ਚਿੱਠੀਆਂ – ਹੁਣ 9

Date:

Share post:

ਮੈਂ ਪਹਿਲਾਂ ਹੀ ਜ਼ਿਕਰ ਕਰਦਾ ਰਹਿੰਦਾ ਹਾਂ ਕਿ ‘ਹੁਣ’ ਪਰਚਾ ਨਿਕਲਣ ਨਾਲ ਪੰਜਾਬੀ ਸਾਹਿਤ ਜਗਤ ਵਿਚ ਇਕ ਮਿਸਾਲੀ ਪੈਰ ਪੁੱਟਿਆ ਗਿਆ ਹੈ, ਪਹਿਲਾਂ ਅਜਿਹਾ ਸਾਹਿਤਕ ਪੱਤਰ ਕਦੇ ਨਹੀਂ ਸੀ, ‘ਚੇਤਨਾ’ ਵੀ ਅਜਿਹਾ ਨਹੀਂ ਸੀ। ਹਿੰਦੀ ਵਿਚ ਅਜਿਹੇ ਵੱਡੇ-ਵੱਡੇ ਪਰਚੇ ਕਈ ਛਪਦੇ ਹਨ, ‘ਹੁਣ’ ਕਰਕੇ ਅਸੀਂ ਹਿੰਦੀ ਵਾਲਿਆਂ ਦੇ ਬਰਾਬਰ ਆ ਖੜੇ ਹਾਂ। ਪਿਛਲੇ ਦਿਨਾਂ ਵਿਚ ਮੈਂ ਚੰਡੀਗੜ ਪੰਜਾਬ ਬੁੱਕ ਸੈਂਟਰ ਵਿਚ ਖੜਾ ਸੀ। ਉਸ ਦਿਨ ‘ਹੁਣ’ ਦੀ ਇਕ ਵੀ ਕਾਪੀ ਉਥੇ ਨਹੀਂ ਸੀ। ਦੱਸਿਆ ਉਨ੍ਹਾਂ ਨੇ ਕਿ ਡੇਢ ਸੌ ਕਾਪੀ ਆਈ ਸੀ, ਸਾਰਾ ਵਿਕ ਗਿਆ। ਬਈ ਕਮਾਲ, ਬੜੀ ਹੈਰਾਨੀ ਭਰੀ ਖੁਸ਼ੀ ਹੋਈ। ਮਾਣ ਜਿਹਾ ਮਹਿਸੂਸ ਹੋਇਆ। ਛੋਟਾ-ਛੋਟਾ ਵੀ ਲੱਗਿਆ, ‘ਕਹਾਣੀ ਪੰਜਾਬ’ ਅਤੇ ਹੋਰ ਕਈ ‘ਸਿਰਜਣਾ’- ‘ਲਕੀਰਾਂ’ ਤਾਂ ‘ਪਰਚੀਆਂ’ ਹੀ ਰਹਿ ਗਏ।
ਸਤੀ ਕੁਮਾਰ ਦਾ ਸੁਣ ਕੇ ਬਹੁਤ ਦੁੱਖ ਹੋਇਆ। ਮੈਂ ਉਹਨੂੰ ਵੀਹ-ਬਾਈ ਸਾਲ ਦੇ ਨੂੰ ਰਾਮਪੂਰਾ ਫੂਲ ਇਕ ਕਵੀ ਦਰਬਾਰ ਵਿਚ ਦੇਖਿਆ ਸੀ। ਚਿੱਟਾ ਪੈਂਟ-ਬੁਰਸ਼ਟ, ਛੀਂਟਲਾ ਜਿਹਾ ਮੁੰਡਾ, ਬਹੁਤ ਸੋਹਣਾ ਲੱਗ ਰਿਹਾ ਸੀ। ਕਵਿਤਾ ਮੈਂ ਵੀ ਪੜ੍ਹੀ ਸੀ। ਉਹਨੇ ਦੋ-ਤਿੰਨ ਨਿਕੀਆਂ-ਨਿਕੀਆਂ ਖੁਲ੍ਹੀਆਂ ਕਵਿਤਾਵਾਂ ਸੁਣਾਈਆਂ ਸਨ, ਬਾਅਦ ਵਿਚ ਅਸੀਂ ਦੋ ਕੁ ਬੋਲ ਸਾਂਝੇ ਕੀਤੇ ਸਨ। ਕਵੀ ਦਰਬਾਰ ਦੇ ਪ੍ਰਬੰਧਕ ਪੋ੍ਰ: ਗੁਰਬਚਨ ਸਿੰਘ ਤਾਂਘੀ ਨੇ ਦੱਸਿਆ, ਇਹ ਇਥੋਂ ਦਾ ਈ ਪੰਡਤਾਂ ਦਾ ਮੁੰਡਾ ਐ, ਪੜ੍ਹਦੈ। ਉਸ ਤੋਂ ਬਾਅਦ ਮੇਰੀ ਉਹਦੇ ਨਾਲ ਕਦੇ ਗੱਲਬਾਤ ਨਾ ਹੋਈ। ਨਾ ਕੋਈ ਚਿੱਠੀ ਪੱਤਰ, ਨਾ ਫੋਨ, ਨਾ ਕਦੇ ਦੇਖਿਆ ਮੈਂ ਉਹਨੂੰ , ਪਰ ਮੈਂ ਉਹਨੂੰ ਹਮੇਸ਼ਾ ਪੜ੍ਹਦਾ ਰਿਹਾਂ ਹਾਂ। ਉਹਦਾ ਕੁਝ ਵੀ ਅਜਿਹਾ ਨਹੀਂ ਸੀ, ਜੋ ਮੈਂ ਨਾ ਪੜ੍ਹਿਆ ਹੋਵੇ, ਉਹ ਆਪਣੇ ਜਿਹਾ ਇਕੋ ਕਵੀ ਸੀ। ਸਾਰਿਆਂ ਤੋਂ ਅੱਲਗ। ਉਹਦੀ ਕਵਿਤਾ ਵਿਚ ਹੈਰਾਨਗੀ ਹੁੰਦੀ, ਚਮਤਕਾਰ ਹੁੰਦਾ, ਵਿਲੱਖਣਤਾ ਹੁੰਦੀ, ਉਹਦੀ ਕਵਿਤਾ ਪੜ੍ਹਨ ਵਾਲੇ ਦੇ ਕੰਨ ਖੜੇ ਕਰ ਦਿੰਦੀ। ਕੋਈ ਪੈਂਤੀ-ਚਾਲੀ ਸਾਲ ਪੁਰਾਣੀ ਗੱਲ ਯਾਦ ਰਹਿੰਦੀ ਹੈ, ਉਹਦੀ ਇਕ ਕਿਤਾਬ ਛਪੀ ਸੀ, ਸ਼ਾਇਦ ਸੌ-ਦੋ ਸੌ ਕਾਪੀ ਜਾਂ ਇਸ ਤੋਂ ਵੀ ਘੱਟ, ਲਿਖਿਆ ਸੀ ਕਿ ਇਹ ਅਲਪ ਸੰਖਿਅਕ ਪਾਠਕਾਂ ਲਈ ਹੈ। ਉਦੋਂ ਉਹਦੀ ਇਸ ਗੱਲ ਨੇ ਸਾਨੂੰ ਬਹੁਤ ਹੈਰਾਨ ਕੀਤਾ।
ਸਤੀ ਕੁਮਾਰ ਦਾ ਸਭ ਤੋਂ ਵੱਡਾ ਯੋਗਦਾਨ ਇਹ ਸੀ ਕਿ ਉਹ ਸਾਡੇ ਤੱਕ ਸੰਸਾਰ ਸਾਹਿਤ ਦੀ ਸੂਚਨਾ ਭੇਜਦਾ ਰਹਿੰਦਾ ਸੀ। ਜਿਨਾਂ੍ਹ ਵਿਦੇਸ਼ੀ ਲੇਖਕਾਂ ਬਾਰੇ ਉਹ ਦੱਸਦਾ ਅਸੀਂ ਤਾਂ ਕਦੇ ਸੁਣਿਆ ਹੀ ਨਹੀਂ ਹੁੰਦਾ ਸੀ। ਹੁਣ ਉਹਦੇ ਵਾਂਗ ਸਾਨੂੰ ਕੋਈ ਨਹੀਂ ਦੱਸੇਗਾ।
ਮੈਨੂੰ ਸਤੀ ਕੁਮਾਰ ਉਸ ਦਿਨ ਬਹੁਤ ਆਪਣਾ ਲੱਗਿਆ ਜਦੋਂ ਉਹਨੇ ਅਪਣੇ ਇਕ ਲੇਖ ਵਿਚ ‘ਸੇਲਬਰਾਹ’ ਪਿੰਡ ਦਾ ਜ਼ਿਕਰ ਕਰਦਿਆਂ ‘ਕੋਠੇ ਖੜਕ ਸਿੰਘ’ ਦਾ ਨਾਂਅ ਲਿਆ। ਇਹ ਨਾਵਲ ਸੇਲਬਰਾਹ ਪਿੰਡ ਦੇ ਭਾਈ ਬਹਿਲੋ ਦੇ ਇਕੱਠ ਤੋਂ ਸ਼ੁਰੂ ਹੁੰਦਾ ਹੈ। ਮੈਨੂੰ ਉਹ ਇਸ ਕਰਕੇ ਵੀ ਚੰਗਾ ਲਗਦਾ ਕਿ ਉਹਦੀ ਭਾਸ਼ਾ ਵਿਚ ਨਿਰੋਲ ਸਾਡੇ ਪਿੰਡਾਂ ਦੇ ਸ਼ਬਦ ਹੁੰਦੇ। ਅਪਣੇ ਪਿੰਡਾਂ ਦਾ ਖਾਸ ਸ਼ਬਦ ਮੈਨੂੰ ਸਦੀਆਂ ਪੁਰਾਣੇ ਮਨੁੱਖ ਦੀ ਮੁਲਾਕਾਤ ਕਰਵਾਉਂਦਾ ਹੈ। ‘ਹੁਣ’ ਦੇ ਏਸੇ ਅੰਕ ਵਿਚ ਡੋਰਿਸ ਲੈਸਿੰਗ ਬਾਰੇ ਲਿਖਦਾ ਉਹ ਇਕ ਸ਼ਬਦ ‘ਤੋੜਾ’ ਵਰਤਦਾ ਹੈ (ਕਿਤਾਬਾਂ ਦੇ ਤੋੜੇ ਦਾ ਰੋਣਾ ਰੋਂਦੇ ਹੋਏ ਡੈਰਿਸ ਆਪਣੇ ਨੋਬਲੀ ਭਾਸ਼ਨ ’ਚ…..) ਮੈਨੂੰ ਇਹ ਸ਼ਬਦ ਮਸਾਂ ਮਿਲਿਆ, ਕਦੇ ਕਿਸੇ ਨੇ ਨਹੀਂ ਵਰਤਿਆ ਹੋਵੇਗਾ, ਕੁਝ ਮਲਵਈ ਲੇਖਕਾਂ ਤੋਂ ਬਗੈਰ।
ਏਸੇ ਅੰਕ ਵਿਚ ਉਹਦੀ ਰਚਨਾ ਪੜ੍ਹੀ- ‘ਰਮੇਸ਼ ਨਗਰ ਦੀ ਕੁੜੀ’ ਪਿਆਰੀ ਰਚਨਾ ਹੈ। ਮੈਂ ਸਤੀ ਕੁਮਾਰ ਨੂੰ ਲਿਖਣਾ ਚਾਹਿਆ ਕਿ ਸਫਾ-140 ਉਤੇ ਜਿਥੇ ਤੂੰ ਲਿਖਿਆ ਹੈ- “ਮੈਨੂੰ ਜਾਪਿਆ ਜਿਵੇਂ ਮੇਰੀਆਂ ਬਾਹਾਂ ’ਚ ਉਸਦੀ ਦੇਹ ਨਾ, ਬਲਕਿ ਮਾਵੇ ’ਚ ਆਕੜੀ ਹੋਈ ਇਕ ਪੱਗ ਹੋਵੇ।” ਇਸ ਤੋਂ ਅੱਗੇ-“ਉਸਦੇ ਥਾਣੇਦਾਰ ਦੀ ਪੱਗ” ਇਹ ਨਹੀਂ ਸੀ ਚਾਹੀਦੀ। ਥਾਣੇਦਾਰ ਦੀ ਪੱਗ ਆਖਣ ਦੀ ਲੋੜ ਹੀ ਨਹੀਂ ਰਹਿ ਜਾਂਦੀ । ਪਰ ਮੇਰੇ ਕੋਲ ਸਤੀ ਕੁਮਾਰ ਦਾ ਐਡਰੈਸ ਨਹੀਂ ਸੀ। ਪੋ੍ਰ: ਪ੍ਰੀਤਮ ਸਿੰਘ ਵਾਲੇ ‘ਪੰਜਾਬੀ ਲੇਖਕ ਕੋਸ਼’ ਵਿਚ ਸਤੀ ਕੁਮਾਰ ਦੀ ਐਂਟਰੀ ਹੀ ਨਹੀਂ । ਮੈਂ ਉਹਦਾ ਐਡਰੈਸ ਲਭਦਾ ਫਿਰਦਾ ਸੀ। ਚਾਹੁੰਦਾ ਇਹ ਵੀ ਸੀ ਕਿ ਸਤੀ ਕੁਮਾਰ ਨੂੰ ਆਪਣਾ ਪਰਚਾ ਭੇਜਿਆ ਕਰਾਂ। ਪਰ ਕਿਥੇ ਸੀ ਉਹ, ਉਹ ਤਾਂ ਆਪ ਹੀ ਨਹੀਂ ਰਿਹਾ ਸੀ। ਦੋਸਤ ਦੇ ਐਸ.ਐਮ.ਐਸ. ਨੇ ਬਹੁਤ ਦੁਖੀ ਕੀਤਾ।

ਰਾਮ ਸਰੂਪ ਅਣਖੀ- ਬਰਨਾਲਾ


ਨਵੇਂ ਸਾਲ ਦਾ ‘ਹੁਣ’ ਪੜ੍ਹਿਆ| ਇਸ ਪਰਚੇ ਵਿਚ ਸਾਹਿਤ ਦੀ ਹਰ ਵੰਨਗੀ ਪੜ੍ਹਨ ਨੂੰ ਮਿਲੀ| ਕਹਾਣੀਆਂ ਵਿਚੋਂ ਅਤਰਜੀਤ ਦੀ ਕਹਾਣੀ ‘ਕੰਧਾਂ ’ਤੇ ਲਿਖੀ ਇਬਾਰਤ’ ਮਨ ਉਤੇ ਡੂੰਘਾ ਪ੍ਰਭਾਵ ਛੱਡ ਗਈ| ਨਵਤੇਜ ਭਾਰਤੀ ਨਾਲ ਗੱਲਾਂ ਦੌਰਾਨ ਪਟਿਆਲੇ ਵਿਚਲੇ ‘ਭੂਤਵਾੜੇ’ ਬਾਰੇ ਕਾਫ਼ੀ ਕੁਝ ਜਾਨਣ ਨੂੰ ਮਿਲਿਆ| ਅਵਤਾਰ ਜੰਡਿਆਲਵੀ ਦੁਆਰਾ ਇਸ ਸਾਲ ਦੀ ਨੋਬਲ ਪੁਰਸਕਾਰ ਜੇਤੂ ਡੋਰਿਸ ਲੈਸਿੰਗ ਬਾਰੇ ਜਾਣਕਾਰੀ ਵੀ ਮਿਲੀ|
ਸੰਪਾਦਕੀ ਵਿਚ ਤੁਸੀਂ ਉਸ ਵੱਡੇ ਸਿਆਸਤਦਾਨ ਦੇ ਮੂੰਹ ’ਤੇ ਚਪੇੜ ਜੜ ਦਿੱਤੀ ਹੈ ਜਿਸ ਨੇ ਕਿਹਾ ਸੀ ਕਿ ਸ਼ਹੀਦੇ ਆਜ਼ਮ ਸ: ਭਗਤ ਸਿੰਘ ਇੱਕ ਅੱਤਵਾਦੀ ਹੈ| ਸਾਰਿਆਂ ਨੂੰ ਇਸ ਸ਼ੇਖ ਚਿੱਲੀ ਸਿਆਸਤਦਾਨ ਬਾਰੇ ਪਤਾ ਹੈ ਕਿ ਉਹ ਆਪਣੇ ਅਜਿਹੇ ਬੇਹੁਦਾ ਬਿਆਨਾਂ ਨਾਲ ਲੋਕਾਂ ਵਿਚ ਮਜ਼ਾਕ ਦਾ ਪਾਤਰ ਬਣ ਰਿਹਾ ਹੈ|
ਨਿੰਦਰ ਘੁਗਿਆਣਵੀ ਦੁਆਰਾ ਲਿਖੇ ਗਏ ਕ੍ਰਿਪਾਲ ਕਜ਼ਾਕ ਦੇ ਰੇਖਾ ਚਿੱਤਰ ਵਿਚ ਘੁਗਿਆਣਵੀ ਨੇ ਆਪਣੇ ਆਪ ਨੂੰ ਹੀ ਜਿਆਦਾ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਹੋਈ ਹੈ|
ਪੰਜਾਬੀ ਸਾਹਿਤ ਜਗਤ ਵਿਚ ਅਜਿਹੇ ਮਿਆਰੀ ਰਸਾਲੇ ਦੀ ਬਹੁਤ ਘਾਟ ਮਹਿਸੂਸ ਹੋ ਰਹੀ ਸੀ, ਜੋ ‘ਹੁਣ’ ਨੇ ਪੂਰੀ ਕਰ ਦਿੱਤੀ ਹੈ| ਮੈਂ ਤੁਹਾਨੂੰ ਇਥੇ ਇਕ ਜ਼ਰੂਰੀ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਹੋ ਸਕੇ ਤਾਂ ਪਰਚੇ ਦਾ ਮੈਟਰ ਕੁਝ ਘਟਾ ਦਿੱਤਾ ਜਾਵੇ ਤਾਂ ਬਹੁਤ ਚੰਗਾ ਹੋਵੇਗਾ|

ਗੁਰਮੀਤ ਸਿੰਘ ਸਿੰਗਲ, ਚੰਡੀਗੜ੍ਹ


‘ਹੁਣ’ ਦਾ 8ਵਾਂ ਅੰਕ ਕੋਟਕਪੂਰੇ ਤੋਂ ਚੇਤਨਾ ਪ੍ਰਕਾਸ਼ਨ ਵਾਲਿਆਂ ਦੇ ਨਵੇਂ ਖੁੱਲੇ੍ਹ ਸ਼ੋਅ-ਰੂਮ ਤੋਂ ਖਰੀਦਿਆ| ਪਰਚੇ ਦੀ ਬਾਹਰੀ ਦਿੱਖ ਹੀ ਮਨ ਮੋਹ ਲੈਂਦੀ ਹੈ| ਇਸ ਤੋਂ ਪਿਛਲਾ ਪਰਚਾ ਵੀ ਮੈਂ ਖਰੀਦ ਕੇ ਪੜ੍ਹਿਆ ਸੀ, ਉਸ ਤੋਂ ਪਿਛਲਾ ਪਰਚਾ ਮੈਨੂੰ ਕਾਮਰੇਡ ਸੁਰਜੀਤ ਗਿੱਲ ਜੀ ਨੇ ਪੜ੍ਹਾਇਆ ਸੀ| ਬਸ ਹੁਣ ਤਾਂ ਮੈਂ ਇਸ ਪਰਚੇ ਦਾ ਸਾਰੀ ਜ਼ਿੰਦਗੀ ਸਾਥ ਨਿਭਾਵਾਂਗਾ| ਮੈਨੂੰ ‘ਹੁਣ’ ਨਾਲ ਏਨੀ ਮੁਹੱਬਤ ਹੋ ਗਈ ਹੈ ਕਿ ਮੈਂ ‘ਹੁਣ’ ਦੇ ਪਿਛਲੇ ਸਾਰੇ ਅੰਕ ਕਾਮਰੇਡ ਬਾਪੂ ਸੁਰਜੀਤ ਗਿੱਲ ਜੀ ਕੋਲਂੋ ਲੈ ਕੇ ਪੜ੍ਹ ਚੁੱਕਾ ਹਾਂ| ਮੈਂ ਇਹ ਸਾਰੇ ਪਰਚੇ ਤੁਹਾਡੇ ਕੋਲੋਂ ਮੰਗਵਾਉਣੇ ਹਨ-ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਮੈਂ ਤੁਹਾਨੂੰ ਕਿੰਨੇ ਪੈਸੇ ਭੇਜ ਦਿਆਂ ਤਾਂ ਜੋ ਮੈਂ ਇਹ ਸਭ ਪਰਚੇ ਆਪਣੇ ਕੋਲ ਸੰਭਾਲ ਲਵਾਂ ਅਤੇ ‘ਹੁਣ’ ਦਾ ਇਕ ਇਕ ਅੱਖਰ ਪੜ੍ਹ ਸਕਾਂ|
‘ਹੁਣ’ ਦੀ ਕੀ ਕੀ ਸਿਫ਼ਤ ਕਰਾਂ। ਰਾਤੀਂ ਵੀ ਇਸਨੂੰ ਨਾਲ ਲੈ ਕੇ ਸੌਂਦਾ ਹਾਂ, ਜਦੋਂ ਅੱਖ ਖੁੱਲ੍ਹਦੀ ਹੈ ਪੜ੍ਹਨ ਜੁੱਟ ਜਾਂਦਾ ਹਾਂ| ਸਭ ਪਰਚਿਆਂ ਤੋਂ ਵੱਖਰਾ ਹੈ ਇਹ ਪਰਚਾ|
ਐਤਕੀਂ ਆਪ ਜੀ ਦੀ ਸੰਪਾਦਕੀ ਦਮਦਾਰ ਹੈ| ‘ਹੁਣ’ ਨੇ ਨਵਤੇਜ ਭਾਰਤੀ ਨਾਲ ਬਹੁਤ ਅੱਛਾ ਸੰਵਾਦ ਰਚਾਇਆ| ਅਤਰਜੀਤ ਹੋਰਾਂ ਦੀ ਕਹਾਣੀ ਤਾਂ ਕਿਆ ਬਾਤਾਂ ਨੇ, ਬਹੁਤ ਪਿਆਰੀ ਲੱਗੀ| ਅਜੇ ਵਰਮਾ ਦੀਆਂ ਮੂਰਤਾਂ ਨੇ ਮਨ ਮੋਹ ਲਿਆ| ਸੁਖਦੇਵ, ਮਲਵਿੰਦਰ, ਅਫ਼ਜ਼ਲ ਸਾਹਿਰ ਅਤੇ ਗੁਰਮੀਤ ਖੋਖਰ ਦੀਆਂ ਕਵਿਤਾਵਾਂ ਵਾਰ ਵਾਰ ਪੜ੍ਹਨ ਨੂੰ ਦਿਲ ਕਰਦਾ ਹੈ| ਨਿੰਦਰ ਘੁਗਿਆਣਵੀ ਤਾਂ ਲਿਖਦਾ ਹੀ ਏਦਾਂ ਹੈ ਕਿ ਪਾਠਕ ਪੜ੍ਹਨ ਵੇਲੇ ਖਿੱਝਦਾ ਨਹੀਂ, ਬਹੁਤ ਅੱਛਾ ਲਿਖਦਾ ਹੈ ਨਿੰਦਰ| ਸਤੀ ਕੁਮਾਰ ਨੇ ‘ਰਮੇਸ਼ ਨਗਰ ਦੀ ਕੁੜੀ’ ਦਾ ਬੜਾ ਅੱਛਾ ਜ਼ਿਕਰ ਕੀਤਾ ਹੈ| ਬਾਪੂ ਹਰਭਜਨ ਹੁੰਦਲ ਵੀ ਕਮਾਲ ਦੀ ਚੀਜ਼ ਹੈ| ਇਕ ਛੋਟੀ ਜਿਹੀ ਬੇਨਤੀ ਹੈ ਔਖੀਆਂ ਕਵਿਤਾਵਾਂ ਨਾ ਛਾਪਿਆ ਕਰੋ, ਬੜੀ ਵਾਹ ਲਾਇਆਂ ਵੀ ਸਮਝ ਨਹੀਂ ਪੈਂਦੀਆਂ| ਬਾਕੀ ਰਹੀ ਗੱਲ ਪਰਚੇ ਦੀ- ਕੋਈ ਰੀਸ ਨਹੀਂ| ਬਹੁਤ ਪਿਆਰਾ ਹੈ|

-ਬੇਅੰਤ ਗਿੱਲ ਭਲੂਰ, ਮੋਗਾ


‘ਹੁਣ’ ਬਹੁਤ ਹੀ ਪਾਏਦਾਰ ਅਵੱਲ ਦਰਜੇ ਦੀਆਂ ਭਿੰਨ ਭਿੰਨ ਪ੍ਰਕਾਰ ਦੀਆਂ ਲਿਖਤਾਂ ਦਾ ਅਨਮੋਲ ਭੰਡਾਰ ਹੈ। ਵਧੀਆ ਗਿਆਨ ਅਤੇ ਜਾਣਕਾਰੀ ਦੇ ਨਾਲ ਨਾਲ ਸੱਭਿਆਚਾਰਕ ਪੱਖੋਂ ਵੀ ਸਿਰਕੱਢ ਹੈ| ਇਸ ਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ|
ਜਲਦ ਹੀ ਮੈਂ ‘ਹੁਣ’ ਮੈਂਗਜ਼ੀਨ ਦੀ ਜੀਵਨ ਮੈਂਬਰਸ਼ਿਪ ਫੀਸ ਆਪ ਜੀ ਤੱਕ ਪਹੁੰਚਦੀ ਕਰਨ ਦੀ ਕੋਸ਼ਿਸ਼ ਕਰਾਂਗਾ|

-ਅਮਰਜੀਤ ਸੇਖੋਂ,ਮੁਲਾਂਪੁਰ ਦਾਖਾ


ਪੰਜਾਬੀ ਸਾਹਿਤ ਤੇ ਸੱਭਿਆਚਾਰ ਦਾ ਪ੍ਰਤੀਨਿਧ ਪਰਚਾ ‘ਹੁਣ’ ਕੱਢਣ ਲਈ ਤੁਹਾਡਾ ਉਦਮ ਸੱਚੀ ਮੁੱਚੀ ਸ਼ਲਾਘਾਯੋਗ ਹੈ| ਪੰਜਾਬੀ ਸਾਹਿਤ ਦੇ ਮੇਰੇ ਵਰਗੇ ਨਿਮਾਣੇ ਪਾਠਕਾਂ ਲਈ ਇਹਦੀ ਇਕ ਇਕ ਲਿਖਤ ਸਾਂਭਣਯੋਗ ਹੈ| ਕੋਸ਼ਿਸ਼ ਕਰਨ ਦੇ ਬਾਵਜੂਦ ਏਧਰ ਕਿਸੇ ਜਾਣਕਾਰ ਦੋਸਤ ਪਾਸੋਂ ਪਹਿਲਾ ਅੰਕ ਨਹੀਂ ਮਿਲ ਸਕਿਆ। ਅਗਰ ਕਿਸੇ ਤਰ੍ਹਾਂ ਉਹ ਵੀ ਅਗਲੇ ਅੰਕ ਦੇ ਨਾਲ ਭੇਜ ਸਕੋਂ ਧੰਨਵਾਦੀ ਹੋਵਾਂਗਾ| ਹੁਣ ਦਾ ਸਾਰਾ ਹੀ ਮੈਟਰ ਬਹੁਤ ਵਧੀਆ ਹੈ|

-ਸੋਹਣ ਸਿੰਘ ਰਾਣੂੰ, ਸੈਂਡਵਿਲ ਵੈਲੀ, ਬਰਤਾਨੀਆ


ਪਿਆਰੇ ਅਵਤਾਰ ਜੀ, ਪਿਛਲੇ ਦਿਨੀਂ ‘ਪੰਜਾਬੀ ਭਵਨ’ ਲੁਧਿਆਣਾ ਵਿਚ ਤੁਹਾਡੇ ਨਾਲ ਮੁਲਾਕਾਤ ਹੋਈ| ‘ਹੁਣ’ ਦਾ 8ਵਾਂ ਅੰਕ ਪ੍ਰਾਪਤ ਕਰਕੇ ਬਹੁਤ ਖੁਸ਼ੀ ਮਿਲੀ| ਇਸ ਤੋਂ ਪਹਿਲਾਂ ਵੀ ਪਟਿਆਲੇ ਅਸੀਂ ਮਿਲੇ ਸੀ, ਸ਼ਾਇਦ ਦੋ ਸਾਲ ਪਹਿਲਾਂ| ਸੁਸ਼ੀਲ ਦੁਸਾਂਝ ਉਦੋਂ ਵੀ ਤੁਹਾਡੇ ਨਾਲ ਸੀ| ਉਸ ਦੇ ਲੇਖ ਤਾਂ ਹਰ ਸੋਮਵਾਰ ਨੂੰ ‘ਅਜੀਤ’ ਵਿਚ ਪੜ੍ਹਨ ਨੁੰੂ ਮਿਲ ਜਾਂਦੇ ਹਨ| ਇੰਜ ਅੱਧੀ ਮੁਲਾਕਾਤ ਹੋ ਜਾਂਦੀ ਹੈ|
ਤੁਹਾਨੂੰ ਯਾਦ ਹੋਵੇਗਾ ਕਿ ‘ਹੁਣ’ ਦਾ ਜਦੋਂ ਪਹਿਲਾਂ ਅੰਕ ਪ੍ਰਕਾਸ਼ਿਤ ਹੋਇਆ ਸੀ ਤਾਂ ਮੈਂ ਇਕ ਲੰਮੀ ਚਿੱਠੀ ਲਿਖੀ ਸੀ ਜਿਹੜੀ ਅਗਲੇ ਅੰਕ ਵਿਚ ਛਪੀ| ਉਸ ਵਿਚ ਮੈਂ ਲਿਖਿਆ ਸੀ ‘ਹੁਣ’ ਨੂੰ ਦੇਖ ਕੇ ਮੈਨੂੰ ਅੱਜ ਤੋਂ ਸੌ ਸਾਲ ਪਹਿਲਾਂ ਲਾਹੌਰ ਤੋਂ ਛਪਦੇ ਰਸਾਲੇ ‘ਮਖਜ਼ਨ’ ਦਾ ਖ਼ਿਆਲ ਆਇਆ ਸੀ| ਇਸ ਰਸਾਲੇ ਦੇ ਸੰਪਾਦਕ ਸਰ ਅਬਦੁਲ ਕਾਦਿਰ ਸਨ ਅਤੇ ਇਹਨਾਂ ਨੇ ‘ਮਖ਼ਜ਼ਨ’ ਦੇ ਇਕ ਅੰਕ ਵਿਚ ਡਾ. ਮੁਹੰਮਦ ਇਕਬਾਲ ਦੀ ਕਵਿਤਾ ‘ਤਰਾਨਾ-ਏ-ਹਿੰਦੀ (ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ) ਪਹਿਲੀ ਵਾਰ ਛਪੀ ਸੀ| ਇਸ ਰਸਾਲੇ ਦੇ ਕੁਝ ਅੰਕ ਮੈਨੂੰ ਆਪਣੇ ਤਾਇਆ ਜੀ ਸ. ਪੂਰਨ ਸਿੰਘ ਹੁਨਰ ਦੀ ਘਰੇਲੂ ਲਾਇਬ੍ਰੇਰੀ ਵਿਚੋਂ ਮਿਲੇ ਸਨ| ‘ਹੁਣ’ ਦਾ ਪਹਿਲਾ ਅੰਕ ਦੇਖਦਿਆਂ ਹੀ ਮੈਨੂੰ ਉਸ ੳੁੱਚ ਪਾਏ ਦੇ ਪਰਚੇ ਦਾ ਖ਼ਿਆਲ ਆਇਆ ਸੀ|
‘ਹੁਣ’ ਦੇ 8 ਵੇਂ ਅੰਕ ਨੂੰ ਦੇਖ ਕੇ ਮੇਰੇ ਦਿਮਾਗ਼ ਵਿਚ ਤਿਮਾਹੀ ‘ਸਵੇਰਾ’ ਲਾਹੌਰ ਦਾ ਖ਼ਿਆਲ ਘੁੰਮ ਰਿਹਾ ਹੈ| ਉਸ ਰਸਾਲੇ ਨੇ 1946 ਵਿਚ ਉਰਦੂ ਅਦਬ ਵਿਚ ਤਹਿਲਕਾ ਮਚਾ ਦਿੱਤਾ ਸੀ| ਸ਼ੁਰੂ ਵਿਚ ਅਹਿਮਦ ਨਦੀਮ ਕਾਸਮੀ ਅਤੇ ਫ਼ਿਕਰ ਤੌਂਸਵੀ ਉਸ ਦੇ ਸੰਪਾਦਕ ਸਨ| ਬਾਅਦ ਵਿਚ ‘ਸਾਹਿਰ ਲੁਧਿਆਣਵੀ’ ਉਸ ਦੇ ਸੰਪਾਦਕ ਬਣੇ| ਸਾਹਿਰ ਸਾਹਿਬ ਜਦੋਂ ਲਾਹੌਰ ਤੋਂ ਦਿੱਲੀ ਆ ਗਏ ਤਾਂ ‘ਜ਼ਹੀਰ ਕਾਸ਼ਮੀਰੀ’ ਸਵੇਰਾ ਦੇ ਸੰਪਾਦਕ ਬਣੇ, ਸ਼ਾਇਦ 1950 ਵਿਚ| ਉਦੋਂ ਇਸ ਸੰਪਾਦਕ ਨੇ ਸੰਪਾਦਕੀ ਵਿਚ ਲਿਖਿਆ-“ਕਦੀ ਬਹਿਸ ਹੁੰਦੀ ਸੀ ਕਿ ਅਦਬ ਬਰਾਏ ਅਦਬ ਹੈ ਜਾਂ ਅਦਬ ਬਰਾਏ ਜਿੰLਦਗੀ| ਇਹ ਬਹਿਸ ਹੁਣ ਖ਼ਤਮ ਹੋ ਗਈ ਹੈ ਕਿਉਂਕਿ ਹੁਣ ‘ਅਦਬ ਬਰਾਏ ਇਨਕਲਾਬ ਹੈ|’ ਇਹ ਪੜ੍ਹ ਕੇ ਮੈਨੂੰ ਯਾਦ ਹੈ ਸਾਡੇ ਅਦਬੀ ਹਲਕੇ ਵਿਚ ਇਕ ਨਵੀਂ ਲਹਿਰ ਪੈਦਾ ਹੋ ਗਈ ਸੀ| ਉਦੋਂ ਤਰੱਕੀ ਪਸੰਦ ਅੰਮ੍ਰਿਤਸਰ ਵਿਚ ਉਰਦੂ ਨੂੰ ਪਸੰਦ ਕਰਨ ਵਾਲੇ ਪੰਜ ਸੱਤ ਹੀ ਸਨ ਜੋ ‘ਹਿੰਦੂ ਕਾਲਜ’ ਜਾਂ ‘ਖਾਲਸਾ ਕਾਲਜ’ ਵਿਚ ਪੜ੍ਹਦੇ ਸਨ| ਸਾਡਾ ਰਾਹਨੁਮਾ ਮਹਿੰਦਰ ਬਾਵਾ ਹੁੰਦਾ ਸੀ ਜੋ ਮਾਸਿਕ ‘ਪਗਡੰਡੀ’ ਦਾ ਸੰਪਾਦਕ ਸੀ|
ਉਹ ਜ਼ਮਾਨਾ ਸੀ ਤਰੱਕੀ ਪਸੰਦ ਵਿਕਾਸਸ਼ੀਲ ਅਦਬ ਦਾ| ਵਧੇਰੇ ਕਰਕੇ ਅਸੀਂ ‘ਫ਼ੈਜ਼’ ‘ਸਾਹਿਰ’ ‘ਕਾਸਮੀ’, ‘ਜਾਅਫ਼ਰੀ’ ਅਤੇ ‘ਕੈਫੀ’L ਨੂੰ ਪੜ੍ਹਦੇ ਸੀ| ਫੇਰ ਸਾਡਾ ਧਿਆਨ ‘ਯੂਸਫ਼ ਜਫ਼ਰ’, ‘ਕਯੂਮ ਨਜ਼ਰ’ ਅਤੇ ‘ਮੀਰਾ ਜੀ’ ਵਲ ਖਿੱਚਿਆ ਗਿਆ| ਇਨਾਂ੍ਹ ਦੀ ‘ਜਦੀਦ ਸ਼ਾਇਰੀ’ (ਆਧੁਨਿਕ ਕਵਿਤਾ) ਨੂੰ ਰੱਜਤ-ਪਸੰਦ (ਪਿਛਾਂਹ-ਖਿੱਚੂ) ਸ਼ਾਇਰੀ ਕਿਹਾ ਜਾਂਦਾ ਸੀ| ਇਨਕਲਾਬੀ (ਮਾਰਕਸੀ) ਰੁਚੀਆਂ ਰੱਖਣ ਦੇ ਬਾਵਜੂਦ ਅਸੀਂ ਇਹਨਾਂ ਸ਼ਾਇਰਾਂ ਨੂੰ ਪਸੰਦ ਕਰਦੇ ਸੀ ਕਿਉਂਕਿ ਇਕ ਨਵਾਂ ਦ੍ਰਿਸ਼ਟੀਕੋਣ ਸਾਮ੍ਹਣੇ ਆਉਂਦਾ ਸੀ| ਉਧਰ ਗਲਪ ਦੇ ਖੇਤਰ ਵਿਚ ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ ਅਤੇ ਇਸਮਤ ਚੁਗਤਾਈ ਦੇ ਨਾਲ ਨਾਲ ਅਸੀਂ ਸਆਦਤ ਹਸਨ ਮੰਟੋ ਅਤੇ ਕੁਰੁੱਤੁਲਅਨ ਹੈਦਰ ਨੂੰ ਵੀ ਬੜੇ ਸ਼ੌਕ ਨਾਲ ਪੜ੍ਹਦੇ ਸੀ| ਪਾਰਟੀਸ਼ਨ ਤੋਂ ਬਾਅਦ ਲਾਹੌਰ ਤੋਂ ਇਕ ਰਸਾਲਾ ‘ਨਯਾ ਅਦਬ’ ਜਾਰੀ ਹੋਇਆ ਜਿਸ ਦੇ ਸੰਪਾਦਕ ‘ਮੰਟੋ’ ਅਤੇ ਹਸਨ ਸਨ| ਤਰੱਕੀ ਪਸੰਦਾਂ ਨੇ ਇਸ ਰਸਾਲੇ ਨੂੰ ਅਤੇ ਇਸ ਦੇ ਸੰਪਾਦਕਾਂ ਨੂੰ ‘ਆੜੇ ਹੱਥੀਂ’ ਲਿਆ | ਲੇਕਨ ਬਾਅਦ ਵਿਚ ਮੰਟੋ ਨੂੰ ਮਹਾਨ ਕਹਾਣੀਕਾਰ ਗਰਦਾਨਿਆ ਗਿਆ ਅਤੇ ਹਸਨ ਅਸਕਰੀ ਦੀਆਂ ਆਲੋਚਨਾਤਮਕ ਟਿਪਣੀਆਂ ਨੂੰ ਸਨਦ ਦੇ ਤੌਰ ’ਤੇ ਪੇਸ਼ ਕੀਤਾ ਜਾਂਦਾ ਹੈ|
ਅਵਤਾਰ ਜੰਡਿਆਲਵੀ ਜੀ ਇਹ ਲੰਮੀ ਚੌੜੀ ਭੂਮਿਕਾ ਮੈਂ ਇਸ ਲਈ ਲਿਖੀ ਹੈ ਕਿ ਹੁਣ ਵਕਤ ਆ ਗਿਆ ਹੈ ਕਿ ਆਪਾਂ ਆਪਣੇ ਮਾਹੋਲ ਵਿਚੋਂ ਥੋੜਾ੍ਹ ਬਾਹਰ ਨਿਕਲ ਕੇ ਖੁੱਲ੍ਹੀ ਫ਼ਜ਼ਾ ਵਿਚ ਦਮ ਲਈਏ| ਇੰਜ ਸਾਡੇ ਦ੍ਰਿਸਟੀਕੋਣ ਵਿਚ ਵਧੇਰੇ ਵਿਸ਼ਾਲਤਾ ਆਏਗੀ| ਮੈਂ ਤੁਹਾਨੂੰ ਕਿਹਾ ਸੀ ਕਿ ਪ੍ਰਤੱਖ ਯਥਾਰਥਵਾਦ ਹੀ ਕਾਫ਼ੀ ਨਹੀਂ ,ਜੋ ਕੁਝ ਮਨ ਦੇ ਅੰਦਰ ਹੈ ਉਸ ਨੂੰ ਵੀ ਗੌਲਿLਆ ਜਾਏ| ਮੈਟਰ ਉਹੀ ਰਹਿੰਦਾ ਹੈ, ਲੇਕਿਨ ਉਸ ਦੀ ਆਕ੍ਰਿਤੀ ਬਦਲ ਜਾਂਦੀ ਹੈ| ਵਰਣਨ ਢੰਗ ਵਿਚ ਕਿਤੇ ਵਾਰਤਕ ਪ੍ਰਧਾਨ ਹੁੰਦੀ ਹੈ ਅਤੇ ਕਿਤੇ ਕਾਵਿਕ ਸ਼ੈਲੀ ਦਾ ਬੋਲ ਬਾਲਾ ਹੁੰਦਾ ਹੈ| ਇਸ ਵੇਲੇ ਕੁਝ ਪੰਜਾਬੀ ਸਾਹਿਤਕਾਰ ਅਤੇ ਆਲੋਚਕ ਬੂਹੇ ਭੀੜ ਕੇ ਬੈਠੇ ਹਨ| ਬਹੁਤਾ ਨਹੀਂ ਤਾਂ ਇਕ ਖਿੜ੍ਹਕੀ ਖੋਲ੍ਹ ਲੈਣੀ ਚਾਹੀਦੀ ਹੈ| ਤੁਸੀਂ ਹੁਣ ਤੱਕ ਜੋ ਮੈਟਰ ਆਪਣੇ ਪਰਚੇ ਵਿਚ ਪੇਸ਼ ਕੀਤਾ ਹੈ, ਉਹ ਹਰ ਪੱਖ ਤੋਂ ਸਲਾਹੁਣਯੋਗ ਹੈ| ‘ਹੁਣ’ ਦੇ ਹਰ ਅੰਕ ਨੇ ਮੈਨੂੰ ਇਕ ਹੁਲਾਰਾ ਦਿੱਤਾ ਹੈ| ਤਾਜ਼ਾ ਅੰਕ ਵਿਚ ਪਾੱਲ ਐਲੁਆਰ ਅਤੇ ਮਾਇਆਕੋਵਸਕੀ ਬਾਰੇ ਪੜ੍ਹਕੇ ਮੈਨੂੰ ਉਹ ਦਿਨ ਯਾਦ ਆ ਗਏ ਹਨ ਜਦੋਂ ‘ਸਵੇਰਾ’ ਦੇ ਹਰ ਅੰਕ ਨੂੰ ਅਸੀਂ ਸੀਨੇ ਨਾਲ ਲਗਾ ਕੇ ਰੱਖਦੇ ਸੀ ਅਤੇ ਜ਼ਹੀਰ ਕਸ਼ਮੀਰੀ ਦੇ ਨਾਂ ਦੀ ਮਾਲਾ ਜਪਦੇ ਸੀ| ਲੇਕਿਨ ਉਦੋਂ ਵੀ ਅਸੀਂ ਮੰਟੋ, ਅਸਕਰੀ ਅਤੇ ਐਨੀ ਆਪਾ ਨੂੰ ਪੜ੍ਹਦੇ ਸੀ|
ਚਿੱਠੀ ਲੰਮੀ ਹੋ ਗਈ ਹੈ| ਇਕ ਗੱਲ ਹੋਰ ਕਹਿ ਕੇ ਇਸ ਨੂੰ ਸਮਾਪਤ ਕਰਦਾ ਹਾਂ| ਫ਼ੈਜ਼ ਤਰੱਕੀ ਪਸੰਦ ਸੀ ਲੇਕਿਨ ਉਸ ਨੇ ਆਪਣੇ ਪਹਿਲੇ ਕਾਵਿ-ਸੰਗ੍ਰਿਹ ‘ਨਕਸ਼ ਫ਼ਰਯਾਦੀ’ ਦੀ ਭੂਮਿਕਾ ਨੂੰਨ ਮੀਮ ਰਸ਼ਿਦ ਕੋਲੋ ਲਿਖਵਾਈ ,ਜਿਸ ਨੂੰ ਰੱਜਤ ਪਸੰਦ ਕਿਹਾ ਜਾਂਦਾ ਸੀ| ਬਾਅਦ ਵਿਚ ਕਈਆਂ ਸਾਲਾਂ ਬਾਅਦ, ਫ਼ੈਜ਼ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਮੈਂ ਏਡਾ ਵੱਡਾ ਸ਼ਾਇਰ ਨਹੀਂ ਹਾਂ ਜਿੰਨਾਂ ਕਿ ਸਮਝਿਆ ਜਾਂਦਾ ਹਾਂ| ਇਹ ਪੁੱਛੇ ਜਾਣ ’ਤੇ ਕਿ ਤੁਸੀਂ ਕਿਸ ਨੂੰ ਅਪਣੇ ਤੋਂ ਵੱਡਾ ਸ਼ਾਇਰ ਮੰਨਦੇ ਹੋ ਉਸ ਦਾ ਜਵਾਬ ਸੀ ‘ਨੂੰਨ-ਮੀਮ ਰਸ਼ਿਦ ਨੂੰ|’ਹੁਣ ਦੱਸੋ ਕਿਸ ਨੂੰ ਮੰਦਾ ਆਖੀਏ ਆਪ ਚੰਗੇ ਬਣ ਕੇ?

-ਨਰਿੰਜਨ ਤਸਨੀਮ, ਲੁਧਿਆਣਾ


ਪਾਕਿਸਤਾਨ ਜਾਂਦਿਆ ‘ਹੁਣ’ ਲੈ ਕੇ ਲਾਹੌਰ ਦਿਖਾ ਕੇ ਲਿਆਇਆਂ। ਮੋਗੇ ਦੇ ਅੱਡੇ ’ਚ ਪ੍ਰਿਤਪਾਲ ਨੇ ਕਹਿ ਦਿੱਤਾ ਸੀ…ਮੁੜਦਿਆਂ ਨਾ ਲੱਭਿਓ ‘ਹੁਣ’ ਨੂੰ। ਹੁਣ ਦੀਆਂ ਸਦੀਵੀ ਪੈੜਾਂ, ਅਮੁੱਕ ਮੈਟਰ, ਵੱਖਰੀਆਂ ਸਿਨਫਾਂ ਤੇ ਅੰਦਾਜ਼ ਹੁਣ ਨੂੰ ਭਵਿੱਖ ਬਣਾ ਦਿੰਦਾ ਹੈ| ਮੈਂ ਇਕ ਗੱਲ ਦਾਅਵੇ ਨਾਲ ਕਹਿ ਸਕਦਾਂ ਕਿ ਜੀਹਨੇ ਇਕ ਵਾਰੀ (ਮੇਰੇ ਵਾਂਗ) ‘ਹੁਣ’ ਪੜ੍ਹ ਲਿਆ ਉਹ ਅਗਲੀ ਵਾਰੀ ਖਰੀਦੇ ਬਿਨਾ ਨਹੀਂ ਰਹਿ ਸਕਿਆ ਹੋਣਾ।
ਦਲੀਪ ਕੌਰ ਟਿਵਾਣਾ ਦੀ ਜ਼ਿੰਦਗੀ ਦਾ ਹਰ ਪਹਿਲੂ ਅਤੇ ਰੌਚਕਤਾ ਇਸ ਦੀ ਖਾਸੀਅਤ ਸੀ| ਸਤਪਾਲ ਭੀਖੀ ਦੀ ਕਵਿਤਾ ‘ਕਾਲੂ’ ਖੂਬ ਸੀ| ਅਨੂਪ ਵਿਰਕ ਦੇ ਲੱਕੂ ਖੱਤਰੀ ਵਰਗੇ ਹੁਣ ਕਿਉਂ ਜੰਮਣੋਂ ਹਟ ਗਏ! ਲੱਕੂ ਨਹੀਂ ਭੁੱਲਣਾ ਚੇਤਿਆਂ ’ਚੋਂ| ਤਾਹਿਰਾ ਬੀਬੀ ਦੇ ਜਵਾਬ ਵੀ ਮਿਸ਼ਰੀ ਵਰਗੇ ਲੱਗੇ ਕੜੱਕ, ਸੁਸ਼ੀਲ ਦੁਸਾਂਝ ਦਾ ‘ਸੂਲੀ ਟੰਗਿਆ ਸਫਰ’ ਪਾਠਕਾਂ ਨੂੰ ਵੀ ਸਫ਼ਰ ਕਰਵਾਈ ਗਿਆ।

-ਰਾਜਵਿੰਦਰ ਰੌਂਤਾ, ਮੋਗਾ


‘ਹੁਣ’ ਲੜੀ ਨੰ. 8 ਪੜ੍ਹਿਆ। ਸਾਹਿਤ ਦੀ ਹਰ ਵਿਧਾ ਨਾਲ ਭਰਪੂਰ ਅੰਕ ਹੈ| ਸੰਪਾਦਕੀ ਪਸੰਦ ਆਈ| ਨਵਤੇਜ ਭਾਰਤੀ ਦੀ ਆਪਣੇ ਆਪ ਨਾਲ ਕੀਤੀ ਮੁਲਾਕਾਤ ਪਸੰਦ ਆਈ| ਉਸ ਦੀ ਕਵਿਤਾ ‘ਰੇਤ ਦੇ ਘਰ’ ਬਹੁਤ ਵਧੀਆ ਨਿਭਾਅ ਹੈ| ਅਤਰਜੀਤ ਦੀ ਕਹਾਣੀ ‘ਕੰਧਾਂ ’ਤੇ ਲਿਖੀ ਇਬਾਰਤ’ ਇਕ ਸੱਚੀ ਕਹਾਣੀ ’ਤੇ ਅਧਾਰਿਤ ਵਧੀਆ ਅਤੇ ਹੌਸਲਾ ਵਧਾਊ ਕਹਾਣੀ ਹੈ| ਅਗਾਂਹਵਧੂ ਲੋਕਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ’ਤੇ ਇਸ ਕਹਾਣੀ ਵਿਚ ਖੂਬਸੂਰਤੀ ਨਾਲ ਚਾਨਣਾ ਪਾਇਆ ਗਿਆ ਹੈ| ਸਵਰਨ ਚੰਦਨ ਦੀ ਕਹਾਣੀ ‘ਕੈਠਾਂ’ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਅੰਤਰ ਨੂੰ ਸਪੱਸ਼ਟ ਕਰਦੀ ਹੈ ਅਤੇ ਇਹ ਇਨਸਾਨਾਂ ਦੇ ਬਦਲਾਅ ਦੀ ਕਹਾਣੀ ਹੈ ਪਰ ਲੇਖਕ ਨੇ ਕਹਾਣੀ ਨੂੰ ਬੇਲੋੜਾ ਵਿਸਥਾਰ ਦਿੱਤਾ ਜਾਪਦਾ ਹੈ| ਪ੍ਰੇਮ ਪ੍ਰਕਾਸ਼ ਦਾ ਸੰਤ ਸਿੰਘ ਸੇਖੋਂ ਬਾਰੇ ਜਾਣਕਾਰੀ ਭਰਪੂਰ ਲੇਖ ਸੀ|
ਏਸ ਅੰਕ ਵਿਚ ਸਭ ਤੋਂ ਅਹਿਮ ਅਤੇ ਸਭ ਤੋਂ ਸੂਖਮ ਲੇਖ ਬਿਪਨਪ੍ਰੀਤ ਦਾ ‘ਰੇਤੇ ਦੇ ਨਕਸ਼’ ਰਿਹਾ| ਲੇਖਿਕਾ ਨੇ ਅਣਛੋਹਿਆ ਵਿਸ਼ਾ ਛੋਹ ਕੇ ਪੂਰੀ ਦ੍ਰਿੜਤਾ ਅਤੇ ਆਤਮਵਿਸ਼ਵਾਸ਼ ਨਾਲ ਸਮਾਜ ਦੇ ਨਕਾਰੇ ਹੋਏ ਵਰਗ ਪ੍ਰਤੀ ਹੇਜ ਜਤਾਇਆ ਹੈ| ਲੇਖਿਕਾ ਨੇ ਆਮ ਪਾਠਕ ਦੇ ਦਿਮਾਗ ਉਤੇ ਚੜ੍ਹੀ ਖੁਸਰਿਆਂ ਪ੍ਰਤੀ ਮੈਲ ਦੀ ਪਰਤ ਉਤਾਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਪਰ ਲੇਖਿਕਾ ਏਥੇ ਇਕ ਬਹੁਤ ਵੱਡੀ ਕਮੀ ਵੀ ਛੱਡ ਗਈ ਹੈ, ਉਹ ਇਹ ਕਿ ਅੱਜ ਦੇ ਵਿਗਿਆਨਕ ਯੁੱਗ ਵਿਚ ਲਗਭਗ ਹਰ ਬਿਮਾਰੀ ਦਾ ਇਲਾਜ ਸੰਭਵ ਹੈ ਅਤੇ ਖੁਸਰਾ ਹੋਣਾ ਵੀ ਇਕ ਬਿਮਾਰੀ ਹੈ ਜਿਸ ਦਾ ਇਲਾਜ ਸੰਭਵ ਹੈ| ਇਸ ਦੇ ਲਈ ਸਮਾਜ ਦਾ ਜਾਗਰੂਕ ਹੋਣਾ ਜ਼ਰੂਰੀ ਹੈ|
ਨਿੰਦਰ ਘੁਗਿਆਣਵੀ ਦੀ ਲਿਖਤ ‘ਸਿਰੇ ਦਾ ਕਲਾਕਾਰ’ ਪੜ੍ਹ ਕੇ ਹਾਸਾ ਵੀ ਆਉਂਦਾ ਹੈ ਅਤੇ ਗੰਭੀਰਤਾ ਵੀ| ਦਾਦ ਦੇਣੀ ਪੈਂਦੀ ਹੈ ਨਿੰਦਰ ਦੀ ਕਲਮ ਦੀ ਜੋ ਏਨੀ ਕੁੱਤੇ-ਖਾਣੀ ਤੋਂ ਬਾਅਦ ਵੀ ਉਸ ਦੀਆਂ ਵਧੀਕੀਆਂ ਨੂੰ ਵੀ ਸਿਫ਼ਤਾਂ ਦਾ ਰੂਪ ਦੇ ਗਈ|
ਮੂਰਤਾਂ ਸਾਰੀਆਂ ਹੀ ਵਧੀਆ ਹਨ ਅਤੇ ਆਪਣੇ ਆਪ ਵਿਚ ਸੰਪੂਰਨ ਕਵਿਤਾ ਕਹਾਣੀ ਹੈ| ਸਤੀ ਕੁਮਾਰ ਦਾ ਦੇਹਾਂਤ ਹੋ ਗਿਆ ਹੈ ਪਰ ਇਸ ਤੋਂ ਪਹਿਲਾਂ ਉਸ ਦੀ ਲਿਖਤ ‘ਰਮੇਸ਼ ਨਗਰ ਦੀ ਕੁੜੀ’ ਪੜ੍ਹ ਕੇ ਆਪਣੀ ਹੀ ਜਵਾਨੀ ਚੇਤੇ ਆੳਂੁਦੀ ਹੈ| ਸੁਖਦੇਵ ਦੀਆਂ ਕਵਿਤਾਵਾਂ ਵਧੀਆ ਹਨ|

-ਸੁਰਜੀਤ ਗੱਗ, ਪਿੰਡ ਦੇਗ ਢੇਰ ਤਹਿ. ਆਨੰਦਪੁਰ ਸਾਹਿਬ।


ਮੈਂ ‘ਹੁਣ’ ਨੂੰ ਪਿਛਲੇ ਦੋ ਅੰਕਾਂ ਤੋਂ ਪੜ੍ਹ ਰਿਹਾ ਹਾਂ| ‘ਹੁਣ’ ਨੂੰ ਪੜ੍ਹ ਕੇ ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਗੰਧਲੇ ਹੋ ਚੁੱਕੇ ਪੰਜਾਬੀ ਸੱਭਿਆਚਾਰ ਵਿਚ ਜੇਕਰ ਕੋਈ ਅਸਰਦਾਰ ਦਵਾਈ ਇਜਾਦ ਹੋਈ ਹੋਵੇ|

-ਤਰਨਦੀਪ ਦਿਉਲ, ਪਿੰਡ ਤੇ ਡਾਕਖਾਨਾ ਬਿਲਾਸਪੁਰ, ਮੋਗਾ।


ਹੁਣ’ ਦਾ ਮਈ-ਅਗਸਤ ਅੰਕ ਪੜ੍ਹਿਆ ਤਾਂ ਇਸ ਵਿਚੋਂ ਬੜਾ ਸਾਹਿਤਕ ਗਿਆਨ ਪ੍ਰਾਪਤ ਹੋਇਆ। ਹਰ ਤਰ੍ਹਾਂ ਦੀ ਸੱਮਗਰੀ ਪੜ੍ਹਨ ਨੂੰ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ ਮੇਰੇ ਵਰਗੇ ਪਾਠਕ ਨੂੰ| ਬਸ ਮਿਲ ਗਿਆ ਕਾਰੂ ਦਾ ਖਜ਼ਾਨਾ| ਚਾਰੇ ਕਹਾਣੀਆਂ ਬਹੁਤ ਹੀ ਸਲਾਹੁਣਯੋਗ ਸਨ| ਕਪੂਰਥਲੇ ਘਰਾਣੇ ਬਾਰੇ ਜਾਣਕਾਰੀ ਮਿਲੀ ਜੋਂ ਮੈਂ ਪਹਿਲਾਂ ਕਦੇ ਨਹੀਂ ਪੜੀ੍ਹ ਸੀ| ਦੋ ਅਣਖੀ ਵਾਲੀ ਗੱਲ ਬਹੁਤ ਵਧੀਆ ਲੱਗੀ। ਜਿਸ ਤਰਾਂ੍ਹ ਅਣਖੀ ਜੀ ਨੇ ਲਿਖਿਆ ਹੈ ਪੜ੍ਹ ਕੇ ਇੰਝ ਲੱਗਦਾ ਇਹ ਗੱਲ ਜਿਵੇਂ ਸਾਡੇ ਨਾਲ ਵਾਪਰੀ ਹੋਵੇ| ਜੁਗਨੀ ਬਾਰੇ ਜਾਣਕਾਰੀ ਮਿਲੀ। ਜੁਗਨੀ ਦੀ ਕਾਢ ਕਿਵੇਂ ਨਿਕਲੀ, ਜੁਗਨੀ ਕਿੱਥੋਂ ਪੈਦਾ ਹੋਈ ਤੇ ਹੁਣ ਕਿਧਰ ਨੂੰ ਜਾ ਰਹੀ ਹੈ| ਕਵਿਤਾਵਾਂ ਪੜ੍ਹ ਕੇ ਤਾਂ ਆਨੰਦ ਆ ਗਿਆ|

-ਅਵਤਾਰ ਕਮਾਲ, ਧਰਮਕੋਟ


ਜਿਹੜੇ ਖ਼ਤ ‘ਹੁਣ’ ਵਿਚ ਛਪੇ ਉਨ੍ਹਾਂ ’ਚੋਂ ਇਕ ਵੀਰ ਨੇ ਲਿਖਿਆ ‘ਹੁਣ’ ਪੜ੍ਹਨ ਤੋਂ ਪਹਿਲਾਂ ਅਸੀਂ ਖੂਹ ਦੇ ਡੱਡੂ ਸੀ|’ ਮੇਰਾ ਜੀਅ ਕੀਤਾ ਸਾਹਮਣੇ ਹੋਵੇ ਤਾਂ ਉਸ ਨੂੰ ਕਵ੍ਹਾਂ ‘ਭਰਾ ਜੀ ਤੁਸੀਂ ਤਾਂ ਹੁਣ ਵੀ ਖੂਹ ਦੇ ਡੱਡੂ ਈ ਓ|’ ਖੂਹ ’ਚ ਛਾਲ ਮਾਰ ਕੇ ਜ਼ਰਾ ਕੁ ਤਲਾਅ ਦੀ ਝਲਕ ਲਈ ਤਾਂ ਏਨੇ ਨਾਲ ਈ ਤੁਹਾਡੇ ਗਿਆਨ ਚਕਸ਼ੂ ਨਹੀਂ ਖੁਲ੍ਹ ਗਏ| ਕਦੇ-ਕਦੇ ਜਾਪਦੈ ਤੁਹਾਡਾ ਆਪਣਾ ਦਾਇਰਾ ਈ ਏਨਾ ਖੁਦ-ਪਸੰਦੀ ਵਾਲਾ ਤੇ ਸੀਮਾਬੱਧ ਐ ਕਿ ਭਾਰਤ-ਪਾਕਿ ਜਾਂ ਦੱਖਣ ਏਸ਼ਿਆਈ ਅਦੀਬਾਂ ਜਾਂ ਸਾਹਿਤ ਨਾਲ ਤੁਹਾਡਾ ਕੋਈ ਵਾਹ ਵਾਸਤਾ ਈ ਨਹੀਂ, ਵਰਨਾ ਇਹ ਕਿਵੇਂ ਹੋ ਸਕਦਾ ਸੀ ਕਿ ਯੂ.ਕੇ ਦੀ ਡੋਰਿਸ ਲੈਸਿੰਗ ਨੂੰ ਨੋਬਲ ਇਨਾਮ ਕੀ ਮਿਲਿਆ ਤੁਸੀਂ ਸਿਰ ਅੱਖਾਂ ’ਤੇ ਬਿਠਾ ਲਿਆ ਤੇ ਏਧਰ ਸੰਸਾਰ ਪੱਧਰ ਦੀ ਸਾਡੀ ਬੇਹੱਦ ਮਾਣਯੋਗ ਉਰਦੂ ਅਦੀਬਾ ਕੁਰਅਤੁਲਐਨ ਹੈਦਰ ਸਾਨੂੰ ਅਲਵਿਦਾ ਕਹਿ ਗਈ ਤਾਂ ਤੁਹਾਡੇ ਕੰਨਾਂ ’ਤੇ ਜੂੰ ਨਹੀਂ ਸਰਕੀ| ਹੋਰ ਤਾਂ ਹੋਰ ਅਹਿਮਦ ਨਸੀਮ ਕਾਸਮੀ, ਅਸ਼ਫਾਕ ਅਹਿਮਦ ਚੁਪਕੇ ਜਿਹੇ ਅਲਵਿਦਾ ਕਹਿ ਗਏ, ‘ਹੁਣ’ ਦੇ ਦੋ ਹਰਫ਼ ਵੀ ਨਸੀਬ ਨਹੀਂ ਹੋਏ| ਓਧਰ ਕਲਾ ਜਗਤ ਦੀ ਮਾਣਯੋਗ ਹਸਤੀ ਇਸਮਾਈਲ ਅਮੀਨ ਗੁਲ ਸਾਥੋਂ ਜੁਦਾ ਹੋ ਗਈ, ਅਦਾਰਾ ਹੁਣ ਨੂੰ ਖ਼ਬਰ ਤੱਕ ਨਹੀਂ, ਬਸ ਓਹੀ ਗਿਣੇ ਚੁਣੇ ਪੰਜ ਸੱਤ ਲੇਖਕਾਂ ਦੀ ਕਤਾਰ ਹੈ ਤੁਹਾਡੇ ਪਾਸ, ਕੋਈ ਨਵੀਨਤਾ ਇਕ ਤਾਜ਼ਗੀ ਦਾ ਅਹਿਸਾਸ ਤਾਂ ਮਿਲੇ|
ਮੈਂ ਤਾਂ ਪਹਿਲਾਂ ਵੀ ਚਿੱਠੀ ਲਿਖ ਕੇ ਤਜਵੀਜ਼ ਰੱਖੀ ਸੀ ਕਿ ਭਾਰਤੀ ਭਾਸ਼ਾਵਾਂ ਵਿਚ ਏਨੇ ਵਧੀਆ ਨਾਵਲਿਸਟ ਮੌਜੂਦ ਨੇ, ਕੋਈ ਇਕ ਸਾਲ ’ਚ ਇਕ ਅੱਧ ਵਾਰ ਛਾਪ ਦਿਆ ਕਰੋ, ਜ਼ਰਾ ਪੰਜਾਬੀ ਲੇਖਕਾਂ ਨੂੰ ਖੂਹ ਦੀ ਵਲਗਣ ’ਚੋਂ ਨਿਕਲ ਕੇ ਬਾਹਰ ਝਾਕਣ ਦਾ ਮੌਕਾ ਮਿਲ ਸਕੇ| ਚਿੱਠੀ ਤਾਂ ਛਪੀ, ਪਰ ਤੁਹਾਡਾ ਰਵੱਈਆ ‘ਮੈਂ ਨਾ ਮਾਨੂੰ’ ਵਾਲਾ ਰਿਹਾ|
…ਚਲੋ ਬਾਈ ਤੁਸੀਂ ਆਪਣੀ ਨਬੇੜੋ, ਪੰਜਾਬੀ ਅਦਬ ਦਾ ਰੱਬ ਰਾਖਾ !
ਪਰ ਆਖੇ ਬਿਨਾਂ ਰਹਿ ਵੀ ਨਹੀਂ ਹੁੰਦਾ! ਆਖਿਰ ਤੁਹਾਡੇ ਛਾਪੇ ਲੇਖਕ ਰਚਨਾਵਾਂ ਨਾਲ ਏਨਾ ਲਮਕ-ਝੂਟਾ ਕਿਉਂ ਹੁੰਦੇ ਰਹਿੰਦੇ ਨੇ ? ਮਾਮੂਲੀ ਗੱਲ ਦਾ ਏਨਾ ਵਿਸਤਾਰ …ਮੈਂ ਹੈਰਾਨ ਹਾਂ ਪੰਜਾਬੀ ਬੋਲੀ ਦਾ ਏਨਾ ਸ਼ਕਤੀਸ਼ਾਲੀ ਮੁਹਾਂਦਰਾ, ਮੁਹਾਵਰਾ ਹਰਫ਼ਾਂ ਦੀ ਖੇਡ ਵਿਚ ਸਿਮਟਕੇ ਕਿਉਂ ਰਹਿ ਜਾਂਦੈ? ਕੀ ਸਾਡੇ ਅਦੀਬਾਂ ਕੋਲ ਸਾਡੀਆਂ ਦੂਜੀਆਂ ਭਾਰਤੀ ਜ਼ੁਬਾਨਾਂ ਦੇ ਲੇਖਕਾਂ ਨੂੰ ਪੜ੍ਹਨ ਦੀ ਫੁਰਸਤ ਨਹੀਂ ਜੋ ਹਮੇਸ਼ਾ ਯੂਰਪੀਅਨ ਤੇ ਅਮਰੀਕੀ ਲੇਖਕਾਂ ਨੂੰ ਮਾਡਲ ਬਣਾ ਕੇ ਰਚਨਾ ਸਿਰਜਣ ਵਿਚ ਜੁੱਟੇ ਰਹਿੰਦੇ ਨੇ ? ਮੈਂ ਕੁਝ ਸਮਾਂ ਪਹਿਲਾਂ ਅਸ਼ੋਕ ਅਗਰਵਾਲ ਦਾ ਹਿੰਦੀ ਨਾਵਲ ‘ਵਾਇਦਾ ਮੁਆਫ ਗਵਾਹ’ ਪੜ੍ਹਿਆ ਸੀ-ਪੱਤਰਕਾਰਾਂ ਦੀ ਜ਼ਿੰਦਗੀ ਬਾਰੇ| ਜ਼ਰਾ ਤੁਸੀਂ ਵੀ ਤਾਂ ਨਜ਼ਰ ਮਾਰ ਲਿਓ ਉਸ ਉਪਰ, ਸ਼ਾਇਦ ਕੁਝ ਰਹਿਮ ਤੇ ਖ਼ਿਆਲ ਆ ਜਾਵੇ ਕਿ ਚਲੋ ਇਸ ਨਾਵਲ ਨੂੰ ਹੁਣ ਦੀ ਨਜ਼ਰ ਵੀ ਕਰ ਦੇਈਏ| ਪਰ ਨਹੀਂ ਇਹ ਮੁਮਕਿਨ ਹੀ ਨਹੀਂ| ਸ਼ਾਇਦ ਕਿਸੇ ਭਾਰਤੀ ਜੁਬਾਨ ਦਾ ਨਾਵਲਿਸਟ ਜਾਂ ਕੋਈ ਵਧੀਆ ਰਚਨਾ ਛਪ ਗਈ ਤਾਂ ਮੁਮਕਿਨ ਹੈ ਕਿਆਮਤ ਬਰਪਾ ਹੋ ਜਾਵੇ!
…ਏਨੇ ਚਿਰ ਦਾ ਬਕਬਕ ਕਰ ਰਿਹੈਂ, ਜਾਪਦੈ ਮੈਂ ਗਲਤ ਜਗ੍ਹਾ ਆ ਗਿਆ। ਚੰਗਾ ਅਲਵਿਦਾ! ਮੇਰਾ ਪਤਾ ਪੁੱਛਦੇ ਓ? ਭਲਾ ਵਕਤ, ਹਵਾ, ਅਕਾਸ਼, ਵਹਿੰਦੇ ਪਾਣੀ ਦਾ ਵੀ ਠਿਕਾਣਾ? ਇਕ ਖਲਾਅ, ਹੱਥ ਮਾਰਿਆਂ ਹੱਥ ਕੁਝ ਨਹੀਂ ਦਾ ਅਹਿਸਾਸ| ਤੁਸੀਂ ਦੋਸਤਾਂ ਪਾਸੋਂ ਪੜਤਾਲ ਕਰੋਗੇ, ਜੁਆਬ ਦੇਣਗੇ ਛੱਡ ਯਾਰ, ਵਾਹੀਯਾਤ ਘਟੀਆ ਕਿਸਮ ਦਾ ਪਾਗਲ ਆਦਮੀ ਐ| …ਬਹੁਤ ਖਹਿੜੇ ਪਏ ਤਾਂ ਪੁਰਾਣਾ ਖ਼ਤ ਢੂੰਡ ਲੈਣਾ।
‘ਮੈਨੂੰ ਮਿਲਣਾ ਹੈ ਮੁਸਾਫਿਰ ਆਈਨੇ ਸਾਹਵੇਂ ਖੁਦ ਨੂੰ ਮਿਲ|
ਧੜਕਣਾਂ ਵਿਚ ਦਰਦ ਨਹੀਂ ਫਿਰ ਕਿਸ ਲਈ ਅੰਦਰ ਇਹ ਦਿਲ|
ਤਪ ’ਚ ਬੈਠੇ ਇਕ ਰਿਸ਼ੀ ਦੇ ਵਾਂਗ ਖੁਲ੍ਹੇ ਰਹਿਣ ਦੇ
ਜ਼ਖਮ ਹੀ ਜੇ ਨੇ ਤਾਂ ਆਖਿਰ ਜਾਣਗੇ ਇਕ ਦਿਨ ਇਹ ਸਿਲ|’

-ਬੇਨਾਮ-ਕੋਟਕਪੂਰਾ)

(ਬੇਨਾਮ ਜੀ, ਮਰਨੇ-ਪਰਨੇ ਬਾਰੇ ਛਾਪਣ ਵਿਚ ਸਾਡੀ ਦਿਲਚਸਪੀ ਘੱਟ ਹੀ ਹੈ-ਸੰਪਾਦਕ)


ਹੁਣ’ ਦਾ 8 ਵਾਂ ਅੰਕ ਪੜ੍ਹਿਆ| ਲਿਖਣ ਨੂੰ ਤਾਂ ਬਹੁਤ ਕੁਝ ਹੈ ਪਰ ਸਿਹਤ ਆਗਿਆ ਨਹੀਂ ਦਿੰਦੀ ਇਸ ਲਈ ਬਹੁਤ ਹੀ ਸੰਖੇਪ ਜਿਹਾ ਲਿਖ ਰਿਹਾ ਹਾਂ| ਕਹਾਣੀ ‘ਕੈਂਠਾ’ ਬਹੁਤ ਹੀ ਭਾਵੁਕ ਹੈ ਅਤੇ ਪੜ੍ਹਦੇ ਪੜ੍ਹਦੇ ਮੇਰੀਆਂ ਅੱਖਾਂ ਵਿਚੋਂ ਵੀ ਹੰਝੂ ਡਿੱਗਣ ਲੱਗ ਪਏ| ਮੈਨੂੰ ਆਪਣੀ ਵੀ ਇਕ ਘਟਨਾ ਯਾਦ ਆ ਗਈ ਜਦੋਂ ਮੈਂ ਆਪਣੀ ਭੂਆ ਨੂੰ ਕਈ ਵਰੇ੍ਹ ਬਾਅਦ ਮਿਲਿਆ ਸੀ, ਜਦੋਂ ਮੇਰੀ ਬਦਲੀ ਅਧਿਆਪਕ ਦੇ ਰੂਪ ਵਿਚ ਭੂਆ ਦੇ ਪਿੰਡ ਨੇੜੇ ਹੋ ਗਈ ਸੀ| ਬਾਕੀ ਡਾਕਟਰ ਨੇਕੀ ਤੇ ਭੀਮ ਇੰਦਰ ਸਿੰਘ ਦੀ ਸ਼ਬਦੀ ਜੰਗ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਉਨਾਂ੍ਹ ਦੋਨਾਂ ਦੇ ਵਿਚਾਰਾਂ ਵਿਚ ਕਾਫ਼ੀ ਮਤਭੇਦ ਹਨ|
ਨਿਬੰਧ ਵੀ ਸਾਹਿਤ ਦਾ ਰੂਪ ਹੈ| ਉਸਨੂੰ ਵੀ ਬਾਕੀ ਕਹਾਣੀਆਂ ਅਤੇ ਕਵਿਤਾਵਾਂ ਵਾਂਗ ਵੱਖਰਾ ਲੇਖਾਂ ਦਾ ਭਾਗ ਬਣਾ ਕੇ ਦੇਣਾ ਚਾਹੀਦਾ ਹੈ| ਨਹੀਂ ਤਾਂ ਪਰਚਾ ਇਸ ਤਰਾਂ੍ਹ ਦਾ ਬਣ ਜਾਏਗਾ ਜਿਵੇਂ ਇਕ ਮੇਜ਼ ਤਾਂ ਬਹੁਤ ਸੋਹਣਾ ਬਣਿਆ ਹੈ ਅਤੇ ਬਹੁਤ ਵਧੀਆ ਕਾਰੀਗਰ ਨੇ ਬਣਾਇਆ ਹੈ ਪਰ ਉਸ ਦੀ ਇਕ ਲੱਤ ਕਾਰੀਗਰ ਨੇ ਲਾਈ ਹੀ ਨਹੀਂ |

ਮਾਸਟਰ ਨਿਰਮਲ ਸਿੰਘ ਲਾਲੀ,ਅਮਰੀਕਾ


ਜਿਸ ਦਿਨ ਤੁਸੀਂ ਗੁਰਦਿਆਲ ਬਲ ਦੇ ਘਰ ਉਸਨੂੰ ਲਿਖਣ ਵਾਸਤੇ ਪ੍ਰੇਰਨ ਲਈ ਗਲਾਂ ਕਰ ਰਹੇ ਸੀ ਤਾਂ ਮੈਨੂੰ ਨਹੀਂ ਲਗਦਾ ਸੀ ਕਿ ਮੈਗਜ਼ੀਨ ਲਈ ਲੋੜੀਂਦਾ ਸੁਹਜ ਵਰਤਮਾਨ ਹਾਲਾਤ ਵਿਚ ਸੰਭਵ ਹੋ ਸਕੇਗਾ। ਪਰ ਤੁਹਾਡੀ ਮੈਟਰ ਦੀ ਚੋਣ ਨਾਲ ਇਕ ਡੀਬੇਟ ਲਈ ਪਲੈਟਫਾਰਮ ਮੁਹਈਆ ਹੁੰਦਾ ਲਗਦਾ ਹੈ। ਇਸਦੀ ਪੰਜਾਬੀ ਮਾਨਸਿਕਤਾ ਨੂੰ ਬੜੀ ਲੋੜ ਹੈ। ਬੜੀ ਦੇਰ ਬਾਦ ਪੜ੍ਹਣਯੋਗ ਮੈਗਜ਼ੀਨ ਹੱਥ ਲਗਿਆ ਹੈ। ਇਕ ਟਬਰ ਦੇ ਜੀਅ ਤਾਂ ਇਕੋ ਮੈਗਜ਼ੀਨ ਨੂੰ ਪੜ੍ਹਦੇ ਹੀ ਹਨ, ਕਈ ਵਾਰ ਤਾਂ ਉੇਹੀ ਕਈ ਟਬਰਾਂ ਵਿਚ ਘੁੰਮ ਜਾਂਦਾ ਹੈ। ਜੋ ਭੂਮਿਕਾ ਕਿਸੇ ਵੇਲੇ ਪੰਜਾਬੀ ਚੈਨਲਾਂ ਨੇ ਪੰਜਾਬੀਆਂ ਲਈ ਮਨ ਪਰਚਾਵੇ ਵਾਸਤੇ ਨਿਭਾਈ ਸੀ ,ਉਹੀ ਭੂਮਿਕਾ ਪੜ੍ਹਣ ਲਿਖਣ ਵਾਲਿਆਂ ਵਿਚ ‘ਹੁਣ’ ਸੂਚਨਾ ਅਤੇ ਅੰਤਰਦ੍ਰਿਸ਼ਟੀਆਂ ਵਾਸਤੇ ਨਿਭਾਉਂਦਾ ਲਗਣ ਲਗ ਪਿਆ ਹੈ। ਗੁਰੂ ਕਰੇ ਇਸ ਵਿਚ ਸਫਲਤਾ ਤੁਹਾਡੇ ਅੰਗ ਸੰਗ ਰਹੇ।
ਪੰਜਾਬੀਆਂ ਦਾ ਮਰਮ ਅਣਗੌਲੇ ਪਖਾਂ ਵਿਚ ਵਧੇਰੇ ਪਿਆ ਹੈ। ਸੁਨਣਾ ਸੁਣਾਉਣਾ ਵੀ ਉਪਭੋਗਤਾ ਦੀ ਮੰਡੀ ਦਾ ਹਿੱਸਾ ਹੋ ਗਿਆ ਹੈ। ਤੁਹਾਡੇ ਯਤਨਾਂ ਵਿਚ ਕਾਫੀ ਕੁਝ ਧੁਖਦਾ ਲਗਦਾ ਹੈ। ਪੰਜਾਬੀਆਂ ਨੂੰ ‘ਆਲੂਆਂ’ ਵਾਂਗ ਉਪਲਭਧੀ ਅਤੇ ਵਰਤੋਂ ਵਾਲੇ ਹਾਲਾਤ ਵਿਚੋਂ ਬਾਹਰ ਕਢਕੇ, ਬਣਦੀ ਭੂਮਿਕਾ ਵਿਚ ਸਾਹਮਣੇ ਲਿੳਾਉਣ ਦੀ ਲੋੜ ਹੈ।
ਧਰਮਾਨੰਤ ਸਿੰਘ ਕੋਲੋਂ ਮੈਂ ਐਮ.ਏ ਤੋਂ ਬਾਦ ਦੋ ਸਾਲ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਚ ਪੜ੍ਹਿਆ ਸੀ। ਉਹ ਵਿਦਵਤਾ ਦਾ ਕੋਸ਼ ਸੀ। ਵੇਖਣ ਵਿਚ ਫ਼ਕੀਰ ਅਤੇ ਬੋਲਣ ਵਿਚ ਤਾਨਾਸ਼ਾਹ ਸੀ। ਅਸਲ ਵਿਚ ਉਹ ਆਪਣੇ ਵਰਗਾ ਆਪ ਹੀ ਸੀ। ਪੰਨੂ ਨੇ ਇਕ ਨੁਕਤੇ ਤੋਂ ਸਫਲਤਾ ਨਾਲ ਦਸਿਆ ਹੈ। ਗਲ ਛਿੜੀ ਹੈ ਤਾਂ ਹੋਰ ਵੀ ਪਖ ਸਾਹਮਣੇ ਆ ਜਾਣਗੇ।

-ਬਲਕਾਰ ਸਿੰਘ, ਪਟਿਆਲਾ


ਸੰਪਾਦਕੀ “ਭਗਤ ਸਿੰਘ ਦੇ ਵਿਚਾਰਾਂ ਨਾਲ ਖਿਲਵਾੜ” ਸ਼ਹੀਦ ਦੀ ਯਾਦ ਵਿਚ ਹਰ ਥਾਂ ਹੋ ਰਹੇ ਸ਼ਤਾਬਦੀ ਜ਼ਸ਼ਨਾਂ ਦੇ ਮਾਹੋਲ ’ਚ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਲਈ ‘ਹੁਣ’ ਦਾ ਹੰਭਲਾ ਹੈ| ਹਕੀਕਤ ਹੈ ਕਿ 100 ਸਾਲ ਗੁਜਰਨ ਪਿੱਛੋਂ ਵੀ ਸਰਦਾਰ ਭਗਤ ਸਿੰਘ ਸਾਹਿਤ ਵਿਚ ‘ਮਿੱਥ’ ਬਣਿਆ ਹੋਇਆ ਹੈ| ਜਿਸ ਨੂੰ ਜਿਵੇਂ ਬਰ ਮੇਚ ਆਉਂਦਾ ਹੈ ਤਿਵੇਂ ਸ਼ਹੀਦੇ-ਆਜ਼ਮ ਵਿਚ ਰੰਗ ਭਰ ਕੇ ਕਾਇਆ ਉੱਤੇ ਪਹਿਨ ਲੈਂਦਾ ਹੈ| ਹੋਰ ਤਾਂ ਹੋਰ ਸਿਰਮੌਰ ਪੱਤਰਕਾਰ ਅਤੇ ਪ੍ਰੋੜ੍ਹ ਪੰਜਾਬੀ ਪਾਰਲੀਆਮੈਂਟ ਮੈਂਬਰ ਸ੍ਰੀ ਕੁਲਦੀਪ ਨਾਇਅਰ ਵੀ ਹੀਰੋ ਭਗਤ ਸਿੰਘ ਨੂੰ “ਲੈਜੈਂਡ” ਲਿਖਦਾ ਹੈ! ‘ਹਰਫ਼ਨਮੌਲਾ’ ਸਰਦਾਰ ਭਗਤ ਸਿੰਘ ਨਾਲ ਇਹ ਸਰਦਾ ਪੁੱਜਦਾ ਇਨਸਾਫ਼ ਹੈ, ਬਣਦਾ ਨਿਆਂ ਨਹੀਂ …!
ਆਜ਼ਾਦੀ ਲਈ ਘੋਲ ਦੀ ਤੱਕੜੀ ਵਿਚ ਇਕ ਪਾਸੇ ਗਾਂਧੀ (ਮਹਾਤਮਾ) ਹੈ ਤੇ ਦੂਸਰੇ ਪਾਸੇ ਗੱਭਰੂ ਭਗਤ ਸਿੰਘ ਦੀ ਸੋਚ ਹੈ ਅਤੇ ਪਾਸਕੂ ਸਮਾਂ ਹੈ, ਚੋਣ ਨਵੀਂ ਨਸਲ ਨੇ ਕਰਨੀ ਹੈ ਚੁੰਕਿ ਇਤਿਹਾਸ ’ਚ ‘ਹਰਫ਼-ਏ-ਆਖ਼ਰ’ ਲਿਖਣਾ ਹੈ|
ਚੇਤੇ ’ਚ ਰਹੇ, ਗਾਂਧੀ ਦੇ ਕਿਸੇ ਵਾਰਸ ਨੇ ਅਜੇ ਤੱਕ ਹਾਕਮਾਂ ਤੋਂ ਕੋਈ ਇਨਾਂਮ ਨਹੀਂ ਲਿਆ ਜਦੋਂਕਿ ਭਗਤ ਸਿੰਘ ਦੇ ਸਕੇ ਸਬੰਧੀਆਂ ਨੇ ਅਨੇਕਾਂ ਵਾਰ ਸਰਕਾਰੀ ਗ਼ੈਰ ਸਰਕਾਰੀ ਸਨਮਾਨ ਪ੍ਰਾਪਤ ਕੀਤੇ ਹਨ! ਕਰ ਰਹੇ ਹਨ!!
ਬਾਲ ਭਗਤ ਸਿੰਘ ਦੀ ਜੰਮਣ ਭੌਇੰ (ਨਾਨਕਾ ਪਿੰਡ ਮੌਰਾਂਵਾਲੀ) ਬਾਰੇ ਕਲਮਾਂ (ਰਿਸ਼ਤੇਦਾਰੀਆਂ) ਉਦਾਸੀਨ ਕਿਉਂ ਹਨ?
‘ਸੰਨ ‘ਸਤਵੰਜਾ ਦਾ ਗਦਰ ਤੇ ਸਿੱਖ’ ਬਾਰੇ ਅੰਕੜੇ ਬੋਲਦੇ ਹਨ ਕਿ ਉਦੋਂ ਦੇ ਪੂਰੇ ਪੰਜਾਬ ਵਿਚ ਸਿੱਖਾਂ ਦੀ ਜਨਸੰਖਿਆ ਸਿਰਫ਼ 18% ( ਔਰਤਾਂ, ਬਜ਼ੁਰਗ, ਬੱਚੇ ਅਤੇ ਥੱਕੇ ਹੋਏ ਜ਼ਖਮੀ ਸਿੱਖ) ਸੀ| 82% ਹੋਰ ਕੌਮਾਂ ਸਨ| ਗਦਰ ਦੀ ਰੀੜ ਦੀ ਹੱਡੀ ਬੰਗਾਲ ਦਾ ਬ੍ਰਾਹਮਣ ਸਮਾਜ ਸੀ ਤੇ ਚਿੰਗਾਰੀ ਤਤਕਾਲੀ ਕਾਰਨ ਸਨ| ਕੇਂਦਰੀ ਪੰਜਾਬ ਵਿਚ ਗਦਰ ਦਾ ਅਸਰ ਆਟੇ ਵਿਚ ਲੂਣ ਜਿੰਨਾ ਸੀ, ਫੌਜ਼ੀ ਛਾਉਣੀਆਂ ਵਿਚ ਜਿੱਥੇ ਜਿੱਥੇ ਪੂਰਬੀਏ ਸੈਨਿਕ ਸਨ ਉਥੇ ਉਥੇ ਉਬਾਲ ਸੀ| ਸਤਲੁਜ ਅਤੇ ਜਮੁਨਾ ਨਦੀਆਂ ਦੇ ਵਿਚਕਾਰ ਜ਼ਿਕਰਯੋਗ ਪ੍ਰਭਾਵ ਸੀ|
ਅਗਲੀ ਗੱਲ – ਅਵਧ ਅਤੇ ਮੇਰਠ ਦੇ ਕ੍ਰਾਂਤੀਕਾਰੀ ਜਿੱਤਾਂ ਜਿੱਤਦੇ ਜਦੋਂ ਦਿੱਲੀ ਦੇ ਲਾਲ ਕਿਲੇ ਪੁੱਜੇ ਤਦੋਂ ਤੱਕ ਬਜ਼ੁਰਗ ਮੁਗਲ ਬਾਦਸ਼ਾਹ ਦੀ ਲੰਮੀ ਅਤੇ ਚਿੱਟੀ ਦਾਹੜੀ ਨੂੰ ਹੱਥ ਲਗਾ ਲਗਾ ਕੇ ਹਾੜ੍ਹੇ ਕੱਢੇ ਅਤੇ ਕਿਹਾ, “ਅਰੇ ਬੁੱਢੇ ਮਾਨ ਭੀ ਜਾਓ”!!
ਗਦਰ ਦੀ ਆੜ ’ਚ ਉਤਰ ਭਾਰਤ ਵਿਚ ਅਨੇਕ ਥਾਂਈ ਤਕੜੇ ਨੇ ਮਾੜੇ ਨੂੰ ਮਨਮਰਜ਼ੀ ਨਾਲ ਕੁੱਟਿਆ ਅਤੇ ਲੁੱਟਿਆ| ਮੁਸਲਮਾਨ ਰਿਆਸਤ ਮਲੇਰਕੋਟਲਾ ਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ|
ਹੋਰ ਸੁਣੋ ਸੈਨਿਕ ਵਿਦਰੋਹ, ਗਦਰ ਜਾਂ ਕਾਂ੍ਰਤੀ ਵੀਹਵੀਂ ਸਦੀ ਵਿਚ ਪਹੁੰਚ ਕੇ ਸਵਤੰਤਰਤਾ ਸੰਗਰਾਮ ਦੀ ਪਲੇਠੀ ਲੜਾਈ ਬਣ ਗਈ ਕਿਉਂਕਿ ਵੀਰ ਸਾਵਰਕਰ ਨੇ ਇਸ ਪਰੋਕਤੀ ਨੂੰ ਟਾਸ ਕੀਤਾ ਜੋ ਸਮੇਂ ਦੀ ਲੋੜ ਨੂੰ ਮੇਚ ਆ ਗਈ, ਅੱਜ ਵੀ ਆਉਂਦੀ ਹੈ|
ਪ੍ਰੇਮ ਪ੍ਰਕਾਸ਼ ਦਾ ਮਾਰਕਸਵਾਦੀਆਂ ਦਾ ਸੈਨਾਪਤੀ ਸੰਤ ਸਿੰਘ ਸੇਖੋ, ਸੁਨੱਖਾ ਸੁਲੇਖ ਹੈ| ਖ਼ਚਰੀ ਕਲਮ ਨੇ ਸ਼ੁਰੂ ਤੋਂ ਅੰਤ ਤੱਕ ਪਾਠਕ ਨੂੰ ਪਤਾ ਨਹੀਂ ਲਗਣ ਦਿੱਤਾ ਕਿ ਉਹ ਮਰ ਮੁੱਕ ਚੁੱਕੇ “ਸੈਨਾਪਤੀ”ਦੀ ਉਸਤਤ ਕਰ ਰਹੀ ਹੈ ਯਾ ਬਖ਼ਤੋਈ …। ਫ਼ੌਤ ਹੋ ਚੁੱਕੇ ਨੂੰ ਵੀ ਹੁਜਾਂ ਮਾਰਨੀਆਂ ਪੜ੍ਹੇ ਪੰਜਾਬੀਆਂ ਦੀ ਪੁਰਾਣੀ ਆਦਤ ਹੈ|…ਪੰਨਾ 77 ਕਾਲਮ ਦੂਜਾ ਦਾ ਪੰਜਵਾਂ ਪਹਿਰਾ, “ਮੈਨੂੰ ਬੁੱਢੇ ਬੰਦੇ ਨੂੰ ਮਾੜਾ ਬੋਲਣਾ ਬਹੁਤਾ ਚੰਗਾ ਨਹੀਂ ਸੀ ਲਗਦਾ”| ਸਵੈ ਜੀਵਨੀ “ਆਤਮ ਮਾਯਾ” ਵਿਚ ਪ੍ਰੇਮ ਪ੍ਰਕਾਸ਼ ਦਾ “ਪਿਤਰੀ ਰਿਣ” ਅਰਥਾਤ ਆਪਣੇ ਹੀ ਪਿਓ ਨੂੰ ਪਾਣੀ ਪੀ-ਪੀ ਕੇ ਕੋਸਣਾਂ …! ਕੀ ਪਾਠਕ ਨੂੰ ਸਹਿਜ਼ ਹਜ਼ਮ ਹੁੰਦਾ ਹੋਵੇਗਾ ?
ਅਗਲੀ ਗਲ ਮਾਰਕਸ ਨੇ ਕਿਹਾ ਸੀ… “ਸੰਸਾਰ ਦੇ ਮਿਹਨਤਕਸੋ ਇੱਕਠੇ ਹੋ ਜਾਓ” ਮਜ਼ਦੂਰ ਤਾਂ ਨਹੀਂ ਹੋ ਸਕੇ ਪਰ ਵਿਸ਼ਵ ਦੇ ਪੂੰਜੀਪਤੀ ਅੱਜ ਇਕਜੁੱਟ ਹਨ|
ਪੰਨਾ 113 ਚਿੰਤਨ, ਹਰਪਾਲ ਸਿੰਘ ਪੰਨੂ ਦਾ ਨਾਗਸੈਨ ਦਾ ਮਿਲਿੰਦ ਪ੍ਰਸ਼ਨ ਪੜ੍ਹਕੇ ਰੂਹ ਨੂੰ ਰੱਜਕੇ ਖੁਰਾਕ ਨਸੀਬ ਹੋਈ, ਸ਼ਾਲਾ ਕਲਮ ਹੋਰ ਉਚੇਰੀਆਂ ਉਡਾਰੀਆਂ ਭਰੇ|– ਪੰਨਾ 178 ਅਜਮੇਰ ਰੋਡੇ ਦੀ ਵਿਚਾਰ ਚਰਚਾ ਦਲਿਤ ਚੇਤਨਾਂ ਅਤੇ ਸਾਹਿਤ ’ਚੋਂ ਔੜਦਾ ਹੈ ਕਿ ਜਿਹੜਾ ਜਨ ਇਕ ਰੰਗ ਨਾਲ ਲਿਬੜਕੇ ਹੋਰ ਬਹੁਰੰਗਾਂ ਵਲ ਕੰਡ ਕਰ ਲੈਂਦਾ ਹੈ ਸਮੇਂ ਦੀ ਕੈਨਵਸ ਨੂੰ ਚੁੱਭਦਾ ਹੈ| ਬਾਜ਼ਾਰ ਦੀਆਂ ਸ਼ਕਤੀਆਂ ਇੱਕਲੇ ਰੰਗ ਨੂੰ ਛੇਤੀ ਖ਼ੋਰ ਲੈਂਦੀਆਂ ਹਨ| ‘ਹੋਲੀ’ ਅਨੇਕ ਰੰਗਾ ਨਾਲ ਖੇਡਦੇ ਨੂੰ ਚੌਗਿਰਦਾ ਹੀ ‘ਰੰਗੋਲੀ’ ਨਜ਼ਰ ਆਉਂਦਾ ਹੈ| ਬਲਕਾਰ ਸਿੰਘ ਦਾ “ਮੈਕਲਾਉਡ ਬਾਰੇ ਤਾਤਲੇ ਦਾ ਲੇਖ” ਧਿਆਨ ਖਿਚਦਾ ਹੈ| ਜ਼ਿਹਨ ’ਚ ਆਉਂਦਾ ਹੈ ਕਿ ਚਿੱਟੇ ਉੱਤੇ ਉਕਰਿਆ ਕਾਲਾ ਅਖੱਰ ਪੂੰਝ ਨਹੀਂ ਹੁੰਦਾ! ਹਜ਼ਮ ਹੀ ਕਰਨਾ ਪੈਂਦਾ ਹੈ| ਸਿੱਖਾਂ ਨੂੰ ਸੋਝੀ ਮਰਾਠਾ-ਕੌਮ ਤੋਂ ਲੈਣੀ ਚਾਹੀਦੀ ਹੈ ਜਿਨ੍ਹਾਂ ਦਾ ਇਤਿਹਾਸ 1947 ਤੋਂ ਪਹਿਲੋ ਹੋਰ ਸੀ ਅੱਜ ਹੋਰ ਹੈ| ਅਰਥਾਤ ਜਿੱਧਰ ਗਈਆਂ ਬੇੜ੍ਹੀਆਂ ਉਧਰ ਗਏ ਮਲਾਹ… |
ਅੰਤਿਕਾ ਹੁਣੇ ‘ਹੁਣ’ ਦੀ 25% ਕੀਮਤ ਵਧਾਣੀ ਵਾਜ਼ਬ ਨਹੀਂ, ਕੱਚੀ ਵਛੇਰੀ ਦਾ ਲੱਕ ਤੋੜਣ ਮਾਫ਼ਕ ਹੈ…ਰੱਬ ਰਾਖਾ …ਹੋਰ ਫੇਰ ਕਦੇ।

ਇਕਬਾਲ ਸਿੰਘ ਚੀਮਾ-ਨਵਾਂ ਸ਼ਹਿਰ


“ਮਨ ਹਾਰ ਕੇ ਕਦੀ ਮੈਦਾਨ ਨਹੀਂ ਜਿੱਤਿਆ ਜਾ ਸਕਦਾ, ਮੈਦਾਨ ਜਿੱਤ ਕੇ ਕਦੀ ਮਨ ਨਹੀਂ ਜਿੱਤਿਆ ਜਾ ਸਕਦਾ|”
ਉਮੀਦ ਹੈ ਕਿ ਮੁਸ਼ਕਿਲ ਹਾਲਤਾਂ ਵਿਚ ਵੀ ਤੁਹਾਡਾ ਮਨ ਜੇਤੂ ਦੀ ਤਰ੍ਹਾਂ ਵਿਚਰਦਾ ਹੋਇਆ “ਹਰ ਮੈਦਾਨ ਫਤਿਹ” ਦੇ ਨਾਅਰੇ ਨੂੰ ਸਦਾ ਅੰਗ-ਸੰਗ ਮਹਿਸੂਸ ਕਰੇਗਾ|…

-ਹਰਪ੍ਰੀਤ ਸਿੰਘ ਸੰਧੂ, ਅੰਮ੍ਰਿਤਸਰ


ਨਵਤੇਜ ਭਾਰਤੀ ਨਾਲ ਗੱਲਾਂ ਇਕ ਹੱਥ ਕਾਗਦ ਇਕ ਹੱਥ ਕਾਨੀ-ਬਹੁਤ ਹੀ ਪਿਆਰੀਆਂ ਲੱਗੀਆਂ| ਇਹਨਾਂ ਵਿਚੋਂ ਇਕ ਖੂਬਸੂਰਤ ਵਿਅਕਤੀਤਵ ਦੇ ਦਰਸ਼ਨ ਹੋਏ| ਗੱਲਾਂ ਵਿਚ ਨਾ ਸਵੈ-ਪ੍ਰਸ਼ੰਸਾ ਹੈ ਨਾ ਪਰ ਨਿੰਦਾ; ਜੀਵਨ ਦਾ ਗਹਿਰਾ ਅਤੇ ਭਰਵਾਂ ਅਨੁਭਵ ਹੈ| ਅਰਸੇ ਬਾਅਦ ਇੰਨੀ ਵਧੀਆ ਰਚਨਾ ਪੜ੍ਹਨ ਨੂੰ ਮਿਲੀ ਹੈ|

-ਸੁਭਾਸ਼ ਪਰਿਹਾਰ, ਕੋਟਕਪੂਰਾ


‘ਹੁਣ’ ਜਨਵਰੀ-ਅਪ੍ਰੈਲ 2008 ਪੜ੍ਹਿਆ ਬਹੁਤ ਵਧੀਆ ਲੱਗਿਆ| ਲੇਖਕ ਪ੍ਰੇਮ ਪ੍ਰਕਾਸ਼ ਦਾ ਲਿਖਿਆ ਹੋਇਆ ‘ਮਾਰਕਸ ਵਾਦੀਆਂ ਦਾ ਸੈਨਾਪਤੀ-ਸੰਤ ਸਿੰਘ ਸੇਖੋਂ’ ਨੂੰ ਜਦ ਪੜ੍ਹ ਰਹੀ ਸੀ ਤਾਂ ਅੱਖਾਂ ਅੱਗੇ ਬਿਲਕੁਲ ਸੱਚ ਪੇਸ਼ ਕਰਦੇ ਸੀਨ ਦਿਖਾਈ ਦੇ ਰਹੇ ਸਨ| ਸਵਰਨ ਚੰਦਨ ਦੀ ਕਹਾਣੀ ‘ਕੈਂਠਾ’ ਮੌਜੂਦਾ ਹਾਲਾਤਾਂ ਨਾਲ ਸਬੰਧਤ ਹਕੀਕਤ ਪੇਸ਼ ਕਰ ਰਹੀ ਹੈ| ਹਰਪਾਲ ਸਿੰਘ ਪੰਨੂ ਦੇ ਨਾਗਸੈਨ ਦਾ ਮਿਲਿੰਦ ਪ੍ਰਸ਼ਨ ਤੋਂ ਅੱਜ ਦੇ ਨੌਜਵਾਨ ਵਰਗ ਨੂੰ ਬਹੁਤ ਸੇਧ ਮਿਲਦੀ ਹੈ| ਮਿਲਿੰਦ ਅਤੇ ਨਾਗਸੈਨ ਦੇ ਸਵਾਲ ਜਵਾਬ ਤੋਂ ਗਿਆਨ ਵਿਚ ਵਾਧਾ ਹੁੰਦਾ ਹੈ| ਬਿਪਨਪ੍ਰੀਤ ਦੀ ‘ ਰੇਤੇ ਦੇ ਨਕਸ਼’ ਖੁਸਰੇ ਅਤੇ ਔਰਤ ਦੀ ਤਰਾਸਦੀ ਪੇਸ਼ ਕਰਦੀ ਹੈ| ਹਰਜੀਤ ਅਟਵਾਲ ਦੀ ‘ਅਧੂਰੀ ਅਲਵਿਦਾ’ ਵਿਚ ਮਾਂ ਦੀ ਮਮਤਾ ਬਾਰੇ ਪੜ੍ਹਦਿਆਂ ਅੱਖਾਂ ਨਮ ਹੋ ਗਈਆਂ|

-ਨਿਰਲੇਪ ਕੌਰ ਸੇਖੋਂ, ਘੱਗਾ (ਪਟਿਆਲਾ)


ਮੀਂਹ ਤੋਂ ਬਾਅਦ ਜਦ ਸੂਰਜ ਕੰਨੀ ਪਿੱਠ ਕਰੀਏ ਤਾਂ ਅਸਮਾਨ ਵਿਚ “ਸੱਤ ਰੰਗੀ ਪੀਂਘ” ਦਿਖਾਈ ਦਿੰਦੀ ਹੈ| ਸੱਤ ਰੰਗੀ ਪੀਂਘ ਵਰਗਾ ਹੀ ਨਜ਼ਾਰਾ ‘ਹੁਣ’ ਦੇ ਜਨਵਰੀ-ਅਪ੍ਰੈਲ ਦੇ ਅੰਕ ਵਿਚ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਨੂੰ ਪੜ੍ਹਨ ਉਪਰੰਤ ਮਿਲਿਆ| ਕਹਾਣੀਆਂ ਵਿਚੋਂ ਅਤਰਜੀਤ ਦੀ ਕਹਾਣੀ ‘ਕੰਧਾਂ ਤੇ ਲਿਖੀ ਇਬਾਰਤ’ ਨੇ ਕਿਰਨਜੀਤ ਕਾਂਢ ਨੂੰ ਯਾਦ ਕਰਵਾ ਦਿੱਤਾ| ਖੱਬੇ ਪੱਖੀ ਸੈਨਾ ਦੇ ਸੈਨਾਪਤੀ ਸੇਖੋਂ ਸਾਹਿਬ ਬਾਰੇ ਪ੍ਰੇਮ ਪ੍ਰਕਾਸ਼ ਦੀ ਰਚਨਾ ਚੰਗੀ ਲੱਗੀ। ਵੱਖ ਵੱਖ ਵਿਦਵਾਨਾਂ ਦੀਆਂ ਟਿੱਪਣੀਆ ਨੇ ਰਚਨਾ ਨੂੰ ਹੋਰ ਚੰਗੇਰਾ ਬਣਾਇਆ| ਝਰੋਖੇ ਵਿਚੋਂ ਬੀਰ ਦਵਿੰਦਰ ਸਿੰਘ ਹੋਰਾਂ ਦੀ ਉਹ ਟਿੱਪਣੀ ਯਾਦ ਆ ਗਈ ਜਿਸ ਵਿਚ ਇਹਨਾਂ ਨੇ ਉਸ ਸਮੇਂ ਵਿਰੋਧੀ ਖੇਮੇ ਵਿਚ ਬੈਠੇ ਮੌਜੂਦਾ ਸਰਕਾਰ ਦੇ ਨੇਤਾ ਬਾਰੇ ਆਖੀ ਸੀ-ਇਹਨਾਂ ਦਾ ਕੰਮ ਉਸ ਭੱਦਰ ਪੁਰਸ਼ ਵਰਗਾ ਜਿਹੜਾ ਪਿੱਪਲ ਦੇ ਰੁੱਖ ਹੇਠ ਇੱਕਠੀਆਂ ਹੋ ਚਰਖਾ ਕੱਤ ਰਹੀਆਂ ਕੁੜੀਆਂ ਨੂੰ ਕਹਿ ਰਿਹਾ “ਚੱਕ ਚਰਖਾ ਪਰੇ੍ਹ ਕਰ ਪੀੜ੍ਹੀ ਯਾਰਾਂ ਨੇ ਇੱਥੇ ਬੋਕ ਬੰਨਣਾ” ਚੰਗੇ ਕੰਮ ਵਿਚ ਇਹਨਾਂ ਨੇ ਹਮੇਸ਼ਾ ਟੰਗ ਅੜਾਉਣੀ ਹੈ|
‘ਸਿਰੇ ਦਾ ਕਲਾਕਾਰ ’ ਪੜ੍ਹੀ। ਲੀਰਾਂ ਵਾਲੀ ਖੁਦੋਂ ਵਾਂਗ ਉਧੜਦਾ ਕ੍ਰਿਪਾਲ ਕਜ਼ਾਕ ਨਜ਼ਰੀ ਪਿਆ। | ਡਾਂ.ਹਰਸ਼ਿੰਦਰ ਕੌਰ ਦੀ ਰਚਨਾ ਬਾਲ ਸਾਹਿਤ ਦੇ ਰਚਨਾਕਾਰਾਂ ਲਈ ਚਾਨਣ ਮੁਨਾਰਾ ਹੈ| ਉਹਨਾਂ ਨੂੰ ਇਸ ਵੱਲ ਤਵੱਜੋ ਦੇਣੀ ਬਣਦੀ ਹੈ| ਬਾਕੀ ਦੀਆਂ ਸਾਰੀਆਂ ਰਚਨਾਂਵਾਂ ਅਪਣੀ ਅਪਣੀ ਥਾਂ ਬਹੁਤ ਵਧੀਆਂ ਸਨ|

ਪਰਸ਼ਨ ਸਿੰਘ ਸੰਦੋਹਾ


ਟਾਈਟਲ ਦੀ ਪੇਂਟਿਗ ਕਮਾਲ ਸੀ| ਜੇ ਸਾਰੰਗੀ ਦੀ ਥਾਂ ਰਬਾਬ ਹੁੰਦੀ ਤਾਂ ਬਾਬੇ ਨਾਨਕ ਦੀ ਕਵਿਤਾ ਤੇ ਮਰਦਾਨੇ ਦਾ ਸੰਗੀਤ ਇਕ ਨਵੇਂ ਰੂਪ ਵਿਚ ਸਾਕਾਰ ਹੋ ਉੱਠਣਾ ਸੀ| ਪੇਂਟਿੰਗ ਦੇਖ ਕੇ ਲੱਗਿਆ, ਬਾਬੇ ਨਾਨਕ ਦੀ ਦਿੱਖ ਇਸ ਬਾਬੇ ਨਾਲ ਮਿਲਦੀ ਜੁਲਦੀ ਹੋਊ। ਭੂਤ ਵਾੜੇ ਵਾਲੇ ਸਾਰੇ ਭੂਤ ਹੀ ਵੱਡੇ ਅਕਲ ਦੇ ਕੋਟ ਕਮਾਲ ਨੇ| ਨਵਤੇਜ ਭਾਰਤੀ ਜ਼ਿੰਦਗੀ, ਪਰਵਾਸ ਤੇ ਕਵਿਤਾ ਨਾਲ ਇਕ ਸੁਰ ਹੋ ਚੁੱਕਿਆ ਲਗਦਾ ਹੈ| ਪਰਵਾਸ ਦੇ ਅਨੁਭਵ ਬਾਰੇ ਪਹਿਲੀ ਵਾਰ ਆਮ ਨਾਲੋਂ ਹਟ ਕੇ ਚੰਗਾ ਪੱਖ ਪੜ੍ਹਨ ਨੂੰ ਮਿਲਿਆ ਹੈ|
ਅਤਰਜੀਤ, ਪ੍ਰੇਮ ਪ੍ਰਕਾਸ਼ ਵਾਂਗੂੰ ਇਕ ਕਹਾਣੀ ਕਿੰਨੀ ਵਾਰ ਲਿਖੂ| ਸਾਡੇ ਦਲਿਤ ਭਾਈਆਂ ਦੇ ਮਸਲੇ ’ਤੇ ਜ਼ਿੰਦਗੀ ਦੇ ਪੱਖ ਹੋਰ ਵੀ ਨੇ| ਵਿਰਦੀ ਤੇ ਭੋਗਲ ਦੀਆਂ ਕਹਾਣੀਆਂ ਉਹਨਾਂ ਅਖ਼ਬਾਰਾਂ ਲਈ ਤਾਂ ਠੀਕ ਨੇ ਜਿਹਨਾਂ ਨੂੰ ਕੁਝ ਵੀ ਭੇਜ ਦਿਉ ਛਪ ਜਾਂਦਾ ਹੈ| ਤੁਹਾਡੇ ਮੈਗਜ਼ੀਨ ਵਿਚ ਅਜਿਹੀਆਂ ਹਲਕੀਆਂ ਕਹਾਣੀਆਂ ਪੜ੍ਹ ਕੇ ਨਿਰਾਸ਼ਾ ਹੀ ਹੱਥ ਲੱਗੀ ਹੈ| ਅਸਲ ਵਿਚ ਥੋੜੀਆਂ ਕਹਾਣੀਆਂ ਨੂੰ ਛੱਡ ਕੇ ਤੁਸੀਂ ਚੰਗੀ ਕਹਾਣੀ ਭਾਲਣ ਵਿਚ ਅਸਫ਼ਲ ਰਹੇ ਹੋ| ਉਦੇ ਪ੍ਰਕਾਸ਼ ਦੀ ‘ਦਿੱਲੀ’ ਕਹਾਣੀ ਚੰਗੀ ਸੀ ਪਰ ‘ਮੋਹਨ ਦਾਸ’ ਦੇ ਟਾਕਰੇ ਦੀ ਨਹੀਂ| ‘ਕੈਂਠਾ’ ਦਾ ਅੰਤ ਥੋੜ੍ਹਾ ਲਮਕਾਇਆ ਹੋਇਆ ਸੀ| ਅਟਵਾਲ ਚੰਗੇ ਨੰਬਰ ਲੈ ਗਿਆ|
ਇਕ ਆਹ ਨਿੰਦਰ ਘੁਗਿਆਣਵੀ ਤੁਹਾਡੇ ’ਚ ਵੀ ਘੁਸਪੈਠ ਕਰ ਗਿਆ| ਇਹ ਬੰਦਾ ਸਟਰੀਕਰ ਐ, ਆਪਣੇ ਆਪ ਬਾਰੇ ਹੀ ਲਿਖਦਾ ਹੈ| ਅਸਲ ਵਿਚ ਇਹ “ਸਿਕੰਦਰ ਸੱਤ ਬਚਨ” ਦਾ ਕਲੋਨ ਹੈ| ਮੰਟੋ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ| ‘ਕਜ਼ਾਕ ਨੇ ਸਵਾਦ ਲਿਆਤਾ ਭਾਵੇਂ ਅੱਜਕੱਲ੍ਹ ਉਸਦੀ ਸਾਹਿਤਕ ਕਲਮ ਚੁੱਪ ਹੈ, ਪਰ ਪੰਜਾਬੀ ਸਾਹਿਤ ਦਾ ਜੋ ਭਲਾ ਉਹ ਕੱਚਘਰੜ ਲੇਖਕਾਂ ਨੂੰ ਖਰੀਆਂ-ਖਰੀਆਂ ਸੁਣਾ ਕੇ ਕਰ ਰਿਹਾ ਹੈ; ਉਹ ਪੜ੍ਹ ਕੇ ਸਲਾਮ ਕਰਨ ਨੂੰ ਜੀਅ ਕਰਦੈ| ਨਿੰਦਰ ਦੀ ਇਕ ਗੱਲ ਦਾਦ ਦੇਣ ਵਾਲੀ ਹੈ ਕਿ ਬਰਦਾਸ਼ਤ ਦੇ ਮਾਮਲੇ ਵਿਚ ਇਹ ‘ਮਹਾਤਮਾ ਬੁੱਧ’ ਦੇ ਬਰਾਬਰ ਜਾ ਖਲੋਇਆ ਹੈ| ਅਪਣੀ ਹੋਈ ਲਾਹ ਪਾਹ ਨੂੰ ਛੁਪਾ ਕੇ ਹਿੰਮਤ ਵਾਲਾ ਕੰਮ ਕੀਤਾ ਹੈ| ਇਹਦੀ ਵਾਰਤਕ ਦੇ ਨਮੂਨੇ ਦੇਖੋ ,ਧੀਰ ਦੇ ਸ਼ਬਦ ਚਿੱਤਰ ਵਿਚ ਇਹ ਲਿਖਦਾ ਹੈ, ਅਖੇ ਧੀਰ ਨੇ ਮੈਨੂੰ ਚਿੱਠੀਆਂ ਪੋਸਟ ਕਰਨ ਲਈ ਫੜਾਈਆਂ ਸਨ, ਉਹ ਮੈਂ ਟੈਲੀਫੋਨ ਦੇ ਬਕਸੇ ਵਿਚ ਪਾ ਆਇਆ ਅਤੇ ਪਤਾ ਲੱਗਣ ’ਤੇ ਉਸ ਵਿਚੋਂ ਕੱਢ ਲਿਆਇਆ| ਇਹਨੂੰ ਕੋਈ ਪੁੱਛੇ ਕੇ ਔਖਾ-ਸੌਖਾ ਹੋ ਕੇ ਇਹ ਟੈਲੀਫੋਨ ਦੇ ਬਕਸੇ ਵਿਚ ਚਿੱਠੀਆਂ ਪਾ ਵੀ ਆਇਆ ਤਾਂ ਕੱਢ ਕਿਵੇਂ ਲਿਆਇਆ| ਇਹ ਕਹਿੰਦਾ ਹੈ ਕਿ ਕਰਨੈਲ ਪਾਰਸ ਮੈਨੂੰ ਕਹਿੰਦਾ ਹੈ- ਓਏ ਬੰਦਾ ਤੂੰ ਟਿੱਡੇ ਜਿੱਡਾ ਏਂ ਦਿਮਾਗ ਤੇਰਾ ਹਾਥੀ ਜਿੱਡਾ, ਤੇ ਹਾਥੀ ਜਿੱਡੇ ਦਿਮਾਗ ਵਾਲੇ ਨੂੰ ਇਹ ਨਹੀਂ ਪਤਾ ਕੇ ਟੈਲੀਫੋਨ ਦੇ ਬਕਸੇ ਦੇ ਮੂੰਹ ਨਹੀਂ ਹੁੰਦਾ| ਇਕ ਥਾਂ ਇਹ ਲਿਖਦਾ ਹੈ ਕਿ ਜਹਾਜ਼ ਵਿਚ ਕਿਸੇ ਨੇ ਮੈਨੂੰ ਆ ਕੇ ਪੁੱਛਿਆ ਤੁਸੀਂ ਨਿੰਦਰ ਘੁਗਿਆਣਵੀ ਹੋ| ਨਿੰਦਰ ਘੁਗਿਆਣਵੀ ਨਾ ਹੋਇਆ ਸੇਕਸ਼ਪੀਅਰ ਹੋ ਗਿਆ|
ਬਾਕੀ ਕਈ ਤੁਹਾਨੂੰ ਉਲਾਂਭੇ ਵੀ ਦੇਣੇ ਹਨ, ਤੁਹਾਡੀ ਪ੍ਰਕਾਸ਼ਨਾਂ ਦੀ ਕਿਤਾਬ “ਵਿਸ਼ਵ ਦੇ ਮਹਾਕਵੀ” ਵਿਚ ਸ਼ਬਦ ਜੜ੍ਹਤਾਂ ਦੀਆਂ ਬਹੁਤ ਗਲਤੀਆਂ ਨੇ, ਕਿਸੇ ਹਿੰਦੀ ਵਾਲੇ ਦੇ ਜੜੇ ਸ਼ਬਦ ਲਗਦੇ ਨੇ| ਭਾਰਤੀ ਦੀ ਇੰਟਰਵਿਊ ਵਿਚ ਵੀ ਛੇ-ਸੱਤ ਥਾਵਾਂ ਤੇ ਸਵਾਲ ਜਵਾਬ ਅੱਗੇ ਲਿਖੇ ਹੀ ਨਹੀਂ| ਬਲਵੀਰ ਕੰਵਲ ਦੇ ਲੇਖ ਵਿਚ ਵੀ ਇਕ ਲਾਈਨ ਦੁਬਾਰਾ ਛਾਪ ਦਿੱਤੀ ਹੈ| ਤੁਹਾਡੇ ਵਰਗਿਆਂ ਨੂੰ ਇਹ ਸ਼ੋਭਾ ਨਹੀਂ ਦਿੰਦਾ| ਕਵਿਤਾ ਦੇ ਪੰਨੇ ਘਟਾ ਕੇ ਚੰਗਾ ਕੀਤਾ| ਇਕ ਆਹ ਪ੍ਰੇਮ ਪ੍ਰਕਾਸ਼ ਅਪਣੇ ਚੇਲਿਆਂ ਤੋਂ ਆਪਣੀਆਂ ਕਹਾਣੀਆਂ ਵਰਗੀਆਂ ਕਹਾਣੀਆਂ ਛਪਾ ਕੇ ਕਹਾਣੀ ਸਾਹਿਤ ਦੀ ਇਕ ਖਾਸ ਵਿਧਾ ਘੜ੍ਹਨ ’ਚ ਅਸਫ਼ਲ ਰਹਿ ਕੇ ਹੁਣ ਲੇਖਕਾਂ ਦਾ ਨਿੰਦਿਆ ਦਰਬਾਰ ਲਾਉਣ ਲੱਗ ਪਿਆ, ਇਹਨੇ ਤਾਂ ਪ੍ਰੋਫੈਸਰ ਹਰਦਿਲਜੀਤ ‘ਲਾਲੀ’ ਵਰਗੇ ਰੋਸ਼ਨ ਦਿਮਾਗ ਨੂੰ ਵੀ ਨਿੰਦ ਧਰਿਆ ਸੀ|
ਸਤੀ ਦੇ ਤੁਰ ਜਾਣ ਦੀ ਖਬLਰ ਨਾਲ ਮਾਰਕਸਵਾਦੀਆਂ ਨਾਲ ਦਸਤਪੰਜਾ ਲੈਣ ਲਈ ਕੌਣ ਸਾਹਮਣੇ ਆਉਂਦਾ ਹੈ, ਦੇਖੋ|

-ਗੁਰਿੰਦਰ ਪਾਲ ਸਿੰਘ ਪਰਮਾਰ,ਮਾਨਸਾ


ਸਾਹਿਤ, ਕਲਾ, ਸਭਿਆਚਾਰ ਦਾ ਦੂਜਾ ਰੂਪ ‘ਹੁਣ’, ਏਸ ਅਦਾਰੇ ਦਾ ਸੁਪਨਾ ਲੈਣ ਵਾਲਿਆਂ ਨੂੰ ਸਿਜਦਾ|
ਪੁਸਤਕ ਲੜੀ 8 ਮਨ ਉੱਤੇ ਓਨਾ ਪ੍ਰਭਾਵ ਨਾ ਛੱਡ ਸਕਿਆ ਜਿੰਨਾ ਪਹਿਲੀ ਵਾਰ ਇਸ ਦੀ ਬਾਹਰਲੀ ਦਿੱਖ ਦੇਖ ਕੇ ਮਹਿਸੂਸ ਕੀਤਾ ਸੀ|ੇ ਮੁੱਖ ਪੰਨੇ ਉਪਰ ਲੱਗੀ ਪੇਂਟਿੰਗ ‘ਦ ਡਵਾਇਨ ਮਿਜੀਸ਼ਨ’ ਨੇ ਲੂੰ ਕੰਡਾ ਖੜਾ ਦਿੱਤਾ| ਸੱਚੀਂ ਇਕ ਗੁਰਦਾਸ ਮਾਨ, ਦੂਜਾ ਡੇਰਾ ਮੁਰਾਦ ਸ਼ਾਹ, ਤੀਜਾ ‘ਹੁਣ’ ਮੇਰੇ ਇਸ਼ਕ ਨੇ|
ਅੱਗੇ ਇਕ ‘ਹੱਥ ਕਾਗਦ ਇਕ ਹੱਥ ਕਾਨੀ’ ਠੀਕ ਠਾਕ ਸੀ, ਜਤਿੰਦਰ ਕੌਰ ਦੀਆਂ ਕਵਿਤਾਵਾਂ ਵਧੀਆ ਸਨ| ‘ਸਾਹਿਤ ਦਾ ਨੋਬੇਲ ਇਨਾਮ’ ‘ਨਾ ਕਾਹੂੰ ਸੇ ਦੋਸਤੀ’ ‘ਸੰਗੀਤ’ ਚਿੰਤਨ, ਰੰਗ, ਬਾ ਕਮਾਲ ਸਨ|
ਏਸ ਵਾਰੀ ਸਭ ਤੋਂ ਵਧੀਆਂ ਮੂਰਤਾਂ ਵਿਚੋਂ 134 ਪੇਜ ’ਤੇ ਲੱਗੀ ਮੂਰਤ ਸੀ, ਜਿਸਨੂੰ ਕੱਟ ਕੇ ਮੈਂ ਆਪਣੇ ਕਮਰੇ ਵਿਚ ਲਗਾਇਆ| ਇਸ ਤੋਂ ਇਲਾਵਾ ਬਾਕੀ ਸਭ ਕੁਝ ਠੀਕ ਠਾਕ ਹੋ ਨਿਬੜਿਆ|
‘ਹੁਣ’ -8 ਤੋਂ ਮੈਂ ਆਸ ਰੱਖੀ ਸੀ ਕਿ ‘ਤਸਲੀਮਾਂ ਨਸਰੀਨ’ ਬਾਰੇ ਗੱਲ ਜ਼ਰੂਰ ਹੋਵੇਗੀ ਜਿਸਦੇ ਨਾਂ ਤੋਂ ਪ੍ਰਭਾਵਿਤ ਹੋ ਕੇ ਕਦੇ ਮੈਂ ਆਪਣੀ ਪਤਨੀ ਦਾ ਨਾਂ ‘ਨਸਰੀਨਾਂ’ ਰੱਖਿਆ ਸੀ| ਪਰ ਏਦਾ ਦਾ ਕੁਝ ਨਾ ਹੋਣ ਕਾਰਨ ਮੇਰਾ ਮਨ ਹਤਾਸ਼ਿਆ ਗਿਆ|
ਦੂਜਾ ‘ਹੁਣ’ ਪੁਸਤਕ ਲੜੀ-7 ਵਿਚ ਤੁਸੀਂ ਸਵਾਲਾਂ ਦੇ ਜਵਾਬ ਮੰਗੇ ਸੀ ਪਰ ਉਨ੍ਹਾਂ ਬਾਰੇ ਵੀ ਇਸ ਵਾਰੀ ਕੁਝ ਨਾ ਲੱਭਿਆ| ਜਿਵੇਂ ਆਸ ਬੱਝੀ ਸੀ ਕਿ ਏਹੋ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ|
ਤੀਜਾ ਇਸ ਵਾਰੀ ਕੁਝ ਗਲਤੀਆਂ ਵੀ ਰੜਕੀਆਂ ਜੋ ਪਹਿਲਾਂ ਕਦੇ ਨਹੀਂ ਸੀ| ਬਾਕੀ ਜੇਕਰ ‘ਹੁਣ’ ਵਿਚ ਛਪਣ ਵਾਲੀ ਰਚਨਾ ਦੇ ਲੇਖਕ ਦਾ ਪਤਾ ਲਿਖ ਦਿੱਤਾ ਜਾਵੇ ਵਧੀਆ ਲੱਗੇਗਾ। ਹੁਣ ਲਈ ਬਹੁਤ ਸਾਰੀਆਂ ਦੁਆਵਾਂ|

-ਬੂਟਾ ਖਾਂ, ਪਿੰਡ ਰਤਨਗੜ੍ਹ,(ਪਟਿਆਲਵੀ)


‘ਚਾਰ ਮਹੀਨਿਆਂ ਦੀ ਉਡੀਕ ਤੋਂ ਬਾਅਦ ‘ਹੁਣ’ ਦੀ ਪੁਸਤਕ ਲੜੀ 8 ਪੜ੍ਹਕੇ ਸੱਖਣਾ ਮਨ ਭਰ ਗਿਆ| ਨਵਤੇਜ ਭਾਰਤੀ ਦੀਆਂ ਗੱਲਾਂ ਦਿਲਚਸਪ ਹਨ| ਸਵਰਨ ਚੰਦਨ ਦੀ ਹੁੱਬਕੇ ਸ਼ਿੱਦਤ ਨਾਲ ਲਿਖੀ ਕਹਾਣੀ ‘ਕੈਂਠਾ’ ਪਹਿਲੀ ਦੂਜੀ ਅਤੇ ਤੀਜੀ ਪੀੜ੍ਹੀ ਦੇ ਵਿਚਾਰਾਂ, ਸਮਾਜਕ ਸੰਸਕਾਰਾਂ ਅਤੇ ਵਿਸ਼ਵੀਕਰਨ ’ਚ ਸੰਚਾਰਾਂ ਨੂੰ ਬਿਆਨ ਕਰਦੀ ਹੈ| ਇਸ ਕਹਾਣੀ ਵਿਚ ਕੈਂਠੇ ਵਾਲਾ ਬਲਵੰਤ ਮੈਨੂੰ ਸਮਾਜਕ ਪਰੰਪਰਾ ’ਚ ਜਕੜੀ ਪਹਿਲੀ ਪੀੜ੍ਹੀ ਦਾ ਪ੍ਰਤੀਕ ਜਾਪਿਆ ਜੋ ਕਹਾਣੀ ਦੇ ਅੰਤ ਵਿਚ ਵਿਖਾਏ ਗਏ ਗੱਡੇ ਵਿਚਕਾਰ ਜੁੜੇ ‘ਮੌਲੇ ਬਲਦ’ ਵਾਂਗ ਵਰਤਮਾਨ ਆਧੁਨਿਕਤਾ ਦੀ ਉਚੀ ਨੀਵੀਂ ਸੜਕ ’ਤੇ ਚੱਲਣ ਤੋਂ ਅਸਮੱਰਥ ਹੈ| ਗੱਡੇ ਅਗਲਾ ਬੌਲਦ ਉਪਰੋਂ ਦੀ ਤੇਜ਼ ਰਫਤਾਰ ਨਾਲ ਲੰਘੇ ਹਵਾਈ ਜਹਾਜ਼ ਤੋਂ ਡਰ ਕੇ ਡਿੱਗ ਪੈਂਦਾ ਹੈ| ਇਹ ਹਵਾਈ ਜਹਾਜ਼ ਤੀਜੀ ਪੀੜ੍ਹੀ ਦੇ ਜਵਾਨ ਬੱਚੇ ਸੀਮਾ ਅਤੇ ਉਸਦੇ ਦੋਸਤ ਹਰਪ੍ਰੀਤ ਦਾ ਆਧੁਨਿਕ ਪ੍ਰਤੀਕ ਹੈ| ਸਮੇਂ ਨੇ ਪਹਿਲੀ ਅਤੇ ਤੀਜੀ ਪੀੜ੍ਹੀ ਦੀ ਸੋਚ ’ਚ ਕਿੰਨਾ ਫ਼ਰਕ ਪਾ ਦਿੱਤਾ !
ਪ੍ਰੇਮ ਪ੍ਰਕਾਸ਼ ਦੁਆਰਾ ‘ਬਾਬੇ ਬੋਹੜ’ ਦਾ ਰੇਖਾ ਚਿੱਤਰ ਬਿਲਕੁਲ ਵਿਵਹਾਰਕ ਸੀ| ਚੰਗਾ ਹੋਵੇਗਾ ਜੇ ਸੰਤ ਸਿੰਘ ਸੇਖੋਂ ਦੀ ਜੀਵਨੀ ‘ਉਮਰ ਦਾ ਪੰਧ’ ਹੁਣ ਦੇ ਅਗਲੇ ਅੰਕ ਵਿਚ ਛਾਪ ਦਿੱਤੀ ਜਾਵੇ| ਸਰਵਰਕ ਉਪਰ ਛਾਪੀ ਤਸਵੀਰ ’ਚੋਂ ਸਾਰੰਗੀ ਵਜਾਉਂਦੇ ਭਾਈ ਮਰਦਾਨਾ ਸਾਹਿਬ ਦਾ ਝਾਉਲਾ ਪਿਆ| ਤਸਵੀਰ ਬਹੁਤ ਵਧੀਆ ਹੈ ਪਰ ਤਸਵੀਰ ਦੇ ਪਿੱਛੇ ਹੀ ਕਿਸੇ ‘ਗੁਰਦੁਆਰਾ ਸਾਹਿਬ ਦੀ ਤਸਵੀਰ’ ਸਮਝ ਤੋਂ ਬਾਹਰ ਹੈ ਕਿਉਂਕਿ ਜੇ ਮੁੱਖ ਤਸਵੀਰ ਭਾਈ ਮਰਦਾਨਾ ਜੀ ਦੀ ਹੈ ਤਾਂ ਉਸ ਸਮੇਂ ਹਾਲੇ ਕਿਸੇ ਵੀ ਗੁਰੂ ਘਰ ਦੀ ਸਥਾਪਨਾ ਨਹੀਂ ਹੋਈ ਸੀ| ਫਿਰ ਭਾਈ ਮਰਦਾਨੇ ਨਾਲ ਗੁਰਦੁਆਰਾ ਕਿਉਂ? ‘ਅਧੂਰੀ ਅਲਵਿਦਾ’ ਅਤੇ ‘ਰੇਤੇ ਦੇ ਨਕਸ’L ਵੀ ਚੰਗੀਆਂ ਸਾਹਿਤਕ ਕ੍ਰਿਤਾਂ ਹਨ| ਨਿੰਦਰ ਘੁਗਿਆਣਵੀ ਦੁਆਰਾ ‘ਸਿਰੇ ਦਾ ਕਲਾਕਾਰ’ ਕਿਰਪਾਲ ਕਜ਼ਾਕ ਦੇ ਰੇਖਾ ਚਿੱਤਰ ਨਾਲ ਹੁਣ -8 ਆਪਣੇ ਸਿਖ਼ਰ ’ਤੇ ਪਹੁੰਚ ਜਾਂਦਾ ਹੈ| ਇਹ ਖਰੀਆਂ ਪੜ੍ਹਕੇ ਹਾਸੇ ਦੇ ਨਾਲ ਨਾਲ ਅਸਚਰਜਤਾ ਤੇ ਹੈਰਾਨੀ ਵੀ ਵਧੀ| ਪਰ ਮਨ ਨੂੰ ਬੜਾ ਆਰਾਮ ਮਿਲਿਆ| ਸਤੀ ਕੁਮਾਰ ਦਾ ਪਹਿਲਾ ਪਿਆਰ ਮਹਿਸੂਸ ਕਰਨ ’ਤੇ ਸਕੂਨ ਮਿਲਿਆ| ਵਿਦੇਸ਼ੀ ਸਾਹਿਤਕਾਰ ਡੋਰਿਸ ਲੈਸਿੰਗ ਅਤੇ ਮਾਇਆਕੋਵਸਕੀ ਬਾਰੇ ਲੇਖ ਪੜ੍ਹਕੇ ਕਾਫ਼ੀ ਚੰਗੀ ਜਾਣਕਾਰੀ ਹਾਸਲ ਹੋਈ|

-ਹਰਮਨਜੀਤ ਚਹਿਲ
ਪਿੰਡ ਤੇ ਡਾਕਖਾਨਾ ਭਵਾਨੀਗੜ੍ਹ,ਸੰਗਰੂਰ।


ਬੜਾ ਕੁਝ ਲਕੋਈ ਬੈਠਾ ਹੈ ‘ਹੁਣ’ ਆਪਣੇ ਢਿੱਡ ਵਿਚ| ਕੱਢਣ ਵਾਲੇ ਭਾਵ ਪੜ੍ਹਨ ਵਾਲੇ ਚਾਹੀਦੇ ਹਨ|
ਸੰਪਾਦਕੀ ਹਰ ਵੇਰ ਦੀ ਤਰ੍ਹਾਂ ਬੜੀ ਰੌਚਕ ਹੈ| ਪਾਲ ਐਲੂਅਰ ਦੀਆਂ ਕਵਿਤਾਵਾਂ ਆਮ ਪਾਠਕ ਦੀ ਸਮਝ ਤੋਂ ਬਾਹਰ ਹਨ| ਦੁਨੀਆਂ ਦੀ ਹਰ ਚੀਜ਼ ’ਤੇ ਮੈਂ ਤੇਰਾ ਨਾਮ ਲਿਖ ਰਿਹਾ ਹਾਂ, ਵਿਚੋਂ ਪਾਠਕ ਦੇ ਪੱਲੇ ਕੀ ਪੈਂਦਾ ਹੈ, ਮੇਰੀ ਸਮਝ ਤੋਂ ਪਰ੍ਹੇ ਹੈ|
ਨਵਤੇਜ ਮੇਰਾ ਸਮਕਾਲੀ ਹੈ। ਇੱਕਠੇ ਰੋਡਿਆਂ ਵਾਲੇ ਸਕੂਲ ਵਿਚ ਟੂਰਨਾਮੈਂਟਾਂ ’ਤੇ ਹਾਜ਼ਰੀ ਭਰਦੇ ਰਹੇ ਹਾਂ| ਉਸ ਨਾਲ ਜੁਆਬ ਸੁਆਲ ਬਿਲਕੁਲ ਪਿਛਲੇ ਪਰਚੇ ‘ਹੁਣ’ ਦੇ ਦਲੀਪ ਕੌਰ ਟਿਵਾਣਾ ਦੇ ਸਵਾਲਾਂ ਜੁਆਬਾਂ ਵਾਂਗ ਰੌਚਕ ਹਨ| ਤੁਹਾਡੇ ਸੁਆਲਾਂ ਵਿਚ ਇਕ ਵੀ ਬੇਮਤਲਬ ਨਹੀਂ ਸੀ ਪਰ ਟਿਵਾਣਾ ਦੇ ਜੁਆਬ ਕਾਫ਼ੀ ਹੱਦ ਤੱਕ ਰੌਂਗਟੇ ਖੜੇ ਕਰਨ ਵਾਲੇ ਤੇ ਰਸਦਇਕ ਸਨ ਪਰ ਕਿਤੇ ਕਿਤੇ ਝੂਠ ਝਲਕਦਾ ਸੀ|
ਨਵਤੇਜ ਦੀ ਮਨੋਕਲਪਤ ਸੂਪਨਖਾਂ ਦੀ ਪੀੜ, ਪ੍ਰੀਤਲੜੀ ਪੜ੍ਹਨ ਵਾਲਾ ਪ੍ਰੀਤਲੜੀ ਦਾ ਮੁਰੀਦ ਤਾਂ ਇਸ ਵਿਸੇL ’ਤੇ ਨਾਂ ਲਿਖਦਾ ਹੀ ਚੰਗਾ ਸੀ| ਉਂਜ ਨਵਤੇਜ ਭਾਰਤੀ ਨਾਲ ਕਾਫੀ ਸਵਾਲ ਆਮ ਆਦਮੀ ਦੀ ਜ਼ਿੰਦਗੀ ਨਾਲ ਮੇਲ ਖਾਂਦੇ ਤੇ ਰੌਚਕ ਹਨ| ਅਤਰਜੀਤ ਦੀ ਕਹਾਣੀ ‘ਕੰਧਾ ’ਤੇ ਲਿਖੀ ਇਬਾਰਤ’ ਤੇ ਸਵਰਨ ਚੰਦਨ ਦਾ ‘ਕੈਂਠਾ’ ਬਹੁਤ ਹੀ ਮਨਮੋਹਕ ਹਨ| ਸਵਰਨ ਚੰਦਨ ਦਾ ਕੈਂਠਾ ਤਾਂ ਮੁੱਖ ਪੰਨੇ ਦੀ ਤਸਵੀਰ ਸਰੰਗੀ ਵਾਲੇ ਬਾਬੇ ਨਾਲ ਮੇਲ ਖਾਂਦਾ ਹੈ ਕਿਉਂ ਉਹੀ ਤਾਂ ਨਹੀਂ ਕੈਂਠੇ ਵਾਲਾ ਬਾਬਾ। ਪਿਆਰਾ ਸਿੰਘ ਭੋਗਲ ਦੀ ‘ਤਖਤ’ ਵਧੀਆ ਰਹੀ| ਸਭ ਤੋਂ ਵੱਧ ਨਜ਼ਾਰਾ ਆਇਆ ਪੇ੍ਰਮ ਪ੍ਰਕਾਸ਼ ਦਾ ‘ਮਾਰਕਸੀਆਂ ਦਾ ਸੈਨਾਪਤੀ ਸੇਖੋਂ’ ਪੜ੍ਹਕੇ। ਕਬਰਾਂ ਚੋਂ ਵੀ ਘਸੀਟ ਕੇ ਪਾਠਕਾਂ ਦੇ ਸਾਹਮਣੇ ਖੜਾ ਕਰਨਾ ਪੇ੍ਰਮ ਪ੍ਰਕਾਸ਼ ਦੀ ਹੀ ਹਿੰਮਤ ਹੈ| ਏਡੇ ਵੱਡੇ ਮੈਗਜ਼ੀਨ ਦੇ ਹਰ ਪੰਨੇ ਬਾਰੇ ਲਿਖਣਾ ਤਾਂ ਮੇਰੇ ਵਸ ਦੀ ਗੱਲ ਨਹੀਂ ਪਰ ਪੜ੍ਹਿਆ ਵਰਕਾ ਵਰਕਾ ਹੈ| ਬਹੁਤ ਹੀ ਵਿਲੱਖਣ ਤੇ ਪੰਜਾਬੀ ਦਾ ਸਿਰਤਾਜ ਮੈਗਜ਼ੀਨ ਹੈ|

ਸਰਵਨ ਸਿੰਘ ਪਤੰਗ, ਮਾਣੂਕੇ(ਮੋਗਾ)


ਹੁਣ’ 8 ਸਾਰਾ ਪੜ੍ਹਿਆ ਹੈ| ਅਜਮੇਰ ਰੋਡੇ ਜੀ ਦੇ ਲੇਖ “ਦਲਿਤ ਚੇਤਨਾ ਤੇ ਸਾਹਿਤ” ’ਤੇ ਗੱਲ ਕਰਨੀ ਹੈ| ਉਨ੍ਹਾਂ ਇਸ ਲੇਖ ਦਾ ਜ਼ਿਕਰ ਵਿਦੇਸ਼ੀ ਧਰਾਤਲ ਤੋਂ ਕੀਤਾ ਹੈ| ਵਿਦੇਸ਼ਾਂ ਵਿਚ ਹੀ ਇਸ ਬਾਰੇ ਸਰਗਰਮੀਆਂ ਦਾ ਲੇਖਾ ਜੋਖਾ ਕੀਤਾ ਹੈ| ਭਾਰਤ ਜਾਂ ਪੰਜਾਬ ਦੇ ਰਾਜਨੀਤਕ ਤੇ ਸਭਿਆਚਾਰ ਨੂੰ ਵਾਚ ਕੇ ਉਸੇ ਧਰਾਤਲ ’ਤੇ ਇਸ ਗੱਲ ਦਾ ਲੇਖਾ ਜੋਖਾ ਕਰਨ ਦੀ ਖੇਚਲ ਨਹੀਂ ਕੀਤੀ ਜੋ ਕਿ ਬਹੁਤ ਜ਼ਰੂਰੀ ਸੀ| ਜਿਸ ਦੇ ਅਸਲ ਸਿੱਟੇ ਨਿਕਲਣੇ ਸਨ|
ਰੋਡੇ ਜੀ ਨੇ ਗੁਰਦਾਸ ਰਾਮ ਆਲਮ, ਸੰਤ ਰਾਮ ਉਦਾਸੀ ਤੇ ਲਾਲ ਸਿੰਘ ਦਿਲ (ਕਵੀਆਂ) ਦਾ ਹੀ ਜਿਕਰ ਕੀਤਾ ਹੈ, ਕਹਾਣੀਕਾਰਾਂ ਦਾ ਨਹੀਂ| ਨਾ ਹੀ ਨਿੰਦਰ ਗਿੱਲ ਦੇ ਨਾਵਲ “ਦਾਸਤਾਂ ਦਲਿਤਾਂ ਦੀ” ਦਾ ਜ਼ਿਕਰ ਕੀਤਾ ਹੈ| ਜਿਸ ਕਰਕੇ ਉਨਾਂ੍ਹ ਦੀ ਗੱਲ ਅਧੂਰੀ ਰਹਿ ਗਈ| ਚਲੋ ਗੁਰਦਾਸ ਰਾਮ ਆਲਮ ਜੀ ਤਾਂ ਦਲਿਤ ਕਵਿਤਾਵਾਂ ਲਿਖਦੇ ਸਨ| ਪਰ ਉਦਾਸੀ ਤੇ ਲਾਲ ਸਿੰਘ ਦਿਲ ਤਾਂ ਉਸ ਵਕਤ ਖੱਬੀ ਖਾੜਕੂ ਲਹਿਰ ਦਾ ਪ੍ਰਭਾਵ ਕਬੂਲ ਕੇ ਨਿਮਨ ਕਿਸਾਨੀ ਦੀ ਹੀ ਗੱਲ ਕਰਦੇ ਸਨ| ਰਹੀ ਗੱਲ ਉਦਾਸੀ ਜੀ ਦੇ “ਕੰਮੀਆਂ ਦੇ ਵਿਹੜੇ” ਦੀ ਇਸ ਕਵਿਤਾ ਵਿਚ ਉਨਾਂ੍ਹ ਨੇ ਦਲਿਤ ਵਿਹੜਿਆਂ ਦਾ ਬ੍ਰਿਤਾਂਤ ਚਿੱਤਰ ਤਾਂ ਜਰੂਰ ਵਿਖਾਇਆ ਹੈ ਪਰ “ਮਘਦਾ ਰਹੀਂ ਵੇ ਸੂਰਜਾ” ਹਵਾ ਨੂੰ ਗੰਢਾਂ ਦਿੱਤੀਆਂ ਹਨ| ਦਲਿਤ ਵਿਹੜਿਆਂ ਵਿਚ ਕਿਹੜਾ ਸੂਰਜ ਮਘਿਆ ਹੈ? ਮਘਣਾ ਤਾਂ ਇਕ ਪਾਸੇ ਰਿਹਾ ਦਲਿਤਾਂ ਨੂੰ ਤਾਂ ਸੂਰਜ ਦਿਸਿਆ ਵੀ ਨਹੀਂ|
ਉਸ ਸਮੇਂ ਜਿੰਨੇ ਕਵੀ ਤੇ ਕਹਾਣੀਕਾਰ ਪੈਦਾ ਹੋਏ ਸਨ, ਕੋਈ ਵੀ ਬਾਬਾ ਰਵੀਦਾਸ, ਕਬੀਰ, ਨਾਮਦੇਵ, ਜੋਤੀਬਾ ਫੂਲੇ ਤੇ ਬਾਬਾ ਸਾਹਿਬ ਡਾ.ਅੰਬੇਦਕਰ ਦੀ ਗੱਲ ਨਹੀਂ ਕਰਦੇ ਸਨ| ਉਹ ਤਾਂ ਕਹਿੰਦੇ ਸਨ ਕਿ ਅਸੀਂ ਤਾਂ ਮਾਰਕਸਵਾਦੀ ਲੈਨਿਨਵਾਦੀ ਹਾਂ। ਉਸ ਵਕਤ ਪੰਜਾਬ ਵਿਚ ਦਲਿਤ ਚੇਤਨਾ ਲਹਿਰ ਤਾਂ ਪੈਦਾ ਹੀ ਨਹੀਂ ਹੋਈ ਸੀ| ਉਸ ਵੇਲੇ ਰੋਪੜ ਇਕ ਦਲਿਤ ਸਹਿਤ ਸਭਾ ਨੇ ਸਮਾਗਮ ਕਰਾਇਆ ਸੀ| ਪ੍ਰਧਾਨਗੀ ਇਕ ਪ੍ਰਸਿੱਧ ਲੇਖਕ ਵਿਦਵਾਨ ਦੀ ਸੀ| ਉਨਾਂ੍ਹ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਸੀ ਕਿ ਦਲਿਤ ਸਾਹਿਤ ਸਭਾ ਕੋਈ ਨਹੀਂ ਹੁੰਦੀ, ਕਿਰਤੀ ਕਿਸਾਨ ਸਾਹਿਤ ਸਭਾ ਹੁੰਦੀ ਹੈ|
ਮੇਰਾ ਪਹਿਲਾ ਕਹਾਣੀ ਸੰਗ੍ਰਿਹ “ਪੰਛੀਆਂ ਦੇ ਆਲਣੇ” 1978 ਵਿਚ ਛਪਿਆ ਸੀ| ਜਿਸ ਵਿਚ ਸਾਰੀਆਂ ਦਸ ਕਹਾਣੀਆਂ ਸਨ, ਜਿਨ੍ਹਾਂ ਵਿਚ ਦਲਿਤਾਂ ਦਾ ਹੀ ਜ਼ਿਕਰ ਸੀ| ਜਾਂ ਇਉਂ ਕਹਿ ਲਈਏ ਦਲਿਤ ਕਹਾਣੀਆਂ ਸਨ| ਮੇਰੇ ਮਿੱਤਰ ਮਾਰਕਸਵਾਦੀ ਉਸ ਵਕਤ ਮੈਨੂੰ ਘੂਰਦੇ ਸਨ ਕਿ ਤੂੰ ਜਾਤੀਵਾਦ ਲਿਖਦਾ ਹੈਂ| ਅਗਲੀ ਪੁਸਤਕ (ਕਹਾਣੀ ਸੰਗ੍ਰਿਹ) “ਟੁੱਟੇ ਪੱਤੇ” 1993 ਵਿਚ ਛਪੀ| ਉਸ ਵਿਚ ਵੀ ਦਲਿਤ ਕਹਾਣੀਆਂ ਸਨ| ਇਸ ਲਈ ਸਭ ਤੋਂ ਪਹਿਲਾਂ ਪੰਜਾਬੀ ਵਿਚ ਦਲਿਤਾਂ ਬਾਰੇ ਕਹਾਣੀਆਂ ਮੈਂ ਲਿਖੀਆਂ ਹਨ| ਅੱਜ ਕੱਲ੍ਹ ਹੋਰ ਕਈ ਮੁੰਡੇ ਵੀ ਚੰਗੀਆਂ ਦਲਿਤ ਚੇਤਨਾ ਦੀਆਂ ਕਹਾਣੀਆਂ ਲਿਖਣ ਲੱਗ ਪਏ ਹਨ ਪਰ ਉਸ ਵਕਤ ਮੈਂ ਇੱਕਲਾ ਹੀ ਦਲਿਤਾਂ ਬਾਰੇ ਲਿਖਦਾ ਸੀ| ਇਹ ਆਪਣੇ ਮੂੰਹੋਂ ਵਡਿਆਈ ਨਹੀਂ ਸੱਚ ਹੈ| ਪਰ ਮੈਨੂੰ ਦਲਿਤ ਚੇਤਨਾ ਦੇ ਅਨੁਆਈਆਂ ਨੇ ਵੀ ਅੱਖੋਂ ਪਰੋਖੇ ਕਰੀ ਰੱਖਿਆ ਹੈ| ਇਹ ਵੀ ਨਹੀਂ ਕਿ ਮੈਂ ਉਸ ਵਕਤ ਮਾਰਕਸਵਾਦ ਨਹੀਂ ਪੜ੍ਹਿਆ| ਬਹੁਤ ਕਿਤਾਬਾਂ ਪੜੀ੍ਹਆਂ ਸਨ| ਹੋਰ ਲੇਖਕਾਂ ਤੋਂ ਬਗੈਰ ਰੂਸੀ ਲੇਖਕ ਮੈਕਸਿਮ ਗੋਰਕੀ, ਟਾਲਸਟਾਏ, ਰਸੂਲ ਹਮਜ਼ਾਤੋਵ, ਆਸਤਰੋਵਸਕੀ, ਦਾਸਤੋਵਸਕੀ, ਚੈਖੋਵ, ਸ਼ੋਲੋਖੋਵ ਆਦਿ ਸਭ ਪੜੇ੍ਹ ਸਨ| 1962 ਤੋਂ ਲੈ ਕੇ 1968 ਤੱਕ ਰੀਪਬਲਿਕਨ ਪਾਰਟੀ ਆਫ ਇੰਡੀਆ ਵਿਚ ਕੰਮ ਕੀਤਾ ਹੈ| ਡਾ. ਅੰਬੇਦਕਰ ਦੀ ਜੀਵਨੀ ਪੜ੍ਹੀ ਸੀ| ਹੋਰ ਸਿੱਖ ਵਿਦਵਾਨਾਂ ਦੀਆਂ ਕਿਤਾਬਾਂ ਵੀ ਪੜੀ੍ਹਆਂ ਸਨ, ਜਿਨਾਂ੍ਹ ਵਿਚ ਦਲਿਤਾਂ ਨੂੰ ਸਿੱਖੀ ਵਿਚ ਬਰਾਬਰਤਾ ਦੇਣ ਦੀ ਗੱਲ ਸੀ| ਕੁਦਰਤੀ ਸੀ ਕਿ ਮੈਂ ਦਲਿਤ-ਘਰ ਵਿਚ ਪੈਦਾ ਹੋਇਆ ਸਾਂ| ਇਸ ਕਰਕੇ ਬਾਬਾ ਬਾਬਾ ਸਾਹਿਬ ਦਾ ਪ੍ਰਭਾਵ ਕਬੂਲਣਾ ਹੀ ਸੀ| ਮੈਂ ਤਾਂ ਇਹ ਵੀ ਆਖਦਾ ਹਾਂ ਕਿ ਜਿਹੜੇ ਦਲਿਤ ਵਿਹੜਿਆਂ ਵਿਚ ਜਨਮੇ ਲੇਖਕ ਜਾਂ ਸਾਹਿਤਕਾਰ ਆਪਣੇ ਆਪ ਨੂੰ ਮਾਰਕਸੀ ਲੈਨਿਨੀ ਆਖਦੇ ਸਨ ਤੇ ਡਾ.ਅੰਬੇਦਕਰ ਨੂੰ ਅੰਗਰੇਜ਼ਾਂ ਦਾ ਪਿੱਠੂ ਕਹਿੰਦੇ ਸਨ, ਉਹ ਵੀ ਸਾਹਿਤਕਾਰ ਜਾਂ ਲੇਖਕ ਨਹੀਂ ਬਣ ਸਕਦੇ ਸਨ, ਜੇ ਡਾ. ਅੰਬੇਦਕਰ ਸੰਵਿਧਾਨ ਵਿਚ ਦਲਿਤਾਂ ਦੇ ਹੱਕ ਰਾਖਵੇਂ ਨਾ ਕਰਦੇ| ਨਾ ਉਨ੍ਹਾਂ ਨੂੰ ਕਿਸੇ ਸਕੂਲਾਂ ਵਿਚ ਪੜ੍ਹਣ ਦੇਣਾ ਸੀ| ਨਾ ਹੀ ਉਨ੍ਹਾਂ ਨੂੰ ਨੌਕਰੀਆਂ ਮਿਲਣੀਆਂ ਸਨ ਅਤੇ ਨਾਂ ਹੀ ਉਨ੍ਹਾਂ ਨੇ ਲੇਖਕ ਬਣਨਾ ਸੀ|
ਸੋ ਦਲਿਤ-ਚੇਤਨਾ ਦੀ ਗੱਲ ਅੱਜ ਤੋਂ ਕੁਝ ਸਮਾਂ ਪਹਿਲਾਂ ਭਾਰਤ ਦੇ ਹੋਰਾਂ ਸੂਬਿਆਂ ਦੇ ਮਹਾਨ ਲੇਖਕਾਂ ਦੇ ਸਦਕਾ ਹੀ ਚੱਲੀ ਹੈ ਜੋ ਦਲਿਤਾਂ ਦੇ ਸੁਹਿਰਦ ਬੁੱਧੀਜੀਵੀ ਹਨ|
ਪੰਜਾਬੀ ਸਾਹਿਤ ਵਿਚ ਦਲਿਤ-ਚੇਤਨਾ ਦੀ ਗੱਲ ਕਰਨੀ ਬੜੀ ਉਲਝੀ ਤਾਣੀ ਹੈ| ਕਿਉਂਕਿ ਕਈ ਸਵਰਨ ਜਾਤੀਆਂ ਵਿਚ ਵੀ ਲੋਕ ਬਹੁਤ ਗਰੀਬ ਹਨ| ਦੂਜੇ ਪਾਸੇ ਦਲਿਤਾਂ ਵਿਚੋਂ ਕਾਫੀ ਲੋਕ ਰਜ਼ਿਰਵੇਸ਼ਨ ਦਾ ਫਾਇਦਾ ਲੈ ਕੇ ਅਮੀਰ ਜਮਾਤ ਵਿਚ ਦਾਖਲ ਹੋ ਗਏ| ਉਨ੍ਹਾਂ ਨੂੰ ਦਲਿਤ ਵਿਹੜਿਆਂ ਦੇ ਲੋਕਾਂ ਵਿਚੋਂ ਮੁਸ਼ਕ ਆਉਣ ਲੱਗ ਪਿਆ| ਉਹ ਆਪਣੇ ਆਪ ਨੂੰ ਦਲਿਤ ਮੰਨਦੇ ਹੀ ਨਹੀਂ| ਪਰ ਜਦ ਰਜ਼ਿਰਵੇਸ਼ਨ ਦਾ ਲਾਭ ਲੈਣਾ ਹੁੰਦਾ ਹੈ, ਚੁੱਪ ਕਰਕੇ ਅਨੁਸੂਚਿਤ ਜਾਤੀ ਦਾ ਸਰਟੀਫੀਕੇਟ ਬਣਵਾ ਲੈਂਦੇ ਹਨ| ਕੁਝ ਦਲਿਤ ਭਰਾ ਰਾਜਨੀਤਕ ਪਾਰਟੀਆਂ ਦੇ ਖਰੀਦੇ ਹੋਏ ਐਮ.ਐਲ.ਏ ਜਾਂ ਐਮ.ਪੀ ਬਣ ਕੇ ਵੀ ਅਮੀਰ ਹੋ ਗਏ| ਜਿਨਾਂ੍ਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਲਾਭ ਦਿੱਤਾ| ਪਰ 70% ਲੋਕ ਦਲਿਤ ਵਿਹੜਿਆਂ ਵਿਚ ਅਜੇ ਵੀ ਬਹੁਤ ਗਰੀਬ ਹਨ|
ਇਕ ਸੱਚ ਇਹ ਵੀ ਹੈ ਕਿ ਖੱਬੇ ਪੱਖੀ ਪਾਰਟੀਆਂ ਵਿਚ ਸਵਰਨ ਜਾਤੀਆਂ ਦੇ ਕਾਰਕੁਨਾਂ ਨੇਤਾਵਾਂ ਤੇ ਬੁੱਧੀਜੀਵੀਆਂ ਨੂੰ ਮੈਂ ਬੜੇ ਵਿਦਵਾਨ ਦੇਵਤੇ ਇਨਸਾਨ ਵੇਖਿਆ ਹੈ ਜੋ ਬਿਲਕੁਲ ਜਾਤ ਪਾਤ ਤੇ ਛੂਆ ਛਾਤ ਦੇ ਹੱਕ ਵਿਚ ਨਹੀਂ ਹਨ| ਮੈਂ ਜੋ ਵੀ ਕਹਾਣੀਆਂ, ਕਵਿਤਾਵਾਂ, ਗੀਤ ਆਦਿ ਲਿਖਦਾ ਸੀ, ਇਹ ਵਿਦਵਾਨ ਉਨ੍ਹਾਂ ਨੂੰ ਪੂਰਾ ਉਤਸ਼ਾਹਿਤ ਕਰਦੇ ਸਨ ਅਤੇ ਮੈਨੂੰ ਵਧੀਆ ਲਿਖਣ ਦਾ ਹੌਂਸਲਾ ਦਿੰਦੇ ਸਨ| ਉਸ ਦੇ ਮੁਕਾਬਲੇ ਪੰਜਾਬ ਵਿਚ ਦਲਿਤਾਂ ਦੇ ਅਖੌਤੀ ਵਿਦਵਾਨ ਬੁੱਧੀਜੀਵੀਆਂ ਵਿਚ ਅਥਾਹ ਈਰਖਾ, ਹੈਂਕੜਬਾਜੀ ਤੇ ਸਾਥੀ ਦਲਿਤ ਲੇਖਕ ਨੂੰ ਨੀਵੇਂ ਉਤਰ ਕੇ ਵੀ ਠਿੱਬੀ ਲਾਉਣ ਦੀ ਫਿਤਰਤ ਹੈ| ਉਪਰਲੀਆਂ ਦੋਵੇਂ ਗੱਲਾਂ ਦੀਆਂ ਮਿਸਾਲਾਂ ਦੇ ਸਕਦਾ ਹਾਂ|
ਮਾਰਕਸਵਾਦ, ਸਮਾਜਵਾਦ ਵੀ ਵਧੀਆ ਹੈ, ਛੁਟਿਆਉਣ ਦੀ ਗੱਲ ਨਹੀਂ| ਬਾਹਰਲੇ ਦੇਸ਼ਾਂ ਵਿਚ ਗਰੀਬਾਂ ਦਾ ਕਲਿਆਣ ਕੀਤਾ ਹੈ| ਪਰ ਸਾਡਾ ਪੰਜਾਬੀ ਵਿਰਸਾ ਗੁਰਬਾਣੀ ਸਿੱਖ ਇਤਿਹਾਸ ਸਾਡੇ ਆਪਣੇ ਦੇਸ਼ ਦੇ ਹੋਰ ਰਹਿਬਰਾਂ ਦੀ ਸੋਚ ਉਸ ਤੋਂ ਵੀ ਇਕ ਕਦਮ ਅੱਗੇ ਹੈ-ਸਮਾਜਵਾਦੀ ਹੈ| ਦੁਖਾਂਤ ਇਹ ਹੈ ਕਿ ਉਹ ਸਿਧਾਂਤ ਤੇ ਉਸ ਸੋਚ ਨੂੰ ਅਮਲੀ ਜਾਮਾ ਪਹਿਨਾਉਣਾ ਉਨ੍ਹਾਂ ਦੀ ਪਰੰਪਰਾ ਸਾਡੇ ਸਮਾਜ ਵਿਚ ਤੇ ਰਾਜਨੀਤੀ ਵਿਚ ਅਧੂਰੀ ਹੈ| ਇਹ ਕਿਵੇਂ ਠੀਕ ਆਵੇਗੀ ? ਮਿੱਤਰ ਸ਼ਾਇਰ ਬੂਟਾ ਸਿੰਘ ਚੌਹਾਨ ਦਾ ਸ਼ਿਅਰ ਯਾਦ ਆ ਰਿਹਾ ਹੈ-
“ਚੱਪਾ ਚੱਪਾ ਇਹ ਧਰਤੀ ਦਾ ਮੈਂ ਗਾਹਿਆ
ਅੰਤ ਨੂੰ ਏਸ ਗੱਲ ’ਤੇ ਹਾਂ ਮੈਂ ਆ ਗਿਆ
ਕੋਈ ਥਾਂ ਨਾ ਰਹੀ ਏਸ ਧਰਤੀ ’ਤੇ ਹੁਣ
ਗੰਧਲੇ ਪਾਣੀ ਬਿਨਾਂ ਉਲਝੀ ਤਾਣੀ ਬਿਨਾਂ|”

-ਭੂਰਾ ਸਿੰਘ ਕਲੇਰ, ਪੂਹਲਾ(ਬਠਿੰਡਾ)


ਅਕਸਰ ਵਾਂਗ ਅਪਣੀ ਸਿੱਧੜ ਜਿਹੀ ਮੱਤ ਮੁਤਾਬਿਕ ‘ਹੁਣ’ ਨੂੰ ਪੁੱਠੇ ਪਾਸਿਓਂ ਵਾਚਣਾ ਸ਼ੁਰੂ ਕੀਤਾ ਤਾਂ ਸਦੀਆਂ ਪੁਰਾਣੇ ਅਤੀਤ ਵਿਚ ਚਲਾ ਗਿਆ ਜਦੋਂ ਦਲਿਤ ਚੇਤਨਾ ਅਤੇ ਦਲਿਤ ਸਾਹਿਤ ਸੰਬੰਧੀ ਅਜਮੇਰ ਰੋਡੇ ਦੀ ਵਿਚਾਰ ਚਰਚਾ ਪੜ੍ਹੀ। ਗੰਭੀਰ, ਤਰਕ ਭਰਪੂਰ ਤੇ ਮਾਨਵਵਾਦੀ ਸਾਰਥਿਕ ਟਿੱਪਣੀਆਂ ਨਾਲ ਧਜਾ ਬੱਝਾ ਕਿ ਭਾਰਤ ਸਮੇਤ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਲੋਕਤੰਤਰ ਦੀ ਮਾਰਫ਼ਤ ਬੇਜ਼ੁਬਾਨੇ ਦਲਿਤਾਂ ਨੂੰ ਜੋ ਜ਼ੁਬਾਨ ਮਿਲੀ ਹੈ ਉਸ ਦੇ ਪੱਖ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੇ ਉਠ ਖੜ੍ਹੇ ਹੋਏ ਹਨ। ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਉਸ ਵਿੱਚ ਆਪਣੀਆਂ ਆਵਾਜਾਂL ਮਿਲਾ ਰਹੇ ਹਨ-ਸਾਹਿਤਕ ਸਰਗਰਮੀਆਂ, ਨਾਟਕਾਂ ਤੇ ਵੱਖ-ਵੱਖ ਮਾਧਿਅਮਾਂ ਰਾਹੀਂ ਦਲਿਤ ਚੇਤਨਾ ਯਾਨੀ ਮਾਨਵਵਾਦੀ ਚੇਤਨਾ ਦਾ ਪਸਾਰਾ ਕਰ ਰਹੇ ਹਨ। ਸੁਹਿਰਦਤਾ ਇਹ ਵੀ ਮੰਗ ਕਰਦੀ ਹੈ ਕਿ ਜਦੋਂ ਪਰਵਾਸੀ ਪੰਜਾਬੀ ਭਾਰਤ ਆਉਂਦੇ ਹਨ ਤਾਂ ਉਹ ਦਲਿਤਾਂ ਪ੍ਰਤੀ ਅਪਣਾ ਰਵੱਈਆ ਜ਼ਰੂਰ ਬਦਲਣ ਉਵੇਂ ਨਾ ਕਰਨ ਜਦੋਂ ਉਹ ਇੱਥੋਂ ਗਏ ਸਨ ਅਤੇ ਜਿਵੇਂ ਕਿ ਗੋਰੇ ਕਾਲਿਆਂ (ਏਸ਼ਿਆਈ ਲੋਕਾਂ) ਨਾਲ ਕਰਦੇ ਹਨ। ਜੇ ਜਾਤ ਨੂੰ ਅਸੀਂ ਸਮੂਹ ਸਮਾਜ ਦੀ ਬਿਹਤਰੀ ਵਾਸਤੇ ਸਦਾ ਲਈ ਜੜ੍ਹੋਂ ਉਖਾੜਨਾ ਹੈ ਤਾਂ ਰੋਟੀ- ਬੇਟੀ ਦੀ ਸਾਂਝ ਵਧਾਉਣ ਵੱਲ ਰੁਚਿਤ ਹੋਈਏ। ਰੋਡੇ ਭਰਾਵਾਂ (ਨਵਤੇਜ ਭਾਰਤੀ ਤੇ ਅਜਮੇਰ ਰੋਡੇ) ਦੀ ਦਲਿਤ ਮਸਲੇ ਬਾਰੇ ਸੁਹਿਰਦਤਾ ਦੀ ਝਲਕ ‘ਲੀਲਾ’ ਵਿੱਚ ਵੀ ਦੱਸ ਰਹੀ ਹੈ। ਦਲਿਤ ਚੇਤਨਾ-ਵਿਸ਼ੇਸ਼ ਅੰਕ ‘ਸਮਦਰਸ਼ੀ (ਪੰਜਾਬੀ ਅਕਾਦਮੀ, ਦਿੱਲੀ) ਨੇ ਛਾਪਿਆ ਸੀ ਨਾ ਕਿ ‘ਸਮਕਾਲੀ ਸਾਹਿਤ’ ਨੇ। ਉਸ ਵੱਲੋਂ ਭਵਿੱਖ ਵਿੱਚ ਅਜਿਹਾ ਅੰਕ ਕੱਢਣ ਸੰਬੰਧੀ ਕੋਈ ਇਸ਼ਤਿਹਾਰ ਵੀ ਮੇਰੀ ਨਜ਼ਰੀਂ ਨਹੀਂ ਪਿਆ।
‘ਕੰਧਾਂ ‘ਤੇ ਲਿਖੀ ਇਬਾਰਤ’ ਕਹਾਣੀ ਵਿਚ ਅਤਰਜੀਤ ਨੇ ਜਿਸ ਵਰਗ ਸੰਘਰਸ਼ ਨੂੰ ਜਿਨ੍ਹਾਂ ਭਾਵਨਾਤਮਕ ਸ਼ਬਦਾਂ ਰਾਹੀਂ ਦਰਸਾਇਆ ਹੈ – ਕਾਸ਼ ਕਿ ਉਹ ਕਾਮਰੇਡਾਂ ਦੇ ਅਮਲਾਂ ਨਾਲ ਨਿਬੇੜੇ ਵਿਚ ਸ਼ਾਮਿਲ ਹੋ ਜਾਵੇ। ਨਿੰਦਰ ਘੁਗਿਆਣਵੀ ਦੀ ਚੁਸਤ-ਫੁਰਤ ਵਾਕ ਬਣਤਰ ਤੇ ਕਿਸੇ ਦਾ ਹੁਲੀਆ ਬਿਆਨ ਕਰਨ ਵਿਚ ਉਹ ਖ਼ੁਦ ਵੀ ‘ਸਿਰੇ ਦਾ ਕਲਾਕਾਰ’ ਹੈ। ਕ੍ਰਿਪਾਲ ਕਜ਼ਾਕ ਨੂੰ ਇਸ ਰਾਹੀਂ ਮੁੜ੍ਹ ਮਿਲ ਲਿਆ। ‘ਦਰਵਾਜ਼ੇ’ – ਡਾ. ਪਰਮਜੀਤ ਨੇ ਮੇਰੇ ਮਨ ਦੇ ਕਈ ਦਰਵਾਜ਼ੇ ਖੋਲ੍ਹੇ। ‘ਵਿਰਾਸਤ’ ਕਾਲਮ ਨੂੰ ਨਿਰੰਤਰ ਛਾਪਦੇ ਰਹੋ। ਗਿਆਨ ਭਰਪੂਰ ਹੈ। ਫੋਟੋਆਂ ਦੀ ਪੇਸ਼ਕਾਰੀ ਜਿਸ ਢੰਗ ਨਾਲ ‘ਹੁਣ’ ਪੁਸਤਕ ਲੜੀ-8 ਵਿੱਚ ਹੋਈ ਹੈ ਉਹ ਕੰਟੈਕਟਸ ਅਤੇ ਕੰਟਰਾਸਟ ਪੱਖੋਂ ਸੰਪਾਦਕੀ ਸੂਝਬੂਝ ਨੂੰ ਪ੍ਰਗਟ ਕਰਦੀ ਹੈ। ਕੁਲ ਮਿਲਾ ਕੇ ਸਮੁੱਚੀ ਸਮੱਗਰੀ ਬਾਕੀ ਪੰਜਾਬੀ ਮੈਗਜ਼ੀਨਾਂ ਲਈ ਮਿਆਰ ਸਥਾਪਿਤ ਕਰਦੀ ਹੈ।

ਬਲਬੀਰ ਮਾਧੋਪੁਰੀ, ਨਵੀਂ ਦਿੱਲੀ


ਸੁਸ਼ੀਲ ਦੁਸਾਂਝ ਦੀ ‘ਸੂਲੀ ਟੰਗਿਆਂ ਸਫਰ’ ਪੜ੍ਹੀ ਪਸੰਦ ਆਈ, ਕਾਰਨ ਇਹ ਹੈ ਕਿ ਮੈਂ ਵੀ ਆਪਣੇ ਕਾਲਜ ਟਾਇਮ ‘ਕਲੇਸ਼ ਮੰਤਰੀ’ ਰਿਹਾ ਹਾਂ, ਪਰ ਹੁਣ ਉਹ ਹਿੰਮਤ ਪਤਾ ਨਹੀਂ ਕਿਧਰ ਗਈ, ਬਾਬੇ ਗਾਲਿਬ ਨੇ ਲਿਖਿਆ ਹੈ
‘ਬੇਦਾਦੀ ਏ ਇਸ਼ਕ ਸੇ ਨਹੀਂ ਡਰਤਾ ਗਾਲਿਬ
ਮਗਰ ਜਿਸ ਦਿਲ ਪੇ ਨਾਜ਼ ਥਾ ਵੋ ਦਿਲ ਹੀ ਨਹੀਂ ਰਹਾ’
ਪਾਸ਼ ਨੇ ਵੀ ਇਕ ਚਿੱਠੀ ਵਿਚ ਲਿਖਿਆ ਸੀ-ਬੰਦੇ ’ਚ ਜੂਝਣ ਦੀ ਉਤੇਜਨਾ ਦੀ ਉਮਰ ਬਹੁਤ ਘੱਟ ਹੁੰਦੀ ਹੈ|
ਬਾਬਿਓ, ਵੱਡੇ ਲੇਖਕਾਂ ਦੇ ਮੂੰਹੋਂ ਜੌਨੁ ਬਰਜ਼ਰ, ਰੌਲਾਂ ਬਾਰਤ, ਐਡਰ ਐਲਨ ਪੋ, ਸੈਮਰਸਟ ਮੈਮ ਬਾਰੇ ਬਹੁਤ ਸੁਣਿਆ ਕਦੇ ਇਹਨਾਂ ਦੀਆਂ ਲਿਖਤਾ ਦੇ ਦਰਸ਼ਨ ‘ਹੁਣ’ ਰਾਹੀਂ ਕਰਾ ਦਿਓ
ਮੈਂ ਇਸ ਗੱਲ ਦੀ ਵੀ ਦਾਦ ਦੇਣੀ ਚਾਹੁਨਾਂ ਕਿ ਤੁਹਾਡੇ ਪਰਚੇ ਰਾਹੀਂ ਕਈ ਲੇਖਕਾਂ ਨੇ ਕਾਰਲ ਮਾਰਕਸ ਪ੍ਰਤੀ ਅੰਨੀ੍ਹ ਸ਼ਰਧਾ ਨੂੰ ਸੰਦੇਹ ਦੀ ਅੱਖ ਨਾਲ ਦੇਖਿਆ ਹੈ| ਸਾਡੇ ਲੋਕਾਂ ’ਚ ਧਾਰਮਿਕਤਾ ਸਦੀਆਂ ਤੋਂ ਵਸੀ ਹੋਈ ਹੈ, ਇਸ ਕਰਕੇ ਮਾਰਕਸਵਾਦ ਵੀ ਅੰਨ੍ਹੀ ਸ਼ਰਧਾ ਅਧੀਨ ਧਰਮ ਦਾ ਰੂਪ ਲੈ ਬੈਠਾ| ਕਹਿੰਦੇ ਨੇ ਅੰਤਿਮ ਸੱਚ ਕੋਈ ਨਹੀਂ ਹੁੰਦਾ ਸੰਪੂਰਣ ਤਾਂ ਰੱਬ ਵੀ ਨਹੀਂ, ਕਿਸ ਲਈ ਐਡੀ ਦੁਨੀਆਂ ਸਾਜਦਾ?
ਕਹਿੰਦੇ ਨੇ ਬੰਦੇ ਦੀ ਜੇ ਅਸਲੀਅਤ ਪਤਾ ਕਰਨੀ ਹੋਵੇ ਤਾਂ ਜਦੋਂ ਉਸਦੇ ਹੱਥ ਸ਼ਕਤੀ ਆਉਂਦੀ ਹੈ ਉਦੋਂ ਹੀ ਪਤਾ ਲਗਦਾ ਹੈ। ਹੋ ਸਕਦਾ ਰੂਸ ’ਚ ਵੀ ਬਹੁਤੇ ਸਮਾਜਵਾਦੀ ਇਹ ਰਾਹ ਚੱਲ ਪਏ ਹੋਣ। ਬਾਕੀ ਬਾਬਿਓ ‘ਹਾਰਡ ਕੋਰ’ ਤਾਂ ਘੱਟ ਹੀ ਹੁੰਦੈ ਬਾਕੀ ਤਾਂ ਬਹੁਤੇ ਅਜਿਹੇ ਹੀ ਹੁੰਦੇ ਐ ਕਿ ਪੁਲਿਸ ਨੂੰ ਕਹਿੰਦੇ ਨੇ ਦੇਖਿਓ ਜੀ ਡਾਂਗ ਨਾ ਮਾਰਿਓ ਕੈਂਟਰ ਬਾਹਰ ਕੱਢੋ ਸਾਰਿਆਂ ਨੂੰ ਘਰੋਂ ਫੜਾ ਦੇਵਾਗਾਂ।
ਮੈਨੂੰ ਮਾਰਕਸਵਾਦ ਦੀ ਬਹੁਤ ਸਮਝ ਵੀ ਨਹੀਂ,ਫੇਰ ਕਦੇ ਅਗਲੀ ਚਿੱਠੀ ’ਚ ਜ਼ਿਕਰ ਕਰਾਗਾਂ। ਤੁਸੀਂ ਅਪਣਾ ਸਾਰਥਕ ਮਿਸ਼ਨ ਜਾਰੀ ਰੱਖਿਓ, ਘੱਟੋ ਘੱਟ ਮੈਂ ਜ਼ਰੂਰ ਤੁਹਾਡੇ ਨਾਲ ਹਾਂ|

-ਤਨਵੀਰ ਸਿੰਘ, ਕੋਟ ਲੱਲੂ (ਮਾਨਸਾ)

– – – “After five year, in 1999, I wrote the novel Katha Kaho Urvashi. I thought I had written this story, but the truth is that I was only a medium-the story got itself written through me. The honour that you have conferred on me today seems to me to really belong to Punjabi language, which has preserved the story. Thanks.”

ਟਿਵਾਣਾ ਨਾਲ ਮੁਲਾਕਾਤ
ਡਾ.ਦਲੀਪ ਕੌਰ ਟਿਵਾਣਾ ਜੀ ਨਾਲ ‘ਹੁਣ’ ਵਿਚ ਛਪੀ ਭੇਂਟ ਵਾਰਤਾ ਬਹੁਤ ਹੀ ਦਿਲਚਸਪ ਅਤੇ ਸਤਿਕਾਰਯੋਗ ਲੇਖਕਾਂ ਬਾਰੇ ਮਹੱਤਵਪੂਰਣ ਜਾਣਕਾਰੀ ਦੇਣ ਵਾਲੀ ਸੀ। ਉਂਜ ਤੇ ਸਾਰੇ ਹੀ ਸਾਹਿਤਕਾਰ ਸਤਿਕਾਰਯੋਗ ਹੁੰਦੇ ਹਨ ਪਰ ਜਦ ਉਨਾਂ੍ਹ ਵਿਚੋਂ ਕੋਈ ਵੱਡੀ ਉੱੱਚਤਾ ਪ੍ਰਾਪਤ ਕਰ ਲੈਂਦਾ ਹੈ ਤਾਂ ਦੇਸ਼ ਦੀਆਂ ਵੱਡੀਆ-ਵੱਡੀਆਂ ਸੰਸਥਾਵਾਂ ਹੀ ਨਹੀਂ, ਵਕਤ ਦੀ ਸਰਕਾਰ ਵੀ ਉਨਾਂ੍ਹ ਦੇ ਸਨਮਾਨ ਕਰਨ ਤੋਂ ਪਿੱਛੇ ਨਹੀਂ ਰਹਿੰਦੀ। ਐਸੀ ਸਨਮਾਨਯੋਗ ਅਤੇ ਵੱਡੇ ਸਨਮਾਨ ਪ੍ਰਾਪਤ ਹਸਤੀ ਲਈ ਪ੍ਰਵੇਸ਼ ਸ਼ਰਮਾ ਜੀ ਨੇ ਜਿਹੋ ਜਿਹੀ ਸ਼ਬਦਵਾਲੀ ਵਰਤ ਕੇ ਅਪਣੀ ਭਾਵਨਾ ਪ੍ਰਗਟਾਈ ਹੈ ਉਹ ਨਾ ਤਾਂ ਉਨਾਂ੍ਹ ਨੂੰ ਹੀ ਸੋਭਦੀ ਹੈ ਅਤੇ ਨਾ ਐਨੇ ਉਚ ਮਿਆਰੀ ਰਸਾਲੇ ‘ਹੁਣ’ ਨੂੰ। ਗਿਲਾ ਤਾਂ ਸ਼ਾਇਦ ਉਨਾਂ੍ਹ ਦਾ ਨਿਜੀ ਕਾਰਨ ਕਰਕੇ ਹੈ ਕਿ ਉਨਾਂ੍ਹ ਦਾ ਕਿਤੇ ਨਾਮ ਨਹੀਂ ਛਪ ਸਕਿਆ ਪਰ ਇਸ ਗਿਲੇ ਨੂੰ ਐਸ ਹੱਦ ਤੱਕ ਲੈ ਜਾਣਾ ਤੇ ਹੋਰ ਤਾਂ ਹੋਰ ਬਿਰਲਾ ਫਾਉਂਡੇਸਨ ਦੀ ਸੁੱਚਜੀ ਚੋਣ ’ਤੇ ਵੀ ਸਵਾਲਿਆ ਨਿਸ਼ਾਨ ਲਾ ਦੇਣਾ, ਕਿਸੇ ਵੀ ਸੂਝ ਬੂਝ ਵਾਲੇ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦਾ। ਸਹੀ ਗੱਲ ਤਾਂ ਇਹ ਹੈ ਕਿ ਸਰਸਵਤੀ ਐਵਾਰਡ ਸਤਿਕਾਰਯੋਗ ਲੇਖਕਾ ਨੂੰ ਪੰਜਾਬੀ ਰਚਨਾ ’ਤੇ ਹੀ ਮਿਲਿਆ ਸੀ ਨਾ ਕਿ ਅਨੁਵਾਦਿਤ ਰਚਨਾ ’ਤੇ।
ਵਿਚਾਰ ਪਰਗਟ ਕਰਨ ਦੀ ਅਜ਼ਾਦੀ ਅਤੇ ਅਲੋਚਨਾ ਤਾਂ ਸਹਿਤਕਾਰੀ ਦਾ ਜ਼ਰੂਰੀ ਹਿੱਸਾ ਹੈ ਪਰ ਇਸ ਦੇ ਪ੍ਰਗਟਾਅ ਲਈ ਕੁਝ ਸੰਜਮ ਲੋੜੀਂਦਾ ਹੈ। ਨਾਲ ਹੀ ਕੁਝ ਸੰਪਾਦਕੀ ਨਿਯੰਤਰਣ ਵੀ। ਇਹ ਆਜ਼ਾਦੀ ਬੜੀ ਕੀਮਤੀ ਹੈ ਪਰ ਇਹ ਭੁੱਲਣਾ ਨਹੀਂ ਚਾਹੀਦਾ ਕਿ ਕੋਈ ਵੀ ਸੰਵਿਧਾਨਕ ਆਜ਼ਾਦੀ ਐਬਸੋਲੂਟ ਨਹੀਂ ਹੈ। ਇਹ ਗੱਲ ਤਾਂ ਨਿਸ਼ਚੇ ਹੀ ਹੈ ਕਿ ਐਸੇ ਵਿਚਾਰ ਸਤਿਕਾਰਯੋਗ ਲੇਖਕਾਂ ਦਾ ਸਤਿਕਾਰ ਘਟਾਉਂਦੇ ਨਹੀਂ। ਮੇਰੀ ਤਰ੍ਹਾਂ ਹੋਰ ਵੀ ਅਨੇਕ ਪਾਠਕਾਂ ਨੂੰ ਇਹ ਪਤੱਰ ਪੜ੍ਹ ਕੇ ਜ਼ਰੂਰ ਠੇਸ ਵੱਜੀ ਹੋਵੇਗੀ। ਸ਼ਰਮਾ ਜੀ ਨੇ ਇਹ ਤਾਂ ਕਹਿ ਦਿੱਤਾ ਕਿ- ਉਤਰ ਗਿਆ ਮੇਰੇ ਮਨ ਕਾ ਸੰਸਾ-ਪਰ ਸ਼ਾਇਦ ਇਹ ਭੁੱਲ ਹੀ ਗਏ ਕਿ- ਏਵਡ ਉਚਾ ਹੋਵੇ ਕੋਇ ਤਿਸ ਊਚੇ ਕਉ ਜਾਣਾ ਸੋਇ। ਲੇਖਕਾ ਆਪਣੇ ਪਾਠਕਾਂ ਦੇ ਪਿਆਰ ਸਤਿਕਾਰ ਦੀ ਸਦਾ ਪਾਤਰ ਬਣੀ ਰਹੇਗੀ ਤੇ ਇਹ ਸਤਿਕਾਰ ਵਧਦਾ ਹੀ ਜਾਵੇਗਾ। ਸ਼ਰਮਾ ਸਾਹਿਬ ਨੇ ਉਰਦੂ ਦੇ ਸ਼ਿਅਰ ਨੂੰ ਵੀ ਠੀਕ ਥਾਂ ਨਹੀਂ ਵਰਤਿਆ। ਸਹੀ ਗੱਲ ਤਾਂ ਇਹ ਹੈ ਕਿ
ਸੂਰਜ ਕੋ ਸ਼ਿਨਾਖਤ ਸੇ ਕਿਆ ਗਰਜ਼
ਯਿਹ ਤੋ ਜੂਗੁਨੂਓਂ ਕੀ ਤਲਾਸ਼ ਹੈ

ਰਾਜਿੰਦਰ ਸਿੰਘ, ਜਾਲੰਧਰ


ਹੁਣ ਦੇ ਅੰਕ 8 ਵਿਚ ਪ੍ਰਵੇਸ਼ ਸ਼ਰਮਾ ਦੀ ਚਿੱਠੀ ਪੜ੍ਹ ਕੇ ਇੰਝ ਲੱਗਾ ਜਿਵੇਂ ਸ਼ਰਮਾ ਨੂੰ ਦਲੀਪ ਕੌਰ ਟਿਵਾਣਾ ਦੇ 25 ਤੋਂ ਵੱਧ ਨਾਵਲ ਹਿੰਦੀ ਵਿਚ ਅਨੁਵਾਦ ਕਰਨ ਪਿੱਛੋਂ ਹੁਣ ਅਕਲ ਆਈ ਹੈ ਕਿ ਉਹ ਤਾਂ ਐਵੇਂ ਕੁੱਝ ਦਮੜਿਆਂ ਦੀ ਖਾਤਰ ਏਨੇ ਸਾਲ ਝੱਖ ਹੀ ਮਾਰਦਾ ਰਿਹਾ ਸੀ| ਇਹ ਸਹੀ ਹੈ ਕਿ ਕਈ ਵਾਰੀ ਆਦਮੀ ਲੋੜ ਜਾਂ ਲਾਲਚ ਵੱਸ ਆਪਣੀ ਜ਼ਮੀਰ ਦੇ ਉਲਟ ਵੀ ਕੁੱਝ ਕਰ ਬੈਠਦਾ ਹੈ, ਪਰ ਉਸ ਨੂੰ ਇਹ ਹੱਕ ਨਹੀਂ ਮਿਲਦਾ ਕਿ ਉਹ ਜਿਸ ਹੱਥ ਤੋਂ ਖਾਂਦਾ ਰਿਹਾ ਹੋਵੇ ਉਸੇ ’ਤੇ ਥੁੱਕਣ ਲੱਗ ਜਾਵੇ|
ਪ੍ਰਵੇਸ਼ ਸ਼ਰਮਾ ਪੱਤਰਕਾਰ ਹੈ| ਇਕ ਵਧੀਆ ਪੱਤਰਕਾਰ ਵੀ ਹੋਵੇਗਾ, ਪਰ ਨਾ ਉਹ ਸਾਹਿਤਕਾਰ ਹੈ ਅਤੇ ਨਾ ਅਲੋਚਕ| ਫਿਰ ਕਿਸ ਬਲਬੂਤੇ ’ਤੇ ਉਹ ਸਰਸਵਤੀ ਪੁਰਸਕਾਰਤ ਨਾਵਲ ਨੂੰ ਰੱਦ ਕਰ ਰਿਹਾ ਹੈ| ਜੋ ਉਸ ਨੇ ਲਿਖਿਆ ਹੈ, ਉਸ ਵਿਚ ਬਹੁਤ ਸਾਰਾ ਹਾਸੋ ਹੀਣਾ ਹੈ ਅਤੇ ਨਿੱਜੀ ਈਰਖਾ ਅਤੇ ਨਿਰਾਸਤਾ ਵਸ ਹੋ ਕੇ ਲਿਖਿਆ ਲਗਦਾ ਹੈ| ਅਵਾਰਡ ਤਾਂ ਮੌਲਕ ਰਚਨਾ ਨੂੰ ਹੀ ਮਿਲਣਾ ਸੀ, ਤੇ ਮਿਲਿਆ ਵੀ| ਵੈਸੇ ਦੁਨੀਆਂ ਦੇ ਕਿੰਨੇ ਹੀ ਦਾਨਿਸ਼ਵਰ, ਦਾਰਸ਼ਨਿਕ ਹੋਏ ਹਨ ਜਿੰਨ੍ਹਾਂ ਨੇ ਅੰਗ੍ਰੇਜ਼ੀ ਦਾ ਇਕ ਅੱਖਰ ਵੀ ਨਹੀਂ ਸੀ ਪੜ੍ਹਿਆ| ਇਹ ਗੁਲਾਮੀ ਦੀ ਮਾਨਸਿਕਤਾ ਕਦੋਂ ਸਾਡਾ ਖਹਿੜਾ ਛੱਡੇਗੀ|
ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਵਿਚ ਇਕ ਬਹੁਤ ਹੀ ਸਤਿਕਾਰਤ ਨਾਂ ਹੈ ਜੋ ਉਚੀ ਸੁੱਚੀ ਆਭਾ, ਅਣਖ ਅਤੇ ਆਤਮਵਿਸ਼ਵਾਸ਼ ਦਾ ਪ੍ਰਤੀਕ ਹੈ| ਇਹ ਨਾਂ ਇਕ ਐਸੀ ਪੰਜਾਬਣ ਦਾ ਅਕਸ ਸਿਰਜਦਾ ਹੈ ਜਿਸ ਨੇ ਥਿੜਕਣ ਵਾਲੀ ਉਮਰੇ ਵੀ ਉਸ ਸਮੇਂ ਦੇ ਵੱਡੇ ਵੱਡੇ ਧੌਂਸਬਾਜ਼ ਪੋ੍ਰਫੈਸਰਾਂ ਨੂੰ ਜੇ ਉਨਾਂ੍ਹ ਜ਼ਰਾ ਵੀ ਲਿਬਰਟੀ ਲੈਣ ਦੀ ਕੋਸ਼ਿਸ਼ ਕੀਤੀ ਜਾਂ ਬਿਨਾ ਆਖੇ ਇਹਸਾਨ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੁੰ ਆਪਣੀ ਥਾਂ ਵਿਖਾ ਦਿੱਤੀ| ਜੇ ਉਸ ਦੀ ਰਚਨਾ ਉਚ ਪੱਧਰ ਦੀ ਨਾ ਹੁੰਦੀ ਤਾਂ ਉਹਨੇ ਖੁੱਦ ਬ ਖੁੱਦ ਮਰ ਜਾਣਾ ਸੀ| ਅੱਜ ਪੰਜਾਬ ਦਾ ਬੱਚਾ ਬੱਚਾ ਇਸ ਨਾਂ ਨਾਲ ਵਾਕਿਫ਼ ਨਾ ਹੁੰਦਾ|
ਜਿੱਥੋਂ ਤੱਕ ਰਚਨਾ ਵਿਚ ਸੈਕਸ ਨੂੰ ਉਛਾਲਣ ਦੀ ਗੱਲ ਪ੍ਰਵੇਸ਼ ਸ਼ਰਮਾ ਨੇ ਕੀਤੀ ਹੈ, ਇਹੀ ਤਾਂ ਟਿਵਾਣਾ ਦਾ ਵਡੱਪਣ ਹੈ ਕਿ ਉਸਨੇ ਸੌਖਾ ਅਤੇ ਵਿਕਾਊ ਸਾਹਿਤ ਨਾ ਰਚ ਕੇ ਗੰਭੀਰ ਸਮਾਜਿਕ ਅਤੇ ਮਾਨਵੀ ਰਿਸ਼ਤਿਆਂ ਦੀ ਤਹਿ ਤੱਕ ਜਾ ਕੇ ਆਪਣੀ ਗੱਲ ਸਾਹਮਣੇ ਰੱਖੀ ਹੈ| ਸਾਡੇ ਬਹੁਗਿਣਤੀ ਪੰਜਾਬੀ ਸਾਹਿਤਕਾਰ ,ਅਲੋਚਕ ਪਾਠਕ ਖੁਦ ਤਾਂ ਆਪਣੀ ਬੀਵੀ ਨੂੰ ਜਦੋਂ ਕਿ ਉਹ ਸਾਹਿਤਕ ਰਸੀਆ ਵੀ ਹੋਵੇ, ਸਾਹਿਤਕ ਸੰਮੇਲਨਾਂ ਵਿਚ ਲਿਜਾਣ ਤੋਂ ਵੀ ਪਰਹੇਜ਼ ਕਰਦੇ ਹਨ, ਪਰ ਸਾਹਮਣੇ ਵਾਲੀ ਲੇਖਕਾ ਤੋਂ ਮੰਗ ਕਰਦੇ ਹਨ ਕਿ ਉਹ ਔਰਤ ਮਰਦ ਦੀ ਹਮਬਿਸਤਰੀ ਨੂੰ ਚਿਤਰੇ| ਅਸੀਂ ਪੰਜਾਬੀ ਹੀ ਨਹੀਂ ਤਕਰੀਬਨ ਸਾਰੇ ਹਿੰਦੁਸਤਾਨੀ ਇਸ ਮੁਆਮਲੇ ਵਿਚ ਦੰਭੀ ਹਾਂ| ਜਿੱਥੋਂ ਤੱਕ ਨਿੱਜੀ ਪੀੜਾ ਦੀ ਗੱਲ ਹੈ, ਜੇ ਸੰਵੇਦਨਸ਼ੀਲਤਾ ਦੀ ਸ਼ਿੱਦਤ ਨਾ ਹੋਵੇ ਤਾਂ ਕੋਈ ਵੀ ਵੱਡੀ ਤੋਂ ਵੱਡੀ ਨਿੱਜੀ ਪੀੜਾ ਕੋਮਲ ਸਾਹਿਤਕ ਸਿਰਜਣਾ ਨੂੰ ਜਨਮ ਨਹੀਂ ਦਿੰਦੀ| ਨਿੱਜੀ ਅਨੁਭਵ ਤੋਂ ਵੱਡਾ ਕੋਈ ਅਨੁਭਵ ਨਹੀਂ ਹੁੰਦਾ| ਮੈਂ ਖੁਦ ਬਹੁਤ ਪਹਿਲਾਂ ਇਕ ਵਾਰੀ ਭਾਪਾ ਪ੍ਰੀਤਮ ਸਿੰਘ ਨਵਯੁਗ ਵਾਲਿਆਂ ਨੂੰ ਕਿਹਾ ਸੀ ਕਿ ਟਿਵਾਣਾ ਦੀ ਰਚਨਾ ਵਿਚ ਨਿੱਜੀ ਹੋਣਾ ਅੱਖੜਦਾ ਹੈ, ਪਰ ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਉਹ ਮੇਰਾ ਬਚਪਣਾ ਸੀ|
ਸ਼ਰਮਾ ਨੇ ਜੋ ਅਭਿਮਾਨ ਦੀ ਗੱਲ ਕੀਤੀ ਹੈ, ਮੇਰਾ ਨਿੱਜੀ ਅਨੁਭਵ ਉਸ ਦੇ ਬਿਲਕੁਲ ਉਲਟ ਹੈ| ਦੋ ਕੁ ਮਹੀਨੇ ਪਹਿਲਾਂ ਮੈਨੂੰ ਦੋ ਵਾਰ ਟਿਵਾਣਾ ਦੇ ਘਰ ਜਾ ਕੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲਿਆ| ਟਿਵਾਣਾ ਸਵੈ-ਅਭਿਮਾਨ ਦਾ ਸ਼ਿਕਾਰ ਨਹੀਂ| ਉਸ ਦਾ ਅਕਸ ਸਵੈ-ਮਾਣ ਅਤੇ ਭਾਰਤੀ ਪੰਜਾਬੀ ਸੰਸਕ੍ਰਿਤਕ ਵਿਰਸੇ ਨਾਲ ਜੁੜੀ ਮਾਣ-ਮਰਿਆਦਾ ਦੀ ਪਾਲਕ ਵਾਲਾ ਉਭਰਦਾ ਹੈ| ਪਰਿਵਾਰਕ ਜਿੰਮੇਵਾਰੀਆਂ ਨਿਭਾਉਂਦੇ ਹੋਏ ਇਕ ਉੱਚ ਪਾਏ ਦੀ ਅਧਿਆਪਕਾ ਰਹਿ ਚੁੱਕੀ ਟਿਵਾਣਾ ਨੇ ਕਿੰਨੇ ਵੱਡੇ ਵੱਡੇ ਨਾਂ ਪੰਜਾਬੀ ਸਾਹਿਤ ਨੂੰ ਦਿੱਤੇ ਹਨ| ਅਤੇ ਖੁਦ ‘ਇਹੀ ਹਮਾਰਾ ਜੀਵਣਾ’ ਵਰਗੇ ਸ਼ਾਹਕਾਰ (ਪ੍ਰਵੇਸ਼ ਸ਼ਰਮਾ ਦੀ ਜ਼ਬਾਨੀ) ਅਤੇ ‘ਕਥਾ ਕਹੋ ਉਰਵਸ਼ੀ’ ਵਰਗੀ ਸਰੇਸ਼ਟ ਰਚਨਾ, ਸਰਸਵਤੀ ਅਵਾਰਡ ਲਈ ਸਥਾਪਤ ਸੁਪਰੀਮ ਕੋਰਟ ਦੇ ਜੱਜ ਤੱਕ ਦੀ ਪੱਧਰ ਵਾਲੀ ਕਮੇਟੀ ਦੇ ਫੈਸਲੇ ਅਨੁਸਾਰ, ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੀ ਹੈ| ਹਾਲੇ ਵੀ ਕਲਮ ਬੇਰੋਕ ਜਾਰੀ ਹੈ|
ਪ੍ਰਵੇਸ਼ ਸ਼ਰਮਾ ਨੇ ਜੋ ‘ਪਖਾਨੇ ਮੇ ਬੈਠ ਕਰ ਸ਼ਿਅਰ ਲਿਖਨੇ’ ਵਾਲੀ ਗੱਲ ਕੀਤੀ ਹੈ( ਮੇਰੀ ਜਾਚੇ ਇਸ ਦੀ ਕਾਂਟ ਛਾਂਟ ਕਰ ਦੇਣੀ ਚਾਹੀਦੀ ਸੀ|) ਇਸ ਦਾ ਜਵਾਬ ਤਾਂ ਇਕ ਸ਼ਿਅਰ ਹੀ ਹੋ ਸਕਦਾ ਹੈ, ਜੋ ਹਾਜ਼ਰ ਹੈ
ਵਾਜਬ ਹੈ ਆਵਾਜ਼ -ਏ ਸੱਗ ਕਾ ਆਤੇ ਰਹਿਨਾ,
ਯੇ ਸ਼ਾਹਿਦ ਹੈ ਮੁਸਾਫਿਰ ਤਰਫ-ਏ-ਮੰਜ਼ਿਲ ਜਾਤੇ ਰਹਿਨਾ|

ਰਣਜੀਤ ਸਿੰਘ ਭਿੰਡਰ,ਪਟਿਆਲਾ


‘ਹੁਣ ਦੇ ਅਠਵੇਂ ਅੰਕ ਵਿਚ ਡਾ. ਦਲੀਪ ਕੌਰ ਟਿਵਾਣਾ ਦੀ ਇੰਟਰਵਿਊ ਅਤੇ ਨਾਵਲਾਂ ਬਾਰੇ ਪ੍ਰਵੇਸ਼ ਸ਼ਰਮਾ ਵਲੋਂ ਕੀਤੀ ਟਿੱਪਣੀ ਮੈਂ ਪੜ੍ਹੀ ਹੈ। ਕਿਸੇ ਨਿੱਜੀ ਰੰਜਿਸ਼ ਵਿਚੋਂ ਕੀਤੀ ਇਸ ਤਰਕਹੀਣ ਟਿੱਪਣੀ ਵਿਚ ਨਾ ਇਮਾਨਦਾਰੀ ਹੈ ਨਾ ਦਿਆਨਤਦਾਰੀ।
ਪ੍ਰਵੇਸ਼ ਸ਼ਰਮਾ ਕੋਈ ਲੇਖਕ ਨਹੀਂ, ਨਾ ਹੀ ਸਾਹਿਤ ਦਾ ਪਾਰਖੂ ਕੋਈ ਚਿੰਤਕ ਜਾਂ ਆਲੋਚਕ ਹੈ। ਪੰਜਾਬੀ ਦੇ ਅਦਬੀ ਹਲਕਿਆਂ ਵਿਚ ਉਸਦੀ ਅਜਿਹੀ ਕੋਈ ਪਹਿਚਾਣ ਨਹੀਂ। ਫਿਰ ਉਸ ਨੇ ਇਹ ਫੈਸਲਾ ਕਿਸ ਅਧਾਰ ’ਤੇ ਸੁਣਾ ਦਿੱਤਾ ਕਿ ਏਹੁ ਹਮਾਰਾ ਜੀਵਣਾ ਤੋਂ ਬਿਨਾਂ ਟਿਵਾਣਾ ਦੇ ਬਾਕੀ ਸਾਰੇ ਨਾਵਲ ਸਾਧਾਰਣ ਜਿਹੇ ਨੇ? ਉਸਦੀ ਇਸ ਬੇਬੁਨਿਆਦ ਤੇ ਕਚ-ਘਰੜ ਰਾਏ ਨੂੰ ਕੋਈ ਸਵੀਕਾਰ ਕਿਉਂ ਕਰੇ? ਉਸਨੂੰ ਤਾਂ ਅਜੇ ‘ਏਹੁ ਹਮਾਰਾ ਜੀਵਣਾ’ ਵੀ ਸਹੀ ਲਿਖਣਾ ਨਹੀਂ ਆਉਂਦਾ, ਨਾ ਉਸਨੂੰ ਇਹ ਪਤਾ ਹੈ ਕਿ ਇਹ ਨਾਵਲ ਲੇਖਿਕਾ ਦਾ ਪਹਿਲਾ ਨਾਵਲ ਨਹੀਂ ਸੀ।
‘ਹੁਣ’ ਦੇ ਪਾਠਕ ਇਹ ਜਾਨਣਾ ਚਾਹੁੰਣਗੇ ਕਿ ਜੇਕਰ ਪ੍ਰਵੇਸ਼ ਸ਼ਰਮਾ ਨੂੰ ਡਾ. ਟਿਵਾਣਾ ਦੇ ਨਾਵਲ ਸੱਚਮੁਚ ਹੀ ਸਾਧਾਰਣ ਲੱਗੇ ਸੀ ਤਾਂ ਕਿਸ ਮਜਬੂਰੀ ਵਸ ਉਸਨੇ 25 ਨਾਵਲ ਹਿੰਦੀ ਵਿਚ ਅਨੁਵਾਦ ਕਰ ਦਿੱਤੇ? ਪੈਸੇ ਕਮਾਉਣ ਖਾਤਿਰ? ਇਹ ਹੈ ਉਸਦੀ ਕਮਿਟਮੈਂਟ?
ਪ੍ਰਵੇਸ਼ ਸ਼ਰਮਾ ਲਿਖਦੇ ਨੇ ਕਿ ਟਿਵਾਣਾ ਦੇ ਨਾਵਲਾਂ ਵਿਚ ਉਹੋ ਦੋ ਚਾਰ ਗੱਲਾਂ ਹੁੰਦੀਆਂ ਨੇ – ਇਕ ਬੇਬੇ ਹੁੰਦੀ ਐ, ਇਕ ਵੱਡੀ ਭੈਣ, ਸਾਧੂ, ਹਰਦੁਆਰ। ਇਹ ਸ਼ਰਮਾ ਜੀ ਦੀ ਸਾਹਿਤ ਨੂੰ ਸਮਝਣ ਦੀ ਵਿਧੀ ਹੈ! ਜਿਵੇਂ ਰਾਮਾਇਣ ਦਾ ਕਿਸੇ ਨੇ ਸਾਰੰਸ਼ ਕੀਤਾ ਸੀ : ਰਾਮ ਰਾਮ ਰਾਮ ਰੇ, ਉਸਨੇ ਉਸਕੀ ਜੋਰੂ ਖੋ ਲਈ, ਉਸਨੇ ਉਸਕਾ ਗਾਮ ਰੇ! ਵਿਸ਼ਵ ਵਿਚ ਸਾਹਿਤਕ ਆਲੋਚਨਾ ਦਾ ਪੱਧਰ ਕਿਥੇ ਪਹੁੰਚਿਆ ਹੋਇਐ ਤੇ ਸਾਡੇ ਇਹ ਟਿੱਪਣੀਕਾਰ ਕੀ ਜਭਲੀਆਂ ਮਾਰੀ ਜਾਂਦੇ ਨੇ।
ਮੈਂ ਆਪਣੀ ਪੀ-ਐਚ.ਡੀ ਦੀ ਡਿਗਰੀ ਲਈ ਕ੍ਰਿਸ਼ਨਾਂ ਸੋਬਤੀ ਤੇ ਦਲੀਪ ਕੌਰ ਟਿਵਾਣਾ ਦੇ ਨਾਵਲਾਂ ਦਾ ਤੁਲਨਾਤਮਕ ਅਧਿਐਨ ਕੀਤਾ ਸੀ। ਬਾਅਦ ਵਿਚ ਮੇਰੀ ਇਕ ਕਿਤਾਬ ‘ਦਲੀਪ ਕੌਰ ਟਿਵਾਣਾ ਦਾ ਗਲਪ ਜਗਤ’ ਵੈਲਵਿਸ਼ ਪਬਲਿਸ਼ਰਜ, ਦਿੱਲੀ, ਨੇ 1996 ਵਿਚ ਛਾਪੀ ਸੀ। ਮੈਂ ਆਪਣੀ ਹੁਣ ਤਕ ਕੀਤੀ ਖੋਜ ਨੂੰ ਇਸ ਛੋਟੇ ਜਿਹੇ ਖ਼ਤ ਵਿਚ ਸਮੋਅ ਨਹੀਂ ਸਕਦਾ ਪਰ ਸੰਖੇਪ ਜਿਹੇ ਢੰਗ ਨਾਲ ਨਿਚੋੜ ਦੱਸਦਾ ਹਾਂ।
ਜੇਕਰ ਡਾ. ਟਿਵਾਣਾ ਦੇ ਨਾਵਲਾਂ ਦੇ ਸਿਰਫ਼ ਵਿਸ਼ਿਆਂ ਨੂੰ ਹੀ ਵਿਚਾਰਿਆ ਜਾਏ ਤਾਂ ਨਾਵਲਾਂ ਵਿਚ ਇਕ ਨਿਰੰਤਰ ਵਿਕਾਸ ਦੇਖਣ ਨੂੰ ਮਿਲਦਾ ਹੈ, ਜਿਸ ਦੌਰਾਨ ਨਾ ਕੇਵਲ ਨਾਵਲਾਂ ਵਿਚਲੀਆਂ ਸਮੱਸਿਆਵਾਂ ਹੀ ਸਗੋਂ ਸਮੱਸਿਆਕਾਰ ਵੀ ਕਿਸੇ ਹੱਦ ਤਕ ਬਦਲ ਜਾਂਦੇ ਹਨ।
ਪਹਿਲੇ ਨਾਵਲ ਪੰਜਾਬੀ ਨਾਰੀ ਦੀ ਸਮਾਜਿਕ ਸਥਿਤੀ, ਵਿਆਹ ਤੇ ਪਰਿਵਾਰ ਨਾਲ ਜੁੜੇ ਉਸਦੇ ਸੁਪਨੇ ਤੇ ਸੰਤਾਪ, ਤੇ ਉਸਦੇ ਸਵੈ-ਵਿਕਾਸ ਤੇ ਸਵੈਮਾਨ ਦੇ ਰਾਹ ਵਿਚ ਆਉਣ ਵਾਲੀਆਂ ਅੜਿੱਚਣਾਂ ਨਾਲ ਰੂ-ਬ-ਰੂ ਹੁੰਦੇ ਨੇ। ਅਗਨੀ ਪ੍ਰੀਖਿਆ ਤੋਂ ਲੈ ਕੇ ਪੀਲੇ ਪੱਤਿਆਂ ਦੀ ਦਾਸਤਾਨ (1967-1980) ਤਕ ਕਿੰਨੇ ਹੀ ਉਹ ਪ੍ਰਸੰਗ ਦਿਖਾਏ ਗਏ ਹਨ, ਜਿਹਨਾਂ ਵਿਚ ਔਰਤ ਪਿਤਾ-ਪੁਰਖੀ, ਫਿਊਡਲ ਜਾਂ ਸਰਮਾਏਦਾਰੀ ਸਿਸਟਮ ਕਾਰਨ ਜ਼ਲੀਲ ਹੁੰਦੀ ਹੈ। ਦਲੀਪ ਕੌਰ ਟਿਵਾਣਾ ਨੇ ਸਿਰਫ਼ ਨਾਰੀ ਸਮੱਸਿਆਵਾਂ ਹੀ ਪੇਸ਼ ਨਹੀਂ ਕੀਤੀਆਂ; ਉਹਨਾਂ ਸਮੱਸਿਆਵਾਂ ਦੇ ਸਮਾਧਾਨ ਲਈ ਦ੍ਰਿਸ਼ਟੀ ਵੀ ਦਿੱਤੀ ਹੈ। ਨਾਰੀ ਐਸਾ ਪਰਿਵਾਰ ਤੇ ਸਮਾਜ ਚਾਹੁੰਦੀ ਹੈ ਜਿਥੇ ਉਸਦੀ ਅਣਖ ਤੇ ਵਿਅਕਤੀਤਵ ਕਾਇਮ ਰਹਿ ਸਕਣ। ਲੇਖਿਕਾ ਅਨੁਸਾਰ ਅਜਿਹਾ ਸਮਾਜ ਸਾਡੀ ਆਪਣੀ ਸੰਸਕ੍ਰਿਤੀ ਤੇ ਆਧੁਨਿਕਤਾ ਦੇ ਸੁਮੇਲ ਨਾਲ ਹੀ ਸੰਭਵ ਹੋ ਸਕਦੈ।
ਉਪਰੋਕਤ ਪਹਿਲੇ ਪੜਾਅ ਦੇ ਨਾਵਲਾਂ ਵਿਚ ਨਾਰੀ ਸਮੱਸਿਆਵਾਂ ਦੀ ਪੇਸ਼ਕਾਰੀ ਹੈ ਪਰ ਹਸਤਾਖਰ, ਪੈੜਚਾਲ ਤੇ ਜ਼ਿਮੀਂ ਪੁਛੈ ਅਸਮਾਨ ਵਾਲੀ ਤ੍ਰੈਲੜੀ (1982-1991) ਵਿਚ ਇਹਨਾਂ ਸਮੱਸਿਆਵਾਂ ਦੀ ਸਵੈ ਚੇਤਨ ਤੇ ਬੌਧਿਕ ਪੱਧਰ ‘ਤੇ ਚਰਚਾ ਹੋਈ ਹੈ, ਇਸ ਤਰ੍ਹਾਂ ਜਿਵੇਂ ਸ਼ਾਇਦ ਪੰਜਾਬੀ ਵਿਚ ਹੋਰ ਕਿਸੇ ਲੇਖਕ ਨੇ ਨਹੀਂ ਕੀਤੀ। ਇਸ ਤ੍ਰੈਲੜੀ ਤੋਂ ਬਾਅਦ ਸਰੋਕਾਰ ਮੁੜ ਬਦਲਦੇ ਹਨ ਤੇ ਗ੍ਰਹਿਸਥ ਦੇ ਨਾਲ ਨਾਲ ਲੇਖਿਕਾ ਜੀਵਨ-ਮਿਰਤੂ ਨਾਲ ਸੰਬੰਧਿਤ ਵਡੇਰੇ ਦਾਰਸ਼ਨਿਕ ਪ੍ਰਸ਼ਨਾਂ ਨੂੰ ਮੁਖਾਤਿਬ ਹੁੰਦੀ ਹੈ। ਇਹ ਸਰੋਕਾਰ ‘ਕਥਾ’ ਨਾਵਲਾਂ (ਕਥਾ ਕੁਕਨੂਸ ਦੀ, ਕਥਾ ਕਹੋ ਉਰਵਸ਼ੀ 1993-1999) ਵਿਚ ਵਿਸ਼ੇਸ਼ ਕਰਕੇ ਸਾਹਮਣੇ ਆਉਂਦੇ ਹਨ। ਅਗਲੇ ਪੜਾਅ ਵਿਚ ਇਕ ਦਾਰਸ਼ਨਿਕ ਦ੍ਰਿਸ਼ਟੀ ਨਾਲ ਲੈਸ ਹੋ ਕੇ ਲੇਖਿਕਾ ਫਿਰ ਆਪਣੇ ਸਮਾਜ ਵਲ ਪਰਤਦੀ ਹੈ ਤੇ ਇਸ ਗਰਕ ਹੋ ਰਹੇ ਸਮਾਜ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਉਜਾਗਰ ਕਰਦੀ ਹੈ। ਭਉਜਲ ਤੋਂ ਸ਼ਾਇਦ ਤਕ (2000-2007) ਵਿਸ਼ਿਆਂ ਦੀ ਵੰਨ-ਸੁਵੰਨਤਾ ਪਹਿਲਾਂ ਨਾਲੋਂ ਵੀ ਵਧ ਹੈਰਾਨ ਕਰਨ ਵਾਲੀ ਹੈ। ਟਿਵਾਣਾ ਦੇ ਦੋ ਨਵੇਂ ਨਾਵਲ ਤੀਨ ਲੋਕ ਸੇ ਨਿਆਰੀ ਤੇ ਤੁਮਰੀ ਕਥਾ ਕਹੀ ਨ ਜਾਏ ਗੁਰੂ ਗੋਬਿੰਦ ਸਿੰਘ ਦੀਆਂ ਸੁਪਤਨੀਆਂ ਮਾਤਾ ਸਾਹਿਬ ਕੌਰ ਤੇ ਮਾਤਾ ਜੀਤੋ ਜੀ ਬਾਰੇ ਹਨ। ਤੁਮਰੀ ਕਥਾ ਕਹੀ ਨ ਜਾਏ ਦੇ ਹਾਲੇ ਕੁਝ ਅੰਸ਼ ਹੀ ਪ੍ਰਕਾਸ਼ਿਤ ਹੋਏ ਹਨ। ਇਹ ਇਤਿਹਾਸਕ ਨਾਵਲ ਪੰਜਾਬੀ ਸਾਹਿਤ ਵਿਚ ਆਪਣੀ ਕਿਸਮ ਦਾ ਪਹਿਲਾ ਯਤਨ ਹਨ ਤੇ ਇਹਨਾਂ ਦੀ ਪੜਚੋਲ ਅਜੇ ਬਕਾਇਆ ਹੈ।
ਡਾ. ਟਿਵਾਣਾ ਨੂੰ ਸਾਹਿਤ ਅਕਾਦਮੀ, ਸ਼ਾਸ਼ਵਥੀ (ਕਰਨਾਟਕਾ), ਵਾਗਦੇਵੀ (ਕਲਕੱਤਾ) ਜਾਂ ਸਰਸਵਤੀ ਸਨਮਾਨ ਦੇਣ ਵਾਲੇ ਕਮਜ਼ਰਫ ਨਹੀਂ ਸੀ, ਨਾ ਉਹਨਾਂ ਪ੍ਰਵੇਸ਼ ਸ਼ਰਮਾ ਵਾਂਗ ਤੁਅੱਸਬ ਦੇ ਖੋਪੇ ਚਾੜ੍ਹੇ ਹੋਏ ਸੀ। ਪ੍ਰਵੇਸ਼ ਸ਼ਰਮਾ ਨੂੰ ਆਪਣੀ ਸਮਝ ‘ਤੇ ਸ਼ੱਕ ਕਰਨਾ ਚਾਹੀਦਾ ਸੀ, ਹਲੀਮ ਹੋਣਾ ਚਾਹੀਦਾ ਸੀ। ਉਹ ਆਖਦੈ ਡਾ. ਟਿਵਾਣਾ ਦੀ ਪਹੁੰਚ ਅਭਿਮਾਨੀ ਹੈ। ਟਿਵਾਣਾ ਨੂੰ ਏਨੇ ਮਾਨ ਸਨਮਾਨ ਮਿਲੇ, ਜੇ ਉਹ ਥੋੜਾ ਅਭਿਮਾਨ ਵੀ ਕਰ ਲੈਣ ਤਾਂ ਸਮਝ ਆਉਂਦੀ ਹੈ ਪਰ ਪ੍ਰਵੇਸ਼ ਨੂੰ ਕਿਸ ਗੱਲ ਦਾ ਹੰਕਾਰ ਹੈ? ਉਸਦੇ ਕੋਲ ਤਾਂ ਕੁਝ ਵੀ ਨਹੀਂ।
ਸ਼ਰਮਾ ਦੇ ਖ਼ਤ ਵਿਚ ਕਿੰਨੇ ਸਾਰੇ ਹੋਰ ਵੇਰਵੇ ਗਲਤ ਹਨ। ਉਸ ਦੇ ਖ਼ਤ ਤੋਂ ਜਾਪਦੈ ਕਿ ਸਰਸਵਤੀ ਸਨਮਾਨ ਕਥਾ ਕਹੋ ਉਰਵਸ਼ੀ ਦੇ ਹਿੰਦੀ ਅਨੁਵਾਦ ਨੂੰ ਮਿਲਿਆ ਸੀ। ਇਹ ਗਲਤ ਹੈ। ਸਨਮਾਨ ਪੰਜਾਬੀ ਰੂਪ ਨੂੰ ਹੀ ਮਿਲਿਆ ਸੀ, ਹਿੰਦੀ ਅਨੁਵਾਦ ਤਾਂ ਬਾਅਦ ਵਿਚ ਛਪਿਆ। iØਬਰਲਾ ਫਾਊਂਡੇਸ਼ਨ ਭਾਰਤ ਦੀ ਹਰ ਭਾਸ਼ਾ ਦੇ ਵਿਦਵਾਨਾਂ ਤੇ ਲੇਖਕਾਂ ਕੋਲੋਂ ਸਿਫਾਰਿਸ਼ਾਂ ਮੰਗਦੀ ਹੈ; ਫਿਰ ਛਾਂਟੀ ਕੀਤੀਆਂ ਕਿਤਾਬਾਂ ਦੇ ਕੁਝ ਹਿੱਸੇ ਅੰਗਰੇਜ਼ੀ ਵਿਚ ਅਨੁਵਾਦ ਕਰਵਾਉਂਦੀ ਹੈ ਤੇ ਆਪਣੇ ਜੱਜਾਂ ਵਲੋਂ ਦਿੱਤੀ ਰਾਏ ਦੇ ਅਧਾਰ ਤੇ ਅੰਤਿਮ ਫੈਸਲਾ ਕਰਦੀ ਹੈ। ਸਰਸਵਤੀ ਸਨਮਾਨ ਭਾਰਤ ਦਾ ਸਰਵਉੱਚ ਸਨਮਾਨ ਹੈ ਤੇ ਐਵੇਂ ਹੀ ਨਹੀਂ ਕਿਸੇ ਨੂੰ ਦੇ ਦਿੱਤਾ ਜਾਂਦਾ।
ਸ਼ਰਮਾ ਨੇ ਟਿਵਾਣਾ ਦੇ ਨਾਵਲਾਂ ਵਿਚ ਸ਼ਬਦ-ਜੋੜਾਂ, ਵਾਕ ਬਣਤਰਾਂ ਆਦਿ ਦੀਆਂ ਗਲਤੀਆਂ ਵੱਲ ਇਸ਼ਾਰਾ ਕੀਤਾ ਹੈ ਪਰ ਉਦਾਹਰਣ ਕੋਈ ਨਹੀਂ ਦਿੱਤੀ। ਡਾ. ਟਿਵਾਣਾ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਐਮ.ਏ. (ਫਸਟ ਕਲਾਸ ਫਸਟ) ਤੇ ਪੀ-ਐਚ.ਡੀ. ਕਰਕੇ ਲੱਗਪਗ 35 ਸਾਲ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਰਹੇ ਤੇ ਪ੍ਰੋਫੈਸਰ ਮੁਖੀ ਤੇ ਡੀਨ ਬਣ ਕੇ ਸੇਵਾਮੁਕਤ ਹੋਏ। ਤੇ ਸ਼ਰਮਾ ਉਹਨਾਂ ਨੂੰ ਵਾਕ ਬਣਤਰ ਸਮਝਾਉਣ ਤੁਰ ਪਿਆ! ਪੰਜਾਬੀ ਦੀਆਂ ਕਿਤਾਬਾਂ ਵਿਚ ਛਪਾਈ ਦੀਆਂ ਗਲਤੀਆਂ ਆਮ ਰਹਿ ਜਾਂਦੀਆਂ ਨੇ। ਕੰਪਿਊਟਰ ਪ੍ਰਿਟਿੰਗ ਤੋਂ ਪਹਿਲਾਂ ਕਈ ਵਾਰ ਪਰੂਫ ਪੜ੍ਹਨ ਉਪਰੰਤ ਵੀ ਗ਼ਲਤੀਆਂ ਆਮ ਰਹਿ ਜਾਂਦੀਆਂ ਸੀ। ਅਜੇ ਵੀ ਇਹ ਸਮੱਸਿਆ ਖ਼ਤਮ ਨਹੀਂ ਹੋਈ। ਇਹ ਮੇਰਾ ਨਿੱਜੀ ਅਨੁਭਵ ਹੈ। ਨਾਲੇ ਪੰਜਾਬੀ ਸ਼ਬਦ-ਜੋੜਾਂ ਦਾ ਪੂਰੀ ਤਰ੍ਹਾਂ ਮਿਆਰੀਕਰਨ ਵੀ ਨਹੀਂ ਹੋ ਸਕਿਆ, ਜਿਸ ਕਰਕੇ ਕਈ ਵਾਰ ਇਕੋ ਸ਼ਬਦ ਅੱਡ ਅੱਡ ਤਰ੍ਹਾਂ ਲਿਖਿਆ ਜਾਂਦੈ।
ਪ੍ਰਵੇਸ਼ ਸ਼ਰਮਾ ਕਹਿੰਦੈ Øਕਿ ਮੈਡਮ ਟਿਵਾਣਾ ਦੀ ਕੋਈ ਇੰਟਰਵਿਊ ਪੜ੍ਹ-ਸੁਣ ਲਉ, ਉਹੋ ਗੱਲਾਂ ਹੁੰਦੀਆਂ ਨੇ। ਬੰਦਾ ਪੁੱਛੇ ਹਰ ਇੰਟਰਵਿਊ ਵਿਚ ਉਹ ਵੱਖਰੇ ਵੱਖਰੇ ਉੱਤਰ ਦਿਆ ਕਰਨ? ਜੇ ਸਵਾਲ ਉਹੋ ਹੈ ਤਾਂ ਜਵਾਬ ਵੀ ਤਾਂ ਉਹੋ ਹੀ ਹੋਵੇਗਾ। ‘ਹੁਣ’ ਵਾਲੀ ਇੰਟਰਵਿਊ ਉਤੇ ਤਾਂ ਇਹ ਇਤਰਾਜ਼ ਵੈਸੇ ਹੀ ਨਹੀਂ ਢੁਕਦਾ।
ਇਉਂ ਹੀ ਉਹ ਲਿਖਦੈ Øਕਿ ਟਿਵਾਣਾ ਦੇ ਬਹੁਤੇ ਨਾਵਲ ਉਹਨਾਂ ਦੇ ਆਪਣੇ ਜੀਵਨ ਨਾਲ ਸੰਬੰਧਿਤ ਹੁੰਦੇ ਹਨ। ਇਹ ਕੀ ਮਿਹਣਾ ਹੋਇਆ? ਸਾਹਿਤਕ ਰਚਨਾ ਰਿਪੋਤਾਜ ਨਹੀਂ ਹੁੰਦੀ। ਹਰ ਲੇਖਕ ਆਪਣੇ ਨਿੱਜੀ ਯਥਾਰਥ ਜਾਂ ਅਨੁਭਵ ਦੁਆਲੇ ਹੀ ਆਪਣਾ ਬਿਰਤਾਂਤ ਸਿਰਜਦਾ ਹੈ। ਵੈਸੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਡਾ. ਟਿਵਾਣਾ ਦੇ ਘੱਟੋ ਘੱਟ 80 ਪ੍ਰਤੀਸ਼ਤ ਕਥਾਨਕ ਉਹਨਾਂ ਦੇ ਆਪਣੇ ਜੀਵਨ ਨਾਲ ਤਾਅੁਲਕ ਨਹੀਂ ਰੱਖਦੇ।
ਕਿਸੇ ਨਿੱਜੀ ਰੋਸ ਕਰਕੇ ਪ੍ਰਵੇਸ਼ ਸ਼ਰਮਾ ਨੇ ਇਹ ਵਿਸ ਘੋਲਿਆ ਹੈ। ਉਸਦੇ ਕੋਲ ਸਨਕ ਹੈ ਦਲੀਲ ਨਹੀਂ, ਦਵੈਸ਼ ਭਾਵ ਹੈ ਸੁਹਿਰਦਤਾ ਨਹੀਂ ਤੇ ਸਾਹਿਤ ਦੀ ਸਮਝ ਵਾਲਾ ਖਾਨਾ ਤਾਂ ਉਸਦਾ ਉੱਕਾ ਖਾਲੀ ਹੈ। ਸਾਥੋਂ ਪਹਿਲਾਂ ਜੋ ਆਏ ਤੇ ਆਪਣੀ ਸਮਰਥਾ ਅਨੁਸਾਰ ਜਿਨ੍ਹਾਂ ਸਾਹਿਤ ਰਚਿਆ, ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ। ਜੋ ਉਹ ਨਹੀਂ ਕਰ ਸਕੇ ਉਹਦੇ ਲਈ ਆਪ ਹੰਭਲਾ ਮਾਰਨਾ ਚਾਹੀਦੈ। ਦੂਸਰਿਆਂ ਦੇ ਗਿੱਟੇ ਛਾਂਗ ਕੇ ਕਦੋਂ ਕੋਈ ਆਪ ਵੱਡਾ ਬਣ ਸਕਿਐ? ਨਿੰਦਕ ਤਾਂ ਖੁਦ ਹੀ ਛੋਟਾ ਹੋ ਜਾਂਦੈ।
ਆਖਰੀ ਸ਼ਿਕਵਾ ਮੇਰਾ ‘ਹੁਣ’ ਦੇ ਸੰਪਾਦਕਾਂ ਨਾਲ ਹੈ। ਉਹਨਾਂ ਨੂੰ ਅਜਿਹੇ ਪੱਤਰ ਨਹੀਂ ਛਾਪਣੇ ਚਾਹੀਦੇ, ਇਹਦੇ ਨਾਲ ਪਰਚੇ ਦਾ ਮਿਆਰ ਡਿੱਗਦਾ ਹੈ। ਅਜਿਹੇ ਪੱਤਰ ਸੱਚ ਤੇ ਸੁਹਜ ਦਾ ਕੇਵਲ ਅਪਮਾਨ ਹਨ।

-ਤਾਰਾ ਸਿੰਘ,
ਪੰਜਾਬੀ ਯੂਨੀਵਰਸਟੀ ,ਪਟਿਆਲਾ।


ਮੇਰਾ ਇਹ ਖ਼ਿਆਲ ਸੀ ਕਿ ਅਦਾਰਾ ‘ਹੁਣ’ ਜਿਸ ਲੇਖਕ ਦੀ ਲੰਮੀ ਇੰਟਰਵਿਊ ਛਾਪਦਾ ਹੈ, ਉਹ ਲੇਖਕ ਆਮ ਨਹੀਂ ਹੁੰਦਾ ਸਗੋਂ ਸਾਹਿਤਕ ਜਗਤ ਵਿਚ ਉਸਦਾ ਆਪਣਾ ਇੱਕ ਸੁਹਾਵਣਾ ਟਾਪੂ ਹੁੰਦਾ ਹੈ| ਤੁਹਾਡੇ ਵੱਲੋਂ ਹੁਣ ਤੱਕ ਪ੍ਰਕਾਸ਼ਿਤ ਮੁਲਾਕਾਤਾਂ ਵਿਵਾਦ ਗ੍ਰਸਤ ਬੰਦਿਆਂ ਦੀਆਂ ਨਹੀਂ ਹਨ| ਹਰੇਕ ਸਾਹਿਤਕਾਰ ਬਤੌਰ ਮਨੁੱਖ ਸੰਪੂਰਨ ਹੋਵੇ ਇਹ ਜ਼ਰੂਰੀ ਨਹੀਂ ਤੇ ਉਸ ਉਪਰ ਟਿੱਪਣੀ ਹੋਣੀ ਚਾਹੀਦੀ ਹੈ ਪਰ ਇਹ ਵੀ ਤਾਂ ਦੇਖਣਾ ਹੈ ਕਿ ਕਿਸ ਬਾਰੇ ਟਿੱਪਣੀ ਦਿੱਤੀ ਜਾ ਰਹੀ ਹੈ ਤੇ ਟਿੱਪਣੀਕਾਰ ਦਾ ਸਟੇਟਸ ਕੀ ਹੈ| ਡਾ.ਜਸਵੰਤ ਸਿੰਘ ਨੇਕੀ ਦੀ ਇੰਟਰਵਿਊ ਉਪਰ ਸਿਧਾਂਤਕ ਮੱਤਭੇਦ ਵਾਲੀਆਂ ਚਿੱਠੀਆਂ ਛਪੀਆਂ ਜਿਨ੍ਹਾਂ ਦਾ ਉਨ੍ਹਾਂ ਨੇ ਜਵਾਬ ਵੀ ਦਿੱਤਾ, ਪ੍ਰਵੇਸ਼ ਵਾਲੇ ਕੇਸ ਵਿਚ ਇਸ ਤਰ੍ਹਾਂ ਨਹੀਂ ਹੋਇਆ,ਜਿਸ ਕਰਕੇ ਟਿਵਾਣਾ ਵਲੋਂ ਪ੍ਰਤੀਕਰਮ ਦੇਣਾ ਉਚਿਤ ਨਹੀਂ |
ਸ਼ਰਮਾ ਲੰਮੇ ਸਮੇਂ ਤੋਂ ਟਿਵਾਣਾ ਦੀਆਂ ਰਚਨਾਵਾਂ ਦਾ ਅਨੁਵਾਦ ਕਿਸ ਲਈ ਕਰਦਾ ਰਿਹਾ ਜੇ ਉਸ ਦੇ ਮਨ ਵਿਚ ਲੇਖਕਾਂ ਬਾਰੇ ਇਹ ਪ੍ਰਭਾਵ ਸਨ ਜੋ ਹੁਣ ਪ੍ਰਗਟ ਕੀਤੇ ਹਨ? ਇਹ ਖ਼ਤ ਸਾਡੇ ਇਸ ਅਮੀਰ ਰਸਾਲੇ ਵਿਚ ਛਾਪਣਯੋਗ ਨਹੀਂ ਸੀ| ‘ਹੁਣ’ ਦਾ ਦਾਇਰਾ ਲਗਾਤਾਰ ਇਸ ਕਰਕੇ ਵਿਸ਼ਾਲ ਹੁੰਦਾ ਜਾ ਰਿਹਾ ਹੈ ਤੇ ਹੁੰਦਾ ਰਹੇਗਾ ਕਿਉਂਕਿ ਇਸ ਵਿਚਲੀ ਸਮੱਗਰੀ ਨਾਮ ਅਤੇ ਰੂਪ ਦੋਹਾਂ ਪੱਖਾਂ ਤੋਂ ਸੰਘਣੀ ਹੁੰਦੀ ਹੈ| ਖਰੇ ਦੁੱਧ ਵਿਚ ਪਾਣੀ ਕਿਸ ਵਾਸਤੇ ਪਾਉਣਾ ਹੈ?
ਇੱਥੇ ਸ਼ਰਮਾ ਤੱਥਾਂ ਨੂੰ ਛੁਪਾ ਕੇ ਪਾਠਕਾਂ ਨੂੰ ਗੁਮਰਾਹ ਕਰ ਰਿਹਾ ਹੈ| ਵਿਸ਼ਵ ਪੰਜਾਬੀ ਜਗਤ ਮੂਰਖ ਸਾਬਤ ਹੋਇਆ ਜਿਸ ਨੇ ਬਾਰ ਬਾਰ ਦਲੀਪ ਕੌਰ ਟਿਵਾਣਾ ਨੂੰ ਸਥਾਪਤ ਸਾਹਿਤਕਾਰ ਮੰਨ ਕੇ ਸਨਮਾਨਿਆ| ਸੱਚ ਕੀ ਹੈ, ਇਸ ਦਾ ਪਤਾ ਕੇਵਲ ਅਨੁਵਾਦਕ ਪ੍ਰਵੇਸ਼ ਸ਼ਰਮਾ ਨੂੰ ਹੈ ਜੋ ਭਾੜੇ ਉਪਰ ਕੰਮ ਹਾਸਲ ਕਰਨ ਲਈ ਇਕ ਦਹਾਕਾ ਟਿਵਾਣਾ ਦੇ ਕਦਮ ਛੂੰਹਦਾ ਰਿਹਾ| ਨਾ ਮੈਂ ਭਾੜੇ ਉਪਰ ਕੰਮ ਕਰਨ ਨੂੰ ਬੁਰਾ ਸਮਝਦਾ ਹਾਂ, ਨਾ ਚਰਨੀ ਹੱਥ ਲਾਉਣ ਨੂੰ| ਰੁਜ਼ਗਾਰ ਲਈ ਮਿਹਨਤ ਕਰਨੀ ਤੇ ਵੱਡਿਆਂ ਦਾ ਆਦਰ ਕਰਨਾ ਤਾਂ ਮੈਨੂੰ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਹੈ| ਅਕ੍ਰਿਤਣਤਾ ਨਿੰਦਣਯੋਗ ਹੈ ਤੇ ਨਿੰਦਣਯੋਗ ਰਹੇਗੀ|

-ਹਰਪਾਲ ਸਿੰਘ ਪੰਨੂੰ ,ਪਟਿਆਲਾ


ਪਿੱਛਲੇ ਅੰਕ ਵਿੱਚ ਸ੍ਰੀ ਪ੍ਰਵੇਸ਼ ਸ਼ਰਮਾ ਦੀ ਛੱਪੀ ਚਿੱਠੀ ਦੇ ਸੰਬੰਧ ਵਿੱਚ ਸਾਨੂੰ ਜਿਨ੍ਹੇ ਵੀ ਖ਼ਤ ਮਿਲੇ ਅਸੀਂ ਉਹ ਏਥੇ ਛਾਪ ਦਿੱਤੇ ਹਨ। ਨਾਲ ਹੀ ਅਸੀਂ 2001 ਦੇ ਸਰਸਵਤੀ ਸਨਮਾਨ ਮੌਕੇ ਬਿਰਲਾ ਫਾਉਂਡੇਸ਼ਨ ਦੇ ਮੁੱਖੀ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਸਰਸਵਤੀ ਸਨਮਾਨ ਲੈਂਦਿਆਂ ਸ੍ਰੀਮਤੀ ਦਲੀਪ ਕੌਰ ਟਿਵਾਣਾ ਵੱਲੋਂ ਦਿੱਤੇ ਗਏ ਭਾਸ਼ਣ ਦੇ ਕੁਝ ਅੰਸ਼ ਏਥੇ ਦੇ ਰਹੇ ਹਾਂ ਜੋ ਇਸ ਸਨਮਾਨ ਬਾਰੇ ਸਪਸ਼ਟ ਕਰਦੇ ਹਨ ਕਿ ਇਹ ਸਨਮਾਨ ਸ੍ਰੀਮਤੀ ਟਿਵਾਣਾ ਦੇ ਪੰਜਾਬੀ ਵਿੱਚ ਲਿਖੇ ਨਾਵਲ ‘ਕਥਾ ਕਹੋ ਉਰਵਸ਼ੀ’ ਨੂੰ ਹੀ ਮਿਲਿਆ ਸੀ ਨਾ ਕਿ ਹਿੰਦੀ ਵਿੱਚ ਅਨੁਵਾਦਤ ਨਾਵਲ ਨੂੰ।

-ਸੰਪਾਦਕ

“The eleventh Saraswati Samman is being awarded to Dr. Dalip Kaur Tiwana for her epic novel, ‘Katha Kaho Urvashi’. Let me take this occasion to also remind you that is the second time when the award is being given to a work in Punjabi language. Before this the fourth Samman had been given to Dr. Harbhajan Singh, for his work, ‘Rukh te Rishi’.”

ਕੇ.ਕੇ. ਬਿਰਲਾ ਦੇ ਮੁਖੀ ਸ੍ਰੀ ਕ੍ਰਿਸ਼ਨ ਕੁਮਾਰ ਦੇ ਭਾਸ਼ਨ ਵਿੱਚੋਂ।

“After five year, in 1999, I wrote the novel Katha Kaho Urvashi. I thought I had written this story, but the truth is that I was only a medium-the story got itself written through me. The honour that you have conferred on me today seems to me to really belong to Punjabi language, which has preserved the story. Thanks.”

ਸ੍ਰੀ ਮਤੀ ਦਲੀਪ ਕੌਰ ਟਿਵਾਣਾ ਵਲੋਂ ਸਰਸਵਤੀ ਸਨਮਾਨ ਹਾਸਲ ਕਰਨ ਵੇਲੇ ਦਿੱਤੇ ਭਾਸ਼ਨ ਵਿਚੋਂ।


ਨਾ ਹਜ਼ਮ ਹੋਈਆਂ ਵਰਗਾ ਸੁਆਦ
‘ਹੁਣ’ ਪੁਸਤਕ ਲੜੀ-8 ਪ੍ਰਾਪਤ ਹੋਇਆ ਜਿਸ ਵਿਚ ਕੁਝ ਰਚਨਾਵਾਂ ਹਜ਼ਮ ਨਹੀਂ ਹੋਇਆ ਵਰਗਾ ਸੁਆਦ ਦੇ ਗਈਆਂ ਜਿਸ ਕਾਰਨ ਇਹ ਖ਼ਤ ਲਿਖਣ ਲਈ ਮਜ਼ਬੂਰ ਹੋਣਾ ਪਿਆ| ਇਨ੍ਹਾਂ ਵਿਚੋਂ ਪਹਿਲੀ ਰਚਨਾ ਤੁਹਾਡੀ ਸੰਪਾਦਕੀ ਹੈ| ਸੰਪਾਦਕੀ ਵਿਚ ਜ਼ਿਕਰ ਆਇਆ ਹੈ ਕਿ ਕੁਝ ਸਮੁਦਾਇ ਸ ਭਗਤ ਸਿੰਘ ਨੂੰ ਧਾਰਮਿਕ ਵਿਚਾਰਧਾਰਾ ਨਾਲ ਜੋੜ ਰਹੇ ਹਨ ਇਸ ਦਾ ਜ਼ਿਕਰ ਕਰਦਿਆਂ ਤੁਹਾਡੀ ਕੋਸ਼ਿਸ਼ ਭਗਤ ਸਿੰਘ ਨੂੰ ਅਲਹਿਦਾ ਵਿਚਾਰਧਾਰਾ ਨਾਲ ਜੋੜਨ ਦੀ ਰਹੀ ਪ੍ਰੰਤੂ ਸਾਡਾ ਮਸਲਾ ਇਹ ਹੈ ਕਿ ਭਗਤ ਸਿੰਘ ਦੇ ਵਿਚਾਰਾਂ ਨੂੰ ਜਾਂ ਸੋਚ ਨੂੰ ਨੌਜਵਾਨਾਂ ਤੱਕ ਪਹੁੰਚਾਉਣਾ ਹੈ| ਸਾਡੇ ਖ਼ਿਆਲ ਅਨੁਸਾਰ ਤਾਂ ਭਗਤ ਸਿੰਘ ਨੂੰ ਕਿਸੇ ਵਿਚਾਰਧਾਰਾ ਵਿਚ ਨਹੀਂ ਵੰਡਿਆ ਜਾ ਸਕਦਾ ਕਿਉਂਕਿ ਭਗਤ ਸਿੰਘ ਤਾਂ ਅਪਣੇ ਆਪ ਵਿਚ ਇਕ ਵਿਚਾਰਧਾਰਾ ਹੈ|
ਦੂਜੀ ਰਚਨਾ ਨਿੰਦਰ ਘੁਗਿਆਣਵੀ ਦੁਆਰਾ ਕ੍ਰਿਪਾਲ ਕਜ਼ਾਕ ਦਾ ਲਿਖਿਆ ਰੇਖਾ ਚਿੱਤਰ ‘ਸਿਰੇ ਦਾ ਕਲਾਕਾਰ’ ਹੈ| ਜਿਸ ਨੂੰ ਪੜ੍ਹਣ ਤੋਂ ਪ੍ਰਤੀਤ ਹੋਇਆ ਕਿ ਘੁਗਿਆਣਵੀ ਜੀ ਦਾ ਮੁੱਖ ਮਨੋਰਥ ਤਾਂ ‘ਮੈਂ ਸਾਂ ਜੱਜ ਦਾ ਅਰਦਲੀ’ ਦੀ ਸਕਰਿਪਟ ਲਿਖਾਉਣਾ ਸੀ ਪ੍ਰੰਤੂ ਕਜ਼ਾਕ ਨੇ ਉਨ੍ਹਾਂ ਤੋਂ ਪੈਸੇ ਮੰਗ ਲਏ ਤੇ ਘੁਗਿਆਣਵੀ ਜੀ ਦੀ ਕੀਤੀ ਸਾਰੀ ਚਾਪਲੂਸੀ ’ਤੇ ਪਾਣੀ ਪੈ ਗਿਆ| ਇਹ ਰੇਖਾ ਚਿੱਤਰ ਉਨ੍ਹਾ ਦੇ ਕਰੋਧ ਦਾ ਹੀ ਪ੍ਰਤੀਕਰਮ ਹੈ| ਰੇਖਾ ਚਿੱਤਰ ਵਿਚ ਘੁਗਿਆਣਵੀ ਜੀ ਨੇ ਅਜਿਹੀਆਂ ਬਚਕਾਨੀਆਂ ਗੱਲਾਂ ਕੀਤੀਆਂ ਹਨ ਜੋ ਹਜ਼ਮ ਨਹੀਂ ਹੁੰਦੀਆਂ ਜਿਵੇਂ ਕਜ਼ਾਕ ਦਾ ਬੇਲੋੜਾ ਝੂਠ ਬੋਲਣਾ, ਕਿਸੇ ਵੀ ਮਦਦਗਾਰ ਵਿਅਕਤੀ ਦਾ ਸ਼ੁਕਰੀਆਂ ਅਦਾ ਨਾ ਕਰਨਾ ਆਦਿ| ਇਸ ਤੋਂ ਇਲਾਵਾ ਘੁਗਿਆਣਵੀ ਜੀ ਨੂੰ ਇਹ ਰੋਸ ਹੈ ਕਿ ਕਜ਼ਾਕ ਜੀ ਨੇ ਉਨ੍ਹਾਂ ਦੀਆਂ ਇਕ ਦੋ ਪੁਸਤਕਾਂ ਤੋਂ ਇਲਾਵਾਂ ਬਾਕੀ ਨੂੰ ਐਵੇਂ ਭਰਤੀ ਕੀਤੀ ਹੋਈ ਕਿਹਾ ਪ੍ਰੰਤੂ ਇਹ ਤਾਂ ਸੱਚ ਹੈ। ਘੁਗਿਆਣਵੀ ਜੀ! ਕੋਈ ਵਧੇਰੇ ਪੁਸਤਕਾਂ ਲਿਖਣ ਨਾਲ ਵੱਡਾ ਸਾਹਿਤਕਾਰ ਨਹੀਂ ਬਣ ਜਾਂਦਾ| ਰੇਖਾ ਚਿੱਤਰ ਪੜ੍ਹਨ ਤੋਂ ਪ੍ਰਤੀਤ ਹੁੰਦਾ ਹੈ ਕਿ ਕਜ਼ਾਕ ਜੀ ਦੀ ਲਾਹ-ਪਾਹ ਕਰਨ ਦੀ ਹੀ ਕੋਸ਼ਿਸ਼ ਵਧੇਰੇ ਕੀਤੀ ਗਈ ਹੈ|
ਪੰਜਾਬੀ ਦੇ ਉੱਘੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਜੀ ਮੋਏ ਮਿੱਤਰਾਂ ਦੀ ਯਾਦ ਦਾ ਆਸਰਾ ਲੈ ਕੇ ਮੋਏ ਲੇਖਕਾਂ ਦੇ ਸਿਵੇ ਹੀ ਫਰੋਲ ਰਹੇ ਹਨ| ‘ਹੁਣ’ ਵਿਚ ਛਪੇ ਉਨ੍ਹਾਂ ਦੇ ਨਿਬੰਧ ‘ਮਾਰਕਸਵਾਦੀਆਂ ਦਾ ਸੈਨਾਪਤੀ ਸੰਤ ਸਿੰਘ ਸੇਖੋਂ’ ‘ਜਲੰਧਰ ਦਾ ਕੌਫ਼ੀ ਹਾਊਸ’ ਆਦਿ ਪੜ੍ਹਨ ਤੋਂ ਇਹ ਹੀ ਪ੍ਰਤੀਤ ਹੁੰਦਾ ਹੈ|
‘ਰੇਤੇ ਦੇ ਨਕਸ਼’ ਵਿਚ ਬਿਪਨਪ੍ਰੀਤ ਜੀ ਨੇ ਹਿਜੜਿਆਂ ਦੀ ਜ਼ਿੰਦਗੀ ਦੇ ਕੁਝ ਵੱਖਰੇ ਪਹਿਲੂ ਦਰਸਾਏ ਹਨ ਜੋ ਸਮਾਜ ਦੀ ਨੀਰਸ ਹਕੀਕਤ ’ਤੇ ਝਾਤ ਪਾਉਂਦੇ ਹਨ| ਇੰਜ ਹੀ ‘ਬੁੱਧੂ ਬਕਸੇ ’ਚੋ ਨਿਕਲਦੀ ਕਲਾ’ ਵਿਚ ਰਾਜੀਵ ਦੁਆਰਾ ਕੀਤੇ ਪ੍ਰਭਾਵਸ਼ਾਲੀ ਕਾਰਜ ਨੂੰ ਪੜ੍ਹ ਕੇ ਬਹੁਤ ਮਾਣ ਭਰੀ ਖੁਸ਼ੀ ਮਹਿਸੂਸ ਹੋਈ|
ਪਰਮਜੀਤ ਜੀ ਦੀ ਖੋਜ ‘ਦਰਵਾਜ਼ੇ’ ਬਲਵੀਰ ਸਿੰਘ ਕੰਵਲ ਦਾ ‘ਤਲਵੰਡੀ-ਰਾਗ ਦੀ ਮੰਡੀ’ ਜੋ ਕਿ ਪੁਰਾਤਨ ਸੰਗੀਤ ਘਰਾਣਿਆਂ ਬਾਰੇ ਜਾਣਕਾਰੀ ਦਿੰਦਾ ਹੈ, ਹਰਸ਼ਿੰਦਰ ਕੌਰ ਦਾ ‘ਬੱਚਿਆਂ ਲਈ ਕਹਾਣੀਆਂ ਅਤੇ ਸਾਹਿਤ’ ਅਤੇ ਵਿਦੇਸ਼ੀ ਲੇਖਕਾਂ ਬਾਰੇ ਦਿਲਚਸਪ ਗੱਲਾਂ ਤੋਂ ਜਾਣੂ ਕਰਾਉਂਣਾ ਇਕ ਸ਼ਲਾਘਾਯੋਗ ਅਤੇ ਨਿਵੇਕਲੀ ਛਾਪ ਛੱਡਦਾ ਹੈ|
ਅੰਤ ਵਿਚ ਅਸੀਂ ਇਹ ਕਹਿਣਾ ਚਾਹੰਦੇ ਹਾਂ ਕਿ ‘ਹੁਣ’ ਵਰਗਾ ਮਿਆਰੀ ਅਤੇ ਦਿਲਕਸ਼ ਰਸਾਲਾ ਕੱਢਣ ਲਈ ਪੰਜਾਬੀ ਸਾਹਿਤਕ ਜਗਤ ਨੂੰ ਤੁਹਾਡੀ ਦਾਦ ਦੇਣੀ ਬਣਦੀ ਹੈ|

-ਅਮਰਿੰਦਰ ਸਿੰਘ, ਜਸਵਿੰਦਰ ਸਿੰਘ ਦਿਓਲ
ਪੰਜਾਬ ਯੂਨੀਵਰਸਟੀ,ਚੰਦੀਗੜ੍ਹ।


ਮਕਲਾਉਡ ਬਾਰੇ ਮੇਰੇ ਲੇਖ ਸਬੰਧੀ ਬਲਕਾਰ ਸਿੰਘ ਤੇ ਜਸਬੀਰ ਸਿੰਘ ਮਾਨ ਦੇ ਦੋਵੇਂ ਲੇਖਾਂ ਨੂੰ ਪੜ੍ਹਕੇ ਪਾਠਕ ਆਪਣੀ ਰਾਏ ਬਣਾ ਸਕਣਗੇ| ਇਹਨਾਂ ਦੋਹਾਂ ਤੇ ਹੋਰ ਵਿਦਵਾਨ ਜਿਹਨਾਂ ’ਚ ਖੜਕ ਸਿੰਘ, ਜਸਬੀਰ ਸਿੰਘ ਆਹਲੂਵਾਲੀਆ, ਤਿਰਲੋਚਨ ਸਿੰਘ, ਦਲਜੀਤ ਸਿੰਘ ਆਦਿ ਜੋ ਨਾਂ ਮਾਨ ਸਾਹਬ ਨੇ ਆਪਣੇ ਲੇਖ ’ਚ ਦਿੱਤੇ ਹਨ ਇਹਨਾਂ ਸਭਨਾਂ ਪ੍ਰਤੀ ਮੇਰਾ ਸਤਿਕਾਰ ਹੈ|
ਮੈਕਲਾਉਡ ਵਲੋਂ ਸਿੱਖ ਇਤਿਹਾਸ ਪ੍ਰਤੀ ਖੋਜੀ ਮਾਮਲਿਆਂ ’ਤੇ ਜੋ ਟੀਕਾ ਟਿੱਪਣੀ ਹੋਈ ਉਹ ਬਣਦੀ ਸੀ, ਇਹ ਦਲੀਲ ਦਾ ਸਿਲਸਿਲਾ ਅਗੋਂ ਵੀ ਚਲਣਾ ਚਾਹੀਦਾ ਹੈ| ਚੰਡੀਗੜ੍ਹ ਸਥਿਤ ਇੰਸਟੀਚਿਉਟ ਆਫ ਸਿੱਖ ਸਟਡੀਜ਼ ਅਤੇ ਜਸਬੀਰ ਮਾਨ ਹੋਰਾਂ ਵਲੋਂ ਕਾਨਫਰੰਸਾਂ ਉਪਰੰਤ ਛਪੀਆਂ ਕਿਤਾਬਾਂ ਨੂੰ ਮੈਕਲਾਊਡ ਦੀਆਂ ਲਿਖਤਾਂ ਦੇ ਬਰਾਬਰ ਰੱਖ ਗੰਭੀਰ ਤਰਕ ਸੰਗਤ ਅਧਿਅਨ ਲਈ ਨਵੇਂ ਪਾਠਕਾਂ ਨੂੰ ਮੈਂ ਪ੍ਰੋਫੈਸਰ ਜ.ਸ ਗਰੇਵਾਲ ਦੀਆਂ ਦੋ ਕਿਤਾਬਾਂ (ਕਨਟੈਸਟਿੰਗ ਇੰਟਰਪਰੈਟੇਸ਼ਨ ਆਫ ਦੀ ਸਿੱਖ ਟਰੈਡੀਸ਼ਨ, 1998, ਤੇ ਸਿੱਖ ਈਡੀਲੋਜੀ,ਪੋਲੀਟੀ ਐਂਡ ਸ਼ੋਸ਼ਲ ਆਰਡਰ, 2007) ਪੜ੍ਹਨ ਦੀ ਸਿਫਾਰਸ਼ ਕਰਾਗਾ ਜਿੱਥੇ ਇਸ ਵਿਵਾਦ ’ਚੋਂ ਉਤਪਮਨ ਹੋਏ ਵਿਸ਼ੇ ਤੇ ਮਸਲਿਆਂ ਸੰਬੰਧੀ ਸਲੀਕੇ ਭਰੀ ਭਾਸ਼ਾ ਰਾਹੀਂ ਬਹੁਤ ਢੁਕਵੇਂ ਨਤੀਜੇ ਕੱਢੇ ਗਏ ਹਨ| ਸਬੰਧਤ ਲੋਕ ਜਾਣਦੇ ਹਨ ਕਿ ਪਿਛਲੇ ਸਾਲਾਂ ’ਚ ਮੈਕਲਾਊਡ ਦੇ ਕੁਝ ਨੁਕਤਿਆਂ ਦਾ ਗੰਭੀਰਤਾ ਨਾਲ ਪੁਨਰ ਅਧਿਐਨ ਹੋ ਰਿਹਾ ਹੈ, ਇਸ ਸੰਬੰਧੀ ਨਵੇਂ ਰਸਾਲੇ ‘ਸਿੱਖ ਫੋਰਮੇਸ਼ਨਜ’ (ਲੰਦਨ ਦੇ ਰੂਟਲਿਜ ਪਬਲਿਸ਼ਰ ਵਲੋ) ਪੜ੍ਹਨ ਦੀ ਦਰਖਾਸਤ ਹੈ| ਮੈਕਲਾਊਡ ਵੱਲੋਂ ਕਰਾਈ ਗਈ ਖੋਜ ’ਚ ਜੋ ਉਸ ਦੇ ਵਿਦਿਆਰਥੀ ਹੁਣ ਪੋ੍ਰਫੈਸਰ ਬਣ ਚੁੱਕੇ ਹਨ, ਅੱਗੇ ਕਿਤਾਬਾਂ ਲਿਖ ਰਹੇ ਹਨ। ਜਿਹਨਾ ’ਚ ਲੂਈਸ ਪਿਨਿਚ ਤੇ ਪਸ਼ੌਰਾ ਸਿੰਘ ਮੁੱਖ ਨਾਂ ਹਨ, ਤੇ ਇਹਨਾਂ ਤੋਂ ਇਲਾਵਾਂ, ਹਰਜੋਤ ਉਬਰਾਏ, ਟੋਨੀ ਬੈਲਟਾਈਨ, ਗੁਰਿੰਦਰ ਮਾਨ, ਜਿਹਨਾਂ ਨੂੰ ਕਿਸੇ ਸਮੇਂ ਮੈਕਲਾਊਡ ਨੇ ਖੋਜ ’ਚ ਮਦਦ ਕੀਤੀ ਸੀ, ਇਹ ਸਾਰੇ ਹੀ ਸਿੱਖ ਇਤਿਹਾਸ ਦੀ ਖੋਜ ਨੂੰ ਸਮਰਪਤ ਹਨ| ਕੋਈ ਨਹੀਂ ਕਹੇਗਾ ਕਿ ਇਹਨਾਂ ਦੀਆਂ ਲਿਖਤਾ ਪ੍ਰਤੀ ਸ਼ਰਧਾ ਨਿਭਾਉ ਸਗੋਂ ਸਿੱਖ ਇਤਿਹਾਸ ’ਚ ਗੰਭੀਰ ਬਹਿਸ ਮੁਬਾਹਿਸ ਦਾ ਮਹੌਲ ਇਹਨਾਂ ਲਿਖਤਾਂ ਨੇ ਜੋ ਸਿਰਜਿਆ ਹੈ, ਉਹ ਹੁਣ ਖੁਸ਼ਗਵਾਰ ਹੈ|
ਇਹ ਸਾਰਾ ਕੁਝ ਤਾਂ ਚਲਦਾ ਰਹੇਗਾ ਹੀ| ਮੇਰੇ ਲੇਖ ਦਾ ਮੁੱਖ ਆਸ਼ਾ ਤਾਂ ਇਹ ਸੀ ਕਿ ਮੈਕਲਾਊਡ ਨੇ ਸਿੱਖ ਇਤਿਹਾਸ ’ਚ ਖੋਜ ਦੀ ਜੋ ਪਿਰਤ ਪਾਈ ਹੈ, ਉਸ ਪ੍ਰਤੀ ਸੰਵਾਦ ਸੰਜੀਦਾ, ਸਲੀਕੇ ਪੱਧਰ ਦੀ ਭਾਸ਼ਾ ’ਚ ਹੁੰਦਾ ਅਤੇ ਉਸ ਦੀ ਘਾਲਣਾ ਭਾਵੇਂ ਉਸ ਵਿਚ ਘਾਟੇ ਵਾਧੇ ਵੀ ਹਨ ਨੂੰ ਸੰਸਥਾਈ ਪੱਧਰ ’ਤੇ ਯੋਗ ਮਾਣ ਦੇਣਨਾਲ ਸਿੱਖ ਸੰਸਾਰ ਦੀ ਤੇ ਇਸ ਨਾਲ ਸੰਬੰਧਤ ਬੁੱਧੀਮਾਨਾਂ ਦੀ ਅਪਣੀ ਵਡਿੱਤਣ ਝਲਕੇਗੀ। ਕਿਸੇ ਵਿਦੇਸ਼ੀ ਵਿਦਵਾਨ ਨੇ ਜਿਸਨੇ ਸਾਰੀ ਉਮਰ ਸਿੱਖ ਇਤਿਹਾਸ ਦੇ ਅਧਿਐਨ ਦੇ ਲੇਖੇ ਲਾਈ ਹੋਵੇ, ਕਿੰਨੇ ਹੀ ਨਵੇਂ ਸਵਾਲ ਉਠਾਏ ਹੋਣ, ਤੇ ਕਿੰਨੇ ਅਣਗੋਲੇ ਖੇਤਰਾਂ ਨੂੰ ਪਿੱਠਭੂਮੀ ’ਚੋਂ ਮੂਹਰੇ ਲਿਆਂਦਾ ਹੋਵੇ, ਉਦਾਹਰਣ ਵਜੋਂ ਸਿੱਖ ਕਲੰਡਰਾਂ ਜਾਂ ਲੌਕਕ ਸਿੱਖ ਕਲਾ ਦੀ ਵਿਆਖਿਆ, ਸਿੱਖ ਧਰਮ ਦੀ ਡਿਕਸ਼ਨਰੀ, ਲੰਦਨ ’ਚ ਪਈ ਪੁਰਾਣੀ ਜਨਮ ਸਾਖੀ ਦਾ ਅੰਗਰੇਜ਼ੀ ਤਰਜਮਾ ਕੀਤਾ ਹੋਵੇ, ਉਸਦੀ ਸਮੁੱਚੀ ਕਮਾਈ ਦਾ ਇਵਜਾਨਾ ਮੇਰੀ ਮਤ ਅਨੁਸਾਰ ਦੇਣਾ ਬਣਦਾ ਹੈ| ਸੰਸਥਾਵਾਂ ਰਾਹੀਂ ਸਨਮਾਨ ਦੇਣ ਨਾਲ ਕਿਸੇ ਲੇਖਕ ਦੀ ਹਰ ਲਿਖਤ ਨਾਲ ਸਹਿਮਤ ਨਹੀਂ ਹੋ ਜਾਈਦਾ ਬਲਕਿ ਅਜਿਹੇ ਸੰਸਥਾਈ ਮਾਣ ਕਿਸੇ ਸਮਾਜ ਦੇ ਸੱਭਿਆਚਾਰਕ ਦਾਇਰੇ , ਕਸਵੱਟੀਆਂ ਤੇ ਕੀਮਤਾਂ ਦੀ ਇਤਲਾਹ ਹੂੰਦੇ ਹਨ| ਪੰਜਾਬੀ ਯੁਨੀਵਰਸਿਟੀ ਜਾਂ ਗੁਰੂ ਨਾਨਕ ਯੁਨੀਵਰਸਿਟੀ ਵੱਲੋਂ ਮਾਣੂ ਡਿਗਰੀਆਂ ਦਿੱਤੀਆਂ ਹੀ ਜਾਂਦੀਆ ਹਨ, ਇਕ ਡਿਗਰੀ ਅਜਿਹੇ ਪ੍ਰੋਫੈਸਰ ਨੂੰ ਦੇਣ ਨਾਲ ਕੀ ਘਟ ਜਾਏਗਾ, ਤੇ ਅਜਿਹੇ ਨੇਕ ਕੰਮ ਨਾਲ ਸਿੱਖ ਧਰਮ ਜਾਂ ਸਮਾਜ ਦੀ ਕਿਸ ਤਰ੍ਹਾਂ ਹੇਠੀ ਹੋ ਜਾਏਗੀ? ਬਲਕਿ ਮੇਰੀ ਸਮਝ ਅਨੁਸਾਰ ਸਿੱਖ ਸਮਾਜ ਦੇ ਖੁੱਲੇ੍ਹ ਵਿਹੜੇ ਤੇ ਮਹੌਲ ਦੇ ਸਬੂਤ ਵਜੋਂ ਸਤੁੰਸ਼ਟਤਾ ਭਰੀ ਗੱਲ ਹੋਵੇਗੀ| ਸੋ ਮੈਂ ਯੁਨੀਵਰਸਿਟੀ ਦੇ ਸਿੱਖ ਧਰਮ ਦੇ ਅਧਿਐਨ ਵਿਭਾਗਾਂ ਦੇ ਮੁਖੀਆਂ ਤੇ ਸਟਾਫ ਨੂੰ ਅਪੀਲ ਕਰਾਂਗਾ ਕਿ ਉਹ ਪ੍ਰੋਫੈਸਰ ਮੈਕਲਾਊਡ ਦੇ ਨਾਂ ਦੀ ਸਿਫਾਰਸ਼ ਕਰਕੇ ਮਾਣ ਦੇਣ|
ਅਕਾਲ ਤਖਤ ਰਾਹੀਂ ਮਾਣ ਦੁਆਉਣ ਲਈ ਸਨਿਮਰ ਪੂਰਕ ਬੇਨਤੀ ਸੀ, ਦਿਆਨਤਦਾਰੀ ਨਾਲ ਕੀਤੀ ਬਿਨੈ, ਗਿਲੇ ਵਜੋਂ ਨਹੀਂ| ਜੋ ਵਿਦਵਾਨ ਸ਼੍ਰੋਮਣੀ ਕਮੇਟੀ ਵਲੋਂ ਸਲਾਹੂ ਬੋਰਡਾਂ ਦੇ ਮੈਂਬਰ ਹਨ ਜਾਂ ਰਹੇ ਹਨ, ਜਿਹਨਾਂ ’ਚ (ਬਲਕਾਰ ਸਿੰਘ, ਖੜਕ ਸਿੰਘ, ਬਲਵੰਤ ਸਿੰਘ ਢਿਲੋਂ ਤੇ ਹੋਰ ਬੁੱਧੀਮਾਨ ਹਨ) ਮੈਂ ਸੁਹਿਰਦਤਾ ਨਾਲ ਦਰਖਾਸਤ ਕਰਾਂਗਾ ਕਿ ਇਸ ਤਜਵੀਜ ਨੂੰ ਅੱਗੇ ਤੋਰਨ| ਅਕਾਲ ਤਖਤ ਦੇ ਸੰਚਾਲਕਾਂ ਦਾ ਕੋਈ ਫੇਸਲਾ ਹੋਵੇ ਉਸ ਪ੍ਰਤੀ ਹਮੇਸ਼ਾ ਵਾਂਗ ਮੇਰਾ ਸਿਰ ਝੁਕਦਾ ਰਹੇਗਾ|

ਦਰਸ਼ਨ ਸ .ਤਾਤਲ


ਹੁਣ’ ਦੀ ਜਨਮ ਲੜੀ ਤੋਂ ਅਣਗਿਣਤ ਭਾਵ ਅੱਠਵੀਂ ਲੜੀ ਤੱਕ ਮੈਂ ਸਾਰੀਆਂ ਹੀ ਲੜੀਆਂ ਪੜ੍ਹੀਆਂ ਹਨ| ਦਿਲ ਟੁੰਬਵਾਂ ਮੈਟਰ ਦੇਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ| ਇਸ ਵਾਰ ਜਿਸ ਕਲਾ ਕ੍ਰਿਤ ਨੇ ਮੈਨੂੰ ਖ਼ਤ ਲਿਖਣ ਲਈ ਮਜ਼ਬੂਰ ਕੀਤਾ ਹੈ ਉਹ ਹੈ ਅਜੇ ਵਰਮਾ ਦੀ ਖਿੱਚੀ ਬਚਪਨ ਦੀ ਤ੍ਰਾਸਦੀ ਦੀ ਤਸਵੀਰ| ਇਹ ਤਸਵੀਰ ਦੇਖ ਕੇ ਮੈਂ ਕੁਝ ਪਲ ਤਾਂ ਸੁੰਨ ਜਿਹੀ ਹੀ ਹੋ ਗਈ| ਐਨੀ ਲਾਚਾਰੀ ਦਿਖਾਈ ਹੈ ਇਸ ਤਸਵੀਰ ਵਿਚ, ਮੇਰੀਆਂ ਅੱਖਾਂ ਨਮ ਹੋ ਗਈਆਂ। ਅਗਲੇ ਕਈ ਦਿਨ ਦੁਬਾਰਾ ਇਸ ਤਸਵੀਰ ਨੁੰ ਦੇਖਣ ਦੀ ਹਿੰਮਤ ਨਹੀਂ ਪਈ| ਅਜੇ ਵਰਮਾ ਦਾ ਪੇਸ਼ ਕੀਤਾ ਸੱਚ ਦਿਲ ਕੰਬਾਊ ਹੈ| ਅਜਿਹੇ ਕਰਮਯੋਗੀ ਬਚਪਨ ਨੂੰ ਮੇਰਾ ਦਿਲੋ ਸਲਾਮ ਹੈ|
ਇਸ ਵਾਰ ਤਕਰੀਨਬ ਚਾਲੀ ਸਫ਼ਿਆਂ ਦੀ ਮੁਲਾਕਾਤ ਕਈ ਥਾਂਈ ਅਕਾਊ ਲੱਗੀ| ਫਲਸਫਾ ਤੇ ਉਹ ਵੀ ਮੁਲਾਕਾਤ ’ਚ, ਕੁਝ ਰੜਕਿਆ| ਤੂੰ, ਤੈਨੂੰ, ਤੇਰਾ ਵਰਗਾ ਅਪਣੱਤ ਅਤੇ ਸਤਿਕਾਰਹੀਣ ਸੰਬੋਧਨ ਤਾਂ ਖ਼ੈਰ ਹਰ ਮੁਲਾਕਾਤ ’ਚ ਹੀ ਰੜਕਦਾ ਹੈ ਪਰ ਤੁਹਾਡੇ ਵੱਲੋਂ ਇਹ ਸਟਾਇਲ ਬਦਲਿਆ ਨਹੀਂ ਗਿਆ| ਖੈLਰ ਤੁਹਾਡੀ ਮਰਜ਼ੀ
ਮੇਰੇ ਮਨਪਸੰਦ ਕਾਲਮ ਕਵਿਤਾਵਾਂ ਅਤੇ ਹਕੀਕਤਾਂ ਹਰ ਵਾਰ ਹੀ ਇਕ ਨਵੀਂ ਜਾਣਕਾਰੀ ਅਤੇ ਹੁਲਾਰਾ ਦਿੰਦੀਆਂ ਹਨ| ‘ਰੰਗਾਂ’ ਨਾਲ ਅੰਬਰੀਸ਼ ਜੀ ਦੀ ਪੇਸ਼ਕਾਰੀ ਨੇ ਚਿੱਟੇ ਕਾਗਜ਼ ’ਤੇ ਲਿਖੇ ਸਿਆਹ ਅੱਖਰਾਂ ਨੇ ਵੀ ਕਲਪਨਾ ਦਾ ਕੈਨਵਸ ਰੰਗ ਬਰੰਗਾਂ ਕਰ ਦਿੱਤਾ| ਅੰਬਰੀਸ਼ ਜੀ ਵਲੋਂ ਅੱਖਰਾਂ ਨਾਲ ਖੇਡੀ ਹੋਲੀ ਚੰਗੀ ਲੱਗੀ|
ਲੰਮਾ ਸਮਾਂ ਤਕਰੀਬਨ ਸ਼ੁਰੂ ਤੋਂ ਹੁਣ ਤੱਕ ‘ਹੁਣ’ ਦੇ ਪਰਮਾਨੈਂਟ ਲੇਖਕ ਅਤੇ ਵਿਵਾਦਤ ਸੰਵਾਦ ਦੇ ਸੂਤਰਧਾਰ ਸਤੀ ਕੁਮਾਰ ਦੀ ਮੌਤ ’ਤੇ ਅਫਸੋਸ ਵੀ ਜ਼ਾਹਿਰ ਕਰਦੀ ਹਾਂ ਤੇ ਉਨ੍ਹਾਂ ਦੀ ਇਸ ਵਾਰ ਦੀ ਬੇਬਾਕ ਰਚਨਾ ਲਈ ਧੰਨਵਾਦ ਵੀ ਕਰਦੀ ਹਾਂ| ਸਵਰਨ ਚੰਦਨ ਦੀ ਕਹਾਣੀ ‘ਕੈਂਠਾ’ ਪਸੰਦ ਆਈ| ਇਕ ਅਣਮਨੁੱਖੀ ਸੱਚੀ ਘਟਨਾ ਅਤੇ ਬੇਇਨਸਾਫੀ ਵਿਰੁੱਧ ਕੀਤੇ ਸੰਘਰਸ਼ ਨੂੰ ਦਸਤਾਵੇਜ਼ ਬਣਾਉਂਦੀ ਅਤਰਜੀਤ ਦੀ ਕਹਾਣੀ ‘ਕੰਧਾਂ ’ਤੇ ਲਿਖੀ ਇਬਾਰਤ’ ਬਹੁਤ ਹੀ ਪਸੰਦ ਆਈ| ਅਤਰਜੀਤ ਜੀ ਨੇ ਇਕ ਸੱਚ ਨੂੰ ਇਤਿਹਾਸਕ ਦਸਤਾਵੇਜ਼ ਬਣਾ ਦਿੱਤਾ ਕਿਉਂਕਿ ਸਾਹਿਤ ਸਮੇਂ ਦੇ ਸੱਚ ਦੀ ਪੇਸ਼ਕਾਰੀ ਹੀ ਤਾਂ ਹੁੰਦਾ ਹੈ|
ਮਨਮੋਹਨ ਜੀ ਦਾ ਲੇਖ ‘ਸਤਵੰਜਾ ਦਾ ਗਦਰ ਤੇ ਸਿੱਖ’ ਸਿੱਖ ਕੌਮ ਦੇ ਮੱਥੇ ਲੱਗੇ ਇਲਜ਼ਾਮ ਨੂੰ ਸਾਫ਼ ਕਰਦਾ ਹੈ। ਮੈਂ ਮਨਮੋਹਨ ਜੀ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ‘ਹੁਣ’ ਦੇ ਜ਼ਰੀਏ ਇਹ ਪਵਿੱਤਰ ਯਤਨ ਕੀਤਾ|
ਬਾਕੀ ‘ਹੁਣ’ ਮੇਰੀ ਪਸੰਦੀਦਾ ਪੱਤ੍ਰਿਕਾ ਹੈ| ਮੈਂ ਹੋਰਨਾਂ ਨੂੰ ਵੀ ਪੜ੍ਹਾਉਂਦੀ ਹਾਂ ਅਤੇ ਸਾਡੀ ਮਹੀਨਾਵਾਰ ਸਾਹਿਤਕ ਮਹਿਫਲ ਵਿਚ ਇਸ ਵਿਚਲੇ ਮੈਟਰ ’ਤੇ ਵਿਚਾਰ ਚਰਚਾ ਵੀ ਕਰਦੀ ਹਾਂ| ਇਸ ਵਾਰ ਮਨਮੋਹਨ ਜੀ ਦਾ ਅਤੇ ਬਿਪਨ੍ਰੀਤ ਦਾ ਲੇਖ ਸਾਡੀ ਮਹਿਫਲ ਦੀ ਚਰਚਾ ਦਾ ਵਿਸ਼ੇ ਰਹੇ|

-ਹਰਪਿੰਦਰ ਰਾਣਾ, ਮੁਕਤਸਰ


LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!