ਚੀਕ – ਗੁਰਮੀਤ ਕੜਿਆਲਵੀ

Date:

Share post:

ਇੱਕ ਨਹੀਂ ਅਨੇਕ ਵਾਰ ਸੋਚਿਆ ਹੈ ਕਿ ਇਸ ਖੜੂਸ ਟੱਬਰ ਕੋਲ ਦੀਦੀ ਅਤੇ ਭਾਅ ਜੀ ਸਬੰਧੀ ਕੋਈ ਗੱਲ ਨਹੀਂ ਕਰਨੀ ਪਰ ਫਿਰ ਵੀ ਕੋਈ ਨਾ ਕੋਈ ਗੱਲ ਸੁਭਾਵਕ ਹੋ ਹੀ ਜਾਂਦੀ ਹੈ। ਅੱਜ ਵੀ ਸੁਤੇ-ਸਿੱਧ ਮੈਂ ਭਾਅ ਜੀ ਕੁਲਵੰਤ ਦੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਕਾਲਜ ਲੈਕਚਰਾਰ ਚੁਣੇ ਜਾਣ ਦੀ ਖ਼ਬਰ ਦੱਸੀ ਸੀ। ਦਰਅਸਲ ਜਦੋਂ ਦਾ ਭਾਅ ਜੀ ਦੀ ਸਿਲੈਕਸ਼ਨ ਸਬੰਧੀ ਦੀਦੀ ਦਾ ਫੋਨ ਆਇਆ ਸੀ, ਮੈਂ ਅੰਦਰੋਂ-ਬਾਹਰੋਂ ਖ਼ੁਸ਼ੀ ਨਾਲ਼ ਸਰੋਬਾਰ ਹੋ ਗਈ ਸੀ। ਮੈਂ ਛੇਤੀ ਤੋਂ ਛੇਤੀ ਇਹ ਖ਼ੁਸ਼ੀ ਦੀ ਖ਼ਬਰ ਜਿਵੇਂ ਸਾਰੇ ਪੰਜਾਬ ਨੂੰ ਦੱਸ ਦੇਣਾ ਚਾਹੁੰਦੀ ਸਾਂ। ਇਸੇ ਚਾਅ ਨਾਲ਼ ਹੀ ਮੈਂ ਇਹ ਖ਼ਬਰ ਹਰਜੀਤ ਨੂੰ ਸੁਣਾਈ ਸੀ।
ਕੁਲਵੰਤ ਨੂੰ ਤਾਂ ਲੈਕਚਰਾਰੀ ਮਿਲ ਹੀ ਜਾਣੀ ਸੀ।’’ ਹਰਜੀਤ ਦੇ ਠੰਡੇ ਬੋਲਾਂ ਵਿੱਚ ਜਾਨ ਹੀ ਨਹੀਂ ਸੀ।
ਆਹੋ ਭਾਈ ਇਹਨਾਂ ਲੋਕਾਂ ਨੂੰ ਤਾਂ ਮਿਲ ਈ ਜਾਂਦੀਆਂ ਸਰਕਾਰੀ ਨੌਕਰੀਆਂ।’’
ਗੱਲ ਕੀ ਸਰਕਾਰੀ ਨੌਕਰੀਆਂ ਤਾਂ ਰਹਿ ਈ ‘ਰੀਜ਼ਰਵ ਕੋਟੇ’ ਵਾਲਿਆਂ ਵਾਸਤੇ ਗਈਆਂ ਨੇ।’’
ਸੱਸ-ਸਹੁਰੇ ਦੇ ਬੋਲ ਮੇਰਾ ਕਲੇਜਾ ਚੀਰ ਗਏ ਸਨ। ਉਹਨਾਂ ‘ਰੀਜ਼ਰਵ ਕੋਟੇ ਆਲਿਆਂ’ ਸ਼ਬਦ ’ਤੇ ਖਾਸਾ ਜ਼ੋਰ ਪਾਇਆ ਸੀ। ਮੇਰੇ ਮੂੰਹ ਵਿੱਚ ਜਿਵੇਂ ਕਿਸੇ ਨੇ ਕੁਨੈਨ ਪਾ ਦਿੱਤੀ ਹੋਵੇ।
ਕੋਟੇ ਆਲਿਆਂ ਨੂੰ ਬਿਨਾਂ ਪੜ੍ਹਿਆਂ ਈ ਮਿਲ ਜਾਂਦੀਆਂ? ਬਿਨਾਂ ਕੋਈ ਡਿਗਰੀ ਕੀਤਿਆਂ। ਅਗਲੇ ਨੇ ਪਹਿਲੇ ਦਰਜੇ ’ਚ ਐਮ.ਏ ਕੀਤੀ ਐ…..ਐਮ.ਫਿਲ ਕੀਤੀ……ਫਿਰ ਯੂ.ਜੀ.ਸੀ ਦਾ ਨੈਟ ਕਲੀਅਰ ਕੀਤਾ। ਪੀ.ਪੀ.ਐਸ. ਸੀ ਦੇ ਟੈਸਟ ਇੰਟਰਵਿਊ ਪਾਸ ਕੀਤੇ……ਮੰਨ ਲਿਆ ਰੀਜ਼ਰਵੇਸ਼ਨ ਕਰਕੇ ਨੰਬਰਾਂ ਦੀ ਥੋੜ੍ਹੀ ਬਹੁਤ ਰੀਲੈਕਸ਼ੇਸ਼ਨ ਹੋਊ-ਪਰ ਇਹਦਾ ਇਹ ਮਤਲਬ ਨਹੀਂ ਵਈ ਸਰਕਾਰ ਨੇ ਅਨਪੜ੍ਹ ਨੂੰ ਈ ਫੜਾਤੇ ਆਰਡਰ।’’ ਮੈਂ ਤੇਜ਼ ਤੈਸ਼ ਵਿੱਚ ਆ ਗਈ ਸਾਂ। ਕਹਿਣਾ ਤਾਂ ਮੈਂ ਇਹ ਵੀ ਚਾਹੁੰਦੀ ਸੀ ਕਿ ਪਿਛਲੇ ਪੰਜਾਂ ਸਾਲਾਂ ਤੋਂ ਟੱਕਰਾਂ ਮਾਰਨ ਦੇ ਬਾਵਜੂਦ ਤੁਹਾਡੇ ਲਾਡਲੇ ਤੋਂ ਨੈਟ ਕਲੀਅਰ ਨਹੀਂ ਹੋਇਆ ਤੇ ਜੇਕਰ ਭਾਅ ਜੀ ਕੁਲਵੰਤ ਲੈਕਚਰਾਰ ਬਣ ਗਏ ਨੇ ਤਾਂ ਤੁਹਾਨੂੰ ਸਾੜਾ ਹੋ ਰਿਹਾ ਪਰ ਇਹ ਸਾਰੇ ਸ਼ਬਦ ਮੈਂ ਸੰਘ ਵਿੱਚ ਹੀ ਘੁੱਟ ਲਏ ਸਨ। ਦਰਅਸਲ ਇਹ ਮੈਂ ਵੀ ਸਮਝਦੀ ਹਾਂ ਕਿ ਇਸ ਟੱਬਰ ਨੂੰ ਹਰਜੀਤ ਦੀ ਵਾਰ-ਵਾਰ ਹੁੰਦੀ ਅਸਫ਼ਲਤਾ ਓਨਾ ਦੁਖੀ ਨਹੀਂ ਕਰਦੀ ਜਿੰਨਾ ਭਾਅ ਜੀ ਕੁਲਵੰਤ ਦੀ ਸਫ਼ਲਤਾ ਦੁਖੀ ਕਰਦੀ ਹੈ।
ਮੈਂ ਕਦੋਂ ਕਹਿਨੈ ਤੇਰੇ ਭਾਜੀ ਅਨਪੜ੍ਹ-ਢੋਰ ਨੇ….?’’ ਹਰਜੀਤ ਦੇ ਬੋਲਾਂ ਵਿੱਚ ਲੁਕਿਆ ਜ਼ਹਿਰੀ ਵਿਅੰਗ ਮੇਰੀ ਸਮਝ ਵਿੱਚ ਆਉਂਦਾ ।
ਹਾਅੋ! ਇੰਟੈਲੀਜੈਂਟ……ਤਦੇ ਤਾਂ ਨੌਕਰੀਆਂ ਅੱਗੇ-ਪਿੱਛੇ ਫਿਰਦੀਆਂ…….।’’
ਹਾਂ ਭਾਈ, ਇੰਟੈਲੀਜੈਂਟ ਕਰਕੇ ਈ ਤਾਂ ਲੱਭਿਆ ਤੇਰੀ ਭੈਣ ਨੇ।’’ ਸੱਸ-ਸਹੁਰੇ ਦੇ ਮੂੰਹੋਂ ਫਿਰ ਝੱਗ ਨਿਕਲਦੀ ਹੈ। ਮੈਂ ਤੜਫ਼ ਕੇ ਰਹਿ ਜਾਂਦੀ ਹਾਂ। ਇਸ ਟੱਬਰ ਨਾਲ਼ ਬਹਿਸ ਦਾ ਕੀ ਫ਼ਾਇਦਾ। ਕੇਵਲ ਸੜੀਆਂ-ਭੁੱਜੀਆਂ, ਦਿਲ ਸਾੜਨ ਵਾਲੀਆਂ ਗੱਲਾਂ ਹੀ ਨਿਕਲਣੀਆਂ। ਮੈਂ ਰਸੋਈ ਵਿੱਚ ਕੰਮ ’ਤੇ ਜਾ ਲੱਗਦੀ ਹਾਂ। ਸੱਸ-ਸਹੁਰਾ ਅਜੇ ਵੀ ਬੁੜ-ਬੁੜ ਕਰੀ ਜਾਂਦੇ ਨੇ। ਮੈਨੂੰ ਪਤਾ ਨਹੀਂ ਲੱਗਦਾ, ਸੱਸ-ਸਹੁਰੇ ਦਾ ਚਿਹਰਾ ਮਾਸਟਰ ਢੰਡ ਅਤੇ ਸਾਇੰਸ ਮਾਸਟਰਨੀ ਪਵਿੱਤਰ ਕੌਰ ਨਾਲ਼ ਕਦੋਂ ਰਲ਼ਗੱਡ ਹੋ ਜਾਂਦਾ ਹੈ।
ਆਹ ਜਿਹੜਾ ਸ੍ਰ. ਸੁਰਿੰਦਰ ਸਿੰਘ ਸਰੋਆ ਸਾਹਿਬ ਬਣਕੇ ਕੁਰਸੀ ’ਚ ਚੌੜਾ ਹੋਇਆ ਬੈਠਾ, ਏਹ ਰੀਜ਼ਰਵੇੲਸ਼ਨ ਕਰਕੇ ਲੱਗ ਗਿਆ, ਹੁਣ ਹੈਡਮਾਸਟਰ ਬਣਕੇ ਸਾਡੇ ’ਤੇ ਹੁਕਮ ਚਲਾਉਂਦਾ। ਇਹਨੂੰ ਕਿਸੇ ਨੇ ਦਿਹਾੜੀ ਨੀ ਸੀ ਲਿਜਾਇਆ ਕਰਨਾ। ਸੀਰੀ ਨੀ ਸੀ ਰੱਖਣਾ……ਕਮ…..ਅਜ…..ਕਮ ਮੈਂ ਤਾਂ ਨਾ ਰੱਖਦਾ।’’ ਮਾਸਟਰ ਢੰਡ ਦਾ ਤਾਂਬੇ ਵਰਗਾ ਰੰਗ ਹੋਰ ਗੂੜ੍ਹੀ ਭਾਅ ਮਾਰਨ ਲੱਗ ਜਾਂਦਾ।
ਦੋਵੇਂ ਜੀਅ ਸੱਠ ਤੋਂ ਉੱਤੇ ਕੁੱਟਦੇ ਆ…..ਪਿੰਡ ਟੁੱਟਾ ਜਿਹਾ ਘਰ ਹੁੰਦਾ ਸੀ-ਹੁਣ ਸ਼ਹਿਰ ਪਲਾਟ ਲਈ ਬੈਠੇ, ਅਖੇ ਸ਼ਹਿਰ ਕੋਠੀ ਪਾਉਣੀ ਐ, ਬੱਚਿਆਂ ਦੀ ਐਜੁੂਕੇਸ਼ਨ ਕਰਕੇ। ਕੋਠੀ ਪਾ ਕੇ ਬਾਹਰ ਨੇਮ ਪਲੇਟ ਲਾਊ, ‘ਹੈਡਮਾਸਟਰ ਸੁਰਿੰਦਰ ਸਿੰਘ ਸਰੋਆ, ਐਮ.ਏ. ਬੀ.ਐਡ……ਚਮਾਲੜੀ…..।’’ ਪਵਿੱਤਰ ਨੱਕੋਂ ਠੂੰਹੇ ਸਿੱਟਦੀ। ਵਾਰ-ਵਾਰ ਅਪਣੇ ਗਾਤਰੇ ਨੂੰ ਠੀਕ ਕਰਦੀ ਰਹਿੰਦੀ। ਮੈਨੂੰ ਉਸਦੇ ਨਾਂ ’ਤੇ ਹਾਸਾ ਆਉਂਦਾ । ਮੈਨੂੰ ਪਿੰਡ ਵਾਲੀ ਬੁੜੀ ਦਾਨੋ ਚੇਤੇ ਆ ਜਾਂਦੀ ਹੈ। ਉਹ ਕਿਹਾ ਕਰਦੀ ਸੀ ਅਖੇ ਸਾਰੇ ਜੱਗ ਦੀ ਜੂਠ ਨਾਂ ਪਵਿੱਤਰ ਸਿੰਹੁ, ਸਾਰੇ ਜੱਗ ਦਾ ਗੀਦੀ ਨਾਂ ਦਲੇਰ ਸਿੰਹੁ……ਤੇ ਉਹ ਕਿੰਨੇ ਨਾਂ ਗਿਣ ਦਿੰਦੀ ਸੀ।
ਢੰਡ ਸਾਹਿਬ, ਹੈਡ ਸਾਹਿਬ ਈ ਨਹੀਂ, ਆਪਾਂ ਸਾਰੇ ਵੀ ਰੀਜ਼ਰਵਏਸ਼ਨ ਕਰਕੇ ਈ ਲੱਗੇ ਆਂ ਨੌਕਰੀਆਂ ’ਤੇ।’ ਤੂੰ ਦੱਸ…..ਤੈਨੂੰ ਵੀ ਚੰਗੀ ਤਰ੍ਹਾਂ ਪਤਾ, ਸਿੱਖਿਆ ਮੰਤਰੀ ਅਪਣੇ ਹਲਕੇ ਦਾ ਸੀ, ਨਹੀਂ ਜਿੰਨੇ ਨੰਬਰ ਅਪਣੇ ਆ ਬੀ.ਏ. ਬੀ.ਐਡ. ’ਚੋਂ ਕਿਸੇ ਨੇ ਮਾਸਟਰ ਤਾਂ ਕੀ ਚਪੜਾਸੀ ਨੀ ਸੀ ਲਾਉਣਾ।’ ਮੇਰੀ ਖਰੀ-ਖਰੀ ਸੁਣਕੇ ਢੰਡ ਮਾਸਟਰ ਮੇਰੇ ਵੱਲ ਕਸੂਤਾ ਜਿਹਾ ਝਾਕਣ ਲੱਗਦਾ ਸੀ। ਦਰਅਸਲ ਮੈਂ ਅਤੇ ਰਜੇਸ਼ ਢੰਡ, ਪਹਿਲਾਂ ਬੀ.ਏ ਵੇਲੇ ਤੇ ਫਿਰ ਬੀ.ਐਡ ਸਮੇਂ ਜਮਾਤੀ ਰਹੇ ਹਾਂ। ਢੰਡ ਕਾਲਜ ਵੇਲੇ ਤੋਂ ਹੀ ਬੈਕ ਬੈਂਚਰ ਸੀ। ਬੀ.ਐਡ ਦਾ ਇੰਡੀਅਨ ਐਜੂਕੇਸ਼ਨ ਦਾ ਵਿਸ਼ਾ ਤਾਂ ਉਸਨੇ ਤੀਜੀ ਵਾਰੀ ਵਿੱਚ ਕਲੀਅਰ ਕੀਤਾ ਸੀ।
ਮੈਡਮ ਪਰਮੀਤ ਦੀ ਤਾਂ ਹੈਡ ਸਾਹਿਬ ਵਰਗੇ ‘ਕੋਟੇ’ ਵਾਲਿਆਂ ਨਾਲ਼ ਕੋਈ ਖ਼ਾਸੀ ਹਮਦਰਦੀ ਆ।’’ ਢੰਡ ਨੇ ਟੇਢੇ ਢੰਗ ਨਾਲ਼ ਵਿਅੰਗ ਕੀਤਾ ਸੀ। ਮੈਨੂੰ ਜਾਪਦਾ ਢੰਡ ‘ਹਮਦਰਦੀ’ ਦੀ ਥਾਵੇਂ ”ਨੇੜਲੀ ਰਿਸ਼ਤੇਦਾਰੀ’’ ਸ਼ਬਦ ਵਰਤਣਾ ਚਾਹੁੰਦਾ ਹੋਵੇ।
ਇਹਦੀ ਕੋਈ ਖ਼ਾਸ ਵਜ੍ਹਾ ਹੀ ਹੋਊ?’’ ਪਵਿੱਤਰ ਗਾਤਰਾ ਠੀਕ ਕਰਦੀ ਅੱਖਾਂ ਵਿੱਚ ਦੀ ਗੁੱਝਾ ਜਿਹਾ ਹੱਸਦੀ ਹੈ।
”ਵਜ੍ਹਾ ਤਾਂ ਮੈਡਮ ਪਰਮੀਤ ਈ ਦੱਸ ਸਕਦੈ…..?’’ ਪਵਿੱਤਰ ਅਤੇ ਢੰਡ ਮਾਸਟਰ ਦੀਆਂ ਆਪਸ ਵਿੱਚ ਮਿਲਦੀਆਂ ਹਨ। ਮੈਂ ਦੱਸਣਾ ਤਾਂ ਬੜਾ ਕੁੱਝ ਚਾਹੁੰਦੀ ਪਰ ਗੁੱਸਾ ਅੰਦਰੇ-ਅੰਦਰ ਪੀ ਜਾਂਦੀ। ਸੋਚਦੀ ਕਾਹਨੂੰ ਅਜਿਹੇ ਇਨਸਾਨੀਅਤ ਤੋਂ ਕੋਰੇ ਲੋਕਾਂ ਦੇ ਮੂੰਹ ਲੱਗਣਾ, ਨਹੀਂ ਜੁਆਬ ਤਾਂ ਮੇਰੇ ਕੋਲ ਬੜੇ ਨੇ।
ਜੁਆਬ ਤਾਂ ਮੈਂ ਹਰਜੀਤ ਨੂੰ ਵੀ ਦਿੱਤਾ ਸੀ ਜਦੋਂ ਉਸਨੇ ਕਿਹਾ ਸੀ, ”ਪਰਮੀਤ ਅਪਣੀ ਦੀਦੀ ਨੂੰ ਕਹਿ ਕਾਗਜ਼ਾਂ ਵਿੱਚ ਸਾਡਾ ਬੇਟਾ ਅਡਾਪਟ ਕਰ ਲਏ। ਰੀਜ਼ਰਵ ਕੋਟੇ ਵਿੱਚ ਆਉਣ ਨਾਲ਼ ਉਸਨੂੰ ਕਿਸੇ ਚੰਗੇ ਕੋਰਸ ਵਿੱਚ ਦਾਖ਼ਲਾ ਮਿਲ ਜਾਊ।’’
ਸਰਦਾਰ ਹਰਜੀਤ ਸਿੰਘ ਭੁੱਲਰ ਸਾਹਿਬ…ਰੀਜ਼ਰਵੇਸ਼ਨ ਜਨਮ ਅਧਾਰਿਤ ਐ। ਅਖੌਤੀ ਨੀਵੀਂ ਜਾਤ ਵਿੱਚ ਜਨਮ ਲੈਣ ਕਰਕੇ ਜੋ ਮਾਨਸਿਕ-ਸਮਾਜਿਕ ਪੀੜਾ ਤੇ ਜ਼ਲਾਲਤ ਤੁਹਾਡੇ ਵਰਗਿਆਂ ਹੱਥੋਂ ਹੰਡਾਉਣੀ ਪੈਂਦੀ…..ਉਹਦੇ ਇਵਜ਼ ਵਿੱਚ ਮਿਲਦੀ ਐ,’’ ਸੁਣਕੇ ਹਰਜੀਤ ਦਾ ਚਪਟਾ ਨੱਕ ਹੋਰ ਵੀ ਚਪਟਾ ਹੋ ਗਿਆ ਸੀ।
…..ਤੂੰ ਤਾਂ ਸਿੱਧੀ ਗੱਲ ਦੇ ਵੀ ਪੁੱਠੇ ਅਰਥ ਕੱਢ ਲੈਨੀ ਏਂ……ਮੇਰਾ ਮਤਲਬ ਉਹ ਨਹੀਂ ਜੋ ਤੂੰ ਕੱਢ ਰਹੀਂ ਏਂ।
ਜਨਾਬ ਅਪਣੇ ਵਰਗੇ ਲੋਕਾਂ ਦੀਆਂ ਆਹ ਸਿੱਧੀਆਂ ਗੱਲਾਂ , ਸਿੱਧੀਆਂ ਹੁੰਦੀਆਂ ਨ੍ਹੀ।’’ ਤੁਹਾਡੇ ਵਰਗੇ ਲੋਕਾਂ ਦੀ ਥਾਵੇਂ ਮੈਥੋਂ ”ਅਪਣੇ’’ ਵਰਗੇ ਕਿਹਾ ਗਿਆ ਸੀ। ਅਚੇਤ ਹੀ ਮੈਥੋਂ ਬੜਾ ਵੱਡਾ ਸੱਚ ਬੋਲਿਆ ਗਿਆ ਸੀ। ਇਹ ਸੱਚ ਵੱਡਾ ਹੀ ਨਹੀਂ ਸਗੋਂ ਬੜਾ ਕੌੜਾ ਵੀ ਸੀ। ਮੇਰੇ ਅਪਣੇ ਲਈ ਵੀ ਡਾਹਢਾ ਕੌੜਾ। ਉਦੋਂ ਦੀਦੀ ਪਰਮ ਨੇ ਐਮ.ਏ., ਬੀ.ਐਡ ਪਾਸ ਕਰ ਲਈ ਸੀ ਅਤੇ ਮੈਂ ਉਦੋਂ ਯੂਨੀਵਰਸਿਟੀ ਵਿੱਚ ਪੰਜਾਬੀ ਆਨਰਜ ਦੇ ਬੀ.ਏ ਭਾਗ ਪਹਿਲਾ ਵਿੱਚ ਦਾਖ਼ਲਾ ਲਿਆ ਸੀ। ਦੀਦੀ ਦੇ ਭਾਅ ਕੁਲਵੰਤ ਨਾਲ਼ ਚੱਲਦੇ ਅਫੇਅਰਜ਼ ਬਾਰੇ ਘਰ ਵਿੱਚੋਂ ਸਿਰਫ਼ ਮੈਨੂੰ ਹੀ ਪਤਾ ਸੀ। ਇਸ ਗੱਲ ਨੂੰ ਲੈ ਕੇ ਮੇਰੀ ਦੀਦੀ ਨਾਲ਼ ਉੱਚੀ ਨੀਵੀਂ ਹੁੰਦੀ ਹੀ ਰਹਿੰਦੀ ਸੀ। ਮੈਨੂੰ ਵੀ ਉਦੋਂ ਲੱਗਦਾ ਸੀ ਜਿਵੇਂ ਕੋਈ ਬਹੁਤੀ ਅਨਹੋਣੀ ਗੱਲ ਹੋਣ ਜਾ ਰਹੀ ਹੋਵੇ। ਦੀਦੀ ਦਾ ਫ਼ੈਸਲਾ ਮੈਨੂੰ ਕਿਸੇ ਵੀ ਤਰ੍ਹਾਂ ਸਹੀ ਨਹੀਂ ਸੀ ਲੱਗਦਾ। ਭਾਅ ਜੀ ਕੁਲਵੰਤ ਬਾਰੇ ਸੋਚਦਿਆਂ ਹੀ ਸਾਡੇ ਖੇਤਾਂ ਵਿੱਚ ਕੰਮ ਕਰਦੇ ਸੀਰੀਆਂ-ਸਾਂਝੀਆਂ ਦੇ ਅੰਦਰ ਨੂੰ ਧੱਸੇ ਚਿਹਰੇ ਅੱਖਾਂ ਅੱਗੇ ਆ ਜਾਂਦੇ। ਉਹਨਾਂ ਦੇ ਮੈਲੇ-ਕੁਚੈਲੇ ਕੱਪੜਿਆਂ ਦੀ ਬੂਅ ਮੇਰੇ ਨੱਕ ਨੂੰ ਚੜ੍ਹਦੀ ਲੱਗਦੀ। ਮੈਂ ਉਮਰ ਦਾ ਲਿਹਾਜ ਕੀਤੇ ਬਗੈਰ ਦੀਦੀ ਨੂੰ ਕੌੜੀਆਂ-ਕੁਸੈਲੀਆਂ ਸੁਣਾਉਣ ਲੱਗ ਪੈਂਦੀ-
ਇਸ਼ਕ ਨੇ ਤੇਰੀਆਂ ਅੱਖਾਂ ਅੱਗੇ ਪੱਟੀ ਬੰਨ੍ਹ ਦਿੱਤੀ ਐ। ਤੈਨੂੰ ਚੰਗੇ-ਬੁਰੇ ਦੀ ਪਛਾਣ ਨ੍ਹੀ ਰਹੀ।’’
ਕੁਲਵੰਤ ਵਿੱਚ ਬੁਰਾਈ ਕੀ ਐ? ਪੜ੍ਹਿਆ-ਲਿਖਿਆ ਨੀ? ਕੋਈ ਲੂਲ੍ਹਾ-ਲੰਗੜਾ ਐ? ਕੋਹੜਾ ਐ? ਉਹਦੀ ਸਾਰੀ ਫੈਮਲੀ ਨ੍ਹੀ ਪੜ੍ਹੀ?’’ ਦੀਦੀ ਜੁਆਬ ਦੀ ਥਾਵੇਂ ਸਿਰਫ਼ ਸੁਆਲ ਕਰਦੀ ਸੀ।
ਸਮਾਜ ਵਿੱਚ ਉਹਦੇ ਰੁਤਬੇ ਦਾ ਪਤੈ ਤੈਨੂੰ? ਜਿਨ੍ਹਾਂ ਦਾ ਸਮਾਜ ਵਿੱਚ ਕੋਈ ਰੁਤਬਾ ਨਾ ਹੋਵੇ, ਉਹ ਲੂਲ੍ਹੇ-ਲੰਗੜੇ ਹੀ ਹੁੰਦੇ ਨੇ।’’
ਕੀ ਹੋਇਆ ਉਹਦੇ ਰੁਤਬੇ ਨੂੰ? ਕੋਈ ਚੋਰ ਡਾਕੂ ਐ?’’
ਬੜਾ ਉੱਚਾ ਰੁਤਬਾ ਆ ਕੁਲਵੰਤ ਦਾ, ਉਹੀ ਜਿਹੜਾ ਅਪਣੇ ਸੀਰੀ ਗੰਤੇ ਦਾ ਐ।’’ ਮੇਰੀ ਗੱਲ ਦੀ ਪੀੜ ਨਾਲ਼ ਦੀਦੀ ਦੀਆਂ ਅੱਖਾਂ ਵਿੱਚ ਹੰਝੂ ਛਲਕ ਪਏ ਸਨ।
ਅਪਣੇ ਘਰ ਦੀ ਪਸ਼ੂਆਂ ਵਾਲੀ ਖੁਰਲੀ ਦੇ ਕੋਲ ਪਏ ‘ਗੰਤੇ ਸੀਰੀ’ ਦੇ ਕੌਲੇ ਬਾਰੇ ਤਾਂ ਤੈਨੂੰ ਪਤਾ ਹੀ ਹੋਣੈ……ਤੂੰ ਹੁਣ ਸੋਚਦੀ ਏਂ, ਗੰਤੇ ਹੁਰਾਂ ਦਾ ਉਹ ਕੌਲਾ ਖੁਰਲੀ ਤੋਂ ਚੁੱਕ ਕੇ ਅਪਣੇ ਚੌਂਕੇ ਵਿੱਚ ਸਜਾ ਲਈਏ……।’’
ਇਨਸਾਨ ਤਾਂ ਸਾਰੇ ਇੱਕੋ-ਜਿਹੇ ਹੀ ਹੁੰਦੇ…..।’’
”-ਕਿਤਾਬਾਂ ਨੇ ਤੇਰਾ ਦਿਮਾਗ ਖ਼ਰਾਬ ਕਰ ਦਿੱਤਾ। ਤੂੰ ਪੜ-ਪੜ ਕਮਲੀ ਹੋਗੀ। ਭਲਾ ਜੇ ਸਾਰੇ ਇਨਸਾਨ ਇੱਕੋ ਜਿਹੇ ਹੁੰਦੇ, ਜਾਤਾਂ ਨ੍ਹੀ ਸੀ ਬਣਦੀਆਂ। ਤੂੰ ਪੁੱਠੀ ਗੰਗਾ ਵਗਾਉਣ ਨੂੰ ਤੁਲੀਂ ਏ…..।’’ ਕੀ ਬੋਲਦੇ ਦੀਦੀ। ਮੇਰੇ ਅੱਗੇ ਉਸਦੀਆਂ ਦਲੀਲਾਂ ਕਿੱਥੇ ਚੱਲਦੀਆਂ। ਦਲੀਲਬਾਜ਼ੀ ਤਾਂ ਉੱਥੇ ਚੱਲਦੀ ਹੈ ਜਿੱਥੇ ਕੋਈ ਦਲੀਲ ਸੁਣਨ ਵਾਲਾ ਤਿਆਰ ਹੋਵੇ। ਇੱਥੇ ਤਾਂ ਮੈਂ ਜਾਤੀਵਾਦ ਦੀ ਕੰਨੀ ਫੜਕੇ ਉਸਦੀ ਗੱਲ ਨੂੰ ਮੁੱਢੋਂ ਹੀ ਰੱਦ ਕਰ ਬੈਠੀ ਸਾਂ। ਬਿੱਲਕੁਲ ਉਸੇ ਤਰ੍ਹਾਂ ਜਿਵੇਂ ਹੁਣ ਮਾਸਟਰ ਢੰਡ, ਮੈਡਮ ਪਵਿੱਤਰ ਅਤੇ ਉਸਦੀ ਜੁੰਡਲੀ ਹੈਡਮਾਸਟਰ ਦੀ ਹਰ ਗੱਲ ਨੂੰ ਰੱਦ ਕਰ ਦਿੰਦੇ ਨੇ। ਜੇਕਰ ਹੈਡ ਕਹੇ ਕਿ ਅੱਜ ਬੁੱਧਵਾਰ ਹੈ ਤਾਂ ਇਹ ਜੁੰਡਲੀ ਕਹੇਗੀ-ਨਹੀਂ ਅੱਜ ਤਾਂ ਸ਼ੁੱਕਰਵਾਰ ਹੈ। ਹੈਡ ਸਾਹਿਬ ਅਤੇ ਉਸਦੇ ਵਰਗੇ ਹੋਰ ਮਾਸਟਰਾਂ ਨੂੰ ਨੀਵਾਂ ਦਿਖਾ ਕੇ ਇਹਨਾਂ ਨੂੰ ਡੁੂੰਘੀ ਮਾਨਸਿਕ ਤਸੱਲੀ ਹੁੰਦੀ ਹੈ। ਹੋਰ ਤਾਂ ਹੋਰ, ਇਹ ਜੁੰਡਲੀ ਤਾਂ ਆਨੇ-ਬਹਾਨੇ ਰੁੱਖਾਂ ਵਿੱਚ ਦੀ ਵੀ ਹੈਡ ਵਰਗਿਆਂ ਦੀਆਂ ਜਾਤਾਂ ਨੌਲਦੀ ਰਹਿੰਦੀ ਹੈ। ਅਪਣੇ ਸਾਥੀ ਅਧਿਆਪਕਾਂ ਦੇ ਨਾਂ-ਕੁਨਾਂ ਜਾਤਾਂ ਦੇ ਆਧਾਰ ’ਤੇ ਹੀ ਰੱਖੇ ਹੋਏ ਹਨ। ਇਸ ਜਗਦੀਸ਼ ਰਾਜ ਸ਼ਰਮੇ ਨੂੰ ਪਿੱਪਲ, ਤਰਖਾਣ ਜਾਤੀ ਦੇ ਮਾਸਟਰ ਦਿਆਲ ਸਿੰਘ ਨੂੰ ਤੇਸਾ ਮਾਸਟਰ, ਦਰਜੀ ਬਰਾਦਰੀ ਦੇ ਗੁਰਨੇਕ ਨੂੰ ਮਾਸਟਰ ਸੂਈ-ਧਾਗਾ ਅਤੇ ਮਜ੍ਹਬੀ ਬਰਾਦਰੀ ਦੀ ਅਧਿਆਪਕਾ ਨਿਰਮਲ ਨੂੰ ਪਿੱਠ ਪਿੱਛੇ ਕਿੱਕਰ ਆਖਦੇ ਨੇ। ਢੰਡ ਅਪਣੇ ਆਪ ਨੂੰ ‘ਤੂਤ’ ਤੇ ਪਵਿੱਤਰ ਨੂੰ ‘ਟਾਹਲੀ’ ਕਹਿੰਦਾ ਹੈ। ਹੈਡਮਾਸਟਰ ਲਈ ਪਿੱਠ ਪਿੱਛੇ ”ਠੱਕ-ਠੱਕ’’ ਸ਼ਬਦ ਵਰਤਿਆ ਜਾਂਦਾ ਹੈ। ਜਦੋਂ ਕਦੇ ਹੈਡ ਸਾਹਿਬ ਕੋਈ ਕੰਮ-ਧੰਦਾ ਕਹਿ ਦੇਣ ਜਾਂ ਵਿਹਲੇ ਗੱਪਾਂ ਮਾਰਦਿਆਂ ਨੂੰ, ਕਲਾਸ ਅਟੈਂਡ ਕਰਨ ਲਈ ਕਹਿ ਦੇਣ ਤਾਂ ਇਹ ਜੁੰਡਲੀ ਮੂੰਹੋਂ ਝੱਗ ਸੁੱਟਣ ਲੱਗਦੀ ਹੈ।
-ਸਾਲੀ… ਜਾਤ ਦੀਆਂ ਸਾਰੀ ਦਿਹਾੜੀ ਲੱਤਾਂ ਖੱਡੀ ’ਚੋਂ ਬਾਹਰ ਨਈਂ ਸੀ ਨਿਕਲਿਆ ਕਰਨੀਆਂ। ਸਾਰੀ ਉਮਰ ਠੱਕ-ਠੱਕ ਕਰਕੇ ਤਾਣੀ ਬੁਣਦੇ ਰਹਿਣਾ ਸੀ। ਹੁਣ ਸਾਡੇ ’ਤੇ ਹੁਕਮ ਚਾੜ੍ਹਦਾ ਰਹਿੰਦਾ। ਸਾਲੀ ਅਜ਼ਾਦੀ ਖੇਹ ਤੇ ਸੁਆਹ ਆਈ; ਨੇਫਿਆਂ ਦੀਆਂ ਜੂੰਆਂ ਸਿਰ ਚੜ੍ਹਾਤੀਆਂ। ਪਤਾ ਨੀ ਦੇਖਿਆ ਕੀ ਆ ਸਾਲੀ ਗੌਰਮਿੰਟ ਨੇ ਇਹਨਾਂ ’ਚ?’’
ਢੰਡ ਜੁੰਡਲੀ ਵਾਂਗ ਮੈਂ ਵੀ ਤਾਂ ਬਿਲਕੁੱਲ ਇਹੀ ਕਿਹਾ ਸੀ ਜਦੋਂ ਦੀਦੀ ਨੇ ਘਰਦਿਆਂ ਨੂੰ ਦੱਬੀ ਸੁਰ ਵਿੱਚ ਅਪਣੀ ਪਸੰਦ ਦੇ ਮੁੰਡੇ ਭਾਵ ਕੁਲਵੰਤ ਭਾਜੀ ਨਾਲ਼ ਮੈਰਿਜ ਕਰਵਾਉਣ ਦੀ ਇੱਛਾ ਦੱਸੀ ਸੀ। ਘਰ ਵਿੱਚ ਤਾਂ ਜਿਵੇਂ ਭੂਚਾਲ ਹੀ ਆ ਗਿਆ ਸੀ।
-ਪਰਮ ਤਾਂ ਐਵੇਂ ਜਾਤਾਂ-ਕੁਜਾਤਾਂ ਦੇ ਮਗਰ ਲੱਗੀ ਫਿਰਦੀ। ਇਹਨੇ ਦੇਖਿਆ ਪਤਾ ਨੀ ਕੀ ਉਹਦੇ ’ਚ। ਤਵੇ ਦੇ ਪੁੱਠੇ ਪਾਸੇ ਨਾਲ਼ ਤਾਂ ਸ਼ਰਤ ਲੱਗੀ ਉਹਦੀ।’’ ਕੁਲਵੰਤ ਦਾ ਸਾਂਵਲਾ ਰੰਗ ਵੀ ਮੈਨੂੰ ਕਾਲਾ ਸਿਆਹ ਲੱਗਦਾ ਸੀ।
-ਹੈ ਕੀ ਨੀ ਉਹਦੇ ’ਚ?’’
-ਪੁੱਤ ਜੁਆਨੀ ਵਾਰੇ ਸੌ ਗੱਲਾਂ-ਬਾਤਾਂ ਹੋ ਜਾਂਦੀਆਂ, ਐਵੇਂ ਦਿਲ ’ਤੇ ਨੀ ਲਾਈਦਾ। ਤੁਰ-ਫਿਰ ਲਿਆ ਠੀਕ ਐ, ਤੂੰ ਜੁਆਬ ਦੇ ਉਹਨੂੰ। ਮੈਂ ਮੁੰਡਾ ਦੇਖਿਆ ਤੇਰੇ ਵਾਸਤੇ। ਨਹਿਰਾਂ-ਖਾਲਿਆਂ ਆਲੇ ਮਹਿਕਮੇ ’ਚ ਓਵਰਸੀਅਰ ਲੱਗਿਆ ਹੋਇਆ। ਥੈਲੇ ਭਰ-ਭਰ ਲਿਆਉਂਦਾ ਨੋਟਾਂ ਦੇ। ਅਜੇ ਤਿੰਨ ਸਾਲ ਨੀ ਹੋਏ ਡਿਊਟੀ ਚੜ੍ਹੇ ਨੂੰ, ਘਰ ਦਾ ਧੋਣਾ ਧੋਤਾ ਮੁੰਡੇ ਨੇ। ਮਾਰ ਕਿਧਰੇ ਲੈਂਟਰ ਈ ਲੈਂਟਰ ਚਿਲਕਣੀਆਂ ਫਰਸ਼ਾਂ। ਮਾਰ ਕਿਧਰੇ ਕੱਪੜੇ ਧੋਣ ਆਲੀਆਂ ਮਸ਼ੀਨਾਂ….ਕਿਧਰੇ ਕੁਛ-ਕਿਧਰੇ ਕੁਛ। ਕੋਈ ਗਿਣਤੀ ਥੋੜ੍ਹਾ ਹੁੰਦੀ। ਤੂੰ ਕੇਰਾਂ ਹਾਂ ਕਰ ਮੂੰਹੋਂ…..ਜਿਹੋ ਜਿਹਾ ਆਖੇਂਗੀ, ਵਿਆਹ ਕਰਾਂਗੇ ਤੇਰਾ। ਛੱਡ ਖਹਿੜਾ ਜਾਤ-ਕੁਜਾਤ ਦਾ।’’ ਅਬਲੋਵਾਲ ਵਾਲੀ ਭੂਆ ਨੇ ਪਰਮ ਨੂੰ ਅਪਣੇ ਫ਼ੈਸਲੇ ਤੋਂ ਬਦਲਣ ਲਈ ਜ਼ੋਰ ਪਾਇਆ ਸੀ। ਨੇੜੇ ਦੂਰ ਦੀਆਂ ਸਾਰੀਆਂ ਹੀ ਰਿਸ਼ਤੇਦਾਰੀਆਂ ਨੇ ਅਪਣਾ-ਅਪਣਾ ਜ਼ੋਰ ਲਾਇਆ ਸੀ। ਚਾਚੇ-ਤਾਇਆਂ ਦੇ ਮੁੰਡਿਆਂ ਨੇ ਤਾਂ ਧਮਕੀਆਂ ਵਾਲਾ ਹਥਿਆਰ ਵੀ ਵਰਤ ਕੇ ਦੇਖ ਲਿਆ ਸੀ। ਦੀਦੀ ਸਨ ਕਿ ਟੱਸ ਤੋਂ ਮੱਸ ਨਹੀਂ ਸਨ ਹੋਏ। ਅਪਣਾ ਫ਼ੈਸਲਾ ਬਦਲਣ ਲਈ ਦੀਦੀ ਉੱਪਰ ਸਰੀਰਕ ਤਸ਼ੱਦਦ ਵੀ ਕੀਤਾ ਜਾਂਦਾ ਰਿਹਾ ਸੀ। ਉਹਨਾਂ ਦਿਨਾਂ ਵਿੱਚ ਦੀਦੀ ਦੀ ਹਾਲਤ ਤਰਸਯੋਗ ਬਣੀ ਹੋਈ ਸੀ। ਦੀਦੀ ਦੇ ਵਿਆਹ ਦਾ ਸਭ ਤੋਂ ਵੱਧ ਵਿਰੋਧ ਵੀ ਮੈਂ ਕਰ ਰਹੀ ਸਾਂ।
ਦਰਅਸਲ ਵਿਰੋਧ ਪਿੱਛੇ ਮੇਰਾ ਅਪਣਾ ਸੁਆਰਥ ਸੀ। ਮੈਂ ਸੋਚਦੀ ਸਾਂ ਕਿ ਜੇ ਦੀਦੀ ਨੇ ਅਪਣੀ ਮਰਜ਼ੀ ਨਾਲ਼ ਮੈਰਿਜ ਕਰਵਾ ਲਈ ਤਾਂ ਮੇਰਾ ਕੀ ਬਣੂੰ? ਹੋ ਸਕਦਾ ਘਰ ਦੇ ਮੈਨੂੰ ਵੀ ਯੂਨੀਵਰਸਿਟੀ ਤੋਂ ਹਟਾ ਕੇ ਘਰ ਬਹਾ ਦੇਣ। ਇਹਨਾਂ ਦਿਨਾਂ ਵਿੱਚ ਹੀ ਮੈਂ ਖ਼ੁਦ ਹਰਜੀਤ ਦੇ ਚੱਕਰ ਵਿੱਚ ਉਲਝ ਚੁੱਕੀ ਸਾਂ। ਹਰਜੀਤ ਤੋਂ ਵਿੱਛੜ ਕੇ ਜਿਊਣ ਬਾਰੇ ਤਾਂ ਮੈਂ ਸੋਚ ਵੀ ਨਹੀਂ ਸੀ ਸਕਦੀ। ਪਤਾ ਨਹੀਂ ਕਿਉਂ ਉਦੋਂ ਮੇਰੇ ਦਿਮਾਗ ਵਿੱਚ ਇਹ ਸੋਚ ਹੀ ਨਹੀਂ ਸੀ ਆਉਾਂਦੀ ਕ ਮੈਂ ਹਰਜੀਤ ਬਿਨਾਂ ਨਹੀਂ ਰਹਿ ਸਕਦੀ ਤਾਂ ਦੀਦੀ ਕੁਲਵੰਤ ਭਾਜੀ ਬਿਨਾਂ ਕਿਵੇਂ ਬਚੇਗੀ? ਉਸ ਕੁਲਵੰਤ ਬਿਨਾਂ ਜਿਹੜਾਂ ਉਦੋਂ ਕੁਲਵੰਤ ਦਰਦੀ ਹੁੰਦਾ ਸੀ ਅਤੇ ਜਿਸਦੇ ਚਰਚੇ ਯੂਨੀਵਰਸਿਟੀ ਦੇ ਗਲਿਆਰਿਆਂ ਵਿੱਚ ਚੱਲਣ ਲੱਗ ਪਏ ਸਨ। ਜਿਸਦੀ ਕਵਿਤਾ ਅਖਬਾਰਾਂ-ਮੈਗਜ਼ੀਨਾਂ ਤੋਂ ਲੈ ਕੇ ਵੱਡੇ-ਵੱਡੇ ਕਵੀ ਦਰਬਾਰਾਂ ਵਿੱਚ ਵਾਹ-ਵਾਹ ਖੱਟਣ ਲੱਗ ਪਈ ਸੀ। ਕੁਲਵੰਤ ਭਾਜੀ ਉਦੋਂ ਦੀਦੀ ਨੂੰ ਲੰਮੀਆਂ-ਲੰਮੀਆਂ ਚਿੱਠੀਆਂ ਲਿਖਦਾ ਹੁੰਦਾ ਸੀ। ਬੜੀ ਹੀ ਪਿਆਰੀ ਲਿਖਾਈ ਵਿੱਚ। ਉਦੋਂ ਮੈਂ ਅਜੇ ਕੁਲਵੰਤ ਭਾਜੀ ਅਤੇ ਦੀਦੀ ਦੇ ਸਬੰਧਾਂ ਦਾ ਖੁੱਲ੍ਹਕੇ ਵਿਰੋਧ ਸ਼ੁਰੂ ਨਹੀਂ ਸੀ ਕੀਤਾ। ਭਾਜੀ ਮੈਨੂੰ ਵੀ ਮਿਲਣ ਯੂਨੀਵਰਸਿਟੀ ਹੋਸਟਲ ਆ ਜਾਂਦੇ ਸਨ। ਉਹਨਾਂ ਨੇ ਮੈਨੂੰ ਵੀ ਦੋ-ਤਿੰਨ ਚਿੱਠੀਆਂ ਲਿਖੀਆਂ ਸਨ। ਜਿਵੇਂ ਕਵਿਤਾ ਵਿੱਚ ਹੀ ਸਾਰਾ ਸਮਾਜਿਕ ਸੱਚ ਅਤੇ ਮਨੁੱਖ ਦੀ ਉਤਪੱਤੀ ਸਬੰਧੀ ਇਤਿਹਾਸ ਲਿਖ ਦਿੱਤਾ ਹੋਵੇ। ਕਈ-ਕਈ ਵਾਰ ਪੜ੍ਹੀਆਂ ਸਨ ਮੈਂ। ਸੱਚਮੁੱਚ ਇਹਨਾਂ ਸ਼ਬਦਾਂ ਵਿੱਚ ਗੁੰਮ ਗਈ ਸਾਂ। ਮੇਰਾ ਦਿਲ ਤਾਂ ਭਾਜੀ ਕੁਲਵੰਤ ਅਤੇ ਦੀਦੀ ਦੇ ਰਿਸ਼ਤੇ ਦਾ ਖੁੱਲ੍ਹ ਕੇ ਸਮਰਥਨ ਕਰਨ ਨੂੰ ਕਹਿੰਦਾ ਸੀ ਪਰ ਦਿਮਾਗ ਸੁਚੇਤ ਹੋ ਕੇ ਵਿਰੋਧ ਕਰਨ ਲਈ ਕਹਿੰਦਾ ਸੀ। ਮੈਂ ਕੁਲਵੰਤ ਭਾਅ ਜੀ ਦੇ ਸ਼ਬਦਾਂ ਦੇ ਜਾਦੂਮਈ ਜਾਲ ਤੋਂ ਬਾਹਰ ਨਿਕਲਕੇ, ਚਿੱਠੀਆਂ ਪਾੜ ਕੇ ਡਸਟਬਿੰਨ ਦੇ ਹਵਾਲੇ ਕਰ ਦਿੱਤੀਆਂ ਸਨ ਅਤੇ ਦੀਦੀ ਦਾ ਖੁੱਲ੍ਹਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਮੈਂ ਉਦੋਂ ਕੁਲਵੰਤ ਭਾਜੀ ਨੂੰ ਬੜਾ ਸਖ਼ਤ ਖ਼ਤ ਵੀ ਲਿਖਿਆ ਸੀ, ”ਭਾਜੀ ਕੁਲਵੰਤ, ਤੁਸੀਂ ਦੀਦੀ ਪਰਮ ਨਾਲ਼ ਜਿਸ ਘਰ ਦੀ ਕਲਪਨਾ ਕਰ ਰਹੇ ਹੋ, ਅਜਿਹੇ ਘਰ ਜਦੋਂ ਢਹਿੰਦੇ ਨੇ ਤਾਂ ਉਸਦਾ ਮਲਬਾ ਢੋਹਦਿਆਂ ਹੀ ਸਦੀਆਂ ਲੱਗ ਜਾਂਦੀਆਂ ਹਨ।’’ ਕਿੰਨੀ ਗ਼ਲਤ ਸਾਬਤ ਹੋਈ ਹਾਂ ਮੈਂ ਮਲਬਾ ਤਾਂ ਮੈਂ ਢੋਅ ਰਹੀ ਹਾਂ। ਦੀਦੀ ਪਰਮ ਅਤੇ ਭਾਜੀ ਕੁਲਵੰਤ ਦੇ ਘਰ ਦੀਆਂ ਨੀਹਾਂ ਤਾਂ ਮਜ਼ਬੂਤ ਨੇ।
ਦੀਦੀ ਪਰਮ ਦਾ ਵਿਰੋਧ ਕਰਦਿਆਂ ਤਾਂ ਉਸਦੇ ਅਹਿਸਾਨਾਂ ਨੂੰ ਵੀ ਭੁੱਲ ਗਈ ਸਾਂ। ਉਸਦੀ ਬਦੌਲਤ ਹੀ ਤਾਂ ਮੈਂ ਯੂਨੀਵਰਸਿਟੀ ਆਈ ਸਾਂ। ਮੇਰਾ ਦਾਖ਼ਲਾ ਕਰਵਾਉਣ ਲਈ ਦੀਦੀ ਨੇ ਦਿਨ-ਰਾਤ ਇੱਕ ਕਰੀ ਰੱਖਿਆ ਸੀ। ਉਂਜ ਵੀ ਕਿਸੇ ਦੇ ਅਹਿਸਾਨ ਚੇਤੇ ਹੀ ਕੌਣ ਰੱਖਦਾ ਹੈ? ਆਹ ਗੁਰਸਿਮਰਤ; ਹੈਡ ਸਾਹਬ ਨਾਲ਼ ਸਭ ਤੋਂ ਵੱਧ ਨਫ਼ਰਤ ਕਰਦੀ ਹੈ। ਜਦੋਂ ਗੁਰਸਿਮਰਤ ਦੇ ਮੰਮੀ-ਡੈਡੀ ਦੀ ਸੜਕ ਹਾਦਸੇ ਵਿੱਚ ਮੌਤ ਹੋਈ ਸੀ ਤਾਂ ਇਸੇ ਹੈਡ ਸਾਹਬ ਨੇ 15 ਦਿਨ ਐਡਜਸਟ ਕੀਤਾ ਸੀ। ਬਾਅਦ ਵਿੱਚ ਵੀ ਮਹੀਨਾ ਭਰ ਕਲਾਸ ਨਾ ਲੈਣ ਦਿੱਤੀ। ਇਸਦੀ ਥਾਵੇਂ ਹੈਡ ਸਾਹਿਬ ਖ਼ੁਦ ਕਲਾਸ ਲੈਂਦੇ ਰਹੇ ਸਨ ਪਰ ਹੁਣ ਜਦੋਂ ਵੀ ਕਦੇ ਸਟਾਫ ਵਿੱਚ ਬੈਠਿਆਂ ਹੈਡ ਸਾਹਿਬ ਦੇ ਬਾਰੇ ਗੱਲ ਚੱਲਦੀ ਹੈ ਤਾਂ ਇਹੀ ਗੁਰਸਿਮਰਤ ਸਭ ਤੋਂ ਵੱਧ ਬੋਲਦੀ ਹੈ, ”-ਹੈਡ ਸਾਹਿਬ ਦੀ ਜ਼ੁਬਾਨ ਤਾਂ ਸਾਰੀ ਦਿਹਾੜੀ ਠੱਕ-ਠੱਕ ਕਰਦੀ ਰਹਿੰਦੀ ਐ-ਪੜ੍ਹਾਓ-ਪੜ੍ਹਾਓ। ਹੋਰ ਕੋਈ ਇਹਨੂੰ ਗੱਲ ਈ ਨੀ ਆਉਂਦੀ ਚੱਜ ਦੀ। ਪੜ੍ਹਾਉਣ ਨੂੰ ਵੱਢੀ ਰੂਹ ਨੀ ਕਰਦੀ। ਪੜ੍ਹਾਈਏ ਦੱਸੋ ਕੀਹਨੂੰ? ਸਕੂਲ ’ਚ ਚੱਜਦਾ ਜੁਆਕ ਤਾਂ ਕੋਈ ਰਹਿ ਨੀ ਗਿਆ। ਮੈਨੂੰ ਤਾਂ ਸਗੋਂ ਸੂਗ ਜਈ ਆਉਂਦੀ ਹਿੰਦੀ। ਹੁਣ ਮਾਰੀ ਚੱਲੋ ਮੱਥਾ ਇਹਨਾਂ ਕੀੜਿਆਂ-ਮਕੌੜਿਆਂ ਨਾਲ਼। ਪੜ੍ਹਾ-ਪੜ੍ਹਾ ਕੇ ਬਣਾ ਦਿਉ ਅਫ਼ਸਰ ਇਹਨਾਂ ਨੂੰ ਅਪਣੇ ਹੈਡ ਸਾਹਿਬ ਆਗੂੰ ਸਾਡੇ ਉੱਪਰ ਹੀ ਠੱਕ-ਠੱਕ ਕਰਨ ਵਾਸਤੇ।’’
ਕੋਈ ਨਾ ਕੋਈ ਗੱਲ ਤਾਂ ਘਰੇ ਵੀ ਵਿਚਕਾਰ ਆ ਖੜ੍ਹਦੀ ਹੈ, ”ਪਰਮੀਤ ਅਸੀਂ ਤਾਂ ਚੂੜ੍ਹੇ-ਚਮਾਰਾਂ ਨੂੰ ਘਰ ਦੇ ਨੇੜੇ ਨੀ ਫਟਕਣ ਦਿੰਦੇ……ਤੇਰੀ ਦੀਦੀ ਪਤਾ ਨਹੀਂ ਕਿਵੇਂ? ਕੁਲਵੰਤ ਦੇ ਰਿਸ਼ਤੇਦਾਰ ਵੀ ਤਾਂ ਆਉਂਦੇ ਈ ਹੋਣਗੇ, ਉਹਨਾਂ ਤੋਂ ਸੂਗ ਨਹੀਂ ਆਉਾਂਦੀ?’ ਹਰਜੀਤ ਦੀ ਮਾਨਸੇ ਵੱਲ ਵਿਆਹੀ ਭੈਣ, ਜਿਸਦਾ ਘਰ ਵਾਲਾ ਫੱਕਾ-ਫੱਕਾ ਤੰਮਾਕੂ ਖਾਂਦਾ ਹੈ ਅਤੇ ਜਿਸਦੀਆਂ ਲਾਰਾਂ ਜਿਹੀਆਂ ਵਗਦੀਆਂ ਰਹਿੰਦੀਆਂ ਹਨ, ਨੇ ਇੱਕ ਵਾਰ ਆਖਿਆ ਸੀ। ਮੇਰਾ ਜੀਅ ਤਾਂ ਕੀਤਾ ਸੀ ਕਿ ਆਖਾਂ, ”ਤੈਨੂੰ ਅਪਣੇ ਘਰ ਵਾਲੇ ਤੋਂ ਸੂਗ ਨੀ ਆਉਾਂਦੀ?’ ਪਰ ਰਿਸ਼ਤਿਆਂ ਦੀ ਵਲਗਣ ਵਿੱਚ ਘਿਰੀ ਮੈਂ ਕੁੱਝ ਬੋਲ ਨਹੀਂ ਸਾਂ ਸਕੀ।
ਹਰਜੀਤ ਦੀ ਵੱਡੀ ਭੈਣ ਪ੍ਰਕਾਸ਼ ਜਿਸਦਾ ਖ਼ੁਦ ਦੋ ਵਾਰ ਤਲਾਕ ਹੋ ਚੁੱਕਾ ਹੈ ਤੇ ਹੁਣ ਤੀਜੀ ਥਾਵੇਂ ਬੈਠੀ ਮਹਾਂਭਾਰਤ ਛੇੜੀ ਬੈਠੀ ਹੈ, ਗੱਲਾਂ-ਗੱਲਾਂ ਵਿੱਚ ਇੱਕ ਦਿਨ ਕਹਿ ਰਹੀ ਸੀ,
-ਪਰਮੀਤ, ਤੇਰੀ ਭੈਣ ਅਤੇ ਕੁਲਵੰਤ ਦੀ ਜ਼ਿਆਦਾ ਦੇਰ ਤੱਕ ਨਿੱਭਦੀ ਨ੍ਹੀ…। ਅਜਿਹੇ ਰਿਸ਼ਤੇ ਜ਼ਿਆਦਾ ਦੇਰ ਚੱਲਦੇ ਨ੍ਹੀ ਹੁੰਦੇ।’’ ਮੈਂ ਉਸਦੇ ਮੂੰਹ ਵੱਲ ਦੇਖਦੀ ਹੀ ਰਹਿ ਗਈ ਸਾਂ। ਕਿੰਨੀ ਵੱਡੀ ਗੱਲ ਕਿੰਨੀ ਸਹਿਜਤਾ ਨਾਲ਼ ਆਖ ਦਿੱਤੀ ਸੀ। ਮੇਰਾ ਜੀਅ ਕੀਤਾ ਉਸਨੂੰ ਕਰਾਰਾ ਜਿਹਾ ਜੁਆਬ ਦੇਵਾਂ ਕਿ ਜੇ ਨਾ ਨਿਭੀ ਤਾਂ ਤੇਰੇ ਵਾਂਗੂੰ ਦੂਜਾ, ਫੇਰ ਤੀਜਾ ਵਿਆਹ ਕਰਵਾ ਲਊ, ਪਰ ਦਿਮਾਗ ਕਈ ਕੁੱਝ ਸੋਚ ਗਿਆ। ਕਦੇ ਅਸੀਂ ਵੀ ਤਾਂ ਸੋਚਦੇ ਸਾਂ ਕਿ ਮਸੀਂ ਸਾਲ ਕੁ ਚੱਲੇਗਾ ਦੀਦੀ ਦਾ ਘਰ। ਟੁੱਟ ਜਾਣਗੇ ਦੋਵੇਂ…..।
ਪਰ ਦੂਸਰੇ ਪਾਸੇ ਅਸੀਂ ਹਾਂ…….ਮੈਂ ਅਤੇ ਹਰਜੀਤ……ਅਸੀਂ ਭਲਾ ਜੁੜੇ ਹੀ ਕਦੋਂ ਸਾਂ?
ਬੱਸ ਇਸੇ ਤਰ੍ਹਾਂ ਹੀ ਸੋਚਦੇ ਨੇ ਬਹੁਤ ਸਾਰੇ ਲੋਕ। ਹੈਡ ਸਾਹਿਬ ਸੁਰਿੰਦਰ ਸਿੰਘ ਬਾਰੇ ਵੀ ਇੰਜ ਹੀ ਸੋਚਦੇ ਸਨ ਜਦੋਂ ਉਹ ਪਦ-ਉਨਤ ਹੋ ਕੇ ਨਵੇਂ-ਨਵੇਂ ਇਸ ਸਕੂਲ ਵਿੱਚ ਆਏ ਸਨ। ਉਦੋਂ ਪਵਿੱਤਰ, ਗੁਰਸਿਮਰਤ ਅਤੇ ਢੰਡ ਵਰਗਿਆਂ ਨੇ ਕਿਹਾ ਸੀ;
-ਅਫ਼ਸਰੀ ਕਰਨੀ ਇਹਦੇ ਵੱਸ ਦਾ ਰੋਗ ਨੀ…..ਅਫ਼ਸਰੀ ਤਾਂ ਕੋਈ ਧੱਕੜ ਜੱਟ ਈ ਕਰ ਸਕਦਾ। ਐਵੇਂ ਹਾਰੀ-ਸਾਰੀ ਜਾਤ ਅਫ਼ਸਰ ਬਣੀ ਤੁਰੀ ਜਾਂਦੀ ਐ….। ਮਸਾਂ ਨਾਲ਼ ਖੰਡ ਕੱਟੂ- ਛੱਡ ਕੇ ਭੱਜ ਜੂ…..।’’ ਪਰ ਮੇਰੇ ਵਾਂਗੂੰ ਇਹ ਜੁੰਡਲੀ ਵੀ ਗ਼ਲਤ ਸਾਬਿਤ ਹੋਈ ਐ। ਹੈਡ ਸਾਹਿਬ ਛੱਡ ਕੇ ਕਿਧਰੇ ਨਹੀਂ ਭੱਜਿਆ। ਚਾਰ ਸਾਲ ਹੋਗੇ, ਜੁੰਡਲੀ ਦੀ ਵਿਰੋਧਤਾ ਦੇ ਬਾਵਜੂਦ ਹੈਡ ਸਾਹਿਬ ਦੀ ਅਫ਼ਸਰੀ ਚੱਲੀ ਜਾਂਦੀ ਹੈ। ਜੁੰਡਲੀ ਦਾ ਵੱਸ ਨਹੀਂ ਚੱਲਦਾ। ਸੜਦੀ-ਕੁਰਿਝਦੀ ਰਹਿੰਦੀ ਹੈ ਅੰਦਰੇ-ਅੰਦਰ।
-ਰੀਜ਼ਰਵੇਸ਼ਨ ਨੇ ਤਾਂ ਮੁਲਕ ਦਾ ਸਤਿਆਨਾਸ ਕਰਕੇ ਰੱਖਤਾ। ਯੋਗਤਾ ਕੋਈ ਦੇਖਦਾ ਈ ਨਹੀਂ…….ਬੱਸ ਕੂੜ੍ਹ-ਕਬਾੜ੍ਹ ਨੂੰ ਚੁੱਕ-ਚੁੱਕ ਕੁਰਸੀਆਂ ’ਤੇ ਬਹਾਈ ਜਾਂਦੈ।’’ ਹੈਡ ਸਾਹਿਬ ਵਰਗੇ ਜੁੰਡਲੀ ਦਾ ਮੁੂੰਹ-ਤੋੜ ਜੁਆਬ ਪਤਾ ਨਹੀਂ ਕਿਉਂ ਨਹੀਂ ਦਿੰਦੇ। ਮੈਨੂੰ ਯਾਦ ਹੈ, ਯੂਨੀਵਰਸਿਟੀ ਵਿੱਚ ਇੱਕ ਵਾਰ ”ਯੋਗਤਾ ਬਨਾਮ ਰਾਖਵਾਂਕਰਨ’’ ਵਿਸ਼ੇ ’ਤੇ ਡੀਬੇਟ ਹੋਈ ਸੀ। ਉਦੋਂ ਭਗਵੰਤ ਨਾਂ ਦੇ ਮੁੰਡੇ ਨੇ ਬੜਾ ਕਰਾਰਾ ਜੁਆਬ ਦਿੱਤਾ ਸੀ,
-ਜਦੋਂ ਰਮਾਇਣ ਲਿਖਣ ਦੀ ਲੋੜ ਪਈ ਬਾਲਮੀਕ ਅੱਗੇ ਆਇਆ। ਮਹਾਂਭਾਰਤ ਵਾਸਤੇ ਵੀ ਗੈਰ-ਸਵਰਨ ਵੇਦ-ਵਿਆਸ ਤੋਂ ਬਿਨਾਂ ਗੱਲ ਨਾ ਬਣੀ, ਤੇ ਜੇਕਰ ਸੰਵਿਧਾਨ ਲਿਖਣ ਦੀ ਲੋੜ ਪਈ…..ਫੇਰ ਏਹੀ ਲੋਕ ਕੰਮ ਆਏ….ਦੱਸੋ ਯੋਗਤਾ ਸਿੱਧ ਕਰਨ ਦੀ ਲੋੜ ਅਜੇ ਬਾਕੀ ਐ?’’ ਉਸਦੀਆਂ ਕਾਟਵੀਆਂ ਦਲੀਲਾਂ ਦਾ ਜੁਆਬ ਕਿਸੇ ਨੂੰ ਨਹੀਂ ਸੀ ਅਹੁੜਿਆ। ਬੱਸ ਐਵੇਂ ਇੱਧਰ-ਉੱਧਰ ਦੀਆਂ ਮਾਰਦੇ ਰਹੇ ਸਨ।
ਜੁਆਬ ਤਾਂ ਮੇਰੀਆਂ ਦਲੀਲਾਂ ਦਾ ਵੀ ਪਵਿੱਤਰ-ਢੰਡ ਜੁੰਡਲੀ ਕੋਲ ਨਹੀਂ ਹੁੰਦਾ। ਇਸ ਜੁੰਡਲੀ ਦੀ ਯੋਗਤਾ ਬੋਰਡ ਦੀਆਂ ਕਲਾਸਾਂ ਦੇ ਨਤੀਜੇ ਹੀ ਦੱਸ ਦਿੰਦੇ ਨੇ। ਇਸਦੇ ਬਾਵਜੂਦ ਸ਼ਰਮ ਨਾਂ ਦੀ ਚੀਜ਼ ਇਹਨਾਂ ਦੇ ਕੋਲ ਦੀ ਨਹੀਂ ਲੰਘਦੀ, ਸਗੋਂ-”ਸਰਕਾਰ ਨੇ ਪਾਸ ਹੋਣ ਲਈ 33 ਫੀਸਦੀ ਨੰਬਰਾਂ ਦੀ ਸ਼ਰਤ ਰੱਖੀ ਐ, ਸਾਡੇ ਤਾਂ ਫੇਰ ਪੰਜਤਾਲੀ ਫੀਸਦੀ ਐ…..।’’ ਆਖਦੇ ਹਿੜ-ਹਿੜ ਕਰਕੇ ਹੱਸਦੇ ਰਹਿੰਦੇ ਨੇ। ਮੈਂ ਕਈ ਵਾਰ ਕਰਾਰੀ-ਕਰਾਰੀ ਸੁਣਾ ਦਿੰਦੀ ਹਾਂ,
-ਪਿੰਡ ਦਾ ਪਤਾ ਤਾਂ ਗੀਰਿ੍ਹਆ ਤੋਂ ਲੱਗ ਜਾਂਦਾ। ਤੁਸੀਂ ਹੈਡ ਸਾਹਿਬ ਵਰਗਿਆਂ ਦੀ ਯੋਗਤਾ ਪਰਖਦੇ ਓਂ……ਤੁਹਾਡੀ ਯੋਗਤਾ ਤਾਂ ਪਰਖਣ ਦੀ ਵੀ ਲੋੜ ਨੀ……ਸਾਹਮਣੇ ਕੰਧ ’ਤੇ ਲਿਖੀ ਸਾਫ਼ ਪੜ੍ਹੀ ਜਾਂਦੀ ਐ।’’ ਮੇਰੀ ਸੁਣ ਕੇ ਪਵਿੱਤਰ ਨੂੰ ਮਿਰਚਾਂ ਲੜ ਜਾਂਦੀਆਂ ਹਨ। ਗਾਤਰੇ ਨੂੰ ਵਾਰ-ਵਾਰ ਠੀਕ ਕਰਦੀ ਉਹ ਮੂੰਹੋਂ ਝੱਗ ਸੁੱਟਣ ਲੱਗਦੀ ਹੈ।
-ਤੈਨੂੰ ਤਾਂ ਖਾਸੀ ਹਮਦਰਦੀ ਐ…..ਮੇਰਾ ਵੱਸ ਚੱਲੇ ਤਾਂ ਏਹਨਾਂ ਨੂੰ ਚੁੱਕ ਕੇ ਸਕੂਲੋਂ ਬਾਹਰ ਮਾਰਾਂ। ਸਾਰੀਆਂ ਵਿੰਗੀਆਂ-ਟੇਢੀਆਂ ਜਾਤਾਂ ਸਕੂਲ ’ਤੇ ਕਬਜ਼ਾ ਕਰੀ ਬੈਠੀਆਂ….।’’
…….ਸਕੂਲੋਂ ਈ ਕਿਉਂ, ਦੇਸ਼ੋਂ ਈ ਬਾਹਰ ਕੱਢ ਮਾਰੋ। ਉਂਜ ਗੁਰੂ ਦੀਏ ਲਾਡਲੀਏ ਫ਼ੌਜੇ, ਤੇਰਾ ਵੱਸ ਚੱਲਣਾ ਕਦੇ ਨ੍ਹੀ।’’ ਮੇਰੇ ਵਾਰ ਨਾਲ਼ ਉਹ ਤਿਲਮਿਲਾ ਉੱਠਦੀ ਹੈ।
-ਅਸਲ ਵਿੱਚ ਤੇਰੇ ਵਰਗੀਆਂ ਕਾਲੀਆਂ ਭੇਡਾਂ ਹੀ ਸਾਡੀ ਕੌਮ ਦਾ ਕੁਛ ਬਨਣ ਨਹੀਂ ਦਿੰਦੀਆਂ। ਇਤਿਹਾਸ ਗਵਾਹ ਹੈ, ਜਦੋਂ-ਜਦੋਂ ਵੀ ਸਿੱਖ ਕੌਮ ਦਾ ਰਾਜ ਗਵਾਚਾ, ਉਹਦੇ ਅਪਣੇ ਗੱਦਾਰਾਂ ਕਰਕੇ ਈ ਗਵਾਚਾ। ਤੇਰੇ ਅੰਦਰ ਤਾਂ ਅਪਣੀ ਕੌਮ ਦਾ ਦਰਦ ਈ ਹੈਨੀ…..।’’ ਪਵਿੱਤਰ ਜਦੋਂ ਲਾਲ-ਖੱਖੀ ਹੁੰਦੀ ਸੀ ਅਪਣੇ ਗਾਤਰੇ ਨੂੰ ਬੜੀ ਤੇਜ਼ੀ ਨਾਲ਼ ਅੱਗੇ-ਪਿੱਛੇ ਕਰਨ ਲੱਗਦੀ ਸੀ। ਉਸਦੀ ”ਅਪਣੀ ਕੌਮ ਦਾ ਦਰਦ’’ ਵਾਲੀ ਗੱਲ ਤੋਂ ਮੈਨੂੰ ਹਾਸਾ ਆਉਣ ਲੱਗਾ ਸੀ ਪਰ ਮੈਂ ਰੋਕ ਲਿਆ ਸੀ। ਕੌਮ ਦਾ ਅਜਿਹਾ ਦਰਦ ਪਵਿਤਰ ਵਰਗੇ ਕਈ ਦਰਦਮੰਦਾਂ ਦੇ ਅੰਦਰ ਭਰਿਆ ਪਿਆ ਹੈ। ਪਹਿਲੇ ਹੈਡਮਾਸਟਰ ਜਰਨੈਲ ਸਿੰਘ ਦੇ ਅੰਦਰ ਵੀ ਕੌਮ ਦਾ ਅਜਿਹਾ ਦਰਦ ਠਾਠਾਂ ਮਾਰਦਾ ਰਹਿੰਦਾ ਸੀ। ਉਹ ਮੈਨੂੰ ਅਕਸਰ ਆਖਦਾ,
-ਤੂੰ ਸਾਡੀ ਆਵਦੀ ਕੁੜੀ ਏਂ…..ਆਹ ਵੇਖ ਤੇਰੀ ਏ.ਸੀ.ਆਰ, ਆਊਟ ਸਟੈਡਿੰਗ ਲਿਖੀ ਐ। ਸਾਰਿਆਂ ਨਾਲੋਂ ਵਧੀਆ। ਆਹ ਗੁਰਦੀਸ਼ ਅਤੇ ਪ੍ਰਵੀਨ ਬਾਲਾ ਦੀ ਵੀ ਵੇਖ ਲੈ; ਔਸਤ ਭਰੀ ਐ। ਮੇਰੇ ਅੰਦਰ ਤਾਂ ਕੌਮ ਦਾ ਦਰਦ ਐ, ਇਸੇ ਕਰਕੇ ਮੈਂ ਤਾਂ ਪੱਕਾ ਅਸੂਲ ਬਣਾਇਆ ਵਈ ‘ਅਪਣੇ ਬੰਦਿਆਂ’ ਦੀ ਗੁਪਤ ਰਿਪੋਰਟ ਉੱਤਮ ਹੀ ਲਿਖਣੀ ਐ, ਕਰਮਚਾਰੀ ਭਾਵੇਂ ਕਿੰਨਾ ਵੀ ਨਿਕੰਮਾ ਕਿਉਂ ਨਾ ਹੋਵੇ। ਆਹ ਤੀਜੇ-ਚੌਥੇ ਪੌੜੇ ਵਾਲਿਆਂ ਦੀ ਤਾਂ ਔਸਤ ਤੋਂ ਵੱਧ ਨੀ ਭੇਜਦਾ।’’ ਉਦੋਂ ਵੀ ਮੈਨੂੰ ਹੈਡਮਾਸਟਰ ਜਰਨੈਲ ਸਿੰਘ ਦੀ ਗੱਲ ’ਤੇ ਅੰਦਰੇ-ਅੰਦਰ ਹਾਸਾ ਹੀ ਆਇਆ ਸੀ। ਉਂਜ ਵੀ ਅਜਿਹੇ ਲੋਕਾਂ ’ਤੇ ਹੱਸਿਆ ਜਾ ਸਕਦਾ ਜਾਂ ਤਰਸ ਕੀਤਾ ਜਾ ਸਕਦਾ। ਕਿੰਨੇ ਖੋਖਲੇ ਨੇ ਅੰਦਰੋਂ ਇਹ ਲੋਕ। ਬਿਲਕੁੱਲ ਹਰਜੀਤ ਅਤੇ ਉਸਦੇ ਟੱਬਰ ਵਾਂਗ। ਦਿਖਾਵੇ ਵਾਸਤੇ ਕਿੰਨੇ ਅਡੰਬਰ ਕਰਦੇ ਨੇ। ਗੁਰਦੁਆਰੇ ਦੀ ਸਰਦਲ ਹੀ ਘਸਾ ਦਿੰਦੇ ਨੇ ਮੱਥਾ ਰਗੜ-ਰਗੜ ਕੇ। ਬਾਹਰੋਂ ਧਰਮੀ ਪੁਰਸ਼ ਹੋਣ ਦਾ ਢੋਂਗ ਰਚਦੇ ਨੇ ਪਰ ਅੰਦਰੋਂ ਤਾਂ ਭਰੇ ਪਏ ਨੇ ਜਾਤੀਵਾਦ ਦੀ ਜ਼ਹਿਰ ਨਾਲ਼। ਇਹ ਲੱਖ ਦਬਾਉਣ ਪਰ ਇਹ ਜ਼ਹਿਰ ਮੱਲੋ-ਮੱਲੀ ਇਹਨਾਂ ਦੇ ਦਿਮਾਗਾਂ ’ਚੋਂ ਬਾਹਰ ਵੀ ਆ ਹੀ ਜਾਂਦੀ ਹੈ।
ਉਦੋਂ ਓਨਮ ਮੇਰੇ ਕੋਲ ਦੋ ਕੁ ਮਹੀਨੇ ਦਾ ਸੀ। ਉਸਦੇ ਜਨਮ ਸਬੰਧੀ ਪਾਰਟੀ ਕੀਤੀ ਸੀ। ਸ਼ਰਮੋ-ਸ਼ਰਮੀ ਹਰਜੀਤ ਨੇ, ਕੁਲਵੰਤ ਭਾਜੀ ਅਤੇ ਦੀਦੀ ਨੂੰ ਵੀ ਬੁਲਾ ਲਿਆ ਸੀ। ਹਰਜੀਤ ਅਪਣੇ ਯਾਰਾਂ ਦੋਸਤਾਂ ਵਿੱਚ ਹੀ ਮਸਤ ਰਿਹਾ ਸੀ। ਕੁਲਵੰਤ ਭਾਜੀ ਓਪਰਿਆਂ ਵਾਂਗ ਚੁੱਪ-ਚਾਪ ਬੈਠੇ ਰਹੇ ਸਨ ਕੋਲ। ਰਾਤ ਤਾਂ ਜਿਵੇਂ ਕਿਵੇਂ ਕੱਢ ਲਈ ਸੀ ਪਰ ਦਿਨ ਚੜ੍ਹਦਿਆਂ ਹੀ ਭਾਜੀ ਕੁਲਵੰਤ ਨੇ ਮੇਰੇ ਕੋਲ ਗਿਲਾ ਕੀਤਾ ਸੀ;
-ਹਰਜੀਤ ਤਾਂ ਆਵਦੇ ਹਮ-ਪੇਸ਼ਾ ਯਾਰਾਂ-ਬਾਸਾਂ ਨਾਲ਼ ਹੀ ਯੱਕੜ ਮਾਰਦਾ ਰਿਹਾ। ਦਾਰੂ ਪੀਂਦੇ ਰਹੇ ਸਾਰੇ, ਮੈਨੂੰ ਤਾਂ ਪੁੱਛਿਆ ਤੱਕ ਨਹੀਂ। ਮੇਰੀ ਜਾਣ-ਪਛਾਣ ਤੱਕ ਨੀ ਕਰਾਈ। ਮੈਂ ਕੀ ਲੈਣ ਆਉਣਾ ਸੀ ਇੱਥੇ?’’
-ਮੈਨੂੰ ਰਾਤ ਹੀ ਕਿਉਂ ਨਹੀਂ ਦੱਸਿਆ। ਤੂੰ ਰਾਤ ਕਿਵੇਂ ਕੱਟਲੀ? ਮੈਂ ਤਾਂ ਇਸ ਘਰ ਵਿੱਚ ਇੱਕ ਮਿੰਟ ਵੀ ਨਹੀਂ ਸੀ ਰੁਕਣਾ।’’ ਦੀਦੀ ਬਿਫ਼ਰ ਖਲੋਤੀ ਸੀ। ਆਏ ਰਿਸ਼ਤੇਦਾਰ ਅਜੇ ਘਰ ਹੀ ਸਨ। ਦੀਦੀ ਦਾ ਝੱਜੂ ਪਾਉਣਾ ਬੁਰਾ ਹੋ ਸਕਦਾ ਸੀ ਪਰ ਮੈਨੂੰ ਉੱਕਾ ਬੁਰਾ ਨਹੀਂ ਸੀ ਲੱਗਾ। ਮਿੰਟਾਂ ਵਿੱਚ ਹੀ ਦੀਦੀ ਸਮਾਨ ਲਪੇਟ ਕੇ ਚਲੇ ਗਏ ਸਨ। ਮੈਂ ਵੀ ਰੋਕਿਆ ਨਹੀਂ ਸੀ। ਮੈਨੂੰ ਤਾਂ ਸਗੋਂ ਸੰਤੁਸ਼ਟੀ ਦਾ ਅਹਿਸਾਸ ਹੋਇਆ ਸੀ ਜਿਵੇਂ ਦੀਦੀ ਨੇ ਹਰਜੀਤ ਦੇ ਸਾਰੇ ਟੱਬਰ ਦੇ ਮੂੰਹ ’ਤੇ ਕਰਾਰੀ ਚਪੇੜ ਜੜ੍ਹ ਦਿੱਤੀ ਹੋਵੇ।
ਮੈਂ ਤਾਂ ਅਕਸਰ ਚਾਹੁੰਦੀ ਹਾਂ ਅਜਿਹੇ ਸਾਰੇ ਲੋਕਾਂ ਦੇ ਮੂੰਹ ’ਤੇ ਕਰਾਰੀ ਚਪੇੜ ਵੱਜਦੀ ਰਹੇ। ਉਂਜ ਮੈਨੂੰ ਉਦੋਂ ਦੁੱਖ ਹੁੰਦਾ ਹੈ ਜਦੋਂ ਹੈਡਮਾਸਟਰ ਸਾਹਿਬ ਮੇਰੇ ਪ੍ਰਤੀ ਵੀ ਉਹੋ ਜਿਹਾ ਵਤੀਰਾ ਅਪਣਾਉਂਦੇ ਨੇ ਜਿਹੋ ਜਿਹਾ ਢੰਡ, ਪਵਿੱਤਰ ਅਤੇ ਗੁਰਸਿਮਰਤ ਵਰਗੇ ਅਧਿਆਪਕਾਂ ਪ੍ਰਤੀ। ਦਰਅਸਲ ਲਗਾਤਾਰ ਹੁੰਦੇ ਵਿਤਕਰੇ ਨੇ ਉਹਨਾਂ ਅੰਦਰੋਂ ਦੋਸਤ-ਦੁਸ਼ਮਣ ਦੀ ਪਹਿਚਾਣ ਹੀ ਖ਼ਤਮ ਕਰ ਦਿੱਤੀ ਹੈ। ਮੈਂ ਉਹਨਾਂ ਦੇ ਅਜਿਹੇ ਵਤੀਰੇ ’ਤੇ ਇਤਰਾਜ਼ ਵੀ ਕੀਤਾ ਸੀ,
-ਸਰ ਮੇਰੇ ਨਾਲ਼ ਤੁਹਾਡਾ ਅਜਿਹਾ ਬੀਹੇਵ ਮੈਨੂੰ ਟੀਜ਼ ਕਰਦਾ ਹੈ। ਪਲੀਜ਼ ਬੀਹੇਵ ਸਿਨਸੀਅਰਲੀ……ਲਾਈਕ ਯੋਅਰ ਫੈਮਲੀ ਮੈਂਬਰ।’’
ਹੈਡ ਸਾਹਿਬ ਕਿੰਨਾ ਚਿਰ ਸੋਚਦੇ ਰਹੇ ਸਨ।

ਜਾਤੀਵਾਦ ਤੁਹਾਡੀ ਮਾਨਸਿਕਤਾ ਦੇ ਧੁਰ ਅੰਦਰ ਤੱਕ ਘੁੱਸ ਗਿਆ ਹੈ। ਤੁਸੀਂ ਹੁਣ ਚਾਹੁੰਦੇ ਹੋਏ ਵੀ ਬਰਦਾਸ਼ਤ ਨਹੀਂ ਕਰ ਸਕਦੇ, ਮੇਰੇ ਜਿਹਿਆਂ ਨੂੰ। ਮੈਂ ਤੁਹਾਨੂੰ ਇਨਸਾਨ ਨਹੀਂ, ਇੱਕ ਅਛੂਤ ਹੀ ਨਜ਼ਰ ਆਉਂਦਾ ਹਾਂ। ਮੇਰੇ ਵਿੱਚੋਂ ਤੁਹਾਨੂੰ ਮੇਰੀ ਅਫ਼ਸਰੀ ਨਹੀਂ, ਮੇਰੀ ਜਾਤ ਹੀ ਨਜ਼ਰ ਆਉਾਂਦੀ ।’’ ਹੈਡ ਸਾਹਿਬ ਦੀ ਇਸ ਗੱਲ ਵਿੱਚ ਬੜਾ ਵੱਡਾ ਸੱਚ ਹੈ। ਜਾਤੀਵਾਦ ਨਾਲ਼ ਭਰੇ ਅਧਿਆਪਕ ਉਸਦਾ ਹੁਕਮ ਨਹੀਂ ਮੰਨਦੇ। ਅਫ਼ਰਾ-ਤਫ਼ਰੀ ਜਿਹੀ ਮਚਾਈ ਰੱਖਦੇ ਨੇ ਸਕੂਲ ਵਿੱਚ। ਸਕੂਲ ਵਿੱਚ ਹੀ ਕਿਉਂ ਅਜਿਹੇ ਲੋਕ ਤਾਂ ਸਮਾਜ ਵਿੱਚ ਹੀ ਅਫ਼ਰਾ ਤਫ਼ਰੀ ਮਚਾਈ ਰੱਖਦੇ ਨੇ। ਕਈ ਵਾਰ ਤਾਂ ਢੰਡ ਵਰਗਿਆਂ ਦੀ ਹਰਕਤ ਸਹਿਣਯੋਗ ਨਹੀਂ ਹੁੰਦੀ ਪਰ ਕੋਈ ਬੋਲਦਾ ਹੀ ਨਹੀਂ। ਜੁੰਡਲੀ ਦੀਆਂ ਗ਼ਲਤ ਹਰਕਤਾਂ ਦੇ ਬਾਵਜੂਦ ਹੈਡ ਸਾਹਿਬ ਚੁੱਪ ਕਰ ਰਹਿੰਦੇ ਨੇ। ਹੈਡ ਸਾਹਿਬ ਹੀ ਕਿਉਂ ਭੈਣ ਜੀ ਨਿਰਮਲ, ਗੁਰਦੀਸ਼, ਪ੍ਰਵੀਨ ਬਾਲਾ, ਮਾਸਟਰ ਦਿਆਲ ਸਿੰਘ ਅਤੇ ਗੁਰਨੇਕ ਸਿੰਘ ਵਰਗੇ ਵੀ ਚੱਲ ਹੋ ਤੂੰ ਪਰ੍ਹੇ ਕਰੀ ਰੱਖਦੇ ਨੇ।
ਮੈਨੂੰ ਵੀ ਦੀਦੀ ਪਰਮ ਵੱਲੋਂ ਰਮਦਾਸੀਆਂ ਦੇ ਮੁੰਡੇ ਨਾਲ਼ ਵਿਆਹ ਕਰਵਾ ਲੈਣ ਦੀ ਗੱਲ ਵਾਰ-ਵਾਰ ਸੁਣਾਈ ਜਾਂਦੀ ਹੈ। ਉਦੋਂ ਮੈਂ ਪੀੜ-ਪੀੜ ਹੋ ਜਾਂਦੀ ਹਾਂ। ਸੋਚਦੀ ਹਾਂ, ਜਿਹੜੇ ਲੋਕ ਸਦੀਆਂ ਤੋਂ ਅਜਿਹੀਆਂ ਗੱਲਾਂ ਸੁਣਦੇ ਆ ਰਹੇ ਨੇ, ਉਹ ਕਿੰਨਾ ਦੁੱਖ ਹੰਢਾਉਂਦੇ ਹੋਣਗੇ। ਜਦੋਂ ਘਰ ਵਿੱਚ ਹੀ ਅਜਿਹਾ ਵਾਪਰਦਾ ਹੈ, ਜੀਅ ਕਰਦਾ ਚੀਕ ਮਾਰਾਂ। ਐਨੀ ਲੰਬੀ ਤੇ ਉੱਚੀ ਕਿ ਘਰ ਦੀਆਂ ਸਾਰੀਆਂ ਛੱਤਾਂ ਹੀ ਉੱਡ ਜਾਣ। ਕੰਧਾਂ ਪਾਟ ਕੇ ਡਿੱਗ ਪੈਣ ਅਤੇ ਮੈਂ ਇਸ ਘਰ ਦੀ ਕੈਦ ਤੋਂ ਮੁਕਤ ਹੋ ਕੇ ਖੁਲ੍ਹੇ ਅੰਬਰ ਵਿੱਚ ਸਾਹ ਲੈਣ ਲੱਗ ਪਵਾਂ।
ਵਾਹ ਲੱਗਦੀ ਤਾਂ ਮੈਂ ਚੁੱਪ ਰਹਿੰਦੀ ਹਾਂ ਪਰ ਜਦੋਂ ਇਹ ਟੱਬਰ ਜ਼ਿਆਦਾ ਹੀ ਸਿਰ ਆ ਜਾਵੇ, ਉਦੋਂ ਮੈਨੂੰ ਚੀਕ ਮਾਰਨ ਦੀ ਲੋੜ ਪੈ ਈ ਜਾਂਦੀ ਹੈ। ਉਦੋਂ ਮੇਰੀ ਚੀਕ ਦੀ ਗਰਜਣਾ ਨਾਲ਼ ਹਰਜੀਤ ਸਮੇਤ ਸਾਰਾ ਟੱਬਰ ਛਾਂਈਂ-ਮਾਈਂ ਹੋ ਜਾਂਦਾ ਹੈ।

ਗੁਰਮੀਤ ਕੜਿਆਲਵੀ
ਪੰਜਾਬੀ ਕਹਾਣੀ ਦਾ ਭਵਿੱਖ ਜਿਹਨਾਂ ਨੌਜਵਾਨ ਕਹਾਣੀਕਾਰਾਂ ਦੀਆਂ ਕਲਮਾਂ ਕੋਲ ਸੁਰੱਖਿਅਤ ਨਜ਼ਰ ਆ ਰਿਹਾ ਹੈ, ਉਨ੍ਹਾਂ ਵਿਚ ਗੁਰਮੀਤ ਕੜਿਆਲਵੀ ਮੋਹਰੀਆਂ ਵਿਚੋਂ ਹੈ। 'ਹੱਡਾ ਰੋੜੀ' ਕਹਾਣੀ ਸੰਗ੍ਰਹਿ ਰਾਹੀਂ ਸਧਾਰਨ ਬੰਦੇ ਦੇ ਅੰਦਰ-ਬਾਹਰ ਨੂੰ ਪੇਸ਼ ਕਰਨ ਦੀ ਮੁਹਾਰਤ ਹਾਸਲ ਕਰ ਚੁੱਕਾ ਗੁਰਮੀਤ ਕੜਿਆਲਵੀ ਕਹਾਣੀ ਲਿਖਦਾ ਨਹੀਂ ਜੀਉਂਦਾ ਹੈ। ਉਹਦੀਆਂ ਕਹਾਣੀਆਂ ਦੇ ਪਾਤਰ ਵੀ ਉਹਦੇ ਵਰਗੇ ਹੀ ਹਨ, ਕਿਤੇ ਆਪ ਮੁਹਾਰੇ ਨਹੀਂ ਤੇ ਨਾ ਹੀ ਕਿਤੇ ਉਲਾਰ। ਇਸ ਤਰ੍ਹਾਂ ਦਾ ਸੰਤੁਲਨ ਬਣਾਉਣਾ ਹਾਰੀ-ਸਾਰੀ ਲੇਖਕ ਦੇ ਵੱਸ ਵਿਚ ਨਹੀਂ ਹੁੰਦਾ। 'ਹੁਣ' ਵਿਚ ਪਹਿਲੀ ਵਾਰ ਉਹਦੀ ਕਹਾਣੀ ਛਾਪੀ ਜਾ ਰਹੀ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!