ਅੰਬਰ ਤੇ ਪਰਵਾਜ਼
ਤੇਰੇ ਕੋਲ ਅੰਬਰ ਹੈ
ਮੇਰੇ ਕੋਲ ਪਰਵਾਜ਼
ਆ ਇਹ ਦੋਵੇਂ ਚੀਜ਼ਾਂ
ਪਿੰਜਰੇ ’ਚ ਬੰਦ
ਕਿਸੇ ਪੰਛੀ ਨੂੰ ਦੇ ਦੇਈਏ…।
ਮਟਮੈਲੇ ਰੁੱਖ
ਦੂਰ ਤੱਕ ਦਿਸਦੇ ਨੇ
ਮਟਮੈਲੇ ਰੁੱਖ
ਅੱਗ ਨਾਲ ਲੂਸੀਆਂ
ਟਾਹਣੀਆਂ…
ਪੱਤਿਆਂ ’ਤੇ ਜੰਮੀ
ਧੂੜ ਮਿੱਟੀ …
ਬਰਸਾਤ ਕਿੱਥੇ ਹੈ…?
ਕਦ ਆਏਗੀ…?
ਇਕ ਬੁੱਕ ਤਾਰੇ
ਅਸਮਾਨ ਤੋਂ ਤੋੜ ਕੇ
ਇਕ ਬੁੱਕ ਤਾਰੇ
ਤੇਰੇ ਦਾਮਨ ਵਿਚ ਡੋਲ੍ਹ ਦਿੱਤੇ ਮੈਂ
ਤੂੰ ਜਿਵੇਂ ਅਸਮਾਨ ਹੋ ਗਈ …
ਮੈਂ ਜ਼ਮੀਨ ’ਤੇ ਖੜ੍ਹਾ
ਕਿੰਨੀ ਦੇਰ …
ਦੇਖਦਾ ਰਿਹਾ ਤੈਨੂੰ …।
ਚਾਨਣੀ ਰਾਤ
ਤੇਰੀਆਂ ਅੱਖਾਂ ਅੰਦਰ
ਖਿਲੇ ਤੱਕੇ ਮੈਂ
ਹਜ਼ਾਰਾਂ ਚੰਨ
ਭੁੱਲ ਗਿਆ ਹਾਂ ਆਪਣੀਆਂ
ਸ਼ਿਆਹ ਰਾਤਾਂ
ਪਲਕਾਂ ਬੰਦ ਨਾ ਕਰੀਂ
ਇਕ ਮੁਦੱਤ ਬਾਅਦ
ਮੇਰੇ ਅੰਦਰ
ਚਾਨਣੀ ਰਾਤ ਉਤਰੀ ਹੈ…