ਕੈਕਟਸ ਦਾ ਸਿਖ਼ਰਲਾ ਫੁੱਲ – ਰਿਸ਼ਮਦੀਪ ਸਿੰਘ

Date:

Share post:

“ਮੰਮਾ! ਅੱਜ ਮੇਰੇ ਨਾਲ ਸਕੂਲ਼ ਕੌਣ ਜਾਊ?”
“ਯੂਅਰ ਗਰੈਂਡ-ਪਾ ਬੇਟਾ”
“ਪਰ ਮੰਮਾ! ਉਹ ਤਾਂ ਨਾਈਟ-ਡਿਊਟੀ ਕਰ ਕੇ ਆਏ ਨੇ..ਹੀ ਇਜ਼ ਸਲੀਪਿੰਗ..”
“ਕੋਈ ਨੀ ਉਠ ਜਾਣਗੇ, ਉਨ੍ਹਾਂ ਨੂੰ ਵੀ ਤੇਰੇ ਜਿੰਨਾ ਈ ਚਾਅ ਇਆ” ਨਾਸ਼ਤਾ ਬਣਾਉਂਦੀ ਹਰਪ੍ਰੀਤ ਮੁਸਕੁਰਾਉਂਦੀ ਹੋਈ ਬੋਲੀ।
ਸਵੀ ਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਸੀ ਆਈ। ਅੱਜ ਉਹਦੇ ਸਾਰੇ ਸਕੂਲ ਨੇ ਨਵੀਂ ਆਲੀਸ਼ਾਨ ਇਮਾਰਤ ਵਿੱਚ ਸ਼ਿਫਟ ਹੋ ਜਾਣਾ ਸੀ। ਕੁਲ ਮਿਲਾ ਕੇ ਭਾਵੇਂ ਕੈਨੇਡਾ ਦੇ ਸਕੂਲਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਸੀ ਅਤੇ ਇਸੇ ਕਾਰਨ ਕਈ ਸਕੂਲ ਬੰਦ ਵੀ ਹੋ ਰਹੇ ਸਨ ਪਰ ਪੰਜਾਬੀਆਂ ਦੀ ਸੰਘਣੀ ਅਤੇ ਲਗਾਤਾਰ ਵਧਦੀ ਆਬਾਦੀ ਵਾਲੇ ਸ਼ਹਿਰ ‘ਸਰੀ’ ਵਿੱਚ ਇਸਦੇ ਉਲਟ ਸਕੂਲਾਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਸੀ, ਨਵੇਂ ਸਕੂਲ ਖੁੱਲ੍ਹ ਰਹੇ ਸਨ।
ਸਵੀ ਦੀ ਟੀਚਰ ਨੇ ਕੱਲ੍ਹ ਸਾਰੀ ਕਲਾਸ ਨੂੰ ਯਾਦ ਕਰਾਇਆ ਸੀ, “ਕਮ ਇਨ ਕਲਰਫੁਲ ਕਲੋਦਜ਼ ਟੁਮਾਰੋ ..ਐਂਡ ਬਰਿੰਗ ਯੂਅਰ ਪੇਰੈਂਟਸ ਅਲਾਂਗ ਦੇਅਰ ਵਿਲ ਬੀ ਫੋਟੋ ਸੈਸ਼ਨ ਐਂਡ ਲਾਈਟ ਰਿਫਰੈਸ਼ਮੈਂਟ”
ਤੇ ਸੱਚੀਂ ਸਕਿਊਰਿਟੀ ਗਾਰਡ ਹਰਬੰਸ ਸਿੰਘ ਨਾਈਟ-ਡਿਊਟੀ ਕਰਕੇ ਤੇ ਉਥੇ ਹੀ ਇੱਕ ਅੱਧ ਠੌਂਕਾ ਲਾ ਕੇ, ਘਰ ਆ ਕੇ ਥੋੜ੍ਹਾ ਬਹੁਤ ਸੁਸਤਾਉਣ ਤੋਂ ਬਾਅਦ ਸਵੀ ਤੋਂ ਪਹਿਲਾਂ ਹੀ ਤਿਆਰ ਹੋਇਆ ਫਿਰੇ। ਉਹ ਤਾਂ ਪਤਾ ਨਹੀਂ ਕਦੋਂ ਦਾ ਅੱਜ ਸਵੇਰ ਦਾ ਇੰਤਜ਼ਾਰ ਕਰ ਰਿਹਾ ਸੀ, ਅਪਣੇ ਪਿਛਲੇ ਦੋ ਸਾਲਾਂ ਦੀਆਂ ਕਰੀਬ ਕਰੀਬ ਸਾਰੀਆਂ ਰਾਤਾਂ ਉਹਨੇ ਇਸ ਸਕੂਲ ਦੀ ਬਣ ਰਹੀ ਇਮਾਰਤ ਦੀ ਸਕਿਊਰਿਟੀ ਕਰਦੇ ਗ਼ੁਜ਼ਾਰੀਆਂ ਸਨ।
ਆਰਥਿਕ ਸਮੱਸਿਆਵਾਂ ਨਾਲ ਜੂਝਦਾ ਇਹ ਸਧਾਰਨ ਮੱਧਮ ਸ਼੍ਰੇਣੀ ਦਾ ਪੰਜਾਬੀ ਪਰਿਵਾਰ ਕੋਈ ਪੰਜ ਸਾਲ ਪਹਿਲਾਂ ਕੈਨੇਡਾ ਪੁੱਜਿਆ। ਹੁਣ ਤਾਂ ਉਹਨਾਂ ਸਾਰਿਆਂ ਨੇ ਪੂਰੀ ਵਾਹ ਲਾ ਕੇ ਅਪਣਾ ਘਰ ਵੀ ਲੈ ਲਿਆ ਸੀ।
ਪੰਜਾਬ ਵਿੱਚ ਰਹਿੰਦਿਆਂ ਹਰਬੰਸ ਸਿੰਘ ਨੇ ਅਪਣਾ ਮੁੰਡਾ ਬੜੀ ਮਿਹਨਤ ਨਾਲ ਪੜ੍ਹਾਇਆ ਸੀ। ਉਹ ਦਵਿੰਦਰ ਨੂੰ ਅਕਸਰ ਕਿਹਾ ਕਰੇ, “ਪੁੱਤ! ਪੜ੍ਹਾਈ ਤੋਂ ਵੱਡੀ ਕੋਈ ਦੌਲਤ ਨੀ!ਇਹ ਤੇਰੇ ਤੋਂ ਕੋਈ ਨੀ ਖੋਹ ਸਕਦਾ, ਜ਼ਿੰਦਗੀ ਵਿੱਚ ਗਿਆਨ ਤੇ ਤਜਰਬਾ ਈ ਬੰਦੇ ਦੀਆਂ ਵੱਡੀਆਂ ਮੱਲਾਂ ਹੁੰਦੀਐਂ ਸ਼ੇਰਾ!”
ਸਵੀ ਇਸ ਪਰਿਵਾਰ ਦੀ ਨਵੀਂ ਪੀੜ੍ਹੀ ਸੀ ਅਤੇ ਹੁਣ ਤਾਂ ਉਹਨੂੰ ਸਕੂਲ ਜਾਂਦਿਆਂ ਵੀ ਦੋ ਸਾਲ ਹੋ ਗਏ ਸਨ। ਹਰਬੰਸ ਸਿੰਘ ਦੇ ਮਨ ਵਿੱਚ ਮੁਰਝਾਏ ਹੋਏ ਸੁਫਨੇ ਅਪਣੀ ਪੋਤਰੀ ਨੂੰ ਸਕੂਲ ਜਾਂਦੀ ਦੇਖ ਕੇ ਮੁੜ ਸੁਰਜੀਤ ਹੋ ਗਏ ਸਨ। ਬੱਸ, ਸਵੀ ਦਾ ਸਕੂਲ ਘਰ ਤੋਂ ਕੁਝ ਦੂਰੀ ’ਤੇ ਸੀ, ਜਿਹੜਾ ਥੋੜ੍ਹੀ ਬਹੁਤ ਪਰੇਸ਼ਾਨੀ ਦਾ ਕਾਰਨ ਸੀ।
ਤੇ ਫੇਰ ਉਹਨਾਂ ਦੇ ਘਰ ਦੇ ਨਜ਼ਦੀਕ ਹੀ ਨਵੇਂ ਸਕੂਲ ਦੀ ਇਮਾਰਤ ਉਸਰਨੀ ਸ਼ੁਰੂ ਹੋ ਗਈ। ਹਰਬੰਸ ਸਿੰਘ ਨੇ ਆਪ ਸੁਪਰਵਾਈਜ਼ਰ ਨੂੰ ਕਹਿ ਕੇ ਇਸ ਬਣ ਰਹੀ ਇਮਾਰਤ ਵਿੱਚ ਰਾਤ ਦੀ ਸਕਿਊਰਿਟੀ ਦੀ ਡਿਊਟੀ ਲਗਵਾਈ। ਸੁਪਰਵਾਈਜ਼ਰ ਨੇ ਉਹਨੂੰ ਚਿਤਾਵਨੀ ਵੀ ਦਿੱਤੀ ਸੀ, “ਹਰਬੰਸ! ਸਾਈਟ ਬਹੁਤ ਵੱਡੀ ਆ, ਥਾਂ ਵੀ ਉੱਚੀ-ਨੀਵੀਂ ਆ ਅਜੇ, ਦੇਖ ਲਾ! ਰਾਤ ਨੂੰ ਰਾਊਂਡ ਦਿੰਦਾ ਡਿੱਗ ਕੇ ਸੱਟ ਨਾ ਖਾ ਲਵੀਂ..ਰਾਈਟ?”
ਖੈਰ! ਹਰਬੰਸ ਡਿੱਗਿਆ ਤਾਂ ਨਹੀਂ,ਪਰ ਮਿੱਠੇ-ਕੌੜੇ ਅਨੁਭਵ ਉਹਨੂੰ ਹੋਏ ਜ਼ਰੂਰ। ਉਹ ਸ਼ਾਮ ਨੂੰ ਛੇ ਵਜੇ ਸਾਈਟ’ਤੇ ਪਹੁੰਚ ਜਾਂਦਾ। ਪਹਿਲਾ ਕੰਮ ਸੀ ਸੁਪਰਵਾਈਜ਼ਰ ਨੂੰ ਫੋਨ ਕਰਕੇ ਅਪਣੇ ਅਪੜਨ ਬਾਰੇ ਸੂਚਿਤ ਕਰਨਾ। ਫੇਰ ਉਹ ਸਾਰੇ ਤਾਲੇ, ਦਰਵਾਜ਼ੇ ਤੇ ਖਿੜਕੀਆਂ ਚੈੱਕ ਕਰਦਾ, ਸਾਈਟ ਦੀ ਫੈਂਸ ਚੈਕ ਕਰਦਾ, ਜਿੱਥੋਂ ਕਿਤੇ ਕਾਮੇ ਖੁੱਲ੍ਹੀ ਛੱਡ ਗਏ ਹੁੰਦੇ, ਉੱਥੋਂ ਬੰਦ ਕਰਦਾ। ਸਾਈਟ ਵਿੱਚ ਖੜ੍ਹੀਆਂ ਕਰੇਨਾਂ, ਬੁਲਡੋਜ਼ਰਾਂ ਆਦਿ ਦਾ ਵੇਰਵਾ ਅਪਣੀ ਰਿਪੋਰਟ-ਸ਼ੀਟ ਵਿੱਚ ਦਰਜ ਕਰਦਾ। ਅਗਲਾ ਕੰਮ ਇਹ ਹੁੰਦਾ ਕਿ ਸਾਈਟ ਵਿੱਚ ਰੌਸ਼ਨੀ ਦਾ ਪ੍ਰਬੰਧ ਹੋਵੇ, ਹਨ੍ਹੇਰਾ ਹੋਣ ਤੋਂ ਪਹਿਲਾਂ ਅਪਣੇ ਪੱਲਿਓਂ ਲਏ ਮਰਕਰੀ-ਹੈਡ ਲੈਂਪਸ ਨੂੰ ਅਪਣੀ ਲੋੜ ਅਨੁਸਾਰ ਫਿੱਟ ਕਰਕੇ ਜਗਾ ਦਿੰਦਾ। ਫਿਰ ਆਪਣੀ ਕਾਰ ਵਿੱਚ ਇੱਕ ਬਿਜਲੀ ਦੀ ਤਾਰ ਖਿੱਚ ਕੇ ਉਸ ਨਾਲ ਹੀਟਰ ਲਗਾ ਕੇ ਬਹਿ ਜਾਂਦਾ।
ਨਿਯਮ ਅਨੁਸਾਰ ਘੰਟੇ ਵਿੱਚ ਘੱਟੋ-ਘੱਟ ਇੱਕ ਵਾਰ ਸਾਰੀ ਸਾਈਟ ਦਾ ਰਾਊਂਡ ਕਰਨਾ ਹੁੰਦਾ ਅਤੇ ਵੇਰਵਾ ਰਿਪੋਰਟ-ਸ਼ੀਟ ਵਿੱਚ ਦਰਜ ਕਰਨਾ ਹੁੰਦਾ। ਬੱਸ ਬਾਕੀ ਦਾ ਵਕਤ ਅਖਬਾਰ ਪੜ੍ਹਦੇ, ਦੋਸਤਾਂ ਨਾਲ ਫੋਨ’ਤੇ ਗੱਪਾਂ ਮਾਰਦੇ, ਰੇਡੀਓ ਸੁਣਦੇ ਲੰਘਦਾ। ਸਭ ਤੋਂ ਔਖਾ ਕੰਮ ਨੀਂਦ ਨਾਲ ਜੂਝਣਾ ਸੀ। ਰਾਤ ਨੂੰ ਗਿਆਰਾਂ ਬਾਰਾਂ ਵਜੇ ਤੋਂ ਬਾਅਦ ਆਮ ਕਰਕੇ ਸਾਰੇ ਸਕਿਊਰਿਟੀ ਗਾਰਡ ਆਪਸ ਵਿੱਚ ਫੋਨ ’ਤੇ ਸੰਪਰਕ ਰੱਖਦੇ, ਇੱਕ ਦੂਜੇ ਦਾ ਹਾਲ-ਚਾਲ ਵੀ ਪਤਾ ਲੱਗਦਾ ਰਹਿੰਦਾ ਤੇ ਨੀਂਦ ਉੱਤੇ ਵੀ ਕੰਟਰੋਲ ਰਹਿੰਦਾ।
ਇੱਕ ਹੋਰ ਵੱਡਾ ਫ਼ਿਕਰ ਸੁਪਰਵਾਈਜ਼ਰ ਤੇ ਉਸ ਤੋਂ ਵੀ ਵੱਡਾ ਫ਼ਿਕਰ ਕਿਸੇ ਗੋਰੇ ਅਫਸਰ ਦੇ ਛਾਪਾ ਮਾਰਨ ਦਾ ਹੁੰਦਾ। ਫੋਨ’ਤੇ ਸਾਰੇ ਗਾਰਡ ਇਹਨਾਂ ਛਾਪਿਆਂ ਬਾਰੇ ਇੱਕ ਦੂਜੇ ਨੂੰ ਇਤਲਾਹ ਦਿੰਦੇ। ਪਰ ਫੇਰ ਵੀ ਇੱਕ-ਅੱਧਾ ਸੁੱਤਾ ਪਿਆ ਫੜਿਆ ਹੀ ਜਾਂਦਾ। ਵਿਹਲੇ ਬੈਠਿਆਂ ਸੁੱਤੇ ਪਏ ਫੜੇ ਜਾਣ ਦਾ ਤੌਖ਼ਲਾ ਤਾਂ ਹਮੇਸ਼ਾ ਹੀ ਲੱਗਿਆ ਰਹਿੰਦਾ, ਚੋਰੀ ਹੋ ਜਾਣੀ ਵੀ ਆਮ ਜਿਹੀ ਗੱਲ ਬਣ ਗਈ ਸੀ।
“ਬਾਈ ਹਰਬੰਸ ਸਿਆਂਹ! ਕਾਟੋ ਕਿੱਥੇ ਖੇਡਦੀ ਆ ਫਿਰ?” ਸਕਿਊਰਿਟੀ ਗਾਰਡ ਗੁਰਜੀਤ ਸਿੰਘ ਦਾ ਫੋਨ ਆਇਆ।
“ਆਹ ਕਾਟੋ ਦੇ ਬੂਟਾਂ ’ਚੋਂ ਡੱਕੇ ਨਾਲ ਚਿੱਕੜ ਕੱਢਦਾਂ, ਇੱਕ ਤਾਂ ਜਗਾਹ-ਜਗਾਹ ਟੋਏ ਪੱਟੇ ਪਏ ਆ, ਉੱਤੋਂ ਆਹ ਭੈਣ ਦਾ ਮੀਂਹ ਨੀ ਹਟਦਾ..”
“ੳਇ ਤੂੰ ਚਿੱਕੜ ਨੂੰ ਰੋਨਾਂ! ੳਧਰ ਮੇਜਰ ਫੜਿਆ ਗਿਆ ਸੁੱਤਾ ਕੱਲ੍ਹ ਰਾਤੀਂ..”
“ਹੈਂ ? ਉਹ ਤਾਂ ਕਹਿੰਦੇ ਆ ਬੜਾ ਫੌਜੀਆਂ ਆਗੂੰ ਬੂਟ ਖੜਕਾਉਂਦਾ ਫਿਰਦਾ ਸਾਰੀ ਰਾਤ..”
“ੳਇ ਕਾਹਨੂੰ! ਸੁਪਰਵਾਈਜ਼ਰ ਚਲਾਕੀ ਕਰ ਗਿਆ, ਚੰਗਾ ਭਲਾ ਚੈੱਕ ਕਰਕੇ ਗਿਆ ਸੀ ਡੇਢ ਵਜੇ..ਦੋ ਵਜੇ ਕੰਜਰ ਫੇਰ ਆ ਗਿਆ, ਮੇਜਰ ਸਾਹਬ ਦੀ ਮੂੰਹ ਟੱਡ ਕੇ ਘੁਰਾੜੇ ਮਾਰਦੇ ਦੀ ਫੋਟੋ ਖਿੱਚ ਲੀ, ਫਿਰ ਉਠਾ ਕੇ ਕਹਿੰਦਾ ਬਈ ਅੱਜ ਦੀ ਦਿਹਾੜੀ ਗਈ, ਘਰ ਜਾਓ ਆਵਦੇ”
“ਫੇਰ.?… ਹੈਂ?”
“ਅੱਗੋਂ ਮੇਜਰ ਸਾਹਬ ਫੁਰਮਾਏ ਬਈ ਮੈਂ ਤਾਂ ਅੱਖਾਂ ਮੀਚ ਕੇ ਪਾਠ ਕਰਦਾ ਸੀ” ਗੁਰਜੀਤ ਸਿੰਘ ਹੱਸਦਾ ਹੋਇਆ ਬੋਲਿਆ।
“ਫੇਰ ਸੁਪਰਵਾਈਜ਼ਰ ਕੀ ਕਹਿੰਦਾ?”
“ਅਖੇ ‘ਮੇਜਰ ਸਾਹਬ !ਅਸੀਂ ਥੋਨੂੰ ਪੈਸੇ ਸਾਈਟ ਦੀ ਰਾਖੀ ਕਰਨ ਨੂੰ ਦਿੰਨੇ ਆਂ, ਪਾਠ ਘਰੋਂ ਕਰਕੇ ਆਇਆ ਕਰੋ” ਮੈਨੂੰ ਸਾਰੀ ਘਾਣੀ ਦੱਸਦਾ ਮੇਜਰ ਹਿੜ-ਹਿੜ ਕਰੀ ਜਾਵੇ..”
ਤੇ ਬੱਸ ਕੁੱਝ ਏਹੋ ਜਿਹੀਆਂ ਗੱਲਾਂ-ਬਾਤਾਂ ਸਕਿਊਰਿਟੀ ਗਾਰਡ ਆਪਸ ਵਿੱਚ ਕਰਦੇ ਰਹਿੰਦੇ।
ਇੱਕ ਵਾਰ ਹਰਬੰਸ ਸਿੰਘ ਨਾਲ ਵੀ ਕਾਫੀ ਮਾੜੀ ਹੋਈ ਸੀ। ਵੀਕ-ਅਂੈਡ’ਤੇ ਕੁਝ ਨਸ਼ੇੜੀ ਇੱਕ ਕਮਰੇ ਵਿੱਚ ਵੜ ਗਏ, ਅੰਦਰੇ ਹੀ ਖਾਂਦੇ-ਪੀਂਦੇ ਰਹੇ ਅਤੇ ਮਲ-ਮੂਤਰ ਵੀ ਕਰੀ ਗਏ। ਹਰਬੰਸ ਹੁਣੀਂ ਬਾਹਰੋਂ ਹੀ ਦਰਵਾਜ਼ੇ ਦਾ ਤਾਲਾ ਚੈੱਕ ਕਰ ਲਿਆ ਕਰਨ ਅਤੇ ਡਰੱਗੀ ਹੁਣੀਂ ਕਿਸੇ ਖੁਲ੍ਹੀ ਰਹਿ ਗਈ ਖਿੜਕੀ ਰਾਹੀਂ ਅੰਦਰ-ਬਾਹਰ ਆਉਂਦੇ ਜਾਂਦੇ ਰਹੇ। ਸੋਮਵਾਰ ਨੂੰ ਜਦੋਂ ਕਾਮੇ ਆਏ ਤਾਂ ਪਤਾ ਲੱਗਿਆ। ਸਾਈਟ ਵਾਲਿਆਂ ਨੇ ਹਰਬੰਸ ਹੁਣਾਂ ਦੀ ਅਤੇ ਸਕਿਊਰਿਟੀ ਕੰਪਨੀ ਵਾਲਿਆਂ ਦੀ ਚੰਗੀ ਲਾਹ-ਪਾਹ ਕੀਤੀ। ਬੱਸ ਜਿਵੇਂ ਕਿਵੇਂ ਤਰਲੇ ਮਿੰਨਤਾਂ ਕਰਕੇ ਗੱਲ ਬਣੀ। ਇਸ ਵਾਕਿਆ ਤੋਂ ਬਾਅਦ ਤਾਂ ਹਰਬੰਸ ਨੇ ਹੋਰ ਵੀ ਚੌਕਸੀ ਰੱਖਣੀ ਸ਼ੁਰੂ ਕਰ ਦਿੱਤੀ, ਹਰ ਖੱਲ-ਖੂੰਜੇ ਵਿੱਚ ਟਾਰਚ ਦੀ ਰੌਸ਼ਨੀ ਮਾਰਕੇ ਚੰਗੀ ਤਰ੍ਹਾਂ ਚੈੱਕ ਕਰਦਾ। ਭਾਵੇਂ ਅੱਧੀ ਰਾਤ ਨੂੰ ਇਹ ਬਣ ਰਹੀ ਇਮਾਰਤ ਭੂਤ-ਬੰਗਲਾ ਜਿਹਾ ਮਹਿਸੂਸ ਹੁੰਦੀ। ਹਰਬੰਸ ਖੰਘੂਰੇ ਮਾਰਦਾ ਅਤੇ ਡਰੱਗੀਆਂ ਨੂੰ ਗਾਲਾਂ ਕੱਢਦਾ, “ ਆਹ ਕੰਜਰ ਸਾਲੇ ਕਨੇਡਾ ਵਿੱਚ ਕਿਵੇਂ ਪੈਦਾ ਹੋਈ ਜਾਂਦੇ ਐ, ਸਹੁਰਿਓ ਕੰਮ ਕਰਲੋ…”
ਰਾਊਂਡ ਲਾ ਕੇ ਆਉਂਦੇ ਨੂੰ ਅੱਜ ਸੁਪਰਵਾਈਜ਼ਰ ਆਇਆ ਖੜ੍ਹਾ ਸੀ, ਕੋਲ ਹੁੰਦੇ ਨੇ ਪੁੱਛਿਆ, “ਹਰਬੰਸ ਸਿੰਘ ਜੀ! ਐਨੀ ਪਰਾਬਲਮ?”
“ਨਹੀਂ ਸਰ! ਓ.ਕੇ ਆ…”
“ਬੱਸ ਘੰਟੇ ਮਗਰੋਂ ਗੇੜਾ ਜ਼ਰੂਰ ਕੱਢੀ ਜਾਵੀਂ ਤੇ ਖੜਕੇ-ਦੜਕੇ ਦਾ ਵੀ ਖਿਆਲ ਰੱਖੀਂ, ਜੇ ਚੋਰੀ ਹੋ’ਗੀ ਤੇ ਆਪਾਂ ਨੂੰ ਪਤਾ ਨਾ ਲੱਗਿਆ ਤਾਂ ਇਹ ਸਾਈਟ ਤਾਂ ਹੱਥੋਂ ਜਾਊਗੀ ਹੀ, ਇਸ ਕੰਸਟਰਕਸ਼ਨ ਕੰਪਨੀ ਦੀਆਂ ਬਾਕੀ ਸਾਈਟਾਂ ਵੀ ਖਤਰੇ’ਚ ਪੈ ਜਾਣਗੀਆਂ।”


“ਹਰਪ੍ਰੀਤ!ਬੇਟਾ ਜ਼ਰਾ ਪੱਗ ਦੀ ਪੂਣੀ ਕਰਾਈਂ” ਹਰਬੰਸ ਸਿੰਘ ਨੇ ਨਵੀਂ ਗਾਜਰੀ ਪੱਗ ਬੰਨ੍ਹੀ ਤੇ ਸਜ-ਫਬ ਕੇ ਸਵੀ ਦੀ ਉਂਗਲ ਫੜਕੇ ਸਕੂਲ ਵੱਲ ਤੁਰ ਪਿਆ।
ਉਹਨਾਂ ਨੂੰ ਤੋਰ ਕੇ ਹਰਪ੍ਰੀਤ ਨੇ ਦਵਿੰਦਰ ਨੂੰ ਫੋਨ ਕੀਤਾ, “ਸੁਣਿਓ ਜੀ! ਮੇਰਾ ਤਾਂ ਅੱਜ ਸਵੇਰੇ ਹਾਸਾ ਈ ਨਾ ਬੰਦ ਹੋਵੇ,ਪਾਪਾ ਅੱਜ ਥੋਡੀ ਅਲਮਾਰੀ ਵਿੱਚੋਂ ਪਰਫਿਊਮ ਕੱਢ ਕੇ ਛਿੜਕੀ ਜਾਣ..ਹੀ ਹੀ…ਹੀ..ਹੀ….ਐਨੇ ਤਿਆਰ ਤਾਂ ਸ਼ੈਦ ਅਪਣੀ ਮੈਰਿਜ’ਤੇ ਹੋਏ ਸੀ”
ਦਵਿੰਦਰ ਵੀ ਅੱਜ ਖੁਸ਼ ਸੀ, “ਭਾਈ ਕਨੇਡਾ ਇਆ ਇਹ..ਜੇ ਕਿਤੇ ਮੇਰੇ ਬਾਪੂ ਨੇ ਕੋਈ ਮੈਡਮ ਟਿਕਾ ਲਈ , ਤੇਰੀਆਂ ਦੋ ਦੋ ਸੱਸਾਂ ਹੋ ਜਾਣੀਆਂ”
ਤੁਰੇ ਜਾਂਦੇ ਹਰਬੰਸ ਸਿੰਘ ਨੇ ਜਦੋਂ ਘੜੀ ਉੱਤੇ ਤਰੀਕ ਦੇਖੀ ਤਾਂ ਠਠੰਬਰ ਗਿਆ। ਅੱਜ ਤੋਂ ਪੂਰੇ ਇੱਕ ਸਾਲ ਪਹਿਲਾਂ ਦੀ ਘਟਨਾ ਨੇ ਉਹਦੇ ਅੰਦਰ ਕੰਬਣੀ ਛੇੜ ਦਿੱਤੀ। ਉਹ ਅਪਣਾ ਘੰਟੇ-ਬੱਧੀ ਰਾਊਂਡ ਖ਼ਤਮ ਕਰਕੇ ਆਇਆ ਸੀ। ਬਾਹਰ ਮੌਸਮ ਬਹੁਤ ਖਰਾਬ ਸੀ, ਤੇਜ਼ ਮੀਂਹ ਤੇ ਠੰਢੀ ਸੀਤ ਹਵਾ। ਜਨਵਰੀ ਮਹੀਨੇ ਦੀ ਬਰਫ ਅਤੇ ਹਨ੍ਹੇਰੀ ਨੇ ਕੁਝ ਵੀ ਦਿਸਣਾ ਮੁਸ਼ਕਿਲ ਕਰ ਦਿੱਤਾ ਸੀ। ਉਹਨੇ ਥਰਮੋਸ ਕੱਢ ਕੇ ਚਾਹ ਦੀ ਕੱਪੀ ਭਰੀ ਹੀ ਸੀ ਕਿ ਕੋਈ ਖੜਕਾ ਜਿਹਾ ਸੁਣਿਆ।
“ਸ਼ੈਦ ਹਵਾ ਨਾਲ ਕੁਸ਼ ਡਿੱਗ ਪਿਆ ਹੋਣੈ..” ਪਰ ਫਿਰ ਵੀ ਉਹਨੇ ਚੈਕ ਕਰਨਾ ਜ਼ਰੂਰੀ ਸਮਝਿਆ। ਤੁਰੇ ਜਾਂਦੇ ਨੂੰ ੳਦੋਂ ਹੀ ਪਤਾ ਲੱਗਿਆ ਜਦੋਂ ਕਿਸੇ ਨੇ ਧੱਕਾ ਦੇਕੇ ਮੂੰਹ-ਪਰਨੇ ਸੁੱਟ ਲਿਆ।
“ਡੈਮ ਫੁਲ..!ਯੂ ਵੁਡ ਹੈਵ ਬਿਨ ਬੈਟਰ ਸਿਟਿੰਗ ਇਨ ਕਾਰ” ਤਿੰਨਾਂ ਚਾਰਾਂ ਵਿੱਚੋਂ ਇੱਕ ਗਰਜਿਆ। ਉਹਨਾਂ ਨੇ ਹਰਬੰਸ ਦੇ ਹੱਥ ਪੈਰ ਬੰਨ੍ਹ ਦਿੱਤੇ ਅਤੇ ਉਹਦਾ ਫੋਨ, ਪਰਸ, ਪੈਸੇ ਤੇ ਕਾਰ ਦੀ ਚਾਬੀ ਖੋਹ ਲਈ, ਫਿਰ ਲੱਕੜ ਦਾ ਸਮਾਨ ਅਤੇ ਕੌਪਰ ਦੀ ਤਾਰ ਦਾ ਵੱਡਾ ਰੋਲ ਪਿਕ-ਅਪ ਵਿੱਚ ਲੱਦ ਲਿਆ। ਕਿੰਨਾ ਚਿਰ ਉਹ ਉਥੇ ਨੂੜਿਆ ਪਿਆ ਛਟਪਟਾਉਂਦਾ ਰਿਹਾ, ਫਿਰ ਹਿੰਮਤ ਕਰਕੇ ਬੰਨ੍ਹੇ ਹੋਏ ਹੱਥਾਂ-ਪੈਰਾਂ ਨਾਲ ਘਿਸੜਣ ਲੱਗਿਆ। ਉਹਦੀ ਪਿੱਠ ਨੂੰ ਵਲ ਪੈ ਗਏ, ਪੀੜ ਨਾਲ ਲੱਤਾਂ ਚੀਰੀਆਂ ਗਈਆਂ, ਪੱਗ ਢਹਿ ਗਈ, ਦਾਹੜੀ ਚਿੱਕੜ ਨਾਲ ਲਿੱਬੜ ਗਈ। ਜਿਵੇਂ ਕਿਵੇਂ ਡਿੱਗਦਾ ਢਹਿੰਦਾ ਉਹ ਬਾਹਰ ਸੜਕ ਤੱਕ ਪਹੁੰਚਿਆ, ਜਿੱਥੇ ਰੱਬੀਂ ਇੱਕ ਕਾਰ ਆਉਂਦੀ ਦਿਸੀ..ਉਸ ਭਲੇ ਲੋਕ ਨੇ 911 ਦਾ ਫੋਨ ਮਿਲਾਇਆ ਅਤੇ ਪੁਲੀਸ ਤੇ ਐਂਬੂਲੈਂਸ ਵਾਲੇ ਮਿੰਟਾਂ ਵਿੱਚ ਹੀ ਆ ਗਏ।
“ਬੱਸ ਬਾਈ ਜਾਨ ਬਚ’ਗੀ! ਹਰਬੰਸ ਸਿਆਂਹ! ਸ਼ੁਕਰ ਕਰ..ਨਹੀਂ ਤਾਂ ਜਾਹ ਜਾਂਦੀ ਹੋ ਜਾਣੀ ਸੀ” ਨਾਲ ਦੇ ਸਕਿਊਰਿਟੀ ਗਾਰਡ ਦੋਸਤ ਉਹਨੂੰ ਆਖੀ ਜਾਣ।


ਅੱਜ ਇੱਕ ਸਾਲ ਬਾਅਦ ਇਹ ਸਕੂਲ ਬਿਲਡਿੰਗ ਤਿਆਰ ਸੀ, ਹਰ ਜਗਾਹ ਸਾਫ-ਸੁਥਰੀ, ਫੁੱਲਾਂ ਬੂਟਿਆਂ ਦੀ ਬਹਾਰ, ਬੱਚੇ ਰੰਗ-ਬਿਰੰਗੇ ਕਪੜੇ ਪਾਈ ਚਹਿਕਦੇ ਫਿਰ ਰਹੇ ਸਨ।
“ਵੱਡੇ ਪਾਪਾ!ਇਹ ਮੇਰਾ ਕਲਾਸ-ਰੂਮ ਹੈ” ਸਵੀ ਨੇ ਛਾਲਾਂ ਮਾਰਦੇ ਹੋਏ ਕਾਰਟੂਨਾਂ ਵਾਲੀਆਂ ਤਸਵੀਰਾਂ ਅਤੇ ਗੇਂਦਿਆਂ ਗੁਲਾਬਾਂ ਨਾਲ ਸਜਿਆ ਕਲਾਸ-ਰੂਮ ਦਿਖਾਇਆ”
“ਵਾਹ ਬਈ ਵਾਹ! ਇਹ ਤਾਂ ਬਹੁਤ ਸੋਹਣੈਂ” ਕਹਿੰਦਿਆਂ ਹਰਬੰਸ ਸਿੰਘ ਨੂੰ ਲੱਗਿਆ ਜਿਵੇਂ ਉਹਦੀਆਂ ਮੁਠੀਆਂ ਬੰਦ-ਖੁੱਲ੍ਹ ਰਹੀਆਂ ਹੋਣ, ਗੁੱਟ ਏਧਰ ੳਧਰ ਮੁੜ ਰਹੇ ਹੋਣ ਤੇ ਲੱਤਾਂ ਨੂੰ ਕੜਵੱਲ ਪੈ ਰਹੇ ਹੋਣ। ਹਾਂ ਇਹ ੳਹੀ ਕਮਰਾ ਤਾਂ ਸੀ ਜਿੱਥੇ ਚੋਰ ਉਹਨੂੰ ਬੰਨ੍ਹ ਕੇ ਛੱਡ ਗਏ ਸਨ..ਜਾਂਦੇ ਜਾਂਦੇ ਚਾਰ ਥੱਪੜ ਵੀ ਮਾਰ ਗਏ ਸਨ..
ਬਲੈਕ ਬਾਸਟਰਡ ਕਹਿੰਦਿਆਂ ਦਾਹੜੀ ਨੂੰ ਵੀ ਹੱਥ ਪਾਇਆ ਸੀ” ਹਰਬੰਸ ਕਿੰਨਾ ਚਿਰ “ਬਚਾਓ ਬਚਾਓ” ਦਾ ਰੌਲਾ ਪਾਈ ਗਿਆ ਸੀ, ਉਹਨੂੰ ਅੰਗਰੇਜ਼ੀ ਵਿੱਚ “ਹੈਲਪ ਹੈਲਪ..” ਕਹਿਣਾ ਵੀ ਭੁੱਲ ਗਿਆ ਸੀ।
ਪਰ ਅੱਜ ਇਸ ਕਮਰੇ ਦੇ ਅਸਲੀ ਵਾਰਿਸ ਇੱਥੇ ਸਨ, ਮਾਸੂਮ..ਹਸੂੰ ਹਸੂੰ ਕਰਦੇ..ਛਲਾਂਗਾਂ ਮਾਰ ਰਹੇ.. ਸ਼ੋਰ ਮਚਾ ਰਹੇ.. ਉੱਚੀ ਉੱਚੀ ਗੀਤ ਗਾ ਰਹੇ..।
ਉਹਦੇ ਪੀੜ ਨਾਲ ਤਰੇੜੇ ਚਿਹਰੇ ਉੱਤੇ ਮੁਸਕੁਰਾਹਟ ਦਾ ਗੂੜ੍ਹਾ ਪੋਚਾ ਫਿਰ ਗਿਆ। ਅੱਜ ਸਕਿਊਰਿਟੀ ਗਾਰਡ ਹਰਬੰਸ ਸਿੰਘ ਜਿੱਤ ਗਿਆ ਸੀ। ਉਹਨੂੰ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਪੱਕੀ ਫਸਲ ਦੇਖ ਕੇ ਕਿਸਾਨ ਮਹਿਸੂਸ ਕਰਦਾ ਹੈ।

ਰਿਸ਼ਮਦੀਪ ਸਿੰਘ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!