ਗਵਾਚੇ ਹੋਏ ਦਿਨ – ਮਨਮੋਹਨ ਬਾਵਾ

Date:

Share post:

ਹਰ ਕਿਸੇ ਦੀ ਅਪਣੀ ਚਾਲ, ਅਪਣਾ ਹਾਲ ਅਤੇ ਕਿਸਮਤ ਦੇ ਅਪਣੇ ਅਪਣੇ ਕਮਾਲ| ਜੀਵਨ ਸਿੱਧੀ ਲੀਕ ਵਾਂਗ ਨਾ ਚਲਦਾ, ਨਾ ਚਲਦਾ ਦਰਿਆ| ਸੋ ਅਪਣਾ ਵੀ ਇਹੋ ਹਾਲ| ਉਮਰ ਕੇਵਲ ਸੋਲਾਂ ਸਾਲ। ਇਕ ਵਾਰੀ ਮੈਟਰਿਕ ’ਚ ਫੇਲ ਹੋ ਕੇ ਦੂਜੀ ਵਾਰੀ ਫਸਟ ਡਿਵੀਜਨ ’ਚ ਪਾਸ ਹੋ ਜਾਣ ਤੋਂ ਬਾਅਦ ਸਭ ਤੋਂ ਵੱਡੇ ਭਰਾ ਨੇ ਆਖਿਆ ਚਲ ਛੇਤੀ ਛੇਤੀ ਟਾਈਪ ਸਿੱਖ ਅਤੇ ਨੌਕਰੀ ਲੱਗ| ਘਰ ’ਚ ਨੌ ਦਸ ਜੀਅ ਅਤੇ ਕਮਾਉਣ ਵਾਲਾ ਇਕੋ ਵੱਡਾ ਭਰਾ, ਕੁਝ ਦਿਨ ਪਹਿਲਾਂ ਹੀ ਇਕ ਸਾਲ ਟਾਈਪ ਸਿੱਖਣ ਤੋਂ ਬਾਅਦ ਹੁਣੇ ਹੁਣੇ ਕਲਰਕ ਦੀ ਨੌਕਰੀ ’ਤੇ ਲੱਗਿਆ, ਪਰ ਹਾਲੇ ਪਹਿਲੀ ਤਨਖਾਹ ਵੀ ਘਰ ਨਹੀਂ ਸੀ ਆਈ|
ਜਨਮ ’ਚ ਫ਼ਕੀਰੀ ਅਤੇ ਖ਼ਵਾਬ ਬਾਦਸ਼ਾਹੀ ਦੇ| ਮਨ ਵਿਚ ਧੁੰਨ ਕਿ ਚਿਤਰਕਾਰ ਬਣਨਾ ਹੈ| ਇਹ ਦਸ ਤੋਂ ਪੰਜ ਵਜੇ ਵਾਲੀ ਨੌਕਰੀ ਨਹੀਂ ਕਰਨੀ| ਡਰਾਇੰਗ ’ਚ ਮੇਰਾ ਚੰਗਾ ਹੱਥ ਵੇਖ ਕੇ ਡਰਾਇੰਗ ਮਾਸਟਰ ਨੇ ਖੂਬ ਫੂਕ ਦਿੱਤੀ ਸੀ| ਈਸ਼ਵਰ ਚਿਤਰਕਾਰ ਵੀ ਛੇ ਸੱਤ ਗਲੀਆਂ ਛੱਡ ਕੇ ਰਹਿੰਦਾ ਸੀ, ਪਰ ਉਦੋਂ ਤੱਕ ਉਸ ਨਾਲ ਕੋਈ ਸੰਪਰਕ ਨਹੀਂ ਸੀ| ਚਿਤਰਕਾਰ ਬਣਨ ਲਈ ਕੀਤਾ ਕੀ ਜਾਵੇ? ਇਹ ਵੀ ਕੁਝ ਨਹੀਂ ਸੀ ਪਤਾ| ਸਿਵਾਏ ਇਸ ਦੇ ਕਿ ਕਲਕੱਤਾ, ਬੰਬਈ ਵੱਡੇ ਵੱਡੇ ਸਕੂਲ/ਕਾਲਜ ਹਨ ਚਿਤਰਕਾਰੀ ਸਿਖਾਉਣੇ ਦੇ| ਦਿੱਲੀ ਵਿਚ ਵੀ ਸੀ, ਦਿੱਲੀ ਪਾਲੀਟੈਕਨਿਕ, ਪਰ ਉਸ ਬਾਰੇ ਤਦ ਤੱਕ ਨਹੀਂ ਸੀ ਪਤਾ |
ਘਰ ਕਰੋਲ ਬਾਗ, ਟਾਇਪਿੰਗ ਦਾ ਨਿਊ-ਸਟਾਰ ਟਾਇੰਪਿੰਗ ਸਕੂਲ ਪਹਾੜ ਗੰਜ, ਘਰੋਂ ਚਾਰ ਪੰਜ ਕਿਲੋਮੀਟਰ, ਟੈਂਟਾਂ ਵਿਚ| ਉਦੋਂ ਰਿਫਿਊਜੀਆਂ ਨੇ (1948-49) ਟੈਂਟਾਂ ’ਚ ਇਸ ਤਰ੍ਹਾਂ ਦੇ ਕਈ ਸਕੂਲ ਖੋਲ੍ਹੇ ਹੋਏ ਸਨ| ਵੱਡੇ ਭਰਾ ਨੇ ਇਕ ਚਪੇੜ ਮਾਰੀ ਅਤੇ ਸਾਈਕਲ ’ਤੇ ਬਿਠਾਕੇ ਨਿਊ-ਸਟਾਰ ਟਾਇਪਿੰਗ ਸਕੂਲ ਛੱਡ ਆਇਆ| ਤਿੰਨ ਰੁਪਏ ਐਡਵਾਂਸ ਦੇ ਕੇ ਮੈਨੂੰ ਉੱਥੇ ਬਿਠਾ ਗਿਆ ਅਤੇ ਆਪ ਦਫ਼ਤਰ ਚਲਾ ਗਿਆ| ਮੈਂ ਟਾਈਪ ਰਾਈਟਰ ਦੇ ਸਾਹਮਣੇ ਬੈਠਾ ਟਕ ਟਕ ਕਰਦਾ ਰੋਈ ਜਾਵਾਂ, ਦਿਲ ’ਚ ਹੌਲ ਪੈਣ ! ਵੱਡਾ ਚਿਤਰਕਾਰ! ਹੁਣ ਬੈਠ ਇਥੇ ਅਤੇ ਕਰਦਾ ਰਹੀਂ ਸਾਰੀ ਉਮਰ ਟਕ ਟਕ, ਦਸ ਤੋਂ ਪੰਜ, ਸੋਮਵਾਰ ਤੋਂ ਸ਼ਨੀਵਾਰ| ਜਦੋਂ ਟਕ ਟਕ ਕਰਨਾ ਅਤੇ ਉੱਥੇ ਬੈਠਣਾ ਅਸੰਭਵ ਹੋ ਗਿਆ ਤਾਂ ਉਥੋਂ ਨੱਸ ਕੇ ਚਾਂਦਨੀ ਚੌਕ, ਸਦਰ ਬਜ਼ਾਰ ਘੁੰਮਦਾ ਰਿਹਾ ਅਤੇ ਭੁੱਖ ਲੱਗੀ ਤਾਂ ਸ਼ਾਮੀ ਘਰ ਆ ਗਿਆ| ਕੁਝ ਦਿਨ ਮਾਰਨ-ਕੁੱਟਣ ਅਤੇ ਸਮਝਣ-ਸਮਝਾਉਣ ਤੋਂ ਬਾਅਦ ਵੀ ਜਦ ਮੈਂ ਆਪਣੀ ਜ਼ਿਦ ’ਤੇ ਅੜਿਆ ਰਿਹਾ ਤਾਂ ‘ਹੋਪਲੈਸ ਕੇਸ’ ਸਮਝ ਕੇ ਮੇਰੇ ਭਰਾ ਅਤੇ ਮਾਂ ਨੇ ਮੈਨੂੰ ਕਿਸਮਤ ਦੇ ਰਹਿਮ ’ਤੇ ਛੱਡ ਦਿੱਤਾ|

ਉਨ੍ਹਾਂ ਹੀ ਰਸਤਿਆਂ ‘ਤੇ, ਕੁਝ ਵਰ੍ਹਿਆਂ ਬਾਅਦ (ਗਿਆਰਸਪੁਰ ਅਤੇ ਸਾਂਚੀ ਵਿਚਕਾਰ) – 1962

ਤੇ ਇਸ ਤੋਂ ਬਾਅਦ ਕਿਸਮਤ ਦੇ ਰੰਗ ਤਮਾਸ਼ੇ ਅਤੇ ਅਪਣੀ ਉਸਤਾਦੀ| ਸੌਦਾ ਲੈਣ ਗਿਆਂ ਦੋ-ਦੋ ਚਾਰ-ਚਾਰ ਆਨੇ ਬਚਾ ਕੇ ਸਤ ਅੱਠ ਰੁਪਏ ਜਮ੍ਹਾਂ ਕਰ ਲਏ| ਸਾਈਕਲ ਦੇ ਪੈਡਲ ਮਾਰਦਿਆਂ ਘਰ ਤੋਂ ਤਿੰਨ ਕਿਲੋਮੀਟਰ ਦੂਰ ਦੁੱਧ ਮੈਂ ਹੀ ਲੈਣ ਜਾਇਆ ਕਰਦਾ ਸੀ| ਦੁੱਧ ਵਾਲੇ ਨੂੰ ਅਠਾਰਾਂ ਰੁਪਏ ਦੀ ਬਜਾਏ ਬਾਰਾਂ ਦੇ ਕੇ ਛੇ ਰੁਪੈ ਉਥੋਂ ਬਚਾ ਲਏ| ਇਸ ਤਰਾਂ੍ਹ ਜਦ ਤੇਰਾ ਚੌਦਾਂ ਰੁਪਏ ਜਮਾਂ ਹੋ ਗਏ ਤਾਂ ਬੰਬਈ ਜਾਣ ਵਾਲੀ ਗੱਡੀ ’ਚ ਜਾ ਚੜ੍ਹਿਆ, ਬਿਨਾਂ ਟਿਕਟ| ਸੁਣਿਆ ਸੀ ਕਿ ਬੰਬਈ ’ਚ ਆਰਟ ਦਾ ਸਭ ਤੋਂ ਵੱਡਾ ਸਕੂਲ ਹੈ| ਨਾਲ ਇਹ ਵੀ ਕਿ ਮਿਹਨਤ ਕਰਨ ਵਾਲਿਆਂ ਨੂੰ ਖਾਣ ਕਮਾਉਣ ਦੀ ਵੀ ਕੋਈ ਕਮੀ ਨਹੀਂ|
ਪਰ ਕਿਸਮਤ ’ਚ ਹਾਲੇ ਕੁਝ ਹੋਰ ਠੋਕਰਾਂ ਖਾਣੀਆਂ ਲਿਖੀਆਂ ਸਨ| ਇਹ ਵੀ ਵਿਡੰਬਨਾ ਕਿ ਕਦੀ ਕਦੀ ਠੋਕਰਾਂ ਨੇ ਨਿਆਮਤਾਂ ਬਣ ਜਾਂਦੀਆਂ ਅਤੇ ਕਦੀ ਨਿਆਮਤਾ ਬਰਬਾਦੀ ਦੇ ਰਸਤੇ ਪਾ ਦੇਂਦੀਆਂ ਹਨ| ਪਰ ਕੋਈ ਵੀ ਆਦਮੀ ਜਾਣ ਕੇ ਠੋਕਰਾਂ ਵੀ ਨਹੀਂ ਖਾਣਾ ਚਾਹੁੰਦਾ| ਪਰ ਜੇ ਕਿਸਮਤ ’ਚ ਠੋਕਰਾਂ ਖਾਣੀਆਂ ਲਿਖੀਆਂ ਹੋਣ ਤਾਂ ਰੋਕ ਵੀ ਨਹੀਂ ਸਕਦਾ| ਬੇਟਿਕਟ ਗੱਡੀ ’ਚ ਸਫ਼ਰ ਕਰਦਿਆਂ ਉਪਰਲੀ (ਸਾਮਾਨ ਰੱਖਣ ਵਾਲੀ) ਸੀਟ ’ਤੇ ਲੁਕ ਕੇ ਲੰਮੇ ਪਿਆਂ ਰਾਤ ਤਾਂ ਲੰਘ ਗਈ, ਪਰ ਸਵੇਰ ਹੋਈ ਤਾਂ ਟੀ.ਟੀ. ਨੇ ਆਣ ਜਗਾਇਆ | ਟਿਕਟ ਨਾ ਹੋਣ ’ਤੇ ਮੇਰੇ ਝੋਲੇ ਅਤੇ ਬੋਝਿਆਂ ਦੀ ਤਲਾਸ਼ੀ ਲਈ ਪਰ ਕੁਝ ਨਾ ਮਿਲਿਆ| ਮਿਲਦਾ ਕਿਵੇਂ| ਜਾਰਜ ਪੰਜਮ ਦੇ ਤੇਰਾਂ ਚੌਦਾਂ ਚਾਂਦੀ ਦੇ ਰੁਪਏ ਤਾਂ ਮੈਂ ਆਪਣੀ ਪੱਗ ’ਚ ਬੰਨ ਕੇ ਪੱਗ ਸਿਰ ’ਤੇ ਲਪੇਟੀ ਹੋਈ ਸੀ| ਵੈਲ ਦੀ ਪੱਗ, ਛਾਪੇ ਦੀਆਂ ਬਿੰਦੀਆਂ ਵਾਲੀ| ਉਸ ਵੇਲੇ ਕਾਫ਼ੀ ਰਿਵਾਜ਼ ਸੀ ਇਸ ਤਰਾਂ੍ਹ ਦੀ ਪੱਗ ਦਾ| ਮੈਲ਼ੀ ਹੋਣ ’ਤੇ ਮੈਲ ਦਿਸਦੀ ਨਹੀਂ ਸੀ|
ਅਗਲੇ ਸਟੇਸ਼ਨ ’ਤੇ ਗੱਡੀ ਖੜੀ ਹੋਈ ਤਾਂ ਟੀ.ਟੀ. ਨੇ ਦੋ ਗਾਲਾਂ ਕੱਢ ਕੇ ਗੱਡੀਓਂ ਉਤਾਰ ਦਿੱਤਾ| ਛੋਟਾ ਜਿਹਾ ਸਟੇਸ਼ਨ ਚਾਰੇ ਪਾਸਿਓਂ ਧੁੰਦ ਨਾਲ ਘਿਰਿਆ, ਮੇਰੇ ਅਪਣੇ ਜੀਵਨ ਵਾਂਗ, ਅਸਪਸ਼ਟ| ਸਟੇਸ਼ਨ ਦਾ ਨਾਮ ਵੀ ਅਜੀਬ ‘ਗੰਜ ਬਸੋਡਾ’। ਪਚਵੰਜਾ, ਸਤਵੰਜਾ ਵਰ੍ਹੇ ਬੀਤ ਗਏ, ਨਾਮ ਹਾਲੇ ਤੱਕ ਯਾਦ | ਯਾਦ ਇਸ ਲਈ ਕਿ ਇਸ ਸਟੇਸ਼ਨ ਨਾਲ ਮੁੜ ਕਈ ਵਾਰ ਵਾਹ ਪਿਆ| ਇਹ ਸਟੇਸ਼ਨ ਹਿੰਦੁਸਤਾਨ ’ਚ ਕਿੱਥੇ ਕਰਕੇ? ਬੰਬਈ ਦਿੱਲੀ ਤੋਂ ਕਿੰਨੀ ਕੁ ਦੂਰ? ਪੁੱਛਣ ’ਤੇ ਪਤਾ ਲੱਗਾ ਕਿ ਇਹ ਸਟੇਸ਼ਨ ਝਾਂਸੀ ਅਤੇ ਭੁਪਾਲ ਦੇ ਵਿਚਕਾਰ ਹੈ| ਝਾਂਸੀ ਦੀ ਰਾਣੀ ਪੜ੍ਹਿਆ ਸੁਣਿਆ ਸੀ, ਖਾਸ ਕਰਕੇ ਸਵੈਮ ਸੇਵਕ ਸੰਘ ਦੀ ਸ਼ਾਖਾ ਜਾਣ ਵਾਲੇ ਮੁੰਡਿਆਂ ਦੇ ਮੂੰਰੋਂ-

‘ਖੂਬ ਲੜੀ ਮਰਦਾਨੀ ਵੋਹ ਜੋ ਝਾਂਸੀ ਵਾਲੀ ਰਾਨੀ ਥੀ’
‘ਬੁੰਦੇਲੇ ਹਰਿ ਬੋਲੋਂ ਕੇ ਮੂੰਹ ਹਮ ਨੇ ਸੁਣੀ ਕਹਾਨੀ ਥੀ’

ਲੋਕਾਂ ਕੋਲੋਂ ਪੁੱਛਦਿਆਂ ਸੰਗ ਆਵੇ| ਕੀ ਪੁੱਛਾਂ ? ਬੰਬਈ ਹਾਲੇ ਕਿੰਨੀ ਦੂਰ? ਸ਼ੁਕਰ ਇਹ ਕਿ ਸਿਗਨਲ ਰੂਮ ਜਿਹੇ ਇਕ ਕਮਰੇ ’ਚ ਰੇਲਵੇ ਦਾ ਨਕਸ਼ਾ ਕੰਧ ’ਤੇ ਪੇਂਟ ਕੀਤਾ ਦਿਸ ਪਿਆ| ਮੈਂ ਝੋਲੇ ’ਚੋਂ ਸਕੈਚ ਬੁੱਕ ਤੇ ਪੈਂਸਲ ਕੱਢੀ ਅਤੇ ਬੰਬਈ ਤੱਕ ਦੇ ਵੱਡੇ ਵੱਡੇ ਸਟੇਸ਼ਨਾਂ ਦੇ ਨਾਮ ਲਿਖ ਲਏ, ਵਿਦਿਸ਼ਾ, ਸਾਂਚੀ, ਭੋਪਾਲ, ਅਟਾਰਸੀ, ਭੂਸਾਵਲ …ਬੰਬਈ| ਸਟੇਸ਼ਨ ਦੇ ਬਾਹਰ ਨਿਕਲ ਕੇ ਇਕ ਪੈਸੇ ਦੇ ਦੋ ਬੰਨ ਖਰੀਦੇ (ਚਾਹ ਪੀਣ ਦੀ ਆਦਤ ਹਾਲੇ ਨਹੀਂ ਸੀ ਪਈ) ਅਤੇ ਸਾਂਚੀ ਜਾਣ ਵਾਲਾ ਰਸਤਾ ਪੁੱਛ ਕੇ ਧੂੜ ਭਰੀ ਸੜਕ ’ਤੇ ਤੁਰ ਪਿਆ, ਜਿਸ ਨੂੰ ਸੜਕ ਕਹਿਣਾ ਸੜਕ ਦੀ ਤੌਹੀਨ ਕਰਨਾ ਹੀ ਹੋਵੇਗਾ| ਦੋ ਤਿੰਨ ਦਿਨਾਂ ਦੇ ਖਾਣ ਪੀਣ ਦੀ ਚਿੰਤਾ ਨਹੀਂ ਸੀ ਕਿਉਕਿ ਮਾਂ ਨੇ ਘਰ ਪੰਜੀਰੀ ਦੀਆਂ ਪਿੰਨੀਆਂ ਬਣਾ ਕੇ ਰੱਖੀਆਂ ਸਨ ਅਤੇ ਘਰੋਂ ਦੋੜਨ ਲੱਗਿਆਂ ਕਾਫ਼ੀ ਸਾਰੀਆਂ ਪਿੰਨੀਆਂ ਇਕ ਪੋਟਲੀ ’ਚ ਬੰਨ ਕੇ (ਚੁਰਾ ਕੇ) ਝੋਲੇ ’ਚ ਰਖ ਲਈਆਂ ਸਨ| ਇਹ ਸ਼ੁਕਰ ਕਿ ਟੀ.ਟੀ. ਨੇ ਖੋਲ੍ਹ ਕੇ ਨਹੀਂ ਵੇਖੀਆਂ। ਜੇ ਵੇਖ ਕੇ ਉਸ ਦੇ ਮੂੰਹ ’ਚ ਪਾਣੀ ਆ ਜਾਂਦਾ ਤਾਂ ਮੈ ਕੀ ਕਰ ਸਕਦਾ ਸੀ|

ਸਾਂਚੀ ਦਾ ਬੋਧ ਸਤੂਪ

ਰਸਤੇ ’ਚ ਬੰਜਰ ਪਥਰੀਲੀ ਧਰਤੀ, ਕਿਤੇ ਕਿਤੇ ਖੇਤ ,ਖਪਰੈਲ ਦੀਆਂ ਛੱਤਾਂ ਵਾਲੇ ਘਰ ਜਾਂ ਘਾਹ ਫੁਸ ਦੀਆਂ ਝੌਂਪੜੀਆਂ| ਖੇਤ ਯਾਦ ਨਹੀਂ ਕਾਹਦੇ, ਪਰ ਕਿਤੇ ਕਿਤੇ ਗੰਨੇ ਜ਼ਰੂਰ ਖੜੇ ਸਨ| ਭੁੱਖ ਲਗਦੀ ਤਾਂ ਗੰਨਾ ਤੋੜ ਕੇ ਚੂਪਦਾ ਤੁਰਿਆ ਜਾਂਦਾ| ਰਸਤੇ ’ਚ ਕੋਈ ਕੋਈ ਪੈਦਲ ਚਲਦਾ ਰਾਹਗੀਰ, ਗੱਡੇ ਅਤੇ ਕਿਤੇ ਕਿਤੇ ਕੋਈ ਸਾਈਕਲ ਨੂੰ ਜ਼ੋਰ ਜ਼ੋਰ ਦੀ ਪੈਡਲ ਮਾਰ ਕੇ ਮਿੱਟੀ ’ਚੋਂ ਖਿਚਦਾ| ਰਾਤ ਪਈ ਤਾਂ ਖੇਤਾਂ ਵਿਚਕਾਰ ਇਕ ਖੂਹ ਕੋਲ ਇਕ ਖਾਲੀ ਝੋਪੜੀ ’ਚ ਵੜ ਕੇ ਭੁੰਜੇ ਸੋਂ ਗਿਆ | ਸਵੇਰੇ ਤੁਰਨ ਲੱਗਿਆਂ ਇਕ ਪਾਸੇ ਢੇਰ ਲਾ ਕੇ ਰੱਖੀਆਂ ਹੋਈਆਂ ਛੱਲੀਆਂ ’ਚੋਂ ਪੰਜ ਸਤ ਚੁੱਕ ਕੇ ਝੋਲੇ ਵਿਚ ਪਾ ਲਈਆਂ|
ਅਗਲੇ ਦਿਨ ਰਸਤੇ ਦੇ ਖੱਬੇ ਪਾਸੇ ਇਕ ਉੱਚਾ ਜਿਹਾ ਪਿੰਡ ਦਿਸਦਾ ਹੈ। ਇਸ ਪਿੰਡ ਵਿਚਕਾਰ ਕਿਸੇ ਪ੍ਰਾਚੀਨ ਮੰਦਰ ਦਾ ਕਲਸ਼ ਢਲਦੇ ਸੂਰਜ ਦੀ ਰੌਸ਼ਨੀ ਨਾਲ ਚਮਕ ਰਿਹਾ ਹੈ। ਮੈਂ ਪਿੰਡ ‘ਚ ਦਾਖ਼ਲ ਹੋ ਕੇ ਮੰਦਰ ਵਲ ਤੁਰ ਪੈਂਦਾ ਹਾਂ। ਰਸਤੇ ਦੇ ਸੱਜੇ-ਖੱਬੇ ਖੜੇ ਸ਼ਾਨਦਾਰ ਛੱਜਿਆਂ ਵਾਲੇ ਦੋ-ਮੰਜ਼ਲਾ ਮਕਾਨਾਂ ਵਲ ਵੇਖ ਕੇ ਲਗਦਾ ਹੈ ਕਿ ਕਿਸੇ ਵੇਲੇ ਇਹ ਕੋਈ ਵੱਡਾ ਸ਼ਹਿਰ ਹੁੰਦਾ ਹੋਵੇਗਾ। ਇਕ ਹੋਰ ਵਿਸ਼ੇਸ਼ਤਾ! ਮਕਾਨਾਂ ਦੀਆਂ ਕੰਧਾਂ, ਬਾਰੀਆਂ, ਬਾਰੀਆਂ ‘ਚ ਲੱਗੀਆਂ ਸੀਖਾਂ, ਇੱਥੋਂ ਤੱਕ ਕਿ ਬੂਹੇ, ਕੁੰਡੇ-ਕੁੰਡੀਆਂ ਵੀ ਪੱਥਰਾਂ/ਸਿਲਾਂ ਦੀਆਂ।
ਦੋ ਦਿਨ ਬਾਅਦ ਦਸ ਕੁ ਵਜੇ ਇਕ ਛੋਟੇ ਜਿਹੇ ਕਸਬੇ ’ਚ ਜਾ ਪੁੱਜਾ | ਨਾਮ ਗਿਆਰਸਪੁਰ| ਸੜਕ ਦੇ ਇਕ ਪਾਸੇ ਪਹਾੜੀ ’ਤੇ ਪ੍ਰਾਚੀਨ ਮੰਦਰਾਂ ਦੇ ਖੰਡਰ| ਇਕ ਹਲਵਾਈ ਦੀ ਦੁਕਾਨ ਤੋਂ ਦੋ ਪੈਸੇ ਦਾ ਵੱਡਾ ਸਾਰਾ ਗਲਾਸ ਭਰ ਕੇ ਦੁੱਧ ਪੀਤਾ, ਦੋ ਤਿੰਨ ਬਰਫ਼ੀ ਦੇ ਟੁਕੜੇ ਹਲਵਾਈ ਤੋਂ ਅੱਖ ਬਚਾ ਕੇ ਮੂੰਹ ਵਿਚ ਪਾ ਲਏ| ਹਲਵਾਈ ਨੇ ਸ਼ਾਇਦ ਦੇਖ ਲਿਆ| ਪਰ ਮੇਰੀ ਦੀਨ ਦਸ਼ਾ ਦੇਖ ਕੇ ਚੁੱਪ ਰਿਹਾ| ਫੇਰ ਮੰਦਰਾਂ ਨੇ ਮੈਨੂੰ ਅਪਣੇ ਵਲ ਖਿੱਚਿਆ| ਮੈਂ ਮੰਦਰਾਂ ਦੀਆਂ ਟੁੱਟ ਰਹੀਆਂ ਕੰਧਾਂ ਦੇ ਆਲੇ ਦੁਆਲੇ ਖਿਲਰੀਆਂ ਮੂਰਤੀਆਂ ਨੂੰ ਵੇਖ ਵੇਖ ਹੈਰਾਨ ਹੋਈ ਜਾਵਾਂ| ਦੇਵੀ ਦੇਵਤਿਆਂ, ਨਗਨ, ਅਰਧ-ਨਗਨ ਅਪਸਰਾਵਾਂ ਦੀਆਂ ਮੂੰਹ ਬੋਲਦੀਆਂ ਮੂਰਤੀਆਂ !
ਸਭ ਤੋਂ ਵੱਡੇ ਇਕ ਮੰਦਰ ’ਚ ਪੁਰਾਤਤਵ ਮਹਿਕਮੇ ਵਾਲੇ ਕੁਝ ਲੋਕ ਇਸ ਮੰਦਰ ਦੀ ਰੈਸਟੋਰੇਸ਼ਨ ਲਈ ਪੈਮਾਇਸ਼ ਕਰਦਿਆਂ ਇਹਦਾ ਨਕਸ਼ਾ ਬਣਾ ਰਹੇ ਸਨ| ਇਕ ਆਦਮੀ ਡਰਾਇੰਗ ਪੇਪਰ ਤੇ ਪੈਂਸਲ ਨਾਲ ਮੂਰਤੀਆਂ ਦੇ ਸਕੈਚ ਬਣਾ ਰਿਹਾ ਸੀ| ਕੁਝ ਅਧੂਰੇ ਜਾਂ ਵਿਚੋਂ ਛੱਡੇ ਹੋਏ ਸਕੈਚ ਇਕ ਪਾਸੇ ਇਕ ਦੂਜੇ ਦੇ ਉੱਪਰ ਰੱਖੇ ਹੋਏ ਦਿਸ ਰਹੇ ਸਨ| ਹਾਲੇ ਤੱਕ ਮੈਂ ਤਾਂ ਡਰਾਇੰਗ ਦੀ ਕਲਾਸ ਵਿਚ ਮਾਡਲਾਂ ਦੀਆਂ ਡਰਾਇੰਗਾਂ ਬਣਾਈਆਂ ਸਨ ਜਾਂ ਛਪੀਆਂ ਤਸਵੀਰਾਂ ਗੁਰੂ ਨਾਨਕ, ਹਨੂਮਾਨ, ਮਹਾਰਾਣ ਪਰਤਾਪ ਆਦਿ ਦੇ ਕੈਲੰਡਰਾਂ ਦੀਆਂ ਨਕਲਾਂ| ਕਿਸੇ ਸੱਚੀ ਮੁੱਚੀ ਦੇ ਮਾਡਲ ਸਾਹਮਣੇ ਬੈਠ ਕੇ ਨਾ ਬਣਾਏ ਸਨ ਨਾ ਹੀ ਪਤਾ ਸੀ ਕਿ ਇਸ ਤਰਾਂ੍ਹ ਵੀ ਬਣਾਏ ਜਾਂਦੇ ਹਨ| ਮੈਂ ਵੀ ਅਪਣੀ ਸਕੈਚ ਬੁੱਕ ਕੱਢ ਕੇ ਅਤੇ ਉਸ ਆਦਮੀ ਤੋਂ ਲੁਕਦਿਆਂ ਸਕੈਚ ਬਣਾਉਣ ਲੱਗਾ| ਪਰ ਛੇਤੀ ਮੈਨੂੰ ਲੱਗਿਆ ਕਿ ਇਹ ਮੇਰੇ ਵੱਸ ਦਾ ਕੰਮ ਨਹੀਂ| ਜਦ ਕਿ ਉਸ ਆਰਟਿਸਟ ਦੇ ਹੱਥ ਸਧੇ ਹੋਏ ਅਤੇ ਡਰਾਇੰਗ ’ਚ ਇਕ ਫਲੋ ਸੀ, ਜਾਨ ਸੀ, ਮੇਰੇ ਸਕੈਚ ਬਹੁਤ ਸਟਿੱਫ, ਬੇਜਾਨ ਜਹੇ| ਫੇਰ ਮੈਂ ਸਕੈਚ ਬੁੱਕ ਬੰਦ ਕਰਕੇ ਉਸ ਚਿੱਤਰਕਾਰ ਨਾਲ ਗੱਲਾਂ ਕਰਦਿਆਂ ਉਸ ਨੂੰ ਸਕੈਚ ਬਣਾਉਂਦਿਆਂ ਵੇਖਣ ਲੱਗਾ| ਉਸ ਨੇ ਬੰਬਈ ਦੇ ਆਰਟ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ| ਉਸ ਸਕੂਲ ਬਾਰੇ ਕੁਝ ਜਾਣਕਾਰੀ ਵੀ ਮਿਲੀ| ਵਿਚਕਾਰ ਮੈਂ ਹਲਵਾਈ ਦੀ ਦੁਕਾਨ ਦੀ ਭੱਠੀ ਤੋਂ ਇਕ ਛੱਲੀ ਭੁੰਨ ਕੇ ਦਾਣੇ ਚੱਬੇ, ਪਾਣੀ ਪੀਤਾ ਅਤੇ ਮੁੜ ਉਸ ਚਿਤਰਕਾਰ ਕੋਲ ਆ ਬੈਠਿਆ| ਸ਼ਾਮ ਪਈ ਤਾਂ ਉਹ ਸਾਰੇ ਜਣੇ ਹਲਵਾਈ ਦੀ ਦੁਕਾਨ ਦੇ ਸਾਹਮਣੇ ਵਾਲੀ ਇਕ ਇਮਾਰਤ ’ਚ ਚਲੇ ਗਏ ਜਿਸ ਦੇ ਆਲੇ ਦੁਆਲੇ ਚਾਰ ਦੀਵਾਰੀ ਅਤੇ ਖੁੱਲੀ੍ਹ ਥਾਂ ਸੀ। ਇਹ ਖੁਲ੍ਹੀ ਥਾਂ ਕਿਸੇ ਵੇਲੇ ਇਕ ਚੰਗਾ ਬਾਗ-ਬਗੀਚਾ ਹੁੰਦਾ ਹੋਵੇਗਾ| ਇਸ ਦੇ ਬਾਹਰ ਗਿਆਰਸਪੁਰ ਗੈਸਟ ਹਾਊਸ ਦਾ ਸਾਇਨ ਬੋਰਡ, ਪੱਥਰ ਦੀ ਸਿੱਲ ’ਤੇ ਉੱਕਰਿਆ ਹੋਇਆ| ਉਦੋ ਤੱਕ ਮੈਨੂੰ ਇਹੀ ਪ੍ਰਭਾਵ ਸੀ ਕਿ ਗੈਸਟ ਹਾਊਸ ’ਚ ਅੰਗਰੇਜ਼ ਜਾਂ ਵੱਡੇ ਅਫ਼ਸਰ ਹੀ ਆ ਕੇ ਰਹਿ ਸਕਦੇ ਹਨ| ਗੈਸਟ ਹਾਊਸ ਦੀ ਚਾਰ ਦੀਵਾਰੀ ਦੇ ਬਾਹਰਲੇ ਗੇਟ ਤੋਂ ਲੈ ਕੇ ਗੈਸਟ ਹਾਉਸ ਤੱਕ ਜਾ ਰਹੇ ਰਸਤੇ ਦੇ ਦੋਵੇਂ ਪਾਸੇ ਗਿਆਰਸਪੁਰ ਦੇ ਮੰਦਰਾਂ ਦੁਆਲੇ ਡਿੱਗੇ ਆਦਮਕਦ ਬੁੱਤ ਚੁੱਕ ਕੇ ਖੜੇ ਕੀਤੇ ਹੋਏ ਸਨ, ਕੁਝ ਇਸ ਤਰਾਂ੍ਹ ਜਿਵੇਂ ਪੱਥਰਾਂ ਦੀਆਂ ਸਿੱਲਾਂ| ਹਾਂ ਇਕ ਗੱਲ ਮੈਂ ਦੱਸਣੀ ਭੁੱਲ ਗਿਆ ਕਿ ਚਿਤਰਕਾਰ ਨੇ ਜਦੋਂ ਅਪਣਾ ਕੰਮ ਖਤਮ ਕੀਤਾ ਤਾਂ ਚੰਗੇ ਅਤੇ ਕੰਮ ਦੇ ਸਕੈਚ ਇਕ ਪਾਸੇ ਰੱਖ ਲਏ ਅਤੇ ਉਸ ਦੇ ਹਿਸਾਬ ਨਾਲ ਬੇਕਾਰ ਜਾਂ ਅੱਧ-ਪਚੱਧੇ ਜਹੇ ਦੂਜੇ ਪਾਸੇ, ਸ਼ਾਇਦ ਸੁੱਟਣ ਜਾਂ ਪਾੜ ਦੇਣ ਦੀ ਨੀਅਤ ਨਾਲ| ‘ਜੇ ਤੁਹਾਨੂੰ ਇਹ ਨਹੀਂ ਚਾਹੀਦੇ ਤਾਂ ਮੈਂ ਲੈ ਲਵਾਂ?’ ਮੈਂ ਝਕਦਿਆ ਝਕਦਿਆਂ ਉਸਨੂੰ ਪੁੱਛਿਆ| “ਲੈ ਜਾ ਲੈ ਜਾ, ਚਾਹੇ ਸਾਰੇ ਲੈ ਜਾ” ਉਸ ਹੱਸਦਿਆਂ ਕਿਹਾ| ਮੈਂ ਲਾਲਚੀ ਆਦਮੀ ਵਾਂਗ ਸਾਰੇ ‘ਫਾਲਤੂ’ ਸਕੈਚ ਗੋਲ ਕਰਕੇ ਅਪਣੇ ਝੋਲੇ ’ਚ ਪਾ ਲਏ| ( ਇਹ ਅੱਗੇ ਜਾ ਕੇ ਮੇਰੇ ਬਹੁਤ ਕੰਮ ਆਏ)

ਗਿਆਰਸਪੁਰ ਦਾ ਇਕ ਮੰਦਰ

ਉਸ ਰਾਤ ਮੈਂ ਗੈਸਟ ਹਾਊਸ ਦੇ ਵਰਾਂਡੇ ’ਚ ਜਾ ਸੁੱਤਾ ਅਤੇ ਅਗਲੀ ਸਵੇਰ ਫੇਰ ਅਪਣੀਆਂ ਅੰਗੂਠੇ ਵਾਲੀਆਂ ਚੱਪਲਾਂ ਨਾਲ ਠੱਪ ਠੱਪ ਕਰਦਿਆਂ ਅੱਗੇ ਵੱਲ ਤੁਰ ਪਿਆ| ਉਥੋਂ ਲੈ ਕੇ ਵਿਦਿਸ਼ਾ ਤਕ ਰਸਤੇ ’ਚ ਕਿੰਨੇ ਹੀ ਮੰਦਰਾਂ ਦੇ ਖੰਡਰ, ਕਿੰਨੇ ਹੀ ਅੱਧੇ ਕੁ ਮਿੱਟੀ ਥੱਲੇ ਦੱਬੇ ਬੋਧ ਸਤੂਪ ! ਨਾਲੇ ਮੈਂ ਸੋਚਦਾ ਜਾ ਰਿਹਾ ਸਾਂ ਕਿ ਉਹ ਟੀ.ਟੀ. ਨਹੀਂ ਕੋਈ ਰੱਬ ਦਾ ਰੂਪ ਸੀ ਜਿਹਨੇ ਮੈਨੂੰ ਬੰਬਈ ਦੇ ਸਰ ਜੇ.ਜੇ ਸਕੂਲ ਆਫ ਆਰਟ ਦੇ ਸਹੀ ਰਸਤੇ ’ਤੇ ਹੀ ਨਹੀ ਬਲਕਿ ਮੇਰੇ ਜੀਵਨ ਦੀ ਸਹੀ ਦਿਸ਼ਾ, ਸਹੀ ਮਾਰਗ ’ਤੇ ਤੋਰ ਦਿੱਤਾ ਸੀ, ਐਸਾ ਨਾ ਖ਼ਤਮ ਹੋਣ ਵਾਲਾ ਮਾਰਗ ਜਿਹਦੀਆਂ ਉਪ ਮੰਜ਼ਲਾਂ ਤਾਂ ਬਹੁਤ ਪਰ ਮੰਜ਼ਲ ਕੋਈ ਨਹੀਂ| ਪਰਮਾਤਮਾ ਇਸ ਤਰਾਂ੍ਹ ਅਨੇਕਾਂ ਰੂਪਾਂ ’ਚ ਮੈਨੂੰ ਮੇਰੇ ਰਸਤਿਆਂ ’ਚ ਆ ਕੇ ਬਹੁੜਦਾ, ਗਲਤ ਤੋਂ ਮੋੜਦਾ ਅਤੇ ਸਹੀ ਮਾਰਗ ਵਖਾਉਂਦਾ ਰਿਹਾ ਹੈ| ਰੇਲ ਗੱਡੀ ’ਚੋਂ ਉਤਰ ਕੇ ਅਣਜਾਣੇ ਧੂੜ ਭਰੇ ਰਸਤਿਆਂ ’ਤੇ ਪੈਦਲ ਚੱਲਣਾ ਵੀ ਮੇਰੇ ਭਾਵੀ ਜੀਵਨ ਲਈ ਇਕ ਸੰਕੇਤ ਹੀ ਸੀ|
ਹੁਣ ਸੜਕ ਸੱਚਮੁੱਚ ਸੜਕ ਹੀ ਸੀ| ਮਿੱਟੀ ਧੂੜ ਦੀ ਬਜਾਏ ਗੋਲਾ ਸੜਕ, ਭਾਵ ਕ੍ਰਿਕਟ ਦੀ ਗੇਂਦ ਅਤੇ ਫੁੱਟਬਾਲ ਦੇ ਆਕਾਰ ਦੇ ਪੱਥਰਾਂ ਨੂੰ ਜਮਾ ਕੇ ਬਣਾਈ ਹੋਈ| ਜੇ ਸੜਕ ਦੇ ੳੁੱਤੇ ਤੁਰਦਾ ਹਾਂ ਤਾਂ ਠੇਡੇ, ਜੇ ਇਕ ਪਾਸੇ ਹੋ ਕੇ ਤਾਂ ਧੂੜ ਮਿੱਟੀ| ਵਿਦਿਸ਼ਾ ਪਹੁੰਚਦਿਆਂ ਪਹੁੰਚਦਿਆਂ ਦੋਵੇਂ ਚੱਪਲਾਂ ਦੀਆਂ ਬਧਰੀਆਂ ਟੁੱਟ ਗਈਆਂ| ਕੱਛੇ ਦਾ ਨਾਲਾ ਕੱਢ ਕੇ ਚੱਪਲਾਂ ਨੂੰ ਪੈਰਾਂ ਨਾਲ ਬੜੀ ਮੁਸ਼ਕਲ ਨਾਲ ਬੰਨਿ੍ਹਆਂ| ਵਿਦਿਸ਼ਾ ਪਹੁੰਚ ਕੇ ਜੋ ਸਭ ਤੋਂ ਪਹਿਲਾ ਕੰਮ ਕੀਤਾ ਉਹ ਮੋਚੀ ਲੱਭਣਾ ਸੀ| ਮੋਚੀ ਨੂੰ ਕਿਹਾ, ਚੰਗੀ ਤਰਾਂ੍ਹ ਗੰਢ ਦੇ ਅਤੇ ਕਿੱਲਾਂ ਵੀ ਲਾ ਦੇ। ਬਹੁਤ ਦੂਰ ਜਾਣਾ ਏ| “ਕਿਥੇ ਜਾਣਾ’? ‘ਬੰਬਈ।’ ਉਸ ਨੂੰ ਸ਼ਾਇਦ ਯਕੀਨ ਨਾ ਹੋਇਆ| ਬੋਲਿਆ ਕਿ ਉੱਥੇ ਤੱਕ ਜਾਣ ਲਈ ਤਾਂ ਘੱਟ ਤੋਂ ਘੱਟ ਤਿੰਨ ਚਾਰ ਜੋੜੇ ਚਾਹੀਦੇ ਚੱਪਲਾਂ ਦੇ| ਕੁਝ ਦੇਰ ਗੱਲਾਂ ਕਰਨ ਤੋਂ ਬਾਅਦ ਉਸ ਆਖਿਆ ਕਿ ਮੈਂ ਜ਼ਰਾ ਤੁਰ ਫਿਰ ਆਵਾਂ- “ ਮੈਂ ਐਸਾ ਹੀਲ ਸੋਲ ਲਾ ਦਊਂ ਕਿ ਮਦਰਾਸ ਤਕ ਨਾ ਟੁੱਟੇ| ਮਦਰਾਸ ਨੇੜੇ ਜਾਂ ਬੰਬਈ ?” ਪਰ ਮੈਂ ਚੁੱਪ ਰਿਹਾ| ਮੈਂ ਨੰਗੇ ਪੈਰ ਬਜ਼ਾਰ ’ਚ ਘੁੰਮਦਾ ਰਿਹਾ, ਇਕ ਧਰਮਸ਼ਾਲਾ ਵੀ ਵੇਖ ਆਇਆ| ਇਥੇ ਇਹ ਵੀ ਦਸ ਦੇਣਾ ਸ਼ਾਇਦ ਬੇਲੋੜਾ ਨਾ ਹੋਵੇ ਕਿ ਘਰ ਦੇ ਮਾਇਕ ਹਾਲਾਤ ਕਾਫ਼ੀ ਤੰਗੀ ਵਾਲੇ ਹੋਣ ਕਾਰਨ ਕਦੀ ਸਸਤੇ ਤੋਂ ਸਸਤਾ ਬੂਟ ਨਹੀਂ ਸੀ ਖ਼ਰੀਦ ਸਕਿਆ| ਜਾਂ ਨੰਗੇ ਪੈਰ ਜਾਂ ਚੱਪਲਾਂ|
ਵਿਦਿਸ਼ਾ ਕਾਲੀ ਦਾਸ ਅਤੇ ਹੋਰ ਅਨੇਕਾਂ ਕਥਾਵਾਂ, ਨਾਟਕਕਾਰਾਂ ਦੀਆਂ ਰਚਨਾਵਾਂ ਦਾ ਸ਼ਹਿਰ, ਪ੍ਰਾਚੀਨ ਸਮਿਆਂ ਦੀ ਰਾਜਧਾਨੀ ਪਰ ਇਹ ਸਭ ਕੁਝ ਬਹੁਤ ਬਾਅਦ ’ਚ ਪਤਾ ਲੱਗਾ ਜਿਵੇਂ ਕੋਈ ਬੰਦਾ ਲਹੌਰ ਜਾਂ ਰੋਮ ’ਚੋਂ ਲੰਘ ਆਵੇ ਤੇ ਬਾਅਦ ’ਚ ਪਤਾ ਲੱਗੇ ਕਿ ਉਹ ਕਿਥੋਂ ਲੰਘ ਕੇ ਆਇਆ ਹੈ|
ਵਿਦਿਸ਼ਾ ਤੋਂ ਅਗਲਾ ਪੜਾਅ ਸਾਂਚੀ, ਬੋਧੀਆਂ ਦਾ ਵਿਸ਼ਵ ਪ੍ਰਸਿੱਧ ਸਾਂਚੀ ਸਤੂਪ ਪਰ ਉਸ ਵੇਲੇ ਇਸ ਦੀ ਵਿਸ਼ੇਸ਼ਤਾ ਦਾ ਵੀ ਕੋਈ ਗਿਆਨ ਨਹੀਂ ਸੀ| ਮਨ ਕਿਤੇ ਹੋਰ ਹੀ ਅਟਕਿਆ ਹੋਇਆ| ਘਰੋਂ ਲਿਆਦੀਆਂ ਪਿੰਨੀਆਂ ਖ਼ਤਮ ਹੋ ਗਈਆਂ ਸਨ| ਕੋਈ ਕੰਮ ਮਿਲ ਜਾਂਦਾ ਤਾਂ ਢਿੱਡ ਭਰਨ ਦਾ ਹੀਲਾ ਬਣਦਾ ਅਤੇ ਕੁਝ ਜਮ੍ਹਾਂ ਵੀ ਕਰਦਾ| ਪਰ ਹਾਲੇ ਤੱਕ ਕੋਈ ਐਸਾ ਸ਼ਹਿਰ ਹੀ ਨਹੀਂ ਸੀ ਆਇਆ ਜਿੱਥੇ ਕੋਈ ਕੰਮ ਮਿਲ ਸਕੇ, ਚਾਹੇ ਮਜ਼ਦੂਰੀ ਦਾ ਹੀ ਹੋਵੇ| ਇਹੀ ਪਤਾ ਲੱਗਾ ਕਿ ਭੁਪਾਲ ਬਹੁਤ ਵੱਡਾ ਸ਼ਹਿਰ, ਚਾਲੀ ਕੁ ਮੀਲ ਦੂਰ (60 ਕਿਲੋਮੀਟਰ)| ਦੋ ਦਿਨ ਦੀ ਲੱਤ- ਤੁੜਾਈ ਹੋਰ|
ਸੋਚਿਆ ਕਿ ਅੱਜ ਦੀ ਰਾਤ ਸਟੇਸ਼ਨ ’ਤੇ ਜਾ ਕੇ ਸੋਂਦਾ ਹਾਂ| ਪਰ ਮੇਰੇ ਚੰਗੇ ਭਾਗ ਸਟੇਸ਼ਨ ਦੇ ਬਾਹਰ ਇਕ ਇਮਾਰਤ ਵੇਖੀ। ਬਾਹਰ ਨਲਕਾ, ਪਾਣੀ ਪੀਣ ਲੱਗਾ ਤਾ ਸਾਇਨ ਬੋਰਡ ਵੇਖਿਆ ‘ਸਾਂਚੀ ਬੋਧ ਧਰਮਸ਼ਾਲਾ’। ਮੌਜ ਬਣ ਗਈ। ਰਾਤ ਕੱਟਣ ਲਈ ਕਮਰਾ, ਥੱਲੇ ਫਰਸ਼ ’ਤੇ ਦਰੀ। ਖਾਣ ਪੀਣ ਲਈ ਵੀ ਦਾਲ ਚੌਲ ਅਤੇ ਆਲੂ ਦੇ ਬੋਂਡੇ| ਆਲੇ ਦੁਆਲੇ ਮੁਸਕਰਾਉਂਦੇ ਲਾਖੇ ਚੀਵਰ (ਸਾਰੇ ਸਰੀਰ ’ਤੇ ਕੱਪੜਾ ਲਪੇਟਿਆ ਹੋਇਆ ) ਪਾਈ ਬੋਧ ਭਿੱਖੂ। ਹਰ ਸਮੇਂ ਦੀ ਯਾਤਰਾ ਦੀਆਂ ਅਪਣੀਆਂ ਖਾਸੀਅਤਾਂ | ਰਸਤਿਆਂ ਦੇ ਅਪਣੇ ਸੁੱਖ ਅਤੇ ਅਪਣੇ ਦੁੱਖ| ਇਸ ਬਾਰੇ ਕੁਝ ਵਿਸਤਾਰ ਨਾਲ ਅੱਗੇ ਜਾ ਕੇ| ਹਾਲੇ ਕੇਵਲ ਇਹੀ ਕਿ ਉਨਾਂ੍ਹ ਸਮਿਆਂ ’ਚ ਹੋਟਲ ਸ਼ੋਟਲ ਛੋਟੇ ਸ਼ਹਿਰਾਂ ’ਚ ਬਿਲਕੁਲ ਹੀ ਨਹੀਂ ਸਨ ਹੁੰਦੇ| ਕੇਵਲ ਧਰਮਸ਼ਾਲਾਵਾਂ। ਕੋਈ ਆਵੇ ਜਾਵੇ ਕੋਈ ਰੋਕ ਟੋਕ ਨਹੀਂ ਕੋਈ ਭੇਦ ਭਾਵ ਨਹੀਂ; ਪੈਸੇ ਦਾ ਕੋਈ ਲੈਣ ਦੇਣ ਨਹੀਂ| ਮੁਸਕਰਾਉਂਦਿਆ ਆਓ ਜੀ, ਮੁਸਕਰਾਉਂਦਿਆ ਜਾਓ ਜੀ। ਜੇ ਕੋਈ ਨਾਲ ਦੇ ਕਮਰੇ ਵਾਲਾ ਖਾਣਾ ਬਣਾ-ਖਾ ਰਿਹਾ ਹੋਵੇ ਤਾਂ ਬੜੇ ਆਦਰ ਨਾਲ ਨਿੰਮਤਰਨ |
ਇਕ ਦਿਨ ਪੂਰਾ ਅਰਾਮ ਕਰਨ ਅਤੇ ਸਤੂਪ ਆਦਿ ਵੇਖਣ ਤੋਂ ਬਾਅਦ ਮੈਂ ਫੇਰ ਤੁਰ ਪਿਆ| ਕੁਝ ਦੇਰ ਤੁਰਨ ਤੋਂ ਬਾਅਦ ਹੀ ਖੋਤਿਆਂ ’ਤੇ ਸਾਮਾਨ, ਮੰਜੇ ਅਤੇ ਕੰਮ ਚਲਾਊ ਤੰਬੂ ਲੱਦੇ ਹੋਏ ਟੱਪਰੀ ਵਾਸ ਮਿਲ ਗਏ| ਤੀਵੀਆਂ ਰੰਗ ਬਰੰਗੇ ਘੱਗਰੇ, ਸ਼ੀਸ਼ੇ ਦੇ ਟੁਕੜਿਆਂ ਨਾਲ ਸਜਾਈਆਂ ਚੋਲੀਆਂ ਪਿੱਠ ’ਤੇ ਡੋਰਿਆਂ ਨਾਲ ਕੱਸੀਆਂ। ਕਾਲੇ ਚਮਕਦੇ ਸਡੌਲ ਸ਼ਰੀਰ, ਉੱਭਰੇ ਹੋਏ ਅੰਗ, ਬਾਹਾਂ ਡੋਲਿਆਂ ਤਕ ਚੂੜੀਆਂ ਨਾਲ ਭਰੀਆਂ, ਗਲੇ ’ਚ ਨੀਲੇ-ਲਾਲ ਪੱਥਰਾਂ ਦੇ ਹਾਰ, ਹੱਥਾਂ, ਪੈਰਾਂ ਅਤੇ ਗੱਲਾਂ, ’ਤੇ ਟੈਟੂ| ਇਸ ਤੋਂ ਪਹਿਲਾਂ ਰੁਮਾਂਟਿਕ ਚਿਤਰਕਾਰਾਂ ਦੁਆਰਾ ਬਣਾਈਆਂ ਇਨ੍ਹਾਂ ਦੀਆਂ ਤਸਵੀਰਾਂ ਹੀ ਵੇਖੀਆਂ ਸਨ| ਸਚਮੁੱਚ ’ਚ ਵੀ ਇਸ ਤਰ੍ਹਾਂ ਦੇ ਲੋਕ ਸਾਡੀ ਇਸ ਧਰਤੀ ’ਤੇ ਵਸਦੇ ਹਨ?
ਉਦੋਂ ਮੈਨੂੰ ਚੰਗੀ ਤਰ੍ਹਾਂ ਪੱਗ ਨਹੀਂ ਸੀ ਬੰਨਣੀ ਆਉਂਦੀ| ਛਾਪੇ ਵਾਲੀ ਪੱਗ ਉਂਜ ਹੀ ਸਿਰ ’ਤੇ ਲਪੇਟੀ ਹੋਈ | ਦਿੱਲੀ ’ਚ ਪਹਿਲੇ ਦੋ ਤਿੰਨ ਸਾਲ ਦੇਵਨਗਰ ਰਹਿਗੜਪੁਰੇ ਦੀਆਂ ਗਲੀਆਂ ’ਚ ਘਰ। ਇਨਾਂ੍ਹ ਨਾਲ ਰਹਿੰਦਿਆਂ ਬਾਗੜੀ, ਰਾਜਸਥਾਨੀ ਦੇ ਕਾਫ਼ੀ ਸ਼ਬਦ ਆਪਣੀ ਗਲਬਾਤ ’ਚ ਵਰਤਣੇ ਆ ਗਏ ਸਨ| ਜਦੋਂ ਮੈਂ ਇਨ੍ਹਾਂ ਨਾਲ ਤੁਰਨ ਲੱਗਾ ਤਾਂ ਇਨ੍ਹਾਂ ਮੈਨੂੰ ਰਾਜਸਥਾਨੀ ਬਾਗੜੀ ਹੀ ਸਮਝਿਆ| ਆਪ ਇਹ ਗੁੜਗਾਵਾਂ ਤੋਂ ਲੈ ਕੇ ਆਂਧਰਾ ਪ੍ਰਦੇਸ਼ ਤਕ ਘੁੰਮਦੇ ਫਿਰਦੇ। ਪੱਕਾ ਟਿਕਾਣਾ ਆਂਧਰਾ ਮੱਧ-ਪ੍ਰਦੇਸ਼ ਦੀ ਸੀਮਾ ’ਤੇ। ਬੋਲੀ ਮਿਲੀ ਜੁਲੀ ਪਰ ਜਦ ਆਪਸ ’ਚ ਗਲ ਕਰਦੇ ਤਾਂ ਬਹੁਤ ਵੱਖਰੀ, ਜਿਸ ਦੀਆਂ ਜੜ੍ਹਾਂ ਕਿਸੇ ਕਦੀਮ ਭੁੱਲੇ ਵਿਸਰੇ ਸਮੇਂ ਵਿਚ ! ਹੁਣ ਮੈਂ ਸੋਚਦਾ ਹਾਂ ਕਿ ਉਸ ਵੇਲੇ ਜੇ ਮੇਰੇ ਕੋਲ ਕੈਮਰਾ ਹੁੰਦਾ, ਜਾਂ ਜੀਵਤ ਬੰਦਿਆਂ ਦੇ ਸਕੈਚ ਕਰਨ ਦਾ ਅਭਿਆਸ ਹੁੰਦਾ ਤਾਂ ਮੈਂ ਕੈਮਰੇ ’ਚ ਜਾਂ ਅਪਣੀ ਸਕੈਚ ਬੁੱਕ ’ਚ ਇਨ੍ਹਾਂ ਦੇ ਅਦਭੁੱਤ ਜੀਵਨ ਦੇ ਕਈ ਦ੍ਰਿਸ਼, ਜਿਨਾਂ੍ਹ ਦੀਆਂ ਸਮੇਂ ਦੀਆਂ ਪੈੜਾ ’ਚ ਅਲੋਪ ਹੋ ਜਾਣ ਦਾ ਡਰ ਹੈ, ਉਤਾਰ ਲਏ ਹੁੰਦੇ; ਜੋ ਸਮੇਂ ਸਮੇਂ ਮੇਰੀ ਅਵਚੇਤਨਾ ’ਚੋਂ ਨਿਕਲ ਕੇ ਮੇਰੀਆਂ ਕਹਾਣੀਆਂ ’ਚ ਆ ਸਾਕਾਰ ਹੁੰਦੇ ਹਨ|
ਅਨੁਮਾਨ ਸੀ ਕਿ ਤੀਸਰੇ ਜਾਂ ਚੌਥੇ ਦਿਨ ਭੂਪਾਲ ਪਹੁੰਚ ਜਾਵਾਂਗਾ| ਪਰ ਰਸਤੇ ’ਚ ਹੀ ਇਕ ਪਾਸੇ ਇੱਟਾਂ ਦਾ ਭੱਠਾ ਵੇਖ ਕੇ ਉਸ ਵਲ ਆਕਰਸ਼ਤ ਹੋ ਗਿਆ| ਭੱਠੇ ’ਚ ਭਲਾ ਐਸਾ ਕੀ ਆਕਰਸ਼ਨ? ਮੇਰੇ ਬਚਪਨ ਦੀਆਂ ਯਾਦਾਂ ਅਤੇ ਅਵਚੇਤਨਾ ’ਚ ਇੱਟਾਂ ਦਾ ਭੱਠਾ ਅਤੇ ਲੱਕੜੀ ਦੀਆਂ ਸ਼ਤੀਰੀਆਂ ਬੈਠੀਆਂ ਹੋਈਆਂ| ਕਾਰਨ ਇਹ ਕਿ ਮੇਰੇ ਨਾਨੇ ਦੇ ਭੱਠੇ ਹੁੰਦੇ ਸਨ ਅਤੇ ਬਚਪਨ ’ਚ ਮੈਂ ਭੱਠਿਆਂ ਦੁਆਲੇ ਪੁੱਟੇ ਟੋਇਆਂ, ਕੱਚੀਆਂ-ਪੱਕੀਆਂ ਇੱਟਾਂ ਵਿਚਕਾਰ ਖੇਡਦਾ ਰਹਿੰਦਾ ਸੀ| ਇਸੇ ਤਰਾਂ੍ਹ ਮੇਰੇ ਬਾਪ ਦੀ ਸ਼ਤੀਰੀਆਂ ਦੀ ਦੁਕਾਨ ਸੀ ਜੋ ਮੇਰੇ ਨਾਨੇ ਨੇ ਹੀ ਉਨ੍ਹਾਂ ਨੂੰ ਖੋਲ੍ਹ ਕੇ ਦਿੱਤੀ ਸੀ| ਇਸੇ ਤਰਾਂ੍ਹ ਮਾਨਸਿਕ ਪੱਧਰ ’ਤੇ ਟੱਪਰੀਵਾਸਾਂ ਨਾਲ ਵੀ ਇਕ ਸਾਂਝ ਬਚਪਨ ’ਚ (ਧੂਰੀ ’ਚ)। ਸ਼ਹਿਰ ਤੋਂ ਬਾਹਰ ਜਿੱਥੇ ਸਾਡਾ ਘਰ ਸੀ, ਉਸ ਦੇ ਸਾਹਮਣੇ ਖੁੱਲੇ ਮੈਦਾਨ ’ਚ ਅਫ਼ਗਾਨਿਸਤਾਨ ਦੇ ਟੱਪਰੀਵਾਸ, ਜਿਨਾਂ੍ਹ ਨੂੰ ਪਠਾਨ, ਅਫਗਾਨ ਜਾਂ ਪਖ਼ਤੂਨ ਦੀ ਬਜਾਏ ‘ਪਵਿੰਦੇ ਜਾਂ ਕੂਚੀ’ ਕਿਹਾ ਜਾਂਦਾ ਸੀ; ਇਸੇ ਤਰਾਂ੍ਹ ਆਪਣੇ ਘੋੜਿਆਂ ’ਤੇ ਸਮਾਨ ਲੱਦ ਕੇ ਆਉਂਦੇ ਅਤੇ ਆਪਣੇ ਤੰਬੂ ਮੈਦਾਨ ’ਚ ਗੱਡ ਦੇਂਦੇ। ਮੈਂ ਉਨ੍ਹਾਂ ਦੇ ਬੱਚਿਆਂ ਨਾਲ ਖੇਡਦਾ ਅਤੇ ਉਨਾਂ੍ਹ ਦੇ ਘੋੜਿਆਂ ਦੀ ਸਵਾਰੀ ਦਾ ਵੀ ਸੁਆਦ ਲੈਂਦਾ| ਦੂਜੇ ਕਈ ਤਰਾਂ੍ਹ ਦੇ ਟੱਪਰੀਵਾਸ ਵੀ ਉਸ ਮੈਦਾਨ ’ਚ ਕੁਝ ਸਮਾਂ ਗੁਜ਼ਾਰ ਕੇ ਚਲੇ ਜਾਂਦੇ|
ਇਨ੍ਹਾਂ ਕੂਚੀ ਖ਼ਾਨਾਬਦੋਸ਼ਾਂ ਨੂੰ ਅਧਾਰ ਬਣਾ ਕੇ ਮੈਂ ਇਕ ਨਾਵਲ ਵੀ ਲਿਖਿਆ ਜੋ ਹੁਣੇ ਹੀ ‘ਅਫ਼ਗ਼ਾਨਿਸਤਾਨ ਟੀਉਰਸਲ’ ਨਾਮ ਹੇਠਾਂ ਪ੍ਰਕਾਸ਼ਤ ਹੋਇਆ ਹੈ।
ਹੁਣ ਮੈਂ ਇਨਾਂ੍ਹ ਟੱਪਰੀਵਾਸ ਮੁੰਡੇ-ਕੁੜੀਆਂ ਤੋਂ ਵਿਦਾ ਲੈ ਕੇ ਭੱਠੇ ਵੱਲ ਤੁਰ ਪੈਂਦਾ ਹਾਂ| ਮਨ ਵਿਚ ਇਹ ਵੀ ਕਿ ਜੇ ਭੱਠੇ ’ਤੇ ਕੰਮ ਨਾ ਬਣਿਆ ਤਾਂ ਮੁੜ ਇਨ੍ਹਾਂ ਨਾਲ ਰਲ ਜਾਵਾਂਗਾ| ਭੱਠੇ ’ਤੇ ਜਾ ਕੇ ਮੈਂ ਮਜ਼ਦੂਰਾਂ ਕਾਮਿਆਂ ਦੇ ‘ਮੇਟ’ (ਸੁਪਰਵਾਇਜ਼ਰ) ਨੂੰ ਕਿਹਾ ਕਿ ਮੇਰੇ ਪੈਸੇ ਗੁਆਚ ਗਏ, ਬਹੁਤ ਦੂਰ ਜਾਣਾ, ਜੇ ਕੰਮ ਮਿਲ ਜਾਏ ਤਾਂ ਕੁਝ ਪੈਸੇ ਕਮਾ ਲਵਾਂਗਾ| ਕੰਮ ਮਿਲ ਗਿਆ| ਹੱਥਾਂ ਪੈਰਾਂ ਨਾਲ ਮਿਹਨਤ ਮੁਸ਼ੱਕਤ ਕਰਨ ਦੀ ਥੋੜ੍ਹੀ ਬਹੁਤ ਆਦਤ ਸੀ, ਪਰ ਫੇਰ ਵੀ ਮਿੱਟੀ ਪੁੱਟਦਿਆਂ ਤਸਲਿਆਂ ’ਚ ਪਾ ਕੇ ਇੱਧਰ ਉਧਰ ਲੈ ਜਾਂਦਿਆ ਅਤੇ ਸਾਂਚਿਆਂ ’ਚ ਭਰਦਿਆਂ ਸ਼ਾਮ ਤੱਕ ਬਹੁਤ ਥੱਕ ਜਾਂਦਾ| ਕੰਮ ਵੀ ਸਵੇਰੇ ਅੱਠ ਵਜੇ ਤੋਂ ਸ਼ਾਮ ਸੱਤ ਵਜੇ ਤੱਕ| ਮਨ ਵਿਚ ਇਕ ਡਰ ਇਹ ਵੀ ਕਿ ਕੀ ਪਤਾ ਐਨੇ ਦਿਨ ਮਿਹਨਤ-ਮਜ਼ਦੂਰੀ ਕਰਨ ਤੋਂ ਬਾਅਦ ਪੈਸੇ ਦੇਵੇ ਹੀ ਨਾ? ਮੁੱਕਰ ਜਾਏ ਤਾਂ ਮੈਂ ਕੀ ਕਰ ਸਕਾਂਗਾ? ਉਨਾਂ੍ਹ ਮਜ਼ਦੂਰਾਂ ’ਚ ਵੀ ਅੱਧੇ ਕੁ ਬੰਧੁਆ ਮਜ਼ਦੂਰ ਸਨ| ਯਾਅਨੀ ਪੁਸ਼ਤਾਂ ਤੋਂ ਤਕਰੀਬਨ ਗ਼ੁਲਾਮ| ਪਰ ਮੇਰੀ ਕਿਸਮਤ ਚੰਗੀ, ਮੇਟ ਚੰਗਾ ਬੰਦਾ ਸੀ| ਜਦੋਂ ਉਸ ਨੂੰ ਪਤਾ ਲੱਗਾ ਕਿ ਮੈਂ ਦਸਵੀਂ ਪਾਸ ਹਾਂ ਤਾਂ ਉਸ ਨੇ ਮੈਨੂੰ ਮਜ਼ਦੂਰਾਂ ਦੀ ਹਾਜ਼ਰੀ ਲਾਉਣ ਅਤੇ ਲਿਖਣ ਲਿਖਾਉਣ, ਹਸਾਬ ਕਤਾਬ ਰੱਖਣ ਦੇ ਕੰਮ ਦੇ ਦਿੱਤੇ| ਦੂਜਾ ਫਾਇਦਾ ਇਹ ਕਿ ਪਹਿਲਾਂ ਮੈਂ ਮਜ਼ਦੂਰਾਂ ਵਿਚ ਬੈਠ ਕੇ ਖਾਂਦਾ ਅਤੇ ਖੁੱਲ੍ਹੇ ਅਕਾਸ਼ ਥੱਲੇ ਚਟਾਈ ਵਿਛਾ ਕੇ ਸੌਂ ਜਾਂਦਾ ਸੀ| ਕਦੇ ਕਦੇ ਇਕ ਤੀਵੀਂ ਜਾਂ ਕੁੜੀ ਅੱਧੀ ਰਾਤ ਨੂੰ ਚੁੱਪ ਕਰਕੇ ਮੇਰੀ ਖੇਸੀ ਥੱਲੇ ਆ ਜਾਂਦੀ ਅਤੇ ਅਸੀਂ ਕੁਝ ਦੇਰ ਖੇਡ ਤਮਾਸ਼ਾ ਕਰਦੇ ਰਹਿੰਦੇ| ਇਸਤਰੀ-ਪੁਰਸ਼ ਦੇ ਲਿੰਗ ਸੰਬੰਧਾਂ ਦੀ ਸੋਝੀ ਹਾਲੇ ਮੈਨੂੰ ਪੂਰੀ ਤਰਾਂ੍ਹ ਨਹੀਂ ਸੀ ਆਈ, ਭਾਵੇਂ ਨਾਲ ਪੈਣ ਵਾਲੀ ਤੀਵੀਂ ਨੂੰ ਜ਼ਰੂਰ ਸੀ| ਉਹ ਹਨੇਰੇ ’ਚ ਆਉਂਦੀ ਅਤੇ ਹਨੇਰੇ ’ਚ ਹੀ ਚਲੀ ਜਾਂਦੀ| ਮੈਨੂੰ ਪਤਾ ਹੀ ਨਾ ਲਗਦਾ ਕਿ ਉਹ ਕੌਣ ਹੈ| ਦਿਨ ਵੇਲੇ ਮੈਂ ਪਛਾਨਣ ਦਾ ਯਤਨ ਕਰਦਾ ਰਹਿੰਦਾ| ਉਸ ਦੇ ਸ਼ਰੀਰ ਜਾਂ ਕੱਪੜਿਆਂ ਵਿਚੋਂ ਮਿੱਟੀ ਜਾਂ ਧੂੰਏ ਦੀ ਬਾਸ ਆਉਂਦੀ ਰਹਿੰਦੀ| ਸ਼ਾਇਦ ਇੱਟਾਂ ਦੇ ਚੁੱਲੇ੍ਹ ਸਾਹਮਣੇ ਬੈਠ ਕੇ ਬਾਜਰੇ ਦੀਆਂ ਰੋਟੀਆਂ ਬਣਾਉਂਦਿਆਂ ਚੁੱਲੇ ਦਾ ਧੂੰਆਂ ਉਸ ਦੇ ਕੱਪੜਿਆਂ ’ਚ ਆ ਸਮਾਉਂਦਾ ਹੋਵੇ| ਕਦੇ ਕਦੇ (ਰਾਤ ਵੇਲੇ) ਉਸ ਦੇ ਪੈਰਾਂ ਦੀਆਂ ਉਗਲਾਂ ’ਚ ਪਾਏ ਚਾਂਦੀ ਦੇ ਬਿਛੂਏ(ਕਲੀਚੜੀਆਂ) ਮੇਰੀਆਂ ਲੱਤਾ ਨੂੰ ਚੁਭਦੇ ਅਤੇ ਉਸ ਦੇ ਵਾਲ ਮੇਰੇ ਵਾਲਾਂ ’ਚ ਰਲ ਜਾਂਦੇ| ਮੇਰੇ ਵਾਲ ਕਾਫ਼ੀ ਲੰਮੇ ਹੁੰਦੇ ਸਨ| ‘ਥਾਰੋ ਵਾਲ ਬਹੁਤ ਲੰਬੋ ਸੋ ਥਾਰੋ ਅਪਨੇ ਜਿਊ|’ ਉਹ ਕਦੀ ਕਦੀ ਕਹਿੰਦੀ| ਮੇਰੇ ਸਿਰ ’ਚ ਜੂੰਆਂ ਵੀ ਪਾ ਦਿੱਤੀਆਂ | ਪਰ ਜਦ ਮੈਂ ਮੇਟ ਦੀ ਕੁਟੀਆ ’ਚ ਸੌਣ ਲੱਗ ਪਿਆ ਤਾਂ ਇਹ ਖੇਡ ਤਮਾਸ਼ਾ ਵੀ ਖ਼ਤਮ ਹੋ ਗਿਆ|
ਇਹ ਕੁਝ ਲਿਖਦਿਆਂ ਮੈ ਆਪ ਬਹੁਤ ਹੈਰਾਨ ਹੋ ਰਿਹਾ ਹਾਂ ਕਿ ਛਪੰਜਾ ਸਤਵੰਜਾ ਵਰੇ੍ਹ ਪਹਿਲਾਂ ਦੀਆਂ ਬਰੀਕ ਡਿਟੇਲਾਂ ਕਿਵੇਂ ਮੇਰੇ ਮਸਤਕ ’ਚ ਆ ਸਾਕਾਰ ਹੋਈਆਂ ਹਨ? ਕੁਝ ਦਿਨ ਪਹਿਲਾਂ ਕਿਸੇ ਸਾਇੰਸਦਾਨ ਦੇ ਇਕ ਲੇਖ ’ਚ ਲਿਖਿਆ ਯਾਦ ਆ ਰਿਹਾ ਹੈ: ਉਸ ਨੇ ਜਦੋਂ ਆਦਮੀ ਦੇ ਮਸਤਕ ਨੂੰ ਨੰਗਿਆ ਕਰਕੇ ਮਸਤਕ ਦੇ ਕਿਸੇ ਹਿੱਸੇ ਨੂੰ ਆਪਣੀ ਸੂਈ ਜਾਂ ਚਾਕੂ ਨਾਲ ਛੋਹਿਆ ਤਾਂ ਆਦਮੀ ਨੂੰ ਕੋਈ ਤਕਲੀਫ਼ ਮਹਿਸੂਸ ਨਹੀਂ ਹੋਈ। ਛੋਟਾ ਜਿਹਾ ਹਰ ਹਿੱਸਾ ਛੂਹਣ ਨਾਲ ਉਸ ਆਦਮੀ ਦੀ ਚੇਤਨਾ ’ਚ ਆਪਣੇ ਬੀਤੇ ਜੀਵਨ ਦਾ ਕੋਈ ਖ਼ਾਸ ਵਾਕਿਆ ਪੂਰੀ ਡਿਟੇਲ ਨਾਲ ਸਾਕਾਰ ਹੋ ਉਠਦਾ ਰਿਹਾ ਜਿਵੇਂ ਉਹ ਘਟਨਾ ਉਸ ਨਾਲ ਹੁਣੇ ਹੁਣੇ ਵਾਪਰੀ ਹੋਵੇ। ਇਹੀ ਕੁਝ ਮੈਂ ਅਪਣੇ ਨਾਲ ਵਾਪਰਦਾ ਅਨੁਭਵ ਕਰ ਰਿਹਾ ਸਾਂ|
ਪੰਦਰਾਂ ਵੀਹ ਦਿਨਾਂ ਬਾਅਦ ਮੇਰੇ ਕੋਲ ਕੁਝ ਪੈਸੇ ਜਮਾਂ ਹੋ ਗਏ| ਜਦ ਮੈਂ ‘ਕੇਸੂਭਾਈ’ ਮੇਟ ਤੋਂ ਵਿਦਾ ਲੈਣ ਗਿਆ ਤਾਂ ਉਸਨੇ ਅਪਣੀ ਸੰਦੂਕੜੀ ’ਚੋਂ ਵੀਹ ਰੁਪਏ ਕੱਢ ਕੇ ਦੇਂਦਿਆ ਆਖਿਆ ਕਿ ਜਦੋਂ ਮੈਂ ਕਮਾਉਣ ਲੱਗਾਂ ਤਾਂ ਮੋੜ ਦੇਵਾਂ। ਜੇ ਨਾ ਵੀ ਮੋੜਾਂ ਤਾਂ ਵੀ ਕੋਈ ਗਲ ਨਹੀਂ| ਇਨਾਂ੍ਹ ਵੀਹ ਕੁ ਦਿਨਾਂ ’ਚ ਮਜ਼ਦੂਰਾਂ ਨਾਲ ਵੀ ਕਾਫ਼ੀ ਅਪਣਤ ਹੋ ਗਈ ਸੀ| ਕੰਮ ਸ਼ੁਰੂ ਹੋਣ ਤੋਂ ਪਹਿਲਾ ਸਾਰਿਆ ਨੇ ਮੈਨੂੰ ਵਿਦਾਈ ਦਿੱਤੀ ਅਤੇ ਫੇਰ ਅਪਣੇ ਅਪਣੇ ਕੰਮਾਂ ’ਚ ਲੱਗ ਗਏ| ਪਰ ਇਕ ਤੀਵੀਂ ਜਾਂ ਕੁੜੀ ਕਾਫ਼ੀ ਦੇਰ ਤੱਕ ਖੜੀ ਮੈਨੂੰ ਜਾਂਦਿਆਂ ਵੇਖਦੀ ਰਹੀ| ਪੱਕਾ ਰੰਗ, ਕੱਦ ਦੀ ਲੰਮੀ, ਘੱਗਰਾ ਲੱਕ ਨਾਲ ਟੰਗਿਆ, ਲੱਤਾਂ ਗੋਡਿਆਂ ਤੋਂ ਥੱਲੇ ਤੱਕ ਨੰਗੀਆਂ, ਵਾਲਾਂ ਦੀਆਂ ਲਟਾਂ ਮੱਥੇ ਅਤੇ ਅੱਖਾਂ ’ਤੇ ਲਮਕੀਆਂ ਹੋਈਆਂ| ਮੇਰਾ ਜੀਅ ਕੀਤਾ ਕਿ ਉਸ ਕੋਲ ਮੁੜ ਕੇ ਜਾਵਾਂ ਅਤੇ ਉਸ ਨਾਲ ਇਕ ਦੋ ਗੱਲਾਂ ਕਰਾਂ। ਮੈਂ ਬਸ ਇਕ ਪਲ ਰੁਕਿਆ, ਹੱਥ ਉਪਰ ਚੁੱਕ ਕੇ ਹਵਾ ’ਚ ਹਲਾਇਆ ਅਤੇ ਗਰਦਨ ਘੁਮਾ ਕੇ ਧੂੜ ਭਰੇ ਰਸਤੇ ’ਤੇ ਤੁਰ ਪਿਆ|
ਹੁਣ ਮੇਰੀ ਜੇਬ ’ਚ ਕਾਫ਼ੀ ਪੈਸੇ ਸਨ, ਬਵੰਜਾ-ਤਰਵੰਜਾ ਰੁਪੈ, ਇਸ ਲਈ ਭੂਪਾਲ ਤੱਕ ਹੁਣ ਪੈਦਲ ਤੁਰਨ ਦੀ ਮਜਬੂਰੀ ਨਹੀਂ ਸੀ| ਭੂਪਾਲ ਜਾ ਰਹੀ ਬਸ ’ਚ ਬੈਠਿਆਂ ਮੇਰੀਆਂ ਅੱਖਾਂ ‘ਉਨ੍ਹਾਂ’ ਟਪਰੀਵਾਸ ਕਾਫ਼ਲੇ ਵਾਲਿਆਂ ਨੂੰ ਲੱਭਦੀਆਂ ਰਹੀਆਂ| ਪਰ ਉਹ ਕਿਤੇ ਨਾ ਦਿਸੇ| ਬਸ ’ਚ ਬੈਠਣ ਦਾ ਵੀ ਇਹ ਮੇਰਾ ਪਹਿਲਾ ਅਵਸਰ|
ਭੂਪਾਲ ਦੇ ਸਟੇਸ਼ਨ ਤੋਂ ਮੈਂ ਬਕਾਇਦਾ ਟਿਕਟ ਲੈ ਕੇ ਬੰਬਈ ਦੇ ਸੈਂਟਰਲ ਸਟੇਸ਼ਨ ’ਤੇ ਜਾ ਉੱਤਰਦਾ ਹਾਂ| ਉਹ ਬੰਬਈ ਮਹਾਨਗਰ ਜਿੱਥੇ ਲੱਖਾਂ ਦੀ ਭੀੜ ’ਚ ਮੈਨੂੰ ਕੋਈ ਨਹੀਂ ਜਾਣਦਾ|
ਬੰਬਈ

ਊਦੇਅਪੁਰ ਦੀਆਂ ਗਲੀਆਂ ‘ਚ ਪੱਥਰਾਂ ਨੂੰ ਚੁੰਨ ਕੇ ਬਣੇ ਮਕਾਨ, ਛੱਜੇ, ਬਾਰੀਆਂ ਆਦਿ।

…… ਕੁਝ ਕੁ ਵਰਿ੍ਹਆਂ ਬਾਅਦ ਜਦ ਮੈਂ ਰਾਜਕਪੂਰ ਦੀ ਫਿਲਮ ‘ਆਵਾਰਾ’ ਵੇਖੀ ਤਾਂ ਉਸ ਫਿਲਮ ਦੇ ਪਹਿਲੇ ਸੀਨ ਨੂੰ ਵੇਖ ਕੇ ਜਿਸ ਵਿਚ ਉਹ ‘ਮੇਰਾ ਜੂਤਾ ਹੈ ਜਾਪਾਨੀ, ਪਤਲੂਨ ਇੰਗਲਿਸ਼ਤਾਨੀ’ ਅਤੇ ਕੱਲਮ ਕੱਲਾ ਕਦੀ ਊਠ, ਕਦੀ ਹਾਥੀ, ਕਦੀ ਲਿਫਟ ਲੈ ਕੇ ਬੰਬਈ ਵਲ ਦਾ ਸਫ਼ਰ ਤੈਅ ਕਰਦਾ ਹੈ, ਤਾਂ ਮੈਂ ਮਨ ਹੀ ਮਨ ਆਖਿਆ ਇਹ ਤੇ ਰੁਮਾਂਟਿਸਾਇਜ਼ ਕੀਤਾ ਹੋਇਆ ਕਾਲਪਨਿਕ ਫਿਲਮੀ ਦ੍ਰਿਸ਼ ਹੈ, ਪਰ ਮੈਂ ਤੇ ਆਪ ਜੀਵਿਆ ਹੈ| ਹੁਣ ਮੈਂ ਇਹ ਕੁਝ ਲਿਖਦਿਆਂ, ਯਾਦ ਕਰਦਿਆਂ ਅਪਣੀ ਯਾਤਰਾ ਨੂੰ ਇਕ ਤਰਾਂ੍ਹ ਨਾਲ ਰੁਮਾਂਟਿਸਾਈਜ਼ ਹੀ ਕਰ ਰਿਹਾ ਹਾਂ| ਉਦੋਂ ਵੀ ਧੂੜ ਭਰੇ ਰਸਤਿਆਂ ’ਤੇ ਤੁਰਦਿਆਂ ਖੁੱਲੇ੍ਹ ਆਕਾਸ਼ ਥੱਲੇ ਜਾਂ ਝੌਪੜੀਆਂ ਵਿਚ ਰਾਤ ਬਿਤਾਉਂਦਿਆ ਮੈਂ ਇਹ ਬਿਲਕੁਲ ਮਹਿਸੂਸ ਨਹੀਂ ਸੀ ਕੀਤਾ ਕਿ ਮੈਂ ਕਿਸੇ ਭਾਰੀ ਔਕੜ ’ਚ ਫਸ ਗਿਆ ਹਾਂ| ਹੁਣ ਇਹ ਸੋਚਦਾ ਹਾਂ ਕਿ ਗੰਜ ਬਸੋਡਾ ਦੇ ਗੁੰਮਨਾਮ ਜਹੇ ਸਟੇਸ਼ਨ ਤੋਂ ਬੰਬਈ ਮਹਾਂਨਗਰ ਤਕ ਦੀ ਯਾਤਰਾ ਨੇ ਮੇਰੇ ਸਨਮੁਖ ਇਕ ਨਵੇਂ ਭਾਰਤ, ਨਵੀਂ ਦੁਨੀਆਂ ਦੀ ਭੂਮਿਕਾ ਪੇਸ਼ ਕਰ ਦਿੱਤੀ, ਕੁਝ ਇਸ ਤਰਾਂ੍ਹ ਜਿਵੇਂ ਮੇਰੇ ਕਪਾਟ ਖੁੱਲ੍ਹ ਰਹੇ ਹੋਣ|
ਜਦੋਂ ਬੰਬਈ ਸੈਂਟਰਲ ਸਟੇਸ਼ਨ ’ਤੇ ਗੱਡੀ ’ਚੋਂ ਉਤਰਿਆ, ਕੋਲੇ-ਭਾਫ਼ ਨਾਲ ਚਲਦੇ ਇੰਜਨ ਦੇ ਧੂੰਏ ਅਤੇ ਕੋਲੇ ਦੇ ਨਿੱਕੇ ਨਿੱਕੇ ਰੇਤ ਵਰਗੇ ਕਣਾਂ ਨਾਲ ਸਾਰੇ ਕੱਪੜੇ ਅਤੇ ਹੱਥ ਮੂੰਹ ਕਾਲੇ ਹੋਏ ਪਏ ਸਨ| ਇਕ ਨਲਕੇ ਤੋਂ ਹੱਥ ਮੂੰਹ ਧੋਤਾ ਅਤੇ ਬੋਂਦਲਿਆ ਜਿਹਾ ਖੜਾ ਇਧਰ ਉਧਰ ਵੇਖਣ ਲੱਗਾ| ਹੁਣ ਕੀ ਕਰਾਂ? ਕਿੱਧਰ ਜਾਵਾਂ? ਮੇਰੀ ਥੋੜ੍ਹੀ ਜਹੀ ਜਾਣਕਾਰੀ ਅਨੁਸਾਰ ਆਰਟ ਸਕੂਲ ਬੋਰੀ ਬੰਦਰ (ਵੀ.ਟੀ) ਸਟੇਸ਼ਨ ਦੇ ਲਾਗੇ ਕਰ ਕੇ ਸੀ| ਉਸੇ ਵੇਲੇ ਮੇਰੀ ਨਜ਼ਰ ਇਕ ਹੋਰ ਸਿੱਖ ਮੁੰਡੇ ’ਤੇ ਪਈ ਜੋ ਅਪਣਾ ਅਟੈਚੀ ਕੇਸ ਥੱਲੇ ਰੱਖ ਕੇ ਕਪੜੇ ਝਾੜ ਰਿਹਾ ਸੀ|
ਸਤਿ ਸ੍ਰੀ ਅਕਾਲ ਬੁਲਾਉਣ ਤੋਂ ਬਾਅਦ ਮੈਂ ਉਸ ਨਾਲ ਗੱਲਾਂ ਕਰਨ ਲੱਗਾ| ਉਸ ਦੱਸਿਆ ਕਿ ਉਂਜ ਤੇ ਬੰਬਈ ’ਚ ਉਸ ਦਾ ਭਰਾ ਰਹਿੰਦਾ ਹੈ, ਪਰ ਭਰਜਾਈ ਨਾਲ ਉਸਦੀ ਬਣਦੀ ਨਹੀਂ ਇਸ ਲਈ ਪਹਿਲਾਂ ਉਹ ਗੁਰਦੁਆਰੇ ਜਾ ਕੇ ਟਿਕੇਗਾ| ਵਾਹ! ਇਹ ਤੇ ਕੰਮ ਹੀ ਬਣ ਗਿਆ, ਮੈਂ ਮਨ ਹੀ ਮਨ ਆਖਿਆ | ਅਸੀਂ ਦੋਵੇਂ ਸਟੇਸ਼ਨ ਤੋਂ ਬਾਹਰ ਨਿਕਲੇ ਤਾਂ ਵਿਕਟੋਰੀਆ ਬੱਘੀਆਂ (ਚਾਰ ਪਹੀਆਂ ਅਤੇ ਦੋ ਘੋੜਿਆਂ ਵਾਲੀ) ਦੀ ਕਤਾਰ ਲੱਗੀ ਹੋਈ ਸੀ, ਕੁਝ ਇਸ ਤਰਾਂ੍ਹ ਜਿਵੇਂ ਅੱਜ ਕੱਲ ਆਟੋ ਰਿਕਸ਼ਾ ਦੀ | ਇਸ ਨੂੰ ਦਿੱਲੀ ਵਿਚ ਟਮ ਟਮ ਵੀ ਕਿਹਾ ਜਾਂਦਾ ਸੀ ਅਤੇ ਦਿੱਲੀ ਦੇ ਬਹੁਤ ਪੁਰਾਣੇ ਰਈਸ ਲੋਕ ਕਦੇ ਕਦੇ ਇਸ ਨੂੰ ਵਰਤਦੇ ਸਨ| ਅੱਜ ਕੱਲ ਇਹ ਵਿਕਟੋਰੀਆ ਸੈਲਾਨੀਆਂ ਨੂੰ ਮੇਰਿਨ ਡਰਾਇਵ ’ਤੇ ਸੈਰ ਕਰਾਉਂਦੀ ਕਦੀ ਕਦੀ ਵੇਖੀ ਜਾ ਸਕਦੀ ਹੈ|
ਅਸੀਂ ਦੋਵੇਂ ਬੋਰੀ ਬੰਦਰ ਜਾਣ ਵਾਲੀ ਵਿਕਟੋਰੀਆ ’ਚ ਜਾ ਬੈਠਦੇ ਹਾਂ| ਦੋ ਆਨੇ ਫ਼ੀ ਸਵਾਰੀ| ਕੁਝ ਦੇਰ ਬਾਅਦ ਵੱਡੇ ਵੱਡੇ ਬਾਜ਼ਾਰਾਂ, ਸੜਕਾਂ, ਚੁਰਸਤਿਆਂ ਤੋਂ ਲੰਘਦੀ ਵਿਕਟੋਰੀਆ ਸਾਨੂੰ ਵੀ.ਟੀ ਸਟੇਸ਼ਨ ਜਾ ਛੱਡਦੀ ਹੈ| ਗੁਰਦੁਆਰਾ ਉਥੋਂ ਮਸਾ ਪੰਜ ਦਸ ਮਿੰਟ ਦਾ ਰਸਤਾ| ਹੈਡ ਪੋਸਟ ਆਫਿਸ ਕੋਲੋਂ ਲੰਘ ਕੇ ਅਤੇ ਸ਼ੇਰ-ਏ-ਪੰਜਾਬ ਹੋਟਲ ਦੇ ਨਾਲ ਵਾਲੀਆਂ ਪੌੜੀਆਂ ਚੜ੍ਹ ਕੇ ਉਪਰਲੀ ਮੰਜ਼ਲ ’ਤੇ ਬਣੇ ਗੁਰਦੁਆਰੇ ’ਚ ਪਹੁੰਚਕੇ ਅਤੇ ਲਾਕਰ ਲੈ ਕੇ ਅਪਣਾ ਸਾਮਾਨ ਲਾਕਰ ’ਚ ਰੱਖ ਦਿੰਦੇ ਹਾਂ| ਸਰਦਾਰ ਹਮਸਫ਼ਰ ਨਾਲ ਮੈਂ ਸਾਰਾ ਦਿਨ ‘ਫੋਰਟ’ ਦੇ ਇਸ ਇਲਾਕੇ ’ਚ ਘੁੰਮਦਾ ਫਿਰਦਾ ਰਹਿੰਦਾ ਹਾਂ, ਉਹ ਸਾਰੀਆਂ ਥਾਵਾਂ ਬਾਰੇ ਜਾਣਦਾ ਹੈ| ਫਲੋਰਾ-ਫਾਊਨਟੇਨ, ਮੇਰਿਨ ਡਰਾਇਵ ਅਤੇ ਸਰ ਜੇ.ਜੇ ਸਕੂਲ ਆਫ਼ ਆਰਟ ਵੀ| ਆਰਟ ਸਕੂਲ ਦੀ ਮਹੱਲਾਂ ਵਰਗੀ ਪੁਰਾਣੀ ਆਲੀਸ਼ਾਨ ਬਿਲਡਿੰਗ ਨੂੰ ਵੇਖ ਕੇ ਮੈਂ ਪ੍ਰਭਾਵਿਤ ਹੁੰਦਾ ਹਾਂ। ਡਰ ਵੀ ਲਗਦਾ ਹੈ ਕਿ ਮੈਨੂੰ ਇਸ ’ਚ ਦਾਖਲਾ ਮਿਲ ਵੀ ਸਕੇਗਾ ਜਾਂ ਨਹੀਂ? ਇਕ ਹੋਰ ਸਮੱਸਿਆ| ਚਾਹੇ ਅਪਣੇ ਝੋਲੇ ’ਚ ਮੈਂ ਇਸ ਅਵਸਰ ਲਈ ਇਕ ਪੈਂਟ ਕਮੀਜ਼ ਸਾਂਭ ਕੇ ਰੱਖੀ ਹੋਈ ਹੈ, ਪਰ ਮੈਨੂੰ ਲਗਦਾ ਹੈ ਕਿ ਉਸ ਘੁਚੜ-ਮੁਚੜ ਜਹੀ ਪੈਂਟ ਕਮੀਜ਼ ਪਾ ਕੇ ਆਰਟ ਸਕੂਲ ’ਚ ਵੜਦਿਆਂ ਇਥੋਂ ਦੇ ਸਟੂਡੈਂਟ ਮੈਨੂੰ ਕਿਸ ਤਰਾਂ੍ਹ ਦੀਆਂ ਨਜ਼ਰਾਂ ਨਾਲ ਵੇਖਣਗੇ?
ਝਕਦਿਆਂ ਝਕਦਿਆਂ ਮੈਂ ਅਪਣੀ ਇਹ ਸਮੱਸਿਆ ਅਪਣੇ ਸਰਦਾਰ ਸਾਥੀ ਸਾਹਮਣੇ ਰੱਖਦਾ ਹਾਂ| ਨਾਲ ਹੀ ਸੋਚ ਰਿਹਾਂ ਹਾਂ ਕਿ ਉਸਦੇ ਵਧੀਆ ਕਿਸਮ ਦੇ ਅਟੈਚੀ ਕੇਸ ਬਾਰੇ| ਉਹ ਕਦ ਦਾ ਮੇਰੇ ਤੋਂ ਛੋਟਾ ਅਤੇ ਕੁਝ ਮੋਟਾ ਵੀ| ਪੈਂਟ ਤਾਂ ਮੇਰੇ ਮੇਚ ਨਹੀਂ ਆਉਣੀ ਪਰ ਮੇਰੇ ਮੰਗਣ ’ਤੇ ਉਹ ਅਪਣੇ ਭਰਾ ਕੋਲ ਜਾਣ ਤੋਂ ਪਹਿਲਾਂ ਮੈਨੂੰ ਅਪਣੀ ਇਕ ਵਧੀਆ ਅਤੇ ਨਵੀਂ ਪੈ੍ਰਸ ਕੀਤੀ ਹੋਈ ਕਮੀਜ਼ ਦੇ ਜਾਂਦਾ ਹੈ|
ਗੁਰਦੁਆਰੇ ’ਚ ਰਾਤ ਨੂੰ ਸੌਣ ਦਾ ਪ੍ਰਬੰਧ ਗੁਰਦੁਆਰੇ ਦੇ ਹਾਲ ਵਿਚ| ਰਾਤੀਂ ਕੀਰਤਨ। ਸ਼ਾਇਦ ਕੋਈ ਖਾਸ ਦਿਨ ਦਿਹਾੜਾ| ਭਾਈ ਜੀ ਕਹਿੰਦੇ ਹਨ ਕਿ ਰਾਤ ਦੇ ਦਸ ਵਜੇ ਤੋਂ ਬਾਅਦ ਹੀ ਹਾਲ ’ਚ ਸੌਣਾ ਹੋ ਸਕਦਾ ਹੈ| ਮੈਂ ਬਹੁਤ ਥੱਕਿਆ ਹੋਇਆ| ਗੁਰਦੁਆਰੇ ਅਤੇ ਬੋਰੀ ਬੰਦਰ ਸਟੇਸ਼ਨ ਦੇ ਵਿਚਕਾਰ ਇਕ ਛੋਟਾ ਜਿਹਾ ਪਾਰਕ| ਮੈਂ ਪਾਰਕ ’ਚ ਜਾ ਕੇ ਅਤੇ ਚੱਪਲਾਂ ਉਤਾਰ ਕੇ ਇਕ ਪਾਸੇ ਆ ਕੇ ਲੰਮਾ ਪੈ ਜਾਂਦਾ ਹਾਂ| ਆਲੇ-ਦੁਆਲੇ ਬੈਂਚਾਂ ’ਤੇ ਕੁਝ ਲੋਕ ਬੈਠੇ ਹਨ| ਕੋਲ ਵਾਲੇ ਬੈਂਚ ’ਤੇ ਇਕ ਆਦਮੀ ਤੀਵੀਂ | ਤੀਵੀਂ ਉਸ ਆਦਮੀ ਨਾਲ ਰਾਤ ਦੇ ਕੁਝ ਘੰਟੇ ਬਿਤਾਉਂਣ ਦਾ ਸੌਦਾ ਕਰ ਰਹੀ ਹੈ| ਮੈਨੂੰ ਨੀਂਦ ਆ ਜਾਂਦੀ ਹੈ| ਕੁਝ ਦੇਰ ਬਾਅਦ ਚੌਕੀਦਾਰ ਆ ਕੇ ਜਗਾਉਂਦਾ ਅਤੇ ਕਹਿੰਦਾ ਹੈ ਕਿ ਮੈਂ ਆਪਣੀਆਂ ਚੱਪਲਾਂ ਸਿਰ ਥੱਲੇ ਰੱਖ ਲਵਾਂ ਚੰਗੀ ਤਰਾਂ੍ਹ, ਨਹੀਂ ਤੇ ਸਮਝੋ ਕਿ ਚੱਪਲਾਂ ਗਾਇਬ| ਮੈਂ ਚੱਪਲਾਂ ਨੂੰ ਘਾਹ ’ਤੇ ਰਗੜਕੇ ਸਾਫ਼ ਕਰਦਾ ਅਤੇ ਸਿਰ ਥੱਲੇ ਰੱਖ ਲੈਂਦਾ ਹਾਂ|
ਪਤਾ ਨਹੀਂ ਕਿੰਨੀ ਦੇਰ ਤੱਕ ਸੁੱਤਾ ਰਿਹਾ| ਆ ਕੇ ਚੌਕੀਦਾਰ ਨੇ ਜਗਾਇਆ ਅਤੇ ਕਿਹਾ ਕਿ ਪਾਰਕ ’ਚ ਰਾਤ ਨੂੰ ਸੌਣ ਦੀ ਆਗਿਆ ਨਹੀਂ| ਮੈਂ ਚੱਪਲਾਂ ਪਾ ਕੇ ਠੱਪ ਠੱਪ ਕਰਦਾ ਗੁਰਦੁਆਰੇ ਵਲ ਤੁਰ ਪੈਂਦਾ ਹਾਂ। ਜਾ ਕੇ ਵੇਖਦਾ ਹਾਂ ਕਿ ਗੁਰਦੁਆਰੇ ਦੀਆਂ ਪੌੜੀਆਂ ਦਾ ਲੋਹੇ ਦਾ ਦਰਵਾਜ਼ਾ ਬੰਦ| ਮੈਂ ਇਧਰੋ ਉਧਰੋਂ ਕਿਸੇ ਤਰਾਂ੍ਹ ਉਪਰ ਜਾਣ ਦਾ ਕੋਈ ਰਸਤਾ, ਕੋਈ ਢੰਗ ਲੱਭਣ ਦਾ ਯਤਨ ਕਰਦਾ ਹਾਂ ਪਰ ਅਸਫ਼ਲ | ਬੂਹਾ ਖੜਕਾਉਂਦਾ ਆਵਾਜ਼ਾਂ ਮਾਰਦਾ ਹਾਂ। ਕੋਈ ਜਵਾਬ ਨਹੀਂ| ਕਿੰਨੇ ਵੱਜੇ ਹਨ? ਇਹ ਵੀ ਪਤਾ ਨਹੀਂ| ਕੋਲ ਘੜੀ ਹੈ ਨਹੀਂ। ਸੜਕ ’ਤੇ ਵੇਖਦਾ ਹਾਂ ਕਿ ਫੁਟਪਾਥ ’ਤੇ ਲੋਕੀ ਦਰੀਆਂ ਚਟਾਈਆਂ ਵਛਾਈ ਸੁੱਤੇ ਪਏ ਹਨ| ਚਲੋ ਠੀਕ ਹੈ, ਮੈਂ ਵੀ ਕਿਤੇ ਲੰਮਾਂ ਪੈ ਜਾਂਦਾ ਹਾਂ| ਇਹ ਸੋਚਦਿਆਂ ਮੈਂ ਕੋਈ ਖ਼ਾਲੀ ਥਾਂ ਲੱਭਣ ਲਗਦਾ ਹਾਂ| ਪਰ ਕਈ ਫੁੱਟਪਾਥਾਂ ਦੀ ਖਾਕ ਛਾਨਣ ਤੋਂ ਬਾਅਦ ਵੀ ਕੋਈ ਥਾਂ ਨਹੀਂ ਮਿਲਦੀ| ਫੇਰ ਮੁਸ਼ਕਿਲ ਨਾਲ ਇਕ ਥਾਂ ਮਿਲਦੀ ਹੈ| ਇਥੇ ਕੋਈ ਕਿਉਂ ਨਹੀਂ ਸੁੱਤਾ ? ਮੈਂ ਇਹ ਸੋਚਦਿਆਂ ਉਥੇ ਲੰਮਾ ਪੈ ਜਾਂਦਾ ਹਾਂ| ਆਲੇ ਦੁਆਲੇ ਅੱਧੇ ਸੁੱਤੇ, ਅੱਧੇ ਜਾਗਦੇ ਲੋਕ ਮੈਨੂੰ ਕੁਝ ਕਹਿੰਦੇ ਅਤੇ ਹੱਸਦੇ ਹਨ| ਮੈਨੂੰ ਉਨਾਂ੍ਹ ਦੀ ਗੱਲ ਸਮਝ ਨਹੀਂ ਆਉਂਦੀ। ਕੁਝ ਦੇਰ ਬਾਅਦ ਮੈਂ ਆਪਣੇ ਉੱਤੇ ਕੀੜੀਆਂ ਚੱਲਦੀਆਂ ਮਹਿਸੂਸ ਕਰਦਾ ਹਾਂ। ਮੈਨੂੰ ਉਨਾਂ੍ਹ ਦੇ ਹੱਸਣ ਦਾ ਕਾਰਨ ਸਮਝ ਆ ਜਾਂਦਾ ਹੈ| ਉਸ ਤੋਂ ਬਾਅਦ ਸਾਰੀ ਰਾਤ ਸੜਕਾਂ ’ਤੇ ਕਦੀ ਤੁਰਦਿਆਂ, ਕਦੀ ਬੈਠਦਿਆਂ ਬਿਤਾਂਉਦਾ ਹਾਂ| ਜਦ ਤਿੰਨ ਚਾਰ ਵਜੇ (ਅਨੁਮਾਨ ਅਨੁਸਾਰ) ਥਕਾਵਟ ਅਤੇ ਨੀਂਦ ਕਾਰਨ ਪੈਰ ਲੜਖੜਾਉਣ ਲਗਦੇ ਹਨ ਤਾਂ ਬੋਰੀ ਬੰਦਰ ਸਟੇਸ਼ਨ ਦੇ ਕੋਲ ਵਾਲੀ ਇਕ ਵੱਡੀ ਪਾਰਕ ’ਚ ਉਪਰੋਂ ਛਾਲ ਮਾਰ ਕੇ ਅੰਦਰ ਵੜ ਜਾਂਦਾ ਹਾਂ| ਪਾਰਕ ’ਚ ਮੇਰੇ ਵਰਗੇ ਇੱਕਾ ਦੁੱਕਾ ਚੋਰੀ ਚੋਰੀ ਵੜ ਕੇ ਖੂੰਜਿਆਂ ’ਚ ਸੁੱਤੇ ਪਏ ਹਨ| ਪਾਰਕ ’ਚ ਘਾਹ ਘੱਟ ਅਤੇ ਮਿੱਟੀ ਜ਼ਿਆਦਾ| ਮੈਂ ਪੱਗ ਉਤਾਰ ਕੇ ਅੱਧੀ ਥੱਲੇ ਵਛਾਉਂਦਾ ਅਤੇ ਅੱਧੀ ਉੱਪਰ ਲੈ ਲੈਂਦਾ ਹਾਂ| ਲੰਮੇ ਪੈਂਦਿਆ ਹੀ ਨੀਂਦ ’ਚ ਗੁਆਚ ਜਾਂਦਾ ਹਾਂ|
ਪਰ ਲਗਦਾ ਹੈ ਕਿ ਪ੍ਰਮਾਤਮਾ ਨੂੰ ਅੱਜ ਮੇਰੀ ਨੀਂਦ ਤੋਂ ਕਾਫ਼ੀ ਨਫ਼ਰਤ ਹੈ| ਅਚਾਨਕ ਮੀਂਹ ਦੀ ਝੜੀ ਨਾਲ ਮੈਂ ਅੱਬੜਬਾਹੇ ਜਾਗ ਉਠਦਾ ਹਾਂ| ਇਧਰ ਉਧਰ ਲੁਕ ਕੇ ਸੁੱਤੇ ਲੋਕ ਅਪਣੀਆਂ ਦਰੀਆਂ ਲਪੇਟਦੇ ਬੋਰੀ ਬੰਦਰ ਸਟੇਸ਼ਨ ’ਚ ਜਾ ਵੜਦੇ ਹਨ| ਵੱਡੇ ਵੱਡੇ ਥੰਮਿਆਂ ਦੁਆਲੇ ਮੁੜ ਦਰੀਆ ਵਿਛਾ ਕੇ ਲੰਮੇ ਪੈ ਜਾਂਦੇ ਹਨ| ਥੋੜ੍ਹੀ ਦੇਰ ਬਾਅਦ ਹੀ ਸਵੇਰ ਹੋ ਜਾਂਦੀ ਹੈ ਅਤੇ ਮੈਂ ਗੁਰਦੁਆਰੇ ਜਾ ਕੇ ਇਸ਼ਨਾਨ ਕਰਦਾ ਹਾਂ|
ਆਰਟ ਸਕੂਲ ਦੀ ਇੰਟਰਵਿਊ ’ਚ ਹਾਲੇ ਚਾਰ ਪੰਜ ਦਿਨ ਬਾਕੀ ਹਨ| ਤਿੰਨ ਚਾਰ ਦਿਨ ਬਾਅਦ ਗੁਰਦੁਆਰੇ ਦੇ ਭਾਈ ਜੀ ਮੈਨੂੰ ਇਥੋਂ ਚਲੇ ਜਾਣ ਲਈ ਕਹਿੰਦੇ ਹਨ| ਕੋਲ ਹੀ ਸ਼ੇਰੇ-ਏ-ਪੰਜਾਬ ਰੈਸਟੋਰੈਟ ਵਾਲਿਆਂ ਦਾ ਹੋਟਲ ਵੀ ਹੈ| ਛੋਟੇ ਛੋਟੇ ਕਮਰੇ ਅਤੇ ਡਾਰਮੈਟਰੀਆਂ। ਪਾਰਟੀਸ਼ਨ ਪਾ ਕੇ ਬਣਾਏ ਗਏ ਇਕ ਛੋਟੇ ਜਹੇ ਕਮਰੇ ਦਾ ਕਰਾਇਆ ਦੋ ਰੁਪੈ। ਡਾਰਮੈਟਰੀ ’ਚ ਮੰਜੇ ਦਾ ਕਰਾਇਆ ਬਾਰਾ ਆਨੇ (ਪਜੰਤਰ ਪੈਸੇ) ਵੱਡੀਆਂ ਵੱਡੀਆਂ ਬਿੰਲਡਿੰਗਾਂ। ਹਰ ਬਿੰਲਡਿੰਗ ਵਿਚਕਾਰ ਦੋ ਕੁ ਫੁੱਟ ਦੀ ਵਿੱਥ, ਵਿੱਥ ’ਚ ਨਾਲੀ, ਬਾਰੀਆਂ ਥਾਣੀ ਸੁੱਟਿਆ ਹੋਇਆ ਸਾਰਾ ਗੰਦ ਉਸ ਵਿੱਥ ’ਚ, ਜਿੱਥੇ ਸਾਲਾਂ ਬੱਧੀ ਸਫਾਈ ਨਹੀਂ ਹੁੰਦੀ| ਅਜੀਬ ਜਹੀ ਦੁਰਗੰਧ| ਸਵੇਰੇ ਸੈਰ ਕਰਨ ਜਾਂਦਿਆ ਵੀ ਵੱਖਰੀ ਜਹੀ ਬੋਅ, ਥੋੜ੍ਹੀ ਦੂਰ ਸਮੁੰਦਰ ਦਾ ਪਾਣੀ ਅਤੇ ਮਰੀਆਂ ਮੱਛੀਆਂ ਦੀ ਦੁਰਗੰਧ। ਇਹ ਕਿਸ ਤਰਾਂ੍ਹ ਦਾ ਸ਼ਹਿਰ ? ਇਕ ਚੁਥਾਈ ਲੋਕ ਫੁੱਟਪਾਥਾਂ ’ਤੇ ਰਹਿੰਦੇ, ਭੀੜ ਭਾੜ, ਧੱਕਮ ਧੱਕਾ ! ਲੱਖਾਂ ਦੀ ਭੀੜ ’ਚ ਇੱਕਲਾ ਬੰਦਾ ਕਿੰਨੀ ਤੀਬਰ ਇੱਕਲਤਾ ਦਾ ਅਨੁਭਵ ਕਰਦਾ ਹੈ? ਇਸ ਤਰਾਂ੍ਹ ਦੀ ਇਕਲਤਾ ਗੰਜ ਬਸੋਡਾ ਤੋਂ ਲੈ ਕੇ ਭੂਪਾਲ ਤਕ ਪੈਦਲ ਤੁਰਦਿਆਂ ਨਹੀਂ ਮਹਿਸੂਸ ਹੋਈ ਸੀ ਜੋ ਹੁਣ ਹੋ ਰਹੀ ਹੈ|
ਹੋਟਲ ’ਚ ਗੁਸਲਖਾਨਾ ਇੱਕੋ| ਪਾਣੀ ਛੇਤੀ ਚਲੇ ਜਾਂਦਾ| ਵੱਡੇ ਕਮਰਿਆਂ ਲਈ ਇਕ ਵੱਖਰਾ ਗੁਸਲਖ਼ਾਨਾ ਅਤੇ ਪਾਣੀ ਦਾ ਡਰੱਮ ਵੀ ਭਰਿਆ ਹੋਇਆ। ਦੂਜੇ ਦਿਨ ਮੈਂ ਇਕ ਬਜ਼ੁਰਗ ਸਰਦਾਰ ਨੂੰ ਇਕ ਕਮਰੇ ’ਚੋਂ ਨਿਕਲ ਕੇ ਗੁਸਲਖ਼ਾਨੇ ਵਲ ਜਾਂਦਿਆ ਵੇਖਦਾ ਹਾਂ | ਅਸੀਂ ਇਕ ਦੂਜੇ ਨਾਲ ਗੱਲਾਂ ਕਰਨ ਲਗਦੇ ਹਾਂ| ਪਤਾ ਲਗਦਾ ਹੈ ਕਿ ਇਹ ਸੋਭਾ ਸਿੰਘ ਹੈ, ਪੰਜਾਬ ਦਾ ਪ੍ਰਸਿੱਧ ਚਿਤਰਕਾਰ| ਮੈਂ ਸ਼ਰਧਾ ਨਾਲ ਉਸ ਦੇ ਪੈਰੀਂ ਹੱਥ ਲਾਉਂਦਾ ਹਾਂ| ਉਹ ਮੈਨੂੰ ਅਪਣੇ ਕਮਰੇ ’ਚ ਲੈ ਜਾਂਦੇ ਹਨ|
“ਮੈਂ ਇਥੇ ਅਪਣੀ ਇਕ ਪੇਂਟਿੰਗ ਛਪਵਾਉਣ ਆਇਆ ਹਾਂ| ਦਿੱਲੀ ਦੇ ਪ੍ਰੈਸ ਤਾਂ ਚੰਗੀ ਭਲੀ ਪੇਂਟਿੰਗ ਦਾ ਸਤਿਆਨਾਸ ਕਰ ਦਿੰਦੇ ਹਨ|” ਮੇਰੇ ਚਿਤਰਕਾਰੀ ਦੇ ਸ਼ੌਕ ਬਾਰੇ ਸੁਣ ਕੇ ਉਹ ਮੈਨੂੰ ਅਪਣੀ ਉਹ ਪੇਂਟਿੰਗ ਵਿਖਾਉਂਦੇ ਹਨ- ‘ਵਾਹ’ ਮੇਰੇ ਮੂੰਹੋਂ ਨਿਕਲਦਾ ਹੈ| ਇਹ ‘ਸੋਹਣੀ ਮਹੀਵਾਲ’ ਵਾਲੀ ਪੇਂਟਿੰਗ ਹੈ|
ਉਹ ਕਾਫ਼ੀ ਗਾਲੜੀ ਹਨ ਅਤੇ ਉਨਾਂ੍ਹ ’ਚ ਆਤਮ ਸਨਮਾਨ ਦੀ ਭਾਵਨਾ ਵੀ ਕੁਝ ਜ਼ਿਆਦਾ। ਉਹ ਦੱਸਦੇ ਹਨ ਕਿ ‘ਗੀਤਾ ਬਾਲੀ ਅਤੇ ਬਲਰਾਜ ਸਾਹਨੀ’ ਦੀਆਂ ਚਿੱਠੀਆਂ ਆਈਆਂ ਸਨ ਕਿ ਜਦੋਂ ਬੰਬਈ ਆਵਾਂ ਉਨਾਂ੍ਹ ਦੇ ਘਰ ਜਾ ਆਵਾਂ। ਪਰ ਜਦ ਤੱਕ ਕੋਈ ਆਪੇ ਲੈਣ ਨਾ ਆਵੇ ਮੈਂ ਜਾਣਾ ਨਹੀਂ ਚਾਹੁੰਦਾ| ਮੈਂ ਜੇ.ਜੇ ਸਕੂਲ ਆਫ਼ ਆਰਟ ’ਚ ਅਪਣੇ ਐਡਮੀਸ਼ਨ ਬਾਰੇ ਦੱਸਦਾ ਹਾਂ। ਉਨਾਂ੍ਹ ਨੂੰ ਕਹਿੰਦਾ ਹਾਂ ਕਿ ਉਹ ਮੇਰੀ ਸਕੈਚ ਬੁੱਕ ’ਚ ਅਪਣੇ ਹੱਥ ਨਾਲ ਕੋਈ ਡਰਾਇੰਗ ਬਣਾ ਦੇਣ। ਉਹ ਕੁਝ ਦੇਰ ਬਾਅਦ ਮੇਰੀ ਸਕੈਚ ਬੁੱਕ ’ਚ ਪੈਂਸਲ ਨਾਲ ਇਕ ਸਕੈਚ ਬਣਾਉਂਦੇ ਹਨ। ਅਰਬ ਦੇਸ਼ ਦੀ ਕਿਸੇ ਖਾਨਾ ਬਦੋਸ਼ ਔਰਤ ਦਾ ਸਕੈਚ ਬਣਾਉਂਦਿਆਂ ਦੱਸਦੇ ਹਨ ਕਿ (ਆਰਟਿਸਟ ਬਣਨ ਤੋਂ ਪਹਿਲਾਂ) ਉਹ ਪਹਿਲੇ ਵਿਸ਼ਵ ਯੁੱਧ ’ਚ ਡਰਾਫਸਮੈਨ ਜਾਂ ਕੁਝ ਇਸੇ ਤਰਾਂ੍ਹ ਦੇ ਅਹੁਦੇ ’ਤੇ ਲਗ ਕੇ ਬਸਰਾ-ਬਗ਼ਦਾਦ ਗਏ ਸਨ| ਉਨਾਂ੍ਹ ਸਮਿਆਂ ’ਚ ਕੈਮਰੇ ਨਾਲ ਫ਼ੋਟੋਗਰਾਫ਼ੀ ਬਹੁਤ ਘੱਟ ਹੁੰਦੀ ਸੀ ਅਤੇ ਹਰ ਵੱਡੀ ਰੈਜਮੈਂਟ ਦੇ ਨਾਲ ਚਿੱਤਰਕਾਰ ਵੀ ਹੁੰਦੇ ਸਨ, ਜੋ ਯੁੱਧ ਦੀਆਂ ਅੱਖੀਂ ਦੇਖੀਆਂ ਵਿਸ਼ੇਸ਼ ਘਟਨਾਵਾਂ ਦੇ ਸਕੈਚ ਬਣਾਇਆ ਕਰਦੇ ਸਨ| ਇਹ ਖਾਨਾ ਬਦੋਸ਼ ਤੀਵੀਂ ਦਾ ਸਕੈਚ ਵੀ ਉਨਾਂ੍ਹ ਬਸਰਾ ਬਗਦਾਦ ਵਿਚਕਾਰ ਕਿਤੇ ਬਣਾਇਆ ਸੀ (ਇਹ ਸਕੈਚ ਹਾਲੇ ਵੀ ਮੈਂ ਸਾਂਭ ਕੇ ਰੱਖਿਆ ਹੋਇਆ ਹੈ) ਅਗਲੇ ਦਿਨ ਹੀ ਮੈਂ ਬਾਲਕੋਨੀ ’ਚ ਖੜੇ ਵੇਖਿਆ ਕਿ ਉਨਾਂ੍ਹ ਦਾ ਸਾਮਾਨ ੳੁੱਤਰ ਰਿਹਾ ਹੈ ਅਤੇ ਹੋਟਲ ਦੇ ਥੱਲੇ ਖੜੀ ਇਕ ਹਿਲਮੈਨ ਕਾਰ ’ਚ ਉਨਾਂ੍ਹ ਦਾ ਸਾਮਾਨ ਰੱਖਿਆ ਜਾ ਰਿਹਾ| ਗੀਤਾ ਬਾਲੀ ਉਨਾਂ੍ਹ ਦਾ ਹੱਥ ਫੜ ਕੇ ਕਾਰ ’ਚ ਬਿਠਾ ਰਹੀ ਹੈ|
ਸਰ ਜੇ.ਜੇ ਸਕੂਲ ਆਫ਼ ਆਰਟ ’ਚ ਮੈਂ ਦਾਖ਼ਲੇ ਦੇ ਇੰਟਰਵਿਊ ਦੇ ਸਮੇਂ ਤੋਂ ਇਕ ਘੰਟਾ ਪਹਿਲਾਂ ਪਹੁੰਚ ਜਾਂਦਾ ਹਾਂ| ਇਸ ਬਾਰੇ ਫ਼ਾਰਮ ਭਰ ਕੇ ਮੈਂ ਪਹਿਲਾ ਹੀ ਦੇ ਆਇਆ ਸੀ| ਗਵਾਲੀਅਰ ਤੋਂ ਲੈ ਕੇ ਪੂਨਾ ਤੱਕ ਦੇ ਉਮੀਦਵਾਰ ਕੈਂਪਸ ਦੀ ਖੁੱਲੀ ਥਾਂਵੇਂ ਜੁੰਡਲੀਆਂ ’ਚ ਬੈਠੇ ਹਨ| ਪਤਾ ਲਗਦਾ ਹੈ ਕਿ ਜਿੰਨੀਆਂ ਸੀਟਾਂ ਹਨ ਉਸ ਤੋਂ ਕੁਝ ਕੁ ਹੀ ਜ਼ਿਆਦਾ ਉਮੀਦਵਾਰ ਹਨ| ਮੈਨੂੰ ਆਸ ਬੱਝਦੀ ਹੈ| ਦੁਪਹਿਰ ਤੋਂ ਬਾਅਦ ਮੇਰੀ ਵਾਰੀ ਆਉਂਦੀ ਹੈ| ਮੈਂ ਸਕੈਚ ਬੁੱਕ ਅਤੇ ਡਰਾਇੰਗ ਹੱਥ ’ਚ ਫੜੀ ਅੰਦਰ ਜਾ ਵੜਦਾ ਹਾਂ| ਅਪਣੇ ਕੀਤੇ ਸਕੈਚ ਅਤੇ ਗਿਆਰਸਪੁਰ ਦੇ ਮੰਦਰਾਂ ਵਾਲੇ ‘ਉਸ ਆਰਟਿਸਟ’ ਤੋਂ ਲਏ ਹੋਏ ਸਕੈਚ ਵਿਖਾਉਂਦਾ ਹਾਂ| ਇੰਟਰਵਿਊ ਲੈਣ ਵਾਲਾ ਮੇਰੇ ਤੋਂ ਗਿਆਰਸਪੁਰ ਬਾਰੇ ਪੁੱਛਦਾ ਹੈ| ਮੈਂ ਸੰਖੇਪ ’ਚ ਦੱਸਦਾ ਹਾਂ| ਉਹ ਸੁਣ ਕੇ ਮੁਸਕੁਰਾਉਂਦਾ ਹੈ। ਮੈਨੂੰ ਦਾਖ਼ਲਾ ਮਿਲ ਜਾਂਦਾ ਹੈ| ‘ਜਾਓ ਛੇ ਮਹੀਨੇ ਦੀ ਫ਼ੀਸ ਜਮਾਂ ਕਰਾ ਦੇਵੋ|’ ਇਕ ਟੀਚਰ ਇਕ ਫਾਰਮ ’ਤੇ ਕੁਝ ਲਿਖ ਕੇ ਮੇਰੇ ਹੱਥ ਫੜਾ ਦਿੰਦਾ ਹੈ| ਮੈ ਦੇਖਦਾ ਹਾਂ ਫੀਸ ਜ਼ਿਆਦਾ ਅਤੇ ਬੋਝੇ ‘ਚ ਪੈਸੇ ਘੱਟ| ਮੈਂ ਅਪਣੀ ਮੁਸ਼ਕਲ ਦੱਸਦਾ ਹਾਂ। ਟੀਚਰ ਮੇਰੇ ਹੱਥੋਂ ਫਾਰਮ ਲੈ ਕੇ ਮੁੜ ਉਸ ’ਤੇ ਕੁਝ ਲਿਖਦਾ ਹੈ| ਜਾ ਫੇਰ ਇਕ ਮਹੀਨੇ ਦੀ ਕਰਾ ਦੇ, ਜਦੋਂ ਪੈਸੇ ਹੋ ਜਾਣ ਤਾਂ ਬਾਕੀ ਕਰਾ ਦੇਂਵੀ | ਮੈਨੂੰ ਜਿਵੇਂ ਜੰਨਤ ’ਚ ਦਾਖ਼ਲਾ ਮਿਲ ਜਾਂਦਾ ਹੈ। ਵੱਖਰੀ ਦੁਨੀਆ, ਵੱਖਰਾ ਵਾਤਾਵਰਨ, ਆਰਟ ਦੀਆਂ ਗੱਲਾਂ| ਸਕੂਲ ’ਚ ਸਵੇਰ ਤੋਂ ਸ਼ਾਮ ਤੱਕ ਸਾਰਾ ਦਿਨ ਮਾਡਲ, ਕੰਪੋਜ਼ੀਸ਼ਨ ਲੈਂਡਸਕੇਪ। ਰਾਤੀਂ ਡਾਰਮੈਟਰੀ ’ਚ ਜਾ ਸੌਣਾ| ਦਿਨੇ ਵੀ ਜਦੋਂ ਵਿਹਲ ਮਿਲਦਾ ਤਾਂ ਸਕੈਚ ਬੁੱਕ ਲੈ ਕੇ ਇਧਰ ਉਧਰ ਫਿਰਦਿਆਂ ਸਕੈਚ ਬਣਾਉਂਦਾ ਰਹਿੰਦਾ| ਜੇਬ ’ਚ ਪਏ ਪੈਸੇ ਮੁੱਕਦੇ ਜਾ ਰਹੇ ਸਨ। ਉਂਝ ਘਰ ਵੀ ਖਤ ਲਿਖ ਦਿੱਤਾ ਸੀ ਕਿ ਚਿੰਤਾ ਨਾ ਕਰਨ, ਮੈਨੂੰ ਦਾਖਲ਼ਾ ਮਿਲ ਗਿਆ ਹੈ, ਹੁਣ ਮੈਂ ਆਰਟਿਸਟ ਬਣਕੇ ਹੀ ਪਰਤਾਂਗਾ।
ਪੈਸੇ ਦੀ ਚਿੰਤਾ ਵੀ ਛੇਤੀ ਹੀ ਹੱਲ ਹੋ ਗਈ| ਕਲਾਸਾਂ ਤੋਂ ਬਾਅਦ ਪਹਿਲਾਂ ਮੈਂ ਇਕ ਪੇਂਟਰ ਦੇ ਕੋਲ ਜਾ ਕੇ ਸਾਈਨ ਬੋਰਡ ਬਣਾਉਣ ’ਚ ਉਸ ਦਾ ਹੱਥ ਵਟਾਉਣ ਲੱਗਾ, ਫੇਰ ਫਿਲਮਾਂ ਦੇ ਬੈਨਰ (ਕਿਸੇ ਫਿਲਮ ਐਕਟਰ, ਐਕਟਰੈਸਾਂ ਦੇ ਚਿਹਰਿਆਂ ਦੇ ਵੱਡੇ ਸਾਇਨ ਬੋਰਡ|)
ਕੁਝ ਮਹੀਨਿਆਂ ਮਗਰੋਂ ਘਰੋਂ ਖ਼ਤ ਆ ਗਿਆ ਕਿ ਵੱਡੇ ਭਰਾ ਦੀ ਕੁੜਮਾਈ ਹੈ, ਨਾਲੇ ਦੀਵਾਲੀ, ਕੁਝ ਦਿਨਾਂ ਲਈ ਘਰ ਆ ਜਾਵਾਂ| ਮੈਂ ਝੱਟ ਤਿਆਰ ਹੋ ਗਿਆ। ਮਨ ਜਿਵੇਂ ਘਰ ਪਰਤਣ ਦਾ ਬਹਾਨਾ ਲੱਭ ਰਿਹਾ ਹੋਵੇ| ਆਰਟ ਸਕੂਲ ਦੇ ਕੁੜੀਆਂ ਮੁੰਡਿਆਂ ’ਚੋਂ ਕਿਸੇ ਨਾਲ ਮੇਰੀ ਨੇੜਤਾ ਦੋਸਤੀ ਨਹੀਂ ਹੋ ਸਕੀ। ਉਹ ਸਾਰੇ ਵੱਡੇ ਘਰਾਂ ਦੇ ਅਤੇ ਮੇਰੀ ਪਿਛੋਕੜ ਤੋਂ ਬਿਲਕੁਲ ਵੱਖਰੇ| ਪਾਣੀ ਵੀ ਮੁਆਫਕ ਨਹੀਂ ਆਇਆ| ਕੌੜਾ ਕੌੜਾ ਲਗਦਾ| ਕਬਜ਼ੀ ਰਹਿਣ ਲੱਗੀ| ਖਾਣਾ ਇਕ ਹਫਤੇ ’ਚ ਇਕ ਵਾਰੀ ਸ਼ੇਰ-ਏ-ਪੰਜਾਬ ਹੋਟਲ ’ਚੋਂ ਦਸ ਬਾਰਾਂ ਆਨੇ ‘ਚ ਬਾਕੀ ਦਿਨ ਮਸਾਲਾ ਡੋਸਾ ਜਾਂ ਇਡਲੀ। ਚਾਰ ਛੇ ਆਨਿਆਂ ’ਚ ਢਿੱਡ ਭਰ ਜਾਂਦਾ| ਇਸ ਦੇ ਇਲਾਵਾ ਖੂਬ ਵੱਡੇ ਪਰਿਵਾਰ ’ਚ ਰਹਿਣ ਦੀ ਆਦਤ| ਘਰ ਮੁੜਨ ਤੋਂ ਪਹਿਲਾਂ ਹੀ ਮੈਂ ਜਾਣ ਗਿਆ ਸਾਂ ਕਿ ਹੁਣ ਇਸ ਆਰਟ ਸਕੂਲ ਦੀਆਂ ਕਲਾਸਾਂ ਨੂੰ ਬਾਏ ਬਾਏ ਕਹਿਣਾ ਪਵੇਗਾ| ਮੈਂ ਅਪਣੇ ਇਕ ਟੀਚਰ (ਸ਼ਾਇਦ ਅਚਰੇਕਰ) ਨੂੰ ਜਾ ਕੇ ਅਪਣੀ ਸਮੱਸਿਆ ਦੱਸੀ| ਉਸ ਨੇ ਆਰਟ ਸਕੂਲ ਦੇ ਕਾਇਦੇ ਕਾਨੂੰਨਾਂ ਦੇ ਵਰਕੇ ਫੋਲੇ ਅਤੇ ਇਕ ਰਾਹ ਦੱਸਦਿਆਂ ਕਿਹਾ ਕਿ ਜੇ ਮੈਂ ਹਰ ਸਾਲ ਐਨੇ ਪੋਰਟਰੇਟ, ਐਨੇ ਲੈਂਡਸਕੇਪ, ਐਨੇ ਡਿਜ਼ਾਇਨ, ਐਨੇ ਕੰਪੋਜ਼ੀਸ਼ਨ ਵਗੈਰਾ ਪੇਂਟ ਕਰਕੇ ਭੇਜਦਾ ਰਹਾਂ ਤਾਂ ਉਨਾਂ੍ਹ ਦੇ ਅਧਾਰ ’ਤੇ ਮੈਂ ਹਰ ਸਾਲ ਇਮਤਿਹਾਨ ’ਚ ਬੈਠਣ ਦਾ ਹੱਕਦਾਰ ਹੋ ਸਕਦਾ ਹਾਂ|
ਇਸ ਤੋਂ ਬਾਅਦ ਘਰ ਵਾਪਸ ਅਤੇ ਦੋ ਢਾਈ ਸਾਲ ਤੱਕ ਨਾ ਇਹ ਕੁਝ ਭੇਜ ਸਕਿਆ, ਨਾ ਬੰਬਈ ਜਾ ਸਕਿਆ। ਦੋ ਢਾਈ ਸਾਲ ਬਾਅਦ ਬੰਬਈ ਜਾ ਕੇ ਇਮਤਿਹਾਨ ’ਚ ਬੈਠਦਾ ਅਤੇ, ਹਰ ਸਾਲ ਪਾਸ ਵੀ ਹੁੰਦਾ ਰਿਹਾ|
ਬਸੰਤੀ
ਪਰ ਮੇਰੀ ਗਲ ‘ਬਸੰਤੀ’ ਦੇ ਬਿਨਾ ਪੂਰੀ ਨਹੀਂ ਹੋਣੀ ਜਿਸ ਦਾ ਵੇਰਵਾ ਇੱਥੇ ਦੇਣ ਦੀ ਖੁੱਲ ਲੈਣੀ ਚਾਹਵਾਂਗਾ|
ਹੁਣ ਮੈਨੂੰ ਦਿੱਲੀ ’ਚ ਅਸਿਸਟੈਂਟ ਆਰਟਿਸਟ ਦੇ ਤੌਰ ’ਤੇ ਡੇੜ੍ਹ ਦੋ ਸੌ ਦੀ ਨੌਕਰੀ ਮਿਲ ਗਈ ਹੋਈ ਸੀ| ਇਮਤਿਹਾਨ ’ਚ ਬੈਠਣ ਲਈ ਬੰਬਈ ਆ ਕੇ ਮੈਂ ਉਸੇ ਸ਼ਾਨ-ਏ-ਪੰਜਾਬ ਹੋਟਲ ’ਚ ਦੋ ਰੁਪੈ ਵਾਲਾ ਕੈਬਿਨ ਲੈ ਲੈਂਦਾ ਹਾਂ| ਦੂਸਰੇ ਦਿਨ ਅਪਣੇ ਝੋਲੇ ’ਚ ਪੇਂਟਿੰਗ ਦਾ ਸਾਮਾਨ ਪਾ ਕੇ ਆਰਟ ਸਕੂਲ ਪਹੁੰਚਦਾ ਹਾਂ | ਇਸ ਸਕੂਲ ਦੇ ਵਿਦਿਆਰਥੀਆਂ ਦੇ ਇਲਾਵਾ ਮੇਰੇ ਵਰਗੇ ਪਰਾਈਵੇਟ ਕੈਂਡੀਡੇਟ ਵੀ ਕੁਝ ਸਥਾਨਾ ਤੋਂ ਆਏ ਹੋਏ ਹਨ| ਇਨਾਂ੍ਹ ਵਿਚ ਗਵਾਲੀਅਰ ਤੋਂ ਆਇਆ ਹੋਇਆ ਇਕ ਵੱਡਾ ਗਰੁੱਪ ਹੈ, ਦਸ ਬਾਰਾਂ ਮੁੰਡੇ ਅਤੇ ਪੰਜ ਛੇ ਕੁੜੀਆਂ | ਮੈਨੂੰ ਵੇਖ ਕੇ ਗਵਾਲੀਅਰ ਵਾਲੇ ਤਿੰਨ ਚਾਰ ਮੁੰਡੇ ਆਵਾਜ਼ ਮਾਰ ਕੇ ਅਪਣੇ ਕੋਲ ਬੁਲਾਉਂLਦੇ ਹਨ| ਚਾਹੇ ਮੈਂ ਗਵਾਲੀਅਰ ਤੋਂ ਤਿੰਨ ਕੁ ਸੌ ਕਿਲੋਮੀਟਰ ਦੂਰ ਦਿੱਲੀ ਦਾ ਰਹਿਣ ਵਾਲਾ ਪਰ ਮਾਨਸਿਕ ਅਤੇ ਭਾਸ਼ਾ ਦੇ ਪੱਧਰ ’ਤੇ ਇਹ ਮੈਨੂੰ ਅਪਣੇ ਵਲ ਦਾ ਹੀ ਸਮਝ ਕੇ ਬੜੀ ਅਪਣੱਤ ਨਾਲ ਪੇਸ਼ ਆਉਂਦੇ ਹਨ| ਕੁਝ ਦੇਰ ਗੱਲਾਂ ਕਰਦਿਆਂ ਮੈਂ ਇਨਾਂ੍ਹ ਦੇ ਗਰੁੱਪ ਦਾ ਹੀ ਇਕ ਹਿੱਸਾ ਬਣ ਜਾਂਦਾ ਹਾਂ| ਮੈਨੂੰ ਵੀ ਚੰਗਾ ਲਗਦਾ ਹੈ| ਮੈਂ ਇਹ ਵੀ ਨੋਟਿਸ ਕਰਦਾ ਹਾਂ ਕਿ ਮੁੰਡੇ ਦਰਮਿਆਨੇ ਘਰਾਂ ’ਚੋਂ ਹਨ ਪਰ ਕੁੜੀਆਂ ਅਪਣੀਆਂ ਕੀਮਤੀ ਸਾੜੀਆਂ ਅਤੇ ਹਾਵ ਭਾਵ ਤੋਂ ਅਮੀਰ ਘਰਾਣਿਆਂ ਦੀਆਂ ਲਗਦੀਆਂ ਹਨ| ਇਨਾਂ੍ਹ ਵਿਚੋਂ ਸਭ ਤੋਂ ਵੱਖਰੀ ਦਿਸਦੀ ਇਕ ਕੁੜੀ ਹੈ। ਨਾਮ ਹੈ ਬਸੰਤੀ। ਕਦ ਦਰਮਿਆਨਾ। ਰੰਗ ਕਣਕ ਭਿੰਨਾ। ਪੈਰਾਂ ’ਚ ਪਾਏ ਬਿਛੂਏ, ਡੋਲਿਆਂ ’ਚ ਪਾਏ ਸਪਤ-ਧਾਤੂ ਤੇ ਨਾਗਣੀ ਵਰਗੇ ਬਾਜ਼ੂਬੰਦ, ਚੋੜੇ ਮੱਥੇ ’ਤੇ ਵੱਡੀ ਸਾਰੀ ਲਾਲ ਬਿੰਦੀ, ਸ਼ਾਹਾਨਾ ਮਸਤਾਨਾ ਚਾਲ ਜਿਵੇਂ ਤੁਰਦੀ ਨਹੀਂ ਉਡ ਰਹੀ ਹੋਵੇ। ਵੇਖ ਕੇ ਮੈਨੂੰ ਇੰਝ ਲਗਦਾ ਹੈ ਜਿਵੇਂ ਕਾਲੀਦਾਸ ਦੇ ਨਾਟਕਾਂ ਦੀ ਕੋਈ ਨਾਇਕਾ ਆ ਪ੍ਰਗਟ ਹੋਈ ਹੋਵੇ; ਕੋਈ ਪ੍ਰਾਚੀਨ ਜਹੀ ਦੇਵ-ਕੰਨਿਆ|
ਸਾਡੇ ਇਮਤਿਹਾਨ ਦੇ ਛੇ ਪਰਚੇ। ਕਈ ਪਰਚੇ ਦੋ ਦੋ ਦਿਨ ਲੰਮੇ। ਪੋਰਟਰੇਟ ਅਤੇ ਮਾਡਲ ਦੇ ਪਰਚਿਆਂ ਤੋਂ ਬਾਅਦ ਡਿਜ਼ਾਇਨ (ਫੁੱਲਾਂ, ਬੇਲਬੂਟਿਆਂ) ਦਾ ਪਰਚਾ। ਇਸ ਵਿਚ ਮੈਂ ਬਹੁਤ ਕਮਜ਼ੋਰ। ਮੈਨੂੰ ਇਕ ਤਰਕੀਬ ਸੁੱਝਦੀ ਹੈ| ਇਕ ਪਾਸੇ ਖੜੀ ਅਪਣੀ ਕਿਸੇ ਸਹੇਲੀ ਨਾਲ ਗੱਲਾਂ ਕਰਦੀ ਬਸੰਤੀ ਕੋਲ ਜਾਂਦਾ ਹਾਂ ਅਤੇ ਝਕਦਿਆਂ ਝਕਦਿਆਂ ਕਹਿੰਦਾ ਹਾਂ ਕਿ ਕੱਲ ਡਿਜ਼ਾਇਨ ਦਾ ਟੈਸਟ ਹੈ। ਜੇ ਕੱਲ ਤੁਸੀ ਦੋਵੇਂ ਐਸੀਆਂ ਸਾੜੀਆਂ ਪਾ ਕੇ ਆਵੋਂ ਜਿਸ ਦੇ ਪੱਲਿਆਂ ਤੇ ਬਹੁਤ ਵਧੀਆ ਡਿਜ਼ਾਇਨ ਹੋਣ ਤਾਂ ਮੈਨੂੰ ਬਹੁਤ ਆਸਾਨੀ ਹੋਵੇਗੀ| ਇਹ ਦੋਵੇਂ ਕੁੜੀਆਂ ਟੈਸਟ ਵਿਚ ਮੇਰੇ ਐਨ ਸਾਹਮਣੇ ਬੈਠਦੀਆਂ ਸਨ| ਅਗਲੇ ਦਿਨ ਮੈਂ ਵੇਖਦਾ ਹਾਂ ਕਿ ਗਵਾਲੀਅਰ ਦੀਆਂ ਉਹ ਛੇਓ ਕੁੜੀਆਂ ਬਹੁਤ ਸੋਹਣੇ ਡਿਜ਼ਾਇਨ ਦੇ ਪੱਲਿਆਂ ਬਾਰਡਰਾਂ ਵਾਲੀਆਂ ਸਾੜੀਆਂ ਪਾ ਕੇ ਆਈਆਂ ਹਨ। ਬਸੰਤੀ ਅਤੇ ਉਸ ਦੀ ਸਹੇਲੀ ਮੇਰੇ ਵੱਲ ਇੰਝ ਮੁਸਕਰਾ ਕੇ ਵੇਖਦੀਆਂ ਹਨ ਜਿਵੇਂ ਕਹਿ ਰਹੀਆਂ ਹੋਣ: ਹੁਣ ਤੇ ਠੀਕ ਹੈ ਨਾ!
ਵਿਚਕਾਰ ਐਤਵਾਰ ਆ ਜਾਂਦਾ ਹੈ, ਪਰੀਖਿਆ ਤੋਂ ਛੁੱਟੀ| ਗਵਾਲੀਅਰ ਦੇ ਮੁੰਡੇ ਕੁੜੀਆਂ ਐਲੀਫੈਂਟਾ ਦੀਆਂ ਗੁਫਾਵਾਂ ਵੇਖਣ ਜਾਣ ਦਾ ਪ੍ਰੋਗਰਾਮ ਬਣਾਉਂਦੇ ਹਨ| ਮੈਨੂੰ ਵੀ ਚੱਲਣ ਲਈ ਕਹਿੰਦੇ ਹਨ| ਐਲੀਫੈਂਟਾ ਸਮੁੰਦਰ ਦੇ ਵਿਚ ਇਕ ਟਾਪੂ ਹੈ, ਸਮੁੰਦਰ ਦੇ ਕੰਢੇ ਤੋਂ ਤਰਰੀਬਨ ਨੌ ਕਿਲੋਮੀਟਰ ਦੂਰ। ਅੱਜ ਕੱਲ ਡੀਜ਼ਲ ਇੰਜਣ ਦੀਆਂ ਕਿਸ਼ਤੀਆਂ ਚਲਦੀਆਂ ਹਨ, ਗੇਟਵੇ ਆਫ਼ ਇੰਡੀਆ ਤੋਂ| ਉਨ੍ਹੀ ਦਿਨੀਂ ਸਟੀਮਰ ਚਲਦਾ ਸੀ ਸਵੇਰੇ ਅੱਠ ਵਜੇ| ਕਿਸੇ ਕਾਰਨ ਮੇਰੇ ਪਹੁੰਚਣ ’ਚ ਦੇਰ ਹੋ ਜਾਂਦੀ ਹੈ ਅਤੇ ਜਦ ਮੈਂ ਗੇਟਵੇ ਆਫ਼ ਇੰਡੀਆ ਪਹੁੰਚਦਾ ਹਾਂ ਤਾਂ ਸਟੀਮਰ ਜਾ ਚੁੱਕਿਆ ਸੀ| ਮੈਂ ਦੁਖੀ ਮਨ ਨਾਲ ਦੂਰ ਜਾ ਰਹੇ ਸਟੀਮਰ ਨੂੰ ਤੱਕਦਾ ਰਹਿ ਜਾਂਦਾ ਹਾਂ| ਉਸੇ ਵੇਲੇ ਮੇਰੇ ਕੋਲ ਇਕ ਮਲਾਹ ਆ ਕੇ ਪੁੱਛਦਾ ਹੈ: ‘ਤੁਸੀਂ ਐਲੀਫੈਂਟਾ ਜਾਣਾ?’ ਮੇਰੇ ਹਾਂ ਕਹਿਣ ’ਤੇ ਉਹ ਕਹਿੰਦਾ ਹੈ ਕਿ ਉਹ ਮੈਨੂੰ ਆਪਣੀ ਕਿਸ਼ਤੀ ’ਚ ਲੈ ਜਾਵੇਗਾ। ਜ਼ਰਾ ਕੁ ਵਿੱਥ ’ਤੇ ਉਸ ਦੀ ਕਿਸ਼ਤੀ ਖੜੀ ਹੈ, ਬਾਦਬਾਨੀ ਕਿਸ਼ਤੀ| ਸਟੀਮਰ ਨੂੰ ਮਿਸ ਕਰਨ ਵਾਲੇ ਮੇਰੇ ਵਰਗੇ ਅੱਠ ਦਸ ਹੋਰ ਸੈਲਾਨੀ ਆ ਇੱਕਠੇ ਹੁੰਦੇ ਹਨ| ਅਸੀਂ ਸਾਰੇ ਬਾਦਬਾਨੀ ਕਿਸ਼ਤੀ ’ਚ ਬੈਠ ਜਾਂਦੇ ਹਾਂ| ਮਲਾਹ ਕੁਝ ਦੇਰ ਚੱਪੂ ਚਲਾ ਕੇ ਕਿਸ਼ਤੀ ਨੂੰ ਕੰਢੇ ਤੋਂ ਦੂਰ ਲੈ ਜਾਂਦਾ ਅਤੇ ਫੇਰ ਉਸ ਦੇ ਬਾਦਬਾਨ ਖੋਲ੍ਹ ਦਿੰਦਾ ਹੈ| ਬਾਦਬਾਨ ਹਵਾ ’ਚ ਫੜਫੜਾਉਂਦੇ ਅਤੇ ਕਿਸ਼ਤੀ ਸਾਗਰ ਦੀਆਂ ਲਹਿਰਾਂ ਨਾਲ ਉੱਪਰ ਥੱਲੇ ਹੁੰਦੀ ਤੇਜ਼ ਰਫਤਾਰ ਨਾਲ ਅੱਗੇ ਵਧਣ ਲਗਦੀ ਹੈ| ਚਾਰ ਪੰਜ ਚਿੱਟੇ ਚਿੱਟੇ ਪੰਛੀ ਪਿੱਛੇ ਪਿੱਛੇ ਉਡਦੇ ਆ ਰਹੇ ਹਨ| ਜਦ ਕਦੇ ਕੋਈ ਉੱਚੀ ਲਹਿਰ ਆਉਂਦੀ ਤਾਂ ਕਿਸ਼ਤੀ ਨਾਲ ਟਕਰਾ ਕੇ ਸਾਡੇ ਕੱਪੜਿਆਂ ਉਤੇ ਛੜਕਾ ਕਰ ਜਾਂਦੀ ਹੈ| ਕੁਝ ਸੈਲਾਨੀ ਤੀਵੀਆਂ ਡਰਦੀਆਂ ਹਨ ਪਰ ਮੈਨੂੰ ਬੜਾ ਚੰਗਾ ਲੱਗ ਰਿਹਾ ਹੈ ਅਤੇ ਮੈਂ ਬੇੜੀ ਦੇ ਬਿਲਕੁਲ ਅਗਲੇ ਹਿੱਸੇ ’ਤੇ ਜਾ ਕੇ ਬੈਠ ਜਾਂਦਾ ਹਾਂ|
ਸਭ ਕੁਝ ਨਵਾਂ ਲੱਗ ਰਿਹਾ ਹੈ। ਕੁਝ ਇਸ ਤਰਾਂ੍ਹ ਜਿਵੇਂ ਕਿਸੇ ਸ਼ੇਰ ਦਾ ਥੋੜ੍ਹੇ ਦਿਨਾਂ’ਚ ਬੱਚਾ ਪਹਿਲੀ ਵਾਰ ਗੁਫ਼ਾ ਦੇ ਬਾਹਰ ਆ ਕੇ ਵੇਖਦਾ ਹੈ| ਕਿਸੇ ਖੋਜੀ ਦੀ ਤਰਾਂ੍ਹ, ਸਿੰਧਬਾਦ ਜ਼ਹਾਜੀ ਦੀ ਤਰਾਂ੍ਹ ਜਿਸਦੀ ਪੁਸਤਕ ਉਰਦੂ ਅੱਖਰਾਂ ’ਚ ਕੁਝ ਦਿਨ ਪਹਿਲਾਂ ਹੀ ਪੜੀ੍ਹ ਸੀ; ਜਾਮਾ ਮਸਜਿਦ ਦੁਆਲੇ ਬੈਠੇ ਪੁਰਾਣੀਆਂ ਕਿਤਾਬਾ ਵੇਚਣ ਵਾਲੇ ਤੋਂ ਇਕ ਆਨੇ ਦੀ ਲੈ ਕੇ|
ਕੁਝ ਦੇਰ ਬਾਅਦ ਬੇੜੀ ਐਲੀਫੈLਂਟਾ ਦੀ ਛੋਟੀ ਜਹੀ ਜੈਟੀ ਨਾਲ ਜਾ ਲਗਦੀ ਹੈ। ਐਲੀਫੈਂਟਾ ਇਕ ਪਹਾੜੀ ਨੁਮਾ ਟਾਪੂ ਹੈ| ਮੈਂ ਉੱਪਰ ਜਾ ਰਹੀ ਪੌੜੀਆਂ ਵਰਗੀ ਪਗਡੰਡੀ ’ਤੇ ਤੁਰਦਾ ਐਲੀਫੈਂਟਾ ਦੀਆਂ ਗੁਫ਼ਾਵਾਂ ਕੋਲ ਜਾ ਪਹੁੰਚਦਾ ਹਾਂ| ਅੰਦਰ ਜਾ ਕੇ ਹੈਰਾਨ ਖੜਾ ਵੇਖਦਾ ਰਹਿੰਦਾ ਹਾਂ| ਪਹਾੜ ਨੂੰ ਛੈਣੀਆਂ ਨਾਲ ਕੱਟ ਕੇ ਸਤਵੀਂ ਸਦੀ ’ਚ ਕਾਰੀਗਰਾਂ ਨੇ ਇਹ ਹਾਲ ਕਮਰਾ ਬਣਾਇਆ ਹੋਇਆ| ਉਸ ਗੁਫ਼ਾ ਨੁਮਾ ਕਮਰੇ ’ਚ ਥੰਮਾਂ ਅਤੇ ਕੰਧਾਂ ਉੱਤੇ ਸ਼ਿਵ ਨੂੰ ਅਨੇਕਾਂ ਰੂਪਾਂ ’ਚ ਵੱਡੇ ਵੱਡੇ ਪੈਨਲਾਂ ’ਚ ਘੜਿਆ ਹੋਇਆ। ਇਕ ਪਾਸੇ ਖੜੇ ਗਵਾਲੀਅਰ ਦੇ ਵਿਦਿਆਰਥੀਆਂ ਨੂੰ ਵੇਖ ਕੇ ਮੈਂ ਖੁਸ਼ ਹੋ ਜਾਂਦਾ ਹਾਂ| ਉਨਾਂ੍ਹ ਦਾ ਟੀਚਰ ਉਨਾਂ੍ਹ ਨੂੰ ਇਨਾਂ੍ਹ ਮੂਰਤੀਆਂ ਬਾਰੇ ਲੈਕਚਰ ਦੇ ਰਿਹਾ ਹੈ: ਦੇਖੋ ਸ਼ਿਵ ਏਥੇ ਗਿਆਨੇਸ਼ਵਰ ਦੇ ਰੂਪ ਵਿਚ, ਔਹ ਕਲਿਆਨ ਸੁੰਦਰੀ, ਸਦਾ ਸ਼ਿਵ, ਮਹਾਦੇਵ ਦੇ ਰੂਪ ਵਿਚ …ਗੰਗਾ ਨੂੰ ਅਕਾਸ਼ ਤੋਂ ਉਤਰਦਿਆਂ ਗੰਗਾਧਰ ਜਾਂ ਪਾਰਬਤੀ ਨਾਲ ਖੜੇ ਉਮਾਂ ਮਹੇਸ਼ਵਰ ਦੇ ਰੂਪ ਵਿਚ | ਕੰਧਾਂ ਦੇ ਪੈਨਲਾਂ ਦੇ ਐਨ ਵਿਚਕਾਰ ਤ੍ਰੈਮੂਰਤੀ ਹੈ, ਸ਼ਿਵ ਦਾ ਬ੍ਰਹਮਾ, ਵਿਸ਼ਨੂੰ-ਮਹੇਸ਼ ਦਾ ਰੂਪ|
ਕੁਝ ਦੇਰ ਬਾਅਦ ਸਾਰੇ ਮੁੰਡੇ ਕੁੜੀਆਂ ਅਪਣੀਆਂ ਸਕੈਚ ਬੁੱਕਾਂ ਕੱਢ ਕੇ ਮੂਰਤੀਆਂ ਦੇ ਸਕੈਚ ਬਣਾਉਣ ਲਗਦੇ ਹਨ| ਬਸੰਤੀ ਇਕ ਥੰਮ ਨਾਲ ਢੋਅ ਲਾਈ ਸਾਹਮਣੇ ਵਾਲੀ ਇਕ ਮੂਰਤੀ ਦਾ ਸਕੈਚ ਬਣਾ ਰਹੀ ਹੈ| ਇਹ ਸ਼ਿਵ ਦਾ ਨਟਰਾਜ ਦਾ ਰੂਪ ਹੈ, ਥੋੜ੍ਹਾ ਟੁੱਟਿਆ ਹੋਇਆ ਪਰ ਫੇਰ ਵੀ ਇਕ ਸੰਗੀਤਕਾਰ ਵਾਂਗ ਅਪਣੇ ਹੀ ਨਾਚ ਦੀ ਮਸਤੀ ’ਚ ਗੁਆਚਿਆ ਦਿਸ ਰਿਹਾ ਹੈ| ਇਸ ਵੇਲੇ ਮੈਨੂੰ ਯਾਦ ਆ ਰਿਹਾ ਹੈ ਕਿ ਮੇਰੇ ਉਥੇ ਜਾਣ ਤੋਂ ਕੁਝ ਦਿਨ ਬਾਅਦ ਹੀ ਅਫ਼ਸਾਨਾ ਨਿਗਾਰ ਕ੍ਰਿਸ਼ਨ ਚੰਦਰ ਨੇ ਇਨਾਂ੍ਹ ਮੂਰਤੀਆਂ ਤੋਂ ਪੇ੍ਰਰਿਤ ਹੋ ਕੇ ‘ਏਕ ਵਾਇਲਨ ਸਮੁੰਦਰ ਦੇ ਕਿਨਾਰੇ’ ਨਾਮ ਦਾ ਨਾਵਲ ਲਿਖਿਆ ਸੀ ਜਿਸ ਵਿਚ ਕੇਸ਼ਵ(ਸ਼ਿਵ) ਦਾ ਬੁੱਤ ਕਿਸੇ ਚਮਤਕਾਰ ਨਾਲ ਮਨੁੱਖ ਦਾ ਰੂਪ ਧਾਰਨ ਕਰਦਾ ਅਤੇ ਬਸੰਤੀ ਵਾਂਗ ਇਥੇ ਆਈ ਕਿਸੇ ਕੁੜੀ (ਸ਼ਾਇਦ ਰੰਭਾ) ਦੀ ਤਲਾਸ਼ ਵਿਚ ਨਿੱਕਲ ਪੈਂਦਾ ਹੈ| ਮੈਂ ਕੁਝ ਦੇਰ ਖੜਾ ਕਦੇ ਮੂਰਤੀ ਅਤੇ ਕਦੇ ਬਸੰਤੀ ਨੂੰ ਸਕੈਚ ਕਰਦਿਆਂ ਵੇਖਦਾਂ ਅਤੇ ਫੇਰ ਆਪ ਵੀ ਇਕ ਪਾਸੇ ਜਾ ਕੇ ਇਕ ਮੂਰਤੀ ਦਾ ਸਕੈਚ ਕਰਨ ਲਗਦਾ ਹਾਂ|
ਵਾਪਸੀ ’ਚ ਮੈਂ ਉਨਾਂ੍ਹ ਨੂੰ ਬਾਦਬਾਨੀ ਕਿਸ਼ਤੀ ਦੀ ਰੁਮਾਂਟਿਕ ਜਹੀ ਯਾਤਰਾ ਬਾਰੇ ਦੱਸਦਾ ਹਾਂ ਅਤੇ ਉਨਾਂ੍ਹ ਨੂੰ ਸਟੀਮਰ ਦੀ ਬਜਾਏ ਕਿਸ਼ਤੀ ’ਚ ਵਾਪਸ ਜਾਣ ਲਈ ਪ੍ਰੇਰਿਤ ਕਰਦਾ ਹਾਂ| ਅਪਣੇ ਟੀਚਰ ਦੀ ਆਗਿਆ ਲੈ ਕੇ ਤਿੰਨ ਮੁੰਡੇ ਅਤੇ ਦੋ ਕੁੜੀਆਂ, ਜਿਸ ’ਚ ਬਸੰਤੀ ਵੀ ਹੈ, ਬਾਦਬਾਨੀ ਕਿਸ਼ਤੀ ’ਚ ਆ ਬੈਠਦੇ ਹਨ| ਮੈਨੂੰ ਹਾਲੇ ਵੀ ਯਾਦ ਹੈ ਉਹ ਦ੍ਰਿਸ਼ ਜਦੋਂ ਸਾਗਰ ਦੀਆਂ ਲਹਿਰਾਂ ਨਾਲ ਉੱਪਰ ਥੱਲੇ ਹੋ ਰਹੀ ਕਿਸ਼ਤੀ ’ਚ ਬਸੰਤੀ ਕਿਸ਼ਤੀ ਦਾ ਮਸਤੂਲ (ਕਿਸ਼ਤੀ ਵਿਚਕਾਰ ਮੋਟੇ ਬਾਂਸ ਜਾ ਬੱਲੀ ਦਾ ਉੱਚਾ ਸਾਰਾ ਡੰਡਾ) ਨੂੰ ਫੜ ਕੇ ਖੜੀ ਹੈ| ਉਸ ਦੀ ਸਾੜੀ ਦਾ ਪੱਲਾ ਹਵਾ ’ਚ ਉਡ ਰਿਹਾ ਹੈ ਅਤੇ ਉਹ ਸਾਗਰ ਦੀ ਦੇਵੀ ਵਾਂਗ ਆਕਾਸ਼ ਵਲ ਤੱਕ ਰਹੀ ਹੈ, ਭਵਿੱਖ ਅਤੀਤ ਤੋਂ ਬੇਖ਼ਬਰ ਜਿਵੇਂ ਕੇਵਲ ਵਰਤਮਾਨ ਹੀ ਵਰਤਮਾਨ ਰਹਿ ਗਿਆ ਹੋਵੇ, ਆਨੰਦ ਅਤੇ ਪੂਰਨਤਾ ਨਾਲ ਭਰੀ ਹੋਈ|
ਇਨਾਂ੍ਹ ’ਚੋਂ ਕੇਸ਼ਵ ਬਸੋਡੀਆ ਨਾਮ ਦਾ ਮੁੰਡਾ ਕੁਝ ਜ਼ਿਆਦਾ ਬੜਬੋਲਾ ਹੈ| ਉਹ ਬਸੰਤੀ ਵਲ ਤੱਕਦਿਆ ਕਹਿੰਦਾ ਹੈ- ‘ਗਾ ਬਸੰਤੀ ਗਾ, ਉਹੀ ਗੀਤ …।’ ਬਸੰਤੀ ਮੁਸਕਰਾ ਕੇ ਉਸ ਵਲ ਤੱਕਦੀ ਅਤੇ ਫੇਰ ਉਸੇ ਤਰਾਂ੍ਹ ਖੜੀ ਰਹਿੰਦੀ ਹੈ| ਹੁਣ ਮੈਂ ਸੋਚ ਰਿਹਾ ਹਾਂ ਕਿ ਉਸ ਵੇਲੇ ਕਿਸੇ ਦੇ ਗਾਉਣ ਦੀ ਕੀ ਲੋੜ! ਉਸ ਵੇਲੇ ਤੇ ਸਾਰਾ ਵਾਤਾਵਰਨ ਹੀ ਸੰਗੀਤ ਸੀ, ਕਵਿਤਾ ਸੀ, ਸ਼ਬਦ ਅਤੇ ਸੋਚ ਦੀ ਪਕੜ ਤੋਂ ਬਾਹਰ, ਨਿਰਾ ਪੁਰਾ ਅਨੁਭਵ! ਜਾਂ ਅਨੁਭਵ ਤੋਂ ਵੀ ਪਰੇ ਕੁਝ ਹੋਰ !
ਬਸੰਤੀ ਇਨਾਂ੍ਹ ਸਾਰਿਆਂ ਨਾਲ ਅਗਲੇ ਸਾਲ ਫੇਰ ਆਈ। ਉਸ ਤੋਂ ਅਗਲੇ ਸਾਲ ਵੀ, ਪਹਿਲਾ ਤੋਂ ਜ਼ਿਆਦਾ ਸੁੰਦਰ, ਜ਼ਿਆਦਾ ਪ੍ਰਭਾਵਸ਼ਾਲੀ| ਤੀਸਰੇ ਸਾਲ ਨਹੀਂ ਆਈ| ਜਿਵੇਂ ਇਸ ਦੁਨੀਆ ’ਚੋਂ ਅਲੋਪ ਹੋ ਗਈ ਹੋਵੇ। ਪਰ ਉਹ ਮੇਰੀ ਕਲਪਨਾ ’ਚੋਂ ਅਲੋਪ ਨਹੀਂ ਹੋਈ। ਚਾਹੇ ਇਹ ਮੇਰੀ ਖੁਸ਼ਫਹਿਮੀ ਜਾਂ ਕਲਪਨਾ ਹੀ ਹੋਵੇ: ਬਸੰਤੀ ਕੋਈ ਵਿਅਕਤੀ ਨਹੀਂ ਸੀ ਬਲਕਿ ਭਾਰਤੀ ਸੱਭਿਆਚਾਰ ਅਤੇ ਇਸਤ੍ਰੀ ਦੀ ਇਕ ਪ੍ਰਤੀਕ; ਉਸੇ ਤਰਾਂ੍ਹ ਜਿਵੇਂ ਗੰਜ ਬਸੋਡਾ ਤੋਂ ਵਿਦਿਸ਼ਾ ,ਭੋਪਾਲ ਆਉਂਦਿਆ ਉਹ ਟੱਪਰੀਵਾਸ, ਉਹ ਬੰਧੂਆ ਮਜ਼ਦੂਰ, ਸਾਂਚੀ ਦੇ ਬੋਧ ਵਿਹਾਰ, ਭਿੱਖੂ ਅਤੇ ਗਿਆਰਸਪੁਰ ਦੇ ਮੰਦਰਾਂ ਦੀਆਂ ਅਦਭੁਤ ਮੂਰਤੀਆਂ।
ਮੈਂ ਅਪਣੀ ਇਸ ਆਪ-ਬੀਤੀ ਦਾ ਸਿਰਲੇਖ ‘ਗਵਾਚੇ ਹੋਏ ਦਿਨ’ ਰੱਖਿਆ ਹੈ| ਪਰ ਇਹ ਦਰੁਸਤ ਨਹੀਂ| ਜਦੋਂ ਕੋਈ ਵਿਅਕਤੀ, ਕੋਈ ਘਟਨਾ, ਕੋਈ ਦ੍ਰਿਸ਼ ਸਾਡੇ ਅਨੁਭਵ ਦਾ ਹਿੱਸਾ ਬਣ ਜਾਵੇ ਤਾਂ ਇਹ ਸਾਡੀ ਮਾਨਸਿਕਤਾ ਅਤੇ ਅਵਚੇਤਨ ਦਾ ਹਿੱਸਾ ਬਣ ਜਾਂਦਾ ਹੈ| ਇਹ ਗਵਾਚ ਕੇ ਵੀ ਨਹੀਂ ਗਵਾਚਦਾ| ਗੰਜ ਬਸੋਡਾ ਦਾ ਊਹ ਸਟੇਸ਼ਨ, ਗਿਆਰਸਪੁਰ ਦਾ ਡਾਕ ਬੰਗਲਾ, ਗਿਆਰਸਪੁਰ ਅਤੇ ਵਿਦਿਸ਼ਾ ਦੇ ਮੰਦਰ, ਟੱਪਰੀਵਾਸ, ਇੱਟਾਂ ਦੇ ਭੱਠੇ ਵਾਲੇ ਮਜ਼ਦੂਰ, ਐਲੀਫੈਂਟਾ ਦੀਆਂ ਗੁਫ਼ਾਵਾਂ, ਬਾਦਬਾਨੀ ਕਿਸ਼ਤੀ ਅਤੇ ਬਸੰਤੀ। ਇਹ ਮੇਰੇ ਵਿਅਕਤੀਤਵ ’ਚ ਲਹੂ-ਮਾਸ ਵਾਂਗ ਰਚ ਮਿਚ ਗਏ ਹੋਏ ਹਨ| ਜਦ ਤੱਕ ਮੈਂ ਜਿਊਂਦਾ ਰਹਾਂਗਾਂ ਤਦ ਤੱਕ ਇਹ ਸਭ ਕੁਝ ਮੇਰੇ ਅੰਦਰ ਜਿਉਂਦਾ ਵਸਦਾ ਰਹੇਗਾ…।

ਮਨਮੋਹਨ ਬਾਵਾ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!