਸੰਸਾਰ ਦੇ ਨਕਸ਼ੇ ਤੋਂ ਗਾਇਬ ਹੋ ਗਿਆ ਸੀ ਜਦੋਂ ਰੂਸ, ਪਰੂਸ਼ੀਆ ਤੇ ਅਸਟ੍ਰੀਆ ਨੇ ਆਪਸ ਵਿਚ ਇਹਦੀਆਂ ਵੰਡੀਆਂ ਪਾ ਲਈਆਂ ਸਨ। ਪਹਿਲੀ ਤੇ ਦੂਜੀ ਸੰਸਾਰ ਜੰਗ ਦੇ ਵਿਚਕਾਰਲੇ ਥੋੜ੍ਹੇ ਜਹੇ ਸਮੇਂ ਨੂੰ ਛੱਡਕੇ 1939 ਵਿਚ ਹਿਟਲਰ ਤੇ ਸਟਾਲਿਨ ਨੇ ਇਹਦੀ ਬਾਂਦਰ ਵੰਡ ਕਰ ਲਈ ਸੀ।
ਇਹ ਜਾਣਦਿਆਂ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਪੋਲਿਸ਼ ਬੋਲੀ ਦੇ ਸਾਹਿਤ ਦਾ ਕੀ ਹੋਇਆ ਹੋਵੇਗਾ ਤੇ ਇਹਦੇ ਸਭ ਤੋਂ ਵੱਡੇ ਕਵੀ ਚੈਸਵਾਫ ਮੀਵੋਸ਼ ਦੀ ਮਾਨਸਿਕਤਾ ਕਿਹੜੀਆਂ ਕਿਹੜੀਆਂ ਹੱਦਾਂ ਨਾਲ ਟਕਰਾਈ ਹੋਵੇਗੀ।
ਮੀਵੋਸ਼ (1911-2004) ਦਾ ਜਨਮ ਉਦੋਂ ਹੋਇਆ ਸੀ ਜਦੋਂ ਪੋਲੈਂਡ ਰੂਸ ਦੇ ਜ਼ਾਰ ਦੀ ਸਲਤਨਤ ਦਾ ਹਿੱਸਾ ਹੁੰਦਾ ਸੀ। ਉਹਨੇ ਬਾਈ ਸਾਲ ਦੀ ਉਮਰ ਵਿਚ ਅਪਣੀ ਕਵਿਤਾ ਦੀ ਪਹਿਲੀ ਕਿਤਾਬ ਲਿਖੀ । 1936 ਵਿਚ ਉਹ ਵਿਲਨਾ ਨਾਮ ਦੇ ਸ਼ਹਿਰ ਵਿਚ, ਜਿੱਥੇ ਉਹਦਾ ਜਨਮ ਹੋਇਆ ਸੀ, ਰੇਡੀਉ ਤੇ ਕੰਮ ਕਰਦਾ ਹੁੰਦਾ ਸੀ ਜਦੋਂ ਖੱਬੇ ਪੱਖੀ ਵਿਚਾਰ ਰੱਖਣ ਦਾ ਦੋਸ਼ ਲਾਕੇ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
1939 ਵਿਚ ਹਿਟਲਰ ਨੇ ਪੋਲੈਂਡ ਤੇ ਹਮਲਾ ਕੀਤਾ ਤਾਂ ਵੱਡੀ ਜੰਗ ਛਿੜ ਗਈ। ਮੀਵੋਸ਼ ਉਦੋਂ ਵਾਰਸਾਅ ਵਿਚ ਸੀ ਜਿਥੇ ਦੋ ਲੱਖ ਤੋਂ ਉਪਰ ਯਹੂਦੀ ਵੱਡੇ ਘਲੂਘਾਰੇ ਦਾ ਸ਼ਿਕਾਰ ਹੋ ਗਏ। ਮੌਤ ਦੇ ਮੂੰਹ ਵਲ ਜਾਂਦੀਆਂ ਮਨੁੱਖਾਂ ਨਾਲ ਤੂੜੀਆਂ ਗੱਡੀਆਂ ਉਹਨੇ ਅਪਣੀਆਂ ਅੱਖਾਂ ਨਾਲ ਦੇਖੀਆਂ।
ਇਹਨੀ ਹੀ ਦਿਨੀਂ ਜਦੋਂ ‘ਕਲਾ ਕਲਾ ਲਈ’ ਬਾਰੇ ਲੇਖਕਾਂ ਵਿਚ ਲੰਮੀ ਬਹਿਸ ਛਿੜੀ ਤਾਂ ਉਹਨੇ ਲਿਖਿਆ ਸੀ- ’ਉਸ ਕਵਿਤਾ ਦਾ ਕੋਈ ਅਰਥ ਨਹੀਂ ਜੋ ਅਪਣੇ ਦੇਸ ਅਤੇ ਕੌਮ ਦਾ ਬਚਾਅ ਨਾ ਕਰ ਸਕੇ।’
1951 ਵਿਚ ਉਹ ਪੈਰਸ ਰਹਿ ਕੇ ਪੋਲੈਂਡ ਦੇ ਸਫਾਰਤਖਾਨੇ ਦੀ ਨੌਕਰੀ ਕਰਦਾ ਸੀ ਜਦੋਂ ਸਟਾਲਿਨ ਦੀਆਂ ਆਪ ਹੁਦਰੀਆਂ ਕਾਰਨ ਪਿੱਛੇ ਮੁਲਕ ਦੇ ਹਾਲਾਤ ਏਨੇ ਬਦਲ ਗਏ ਕਿ ਉਹਦੀ ਜ਼ਮੀਰ ਤੋਂ ਝੱਲਿਆ ਨਾ ਗਿਆ ਤੇ ਉਸਨੇ ਅਸਤੀਫਾ ਦੇ ਦਿੱਤਾ। ਇਹਨੇ ਅਪਣੇ ਜੀਵਨ ਦੀਆਂ ਸਭ ਤੋਂ ਚੰਗੀਆਂ ਰਚਨਾਵਾਂ ਇਨ੍ਹਾਂ ਦਿਨਾਂ ਵਿਚ ਹੀ ਲਿਖੀਆਂ। ਫੇਰ ਨੌਂ ਕੁ ਸਾਲ ਮਗਰੋਂ ਇਹਨੂੰ ਕੈਲੇਫੋਰਨੀਆਂ ਦੀ ਬਰਕਲੇ ਯੂਨੀਵਰਸਟੀ ਨੇ ਪੋਲਿਸ਼ ਸਾਹਿਤ ਪੜ੍ਹਾਉਣ ਲਈ ਬੁਲਾ ਲਿਆ।
ਮੀਵੋਸ਼ ਨੂੰ 1980 ਵਿਚ ਨੋਬੇਲ ਪੁਰਸਕਾਰ ਮਿਲਿਆ ਤੇ ਇਹਨੇ ਅਪਣੇ ਜੀਵਨ ਦੇ ਆਖਰੀ ਸਾਲ ਪੋਲੈਂਡ ਆ ਕੇ ਕੱਟੇ। ਅਪਣੀ ਨੋਬੇਲ ਤਕਰੀਰ ਵਿਚ ਉਸਨੇ ਕਿਹਾ ਸੀ, ’’ਜਿਥੇ ਕਿਤੇ ਸਭ ਜਣਿਆਂ ਨੇ ਚੁੱਪ ਦੀ ਸਾਜਿਸ਼ ਰਚੀ ਹੋਈ ਹੋਵੇ ਉਥੇ ਸੱਚ ਦਾ ਇੱਕ ਸ਼ਬਦ ਵੀ ਪਸਤੌਲ ਦੀ ਗੋਲੀ ਵਾਂਗ ਚਲਦਾ ਹੈ।’’ ਤੀਹ ਸਾਲ ਦੇ ਦੇਸ ਨਿਕਾਲੇ ਦੌਰਾਨ ਵੀ ਇਹ ਸੱਚ ਦਾ ਸ਼ਬਦ ਗੋਲੀ ਵਾਂਗ ਚਲਾਉਣਾ ਹੀ ਉਹਦੀ ਤਕਦੀਰ ਬਣਿਆ ਰਿਹਾ।
ਮੀਵੋਸ਼ ਦੀਆਂ ਕਵਿਤਾਵਾਂ ਵਿਚ ਦੇਸ ਨਿਕਾਲੇ ਦੇ ਸਰਾਪੇ ਹੋਏ ਕਵੀ ਦੇ ਦੁੱਖ ਦਾ ਜ਼ਿਕਰ ਵੀ ਹੈ ਤੇ ਦਮਨਕਾਰੀ ਸਾਸ਼ਨ ਅਧੀਨ ਕਿਸੇ ਵੀ ਬੌਧਿਕ ਮਨੁੱਖ ਦੀ ਜੱਦੋ ਜਹਿਦ ਦਾ ਵਿਸਥਾਰ ਵੀ।
ਯਹੂਦੀਆਂ ਦੇ ਵਡੇ ਘੱਲੂਘਾਰੇ ਨੂੰ ਯਾਦ ਕਰਦੇ ਮੈਮੋਰੀਅਲ ਵਿਚ ਵੀ ਉਹਦੀਆਂ ਕਵਿਤਾਵਾਂ ਪੱਥਰਾਂ ਤੇ ਉਕਰੀਆਂ ਹੋਈਆਂ ਹਨ ਤੇ ਗਡਾਂਸਕ ਦੇ ਹੜਤਾਲੀ ਜਹਾਜ਼ੀ ਵੀ ਇਕੱਠੇ ਹੋ ਕੇ ਉਹਦੀਆਂ ਕਵਿਤਾਵਾਂ ਗਾਉਂਦੇ ਹੁੰਦੇ ਸਨ।

ਮੀਵੋਸ਼ ਦੀਆਂ ਕਵਿਤਾਵਾਂ

ਉਲਟੀ ਦੁਨੀਆ
ਰੀਹਰਸਲ ਨੂੰ ਹੀ ਅਸਲ ਨਾਟਕ ਸਮਝ ਲਿਆ ਗਿਆ
ਆਪਾਂ ਨੂੰ ਭੁਲੇਖਾ ਲੱਗ ਗਿਆ ਹੈ ਕਿਤੇ।

ਅੱਜ ਤੋਂ ਦਰਿਆ ਅਪਣੇ ਸੋਮਿਆਂ ਵੱਲ ਮੁੜ ਜਾਣਗੇ
ਹਵਾ ਭੁੱਲ ਭਲਈਆਂ ’ਚ ਗੁਆਚ ਜਾਏਗੀ
ਰੁੱਖ ਡੋਡੀਆਂ ਵਲੋਂ ਜੜ੍ਹਾਂ ਵੱਲ ਤੁਰ ਪੈਣਗੇ
ਗੇਂਦਾਂ ਪਿੱਛੇ ਦੌੜਦੇ ਬੁੱਢੇ
ਸ਼ੀਸ਼ੇ ’ਚ ਮੂੰਹ ਦੇਖਕੇ ਹੱਕੇ ਬੱਕੇ ਰਹਿ ਜਾਣਗੇ
ਫੇਰ ਤੋਂ ਬੱਚੇ ਬਣ ਗਏ ਹਨ ਉਹ
ਲਾਸ਼ਾਂ ਉੱਠ ਕੇ ਤੁਰ ਪੈਣਗੀਆਂ
ਨਾ ਜਾਣਦਿਆਂ ਕਿ ਜੋ ਹੋ ਚੁੱਕਾ ਹੈ
ਉਹ ਨਾ ਹੋਣ ਵਾਲਾ ਹੈ ਹੁਣ ।

ਖੁਸ਼ ਹੋਵੋ,ਖੁਲ੍ਹਕੇ ਸਾਹ ਲਉ ਤੁਸੀਂ
ਜਿਨ੍ਹਾਂ ਨੇ ਬੀਤੇ ’ਚ ਬੇਅੰਤ ਦੁੱਖ ਝੱਲੇ ਸੀ।

ਅਪਣਾ ਅਪਣਾ ਟਿਕਾਣਾ
ਕਬਰਾਂ ਵਿਚਾਲੇ ਉਗਿਆ ਹੈ
ਹਰਾ ਕਚੂਰ ਘਾਹ
ਤਿੱਖੀਆਂ ਢਲਾਣਾਂ ਤੋਂ ਹੇਠਾਂ ਦਿਸਦੀ ਖਾੜੀ
ਦੂਰ ਤਾਈਂ ਪਸਰੇ ਸ਼ਹਿਰ, ਜਜ਼ੀਰੇ ।

ਡੁੱਬਦਾ ਹੋਇਆ ਸੂਰਜ
ਚਮਕਦਾ, ਲਾਲ ਭਾਅ ਮਾਰਦਾ
ਤੇ ਹੌਲੀ ਹੌਲੀ ਮੱਧਮ ਹੁੰਦਾ ਜਾਂਦਾ।
ਤ੍ਰਿਕਾਲਾਂ ਦੇ ਫੈਲਦੇ ਹਨ੍ਹੇਰੇ ’ਚ
ਟਪੂਸੀਆਂ ਮਾਰਦੇ ਨਿੱਕੇ ਨਿੱਕੇ ਜੀਵ ।

ਛੁਹਲੀ ਛੁਹਲੀ ਤੁਰਦੀ ਹਰਨੀ ਤੇ ਉਹਦਾ ਬੱਚਾ
ਚਰੀ ਜਾਣ ਉਹ ਸੱਜਰੇ ਫੁੱਲ
ਜੋ ਲੋਕ ਲਿਆਉਂਦੇ ਹਨ
ਅਪਣੇ ਮੋਏ ਪਿਆਰਿਆਂ ਦੀਆਂ
ਕਬਰਾਂ ਤੇ ਚੜ੍ਹਾਉਣ ਲਈ ।

ਅਚਾਨਕ ਮੇਲ
ਕੋਰੇ ਨਾਲ ਜੰਮੇ ਹੋਏ ਸੀ ਖੇਤ
ਜਾ ਰਹੇ ਸੀ ਅਸੀਂ ਖੜਕਦੀ ਬੱਘੀ ਵਿਚ
ਸੂਰਜ ਅਜੇ ਨਿਕਲਣ ਦੀ ਤਿਆਰੀ ਕਰ ਰਿਹਾ ਸੀ।

ਅਚਾਨਕ ਲਾਲ ਰੰਗ ਦਾ ਖੰਭ
ਤੜਕੇ ਦੇ ਪਤਲੇ ਹਨ੍ਹੇਰੇ ਵਿਚ ਹਿੱਲਿਆ
ਤੇ ਦੌੜਦਾ ਸੈਹਾ ਸਾਡੇ ਅੱਗੋਂ ਦੀ ਸੜਕ ਪਾਰ ਕਰ ਗਿਆ।
ਸਾਡੇ ਵਿਚੋਂ ਕਿਸੇ ਇੱਕ ਨੇ ਉਹਦੇ ਵੱਲ ਉਂਗਲ ਕੀਤੀ ।

ਕਿੰਨਾ ਚਿਰ ਹੋ ਗਿਆ ਹੈ ਏਸ ਗੱਲ ਨੂੰ
ਅੱਜ ਨਾ ਸੈਹਾ ਜੀਊਂਦਾ ਹੈ ਨਾ ਉਂਗਲ ਕਰਨ ਵਾਲਾ
ਕਿੱਥੇ ਹਨ ਉਹ, ਕਿੱਥੇ ਚਲੇ ਗਏ ਉਹ ?

ਹੱਥ ਦੀ ਉੰਂਗਲ, ਛੁਹਲੀ ਗਤੀ ਦਾ ਝਲਕਾਰਾ
ਪੈਰਾਂ ਹੇਠ ਠੀਕਰੀਆਂ ਦੀ ਖਿਸਰ ਖਿਸਰ
ਕਿੱਥੇ ਜਾਂਦੇ ਹਨ, ਤੁਸੀਂ ਹੀ ਦੱਸੋ ?
ਉਦਾਸ ਨਹੀਂ ਪਰ ਚਕ੍ਰਿਤ ਹਾਂ ਮੈਂ।

ਆਸ
ਜਦੋਂ ਤੁਹਾਨੂੰ ਯਕੀਨ ਹੋ ਜਾਂਦਾ ਹੈ
ਕਿ ਇਹ ਕਾਇਨਾਤ ਕੋਈ ਸੁਪਨਾ ਨਹੀਂ
ਤਾਂ ਆਸ ਤੁਹਾਡੇ ਨਾਲ ਹੁੰਦੀ ਹੈ ।

ਤੱਕੇ ਹੋਏ ਦ੍ਰਿਸ਼, ਛੂਹੀਆਂ ਹੋਈਆਂ ਚੀਜ਼ਾਂ, ਸੁਣੇ ਹੋਏ ਬੋਲ
ਇਨ੍ਹਾਂ ਨੂੰ ਤੁਸੀਂ ਝੂਠ ਕਿਵੇਂ ਕਹੋਗੇ।

ਇਉਂ ਹਨ ਸ਼ੈਆਂ ਜਿਵੇਂ ਗੇਟ ਦੇ ਕੋਲ ਖਲੋ ਕੇ
ਕੋਈ ਵੱਡੇ ਸਾਰੇ ਬਾਗ਼ ਨੂੰ ਦੇਖੇ
ਅੰਦਰ ਨਾ ਜਾ ਸਕੇ ਪਰ ਪਤਾ ਤਾਂ ਹੈ ਕਿ ਉਹ ਮੌਜੂਦ ਹੈ
ਨੀਝ ਲਾਵਾਂਗੇ ਤਾਂ ਇਹ ਵੀ ਦਿਸੇਗਾ
ਕਿ ਉਥੇ ਰੰਗ ਰੰਗੀਲੇ ਫੁੱਲ ਹਨ
ਤਾਰੇ ਹਨ ਜਿਨ੍ਹਾ ਦਾ ਅਜੇ ਕਿਸੇ ਨੇ ਨਾਂ ਨਹੀਂ ਰੱਖਿਆ।

ਆਖਦੇ ਹਨ ਕਈ, ਅੱਖਾਂ ਤੇ ਯਕੀਨ ਨਾ ਕਰੋ
ਜੋ ਦਿਸਦਾ ਹੈ ਭੁਲੇਖਾ ਹੈ ਸਭ
ਇਹ ਹਨ ਜਿਨ੍ਹਾ ਦੀ ਆਸ ਖੰਭ ਲਾ ਕੇ ਉੜ ਗਈ ਹੈ ।
ਉਹ ਸਮਝਦੇ ਹਨ ਕਿ ਪਿੱਠ ਮੋੜਨ ਨਾਲ ਹੀ
ਪਿੱਛੇ ਕੁਝ ਨਹੀਂ ਬਚਦਾ
ਇਹ ਹਨ ਨਿਰਾਸ਼ ਰੂਹਾਂ ਦੇ ਮਾਲਕ ।

ਲੁਹਾਰ ਦਾ ਕਾਰਖਾਨਾ
ਰੱਸੀ ਨਾਲ ਖਿੱਚਕੇ ਚੱਲਦੀ
ਜਾਂ ਕਦੀ ਕਦੀ ਪੈਡਲ ਘੁਮਾਕੇ ਚਲਾਈ ਜਾਂਦੀ
ਧੌਂਕਣੀ ਪਸੰਦ ਆਉਂਦੀ ਹੈ ਮੈਨੂੰ।
ਫੂਕ ਨਾਲ ਅੱਗ ਦਾ ਭੜਕਣਾ, ਫੈਲਣਾ
ਤੇ ਅੱਗ ਵਿਚ ਰੱਖਿਆ ਚਿਮਟੇ ਨਾਲ ਫੜਿਆ ਲੋਹਾ
ਲਾਲ ਸੂਹਾ, ਅਹਿਰਨ ਤੇ ਜਾਣ ਲਈ ਨਰਮ ਹੋਇਆ
ਹਥੋੜੇ ਨਾਲ ਕੁੱਠਿਆ ਜਾਂਦਾ
ਘੋੜੇ ਦੀ ਖੁਰੀ ਵਿਚ ਬਦਲਿਆ ਜਾਂਦਾ
ਫੇਰ ਪਾਣੀ ਦੀ ਬਾਲਟੀ ਵਿਚ ਸੁੱਟਿਆ ਜਾਂਦਾ
‘ਸ਼ੂੰਅ’ ਦੀ ਆਵਾਜ਼ ਨਾਲ ਭਾਫ ਨਿਕਲਦੀ ।

ਲਾਗੇ ਹੀ ਕਿਤੇ ਖੁਰੀਆਂ ਲਾਉਣ ਲਈ ਧੱਕੇ ਜਾਂਦੇ ਘੋੜੇ
ਅਪਣੀਆਂ ਧੌਣਾਂ ਦੇ ਵਾਲ ਹਿਲਾਉਂਦੇ
ਦਰਿਆ ਦੇ ਕੰਢੇ ਉੱਗੇ ਘਾਹ ਵਿਚ ਪਏ
ਹਲਾਂ ਦੇ ਫਾਲੇ,ਬਰਫ ਰੇੜ੍ਹੀਆਂ, ਸੁਹਾਗੇ
ਹੋਣ ਵਾਲੀ ਮੁਰੰਮਤ ਦੀ ਉਡੀਕ ਕਰਦੇ।

ਕਾਰਖਾਨੇ ਦੇ ਦਰਵਾਜ਼ੇ ਕੋਲ
ਕੱਚੀ ਫਰਸ਼ ਤੇ ਟਿਕੇ ਮੇਰੇ ਨੰਗੇ ਪੈਰ
ਅੰਦਰ ਗਰਮੀ ਦੇ ਝੌਂਕੇ ਅਤੇ ਮੇਰੇ ਪਿੱਛੇ ਬੱਦਲ
ਹੈਰਾਨ ਹੋਇਆ ਦੇਖਦਾਂ ਮੈਂ
ਲਗਦਾ ਹੈ ਇਹੀ ਦਿਖਾਉਣ ਲਈ
ਬੁਲਾਇਆ ਗਿਆ ਸੀ ਮੈਨੂੰ ਏਥੇ
ਇਨ੍ਹਾਂ ਸਭ ਚੀਜ਼ਾਂ ਦਾ ਜਸ ਗਾਉਣ ਲਈ
ਕਿਉਂਕਿ ਇਹ ਸਭ ਮੌਜੂਦ ਹਨ ।

ਕੁਝ ਨਹੀਂ
ਕੁਝ ਨਹੀਂ ਕਹਿ ਸਕਿਆ ਮੈਂ
ਦਿਨ ਬੜੇ ਛੋਟੇ ਸਨ ।

ਛੋਟੇ ਦਿਨ, ਛੋਟੀਆਂ ਰਾਤਾਂ
ਛੋਟੇ ਸਾਲ ਮਹੀਨੇ ।

ਕੀ ਕਹਿਣਾ ਸੀ ਮੈਂ
ਕਹਿਣ ਜੋਗਾ ਹੀ ਨਹੀਂ ਸੀ ।

ਉਚਾਟ ਸੀ ਮੇਰਾ ਦਿਲ
ਖੁਸ਼ੀ ਤੋਂ, ਉਮੀਦਾਂ ਤੋਂ
ਉਤਸ਼ਾਹ ਤੋਂ, ਨਿਰਾਸ਼ਤਾ ਤੋਂ ।

ਮਹਾਂਸ਼ਕਤੀ ਦੇ ਜਬਾੜ੍ਹੇ
ਮੇਰੇ ਵੱਲ ਵਧਦੇ ਹੀ ਰਹੇ
ਨੰਗ ਮੁਨੰਗਾ ਮੈਂ ਲੇਟਿਆ ਰਿਹਾ
ਜਜ਼ੀਰਿਆਂ ਦੇ ਸਮੁੰਦਰਾਂ ਕੰਢੇ ।

ਸੰਸਾਰ ਦੀ ਸਫੇਦ ਵੇਲ ਮੱਛੀ ਨੇ
ਮੈਨੂੰ ਆਪਣੇ ਵੱਲ ਧੂਹ ਲਿਆ
ਤੇ ਹੁਣ ਮੈਨੂੰ ਪਤਾ ਨਹੀਂ ਕਿ ਇਸ ਸਾਰੇ ਵਿਚ
ਅਸਲੀ ਕੀ ਸੀ ਤੇ ਨਕਲੀ ਕੀ ।

ਤਾਂ ਵੀ ਕਿਤਾਬਾਂ
ਤਾਂ ਵੀ ਕਿਤਾਬਾਂ ਹੋਣਗੀਆਂ ਸ਼ੈਲਫਾਂ ਤੇ ਪਈਆਂ
ਪਤਾ ਨਹੀਂ ਕਦੋਂ ਲਿਖੀਆਂ ਗਈਆਂ ਪਰ ਅਜੇ ਵੀ ਤਾਜ਼ੀਆਂ
ਜਿਵੇਂ ਪੱਤਝੜ ਦੇ ਦਿਨੀਂ ਰੁੱਖਾਂ ਹੇਠ ਚਮਕਦੇ ਲਾਖੇ ਘੋੜੇ
ਛੂਹਣ ਤੇ ਲਾਡ ਕਰਨ ਲੱਗ ਪੈਂਦੀਆਂ, ਜੀਊ ਪੈਂਦੀਆਂ ।
ਭਾਵੇਂ ਦਿਸਹੱਦਿਆਂ ਨੂੰ ਅੱਗ ਲੱਗੀ ਹੋਈ ਹੋਵੇ
ਕਿਲ੍ਹੇ ਤੋਪਾਂ ਨਾਲ ਉਡਾਏ ਜਾ ਰਹੇ ਹੋਣ
ਕੂਚ ਕਰੀ ਜਾਂਦੇ ਹੋਣ ਕਬੀਲੇ ਤੇ ਘੁੰਮੀ ਜਾਂਦੇ ਹੋਣ ਗ੍ਰਹਿ
’’ ਅਸੀਂ ਹੈਗੀਆਂ’’ ਉਹ ਕਹਿਣਗੀਆਂ
ਭਾਵੇਂ ਉਨ੍ਹਾਂ ਦੇ ਵਰਕੇ ਪਾੜੇ ਜਾ ਰਹੇ ਹੋਣ
ਜਾਂ ਘੁੰਮਦੀਆਂ ਲਾਟਾਂ ਉਨ੍ਹਾ ਦੇ ਅੱਖਰ ਚੱਟ ਰਹੀਆਂ ਹੋਣ

ਹੰਢਣਸਾਰ ਹਨ ਕਿਤਾਬਾਂ ਸਾਡੇ ਨਾਲੋਂ ਵੀ
ਸਾਡੀ ਤਾਂ ਗਰਮੀ ਚੇਤੇ ਨਾਲ ਹੀ
ਖਿੱਲਰ ਪੁੱਲਰ ਕੇ ਮਰ ਜਾਂਦੀ ਹੈ
ਅਸੀਂ ਸੋਚਦੇ ਹਾਂ ਉਸ ਦਿਨ ਬਾਰੇ ਜਦੋਂ ਅਸੀਂ ਨਹੀਂ ਹੋਣਾ
ਪਤਾ ਵੀ ਹੈ ਕਾਇਮ ਰਹਿਣਗੇ ਸਭ ਦੇ ਸਭ ਨਜ਼ਾਰੇ
ਹੁਸੀਨ ਔਰਤਾਂ ਦੀਆਂ ਪੁਸ਼ਾਕਾਂ,ਤ੍ਰੇਲ ਨਾਲ ਭਿੱਜੇ ਫੁੱਲ
ਵਾਦੀਆਂ ਵਿਚ ਗੂੰਜਦੇ ਸੁਰੀਲੇ ਗੀਤ
ਉਦੋਂ ਵੀ ਕਿਤਾਬਾਂ ਹੋਣਗੀਆਂ ਸ਼ੈਲਫਾਂ ਤੇ ਪਈਆਂ
ਚਮਤਕਾਰ ਦੀ ਤਰ੍ਹਾਂ ਪੈਦਾ ਹੋਈਆਂ
ਉੱਚੇ ਖ਼ਿਆਲਾਂ ਤੇ ਰੌਸ਼ਨ ਦਿਮਾਗਾਂ ਦੀਆਂ ਰਚੀਆਂ।

ਅੰਗ੍ਰੇਜ਼ੀ ਤੋਂ ਅਨੁਵਾਦ – ਅਵਤਾਰ ਜੰਡਿਆਲਵੀ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!