ਚਿੱਠੀਆਂ – ‘ਹੁਣ-6’

Date:

Share post:

ਸੋਢੀ ਸਾਹਿਬ, ਹੁਣ ਤੇ ਮਾਰਕਸਵਾਦ
‘ਹੁਣ’ ਦੀ ਕੁਝ ਵਿਲੱਖਣ ਦੇਣ ਇਹ ਹੈ ਕਿ ਇਸ ਦੇ ਪਿਛਲੇ ਤਿੰਨਾਂ ਅੰਕਾਂ ਵਿਚ ਛਪੀ ਸਾਮਗ੍ਰੀ ਨੇ ਮਾਰਕਸਵਾਦ ਬਾਰੇ ਬਹਿਸ ਛੇੜੀ ਹੈ। ਹੁਣ-3 ਵਿਚ ਛਪੀਆਂ ਤੀਹ ਦੇ ਕਰੀਬ ਚਿੱਠੀਆਂ ਤੋਂ ਤਾਂ ਇਹੋ ਪ੍ਰਤੀਤ ਹੁੰਦਾ ਹੈ। ਭਾਵੇਂ ਖ਼ੁਦ ਸੰਪਾਦਕ ਮਾਰਕਸਵਾਦੀ ਨਹੀਂ ਹਨ, ਪਰ ਉਨ੍ਹਾਂ ਨੇ ਸਤੀ ਕੁਮਾਰ ਦੀ ਇੰਟਰਵਿਊ ਤੇ ਹੋਰ ਕਈ ਲੇਖ ਅਜੇਹੇ ਛਾਪੇ ਹਨ, ਜੋ ਉਨ੍ਹੀਵੀਂ ਸਦੀ ਦੇ ਪਿਛਲੇ ਅੱਧ ਤੇ ਵੀਹਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਇਤਿਹਾਸਕ ਵਿਸ਼ਲੇਸ਼ਣ ਦੇ ਸ਼ਕਤੀਸ਼ਾਲੀ ਸਿਧਾਂਤ ਬਾਰੇ ਅਜਿਹੀ ਬਹਿਸ ਦਾ ਕਾਰਣ ਬਣੇ ਹਨ।
ਇਸ ਬਾਰੇ, ਹੁਣ-3 ਵਿਚ ਛਪੀ ਸਭ ਤੋਂ ਪਹਿਲੀ ਚਿੱਠੀ, ਕਿਸੇ ਹਰਬੰਸ ਸੋਢੀ ਦੀ ਹੈ, ਜਿਸ ਨੇ ਸਤੀ ਕੁਮਾਰ ਨੂੰ ‘ਅੰਨ੍ਹਾ-ਕਮਿਊਨਿਸਟ ਵਿਰੋਧੀ’ ਕਹਿ ਕੇ ਅਪਣੇ ਆਪ ਨੂੰ ‘ਮਾਰਕਸਵਾਦੀ’ ਹੋਣ ਦਾ ਅਸਿੱਧਾ ਏਲਾਨ ਕੀਤਾ ਹੈ। ਇਹਦੇ ਨਾਲ਼ ਹੀ ਉਹਨੇ ਬਿਲਕੁਲ ਉਲ਼ਟ ਦੋ ਮਾਰਕਸਵਾਦੀਆਂ ਪ੍ਰੋਫ਼ੈਸਰ ਰਣਧੀਰ ਸਿੰਘ ਤੇ ਡਾਕਟਰ ਪਰੇਮ ਸਿੰਘ, ਉੱਤੇ ਤਿੱਖਾ ਵਿਅੰਗ ਕਰਦਿਆਂ ਲਿਖਿਆ ਹੈ – ‘ਡਾ. ਪਰੇਮ ਸਿੰਘ ਦਾ ਡਾਕਟਰ ਰਣਧੀਰ ਸਿੰਘ ਦੀ ਇਕ ਹਜ਼ਾਰ ਸਫ਼ੇ ਦੀ ਪੁਸਤਕ ਦਾ ਰੀਵਿਊ ਪੜ੍ਹਕੇ ਮਨ ਵਿਚ ਪ੍ਰਸ਼ਨ ਪੈਦਾ ਹੋਇਆ ਕਿ ਕਾਸ਼ ਰੂਸੀਆਂ ਨੇ ਦੋਹਵਾਂ ਪੰਜਾਬੀ ਡਾਕਟਰਾਂ ਨੂੰ ਰੂਸ ਸੱਦ ਕੇ ਇਨ੍ਹਾਂ ਦੀ ਅਕਲ ਵਰਤਣ ਲਈ ਰੱਖ ਲਿਆ ਹੁੰਦਾ, ਤਾਂ ਸੋਵੀਅਤ ਪ੍ਰਬੰਧ ਦਾ ਬੇੜਾ ਤਾਂ ਗ਼ਰਕ ਨਾ ਹੁੰਦਾ!’’
ਇਸ ਚਿੱਠੀ ਵਿਚ ਇਕ ਹੋਰ ਟਿੱਪਣੀ ਗੁਰਦਿਆਲ ਸਿੰਘ ਦੇ ਇੰਟਰਵਿਊ ਦੇ ਹਵਾਲੇ ਨਾਲ਼ ਇਸੇ ਭਦਰ-ਪੁਰਸ਼ ਨੇ ਇਹ ਵੀ ਕੀਤੀ ਹੈ ਕਿ – ‘ਮਨੁੱਖੀ ਪਰਿਵਾਰਕ ਸੰਬੰਧਾਂ ਵਿਚ ਤਰੇੜਾਂ ਪੂੰਜੀਵਾਦ ਦੇ ਦੌਰ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਪੈਂਦੀਆਂ ਸਨ।’ ਤੇ ਇਜੇਹੀਆਂ ਤਰੇੜਾਂ ਨੂੰ ਇਹ ਵਿਦਵਾਨ ‘ਜੀਵਨ ਦੀ ਆਮ ਪਰਵਾਨਿਤ ਸੱਚਾਈ’ ਵੀ ਕਹਿੰਦਾ ਹੈ।
ਧੰਨ ਹਨ ਇਹ ਸੋਢੀ ਸਾਹਿਬ ਤੇ ਧੰਨ ਹੋ ਤੁਸੀਂ, ਜਿਨ੍ਹਾਂ ਨੇ ਉਹਦੀ ਚਿੱਠੀ ਨੂੰ ਸਭ ਤੋਂ ਪਹਿਲਾਂ ਛਾਪਣ ਦੇ ਯੋਗ ਸਮਝਿਆ। ਪਰ ਇਸ ‘ਮਾਰਕਸਵਾਦੀ’ ਸੱਜਣ ਨੂੰ ਨਾ ਕਬੀਲੇਦਾਰੀ-ਯੁਗ ਦੀ ਸਮਝ ਹੈ ਨਾ ਫ਼ਿਊਡਲਿਜ਼ਮ, ਸਾਮਰਾਜਵਾਦ ਜਾਂ ਪੂੰਜੀਵਾਦ ਦੀ। ਜੇ ਮਾੜੀ-ਮੋਟੀ ਵੀ ਸਮਝ ਹੁੰਦੀ, ਤਾਂ ਉਹ ਕਦੇ ਵੀ ‘ਪਰਿਵਾਰਕ ਸੰਬੰਧਾਂ ਵਿਚ ਤਰੇੜਾਂ’ ਨੂੰ ਪੂੰਜੀਵਾਦ-ਯੁੱਗ ਤੋਂ ਹਜ਼ਾਰਾਂ ਸਾਲ ਪਹਿਲਾਂ ਦੀ ‘ਆਮ ਪਰਵਾਨਿਤ ਸੱਚਾਈ’ ਨਹੀਂ ਸੀ ਕਹਿ ਸਕਦਾ।
ਇਹ ਤਾਂ ਕੋਈ ਸਿੱਧੜ ਬੰਦਾ ਹੀ ਸਮਝ ਸਕਦਾ ਹੈ ਕਿ ਗੱਡਿਆਂ, ਹਾਥੀ-ਘੋੜਿਆਂ, ਬਰਛੇ-ਤਲਵਾਰਾਂ ਦੇ ਯੁੱਗ ਤੋਂ ਹਵਾਈ ਜਹਾਜ਼ਾਂ, ਪੁਲਾੜ-ਵਿਮਾਨਾਂ ਤੇ ਹਜ਼ਾਰਾਂ ਕਿਲੋਮੀਟਰ ਦੂਰ ਐਨ ਸਹੀ ਟਿਕਾਣੇ ਉੱਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੇ ਯੁੱਗ ਵਿਚ ਕੀ ਫ਼ਰਕ ਹੁੰਦਾ ਹੈ ਤੇ ਇਨ੍ਹਾਂ ਆਵਿਸ਼ਕਾਰਾਂ ਤੇ ਵਿਗਿਆਨਕ ਵਿਕਾਸ ਨਾਲ਼ ਬੰਦੇ ਦੀ ਜਾਣਕਾਰੀ ਤੇ ਉਹਦੀ ਮਾਨਸਿਕਤਾ ਕਿੰਝ ਬਦਲਦੀ ਹੈ। ਪੂੰਜੀਵਾਦ ਦੇ ਇਸ ‘ਵਿਕਾਸ’ ਨੇ ਕਿੰਝ ਵਿਅਕਤੀ ਪਰਿਵਾਰ ਤੇ ਸਮਾਜਿਕ ਰਿਸ਼ਤਿਆਂ ਨੂੰ ਬਦਲਿਆ ਤੇ ਮਨੁੱਖੀ ਸੰਬੰਧਾਂ ’ਚ ਤਰੇੜਾਂ ਵਧਾਈਆਂ ਹੀ ਨਹੀਂ ਵਾਰ-ਵਾਰ ਭੰਨੇ ਸ਼ੀਸ਼ੇ ਵਾਂਗ ਮਨੁੱਖੀ ਸੰਬੰਧਾਂ, ਰਿਸ਼ਤਿਆਂ ਨੂੰ ਕੀਚਰ-ਕੀਚਰ ਵੀ ਕਰ ਦਿੱਤਾ ਹੈ, ਜੋ ਫ਼ਿਊਡਲਿਜ਼ਮ ਵਿਚ ਕਦੇ ਵੀ ਨਹੀਂ ਸੀ ਵਾਪਰਿਆ।
ਸੋਢੀ ਵਰਗੇ ‘ਮਾਰਕਸਵਾਦੀਆਂ’ ਕਾਰਣ ਹੀ ਵਿਗਿਆਨਕ ਸਮਾਜਵਾਦ ਦੀਆਂ ਇਤਿਹਾਸਕ ਉਪਲਬਧੀਆਂ ਬਾਰੇ ਉੱਕਾ ਊਲ-ਜਲੂਲ ਗੱਲਾਂ ਨਾਲ਼ ਆਮ ਲੋਕਾਂ ਦੇ ਭੁਲੇਖੇ ਵਧਦੇ ਹਨ। ਸਾਡੇ ਪਿੰਡ ਦਾ ਕੋਈ ਰਾਗੀ ਸ਼ਬਦ ਗਾਉਂਦਾ ਹੁੰਦਾ ਸੀ ‘ਅੰਨ੍ਹਾ ਹੋ ਗਿਆ ਜਿਹਨਾਂ ਦਾ ਆਗੂ, ਲੈ ਕੇ ਡੁੱਬੂ ਸਾਰੇ ਸਾਥ ਨੂੰ।’ ਜੇ ਸੋਢੀ ਸਾਹਿਬ ਤੇ ‘ਹੁਣ’ ਦੇ ਸੰਪਾਦਕ ਗ਼ੁੱਸਾ ਨਾ ਕਰਨ, ਤਾਂ ਇਹ ਧਾਰਨਾ ਉਹਨਾਂ ਉੱਤੇ ਲਾਗੂ ਹੁੰਦੀ ਹੈ। ਅਜਿਹੇ ਸੱਜਣਾਂ ਨੂੰ ਇਹੋ ਬੇਨਤੀ ਕੀਤੀ ਜਾ ਸਕਦੀ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਚਾਲ਼ੀ ਕਰੋੜ ਗ਼ਰੀਬੀ ਰੇਖਾ ਤੋਂ ਹੇਠ ਰਹਿੰਦੇ, ਅੱਧ-ਭੁੱਖੇ, ਨੰਗੇ ਸੰਤਾਪ ਭੋਗਦੇ ਤੇ ਹੇਠਲੇ ਮਧ-ਵਰਗ ਦੇ ਤੀਹ-ਚਾਲ਼ੀ ਕਰੋੜ ਲੋਕਾਂ ਨੂੰ, ਜਿਹੜੇ ਮੁਸ਼ਕਿਲ ਨਾਲ਼ ਗੁਜ਼ਾਰਾ ਕਰਦੇ ਹਨ, ਇੰਨੀਂ ਕੁ ਸਮਝ ਤਾਂ ਆ ਲੈਣ ਦੇਣ ਕਿ ਉਹਨਾਂ ਦੇ ਦੁੱਖਾਂ-ਕਸ਼ਟਾਂ ਦਾ ਸਭ ਤੋਂ ਵੱਧ ਜ਼ਿੰਮੇਦਾਰ ਸਾਡੇ ਦੇਸ਼ ਦਾ ਕੱਚਘਰੜ ਪੂੰਜੀਵਾਦ ਹੈ। ਇਸੇ ਰਾਜ-ਪ੍ਰਬੰਧ ਕਾਰਨ ਪਿਉ, ਪੁੱਤਾਂ ਨੂੰ, ‘ਪੁੱਤ ਪਿਉਆਂ ਨੂੰ, ਭਰਾ ਭਰਾਵਾਂ ਨੂੰ, ਪੂੰਜੀਵਾਦ ਦੀ ਫੈਲਾਈ ਬੇਰੁਜ਼ਗਾਰੀ, ਗ਼ਰੀਬੀ ਤੇ ਅੰਨ੍ਹੀਂ ਲਾਲਸਾ ਤੇ ਵਿਕਰਿਤ ਮਾਨਸਿਕਤਾ ਕਾਰਣ, ਇਕ ਦੂਜੇ ਦੇ ਦੁਸ਼ਮਣ ਬਣ ਕੇ ਆਪੋ-ਵਿਚ ਹੀ ਲੜੀ ਮਰੀ ਜਾਂਦੇ ਹਨ, ਉਹਨਾਂ ’ਤੇ ਤਰਸ ਖਾਣ। ਅੱਜ ਆਮ ਲੋਕਾਂ ਨੂੰ ਪੂੰਜੀਵਾਦ ਦੇ ਘਿਣਾਉਣੇ, ਅਮਾਨਵੀ ਖ਼ਾਸੇ ਦੀ ਸਮਝ ਆ ਜਾਏ ਤੇ ਸਮਾਜਵਾਦ ਤੇ ਮਾਨਵੀ ਗੁਣਾਂ ਨੂੰ ਸਮਝ ਸਕਣ ਤਾਂ ਹੋ ਸਕਦਾ ਹੈ ਅਗਲੀ ਅੱਧੀ ਸਦੀ ਵਿਚ, ਉਹ ‘ਆਮ ਪਰਵਾਨਿਤ ਸੱਚਾਈ’ ਦੇ ਨਿਰੇ ਝੂਠ ਨੂੰ ਸਮਝ ਕੇ, ‘ਆਪਣੇ ਹੱਥੀਂ ਆਪਣਾ ਕਾਜ’ ਸੰਵਾਰਨ ਦੇ ਯੋਗ ਹੋ ਸਕਣ।
ਮਾਰਕਸਵਾਦ ਉਨੀਵੀਂ ਤੇ ਵੀਹਵੀਂ ਸਦੀ ਦਾ ਇਜੇਹਾ ਵਿਗਿਆਨਕ, ਰਾਜਸੀ ਵਰਤਾਰੇ ਦੀਆਂ ਵੱਡੀਆਂ ਤਬਦੀਲੀਆਂ ਦਾ ਸਿਧਾਂਤ ਤੇ ਫ਼ਲਸਫ਼ਾ ਹੈ, ਜਿਸ ਬਾਰੇ ਸੰਸਾਰ ਵਿਚ ਅੱਜ ਤਕ ਦੇ ਸਭ ਤੋਂ ਵਧ ਰਾਜਸੀ, ਸਮਾਜਿਕ ਤੇ ਇਤਿਹਾਸਕ ਤਜਰਬੇ ਹੋਏ ਹਨ ਤੇ ਲਗਾਤਾਰ ਪੂੰਜੀਵਾਦੀ ਵਿਦਵਾਨਾਂ ਨੇ ਇਹਨੂੰ ਰੱਦ ਕਰਨ ਉੱਤੇ ਸਾਰਾ ਜ਼ੋਰ ਲਾਇਆ ਹੈ। ਕਾਰਣ ਇਹ ਹੈ ਕਿ ਪੱਛਮੀ ਦੇਸ਼ ਮਾਰਕਸਵਾਦ ਤੋਂ ਬੁਰੀ ਤਰ੍ਹਾਂ ਭੈਭੀਤ ਹਨ।

ਸੁੰਦਰ ਸ਼ਾਹੀ, ਮੌੜ ਮੰਡੀ

ਨਾਮਕਰਨ ਤ੍ਰੋਤਸਕੀ
ਮਹਾਂਪੁਰਖ ਤ੍ਰੋਤਸਕੀ ਦੀ ਜ਼ਿੰਦਗੀ ਚਿਤਰਦਾ ਮਹਾਂਲੇਖ ‘ਹੁਣ’ ਦੀ ਪੰਜਵੀਂ ਲੜੀ ਦਾ ਸਭ ਤੋਂ ਅਹਿਮ ਲੇਖ ਹੈ, ਭਾਵੇਂ ਬਾਕੀ ਸਾਹਿਤ ਸਾਮੱਗਰੀ ਵੀ ਉੱਚਕੋਟੀ ਦੀ ਹੈ। ਅਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ‘ਹੁਣ’ ਦੇ ਕਰਿੰਦਿਆਂ ਅਤੇ ਹਰਪਾਲ ਸਿੰਘ ਪੰਨੂ ਦਾ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਇਜੇਹੀ ਖੋਜਪੂਰਣ ਜਾਣਕਾਰੀ ਪੰਜਾਬੀ ਪਾਠਕਾਂ ਤਕ ਪਹੁੰਚਾਉਣ ਦਾ ਉਪਰਾਲ਼ਾ ਕੀਤਾ। ਲੇਖ ਨਾਲ਼ ਪ੍ਰਕਾਸ਼ਿਤ ਤਸਵੀਰਾਂ ਵੀ ਦੁਰਲਭ ਹਨ।
ਮੈਂ ਇਹ ਚਿੱਠੀ ਖ਼ਾਸ ਤੌਰ ’ਤੇ ਇਸ ਲੇਖ ਵਿਚਲੇ ਰੂਸੀ ਨਾਂਵਾਂ ਦੇ ਉੱਚਾਰਣ ਬਾਰੇ ਲਿਖ ਰਿਹਾ ਹਾਂ। ਇਸ ਲੇਖ ਦਾ ਨਾਇਕ ਭਾਵੇਂ ਯਹੂਦੀ ਹੈ, ਪਰ ਉਹ ਰੂਸੀ ਯਹੂਦੀ ਹੈ ਤੇ ਰੂਸੀ ਵਿਚ ਉਹਦਾ ਨਾਮ ਲੇਵ ਦਾਵੀਦੋਵਿਚ ਤ੍ਰੋਤਸਕੀ ਜਾਂ ਬਰੋਨਸਟੀਨ ਲਿਖਿਆ ਜਾਣਾ ਚਾਹੀਦਾ ਹੈ। ਲੇਵ ਨੂੰ ਲਿਓ ਵੀ ਲਿਖੇ ਜਾਣ ਦੀ ਪ੍ਰਥਾ ਹੈ, ਜਿਵੇਂ ਲਿਓ ਤਾਲਸਤਾਇ। ਪਰ ਅਸਲ ਯਹੂਦੀ ਨਾਮ ਲਿਓਨ ਹੈ, ਜਿਸ ਤਰ੍ਹਾਂ ਕਿ ਤ੍ਰੋਤਸਕੀ ਦੀ ਕਬਰ ’ਤੇ ਲੱਗੇ ਪੱਥਰ ’ਤੇ ਉੱਕਰਿਆ ਹੋਇਆ ਹੈ।
ਤ੍ਰੋਤਸਕੀ ਨੂੰ ਟ੍ਰਾਟਸਕੀ ਲਿਖਣਾ, ਗੁਰਮੁਖੀ ਲਿੱਪੀ ਤੇ ਪੰਜਾਬੀ ਬੋਲੀ ਦੀ ਵਿਦੇਸ਼ੀ ਨਾਮ ਤੇ ਸ਼ਬਦ ਉੱਚਾਰਣ ਮੁਤਾਬਕ ਲਿਖ ਸਕਣ ਦੀ ਸਮਰੱਥਾ ਦੀ ਕੋਤਾਹੀ ਕਰਨਾ ਹੈ। ਇਸ ਬਾਰੇ ਇਕ ਵੇਰਾਂ ਮੈਂ ਅਮਰਜੀਤ ਚੰਦਨ ਨਾਲ਼ ਵਿਚਾਰ ਸਾਂਝੇ ਕੀਤੇ ਸਨ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਗੱਲ ਜ਼ੇਰੇ-ਗ਼ੌਰ ਆਈ ਤਾਂ ਹੈ, ਪਰ ਟ੍ਰਾਟਸਕੀ ਹੀ ਪ੍ਰਚਲਿਤ ਹੋਣ ਕਰਕੇ ਇਸ ਤਰ੍ਹਾਂ ਲਿਖਣਾ ਹੀ ਠੀਕ ਸਮਝਿਆ ਜਾਂਦਾ ਹੈ। ਜਦੋਂ ਕਿ ਮੇਰਾ ਵਿਚਾਰ ਹੈ ਕਿ ਗੱਲ ਪ੍ਰਚਲਿਤ ਹੋਣ ਦੀ ਨਹੀਂ ਹੈ, ਬਲਕਿ ਮਸਲ੍ਹਾ ਹੈ ਅੰਗਰੇਜ਼ੀ ਦੇ ਕੁਹਜੇ ਪ੍ਰਭਾਵ ਦਾ। ਅਸੀਂ ਸਾਰੇ ਵਿਦੇਸ਼ੀ ਨਾਮ ਅੰਗਰੇਜ਼ੀ ਬੋਲੀ ਤੇ ਰੋਮਨ ਲਿੱਪੀ ਤੋਂ ਲੈਂਦੇ ਹਾਂ, ਜਿਹਦੇ ਝੁੱਗੇ ਵਿਚ ਅੱਖਰ ਤੇ ਆਵਾਜ਼ਾਂ ਦੀ ਕੁੱਲ-ਗਿਣਤੀ 26 ਹੈ, ਜਦੋਂ ਕਿ ਸਾਡੇ ਕੋਲ਼ 35 ਅੱਖਰ ਹਨ ਤੇ ਲਗਾਂ-ਮਾਤ੍ਰਾਵਾਂ ਵੱਖਰੀਆਂ। ਰੂਸੀ ਵਿਚ 33 ਅੱਖਰ ਹਨ। ਇਸ ਲਈ ਅੰਗਰੇਜ਼ ਕੋਲ਼ ਤਾਂ ਕੋਈ ਚਾਰਾ ਹੀ ਨਹੀਂ, ਸਿਵਾਇ ਇਹਦੇ ਕਿ ਵੱਧ ਤੋਂ ਵੱਧ ਠੀਕ ਲਿਖਣ ਦੀ ਕੋਸ਼ਿਸ਼ ਹੀ ਕਰ ਸਕੇ, ਪਰ ਪੂਰਾ ਠੀਕ ਕਦੇ ਵੀ ਨਾ ਲਿਖ ਸਕੇ। ਅੰਗਰੇਜ਼ ‘ਟ’ ਅਤੇ ‘ਤ’ ਦੋਨਾਂ ਦਾ ਹੀ ਕੰਮ ਇੱਕੋ ਅੱਖਰ ‘ਠ’ ਨਾਲ਼ ਚਲਾਉਂਦਾ ਹੈ ਤੇ ਇਸੇ ਤਰ੍ਹਾਂ ‘ਡ’ ਅਤੇ ‘ਦ’ ਵਿਚ ਵੀ ਕੋਈ ਫ਼ਰਕ ਨਹੀਂ ਕਰ ਸਕਦਾ ਤੇ ਸਿਰਫ ‘ਧ’ ਹੀ ਲਿਖ ਸਕਦਾ ਹੈ। ਇਸ ਦੇ ਉਲਟ ਰੂਸੀਆਂ ਕੋਲ਼ ‘ਟ’ ਅਤੇ ‘ਡ’ ਹੈ ਹੀ ਨਹੀਂ। ਪੰਜਾਬੀ ਕੋਲ਼ ਇਹ ਦੋਨੋਂ ਧੁਨੀਆਂ ਹਨ।
ਰੂਸੀ ਵਿਚ ਇਨਸਾਨੀ ਨਾਵਾਂ ਦੀ ਬਾਕਾਇਦਾ ਵਿਆਕਰਣ ਹੈ। ਪੰਨੂ ਜੀ ਨੇ ਤ੍ਰੋਤਸਕੀ ਦੇ ਪਰਿਵਾਰ ਬਾਰੇ ਲਿਖਦਿਆਂ ਜ਼ਿਕਰ ਕੀਤਾ ਹੈ – ਟ੍ਰਾਟਸਕੀ ਦਾ ਪਿਤਾ ਡੇਵਿਡ ਬਰਾਂਨਸਟੀਨ ਸੀ। ਪਰ ਅਗਲੇ ਵਾਕ ਵਿਚ ਲਿਖਦੇ ਹਨ – 26 ਅਕਤੂਬਰ 1879 ਨੂੰ ਟ੍ਰਾਟਸਕੀ ਦਾ ਜਨਮ ਹੋਇਆ ਤੇ ਪਰਿਵਾਰਕ ਨਾਮ ਲਿਉ ਦੈਵਿਦੋਵਿਚ ਰੱਖਿਆ ਗਿਆ। ਇਕ ਜਗ੍ਹਾ ਤੇ ਡੇਵਿਡ ਤੇ ਦੂਸਰੀ ਜਗ੍ਹਾ ਦੈਵੀਦੋਵਿਚ: ਇਹ ਸਵੈ-ਵਿਰੋਧੀ ਉੱਚਾਰਣ ਹੈ, ਕਿਉਂਕਿ ਦਾਵੀਦ ਅਤੇ ਦਾਵੀਦੋਵਿਚ ਸ਼ਬਦਾਂ ਦੀ ਜੜ੍ਹ ਇੱਕੋ ਹੀ ਹੈ। (ਅਰਬੀ ਚ ਦਾਊਦ)। ਦਾਵੀਦ ਤੋਂ ਹੀ ਦਾਵੀਦੋਵਿਚ ਬਣਦਾ ਹੈ, ਜਿਹਦਾ ਮਤਲਬ ਹੈ ਦਾਵੀਦ ਦਾ ਸਪੁਤਰ। ਜਦੋਂ ਕਿਸੇ ਵੀ ਮਰਦਾਨਾ ਰੂਸੀ ਨਾਮ ਦੇ ਨਾਲ਼ ‘+ ੋਵਿਚ’ ਲੱਗ ਜਾਂਦਾ ਹੈ, ਤਾਂ ਇਹਦਾ ਅਰਥ ਹੋ ਜਾਂਦਾ ਹੈ – ਫਲਾਣੇ ਦਾ ਮੁੰਡਾ। ਨਾਮ ਦਾ ਤੀਸਰਾ ਹਿੱਸਾ ਗੋਤ ਦਰਸਾਉਂਦਾ ਹੈ ਤੇ ਪਹਿਲਾ ਹਿੱਸਾ ਉਹ ਨਾਮ ਹੈ, ਜੋ ਘਰ ਦੇ ਚੁਣਦੇ ਹਨ। ਜਿਵੇਂ ਤ੍ਰੋਤਸਕੀ ਲਈ ਲਿਓਨ। ਇਸੇ ਤਰ੍ਹਾਂ ਕੁੜੀਆਂ ਦੇ ਨਾਮ ਨਾਲ਼ ‘-ੋਵਿਚ’ ਦੀ ਜਗ੍ਹਾ ‘ਪਿਤਾ ਦਾ ਨਾਮ+ ੋਵਨਾ’ ਲਿਖਿਆ ਜਾਂਦਾ ਹੈ, ਜੋ ਉਨ੍ਹਾਂ ਦੇ ਨਾਮ ਦਾ ਦੂਸਰਾ ਹਿੱਸਾ ਬਣਦਾ ਹੈ। ਰੂਸੀ ਕਲਚਰ ਅਨੁਸਾਰ ਜਦੋਂ ਕਿਸੇ ਨੂੰ ਇੱਜ਼ਤ ਨਾਲ਼ ਬੁਲਾਉਣਾ ਹੋਵੇ, ਤਾਂ ਨਾਮ ਦਾ ਦੂਸਰਾ ਹਿੱਸਾ ਜ਼ਰੂਰ ਬੋਲਿਆ ਜਾਂਦਾ ਹੈ। ਨਾਵਾਂ ਦੀ ਵਿਆਕਰਣ ਸਿਰਫ਼ ਰੂਸੀ ਵਿਚ ਹੀ ਨਹੀਂ, ਸਗੋਂ ਹੋਰ ਬੋਲੀਆਂ (ਪੰਜਾਬੀ ਸਮੇਤ) ਵਿਚ ਵੀ ਲਾਗੂ ਹੁੰਦੀ ਹੈ, ਪਰ ਕਿਸੇ ਵਿਚ ਕਠੋਰਤਾ ਨਾਲ਼ ਤੇ ਕਿਸੇ ਵਿਚ ਸੁਭਾਵਿਕੀ। ਇਸ ਬਾਰੇ ਕਦੇ ਮੌਕਾ ਮਿਲਿਆ ਤਾਂ ਫੇਰ ਲਿਖਾਂਗਾ ਕਿਉਂਕਿ ਹੁਣ ਵਿਸਤਾਰ ਵਿਚ ਜਾਣ ਨਾਲ਼ ਅਪਣੇ ਅਸਲੀ ਵਿਸ਼ੇ ਤੋਂ ਭਟਕ ਜਾਵਾਂਗੇ।
ਇਸੇ ਤਰ੍ਹਾਂ ਹੋਰ ਵੀ ਕਈ ਨਾਵਾਂ ਦੇ ਲਿਖਣ ਢੰਗ ਇਸ ਲੇਖ ਵਿਚ ਅਤਿ ਸਵਾਦੀ ਦਾਲ਼ ਵਿਚ ਕੋੜਕੂਆਂ ਦੀ ਤਰ੍ਹਾਂ ਰੜਕਦੇ ਹਨ। ਜਿਵੇਂ ਅਲੈਕਸਾਂਦਰ ਦੀ ਥਾਂ ਅਲੈਗਜ਼ਾਂਡਰ, ਦੂਮਾ ਦੀ ਥਾਂ ਡੂਮਾ, ਆਦਿ। ਅਪਣੇ ਵਿਸ਼ੇ ਵਿਚ ਖੋਜ ਦੇ ਮਾਹਿਰ ਹੋਣ ਬਾਵਜੂਦ ਲੇਖਕ ਨੇ ਤ੍ਰੋਤਸਕੀ ਦੇ ਬੇਟੇ ਸੇਰਗੇਈ ਨੂੰ ਸਰਜੀ ਲਿਖਿਆ ਹੈ, ਜੋ ਬਹੁਤ ਹੀ ਅੱਖਰਦਾ ਹੈ ਕਿਉਂਕਿ ਐਸਾ ਕੋਈ ਨਾਮ ਰੂਸੀ ਵਿਚ ਨਹੀਂ ਹੁੰਦਾ।
‘ਪ੍ਰਚਲਿਤ’ ਨਾਮ ਤਾਂ ਹੋਰ ਵੀ ਬਹੁਤ ਹਨ। (ਜਿਵੇਂ ਲੇਨੀਨ ਦੀ ਥਾਂ ਪੰਜਾਬੀ ਵਿਚ ਲੈਨਿਨ)। ਪਰ ਮੈਂ ਸਮਝਦਾ ਹਾਂ ਕਿ ਇਨ੍ਹਾਂ ਦੇ ਗ਼ਲਤ ਪ੍ਰਚਲਣ ਨੂੰ ‘ਹੁਣ’ ਵਰਗੇ ਮਜ਼ਬੂਤ ਮੰਚ ’ਤੇ ਸੋਧਿਆ ਜਾ ਸਕਦਾ ਹੈ। ਜਿਵੇਂ ”ਜ਼ਾਰ’’ ਅਸਲ ਵਿਚ ”ਤਸਾਰ’’ ਹੁੰਦਾ ਹੈ, ਜੋ ਦੇਵਨਾਗਰੀ ਲਿੱਪੀ ਵਿਚ ਤਾਂ ਇੰਨ-ਬਿੰਨ ਲਿਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਸਟਾਲਿਨ ਨੂੰ ਸਤਾਲੀਨ ਅਤੇ ਲੈਨਿਨ ਨੂੰ ਲੇਨੀਨ ਲਿਖਿਆ ਜਾਵੇ ਤਾਂ ਪੜ੍ਹਨ ਲਗਿਆਂ ਠੀਕ ਰੂਸੀ ਉਚਾਰਣ ਸੰਭਵ ਹੋਵੇਗਾ। ਇਹ ਪੰਜਾਬੀ ਦੀ ਹੀ ਨਹੀਂ, ਬਲਕਿ ਸੰਸਕ੍ਰਿਤ-ਆਧਾਰਿਤ ਸਾਰੀਆਂ ਬੋਲੀਆਂ ਦੀ ਹੀ ਗੌਰਵਮਈ ਯੋਗਤਾ ਹੈ, ਜਿਹੜੀ ਵਰਤੀ ਜਾਣੀ ਚਾਹੀਦੀ ਹੈ।
ਮੇਰੀ ਸਲਾਹ ਹੈ ਕਿ ਜਦੋਂ ਕੋਈ ਵੀ ਲੇਖਕ ਕਿਸੇ ਵੀ ਵਿਦੇਸ਼ੀ ਵਿਸ਼ੇ ਨੂੰ ਛੋਹਵੇ ਤਾਂ ਉਸ ਦਾ ਆਪਣਾ ਫ਼ਰਜ਼ ਹੈ ਕਿ ਉਹ ਕੁਝ ਨਾ ਕੁਝ ਅਧਿਐਨ ਉਸ ਦੇਸ਼ ਦੇ ਸਭਿਆਚਾਰ/ਬੋਲੀ ਬਾਰੇ ਵੀ ਕਰੇ, ਤਾਂ ਕਿ ਨਿਰਾ ਅੰਗਰੇਜ਼ੀ ’ਤੇ ਹੀ ਨਿਰਭਰ ਹੋਣ ਤੋਂ ਬਚਿਆ ਜਾ ਸਕੇ, ਜਿਸ ਵਿਚ ਅੱਖਰਾਂ ਤੇ ਆਵਾਜ਼ਾਂ ਦੀ ਕਮੀ ਕਾਰਣ ਕਦੇ ਵੀ ਠੀਕ ਲਿਪੀਅੰਤਰ ਨਹੀਂ ਹੋ ਸਕਦਾ। ਸਿਰਫ਼ ਰੂਸੀ ਭਾਸ਼ਾ ਬਾਰੇ ਹੀ ਨਹੀਂ, ਬਲਕਿ ਹੋਰ ਬੋਲੀਆਂ ਬਾਰੇ ਵੀ ਇਸੇ ਤਰ੍ਹਾਂ ਦਾ ਮਸਲਾ ਖੜ੍ਹਾ ਹੁੰਦਾ ਰਹਿੰਦਾ ਹੈ। ਜਿਵੇਂ ਕਿ ਫ਼ਰਾਂਸੀਸੀ ਜਿਵੇਂ ਲਿਖਦੇ ਹਨ, ਉਸ ਤਰ੍ਹਾਂ ਕਦੇ ਵੀ ਨਹੀਂ ਬੋਲਦੇ। ਕਈ ਵਾਰ ਤਾਂ ਉਨ੍ਹਾਂ ਦਾ ਉੱਚਾਰਣ ਲਿਖਤ ਰੂਪ ਦੇ ਕੋਲ਼ੋਂ ਦੀ ਵੀ ਨਹੀਂ ਲੰਘਦਾ। ਫਿਰ ਵੀ ਰੋਮਨ ਲਿੱਪੀ ਵਰਤਣ ਵਾਲ਼ੀਆਂ ਲਗਭਗ ਸਾਰੀਆਂ ਹੀ ਬੋਲੀਆਂ (ਪੱਛਮੀ ਯੋਰਪ) ਦੇ ਭਾਸ਼ਾ ਵਿਗਿਆਨੀ ਇਨ੍ਹਾਂ ਬੋਲੀਆਂ ਵਿਚ ਆਪਸੀ ਅਨੁਵਾਦ ਸਮੇਂ ਨਾਵਾਂ ਦੇ ਅੱਖਰ ਕ੍ਰਮ ਨੂੰ ਨਾ ਬਦਲਣ ਬਾਰੇ ਹੀ ਇਕਮੱਤ ਹਨ। ਪਰ ਇਸ ਗੱਲ ਵਿਚ ਉਨ੍ਹਾਂ ਨੂੰ ਸੌਖਿਆਈ ਵੀ ਹੈ ਤੇ ਉਨ੍ਹਾਂ ਦੀ ਮਜਬੂਰੀ ਵੀ। ਪਰ ਸਾਡੀ ਐਸੀ ਕੋਈ ਮਜਬੂਰੀ ਨਹੀਂ। ਇਹੀ ਨਹੀਂ ਬਲਕਿ ਕਈ ਵਾਰ ਵਿਦੇਸ਼ੀ ਨਾਂਵਾਂ ਦੇ ਅਖਰ-ਕ੍ਰਮ ਨੂੰ ਨਾ ਬਦਲਣ ਨਾਲ਼ ਪੰਜਾਬੀ ਵਿਚ ਉਹ ਨਾਮ ਬਹੁਤ ਹਾਸੋਹੀਣਾ ਵੀ ਬਣ ਸਕਦਾ ਹੈ। ਅਸੀਂ ਦੇਸੀ-ਵਿਦੇਸ਼ੀ ਨਾਂਵਾਂ ਨੂੰ ਬਹੁਤ ਹੱਦ ਤਕ ਉਨ੍ਹਾਂ ਦੇ ਕੁਦਰਤੀ ਉਚਾਰਣ ਮੁਤਾਬਕ ਲਿਖ ਤੇ ਬੋਲ ਸਕਦੇ ਹਾਂ। ਇਹ ਸਾਡੀ ਬੋਲੀ ਦੀ ਯੋਗਤਾ ਹੈ, ਘਾਟ ਨਹੀਂ ।

ਕੰਵਲ ਧਾਲ਼ੀਵਾਲ਼, ਲੰਡਨ

ਰੇਲ ਦਾ ਇੰਜਣ
ਭਾਫ ਨਾਲ਼ ਚੱਲਣ ਵਾਲ਼ਾ ਰੇਲ ਦਾ ਇੰਜਣ ਤਿਆਰ ਹੋਇਆ ਤਾਂ ਉਹਨੂੰ ਪਹਿਲੀ ਵਾਰ ਚੱਲਦਾ ਦੇਖਣ ਵਾਲਿਆਂ ਦੀ ਭੀੜ ਇਕੱਠੀ ਹੋ ਗਈ। ‘ਏਡਾ ਵੱਡਾ ਲੋਹੇ ਦਾ ਪਹਾੜ!’ ਕਿਸੇ ਮਾਈ ਨੇ ਕਿਹਾ, ‘ਹੋ ਈ ਨੀ ਸਕਦਾ ਕਿ ਇਹ ਚੱਲ ਪਏ।’ ਨਾਲ਼ ਖਲੋਤੇ ਨੇ ਕਿਹਾ, ‘ਚੱਲੇਗਾ ਨਹੀਂ ਸਗੋਂ ਤੇਜ਼ ਦੌੜੇਗਾ।’ ਮਾਈ ਨੇ ਕਿਹਾ, ‘ਜੇ ਦੌੜ ਪਿਆ ਫੇਰ ਰੁਕੇਗਾ ਨਹੀਂ ਕਿਤੇ। ਦੇਖ ਲੈਣਾ। ਇਹ ਨੂੰ ਰੋਕੇਗਾ ਕੌਣ ਫੇਰ?’ ‘ਹੁਣ’ ਵੀ ਕਦੇ ਨਾ ਰੁਕੇ, ਇਹ ਮੇਰੀ ਕਾਮਨਾ ਹੈ।
ਤਾਸਕੀ ਪੜ੍ਹਨ ਉਪਰੰਤ ਪਾਠਕਾਂ ਨੇ ਭਰਵਾਂ ਹੁੰਗਾਰਾ ਭਰਿਆ। ਮਨਮੋਹਨ ਬਾਵੇ ਨੇ ਲਿਖਿਆ – ਜਹਾਂਗੀਰ ਦੀ ਥਾਂ ਖ਼ੁਸਰੋ, ਔਰੰਗਜ਼ੇਬ ਦੀ ਥਾਂ ਦਾਰਾ ਸ਼ਿਕੋਹ ਅਤੇ ਸਤਾਲਿਨ ਦੀ ਥਾਂ ਤਾਸਕੀ ਹਕੂਮਤ ਕਰਦਾ, ਤਾਂ ਮਨੁੱਖਤਾ ਦਰਿੰਦਗੀ ਤੋਂ ਬਚ ਸਕਦੀ। ਪਰ ਕੌਣ ਹੋਣੀ ਟਾਲ਼ੇ?
ਸ਼ਾਇਰ ਜਗਤਾਰ ਨੇ ਕਿਹਾ, “ਮੈਨੂੰ ਉਹ ਸ਼ਹਿਰ ਦੱਸੋ, ਜਿਥੇ ਮੈਕਸੀਕੋ ਵਿਚ ਤਾਸਕੀ ਦੀ ਕਬਰ ਹੈ। ਉਥੇ ਮੱਥਾ ਟੇਕਾਂਗਾ। ਪਾਪ ਧੋਤੇ ਜਾਣਗੇ।’’
ਅਮਰਜੀਤ ਚੰਦਨ ਨੇ ਮੈਨੂੰ ਤਾਸਕੀ ਦੇ ਪੋਤੇ ਸੇਵਾ (ਰੂਸੀ ਸੇਵੋਲੋਤ, ਮੈਕਸੀਕਨ ਵਿਚ ‘ਇਸਤਬਾਨ’) ਨਾਲ਼ ਇੰਟਰਵਿਊ ਭੇਜੀ, ਉਹੀ ਸੇਵਾ ਜਿਹੜਾ ਫ਼ਾਇਰਿੰਗ ਵੇਲੇ ਹੱਲੇ ਵਿੱਚੋਂ ਵਾਲ਼-ਵਾਲ਼ ਬੱਚਿਆ ਸੀ। ਹੁਣ ਉਹ ਅੱਸੀ ਸਾਲ ਦਾ ਹੈ, ਅਪਣੇ ਬਾਬੇ ਦੇ ਕੋਇਕਨ ਕਸਬੇ ਵਾਲ਼ੇ ਅਜਾਇਬ ਘਰ ਦਾ ਮੈਨੇਜਰ ਹੈ। ਸਾਲਾਨਾ ਔਸਤਨ ਚੌਵੀ ਹਜ਼ਾਰ ਲੋਕ ਅਜਾਇਬਘਰ ਦੇਖਣ ਆਉਂਦੇ ਨੇ। ਮੁਸਕਰਾਉਂਦਿਆਂ ਉਹ ਦੱਸਦਾ ਹੈ, ”ਸਾਰੇ ਖ਼ਾਨਦਾਨ ਚੋਂ ਮੈਂ ਕੱਲਾ ਏਨੀ ਲੰਮੀ ਉਮਰ ’ਤੇ ਪੁੱਜ ਸਕਿਆ ਹਾਂ। ਬਾਬੇ ਦੀ ਪਹਿਲੀ ਪਤਨੀ, ਭੈਣ, ਭਰਾ, ਦੋ ਪੁੱਤਰ, ਦੋ ਜਵਾਈ, ਤਿੰਨ ਭਤੀਜੇ ਕਤਲ (ਸਤਾਲਿਨੀਆਂ ਨੇ) ਕੀਤੇ ਤੇ ਦੋ ਧੀਆਂ ਨੇ ਅੱਕ ਕੇ ਖ਼ੁਦਕੁਸ਼ੀ ਕੀਤੀ। ਕੁਝ ਹੋਰ ਸਦਾ ਲਈ ਗ਼ਾਇਬ ਹੋ ਗਏ। ਸਾਲ 1939 ਵਿਚ ਤੇਰਾਂ ਸਾਲ ਦੀ ਉਮਰੇ ਜਦੋਂ ਮੈਂ ਬਾਬੇ ਨੂੰ ਮਿiਲ਼ਆ, ਤਾਂ ਮੈਨੂੰ ਮੇਰੀ ਰੂਸੀ ਮਾਂ- ਬੋਲੀ ਭੁੱਲੀ ਹੋਈ ਸੀ। ਉਦੋਂ ਤਕ ਮੈਂ ਛੇ ਦੇਸ਼ਾਂ ਵਿਚ ਪਨਾਹਗੀਰ ਰਹਿ ਚੁੱਕਾ ਸਾਂ। ਇਹ ਸਮਝੋ ਕਿ ਮੈਨੂੰ ਕੋਈ ਵੀ ਬੋਲੀ ਨਹੀਂ ਆਉਂਦੀ। ਅਜੇ ਵੀ ਦੁਨੀਆ ਨੂੰ ਮੇਰੇ ਬਾਬੇ ਬਾਬਤ ਸਹੀ ਜਾਣਕਾਰੀ ਨਹੀਂ। ਬਹੁਤਿਆਂ ਦਾ ਖ਼ਿਆਲ ਹੈ ਕਿ ਸਤਾਲਿਨ ਤੇ ਤਾਸਕੀ ਦੋਵੇਂ ਤਕੜੇ ਰਿੱਛ ਆਪੋ ਵਿਚ ਭਿੜ ਪਏ ਤੇ ਸਤਾਲਿਨ ਜਿੱਤ ਗਿਆ। ਬਸ।
ਉਹ ਹਉਕਾ ਲੈਂਦਿਆਂ ਕਹਿੰਦਾ ਹੈ-”ਇਹ ਗੱਲ ਹੈ ਈ ਨਹੀਂ ਸੀ।’’
ਲੇਨਿਨ ਦੇ ਸਾਰੇ ਸਾਥੀ ਤੇ ਰੂਸੀ ਇਨਕਲਾਬ ਦੇ ਜਾਂਬਾਜ਼ ਨਾਇਕ ਜ਼ੀਨੋਵੀਵ, ਕਾਮੇਨੀਵ, ਬੁਖ਼ਾਰਿਨ, ਕਾਰਲ ਰਾਦੇਕ, ਗ੍ਰੇਗਰੀ ਸਕਾਲਨੀਕੋਵ, ਸੇਰਬਰੀਆਕੋਵ, ਮੂਰਾਲੋਵ, ਰਿਕੋਵ ਆਦਿ ਨੂੰ ਝੂਠੇ ਮੁਕੱਦਮਿਆਂ ਵਿਚ ਫਸਾ ਕੇ ਤਸੀਹੇ ਦਿੱਤੇ ਗਏ ਤੇ ਵਾਅਦਾ ਕੀਤਾ ਗਿਆ ਕਿ ਜੇ ਇਕਬਾਲ ਕਰ ਲੈਣ ਕਿ ਉਹ ਹਿਟਲਰ ਦੇ ਏਜੰਟ ਅਤੇ ਸਤਾਲਿਨ ਦੇ ਲਹੂ ਦੇ ਪਿਆਸੇ ਹਨ, ਤਾਂ ਘੱਟੋ-ਘੱਟ ਉਨ੍ਹਾਂ ਦੇ ਪਰਿਵਾਰਾਂ ਦੀ ਜਾਨ ਬਖ਼ਸ਼ ਦਿੱਤੀ ਜਾਵੇਗੀ। ਬੇਕਸੂਰ ਪਰਿਵਾਰਾਂ ਦੀ ਜਾਨ ਬਚਾਉਣ ਲਈ ਉਨ੍ਹਾਂ ਨੇ ਪਬਲਿਕ ਤੇ ਅਦਾਲਤਾਂ ਵਿਚ ਝੂਠੇ ਇਕਬਾਲ ਕੀਤੇ। ਪਹਿਲਾਂ ਇਨ੍ਹਾਂ ਨੂੰ ਕਤਲ ਕੀਤਾ ਗਿਆ, ਫਿਰ ਇਨ੍ਹਾਂ ਦੇ ਘਰ-ਦਿਆਂ ਨੂੰ। ਇਹ ਕੁਝ ਸਿਕੰਦਰ, ਨੈਪੋਲੀਅਨ, ਇਥੋਂ ਤਕ ਕਿ ਹਿਟਲਰ ਨੇ ਵੀ ਨਹੀਂ ਕੀਤਾ ਸੀ। ਹਿਟਲਰ ਜਦੋਂ ਕਾਤਲਾਨਾਂ ਹਮਲੇ ਵਿੱਚੋਂ ਬਚ ਗਿਆ ਸੀ, ਤਾਂ ਜਰਨੈਲ ਰੋਮੇਲ ਨੂੰ ਖ਼ੁਦਕੁਸ਼ੀ ਕਰਨ ਦਾ ਹੁਕਮ ਸੁਣਾਇਆ ਗਿਆ। ਉਸ ਦੀ ਭੋਰਾ ਬਦਨਾਮੀ ਨਹੀਂ ਕੀਤੀ, ਪਰਿਵਾਰ ਦੇ ਕਿਸੇ ਮੈਂਬਰ ਨੂੰ ਸਜ਼ਾ ਨਹੀਂ ਦਿਤੀ। ਨਾਤਸੀਆਂ ਸਮੇਂ ਅਤੇ ਉਨ੍ਹਾਂ ਦੇ ਪਤਨ ਤੋਂ ਬਾਅਦ ਵੀ ਰੋਮੇਲ ਜਰਮਨਾਂ ਦਾ ਨਾਇਕ ਬਣਿਆ ਰਿਹਾ। ਇਕਬਾਲ ਕਰਾ ਕੇ ਰੂਸੀ ਨਾਇਕ ਪਹਿਲਾਂ ਬਦਨਾਮ ਕੀਤੇ, ਫਿਰ ਕਤਲ ਕੀਤੇ ਅਤੇ ਪਰਿਵਾਰ ਸੁਰੱਖਿਅਤ ਰੱਖਣ ਦੇ ਵਾਅਦੇ ਤੋਂ ਸਤਾਲਿਨ ਮੁਕਰਿਆ।
ਪੰਜਾਬੀ ਯੂਨੀਵਰਸਿਟੀ ਦੀ ਲਾਇਬਰੇਰੀ ਵਾਸਤੇ ਇਸਹਾਕ ਡਿਊਸ਼ਰ ਦੀ ਕਿਤਾਬ ਦੀਆਂ ਤਿੰਨ ਜਿਲਦਾਂ 1970 ਵਿਚ ਖ਼ਰੀਦੀਆਂ ਗਈਆਂ। ਛੱਤੀ ਸਾਲ ਦੇ ਅਰਸੇ ਵਿਚ ਇਹ ਕਿਤਾਬਾਂ ਤਿੰਨ ਵਾਰ ਇਸ਼ੂ ਹੋਈਆਂ। ਇਕ ਵਾਰ ਗੁਰਦਿਆਲ ਬੱਲ ਨੇ ਕਢਵਾਈਆਂ, ਇਕ ਵਾਰ ਮੈਂ ਤੇ ਤੀਜੇ ਪਾਠਕ ਦਾ ਪਤਾ ਨਹੀਂ। ਮੈਂ ਬੱਲ ਨੂੰ ਕਿਹਾ, “ਪੰਜਾਬੀ ਯੂਨੀਵਰਸਿਟੀ ਕਾਮਰੇਡਾਂ ਦਾ ਕਿਲ੍ਹਾ ਸਮਝੀ ਜਾਂਦੀ ਰਹੀ ਹੈ। ਕਿਤਾਬ ਪੜ੍ਹਨ ਦੀ ਰੁਚੀ ਦਾ ਇਹ ਹਾਲ ਹੈ, ਤਾਂ ਸੋਸ਼ਲਿਜ਼ਮ ਕਿਵੇਂ ਕਾਮਯਾਬ ਹੁੰਦਾ?’’ ਉਹ ਹੱਸ ਪਿਆ, “ਪੁਜਾਰੀ ਬੇਸ਼ਕ ਧਰਮ-ਸਥਾਨ ਦਾ ਹੋਵੇ ਬੇਸ਼ਕ ਸਮਾਜਵਾਦ ਦਾ, ਉਹ ਸਿੱਖਣ, ਪੜ੍ਹਨ ਦੀ ਥਾਂ ਹੁਕਮ ਚਾੜ੍ਹਿਆ ਕਰਦੈ। ਇਥੇ ਵੀ ਹੁਕਮਰਾਨ ਹਕੂਮਤ ਕਰ ਜਾਂਦੇ ਤੇ ਹਮਾਤੜ ਕਿਤਾਬਾਂ ਪੜ੍ਹਦੇ।’’

ਹਰਪਾਲ ਸਿੰਘ ਪੰਨੂ, ਪਟਿਆਲ਼ਾ

ਪੰਜ ਗੱਲਾਂ
ਸਤੀ ਕੁਮਾਰ ਨੇ ਅਪਣੇ ਲੇਖ ‘ਕਿਸ ਕਿਸ ਤਰ੍ਹਾਂ ਦੇ ਨਾਚ’ ਵਿਚ ਬੜੀ ਸਿਆਣਪ ਨਾਲ਼ ਅੰਮ੍ਰਿਤਾ ਪ੍ਰੀਤਮ ਦਾ ਮੁੱਦਾ ਛੱਡ ਕੇ ਮੇਰੇ ਦੋ ਤਿੰਨ ਵਾਕਾਂ ਦੀ ਖਿੱਲੀ ਉਡਾਈ ਹੈ। ਕੀ ਮੈਂ ਇਹ ਮੰਨ ਲਵਾਂ ਕਿ ਲੇਖਕ ਮੇਰੇ ਖ਼ਤ ਦੇ ਬਾਕੀ ਅਣਗਣਿਤ ਵਾਕਾਂ ਨਾਲ਼ ਸਹਿਮਤ ਹੈ? ਮੈਨੂੰ ਇਸ ਗੱਲ ਦੀ ਬਹੁਤ ਹੈਰਾਨੀ ਹੈ ਕਿਵੇਂ ਕੋਈ ਲੇਖਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਸਕਦਾ ਹੈ। ਸੌਫ਼ਿਸਟ ਵੀ ਏਹੀ ਕਰਦੇ ਸਨ। ਉਨ੍ਹਾਂ ਦਾ ਮਤ ਸੀ ਕਿ ਅਪਣੇ ਪੱਖ ਨੂੰ ਏਨੀ ਦ੍ਰਿੜ੍ਹਤਾ ਨਾਲ਼ ਪੇਸ਼ ਕਰੋ ਤਾਂ ਕਿ ਉਹ ਸੱਚ ਲੱਗੇ ਭਾਵੇਂ ਉਹ ਸੱਚ ਤੋਂ ਕੋਹਾਂ ਦੂਰ ਹੋਵੇ। ਕੀ ਮੈਨੂੰ ਹੁਣ ਲੇਖਕ ਦੇ ਕਹਿਣ ’ਤੇ ਸਾਧਾਰਣ ਜਿਹੇ ਖ਼ਤ ਦੇ ਵੀ ਸ਼ਬਦ-ਅਰਥ ਕਰਕੇ ਦੱਸਣੇ ਪੈਣਗੇ?
ਪਹਿਲੀ ਗੱਲ : ਮੈਂ ਆਪਣੇ ਖ਼ਤ ਵਿਚ ਚਾਰ ਸਾਲ ਦੇ ਬੱਚੇ ਵੱਲੋਂ ਮਾਂ ਵਲ ਵਗਾਹ ਕੇ ਮਾਰੀ ਤੱਤੀ ਚਾਹ ਉਤੇ ਕਿੰਤੂ ਨਹੀਂ ਕੀਤਾ ਸੀ (ਭਾਵੇਂ ਲੇਖਕ ਨੇ ਇੰਟਰਵਿਊ ਵਿਚ ਚਾਰ ਸਾਲ ਦਾ ਜ਼ਿਕਰ ਨਹੀਂ ਕੀਤਾ)। ਜੇਕਰ ਸੱਤ ਸਾਲ ਤੋਂ ਛੋਟਾ ਬੱਚਾ ਕੋਈ ਕਤਲ ਵੀ ਕਰ ਦੇਵੇ, ਤਾਂ ਉਸ ਬੱਚੇ ਉਤੇ ਕੋਈ ਅਪਰਾਧਿਕ ਕੇਸ ਨਹੀਂ ਬਣਾਇਆ ਜਾ ਸਕਦਾ। ਕਾਨੂੰਨ ਅਨੁਸਾਰ ਉਹਨੂੰ ਇਹ ਰਿਆਇਤ ਹੈ। ਮੇਰਾ ਇਸ਼ਾਰਾ ਤਾਂ ਬਚਪਨ ਤੋਂ ਡੀਵੈਲਪ ਹੋ ਰਹੀ ਲੇਖਕ ਦੀ ‘ਸ਼ਾਰਟ ਟੈਂਪਰਡ’ ਆਦਤ ਵੱਲ ਸੀ।
ਦੂਸਰੀ ਗੱਲ: ਮੈਨੂੰ ਲੇਖਕ ਨੇ ਅਤਿਵਾਦੀਆਂ ਦੀ ਸ਼੍ਰੇਣੀ ਵਿਚ ਸ਼ਾਮਿਲ ਕਰ ਦਿੱਤਾ ਹੈ। ਮੈਂ ਲੇਖਕ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਕਿਸੇ ਲੇਖਕ ਦੀ ਲਿਖਤ ਉੱਤੇ ਇਤਰਾਜ਼ ਕਰਨ ਨਾਲ਼ ਹੀ ਪੰਜਾਬ ਗੰਭੀਰ ਸੰਕਟ ਵਿਚ ਫਸ ਜਾਂਦਾ ਹੈ। ਅਤਿਵਾਦ ‘ਭੋਗਣ’ ਅਤੇ ‘ਸਮਝਣ’ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਭਾਵੇਂ ਟੈਲੀਵਿਜ਼ਨ ਸਕਰੀਨ ਉਤੇ ਅੱਗ ਦੇ ਦ੍ਰਿਸ਼ ਦੇਖੇ ਜਾ ਸਕਦੇ ਹਨ, ਪਰ ਅੱਗ ਦੀ ਤਪਸ਼ ਤਾਂ ਕਿਸੇ ਚਿਖਾ ਕੋਲ਼ ਖੜ੍ਹ ਕੇ ਹੀ ਮਹਿਸੂਸ ਕੀਤੀ ਜਾ ਸਕਦੀ ਹੈ। ਕੀ ਲੇਖਕ ਨੂੰ ਪਤਾ ਹੈ- ਸਾਹਿਲ (ਮਾਸਿਕ-ਪੱਤਰ) ਨੂੰ ਕਿਹੋ-ਜਿਹੀਆਂ ਧਮਕੀਆਂ ਮਿਲ਼ਦੀਆਂ ਸਨ! ਕੀ ਲੇਖਕ ਨੂੰ ਪਤਾ ਹੈ – ਪੰਜਾਬ ਸਰਕਾਰ ਦੇ ਦਿੱਤੇ ਬਾਡੀਗਾਰਡ ਸਾਹਿਲ ਦੇ ਸੰਪਾਦਕ ਨਾਲ਼ ਕਿੰਨੇ ਸਾਲ, ਕਿੰਨੇ ਮਹੀਨੇ, ਕਿੰਨੇ ਦਿਨ, ਕਿੰਨੇ ਘੰਟੇ, ਕਿੰਨੇ ਮਿੰਟ ਰਹੇ? ਕੀ ਲੇਖਕ ਨੂੰ ਪਤਾ ਹੈ ਕਿ ਇਸ ਖ਼ਤ ਲਿਖਣ ਵਾਲ਼ੇ ਦੇ ਕਿੰਨੇ ਮਿੱਤਰ ਅੱਗ ਦੀ ਭੇਂਟ ਚੜ੍ਹੇ ਹਨ? ਲੇਖਕ ਨੇ ਗੀਤਾ ਦਾ ਅਨੁਵਾਦ ਕੀਤਾ ਹੈ। ਸ਼ਾਇਦ ਉਹਦੇ ਜ਼ਿਹਨ ਵਿਚ ਹਵਾ ਅਤੇ ਗਦਾ ਦੇ ਚਿੰਨ੍ਹ ਕੁਝ ਜ਼ਿਆਦਾ ਹੀ ਘੁੰਮ ਰਹੇ ਹਨ।
ਤੀਸਰੀ ਗੱਲ: ਸਰਕਾਰੀ ਕਰੰਸੀ ਕਿਸੇ ਦੀ ਨਿਜੀ ਜਾਇਦਾਦ ਨਹੀਂ ਹੁੰਦੀ। ਇਹ ਆਮ ਨਾਗਰਿਕਾਂ ਦੀ ਸੰਪਤੀ ਹੁੰਦੀ ਹੈ। ਦੇਸ਼ ਦੀ ਆਰਥਿਕਤਾ ਇਸ ਉਪਰ ਨਿਰਭਰ ਕਰਦੀ ਹੈ। ਕੋਈ ਵੀ ਚੰਗਾ ਨਾਗਰਿਕ ਸਰਕਾਰੀ ਕਰੰਸੀ ਨੂੰ ਤਬਾਹ ਨਹੀਂ ਕਰਦਾ, ਕਿਉਂਕਿ ਇਹ ਘੋਰ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਕਈ ਦੇਸ਼ਾਂ ਵਿਚ ਇਸ ਅਪਰਾਧ ਦੀ ਸਜ਼ਾ ਉਮਰ ਕੈਦ ਅਤੇ ਫਾਂਸੀ ਤਕ ਵੀ ਹੈ। ਜੇ ਲੇਖਕ ਅਪਣੀ ਕੀਮਤੀ ਟਾਈ ਨੂੰ ਬਾਲ਼ ਕੇ ਸਿਗਰੇਟ ਸੁਲਗਾਉਂਦਾ ਹੈ, ਤਾਂ ਕਿਸੇ ਨੂੰ ਭਲਾ ਕੀ ਇਤਰਾਜ਼ ਹੋ ਸਕਦਾ ਹੈ। ਕੀਮਤੀ ਟਾਈ ਉਸ ਦੀ ਨਿਜੀ ਸੰਪਤੀ ਹੈ। ਮੈਂ ਤਾਂ ਅਪਣੇ ਖ਼ਤ ਵਿਚ ਇਹ ਕਹਿਣ ਦਾ ਯਤਨ ਕੀਤਾ ਸੀ ਕਿ ਜਿਹੜੇ ਇਨਸਾਨ ਨੂੰ ‘ਸਰਕਾਰੀ ਕਰੰਸੀ’ ਨੂੰ ਤਬਾਹ ਕਰਨ ਦੀ ਹੀ ‘ਕਾਮਨ ਸੈਨਸ’ ਨਹੀਂ, ਉਹ ਭਲਾ ਔਰਤ ਦੇ ਵੱਕਾਰ ਬਾਰੇ ਕਿੰਨਾ ਸੰਜੀਦਾ ਹੋਵੇਗਾ? ਜੇ ਲੇਖਕ ਸ਼ਾਂਤ-ਚਿੱਤ ਨਾਲ਼ ਇਨ੍ਹਾਂ ਸਤਰਾਂ ਨੂੰ ਪੜ੍ਹਦਾ ਤਾਂ ਕੁਝ ਬੋਲਣ ਤੋਂ ਪਹਿਲਾਂ ਅਪਣੇ ਅਪਰਾਧਿਕ ਕਰਮ ਉੱਤੇ ਸ਼ਰਮਿੰਦਾ ਹੁੰਦਾ।
ਚੌਥੀ ਗੱਲ: ਮੈਂ ਸਮਝ ਚੁੱਕਿਆ ਹਾਂ-ਲੇਖਕ ਨੂੰ ਖੜਾਕ ਕਰਨ ਦੀ ਆਦਤ ਹੈ। ਲੇਖਕ ਨੂੰ ਮੇਰੀ ਨੀਅਤ ਉਤੇ ਸੰਦੇਹ ਹੈ। ਇਸ ਦਾ ਇਕ ਹਲ ਹੈ ‘ਨਾਰਕੋ ਟੈਸਟ’। ਪਰ ਮੇਰੀ ਇਕ ਸ਼ਰਤ ਹੈ। ਮੇਰੇ ਨਾਲ਼ ਲੇਖਕ ਨੂੰ ਵੀ ਇਸ ਟੈਸਟ ਲਈ ਤਿਆਰ ਹੋਣਾ ਪਵੇਗਾ।
ਪੰਜਵੀਂ ਗੱਲ: ਕਾਗਜ਼ ਦੀ ਭਾਰੀ ਮਾਤਰਾ ਦਰੱਖ਼ਤਾਂ ਤੋਂ ਪ੍ਰਾਪਤ ਹੁੰਦੀ ਹੈ। ਕੀ ਕਾਗ਼ਜ਼ਾਂ ਦਾ ਇਸ ਤਰ੍ਹਾਂ ਦੁਰਪ੍ਰਯੋਗ ਕਰਨਾ ਚਾਹੀਦਾ ਹੈ? ਮੈਨੂੰ ਬਹੁਤ ਦੁੱਖ ਹੈ-ਮੈਂ ਕਿਹੋ ਜਿਹੇ ਲੇਖਕ ਉਤੇ ਕਿਸੇ ਖ਼ੂਬਸੂਰਤ ਰੁੱਖ ਦਾ ਹਿੱਸਾ ਨਸ਼ਟ ਕੀਤਾ ਹੈ। ਮੇਰੇ ਤੋਂ ਵੱਡਾ ਅਪਰਾਧੀ ਕੋਣ ਹੋ ਸਕਦਾ ਹੈ?

ਸੁਸ਼ੀਲ ਰਹੇਜਾ

ਵਿਸ਼ਵ ਦਰਸ਼ਨ
ਲਗਾਤਾਰ ਪਿਛਲੇ ਚਾਰ ਅੰਕਾਂ ਬਾਅਦ ਹੁਣ-5 ਪੜ੍ਹਿਆ ਹੈ। ਸਮੁੱਚੇ ਤੌਰ ’ਤੇ ਸੰਤੁਸ਼ਟੀ ਹੈ ਕਿ ਹੁਣ ਨੇ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਤੇ ਪੱਖਾਂ ਨੂੰ ਸੰਸਾਰਕ (ਗਲੋਬਲ) ਦਿੱਖ ਬਖ਼ਸ਼ਣ ਵਿਚ ਕਾਮਯਾਬੀ ਹਾਸਲ ਕਰ ਲਈ ਹੈ। ਪਹਿਲੋਂ ਕਈ ਸਾਹਿਤਕ ਹਲਕਿਆਂ ਵਿਚ ਇਹ ਸੁਣਨ ਵਿਚ ਆਇਆ ਸੀ ਕਿ ਅਵਤਾਰ ਜੰਡਿਆਲ਼ਵੀ ਅਤੇ ਸੁਸ਼ੀਲ ਦੁਸਾਂਝ ਨੇ ਏਡਾ ਵੱਡਾ ਪਰਚਾ ਤਾਂ ਕੱਢ ਲਿਆ, ਪਰ ਇਹਨੂੰ ਏਨਾ ਮੈਟਰ ਕਦ ਤਕ ਮਿਲ਼ਦਾ ਰਹੇਗਾ। ਪਰ ਇਹ ਪੰਜਵਾਂ ਅੰਕ ਪੜ੍ਹਦਿਆਂ ਇਹ ਯਕੀਨ ਹੋਇਆ ਹੈ ਕਿ ਪੂਰੇ ਸੰਸਾਰ ਵਿਚ ਵਿਚਰ ਰਹੇ ਪੰਜਾਬੀ ਭਾਈਚਾਰੇ (ਸਮੇਤ ਲਹਿੰਦੇ-ਚੜ੍ਹਦੇ ਪੰਜਾਬ) ਕੋਲ਼ ਕਹਿਣ-ਸੁਣਨ ਵਾਲ਼ਾ ਬਹੁਤ ਕੁਝ ਹੈ। ਲੋੜ ਹੈ ਤਾਂ ਉਹਨੂੰ ਪ੍ਰੇਰਨ ਤੇ ਸਲੀਕੇ ਨਾਲ਼ ਪੇਸ਼ ਕਰਨ ਦੀ। ਵਿਦਵਾਨਾਂ ਦੇ ਵਿਚਾਰਧਾਰਕ ਵੱਖਰੇਵੇਂ ਅਪਣੀ ਥਾਂ, ਪਰ ਪਰਚੇ ਦੀ ਸਮੁੱਚੀ ਪੇਸ਼ਕਾਰੀ ਵਿਚੋਂ ਸੰਜੀਦਗੀ ਦੀ ਹੀ ਪ੍ਰਧਾਨ ਸੁਰ ਝਲਕਦੀ ਹੈ।
ਇਸ ਵਾਰ ਦੇ ਅੰਕ ਵਿਚ ਸੰਤੋਖ ਸਿੰਘ ਧੀਰ ਦੀ ਇੰਟਰਵਿਊ, ਕਹਾਣੀ ‘ਬਘੇਲ ਸਿੰਘ’ (ਮਨਮੋਹਨ ਬਾਵਾ), ਹਰਪਾਲ ਸਿੰਘ ਪੰਨੂ ਦਾ ਲੇਖ ‘ਟ੍ਰਾਟਸਕੀ’, ਮੰਨੂੰ ਭਾਈ ਦੀ ਨਜ਼ਮ ‘ਅਜੇ ਕਿਆਮਤ ਨਹੀਂ ਆਈ’, ਸਤੀ ਕਪਿਲ ਦਾ ਫ਼ੈਜ਼ ਬਾਬਤ ਲੇਖ ਤੇ ਉਸ ਦੀ ਅੰਕ-2 ਵਿਚਲੀ ਇੰਟਰਵਿਊ ਦੇ ਪ੍ਰਤੀਕ੍ਰਮਾਂ ਦਾ ਦਿੱਤਾ ਸਪਸ਼ਟੀਕਰਨ, ਗੁਰਚਰਨ ਰਾਮਪੁਰੀ ਦਾ ‘ਸਿਰ ਸਲਾਮਤ ਹੈ।’ ਇਸਤੋਂ ਇਲਾਵਾ ਸੁਭਾਸ਼ ਪਰਿਹਾਰ ਦਾ ਲੇਖ ‘ਨੂਰਮਹਿਲ ਦੀ ਸਰਾਂ (ਸਮੇਤ ਤਸਵੀਰਾਂ) ਤੇ ‘ਹਕੀਕਤਾਂ’ ਕਾਲਮ ਅਧੀਨ ਆਏ ਚਾਰੋਂ ਲੇਖ ਇਕਾਗਰ ਚਿੱਤ ਹੋ ਕੇ ਪੜ੍ਹੇ ਤੇ ਮਾਣੇ ਹਨ। ਮਾਰਕ ਯਾਕੂਬੋਵਸਕੀ ਦੀਆਂ ਤਸਵੀਰਾਂ ਵੀ ਲਿਖਤ ਦਾ ਦਰਜਾ ਹੀ ਰੱਖਦੀਆਂ ਹਨ। ਬਾਕੀ ਪੰਨਿਆਂ ’ਤੇ ਵੀ ਜੋ ਤਸਵੀਰਾਂ, ਖ਼ਾਸਕਰ ‘ਟ੍ਰਾਟਸਕੀ’ ਵਾਲ਼ੇ ਲੇਖ ਦੀਆਂ ਛਾਪੀਆਂ ਹਨ, ਉਹ ਸੱਭੋ ਲਿਖਤ ਵਿਚ ਸ਼ੁਮਾਰ ਕਰਨ ਯੋਗ ਹਨ। ਸੰਤੋਖ ਸਿੰਘ ਧੀਰ ਦੀ ਸਵੈ-ਜੀਵਨੀ, ਬ੍ਰਹਿਸਪਤੀ ਪਹਿਲੋਂ ਪੜ੍ਹੀ ਹੋਈ ਤਾਂ ਸੀ, ਪਰ ਇਸ ਅੰਕ ਵਿਚ ਉਹਦੀ ਇੰਟਰਵਿਊ ਦੇ ਨਾਲ਼ ਸੁਹਜ ਨਾਲ਼ ਸਜਾਈਆਂ ਤਸਵੀਰਾਂ ਨੇ ਅਪਣਾ ਹੀ ਰੰਗ ਬੰਨਿ੍ਹਆ ਹੈ। ਬਲਬੀਰ ਸਿੰਘ ਕੰਵਲ ਦੀ ‘ਪਟਿਆਲਾ ਘਰਾਣਾ’, ਜ.ਸ. ਆਹਲੂਵਾਲੀਏ ਦਾ ‘ਦਰਿਆਵਾਂ ਦੇ ਮੋੜ’, ਮੰਗਤ ਰਾਏ ਭਾਰਦਵਾਜ ਦਾ ‘ਭਰਤਹਰੀ’ ਬਹੁਤਾ ਵਿਦਵਾਨਾਂ ਦੇ ਕੰਮ ਦੀਆਂ ਸ਼ੈਆਂ ਹਨ, ਇਨ੍ਹਾਂ ਨੂੰ ਨਾਲ਼ ਮਿਲਾਕੇ ਹੀ ਪਰਚਾ ਅਪਣੀ ਸਮੁੱਚਤਾ ਗ੍ਰਹਿਣ ਕਰਦਾ ਹੈ।
ਸੰਪਾਦਕੀ ਦੇ ਸ਼ਬਦ ‘ਕਿਉਂਕਿ ਕਿਤਾਬਾਂ ਹੀ ਤਾਂ ਹਨ, ਜਿਨ੍ਹਾਂ ਹਨੇਰੀਆਂ ਰਾਤਾਂ ਵਿਚ ਵੀ ਮੰਜ਼ਿਲ ਵਲ ਜਾਂਦੇ ਰਾਹਾਂ ਦੀ ਨਿਸ਼ਾਨਦੇਹੀ ਕਰਨੀ ਹੈ।’ ਯਕੀਨਨ ਹਰ ਪਾਠਕ ਨੂੰ ਟੁੰਬਦੇ ਹੋਣਗੇ।

ਜੋਗਿੰਦਰ ਪਾਲ ਮਾਨ, ਸਮਰਾਏ ਜਲੰਧਰ

ਹੁਣ-5 ਵਿਚ ਸੁਰਜੀਤ ਪਾਤਰ ਦੀਆਂ ਗੱਲਾਂ ਬਹੁਤ ਹੀ ਪ੍ਰਭਾਵਸ਼ਾਲੀ ਸਨ। ਇੰਨੀ ਖੁੱਲ੍ਹੀ ਗੱਲਬਾਤ ਪਹਿਲੀ ਵਾਰ ਸਾਹਮਣੇ ਆਈ ਹੈ। ਸਾਹਿਤਕਾਰਾਂ ਦਾ ਮੱਕਾ ਜਲੰਧਰ ਦਾ ਕੌਫ਼ੀ ਹਾਊਸ (ਪ੍ਰੇਮ ਪ੍ਰਕਾਸ਼) ਕਈ ਨਵੇਂ ਸੰਦਰਭ ਛੇੜਦਾ ਹੈ। ਇਸ ਤਰ੍ਹਾਂ ਦੇ ਮੱਕੇ ਹਰੇਕ ਸ਼ਹਿਰ ਵਿਚ ਹਨ। ਨਿਰਮਲ ਜਸਵਾਲ ਦੀ ਕਹਾਣੀ ‘ਚੂਹਾ’ ਕਹਾਣੀ ਸਾਹਿਤ ਦਾ ਸ੍ਰੇਸ਼ਟ ਨਮੂਨਾ ਹੈ। ਹਕੀਕਤਾਂ ਵਿਚ ਵਰਿਆਮ ਸੰਧੂ ਦੀ ‘ਕੁੜਿੱਕੀ ਵਿਚ ਫਸੀ ਜਾਨ’ ਕਰੂਰ ਸੱਚਾਈ ਨੂੰ ਬਿਆਨ ਕਰਦੀ ਹੈ। ਉਸ ਕਾਲ਼ੇ ਦੌਰ ਵਿਚ ਪੰਜਾਬੀਆਂ ਨੇ ਜੋ ਭੋਗਿਆ, ਉਹ ਹੂ-ਬ-ਹੂ ਬਿਆਨ ਕੀਤਾ ਹੈ। ਹਰ ਪੱਖੋਂ ਸੰਪੂਰਣ ਪਰਚਾ ਪਾਠਕਾਂ ਨੂੰ ਖਿੱਚਦਾ ਹੈ।

ਡਾਕਟਰ ਭਗਵੰਤ ਸਿੰਘ

ਸੁਹਜਾ ਰੰਗ
ਅੱਜ ਤੋਂ ਕੋਈ ਦਸ ਸਾਲ ਪਹਿਲਾਂ ਮੈਂ ਤੇ ਮਿੱਤਰ ਜਸਪਾਲ ਨੇ ਪੰਜਾਬੀ ਦਾ ਮੈਗਜ਼ੀਨ ਕੱਢਣ ਦੀ ਸੋਚੀ ਸੀ ਤੇ ਸਭ ਤੋਂ ਪਹਿਲੀ ਗੱਲ ਇਹ ਮੁਕਾਈ ਸੀ ਕਿ ਜਿਹੜਾ ਚਿੱਠੀ ਪੱਤਰ ਸਿਰਫ਼ ਘਸੀ-ਪਿਟੀ ਤਾਅਰੀਫ਼ ਜਾਂ ਬੇਮਾਅਨੀ ਸ਼ਲਾਘਾ ਦਾ ਆਵੇ ਉਹ ਕਦੇ ਨਾ ਛਾਪਿਆ ਜਾਵੇ। ਤੁਸੀਂ ਫੋਕੀ ਸ਼ਲਾਘਾ ਵਾਲ਼ੀਆਂ ਚਿੱਠੀਆਂ ਨਾ ਛਾਪ ਕੇ ਪੰਜਾਬੀ ਸਾਹਿਤ ਦੀ ਸਿਹਤ ਲਈ ਸ਼ਲਾਘਾਯੋਗ ਕੰਮ ਕਰ ਰਹੇ ਹੋ!
1947 ਦੇ ਸੰਤਾਪ ਪਿੱਛੋਂ ਪ੍ਰੀਤ ਲੜੀ ਦੀ ਪ੍ਰਭਾਵਸ਼ਾਲੀ ਸ਼ੈਲੀ ਅਤੇ ਵਿਚਾਰਧਾਰਾ ਅਤੇ ਮੁਕਾਬਲੇ ਦੇ ਹਿੰਦੀ ਉਰਦੂ ਮੈਗਜ਼ੀਨਾਂ ਨੇ ਮੈਗਜ਼ੀਨ ਦਾ ਨਿਸ਼ਚਿਤ ਮੁਹਾਂਦਰਾ ਸਥਾਪਤ ਕਰ ਲਿਆ ਸੀ। ਇਨ੍ਹਾਂ ਮੈਗਜ਼ੀਨਾਂ ਦੀ ਇਹ ਪਿਰਤ ਆਕਾਰ ਤੇ ਵਿਚਾਰ ਦੋਹਾਂ ਨੂੰ ਪਾਲਦੀ-ਪੋਸਦੀ ਰਹੀ। ਮੈਗਜ਼ੀਨਾਂ ਦੇ ਨਾਂ ਵੱਖ-ਵੱਖ ਹੋਣ ਦੇ ਬਾਵਜੂਦ ਇਨ੍ਹਾਂ ਦੀ ਦਿੱਖ ਅਤੇ ਪੇਸ਼ਕਾਰੀ ਦੀ ਸ਼ੈਲੀ ਸਿੱਕੇ ਬੰਦ ਰੂਪ ਧਾਰਣ ਕਰਦੀ ਗਈ । ਜੋ ਕੁਝ ਇਕ ਨਿੱਕੇ-ਮੋਟੇ ਵਿਖਰੇਵਿਆਂ ਤੋਂ ਛੁੱਟ, ਬਹੁਤਗਿਣਤੀ ਮੈਗਜ਼ੀਨਾਂ ਦਾ ਮਾਡਲ ਬਣ ਕੇ ਪਾਠਕਾਂ ਨੂੰ ਰਿਝਾਉਂਦੀ ਰਹੀ। ਇਨ੍ਹਾਂ ਅੰਦਰ ਮੈਟੀਰੀਅਲ ਦੀ ਤਾਜ਼ਗੀ ਤੇ ਨਿਵੇਕਲਾਪਣ ਵੀ ਮਿਲ਼ਦਾ ਸੀ। ਕਈ ਵਾਰ ਸੁਖਾਵਾਂ ਝੌਲ਼ਾ ਪੈਂਦਾ ਸੀ। ਪਰ ਸਮੁੱਚੇ ਤੌਰ ’ਤੇ ਤਸਵੀਰਾਂ ਅਤੇ ਉਨ੍ਹਾਂ ਦੀ ਪੇਸ਼ਕਾਰੀ ਰੂੜ੍ਹਵਾਦੀ ਗਿਣੀ-ਮਿੱਥੀ ਤਰਤੀਬ ਤੇ ਤਰਕੀਬ ਦੀ ਕੈਦੀ ਬਣ ਕੇ ਰਹਿ ਗਈ ਸੀ ਅਤੇ ਪਰਚੇ ਅਤੇ ਪਾਠਕ ਇਹ ਸਜ਼ਾ ਅੱਜ ਤੀਕ ਭੁਗਤ ਰਹੇ ਹਨ। ਅੱਧੀ ਸਦੀ ਤੋਂ ਵੱਧ ਸਮੇਂ ਦੇ ਇਸ ਵਰਤਾਰੇ ਨੇ ਇਨ੍ਹਾਂ ਪਰਚਿਆਂ ਦੇ ਮੁਹਾਂਦਰੇ ਅਤੇ ਅੰਦਰਲੇ ਤਾਣੇਪੇਟੇ ਨੂੰ ਜਮੂਦ ਖੜੋਤ ਵਿਚ ਬੰਨ੍ਹੀ ਰੱਖਿਆ। ਦੂਰੋਂ ਵੇਖਣ ਨੂੰ ਦਿੱਖ ਤੇ ਆਕਾਰ ਪੱਖੋਂ ਮਿਲ਼ਦੇ- ਜੁਲ਼ਦੇ ਪਰਚੇ ਅਪਣੀ ਆਯੂ ਭੋਗਦੇ ਰਹੇ, ਭਾਵੇਂ ਉਨ੍ਹਾਂ ਅੰਦਰ ਅਕਸਰ ਵੱਖਰਾ ਨਿਵੇਕਲਾ ਪੜ੍ਹਨ ਨੂੰ ਵੀ ਮਿਲਦਾ ਰਿਹਾ ਸੀ।
‘ਹੁਣ’ ਨੇ ਦਹਾਕਿਆਂ ਦੇ ਇਸ ਮੁਹਾਂਦਰੇ ਦਾ ਮੂੰਹ ਬਦਲ ਦਿੱਤਾ ਹੈ। ਪ੍ਰੰਪਰਕ ਜਿਲ੍ਹਣ ਚੋਂ ਨਿਕਲਣ ਦਾ ਨਰੋਆ ਤੇ ਨਵਾਂ ਸਾਹਸ ਅਤੇ ਸਿਰਜਣਾਤਮਕ ਸੰਕੇਤ ਬਣ ਕੇ ਪਾਠਕਾਂ ਦੀ ਝੋਲ਼ੀ ਪਿਆ ਹੈ। ਇਹਦੇ ਫੌਂਟ, ਸਪੇਸ ਦੀ ਸੁਯੋਗ ਸੁਹਜਮਈ ਕਲਾਤਮਕ ਵਰਤੋਂ, ਤਸਵੀਰਾਂ ਦੀ ਢੁੱਕਵੀਂ ਅਤੇ ਕਲਾਤਮਕ ਪੇਸ਼ਕਾਰੀ ਮੂਲੋਂ ਹੀ ਅਪਰੰਪਾਰਕ ਹਨ। ਜਾਂ ਇਹ ਕਹੋ ਕਿ ਪੰਜਾਬੀ ਰਸਾਲਿਆਂ ਦੀ ਫੁਲਵਾੜੀ ਅੰਦਰ ਨਵੀਂ ਅਤੇ ਨਰੋਈ ਪ੍ਰੰਪਰਾ ਸਿਰਜ ਰਹੇ ਹਨ। ਫਿਰ ਵਾਧਾ ਇਹ ਕਿ ਵੱਖ-ਵੱਖ ਲੇਖਕਾਂ ਬਾਰੇ ਤਾਜ਼ਾ ਅਤੇ ਨਰੋਈਆਂ ਲਿਖਤਾਂ ਮਿਲ਼ ਰਹੀਆਂ ਹਨ। ਕਈ ਵਾਰੀ ਸਾਹਿਤ ਤੇ ਸਹਿਤਕਾਰਾਂ ਦੀਆਂ ਲਿਖਤਾਂ, ਲਿਖਣ-ਪ੍ਰੀਕਿਰਆ ਬਾਰੇ ਅਸਾਧਾਰਣ ਪ੍ਰਕਾਸ਼ ਪਾਉਣ ਵਾਲੇ ਲੇਖਕ ਪਾਠਕ ਨੂੰ ਲੇਖਕਾਂ ਸੰਬੰਧੀ ਆਪਣੀ ਸੋਚ ਬਦਲਣ ਲਈ ਮਜਬੂਰ ਕਰ ਰਹੇ ਹਨ। ਰੂਪ ਅਤੇ ਸਾਮੱਗਰੀ ਅਤੇ ਉਨ੍ਹਾਂ ਨੂੰ ਅਤਿ-ਢੁੱਕਵੀਂ ਤੇ ਕਲਾਤਮਕ ਸਪੇਸ ਵਿਚ ਜੜਨ ਦੀ ਜੁਗਤ ਅਪਣੇ ਆਪ ਵਿਚ ਨਿਵੇਕਲੀ ਪ੍ਰਾਪਤੀ ਹੈ। ਕਈ ਮੈਗਜ਼ੀਨਾਂ ਅੰਦਰ ਪੰਨੇ ਦੀ ਹਰ ਨੁੱਕਰ ਅਤੇ ਹਾਸ਼ੀਏ ਦੇ ਨੱਕ-ਨੱਕ ਤਾਈਂ ਟੈਕਸਟ ਤੂਸ ਕੇ ਉਸ ਦਾ ਸਾਹ ਘੁੱਟਣ ਦੇ ਯਤਨ ਕਰਦੇ ਦਿਖਾਈ ਦਿੰਦੇ ਹਨ। ਪਰ ‘ਹੁਣ’ ਇਸ ਤਕਨੀਕੀ ਜੁਰਮ ਤੋਂ ਬਰੀ ਹੀ ਨਹੀਂ, ਸਗੋਂ ਟੈਕਸਟ ਅਤੇ ਸਪੇਸ ਦੇ ਸਵੱਛ ਸੰਤੁਲਣ ਨੂੰ ਅਤਿ ਦੇ ਸਯੋਗ ਸਲੀਕੇ ਨਾਲ਼ ਸਜਾਉਂਦਾ ਹੈ।
ਗਰੇਅ ਸਕੇਲ ਦੀਆਂ ਵੱਖ-ਵੱਖ ਸਾਈਜ਼ ਦੀਆਂ ਸੁਝਾਊੁ ਚਕੋਰ- ਆਕਾਰੀ ਸ਼ਕਲਾਂ ਮੈਗਜ਼ੀਨਾਂ ਦੀ ਪ੍ਰੰਪਰਾ ਉਪਰ ਨਵੀਂ ਨਰੋਈ ਝਾਤ ਹੈ। ਇਹ ਤਜਰਬਾ ਪਾਠਕ ਨੂੰ ਨਵਾਂ ਨਜ਼ਰੀਆ ਅਤੇ ਸਵਾਦ ਪ੍ਰਦਾਨ ਦਿੰਦਾ ਹੈ। ‘ਹੁਣ’ ਅੰਦਰ ਅਹਿਮ ਟੈਕਸਟ ਨੂੰ ਉਘੇੜਨ ਵਾਸਤੇ ਗਰੇਅਸਕੇਲ ਦੀ ਵਰਤੋਂ ਵੀ ਬਹੁਤ ਨਿਆਂਪੁੂਰਨ ਤੇ ਸੰਕੋਚਵੀਂ ਹੈ। ਨਹੀਂ ਤੇ ਕਈ ਮੈਗਜ਼ੀਨਾਂ ਵਿਚ ਹਰ ਪੰਨੇ ਜਾਂ ਪਹਿਰੇ ਦੀ ਗਰਾਂਉਂਡ ਵਿਚ ਰੰਗ ਡੋਲ੍ਹ ਕੇ ਬੈਕਗਰਾਉਂਡ ਦੇ ਮਹੱਤਵ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ।
ਇੰਜ ਹੀ ਕੁਝ ਇਤਿਹਾਸਕ ਅਤੇ ਪੁਰਾਣੀਆਂ ਬਲੈਕ ਐਂਡ ਵਾੲ੍ਹੀਟ ਤਸਵੀਰਾਂ ਬੀਤੇ ਨੂੰੂ ਸਾਕਾਰ ਕਰਨ ਵਿਚ ਸਹਾਇਕ ਹੋਈਆਂ ਲੱਗਦੀਆਂ ਹਨ। ਕਈ ਚਿਹਰੇ ਜੋ ਸਮੇਂ ਦੀ ਬੁੱਕਲ ਵਿਚ ਅਲੋਪ ਹੋ ਚੱਕੇ ਸਨ ਅਤੇ ਕੁਝ ਦ੍ਰਿਸ਼ ਜੋ ਸਾਡੀ ਯਾਦ ਦੀ ਹਨੇਰੀ ਗੁਫ਼ਾ ਦਾ ਹਿੱਸਾ ਬਣ ਚੁੱਕੇ ਸਨ, ‘ਹੁਣ’ ਨੇ ਉਨ੍ਹਾਂ ਛਿਣਾਂ ਨੂੰ ਮੁੜ ਪ੍ਰਕਾਸ਼ ਘੇਰੇ ਵਿਚ ਲਿਆਂਦਾ ਹੈ। ਬੀਤਿਆ ਭਾਵੇਂ ਕਿੰਨਾ ਵੀ ਨਿਰਮੂਲ ਜਾਂ ਅਕਾਰਥ ਹੋਵੇ ਉਹਦੀ ਧੂੜ ਮਨੁੱਖ ਅਪਣੀ ਸਾਈਕੀ ਦੇ ਵਿੱਚੋਂ ਕਦੇ ਨਹੀਂ ਖ਼ਾਰਜ ਕਰ ਸਕਿਆ। ਲੰਘ ਗਈਆਂ ਘੜੀਆਂ ਥੋੜ੍ਹੇ ਚਿਰ ਲਈ ਲੁਕ ਤਾਂ ਸਕਦੀਆਂ ਹਨ, ਪਰ ਅਨੁਭਵ ਵਿੱਚੋਂ ਸਦਾ ਲਈ ਖ਼ਾਰਜ ਨਹੀਂ ਕੀਤੀਆਂ ਜਾ ਸਕਦੀਆਂ।
‘ਹੁਣ’ ਨੇ ਬੀਤੇ ਨੂੰ ਬਣਦਾ ਆਦਰ ਦੇ ਕੇ ਸਮੇਂ ਦਾ ਸਤਿਕਾਰ ਕੀਤਾ ਹੈ। ਸਮਾਂ ਇਸ ਦਾ ਹੱਕਦਾਰ ਵੀ ਹੈ। ਗੁਆਚਿਆਂ ਨੂੰ ਸਦਾ ਲਈ ਗਵਾ ਲੈਣਾ ਭਾਰੀ ਘਾਟਾ ਵੀ ਹੁੰਦਾ ਹੈ। ਸਰਕ ਕੇ ਹਨੇਰੇ ਵਿਚ ਦਾਖਲ ਹੋ ਚੁੱਕੇ ਦ੍ਰਿਸ਼ਾਂ ਨੂੰ ਪ੍ਰਕਾਸ਼ਮਾਨ ਕਰਨ ਵਾਸਤੇ ਪਤਾ ਨਹੀਂ ਤੁਸੀਂ ਕਿਹੜੇ ਅਸਾਧਾਰਣ ਅਤੇ ਨਾਯਾਬ ਸਾਧਨ ਵਰਤ ਰਹੇ ਹੋ ਅਤੇ ਕਿਵੇਂ ਵਰਤ ਰਹੇ ਹੋ। ਪਰ ਪ੍ਰਾਪਤੀ ਯਕੀਨਨ ਮਾਣਯੋਗ ਹੈ।
ਉਕਤ ਕਥਨ ਦੇ ਸੰਦਰਭ ਵਿਚ ਰੰਗਾਂ ਦੀ ਘੱਟ ਤੋਂ ਘੱਟ ਵਰਤੋਂ ਕਰਨੀ। ਇਕ ਹੋਰ ਵਾਧਾ ਲੱਗਦਾ ਹੈ। ਜਿਸ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਅਕਸਰ ਰੰਗਾਂ ਦੀ ਦੁਰਵਰਤੋਂ ਨਾਲ਼ ਕਈ ਵਾਰੀ ਵਧੀਆ ਲਿਖਤ ਦਾ ਪ੍ਰਭਾਵ ਵੀ ਖਿੰਡਰ ਜਾਂਦਾ ਹੈ। ‘ਹੁਣ’ ਵਿਚ ਕੁਦਰਤੀ ਸੁਭਾਵਕ ਬਲੈਕ ਐਂਡ ਵਾੲ੍ਹੀਟ ਚਿੱਤਰ, ਉਨ੍ਹਾਂ ਦਾ ਆਕਾਰ ਅਤੇ ਸਮੁੱਚੀ ਦਿੱਖ ਇਸ ਪਰਚੇ ਦੀ ਗੰਭੀਰ ਸਾਮੱਗਰੀ ਨੂੰ ਵਿਸ਼ਵਾਸਯੋਗਤਾ ਬਖ਼ਸ਼ਦੇ ਹਨ। ਇਨ੍ਹਾਂ ਚਿੱਤਰਾਂ ਦਾ ਇਤਿਹਾਸਕ ਮੁੱਲ ਇਸ ਪਰਚੇ ਦੇ ਮੁੱਲ ਨੂੰ ਵਧਾ ਦਿੰਦਾ ਹੈ। ਕਈ ਚਿੱਤਰ ਇਤਿਹਾਸਕ ਮਹੱਤਾ ਕਾਰਣ ਦੁਰਲੱਭ ਲੱਗਦੇ ਹਨ, ਪਰ ਉਨ੍ਹਾਂ ਨੂੰ ਮੂਲ ਰੰਗ ਤੇ ਭਾਅ ਵਿਚ ਵੇਖ ਕੇ ਪਾਠਕ ਦਾ ਧਿਆਨ ਉਸ ਵਿਸ਼ੇਸ਼ ਸਮੇਂ ਵਿਚ ਲੁਕੀਆਂ ਸ਼ਖ਼ਸੀਅਤਾਂ ਵੱਲ ਖਿੱਚਿਆ ਜਾਂਦਾ ਹੈ।
ਸੰਤੁਸ਼ਟੀ ਵਾਲੀ ਗੱਲ ਇਹ ਹੈ ਕਿ ਇਸ ਅੰਦਰ ਨੂਰਪੂਰੀ ਜਿਹੇ ਮੋਢੀ ਕਵੀ ਦੀ ਤਸਵੀਰ ਅਤੇ ਸੌ ਸਾਲ ਪੁੂਰੇ ਹੋ ਜਾਣ ਨੂੰ ਹਾਈ ਲਾਈਟ ਕਰਨਾ ਜ਼ਰੂਰੀ ਸੀ। ਇਵੇਂ ਹੀ ਮੋਢੀ ਕਵੀਆਂ ਵਿਚੋਂ ਧਨੀ ਰਾਮ ਚਾਤ੍ਰਿਕ ਨੂੰ ਉਚਿਤ ਸ਼ਰਧਾਂਜਲੀ ਪੇਸ਼ ਕੀਤੀ ਗਈ ਹੈ; ਨਾਨਕ ਸਿੰਘ, ਪਾਸ਼, ਸ਼ਿਵ ਕੁਮਾਰ ਅਤੇ ਲਾਲੀ ਜਿਹੇ ਸ਼ਾਇਰ ਤੇ ਚਿੰਤਕਾਂ ਨੂੰ ਯੋਗ ਸਥਾਨ ਦੇ ਕੇ ਹੁਣ ਨੇ ਉਨ੍ਹਾਂ ਦੀ ਦੇਣ ਨੂੰ ਸਾਹਿਤਕ ਸਮਰੱਥਨ ਦਿੱਤਾ ਹੈ। ਇਵੇਂ ਸੰਗੀਤ, ਚਿੱਤਰਕਾਰੀ, ਕਵਿਤਾ ਅਤੇ ਵਿਗਿਆਨ ਦੇ ਵਿਦੇਸ਼ੀ ਮਹਾਰਥੀਆਂ ਦੇ ਚਿੱਤਰ ਅਤੇ ਪ੍ਰਾਪਤੀਆਂ ਬਾਰੇ ਪਾਠਕਾਂ ਨੂੰ ਇਨ੍ਹਾਂ ਮਹਾਂਪੁਰਖਾਂ (ਆਈਨਸਟਾਈਨ, ਮੁਜ਼ਾਰਟ, ਟਰਾਟਸਕੀ, ਪੌਲ ਸੇਜ਼ਾਨ, ਪਾਬਲੋ ਨਰੁੂਦਾ, ਸਿੰਗਮੰਡ ਫ਼ਰਾਇਡ) ਦੇ ਦਰਸ਼ਨ ਕਰਵਾਏ ਹਨ।

ਬਲਰਾਜ ਚੀਮਾ, ਟੋਰੋਂਟੋ ਕੈਨੇਡਾ

ਜਨਵਰੀ-ਅਪਰੈਲ 2007 ਦਾ ‘ਹੁਣ’ ਭੇਜਣ ਲਈ ਧੰਨਵਾਦ। ਪੰਜਾਬੀ ਲੋਕਾਂ ਅਤੇ ਪੰਜਾਬੀ ਬੋਲੀ ਦੀ ਇਹ ਖ਼ੁਸ਼ਕਿਮਸਤੀ ਹੈ ਕਿ ਇੰਨੇ ਉੱਚੇ ਦਰਜੇ ਦਾ ਮੈਗਜ਼ੀਨ ਸਫਲਤਾ ਪੂਰਵਕ ਚੱਲ ਰਿਹਾ ਹੈ। ਮੇਰੀਆਂ ਸ਼ੁਭ ਇਛਾਵਾਂ।

ਇਸ ਅੰਕ ਦੇ ‘ਸਾਲ 2006 ਦੀ ਵਧੀਆ ਕਿਤਾਬ’ ਵਾਲੇ ਹਿੱਸੇ ਵਿਚ ਤੁਸੀਂ ਮੇਰੀ ਇਕ ਲਿਖਤ ‘ਪੂੰਜੀ ਤੇ ਪ੍ਰਕ੍ਰਿਤੀ’ ਛਾਪੀ ਹੈ। ਉਸ ਵਿਚ ਹਰ ਜਗ੍ਹਾ ‘ਗਰੀਨ’ ਸ਼ਬਦ ਦੀ ਥਾਂ ਗਲਤੀ ਨਾਲ ‘ਗਰੀਕ’ ਸ਼ਬਦ ਛਪ ਗਿਆ ਹੈ, ਜਿਸ ਨਾਲ ਸ਼ਾਇਦ ਕੁਝ ਪਾਠਕਾਂ ਨੂੰ ਹੈਰਾਨੀ ਜਾਂ ਗ਼ਲਤਫਹਿਮੀ ਹੋਈ ਹੋਵੇ। ਅਜਿਹੀ ਗ਼ਲਤਫਹਿਮੀ ਨੂੰ ਹਟਾਉਣ ਲਈ ਮੈਂ ਚਾਹਾਂਗਾ ਕਿ ‘ਗਰੀਕ-ਮਾਰਕਸਵਾਦੀ’ ਦੀ ਥਾਂ ‘ਗਰੀਨ ਮਾਰਕਸਵਾਦੀ’, ‘ਗਰੀਕ ਵਿਦਵਾਨ’ ਦੀ ਥਾਂ ‘ਗਰੀਨ ਵਿਦਵਾਨ’, ‘ਗਰੀਕ ਚਿੰਤਨ’ ਦੀ ਥਾਂ ‘ਗਰੀਨ ਚਿੰਤਨ’ ਅਤੇ ‘ਗਰੀਕ ਚਿੰਤਕਾਂ’ ਦੀ ਥਾਂ ‘ਗਰੀਨ ਚਿੰਤਕਾਂ’ ਪੜ੍ਹਿਆ ਜਾਵੇ।

ਡਾਕਟਰ ਪ੍ਰੀਤਮ ਸਿੰਘ ਆਕਸਫੋਰਡ

ਸਾਡੇ ਸਮਿਆਂ ਦੇ ਬਹੁਤ ਹੀ ਖ਼ੂਬਸੂਰਤ, ਪਿਆਰੇ ਤੇ ਸਾਰਥਿਕ ਹੁਣ ਅਸਲ ਚ ਤੂੰ ਸਾਡੇ ਪੰਜਾਬੀ ਰਸਾਲਿਆਂ ਦਾ ਸਹੀ ‘ਵਰਤਮਾਨ’ ਏਂ। ਤੇਰੀ ਆਮਦ ਸਾਡੇ ਧੰਨਭਾਗ ਤੇ ਤੇਰੀ ਹੋਂਦ ਸਾਡੀ ਪੁਰ-ਉਮੀਦੀ ਏ। ਸੱਚੀਂ ਮੈਗਜ਼ੀਨਾਂ ਦੀ ਔੜ-ਜਿਹੀ ਵਿਆਪਤ ਸੀ, ਹਿੰਦੀ ਦੇ ਰਸਾਲੇ ਪੜ੍ਹ-ਪੜ੍ਹ ਸਾਰੀਦਾ ਸੀ। ਜਦੋਂ ਦਾ ‘ਹੁਣ’ ਤੂੰ ਮਿਲਿਐਂ, ਜੀਅ ਜਿਹਾ ਲੱਗ ਗਿਆ ਏ। ਤੇਰਾ ‘ਬਰਕਤ ਅੰਕ’ ਤਾਂ ਸਾਡੇ ਹੱਥ ਈ ਨੀ ਆਇਆ, ਹੁਣ ਤਕ ਵੀ ਤਰਸਦੇ ਪਏ ਆਂ। ਉਹਦੀਆਂ ਸੋਆਂ ਈ ਸੁਣੀਆਂ ਸਨ। ਲਾਲਚ ਸੀ ਕਿ ਤੈਨੂੰ ਪੜ੍ਹ ਸਕੀਏ। ਜ਼ੱਹੇ-ਨਸੀਬ ਕਿ ਦੂਜਾ ਅੰਕ ਮਿਲ਼ ਸਕਿਆ, ਪੜ੍ਹਿਆ ਕੀ ਕਿ ਬੇਚੈਨੀ ਜਿਹੀ, ਉਧੜਧੁੰਮੀ ਜਿਹੀ ਪੈਦਾ ਹੋ ਪਈ ਦਿਲ ਮਨ ਚ ਕਿ ਪਹਿਲਾ ਅੰਕ ਵੀ ਜੇ ਪੜ੍ਹ ਸਕਦੇ ਤਾਂ। ਪਰ ਕੀਤਾ ਕੀ ਜਾਵੇ – ਸੁਸ਼ੀਲ ਦੁਸਾਂਝ ਨੂੰ ਵੀ ਇਕ ਦੋ ਗੁਜ਼ਾਰਿਸ਼ੀ ਫ਼ੋਨ ਕੀਤੇ; ਕਹਿੰਦੇ ਨਹੀਂ ਜੀ, ਉਹ ਅੰਕ ਤਾਂ ਹੁਣ ਕਿਤੋਂ ਵੀ ਨਹੀਂ ਮਿਲਣਾ, ਸਾਡੇ ਲਈ ਉਸਦੀ ਨਵੀਂ ਐਡੀਸ਼ਨ ਦੇਣਾ ਵੀ ਸੰਭਵ ਨਹੀਂ।’’ ਖ਼ੈਰ ਭਾਈ, ਸਬਰ ਕਰ ਲਿਆ।
ਦੂਜਾ ਅੰਕ ਅਜੇ ਪੜ੍ਹ ਕੇ ਮੁਕਾਇਆ ਸੀ ਕਿ ਗੰਗਾਨਗਰੋਂ ਆਇਆ ਗੁਰਮੀਤ ਬਰਾੜ ਪੜ੍ਹਦਾ-ਪੜ੍ਹਦਾ ਨਾਲ਼ ਹੀ ਲੈ ਗਿਆ। ਅਜੇ ਬਾਕੀ ਦੇ ਵੀ ਮੰਗੀ ਜਾਂਦੈ। ਕਹਿੰਦੈ ਸਿੱਧੂ ਬਾਈ ਜੀ। ਅਸੀਂ ਪੰਜਾਬੋਂ ਬਾਹਰ ਕਿਨਾਰੇ ਜਿਹੇ ’ਤੇ ਬੈਠੇ ਆਂ, ਕਈ ਵਾਰ ਤਾਂ ਪੰਜਾਬੀ ਦੇ ਹਫ਼ਤਾਵਾਰੀ ਮੈਗਜ਼ੀਨ ਵੀ ਨਹੀਂ ਪੜ੍ਹਨ ਲਈ ਮਿਲ਼ਦੇ।
ਪੜ੍ਹੇ ਹੋਏ ਅੰਕਾਂ ’ਚੋਂ ਕਿਹੜੀ-ਕਿਹੜੀ ਰਚਨਾ ਦਾ ਸੁਭਾਗਾ ਨਾਂ ਲੈ ਲੈ ਕੇ ਦੱਸਾਂ? ਸੱਚਮੁੱਚ, ਮੈਥੋਂ ਤਾਂ ਕਿਸੇ ਵੀ ਰਚਨਾ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਵੇਰਵੇ ਸਹਿਤ ਗੱਲ ਕਦੀ ਵੇਰ ਸਹੀ, ਫ਼ਿਲਹਾਲ ਪੰਜਵੇਂ ਤਾਜ਼ੇ ਅੰਕ ਚੋਂ ਗੁਰਚਰਨ ਰਾਮਪੁਰੀ ਦੀ ਲਿਖਤ ‘ਮੌਤ ਦੇ ਮੂੰਹ ਚੋਂ – ਸਿਰ ਸਲਾਮਤ ਹੈ’ ਬੇਹੱਦ ਕਮਾਲ ਦੀ ਰਚਨਾ ਲੱਗੀ। ਤ੍ਰੈਲੋਚਨ ਲੋਚੀ ਦੀ ‘ਡਰਾਉਣੀ ਰਾਤ’, ਬਲਦੇਵ ਸਿੰਘ ਦੀ ਕਹਾਣੀ ‘ਤਰਕਾਲਾਂ ਦੀ ਧੁੱਪ’ ਮਨ ਨੂੰ ਸਰਸ਼ਾਰ ਕਰਦੀਆਂ ਰਚਨਾਵਾਂ ਹਨ।

ਹਰਿਭਜਨ ਸਿੱਧੂ, ਮਾਨਸਾ

ਹੁਣ-5 ਦਾ ਮਿਆਰ ਕੁਝ ਥੱਲੇ ਡਿੱਗਿਆ ਲੱਗਦਾ ਹੈ। ਉਸ ਦਾ ਕਾਰਣ ਇਹ ਹੈ ਕਿ ਇਸ ਵਾਰ ਮੈਟਰ ਜ਼ਿਆਦਾ ਹਲਕੇ ਵਿਚਾਰਾਂ ਵਾਲ਼ਾ ਹੈ ਤੇ ਗੰਭੀਰ ਮੈਟਰ ਕੁਝ ਥੋੜ੍ਹਾ ਹੈ। ਪਰਚੇ ਵਿਚ ਦੁਹਰਾਈ ਬਹੁਤ ਹੈ, ਜਿਵੇਂ ਪ੍ਰਤਾਪ ਸਿੰਘ ਕੈਰੋਂ ਬਾਰੇ, ਟਰਾਟਸਕੀ, ਸੀਮੋਨ ਦਾ ਬੇਵੁਆਰ ਅਤੇ ਭਗਤ ਸਿੰਘ ਆਦਿ ਪਹਿਲਾਂ ਵੀ ਛਪ ਚੁੱਕੇ ਹਨ। ਬਾਕੀ ਹਕੀਕਤਾਂ ਤੇ ਕਹਾਣੀਆਂ ਸੋਹਣੀਆਂ ਲੱਗੀਆਂ। ਕਵਿਤਾ ਦਾ ਮਿਆਰ ਵੀ ਮੈਨੂੰ ਨੀਵਾਂ ਲੱਗਦਾ। ਸੰਤੋਖ ਸਿੰਘ ਧੀਰ ਨਾਲ਼ ਗੱਲਾਂ, ਬਹੁਤ ਸੁਹਣੀਆਂ ਲੱਗੀਆਂ। ਪ੍ਰਸ਼ਨ ਉਤਰ ਸ਼ਲਾਘਾਯੋਗ ਹਨ। ਸਾਹਿਤ ਦਾ ਨੋਬੇਲ, ਕਲਮ ਦੀ ਮਜ਼ਦੂਰੀ ਦੇ ਵਿਚਾਰ ਬਹੁਤ ਚੰਗੇ ਲਗੇ ਹਨ, ਕਿਉਂਕਿ ਵਿਚਾਰ ਜੀਵਨ ਪੰਧ ਨੂੰ ਰੌਸ਼ਨ ਕਰਨ ਵਾਲੇ ਹਨ। ਔਕਤਾਈ ਰਿਫ਼ਤ ਦੇ ਵਿਚਾਰ ਵੀ ਬਹੁਤ ਚੰਗੇ ਲੱਗੇ ਹਨ। ਉਨ੍ਹਾਂ ਦਾ ਇਹ ਕਹਿਣਾ ਕਿ ਮੈਂ ਜਾਇਦਾਦ ਤੇ ਪੈਸੇ ਨੂੰੂ ਪਸੰਦ ਨਹੀਂ ਕਰਦਾ ਅਤੇ ਮੈਂ ਮਾਨਵਵਾਦੀ ਹਾਂ। ਧੀਰ ਸਾਹਿਬ ਨੇ ਸ਼ਿਵ ਕੁਮਾਰ ਬਟਾਲਵੀ ਦਾ ਲੂਣਾ ਨੂੰ ਨਾਇਕ ਬਣਾਉਣ ਬਾਰੇ ਜਿਹੜੀ ਟਿਪਣੀ ਕੀਤੀ ਹੈ, ਉਹ ਕਮਾਲ ਦੀ ਹੈ। ਸ਼ੁਕਰ ਹੈ, ਕੋਈ ਮਨੁੱਖ ਤਾਂ ਸੱਚ ਕਹਿਣ ਲਈ ਮੈਦਾਨ ਵਿਚ ਉਤਰਿਆ ਹੈ। ਨਹੀਂ ਤਾਂ ਔਰਤਾਂ ਦੇ ਆਸ਼ਕ, ਔਰਤਾਂ ਨੂੰ ਮਾੜਾ ਕਹਿਣਾ ਹੀ ਨਹੀਂ ਚਾਹੁੰਦੇ ਤੇ ਮਰਦ ਨੂੰ ਹੀ ਔਰਤ ਦਾ ਦੋਖੀ ਸਮਝਦੇ ਹਨ। ਜਿਥੇ ਔਰਤ ਮਰਦ ਦੀ ਸ਼ਿਕਾਰ ਰਹੀ ਹੈ। ਉਥੇ ਔਰਤ ਨੇ ਵੀ ਮਰਦ ਨਾਲ਼ ਘੱਟ ਨਹੀਂ ਕੀਤੀ। ਜਿੰਨਾ ਜ਼ੁਲਮ ਲੂਣਾ ਨੇ ਪੂਰਨ ਨਾਲ਼ ਕੀਤਾ, ਉਹਦੀ ਉਦਾਹਰਣ ਮਰਦ ਹੱਥੋਂ ਔਰਤ ਨਾਲ਼ ਕੀਤੇ ਜ਼ੁਲਮ ਦੀ ਨਹੀਂ ਮਿਲਦੀ।
ਹਰਪਾਲ ਸਿੰਘ ਪੁਨੂੰ ਹੋਰਾਂ ਦਾ ਟਰਾਟਸਕੀ ਬਾਰੇ ਲਿਖਿਆ ਲੇਖ ਬਹੁਤ ਹੀ ਚੰਗਾ ਹੈ। ਕਿਉਂਕਿ ਇਨ੍ਹਾਂ ਨੇ ਉਸ ਵੇਲੇ ਦੀ ਰੂਸ ਦੀ ਰਾਜਨੀਤੀ ਬਾਰੇ ਬਹੁਤ ਸੋਹਣਾ ਚਾਨਣਾ ਪਾਇਆ ਹੈ। ਪਰ ਇਨ੍ਹਾਂ ਦੀ ਇਸ ਫ਼ਿਲੋਸਫ਼ੀ ਦੀ ਕੋਈ ਸਮਝ ਨਹੀਂ ਆਈ ਕਿ ਇਕ ਪਾਸੇ ਟਰਾਟਸਕੀ ਨੂੰ ਪਦਾਰਥਵਾਦੀ ਆਖਦੇ ਹਨ ਅਤੇ ਨਾਲ਼ ਹੀ ਉਹਨੂੰ ਮਹਾਂਪੁਰਖ ਆਖਦੇ ਹਨ। ਭਾਵ ਕਿ ਉਹਨੇ ਪਦਾਰਥਵਾਦੀ ਫ਼ਲਸਫ਼ੇ ਨੂੰ ਰਾਜ ਸਿੰਘਾਸਣ ’ਤੇ ਬਿਠਾ ਕੇ ਤਪੱਸਵੀ ਸਾਧੂ ਦੀ ਪਦਵੀ ਪ੍ਰਾਪਤ ਕੀਤੀ ਹੈ। ਇਹ ਤਾਂ ਹੋ ਸਕਦਾ ਸੀ, ਜੇ ਉਹ ਪਦਾਰਥਵਾਦੀ ਸ਼ਬਦ ਦੀ ਥਾਂ ਸਮਾਜਵਾਦੀ ਸ਼ਬਦ ਦੀ ਵਰਤੋਂ ਕਰਦੇ। ਪਰ ਫਿਰ ਵੀ ਮਹਾਪੁਰਖ ਦੀ ਪਦਵੀ ਤਾਂ ਬਹੁਤ ਉੱਚੀ ਹੁੰਦੀ ਹੈ, ‘ਮਹਾਨ ਵਿਅਕਤੀ’ ਕਿਹਾ ਜਾ ਸਕਦਾ ਸੀ।

ਨਿਰਮਲ ਸਿੰਘ ਲਾਲੀ, ਅਮਰੀਕਾ

ਸਮਝ ਨਹੀਂ ਆਉਂਦੀ ‘ਹੁਣ’ ਬਾਰੇ ਕੀ ਕਹਾਂ ਤੇ ਕੀ ਨਾ ਕਹਾਂ? ਇਹਦੇ ਬਾਰੇ ਗੱਲ ਤਾਂ ਆਉਣ ਵਾਲ਼ੇ ਕਰਨਗੇ ਜਾਂ ਫਿਰ ਜੋ ਬੀਤ ਚੁੱਕੇ ਹੋਣਗੇ। ਬੱਸ ਮੈਂ ਤਾਂ ਇਹੀ ਜਾਣਦੀ ਹਾਂ ਕਿ ‘ਹੁਣ’ ਪੜ੍ਹਨ ਨਾਲ਼ ਪੜ੍ਹਨ ਦੀ ਭੁੱਖ ਸ਼ਾਂਤ ਹੋਣ ਦੀ ਬਜਾਏ ਹੋਰ ਵਧੀ ਹੈ। ਮੁੱਖ ਪੰਨੇ ਤੋਂ ਲੈ ਕੇ ਆਖ਼ਰੀ ਤਕ ਪੜ੍ਹਕੇ ਸਮਝ ਨਹੀਂ ਆਉਂਦੀ ਕਿ ਅੱਗੇ ਕਿੱਧਰ ਜਾਣਾ ਹੈ। ਸੰਤੋਖ ਸਿੰਘ ਧੀਰ ਹੁਰਾਂ ਦੀ ਇੰਟਰਵਿਊ ਬਹੁਤ ਵਧੀਆ ਲੱਗੀ। ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਦੇ ਮੌਕੇ ਦਿੱਤੀ ਜਾਣਕਾਰੀ ਕਾਬਿਲ-ਏ-ਤਾਰੀਫ਼ ਹੈ। ਘੋੜੀਆਂ ਤੋਂ ਲੈ ਕੇ ਅੰਗਰੇਜ਼ਾਂ ਦੇ ਘਰ ਲੰਡਨ ਤਕ ਚਲੀ ਹਸਤਾਖਰ ਮੁਹਿੰਮ ਤੇ ਵਾਕਿਆ ਹੀ ਡੂੰਘੀ ਖੋਜ ਹੋਈ ਝਲਕਦੀ ਹੈ। ਕਹਾਣੀਆਂ ਵਿੱਚੋਂ ਧੀਰ ਹੁਰਾਂ ਦੀ ਹੀ ਕਹਾਣੀ ‘ਆਪਣੇ ਪੈਰ’ ਔਰਤ ਦੀ ਅਸੁਰੱਖਿਤ ਮਾਨਸਿਕਤਾ ਵਧੀਆ ਪੇਸ਼ ਕਰਦੀ ਹੈ। ‘ਤ੍ਰਕਾਲਾਂ ਦੀ ਧੁੱਪ’ ਰਾਹੀਂ ਬਲਦੇਵ ਸਿੰਘ ਕਿਤੇ ਦੂਰ ਦੀ ਬਾਤ ਪਾਉਂਦੇ ਨਜ਼ਰ ਆਉਂਦੇ ਹਨ ਅਤੇ ਇਜੇਹੇ ਸੱਚ ਨੂੰ ਪੇਸ਼ ਕਰਦੇ ਹਨ, ਜਿਸ ਬਾਰੇ ਅੱਗੇ ਵੀ ਲੁਕਵੇਂ ਤੇ ਅਲੁਕਵੇਂ ਢੰਗ ਨਾਲ਼ ਗੱਲ ਕੀਤੀ ਜਾਂਦੀ ਰਹੀ ਹੈ। ‘ਬਘੇਲ ਸਿੰਘ’ ਰਾਹੀਂ ਮਨਮੋਹਨ ਬਾਵਾ ਸਭ ਤੋਂ ਅੱਗੇ ਨਿਕਲ ਗਏ ਲੱਗਦੇ ਹਨ। ਬਘੇਲ ਸਿੰਘ ਨੂੰ ਹੁਣ ਤਕ ਯੋਧੇ ਸੈਨਿਕ ਦੇ ਰੂਪ ਵਿਚ ਹੀ ਵੇਖਦੀ ਆਈ ਸੀ,ਪਰ ਯੋਧੇ, ਕੁਸ਼ਲ ਪ੍ਰਬੰਧਕ ਤੇ ਕੂਟਨੀਤਕ ਬਘੇਲ ਸਿੰਘ ਬਾਰੇ ਜਾਣਕਾਰੀ ਦਿਲ ਨੂੰ ਮੋਹ ਗਈ। ‘ਕਲਮ ਦੀ ਮਜ਼ਦੂਰੀ’ ਵੀ ਕੋਈ-ਕੋਈ ਹੀ ਕਰ ਸਕਦਾ ਹੈ, ਹਰ ਕੋਈ ਨਹੀਂ। ‘ਹਕੀਕਤਾਂ’ ਰਾਹੀਂ ‘ਦਿੱਤੂ ਅਮਲੀ’ ਜਿੱਥੇ ਇਨਸਾਨ ਦੀ ਹੋਣੀ ਦਾ ਪ੍ਰਤੀਕ ਬਣ ਕੇ ਉੱਭਰਦਾ ਹੈ, ਉੱਥੇ ਹੀ ਸੁਸ਼ੀਲ ਦੁਸਾਂਝ ਦੇ ‘ਪਹਿਲੀ ਵਾਰ ਦੇ ਹੰਝੂ’ ਅੱਖਾਂ ਨਮ ਕਰ ਜਾਂਦੇ ਹਨ। ਤ੍ਰੈਲੋਚਣ ਲੋਚੀ ਦੀ ਰਚਨਾ ‘ਡਰਾਉਣੀ ਰਾਤ’ ਪਹਿਲਾਂ ਪੜ੍ਹੀ ਹੋਣ ਦਾ ਭੁਲੇਖਾ ਪਾਉਂਦੀ ਹੋਈ ਵੀ ਵਧੀਆ ਰਹੀ ਜੋ ਇਨਸਾਨੀਅਤ ਦਾ ਸੰਦੇਸ਼ ਦਿੰਦੀ ਹੈ। ‘ਚਿੰਤਨ’ ਰਾਹੀਂ ਸਾਰਤਰ ਦੀ ਦੋਸਤ ਤੇ ਔਰਤ ਦੀ ਪੂਰਣਤਾ ਦੀ ਪ੍ਰਤੀਕ ਸਿਮੋਨ ਦ ਬੋਵੁਆਰ ਬਾਰੇ ਜਾਣਕਾਰੀ ਭਰਪੂਰ ਲੇਖ ਲਈ ਸੱਤਿਆਪਾਲ ਗੌਤਮ ਦਾ ਧੰਨਵਾਦ ਕਰਦੀ ਹਾਂ।
ਮੇਰੇ ਲਈ ‘ਹੁਣ’ ਦੀ ਆਮਦ ਉਸੇ ਤਰ੍ਹਾਂ ਹੈ, ਜਿਵੇਂ ਰਸੂਲ ਦਾ ਅਪਣੇ ਘਰ ਦੀ ਖਿੜਕੀ ਚੋਂ ਸਾਰੇ ਸੰਸਾਰ ਨੂੰ ਵੇਖਣਾ। ਪੰਜਾਬੀ ਦੇ ਅਜੋਕੇ ਸਾਹਿਤਕ ਦੌਰ ‘ਚ ਤੇ ਵਿਦੇਸ਼ਾਂ ਵਿਚ ਵਾਪਰਨ ਵਾਲੀ ਹਰ ਸਾਹਿਤਕ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ‘ਹੁਣ’ ਜ਼ਰੀਆ ਬਣਦਾ ਹੈ।

ਤੁਹਾਡੀ ਕੋਈ ਪਾਠਕਾ

‘ਹੁਣ’ ਦਾ ਹੱਥਲਾ ਅੰਕ ਪੜ੍ਹਦਿਆਂ ਸਾਹਿਤਕ ਰਸ ਨਾਲ਼ ਰੂਹ ਨੱਕੋ-ਨੱਕ ਰੱਜ ਗਈ। ਪਰ ਇਸ ਰੱਜ ਵਿੱਚੋਂ ਅਗਲੇ ਅੰਕ ਲਈ ਤਿੱਖੀ ਭੁੱਖ ਚਮਕ ਪਈ। ਇਸ ਅੰਕ ਦੀ ਹਰ ਰਚਨਾ ਜ਼ਿੰਦਗੀ ਦੀ ਬਾਤ ਪਾਉਂਦੀ ਹੈ। ਉੱਚੇ ਸਰੋਕਾਰ ਹੀ ਸਮਾਜ ਦੀ ਜੀਵਨ ਸ਼ੈਲੀ ਨੂੰ ਉੱਚਤਾ ਪ੍ਰਦਾਨ ਕਰਦੇ ਹਨ। ਸਮਾਜ ਦੀ ਜੀਵਨ ਜਾਚ ਨੂੰ ਹਰ ਪੱਖੋਂ ਉੱਚਾ ਚੁੱਕਣਾ ਹੀ ਸਾਹਿਤ ਦਾ ਮੁੱਖ ਮਕਸਦ ਹੁੰਦਾ ਹੈ। ਇਸ ਮਕਸਦ ਦੀ ਪ੍ਰਾਪਤੀ ਲਈ ਤੁਹਾਡੀ ਉੱਚੀ ਤੇ ਉਡਾਰ ਸੋਚ ਰਾਹੀਂ ‘ਹੁਣ’ ਦਾ ਸ਼ਲਾਘਾਯੋਗ ਉਪਰਾਲ਼ਾ ਪੰਜਾਬ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਉੱਚੇ ਸਿਰਨਾਵਿਆਂ ਨਾਲ਼ ਯਾਦ ਕੀਤਾ ਜਾਵੇਗਾ।

ਜੰਗੀਰ ਸਿੰਘ ਰਤਨ, ਸੁਨਾਮ

‘ਹੁਣ’ ਪੰਜਵੇਂ ਅੰਕ ਤਕ ਨਿਖਰ ਗਿਆ ਹੈ। ਸ਼ਮਸ਼ੇਰ ਢਪਾਲ਼ੀ ਉਰਫ਼ ਸ਼ਮਸ਼ੇਰ ਭੁੱਲਰ ਚੰਗੀ-ਭਲੀ ਕਹਾਣੀ ਲਿਖਦਾ (ਪ੍ਰੇਮ ਪ੍ਰਕਾਸ਼ ਉਹਦਾ ਜ਼ਿਕਰ ਕਰਦਾ ਹੈ) ‘ਘਰੋਂ ਤੁਰਦੀਆਂ ਪੈੜਾਂ’ ਰਾਹੀਂ ਉਹ ਕਾਵਿ-ਜਗਤ ਵਿਚ ਆਇਆ। ਉੱਮੀਦ ਸੀ ਕਿ ਕੈਨੇਡਾ ਗਮਨ ਤੋਂ ਬਾਅਦ ਉਹ ਨਵੀਂ ਗੱਲ ਕਰੇਗਾ। ਲਗਦਾ ਹਾਲੇ ਸੈੱਟ ਹੋ ਰਿਹਾ ਹੈ। ‘ਵਿਦਾ’ ਚੰਗੀ ਨਿਭੀ ਹੈ। ਖ਼ੈਰ ‘ਹੁਣ’ ਦੇ ਬਹਾਨੇ ਉਹਦੀ ਵਾਪਸੀ ਤਾਂ ਹੋਈ। ਹਕੀਕਤਾਂ ਚ ਹੋਰ ਵੀ ਸਾਹਿਤਕਾਰ ਲੈ ਕੇ ਆਉ। ਕਹਾਣੀਆਂ ਕਵਿਤਾਵਾਂ ‘ਚ ਵੀ ਲੇਖਕ ਐਨੀ ਛੇਤੀ ਰਿਪੀਟ ਨਾ ਕਰੋ।

ਜੈਪਾਲ, ਡੇਰਾ ਬਸੀ

ਅਜੀਬ ਏ ਜ਼ਿੰਦਗੀ ਦੀਆਂ ਰਾਹਾਂ, ਕਿਸ ਤਰ੍ਹਾਂ ਇਨ੍ਹਾਂ ਰਾਹਾਂ ’ਤੇ ਚੱਲਦਿਆਂ-ਚੱਲਦਿਆਂ ਅਸੀਂ ਅਣਜਾਣ ਲੋਕਾਂ ਨੂੰ ਮਿਲ਼ਦੇ ਹਾਂ ਤੇ ਫੇਰ ਰਿਸ਼ਤਾ ਬਣ ਜਾਂਦਾ ਏ, ਉਹ ਰਿਸ਼ਤਾ ਜੋ ਕਿਸੇ ਨਾਮ ਦਾ ਮੋਹਤਾਜ ਨਹੀਂ ਹੁੰਦਾ, ਨਾ ਕਿਸੇ ਉਮਰਾਂ ਦੀ ਹੱਦ ਦਾ ਤੇ ਨਾ ਹੀ ਸ਼ਕਲਾਂ ਸੂਰਤਾਂ ਦੇ ਸੁਹੱਣਪ ਦਾ। ਤੁਹਾਡਾ ‘ਹੁਣ’ ਕੱਢਣਾ, ਮੇਰੇ ਕੋਲ਼ ਕਿਸੇ ਮਿਹਰਬਾਨ ਦੁਆਰਾ ‘ਹੁਣ’ ਦਾ ਤੋਹਫ਼ਾ ਬਣ ਕੇ ਆਉਣਾ, ਇਹ ਇਤਫ਼ਾਕ ਹੋ ਸਕਦੇ ਹਨ। ਪਰ ਮੇਰਾ ‘ਹੁਣ’ ਲਈ ਕੀਤਾ ਫ਼ੋਨ ਜੋ ਸਿਲਸਿਲਾ ਹੋ ਗਿਆ, ਇਤਫ਼ਾਕ ਨਹੀਂ ਹੋ ਸਕਦਾ।
ਮੇਰੀ ਬਚਪਨ ਤੋਂ ਇਹ ਰੀਝ ਰਹੀ ਹੈ ਕਿ ਮੈਂ ਚੰਗੇ ਤੇ ਪਿਆਰੇ ਲੋਕਾਂ ਨੂੰ ਮਿਲਾਂ। ਮੇਰੀ ਕਿਸਮਤ ਚੰਗੀ ਏ ਕਿ ਜ਼ਿੰਦਗੀ ਦੇ ਹਰ ਮੋੜ ’ਤੇ ਚੰਗੇ ਤੇ ਪਿਆਰੇ ਲੋਕ ਮਿਲ ਹੀ ਜਾਂਦੇ ਨੇ।
ਜਦੋਂ ਮੈਂ ਪਹਿਲੀ ਵਾਰ ‘ਹੁਣ’ ਪੜ੍ਹਿਆ ਸੀ, ਤਾਂ ਉਨ੍ਹਾਂ ਲੋਕਾਂ ਦੇ ਹੱਥ ਚੁੰਮਣ ਨੂੰ ਦਿਲ ਕੀਤਾ ਸੀ, ਜਿਨ੍ਹਾਂ ਨੇ ਏਸ ਅਨਮੋਲ ਖ਼ਜ਼ਾਨੇ ਨੂੰ ਸਾਹਿਤ ਪ੍ਰੇਮੀਆਂ ਤਕ ਪਹੁੰਚਾਣ ਦਾ ਉਪਰਲਾ ਕੀਤਾ ਏ। ਮੈਂ ਇਹ ਗੱਲ ਜ਼ਰੂਰ ਜਾਣਦੀ ਹਾਂ ਕਿ ‘ਹੁਣ’ ਨਾਲ਼ ਜੁੜੇ ਲੋਕ ਨਿੱਗਰ ਸੋਚ ਰੱਖਦੇ ਨੇ, ਚੰਗੀ ਤਰ੍ਹਾਂ ਛਾਂਟਿਆਂ ਤੇ ਸਰਵੋਤਮ ਸਾਹਿਤ ਪੜ੍ਹਨ ਤੇ ਪੜ੍ਹਾਉਣ ਦੇ ਸ਼ੌਕੀਨ ਜ਼ਰੂਰ ਨੇ। ਮੈਨੂੰ ਦੁਨੀਆ ਦੀਆਂ ਸਭ ਸੋਹਣੀਆਂ ਤੇ ਚੰਗੀਆਂ ਕਿਤਾਬਾਂ ਨਾਲ਼ ਇਸ਼ਕ ਏ। ਹੁਣ ‘ਹੁਣ’ ਨਾਲ਼ ਵੀ ਹੋ ਗਿਆ ਹੈ।

ਮਨਪ੍ਰੀਤ ਕੌਰ, ਗਿੱਦੜਬਾਹਾ

ਹੁਣ-5 ਬਾਰਿਸ਼ ਦੀ ਸੁੱਚੀ ਕਣੀ, ਸੰਤੋਖ ਸਿੰਘ ਧੀਰ ਖ਼ੂਬ ਜਚਿਆ ਹੈ। ਧੀਰ ਜਿੰਨਾ ਵੱਡਾ ਕਹਾਣੀਕਾਰ ਹੈ, ਉਸ ਤੋਂ ਕਿਤੇ ਵੱਡਾ ਕਵੀ ਹੈ। ਸੱਚੋ- ਸੱਚ ਬਿਆਨ ਕਰਕੇ, ਧੀਰ ਨੇ ਸੁਹਿਰਦਤਾ ਤੇ ਸੁਹਜ ਨੂੰ ਅਪਣੇ ਲੜ ਬੰਨਿ੍ਹਆ ਹੈ। ਸੱਚ ਤਾਂ ਇਹ ਹੈ ਕਿ ਐਸ ਵੇਲੇ ਪੰਜਾਬੀ ਜਗਤ ਵਿਚ ਧੀਰ ਦੇ ਬਰਾਬਰ ਦਾ ਸਾਹਿਤਕਾਰ ਨਹੀਂ ਹੈ, ਜੋ ਜ਼ਿੰਦਗੀ ਦੇ ਸੱਚ ਨੂੰ ਬੇਬਾਕੀ ਨਾਲ਼ ਪੇਸ਼ ਕਰ ਸਕੇ। ਇਸ ਤੋਂ ਇਲਾਵਾ ਧੀਰ ਦੀ ਕਹਾਣੀ ‘ਆਪਣੇ ਪੈਰ’ ਤੇ ਬਲਦੇਵ ਸਿੰਘ ਦੀ ਕਹਾਣੀ ‘ਤ੍ਰਕਾਲਾਂ ਦੀ ਧੁੱਪ’ ਪਰਚੇ ਦਾ ਹਾਸਿਲ ਹਨ। ਜੋ ਰੰਗ ਤੁਸੀਂ ਹੁਣ ਕੱਢ ਕੇ, ਪੰਜਾਬੀ ਪਿਆਰਿਆਂ ਦੀ ਝੋਲੀ ਪਾਏ ਹਨ। ਇਹ ਰੰਗ ਹੋਰ ਕਿਧਰੇ ਨਹੀਂ ਲੱਭੇ ਜਾ ਸਕਦੇ। ਤੁਹਾਡੀ ਮਿਹਨਤ, ਸਿਰੜ੍ਹ ਤੇ ਤਪੱਸਿਆ ਰੰਗ ਲਿਆਈ ਹੈ। ਸਤੀ ਕੁਮਾਰ ਦੀ ਲਿਖਤ, ਸਤੀ ਕੁਮਾਰ ਵਰਗੀ ਹੈ। ਲਿਸ਼ਕਵੀਂ, ਕੜਾਕੇਦਾਰ ਤੇ ਹੁਸੀਨ। ਰੋਜ਼-ਰੋਜ਼ ਸਤੀ ਪੈਦਾ ਨਹੀਂ ਹੁੰਦੇ। ਸਤੀ ਕੁਮਾਰ ਨੇ ਥੋੜ੍ਹਾ ਲਿਖ ਕੇ ਵੀ ਵੱਡਾ ਨਾਂ ਕਮਾਇਆ ਹੈ।

ਅਜੀਤ ਸਿੰਘ ਚੰਦਨ, ਲੁਧਿਆਣਾ


ਪੰਜਾਬੀ ਤੇ ਪੰਜਾਬੀ ਸਾਹਿਤ ਨਾਲ਼ ਨੇੜਿਉਂ ਜੁੜਨ ਦਾ ਜੋ ਕਲਾਮਈ ਸੱਦਾ ‘ਹੁਣ’ ਨੇ ਦਿੱਤਾ ਹੈ, ਉਹਨੂੰ ਕਬੂਲ ਕਰਨਾ ਮੇਰੇ ਜਿਹੇ ਪਾਠਕਾਂ ਦਾ ਸੁਭਾਗ ਹੈ।
ਹੁਣ-3 ਨਾਲ਼ ਮੇਰਾ ਸਫ਼ਰ ਸ਼ੁਰੂ ਹੋਇਆ, ਜਦ ਮੈਂ ਵਾਨਗਾਗ ਨੂੰ ਕਿਸੇ ਪੰਜਾਬੀ ਮੈਗਜ਼ੀਨ ਦਾ ਟਾਈਟਲ ਬਣਿਆ ਦੇਖਿਆ ਤੇ ਉਹਦੇ ਪਹਿਲੇ ਸਫ਼ਿਆਂ ’ਤੇ ਲੋਰਕਾ ਦੀ ਗ਼ੈਰ-ਰਵਾਇਤੀ ਪਹਿਰਾਵੇ ਵਾਲ਼ੀ ਤਸਵੀਰ ਦੇਖਦਿਆਂ ਹੀ ਮੈਨੂੰ ਮੇਰੇ ਦਿਮਾਗ਼ ਅੰਦਰਲੀ ਪੰਜਾਬੀ ਮੈਗਜ਼ੀਨਾਂ ਵਾਲੀ ਰਵਾਇਤੀ ਇਮੇਜ ਨੂੰ ਤੋੜਦਿਆਂ ਜ਼ਿਆਦਾ ਸਮਾਂ ਨਹੀਂ ਲੱਗਿਆ। ਛਪਾਈ, ਦਿੱਖ ਤੇ ਮੈਟਰ, ਹਰ ਪੱਖੋਂ ‘ਹੁਣ’ ਨਿਵੇਕਲਾ ਹੈ।
ਹੁਣ-4 ਦੀ ਸੁਰਜੀਤ ਪਾਤਰ ਵਾਲ਼ੀ ਇੰਟਰਵਿਊ ਬਿਨਾ ਸ਼ੱਕ ਸ਼ਲਾਘਾਯੋਗ ਉੱਦਮ ਹੈ। ਹੋਰ ਵੀ ਚੰਗਾ ਹੁੰਦਾ ਜੇ ਪਾਤਰ ਨਾਲ਼ ਉਨ੍ਹਾਂ ਦੇ ਅਨੁਵਾਦ ਕੀਤੇ ਨਾਟਕਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਜਾਂਦੀ। ਪਾਤਰ ਦੇ ਕੀਤੇ ਲੋਰਕਾ ਦੇ ਯਰਮਾਂ, ਬਲੱਡ ਵੈਡਿੰਗ, ਹਾਊਸ ਆੱਵ ਬਰਨਾਰਡਾ ਆਲਬਾ ਤੇ ਹੋਰ ਪੱਛਮੀ ਨਾਟਕਾਂ ਦੇ ਪੰਜਾਬੀ ਅਨੁਵਾਦ ਨਿਸ਼ਚੇ ਹੀ ਪੰਜਾਬੀ ਸਾਹਿਤ ਦੀ ਵਡਮੁੱਲੀ ਪ੍ਰਾਪਤੀ ਹੈ। ਪੱਛਮੀ ਕਲਾਸਿਕਜ਼ ਨੂੰ ਜਿਸ ਤਰ੍ਹਾਂ ਪਾਤਰ ਨੇ ਪੰਜਾਬੀ ਲੋਕ ਬਿੰਬਾਂ, ਲੋਕ ਗੀਤਾਂ ਨਾਲ਼ ਪੰਜਾਬੀ ’ਚ ਢਾiਲ਼ਆ ਹੈ, ਇਹ ਰਚਨਾਵਾਂ ਨਿਰੋਲ ਪੰਜਾਬੀ ਦੀਆਂ ਲੱਗਦੀਆਂ ਹਨ। ਮੇਰੀ ਜਾਚੇ ਇਹ ਸਿਰਜਣਾਤਮਕ ਅਨੁਵਾਦਕ ਦੀ ਵੱਡੀ ਪ੍ਰਾਪਤੀ ਹੈ। ਪਰ ਅਫ਼ਸੋਸ ਕਿ ਖ਼ੁਦ ਪਾਤਰ ਨੇ ਵੀ ਇਨ੍ਹਾਂ ਅਨੁਵਾਦਾਂ ਬਾਰੇ ਵਿਸਤਾਰ ਨਾਲ਼ ਗੱਲ ਕਰਨ ਤੋਂ ਗੁਰੇਜ਼ ਕੀਤਾ।’ਹੁਣ’ ਦੀ ਸਿਫ਼ਤ ਇਸ ਗੱਲੋਂ ਵੀ ਕਰਨੀ ਬਣਦੀ ਹੈ ਕਿ ਫ਼ਿਕਸ਼ਨ ਤੋਂ ਛੁੱਟ ਨਾਨ-ਫ਼ਿਕਸ਼ਨਲ ਇਤਿਹਾਸਕ ਤੇ ਹੋਰ ਜਾਣਕਾਰੀ ਭਰਪੂਰ ਲੇਖਾਂ ਦੀ ਪਿਰਤ ਪਾਈ ਹੈ। ਇਸ ਪੱਖੋਂ ਹੁਣ-5 ਵਿਚ ਸੁਭਾਸ਼ ਪਰਿਹਾਰ ਦਾ ‘ਨੂਰਮਹਿਲ ਦੀ ਸਰਾਂ’ ਵਾਲ਼ਾ ਲੇਖ ਕਾਫ਼ੀ ਦਿਲਚਸਪ ਹੈ। ਨੂਰਮਹਿਲ ਦੀਆਂ ਫ਼ੋਟੋਆਂ ਦੇਖ ਇਸ ਜਗ੍ਹਾ ਨੂੰ ਨੇੜਿਓਂ ਦੇਖਣ ਦਾ ਮਨ ਕਰਦਾ ਹੈ। ਅਮਰਜੀਤ ਚੰਦਨ ਦਾ ਗੁਰਵਿੰਦਰ ਜਿਹੇ ਸਿਰੜੀ ਨੌਜਵਾਨ ਦੇ ਪੰਜਾਬੀ ਲੋਕਸੰਗੀਤ ’ਤੇ ਕੀਤੇ ਕੰਮਾਂ ਨੂੰ ਪਾਠਕਾਂ ਨਾਲ਼ ਸਾਂਝਾ ਕਰਨ ਦਾ ਉਪਰਾਲਾ ਵੀ ਬੜੀ ਨਰੋਈ ਤੇ ਸਲਾਹੁਣਯੋਗ ਪਿਰਤ ਹੈ।
ਅੰਤ ਵਿਚ ਇਕ ਹੋਰ ਗੱਲ, ਹੁਣ-5 ਮੈਂ ਮੋਗੇ ਬੱਸ ਅੱਡੇ ਤੋਂ ਖਰੀਦਿਆ ਤੇ ਬੱਸ ’ਚ ਬੈਠ ਗਿਆ; ਖੋਲਿ੍ਹਆ; ਦੇਖਿਆ; ਸੰਤੋਖ ਸਿੰਘ ਧੀਰ ਵਾਲੀ ਇੰਟਰਵਿਊ ਦੇ ਪਹਿਲੇ ਚਾਰ ਸਫ਼ੇ ਹੀ ਗ਼ਾਇਬ ਸਨ। ਨਿਰਾਸ਼ਾ ਹੋਣੀ ਸੁਭਾਵਕ ਸੀ।

ਕੁਲਵਿੰਦਰ, ਗੁਰੂ ਹਰ ਸਹਾਏ

‘ਹੁਣ’ ਦੇ ਸਾਰੇ ਅੰਕ, ਇੱਕ ਤੋਂ ਇੱਕ ਵੱਧ ਹਨ। ਦੂਜੇ ਮੈਗਜ਼ੀਨਾਂ ਵਿੱਚੋਂ ਇੱਕ ਦੋ ਰਚਨਾਵਾਂ ਚੰਗੀਆਂ ਲੱਗਦੀਆਂ ਹੁੰਦੀਆਂ ਹਨ ਤੇ ਉਹਨਾਂ ਬਾਰੇ ਸੰਪਾਦਕ ਨੂੰ ਖਤ ਲਿਖਿਆ ਜਾ ਸਕਦਾ ਹੈ ਪਰ ‘ਹੁਣ’ ਦਾ ਕੀ ਕਰੀਏ? ਕੋਈ ਵੀ ਅਜੇਹੀ ਰਚਨਾ ਨਹੀਂ ਜਿਹੜੀ ਗੂੜ੍ਹੇ ਜ਼ਿਕਰ ਤੇ ਪ੍ਰਸ਼ੰਸਾ ਦੀ ਹੱਕਦਾਰ ਨਾ ਹੋਵੇ। ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬੀ ਦੀ ਸੇਵਾ ਲਈ ਏਨੀ ਸੁਹਿਰਦਤਾ ਨਾਲ ਯਤਨਸ਼ੀਲ ਓ!
ਉਹਨਾਂ ਸਾਰੀਆਂ ਕਲਮਾਂ ਅਤੇ ਉਨ੍ਹਾਂ ਸਾਰੀਆਂ ਕੋਸ਼ਿਸ਼ਾਂ ਲਈ ਦੁਆਵਾਂ ਜਿਹੜੀਆਂ ਮਾਂ-ਬੋਲੀ ਦੀਆਂ ਮੀਢੀਆਂ ਵਿੱਚ ਏਨੇ ਖੂਬਸੂਰਤ ਸਿਤਾਰੇ ਗੁੰਦ ਰਹੀਆਂ ਨੇ।

ਗਰਮਿੰਦਰ ਸਿੱਧੂ, ਮੋਹਾਲੀ

‘ਹੁਣ’ ਪ੍ਰਤੀ ਜੋ ਵਿਚਾਰ ਮਨ ਵਿਚ ਹਨ, ਉਹਨਾਂ ਨੂੰ ਆਪ ਜੀ ਨਾਲ ਸਾਂਝਾ ਨਾ ਕਰਨ ਲਈ ਖ਼ਿਮਾ ਮੰਗਦਾ ਹਾਂ ਕਿਉਂਕਿ ਜਿੱਥੇ ਵੀ ਕੋਈ ਪੰਜਾਬੀ ਸਾਹਿਤ ਦਾ ਪੁਜਾਰੀ ਮਿਲ ਰਿਹਾ ਹੈ, ਉਸ ਨੂੰ ਇਹ ‘ਹੁਣ’ ਭੇਟ ਕਰਕੇ ਬਹੁਤ ਸਕੂਨ ਮਿਲਦਾ ਹੈ। ਚਿਰਾਂ ਬੱਧੀ ਜੋ ਸਾਂਝੇ ਸਾਹਿਤ ਨੂੰ ਲੜੀਵਾਰ ਪੜ੍ਹਨ ਦੀ ਪਿਆਸ ਸੀ ਉਸ ਨੂੰ ਤੁਸੀਂ ਹੋਰ ਪਿਆਸਾ ਕਰ ਦਿੱਤਾ ਹੈ। ਭਗਤ ਸਿੰਘ ਦੀ ਘੋੜੀ ਅਤੇ ਭਗਤ ਸਿੰਘ ਦੀ ਲਲਕਾਰ ਆਜ਼ਾਦੀ ਤੋਂ ਨੌਜਵਾਨਾਂ ਨੂੰ ਵੰਗਾਰ ਸੀ ਤਾਂ ਅੱਜ ਜੋ ਭ੍ਰਿਸ਼ਟਾਚਾਰ, ਮਾਨਸਿਕ ਪ੍ਰਦੂਸ਼ਣ ਅਤੇ ਔਰਤ ਦੀ ਸਮਾਜਿਕ ਸੁਰੱਖਿਆ ਵਿਚ ਕਮੀ ਜਿਹੀਆਂ ਪਣਪ ਰਹੀਆਂ ਕੁਰੀਤੀਆਂ ਵਿਰੁੱਧ ਕੇਵਲ ਅਤੇ ਕੇਵਲ ਪੰਜਾਬੀ ਦੀ ਕਲਮ ਹੀ ਲਿਖ ਸਕਦੀ ਅਤੇ ਇਸ ਨੂੰ ਕਿਹੜੇ ਇਨਕਲਾਬ ਦਾ ਨਾਮ ਦਿੱਤਾ ਜਾਵੇ ‘ਹੁਣ’ ਹੀ ਬਿਆਨ ਕਰ ਸਕਦਾ ਹੈ।

ਰਾਜਿੰਦਰ ਸਿੰਘ ਚਾਨੀ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!