ਚਿੱਠੀਆਂ – ‘ਹੁਣ’ 10

Date:

Share post:

ਕਿੱਸਾ ਕੰਜਰੀ ਦੇ ਪੁਲ ਦਾ – ਚੈਂਚਲ ਸਿੰਘ ਬਾਬਕ

‘ਹੁਣ’ ਦੇ ਅੰਕ ਨੰਬਰ 9 ਵਿਚ ਸੁਭਾਸ਼ ਪਰਹਾਰ ਦਾ ਕਸਬੇ ਸੁਲਤਾਨਪੁਰ ਲੋਧੀ ਦਾ ਇਤਿਹਾਸਕ ਪਿਛੋਕੜ ਪੜ੍ਹਿਆ। ਸਫ਼ਾ 127 ਦੀ ਅਖ਼ੀਰੀਲੀ ਸਤਰ ਅਤੇ ਸਫ਼ਾ 128 ਦੇ ਪਹਿਲੇ ਪੈਰਾਗਰਾਫ ਅਤੇ ਫ਼ੋਟੋ ਨਾਲ ਕਾਲੀ ਬੇਈਂ ਉੱਤੇ ਕਿਸੇ ਕੰਜਰੀ ਵਲੋਂ ਬਣਾਏ ਪੁਲ ਦਾ ਜ਼ਿਕਰ ਹੈ ਅਤੇ ਨਾਲ ਹੀ ਅੰਮ੍ਰਿਤਸਰ ਦੇ ਪਿੰਡ ਕੰਜਰੀ ਦੇ ਪੁਲ ਦੇ ਬਾਰੇ ਵੀ ਜ਼ਿਕਰ ਹੈ। ਬੜੀ ਹੀ ਇਤਫਾਕੀਆ ਗੱਲ ਹੈ ਕਿ ਹੁਸ਼ਿਆਰਪੁਰ ਤੋਂ ਮਿਆਣੀ ਨੂੰ ਜਾਂਦੀ ਸੜਕ ਨੂੰ ਵੀ ਕਾਲੀ ਬੇਈਂ ਕਰਾਸ ਕਰਦੀ ਹੈ। ਏਸੇ ਸੜਕ ’ਤੇ ਟਾਂਡਾ ਉੜਮੁੜ ਰੇਲਵੇ ਸਟੇਸ਼ਨ ਤੋਂ ਥੋੜ੍ਹੇ ਫਾਸਲੇ ’ਤੇ ਰੇਲਵੇ ਫਾਟਕ ਲੰਘ ਕੇ ਤਿੰਨ ਚਾਰ ਮੀਲ ’ਤੇ ਕਾਲੀ ਬੇਈਂ ਆਉਂਦੀ ਹੈ। ਉਸ ਵੇਈਂ ਨੂੰ ਪਾਰ ਕਰਨ ਲਈ ਬਣੇ ਪੁਲ ਨੂੰ ਵੀ ਕੰਜਰੀ ਦਾ ਪੁਲ ਕਿਹਾ ਜਾਂਦਾ ਹੈ। ਸਾਡੇ ਇਲਾਕੇ ਨੂੰ ਸੀਰੋਵਾਲ ਕਿਹਾ ਜਾਂਦਾ ਸੀ ਕਿਉਂਕਿ ਏਥੇ ਚੋਆਂ ਵਿਚ ਪਾਣੀ ਦੀਆਂ ਸੀਰਾਂ ਫੁੱਟ ਕੇ ਵਗਿਆ ਕਰਦੀਆਂ ਸਨ। ਅਪਣੇ ਬਚਪਨ ਵਿਚ ਗੜ੍ਹਦੀਵਾਲਾ (ਹੁਸ਼ਿਆਰਪੁਰ ਦਸੂਹਾ ਸੜਕ ’ਤੇ) ’ਚੋਂ ਸੀਰਾਂ ਫੁੱਟ ਕੇ ਵਗਦੀਆਂ ਮੈਂ ਆਪ ਦੇਖੀਆਂ। ਉੱਥੇ ਲਾਗਲੇ ਪਿੰਡ ਮੇਰੇ ਨਾਨਕੇ ਸੀ। ਜਲੰਧਰ–ਪਠਾਨਕੋਟ ਰੇਲਵੇ ਲਾਈਨ ’ਤੇ ਇਕ ਸਟੇਸ਼ਨ ਦਾ ਨਾਂ ਭੋਗਪੁਰ ਸੀਰੋਵਾਲ ਵੀ ਏਸੇ ਕਰਕੇ ਹੈ। ਸਾਡੇ ਇਲਾਕੇ ਵਿੱਚ ਦੋ ਥਾਂ ’ਤੇ ਲੱਗਦੇ ਵਿਸਾਖੀ ਦੇ ਮੇਲੇ ਬੜੇ ਮਸ਼ਹੂਰ ਸਨ। ਇੱਕ ਕੰਜਰੀ ਦੇ ਪੁਲ ’ਤੇ ਅਤੇ ਦੂਸਰਾ ਮਹਿੰਦਰ ਸਿੰਘ ਰੰਧਾਵਾ ਦੇ ਪਿੰਡ ਬੋਦਲਾਂ ਵਿੱਚ ਗਰਨਾ ਸਾਹਿਬ ਦੇ ਗੁਰਦੁਆਰੇ। ਜਲੰਧਰ-ਪਠਾਨਕੋਟ ਲਾਈਨ ’ਤੇ ਗਰਨਾ ਸਾਹਿਬ ਰੇਲਵੇ ਸਟੇਸ਼ਨ ਵੀ ਹੈ।
1947 ਵਿੱਚ ਮੁਲਕ ਦੀ ਵੰਡ ਸਮੇਂ ਕੰਜਰੀ ਦੇ ਪੁਲ ਕੋਲ ਕਾਲੀ ਬੇਈਂ ’ਤੇ ਇਕ ਬੜੀ ਦਰਦਨਾਕ ਘਟਨਾ ਵਾਪਰੀ ਸੀ। ਤਲਵਣ ਪੁਆਦੜੇ ਦੇ ਹਮਲਿਆਂ ਵਰਗੀ। ਬੇਈਂ ਲੰਘ ਕੇ ਮਿਆਣੀ, (ਉਰਦੂ ਦੇ ਮਸ਼ਹੂਰ ਸ਼ਾਇਰ ਹਬੀਬ ਜਾਲਬ ਦਾ ਪਿੰਡ) ਮੁਸਲਮਾਨ ਵਸੋਂ ਵਾਲਾ ਵੱਡਾ ਪਿੰਡ ਸੀ। ਇਲਾਕੇ ਦੇ ਹਿੰਦੂ ਸਿੱਖ ਸੈਂਕੜਿਆਂ ਦੀ ਗਿਣਤੀ ਵਿਚ ਮਿਆਣੀ ’ਤੇ ਹਮਲਾ ਕਰਨ ਗਏ। ਛੰਬ ਦਾ ਇਲਾਕਾ ਤੇ ਬਹੁਤ ਜ਼ੋਰਦਾਰ ਬਾਰਸ਼ ਹੋਣ ਕਰਕੇ ਸਾਰੇ ਪਾਣੀ ਹੀ ਪਾਣੀ ਸੀ। ਕਿਸੇ ਖੇਤ ਦਾ ਵੱਟ ਬੰਨਾ ਨਜ਼ਰ ਨਹੀਂ ਸੀ ਆਉਂਦਾ। ਬੇਈਂ ਵੀ ਉਛਲ ਕੇ ਵਗਦੀ ਸੀ। ਹਮਲਾ ਕਰਨ ਗਏ ਮਹੈਣ ਕੋਲ ਕਿਰਪਾਨਾਂ, ਟਕੂਏ, ਬਰਛੇ, ਨੇਜੇ, ਕੁਆੜੀਆਂ ਤੇ ਡਾਂਗਾਂ ਸੀ। ਤਲਵਣ ਵਾਂਗ ਮਿਆਣੀ ਵਾਲਿਆਂ ਪੱਕੀਆਂ ਬੰਦੂਕਾਂ ਨਾਲ ਜਵਾਬੀ ਹਮਲਾ ਕੀਤਾ ਤਾਂ ਭੀੜ ਵਿੱਚ ਭਗਦੜ ਪੈ ਗਈ। ਵਿਉਂਤਬੰਦੀ ਕੋਈ ਹੈ ਨਹੀਂ ਸੀ। ਪਿੱਛੇ ਨੂੰ ਦੌੜਦੀ ਭੀੜ ਇਕ ਦੂਜੇ ਤੋਂ ਮੋਹਰੇ ਬੇਈਂ ਵਿੱਚ ਛਾਲਾਂ ਮਾਰਨ ਲੱਗ ਪਈ। ਤਰਨਾ ਆਉਂਦਾ ਨਹੀਂ ਸੀ। ਅਪਣਿਆਂ ਦੇ ਹੀ ਨੇਜੇ ਬਰਛਿਆਂ ਨਾਲ ਵੱਢ ਟੁੱਕ ਜ਼ਖ਼ਮੀ ਹੁੰਦੇ ਸੈਂਕੜੇ ਉਛਲੀ ਬੇਈਂ ਵਿਚ ਰੁੜ੍ਹ ਗਏ। ਇੱਕ ਅੰਦਾਜ਼ੇ ਅਨੁਸਾਰ ਡੁੱਬ ਕੇ ਮਰਨ ਵਾਲਿਆਂ ਦੀ ਗਿਣਤੀ ਤਿੰਨ ਸੌ ਤੋਂ ਉੱਪਰ ਦੱਸੀ ਜਾਂਦੀ ਹੈ। ਇਲਾਕੇ ਵਿਚ ਸੋਗ ਵਰਤ ਗਿਆ। ਉਜੜਨ ਮਗਰੋਂ ਹਬੀਬ ਜਾਲਬ ਨੇ ਅਪਣੇ ਪਿੰਡ ਬਾਰੇ ਇਕ ਦਰਦਨਾਕ ਨਜ਼ਮ ਲਿਖੀ। ਮੈਂ ਅਪਣੇ ਇਕ ਪਾਕਿਸਤਾਨੀ ਦੋਸਤ ਰਸ਼ੀਦ ਸਰਾਭਾ ਪਾਸ ਨਿਊਕੈਮਲ ਗਿਆ ਹੋਇਆ ਸੀ। ਉਹ ਕਰਤਾਰ ਸਿੰਘ ਸਰਾਭਾ ਸ਼ਹੀਦ ਦੇ ਪਿੰਡ ਦਾ ਹੈ ਤੇ ਅਪਣੇ ਨਾਂ ਨਾਲ ਸਰਾਭਾ ਬੜੇ ਫਖ਼ਰ ਨਾਲ ਲਿਖਦਾ ਹੈ। ਮੈਂ ਉਸ ਨੂੰ ਕਿਹਾ, ”ਯਾਰ ਮੈਂ ਉਰਦੂ ਦੇ ਅਖਬਾਰ ‘ਜੰਗ’ ਵਿਚ ਪੜ੍ਹਿਆ ਹੈ ਕਿ ਹਬੀਬ ਜਾਲਬ ਇੰਗਲੈਂਡ ਆਇਆ ਹੋਇਆ ਹੈ, ਮੈਂ ਉਹਨੂੰ ਮਿਲਣਾ ਚਾਹੁੰਦਾ ਹਾਂ।’’ ”ਲੈ ਉਹ ਏਥੋਂ 70-80 ਮੀਲ ‘ਤੇ ਡੌਂਕਾਸਟਰ ਸ਼ਹਿਰ ਮੇਰੇ ਦੋਸਤ ਸਲੀਮ ਦੇ ਘਰ ਬੈਠਾ ਹੈ ਮੈਂ ਹੁਣੇ ਫੋਨ ਕਰਦਾ,’’ ਸਰਾਭੇ ਨੇ ਕਿਹਾ। ਫੋਨ ਕੀਤਾ, ”ਜਾਲਬ ਜੀ ਤੁਹਾਨੂੰ ਇਕ ਪੰਜਾਬੀ ਸਰਦਾਰ ਮਿਲਣਾ ਚਾਹੁੰਦਾ।’’ ਅੱਗੋਂ ਜਾਲਬ ਜੀ ਬੋਲੇ, ”ਓਹ ਮੈਨੂੰ ਕੋਈ ਹੁਸ਼ਿਆਰਪੁਰ ਦਾ ਬੰਦਾ ਮਲਾ।’’ ਮੇਤੋਂ ਜ਼ਿਲ੍ਹਾ ਪੁੱਛ ਕੇ ਰਸ਼ੀਦ ਸਰਾਭਾ ਨੇ ਕਿਹਾ, ”ਉਹ ਬੰਦਾ ਹੁਸ਼ਿਆਰਪੁਰ ਦਾ ਹੀ ਹੈ। ਜਾਲਬ ਨੇ ਤਰਲਾ ਕੀਤਾ, ”ਉਹਨੂੰ ਛੇਤੀ ਲੈ ਕੇ ਆ।’’ ਰਸ਼ੀਦ ਸਰਾਭੇ ਨਾਲ ਮੈਂ ਤੇ ਮੇਰੀ ਪਤਨੀ ਕਾਰ ਵਿਚ ਡੌਂਕਾਸਟਰ ਪਹੁੰਚੇ। ਘਰ ਦਾ ਮਾਲਕ ਸਲੀਮ ਕਿਸੇ ਕੰਮ ਬਾਹਰ ਗਿਆ ਸੀ। ਜਾਲਬ ਬੂਹੇ ਵਿਚ ਖੜ੍ਹਾ ਉਡੀਕਦਾ ਸੀ। ਨਾ ਪੁੱਛ ਕੇ ਮੈਨੂੰ ਜੱਫੀ ਪਾ ਲਈ ਤੇ ਪਹਿਲਾ ਸਵਾਲ ਕੀਤਾ, ”ਕਿੱਥੇ ਪੜ੍ਹਦਾ ਸੀ?’’ ਗੌਰਮਿੰਟ ਹਾਈ ਸਕੂਲ ਟਾਂਡਾ ਉੜਮੁੜ ਵਿਚ। ਕਿਹੜੇ ਸਾਲ? ਜਾਲਬ ਨੇ ਦੂਜਾ ਸਵਾਲ ਕੀਤਾ। ਮੈਂ ਕਿਹਾ, ”ਮੈਂ ਉਨੀ ਸੌ ਚਾਲੀ ਵਿਚ ਮੈਟਰਕ ਕੀਤੀ ਸੀ।’’ ਉਹਨੇ ਜੱਫੀ ਹੋਰ ਘੁੱਟਦਿਆਂ ਕਿਹਾ, ”ਮੇਰਾ ਬੜਾ ਭਰਾ ਇਸਹਾਕ ਤੇਰਾ ਹਮਜਮਾਤੀ ਸੀ, ਉਹਨੇ ਵੀ ਉਸੇ ਸਕੂਲੋਂ 1940 ਵਿਚ ਦਸਵੀਂ ਕੀਤੀ ਸੀ।’’ ਸਾਡੀਆਂ ਦੋਹਾਂ ਦੀਆਂ ਅੱਖਾਂ ਸੇਜਲ ਹੋ ਗਈਆਂ। ਬਾਹਰ ਘੁੰਮਣ ਚਲੇ ਗਏ। ਪੁਰਾਣੀਆਂ ਯਾਦਾਂ ਦੀਆਂ ਗੱਲਾਂ ਕਰਦੇ ਜਦ ਘਰ ਵਾਪਸ ਮੁੜੇ ਤਾਂ ਸ਼ਹਿਰ ਤੇ ਆਲੇ ਦੁਆਲੇ ’ਤੇ ਬਹੁਤ ਸਾਰੇ ਲੋਕ ਪਹੁੰਚ ਚੁੱਕੇ ਸੀ ਜਾਲਬ ਨੂੰ ਮਿਲਣ। ਖਾਣਾ ਹੋਇਆ, ਮਗਰੋਂ ਮੁਸ਼ਾਇਰੇ ਦੀ ਮਹਿਫਿਲ ਸਜੀ। ਮੈਂ ਤੇ ਮੇਰੀ ਪਤਨੀ ਚਾਰ ਵਜੇ ਤੜਕੇ ਨੋਟਿੰਘਮ ਅਪਣੇ ਘਰ ਪੁੱਜੇ। ਹਬੀਬ ਜਾਲਬ ਸਾਡੇ ਸ਼ਹਿਰ ਵੀ ਇਕ ਮੁਸ਼ਾਇਰੇ ’ਤੇ ਆਇਆ। ਮੈਂ ਸਰੋਤਿਆਂ ਵਿਚ ਬੈਠਾ ਸੀ। ਸਟੇਜ ਤੋਂ ਮੇਰਾ ਨਾਂ ਲੈ ਕੇ ਜਾਲਬ ਨੇ ਮੇਰੇ ਨਾਲ ਦੁਆ ਸਲਾਮ ਕੀਤੀ ਤਾਂ ਪਾਕਿਸਤਾਨੀ ਸਾਰੇ ਹੈਰਾਨ ਕਿ ਹਬੀਬ ਜਾਲਬ ਚੈਂਚਲ ਸਿੰਘ ਨੂੰ ਕਿੱਦਾਂ ਜਾਣਦਾ। ਉਹਨੇ ਸਟੇਜ ਤੋਂ ਕਿਹਾ ਉਏਇਹ ਮੇਰਾ ਪੇਂਡੂ ਗਰਾਈਂ ਹੈ। ਜਾਲਬ ਦਾ ਪਿੰਡ ਮਿਆਣੀ ਸਾਡੇ ਸਕੂਲੋਂ 5 ਮੀਲ ਪੱਛਮ ਤੇ ਮੇਰਾ ਪਿੰਡ ਬਾਬਕ 5 ਮੀਲ ਪੂਰਬ ਵੱਲ ਹੈ। ਕੀ ਫੌਜੀ ਡਕਟੇਟਰਸ਼ਿਪ ਤੇ ਕੀ ਸਿਵਲ ਪਾਕਿਸਤਾਨ ਦੀਆਂ ਸਾਰੀਆਂ ਸਰਕਾਰਾਂ ਨੇ ਜਾਲਬ ਨੂੰ 18 ਵਾਰ ਜਿਹਲ ’ਚ ਬੰਦ ਕੀਤਾ, ਪਰ ਉਹ ਲੋਹ ਪੁਰਸ਼ ਝੁਕਿਆ ਨਹੀਂ ਅਤੇ ਸਿਰੇ ਦੀ ਗਰੀਬੀ ਵਿਚ ਅਪਣੇ ਸਿਆਸੀ ਅਸੂਲਾਂ ’ਤੇ ਡਟਿਆ ਰਿਹਾ। ਖਰੀਦ ਹੋਣਾ ਤਾਂ ਕਿਧਰੇ ਰਿਹਾ, ਉਹ ਉੱਚੀ ਆਵਾਜ਼ ਵਿਚ ਬੋਲਦਾ ਰਿਹਾ, ”ਐਸੇ ਦਸਤੂਰ ਕੋ, ਸੁਬਹੇ ਬੇਨੂਰ ਕੋ, ਮੈਂ ਨਹੀਂ ਮਾਨਤਾ, ਮੈਂ ਨਹੀਂ ਮਾਨਤਾ।’’ ਇਕ ਮੁਸ਼ਾਇਰੇ ਤੋਂ ਭਾਰਤ ਆਇਆ ਹਬੀਬ ਜਾਲਬ ਅਪਣੇ ਜੱਦੀ ਪਿੰਡ ਮਿਆਣੀ ਅਪਣਾ ਘਰ ਦੇਖਣ ਦੀ ਲਾਲਸਾ ਨਾਲ ਗਿਆ। ਨਵੇਂ ਵਸਨੀਕਾਂ ਨੇ ਉਹਨੂੰ ਘਰ ਅੰਦਰ ਨਾ ਵੜਨ ਦਿੱਤਾ। ਹਬੀਬ ਜਾਲਬ ਉਸੇ ਮਿਆਣ ਪਿੰਡ ਦਾ ਵਸਨੀਕ ਸੀ, ਜਿਸ ’ਤੇ ਤਲਵਣ ਵਾਂਗ ਹਮਲਾ ਕਰਨ ਗਏ ਸੈਂਕੜੇ ਹਿੰਦੂ ਸਿੱਖ ਕਾਲੀ ਬੇਈਂ ਵਿਚ ਕੰਜਰੀ ਦੇ ਪੁਲ ਲਾਗੇ ਡੁਬ ਮਰੇ ਸਨ। ਹੁਣ ਉਥੇ ਗੁਰਦੁਆਰਾ ਹੈ।
ਜੰਡਿਆਲਵੀ ਜੀ ‘ਹੁਣ’ ਪਰਚਾ ਬਹੁਤ ਵਧੀਆ ਹੈ। ਸਾਰਾ ਮੈਟਰ ਬਹੁਤ ਵਧੀਆ ਜਾਣਕਾਰੀ ਭਰਪੂਰ ਹੁੰਦਾ ਹੈ। ਐਤਕੀਂ ਭਾ ਜੀ ਗੁਰਸ਼ਰਨ ਸਿੰਘ ਦਾ ਇੰਟਰਵਿਊ ਬਹੁਤ ਵਧੀਆ ਲੱਗਾ।
ਨੋਟਿੰਘਮ, ਯੂ.ਕੇ.

ਬਚ ਮੋੜ ਤੋਂ – ਮੋਹਨ ਭੰਡਾਰੀ
ਮਈ-ਅਗਸਤ 2008 – ‘ਹੁਣ’ ਦਾ ਵੱਡ ਆਕਾਰੀ ਅੰਕ ਮੇਰੇ ਸਾਹਮਣੇ ਹੈ। ਇਹਦੇ ਮੁੱਖ-ਪੰਨੇ ’ਤੇ ਮਲਕੀਤ ਸਿੰਘ ਦੀ ਪੇਂਟਿੰਗ ‘ਸੋਚ ਚਿੜੀ ਦਾ ਅੰਬਰ ਕਿੱਥੇ’ ਦਿਲ ਨੂੰ ਟੁੰਬਦੀ ਅਤੇ ਆਕਰਸ਼ਕ ਹੈ।
ਲੋਕ-ਪੱਖੀ ਵਿਚਾਰਧਾਰਾ ਨੂੰ ਪਰਨਾਏ ਸ੍ਰ. ਗੁਰਸ਼ਰਨ ਸਿੰਘ ਨਾਲ ਲੰਬੀ ਗੱਲਬਾਤ ਕਰਕੇ ਤੁਸੀਂ ਉਨ੍ਹਾਂ ਦੇ ਰੰਗਮੰਚ, ਉਨ੍ਹਾਂ ਦੀ ਸ਼ਖ਼ਸੀਅਤ ਦੇ ਕਈ ਪੱਖਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਹਾਡੇ ਸਵਾਲਾਂ ਦੇ ਜਵਾਬ ਉਨ੍ਹਾਂ ਨੇ ਬੜੇ ਠਰ੍ਹੰਮੇ ਨਾਲ ਦਿੱਤੇ ਨੇ। ਗੁਰਸ਼ਰਨ ਸਿੰਘ ਜੀ ਅਪਣੀ ਮਿਸਾਲ ਆਪ ਨੇ। ਤੁਸੀਂ ਉਨ੍ਹਾਂ ਨੂੰ ਠੀਕ ਹੀ ਲੋਕ ਨਾਇਕ ਆਖਿਐ। ਉਨ੍ਹਾਂ ਦੇ ਸੰਘਰਸ਼ ਦੀ ਗਾਥਾ, ਅਸੂਲ- ਪ੍ਰਸਤੀ ਅਤੇ ਨਾਟਕਾਂ ਰਾਹੀਂ ਲੋੋਕਾਂ ’ਚ ਜਾਗਰੂਕਤਾ ਲਿਆਉਣ ਦੇ ਉਪਰਾਲੇ ਯਾਦਗਾਰੀ ਸਾਬਤ ਹੋਣਗੇ। ਮੈਂ ਹੈਰਾਨ ਹੋਇਆ ਕਿ ਉਹ ਬਚਪਨ ਤੋਂ ਹੀ ਏਨੇ ਸੁਚੇਤ ਨੇ ਕਿ ਅਪਣੀਆਂ ਤਸਵੀਰਾਂ ਹੁਣ ਤੱਕ ਸਾਂਭ ਕੇ ਰੱਖੀਆਂ ਹੋਈਆਂ ਨੇ।
ਵਾਲਟ ਵਿੱਟਮੈਨ ਸੱਚਮੁੱਚ ਸੱਜਰੀ ਹਵਾ ਦਾ ਬੁੱਲਾ ਹੈ। ਉਸ ਦੀਆਂ ਕਵਿਤਾਵਾਂ ਦਾ ਤੁਹਾਡਾ ਪੰਜਾਬੀ ’ਚ ਕੀਤਾ ਅਨੁਵਾਦ ਖ਼ੂਬ ਹੈ।
ਬਾਵਾ ਬਲਵੰਤ ਦੀਆਂ ਸਾਰੀਆਂ ਕਾਵਿ ਪੁਸਤਕਾਂ ਮੈਂ ਬੜੇ ਚਾਓ ਨਾਲ ਪੜ੍ਹੀਆਂ ਸਨ। ਉਸ ਬਾਰੇ ਬਲਵੰਤ ਗਾਰਗੀ ਦਾ ਲਿਖਿਆ ਰੇਖਾ ਚਿੱਤਰ ਵੀ। ਸਤੀ ਕੁਮਾਰ ਦੀ ਅਪਣੇ ਹੱਥੀਂ ਭੇਟ ਕੀਤੀ ਪੁਸਤਕ ‘ਘੋੜਿਆਂ ਦੀ ਉਡੀਕ’ ਮੇਰੇ ਕੋਲ ਸਾਂਭੀ ਪਈ ਹੈ। ਉਹ ਚੰਡੀਗੜ੍ਹ ਅਪਣੀ ਪਤਨੀ ਇਵਾਂਕਾ ਨਾਲ ਆਇਆ ਤੇ ਸੈਕਟਰ ਸਤਾਰਾਂ ਦੀਆਂ ਸੜਕਾਂ ’ਤੇ ਅਸੀਂ ਸਾਰਾ ਦਿਨ ਮਟਰਗਸ਼ਤੀ ਕੀਤੀ ਸੀ। ਸ਼ਾਇਦ ਇਹ ਉਹ ਦਿਨ ਸਨ ਜਦੋਂ ਪੰਜਾਬ ’ਚ ਖਾੜਕੂ ਲਹਿਰ ਆਰੰਭ ਹੋ ਚੁੱਕੀ ਸੀ। ਉਨ੍ਹਾਂ ਘਟਨਾਵਾਂ ਬਾਰੇ ਜੇ ਕੋਈ ਗੱਲ ਕਰਦਾ ਤਾਂ ਇਵਾਂਕਾ ਦੀਆਂ ਅੱਖਾਂ ਇਕਦਮ ਫੈਲਦੀਆਂ ਤੇ ਉਸਦੇ ਚੌੜੇ ਵਾਕ ’ਚੋਂ ਲਫ਼ਜ਼ ਬੁੜਕਦਾ ‘ਟੈਰੇ..ਰਿਸ਼ਟ’! ਉਸ ਨੇ ਸਵੀਡਨ ਦੀ ਭਾਸ਼ਾ ’ਚ ਇਕ ਲੋਕ ਗੀਤ ਵੀ ਸੁਣਾਇਆ, ਜਿਸਦੀ ਵਿਆਖਿਆ ਸਤੀ ਕੁਮਾਰ ਨੇ ਕੀਤੀ। ਦੋ ਹੈਰਾਨ ਕਰਨ ਵਾਲੀਆਂ ਗੱਲਾਂ ਵੀ ਹੋਈਆਂ – ਇਕ ਇਹ ਕਿ ਉਸ ਦੇ ਮਾਪੇ ਬਹੁਤ ਅਮੀਰ ਨੇ! ਉਹਨਾਂ ਦੇ ਅੰਗੂਰਾਂ ਦੇ ਕਈ ਬਾਗ ਨੇ!! ਦੂਜੀ ਗੱਲ ਉਸ ਨੇ ਅੱਠ ਨੌਂ ਬੰਦਿਆਂ ਦੇ ਬਰਾਬਰ ਬੈਠ ਕੇ ਵਿਸਕੀ ਪੀਤੀ। ਸਿੱਧੀ ਬੋਤਲ ’ਚੋਂ। ਬਾਕੀ ਗੱਲਾਂ ਫੇਰ ਕਦੇ ਲਿਖਾਂਗਾ ਸਤੀ ਕੁਮਾਰ ਬਾਰੇ। ਉਹਦਾ ਬਾਵਾ ਬਲਵੰਤ ਨਾਲ ‘ਘਰ ਦੀ ਤਲਾਸ਼’ ਲੇਖ ਮੈਨੂੰ ਕਾਫ਼ੀ ਦਿਲਚਸਪ ਲੱਗਿਆ ਹੈ, ਤੁਹਾਡੇ ਮੁਤਾਬਿਕ ਇਹ ਉਸਦੀ ਅੰਤਲੀ ਲਿਖਤ ਹੈ! ਇਹ ਵੀ ਹੋ ਸਕਦੈ ਉਸ ਨੇ ਕੁਝ ਹੋਰ ਵੀ ਲਿਖਿਆ ਹੋਵੇ। ਹਰਪਾਲ ਸਿੰਘ ਪੰਨੂ ਨੇ ‘ਫਰਾਂਜ ਕਾਫ਼ਕਾ’ ਬਾਰੇ ਨਵੇਂ ਅੰਦਾਜ਼ ’ਚ ਲਿਖ ਕੇ ਮੇਰਾ ਚਿੱਤ ਪ੍ਰਸੰਨ ਕੀਤਾ। ਇਹ ਪ੍ਰੋਫੈਸਰ ਭੂਪਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲਾ ਤਾਂ ਨਹੀਂ? ਜੇ ਓਹੀ ਐ, ਤਾਂ ਫੇਰ ਓਹੀ ਹੋਵੇਗਾ। ਉਹਦੇ ਮੈਨੂੰ ਤਿੰਨ ਵੇਰਾਂ ਦਰਸ਼ਨ ਕਰਨ ਦਾ ਸੁਭਾਅ ਪ੍ਰਾਪਤ ਹੋਇਐ। ਖ਼ੈਰ! ਲੇਖ ਵਿਚ ਜਾਪ ਸਾਹਿਬ ਦੀ ਇਹ ਇਕ ਪੰਕਤੀ ‘ਨਮਸਤੇ ਅਮਜਬੇ’ ਸੋਚ ਦੀ ਵਿਸ਼ਾਲਤਾ ਨੂੰ ਪ੍ਰਗਟ ਕਰਦੀ ਹੈ। ਇਹੋ ਜਿਹੇ ਲੇਖ ਛਪਦੇ ਰਹਿਣੇ ਚਾਹੀਦੇ ਨੇ।
ਸੁਭਾਸ਼ ਪਰਿਹਾਰ ਬੜਾ ਚੁੱਪ ਚੁਪੀਤਾ ਜਿਹਾ ਬੰਦਾ ਹੈ – ਉਸ ਦੀ ਥਾਂ ਉਹਦਾ ਕੈਮਰਾ ਬੋਲਦਾ ਹੈ। ਇਕ ਵੇਰਾਂ ਉਸ ਨੇ ਅਪਣੇ ਘਰੇਲੂ ਜੀਵਨ ਬਾਰੇ ਲਿਖਿਆ ਸੀ-ਬੜਾ ਤਰਾਸਦਕ ਤੇ ਬੇਬਾਕ। ਏਨਾ ਘੋਰ ਯਥਾਰਥ ਪੜ੍ਹ ਕੇ, ਦੰਦ ਜੁੜਦੇ ਨਹੀਂ ਸਗੋਂ ਜੀਭ ਟੁੱਕ ਲੈਂਦੇ ਨੇ। ਓਦੋਂ ਮੈਨੂੰ 3ਰਅਕਿਤਤਜਰਅਤ ਵਾਲਾ ਰੂਸੋ ਯਾਦ ਆ ਗਿਆ ਸੀ। ਸੁਭਾਸ਼ ਦੇ ਲੇਖ ‘ ਕਸਬੇ ਸੁਲਤਾਨਪੁਰ ਲੋਧੀ ਦਾ ਇਤਿਹਾਸਕ ਪਿਛੋਕੜ’ ਵਿਚ ਗੁਰੂ ਨਾਨਕ ਬਾਰੇ, ਉਨ੍ਹਾਂ ਦੇ ਭੈਣ ਨਾਨਕੀ ਕੋਲ ਰਹਿਣ, ਲੋਧੀ ਖਾਨੇ ’ਚ ਨੌਕਰੀ ਅਤੇ ਕਾਲੀ ਵੇਈਂ ’ਚ ਇਸ਼ਨਾਨ ਕਰਨ ਤੇ ਬਾਣੀ ਰਚਣ ਬਾਰੇ ਅਸੀਂ ਬਹੁਤ ਕੁਝ ਜਾਣਦੇ ਹਾਂ। ਪਰ ਸਹਿਜ਼ਾਦਾ ਦਾਰਾ ਸ਼ਿਕੋਹ ਬਾਰੇ ਚਲੰਤ ਜਿਹੀ ਟਿੱਪਣੀ ਕਿ ਸ਼ਾਹਜਹਾਂ ਦੇ ਦਰਬਾਰੀ ਇਤਿਹਾਸ ‘ਪਾਦਸਾਹਨਾਮਾ’ ਵਿਚ ਦਰਜ਼ ਹੈ ਕਿ ਸੁਲਤਾਨਪੁਰ ਦੇ ਮੁੱਲਾਂ ਅਬਦੁਲ ਲਤੀਫ਼ ਨੂੰ ਉਨ੍ਹਾਂ ਦਾ ਉਸਤਾਦ ਮੁਕੱਰਰ ਕੀਤਾ ਗਿਆ ਸੀ। ਉਹ ਸੁਲਤਾਨਪੁਰ ਆਏ ਜਾਂ ਨਹੀਂ ਇਹ ਦੱਸਣਾ ਖੋਜੀਆਂ ਦਾ ਕੰਮ ਹੈ। ਪਰ ਉਹਨਾਂ ਬਾਰੇ ਇਹ ਜ਼ਰੂਰ ਪਤਾ ਹੈ ਕਿ ਉਹ ਇਸਲਾਮ ਤੋਂ ਇਲਾਵਾ ਹੋਰ (ਖਾਸ ਤੌਰ ’ਤੇ ਹਿੰਦੂ ਧਰਮ) ਸਾਰੇ ਧਰਮਾਂ ਬਾਰੇ ਜਾਣਨ ਲਈ ਅਣਥਕ ਜਗਿਆਸੂ ਸਨ। ਉਨ੍ਹਾਂ ਨੇ ਬਾਬਾ ਲਾਲ ਦਿਆਲ ਨਾਲ ਕਈ ਥਾਵਾਂ ’ਤੇ ਸੱਤ ਗੋਸ਼ਟੀਆਂ ਕੀਤੀਆਂ। ਲਾਹੌਰ ’ਚ ਉਨ੍ਹਾਂ ਨੇ ਉਪਨਿਸ਼ਦਾਂ ਅਤੇ ਹੋਰ ਧਾਰਮਿਕ ਗ੍ਰੰਥਾਂ ਦਾ ਸਾਰਤੱਤ ਜਾਣਨ ਲਈ ਕਾਸ਼ੀ ਤੋਂ ਪੰਡਿਤ ਬੁਲਾ ਕੇ ਪੰਜਾਹ ਉਪਨਿਸ਼ਦਾਂ ਦਾ ਫਾਰਸੀ ਵਿਚ ਅਨੁਵਾਦ ਵੀ ਕੀਤਾ ਜਾਂ ਕਰਵਾਇਆ। ਇਨ੍ਹਾਂ ਗੋਸ਼ਟੀਆਂ ’ਚ ਹੋਏ ਸਵਾਲ-ਜਵਾਬ-ਦਰਬਾਰ ਸ੍ਰੀ ਧਿਆਨਪੁਰ (ਗੁਰਦਾਸਪੁਰ) ਦੁਆਰਾ ਹਿੰਦੀ ’ਚ ‘ਪ੍ਰਸ਼ਨੋਤਰ ਪ੍ਰਕਾਸ਼’ ਨਾਉਂ ਦੀ ਪੁਸਤਕ ਵਿਚ ਮਿਲ ਜਾਂਦੇ ਹਨ। ਔਰੰਗਜੇਬ ਨੇ ਦਾਰਾ ਸ਼ਿਕੋਹ ਨੂੰ ਬੜੀ ਬੇਰਹਿਮੀ ਨਾਲ ਮਰਵਾ ਦਿੱਤਾ ਸੀ। ਔਰੰਗਜੇਬ ਕੋਲ ਉਸ ਨੂੰ ਕਤਲ ਕਰਨ ਦੇ ਕਈ ਬਹਾਨੇ ਸਨ-ਉਹਨਾਂ ਵਿਚੋਂ ਇਕ ਇਹ ਸੀ ਕਿ ਉਹ ਕਾਫ਼ਰਾਂ ਦੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਤੇ ਪਰਚਾਰ ਕਰਦਾ ਸੀ।
ਹੁਣ ਕੁਝ ਕਹਾਣੀਆਂ ਬਾਰੇ :
‘ਕੁੱਤੀ ਵਿਹੜਾ’ ਬੜੀ ਸੰਘਣੀ ਰਚਨਾ ਹੈ। ਬੜੀ ਲੰਬੀ। ਮਿਸਟਰ, ਸ੍ਰਦਾਰ ਮਨਿੰਦਰ ਸਿੰਘ ਕਾਂਗ ਨੇ ਇਸ ਲੰਬੀ ਰਚਨਾ ’ਚ ਓਹੋ ਕੁਝ ਦੱਸਿਐ ਜੋ ਉਹ ਦੱਸਣਾ ਚਾਹੁੰਦੈ। ਕਹਾਣੀ ‘ਭਾਰ’ ’ਚ ਵੀ ਉਸ ਨੇ ਇਹੀ ਕੁਝ ਕੀਤਾ ਸੀ। ਫੇਰ ਵੀ ਇਸ ਮਸ਼ੁੱਕਤ, ਜੋ ਉਸ ਨੇ ਕੀਤੀ ਹੈ, ਦੀ ਦਾਦ ਦਿੰਦਿਆਂ ਇਹੀ ਕਹਿਣਾ ਬਣਦਾ ਹੈ ਕਿ ਜੁਆਨਾ ਬਚ ਮੋੜ ਤੋਂ! ਅਜੇ ਰਾਹ ’ਚ ਟੋਏ ਟਿੱਬੇ ਬਹੁਤ ਨੇ!! ਜਿਹਨਾਂ ਪਾਠਕਾਂ ਨੇ ਮੰਟੋ ਪੜ੍ਹਿਆ ਹੋਇਐ। ਉਹਨਾਂ ਨੂੰ ਅਹਿਸਾਸ ਹੈ ਕਿ ਬਿਸ਼ਨ ਸਿੰਘ ਅਜੇ ਮਰਿਆ ਨਹੀਂ। ਉਹ ‘ਟੋਭਾ ਟੇਕ ਸਿੰਘ’ ਮੰਗਦੈ। ਅਜੋਕੇ ਮਨੁੱਖ ਦੀ ਇਹੀ ਲੋਚਾ ਹੈ। ਵਰਤਮਾਨ ਕਿਤੇ ਵਧੇਰੇ ਕਠੋਰ ਅਤੇ ਕਹਿਰਵਾਨ ਹੈ। ਖ਼ੈਰ! ਰਚਨਾ ਦੇ ਅਖੀਰ’ਚ ਦਿੱਤਾ ‘ਸਾਰ ਤੱਤ’ ਕਮਾਲ ਹੈ! ਇਸ ਵਿਚ ਲੇਖਕ ਦੀ ਸਿਆਣਪ ਛੁਪੀ ਹੋਈ ਨਹੀਂ ਛਪੀ ਹੋਈ ਐ। ਬਲਜਿੰਦਰ ਨਸਰਾਲੀ ਅਪਣੀ ਕਹਾਣੀ ‘ਜੇ ਅਪਨੀ ਬਿਰਥਾ ਕਹੂੰ’ ਵਿਚ ਅੱਜ ਦੇ ਕਿਸਾਨ ਦੀ ਦਰਦਨਾਕ ਹਾਲਤ ਦੀ ਬਾਤ ਪਾਉਂਦਾ ਹੈ ਅਤੇ ਜਤਿੰਦਰ ਸਿੰਘ ਹਾਂਸ ਦੀ ਕਹਾਣੀ ‘ਇੰਜ ਵੀ ਜਿਉਂਦਾ ਸੀ ਉਹ’ ਪੜ੍ਹ ਕੇ ਪਾਤਰ ‘ਰੱਖੇ’ ’ਤੇ ਹਾਸਾ ਵੀ ਆਉਂਦਾ ਹੈ ਤੇ ਰੋਣਾ ਵੀ। ਉਸ ਅੰਦਰ ਜਿਉਣ ਦੀ ਲੋਚਾ ਬੜੀ ਪਰਬਲ ਹੈ। ਉਸਦੀਆਂ ਹਰਕਤਾਂ ਦੇਖ ਕੇ ਪਾਠਕ ਸੋਚਾਂ ਵਿਚ ਪੈ ਜਾਂਦਾ ਹੈ।
ਇਹਨਾਂ ਸਾਰੀਆਂ ਕਹਾਣੀਆਂ ’ਚੋਂ ਕਮਲ ਦੁਸਾਂਝ ਦੀ ਕਹਾਣੀ ‘ਖੁੱਲ੍ਹਾ ਬੂਹਾ’ ਦੇ ਅੰਤ ਨੇ ਮੈਨੂੰ ਸੁੰਨ ਕਰਕੇ ਰੱਖ ਦਿੱਤਾ। ਇਸ ਨੂੰ ਪੜ੍ਹ ਕੇ ਸਾਡੇ ਮਹਾਨ ਚਿੰਤਕ ਤੇ ਵਿਦਵਾਨ ਰਾਹੁਲ ਸ਼ੰਕਰ ਤਾਇਨ, ਜੋ ਕਈ ਭਾਸ਼ਾਵਾਂ ਦਾ ਗਿਆਤਾ ਸੀ, ਦੀ ਪੁਸਤਕ ‘ਵੋਲਗਾ ਤੋਂ ਗੰਗਾ’ ਦੀ ਯਾਦ ਤਾਜ਼ਾ ਹੋ ਗਈ। ਇਕ ਅਜਿਹਾ ਜ਼ਮਾਨਾ ਜਿਸ ਨੂੰ ‘ਆਦਿ ਕਾਲ’ ਆਖਿਆ ਜਾ ਸਕਦਾ ਹੈ, ਵਿਚ ਲੋਕ ਪਸ਼ੂਆਂ ਵਾਂਗ ਇਸ ਧਰਤੀ ਉੱਤੇ ਫਿਰਦੇ ਸਨ। ਮਾਂ ਤੋਂ ਬਿਨਾ ਕਿਸੇ ਨੂੰ ਵੀ ਅਪਣੇ ਆਪਸੀ ਰਿਸ਼ਤੇ ਦੀ ਪਛਾਣ ਨਹੀਂ ਸੀ। ਓਦੋਂ ਨਰ-ਮਾਦਾ ਸ਼ਰ੍ਹੇਆਮ ਭੋਗ ਬਿਲਾਸ ਕਰ ਲੈਂਦੇ ਸਨ। ਕਿਸੇ ਨੂੰ ਅਪਣੇ ਪਿਓ ਦਾ ਪਤਾ ਨਹੀਂ ਸੀ ਹੁੰਦਾ। ਫੇਰ ਰਾਜਿੰਦਰ ਸਿੰਘ ਬੇਦੀ ਵਾਂਗ ਕੌਣ ਕਹਿੰਦਾ ‘ਇਕ ਪਿਓ ਵਿਕਾਊ ਹੈ!’ ਜਾਂ ‘ਜਨਾਜ਼ਾ ਕਿੱਥੇ ਹੈ।’ ਹੁਣ ਲੱਗਦੈ ਕਿ ਉਹੀ ਜ਼ਮਾਨਾ ਮੁੜ ਕੇ ਆ ਰਿਹੈ। ਵਕਤ ਆਉਣ ’ਤੇ ਸੋਚਾਂਗੇ : ਪਸ਼ੂ ਬਿਰਤੀ ਵਧਣ ਨਾਲ ਮਨੁੱਖ ’ਤੇ ਕਾਮ-ਹਵਸ ਦਾ ਹਾਬੜਾ ਏਨਾ ਵਧ ਗਿਆ ਹੈ ਕਿ ਜੀਵਨ ਦੀਆਂ ਕਦਰਾਂ ਕੀਮਤਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਰਹੀ। ਰਿਸ਼ਤਿਆਂ ਦੀ ਪਵਿੱਤਰਤਾ ਦਾ ਕੋਈ ਮਾਅਨਾ ਨਹੀਂ। ਇਸ ਘੜਮੱਸ ਦੀ ਸਭ ਤੋਂ ਵੱਧ ਸ਼ਿਕਾਰ ਔਰਤ ਹੋਈ ਹੈ। ਉਸ ਦਾ ਸੋਸ਼ਣ ਬੜੀ ਬੇਰਹਿਮੀ ਨਾਲ ਹੋ ਰਿਹੈ। ਸਾਡੇ ਸਾਹਮਣੇ ਇਹ ਸਵਾਲ ਅਪਣਾ ਵਿਕਰਾਲ ਮੂੰਹ ਅੱਡੀਂ ਖੜ੍ਹਾ ਹੈ-ਕਿਸਦੀ ਧੀ? ਕੀਹਦੀ ਭੈਣ? ਲੇਖਕਾ ਨੂੰ ਹੁਨਰੀ ਨਿੱਕੀ ਕਹਾਣੀ ਬਣਾਉਣ ਲਈ ਬਨਾਉਟੀ ਜੁਗਤਾਂ ਲੱਭਣ ਦੀ ਲੋੜ ਨਹੀਂ ਪਈ। ਉਸ ਨੇ ਸਿੱਧੀ ਸਰਲ ਭਾਸ਼ਾ ’ਚ ਅਪਣੀ ਗੱਲ ਦੱਸ ਦਿੱਤੀ ਹੈ। ਇਸੇ ਵਿਚ ਉਸ ਦੀ ਕਲਾ ਕੌਸ਼ਲਤਾ ਹੈ। ਇਸ ਦਸ਼ਾ ’ਚ ਜਿੱਥੇ ਔਰਤਾਂ ਨੂੰ ਭੋਗ-ਵਿਲਾਸ ਦੀ ਵਸਤੂ ਬਣਾ ਕੇ ਰੱਖ ਦਿੱਤਾ ਗਿਆ ਹੋਵੇ-ਓਥੇ ਉਹ ਮਰਦਾਂ ਨੂੰ ਤਾਅਨਾ ਮਿਹਣਾ ਹੀ ਨਹੀਂ ਮਾਰਨਗੀਆਂ ਸਗੋਂ ਗਾਹਲਾਂ ਕੱਢਣਗੀਆਂ, ‘ਸਾਲੇ ਬਾਸਟਡ! ਹਰਾਮਜ਼ਾਦੇ!!
ਸਾਹਿਰ ਲੁਧਿਆਣਵੀ ਨੇ ਤਾਂ ਆਖਿਆ ਸੀ : ‘ਔਰਤ ਨੇ ਜਨਮ ਦੀਆ ਮਰਦੋਂ ਕੋ ਮਰਦੋਂ ਨੇ ਉਸੇ ਬਾਜ਼ਾਰ ਦੀਆ’ – ਇਨ੍ਹਾ ਬਾਸਟਰਡ ਤੇ ਹਰਾਮਜ਼ਾਦਿਆਂ ਨੇ ਉਸ ਬਜ਼ਾਰ ਦੀਆਂ ‘ਵਸਤਾਂ’ ਨੂੰ ਆਪੋ ਅਪਣੇ ਘਰਾਂ ’ਚ ਸਜਾ ਲਿਆ। ਉਹ ਜਾਣਦੇ ਨੇ ਕਿ ਉਨ੍ਹਾਂ ਲਈ ਇਹ ਥਾਂ ਵਧੇਰੇ ਸੁਰੱਖਿਅਤ ਹੈ। ਜਦੋਂ ਜੀਅ ਨੇ ਚਾਹਿਆ ਢਾਹਿਆ-ਨੋਚਿਆ, ਜਦੋਂ ਮਨ ਭਰ ਗਿਆ ਤਾਂ ਦੁਰਕਾਰ ਦਿੱਤਾ।
ਲੇਖਿਕਾ ਨੂੰ ਮਨੋਵਿਗਿਆਨ ਦਾ ਗਿਆਨ ਵੀ ਜਾਪਦਾ ਹੈ। ਅਪਣੇ ਜੀਵਨ ਦੇ ਕੌੜੇ ਅਨੁਭਵ ’ਚੋਂ ਲੰਘੀ ਹੋਣ ਸਦਕਾ ਅਤੇ ਸਹੇਲੀ ਡਾ. ਨੀਰਾਂ ਦੀਆਂ ਗੱਲਾਂ ਸੁਣ ਕੇ ਰਾਜ ਨੂੰ ਅਪਣੀ ਮਟਿਆਰ ਹੋ ਰਹੀ ਧੀ ਪਰਵਾਜ਼ ਦੀ ਚਿੰਤਾ ਵੱਢ ਵੱਢ ਖਾਈ ਜਾ ਰਹੀ ਹੈ। ਕੋਈ ਬਾਸਟਰਡ ਉਸ ਨੂੰ ਨਾ ਕਿਤੇ ਅਪਣੀ ਹਵਸ ਦਾ ਸ਼ਿਕਾਰ ਨਾ ਬਣਾ ਲਵੇ। ਉਸਦੀ ਇਹ ਦੂਰ ਅੰਦੇਸ਼ੀ, ਚਿੰਤਾ ਦਾ ਰੂਪ ਧਾਰ ਕੇ ਉਸ ਨੂੰ ਅਜਿਹੀ ਚਿੰਬੜੀ ਕਿ ਬਰੇਨ ਟਿਊਮਰ ਵਰਗੀ ਘਾਤਕ ਬਿਮਾਰੀ ਵਿਚ ਘਿਰ ਗਈ ਤੇ ਮੌਤ ਨੇ ਦਬੋਚ ਲਈ। ਏਸ ਕਹਾਣੀ ਦੇ ਹੋਰ ਕਈ ਪਹਿਲੂ ਨੇ ਜਿਹਨਾਂ ਬਾਰੇ ਗੱਲ ਕੀਤੀ ਜਾ ਸਕਦੀ ਹੈ। ਅਖਬਾਰਾਂ ਰਿਪੋਰਟਾਂ ਨਾਲ ਭਰੀਆਂ ਪਈਆਂ ਨੇ ਕਿ ਹਿੰਦੁਸਤਾਨ ’ਚ ਨਿਤ ਦਿਨ ਕਿੰਨੀਆਂ ਕੁੜੀਆਂ ਨਾਲ ਅਪਣਿਆਂ ਵਲੋਂ ਰੇਪ ਹੁੰਦੇ ਨੇ ਤੇ ਅਜਿਹੇ ਕਾਰਿਆਂ ਬਾਅਦ ਮਾਰ ਦਿੱਤੀਆਂ ਜਾਂਦੀਆਂ ਨੇ।
ਹਥਲੀ ਕਹਾਣੀ ’ਚ ‘ਖੁੱਲ੍ਹਾ ਬੂਹਾ’ ਤੇ ‘ਡੌਲ’ ਬੜੇ ਅਰਥਪੂਰਨ ਪ੍ਰਤੀਕ ਨੇ।
ਪਰਚੇ ਵਿਚ ਕਈ ਹੋਰ ਵੀ ਚੰਗੀਆਂ ਰਚਨਾਵਾਂ ਨੇ, ਜਿਨ੍ਹਾਂ ਬਾਰੇ ਲਿਖਣਾ ਬਣਦਾ ਹੈ। ਕਵਿਤਾਵਾਂ ਬਾਰੇ ਗੱਲ ਹੀ ਨਹੀਂ ਹੋ ਸਕੀ। ਅੱਜ ਕੱਲ੍ਹ ਮੈਂ ਛੇਤੀ ਥੱਕਣ ਲੱਗ ਗਿਆ ਹਾਂ। ਕਾਰਨ ਅੱਖਾਂ ਦਾ ਥੱਕਣਾ। ਅੱਖਾਂ ਦੀ ਥਾਂ ਅੱਖ ਕਹਾਂ ਤਾਂ ਦੁਆ ਕਰੋ ਕਿ ਇਹੀ ਠੀਕ ਤੇ ਸਵੱਲੀ ਰਹੇ। ਮੋਤੀਏ ਦਾ ਅਪਰੇਸ਼ਨ ਹੋ ਚੁੱਕਿਐ। ਇਕ ਹੋਰ ਬਿਮਾਰੀ ਹੈ ਜਿਸ ਨੂੰ ਮਿੱਠੀ ਕਿਹਾ ਜਾਂਦੈ- ਇਹ ਮੈਨੂੰ ਕੌੜਾ ਸ਼ਰਬਤ ਪੀਣ ਨਾਲ ਲੱਗ ਗਈ।
ਤੁਹਾਡੀ ਦੇਹ ਨਰੋਈ ਰਹੇ।
ਬੜੇ ਅਦਬ ਨਾਲ।
3284/1, ਸੈਕਟਰ 44 ਡੀ, ਚੰਡੀਗੜ੍ਹ

‘ਕੁੱਤੀ ਵਿਹੜਾ’ ਸ਼ਾਹਕਾਰ ਹੈ – ਪ੍ਰਕਾਸ਼ ਪ੍ਰਭਾਕਰ
ਕਹਾਣੀ ‘ਕੁੱਤੀ ਵਿਹੜਾ’ ਦਾ ਪਾਠ ਸੰਪੰਨ ਕਰਨ ਪਿੱਛੋਂ ਮਨਿੰਦਰ ਕਾਂਗ (ਲੇਖਕ) ਦੇ ਮੁਹਾਵਰੇ ਵਿਚ ਮੈਂ ਵੀ ਲਿਖ ਸਕਦਾਂ ਕਿ ਆਦਿ ਮਾਤਾ ਮੇਰੇ ਸੁਪਨੇ ਵਿਚ ਆਈ ਅਤੇ ਮੈਨੂੰ ਮਜਬੂਰ ਕਰਨ ਲੱਗੀ ਕਿ ਮੈਂ ਵੀ (ਜਿਵੇਂ ਕਿ ਲੇਖਕ ਨੇ ਅਪਣੇ ਕਿਰਦਾਰ ਬਾਰੇ ਮਿਥਕ ਪ੍ਰੰਪਰਾ ਨਾਲ ਜੋੜ ਕੇ ਲਿਖਿਆ ਹੈ) ਇਸ ਕਹਾਣੀ ਬਾਰੇ ਅਪਣਾ ਪ੍ਰਤੀਕਰਮ ਲਿਖਾਂ ਨਹੀਂ ਤਾਂ…। ਇਸ ਕਹਾਣੀ ਨੂੰ ਮੁਕਾ ਕੇ ਜੋ ਵਿਚਾਰ ਆਪ ਮੁਹਾਰੇ ਮੇਰੇ ਮਨ ਵਿਚ ਉਠੇ ਹਨ, ਉਨ੍ਹਾਂ ਦਾ ਪ੍ਰਗਟਾਓ ਮੇਰੀ ਮਜਬੂਰੀ ਹੈ ਜਾਂ ਕਹਿ ਲਓ ਮੇਰੀ ਖੁਸ਼ੀ ਵੀ ਹੈ। ਅਸਲ ਵਿਚ ਮੈਂ ਪਿਛਲੇ ਕਈ ਵਰ੍ਹਿਆਂ ਤੋਂ ਪੰਜਾਬੀ ਦੇ ਕਿਸੇ ਲਿਖਾਰੀ ਦੀ ਕਹਾਣੀ ਘੱਟ ਹੀ ਪੜ੍ਹੀ ਹੈ। ਮਨਿੰਦਰ ਦੀ ਇਹ ਰਚਨਾ ਵੀ ਸ਼ਾਇਦ ਮੇਰੇ ਇਸੇ ‘ਤੁਅਸੱਬ’ ਦਾ ਸ਼ਿਕਾਰ ਹੋ ਕੇ ਰਹਿ ਜਾਂਦੀ ਜੇਕਰ ‘ਹੁਣ’ ਦਾ ਤਾਜ਼ਾ ਅੰਕ ਆਉਣ ਦੇ ਅਗਲੇ ਹੀ ਦਿਨ ਮੈਂ ਅਪਣੇ ਮਲੰਗ ਮਿੱਤਰ ਗੁਰਦਿਆਲ ਬੱਲ ਦੇ ਘਰ ਗੇੜਾ ਨਾ ਮਾਰਿਆ ਹੁੰਦਾ। ਉਥੇ ਗਿਆ ਤਾਂ ਪਹਿਲਾਂ ਸਵੇਰੇ ਚਾਹ ਦੀ ਸੰਗਤ ਸਮੇਂ ਇਸੇ ਕਹਾਣੀ ਦੀ ਚਰਚਾ ਚੱਲ ਰਹੀ ਸੀ ਅਤੇ ਦੁਬਾਰਾ ਰਾਤੀਂ ਉਸੇ ਜਗ੍ਹਾ ਫਿਰ ਆਵਾਜ਼ਾਂ ਆਉਣ ’ਤੇ ਦਾਰੂ ਦੀ ਮਹਿਫਲ ਸਮੇਂ ਵੀ ਚਰਚਾ ‘ਕੁੱਤੀ ਵਿਹੜਾ’ ’ਤੇ ਹੀ ਹੋਈ ਜਾ ਰਹੀ ਸੀ। ਬੱਲ ਦੇ ਇਸ ‘ਪ੍ਰਚਾਰ’ ਨੇ ਪਹਿਲਾਂ ਤਾਂ ਮੇਰੇ ’ਤੇ ਕੋਈ ਕਾਟ ਨਾ ਕੀਤੀ। ਕਾਰਨ ਸ਼ਾਇਦ ਇਹ ਸੀ ਕਿ ਉਸ ਨੂੰ ਕੱਚੀ ਪੱਕੀ-ਹਰੇਕ ਗੱਲ ’ਤੇ ਹੀ ਧੰਨ-ਧੰਨ ਕਰੀ ਜਾਣ ਦੀ ਆਦਤ ਹੈ, ਉਸ ਲਈ ਈਸਾ ਵੀ ਧੰਨ ਹੈ ਅਤੇ ਉਸ ਦੀ ਕਬਰ ਖੋਦਣ ਵਾਲਾ ਨੀਟਸ਼ੇ ਵੀ ਧੰਨ ਹੈ। ਜੋਨ ਆਫ ਆਰਕ ਵੀ ਧੰਨ ਸੀ ਤੇ ਐਂਜਲੀਨਾ ਜੌਲੀ ਨਾਂ ਦੀ ਕੋਈ ਐਕਟਰੈਸ ਵੀ ਧੰਨ ਹੈ। ਬੱਲ ਦੀ ਧੰਨ-ਧੰਨ ਬਾਰੇ ਸਾਰੇ ਸ਼ੰਕਿਆਂ ਦੇ ਬਾਵਜੂਦ ਉਸ ਦਿਨ ਉਥੇ ਬੈਠੇ ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਰਛਪਾਲ ਗਿੱਲ ਅਤੇ ਇਕ ਹੋਰ ਕਾਫੀ ਗੰਭੀਰ ਮਾਲੂਮ ਹੁੰਦੇ ਕੰਵਲ ਸੰਧੂ ਨਾਂ ਦੇ ਉਸ ਦੇ ਕਿਸੇ ਵਕੀਲ ਦੋਸਤ ਵੱਲੋਂ ਵੀ ਉਸ ਦੀ ਰਾਏ ਦੀ ਹਾਮੀ ਭਰਦਿਆਂ ਦੇਖ ਮੈਥੋਂ ਰਿਹਾ ਨਾ ਗਿਆ ਅਤੇ ਜ਼ਬਰਦਸਤੀ ਹੀ ‘ਹੁਣ’ ਦਾ ਇਹ ਅੰਕ ਵੀ ਉਸ ਕੋਲੋਂ ਲੈ ਗਿਆ ਅਤੇ ਇਕੋ ਬੈਠਕ ਵਿਚ ਹੀ ਇਹ ਕਹਾਣੀ ਪੜ੍ਹ ਮਾਰੀ। ਮੈਨੂੰ ਤਸੱਲੀ ਸੀ ਕਿ ਬੱਲ ਦੀ ਧੰਨ-ਧੰਨ ਇਸ ਵਾਰ ਠੀਕ ਨਿਕਲੀ ਸੀ।
ਕਾਂਗ ਦੀ ਕਹਾਣੀ ਦਾ ਨਾਇਕ ਕੋਈ ਧਾਰਮਕ, ਸਭਿਆਚਰਕ ਨਾਇਕ ਨਹੀਂ ਅਤੇ ਨਾ ਹੀ ਉਹ ਕੋਈ ਇਕ ਵਿਅਕਤੀ ਹੈ ਸਗੋਂ ਉਹ ਇਕ ਸਮੂਹ ਹੈ, ਇਕ ਵਰਗ ਹੈ ਜਿਸ ਨੂੰ ਉਚ ਸਮਾਜ ਵਾਲੇ ਲੋਕ ਵੱਖ ਵੱਖ ਨਿਮਨ ਨਾਵਾਂ ਅਤੇ ਘਿਣ ਦ੍ਰਿਸ਼ਟੀ ਨਾਲ ਕਦੇ ਛੁਆ-ਛਾਤ ਕਦੇ ਭਿਟ ਦੇ ਰੂਪ ਵਿਚ ਦੇਖਦੇ ਹਨ, ਪਰ ਲੋੜ ਪੈਣ ’ਤੇ ਉਨ੍ਹਾਂ ਨੂੰ ਯੋਗ-ਅਯੋਗ ਤਰੀਕੇ ਨਾਲ ਵਰਤੀ ਵੀ ਜਾਂਦੇ ਹਨ। ਜੋ ਸਮਾਜ ਦੇ ਉੱਚ ਸਿਖ਼ਰ ’ਤੇ ਬੈਠਕੇ ਕੋਈ ਆਦਰਸ਼ ਨਹੀਂ ਸਿਰਜਦਾ ਸਗੋਂ ਦਰਿਆਈ ਮਿੱਟੀ ਦੀ ਤਰ੍ਹਾਂ ਅਪਣੇ ਦਰਿਆ ਨੂੰ ਗੰਧਲਾ ਵੀ ਕਰਦਾ ਹੈ ਅਤੇ ਦਰਿਆ ਦੀ ਪਾਰਦਰਸ਼ਤਾ ਨੂੰ ਰੰਗ ਵੀ ਦਿੰਦਾ ਚਲਾ ਜਾਂਦਾ ਹੈ ਤਾਂ ਕਿ ਅਸੀਂ ਉਸ ਦਰਿਆ ‘ਇਤਿਹਾਸਕ’ ਸੱਚ ਨੂੰ ਦੇਖ ਸਕੀਏ, ਉਸਦੇ ਵਹਾ ਨੂੰ ਮਹਿਸੂਸ ਕਰ ਸਕੀਏ, ਉਸ ਦੀ ਖੋਰ ਨੂੰ ਝੱਲ ਸਕੀਏ।
ਕਾਂਗ ਯਥਾਰਥ ਦੇ ਅਨੁਭਵ ਦਾ ਧਾਰਨੀ ਵੀ ਹੈ ਤੇ ਧਨੀ ਵੀ ਹੈ। ਉਹਦੇ ਪਾਤਰ ਅੰਸ਼ ਓਹ ਚਿੰਨ੍ਹ ਹਨ ਜੋ ਵੱਖ ਵੱਖ ਨਾਵਾਂ ਨਾਲ, ਕ੍ਰਮਾਂ-ਕੁਕ੍ਰਮਾਂ ਨਾਲ ਕਿਸੇ ਮਹਾਂ-ਨਾਟ ਦੀ ਰੰਗ ਭੂਮੀ ਦੇ ਆਉਂਦੇ ਹਨ। ਅਪਣੀ ਹੋਂਦ, ਅਪਣੀ ਹੋਣੀ ਅਤੇ ਉਹਦੇ ਮੂਲ ਸਰੋਤਾਂ ਵੱਲ ਇਸ਼ਾਰਾ ਕਰਕੇ ਸਾਡੇ ਅੰਦਰ ਸੰਵੇਦਨਾ, ਇਕ ਅਹਿਸਾਸ ਛੱਡ ਜਾਂਦੇ ਹਨ ਕਿ ਨਿਗੁਣਾ ਹੋ ਕੇ ਵੀ ਮਨੁੱਖ ਅੰਦਰ ਮਹਾਨਤਾ ਅਤੇ ਉਦਾਤ ਵਿਦਮਾਨ ਰਹਿੰਦੇ ਹਨ। ਕਹਾਣੀ ਦਾ ਵਿਸਥਾਰ, ਪਾਤਰਾਂ ਦੀ ਗਿਣਤੀ, ਘਟਨਾ ਦਰ ਘਟਨਾ ਅਤੇ ਕਾਲ ਦੇ ਧੁਰੇ ’ਤੇ ਅੱਗੇ ਪਿੱਛੇ ਸੁਤੰਤਰ ਯਾਤਰਾ ਕਿਸੇ ਵੀ ਮਹਾਨ ਰਚਨਾ ਦੇ ਲੱਛਣ ਹੁੰਦੇ ਹਨ। ਕਾਂਗ ਨੇ ਇਸਨੂੰ ਕਹਾਣੀ ਰੂਪ ਦਿੱਤਾ। ਮੈਨੂੰ ਪਤਾ ਨਹੀਂ ਉਹਦਾ ਕੀ ਤਰਕ ਹੈ। ਅਜਿਹਾ ਵਿਸ਼ਾ ਕਿਸੇ ਵੱਡੇ ਆਕਾਰ ਵਾਲੇ ਨਾਵਲ ਜਾਂ ਮਹਾਂ ਕਾਵਿਕ ਰਚਨਾ ਦੀ ਮੰਗ ਕਰਦਾ ਹੈ। ਕਹਾਣੀ ਦੀ ਕੈਨਵਸ ’ਤੇ ਕਿਤੇ ਕਿਤੇ ਇਤਿਹਾਸਕ ਤੱਥ ਭਾਰੂ ਜਾਪਦਾ ਹੈ। ਸ਼ਾਇਦ ਇਹ ਵਿਸ਼ੇ ਦੀ ਵਿਸ਼ਾਲਤਾ ਵੀ ਹੋਵੇ ਜਾਂ ਮਜਬੂਰੀ? ਸਿਰ ਮੱਥੇ ਹੈ। ਕਾਂਗ ਦੀ ਗੰਭੀਰਤਾ ਅਤੇ ਮੁਸਕਰਾਹਟ ਨੂੰ ਖੁਸ਼ ਆਮਦੀਦ। ਕਾਂਗ ਨੂੰ ਸਥਾਨਕ ਮਾਹੌਲ ਦੀ ਗਹਿਰਾਈ ਨਾਲ ਸੂਝ ਵੀ ਹੈ ਅਤੇ ਉਸਨੂੰ ਪੂਨਰ ਸੁਰਜੀਤ ਕਰਨਾ ਵੀ ਉਹ ਜਾਣਦਾ ਹੈ।
ਕਹਾਣੀ ਵਿਚ ਥੀਮਕ ਦੀ ਭਰਮਾਰ ਹੈ। ਬੱਲ ਦੇ ਸ਼ਬਦਾਂ ਵਿਚ ਉਸਨੇ ਅੰਬਰਸਰ ਨੂੰ ਵਿਰਚਿਤ ਕਰਕੇ ਮੁੜ ਰਚਿਤ ਕੀਤਾ ਹੈ। ਇਹ ਉਸੇ ਦੀ ਮੁਹਾਰਤ ਦਾ ਨਤੀਜਾ ਹੈ ਕਿ ਇਕੋ ਦ੍ਰਿਸ਼ (ਦਲਿਤ ਵਰਗਾਂ ਨੂੰ) ਵੱਖੋਂ ਵੱਖਰੀਆਂ ਪ੍ਰਿਜ਼ਮ ਦੇ ਹੋਣ ਦੇ ਬਾਵਜੂਦ ਸਭੇ ਕਿਵੇਂ ਇਕੋ ਯਾਨੀ ਕਿ ਸਮ ਦ੍ਰਿਸ਼ਟੀ ਨਾਲ ਹੀ ਦੇਖਦੇ ਹਨ। ਕਾਂਗ ਲਈ ਉਦਾਤ ਦੀ ਕਦਰ ਜਾਤ-ਪਾਤ ਧਰਮੀ ਰਾਜ ਸੱਤਾ ਸਭ ਤੋਂ ਉਪਰ ਹੈ। ਵੱਡੇ ਤੋਂ ਵੱਡਾ ਧਾਰਮਕ ਆਗੂ ਵੀ ਉਦਾਤ ਵਿਚ ਹੀਣ ਹੋ ਸਕਦਾ ਹੈ, ਰਹਿ ਸਕਦਾ ਹੈ ਅਤੇ ਸਾਧਾਰਣ ਵਿਅਕਤੀ ਇਸ ਗੁਣ ਦਾ ਕੁਬੇਰ ਵੀ ਹੋ ਸਕਦਾ ਹੈ। ਕਾਂਗ ਲਈ ਸਮਾਜਕ ਮੁੱਲ ਆਦਰਸ਼ ਨਹੀਂ ਸਗੋਂ ਸਥਿਤੀ ਮੂਲਕ ਹਨ ਅਤੇ ਇਸੇ ਆਧਾਰ ’ਤੇ ਉਸ ਲਈ ਨਿਮਨ ਉਹ ਨਹੀਂ ਜੋ ਨਿਮਨ ਥਾਪੇ ਜਾਂਦੇ ਹਨ ਸਗੋਂ ਉਹ ਹਨ ਜੋ ਉਨ੍ਹਾਂ ਬਾਰੇ ਨਿਰਣਾ ਕਰਦੇ ਹਨ।
ਮਨਿੰਦਰ ਕਾਂਗ ਦੀ ਇਸ ਕਹਾਣੀ ਬਾਰੇ ਬੱਲ ਦੀ ਧੰਨ-ਧੰਨ ਪੂਰੀ ਤਰ੍ਹਾਂ ਸਹੀ ਹੈ। ਸਗੋਂ ‘ਹੁਣ’ ਦੇ ਪਹਿਲੇ ਅੰਕਾਂ ਵਿਚ ਜਦੋਂ ਉਹ ਸਤੀ ਕੁਮਾਰ ਬਾਰੇ ਵੇਰਵੇ, ਹਰਪਾਲ ਪੰਨੂ ਦੇ ਲਕਸ਼ਵੀਰ ਸਿੰਘ ਬਾਰੇ ਮਜਬੂਨ ਜਾਂ ਕਈ ਹੋਰ ਕਿਰਤਾਂ ਬਾਰੇ ਉਹ ਪ੍ਰਸੰਸਾਮਈ ਰਾਏ ਦਿੰਦਾ ਆ ਰਿਹਾ ਸੀ। ਮੈਂ ਉਸੇ ਕੋਲੋਂ ‘ਹੁਣ’ ਦੇ ਪੁਰਾਣੇ ਅੰਕ ਲੈ ਕੇ ਨਜ਼ਰ ਮਾਰੀ ਹੈ ਤੇ ਮੈਨੂੰ ਉਸ ਦੀ ਇਨ੍ਹਾਂ ਬਾਰੇ ਰਾਏ ਵੀ ਠੀਕ ਹੀ ਲੱਗਦੀ ਹੈ। ਇਸ ਸਭ ਕਾਸੇ ਲਈ ‘ਹੁਣ’ ਦੇ ਸੰਪਾਦਕ ਸਚਮੁੱਚ ਹੀ ਵਧਾਈ ਦੇ ਹੱਕਦਾਰ ਹਨ।
ਅਰਬਨ ਅਸਟੇਟ ਫੇਜ਼-1, ਪਟਿਆਲਾ

ਪੰਜਾਬੀ ਕਹਾਣੀ ਦੀ ਤ੍ਰਾਸਦੀ – ਰਮਨ
‘ਹੁਣ’ ਦਾ 9ਵਾਂ ਅੰਕ ਵੀ ਪੜ੍ਹ ਲਿਆ ਹੈ। ਕਹਾਣੀਆਂ ਵਿੱਚੋਂ ਮਨਿੰਦਰ ਕਾਂਗ ਦੀ ਲੰਬੀ ਕਹਾਣੀ ‘ਕੁੱਤੀ ਵਿਹੜਾ’ ਨਵੀਂ ਪੰਜਾਬੀ ਕਹਾਣੀ ਦੀ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ। ਇਹ ਠੀਕ ਹੈ ਕਿ ਇੱਕ ਚੰਗੀ ਸਾਹਿਤਕ ਕਹਾਣੀ ਵਿੱਚ ਵੀ ਰੌਚਿਕਤਾ ਹੋਣੀ ਚਾਹੀਦੀ ਹੈ ਪ੍ਰੰਤੂ ਕਹਾਣੀ ਵਿੱਚ ਰੌਚਿਕਤਾ ਦਾ ਤੱਤ ਥੋੜ੍ਹੀ ਬਹੁਤ ਗਾਲਪਨਿਕ ਚਤੁਰਾਈ ਨਾਲ ਪੈਦਾ ਹੁੰਦਾ ਹੈ ਤੇ ਰੌਚਿਕਤਾ ਕਹਾਣੀ ਦੀ ਪ੍ਰਮਾਣਿਕਤਾ ਦਾ ਬਦਲ ਕਦੇ ਨਹੀਂ ਹੁੰਦੀ। ਪ੍ਰਮਾਣਿਕਤਾ ਦੀ ਤਲਾਸ਼ ਲਈ ਸਾਨੂੰ ਕਹਾਣੀ ਦੇ ਅਨੇਕਾਂ ਤੱਤ/ਪੱਖ ਘੋਖਣੇ ਪੈਂਦੇ ਹਨ ਫਿਰ ਹੀ ਅਸੀਂ ਇਸਦੇ ਅੰਤਰੀਵ ਤਰਕ ਤੀਕ ਪਹੁੰਚ ਕੇ ਇਸਦੀ ਪ੍ਰਮਾਣਿਕਤਾ ਨੂੰ ਨਿਸ਼ਚਿਤ ਕਰਨ ਦੇ ਯੋਗ ਹੋ ਸਕਦੇ ਹਾਂ।
‘ਕੁੱਤੀ ਵਿਹੜਾ’ ਨੂੰ ਲਿਖਣ ਦਾ ਉਦੇਸ਼ ਕਹਾਣੀਕਾਰ ਕਹਾਣੀ ਦੇ ਆਰੰਭ ਵਿੱਚ ਨਿਸ਼ਚਿਤ ਕਰ ਦਿੰਦਾ ਹੈ। ਉਸ ਨੇ ਇਹ ਕਹਾਣੀ ਲਿਖਣ ਦਾ ਮਨ ਆਖ਼ਰ ਕਿਉਂ ਬਣਾਇਆ? ਕਹਾਣੀਕਾਰ ਇਸ ਸਵਾਲ ਦਾ ਨਿਪਟਾਰਾ ਕਰਕੇ ਅਗਾਂਹ ਵਧਦਾ ਹੈ ਤੇ ਜਿਸ ਘਟਨਾ ਦਾ ਵਰਣਨ ਉਹ ਜਿਸ ਸੰਦਰਭ ਵਿੱਚ ਕਰਦਾ ਹੈ, ਉਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਉਸ ਨੇ ਇਹ ਕਹਾਣੀ ਦਬਾਅ ਹੇਠ ਆ ਕੇ ਲਿਖੀ ਹੈ, ਮਾਂ ਕਾਲੀ ਦੇ ਦਬਾਅ ਹੇਠ ਆ ਕੇ ਜਿਸ ਨੇ ਕਹਾਣੀਕਾਰ ਨੂੰ ਸੁਪਨੇ ’ਚ ਆ ਕੇ ਆਤੰਕਿਤ ਕੀਤਾ ਤੇ ਕਿਹਾ ਕਿ ਉਹ ਉਸ ਦੇ ਦਲਿਤ ਬੱਚਿਆਂ ਬਾਰੇ ਲਿਖੇ ਨਹੀਂ ਤਾਂ ਉਹ ਲੇਖਕ ਦਾ ਬੁਰਾ ਹਸ਼ਰ ਕਰੇਗੀ। ਇਸ ਤਰ੍ਹਾਂ ਦਬਾਅ ਹੇਠ ਆ ਕੇ ਲਿਖੀ ਕਹਾਣੀ ਦਾ ਉਹੀ ਹਸ਼ਰ ਹੋ ਸਕਦਾ ਸੀ ਜਿਸ ਤਰ੍ਹਾਂ ਦਾ ਪੁਲੀਸ ਦੇ ਦਬਾਅ ਹੇਠ ਆ ਕੇ ਦਿੱਤੇ ਬਿਆਨ ਦਾ। ਅਪਣੀ ਦਬਾਅ ਹੇਠ ਕੀਤੀ ਵਚਨਬੱਧਤਾ ਕਾਰਨ ਉਹ ‘ਕੁੱਤੀ ਵਿਹੜਾ’ ਵਿੱਚ ਜਿਹੜਾ ਵੀ ਕੱਚਾ-ਪੱਕਾ ਮਸਾਲਾ ਮਿਲਦਾ ਹੈ, ਉਹਨੂੰ ਕਹਾਣੀ ਵਜੋਂ ਵਰਤਦਾ ਤੁਰਿਆ ਜਾਂਦਾ ਹੈ ਅਤੇ ਇੱਕ ਲੰਬਾ-ਚੌੜਾ ਕਥਾਨਕ ਬਣਾ ਧਰਦਾ ਹੈ ਤੇ ਮਗਰੋਂ ਸਾਰ ਤੱਤ ਵੀ ਪੇਸ਼ ਕਰ ਦਿੰਦਾ ਹੈ।
‘ਕਾਲੀ ਮਾਤਾ’ ਸ਼ਿਵ ਦੀ ਪਤਨੀ ਹੈ। ਸ਼ਿਵ ਬਾਰੇ ਖ਼ਿਆਲ ਕੀਤਾ ਜਾਂਦਾ ਹੈ ਕਿ ਇਹ ਪੂਰਵ-ਵੈਦਿਕ ਕਾਲ ਦਾ ਦੇਵਤਾ ਹੈ। ਇਹ ਵੀ ਸਮਝਿਆ ਜਾਂਦਾ ਹੈ ਕਿ ਪੂਰਵ-ਵੈਦਿਕ ਸਭਿਅਤਾ ਦਰਾਵਿੜ ਜਾਤੀ ਦੇ ਲੋਕਾਂ ਦੀ ਸਭਿਅਤਾ ਸੀ ਜਿਨ੍ਹਾਂ ਨੂੰ ਮਗਰੋਂ ਆਰੀਆ ਲੋਕਾਂ ਨੇ ਅਪਣੇ ਗੁਲਾਮ ਬਣਾ ਕੇ ਦਲਿਤਾਂ ਵਿੱਚ ਤਬਦੀਲ ਕਰ ਦਿੱਤਾ। ਪ੍ਰੰਤੂ ਕਹਾਣੀਕਾਰ ਇਸ ਤੱਥ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕਰ ਗਿਆ ਕਿ ਸ਼ਿਵ ਹੋ ਸਕਦਾ ਹੈ ਕਿ ਦਰਾਵਿੜਾਂ (ਦਲਿਤਾਂ) ਦਾ ਦੇਵਤਾ ਹੋਵੇ ਪ੍ਰੰਤੂ ਸਾਡੇ ਕੋਲ ਇਸਦੀ ਕੋਈ ਵੀ ਦਰਾਵਿੜ ਰੀਤੀ ਦੀ ਵਿਆਖਿਆ ਉਪਲਬਧ ਨਹੀਂ ਸਗੋਂ ਇਹ ਦੋਵੇਂ ਦੇਵੀ-ਦੇਵਤਾ ਤਾਂ ਬ੍ਰਾਹਮਣਵਾਦੀ ਸੰਸਕ੍ਰਿਤੀ ਦਾ ਅਨਿੱਖੜ ਅੰਗ ਹਨ ਤੇ ਸਵਰਨ ਹੀ ਇਹਨਾਂ ਉੱਪਰ ਅਪਣਾ ਪ੍ਰਥਮ ਦਾਅਵਾ ਜਤਾਉਂਦੇ ਹਨ। ਸਵਰਨਾਂ ਦਾ ਦੇਵੀ-ਦੇਵਤਾ ਦਲਿਤਾਂ ਦੀ ਪਿੱਠ ’ਤੇ ਆ ਖਲੋਵੇ, ਤਰਕਸੰਗਤ ਤਾਂ ਨਹੀਂ ਜਾਪਦਾ, ਧੱਕੇ ਨਾਲ ਤਾਂ ਜੋ ਮਰਜ਼ੀ ਕਹੀ-ਕਰੀ ਜਾਵੋ, ਉਂਜ ਵੀ ਸ਼ਿਵ-ਪਾਰਬਤੀ ਮਿਥਿਹਾਸਕ ਕਿਰਦਾਰ ਹਨ, ਮਿਥਿਹਾਸ ਕਦ ਹਾਸ਼ੀਏ ’ਤੇ ਧਕੇਲੇ ਗਿਆਂ ਦਾ ਬਣਦਾ ਹੈ?
ਦਲਿਤ ਕਥਾ-ਵਸਤੂ ਨੂੰ ਲੈ ਕੇ ਜਦੋਂ ਮਨਿੰਦਰ ਕਾਂਗ ਇਤਿਹਾਸ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਕਹਾਣੀ ਹੋਰ ਵੀ ਬੇਤੁਕੀ ਹੋ ਜਾਂਦੀ ਹੈ। ਜਿਉਂ-ਜਿਉਂ ਕਹਾਣੀ ਅੱਗੇ ਵਧਦੀ ਹੈ ਕਾਂਗ ਦੀ ਸੰਪ੍ਰਦਾਇਕ ਮਾਨਸਿਕਤਾ ਉੱਘੜ ਕੇ ਸਾਹਮਣੇ ਆਉਣ ਲੱਗਦੀ ਹੈ। ਸਾਹਿਤਕ ਪਾਠ ਵਿਚ ਪੇਸ਼ ਇਤਿਹਾਸ ਹਮੇਸ਼ਾ ਉਵੇਂ ਨਹੀਂ ਹੁੰਦਾ ਜਿਵੇਂ ਇਹ ਇਤਿਹਾਸ ਦੀ ਪੁਸਤਕ ਵਿਚ ਹੁੰਦਾ ਹੈ। ਸਾਹਿਤਕ ਪਾਠ ਵਿਚ ਕਿਉਂਕਿ ਇਤਿਹਾਸ ਦੀ ਕੇਵਲ ਇੱਕੋ ਪੜ੍ਹਤ ਹੁੰਦੀ ਹੈ। ਇਸ ਲਈ ਇਤਿਹਾਸ ਸਾਹਿਤਕ ਪਾਠ ਵਿਚ ਵਧੇਰੇ ਪ੍ਰਮਾਣਿਕ ਹੋਣਾ ਚਾਹੀਦਾ ਹੈ। ਸਾਹਿਤਕ ਪਾਠ ਵਿਚਲਾ ਇਤਿਹਾਸ ਉਸ ਸਮੇਂ ਦੀਆਂ ਇਤਿਹਾਸਕ-ਪ੍ਰਸਥਿਤੀਆਂ, ਇਹਨਾਂ ਨੂੰ ਬਣਾਉਣ ਵਾਲੇ ਵਿਭਿੰਨ ਤੱਤਾਂ, ਸਮਾਜਿਕ, ਆਰਥਿਕ ਤੇ ਸਾਂਸਕ੍ਰਿਤਕ ਰਿਸ਼ਤਿਆਂ ’ਤੇ ਅਧਾਰਿਤ ਹੋਣਾ ਜ਼ਰੂਰੀ ਹੈ ਨਾ ਕਿ ਵਿਅਕਤੀ ਵਸ਼ਿਸ਼ਟ ਦੀਆਂ ਸਰਗਰਮੀਆਂ ਤੇ ਉਸ ਦੇ ਜਸ ਗਾਇਨ ਉੱਪਰ। ਦਲਿਤ ਸਵਾਲ ’ਤੇ ਏਥੇ ਵੀ ਕਾਂਗ ਟਪਲਾ ਖਾ ਗਿਆ। ਕਹਾਣੀ ਅਹਿਸਾਸ ਕਰਵਾਉਂਦੀ ਹੈ ਕਿ ਇੱਕ ਧਰਮ ਵਿਸ਼ੇਸ਼ ਅਤੇ ਇਸਦੇ ਪੂਜਨੀਕ ਰਹਿਬਰ ਨੇ ਹੀ ਦਲਿਤਾਂ ਦੀ ਬਾਂਹ ਫੜੀ ਹੈ ਅਤੇ ਸਾਰ ਲਈ ਅਤੇ ਇਹ ਸਭ ਕੁਝ ਇਕ ਅਧਿਆਤਮਕ ਵਰਤਾਰਾ ਸੀ। ਇਹ ਇਤਿਹਾਸਕ ਵੇਰਵਾ ਆਂਸ਼ਿਕ ਸੱਚ ਤਾਂ ਹੋ ਸਕਦਾ ਹੈ, ਪਰੰਤੂ ਸਮੁੱਚਾ ਸੱਚ ਨਹੀਂ। ਕੋਈ ਵੀ ਧਾਰਮਿਕ ਸਮੁਦਾਇ ਜਦੋਂ ਅਪਣਾ ਵਿਸਥਾਰ ਕਰਦਾ ਹੈ ਤਾਂ ਇਹ ਵੱਡੇ ਜਨ ਸਮੂਹਾਂ ਨੂੰ ਅਪਣੇ ਘੇਰੇ ਵਿੱਚ ਲਿਆਉਣ ਦਾ ਯਤਨ ਕਰਦਾ ਹੈ। ਜ਼ਿਆਦਾਤਰ ਸਾਧਨਹੀਣ ਦਲਿਤ ਲੋਕਾਂ ਨੂੰ ਹੀ ਇਹ ਸਭ ਤੋਂ ਪਹਿਲਾਂ ਅਪਣੇ ਪ੍ਰਭਾਵ ਹੇਠ ਕਰਦਾ ਹੈ। ਭਾਰਤ ਵਿਚ ਇਸਲਾਮ ਦੇ ਪ੍ਰਵੇਸ਼ ਨਾਲ ਵਿਆਪਕ ਪੈਮਾਨੇ ’ਤੇ ਦਲਿਤਾਂ ਨੇ ਇਸਲਾਮ ਧਰਮ ਧਾਰਨ ਕੀਤਾ ਅਤੇ ਇਨਸਾਨੀ ਦਰਜਾ ਪਾਉਣ ਦਾ ਗੌਰਵ ਮਹਿਸੂਸ ਕੀਤਾ, ਫਿਰ ਮਨਿੰਦਰ ਕਾਂਗ ਇਹ ਸਿੱਧ ਕਰਨ ਦੇ ਯਤਨ ਵਿਚ ਕਿਉਂ ਹੈ ਕਿ ਕੇਵਲ ਚੌਥੀ ਪਾਤਸ਼ਾਹੀ ਵੇਲੇ ਦਲਿਤਾਂ ਨੂੰ ਮਨੁੱਖੀ ਸਨਮਾਨ ਹਾਸਲ ਹੋਇਆ।
ਏਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਕੋਈ ਧਰਮ ਸੰਸਥਾਈ ਰੂਪ ਧਾਰਨ ਕਰਦਾ ਹੈ ਤਾਂ ਕਈ ਤਰ੍ਹਾਂ ਦੇ ਨਿਰਮਾਣ ਸੰਸਥਾ ਦੀ ਉਸਾਰੀ ਨਾਲ ਜੁੜ ਜਾਂਦੇ ਹਨ। ਅਸੀਂ ਜਾਣਦੇ ਹਾਂ ਕਿ ਨਿਰਮਾਣ ਕਿਸੇ ਜਾਦੂ ਦੀ ਛੜੀ ਨਾਲ ਨਹੀਂ ਹੁੰਦਾ, ਇਸ ਲਈ ਕਿਰਤ ਦੀ ਲੋੜ ਪੈਂਦੀ ਹੈ। ਦਲਿਤ ਲੋਕ ਬੁਨਿਆਦੀ ਤੌਰ ’ਤੇ ਇੱਕ ਕਿਰਤੀ ਸ਼੍ਰੇਣੀ ਹੈ। ਇਸ ਤਰ੍ਹਾਂ ਜਦੋਂ ਕਹਾਣੀ ਵਿਚ ਉਸਰ ਰਹੇ ਇੱਕ ਸ਼ਹਿਰ ਵਿੱਚ ਫਰਿਆਦ ਲੈ ਕੇ ਆਸ-ਪਾਸ ਦੇ ਪਿੰਡਾਂ ਤੋਂ ਦਲਿਤ ਪਹੁੰਚਦੇ ਹਨ ਤਾਂ ਉਹ ਕੇਵਲ ਦਲਿਤ ਨਹੀਂ ਹਨ, ਸਗੋਂ ਕਿਰਤੀ ਵੀ ਹਨ ਤੇ ਉਹਨਾਂ ਦੀਆਂ ਸੇਵਾਵਾਂ ਵੀ ਮੁਫ਼ਤ ਵਿੱਚ ਹੀ ਹਾਸਲ ਹੋਣ ਵਾਲੀਆਂ ਹਨ। ਕੋਈ ਵੀ ਬੁੱਧੀਮਾਨ ਇਹਨਾਂ ਵਗਾਰੀਆਂ ਨੂੰ ਦੁਰਕਾਰਨਾ ਨਹੀਂ ਚਾਹੇਗਾ। ਇਸ ਤਰ੍ਹਾਂ ਉੱਸਰ ਰਹੇ ਸ਼ਹਿਰ ਵਿਚ ਦਲਿਤਾਂ ਦੀ ਸਵੀਕ੍ਰਿਤੀ ਕਿਵੇਂ ਵੀ ਇੱਕ ਅਧਿਆਤਮਕ ਵਰਤਾਰਾ ਨਹੀਂ, ਸਗੋਂ ਉਹ ਵਿਚਾਰੇ ਲੁੱਟ ਹੋਣ ਲਈ ਕੇਵਲ ਇਕ ਨਵੀਂ ਜਗ੍ਹਾ ’ਤੇ ਹੀ ਪਹੁੰਚੇ ਹਨ।
ਸਿੱਖੀ ਦੇ ਉਥਾਨ ਸਮੇਂ ਯੂਰਪ ਵਿੱਚ ਸਾਮੰਤਸ਼ਾਹੀ ਦੀ ਜਕੜ ਟੁੱਟ ਰਹੀ ਸੀ ਤੇ ਸਮਾਜ ਵਿੱਚ ਪੂੰਜੀਵਾਦੀ ਰਿਸ਼ਤੇ ਜ਼ੋਰ ਪਕੜ ਰਹੇ ਸਨ। ਵਪਾਰ ਤੇ ਸਨਅਤ ਨੂੰ ਉਤਸ਼ਾਹ ਮਿਲ ਰਿਹਾ ਸੀ। ਬੁਰਜ਼ੁਵਾ ਉਦਾਰਵਾਦੀ ਕੀਮਤਾਂ ਪ੍ਰਮੁੱਖਤਾ ਹਾਸਲ ਕਰ ਰਹੀਆਂ ਸਨ। ਇਸ ਵਰਤਾਰੇ ਦਾ ਵਿਸ਼ਵ ਵਿਆਪੀ ਪ੍ਰਭਾਵ ਵੀ ਸਾਹਮਣੇ ਆ ਰਿਹਾ ਸੀ। ਇਹ ਬੁਰਜ਼ੁਵਾ ਉਦਾਰਵਾਦੀ ਕਦਰਾਂ ਹੀ ਸਨ ਜਿਨ੍ਹਾਂ ਨੇ ਜਾਤ ਪਾਤ ਤੇ ਛੂਤ ਛਾਤ ਨੂੰ ਪਹਿਲੀ ਸੱਟ ਮਾਰੀ ਤੇ ਜਾਤ ਪਾਤ ਦੇ ਵਿਰੁੱਧ ਹੁਣ ਵਾਲਾ ਮਾਹੌਲ ਸਿਰਜਣ ਵਿਚ ਬੁਨਿਆਦੀ ਭੂਮਿਕਾ ਨਿਭਾਈ। ਇੱਕ ਵਪਾਰੀ ਜਿਸ ਨੇ ਅਪਣਾ ਮਾਲ ਵੇਚਣਾ ਹੈ, ਨਿਸ਼ਚੇ ਹੀ ਅਪਣੇ ਗ੍ਰਾਹਕ ਦੀ ਜਾਤ ਨਹੀਂ ਪਰਖੇਗਾ। ਬਾਜ਼ਾਰ ਉਸ ਨੂੰ, ਬਿਨਾ ਕਿਸੇ ਵਿਤਕਰੇ ਦੀ ਭਾਵਨਾ ਦੇ, ਗ੍ਰਾਹਕਾਂ ਦੇ ਨੇੜੇ ਕਰੇਗਾ ਤੇ ਇਸ ਤਰ੍ਹਾਂ ਜਾਤ ਪਾਤ ਦਾ ਵਿਚਾਰ ਇੱਕ ਬੰਨ੍ਹੇ ਰਹਿ ਜਾਵੇਗਾ। ਇੰਜ ਹੀ ਸਨਅਤਕਾਰ ਵੀ ਕਿਰਤੀ ਪ੍ਰਤੀ ਅਪਣਾ ਵਤੀਰਾ ਬਦਲੇਗਾ। ਬੰਧੂਆ ਕਿਰਤ ਨੂੰ ਵਗਾਰ ਤੋਂ ਮੁਕਤ ਵੀ ਪੂੰਜੀਵਾਦ ਨੇ ਹੀ ਕੀਤਾ ਹੈ। ਇਸ ਚਰਚਾ ਦਾ ਉਦੇਸ਼ ਕੇਵਲ ਇਹੀ ਹੈ ਕਿ ਜਾਤ ਪਾਤ ਪ੍ਰਤੀ ਅਤੀਤ ਵਿੱਚ ਜਿਹੜੇ ਮੁੱਢਲੇ ਪ੍ਰਤੀਕਰਮ ਦੇਖਣ ਨੂੰ ਮਿਲਦੇ ਹਨ ਉਹਨਾਂ ਦੇ ਕਾਰਨ ਆਰਥਿਕ ਤੇ ਸਮਾਜਿਕ ਵਧੇਰੇ ਸਨ, ਨਾ ਕਿ ਅਧਿਆਤਮਿਕ।
‘ਕੁੱਤੀ ਵਿਹੜਾ’ ਵਿੱਚੋਂ ਇਤਿਹਾਸ ਨੂੰ ਖੜੋਤ ਦੀ ਸਥਿਤੀ ਵਿੱਚ ਦੇਖਣ ਦਾ ਦ੍ਰਿਸ਼ਟੀ ਦੋਸ਼ ਵੀ ਝਲਕਦਾ ਹੈ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਲੇਖਕ ਜਾਤ ਵਿਸ਼ੇਸ਼ (ਦਲਿਤ ਸ਼੍ਰੇਣੀ) ਦਾ ਸਿਰਫ ਇਕ ਪਾਸਾ ਹੀ ਦੇਖ ਰਿਹਾ ਹੈ। ਇਤਿਹਾਸ ਦੇ ਕਾਲਿਕ ਪ੍ਰਵਾਹ ਦੌਰਾਨ ਪੜਾਅ ਦਰ ਪੜਾਅ ਇਸ ਸ਼੍ਰੇਣੀ ਦੇ ਜੀਵਨ ਵਿਚ ਜੋ ਸਕਾਰਾਤਮਿਕ ਤਬਦੀਲੀਆਂ ਵਾਪਰੀਆਂ ਹਨ, ਉਹਨਾਂ ਨੂੰ ਉਹ ਅਣਡਿੱਠ ਹੀ ਕਰ ਦਿੰਦਾ ਹੈ। ਲੇਖਕ ਦੀ ਨਜ਼ਰ ਵਿਚ ਤਾਂ ਇਹ ਲੋਕ ਜਿਵੇਂ ਆਦਿ-ਅਪਰਾਧੀ ਹੀ ਹਨ, ਜਦਕਿ ਇਨ੍ਹਾਂ ’ਚੋਂ ਵੀ ਉਹ ਲੋਕ ਉੱਭਰੇ ਹਨ, ਜਿਨ੍ਹਾਂ ਨੇ ਆਧੁਨਿਕ ਵਿੱਦਿਆ ਹਾਸਲ ਕਰਕੇ, ਰਾਖਵੇਂਕਰਨ ਦਾ ਲਾਭ ਲੈ ਕੇ ਤੇ ਸਰਮਾਏਦਾਰੀ ਨਿਜ਼ਾਮ ਦੁਆਰਾ ਮੋਕਲੇ ਕੀਤੇ ਮਾਹੌਲ ਅਨੁਸਾਰ ਢਲ਼ ਕੇ ਅਪਣੀ ਕਾਬਲੀਅਤ ਸਾਬਤ ਕੀਤੀ ਹੈ।
ਕਹਾਣੀ ਵਿੱਚ ਹੋਛੇਪਣ ਦੀਆਂ ਤਾਂ ਅਨੇਕਾਂ ਮਿਸਾਲਾਂ ਹਨ। ਜਿਵੇਂ ਉਹ ਜਨਸੰਘੀਆਂ ਲਈ ‘ਲਾਲਾ’ ਸੰਬੋਧਨ ਵਰਤਦਾ ਹੈ। ਇਸ ਹਿਸਾਬ ਤਾਂ ਲਾਲਾ ਹਰ ਦਿਆਲ ਤਾਂ ਜਨਸੰਘੀ ਹੀ ਹੋਇਆ। ਇਸੇ ਤਰ੍ਹਾਂ ਮਾਰਵਾੜੀਆਂ ਨਾਲ ਤਾਂ ਉਸ ਨੇ ਇੱਕ ਸਿਰੇ ਦਾ ਇਖ਼ਲਾਕੋਂ ਗਿਰਿਆ ਊਟ-ਪਟਾਂਗ ਪ੍ਰਸੰਗ ਹੀ ਜੋੜ ਦਿੱਤਾ। (ਚੂਪਿਆਂ ਵਾਲਾ)। ਪੰਜਾਬੀ ਦੇ ਕਥਾ ਸਾਹਿਤ ਵਿੱਚ ‘ਕੁੱਤੀ ਵਿਹੜਾ’ ਵਾਸਤਵ ਵਿੱਚ ਮੰਦਭਾਗਾ ਵਾਧਾ ਹੀ ਹੈ।
ਕਮਲ ਦੁਸਾਂਝ ਦੀ ਕਹਾਣੀ ‘ਖੁੱਲ੍ਹਾ ਬੂਹਾ’ ਯਥਾਰਥਵਾਦੀ ਸ਼ੈਲੀ ਦੀ ਕਹਾਣੀ ਹੈ, ਜੋ ਵਰਜਿਤ ਰਿਸ਼ਤਿਆਂ ਦੇ ਟੁੱਟਦੇ ਹੱਦ ਬੰਨ੍ਹਿਆਂ ਨੂੰ ਬੇਪਰਦ ਕਰਦੀ ਹੈ। ਅਜਿਹਾ ਵਾਪਰਣ ’ਤੇ ਜਿਹੜੀ ਸਦਾਚਾਰਕ ਦਹਿਸ਼ਤ ਪੈਦਾ ਹੁੰਦੀ ਹੈ ਉਸ ਪ੍ਰਤੀ ਇਹ ਕਹਾਣੀ ਚਿੰਤਾ ਦਾ ਇਜ਼ਹਾਰ ਕਰਦੀ ਹੈ। ਇਹ ਸਮੱਸਿਆ ਸੱਚਮੁੱਚ ਹੀ ਗੰਭੀਰ ਹੈ ਪ੍ਰੰਤੂ ਲੇਖਿਕਾ ਨੂੰ ਕਾਮ ਦੇ ਹੋਰ ਪਸਾਰਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਸ ਬਿਰਤੀ ਨੂੰ ਕੇਵਲ ਤੇ ਕੇਵਲ ਨੈਤਿਕ ਦ੍ਰਿਸ਼ਟੀ ਤੋਂ ਨਹੀਂ ਦੇਖਣਾ ਚਾਹੀਦਾ ਜੋ ਵਿਅਕਤੀਤਵ ਦੇ ਨਿਘਾਰ ਦੀਆਂ ਸੰਭਾਵਨਾਵਾਂ ਦੀ ਸੂਚਕ ਹੈ ਜਦਕਿ ਇਸ ਬਿਰਤੀ ਦੀ ਤੀਬਰਤਾ ਵਿੱਚ ਕਈ ਵਾਰ ਵਿਅਕਤੀਤਵ ਦੇ ਉਸਾਰ ਦੀਆਂ ਸੰਭਾਵਨਾਵਾਂ ਵੀ ਬਣਦੀਆਂ ਹਨ। ਇਸ ਬਿਰਤੀ ਦਾ ਸਾਰ ਸਮਝਣ ਲਈ ਮੈਂ ਕਮਲ ਦੁਸਾਂਝ ਨੂੰ ਮਹਾਨ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਦੀ ਜੀਵਨੀ ਦਾ ਅਧਿਅੇਨ ਕਰਨ ਦੀ ਸਿਫਾਰਸ਼ ਕਰਾਂਗਾ।
ਮੁੱਲਾਂਪੁਰ (ਲੁਧਿਆਣਾ)

ਕਿਸਾਨੀ ਸੰਕਟ ਦਾ ਭਾਵਪੂਰਤ ਚਿਤਰਨ – ਬਲਕਾਰ ਔਲਖ
‘ਹੁਣ’ ਅੰਕ-9 ਵਿੱਚ ਛਪੀ ਬਲਜਿੰਦਰ ਨਸਰਾਲੀ ਦੀ ਕਹਾਣੀ ‘ਜੇ ਅਪਨੀ ਬਿਰਥਾ ਕਹੂੰ’ ਪੰਜਾਬੀ ਕਿਸਾਨੀ ਦੇ ਆਰਥਿਕ ਸੰਕਟ ਨੂੰ ਯਥਾਰਥਕ ਅਤੇ ਜੀਵੰਤ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੀ ਬਿਹਤਰੀਨ ਕਹਾਣੀ ਹੈ। ਮਨੋਬਚਨੀ ਬਿਰਤਾਂਤ ਜੁਗਤ ਸਿਰਜਦੀ ਇਹ ਕਹਾਣੀ ਔਰਤ ਦੀ ਸਮਾਜਿਕ ਸਥਿਤੀ, ਰਿਸ਼ਤਿਆਂ ’ਤੇ ਵਿਅਕਤੀਵਾਦ ਦਾ ਭਾਰੂ ਹੁਣਾ, ਮਸ਼ੀਨੀਕਰਣ ਕਾਰਨ ਨਿਮਨ ਕਿਸਾਨੀ ਨੂੰ ਦਰਪੇਸ਼ ਸੰਕਟ/ਚੁਣੌਤੀਆਂ, ਜਾਤਗਤ ਹਉਮੈ, ਗਲੋਬਲੀਕਰਨ ਦੇ ਵਿਗਿਆਨਕ ਪ੍ਰਭਾਵ, ਲੋਕ ਲਹਿਰਾਂ ਉਭਾਰ ਵੱਲ ਸੰਕੇਤ ਆਦਿ ਅਹਿਮ ਮੁੱਦਿਆਂ ਨੂੰ ਅਤਿ-ਸੰਵੇਦਨਾਤਮਕ ਅਤੇ ਭਾਵਪੂਰਤ ਢੰਗ ਨਾਲ ਚਿਤਰਦੀ ਹੈ।
ਪੰਜਾਬ ਦੀ ਕਿਸਾਨੀ ਦਾ ਸੰਕਟ ਅਤਿ ਗਹਿਰਾ ਹੈ। ਖੇਤੀ ਦਾ ਆਧੁਨਿਕੀਕਰਣ ਹੋਣ ਨਾਲ ਭਾਵੇਂ ਪੰਜਾਬ ਦੀ ਧਨਾਡ ਕਿਸਾਨੀ ਨੂੰ ਲਾਭ ਹੋਇਆ ਹੈ ਪ੍ਰੰਤੂ ਨਿਮਨ ਕਿਸਾਨੀ ਮਨੁੱਖੀ-ਕਿਰਤ ਨਾਲੋਂ ਟੁੱਟ ਕੇ ਮਸ਼ੀਨੀਕਰਣ ’ਤੇ ਅਧਾਰਿਤ ਹੋ ਗਈ। ਜਿਸ ਨਾਲ ਲਾਗਤ ਮੁੱਲ ਵਧਦਾ ਗਿਆ ਅਤੇ ਕਿਰਤ ਮੁੱਲ ਘਟਦਾ ਗਿਆ। ਫਸਲੀ ਪੈਦਾਵਾਰ ਦਾ ਵਾਜਬ ਮੁੱਲ ਨਾ ਮਿਲਣ ਕਰਕੇ ਲੁੱਟ ਪਰਸਪਰ ਜਾਰੀ ਰਹੀ। ਇਸ ਪ੍ਰਕਾਰ ਛੋਟੀ ਕਿਸਾਨੀ ਦਿਨ ਪ੍ਰਤੀ ਦਿਨ ਸੰਕਟਮਈ ਪ੍ਰਸਥਿਤੀਆਂ ’ਚ ਫਸਦੀ ਗਈ। ਕਹਾਣੀ ’ਚ ਨਿਰਮੈਲ ਹੋਰਾਂ ਦਾ ਸਾਂਝੇ ਰੂਪ ’ਚ ਟਰੈਕਟਰ ਖਰੀਦਣਾ; ਇਕੱਲੇ ਤੌਰ ’ਤੇ ਟਰੈਕਟਰ ਰੱਖਣਾ; ਵੇਚਣਾ; ਖੇਤੀ ਦੇ ਸੰਦਾਂ ਦਾ ਵਿਕਣਾ, ਜ਼ਮੀਨੀ ਪਾਣੀ ਦਾ ਪੱਧਰ ਡਿੱਗਣਾ, ਨਵੇਂ ਸਮਰਸੀਬਲ ਟਿਊਬਵੈੱਲਾਂ ਦਾ ਖਰਚਾ ਆਦਿ ਕਿਸਾਨੀ ਦੇ ਸੰਕਟ ’ਚ ਫਸੇ ਹੋਣ ਦਾ ਮਾਰਮਿਕ ਚਿਤਰਨ ਹਨ।
ਕਹਾਣੀ ਵਿਚ ਆਏ ਇਸਤਰੀ ਪਾਤਰ ਜਿਵੇਂ ਨਿਰਮੈਲ ਹੋਰਾਂ ਦੀ ਮਾਤਾ ਸੀਬੋ, ਪਾਸ਼ੋ, ਸੁਖਜੀਤ ਭੈਣ ਜੀ, ਨਿੰਦਰ ਦੀ ਪਤਨੀ ਸੁਖਰਾਜ ਆਦਿ ਭਾਵੇਂ ਜਗੀਰੂ ਮਾਨਸਿਕ ਅਵਚੇਤਨ ਵਾਲੇ ਸਮਾਜ ਕਾਰਨ ਪ੍ਰਸਥਿਤੀਆਂ ਦੇ ਵਸ ਅਧੀਨ ਹਨ ਪ੍ਰੰਤੂ ਉਹ ਅਪਣੇ ਹੱਕਾਂ ਅਤੇ ਫਰਜ਼ਾਂ ਪ੍ਰਤੀ ਸੁਚੇਤਨਤਾ ਦਰਸਾਉਂਦੀਆਂ ਹਨ। ਸੀਬੋ ਦਾ ਅਪਣੇ ਸ਼ਰਾਬੀ ਪਤੀ ਨਛੱਤਰ ਨਾਲ ਪ੍ਰਤੀਰੋਧ, ਸੁਖਜੀਤ ਦੁਆਰਾ ਰਿਸ਼ਤਾ ਤੋੜ ਕੇ ਅਪਣਾ ਵਰ ਬਰਾਬਰ ਦੇ ਅਹੁਦੇ ਵਾਲਾ ਹੋਣ ਦੀ ਮੰਗ ਕਰਨੀ ਅਤੇ ਜ਼ਮੀਨ ਵੇਚਣ ਸਮੇਂ ਸੁਖਰਾਜ ਦਾ ਅਪਣੇ ਹਿੱਸੇ ਸਬੰਧੀ ਬੋਲਣਾ; ਭਵਿੱਖੀ ਸ਼ੰਕੇ ਤੋਂ ਨਿੰਦਰ ਨੂੰ ਸੁਚੇਤ ਕਰਨਾ ਇਸਤਰੀ ਦੀ ਜਾਗ੍ਰਿਤ ਅਵਸਥਾ ਦੇ ਸੂਚਕ ਪ੍ਰਕਾਰਜ ਹਨ, ਪ੍ਰੰਤੂ ਨਿਰਮੈਲ ਦੀ ਧੀ ਜੀਤੀ ਦਾ ਦਹੇਜ ਦੀ ਘਾਟ ਕਾਰਨ ਅਣਜੋੜ ਵਿਆਹ ਅਜੇ ਵੀ ਔਰਤ ’ਤੇ ਹੋ ਰਹੇ ਦਮਨ ਦਾ ਪ੍ਰਗਟਾ ਹੈ।
ਆਧੁਨਿਕ ਯੁੱਗ ’ਚ ਵਿਅਕਤੀਵਾਦ ਭਾਰੂ ਹੋ ਰਿਹਾ ਹੈ ਅਤੇ ਰਿਸ਼ਤਿਆਂ ਨੂੰ ਪਦਾਰਥਵਾਦ ਅੱਗੇ ਮਨਫ਼ੀ ਕੀਤਾ ਜਾ ਰਿਹਾ ਹੈ। ਇਸੇ ਕਰਕੇ ਨਿਰਮੈਲ ਦੀ ਮਾਤਾ ਇਹ ਕਹਿੰਦੀ ਹੈ ਕਿ ….
”ਠੀਕ ਐ ਭਾਈ ਮੁੰਡਾ ਪੜ੍ਹ ਗਿਆ, ਨੌਕਰੀ ’ਤੇ ਲੱਗ ਗਿਆ ਹੁਣ ਚਾਚੇ ਦੇ ਟੱਬਰ ਨਾਲ ਵੰਡ ਕੇ ਕਿਉਂ ਖਾਵੇ?’’
ਨਿੰਦਰ ਦਾ ਕਰਜ਼ੇ ’ਚੋਂ ਹਿੱਸਾ ਨਾ ਵੰਡਾਉਣਾ, ਸ਼ਹਿਰ ’ਚ ਨਿਵਾਸ ਕਰਕੇ ਆਧੁਨਿਕ ਸੁੱਖ ਸਹੂਲਤਾਂ ਨੂੰ ਮਾਨਣ ਦੀ ਚੇਸ਼ਟਾ ਵਿਅਕਤੀਵਾਦ ਦੇ ਰਿਸ਼ਤਿਆਂ ’ਤੇ ਹਾਵੀ ਹੋਣ ਦਾ ਪ੍ਰਗਟਾ ਹੈ। ਜਾਤੀਗਤ ਹਉਮੈ ਨਾਲ ਸਬੰਧਤ ਵਰਤਾਰੇ ਕਹਾਣੀ ਵਿਚ ਕਈ ਜਗ੍ਹਾ ਦ੍ਰਿਸ਼ਟੀਗਤ ਹੋਏ ਹਨ :
”ਕਪੂਰਿਆ ਮੈਂ ਹੁਣ ਚੰਗਾ ਲੱਗੂੰ ਭਈਆਂ ਬਰਾਬਰ ਬੈਠ ਕੇ ਸਬਜ਼ੀ ਵੇਚਦਾ।’’
”ਬੱਚਤ ਤਾਂ ਹੈਗੀ ਪਰ ਭਈਆਂ ਦੇ ਬਰਾਬਰ ਬੈਠਣਾ ਸੌਖਾ ਨੀਂ…’’
”ਜੇ ਬੰਦਾ ਜ਼ਿੰਦਗੀ ਵਿੱਚ ਇਕ ਵੀ ਖੁਸ਼ੀ ਸਾਂਝੀ ਨਾ ਕਰ ਸਕੇ ਫਿਰ ਇਹੋ ਜਿਹੀ ਜ਼ਿੰਦਗੀ ਦਾ ਹੱਜ ਐ ਕੋਈ…।’’
ਨਿਰਮੈਲ ਸਿਆਂ ਤੈਨੂੰ ਇੱਕ ਗੱਲ ਕਹਿਣੀ ਸੀ, ਕਿੰਨੀ ਸੋਡੀ ਚੜ੍ਹਤ ਰਹੀ ਐ ਪਿੰਡ ਵਿੱਚ, ਹੁਣ ਤੂੰ ਇਹ ਕੰਮ ਕਰਦਾ ਚੰਗਾ ਨੀਂ ਲੱਗਦਾ….।’’
ਆਰਥਿਕ ਮੰਦਹਾਲੀ ਹੰਢਾ ਰਿਹਾ ਨਿਰਮੈਲ ਸਿੰਘ ਅਪਣੀ ਜਾਤੀਗਤ ਮਾਨਸਿਕਤਾ ਤਿਆਗਣ ਲਈ ਤਿਆਰ ਨਹੀਂ ਭਾਵੇਂ ਉਹ ਉਪਜੀਵਕਾ ਕਮਾਉਣ ਲਈ ਸਾਰੇ ਵਸੀਲੇ ਮਜ਼ਦੂਰ-ਕਾਮਾ ਵਰਗ ਵਾਲੇ ਅਪਣਾ ਰਿਹਾ ਹੈ। ਇਸ ਤਰ੍ਹਾਂ ਦੀ ਜਾਤੀ ਸੂਚਕ ਅਤੇ ਫੋਕੀ ਹੈਂਕੜ ਲੋਕ-ਲਹਿਰਾਂ ਦੇ ਉਸਾਰ ਵਿਚ ਨਾਕਾਰਾਤਮਕ ਭੂਮਿਕਾ ਨਿਭਾਉਂਦੀ ਹੈ।
ਗਲੋਬਲੀਕਰਣ ਰਾਹੀਂ ਜਿੱਥੇ ਅੰਤਰਰਾਸ਼ਟਰੀ ਪੱਧਰ ’ਤੇ ਸੂਚਨਾ ਤਕਨਾਲੋਜੀ ਦੇ ਅਦਾਨ ਪ੍ਰਦਾਨ ਦਾ ਸੰਚਾਲਨ ਹੋਇਆ, ਬਹੁਕੌਮੀ ਕੰਪਨੀਆਂ ਦਾ ਨਿਰਸ਼ੁਲਕ ਪ੍ਰਵੇਸ਼ ਹੋਇਆ, ਉੱਥੇ ਕਿਰਤੀਆਂ ਦੇ ਪ੍ਰਵਾਸ ’ਤੇ ਰੋਕਾਂ ਹੋਰ ਸਖ਼ਤ ਹੋ ਗਈਆਂ। ਸਮਕਾਲੀ ਸਮੇਂ ’ਚ ਪਰਵਾਸ ਲਈ ਤਾਂਘ ਰਹੀ ਨੌਜਵਾਨੀ ਵੱਲ ਸੰਕੇਤ ਭਜਨੇ ਦੇ ਲੜਕੇ ਕਰਮੇ ਦੇ ਪਾਤਰ ਰਾਹੀਂ ਹੋਇਆ ਹੈ, ਜੋ ਜ਼ਮੀਨ ਵੇਚ ਕੇ ਪ੍ਰਦੇਸ ਜਾਣਾ ਚਾਹੁੰਦਾ ਹੈ।
”ਬਾਕੀ ਬਚੇ ਤਿੰਨ ਲੱਖ, ਹੁਣ ਉਹ ਕਿਹੜੇ ਦੇਸ਼ ਜਾਵੇ? ਚੰਗੇ ਦੇਸ਼ਾਂ ਦੇ ਭਾਅ ਊਂ ਦਸ-ਦਸ ਲੱਖ ਟੱਪੇ ਹੋਏ ਨੇ।’’
ਗਲੋਬਲੀਕਰਣ ਤਹਿਤ ਪ੍ਰਚਾਰੀਆਂ ਅਤੇ ਪਸਰੀਆਂ ਸਹੂਲਤਾਂ ਦੇ ਮੁਨਾਫ਼ਾਗਤ ਤਰਕ ਕਾਰਨ ਆਮ ਵਿਅਕਤੀ ਭਰਮ ਜਾਲ ਵਿੱਚ ਫਸ ਕੇ ਹਾਸ਼ੀਆਗ੍ਰਸਤ ਹੋ ਕੇ ਰਹਿ ਗਿਆ ਹੈ :
”ਹੋਰ ਦੱਸ ਹੁਣ ਕੀ ਕਰੀਏ, ਟੈਲੀਫੂਨ ਕਟਾਉਨੇ ਆਂ ਤਾਂ ਟੈਲੀਫੂਨ ਬਿਨਾ ਨੀ ਸਰਦਾ। ਬਿਜਲੀ ਦਾ ਕੁਨੈਕਸ਼ਨ ਆਪਾਂ ਨੀ ਕਟਾ ਸਕਦੇ। ਕੇਬਲ ਕਰਮਾ ਨੀ ਕਟਾਉਣ ਦਿੰਦਾ। ਹੁਣ ਦੱਸ ਸਕੂਟਰ ਨਾ ਚਲਾਈਏ ਕਿ ਬੱਸ ਨਾ ਚੜ੍ਹੀਏ? ਸਿਨਮਿਆਂ, ਕਲੱਬਾਂ ’ਚ ਅਸੀਂ ਨੀ ਜਾਂਦੇ…’’
ਸਾਮਰਾਜੀ ਸਭਿਆਚਾਰ ਦਾ ਅਸਰ ਬੱਚਿਆਂ ’ਤੇ ਵੀ ਵਿਆਪਕ ਪਸਰਿਆ ਦਰਸਾਇਆ ਗਿਆ ਹੈ :-
”ਬੜੇ ਪਾਪਾ ਜੇ ਮੇਰੀ ਜ਼ਮੀਨ ਵੇਚੀ ਐ ਮੈਂ ਸੋਨੂੰ ਸੁਪਰਮੈਨ ਤੋਂ ਮਰਵਾਦੂੰ…।’’
ਸਮੁੱਚੇ ਰੂਪ ਵਿੱਚ ਕਹਾਣੀ ਅਪਣੀ ਕਥਾ-ਵਸਤੂ ਅਤੇ ਸੰਗਠਿਤ ਬਣਤਰ ਦੇ ਰਾਹੀਂ ਪੜ੍ਹਾਅ ਦਰ ਪੜ੍ਹਾਅ ਘਟਨਾਵਾਂ ਦੀ ਪੇਸ਼ਕਾਰੀ ਕਰਦਿਆਂ ਅਪਣਾ ਪ੍ਰਭਾਵ ਛੱੜਦੀ, ਸੰਵੇਦਨਾ ਨੂੰ ਝੰਜੋੜਦੀ ਹੈ। ਸਮੁੱਚਾ ਪ੍ਰਭਾਵ ਪਾਠਕ ’ਤੇ ਇਸ ਤਰ੍ਹਾਂ ਬਣਦਾ ਹੈ ਕਿ ਕਿਰਤੀ ਸਾਰੀ ਉਮਰ ਦਿਨ ਰਾਤ ਹੱਡ ਭੰਨਵੀਂ ਮਿਹਨਤ ਦੇ ਬਾਵਜੂਦ ਦੁਸ਼ਵਾਰ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਕੀ ਇਹ ਕਸ਼ਟ, ਕੋਝ ਕਿਰਤੀਆਂ ਦੀ ਹੋਣੀ ਹੈ? ਕੀ ਇਸ ਦਾ ਕੋਈ ਸਾਰਥਕ ਹੱਲ ਹੈ? … ਵਿਸ਼ਵੀਕਰਨ ਦਾ ਪ੍ਰਚਾਰ ਤਾਂ ਲੋਕ ਪੱਖੀ ਹੈ ਪ੍ਰੰਤੂ ਕੀ ਇਸ ਦੇ ਸਿੱਟੇ ਵੀ ਲੋਕ ਪੱਖੀ ਹਨ? … ਕੀ ਜਾਤੀ ਸੂਚਕ ਮਾਨਸਿਕਤਾ ਨੂੰ ਅਵਚੇਤਨ ’ਚੋਂ ਖਾਰਜ ਕਰਕੇ ਲੋਕ-ਲਹਿਰਾਂ ਦੇ ਉਸਾਰ ਵੱਲ ਨਹੀਂ ਵਧਣਾ ਚਾਹੀਦਾ? … ਕੀ ਮਨੁੱਖੀ ਜ਼ਿੰਦਗੀ ’ਚ ਰਿਸ਼ਤਿਆਂ ਦੀ ਅਹਿਮੀਅਤ ਨੂੰ ਇਸ ਕਦਰ ਘਟਾਇਆ ਜਾ ਸਕਦਾ ਹੈ? …. ਆਦਿ ਅਨੇਕਾਂ ਸਵਾਲ ਪਾਠਕ ਦੇ ਮਨ ’ਚ ਉੱਠਦੇ ਹਨ ਅਤੇ ਸੋਚਣ ਲਈ ਮਜਬੂਰ ਕਰਦੇ ਹਨ।
ਕਹਾਣੀ ਦਾ ਅੰਤ ਉਦਾਸੀਨ ਅਤੇ ਵਿਅੰਗਆਤਮਕ ਹੈ। ਅੰਤ ’ਚ ਜੇਕਰ ”ਮੈਂ ਬੁੱਢੀਆਂ ਲੱਤਾਂ ਨਾਲ ਲੜਾਈ ਲੜ ਸਕਾਂਗਾ ਜਾਂ ਨਹੀਂ, ਦੀ ਥਾਂ ‘ਲੜਾਈ ਲੜਾਂਗਾ’ ਹੁੰਦਾ ਤਾਂ ਕਹਾਣੀ ਦਾ ਨਵਾਂ ਆਸ਼ਾਵਾਦੀ ਪਸਾਰ ਹੋਣਾ ਸੀ। ਲੋਕਾਈ ਦੇ ਦਰਦ ਨੂੰ ਯਥਾਰਥਕ ਅਤੇ ਹਿਰਦੇ ਵੇਧਕ ਰੂਪਾਂ ’ਚ ਚਿਤਰਨ ਕਾਰਨ ਮੈਂ ਬਲਜਿੰਦਰ ਨਸਰਾਲੀ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ।
ਪਿੰਡ : ਸਫੀਪੁਰ ਕਲਾਂ (ਸੰਗਰੂਰ)

ਆਟੇ ਦੀ ਤੌਣ – ਹਰਪਿੰਦਰ ਰਾਣਾ
ਸਾਹਿਤ ਸਮਾਜ ਲਈ ਸ਼ੀਸ਼ਾ ਹੁੰਦਾ ਹੈ ਜਿਸ ਵਿਚ ਸਮਾਜ ਦੀਆਂ ਕੁਰੀਤੀਆਂ ਦਾ ਅਕਸ ਜ਼ਿਆਦਾ ਉਭਰਦਾ ਹੈ। ਇਹੀ ਰਸਮ ਨਿਭਾਈ ਹੈ ‘ਹੁਣ’ – 9 ਵਿਚ ਕਮਲ ਦੁਸਾਂਝ ਦੀ ਕਹਾਣੀ ‘ਖੁੱਲ੍ਹਾ ਬੂਹਾ’ ਨੇ। ਇਸ ਕਹਾਣੀ ਨੇ ਸਮਾਜ ਦੇ ਉਸ ਕੋਹੜ ਨੂੰ ਪੇਸ਼ ਕੀਤਾ ਹੈ ਜਿਸਨੂੰ ਰਿਸ਼ਤਿਆਂ ਦੀ ਅਖੌਤੀ ਪਵਿੱਤਰਤਾ ਦੀ ਚਾਦਰ ਨਾਲ ਢੱਕਿਆ ਹੁੰਦਾ ਹੈ। ਰਿਸ਼ਤਿਆਂ ਦੀ ਆੜ ਵਿਚ ਹੁੰਦੇ ਔਰਤ ਦੇ ਜਿਣਸੀ ਸ਼ੋਸ਼ਣ ਦੀ ਬਾਤ ਪਾਉਂਦੀ ਕਹਾਣੀ ਲੂ-ਕੰਡੇ ਤਾਂ ਖੜੇ ਕਰਦੀ ਹੀ ਹੈ, ਉਥੇ ਸੰਦੇਸ਼ ਵੀ ਦਿੰਦੀ ਹੈ ਕਿ ਮਾਵਾਂ ਨੂੰ ਚੇਤੰਨ ਹੋਣਾ ਚਾਹੀਦਾ ਹੈ ਅਤੇ ਅਪਣੀਆਂ ਬੱਚੀਆਂ ਨੂੰ ਅਜਿਹੇ ਜ਼ੁਲਮਾਂ ਨੂੰ ਛਪਾਉਣ ਦੀ ਥਾਂ ਉਸ ਵਿਰੁਧ ਆਵਾਜ਼ ਉਠਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਪਰ ਮਾਵਾਂ ਭਾਵੇਂ ਕਿ ਖੁਦ ਉਹ ਸਭ ਭੁਗਤ ਚੁੱਕੀਆਂ ਹੁੰਦੀਆਂ ਹਨ ਫਿਰ ਵੀ ਬੱਚੀਆਂ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੀਆਂ।
ਕਹਾਣੀ ਪੜ੍ਹਦਿਆਂ ਘਟਨਾਵਾਂ ਕਾਲਪਨਿਕ ਨਹੀਂ ਬਲਕਿ ਸਮਾਜ ਵਿਚ ਵਾਪਰਦੀਆਂ ਸੱਚੀਆਂ ਘਟਨਾਵਾਂ ਲੱਗਦੀਆਂ ਹਨ ਪਰ ਇਹ ਸਭ ਤਾਂ ਔਰਤ ਨਾਲ ਜੁੱਗਾਂ ਜੁਗਾਂ ਤੋਂ ਹੁੰਦਾ ਆ ਰਿਹਾ ਹੈ। ਮੇਰੀ ਦਾਦੀ ਮਾਂ ਕਹਿੰਦੀ ਹੁੰਦੀ ਸੀ, ‘ਪੁੱਤ ਕੁੜੀਆਂ ਤਾਂ ਆਟੇ ਦੀ ਤੌਣ ਹੁੰਦੀਆਂ ਨੇ। ਬਾਹਰ ਰੱਖੋ ਤਾਂ ਕਾਂ ਠੁੰਗਦੇ ਨੇ ਅੰਦਰ ਰੱਖੋ ਤਾਂ ਚੂਹੇ ਕੁਤਰਦੇ ਨੇ।’ ਪਰ ਕੀ ਐਨੇ ਸਾਲ ਬੀਤ ਜਾਣ ’ਤੇ ਵੀ ਕੁੜੀਆਂ ਸਿਰਫ਼ ਆਟੇ ਦੀ ਤੌਣ ਹੀ ਹਨ? ਕਿਉਂ ਹਾਲੇ ਵੀ ਕੁੜੀਆਂ ਨੂੰ ਹਰ ਥਾਂ ਖੜੱਪੇ ਸੱਪ ਹੀ ਘੇਰੀ ਰੱਖਦੇ ਹਨ।
ਅੱਜ ਕੁੜੀਆਂ ਦੇ ਘੱਟ ਰਹੇ ਅਨੁਪਾਤ ’ਤੇ ਤਾਂ ਫਿ਼ਕਰ ਕੀਤਾ ਜਾ ਰਿਹਾ ਹੈ। ਭਰੂਣ ਹਤਿਆ ਖ਼ਿਲਾਫ਼ ਸੈਮੀਨਾਰ ਲਗਾਏ ਜਾ ਰਹੇ ਹਨ, ਕੁੜੀਆਂ ਦੀਆਂ ਲੋਹੜੀਆਂ ਬਾਲੀਆਂ ਜਾ ਰਹੀਆਂ ਹਨ ਪਰ ਕੀ ਕਦੇ ਕਿਸੇ ਨੇ ਜਿਊਂਦੀਆਂ ਜਾਗਦੀਆਂ ਕੁੜੀਆਂ ਦੀ ਘਰੇਲੂ ਤੇ ਬਾਹਰੀ ਸੁਰੱਖਿਆ ਬਾਰੇ ਸੋਚਿਐ? ਕੀ ਕਦੇ ਕੁੜੀਆਂ ਲਈ ਇਹ ਸੈਮੀਨਾਰ ਲੱਗਿਆ ਹੈ ਕਿ ਅਪਣੀ ਰੱਖਿਆ ਘਰੇਲੂ ਅਤੇ ਬਾਹਰੀ ਰਾਖਸ਼ਾਂ ਤੋਂ ਕਿਵੇਂ ਕਰਨੀ ਹੈ। ਔਰਤ ਜੇਕਰ ਰਿਸ਼ਤੇਘਾਤੀ ਨਾਮੀ ਲੋਕਾਂ ਦੀਆਂ ਵਧੀਕੀਆਂ ਵਿਰੁੱਧ ਨਹੀਂ ਬੋਲਦੀ ਤਾਂ ਉਸ ਮਰਦ ਦਾ ਹੌਸਲਾ ਵਧਦਾ ਹੈ। ਜੇਕਰ ਏਦਾਂ ਹੀ ਕਾਮੀ ਲੋਕਾਂ ਦੇ ਹੌਸਲੇ ਵਧਦੇ ਗਏ ਤਾਂ ਫਿਰ ਇਹ ਸਮਾਜ, ਇਹ ਦੁਨੀਆਂ-ਕੁੜੀਆਂ ਦੇ ਸਾਹ ਲੈਣ ਜੋਗੀ ਹਵਾ ਵੀ ਨਹੀਂ ਛੱਡੇਗੀ।
ਮੈਂ ਪੁਸਤਕ ਸਭਿਆਚਾਰ ਫੈਲਾਉਣ ਲਈ ਯਤਨਸ਼ੀਲ ਹਾਂ ਸੋ ਹਰ ਚੰਗੀ ਕਿਤਾਬ ਤੇ ਚੰਗੇ ਰਸਾਲੇ ਬਹੁਤ ਜਣਿਆਂ ਨੂੰ ਪੜ੍ਹਨ ਲਈ ਦਿੰਦੀ ਹਾਂ। ਇਸ ਵਾਰ ਇਹ ਕਹਾਣੀ ਖਾਸ ਤੌਰ ’ਤੇ 12-13 ਔਰਤਾਂ ਨੂੰ ਪੜ੍ਹਾਈ ਤਾਂ ਸੱਚ ਮੰਨਿਓ – 12-13 ਘਟਨਾਵਾਂ ਮੇਰੇ ਕੰਨਾਂ ਦੇ ਮਹੀਨ ਪਰਦਿਆਂ ’ਤੇ ਹਥੌੜਿਆਂ ਵਾਂਗ ਵੱਜਣ ਲੱਗੀਆਂ। ਇੰਝ ਲੱਗਾ ਜਿਵੇਂ ਮੱਧ ਵਰਗ ਤੇ ਕਮੀਣ ਵਰਗ ਦੀ ਹਰ ਤੀਜੀ ਔਰਤ ਇਸ ਰਿਸ਼ਤਾਨੁਮਾ ਸ਼ੋਸ਼ਣ ਦੀ ਸ਼ਿਕਾਰ ਹੈ। ਇਹ ਰਿਸ਼ਤੇ ਵੀ ਬੜੇ ਨਜ਼ਦੀਕੀ ਜਿਵੇਂ ਤਾਏ, ਚਾਚੇ, ਮਾਮੇ, ਭੂਆ ਦੇ ਪੁੱਤਾਂ ਦਾ, ਜੀਜੇ ਦਾ, ਮਾਸੜ, ਮਾਮੇ ਤੇ ਫੁੱਫੜ ਦਾ। ਬੜੀ ਕੋਫ਼ਤ ਹੋਈ ਸੁਣ ਕੇ। ਕਾਸ਼! ਕਿਤੇ ਜੇ ਇਹ ਮਾਵਾਂ ਅਪਣੀਆਂ ਬੱਚੀਆਂ ਨੂੰ ਵੀ ਇਹ ਹੱਡ ਬੀਤੀ ਦੱਸ ਕੇ ਚੇਤੰਨ ਕਰ ਸਕਣ। ਪਰ ਮੇਰੇ ਇਸ ਸਵਾਲ ’ਤੇ ਸਾਰੀਆਂ ਦਾ ਇਕੋ ਜੁਆਬ ਸੀ, ‘ਲੈ! ਹੈ ਕਮਲੀ! ਅਸੀਂ ਹੁਣ ਆਵਦਾ ਢਿੱਡ ਆਪ ਨੰਗਾ ਕਰੀਏ।’ ਪਰ…ਪਰ…ਜੇਕਰ ਇਹੀ ਸਭ ਕੁਝ ਉਨ੍ਹਾਂ ਦੀਆਂ ਬੱਚੀਆਂ ਨਾਲ ਵੀ ਵਾਪਰ ਜਾਏ ਤਾਂ ਕੀ ਉਨ੍ਹਾਂ ਦੇ ਢਿੱਡ ਦੀਆਂ ਆਂਦਰਾ ਨਾ ਖਿੱਚੀਆਂ ਜਾਣਗੀਆਂ? ਮੈਂ ਬਹੁਤ ਹੈਰਾਨ ਹਾਂ ਕਿ ਖੁਦ ਸੰਤਾਪ ਭੁਗਤ ਚੁੱਕੀਆਂ ਮਾਵਾਂ ਦੇ ਵੀ ਇਹ ਵਿਚਾਰ ਹਨ?
ਕੋਈ ਵੀ ਬਿਮਾਰੀ ਲੁਕਾਉਣ ਨਾਲ ਲਾਇਲਾਜ ਹੀ ਬਣਦੀ ਹੈ, ਖ਼ਤਮ ਨਹੀਂ ਹੁੰਦੀ। ਫਿਰ ਕਦੋਂ ਤੱਕ ਇਸ ਸ਼ੋਸਣ ਦੀਆਂ ਸ਼ਿਕਾਰ ਹੀ ਅਪਣੇ ਆਪ ਨੂੰ ਮੁਜਰਿਮ ਸਮਝ ਲੁਕਦੀਆਂ ਰਹਿਣਗੀਆਂ? ਇਸ ਨਾਲ ਤਾਂ ਸ਼ੋਸਣਕਾਰੀ ਇਹ ਸਮਝਦਾ ਹੈ ਕਿ ਸ਼ਾਇਦ ਉਸ ਦੀਆਂ ਕਾਲੀਆਂ ਕਰਤੂਤਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ।
ਮੈਂ ਅਕਸਰ ਅਪਣੀ ਸਥਿਤੀ ਕਾਰਨ ਕੁੜੀਆਂ ਦੇ ਜ਼ਿਆਦਾ ਨੇੜੇ ਰਹਿੰਦੀ ਹਾਂ। ਅਕਸਰ ਹੀ ਉਹ ਕੁਝ ਘਰੇਲੂ ਅਤੇ ਬੇਗੈਰਤ ਅਧਿਆਪਕਾਂ ਦੀਆਂ ਸ਼ਿਕਾਇਤਾਂ ਕਰਦੀਆਂ ਹਨ ਪਰ ਉਨ੍ਹਾਂ ਦੇ ਖ਼ਿਲਾਫ ਇਕ ਵੀ ਸ਼ਬਦ ਕਹਿਣ ਦੀ ਕੋਸ਼ਿਸ਼ ਤੱਕ ਵੀ ਨਹੀਂ ਕਰਦੀਆਂ। ਇਸ ਤਰ੍ਹਾਂ ਤਾਂ ਇਹ ਜਵਾਲਾਮੁਖੀ ਸਭ ਨੂੰ ਨਿਗਲ ਜਾਵੇਗਾ। ਮੈਂ ਅਕਸਰ ਕੁੜੀਆਂ ਅੰਦਰ ਉਹ ਅੱਗ ਭਰਨ ਦੀ ਕੋਸ਼ਿਸ਼ ਕਰਦੀ ਹਾਂ ਜਿਸ ਦੇ ਅੱਖਾਂ ਰਾਹੀਂ ਸੁੱਟੀ ਇਕ ਕਿਰਨ ਵੀ ਬੇਗੈਰਤ ਰਿਸ਼ਤੇਘਾਤੀਆਂ ਨੂੰ ਸਾੜ ਕੇ ਰੱਖ ਦੇਵੇ। ਇਹ ਜ਼ਜ਼ਬਾ ਬੱਚੀਆਂ ਅੰਦਰ ਜ਼ਰੂਰ ਭਰਨਾ ਚਾਹੀਦਾ ਹੈ।
ਮੇਰਾ ਬਾਪੂ ਕਾਮਰੇਡ ਸੁਰਜੀਤ ਗਿੱਲ ਵੀ ਇਹ ਕਹਾਣੀ ਪੜ੍ਹ ਕੇ ਮਾਨਸਿਕ ਤੌਰ ’ਤੇ ਬਹੁਤ ਔਖਾ ਹੋਇਆ ਤੇ ਕਹਿਣ ਲੱਗਾ, ‘ਨਾ! ਚੁੱਪ ਤਾਂ ਔਰਤ ਜੁਗਾਂ ਤੋਂ ਹੀ ਹੈ। ਉਹ ਕੁੜੀਆਂ ਕਦੋਂ ਜੰਮਣਗੀਆਂ ਜਿਹੜੀਆਂ ਅਜਿਹੇ ਬੇਸ਼ਰਮ ਲੋਕਾਂ ਦੀਆਂ ਹਰਕਤਾਂ ’ਤੇ ਅਗਲੇ ਦਾ ਢਿੱਡ ਪਾੜ ਕੇ ਰੱਖ ਦੇਣ। ਜੇ ਇੱਜ਼ਤ ਹੀ ਲੁਟਾ ਲਈ ਤਾਂ ਰਹਿ ਕੀ ਗਿਆ। ਉਨ੍ਹਾਂ ਨੂੰ ਤਾਂ ਪਹਿਲਾਂ ਹੀ ਅਜਿਹੀ ਸਿੱਖਿਆ ਦਿੱਤੀ ਜਾਵੇ ਕਿ ਉਹ ਅਜਿਹੇ ਲੋਕਾਂ ਨੂੰ ਦੂਰੋਂ ਹੀ ਪਛਾਣ ਲੈਣ ਤੇ ਨਾ ਸਿਰਫ਼ ਅਪਣੇ ਆਪ ਨੂੰ ਹੀ ਬਚਾਉਣ ਬਲਕਿ ਉਸ ਹਵਸੀ ਨੂੰ ਅਜਿਹਾ ਸਬਕ ਸਿਖਾਉਣ ਕਿ ਉਹ ਫਿਰ ਕਦੇ ਰਿਸ਼ਤੇਮਾਰ ਨਾ ਕਰੇ।
ਪਰ ਮੈਂ ਸਮਝਦੀ ਹਾਂ ਕਿ ਅਜਿਹੀਆਂ ਕੁੜੀਆਂ ਜੰਮਣਗੀਆਂ ਨਹੀਂ ਬਲਕਿ ਪਹਿਲਾਂ ਹੀ ਜੰਮੀਆਂ ਕੁੜੀਆਂ ਅੰਦਰ ਆਤਮ ਰੱਖਿਆ ਦਾ ਜ਼ਜ਼ਬਾ ਭਰਨਾ ਪਏਗਾ। ਜ਼ੁਲਮ ਵਿਰੁੱਧ ਮੂੰਹ ਖੋਲ੍ਹਣ ਦੀ ਤਾਕਤ ਉਨ੍ਹਾਂ ਅੰਦਰ ਭਰਨੀ ਪਏਗੀ ਅਤੇ ਇਸਦੀ ਸ਼ੁਰੂਆਤ ਅੱਜ ਹੀ ਹੁਣੇ ਤੋਂ ਹੀ ਕਰਨੀ ਪਏਗੀ।
ਅਸੀਂ ਪੱਛਮ ਦੀ ਨਕਲ ਹਰ ਖੇਤਰ ਵਿਚ ਕਰ ਰਹੇ ਹਾਂ। ਪੱਛਮੀ ਔਰਤ ਨੇ ਵੀ ਹੁਣ, ਅਪਣੇ ਹੀ ਨਜ਼ਦੀਕੀ ਰਿਸ਼ਤਿਆਂ ਹੱਥੋਂ ਪਿਸਦੀ ਨੇ ਆਵਾਜ਼ ਉਠਾ ਦਿੱਤੀ ਹੈ ਜਿਸ ਦੀ ਤਾਜ਼ਾ ਉਦਾਹਰਣ ਆਸਟਰੀਆ ਦੀ ਐਲੀਜ਼ਾਬੈਥ ਫਰਿਜ਼ਲ। ਜਿਸਨੂੰ ਉਸਦੇ ਸ਼ੈਤਾਨ ਪਿਓ ਜੋਜਫ਼ ਨੇ 24 ਸਾਲ ਐਮਸਟੈਟਨ ਵਿਚ ਅਪਣੇ ਘਰ ਦੀ ਕਾਲ ਕੋਠੜੀ ਵਿਚ ਬੰਦੀ ਬਣਾ ਰੱਖਿਆ ਤੇ ਉਸਨੂੰ ਸੱਤ ਵਾਰ ਗਰਭਵਤੀ ਕੀਤਾ। ਐਲੀਜ਼ਾਬੈਥ ਫਰਿਜ਼ਲ ਦੀ ਕਹਾਣੀ ਪੜ੍ਹ ਕੇ ਬਰਤਾਨੀਆ ਦੀ ਐਨੀ ਮੈਰੀ ਨੇ ਵੀ ਹਿੰਮਤ ਦਿਖਾਈ ਅਤੇ ‘ਸੰਨ’ ਅਖਬਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦਾ ਪਿਤਾ ਉਸਨੂੰ ਅਪਣੀ ਰਖੇਲ ਦੇ ਤੌਰ ’ਤੇ ਵਰਤਦਾ ਸੀ। ਸੋ, ਹੁਣ ਸ਼ੁਰੂਆਤ ਹੋ ਚੁੱਕੀ ਹੈ। ਮੱਧ ਵਰਗੀ ਪੜ੍ਹੀਆਂ ਲਿਖੀਆਂ ਮਾਵਾਂ ਨੂੰ ਅੱਗੇ ਆਉਣ ਚਾਹੀਦਾ ਹੈ ਤਾਂ ਕਿ ਉਹ ਅਪਣੀਆਂ ਬੱਚੀਆਂ ਨਾਲ ਸਹੇਲੀਆਂ ਵਰਗਾ ਵਰਤਾਓ ਕਰਦਿਆਂ ਉਨ੍ਹਾਂ ਨੂੰ ਸਮਝਾਉਣ ਕਿ ਜਦੋਂ ਵੀ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਨੇੜੇ ਦਾ ਆਂਢ-ਗੁਆਂਢ ਜਾਂ ਬਾਹਰੀ ਵਿਅਕਤੀ ਚੋਰੀ ਚੋਰੀ ਤੁਹਾਡੇ ਨੇੜੇ ਢੁੱਕੇ, ਕੰਬਦੇ ਹੱਥਾਂ ਅਤੇ ਥਿੜਕਦੀ ਜ਼ੁਬਾਨ ਨਾਲ ਕੋਈ ਹਰਕਤ ਸ਼ੁਰੂ ਕਰੇ ਤਾਂ ਉਥੋਂ ਕਿਨਾਰਾ ਕਰੋ। ਰੌਲਾ ਪਾਓ। ਹੋਰ ਕੁਝ ਨਹੀਂ ਹੁੰਦਾ ਤਾਂ ਐਸੀ ਦੰਦੀ ਵੱਢੋ ਕਿ ਅਗਲਾ ਘਬਰਾ ਜਾਏ। ਭੁੱਲ ਜਾਵੋ ਕਿ ਤੁਹਾਡੀ ਹੀ ਬੇਇਜ਼ਤੀ ਹੁੰਦੀ ਹੈ ਕਿਉਂਕਿ ਬੇਇਜ਼ਤੀ ਤਾਂ ਉਸ ਕੰਬਖ਼ਤ ਇਨਸਾਨ ਦੀ ਹੋਵੇਗੀ ਜੋ ਸਿਆਣਪ ਅਤੇ ਸ਼ਰਾਫ਼ਤ ਦਾ ਝੂਠਾ ਬਾਣਾ ਪਾ ਕੇ ਪਰਦੇ ਦੀ ਆੜ ਵਿਚ ਨੀਚ ਗੰਦੀ ਹਰਕਤ ਕਰਦਾ ਹੈ।
ਮਾਪਿਆਂ ਨੂੰ ਖਾਸ ਕਰਕੇ ਮਾਵਾਂ ਨੂੰ ਅਪਣੀਆਂ ਬੱਚੀਆਂ ਪ੍ਰਤੀ ਚੇਤੰਨ ਰਹਿਣ ਦੀ ਲੋੜ ਹੈ। ਛੋਟੀ ਉਮਰ ਦੀਆਂ ਬੱਚੀਆਂ ਨੂੰ ਇੱਕਲਾ ਨਾ ਛੱਡਿਆ ਜਾਵੇ। ਤੇ ਜਦ ਉਹ ਕੁਝ ਸਮਝਣ ਵਾਲੀਆਂ ਹੋਣ ਤਾਂ ਉਨ੍ਹਾਂ ਅੰਦਰੋਂ ਡਰ ਅਤੇ ਸੰਕੋਚ ਕੱਢ ਕੇ ਹਿੰਮਤ ਭਰਨ ਦੀ ਕੋਸ਼ਿਸ਼ ਕਰੋ। ਸਰਕਾਰ ਜਿੱਥੇ ਭਰੂਣ ਹਤਿਆ ਵਿਰੁਧ ਸਰਕਾਰੀ ਪ੍ਰੋਗਰਾਮ ਉਲੀਕਦੀ ਹੈ, ਉਥੇ ਸਕੂਲਾਂ ਵਿਚ ਪ੍ਰਾਇਮਰੀ ਸਿਖਿਆ ਤੋਂ ਹੀ ਕੁੜੀਆਂ ਲਈ ਮਾਰਸ਼ਲ ਆਰਟ ਦੀ ਸਿਖਿਆ ਦਾ ਲਾਜ਼ਮੀ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਤਮ ਰੱਖਿਆ ਕਰ ਸਕਣ।
ਲੇਖਿਕਾਵਾਂ ਨੂੰ ਵੀ ਅਜਿਹੇ ਮਸਲੇ ਉਠਾਉਣੇ ਚਾਹੀਦੇ ਹਨ ਜਿਸ ਨਾਲ ਔਰਤ ਜਾਤ ਦੇ ਛੁਪੇ ਦੁਸ਼ਮਣਾਂ ਦੇ ਚਿਹਰਿਆਂ ਤੋਂ ਨਕਾਬ ਉਤਰੇ। ਇਸ ਪਹਿਲੇ ਕਦਮ ਵਜੋਂ ਕਮਲ ਦੁਸਾਂਝ ਦੀ ਕਹਾਣੀ ‘ਖੁੱਲ੍ਹਾ ਬੂਹਾ’ ਉਹ ਯਤਨ ਹੈ ਜਿਹਨੇ ਇਕੋ ਵਾਰ ਤਾਂ ਪਾਠਕ ਵਰਗ ਵਿਚ ਤਰਥੱਲੀ ਜ਼ਰੂਰ ਹੀ ਪਾ ਦਿੱਤੀ ਹੈ। ਜੇਕਰ ਇਹ ਕਹਾਣੀ ਪੜ੍ਹ ਕੇ ਇਕ ਮਾਂ ਵੀ ਅਪਣੀ ਬੱਚੀ ਨੂੰ ਸਿਖਿਆ ਦੇ ਕੇ ਅਜਿਹੇ ਜ਼ੁਲਮ ਤੋਂ ਬਚਾਉਣ ਵਿਚ ਕਾਮਯਾਬ ਹੋ ਗਈ ਤਾਂ ਇਕ ਨੋਬਲ ਇਨਾਮ ਹੋ ਨਿਬੜੇਗਾ।
7959 ਦਸਮੇਸ਼ ਨਗਰ-2, ਮੁਕਤਸਰ

ਭਗਤੂ ਦੀ ਬੋਲੀ
‘ਹੁਣ’ ਪੜ੍ਹ ਕੇ ਲੱਗਿਆ ਕਿ ਇਹ ਲਾਇਨ ਤੁਹਾਡੇ ਯਤਨ ਉੱਤੇ ਢੁਕਦੀ ਹੈ ”ਭਗਤੂ ਦੀ ਬੋਲੀ ਨੂੰ ਕੋਈ ਨਿੰਦ ਨ ਸਕੂ ਮਲੰਗ ਨੀ’’
ਮਨਿੰਦਰ ਕਾਂਗ ਤਾਂ ਅੰਮ੍ਰਿਤਸਰ ਦਾ ਇਨਸੈਕਲੋਪੀਡੀਆ ਹੈ। ਪੰਜਾਬੀ ਕਹਾਣੀ ਵਿੱਚ ਮੰਟੋ ਜੰਮ ਪਿਆ। ਮੰਟੋ ਦੇ ਪਾਤਰ ਖੁਸ਼ੀਆ ਦੱਲਾ, ਸੌਗੰਧੀ ਵੇਸਵਾ, ਬਿਜਲੀ ਪਹਿਲਵਾਨ, ਦੂਦਾ ਪਹਿਲਵਾਨ, ਮੰਮਦ ਭਾਈ (ਤਿੰਨੋਂ ਛੁਰੀਬਾਜ਼), ਫੌਜਾ ਹਰਾਮ ਦਾ, ਸ਼ਾਹ ਦੌਲੇ ਦਾ ਚੂਹਾ, ਯਾਦ ਆ ਗਏ ਜਿਵੇਂ ਕਹਿ ਰਹੇ ਹੋਣ ਸਾਨੂੰ ਮੰਟੋ ਨੇ ਅਮਰ ਕਰ ਦਿੱਤਾ। ‘ਕੁੱਤੀ ਵਿਹੜੇ’ ਅਤੇ ‘ਭੇਤ ਵਾਲੀ ਗੱਲ’ ਦੇ ਪਾਤਰਾਂ ਨੂੰ ਕਾਂਗ ਨੇ ਅਮਰ ਕਰ ਦਿੱਤਾ। ਇਹ ਪਾਤਰ ਸਾਡੇ ਭੈਣ ਭਰਾ ਹੀ ਹਨ।
ਕਮਲ ਦੁਸਾਂਝ ਦੀ ਲਿਖਤ ”ਜ਼ਿੰਦਗੀ ਬਾਹਾਂ ਚੁੱਕ ਉਡੀਕਦੀ ਹੈ’’ ਪੜ੍ਹ ਕੇ ਲੱਗਿਆ ਸੀ ਹੁਣ ਗੱਲ ਦਿੱਲੀ ਵਾਲੀਆਂ ਬੀਬੀਆਂ ਤੋਂ ਅਗਾਂਹ ਤੁਰੂ। ਪਰ ‘ਖੁੱਲ੍ਹਾ ਬੂਹਾ’ ਵਿਚਲੀਆਂ ਤਿੰਨ ਸਹੇਲੀਆਂ, ਤਿੰਨੇ ਹੀ ਨੇੜਲੇ ਖ਼ੂਨ ਦੇ ਰਿਸ਼ਤਿਆਂ ਵਾਲੇ ਮਰਦਾਂ ਦੀਆਂ ਵਧੀਕੀਆਂ ਦਾ ਸ਼ਿਕਾਰ, ਥੋੜ੍ਹਾ ਕਾਲਪਨਿਕ ਲੱਗਦੈ, ਭਾਵੇਂ ਇਹ ਵੀ ਸੱਚ ਹੈ ਕਿ ਬਹੁਗਿਣਤੀ ਮਰਦ ਨੇੜਲੇ ਖੂਨ ਦੇ ਰਿਸ਼ਤੇ ਦੀਆਂ ਔਰਤਾਂ ਸਬੰਧੀ ਦੋਗਲੀਆਂ ਭਾਵਨਾਵਾਂ ਜੇ ਅਮਲ ਵਿਚ ਨਹੀਂ ਲਿਆਉਂਦੇ ਤਾਂ ਅਜਿਹੀ ਸੋਚ ਜ਼ਰੂੁਰ ਰੱਖਦੇ ਹਨ ਪਰ ਕਹਾਣੀ ਵਿਚਲੇ ਸਾਰੇ ਮਰਦਾਂ ਨੂੰ ਇਕੋ ਰੱਸੇ ਬੰਨ੍ਹਣਾ ਥੋੜ੍ਹਾ ਉਲਾਰ ਲੱਗਦੈ।
ਜਪਿੰਦਰਪਾਲ, ਟਾਹਲੀਆਂ, ਬੁਢਲਾਡਾ


ਕਥਾ ਚੇਤਨਾ ਦੀ ਨਿੱਗਰਤਾ
ਮਨਿੰਦਰ ਕਾਂਗ ਦੀ ਕਹਾਣੀ ‘ਕੁੱਤੀ ਵਿਹੜਾ’ ਪੜ੍ਹੀ। ਇਹ ਕਹਾਣੀ ਬਿਰਤਾਂਤਕ ਜੁਗਤਾਂ, ਵਿਸ਼ੇ ਵਸਤੂ ਅਤੇ ਨਿਭਾਅ ਦੇ ਪੱਖੋਂ ਪੰਜਾਬੀ ਕਹਾਣੀ ਦੀ ਵਿਲੱਖਣ ਪ੍ਰਾਪਤੀ ਹੈ। ਤ੍ਰੈਕਾਲ ਸਮੇਂ ਅਤੇ ਸਪੇਸ ਵਿਚ ਵਿਚਰਦੀ ਇਹ ਕਹਾਣੀ ਕਹਾਣੀ ਦੇ ਫੌਰਮੈੱਟ ਨੂੰ ਵੀ ਤੋੜਦੀ ਹੈ ਅਤੇ ਇਤਿਹਾਸ-ਧਾਰਾ ਦੇ ਕੁੱਝ ਨਵੇਂ ਪਹਿਲੂਆਂ ਨੂੰ ਵੀ ਬਾਖੂੁਬੀ ਉਜਾਗਰ ਕਰਦੀ ਹੈ। ਦਲਿਤ–ਚੇਤਨਾ ਅਤੇ ਦਲਿਤ-ਯਥਾਰਥ ਨੂੰ ਬਾਰੀਕਬੀਨੀ ਨਾਲ ਪੇਸ਼ ਕਰਨਾ ਮਨਿੰਦਰ ਕਾਂਗ ਦੀ ਕਥਾ-ਚੇਤਨਾ ਦੀ ਨਿੱਗਰਤਾ ਦਾ ਪ੍ਰਮਾਣ ਹੈ। ਮੈਂ ‘ਭਾਰ’ ਕਹਾਣੀ ਨੂੰ ਪੰਜਾਬੀ-ਕਹਾਣੀ ਦਾ ਧੰਨਭਾਗ ਸਮਝਦਾ ਸਾਂ ਪਰ ‘ਕੁੱਤੀ ਵਿਹੜਾ’ ਤੋਂ ਪਾਰ ਜਾਣ ਲਈ ਮਨਿੰਦਰ ਕਾਂਗ ਨੂੰ ਬਹੁਤ ਮਿਹਨਤ ਕਰਨੀ ਪਵੇਗੀ।
ਰੁਪਿੰਦਰ ਸਿੰਘ ਮਾਨ, ਪਿੰਡ ਤੇ ਡਾਕ: ਚੌਕੀਮਾਨ (ਲੁਧਿਆਣਾ)


‘ਹੁਣ’ ਦੀ ਤ੍ਰੇਹ
ਪੰਜਾਬੀਆਂ ਨੂੰ ਸਾਡਾ ਅਸਲੀ ਅਕਸ ਦਿਖਾਉਣ ਵਰਗਾ, ਸਾਹਿਤ, ਕਲਾ, ਸਭਿਆਚਾਰ, ਇਤਿਹਾਸ ਦਾ ਆਈਨਾ ‘ਹੁਣ’ ਸਾਡੇ ਰੂਬਰੂ ਕਰਨ ’ਤੇ ਮੈਂ ਅਦਾਰਾ ‘ਹੁਣ’ ਨੂੰ ਮੁਬਾਰਕਬਾਦ ਦਿੰਨਾਂ ਹਾਂ।
ਮੈਨੂੰ ਇਹ ਲਿਖਣ ਲੱਗੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਮੈਂ ਉਸ ਬੱਚੇ ਦੇ ਜਨਮ ਦੀਆਂ ਵਧਾਈਆਂ ਦੇਣ ਲੱਗਾ ਹੋਵਾਂ, ਜਿਹੜਾ ਹੁਣ ਬਿਨਾ ਕਿਸੇ ਸਹਾਰੇ ਦੇ ਤੁਰਨ ਲੱਗ ਪਿਆ ਹੋਵੇ ਤੇ ਅਜਿਹੇ ਸ਼ਬਦ ਬੋਲਣ ਲੱਗ ਪਿਆ ਹੋਵੇ ਜਿਹੜੇ ਜ਼ਮਾਨੇ ਦੇ ਸਮਝ ਵੀ ਆਉਣ ਲੱਗ ਪਏ ਹੋਣ। ਇਸ ਲੇਟ-ਲਤੀਫ਼ੀ ਲਈ ਖਿਮਾ ਦਾ ਯਾਚਕ ਆਂ!
‘ਹੁਣ’ ਨਾਲ ਪਹਿਲੀ ਮੁਲਾਕਾਤ ਤਾਂ ਕਈ ਮਹੀਨੇ ਪਹਿਲਾਂ ਹੋ ਗਈ ਸੀ ਪਰ ਉਸ ਸਮੇਂ ਕੋਈ ਗੁਫ਼ਤਗੂ ਨਹੀਂ ਸੀ ਹੋ ਸਕੀ। ‘ਲਾਹੌਰ ਬੁਕ ਸ਼ਾਪ’ ਲੁਧਿਆਣੇ ਤੋਂ ਮੈਂ ਤੇ ਮੇਰਾ ਕੈਨੇਡਾ ਤੋਂ ਆਇਆ ਦੋਸਤ ਰਸ਼ਪਿੰਦਰ ਰੌਕੀ ਹੋਰ ਕਿਤਾਬਾਂ ਖਰੀਦਦੇ ਸਮੇਂ ‘ਹੁਣ’ ਦਾ 7ਵਾਂ ਅੰਕ ਵੀ ਨਾਲ ਹੀ ਲੈ ਆਏ। ਪੰਜਾਬੀ ਸਾਹਿਤ ਦੀਆਂ ਹੋਰ ਕਿਤਾਬਾਂ ਨਾਲ ‘ਹੁਣ’ ਦਾ ਉਹ ਅੰਕ ਵੀ ਰੌਕੀ ਦੇ ਨਾਲ ਹੀ ਜਹਾਜ਼ੇ ਚੜ੍ਹ ਗਿਆ। ਗੱਲ ਆਈ-ਗਈ ਹੋ ਗਈ।
ਇੱਕ-ਦੋ ਮਹੀਨੇ ਬਾਅਦ ਰੌਕੀ ਨੇ ਫੋਨ ’ਤੇ ਸੁਭਾਵਿਕ ਹੀ ਗੱਲਾਂ ਕਰਦੇ ਨੇ ‘ਹੁਣ’ ਦਾ ਜ਼ਿਕਰ ਕੀਤਾ ਤੇ ਮੈਨੂੰ ਇਸ ਨਵੇਂ ਫੁੱਟੇ ਪੰਜਾਬੀ ਸਾਹਿਤ ਦੇ ਚਸ਼ਮੇ ਦੀ ਘੁੱਟ ਭਰਨ ਦੀ ਸਿਫਾਰਿਸ਼ ਕੀਤੀ। ਮੈਂ ਚੰਡੀਗੜ੍ਹ ‘ਪੰਜਾਬ ਬੁੱਕ ਸੈਂਟਰ’ ਤੋਂ ‘ਹੁਣ’ ਦਾ 8ਵਾਂ ਅੰਕ ਲਿਆ ਤਾਂ ਲੱਗਿਆ ਜਿਵੇਂ ਸਰਵਰਕ ਵਾਲਾ ਵਿਸਮਾਦੀ ਬਾਬਾ ਰਬਾਬ ਵਜਾਉਂਦਾ-ਵਜਾਉਂਦਾ ਮੇਰੇ ਦਿਲ ਦੀਆਂ ਤਾਰਾਂ ਵੀ ਸੁਰ ’ਚ ਕਰਨ ਲੱਗ ਪਿਆ ਹੋਵੇ।
ਪਹਿਲੀ ਵਾਰ ‘ਹੁਣ’ ਦਾ ਪਾਠ ਕਰਨ ਬਾਅਦ ਕਿੰਨੇ ਹੀ ਅਹਿਸਾਸ ਮਨ ਦੇ ਵਿਹੜੇ ’ਚ ਖੌਰੂ ਪਾਉਣ ਲੱਗ ਪਏ। ਪੜ੍ਹਦੇ ਸਮੇਂ ਲੱਗਿਆ —

ਜਿਵੇਂ ਦੇਸੀ ਘਿਓ ਦੇ ਘੁੱਟ ਪੀ ਰਿਹਾ ਹੋਵਾਂ!
(ਇਹ ਗੱਲ ਹੋਰ ਹੈ ਕਿ ਅਸੀਂ ਡਾਲਡਾ (ਹੋਰ ਸਾਹਿਤਕ ਮੈਗਜ਼ੀਨ) ਪੀ-ਪੀ ਕੇ ਪਹਿਲਾਂ ਹੀ ਅਪਣੇ Digestive System ਖਰਾਬ ਕਰੀ ਬੈਠੇ ਹਾਂ)

ਜਿਵੇਂ ਮੇਲੇ ਵਿਚ ਗੁਆਚੇ ਬਾਲ ਨੇ ਕਿੰਨਾ ਚਿਰ ਰੋਣ-ਕੁਰਲਾਉਣ, ਲੱਭਣ-ਭਾਲਣ ਤੋਂ ਬਾਅਦ ਅਪਣੇ ਮਾਪੇ ਦੀ ਉਂਗਲ ਫੇਰ ਫੜ ਲਈ ਹੋਵੇ।

ਜਿਵੇਂ ਰਸੂਲ ਹਮਜ਼ਾਤੋਵ ਨੇ ਅਪਣੀ ਨਵੀਂ ਕਿਤਾਬ ਦਾ ਟਾਈਟਲ ‘ਮੇਰਾ ਪੰਜਾਬ’ ਰੱਖ ਲਿਆ ਹੋਵੇ!

ਜਿਵੇਂ ‘ਇਜ਼ਾਜ਼ਤ’ ਫਿਲਮ (ਗੁਲਜ਼ਾਰ) ਦੀ ਪਾਤਰ ‘ਮਾਯਾ’ ਕੋਲ ਆ ਬੈਠੇ ਤੇ ਕਹੇ ਕਿ ‘ਮੇਰਾ ਕੁਝ ਸਾਮਾਂ’ ਜੋ ਮੇਰੇ ਕੋਲ ਪਿਆ, ਉਸ ਨੂੰ ਤੂੰ ਅਪਣੇ ਕੋਲ ਹੀ ਰੱਖ ਲਾ!

As if Aluert Camus ‘Outsider’ is no more and untouchable for this narrow-minded society.

ਜਿਵੇਂ ‘nausea’ (Jeon paul sortre) ਤੋਂ ਬਾਅਦ ਹੌਲੀ-ਹੌਲੀ ਹੈਸ਼ ਵਾਪਸ ਆ ਰਹੀ ਹੋਵੇ!

ਜਿਵੇਂ ਜੇਠ-ਹਾੜ੍ਹ ਦੀ ਤਪਦੀ ਧਰਤੀ ’ਤੇ ਵਰ੍ਹੇ ਸਾਉਣ ਦੇ ਮੀਂਹ ਦੇ ਪਹਿਲੇ ਛਰ੍ਹਾਟੇ ਤੋਂ ਬਾਅਦ ਮਿੱਟੀ ’ਚੋਂ ‘ਸ਼ੁਕਰੀਆ-ਧੰਨਵਾਦ’ ਵਰਗੀ ਮਹਿਕ ਉੱਠ ਰਹੀ ਹੋਵੇ!

ਜਿਵੇਂ ਮਨ ’ਚ ‘nausea’ (Jeon paul sortre) ਫੇਰ ਅੰਗੜਾਈਆਂ ਲੈਣ ਲੱਗ ਪਈ ਹੋਵੇ!!
ਇਹ ਅੰਕ ਪੜ੍ਹ ਕੇ ਬਾਕੀ ਅੰਕਾਂ ਲਈ ਤ੍ਰੇਹ ਬੁਰੀ ਤਰ੍ਹਾਂ ਜਾਗ ਉੱਠੀ। ਜਦੋਂ ਇਹ ਅੰਕ ਕਿਤੋਂ ਨਾ ਮਿਲੇ ਤਾਂ ਇਹ ਤ੍ਰੇਹ ਮੁਹਾਲੀ ਤੁਹਾਡੇ ਦਰ ਤੱਕ ਲੈ ਆਈ। ਤੁਸੀਂ ਘਰ ਨਹੀਂ ਮਿਲੇ। ਕੁਝ ਪੁਰਾਣੇ ਅੰਕ ਮਿਲੇ ਜਿਹਨਾਂ ਨੂੰ ਸਿਰ ਮੱਥੇ ਲਾ ਕੇ ਲੈ ਆਇਆ। ਸਾਰੇ ਅੰਕ ਨਾ ਮਿਲਣ ਦੀ ਸਿੱਕ ਨੂੰ ਗੁਲਜ਼ਾਰ ਨੇ ‘ਸ਼ਹਿਦ ਜੀਨੇ ਕਾ ਮਿਲਾ ਕਰਤਾ ਹੈ ਥੋੜ੍ਹਾ ਥੋੜ੍ਹਾ’ ਕਹਿ ਕੇ ਘੱਟ ਕਰ ਦਿੱਤਾ।
ਪਰਚੇ ਦੇ ਮੈਟਰ ਬਾਰੇ ਕੀ ਕਹਾਂ? ਕੋਈ ਅੰਤ ਆ–ਸਮੁੰਦਰਾਂ ਦੇ ਡੂੰਘ ਅੰਦਰੋਂ ਸਿੱਪੀਆਂ, ਮੋਤੀ ਉਗਲਵਾਉਂਦੀਆਂ ਇੰਟਰਵਿਊਆਂ, ਮਨ ਦੀਆਂ ਪਰਤਾਂ ਖੋਲ੍ਹਦੀਆਂ ਕਹਾਣੀਆਂ, ਹਜ਼ਾਰਾਂ ਗੱਲਾਂ ਕਰਦੀਆਂ ਮੂਰਤਾਂ, ਚਿੰਤਕਾਂ ਦੀਆਂ ਬਾਲੀਆਂ ਧੂਣੀਆਂ ਜਿੱਥੇ ਸੋਚਾਂ ਚੰਗਿਆੜਿਆਂ ਵਾਂਗ ਉਡਦੀਆਂ ਫਿਰਦੀਆਂ ਨੇ।
ਹਰਪਾਲ ਸਿੰਘ ਪੰਨੂ, ਅਮਰਜੀਤ ਚੰਦਨ, ਸਤੀ ਕੁਮਾਰ ਵਰਗੇ ਲੇਖਕ ਨੂੰ ਅਜੇ ਤਾਂ ਹੱਥ ਲਾ-ਲਾ ਦੇਖਦੇ ਹਾਂ, ਉਹਨਾਂ ਦੇ ਗੋਡੇ ਮੁੱਢ ਬੈਠਦੇ ਹਾਂ, ਗੱਲਾਂ ਸੁਣਦੇ ਹਾਂ। (ਸਤੀ ਦੇ ਜਾਣ ਨਾਲ ਲੱਗਿਆ ਜਿਵੇਂ ਉਹ ਅਜਿਹੇ ਬੇਵਕਤ ਤੁਰ ਗਿਆ ਹੋਵੇ ਜਦੋਂ ‘ਹੁਣ’ ਦੇ ਹੱਥਾਂ ਤੋਂ ਅਜੇ ਮਹਿੰਦੀ ਵੀ ਨਾ ਲੱਥੀ ਹੋਵੇ! ਖ਼ੈਰ)
ਬਾਕੀ ਰਚਨਾਵਾਂ ਦੀ ਨਿਰਖ-ਪਰਖ ਕਰਨ ਦੀ ਸੂਝ ਹੋਣ ਦੀ ਹਾਮੀ ਤਾਂ ਨਹੀਂ ਭਰਦੇ ਪਰ ਜਿਥੋਂ ਤੱਕ ਹੋ ਸਕਿਆ ਅਪਣਾ ਹਿੱਸਾ ਜ਼ਰੂਰ ਪਾਵਾਂਗੇ। ਅਜੇ ਤਾਂ ਮਨ ਦੀ ਹਾਲਤ ਅਜਿਹੀ ਹੋਈ ਪਈ ਆ ਬਈ ਸਾਰੀਆਂ ਰਚਨਾਵਾਂ ਲਈ ਕਾਜ਼ੀ ਦੇ ਪੁੱਛਣ ’ਤੇ ‘ਕਬੂਲ ਹੈ’ ਹੀ ਮੂਹੋਂ ਨਿਕਲਦਾ ਹੈ। ਅਜੇ ਤਾਂ ‘ਅਦੀਬ’ ਵਾਂਗ ਇਹ ‘ਅੰਮ੍ਰਿਤ’ ਪੀ ਕੇ ਖੁਦਾ ਹੋ ਜਾਣ ਨੂੰ ਦਿਲ ਚਾਹੁੰਦਾ–
”ਮੈਂ ਸਰੇ-ਸ਼ਾਮ ਭਟਕਾ ਹੂੰ ਫ਼ਰਿਸ਼ਤੋਂ ਕੀ ਤਰਹ,
ਅਬ ਥੋੜ੍ਹੀ ਸੀ ਪੀ ਲੂੰ ਤੋ ਖੁਦਾ ਹੋ ਜਾਊਂ।’’
ਬਾਕੀ ਪਰਚੇ ਬਾਰੇ ਇਹ ਹੀ ਕਹਿ ਸਕਦਾਂ ਕਿ ਟਿਸ its different। ਇਹ ਰਸਤਾ ਜੋ ਤੁਸੀਂ ਚੁਣਿਆ ਮੁਸ਼ਕਿਲ ਜ਼ਰੂਰ ਆ but its the road less travelled so that in itself is enought motivation। ਇਹ ਪਰਚੇ ਦੇ ਮੈਟਰ, ਦਿੱਖ ਦੀ quality ਬਾਰੇ ਕੋਈ ਦੋ ਰਾਵਾਂ ਨਹੀਂ। Seneca has said somewhere that pain has this excellent quality – if it is severe, it cannot be prolonged. If it is prolonged, it can’t be severe. I wish that the quality of the matter of this magazine to be severe and prolonged.
ਇਸ ਰਸਤੇ ’ਤੇ ਚੱਲਦੇ ਰਹਿਣ ਲਈ ਹੀ ਕੋਈ ਚੋਮਪਰੋਮਸਿੲ ਨਾ ਕਰਨਾ (ਚਾਹੇ ਕੋਈ ਵੀ ਆਰਥਿਕ, ਸਾਹਿਤਕ, ਰਾਜਨੀਤਕ ਕਾਰਨ ਹੋਵੇ)। ਕਿਉਂਕਿ ਕਈ ਪਰਚਿਆਂ (ਪ੍ਰੀਤਲੜੀ) ਦੇ ਹੁਣ ਤਾਂ ‘ਖੰਡਰ ਵੀ ਨਹੀਂ ਦਸਦੇ ਕਿ ਇਮਾਰਤ ਆਲੀਸ਼ਾਨ ਥੀ।’ ਸਾਡੀ ਨਿਗਾਹ ’ਚ ‘ਹੁਣ’ ਦੀ ਇਹ ਇਮੇਜ਼ ਹਮੇਸ਼ਾ ਕਾਹਿਮ ਰਹੇ, ਇਸ ਲਈ ਜੇ ਅਲਵਿਦਾ ਵੀ ਕਹਿਣਾ ਹੋਇਆ ਤਾਂ ਇੰਜ ਹੀ ਸਾਬਤ-ਸਬੂਤੇ ਰੁਖ਼ਸਤ ਲੈ ਲੈਣਾ।
ਪਿਆਸ ਦੀ transcendental dimension ਨੂੰ ਸਾਡੀ ਲੋਕ ਰਵਾਇਤ ਵਿਚ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਜਦੋਂ ਚਾਹੁਣ ਵਾਲਾ ਅਪਣੀ ਜਿੰਦ ਨੂੰ ਪਾਣੀ-ਪਾਣੀ ਕਰਕੇ ਅਪਣੇ ਪਿਆਰ ਉਪਰੋਂ ਵਾਰਨ ਲਈ ਤੱਤਪਰ ਹੋ ਉੱਠਦਾ —
”ਤੈਨੂੰ ਮੇਰੀ ਤ੍ਰੇਹ ਲੱਗਜੇ, ਮੈਂ ਪਾਣੀ ਬਣ ਜਾਵਾਂ।’’
ਅੰਤ ਵਿਚ ਮੈਂ ਕਹਿਣਾ ਚਾਹੁੰਨਾ ਕਿ ਸਾਨੂੰ ਤੁਹਾਡੀ ਤ੍ਰੇਹ ਲੱਗ ਗਈ ਆ ਬਾਬਿਓ, ਤੁਸੀਂ ਹੁਣ ਪਾਣੀ ਬਣੇ ਰਇਓ!! ਆਮੀਨ!
ਬਰਦੀਪ ਭੱਠਲ, ਪਿੰਡ : ਭੱਠਲ, ਡਾਕ: ਬੁਆਣੀ (ਲੁਧਿਆਣਾ)


ਇਤਿਹਾਸ ਦੀ ਸੁਹਿਰਦ ਪੇਸ਼ਕਾਰੀ
ਕਿੰਨੀ ਦੇਰ ‘ਕੁੜੱਕੀ’ ਵਿਚ ਫਸੀ ਜਾਨ ਨੇ ਡਿਸਟ੍ਰਬ ਕੀਤਾ। ਫਿਰ ‘ਭਾਰ’ ਦੇ ਭਾਰ ਥੱਲੇ ਦੱਬ ਕੇ ਚੁੱਪ ਹੋ ਗਏ। ਮਨਿੰਦਰ ਕਾਂਗ ਦੀ ਕਹਾਣੀ ‘ਕੁੱਤੀ ਵਿਹੜਾ’ ਵੀ ਪੰਜਾਬੀ ਫਿਕਸ਼ਨ ਨੂੰ ਇਤਿਹਾਸ ਵਿਚੋਂ ਵੇਖਣ ਦਾ ਸੁਹਿਰਦ ਯਤਨ ਹੈ। ਇਥੋਂ ਹੀ ਜਾਂ ਕਿਤੇ ਦੁੂਰ ਪੰਜਾਬ ਦੀ ਗੁੰਝਲੀ ਮਾਲਾ ਦੇ ਮਣਕੇ ਗੁਆਚੇ ਹੋਏ ਹਨ, ਜਿਨ੍ਹਾਂ ਨੂੰ ਮਾਰਕਸੀ ਐਨਕਾਂ ਤੋਂ ਬਿਨਾ ਢੂੁੰਡਣ ਦਾ ਯਤਨ ਕੀਤਾ ਜਾ ਰਿਹਾ ਹੈ। ਇੱਕ ਪੰਥ ਤੋਂ ਕਾਜ! ਪੰਜਾਬੀ ਇਤਿਹਾਸ ਦੀ ਸੁਹਿਰਦ ਪੇਸ਼ਕਾਰੀ ਤੇ ਮਾਰਕਸ ਦਾ ਮਾਰਕਸੀ ਐਨਕਾਂ ਤੋਂ ਛੁਟਕਾਰਾ।
ਸਮਸ਼ੇਰ ਬਹਾਦਰ ਸਿੰਘ ਬਰਾੜ, ਫਰੀਦਕੋਟ


ਚਿੱਠੀਆਂ ਛਾਪਣ ਵੇਲੇ
ਹੁਣ ਪੁਸਤਕ ਲੜੀ 9 ਵਿਚ ਨਾਟਕਕਾਰ ਗੁਰਸ਼ਰਨ ਸਿੰਘ ਹੋਰਾਂ ਬਾਰੇ ਪੜ੍ਹ ਕੇ ਬੇਹੱਦ ਖੁਸ਼ੀ ਹੋਈ। ਕਮਲ ਦੁਸਾਂਝ ਦੀ ਕਹਾਣੀ ‘ਖੁੱਲ੍ਹਾ ਬੂਹਾ’ ਅੱਛੀ ਲੱਗੀ। ਕਮਲ ਦੁਸਾਂਝ ਨੇ ਇਕ ਕੌੜੇ ਸੱਚ ਨੂੰ ਸਭ ਦੇ ਸਾਹਮਣੇ ਲਿਆਂਦਾ ਹੈ। ‘ਮੁਹੱਬਤ ਦਾ ਸੱਸਾ’ ਤੇ ‘ਸੰਯੋਗ’ ਵੀ ਪੜ੍ਹੇ। ਫਰਾਂਜ ਕਾਫਕਾ ਬਾਰੇ ਜਾਣ ਕੇ ਚੰਗਾ ਲੱਗਾ। ਮਨਮੋਹਨ ਬਾਵਾ ਦੀ ਯਾਦ ਵਿਚਲੇ ਦਿਨ ਮਨ ਨੂੰ ਭਾਅ ਗਏ। ‘ਅਲਫ ਲੈਲਾ, ਕਹਾਣੀਆਂ’ ਦਾ ਬੰਜਰ ਤਾਂ ਜਸਵੀਰ ਭੁੱਲਰ ਨੇ ਵਧੀਆ ਲਿਖਿਆ ਹੀ ਸੀ ਪਰ ਉਹਨਾਂ ਦੀ ਲਿਖੀ ਕਵਿਤਾ ‘ਦੋਸਤਾ ਮੈਂ ਉੱਥੇ ਹਾਂ’ ਭਾਵੁਕ ਕਰ ਗਈ। ਅੰਬਰੀਸ਼ ਦਾ ਲਿਖਿਆ ਕੋਮਲ ਲੇਖ ‘ਤ੍ਰੇਲ ਤੁਪਕਿਆਂ ਦਾ ਗੀਤ’ ‘ਤ੍ਰੇਲ ਨਾਲ ਮੇਰੀ ਮੁਹੱਬਤ’ ਵਿਚ ਤ੍ਰੇਲ ਤੁਪਕਿਆਂ ਦਾ ਗੀਤ ਸੁਣਨ ਦੀ ਨਵੀਂ ਤਾਂਘ ਭਰ ਗਿਆ। ਲਗਭਗ ਸਾਰੀਆਂ ਕਵਿਤਾਵਾਂ ਅੱਛੀਆਂ ਲੱਗੀਆਂ ਤੇ ਅੰਤ ਵਿਚ ਲਿਖਿਆ ਸੁਰਜੀਤ ਗਿੱਲ ਦਾ ਆਰਟੀਕਲ ‘ਪੰਜਾਬ ਦੇ ਮੁਢਲੇ ਨਕਸਲੀ ਪੜ੍ਹ ਕਿ ਗੁਜਰੇ ਹੋਏ ਵਕਤ ਵਿਚਲੇ ਹਾਲਾਤ, ਉਦੋਂ ਚੱਲ ਰਹੀਆਂ ਲਹਿਰਾਂ ਤੇ ਸਰਗਰਮ ਰਹਿਣ ਵਾਲੇ ਅਨੇਕਾਂ ਲੋਕਾਂ ਬਾਰੇ ਜਾਣਿਆ ਤੇ ਹੈਰਾਨ ਵੀ ਹੋਈ ਕੇ ਸੁਰਜੀਤ ਗਿੱਲ ਨੂੰ ਏਨਾ ਕੁਝ ਕਿਵੇਂ ਯਾਦ ਹੈ।
ਬਾਕੀ ਇੱਕ ਗੱਲ ਜ਼ਰੂਰ ਆਖਾਂਗੇ। ਮੈਨੂੰ ਪਤਾ ਹੈ ਤੁਸੀਂ ਖਾਸ ਕਰਕੇ ਚਿੱਠੀਆਂ ਛਾਪਣ ਵੇਲੇ ਇਹ ਖ਼ਿਆਲ ਤੇ ਸੋਚ ਰੱਖਦੇ ਹੋ ਕਿ ਕੋਈ ਕੈਸੀ ਵੀ ਰਾਏ ਦੇਵੇ ਜਾਂ ਕੁਝ ਵੀ ਲਿਖ ਕੇ ਭੇਜੇ, ਉਸ ਨੂੰ ਪ੍ਰਕਾਸ਼ਿਤ ਕਰਨਾ ਹੀ ਕਰਨਾ ਹੈ। ਇਹ ਗੱਲ ਨਹੀਂ ਕਿ ਜੇ ‘ਹੁਣ’ ਨੂੰ ਚੰਗਾ ਕਹਿਤਾ ਤਾਂ ਛਾਪ ਦਿੱਤਾ ਜੇ ਬੁਰਾ ਕਹਿਤਾ ਤਾਂ ਕੂੜੇ ਦੇ ਢੇਰ ’ਚ ਸੁੱਟ ਦਿੱਤਾ। ਵੈਸੇ ਇਸ ਗੱਲੋਂ ਮੈਨੂੰ ‘ਹੁਣ’ ’ਤੇ ਬਹੁਤ ਮਾਣ ਹੈ ਪਰ ‘ਹੁਣ’ ਜੋ ਜਿਸ ਮੁਕਾਮ ’ਤੇ ਹੈ ਸਭ ਜਾਣਦੇ ਹਨ। ਇਹ ਤਾਂ ਕੁਝ ਲੋਕਾਂ ਦੀ ਪੁਰਾਣੀ ਆਦਤ ਹੈ ਕਿ ਚੰਗੇ ਨੂੰ ਵੀ ਬੁਰਾ ਕਹਿਣਾ ਹੀ ਕਹਿਣਾ ਤੇ ਇਹ ਲੋਕ ਹੁੰਦੇ ਹਨ, ਜਿਨ੍ਹਾਂ ’ਤੇ ਇਹ ਕਹਾਵਤ ਢੁਕਦੀ ਹੈ ਕਿ ‘ਆਪ ਕਿਸੇ ਜਿਹੀ ਨਾ, ਗੱਲ ਕਹਿਣੋਂ ਰਹੀ ਨਾ’ ਸੋ ਅਜਿਹੇ ਲੋਕਾਂ ਨੂੰ ਜਿੰਨਾ ਸੁਣੋਗੇ, ਇਨ੍ਹਾਂ ਵੱਲ ਜਿੰਨਾ ਧਿਆਨ ਦਿਓਗੇ, ਓਨਾ ਹੀ ਇਹ ਸਿਰੇ ਚੜ੍ਹਨਗੇ। ਇਹ ਗੱਲ ਤਾਂ ਸੋਚੇ ਹੀ ਨਾ ਕਿ ਇਹ ਅੱਗੇ ਤੋਂ ਸੁਧਰ ਜਾਣਗੇ, ਬੋਲਣ ਤੋਂ ਪਹਿਲਾਂ ਤੋਲਣਗੇ। ਕੈਂਸਰ ਵਾਲਾ ਅੰਗ ਤਾਂ ਕੱਟਣ ’ਚ ਹੀ ਭਲਾਈ ਹੁੰਦੀ ਹੈ ਤੇ ਤੁਸੀਂ ਆਪ ਨਾਲ ਜੋੜ ਰਹੇ ਹੋ। ਬਿਨ ਮੰਗੀ ਸਲਾਹ ਦੇਣ ਲਈ ਖਿਮਾ ਦੀ ਜਾਚਕ ਹਾਂ। ਜ਼ਰੂਰੀ ਨਹੀਂ ਇਹ ਸਲਾਹ ਤੁਹਾਨੂੰ ਪਸੰਦ ਆਵੇ।
ਗੁਰਵਿੰਦਰ ਕੌਰ ‘ਸ਼ਾਲੂ’, ਪਿੰਡ : ਮੁਕੰਦ ਸਿੰਘ ਵਾਲਾ (ਮੁਕਤਸਰ)


ਕਹਾਣੀ ਦਾ ਵੱਖਰਾ ਰੂਪ
‘ਕੁੱਤੀ ਵਿਹੜਾ’ ਕਹਾਣੀ ਪੜ੍ਹੀ ਤਾਂ ਮਨਿੰਦਰ ਕਾਂਗ ਦੀ ਇਸ ਕਹਾਣੀ ਬਾਰੇ ਲਿਖਣ ਨੂੰ ਜੀਅ ਕੀਤਾ। ਕਿਸ ਤਰ੍ਹਾਂ ਖੋਜਾਂ ਕਰਕੇ ਉਨ੍ਹਾਂ ਲੋਕਾਂ ਬਾਰੇ ਲਿਖਿਆ ਜਿਹੜੇ ਸਦੀਆਂ ਤੋਂ ਲਤਾੜੇ ਹੋਏ, ਜਿਨ੍ਹਾਂ ਨੂੰ ਕੋਈ ਪੁੱਛਦਾ ਵੀ ਨਹੀਂ ਸੀ। ਗੰਦ ਚੁੱਕਣ ਵਾਲਿਆਂ, ਚਮੜਾ ਬਣਾਉਣ ਵਾਲਿਆਂ, ਪਸ਼ੂ ਚੁੱਕਣ ਵਾਲਿਆਂ ਦਾ ਇਤਿਹਾਸ ਦੱਸਣ ਨਾਲ ਹੀ ਵਰਤਮਾਨ ਬਾਰੇ ਗੱਲ ਕਰਨੀ, ਕਹਾਣੀ ਕਲਾ ਦਾ ਵੱਖਰਾ ਹੀ ਰੂਪ ਪਤਾ ਚੱਲਿਆ। ਇਹ ਕਹਾਣੀ ਅਨਮੋਲ ਹੈ ਤੇ ‘ਹੁਣ’ ਵੀ ਵਧਾਈ ਦਾ ਪਾਤਰ ਹੈ, ਜਿਨ੍ਹਾਂ ਉਨ੍ਹਾਂ ਲੋਕਾਂ ਨੂੰ ਥਾਂ ਦਿੱਤੀ ਜਿਹੜੇ ਲੋਕ ਇਨ੍ਹਾਂ ਸ਼ਹਿਰਾਂ ਨੂੰ ਸਾਫ ਰੱਖਦੇ ਹਨ ਤੇ ਲੋਕਾਂ ਦੇ ਰਹਿਣ ਦੀ ਜਗ੍ਹਾ ਬਣਾਉਂਦੇ ਹਨ। ‘ਖੁੱਲ੍ਹਾ ਬੂਹਾ’ ਕਹਾਣੀ ਵੀ ਸਾਡੇ ਗਰਕੇ ਸਮਾਜ ਦੀ ਤਸਵੀਰ ਸੀ। ਕਿਵੇਂ ਹੁੰਦਾ ਹੈ ਪਿਓ ਜਾਂ ਭਰਾ, ਭੈਣ ਜਾਂ ਧੀ ਦਾ ਸਬੰਧ? ਕੀ ਪਿਓ ਏਨਾ ਵੀ ਗਿਰ ਸਕਦਾ ਹੈ? ਬਾਕੀ ਕਹਾਣੀਆਂ ਵੀ ਵਧੀਆ ਸਨ। ਸ. ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ ਜੀ) ਨਾਲ ਵਿਸਤਾਰ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਜੀਵਨ ਬਾਰੇ ਪਤਾ ਲੱਗਿਆ ਕਿ ਇਹ ਮਹਾਨ ਇਨਸਾਨ ਸਦਾ ਹੀ ਸਮਾਜ ਤੇ ਸਾਹਿਤ ਨੂੰ ਸਮਰਪਿਤ ਰਿਹਾ। ‘ਸੱਸਾ’ ਦੀ ਕਹਾਣੀ ਨਾਲ ਪਤਾ ਲੱਗਿਆ ਐਸ. ਤਰਸੇਮ ਕੀ ਹੈ। ਸੁਲਤਾਨਪੁਰ ਇਕ ਵਾਰ ਦੇਖਿਆ ਸੀ ਪਰ ਇਤਿਹਾਸ ਪੜ੍ਹ ਦੇ ਦੁਬਾਰਾ ਦੇਖਣ ਨੂੰ ਜੀ ਕਰਦਾ ਤੇ ਜੋ ਥਾਵਾਂ ਦੱਸੀਆਂ ਉਹ ਦੇਖਣ ਨੂੰ ਦਿਲ ਕਰਦਾ ਹੈ। ‘ਗਵਾਚੇ ਹੋਏ ਦਿਨ’ ਆਦਮੀ ਸੰਘਰਸ਼ ਕਰਦਾ ਸਿਖਾਉਂਦੇ ਹਨ ਕਿ ਇਨਸਾਨ ਚਾਹੇ ਤਾਂ ਅਪਣੇ ਸੁਪਨੇ ਸਾਕਾਰ ਕਰ ਸਕਦਾ ਹੈ। ‘ਸੱਚ ਕਹਿਣਾ ਹਮੇਸ਼ਾ ਹੀ ਇਨਕਲਾਬੀ ਹੁੰਦਾ ਹੈ’। ਇਹ ਵਿਚਾਰ ਸੋਲਾਂ ਆਨੇ ਸੱਚਾ ਹੈ। ਅਗਲੇ ‘ਹੁਣ’ ਦੀ ਉਡੀਕ ਵਿਚ :
ਅਵਤਾਰ ਕਮਾਲ, ਆਦਰਸ਼ ਨਗਰ, ਧਰਮਕੋਟ


ਸਿਆਹ ਸਮਿਆਂ ਦਾ ਸੁਰਖ਼ ਤਾਰਾ
ਹੁਣ-9 ਦੀ ਸੰਪਾਦਕੀ, ਪੰਜਾਬੀ ਜ਼ਿੰਦਾਬਾਦ ਵਿਚ ਤੁਸੀਂ ਠੀਕ ਹੀ ਲਿਖਿਆ ਕਿ ਪੰਜਾਬ ਦੀਆਂ ਸਰਕਾਰਾਂ, ਮੰਤਰੀਆਂ, ਵਿਧਾਇਕਾਂ, ਅਫਸਰਾਂ ਦਾ ਪੰਜਾਬੀ ਪ੍ਰਤੀ ਕੋਈ ਲਗਾਓ ਨਹੀਂ। ਮੱਕਾਰੀ ਦੀ ਹੱਦ ਦੇਖੋ ਕਿ ਵਿਧਾਇਕ ਹਲਫ ਚੁੱਕਣ ਵੇਲੇ ਹਿੰਦੀ, ਸੰਸਕ੍ਰਿਤ, ਉਰਦੂ ਤੇ ਅੰਗਰੇਜ਼ੀ ਦੀ ਵਰਤੋਂ ਕਰਦੇ ਹਨ। ਅਦਾਲਤਾਂ ਪੰਜਾਬ ਵਿਚ ਹਨ ਪਰ ਭਾਸ਼ਾ ਸਿਰਫ ਅੰਗਰੇਜ਼ੀ ਹੈ। ਇਸ ਲਈ ਰੀਕਾਰਡ ਵੀ ਅੰਗਰੇਜ਼ੀ ਵਿਚ ਹੀ ਹੈ। ਪੰਜਾਬੀ ਬੋਲਦੇ ਦਰਜਨਾਂ ਪਿੰਡ ਉਜਾੜ ਕੇ ਪੰਜਾਬ ਲਈ ਰਾਜਧਾਨੀ ਚੰਡੀਗੜ੍ਹ ਬਣਿਆ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਤਾਂ ਕੀ ਬਣਨਾ ਸੀ-ਹੌਲੀ ਹੌਲੀ ਚੰਡੀਗੜ੍ਹ ਵਿਚੋਂ ਪੰਜਾਬੀ ਨੂੰ ਖ਼ਤਮ ਕਰ ਦਿੱਤਾ ਗਿਆ।
ਵਾਲਟ ਵਿਟਮੈਨ ਪੁਸਤਕ ਮੇਰੇ ਉਦਾਸ ਸਮਿਆਂ ਦੀ ਸਖੀ ਹੈ। ਮੇਰੀ ਨਿੱਜੀ ਲਾਇਬ੍ਰੇਰੀ ਵਿਚ। 1968 ਵਿਚ ਛਪੀ, ਗੁਰਬਖ਼ਸ਼ ਸਿੰਘ ਦੀ ਅਨੁਵਾਦਿਤ ਪੁਸਤਕ ਵਾਲਟ ਵਿਟਮੈਨ–ਘਾਹ ਦੀਆਂ ਪੱਤੀਆਂ, ਇਕ ਵੱਖਰੀ ਪਛਾਣ ਰੱਖਦੀ ਹੈ। ਇਸ 160 ਸਫਿਆਂ ਦੀ ਪੁਸਤਕ ਵਿੱਚੋਂ, ਵੇਲੇ ਕੁਵੇਲੇ ਮੈਂ ਕੋਈ ਨਾ ਕੋਈ ਕਵਿਤਾ ਪੜ੍ਹ ਲੈਂਦਾ ਹਾਂ।
ਭਾਅ ਜੀ ਗੁਰਸ਼ਰਨ ਸਿੰਘ ਨਾਲ ‘ਹੁਣ’ ਦੀ ਵਿਚਾਰ ਚਰਚਾ ਬੜੇ ਭੇਦ ਖੋਲ੍ਹਦੀ ਹੈ। ਸਵਾਲਾਂ ਦਾ ਦਾਇਰਾ ਬਹੁਤ ਵਸੀਹ ਹੈ। ਭਾਅ ਜੀ ਦੇ ਉੱਤਰ ਵੀ ਬੜੇ ਸੁਹਿਰਦ ਅਤੇ ਟੈਨਸ਼ਨ ਰਹਿਤ ਹਨ। ਭਾਅ ਜੀ ਸਾਡੇ ਸਿਆਹ ਸਮਿਆਂ ਦਾ ਸੁਰਖ਼ ਤਾਰਾ ਹੈ।
ਜਤਿੰਦਰ ਸਿੰਘ ਹਾਂਸ ਦੀ ਕਹਾਣੀ ‘ਇੰਜ ਵੀ ਜੀਊਂਦੀ ਸੀ ਉਹ’ ਥੁੜ੍ਹਾਂ ਮਾਰੇ ਲੋਕਾਂ ਬਾਰੇ ਵਧੀਆ ਕਹਾਣੀ ਹੈ। ਅਹੀ-ਤਹੀ ਸ਼ਬਦਾਂ ਨੂੰ ਹਾਂਸ ਨੇ ਕਈ ਅਰਥਾਂ ਵਿਚ ਵਾਰ ਵਾਰ ਵਰਤਿਆ। ਅਕਾਊ ਲਗਾ ਹੈ।
ਝਰੋਖਾ ਵਿਚ ਸਰਦਾਰਾ ਸਿੰਘ ਜੌਹਲ ਨੇ ਸੱਚ ਬੋਲਿਆ ਹੈ। ਐਸ. ਤਰਸੇਮ ਦੀ ਜੀਵਨੀ ਕਈ ਹੋਰ ਥਾਈਂ ਵੀ ਛਪੀ ਹੈ। ਵਾਰ ਵਾਰ ਉਹੋ ਗੈਰਸਾਹਿਤਕ ਸਧਾਰਨ ਗੱਲਾਂ।
ਸੁਖਦੇਵ ਸਿੰਘ ਸਿਰਸਾ ਦੀਆਂ ਕਵਿਤਾਵਾਂ ਵਿਚੋਂ ‘ਖੰਭ’ ਕਵਿਤਾ ਕਾਵਿਮਈ ਹੈ-ਲੈਮਈ ਹੈ। ਜਸਬੀਰ ਭੁੱਲਰ ਨੇ ਕਹਾਣੀਆਂ ਦਾ ਬੰਜਰ ਵਿਚ ਬੜੀ ਰੌਚਕ ਕਥਾ ਸੁਣਾਈ ਹੈ। ਸੀਅਚਿੰਨ-ਬਰਫ ਦਾ ਦਾਨਵ-ਹਰ ਰੋਜ਼ ਕਰੋੜਾਂ ਰੁਪਏ ਨਿਗਲ ਜਾਣ ਵਾਲਾ ਤੇ ਮਾਨਸ ਮਾਸ ਖਾਣਾ ਦਾਨਵ! ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਪਤਾ ਨਹੀਂ ਕਦੋਂ ਸਮਝ ਆਵੇਗੀ ਕਿ ਮਾਇਆ ਖਾਣੀ, ਮਾਨਸ ਖਾਣੀ ਬੇਮਤਲਬ ਜੰਗ ਖ਼ਤਮ ਹੋਵੇ।
ਹਮਦਰਦਵੀਰ ਨੌਸ਼ਹਿਰਵੀ,
ਕਵਿਤਾ ਭਵਨ, ਸਮਰਾਲਾ


ਭਾਅ ਜੀ ਨਾਲ ਮੁਲਾਕਾਤ
‘ਹੁਣ’ ਦਾ ਪਹਿਲਾਂ ਅੱਠਵਾਂ ਅੰਕ ਪੜ੍ਹਿਆ ਸੀ ਤੇ ਹੁਣ ਨੌਵਾਂ! ਵਾਹ! ਕਮਾਲ ਹੈ। ਏਨਾ ਵਧੀਆ ਪਰਚਾ ਕੱਢਣ ਲਈ ਵਧਾਈ। ਇਸ ਅੰਕ ਵਿੱਚ ਗੁਰਸ਼ਰਨ ਭਾਅ ਜੀ ਨਾਲ ਲੰਬੀ ਮੁਲਾਕਾਤ ਕਰਕੇ ਉਨ੍ਹਾਂ ਦੇ ਸਾਰੇ ਜੀਵਨ ’ਤੇ ਝਾਤ ਮਰਵਾ ਦਿੱਤੀ ਹੈ। ਅਮੀਰ ਘਰਾਣੇ ਵਿੱਚ ਜਨਮ ਲੈ ਕੇ ਵੀ ਦੱਬੇ ਕੁਚਲੇ ਅਤੇ ਗਰੀਬ ਲੋਕਾਂ ਲਈ ਅਪਣਾ ਸਾਰਾ ਜੀਵਨ ਲਗਾ ਦੇਣਾ ਇੱਕ ਕੁਰਬਾਨੀ ਹੈ। ਇਸੇ ਅੰਕ ਵਿਚ ਬਲਜਿੰਦਰ ਨਸਰਾਲੀ ਦੀ ਕਹਾਣੀ ‘ਜੇ ਅਪਨੀ ਬਿਰਥਾ ਕਹੂ’ ਟੁੱਟ ਰਹੀ ਕਿਰਸਾਨੀ ਦੀ ਬਾਤ ਪਾਉਂਦੀ ਚੰਗੀ ਕਹਾਣੀ ਹੈ। ‘ਜੀਣ ਜੋਗਾ’ ਗੁਰਸੇਵਕ ਸਿੰਘ ਪ੍ਰੀਤ ਅਤੇ ‘ਖੁੱਲ੍ਹਾ ਬੂੁਹਾ’ ਕਮਲ ਦੁਸਾਂਝ ਕਮਾਲ ਦੀਆਂ ਕਹਾਣੀਆਂ ਹਨ। ‘ਕੁੱਤੀ ਵਿਹੜਾ’ ਕਹਾਣੀ ਹਜ਼ਮ ਨਹੀਂ ਹੋਈ, ਐਵੇਂ ਪੇਜਾਂ ਦਾ ਨੁਕਸਾਨ ਹੀ ਲੱਗੀ। ਹਕੀਕਤਾਂ ਵਿੱਚ ਮੁਹੱਬਤ ਦਾ ਸੱਸਾ–ਐਸ ਤਰਸੇਮ ਅਤੇ ਸੰਯੋਗ ਜੋਗਿੰਦਰ ਸਮਸ਼ੇਰ ਠੀਕ ਸਨ।
ਮੂਰਤਾਂ ਵਿੱਚ ਬੌਬੀ ਮਲੌਦ ਦੀ ਅੱਖ ਨੂੰ ਦਾਦ ਦੇਣੀ ਬਣਦੀ ਹੈ। ਜਸਵੀਰ ਭੁੱਲਰ ਦੀ ਰਚਨਾ ‘ਅਲਫ ਲੈਲਾ’ ਕਹਾਣੀਆਂ ਦਾ ਬੰਜਰ, ਸਿਆਚਿੰਨ ਗਲੇਸ਼ੀਅਰ ਵਿੱਚ, ਮੌਤ ਦੇ ਮੂੰਹ ਵਿੱਚ ਬੈਠੇ ਫੌਜੀਆਂ ਦੇ ਜੀਵਨ ਨੂੰ ਬਿਆਨ ਕਰਦੀ ਬੜੀ ਦਿਲਚਸਪ ਰਚਨਾ ਹੈ। ਮਨਮੋਹਨ ਬਾਵਾ ਦੀ ‘ਗਵਾਚੇ ਹੋਏ ਦਿਨ’ ਵੀ ਬੜੀ ਦਿਲਚਸਪ ਰਚਨਾ ਸੀ। ਮੈਂ ਮਨਮੋਹਨ ਬਾਵਾ ਦਾ ਬਹੁਤ ਵੱਡਾ ਪਾਠਕ ਹਾਂ। ‘ਗਵਾਚੇ ਹੋਏ ਦਿਨ’ ਅਤੇ ‘ਅਲਫ ਲੈਲਾ’ ਕਹਾਣੀਆਂ ਦਾ ਬੰਜਰ ਵਰਗੀਆਂ ਰਚਨਾਵਾਂ ਛਾਪਦੇ ਰਿਹਾ ਕਰੋ।
ਪਰਗਟ ਸਿੰਘ ਸਤੌਜ, ਪੋਸਟ ਆਫਿਸ: ਚੀਮਾ ਮੰਡੀ, ਵਾਇਆ ਸੁਨਾਮ, ਜ਼ਿਲ੍ਹਾ ਸੰਗਰੂਰ


ਸਮਝਦਾਰੀ ਦੀ ਦੌਲਤ
ਮਈ-ਅਗਸਤ 2008 ਦਾ ‘ਹੁਣ’ ਪੜ੍ਹਿਆ ਕਾਬਲੇ ਤਾਰੀਫ ਸੀ। ਮਾਂ-ਬੋਲੀ ਸਬੰਧੀ ਸੰਪਾਦਕੀ ਕਮਾਲ ਦੀ ਸੀ। ਪ੍ਰਸਿੱਧ ਨਾਟਕਕਾਰ (ਭਾਈ ਮੰਨਾ ਸਿੰਘ ਜੀ) ਨਾਲ ‘ਹੁਣ’ ਦੀ ਇੰਟਰਵਿਊ ਬੜਾ ਕੁਝ ਸਿੱਖਣ ਦਾ ਮੌਕਾ ਦਿੰਦੀ ਹੈ। ਗੁਰਸ਼ਰਨ ਜੀ ਵਰਗੇ ਸੁਲਝੇ ਇਨਸਾਨ ਦੁਨੀਆ ਨੂੰ ਸਮਝਦਾਰੀ ਦੀ ਦੌਲਤ ਦੇ ਦਿੰਦੇ ਹਨ। ਕਮਲ ਦੁਸਾਂਝ ਦੀ ਕਹਾਣੀ ‘ਖੁੱਲ੍ਹਾ ਬੂੁਹਾ’ ਮਨ ਨੂੰ ਛੂਹ ਗਈ, ਬੜਾ ਦਰਦ ਭਰਿਆ ਸੀ ਇਸ ਕਹਾਣੀ ਵਿਚ। ਇਕ ਨੰਗਾ ਸੱਚ ਕਿ ਬੱਚੀਆਂ ਰਿਸ਼ਤੇਦਾਰੀ ਵਿਚ ਵੀ ਸੁਰੱਖਿਅਤ ਨਹੀਂ ਹਨ। ਔਰਤ ਬਚਪਨ ਤੋਂ ਜਵਾਨੀ ਤੱਕ ਕਈ ਵਹਿਮ ਅਪਣੇ ਅੰਦਰ ਪਾਲ ਛੱਡਦੀ ਹੈ। ਬਲਜਿੰਦਰ ਨਸਰਾਲੀ ਦੀ ਕਹਾਣੀ ‘ਜੇ ਅਪਨੀ ਬਿਰਥਾ ਕਹੂੂੰ’ ਕਿਸਾਨੀ ਜੀਵਨ ਨਾਲ ਜੁੜੇ ਦੁਖਾਂਤ ਪੇਸ਼ ਕਰਦੀ ਹੈ। ਕਿਵੇਂ ਕਿਸਾਨ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਹੁੰਦੇ ਹਨ ਕਿਵੇਂ ਅੱਜ ਕੱਲ੍ਹ ਪਰਿਵਾਰ ਵੰਡੇ ਜਾਂਦੇ ਹਨ। ਰਾਣਾ ਰਣਵੀਰ ਦੀ ‘ਮਨ ਦੀ ਭੰਬੀਰੀ’ ਬਹੁਤ ਵਧੀਆ ਲੱਗੀ। ਜੋ ਮਨ ਦੀ ਹਾਲਤ ਬਿਆਨ ਕਰਦੀ ਹੈ। ਗੁਰਸੇਵਕ ਸਿੰਘ ਪ੍ਰੀਤ ਦੀ ‘ਜੀਣ ਜੋਗਾ’ ਮਨੁੱਖੀ ਮਨ ਦਾ ਡਰ ਪੇਸ਼ ਕਰਦੀ ਹੈ।
ਸ਼ਮਿੰਦਰ ਕੌਰ, ਪੱਟੀ


ਅਖੌਤੀ ਦਲਿਤ ਵਾਦੀਆਂ ਲਈ ਸ਼ੀਸ਼ਾ
‘ਹੁਣ’ ਦਾ ਪਿਛਲਾ ਪਰਚਾ ਬਹੁਤ ਚੰਗਾ ਸੀ। ਇਹ ਅਪਣਾ ਪਿਆਰ ਕਾਇਮ ਰੱਖਦਾ ਆ ਰਿਹਾ ਹੈ। ਇਸ ਵੇਰ ਮਨਿੰਦਰ ਕਾਂਗ ਦੀ ਕਹਾਣੀ ‘ਕੁੱਤੀ ਵਿਹੜਾ’ ਬਹੁਤ ਡੂੰਘਾਈ ਤੱਕ ਜਾ ਕੇ ਦਲਿਤ ਮਸਲਾ ਫਰੋਲਦੀ ਹੈ। ਮਜ਼ਹਬ ਦੀਆਂ ਬਰਾਬਰਤਾ ਦੀਆਂ ਫੋਕੀਆਂ ਟਾਹਰਾਂ ਦਾ ਵੀ ਪੋਲ ਖੋਲ੍ਹਦੀ ਹੈ। ਕਹਾਣੀ ਅਜੋਕੇ ਅਖੌਤੀ ਦਲਿਤਵਾਦੀਆਂ ਲਈ ਵੀ ਇਕ ਸ਼ੀਸ਼ਾ ਹੈ, ਜਿਹੜੇ ਵੇਹੜੇ ਵੜਨ ਤੋਂ ਬਿਨਾ ਫੋਕਾ ਹੇਜ ਜਤਾਉਂਦੇ ਹਨ। ਫਿਲਹਾਲ ਮੈਂ ਮਨਿੰਦਰ ਨੂੰ ਸ਼ਾਬਾਸ਼ ਦਿੰਦਾ ਹਾਂ।
ਇਸੇ ਤਰ੍ਹਾਂ ਬੀਬੀ ਕਮਲ ਦੁਸਾਂਝ ਇਸਤਰੀ ਦੁਖਾਂਤ ਦੀਆਂ ਅਤਿ ਡੂੰਘੀਆਂ ਨਿਵਾਣਾਂ ਫਰੋਲਦੀ ਹੈ। ਕਮਲ ਦੀ ਕਹਾਣੀ ਗਲਪ ਨਹੀਂ ਯਥਾਰਥ ਦੀ ਨੰਗੀ ਹਕੀਕਤ ਹੈ। ਇਸ ਮਸਲੇ ਨੂੰ ਇਸ ਹੱਦ ਤੱਕ ਫਰੋਲਣ ਦੀ ਦਲੇਰੀ ਤੇ ਸਾਹਸ ਦੀ ਦਾਦ ਦੇਣੀ ਬਣਦੀ ਹੈ। ਕਮਲ ਦੀ ਕਲਮ ਇਸੇ ਤਰ੍ਹਾਂ ਸਮਾਜ ਦੇ ਦੰਭ ਨੂੰ ਨੰਗੀ ਕਰਦੀ ਰਹੇ। ਇਹੋ ਮੇਰੀ ਤਮੰਨਾ ਹੈ।
ਮੈਂ ਇਸ ਉਮਰ ਵਿਚ ਵੀ ਇਹ ਗੱਲ ਸਮਝਣ ਤੋਂ ਅਸਮਰਥ ਹਾਂ ਕਿ ਨਿੱਜ ਕਿੱਥੇ ਮੁੱਕਦਾ ਹੈ ਤੇ ਸਾਹਿਤ ਕਿੱਥੋਂ ਸ਼ੁਰੂ ਹੁੰਦਾ ਹੈ। ਨਿਰੋਲ ਨਿੱਜੀ ਕਿਸਮ ਦੀਆਂ ਗੱਲਾਂ ਜਿੰਨ੍ਹਾਂ ਦੀ ਕੋਈ ਸਮਾਜਿਕ ਸਾਰਥਕਤਾ ਨਾ ਹੋਵੇ, ਸਾਹਿਤ ਮੰਨਣ ਲਈ ਤਿਆਰ ਨਹੀਂ। ਮੈਨੂੰ ਇਉਂ ਜਾਪਦਾ ਹੈ ਕਿ ਪੈਟੀ ਬਰਜਵਾ ਜਮਾਤ ਨਿੱਜ ਤੋਂ ਉੱਪਰ ਉੱਠਣ ਦਾ ਸਾਹਸ ਨਹੀਂ ਕਰਦੀ। ਅਜਿਹੀਆਂ ਲਿਖਤਾਂ ਛਾਪਣ ਤੋਂ ਪਹਿਲਾਂ ਜ਼ਰਾ ਦੇਖ ਲਿਆ ਕਰੋ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਹਰਪਾਲ ਸਿੰਘ ਪੰਨੂ ਇਕ ਸੁਹਿਰਦ ਚਿੰਤਕ ਤੇ ਵਿਦਵਾਨ ਹੈ। ਉਹ ਬਹੁਤ ਲੇਖਾਂ ਵਿਚ ਜਾਨ ਪਾ ਦਿੰਦਾ ਹੈ, ਪਰੰਤੂ ਮੇਰੀ ਅਲਪ ਬੁਧੀ ਅਨੁਸਾਰ ਉਹ ਕਾਫ਼ਕਾ ਬਾਰੇ ਗੱਲ ਕਰਦਿਆਂ ਅਜਿਹਾ ਨਹੀਂ ਕਰ ਸਕਿਆ।
ਇਕ ਸੁਝਾਅ ਹੈ ਕਿ ਚਿੱਠੀਆਂ ਨੂੰ ਚਿੱਠੀਆਂ ਸਮਝ ਕੇ ਛਾਪੋ। ਸੰਪਾਦਕ ਦਾ ਅਪਣਾ ਅਧਿਕਾਰ ਪੂਰੀ ਤਰ੍ਹਾਂ ਵਰਤੋ ਕਿਉਂਕਿ ਮੈਂ ਸਮਝਦਾ ਹਾਂ ਕਿ ਕਈ ਭਾਈ ‘ਹੁਣ’ ਵਿਚ ਛਪਣ ਦੀ ਲਾਲਸਾ ਚਿੱਠੀਆਂ ਛਪਵਾ ਕੇ ਪੂਰੀ ਕਰਦੇ ਹਨ।
ਐਨਟੋਨੀਓ ਗਰਾਮਸ਼ੀ ਇਟਲੀ ਦਾ ਬਹੁਤ ਹੀ ਸੂਝਵਾਨ ਮਾਰਕਸੀ ਚਿੰਤਕ ਤੇ ਕਮਿਊਨਿਸਟ ਸੀ। ਉਸ ਨੇ ਮਾਰਕਸਵਾਦ ਨੂੰ ਸਾਹਿਤ ਤੇ ਸਭਿਆਚਾਰਕ ਮਸਲਿਆਂ ਨੂੰ ਸਮਝਣ ਲਈ ਵਰਤਿਆ। ਯੂਰਪੀ ਦੇਸ਼ਾਂ ਦੇ ਮਾਰਕਸੀ ਚਿੰਤਕ ਉਸ ਨੂੰ ਸਮਝਣ ਲਈ ਉਸਦੀਆਂ ਲਿਖਤਾਂ ਦਾ ਗਹਿਨ ਚਿੰਤਨ ਕਰਦੇ ਹਨ, ਜਦੋਂ ਕਿ ਸਾਡੇ ਪੰਜਾਬੀ ਚਿੰਤਕਾਂ ਨੇ ਬਹੁਤ ਘੱਟ ਅਜਿਹਾ ਕੀਤਾ ਹੈ। ਮੇਰੀ ਸਮਝ ਅਨੁਸਾਰ ਮਾਰਕਸਵਾਦ ਦਾ ਚਿੰਤਨ ਗਰਾਮਸ਼ੀ ਦੀਆਂ ਲਿਖਤਾਂ ਦੇ ਚਿੰਤਨ ਬਿਨਾ ਅਧੂਰਾ ਹੈ। ‘ਹੁਣ’ ਉਸ ਬਾਰੇ ਪੰਜਾਬੀ ਪਾਠਕਾਂ ਲਈ ਗੱਲ ਕਰਨ ਵਾਸਤੇ ਵਧਾਈ ਦਾ ਪਾਤਰ ਹੈ।
ਸੁਰਜੀਤ ਗਿੱਲ,
ਘੋਲੀਆਂ ਕਲਾਂ (ਬਠਿੰਡਾ)


ਪੰਜਾਬੀ ਨਾਟਕ
‘ਹੁਣ’ ਦਾ ਅੰਕ 9 ਵਿਚ ਗੁਰਸ਼ਰਨ ਸਿੰਘ ਦਾ ਕਹਿਣਾ ਗਲਤ ਹੈ ਕਿ ਪੰਜਾਬੀ ਨਾਟਕ ਹਰਮਨ ਪਿਆਰਾ ਹੈ। ਪੰਜਾਬੀ ਨਾਟਕ ਤਾਂ ਮਰਾਠੀ ਨਾਟਕ ‘ਤਮਾਸ਼ਾ’, ਬੰਗਾਲੀ ਨਾਟਕ ‘ਯਾਤਰਾ’ ਤੇ ਗੁਜਰਾਤੀ ਨਾਟਕ, ਜੋ ਕਿ ਲੋਕ ਟਿਕਟ ਲੈ ਕੇ ਦੇਖਦੇ ਹਨ, ਦੇ ਪੱਧਰ ’ਤੇ ਨਹੀਂ ਪਹੁੰਚਿਆ, ਪਰ ਫਿਰ ਵੀ ਗੁਰਸ਼ਰਨ ਸਿੰਘ ਤੇ ਜਤਿੰਦਰ ਬਰਾੜ ਨਾਟਕ ਖੇਤਰ ਵਿਚ ਚੰਗਾ ਕੰਮ ਕਰ ਰਹੇ ਹਨ।
ਕਹਾਣੀਆਂ ‘ਹੁਣ’ ਵਿਚ ਨਗੀਨਿਆਂ ਵਾਂਗ ਜੜੀਆਂ ਹਨ। ‘ਕੁੱਤੀ ਵਿਹੜਾ’ ਵਿਚ ਮਨਿੰਦਰ ਸਿੰਘ ਕਾਂਗ ਨੇ ਤਾਂ ਅੰਮ੍ਰਿਤਸਰ ਦੀ ਹਿਸਟਰੀ ਹੀ ਫਰੋਲ ਛੱਡੀ ਹੈ। ਇਕ ਨਿਵੇਕਲੇ ਵਿਸ਼ੇ ਉੱਤੇ ਲਿਖਿਆ ਹੈ। ‘ਜੀਣ ਜੋਗਾ’ ਖੁਸਰਿਆਂ ਦੇ ਜੀਵਨ ਨੂੰ ਇਕ ਨਵੇਂ ਐਂਗਲ ਤੋਂ ਪੇਸ਼ ਕਰਦੀ ਹੈ। ‘ਜੇ ਅਪਨੀ ਬਿਰਥਾ ਕਹੂੰ’ ਬਲਜਿੰਦਰ ਨਸਰਾਲੀ ਦੀ ਕਹਾਣੀ ਅੱਜ ਦੀ ਦਮ ਤੋੜਦੀ ਕਿਰਸਾਨੀ ਦੀ ਤ੍ਰਾਸਦਿਕ ਤਸਵੀਰ ਪੇਸ਼ ਕਰਦੀ ਹੈ। ਇਸ ਨੂੰ ਹੋਰ ਵਿਸਥਾਰ ਦੇ ਕੇ ਬਲਜਿੰਦਰ ਨਸਰਾਲੀ ਨੂੰ ਨਾਵਲ ਰੂਪ ਵਿਚ ਪ੍ਰਕਾਸ਼ਿਤ ਕਰਵਾਉਣਾ ਚਾਹੀਦਾ ਹੈ। ‘ਖੁੱਲ੍ਹਾ ਬੂਹਾ’ ਵਿਚ ਰਿਸ਼ਤਿਆਂ ਦਾ ਘਾਣ ਦੀ ਪੇਸ਼ਕਾਰੀ ਸੀ। 60-70 ਸਾਲ ਪਹਿਲਾਂ ਵੀ ਇਹੋ ਕੁਝ ਹੁੰਦਾ ਸੀ, ਪਰ ਉਦੋਂ ਲੇਖਕ ਇਸ ਬਾਰੇ ਨਹੀਂ ਸੀ ਲਿਖਦੇ। ਬਾਵਾ ਬਲਵੰਤ, ਜੋ ਹਰ ਵੇਲੇ ਅਪਣੇ ਨਾਲ ਛੱਤਰੀ ਰੱਖਦਾ ਸੀ, ਦੀ ਲੂ ਨਾਲ ਹੋਈ ਮੌਤ ਦੁਖਦਾਈ ਸੀ, ਤੁਹਾਨੂੰ ਬਾਵਾ ਬਲਵੰਤ ਦੀ ਕਵਿਤਾ ਵੀ ਦੇਣੀ ਚਾਹੀਦੀ ਸੀ।
ਐਤਕੀਂ ਪੁਸਤਕ ਪੜਚੋਲ ਵਾਲਾ ਪੰਨਾ ਗਾਇਬ ਸੀ। ਤੁਸੀਂ ਹਿੰਦੀ ਅਤੇ ਉਰਦੂ ਤੋਂ ਅਨੁਵਾਦਿਤ ਅਤੇ ਪਾਕਿਸਤਾਨੀ ਪੰਜਾਬੀ ਕਹਾਣੀਆਂ ਵੀ ਛਾਪਿਆ ਕਰੋ। ‘ਮਨਪਸੰਦ ਪੁਸਤਕ’ ਨਾਂ ਦਾ ਕਾਲਮ ਸ਼ੁਰੂ ਕਰੋ, ਜਿਸ ਵਿਚ ਪਾਠਕ ਸਾਹਿਤਕਾਰ ਸਭ ਹਿੱਸਾ ਲੈਣ। ‘ਬੰਬਈ ਦੂਰ ਨਹੀਂ’, ‘ਮੁਹੱਬਤ ਦਾ ਸੱਸਾ’, ‘ਸੰਯੋਗ’ ਆਦਿ ਪੜ੍ਹ ਕੇ ਮਜ਼ਾ ਆ ਗਿਆ, ਪਰ ਤੁਸੀਂ ਅਨਤੋਨੀਓ ਗ੍ਰਾਮਸ਼ੀ ਵਰਗੇ ਲੇਖ ਨਾ ਛਾਪਿਆ ਕਰੋ, ਆਮ ਪਾਠਕ ਦੀ ਸਮਝ ਤੋਂ ਬਾਹਰ ਹਨ।
ਪਰਮਜੀਤ ਸਿੰਘ, 4584,
ਸ਼ਾਮ ਨਗਰ, ਰਾਜਪੁਰਾ


ਭਾਅ ਜੀ ਨਾਲ ਗੱਲਾਂ
‘ਹੁਣ’ ਮਈ-ਅਗਸਤ 2008 ਵਿਚ ਭਾਅ ਜੀ ਗੁਰਸ਼ਰਨ ਸਿੰਘ ਨਾਲ ‘ਗੱਲਾਂ’ ਕਰਕੇ ਤੁਸੀਂ ਚੰਗਾ ਕੀਤਾ। ਇਹ ਇਤਿਹਾਸ ਸਿਰਜਿਆ ਗਿਆ ਹੈ। ਮਨਿੰਦਰ ਕਾਂਗ ਦੀ ਕਹਾਣੀ ‘ਕੁੱਤੀ ਵਿਹੜਾ’ ਅੰਮ੍ਰਿਤਸਰ ਦੇ ਇਤਿਹਾਸ ਦੀ ਕਾਮਯਾਬ ਰਚਨਾ ਹੈ। ਹਰ ਵਿਸ਼ੇ ਨੂੰ ਕੋਮਲਤਾ, ਕਰੂਰਤਾ, ਡੰਗ ਚੋਭਾਂ, ਅਸ਼ਤਰ ਨਸ਼ਤਰਾਂ ਨਾਲ ਯਥਾਰਥ ’ਚ ਐਸਾ ਲਪੇਟਿਆ ਹੈ, ਜਿਸ ਦੀਆਂ ਪਰਤਾਂ ਰੰਗ ਬਰੰਗੀਆਂ ਲੀਰਾਂ ਦੀ ਖਿੱਦੋ ਵਾਂਗ ਉਧੜਦੀਆਂ ਜਾਂਦੀਆਂ ਹਨ। ਦਲਿਤ ਸਾਹਿਤ ਬਾਰੇ ਪਹਿਲਾਂ ਹੀ ਕਾਫੀ ਰੌਲਾ ਪੈ ਰਿਹਾ ਹੈ ਪਰ ‘ਕੁੱਤੀ ਵਿਹੜਾ’ ਦਲਿਤ ਸਾਹਿਤ ਦੀ ਸਭ ਤੋਂ ਉੱਤਮ ਰਚਨਾ ਹੈ ਹਾਲਾਂਕਿ ਕਾਂਗ ਆਪ ਦਲਿਤ ਨਹੀਂ ਹੈ।
ਦੂਜੀ ਕਹਾਣੀ ਬਲਜਿੰਦਰ ਨਸਰਾਲੀ ਦੀ ਹੈ, ‘ਜੇ ਅਪਨੀ ਬਿਰਥਾ ਕਹੂੰ’। ਇਹ ਕਹਾਣੀ ਕਿਸਾਨੀ ਦੇ ਨਿਘਾਰ ਦੀ ਗਾਥਾ ਹੈ। ਦੋ ਭਰਾਵਾਂ ’ਚ ਜ਼ਮੀਨ ਦਾ ਮਾਨਸਿਕ ਤਣਾਅ ਤੇ ਇਕ ਵਲੋਂ ਦੂਜੇ ਨਾਲ ਵਧੀਕੀਆਂ। ਜੋ ਮਾੜੀ ਹਾਲਤ ਪੇਸ਼ ਹੋਈ, ਇਹ ਇਕ ਗਲੀਜ਼ ਯਥਾਰਥ ਹੈ। ਜੇ ਇਕ ਜੱਟ ‘ਕਿਸਾਨ ਮੰਡੀ’ ਵਿਚ ਅਪਣੀਆਂ ਸਬਜ਼ੀਆਂ ਲੈ ਹੀ ਆਇਆ ਹੈ ਤਾਂ ਉਸ ਦੀ ਮੰਗੇਤਰ ਜਿਸ ਦਾ ਰਿਸ਼ਤਾ ਟੁੱਟ ਗਿਆ ਸੀ ਜੋ ਉਸ ਨੂੰ ਪਿੰਡ ਦੇ ਸਕੂਲ ਵਿਚ ਦਿਸਦੀ ਹੈ। ਫਿਰ ‘ਜੱਟ ਮੰਡੀ’ ਵਿਚ ਵੀ ਆ ਜਾਂਦੀ ਹੈ। ਉਹ ਉਸ ਦਾ ਸਾਹਮਣਾ ਨਹੀਂ ਕਰ ਸਕਦਾ। ਉਹ ਜ਼ਿਆਦਾ ਪੜ੍ਹਨ ਕਰਕੇ ਘੱਟ ਪੜ੍ਹੇ ਹੋਏ ਨਾਲ ਵਿਆਹ ਕਰਨ ਤੋਂ ਇਨਕਾਰ ਕਰਦੀ ਹੈ। ਇਹ ਹੈ ਇਸਤਰੀ ਦੀ ਇਨਕਲਾਬੀ ਸੋਚ, ਪਰ ਦੂਜੇ ਪਾਸੇ ਇਕ ਪੇਂਡੂ, ਅਲੜ੍ਹ ਮੁੰਡੇ ਦਾ ਦਿਲ ਜ਼ਖ਼ਮੀ ਹੋ ਜਾਂਦਾ ਹੈ। ਜਿਸ ਦਾ ਕੁੜੀ ਨੂੰ ਪਤਾ ਹੀ ਨਹੀਂ। ਸਰਮਾਏਦਾਰੀ ਵਲੋਂ ਸਬਜ਼ੀਆਂ ਦੇ ਸਟੋਰ ਖੋਲ੍ਹਣੇ, ਜੱਟ ਮੰਡੀ ਵਾਲਿਆਂ ਦੇ ਰੁਜ਼ਗਾਰ ’ਤੇ ਲੱਤ ਮਾਰਨੀ ਹੈ ਜੋ ਬਹੁਤ ਕੁਝ ਨਵਾਂ ਲੈ ਕੇ ਕਹਾਣੀ ਆਈ ਹੈ। ਬਾਕੀ ਮੈਟਰ ਵੀ ਵਧੀਆ ਹੈ। ਹਰਪਾਲ ਪੰਨੂ ਨੇ ਕਾਫਕਾ ਬਾਰੇ ਚੰਗਾ ਲਿਖਿਆ, ਮਨਮੋਹਨ ਬਾਵਾ ਤੇ ਭੁੱਲਰ ਨੇ ਵੀ ਵਧੀਆ ਲਿਖਿਆ ਹੈ।
ਮੁਖਤਿਆਰ ਸਿੰਘ
ਖੰਨਾ


‘ਹੁਣ’ ਦਾ ਹਾਸਲ
‘ਹੁਣ’-9 ਨਿਵੇਕਲਾ ਅਤੇ ਜਾਣਕਾਰੀ ਭਰਪੂਰ ਰਿਹਾ। ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ‘ਹੁਣ’ ਵਰਗੇ ਹੰਭਲੇ ਸ਼ਲਾਘਾਯੋਗ ਅਤੇ ਪ੍ਰੇਰਨਾਦਾਇਕ ਹਨ। ਵਾਲਟ ਵਿੱਟਮੈਨ ਦੀਆਂ ਕਵਿਤਾਵਾਂ ਉਹਨਾਂ ਦੀ ਸ਼ਖ਼ਸੀਅਤ ਵਾਂਗ ਤਾਜ਼ੀ ਹਵਾ ਦਾ ਬੁੱਲ੍ਹਾ ਜਾਪੀਆਂ। ਅਨੁਵਾਦ ਦੇ ਅਜਿਹੇ ਉਪਰਾਲੇ ਕਿਸੇ ਵੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਅਪਣਾ ਬਣਦਾ ਰੋਲ ਨਿਭਾਉਂਦੇ ਹਨ। ਭਾਅ ਜੀ ਗੁਰਸ਼ਰਨ ਸਿੰਘ ਨਾਲ ਹੋਇਆ ਸੰਵਾਦ ਅੰਕ ਦਾ ਹਾਸਲ ਸੀ। ਭਾਅ ਜੀ ਦਾ ਇਨਕਲਾਬੀ ਅਤੇ ਜਮਹੂਰੀ ਨਿਹਚੈ ਕਲਾ-ਕਾਮਿਆਂ ਲਈ ਸਦਾ ਪ੍ਰੇਰਨਾਮਈ ਰਹੇਗਾ। ਨਾਟਕ ਰਾਹੀਂ ਹਾਸ਼ੀਏ ’ਤੇ ਰੀਂਘ ਰਹੀ ਮਨੁੱਖਤਾ ਨੂੰ ਪਹਿਚਾਣ ਦਿਵਾਉਣ ਅਤੇ ਸੁਹਜ ਰਾਹੀਂ ਜੀਵਨ ਦੀਆਂ ਕੌੜੀਆਂ ਸੱਚਾਈਆਂ ਨੂੰ ਪੇਸ਼ ਕਰਕੇ ਕੁਤਕਤਾੜੀਆਂ ਕੱਢਣ ਦੀ ਥਾਂ ਸੂਖਮ ਸਥਲਾਂ ‘ਤੇ ਚੋਭਾਂ ਲਾਉਣ ਵਿਚ ਭਾਅ ਜੀ ਦਾ ਕੋਈ ਸਾਨੀ ਨਹੀਂ। ਕਹਾਣੀ ‘ਕੁੱਤੀ ਵਿਹੜਾ’ ਅਪਣੇ ਵਿਸ਼ੇ ਅਤੇ ਰੂਪ ਨਾਲ ਇਨਸਾਫ਼ ਕਰਦੀ ਹੋਈ ਪੰਜਾਬੀ ਕਹਾਣੀ ਵਿਚ ਵਾਪਰਨ ਵਾਲੇ ਪਰਿਵਰਤਨਾਂ ਦੀ ਦਸਤਕ ਦਿੰਦੀ ਹੈ। ਪਰੰਪਰਾਗਤ ਚੌਖਟਿਆਂ ਨੂੰ ਤੋੜਦੀ ਹੋਈ ਕਹਾਣੀ ਵਿਚਾਰ ਅਤੇ ਭਾਵ ਦੀ ਸੁਮੇਲਤਾ ਨੂੰ ਕਾਇਮ ਰੱਖਦੀ ਹੋਈ ਚਰਮ ਸੀਮਾ ਗ੍ਰਹਿਣ ਕਰਦੀ ਹੈ। ਬਾਕੀ ਕਹਾਣੀਆਂ ਵੀ ਵਰਤਮਾਨ ਯਥਾਰਥ ਅਤੇ ਹੋਣੀ ਦੀ ਚੰਗੀ ਪੇਸ਼ਕਾਰੀ ਸਨ। ‘ਖੁੱਲ੍ਹਾ ਬੂਹਾ’ ਕੁਝ ਕੁ ਕਾਹਲੀ ਵਿੱਚ ਲਿਖੀ ਜਾਪੀ।
ਮਨਮੋਹਨ ਦੀ ‘ਮਾਰਕਸ ਪਿੱਛੋਂ ਮਾਰਕਸੀ ਵਿਚਾਰਧਾਰਾ’ ਰਾਹੀਂ ਅਨਤੋਨੀਓ ਗ੍ਰਾਮਸ਼ੀ ਦੀ ਧਾਰਨਾ ‘ਸਭਿਆਚਾਰਕ ਦਾਬਾ’ ਪ੍ਰਤੀ ਗੰਭੀਰ ਜਾਣਕਾਰੀ ਮਿਲਦੀ ਹੈ। ਆਉਣ ਵਾਲੇ ਦੌਰ ਵਿਚ ਪੈਸੇ ਦੀ ਅੰਨ੍ਹੀ ਦੌੜ ਵਿੱਚੋਂ ਉਤਪੰਨ ਸਮਾਜਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਦਾਬਿਆਂ ਦਾ ਸਾਹਮਣਾ ਕਰਨ ਦੇ ਸਮਰੱਥ ਕੌਣ ਹੋਵੇਗਾ, ਇਹ ਤਾਂ ਭਵਿੱਖ ਹੀ ਤੈਅ ਕਰੇਗਾ, ਪਰੰਤੂ ਮਾਰਕਸ, ਲੈਨਿਨ ਅਤੇ ਮਾਓ ਦੀ ਵਿਚਾਰਧਾਰਾ ਦੀ ਸਾਰਥਕਤਾ ਹਰ ਦੌਰ ਵਿੱਚ ਬਣੀ ਰਹੇਗੀ ਅਤੇ ਅਹਿਮ ਭੂਮਿਕਾ ਵੀ ਨਿਭਾਉਂਦੀ ਰਹੇਗੀ।
ਕਾਮਰੇਡ ਸੁਰਜੀਤ ਗਿੱਲ ਨੇ ‘ਪੰਜਾਬ ਦੇ ਮੁੱਢਲੇ ਨਕਸਲੀਆਂ’ ਵਿਚ ਸਿਰਫ ਬਠਿੰਡੇ ਜ਼ਿਲ੍ਹੇ ਬਾਰੇ ਹੀ ਜਾਣਕਾਰੀ ਦਿੱਤੀ ਹੈ, ਆਸ ਕੀਤੀ ਜਾਂਦੀ ਹੈ ਕਿ ਭਵਿੱਖ ਵਿਚ ਇਸ ਸਬੰਧੀ ਹੋਰ ਜਾਣਕਾਰੀ ਪੜ੍ਹਨ ਨੂੰ ਮਿਲੇਗੀ। ਹਰਪਾਲ ਸਿੰਘ ਪੰਨੂ ਦੁਆਰਾ ਫਰਾਂਸ ਕਾਫ਼ਕਾ ਦੀ ਸ਼ਖ਼ਸੀਅਤ ਅਤੇ ਰਚਨਾਵਾਂ ਬਾਰੇ ਕਾਫੀ ਵਧੀਆ ਜਾਣਕਾਰੀ ਦਿੱਤੀ, ਜਿਸ ਨਾਲ ਜ਼ਿੰਦਗੀ ਨੂੰ ਜਿਉਣ ਅਤੇ ਦੇਖਣ ਦੇ ਢੰਗਾਂ ਵਿਚ ਵਾਧਾ ਹੋਇਆ। ਬੌਬੀ ਮਲੌਦ ਦੀਆਂ ਮੂਰਤਾਂ ਜ਼ਿੰਦਗੀ ਦੇ ਸਾਰੇ ਰੰਗਾਂ ਨੂੰ ਬਾਖੂਬੀ ਬਿਆਨਦੀਆਂ ਹਨ।
ਰਾਜੀਵ ਕੁਮਾਰ ਬਰਨਾਲਾ


ਬੇਨਾਮ ਖ਼ਤ ਨਾ ਛਾਪੋ
ਹੁਣ ਪੁਸਤਕ ਨੰ: 9 ਪੜ੍ਹ ਕੇ ਚਿੱਠੀ ਲਿਖਣ ਲਈ ਮਜਬੂਰ ਹੋ ਗਿਆ। ਮੇਰੇ ਖਿਆਲ ਵਿਚ ਅੰਕ ਨੰ: 3 ਛਪਿਆ ਸੀ ਤਾਂ ਮੈਨੂੰ ਧਰਮ ਕੰਮੇਆਣਾ ਦਾ ਫੋਨ ਆਇਆ ਸੀ ਅਤੇ ਪੈਂਦੀ ਸੱਟ ਹੀ ਉਹਨਾਂ ਹੁਕਮ ਚਾੜ੍ਹਿਆ ਸੀ ‘ਜੀਤ, ਕਾਮਰੇਡ ਪ੍ਰੇਮ ਤੋਂ ‘ਹੁਣ’, ਖਰੀਦ ਕੇ ਪੜ੍ਹੀਂ…।’ ਉਸ ਤੋਂ ਬਾਅਦ ‘ਹੁਣ’ ਪੜ੍ਹਦਾ ਆ ਰਿਹਾ ਹਾਂ। ਤੁਹਾਡੇ ਇਸ ਉੱਦਮ ਨੂੰ ਸਲਾਮ ਕਰਨੀ ਬਣਦੀ ਹੈ। ਐਨੇ ਸਫਿਆਂ ਦਾ ਮੈਗਜ਼ੀਨ… ਵਧੀਆ ਕਾਗਜ ਲਾ ਕੇ ਛਾਪਣਾ ਉਹ ਵੀ ਬਹੁਤ ਹੀ ਘੱਟ ਕੀਮਤ ’ਤੇ ਮੇਰੀ ਨਜ਼ਰ ’ਚ ਘਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ ਹੈ। ਇਸ ਵਾਰੀ ਗੁਰਸ਼ਰਨ ਭਾਅ ਜੀ ਦੀ ਇੰਟਰਵਿਊ, ਸੁਰਜੀਤ ਗਿੱਲ ਦਾ ਲੇਖ ਚੰਗੇ ਲੱਗੇ। ਕਹਾਣੀਆਂ ਵੀ ਕਾਬਲੇ ਤਾਰੀਫ ਸਨ। ਹਾਂ ਜਿਹੜਾ ਕੋਟਕਪੂਰੇ ਤੋਂ ਬੇਨਾਮ ਖ਼ਤ ਸੀ, ਇਹੋ ਜਿਹੇ ਖ਼ਤ ਨਾ ਛਾਪਿਆ ਕਰੋ ਅਤੇ ਬੇ ਨਾਮ, ਜੀ ਕੋਟਕਪੂਰਾ ਐਡਾ ਵੱਡਾ ਸ਼ਹਿਰ ਨਹੀਂ ਕਿ ਤੁਸੀਂ ਬੇ-ਨਾਮ ਰਹਿ ਸਕੋਂ।
ਜੀਤ ਸਿੰਘ ਸੰਧੂ, ਪਿੰਡ: ਸਿੱਖਾਂ ਵਾਲਾ (ਫਰੀਦਕੋਟ)


ਪੰਜਾਬੀ ਰਸਾਲੇ ’ਚ ਅੰਗਰੇਜ਼ੀ
ਹੁਣ ਪੁਸਤਕ ਲੜੀ-9 ਪੜ੍ਹੀ। ਦਿਲ ਤੇ ਦਿਮਾਗ ਨੇ ਖ਼ਤ ਲਿਖਣ ਲਈ ਮਜਬੂਰ ਕਰ ਦਿੱਤਾ। ਸੰਪਾਦਕੀ ਵਿਚ ਤੁਸੀਂ ਜੋ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਹਾਅ ਦਾ ਨਾਅਰਾ ਮਾਰਿਆ ਹੈ, ਉਹ ਸਮੇਂ ਦੀ ਮੁੱਖ ਲੋੜ ਹੈ। ਪਰ ਨਾਲ ਹੀ ਤੁਹਾਡਾ ਇਹ ਕਦਮ ਲੜਖੜਾਉਂਦਾ ਲੱਗਾ, ਜਦ ਇਨਕਲਾਬੀ ਕਵੀ ਪਾਸ਼ ਬਾਰੇ ਰਜੇਸ਼ ਕੁਮਾਰ ਸ਼ਰਮਾ ਦਾ ਅੰਗਰੇਜ਼ੀ ਵਿਚ ਲਿਖਿਆ ਲੇਖ ਵੇਖਿਆ ਅਤੇ ਤੁਸੀਂ ਇਹ ਵੀ ਲਿਖਿਆ ਕਿ ਇਹ ਲੇਖ ਅੰਗਰੇਜ਼ੀ ਵਿਚ ਹੀ ਸੁਹਣਾ ਲਗਦਾ ਹੈ। ਪੰਜਾਬੀ ਦਾ ਕੋਈ ਵੀ ਕਵੀ ਅੰਗਰੇਜ਼ੀ ਜਾਂ ਹੋਰ ਭਾਸ਼ਾ ਵਿਚ ਛਪੇ ਇਹ ਪੰਜਾਬੀ ਭਾਸ਼ਾ ਲਈ ਮਾਣ ਵਾਲੀ ਗੱਲ ਹੈ। ਪਰ ਪੰਜਾਬੀ ਦਾ ਲੇਖਕ ‘ਪੰਜਾਬੀ ਮੈਗਜ਼ੀਨਾਂ’ ਵਿਚ ਅੰਗਰੇਜ਼ੀ ਭਾਸ਼ਾ ਵਿਚ ਛਪੇ। ਇਹ ਠੀਕ ਨਹੀਂ।
‘ਭਾਈ ਲਾਲੂਆਂ ਨੂੰ ਸੰਬੋਧਿਤ’ ਭਾਜੀ ਗੁਰਸ਼ਰਨ ਸਿੰਘ ਨਾਲ ਤੁਸੀਂ ਜੋ ਸੰਵਾਦ ਰਚਾਇਆ ਹੈ, ਉਹ ਕਾਬਲੇ ਤਾਰੀਫ਼ ਹੈ। ਉਹਨਾਂ ਦੀ ਸੰਘਰਸ਼ ਭਰੀ ਜ਼ਿੰਦਗੀ ਨੂੰ ਨੇੜੇ ਤੋਂ ਜਾਨਣ ਦਾ ਮੌਕਾ ਮਿਲਿਆ। ਮੇਰੀ ਲਾਲਸਾ ਉਹਨਾਂ ਦੇ ਨਾਟਕ ਪੜ੍ਹਨ ਅਤੇ ਵੇਖਣ ਵਿਚ ਹੋਰ ਵਧ ਗਈ ਹੈ। ‘ਬਾਹਵਾਂ ਵਿਚ ਜ਼ਿੰਦਗੀ’ ਫ਼ਰਾਜ਼ ਕਾਫ਼ਕਾ ਦਿਲ ਦੇ ਕਾਫੀ ਨੇੜੇ ਹੋ ਗਿਆ। ਹੋਰ ਚੰਗਾ ਹੁੰਦਾ ਜੇਕਰ ਨਾਲ ਹੀ ਉਹਨਾਂ ਦੀਆਂ ਕਵਿਤਾਵਾਂ ਵੀ ਛਾਪੀਆਂ ਜਾਂਦੀਆਂ। ‘ਅਲਫ਼ ਲੈਲਾ ਕਹਾਣੀਆਂ ਦਾ ਬੰਜਰ’ ਸ਼ਿਆਚਨ ਗਲੇਸ਼ੀਅਰ ਜਿੱਥੇ ਮੌਤ ਪਲ-ਪਲ ਮੰਡਰਾਉਂਦੀ ਹੈ, ਜਸਵੀਰ ਸਿੰਘ ਭੁੱਲਰ ਦੀ ਹੱਡ ਬੀਤੀ ਪੜ੍ਹ ਕੇ ਦਿਲ ਦਹਿਲ ਗਿਆ। ਸਰੋਤਿਆਂ ਨੂੰ ਹਸਾਉਣ ਵਾਲਾ ਰਾਣਾ ਰਣਵੀਰ ਅੰਦਰੋਂ ਕਿੰਨਾ ਚੇਤਨ ਅਤੇ ਗੰਭੀਰ ਵਿਅਕਤੀ ਹੈ, ਉਸ ਦੀਆਂ ਕਵਿਤਾਵਾਂ ਪੜ੍ਹ ਕੇ ਪਤਾ ਲੱਗਾ। ਵਾਲਟ ਵਿਟਮੈਨ ਦੀਆਂ ਕਵਿਤਾਵਾਂ ਵੀ ਚੰਗੀਆਂ ਸਨ। ਬੌਬੀ ਮਲੌਦ ਦੀਆਂ ਮੂਰਤਾਂ ਵੀ ਪਸੰਦ ਆਈਆਂ।
ਸਾਹਿਤਕ ਮੈਗਜ਼ੀਨਾਂ ਵਿਚ ‘ਹੁਣ’ ਇਕ ਖਜ਼ਾਨਾ ਹੋ ਨਿਬੜਿਆ ਹੈ, ਜਿਸ ਦੇ ਰੋਜ਼ਾਨਾ ਨਵੇਂ ਪਾਠਕ ਬਣ ਰਹੇ ਹਨ।
ਸਰਬਜੀਤ ਕਰੀਮਪੁਰੀ
ਰੀਮਪੁਰ (ਨਵਾਂਸ਼ਹਿਰ)


‘ਖੁੱਲ੍ਹਾ ਬੂਹਾ’ ਤੇ ‘ਮੂਰਤਾਂ’
ਮਈ ਅਗਸਤ ਦੇ ‘ਹੁਣ’ ਵਿਚ ਕਮਲ ਦੁਸਾਂਝ ਦੇ ‘ਖੁੱਲ੍ਹਾ ਬੂਹਾ’ ਅਤੇ ਮੂਰਤਾਂ ਨੇ ਮਨ ਦੀਆਂ ਬਰੂਹਾਂ ਨੂੰ ਹਲੂਣ ਦਿੱਤਾ ਹੈ। ਘਰਾਂ ਵਿਚ ਹੀ ਮਾਸੂਮ ਬੱਚੀਆਂ ਨਾਲ ਹੁੰਦੇ ਘੋਰ ਸ਼ੋਸ਼ਣ ਬਾਰੇ ਪੰਜਾਬੀ ਸਾਹਿਤ ਵਿੱਚ ਘੱਟ ਲਿਖਿਆ ਗਿਆ ਹੈ। ‘ਕਮਲ’ ਦੀ ‘ਕਲਮ’ ਨੂੰ ਸਲਾਮ ਭੇਜਦੀ ਹਾਂ।
ਭੁਪਿੰਦਰ ਕੌਰ ਪ੍ਰੀਤ
ਮੁਕਤਸਰ


ਨਿੱਜੀ ਵੇਰਵੇ ਸਾਹਿਤ ਨਹੀਂ
ਜਦੋਂ ‘ਹੁਣ’ ਦਾ ਜਨਮ ਹੋਇਆ ਤਾਂ ਮੈਂ ਐਮ.ਏ. ਵਿਚ ਦਾਖ਼ਲਾ ਲਿਆ ਸੀ। ਅਪਣੇ ਸਾਹਿਤਕ ਗੁਰੂ ਕਾਮਰੇਡ ਸੁਰਜੀਤ ਗਿੱਲ ਕੋਲ ਪਹਿਲਾ ਅੰਕ ਦੇਖ ਕੇ ਮੈਂ ਬਸ ਇੰਨਾ ਕੁ ਹੀ ਸੋਚ ਕੇ ਰਹਿ ਗਿਆ ਸੀ ਕਿ ਕੋਈ ਮੋਟੀ ਜਿਹੀ ਕਿਤਾਬ ਆਈ ਹੈ ਜਿਸ ਵਿਚ ਔਖੀਆਂ-ਅੱਖੀਆਂ ਗੱਲਾਂ ਹਨ। ਬਾਅਦ ਵਿਚ ਜਦੋਂ ਇਸਦਾ ਚਰਚਾ ਸੁਣਿਆ ਤਾਂ ਨੀਝ ਨਾਲ ਪੜ੍ਹਨ ਦੀ ਇੱਛਾ ਜਾਗੀ। ਜਦ ਪੜ੍ਹਿਆ ਤਾਂ ਅਪਣੇ ਆਪ ’ਤੇ ਸ਼ਰਮਿੰਦਗੀ ਹੋਈ ਕਿ ਸਾਹਿਤਕ ਮੱਸ ਰੱਖਣ ਦੇ ਬਾਵਜੂਦ ਇਸ ਪੁਸਤਕ ਲੜੀ ਦੀ ਨਿੱਗਰਤਾ ਨੂੰ ਪਛਾਣ ਨਾ ਸਕਿਆ। ਉਸ ਪਿੱਛੋਂ ਹਰ ਅੰਕ ਦੀ ਉਡੀਕ ਬੜੀ ਤੀਬਰਤਾ ਨਾਲ ਕਰਦਾ ਤੇ ਪੜ੍ਹਦਾ ਆ ਰਿਹਾ ਹਾਂ। ਕਈ ਗੱਲਾਂ ਭਾਵੇਂ ਮੇਰੀ ਅਲਪ ਬੁੱਧੀ ਤੋਂ ਵਿਸ਼ਾਲ ਅਰਥਾਂ ਵਾਲੀਆਂ ਹੁੰਦੀਆਂ ਹਨ, ਪਰੰਤੂ ਬਹੁਤੀਆਂ ਗੱਲਾਂ ਪਕੜ ਵਿਚ ਆ ਜਾਂਦੀਆਂ ਹਨ ਤੇ ਪ੍ਰਭਾਵਿਤ ਕਰਦੀਆਂ ਹਨ।
ਪੁਸਤਕ ਲੜੀ-9 ਪੜ੍ਹ ਕੇ ਹਟਿਆ ਹਾਂ। ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਅਪਣੇ ਇੱਕ-ਦੋ ਸ਼ੰਕੇ ਨਵਿਰਤ ਕਰਨਾ ਚਾਹੁੰਦਾ ਹਾਂ। ਐਮ.ਏ. ਪੰਜਾਬੀ ਕਰਨ ਤੋਂ ਬਾਅਦ ਤੇ ਹੁਣ ਐਮ.ਫਿਲ ਕਰਦੇ ਸਮੇਂ ਸਾਨੂੰ ਵਾਰ ਵਾਰ ਸਾਹਿਤ ਦੀ ਪਰਿਭਾਸ਼ਾ ਤੇ ਉਸਦੇ ਮਕਸਦ ਬਾਰੇ ਜਾਨਣ ਦਾ ਮੌਕਾ ਮਿਲਦਾ ਰਿਹਾ ਹੈ। ਸਾਹਿਤ ਅਤੇ ਸਮਾਜ ਦੇ ਆਪਸੀ ਸਬੰਧਾਂ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੈ। ਮੈਨੂੰ ਅਫਸੋਸ ਹੈ ਕਿ ਲੜੀ-9 ਵਿਚ ਇਕ ਦੋ ਲੇਖ ਅਜਿਹੇ ਹਨ ਜਿਹਨਾਂ ਨੂੰ ਸਾਹਿਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਸਾਹਿਤ ਦੀ ਪਰਿਭਾਸ਼ਾ ਦੀ ਪੂਰਤੀ ਨਹੀਂ ਕਰਦੇ। ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਕੋਈ ਨਿੱਜ ਸਾਹਿਤ ਕਦੋਂ ਬਣਦਾ ਹੈ? ਅਪਣੇ ਨਿੱਜੀ ਵੇਰਵਿਆਂ ਨੂੰ ਨਿੱਜ ਤੱਕ ਸੀਮਤ ਕਰਕੇ ਪੇਸ਼ ਕਰਨਾ ਸਾਹਿਤ ਦਾ ਚਲਨ ਕਦਾਚਿਤ ਨਹੀਂ ਸੀ। ਤੁਹਾਡੀ ਵਿਦਵਤਾ ’ਤੇ ਕੋਈ ਸ਼ੰਕਾ ਨਹੀਂ ਹੈ ਪ੍ਰੰਤੂ ਅਜਿਹੀਆਂ ਰਚਨਾਵਾਂ, ਜਿਨ੍ਹਾਂ ਵਿਚ ਸਮਾਜਿਕਤਾ ਦੀ ਝਲਕ ਨਾ ਹੋਵੇ ਤੇ ਨਿਰੋਲ ਨਿੱਜੀ ਵਲਵਲੇ ਹੋਣ, ਨੂੰ ਸਾਹਿਤ ਵਿਚ ਸ਼ਾਮਲ ਕਰਦੇ ਹੋਏ ਛਾਪਣ ਲੱਗਿਆਂ ਇਸ ਪੁਸਤਕ ਲੜੀ ਦੇ ਮਿਆਰ ਨੂੰ ਜ਼ਰੂਰ ਕਾਇਮ ਰੱਖਿਆ ਜਾਵੇ।
ਗੁਰਸ਼ਰਨ ਜੀ ਦੀ ਵਿਚਾਰਧਾਰਕ ਪ੍ਰਤੀਬੱਧਤਾ ਨੂੰ ਸਲਾਮ! ਸਾਡੇ ਪਿੰਡ ਉਹ ਕਈ ਵਾਰ ਨਾਟਕ ਖੇਡ ਕੇ ਗਏ ਹਨ। ਅੱਜ ਵੀ ਸਾਡੇ ਪਿੰਡ ਦੀਆਂ ਅਨਪੜ੍ਹ ਤੇ ਥੋੜ੍ਹਾ ਬਹੁਤ ਪੜ੍ਹੀਆਂ ਤ੍ਰੀਮਤਾਂ ਉਹਨਾਂ ਨੂੰ ‘ਭਾਈ ਮੰਨਾ ਸਿਉਂ’ ਕਹਿ ਕੇ ਯਾਦ ਕਰਦੀਆਂ ਹਨ। ਕਹਾਣੀਆਂ ਵਿਚੋਂ ਮਨਿੰਦਰ ਕਾਂਗ ਦੀ ‘ਕੁੱਤੀ ਵਿਹੜਾ’ ਬਾ-ਕਮਾਲ ਕਹਾਣੀ ਹੈ। ਲੰਮੇ ਕਾਲ ਖੰਡ ਵਿਚ ਫੈਲਿਆ ਹੋਇਆ ਇਤਿਹਾਸਕ ਦਸਤਾਵੇਜ਼ ਹੈ ਇਹ ਕਹਾਣੀ। ਕਮਲ ਦੁਸਾਂਝ ਦੀ ਕਹਾਣੀ ‘ਖੁੱਲ੍ਹਾ ਬੂਹਾ’ ਪ੍ਰਵਾਨਿਤ ਰਿਸ਼ਤਿਆਂ ਦੇ ਚਿਹਰਿਆਂ ਤੋਂ ਝੂਠਾ ਨਕਾਬ ਅਪਣੀਆਂ ਨਹੁੰਦਰਾਂ ਨਾਲ ਪਾੜ ਸੁੱਟਦੀ ਹੈ। ਮਰਦਾਊ ਸਮਾਜ ਦੀਆਂ ਧੱਜੀਆਂ ਉਡਾ ਦਿੰਦੀ ਹੈ। ‘ਜੀਣ ਜੋਗਾ’ ਕਦੇ ਨਾ ਹਾਰਨ ਵਾਲੇ ਮਨੁੱਖ ਦੀ ਕਥਾ ਹੈ।
ਮਨਮੋਹਨ ਬਾਵਾ ਦਾ ‘ਗਵਾਚੇ ਹੋਏ ਦਿਨ’ ਇਸ ਵਾਰ ਡਲਹੌਜੀ ਕਹਾਣੀ ਗੋਸ਼ਟੀ ਸਮੇਂ ਮੈਂ ਉਨ੍ਹਾਂ ਦੀ ਜੁਬਾਨੀ ਵੀ ਸੁਣਿਆ ਸੀ ਪਰੰਤੂ ਬਾਵਾ ਜੀ ਨੇ ਉਦੋਂ ਬਸੰਤੀ ਵਾਲੀ ਗੱਲ ਨਹੀਂ ਦੱਸੀ ਸੀ। ‘ਹੁਣ’ ਪੜ੍ਹਕੇ ਵੀ ਓਨਾ ਚੰਗਾ ਲੱਗਾ ਜਿੰਨਾ ਉਦੋਂ ਸੁਣ ਕੇ ਲੱਗਾ ਸੀ। ਅਨਤੋਨੀਓ ਗ੍ਰਾਮਸ਼ੀ ਇਕ ਵਾਰ ਪੜ੍ਹੇ ਤੋਂ ਘੱਟ ਸਮਝ ਆਇਆ ਹੈ। ਇੱਕ ਦੋ ਵਾਰ ਹੋਰ ਪੜ੍ਹਾਂਗਾ।
ਸੁਰਜੀਤ ਗਿੱਲ ਹੋਰਾਂ ਦੇ ਲੇਖ ਵਿਚ ਪਰੂਫ ਰੀਡਿੰਗ ਦੀਆਂ ਇਕ ਦੋ ਗਲਤੀਆਂ ਹਨ। ਜਗਦੀਪ ਬਠਿੰਡਾ ਦੀ ਤਸਵੀਰ ’ਤੇ ਜਗਦੀਸ਼ ਬਠਿੰਡਾ ਲਿਖਿਆ ਗਿਆ ਹੈ।
ਹਰਿੰਦਰ ਬਰਾੜ
ਪਿੰਡ ਤੇ ਡਾਕ: ਘੋਲੀਆਂ ਕਲਾਂ (ਮੋਗਾ)


‘ਹੁਣ’ ਨਾਲ ਦੋਸਤੀ
‘ਹੁਣ’ ਦਾ ਮਈ-ਅਗਸਤ ਅੰਕ ਪੜ੍ਹ ਕੇ ਪਹਿਲੀ ਵਾਰ ‘ਹੁਣ’ ਨਾਲ ਮੁਲਾਕਾਤ ਹੋਈ। ਪਿਆਰੇ ਮਿੱਤਰ ‘ਹੁਣ’ ਦੇ ਮਨ-ਅੰਦਰ ਦੀਆਂ ਗਹਿਰਾਈਆਂ ਵਿਚ ਉਤਰਦਿਆਂ ਮੇਰੇ ਮਨ ਨੂੰ ਜੋ ਆਨੰਦ ਦੀ ਅਨੁਭੂਤੀ ਹੋਈ ਉਹ ਕਹਿਣ-ਕਥਨ ਤੋਂ ਬਾਹਰ ਹੈ। ”ਕਹੁ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਐ।’’ ਇਸ ਪਿਆਰੇ ਦੋਸਤ ‘ਹੁਣ’ ਨਾਲ ਪਹਿਲੀ ਹੀ ਮੁਲਾਕਾਤ ਵਿਚ ਉਮਰ ਭਰ ਨਾ ਜੁਦਾ ਹੋਣ ਦੀਆਂ ਸਾਂਝਾਂ ਪਕੇਰੀਆਂ ਕਰ ਲਈਆਂ ਹਨ। ਸਰਬ ਗੁਣ ਸੰਪੰਨ ਹੈ ਦੋਸਤ ‘ਹੁਣ’। ਸਾਹਿਤ ਦੇ ਬਗੀਚੇ ਅੰਦਰ ਸਭ ਤੋਂ ਉੱਚਾ ਤੇ ਨਿਵੇਕਲਾ ਝੂਲਣ ਵਾਲਾ। ਨਾਲ ਹੀ ਸ਼ੁਕਰਗੁਜ਼ਾਰ ਹਾਂ ਲੇਖਕ ਵੀਰ ‘ਦਵਿੰਦਰ ਸੰਧੂ’ ਦਾ ਜਿਨ੍ਹਾਂ ਨੇ ਇਸ ਮਿੱਤਰ ‘ਹੁਣ’ ਨਾਲ ਮੁਲਾਕਾਤ ਕਰਵਾਈ।
ਸਵਰਨਦੀਪ ਸਿੰਘ
ਪਿੰਡ : ਜੋਧਪੁਰ ਰੋਮਾਣਾ (ਬਠਿੰਡਾ)


ਖੂਬਸੂਰਤ ਕਹਾਣੀਆਂ
‘ਹੁਣ’ ਪੁਸਤਕ ਲੜੀ-9 ਖ਼ੂਬਸੂਰਤ ਅੰਕ ਹੈ। ‘ਹੁਣ’ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਅੰਕ ਹਾਸਿਲ ਹੋਣ ’ਤੇ ਇਉਂ ਲੱਗਦਾ ਹੈ ਜਿਵੇਂ ਦੂਰ ਗਈ ਪ੍ਰੇਮਿਕਾ ਵਾਪਿਸ ਆ ਮਿਲੀ ਹੋਵੇ। ਹੁਣ-9 ਦੀਆਂ ਸਾਰੀਆਂ ਰਚਨਾਵਾਂ ਖ਼ੂਬਸੂਰਤ ਹਨ। ਗੁਰਸ਼ਰਨ ਭਾਅ ਜੀ ਨਾਲ ਕੀਤੀ ਮੁਲਾਕਾਤ ਬੜੇ ਸੁਨੇਹੇ ਦਿੰਦੀ ਹੈ। ਕਦੇ ‘ਇਮਰੋਜ਼’ ਹੋਰਾਂ ਨਾਲ ਮੁਲਾਕਾਤ ਕਰਵਾਓ। ਉਹਨਾਂ ਦੀਆਂ ਕਵਿਤਾਵਾਂ ਕਿੰਨੀਆਂ ਸਾਦੀਆਂ ਨੇ। ਪੜ੍ਹ ਕੇ ਦਿਲ ਪ੍ਰਸੰਨ ਹੋ ਗਿਆ ਹੈ। ਰੂਹ ਨੂੰ ਸਕੂਨ ਆ ਗਿਆ ਹੈ। ਕਦੇ-ਕਦੇ ਅਜਿਹੀਆਂ ਕਵਿਤਾਵਾਂ ਪੜ੍ਹਨ ਨੂੰ ਮਿਲਦੀਆਂ ਨੇ। ‘ਸਤੀ ਕੁਮਾਰ’ ਦਾ ਆਖਰੀ ਵਿਛੋੜਾ ‘ਹੁਣ’ ਦੇ ਪਾਠਕਾਂ ਲਈ ਅਸਿਹ ਹੈ। ‘ਘਰ ਦੀ ਤਲਾਸ਼’ ਵਧੀਆ ਸੀ। ਕਹਾਣੀਆਂ ਇਸ ਵਾਰ ਸਾਰੀਆਂ ਹੀ ਖ਼ੂਬਸੂਰਤ ਸਨ। ‘ਕੁੱਤੀ ਵਿਹੜਾ’ ਦਲਿਤ ਸਾਹਿਤ ਦੀ ਵਧੀਆ ਰਚਨਾ ਹੈ ਤੇ ਇਹਦੇ ਬਾਰੇ ਕਈ ਗੱਲਾਂ ਕੀਤੀਆਂ ਜਾ ਸਕਦੀਆਂ। ਬਲਜਿੰਦਰ ਨਸਰਾਲੀ ਨੇ ਵਿਸ਼ਾ ਵਧੀਆ ਲਿਆ ਪਰ ਕਥਾ ਰਸ ਕਾਇਮ ਨਹੀਂ ਰਹਿੰਦਾ। ਹਾਂਸ ਨੇ ਵਿਅਕਤੀ ਦੇ ਆਤਮ-ਸਨਮਾਨ ਬਾਰੇ ਪਾਏਦਾਰ ਕਹਾਣੀ ਰਚੀ ਹੈ। ‘ਜੀਣ ਜੋਗਾ’ ਠੀਕ ਸੀ। ‘ਖੁੱਲ੍ਹਾ ਬੂਹਾ’ ਔਰਤ ਦੀ ਤ੍ਰਾਸਦੀ ਦੀ ਖ਼ੂਬਸੂਰਤ ਪੇਸ਼ਕਾਰੀ ਹੈ। ਐਸ. ਤਰਸੇਮ ਦਾ ‘ਮੁਹੱਬਤ ਦਾ ਸੱਸਾ’ ਕਮਾਲ ਦੀ ਰਚਨਾ ਹੈ। ਵਧਾਈਆਂ। ਹਰਪਾਲ ਸਿੰਘ ਪੰਨੂ ਹਰ ਵਾਰ ਕਿਸੇ ਵਿਦਵਾਨ ਨਾਲ ਮੁਲਾਕਾਤ ਕਰਵਾ ਕੇ ‘ਹੁਣ’ ਦੇ ਪਾਠਕਾਂ ਨੂੰ ਮਾਲਾਮਾਲ ਕਰ ਰਹੇ ਨੇ। ਸੁਭਾਸ਼ ਪਰਿਹਾਰ ਦੀਆਂ ‘ਪੈੜਾਂ’ ਪੜ੍ਹਨਯੋਗ ਹੈ। ‘ਮੂਰਤਾਂ’ ਹਰ ਵਾਰ ਦੀ ਤਰ੍ਹਾਂ ਖ਼ੂਬਸੂਰਤ ਹਨ। ਮਨਮੋਹਨ ਬਾਵਾ ਦੇ ‘ਗਵਾਚੇ ਹੋਏ ਦਿਨ’ ਵੀ ‘ਹੁਣ’ ਦੇ ਪਾਠਕਾਂ ਲਈ ਵਧੀਆ ਰਚਨਾ ਹੈ।
‘ਅਲਫ ਲੈਲਾ ਕਹਾਣੀਆਂ ਦਾ ਬੰਜਰ’ ਮੈਨੂੰ ਬੋਰ ਲੱਗਿਆ। ਮਲਕੀਤ ਸਿੰਘ ਦੀ ਪੇਂਟਿੰਗ ‘ਸੋਚ ਚਿੜੀ ਦਾ ਅੰਬਰ ਕਿਥੇ’ ਬਹੁਤ ਹੀ ਖ਼ੂਬਸੂਰਤ ਹੈ। ਪਰਚੇ ਦੀ ਸ਼ਾਨ ਵਿਚ ਵਾਧਾ ਕਰਦੀ ਹੈ ਤੇ ਪਾਠਕ ਨੂੰ ਖਰੀਦਣ ਲਈ ਉਕਸਾਉਂਦੀ ਹੈ। ਸਾਰਾ ਅੰਕ ਹੀ ਹੋਰਨਾਂ ਪਹਿਲਿਆਂ ਅੰਕਾਂ ਵਾਂਗ ਲਾਜਵਾਬ ਹੈ। ਮੈਨੂੰ ਅਗਲੇ ਅੰਕ ਦੀ ਬੜੀ ਬੇਸਬਰੀ ਨਾਲ ਉਡੀਕ ਹੈ। ਪ੍ਰਮਾਤਮਾ ਕਰੇ ‘ਹੁਣ’ ਲਗਾਤਾਰ ਚੱਲਦਾ ਰਹੇ ਤੇ ਮੇਰੇ ਵਰਗੇ ਪਾਠਕਾਂ ਨੂੰ ਸਾਹਿਤਕ ਸਮੱਗਰੀ ਤੇ ਗਿਆਨ ਨਾਲ ਸ਼ਰਸਾਰ ਕਰਦਾ ਰਹੇ। ਸਾਰੇ ‘ਹੁਣ’ ਪਰਿਵਾਰ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ।
ਪਰਦੀਪ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮਲੋਟ (ਮੁਕਤਸਰ)


ਔਰਤ ਦੀ ਸਥਿਤੀ
ਕਮਲ ਦੁਸਾਂਝ ਦੀ ਕਹਾਣੀ ‘ਖੁੱਲ੍ਹਾ ਬੂਹਾ’ ਅੱਜ ਦੀ ਤ੍ਰਾਸਦਿਕ ਸਥਿਤੀ ਨੂੰ ਪੇਸ਼ ਕਰਦੀ ਇਕ ਖ਼ੂਬਸੂੁਰਤ ਕਹਾਣੀ ਹੈ। ਇਹ ਰਚਨਾ ਕਹਾਣੀ ਨਾ ਹੋ ਕੇ ਇਕ ਯਥਾਰਥਕ ਘਟਨਾ ਬਿਓਰਾ ਹੈ। ਕਹਾਣੀ ਦੀ ਨਾਇਕਾ, ਜੋ ਅਜੇ ਜਵਾਨ ਹੋ ਰਹੀ ਬੱਚੀ ਹੈ, ਪੰਜਾਬ ਦੀਆਂ ਧੀਆਂ ਦੀ ਬਰਾਬਾਦੀ ਅਤੇ ਉਹਨਾਂ ਦੇ ਸਰੀਰਕ ਸ਼ੋਸ਼ਣ ਦੀ ਭਵਿੱਖੀ ਤਸਵੀਰ ਹੈ। ਕਮਲ ਨੇ ਬੜਾ ਹੌਸਲਾ ਕਰਕੇ ਘਰ-ਘਰ ਵਾਪਰਦੇ ਇਸ ਸੱਚ ਨੂੰ ਲੋਕਾਂ ਦੇ ਰੂਬਰੂ ਪੇਸ਼ ਕੀਤਾ ਹੈ।
ਨਰਿੰਦਰ ਕੌਰ ਪਾਹਵਾ, ਜਲੰਧਰ


ਚੰਗੇ ਭਲੇ ਸ਼ਬਦਾਂ ਮੂਹਰੇ ‘ਅ’
”ਸਾਹਿਤਕਾਰਾਂ ਨੇ ਹੀ ਤਾਂ ਜੀਵਨ ਦਾ ਠੇਕਾ ਨਹੀਂ ਲਿਆ ਹੋਇਆ।’’
ਹੁਣ-9 ਦੇ ਪੰਨਾ 6 ’ਤੇ ਸੰਪਾਦਕ ਦੀ ਇਹ ਸਤਰ ਪੜ੍ਹਨ ’ਤੇ ਕਈ ਸਵਾਲਾਂ ਦੇ ਜਵਾਬ ਮਿਲ ਗਏ ਤੇ ਲਿਖਣ ਦਾ ਹੌਸਲਾ ਵੀ ਪੈ ਗਿਆ। ਸਵਾਲ ਜਿਵੇਂ ਕਿ : ਸਾਹਿਤਕਾਰ ਬਣਨ ਤੋਂ ਪਹਿਲਾਂ ਬੰਦਾ ਕੀ ਹੁੰਦਾ ਹੈ? ਅ-ਕਵਿਤਾਵਾਂ ਲਿਖਣ ਵਾਲੇ ਨੂੰ ਕੀ ਕਹਿੰਦੇ ਹਨ? ਆਹ ਚੰਗੇ ਭਲੇ ਸ਼ਬਦਾਂ ਮੂਹਰੇ ‘ਅ’ ਕੀਹਨੇ ਲਗਾਇਆ???
ਖ਼ੈਰ! ‘ਹੁਣ’ ਵਧਾਈ ਦਾ ਪਾਤਰ ਹੈ। ਨਵੀਂ ਸਿਰਜਣਾ, ਸਿਰਜਕਾਂ ਵੱਲ ਵਧਣ ਲਈ, ਹਰ ਇਕ ਸੁਹਜ-ਸੁਆਦ ਨਾਲ ਭਰੀ ਕਲਾਤਮਿਕ/ਕਲਾਸਿਕ ਪਤ੍ਰਿਕਾ ਛਾਪਣ ਲਈ ਅਤੇ ਮਾਂ ਬੋਲੀ ਪੰਜਾਬੀ ਲਈ ਹੋਕਿਆਂ ਲਈ। ਮੈਂ ‘ਹੁਣ’ ਨੂੰ ਪੁਸਤਕ ਲੜੀ-4 ਤੋਂ ਖਰੀਦਣਾ ਸ਼ੁਰੂ ਕੀਤਾ ਹੈ ਤੇ ਪਹਿਲੇ ਤਿੰਨ ਫੋਟੋ ਸਟੇਟ ਕਰਵਾ ਲਏ ਹਨ ਤੇ ਹੁਣ ਮੇਰੇ ਕੋਲ ਹੁਣ ਤੱਕ ਦਾ ਸਮੁੱਚਾ ‘ਹੁਣ’ ਹੈ। ‘ਹੁਣ’ ਅਪਣੇ ਆਪ ਵਿਚ ਵਿਸ਼ੇਸ਼ ਹੈ। ਇਸ ਅੰਦਰ ਵਿਸ਼ਵ-ਸਾਹਿਤ ਤੇ ਸਾਹਿਤਕਾਰਾਂ ਦੀ ਹੋਂਦ, ਮਹਾਨ ਸਾਹਿਤਕਾਰਾਂ ਨਾਲ ਮੁਲਾਕਾਤਾਂ ਤੋਂ ਇਲਾਵਾ ਸੰਗੀਤ ਘਰਾਣੇ, ਸੁਹਜਮਈ ਫੋਟੋਗ੍ਰਾਫ਼ੀ, ਪੇਂਟਿੰਗਜ਼ ਅਤੇ ਫੁੱਲਾਂ ਵਰਗੀਆਂ ਕਵਿਤਾਵਾਂ ਪਾਠਕ ਨੂੰ ਖਿੱਚ ਪਾਉਣ ਵਾਲੇ ਪੱਖ ਹਨ।
‘ਝਰੋਖਾ’ ਇਸ ਦਾ ਬੜਾ ਮੁੱਲਵਾਨ ਪੰਨਾ ਹੈ। ‘ਰੱਬੀ ਸ਼ੇਰਗਿੱਲ’ ਇਸ ਵਿਚ ਬਹੁਤ ਵਧੀਆ ਲੱਗਾ ਸੀ ਪਰ ਫੇਰ ਕਦੇ ਅਜਿਹਾ ਅਪਣੇ ਆਪ ਵਿੱਚੋਂ ਪੈਦਾ ਹੋਣ ਵਾਲਾ ਜਾਦੂਗਰ ਇਸ ‘ਝਰੋਖੇ’ ਅੰਦਰ ਨਜ਼ਰ ਨਹੀਂ ਆਇਆ। ਮੇਰੇ ਹਿਸਾਬ ਨਾਲ ‘ਬਾਬਾ ਗੁਲਜ਼ਾਰ’ ਵੀ ਇਸ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
ਹੁਣ-8 ਵਿਚ ਸੁਖਦੇਵ ਦੀਆਂ ਫੁੱਲਾਂ ਵਰਗੀਆਂ ਅੰਤਰਝਾਤ ਪਵਾਉਂਦੀਆਂ ਨਜ਼ਮਾਂ ਲੱਗੀਆਂ ਸਨ, ਕਵਿਤਾਵਾਂ ਸਿੱਧੀਆਂ ਅੰਦਰ ਜਾਣ ਵਾਲੀਆਂ ਸਨ, ਯਾਦ ਹੋ ਗਈਆਂ ਹਨ। ਕਵੀ ਨੂੰ ਵਧਾਈ ਭੇਜਦਾ ਹਾਂ।
ਹੁਣ-9 ਤ੍ਰੇਲ ਤੁਪਕਿਆਂ ਦਾ ਗੀਤ-ਅੰਬਰੀਸ਼, ਕੁੱਤੀ ਵਿਹੜਾ-ਮਨਿੰਦਰ ਕਾਂਗ, ਇਮਰੋਜ਼ ਦੀਆਂ ਕਵਿਤਾਵਾਂ, ਬੌਬੀ ਦੀਆਂ ਮੂਰਤਾਂ, ਰਮਨ ਦਾ ਲੇਖ ਅਤੇ ਵਾਲਟ-ਵਿੱਟਮੈਨ ਦੇ ਦੀਦਾਰ ਸਭ ਲਾਜਵਾਬ ਕੰਮ ਹਨ। ਇਸ ਪੁਸਤਕ ਦੀ ਬਾਹਰੀ ਦਿੱਖ ਹਮੇਸ਼ਾ ਤੇ ਵਿਸ਼ੇਸ਼ ਕਰ ਇਸ ਵਾਰ ‘ਸੋਚ ਚਿੜੀ ਦਾ ਅੰਬਰ ਕਿੱਥੇ’ ਦਿਲ ਨੂੰ ਛੂਹਣ ਵਾਲੀ ਹੈ। ਹਰਪਾਲ ਸਿੰਘ ਪੰਨੂ ਦਾ ‘ਫਰਾਂਜ ਕਾਫ਼ਕਾ’ ਜਾਣਕਾਰੀ ਭਰਪੂਰ ਲੇਖ ਵਿਸ਼ਵ-ਸਾਹਿਤਕਾਰ ਦੀ ਜ਼ਿੰਦਗੀ ਦੇ ਵਿਸਤ੍ਰਿਤ ਵੇਰਵੇ ਕਮਾਲ ਦਾ ਕੰਮ ਹੈ ਤੇ ਸਾਂਭਣਯੋਗ ਹੈ। ਅਪਣੀ ਪਸੰਦ ਦੀ ਪੁਸਤਕ ‘ਆਉਣਗੇ ਦਿਨ ਕਵਿਤਾਵਾਂ ਦੇ’ ‘ਹੁਣ’ ਲਈ ਤੋਹਫ਼ੇ ਵਜੋਂ ਭੇਜ ਰਿਹਾ ਹਾਂ। ਕਬੂਲ ਕਰਨਾ।
ਪਵਨ ਕੁਮਾਰ ਰਾਹੀਂ ਮਨਜੀਤ ਕੌਰ, ਐਸ.ਬੀ.ਪੀ.ਓ. ਗੋਨਿਆਣਾ ਮੰਡੀ (ਬਠਿੰਡਾ)


ਦਲਿਤ ਲਹਿਰ ਦੀ ਸਥਿਤੀ
ਹੁਣ-9 ਵਿਚ ਮੇਰੇ ਲੇਖ “ਦਲਿਤ ਚੇਤਨਾ ਅਤੇ ਸਾਹਿਤ” ਦੇ ਪ੍ਰਤਿਕਰਮ ਵਿਚ ਭੂਰਾ ਸਿੰਘ ਕਲੇਰ ਨੇ ਲਿਖਿਆ ਹੈ ਕਿ ਮੈਂ ਲੇਖ ਵਿਚ ਪੰਜਾਬੀ ਦਲਿਤ ਲੇਖਕਾਂ ਦਾ ਜਿ਼ਕਰ ਕਰਦਿਆਂ ਕੇਵਲ ਕਵੀਆਂ ਦਾ ਹੀ ਜਿ਼ਕਰ ਕੀਤਾ ਹੈ ਗਲਪ ਲੇਖਕਾਂ ਨੂੰ ਅੱਖੋਂ ਪਰੋਖੇ ਕਰ ਦਿਤਾ ਹੈ। ਅਸਲ ਵਿਚ ਇਸ ਤਰ੍ਹਾਂ ਨਹੀਂ ਹੋਇਆ। ਮੈਂ ਕੇਵਲ ਉਹਨਾਂ ਦਲਿਤ ਲੇਖਕਾਂ ਨੂੰ ਹੀ ਸ਼ਾਮਲ ਕੀਤਾ ਹੈ ਜਿਨ੍ਹਾਂ ਉਤੇ ਚੇਤਨਾ ਐਸੋਸੀਏਸ਼ਨ ਨੇ ਪ੍ਰੋਗਰਾਮ ਕੀਤੇ, ਫਿਲਮਾਂ ਦਿਖਾਈਆਂ, ਜਿਨ੍ਹਾਂ ਦੀਆਂ ਰਚਨਾਵਾਂ ਪ੍ਰੋਗਰਾਮਾਂ ਵਿਚ ਪੜ੍ਹੀਆਂ, ਜਾਂ ਜਿਨ੍ਹਾਂ ਨੂੰ ਪ੍ਰੋਗਰਾਮਾਂ ਵਿਚ ਸ਼ਰਧਾਂਜਲੀਆਂ ਪੇਸ਼ ਕੀਤੀਆਂ ਗਈਆਂ। ਮੈਂ ਕਲੇਰ ਹੋਰਾਂ ਦੇ ਇਸ ਮੱਤ ਨਾਲ ਸਹਿਮਤ ਹਾਂ ਕਿ ਦਲਿਤ ਕਵੀਆਂ ਦੀਆਂ ਸਾਰੀਆਂ ਰਚਨਾਵਾਂ ਮਅਰਕੇ ਦੀਆਂ ਨਹੀਂ ਪਰ ਏਨਾਂ ਜ਼ਰੂਰ ਹੈ ਕਿ ਇਹਨਾਂ ਕਵੀਆਂ ਤੋਂ ਇਥੋਂ ਦੇ ਦਲਿਤ ਪਾਠਕ, ਤੇ ਦੂਜੇ ਵੀ, ਪ੍ਰੇਰਨਾ ਜ਼ਰੂਰ ਲੈਂਦੇ ਹਨ। ਜੇ ਦਲਿਤ ਲੇਖਕਾਂ ਦਾ ਲਿਖਿਆ ਗਲਪ ਸਾਹਿਤ ਵੀ ਇਥੇ ਉਪਲਬਧ ਹੋਵੇ ਤਾਂ ਉਸਨੂੰ ਵੀ ਕਵੀਆਂ ਵਾਂਗ, ਸ਼ਾਇਦ ਉਸਤੋਂ ਵੀ ਵੱਧ, ਮਾਨਤਾ ਮਿਲੇਗੀ। ਗਲਪ ਲੇਖਕ ਗ੍ਰੇਟਰ ਵੈਨਕੂਵਰ ਵਿਚ ਸਥਿਤ ਡਾਕਟਰ ਅੰਬੇਦਕਰ ਲਾਇਬਰੇਰੀ ਨੂੰ ਅਪਣੀਆਂ ਪੁਸਤਕਾਂ ਭੇਜ ਸਕਦੇ ਹਨ ਜਾਂ ਵੇਚਣ ਲਈ ਸੰਪਰਕ ਕਰ ਸਕਦੇ ਹਨ: ( Bill Basra, President, Dr. Ambedkar Library, 7271 Gilley Avenue, Burnaby, BC, Canada V5J 4W9)
ਇਸ ਲੇਖ ਦਾ ਮੰਤਵ ਭਾਰਤ ਤੋਂ ਬਾਹਰ ਪੱਸਰ ਰਹੀ ਦਲਿਤ ਚੇਤਨਾ ਅਤੇ ਦਲਿਤ ਸਾਹਿਤ ਨਾਲ ਪਾਠਕਾਂ ਦਾ ਪੀ੍ਰਚੈ ਕਰਵਾਣਾ ਸੀ। ਪੰਜਾਬੀ ਦਲਿਤ ਸਾਹਿਤ ਇਸ ਦਾ ਵਿਸ਼ਾ ਨਹੀਂ ਸੀ; ਪੰਜਾਬੀ ਦਲਿਤ ਸਾਹਿਤ ਬਾਰੇ ਤਾਂ ‘ਹੁਣ’ ਦੇ ਪਾਠਕ ਮੈਥੋਂ ਬਹੁਤਾ ਜਾਣਦੇ ਹੋਣਗੇ। ਉਂਜ ਜਾਪਦਾ ਹੈ- ਪੰਜਾਬ ਵਿਚ ਬਾਕੀ ਭਾਰਤ ਦੇ ਮੁਕਾਬਲੇ ਦਲਿਤ ਚੇਤਨਾ ਦਾ ਪਾਸਾਰ ਘੱਟ ਹੋਇਆ ਹੈ। ਹੈਦਰਾਬਾਦ ਯੂਨੀਵਰਸਿਟੀ ਤੋਂ ਵੈਨਕੂਵਰ ਵਿਚ ਹੋਈ ਕਾਮਨਵੈਲਥ ਸਾਹਿਤਕ ਕਾਨਫ੍ਰੰਸ (2007) ਵਿਚ ਭਾਗ ਲੈਣ ਆਏ ਪ੍ਰੋਫੈਸਰ ਸੱਤਿਆ ਨਾਰਾਇਣ ਨੇ ਕਿਹਾ, ਪੰਜਾਬ ਵਿਚ ਦਲਿਤ ਵੱਸੋਂ ਦੀ ਅਨੁਪਾਤ ਬਾਕੀ ਸੂਬਿਆਂ ਤੋਂ ਵੱਧ ਹੈ ਪਰ ਉਥੇ ਦਲਿਤ ਲਹਿਰ ਦੀ ਸਥਿਤੀ ਨਿਰਾਸ਼ਾ ਜਨਕ ਹੈ।
ਦਲਿਤ ਚੇਤਨਾ-ਵਿਸ਼ੇਸ਼ ਅੰਕ ਠੀਕ ਸਮਦਰਸ਼ੀ ਨੇ ਹੀ ਪ੍ਰਕਾਸਿ਼ਤ ਕੀਤਾ ਸੀ ਨਾ ਕਿ ਸਮਕਾਲੀ ਸਾਹਿਤ ਨੇ। ਬਲਬੀਰ ਮਾਧੋਪੁਰੀ ਹੋਰਾਂ ਦਾ ਇਸ ਸੋਧ ਲਈ ਧੰਨਵਾਦ।
ਅਜਮੇਰ ਰੋਡੇ, ਕੈਨੇਡਾ


32 ਸਾਲ ਬਾਅਦ ਫ਼ੋਟੋ
‘ਹੁਣ ਨੇ ਨਿੱਗਰ ਪੈੜਾਂ ਪਾਈਆਂ ਹਨ। ਐਨੇ ਵੱਡੇ ਆਕਾਰ ਨੂੰ ਸਮੇਟਣਾ ਯੋਧਿਆਂ ਦਾ ਕੰਮ ਹੀ ਤਾਂ ਹੈ। ਹੱਥਲੇ ਅੰਕ ਦੀਆਂ ਮਿਆਰੀ ਰਚਨਾਵਾਂ ਦਾ ਜੋ ਪ੍ਰਭਾਵ ਪਾਠਕਾਂ ਨੇ ਮਹਿਸੂਸ ਕੀਤਾ ਹੈ, ਉਹ ਇਧਰੋਂ ਉਧਰੋਂ, ਜਿਸ ਜਿਸ ਕੋਲ਼ ਵੀ ਪਰਚਾ ਜਾਂਦਾ ਹੈ, ਗੱਲ ਕਰਕੇ ਪਤਾ ਲਗਦਾ ਹੈ। ਇਸ ਨੇ ਸਾਹਿਤਕ ਹਲਕਿਆਂ ਵਿਚ ਅਪਣੀ ਨਿਵੇਕਲ਼ੀ ਥਾਂ ਬਣਾਈ ਹੈ। ਮਨਿੰਦਰ ਕਾਂਗ ਨੇ ‘ਭਾਰ’ ਕਹਾਣੀ ਤੋਂ ਬਾਅਦ ਇਸ ਵਾਰ ਦੇ ਅੰਕ ਵਿਚ ਜੋ ਕਹਾਣੀ ‘ਕੁੱਤੀ ਵਿਹੜਾ’ ਦਿੱਤੀ ਹੈ, ਇਸ ਨੇ ਤਾਂ ਹੁਣ ਤੱਕ ਦੀਆਂ ਸਭ ਕਹਾਣੀਆਂ, ਵਿਚੇ ਮੇਰੀਆਂ ਕਹਾਣੀਆਂ ਦੇ ਮੂਹਰੇ ਠੋਸਾ ਵਿਖਾ ਦਿੱਤਾ ਹੈ। ਗੁਰੂਆਂ ਦੀ ਵਰੋਸਾਈ ਧਰਤੀ ਉਪਰ ਇਹੋ ਜਿਹਾ ਕੁੱਝ ਤੇ ਫਿਰ ਤਿੰਨ ਕਾਲ਼ਾਂ ਵਿਚ ਵਿਚਰਦੀ ਇਹ ਕਹਾਣੀ ਇੰਨੀ ਮਾਰਮਕ ਹੋ ਨਿਬੜਦੀ ਹੈ ਕਿ ਇਹ ਅਪਣੇ ਆਪ ਵਿਚ ਇਕੱਲੀ ਹੀ ਖੁੱਲ੍ਹੀ ਚਰਚਾ ਦੀ ਮੰਗ ਕਰਦੀ ਹੈ। ਮਨਿੰਦਰ ਕਾਂਗ ਵਧਾਈ ਦੇ ਹੱਕਦਾਰ ਹਨ। ਮਨਿੰਦਰ ਕਾਂਗ ਉਪਰ ਮੈਨੂੰ ਸੜੇਵਾਂ ਕਰਨਾ ਚਾਹੀਦਾ ਸੀ ਪਰ ਪਤਾ ਨਹੀਂ ਕਿਵੇਂ ਹੋਇਆ, ਉਸ ਪ੍ਰਤੀ ਮੇਰੇ ਮਨ ਵਿਚ ਪਿਆਰ ਭਾਵਨਾ ਪੈਦਾ ਹੋ ਗਈ ਹੈ। ਸਾਡੇ ਦਲਿਤ ਦਲਿਤ ਕੂਕਣ ਵਾਲ਼ੇ ਸਾਹਿਤਕਾਰ ਅਜੇ ਤੱਕ ਕਿਰਤੀਆਂ ਦੀ ਇਸ ਜਮਾਤ ਦੀਆਂ ਸਮੱਸਿਆਵਾਂ ਦਾ ਥਹੁ ਨਹੀਂ ਲਗਾ ਸਕੇ, ਕੂਕਦੇ ਇਹੋ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਹੇਜ ਮਾਰਦਾ ਹੈ। ਕਿਰਤ ਦਾ ਇਹ ਬੁਲੰਦ ਨਿਸ਼ਾਨ ਕਦੇ ਅਪਣੀ ਹੋਣੀ ਨੂੰ ਸਮਝਣ ਦੇ ਸਮਰੱਥ ਹੋ ਸਕੇਗਾ, ਇਹ ਗੱਲ ਸਾਡੇ ਅਖੌਤੀ ਦਲਿਤ ਅਖਵਾਉਣ ਵਾਲ਼ਿਆਂ ਨੂੰ ਸਮਝ ਲੈਣੀ ਚਾਹੀਦੀ ਹੈ। ਅਸੀਂ ਜ਼ਾਤ ਪਾਤ ਤੇ ਛੂਤ ਛਾਤ ਦੀਆਂ ਟਾਹਰਾਂ ਤਾਂ ਮਾਰ ਰਹੇ ਹਾਂ ਪਰ ਸਭ ਤੋਂ ਹੇਠਲੀ ਇਸ ਪਰਤ ਨਾਲ਼ ਆਪ ਕਿੰਨਾ ਕੁ ਘਿਉ ਖਿਚੜੀ ਹੋ ਰਹੇ ਹਾਂ, ਇਹੋ ਜਿਹੀਆਂ ਗੱਲਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਕੀ ਅਸੀਂ ਅਪਣੀ ਜਮਾਤ ਦੇ ਇਸ ਹਿੱਸੇ ਨੂੰ ਅਪਣੇ ਕਲਾਵੇ ਵਿਚ ਲੈਣ ਦੀ ਜੁਰਅਤ ਕਰਨ ਲੱਗ ਪਏ ਹਾਂ। ਕੀ ਅਸੀਂ ਜੋ ਵੱਡੇ ਵੱਡੇ ਦਾਅਵੇ ਕਰਦੇ ਹਾਂ, ਅਪਣੇ ਆਪ ਨੂੰ ਇਸ ਦੇ ਸਮਰੱਥ ਕਰ ਸਕੇ ਹਾਂ ਕਿ ਇਨ੍ਹਾਂ ਨਾਲ਼ ਸਮਾਜਕ ਰਿਸ਼ਤੇ ਸਥਾਪਤ ਕਰ ਸਕੀਏ। ਗੁਰੂਆਂ ਨੇ ਇਨ੍ਹਾਂ ਨੂੰ ਵਰੋਸਾਉਣ ਦਾ ਯਤਨ ਕੀਤਾ ਪਰ ਸਾਡੇ ਅੱਜ ਦੇ ਰਾਜਨੀਤੀਵਾਨ ਇਨ੍ਹਾਂ ਤੋਂ ਕਿਸ ਕਿਸਮ ਦੇ ਕੰਮ ਲੈਂਦੇ ਹਨ ? ਇਹੋ ਜਿਹੀਆਂ ਅਨੇਕ ਪਰਤਾਂ ਇਹ ਕਹਾਣੀ ਖੋਲ੍ਹਦੀ ਹੈ। ਮੈਂ ਕੋਈ ਆਲੋਚਕ ਨਹੀਂ ਪਰ ਤਾਂ ਵੀ ਇਹ ਗੱਲ ਕਹਿਣ ਦੀ ਜੁਰਅਤ ਕਰਦਾ ਹਾਂ ਕਿ ਕਿੱਥੇ ਹੈ ਸਾਡੇ ਵੱਡੇ ਪੰਥ ਸੇਵਕਾਂ ਦਾ ਸਿੱਖੀ ਸੰਕਲਪ ਤੇ ਨਾਨਕ ਵਿਚਾਰਧਾਰਾ ? ਕੌਣ ਮੋੜਾ ਦੇਵੇਗਾ ਅੱਜ ਦੇ ਉਸ ਬੰਟੀ ਮਸੀਹ ਨੂੰ ਜਿਸ ਨੂੰ ਧਾਰਮਿਕ ਲੋਕਾਂ ਨੇ ਵੀ ਲੁੱਟਿਆ ਅਤੇ ਰਾਜਨੀਤੀਵਾਨਾਂ ਨੇ ਵੀ।…ਤੇ ਜੋ ਹੱਕ ਸੱਚ ਦੀ ਲੜਾਈ ਲੜਨ ਦੀ ਥਾਂ ਅਪਣਿਆਂ ਨੂੰ ਹੀ ਡੁਰਰ….ਉਇ ਕਹਿ ਕੇ ਛੁਰੇ ਵਿਖਾ ਰਿਹਾ ਹੈ। ਅੱਜ ਵੀ ਮੈਂ ਇਨ੍ਹਾਂ ਬੰਟੀਆਂ ਨੂੰ ਸੀਵਰ ਵਿਚ ਟੁੱਭੀ ਲਾ ਕੇ ਹੇਠੋਂ ਪੋਲੀਥੀਨ ਕੱਢਦਿਆਂ ਨੂੰ ਵੇਖਦਾ ਹਾਂ ਤਾਂ ਅੰਦਰਲਾ ਮਾਨਵ ਕੁਰਲਾ ਉਠਦਾ ਹੈ। ਕੁਝ ਸੋਚੋ ਪਿਆਰਿਓ, ਸਿਰਫ਼ ਸਟੇਜਾਂ ਗਰਮ ਕਰਨ ਨਾਲ਼ ਕੁੱਝ ਨਹੀਂ ਬਣਨਾ।
ਮੇਰੇ ਕੋਲ਼ੋਂ ਪਰਚਾ ਕੋਈ ਅਜੀਜ਼ ਪੜ੍ਹਨ ਲਈ ਲੈ ਗਿਆ ਹੈ ਜਿਸ ਕਰਕੇ ਮੈਂ ’ਕੱਲੀ ’ਕੱਲੀ ਰਚਨਾ ਬਾਰੇ ਚਰਚਾ ਕਰਨ ਦੇ ਸਮਰੱਥ ਨਹੀਂ ਰਿਹਾ।
ਇਕ ਗੱਲ ਦੀ ਮੈਂ ਸੁਰਜੀਤ ਗਿੱਲ ਨੂੰ ਦਾਦ ਦੇਣੀ ਹੈ। ਮੈਨੂੰ ਕਾਮਰੇਡ ਸੁਰਜੀਤ ਗਿੱਲ ਜੀ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਸ ਨੇ ਮੈਨੂੰ ‘ਇਤਿਹਾਸ ਦਾ ਨਾਇਕ’ ਕਬੂਲ ਕਰਦਿਆਂ ਹਿੱਕ ਨਾਲ਼ ਲਾ ਕੇ ਰੱਖੀ ਫੋਟੋ ‘ਹੁਣ’ ਵਿਚ ‘ਇਤਿਹਾਸ ਦੀਆਂ ਪੈੜਾਂ’ ਵਿਚ ਦੇ ਕੇ ਬਹੁਤ ਹੀ ਉਪਕਾਰੀ ਕਾਰਜ ਨੇਪਰੇ ਚਾੜ੍ਹ ਦਿੱਤਾ ਹੈ। ਮੈਂ ਸੁਰਜੀਤ ਗਿੱਲ ਦਾ ਇਸ ਗੱਲੋਂ ਵੀ ਰਿਣੀ ਹਾਂ ਕਿ ਉਸ ਨੇ ਖੁਫ਼ੀਆ ਕਿਸਮ ਦੀ ਸਮਾਜ ਸੇਵਾ ਕਰਕੇ ਮਹਾਨ ਕਾਰਜ ਕਰ ਵਿਖਾਇਆ ਜੋ ਕਿ ਅੱਜ ਤੱਕ ਅਧੂਰਾ ਪਿਆ ਸੀ। ਇਹ ਵੀ ਉਸ ਨੇ ਬਹੁਤ ਚੰਗਾ ਕੀਤਾ ਹੈ ਜੋ ਫੋਟੋ ਉਸ ਨੇ ਮੇਰੇ ਕੋਲੋਂ ਅੱਜ ਤੋਂ 32 ਸਾਲ ਪਹਿਲਾਂ ਮੇਰਾ ਸਾਹਿਤਿਕ ਮੁਲਾਂਕਣ ਕਰਨ ਲਈ ਪ੍ਰਾਪਤ ਕੀਤੀ ਸੀ, ਉਹ ਪੰਜਾਬ ਦੇ ਚੋਟੀ ਦੇ ਨਕਸਲੀਆਂ ਦੇ ਨਾਲ਼ ਛਪਵਾ ਕੇ ਸਾਹਿਤ ਦੀ ਮਹਾਨ ਸੇਵਾ ਕੀਤੀ ਹੈ। ਚਲੋ ਕਾਮਰੇਡ ਜੀ ਨੇ ਮੇਰੀ ਹੋਂਦ ਨੂੰ ਤਾਂ ਸਵੀਕਾਰ ਕੀਤਾ ਹੀ। ਗੰਢੇ ਨੂੰ ਛਿੱਲਣ ਨਾਲ਼ ਤਾਂ ਕਹਿੰਦੇ ਨੇ ਕਿ ਅਖ਼ੀਰ ਤੱਕ ਉਸ ਦੇ ਵਿਚੋਂ ਕੁੱਝ ਵੀ ਨਹੀਂ ਨਿਕਲ਼ਦਾ ਹੁੰਦਾ।
ਅਤਰਜੀਤ, ਕਥਾ ਨਿਵਾਸ, ਬੀ-6,
ਗੁਰੂ ਕੀ ਨਗਰੀ, ਬਠਿੰਡਾ।


ਸੰਘਰਸ਼ ਭਰੀ ਜ਼ਿੰਦਗੀ ਦਾ ਬਿਰਤਾਂਤ
ਹੁਣ’ ਅੱਜਕਲ੍ਹ ਟਰੈਵਲ ਕੰਮਪੇਨੀਅਨ ਬਣ ਗਿਆ ਹੈ ਤੇ ਇਸਦੇ ਨਵੇਂ ਇਸ਼ੂ ਦਾ ਇੰਤਜ਼ਾਰ ਰਹਿੰਦਾ ਹੈ।
ਮਈ-ਅਗਸਤ 9 ਦੇ ਅੰਕ ਚ ਗੁਰਸ਼ਰਨ ਭਾਅ ਜੀ ਦੀ ਇੰਂਟਰਵਿਊ ਬੇਹੱਦ ਸੁੰਦਰ ਸੀ। ਕਿਸਾਨੀ ਜੀਵਨ ਦੀਆਂ ਮੁਸ਼ਕਿਲਾਂ ‘ਤੇ ਚਾਨਣਾਂ ਪਾਉਂਦੀ ਬਲਜਿੰਦਰ ਨਸਰਾਲੀ ਦੀ ਕਹਾਣੀ ‘ਜੇ ਅਪਨੀ ਬਿਰਥਾ ਕਹੂੰ’; ਹਕੀਕਤਾਂ ਚੋਂ ਐੱਸ ਤਰਸੇਮ ਦੀ ‘ਮੁਹੱਬਤ ਦਾ ਸੱਸਾ’, ਜੋਗਿੰਦਰ ਸ਼ਮਸ਼ੇਰ ਦੀ ਸੰਯੋਗ, ਸੁੰਦਰ ਤਰੀਕੇ ਨਾਲ ਦੱਸੀਆਂ ਗਈਆਂ ਲੱਗੀਆਂ। ਮਨਮੋਹਨ ਬਾਵਾ ਨੇ ‘ਗਵਾਚੇ ਹੋਏ ਦਿਨ’ ਬਹੁਤ ਸੁੰਦਰਤਾ ਨਾਲ ਪੇਸ਼ ਕੀਤਾ, ਜੋ ਸੰਘਰਸ਼ ਭਰੀ ਜ਼ਿੰਦਗੀ ਦਾ ਬਿਰਤਾਂਤ ਹੈ।
ਜਰਨੈਲ ਸਿੰਘ


ਬਹੁਤ ਹੀ ਚੰਗਾ ਲੱਗਾ ‘ਹੁਣ’। ਸਾਰਾ ਹੀ ਪੜ੍ਹ ਲਿਆ, ਦੋ ਦਿਨਾਂ ਵਿਚ। ਅਨੀਤਾ ਨੂੰ ਸ. ਗੁਰਸ਼ਰਨ ਸਿੰਘ ਦੀ ਫੋ਼ਟੋਗ੍ਰਾਫੀ ਲਈ ਸਲਾਮ। ‘ਖੁਲ੍ਹਾ ਬੂਹਾ’ ਵਿੱਚੋਂ ਅੱਜ ਦੇ ਹਾਦਸਿਆਂ ਦੀਆਂ ਕੜੀਆਂ ਤਕ ਤਕ ਕੇ ਦਿਲ ਵਲੂੰਧਰਿਆ ਗਿਆ। ਇਕ ਪਾਸੇ ਅਣਜੰਮੀਆਂ ਦੇ ਘਾਤ ਲਈ ਰੋਂਦੇ ਹਾਂ ਤੇ ਦੂਜੇ ਪਾਸੇ ਜੰਮੀਆਂ ਦੇ ਬਲਾਤ ਲਈ। ਊਫ਼!
ਬਾਵਾ ਬਲਵੰਤ ਉਨ੍ਹਾਂ ਦਿਨਾਂ ਵਿਚ ਹੀ ਰੋਜ਼ ਮੇਰੇ ਨਾਲ ਸ਼ਹਾਦਰਿਓਂ-ਦਿੱਲੀ ਲਈ ਬੱਸ ਵਿੱਚ ਬਹਿੰਦਾ ਸੀ। ਚੁੱਪ ਦਾ ਸੰਚਾਰ।
‘ਕੁੱਤੀ ਵਿਹੜਾ’ ਅੰਬਰਸਰ ਦੀ ਕਹਾਣੀ ਦੇ ਨਾਲ ਨਾਲ ਭਾਰਤ ਦੇ ਅਤੀਤ ਦੀ ਕਹਾਣੀ, ਦੇ ਲੇਖਕ ਨੂੰ ਸਲਾਮ।
I can hardly read anything concerning Kisaani Jeevan, I have no contact with country life but ਜੇ ਅਪਣੀ ਕਥਾ has made me veep. How powerfully subtle are these young writers. The old ones talk too much over nothing these days. Congrats Baljinder
Nasrali.

ਬਾਕੀ ਫੇ਼ਰ ਸਹੀ
ਕਾਨਾ ਸਿੰਘ, ਮੋਹਾਲੀ


ਮਿਆਰੀ ਮੈਗਜ਼ੀਨ
‘ਹੁਣ’ ਵਰਗੇ ਮਿਆਰੀ ਅਤੇ ਜ਼ਬਰਦਸਤ ਮੈਗਜ਼ੀਨ ਲਈ ਤਹਿ ਦਿਲੋਂ ਮੁਬਾਰਕਾਂ। ਬੜੀ ਦੇਰ ਬਾਅਦ ਕੋਈ ਐਡੀ ਦਮਦਾਰ ਕਿਰਤ ਸਾਹਮਣੇ ਆਈ ਹੈ। ‘ਹੁਣ’ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇਗਾ, ਅਜਿਹੀ ਆਸ ਹੈ।
ਦਵਿੰਦਰ ਸੰਧੂ, ਹੱਡੀ ਵਾਲਾ, ਤਹਿ : ਗੁਰੂ ਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ


‘ਭਾਅ ਜੀ’ ਦੀ ਅੱਖ਼ਰਾਂ ਵਿਚ ਸੰਭਾਲ
‘ਹੁਣ’-9 ਦੇ ਨਾਲ ‘ਹੁਣ’ ਪਰਿਵਾਰ ਅਪਣੀ ਮਿਆਰੀ ਸਥਾਪਤੀ ਵੱਲ ਹੋਰ ਅਗਾਂਹ ਨੂੰ ਵੱਧ ਗਿਆ ਹੈ। ਖੁਸ਼ੀ ਹੋਈ ਇਹ ਦੇਖਕੇ ਕਿ ‘ਹੁਣ’ ਨੇ ਰਚਨਾਵਾਂ, ਛਪਾਈ ਅਤੇ ਦਿੱਖ, ਕਾਗਜ਼ੀ ਕੁਆਲਿਟੀ ਵਿੱਚ ਮਿਆਰਾਂ ਨਾਲ ਕੋਈ ਗਿਲਾ ਸਿ਼ਕਵਾ ਨਹੀਂ ਰਹਿਣ ਦਿੱਤਾ (ਭਾਂਵੇ ‘ਹੁਣ’ ਦੀ ਗਲਤ ਸ਼ਬਦ ਜੋੜਾਂ ਵਾਲੀ ਪੁਰਾਣੀ ਆਦਤ ਅਜੇ ਚੰਗੀ ਤਰ੍ਹਾਂ ਹਟੀ ਨਹੀਂ ਮਹਿਸੂਸ ਹੋਈ, ਪਰ ਘਟ ਜ਼ਰੂਰ ਗਈ ਹੈ)।
ਭਾਅ ਜੀ ਗੁਰਸ਼ਰਨ ਸਿੰਘ ਨਾਲ ਕੀਤੀ ਲੰਬੀ ਮੁਲਾਕਾਤ ‘ਚੋਂ ਜੋ ਇਕ ਚੀਜ਼ ਪ੍ਰਤੱਖ ਦੇਖਣ ਨੂੰ ਮਿਲੀ, ਉਹ ਸੀ, ਸੁਆਲਾਂ ਦੀ ਚੋਣ ’ਤੇ ਤੁਹਾਡੇ ਵਲੋਂ ਕੀਤੀ, ਮਿਹਨਤ, ਕਿਉਂਕਿ ਸੁਆਲਾਂ ਵਿਚ ਏਨੀ ਵਿਭਿੰਨਤਾ ਮਿਹਨਤ ਅਤੇ ਖੋਜ ਬਾਝੋਂ ਆ ਹੀ ਨਹੀਂ ਸਕਦੀ। ਕਿਹਾ ਜਾ ਸਕਦਾ ਹੈ ਕਿ ‘ਹੁਣ’ ਨੇ ਗੁਰਸ਼ਰਨ ਸਿੰਘ ਨੂੰ ਅੱਖਰਾਂ ਵਿੱਚ ਸ਼ਾਂਭ ਲਿਆ ਹੈ। ਇਹ ਮੁਲਾਕਾਤ ਭਵਿੱਖ ਦੇ ਸਾਹਿਤ-ਰਸੀਆਂ ਲਈ ਵਧੀਆ ਹਵਾਲਾ ਸਾਬਿਤ ਹੋਏਗੀ।
ਇਸ ਵਾਰ ਕਵਿਤਾਵਾਂ ਵਿੱਚ ਵੀ ਕੁਝ ਸੌਖੀਆਂ ਸਮਝ ਆ ਸਕਣ ਵਾਲੀਆਂ ਅਰਥ ਭਰਪੂਰ ਕਵਿਤਾਵਾਂ ਪੜ੍ਹਨ ਨੂੰ ਮਿਲੀਆਂ, ਪਰ ‘ਹੁਣ’ ਦਾ ਸਾਰਾ ਜ਼ੋਰ ਖੁੱਲੀ ਕਵਿਤਾ ਛਾਪਣ ‘ਤੇ ਹੀ ਕਿਉਂ ਲੱਗਾ ਹੋਇਆ ਹੈ, ਇਹ ਸਮਝ ਨਹੀਂ ਆ ਰਿਹਾ। ਉਂਜ ਸਿ਼ਵ ਨਾਥ ਦੀ ਕਵਿਤਾ ‘ਮਹਾਂਭਾਰਤ’ ਬਹੁਤ ਵਧੀਆ ਸੀ।
ਕਹਾਣੀਆਂ ‘ਚੋਂ ‘ਕੁੱਤੀ ਵਿਹੜਾ’ ਨੇ ਹਿਲਾ ਕੇ ਰੱਖ ਦਿੱਤਾ। ਤੱਥਾਂ ‘ਤੇ ਆਧਾਰਿਤ ਇਸ ਕਹਾਣੀ ਵਿੱਚ ਕਾਂਗ ਸਾਹਿਬ ਨੇ ਅਪਣੀ ਕਹਾਣੀ ਕਲਾ ਦਾ ਜੋ ਜੌਹਰ ਦਿਖਾਇਆ ਹੈ, ਉਹ ਕਾਬਿਲ-ਏ-ਤਾਰੀਫ਼ ਏ। ਕਈ ਥਾਵਾਂ ‘ਤੇ ਤਾਂ ਲੇਖਕ ਨੇ ਖੁੱਲ ਕੇ ਸੱਚ ਬੋਲਦੇ ਹੋਏ ਲਫਜ਼ਾਂ ਨੂੰ ਖੁੱਲੇ ਹੀ ਰੱਖਿਆ। ਅੰਮ੍ਰਿਤਸਰ ਸ਼ਹਿਰ ਦਾ ਜੰਮਪਲ ਹੋਣ ਕਾਰਨ ਇਸ ਕਹਾਣੀ ਨੇ ਮੈਨੂ ਸ਼ਹਿਰ ਦੇ ਕਈ ਨਿਵੇਕਲੇ ਪੱਖਾਂ ਤੋਂ ਜਾਣੂੰ ਕਰਵਾਇਆ ਖਾਸ ਕਰ ਬਾਗਾਂ, ਗਲੀਆਂ, ਚੌਕਾ ਆਦਿ ਦੇ ਨਾਮ ਅਤੇ ਪਿਛਲਾ ਇਤਿਹਾਸ ਕਹਾਣੀ ‘ਚੋਂ ਹੀ ਪਤਾ ਲੱਗਾ। ਸ਼ਾਇਦ ਹੀ ਇਹੋ ਜਿਹੀ ਕਹਾਣੀ ਸਮਾਜ ਦੇ ਇਸ ਧ੍ਰਿਕਾਰੇ ਵਰਗ ਬਾਰੇ ਹੋਰ ਕਿਸੇ ਨੇ ਲਿਖੀ ਹੋਵੇ ਕਦੀ। ਕਹਾਣੀ ‘ਜੀਣ ਜੋਗਾ’ ਵੀ ਬਹੁਤ ਵਧੀਆ ਲੱਗੀ।
‘ਬੰਬਈ ਦੂਰ ਨਹੀਂ’ ਅਤੇ ‘ਲਾਸ਼ਾਂ ਅਤੇ ਲੱਕੜੀਆਂ’ ਵਿਚਲੀਆਂ ਯਾਦਾਂ ਵੀ ਬਹੁਤ ਖੂਬਸੂਰਤੀ ਅਤੇ ਕਲਾਕਾਰੀ (ਲੇਖਣੀ) ਨਾਲ ਉਕਰਾਈਆਂ ਗਈਆਂ ਨੇ। ‘ਲਾਸ਼ਾਂ ਅਤੇ ਲੱਕੜੀਆਂ’ ਪੜ੍ਹ ਕੇ ਮਹਿਸੂਸ ਹੋਇਆ ਕਿ ਕਿੰਨੀ ਔਖ ਵਿੱਚ ਸਾਡੇ ਜਵਾਨ ਸਰੱਹਦਾਂ ‘ਤੇ ਪਹਿਰਾ ਦੇ ਰਹੇ ਹਨ।
ਹੋਰ ਤਾਂ ਹੋਰ, ‘ਹੁਣ’ ਵਿਚ ਛਪਣ ਵਾਲੀਆਂ ਚਿੱਠੀਆਂ ਵਿੱਚ ਵੀ ਵਧੀਆ ਪੱਧਰ ਦੀ ਆਲੋਚਨਾ ਅਤੇ ਵਿਚਾਰ ਪੜ੍ਹਨ ਨੂੰ ਮਿਲ ਜਾਂਦੇ ਨੇ। ਸ਼ਾਇਦ ‘ਪ੍ਰਧਾਨ ਸਾਹਿਬਾਂ’ ਦਾ ਪੱਖ ਲੈਣ ਲਈ ਕਈ ਨਾਮੀ – ਗਰਾਮੀ ਸੱਜਣਾਂ ਨੇ ਜਿ਼ਆਦਾ ਹੀ ਭਾਵੁਕਤਾ ਦਿਖਾ ਦਿੱਤੀ। ਬਾਕੀ ਵਿਚਾਰ ਆਪੋ ਅਪਣਾ। ਆਪਾਂ ਤਾਂ ਪਾਠਕ ਹਾਂ, ਲਿਖਾਰੀ ਨਹੀਂ। ‘ਹੁਣ’ ਨੂੰ ਅਪਣਾ ਰਸਾਲਾ ਸਮਝ ਕੇ ਵਿਚਾਰ ਜੇ ਰਹੇ ਹਾਂ। ਤੁਹਾਥੋਂ ਹੋਰ ਮਿਹਨਤ ਦੀ ਉਮੀਦ ਨਾਲ।
ਹਰਪ੍ਰੀਤ ਸਿੰਘ ਸੰਧੂ
ਨਵੀਂ ਦਿੱਲੀ


ਛੱਪਦੇ ਛੱਪਦੇ ਪੰਹੁਚੀ ਚਿੱਠੀ…
‘ਹੁਣ’ ਦੀ ਜਿਸ ਰਚਨਾ ਨੇ ਮੈਨੂੰ ਪਹਿਲੀ ਵਾਰ ਪੱਤਰ ਲਿਖਣ ਲਈ ਪ੍ਰੇਰਿਆ ਹੈ, ਉਹ ਹੈ ‘ਕੁੱਤੀ ਵਿਹੜਾ’। ਜਿਸ ਵਿਚ ਕਹਾਣੀਕਾਰ ਨੇ ਬਹੁਤ ਨੇੜਿਉਂ ਸੱਚਾਈ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਹੈ। ਇਹ ਸੱਚਾਈ ਗੁਰੂ ਰਾਮਦਾਸ ਦੇ ਸਮੇਂ ਤੋਂ ਸ਼ੁਰੂ ਹੋ ਕੇ ਅੱਜ ਵੀ ਸਾਡੇ ਸਮਾਜ ਦਾ ਅਨਿਖੜਵਾਂ ਅੰਗ ਹੈ। ਮੈਂ ਸਭ ਤੋਂ ਤਾਂ ਨਹੀਂ ਪਰ ‘ਹੁਣ’ ਦੇ ਪਾਠਕਾਂ ਤੋਂ ਪੁੱਛਣਾ ਚਾਹੁੰਗੀ ਕਿ ਕੀ ਅਸੀਂ ਅਜ ਵੀ ਇਸ ਛੂਤ-ਛਾਤ, ਊਚ-ਨੀਚ ਦੇ ਭੇਦ ਤੋਂ ਉਪਰ ਨਹੀਂ ਉਠ ਸਕਦੇ? ਕੀ ਅਸੀਂ ਅਪਣੇ ਗੁਰੂਆਂ ਦੁਆਰਾ ਚਲਾਈ ਗਈ ਲੀਹ ਨੂੰ ਅੱਗੇ ਲਿਜਾ ਕੇ ਗੁਰਬਾਣੀ ਦੇ ਕਥਨ ਨੂੰ ਪ੍ਰਮਾਣਿਤ ਨਹੀਂ ਕਰ ਸਕਦੇ?
“ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ”!!
ਇਹ ਸਤਰਾਂ ਸਿਰਫ਼ ਸੁਣਨ ਵਿਚ ਹੀ ਆਉਂਦੀਆਂ ਰਹਿਣਗੀਆਂ ਜਾਂ ਅਸੀਂ ਇਹਨਾਂ ਨੂੰ ਅਪਣੇ ਜੀਵਨ ਵਿੱਚ ਵੀ ਲਾਗੂ ਕਰਾਂਗੇ। ਜੇ ਸਿਰਫ਼ ‘ਹੁਣ’ ਦੇ ਪਾਠਕ ਹੀ ਇਸ ਊਚ-ਨੀਚ ਤੇ ਭੇਦ-ਭਾਵ ਤੋਂ ਉੱਪਰ ਉੱਠ ਜਾਣ ਤਾਂ ਇਹ ‘ਹੁਣ’ ਦੇ ਵਿੱਢੇ ਕਾਰਜ ਨੂੰ ਸਲਾਮ ਹੋਵੇਗਾ।
ਗੁਰਸ਼ਰਨ ਸਿੰਘ ਭਾਜੀ ਨਾਲ ਹੋਈ ਗਲਬਾਤ ਕਿਤੇ-ਕਿਤੇ ਅਕਾਉ ਪ੍ਰਤੀਤ ਹੋਈ ਹੈ। ਕਿਤੇ-ਕਿਤੇ ਗੁਰਸ਼ਰਨ ਭਾਜੀ ਹੁਰਾਂ ਨੇ ਸਵਾਲਾਂ ਦੇ ਜਵਾਬ ਸੰਤੋਖਜਨਕ ਨਾ ਦੇ ਕੇ ਨਿਰਾਸ਼ ਕੀਤਾ ਹੈ। ‘ਹੁਣ’ ਵੱਲੋਂ ਵੀ ਕੋਈ ਜਿ਼ਆਦਾ ਕੋਸਿ਼ਸ਼ ਨਹੀਂ ਕੀਤੀ ਗਈ ਕਿ ਸਾਹਮਣੇ ਵਾਲੇ ਨੂੰ ਹੋਰ ਕੁਰੇਦਿਆ ਜਾਵੇ। ਜਿਸ ਤਰ੍ਹਾਂ ਤੁਸੀਂ ਅਪਣੇ ਪਹਿਲੇ ਅੰਕਾਂ ਵਿਚ ਸੁਰਜੀਤ ਪਾਤਰ ਤੇ ਦਲੀਪ ਕੌਰ ਟਿਵਾਣਾ ਤੋਂ ਸਵਾਲ ਪੁੱਛੇ ਸਨ। ਬਾਕੀ ਤੁਸੀਂ ਆਪ ਸਮਝਦਾਰ ਹੋ।
ਕਮਲ ਦੁਸਾਂਝ ਦੀ ‘ਖੁਲ੍ਹਾ ਬੂਹਾ’ ਮਨ ਨੂੰ ਦਹਿਲਾ ਦੇਣ ਵਾਲਾ ਸੱਚ ਹੈ। ਆਤਮਾ ਜਖਮੀ ਹੋ ਗਈ ਹੈ। ਕੀ ਸਾਡੇ ਰਿਸ਼ਤੇ ਏਨੇ ਸਸਤੇ ਹੋ ਗਏ ਹਨ? ਲਹੂ ਦਾ ਕੋਈ ਰੰਗ ਰਿਹਾ ਹੀ ਨਹੀਂ? ਜੇ ਇਸੇ ਤਰ੍ਹਾਂ ਪਰਵਾਜ਼ ਵਰਗੀਆਂ ਕੁੜੀਆਂ ਨਾਲ ਹੁੰਦਾ ਰਿਹਾ ਤਾਂ…?
ਹਕੀਕਤਾਂ ਵਿਚ ‘ਸੰਜੋਗ’ ਵਰਗੀ ਹਕੀਕਤ ਨੂੰ ਜਗਾ ਨਾ ਦਿਆ ਕਰੋ। ‘ਹੁਣ’ ਮੈਗਜੀਨ ਲੋਕਾਂ ਦੇ ਦਿਲਾਂ ਦੀ ਧੜਕਣ ਬਣਦੀ ਜਾ ਰਹੀ ਹੈ। ਇਸ ਤਰ੍ਹਾਂ ਦੀ ਰਚਨਾ ਛਾਪਕੇ ਪਾਠਕਾਂ ਦੀਆਂ ਧੜਕਣਾਂ ਨੂੰ ਰੋਕੋ ਨਾ ਜੀ। ਹਕੀਕਤ ਉਹ ਛਾਪੋ ਜਿਸ ਤੋਂ ਪਾਠਕ ਕੁੱਝ ਸਿੱਖ ਸਕਣ।
ਬਾਕੀ ‘ਹੁਣ’ ਮੇਰੀ ਪਸੰਦੀਦਾ ਪਤ੍ਰਿਕਾ ਹੈ। ਮੈਂ ਆਪ ਵੀ ਪੜ੍ਹਦੀ ਹਾਂ ਤੇ ਹੋਰਨਾਂ ਨੂੰ ਵੀ ਪੜ੍ਹਾਉਂਦੀ ਹਾਂ। ਕਿੱਤੇ ਵਜੋਂ ਅਧਿਆਪਕਾ ਹੋਣ ਕਰਕੇ ਅਪਣੇ ਵਿਚਾਰ ਅਪਣੇ ਸਹਿਜੋਗਿਆਂ ਨਾਲ ਵੀ ਸਾਂਝੇ ਕਰਦੀ ਹਾਂ ਪਰ ਭਰਵਾਂ ਹੰੁਗਾਰਾ ਨਾ ਮਿਲਣ ਕਰਕੇ ਪੱਤਰ ਰਾਹੀਂ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕੀਤਾ ਹੈ। ਪਰ ‘ਹੁਣ’ ਤੁਸੀਂ ਘੱਟ ਛਪਾਉਂਦੇ ਹੋ ਜਾਂ ਕਹਿ ਲਓ ਇਹਦੇ ਪਾਠਕ ਬਹੁਤ ਜਿ਼ਆਦਾ ਹਨ। ਬੁੱਕ ਸਟਾਲਾਂ ‘ਤੇ ਜਦੋਂ ਜਾਓ ਖ਼ਤਮ ਹੋ ਚੁੱਕਾ ਹੁੰਦਾ ਹੈ। ਪਾਠਕਾਂ ਤੱਕ ਇਹਦੀ ਪਹੁੰਚ ਸੰਭਵ ਬਣਾਓ।
ਬਿੰਦੂ ਕੈਂਥ, ਕਿਰਪਾਲ ਸਾਗਰ ਕਾਲਜ ਆਫ਼ ਐਜੂਕੇਸ਼ਨ,
ਰਾਹੋਂ (ਨਵਾਂਸ਼ਹਿਰ)

ਜਦੋਂ ਇਕ ਦਰਖ਼ਤ ਨੇ ਦਿੱਲੀ ਹਿਲਾਈ – ਰਚੇਤਾ : ਮਨੋਜ ਮਿੱਟਾ ਤੇ ਹਰਵਿੰਦਰ ਸਿੰਘ, ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਪੁਸਤਕ ‘ਇਕ ਦਰਖ਼ਤ ਨੇ ਦਿੱਲੀ ਹਿਲਾਈ’ ’ਚ ਉਸ ਭਿਅੰਕਰ ਦੁਖਾਂਤ ਨੂੰ ਦਰਜ ਕੀਤਾ ਗਿਆ ਹੈ, ਜਿਸ ’ਚ ਜੂਨ 1984 ਦੌਰਾਨ ਬੇਕਸੂਰ ਸਿੱਖ ਪਰਿਵਾਰ ਅਪਣੇ ਹੀ ਦੇਸ਼ ਵਿਚ ਅਪਣੇ ਹੀ ਦੇਸ਼ ਵਾਸੀਆਂ ਦਾ ਸ਼ਿਕਾਰ ਬਣੇ। ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ’ਤੇ ਫੌਜੀ ਹਮਲੇ ਦੇ ਰੋਸ ਦਾ ਸਿੱਟਾ ਸੀ ਅਤੇ ਕਤਲ ਕਰਨ ਵਾਲੇ ਵੀ ਮੌਕੇ ’ਤੇ ਮਾਰ ਦਿੱਤੇ ਗਏ, ਪਰ ਹਜ਼ਾਰਾਂ ਬੇ ਗੁਨਾਹਾਂ ਬੱਚਿਆਂ, ਮਾਵਾਂ, ਭੈਣਾਂ ਅਤੇ ਭਰਾਵਾਂ ਨੂੰ ਉਸ ਬਦਲੇ ਵਿਚ ਕਤਲ ਕਰ ਦੇਣ ਵਾਲਿਆਂ ਨੂੰ ਦੇਸ਼ ਦੇ ਬਣਨ ਵਾਲੇ ਪ੍ਰਧਾਨ ਮੰਤਰੀ ਵਲੋਂ ਸਹੀ ਗਰਦਾਨਣਾ ਇਕ ਅਜਿਹੀ ਮਿਸਾਲ ਹੈ, ਜਿਸ ਨੇ ਘੱਟ ਗਿਣਤੀ ਦੇਸ਼ ਵਾਸੀਆਂ ਅੱਗੇ ਇਹ ਹਕੀਕੀ ਸਵਾਲ ਲਿਆ ਖੜ੍ਹਾ ਕੀਤਾ ਕਿ ਉਹ ਕਿਹੜੇ ਮੂੰਹ ਨਾਲ ਇਸ ਦੇਸ਼ ਦੇ ਵਾਸੀ ਹੋਣ ’ਤੇ ਮਾਣ ਕਰਨ। ਪੁਸਤਕ ਸਮੱਗਰੀ ਉਹ ਦਸਤਾਵੇਜ਼ ਹੈ ਜਿਸ ਵਿਚ ਨਾ ਕੇਵਲ ਬੇਗੁਨਾਹਾਂ ਦੇ ਕਤਲਾਂ ਦੇ ਸੱਚ ਦੀ ਕਹਾਣੀ ਹੈ ਬਲਕਿ ਕਾਤਲਾਂ ਦੀ ਸਾਫ਼ ਨਿਸ਼ਾਨਦੇਹੀ ਵੀ ਕਰਦੀ ਹੈ। ਪੁਸਤਕ ਦੱਸਦੀ ਹੈ ਕਿ ਕਤਲ ਕਰਾਉਣ ਵਾਲੇ ਹੋਰ ਕੋਈ ਨਹੀਂ ਸਗੋਂ ਉਹੀ ਨੇਤਾ ਸਨ, ਜਿਨ੍ਹਾਂ ਕੋਲੋਂ ਦੇਸ਼ ਵਾਸੀ ਸੁਰੱਖਿਆ ਅਤੇ ਮਾਣਮਤੀ ਜ਼ਿੰਦਗੀ ਦੀ ਆਸ ਰੱਖਦੇ ਹਨ। ਪੁਸਤਕ ਰਚਨਹਾਰਿਆਂ ਨੇ ਇਸ ਦੁਖਾਂਤ ਦੀ ਡੂੰਘੀ ਖੋਜ ਦਾ ਸਬੂਤ ਦਿੰਦਿਆਂ ਕਾਂਗਰਸ ਦੇ ਤਤਕਾਲੀਨ ਕੁੱਝ ਲੀਡਰਾਂ ਨੂੰ ਮੁੱਖ ਤੌਰ ’ਤੇ ਕਤਲਾਂ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਨ੍ਹਾਂ ਵਿਚ ਜਗਦੀਸ਼ ਟਾਇਟਲਰ ਤੇ ਸੱਜਣ ਕੁਮਾਰ ਮੁੱਖ ਦੋਸ਼ੀਆਂ ਵਿਚੋਂ ਸਨ, ਜਿਨ੍ਹਾਂ ਕਿਸੇ ਰੋਹ ਵਜੋਂ ਨਹੀਂ ਬਲਕਿ ਅਪਣਿਆਂ ਆਕਿਆਂ ਨੂੰ ਖੁਸ਼ ਕਰਨ ਲਈ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਬੜੀ ਹੀ ਨਿਰਦਤਾ ਨਾਲ ਕਤਲ ਕਰਨ ਦੀ ਸਾਜਿਸ਼ ਨੂੰ ਅੰਜਾਮ ਦਿੱਤਾ। ਹੈਰਾਨੀ ਵਾਲਾ ਤੱਥ ਹੈ ਇਹ ਹੈ ਕਿ ਇੰਦਰਾ ਦੇ ਕਤਲ ਤੋਂ ਬਾਅਦ ਬੇਦੋਸ਼ੇ ਸਿੱਖਾਂ ਦੇ ਕਤਲਾਂ ਨੂੰ ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਸਿਆਸੀ ਪੌੜੀ ਬਣਾਉਂਦਿਆਂ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਜਾ ਪੁੱਜੇ। ਕੇਵਲ ਹਮਦਰਦੀ ਦੀ ਲਹਿਰ ਚਲਾਉਣ ਲਈ ਚੇਲਿਆਂ ਦੀ ਸਾਜਿਸ਼ ਨੂੰ ਰਾਜੀਵ ਨੇ ਸਹੀ ਦੱਸ ਕੇ ਬੇਸ਼ੱਕ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬਿਰਾਜਣ ਦੀ ਜੁਗਤ ਨੂੰ ਸਫਲਤਾ ਨਾਲ ਸਿਰੇ ਚੜ੍ਹਾ ਲਿਆ ਸੀ ਪਰ ਉਹ ਸ਼ਾਇਦ ਇਸ ਗੱਲ ਤੋਂ ਅਣਜਾਣ ਸੀ ਕਿ ਗੁਨਾਹਾਂ ਦੇ ਹਿਸਾਬ ਕਿਤਾਬ ਪੁਸ਼ਤ ਦਰ ਪੁਸ਼ਤ ਦੇਣੇ ਪੈਂਦੇ ਹਨ। ਇਸ ਪਰਿਵਾਰ ਦਾ ਵਡੇਰਾ ਦੇਸ਼ ਦਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜਿਸ ਸ਼ਾਨ ਨਾਲ ਪੰਜਾਬ ਦੀ ਧਰਤੀ ’ਤੇ ਕਦਮ ਰੱਖ ਕੇ ਮਾਣ ਮਹਿਸੂਸ ਕਰਦਾ ਸੀ, ਇੰਦਰਾ ਤੋਂ ਬਾਅਦ ਉਹ ਮਾਣ ਰਾਜੀਵ ਨੇ ਅਪਣੀਆਂ ਕਈ ਪੀੜ੍ਹੀਆਂ ਤੋਂ ਇਹ ਕਹਿ ਕੇ ਖੋਹ ਲਿਆ ਕਿ ‘ਜਦੋਂ ਇਕ ਭਾਰੀ ਦਰੱਖਤ ਡਿੱਗਦਾ ਹੈ ਤਾਂ ਇਹ ਕੁਦਰਤੀ ਹੈ ਕਿ ਅਪਣੇ ਦੁਆਲੇ ਦੀ ਧਰਤੀ ਨੂੰ ਥੋੜ੍ਹਾ ਹਿਲਾ ਦਿੰਦਾ ਹੈ।’’
ਭਾਰਤ ਦੀ ਲੋਕਤੰਤਰੀ ਪ੍ਰਣਾਲੀ ਵਿਚ ਇਹ ਪਹਿਲੀ ਘਟਨਾ ਸੀ ਕਿ ਅਪਣੇ ਹੀ ਦੇਸ਼ ਵਾਸੀਆਂ ਦੀ ਜਾਨ ਮਾਲ ਦੀ ਰਾਖੀ ਲਈ ਕੋਈ ਨਹੀਂ ਸੀ ਬਹੁੜਿਆ, ਲੱਖਾਂ ਦੀ ਗਿਣਤੀ ਵਿਚ ਦੇਸ਼ ਦੇ ਸੁਰੱਖਿਆ ਬਲ ਤੇ ਨਾ ਹੀ ਦਿੱਲੀ ਦੀ ਪੁਲਿਸ। ਪੁਸਤਕ ਵਿਚਲੇ ਤੱਥਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਜਿਵੇਂ ਦਿੱਲੀ ਪੁਲਿਸ ਬਚਾਉਣ ਦੀ ਥਾਂ ਕਾਤਲਾਂ ਦੀ ਸੁਰੱਖਿਆ ਵਿਚ ਮਸਰੂਫ਼ ਸੀ। ਹੋਰ ਤਾਂ ਹੋਰ ਦੇਸ਼ ਦੀ ਸਾਰੀ ਨਿਆਂ ਪ੍ਰਣਾਲੀ ਵੀ ਗੋਡਿਆਂ ਭਾਰ ਹੋ ਚੁੱਕੀ ਸੀ ਅਤੇ ਵੱਖ ਵੱਖ ਸਮਿਆਂ ਦੌਰਾਨ ਬਿਠਾਏ ਗਏ ਕਮਿਸ਼ਨ ਵੀ ਦੁਖੀ ਪਰਿਵਾਰਾਂ ਨੂੰ ਇਨਸਾਫ਼ ਨਹੀਂ ਦੁਆ ਸਕੇ। ਕੁਝ ਕਮਿਸ਼ਨ ਨਿਆਂ ਦੇਣ ਵਿਚ ਅਸਫ਼ਲ ਰਹੇ ਅਤੇ ਕੁਝ ਨਿਆਂ ਤੱਕ ਪੁੱਜਣ ਵਾਲੇ ਕਮਿਸ਼ਨਾਂ ਦੀਆਂ ਰਿਪੋਰਟਾਂ ਫਾਈਲਾਂ ਵਿਚ ਦੱਬੀਆਂ ਰਹਿ ਗਈਆਂ। ਇਸ ਸੰਗੀਨ ਜ਼ੁਰਮ ਨੂੰ ਕਲਮਬੱਧ ਕਰਨ ਵਾਲੇ ਕਮਿਸ਼ਨਾਂ ਵਿਚ ਨਾਨਾਵਤੀ ਕਮਿਸ਼ਨ ਦਾ ਖਾਸ ਜ਼ਿਕਰ ਆਉਂਦਾ ਹੈ। ਇਸ ਕਮਿਸ਼ਨ ਨੇ ਮਿਸ਼ਰਾ ਕਮਿਸ਼ਨ ਤੋਂ ਅੱਗੇ ਲੰਘਣ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ। ਪੁਸਤਕ ਇਸ ਸੱਚ ਤੋਂ ਪ੍ਰਤੱਖ ਪਰਦਾ ਫਾਸ਼ ਕਰਦੀ ਹੈ ਕਿ ਇਨ੍ਹਾਂ ਦੋਹਾਂ ਕਮਿਸ਼ਨਾਂ ਨੇ ਸੱਚ ਨੂੰ ਦਬਾ ਦਿੱਤਾ। ਇਨ੍ਹਾਂ ਤੋਂ ਇਲਾਵਾ ਦਰਜਨ ਦੇ ਕਰੀਬ ਹੋਰ ਕਮਿਸ਼ਨ ਬੈਠੇ, ਪਰ ਇਹ ਸਾਰੇ ਦੇ ਸਾਰੇ ਕਮਿਸ਼ਨ ਸਿਆਸਤ ਦੀ ਮਰਿਆਦਾ ਪਾਰ ਨਹੀਂ ਕਰ ਸਕੇ। ਕੋਈ ਵੀ ਕਮਿਸ਼ਨ ਦੁਖੀ ਤੇ ਪੀੜ ਪੀੜ ਹੋਏ ਹਿਰਦਿਆਂ ਦੀ ਮਲ੍ਹਮ ਨਹੀਂ ਬਣ ਸਕਿਆ। ਕਤਲੇਆਮ ਦੌਰਾਨ ਪੁਲਿਸ ਦੀ ਭੂਮਿਕਾ ਸਬੰਧੀ ਕੁਸਮਲਤਾ ਮਿੱਤਲ ਕਮੇਟੀ ਨੇ ਪੜਤਾਲ ਕੀਤੀ, ਕਤਲੇਆਮ ਨਾਲ ਸਬੰਧਤ ਕੇਸਾਂ ਦੀ ਰਜਿਸਟਰੇਸ਼ਨ ਪੜਤਾਲ ਅਤੇ ਪੈਰਵੀ ਮੁਕੱਦਮੇ ਵਿਚ ਕੀ ਹੋਇਆ, ਇਸ ਸਬੰਧੀ ਅਗਰਵਾਲ ਦੀ ਰਿਪੋਰਟ, ਮਾਸੂਮਾਂ ਸਮੇਤ ਸਮੁੱਚੇ ਰੂਪ ਵਿਚ ਕਤਲ ਹੋਇਆਂ ਦੀ ਗਿਣਤੀ ਲਈ ਆਰ.ਕੇ. ਆਹੂਜਾ ਦੀ ਰਿਪੋਰਟ, ਦਿੱਲੀ ਪੁਲਿਸ ਵਲੋਂ ਨਿਯੁਕਤ ਵੇਦ ਮਰਵਾਹ ਕਮੇਟੀ ਅਧਿਕਾਰੀਆਂ ਅਤੇ ਹੋਰ ਜਾਂਚ ਰਿਪੋਰਟਾਂ ਸਮੇਤ ਦਰਜਨਾਂ ਕਮੇਟੀਆਂ ਤੇ ਕਮਿਸ਼ਨਾਂ ਦੇ ਖੋਜ ਕਾਰਜ ਜਾਂ ਤਾਂ ਅਧੂਰੇ ਸਨ ਤੇ ਜਾਂ ਫਿਰ ਇਹ ਰਿਪੋਰਟਾਂ ਹਜ਼ਾਰ ਤੋਂ ਵੀ ਵੱਧ ਫਾਈਲਾਂ ਵਿਚ ਦਮ ਤੋੜ ਰਹੀਆਂ ਹਨ।
ਇਸ ਪੁਸਤਕ ਨਾਲ ਸਬੰਧਤ ਇਕ ਖਾਸ ਗੱਲ ਇਹ ਹੈ ਕਿ ਪੁਸਤਕ ਦੇ ਦੋਵੇਂ ਰਚੇਤੇ ਸ਼ੁਰੂ ਤੋਂ ਅੱਜ ਤੀਕ ਪੀੜਤ ਪਰਿਵਾਰਾਂ ਦੇ ਅੰਗ ਸੰਗ ਹਨ। ਕਾਨੂੰਨੀ ਪੱਤਰਕਾਰ ਮਨੋਜ ਮਿੱਟਾ ਨੇ ਜਿੱਥੇ ਸੱਚ ਨੂੰ ਨੰਗਾ ਕਰਨ ਵਿਚ ਅਪਣੀ ਜਾਨ ਤੱਕ ਦੀ ਪ੍ਰਵਾਹ ਨਹੀਂ ਕੀਤੀ ਉੱਥੇ ਪੁਸਤਕ ਦੇ ਦੂਜੇ ਲੇਖਕ ਵਕੀਲ ਐਚ.ਐਸ. ਫੂਲਕਾ ਨੇ ਕਤਲੇਆਮ ਵਿਚ ਸ਼ਹੀਦ ਹੋਇਆਂ ਦੇ ਪਰਿਵਾਰਾਂ ਨੂੰ ਕਾਨੂੰਨੀ ਇਨਸਾਫ ਦਵਾਉਣ ਲਈ ਲੰਮਾ ਸੰਘਰਸ਼ ਲੜਿਆ ਹੈ ਜੋ ਅੱਜ ਵੀ ਜਾਰੀ ਹੈ। ਵਕੀਲ ਫੂਲਕਾ ਸਿਟੀਜਨ ਜਸਟਿਸ ਕਮੇਟੀ ਦੇ ਕਨਵੀਨਰ ਹਨ। ਇਸ ਤੋਂ ਇਲਾਵਾ ਨਾਨਾਵਤੀ ਕਮਿਸ਼ਨ ਅਤੇ ਕਾਰਨੇਜ ਜਸਟਿਸ ਕਮੇਟੀ ਦੀ ਕਾਨੂੰਨੀ ਟੀਮ ਦੀ ਐਡਵੋਕੇਟ ਫੂਲਕਾ ਨੇ ਹੀ ਅਗਵਾਈ ਕੀਤੀ। ਐਡੋਵੇਕਟ ਫੂਲਕਾ ਦੀਆਂ ਤੱਥ ਭਰਪੂਰ ਜੋ ਦਲੀਲਾਂ ਨਾਨਾਵਤੀ ਕਮਿਸ਼ਨ ਅੱਗੇ ਪੇਸ਼ ਹੋਈਆਂ ਉਹ ਇਸ ਪੁਸਤਕ ਵਿਚ ਇਕ ਇਤਿਹਾਸਕ ਦਸਤਾਵੇਜ਼ ਹੋ ਨਿਬੜੀਆਂ ਹਨ।
ਮਨੋਜ ਮਿੱਟਾ ਨੇ ਇਕ ਪੱਤਰਕਾਰ ਦੇ ਨਾਤੇ ਜੋ ਇਨਸਾਨੀਅਤ ਦਾ ਸਬੂਤ ਦਿੱਤਾ ਉਹ ਇਸ ਪੁਸਤਕ ਦਾ ਇਕ ਮਹੱਤਵਪੂਰਨ ਹਿੱਸਾ ਹੈ। ਮਿੱਟਾ ਇਕ ਨਿਰਪੱਖ ਸ਼ਖ਼ਸੀਅਤ ਦੇ ਤੌਰ ’ਤੇ ਇਸ ਦੁਖਾਂਤ ਦਾ ਉਹ ਲੇਖਕ ਪਾਤਰ ਹੋ ਗਿਆ ਹੈ ਜਿਸ ਦੀ ਸ਼ਖ਼ਸੀਅਤ ਇਨਸਾਨਾਂ ਦੀ ਨੁਮਾਇੰਦਗੀ ਦੀ ਬੇਮਿਸਾਲ ਉਦਾਹਰਣ ਹੈ। ਮਿੱਟਾ ਨੇ ਕਾਤਲਾਂ ਅਤੇ ਉਨ੍ਹਾਂ ਦੀ ਪੈਰਵੀ ਕਰਨ ਵਾਲੇ ਵਕੀਲਾਂ ਸਮੇਤ ਕਾਨੂੰਨ ਦੇ ਉਨ੍ਹਾਂ ਪਹਿਲੂਆਂ ਨੂੰ ਵੀ ਨੰਗਾ ਕਰਕੇ ਰੱਖ ਦਿੱਤਾ, ਜਿਨ੍ਹਾਂ ਨੇ ਪੀੜਤਾਂ ਨੂੰ ਇਨਸਾਫ਼ ਦੇਣ ਦੀ ਥਾਂ ਪੀੜਾ ਦੇਣ ਵਾਲਿਆਂ ਦੀ ਪੈਰਵੀ ਕੀਤੀ। ਮਿੱਟਾ ਦੀ ਭੂਮਿਕਾ ਮਨੁੱਖੀ ਇਖ਼ਲਾਕ ਦੀ ਉਹ ਕਹਾਣੀ ਹੈ, ਜਿਸ ’ਤੇ ਮਾਣ ਕੀਤਾ ਜਾਂਦਾ ਹੈ। ਇਸ ਪੁਸਤਕ ਦਾ ਹਿੱਸਾ ਬਣ ਕੇ ਮਿੱਟਾ ਨੇ ਇਹ ਵੀ ਸੰਦੇਸ਼ ਦਿੱਤਾ ਹੈ ਕਿ ਕਾਤਲ ਕਿਸੇ ਫਿ਼ਰਕੇ ਨਾਲ ਸਬੰਧ ਨਹੀਂ ਸਨ ਰੱਖਦੇ ਬਲਕਿ ਸਿਆਸਤ ਦੇ ਉਹ ਗੁੰਡਾ ਅਨਸਰ ਸਨ, ਜਿਨ੍ਹਾਂ ਦੀਆਂ ਆਤਮਾਵਾਂ ਵਿਚ ਨਾ ਤਾਂ ਅਪਣੀਆਂ ਮਾਵਾਂ, ਭੈਣਾਂ, ਬੱਚਿਆਂ, ਭਰਾਵਾਂ ਤੇ ਪਿਓ ਲਈ ਕੋਈ ਪਿਆਰ ਸਤਿਕਾਰ ਹੈ ਅਤੇ ਨਾ ਹੀ ਉਹ ਕਿਸੇ ਦੇਸ਼ ਦੇ ਵਾਸੀ ਹਨ। ਪਾਲਤੂ ਦਰਿੰਦਿਆਂ ਦੇ ਕਾਰਿਆਂ ਨੂੰ ਨੰਗਾ ਕਰਨ ਵਾਲਿਆਂ ਇਨ੍ਹਾਂ ਦੋਵੇਂ ਲੇਖਕਾਂ ਨੇ ਉਹ ਪੁਸਤਕ ਲਿਖੀ ਦਿੱਤੀ ਹੈ ਜਿਸ ਨੂੰ ਪੜ੍ਹ ਕੇ ਭਾਰਤ ਵਰਸ਼ ਦੀਆਂ ਪੀੜ੍ਹੀਆਂ ਮਾਣ ਨਹੀਂ ਸਗੋਂ ਸ਼ਰਮ ਮਹਿਸੂਸ ਕਰਨਗੀਆਂ ਕਿ ਉਨ੍ਹਾਂ ਦੇ ਵਡੇਰੇ 20ਵੀਂ ਸਦੀ ਵਿਚ ਵੀ ਉਸ ਅਸਭਿਅਕ ਸਮਾਜ ਦਾ ਅੰਗ ਸਨ, ਜਿੱਥੇ ਸਿਆਸੀ ਮੁਫਾਦਾਂ ਅੱਗੇ ਮਨੁੱਖੀ ਕਦਰਾਂ ਦੀ ਕੀਮਤ ਕੇਵਲ ਰਾਜਨੀਤਕ ਦਾਓ ਲਈ ਪਿਆਦਿਆਂ ਬਰਾਬਰ ਸੀ।

ਮਦਨਦੀਪ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!