ਗ਼ਦਰ-ਬੱਬਰ ਲਹਿਰ : ਆਧੁਨਿਕਤਾ ਤੇ ਇਤਿਹਾਸਕਤਾ ਦਾ ਮਸਲਾ – ਹਰਵਿੰਦਰ ਭੰਡਾਲ

Date:

Share post:

ਵੈਨਕੂਵਰ ਵਿਚ ਪੰਜਾਬੀ ਮਜ਼ਦੂਰ

ਅਸੀਂ ਪੰਜਾਬੀ, ਬਹੁਤ ਘੱਟ ਇਤਿਹਾਸ ਨੂੰ ਇਤਿਹਾਸਕ ਦ੍ਰਿਸ਼ਟੀ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਲਈ ਅਸੀਂ ਅਜੇ ਤੱਕ ਵੀ ਸਾਖੀਆਂ ਨੂੰ ਹੀ ਇਤਿਹਾਸ ਤੇ ਇਤਿਹਾਸ ਨੂੰ ਸਾਖੀ ਸਮਝੀ ਜਾ ਰਹੇ ਹਾਂ। ਇਤਿਹਾਸ ਨੂੰ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਸਮਝ ਕੇ ਹੀ ਅਸੀਂ ਵਰਤਮਾਨ ਦੀਆਂ ਉਹਨਾਂ ਤੰਦਾਂ ਨੂੰ ਫੜ ਸਕਦੇ ਹਾਂ, ਜਿਹਨਾਂ ਦੀਆਂ ਜੜ੍ਹਾਂ ਸਾਡੇ ਇਤਿਹਾਸ ਵਿਚ ਹਨ। ਵਰਤਮਾਨ ਇਹਨਾਂ ਤੰਦਾਂ ਦਾ ਅੰਤਮ ਸਿਰਾ ਨਹੀਂ ਹੁੰਦਾ। ਇਹ ਤੰਦਾਂ ਵਰਤਮਾਨ ਵਿਚੋਂ ਗੁਜ਼ਰ ਕੇ ਅਗਾਂਹ ਭਵਿੱਖ ਵੱਲ ਤੁਰਦੀਆਂ ਹਨ। ਭੂਤ, ਵਰਤਮਾਨ ਤੇ ਭਵਿੱਖ ਨੂੰ ਮਿਲਾਉਣ ਵਾਲੀ ਅਦਿੱਖ ਡੋਰ ਦਾ ਨਾਂ ਹੀ ਇਤਿਹਾਸਕਤਾ ਹੈ।
ਸਾਡੇ ਅੱਜ ਦਾ ਬਹੁਤ ਕੁਝ ਬਸਤੀਵਾਦੀ ਸਮਿਆਂ ਵਿਚ ਘੜਿਆ ਗਿਆ ਸੀ। ਸਾਡੀ ਮਨੋਚੇਤਨਾ ਅਜੇ ਵੀ ਬਸਤੀਵਾਦੀ ਜਕੜਬੰਦੀ ਤੋਂ ਮੁਕਤ ਨਹੀਂ ਹੋ ਸਕੀ ਕਿਉਂਕਿ ਸਾਡੇ ਨਵੇਂ ਹਾਕਮਾਂ ਨੇ ਕਦੇ ਬਸਤੀਵਾਦੀ ਸਮਾਜਕ-ਆਰਥਕ ਸਰੰਚਨਾਵਾਂ ਨੂੰ ਤੋੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਬਸਤੀਵਾਦੀ/ਪੂੰਜੀਵਾਦੀ ਆਰਥਕ ਸਰੰਚਨਾਵਾਂ ਨੂੰ ਬਚਾਈ ਰੱਖਣ ਲਈ ਬ੍ਰਾਹਮਣਵਾਦੀ ਭਗਤੀ ਕੇਂਦਰਤ ਸਮਾਜਕ-ਸੱਭਿਆਚਾਰਕ ਮੁੱਲ-ਵਿਧਾਨ ਬੇਹੱਦ ਮੁੱਲਵਾਨ ਸਿੱਧ ਹੁੰਦਾ ਹੈ। ਭਾਰਤ ਵਿਚ ਇਹ ਗੱਲ ਬਸਤੀਵਾਦੀ ਬਰਤਾਨਵੀ ਹਾਕਮਾਂ ਨੇ ਵੀ ਸਮਝ ਲਈ ਸੀ ਤੇ ਬਾਦ ਵਿਚ ਭਾਰਤੀ ਦੇਸੀ ਹਾਕਮਾਂ ਨੂੰ ਵੀ ਇਹ ਸੋਝੀ ਉਹ ਦਾਜ ਵਜੋਂ ਦੇ ਗਏ ਸਨ। ਇਸੇ ਜਕੜਬੰਦੀ ਕਾਰਨ ਅਸੀਂ ਅਜੇ ਤੱਕ ਉਸ ਗਿਆਨਕਰਨ (ੲਨਲਗਿਹਟੲਨਮੲਨਟ) ਵੱਲ ਨਹੀਂ ਵਧ ਸਕੇ, ਜਿਸ ਦੀ ਲੋੜ ਆਧੁਨਿਕ ਸਮਾਜ ਦੀ ਸਿਰਜਣਾ ਕਰਨ ਲਈ ਹੁੰਦੀ ਹੈ। ਗਿਆਨਕਰਨੀ ਸਮਾਜ ਵਿਚ ਸ਼ਰਧਾ ਉਸੇ ਤਰ੍ਹਾਂ ਬੇਲੋੜੀ ਹੋ ਜਾਂਦੀ ਹੈ, ਜਿਵੇਂ ਅੱਜ ਦੇ ਸਮੇਂ ਵਿਚ ਅਸੀਂ ਤਰਕ ਨੂੰ ਬਣਾ ਦਿੱਤਾ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਖ਼ੁਦ ਨੂੰ ਅਗਾਂਹਵਧੂ ਅਖਵਾਉਣ ਵਾਲੇ ਹਲਕੇ ਵੀ ਅਜੇ ਤੱਕ ਸ਼ਰਧਾਲੂ ਦ੍ਰਿਸ਼ਟੀ ਤੋਂ ਮੁਕਤ ਹੋ, ਇਤਿਹਾਸਕ ਤਰਕ ਨਾਲ ਨਹੀਂ ਜੁੜ ਸਕੇ। ਇਹ ਪੰਜਾਬ ਦੀ ਇਤਿਹਾਸਕਤਾ ਨਾਲ ਜੁੜਿਆ ਦੁਖਾਂਤ ਹੈ। ਇਸ ਦੁਖਾਂਤ ਨੂੰ ਫਰੋਲ ਕੇ ਇਸ ਤੋਂ ਮੁਕਤ ਹੋਣ ਦੇ ਰਾਹ ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਮਹਾਰਾਜਾ ਰਣਜੀਤ ਸਿੰਘ ਦੇ ਸਾਮੰਤੀ ਰਾਜ ਦਾ ਖਾਤਮਾ ਪੰਜਾਬ ਦੇ ਇਤਿਹਾਸ ਵਿਚਲਾ ਮਹੱਤਵਪੂਰਨ ਮੋੜ ਹੈ। ਇਸ ਰਾਜ ਦੇ ਖਾਤਮੇ ਪਿਛੋਂ ਅੰਗਰੇਜ਼ਾਂ ਨੇ ਪੰਜਾਬੀ ਸਮਾਜ ਨੂੰ ਬਸਤੀਵਾਦੀ/ਪੂੰਜੀਵਾਦੀ ਅਰਥਚਾਰੇ ਨਾਲ ਬੰਨ੍ਹ ਦਿੱਤਾ। ਪੰਜਾਬ ਦੇ ਮੈਦਾਨ ਅੰਗਰੇਜ਼ਾਂ ਦੀ ਸਨੱਅਤ ਲਈ ਕੱਚਾ ਮਾਲ ਪੈਦਾ ਕਰਨ ਲਈ ਬੇਤਾਬ ਸਨ। ਅੰਗਰੇਜ਼ਾਂ ਨੇ ਵੀ ਅਪਣੀਆਂ ਬਰਕਤਾਂ ਦਾ ਮੂੰਹ ਪੰਜਾਬ ਲਈ ਖੋਲ੍ਹ ਦਿੱਤਾ। ਇਸ ਨੂੰ ਪੰਜਾਬ ਦੀ ਸਮਾਜਕ ਵਿਡੰਬਨਾ ਹੀ ਕਿਹਾ ਜਾ ਸਕਦਾ ਹੈ ਕਿ ਇਕ ਪਾਸੇ ਖਾਲਸਾ ਰਾਜ ਦੀ ਸਿਮਰਤੀ, ਸਿੱਖਾਂ ਦੇ ਅਵਚੇਤਨ ਵਿਚ ਅਜੇ ਤੱਕ ਜਿਊਂਦੀ ਹੈ; ਦੂਜੇ ਪਾਸੇ ਖਾਲਸਾ ਫੌਜਾਂ ਦੀ ਹਾਰ ਦੇ ਤੁਰੰਤ ਬਾਅਦ, ਸਿੱਖ ਅੰਗਰੇਜ਼ੀ ਫੌਜ ਵਿਚ ਭਰਤੀ ਵੀ ਹੋਣ ਲੱਗ ਪਏ ਸਨ। ਪਿਤਰਕੀ ਅਧਾਰਤ ਸਮਾਜ ਵਿਚ ਭਗਤੀ ਕੇਂਦਰਤ ਮੁੱਲਾਂ ਦੇ ਆਧਾਰ ਉੱਤੇ ਜਿਊਂਦੇ ਸਿੱਖ ਅੰਗਰੇਜ਼ਾਂ ਨੂੰ ਕੋਈ ਵੱਡਾ ਖ਼ਤਰਾ ਨਹੀਂ ਸਨ ਜਾਪਦੇ। ਅੰਗਰੇਜ਼ਾਂ ਲਈ ਸਿੱਖੀ ਪਛਾਣ ਮਹੱਤਵਪੂਰਨ ਸੀ। ਇਸੇ ਲਈ ਸਿੱਖੀ ਪਛਾਣ ਨੂੰ ਉਸਾਰਨ ਵਿਚ ਅੰਗਰੇਜ਼ਾਂ ਦਾ ਖਾਸ ਯੋਗਦਾਨ ਰਿਹਾ। ਫੌਜ ਵਿਚ ਭਰਤੀ ਹੋਣ ਲਈ ਨਾਂ ਨਾਲ ਸਿੰਘ ਲੱਗਿਆ ਹੋਣਾ ਜ਼ਰੂਰੀ ਸੀ। ਫੌਜ ਵਿਚ ਵੱਖਰੀ ਧਾਰਮਿਕ ਪਛਾਣ ਉੱਤੇ ਖਾਸ ਜ਼ੋਰ ਦਿੱਤਾ ਗਿਆ।
ਅੰਗਰੇਜ਼ਾਂ ਦੇ ਅਧੀਨ ਹੋ ਜਾਣ ਪਿਛੋਂ ਪੰਜਾਬ ਲੰਮੇ ਸਮੇਂ ਤੱਕ (ਆਮ ਵਰਤੇ ਜਾਂਦੇ ਮੁਹਾਵਰੇ ਅਨੁਸਾਰ) ਸੁੱਤਾ ਹੀ ਰਿਹਾ। ਪੰਜਾਬ ਵਿਚਲੀ ਭਾਰੂ ਧਿਰ ਕਿਸਾਨੀ ਅੰਗਰੇਜ਼ਾਂ ਨਾਲ ਭਿਆਲੀ ਦੇ ਰਾਹ ਤੁਰਦੀ ਰਹੀ। ਇਸੇ ਸਮੇਂ ਦੌਰਾਨ ਉੱਠੀ ਕੂਕਾ ਲਹਿਰ ਪੰਜਾਬ ਦੇ ਦਸਤਕਾਰਾਂ ਦੇ ਅੰਗਰੇਜ਼ੀ ਸਨਅਤ ਨਾਲ ਸ਼ਰੀਕੇ ਵਿਚੋਂ ਉਪਜੀ ਸੀ। ਇਸੇ ਸ਼ਰੀਕੇ ਕਾਰਨ ਮਹਾਤਮਾ ਗਾਂਧੀ ਤੋਂ ਵੀ ਪਹਿਲਾਂ, ਕੂਕਿਆਂ ਨੇ ਅੰਗਰੇਜ਼ੀ ਹਕੂਮਤ ਨਾਲ ਅਸਹਿਯੋਗ ਦਾ ਬਿਗਲ ਵਜਾਇਆ ਸੀ।
19ਵੀਂ ਸਦੀ ਦੇ ਆਖ਼ਰੀ ਤੇ 20ਵੀਂ ਸਦੀ ਦੇ ਅਰੰਭਲੇ ਵਰਿ੍ਹਆਂ ਵਿਚ ਪੰਜਾਬੀ ਕਿਸਾਨੀ ਦੀ ਪਰਵਾਸ-ਯਾਤਰਾ ਸ਼ੁਰੂ ਹੋਈ। ਇਸ ਪਰਵਾਸ ਨੇ ਪੰਜਾਬੀ ਕਿਸਾਨੀ ਦੀ ਮਨੋਚੇਤਨਾ ਵਿਚ ਇਕ ਮੋੜ ਪੈਦਾ ਕੀਤਾ। ਸ਼ੁਰੂ-ਸ਼ੁਰੂ ਵਿਚ ਪੰਜਾਬੀ ਕਿਸਾਨ ਚੀਨ ਤੇ ਮਲਾਇਆ ਗਏ। ਪਰਵਾਸ ਲਈ ਯਾਤਰਾ ਉੱਤੇ ਨਿਕਲਣ ਵਾਲੇ ਇਹ ਪੰਜਾਬੀ ਦਰਮਿਆਨੇ ਕਿਸਾਨ ਸਨ। ਬੇਸ਼ੱਕ ਬਰਤਾਨਵੀ ਹਕੂਮਤ ਨੇ ਪੰਜਾਬ ਦੀ ਖੇਤੀ ਨੂੰ ਓਨਾ ਕੁ ਉੱਨਤ ਕਰਨ ਦੀ ਕੋਸ਼ਿਸ਼ ਕੀਤੀ, ਜਿੰਨੀ ਕੁ ਉਸ ਦੀ ਸਨਅਤ ਲਈ ਜ਼ਰੂਰਤ ਸੀ। ਪਰ ਬੁਨਿਆਦੀ ਤੌਰ ‘ਤੇ ਹਕੂਮਤ ਤੇ ਕਿਸਾਨਾਂ ਦਰਮਿਆਨ ਆਰਥਿਕ ਰਿਸ਼ਤਾ ਬਸਤੀਵਾਦੀ ਹੀ ਸੀ। ਇਸ ਲਈ ਦਰਮਿਆਨੇ ਤੇ ਛੋਟੇ ਕਿਸਾਨਾਂ ਨੂੰ ਕੋਈ ਲੰਬਾ-ਚੌੜਾ ਮੁਨਾਫ਼ਾ ਨਹੀਂ ਸੀ ਹੁੰਦਾ। ਇਸ ਤੋਂ ਇਲਾਵਾ ਹਕੂਮਤ ਕਿਸਾਨਾਂ ਤੋਂ ਸਿੱਧੀ ਖਰੀਦ ਨਹੀਂ ਸੀ ਕਰਦੀ। ਅਸਿੱਧੀ ਖਰੀਦ ਨੇ ਪੰਜਾਬ ਵਿਚ ਸ਼ਾਹੂਕਾਰਾਂ ਦੀ ਐਸੀ ਜਮਾਤ ਪੈਦਾ ਕਰ ਦਿੱਤੀ, ਜੋ ਕਿਸਾਨਾਂ ਦੀ ਰੱਤ ਉੱਤੇ ਹੀ ਜਿਊਂਦੀ ਸੀ। ਨਿੱਤ ਵਧਦੇ ਮਾਮਲੇ ਨੇ ਵੀ ਕਿਸਾਨਾਂ ਦੀ ਜ਼ਿੰਦਗੀ ਔਖੀ ਕਰ ਦਿੱਤੀ ਸੀ। ਅਜਿਹੇ ਹਾਲਾਤ ਵਿਚ ਦਰਮਿਆਨੇ ਕਿਸਾਨਾਂ ਨੇ ਚੰਗੇਰੇ ਮੌਕਿਆਂ ਦੀ ਭਾਲ ਵਿਚ ਵਿਦੇਸ਼ੀ ਧਰਤੀਆਂ ਵੱਲ ਮੂੰਹ ਕੀਤਾ। ਦਰਮਿਆਨੇ ਕਿਸਾਨ ਹੀ ਅਜਿਹਾ ਕਰ ਸਕਦੇ ਸਨ। ਸਫ਼ਰ ਲਈ ਜ਼ਰੂਰੀ ਪੂੰਜੀ ਜੁਟਾਉਣਾ ਉਨ੍ਹਾਂ ਦੇ ਹੀ ਵੱਸ ਦੀ ਗੱਲ ਸੀ। ਘੱਟ-ਵਧ ਹੀ ਸਹੀ, ਪਰ ਉਹ ਜ਼ਮੀਨ ਦੇ ਮਾਲਕ ਸਨ। ਇਹ ਜ਼ਮੀਨ ਉਨ੍ਹਾਂ ਦੇ ਅਗਲੇ ਸਫ਼ਰ ਲਈ ਸਹਾਈ ਹੁੰਦੀ ਸੀ।
ਜ਼ਮੀਨ ਵੇਚ-ਵੱਟ ਕੇ, ਸਫ਼ਰ ਦੇ ਪੈਸੇ ਜੁਟਾ ਕੇ ਪੰਜਾਬੀ ਕਿਸਾਨ ਚੀਨ ਤੇ ਮਲਾਇਆ ਪਹੁੰਚਿਆ। ਉਥੇ ਉਹ ਅੰਗਰੇਜ਼ਾਂ ਦੀ ਫੌਜ ਵਿਚ ਵੀ ਭਰਤੀ ਹੋਇਆ ਤੇ ਅਮੀਰਾਂ ਦੀ ਚੌਕੀਦਾਰੀ ਵੀ ਕਰਨ ਲੱਗਾ। ਹੋਰ ਵਧ ਕਮਾਈ ਲਈ ਇਸ ਨੇ ਅਮਰੀਕਾ ਤੇ ਕੈਨੇਡਾ ਵੱਲ ਚਾਲੇ ਪਾ ਦਿੱਤੇ। ਉਥੇ ਇਹ ਲੱਕੜੀ ਤੇ ਲੋਹੇ ਦੇ ਕਾਰਖਾਨਿਆਂ ਵਿਚ ਕੰਮ ਕਰਨ ਲੱਗਾ। ਇਨ੍ਹਾਂ ਕਾਰਖਾਨਿਆਂ ਵਿਚ ਕੰਮ ਕਰਦਿਆਂ ਉਸਦੀ ਚੇਤਨਾ ਵਿਚ ਵੀ ਰੁਪਾਂਤਰਣ ਹੋਇਆ। ਪਹਿਲੀ ਵਾਰ ਉਹ ਮਜ਼ਦੂਰ-ਚੇਤਨਾ ਨਾਲ ਜੁੜਿਆ। ਬਾਬਾ ਸੋਹਣ ਸਿੰਘ ਭਕਨਾ ਨੇ ‘ਗ਼ਦਰ ਪਾਰਟੀ ਦਾ ਇਤਿਹਾਸ’ ਵਿਚ ਸਪਸ਼ਟ ਲਿਖਿਆ ਹੈ ਕਿ ”ਜਦੋਂ ਇਹ ਕਿਸਾਨ ਪੰਜਾਬ ਵਿਚ ਸੀ ਤਾਂ ਇਨ੍ਹਾਂ ਦਾ ਦਿਮਾਗ਼ ਘੁਮੰਡੀ ਜਮੀਂਦਾਰ ਤੋਂ ਘੱਟ ਨਹੀਂ ਸੀ। ਇਹ ਅਪਣੇ ਆਪ ਨੂੰ ਸਰਦਾਰ ਅਤੇ ਗ਼ੈਰ-ਜਮੀਂਦਾਰਾਂ ਨੂੰ ਕੰਮੀ-ਕਮੀਨ ਸਮਝਦਾ ਸੀ। ਪਰ ਹੁਣ ਜਦੋਂ ਇਸ ਦਾ ਵਾਹ ਕੈਲੇਫੋਰਨੀਆ ਦੇ ਜਮੀਂਦਾਰਾਂ ਤੇ ਕਾਰਖਾਨੇਦਾਰਾਂ ਨਾਲ ਪਿਆ ਤਾਂ ਇਸ ਨੂੰ ਪਤਾ ਲੱਗਿਆ ਕਿ ਉਹ ਸਰਦਾਰ ਨਹੀਂ, ਦਰਅਸਲ ਬਹੁਤ ਬਦਤਰ ਕਿਸਮ ਦਾ ਗੁਲਾਮ ਹੈ। … ਉਸ ਦੀ ਮਜ਼ਬੂਰੀ ਇਹ ਸੀ ਕਿ ਉਸ ਨੂੰ ਇਹ ਗੱਲ ਸਮਝ ਹੀ ਨਹੀਂ ਪੈ ਰਹੀ ਸੀ ਕਿ ਉਸ ਨਾਲ ਇਹ ਅਣਮਨੁੱਖੀ ਸਲੂਕ ਕਿਉਂ ਹੋ ਰਿਹਾ ਹੈ?”
ਬਸਤੀਵਾਦੀ ਪੰਜਾਬ ਵਿਚ ਵਸਦਿਆਂ ਇਨ੍ਹਾਂ ਕਿਸਾਨਾਂ ਨੇ ਬਸਤੀਵਾਦੀ ਗੁਲਾਮੀ ਨੂੰ ਆਤਮਸਾਤ ਕੀਤਾ ਹੋਇਆ ਸੀ। ਬਸਤੀਵਾਦੀ ਹਕੂਮਤ ਉਨ੍ਹਾਂ ਲਈ ਉਨੀ ਹੀ ਸਹਿਜ ਤੇ ਕੁਦਰਤੀ ਸੀ ਜਿੰਨੀ ਸਹਿਜ ਹਕੂਮਤ ਮਹਾਰਾਜ ਰਣਜੀਤ ਸਿੰਘ ਦੀ ਜਾਂ ਮੁਗਲਾਂ ਦੀ ਹੋ ਸਕਦੀ ਸੀ। ਗੁਲਾਮੀ ਦੇ ਅਰਥ ਕਿਸਾਨ ਨੇ ਅਮਰੀਕਾ ਦੇ ਉਦਾਰ-ਲੋਕਤੰਤਰੀ ਮਾਹੌਲ ਵਿਚ ਸਮਝੇ। ਇਸ ਅਮਰੀਕਾ ਦੇ ਉਦਾਰ-ਲੋਕਤੰਤਰ ਨੂੰ ਮਾਡਲ ਬਣਾ ਕੇ ਉਹ ਭਾਰਤ ਵਿਚ ਸੱਤਾ-ਪਲਟੇ ਦੀ ਤਿਆਰੀ ਵਿਚ ਲੱਗ ਗਿਆ।
ਕਿਸਾਨ ਤੋਂ ਮਜ਼ਦੂਰ ਬਣਨ ਦਾ ਇਹ ਅਮਲ ਵਿਦੇਸ਼ੀ ਧਰਤੀ ਉੱਤੇ, ਅਜਨਬੀ ਮਾਹੌਲ ਵਿਚ ਵਾਪਰਿਆ ਸੀ। ਮਜ਼ਦੂਰ ਬਣ ਕੇ ਇਹ ਕਿਸਾਨ, ਅਜਨਬੀ ਧਰਤੀ ਉੱਤੇ ਅਪਣੇ ਬ੍ਰਾਹਮਣਿਕ ਸੰਸਕਾਰਾਂ ਨੂੰ ਭੁੱਲਣ ਵਿਚ ਸਫ਼ਲ ਹੋਇਆ। ਇਸੇ ਕਾਰਨ ਗ਼ਦਰ ਪਾਰਟੀ ਦਾ ਕਾਰਕੁੰਨ, ਦਲਿਤ ਮੰਗੂ ਰਾਮ ਮੁੱਗੋਵਾਲੀਆ ਇਹ ਮੰਨਦਾ ਹੈ ਕਿ ਪਾਰਟੀ ਵਿਚ ਕੰਮ ਕਰਦਿਆਂ ਉਸ ਨੂੰ ਕਦੇ ਜਾਤ-ਪਾਤ ਤੇ ਊਚ-ਨੀਚ ਦਾ ਅਹਿਸਾਸ ਨਹੀਂ ਸੀ ਹੋਇਆ। ਇਹ ਗੱਲ ਵੱਖਰੀ ਹੈ ਕਿ ਅਪਣੀ ਧਰਤੀ ਉੱਤੇ ਇਨ੍ਹਾਂ ਅਵਚੇਤਨੀ ਸੰਸਕਾਰਾਂ ਦੇ ਫਿਰ ਤੋਂ ਜਾਗ ਪੈਣ ਦਾ ਖ਼ਤਰਾ ਹੁੰਦਾ ਹੈ। ਇਸੇ ਲਈ ਗ਼ਦਰੀਆਂ ਬਾਰੇ ਇਹ ਪ੍ਰਸ਼ੰਸਾਤਮਕ ਸ਼ਬਦ ਕਹਿਣ ਵਾਲਾ ਮੁੱਗੋਵਾਲੀਆ, ਪੰਜਾਬ ਪਹੁੰਚ ਕੇ ਜਾਤੀ ਅਧਾਰਤ ‘ਆਦਿ-ਧਰਮ ਮੰਡਲ’ ਦੀ ਸਥਾਪਨਾ ਕਰ ਲੈਂਦਾ ਹੈ। ਵਿਦੇਸ਼ੀ ਧਰਤੀ ਉੱਤੇ ਪੈਦਾ ਹੋਈ ਮਜ਼ਦੂਰ-ਚੇਤਨਾ, ਦੇਸੀ ਧਰਤੀ ਦੀ ਮਾਲਕ ਕਿਸਾਨੀ ਚੇਤਨਾ ਅੱਗੇ ਗੋਡੇ ਟੇਕਣ ਲਈ ਮਜ਼ਬੂਰ ਹੋ ਜਾਂਦੀ ਹੈ।
ਪਰ ਕਿਸਾਨ ਤੋਂ ਮਜ਼ਦੂਰ ਬਣ ਕੇ ਵੀ ਇਹ ਪੰਜਾਬੀ ਬੰਦਾ ਅਪਣੀ ਧਾਰਮਿਕ ਪਛਾਣ ਤੋਂ ਮੁਕਤ ਨਾ ਹੋ ਸਕਿਆ। ਇਸੇ ਲਈ ਅਪਣੇ ਸਭ ਕਰਜ਼ੇ ਉਤਾਰਨ ਪਿਛੋਂ ਸਭ ਦੇਸ਼ਾਂ ਵਿਚ ਗੁਰਦੁਆਰਿਆਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ। ਇਹ ਗੁਰਦੁਆਰੇ ਇਕ ਪਾਸੇ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੀ ਸਿਆਸੀ ਸਰਗਰਮੀ ਦਾ ਕੇਂਦਰ ਬਣੇ, ਉਥੇ ਨਾਲ ਹੀ ਇਨ੍ਹਾਂ ਨੇ ਪੰਜਾਬੀਆਂ ਨੂੰ ਅਪਣੇ ਸੈਕੂਲਰ ਕਿਸਮ ਦੇ ਸਿਆਸੀ ਕੇਂਦਰ ਉਸਾਰਨ ਤੋਂ ਵੀ ਰੋਕੀ ਰੱਖਿਆ। ‘ਹਿੰਦੀ ਐਸੋਸੀਏਸ਼ਨ ਔਫ ਪੈਸੀਫ਼ਿਕ ਕੋਸਟ ਔਫ ਅਮੈਰੀਕਾ’ ਜਾਂ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਵਿਚ ਇਨ੍ਹਾਂ ਗੁਰਦੁਆਰਿਆਂ ਦੀ ਅਪਣੀ ਭੂਮਿਕਾ ਰਹੀ ਹੈ।
ਗ਼ਦਰ ਪਾਰਟੀ ਦੇ ਕੁਝ ਹੋਰ ਵਿਰੋਧਾਭਾਸ ਵੀ ਬਹੁਤ ਦਿਲਚਸਪ ਹਨ। ਜਿਵੇਂ ਗ਼ਦਰੀਆਂ ਵਿਚ ਬਹੁਗਿਣਤੀ ਪੰਜਾਬੀ ਸਿੱਖਾਂ ਦੀ ਸੀ ਪੰ੍ਰਤੂ ਪੰਡਤ ਕਾਂਸ਼ੀ ਰਾਮ ਮੜੋਲੀ, ਲਾਲਾ ਹਰਦਿਆਲ ਤੇ ਮੁਨਸ਼ੀ ਰਾਮ ਜਿਹੇ ਹਿੰਦੂ ਅਤੇ ਕਰੀਮ ਬਖ਼ਸ਼ ਤੇ ਰਹਿਮਤ ਅਲੀ ਵਜੀਦਕੇ ਜਿਹੇ ਮੁਸਲਮਾਨ ਵੀ ਇਸ ਦੇ ਮੋਢੀ ਮੈਂਬਰਾਂ ਵਿਚੋਂ ਸਨ। ਵਧੇਰੇ ਗ਼ਦਰੀ ਅਪਣੇ ਧਰਮਾਂ ਵਿਚ ਵਿਸ਼ਵਾਸ ਰੱਖਦਿਆਂ ਵੀ ਸਭ ਧਰਮਾਂ ਦੇ ਲੋਕਾਂ ਨਾਲ ਰਲ ਕੇ ਦੇਸ਼ ਦੀ ਆਜ਼ਾਦੀ ਲਈ ਲੜਨ-ਮਰਨ ਨੂੰ ਤਿਆਰ ਸਨ। ‘ਵੰਦੇ ਮਾਤਰਮ’ ਦਾ ਨਾਅਰਾ ਉਨ੍ਹਾਂ ਨੂੰ ਹਿੰਦੂ ਫਿਰਕਾਪ੍ਰਸਤ ਨਾਅਰਾ ਨਹੀਂ ਸੀ ਜਾਪਦਾ। ਪਾਰਟੀ ਦੀ ਬੁਨਿਆਦ ਰੱਖਦਿਆਂ ਉਨ੍ਹਾਂ ਸਪੱਸ਼ਟ ਮਤਾ ਪਾਸ ਕੀਤਾ ਸੀ ਕਿ ‘ਪਾਰਟੀ ਵਿਚ ਮਜ਼ਹਬੀ ਬਹਿਸ-ਮੁਬਾਹਸੇ ਨੂੰ ਕੋਈ ਥਾਂ ਨਹੀਂ ਹੋਵੇਗੀ। ਮਜ੍ਹਬ ਹਰ ਕਿਸੇ ਦਾ ਅਪਣਾ ਨਿੱਜੀ ਨੇਮ ਹੋਵੇਗਾ।’

ਕਰਮ ਸਿੰਘ ਦੌਲਤਪੁਰ

ਇਸ ਤਰ੍ਹਾਂ ਗ਼ਦਰ ਪਾਰਟੀ ਉਹ ਪਹਿਲੀ ਆਧੁਨਿਕ ਕਿਸਮ ਦੀ ਸਿਆਸੀ ਪਾਰਟੀ ਵਜੋਂ ਸਾਹਮਣੇ ਆਈ, ਜਿਸ ਵਿਚ ਪਰਵਾਸੀ ਪੰਜਾਬੀ ਵੱਡੀ ਪੱਧਰ ਉੱਤੇ ਜਥੇਬੰਦ ਹੋਏ। ਇਸ ਸਿਆਸੀ ਜਥੇਬੰਦੀ ਦਾ ਮਨੋਰਥ ਹਥਿਆਰਬੰਦ ਇਨਕਲਾਬ ਰਾਹੀਂ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣਾ ਤੇ ਭਾਰਤ ਵਿਚ ਰਾਸ਼ਟਰੀ ਜਮਹੂਰੀਅਤ ਕਾਇਮ ਕਰਨਾ ਸੀ। ਪਰਵਾਸੀ ਹੋਣ ਕਾਰਨ ਗ਼ਦਰੀਆਂ ਨੇ ਕੌਮਾਂਤਰੀਵਾਦੀ ਚੇਤਨਾ ਨੂੰ ਇਕ ਹੱਦ ਤੱਕ ਅੰਗੀਕਾਰ ਕੀਤਾ। ਇਸੇ ਲਈ ਉਨ੍ਹਾਂ ਦੇ ਇਕ ਮਤੇ ਅਨੁਸਾਰ ”ਪਾਰਟੀ ਦੇ ਹਰ ਸਿਪਾਹੀ ਦਾ ਇਹ ਫ਼ਰਜ਼ ਹੋਵੇਗਾ ਕਿ ਉਹ ਦੁਨੀਆ ਵਿਚ, ਜਿਥੇ ਵੀ ਕਿਤੇ ਹੋਵੇ, ਗੁਲਾਮੀ ਦੇ ਖ਼ਿਲਾਫ਼ ਤੇ ਆਜ਼ਾਦੀ ਦੇ ਹੱਕ ਵਿਚ ਲੜੇ ਅਤੇ ਆਜ਼ਾਦੀ ਦੀਆਂ ਜੰਗਾਂ ਦਾ ਭਾਈਵਾਲ ਬਣੇ।” ਗ਼ਦਰੀ ਦੇਸ਼ ਪਰਤ ਕੇ ਲੋਕਾਂ ਤੇ ਖਾਸ ਕਰ ਫੌਜਾਂ ਵਿਚ ਬਗਾਵਤ ਭੜਕਾ ਕੇ ਰਾਜ-ਪਲਟਾ ਕਰਨਾ ਚਾਹੁੰਦੇ ਸਨ। ਪਹਿਲੀ ਸੰਸਾਰ ਜੰਗ ਉਮੀਦ ਤੋਂ ਛੇਤੀ ਛਿੜ ਗਈ। ਇਸ ਲਈ ਗ਼ਦਰੀਆਂ ਨੂੰ ਬਿਨਾਂ ਤਿਆਰੀ ਤੋਂ ਹੀ ਭਾਰਤ ਆਉਣਾ ਪਿਆ। ਉਂਝ ਵੀ ਉਹ ਸ਼ਰ੍ਹੇਆਮ ਬਗਾਵਤ ਦਾ ਪ੍ਰਚਾਰ ਕਰਦੇ ਆਏ ਸਨ। ਇਸ ਲਈ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਅੰਗਰੇਜ਼ਾਂ ਨੂੰ ਵਧੇਰੇ ਤਰੱਦਦ ਨਾ ਕਰਨਾ ਪਿਆ। ਦੇਸ਼ ਅੰਦਰ, ਖਾਸ ਕਰ ਪੰਜਾਬ ਅੰਦਰ ਲੋਕ ਅਪਣੇ ਨਾਲ ਹੋ ਰਹੇ ”ਅਣਮਨੁੱਖੀ ਸਲੂਕ” ਪ੍ਰਤੀ ਬਿਲਕੁਲ ਚੇਤੰਨ ਨਹੀਂ ਸਨ। ਇਸ ਦੇ ਉਲਟ ਪਹਿਲੀ ਸੰਸਾਰ ਜੰਗ ਦੌਰਾਨ ਪੰਜਾਬੀਆਂ ਨੇ ਵੱਡੀ ਗਿਣਤੀ ਵਿਚ ਅੰਗਰੇਜ਼ਾਂ ਨੂੰ ਭਰਤੀ ਦਿੱਤੀ ਸੀ। ਅੰਗਰੇਜ਼ਾਂ ਨੂੰ ਫੌਜੀ ਤਾਕਤ ਹਾਸਲ ਹੋਈ ਸੀ ਤੇ ਪੰਜਾਬੀਆਂ ਨੂੰ ਰੁਜ਼ਗਾਰ। ਇਸੇ ਲਈ ਗ਼ਦਰੀ ਕੁਝ ਫੌਜੀ ਛਾਉਣੀਆਂ ਵਿਚ ਬਗਾਵਤ ਦੀ ਕੋਸ਼ਿਸ਼ ਤੋਂ ਵਧ ਸਫ਼ਲ ਨਾ ਹੋਏ।
ਸਰਕਾਰ ਨੇ ਗ਼ਦਰੀਆਂ ਦਾ ਬੇਰਹਿਮੀ ਨਾਲ ਦਮਨ ਕੀਤਾ। ਖ਼ਤਰਨਾਕ ਸਮਝੇ ਜਾਂਦੇ ਗ਼ਦਰੀਆਂ ਨੂੰ, ਪਹਿਲਾਂ ਚੱਲ ਰਹੇ ਮੁਕੱਦਮੇ ਵਿਚ ਰੋਕ ਕੇ, ਦਿਨਾਂ ਵਿਚ ਹੀ ਫਾਹੇ ਟੰਗ ਦਿੱਤਾ ਗਿਆ। ਗ਼ਦਰੀਆਂ ਨੇ ਕੁਰਬਾਨੀਆਂ ਦੀਆਂ ਨਵੀਆਂ ਮਿਸਾਲਾਂ ਕਾਇਮ ਕਰ ਦਿੱਤੀਆਂ। ਜਿਊਂਦੇ ਬਚੇ ਗ਼ਦਰੀਆਂ ਦਾ ਸੰਘਰਸ਼ ਕਾਲੇ ਪਾਣੀ ਤੇ ਜੇਲ੍ਹਾਂ ਵਿਚ ਵੀ ਜਾਰੀ ਰਿਹਾ।
ਗ਼ਦਰ ਪਾਰਟੀ ਵੱਖ-ਵੱਖ ਪਿੱਠ-ਭੂਮੀਆਂ ਵਾਲੇ ਰਾਸ਼ਟਰਵਾਦੀ ਕਿਸਮ ਦੇ ਲੋਕਾਂ ਦਾ ਮਿਲਗੋਭਾ ਸੀ। ਇਸੇ ਲਈ ਰਾਜ-ਪਲਟੇ ਦੇ ਯਤਨ ਦੀ ਅਸਫਲਤਾ ਪਿਛੋਂ ਇਨ੍ਹਾਂ ਨੇ ਵੱਖੋ-ਵੱਖ ਰਾਹ ਫੜੇ। ਅਮਰੀਕਾ ਦੀ ਗ਼ਦਰ ਪਾਰਟੀ ਨੇ ਮਾਸਕੋ ਇੰਟਰਨੈਸ਼ਨਲ ਨਾਲ ਵੀ ਸੰਬੰਧ ਜੋੜੇ। ਭਾਈ ਸੰਤੋਖ ਸਿੰਘ ਤੇ ਭਾਈ ਰਤਨ ਸਿੰਘ ਪਾਰਟੀ ਦੇ ਪ੍ਰਤੀਨਿਧਾਂ ਵਜੋਂ ਮਾਸਕੋ ਗਏ। ਪਰ ਇਸ ਦਾ ਅਰਥ ਇਹ ਵੀ ਨਹੀਂ ਕਿ ਉਹ ਆਧੁਨਿਕਤਾ ਦੇ ਉਚਤਮ ਰੂਪ ਮਾਰਕਸਵਾਦ ਨਾਲ ਇਕਮਿਕ ਹੋ ਗਏ ਸਨ। ਉਦੋਂ ਮਾਸਕੋ ਗੁਪਤ ਰੂਪ ਵਿਚ ਹੀ ਜਾਇਆ ਜਾ ਸਕਦਾ ਸੀ। ਇਸ ਲਈ ਭੇਸ ਬਦਲਣ ਲਈ ਕੇਸ ਵੀ ਕਟਵਾਉਣੇ ਪੈ ਸਕਦੇ ਸਨ। ਪਰ ਭਾਈ ਰਤਨ ਸਿੰਘ ਕੇਸ ਕਟਵਾਉਣ ਤੋਂ ਝਿਜਕਦੇ ਸਨ। ਇਸ ਲਈ ਸਿਆਟਲ ਵਿਚ ਕੰਮ ਕਰਦੇ ਹਰਜਾਪ ਸਿੰਘ ਨੂੰ ਭਾਈ ਰਤਨ ਸਿੰਘ ਦੀ ਥਾਂ ਮਾਸਕੋ ਜਾਣ ਲਈ ਤਿਆਰ ਕੀਤਾ ਗਿਆ ਸੀ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿਚ ਭਾਈ ਸੰਤੋਖ ਸਿੰਘ ਤੇ ਭਾਈ ਰਤਨ ਸਿੰਘ ਦੋਵੇਂ, ਬਿਨਾਂ ਕੇਸ ਕਟਵਾਇਆਂ ਹੀ ਮਾਸਕੋ ਜਾਣ ਵਿਚ ਸਫ਼ਲ ਹੋ ਗਏ।

ਮਾਸਟਰ ਮੋਤਾ ਸਿੰਘ

ਇਸ ਤਰ੍ਹਾਂ ਧਾਰਮਿਕ ਸੰਸਕਾਰਾਂ ਤੋਂ ਮੁਕਤ ਹੋਣ ਤੋਂ ਬਿਨਾਂ ਹੀ ਸਮਾਜਵਾਦੀ ਵਿਚਾਰਾਂ ਨਾਲ ਸੰਪਰਕ ਸੰਭਵ ਹੋ ਗਿਆ।
ਇਧਰ ਦੇਸ਼ ਵਿਚ ਪਹਿਲੀ ਸੰਸਾਰ ਜੰਗ ਦੇ ਖਾਤਮੇ ਪਿਛੋਂ ਹਵਾ ਬਦਲ ਗਈ। ਰੋਲਟ ਐਕਟ ਦੇ ਖ਼ਿਲਾਫ ਲੋਕਾਂ ਵਿਚ ਵੱਡਾ ਉਭਾਰ ਦੇਖਿਆ ਗਿਆ। ਜੰਗ ਦੇ ਖਾਤਮੇ ਪਿਛੋਂ ਘਰ ਆਏ ਨਾਂ ਕੱਟੇ ਫੌਜੀਆਂ ਦੀ ਇਸ ਵਿਚ ਵੱਡੀ ਭੂਮਿਕਾ ਸੀ। ਜੰਗ ਦੀ ਹਲਚਲ ਨੇ ਸ਼ਾਂਤੀ ਦੀ ਆਦਤ ਖ਼ਤਮ ਕਰ ਦਿੱਤੀ ਸੀ। ਫਲਸਰੂਪ ਗੁਰਦੁਆਰਾ ਸੁਧਾਰ ਲਹਿਰ ਚੱਲੀ ਤੇ ਫਿਰ ਨਨਕਾਣਾ ਸਾਹਿਬ ਦੇ ਸਾਕੇ ਪਿਛੋਂ ਕੁਝ ਗਰਮ ਦਲੀਏ ਅਕਾਲੀ, ਬੱਬਰ ਅਕਾਲੀ ਬਣ ਗਏ। ਉਨ੍ਹਾਂ ਅਕਾਲੀਆਂ ਦਾ ਸ਼ਾਂਤਮਈ ਸੱਤਿਆਗ੍ਰਹਿ ਦਾ ਰਾਹ ਛੱਡ ਕੇ ਹਿੰਸਾ ਦਾ ਰਾਹ ਅਪਨਾਉਣ ਦਾ ਫ਼ੈਸਲਾ ਕੀਤਾ। ਅਹਿੰਸਾ, ਵਪਾਰੀ ਜਮਾਤ ਦਾ ਸੁਭਾਵਕ ਫਲਸਫਾ ਹੈ ਜਦਕਿ ਕਿਸਾਨੀ ਕਿੱਤਾ ਹਿੰਸਕ ਵਰਤਾਰਿਆਂ ਨਾਲ ਭਰਿਆ ਹੁੰਦਾ ਹੈ। ਇਸ ਲਈ ਕਿਸਾਨ ਕੁਦਰਤੀ ਰੂਪ ਵਿਚ ਹਿੰਸਾ ਨਾਲ ਜੁੜਦਾ ਹੈ।
ਪਹਿਲੇ ਅਕਾਲੀ ਸਾਜ਼ਸ਼ ਕੇਸ 1921 ਵਿਚ ਦੋ ਗ਼ਦਰੀ ਵਤਨ ਸਿੰਘ ਕਾਹਰੀ ਸਾਹਰੀ ਤੇ ਚੈਂਚਲ ਸਿੰਘ ਜੰਡਿਆਲਾ ਸ਼ਾਮਲ ਸਨ। ਕਰਮ ਸਿੰਘ ਦੌਲਤਪੁਰ ਵਾਲੇ ਬੱਬਰ ਜਥੇ ਨੂੰ ਗ਼ਦਰੀਆਂ ਦਾ ਜਥਾ ਹੀ ਸਮਝਿਆ ਜਾਂਦਾ ਹੈ। ਇਸ ਵਿਚ ਸ਼ਾਮਲ ਕਰਮ ਸਿੰਘ ਝਿੰਗੜ ਤੇ ਆਸਾ ਸਿੰਘ ਭਕੜੁਦੀ ਵੀ ਗ਼ਦਰੀ ਸਨ। ਇਸ ਜਥੇ ਨੇ ਹੀ ਪਹਿਲਾਂ ਗ਼ਦਰ ਪਾਰਟੀ ਦੇ ਪਰਚੇ ‘ਗ਼ਦਰ’ ਦੀ ਤਰਜ਼ ਉੱਤੇ ਪਰਚਾ ‘ਬੱਬਰ ਅਕਾਲੀ ਦੁਆਬਾ’, ਸ਼ੁਰੂ ਕੀਤਾ ਸੀ। ਬਾਅਦ ਵਿਚ ਇਸ ਜਥੇ ਦੀ ਕਿਸ਼ਨ ਸਿੰਘ ਗੜਗੱਜ ਦੇ ਚੱਕਰਵਰਤੀ ਜਥੇ ਨਾਲ ਏਕਤਾ ਪਿਛੋਂ ਪਰਚੇ ਦੀ ਜ਼ਿੰਮੇਵਾਰੀ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੇ ਸਾਂਭ ਲਈ। ਪਰ ਪਰਚੇ ਉੱਤੇ ਸੰਪਾਦਕ ਦਾ ਨਾਂ ਕਰਮ ਸਿੰਘ ਦੌਲਤਪੁਰ ਹੀ ਛਪਦਾ ਰਿਹਾ। ਇਸੇ ਤਰ੍ਹਾਂ ਗ਼ਦਰੀ ਬਾਬਾ ਭਾਗ ਸਿੰਘ ਕੈਨੇਡੀਅਨ ਦੀ ਮਾਸਟਰ ਮੋਤਾ ਸਿੰਘ ਨਾਲ ਬੇਹੱਦ ਨੇੜਤਾ ਰਹੀ। ਨਨਕਾਣਾ ਸਾਹਿਬ ਦੇ ਸਾਕੇ ਪਿਛੋਂ ਕਾਬੁਲ ਕਿਆਮ ਦੌਰਾਨ ਬਾਬਾ ਭਾਗ ਸਿੰਘ ਨੇ ਮਾਸਟਰ ਮੋਤਾ ਸਿੰਘ ਦੀ ਬੇਹੱਦ ਮਦਦ ਕੀਤੀ।
ਗ਼ਦਰ ਪਾਰਟੀ ਤੇ ਬੱਬਰ ਅਕਾਲੀ, ਦੋਹਾਂ ਰਾਹੀਂ ਵਧੇਰੇ ਪੰਜਾਬੀ ਕਿਸਾਨੀ ਹੀ ਗਤੀਸ਼ੀਲ ਹੋਈ। ਅਮਰੀਕਾ ਦੇ ਸੈਕੂਲਰ-ਉਦਾਰਵਾਦੀ ਮਾਹੌਲ ਵਿਚ ਗ਼ਦਰ ਪਾਰਟੀ ਵੀ ਸੈਕੂਲਰ ਰੂਪ ਗ੍ਰਹਿਣ ਕਰਨ ਵਿਚ ਸਫ਼ਲ ਹੋ ਗਈ ਸੀ। ਪਰ ਬੱਬਰ ਅਕਾਲੀ ਲਹਿਰ ਦੇਸੀ ਪੰਜਾਬ ਦੇ ਇਕ ਇਲਾਕੇ ਦੁਆਬੇ ਵਿਚ ਉਪਜੀ ਸੀ। ਇਸ ਲਈ ਇਸ ਦੇ ਕੇਂਦਰ ਵਿਚ ਧਰਮ ਹੀ ਰਿਹਾ। ਇਹ ਪੈਦਾ ਹੀ ਧਾਰਮਿਕ ਰੋਸ ਵਿਚੋਂ ਹੋਈ ਸੀ। ਗ਼ਦਰ ਪਾਰਟੀ ਵਿਚ ਮਜ੍ਹਬੀ ਬਹਿਸ-ਮੁਬਾਹਸੇ ਲਈ ਕੋਈ ਥਾਂ ਨਹੀਂ ਸੀ ਪਰ ਬੱਬਰ ਅਕਾਲੀ ਜਥੇ ਵਿਚ ਸਾਮਲ ਹੋਣ ਲਈ, ਨੇਮ ਨਾਲ ਪੰਜ ਬਾਣੀਆਂ ਦਾ ਪਾਠ ਜ਼ਰੂਰੀ ਸੀ। ਬੱਬਰ ਧਾਰਮਿਕ ਸਰੋਕਾਰਾਂ ਨਾਲ ਜੁੜ ਕੇ ਵੀ ਕਦੇ ਫਿਰਕਾਪ੍ਰਸਤ ਨਾ ਬਣੇ। ਉਨ੍ਹਾਂ ਦਾ ਵਿਰੋਧ ਕਿਸੇ ਹੋਰ ਧਰਮ ਨਾਲ ਨਹੀਂ ਸੀ। ਇਸ ਪੱਖ ਤੋਂ ਉਹ ਆਰੀਆ ਸਮਾਜ, ਸਿੰਘ ਸਭਾ ਜਾਂ ਮੁਸਲਿਮ ਲੀਗ ਤੋਂ ਬਹੁਤ ਅਗਾਂਹ ਸਨ। ਉਨ੍ਹਾਂ ਦਾ ਵਿਰੋਧ ਅੰਗਰੇਜ਼ੀ ਹਾਕਮਾਂ ਨਾਲ ਹੀ ਰਿਹਾ। ਛੇ ਬੱਬਰਾਂ ਦੇ ਫਾਂਸੀ ਚੜ੍ਹ ਜਾਣ ਪਿਛੋਂ ਕਾਨਪੁਰ ਦੇ ‘ਮਿਲਾਪ’ ਅਖਬਾਰ ਵਿਚ ਭਗਤ ਸਿੰਘ ਦੁਆਰਾ ਲਿਖੇ ਲੇਖ ‘ਹੋਲੀ ਦੇ ਦਿਨ ਖੂਨ ਦੇ ਛਿੱਟੇ’ ਵਿਚ ਵੀ ਉਨ੍ਹਾਂ ਦੀ ਦੇਸ਼ ਭਗਤੀ ਨੂੰ ਹੀ ਵਡਿਆਇਆ ਗਿਆ ਹੈ।
ਬੱਬਰ ਅਕਾਲੀਆਂ ਦੇ ਕੇਸ ਲੜਨ ਵਿਚ ਵੀ ਗ਼ਦਰੀਆਂ ਨੇ ਮਦਦ ਕੀਤੀ। ਦੇਸ਼ ਭਗਤੀ ਬੱਬਰਾਂ ਤੇ ਗ਼ਦਰੀਆਂ ਨੂੰ ਜੋੜਨ ਵਾਲਾ ਸਾਂਝਾ ਤੱਤ ਸੀ। ਇਕ ਹੋਰ ਤੱਤ ਸੀ, ਪੰਜਾਬ ਵਿਚਲੀ ਜਮਾਤੀ ਸਾਂਝ। ਪੰਜਾਬ ਦੀ ਕਿਸਾਨੀ ਲਈ ਧਰਮ ਕਦੇ ਕੋਈ ਮਸਲਾ ਨਹੀਂ ਰਿਹਾ ਕਿਉਂਕਿ ਇਸ ਲਈ ਇਸ ਦਾ ਧਰਮ ਹਮੇਸ਼ਾ ਇਨਕਲਾਬੀ ਹੀ ਰਿਹਾ ਹੈ। ਬੱਬਰ ਅਕਾਲੀ ਲਹਿਰ, ਗ਼ਦਰ ਲਹਿਰ ਤੋਂ ਵੀ ਵਧ ਕਿਸਾਨੀ ਕੇਂਦਰਤ ਸੀ। ਬਖ਼ਸ਼ੀਸ਼ ਸਿੰਘ ਨਿੱਝਰ ਨੇ ਬੱਬਰ ਅਕਾਲੀਆਂ ਦੇ ਦੂਜੇ ਸਾਜ਼ਸ਼ ਕੇਸ ਦੀ ਪੂਰੀ ਕਾਰਵਾਈ ਅਪਣੀ ਪੁਸਤਕ ‘ਬੱਬਰ ਅਕਾਲੀਆਂ ਦਾ ਇਤਿਹਾਸ’ ਵਿਚ ਛਾਪੀ ਹੈ। ਇਸ ਵਿਚ ਉਨ੍ਹਾਂ 91 ਬੱਬਰਾਂ ਦੀ ਪੂਰੀ ਸੂਚੀ ਦਿੱਤੀ ਗਈ ਹੈ, ਜਿਨ੍ਹਾਂ ਉੱਤੇ ਇਹ ਮੁਕੱਦਮਾ ਚਲਾਇਆ ਗਿਆ। ਇਨ੍ਹਾਂ ਵਿਚੋਂ 84 ਬੱਬਰਾਂ ਦੇ ਨਾਵਾਂ ਅੱਗੇ ਕੌਮ ਸਿੱਖ ਜੱਟ ਹੈ, ਜਦਕਿ ਇਕ-ਇਕ ਬੱਬਰ ਚਮਾਰ, ਸੁਨਿਆਰਾ, ਰਾਮਗੜ੍ਹੀਆ, ਬ੍ਰਾਹਮਣ, ਰਾਜਪੂਤ, ਘੁਮਿਆਰ ਤੇ ਆਹਲੂਵਾਲੀਆ ਜਾਤੀ ਨਾਲ ਸਬੰਧ ਰੱਖਦਾ ਹੈ।
ਬੱਬਰਾਂ ਨੇ ਵੀ ਗ਼ਦਰੀਆਂ ਵਾਂਗ ਹੀ ਬੇਮਿਸਾਲ ਕੁਰਬਾਨੀਆਂ ਕੀਤੀਆਂ। ਵਿਅਕਤੀਗਤ ਸੂਰਮਤਾਈ ਵਿਚ ਵੀ ਉਹ ਬੇਜੋੜ ਸਨ। ਮਾਸਟਰ ਮੋਤਾ ਸਿੰਘ ਤੇ ਕਿਸ਼ਨ ਸਿੰਘ ਗੜਗੱਜ ਜਿਹੇ ਆਗੂਆਂ ਦੇ ਛੇਤੀ ਗ੍ਰਿਫਤਾਰ ਹੋ ਜਾਣ ਕਾਰਨ ਉਨ੍ਹਾਂ ਦੀਆਂ ਸਾਰੀਆਂ ਸਰਗਰਮੀਆਂ ਟੋਡੀਆਂ ਨੂੰ ਸੋਧਣ ਤੱਕ ਹੀ ਸੀਮਤ ਰਹਿ ਗਈਆਂ। ਥੋੜ੍ਹੇ ਜਿਹੇ ਅਰਸੇ ਲਈ ਉਨ੍ਹਾਂ ਦੁਆਬੇ ਵਿਚਲੀ ਪ੍ਰਸ਼ਾਸਨਕ ਮਸ਼ੀਨਰੀ ਹੀ ਫੇਲ੍ਹ ਕਰ ਦਿੱਤੀ। ਬੱਬਰਾਂ ਕਾਰਨ ਰੋਪੜ, ਗੜ੍ਹਸ਼ੰਕਰ, ਹੁਸ਼ਿਆਰਪੁਰ ਸੜਕ ਉੱਤੇ ਲੱਗੇ ਅੰਬਾਂ ਦੇ ਰੁੱਖਾਂ ਦੀ ਕਿਸੇ ਬੋਲੀ ਨਾ ਦਿੱਤੀ। ਦੋ ਸਾਲ ਉਹ ਅੰਬ ਰਾਹੀ ਚੂਪਦੇ ਰਹੇ। ਦੁਆਬੇ ਵਿਚ ਬੱਬਰਾਂ ਦੀ ਦਹਿਸ਼ਤ ਬਾਰੇ ਬਰਤਾਨੀਆ ਦੀ ਪਾਰਲੀਮੈਂਟ ਵਿਚ ਵੀ ਸਵਾਲ ਉੱਠੇ। ਹਕੂਮਤ ਨੂੰ ਵਾਧੂ ਰਸਾਲਾ ਤੇ ਫੌਜ ਸਥਾਨਕ ਪ੍ਰਸ਼ਾਸਨ ਦੇ ਹਵਾਲੇ ਕਰਨੀ ਪਈ।

ਹਰੀ ਸਿੰਘ ਸੂੰਢ

ਪਰ ਬੱਬਰ ਲਹਿਰ ਨੂੰ ਛੇਤੀ ਹੀ ਦਬਾ ਦੇਣ ਵਿਚ ਬੱਬਰਾਂ ਦੇ ਅਪਣੇ ਸਾਥੀਆਂ ਦਾ ਵੀ ਵੱਡਾ ਯੋਗਦਾਨ ਰਿਹਾ। ਵਧੇਰੇ ਬੱਬਰ ਅਪਣੇ ਸਾਥੀਆਂ ਦੀ ਮੁਖਬਰੀ ਕਾਰਨ ਹੀ ਫੜੇ ਗਏ ਜਾਂ ਮਾਰੇ ਗਏ। ਦੂਜੇ ਸਾਜ਼ਸ਼ ਕੇਸ ਵਿਚ 91 ਬੱਬਰਾਂ ਉੱਤੇ ਮੁਕੱਦਮਾ ਚੱਲਿਆ ਸੀ ਜਦਕਿ 21 ਵਾਅਦਾ ਮੁਆਫ ਗਵਾਹ ਉਨ੍ਹਾਂ ਦੇ ਖ਼ਿਲਾਫ਼ ਭੁਗਤੇ ਸਨ। ਬੱਬਰਾਂ ਨੂੰ ਸਜ਼ਾਵਾਂ ਦੁਆਉਣ ਵਿਚ ਇਨ੍ਹਾਂ ਵਾਅਦਾ ਮੁਆਫਾਂ ਦਾ ਹੀ ਵੱਡਾ ਰੋਲ ਸੀ। 1933 ਵਿਚ ਹਰੀ ਸਿੰਘ ਸੂੰਢ ਤੇ ਸਾਥੀਆਂ ਨੇ ਬੇਲਾ ਸਿੰਘ ਜਿਆਨ ਨੂੰ ਮਾਰ ਮੁਕਾਇਆ ਸੀ। ਇਹ ਬੇਲਾ ਸਿੰਘ ਉਹੀ ਸੀ ਜਿਸ ਨੇ ਵੈਨਕੂਵਰ ਦੇ ਗੁਰਦੁਆਰੇ ਵਿਚ ਭਾਈ ਭਾਗ ਸਿੰਘ ਤੇ ਭਾਈ ਬਤਨ ਸਿੰਘ ਨੂੰ ਕਤਲ ਕੀਤਾ ਸੀ। ਬੇਲਾ ਸਿੰਘ ਦੇ ਕਤਲ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਸੀ। ਅੰਗਰੇਜ਼ੀ ਪੁਲਿਸ ਦਾ ਤਸ਼ੱਦਦ ਸਹਿ ਕੇ ਵੀ ਹਰੀ ਸਿੰਘ ਸੂੰਢ ਹੋਰਾਂ ਵਿਚੋਂ ਕੋਈ ਵਾਅਦਾ ਮੁਆਫ ਗਵਾਹ ਬਣਨ ਲਈ ਨਹੀਂ ਸੀ ਮੰਨਿਆ। ਇਸ ਲਈ ਬੇਲਾ ਸਿੰਘ ਕਤਲ ਕੇਸ ਵਿਚੋਂ ਸਾਰੇ ਬੱਬਰ ਰਿਹਾ ਹੋ ਗਏ ਸਨ।
ਦਰਅਸਲ ਵਧੇਰੇ ਬੱਬਰਾਂ ਵਿਚ ਸਿਧਾਂਤਕ ਪਕਿਆਈ ਨਹੀਂ ਸੀ। ਉਹ ਅਣਖ ਤੇ ਗ਼ੈਰਤ ਜਿਹੀਆਂ ਸਾਮੰਤੀ ਕੀਮਤਾਂ ਤੋਂ ਪ੍ਰੇਰਤ ਹੋ ਰਹੇ ਸਨ। ਅਮਲ ਕਰਨ ਲਈ ਉਨ੍ਹਾਂ ਕੋਲ ਕੋਈ ਸਿਆਸੀ ਪ੍ਰੋਗਰਾਮ ਨਹੀਂ ਸੀ। ਇਸੇ ਲਈ ਉਹ ਅਰਾਜਕ ਕਿਸਮ ਦੀਆਂ ਕਾਰਵਾਈਆਂ ਵਿਚ ਹੀ ਲੱਗੇ ਰਹੇ। ਅਣਖ ਤੇ ਗੈਰਤ ਦੇ ਨਿਰੋਲ ਸਾਮੰਤੀ ਜਜ਼ਬੇ ਅਧੀਨ ਹੀ ਸਾਧੂ ਸਿੰਘ ਸਾਂਧੜਾ ਨੇ ਬੱਬਰ ਬੰਤਾ ਸਿੰਘ ਧਾਮੀਆਂ ਤੇ ਸੁਰੈਣ ਸਿੰਘ ਦੌਲਤਪੁਰ ਦੀਆਂ ਪਤਨੀਆਂ ਨੂੰ ਵੀ ਕਤਲ ਕੀਤਾ ਤੇ ਉਨ੍ਹਾਂ ਨੂੰ ਵੀ ਜਿਨ੍ਹਾਂ ਨਾਲ ਉਹ ਰਹਿ ਰਹੀਆਂ ਸਨ। ਕਿਸਾਨੀ ਲਈ ਇਨ੍ਹਾਂ ਸਾਮੰਤੀ ਕੀਮਤਾਂ ਤੋਂ ਮੁਕਤ ਹੋ ਕੇ ਸਮੂਹਕ ਸਿਆਸੀ ਸੂਝ ਨਾਲ ਜੁੜਨਾ ਸੌਖਾ ਕਾਰਜ ਨਹੀਂ ਹੁੰਦਾ।
ਮਾਸਟਰ ਮੋਤਾ ਸਿੰਘ ਇਸ ਸਮੂਹ ਅਧਾਰਤ ਸੂਝ ਨਾਲ ਜੁੜਨ ਵਿਚ ਸਫ਼ਲ ਹੋਏ। ਬੱਬਰ ਅਕਾਲੀ ਲਹਿਰ ਦੌਰਾਨ ਵੀ ਉਨ੍ਹਾਂ ਹੀ ਬੱਬਰਾਂ ਨੂੰ ਸੂੰਢ ਪਿੰਡ ਵਾਸੀਆਂ ਉੱਤੇ ਹਮਲੇ ਦੀ ਮਾਅਰਕੇ ਬਾਜ਼ ਕਾਰਵਾਈ ਤੋਂ ਹੋੜਿਆ ਸੀ। ਉਹ ਅਕਾਲੀ ਤੇ ਰੂਸੀ ਬਾਲਸ਼ਵਿਕਾਂ ਦੀ ਵਿਚਾਰਧਾਰਾ ਨੂੰ ਆਪਸ ਵਿਚ ਰਲਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ‘ਅਕਾਲਸ਼ਵਿਜ਼ਮ’ ਦਾ ਸੰਕਲਪ ਪੇਸ਼ ਕੀਤਾ। ਅਖੀਰ 1938 ਵਿਚ ਉਨ੍ਹਾਂ ਅਪਣੇ ਵਾਂਗ ਸੋਚਣ ਵਾਲੇ ਬੱਬਰਾਂ ਨਾਲ ਰਲ ਕੇ ਕਿਰਤੀ ਕਿਸਾਨ ਲਹਿਰ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜੇਲ੍ਹਾਂ ਵਿਚੋਂ ਰਿਹਾਅ ਹੋਏ ਵਧੇਰੇ ਗ਼ਦਰੀ ਵੀ ਉਸੇ ਥਾਂ ਪਹੁੰਚ ਚੁੱਕੇ ਸਨ। ਗ਼ਦਰੀਆਂ ਦੁਆਰਾ ਲਈ ਇਸ ਪੁਜ਼ੀਸ਼ਨ ਪਿੱਛੇ ਭਾਈ ਸੰਤੋਖ ਸਿੰਘ ਕਿਰਤੀ ਦਾ ਵੱਡਾ ਹੱਥ ਸੀ। ਇਸ ਤਰ੍ਹਾਂ ਗ਼ਦਰੀ ਤੇ ਮਾਸਟਰ ਮੋਤਾ ਸਿੰਘ ਦੀ ਅਗਵਾਈ ਵਾਲੇ ਬੱਬਰ, ਦੋ ਵੱਖ-ਵੱਖ ਰਾਹਾਂ ਤੋਂ ਹੁੰਦਿਆਂ ਹੋਇਆਂ, ਇਕ ਵਾਰ ਫਿਰ ਸਾਂਝੇ ਨੁਕਤੇ ਉੱਤੇ ਆ ਮਿਲੇ ਸਨ।
ਮਾਸਟਰ ਮੋਤਾ ਸਿੰਘ ਦਾ ਇਹ ਅਕਾਲਸ਼ਵਿਜ਼ਮ ਹੀ ਆਜ਼ਾਦੀ ਲਈ ਸੰਘਰਸ਼ ਦੇ ਦਿਨਾਂ ਤੋਂ ਅੱਜ ਤੱਕ ਪੰਜਾਬ ਦੀ ਖੱਬੇ ਪੱਖੀ ਲਹਿਰ ਦੀ ਅਗਵਾਈ ਕਰਦਾ ਰਿਹਾ ਹੈ। ਗੋਬਿੰਦ, ਬੱਬਰ, ਭਗਤ, ਸਰਾਭਾ ਸਾਰੇ ਖੱਬੇ ਪੱਖੀ ਲਹਿਰ ਦਾ ਸਭਿਆਚਾਰਕ ਵਿਰਸਾ ਬਣਾਉਂਦੇ ਰਹੇ ਹਨ। ਇਹ ਕਿਸਾਨੀ ਲਈ ਸੁਭਾਵਕ ਨਾਇਕ ਹਨ। ਗੁਰੂ ਗੋਬਿੰਦ ਸਿੰਘ ਦੀ ਆਸਤਕਤਾ ਤੇ ਭਗਤ ਸਿੰਘ ਦੀ ਨਾਸਤਕਤਾ ਕੋਈ ਮੁੱਦਾ ਨਹੀਂ ਹੈ। ਇਹੀ ਅਕਾਲਸ਼ਵਿਜ਼ਮ ਹੈ। ਇਸ ਵਿਚ ਪਦਾਰਥਵਾਦ ਤੇ ਵਿਚਾਰਵਾਦ ਦੋਵੇਂ ਆਪੋ ਵਿਚ ਰਲ-ਮਿਲ ਜਾਂਦੇ ਹਨ। ਪਰ ਇਸੇ ਕਾਰਨ ਫਲਸਫੇ ਵਿਚਲੇ ਪਦਾਰਥਵਾਦੀ ਤੱਤ ਤੇ ਉਨ੍ਹਾਂ ਨਾਲ ਜੁੜਨ ਵਾਲੀਆਂ ਜਮਾਤਾਂ ਦੀ ਪਛਾਣ ਵੀ ਧੁੰਦਲੀ ਪੈ ਜਾਂਦੀ ਹੈ। ਸਿੱਟੇ ਵਜੋਂ ਪੰਜਾਬ ਦੀ ਖੱਬੀ ਲਹਿਰ, ਦਲਿਤਾਂ ਨੂੰ ਅਪਣੇ ਨਾਲ ਜੋੜਨ ਵਿਚ ਸਫਲ ਨਹੀਂ ਹੋ ਸਕੀ। ਕਿਸਾਨ-ਦਲਿਤ ਵਿਰੋਧਤਾਈ ਨੂੰ ਸਮਝਣ ਤੇ ਇਸ ਦੇ ਹੱਲ ਲਈ ਖੁਦ ਕਿਸਾਨੀ ਮਾਨਸਿਕਤਾ ਤੋਂ ਮੁਕਤ ਹੋਣਾ ਜ਼ਰੂਰੀ ਹੁੰਦਾ ਹੈ। ਪੰਜਾਬ ਦੀ ਧਰਤੀ ਉੱਤੇ ਇਹ ਗੱਲ ਸੰਭਵ ਨਾ ਹੋ ਸਕੀ। ਇਹੀ ਪੰਜਾਬ ਦੇ ਖੱਬੇ ਪੱਖੀਆਂ ਦਾ ਦੁਖਾਂਤ ਹੈ। ਪੰਜਾਬ ਦੇ ਖੱਬੇ ਖੁਦ ਗਿਆਨਕਰਨ ਦੀ ਰੂਹ ਨਹੀਂ ਸਮਝ ਸਕੇ। ਨਾਜ਼ੁਕ ਇਤਿਹਾਸਕ ਮੋੜਾਂ ਉੱਤੇ ਵੀ ਇਹ ਗਿਆਨਕਰਨੀ ਪਰੰਪਰਾਵਾਂ ਤੋਂ ਵਿਥ ਥਾਪੀ ਖੜ੍ਹੇ ਰਹੇ। ਇਸੇ ਲਈ ਆਧੁਨਿਕਤਾ ਅੱਜ ਵੀ ਇਨ੍ਹਾਂ ਤੋਂ ਦੂਰ ਖੜ੍ਹੀ ਹੈ।
ਆਧੁਨਿਕਤਾ ਤੱਕ ਪਹੁੰਚਣ ਲਈ ਇਸ ਇਤਿਹਾਸਕਤਾ ਨੂੰ ਲਾਜ਼ਮੀ ਸਮਝਣਾ ਪਵੇਗਾ।

ਹਰਵਿੰਦਰ ਭੰਡਾਲ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!