ਚਿੱਠੀਆਂ ‘ਹੁਣ-8’

Date:

Share post:

ਕਾਫੀ ਪਹਿਲਾਂ ਤੁਹਾਡੀਆਂ ਭੇਜੀਆਂ ਤਿੰਨ ਪੁਸਤਕਾਂ ਮਿਲੀਆਂ ਸਨ| ਸੋਚਿਆ ਪੜ੍ਹ ਕੇ ਹੀ ਚਿੱਠੀ ਲਿਖਾਂਗਾ| ਪਹਿਲਾਂ ਤਾਂ ਇਹਨਾਂ ਦੀ ਦਿੱਖ ਦੀ ਵਧਾਈ| ਭਾਵੇਂ ਪੰਜਾਬੀ ਦੀ ਛਪਾਈ ਹੁਣ ਆਮ ਹੀ ਕਾਫ਼ੀ ਚੰਗੇ ਰੂਪ ਵਿਚ ਹੋ ਰਹੀ ਹੈ ਪਰ ਤੁਸੀਂ ਇਹਨਾਂ ਪੁਸਤਕਾਂ ਨੂੰ ਹਟਵਾਂ, ਬਹੁਤ ਖੂਬਸੂਰਤ ਰੂਪ ਦੇ ਸਕੇ ਹੋ|
‘ਵਿਸ਼ਵ ਦੇ ਮਹਾਕਵੀ’ ਵਿਚ ਤੁਹਾਡੀ ਕਵੀਆਂ ਦੀ ਤੇ ਅੱਗੇ ਉਹਨਾਂ ਦੀਆਂ ਕਵਿਤਾਵਾਂ ਦੀ ਚੋਣ ਨੇ ਅਤੇ ਤੁਹਾਡੀ ਸਾਧਨਾ ਨੇ ਪ੍ਰਭਾਵਿਤ ਕੀਤਾ| ਪਾਬਲੋ ਨੇਰੂਦਾ ਦੀ ਕਵਿਤਾ ‘ਕਤੂਰੇ ਦੀ ਮੌਤ’ ਪੜ੍ਹ ਕੇ ਅਸੀਂ ਸਾਰਾ ਟੱਬਰ ਆਪਣੇ ਪਿਆਰੇ ਮੋਗਲੀ ਨੂੰ ਯਾਦ ਕਰਕੇ ਬਹੁਤ ਉਦਾਸ ਹੋ ਗਏ| ਇਹੋ ਤਾਂ ਉਹ ਕਵਿਤਾ ਹੈ ਜੋ ਮੈਂ ਲਿਖਣੀ ਚਾਹੁੰਦਾ ਰਿਹਾ ਪਰ ਲਿਖਣ ਦੇ ਸਮੱਰਥ ਨਾ ਹੋ ਸਕਿਆ|
‘ਆਖਾਂ ਜੀਵਾਂ’ ਮੈਨੂੰ ਇਸ ਕਰਕੇ ਪਿਆਰੀ ਲੱਗੀ ਕਿਉਂਕਿ ਇਸਨੇ ਮੈਨੂੰ ਦੋ ਸਾਲ ‘ਪੰਜਾਬੀ ਟ੍ਰਿਬਿਊਨ’ਵਿਚ ਲਿਖੇ ਆਪਣੇ ਐਤਵਾਰੀ ਸੰਪਾਦਕੀਆਂ ਦਾ ਚੇਤਾ ਸੱਜਰਾ ਕਰਵਾ ਦਿੱਤਾ| ਮੈਂ ਅਜਿਹੀਆਂ ਲਿਖਤਾ ਨੂੰ ‘ਸਾਹਿਤਕ ਪੱਤਰਕਾਰੀ’ ਆਖਦਾ ਹਾਂ ਜੋ ਸਾਹਿਤ ਵਾਂਗ ਚਿਰਜੀਵੀ ਹੁੰਦੀ ਹੈ|
‘ਸੁਖਨ ਸੁਹੇਲੇ’ ਭਾਵੇਂ ਪਹਿਲਾਂ ਪੜੇ੍ਹ ਹੋਏ ਸਨ ਪਰ ਇਹਨਾਂ ਨੂੰ ਪੁਸਤਕ ਦੇ ਰੂਪ ਵਿਚ ਸਾਂਭ ਕੇ ਤੁਸੀਂ ਚੰਗਾ ਕੀਤਾ|
ਦੋਸਤਾਂ ਦੀਆਂ ਭੇਜੀਆਂ ਪੁਸਤਕਾਂ ਆਉਂਦੀਆਂ ਰਹਿੰਦੀਆਂ ਹਨ| ਯਾਦ ਕਰਨ ਲਈ ਉਹਨਾਂ ਦੇ ਧੰਨਵਾਦੀ ਵੀ ਮਹਿਸੂਸ ਕਰੀਦਾ ਹੈ| ਪਰ ਇਹ ਪੁਸਤਕਾਂ ਪ੍ਰਾਪਤ ਕਰ ਕੇ ਕੇਵਲ ਧੰਨਵਾਦ ਨਾਲ ਨਹੀਂ ਸਰਿਆ| ਤੁਹਾਡੀ ਏਨੀ ਮਿਹਨਤ ਤੋਂ ਇਲਾਵਾ ਏਨਾ ਖਰਚਾ। 165 ਰੁਪਏ ਦਾ ਚੈਕ ਭੇਜ ਰਿਹਾ ਹਾਂ |
ਗੁਰਬਚਨ ਸਿੰਘ ਭੁਲਰ, ਦਿੱਲੀ


ਮਨੁੱਖ ਇਤਿਹਾਸ ਦੀ ਸਿਰਜਣਾ ਹੈ ਕਿ ਇਤਿਹਾਸ ਦਾ ਸਿਰਜਕ ਮਨੁੱਖ ਹੈ। ਇਸ ਦਵੰਧ ਤੋਂ ਇੱਕ ਗੱਲ ਜੋ ਸਪੱਸ਼ਟ ਹੈ ਉਹ ਇਹ ਕਿ ਸਿਰਜਣਾ, ਸਿਰਜਣ ਪਰਕ੍ਰਿਆ ਦਾ ਉਹ ਪਹਿਲਾ ਕਦਮ ਹੈ ਜੋ ਅਚੇਤ ਹੀ ਪਹਿਲਾਂ ਸਾਹਿਤ ਤੇ ਫੇਰ ਦਰਸ਼ਨ ਜਾਂ ਫਲਸਫੇ ਵਿਚ ਪ੍ਰਵਰਤਿਤ ਹੁੰਦਾ ਰਹਿੰਦਾ ਹੈ | ਮਨਿੰਦਰ ਦੀ ਕਹਾਣੀ ‘ਭਾਰ’ ਪ੍ਰਮਾਣਿਕ ਯਥਾਰਥਕ ਰਚਨਾ ਹੋਣ ਦੇ ਨਾਲ ਨਾਲ ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਕਿਸੇ ਵੀ ਸਾਂਝੇ ਦੁਖਾਂਤ ਨੂੰ ਤਤਕਾਲਿਕ ਉਪਭਾਵਕ ਪ੍ਰਤੀਕਰਮ ਨਹੀਂ ਸਗੋਂ ਹਰ ਮਹਾਨ ਸਾਹਿਤ ਨੂੰ ਇੱਕ ਪ੍ਰਮਾਣਿਕਤਾ ਗ੍ਰਹਿਣ ਕਰਨ ਲਈ ਇਕ ਕਾਲ ਦੀ ਵਿਥ ਜਰੂਰੀ ਹੁੰਦੀ ਹੈ| ਧਰਾਤਲ ’ਤੇ ਕਹਾਣੀ ਕਿਸੇ ਸਤਹੀ ਘਟਨਾ-ਕ੍ਰਮ ਦੀ ਵਿਆਖਿਆ ਮਾਤਰ ਲੱਗਦੀ ਹੈ| ਪ੍ਰੰਤੂ ਧਰਤੀ ਦੇ ਥੱਲੇ ਵਗਦੇ ਅਦ੍ਰਿਸ਼ ਜਲ-ਪ੍ਰਵਾਹ ਦੀ ਤਰ੍ਹਾਂ ਇਹ ਬਹੁਤ ਗਹਿਰੀਆਂ ਪਰਤਾਂ ਨੂੰ ਉਧੇੜਨ ਵਿਚ ਸਫ਼ਲ ਹੋ ਜਾਂਦੀ ਹੈ| ਜਿਵੇਂ ਰਾਜ-ਤੰਤਰ ਦੇ ਜਾਲ ਜੰਜਾਲ ਪ੍ਰਸ਼ਾਸਨ ਅਤੇ police ਦਾ ਘੋਰ ਅੰਨਾਪਣ ਅਤੇ ਇਕ movement ਵਿਚ ਮਰਜ਼ੀ ਨਾਲ ਜਾਂ ਮਜਬੂਰੀਆਂ ਕਾਰਨ ਘਿਰੇ ਫਸੇ victims ਦੀਆਂ ਹੋਣੀਆਂ ਆਦਿ ਸਭ ਇਸ ਕਹਾਣੀ ਦਾ ਮਾਹੌਲ ਹਨ| ਇਹ ਕਹਾਣੀ ਨਿੱਕੀ ਹੁੰਦੀ ਹੋਈ ਇੱਕ ਨਾਵਲ ਦੀ ਪਰਿਭਾਸ਼ਾ ਨੂੰ ਉਦਘਾਟਿਤ ਕਰਦੀ ਹੋਈ epic ਸਵਰੂਪ ਗ੍ਰਹਿਣ ਕਰਦੀ ਜਾਪਦੀ ਹੈ| ਕਿਉਂਕਿ ਇਸ ਦੇ ਬੋਲਾਂ ਪਿੱਛੇ ਛੁਪੀ ਚੁੱਪ ਇੱਕ ਹੋਰ ਵੱਡਾ ਵਿਸਥਾਰ ਗ੍ਰਹਿਣ ਕਰਨ ਲਗ ਪੈਂਦੀ ਹੈ ਅਤੇ ਜਿਸਦੇ ਪਾਤਰ ਤੇ ਘਟਨਾਵਾਂ ਮੌਲਿਕ ਅਤੇ ਹੱਡਮਾਸ ਦੇ ਸਾਡੇ ਨਜ਼ਦੀਕੀ ਕਾਲੇ ਇਤਿਹਾਸ ਦੇ ਪਦਚਿੰਨ੍ਹ ਬਣ ਜਾਂਦੇ ਹਨ| ਜਿਵੇਂ ਲਹੂ ਨਾਲ ਲਿਬੜੇ ਪੈਰਾਂ ਨਾਲ ਲਿਤਾੜਦਾ ਕਾਲ ਕੁਝ ਕੁ ਪਲ ਸਾਡੀ ਛਾਤੀ ਨੂੰ ਲਿਤਾੜਦਾ ਲੰਘ ਗਿਆ ਹੋਵੇ ਅਤੇ ਉਸ ਸਭ ਦਾ ਭਾਰ ਸਾਡੇ ਦਿਲਾਂ ’ਤੇ ਅੰਕਿਤ ਕਰ ਗਿਆ ਹੋਵੇ| ਭਾਵੇ ਇਸ ਇਤਿਹਾਸ ਵਿਚ ਅਸੀਂ ਹਿੱਸਾ ਲਿਆ ਹੋਵੇ ਜਾਂ ਨਾਂ| ਇਹ ਭਾਰ ਹੁਣ ਸਾਡੀ ਸਾਂਝੀ ਅਤੇ ਕੋਹਜੀ ਵਿਰਾਸਤ ਬਣ ਗਿਆ ਹੈ |
ਅਮਰਜੀਤ ਪਰਾਗ, ਮੰਡੀ ਅਹਿਮਦਗੜ੍ਹ


ਭਾਵੇਂ ਮੈਂ ਅਪਣੇ ਬਾਰੇ ਕੀਤੀ ਗਈ ਕਿਸੇ ਟਿੱਪਣੀ ਉੱਪਰ ਪ੍ਰਤੀਕਰਮ ਕਰਨ ਤੋਂ ਸੰਕੋਚ ਕਰਦਾ ਆਇਆ ਹਾਂ ਪਰ ਤੁਸਾਂ ਜ਼ੋਰ ਪਾ ਕੇ ਮੈਨੂੰ ਆਪਣਾ ਪ੍ਰਤੀਕਰਮ ‘ਹੁਣ’ ਦੇ ਪਾਠਕਾਂ ਹਿਤ ਲਿਖ ਕੇ ਭੇਜਣ ਲਈ ਰਜ਼ਾਮੰਦ ਕਰ ਲਿਆ, ਸੋ ਹਾਜ਼ਰ ਹਾਂ|
ਪਹਿਲਾਂ ਤਾਂ ਸੁਹਿਰਦ ਵੀਰਾਂ ਨੇ ਕੁਝ ਐਸੇ ਅੱਖਰ ਮੇਰੇ ਮੂੰਹ ਵਿਚ ਪਾ ਦਿੱਤੇ ਹਨ, ਜੋ ਮੈਂ ਕਹੇ ਨਹੀਂ| ਵੀਰ ਭੀਮ ਇੰਦਰ ਸਿੰਘ ਹੋਰਾਂ ਕਿਹਾ ਹੈ, “ਡਾ ਨੇਕੀ ਪੰਜਾਬੀ ਦੇ ਪ੍ਰਸਿੱਧ “ਦਾਰਸ਼ਨਿਕ” ਕਵੀ (ਉਹਨਾਂ ਦੇ ਆਪਣੇ ਸ਼ਬਦਾਂ ਵਿਚ) ਹਨ|” ਦੋ ਵਾਰ ਅਪਣੇ ਸੰਵਾਦ ਨੂੰ ਪੜ੍ਹਨ ’ਤੇ ਵੀ ਮੈਨੂੰ ਇਹ ਬੋਲ ਕਿਤੇ ਲੱਭੇ ਨਹੀਂ| ਮੈਨੂੰ ਪੁੱਛਿਆ ਗਿਆ ਸੀ, ‘ਕੀ ਮੇਰੀ ਕਵਿਤਾ ਪੂਰਨ ਸਿੰਘ ਵਰਗੀ ਨਹੀਂ ਲਗਦੀ?’ ਤਾਂ ਮੈਂ ਕਿਹਾ ਸੀ “ਮੇਰੀ ਕਵਿਤਾ ਵਿਚ ਜਜ਼ਬੇ ਨਾਲੋਂ ਵੱਧ ਗਿਆਨ ਭਾਰੂ ਹੋਇਆ ਜਾਪਦਾ ਹੈ| ਸ਼ਬਾਦਾਵਲੀ ਮੇਰੀ ਵੀ ਕਾਵਿਕ ਨਾਲੋਂ ਵੱਧ ਦਾਰਸ਼ਨਿਕ ਹੈ| ਇਸ ਲਈ ਇਸ ਨੂੰ ਦਾਰਸ਼ਨਿਕ ਕਾਵਿ ਤਾਂ ਕਹਿ ਸਕਦੇ ਹਾਂ|’ ਇਹ ਗਲ ਵੀ ਮੈਂ ਅਪਣੇ ਆਪ ਨੂੰ ਪੂਰਨ ਸਿੰਘ ਤੋਂ ਬਹੁਤ ਛੋਟੇ ਕਵੀ ਹੋਣ ਦੇ ਹੱਕ ਵਿਚ ਆਖੀ | ਕਿਸੇ ਹੋਰ ਕਥਨ ਵਿਚ ਵੀ ਮੈਂ ਅਪਣੇ ਆਪ ਨੂੰ “ਪ੍ਰਸਿੱਧ ਦਾਰਸ਼ਨਿਕ ਕਵੀ” ਕਿਤੇ ਨਹੀਂ ਆਖਿਆ| ਦੂਜੀ ਗੱਲ ਅਵਤਾਰ ਸਿੰਘ ਜੌਹਲ ਓ. ਬੀ.ਈ. ਨੇ ਮੇਰੇ ਮੂੰਹ ਵਿਚ ਪਾਈ ਹੈ| ਉਹਨਾਂ ਇਹ ਲਿਖਿਆ ਹੈ ਕਿ “ਉਹ (ਭਾਵ ਨੇਕੀ ਹੋਰੀਂ) ਇਹ ਦਾਅਵਾ ਵੀ ਕਰਦੇ ਹਨ ਕਿ ਉਹਨਾਂ ਨੇ ਕਿਸੇ ਵੀ ਕਾਮਰੇਡ ਤੋਂ ਵੱਧ ਮਾਰਕਸਵਾਦ ਪੜ੍ਹਿਆ ਹੈ| ਜਦੋਂ ਮੈਨੂੰ ਪੁੱਛਿਆ ਗਿਆ ਕਿ “ ਤੁਸੀਂ ਮਾਰਕਸਵਾਦ ਕਿੰਨਾ ਪੜ੍ਹਿਆ ਹੈ?” ਤਾਂ ਮੈਂ ਕੇਵਲ ਇਤਨਾ ਕਿਹਾ ਸੀ ਕਿ “ਬਹੁਤ ਸਾਰੇ ਕਾਮਰੇਡਾਂ ਤੋਂ ਵੱਧ” ਬੁੱਧੀਮਾਨ ਪਾਠਕ ਦੋਹਾਂ ਗੱਲਾਂ ਵਿਚਲੇ ਫ਼ਰਕ ਨੂੰ ਬਾਖ਼ੂਬੀ ਪਛਾਣ ਲੈਣਗੇ|
ਭੀਮ ਇੰਦਰ ਸਿੰਘ ਜੀ ਬਿਲਕੁਲ ਠੀਕ ਕਹਿੰਦੇ ਹਨ ਕਿ “ਨੇਕੀ ਸਾਹਿਬ ਨਾ ਤਾਂ ਮਾਰਕਸਵਾਦ ਤੋਂ ਜਾਣੂ ਹਨ,ਅਤੇ ਨਾ ਹੀ ਅਪਣੇ,ਭਾਵ ਸਿੱਖ ਇਤਿਹਾਸ ਦੀ ਰੂਹ ਨੂੰ ਪਛਾਣਦੇ ਹਨ| ਮਾਰਕਸਵਾਦ ਦਾ ਪਾਠੀ ਹੋਣ ਦਾ ਯਤਨ ਮੈਂ ਜ਼ਰੂਰ ਕੀਤਾ ਹੈ, ਪਰ ਅਭਿਆਸੀ ਨਹੀਂ ਹੋ ਪਾਇਆ| ਸਿੱਖ ਵੀ ਟੁੱਟਾ ਭੱਜਾ ਹੀ ਹਾਂ| ਇਸ ਲਈ ਦੋਹਾਂ ਧਿਰਾਂ ਬਾਰੇ ਅਪਣਾ ਅਗਿਆਨ ਮੰਨਣ ਵਿਚ ਮੈਨੂੰ ਕੋਈ ਝਿਜਕ ਨਹੀਂ| ਪਰ ਜੇ ਮੈਨੂੰ ਅਪਣਾ ਅਗਿਆਨ ਖਲੇਰਨ ਦੀ ਰਤਾ ਕੁ ਹੋਰ ਆਗਿਆ ਹੋਵੇ, ਤਾਂ ਕੁਝ ਨੁਕਤੇ ਆਪਦੇ ਦ੍ਰਿਸ਼ਟੀ-ਗੋਚਰ ਕਰਨਾ ਚਾਹਾਂਗਾ| ਵੀਰ ਭੀਮ ਇੰਦਰ ਸਿੰਘ ਜੀ ਨੇ ਤਿੰਨ ਨੁਕਤੇ ਉਠਾਏ ਹਨ| ਪਹਿਲਾ ਇਹ ਕਿ “ਕੋਈ ਕਵੀ ਜਾਂ ਸਾਹਿਤਕਾਰ ਚਾਹੁੰਦਾ ਹੋਇਆ ਵੀ ਕਿਸੇ ਵਾਦ ਤੋਂ ਬੇਪਰਵਾਹ ਨਹੀਂ ਹੋ ਸਕਦਾ| “ਵਾਦ” ਬੁਨਿਆਦੀ ਤੌਰ ’ਤੇ ਕਾਵਿ ਦੀ ਸ਼੍ਰੇਣੀ (category) ਨਹੀਂ ਹੈ। ਦਾਰਸ਼ਨਿਕਾਂ, ਵਿਗਿਆਨੀਆਂ, ਮਨੋਵਿਗਿਆਨੀਆਂ, ਸਿਆਸਤਦਾਨਾਂ ਸਭ ਲਈ ਵਾਦ ਰਚਣੇ ਤੇ ਉਹਨਾਂ ਦੀ ਸਫਾਈ ਪੇਸ਼ ਕਰਨੀ ਜਾਇਜ਼ ਹੈ| ਕਿਸੇ ਹੱਦ ਤੱਕ ਸਾਹਿਤਕ ਆਲੋਚਕਾਂ ਲਈ ਵੀ| ਪਰ ਕਵੀ ਲਈ ਨਹੀਂ। ਕਾਵਿ ਦਾ ਕਥਨ ਤਾਂ ਸੁਤੰਤਰ ਚੇਤਨਾ ਦੀ ਆਵਾਜ਼ ਹੋਣਾ ਚਾਹੀਦਾ ਹੈ। ਕਵੀ ਜੇ ਕਿਸੇ ਵਾਦ ਦਾ ਪਿਛਲੱਗ ਹੋ ਜਾਵੇ ਤਾਂ ਉਸ ਵਾਦ ਦਾ ਪ੍ਰਚਾਰਕ ਹੋ ਜਾਂਦਾ ਹੈ| ਪ੍ਰਚਾਰਕ ਕਵਿਤਾ ਕਲਾ ਪੱਖੋਂ ਵੀ ਜ਼ਰੂਰ ਲਿੱਸੀ ਪੈ ਜਾਂਦੀ ਹੈ| ਜੋ ਲੇਖਕ ਅਪਣੇ ਬੋਲ ਨਹੀਂ ਬੋਲਦਾ ਉਹ ਮੌਲਿਕ ਕਿਵੇਂ ਮੰਨਿਆ ਜਾਵੇਗਾ? ਹਰ ਵਾਦ ਵਿਚਾਰਾਂ ਨੂੰ ਬੰਦਿਸ਼ ਵਿਚ ਬੰਨ੍ਹਦਾ ਹੈ, ਪਰ ਕਾਵਿ ਕਲਪਨਾ ਨੂੰ ਬੰਦਿਸ਼ ਪਰਵਾਨ ਨਹੀਂ ਹੋਂਦੀ| ਦੂਜਾ ਨੁਕਤਾ ਉਹਨਾਂ ਦਾ ਮੇਰੇ ਇਸ ਕਥਨ ਬਾਰੇ ਹੈ ਕਿ “ਮਾਰਕਸਵਾਦੀ ਕਵਿਤਾ ਵਿਚ ਚਗਲੇ ਹੋਏ ਵਿਚਾਰਾਂ ਨੂੰ ਕਵੀ ਅਪਣੇ ਆਪ ਕਾਵਿ ਸ਼ਿਲਪ ਦੀਆਂ ਥੰਮੀਆਂ ਦੇ ਕੇ ਖੜ੍ਹਾ ਕਰਦੇ ਪ੍ਰਤੀਤ ਹੋਂਦੇ ਹਨ।ਂ” ਇਸ ਦਾ ਉੱਤਰ ਤਾਂ ਕੁਝ ਮਿਸਾਲਾਂ ਦੇ ਕੇ ਹੀ ਦਿੱਤਾ ਜਾ ਸਕਦਾ ਹੈ| ਮੈਂ ਇਹ ਮਿਸਾਲਾਂ ਸਾਹਿਤ ਅਕਾਦਮੀ ਦੀ ਪੁਸਤਕ “ਸ਼ਤਾਬਦੀ ਸ਼ਾਇਰ ਮੋਹਨ ਸਿੰਘ” ਵਿਚੋ ਹੀ ਲਈਆਂ ਹਨ ਤੇ ਇਹ ਕਈ ਲੇਖਕਾਂ ਨੇ ਮੋਹਨ ਸਿੰਘ ਬਾਰੇ ਲਿਖਦਿਆਂ ਆਪਣੇ ਲੇਖਾਂ ਵਿਚ ਵਰਤੀਆਂ ਹਨ, ਸੋ ਇਹ ਬੜੀ ਹੱਦ ਤਕ ਮੁਸੱਦਕਾ ਸਮਝੀਆਂ ਜਾ ਸਕਦੀਆਂ ਹਨ| ਪਹਿਲਾਂ ਮਾਰਕਸਵਾਦੀ ਕਾਵਿ ਲਓ :

ਦੋ ਟੋਟਿਆਂ ਦੇ ਵਿਚ ਭੋਂ ਵੰਡੀ
ਇਕ ਮਹਿਲਾਂ ਦੀ ਇਕ ਢੋਕਾਂ ਦੀ
ਦੋ ਧੜਿਆਂ ਵਿਚ ਖ਼ਲਕਤ ਵੰਡੀ
ਇਕ ਲੋਕਾਂ ਦੀ ਇਕ ਜੋਕਾਂ ਦੀ|
ਭਂੋ ਦੇ ਪੁੱਤਰ ਭੋਂ ਦੇ ਮਾਲਕ ਬਣ ਗਏ
ਭੋਂ ਦੇ ਦੁਸ਼ਮਣ ਰੱਜ ਕੇ ਹੋਏ ਖ਼ਵਾਰ|
ਹੋਇਆ ਸਰਮਾਏ ਦਾ ਮੈਖ਼ਾਨਾ ਵਿਰਾਨ
ਉਤਰਿਆ ਜਾਗੀਰਦਾਰੀ ਦਾ ਖ਼ੁਮਾਰ |

ਮਾਓ ਦੇ ਵਿਚਾਰਾਂ ਵਿਚ
ਸਦੀਵੀ ਇਨਕਲਾਬ ਲਈ ਥਾਂ ਤਾਂ ਹੈ,
ਸਦੀਵੀ ਸੋਗ ਲਈ ਕੋਈ ਥਾਂ ਨਹੀਂ|

ਪੂੰਜੀਦਾਰਾ ਮੰਨਿਆ ਤੂੰ ਜੇਹਲਖਾਨੇ ਭਰ ਦਿੱਤੇ
ਬਾਕੀ ਦੇ ਕਿਰਸਾਨ ਕਿਰਤੀ ਧਰਤੀ ਥੱਲੇ ਕਰ ਦਿੱਤੇ
ਉਹਨਾਂ ਨੂੰ ਬੇਪਰ ਤੂੰ ਕੀਤਾ ਜਿੰਨਾਂ੍ਹ ਤੈਨੂੰ ਪਰ ਦਿੱਤੇ
ਆਉਣ ਵਾਲੀ ਪਰ ਕਿਆਮਤ ਹੋਣ ਵਾਲੀ ਹੋਏਗੀ
ਤਾਂਬੇ ਦਾ ਅਸਮਾਨ ਬਣਸੀ ਧਰਤ ਬਣਸੀ ਲੋਹੇ ਦੀ|

ਦਾਤੀਆਂ ਹਥੌੜਿਆਂ ਦੀ ਤੁਹਾਨੂੰ ਪਾਵਾਂ ਸਹੁੰ ਜੀ |
ਨਹੁੰ ਨਹੁੰ ਖੋਟੇ ਰਾਕਸ਼ ਦੀ ਸੰਘੀ ਦਿਉ ਨਹੁੰ ਜੀ
ਅਗੇ ਵਧੋ ਲੋਕੋ ਪਾ ਕੇ ਹੱਥਾਂ ਵਿਚ ਹੱਥ ਜੀ
ਕਿਰਤੀਓ ਕਿਸਾਨੋ ਵੇਲਾ ਆਉਣਾ ਨਾ ਵੱਤ ਜੀ
ਜਾਗ ਕਿਰਸਾਨਾਂ ਤਿੱਖੀ ਹੋ ਗਈ ਆ ਲੁੱਟ ਵੇ
ਕਹਿਣਾ ਅਜੀਤ ਸਿੰਘ ਦਾ ਭੁੰਜੇ ਨਾ ਸੁੱਟ ਵੇ
ਕੁਝ ਤਾਂ ਵਿਚਾਰ ਤੇਰਾ ਮੰਦਾ ਕਿਉ ਹਾਲ ਓ
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓ |
ਲਓ ਹੁਣ ਗ਼ੈਰ ਮਾਰਕਸਵਾਦੀ ਕਾਵਿ ਦੀਆਂ ਮਿਸਾਲਾਂ ਉਸੇ ਪੁਸਤਕ ਵਿਚੋਂ:-
ਮੈਂ ਹੁੰਦਾ ਜਾਂ ਕੁਝ ਹੋਰ ਹੋਰ
ਮੇਰੀ ਵੱਖਰੀ ਜਾਪੇ ਤੋਰ ਤੋਰ
ਕੋਈ ਆੳਂੁਦੀ ਜਾਵੇ ਯਾਦ ਯਾਦ
ਜਿੰਦ ਹੁੰਦੀ ਜਾਵੇ ਸਵਾਦ ਸਵਾਦ|…
ਜਿੰਦ ਤਰਬਾਂ ਉਠੀਆਂ ਲਰਜ਼ ਲਰਜ਼
ਅਨੀ ਅਕਲੇ ਅਜੇ ਨਾ ਵਰਜ ਵਰਜ |
ਨੱਚਣ ਦੇ ਅੜੀਏ ਨਗਨ ਨਗਨ ,
ਕੀ ਸੱਚ ਨੂੰ ਆਖੇ ਕਜਣ ਕਜਣ |…

ਰਾਤ ਦੁਪਹਿਰੇ ਸੰਝ ਸਵੇਰੇ ਮਹਿਕਣ ਫੁੱਲ ਚੌਗਿਰਦੇ ਮੇਰੇ|
ਭੋਲੇ ਭਾਲੇ ਪਿਆਰੇ ਪਿਆਰੇ
ਨਿਆਣੇ ਨਿਆਣੇ ,ਕੁਆਰੇ ਕੁਆਰੇ |
ਪਿਆਰ ਕਰਾਂ ਤੇ ਤਾਂ ਵੀ ਹੱਸਣ
ਵੈਰ ਕਰਾਂ ਤੇ ਤਾਂ ਵੀ ਹੱਸਣ,
ਤੋੜ ਲਵਾਂ ਤੇ ਤਾਂ ਵੀ ਹੱਸਣ,
ਛੋੜ ਦਿਆਂ ਤੇ ਤਾਂ ਵੀ ਹੱਸਣ,
ਦੁਨੀਆ ਵਾਂਗ ਨਾ ਰੋਵਣ ਰੁੱਸਨ|

ਸਾਡੇ ਖੂਹ ’ਤੇ ਵਸਦਾ ਰੱਬ ਨੀ|
ਜਿੱਥੇ ਘਮ ਘਮ ਵਗਨ ਹਵਾਵਾਂ,
ਤੇ ਘੁਮਰੀਆਂ ਘੁਮਰੀਆਂ ਛਾਵਾਂ
ਨੀ ਮੈਂ ਅੱਗ ਸੁਰਗਾਂ ਨੂੰ ਲਾਵਾਂ
ਜਦ ਪਏ ਇਥਾਈ ਲੱਭ ਨੀ|

ਪਰ ਪੜ੍ਹ ਪੜ੍ਹ ਪੁਸਤਕ ਢੇਰ ਕੁੜੇ
ਮੇਰਾ ਵੱਧਦਾ ਜਾਏ ਹਨੇਰ ਕੁੜੇ
ਕੁਝ ਅਜਬ ਇਲਮ ਦੀਆਂ ਜ਼ਿੱਦਾਂ ਨੇ
ਮੈਨੂੰ ਮਾਰਿਆ ਕੀ ਕਿੳਂੁ ਕਿੱਦਾਂ ਨੇ
ਮੈਂ ਨਿਸਚੇ ਬਾਝਂੋ ਭਟਕ ਰਿਹਾ
ਜੱਨਤ ਦੋਜ਼ਖ ਵਿਚ ਲਟਕ ਰਿਹਾ
ਗੱਲ ਸੁਣ ਜਾ ਭਟਕੇ ਰਾਹੀ ਦੀ
ਇਕ ਚਿਣਗ ਮੈਨੂੰ ਵੀ ਚਾਹੀਦੀ…।

ਉਮੀਦ ਹੈ, ਇਹ ਮਿਸਾਲਾਂ ਕਾਫੀ ਹੋਣਗੀਆਂ ਮੇਰਾ ਨੁਕਤਾ ਸਿੱਧ ਕਰਨ ਲਈ | ਮਾਰਕਸਵਾਦੀ ਕਵਿਤਾਵਾਂ ਵਿਚ ਵਿਚਾਰ ਚਗਲੇ ਹੋਏ ਹੀ ਹਨ | ਕਿਤਨੀ ਵਾਰੀ ਏਹੋ ਜਹੇ ਵਾਕ ਮੁੜ੍ਹ ਮੁੜ੍ਹ ਨਹੀਂ ਸੁਣੇ ਗਏ? ਕਲਾ ਕੌਸ਼ਲ ਵੀ ਇਹਨਾਂ ਮਿਸਾਲਾਂ ਵਿਚ ਨਿਸਬਤਨ ਕਾਫ਼ੀ ਕਮਜੋLਰ ਹੈ| ਜੇਕਰ ਮੈਂ ਕਿਹਾ ਕਿ ਕਲਾ ਕੌਸ਼ਲ ਦੀਆਂ ਥੰਮੀਆਂ ਦੇ ਕੇ ਇਹਨਾਂ ਵਿਚਾਰਾਂ ਨੂੰ ਖੜ੍ਹਾ ਕਰਨ ਦਾ ਯਤਨ ਕੀਤਾ ਗਿਆ ਹੈ ਤਾਂ ਇਸ ਦਾ ਇਹ ਭਾਵ ਨਹੀਂ ਕਿ ਇਹ ਕੌਸ਼ਲ ਪੂਰੀ ਤਰਾਂ੍ਹ ਕਾਇਮ ਹੈ, ਸਗੋਂ ਇਤਨਾ ਹੀ ਕਿ ਮਾਂਗਵੇਂ ਵਿਚਾਰਾਂ ਨੂੰ ਕਲਾ ਦੇ ਲਿੱਸੇ-ਪੱਕੇ ਬਲ ਰਾਹੀਂ ਖੜਾ ਕੀਤਾ ਜਾਂਦਾ ਹੈ| ਲੋਕ ਪੀੜਾਂ ਦੀ ਗੱਲ ਕਰਨੀ ਕਾਵਿ ਦਾ ਕਰਤੱਵ ਹੈ, ਪਰ ਜਦ ਇਹ ਸਿਆਸੀ ਵਾਦ ਦੀ ਪਿਛਲੱਗ ਹੋ ਕੇ ਐਸਾ ਕਰਨ ਲੱਗਦਾ ਹੈ ਤਾਂ ਆਪਣੀ ਸੁਤੰਤਰਤਾ ਵੀ ਗੁਆ ਲੈਂਦਾ ਹੈ ਤੇ ਮੌਲਿਕਤਾ ਵੀ| ਫਿਰ ਇਹ ਕਾਵਿ ਨਹੀਂ ਰਹਿੰਦਾ, ਪ੍ਰਚਾਰਕ ਤੁਕ ਬੰਦੀ ਜਹੀ ਹੋ ਕੇ ਰਹਿ ਜਾਂਦਾ ਹੈ|
ਤੀਸਰਾ ਨੁਕਤਾ “ਖੂਨੀ ਇਨਕਲਾਬ ਬਨਾਮ ਪਿਆਰਵਾਨ ਇਨਕਲਾਬ” ਦਾ ਹੈ| ਵੀਰ ਭੀਮ ਇੰਦਰ ਸਿੰਘ ਜੀ ਦੇ ਅਪਣੇ ਕਥਨ ਅਨੁਸਾਰ, ਮਾਰਕਸਵਾਦੀ ਆਪ ਹੀ “ਖੂਨੀ ਇਨਕਲਾਬ”ਤੋਂ ਥਿੜ੍ਹਕ ਕੇ ਪਾਰਲੀਮਾਨੀ ਇਨਕਲਾਬ ਵਲ ਰੁਚਿਤ ਹੋ ਰਹੇ ਹਨ| ਪਰ ਪਾਰਲੀਮਾਨੀ ਇਨਕਲਾਬ ਨੂੰ ਉਹਨਾਂ ਪਿਆਰਵਾਨ ਇਨਕਲਾਬ ਦਾ ਸਮ-ਅਰਥਕ ਮੰਨ ਲਿਆ ਹੈ| ਜੇ ਪਿਆਰਨ ਜਿਊੜੇ ਘੱਟ ਗਿਣਤੀ ਵਿਚ ਹੋਣ (ਜਿਹਾ ਕਿ ਆਮ ਤੌਰ ’ਤੇ ਹੁੰਦਾ ਹੈ) ਤਾਂ ਜਨਤੰਤ੍ਰਿਕ ਪਾਰਲੀਮਾਨੀ ਰਾਜ ਵੀ ਬੜੀ ਵਾਰ ਗੁੰਡਾ ਰਾਜ ਬਣ ਜਾਂਦਾ ਹੈ|
ਦੂਜੇ , “ਖੂਨੀ ਇਨਕਲਲਾਬ” ਲਈ ਹਮਾ ਹੀਲਤੇ ਦਰਗੁਜ਼ਸ਼ਤ ਦੀ ਕੋਈ ਬੰਦਿਸ਼ ਨਹੀਂ| ਪਰ ਮੈਂ ਤਾਂ ਤਲਵਾਰ ਉਠਾਉਣ ਵਾਲੇ ਨੂੰ ਖੂਨੀ ਨਹੀਂ ਕਿਹਾ | “ਖੂਨੀ “ ਤਾਂ ਕਾਤਲ ਨੂੰ ਕਿਹਾ ਜਾਂਦਾ ਹੈ| ਜਿਨ੍ਹਾਂ ਨੇ ਆਪਣੇ ਤੋਂ ਫ਼ਰਕ ਮਤ ਵਾਲਿਆਂ ਨੂੰ ਮੁਜਰਮ ਗਰਦਾਨ ਕੇ ਜੇਲ੍ਹਾਂ ਵਿਚ ਮਰਨ ਲਈ ਸੁੱਟ ਦਿੱਤਾ, ਜਾਂ ਪਾਗਲ ਗਰਦਾਨ ਕੇ ਪਾਗਲਖ਼ਾਨਿਆਂ ਵਿਚ ਸੜਨ ਲਈ ਧੱਕ ਦਿੱਤਾ, ਜਾਂ ਪੂਰੀ ਦੀ ਪੂਰੀ ਅਨਮਤੀ ਕੌਮ ਦਾ ਕਤਲਾਮ ਕਰਨਾ ਆਪਣਾ ਧਰਮ ਮੰਨ ਲਿਆ, ਖੂਨੀ ਦਾ ਲਕਬ ਉਹਨਾਂ ਵਾਸਤੇ ਹੀ ਢੁੱਕਦਾ ਹੈ| ਐਸੇ ਖੂਨੀ ਜ਼ਰੂਰੀ ਨਹੀਂ ਕਿ ਮਾਰਕਸੀ ਹੀ ਹੋਣ, ਕਾਂਗਰਸੀ ਵੀ ਹੋ ਸਕਦੇ ਹਨ, ਭਾਜਪਾਈ ਵੀ ਹੋ ਸਕਦੇ ਹਨ| ਮਾਰਕਸਵਾਦੀ ਇਸ ਤੋਂ ਬਰੀ ਨਹੀਂ ਮੰਨੇ ਜਾ ਸਕਦੇ | ਸਤਾਲਿਨ ਦਾ ਸਮਾਂ ਐਸੇ ਵਰਤਾਰਿਆਂ ਲਈ ਆਮ ਜਾਣਿਆ ਜਾਂਦਾ ਹੈ | ਪਰ ਸਤਾਲਿਨ ਦੀ ਸਫ਼ਾਈ ਪੇਸ਼ ਕਰਨ ਵਾਲਿਆਂ ਦਾ ਮਾਰਕਸਵਾਦੀਆਂ ਵਿਚ ਕੋਈ ਘਾਟਾ ਨਹੀਂ | ਅਜੈ ਪਾਲ ਜੀ ‘ਹੁਣ’ ਦੇ ਇਸੇ ਅੰਕ ਵਿਚ ਲਿਖਦੇ ਹਨ, “ਸਟਾਲਿਨ ਕਾਲ ਦੌਰਾਨ ਹੋਏ ਕਤਲਾਮ ਬਾਰੇ ਜਿਨ੍ਹਾਂ ਵੇਰਵਾ ਪ੍ਰੋਫੈਸਰ ਸਾਹਿਬ (ਹਰਪਾਲ ਸਿੰਘ ਪੰਨੂ ) ਨੇ ਦਿੱਤਾ ਹੈ ਉਤਨਾ ਹੀ ਕਾਮਰੇਡ ਸਟਾਲਿਨ ਦੇ ਹੱਕ ਵਿਚ ਵੀ ਮਿਲਦਾ ਹੈ|” ਮੈਂ ਪੁੱਛਦਾ ਹਾਂ ਜਿਤਨੀਆਂ ਮਿਸਾਲਾਂ ਕਿਸੇ ਦੇ ਸੱਚ ਬੋਲਣ ਦੀਆਂ ਮਿਲਦੀਆਂ ਹੋਣ ਜੇ ਉਤਨੀਆਂ ਝੂਠ ਬੋਲਣ ਦੀਆਂ ਵੀ ਤਾਂ ਕੀ ਉਸ ਨੂੰ ਸੱਚਾ ਗਿਣਿਆ ਜਾਵੇਗਾ ਜਾਂ ਝੂਠਾ?
ਇਕ ਨੁਕਤਾ ਅਵਤਾਰ ਸਿੰਘ ਜੌਹਲ ਹੋਰਾਂ ਉਠਾਇਆ ਹੈ| ਉਹਨਾਂ ਦਾ ਕਹਿਣਾ ਹੈ ਕਿ “ਨੇਕੀ ਸਾਹਿਬ ਫ਼ਰਮਾਉਂਦੇ ਹਨ” ਮੇਰੀ ਨਜ਼ਰ ਵਿਚੋਂ ਅਨੇਕਾਂ ਮਾਰਕਸਵਾਦੀ ਐਸੇ ਲੰਘੇ ਹਨ ਜੋ ਤਕੜੀ ਮਾਇਕ ਸਲਤਨਤ ਦੇ ਮਾਲਕ ਹਨ, ਪਰ…ਉਹਨਾਂ ਨੂੰ ਪਤਾ ਹੀ ਹੋਵੇਗਾ ਕਿ ਏਂਜਲਜ਼ ਬਹੁਤ ਵੱਡਾ ਕਾਰਖਾਨੇਦਾਰ ਸੀ, ਪਰ ਉਹ ਉਨਾਂ੍ਹ ਹੀ ਵੱਡਾ ਮਾਰਕਸਵਾਦੀ ਵੀ ਸੀ |” ਇਸ ਸੰਦਰਭ ਵਿਚ ਮੈਂ ਏਨਾ ਹੀ ਕਹਾਂਗਾ ਕਿ ਇਕ ਮਿਸਾਲ ਨਾਲ ਨੇਮ ਨਹੀਂ ਸਥਾਪਿਤ ਹੋਂਦੇ ਉਹ ਤਾਂ ਬਾਹਲੀਆਂ ਇਕੋ ਜਹੀਆਂ ਮਿਸਾਲਾਂ ਤੋਂ ਹੀ ਸਥਾਪਿਤ ਹੋਂਦੇ ਹਨ| ਇੱਕਲੀਆਂ ਮਿਸਾਲਾਂ ਤਾਂ ਕੇਵਲ ਉਲੰਘਣਾ(exceptions) ਦਾ ਦਰਜਾ ਹੁੰਦੀਆਂ ਹਨ | ਹਰ ਕਾਰਖਾਨੇਦਾਰ ਨੂੰ ਜੇ ਏਂਜਲਜ਼ ਵਰਗਾ ਮੰਨਿਆ ਜਾ ਸਕੇ ਤਾਂ ਮਾਰਕਸਵਾਦ ਦੀ ਤਾਂ ਕੋਈ ਲੋੜ ਹੀ ਨਹੀਂ ਰਹਿ ਜਾਵੇਗੀ|
ਜਸਵੰਤ ਸਿੰਘ ਨੇਕੀ, ਦਿੱਲੀ


‘ਹੁਣ’ ਮੈਗਜ਼ੀਨ ਜਦੋਂ ਤੋਂ ਸ਼ੁਰੂ ਹੋਇਐ ਉਦੋਂ ਤੋਂ ਹੀ ਪੜ੍ਹ ਰਿਹਾਂ| ‘ਆਰਸੀ’ ਅਤੇ ‘ਨਾਗਮਣੀ’ ਦੀ ਵਿਦਾਈ ਤੋਂ ਬਾਅਦ ਪੈਦਾ ਹੋਏ ਖ਼ਲਾਅ ਨੂੰ ਇਸ ਕੱਲੇ ਨੇ ਹੀ ਪੂਰਾ ਕਰ ਦਿੱਤੈ| ਦਿੱਖ ਵੀ ਐਨੀ ਵਧੀਆ ਕਿ ਹੱਥ ਵਿਚ ਫੜ ਕੇ ਹੀ ਟੌਹਰ ਜਿਹੀ ਬਣ ਜਾਂਦੀ ਹੈ| ‘ਹੁਣ’ 7 ਪੜ੍ਹਿਆ| ਮੈਟਰ ਤਕਰੀਬਨ ਸਾਰਾ ਹੀ ਵਧੀਆ ਹੈ ਪਰ ਇੱਥੇ ਸਿਰਫ਼ ਦਲੀਪ ਕੌਰ ਟਿਵਾਣਾ ਦੀ ਲੰਬੀ ਇੰਟਰਵਿਊ ਦੀ ਗੱਲ ਹੀ ਕਰਾਂਗਾ| ਪਹਿਲਾਂ ਮੈਡਮ ਦੀ ਸਾਹਿਤਕ ਸਵੈ-ਜੀਵਨੀ ‘ਪੂਛਤੇ ਹੋ ਤੋਂ ਸੁਨੋ’ ਅਤੇ ਫੇਰ ਇਨਾਂ੍ਹ ਦੇ ਹੀ ਕਿਸੇ ਵਿਦਿਆਰਥੀ ਗੁਰਮੁਖ ਸਿੰਘ ਵਲੋਂ ਕੀਤੀ ਗਈ ਇਕ ਲੰਮੀ ਮੁਲਾਕਾਤ ਕਿਤਾਬ ਦੀ ਸ਼ਕਲ ਵਿਚ ਵੀ ਪੜੀ੍ਹ| ਦੋਵਾਂ ਵਿੱਚ ਆਪਣੇ ਆਪ ਨੂੰ ਬਾਕੀ ਲਿਖਾਰੀਆਂ ਤੋਂ ਉੱਪਰ ਸਮਝਣ ਵਾਲਾ holier than thou attitude ਦਿਖਾਈ ਦਿੱਤਾ| ਇਹੋ ਜਿਹੀ ਹੀ ਸਵੈ-ਵਡਿਆਈ ਦੀ ਲਾਲਸਾ ‘ਹੁਣ’ ਵਾਲੀ ਇੰਟਰਵਿਊ ਵਿਚ ਦਿਖਾਈ ਦਿੰਦੀ ਹੈ। ਇੱਕ ਦੋ ਵਾਰ ਰੇਡੀਓ ਤੋਂ ਵੀ ਸੁਣਨ ਦਾ ਮੌਕਾ ਮਿਲਿਆ| ਉਹੋ ਗੱਲਾਂ| ਨਵਾਂ ਕੁੱਝ ਵੀ ਨਹੀਂ|
ਜਿੱਥੇ ਤੱਕ ਮੇਰਾ ਨਿੱਜੀ ਵਿਚਾਰ ਹੈ ਟਿਵਾਣਾ ਦਾ ਸਭ ਤੋਂ ਵਧੀਆ ਤੇ ਸ਼ਾਹਕਾਰ ਨਾਵਲ ‘ਇਹੋ ਹਮਾਰਾ ਜੀਵਣਾ’ ਹੈ, ਬਾਕੀ ਸਭ ਬਿਲਕੁਲ ਸਧਾਰਣ ਪੱਧਰ ਦਾ ਹੈ| ਦਰਅਸਲ ਹੁੰਦਾ ਹੀ ਇੰਜ ਹੈ ਕਿ ਪਹਿਲੀ ਰਚਨਾ ਵਿਚ ਇੱਕ ਖਾਸ ਕਿਸਮ ਦੀ ਮਾਸੂਮੀਅਤ ਹੁੰਦੀ ਹੈ ਜੋ ਲੇਖਕ ਨੂੰ ਬੁਲੰਦ ਮੁਕਾਮ ’ਤੇ ਲੈ ਜਾਂਦੀ ਹੈ| ਇਸ ਨਾਲ ਉਸ ਨੂੰ ਕਾਫ਼ੀ ਪ੍ਰਸਿੱਧੀ ਹਾਸਲ ਹੋ ਜਾਂਦੀ ਹੈ। ਫੇਰ ਉਸ ਤੋਂ ਬਾਅਦ ਜ਼ੋਰ ਆਪਣੇ ਇਸ ਮੁਕਾਮ ਨੂੰ ਕਾਇਮ ਰੱਖਣ ’ਤੇ ਹੀ ਲੱਗਾ ਰਹਿੰਦਾ ਹੈ ਤੇ ਅਕਸਰ ਕਲਾ ਦੀ ਥਾਂ ਕਾਰੀਗਰੀ ਨਮੂਦਾਰ ਹੋਣ ਲਗਦੀ ਹੈ|
ਜਿੱਥੋਂ ਤੱਕ ਦਲੀਪ ਕੌਰ ਟਿਵਾਣਾ ਦੇ ਨਾਵਲਾਂ ਦਾ ਸਬੰਧ ਹੈ ਮੈਂ ਤਕਰੀਬਨ ਸਾਰੇ ਪੜੇ੍ਹ ਨੇ| ਲਗਭਗ 25 ਕੁ ਤਾਂ ਪੰਜਾਬੀ ਤੋਂ ਹਿੰਦੀ ਵਿਚ ਅਨੁਵਾਦ ਵੀ ਕੀਤੇ ਨੇ| ਸੋ ਮੇਰਾ ਮੰਨਣਾ ਹੈ ਕਿ ਟਿਵਾਣਾ ਦੇ ਬਹੁਤੇ ਨਾਵਲ ਇੱਕੋ ਢੱਰੇ ’ਤੇ ਚਲਦੇ ਨੇ ਅਤੇ ਅਕਸਰ ਨਿੱਜ ਤੋਂ ਪ੍ਰੇਰਤ ਹੁੰਦੇ ਨੇ| ਕਾਫੀL ਨਾਵਲਾਂ ਵਿਚ ਇੱਕ ਇਹੋ ਜਿਹੀ ਕੁੜੀ ਦਿਖਾਈ ਦੇਵੇਗੀ ਜਿਹੜੀ ਛੋਟੇ ਭੈਣ ਭਰਾਵਾਂ ਦੀ ਸਾਂਭ ਸੰਭਾਲ ਕਰਦੀ ਜਾਂ ਕਿਸੇ ਹੋਰ ਕਾਰਣ ਕਰਕੇ ਵਿਆਹ ਵਾਲੀ ਉਮਰ ਲੰਘਾ ਲੈਂਦੀ ਹੈ ਅਤੇ ਫ਼ੇਰ ਮੈਡਮ ਦੀ ਖਾਸ ਸ਼ਬਦਾਵਲੀ ਅਨੁਸਾਰ ‘ਆਪੇ ਤੋਂ ਪਾਰ’ ਹੋਣ ਦੀ ਚੇਸ਼ਟਾ ਕਰਦੀ ਹੈ| ਇੱਕ ਬੇਬੇ ਪਾਤਰ ਵੀ ਅਕਸਰ ਦਿਖਾਈ ਦਿੰਦੀ ਹੈ ਜੋ ਅਨਪੜ੍ਹ ਹੋਣ ਦੇ ਬਾਵਜੂਦ ਆਪਣੀ ਜ਼ਿੰਦਗੀ ਦੇ ਤਜਰਬੇ ਸਦਕਾ ਵੱਡਿਆਂ ਵੱਡਿਆਂ ਨੂੰ ਮਾਤ ਪਾਉਂਦੀ ਹੈ| ਇਹ ਦੋਵੇਂ ਸਟਾਕ ਕਰੈਕਟਰ ਟਿਵਾਣਾ ਦੇ ਨਾਵਲ ਜਗਤ ਵਿਚ ਅਕਸਰ ਦਿਖਾਈ ਦਿੰਦੇ ਨੇ| ਪਾਤਰਾਂ ਦੀ ਹਰਦਵਾਰ ਜਾ ਪਿਹੋਏ ਗਤੀ ਕਰਾਉਣ ਜਾਣਾ, ਸਾਧਾਂ ਦੇ ਡੇਰਿਆਂ ਦੇ ਦ੍ਰਿਸ਼ ਆਮ ਹੀ ਦੇਖਣ ਨੂੰ ਮਿਲਦੇ ਨੇ| ਬਹੁਤੇ ਨਾਵਲ ਛੋਟੇ ਨੇ ਪਰ ਛੇ-ਕੁ ਨਾਵਲਿਟਾਂ ਨੂੰ ਕਲੱਬ ਕਰਕੇ ਤਿਆਰ ਕੀਤਾ ‘ਕਥਾ ਕਹੋ ਉਰਵਸ਼ੀ’ ਬੜੇ ਢਿੱਲੇ ਜਿਹੇ ਪਲਾਟ ਵਾਲਾ ਨਾਵਲ ਨਾਵਲ ਵੀ ਕਾਹਦਾ ਨਾਵਲਕਾਰਾ ਦੀ ਨਿੱਜੀ ਡਾਇਰੀ ਜ਼ਿਆਦਾ ਜਾਪਦੀ ਹੈ| ਪਤਾ ਨਹੀਂ ਬਿਰਲਾ ਫਾਊਂਡੇਸ਼ਨ ਵਾਲਿਆਂ ਨੂੰ ਇਹਦੇ ਵਿਚ ਕੀ ਲੱਭਿਆ|
ਟਿਵਾਣਾ ਦੇ ਨਾਵਲਾਂ ਦੇ ਹਿੰਦੀ ਅਨੁਵਾਦ ਦੀ ਸ਼ੁਰੂਆਤ ਮੇਰੀ ਇਸੇ ਨਾਵਲ ਤੋਂ ਹੋਈ ਸੀ| ਪਰ ਜਦੋਂ ਛਪ ਕੇ ਆਇਆ ਤਾਂ ਅਨੁਵਾਦਕ ਦਾ ਨਾਮ ਹੀ ਗਾਇਬ| ਅਖੇ ‘ਪਰਵੇਸ਼ ਦਰਅਸਲ ਅਨੁਵਾਦ ਦੇ ਨਾਮ ’ਤੇ ਹੀ ਪਾਠਕ ਬਿਦਕ ਜਾਂਦੈ ਅਤੇ ਕਿਤਾਬ ਖਰੀਦਣੋਂ ਝਿਜਕਦੈ| ਯਾਨੀ ਮੈਡਮ ਨੇ ਇਹ ਜਚਾਉਣ ਦਾ ਯਤਨ ਕੀਤਾ ਕਿ ‘ਹਿੰਦੀ ਵਿਚ ਮੈਂ ਖੁਦ ਹੀ ਲਿਖਿਐ’| ਕੋਈ ਪੁੱਛਣ ਵਾਲਾ ਹੋਵੇ ਕਿ ਜਿੰਨਾਂ੍ਹ ਵੱਡੇ ਵੱਡੇ ਵਿਦੇਸ਼ੀ ਲੇਖਕਾਂ-ਅੰਗ੍ਰੇਜ਼ੀ, ਫਰਾਂਸੀਸੀ, ਜਰਮਨ, ਸਪੈਨਿਸ਼, ਰੂਸੀ ਵਗੈਰਾ ਦੀਆਂ ਕਿਤਾਬਾ ਦਾ ਜ਼ਿਕਰ ਕਰਕੇ ਇੰਟਰਵਿਊਆਂ ’ਚ ਰੋਹਬ ਪਾਉਂਦੇ ਹੋ, ਉਹ ਸਾਰੀਆਂ ਮੂਲ ਭਾਸ਼ਾ ਵਿਚ ਹੀ ਪੜ੍ਹੀਆਂ ਨੇ? ਕੀ ਉਹ ਅਨੁਵਾਦ ਨਹੀਂ ਸੀ? ਪਰ ਨਹੀਂ, ਸੱਚ ਤਾਂ ਸ਼ਾਇਦ ਇਹ ਸੀ ਕਿ ਫਾਊਂਡੇਸ਼ਨ ਵਾਲੇ ਅਨੁਵਾਦਤ ਕਿਤਾਬ ਨੂੰ ਸਰਸਵਤੀ ਐਵਾਰਡ ਨਹੀਂ ਦਿੰਦੇ|
‘ਹੁਣ’ ਨੇ ਪੁੱਛਿਐ ਕਿ ਕੀ ਤੁਹਾਨੂੰ ਆਪਣੇ ਨਾਵਲ ਲਿਖ ਕੇ ਦੁਬਾਰਾ ਪੜ੍ਹਨ ਸੋਧਣ ਦੀ ਲੋੜ ਨਹੀਂ ਪੈਂਦੀ? ਅਖੇ- ਆਮ ਕਰਕੇ ਨਹੀਂ ਪੈਂਦੀ | (ਹਾਲੇ ਤਾਂ ਇਹ ਕਹਿਣੋ ਉੱਕ ਗਏ ਕਿ ਮੈਂ ਨਾਵਲ ਪੰਜ ਦਿਨਾਂ ’ਚ ਮੁਕੰਮਲ ਕਰ ਲੈਂਦੀ ਹਾਂ)| ਇੱਥੇ ਮੈਨੂੰ ‘ਅਜ਼ਾਦ’ ਦੀ ਮਸ਼ਹੂਰ ਕਿਤਾਬ ‘ਆਬੇ ਹੱਯਾਤ’ ਯਾਦ ਆਉਂਦੀ ਹੈ ਜਿਸ ਵਿਚ ਈਰਖਾ ਵੱਸ ਇੱਕ ਉਰਦੂ ਸ਼ਾਇਰ ਦੂਜੇ ਨੂੰ ਕਹਿੰਦਾ ਹੈ ‘ਅਮਾਂ ਯੇਹ ਭੀ ਕੋਈ ਸ਼ਾਇਰੀ ਹੈ? ਐਸੇ ਅਸ਼ਆਰ ਤੋਂ ਮੈ ਪਾਖਾਨੇ ਮੇ ਬੈਠ ਕਰ ਲਿਖ ਸਕਤਾ ਹੂੰ|’
‘ਠੀਕ ਕਹਿਤੇ ਹੋ ਮੀਆਂ, ਇਸੀ ਲੀਏ ਆਪ ਕੀ ਸ਼ਾਇਰੀ ਸੇ ਬਾਸ ਭੀ ਵੈਸੀ ਹੀ ਆਤੀ ਹੈ|’ ਦੂਸਰੇ ਨੇ ਜਵਾਬ ਦਿੱਤਾ|
ਲਿਹਾਜ਼ਾ ਦੋਬਾਰਾ ਨਾ ਦੇਖਣ ਦਾ ਸਿੱਟਾ ਇਹੋ ਹੁੰਦਾ ਹੈ ਕਿ ਥਾਂ ਥਾਂ ’ਤੇ ਪ੍ਰਿੰਟ ਦੀਆਂ ਤੇ ਸ਼ਬਦਜੋੜਾਂ ਦੀਆਂ ਗਲਤੀਆਂ ਅਤੇ ਢਿੱਲੀ ਵਾਕ-ਰਚਨਾ ਦੇ ਵੀ ਦਰਸ਼ਨ ਹੁੰਦੇ ਹਨ| ਦੁਬਾਰਾ ਨਿਗਾ੍ਹ ਮਾਰਨ ’ਚ ਕੀ ਮਿਹਣਾ ਹੈ ਭਲਾ?
ਇੱਕ ਗੱਲ ਇਹ ਵੀ ਪੁੱਛਣੀ ਬਣਦੀ ਸੀ ਕਿ ਤੁਹਾਡੇ ਨਾਵਲਾਂ ਦੀ ਦੁਨੀਆ ਵਿੱਚੋਂ ‘ਵਰਜਤ ਫ਼ਲ’ ਯਾਨੀ ਸੈਕਸ ਤਕਰੀਬਨ ਮਨਫ਼ੀ ਹੀ ਹੈ ਅਤੇ ਬਹੁਤਾ ਕਰਕੇ ਇਹ ਭੈਣ ਭਰਾ, ਮਾਂ ਪੁੱਤ ਜਾਂ ਮੀਆਂ-ਬੀਵੀ ਦੇ ਸੰਬੰਧਾਂ ’ਚ ਕਸ਼ੀਦਗੀ ੳੁੱਪਰ ਹੀ ਕਿਉਂ ਟਿਕੇ ਹੋਏ ਨੇ?
ਬਾਕੀ ਦਾਰਸ਼ਨਿਕਤਾ ਵਾਲੀ ਵੀ ਕੋਈ ਖ਼ਾਸ ਗੱਲ ਨਹੀਂ| ਉਸ਼ੋ ਵਰਗੇ ਚਿੰਤਕਾਂ ਦੇ ਪ੍ਰਵਚਨ ਪੜ੍ਹ ਕੇ ਸਾਧਾਰਣ ਮਨੁੱਖ ਵੀ ਚੰਗੇ ਚੰਗੇ ਮਿਸਟਿਕਸ ਦੇ ਹਵਾਲੇ ਦੇ ਦੇ ਕੇ ਰੋਹਬ ਪਾਉਣ ਜੋਗਾ ਹੋ ਜਾਂਦੈ| ਜੇ ਸੱਚ ਮੁੱਚ ਬੰਦਾ ਵੇਦਾਂ, ਸ਼ਾਸ਼ਤਰਾਂ, ਗੁਰਬਾਣੀ, ਗੁਰਜੀਏਫ਼ ਜ਼ੋਰੋਆਸਟਰ, ਲਾਓ-ਤ-ਸੂ, ਖਲੀਲ ਜਿਬਰਾਨ ਵਰਗੇ ਅਧਿਆਤਮਵਾਦੀਆਂ ਨੂੰ ਪੜ੍ਹਿਆ ਗੁੜ੍ਹਿਆ ਅਤੇ ਇਨਾਂ੍ਹ ਦੀ ਸਮਝ ਰੱਖਣ ਵਾਲਾ ਹੋਵੇ ਤਾਂ ਉਹਦੀ ਸ਼ਖਸ਼ੀਅਤ ਤਾਂ ਭੀੜ ’ਚੋਂ ਵੱਖਰੀ ਹੀ ਪਛਾਣੀ ਜਾਂਦੀ ਹੈ, ਜਿਵੇਂ ਕਹਿੰਦੇ ਨੇ ਨਾ ਕਿ ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ| ਪਰ ਮੈਡਮ ਨੂੰ ਨਿੱਜੀ ਤੌਰ ’ਤੇ ਮਿਲ ਕੇ ਤਾਂ ਉੱਤਰ ਗਿਆ ਮੇਰੇ ਮਨ ਦਾ ਸੰਸਾ …’ ਵਰਗਾ ਅਹਿਸਾਸ ਹੀ ਜਨਮ ਲੈਂਦਾ ਹੈ |
ਇੱਕ ਇੰਟਰਵਿਊ ਵਿਚ ਪੰਜਾਬੀ ਨਾਵਲ ਬਾਰੇ ਆਪਣੇ ਤਾਸਰਾਤ ਦੱਸਦਿਆਂ ਕਹਿੰਦੇ ਹਨ ਕਿ ਪੰਜਾਬੀ ਨਾਵਲ ਵਿਚ ਕੁੱਝ ਵੀ ਅਜਿਹਾ ਨਹੀਂ ਹੁੰਦਾ ਕਿ ਪੜ੍ਹਨ ਨੂੰ ਜੀਅ ਕਰੇ| ਹਾਲਾਂ ਕਿ ਪੰਜਾਬੀ ਵਿਚ ’ਮੜੀ੍ਹ ਦਾ ਦੀਵਾ’ ਅਤੇ ‘ਪਰਸਾ’ ਵਰਗੇ ਨਾਵਲ ਵੀ ਮੌਜੂਦ ਨੇ | ‘ਅਣਹੋਏ’ ਦਾ ਬਿਸ਼ਨਾ ਹਰ ਪਾਠਕ ਦੇ ਮਨ ਵਿਚ ਆਪਣਾ ਸਥਾਨ ਬਣਾ ਲੈਂਦਾ ਹੈ| ਪੰਜਾਬੀ ਨਾਵਲ ਤਾਂ ‘ਪਰਤਾਪੀ’ ਵੀ ਹੈ ਜਿਸ ਵਿਚ ਲੇਖਕ ਮਰਦ ਹੋ ਕੇ ਵੀ ਨਾਰੀ ਸੰਵੇਦਨਾ ਦੀਆਂ ਸਿਖਰਾਂ ਨੂੰ ਛੂੰਹਦਾ ਹੈ | ਪਰ ‘ਮੈਨੂੰ ਈ ਅੜ ਗਿਆ, ਵਾੜ ’ਚ ਵੜ ਗਿਆ ਤੇ ਮੁੜ ਕੇ ਨੀ ਬਹੁੜਿਆ’ ਵਾਲਾ ਕੰਪਲੈਕਸ ਮੈਡਮ ਟਿਵਾਣਾ ਅੰਦਰ ਕਾਫ਼ੀ ਗਹਿਰਾ ਜਾਪਦਾ ਹੈ|
ਕਿੱਸਾ ਮੁਖਤਸਰ ਇਹ ਕਿ ਪਹਿਲਾਂ ਵਾਲੀਆਂ ਇੰਟਰਵਿਊਆਂ ਵਾਂਗੂੰ ‘ਹੁਣ’ ਵਾਲੀ ਇੰਟਰਵਿਊ ਵੀ ਸਵੈ-ਵਡਿਆਈ ਅਤੇ ਸਵੈ-ਵਾਜਬੀਕਰਨ ਦੀ ਇੱਕ ਬਾਮੁਸ਼ੱਕਤ ਮਸ਼ਕ ਹੈ| ਪਰ inner poise ਅਤੇ outer harmony ਵਰਗੀ ਲੱਫ਼ਾਜ਼ੀ ਦੇ ਸਹਾਰੇ ਆਪਣੇ ਆਪੇ ਤੋਂ ਕਿੰਨਾ ਕੁ ਚਿਰ ਲੁਕ ਸਕਦਾ ਹੈ ਕੋਈ! ਉਰਦੂ ਸ਼ਾਇਰ ਆਜ਼ਾਦ ਗੁਲਾਟੀ ਨੇ ਕਿਆ ਖੂਬ ਕਿਹਾ ਹੈ
‘ਸ਼ਨਾਖ਼ਤ ਅਪਨੀ ਕਹਾਂ ਤੱਕ ਛੁਪਾ ਕੇ ਰੱਖੋਗੇ
ਹਮੇ ਖੁLਦ ਅਪਨਾ ਕਭੀ ਸਾਮਨਾ ਤੋਂ ਕਰਨਾ ਹੈ|’

ਪ੍ਰਵੇਸ਼ ਸ਼ਰਮਾ, ਸਮਾਚਾਰ ਸੰਪਾਦਕ
ਅਕਾਸ਼ਵਾਣੀ , ਸੈਕਟਰ 34 ਡੀ,
ਚੰਡੀਗੜ|


ਜਨਵਰੀ ਦਾ ਹੁਣ ਮੈਗਜ਼ੀਨ ਪੜ੍ਹਿਆ ਵਿਚਾਰਾਂ ’ਚ ਪ੍ਰਪਕਤਾ ਆਈ, ਮੈਂਬਰ ਬਣਨ ਲਈ ਮਜ਼ਬੂਰ ਹੋ ਗਈ, ਸਾਰਾ ਮੈਟਰ ਬਹੁਤ ਚੰਗਾ ਲੱਗਿਆ ਮੇਰੇ ਸਤਿਕਾਰ ਯੋਗ ਵੀਰ ਜੀ ਸੰਤੋਖ ਸਿੰਘ ਧੀਰ ਹੁਰਾਂ ਦੀ ‘ਬਾਰਿਸ਼ ਦੀ ਸੁੱਚੀ ਕਣੀ’ ਬਹੁਤ ਹੀ ਪਸੰਦ ਆਈ, ਮੈਗਜ਼ੀਨ ’ਤੇ ਬਹੁਤ ਮਿਹਨਤ ਕਰ ਰਹੇ ਹੋ। ਵਧਾਈ ਦੇ ਪਾਤਰ ਹੋ|
ਅਮਰਜੀਤ ਸ਼ਾਤ ਮਾਂਗਟ
ਡੈਲਟਾ ਬੀ:ਸੀ


ਜੇ ਕਾਂਗ ਹੁਰੀਂ ‘ਹੁਣ’ ਅਤੇ ਉਸ ਵਿਚ ਛਪੀ ਅਪਣੀ ਕਹਾਣੀ ਬਾਰੇ ਨਾ ਦੱਸਦੇ ਤਾਂ ਪਤਾ ਹੀ ਨਹੀਂ ਸੀ ਲੱਗਣਾ ਕਿ ਪੰਜਾਬੀ ਦਾ ਇੰਨੇ ਵੱਡੇ ਅਕਾਰ ਦਾ ਕੋਈ ਰਸਾਲਾ ਵੀ ਨਿਕਲਦਾ ਹੈ | ਆਪ ਦੀ ਵੱਡੀ ਹਿੰਮਤ ਹੈ ਜੋ ਅੱਜ ਦੇ ਦੌਰ ਵਿਚ ਜਦੋਂ ਕਿ ਪੰਜਾਬੀ ਦੇ ਸਾਹਿਤਕ ਪਰਚਿਆਂ ਲਈ ਤਾਂ ਪਾਠਕ ਲੱਭਦੇ ਹੀ ਨਹੀਂ, ਐਡਾ ਵੱਡਾ ਰਸਾਲਾ ਕੱਢਦੇ ਹੋ (ਖੂਬਸੂਰਤ ਵੀ)|
ਐਸ:ਸਾਕੀ, ਗਾਜ਼ੀਆਬਾਦ (ਯੂ:ਪੀ)


‘ਹੁਣ’ ਦੇ ਪਹਿਲੇ ਤੇ ਇਕ ਹੋਰ ਨੂੰ ਛੱਡ ਕੇ ਬਾਕੀ ਸਾਰੇ ਅੰਕ ਵੇਖੇ ਹਨ ਮੁਲਾਕਾਤਾਂ ਤਕਰੀਬਨ ਸਾਰੀਆਂ ਪੜ੍ਹੀਆਂ ਹਨ। ਬਹੁਤ ਵਧੀਆ ਤੇ ਬਹੁਤ ਕੁਝ ਨਵਾਂ ਮਿਲਦਾ ਹੈ| ਕਈ ਭਰਮ ਭੁਲੇਖੇ ਦੂਰ ਹੁੰਦੇ ਹਨ | ਟਿਵਾਣਾ ਜੀ ਵਾਲੀ ਮੁਲਾਕਾਤ ਅਜੇ ਸ਼ੁਰੂ ਕੀਤੀ ਹੈ| ਸੇਵਕ ਸਿੰਘ ਜੀ ਦਾ ਲੇਖ ‘ਜੁਗਨੀ ਸਿੱਖਾਂ ਵੱਲ ਕਿੳਂੁ ਨਹੀਂ ਵੇਖਦੀ’ ਵਿਚਾਰਨ ਵਾਲਾ ਵਿਸ਼ਾ ਹੈ ? ਜਿਨਾਂ੍ਹ ਲੋਕਾਂ ਨੇ ਚੇਤ ਜਾਂ ਅਚੇਤ ਸਿੱਖੀ ਸਪਿਰਟ ਖਤਮ ਕਰਨ ਲਈ ਕੇਸ਼ ਕਤਲ ਕਰਨ ਤੇ ਸਿਗਰਟ ਪੀਣ ਦੀ ਰੁਚੀ ਨੂੰ ਪ੍ਰੇਰਿਆ ਤੇ ਉਤਸ਼ਾਹਤ ਕੀਤਾ, ਉਸ ਨਾਲ ਪੰਜਾਬ ਅੱਜ ਕਿੱਥੇ ਆ ਖੜਾ ਹੈ? ਇਨਕਲਾਬ ਕਿੰਨਾ ਨੇੜੇ ਆਇਆ ਹੈ? ਅਤੇ ਇਸ ਸਾਰੇ ਵਿਚ ਕਿਸ ਸੋਚ ਦੀ ਸੇਵਾ ਹੋ ਗਈ ਹੈ | ਵਿਚਾਰਨ ਵਾਲਾ ਵਿਸ਼ਾ ਹੈ? ‘ਭਾਰ’ ਕਹਾਣੀ ਬਹੁਤ ਵਧੀਆ ਸੀ| ਮੂਰਤਾਂ (ਫੋਟੋਗਰਾਫੀ) ਦਾ ਕਾਲਮ ਆਪਣੀ ਮਿਸਾਲ ਆਪ ਹੈ| ਮੂਰਤਾਂ ਸਚਮੁੱਚ ਬੋਲਦੀਆਂ ਹਨ| ਪਰਚਾ ਮੈਟਰ, ਕਾਗਜ, ਦਿੱਖ, ਛਪਾਈ ਸਭ ਤੋਂ ਵੱਧ ਵਾਜਬ ਕੀਮਤ ਲਈ ਵਧਾਈ ਦੇ ਪਾਤਰ ਹੋ|
ਦਲੀਪ ਸਿੰਘ ਪਾਹਵਾ, ਮਾਛੀਵਾੜਾ


ਸੋਚਦਾ ਹਾਂ ਜੇ ‘ਹੁਣ’ ਨਾ ਨਿਕਲਦਾ ਤਾਂ ਮੇਰੇ ਵਰਗੇ ਕਿੰਨੇ ਈ ਪੰਜਾਬੀਆਂ ਨੇ ਖੂਹ ਦੇ ਡੱਡੂ ਹੀ ਬਣੇ ਰਹਿਣਾ ਸੀ। ਧੰਨਵਾਦ ਹੈ ਤੁਹਾਡਾ ਜੋ ਨਵੇਂ ਨਵੇਂ ਵਿਸ਼ੇ ਤੇ ਨਵੀਆਂ ਨਵੀਆਂ ਸ਼ਖਸ਼ੀਅਤਾਂ ਨੂੰ ਮਿਲਾਉਂਦੇ ਹੋ ਤੇ ਉਹ ਵੀ ਏਸ ਢੰਗ ਨਾਲ ਕਿ ਸਿਰ ਝੁਕ ਜਾਂਦਾ ਹੈ।
ਪਿਛਲਾ ਅੰਕ(ਹੁਣ-7) ਹੀ ਲੈ ਲਉ। ਮੈਨੂੰ ਇਹਦੇ ਤੋਂ ਹੀ ਪਤਾ ਲੱਗਾ ਕਿ ਕੋਈ ਮੈਕਲਾਉਡ ਨਾਮ ਦਾ ਅੰਗਰੇਜ਼ ਵੀ ਹੈ ਜਿਸਨੇ ਸਾਡੇ ਧਰਮ ਵਿਚ ਏਨੀ ਦਿਲਚਸਪੀ ਲਈ ਹੈ। ਮੈਂ ਪਹਿਲਾਂ ਏਹੋ ਜਿਹਾ ਕੋਈ ਨਾਂ ਈ ਨਹੀਂ ਸੀ ਸੁਣਿਆ।
ਫੇਰ ਜਦੋਂ ਮੈਂ ਤੇਜਾ ਸਿੰਘ ਵਾਲੀ ਟਿੱਪਣੀ ‘ਸਿੱਖਾਂ ਨੇ ਮੈਕਾਲਿਫ ਨਾਲ ਕੀ ਕੀਤੀ’ ਪੜ੍ਹੀ ਤਾਂ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ। ਸਵਾਲ ਪੈਦਾ ਹੁੰਦਾ ਹੈ ,ਕੀ ਅਸੀਂ ਪੰਜਾਬੀ ਏਨੇ ਹੀ ਮਾੜੇ ਹਾਂ ਕਿ ਬਾਹਰੋਂ ਆਏ ਸਾਡੇ ਧਰਮ ’ਤੇ ਹੀ ਕੰਮ ਕਰਨ ਵਾਲੇ ਵਿਦਵਾਨਾਂ ਨੂੰ ਘੱਟੇ ਵਿਚ ਰੋਲ ਦਿੰਦੇ ਹਾਂ। ਮੇਰਾ ਖਿਆਲ ਹੈ ਕੋਈ ਹੋਰ ਧਰਮ ਐਸਾ ਨਹੀਂ ਕਰਦਾ ਹੋਣਾ। ਤਾਤਲੇ ਨੇ ਵੀ ਠੀਕ ਗੱਲਾਂ ਕੀਤੀਆਂ ਹਨ ਪਰ ਉਹਦੀ ਸੁਣੂ ਕੌਣ?
ਵਿਸਾਖਾ ਸਿੰਘ, ਸੋਲਨ


‘ਹੁਣ’ ਦੇ ਮਗਰਲੇ ਹੀ ਤਿੰਨ ਪਰਚੇ ਮਿਲੇ ਹਨ ਪਰ ਪੜ੍ਹਕੇ ਨਿਸ਼ਾ ਹੋ ਜਾਂਦੀ ਹੈ। ਉਂਝ ਤਾਂ ਸਾਰਾ ਹੀ ਮੈਟਰ ਉਚ ਪਾਏ ਦਾ ਹੈ ਪਰ ਇਸ ਵਾਰੀ ਤੁਸੀਂ ਜੋ ਧਰਮ ਨਾਂ ਦਾ ਸਪਲੀਮੈਂਟ ਛਾਪਿਆ ਹੈ ਉਹਦੇ ਬਾਰੇ ਬੜੇ ਵਿਚਾਰ ਮਨ ਵਿਚ ਆਏ ਹਨ।
ਪਹਿਲਾਂ ਤਾਂ ਮੈਂ ਸੋਚਿਆ ਤੁਹਾਡੇ ਖਿਆਲ ਕਿੰਨੇ ਨੇਕ ਹਨ ਕਿ ਤੁਸੀਂ ਧਰਮ ਦੇ ਦਾਇਰੇ ਤੋਂ ਉਪਰ ਉਠਕੇ ਆਪਣੀ ਵਿਸ਼ਾਲ ਸੋਚ ਦਾ ਪ੍ਰਮਾਣ ਦਿੱਤਾ ਹੈ। ਇਊਂ ਹੀ ਮੈਕਲਾਉਡ ਵਰਗੇ ਵਿਦਵਾਨ ਨੇ ਵੀ ਇੱਕ ਸੱਚੇ ਖੋਜੀ ਦੀ ਤਰ੍ਹਾਂ ਸਿੱਖ ਧਰਮ ਬਾਰੇ ਈਮਾਨਦਾਰੀ ਨਾਲ ਖੋਜ ਕੀਤੀ। ਤਾਤਲੇ ਦਾ ਜਜ਼ਬਾਤੀ ਲੇਖ ਵੀ ਚੰਗਾ ਹੈ ਜੋ ਕਹਿੰਦਾ ਹੈ ਕਿ ਇਹੋ ਜਹੇ ਵਿਦਵਾਨਾਂ ਦੀ ਕਦਰ ਹੋਣੀ ਚਾਹੀਦੀ ਹੈ।
ਪਰ ਫੇਰ ਜਦੋਂ ਮੈਂ ਡੂੰਘਾ ਸੋਚਿਆ ਤਾਂ ਗੱਲ ਸਾਫ ਹੁੰਦੀ ਨਜ਼ਰ ਆਈ ਕਿ ਇਹ ਤੁਹਾਡੀਆਂ ਹਵਾ ਵਿਚ ਮਾਰੀਆਂ ਤਲਵਾਰਾਂ ਹੀ ਤਾਂ ਹਨ। ਮੈਕਲਾਉਡ, ਮੈਕਾਲਫ, ਕਨਿੰਘਮ ਤੇ ਟਰੰਪ ਵਰਗੇ ਅੰਗਰੇਜ਼ਾਂ ਨੂੰ ਪੰਜਾਬ ਦੇ ਸਿੱਖ ਧਰਮ ਨੇ ਹੀ ਕਿਉਂ ਖਿੱਚ ਪਾਈ। ਇਹ ਠੀਕ ਹੈ ਕਿ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਇਨ੍ਹਾਂ ਨੇ ਆਪਣੇ ਧਰਮਾਂ ਬਾਰੇ ਕਿਉਂ ਨਾ ਕੁਝ ਕੀਤਾ। ਜੇ ਕਰਦੇ ਤਾਂ ਇਨ੍ਹਾਂ ਨੂੰ ਕੀ ਮਿਲਦਾ।
ਦੂਜੀ ਗੱਲ ਇਹ ਕਿ ਧਰਮ ਤਾਂ ਧਰਮ ਹੀ ਹੈ। ਇਹਦੀ ਨੀਂਹ ਵਿਸ਼ਵਾਸ਼ ’ਤੇ ਟਿਕੀ ਹੋਈ ਹੁੰਦੀ ਹੈ। ਧਰਮ ਵਿਚ ਸ਼ੰਕਾ ਜਾਂ ਸਵਾਲ ਕੋਈ ਨਹੀਂ ਹੁੰਦਾ। ਕੀ ਕਦੇ ਕਿਸੇ ਨੇ ਈਸਾਈ ਨੂੰ ਪੁਛਿਆ ਹੈ ਕਿ ਕਰਾਈਸਟ ਕੁਆਰੀ ਦੇ ਪੇਟ ਵਿਚੋਂ ਕਿਵੇਂ ਪੈਦਾ ਹੋ ਗਿਆ। ਹੋਰ ਧਰਮ ਵੀ ਇਵੇਂ ਹੀ ਹਨ। ਜੇ ਸਵਾਲਾਂ ਤੇ ਉਨ੍ਹਾਂ ਦੇ ਸਹੀ ਉਤਰਾਂ ਨੂੰ ਲੋਕਾਈ ਮੰਨਦੀ ਹੁੰਦੀ ਤਾਂ ਸਦੀਆਂ ਗੁਜ਼Lਰ ਜਾਣ ਨਾਲ ਹੁਣ ਤੱਕ ਤਾਂ ਸਾਰੇ ਧਰਮ ਇਕੋ ਹੀ ਹੋ ਜਾਂਦੇ। ਇਸੇ ਕਰਕੇ ਧਰਮ ਨਾਲ ਕੱਟੜਤਾ ਬੱਝ ਜਾਂਦੀ ਹੈ। ਇਹਦੇ ਵਿਰੁੱਧ ਦਲੀਲ ਕੰਮ ਨਹੀਂ ਕਰਦੀ।
ਮੈਨੂੰ ਤੁਹਾਡੇ ’ਤੇ ਵੀ ਅਤੇ ਮੈਕਲਾਉਡ ’ਤੇ ਵੀ ਇਹ ਸੋਚਕੇ ਤਰਸ ਆਇਆ ਕਿ ਤੁਸੀਂ ਏਨੀ ਸਚਾਈ ਨੂੰ ਵੀ ਨਹੀਂ ਸਮਝਦੇ ਤੇ ਕੰਧਾਂ ਨਾਲ ਟੱਕਰਾਂ ਮਾਰੀ ਜਾਂਦੇ ਹੋ। ਲੋਕ ਇਹ ਕਿਵੇਂ ਮੰਨ ਲੈਣ ਕਿ ਜਨਮ ਸਾਖੀਆਂ ਦਾ ਸੱਚ ਵੱਖਰਾ ਹੈ।
ਧਰਮੀ ਲੋਕ ਮਿੱਥਾਂ ਦੇ ਆਸਰੇ ਜੀਊਂਦੇ ਹਨ। ਤੇ ਮਿੱਥਾਂ ਵਿਚੋਂ ਸੱਚ ਲੱਭਣਾ ਮੂਰਖਤਾ ਨਹੀਂ ਤਾਂ ਹੋਰ ਕੀ ਹੈ। ਹਾਲੇ ਸਿੱਖ ਧਰਮ ਤਾਂ ਫੇਰ ਜ਼ਰਾ ਵਡੇ ਦਿਲ ਵਾਲਾ ਹੈ,ਤੁਸੀਂ ਇਸਲਾਮ ਬਾਰੇ ਖੋਜਾਂ ਕਰਕੇ ਦੇਖੋ ਤਾਂ।
ਮੇਰੇ ਖਿਆਲ ਵਿਚ ਇਨ੍ਹਾਂ ਸਾਰੇ ਬਾਹਰਲੇ ਵਿਦਵਾਨਾਂ ਨਾਲ ਇਹੋ ਸਲੂਕ ਹੋਣਾ ਚਾਹੀਦਾ ਸੀ ਜੋ ਹੋਇਆ। ਇਸੇ ਸੰਬੰਧ ਵਿਚ ਤਾਤਲੇ ਦਾ ਲੇਖ ਹਾਸੋਹੀਣਾ ਲੱਗਦਾ ਹੈ। ਉਹਨੂੰ ਕਿਉਂ ਉਮੀਦ ਹੈ ਕਿ ਮੈਕਲਾਉਡ ਦਾ ਸਤਕਾਰ ਕੀਤਾ ਜਾਵੇ। ਕੀ ਸਿੱਖ ਆਪਣੀਆਂ ਹੀ ਰਹੁਰੀਤਾਂ ਨੂੰ ਵਿਗਾੜਨ ਵਾਲੇ ਵਿਦਵਾਨਾਂ ਦਾ ਸਤਿਕਾਰ ਕਰਨ। ਜਾਂ ਤਾਂ ਧਰਮ ਦੇ ਦਾਇਰੇ ਤੇ ਇਹਦੀ ਕੱਟੜਤਾ ਨੂੰ ਹੀ ਤਿਆਗ ਦਿਉ ਤੇ ਮਨੁੱਖਵਾਦੀ ਬਣ ਜਾਉ। ਚੰਗਾ ਕੀਤਾ ਤੁਸੀਂ ਇਹ ਗੱਲ ਛੇੜੀ ਹੈ ਪਰ ਸਾਬਤ ਇਹੋ ਹੁੰਦਾ ਹੈ ਕਿ ਤੁਸੀਂ ਜਾਂ ਤਾਤਲਾ ਜਾਂ ਮੈਕਲਾਉਡ ਆਪ ਧਾਰਮਕ ਨਹੀਂ ਸਿਰਫ ਮਨੁੱਖਵਾਦੀ ਹੋ ਤੇ ਇਹ ਰਲਾ ਚੱਲਣਾ ਨਹੀਂ।
ਇੰਦਰ ਸਿੰਘ, ਅੰਬਾਲਾ


‘ਹੁਣ’ ਲਗਾਤਾਰ ਪੜ੍ਹ ਰਿਹਾ ਹਾਂ। ਹਰ ਅੰਕ ਪਹਿਲੇ ਤੋਂ ਵੱਧ ਕੇ| ਨਵਾਂ ਅੰਕ ਸਟਾਲਾਂ ’ਤੇ ਅਉਣ ਤੋਂ ਪਹਿਲਾਂ ਹੀ ਕਈ ਵਾਰੀ ਸੁਭਾਵਿਕ ਹੀ ਪੁੱਛਿਆ ਜਾਂਦੈ ‘ਹੁਣ’ ਤਾਂ ਨੀ ਆਇਆ? ਕਿਸੇ ਸਟਾਲ ’ਤੇ ਪੁਰਾਣਾ ਅੰਕ ਬਚਿਆ ਕਦੇ ਨਜ਼ਰ ਨਹੀਂ ਪਿਆ| ਇਹ ‘ਹੁਣ’ ਦੀ ਲੋਕਪ੍ਰਿਯਤਾ ਦਾ ਵੱਡਾ ਸਬੂਤ ਹੈ| ਸਤੰਬਰ-ਦਸੰਬਰ 2007 ਅੰਕ ਵਿਚ ਦਲੀਪ ਕੌਰ ਟਿਵਾਣਾ ਨਾਲ ‘ਗੱਲਾਂ’ ਬਹੁਤ ਦਿਲਚਸਪ ਹਨ ਅਤੇ ਉਨਾਂ੍ਹ ਦੀ ਜੀਵਨੀ ਨੂੰ ਸਮੁੱਚੇ ਪਰਿਪੇਖ ਵਿਚ ਪੇਸ਼ ਕਰਦੀਆਂ ਹਨ| ਅਵਤਾਰ ਜੰਡਿਆਲਵੀ ਜੀ ਵਧਾਈ ਦੇ ਪਾਤਰ ਹਨ|
ਤਲਵਿੰਦਰ ਸਿੰਘ ਦੀ ਕਹਾਣੀ ‘ਵਾਵਰੋਲੇ’ ਮਨੁੱਖੀ ਰਿਸ਼ਤਿਆਂ ਵਿਚਲੇ ਦੰਭ ਅਤੇ ਮਨੁੱਖੀ ਮਨ ਦੀਆਂ ਗੁੰਝਲਦਾਰ ਪਰਤਾਂ ਦਾ ਪ੍ਰਗਟਾਵਾ ਕਰਦੀ ਹੈ| ‘ਕੰਬਲ ਕਿਰਲੀ ਅਤੇ ਕਪਲਾ ਗਊ’ਕਹਾਣੀ ਵਿਚ ਜਸਪਾਲ ਮਾਨਖੇੜਾ ਨੇ 47 ਦੇ ਦੁਖਾਂਤ ਦੇ ਮਨੁੱਖੀ ਮਾਨਸਿਕਤਾ ਅਤੇ ਸਮਾਜ ਉੱਪਰ ਪਏ ਦੂਰਵਰਤੀ ਪ੍ਰਭਾਵ ਨੂੰ ਬਾਖੂਬੀ ਚਿਤਰਿਆ ਹੈ|
ਡਬਲਿਊ ਐਚ ਮੈਕਲਾਊਡ ਦਾ ਸਿੱਖੀ ਸਬੰਧੀ ਖੋਜ ਬਾਰੇ ਅਤੇ ਦਰਸ਼ਨ ਸਿੰਘ ਤਾਤਲਾ ਦਾ ਮੈਕਲਾਊਡ ਬਾਰੇ ਲੇਖ ਜਾਣਕਾਰੀ ਭਰਪੂਰ ਹਨ|
ਡਾ: ਹਰਪਾਲ ਸਿੰਘ ਪੰਨੂ ਹੋਰਾਂ ਗੁੰਮਨਾਮ ਭਾਈ ਧਰਮਾਨੰਤ ਸਿੰਘ ਦੇ ਜੀਵਨ ਅਤੇ ਸੋਚ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕਰਦਿਆਂ ਲੇਖਕ ਦੀ ਪੁਸਤਕ ਵੈਦਿਕ-ਗੁਰਮਿਤ ਵਿਚ ਪ੍ਰਸਤੁਤ ਸਿੱਖ ਧਰਮ ਸਬੰਧੀ ਆਰੀਆ ਸਮਾਜੀ ਵਿਚਾਰਾਂ ਨਾਲ ਪੂਰਨ ਅਸਹਿਮਤੀ ਪ੍ਰਗਟ ਕੀਤੀ ਹੈ| ਇਸ ਮਸਲੇ ਸੰਬੰਧੀ ਸੁਹਿਰਦ ਸਿੱਖ ਚਿੰਤਕ ਦੇ ਇਹੋ ਵਿਚਾਰ ਹੋਣੇ ਚਾਹੀਦੇ ਹਨ|
‘ਕਲਾਜੰਗ’ ਦਿਲਚਸਪ ਤਾਂ ਹੈ ਹੀ, ਪੰਜਾਬੀ ਸਾਹਿਤ ਅਤੇ ਸਾਹਿਤਕਾਰਾਂ ਸਬੰਧੀ ਜਾਣਕਾਰੀ ਲਈ ਅਤਿਅੰਤ ਲਾਹੇਵੰਦ ਰਹੇਗਾ|
ਰਣਜੋਧ ਸਿੰਘ ਸਿੱਧੂ (ਡਾ:) ਧਨੇਠਾ,
ਪਟਿਆਲਾ


‘ਮਦਾਨ ਬੁੱਕ ਡਿੱਪੂ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਤੁਹਾਡੇ ਹੁਣ ਪ੍ਰਕਾਸ਼ਨ ਦੀਆਂ ਦੋ ਕਿਤਾਬਾਂ ‘ਸੁਖ਼ਨ ਸੁਹੇਲੇ’ ਅਤੇ ‘ਵਿਸ਼ਵ ਦੇ ਪ੍ਰਸਿੱਧ ਮਹਾਕਵੀ’ ਖ਼ਰੀਦ ਕੇ ਪੜੀ੍ਹਆਂ| ਕਿਤਾਬਾ ਤੋਂ ਇਲਾਵਾ ‘ਹੁਣ’ ਪੁਸਤਕ ਲੜੀ -6 ਅਤੇ 7 ਵੀ ਬੜੇ ਚਾਅ ਨਾਲ ਖਰੀਦੇ ਹਨ| ਮੈਂ ਐਮ ਏ ਪੰਜਾਬੀ ਕੀਤੀ। ਹੁਣ ਐਮ ਏ ਜਰਨਿਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਕਰ ਰਿਹਾ ਹਾਂ| ਮੈਂ ਅੰਗਰੇਜ਼ੀ, ਰੂਸੀ, ਹਿੰਦੀ ਤੇ ਪੰਜਾਬੀ ਦਾ ਬਹੁਤ ਸਾਰਾ ਸਾਹਿਤ ਪੜ੍ਹ ਚੁੱਕਾ ਹਾਂ| ਪਰ ‘ਹੁਣ’ ਪ੍ਰਕਾਸ਼ਨ ਦੀਆਂ ਪੁਸਤਕਾਂ ਦੀ ਛਪਾਈ, ਡਿਜਾਈਨ ਅਤੇ ਵਧੀਆ ਪੇਪਰ ਵਰਗਾ ਪ੍ਰਕਾਸ਼ਿਤ ਹੋਇਆ ਮੈਟਰ ਹੋਰ ਕਿਸੇ ਵੀ ਪਬਲਿਸ਼ਰ ਜਾਂ ਪ੍ਰਕਾਸ਼ਕ ਵੱਲੋਂ ਛਾਪਿਆ ਨਹੀਂ ਵੇਖਿਆ| ਹੋਰ ਕਿਸੇ ਪਬਲਿਸ਼ਰ ਤੋਂ ਐਨਾ ਵਧੀਆ ਮਟੀਰੀਅਲ ਬਹੁਤ ਘੱਟ ਪੈਸਿਆਂ ਵਿਚ ਮਿਲਣਾ ਅਸੰਭਵ ਹੈ|
ਹੁਣ ਪੁਸਤਕ ਲੜੀ -7 ਅੰਕ ਪੜ੍ਹ ਕੇ ਸੁਆਦ ਆ ਗਿਆ| ਸੰਤਾਲੀ ਦਾ ਕਹਿਰ ਅਤੇ ਦਲੀਪ ਕੌਰ ਟਿਵਾਣਾ ਨਾਲ ਅਪਣੀ ਛਾਵੇਂ ਕੀਤੀਆਂ ਗੱਲਾਂ ਇਸ ਅੰਕ ਦੀ ਰੀੜ ਦੀ ਹੱਡੀ ਹਨ| ਤਲਵਿੰਦਰ ਸਿੰਘ ਦੀ ਕਹਾਣੀ ਵਾਵਰੋਲੇ ਯਥਾਰਥਕ ਵਧੀਆ ਕਹਾਣੀ ਹੈ| ਇਸ ਤੋਂ ਇਲਾਵਾ ਧਰਮ, ਚਿੰਤਨ, ਇਤਿਹਾਸ, ਮਿਥਿਹਾਸ, ਸਾਹਿਤ ਤੇ ਸਿਆਸਤ ਨਾਲ ਸੰਬੰਧਤ ਮੈਟਰ ਵੀ ਅਪਣੇ ਆਪ ’ਚ ਬਹੁਤ ਕੁਝ ਸਮੋਈ ਬੈਠਾ ਹੈ|
ਹਰਮਨਜੀਤ ਚਹਿਲ,
ਪਿੰਡ ਤੇ ਡਾਕ ਭਵਾਨੀਗੜ, ਜ਼ਿਲ੍ਹਾ-ਸੰਗਰੂਰ|


ਡ: ਜਸਵੰਤ ਸਿੰਘ ਨੇਕੀ ਨੇ ਮੁਲਾਕਾਤ ਦੌਰਾਨ ਮਾਰਕਸਵਾਦ ਪ੍ਰਤੀ ਪਰਸਪਰ-ਵਿਰੋਧੀ ਵਿਚਾਰ ਪ੍ਰਗਟਾਏ ਹਨ| ਉਨਾਂ੍ਹ ਨੇ ਮਾਰਕਸਵਾਦ ਨੂੰ ‘ਖੂਨੀ ਇਨਕਲਾਬ ਦਾ ਮੁੱਦਈ’ ਅਤੇ ਖੁਦ ਨੂੰ ‘ਪਿਆਰਨ ਇਨਕਲਾਬ’ ਦਾ ਮੁੱਦਈ ਗਰਦਾਨਿਆ ਹੈ| ਵਿਚਾਰਾ ਦਾ ਅੰਤਰ-ਦਵੰਧ ਇਹ ਹੈ ਕਿ ਜਿੱਥੇ ਉਹ ‘ਖੂਨੀ ਇਨਕਲਾਬ’ ਵਾਲੀ ਗੱਲ ਕਹਿ ਰਹੇ ਹਨ, ਉੱਥੇ ਸਿੱਖੀ ਫ਼ਲਸਫੇ ਤੋਂ ਪ੍ਰੇਰਿਤ ਵੀ ਹੋ ਰਹੇ ਹਨ ਪ੍ਰੰਤੂ ਦਸ਼ਮ ਗੁਰੂ ਦੇ ਫ਼ਲਸਫੇ ਵੱਲ ਉਨਾਂ੍ਹ ਦਾ ਧਿਆਨ ਨਹੀਂ ਜਾਂਦਾ ਜੋ “ਹਮਾ ਹੀਲਤੇ ਦਰਗੁਜਸ਼ਤ……ਕਹਿੰਦੇ ਹੋਏ ‘ਪ੍ਰਿਥਮ ਭਗੌਤੀ ਸਿਮਰਦੇ ਹਨ|
ਮਾਰਕਸਵਾਦ ਨੂੰ ‘ਖੂਨੀ ਇਨਕਲਾਬ’ ਤੱਕ ਸੀਮਿਤ ਕਹਿ ਦੇਣਾ ਇਸਨੂੰ ਸਤਹੀ ਪੱਧਰ ’ਤੇ ਜਾਨਣਾ ਹੈ ਨਾ ਕਿ ਆਂਤਰਿਕ ਅਰਥਾਂ ਨੂੰ| ਜੇਕਰ ਇਹ ਖੂਨੀ ਇਨਕਲਾਬ ’ਤੇ ਅਧਾਰਿਤ ਹੈ ਤਾਂ ਇਹ ਦੇਖਣਾ ਬਣਦਾ ਹੈ ਕਿ ਉਹ ਖੂਨ ਆਦਮਖੋLਰਾਂ (ਰਜਵਾੜਿਆਂ) ਦਾ ਹੈ ਜਾਂ ਜੀਵ ਆਤਮਾਵਾਂ (ਕਿਰਤੀਆਂ) ਦਾ| ਮਾਰਕਸੀ ਕ੍ਰਾਂਤੀ ਨੂੰ ‘ਖੂਨੀ ਇਨਕਲਾਬ’ ਦਾ ਫ਼ਤਬਾ ਦੇਣਾ ਸਥਾਪਿਤ ਹਾਕਮ ਧਿਰ ਦਾ ਕੰਮ ਹੈ, ਜਿਸਨੂੰ ਪ੍ਰੋ:ਮੋਹਨ ਸਿੰਘ ‘ਜੋਕਾਂ’ ਦਾ ਵਰਗ ਕਹਿੰਦਾ ਹੈ, ਨਾ ਕਿ ਮਾਨਵ ਹਿਤੈਸ਼ੀ ਧਿਰ ਦਾ| ਡਾ: ਸਾਹਿਬ ਨੂੰ ਇਲਮ ਹੋਵੇਗਾ ਕਿ ਪ੍ਰਤਿਜੀਵਾਂ ਦਾ ਪ੍ਰਤਿਜੀਵੀ ਹੋਣਾ ਲਾਜ਼ਿਮ ਹੈ| ਕ੍ਰਾਂਤੀ ਦੌਰਾਨ ਜਿੱਥੇ ਕੁਝ ਜਾਨਾਂ ਗਈਆਂ ਉੱਥੇ ਕਰੋੜਾਂ ਕਿਰਤੀਆਂ ਦੀਆਂ ਜਾਨਾਂ ਬਚੀਆਂ| ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ|
ਕਿਸੇ ਇਕ ‘ਸਲਤਨਤ ਦੇ ਬਿਨਸ’ ਜਾਣ ਨਾਲ ਮਾਰਕਸਵਾਦ ਦੀ ਪ੍ਰਸੰਗਿਕਤਾ ਖ਼ਤਮ ਨਹੀਂ ਸਗੋਂ ਪ੍ਰਵਰਤਨਸ਼ੀਲ ਅਤੇ ਗਤੀਸ਼ੀਲ ਰੂਪ ’ਚ ਉਜ਼ਵਲ ਹੋ ਰਹੀ ਹੈ| ਮਾਨਵ ਪ੍ਰਤੀਕੂਲ ਪ੍ਰਸਥਿਤੀਆਂ ਵਿਚ ਇਸ ਪ੍ਰਕਾਰ ਦੇ ਪ੍ਰਤੀਕਰਮਾਂ ਦਾ ਪ੍ਰਤੀਰੋਧ ਹੋਣਾ ਚਾਹੀਦਾ ਹੈ| ਤਾਂ ਜੋ ਖ਼ੁਦ ਨੂੰ ‘ਕਾਮਾ’ ਮੰਨਣ ਵਾਲਾ ਕੋਈ ਵੀ ਕਾਰੀਗਰ ਇਸ ਪ੍ਰਕਾਰ ਦੇ ਅਸੰਗਤ ਵਿਚਾਰ ਪੇਸ਼ ਨਾ ਕਰੇ| ਮੈਨੂੰ ‘ਮੀਰ ਤਕੀ ਮੀਰ’ ਦਾ ਇਹ ਸ਼ੇਅਰ ਯਾਦ ਆ ਰਿਹਾ ਹੈ|
ਨਾ ਮਿਲ ‘ਮੀਰ’ ਅਬ ਕੇ ਅਮੀਰੋਂ ਸੇ ਤੂੰ
ਕਿ ਹੂਏ ਹੈ ਗਰੀਬ ਉਨਕੀ ਦੌਲਤ ਸੇ ਹਮ
ਮਨਿੰਦਰ ਸਿੰਘ ਕਾਂਗ ਦੀ ਕਹਾਣੀ ‘ਭਾਰ’ ਪੰਜਾਬ ਸੰਕਟ ਨੂੰ ਪਰਿਪੱਕ ਮਾਰਮਿਕ ਢੰਗ ਨਾਲ ਪੇਸ਼ ਕਰਦੀਆਂ ਸੇ੍ਰਸ਼ਟ ਕਹਾਣੀਆਂ ਵਿਚੋਂ ਇਕ ਹੈ| ਕਹਾਣੀ ’ਚ ਹਾਲਾਤ ਦੀ ਮਾਰ ਸਹਿ ਰਹੀ ਲੋਕਾਈ ਦਾ ਹਿਰਦੇਵੇਧਕ ਦਰਦ ਜੀਵੰਤ ਰੂਪ ’ਚ ਚਿਤਰਿਤ ਹੋਇਆ ਹੈ| ਪਾਠਕ ਕਹਾਣੀ ਪੜ੍ਹਦਿਆਂ ਗਲਤ ਦਿਸ਼ਾਮਾਨ ਅਧੀਨ ਭਟਕੇ ਲੋਕਾਂ ਅਤੇ ਸਟੇਟ ਦੇ ਮੋਹਰਿਆਂ ਦੇ ਜ਼ੁਲਮ ਵਿਚੋਂ ਕਿਸੇ ਵੀ ਧਿਰ ਸੰਗ ਸੰਵੇਦਨਾ ਨਾ ਰੱਖਦਾ ਹੋਇਆ ਮਾਨਵਤਾਵਾਦੀ ਸੰਵੇਦਨਸ਼ੀਲਤਾ ਸੰਗ ਵਿਚਰਦਾ ਹੈ| ਜੋ ਕਹਾਣੀ ਨੂੰ ਸਮਕਾਲੀ ਦੌਰ ’ਚ ਹੋਰ ਵੀ ਸਾਰਥਕ ਬਣਾ ਦਿੰਦਾ ਹੈ| ਇਹ ਕਹਾਣੀ ਪੰਜਾਬੀ ਸਾਹਿਤ ਦਾ ਹਾਸਿਲ ਹੈ| ਧੰਨਵਾਦ|
ਬਲਕਾਰ ਔਲਖ


‘ਹੁਣ’ ਦੀ ਛਪਣ ਸਮੱਗਰੀ ਵਿਚ ਸਥਾਪਤ ਲੇਖਕਾਂ ਨਾਲ ਸੰਵਾਦ, ਗੰਭੀਰ ਚਿੰਤਨ ਦੇ ਲੇਖ ਅਤੇ ਭੂਤਕਾਲ ਦੇ ਦੁਖਾਂਤ ਮੈਰਿਟ-ਲਿਸਟ ਵਿਚ ੳੁੱਪਰ ਹਨ| ਸਮਕਾਲੀ ਪੰਜਾਬੀ ਗਲਪ ਅਤੇ ਕਵਿਤਾਵਾਂ ਕੁਝ ਹੇਠਾਂ ਹਨ, ਜਿਸਦਾ ਸਬੂਤ ਹੈ ਕਿ ਵਿਦੇਸ਼ੀ ਅਨੁਵਾਦਿਤ ਕਵਿਤਾ ਕਹਾਣੀ ਪਹਿਲਾਂ ਪੜ੍ਹਨ ਨੂੰ ਦਿਲ ਕਰਦਾ ਹੈ ਜੋ ਵਧੀਕ ਪੁਖਤਾ ਹੈ| ਪਿਛਲੇ ਕਿਸੇ ਅੰਕ ਵਿਚ ਇਕ ਪੰਜਾਬੀ ਸ਼ਾਇਰ ਨੇ ਤਿਤਲੀ ਨੂੰ ਖੁੱਲ੍ਹੀ-ਕਿਤਾਬ ਲਿਖਿਆ ਸੀ| ਕਾਫ਼ਕਾ ਨੂੰ ਪੜ੍ਹਦਿਆਂ ਮੈਂ ਜਾਣ ਗਿਆ ਸਾਂ ਕਿ ਇਹ ਅਲੰਕਾਰ ਜਰਮਨ ਹੈ ਤੇ ਸੌ ਸਾਲ ਪੁਰਾਣਾ ਹੈ|
ਦਰਸ਼ਨ ਤਾਤਲਾ ਦਾ ਮੈਕਲਾੳਡ ਬਾਬਤ ਲੇਖ ਪੜ੍ਹ ਕੇ ਇਸ ਨਤੀਜੇ ਉੱਪਰ ਪੁੱਜਿਆ ਹਾਂ ਕਿ ਪੰਜਾਬੀ ਸੁਭਾਅ ਜਾਂ ਬੁੱਤ-ਪ੍ਰਸਤ ਹੈ ਜਾਂ ਬੁੱਤ-ਤੋੜ| ਵਿਚ ਵਿਚਾਲੇ ਦਾ ਰਸਤਾ ਉਸ ਲਈ ਸੁਖਾਵਾਂ ਨਹੀਂ| ਤਾਤਲੇ ਨੂੰ ਪੰਜਾਬੀਆਂ ੳੁੱਪਰ ਫਖਰ ਹੈ ਕਿ ਮਹਿਮਾਂਨਿਵਾਜ਼ੀ ਵਕਤ ਬੋਤਲ ਲਿਆ ਧਰਨਗੇ ਪਰ ਵਿਦਵਾਨਾਂ ਦਾ ਆਦਰ ਨਹੀਂ ਕਰਦੇ| ਮੈਕਲਾੳਡ ਨੂੰ ਵੀ ਮੈਂ ਬੋਤਲ ਦਾ ਹੱਕਦਾਰ ਤਾਂ ਮੰਨਦਾ ਹਾਂ, ਦੋ ਦੋ ਯੂਨੀਵਰਸਿਟੀਆਂ ਅਤੇ ਅਕਾਲ ਤਖ਼ਤ ਉਸਨੂੰ ਸਨਮਾਨਿਤ ਕਰਨ, ਇਹ ਹੋਣਾ ਨਹੀਂ ਕਿਉਂਕਿ ਮੈਕਲਾੳਡ ਇਸਦਾ ਹੱਕਦਾਰ ਨਹੀਂ| ਤੱਥਾਂ ਅਤੇ ਅੰਕੜਿਆਂ ਦੀ ਇਤਿਹਾਸਕਾਰੀ ਉਪਰ ਧਰਮ ਦੀ ਨੀਂਹ ਨਹੀਂ ਟਿਕਦੀ| ਜਿੱਥੇ ਸਮਾਂ ਅਤੇ ਪੁਲਾੜ ਖਤਮ ਹੁੰਦੇ ਹਨ ਉਥੋਂ ਧਰਮ ਪਹਿਲਾ ਕਦਮ ਚੁਕਦਾ ਹੈ| ਛੇ ਇੰਚ ਦੀ ਟੈਸਟ ਟਿਊਬ ਵਿਚ ਜੇ ਕੋਈ ਸੂਰਜ ਨੂੰ ਪਰਖਣਾ ਚਾਹੇ, ਇਹ ਉਸਦੀ ਮਰਜ਼ੀ|
ਮੈਕਲਾੳਡ ਨੇ ਇਕ ਬੰਦੇ ਵਾਂਗ ਨਹੀਂ, ਪੂਰਾ ਗਰੋਹ ਤਿਆਰ ਕਰਕੇ ਗੁਰਮਤਿ ਦੇ ਬਾਗ ਵਿਚ ਉਤਾਰਿਆ ਹੈ| ਵਿਦਵਾਨ ਉਹ ਮਾਲੀ ਹੁੰਦਾ ਹੈ ਜਿਹੜਾ ਇਸ ਬਾਗ ਵਿਚੋਂ ਘਾਹ ਬੂਟ ਕੱਢੇ ਤੇ ਬੂਟਿਆਂ ਦੀ ਪਰਿਵਰਸ਼ ਕਰਕੇ ਹੋਰ ਸੋਹਣਾ ਬਣਾਵੇ| ਮੈਕਲਾੳਡ ਵਾਲੇ ਮਾਲੀ ਫਲਦਾਰ/ ਫੁੱਲਦਾਰ ਬੂਟੇ ਕੱਢ ਰਹੇ ਹਨ| ਧਰਮੀ ਬੰਦੇ ਵਾਸਤੇ ਹਨੂਮਾਨ ਵਲੋਂ ਪਹਾੜ ਚੁੱਕ ਕੇ ਉਡਣਾ, ਪੈਗੰਬਰ ਵਲੋਂ ਚੰਦ ਦੇ ਟੁਕੜੇ ਕਰਨਾ, ਪੱਥਰ ’ਤੇ ਪੰਜਾ ਲਾਉਣਾ ਅਤੇ ਪਿਤਾ ਬਗੈਰ ਮਸੀਹੇ ਦਾ ਪੈਦਾ ਹੋਣਾ ਇਕਦਮ ਸੱਚ ਹਨ| ਸੁਕਰਾਤ ਦੇ ਗ੍ਰੰਥਾਂ ਵਿਚੋਂ ਅਕਲ ਨਿਕਲੇਗੀ, ਇਹ ਸਹੀ ਹੈ, ਪਰ ਧਰਮ ਗ੍ਰੰਥਾਂ ਵਿਚੋਂ ਕੌਮਾਂ ਅਤੇ ਸਭਿਅਤਾਵਾਂ ਦਾ ਜਨਮ ਹੁੰਦਾ ਹੈ| ਬੁੱਧ ਨੇ ਅਜਿੱਤ ਨੂੰ ਕਿਹਾ ਸੀ- ਤੂੰ ਧਰਮ ਗੰ੍ਰਥਾਂ ਨਾਲ ਛੇੜਛਾੜ ਕਰਦਾ ਹੈਂ, ਇਹ ਠੀਕ ਨਹੀਂ| ਧਰਮ ਗ੍ਰੰਥ ਅਪਣੀ ਅਪਣੀ ਮੌਜ ਵਿਚ ਤੁਰੇ ਜਾ ਰਹੇ ਅਜਗਰ ਹਨ, ਜੇ ਤਾਕਤਵਰ ਹੈਂ ਤਾਂ ਥਾਏਂ ਮਾਰ| ਜੇ ਕਮਜੋLਰ ਹੈਂ ਦੂਰੋਂ ਦੇਖਦਾ ਰਹਿ, ਤੁਰੇ ਜਾਣ ਦੇਹ| ਛੇੜ ਛਾੜ ਨਾ ਕਰ| ਜੇ ਕਿਸੇ ਨੂੰ ਮੈਕਲਾੳਡ ਦੇ ਗਰੁੱਪ ਬਾਬਤ ਮੇਰੇ ਵਿਚਾਰ ਨਾਲੋਂ ਅਸੰਮਤੀ ਹੋਵੇ ਉਹ ਲੂਈ ਫਿਨਿਕ ਦੀ ਸਿੱਖ ਸ਼ਹਾਦਤ ਉਪਰ ਲਿਖੀ ਕਿਤਾਬ ਪੜ੍ਹਨ|
ਕਦੀ ਕਦਾਈਂ ਵਚਿੱਤਰ ਘਟਨਾ ਵਾਪਰਦੀ ਹੈ| ਪਿਛਲੇ ਹਫ਼ਤੇ ਅਧੇੜ ਉਮਰ ਦਾ ਇਕ ਬੰਦਾ ਆਇਆ, ਕਹਿਣ ਲੱਗਾ,ਤੁਸੀਂ ਲਿਖਿਆ ਹੈ ਨਾ ਕਿ ਇਸਹਾਕ ਡਿਊਸ਼ਰ ਦੀਆਂ ਤਿੰਨ ਜਿਲਦਾਂ 37 ਸਾਲਾਂ ਵਿਚ ਤਿੰਨ ਬੰਦਿਆਂ ਨੇ ਇਸ਼ੂ ਕਰਵਾਈਆਂ, ਦੋ ਦਾ ਪਤਾ ਹੈ ਤੀਜੇ ਦਾ ਪਤਾ ਨਹੀਂ| ਮੈਂ ਦੱਸਣ ਆਇਆ ਹਾਂ ਕਿ ਉਹ ਤੀਜਾ ਮੈਂ ਹਾਂ| ਮੈਂ ਪੂਰਾ ਤਾਸਕੀ ਪੜ੍ਹਿਆ ਹੈ| ਉਹ ਅਪਣਾ ਨਾਮ ਪਤਾ ਦੱਸ ਗਿਆ ਹੈ। ਉਸਤੋਂ ਕਈ ਕੁਝ ਪ੍ਰਾਪਤ ਕਰਾਂਗੇ।
ਹਰਪਾਲ ਸਿੰਘ ਪੰਨੂ,
ਪੰਜਾਬੀ ਯੂਨੀਵਰਸਟੀ,ਪਟਿਆਲਾ


ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸਾਂ ‘ਹੁਣ’ ਮੈਗਜ਼ੀਨ ਵਿਚ ਕਲਾ ਜੰਗ ਦੁਆਰਾ ਪੁਰਾਣੇ ਸਾਹਿਤ ਨੂੰ ਨਵੇਂ ਢੰਗ ਨਾਲ ਫਰੋਲਣ ਦੀ ਕੋਸ਼ਿਸ਼ ਕੀਤੀ| ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ| ‘ਹੁਣ -7’ ਦਾ ਪੂਰਾ ਮੈਟਰ ਬਹੁਤ ਵਧੀਆਂ ਲੱਗਿਆ| ਸਰਵਰਕ ’ਤੇ ਲੱਗੀ ਤਸਵੀਰ ਵੇਖ ਕੇ ਹੀ ਸ਼ਾਇਦ ਹਰ ਵਿਅਕਤੀ ਇਸ ਮੈਗਜ਼ੀਨ ਨੂੰ ਖਰੀਦ ਲਵੇਗਾ, ਇਹ ਮੇਰਾ ਵਿਸ਼ਵਾਸ ਹੈ|
ਰਾਕੇਸ਼ ਸ਼ਰਮਾ
ਪਿੰਡ ਭੁੱਲਰਹੇੜੀ, ਜ਼ਿਲ੍ਹਾ ਸੰਗਰੂਰ


ਹੁਣ’ ਪੰਜਾਬੀ ਦਾ ਬਹੁਤ ਹੀ ਮਿਆਰੀ ਸਾਹਿਤਕ ਮੈਗਜ਼ੀਨ ਬਣ ਚੁੱਕਿਆ ਹੈ| ‘ਹੁਣ’ ਦੇ ਨਾਲ ਬਹੁਤ ਸੁਹਿਰਦ ਪਾਠਕ ਜੁੜ ਰਹੇ ਹਨ ਕਿਉਂਕਿ ਐਨੀਆਂ ਸਾਹਿਤਕ ਵੰਨਗੀਆਂ ਹੋਰ ਕਿਸੇ ਪੰਜਾਬੀ ਮੈਗਜ਼ੀਨ ਵਿਚ ਨਹੀਂ ਮਿਲਦੀਆਂ|
ਦਲੀਪ ਕੌਰ ਟਿਵਾਣਾ ਬਾਰੇ ਪੜ੍ਹ ਕੇ ਬਹੁਤ ਕੁਝ ਪਤਾ ਲੱਗਿਆ। ਤਲਵਿੰਦਰ ਸਿੰਘ ਦੀ ਕਹਾਣੀ ‘ਵਾਵਰੋਲੇ’ ਹਕੀਕਤ ਦੇ ਬਹੁਤ ਨੇੜੇ ਸੀ|
ਸੰਤਾਲੀ ਦਾ ਨਸੂਰ, ਜੋ ਸੱਠ ਸਾਲਾਂ ਬਾਅਦ ਵੀ ਅਜੇ ਭਰਿਆਂ ਨਹੀਂ ਸਦੀਆਂ ਤੋਂ ਰਸਦੇ ਵੱਸਦੇ, ਨੂੰਹ ਮਾਸ ਦੇ ਰਿਸ਼ਤੇ, ਲੋਕ ਇਹਨਾਂ ਲੀਡਰਾਂ ਨੇ ਘਰੋਂ ਬੇਘਰ ਕਰ ਤੇ, ਕਈਆਂ ਦੀ ਤਵੇ ’ਤੇ ਰੋਟੀ ਪਈ ਰਹਿ ਗਈ, ਕਿਸੇ ਦਾ ਪਰਾਤ ਵਿਚ ਆਟਾ ਘੁੰਨਿਆਂ ਰਹਿ ਗਿਆ, ਜੋ ਵੱਢ ਟੁੱਕ ਹੋਈ ਰਹੇ ਰੱਬ ਦਾ ਨਾ, ਜੋ ਹਮੇਸ਼ਾ ਦੁੱਖ ਸੁੱਖ ’ਚ ਮਿਲਕੇ ਰਹਿੰਦੇ ਸਨ, ਮੁਦਤਾਂ ਦੀ ਸਾਂਝ ਸੀ, ਉਹ ਪਲਾਂ ਵਿਚ ਇਕ ਦੂਜੇ ਦੇ ਦੁਸ਼ਮਣ ਬਣ ਗਏ | ਧਰਮ ਬਦਲੇ ਗਏ, ਇਧਰ ਵੀ ਤੇ ਉਧਰ ਵੀ, ਕਈਆਂ ਨੇ ਆਪਣੀਆਂ ਜਵਾਨ ਧੀਆਂ ਆਪਣੇ ਹੱਥੀ ਮਾਰੀਆਂ ਕਿ ਸਾਡੀ ਇੱਜ਼ਤ ਨਾਂ ਰੁਲੇ| ਕਿੰਨੇ ਲੋਕ ਆਪਣਿਆਂ ਤੋਂ ਵਿਛੜੇ, ਜੋ ਅਜੇ ਤੱਕ ਜਿਊਦੇ ਹਨ, ਤੇ ਆਪਣੀ ਜਨਮ ਭੌਇ ਨੂੰ ਤਰਸ ਰਹੇ ਹਨ|
ਸੁਰਿੰਦਰ ਅਤੈ ਸਿੰਘ ਨੇ ਬਹੁਤ ਹੀ ਬੇਖੌਫ ਹੋ ਕੇ ਬੜੇ ਸੁਚੱਜੇ ਢੰਗ ਨਾਲ ‘ਕੋਣ ਸਹੇ ਮੇਰੀ ਪੀੜ’ ਲਿਖਿਆ। ਇਹੋ ਜਿਹੀ ਠੇਠ ਪੰਜਾਬੀ ਸ਼ੈਲੀ ਬਹੁਤ ਘੱਟ ਪੜ੍ਹਨ ਨੂੰ ਮਿਲਦੀ ਹੈ| ਮੈਂ ਉਹਨਾਂ ਦੀ ਕਿਤਾਬ “ਗਲੀਆਂ ਬਾਬਲ ਵਾਲੀਆਂ”ਜ਼ਰੂਰ ਪੜਾ੍ਹਗਾਂ|
ਅਮਰਦੀਪ ਗਿੱਲ ਦਾ ਲੇਖ ‘ਮਿੱਤਰਾ ਦੀ ਯਾਦ ਪਿਆਰੀ’ ਦਹਿਸ਼ਤ ਦੇ ਦਿਨਾਂ ਦੀ ਬਾਤ ਪਾ ਗਿਆ|
ਅਸੀਂ ਬਹੁਤ ਧੰਨਵਾਦੀ ਹਾਂ ਸਾਰੰਗ ਲੋਕ ਦੇ ਸੰਚਾਲਕ ਰਮਾਂ ਰਤਨ ਜੀ ਦੇ ਜਿੰਨਾਂ੍ਹ ਦੀ ਪ੍ਰੇਰਨਾ ਸਦਕੇ, ਅਸੀਂ ‘ਹੁਣ’ ਮੈਗਜ਼ੀਨ ਦੇ ਪਾਠਕ ਬਣੇ|
ਰੇਸ਼ਮ ਸਿੰਘ ਢਿੱਲੋ, ਮੁਹਾਲੀ


ਹੁਣ’ ਪਰਚੇ ਬਾਰੇ ਹੁਣ ਤੱਕ ਪਿਛਲੇ ਅੰਕਾਂ ਵਿਚ ਗੁਣਾਂ ਔਗੁਣਾਂ ਦੀ ਕਾਫੀ ਚਰਚਾ ਕੀਤੀ ਗਈ ਹੈ ਤੇ ਬਾਰ ਬਾਰ ਮਰਾਸੀਆਂ ਵਾਗੂੰ ਸਿਫਤਾਂ ਕਰੀ ਜਾਣੀਆਂ ਚੰਗੀਆਂ ਨਹੀਂ ਲੱਗਦੀਆਂ| ਵੈਸੇ ਪਰਚਾ ਮਿਆਰੀ ਤੇ ਵਿਲੱਖਣਤਾ ਭਰਪੂਰ ਹੈ| ਮੈਂ ਜਿਹੜੀ ਗੱਲ ਵਿਸ਼ੇਸ਼ ਕਰਨੀ ਚਾਹੁੰਦਾ ਹਾਂ ਉਹ ਹੈ, ਨੇਕੀ ਸਾਹਿਬ ਤੇ ਜੰਡਿਆਲਵੀ ਸਾਹਿਬ ਵਿਚਕਾਰ ਗੱਲਬਾਤ ਭਾਵ ਪ੍ਰਸ਼ਨ ਉੱਤਰ| ਜੰਡਿਆਲਵੀ ਸਾਹਿਬ ਦਾ ਇਹ ਪੁੱਛਣਾ ਕਿ ਤੁਹਾਡੀ ਕਵਿਤਾ ਦਾ ਸਮਾਜ ’ਤੇ ਕੋਈ ਪ੍ਰਭਾਵ ਪਿਆ, ਬਹੁਤ ਹੀ ਸ਼ਲਾਘਾ ਯੋਗ ਹੈ| ਸਾਹਿਤ ਉਹ ਹੀ ਚੰਗਾ ਹੁੰਦਾ ਹੈ ਜਿਸਦਾ ਸੰਬੰਧ ਮਨੁੱਖਤਾ ਤੇ ਸਮਾਜ ਨਾਲ ਹੋਵ।ੇ ਸਮਾਜ ਤੋਂ ਦੂਰ ਦਾ ਸਾਹਿਤ ਕੋਈ ਕਲਿਆਣਕਾਰੀ ਨਹੀਂ ਹੁੰਦਾ |
ਹੁਣ ਤੱਕ ਜਿੰਨਾਂ੍ਹ ਸਾਹਿਤ ਲਿਖਿਆ ਗਿਆ ਉਸ ਵਿਚੋਂ ਬਹੁਤਾ ਨਿੱਜੀ ਹੈ। ਜੇ ਕਿਸੇ ਲੇਖਕ ਨੇ ਸਮਾਜ ਬਾਰੇ ਲਿਖਿਆ ਵੀ ਹੈ ਤਾਂ ਉਸਦਾ ਆਪਣਾ ਜੀਵਨ ਉਸ ਦੇ ਅਨੁਸਾਰ ਨਹੀਂ ਭਾਵ ਉਸ ਦੀ ਕਹਿਣੀ ਤੇ ਕਰਨੀ ਇਕ ਨਹੀ।ਂ ਤਾਂ ਉਸ ਦਾ ਪ੍ਰਭਾਵ ਦੂਜਿਆਂ ਤੇ ਨਹੀਂ ਪਵੇਗਾ| ਇਸ ਵਿਚ ਕੋਈ ਸ਼ੱਕ ਨਹੀਂ ਕਾਰਲ ਮਾਰਕਸ ਤੇ ਗੁਰੂ ਸਾਹਿਬਾਨ ਦਾ ਸਾਰਾ ਹੀ ਸਾਹਿਤ ਮਨੁੱਖਤਾਂ ਤੇ ਸਮਾਜ ਦੇ ਭਲੇ ਦੀ ਗੱਲ ਕਰਦਾ ਹੈ| ਮਾਰਕਸਵਾਦੀ ਕਵੀਆਂ ਨੇ ਸਮਾਜਵਾਦੀ ਕਵਿਤਾ ਲਿਖੀ ਵੀ ਹੈ ਪਰ ਉਸ ਨੂੰ ਵੀ ਅਜੇ ਤੱਕ ਲੋਕਾਂ ਵੱਲੋਂ ਪੂਰਾ ਮਾਣ ਨਹੀਂ ਦਿੱਤਾ ਗਿਆ| ਇਸੇ ਤਰਾਂ੍ਹ ਗੁਰੂਆਂ ਦੀਆਂ ਸਿੱਖਿਆਵਾਂ ਤੇ ਸਿਧਾਂਤਾ ਨੂੰ ਵੀ ਲੋਕਾਂ ਨੇ ਜੀਵਨ ਦਾ ਆਧਾਰ ਨਹੀਂ ਬਣਾਇਆ। ਇਹ ਦੋਨੋਂ ਵਿਚਾਰਧਾਰਾਵਾਂ ਸਮਾਜ ਲਈ ਕਲਿਆਣਕਾਰੀ ਹਨ ਪਰ ਇਨਾਂ੍ਹ ਨੁੰ ਅਮਲੀ ਰੂਪ ਕੌਣ ਦੇਵੇ?
ਕਵੀ ਚੈਸਵਾਫ਼ ਮੀਵੋਸ਼ ਦੇ ਵਿਚਾਰ ਬਹੁਤ ਹੀ ਵਧੀਆ ਹਨ, ਵਿਸ਼ੇਸ਼ ਕਰਕੇ ਜਦੋਂ ਉਹ ਕਹਿੰਦਾ ਹੈ ਕਿ ਉਸ ਕਵਿਤਾ ਦਾ ਕੋਈ ਅਰਥ ਨਹੀਂ ਜੋ ਆਪਣੇ ਦੇਸ਼ ਅਤੇ ਕੌਮ ਦਾ ਬਚਾਅ ਨਾ ਕਰ ਸਕੇ ਪਰ ਉਸ ਦੀਆਂ ਆਪਣੀਆਂ ਕਵਿਤਾਵਾਂ ਜਿਹੜੀਆਂ ਪਰਚੇ ਵਿਚ ਛਪੀਆਂ ਹਨ, ਉਨਾਂ੍ਹ ਵਿਚ ਇਹ ਵਿਚਾਰ ਕਿਤੇ ਵੀ ਨਜ਼ਰ ਨਹੀਂ ਆਉਂਦੇ| ਇਹ ਮੇਰੇ ਆਪਣੇ ਵਿਚਾਰ ਹਨ, ਮੈਂ ਗਲਤ ਵੀ ਹੋ ਸਕਦਾਂ|
ਹੁਣ ਅੰਕ -7 ਪੜ੍ਹਨ ਤੋਂ ਬਾਅਦ ਜਿਸ ਗੱਲ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਉਹ ਹੈ ਡਾ: ਨੇਕੀ ਨੇ ਜਿਹੜੇ ਤਿੰਨ ਨੁਕਤੇ ਉਠਾਏ ਹਨ ,ਵਾਦ, ਮਾਰਕਸਵਾਦ ਅਤੇ ਖੂਨੀ ਇਨਕਲਾਬ ਇਨਾਂ੍ਹ ਬਾਰੇ ਭੀਮ ਇੰਦਰ ਸਿੰਘ ਪਟਿਆਲਾ ਵਲੋਂ ਦਿੱਤੇ ਵਿਚਾਰ ਬਹੁਤ ਹੀ ਕਮਾਲ ਦੇ ਹਨ| ਉਨਾਂ੍ਹ ਨੇ ਦਲੀਲ ਸਾਹਿਤ ਟਿੱਪਣੀ ਕੀਤੀ ਹੈ। ਦਲੀਪ ਕੌਰ ਟਿਵਾਣਾ ਨਾਲ ਗੱਲਾਂ ‘ਆਪਣੀ ਛਾਵੇਂ’ ਸਿਰਲੇਖ ਹੇਠ ਬਹੁਤ ਹੀ ਭਾਵੁਕ ਹਨ ਅਤੇ ਮਨ ਨੂੰ ਸਕੂਨ ਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ| ਉਨਾਂ੍ਹ ਦੇ ਪਤੀ ਪਤਨੀ ਦੇ ਰਿਸ਼ਤੇ ਸੰਬੰਧੀ ਵਿਚਾਰ ਵੀ ਜੀਵਨ-ਪੰਧ ਨੂੰ ਰੋਸ਼ਨ ਕਰਨ ਵਾਲੇ ਹਨ| ਦੋ ਨੁਕਤੇ ਜਿਹੜੇ ਉਨਾਂ੍ਹ ਉਠਾਏ ਹਨ, ਬਹੁਤ ਚੰਗੇ ਲੱਗੇ ਹਨ| ਇਕ ਗੱਲ ਮੁੱਖ ਬੰਦ ਬਾਰੇ, ਮੈਂ ਕਦੀ ਵੀ ਆਪਣੀ ਪੁਸਤਕ ਦਾ ਮੁੱਖ ਬੰਦ ਨਹੀਂ ਲਿਖਵਾਇਆਂ ਕਿਉਂਕਿ ਜੇ ਰਚਨਾ ਵਿਚ ਜਾਨ ਹੋਵੇਗੀ ਤਾਂ ਉਹ ਜੀਊਂਦੀ ਰਹੇਗੀ ਨਹੀਂ ਤਾਂ ਆਪਣੇ ਆਪ ਹੀ ਸਮਾਂ ਬੀਤ ਜਾਣ ਤੇ ਸਮਾਪਤ ਹੋ ਜਾਏਗੀ| ਦੂਜੀ ਗੱਲ ਬਹੁਤ ਸੁਹਣੀ ਲੱਗੀ ਕਿ ਲੇਖਕ ਸਾਹਿਤ ਤਾਂ ਲਿਖਦੇ ਹਨ ਪਰ ਸਾਹਿਤ ਨੂੰ ਜੀੳਂੂਦੇ ਨਹੀਂ|
ਪਰ ਟਿਵਾਣਾ ਹੋਰਾਂ ਦਾ ਇਹ ਕਹਿਣਾ ਕਿ ਵਿਚਾਰਧਾਰਾਵਾਂ ਸਾਰੀਆਂ ਹੀ ਵਕਤੀ ਹੁੰਦੀਆਂ ਹਨ, ਵਕਤ ਦੇ ਲੰਘ ਜਾਣ ਨਾਲ ਪਿਛਾਂਹ ਰਹਿ ਜਾਂਦੀਆ ਹਨ| ਇਸ ਨਾਲ ਸਹਿਮਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਸੱਚ ਤੋਂ ਸੱਖਣੀ ਦਲੀਲ ਹੈ| ਸਦੀਆਂ ਬੀਤ ਜਾਣ ’ਤੇ ਵੀ ਕਾਰਲ ਮਾਰਕਸ ਅਤੇ ਗੁਰੂ ਸਾਹਿਬਾਨਾਂ ਦੀਆਂ ਵਿਚਾਰਧਾਰਾਵਾਂ ਅਜੇ ਵੀ ਜਿਊਂਦੀਆਂ ਹਨ ਅਤੇ ਇਕ ਆਦਰਸ਼ਿਕ ਸਮਾਜ ਲਈ ਕਲਿਆਣਕਾਰੀ ਹਨ, ਭਾਵੇਂ ਅਜੇ ਤੱਕ ਇਹ ਵਿਚਾਰਧਾਰਾਵਾਂ ਸਫਲ ਨਹੀਂ ਹੋਈਆ|
ਇਸ ਵਿਚ ਕੋਈ ਸ਼ੱਕ ਨਹੀਂ ‘ਹੁਣ’ ਪਰਚਾ ਵਰਤਮਾਨ ਸਮੇਂ ਦਾ ਵਿਲੱਖਣ ਪਰਚਾ ਹੈ ਪਰ ਤੁਹਾਡਾ ਪਰਚਾ ਕੱਢਣ ਦਾ ਮੁੱਖ ਉਦੇਸ਼ ਕੀ ਹੈ? ਇਸ ਬਾਰੇ ਕੋਈ ਵਿਸ਼ੇਸ਼ ਪਤਾ ਨਹੀਂ ਲੱਗਾ|
ਨਿਰਮਲ ਸਿੰਘ ਲਾਲੀ, ਅਮਰੀਕਾ


ਮੁਝੇ ਪੰਜਾਬੀ ਨਹੀਂ ਆਤੀ। ਮੇਰੇ ਏਕ ਸਟੂਡੈਂਟ ਨੇ, ਆਪਕੇ ਮੈਗਜ਼ੀਨ ਕੀ ਬਾਬਤ ਮੁਝੇ ਕੁਛ ਅਰਸਾ ਪਹਲੇ ਬਤਾਇਆ ਥਾ। ਫਿਰ ਏਕ ਐਤਵਾਰ ਕੋ ਉਨਹੋ ਨੇ ਮੁਝੇ ਜਬਰਦਸਤੀ ਬ੍ਹਾਰ ਕਹਾਨੀ ਪੜ੍ਹ ਕਰ ਸੁਨਾਈ ਤੋ ਮੇਰੀ ਹੁਨ ਮੇਂ ਦਿਲਚਸਪੀ ਬੜੀ। ਆਪ ਕਾ ਪਰਚਾ ਦਿਖਨੇ ਮੇਂ ਤੋ ਪਾਏ ਕਾ ਥਾ ਹੀ, ਅਬ ਇਸ ਕੀ ਰਚਨਾਏਂ ਭੀ ਅੱਛੀ ਲਗੀ; ਦਰਅਸਲ ਬਹੁਤ ਹੀ ਅੱਛੀ ਲਗੀ। ਇਸੀ ਲੀਏ ਮੈਂ ਅਪਨੇ ਸਟੂਡੈਂਟਸ ਸੇ ਅਬ ਹੁਨ ਕੀ ਰਚਨਾਏਂ ਜ਼ਬਰਦਸਤੀ ਸੁਨਤਾ ਹੂੰ।
ਪੰਜਾਬੀ ਕੇ ਲੇਖਕੋਂ ਕੀ ਮੁਝੇ ਕੁਛ ਜਾਨਕਾਰੀ ਹੈ; ਮਗਰ ਨਏਂ ਲੇਖਕ ਭੀ ਬਹੁਤ ਅੱਛਾ ਲਿਖ ਰਹੇਂ ਹੈ
ਇਸ ਬਾਰ ਮੁਝੇ “ਮੇਰਾ ਪਾਕਿਸਤਾਨ” ਬਹੁਤ ਅੱਛਾ ਲਗਾ। ਆਪਕੋ ਇਤਨਾ ਬੜੀਆ ਪਰਚਾ ਛਾਪਨੇ ਕੀ ਮੁਬਾਰਕਬਾਦ ਹੋ। ਪਰਚੇ ਕੀ ਕੀਮਤ ਦੇਖਕਰ ਤੋ ਔਰ ਭੀ ਹੈਰਾਨੀ ਹੂਈ। ਮੇਰੇ ਵਿਦਿਆਰਥੀਓਂ ਨੇ ਬਤਾਯਾ ਕਿ ਇਸ ਸੇ ਪਹਲੇ ਤੋ ਕੀਮਤ ਔਰ ਭੀ ਕਮ ਥੀ।
ਆਪ ਕੋ ਐਸਾ ਬੜੀਆ ਪਰਚਾ ਨਿਕਾਲਨੇ ਕੀ ਬਹੁਤ ਮੁਬਾਰਕਬਾਦ
ਡਾਕਟਰ ਵੀਰਭੱਦਰ ਸਿੰਘ, ਨਵੀਂ ਦਿੱਲੀ


‘ਹੁਣ’ ਸਤੰਬਰ-ਦਸੰਬਰ 2007 ਮਿਲਿਆ, ਅੱਖਰ-ਅੱਖਰ, ਵਰਕੇ ਵਰਕੇ ਦਾ ਪਾਠ ਕੀਤਾ।ਬਹੁਤ ਹੀ ਵਧੀਆ ਪਰਚੈ। ਮੁਬਾਰਕਾਂ ਬਾਬਿਓ। ਬਾਬਿਓ ਸ਼ਬਦ ਏਸ ਲਈ ਵਰਤਿਐ ਕਿ ਹੁਣ ਤੁਸੀਂ ਸੱਚ ਮੁੱਚ ਹੀ ਬਾਬਿਆਂ ਵਾਲਾ ਕੰਮ ਕਰ ਵਖਾਇਐ। ਵੈਸੇ ਵੀ ਸੱਤਰਾਂ ਦੇ ਲਾਗੇ ਛਾਗੇ ਪਹੁੰਚ ਜਾਣ ਵਾਲੇ ਨੂੰ ਅਕਸਰ ਬਾਬਾ ਹੀ ਕਿਹਾ ਜਾਂਦੈ। ਉਮਰ ਦੇ ਲਿਹਾਜ ਨਾਲ ਭਾਵੇਂ ਘੱਟ ਹੈ ਪਰ ਮੈਨੂੰ ਲਗਦੈ ਜਿਸ ਸਪੀਡ ਤੇ ਤਰੱਦਦ ਨਾਲ ਤੁਸੀਂ ਜੁਟ ਗਏ ਹੋ,ਕਾਫੀ ਮੋਰਚੇ ਮਾਰ ਲਉਗੇ।
ਹਥਲੇ ਅੰਕ ਵਿਚ ਤੁਹਾਡੀ ਦਲੀਪ ਕੌਰ ਟਿਵਾਣਾ ਨਾਲ ਕੀਤੀ ਇੰਟਰਵੀਊ ਕਮਾਲ ਦੀ ਸ਼ੈਅ ਹੈ। ਤੁਹਾਡੇ ਟਿਵਾਣਾ ਨੂੰ ਪੁੱਛੇ ਗਏ ਸਵਾਲਾਂ ਦੀ ਚੋਣ ਕਾਬਿਲੇ ਤਾਰੀਫ ਹੈ। ਜਿਸ ਢੰਗ ਤੇ ਅੰਦਾਜ਼ ਨਾਲ ਤੁਸੀਂ ਇਹ ਇੰਟਰਵੀਊ ਨਿਭਾਈ ਹੈ ਉਸ ਵਿਚ ਟਿਵਾਣਾ ਦੇ ਨਾਲ ਨਾਲ ਤੁਹਾਡੀ ਆਪਣੀ ਸਾਹਿਤਿਕ ਸੂਝ ਬੂਝ ਤੇ ਸਖਸ਼ੀਅਤ ਵੀ ਉਜਾਗਰ ਹੁੰਦੀ ਹੈ ਜੋ ਪਾਠਕਾਂ ਦੇ ਦਿਲਾਂ ਨੂੰ ਟੁੰਬਦੀ ਹੈ। ਪਹਿਲਾਂ ਕੀਤੀਆਂ ਕੁਝ ਇੰਟਰਵੀਊਆਂ ਵਿਚ ਦਾਲ ਵਿਚ ਕੋਕੜੂ ਵਾਂਗ ਇਕ ਬਹੁਤ ਵੱਡੀ ਘਾਟ ਰੜਕਦੀ ਸੀ। ਉਹ ਇਹ ਕਿ ਇੰਟਰਵੀਊ ਕਰਦੇ ਤੁਸੀਂ ਕਈ ਮਹਾਨ ਲੇਖਕਾਂ ਨੂੰ ‘ਤੂੰ’ ਸ਼ਬਦ ਨਾਲ ਮੁਖਾਤਿਬ ਹੋਏ ਜੋ ਸ਼ੋਭਾ ਨਹੀਂ ਦਿੰਦਾ। ਮੇਰੀ ਜਾਚੇ ਇੰਟਰਵੀਊ ਕਰਤਾ ਦੀ ਇਹ ਡੀਊਟੀ ਬਣਦੀ ਹੈ ਕਿ ਉਹ ਅਦਬੀ ਦਾਇਰੇ ਵਿਚ ਰਹਿੰਦਿਆਂ ‘ਤੂੰ’ ਦੀ ਥਾਂ ‘ਤੁਸੀਂ’ ਸ਼ਬਦ ਦਾ ਪ੍ਰਯੋਗ ਕਰੇ ਤਾਂ ਜ਼ਰਾ ਸਭਿਅਕ ਲਗਦਾ ਹੈ। ਮੇਰੀ ਨਿੱਜੀ ਰਾਏ ਹੈ ਕਿ ਭਵਿੱਖ ਵਿਚ ਕਿਸੇ ਦੀ ਵੀ ਇੰਟਰਵੀਊ ਕਰਨ ਸਮੇਂ ਉਸ ਨਾਲ ਬੜੇ ਅਦਬ ਤੇ ਸਤਿਕਾਰ ਨਾਲ ਪੇਸ਼ ਆਉ ਭਾਵੇਂ ਉਹ ਉਮਰ ਵਿਚ ਤੁਹਾਥੋਂ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ।ਇਸ ਤਰ੍ਹਾਂ ਤੁਸੀਂ ਖੁਦ ਵੀ ਸ਼ੋਭਾ ਦੇ ਪਾਤਰ ਬਣਦੇ ਹੋ। ਇਸ ਵਿਸ਼ੇ ਤੇ ਹੋਰ ਬਹੁਤ ਕੁਝ ਕਹਿਣਾ ਚਾਹੁੰਦਾ ਹਾਂ ਪਰ ਗਜ਼ਲਗੋ ਹੋਣ ਦੇ ਨਾਤੇ ਬਰੈਵਿਟੀ ਵਿਚ ਵਿਸ਼ਵਾਸ਼ ਰੱਖਦਾ ਹੋਇਆ ਬਹੁਤ ਕਹਿਣਾ ਮੁਨਾਸਿਬ ਨਹੀਂ ਸਮਝਦਾ
ਪਰਚੇ ਵਿਚ ਇੱਕ ਘਾਟ ਹੋਰ ਹੈ ਕਿ ਇਸ ਵਿਚ ਗਜ਼ਲ ਨੂੰ ਬਿਲਕੁਲ ਹੀ ਅਣਗੌਲਿਆ ਗਿਆ ਹੈ। ਮੇਰੇ ਖਿਆਲ ਵਿਚ ਇਸ ਦੇ ਹਰ ਸ਼ਮਾਰੇ ਵਿਚ ਘਟੋ ਘੱਟ 10 ਸਫੇ ਉਚ ਕੋਟੀ ਦੀਆਂ ਗਜ਼ਲਾਂ ਦੇ ਹੋਣੇ ਚਾਹੀਦੇ ਹਨ। ਗਜ਼ਲਾਂ ਉਹ ਹੀ ਛਾਪੀਆਂ ਜਾਣ ਜੋ ‘ ਗਜ਼ਲ-ਅਰੂਜ’ ਤੇ ਪੂਰੀਆਂ ਉਤਰਦੀਆਂ ਹੋਣ। ਆਸ ਹੈ ਇਸ ਬਾਰੇ ਸੋਚ ਵਿਚਾਰ ਕਰੋਗੇ।
ਇਸ ਅੰਕ ਵਿਚ ਹੋਰ ਕਿਰਤਾਂ-ਤਲਵਿੰਦਰ ਸਿੰਘ ਦੀ ਕਹਾਣੀ ‘ਵਾਵਰੋਲੇ’ ਬਹੁਤ ਹੀ ਸਰਬੋਤਮ ਰਚਨਾ ਹੈ। ਕੁਲਵੰਤ ਗਿੱਲ ਦੀ ‘ਸਿਗਰਟ ਜਹੀ ਜ਼ਿੰਦਗੀ’,ਜਸਪਾਲ ਮਾਨਖੇੜਾ ਦੀ ‘ ਕੰਬਲ ਕਿਰਲੀ ਅਤੇ ਕਪਲਾ ਗਊ’, ਸੁਰਿੰਦਰ ਅਤੈ ਸਿੰਘ ਦੀ, ‘ਕੌਣ ਸਹੇ ਮੇਰੀ ਪੀੜ’ ਆਦਿ ਰਚਨਾਵਾਂ ਬਹੁਤ ਅੱਛੀਆਂ ਹਨ । ਸੁਸ਼ੀਲ ਦੁਸਾਂਝ ਦੀਆਂ ਦੋਨੋ ਕਿਰਤਾਂ ‘ਵੱਡਾ ਸ਼ਹੀਦ ਨਿੱਕਾ ਬੀਰ ਸਿੰਘ’ ਅਤੇ ‘ਸੂਲੀ ਟੰਗਿਆ ਸਫਰ’ ਆਪੋ ਆਪਣੀ ਥਾਂ ਰੌਚਿਕ ਭਰਪੂਰ ਹਨ। ਅੰਬਰੀਸ਼ ਦਾ ਕੋਮਲ ਲੇਖ ‘ਆਵਾਜ਼ਾਂ’ ਅਤੇ ਅਨੂਪ ਵਿਰਕ ਦਾ ਸ਼ਬਦ ਚਿਤ੍ਰ ‘ਲੱਕੂ ਖੱਤਰੀ’ ਵੀ ਅੱਛੇ ਲੱਗੇ।
ਧਰਮ ਹੈਡਿੰਗ ਅਧੀਨ ਛਪੇ ਤਿੰਨੇ ਲੇਖ ‘ ਸਿੱਖੀ ਬਾਰੇ ਮੇਰੀ ਖੋਜ’ (ਡਬਲਿਊ.ਐਚ.ਮੈਕਲਾਉਡ), ‘ਸਿੱਖਾਂ ਨੇ ਮੈਕਾਲਿਫ ਨਾਲ ਜੋ ਕੀਤੀ ’ (ਤੇਜਾ ਸਿੰਘ) ਅਤੇ ‘ਸਿੱਖ ਧਰਮ ਦਾ ਖੋਜੀ ਮੈਕਲਾਉਡ’ (ਦਰਸ਼ਣ ਸਿੰਘ ਤਾਤਲਾ) ਵੀ ਬਹੁਤ ਮਹੱਤਵਪੂਰਨ ਹਨ ਜੋ ਸਿੱਖ ਲੀਡਰਸ਼ਿਪ ਤੇ ਸਿੱਖ ਬੁਧੀਜੀਵੀਆਂ ਤੇ ਭਾਰੀ ਕਟਾਖਸ਼ ਹਨ।
ਇਨ੍ਹਾਂ ਤੋਂ ਇਲਾਵਾ ਇਸ ਅੰਕ ਵਿਚ ਬਾਕੀ ਕਿਰਤਾਂ ਵੀ ਸਲਾਹੁਣਯੋਗ ਹਨ। ਬਹਿਰਹਾਲ ਪਰਚਾ ਬਹੁਤ ਵਧੀਆ ਹੈ।ਸ਼ਾਲਾ ਜੁਗ ਜੁਗ ਜੀਵੇ।
-ਗੁਰਸ਼ਰਨ ਸਿੰਘ ਅਜੀਬ
ਸੰਪਾਦਕ ‘ਰਚਨਾ’ ਮਾਸਿਕ (ਲੰਡਨ) 1980 ਤੋਂ 1989 ਤੱਕ।


ਹੁਣ’ 7 ਵਿਚ ਛਪਿਆ ਅਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਸਿਸ਼ਾਹ ਨੂੰ’ ਬਾਰੇ ਨਵਤੇਜ ਭਾਰਤੀ ਦਾ ਲੇਖ ਬਹੁਤ ਊਲ ਜਲੂਲ ਹੈ। ਤੁਸੀਂ ਏਨੇ ਵੱਡੇ ਲੇਖਕ ਦੀ ਲਿਖਤ ਨੂੰ ਤਕਨੀਕੀ ਤੇ ਭੁਲੇਖਾ ਪਾਊ ਸ਼ਬਦਾਵਲੀ ਨਾਲ ਭੰਡ ਨਹੀਂ ਸਕਦੇ। ਇਹ ਮਹਾਨ ਕਵਿਤਾ ਚਾਲੀ ਸਾਲ ਪਹਿਲਾਂ ਸਾਨੂੰ ਸਾਡੇ ਇਕ ਸਕੂਲ ਮਾਸਟਰ ਨੇ ਪੜ੍ਹ ਕੇ ਸੁਣਾਈ ਸੀ। ਮੈਨੂੰ ਹੁਣ ਅਪਣੇ ਉਸ ਮਾਸਟਰ ਦਾ ਚਿਹਰਾ ਯਾਦ ਨਹੀਂ ਪਰ ਇਸ ਕਵਿਤਾ ਦੀਆਂ ਸਤਰਾਂ ਅਜੇ ਵੀ ਮਨ ਤੇ ਉਕਰੀਆਂ ਹੋਈਆਂ ਹਨ। ਫੇਰ ਮੈਂ ਕਿਵੇਂ ਮੰਨ ਲਵਾਂ ਕਿ ਇਹ ਐਵੇਂ ਹੈ।
ਜਿਥੇ ਇਸ ਲੇਖ ਦਾ ਲੇਖਕ ਭੁਲੇਖਾ ਖਾ ਰਿਹਾ ਹੈ ਉਹ ਇਹ ਹੈ ਕਿ ਅਮ੍ਰਿਤਾ ਨੇ ਕਵਿਤਾ ਦੀ ਰਚਨਾ ਕੀਤੀ ਸੀ ਨਾ ਕਿ ਕਿਸੇ ਇਤਿਹਾਸਕ ਕ੍ਰਿਤ ਦਾ ਨਿਰਮਾਣ ਕੀਤਾ ਸੀ। ਅਮ੍ਰਿਤਾ ਦਾ ਵਾਰਿਸ ਨੂੰ ਸਦੀਵੀ ਕਾਵਿਕ ਚਿੰਨ੍ਹ ਦੇ ਤੌਰ ਤੇ ਕਵਿਤਾ ਵਿਚ ਪੇਸ਼ ਕਰਨ ਦਾ ਵਾਰਿਸ ਦੇ ਇਤਿਹਾਸਕ ਖਾਸੇ ਨਾਲ ਮੁਕਾਬਲਾ ਕੀਤਾ ਹੀ ਨਹੀਂ ਜਾ ਸਕਦਾ।
ਬਲਵਿੰਦਰ ਸਿੰਘ, (ਰੀਟਾ.) ਪ੍ਰਿੰਸੀਪਲ, ਚੰਡੀਗੜ੍ਹ।


ਪਿਛਲੇ ਅੰਕ ਵਿਚ ਲਿਖਤ ‘ਜੁਗਨੀ ’ ਪੜ੍ਹਣ ਉਪਰੰਤ ਸੇਵਕ ਸਿੰਘ ਦਾ ਰਿਐਕਸ਼ਨ ਮੈਨੂੰ ਬੜਾ ਪੁਖਤਾ ਜਾਪਿਆ। ਜੁਗਨੀ ਦੀ ਚੀਰ ਫਾੜ ਤੋਂ ਇਲਾਵਾ ਜੁਗਨੀ ਦੇ ਲੇਖਕ ਦੇ ਤੌਰ ਤਰੀਕਿਆਂ ’ਤੇ ਵੀ ਚੰਗੀ ਰੋਸ਼ਨੀ ਸੇਵਕ ਸਿੰਘ ਨੇ ਪਾਈ ਹੈ।
ਜੁਗਨੀ ਦਾ ਲੇਖਕ ਗੁਰਬਖਸ਼ ਸਿੰਘ ਅਤੇ ਹਰਕਿਸ਼ਨ ਸਿੰਘ ਸੁਰਜੀਤ ਨੂੰ ਸਿੱਖਾਂ ਦੇ ਲੀਡਰ ਆਖ ਕੇ ਭੰਡਦਾ ਹੈ। ਸੇਵਕ ਸਿੰਘ ਲਿਖਦਾ ਹੈ ਕਿ ਇਹ ਇਨ੍ਹਾਂ ਦੋਵਾਂ ਸ਼ਖਸੀਅਤਾਂ ਨੂੰ ਗਾਲ੍ਹ ਦੇਣ ਵਰਗੀ ਗੱਲ ਹੈ। ਜੁਗਨੀ ਦਾ ਲੇਖਕ ਆਪਣੇ ਕਥਨ ਦੀ ਹਿਮਾਇਤ ਚ ਕੋਈ ਠੋਸ ਤਰਕ ਨਹੀਂ ਦਿੰਦਾ, ਇਸ ਲਈ ਇਹ ਉਸ ਦਾ ਕੋਈ ਪਰਸਨਲ ਮਸਲਾ ਜਾਪਦਾ ਹੈ। ‘ਹੁਣ’ ਨੂੰ ਅਜੇਹੇ ਨਿਰ-ਆਧਾਰ ’ਤੇ ਪਰਮਾਣ ਰਹਿਤ ਰਚਨਾਵਾਂ ਤੋਂ ਪਾਠਕ ਦਾ ਕੋਈ ਲਾਭ ਨਹੀਂ ਹੁੰਦਾ।
ਜੁਗਨੀ ਦਾ ਲੇਖਕ ਇਹ ਗੱਲ ਕਈ ਵਾਰ ਆਖ ਚੁੱਕਾ ਹੈ ਕਿ ‘ਇੰਦਰਾ ਗਾਂਧੀ ਦੀ ਫੋਟੋ ਮੈਂ ਅਮ੍ਰਿਤਾ ਪ੍ਰੀਤਮ ਦੇ ਸਿਰਹਾਣੇ ਪਈ ਵੇਖੀ ਹੈ” ਤੁਸੀਂ ਵੀ ਇਸ ਅੰਕ ’ਚ ਤਾਂ ਇਹ ਸਵਾਲ ਪਾਠਕਾਂ ਤੋਂ ਪੁiੱਛਆ ਹੈ ਕਿ ਅਮ੍ਰਿਤਾ ਦੀ ਫੋਟੋ ਕਿਸ ਦੇ ਸਿਰਹਾਣੇ ਪਈ ਹੁੰਦੀ ਸੀ?
ਇੰਦਰਾ ਨਾਲ ਅਮ੍ਰਿਤਾ ਦੀ ਨੇੜਤਾ ਕੋਈ ਰਹੱਸ ਨਹੀਂ ਸੀ। ਸਾਰਾ ਪੰਜਾਬ ਇਸ ਤੋਂ ਜਾਣੂ ਹੈ। ਇਸ ਸੰਕਟ ਕਾਲ ਵਿਚ ਅਮ੍ਰਿਤਾ ਨੇ ਸਪਸ਼ਟ ਸਟੈਂਡ ਲਿਆ ਸੀ। ਗਲਤ ਜਾਂ ਸਹੀ। ਅਜੇਹੀ ਜੁLਰੱਤ ਹਰ ਲੇਖਕ ਵਿਚ ਨਹੀਂ ਹੁੰਦੀ। ਉਹ ਫੋਟੋ ਅਮ੍ਰਿਤਾ ਦੀ ਅਸੀਸ ਲੈਣ ਗਏ ਜੁਗਨੀ ਦੇ ਲੇਖਕ ਸਮੇਤ- ਹਰ ਕਿਸੇ ਨੇ ਵੇਖੀ ਹੋਵੇਗੀ। ਇਹੋ ਜਹੀ ਪੱਤਰਕਾਰੀ ‘ਹੁਣ’ ਨੂੰ ਸੋਭਦੀ ਨਹੀਂ।
ਕਰਮਚੰਦ ਜੈਨ , ਹੁਸ਼ਿਆਰਪੁਰ


‘ਹੁਣ’ 7 ਵਿਚ ਛਪੀ ਮੇਰੀ ਚਿੱਠੀ ਅਸਲ ’ਚ ਅੰਗਰੇਜ਼ੀ ਵਿਚ ਸੀ। ਆਪ ਨੇ ਉਸਦਾ ਅਨੁਵਾਦ ਪੂਰਾ ਦਰੁਸਤ ਨਹੀਂ ਕੀਤਾ। ਅੰਤ ਤੇ ਸੰਪਾਦਕੀ ਟਿਪਣੀ ਵਿਚ ਆਪਨੇ ਮੈਨੂੰ ਮਿਲੀ ਓ.ਬੀ.ਈ. ਦੀ ਉਪਾਧੀ ਦਾ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਉਹ ਵੀ ਖੋਟਾ ਹੈ। ਮੈਨੂੰ ਇਹ ਉਪਾਧੀ 1999 ਵਿਚ ‘ਜੰਤਕ ਸੰਬੰਧਾਂ ਅਤੇ ਟ੍ਰੇਡ ਯੂਨੀਅਨਵਾਦ ਦੀਆਂ ਸੇਵਾਵਾਂ ਕਰਨ’ ਦੀ ਮਾਨਤਾ ਵਜੋਂ ਦਿੱਤੀ ਗਈ ਹੈ ਨਾ ਕਿ ‘ਬਰਤਾਨਵੀ ਸਲਤਨਤ ਦੀ ਜੀਵਨ ਭਰ ਦੀ ਖਿਦਮਤ ਕਰਨ ਬਦਲੇ’ ਜਿਵੇਂ ਆਪਨੇ ਲਿਖਿਆ ਹੈ। ਇਹਦਾ ਸਾਰਾ ਵੇਰਵਾ ਅਖਬਾਰਾਂ ਵਿਚ ਛਪਿਆ ਹੈ ਜਿਸ ਦੀਆਂ ਫੋਟੋ ਕਾਪੀਆਂ ਭੇਜ ਰਿਹਾ ਹਾਂ।
-ਅਵਤਾਰ ਸਿੰਘ ਜੌਹਲ, ਬ੍ਰਮਿੰਘਮ,ਗ੍ਰੇਟ ਬ੍ਰਿਟਨ


ਹੁਣ’ (ਸਿਤੰਬਰ-ਦਸੰਬਰ, 2007) ਵਿਚ ਮੇਰਾ ਪ੍ਰੋ. ਮੈਕਲਾਉਡ ਬਾਰੇ ਛਪੇ ਲੇਖ ਸੰਬੰਧੀ ਕਹਿਣਾ ਚਾਹੁੰਦਾ ਹਾਂ। ਇਸ ਲੇਖ ਵਿਚ ਮਾਮੂਲੀ ਜਿਹੀ ਸੁਧਾਈ ਜੋ ਪਿਛੋਂ ਭੇਜੀ ਗਈ ਸੀ, ਉਹ ਛਪਣੋਂ ਰਹਿ ਗਈ। ਇਸ ਵਿਚ ਜੋ ਤਕਨੀਕੀ ਗਲਤੀ ਰਹਿ ਗਈ, ਉਹ ਸਫਾ 107 ਤੇ ਅਖੀਰਲੇ ਪਹਿਰੇ ਵਿਚ ਹੈ। ਪ੍ਰੋ. ਮੈਕਲਾਉਡ ਦੀ ਲਿਖੀ ਕਿਤਾਬ ‘ਸਿਖਜ ਆਫ ਦੀ ਖਾਲਸਾ’ ਤੋਂ ਪਿਛੋਂ ‘ਰਹਿਤਨਾਮਾ ਚੋਪਾ ਸਿੰਘ’ ਦੀ ਥਾਂ ‘ਪ੍ਰੇਮ ਸਮਾਰਗ-ਇਕ ਸਨਾਤਨੀ ਸਿਖ ਦਾ ਪ੍ਰਮਾਣ (2006)’ ਹੋਣੀ ਚਾਹੀਦੀ ਸੀ, ਜੋ ਉਸਦੀ ਨਵੀਨਤਮ ਕਿਤਾਬ ਹੈ। ਚੌਪਾ ਸਿੰਘ ਦੀ ਕਿਤਾਬ ਤਾਂ 1987 ‘ਚ ਪਹਿਲਾਂ ਹੀ ਨਿਊਜੀਲੈਂਡ ਤੋਂ ਛਪ ਚੁਕੀ ਸੀ। ਭਾਵੇਂ ਸੁਧਾਈ ਚ ਤਾਂ ਮੈਂ ਬਹੁਤ ਸਾਰੇ ਨਾਉਂ ਵੀ ਕਟ ਦਿਤੇ ਸਨ, ਪਰ ਹੁਣ ਇਸ ਗਲ ਕਹਿਣ ਨਾਲ ਕੋਈ ਬਚਾਅ ਨਹੀਂ ਹੋਣਾ।
ਦਰਸਨ ਸਿੰਘ ਤਾਤਲਾ


ਹੁਣੇ ਹੀ ਲੇਖ ‘ਜੁਗਨੀ’ ਫੇਰ ਪੜ੍ਹਿਆ ਹੈ। ‘ਹੁਣ-7 ਸੁਸ਼ੀਲ਼ ਹੋਰਾਂ ਦੀ ਉਦਾਰਤਾ, ਉਦਮ ਤੇ ਉਹਨਾਂ ਦੇ ਹਿਰਦੇ ਦੀ ਵਿਸ਼ਾਲਤਾ ਦਾ ਸਦਕਾ ਮੇਰੇ ਪਾਸ ਡਾਕ ਰਾਹੀਂ, ਮੇਰੀ ਬੇਨਤੀ ਕਰਕੇ ਪੁੱਜਿਆ ਸੀ। ਇਸਦੇ ਇਕ ਇਕ ਲੇਖ ਨੂੰ ਪੜ੍ਹ ਕੇ ਹਿਰਦੇ ਦੇ ਕਪਾਟ ਖੁਲ੍ਹ ਰਹੇ ਹਨ। ਮੰਗਿਆ ਤਾਂ ਮੈ ਸਿਰਫ ਮਨਿੰਦਰ ਸਿੰਘ ਕਾਂਗ ਦੀ ਕਹਾਣੀ ‘ਭਾਰ’ ਪੜ੍ਹਨ ਲਈ ਹੀ ਸੀ ਪਰ ਇਹ ਤਾਂ ਸਾਹਿਤ, ਗਿਆਨ, ਕਲਾ, ਮਨੋਰੰਜਨ ਦਾ ਖ਼ਜ਼ਾਨਾ ਹੋ ਨਿੱਬੜਿਆ ਹੈ। ਜੁਗਨੀ ਵਿਚ ਤਾਂ ਪੂਰੀ ਸਦੀ ਦੇ ਰਾਜਸੀ, ਧਾਰਮਿਕ, ਸਾਹਿਤਕ, ਕਲਾਤਮਿਕ, ਰਾਜਨੀਤਕ ਗਿਆਨ ਦੇ ਸਮੁੰਦਰ ਨੂੰ ਇਕ ਇਸ ਲੇਖ ਰੂਪੀ ਕੁੱਜੇ ਵਿਚ ਬੰਦ ਕਰ ਦਿਤਾ ਹੈ। ਇਸਨੂੰ ਸ਼ਾਇਦ ਪਿਛਲੀ ਸਦੀ ਉਪਰ ‘ਪੰਛੀ ਝਾਤ’ ਦਾ ਨਾਂ ਵੀ ਦਿਤਾ ਜਾਣਾ ਨਾਵਾਜਬ ਨਾ ਹੋਵੇ! ‘ਜੁਬਲੀ’ ਤੇ ‘ਜੁਗਨੀ’ ਦੇ ਸਬੰਧ ਦਾ ਮੈਨੂੰ ਪਹਿਲੀ ਵਾਰੀ ਇਸ ਲੇਖ ਤੋਂ ਹੀ ਪਤਾ ਲੱਗਾ ਹੈ। ਸ਼ਾਇਦ ਇਹ ਲੇਖ ਪੜ੍ਹਕੇ ਕੋਈ ਸਮਰਥਾਵਾਨ ਅਦਾਰਾ ਇਸ ਮਨੁਖਤਾ ਤੇ ਮਨੁਖ ਆਖੇ ਜਾਂਦੇ ਮਨਹੂਸਾਂ ਵੱਲੋਂ ਹੋਏ ਅਣਕਿਆਸੇ ਜ਼ੁਲਮਾਂ ਦੀ ਸਦੀ ਹੋ ਨਿੱਬੜੀ ਹੈ, ਦਾ ਇਤਿਹਾਸ ਇਹਨਾਂ ਲੀਹਾਂ ਤੇ ਲਿਖਵਾਉਣ ਦਾ ਯਤਨ ਕਰੇ ਜਿਨ੍ਹਾ ਲੀਹਾਂ ਦੀ ਤੁਸੀਂ ਸਿੲਦੀ ਨਿਸ਼ਾਨ ਦੇਹੀ ਕੀਤੀ ਹੈ।
ਸੰਤੋਖ ਸਿੰਘ,ਅਸਟ੍ਰੇਲੀਆ


‘ਹੁਣ’ ਵਿਚ ਛਪਣ ਵਾਲੀਆਂ ਸੰਪਾਦਕ ਦੇ ਨਾਂ ਚਿੱਠੀਆਂ ਤੋਂ ਜ਼ਾਹਰ ਹੁੰਦਾ ਹੈ ਕਿ ਇਸ ਮਿਆਰੀ ਪਰਚੇ ਦੇ ਪਾਠਕ ਸਾਹਿਤਕ ਵਿਦਵਾਨ ਅਤੇ ਰਾਜਨੀਤੀ ਸਾਸ਼ਤਰ ਦੇ ਵਿਦਵਾਨ ਵੀ ਹਨ। ਇਹ ਵਿਦਵਾਨ ਸੱਜਣ ਬੜੀਆਂ ਲੰਮੀਆਂ ਚਿੱਠੀਆਂ ਲਿਖਦੇ ਹਨ ਜਦੋਂ ਕਿਸੇ ਪਹਿਲਾਂ ਛਪੀ ਰਚਨਾ ਦਾ ਵਿਰੋਧ ਕਰਦੇ ਹਨ ਜੋ ਆਮ ਪਾਠਕ ਲਈ ਉਕਾਊ ਹੋ ਸਕਦੀਆਂ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਆਪਣਾ ਵੱਖਰਾ ਲੇਖ ਛਪਵਾਉਣ ਨਾ ਕਿ ਵਿਰੋਧਤਾ ਖਾਤਰ ਹੀ ਲਿਖਿਆ ਨਿੱਕ ਸੁੱਕ। ਉਹ ਪਾਠਕਾਂ ਲਈ ਵਧੇਰੇ ਜਾਣਕਾਰੀ ਦੇ ਸਕੇਗਾ। ਹੁਣ-7 ਵਿਚ ‘ਗੱਲ ’ਚੋਂ ਗੱਲ’ ਦੋ ਲੇਖ ਛਪੇ ਹਨ। ਸੰਪਾਦਕ ਲਈ ਚਿੱਠੀਆਂ ਸੰਖੇਪ ਹੋਣੀਆਂ ਚਾਹੀਦੀਆਂ ਹਨ।
ਤਲਵਿੰਦਰ ਸਿੰਘ ਦੀ ਕਹਾਣੀ ‘ਵਾਵਰੋਲੇ’ ਵਧੀਆ ਕਹਾਣੀ ਹੈ। ਸਮਾਜ ਵਿਚ ਅਜਿਹਾ ਕੁੱਝ ਵਾਪਰਦਾ ਹੈ, ਪਰ ਇਸਦਾ ਜ਼ਿਕਰ ਪੰਜਾਬੀ ਕਹਾਣੀ ਵਿਚ ਪਹਿਲੀ ਵਾਰ ਪੜ੍ਹਿਆ ਹੈ। ਕਹਾਣੀ ਦੀ ਮੁੱਖ ਪਾਤਰ ਨੂੰ ਆਪਣੇ ਪਤੀ ਅਤੇ ਮੂੰਹ ਬੋਲੀ ਭੈਣ ਦੇ ਨਜਾਇਜ਼ ਸਬੰਧਾਂ ਦਾ ਅੱਖੀਂ ਦੇਖ ਕੇ ਪਤਾ ਲਗਦਾ ਹੈ ਜਦੋਂ ਕਿ ਹਰ ਔਰਤ ਕੋਲ ਇਕ ਛੇਵੀਂ ਦ੍ਰਿਸ਼ਟੀ ਹੁੰਦੀ ਹੈ, ਜਿਸ ਰਾਹੀਂ ਉਹ ਆਪਦੇ ਪਤੀ ਦੇ ਕਿਸੇ ਬੇਗਾਨੀ ਔਰਤ ਨਾਲ ਸਬੰਧਾਂ ਬਾਰੇ ਬਿਨਾਂ ਦੱਸੇ ਜਾਂ ਵੇਖੇ ਹੀ ਭਾਂਪ ਜਾਂਦੀ ਹੈ ਪਰ ਮੁੱਖ ਪਾਤਰ ਦੇ ਸਾਹਮਣੇ ਤਾਂ ਉਹ ਕਈ ਵਰ੍ਹੇ ਇਹ ਖੇਲ੍ਹ-ਖੇਲ੍ਹਦੇ ਰਹੇ ਜੋ ਸੰਭਵ ਨਹੀਂ ਲੱਗਦਾ। ਕੁਲਵੰਤ ਗਿੱਲ ਦੀ ਕਹਾਣੀ ‘ਸਿਗਰਟ ਜਿਹੀ ਜ਼ਿੰਦਗੀ’ ਥੋੜ੍ਹੀ ਔਖੀ ਤੇ ਗੁੰਝਲਦਾਰ ਕਹਾਣੀ ਹੈ, ਪਰ ਹੈ ਨਿਵੇਕਲੀ। ਜਸਪਾਲ ਮਾਨਖੇੜਾ ਦੀ ‘ਕੰਬਲ, ਕਿਰਲੀ ਤੇ ਕਪਲਾ ਗਊ’ ਬਹੁਤ ਹੀ ਵਧੀਆ ਕਹਾਣੀ ਹੈ ਜੋ ਕਿ ਹੁਣੇ ਜਿਹੀ ਵਾਪਰੀ ਅਸਲੀ ਜ਼ਿੰਦਗੀ ਤੇ ਅਧਾਰਤ ਹੈ, ਲੇਖਕ ਨੇ ਇਸ ਵਿਚ ਜਾਨ ਪਾ ਦਿੱਤੀ ਹੈ। ਇੰਦਰਜੀਤ ਪਾਲ ਕੌਰ ਦੀ ਕਹਾਣੀ ‘ਕੈਟਾਲੇਟਿਕ ਏਜੰਟ’ ਬਹੁਤ ਹੀ ਸਲੀਕੇ ਨਾਲ ਕਹੀ ਗਈ ਉਸਾਰੂ ਤੇ ਹਾਂ ਪੱਖੀ ਕਹਾਣੀ ਹੈ। ਕਮੀਆਂ ਕਿਸ ਇਨਸਾਨ ਵਿਚ ਨਹੀਂ ਹੁੰਦੀਆਂ? ਸਿਰਫ਼ ਸਨਸਨੀ ਜਿਹੀ ਪੈਦਾ ਕਰਨ ਲਈ ਪੰਜਾਬ ਦੇ ਕੁਝ ਉਘੇ ਬੰਦਿਆਂ ਦਾ ਬਿੰਬ ਨਾ ਤੋੜੋ ਜਿਵੇਂ ਐਮ.ਐਸ. ਰੰਧਾਵਾ ਜਾਂ ਅੰਮ੍ਰਿਤਾ ਪ੍ਰੀਤਮ ਬਾਰੇ ਕੀਤਾ ਜਾ ਰਿਹਾ ਹੈ।
ਅਮਜਮੇਰ ਸਿੰਘ ਟੱਲੇਵਾਲੀਆ, ਬੰਠਿਡਾ


ਸਤੀ ਕੁਮਾਰ ਚਰਚਿਤ ਤੇ ਵਿਵਾਦ-ਗ੍ਰਸਤ ਆਤਮ-ਕਥਾ ‘ਮਾਇਆਜਾਲ’ ਦਾ ਲੇਖਕ ਹੈ। ਕਿਸੇ ਵੇਲੇ ਉਹ ਯੋਰਪ ਦੀਆਂ ਯੁਨੀਵਰਸਿਟੀਆਂ ਵਿਚ ਭਾਰਤੀ ਸਾਹਿਤ ਦਾ ਪ੍ਰੋਫੈਸਰ ਰਿਹਾ ਹੈ। ਇਹ ਆਤਮ-ਕਥਾ ਅਵਤਾਰ ਨਾਲ ਗੱਲਾਂ ਦੇ ਰੂਪ ਚ (ਹੁਣ-2) ਵਿਚ ਛਪੀ ਸੀ ਤਾਂ ਭਾਸ਼ਾ ਦੀ ਸਾਫਗੋਈ ਕਾਰਨ ਪੰਜਾਬੀ ਵਿਚ ਛੋਟਾ ਜਿਹਾ ਭੁਚਾਲ ਆ ਗਿਆ ਸੀ। ਇਸ ਦੇ ਛਪਣ ਤੋਂ ਪਤਾ ਲੱਗਾ ਕਿ ਪੰਜਾਬੀ ਛੱਤ ਕਿੰਨੀਂ ਨੀਵੀਂ ਸੀ। 3 ਦਹਾਕਿਆਂ ਤੋਂ ਵੱਧ ਪੂਰਬੀ ਅਤੇ ਪੱਛਮੀ ਯੋਰਪ ਵਿਚ ਰਹਿਣ ਪਿੱਛੋਂ ਉਸ ਦੇ ਸੰਜੋਏ ਅਨੁਭਵ ਦੀ ਹਵਾ ਹੁਣ ਪੱਛਮ ਤੋਂ ਪੂਰਬ ਵੱਲ ਵਗਣ ਲੱਗ ਪਈ ਹੈ। ‘ਹੁਣ’ ਵਿਚ ਉਸ ਦੇ ਨਿੱਜ ਅਨੁਭਵ ’ਤੇ ਅਧਾਰਿਤ ਯੌਰਪੀਨ ਸਭਿਆਚਾਰ ਸਾਹਿਤ ਲੋਕਾਂ ਬਾਰੇ ਲਿਖੇ ਲੇਖਾਂ ਵਿਚ ਬੌਧਕ-ਸਫਰ ਅਤੇ ਗਲਪ ਦਾ ਨਵੇਕਲਾ ਮਿਸ਼ਰਨ ਹੁੰਦਾ ਹੈ। ਹੁਣ-7 ਵਿਚ ਉਸ ਦੀ ਲਿਖਤ ‘ਆਜ਼ਾਦੀ ਬੁਲ ਅਤੇ ਬੁਲਸ਼ਿਟ’ ਇਸ ਵਿਧਾ ਦਾ ਤਾਜਾ ਉਦਾਹਰਣ ਹੈ। ਨਿਰਲੇਪ ਅਤੇ ਬੇਬਾਕ ਹੋਣ ਕਾਰਨ ਵੱਧ ਚੜ੍ਹ ਕੇ ਉਸ ਦੀ ਨਿੰਦਿਆ ਵੀ ਹੋ ਰਹੀ ਹੈ ਤੇ ਪ੍ਰਸ਼ੰਸਾ ਵੀ । ਅਜੇਹੇ ਲੇਖਕਾਂ ਦੀ ਹੋਣੀ ਵਿਚ-ਵਿਚਾਲੇ ਦੀ ਨਹੀਂ ਹੁੰਦੀ। ਖੁਸ਼ਕਿਸਮਤੀ ਨੂੰ ਅਜੇਹਾ ਵਰਤਾਰਾ ਸਾਹਿਤ ਵਿਚ ਆਈ ਖੜੋਤ ਦੇ ਟੁਟੱਣ ਦੀ ਨਿਸ਼ਾਨੀ ਹੁੰਦੀ ਹੈ। 21ਵੀਂ ਸਦੀ ਦਾ ਪਹਿਲਾ ਦਹਾਕਾ ਇਸ ਖੜੋਤ ਨੂੰ ਤੋੜਣ ਲਈ ਚੁਮਾਹੀ ‘ਹੁਣ’ ਦੀ ਆਮਦ ਵੱਜੋਂ ਯਾਦ ਕੀਤਾ ਜਾਏਗਾ। ‘ਹੁਣ’ ਐਸਟੈਬਲਿਸ਼ ਵੱਲੋਂ ਅਣਗੌਲੇ ਲੇਖਕਾਂ ਨੂੰ ਹੀ ਫੋਕਸ ਵਿਚ ਨਹੀਂ ਲਿਆ ਰਿਹਾ, ਉਹ ਸੰਜੀਦਾ ਪਾਠਕਾਂ ਨੂੰ ਵੀ ਜਨਮ ਦੇ ਰਿਹਾ ਹੈ। ਅਸਲ ਵਿਚ ਕਈ ਵਾਰ ਤਾਂ ਪਾਠਕਾਂ ਦੇ ਪੱਤਰ ਕੁਝ ਲੇਖਕਾਂ ਦੀਆਂ ਕਿਰਤਾਂ ਨੂੰ ਮਾਤ ਦੇ ਜਾਂਦੇ ਨੇ। ਇਹ ਫੀਚਰ ਸੰਜੀਦਾ ਬਹਿਸ ਦਾ ਫੋਰਮ ਬਣਦਾ ਜਾ ਰਿਹਾ ਹੈ।
ਡਾ ਕੁਲਦੀਪ ਸੋਨੀ, ਫਿਰੋਜ਼ਪੁਰ ਛਾਉਣੀ


‘ਹੁਣ’ ਵਿਚ ਛਪੀ ‘ਭਾਰ’ ਕਹਾਣੀ ਬਹੁਤ ਵਧੀਆ ਹੈ। ਕਹਾਣੀ ਪੜ੍ਹ ਕੇ ਪੰਜਾਬ ਦੇ ਕਾਲੇ ਦਿਨ ਯਾਦ ਆ ਗਏ। ਬੜਾ ਕੰਬਖ਼ਤ ਸਮਾਂ ਸੀ। ਅਸੀਂ ਇਹ ਸਮਾਂ ਭੁੱਲ ਨਹੀਂ ਸਕਦੇ। ‘ਭਾਰ’ ਵਿਚ ਲੇਖਕ ਨੇ ਇਹ ਸਭ ਕੁਝ ਤਸਵੀਰ ਵਾਂਗ ਪੇਸ਼ ਕੀਤਾ ਹੈ। ਕਮਾਂਡੋ ਫੋਰਸ ਤੇ ਪੁਲਸੀ ਕਹਿਰ ਦੀ ਤਸਵੀਰ ਹੈ ਇਹ ਰਚਨਾ। ਲਗਦਾ ਹੈ ਲੇਖਕ ਕਾਂਗ ਨੇ ਇਹ ਸਮਾਂ ਅੱਖੀਂ ਡਿੱਠਾ ਹੈ। ਨੇਕੀ ਸਾਹਬਿ ਦੀ ਮੁਲਾਕਾਤ ਅੱਛੀ ਹੈ।
ਪ੍ਰਿੰਸੀਪਲ ਗੁਰਮੀਤ ਸਿੰਘ, ਫਾਜ਼ਿਲਕਾ


‘ਹੁਣ’ ਸਤੰਬਰ-ਦਸੰਬਰ 07 ਪੜ੍ਹਿਆ ਕੀ ਕਹਿਣੇ। ਲਫ਼ਜ਼ ਲਫ਼ਜ਼ ਦਿਲ ਦੀਆਂ ਗਹਿਰਾਈਆਂ ਵਿਚ ਧਸ ਗਿਆ। ਸਾਂਭਣਯੋਗ ਦਸਤਾਵੇਜ਼ ਬਣ ਗਿਆ ਹੈ ‘ਹੁਣ’। ਖੁਲ੍ਹਕੇ ਲਿਖਾਂਗਾ ਬਾਅਦ ਵਿਚ। ਦਰਅਸਲ, ਪਹਿਲੀ ਵਾਰ ਤਾਂ ਕਮਾਦ ਵਿਚ ਗੇੜੇ ਕੱਢਣ ਵਾਲੀ ਗੱਲ ਵਾਂਗ ਹੁੰਦਾ ਹੈ ਮਨ ਪਸੰਦ ਗੰਨਾਂ ਤਾਂ ਪਿਛੇ ਮੁੜਦੇ ਵਕਤ ਪੁੱਟਣਾ ਹੁੰਦਾ ਹੈ। ਸਾਰਾ ਕਮਾਦ ਹੀ ਰਸ ਭਰਿਆ ਸੀ ਭਾਵ ‘ਹੁਣ’
ਸਵਰਨ ਸਿੰਘ ਪਤੰਗ ਮਾਣੂਕੇ, ਮੋਗਾ।


‘ਹੁਣ’ ਅੰਕ 7 ਪੜ੍ਹਿਆ। ਇਹ ਤ੍ਰਾਤਸਕੀ-ਫਰਾਸਕੀ ਬਾਰੇ ਨਹੀਂ ਛਾਪਣਾ ਚਾਹੀਦਾ, ਇਸ ਦੀ ਥਾਂ ਹੋਰ ਕਹਾਣੀਆਂ ਜਾਂ ਪੁਸਤਕਾਂ ਬਾਰੇ ਜਾਣਕਾਰੀ ਦਿਓ।
ਅਨੂਪ ਵਿਰਕ ਦੇ ਰੇਖਾ ਚਿੱਤਰ ‘ਦਿੱਤੂ ਅਮਲੀ’ ਤੇ 7 ਅੰਕ ਵਿਚ ‘ਲੱਕੂ ਖੱਤਰੀ’ ਪਸੰਦ ਆਏ। ਉਨ੍ਹਾਂ ਨੂੰ ਆਪਣੇ ਰੇਖਾ ਚਿੱਤਰਾਂ ਦੀ ਪੁਸਤਕ ਛਪਾਉਣੀ ਚਾਹੀਦੀ ਹੈ। ਬਾਕੀ ਤਲਵਿੰਦਰ ਸਿੰਘ ਦੀ ਕਹਾਣੀ ‘ਵਾਵਰੋਲੇ’ ਤਾਂ ਅੱਜਕਲ੍ਹ ਦਾ ਆਮ ਵਰਤਾਰਾ ਹੈ। ਕਹਾਣੀ ਵਿਚਲੀ ਪਤਨੀ ਜ਼ਰੂਰਤ ਤੋਂ ਜ਼ਿਆਦਾ ਰਿਐਕਟ ਕਰ ਕੇ ਮੈਂਟਲ ਹੋ ਗਈ। 2-3 ਕਾਲਮ ਛੱਡ ਕੇ ਆਮ ਪਾਠਕ ਵੀ ਇਹ ਪਰਚਾ ਪੜ੍ਹ ਸਕਦਾ ਹੈ ਪਰ ਇਹ ‘ਸਿਗਰਟ ਜਿਹੀ ਜ਼ਿੰਦਗੀ’ ਕਹਾਣੀ ਸਮਝ ਤੋਂ ਬਾਹਰ ਹੈ। ਲੇਖਕ ਨੂੰ ਆਪਣਾ ਲਿਖਣ ਢੰਗ ਬਦਲਣਾ ਚਾਹੀਦਾ ਹੈ ਨਾ ਕਿ ਜਸਵੰਤ ਸਿੰਘ ਵਿਰਦੀ ਵਾਂਗ ਸਿਰ ਤੋਂ ਉਪਰ ਲੰਘ ਜਾਣ ਵਾਲੀਆਂ ਕਹਾਣੀਆਂ ਲਿਖਣੀਆਂ ਚਾਹੀਦੀਆਂ ਹਨ ਪਰ ਹਰ ਤਰ੍ਹਾਂ ਦੇ ਸਾਹਿਤ ਦਾ ਰਸੀਆ ਹੋਣ ਕਰਕੇ ‘ਹੁਣ’ ਦੀ ਉਡੀਕ ਤੀਬਰਤਾ ਨਾਲ ਰਹਿੰਦੀ ਹੈ।
ਇਕ ਪਾਠਕ, ਰਾਜਪੁਰਾ ਪੰਜਾਬ


LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!