ਗ਼ਦਰ ਲਹਿਰ (ਵਿਚਾਰ-ਜਥੇਬੰਦੀ-ਰਣਨੀਤੀ)

Date:

Share post:

ਲੇਖਕ : ਡਾ. ਹਰੀਸ਼ ਕੇ. ਪੁਰੀ
ਪ੍ਰਕਾਸ਼ਕ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ

”ਗ਼ਦਰ ਲਹਿਰ’’ ਭਾਰਤ ਦੇ ਸੁਤੰਤਰਤਾ ਸੰਗਰਾਮ ਦਾ ਇਕ ਬਹੁਤ ਮਹੱਤਵਪੂਰਨ ਪੜਾਅ ਸੀ ਪਰ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਇਸਦਾ ਬਹੁਤ ਘੱਟ ਜ਼ਿਕਰ ਹੋਇਆ ਅਤੇ ਇਸ ”ਲਹਿਰ’’ ਨੂੰ ਉਹ ਮੁਕਾਮ ਹਾਸਲ ਨਹੀਂ ਹੋ ਸਕਿਆ ਜਿਸ ਦੀ ਇਹ ”ਲਹਿਰ’’ ਹੱਕਦਾਰ ਸੀ। ਇਸਦਾ ਮੁੱਖ ਕਾਰਨ ਇਹ ਜਾਪਦਾ ਹੈ ਕਿ ਇਸ ਲਹਿਰ ਵਿਚ ਸ਼ਾਮਲ ਬਹੁਤੇ ਲੋਕ ਗ਼ਰੀਬ ਅਤੇ ਅਨਪੜ੍ਹ ਪੰਜਾਬੀ ਸਨ। ਇਕ ਹੋਰ ਵੀ ਹੈਰਾਨਕੁਨ ਗੱਲ ਹੈ ਕਿ ਪੰਜਾਬ ਦੇ ਲੇਖਕਾਂ ਅਤੇ ਬੁੱਧੀਜੀਵੀਆਂ ਨੇ ਵੀ ਇਸ ਗੌਰਵਮਈ ਕਾਂਡ ਨੂੰ ਜਨਤਾ ਸਾਹਮਣੇ ਪ੍ਰਸਤੁਤ ਕਰਨ ਵੱਲ ਕੋਈ ਖਾਸ ਰੁਚੀ ਨਹੀਂ ਵਿਖਾਈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਸਬੰਧ ਵਿਚ ਕੁੱਝ ਇੱਕਾ ਦੁੱਕਾ ਉਦਮ ਹੋਏ ਵੀ ਪਰ ਉਹ ਵੀ ਇਸ ਲਹਿਰ ਦੀ ਸੁਤੰਤਰਤਾ ਸੰਗਰਾਮ ਵਿਚ ਭੂਮਿਕਾ ਨੂੰ ਪੂਰੀ ਤਰ੍ਹਾਂ ਉਜਾਗਰ ਕਰਨ ਵਿਚ ਬਹੁਤ ਸਫ਼ਲ ਨਹੀਂ ਹੋਏ। ਇਸਦਾ ਸਿੱਟਾ ਇਹ ਨਿਕਲਿਆ ਕਿ ”ਇਸ ਵਰਗ ਵਿਚ ਆਉਂਦੀਆਂ ਬਹੁਤੀਆਂ ਕਿਰਤਾਂ ਬੰਗਾਲੀ ਵਿਦਵਾਨਾਂ ਦੀਆਂ ਲਿਖੀਆਂ ਹੋਈਆਂ ਸਨ ਅਤੇ ਗਦਰ ਲਹਿਰ ਬਾਰੇ ਛਪੀ ਇਕ ਮਗਰਲੀ ਕਿਰਤ ਵਿਚ ਇਸ ਲਹਿਰ ਨੂੰ ਵਧੇਰੇ ਕਰਕੇ ਬੰਗਾਲੀ ਉੱਦਮ ਹੀ ਦੱਸਿਆ ਗਿਆ ਸੀ।’’ ਇਹ ਇਕ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਵਿਚਾਰ ਅਧੀਨ ਪੁਸਤਕ ਦੇ ਲੇਖਕ ਡਾ. ਹਰੀਸ਼ ਕੇ. ਪੁਰੀ ਨੇ ਬੜੀ ਮਿਹਨਤ ਨਾਲ ਇਸ ਲਹਿਰ ਦੇ ਸਾਰੇ ਸਰੋਤਾਂ ਦਾ ਅਧਿਐਨ ਕਰਕੇ ਇਸ ਲਹਿਰ ਦੀ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਅਹਿਮ ਭੂਮਿਕਾ ਨੂੰ ਉਜਾਗਰ ਕਰਨ ਹਿਤ ਇਕ ਬਹੁਤ ਹੀ ਸ਼ਲਾਘਾਯੋਗ ਉੱਦਮ ਕੀਤਾ ਹੈ। ਲੇਖਕ ਨੇ ਇਸ ਲਹਿਰ ਦੀ ਵਿਚਾਰਧਾਰਾ, ਜਥੇਬੰਦੀ ਅਤੇ ਰਣਨੀਤੀ ਸਬੰਧੀ ਖੋਜ ਕਰਕੇ ਇਕ ਬਹੁਤ ਹੀ ਪ੍ਰਮਾਣਕ ਸਮੱਗਰੀ ਪ੍ਰਸਤੁਤ ਕੀਤੀ ਹੈ।
ਭਾਰਤ ਵਿਚ ਅੰਗਰੇਜ਼ੀ ਰਾਜ ਪੂਰੀ ਤਰ੍ਹਾਂ ਸਥਾਪਤ ਹੋ ਜਾਣ ਪਿੱਛੋਂ ਭਾਰਤ ਦਾ ਆਰਥਕ ਸ਼ੋਸ਼ਣ ਸਿਖ਼ਰ ’ਤੇ ਪੁੱਜ ਗਿਆ ਸੀ। ਜਿਸ ਕਾਰਨ ਦੇਸ਼ ਵਿਚ ਮੁੜ ਮੁੜ ਕੇ ਕਾਲ ਪੈਂਦੇ ਸਨ ਅਤੇ ਲੱਖਾਂ ਲੋਕ ਭੁੱਖ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਸਨ। ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ, ਕਿਰਤ ਦੇ ਮੌਕਿਆਂ ਦੀ ਭਾਲ ਵਿਚ ਹਜ਼ਾਰਾਂ ਪੰਜਾਬੀਆਂ ਨੇ ਬਦੇਸ਼ਾਂ ਦਾ ਅਤੇ ਖਾਸ ਤੌਰ ’ਤੇ ਅਮਰੀਕਾ ਅਤੇ ਕੈਨੇਡਾ ਦਾ ਰੁਖ਼ ਕੀਤਾ ਸੀ। ਬਦੇਸ਼ਾਂ ਵਿਚ ਜਾ ਕੇ ਇਨ੍ਹਾਂ ਪੰਜਾਬੀਆਂ ਨੇ ਸਖ਼ਤ ਮਿਹਨਤ ਕੀਤੀ ਅਤੇ ਇਨ੍ਹਾਂ ਦੇਸ਼ਾਂ ਦੀ ਬੰਜਰ ਭੁੂਮੀ ਨੂੰ ਪਟੇ ਤੇ ਲੈ ਕੇ ਅਤੇ ਬਾਅਦ ਵਿਚ ਖਰੀਦ ਕੇ ਵਾਹੀ ਯੋਗ ਬਣਾਇਆ। ਲੇਖਕ ਅਨੁਸਾਰ ”ਇਹਨਾਂ ਪੰਜਾਬੀਆਂ ਨੇ ਜਿਹੜੀ ਜ਼ਮੀਨ ਵਾਹੀ ਹੇਠ ਲਿਆਂਦੀ ਸੀ ਉਸ ਵਿਚੋਂ ਬਹੁਤੀ, ਅਸਲ ਵਿਚ ਰੇਤਲੀ ਅਤੇ ਹਾਸ਼ੀਏ ਵਿਚ ਰੱਖੀ ਗਈ ਜ਼ਮੀਨ ਸੀ ਜਿਸ ਨੂੰ ‘ਹਵਾਂਕਦੀ ਉਜਾੜ’ ਦਾ ਨਾਂ ਦਿੱਤਾ ਗਿਆ ਹੋਇਆ ਸੀ, ਜਿਸ ਨੂੰ ਕੈਲੇਫੋਰਨੀਆ ਵਾਸੀਆਂ ਨੇ ਬੰਜਰ ਸਮਝ ਛੱਡਿਆ ਸੀ ਅਤੇ ਇਹ ਅਣਵਾਹੀ ਰਹਿਣ ਦਿੱਤੀ ਗਈ ਸੀ।’’ ਭਾਵੇਂ ਕਿ ਬਦੇਸ਼ਾਂ ਦੀ ਬੰਜਰ ਭੂਮੀ ਨੂੰ ਆਬਾਦ ਕਰਨ ਵਿਚ ਇਨ੍ਹਾਂ ਪੰਜਾਬੀਆਂ ਨੇ ਆਪਣੀਆਂ ਜਾਨਾਂ ਹੂਲ ਦਿੱਤੀਆਂ ਸਨ ਪਰ ਬਦੇਸ਼ੀ ਹਕੂਮਤ ਅਤੇ ਬਦੇਸ਼ੀ ਲੋਕ ਇਨ੍ਹਾਂ ਪੰਜਾਬੀਆਂ ਨਾਲ ਚੰਗਾ ਸਲੂਕ ਨਹੀਂ ਸਨ ਕਰਦੇ ਅਤੇ ਇਨ੍ਹਾਂ ਨਾਲ ਖਾਰ ਖਾਂਦੇ ਸਨ। ਇਸ ਵਰਤਾਰੇ ਦਾ ਵਰਨਣ ਉਸ ਜ਼ਮਾਨੇ ਵਿਚ ਰਚੀ ਗਈ ਕਵਿਤਾ ਤੋਂ ਭਲੀ ਭਾਂਤ ਮਿਲਦਾ ਹੈ।

ਦੇਸ ਪੈਣ ਧੱਕੇ, ਬਾਹਰ ਮਿਲੇ ਢੋਈ ਨਾ
ਸਾਡਾ ਪਰਦੇਸੀਆਂ ਦਾ ਦੇਸ ਕੋਈ ਨਾ।
—–
ਜ਼ਾਲਮ ਕੁਲੀ ਪੁਕਾਰਨ ਸਾਨੂੰ ਕਰਦੇ ਨੇ ਬਦਖੋਈ ਜੀ
ਇੱਜ਼ਤ ਆਦਰ ਮੂਲ ਨਾ ਸਾਡਾ ਜ਼ਾਲਮ ਲਾਹ ਲਈ ਲੋਈ ਜੀ।
—–
ਕਾਲਾ ਲੋਕ, ਡਰਣੀ ਅੱਜ ਕਹਿਣ ਸਾਨੂੰ
ਭਲਾ ਜੀਵਨੇ ਦਾ ਕਾਹਦਾ ਹੱਜ ਸਾਡਾ
ਸਾਡੇ ਕੁੱਤਿਆਂ ਤੋਂ ਭੈੜੇ ਹਾਲ ਹੋ ਗਏ
ਕੁਲੀ ਕੁਲੀ ਕਹਿ ਕੇ ਦੁਨੀਆ ਨੱਕ ਚਾੜ੍ਹੇ
ਵੀਰੋ ਅਸੀਂ ਬੇਸ਼ਰਮ ਕਮਾਲ ਹੋ ਗਏ।

ਬਦੇਸ਼ਾਂ ਵਿਚ ਰਚੀ ਗਈ ਇਹ ਪੰਜਾਬੀ ਕਵਿਤਾ ਬਦੇਸ਼ ਵਿਚ ਜਾ ਵਸੇ ਉਨ੍ਹਾਂ ਪੰਜਾਬੀਆਂ ਦੇ ਦਰਦਨਾਕ ਹਾਲਾਤ ਦੀ ਤਰਜਮਾਨੀ ਕਰਦੀ ਹੈ। ”ਇਹ ਨਵੇਂ ਨਵੇਂ ਆਉਣ ਵਾਲੇ ਹਿੰਦੋਸਤਾਨੀ ਯੂਰਪੀ-ਅਮਰੀਕੀ ਸਭਿਆਚਾਰ ਨਾਲ ਮੇਲ ਨਹੀਂ ਸਨ ਖਾਂਦੇ। ਆਪਣੀਆਂ ਪਗੜੀਆਂ, ਦਾੜ੍ਹੀਆਂ, ਸਾਂਵਲੇ ਚਿਹਰਿਆਂ ਅਤੇ ਵੱਖਰੀ ਤਰ੍ਹਾਂ ਦੀਆਂ ਨਿੱਜੀ ਅਤੇ ਸਮਾਜਕ ਆਦਤਾਂ ਕਰਕੇ, ਉਹ ਗੋਰਿਆਂ ਵਿਚ ਕੁਦਰਤੀ ਤੌਰ ’ਤੇ ਉਤਸੁਕਤਾ ਜਗਾਉਂਦੇ ਸਨ।’’
ਬਦੇਸ਼ਾਂ ਵਿਚ ਹੋ ਰਹੇ ਭੈੜੇ ਸਲੂਕ ਨੇ ਇਨ੍ਹਾਂ ਪੰਜਾਬੀਆਂ ਦੇ ਮਨਾਂ ਵਿਚ ਅੰਗਰੇਜ਼ੀ ਹਕੂਮਤ ਦੇ ਖ਼ਿਲਾਫ਼ ਰੋਹ ਭਰ ਦਿੱਤਾ। ਉਨ੍ਹਾਂ ਨੂੰ ਇਹੋ ਮਹਿਸੂਸ ਹੋਇਆ ਕਿ ਜੇ ਸਾਡਾ ਦੇਸ਼ ਆਜ਼ਾਦ ਹੁੰਦਾ ਤਾਂ ਸਾਡੀ ਆਰਥਕ ਮੰਦਹਾਲੀ ਨਹੀਂ ਸੀ ਹੋਣੀ ਅਤੇ ਨਾ ਹੀ ਸਾਨੂੰ ਆਪਣੇ ਜੀਵਨ ਪਰਵਾਹ ਨੂੰ ਸੌਖੇਰਾ ਬਣਾਉਣ ਲਈ ਬਦੇਸ਼ਾਂ ਵਿਚ ਧੱਕੇ ਖਾਣੇ ਪੈਣੇ ਸੀ। ਇਸ ਲਈ 1910 ਵਿਚ ਪੋਰਟਲੈਂਡ ਵਿਖੇ ‘ਇੰਡੀਅਨ ਇੰਡੀਪੈਨਡੋ ਲੀਗ’ ਬਣਾਈ ਗਈ ਪਰ ਇਸ ਦੀਆਂ ਸਰਗਰਮੀਆਂ ਵਿਚ ਤੇਜ਼ੀ ਉਦੋਂ ਆਈ ਜਦੋਂ 1911 ਵਿਚ ਹਰਦਿਆਲ ਜੋ ਕਿ ਇਕ ਉੱਘਾ ਪੰਜਾਬੀ ਦਾਨਿਸ਼ਵਰ ਸੀ, ਅਮਰੀਕਾ ਪੁੱਜਾ। ਲੇਖਕ ਅਨੁਸਾਰ, ”ਫੌਜੀ ਸਫਾਂ ਤੋਂ ਆਏ ਇਨ੍ਹਾਂ ਉਖੜੇ ਹੋਏ, ਸਿੱਧੜ ਅਤੇ ਸੱਦਭਾਵੀ ਪੰਜਾਬੀ ਸਿੱਖਾਂ ਨਾਲ ਹੋਈਆਂ ਮੀਟਿੰਗਾਂ ਵਿਚ ਲਗਦਾ ਹੈ ਕਿ ਹਰਦਿਆਲ ਨੂੰ ਇਕ ਨਵੀਂ ਕਿਸਮ ਦੀ ਰਾਜਨੀਤਕ ਸਰਗਰਮੀ ਲਈ ਉਤਸ਼ਾਹਿਤ ਕੀਤਾ। ਹਰਦਿਆਲ ਸਮਝਦਾ ਸੀ ਕਿ ਅਮਰੀਕਾ ਵਿਚਲੇ ਸਿੱਖ, ਭਾਰਤ ਵਿਚਲੇ ਆਪਣੇ ਸਿੱਖ ਭਰਾਵਾਂ ਨਾਲੋਂ ਉੱਘੜਵੀਂ ਤਰ੍ਹਾਂ ਸਰੇਸ਼ਟ ਸਨ, ਕਿਉਂਕਿ ਅਮਰੀਕਾ ਵਿਚ ਸਿੱਖਾਂ ਅੰਦਰ ਦੇਸ਼ ਭਗਤੀ ਦੀ ਤਿੱਖੀ ਭਾਵਨਾ ਪੈਦਾ ਹੋ ਗਈ ਸੀ ਜਿਹੜੀ ਉੱਥੇ ਆਪਣੇ ਸਾਥੀ ਦੇਸ਼ਵਾਸੀਆਂ ਦੀ ਦਿਆਲੂ ਸੇਵਾ ਵਾਲੇ ਕੰਮਾਂ ਵਿਚ ਝਲਕਦੀ ਸੀ। ਉਹ ਇਸ ਗਲ ਉੱਤੇ ਝੂਣਿਆ ਗਿਆ ਸੀ ਕਿ ਉਸ ਨੂੰ ਉਹ ਮਨੁੱਖੀ ਮਸਾਲਾ ਮਿਲ ਗਿਆ ਹੈ ਜਿਸ ਨੂੰ ਉਸਦੇ ਇਕ ਬੁੱਧੀਜੀਵੀ ਸਾਥੀ ਦਰੀਸੀ ਚੇਨਚਈਆ ਨੇ ”ਉਹ ਸ਼ਾਨਦਾਰ ਮਨੁੱਖੀ ਮਸਾਲਾ ਕਿਹਾ ਸੀ।’’
ਪਰ ਹਰਦਿਆਲ ਇਸ ”ਸ਼ਾਨਦਾਰ ਮਨੁੱਖੀ ਮਸਾਲੇ’’ ਨੂੰ ਕੋਈ ਸੁਚੱਜੀ ਅਗਵਾਈ ਨਾ ਦੇ ਸਕਿਆ। ”ਉਸਦੇ ਮਨ ਦੀ ਉਦੋਂ ਦੀ ਦਸ਼ਾ ਤੋਂ ਇੰਝ ਲੱਗਦਾ ਹੈ ਕਿ ਉਸ ਨੂੰ ਸ਼ਾਇਦ ਹੀ ਪੱਕਾ ਪਤਾ ਹੋਵੇ ਕਿ ਉਸਦਾ ਮਿਸ਼ਨ ਕੀ ਹੈ।’’ ਉਹਦਾ ਖ਼ਿਆਲ ਸੀ ਕਿ ਅਮਰੀਕਾ ਤੋਂ ਕੁਛ ਗਦਰੀਏ ਜਾ ਕੇ ਸਿੱਖ ਰਜਮੈਂਟਾਂ ਵਿਚ ਸਿੱਖ ਫੌਜੀਆਂ ਨੂੰ ਅੰਗਰੇਜ਼ਾਂ ਦੇ ਖ਼ਿਲਾਫ਼ ਬਗਾਵਤ ਲਈ ਉਕਸਾਉਣਗੇ ਅਤੇ ਗ਼ਦਰੀਆਂ ਦੀ ਅਗਵਾਈ ਨਾਲ ਅੰਗਰੇਜ਼ਾਂ ਵਿਰੁੱਧ ਬਗਾਵਤ ਹੋ ਜਾਵੇਗੀ ਅਤੇ ਇਸ ਤਰ੍ਹਾਂ ਭਾਰਤ ਆਜ਼ਾਦ ਹੋ ਜਾਵੇਗਾ। ਇਹ ਨਿਰਾ ਰੁਮਾਂਸਵਾਦ ਸੀ। ਇਸ ਰੁਮਾਂਸਵਾਦ ਦਾ ਸ਼ਿਕਾਰ ਹਜ਼ਾਰਾਂ ਪੰਜਾਬੀ ਗਦਰੀਏ ਹੋਏ। ਹਜ਼ਾਰਾਂ ਲੋਕਾਂ ਨੂੰ ਲੰਬੀ ਜੇਲ੍ਹ ਯਾਤਰਾ ਕਰਨੀ ਪਈ। ਕਈ ਫਾਂਸੀ ਚੜ੍ਹ ਗਏ। ਜਿਹਨਾਂ ਵਿਚ ਉੱਘਾ ਨਾਂ ਕਰਤਾਰ ਸਿੰਘ ਸਰਾਭਾ ਦਾ ਸੀ। ਭਾਰਤ ਵਿਚ ਲਾਹੌਰ ਸਾਜ਼ਸ਼ ਦਾ ਕੇਸ ਚੱਲਿਆ ਅਤੇ ਅਮਰੀਕਾ ਵਿਚ ਕੈਲੇਫੋਰਨੀਆ ਕੇਸ।
ਗ਼ਦਰ ਲਹਿਰ ਦੇ ਦੋ ਦੌਰ ਸਨ। ਪਹਿਲਾ ਦੌਰ ਗ਼ਦਰ ਲਹਿਰ ਦਾ ਮੌਲਿਕ ਰੂਪ ਸੀ। ਇਹ ਦੌਰ 1913-18 ਵਿਚਕਾਰ ਚੱਲਿਆ ਅਤੇ ਦੂਸਰਾ ਦੌਰ 1919-1947 ਵਿਚਕਾਰ ਸੀ। ਪਰ ਦੂਸਰੇ ਦੌਰ ਦੀ ਨੌਈਤ ਪਹਿਲੇ ਦੌਰ ਨਾਲੋਂ ਬਿਲਕੁਲ ਵੱਖਰੀ ਸੀ। ਦੂਸਰੇ ਦੌਰ ਉੱਤੇ ਰੂਸੀ ਇਨਕਲਾਬ ਅਤੇ ਮਾਰਕਸਵਾਦੀ ਵਿਚਾਰਾਂ ਦੀ ਤਕੜੀ ਛਾਪ ਸੀ। ਪਹਿਲੇ ਦੌਰ ਦਾ ਇਕ ਲੀਡਰ ਰਾਮ ਚੰਦਰ ਵੀ ਸੀ। ਜਦੋਂ ਕੈਲੇਫੋਰਨੀਆ ਕੇਸ ਚੱਲਿਆ ਤਾਂ ਇਸ ਕੇਸ ਦੇ ਇਕ ਮੁਲਜ਼ਮ ਰਾਮ ਸਿੰਘ ਨੇ ਰਾਮਚੰਦਰ ਨੂੰ ਕਚਹਿਰੀ ਵਿਚ ਹੀ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਰਾਮ ਸਿੰਘ ਨੂੰ ਵੀ ਕਚਹਿਰੀ ਦੇ ਮਾਰਸ਼ਲ ਹੋਲੋਹਾਨ ਨੇ ਓਥੇ ਹੀ ਮਾਰ ਦਿੱਤਾ। ਇਸ ਤਰ੍ਹਾਂ ਗ਼ਦਰ ਲਹਿਰ ਦੇ ਪਹਿਲੇ ਦੌਰ ਦਾ ਬੜਾ ਦਰਦਨਾਕ ਅੰਤ ਹੋਇਆ। ”ਹਰਦਿਆਲ ਨੇ ਹਜ਼ਾਰਾਂ ਹਿੰਦੋਸਤਾਨੀਆਂ ਨੂੰ ਇਨਕਲਾਬ ਦੀ ਤਾਕਤ ਦੇ ਵਿਚਾਰ ਨਾਲ ਪ੍ਰੇਰਨਾ ਦਿੱਤੀ ਸੀ, ਪਰ ਹੁਣ ਉਹ ਇਸ ਤੋਂ ਪੂਰੀ ਤਰ੍ਹਾਂ ਮੂੰਹ ਫੇਰ ਗਿਆ ਸੀ। ਉਸਦਾ ਨਵਾਂ ਥੀਸਿਸ ਸੀ : ਏਸ਼ੀਆ ਨੂੰ ਆਪਣੀ ਹਿਫ਼ਾਜ਼ਤ ਅਤੇ ਤਰੱਕੀ ਲਈ ਬਰਤਾਨੀਆ ਤੇ ਤਗੜੇ ਹੱਥ ਦੀ ਲੋੜ ਹੈ।’’ ਹਰਦਿਆਲ ਦਾਮੋਦਰ ਵੀਰ ਸਾਵਰਕਰ ਨੂੰ ਆਪਣਾ ਗੁਰੂ ਮੰਨਦਾ ਸੀ। ਸਾਵਰਕਰ ਨੂੰ ਕਾਲੇ ਪਾਣੀ ਦੀ ਸਜ਼ਾ ਹੋ ਗਈ ਤਾਂ ਉਸਨੇ ਜਲਦੀ ਹੀ ਅੰਗਰੇਜ਼ ਸਰਕਾਰ ਨੂੰ ਰਹਿਮ ਦੀ ਅਪੀਲ ਕਰ ਦਿੱਤੀ। ਉਸਨੇ ਵਚਨ ਦਿੱਤਾ ਸੀ ਕਿ ”ਉਹ ਬਰਤਾਨਵੀ ਸਰਕਾਰ ਦੀ ਜਿਸ ਦੀ ਹੈਸੀਅਤ ਵਿਚ ਉਹ ਚਾਹੇ, ਸੇਵਾ ਕਰਨ ਲਈ ਤਿਆਰ ਸੀ।’’ ਲਾਜਪਤ ਰਾਏ ਵੀ ਇਨ੍ਹਾਂ ਦਿਨਾਂ ਵਿਚ ਅਮਰੀਕਾ ਵਿਚ ਸੀ। ਉਸਨੇ ਆਪਣੀ ਡਾਇਰੀ ਵਿਚ ਲਿਖਿਆ, ”ਸ਼ਾਇਦ ਹੀ ਕੋਈ ਐਸਾ ਆਦਮੀ ਹੋਵੇ ਜਿਹੜਾ ਦੋਸ਼ ਰਹਿਤ ਅਤੇ ਕਲੰਕਤ ਹੋਏ ਬਿਨਾਂ ਸਾਹਮਣੇ ਆਇਆ ਹੋਵੇ।’’ ਰਾਏ ਦੇ ਇਹ ਵਿਚਾਰ ਗ਼ਦਰ ਲਹਿਰ ਦੀ ਲੀਡਰਸ਼ਿਪ ਸਬੰਧੀ ਸਨ। ਲਾਜਪਤ ਰਾਏ ਨੇ ਇਹ ਵੀ ਦਰਜ ਕੀਤਾ, ”ਕੁਝ ਬੰਗਾਲੀਆਂ ਬਾਰੇ ਤਾਂ ਮੇਰੀ ਰਾਏ ਖਾਸ ਕਰਕੇ ਮਾੜੀ ਬਣ ਗਈ ਸੀ ਜਿਹੜੇ ਬਿਲਕੁਲ ਬੇ ਅਸੂਲੇ ਸਨ ਅਤੇ ਜਿਨ੍ਹਾਂ ਦੀ ਦੇਸ਼ ਭਗਤੀ ਸ਼ਾਇਦ ਪ੍ਰਾਪਤੀਆਂ ਅਤੇ ਮੁਨਾਫ਼ਿਆਂ ਦੇ ਲੋਭ ਨਾਲ ਕਲੰਕਤ ਹੋ ਚੁੱਕੀ ਸੀ।’’ ਗ਼ਦਰ ਲਹਿਰ ਦੀ ਅਗਵਾਈ ਕਰਨ ਵਾਲਿਆਂ ਵਿਚ ਕੁਝ ਬੰਗਾਲੀ ਵੀ ਸ਼ਾਮਲ ਸਨ।
ਗ਼ਦਰ ਲਹਿਰ ਦੇ ਪਰਚਾਰ ਲਈ ”ਗ਼ਦਰ’’ ਅਖ਼ਬਾਰ ਵੀ ਕੱਢਿਆ ਗਿਆ ਜਿਹੜਾ ਕਿ ਉਰਦੂ ਅਤੇ ਪੰਜਾਬੀ ਦੋਨਾਂ ਜ਼ਬਾਨਾਂ ਵਿਚ ਪ੍ਰਕਾਸ਼ਤ ਹੁੰਦਾ ਸੀ। ਇਸੇ ਤਰ੍ਹਾਂ ਇਸ ਲਹਿਰ ਦੇ ਪਰਚਾਰ ਲਈ ”ਗ਼ਦਰ ਦੀ ਗੂੰਜ’’ ਨਾਂ ਦਾ ਕਾਵਿ ਸੰਗ੍ਰਹਿ ਵੀ ਛਾਪਿਆ ਗਿਆ ਜਿਸ ਦੀਆਂ ਹਜ਼ਾਰਾਂ ਕਾਪੀਆਂ ਹੱਥੋ ਹੱਥ ਵਿਕ ਗਈਆਂ।
ਰਣਨੀਤੀ ਅਤੇ ਸੁਚਾਰੂ ਜਥੇਬੰਦੀ ਦੀ ਅਣਹੋਂਦ ਕਾਰਨ ਗ਼ਦਰ ਲਹਿਰ ਆਪਣਾ ਟੀਚਾ ਪ੍ਰਾਪਤ ਨਾ ਕਰ ਸਕੀ ਭਾਵੇਂ ਕਿ ਇਸਦੇ ਅਨੁਯਾਈਆਂ ਨੇ ਬੇ-ਬਹਾ ਕੁਰਬਾਨੀਆਂ ਦਿੱਤੀਆਂ। ਲੇਖਕ ਅਨੁਸਾਰ, ”ਇਨਕਲਾਬੀ ਲਹਿਰ ਦੇ ਵਿਦਿਆਰਥੀ ਇਸ ਲਹਿਰ ਦੇ ਅਧਿਐਨ ਤੋਂ ਸਬਕ ਸਿੱਖ ਸਕਦੇ ਹਨ।’’
ਇਹ ਪੁਸਤਕ ਇਕ ਮਹੱਤਵਪੂਰਨ ਵਿਸ਼ੇ ’ਤੇ ਖੋਜ ਦਾ ਇਕ ਸ਼ਾਨਦਾਰ ਕਾਰਨਾਮਾ ਹੈ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਵਿਚ ਪਰੂਫ਼ ਰੀਡਿੰਗ ਦੀਆਂ ਬੇਸ਼ੁਮਾਰ ਗ਼ਲਤੀਆਂ ਹਨ ਅਤੇ ਅਨੁਵਾਦ ਵੀ ਕਈ ਥਾਈਂ ਬਹੁਤ ਕੁਚੱਜਾ ਹੈ। ਪ੍ਰੇਸ਼ਾਨੀ ਇਸ ਗੱਲ ਦੀ ਹੈ ਕਿ ਇਹ ਪੁਸਤਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਛਤਰ ਛਾਇਆ ਹੇਠ ਪ੍ਰਕਾਸ਼ਤ ਹੋਈ ਹੈ।
ਮੈਂ ਇਹ ਪੁਸਤਕ ਪੜ੍ਹਣ ਦੀ ਸਿਫਾਰਸ਼ ਕਰਦਾ ਹਾਂ।

ਪ੍ਰੀਤਮ ਸਿੰਘ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!