ਚੂਹਾ – ਨਿਰਮਲ ਜਸਵਾਲ

Date:

Share post:

ਘਰ ਦੇ ਕੰਮਾਂ ਤੋਂ ਵਿਹਲੀ ਹੋ ਉਹ ਉਸ ਨਾਲ ਆ ਕੇ ਲੰਮੀ ਪੈ ਗਈ।
ਘੰਟਾ ਕੁ ਬੀਤ ਜਾਣ ’ਤੇ ਵੀ ਜਦੋਂ ਉਹ ਇਕ ਟਕ ਛੱਤ ਨੂੰ ਘੂਰੀ ਗਿਆ ਤਾਂ ਬੇਚੈਨੀ ਹੋਈ । ਉਸਨੇ ਤਾਂ ਕਦੋਂ ਦੀ ਮੇਰੀ ਸੁਥਣ ਵਗਾਹ ਕੇ ਮਾਰਨੀ ਸੀ,ਪਰ ਉਹ ਸ਼ਾਂਤ ਸੀ। । ਮੈਂ ਉਸਦਾ ਮੱਥਾ ਛੋਹਿਆ, ਠੰਡਾ ਸੀ । ਮੈਂ ਆਪਣੇ ਕੱਪੜੇ ਬਦਲ ਚਾਦਰ ਉਪਰ ਲੈ ਫੇਰ ਪੈ ਗਈ । ਉਹ ਟਸ ਤੋਂ ਮਸ ਨਹੀਂ ਹੋਇਆ ਤੇ ਕੁਝ ਚਿਰਾਂ ਬਾਅਦ ਉਠਕੇ ਬੈਠ ਗਿਆ । ਕੁਝ ਫਰੋਲਦਾ ਰਿਹਾ, ਫੇਰ ਬੇਬਸੀ ਵਿਚ ਲੰਮਾ ਪੈ, ਪਾਸਾ ਪਰਤ ਸੌਂ ਗਿਆ । ਮੇਰੀ ਨੀਂਦ ਅੱਜ ਫੇਰ ਉਡ ਗਈ।
ਪੰਜ ਵਰ੍ਹੇ ਪਹਿਲਾਂ ਵੀ ਇਹ ਇੰਝ ਹੀ ਕਰਨ ਲਗ ਪਿਆ ਸੀ ਜਦੋਂ ਇਸਦੀ ਜ਼ਿੰਦਗੀ ’ਚ ਉਹ ਬਰਾੜਨੀ ਆਈ ਸੀ। ਉਦੋਂ ਅਸੀਂ ਕਪੂਰਥਲੇ ਦੇ ਲਾਗਲੇ ਪਿੰਡ ’ਚ ਰਹਿੰਦੇ ਸਾਂ । ਨਵਾਂ ਨਵਾਂ ਵਿਆਹ ਹੋਇਆ ਸੀ । ਮੇਰੇ ਦੁੱਧ ਵਰਗੇ ਚਿੱਟੇ ਹੱਥਾਂ ਨੂੰ ਜਦੋਂ ਇਹ ਆਪਣੀਆਂ ਤਾਂਬੇ ਰੰਗੀਆਂ ਤਲੀਆਂ ’ਤੇ ਰੱਖ ਮੇਰਾ ਹੱਥ ਘੁੱਟਦਾ ਤਾਂ ਮੈਂ ਇਸਦੇ ਚਿੱਟੇ ਨੌਹਾਂ ਨੂੰ ਵੇਖ ਤ੍ਰਬਕ ਪੈਂਦੀ ਸਾਂ, ਜਿਵੇਂ ਕਿਸੇ ਇਸਦੇ ਨੌਹਾਂ ’ਚੋਂ ਸਾਰਾ ਲਹੂ ਨਚੋੜ ਲਿਆ ਹੋਵੇ। ਉਹ ਮੇਰੀਆਂ ਅੱਖਾਂ ’ਚ ਡਰ ਵੇਖ ਮੁਸਕਰਾ ਪੈਂਦਾ ਤੇ ਖੁਸ਼ ਹੋ ਮੈਨੂੰ ਗਲਵਕੜੀ ’ਚ ਘੁਟ ਲੈਂਦਾ ਸੀ ਜਿਵੇਂ ਮੇਰਾ ਡਰ ਉਸਨੂੰ ਸਕੂਨ ਦੇ ਰਿਹਾ ਹੋਵੇ । ਮੈਂ ਆਪਣਾ ਹੱਥ ਛੁਡਾ ਬੇਬਸੀ ’ਚ ਬਸ ਅੱਖਾਂ ਬੰਦ ਕਰ ਆਪਣੇ ਆਪ ਨੂੰ ਉਸਦੇ ਹਵਾਲੇ ਕਰ ਦਿੰਦੀ ਸਾਂ।
ਸਾਲ ਹੁੰਦੇ ਨਾ ਹੁੰਦੇ ਕੁੜੀ ਜੰਮ ਪਈ । ਬੱਚੇ ਦੇ ਨਾਲ ਨਾਲ ਸੱਸ ਸਹੁਰੇ ਦੀ ਦੇਖਭਾਲ ਅਤੇ ਥੋੜੀ ਕਮਾਈ ’ਚ ਘਰ ਦੇ ਕੰਮਾਂ ’ਚ ਰੁਲ ਜਹੀ ਗਈ, ਤੇ ਉਤੋਂ ਦੂਜੇ ਵਰ੍ਹੇ ਇਕ ਹੋਰ ਕੁੜੀ ਜੰਮ ਪਈ । ਇਹ ਖਿਝਣ ਲਗ ਪਿਆ । ਖਿਝਣ ਦਾ ਕਾਰਨ ਹੋਰ ਵੀ ਸੀ । ਰੇਲ ਕੋਚ ਫੈਕਟਰੀ ’ਚ ਪੱਕੇ ਤਾਂ ਸੀ ਹੀ ਨਹੀਂ, ਛਾਂਟੀ ਹੋਣ ਵੇਲੇ ਇਨ੍ਹਾਂ ਦੀ ਵੀ ਛਾਂਟੀ ਹੋ ਗੀ । ਇਹ ਘਰ ਤਾਂ ਨਹੀਂ ਬੈਠੇ ਪਰ ਬੁਝ ਜਹੇ ਗਏ । ਦਿਹਾੜੀ ਕਰਦੇ, ਤੜਕੇ ਘਰਾਂ ’ਚ ਅਖਬਾਰ ਸੁਟਣ ਜਾਂਦੇ ਤੇ ਹੌਲੀ ਹੌਲੀ ਸੁਨਣ ’ਚ ਆਉਣ ਲੱਗ ਪਿਆ ਕਿ ਕਿਸੇ ਕੁੜੀ ਨੂੰ ਇਸਦੀ ਗਰੀਬੀ ’ਤੇ ਤਰਸ ਆ ਗਿਆ । ਉਸਨੇ ਇਸਨੂੰ ਜਲੰਧਰ ਕਿਸੇ ਸਪੋਰਟਸ ਫੈਕਟਰੀ ’ਚ ਸਟੋਰ ਕੀਪਰ ਲਾ ਲਿਆ । ਉਹ ਕੁੜੀ ਕੌਣ ਸੀ-ਕੌਣ ਹੈ? ਪੁੱਛਣ ’ਤੇ ਮੈਨੂੰ ਕਹਿੰਦਾ, “ਤੂੰ ਅਨਪੜ੍ਹ, ਤੈਂ ਕੀ ਕਰਨਾ,ਬੈਠੀ ਰਹੁ ’ਰਾਮ ਨਾਲ-ਤੈਨੂੰ ਕੀ ਪਤਾ ਬਾਹਰ ਕੀ ਹੁੰਦਾ-’’
ਮੈਂ ਵੀ ਸੁੰਨ ਜਿਹੀ ਵੱਟ ਲਈ । ਅੱਖਾਂ ਸੀਗੀਆਂ ਵੇਖਣ ਲਈ, ਮੀਟ ਲਈਆਂ। ਦਿਮਾਗ ਨੂੰ ਪਾਸੇ ਕਰ ਲਿਆ। ਪਿੰਡੋਂ ਕਪੂਰਥਲੇ, ਫੇਰ ਜਲੰਧਰ ਆਉਣ ਜਾਉਣ ’ਚ ਤੰਗੀ ਹੋਣ ਲੱਗ ਪਈ । ਮੈਨੂੰ ਇੰਜ ਵੀ ਲਗਦਾ ਜਿਵੇਂ ਹੁਣ ਮੇਰੇ ਵੱਲ ਵੇਖਣ ਦੀ ਵੀ ਤੰਗੀ ਹੋ ਰਹੀ ਹੈ । ਕੁੜੀਆਂ ਨੂੰ ਪਿਆਰਦਾ-ਦੁਲਾਰਦਾ ਤੇ ਕਦੇ ਅੱਖਾਂ ਵਖਾ ਝਿੜਕਾਂ ਦੇ ਕੇ ਪਾਸੇ ਕਰ ਦਿੰਦਾ। ਬਸ ਕਾਗਜ਼ਾਂ ਨਾਲ ਜਾਂ ਖ਼ਸਤਾ ਹਾਲ ਰਜਿਸਟਰਾਂ ਨਾਲ ਘੁਸਰ-ਮੁਸਰ ਕਰੀ ਰਖਦਾ।
ਇਕ ਦਿਨ ਤੜਕਸਾਰ ਲੰਮੇ ਲੰਮੇ ਸਾਹ ਲੈਣ ਦੀਆਂ ਅਵਾਜ਼ਾਂ ਆਉਣ ਤੇ ਵੇਖਿਆ ,ਇਹ ਬੈਠਕਾਂ ਕੱਢ ਰਿਹਾ ਸੀ। ਮੈਨੂੰ ਆਪਣੇ ਵੱਲ ਝਾਕਦੀ ਵੇਖ ਹੱਸੇ-‘ਡੌਲੇ ਬਣਾ ਰਿਹਾਂ , ਕੰਮ ਬਹੁਤਾ ਕਰਨਾ ਪੈਂਦਾ ,ਇਵੇਂ ਕਿਤੇ ਕਮਜ਼ੋਰ ਨਾ ਹੋ ਜਾਵਾਂ।’ ਇਹ ਤਾਂ ਪਹਿਲਾਂ ਹੀ ਹੱਟੇ ਕੱਟੇ ਨੇ । ਚੀਕਣੀ ਮਿੱਟੀ ਦੇ ਭਾਂਡੇ ਬਣਾਉਣ ਲਈ ਜਦੋਂ ਪੈਰਾਂ ਨਾਲ ਮਿੱਟੀ ਦਾ ਗਾਰਾ ਰਲਾਉਂਦਾ ਹੁੰਦਾ ਸੀ ਤਾਂ ਇਸ ਦਾ ਜੁੱਸਾ ਵੇਖਣ ਵਾਲਾ ਹੁੰਦਾ, ਪਰ ਇਹ ਆਪਣੀ ਛਾਤੀ ‘ਤੇ ਝੱਟ ਦੇਣੀ ਮਿੱਟੀ ਮਲ ਲੈਂਦਾ । ਸਾਰੀ ਛਾਤੀ ‘ਤੇ ਉਸਤਰਾ ਜੁ ਫੇਰਿਆ ਹੁੰਦਾ। ਅੱਗੇ ਤਾਂ ਕਦੇ ਇਸ ਕਸਰਤ ਕਰਨ ਲਈ ਸੋਚਿਆ ਹੀ ਨਹੀਂ। ‘ਚਲੋ ਮੇਰਾ ਖਸਮ ਹੈ ,ਤੰਦਰੁਸਤ ਰਹੇ’ । ਜਵਾਨ ਭਰਿਆ ਜਿਸਮ ਵੇਖ ਮੈਨੂੰ ਵੀ ਖੁਸ਼ੀ ਹੁੰਦੀ । ਇਕ ਦਿਨ ਇਨ੍ਹਾਂ ਦੇ ਖਿਲਰੇ ਕਾਗਜਾਂ ਨੂੰ ਸਮੇਟਦੇ ਹੋਏ ਇਹ ਖੁਸ਼ੀ ਹਰਨ ਹੋਗੀ । ਮੈਨੂੰ ਤਾਂ ਸਿਰਫ਼ ਅੱਖਰ ਜੋੜ ਈ ਆਉਂਦੇ ਸਨ ,ਅਨਪੜ੍ਹ ਸਾਂ ਨਾ, ਮਸਾਂ ਪੜ੍ਹਿਆ, ਕੁਝ ਕੁਝ ਸਤਰਾਂ ਸਨ ,ਪਿਆਰ ਦੀਆਂ, ਧੋਖੇ ਦੀਆਂ , ਮੀਂਹ ਕਣੀ ਅਸਮਾਨ ਦੀਆਂ, ਥਾਂ ਥਾਂ ਤੇ ‘ਅਰਪਨ ਬਰਾੜ’ ਲਿਖਿਆ ਹੁੰਦਾ।
‘ਇਹ ਅਰਪਨ ਬਰਾੜ ਕੌਣ?’ ਪੁਛਣ ’ਤੇ ਖਿਝ ਕੇ ਕਹੇ,“ਇਹ ਪੜ੍ਹਿਆਂ ਲਿਖਿਆਂ ਦੀਆਂ ਗੱਲਾਂ ਨੇ । ਤੈਨੂੰ ਮੈਂ ਪੂਰੀ ਤਨਖਾਹ ਦਿੰਦਾਂ । ਕਦੇ ਕਦੇ ਵਾਧੂ ਵੀ ਦਿੰਦਾਂ । ਬਸ ਘਰ ਤਕ ਰਹਿ’ । ਮੈਂ ਲੜਨ ਤਕ ਆਉਂਦੀ । ਇਹ ਦੋ ਦਿਨ ਘਰ ਨਾ ਵੜਦਾ। ਆਉਂਦਾ ਤਾਂ ਬਸ-ਮੰਜੇ ਪੈਂਦੇ ਹੀ ਸੌਂ ਜਾਂਦਾ । ਮੇਰੇ ਕੁਸ ਪੁਛਣ ’ਤੇ ਹੱਸਦਾ ਤੇ ਕਹਿੰਦਾ ‘ਪਿਆਰ ਦਾ ਤਾਪ’ ਚੜ੍ਹ ਗਿਆ । ਫੇਰ ਮੈਨੂੰ ਖਿੱਚ ਚੁੰਮਦਾ, ਕਹੇ-‘ਇਵੇਂ ਨਾ ਸ਼ੱਕ ਕਰਿਆ ਕਰ, ਮੈਂ ਕਿਤੇ ਨ੍ਹੀਂ ਜਾਂਦਾ’ । ਫੇਰ ਤਾਂ ਮੈਨੂੰ ਵੀ ਤਾਪ ਚੜ੍ਹ ਜਾਂਦਾ । ਇਹ ਪਿਆਰ ਦਾ ਤਾਪ ਕਿਹੋ ਜਿਹਾ ਹੁੰਦਾ? ਪੁੱਛਦੀ ਤਾਂ ਕਹਿੰਦਾ-‘ਤੂੰ ਘਰਆਲੀ ਆ ,ਤੈਨੂੰ ਨ੍ਹੀਂ ਪਤਾ ਲਗਣਾ’ ਤੇ ਉਸ ਰਾਤ ਮੈਨੂੰ ਇਹ ਵੱਢ ਵੱਢ ਟੁੱਕੇ ।ਮੈਨੂੰ ਇਹਦੀਆਂ ਦੀਆਂ ਅੱਖਾਂ ’ਚ ਇਕ ਜਨੂਨ ਨਜ਼ਰ ਆਉਂਦਾ ਜਿਵੇਂ ਇਥੇ ਮੈਂ ਨਹੀਂ , ਮੈਂ ਬਰਾੜਨੀ ਹਾਂ ।
ਫੇਰ ਵੀ ਮੈਨੂੰ ਪਤਾ ਸੀ ਜਾਣਾ ਕਿੱਥੇ? ਪਰ ਇਹ ਬਰਾੜਨੀ ਕਿਹੜੀ? ਪੁਛਣ ’ਤੇ ਕਹੇ, ਕੋਈ ਨ੍ਹੀਂ ,ਇਥੇ ‘ਬਸ’ ਵਿਚੇ ਹੀ ਜਾਣ-ਪਛਾਣ ਹੋਈ ਸੀ । ਉਹ ਜਲੰਧਰ ਲਾਗਲੇ ਪਿੰਡ ਤੋਂ ਹੈ । ਪਿੰਡੋਂ ਜਲੰਧਰ ਕੋਚਿੰਗ ਲੈਣ ਆਉਂਦੀ ਹੈ । ਪ੍ਰਾਈਵੇਟ ਇਮਤਿਹਾਨ ਦੇਣਾ ਹੈ । ਸਾਊ ਕੁੜੀ ਆ । ‘ਇਹੋ ਤਾਂ ਡਰ ਹੈ । ਤੁਸੀਂ ਵੀ ਜੇ ਸਾਊ ਹੁੰਦੇ ਤਾਂ ਮੈਨੂੰ ਕੁਝ ਨ੍ਹੀਂ ਸੀ । ਮੈਥੋਂ ਆਉਣ ਤੋਂ ਪਹਿਲਾਂ ਤੁਹਾਡੇ ਬੜੇ ਸਾਊਪਣੇ ਦੇ ਕਿੱਸੇ ਸੁਣੇ ਨੇ । ਲੁਕ ਛਿਪ ਕੇ ਮੁਹੱਲੇ ਦੀ ਹਰ ਕੁੜੀ ਵਲ ਜੋLਰ ਅਜ਼ਮਾਇਸ਼ ਕੀਤੀ ਤੁਸਾਂ, ਇਵੇਂ ਨ੍ਹੀਂ ਸਾਰੇ ਖਾਰ ਖਾਂਦੇ ।’ ਕਹਿ ਤਾਂ ਹੋ ਗਿਆ-ਪਰ ਮੈਂ ਵੀ ਖਿਝਦੀ ਹੋਈ ਕੁੜੀਆਂ ਨੂੰ ਹੀ ਥੱਪੜਾਂ ਨਾਲ ਭੰਨਣ ਲਗ ਪਈ । ‘ਇਹ ਵੀ ਮਰਜਾਣੀਆਂ ਕਿਤੇ ਸਾਊ ਨਾ ਨਿਕਲਣ-’
ਹੁਣ ਤਾਂ ਹਰ ਰੋਜ਼ ਕੋਈ ਨਾ ਕੋਈ ਇੰਨ੍ਹਾ ਬਾਰੇ ਦੱਸਣ ਆਉਂਦਾ । ਅੱਜ ਇਥੇ ਤੇ ਅੱਜ ਉਥੇ । ਉਸੇ ਕੁੜੀ ਨਾਲ- । ਇਕ ਦਿਨ ਤਾਂ ਕਪੂਰਥਲੇ ਕਾਂਜਲੀ ਝੀਲ ਤੋਂ ਪੁਲਸੀਏ ਸ਼ੱਕ ਵਜੋਂ ਇਨ੍ਹਾਂ ਦੋਹਾਂ ਨੂੰ ਥਾਣੇ ਲੈ ਗਏ ‘ਤੇ ਸੱਸ-ਸਹੁਰੇ ਦੇ ਇਹ ਕਹਿਣ ਤੇ ਕਿ ਇਹ ਕੁੜੀ ਸਾਡੀ ਰਿਸ਼ਤੇਦਾਰ ਹੈ, ਤਾਂ ਹੀ ਉਨ੍ਹਾਂ ਛੱਡਿਆ। ਉਸ ਦਿਨ ਤੋਂ ਦੋ ਮਹੀਨੇ ਤਕ ਮੈਂ ਇਨ੍ਹਾਂ ਨਾਲ ਗੁੱਸੇ ਰਹੀ, ਪਰ ਇਹ ਇੰਨੇ ਬੇਸ਼ਰਮ ਤਾਂ ਵੀ ਕਹਿੰਦੇ- ‘ਮੇਰਾ ਉਸ ਨਾਲ ਕੋਈ ਰਿਸ਼ਤਾ ਨੀ, ਬਸ ਦੋਸਤੀ ਆ ।’ ਇਸ ਦੋਸਤੀ ਤੋਂ ਮੈਨੂੰ ਬੁਖ਼ਾਰ ਚੜ੍ਹ ਆਉਂਦਾ। ਮਰਦਾਂ ਦੀ ਦੋਸਤੀ ਤਾਂ ਠੀਕ, ਇਹ ਔਰਤ-ਮਰਦ ਦੀ ਕਾਹਦੀ ਦੋਸਤੀ । ਕਦੇ ਅੱਗ ਤੇ ਘਿਓ ਦਾ ਸਾਥ ਵੀ ਸੁਣਿਆ? ਇਹ ਤਾਂ ਇਕ ਦੂਜੇ ਨੂੰ ਭਸਮ ਕਰ ਦਿੰਦੇ ਹਨ।
ਉਹੀਓ ਹੋਇਆ-ਹੋ ਗੇ ਭਸਮ ਦੋਹੇ।
ਇਕ ਦਿਨ ਇਹ ਬੁਖ਼ਲਾਏ ਹੋਏ ਆਏ ਤੇ ਲੱਗੇ ਗਾਲ੍ਹਾਂ ਤੇ ਗਾਲ੍ਹਾਂ ਕੱਢਣ-‘ਸਾਲ਼ੀ ਆਪਣੇ ਆਪ ਨੂੰ ਬਹੁਤੀ ਸਿਆਣੀ ਸਮਝਦੀ । ਕੁੱਤੀ ਜਾਤ ,ਮੁੰਡਿਆਂ ਨਾਲ ਹਿੜ-ਹਿੜ ਕਰਦੀ । ਕਹੇ ਮੇਰੇ ਜਮਾਤੀ ਨੇ ਤੇ ਕਹਿੰਦੀ-‘ਮੈਂ ਆਪਣੀ ਕਿਤਾਬ ’ਤੇ ਤੁਹਾਡਾ ਨਾਂ ਕਿਵੇਂ ਦੇ ਸਕਦੀ ਆਂ । ਮੇਰੇ ਪਾਪਾ ਮੈਨੂੰ ਗੁੱਸੇ ਹੋਣਗੇ। ਸਾਡੀ ਬਰਾਦਰੀ ਦੇ ਵੀ ਤੁਸੀਂ ਨਹੀਂ ਜੇ–’ ਤੇ ਭਾਂਡੇ ਟਿੰਡਿਆਂ ਨੂੰ ਲਾਹ-ਲਾਹ ਸੁੱਟਣ । ਕਦੇ ਕੁੜੀਆਂ ਨੂੰ ਧੂਅ-ਧੂਅ ਪਰ੍ਹਾਂ ਕਰਨ-
ਮੈਨੂੰ ਵੀ ਗੁੱਸਾ ਆ ਗਿਆ-‘ਬਈ-ਆਪਣੇ ਵੀ ਤਾਂ ਕੁੜੀਆਂ ਨੇ ਔਰਤ ਜਾਤ ਨੂੰ ਕੁੱਤੀ ਜਾਤ ਬੋਲੀ ਜਾਂਦਾ, ਹੋਇਆ ਕੀ ਵੱਡੇ ਮਰਦ ਨੂੰ?’ ਪਤਾ ਸੀ ਇਹੀਓ ਹੋਵੇਗਾ, ਉਸੇ ਸਾਊ ਕੁੜੀ ਨੇ ਲੱਤ ਮਾਰੀ ਹੋਣੀ-ਵਿਆਹੇ-ਵਰ੍ਹੇ ਨੂੰ ਆਪ ਨ੍ਹੀਂ ਸਮਝ । ਜੇ ਮੇਰੀਆਂ ਕੁੜੀਆਂ, ਉਸਨੂੰ ਸਮਝਣਾ ਚਾਹੀਦਾ, ਉਹਦੀਆਂ ਵੀ ਤਾਂ ਕੁੜੀਆਂ, ਜੇ ਇਹ ਵੀ ਸਾਊ ਹੋ ਜਾਣ ਤਾਂ-? ਕੋਈ ਵਿਆਹਾ-ਵਰਿ੍ਹਆ ਇਨ੍ਹਾਂ ਨੂੰ ਵੀ ਲੀਹੋ ਲਾਹ ਦੇ
ਤਾਂ-?’
ਉਸ ਵੇਲੇ ਸਾਡੇ ਵਿਚ ਤੂੰ- ਤੜਾਕ ਤਾਂ ਹੋਈ ਹੀ, ਕੁੱਟ ਮਾਰ ਵੀ ਖ਼ੂਬ ਹੋਈ । ਇਨ੍ਹਾਂ ਉਸ ਬਰਾੜਨੀ ਦਾ ਗੁੱਸਾ ਮੇਰੇ ’ਤੇ ਕੱਢਿਆ । ਮੈਂ ਉਸਦਾ ਪੱਖ ਪੂਰਿਆ । ਮੈਨੂੰ ਜਾਪਿਆ , ਮੈਂ ਉਸ ਵੇਲੇ ਇਨ੍ਹਾਂ ਦੀ ਵਿਆਹੁਤਾ ਨਹੀਂ ਬਰਾੜਨੀ ਹੀ ਆਂ । ਜਦੋਂ ਬਰਾੜਨੀ ਹੁੰਦੀ ਤਾਂ ਅੱਖਾਂ ਵਿਖਾ ਜਵਾਬ ਦਿੰਦੀ, ਜਦੋਂ ਇਸਦੀ ਤੀਵੀਂ ਹੋਣ ਦਾ ਅਹਿਸਾਸ ਹੁੰਦਾ ਤਾਂ ਆਪਣਾ ਸਿਰ ਦੀਵਾਰ ਨਾਲ ਭੰਨ ਦੇਂਦੀ । ਮੈਂ ਦੋਹੇ ਰੋਲ ਨਿਭਾੳਂਦੀ ਬੇਹੋਸ਼ ਹੋਗੀ । ਬਾਅਦ ’ਚ ਸਵੇਰ ਕੁੜੀਆਂ ਦੱਸਿਆ ਕਿ ਭਾਪਾ ਜੀ ਤੁਹਾਡੇ ਸਿਰਹਾਣੇ ਬੈਠੇ ਰਹੇ ਤੇ ਸਾਰੀ ਰਾਤ ਜਾਗ ਕੇ ਕੱਟੀ।
ਸਵੇਰੇ ਇਨ੍ਹਾਂ ਦਾ ਚਿਹਰਾ ਵੇਖਣ ਵਾਲਾ ਸੀ , ਪੀਲਾ ਭੂਕ । ‘ਹੈਂਅ-ਇਹ ਤਕੜਾ ਪਹਿਲਵਾਨਾਂ ਵਾਲਾ ਜਿਸਮ ਕਿੱਥੇ ਗਿਆ-?’
ਦਿਨ ਕਿਸੇ ਤਰ੍ਹਾਂ ਲੰਘ ਗਿਆ । ਰਾਤ ਜਦੋਂ ਮੈਂ ਕੁੜੀਆਂ ਨਾਲ ਸੌਣ ਲਈ ਜਾਣ ਲੱਗੀ ਤਾਂ ਇਨ੍ਹਾਂ ਮੇਰੀ ਬਾਂਹ ਫੜ ਮੈਨੂੰ ਰੋਕ ਲਿਆ ਤੇ ਹਨ੍ਹੇਰੇ ’ਚ ਹੀ ਫਿਸ ਪਏ । ‘ਉਹ ਜਿਹੜੇ ਕਾਗਜ਼ ਤੇ ਰਜਿਸਟਰ ਤੂੰ ਵੇਖਦੀ ਸੈਂ ,ਉਹ ਬਰਾੜਨੀ ਦੀਆਂ ਕਵਿਤਾਵਾਂ ਸਨ । ਮੈਂ ਸਾਰਾ ਸਾਲ ਮਿਹਨਤ ਕਰਕੇ ਤਰਤੀਬ ’ਚ ਕੀਤੀਆਂ । ਕਵਿਤਾਵਾਂ ਆਪਣੇ ਕਵੀ ਦੋਸਤ ਤੋਂ ਠੀਕ ਵੀ ਕਰਵਾਈਆਂ ਤੇ ਛਪਣ ਵੇਲੇ ਹੁਣ ਆਖੇ , ‘ਇਹ ਕਿਤਾਬ ਮੈਂ ਆਪਣੇ ਪਾਪਾ ਨੂੰ ਸਮਰਪਿਤ ਕਰਨੀ ਹੈ । ਹੁਣ ਤੂੰ ਕੌਣ ਤੇ ਮੈਂ ਕੌਣ । ਜੇ ਉਸ ਮੇਰੇ ਨਾਲ ਦੋਸਤੀ ਕੀਤੀ ਆ, ਪਿਆਰ ਕੀਤਾ ਆ ਤਾਂ ਇਹ ਕਿਤਾਬ ’ਤੇ ਵੀ ਮੇਰਾ ਨਾਂ ਆਉਂਦਾ । ਪਰ ਉਹ ਕਮਜ਼ਾਤ ਕਹੇ ਮੇਰਾ ਵਿਆਹ ਹੋਣ ਵਾਲਾ । ਖ਼ਤਮ ਸਾਰਾ ਕੁਸ, ਮੈਨੂੰ ਨਹੀਂ ਹੁਣ ਮਿਲਣਾ, ਕਿਉਂ…? ਹੁਣ ਉਹ ਯਾਰ ਹੀ ਸਾਰਾ ਕੁਸ ਹੋ ਗਿਆ ਉਸਦਾ । ਮੇਰੇ ਨਾਲ ਖੇਹ ਖਾਂਦੀ ਰਹੀ ਹਰਾਮ ਦੀ’_ ਜੀ ਕੀਤਾ ਕਹਾਂ-‘ਖੇਹ ਤਾਂ ਤੁਸਾਂ ਖਾਧੀ ਵਿਆਹੇ-ਵਰ੍ਹੇ ਹੋ ਕੇ।’ ਆਪਣੀ ਬੀਵੀ ਤੋਂ ਹੁਣ ਕੋਈ ਲੁਕਾ ਨਹੀਂ……ਬਕਦੇ ਗਏ ਸਾਰਾ ਕੁਸ । ਮੇਰੇ ਸੱਤੀਂ ਕਪੜੀਂ ਅੱਗ ਲਗਦੀ ਰਹੀ ਤੇ ‘ਕਮਜ਼ਾਤ’ ਮੇਰੇ ਦਿਮਾਗ ’ਚ ਵੜ ਗਿਆ-
ਇਹ ਆਪਣਾ ਗੁੱਭ-ਗੁਲਾਟ ਕੱਢ ਮੇਰੇ ਨਾਲ ਖੇਡਣ ਲੱਗ ਪਏ ।ਮੈਂ ਪਹਿਲਾਂ ਹੀ ਭਰੀ ਪੀਤੀ ਹੋਈ ਸੀ । ਮਰਿਆਂ ਵਾਂਗ ਢਹਿ ਢੇਰੀ ਹੋਈ ਰਹੀ । ਇਹ ਮੈਨੂੰ ਉਕਸਾਂਦੇ ਰਹੇ । ਅਖੀਰ ਮੈਂ ਆਪਣੇ ਮਨ ਨੂੰ ਸਮਝਾਇਆ ਕਿ ਛੱਡ ਇਸ ਬਰਾੜਨੀ ਨੂੰ । ਤੁੂੰ ਆਪਣਾ ਘਰ ਬਚਾ । ਜੇ ਅੱਜ ਮੈਂ ਇਸਨੂੰ ਛੱਡ ਤਾ, ਤਾਂ ਇਹ ਫੇਰ ਕਿਤੇ ਹੋਰ ਮੂੰਹ ਮਾਰੂ । ਚਲ ਅੱਜ ਮੈਂ ‘ਕਮਜ਼ਾਤ’- । ਤੇ ਜਦੋਂ ਮੈਂ ਉਸਨੂੰ ਬਾਹਾਂ ’ਚ ਡੱਕਿਆ, ਉਹ ਘਬਰਾ ਕੇ ਉਠ ਖਲੋਤਾ ।-ਨਹੀਂ–ਮੈਨੂੰ ਕੁਝ ਹੋ ਗਿਆਲਗਦਾ । ਮੈਂ ਕਿਸੇ ਕੰਮ ਦਾ ਨਹੀਂ ਰਿਹਾ ਤੇ ਬੁੜਬੁੜਾਂਦਾ ਹੋਇਆ ਢਹਿ ਢੇਰੀ ਹੋ ਗਿਆ । ਸਵੇਰ ਚਾਰ-ਪੰਜ ਵਜੇ ਕਿਤੇ ਨੀਂਦ ਆਈ । ਸਵੇਰੇ ਹਸਪਤਾਲ ਜਾਂ ਕਿਸੇ ਹਕੀਮ ਤੋਂ ਸਲਾਹ ਲੈਣੀ, ਕਹਿਣ ਲੱਗਾ।

ਦੂਜੇ ਦਿਨ ਰਾਤੀਂ 12 ਕੁ ਵਜੇ ਇਹ ਮੈਨੂੰ ਕੋਠੇ ਤੋਂ ਸੁੱਤੀ ਪਈ ਨੂੰ ਜਗਾ ਕੇ ਕੋਠੜੀ ’ਚ ਲੈ ਗਿਆ-‘ਮੈਂ ਤੈਨੂੰ ਬਹੁਤ ਪਰੇਸ਼ਾਨ ਕੀਤਾ । ਬਰਾੜਨੀ ਨੇ ਮੇਰਾ ਸਭ ਕੁਝ ਖੋਹ ਲਿਆ। ਹੁਣ ਸਭ ਠੀਕ ਹੋਜੂ, ਮੈਂ ਵਾਪਿਸ ਆ ਗਿਆਂ। ਚੱਲ ਆ ਜਸ਼ਨ ਮਨਾਈਏ’-ਤੇ ਜਸ਼ਨ ਦੇ ਨਸ਼ੇ ’ਚ, ਇਹ ਮੈਨੂੰ ਘੰਟਾ ਕੁ ਲੀਰੋ-ਲੀਰ ਕਰਦੇ ਰਹੇ-ਅਖੀਰ ਹਫ਼ ਗਏ । ਜਸ਼ਨ ਦੀ ਸੀਮਾ ਆਰੰਭ ਹੀ ਨਹੀਂ ਸੀ ਹੋ ਰਹੀ । ਕਦੀ ਇਹ ਮੈਨੂੰ ਜ਼ਮੀਨ ’ਚ ਸੁਟਦੇ ਤੇ ਕਦੀ ਥੱਪੜ ਮਾਰਨ ਲਗਦੇ ਤੇ ਕਹਿੰਦੇ ਰਹੇ-‘ਮੈਂ ਤੇਰੇ ਨਾਲ ਬਲਾਤਕਾਰ ਵਰਗਾ ਜਨੂੰਨ ਕਰਨਾ’-ਮੈਂ ਰੋਣ ਲੱਗ ਪਈ । ਪਰ ਮੈਂ ਇਸਦੀ ਬੀਵੀ ਹਾਂ । ਕਿਵੇਂ ਰੋਕ ਸਕਦੀ ਇਸਨੂੰ, ਅਚਾਨਕ ਆਪਣੇ ‘ਤੇ ਹੈਰਾਨੀ ਹੋਈ। ਇਸ ਰੋਣ ’ਚ ਇਕ ਆਨੰਦ ਦੀ ਤਮੰਨਾ ਜਾਗ ਗਈ ਸੀ । ਇਸ ਤੋਂ ਹੁਣ ਕੁਸ ਨਹੀਂ ਸੀ ਹੋ ਰਿਹਾ। ‘ਸੱਚ ਰੱਬਾ ਬਰਾੜਨੀ ਸੱਚਮੁੱਚ ਸਭ ਕੁਸ ਹੀ ਲੈ ਗਈ-’ ਤੇ ਮੇਰੇ ਅੰਦਰ ਖੁਸ਼ੀ ਦੀ ਇਕ ਤੀਬਰ ਲਹਿਰ ਵੀ ਉਠ ਪਈ-‘ਚੰਗਾ ਹੁਣ ਇਹ ਕਿਸੇ ਸਾਊ ਕੁੜੀ ਨਾਲ ਕੁਸ ਨਹੀਂ ਕਰ ਸਕੇਗਾ-’
ਤਕੜੇ ਸਰੀਰ ਵਾਲਾ ਮੇਰਾ ਖਸਮ, ਅਜ ਮੈਨੂੰ ਚੂਹਾ ਦਿੱਸ ਰਿਹਾ ਸੀ, ਟਪੂਸੀਆਂ ਮਾਰਦਾ। ਕਹੇ ਮੈਂ ਭਰਮ ਜਾਲ ਤੋਂ ਮੁਕਤ ਹੋਣਾ ਤੇ ਨਮੋਸ਼ੀ ’ਚ ਕਹੇ-‘ਮੈਨੂੰ ਲਗਦਾ-ਮੈਂ ਨਪੁੰਸਕ ਹੋ ਗਿਆ।’ ’ਖਬਰੇ ਇਹ ਨਪੁੰਸਕ ਕੀ ਹੁੰਦਾ’, ਮੇਰੇ ਮੂੰਹੋਂ ਨਿਕਲਿਆ।
ਸਟੋਰ ਕੀਪਰੀ ਦੀ ਨੌਕਰੀ ਤਾਂ ਚੱਲ ਹੀ ਰਹੀ ਸੀ। ਇਨ੍ਹਾਂ ਅਖਬਾਰਾਂ ਸੁੱਟਣ ਦਾ ਕੰਮ ਫੇਰ ਫੜ ਲਿਆ ਅਤੇ ਕਿਸੇ ਰਸਾਲੇ ’ਚ ਇਸ਼ਤਿਹਾਰ ਦੇਣ ਦੀ ਕਮੀਸ਼ਨ ਦਾ ਕੰਮ ਵੀ ਮਿਲ ਗਿਆ। ਇਸ ਤਰ੍ਹਾਂ ਅਖਬਾਰਾਂ ਵਾਲਿਆਂ ਨਾਲ ਦੋਸਤੀ ਵਧਦੀ ਗਈ । ਜਲੰਧਰ ਤਾਂ ਵੈਸੇ ਵੀ ਅਖਬਾਰਾਂ ਦਾ ਅੱਡਾ। ਥੋੜਾ ਸੁਖਾਲਾ ਹੋਣ ਲਈ ਇਹ ਕਈ ਕੁਸ ਦਾ ਜੁਗਾੜ ਕਰੀ ਜਾਂਦੇ ਸੀ। ਕਿਉਂ ਜੁ ਕਪੂਰਥਲੇ ਤਾਂ ਆਪਣਾ ਘਰ ਸੀ । ਜਲੰਧਰ ਇਕ ਕੋਠੜੀ ਕਿਰਾਏ ‘ਤੇ ਲਈ ਤੇ ਅੰਨ-ਪਾਣੀ ਤੁਰਨ ਲਗ ਪਿਆ। ਫੇਰ ਵੀ ਤੰੰਗੀ ਨੇ ਪਹਾੜ ਸੁੱਟ ਤੇ ਸਿਰਾਂ ’ਤੇ।
ਇਹ ਆਪਣਾ ਇਲਾਜ ਇਧਰੋਂ ਉਧਰੋਂ ਕਰਾ ਰਹੇ ਸਨ। ਕਦੇ ਹਕੀਮਾਂ ਕੋਲ ਤੇ ਕਦੇ ਬਸ ਸਟੈਂਡਾਂ ’ਤੇ ਨੀਮ-ਹਕੀਮਾਂ ਕੋਲੋਂ ਜੜੀ-ਬੂਟੀਆਂ ਲਿਆਂਦੇ । ਤੰੰਗ ਤਾਂ ਮੈਂ ਹੀ ਹੁੰਦੀ । ਕਦੇ ਕਦੇ ਖਿਝਦੀ ਕਹਿੰਦੀ ,’ਹੁਣ ਜ਼ੋਰ-ਅਜ਼ਮਾਇਸ਼ ਲਈ ਉਹ ਤੇਰੀਆਂ ਪਿਆਰ ਦੇ ਤਾਪ ਵਾਲੀਆਂ ਤੀਵੀਆਂ ਕਿਥੇ ਗਈਆਂ?’ ਇਹ ਗੁੰਮ ਸੁੰਮ ਮੈਨੂੰ ਝਾਕਦੇ ਬਸ।
ਜਾਪਿਆ ਸੀ ਬਰਾੜਨੀ ਦੇ ਜਾਣ ਤੋਂ ਬਾਅਦ ਮੈਂ ਸੁਖੀ ਹੋ ਗੀ, ਪਰ ਅਖਬਾਰਾਂ ਨਾਲ ਜੁੜਨ ਕਾਰਨ ਇਨ੍ਹਾਂ ਦੀਆਂ ਦੋਸਤੀਆਂ ਫੇਰ ਵਧਣ ਲੱਗ ਪਈਆਂ। ਇਹ ਗਿਰਗਿਟ ਹੁੰਦੇ ਗਏ , ਰੰਗ ਬਦਲਣਾ ਤਬੀਅਤ ਹੋ ਗਈ। ਆਪਣੇ ਆਪ ਨੂੰ ਵੱਡਾ ਵਿਖਾਉਣ ਅਤੇ ਵੱਡਾ ਸਮਝਣਾ ਇਨ੍ਹਾਂ ਦੇ ਵਿਵਹਾਰ ’ਚ ਆ ਗਿਆ। ਕੋਈ ਨਾ ਕੋਈ ਆਉਦੇ ਜਾਂਦੇ ਇਸ਼ਤਿਹਾਰ ਬਹਾਨੇ ਜਾਂ ਆਪਣੀ ਕੋਈ ਲਿਖਤ ਛਪਵਾਉਣ ਲਈ ਸਿਫਾਰਿਸ਼ ਬਹਾਨੇ, ਬੂਹਾ ਖੜਕਾਈ ਰੱਖਦੇ । ਵਿੱਚ ਵਿੱਚ ਕੋਈ ਦਸਦਾ ‘ਬਈ ਇਨ੍ਹਾਂ ਲੇਖ ਸੁਹਣਾ ਲਿਖਿਆ ਸੀ-’ ‘ਹੈਂਅ ਇਹ ਕਦੋਂ ਲਿਖਣ ਪੜ੍ਹਨ ਦਾ ਕੰਮ ਕਰਨ ਲਗ ਗੇ-’ ਪੁਛਣ ’ਤੇ ਕਹਿੰਦੇ-‘ਜੋ ਅਸੀਂ ਬੋਲਦੇ ਉਹੀਓ ਜ਼ਬਾਨ ਲਿਖਣੀ-। ਤੈਨੂੰ ਕੀ ਪਤਾ । ਚੁੱਪ ਰਹਿ । ਇਸਦੇ ਲਈ ਸਕੂਲ ਜਾਣ ਦੀ ਲੋੜ ਨਹੀਂ-’
ਹੁਣ ਮੈਂ ਚੁੱਪ ਕਿਵੇਂ ਰਹਾਂ । ਮੈਨੂੰ ਜਿਵੇਂ ਮੇਰੇ ਅੰਦਰ ਕੋਈ ਅੱਚਵੀ ਜਹੀ ਲਾਈ ਰੱਖਦਾ ਕਿ ਹੁਣ ਕੋਈ ਨਾ ਕੋਈ ਬਰਾੜਨੀ ਆਈ ਕਿ ਆਈ । ਹਾਏ-ਮੈਂ ਕੀ ਕਰਾਂ ! ਲੈ ਮੈਂ ਕੀ ਕਰਨਾ- ਜ਼ਿਆਦਾ ਤੋਂ ਜ਼ਿਆਦਾ ਇਹ ਸੈਰ ਸਪਾਟੇ ਕਰ ਲੈਣਗੇ- ‘ਚੁੰਮ ਚੱਟ ਲੈਣਗੇ, ਹੁਣ ਕੁਸ ਨ੍ਹੀਂ ਕਰ ਸਕਦੇ । ਕੀ ਕਹਿੰਦੇ ਸੀ ਕਿ ਮੈਂ ਨਪੁੰਸਕ ਹੋ ਗਿਆ?’ ਜਿਵੇਂ ਅੰਦਰ ਹੀ ਅੰਦਰ ਮੈਨੂੰ ਤਸੱਲੀ ਵੀ ਹੋਈ, ਫੇਰ ਵੀ ਇਸਦੇ ਠੀਕ ਹੋਣ ਦੀ ਆਸ ’ਚ, ਰਾਤੀ ਇਸ ਨਾਲ ਪਈ ਰਹਿੰਦੀ ਤੇ ਇਸਦੇ ਪਾਸਾ ਪਰਤ ਕੇ ਸੌਂ ਜਾਣ ਤੇ ਮੇਰੀ ਨੀਂਦ ਰੋਜ਼ ਹੀ ਉਡ ਜਾਂਦੀ।
ਇਸੇ ਤਰ੍ਹਾਂ ਦਸ ਵਰ੍ਹੇ ਬੀਤ ਗਏ । ਕੁੜੀਆਂ ਜਵਾਨ ਹੋ ਰਹੀਆਂ ਸਨ । ਖਰਚਾ ਇਵੇਂ ਜਿਵੇਂ ਤੁਰ ਰਿਹਾ ਸੀ ਕਿ ਇਕ ਦਿਨ ਟੈਲੀਫੋਨ ਵਾਲੇ ਟੈਲੀਫੋਨ ਲਾ ਗਏ । ਇਨ੍ਹਾਂ ਦੱਸਿਆ, ਕਵਿਤਾ ਕਹਾਣੀ ਛਪਵਾਉਣ ਲਈ ਜਿਹੜੇ ਵਿਦੇਸ਼ੋਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਨੇ, ਉਨ੍ਹਾਂ ਨੂੰ ਤੰਗੀ ਹੁੰਦੀ ਹੈ, ਤੇ ਕਿਸੇ ਤੀਵੀਂ ਨੇ ਆਪਣੇ ਖਰਚੇ ’ਤੇ ਟੈਲੀਫੋਨ ਲਾ ਤਾ-‘ਲੈ ਇਹ ਫੇਰ ਕੋਈ ਨਵੀਂ ਤੀਵੀਂ ਆ ਗੀ’ ਇਹ ਚੋਰੀ ਛਿਪੇ ਕੀ ਕਰਦਾ, ਮੈਨੂੰ ਕੋਈ ਨਾ ਕੋਈ ਤਾਂ ਦਸਦਾ ਹੀ ਰਹਿੰਦਾ, ਪਰ ਇਸ ਕਿਹਾ ਚੰਗੇ ਪੈਸੇ ਬਣਿਆ ਕਰਨਗੇ । ‘ਤੈਨੂੰ ਪੈਸਿਆਂ ਨਾਲ ਮਤਲਬ ’-ਤੇ ਮੈਨੂੰ ਝਿੜਕ ਤਾ-। ਮੇਰੀਆਂ ਕੁੜੀਆਂ ਨੂੰ ਅਤੇ ਖਸਮ ਨੂੰ ਤਾਂ ਜਿਵੇਂ ਮੌਜ ਲਗ ਗੀ । ਜੇ ਇਹ ਘਰ ਹੁੰਦੇ ਤਾਂ ਟੈਲੀਫੋਨ ਨਾਲ ਚਿੰਬੜੇ ਰਹਿੰਦੇ । ਨਹੀਂ ਤਾਂ ਕਦੇ ਛੋਟੀ ਤੇ ਕਦੇ ਵੱਡੀ ਟੈਲੀਫੋਨ ਨਾਲ ਖਹਿੰਦੀਆਂ ਰਹਿੰਦੀਆਂ ਤੇ ਸਾਊਪੁਣੇ ਦਾ ਡਰ ਮੇਰੇ ’ਤੇ ਫੇਰ ਭਾਰੂ ਹੋਣ ਲੱਗ ਪੈਂਦਾ।
ਹੁਣ ਤਾਂ ਟੈਲੀਫੋਨ ਮੇਰੀ ਸੌਂਕਣ ਸੀ । ਦਿਨ-ਰਾਤ ਕਦੀ ਕੁਸ ਨਾ ਕੁਸ ਕੰਨਾਂ ’ਚ ਪੈਂਦਾ। ਕਦੇ ਹਾਸੇ ਦੇ ਛਣਕਾਰੇ ਤੇ ਕਦੇ ਮੀਆਂ ਦੇ ਦੱਬੇ ਘੁਟੇ ਮੁਸਕਰਾਂਦੇ ਬੁੱਲ੍ਹ ਜਿਗਰ ’ਚ ਖੋਹ ਪਾਂਦੇ । ਇਕ ਵਾਰ ਤਾਂ ਮੈਂ ਇਨ੍ਹਾਂ ਤੋਂ ਫੋਨ ਖੋਹ ਕੇ ਸੁਣਨਾ ਚਾਹਿਆ,- ‘ਓ ਤੇਰੀ ਮੱਤ ਮਾਰੀ ਗਈ। ਤੈਨੂੰ ਮੈਡਮ ਬਾਰੇ ਦਸਿਆ ਸੀ ਨਾ-ਇਹ ਮੈਡਮ ਦਾ ਫੋਨ ਸੀ। ਐਂਗਰੀ ਹੋ ਗੇ ਤਾਂ ਮੁਸਕਿਲ ਹੋ ਜੁ-ਬੀ. ਏ. ਐਮ. ਏ. ਪਾਸ ਨੇ-’
‘ਅਸੀਂ ਵੀ ਬੀ. ਏ. ਐਮ. ਏ. ਹੈਗੇ ਹਾਂ-ਗੱਲ ਤਾਂ ਕਰੇ ਮੇਰੇ ਨਾਲ-’ ਹੁਣ ਇਹ ਅੰਗਰੇਜ਼ੀ ਵੀ ਬੋਲਣ ਲੱਗ ਗੇ ਤੇ ਮੈਨੂੰ ਬੇਵਕੂਫ ਕਹਿੰਦੇ ਹੋਏ ਹਸਦੇ ਰਹੇ। ਫੇਰ ਤਾਂ ਪਤਾ ਨ੍ਹੀਂ ਉਸ ਬਾਮ੍ਹਣੀ ਮੈਡਮ ਦੇ ਕਿਹੜੇ ਚੱਕਰਾਂ ’ਚ ਪੈ ਗਏ । ਕਦੇ ਗਿਫਟ ਔਂਦੇ ਤੇ ਕਦੇ ਗਿਫਟ ਜਾਂਦੇ । ਪਤਾ ਨ੍ਹੀਂ ਉਸਦੀਆਂ ਤਲੀਆਂ ਕਿਵੇਂ ਚੱਟਣ ਲੱਗ ਪਏ । ਮੈਡਮ ਨੂੰ ਵੀ ਇਸ ’ਚ ਕੀ ਮਿਲਿਆ? ਆਪਣਾ ਖਸਮ ਕਿਥੇ ਆ । ਕਹਿੰਦੇ ਉਹ ਬਾਹਰ ਕਿਤੇ ਚਲਾ ਗਿਆ। ਕਹੇ ਮੈਂ ਕਾਮਰੇਡ,ਉਹ ਕਾਮਰੇਡਾਂ ਦੀ ਬਹੁਤ ਕਦਰ ਕਰਦੀ-‘ਆਹੋ ਰੋਣਾ ਰੋਇਆ ਹੋਣਾ ਆਪਣੀ ਮਹਾਤੜੀ ਕਾਮਰੇਡੀ ਦਾ’-ਘਰ ਦੀ ਸੁਆਣੀ ਦਾ ਸੁਆਦ ਨ੍ਹੀਂ ਔਂਦਾ । ਕਿਸੇ ਨਾ ਕਿਸੇ ਦੇ ਮਗਰ ਲਗਿਆ ਰਹਿੰਦਾ । ਚੱਮ ਦੇ ਸੁਆਦ ਨੂੰ । ਸਾਰੀਆਂ ਤੀਵੀਆਂ ਤਾਂ ਨਹੀਂ ਨਾ ਬਰਾੜਣੀਆਂ ਹੁੰਦੀਆਂ । ਜਦੋਂ ਗਲੋਂ ਲਾਹੂ ਤਾਂ ਕੱਖ ਨ੍ਹੀਂ ਰਹਿਣਾ, ਪਰ ਮੇਰੀ ਕਿਥੇ ਸੁਣਦਾ, ਨਾ ਕੁੜੀਆਂ ਦੀ, ਤੇ ਕਹਿੰਦੇ ਉਸ ਮੈਡਮ ਨੂੰ ਪੰਜਾਬੀ ਸਿਖਾਉਣੀ ਹੈ ਤੇ ਲੈ ਆਇਆ ਇਕ ਵੱਡੀ ਸਾਰੀ ਕਿਤਾਬ । ਕੁੜੀ ਦੱਸਿਆ ਇਹ ਪੜ੍ਹਨ ਆਲੀ ਕਿਤਾਬ ਆ ‘ਮੇਰਾ ਦਾਗਿਸਤਾਨ’-ਕਹਿੰਦੀ ਪੜ੍ਹਾਂਗੀ-ਪਰ ਦੂਜੇ ਦਿਨ ਅੰਗੀਠੀ ਤੋਂ ਗੈਬ। ਪੁਛੋ ਭਲਾ ਪੰਜਾਬੀ ਇਥੋਂ ਸਖਾਈ ਜਾਂਦੀ।
ਹਫਤੇ ਦੇ ਹਫਤੇ ਚਿੱਟੇ ਧੌਲਿਆਂ ’ਚ ਮਹਿੰਦੀ ਲਾਉਂਦੀ ਸਾਂ ਕਿ ਪਤਾ ਨ੍ਹੀਂ ਕਿਥੋਂ ਰੰਗ ਕਰਨ ਲਗ ਪਿਆ, ਫੇਰ ਤਾਂ ਚਿੱਟੀ ਦਾੜ੍ਹੀ ਵੀ ਕਾਲੀ ਹੋ ਗੀ-ਮੈਂ ਮਰ ਜਾਂ-ਜਿਹੜੀ ਕਮੀਜ਼ ਮਹੀਨੇ ’ਚ ਇਕ ਵਾਰ ਬਦਲਦੇ ਸਨ ਹੁਣ ਤਾਂ ਪੱਗ, ਕਮੀਜ ਪੈਂਟ, ਇਥੋਂ ਤਕ ਕਿ ਰੁਮਾਲ ਵੀ ਧੋਤੇ ਜਾਣ ਲੱਗ ਪਏ।
ਮੇਰੇ ਮਨ੍ਹਾ ਕਰਨ ’ਤੇ ਆਪੇ ਥਾਪੀ ਲੈ ਪੱਗਾਂ ਨੂੰ ਕੁੱਟਣ ਡੈਅ ਪੈਂਦੇ । ਪਤਾ ਨ੍ਹੀਂ ਉਸੇ ਮੈਡਮ ਨੇ ਖ਼ੁਸ਼ਬੋ ਲਾਉਣੀ ਵੀ ਦਸ ਤੀ । ਹੁਣ ਤਾਂ ਪਸੀਨੇ ਦੇ ਮੁਸ਼ਕ ਨੇ ਆਪਣਾ ਰਾਹ ਬਦਲ ਲਿਆ ਤੇ ਬਨਾਉਟੀ ਖੁਸ਼ਬੋਆਂ ਵਿਚ ਇਨ੍ਹਾਂ ਨਾਲ ਚਿੰਬੜੀ ਹਰ ਬਦਬੋ ਛੁਪ ਗਈ। ਕਹਿੰਦੇ, ਜਦੋਂ ਮੈਡਮ ਆਉਦੀ, ਤਾਂ ਇਤਰ-ਫੁਲੇਲ ਦੀ ਖੁਸ਼ਬੋ ਚਾਰੇ ਪਾਸੇ ਫੈਲ ਜਾਂਦੀ । ਮੇਰੇ ਦੋਸਤ ਮੇਰੇ ਤੋਂ ਈਰਖਾ ਕਰਦੇ ਮੇਰੇ ਨਾਲ ਜੱਫੀਆਂ ਪਾ ਲੈਂਦੇ ਆ । ‘ਬਈ ਤੂੰ ਮੈਡਮ ਨਾਲ ਆਇਆਂ, ਜ਼ਰੂਰ ਤੇਰੇ ’ਚ ਵੀ ਮੈਡਮ ਦੀ ਖੁਸ਼ਬੋ ਹੋਣੀ-’
ਪਤਾ ਨਹੀਂ, ਪਰ ਮੈਨੂੰ ਜਾਪਣ ਲਗ ਪਿਆ ਸਾਡੇ ਘਰ ’ਚ ਕੋਈ ਵੜੀ ਆਉਂਦਂੇ, ਮੈਂ ਰੋਕ ਨਹੀਂ ਸਕਦੀ। ਗਾਰੇ ਨਾਲ ਲਿਬੜਿਆ ਰਹਿਣ ਵਾਲਾ ਮੇਰਾ ਖ਼ਸਮ, ਮੈਡਮ ਨਾਲ ਸਾਹਿਬ ਬਣ ਗਿਆ ਲਗਦਾ।
ਕੁੜੀ ਭਲੀ ਚੰਗੀ ਸਰਕਾਰੀ ਸਕੂਲ ’ਚ ਪੜ੍ਹਦੀ ਸੀ । ਆਖੇ ਮੈਡਮ ਕਹਿੰਦੀ ਚੰਗੇ ਸਕੂਲ ’ਚ ਪੜ੍ਹਾਉਣਾ ਤੇ ਮਹਿੰਗੇ ਸਕੂਲ ’ਚ ਦਾਖਲ ਕਰਵਾ ਆਈ । ਡੈਣ ਕਹੇ ਚੰਗੇ ਲੋਕਾਂ ਨਾਲ ਉਠਣਾ ਬੈਠਣਾ ਚਾਹੀਦਾ । ਹੋਰ ਤਾਂ ਹੋਰ ਵੇਖਾ ਵੇਖੀ ਮੇਰੇ ਜੇਠ ਦਾ ਮੁੰਡਾ ਵੀ ਇਨ੍ਹਾਂ ਅੰਗਰੇਜ਼ੀ ਸਕੂਲਾਂ ਦੇ ਚਸਕਿਆਂ ’ਚ ਪੱਟਿਆ ਗਿਆ ਤੇ ਇਕ ਦਿਨ ਕੇਸ ਕਟਵਾ ਕੇ ਕ੍ਰਿਕੇਟ ਵਾਲਾ ਧੋਨੀ ਬਣ ਆਇਆ।
ਮੇਰਾ ਤਾਂ ਜੀਣਾ ਹਰਾਮ ਕਰ ਤਾ। ਖ਼ਸਮ ਉਸਦੇ ਨਾਲ ਉੱਚੀਆਂ ਪਾਰਟੀਆਂ ’ਚ ਜਾਣ ਲੱਗ ਪਿਆ। ਇਕ ਦਿਨ ਮੈਂ ਵੀ ਸਿਆਪਾ ਪਾ ਲਿਆ । ਉਸੇ ਮੈਡਮ ਦੇ ਕਿਸੇ ਰਿਸ਼ਤੇਦਾਰ ਨੇ ਮੇਵਿਆਂ ਨਾਲ ਭਰਿਆ ਪੰਜੀਰੀ ਦਾ ਵੱਡਾ ਡੱਬਾ ਦੇ ਕੇ ਵਿਆਹ ’ਚ ਸੱਦਿਆ । ਕੀ ਮੇਰਾ ਜੀਅ ਨਹੀਂ ਸੀ ਕਰਦਾ-ਵੇਖਾਂ-ਅਮੀਰਾਂ ਦੀਆਂ ਪਾਰਟੀਆਂ ਕਿਹੋ ਜਿਹੀਆਂ ਹੁੰਦੀਆਂ । ਅਖੇ-ਮੈਂ ਤੈਨੂੰ ਨਈਂ ਲੈ ਜਾਣਾ । ਉਹ ਉੱਚੇ ਲੋਕ ਨੇ-ਤੇ ਮੈਂ ਵੀ ਜੋ ਚੀਖ ਚਿਹਾੜਾ ਪਾਈ ਰੱਖਿਆ ਕਿ ਇਹ ਗਿਆ ਈ ਨਾ । ਅੰਦਰੋਂ ਮੈਂ ਬੜੀ ਖੁਸ਼ ਹੋਈ। ਆਇਆ ਵੱਡਾ ਉਨ੍ਹਾਂ ਲੋਕਾਂ ਦੀ ਬਰਾਬਰੀ ਕਰਨ ਆਲਾ! ਆਪਣੀ ਔਕਾਤ ’ਚ ਤਾਂ ਰਹਿਣਾ ਹੀ ਚਾਹੀਦਾ , ਹੈ ਕਿ ਨਹੀਂ?
ਕੁੜੀਆਂ ਦੇ ਬੜੇ ਸਿਆਪੇ । ਜਾਨ ਤਲੀ ’ਤੇ ਰਹਿੰਦੀ। ਵੱਡੀ ਕੁੜੀ ਦਾ ਸਾਕ ਨਹੀਂ ਸੀ ਹੋ ਰਿਹਾ । ਮੈਡਮ ਆਪਣੇ ਨਾਲ ਮੇਰੇ ਮੁਸ਼ਟੰਡੇ ਖਸਮ ਅਤੇ ਦੋਹਾਂ ਕੁੜੀਆਂ ਨੂੰ ਕਿਸੇ ਦੇਵੀ ਮੰਦਿਰ ਲੈ ਹਵਨ ਕਰਵਾ ਕੇ ਆਈ । ਗੱਲ ਤਾਂ ਪਹਿਲਾਂ ਹੀ ਚਲ ਰਹੀ ਸੀ ਪਰ ਮਹੀਨਾ ਹੁੰਦੇ ਨਾ ਹੁੰਦੇ ਕੁੜੀ ਦਾ ਵਿਆਹ ਪੱਕਾ ਹੋ ਗਿਆ। ਮੇਰਾ ਖਸਮ ਮੇਰੇ ਵਲ ਇਉਂ ਵੇਖੇ ਜਿਵੇਂ ਕਿਸੇ ਲੰਮੀ ਦੌੜ ’ਚੋਂ ਪਹਿਲੇ ਨੰਬਰ ’ਤੇ ਆਇਆ ਹੋਵੇ।
ਇਹ ਮੈਡਮ ਮੇਰੇ ਖਸਮ ਦੇ ਮਗਰ ਹੀ ਕਿਉਂ ਪਈ ਆ? ਖ਼ਸਮ ਕਹਿੰਦਾ-ਸਮਾਜ ਸੇਵਿਕਾ ਵਾਂਗ ਕੰਮ ਕਰਦੀ ਰਹਿੰਦੀ ਮੈਡਮ । ਹਾਰ ਕੇ ਜਦੋਂ ਮੇਰਾ ਮਤਲਬ ਹੁੰਦਾ ਮੈਂ ਵੀ ਚੁੱਪ ਵੱਟ ਲੈਂਦੀ ਸਾਂ। ਉਦੋਂ ਤਾਂ ਸਮਝੌਤਾ ਵੀ ਕਰ ਲਿਆ ਜਦੋਂ ਮੇਰੇ ਜੁਆਈ ਦਾ ਐਕਸੀਡੈਂਟ ਹੋ ਗਿਆ। ਉਹ ਸਿਵਲ ਹਸਪਤਾਲ ’ਚ ਬੇਹੋਸ਼ ਪਿਆ ਸੀ। ਰਾਤੀਂ ਬਾਰਾਂ ਵਜੇ ਮੈਡਮ ਹੀ ਕੰਮ ਆਈ। ਮੈਂ ਦੋ ਰਜਾਈਆਂ-ਕੱਪੜੇ ਲੀੜੇ ਫੜੀ ਪਿਛਲੀ ਸੀਟ ’ਤੇ ਸਾਮਾਨ ਨਾਲ ਹੀ ਬੈਠ ਗੀ । ਮੈਡਮ ਨੇ ਦੋ ਕੁ ਵਾਰ ਮੈਨੂੰ ਵੇਖਿਆ ਕਿ ਸ਼ੈਦ ਮੈਂ ਅਗਲੀ ਸੀਟ ‘ਤੇ ਬੈਠਾਂ ਤੇ ਉਹ ਹੱਸ ਪਈ। ਉਸ ਨਾਲ ਅਗਲੀ ਸੀਟ ‘ਤੇ ਬੈਠਣ ਲਈ ਮੇਰਾ ਜਿਗਰਾ ਨਾ ਹੋਇਆ। ਮੈਥੋਂ ਤਾਂ ਧੰਨਵਾਦ ਵੀ ਨਹੀਂ ਕਹਿ ਹੋਇਆ-ਖ਼ਸਮ ਅੱਗੇ ਖੜ੍ਹਾ ਡੁੱਲ-ਡੁੱਲ ਜੁ ਪਿਆ ਸੀ।
ਹੌਲੀ ਹੌਲੀ ਮੈਡਮ ਨਾਲ ਹਰ ਪੱਖੋਂ ਸਲਾਹ ਲੈਂਦਾ । ਕਹੇ ਪੜ੍ਹੀ ਲਿਖੀ ਤੇ ਰਸੂਖ ਆਲੀ ਆ । ਸਾਡਾ ਈ ਕੰਮ ਸਰਦਾ-। ਐਡੇ ਤਕੜੇ ਜਿਸਮ ਦਾ ਮਾਲਿਕ ਮੇਰਾ ਮਰਦ-ਅੰਦਰੋਂ ਚੂਹਾ-ਕਿਸੇ ਨਾਲ ਗੱਲ ਨਈਂ ਸੀ ਕਰ ਸਕਦਾ । ਖਾਸ ਕਰ ਪੜ੍ਹਿਆਂ ਲਿਖਿਆਂ ਤੋਂ ਯਰਕਦਾ ਤੇ ਮੱਲੋ ਮੱਲੀ ਪੁੱਠੀ ਸਿੱਧੀ ਅੰਗਰੇਜ਼ੀ ਬੋਲਦਾ ਹਕਲਾ ਜਾਂਦਾ ਤੇ ਕਹੇ ਉਹ ਮੈਡਮ ਦਗੜ ਦਗੜ ਕਿਸੇ ਨਾਲ ਵੀ ਪੰਗਾ ਲੈ ਲੈਂਦੀ ਐ, ਤੇ ਜਵਾਬ ਤਲਬ ਕਰਦੀ ਆ । ਹੋਰ ਤਾਂ ਹੋਰ ਕਹੇ-ਮੈਂ ਤੇ ਉਸਦੇ ਮੂਹਰੇ ਬਿਲਕੁਲ ਬੌਣਾ ਹਾਂ । ਪੰਜ ਫੁੱਟੀ ਸਾਹਮਣੇ ਮੈਂ ਉਸਦੇ ਬਰਾਬਰ ਦਾ ਵੀ ਨਹੀਂ। ਮੈਂ ਸੋਚਦੀ ਇਸ ਮੈਡਮ ਨੂੰ ਮੇਰੇ ਖਸਮ ਤੋਂ ਕੀ ਮਿਲਦਾ । ਕੀ ਹਮਬਿਸਤਰੀ ਵੀ…? ਉਸ ਰਾਤ ਮੇਰੇ ਰੌਂਗਟੇ ਖੜੇ ਹੋ ਗਏ ਸਨ । ਇਹ ਨਸ਼ੇ ’ਚ ਮੇਰੇ ਨਾਲ ਜੋLਰ ਜ਼ਬਰਦਸਤੀ ‘ਤੇ ਆ ਗੇ, ਤੇ ਜਦੋਂ ਲਹੂ ’ਚ ਗਰਮੀ ਨਾ ਆਈ ਤਾਂ ਉੱਚੀ ਉੱਚੀ ਰੋਣ ਲੱਗ ਪਏ । ਮੈਨੂੰ ਧੂਅ-ਧੂਅ ਪਰ੍ਹਾਂ ਸੁਟਣ । ਮੈਂ ਰੋਣ ਹਾਕੀ ਹੋ ਗਈ । ਘੰਟਾ ਕੁ ਬਾਅਦ ਸ਼ਾਂਤ ਹੋ ਬੁੜਬੁੜਾਈ ਗਏ । ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ । ਬੇਹੋਸ਼ੀ ’ਚ ਜ਼ਾਹਿਰ ਕਰ ਤਾ, ਮੈਡਮ ਨੇ ਜੋLਰ ਜਬਰ ਕਰਨ ‘ਤੇ ਥੱਪੜਾਂ ਨਾਲ ਭੰਨਿਆ ਸੀ ਤੇ ਇਹ ਕੁੱਟ ਖਾਈ ਗਏ। ਭਦਲੇ ‘ਚ ਨਈਂ ਸੀ ਕੁੱਟ ਸਕੇ। ਮੇਰੀ ਤਾਂ ਅਗਾਂਹ ਸੋਚ ਹੀ ਨਹੀਂ ਉਭਰਦੀ ਜਦੋਂ ਖਸਮ ਨਾਲ ਹਰ ਰਾਤ ਦੇ ਚਲਿੱਤਰ ਫਿਲਮ ਦੀ ਰੀਲ ਵਾਂਗ ਮੂਹਰੋਂ ਲੰਘ ਜਾਂਦੇ। ਰਾਤ ਰਾਤ ਉਠਕੇ ਬੈਠ ਜਾਂਦੇ ਤੇ ਬੁੜਬੁੜਾਂਦੇ- ‘ਮੈਡਮ ਕਹਿੰਦੀ ਆ,-ਆਪਣੀ ਹੱਦ ’ਚ ਰਹਿ ਅਗਾਂਹ ਨ੍ਹੀਂ…..’
ਇਕ ਦਿਨ ਤਾਂ ਹੱਦ ਹੀ ਹੋ ਗੀ-ਫੋਨ ’ਤੇ ਉਹ ਛੋਟੀ ਕੁੜੀ ਬਾਰੇ ਦੱਸ ਕੇ ਆਪਣਾ ਜੀਅ ਹਲਕਾ ਕਰ ਕਹਿ ਰਿਹਾ ਸੀ-‘ਮੈਂ ਕੀ ਕਰਾਂ-ਕੁੜੀ ਦੇ ਪੇਟ ’ਚ ਦਰਦ ਹੋਈ ਜਦੋਂ ਹਾਸਪੀਟਲ ਲੈ ਗਏ ਤਾਂ ਪਤਾ ਲੱਗਣ ਤੇ ਉਹਦੇ ਸਹੁਰਿਆਂ ਸਾਲਿLਆਂ ਨੇ ਕੁੜਮਾਈ ਤੋੜਤੀ-ਐਵੇਂ ਪਤਾ ਨ੍ਹੀਂ ਕੀ ਸ਼ੱਕ ਕਰਦੇ…..’
ਹਾਏ ਮੈਂ ਮਰ ਜਾਂ! ਆਪਣੀ ਕੁੜੀ ਨੂੰ ਹੀ ਬਦਨਾਮ ਕਰੀ ਜਾਂਦਾ । ਉਸ ਤੋਂ ਸਲਾਹਾਂ ਲਈ ਜਾਂਦਾ ਇਹ। ਫੋਨ ਨੇ ਤਾਂ ਪੱਟ ਤਾ ਮੇਰੀ ਕੁੜੀ ਨੂੰ । ਪਤਾ ਨ੍ਹੀਂ ਕੀ ਗਿਟ ਮਿਟ ਕਰਦੀ ਛੋਟੀ। ਇਹੀਓ ਫੜ ਕੇ ਲਿਆਇਆ- ‘ਅਸੀਂ ਨਈਂ ਦੁੂਜੀ ਬਰਾਦਰੀ ’ਚ ਵਿਆਹ ਕਰਨਾ ਘਰ ਬੈਠ’ । ਕੁੜੀ ਐਨ ਢੀਠ ,ਕੁਸ ਨੀ ਕੁਸਕੀ । ਬਸ ਬਿਟ-ਬਿਟ ਰੂਕਦੀ ਰਹੀ ਤੇ ਖਾਣਾ ਪੀਣਾ ਹਰਾਮ । ਕਹੇ ‘ਘਰ ਕੀ ਹੁੰਦਾ ਮੈਨੂੰ ਵੀ ਸਭ ਪਤਾ । ਮੈਂ ਬਰਾਦਰੀ ਬਰੂਦਰੀ ਕੁਸ ਨ੍ਹੀਂ ਜਾਣਦੀ-’
ਮੇਰੀ ਤਾਂ ਜੂਨ ਹੀ ਨਹੀਂ ਸੁਧਰਨੀ । ਜੇ ਘਰ ਦਾ ਬੰਦਾ ਇਧਰ ਉਧਰ ਮੂੰਹ ਮਾਰੇ ਤਾਂ ਘਰ ਦੇ ਕੀ ਕਰਨ । ਮੇਰੀ ਵੱਡੀ ਬੇਟੀ ਨੂੰ ਇਕ ਦਿਨ ਗੁੱਸਾ ਆਇਆ । ਮੈਡਮ ਜਵਾਬ ਦਿੰਦੀ-‘ਵੇਖ ਕੁੜੇ-ਆਪਣੀ ਮਾਂ ਨੂੰ ਕਹਿ, ਤੇਰੇ ਪਿਉ ਨੂੰ ਸੰਭਾਲ ਕੇ ਰੱਖੇ । ਸਾਂਡ ਨੂੰ ਖੁੱਲ੍ਹਾ ਛਡਿਆ, ਮੈਂ ਸਿਰਫ਼ ਘਾਹ ਪਾਈ ਆ ਕਸਤੂਰੀ ਨੂੰ ਕਿਉਂ ਫੜਦੈ-’ ਰਾਤੀ ਅੱਡ ਜੂਤ ਪਤਾਨ ਹੋਇਆ। ਮੈਂ ਜਿੰਨਾ ਲੜ ਲੜ ਪੈਂਦੀ, ਉਨਾ ਹੀ ਇਹ ਖਮੋਸ਼ ਮੀਸਨੇ ਬਣ ਕੱਲੇ ਹੀ ਮੁਸਕਰਾਂਦੇ ਤੇ ਨੀਵਾਂ ਨੀਵਾਂ ਹੱਸਦੇ ਰਹਿੰਦੇ ਤੇ ਮੇਰਾ ਮੱਥਾ ਤਾਂ ਉਸੇ ਵੇਲੇ ਠਣਕਣ ਲੱਗ ਪੈਂਦਾ, ਜਿਵੇਂ ਕੋਈ ਨ੍ਹੇਰੀ ਆਉਣ ਆਲੀ ਹੈ। ਫੇਰ ਪਤਾ ਨ੍ਹੀਂ ਕੀ ਹੋਇਆ ਮੈਨੂੰ ਅਹਿਸਾਸ ਹੋਣ ਲੱਗਾ ਕਿ ਹੌਲੀ ਹੌਲੀ ਇਨ੍ਹਾਂ ਦਾ ਵਿਵਹਾਰ ਬਦਲ ਰਿਹਾ ਹੈ। ਗੱਲ ਗੱਲ ‘ਤੇ ਲੜਨ ਲਗ ਪੈਂਦਾ। ਬਦਲਾ ਲੈਣ ਦੀ ਭਾਵਨਾ ਉਭਰ ਰਹੀ ਸੀ। ਤੇ ‘ਨ੍ਹੇਰੀ ਆਵੇ ਕਿਵੇਂ ਨਾ-ਜਦੋਂ ਵੀ ਕੋਈ ਪੁੱਛੇ-‘ਹਾਂ ਬਈ ਫੇਰ ਮੈਡਮ ਨਾਲ ਕਿੱਦਾਂ?’ ਇਹ ਵਧਾ ਚੜ੍ਹਾ ਕੇ ਦੱਸਣ-ਜਦੋਂ ਮੈਂ ਨਜ਼ਰਾਂ ਚੁੱਕ ਕੇ ਇਸ ਵੱਲ ਵੇਖਾਂ ਤਾਂ ਕਹੇ ,’ਰਹਿਣ ਦੇ ਬੰਦਿਆਂ ਨੂੰ ਐਵੇਂ ਹੀ ਭਰਮਾਈ ਰੱਖੀਦਾ । ਆਪਾਂ ਨੂੰ ਕੀ । ਸਾਡਾ ਕੰਮ ਹੋਈ ਜਾਂਦਾ । ਵੇਖ ਦੂਜੇ ਸਾਥੀ ਕਿਵੇਂ ਈਰਖਾ ਕਰਦੇ । ‘ਲੈ ਕਾਕਾ ਤੇਰੇ ’ਚ ਕੋਈ ਗੁਣ ਹੋਣਾ ਜੋ ਬਾਮ੍ਹਣੀ ਮੈਡਮ ਅਰਗੀ ਤੇਰੇ ਨਾਲ ਫਿਰਦੀ-’ ਮੇਰੇ ਅੰਦਰ ਤਰਥਲੀ ਮੱਚ ਜਾਂਦੀ ਤੇ ਮੈਂ ਦੋਹੇਂ ਹੱਥਾਂ ਨਾਲ ਇਸ ਆਉਣ ਵਾਲੇ ਝੱਖੜ ਨੂੰ ਠੱਲ੍ਹਣ ਲਈ ਤਿਆਰ ਹੋ ਪੈਂਦੀ- ਤੇ ਦੋ ਚਾਰ ਦਿਨਾਂ ਤੋਂ ਮੈਂ ਇਨ੍ਹਾਂ ’ਚ ਤਬਦੀਲੀ ਵੇਖ ਰਹੀ ਸਾਂ। ਇਨ੍ਹਾਂ ਦੇ ਵਿਵਹਾਰ ’ਚ ਕੜਵਾਹਟ ਤੇ ਈਰਖਾ-ਮੈਡਮ ਨੂੰ ਇਹ ਸਬਕ ਸਿਖਾਉਣਾ ਤੇ ਉਹ ਸਬਕ ਸਿਖਾਉਣ ਦੀਆਂ ਸਾਜ਼ਿਸ਼ਾਂ ਕਰਦਾ ਫਿਰੇ । ਉਸਨੂੰ ਬਦਨਾਮ ਕਰ ਦਵਾਂਗਾ । ਮੇਰੇ ਪੁੱਛਣ ਤੇ ਜਵਾਬ ਨਾ ਦੇਵੇ ‘ਤੇ ਇਸ ਸਾਜ਼ਿਸ਼ ’ਚ ਕੀਤਾ ਕੀ? ਕਿਸੇ ਤੋਂ ਇਕ ਪੇਂਟਿੰਗ ਬਣਵਾਈ । ਵਿਚ ਅਲਫ ਨੰਗੇ ਮਰਦ ਨੂੰ ਤੀਵੀਂ ਦੇ ਅਧਨੰਗੇ ਧੜ ਤੋਂ ਦੁੱਪਟਾ ਖਿੱਚਦਾ ਵਿਖਾਇਆ ਗਿਆ ਸੀ । ਖ਼ਸਮ ਦੀਆਂ ਅੱਖਾਂ ’ਚ ਸ਼ੈਤਾਨੀ ਚਮਕ ਵੇਖ ਚੁੱਕੀ ਸਾਂ- । ਪੁੱਛਿਆ ਇਹ ਕੀ? ਤਾਂ ਕਹੇ ‘ਇਹ ਮਰਦ ਤੇ ਔਰਤ ਦੇ ਰਿਸ਼ਤੇ ਦਾ ਕੋਲਾਜ ਹੈ।’
ਕਿਹੋ ਜਿਹਾ ਕੋਲਾਜ ? ਬੰਦਾ ਔਰਤ ਨੂੰ ਬੇਪਰਦਾ ਕਰਦਾ ਕਰਦਾ ਆਪ ਹੀ ਨੰਗਾ ਖੜ੍ਹਾ ਹੋ ਗਿਆ । ਮੇਰੀ ਤਾਂ ਕੁੜੀਆਂ ਨੇ ਗੁੱਸਾ ਕੀਤਾ, ਪਰ ਉਸ ’ਤੇ ਕੋਈ ਅਸਰ ਨਹੀਂ। ਉਹ ਤਾਂ ਅੰਨ੍ਹਾ ਹੋ ਗਿਆ ਸੀ । ਮੈਂ ਪੇਂਟਿੰਗ ਨੂੰ ਕੱਪੜੇ ਨਾਲ ਢਕ ਤਾ, ਤਾਂ ਬਿਫ਼ਰਦਾ ਫਿਰੇ- ‘ਆਰਟ ਦੀ ਕਦਰ ਨਹੀਂ ਅਨਪੜ੍ਹਾਂ ਜਾਹਿਲਾਂ ਨੂੰ-’ ਤੇ ਬੁੜਬੁੜ ਕਰਨੋਂ ਨ੍ਹੀਂ ਹਟੇ ਤੇ ਮੇਰੇ ਅੰਦਰ ਛੁਪਿਆ ਹੋਇਆ ਉਸ ਬਰਾੜਨੀ ਦਾ ਤਾਪ ਖੁLਸ਼ੀ ਲੈ ਕੇ ਆਉਂਦਾ । ਚਲ ਇਹ ਮੈਡਮ ਦਾ ਵੀ ਤਾਪ ਲੱਥਿਆ ਕੇ ਲੱਥਿਆ। ਇਹ ਤਾਪ ਝੱਖੜ ਲੈ ਕਿ ਆਊਗਾ-ਪਤਾ ਈ ਸੀ।
’ਤੇ ਨ੍ਹੇਰੀ ਝੱਖੜ ਦੋਹੇ ਕੱਠੇ ਹੋ ਗੇ।
ਇਕ ਦਿਨ ਇਹ ਫੋਨ ‘ਤੇ ਲਾਲ ਪੀਲੇ ਹੋ ਰਹੇ ਸਨ-‘ਥੋਨੂੰ ਨ੍ਹੀਂ ਪਤਾ ਉਹ ਕਿਹੋ ਜਿਹਾ ਬੰਦਾ । ਤੁਸੀਂ ਉਸਦੇ ਨਾਲ ਗੱਲਾਂ ਕਰ ਰਹੇ ਸਉ। ਫਲਾਂ ਨਾਲ ਹੱਸ ਰਹੇ ਸਉ । ਉਸਦੇ ਘਰ ਹੀ ਚਲੇ ਗਏ-’ -ਮੈਨੂੰ ਐਨੀ ਖੁਸ਼ੀ ਚੜ੍ਹੀ ਕਿ ਦਸ ਨ੍ਹੀਂ ਸਕਦੀ । ਇਹ ਈਰਖਾਲੂ ਨੇ । ਪਤਾ ਹੀ ਸੀ, ਜਦੋਂ ਮੈਡਮ ਨੇ ਕਿਸੇ ਹੋਰ ਨਾਲ ਗੱਲਾਂ ਵੀ ਕੀਤੀਆਂ ਤਾਂ ਇਹ ਚੂਹਾ ਮਰਦ ਆਪਣੀ ਜਾਤ ‘ਤੇ ਆਜੂਗਾ, ‘ਤੇ ਲੜ ਪਊ-
ਉਹੀਓ ਹੋਇਆ । ਇਹ ਤੀਵੀਆਂ ਦੇ ਮਗਰ ਮਗਰ ਰਹਿੰਦੇ । ਕਾਰਾਂ ’ਚ ਘੁੰਮਦੇ ਤੇ ਮੈਂ ਵੀ ਘੱਟ ਨਈਂ ਸੀ ਕਰਦੀ। ਜਿਥੇ ਦੋ ਫਰਲਾਂਗ ਵੀ ਤੁਰਨਾ ਹੁੰਦਾ ਮੈਂ ਰਿਕਸ਼ਾ ਕਰ ਲੈਂਦੀ। ਇਹ ਮੈਨੂੰ ਕਾਰਾਂ ’ਚ ਘੁੰਮਦੇ ਜਦੋਂ ਨਜ਼ਰ ਆਉਂਦੇ ਤਾਂ ਤੜਪ ਕੇ ਰਹਿ ਜਾਂਦੀ ਅਤੇ ਘੁੰਮਣ ਘੇਰੀਆਂ ’ਚ ਹੀ ਪਈ ਰਹਿੰਦੀ। ਇਹ ਮੈਡਮ ਤੇ ਇਨ੍ਹਾਂ ਦਾ ਕੀ ਸਾਥ? -ਸਾਥ ਤਾਂ ਆਪਣੇ ਬਰਾਬਰ ਆਲਿਆਂ ਨਾਲ ਹੁੰਦਾ । ਤਿੜਕੂਗਾ ਸ਼ੀਸ਼ਾ ਕਦੇ, ਮੈਂ ਆਪਣੇ ਮਨ ਨੂੰ ਤਸੱਲੀ ਦਿੰਦੀ, ‘ਮਨਾਂ ਵੇਖੀ ਜਾ’……
ਇਕ ਰਾਤ ਇਨ੍ਹਾਂ ਨਸ਼ੇ ’ਚ ਮੈਨੂੰ ਦਬੋਚ ਲਿਆ । ਮੈਂ ਤਾਂ ਕਈ ਰਾਤਾਂ ਤੋਂ ਤਰਸ ਰਹੀ ਸਾਂ । ਇਕ ਵਾਰ ਤਾਂ ਮੈਂ ਮੈਡਮ ਨੂੰ ਫੋਨ ‘ਤੇ ਹੀ ਕਹਿ ਬੈਠੀ ਕਿ ‘ਇਹ ਹੁਣ ਮੈਨੂੰ ਹੱਥ ਈ ਨਹੀਂ ਲਾਉਂਦੇ’-ਇਸ ਬਿਮਾਰੀ ਦਾ ਪਤਾ ਹੁੰਦੇ ਹੋਏ ਵੀ ਮੈਡਮ ਨੂੰ ਕਿਹਾ-‘ਇਹ ਮੇਰੇ ਨਾਲ ਹੁਣ ਸੌਂਦੇ ਹੀ ਨਹੀਂ-’ ਮੈਡਮ ਅੱਗੋਂ ਹੱਸੀ ਜਾਏ । ਮੈਂ ਜਾਣਨਾ ਚਾਹੁੰਦੀ ਸਾਂ ਸ਼ਾਇਦ ਮੈਡਮ ਦੀ ਸੰਗਤ ’ਚ ਇੰਨ੍ਹਾਂ ਦੀ ਬੀਮਾਰੀ ਠੀਕ ਹੋ ਗੀ ਹੋਵੇ । ਜਦੋਂ ਵੀ ਇਨ੍ਹਾਂ ਮੈਨੂੰ ਹੱਥ ਲਾਇਆ ਮੈਂ ਮਰਿਆਂ ਵਾਂਗ ਆਪੇ ਪਈ ਰਹਾਂ ਤਾਂ ਇਹ ਆਪ ਹੀ ਭੜਕ ਪੈਣ-‘ਸਾਰੀਆਂ ਤੀਵੀਆਂ ਸਾਲੀਆਂ ਇਕੋ ਜਿਹੀਆਂ । ਸਾਲੀ ਮੈਡਮ ਕਹੇ ਮੈਨੂੰ ਪਿਆਰ ਵਿਆਰ ਕੁਸ਼ ਨ੍ਹੀਂ । ਤੂੰ ਕਸਤੂਰੀ ਮਗਰ ਕਾਹਨੂੰ ਭੱਜਦਾ-ਕੀ ਮੈਂ ਹੁਣ ਤੱਕ ਘਾਹ ਖਾਂਦਾ ਰਿਹਾ?’
‘ਤੂੰ ਵੀ ਖਾਣ ਪੀਣ ਦੀ ਤੀਵੀਂ ਐਂ । ਤੰਗੀ ਭਾਵੇਂ ਹੋਜੇ-ਪਰ ਪਾਉਡਰ ਸੁਰਖੀ ਨਾ ਰਹਿ ਜੇ ਤੇ ਜੇ ਮੈਂ ਤੈਨੂੰ ਕੁਸ ਨਾ ਦਵਾਂ-ਤੈਂ ਮੇਰੇ ‘ਤੇ ਡਾਂਗ ਕੱਢਣ ਨੂੰ ਪੈਂਦੀ । ਲੈ ਮੈਡਮ ਤਾਂ ਹੁਣ ਗਈ । ਵੇਖ ਉਸਨੂੰ ਬਦਨਾਮ ਨਾ ਕਰ ਤਾ, ਤਾਂ ਮੇਰਾ ਨਾਂ ਵੀ……’
ਤੇ ਦਸ ਵਰ੍ਹੇ ਪਹਿਲਾਂ ਇਨ੍ਹਾਂ ਬਰਾੜਨੀ ਦਾ ਗੁੱਸਾ ਮੇਰੇ ’ਤੇ ਕੱਢਿਆ ਸੀ, ਹੁਣ ਮੈਡਮ ਦਾ ਗੁੱਸਾ ਵੀ ਮੇਰੇ ’ਤੇ ਕੱਢਣਾ ਚਾਹਿਆ। ਉਦੋਂ ਹੀ ਮੇਰੇ ਧੁਰ ਅੰਦਰੋਂ ਗੁੱਸੇ ਤੇ ਨਫ਼ਰਤ ਦੀ ਲੀਕ ਉਸਦੇ ਚੱਕੇ ਹੋਏ ਹੱਥ ਦੇ ਨਾਲ ਨਾਲ ਹੀ ਚੱਕੀ ਗਈ । ਉਸਦਾ ਚੱਕਿਆ ਹੋਇਆ ਹੱਥ ਮੈਂ ਹਵਾ ’ਚ ਹੀ ਰੋਕ ਲਿਆ ਤੇ ਬਟਰ ਬਟਰ ਮੇਰੀਆਂ ਅੱਖਾਂ ਉਸ ਪਹਿਲਵਾਨ-ਬੌਣੇ ਨੂੰ ਵੇਖ ਰਹੀਆਂ ਸਨ। ਉਹ ਸ਼ੇਰ ਦੀ ਦਹਾੜ ਚ ਚੂਹੇ ਵਾਂਗ ਟਪੂਸੀਆਂ ਮਾਰ ਰਿਹਾ ਸੀ।

ਨਿਰਮਲ ਜਸਵਾਲ
ਨਿਰਮਲ ਜਸਵਾਲ ਦਾ ਨਾਮ ਨਵੀਂ ਪੰਜਾਬੀ ਕਹਾਣੀ ਨੂੰ ਇਕ ਖਾਸ ਕਿਸਮ ਦੀ ਦ੍ਰਿਸ਼ਟੀ ਪ੍ਰਦਾਨ ਕਰਨ ਵਾਲਿਆਂ ਵਿੱਚ ਉਭਰ ਆਇਆ ਹੈ। ਮਰਦ-ਔਰਤ ਸੰਬਧਾਂ ਦੇ ਹਰ ਪੱਖ ਨੂੰ ਪੇਸ਼ ਕਰਦਿਆਂ ਉਹ ਕਿਧਰੇ ਡੋਲਦੀ-ਥਿੜਕਦੀ ਨਜ਼ਰ ਨਹੀਂ ਆਉਂਦੀ। ਬਦਲਦਾ ਸਮਾਜ ਉਸਦੀ ਕਹਾਣੀਆਂ ਦੀ ਮੂਲ ਪ੍ਰਵਿਰਤੀ ਹੈ। ‘ਚੁੱਪ ਜਿਹੀ ਕੁੜੀ’ ਅਤੇ ‘ਮੱਛੀਆਂ ਕੱਚ ਦੀਆਂ’ ਉਹਦੇ ਦੋ ਚਰਚਿਤ ਕਹਾਣੀ ਸੰਗ੍ਰਹਿ ਹਨ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!