ਜਗਤਾਰਜੀਤ ਦੀਆਂ ਕਵਿਤਾਵਾਂ

Date:

Share post:

ਫ਼ਰੇਮ 1

ਸਾਡਾ ਪਰਿਵਾਰ ਜੁੜ ਬੈਠਾ ਹੈ
ਸੋਚਦਾ ਹੈ
ਫ਼ਰੇਮ ਕਿਸ ਤਰ੍ਹਾਂ ਦਾ ਹੋਵੇ
ਜਿਸ ਵਿਚ ਉਸ ਦੀ ਫ਼ੋਟੋ ਮੜ੍ਹੀ ਜਾਂਦੀ ਹੈ

ਬਹਿਸ ਵਿਚ ਉਹ ਵੀ ਸ਼ਾਮਲ ਹਨ
ਜਿਨ੍ਹਾਂ ਕਦੇ ਵੀ
ਉਸ ਨੂੰ ਅਪਣਾ ਨਹੀਂ ਕਿਹਾ ਸੀ
ਚਲੇ ਗਏ ਦੀ ਪਿੱਠ
ਉਨ੍ਹਾਂ ਲਈ ਓਹਲਾ ਸੀ
ਗੱਲ ਕਰਨ ਲਈ

ਏਧਰ-ਓਧਰ
ਫ਼ਰੇਮਾਂ ਵਿਚ ਉਲਝੇ ਫ਼ਰੇਮ
ਨਕਾਰੇ ਜਾ ਚੁੱਕੇ ਹਨ
ਉਹ ਕਿਸੇ ਨਾ ਕਿਸੇ ਅੱਖ ਦਾ
ਫ਼ਤਵਾ ਲਈ ਬੈਠੇ ਹਨ
ਫ਼ਰਸ਼ ਉੱਪਰ ਪਈ ਉਸ ਦੀ ਤਸਵੀਰ
ਉਹਦੇ ਵਾਂਗ ਹੀ
ਕਦਰ ਹੰਢਾਅ ਰਹੀ ਹੈ
ਭਰੀ ਸਭਾ ਵਿਚ

ਇਸ ਚੋਣ ਬਾਅਦ
ਕੰਧ ’ਤੇ
ਇਸ ਨੂੰ ਟੰਗਣ ਲਈ
ਮੁੜ ਇਹੋ ਘਮਾਸਾਨ ਹੋਵੇਗਾ

ਕਿਉਂ ਨਹੀਂ ਆਪਣੀ ਮੌਤ ਤੋਂ ਪਹਿਲਾਂ
ਖ਼ੁਦ ਹੀ, ਕਿਸੇ ਕੰਧ ’ਤੇ
ਆਪਦੀ ਤਸਵੀਰ ਲਟਕਾ
ਸੁਰਖਰੂ ਹੋ ਗਿਆ
ਭੀੜ ਦੇ ਤਸੀਹੇ ਤੋਂ

ਭੀੜ ਆਪਣੇ ਫ਼ਰਜ਼ ਵਿਚ
ਕੁਤਾਹੀ ਨਹੀਂ ਜਰਦੀ
ਇਸ ਨੂੰ ਥਾਂ-ਸਿਰ ਟਿਕਾਅ
ਉਸ ਹੋਰਾਂ ਨੂੰ ਵੀ ਨਜਿੱਠਣਾ ਹੈ

ਤਪੇ ਮਾਹੌਲ ਤੋਂ ਬੇਮਤਲਬ
ਬੱਚਾ ਨੱਠਾ ਆਉਂਦਾ ਹੈ
ਬੋਲਾਂ ਦੇ ਚੱਕਰਵਿਊ ਨੂੰ ਵਿੰਨ੍ਹਦਾ
ਫ਼ਰਸ਼ ’ਤੇ ਪਈ ਤਸਵੀਰ ਲੈ
ਦੌੜ ਪੈਂਦਾ ਹੈ

ਕੁਝ ਬੋਲ ਉਹਦੇ ਪਿੱਛੇ ਵਗਦੇ ਹਨ
ਕੁਝ ਜਿਸਮ ਉੱਠ ਕੇ ਹਿੱਲਦੇ ਹਨ
ਉਹ ਦਰ ਟੱਪਦਾ
ਕਮਰੇ ਬਦਲੀ ਜਾਂਦਾ ਹੈ
ਹੱਫਿਆ, ਹੱਥ ਆਉਣ ਤੋਂ ਪਹਿਲਾਂ
ਉਹ ਤਸਵੀਰ ਨੂੰ ਸਿਰੋਂ ਫੜ
ਥੱਲੇ ਤੱਕ ਚੀਰ
ਹਵਾ ਵਿਚ ਉਛਾਲ ਦੇਂਦਾ ਹੈ।

ਫ਼ਰੇਮ 2

ਤਸਵੀਰ ਵਿੱਚੋਂ ਹੱਥ ਬਾਹਰ ਕੱਢ
ਮੈਨੂੰ ਰੋਕ ਕੇ ਪੁੱਛਿਆ
”ਕਿੱਥੇ ਚਲਿਆ ਏਂ
ਤੇਰੇ ਬਾਅਦ
ਏਨੇ ਵੱਡੇ ਕਮਰੇ ਵਿਚ
ਕਿਸ ਨਾਲ਼ ਗੱਲਾਂ ਕਰਾਂਗੀ?’’

ਤੇਰੇ ਰਹਿਣ ਕਰਕੇ
ਘਰ ਭਰਿਆ ਲਗਦਾ ਹੈ
ਤੈਨੂੰ ਆਈ ਖੰਘ
ਮੇਰੇ ਚਿਤ ਆਈ
ਕਿਸੇ ਗੱਲ ਦਾ
ਹੁੰਗਾਰਾ ਲੱਗਦਾ ਹੈ
ਤੇਰੇ ਚਲਦੇ ਸਾਹਾਂ ਦੇ ਗੇੜ ਨਾਲ਼
ਤੈਥੋਂ ਅਪਣੀ ਵਿੱਥ ਮਿਣਦੀ ਹਾਂ

ਮੈਂ ਦੇਖਦੀ ਹਾਂ
ਵੱਡੇ ਘਰ ਵਿਚ
ਅਧਰੰਗੀ ਸੋਚ ਦਾ ਗ੍ਰੱਸਿਆ ਤੂੰ
ਕਮਰੇ ਬਦਲਦਾ ਘੁੰਮਦਾ ਫਿਰਦਾ ਹੈਂ
ਸੋਚੇ ਕੋਈ ਤਾਂ
ਆਇਆ ਹੋਵੇਗਾ, ਉਮਰ ਦੀ ਸ਼ਾਮ ਨੂੰ
ਸਲਾਹੁਣ ਲਈ

ਤੇਰੇ ਪੈਰਾਂ ਦੀ ਟਕ-ਟਕ ਦਸਦੀ ਹੈ
ਧਰਤੀ ਪੂਰੇ ਤਾਣ ਨਾਲ਼ ਤੈਨੂੰ
ਖਿੱਚ ਰਹੀ ਹੈ, ਅਪਣੇ ਵੱਲ

ਮੈਂ ਕਈ ਵਾਰ ਦੇਖਿਆ
ਤੇਰੀਆਂ ਅੱਖਾਂ ਅੱਗੇ
ਪਾਣੀ ਦਾ ਪਰਦਾ ਹੈ
ਨਾ ਭਾਫ ਬਣ ਉੱਡਦਾ ਹੈ
ਨਾ ਬੂੰਦ ਬਣ ਕੋਇਆਂ ’ਚੋਂ ਕਿਰਦਾ ਹੈ

ਤੂੰ ਮੈਨੂੰ ਤਾਂ ਤਸਵੀਰ ਵਿਚ ਬੰਨ੍ਹ
ਕੰਧ ’ਤੇ ਟੰਗ ਦਿੱਤਾ ਸੀ
ਲੋੜ ਸੀ ਜਾਂ ਪਿਆਰ
ਕਦੇ ਬੁਝ ਨਹੀਂ ਹੋਇਆ

ਤੂੰ ਜਦ ਵੀ ਦੇਖਿਆ, ਏਧਰ
ਨਜ਼ਰ ਪੂਰੀ ਦੀਵਾਰ ’ਤੇ ਘੁੰਮਦੀ ਹੈ
ਜ਼ਰੂਰ ਅਪਣੇ ਜੋਗੀ ਥਾਂ
ਅਪਣੇ ਚਿਤ ਵਿਚ
ਕੰਧ ’ਤੇ ਤਲਾਸ਼ਦਾ ਹੋਵੇਗਾ।

ਤਸਵੀਰ

ਵਿਛੜਦੇ ਵੇਲੇ ਬੋਲੀ
”ਕੋਈ ਤਸਵੀਰ ਹੀ ਦੇ ਦੇ
ਕਿਤੇ ਕੱਲੀ ਬੈਠ
ਉਹਦੇ ਨਾਲ ਗੱਲਾਂ ਕਰ ਲਿਆ ਕਰਾਂਗੀ।’’

ਮੈਂ ਅਪਣੀ ਸ਼ੀਸ਼ੇਬੰਦ ਤਸਵੀਰ
ਉਹਨੂੰ ਦੇਂਦਿਆਂ ਕਿਹਾ
”ਇਹ ਤਸਵੀਰ ਮੇਰੇ ਜਿਹੀ ਨਹੀਂ
ਇਹਦੇ ਸਾਹਮਣੇ ਬੈਠ
ਕਿੰਨੀ ਦੇਰ ਗੱਲਾਂ ਕਰੇਂਗੀ
ਬਿਨਾ ਕਿਸੇ ਹੁੰਗਾਰੇ ਦੇ?’’

ਫ਼ਰੇਮ ਵਿਚੋਂ ਮੇਰੀ ਤਸਵੀਰ ਕੱਢ
ਮੈਨੂੰ ਫੜਾ ਕਹਿਣ ਲੱਗੀ
”ਇਹ ਤਸਵੀਰ, ਮੇਰੇ ਖ਼ਿਆਲ ਦੇ ਮੇਚ ਦੀ ਨਹੀਂ’’
ਮੈਂ ਫ਼ਰੇਮ ਵਿਚ
ਤੇਰਾ ਓਹੀ ਰੂਪ ਉਤਾਰ
ਗੱਲਾਂ ਕਰ ਲਿਆ ਕਰਾਂਗੀ
ਜੋ ਮੈਨੂੰ ਚੰਗਾ ਲੱਗੇਗਾ।’’

ਉਸ ਵੱਲੋਂ ਮੋੜੀ ਤਸਵੀਰ ਲੈ
ਮੈਂ ਅਪਣੇ ਘਰ ਪਰਤ ਆਇਆ

ਫੇਰ ਆਉਣ ਲੱਗੇ ਖ਼ਤ
ਜਿਨ੍ਹਾਂ ਵਿਚ ਅੱਖਰ ਨਹੀਂ
ਉਹ ਆਪ ਹੁੰਦੀ ਸੀ
ਕਦੇ ਫੁੱਲਾਂ ਦੀ ਲਗਰ ਜਿਹੀ
ਕੋਸੇ-ਕੋਸੇ ਸਵੇਰ-ਸੂਰਜ ਜਿਹੀ
ਕਦੇ ਮਘਦੇ ਚੰਗਿਆੜੇ ਜਿਹੀ
ਝੱਖੜ ਜਿਹੀ ਜੋ ਬਣੇ ਰਾਹਾਂ ਨੂੰ
ਬੇਪਛਾਣ ਕਰ ਦੇਂਦਾ ਹੈ

ਫੇਰ ਖ਼ਤਾਂ ਵਿਚ ਆਪ ਨਹੀਂ
ਅੱਖਰ ਆਉਣ ਲੱਗੇ
ਕਦੇ ਸੰਘਣੇ-ਸੰਘਣੇ ਇਕ ਦੂਜੇ ’ਤੇ ਚੜ੍ਹੇ
ਕਦੇ ਪਾਣੀ ਦੇ ਲਹਿਰਾਂ ਜਿਹੇ
ਕਦੇ ਵਿਰਲੇ ਟਾਵੇਂ-ਟਾਵੇਂ
ਜਿਵੇਂ ਮਾਰੂਥਲ ਵਿਚ
ਕੋਈ ਲੱਭ ਰਿਹਾ ਰਾਹ

ਇਕ ਵਾਰ
ਤਿੜਕਿਆ ਸ਼ੀਸ਼ਾ ਬਰੂਹੀਂ ਪਿਆ ਸੀ
ਨਾਲ ਨੱਥੀ ਇਬਾਰਤ
ਹਵਾ ਵਿਚ ਝੂਲ ਰਹੀ ਸੀ
ਤੇਰੀ ਅਮਾਨਤ ਤੈਨੂੰ ਮੋੜ ਰਹੀ ਹਾਂ
ਹੁਣ ਇਸ ਵਿਚੋਂ
ਤੇਰਾ ਅਕਸ ਮੈਨੂੰ ਨਜ਼ਰ ਨਹੀਂ ਆਉਂਦਾ।

ਜਗਤਾਰਜੀਤ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!