ਪ੍ਰੇਮ ਪ੍ਰਕਾਸ਼
ਦੁਨੀਆ ਭਰ ਚ ਜਿੱਥੇ ਵੀ ਵੱਸੋਂ ਹੁੰਦੀ ਏ, ਓਥੇ ਵੈਸ਼ਿਆ ਵੀ ਹੁੰਦੀ ਏ। ਓਥੇ ਕੋਈ ਕਲਾਕਾਰ ਵੀ ਜ਼ਰੂਰ ਹੋਵੇਗਾ। ਇਹ ਦੋਵੇਂ ਪੇਸ਼ੇ ਮੁੱਢ ਕਦੀਮ ਤੋਂ ਚਲੇ ਆ ਰਹੇ ਨੇ। ਵੈਸ਼ਿਆ ਦੀਆਂ ਅਪਣੀਆਂ ਲੋੜਾਂ ਹੁੰਦੀਆਂ ਨੇ। ਕਲਾਕਾਰ ਦੀ ਵੱਡੀ ਲੋੜ ਪ੍ਰਸ਼ੰਸਾ ਹੁੰਦੀ ਏ; ਜਿਹੜੀ ਆਮ ਲੋਕਾਂ ਦੀ ਪ੍ਰਸ਼ੰਸਾ ਨਾਲ਼ ਪੂਰੀ ਨਹੀਂ ਹੁੰਦੀ। ਉਹਨੂੰ ਦੂਜੇ ਕਲਾਕਾਰਾਂ ਦਾ ਵੀ ਨੀਵਾਂ ਉੱਚਾ ਹੁੰਦਾ ਸਿਰ ਚੰਗਾ ਲੱਗਦਾ ਏ। ਇਹਦੇ ਲਈ ਹਰ ਥਾਂ ਅੱਡੇ ਬਣਦੇ ਰਹੇ ਨੇ। ਕਿਤੇ ਚਾਹਖ਼ਾਨੇ, ਕਾਹਵਾਖ਼ਾਨੇ, ਕੌਫ਼ੀ ਹਾਊਸ, ਪੱਬਾਂ, ਬਾਰਾਂ ਤੇ ਰੈਸਟੋਰੈਂਟ। ਹੁਣ ਦੇ ਸਮੇਂ ਚ ਹਰ ਕਿਸਮ ਦੇ ਅੱਡੇ ਖੁੱਲ੍ਹੇ ਹੋਏ ਨੇ। ਪਰ ਇੰਗਲੈਂਡ ਚ ਪਹਿਲਾ ਕੌਫ਼ੀ ਹਾਊਸ ਸੰਨ 1652 ਚ ਖੁੱਲ੍ਹਿਆ ਸੀ। ਜਿਥੇ ਇਕ ਪੈਨੀ ਦਾ ਕੱਪ ਮਿਲ਼ਦਾ ਸੀ। ਅਮਰੀਕਾ ਚ ਇਹਦਾ ਰਵਾਜ 1668 ਚ ਚੱਲਿਆ ਤੇ ਫੇਰ ਫ਼ਰਾਂਸ ਚ। ਪੈਰਿਸ ਚ ਪਹਿਲਾ ਕੌਫ਼ੀ ਹਾਊਸ 1672 ਚ ਖੁੱਲ੍ਹਿਆ।
ਪੱਬ ਆਮ ਮਜ਼ਦੂਰਾਂ ਤੇ ਗ਼ਰੀਬ ਲੋਕਾਂ ਲਈ ਹੁੰਦੇ ਸਨ। ਕੌਫ਼ੀ ਹਾਊਸ ਦਾ ਖ਼ਿਆਲ ਫ਼ਰਾਂਸ ਦੇ ਰੈਸਟੋਰੈਂਟਾਂ ਤੋਂ ਪੈਦਾ ਹੋਇਆ। ਜਿੱਥੇ ਅਮੀਰ, ਜਗੀਰਦਾਰ, ਜ਼ਿਮੀਂਦਾਰ, ਵਪਾਰੀ, ਉੱਚੇ ਘਰਾਂ ਦੇ ਲੋਕ, ਅਧਿਆਪਕ ਤੇ ਵਿਦਿਆਰਥੀ ਬਹਿ ਕੇ ਖਾਂਦੇ ਪੀਂਦੇ ਤੇ ਜ਼ਿੰਦਗੀ ਦੇ ਸਾਰੇ ਰਵੱਈਆਂ ਬਾਰੇ ਗੱਲਾਂ ਕਰਦੇ ਸਨ। ਜਿੱਥੇ ਬਹੁਤੇ ਕਲਾਕਾਰ, ਚਿਤਰਕਾਰ, ਰੰਗਮੰਚੀ ਤੇ ਸਾਹਿਤਕਾਰ ਬਹਿਣ ਲੱਗੇ, ਉਹ ਅਜਿਹੇ ਕੌਫ਼ੀ ਹਾਊਸ ਬਣ ਗਏ; ਜਿੱਥੇ ਅਮੀਰ ਲੋਕ ਤਾਂ ਘੱਟ ਈ ਜਾਂਦੇ, ਬਹੁਤੇ ਗ਼ਰੀਬ ਵਰਗ ਦੇ ਆਮ ਲੋਕ ਤੇ ਕਲਾਕਾਰ ਜਾਂਦੇ। ਇਹ ਉਨ੍ਹਾਂ ਦੇ ਅੱਡੇ ਬਣ ਗਏ। ਕਹਿੰਦੇ ਨੇ ਕਿ ਬਰਤਾਨੀਆ ਚ ਸਤ੍ਹਾਰਵੀਂ ਸਦੀ ਦੇ ਅਖ਼ੀਰ ਚ ਕਿਰਤੀ ਲੋਕਾਂ ਦੇ ਸ਼ਾਮ ਨੂੰ ਬਹਿ ਕੇ ਗੱਲਾਂ ਕਰਨ ਲਈ ਪੱਬਾਂ ਬਣੀਆਂ ਤੇ ਕਲਾ ਤੇ ਸਮਾਜ ਬਾਰੇ ਗੱਲਾਂ ਕਰਨ ਦੇ ਰਸੀਏ ਮੱਧਵਰਗੀ ਲੋਕਾਂ ਲਈ ਕੌਫ਼ੀ ਹਾਊਸ ਬਣੇ। ਫ਼ਰਾਂਸ ਵਿਚ ਓਸ ਸਮੇਂ ਰੈਸਟੋਰੈਟਾਂ ਦਾ ਰਿਵਾਜ ਸੀ।
ਮੇਰੀ ਪੀੜ੍ਹੀ ਦੇ ਕਲਾਕਾਰ ਜਦ ਸਾਹਿਤ ਪੜ੍ਹਨ ਲਈ ਪਾਗਲ ਹੋਏ ਫਿਰਦੇ ਸੀ, ਤਾਂ ਰੂਸੀ ਗਲਪ ਪੜ੍ਹਦਿਆਂ ਸੇਂਟ ਪੀਟਰਜ਼ਬਰਗ ਦੇ ਰੈਸਟੋਰੈਂਟਾਂ ਚ ਸਾਹਿਤਕਾਰਾਂ ਤੇ ਬੁੱਧੀਜੀਵੀਆਂ ਨੂੰ ਸਮਾਜ ਤੇ ਕਲਾ ਬਾਰੇ ਬਹਿਸਾਂ ਕਰਦਿਆਂ ਸੁਣਦੇ। ਰੂਸੀ ਜਗੀਰਦਾਰ ਤੇ ਭੱਦਰਲੋਕ ਗੱਲਾਂ ਕਰਦੇ ਵਿਚ-ਵਿਚ ਨੂੰ ਫ਼ਰਾਂਸੀਸੀ ਬੋਲਦੇ। ਉਹ ਪੈਰਿਸ ਦੇ ਰੈਸਟੋਰੈਂਟਾਂ ਚ ਬਹਿ ਕੇ ਕੌਫ਼ੀ ਪੀਣ ਨੂੰ ਅਪਣੀ ਪ੍ਰਾਪਤੀ ਸਮਝਦੇ। ਜਿਵੇਂ ਅਸੀਂ ‘ਲੰਡਨ ਰਿਟਰਨਡ’ ਕਹਿੰਦੇ ਸੀ। ਜਿਸਨੂੰ ਕਲਚਰਡ ਬੰਦੇ ਦੀ ਪਛਾਣ ਮੰਨਿਆ ਜਾਂਦਾ ਸੀ। ਫ਼ਰਾਂਸੀਸੀ ਨਾਵਲ ਪੜ੍ਹਦੇ, ਖ਼ਾਸ ਤੌਰ ’ਤੇ ਬਲਜ਼ਾਕ ਦੇ, ਤਾਂ ਪਾਤਰ ਹੋਟਲਾਂ ਚ ਰਹਿੰਦੇ ਤੇ ਰੈਸਟੋਰੈਂਟਾਂ ਚ ਕੌਫ਼ੀ ਪੀਂਦੇ। ਦੁਨੀਆ ਭਰ ਦੇ ਕਲਾਕਾਰ ਅਪਣੇ ਆਪ ਨੂੰ ਵੱਡੇ ਕਲਾਕਾਰ ਹੋਣ ਦਾ ਅਹਿਸਾਸ ਦਵਾਉਣ ਲਈ ਪੈਰਿਸ ਜਾਂਦੇ। ਪੰਜਾਬੀ ਲੇਖਕ ਗ਼ਰੀਬੀ ਦੇ ਮਾਰੇ ਇਨਕਲਾਬ ਦੇ ਸੁਪਨੇ ਲੈਂਦੇ ਚਾਹਖ਼ਾਨਿਆਂ ਚ ਬਹਿੰਦੇ ਸੀ। ਵੱਡੇ ਸ਼ਹਿਰਾਂ ਚ ਕੌਫ਼ੀ ਹਾਊਸ ਖੁੱਲ੍ਹ ਗਏ ਸਨ।
ਜਲੰਧਰ ਚ 1955 ਵੇਲ਼ੇ ਲੇਖਕਾਂ ਤੇ ਸਾਹਿਤਕਾਰਾਂ ਦਾ ਕੋਈ ਪੱਕਾ ਅੱਡਾ ਨਹੀਂ ਸੀ। ਪੱਤਰਕਾਰ ਅਪਣੇ ਅਖ਼ਬਾਰਾਂ ਦੇ ਦਫ਼ਤਰਾਂ ਚ ਢਾਣੀਆਂ ਚ ਬਹਿ ਜਾਂਦੇ ਸੀ। ਉਰਦੂ ਦੇ ਸਾਹਿਤਕਾਰ ਧਰਮਵੀਰ ਭੱਲਾ ਦੀ ਕਿਤਾਬਾਂ ਦੀ ਦੁਕਾਨ ਅਜੰਤਾ ਪਬਲਿਸ਼ਰਜ਼ ਦੇ ਬੈਠਦੇ ਸਨ। ਜਿਥੇ ਤਿੰਨ ਚਾਰ ਸਾਹਿਤਕਾਰਾਂ ਦੀ ਤਿੱਕੜੀ ਚੌਕੜੀ ਫ਼ਿਕਰ ਤੌਂਸਵੀ, ਤਾਜਵਰ ਸਾਮਰੀ, ਰਾਮ ਲਾਲ ਤੇ ਮਖ਼ਮੂਰ ਜਲੰਧਰੀ ਬਹਿੰਦੇ ਸਨ। ਮੈਂ ਵੀ ਕਦੇ ਉਨ੍ਹਾਂ ਵਿਚ ਜਾ ਬਹਿੰਦਾ ਸੀ। ਫੇਰ ਜਦ ਪ੍ਰੋਫ਼ੈਸਰ ਮੋਹਨ ਸਿੰਘ ਅਮ੍ਰਿਤਸਰੋਂ ਆ ਕੇ ਜਲੰਧਰ ਆ ਵਸੇ ਤਾਂ ਉਨ੍ਹਾਂ ਦੇ ਘਰ ਮੀਟਿੰਗਾਂ ਹੋਣ ਲੱਗੀਆਂ। ਨਵੇਂ ਲੇਖਕ ਮਹਿਰਮਯਾਰ ਦੇ ਘਰ ਦੀ ਬੈਠਕ ਚ ਬਹਿਣ ਲੱਗੇ। ਜਦ ਖੱਬੇ-ਪੱਖੀ ਸਾਹਿਤਕਾਰਾਂ ਦਾ ਯੂਨਿਟ ਬਣ ਗਿਆ, ਤਾ ਨਵਾਂ ਜ਼ਮਾਨਾ ਜਿਹੜਾ ਪਹਿਲਾਂ ਉਰਦੂ ਚ ਨਯਾ ਜ਼ਮਾਨਾ ਦੇ ਨਾਂ ਨਾਲ਼ ਨਿਕਲ਼ਦਾ ਸੀ, ਦੇ ਦਫ਼ਤਰ ਚ ਮੀਟਿੰਗਾਂ ਹੋਣ ਲੱਗੀਆਂ। ਫੇਰ ਜਦ ਗਿਆਨੀ ਹੀਰਾ ਸਿੰਘ ਦਰਦ ਨੇ ਫੁਲਵਾੜੀ ਮੁੜ ਕੇ ਕੱਢਿਆ, ਤਾਂ ਫੁਲਵਾੜੀ ਗਿਆਨੀ ਕਾਲਜ ਚ ਮੀਟਿੰਗਾਂ ਹੋਣ ਲੱਗੀਆਂ। ਜਲੰਧਰ ਚ ਜਦ ਲੇਖਕਾਂ ਦਾ ਚੰਗਾ ਖ਼ਾਸਾ ਗਰੁੱਪ ਬਣ ਗਿਆ, ਤਾਂ ਅਸੀਂ ਪਲਾਜ਼ਾ ਚ ਬਹਿਣ ਲੱਗ ਪਏ। ਜਿਥੇ ਸੈੱਟ ਚ ਚਾਹ ਮਿਲਦੀ ਸੀ। ਸਭ ਅਪਣੇ-ਅਪਣੇ ਸੁਆਦ ਅਨੁਸਾਰ ਪਿਆਲਾ ਬਣਾ ਕੇ ਪੀਂਦੇ ਸਨ। ਫੇਰ ਕਿਤੇ 1960 ਦੇ ਗੇੜ ਚ ਇੰਡੀਅਨ ਕੌਫ਼ੀ ਹਾਊਸ ਖੁੱਲਿ੍ਹਆ।
ਪੰਜਾਬ ਕੀ ਸਾਰੇ ਭਾਰਤ ਚ ਸਾਹਿਤ ਤੇ ਕਲਚਰ ਦੀ ਲਹਿਰ ਖੱਬੇ-ਪੱਖੀਆਂ ਨੇ ਚਲਾਈ। ਕਮਿਉਨਿਸਟ ਪਾਰਟੀ ਨੇ ਜਿੱਥੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਜੱਥੇਬੰਦ ਕਰਨ ਲਈ ਹਰੇਕ ਸੂਬੇ ਚ ਅਪਣੇ ਸੈੱਲ ਬਣਾਏ; ਉਥੇ ਸਾਹਿਤਕਾਰਾਂ, ਲੇਖਕਾਂ, ਪੱਤਰਕਾਰਾਂ, ਰੰਗਮੰਚੀਆਂ ਤੇ ਗਾਇਕਾਂ ਨੂੰ ਵੀ ਜੱਥੇਬੰਦ ਕੀਤਾ। ਜਿਨ੍ਹਾਂ ਤੋਂ ਪਾਰਟੀ ਦਾ ਪ੍ਰਚਾਰ ਕਰਾਇਆ। ਹੌਲ਼ੀ-ਹੌਲ਼ੀ ਉਨ੍ਹਾਂ ਦੀਆਂ ਇਕਾਈਆਂ ਪਿੰਡਾਂ ਤਕ ਲੈ ਗਏ। ਜਿਨ੍ਹਾਂ ਰਾਹੀਂ ਰਾਜਨੀਤਕ ਚੇਤਨਾ ਦੇ ਨਾਲ਼ ਕਲਾ ਤੇ ਕਲਚਰ ਦੀ ਚੇਤਨਾ ਵੀ ਫੈਲਾਈ। ਕੌਫ਼ੀ ਹਾਊਸ ਉਹਦੀ ਬਾਈ-ਪ੍ਰੋਡਕਟ ਏ।
ਜਲੰਧਰ ਚ ਜਦ ਮੋਹਨ ਰਾਕੇਸ਼ ਹੁੰਦਾ ਸੀ, ਤਾਂ ਹਿੰਦੀ ਵਾiਲ਼ਆਂ ਦਾ ਵੱਖਰਾ ਗਰੁੱਪ ਸੀ। ਉਹ ਪਟੇਲ ਚੌਂਕ ਚ ਬਾਊ ਦੇ ਖੋਖੇ ’ਤੇ ਬਹਿੰਦੇ ਸਨ। ਜਿਥੇ ਸੁਰੇਸ਼ ਸੇਠ, ਰਵਿੰਦਰ ਕਾਲੀਆ ਤੇ ਕੁਝ ਹੋਰ ਲੇਖਕ ਹੁੰਦੇ ਸਨ। ਦਿਲਜੀਤ ਸਿੰਘ ਵੀ ਉਨ੍ਹਾਂ ਨਾਲ਼ ਬਹਿੰਦਾ ਰਿਹਾ ਸੀ।
ਇਹ ਉਹ ਸਮਾਂ ਸੀ, ਜਦ ਕਮਿਉਨਿਸਟ ਪਾਰਟੀ ਦੋਫਾੜ ਹੋ ਗਈ ਸੀ। ਖੱਬੇ-ਖੱਖੀਆਂ ਚ ਇਹ ਬਹਿਸ ਚੱਲ ਰਹੀ ਸੀ ਕਿ ਕਿਹੜਾ ਰਾਹ ਠੀਕ ਏ ਰੂਸ ਵਾਲ਼ਾ ਜਾਂ ਚੀਨ ਵਾਲ਼ਾ? ਏਸੇ ਉਲਝਣ ਚ ਸਾਹਿਤਕਾਰ ਪੱਛਮੀ ਦੇਸਾਂ ਚੋਂ ਆ ਰਹੀਆਂ ਨਵੀਆਂ ਸੋਚਾਂ ਤੇ ਵਾਦਾਂ ਦੀਆਂ ਗੱਲਾਂ ਕਰਨ ਲੱਗ ਪਏ ਸੀ। ਜੀਹਦੇ ਵਿੱਚੋਂ ਐਬਸਰਡ ਕਲਾ ਦਾ ਸੰਬੋਧ ਹਿੰਦੀ ਵਿੱਚੀਂ ਚੱਲਦਾ ਪੰਜਾਬੀ ਤਕ ਆ ਗਿਆ ਸੀ। ਹਿੰਦੀ ਦਾ ਸਾਹਿਤਕ ਪਰਚਾ ਗਿਆਨੋਦਯ ਨਿਕਲ਼ਦਾ ਸੀ, ਜੀਹਦੇ ਵਿਚ ਏਸ ਨਵੇਂ ਰੁਜਹਾਨ ਦਾ ਚਲਨ ਆਮ ਹੁੰਦਾ ਸੀ। ਏਸ ਸੋਚ ਵਾiਲ਼ਆਂ ਕੋਲ਼ ਇਕ ਰੂਪ ਪ੍ਰਯੋਗਵਾਦੀ ਕਵਿਤਾ ਬਣ ਗਿਆ। ਕੌਫ਼ੀ ਹਾਊਸ ਚ ਐਬਸਰਡ ਕਵਿਤਾ, ਐਬਸਰਡ ਨਾਟਕ ਤੇ ਅਕਹਾਣੀ ਦੀ ਚਰਚਾ ਚੱਲਦੀ ਸੀ। ਕਵੀ ਵਧ ਸ਼ੁਦਾਈ ਹੋ ਗਏ ਸਨ। ਹਰੇਕ ਦੀ ਕਵਿਤਾ ਚ ਬੰਦੇ ਦੇ ਸਿਰ, ਪਿੱਠ, ਮੋਢੇ, ਕੰਨਾਂ ਤੇ ਬਾਹਾਂ ’ਤੇ ਥੋਹਰ, ਝਾੜ, ਜੰਗਲ ਤੇ ਹੋਰ ਪਤਾ ਨਹੀਂ ਕੀ-ਕੀ ਉੱਗਣ ਲੱਗ ਪਿਆ ਸੀ। ਕਹਾਣੀ ਅਕਹਾਣੀ ਬਣ ਗਈ ਸੀ। ਕਿਸੇ ਵੀ ਅਣਬੁੱਝਣੀ ਗੱਲ ਨੂੰ ਮਾਡਰਨ ਸਮਝ ਲਿਆ ਜਾਂਦਾ ਸੀ।
ਜਲੰਧਰ ’ਚ ਕੌਫੀ ਹਾਊਸ 1960 ਦੇ ਗੇੜ ’ਚ ਖੁੱਲਿ੍ਹਆ ਤੇ 1975 ਦੇ ਗੇੜ ’ਚ ਬੰਦ ਹੋ ਗਿਆ ਸੀ। ਬੰਦ ਹੋਣ ਦਾ ਇਕ ਕਾਰਣ ਤਾਂ ਖੱਬੇ ਪੱਖੀ ਪਾਰਟੀਆਂ ਦਾ ਪਾਟ ਤਿਫਾੜ ਹੋਣਾ ਵੀ ਸੀ। ਦੂਜਾ ਨਕਸਲੀ ਲਹਿਰ ਸੀ। ਕੌਫੀ ਪੀਣ ਜਾਂ ਬਹਿਣ ਲਈ ਆਉਂਦੇ ਬੰਦਿਆਂ ’ਤੇ ਸੀਦੇ ਬੰਦੇ ਨਜ਼ਰ ਰੱਖਣ ਲੱਗ ਪਏ ਸਨ। ਨਵੇਂ ਮੁੰਡੇ ਡਰਨ ਲੱਗ ਪਏ ਸਨ। ਕਈ ਸਾਹਿਤਕਾਰਾਂ ਦੇ ਘਰ ਪੁਲਸ ਜਾਣ ਲੱਗ ਪਈ ਸੀ। ਕਈ ਫੜੇ ਵੀ ਗਏ ਸਨ। ਤੀਜਾ ਇਹ ਕਿ ਪੰਜਾਬ ਦੀ ਖੁਸ਼ਹਾਲੀ ਦਾ ਮੁੱਢ ਬੱਝ ਗਿਆ ਸੀ। ਫਸਲਾਂ ਚੰਗੀਆਂ ਹੋਣ ਲੱਗ ਪਈਆਂ ਸਨ। ਵਲੈਤੋਂ ਧਨ ਦੁਆਬੇ ’ਚ ਧੜਾਧੜ ਆਓਣ ਲੱਗ ਪਿਆ ਸੀ। ਪੈਸੇ ਲਈ ਭਾਜੜ ਪੈ ਗਈ ਸੀ। ਕੌਫੀ ਪੀਣ ਵਾਲੇ ਕਾਮਰੇਡਾਂ ਨੂੰ ਸ਼ਰਾਬ ਮਿਲਣ ਲੱਗ ਪਈ ਸੀ। ਚੌਥਾ ਇਹ ਕਿ ਕੌਫੀ ਹਾਊਸ ਦੇ ਪ੍ਰਬੰਧਕਾਂ ਤੇ ਵਰਕਰਾਂ ’ਚ ਝਗੜਾ ਪੈ ਗਿਆ ਸੀ। ਇੰਡੀਅਨ ਕੌਫੀ ਹਾਊਸ ਕੇਰਲਾ ਦੀ ਕੋਆਪ੍ਰੇਟਿਵ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਸੀ। ਇਹਨਾਂ ਦੇ ਕੌਫੀ ਹਾਊਸ ਚੰਡੀਗੜ੍ਹ ਤੇ ਦਿੱਲੀ ਵੀ ਸਨ। ਜਦ ਜਲੰਧਰ ਦਾ ਸੰਕਟ ਡੂੰਘਾ ਹੋ ਗਿਆ ਤਾਂ ਬੈਰਿਆਂ ਨੇ ਆਪਣੇ ਤੌਰ ’ਤੇ ਚਲਾਓਣ ਦਾ ਫੈਸਲਾ ਕਰ ਲਿਆ। ਪਰ ਉਹ ਬਹੁਤ ਦੇਰ ਤਕ ਘਾਟਾ ਬਰਦਾਸ਼ਤ ਨਾ ਕਰ ਸਕੇ। ਬੜੇ ਚਿਰਾਂ ਤੋਂ ਉਹ ਬਿਲਡਿੰਗ ਦਾ ਕਿਰਾਇਆ ਵੀ ਨਹੀਂ ਸੀ ਦੇ ਸਕੇ। ਮੈਨੂੰ ਯਾਦ ਏ ਕਿ ਲੜ ਵਾਲੀ ਪੱਗ ਵਾਲਾ ਇਕ ਹਿੰਦੂ ਬਜ਼ੁਰਗ ਕਿਰਾਇਆ ਲੈਣ ਆਉਂਦਾ ਹੁੰਦਾ ਸੀ ਤਾਂ ਉਹਨੂੰ ਡੋਸਾ ਖਵਾ ਕੇ ਕੌਫੀ ਪੇਸ਼ ਕਰ ਦਿੱਤੀ ਜਾਂਦੀ ਸੀ। ਤਦ ਉਹ ਮੁਸਕ੍ਰਾਉਂਦਾ ਹੋਇਆ ਇਹ ਸ਼ਿਅਰ ਪੜ੍ਹਦਾ ਸੀਦਿਲ ਮੇਂ ਆਤੀ ਹੈ ਲਗਾ ਦੂੰ ਆਗ ਕੋਹੇ ਤੂਰ ਕੋ।ਫਿਰ ਖ਼ਿਆਲ ਆਤਾ ਹੈ, ਮੂਸਾ ਬੇਵਤਨ ਹੋ ਜਾਏਗਾ। ਮੂਸਾ ਕਹਿੰਦਾ ਹੋਇਆ ਉਹ ਆਪਣਾ ਉਠਿਆ ਹੱਥ ਸਾਡੇ ਤੇ ਬੈਰਿਆਂ ਵੱਲ ਘੁਮਾ ਦੇਂਦਾ ਸੀ।
ਸਾਹਿਤ ਦਾ ਅਸਰ: ਅਸੀਂ ਕਦੇ ਰੂਸੀ ਜਾਂ ਫ਼ਰਾਂਸੀਸੀ ਨਾਵਲ, ਖ਼ਾਸ ਤੌਰ ’ਤੇ ਬਲਜ਼ਾਕ ਦੇ, ਪੜ੍ਹਦੇ ਤਾਂ ਸੇਂਟ ਪੀਟਰਜ਼ਬਰਗ ਤੇ ਪੈਰਿਸ ਦੇ ਕੌਫ਼ੀ ਹਾਊਸਾਂ ਦਾ ਜ਼ਿਕਰ ਆਮ ਹੁੰਦਾ। ਜਿਥੇ ਕਲਾਕਾਰ, ਦਾਨਿਸ਼ਵਰ, ਚਿਤਰਕਾਰ ਤੇ ਸਾਹਿਤਕਾਰ ਬਹਿਸਾਂ ਕਰਦੇ ਸਨ। ਸਾਨੂੰ ਅਪਣਾ ਕੌਫ਼ੀ ਹਾਊਸ ਵੀ ਉਹੋ ਜਿਹਾ ਈ ਥਾਂ ਲੱਗਦੀ ਹੁੰਦੀ ਸੀ। ਅਸੀਂ ਅਪਣੇ ਆਪ ਨੂੰ ਟਾਲਿਸਟਾਈ ਤੇ ਦਸਤੋਵਸਕੀ ਦੇ ਨੇੜੇ-ਤੇੜੇ ਈ ਸਮਝਦੇ ਹੁੰਦੇ ਸੀ।
ਕੰਪਨੀ ਬਾਗ਼ ਦੇ ਸਾਹਮਣੇ ਵਾਲ਼ੀ ਦਿਲਕੁਸ਼ਾ ਮਾਰਕੀਟ ਚੋਂ ਬਾਹਰ ਨਿਕਲ਼ਦਿਆਂ ਵੱਡੀ ਸੜਕ ’ਤੇ ਸੱਜੇ ਹੱਥ ਅੱਧਾ ਉੱਜੜਿਆ-ਜਿਹਾ ਗ੍ਰੀਨਵਿਊ ਰੈਸਟੋਰੈਂਟ ਹੁੰਦਾ ਸੀ। ਜਿੱਥੇ ਮਾਲਕਾਂ ਨੇ ਕਵੀਨੁਮਾ ਗਾਇਕ ਟੀਚਰ ਪਿਆਰਾ ਸਿੰਘ ਪੰਛੀ ਬਹਾਇਆ ਹੋਇਆ ਸੀ। ਓਸ ਤੋਂ ਅਗਲੀਆਂ ਦੋ ਦੁਕਾਨਾਂ ਛੱਡ ਕੇ ਪੌੜੀਆਂ ਆਉਂਦੀਆਂ। ਉਨ੍ਹਾਂ ’ਤੇ ਚੜ੍ਹ ਕੇ ਬੰਦਾ ਕੌਫ਼ੀ ਹਾਊਸ ਚ ਵੜ ਜਾਂਦਾ ਸੀ। ਹੁਣ ਓਸ ਬਿਲਡਿੰਗ ਚ ਪੰਜਾਬ ਐਂਡ ਸਿੰਧ ਓਵਰਸੀਜ਼ ਬੈਂਕ ਦੀ ਬਰਾਂਚ ਏ।
ਪੌੜੀਆਂ ਚੜ੍ਹਦਿਆਂ ਸੱਜੇ ਹੱਥ ਵੱਡਾ ਹਾਲ ਸੀ। ਜੀਹਦੇ ਵਿਚ ਪੰਦਰਾਂ-ਸੋਲ਼ਾਂ ਮੇਜ਼ਾਂ ਦੁਆਲੇ ਚਾਰ-ਚਾਰ ਕੁਰਸੀਆਂ ਡੱਠੀਆਂ ਹੋਈਆਂ ਸਨ। ਹਾਲ ਦੀਆਂ ਚਾਰ ਖਿੜਕੀਆਂ ਸੜਕ ਵੱਲ ਨੂੰ ਖੁੱਲ੍ਹਦੀਆਂ ਸਨ। ਵਿਚ ਦੋ ਕੂਲਰ ਫ਼ਿਟ ਸਨ। ਆਖ਼ਰੀ ਖਿੜਕੀ ਵਾਲ਼ਾ ਮੇਜ਼ ਮੇਰਾ ਤੇ ਹਿੰਦੀ ਚ ਵਰ੍ਹੇ ਛਿਮਾਹੀ ਕਵਿਤਾ ਕਹਾਣੀ ਲਿਖਣ ਵਾਲੇ ਚਿਰੰਜੀਵ ਸਿੰਘ ਦਾ ਅੱਡਾ ਸੀ। ਉਹ ਖ਼ਾਲਸਾ ਕਾਲਜ ਦਾ ਵਿਦਿਆਰਥੀ ਸੀ। ਉਹਦੀ ਹਾਜ਼ਰੀ ਬਿਨਾਂ ਹਾਜ਼ਰ ਹੋਇਆਂ ਵੀ ਲੱਗਦੀ ਰਹਿੰਦੀ ਸੀ।
ਹਾਲ ਦੇ ਸਾਹਮਣੇ ਲੰਮਾ ਕਮਰਾ ਸੀ; ਜੀਹਨੂੰ ਮੀਟਿੰਗ ਰੂਮ ਕਹਿੰਦੇ ਸੀ। ਜਿੱਥੇ ਪ੍ਰੈਸ ਕਾਨਫ਼ਰੰਸਾਂ ਹੁੰਦੀਆਂ ਸਨ। ਜਲੰਧਰ ਚੋਂ ਉਰਦੂ, ਪੰਜਾਬੀ ਤੇ ਹਿੰਦੀ ਦੇ ਬਾਰਾਂ-ਕੁ ਅਖ਼ਬਾਰ ਨਿਕਲ਼ਦੇ ਸਨ। ਸਾਰਿਆਂ ਦੇ ਸਟਾਫ਼ ਰੀਪੋਰਟਰ ਵੀ ਨਹੀਂ ਸਨ। ਪਰ ਪ੍ਰੈਸ ਕਾਨਫ਼ਰੰਸ ਚ ਵੜੇ ਤੇ ਡੋਸੇ ਖਾਣ ਨੂੰ ਪੰਦਰਾਂ ਸੋਲਾਂ ਪੱਤਰਕਾਰ ਆ ਜਾਂਦੇ ਸਨ।
ਹਾਲ ਦੇ ਖੱਬੇ ਖੂੰਜੇ ਚ ਕਾਉਂਟਰ ‘ਤੇ ਬੈਰਾ ਬੈਠਦਾ ਸੀ। ਉਹਦੇ ਨਾਲ਼ ਦੇ ਬੂਹੇ ਅੰਦਰ ਵੜੀਏ, ਤਾਂ ਕਿਚਨ ਤੇ ਬੈਰਿਆਂ ਦੇ ਰਹਿਣ ਲਈ ਦੋ ਕਮਰੇ ਸਨ। ਮੈਂ ਦੋ ਤਿੰਨ ਵਾਰ ਅੰਦਰ ਜਾ ਕੇ ਵੇਖਿਆ। ਲਾਲ ਮਟਰਾਂ ਵਰਗੀ ਕੌਫ਼ੀ ਦੇ ਬੀਜ ਭੁੰਨੇ ਜਾ ਰਹੇ ਸਨ। ਜਦ ਬੁਖਾਰੀ ਦਾ ਢੱਕਣ ਖੁੱਲ੍ਹਦਾ ਸੀ, ਤਾਂ ਚਾਰੇ ਪਾਸੇ ਕੌਫ਼ੀ ਦੀ ਸੁਗੰਧ ਫੈਲ ਜਾਂਦੀ ਸੀ। ਇਹ ਖ਼ੁਸ਼ਬੋ ਈ ਸਾਰੇ ਸੁਆਦ ਪੈਦਾ ਕਰਦੀ ਸੀ। ਸਾਡੇ ਵਰਗੇ ਕਈ ਕੌਫ਼ੀ ਹਾਊਸ ਦੇ ਸ਼ੋ ਕੇਸ ਦੇ ਪੀਸ ਸਮਝੇ ਜਾਂਦੇ ਸੀ। ਜਦ ਉਥੇ ਕੋਈ ਗਾਹਕ ਨਹੀਂ ਸੀ ਹੁੰਦਾ, ਤਾਂ ਅਸੀਂ ਹੁੰਦੇ ਸੀ। ਇਕ-ਇਕ ਕੱਪ ਕੌਫ਼ੀ ਲੈ ਕੇ ਘੰਟਿਆਂ-ਬੱਧੀ ਬੈਠੇ ਰਹਿੰਦੇ ਸੀ। ਚਿਰੰਜੀਵ ਤਾਂ ਬੈਰਿਆਂ ਨਾਲ਼ ਉਧਾਰ ਵੀ ਕਰ ਲੈਂਦਾ ਸੀ। ਏਸ ਤੋਂ ਵੀ ਵਧ ਕੇ ਕਦੇ ਉਨ੍ਹਾਂ ਤੋਂ ਹੱਥ ਉਧਾਰ ਵੀ ਫੜ ਲੈਂਦਾ ਸੀ।
ਕੌਫ਼ੀ ਹਾਊਸ ਦੇ ਸ਼ੋ ਕੇਸ ਚ ਲੱਗੇ ਰਹਿਣ ਵਾਲ਼ੇ ਸਾਰੇ ਅਪਣੇ ਤੌਰ ’ਤੇ ਨਮੂਨੇ ਸਨ। ਹਰੇਕ ਦੀ ਕੋਈ ਨਾ ਕੋਈ ਰਗ ਨਿਆਰੀ ਹੁੰਦੀ ਸੀ। ਉਨ੍ਹਾਂ ਚੋਂ ਅੱਧੇ ਰੂਸੀ ਸਾਹਿਤ ਪੜ੍ਹ ਕੇ ਨੇਹਲਿਸਟ ਬਣ ਕੇ ਬੋਹੇਮੀਅਨ ਕਿਰਦਾਰ ਜਿਊਂਦੇ ਸਨ। ਅਕਸਰ ਦਾੜ੍ਹੀ ਵਧਾ ਲੈਂਦੇ ਸੀ। ਕਲਮਾਂ ਲੰਮੀਆਂ ਕਰਾ ਲੈਂਦੇ ਸੀ। ਹੋਰ ਕੁਝ ਵਧੇ ਨਾ ਵਧੇ, ਦਾੜ੍ਹੀ ਦੇ ਵਾਲ਼ ਵਧਾ ਲੈਣੇ ਤੇ ਸਿਰ ਦੇ ਮੁਨਾ ਦੇਣੇ ਤਾਂ ਸੌਖੇ ਹੀਂ ਸਨ। ਕੋਈ ਵੀ ਪੁਰਾਣੀ ਪਰੰਪਰਾ ਜਾਂ ਰਸਮ-ਰਿਵਾਜ ਹੁੰਦਾ ਸੀ, ਉਹਨੂੰ ਤੋੜ ਕੇ ਬੜਾ ਸੁਆਦ ਆਉਂਦਾ ਸੀ। ਸਮਝਦੇ ਹੁੰਦੇ ਸੀ ਕਿ ਇਨਕਲਾਬ ਲਿਆ ਰਹੇ ਹਾਂ। ਫੇਰ ਇਨਕਲਾਬ ਆਇਆ ਕਿ ਆਇਆ। ਓਦੋਂ ਮਾਰਕਸਵਾਦੀ ਹੋਣਾ ਤੇ ਰੂਸੀ ਸਾਹਿਤ ਪੜ੍ਹਨਾ ਸਭ ਤੋਂ ਵੱਡਾ ਫ਼ੈਸ਼ਨ ਸੀ। ਰੂਸੀ ਸਾਹਿਤ ਕੌਡੀਆਂ ਦੇ ਭਾਅ ਮਿਲ ਜਾਂਦਾ ਸੀ। ਓਸ ਪੈਸੇ ਨਾਲ਼ ਹੋਲਟਾਈਮਰ ਕਾਮਰੇਡਾਂ ਦਾ ਦਾਣਾ-ਦੁਣਕਾ ਚੱਲਦਾ ਸੀ।
ਜਿਵੇਂ ਉਰਦੂ ਚ ਜਿਹੜਾ ਨਵਾਂ ਸਾਹਿਤਕਾਰ ਸਿਰ ਚੁੱਕ ਕੇ ਉੱਠਦਾ ਸੀ, ਉਹ ਇਕ ਵਾਰੀ ਲਹੌਰ ਜ਼ਰੂਰ ਜਾਂਦਾ ਸੀ। ਓਥੋਂ ਦੇ ਸਾਹਿਤਕਾਰਾਂ ਤੋਂ ‘ਵਧੀਆ ਸਾਹਿਤਕਾਰ’ ਹੋਣ ਦੀ ਸਨਦ ਲੈ ਕੇ ਮੁੜਦਾ ਸੀ। ਇਵੇਂ ਪੰਜਾਬੀ ਚ ਜਿਹੜਾ ਸਾਹਿਤਕਾਰ ਅਪਣੇ ਆਪ ਨੂੰ ਫੱਨੇ ਖਾਂ ਅਖਵਾਉਣ ਲੱਗਦਾ ਸੀ, ਉਹ ਇਕ ਵਾਰ ਜਲੰਧਰ ਆ ਕੇ ਕੌਫ਼ੀ ਹਾਊਸ ਚ ਜ਼ਰੂਰ ਬਹਿੰਦਾ ਸੀ। ਜਲੰਧਰ ਦਾ ਕੌਫ਼ੀ ਹਾਊਸ ਪੰਜਾਬ ਦੇ ਸਾਹਿਤਕਾਰਾਂ ਤੇ ਕਲਾਕਾਰਾਂ ਦਾ ਮੱਕਾ ਸੀ।
1960 ਤੋਂ 1975 ਤਕ ਜਲੰਧਰ ਦਾ ਇੰਡੀਅਨ ਕੌਫ਼ੀ ਹਾਊਸ ਪੰਜਾਬ ਦੇ ਸਾਹਿਤਕਾਰਾਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਮੀਡੀਆ ਦੇ ਬੰਦਿਆਂ ਦਾ ਮੱਕਾ ਰਿਹਾ ਏ। ਉਂਜ ਏਥੇ ਤਾਂ ਸੈਂਕੜੇ ਬੰਦੇ ਆਉਂਦੇ ਸਨ; ਪਰ ਨਿੱਤ ਆਉਣ ਵਾiਲ਼ਆਂ ਨੂੰ ਅਸੀਂ ‘ਕੌਫ਼ੀ ਹਾਊਸ ਦੇ ਪਰਿੰਦੇ’ ਕਹਿੰਦੇ ਹੁੰਦੇ ਸੀ। ਉਨ੍ਹਾਂ ਵਿਚੋਂ ਮੈਂ ਸਿਰਫ ਸਾਹਿਤਕਾਰਾਂ ਦਾ ਈ ਜ਼ਿਕਰ ਕਰਾਂਗਾ।
ਮੀਸ਼ਾ : ਸੋਹਣ ਸਿੰਘ ਮੀਸ਼ਾ ਪਹਿਲਾਂ ਸਾਡੇ ਨਾਲ਼ ਪਲਾਜ਼ਾ ਚ ਬੈਠਦਾ ਸੀ। ਜਿੱਥੇ ਅਸੀਂ ਫੁਲ ਸੈੱਟ ਮੰਗਵਾ ਕੇ ਆਪ ਚਾਹ ਬਣਾ ਕੇ ਪੀਂਦੇ ਸੀ। ਫੇਰ ਜਦ ਉਹ ਸਠਿਆਲ਼ੇ ਕਾਲਜ ਚ ਅੰਗ੍ਰੇਜ਼ੀ ਪੜ੍ਹਾਣ ਲੱਗ ਪਿਆ, ਤਾਂ ਅਕਸਰ ਕੌਫ਼ੀ ਹਾਊਸ ਆ ਬਹਿੰਦਾ ਸੀ। ਉਹਨੂੰ ਅਪਣੀ ਨਵੀਂ ਲਿਖੀ ਕਵਿਤਾ ਸੁਨਾਣ ਦਾ ਜਨੂਨ ਤੰਗ ਕਰਦਾ ਸੀ। ਅਪਣੀ ਕਿਸਮ ਦਾ ਉਹ ਧੀਮੇ ਬੋਲਾਂ ਦਾ ਗੰਭੀਰ ਸ਼ਾਇਰ ਸੀ। ਕੌਫ਼ੀ ਹਾਊਸ ਚ ਉਹਦੀ ਕਵਿਤਾ ਦੀਆਂ ਇਹ ਸਤਰਾਂ ਅਸੀਂ ਦੋਹਰਾਇਆ ਕਰਦੇ ਸੀ ਬੈਰਾ, ਓ ਬੈਰਾ, ਇਕ ਹੋਰ ਲਿਆ ਕੱਪ ਕੌਫ਼ੀ ਦਾ।… ਬੜਾ ਔਖਾ ਹੈ ਚੁਰਸਤਾ ਛੱਡਣਾ। ਬੰਦਾ ਬੜਾ ਸਲੀਕੇ ਤੇ ਤਮੀਜ਼ ਵਾਲ਼ਾ ਸੀ। ਅਪਣੀ ਕਵਿਤਾ ਸੁਨਾਣ ਦੇ ਲੋਭ ਚ ਸਾਨੂੰ ਕੌਫ਼ੀ ਆਮ ਪਿਆ ਦਿੰਦਾ ਸੀ। ਜਾਂ ਅਸੀਂ ਕਮੀਨੇ ਮੁਫ਼ਤਖ਼ੋਰੇ ਬਣ ਜਾਂਦੇ ਸੀ। ਉਹ ਕਦੇ-ਕਦੇ ਕਿਸੇ ਕੁੜੀ ਨੂੰ ਵੀ ਕੌਫ਼ੀ ਪਿਆਉਣ ਲੈ ਆਉਂਦਾ। ਪਰ ਉਹਦੇ ਬਾਰੇ ਕੋਈ ਮਾੜੀ ਕਹਾਣੀ ਨਹੀਂ ਸੀ ਸੁਣਾਂਦਾ। ਉਹ ਹਰੇਕ ਨਾਲ਼ ਬਹਿ ਕੇ ਗੱਲਾਂ ਕਰ ਸਕਦਾ ਸੀ।
ਜਗਤਾਰ ਪਪੀਹਾ: ਇਹ ਕਵੀ ਕਦੇ-ਕਦੇ ਰਾਜਗੋਮਾਲ ਜਾਂ ਕਿਸੇ ਹੋਰ ਪਿੰਡੋਂ ਆਇਆ ਕਰਦਾ ਸੀ, ਜਿਥੇ ਇਹ ਕਿਸੇ ਪ੍ਰਾਇਮਰੀ ਸਕੂਲ ਚ ਪੜ੍ਹਾਉਂਦਾ ਸੀ। ਇਹਦੇ ਨਾਲ਼ ਹਮੇਸ਼ਾ ਕੋਈ ਨਾ ਕੋਈ ‘ਬਸਤਾ ਬਰਦਾਰ’ (ਕਾਗ਼ਜ਼-ਪੱਤਰ ਚੁੱਕ ਕੇ ਨਾਲ਼ ਤੁਰਨ ਵਾਲ਼ਾ) ਹੁੰਦਾ ਸੀ। ਮੇਰੇ ਨੋਟਿਸ ਚ ਬਹੁਤਾ ਰਣਧੀਰ ਸਿੰਘ ਚੰਦ ਆਇਆ। ਉਹ ਵੀ ਗ਼ਜ਼ਲਾਂ ਲਿਖਦਾ ਸੀ। ਕਵੀ ਉਨ੍ਹਾਂ ਦੇ ਨੇੜੇ ਢੁੱਕਦੇ ਸਨ। ਜਗਤਾਰ ਤੇ ਚੰਦ ਨੇ ਰਲ ਕੇ ਸੁਰਤਾਲ ਨਾਂ ਦਾ ਪਰਚਾ ਵੀ ਕੱਢਿਆ ਸੀ। ਇਹ ਦੂਜਿਆਂ ਦੀਆਂ ਗ਼ਜ਼ਲਾਂ ਦੀਆਂ ਗ਼ਲਤੀਆਂ ਫੜਦੇ ਰਹਿੰਦੇ ਸੀ। ਜਦ ਆਪਸ ਵਿਚ ਲੜ ਪਏ, ਤਾਂ ਇਕ ਦੂਜੇ ’ਤੇ ਉਰਦੂ ਦੇ ਸ਼ਿਅਰਾਂ ਦੀ ਚੋਰੀ ਦਾ ਇਲਜ਼ਾਮ ਲਾਉਣ ਲੱਗ ਪਏ। ਚੰਦ ਨੇ ਜਗਤਾਰ ਦੀ ਚੋਰੀ ਬਾਰੇ ਲੇਖ ਵੀ ਲਿਖਿਆ ਸੀ। ਜੀਹਦੇ ਵਿਚ ਇਕ ਪਾਸੇ ਉਰਦੂ ਦਾ ਸ਼ਿਅਰ ਤੇ ਦੂਜੇ ਪਾਸੇ ਜਗਤਾਰ ਦੀ ਗ਼ਜ਼ਲ ਦਾ ਸ਼ਿਅਰ ਛਾਪਿਆ ਸੀ। ਜਦ ਕਦੇ ਜਗਤਾਰ ਕੱਲਾ ਆਉਂਦਾ, ਤਾਂ ਅਕਸਰ ਉਦਾਸ ਹੁੰਦਾ ਸੀ। “ਬੀਮਾਰ” ਰਹਿੰਦਾ ਸੀ। ਮੈਂ ਤੇ ਚਿਰੰਜੀਵ ਨੇ ਜਾਣ ਕੇ ਹਾਲ-ਚਾਲ ਪੁੱਛਣਾ, ਤਾਂ ਜਗਤਾਰ ਨੇ ਬੜੀ ਉਦਾਸੀ ਨਾਲ਼ ਦੱਸਣਾ ਕਿ ਡਾਕਟਰ ‘ਐਕਿਊਟ ਬ੍ਰੌਂਕਾਈਟਸ’ ਕਹਿੰਦੇ ਨੇ। ਅਸੀਂ ਬਾਅਦ ਚ ਜਗਤਾਰ ਦੇ ਬੋਲਾਂ ਦੀਆਂ ਸਾਂਗਾਂ ਲਾਉਂਦੇ ਹੁੰਦੇ ਸੀ। ਚੰਦ ਦੇ ਪਰੇ ਹੋਣ ਬਾਅਦ ਜਗਤਾਰ ਨਾਲ਼ ਕਹਾਣੀਕਾਰ ਜਗਜੀਤ ਸਿੰਘ ਬਰਾੜ ਆ ਕੇ ਬਹਿਣ ਲੱਗ ਪਿਆ ਸੀ। ਉਹਨੂੰ ਰੱਬ ਨੇ ਵੱਡੀ ਦਾਤ ਦਿੱਤੀ ਸੀ, ਜੀਹਨੂੰ ਦੇਖਣ ਲਈ ਸੁਖਪਾਲਵੀਰ ਸਿੰਘ ਹਸਰਤ ਹੱਸਦਾ ਤੇ ਫ਼ਰਮਾਇਸ਼ ਕਰਦਾ ਰਹਿੰਦਾ ਸੀ। ਜਗਤਾਰ ਹਾਲ ਦੇ ਵਿਚਕਾਰ ਜਿਹੇ ਬਹਿੰਦਾ ਸੀ। ਜਿੱਥੇ ਉਹਦੇ ਦੁਆਲ਼ੇ ਬਹਿਣ ਵਾਲ਼ੇ ਕਈ ਆ ਜਾਂਦੇ ਸੀ। ਜਗਤਾਰ ਅਪਣੇ ਆਪ ਨੂੰ ਜੱਟ ਹੋਣ ਦੇ ਦਮਗੱਜੇ ਮਾਰਦਾ ਅਜਿਹੀਆਂ ਕਹਾਣੀਆਂ ਸੁਣਾਂਦਾ ਰਹਿੰਦਾ ਸੀ ਕਿ ਉਹ ਕਿਵੇਂ ਵਰ੍ਹਦੀਆਂ ਗੋਲ਼ੀਆਂ ਵਿੱਚੀਂ ਅਪਣੀ ਚੀਨੀ ਘੋੜੀ ’ਤੇ ਸਵਾਰ ਹੋ ਕੇ ਨਿਕਲ਼ ਆਇਆ ਸੀ।
ਰਮੇਸ਼ ਕੁੰਤਲ ਮੇਘ : ਕੌਫ਼ੀ ਹਾਊਸ ਚ ਅਕਸਰ ਬਹਿਣ ਵਾਲ਼ਾ ਹਿੰਦੀ ਦਾ ਇਹ ਮਾਰਕਸਵਾਦੀ ਪ੍ਰੋਫ਼ੈਸਰ ਪੰਜਾਬੀ ਲੇਖਕਾਂ ਚ ਵੱਧ ਬੈਠਦਾ ਸੀ। ਉਹ ਹਰੇਕ ਨਾਲ਼ ਪਿਆਰ ਨਾਲ਼ ਗੱਲ ਕਰਦਾ ਸੀ, ਪਰ ਮਾਰਕਸਵਾਦ ਦੇ ਮਾਮਲੇ ਚ ਅੜ ਜਾਂਦਾ ਸੀ। ਨਕਸਲੀ ਲਹਿਰ ਵੇਲੇ ਜਦ ਪਕੜ ਧਕੜ ਆਮ ਹੋ ਗਈ ਸੀ, ਤਾਂ ਇਹਨੂੰ ਵੀ ਐੱਸ. ਐੱਸ. ਪੀ. ਦੇ ਦਫ਼ਤਰ ਚ ਬੁਲਾ ਲਿਆ ਗਿਆ ਸੀ। ਅਗਲੇ ਦਿਨ ਇਹ ਬਹੁਤ ਡਰ ਗਿਆ ਸੀ। ਜਦ ਕੌਫ਼ੀ ਹਾਊਸ ਨਾ ਆਇਆ, ਤਾਂ ਮੈਂ ਉਹਦੇ ਘਰ ਮਿਲਣ ਗਿਆ। ਮੇਘ ਵਾਰ-ਵਾਰ ਇਹੋ ਆਖੀ ਗਿਆ ਸੀ, “ਪ੍ਰੇਮ ਭਾਈ, ਮੇਰੇ ਛੋਟੀ-ਛੋਟੀ ਬੇਟੀਆਂ ਹੈਂ।” ਮੈਂ ਦਿਲਾਸਾ ਦੇ ਕੇ ਮੁੜ ਆਇਆ ਸੀ। ਫੇਰ ਕੁਝ ਦਿਨਾਂ ਬਾਅਦ ਉਹ ਕੌਫ਼ੀ ਹਾਊਸ ਆਇਆ। ਸਾਨੂੰ ਕਈਆਂ ਨੂੰ ਬੜੇ ਦੁੱਖ ਤੇ ਰੋਹ ਨਾਲ਼ ਦੱਸਿਆ ਕਿ ਹੁਣ ਜਦੋਂ ਇਹਨੂੰ ਐੱਸ. ਐੱਸ. ਪੀ . ਨੇ ਬੁਲਾਇਆ, ਤਾਂ ਅੰਦਰਲਾ ਪਰਦਾ ਹਟਣ ’ਤੇ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਮੇਜ਼ ’ਤੇ ਪਾਸ਼ ਬੈਠਾ ਸੀ। ਉਹ ਕਿਸੇ ਪੁਲਸ ਅਫ਼ਸਰ ਨਾਲ਼ ਬੈਠਾ ਗੱਲਾਂ ਕਰਦਾ ਚਾਹ ਪੀ ਰਿਹਾ ਸੀ। “… ਹਾਂ, ਹਾਂ ਮੈਨੇ ਅਪਨੀ ਆਂਖੋਂ ਸੇ ਦੇਖਾ ਵੋਹ ਕਰਾਂਤੀਕਾਰੀ! ਭਾਈ, ਮੈਂ ਤੋ ਹੈਰਾਨ ਰਹਿ ਗਿਆ,” ਇਹ ਮੇਘ ਦੀ ਨਜ਼ਰ ਦਾ ਧੋਖਾ ਨਹੀਂ ਸੀ।
ਕਪਿਲ ਮਲਹੋਤਰਾ: ਇਹ ਹਿੰਦੀ ਦਾ ਉੱਭਰਦਾ ਕਹਾਣੀਕਾਰ ਸੀ। ਸਾਰਿਕਾ ਚ ਇਹਦੀਆਂ ਦੋ ਕਹਾਣੀਆਂ ‘ਵੀਪਿੰਗ ਹੇਮਿੰਗਵੇ’ ‘ਤੇ ਕੋਈ ਖੇਦ ਨਹੀਂ ਛਪਣ ’ਤੇ ਜਲੰਧਰ ਦੇ ਸਾਹਿਤਕ ਹਲਕੇ ਚ ਰੌਲ਼ਾ ਪੈ ਗਿਆ ਸੀ। ਜੀਹਦੇ ਨਾਲ਼ ਮਲਹੋਤਰੇ ਦਾ ਦਿਮਾਗ਼ ਖ਼ਰਾਬ ਹੋ ਗਿਆ ਸੀ। ਉਹ ਅਪਣੇ ਆਪ ਨੂੰ ਜੀਨੀਅਸ ਮੰਨਦਾ ਨਸ਼ੇ ਵਾਲ਼ੀਆਂ ਗੋਲ਼ੀਆਂ ਦੇ ਫੱਕੇ ਮਾਰਨ ਲੱਗ ਪਿਆ ਸੀ। ਹਮੇਸ਼ਾ ਅੱਧਸੁਰਤੀ ਚ ਰਹਿੰਦਾ। ਗੱਲਾਂ ਕਰਦਾ ਗਾਲ੍ਹਾਂ ਕੱਢਦਾ ਰਹਿੰਦਾ ਸੀ। ਕਦੇ ਸੁਨਣ ਵਾਲ਼ੇ ਨੂੰ ਤੇ ਕਦੇ ਅਪਣੇ ਆਪ ਨੂੰ। ਮੈਂ ਇਕ ਵਾਰ ਉਹਦੀ ਬਾਂਹ ਮਰੋੜ ਕੇ ਪਿੱਠ ’ਤੇ ਲਾ ਕੇ ਕਿਹਾ ਸੀ, “ਹੁਣ ਗਾਲ੍ਹ ਕੱਢ ਤਾਂ, ਤੇਰੀ ਭੈਣ ਦੀ…।’’ ਮੇਘ ਤੇ ਚਿਰੰਜੀਵ ਉਹਦੇ ’ਤੇ ਆਸ਼ਿਕ ਸਨ। ਉਹ ਉਹਦੇ ਮੂੰਹ ਚ ਵੜੇ ਦੇ ਚਮਚੇ ਪਾਉਂਦੇ ਹੁੰਦੇ ਸੀ। ਤਦ ਮੈਂ ਦੋਹਾਂ ਨੂੰ ਨਫ਼ਰਤ ਕਰਦਾ ਕਹਿੰਦਾ ਹੁੰਦਾ ਸੀ ਕਿ ਮੇਘ ਨੇ ਮਾਂ ਬਾਪ ਦਾ ਕੱਲਾ ਪੁੱਤ ਚੰਭਲਾ ਕੇ ਮਾਰ ਕੇ ਛੱਡਣਾ ਏ। ਮਲਹੋਤਰੇ ਨੇ ਕੁਝ ਦਿਨ ਹਿੰਦੀ ਮਿਲਾਪ ਚ ਕੰਮ ਕੀਤਾ, ਜਿੱਥੇ ਮੈਂ ਉਰਦੂ ਡੈਸਕ ’ਤੇ ਬਹਿੰਦਾ ਸੀ। ਪਰ ਉਹ ਚੱਲਿਆ ਨਹੀਂ। ਉਹਦਾ ਘਰ ਆਦਰਸ਼ ਨਗਰ ਚ ਮੇਰੇ ਘਰ ਦੇ ਨੇੜੇ ਸੀ। ਕਦੇ ਉਹ ਚਿਲਮ ਪੀਣ ਮੇਰੇ ਘਰ ਆ ਜਾਇਆ ਕਰਦਾ ਸੀ। ਓਦੋਂ ਬੜੀਆਂ ਸਿਆਣੀਆਂ ਗੱਲਾਂ ਕਰਦਾ ਸੀ। ਅਪਣੀ ਵੱਡੀ ਕੋਠੀ ਚ ਉਹ ਕੱਲਾ ਈ ਰਹਿੰਦਾ ਸੀ। ਇਕ ਵਾਰ ਬਾਹਰੋਂ ਅੱਧੀ ਰਾਤ ਨੂੰ ਆਇਆ। ਨਸ਼ੇ ਕਰ ਕੇ ਉਹਤੋਂ ਜਿੰਦਾ ਨਾ ਖੁੱਲਿ੍ਹਆ। ਉਹਦਾ ਡਿਗ ਕੇ ਸਿਰ ਪਾਟ ਗਿਆ। ਸਵੇਰੇ ਗਵਾਂਢੀਆਂ ਨੇ ਮਰਿਆਂ ਵਰਗਾ ਚੁੱਕਿਆ। ਸਰਕਾਰੀ ਹਸਪਤਾਲ ਚ ਉਹਦੇ ਬਾਪ ਦੇ ਆਉਣ ਤਕ ਉਹ ਮਰ ਗਿਆ ਸੀ।
ਕੁਲਵੰਤ ਸਿੰਘ ਵਿਰਕ: ਵਿਰਕ ਕੌਫ਼ੀ ਹਾਊਸ ਚ ਘੱਟ ਈ ਆਉਂਦਾ ਸੀ। ਉਹਦਾ ਦਫ਼ਤਰ ਨੇੜੇ ਸੀ। ਆਮ ਤੌਰ ’ਤੇ ਉਹ ਅਪਣੇ ਦਫ਼ਤਰ ਈ ਮਿਲ਼ਦਾ ਸੀ। ਕੋਈ ਖ਼ਾਸ ਦੋਸਤ ਆਉਂਦਾ, ਤਾਂ ਬੀਅਰ ਪੀਣ ਗ੍ਰੀਨ ਚ ਜਾ ਬਹਿੰਦਾ ਸੀ। ਉਹ ਕੌਫ਼ੀ ਹਾਉਸ ਦੇ ਮਾਹੌਲ ਨੂੰ ਤਾਂ ਪਸੰਦ ਕਰਦਾ ਸੀ, ਪਰ ਓਥੇ ਦੀ ‘ਖੱਚ’ ਤੋਂ ਬਚਦਾ ਸੀ। ਕੌਫ਼ੀ ਹਾਊਸ ਆਉਂਦਾ; ਤਾਂ ਸਾਹਿਤ ਬਾਰੇ ਗੱਲਾਂ ਘੱਟ, ਬਹੁਤੀਆਂ ਸਾਹਿਤਕਾਰਾਂ ਦੀਆਂ ਕਰਦਾ ਤੇ ਲਤੀਫ਼ੇ ਸੁਣਦਾ ਉØੱਚੀ ਦੇਣੀ ਹੱਸਦਾ ਸੀ। ਉਹ ਮੋਹਨ ਰਾਕੇਸ਼, ਮੀਸ਼ੇ ਤੇ ਪਿਆਰਾ ਸਿੰਘ ਭੋਗਲ ਨਾਲ਼ ਬੈਠਦਾ ਸੀ। ਮੇਰੀ ਮੇਜ਼ ’ਤੇ ਨਹੀਂ ਸੀ ਬਹਿੰਦਾ, ਮੈਨੂੰ ਅਪਣੀ ਮੇਜ਼ ’ਤੇ ਸੱਦ ਲੈਂਦਾ ਸੀ। ਮੇਰੀ ਮੇਜ਼ ’ਤੇ ਹੋਰ ਬਥੇਰੀ ‘ਖੱਚ’ ਬੈਠੀ ਹੁੰਦੀ ਸੀ। ਉਹਨੂੰ ਏਸ ਗੱਲ ਚ ਵਧ ਦਿਲਚਸਪੀ ਹੁੰਦੀ ਸੀ ਕਿ ਕਿਸੇ ਦੇ ਨਾਲ਼ ਜਿਹੜੀ ਜ਼ਨਾਨੀ ਬੈਠੀ ਏ, ਉਹ ਕੌਣ ਏ? ਕਦੇ ਉਹਨੇ ਮੇਰੇ ਨਾਲ਼ ਬੈਠੀ ਕੋਈ ਮਾਸਟਰਨੀ ਵੇਖ ਲਈ, ਉਹਦੇ ਬਾਰੇ ਈ ਕਈ ਦਿਨ ਪੁੱਛਦਾ ਰਿਹਾ।
ਧਨਰਾਜ: ਇਹ ਕੌਫ਼ੀ ਹਾਊਸ ਦਾ ਭੂਤ ਪਾਤਰ ਸੀ। ਮਾਝੇ ਤੋਂ ਆਇਆ ਸੀ। ਉਹਨੂੰ ਫ਼ਿਲਾਸਫ਼ਰ ਹੋਣ ਦਾ ਸ਼ੁਦਾਅ ਹੋ ਗਿਆ ਸੀ। ਦੋ ਪੱਛਮੀ ਚਿੰਤਕਾਂ ਜਿਨ੍ਹਾਂ ਚ ਇਕ ਦਾ ਨਾਂ ਕਿਰਕੇਗਾਰਦ ਸੀ, ਦੇ ਨਾਂ ਲੈਂਦਾ ਅਜੀਬ ਗੱਲਾਂ ਕਰਦਾ ਸੀ। ਉਹਨੂੰ ਸ਼ਾਇਦ ਮੀਸ਼ਾ ਲੈ ਕੇ ਆਇਆ ਸੀ। ਗੱਲਾਂ ਕਰਨ ਲਈ ਉਹਨੂੰ ਨਸ਼ੇ ਚ ਆਏ ਕਪਿਲ ਮਲਹੋਤਰੇ ਦੀ ਸੰਗਤ ਚੰਗੀ ਲੱਗਦੀ ਸੀ। ਥੋੜ੍ਹੇ ਈ ਚਿਰ ਬਾਅਦ ਉਹਨੇ ਕੌਫ਼ੀ ਹਾਊਸ ਦੇ ਸਾਹਮਣੇ ਕੰਪਨੀ ਬਾਗ਼ ਦੇ ਦਰਖ਼ਤ ਨਾਲ਼ ਫਾਹਾ ਲੈ ਲਿਆ ਸੀ। ਸਵੇਰੇ ਉਹਦੀ ਲਾਸ਼ ਓਸ ਦਰਖ਼ਤ ’ਤੇ ਲਟਕਦੀ ਦੇਖੀ ਗਈ ਸੀ। ਫੇਰ ਜਿੰਨਾ ਚਿਰ ਕੌਫ਼ੀ ਹਾਊਸ ਰਿਹਾ, ਉਹਦੀ ਗੱਲ ਇਵੇਂ ਹੁੰਦੀ ਸੀ ਓਸ ਦਰਖ਼ਤ ਨਾਲ਼ ਧਨਰਾਜ ਨੇ ਫਾਹਾ ਲਿਆ ਸੀ। ਤੈਨੂੰ ਵੀ ਇਹੀ ਕੁਝ ਕਰਨਾ ਪਊ।
ਮਹਿਰਮਯਾਰ: ਸਾਡਾ ਗਰੁੱਪ ਸੀ, ਜੀਹਦੇ ਵਿਚ ਕਾਮਰੇਡ ਹਰਦਿਆਲ ਉਰਫ਼ ਨੇਤਾ ਜੀ, ਸੁਰਜਨ ਜ਼ੀਰਵੀ, ਗੁਰਦਰਸ਼ਨ ਉਰਫ਼ ਮਹਿਰਮਯਾਰ ਤੇ ਜਸਵੰਤ ਸਿਘ ਵਿਰਦੀ ਸ਼ਾਮਲ ਸਨ। ਜਦ ਕੌਫ਼ੀ ਹਾਊਸ ਦੀਆਂ ਸਰਗਰਮੀਆਂ ਭਖੀਆਂ ਹੋਈਆਂ ਸਨ, ਤਾਂ ਵਿਰਦੀ ਰੋਟੀ ਦੇ ਚੱਕਰ ਚ ਪਹਿਲਾਂ ਦਿੱਲੀ ਤੇ ਫੇਰ ਚੰਡੀਗੜ੍ਹ ਚਲਿਆ ਗਿਆ ਸੀ। ਮਹਿਰਮਯਾਰ ਵਿਆਹ ਕਰਾ ਕੇ ਛੇਤੀ ਕੀਨੀਆ ਚਲਿਆ ਗਿਆ ਸੀ। ਸ਼ੁਰੂ ਚ ਅਸੀਂ ਕੱਠੇ ਬੈਠਦੇ ਹੁੰਦੇ ਸੀ। ਜ਼ੀਰਵੀ ਕਵਿਤਾ ਤੇ ਕਹਾਣੀ ਤੋਂ ਭਗੌੜਾ ਹੋ ਕੇ ਪਹਿਲਾਂ ਸਾਹਿਤਕ ਟਿੱਪਣੀਕਾਰ ਤੇ ਫੇਰ ਪੱਤਰਕਾਰ ਬਣ ਗਿਆ ਸੀ। ਉਹ ਹੁਣ ‘ਜੁਮਲੇਬਾਜ਼ੀ ਤੇ ਲਤੀਫ਼ੇਬਾਜ਼ੀ’ ਸੁਹਣੀ ਕਰ ਲੈਂਦਾ ਸੀ।
ਨੇਤਾ ਜੀ: ਕਾਮਰੇਡ ਹਰਦਿਆਲ ਉਰਫ਼ ਨੇਤਾ ਜੀ ਕਾਮਰੇਡੀ ਦੇ ਨਾਲ਼ ਸਿਰਫ਼ ਨਾਂ ਦੀ ਬਿਨਾ ਕੇਸ ਵਕਾਲਤ ਕਰਦਾ ਸੀ। ਉਹ ਦੋਹਾਂ ਹੈਸੀਅਤਾਂ ਚ ਕੌਫ਼ੀ ਹਾਊਸ ਚ ਵੱਡਾ ਬਹਿਸਕਾਰ ਸੀ। ਸਾਨੂੰ ਵੜੇ ਤੇ ਕੌਫ਼ੀ ਦੇ ਪਿਆਲੇ ’ਤੇ ਬਹਾ ਕੇ ਲੈਕਚਰ ਦੇਂਦਾ ਹੁੰਦਾ ਸੀ। ਜਦ ਉਹਨੇ ਕੇਸ ਕਟਾਏ, ਤਾਂ ਪੱਗਾਂ ਜ਼ੀਰਵੀ ਨੂੰ ਦੇ ਦਿੱਤੀਆਂ। ਫੇਰ ਜ਼ੀਰਵੀ ਨੇ ਆਪ ਤਾਂ ਕੇਸ ਨਹੀਂ ਮੁਨਾਏ, ਹੋਰਾਂ ਕਾਮਰੇਡਾਂ ਨੂੰ ਉਕਸਾਉਂਦਾ ਰਹਿੰਦਾ ਸੀ; ਪੱਗਾਂ ਦੀ ਆਸ ਚ। ਜਦ ਕੌਫ਼ੀ ਹਾਊਸ ਵੀਰਾਨ ਹੋਣ ਲੱਗ ਪਿਆ, ਤਾਂ ਇਕ ਦਿਨ ਮੈਂ ਹਰਦਿਆਲ ਦੇ ਘਰ ਗਿਆ। ਪੁੱਛਿਆ ਕਿ ਤੂੰ ਹੁਣ ਕੌਫ਼ੀ ਹਾਊਸ ਕਿਉਂ ਨਹੀਂ ਆਉਂਦਾ? ਕਹਿੰਦਾ, “ਕੀ ਕਰੀਏ, ਜਿਹੜਾ ਟਾਈਮ ਕੌਫ਼ੀ ਪੀਣ ਦਾ ਹੁੰਦਾ ਏ, ਉਹੀ ਹੁਣ ਸਾਡਾ ਦਾਰੂ ਪੀਣ ਦਾ ਹੁੰਦਾ ਐ।’’ ਉਨ੍ਹਾਂ ਦਿਨਾਂ ਚ ਗੜ੍ਹੇ ਚ ਉਨ੍ਹਾਂ ਦੀ ਜ਼ਮੀਨ ਸੋਨੇ ਦੇ ਭਾਅ ਵਿਕਣ ਲੱਗ ਪਈ ਸੀ।
ਪਿਆਰਾ ਸਿੰਘ ਭੋਗਲ: ਭੋਗਲ ਵੀ ਕੌਫ਼ੀ ਹਾਊਸ ਦਾ ਪਰਿੰਦਾ ਸੀ। ਅਕਸਰ ਆਉਂਦਾ ਸੀ। ਪੱਤਰਕਾਰਾਂ ਤੇ ਪੰਜਾਬੀ ਦੇ ਵਿਦਿਆਰਥੀਆਂ ਨਾਲ਼ ਬਹਿੰਦਾ ਸੀ। ਬੰਦਾ ਸਿਆਣਾ ਸੀ, ਪਰ ਸਾਹਿਤਕਾਰ ਦੇ ਤੌਰ ’ਤੇ ਕੋਈ ਉਹਨੂੰ ਮੰਨਦਾ ਨਹੀਂ ਸੀ। ਸਾਡਾ ਗਰੁੱਪ ਉਹਦੀ ਸੰਗਤ ਪਸੰਦ ਨਹੀਂ ਸੀ ਕਰਦਾ।
ਗੋਰਕੀ: ਅਮਰਜੀਤ ਸਿੰਘ ਗੋਰਕੀ ਈਵਨਿੰਗ ਕਾਲਜ ਚ ਪੜ੍ਹਾਉਾਂਦਾ ਸੀ। ਕਵਿਤਾ ਤੇ ਕਹਾਣੀ ਲਿਖ ਕੇ ਹਾਰ ਬੈਠਾ ਸੀ ਤੇ ਹੁਣ ਸਿਰਫ਼ ਆਲੋਚਨਾ ਕਰਦਾ ਸੀ। ਉਹਨੇ ਜ਼ਿੰਦਗੀ ਚ ਸ਼ਾਇਦ ਈ ਕਿਸੇ ਨੂੰ ਆਪਣੇ ਪੱਲਿਉਂ ਕੌਫ਼ੀ ਪਿਆਈ ਹੋਵੇ। ਉਹ ਆਮ ਤੌਰ ’ਤੇ ਐਤਵਾਰ ਨੂੰ ਆਉਂਦਾ ਸੀ। ਉਹਦੀ ਜੇਬ ਚ ਖੁੱਲ੍ਹੇ ਬੱਤੀ ਪੈਸੇ ਹੁੰਦੇ ਸੀ। ਜੇ ਕੋਈ ਹੋਰ ਬਿਲ ਦੇ ਦੇਂਦਾ ਤਾਂ ਵਾਹ ਭਲੀ , ਨਹੀਂ ਤਾਂ ਉਹ ਅਪਣੀ ਕੌਫ਼ੀ ਦੇ ਪਿਆਲੇ ਦੇ ਬੱਤੀ ਪੈਸੇ ਮੇਜ਼ ’ਤੇ ਰੱਖ ਕੇ ਤੁਰ ਜਾਂਦਾ ਸੀ।
ਰਵਿੰਦਰ ਰਵੀ: ਰਵਿੰਦਰ ਰਵੀ ਕੌਫ਼ੀ ਹਾਊਸ ਚ ਅਕਸਰ ਆਉਂਦਾ। ਉਹਨੂੰ ਸਾਹਿਤਕਾਰਾਂ ਨੂੰ ਮਿਲਣ, ਫ਼ੋਟੋਆਂ ਖਿੱਚਣ ਤੇ ਗੱਲਾਂ ਕਰਨ ਦਾ ਜਨੂਨ ਸੀ। ਉਹ ਕਿਸੇ ਗਰੁੱਪ ਚ ਨਹੀਂ ਸੀ, ਸਾਰਿਆਂ ਨਾਲ਼ ਸੀ। ਪ੍ਰਯੋਗਵਾਦੀ ਕਵਿਤਾ ਲਿਖਦਾ ਸੀ। ਜਦ ਉਹ ਕੀਨੀਆ ਚਲਿਆ ਗਿਆ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਦੀ ਰੂਹ ਚੈਨ ਨਾਲ਼ ਬੈਠੀ ਹੋਵੇਗੀ। ਉਹ ਜਦ ਵੀ ਦੇਸ ਆਉਂਦਾ; ਅਪਣਾ ਸਾਮਾਨ ਰੇਲਵੇ ਸਟੇਸ਼ਨ ਦੇ ਕਲੌਕ ਰੂਮ ਚ ਰਖਵਾ ਕੇ ਸਿੱਧਾ ਕੌਫ਼ੀ ਹਾਊਸ ਆ ਬਹਿੰਦਾ ਸੀ। ਫੇਰ ਚੱਲ ਸੋ ਚੱਲ… ਗੱਲਾਂ, ਕੌਫ਼ੀਆਂ ਰਾਤ ਨੂੰ ਦਾਰੂ ਚੱਲਦੀ। ਮੈਂ ਉਹਦੀ ਪਾਰਟੀ ਚ ਸ਼ਾਮਲ ਨਹੀਂ ਸੀ ਹੁੰਦਾ। ਰਵੀ ਪੈਸੇ ਖ਼ਰਚਣ ਦੇ ਮਾਮਲੇ ਚ ਪਰਵਾਸੀਆਂ ਵਿਚ ਚੈਂਪੀਅਨ ਏ। ਉਹਨੇ ਕਿਤਾਬਾਂ ਵੀ ਸ਼ਾਨਦਾਰ ਛਪਵਾਈਆਂ ਨੇ। ਲਗਾਤਾਰ ਲਿਖੀ ਜਾਂਦਾ ਏ। ਫੇਰ ਵੀ ਓਸ ਬ੍ਰਹਿਮੰਡੀ ਸੋਚ ਦੀ ਚੇਤਨਾ ਵਾਲੇ ਸਾਹਿਤਕਾਰ ਦੀ ਭੱਲ ਨਹੀਂ ਬਣੀ।
ਅਜਾਇਬ ਕਮਲ: ਰਵਿੰਦਰ ਰਵੀ ਦੀ ਪੱਕੀ ਸੰਗਤ ਅਜਾਇਬ ਕਮਲ ਨਾਲ਼ ਸੀ। ਉਹ ਬਹੁਤ ਘੱਟ ਬੋਲਦਾ ਤੇ ਪਿੱਛੇ ਬਹਿਣ ਵਾਲ਼ਾ ਬੰਦਾ ਸੀ। ਇਹ ਦੋਵੇਂ ਕਿਸੇ ਸਕੂਲ ਚ ਟੀਚਰ ਸਨ। ਅਜਾਇਬ ਕਮਲ ਚੁੱਪ ਰਹਿ ਕੇ ਐਬਸਰਡ ਕਵਿਤਾ ਲਿਖਦਾ ਸੀ। ਨਾ ਕਿਸੇ ਨਾਲ਼ ਪਿਆਰ ਕਰਦੇ ਦਾ ਪਤਾ ਲੱਗਦਾ ਸੀ ਤੇ ਨਾ ਈ ਕਿਸੇ ਨਾਲ਼ ਲੜਦੇ ਦਾ।
ਸੁਰਜੀਤ ਸਿੰਘ ਸੇਠੀ: ਸੇਠੀ ਉਨ੍ਹਾਂ ਦਿਨਾਂ ਚ ਪਹਿਲਾਂ ਸ਼ਾਇਦ ਕਪੂਰਥਲਿਓਂ ਆਉਂਦਾ ਸੀ। ਫੇਰ ਆਲ ਇੰਡੀਆ ਰੇਡਿਓ ਜਲੰਧਰ ਚ ਪ੍ਰੋਡਿਊਸਰ ਲੱਗ ਗਿਆ, ਤਾਂ ਅਕਸਰ ਕੌਫ਼ੀ ਹਾਊਸ ਆ ਜਾਂਦਾ ਸੀ। ਉਹਦੀ ਸੰਗਤ ਕਿਸੇ ਨਾਲ਼ ਪੱਕੀ ਨਹੀਂ ਸੀ। ਕਦੇ ਕਿਸੇ ਨਾਲ਼ ਤੇ ਕਦੇ ਕਿਸੇ ਨਾਲ਼ ਬਹਿ ਜਾਦਾ ਸੀ। ਸਾਨੂੰ ਅਖੌਤੀ ਮਾਰਕਸਵਾਦੀਆਂ ਨੂੰ ਉਹ ਫ਼ਰਾਡ ਲੱਗਦਾ ਸੀ। ਕਿਉਂਕਿ ਉਹਦੀ ਕਵਿਤਾ, ਉਹਦੀ ਕਹਾਣੀ ਤੇ ਉਹਦੇ ਨਾਟਕ ਐਬਸਰਡ ਹੁੰਦੇ ਸਨ। ਅਸਲ ਚ ਉਹ ਜਿਹੜੇ ਵਿਚਾਰ ਮਾਡਰਨ ਸਾਹਿਤਕਾਰਾਂ ਤੇ ਚਿੰਤਕਾਂ ਦੇ ਪੜ੍ਹਦਾ ਸੀ, ਉਨ੍ਹਾਂ ਨੂੰ ਅਪਣੇ ਪਾਤਰਾਂ ’ਤੇ ਲਾਗੂ ਕਰ ਲੈਂਦਾ ਸੀ। ਉਂਜ ਉਹ ਹਰਫ਼ਨ ਮੌਲ਼ਾ ਸੀ। ਸਾਹਿਤ ਦੀ ਹਰੇਕ ਵਿਧਾ ਦਾ ਉਸਤਾਦ ਬਣਦਾ ਸੀ। ਰੇਡਿਓ ਪ੍ਰੋਗਰਾਮਾਂ ਦਾ ਮਾਸਟਰ ਸੀ। ਉਹ ਬੰਬਈ ਦੀ ਫ਼ਿਲਮੀ ਦੁਨੀਆ ਚ ਵੀ ਧੱਕੇ ਖਾ ਆਇਆ ਸੀ। ਬਾਅਦ ਚ ਉਹਨੇ ਪਟਿਆਲੇ ਪੰਜਾਬੀ ਯੂਨੀਵਰਸਿਟੀ ਚ ਪੜ੍ਹਾਂਦਿਆਂ ਜਾਂ ਏਸ ਤੋਂ ਬਾਅਦ ਪੰਜਾਬੀ ਫ਼ਿਲਮ ਮੁਗ਼ਲਾਨੀ ਬੇਗਮ ਵੀ ਬਣਾਈ ਸੀ। ਜਿਸ ਦਾ ਲੇਖਕ, ਨਿਰਦੇਸ਼ਕ, ਨਿਰਮਾਤਾ ਤੇ ਮਿਊਜ਼ਿਕ ਡਾਇਰੈਕਟਰ ਉਹ ਸਭ ਕੁਝ ਆਪ ਈ ਸੀ। ਉਹਦੀ ਲੜਕੀ ਨਾਇਕਾ ਸੀ। ਜੀਹਨੇ ਬਾਅਦ ਚ ਜ਼ਿੱਦ ਕਰ ਕੇ ਨਾਇਕ ਨਾਲ਼ ਵਿਆਹ ਕਰਾ ਲਿਆ ਸੀ। ਤਦ ਇਹ ਐਬਸਰਡ ਰਾਈਟਰ ਅੱਧਮਰਾ ਹੋ ਗਿਆ ਸੀ। ਫੇਰ ਅਮਰੀਕਾ ਦਾ ਵੀਜ਼ਾ ਲੈਂਦਾ ਹੋਇਆ ਮਰ ਗਿਆ ਸੀ।
ਸੁਰੇਸ਼ ਸੇਠ: ਜਦ ਕੌਫ਼ੀ ਹਾਊਸ ਚ ਰੌਣਕਾਂ ਸਭ ਤੋਂ ਵੱਧ ਸਨ, ਤਾਂ ਹਿੰਦੀ ਚ ਕਹਾਣੀ ਲਿਖਣ ਵਾਲ਼ਾ ਸੁਰੇਸ਼ ਸੇਠ ਅਕਸਰ ਕੌਫ਼ੀ ਹਾਊਸ ਚ ਦੇਖਿਆ ਜਾਂਦਾ ਸੀ। ਛੋਟੇ ਕੱਦ ਦਾ ਗੋਲਗੱਪਾ ਜਿਹਾ ਬੰਦਾ ਤੇਜ਼ ਗੱਲ ਕਰਦਾ ਸੀ। ਤਦੇ ਹਾਲੇ ਵਿਦਿਆਰਥੀ ਈ ਸੀ ਕਿ ਪ੍ਰੋ. ਮਿੱਢੇ , ਪ੍ਰੋ. ਬਿਬਰੇ ਤੇ ਡਾ. ਮੇਘ ਨਾਲ਼ ਬਹਿਣ ਲੱਗ ਪਿਆ ਸੀ। ਪਰ ਮੈਂ ਕਦੇ ਵੀ ਉਹਦੇ ਨਾਲ਼ ਬਹਿ ਕੇ ਕੌਫ਼ੀ ਨਹੀਂ ਸੀ ਪੀਂਦਾ। ਚਿਰੰਜੀਵ ਕਹਿੰਦਾ ਹੁੰਦਾ ਸੀ ਕਿ ਉਹਨੂੰ ਪਤਾ ਏ ਇਹਦੇ ਭੇਤ ਦਾ। ਮੈਂ ਪੁੱਛਦਾ ਕਿ ਕੀ, ਤਾਂ ਕਹਿੰਦਾ ਤੈਨੂੰ ਮੋਟੇ ਬੰਦੇ ਚੰਗੇ ਨਹੀਂ ਲੱਗਦੇ। ਸੁਰਿੰਦਰ ਮੋਹਨ, ਸੱਤਿਆਪਾਲ ਗੌਤਮ, ਹੇਮੰਤ ਕਪਿਲ ਵਗੈਰਾ ਹਿੰਦੀ ਦੇ ਨੌਜਵਾਨ ਲੇਖਕ ਸਨ। ਜਿਹੜੇ ਕਪਿਲ ਮਲਹੋਤਰਾ ਬਨਣ ਲਈ ਗੋਲੀਆਂ ਖਾਣ ਲੱਗ ਪਏ ਸਨ।
ਅਮਰਜੀਤ ਚੰਦਨ: ਚੰਦਨ ਮੈਨੂੰ ਚਿਰੰਜੀਵ ਨਾਲ਼ ਈ ਮਿਲ਼ਦਾ ਸੀ। ਉਹਦਾ ਪੱਕਾ ਪਤਾ ਨਹੀਂ ਸੀ ਲੱਗਦਾ ਕਿ ਉਹ ਕਿਥੇ ਪੜ੍ਹਦਾ ਏ। ਉਹ ਪਤਲਾ ਪਤੰਗ, ਪੱਗ ਪੋਚਵੀਂ ਕੀਨੀਆ ਵਾiਲ਼ਆਂ ਵਰਗੀ। ਸਟੀਲ ਦੇ ਫ਼ਰੇਮ ਵਾਲ਼ੀ ਐਨਕ। ਉਹ ਘੱਟ ਬੋਲਦਾ ਸੀ। ਮਲੂਕ ਜਿਹੇ ਨੈਣ-ਨਕਸ਼ਾਂ ਵਾਲ਼ਾ ਦੂਜਿਆਂ ਨੂੰ ਦੇਖਦਾ ਤੇ ਕੌਫ਼ੀ ਪੀਂਦਾ ਰਹਿੰਦਾ ਸੀ। ਉਹ ਦੂਜਿਆਂ ’ਤੇ ਅਪਣੇ ਕਰਾਂਤੀਕਾਰੀ ਹੋਣ ਦਾ ਭੁਲੇਖਾ ਪਾਉਂਦਾ ਸੀ। ਮੈਨੂੰ ਪਤਾ ਲੱਗਾ ਸੀ ਕਿ ਉਹ ਕਵਿਤਾ ਵੀ ਲਿਖਦਾ ਏ। ਪਰ ਉਹਨੇ ਕਦੇ ਸੁਣਾਈ ਨਹੀਂ ਸੀ। ਉਹ ਕੋਈ ਗੁਪਤ ਪਰਚਾ ਕੱਢਦਾ ਸੀ। ਚਿਰੰਜੀਵ ਨਾਲ਼ ਉਹਦੀ ਚੋਹਲਬਾਜ਼ੀ ਚੱਲਦੀ ਸੀ। ਉਹ ਕੌਫ਼ੀ ਹਾਊਸ ਦੇ ਹੇਠਾਂ ਉੱਤਰ ਕੇ ਚਿਰੰਜੀਵ ਨੂੰ ਕਹਿੰਦਾ ਹੁੰਦਾ ਸੀ, “ਹੁਣ ਮੈਨੂੰ ਆਈਸ ਕ੍ਰੀਮ ਖਲਾ।’’ ਫੇਰ ਚੰਦਨ ਮੇਰੇ ਘਰ ਆਉਣ ਜਾਣ ਲੱਗ ਪਿਆ ਸੀ। ਲਾਲ ਸਿੰਘ ਦਿਲ ਦੀ ਪਹਿਲੀ ਕਿਤਾਬ ‘ਸਤਲੁਜ ਦੀ ਹਵਾ’ ਛਾਪਣ ਲਈ ਉਸੇ ਨੇ ਮੈਨੂੰ 300/- ਰੁਪਏ ਦਿੱਤੇ ਸਨ। ਜਗਤਾਰ ਨਾਲ ਓਦੋਂ ਮੇਰਾ ਬਹੁਤਾ ਵਾਸਤਾ ਨਹੀਂ ਸੀ।
ਸੁਰਜੀਤ ਹਾਂਸ: ਸੁਰਜੀਤ ਸਠਿਆਲੇ ਕਾਲਜ ਚ ਮੀਸ਼ੇ ਦੇ ਨਾਲ਼ ਈ ਅੰਗ੍ਰੇਜ਼ੀ ਪੜ੍ਹਾਉਂਦਾ ਸੀ। ਉਹ ਕਦੇ-ਕਦੇ ਈ ਕੌਫ਼ੀ ਹਾਊਸ ਚ ਆਉਂਦਾ ਸੀ। ਆਮ ਤੌਰ ’ਤੇ ਵਿਰਕ ਦੇ ਦਫਤਰ ਚ ਉਹਦੇ ਕੋਲ਼ ਜਾ ਬਹਿੰਦਾ ਸੀ। ਜੇ ਕੌਫ਼ੀ ਹਾਊਸ ਆਉਂਦਾ ਸੀ, ਤਾਂ ਚਾਹੁੰਦਾ ਹੋਇਆ ਵੀ ਕਿਸੇ ਨਾਲ਼ ਗੱਲ ਨਹੀਂ ਸੀ ਕਰਦਾ। ਮੈਨੂੰ ਅਖ਼ਬਾਰ ਦੇ ਦਫ਼ਤਰ ਚ ਫ਼ੋਨ ਕਰ ਦੇਂਦਾ ਸੀ। ਮੈਂ ਛੇਤੀ ਛੁੱਟੀ ਕਰ ਕੇ ਆ ਜਾਂਦਾ ਸੀ। ਫੇਰ ਅਸੀਂ ਕੌਫ਼ੀ ਪੀ ਕੇ ਹੋਰ ਕਿਸੇ ਪਾਸੇ ਨਿਕਲ਼ ਜਾਂਦੇ ਸੀ। ਉਹ ਵਿਰਕ ਵਾਂਗੂੰ ਬਹੁਤੇ ਬੰਦਿਆਂ ਨੂੰ ਝੱਲ ਨਹੀਂ ਸੀ ਸਕਦਾ। ‘ਖੱਚ’ ਈ ਸਮਝਦਾ ਸੀ।
ਤਰਸੇਮ ਨੀਲਗਿਰੀ: ਇਹ ਸਾਦਾ ਤੇ ਪੇਂਡੂ-ਜਿਹਾ ਬੰਦਾ ਜਦ ਵਲੈਤੀਆ ਬਣ ਕੇ ਆਇਆ, ਤਾਂ ਇਹਦੇ ਅੰਦਰ ਕਹਾਣੀ ਸੁਨਾਉਣ ਸਿਫ਼ਤ ਸੁਨਣ ਦੀਆਂ ਲੂਹਰੀਆਂ ਉੱਠਦੀਆਂ ਰਹਿੰਦੀਆਂ। ਇਹ ਦੁਖੀ ਦਿਲ ਨਾਲ਼ ਕਈਆਂ ਨੂੰ ਕੌਫ਼ੀ ਪਿਆਉਂਦਾ ਸੀ। ਇਕ ਵਾਰ ਮੈਨੂੰ ਤੇ ਦਿਲਜੀਤ ਸਿੰਘ ਨੂੰ ਬੜਾ ਮਜਬੂਰ ਕੀਤਾ, ਤਾਂ ਅਸੀਂ ਗ੍ਰੀਨ ਚ ਬੀਅਰ ’ਤੇ ਕਹਾਣੀ ਸੁਨਣੀ ਮੰਨ ਲਈ। ਸ਼ਰਤ ਇਹ ਕਿ ਜਦ ਸਾਡੀ ਬੋਤਲ ਮੁੱਕ ਜਾਵੇ, ਤਾਂ ਅਸੀਂ ਉਂਗਲ਼ੀ ਖੜ੍ਹੀ ਕਰ ਕੇ ਕਹਾਣੀ ਰੋਕ ਦਿਆਂਗੇ। ਅਸੀਂ ਇਕ ਕਹਾਣੀ ਸੁਣ ਕੇ ਰਾਏ ਦੇਣ ਤਕ ਦੋ-ਦੋ ਬੀਅਰ ਦੀਆਂ ਬੋਤਲਾਂ ਪੀ ਚੁੱਕੇ ਸੀ। ਕਹਾਣੀ ਨੂੰ ‘ਫਜ਼ੂਲ’ ਕਹਿ ਕੇ ਉੱਠ ਖੜ੍ਹੇ ਸੀ। ਦੁਖੀ ਹੋ ਕੇ ਉਹਨੇ ਦੂਜੇ ਦੁਖੀ ਵਿਰਦੀ ਨਾਲ਼ ਸਲਾਹ ਕਰ ਕੇ ਪਰਚਾ ਨੀਲਗਿਰੀ ਕੱਢਿਆ। ਪਰ ਉਹਦੀ ਗੱਲ ਨਾ ਬਣ ਸਕੀ।
ਸੁਦਰਸ਼ਨ ਫ਼ਾਕਿਰ: ਇਹ ਫਿਰੋਜ਼ਪੁਰ ਦਾ ਰਹਿਣ ਵਾਲ਼ਾ ਬਹੁਤ ਈ ਸੱਭਿਅ ਤੇ ਤਮੀਜ਼ ਨਾਲ਼ ਗੱਲ ਕਰਨ ਵਾਲ਼ਾ ਬੰਦਾ ਸੀ। ਉਰਦੂ ਚ ਗ਼ਜ਼ਲ ਲਿਖਦਾ ਸੀ। ਰੇਡਿਓ ਸਟੇਸ਼ਨ ’ਤੇ ਅਨਾਉਂਸਰ। ਡਰਾਮੇ ਵੀ ਲਿਖ ਖੇਡ ਲੈਂਦਾ ਸੀ। ਆਵਾਜ਼ ਵਧੀਆ ਖਰਜਦਾਰ ਸੀ। ਫ਼ਾਕਿਰ ਏਸ ਚਾਓ ਚ ਜਲੰਧਰ ਆ ਕੇ ਰੇਡਿਓ ਚ ਕੰਮ ਕਰਨ ਲੱਗਾ ਸੀ ਕਿ ਉਹ ਚਾਹੁੰਦਾ ਸੀ ਕਿ ਉਹਦੀ ਅਵਾਜ਼ ਚਾਰਾਂ ਕੂੰਟਾਂ ਦੇ ਲੋਕ ਸੁਨਣ। ਉਹ ਬੜੇ ਕੂਲ਼ੇ ਗੀਤ ਵੀ ਲਿਖਦਾ ਸੀ। ਸ਼ਰੀਫ਼ਾਂ ਵਾਂਗੂੰ ਸ਼ਰਾਬ ਪੀਂਦਾ ਸੀ। ਇਕ ਵਾਰ ਜਲੰਧਰ ਚ ਅਖ਼ਤਰੀ ਬੇਗਮ ਹਰਵੱਲਭ ਸੰਗੀਤ ਮੇਲੇ ਲਈ ਆਈ। ਫ਼ਾਕਿਰ ਦੇ ਦਿਲ ਇਹ ਅੱਗ ਬੜੀ ਪੁਰਾਣੀ ਸੀ ਕਿ ਉਹਦੀ ਕੋਈ ਗ਼ਜ਼ਲ ਅਖ਼ਤਰੀ ਗਾ ਦੇਵੇ। ਉਹ ਰਾਤ ਨੂੰ ਸ਼ਰਾਬ ਚ ਅੰਨ੍ਹਾ ਹੋ ਕੇ ਹੋਟਲ ਦੇ ਉਹਦੇ ਕਮਰੇ ਚ ਚਲਿਆ ਗਿਆ। ਇਤਫਾਕ ਨਾਲ਼ ਅਖ਼ਤਰੀ ਚੰਗੇ ਮੂਡ ਚ ਸੀ। ਉਹਨੇ ਅਦਬ ਨਾਲ਼ ਸ਼ਾਇਰ ਨੂੰ ਬਹਾਇਆ। ਜਨਾਬ ਨੇ ਅਪਣੀ ਇੱਛਾ ਫ਼ਰਿਆਦੀ ਬਣ ਕੇ ਸੁਣਾ ਦਿੱਤੀ। ਉਹ ਮੰਨ ਗਈ। ਉਹਨੇ ਵਾਅਦਾ ਕੀਤਾ। ਫੇਰ ਫ਼ਾਕਿਰ ਦੀਆਂ ਦੋ ਗ਼ਜ਼ਲਾਂ ਗਾ ਦਿੱਤੀਆਂ। ਫੇਰ ਫ਼ਾਕਿਰ ਫ਼ਿਲਮੀ ਦੁਨੀਆ ਚ ਚਲਿਆ ਗਿਆ। ਕਿਸੇ ਫ਼ਿਲਮ ਚ ਗਾਇਆ ਉਹਦਾ ਇਹ ਗੀਤ ਬੜਾ ਮਸ਼ਹੂਰ ਹੋਇਆ ਸੀ ਰੋਊਂ ਸਾਗਰ ਕੇ ਕਿਨਾਰੇ/ ਸਾਗਰ ਹੰਸੀ ਉਡਾਏ।
ਪਾਸ਼: ਇਹ ਨਵਾਂ ਕਰਾਂਤੀਕਾਰੀ ਕਵੀ ਜਦ ਮੈਂ ਪਹਿਲੀ ਵਾਰ ਕੌਫ਼ੀ ਹਾਊਸ ਚ ਦੇਖਿਆ, ਤਾਂ ਬਹੁਤ ਡਰਿਆ-ਜਿਹਾ ਕੱਲਾ ਬੈਠਾ ਸੀ। ਜਦ ਮੇਜ਼ ’ਤੇ ਮੈਂ ਵੀ ਕੱਲਾ ਰਹਿ ਗਿਆ, ਤਾਂ ਮੇਰੇ ਕੋਲ਼ ਆ ਕੇ ਪੁੱਛਣ ਲੱਗਾ, “ਮੈਂ ਤੁਹਾਡੇ ਕੋਲ਼ ਬਹਿ ਜਾਵਾਂ?’’ ਮੈਂ ਕਿਹਾ – ਬਹਿ ਜਾਹ। ਫੇਰ ਉਹਦੇ ਮੂੰਹੋਂ ਕੋਈ ਗੱਲ ਨਾ ਨਿਕਲ਼ੀ। ਮੈਂ ਜੋ ਕੁਝ ਪੁੱਛਦਾ, ਉਹ ਸੰਖੇਪ ਚ ਦੱਸਦਾ ਰਿਹਾ। ਉਹ ਇਕ ਦੋ ਵਾਰ ਫੇਰ ਆਇਆ। ਫੇਰ ਸ਼ਾਇਦ ਉਹਨੂੰ ਅਹਿਸਾਸ ਹੋ ਗਿਆ ਕਿ ਇਹ ਥਾਂ ਉਹਦੇ ਲਈ ਨਹੀਂ। ਉਹ ਦੇਸ਼ਭਗਤ ਹਾਲ ਦੇ ਅੰਦਰ ਬਣੇ ਕਮਰਿਆਂ ਚ ਜਾਣ ਲੱਗ ਪਿਆ। ਜਿਥੇ ਬਾਬਾ ਗੁਰਮੁਖ ਸਿੰਘ ਦੀ ਸੇਵਾ ਚ ਮੋਗੇ ਵੱਲ ਦਾ ਵਸਾਖਾ ਸਿੰਘ ਰਹਿੰਦਾ ਸੀ। ਉਹ ਰੋਟੀ ਖਾਣ ਜੋਗਾ ਹੋਣ ਲਈ ਦਾਰੂ ਜ਼ਰੂਰ ਪੀਂਦਾ ਸੀ। ਪੈਸੇ ਕਿਸੇ ਨਾ ਕਿਸੇ ਸੌਦੇ ਦੀ ਕਮੀਸ਼ਨ ਚੋਂ ਕੱਢ ਲੈਂਦਾ ਸੀ। ਉਹਦੇ ਨਾਲ਼ ਈ ਕਿਸੇ ਢਾਬੇ ਚ ਦਾਰੂ ਪੀਂਦਿਆਂ ਪਾਸ਼ ਨੇ ਉਹਦੇ ’ਤੇ ਪਸਤੌਲ ਦੀ ਗੋਲ਼ੀ ਚਲਾ ਕੇ ਦੇਖੀ ਸੀ। ਚਿਰੰਜੀਵ ਵੀ ਉਨ੍ਹਾਂ ਦਾ ਸਾਥ ਦੇਂਦਾ ਹੁੰਦਾ ਸੀ। ਕਈ ਬੰਦੇ ਚਿਰੰਜੀਵ ’ਤੇ ਸੀਆਈਡੀ ਦਾ ਬੰਦਾ ਹੋਣ ਦਾ ਸ਼ੱਕ ਕਰਦੇ ਸੀ। ਪਰ ਉਹ ਮੇਰੇ ਨੇੜੇ ਸਭ ਤੋਂ ਵੱਧ ਸੀ।
ਅਮਿਤੋਜ : ਕ੍ਰਿਸ਼ਨ ਕੁਮਾਰ ਉਰਫ਼ ‘ਸ਼ਮੀਮ’ ਉਰਫ਼ ਅਮਿਤੋਜ ਚਿਰੰਜੀਵ ਸਿੰਘ, ਅਮਰਜੀਤ ਚੰਦਨ, ਸ਼ੌਕੀਨ ਸਿੰਘ ਤੇ ਪਾਸ਼ ਦੇ ਗਰੁੱਪ ਦਾ ਸ਼ਾਇਰ ਸੀ। ਜੀਹਨੂੰ ਬਾਅਦ ਚ ਪਾਸ਼ ਨੇ ‘ਯੁਗ ਪੁਰਸ਼’ ਕਿਹਾ ਸੀ। ਉਹਦਾ ਪਾਸ਼ ’ਤੇ ਬੜਾ ਅਸਰ ਸੀ। ਪਾਸ਼ ਮਚਲਾ ਜੱਟ ਸੀ ਤੇ ਅਮਿਤੋਜ ਖਚਰਾ ਖੱਤਰੀ। ਉਹ ਕੌਫ਼ੀ ਹਾਊਸ ਚ ਬਹੁਤਾ ਚਿਰ ਨਹੀਂ ਸੀ ਰਹੇ। ਹੋਰ ਉੱਚੀਆਂ ਹਵਾਵਾਂ ਚ ਉੜਨ ਲੱਗ ਪਏ ਸਨ। ਉਹ ਆਪਣੇ ਸਰੋਤਿਆਂ ਤੇ ਕੁੜੀਆਂ ਦੀਆਂ ਨਬਜ਼ਾਂ ਨੂੰ ਜਾਣਦੇ ਸੀ। ਉਹੋ ਜਿਹੀ ਕਵਿਤਾ ਲਿਖਦੇ ਸਨ। ਅਮਿਤੋਜ ਤਾਂ ਕੌਫ਼ੀ ਹਾਊਸ ਚ ਬਹਿ ਕੇ ਹੀ ਕਵਿਤਾ ਬੁਣ ਲੈਂਦਾ ਸੀ। ਉਹ ਛੇਤੀ ਚੰਡੀਗੜ੍ਹ ਜਾ ਕੇ ਸ਼ਬਦਾਂ ਦੀ ਅਪਣੀ ਜਾਦੂਗਰੀ ਵਿਖਾਉਣ ਲੱਗ ਪਿਆ ਸੀ।
ਮ੍ਰਿਤਯੂਬੋਧ: ਇਹ ਸਭ ਤੋਂ ਛੋਟੀ ਉਮਰ ਦਾ ਹਿੰਦੀ ਕਵੀ ਸੀ। ਏਸ ਜੰਮਦੀ ਸੂਲ਼ ਦਾ ਮੂੰਹ ਤਿੱਖਾ ਸੀ। ਸਕੂਲ ਚੋਂ ਨਿਕਲਦਾ ਈ ਇਹ ਦਾੜ੍ਹੀ ਰੱਖ ਕੇ ਸਿਆਣੀਆਂ ਗੱਲਾਂ ਕਰਦਾ ਨਕਸਲੀ ਲਹਿਰ ਦਾ ਬੰਦਾ ਬਣ ਗਿਆ ਸੀ। ਇਹਨੇ ਮੈਨੂੰ ਕੋਈ ਚੀਨੀ ਨਾਵਲ ਅਨੁਵਾਦ ਕਰ ਕੇ ਛਾਪਣ ਲਈ ਦਿੱਤਾ ਸੀ। ਲਿਖਾਈ ਕਲਾਕਾਰਾਂ ਵਰਗੀ ਸੀ। ਇਹਨੇ ਅਪਣੇ ਗਲ਼ ਚ ਝੋਟੇ ਦੀ ਹੱਡੀ ਪਾ ਕੇ ਅਪਣਾ ਨਾਂ ‘ਮ੍ਰਿਤਯੂਬੋਧ’ ਰੱਖ ਲਿਆ ਸੀ। ਮੈਨੂੰ ਇਹਦੇ ਅਸਲੀ ਨਾਂ ਕ੍ਰਿਸ਼ਨ ਕੁਮਾਰ ਦਾ ਤਦ ਪਤਾ ਲੱਗਿਆ, ਜਦ ਇਹਦਾ ਬਾਪ ਮੁਸ਼ਕਲ ਨਾਲ਼ ਰਾਹ ਲੱਭਦਾ ਹਿੰਦ ਸਮਾਚਾਰ ਦੇ ਦਫ਼ਤਰ ਚ ਮੈਨੂੰ ਮਿਲਣ ਆਇਆ ਸੀ। ਉਹਨੇ ਦੱਸਿਆ ਕਿ ਕ੍ਰਿਸ਼ਨ ਦੀ ਮਾਂ ਮਰਦੀ ਜਾਂਦੀ ਐ। ਮੁੰਡੇ ਦਾ ਕੋਈ ਅਤਾ-ਪਤਾ ਨਹੀਂ। ਉਹਨੂੰ ਦਲਾਸਾ ਦਿਓ। ਉਹ ਪਿੱਛੋਂ ਖੰਨੇ ਦਾ ਰਹਿਣ ਵਾਲ਼ਾ ਸੀ। ਮੈਂ ਰਾਤ ਨੂੰ ਉਨ੍ਹਾਂ ਦੇ ਘਰ ਜਾ ਕੇ ਮਾਤਾ ਨੂੰ ਦੱਸ ਕੇ ਆਇਆ ਕਿ ਕ੍ਰਿਸ਼ਨ ਠੀਕ-ਠਾਕ ਐ। ਮੈਨੂੰ ਕੁਝ ਦਿਨ ਪਹਿਲਾਂ ਚੰਡੀਗੜ੍ਹ ਮਿਲਿਆ ਸੀ। ਉਨ੍ਹਾਂ ਦਿਨਾਂ ਚ ਨਕਸਲੀ ਮੁੰਡੇ ਝੂਠੇ ਮੁਕਾਬਲਿਆਂ ਚ ਆਮ ਮਾਰੇ ਜਾ ਰਹੇ ਸਨ। ਬਾਅਦ ਚ ਉਹ ਪੱਤਰਕਾਰ ਬਣ ਗਿਆ। ਖੰਨੇ ਦੀ ਕੁੜੀ ਨਾਲ਼ ਵਿਆਹ ਕਰਾ ਕੇ ਦਿੱਲੀ ਅਪਣੇ ਘਰ ਦੇ ਗ਼ੁਸਲਖ਼ਾਨੇ ਚ ਗਿਰ ਕੇ ਮਰ ਗਿਆ ਸੀ।
ਰਾਜਿੰਦਰ ਸਿੰਘ ਬੇਦੀ: ਮੈਨੂੰ ਬੰਬਈ ਗਏ ਨੂੰ ਇਕ ਵਾਰ ਰਾਜਿੰਦਰ ਸਿੰਘ ਬੇਦੀ ਨੇ ਦੱੱਸਿਆ ਕਿ ਉਹ ਵੀ ਜਲੰਧਰ ਦੇ ਕੌਫ਼ੀ ਹਾਊਸ ਚ ਦੋ ਘੰਟੇ ਬਹਿ ਆਇਆ ਸੀ। ਪਰ ਉਹਨੂੰ ਕੋਈ ਸਾਹਿਤਕਾਰ ਨਹੀਂ ਸੀ ਮਿiਲ਼ਆ। ਬੇਦੀ ਕਿਸੇ ਰਿਸ਼ਤੇਦਾਰੀ ਚ ਜਲੰਧਰ ਆਇਆ ਸੀ। ਬੇਦੀ ਉਨ੍ਹਾਂ ਦਿਨਾਂ ਚ ਫ਼ਿਲਮਾਂ ਚ ਘਾਟੇ ਖਾ ਕੇ ਬੀਮਾਰ ਰਹਿੰਦਾ ਸੀ। ਕੋਈ ਗੱਲ ਕਰਦਾ ਸੀ ਤੇ ਰੋ ਪੈਂਦਾ ਸੀ। ਮੈਂ ਉਠ ਕੇ ਜਾਣ ਲੱਗਿਆ ਤਾਂ ਵੀ ਰੋ ਪਿਆ। ਉਹਨੂੰ ਸ਼ਾਇਦ ਇਹ ਵੀ ਕੋਈ ਬੀਮਾਰੀ ਸੀ।
ਅਸ਼ਕ : ਜਲੰਧਰ ਉਪੇਂਦਰ ਨਾਥ ਅਸ਼ਕ ਦਾ ਘਰ ਸੀ। ਉਹ ਮੈਂ ਤਿੰਨ ਵਾਰੀ ਜਲੰਧਰ ਆਇਆ ਦੇਖਿਆ ਸੀ। ਇਕ ਵਾਰੀ ਫੁਲਵਾੜੀ ਗਿਆਨੀ ਕਾਲਜ ਚ ਹੋਈ ਮੀਟਿੰਗ ਚ ਕਹਾਣੀ ਬਾਰੇ ਬਹਿਸ ਚ ਵੀ ਉਹ ਸ਼ਾਮਲ ਹੋਇਆ ਸੀ। ਉਹਦਾ ਭਰਾ ਨਰਿੰਦਰ ਸ਼ਰਮਾ ਕਮਿਉਨਿਸਟ ਪਾਰਟੀ ਦਾ ਹੋਲਟਾਈਮਰ ਸੀ।
ਹਫ਼ੀਜ਼ ਜਲੰਧਰੀ : ਹਫ਼ੀਜ਼ ਜਲੰਧਰੀ ਪਾਕਿਸਤਾਨ ਦਾ ਬਾਡਰ ਖੁੱਲ੍ਹਣ ’ਤੇ ਅਪਣਾ ਘਰ ਦੇਖਣ ਜਲੰਧਰ ਆਇਆ ਸੀ। ਉਹ ਸ਼ਹਿਰ ਦੀਆਂ ਗਲ਼ੀਆਂ ਦੇਖਦਾ ਏਨਾ ਰੁੱਝਾ ਰਿਹਾ ਸੀ ਕਿ ਕੌਫ਼ੀ ਹਾਊਸ ਆ ਈ ਨਾ ਸਕਿਆ। ਕਹਿੰਦੇ ਨੇ ਕਿ ਰਾਤ ਨੂੰ ਉਹ ਏਨੀ ਮਸਤੀ ਚ ਸੀ ਕਿ ਜਦ ਕਿਸੇ ਨੇ ਆਟੋਗਰਾਫ਼ ਲੈਣ ਲਈ ਉਹਦੇ ਮੂਹਰੇ ਕਾਪੀ ਕੀਤੀ ਤਾਂ ਉਹਨੇ ਉੱਤੇ ਲਿਖ ਦਿੱਤਾ ਚੜ੍ਹ ਗੀ ਕਿੱਕਰ ਦੀ ਟੀਸੀ।…ਹੇਠਾਂ ਖੜ੍ਹਾ ਮਿੰਨਤਾਂ ਕਰੇ। …. ਹੇਠਾਂ ਦਸਤਖਤ ਕਰ ਦਿੱਤੇ…… ਹਫ਼ੀਜ਼ ਜਲੰਧਰੀ। ਇਹ ਉਹ ਮਹਾਨ ਸ਼ਾਇਰ ਸੀ, ਜੀਹਨੇ ਪਾਕਿਸਤਾਨ ਦਾ ਕੌਮੀ ਤਰਾਨਾ ਲਿਖਿਆ, ਸ਼ਾਹਨਾਮਾ ਇਸਲਾਮ ਲਿਖਿਆ ਤੇ ਇਹ ਗੀਤ ਲਿਖਿਆ ਅਭੀ ਤੋ ਮੈਂ ਜਵਾਨ ਹੂੰ।
ਪੰਜਾਬ ਦੇ ਦੂਜੇ ਸ਼ਹਿਰਾਂ ’ਚ ਸਾਹਿਤਕਾਰਾਂ ਦੇ ਅੱਡੇ
ਦਿੱਲੀ: ਜਲੰਧਰ ਤੋਂ ਪਹਿਲਾਂ ਦਿੱਲੀ ਦੇ ਕਨਾਟ ਪਲੇਸ ਚ ਜਿੱਥੇ ਟੀ ਹਾਊਸ ਹੁੰਦਾ ਸੀ, ਉਹਦੇ ਸਾਹਮਣੇ ਕੌਫ਼ੀ ਹਾਊਸ ਬਹੁਤ ਵੱਡੇ ਟੈਂਟ ਚ ਚੱਲਦਾ ਸੀ। ਜਿੱਥੇ ਬੁੱਧੀਜੀਵੀ ਅਖਵਾਉਣ ਵਾਲ਼ੇ ਅਮੀਰ ਤੇ ਭੁੱਖੇ ਨੰਗੇ ਕਲਾਕਾਰ ਘੰਟਿਆਂ-ਬੱਧੀ ਬਹਿ ਕੇ ਕੌਫ਼ੀ ਪੀਂਦੇ ਤੇ ਹਰੇਕ ਵਿਸ਼ੇ ’ਤੇ ਬਹਿਸਾਂ ਕਰਦੇ ਰਹਿੰਦੇ ਸੀ। ਮੈਂ ਜਦ ਵੀ ਦਿੱਲੀ ਜਾਂਦਾ ਸੀ, ਇਹਨਾਂ ਦੋਹਾਂ ਥਾਵਾਂ ’ਤੇ ਦੋਸਤਾਂ ਨਾਲ਼ ਬਹਿੰਦਾ ਰਿਹਾ ਹਾਂ। ਜਿੱਥੇ ਡਾਕਟਰ ਹਰਿਭਜਨ ਸਿੰਘ ਤੇ ਤਾਰਾ ਸਿੰਘ ਅਪਣੇ-ਅਪਣੇ ਗੁਰਗਿਆਂ ਨੂੰ ਲੈ ਕੇ ਬਹਿੰਦੇ ਸੀ। ਹਰਿਭਜਨ ਸਿੰਘ ਲੈਕਚਰ ਦੇਂਦਾ ਸੀ ਤੇ ਤਾਰਾ ਸਿੰਘ ਲਤੀਫੇ ਸੁਣਾਉਂਦਾ। ਇਕ ਅੱਡਾ ਦਾਤਾ ਜੀ ਦੀ ਦੁਕਾਨ ਸੀ। ਓਸ ਤੋਂ ਬਾਅਦ ਚਾਂਦਨੀ ਚੌਕ ਚ ਭਾਪਾ ਪ੍ਰੀਤਮ ਸਿੰਘ ਦਾ ਪ੍ਰੈੱਸ ਸੀ। ਜਿੱਥੇ ਭਾਰਤ ਕੀ ਵਿਦੇਸ਼ਾਂ ਚ ਵਸਦੇ ਲੇਖਕਾਂ ਦਾ ਵੀ ਫੇਰਾ-ਤੋਰਾ ਰਹਿੰਦਾ ਸੀ। ਅਵਤਾਰ ਜੰਡਿਆਲਵੀ ਦੇ ਭਾਪਾ ਜੀ ਨਾਲ਼ ਖ਼ਾਸ ਸੰਬੰਧ ਸਨ। ਫੇਰ ਭਾਪਾ ਜੀ ਦਾ ਦਫ਼ਤਰ ਜਦ ਮਹਿਰੋਲੀ ਵਾਲੇ ਫ਼ਾਰਮ ’ਤੇ ਚਲਿਆ ਗਿਆ, ਤਾਂ ਓਥੇ ਮਹਿਫ਼ਲਾਂ ਲੱਗਦੀਆਂ ਸਨ। ਬਾਅਦ ਚ ਦਿੱਲੀ ਚ ਕਈ ਪੀਰਖ਼ਾਨੇ ਬਣ ਗਏ। ਇਕ ਅੰਮ੍ਰਿਤਾ ਪ੍ਰੀਤਮ ਦਾ ਸੀ, ਜਿੱਥੇ ਦੁਨੀਆ ਭਰ ਦੇ ਮਾਂ-ਮਹਿੱਟਰ ਸਾਹਿਤਕਾਰ ਮੱਥਾ ਟੇਕਣ ਜਾਂਦੇ ਸੀ। ਦੂਜਾ ਡਾਕਟਰ ਹਰਿਭਜਨ ਸਿੰਘ ਦਾ ਸੀ, ਜਿਥੇ ਮਾਨ-ਸਨਮਾਨ ਚਾਹੁਣ ਵਾਲ਼ੇ ਆਉਣ-ਜਾਣ ਚ ਜੋੜੇ ਘਸਾਉਂਦੇ ਸਨ। ਹੁਣ ਇਕ ਨਵਾਂ ਅਜੀਤ ਕੌਰ ਨੇ ਬਣਾਇਆ ਏ, ਜਿਥੇ ਕੋਈ ਕਲਾਕਾਰ ਓਨਾ ਈ ਵੱਡਾ ਹੁੰਦਾ ਏ, ਜਿੰਨੀ ਉਹਦੀ ਸਰਕਾਰੀ ਕੁਰਸੀ ਹੁੰਦੀ ਏ।
ਅਮ੍ਰਿਤਸਰ: ਅਮ੍ਰਿਤਸਰ ਚ ਹਾਲ ਗੇਟ ਦੇ ਬਾਹਰਲੇ ਪਾਸੇ “ਡਾਇਰੈਕਟਰ” ਦਾ ਖੋਖਾ ਹੁੰਦਾ ਸੀ, ਜਿਥੇ ਸ਼ਾਮ ਨੂੰ ਅੰਬਰਸਰੀਏ ਲੇਖਕ ’ਕੱਠੇ ਹੁੰਦੇ ਸੀ। ਗੁਲ ਚੌਹਾਨ ਤੇ ਹੋਰਾਂ ਕਈ ਲੇਖਕਾਂ ਦੀਆਂ ਚਿੱਠੀਆਂ ਵੀ ਓਸੇ ਪਤੇ ’ਤੇ ਪਹੁੰਚ ਜਾਂਦੀਆਂ ਸਨ। ਫੇਰ ਦੂਜਾ ਅੱਡਾ ਗੂਰੂ ਨਾਨਕ ਦੇਵ ਯੂਨੀਵਰਸਿਟੀ ਬਣ ਗਿਆ ਸੀ। ਜਿੱਥੇ ਬਹੁਤੇ ਨਕਸਲੀਆਂ ਨੂੰ ਲੁਕਣ ਲਈ ਥਾਂ ਮਿਲ ਜਾਂਦੀ ਸੀ। ਖ਼ਾਲਸਾ ਕਾਲਜ ਦੇ ਨੇੜੇ ਰਹਿੰਦਾ ਗੁਰਸ਼ਰਨ ਸਿੰਘ ਬਜ਼ਾਤੇ ਖ਼ੁਦ ਅੱਡਾ ਸੀ। ਉਹ ਜਿਥੇ ਜਾਂਦਾ ਸੀ, ਉਹਦੇ ਚੇਲੇ-ਚਪਟੇ ਰੰਗਮੰਚੀ ਉਹਦੇ ਨਾਲ਼ ਫਿਰਦੇ ਰਹਿੰਦੇ ਸੀ। ਉਹ ਕਿਸੇ ਵੀ ਗਲ਼ੀ ਮੁਹੱਲੇ ਚ ਜਾਂ ਸੜਕ ਦੇ ਕਿਨਾਰੇ ਅਪਣਾ ਨਾਟਕ ਸ਼ੁਰੂ ਕਰ ਦੇਂਦਾ ਸੀ। ਉਹਨੂੰ ਨਾ ਕਿਸੇ ਨਾਟਕ ਦੀ ਲਿਖਤ ਦੀ ਲੋੜ ਸੀ, ਨਾ ਮੇਕ ਅੱਪ ਦੀ ਨਾ ਕਿਸੇ ਖ਼ਾਸ ਲਿਬਾਸ ਜਾਂ ਸਮਾਨ ਦੀ।
ਪਟਿਆਲਾ: ਪਟਿਆਲੇ ਚ ਭੂਤਵਾੜਾ ਮਸ਼ਹੂਰ ਸੀ। ਜੀਹਦਾ ਅੱਡਾ ਓਸ ਘਰ ਚ ਸੀ; ਜਿੱਥੇ ਕਵੀ ਤ੍ਰੈਲੋਚਨ, ਰਣਜੀਤ ਬਾਜਵਾ ਤੇ ਇਕ ਕਵੀ ਹੋਰ ਰਹਿੰਦਾ ਸੀ। ਇਹ ਭੂਤਵਾੜਾ ਘੁੰਮਦਾ ਰਹਿੰਦਾ ਸੀ। ਥਾਂ ਬਦਲਦਾ ਰਹਿੰਦਾ। ਫੇਰ ਯੂਨੀਵਰਸਿਟੀ ਜਾ ਵੜਿਆ ਸੀ। ਜਿੱਥੇ ਲਾਲੀ ਸਭ ਦਾ ਪੀਰ ਸੀ। ਉਹਦੀ ਭਾਸ਼ਣਕਾਰੀ ਏਨੀ ਤਕੜੀ ਸੀ ਕਿ ਉਹਦੇ ਨੇੜੇ ਰਹਿੰਦਾ ਬੰਦਾ ਸਾਹਿਤ ਰਚਣ ਜੋਗਾ ਨਹੀਂ ਸੀ ਰਹਿੰਦਾ। ਲਾਲੀ ਨੇ ਆਪ ਸਾਰੀ ਉਮਰ ਕੁਝ ਰਚਿਆ ਨਹੀਂ, ਦੂਜਿਆਂ ਨੂੰ ਕਿਵੇਂ ਰਚਣ ਦੇਂਦਾ?
ਲੁਧਿਆਣਾ: ਲੁਧਿਆਣੇ ਸਾਹਿਤਕਾਰ ਅਕਸਰ ਲਾਹੌਰ ਬੁੱਕ ਸ਼ਾਪ ਦੀ ਓਸ ਦੁਕਾਨ ’ਤੇ ਕੱਠੇ ਹੁੰਦੇ ਸੀ, ਜਿਹੜੀ ਚੌੜੇ ਬਜ਼ਾਰ ਦੇ ਖੂੰਜੇ ਚ ਹੁੰਦੀ ਸੀ। ਜਾਂ ਫੇਰ ਕੁਝ ਲੇਖਕ ਲੱਕੜ ਦੇ ਪੁਲ਼ ਦੇ ਨੇੜੇ-ਤੇੜੇ ਖੜ੍ਹ ਕੇ ਗੱਪਾਂ ਮਾਰ ਲੈਂਦੇ ਸੀ। ਜਦ ਖੇਤੀਬਾੜੀ ਯੂਨੀਵਰਸਿਟੀ ਚ ਪੰਜਾਬੀ ਵਿਭਾਗ ਚ ਪ੍ਰੋਫ਼ੈਸਰ ਮੋਹਨ ਸਿੰਘ ਆ ਗਿਆ, ਤਾਂ ਓਥੇ ਵੀ ਸਾਹਿਤਕਾਰ ਬਹਿਣ ਲੱਗੇ। ਪਹਿਲਾਂ ਸ. ਸ. ਦੋਸਾਂਝ ਨਕਸਲੀ ਲਹਿਰ ਦਾ ਝੰਡਾ ਚੁੱਕੀ ਬਹੁਤ ਸਰਗਰਮ ਰਿਹਾ। ਫੇਰ ਸੁਰਜੀਤ ਪਾਤਰ, ਸਾਧੂ ਸਿੰਘ, ਅਮਰਜੀਤ ਗਰੇਵਾਲ਼ ਵਗ਼ੈਰਾ ਨੇ ਸਾਹਿਤਕ ਕੇਂਦਰ ਬਣਾ ਲਿਆ। ਫੇਰ ਜਦ ਪੰਜਾਬੀ ਭਵਨ ਚ ਪੰਜਾਬੀ ਸਾਹਿਤ ਅਕਾਦਮੀ ਦੀਆਂ ਮੀਟਿੰਗਾਂ ਹੋਣ ਲੱਗੀਆਂ, ਤਾਂ ਬਸ ਇਕੋ ਅੱਡਾ ਰਹਿ ਗਿਆ। ਓਥੇ ਈ ਨਾਟਕ ਖੇਡੇ ਜਾਣ ਲੱਗੇ। ਓਥੇ ਈ ਸਾਹਿਤ ਦੀਆਂ ਦੁਕਾਨਾਂ ਬਣ ਗਈਆਂ। ਜਿਥੇ ਗਿਆ ਬਾਣੀਆ, ਓਥੇ ਗਿਆ ਬਜ਼ਾਰ।
ਚੰਡੀਗੜ੍ਹ: ਚੰਡੀਗੜ੍ਹ ਚ ਸਭ ਤੋਂ ਪਹਿਲਾਂ ਪੰਜਾਬੀ ਸਾਹਿਤਕਾਰ ਸੈਕਟਰ 22 ਦੀ ਮਾਰਕੀਟ ਚ ਪ੍ਰੀਤਮ ਘੜੀਸਾਜ਼ ਜਾਂ ਇੰਗਲਿਸ਼ ਬੁੱਕ ਡਿੱਪੂ ਦੇ ਸਾਹਮਣੇ ਰੇਲਿੰਗ ਦੇ ਲਟਕਦੇ ਖੜ੍ਹੇ ਹੁੰਦੇ ਸੀ। ਚਾਰ ਕੁ ਜਣੇ ਕੱਠੇ ਹੁੰਦੇ, ਤਾਂ ਨਿੱਕੀਆਂ ਮੋਟੀਆਂ ਪਿਛਲੀਆਂ ਦੁਕਾਨਾਂ ਤੋਂ ਚਾਹ ਪੀ ਲੈਂਦੇ ਸੀ। ਗੱਲਾਂ ਕਰਦੇ ਓਸੇ ਮਾਰਕੀਟ ਚ ਏਧਰ ਓਧਰ ਫਿਰਦੇ ਕਿਰਨ ਸਿਨਮੇ ਤਕ ਗੇੜਾ ਮਾਰ ਲੈਂਦੇ ਸੀ। ਏਸੇ ਨੂੰ ਉਹ ‘ਰਾਈਟਰਜ਼ ਕਾਰਨਰ’ ਕਹਿੰਦੇ ਸੀ। ਮੋਹਨ ਭੰਡਾਰੀ, ਭੂਸ਼ਣ, ਸ਼ਿਵ ਕੁਮਾਰ ਤੇ ਨਵੇਂ ਉੱਭਰਦੇ ਲੇਖਕ ਏਥੇ ਈ ਮਿਲ਼ਦੇ ਸਨ। ਓਥੇ ਈ ਕਿਤੇ ਬਹਿ ਕੇ ਦਾਰੂ ਦਾ ਜੁਗਾੜ ਪੈਸੇ ਕੱਠੇ ਕਰ ਕੇ ਹੋ ਜਾਂਦਾ ਸੀ, ਤਾਂ ਖੜ੍ਹੇ-ਖੜੋਤੇ ਕਿਸੇ ਖੋਖੇ ਜਿਹੇ ਕੋਲ਼ ਓਹਲਾ ਕਰ ਕੇ ਪੀ ਲੈਂਦੇ ਸੀ। ਮੈਂ ਹਰ ਦੋ ਮਹੀਨਿਆਂ ਬਾਅਦ ਲਕੀਰ ਦਾ ਨਵਾਂ ਪਰਚਾ ਦੇਣ ਤੇ ਪਿਛਲੇ ਦੀ ਉਗਰਾਹੀ ਕਰਨ ਜਾਂਦਾ ਹੁੰਦਾ ਸੀ। ਬਾਅਦ ਚ ਦਿਲਜੰਗ ਸਿੰਘ ਜੌਹਰ ਨਾਂ ਦੇ ਸਾਹਿਤਰਸੀਏ ਦੇ ਘਰ ਹਰ ਐਤਵਾਰ ਨੂੰ ਮੀਟਿੰਗ ਹੋਣ ਲੱਗ ਪਈ ਸੀ। ਫੇਰ ਇਹ ਮਹਿਫ਼ਲਾਂ 17 ਸੈਕਟਰ ਦੀ ਮਾਰਕੀਟ ਚ ਜੰਮਣ ਲੱਗ ਪਈਆਂ। ਪਹਿਲਾਂ ਨੀਲਮ ਸਿਨਮੇ ਦੇ ਨੇੜੇ ਵਾਲ਼ੇ ਇੰਡੀਅਨ ਕੌਫ਼ੀ ਹਾਊਸ ਚ। ਫੇਰ ਪਰੇ ਨਵੇਂ ਬਣੇ ਇੰਡੀਅਨ ਕੌਫ਼ੀ ਹਾਊਸ ਚ। ਥੱਕ ਹਾਰ ਕੇ ਲੇਖਕ ਕਾਮਰੇਡ ਪ੍ਰਤਾਪ ਮਹਿਤਾ ਦੇ ਲੋਕਾਇਤ ਪ੍ਰਕਾਸ਼ਨ ਦੀ ਬੇਸਮੈਂਟ ਵਾਲੀ ਦੁਕਾਨ ਚ ਜਾ ਬਹਿੰਦੇ ਸੀ। ਜਿੱਥੇ ਹਰੇਕ ਲੇਖਕ ਜਾਂਦਾ ਸੀ। ਜਿੱਥੇ ਕੇਤਲੀ ਤੇ ਕੱਪਾਂ ਚ ਦੁਪਹਿਰ ਨੂੰ ਚਾਹ ਤੇ ਸ਼ਾਮ ਨੂੰ ਸ਼ਰਾਬ ਚੱਲਦੀ ਸੀ। ਓਸ ਤੋਂ ਅੱਕੇ ਲੇਖਕ ਕਦੇ ਏਸ ਖੂੰਜੇ ਤੇ ਕਦੇ ਓਸ ਖੂੰਜੇ ਚ ਖੜ੍ਹ ਕੇ ਈ ਮੀਟਿੰਗਾਂ ਜਿਹਾ ਸੁਆਦ ਲੈ ਲੈਂਦੇ ਸੀ। ਫੇਰ ਸਾਹਿਤ ਅਕਾਦਮੀ ਤੇ ਕਲਾ ਭਵਨ ਬਣਨ ‘ਤੇ ਕਲਚਰਲ ਸਰਗਰਮੀਆਂ ਓਥੇ ਚਲੀਆਂ ਗਈਆਂ।
ਕੌਫੀ ਹਾਊਸ ਦਾ ਚਸ਼ਮਦੀਦ ਗਵਾਹ ਪ੍ਰੇਮ ਪ੍ਰਕਾਸ਼ ਅਜੋਕੀ ਪੰਜਾਬੀ ਕਹਾਣੀ ਦਾ ਹਾਸਲ ਹੈ। ਔਰਤ ਮਰਦ ਦੇ ਸਬੰਧਾਂ ਦਾ ਸਫ਼ਲ ਚਿਤੇਰਾ ਪੰਜਾਬੀ ਕਹਾਣੀ ਸਾਹਿਤ ਨੂੰ 'ਨਮਾਜ਼ੀ’, 'ਕਚਕੜੇ’, 'ਮੁਕਤੀ’, 'ਸਵੇਤਾਂਬਰ ਨੇ ਕਿਹਾ ਸੀ’, 'ਕੁਝ ਅਣਕਿਹਾ ਵੀ’, 'ਰੰਗ-ਮੰਚ ਤੇ ਭਿਕਸ਼ੂ’ ਅਤੇ 'ਸੁਣਦੈਂ ਖ਼ਲੀਫ਼ਾ’ 7 ਕਹਾਣੀ ਸੰਗ੍ਰਹਿ ਅਰਪਿਤ ਕਰ ਚੁੱਕਾ ਹੈ। ਇਸ ਦਾ ਨਾਵਲ 'ਦਸਤਾਵੇਜ਼’ ਕਾਫੀ ਵਿਵਾਦਾਂ ਵਿਚ ਘਿਰਿਆ ਰਿਹਾ। ‘ਕੁਝ ਅਣਕਿਹਾ ਵੀ’ ਕਹਾਣੀਆਂ ਦਾ ਸੰਗ੍ਰਹਿ ਸਾਹਿਤ ਅਕਾਦਮੀ ਵਲੋਂ ਪੁਰਸਕ੍ਰਿਤ ਹੋ ਚੁੱਕਾ ਹੈ। ‘ਬੰਦੇ ਅੰਦਰ ਬੰਦੇ’ ਸਾਹਿਤਕ ਸਵੈ ਜੀਵਨੀ ਅਤੇ 'ਆਤਮ ਮਾਯਾ’ ਸਵੈ ਜੀਵਨੀ ਇਹਨਾਂ ਦਿਨਾਂ ਵਿਚ ਕਾਫੀ ਚਰਚਾ ਵਿਚ ਹੈ।