ਕੈਂਠਾ – ਸਵਰਨ ਚੰਦਨ

Date:

Share post:

ਬੜੇ ਵਰ੍ਹਿਆਂ ਤੋਂ ਮੇਰੀ ਇੱਛਾ ਸੀ ਕਿ ਕਦੇ ਕਿਸੇ ਦਿਨ ਮੈਂ ਆਪਣੇ ਮਾਮੇ ਦੀ ਧੀ ਅਮਰੋੋ ਨੂੰ ਉਹਦੇ ਸਹੁਰੇ ਪਿੰਡ ਮਿਲ ਕੇ ਆਵਾਂ। ਪਿੰਡ ਵੀ ਕੋਈ ਬਹੁਤਾ ਦੂਰ ਨਹੀਂ ਸੀ। ਆਹ ਨਾਲ ਖੜਾ ਸੀ ਰਾਣੀਪੁਰ। ਡੱਲੇ ਨੂੰ ਜਾਂਦੀ ਸੜਕ ‘ਤੇ।
ਪਰ ਕਦੇ ਨਾ ਜਾ ਸੱਕਿਆ। ਜ਼ਿੰਦਗੀ ਦੀਆਂ ਹੋਰ ਔਕੜਾਂ ਹੀ ਨਹੀਂ ਸਨ ਮੁੱਕਣ ਵਿਚ ਆਉਂਦੀਆਂ। ਉਂਜ ਕਾਜ਼ੀਪੁਰ ਤਾਂ ਪੰਜਾਹ ਵਾਰੀ ਗਿਆ ਸਾਂ। ਆਪਣੇ ਬਚਪਨ ਦੇ ਮਿੱਤਰ ਅਜੀਤ ਨਾਲ।ਉਹ ਕਾਜ਼ੀਪੁਰ ਦਾ ਸੀ। ਸ਼ਹਿਰ ‘ਚੋਂ ਬਾਹਰ ਨਿਕਲਦਿਆਂ ਤੇ ਡੱਲੇ ਵਾਲੀ ਸੜਕ ‘ਤੇ ਪੈਂਦਿਆਂ ਹੀ ਪਹਿਲਾ ਪਿੰਡ ਇਹੋ ਆਉਂਦਾ ਸੀ। ਸੜਕ ਦੇ ਉੱਤੇ ਹੀ ਝੁੱਗੀਨੁਮਾ ਜਿਹਾ ਘਰ ਸੀ ਉਹਨਾਂ ਦਾ। ਕੱਚਾ ਪਿੱਲਾ ਜਿਹਾ। ਕਿਸੇ ਦਾ ਤਰਲਾ ਕਰਕੇ ਉਹਨਾਂ ਐਵੇਂ ਮਰਲਾ ਕੁ ਥਾਂ ‘ਚ ਇਹ ਜੁਗਾੜ ਕਰ ਲਿਆ ਹੋਇਆ ਸੀ। ਅਜੀਤ ਦਾ ਬਾਪੂ ਜਿਸ ਜ਼ਿਮੀਂਦਾਰ ਨਾਲ ਸੇਪ ਕਰਦਾ ਸੀ ਸ਼ਾਇਦ ਇਹ ਉਸੇ ਦੀ ਥਾਂ ਹੋਵੇ ਕਿਉਂਕਿ ਨਾਲ ਹੀ ਉਹਦਾ ਟਿਊਬਵੈੱਲ ਵੀ ਸੀ।ਅਜੀਤ, ਉਹਦੀ ਮਾਂ, ਤੇ ਬਾਪੂ – ਤਿੰਨ ਹੀ ਜੀਅ ਸਨ ਘਰ ਦੇ।
ਜਦੋਂ ਵੀ ਮੈਂ ਕਾਜ਼ੀਪੁਰ ਜਾਂਦਾ ਤਾਂ ਮੈਨੂੰ ਰਾਣੀਪੁਰ ਯਾਦ ਆ ਜਾਂਦਾ। ਇਹ ਨਾਂ ਬਹੁਤ ਪੁਰਾਣਾ ਮੇਰੀਆਂ ਯਾਦਾਂ ‘ਚ ਖੁਣਿਆ ਹੋਇਆ ਸੀ। ਪਰ ਮੈਂ ਉਥੇ ਜਾ ਕਦੇ ਵੀ ਨਾ ਸਕਿਆ। ਜੇ ਕਦੇ ਮੈਂ ਚਲਿਆ ਵੀ ਜਾਂਦਾ ਤਾਂ ਇਹ ਪਹਿਲੀ ਵਾਰੀ ਹੀ ਹੋਣਾ ਸੀ। ਇਸਤੋਂ ਪਹਿਲਾਂ ਕਦੇ ਵੀ ਅਜਿਹਾ ਸਬੱਬ ਨਹੀਂ ਸੀ ਬਣਿਆ। ਉਦੋਂ ਵੀ ਨਹੀਂ ਜਦੋਂ ਨਿਆਣੇ ਹੁੰਦੇ ਨੂੰ ਮੇਰੀ ਭੂਆ ਮੈਨੂੰ ਆਪਣੇ ਨਾਲ ਸੀਤਾਪੁਰ ਲੈ ਗਈ ਸੀ। ਬਾਰ ਵਿੱਚੋਂ ਉੱਜੜ ਕੇ ਆਣ ਕੇ ਉਹ ਏਸੇ ਪਿੰਡ ਵੱਸੇ ਸਨ। ਇਹ ਤਾਂ ਬਹੁਤ ਬਾਦ ਦੀ ਗੱਲ ਸੀ ਕਿ ਉਹ ਸੀਤਾਪੁਰ ਵਾਲੀ ਜ਼ਮੀਨ ਵੇਚ ਕੇ ਪਟਿਆਲੇ ਦੇ ਇੱਕ ਪਿੰਡ ਜਾ ਵੱਸੇ ਸਨ। ਉਥੇ ਸ਼ਾਇਦ ਜ਼ਮੀਨਾਂ ਏਥੋਂ ਨਾਲੋਂ ਸਸਤੀਆਂ ਸਨ।
ਸੀਤਾਪੁਰ ਗਏ ਨੇ ਇਕ ਦਿਨ ਭੂਆ ਨੂੰ ਪੁੱਛਿਆ ਸੀ, ‘ਭੂਆ, ਰਾਣੀਪੁਰ ਵੀ ਕਿਤੇ ਏਧਰ ਈ ਐ?’
‘ਹਾਂ ਪੁੱਤ, ਆਹ ਥ੍ਹੋੜਾ ਜਿਹਾ ਈ ਅੱਗੇ ਆ।।।। ਓਥੇ ਤਾਂ ਤੇਰੇ ਮਾਮੇ ਦੀ ਧੀ ਅਮਰੋ ਵਿਆਹੀ ਹੋਈ ਆ’।
ਭੂਆ ਨੇ ਕਿਹਾ ਤੇ ਫੇਰ ਆਪਣੇ ਕੰਮਾਂ ਵਿਚ ਰੁੱਝ ਗਈ। ਇਹਨੀਂ ਦਿਨੀਂ ਮੇਰੀ ਉਮਰ ਕੋਈ ਸਾਢੇ ਕੁ ਸੱਤਾਂ ਸਾਲਾਂ ਦੀ ਸੀ। ਦੋ ਕੁ ਹਫ਼ਤੇ ਹੀ ਭੂਆ ਦੇ ਪਰਿਵਾਰ ਵਿਚ ਰਿਹਾ ਹੋਵਾਂਗਾ ਕਿ ਮੇਰੇ ਸੱਜੇ ਹੱਥ ਦਾ ਗੁੱਟ ਟੁੱਟ ਗਿਆ। ਭੂਆ ਦੇ ਪੋਤਿਆਂ ਨਾਲ ਪਹੇ ਵਿਚ ਪਾਣੀ ਖੜਾ ਕਰ ਕੇ, ਲਾਗੋਂ ਚਾਗੋਂ ਘਾਹ ਪੁੱਟ ਕੇ, ਝੋਨਾ ਬੀਜਣ ਖੇਡਦਿਆਂ ਮੈਂ ਸੱਜੇ ਗੁੱਟ ਦੇ ਭਾਰ ਡਿਗ ਪਿਆ ‘ਤੇ ਗੁੱਟ ਟੁੱਟ ਗਿਆ। ਨਿਕਲ ਚੀਕਾਂ ਗਈਆਂ। ਪੂਰਾ ਇੱਕ ਸਾਲ ਲੱਗਾ ਇਹਨੂੰ ਜੁੜਨ ਨੂੰ। ਪਿੰਡ ਵਿਚ ਕੋਈ ਚੰਗਾ ਸਿਆਣਾ ਵੀ ਨਹੀਂ ਸੀ। ਹਾਰ ਕੇ ਭੂਆ ਮੈਨੂੰ ਵਾਪਸ ਸਾਡੇ ਘਰ ਛੱਡ ਗਈ।
ਜਦੋਂ ਮੈਂ ਬਾਰ੍ਹਾਂ-ਤੇਰਾਂ੍ਹ ਵਰਿ੍ਹਆਂ ਦਾ ਸਾਂ ਤਾਂ ਘਰ ਦਿਆਂ ਨੇ ਫ਼ਰਗੂਸਨ ਟਰੈਕਟਰ ਲੈ ਲਿਆ। ਪਹਿਲਾਂ ਇਹ ਮੂਲੇਚੱਕੀਆਂ ਨਾਲ ਸਾਂਝਾ ਹੁੰਦਾ ਸੀ ਪਰ ਸਾਲ ਕੁ ਪਿੱਛੋਂ ਹੀ ਉਹਨਾਂ ਆਪਣੇ ਹਿੱਸੇ ਦੇ ਪੈਸੇ ਲੈ ਕੇ ਟਰੈਕਟਰ ਸਾਨੂੰ ਹੀ ਦੇ ਦਿਤਾ। ਥੋ੍ਹੜੇ ਜਿਹੇ ਹੀ ਦਿਨਾਂ ਵਿਚ ਇਹ ਟਰੈਕਟਰ ਚਲਾਉਣਾ ਮੈਂ ਵੀ ਸਿੱਖ ਲਿਆ। ਘਰ ਦੀ ਜ਼ਮੀਨ ਥ੍ਹੋੜੀ ਸੀ। ਉਹਨੂੰ ਵਾਹ-ਬੀਜ ਲੈਣ ਪਿੱਛੋਂ ਟਰੈਕਟਰ ਖੜਾ ਰਹਿਣ ਲੱਗਾ ਤਾਂ ਸਾਰੇ ਦੁਖੀ ਹੋਇਆ ਕਰਨ ਪਈ ਕੀ ਲੋੜ ਸੀ ਏਨਾ ਪੈਸਾ ਕਾਠ ਮਾਰਨ ਦੀ। ਫੇਰ ਅਸੀਂ ਦੂਜਿਆਂ ਦੀ ਪੈਲੀ ਵਾਹੁਣ ਲੱਗੇ। ਤਿੰਨ ਰੁਪਏ ਵਿਘੇ ਦੀ ਪਾੜ ਦੇ ਹਿਸਾਬ ਨਾਲ। ਦੋਹਰ ਦੇ ਛੇ ਰੁਪਏ ‘ਤੇ ਇਉਂ ਹੀ ਚੱਲ ਸੋ ਚੱਲ। ਬਾਹਰ ਦੀ ਪੈਲੀ ਵਾਹੁਣ ਦੀ ਕਾਫ਼ੀ ਜ਼ਿੰਮੇਵਾਰੀ ਮੇਰੀ ਸੀ। ਏਧਰ ਸਾਡੇ ਵਾਲੇ ਪਾਸੇ ਉਦੋਂ ਦੋ ਹੀ ਟਰੈਕਟਰ ਹੁੰਦੇ ਸਨ। ਇੱਕ ਅਕਾਲੀਏ ਦਾ ਤੇ ਇੱਕ ਸਾਡਾ। ਹਲਾਂ ਤੋਂ ਅੱਕੇ ਹੋਏ ਕਿਸਾਣਾਂ ਲਈ ਟਰੈਕਟਰ ਨਾਲ ਪੈਲੀ ਵਹਾ ਲੈਣੀ ਬੜੀ ਵੱਡੀ ਸਿਰ ਦਰਦੀ ਤੋਂ ਛੁਟਕਾਰਾ ਹਾਸਿਲ ਕਰਨ ਵਾਲੀ ਗੱਲ ਸੀ। ਟਰੈਕਟਰ ਦਿਨ ਰਾਤ ਰੁੱਝਿਆ ਰਹਿਣ ਲੱਗਾ ਤੇ ਨਾਲ ਹੀ ਘਰ ਦਾ ਇੱਕ ਬੰਦਾ ਵੀ ਜਿਹਨੇ ਇਹਨੂੰ ਚਲਾਉਣਾ ਹੁੰਦਾ।
ਇਸੇ ਟਰੈਕਟਰ ਨਾਲ ਮੈਂ ਅਣਗਿਣਤ ਵਾਰੀ ਤਾਏ ਦੇ ਛੋਟੇ ਮੁੰਡੇ ਦੇ ਸਹੁਰਿਆਂ ਦੀ ਪੈਲੀ ਵਾਹੁਣ ਗਿਆ ਸਾਂ। ਉਹਨਾਂ ਦੀ ਜ਼ਮੀਨ ਇਸੇ ਡੱਲੇ ਵਾਲੀ ਸੜਕ ‘ਤੇ ਅੱਗੇ ਜਾ ਕੇ ਰੇਲਵੇ ਫਾਟਕ ਤੋਂ ਪਹਿਲਾਂ ਸੱਜੇ ਹੱਥ ਸੀ। ਕਾਜ਼ੀਪੁਰ ਲੰਘਦਿਆਂ ਹੀ ਤਾਂ ਫਾਟਕ ਆ ਜਾਂਦਾ ਸੀ।
ਜਦੋਂ ਉਹਨਾਂ ਦਾ ਸੁਨੇਹਾ ਆਉਂਦਾ ਕਿ ਪੈਲੀ ਦਾ ਵੱਤਰ ਠੀਕ ਸੀ ਤਾਂ ਮੈਨੂੰ ਹੁਕਮ ਹੋ ਜਾਂਦਾ ਜਾਣ ਦਾ। ਕਈ ਵਾਰੀ ਸਾਰਾ ਸਾਰਾ ਦਿਨ ਤੇ ਕਈ ਵਾਰੀ ਸਾਰੀ ਸਾਰੀ ਰਾਤ ਮੈਂ ਟਰੈਕਟਰ ਚਲਾਉਂਦਾ ਰਹਿੰਦਾ। ਉਦੋਂ ਵੀ ਮੇਰੇ ਮਨ ਵਿਚ ਰੀਝ ਜਿਹੀ ਉਠਦੀ ਕਿ ਟਰੈਕਟਰ ਤਾਂ ਕੋਲ ਸੀ ਹੀ, ਕਿਉਂ ਨਾ ਰਾਣੀਪੁਰ ਜਾ ਆਇਆ ਜਾਵੇ।
ਪਰ ਜਦੋਂ ਹੀ ਮੈਂ ਟਰੈਕਟਰ ‘ਤੇ ਬੈਠਾ ਹਰੀ ਸਿੰਘ ਹੁਰਾਂ ਦੇ ਖੇਤਾਂ ‘ਚ ਪਹੁੰਚਦਾ ਉਹ ਦੂਰੋਂ ਹੀ ਮੈਨੂੰ ਹੱਥਾਂ ਦੇ ਇਸ਼ਾਰੇ ਕਰ ਰਹੇ ਹੁੰਦੇ ਬਈ ਕਿਹੜਾ ਖੇਤ ਪਹਿਲਾਂ ਵਾਹੁਣਾ ਸੀ ਤੇ ਕਿਹੜਾ ਬਾਦ ਵਿਚ। ਤੇ ਫੇਰ ਕਈ ਕਈ ਘੰਟੇ ਕੰਮ ਕਰ ਕੇ ਜਦੋਂ ਵਿਹਲਾ ਹੁੰਦਾ ਤਾਂ ਸਰੀਰ ਦਾ ਧੂੰਆਂ ਨਿਕਲ ਚੁੱਕਾ ਹੁੰਦਾ, ਮਿੱਟੀ ਦੀਆਂ ਤੈਹਾਂ ਜੰਮ ਕੇ ਸ਼ਕਲ ਬੇਪਛਾਣ ਹੋਈ ਪਈ ਹੁੰਦੀ ਤੇ ਅੱਖਾਂ ਉਨੀਂਦਰੇ ਨਾਲ ਗੇਰੂ ਵਰਗੀਆਂ ਹੋਈਆਂ ਹੁੰਦੀਆਂ। ਹਾਸਿਲ ਇਹ ਕਿ ਮੈਂ ਵਾਪਸੀ ਦਾ ਰਸਤਾ ਲੈਂਦਾ ’ਤੇ ਰਾਣੀਪੁਰ ਦਾ ਸੁਪਨਾ ਕਿਸੇ ਆਉਣ ਵਾਲੇ ਸਮੇਂ ’ਤੇ ਛੱਡ ਦੇਂਦਾ।
ਇਉਂ ਹੀ ਦਿਨ, ਮਹੀਨੇ ਤੇ ਸਾਲ ਲੰਘਦੇ ਗਏ ‘ਤੇ ਮੈਂ ਦਸਵੀਂ ਪਾਸ ਕਰ ਗਿਆ। ਫੇਰ ਔਖਾ ਸੌਖਾ ਕਾਲਜ ਵਿਚ ਭਰਤੀ ਹੋ ਗਿਆ। ਸਾਇੰਸ ਦਾ ਵਿਦਿਆਰਥੀ ਬਣ ਜਾਣ ਕਰ ਕੇ ਪਤਾ ਹੀ ਨਾ ਚੱਲਦਾ ਪੂਰਾ ਦਿਨ ਕਿਵੇਂ ਇਕ ਛੋਟਾ ਜਿਹਾ ਪਹਿਰ ਬਣ ਕੇ ਨਿਕਲ ਜਾਂਦਾ। ਕਾਲਜ ਦੇ ਦਿਨਾਂ ਵਿਚ ਵੀ ਭਾਵੇਂ ਮੈਂ ਟਰੈਕਟਰ ਚਲਾਉਂਦਾ ਸਾਂ ਪਰ ਓਨਾ ਨਹੀਂ ਜਿੰਨਾ ਪਹਿਲੀਆਂ ਵਿਚ। ਹੁਣ ਤਾਂ ਸਾਡੇ ਵੱਲ ਮਾ੍ਹਰ ਕਿੰਨੇ ਹੀ ਟਰੈਕਟਰ ਹੋ ਗਏ ਸਨ ’ਤੇ ਕੰਮ ਵੀ ਉਸੇ ਹਿਸਾਬ ਨਾਲ ਘਟ ਗਿਆ ਸੀ। ਓਧਰ ਹਰੀ ਸੋਂਹ ਹੁਰਾਂ ਨੇ ਵੀ ਆਪਣਾ ਟਰੈਕਟਰ ਲੈ ਲਿਆ ਹੋਇਆ ਸੀ। ਭੂਆ ਦਾ ਸਾਰਾ ਟੱਬਰ ਸੀਤਾਪੁਰ ਵਾਲੀ ਜ਼ਮੀਨ ਵੇਚ ਕੇ ਪਟਿਆਲੇ ਜਾ ਚੁੱਕਾ ਸੀ ‘ਤੇ ਅਜੀਤ ਦਸਵੀਂ ਕਰਨ ਪਿੱਛੋਂ ਕਿਸੇ ਦਫ਼ਤਰ ਵਿਚ ਕਲੱਰਕ ਭਰਤੀ ਹੋ ਗਿਆ ਸੀ।ਹੁਣ ਤਾਂ ਡੱਲੇ ਵਾਲੀ ਸੜਕ ‘ਤੇ ਜਾਣ ਦਾ ਕੋਈ ਸਬੱਬ ਵੀ ਨਹੀਂ ਸੀ ਬਣਦਾ। ਉਂਜ ਅਜੇ ਵੀ ਕਦੇ ਕਦੇ ਰਾਣੀਪੁਰ ਜਾਣ ਦੀ ਇੱਛਾ ਜਾਗਦੀ ਪਰ ਬੇਹੱਦ ਮਸਰੂਫ਼ ਜ਼ਿੰਦਗੀ ਅੱਗੇ ਗੋਡੇ ਟੇਕ ਜਾਂਦੀ। ਜਾਂ ਸ਼ਾਇਦ ਮੇਰੇ ਉਮਰੋਂ ਕੁਝ ਪ੍ਰੌੜ ਹੋ ਜਾਣ ਨਾਲ ਇਹ ਇੱਛਾ ਵੀ ਪ੍ਰੌੜ ਹੋ ਗਈ ਹੋਵੇ ਜਿਸਨੇ ਜ਼ਬਤ ਕਰਨਾ ਸਿੱਖ ਲਿਆ ਸੀ। ਪਰ ਇਹ ਮਰੀ ਕਦੇ ਨਹੀਂ ਸੀ। ਬਚਪਨ ਤੋਂ ਹੀ ਮੇਰੇ ਨਾਲ ਇੰਚ ਇੰਚ ਵੱਡੀ ਹੋਈ ਇਹ ਇੱਛਾ ਕਿਵੇਂ ਮਰ ਸਕਦੀ ਸੀ ਜਦੋਂ ਕਿ ਮੈਂ ਹਾਲੇ ਜਿਊਂਦਾ ਸਾਂ। ਇੱਛਾਵਾਂ ਤਾਂ ਮਰਿਆਂ ਨਾਲ ਹੀ ਮਰਦੀਆਂ ਨੇ।
ਇਸ ‘ਇੱਛਾ ਦੇ ਬਚਪਨ’ ਦੀ ਕਹਾਣੀ ਕੁਝ ਇੰਜ ਹੈ। 1947 ਤੋਂ ਦੋ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ। ਅਮਰੋ ਦਾ ਉਦੋਂ ਵਿਆਹ ਹੋਇਆ ਸੀ ਭਾਵੇਂ ਕਿ ਮੇਰੀ ਯਾਦਸ਼ਕਤੀ ਦੀ ਤਖ਼ਤੀ ‘ਤੇ ਇਸਦਾ ਕੋਈ ਅੱਖਰ ਨਹੀਂ ਉਕਰਿਆ ਹੋਇਆ। ਸ਼ਾਇਦ ਮੈਨੂੰ ਇਸ ਵਿਆਹ ‘ਤੇ ਲਿਜਾਇਆ ਹੀ ਨਾ ਗਿਆ ਹੋਵੇ। ਹੋ ਸਕਦਾ ਹੈ ਮੇਰੀ ਮਾਂ ਉਸ ਦਿਨ ਮੈਨੂੰ ਕਿਸੇ ਹੋਰ ਕੋਲ ਛੱਡ ਗਈ ਹੋਵੇ। ਕੁਝ ਵੀ ਹੋਵੇ, ਉਸਤੋਂ ਥ੍ਹੋੜਾ ਹੀ ਚਿਰ ਪਿੱਛੋਂ ਦੇ ਅਮਿਟ ਨਿਸ਼ਾਨ ਇਸ ਤਖ਼ਤੀ ‘ਤੇ ਅੱਜ ਵੀ ਮੌਜੂਦ ਹਨ।
ਮੇਰੀ ਮਾਂ ਦੇ ਪੇਕੇ ਸ਼ਹਿਰ ਵਿਚ ਸਨ, ਤੇ ਉਹ ਉਹਨਾਂ ਨੂੰ ਮਿਲਣ ਅਕਸਰ ਹੀ ਜਾਂਦੀ ਰਹਿੰਦੀ ਸੀ। ਮੈਨੂੰ ੳੇਹ ਸੋਹਣੀ ਤਰਾਂ੍ਹ ਤਿਆਰ ਕਰ ਕੇ, ਲਿਸ਼ਕਾ ਪੁਸ਼ਕਾ ਕੇ, ਆਪਣੇ ਨਾਲ ਲੈ ਜਾਂਦੀ। ਉਹਦੇ ਇਕ ਹੱਥ ਵਿਚ ਮੇਰਾ ਹੱਥ ਹੁੰਦਾ ਤੇ ਦੂਸਰੇ ਵਿਚ ਕੋਈ ਸ਼ੈਅ ਫੜੀ ਹੁੰਦੀ। ਨਾਨਕੀਂ ਜਾ ਕੇ ਮੈਂ ਬਾਹਲਾ ਖੁਸ਼ ਨਹੀਂ ਸਾਂ ਹੁੰਦਾ। ਇੱਕ ਤਾਂ ਉਥੇ ਮੇਰੇ ਹਾਣ ਦਾ ਕੋਈ ਨਿਆਣਾ ਨਹੀਂ ਸੀ ਜਿਸ ਨਾਲ ਮੈਂ ਖੇਡ ਸਕਦਾ, ਤੇ ਦੂਜੇ ਸਭ ਮੈਨੂੰ ਬਦੋ ਬਦੀ ਫੜ ਕੇ ਮੇਰੀਆਂ ਚੁੰਮੀਆਂ ਲਈ ਜਾਂਦੇ। ਮੈਂ ਬਥੇਰਾ ਆਪਣੇ ਆਪ ਨੂੰ ਉਹਨਾਂ ਦੀਆਂ ਬਾਹਵਾਂ ਦੇ ਘੇਰੇ ‘ਚੋਂ ਆਜ਼ਾਦ ਕਰਨ ਦੀ ਕੋਸ਼ਿਸ਼ ਕਰਦਾ ਪਰ ਮੇਰਾ ਵੱਸ ਨਾ ਚੱਲਦਾ। ਤੀਜੇ, ਮੇਰੇ ਮਾਮੇ ਦੀ ਛੋਟੀ ਕੁੜੀ ਪਾਛੋ ਬੜੀ ਕਾਲੀ ਕਲੂਟੀ ਜਿਹੀ ਸੀ। ਮੇਰੇ ਨਾਲੋਂ ਦੋ ਜਾਂ ਤਿੰਨ ਸਾਲ ਵੱਡੀ ਸੀ, ਭੋਲੀ ਤੇ ਸ਼ਰੀਫ਼ ਵੀ ਬੜੀ ਸੀ, ਪਰ ਉਹ ਹਮੇਸ਼ਾਂ ਆਪਣੇ ਗੁੱਡੀਆਂ-ਪਟੋਲਿਆਂ ਨਾਲ ਖੇਡ ਰਹੀ ਹੁੰਦੀ ਜਿਸਦਾ ਮੈਨੂੰ ਕੋਈ ਸ਼ੌਕ ਨਹੀਂ ਸੀ। ਉਹ ਮੈਨੂੰ ਬਥੇਰੀਆਂ ਆਵਾਜ਼ਾਂ ਮਾਰਦੀ ਪਰ ਮੈਂ ਸੁਣਦਾ ਹੀ ਨਹੀਂ ਸਾਂ। ਸੋ ਦਿਲ ਲਾਉਣ ਲਈ ਮੇਰੇ ਕੋਲ ਇੱਕੋ ਹੀ ਢੰਗ ਸੀ, ਮੈਂ ਕਿਸੇ ਤਰਾਂ੍ਹ ਕੁਝ ਡੋਰ ‘ਤੇ ਇਕ ਗੁੱਡੀ ਲੈ ਕੇ ਕੋਠੇ ‘ਤੇ ਜਾ ਚੜ੍ਹਦਾ ਤੇ ਪਰਚਿਆ ਰਹਿੰਦਾ।
ਇੱਕ ਦਿਨ ਦੁਪਹਿਰ ਵੇਲੇ ਜਦੋਂ ਮੈਂ ਕੋਠੇ ਤੋਂ ਥੱਲੇ ਉਤਰਿਆ ਤਾਂ ਵੇਖਿਆ ਇਕ ਬੜੀ ਹੀ ਖ਼ੂਬਸੂਰਤ ਕੁੜੀ ਮੇਰੀ ਮਾਂ ਨੂੰ ਜੱਫੀ ਪਾਈ ਬੈਠੀ ਸੀ, ਤੇ ਇਕ ਬਹੁਤ ਹੀ ਸੋਹਣਾ, ਜਵਾਨ ‘ਤੇ ਬਾਂਕਾ ਗਭਰੂ ਮੇਰੀ ਮਾਂ ਦੇ ਪੈਰਾਂ ਨੂੰ ਛੂਹ ਕੇ ਉਹਦੇ ਤੋਂ ਅਸੀਸ ਲੈ ਰਿਹਾ ਸੀ। ਮੈਂ ਹੈਰਾਨ ਸਾਂ ਕਿ ਇਹ ਦੋਵੇਂ ਕੌਣ ਹੋਏ। ਜਦੋਂ ਮੈਂ ਪੌੜੀਆਂ ਉਤਰ ਕੇ ਥੱਲੇ ਆਇਆ ਤਾਂ ਉਸ ਕੁੜੀ ਨੂੰ ਮੈਂ ਥ੍ਹੋੜਾ ਥ੍ਹੋੜਾ ਪਛਾਣ ਲਿਆ। ਉਹਨੂੰ ਮੈਂ ਪਹਿਲਾਂ ਵੀ ਇਸ ਘਰ ਵਿਚ ਵੇਖਿਆ ਹੋਇਆ ਸੀ ਪਰ ਅੱਜ ਵਾਲੀ ਫੱਬਤ ਵਿਚ ਕਦੇ ਨਹੀਂ। ਉਹ ਆਪਣੀਆਂ ਦੂਜੀਆਂ ਤਿੰਨ ਭੈਣਾਂ ਤੇ ਇੱਕ ਭਰਾ – ਸਭ ਨਾਲੋਂ ਸੋਹਣੀ ਸੀ। ਉਹ ਸਾਰੀ ਦੀ ਸਾਰੀ ਮਾਮੀ ’ਤੇ ਗਈ ਸੀ ਜਦੋਂ ਕਿ ਬਾਕੀ ਦੇ ਸਭ ਮਾਮੇ ‘ਤੇ ਸਨ। ਮਾਮਾ ਐਵੇਂ ਘਸਮੈਲਾ ਜਿਹਾ ਸੀ ਪਰ ਮਾਮੀ ਬਹੁਤ ਸੋਹਣੀ। ਉੱਚੀ, ਲੰਮੀ, ਪਤਲੀ ਤੇ ਛਮਕ ਵਰਗੀ। ਚਮੜੀ ਦੀ ਚਿੱਟੀ ਤੇ ਬਾਂਕੀ ਜਿਹੀ।
ਮੈਂ ਕੋਠਿਉਂ ਉਤਰਦਾ ਹੀ ਮਾਂ ਵੱਲ ਹੋਇਆ ਪਰ ਉਸ ਨੌਜਵਾਨ ਨੇ ਰਾਹ ਵਿੱਚੋਂ ਹੀ ਮੈਨੂੰ ਚੁੱਕ ਲਿਆ। ਮੇਰੇ ਨਾਲ ਗੱਲਾਂ ਕਰਨ ਲੱਗਾ। ਪਰ ਮੈਂ ਚੁੱਪ। ਇਕ ਅਜਨਬੀ ਦੇ ਕੁੱਛੜ ਚੜ੍ਹਿਆ ਮੈਂ, ਡੌਰ ਭੌਰ ਜਿਹਾ ਏਧਰ ਉੱਧਰ ਵੇਖ ਰਿਹਾ ਸਾਂ। ਫੇਰ ਉਹਨੇ ਮੈਨੂੰ ਕੁੱਛੜੋਂ ਲਾਹ ਜ਼ਮੀਨ ‘ਤੇ ਖੜਾ ਕਰ ਦਿਤਾ। ਪਰ ਉਸੇ ਵੇਲੇ ਮਾਂ ਕੋਲ ਬੈਠੀ ਉਸ ਮੁਟਿਆਰ ਨੇ, ਮੈਨੂੰ ਫੜ ਕੇ ਆਪਣੀ ਛਾਤੀ ਨਾਲ ਲਾ ਲਿਆ। ਉਹ ਮੇਰੇ ਨਾਲ ਪੋਲੀਆਂ ਪੋਲੀਆਂ ਗੱਲਾਂ ਕਰਦੀ ਤੇ ਆਪਣੇ ਨਾਲ ਘੁੱਟਦੀ ਰਹੀ। ਪਰ ਮੈਂ ਖੁਦ ਨੂੰ ਛਡਾਉਣ ਦੀ ਕੋਸ਼ਿਸ਼ ਕਰਦਾ ਰਿਹਾ।
‘ਹਾਅ-ਹਾਏ ਪੁੱਤ, ਕੀ ਕਰਦਾਂ ਤੂੰ? ਇਹ ਤੇਰੀ ਭੈਣ ਆਂ।।। ‘ਤੇ ਔਹ ਵੇਖ ਤੇਰਾ ਜੀਜਾ’। ਮਾਂ ਨੇ ਹਰਖ ਕੇ ਕਿਹਾ।
‘ਹੌਅ! ਦੀਪੂ! ਭੁੱਲ ਗਿਆਂ ਮੈਨੂੰ? ਯਾਦ ਨਈਂ ਤੈਨੂੰ ਮੈਂ ਚੂਰੀ ਕੁੱਟ ਕੇ ਖੁਆਉਂਦੀ ਸੀ। ਔਥੇ, ਸਬਾਤ ਵਿਚ। ।।। ਫੇਰ ਤੱਤੇ ਦੁੱਧ ਨੂੰ ਫੂਕਾਂ ਮਾਰ ਮਾਰ ਠੰਢਾ ਕਰਦੀ ਤੇ ਤੇਰੇ ਮੂੰਹ ਨੂੰ ਲੌਂਦੀ ਸੀ।।।’। ਜਦੋਂ ਉਹਨੇ ਇਹ ਸਭ ਕਿਹਾ ਤਾਂ ਮੈਨੂੰ ਯਾਦ ਆਇਆ ਇਹ ਤਾਂ ਅਮਰੋ ਸੀ। ਮੈਲੇ ਕੱਪੜਿਆਂ ਤੇ ਅਣਵਾਹੇ ਵਾਲਾਂ ਨਾਲ ਇਸੇ ਵਿਹੜੇ ਵਿਚ ਤੁਰੀ ਫਿਰਦੀ ਹੁੰਦੀ ਸੀ, ਘਰ ਦਾ ਕੰਮ ਕਰਦੀ। ਪਰ ਹੁਣ ਤਾਂ ਉਹ ਪਛਾਣੀ ਹੀ ਨਹੀਂ ਸੀ ਜਾ ਰਹੀ।
ਜਦੋਂ ਮੈਂ ਕੁਝ ਸਾਵਾਂ ਹੋਇਆ ਤਾਂ ਸਾਹਮਣੇ ਖੜੇ ਉਸ ਜੀਜੇ ਨਾਂ ਦੇ ਸ਼ਖ਼ਸ ਵੱਲ ਗਹੁ ਨਾਲ ਵੇਖਣ ਲੱਗਾ। ਸੋਹਣਾ ਸੁਨੱਖਾ ‘ਤੇ ਉੱਚਾ ਲੰਮਾ ਗਭਰੂ। ਤੇੜ ਰੇਸ਼ਮੀ ਚਾਦਰ, ਗਲ ਕਲੀਆਂ ਵਾਲਾ ਰੇਸ਼ਮੀ ਕੁੜਤਾ, ਕਾਲਰ-ਰਹਿਤ। ਉੱਤੇ ਚਾਰ-ਰੰਗੀ ਮਖ਼ਮਲ ਦੀ ਜੈਕਟ, ਬਿਨ-ਬਾਹਵਾਂ ਵਾਲੀ। ਗਲ ਵਿਚ ਸੋਨੇ ਦਾ ਭਾਰਾ ਕੈਂਠਾ। ਕਾਲੀ ਡੋਰੀ ਧੌਣ ਪਿੱਛੇ ਲਮਕ ਰਹੀ, ਫੁੱਲਾਂ ਵਾਲੀ। ਸਿਰ ‘ਤੇ ਬਦਾਮੀ ਪੱਗ। ਉੱਤੇ ਛੋਟਾ ਜਿਹਾ ਤੁਰਲਾ ’ਤੇ ਖੱਬੇ ਮੋਢੇ ਤੋਂ ਥੱਲੇ ਛਾਤੀ ਨੂੰ ਛੂੰਹਦਾ ਛੋਟਾ ਜਿਹਾ ਲੜ। ਲਾਪਰੀ ਹੋਈ ਦਾਹੜੀ ’ਤੇ ਨਿਕੀਆਂ ਨਿਕੀਆਂ ਮੁੱਛਾਂ। ਪੈਰੀਂ ਤਿੱਲੇ ਨਾਲ ਕੱਢੀ ਹੋਈ ਪੰਜਾਬੀ ਜੁੱਤੀ। ਅੱਖਾਂ ‘ਚ ਮਾੜਾ ਜਿਹਾ ਸੁਰਮਾ। ਹੱਸਮੁਖ ਚਿਹਰਾ। ਅੱਖਾਂ ‘ਚ ਜਗਦੇ ਬਿਜਲੀ ਦੇ ਬਲਬ। ਚੌੜਾ ਮੱਥਾ। ਗੋਰਾ ਰੰਗ।ਛੇ ਫੁੱਟ ਤੋਂ ਵਧੇਰੇ ਕੱਦ।
‘ਹੋਰ ਬਲਵੰਤ ਸਿਹਾਂ, ਕਿੱਤਰਾਂ ਨੇ ਘਰ ਦੇ ਸਾਰੇ ਜੀਅ? ਤੇਰਾ ਬਾਪੂ, ਬੇਬੇ, ਵੱਡਾ ਭਰਾ ਤੇ ਹੋਰ ਮ੍ਹੈਣ?।।। ਉਹਨਾਂ ਨੂੰ ਆਖੀਂ ਕਦੇ ਉਹ ਵੀ ਆ ਜਿਆ ਕਰਨ ਏਧਰ, ਪਿੰਡ ਈ ਬੈਠੇ ਰਹਿੰਦੇ ਨੇ’। ਮੇਰੀ ਮਾਂ ਨੇ ਕਿਹਾ।
‘ਸਭ ਠੀਕ ਠਾਕ ਨੇ ਭੂਆ।।। ਬਸ ਵੇਹਲ ਈ ਨਈਂ ਮਿਲਦੀ ਖੇਤੀ ਬਾੜੀ ‘ਚੋਂ। ਉਹਨਾਂ ਨੂੰ ਤਾਂ ਦਰਬਾਰ ਸਾ੍ਹਬ ਮੱਥਾ ਟੇਕਣ ਆਇਆਂ ਨੂੰ ਵੀ ਪਿੰਡ ਭੱਜਣ ਦੀ ਕਾਹਲ ਰਹਿੰਦੀ ਆ।।।। ਮੈਂ ਆਖੂੰ ਉਹਨਾਂ ਨੂੰ ਐਦਕੀਂ ਆਏ ਤਾਂ ਮਿਲ ਕੇ ਜਾਣ’। ਬਲਵੰਤ ਸਿੰਘ ਨੇ ਜੁਆਬ ਦਿਤਾ।
‘ਬਰ-ਜਰੂਰ ਆਖੀਂ ਸੂ,’ ਇਹ ਮਾਮੀ ਸੀ। ਸਾਹਮਣੇ ਹੀ ਪੀ੍ਹੜੀ ‘ਤੇ ਬੈਠੀ ਹੋਈ।
ਫੇਰ ਜਦੋਂ ਅੱਖ ਦੇ ਇਸ਼ਾਰੇ ਨਾਲ ਬਲਵੰਤ ਸਿੰਘ ਅਮਰੋ ਨੂੰ ਉਠਾ ਕੇ ਅੰਦਰ ਵੱਲ ਤੁਰ ਪਿਆ ਤਾਂ ਮੇਰੀਆਂ ਅੱਖਾਂ ਧੁਰ ਤਕ ਉਹਦਾ ਪਿੱਛਾ ਕਰਦੀਆਂ ਰਹੀਆਂ। ਕੈਂਠੇ ਦੀ ਡੋਰੀ ਉਹਦੀ ਜੈਕਟ ਤੋਂ ਬਾਹਰ ਲਮਕਦੀ ਬਹੁਤ ਸੁੰਦਰ ਲਗ ਰਹੀ ਸੀ। ਤੁਰੇ ਜਾਂਦੇ ਦੀ ਉਹਦੀ ਜੁੱਤੀ ਚੀਕੂੰ ਚੀਕੂੰ ਕਰਦੀ ਤਾਂ ਮੈਨੂੰ ਬੜਾ ਸੁਆਦ ਆਉਂਦਾ। ਕੈਂਠੇ ਵਾਲੇ ਇਸ ਪਰਾਹੁਣੇ ਦੀ ਇਹ ਤਸਵੀਰ ਅੱਜ ਸਾਲਾਂ ਬਾਅਦ ਵੀ ਮੇਰੀਆਂ ਅੱਖਾਂ ਦੇ ਸ਼ੀਸ਼ਿਆਂ ਵਿਚ ਜਿਉਂ ਦੀ ਤਿਉਂ ਮੜ੍ਹੀ ਹੋਈ ਹੈ।
ਤੇ ਏਸੇ ਹੀ ਅਮਰੋ ਨੇ, ਨਿੱਕੇ ਹੁੰਦੇ ਨੂੰ ਮੈਨੂੰ, ਸਾਕ ਕਰਵਾਇਆ ਸੀ। ਆਪਣੇ ਜੇਠ ਦੀ ਦੋ ਕਿ ਢਾਈ ਸਾਲਾਂ ਦੀ ਕੁੜੀ ਜੀਤੋ ਦਾ। ਪਰ ਫੇਰ ਜਦੋਂ ਸੰਤਾਲੀ ਦੀ ਹਨੇਰੀ ਝੁੱਲੀ, ਤੇ ਮੇਰੇ ਮਾਪਿਆਂ ਨੂੰ ਉਡਾ ਕੇ ਲੈ ਗਈ ਤਾਂ ਏਸੇ ਹੀ ਅਮਰੋ ਨੇ ਕਿਸੇ ਹੱਥ ਮੇਰੇ ਤਾਏ ਨੂੰ ਸੁਨੇਹਾ ਘਲਾਇਆ ਸੀ ਕਿ ਉਹਦੇ ਜੇਠ ਨੇ ਇਹ ਰਿਸ਼ਤਾ ਤੋੜ ਲਿਆ ਸੀ। ਕੀ ਪਤਾ ਇਹ ਯਤੀਮ ਮੁੰਡਾ ਕੱਲ੍ਹ ਨੂੰ ਕੀ ਬਣੇ? ਚੋਰ, ਡਾਕੂ ਕਿ ਕੁਝ ਹੋਰ। ਇਹ ਲਫ਼ਜ਼ ਜ਼ਰੂਰ ਉਹਦੇ ਜੇਠ ਜਾਂ ਜਠਾਣੀ ਦੇ ਹੋਣਗੇ। ਉਹ ਖ਼ੁਦ ਤਾਂ ਅਜਿਹੀ ਗੱਲ ਨਹੀਂ ਸੀ ਕਹਿ ਸਕਦੀ।
ਵਕਤ, ਚੰਗੇ ਜਾਂ ਮਾੜੇ ਰੂਪ ਵਿਚ ਬੀਤਦਾ ਗਿਆ। ਪਰ ਜੇ ਕੁਝ ਨਹੀਂ ਸੀ ਬੀਤਦਾ ਤਾਂ ਉਹ ਸੀ ਕੈਂਠੇ ਵਾਲੇ ਪਰਾਹੁਣੇ ਦਾ ਉਹ ਖ਼ੂਬਸੂਰਤ ਬਿੰਬ ਜਿਹੜਾ ਮੇਰੇ ਮਨ ਦੀਆਂ ਅੱਖਾਂ ਦੇ ਧੁਰ ਡੂੰਘ ਵਿਚ ਉਕਰਿਆ ਗਿਆ ਸੀ। ਕਿਤੇ ਉਹਨੀਂ ਹੀ ਦਿਨੀਂ ਮੈਂ ਸੁਰਿੰਦਰ ਕੌਰ ਦਾ ਇਕ ਗੀਤ ਰੇਡੀਓ ‘ਤੇ ਵੀ ਸੁਣਿਆ ਸੀ ਅਤੇ ਲਾਊਡ-ਸਪੀਕਰਾਂ ‘ਤੇ ਵੀ – ‘ਇਕ ਕੈਂਠੇ ਵਾਲਾ ਆ ਗਿਆ ਪਰਾਹੁਣਾ, ਨੀ ਮਾਏ ਤੇਰੇ ਕੰਮ ਨਾ ਮੁਕੇ’। ਇਹ ਗੀਤ ਸੁਣਦਿਆਂ ਹੀ ਮੇਰੀਆਂ ਅੱਖਾਂ ਸਾਹਵੇਂ ਉਹ ਤਸਵੀਰ ਹੂਬਹੂ ਉਭਰ ਆਉਂਦੀ ਜਿਹੜੀ ਮੈਂ ਸਾਲਾਂ ਪਹਿਲੋਂ ਆਪਣੇ ਅੰਦਰ ਸਾਂਭ ਲਈ ਸੀ। ਬਲਵੰਤ ਸਿੰਘ ਦੀ ਤਸਵੀਰ। ਮੈਨੂੰ ਲਗਦਾ ਜਿਵੇਂ ਇਹ ਗੀਤ ਉਹਨੂੰ ਵੇਖ ਕੇ ਹੀ ਲਿਖਿਆ ਗਿਆ ਸੀ। ‘ਤੇ ਸੁਰਿੰਦਰ ਕੌਰ ਦਾ ਸਾਰਾ ਚਿਹਰਾ-ਮੋਹਰਾ ਤੇ ਆਵਾਜ਼ ਮੈਨੂੰ ਅਮਰੋ ਨਾਲ ਮਿਲਦੀ ਲਗਦੀ। ਇਉਂ ਜਿਉਂ ਅਮਰੋ ਬਕੌਲ ਖ਼ੁਦ ਇਹ ਗੀਤ ਗਾ ਰਹੀ ਹੋਵੇ। ਕੈਂਠੇ ਵਾਲਾ ਪਰਾਹੁਣਾ ਇੱਕੋ ਹੀ ਸੀ ਜਿਹੜਾ ਮੈਂ ਆਪਣੇ ਬਚਪਨ ਵਿਚ ਕਦੇ ਵੇਖਿਆ ਸੀ। ਨਾ ਕਦੇ ਇਸਤੋਂ ਪਹਿਲਾਂ ਨਾ ਕਦੇ ਇਸਤੋਂ ਪਿੱਛੋਂ, ਫੇਰ ਨਹੀਂ ਸੀ ਵੇਖਿਆ। ਹੋਣਗੇ ਤਾਂ ਸ਼ਾਇਦ ਹੋਰ ਵੀ ਪਰ ਮੈਂ ਨਹੀਂ ਸਾਂ ਵੇਖ ਸਕਿਆ। ਇਸ ਲਈ ਸੁਰਿੰਦਰ ਕੌਰ ਦੇ ਗੀਤ ਦਾ ਹੀਰੋ ਮੇਰੀਆਂ ਨਜ਼ਰਾਂ ਵਿਚ ਬਲਵੰਤ ਸਿੰਘ ਹੀ ਸੀ। ਉਹਦੀ ਫੱਬਤ, ਉਹਦੀ ਰੇਸ਼ਮੀ ਚਾਦਰ, ਉਹਦਾ ਲੰਮਾ ਬਿਨ-ਕਾਲਰ ਕਲੀਆਂ ਵਾਲਾ ਰੇਸ਼ਮੀ ਕੁੜਤਾ, ਉਹਦੀ ਮਖ਼ਮਲ ਦੀ ਜੈਕਟ, ਗਲ ਵਿਚ ਸੋਨੇ ਦਾ ਕੈਂਠਾ, ਕੈਂਠੇ ਦੀ ਕਾਲੀ ਡੋਰੀ, ਛੋਟੇ ਜਿਹੇ ਤੁਰਲੇ ‘ਤੇ ਲੜ ਵਾਲੀ ਬਦਾਮੀ ਪੱਗ ਤੇ ਪੈਰੀਂ ਤਿੱਲੇ ਵਾਲੀ ਚੀਕੂੰ ਚੀਕੂੰ ਕਰਦੀ ਜੁੱਤੀ – ਗੀਤ ਦਾ ਸਭ ਕੁਝ ਜਿਵੇਂ ਬਲਵੰਤ ਸੋਂਹ ਲਈ ਰਾਖਵਾਂ ਸੀ। ਘੱਟੋ ਘੱਟ ਮੇਰੀਆਂ ਨਜ਼ਰਾਂ ਵਿਚ। ਮੇਰੇ ਬਾਲ-ਮਨ ਦੀਆਂ ਨਜ਼ਰਾਂ ਵਿਚ। ਤੇ ਫੇਰ ਇਹ ਬਿੰਬ ਮੇਰੇ ਨਾਲ ਹੀ ਵੱਡਾ ਹੁੰਦਾ ਗਿਆ। ਹਮੇਸ਼ਾਂ ਵਾਸਤੇ ਅੱਖਾਂ ‘ਚ ਟਿਕ ਗਿਆ। ਇਸੇ ਬਿੰਬ ਕਰ ਕੇ ਇਹ ਗੀਤ ਮੇਰੇ ਬਹੁਤ ਕਰੀਬ ਹੋ ਗਿਆ। ਜਾਂ ਫਿਰ ਸ਼ਾਇਦ ਇਸ ਗੀਤ ਕਰ ਕੇ ਇਹ ਬਿੰਬ ਬਹੁਤ ਹੀ ਗੂੜ੍ਹਾ ਹੋ ਗਿਆ। ਏਥੋਂ ਤਕ ਕਿ ਜ੍ਹੇਬ ਦੀ ਹਾਲਤ ਬਹੁਤ ਖਸਤਾ ਹੋਣ ਦੇ ਬਾਵਜੂਦ ਮੈਂ ਇਸ ਗੀਤ ਵਾਲਾ ਤਵਾ ਖਰੀਦਿਆ ’ਤੇ ਸੈਆਂ ਵਾਰੀ ਸੁਣਿਆ। ਤਾਏ ਦੇ ਵੱਡੇ ਮੁੰਡੇ ਦੇ ਗ੍ਰਾਮਾਫੋਨ ’ਤੇ ਚੜਾ੍ਹ ਕੇ।

1961 ਦੇ ਦਿਨ ਸਨ। ਮੈਂ ਚੌਧਵੀਂ ਜਮਾਤ ਦਾ ਇਮਤਿਹਾਨ ਦੇ ਕੇ ਹਟਿਆ ਹੀ ਸਾਂ। ਇਕ ਦਿਨ ਇਕ ਬਹੁਤ ਮਾੜੀ ਖਬਰ ਸੁਣੀਂ। ਇਹ ਖਬਰ ਜ਼ਰੂਰ ਮੇਰੇ ਨਾਨਕਿਆਂ ਤੋਂ ਹੁੰਦੀ ਹੋਈ ਮੇਰੇ ਤਾਏ ਦੇ ਘਰ ਤਕ ਪਹੁੰਚੀ ਹੋਵੇਗੀ। ਜਾਂ ਸ਼ਾਇਦ ਇਹ ਪੂਰੇ ਭਾਈਚਾਰੇ ਵਿਚ ਹੀ ਬਿਜਲੀ ਦੀ ਚੌਂਧ ਵਾਂਗ ਫੈਲ ਗਈ ਹੋਵੇਗੀ। ਖਬਰ ਸੀ ਕਿ ਬਲਵੰਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਬੋਲ ਗਈ ਸੀ।
ਨਿਸਚੇ ਹੀ ਇਹ ਖਬਰ ਮੇਰੇ ਲਈ ਬਿਜਲੀ ਦੇ ਵੱਡੇ ਝਟਕੇ ਵਾਂਗ ਸੀ। ਉਮਰ ਕੈਦ ਦੀ ਸਜ਼ਾ – ਉਹ ਕਿਉਂ? ਫਿਰ ਜਲਦੀ ਹੀ ਬਾਕੀ ਦੀ ਤਫ਼ਸੀਲ ਦਾ ਵੀ ਪਤਾ ਚਲ ਗਿਆ। ਬਲਵੰਤ ਸਿੰਘ ਦੀ ਵੱਡੀ ਕੁੜੀ ਜੋ ਉਸ ਵੇਲੇ ਪੰਦਰਾਂ ਸਾਲਾਂ ਦੀ ਸੀ, ਦਾ ਪਿੰਡ ਦੇ ਹੀ ਇਕ ਮੁੰਡੇ ਨਾਲ ਇਸ਼ਕ ਸੀ। ਇਕ ਦਿਨ ਸਵੇਰੇ ਸਵੇਰੇ ਜਦੋਂ ਬਲਵੰਤ ਸਿੰਘ ਰਾਤ ਦੀ ਪਾਣੀ ਦੀ ਵਾਰੀ ਲਾ ਕੇ ਖੂਹ ਤੋਂ ਮੁੜ ਰਿਹਾ ਸੀ ਤਾਂ ਉਹਨੇ ਦੂਰੋਂ ਹੀ ਕੁੜੀ ’ਤੇ ਮੁੰਡੇ ਨੂੰ ਅੱਗੜ-ਪਿੱਛੜ ਨਿਆਈਆਂ ਵਾਲੇ ਕਮਾਦ ਦੀ ਪੈਲੀ ‘ਚ ਵੜਦਿਆਂ ਵੇਖ ਲਿਆ। ਉਹਦੇ ਮੋਢੇ ‘ਤੇ ਕਹੀ ਸੀ ਤੇ ਗਲ ਵਿਚ ਵੱਡੀ ਕਿਰਪਾਨ। ਰਾਤ ਵੇਲੇ ਬਾਹਰ ਅੰਦਰ ਜਾਂਦਿਆਂ ਕਿਸਾਨ ਆਮ ਹੀ ਕੋਈ ਨਾ ਕੋਈ ਹੱਥਿਆਰ ਕੋਲ ਰੱਖਦੇ ਸਨ। ਪਾਣੀ ਦੀ ਵਾਰੀ ਵੱਢਦਿਆਂ ਜਾਂ ਅਗਲੀ ਵਾਰੀ ਵਾਲੇ ਨੂੰ ਵਢਾਉਂਦਿਆਂ, ਕਿਸੇ ਵੇਲੇ ਵੀ ਕੋਈ ਝਗੜਾ ਹੋ ਸਕਦਾ ਸੀ। ਪਾਣੀ ਦੀ ਵਾਰੀ ਦੇ ਝਗੜੇ ਤੋਂ ਬੰਦੇ ਆਮ ਹੀ ਕਤਲ ਕਰ ਦਿਤੇ ਜਾਂਦੇ ਸਨ।।।। ਰਾਤ ਵੇਲੇ ਉਂਜ ਹੀ ਕੋਈ ਲਗਦੀ ਵਾਲਾ ਵਾਰ ਕਰ ਸਕਦਾ ਸੀ।
ਬਲਵੰਤ ਸਿੰਘ ਨੇ ਆਪਣੀ ਕੁੜੀ ਵੀ ਪਛਾਣ ਲਈ ਸੀ ’ਤੇ ਉਹ ਮੁੰਡਾ ਵੀ। ਉਹਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਸਿਰ ਨੂੰ ਇਕ ਜ਼ਬਰਦਸਤ ਗ਼ੁਬਾਰ ਚੜ੍ਹਿਆ। ਗੁੱਸਾ ਬੇਕਾਬੂ ਹੋ ਗਿਆ। ਉਹਦੀ ਆਪਣੀ ਜਾਈ ਹੀ ਉਹਦੀ ਇੱਜ਼ਤ ਦੇ ਫੀਤੇ ਉਡਾ ਰਹੀ ਸੀ! ਗਲ ਵਾਲਾ ਕੈਂਠਾ ਤਾਂ ਸ਼ਾਇਦ ਘਰ ਵਿਚ ਕਿਸੇ ਟਰੰਕ ਵਿਚ ਪਿਆ ਹੋਵੇਗਾ। ’ਤੇ ਇਉਂ ਹੀ ਬਾਕੀ ਦਾ ਲਿਬਾਸ ਵੀ। ਪਰ ਇਕ ਕੈਂਠਾ ਸ਼ਾਇਦ ਉਹਦੇ ਅੰਦਰ ਵੀ ਸੀ। ਚੱਤੇ ਪਹਿਰ ਨਾਲ ਰਹਿਣ ਵਾਲਾ। ਸਦੀਆਂ ਪੁਰਾਣਾ। ਹੱਠੀ, ਜ਼ਿਦੀ ਤੇ ਗੁਸੈਲ। ਇਸ ਕੈਂਠੇ ਨੇ ਅੱਗੇ ਵੀ ਬੜਾ ਕੁਝ ਕੀਤਾ ਸੀ। ਸਦੀਆਂ ਤੋਂ ਕਰਦਾ ਆਇਆ ਸੀ।
ਬਲਵੰਤ ਸਿੰਘ ਦੇ ਤੇੜ ਚਾਦਰ ਸੀ, ਗਲ ਫਤੂਹੀ, ਸਿਰ ਦਾ ਜੂੜਾ ਖੁੱਲਿਆ ਹੋਇਆ ‘ਤੇ ਪੈਰੋਂ ਨੰਗਾ।ਇਕ ਦਮ ਉਹਨੂੰ ਕਚੀਚੀ ਆਈ ‘ਤੇ ਅੰਦਰਲਾ ਕੈਂਠਾ ਫਨੀਅਰ ਬਣ ਗਿਆ। ਉਹਨੇ ਕਹੀ ਉੱਥੇ ਹੀ ਰੱਖ ਦਿੱਤੀ, ਮਿਆਨ ‘ਚੋਂ ਕਿਰਪਾਨ ਕੱਢ ਲਈ, ’ਤੇ ਉਹਨਾਂ ਦੋਹਾਂ ਦੇ ਪਿੱਛੇ ਹੀ ਕਮਾਦ ਵਿਚ ਵੜ ਗਿਆ। ਦੂਜੇ ਹੀ ਪਲ ਕਮਾਦ ਵਿਚ ਦੋ ਲਾਸ਼ਾਂ ਪਈਆਂ ਸਨ। ਦੋ ਧੜ ਤੇ ਦੋ ਸਿਰ। ਦੋ ਸਿਰ ਧੜਾਂ ਤੋਂ ਅਲੱਗ। ’ਤੇ ਲਹੂ ਦੀਆਂ ਤਤੀਰੀਆਂ। ਉਹਦੇ ਆਪਣੇ ਕੱਪੜਿਆਂ ਉੱਤੇ ਵੀ।
ਉਹ ਲਹੂ ਦੀ ਲਿੱਬੜੀ ਕਿਰਪਾਨ ਨਾਲ ਹੀ ਪਿੰਡ ਵਿਚ ਜਾ ਵੜਿਆ। ਜੀਹਨੇ ਵੀ ਵੇਖਿਆ ਵੇਖਦਾ ਹੀ ਰਹਿ ਗਿਆ। ਹਰ ਵੇਖਣ ਵਾਲਾ ਦਹਿਲ ਗਿਆ। ਪਲਾਂ ਛਿਣਾਂ ਵਿਚ ਹੀ ਇਹ ਖਬਰ ਸਾਰੇ ਪਿੰਡ ਵਿਚ, ਫਿਰ ਲਾਗਲੇ ਪਿੰਡਾਂ ਵਿਚ ਫੈਲ ਗਈ। ਪੁਲੀਸ ਆ ਗਈ। ਉਹਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਸਭ ਕੁਝ ਸੱਚੋ ਸੱਚ ਬਿਆਨ ਕਰ ਦਿਤਾ। ਮੁਕੱਦਮਾ ਚੱਲਿਆ ਤਾਂ ਵਕੀਲ ਵੀ ਨਹੀਂ ਕੀਤਾ। ਜੱਜ ਨੇ ਫੈਸਲਾ ਸੁਣਾਇਆ – ਉਮਰ ਕੈਦ।।।। ਪਰ ਉਹਨੂੰ ਆਪਣੇ ਕੀਤੇ ਦਾ ਕੋਈ ਅਫ਼ਸੋਸ ਨਹੀਂ ਸੀ। ਰੰਜ ਜਾਂ ਮਲਾਲ ਨਹੀਂ ਸੀ। ਇਉਂ ਜਿਉਂ ਉਹ ਆਪ ਹੀ ਅੰਦਰ ਜਾਣਾ ਚਾਹੁੰਦਾ ਸੀ।
ਤੇ ਇਉਂ ਮੇਰੀ ਇਕ ਬਹੁਤ ਹੀ ਹੁਸੀਨ ਯਾਦ ਦਾ ਨਾਇਕ ਕੈਂਠੇ ਵਾਲਾ ਪਰਾਹੁਣਾ ਉਮਰ ਕੈਦ ਦੀ ਬਾਮੁਸ਼ੱਕਤ ਸਜ਼ਾ ਭੁਗਤਣ ਜ੍ਹੇਲ ਵਿਚ ਚਲਾ ਗਿਆ। ਉਸਤੋਂ ਪਿੱਛੋਂ ਜਦੋਂ ਵੀ ਮੈਂ ਸੁਰਿੰਦਰ ਕੌਰ ਦਾ ਗੀਤ ਸੁਣਦਾ ਤਾਂ ਮੇਰਾ ਇਕ ਲੰਮਾ ਹਉਕਾ ਨਿਕਲ ਜਾਂਦਾ। ਤੇ ਮੈਂ ਲਗਦੀ ਵਾਹ ਇਸ ਗੀਤ ਨੂੰ ਸੁਣਨ ਤੋਂ ਪਰਹੇਜ਼ ਕਰਨ ਲੱਗਾ।

ਏਧਰ ਮੈਂ ਆਪਣੀ ਰੋਟੀ ਦੀ ਲੜਾਈ ਅਜੇ ਵੀ ਲੜ ਰਿਹਾ ਸਾਂ। ਕਿਸੇ ਯੋਧੇ ਵਾਂਗ ਨਹੀਂ ਬਲਕਿ ਡਿੱਗਦਾ, ਢਹਿੰਦਾ ਤੇ ਉਠਦਾ, ਤੇ ਤੁਰਨ ਦੀ ਕੋਸ਼ਿਸ਼ ਕਰਦਾ ਹੋਇਆ। ਅਮਰੋ ਦੇ ਪਿੰਡ ਜਾ ਕੇ ਉਹਦਾ ਹਾਲ ਚਾਲ ਪੁੱਛਣ ਦੀ ਉਤਸੁਕਤਾ ਨੂੰ ਟਾਲਣ ਦਾ ਭਾਵੇਂ ਇਹ ਕੋਈ ਠੀਕ ਬਹਾਨਾ ਨਹੀਂ ਸੀ ਪਰ ਬਹਾਨੇ ਵੀ ਸ਼ਾਇਦ ਹਾਲਾਤ ਹੀ ਪੈਦਾ ਕਰਦੇ ਹਨ। ਯਤੀਮ ਹੋ ਜਾਣ ਤੋਂ ਬਾਦ ਮੇਰੇ ਨਾਨਕਿਆਂ ਨੇ ਮੇਰੀ ਕੋਈ ਸਾਰ ਨਹੀਂ ਸੀ ਪੁੱਛੀ ਕਿ ਮੈਂ ਜਿਊਂਦਾ ਸਾਂ ਕਿ ਮਰ ਗਿਆ। ਉਹਨਾਂ ਦੀ ਮੇਰੇ ਲਈ ਕੋਈ ਰਗ਼ ਨਹੀਂ ਸੀ ਦੁਖਦੀ। ਤੇ ਇਸਦਾ ਅਸਰ ਬਾਕੀ ਰਿਸ਼ਤਿਆਂ ‘ਤੇ ਪੈਣਾਂ ਵੀ ਸੁਭਾਵਿਕ ਹੀ ਸੀ। ਰਿਸ਼ਤੇ ਵੀ ਤਾਂ ਮਿਲਦਿਆਂ ਦੇ ਹੀ ਹੁੰਦੇ ਨੇ। ਅਮਰੋ ਕਿਹੜਾ ਕਦੇ ਮੈਨੂੰ ਮਿਲਣ ਆਈ ਸੀ।
ਖ਼ੈਰ! ਮੈਂ ਚੌਧਵੀਂ ਪਾਸ ਕਰ ਕੇ ਕਿਸੇ ਹੋਰ ਸ਼ਹਿਰ ਨੌਕਰੀ ‘ਤੇ ਜਾ ਲੱਗਾ। ਬਿਨਾ ਕਿਸੇ ਕਿੱਲੇ ਦੇ, ਤੇ ਬਿਨਾ ਮਾਇਕ ਸਹਾਰੇ ਦੇ ਨੌਕਰੀ ਦੀਆਂ ਆਪਣੀਆਂ ਹਜ਼ਾਰ ਤਕਲੀਫ਼ਾਂ ਸਨ। ਮਸਾਂ ਤਿੰਨ ਸਾਲ ਹੀ ਕੱਢੇ ਤੇ ਫੇਰ ਵਾਊਚਰ ਲੈ ਕੇ ਇੰਗਲੈਂਡ ਆ ਗਿਆ। ਪਰ ਕੈਂਠੇ ਵਾਲਾ ਪਰਾਹੁਣਾ ਕਦੇ ਨਾ ਭੁੱਲ ਸਕਿਆ। ਯਾਦਾਂ ਦੇ ਚਿਤਰਪਟ ਤੋਂ ਨਾ ਮਿਟ ਸਕਿਆ।
ਇੰਗਲੈਂਡ ਆਉਣ ਤੋਂ ਛੇ ਕੁ ਮਹੀਨੇ ਪਹਿਲਾਂ ਤਾਏ ਦੇ ਵੱਡੇ ਮੁੰਡੇ ਨੇ ਆਪਣੀ ਇੱਕੋ ਇੱਕ ਧੀ ਦਾ ਰਿਸ਼ਤਾ ਰਾਣੀਪੁਰ ਕਰ ਦਿਤਾ ਸੀ। ਜਦੋਂ ਮੈਂ ਇਕ ਛੁੱਟੀ ਵਾਲੇ ਦਿਨ ਘਰ ਗਿਆ ਤਾਂ ਮੇਰੀ ਭਤੀਜੀ ਮੇਰੇ ਅੱਗੇ ਫਰਿਆਦਾਂ ਕਰਨ ਲੱਗੀ: ‘ਪਿੰਡਾਂ ਦੇ ਲੋਕ ਤਾਂ ਅੱਜ ਕੱਲ੍ਹ ਆਪਣੀਆਂ ਕੁੜੀਆਂ ਸ਼ਹਿਰਾਂ ‘ਚ ਵਿਆਹੁਣ ਡਹੇ ਹੋਏ ਨੇ ਤੇ ਭਾਪੇ ਨੇ ਮੇਰਾ ਰਿਸ਼ਤਾ ਰਾਣੀਪੁਰ ਪਿੰਡ ‘ਚ ਕਰ ਦਿਤਾ ਏ। ਤੁਸੀਂ ਚਾਚਾ ਜੀ, ਇਹਨਾਂ ਨੂੰ ਸਮਝਾ ਨਹੀਂ ਸਕਦੇ ਕੁਸ਼?’ ਪਰ ਮੈਂ ਕੀ ਜਵਾਬ ਦੇਂਦਾ? ਮੇਰੀ ਕੀਹਨੇ ਸੁਣਨੀ ਜਾਂ ਮੰਨਣੀ ਸੀ। ਮੈਂ ਚੁੱਪ ਹੀ ਭਲੀ ਸਮਝੀ। ਪਰ ਰਾਣੀਪੁਰ ਦਾ ਨਾਂ ਸੁਣ ਕੇ ਮੇਰੇ ਅੰਦਰ ਕਿਤੇ ਇਕ ਬਿਜਲੀ ਜਿਹੀ ਕੌਂਧ ਗਈ। ਸੋਚਿਆ, ਸ਼ਾਇਦ ਕਦੇ ਜਾਣ ਦਾ ਮੌਕਾ ਬਣ ਹੀ ਜਾਵੇ। ਪਰ ਨਾ ਬਣ ਸਕਿਆ। ਤੇ ਮੈਂ ਜਹਾਜ਼ੇ ਚੜ੍ਹ ਗਿਆ।

ਵਲਾਇਤ ਵਿਚ ਮੇਰੇ ਕਿਆਮ ਦੌਰਾਨ ਹੀ ਭਤੀਜੀ ਦਾ ਵਿਆਹ ਹੋ ਗਿਆ ਤੇ ਉਹ ਰਾਣੀਪੁਰ ਚਲੀ ਗਈ। ਮੇਰੇ ਪਰਵਾਸ ਦੇ ਦੌਰਾਨ ਹੀ ਉਹਦੇ ਘਰ ਇਕ ਤੋਂ ਬਾਦ ਇਕ ਯਾਨਿ ਤਿੰਨ ਮੁੰਡੇ ਪੈਦਾ ਹੋਏ। ਇੰਡੀਆ ਦਾ ਪਹਿਲਾ ਫੇਰਾ ਮੇਰਾ ਪੰਜ ਸਾਲਾਂ ਪਿੱਛੋਂ ਲੱਗਾ, ਦੂਜਾ ਦੋ ਸਾਲਾਂ ਪਿੱਛੋਂ ਤੇ ਤੀਜਾ ਚੌਂਹ ਸਾਲਾਂ ਪਿੱਛੋਂ। ਪਰ ਭਤੀਜੀ ਤੇ ਉਹਦੇ ਪਰਿਵਾਰ ਨਾਲ ਕਦੇ ਮੇਲ ਨਾ ਹੋਇਆ। ਉਂਜ ਜਦ ਕਦੇ ਟੱਬਰ ‘ਚ ਬੈਠਿਆਂ ਰਾਣੀਪੁਰ ਦੀ ਗੱਲ ਚੱਲਣੀ ਤਾਂ ਜੀ ਕਰਨਾ ਕਿਸੇ ਤਰਾਂ੍ਹ ਜਾਇਆ ਜਾਵੇ। ਅਮਰੋ ਨੂੰ ਮਿਲਿਆ ਜਾਵੇ। ਪਤਾ ਨਹੀਂ ਕਿੰਜ ਹੋਵੇਗੀ ਉਹ ਵਿਚਾਰੀ। ਆਦਮੀ ਤੋਂ ਬਗੈਰ ਕਿਵੇਂ ਕੱਟਦੀ ਹੋਵੇਗੀ। ਪਤਾ ਨਹੀਂ ਉਹਦਾ ਉਹ ਹੁਸਨ ਕਾਇਮ ਦਾਇਮ ਹੋਵੇਗਾ ਜਾਂ ਢਲ ਗਿਆ ਹੋਵੇਗਾ। ਖਬਰੇ ਬਲਵੰਤ ਸਿੰਘ ਹੁਣ ਤਕ ਕੈਦ ਕੱਟ ਕੇ ਆ ਗਿਆ ਹੋਵੇ। ਮੈਂ ਸਾਲਾਂ ਦਾ ਹਿਸਾਬ ਲਾਉਂਦਾ। ਦਸ-ਗਿਆਰਾਂ ਸਾਲ ਹੋ ਗਏ ਸਨ। ਸ਼ਾਇਦ ਪਹਿਲਾਂ ਰਿਹਾ ਹੋ ਗਿਆ ਹੋਵੇ। ਸ਼ਾਇਦ ਨਹੀਂ।।।।
1985 ਤੋਂ ਬਾਅਦਲੇ ਸਾਲਾਂ ਵਿਚ ਮੇਰੇ ਪੰਜਾਬ ਦੇ ਕਈ ਗੇੜੇ ਵੱਜੇ। ਘੱਟੋ ਘੱਟ ਇਕ ਗੇੜਾ ਤਾਂ ਹਰ ਸਾਲ ਹੀ ਵੱਜਦਾ। ਕਈ ਵਾਰੀ ਸਾਲ ਦੇ ਦੋ ਵੀ। ਪਰ ਮੈਂ ਇਹ ਸੋਚ ਕੇ ਹੈਰਾਨ ਹੁੰਦਾ ਕਿ ਹੁਣ ਸੁਰਿੰਦਰ ਕੌਰ ਦੇ ਗੀਤ ਬਹੁਤ ਘੱਟ ਵੱਜਦੇ ਸਨ। ਸੈਆਂ ਹੀ ਨਵੇਂ ਗੀਤ ਚੱਲ ਪਏ ਸਨ। ਦਰਜਨਾਂ ਹੀ ਗਾਉਣ ਵਾਲੇ ਨਵੇਂ ਗਰੁੱਪ ਪੈਦਾ ਹੋ ਗਏ ਸਨ। ਗੀਤ ਵੀ ਬੜੇ ਘਟੀਆ ਜਿਹੇ ਹੁੰਦੇ। ਦੋ ਅਰਥਾਂ ਵਾਲੇ। ਸੈਕਸ ਦੇ ਨੰਗੇ ਇਸ਼ਾਰਿਆ ਨਾਲ ਨੱਕੋ ਨੱਕ ਭਰੇ ਹੋਏ। ਇਹਨਾਂ ਹੀ ਸਾਲਾਂ ਵਿਚ ਕੁਝ ਇਹੋ ਜਿਹੇ ਗੀਤਕਾਰ ਸੋਧੇ ਵੀ ਗਏ ਸਨ। ਪਰ ਫੇਰ ਕੁਝ ਹੋਰ ਜੰਮ ਪਏ ਤੇ ਲਿਖਣ ਤੇ ਗਾਉਣ ਲੱਗੇ। ਪਰ ਸੁਰਿੰਦਰ ਕੌਰ ਪ੍ਰਕਾਸ਼ ਕੌਰ ਹੁਰਾਂ ਦੇ ਗੀਤ ਮਰ ਰਹੇ ਸਨ। ਕਦੇ ਕਦੇ ਹੀ ਕੋਈ ਗੀਤ ਕੰਨੀਂ ਪੈਂਦਾ, ਤੇ ਬਸ। ਪਰ ਫੇਰ ਵੀ ਕੈਂਠੇ ਵਾਲਾ ਗੀਤ ਮੈਂ ਕਦੇ ਨਾ ਸੁਣਿਆਂ। ਨਾ ਕਿਸੇ ਦੇ ਘਰ ਵਿਚ ਨਾ ਕਦੇ ਲਾਊਡ-ਸਪੀਕਰ ‘ਤੇ। ਤੇ ਏਧਰ ਉਸ ਗੀਤ ਲਈ ਮੇਰੀ ਤੜਪ ਹੋਰ ਵਧ ਗਈ ਸੀ ਜਿਵੇਂ ਆਪਣੇ ਵਤਨ ਤੋਂ ਬਾਹਰ ਜਾ ਕੇ ਉਸ ਨਾਲ ਵਧੇਰੇ ਮੋਹ ਜਾਗਦਾ ਹੈ। ਮੈਨੂੰ ਜਾਪਦਾ ‘ਕੈਂਠੇ ਵਾਲਾ ਪਰਾਹੁਣਾ’ ਮਰ ਚੁੱਕਾ ਸੀ। ਜਾਂ ਅਜੋਕਾ ਪੰਜਾਬ ਹੀ ਉਹਨੂੰ ਭੁੱਲ ਚੁੱਕਾ ਸੀ। ਮੈਂ ਹੈਰਾਣ ਹੋ ਕੇ ਸੋਚਦਾ ਕਿ ਕਿਵੇਂ ਭੁੱਲ ਸਕਦੇ ਸਨ ਲੋਕ ਇਸ ਗੀਤ ਨੂੰ? ਮੈਨੂੰ ਨਹੀਂ ਸੀ ਭੁੱਲ ਸਕਿਆ ਉਹ ਗੀਤ। ਉਹ ਤਾਂ ਹਮੇਸ਼ਾਂ ਮੇਰੇ ਅੰਗ ਸੰਗ ਰਿਹਾ ਸੀ। ਮੇਰੇ ਨਾਲ ਹੀ ਵੱਡਾ ਹੋਇਆ ਸੀ। ਜਾਂ ਮੈਂ ਹੀ ਉਹਦੇ ਨਾਲ ਗਭਰੂ ਹੋਇਆ ਸਾਂ। ਇਹ ਗੀਤ ਮੇਰੀ ਰਗ਼ ਰਗ਼ ਵਿਚ ਵੱਸਿਆ ਹੋਇਆ ਸੀ। ਪੰਜਾਬ ਦੇ ਅੰਨ ਵਾਂਗ। ਪੰਜਾਂ ਦਰਿਆਵਾਂ ਦੇ ਪਾਣੀ ਵਾਂਗ। ਮੇਰੇ ਮਾਪਿਆਂ ਦੇ ਲਹੂ ਵਾਂਗ। ਪਰਾਣੇ ਵੇਲਿਆਂ ਨੂੰ ਯਾਦ ਕਰ ਕੇ ਮੇਰਾ ਦਿਲ ਰੋਂਦਾ। ਬੁਸਕਦਾ। ਹਟਕੋਰੇ ਭਰਦਾ। ਤੇ ਫੇਰ ਮੇਰੀਆਂ ਅੱਖਾਂ ਅੱਗੇ ਬਲਵੰਤ ਸਿੰਘ ਆ ਖਲੋਂਦਾ। ਕੈਂਠੇ ਵਾਲਾ ਪਰਾਹੁਣਾ। ਤੇ ਅਮਰੋ। ਕੈਂਠੇ ਵਾਲੇ ਪਰਾਹੁਣੇ ਦੀ ਮੰਗ ਤੇ ਵਿਆਹੁੜ। ਤੇ ਦਿਲ ਹੋਰ ਵੀ ਉਦਾਸ ਹੋ ਜਾਂਦਾ।
ਫੇਰ ਕੁਝ ਹੋਰ ਵਰ੍ਹੇ ਨਿਕਲ ਗਏ। ਫੇਰ ਪਤਾ ਲੱਗਾ ਕਿ ਭਤੀਜੀ ਤੇ ਉਹਦਾ ਪਰਿਵਾਰ ਸ਼ਹਿਰ ਵਿਚ ਹੀ ਆ ਵੱਸੇ ਸਨ। ਕੋਠੀ ਬਣਾ ਲਈ ਸੀ। ਰਾਣੀਪੁਰ ਵਾਲੀ ਜ਼ਮੀਨ ਠੇਕੇ ‘ਤੇ ਦੇ ਦਿਤੀ ਸੀ। ਮੁੰਡਿਆਂ ਨੇ ਸ਼ਹਿਰ ‘ਚ ਕੋਈ ਕਾਰੋਬਾਰ ਖੋਹਲ ਲਿਆ ਸੀ ਤੇ ਗੁਜ਼ਾਰਾ ਚੰਗਾ ਚੱਲ ਰਿਹਾ ਸੀ। ਇਕ ਦਿਨ ਜਦੋਂ ਇਕ-ਦੋ ਰਾਤਾਂ ਲਈ ਵੱਡੇ ਭਰਾ ਕੋਲ ਠਹਿਰਿਆ ਤਾਂ ਸਾਰਾ ਪਰਿਵਾਰ ਮੈਨੂੰ ਮਿਲਣ ਆਇਆ। ਸਾਰਿਆਂ ਨਾਲੋਂ ਛੋਟਾ ਰਾਜੂ ਕੁਝ ਵਧੇਰੇ ਹੀ ਤੇਹ ਕਰਨ ਲੱਗਾ। ਮੇਰੇ ਲਾਗੇ ਢੁਕ ਢੁਕ ਕੇ ਬੈਠਦਾ। ਇੰਗਲੈਂਡ ਬਾਰੇ ਗੱਲਾਂ ਪੁੱਛਦਾ। ਬਾਕੀ ਦੇ ਸਭ ਜਣੇ ਉਹਦੀਆਂ ਗੱਲਾਂ ਸੁਣ ਸੁਣ ਕੇ ਹੱਸਦੇ ਕਿ ਹੁਣ ਤੋਂ ਹੀ ਵਲਾਇਤ ਦੀਆਂ ਆਸਾਂ ਲਾਉਣ ਲਗ ਪਿਆ।
ਜਦੋਂ ਮੈਂ 2004 ਵਿਚ ਪੰਜਾਬ ਗਿਆ ਤਾਂ ਵੇਖਿਆ ਰਾਜੂ ਹੁਣ ਕਾਫੀ ਵੱਡਾ ਹੋ ਗਿਆ ਸੀ। ਕਾਲਜ ਵਿਚ ਪੜ੍ਹ ਰਿਹਾ ਸੀ। ਸਿਰ ‘ਤੇ ਕਦੇ ਪੱਗ ਬੰਨ੍ਹਦਾ, ਕਦੇ ਪਟਕਾ। ਇਕ ਦਿਨ ਮੈਂ ਕਿਹਾ, ‘ਕਿਸੇ ਦਿਨ ਮੈਂ ਤੁਹਾਡੇ ਰਾਣੀਪੁਰ ਜਾਣੈ’। ‘ਲਉ, ਜਦੋਂ ਆਖੋ ਲੈ ਚਲਦਾਂ, ਚਾਚਾ ਜੀ’। ਉਹਦਾ ਜਵਾਬ ਸੀ। ਆਪਣੀ ਮਾਂ ਦੀ ਰੀਸੇ ਤਿੰਨੇ ਹੀ ਮੁੰਡੇ ਮੈਨੂੰ ਚਾਚਾ ਕਹਿਕੇ ਬੁਲਾਉਣ ਲੱਗ ਪਏ ਸਨ।
‘ਭਲਾ ਤੁਹਾਡੇ ਪਿੰਡ ਕੋਈ ਬਲਵੰਤ ਸਿੰਘ ਵੀ ਹੈਗਾ?’ ਮੈਂ ਫੇਰ ਪੁੱਛਿਆ।
‘ਪਤਾ ਨਹੀਂ, ਸ਼ੈਦ ਹੈਗਾ ਵੱਾ। ਪਰ ਉਹ ਤਾਂ ਬਹੁਤ ਬੁੱਢਾ ਹੋ ਚੁਕਿਆ ਵੱਾ।।।। ਹੋਰ ਤਾਂ ਕਿਸੇ ਦਾ ਮੈਨੂੰ ਪਤਾ ਨਈਂ। ਮੰਮੀ ਨੂੰ ਸ਼ੈਦ ਪਤਾ ਹੋਵੇ। ਪੁੱਛ ਕੇ ਦਸੂੰਗਾ’। ਉਹਨੇ ਕਿਹਾ।
ਪਰ ਮੇਰੀ ਵਲਾਇਤ ਵਾਪਸੀ ਦਾ ਦਿਨ ਆ ਗਿਆ ਸੀ। ਇਸ ਲਈ ਇੱਛਾ ਫੇਰ ਇੱਛਾ ਹੀ ਰਹਿ ਗਈ। ਫੇਰ ਮਨ ਵਿਚ ਇਹ ਸੋਚ ਵੀ ਆਈ ਕਿ ਜੇ ਇਹ ਉਹੋ ਹੀ ਬਲਵੰਤ ਸਿੰਘ ਹੋਇਆ ਤਾਂ ਉਹਨੂੰ ਮੇਰੇ ਬਾਰੇ ਕੀ ਪਤਾ ਹੋਵੇਗਾ? ਇਹਨਾਂ ਗੱਲਾਂ ਨੂੰ ਤਾਂ ਹੁਣ ਸੱਠ ਤੋਂ ਉੱਤੇ ਵਰ੍ਹੇ ਬੀਤ ਚੁੱਕੇ ਸਨ। ਫੇਰ ਮੈਂ ਤਾਂ ਉਦੋਂ ਮਸਾਂ੍ਹ ਹੀ ਚੌਂਹ ਸਾਲਾਂ ਦਾ ਸਾਂ। ਉਹਨੇ ਮੈਨੂੰ ਭਲਾ ਕੀ ਪਛਾਨਣਾ ਸੀ। ਤੇ ਅਮਰੋ ਨੇ ਵੀ ਕਿੱਥੋਂ ਪਛਾਣ ਲੈਣਾ ਸੀ ਪਈ ਮੇਰੀ ਸਕੀ ਭੂਆ ਦਾ ਪੁੱਤਰ ਆਇਆ। ਏਨੇ ਵਰਿ੍ਹਆਂ ਵਿਚ ਇਕ ਵਾਰ ਵੀ ਤਾਂ ਨਹੀਂ ਸਾਂ ਮਿਲੇ।
ਪਰ ਅੰਤ ਇਕ ਦਿਨ 2005 ਵਿਚ ਰਾਣੀਪੁਰ ਜਾਣ ਦਾ ਪ੍ਰੋਗਰਾਮ ਬਣ ਹੀ ਗਿਆ। ਇਕ ਵੱਡਾ ਕਾਰਨ ਤਾਂ ਇਹ ਸੀ ਕਿ ਭਤੀਜੀ ਦੇ ਮੁੰਡਿਆਂ ਦਾ ਸ਼ਹਿਰ ਵਿਚਲਾ ਕਾਰੋਬਾਰ ਹੋਰ ਵੀ ਚਮਕ ਪਿਆ ਸੀ ਤੇ ਉਹਨਾਂ ਹੁਣ ਮਾਰੂਤੀ ਕਾਰ ਲੈ ਲਈ ਹੋਈ ਸੀ। ਉਹ ਵੀ ਏ.ਸੀ. ਵਾਲੀ। ਤੇ ਕਾਰ ਦਾ ਸਟੇਅਰਿੰਗ ਆਮ ਕਰ ਕੇ ਰਾਜੂ ਦੇ ਹੱਥਾਂ ਵਿਚ ਹੀ ਰਹਿੰਦਾ ਸੀ। ਤੇ ਉਹੋ ਹੀ ਮੈਨੂੰ ਜਿੱਥੇ ਮੈਂ ਜਾਣਾ ਹੁੰਦਾ ਛੱਡ ਆਉਂਦਾ ਤੇ ਫੇਰ ਲੈ ਵੀ ਆਉਂਦਾ। ਬਹੁਤੀ ਵਾਰੀ ਤਾਂ ਉਹ ਮੇਰੇ ਨਾਲ ਹੀ ਤੁਰਦਾ ਫਿਰਦਾ ਰਹਿੰਦਾ। ਭਰਾਵਾਂ ‘ਚੋਂ ਜੇ ਕੋਈ ਔਖਾ ਹੁੰਦਾ ਤਾਂ ਉਹ ਮੇਰਾ ਨਾਂ ਲੈ ਦੇਂਦਾ; ਅਖੇ ਚਾਚਾ ਜੀ ਆਂਹਦੇ ਸਨ, ਫੇਰ ਮੈਂ ਕਿਵੇਂ ਨਾਂਹ ਕਰਦਾ। ਜਿੰਨੇ ਦਿਨ ਮੈਂ ਉਹਨਾਂ ਦੇ ਸ਼ਹਿਰ ਵਿਚ ਰਹਿੰਦਾ ਰਾਜੂ ਤੇ ਉਹਦੀ ਕਾਰ ਵਾਲੀ ਮੌਜ ਲੱਗੀ ਰਹਿੰਦੀ।
ਇੱਕ ਦਿਨ ਜਦੋਂ ਅਸੀਂ ਕਾਜ਼ੀਪੁਰ ਦੇ ਲਾਗੋਂ ਦੀ ਲੰਘ ਰਹੇ ਸਾਂ ਤਾਂ ਮੈਂ ਕਿਹਾ, ‘ਲੈ ਬਈ ਰਾਜੂ ਸਿਹਾਂ, ਕਰ ਲਾ ਗੱਡੀ ਅੱਜ ਸਿੱਧੀ ਆਪਣੇ ਪਿੰਡ ਨੂੰ। ਅੱਜ ਤੇਰਾ ਪਿੰਡ ਵੇਖ ਈ ਲੈਣਾ ਏਂ’।
‘ਲਉ ਚਾਚਾ ਜੀ, ਗੋਲੀ ਕੀਹਦੀ ਤੇ ਗਹਿਣੇ ਕੀਹਦੇ’। ਤੇ ਉਹਨੇ ਕਾਰ ਡੱਲੇ ਵਾਲੀ ਸੜਕ ‘ਤੇ ਪਾ ਲਈ।
ਉਹ ਗੱਡੀ ਚਲਾ ਰਿਹਾ ਸੀ ਤੇ ਮੈਂ ਉਹਨੂੰ ਕੈਂਠੇ ਵਾਲੇ ਪਰਾਹੁਣੇ ਦੀ ਕਥਾ ਸੁਣਾ ਰਿਹਾ ਸਾਂ। ਜਦੋਂ ਮੈਂ ਸਾਰੀ ਕਹਾਣੀ ਸੁਣਾ ਚੁੱਕਿਆ ਤਾਂ ਰਾਜੂ ਕਹਿੰਦਾ, ‘ਲਉ, ਮੈਂ ਤਾਂ ਸਮਝਦਾ ਸਾਂ ਤੁਸਾਂ ਓਦਾਂ ਈ ਮਿਲਣ ਜਾਣਾ ਵਾਂ, ਮਾਮੇ ਦੀ ਧੀ ਹੋਣ ਕਰ ਕੇ।।।। ਪਰ ਚਾਚਾ ਜੀ ਸਾਨੂੰ ਇਹੋ ਜੀ ਕਿਸੇ ਗੱਲ ਦਾ ਨਈਂ ਪਤਾ। ਮੇਰਾ ਨਈਂ ਖਿਆਲ ਮੰਮੀ ਜਾਂ ਡੈਡੀ ਨੂੰ ਵੀ ਪਤਾ ਹੋਵੇ। ਅਸਾਂ ਤਾਂ ਕਦੇ ਏਤਰਾਂ ਸੁਣਿਆਂ ਵੀ ਨਈਂ ਪਿੰਡ ਆਲਿਆਂ ਤੋਂ।।।’।
‘ਭਲਾ ਤੁਸਾਂ ਕਿੱਥੋਂ ਸੁਣਨੀਆਂ ਸਨ ਇਹ ਗੱਲਾਂ, ਕਿਸੇ ਪਿਛਲੇ ਜਨਮ ਦੀਆਂ?’ ਮੈਂ ਕਿਹਾ ਤੇ ਫੇਰ ਖਿਆਲਾਂ ਵਿਚ ਗੁੰਮ ਗੁਆਚ ਗਿਆ। ਦੂਰ ਕਿਤੇ ਜੁੱਗਾਂ ਪਾਰ। ਜਦੋਂ ਹਾਲੇ ਮੇਰੇ ਸੰਸਾਰ ਦੇ ਲੋਕ ਜਿਊਂਦੇ ਸਨ। ਉਹਨੀਂ ਦਿਨੀਂ ਸਾਡੇ ਖੂਹ ਤੋਂ ਆਇਆ ਸਾਡਾ ਮਾਲ ਡੰਗਰ ਵੀ ਮਾਮੇ ਦੇ ਵਿਹੜੇ ਵਿਚ ਬੱਝਦਾ ਹੁੰਦਾ ਸੀ। ਸਾਡੇ ਕੋਲ ਥਾਂ ਦੀ ਕਮੀ ਸੀ। ਵੱਡੀ ਪ੍ਰੀਤੋ ਤੇ ਉਸਤੋਂ ਛੋਟੀ ਅਮਰੋ, ਡੰਗਰਾਂ ਨੂੰ ਰਾਤ ਦੇ ਆਖਰੀ ਪੱਠੇ ਪਾਉਂਦੀਆਂ ਸਨ ਜਿਹੜੇ ਮੇਰਾ ਬਾਪ ਤਕਾਲਾਂ ਨੂੰ ਖੂਹ ਤੋਂ ਲਿਆ ਕੇ ਸੁੱਟ ਆਉਂਦਾ ਸੀ।
‘ਲਉ ਚਾਚਾ ਜੀ ਆ ਗਏ ਜੇ ਆਪਾਂ,’ ਪਿੰਡ ਦੇ ਪਹੇ ‘ਤੇ ਗੱਡੀ ਪਾਉਂਦਿਆਂ ਉਹਨੇ ਕਿਹਾ। ਤੇ ਮੈਂ ਇਕ ਦਮ ਅਤੀਤ ਦੀਆਂ ਰੰਗੀਨੀਆਂ ‘ਚੋਂ ਨਿਕਲ ਕੇ ਵਰਤਮਾਨ ਦੇ ਵੀਰਾਨੇ ‘ਚ ਆ ਗਿਆ।

ਪਿੰਡ ਕੋਈ ਬਹੁਤ ਵੱਡਾ ਨਹੀਂ ਸੀ ਪਰ ਛੋਟਾ ਵੀ ਨਹੀਂ ਸੀ ਕਿਹਾ ਜਾ ਸਕਦਾ। ਰਾਹ ਵਿਚ ਰਾਜੂ ਨੂੰ ਵੀ ਇਕ ਦੋ ਜਣਿਆਂ ਕੋਲੋਂ ਬਲਵੰਤ ਸਿੰਘ ਦਾ ਘਰ ਪੁੱਛਣਾ ਪਿਆ। ਸ਼ੁਕਰ ਇਹ ਕਿ ਪਿੰਡ ਵਿਚ ਇਸ ਨਾਮ ਦਾ ਇੱਕੋ ਹੀ ਬੰਦਾ ਸੀ। ਅਖੀਰ ਅਸੀਂ ਉਹਦਾ ਘਰ ਲੱਭ ਲਿਆ, ਗੱਡੀ ਪਾਰਕ ਕੀਤੀ ’ਤੇ ਫੇਰ ਘਰ ਵੱਲ ਵਧਣ ਲੱਗੇ। ਚੰਗੀ ਤਗੜੀ ਹਵੇਲੀ ਸੀ, ਵੱਡੇ ਸਾਰੇ ਫਾਟਕ ਵਾਲੀ। ਬਾਹਰ ਘੰਟੀ ਦਾ ਬਟਨ ਲੱਗਾ ਹੋਇਆ ਸੀ। ਰਾਜੂ ਨੇ ਉਹ ਬਟਨ ਦਬਾ ਦਿੱਤਾ। ਕੁਝ ਪਲ ਇੰਤਜ਼ਾਰ ਕੀਤੀ ਪਰ ਫਾਟਕ ਖੋਹਲਣ ਕੋਈ ਨਾ ਆਇਆ। ਉਹਨੇ ਦੁਬਾਰਾ ਘੰਟੀ ਵਜਾਈ। ਫੇਰ ਇਕ 35-40 ਸਾਲਾਂ ਦੀ ਔਰਤ ਨੇ ਦਰਵਾਜ਼ਾ ਖੋਹਲਿਆ ਤੇ ਸਾਡੇ ਵੱਲ ਹੈਰਾਨੀ ਨਾਲ ਵੇਖਣ ਲੱਗੀ। ਸਵਾਲੀਆ ਨਜ਼ਰਾਂ।
‘ਜੀ, ਮੈਂ ਬਲਵੰਤ ਸਿੰਘ ਹੁਰਾਂ ਨੂੰ ਮਿਲਣ ਆਇਆਂ। ਉਹ ਭਲਾ ਏਥੇ ਈ ਰਹਿੰਦੇ ਨੇ?’ ਮੈਂ ਪੁੱਛਿਆ।
‘ਹਾਂ ਜੀ! ਆਉ, ਲੰਘ ਆਉ ਅੰਦਰ,’ ਉਸ ਕਿਹਾ। ਅਸੀਂ ਉਹਦੇ ਪਿੱਛੇ ਪਿੱਛੇ ਅੰਦਰ ਲੰਘ ਗਏ। ਉਹਨੇ ਬੈਠਕ ਦਾ ਬੂਹਾ ਖੋਹਲ ਦਿਤਾ, ਪੱਖਾ ਚਲਾ ਦਿਤਾ ‘ਤੇ ਕੁਰਸੀਆਂ ਸਾਡੇ ਅੱਗੇ ਕਰਦੀ ਨੇ ਕਿਹਾ, ‘ਤੁਸੀਂ ਬੈਠੋ, ਮੈਂ ਪਾਣੀ ਲੈ ਕੇ ਆਈ’।
ਮੈਂ ਆਸੇ ਪਾਸੇ ਨਜ਼ਰ ਮਾਰੀ। ਬੈਠਕ ਕਾਫ਼ੀ ਵਸੀਹ ਸੀ। ਇਕ ਪਾਸੇ ਪਲੰਘ ਵਿਛਿਆ ਹੋਇਆ, ਦੂਜੇ ਪਾਸੇ ਡਾਈਨਿੰਗ ਟੇਬਲ ਤੇ ਕੁਰਸੀਆਂ, ਇਕ ਕਾਰਨਰ ਵਿਚ ਬੈਂਤ ਦਾ ਮੁਖਤਸਰ ਜਿਹਾ ਫ਼ਰਨੀਚਰ ’ਤੇ ਇਕ ਕਾਫ਼ੀ ਟੇਬਲ। ਬੈਠਕ ਦੇ ਨਾਲ ਦੇ ਕਮਰੇ ਵਿਚ ਕੰਪਿਊਟਰ ਪਿਆ ਹੋਇਆ ਸੀ। ਵੇਹੜਾ ਵੀ ਕਾਫ਼ੀ ਵੱਡਾ ਸੀ, ਇੱਟਾਂ ਦੇ ਫ਼ਰਸ਼ ਵਾਲਾ, ਜਿਸ ਨੂੰ ਲੰਘ ਕੇ ਅਸੀਂ ਅੰਦਰ ਵੜੇ ਸਾਂ। ਬਾਕੀ ਦਾ ਘਰ ਵੀ ਇੰਜ ਦਾ ਹੀ ਹੋਵੇਗਾ – ਮੈਂ ਸੋਚਿਆ। ਉਹ ਟਰੇਅ ਵਿਚ ਪਾਣੀ ਦਾ ਜੱਗ ਤੇ ਨਾਲ ਸ਼ੀਸ਼ੇ ਦੇ ਤਿੰਨ ਗਲਾਸ ਲੈ ਕੇ ਅੰਦਰ ਆ ਗਈ। ਪਾਣੀ ਸਾਡੇ ਹੱਥਾਂ ਵਿਚ ਫੜਾ ਕੇ ਉਹ ਸਾਡੇ ਸਾਹਮਣੇ ਇਕ ਕੁਰਸੀ ‘ਤੇ ਬੈਠ ਗਈ।
‘ਮਾਫ਼ ਕਰਨਾ ਅੰਕਲ ਜੀ, ਮੈਂ ਤੁਹਾਨੂੰ ਪਛਾਣਿਆ ਨਹੀਂ?’
‘ਤੁਸੀਂ ਕਿੱਥੋਂ ਪਛਾਣਨਾ ਸੀ, ਅਸੀਂ ਤਾਂ ਕਦੇ ਮਿਲੇ ਹੀ ਨਹੀਂ,’ ਮੈਂ ਮੁਸਕੁਰਾਉਂਦਿਆਂ ਕਿਹਾ।
‘ਤੇ ਫੇਰ?’ ਉਹਦਾ ਅਗਲਾ ਸਵਾਲ ਸੀ।
‘ਪਹਿਲਾਂ ਤੁਸੀਂ ਇਹ ਦੱਸੋ ਪਈ ਤੁਸੀਂ ਏਸ ਘਰ ਦੇ।।।’। ਮੈਂ ਪੁੱਛਿਆ, ਭਾਵੇਂ ਮੈਨੂੰ ਪਿੱਛੋਂ ਮਹਿਸੂਸ ਹੋਇਆ ਮੈਂ ਆਪਣੇ ਸ਼ਬਦਾਂ ਦੀ ਚੋਣ ਠੀਕ ਨਹੀਂ ਸੀ ਕੀਤੀ। ਪਰ ਮੈਂ ਵੇਖਿਆ ਉਸਨੇ ਬੁਰਾ ਨਹੀਂ ਸੀ ਮਨਾਇਆ।
‘ਮੈਂ ਸਰਦਾਰ ਬਲਵੰਤ ਸਿੰਘ ਹੁਰਾਂ ਦੀ ਨੂੰਹ ਆਂ,’ ਉਹਨੇ ਦੱਸਿਆ।
‘ਅੱਛਾ-ਅੱਛਾ, ਫੇਰ ਤਾਂ ਠੀਕ ਐ।।।। ਤੇ ਤੁਹਾਡੀ ਸੱਸ ਸਾਹਿਬਾ ਦਾ ਨਾਂ ਅਮਰ ਕੌਰ ਐ ਨਾ?’
‘ਹਾਂ ਜੀ, ਪਰ ਉਹ ਤਾਂ ।।।। ਔਹ ਤੁਹਾਡੇ ਪਿੱਛੇ ਕੰਧ’ਤੇ ਉਹਨਾਂ ਦੀ ਤਸਵੀਰ।।।’। ਉਹਨੇ ਤਸਵੀਰ ਵੱਲ ਇਸ਼ਾਰਾ ਕੀਤਾ। ਮੈਂ ਇਕ ਦਮ ਪਿੱਛੇ ਮੁੜ ਕੇ ਵੇਖਿਆ। ਬਿਰਧ ਹੋ ਚੁੱਕੀ ਅਮਰੋ ਦੀ ਤਸਵੀਰ ਸੀ। ਵਾਲ ਚਿੱਟੇ, ਅੱਖਾਂ ‘ਤੇ ਐਨਕਾਂ ਤੇ ਸਿਰ ‘ਤੇ ਚਿੱਟਾ ਲੀੜਾ। ਮੈਂ ਅਮਰੋ ਨੂੰ ਪਛਾਣ ਲਿਆ ਸੀ। ਮੈਂ ਕੁਰਸੀ ਤੋਂ ਉੱਠਿਆ ਤੇ ਤਸਵੀਰ ਨੂੰ ਲਾਗੇ ਹੋ ਕੇ ਵੇਖਣ ਲੱਗਾ।।।। ਮੇਰਾ ਇਕ ਲੰਮਾ ਹਉਕਾ ਨਿਕਲ ਗਿਆ। ਪਤਾ ਨਹੀਂ ਆਦਮੀ ਦੇ ਜ੍ਹੇਲ ਜਾਣ ਪਿੱਛੋਂ ਕਿਵੇਂ ਨਿਆਣੇ ਪਾਲੇ ਹੋਣਗੇ? ਇਹਨੇ ਵਿਚਾਰੀ ਨੇ ਮੈਨੂੰ ਕੀ ਮਿਲਣ ਆਉਣਾ ਸੀ ਭਲਾ? ਇਹ ਤਾਂ ਅੱਧੀ ਆਯੂ ਕੈਂਠੇ ਦੀਆਂ ਕੀਤੀਆ ਹੀ ਭਰਦੀ ਰਹੀ।
‘ਕਦੋਂ ਕੁ ਵਾਪਰੀ ਇਹ ਘਟਨਾ?’
‘ਦੋ ਕੁ ਸਾਲ ਹੋ ਗਏ ਨੇ,’ ਉਹਨੇ ਦੱਸਿਆ। ਮੈਨੂੰ ਇਕ ਹੋਰ ਝਟਕਾ ਲੱਗਾ। ਕਿਉਂ ਨਾ ਮੈਂ ਦੋ ਸਾਲ ਪਹਿਲਾਂ ਗੇੜਾ ਮਾਰ ਲਿਆ? ਜਿਊਂਦੀ ਨੂੰ ਮਿਲ ਤਾਂ ਲੈਂਦਾ।
‘ਮੈਂ ਇਹਨਾਂ ਦੀ ਭੂਆ ਦਾ ਪੁੱਤ ਆਂ,’ ਵਾਪਸ ਕੁਰਸੀ ‘ਤੇ ਬੈਠਦਿਆਂ ਮੈਂ ਕਿਹਾ।
‘ਹੁਣ ਮੈਂ ਸਮਝੀ ।।। ਤੁਹਾਡੇ ਮਦਰ ਤਾਂ ਰੌਲਿਆ ‘ਚ ਹੀ ਪੂਰੇ ਹੋ ਗਏ ਸੀ। ਬੇਬੇ ਹੁਰੀਂ ਕਦੇ ਕਦੇ ਕਰਦੇ ਹੁੰਦੇ ਸੀ ਗੱਲਾਂ’। ਹੁਣ ਉਹਦੇ ਚਿਹਰੇ ‘ਤੇ ਹੈਰਾਨੀ ਦੀ ਥਾਂ ਅਫ਼ਸੋਸ-ਭਰੀ ਖੁਸ਼ੀ ਨੇ ਲੈ ਲਈ ਸੀ।
‘ਹਾਂ, ਠੀਕ ਦਸਦੇ ਸੀ ਉਹ।।। ਉਹ ਵੀ ਪੂਰੇ ਹੋ ਗਏ ਸੀ ਤੇ ਇਹਨਾ ਦੇ ਫੁੱਫੜ ਵੀ’।
‘ਤੇ।।। ਤੁਸੀਂ ਤਾਂ ਕਿਤੇ ਬਾਹਰ ਚਲੇ ਗਏ ਸਾਓ।।। ਬੇਬੇ ਜੀ ਨੇ ਦੱਸਿਆ ਸੀ’ ਉਸ ਕਿਹਾ।
‘ਹਾਂ, ਬਾਹਰੋਂ ਹੀ ਆ ਰਿਹਾਂ’।
‘ਤੇ, ਤੁਹਾਡਾ ਨਾਂ।।। ਗੁਰਦੀਪ ਸਿੰਘ ਐ।।।’
‘ਹਾਂ, ਪਰ ਤੁਹਾਨੂੰ ਕੀਹਨੇ ਦੱਸਿਆ?’
‘ਬੇਬੇ ਜੀ ਨੇ ਹੀ,’ ਉਹ ਆਖ ਕੇ ਮੁਸਕੁਰਾਈ। ਅੱਛਾ! ਤਾਂ ਅਮਰੋ ਮੈਨੂੰ ਭੁੱਲੀ ਨਹੀਂ ਸੀ। ਹਾਲਾਤ ਦੇ ਥਪੇੜਿਆਂ ਨੇ ਹੀ ਉਹਨੂੰ ਸਮਾਂ ਨਹੀਂ ਦਿਤਾ ਹੋਣਾਂ ਕਿ ਮੈਨੂੰ ਮਿਲਣ ਆਉਂਦੀ – ਮੈਂ ਸੋਚ ਰਿਹਾ ਸਾਂ।
‘ਕਿੱਥੇ ਨੇ ਸਰਦਾਰ ਬਲਵੰਤ ਸਿੰਘ ਹੁਰੀਂ?,’ ਮੈਂ ਪੁੱਛਿਆ।
‘ਬਸ ਐਵੇਂ ਫਿਰਨ ਤੁਰਨ ਲਈ ਬਾਹਰ ਨਿਕਲੇ ਸਨ ਖੇਤਾਂ ਵੱਲ, ਮੈਂ ਹੁਣੇ ਸੁਨੇਹਾਂ ਭੇਜਦੀ ਆਂ’। ਉਹਨੇ ਕਿਹਾ ਤੇ ਬੈਠਕ ਦੇ ਦੂਜੇ ਸਿਰੇ ਥਾਣੀਂ ਕਿਚਨ ਵਾਲੇ ਪਾਸਿਉਂ ਬਾਹਰ ਨਿਕਲ ਗਈ। ਜਲਦੀ ਹੀ ਕਿਸੇ ਹੱਥ ਸੁਨੇਹਾਂ ਭੇਜ ਕੇ ਵਾਪਸ ਸਾਡੇ ਕੋਲ ਆ ਬੈਠੀ।
‘ਤੁਸੀਂ ਕੀ ਕਰਦੇ ਓ?’ ਮੈਂ ਪੁੱਛਿਆ।
‘ਮੈਂ ਡਾਕਟਰ ਆਂ। ਐਥੇ ਪਿੰਡ ਵਿਚ ਹੀ ਸਰਜਰੀ ਖੋਹਲੀ ਹੋਈ ਐ। ਲਾਗੇ ਚਾਗੇ ਦੇ ਪਿੰਡਾਂ ਦੇ ਕਾਫ਼ੀ ਪੇਸ਼ੈਂਟ ਆ ਜਾਂਦੇ ਨੇ’।
‘ਤੇ ਤੁਹਾਡੇ ਹਸਬੈਂਡ।।।?’
‘ਉਹ ਵੀ ਡਾਕਟਰ ਨੇ। ਉਹਨਾਂ ਦੀ ਸਰਜਰੀ ਸ਼ਹਿਰ ਵਿਚ ਐ’।
‘ਦੈਟ’ਸ ਵੈਰੀ ਗੁੱਡ!’ ਮੈਂ ਜਿਵੇਂ ਅੰਗਰੇਜ਼ੀ ਨੂੰ ਇਸ ਮੌਕੇ ਦੀ ਸੁਭਾਵਿਕ ਭਾਸ਼ਾ ਸਮਝ ਲਿਆ ਹੋਵੇ।
‘ਅੱਛਾ, ਅੰਕਲ ਜੀ, ਇਹ ਦੱਸੋ, ਕੀ ਖਾਓ-ਪੀਓ ਗੇ… ਰੋਟੀ ਤਿਆਰ ਕਰਾਂ ਕਿ ਚਾਹ ਵਗੈਰਾ…?’
‘ਨਈਂ, ਖਾਣਾ ਕੁਸ਼ ਨਈਂ। ਖਾ ਕੇ ਹੀ ਤੁਰੇ ਸਾਂ। ਹਾਂ, ਚਾਹ ਦਾ ਪਿਆਲਾ ਜ਼ਰੂਰ ਪੀਤਾ ਜਾ ਸਕਦੈ ਪਰ ਪਹਿਲਾਂ ਸਰਦਾਰ ਹੁਰੀਂ ਆ ਜਾਣ,’ ਮੈਂ ਕਿਹਾ।
‘ਬਸ ਆਉਣ ਈ ਵਾਲੇ ਨੇ। ਆਹ ਨਾਲ ਈ ਆ ਖੂਹ ਸਾਡਾ’। ਆਖ ਕੇ ਉਹ ਫੇਰ ਬਾਹਰ ਨਿਕਲ ਗਈ। ਸ਼ਾਇਦ ਇਹ ਜਾਂਚਣ ਕਿ ਆਉਣ ਵਾਲਾ ਕਿੱਥੇ ਕੁ ਪਹੁੰਚਿਆ ਸੀ।
ਰਾਜੂ ਮੇਰੇ ਵੱਲ ਵੇਖ ਰਿਹਾ ਸੀ ਤੇ ਮੈਂ ਰਾਜੂ ਵੱਲ। ‘ਤੂੰ ਗਿਆਂ ਕਦੇ ਇਹਨਾਂ ਦੀ ਸਰਜਰੀ?’ ਮੈਂ ਪੁੱਛਿਆ। ‘ਨਾਅਅਅ, ਮੈਨੂੰ ਨਹੀਂ ਯਾਦ ਕੁਸ਼। ਨਾਲੇ ਸਾਨੂੰ ਤਾਂ ਸ਼ਹਿਰ ਗਿਆਂ ਵੀ ਕਈ ਸਾਲ ਹੋ ਗਏ। ਵੱਡਿਆਂ ਨੂੰ ਸ਼ਾਇਦ ਕੁਸ਼ ਪਤਾ ਹੋਵੇ…’। ਉਸੇ ਵੇਲੇ ਬਾਹਰਲੇ ਦਰਵਾਜ਼ੇ ਦੇ ਖੁੱਲ੍ਹਣ ਦੀ ਆਵਾਜ਼ ਆਈ। ਬੈਠਕ ਦੇ ਖੁੱਲ੍ਹੇ ਬੂਹੇ ਥਾਣੀਂ ਮੈਂ ਵੇਖਿਆ ਇਕ ਬਜ਼ੁਰਗ, ਲਾਠੀ ਦੀ ਮਦਦ ਨਾਲ, ਹੌਲੀ ਹੌਲੀ ਤੁਰਦਾ ਆ ਰਿਹਾ ਸੀ। ਗਲ ਚਿੱਟਾ ਕੁੜਤਾ, ਤੇੜ ਚਿੱਟਾ ਪਜਾਮਾ, ਸਿਰ ‘ਤੇ ਚਿੱਟੀ ਪੱਗ ਤੇ ਪੈਰੀਂ ਸਾਧਾਰਨ ਪੰਜਾਬੀ ਜੁੱਤੀ। ਉਮਰ ਅੱਸੀਆਂ ਤੋਂ ਉੱਤੇ ਪਰ ਪਹਿਲੀਆਂ ਵਾਂਗ ਹੀ ਸਰੀਰ ਪਤਲਾ ਤੇ ਲੰਮਾ, ਮੂੰਹ ‘ਤੇ ਮੁਸਕੁਰਾਹਟ। ਅੱਖਾਂ ਵਿਚ ਰੌਸ਼ਨੀ। ਫੇਰ ਅਗਲੇ ਹੀ ਪਲ ਉਹ ਸਾਡੇ ਸਾਹਮਣੇ ਖੜਾ ਸੀ। ਕੈਂਠੇ ਵਾਲਾ ਪਰਾਹੁਣਾ।
ਮੈਂ ਉਹਦੇ ਸਤਿਕਾਰ ਵਿਚ ਉੱਠ ਕੇ ਖੜਾ ਹੋ ਗਿਆ ਅਤੇ ਨਾਲ ਹੀ ਰਾਜੂ ਵੀ।
‘ਸਾਸਰੀ ਕਾਲ ਸਰਦਾਰ ਸਾਹਿਬ!’ ਮੈਂ ਫ਼ਤਹਿ ਬੁਲਾਈ।
‘ਸਾਸਰੀ ਕਾਲ!’ ਉਹਨੇ ਜੁਆਬ ਦਿਤਾ, ਤੇ ਮੇਰੇ ਵੱਲ ਤਿੱਖੀਆਂ ਨਜ਼ਰਾਂ ਨਾਲ ਵੇਖਣ ਲੱਗਾ।
‘ਮੈਂ ਧਾਨੂੰ ਪਛਾਣਿਆਂ ਨਈਂ… ਖਣੀਂ ਮੇਰੀ ਨਿਗ੍ਹਾ ਹੀ…,’ ਉਹ ਬੋਲਿਆ।
‘ਕੋਈ ਨਈਂ, ਤੁਸੀਂ ਪਹਿਲਾਂ ਬੈਠੋ, ਜ਼ਰਾ ਧੂਫ਼ ਕੱਢ ਲਉ, ਬਾਹਰੋਂ ਗਰਮੀ ‘ਚੋਂ ਆਏ ਜੇ।… ਫੇਰ ਪਛਾਣ ਵੀ ਲੈਨੇ ਆ ਇਕ ਦੂਜੇ ਨੂੰ,’ ਮੈਂ ਕਿਹਾ, ਤੇ ਉਹਦੇ ਬਹਿਣ ਲਈ ਇਕ ਕੁਰਸੀ ਉਹਦੇ ਅੱਗੇ ਕਰ ਦਿਤੀ। ਉਹ ਬੈਠ ਗਿਆ। ਨੂੰਹ ਰਾਣੀ ਪਾਣੀ ਦਾ ਗਲਾਸ ਲੈ ਆਈ। ਉਹਨੇ ਅੱਧਾ ਕੁ ਗਲਾਸ ਖਾਲੀ ਕੀਤਾ ਤੇ ਬਾਕੀ ਦਾ ਵਾਪਸ ਕਰ ਦਿਤਾ।
‘ਹੁਣ ਦੱਸੋ?’ ਉਹਨੇ ਕਿਹਾ। ਪਰ ਮੈਂ ਉਹਦੇ ਵੱਲ ਵੇਖ ਕੇ ਨਿੰਮਾ ਨਿੰਮਾ ਮੁਸਕੁਰਾ ਰਿਹਾ ਸਾਂ। ਪਰ ਹੁਣ ਉਹ ਸੁਪਨਾ ਬਿਰਧ ਹੋ ਚੁੱਕਿਆ ਸੀ। ਝੁਰੜੀਆਂ ਉੱਗ ਆਈਆਂ ਸਨ ਉਸ ਦੇ ਚਿਹਰੇ ‘ਤੇ, ਬਾਹਵਾਂ ‘ਤੇ, ਹੱਥਾਂ ਦੇ ਪਿੱਛਲੇ ਪਾਸੇ।ਮੈਂ ਸੋਚਣ ਲੱਗਾ, ‘ਹਰ ਦੌਰ ਦਾ ਆਪਣਾ ਵਿਸ਼ੇਸ਼ ਇਤਿਹਾਸ ਹੁੰਦਾ ਹੈ ਤੇ ਵਿਸ਼ੇਸ਼ ਚਰਿੱਤਰ ਵੀ। ਪਰ ਸਮਾਂ ਕਦੇ ਪਿਛਾਂਹ ਨਹੀਂ ਜਾਂਦਾ। ਇਹ ਸਦਾ ਅੱਗੇ ਨੂੰ ਤੁਰਦਾ ਹੈ। ਦਰਿਆ ਵਾਂਗ।
‘ਅਮਰ ਕੌਰ ਦਾ ਤਾਂ ਬਹੁਤ ਅਫ਼ਸੋਸ ਹੋਇਆ। ਮੈਨੂੰ ਤਾਂ ਹੁਣੇ ਹੀ ਤੁਹਾਡੀ ਨੂੰਹ ਕੋਲੋਂ ਪਤਾ ਲੱਗਿਆ।’ ਮੈਂ ਕਿਹਾ।
‘ਹਾਂ, ਆਹੋ, ਤੁਰ ਗਈ ਦੋ ਵਰ੍ਹੇ ਪਹਿਲਾਂ। ਵਿਚਾਰੀ ਦੀ ‘ਵਾਜ ਵੀ ਚਲੀ ਗਈ ਸੀ ਮਰਨ ਤੋਂ ਸਾਲ ਕੁ ਪਹਿਲਾਂ ਤਾਂ।… ਤਿੰਨ ਸਾਲ ਏਤਰਾਂ ਈ ਕੱਟੇ ਬਿਨਾ ਬੋਲਿਆਂ। ਪਤਾ ਨਹੀਂ ਕੀ ਹੋ ਗਿਆ ਸੀ। ਬੜੇ ਡਾਕਟਰਾਂ ਨੂੰ ਵਖਾਇਆ ਪਰ ਨਈਂ…। ਚਲੋ, ਜੋ ਵਾਹਿਗੁਰੂ ਨੂੰ ਭਾਵੇ।… ਅਸਾਂ ਵੀ ਕਿਹੜਾ ਬੈਠੇ ਰਹਿਣਾ,’ ਉਹਦੇ ਸ਼ਬਦਾਂ ਵਿਚ ਕਈ ਪਛਤਾਵੇ ਰਲੇ ਹੋਏ ਜਾਪਦੇ ਸਨ।
‘ਅਮਰ ਕੌਰ ਦੀ ਇਕ ਭੂਆ ਹੁੰਦੀ ਸੀ…’ ਮੈਂ ਬੁਝਾਰਤ ਜਿਹੀ ਬੁਝਾਈ। ਉਹ ਕੁਝ ਪਲ ਸੋਚਦਾ ਰਿਹਾ।
‘ਹਾਂ… ਆਹੋ…ਭੂਆ ਨਾ੍ਹਮੋ…ਹਰਨਾਮ ਕੋਰ…ਪਰ ਉਹ ਤਾਂ ਵਿਚਾਰੀ ਪਾਕਿਸਤਾਨ ਬਣਨ ਵੇਲੇ…’।
‘ਹਾਂ, ਪਰ ਉਹਦੇ ਕੁੱਛੜ ਇਕ ਮੁੰਡਾ ਹੁੰਦਾ ਸੀ, ਚੌਂਹ ਕੇ ਵਰਿ੍ਹਆਂ ਦਾ…’।
‘ਹਾਂ-ਹਾਂ, ਯਾਦ ਆ ਮੈਨੂੰ… ਓਦੂੰ ਸਾਲ ਕੁ ਪਹਿਲਾਂ ਹੀ ਸਾਡਾ ਵਿਆਹ ਹੋਇਆ ਸੀ’।
‘ਉਹ ਮੁੰਡਾ ਮੈਂ ਆਂ,’ ਮੈਂ ਦੱਸਿਆ।ਇਕ ਦਮ ਬਲਵੰਤ ਸਿੰਘ ਨੇ ਮੇਰੇ ਵੱਲ ਬੜੇ ਧਿਆਨ ਨਾਲ ਵੇਖਿਆ ਤੇ ਫਿਰ ਕੁਰਸੀ ਤੋਂ ਉੱਠ ਖਲੋਇਆ। ਉਹਦੀਆਂ ਦ੍ਹੋਵੇਂ ਬਾਹਵਾਂ ਅੱਡੀਆਂ ਗਈਆਂ। ਉਸੇ ਵੇਲੇ ਮੁਸਕਰਾਉਂਦਾ ਹੋਇਆ ਮੈਂ ਵੀ ਉੱਠਿਆ। ਤੇ ਉਹਨੇ ਮੈਨੂੰ ਆਪਣੀਆਂ ਬਾਹਵਾਂ ‘ਚ ਕੱਸ ਲਿਆ। ਕਿੰਨਾ ਹੀ ਚਿਰ ਕੱਸੀ ਰੱਖਿਆ। ਕਈ ਸਕਿੰਟ, ਕਈ ਮਿੰਟ, ਕਈ ਘੰਟੇ, ਦਿਨ, ਹਫ਼ਤੇ, ਮਹੀਨੇ ਤੇ ਸਾਲ। ਮੈਨੂੰ ਜਾਪਿਆ ਅੱਜ ਮੈਨੂੰ ਸਿਰਫ਼ ਕੈਂਠੇ ਵਾਲਾ ਪਰਾਹੁਣਾ ਹੀ ਨਹੀਂ ਸੀ ਮਿਲਿਆ ਸਗੋਂ ਉਹਦੇ ਰਾਹੀਂ ਮੇਰੇ ਮਾਪੇ, ਮਾਪਿਆਂ ਦੇ ਵੇਲੇ ਦੇ ਪੰਜਾਬ ਦੇ ਉਹ ਦਿਨ ਵੀ ਮਿਲ ਪਏ ਸਨ ਜਿਹੜੇ ਸੱਠਾਂ ਸਾਲਾਂ ਤੋਂ ਮੇਰੀਆਂ ਅਬੋਧ ਸਿਮਰਤੀਆਂ ਵਿਚ ਘਰ ਕਰੀ ਬੈਠੇ ਸਨ। ਮੈਂ ਨਿਸਚੇ ਹੀ ਅਤੀਤ ਨੂੰ ਦੁਬਾਰਾ ਜੀਅ ਰਿਹਾ ਸਾਂ। ਮੈਨੂੰ ਜਾਪਿਆ ਹਰ ਵਰਤਮਾਨ ਆਪਣੇ ਅਤੀਤ ਦੀਆਂ ਬਾਹਵਾਂ ਵਿਚ ਸਮਾ ਕੇ ਹੀ ਸੁੱਖ ਭੋਗਦਾ ਹੈ। ਤੇ ਇਹ ਸਿਲਸਿਲਾ ਅਟੁੱਟ ਹੈ।
ਹੁਣ ਸਾਡੇ ਦਰਮਿਆਨ ਕੋਈ ਫਾਸਲਾ ਨਹੀਂ ਸੀ ਰਹਿ ਗਿਆ। ਇਉਂ ਜਾਪਦਾ ਸੀ ਜਿਵੇਂ ਸੱਠਾਂ ਵਰਿ੍ਹਆਂ ਦਾ ਇਹ ਅੰਤਰਾਲ ਸੁੰਗੜ ਕੇ ਇਕ ਪਲ ਬਣ ਗਿਆ ਹੋਵੇ। ਇਕ ਪਲ ਜਾਂ ਫੇਰ ਦੋ ਕਿਨਾਰਿਆਂ ਵਿਚਲਾ ਇਕ ਪੁਲ।
‘ਤੂੰ ਤਾਂ ਉਦੋਂ ਬਹੁਤ ਛੋਟਾ ਸੀ, ਫੇਰ ਮੈਂ ਤੈਨੂੰ ਕਿਵੇਂ ਯਾਦ ਰਹਿ ਗਿਆ?’ ਉਹਨੇ ਸਵਾਲ ਕੀਤਾ, ਉਤਸੁਕ ਜਿਹੀ ਹੈਰਾਨੀ ਨਾਲ। ਮੈਨੂੰ ਉਹਦਾ ‘ਤੂੰ’ ਕਹਿਣਾ ਚੰਗਾ ਲੱਗਿਆ।
‘ਭਾਅ ਜੀ, ਤੁਹਾਡੇ ਗਲ ਵਾਲਾ ਕੈਂਠਾ ਮੇਰੀਆਂ ਅੱਖਾਂ ‘ਚ ਅੜਿਆ ਰਹਿ ਗਿਆ ਸੀ, ਇਸ ਕਰ ਕੇ,’ ਕਹਿ ਕੇ ਮੈਂ ਮੁਸਕੁਰਾ ਪਿਆ।
‘ਤੇ ਮੇਰੇ ਕੰਨਾਂ ਦੀਆਂ ਮੁੰਦਰਾਂ? ਉਹ ਨਹੀਂ ਸੀ ਵੇਖੀਆਂ?’
‘ਉਹ ਫਿਰ ਜਾਂ ਤਾਂ ਮੈਂ ਵੇਖੀਆਂ ਈ ਨਈਂ ਤੇ ਜਾਂ ਫਿਰ ਸੁਰਿੰਦਰ ਕੌਰ ਨੇ ਕਦੇ ਉਹਨਾਂ ਦਾ ਜ਼ਿਕਰ ਹੀ ਨਈਂ ਕੀਤਾ ਆਪਣੇ ਗੀਤਾਂ ‘ਚ,’ ਆਖ ਕੇ ਮੈਂ ਹੱਸਿਆ। ਉਹ ਵੀ ਹੱਸ ਪਿਆ।
ਮੇਰਾ ਜੀ ਕੀਤਾ ਉਹਨੂੰ ਉਮਰ ਕੈਦ ਦੇ ਕਾਲੇ ਦੌਰ ਬਾਰੇ ਕੁਝ ਪੁੱਛਾਂ। ਪਰ ਹੀਆ ਨਹੀਂ ਪਿਆ। ਕੌੜੀਆਂ ਯਾਦਾਂ ਨੂੰ ਦਫ਼ਨਾ ਦੇਣਾ ਹੀ ਬੇਹਤਰ ਹੈ। ਕਬਰਾਂ ਵਿਚ ਸਭ ਅੱਛਾ ਨਹੀਂ ਹੁੰਦਾ। ਜ਼ਖ਼ਮ ਤਾਜ਼ੇ ਕਰਨ ਵਿਚ ਕੋਈ ਦਨਾਈ ਨਹੀਂ ਸੀ।

ਨੂੰਹ ਰਾਣੀ ਚਾਹ ਲੈ ਆਈ। ਨਾਲ ਕਈ ਕੁਝ ਖਾਣ ਨੂੰ। ਅਸੀਂ ਚਾਹ ਪੀਂਦੇ ਰਹੇ। ਮੈਂ ਤੇ ਰਾਜੂ। ਬਲਵੰਤ ਸਿੰਘ ਨੇ ਸਿਰਫ਼ ਦੁੱਧ ਦਾ ਅੱਧਾ ਕੁ ਗਲਾਸ ਪੀਤਾ। ਅਮਰ ਕੌਰ ਦੀਆ ਗੱਲਾਂ ਹੁੰਦੀਆਂ ਰਹੀਆਂ। ਉਹਦੇ ਬਾਪ ਯਾਨਿ ਮੇਰੇ ਮਾਮੇ ਦੀਆਂ, ਉਹਦੇ ਭਰਾ ’ਤੇ ਤਿੰਨ ਭੈਣਾਂ ਦੀਆਂ। ਤੇ ਇਉਂ ਸ਼ਾਮ ਦੇ ਪੰਜ ਵਜ ਗਏ।… ਬਾਹਰਲਾ ਗੇਟ ਇੱਕ ਵਾਰੀ ਫੇਰ ਚੀਕਿਆ। ਇਸ ਵਾਰੀ ਇਕ ਸਤਾਰਾਂ-ਅਠਾਰਾਂ ਵਰਿ੍ਹਆਂ ਦੀ ਇਕ ਜਵਾਨ ਕੁੜੀ ਅੰਦਰ ਆਈ ’ਤੇ ਉਹਦੇ ਨਾਲ ਹੀ ਤਕਰੀਬਨ ਉਹਦੀ ਹੀ ਉਮਰ ਦਾ ਕਾਲਜੀਏਟ ਦਿੱਖ ਵਾਲਾ ਇਕ ਮੁੰਡਾ। ਉਹਨਾਂ ਦੇ ਬੈਠਕ ਅੰਦਰ ਵੜਨ ਤੋਂ ਪਹਿਲਾਂ ਉਹਨਾਂ ਦਾ ਬੇਲਾਗ ਹਾਸਾ ਅੰਦਰ ਆਇਆ। ਇਉਂ ਜਿਉਂ ਕਈ ਫੁੱਲਝੜੀਆਂ ਇਕੱਠੀਆਂ ਚੱਲੀਆਂ ਹੋਣ।
‘ਸਾਸਰੀ ਕਾਲ, ਬਾਪੂ ਜੀ!’ ਕੁੜੀ ਨੇ ਕਿਹਾ।
‘ਬਾਪੂ ਜੀ, ਸਾਸਰੀ ਕਾਲ!’ ਮੁੰਡੇ ਨੇ ਕਿਹਾ।
ਪਰ ਫੇਰ ਇਕ ਦਮ ਦੋ ਅਜਨਬੀਆਂ ਨੂੰ ਬਾਪੂ ਦੇ ਲਾਗੇ ਬੈਠੇ ਵੇਖ ਕੇ ਉਹ ਠਠੰਬਰ ਜਿਹੇ ਗਏ। ਐਨ ਉਸੇ ਵੇਲੇ ਘਰ ਦੀ ਨੂੰਹ ਸਬਾਤ ਵਿੱਚੋਂ ਬੈਠਕ ਵਿਚ ਆ ਗਈ। ਸ਼ਾਇਦ ਵੇਲਾ ਸੰਭਾਲਣ।
‘ਅੰਕਲ ਜੀ, ਇਹ ਸਾਡੀ ਬੇਟੀ ਸੀਮਾ ਏਂ, ਤੇ ਇਹ ਹਰਪ੍ਰੀਤ – ਦ੍ਹੋਵੇਂ ਇਕੱਠੇ ਪੜ੍ਹਦੇ ਨੇ ਕਾਲਜ ਵਿਚ। ਬਹੁਤ ਤੇਹ ਕਰਦੇ ਨੇ ਇਕ ਦੂਜੇ ਨੂੰ। ਇਕ ਦੂਜੇ ਬਿਨਾਂ ਇਕ ਮਿੰਟ ਨਈਂ ਰਹਿ ਸਕਦੇ।… ‘ਤੇ ਸੀਮਾ, ਇਹ ਅੰਕਲ ਜੀ ਪਤਾ ਕੌਣ ਨੇ? ਤੇਰੀ ਦਾਦੀ ਜੀ ਦੀ ਸੱਕੀ ਭੂਆ ਦੇ ਪੁੱਤਰ। ਸ਼ਾਇਦ ਇੰਗਲੈਂਡ ਵਿਚ ਰਹਿੰਦੇ ਨੇ…’।
‘ਹਾਂ-ਹਾਂ, ਦਾਦੀ ਜੀ ਦਸਦੇ ਹੁੰਦੇ ਸਨ ਇਹਨਾਂ ਬਾਰੇ ਕਿ ਇਹ ਪੜ੍ਹਨ ਵਿਚ ਬਹੁਤ ਹੁਸ਼ਿਆਰ ਸਨ।… ਸਾਸਰੀ ਕਾਲ, ਅੰਕਲ ਜੀ!’ ਸੀਮਾਂ ਨੇ ਮੁਸਕੁਰਾ ਕੇ ਕਿਹਾ।
‘ਸਾਸਰੀ ਕਾਲ ਬੇਟੇ… ਮਾਈ ਲਵ ਟੂ ਯੂ ਬੋਥ!’
‘ਥੈਂਕ ਯੂ ਅੰਕਲ ਜੀ,’ ਸੀਮਾ ਨੇ ਕਿਹਾ।
‘ਥੈਂਕ ਯੂ, ਸਰ,’ ਹਰਪ੍ਰੀਤ ਨੇ ਕਿਹਾ। ਮੁਸਕੁਰਾਉਂਦਿਆਂ। ਤੇ ਫੇਰ ਉਹ ਦੋਵੇਂ ਜਕੋਤਕੀ ਜਿਹੀ ਵਿਚ ਵੇਹੜੇ ਥਾਣੀਂ ਘਰ ਦੇ ਦੂਜੇ ਪਾਸੇ ਨਿਕਲ ਗਏ। ਤੇ ਮੈਂ ਚੋਰ ਅੱਖਾਂ ਨਾਲ ਬਲਵੰਤ ਸਿੰਘ ਵੱਲ ਵੇਖਣ ਲੱਗ ਪਿਆ। ਪੰਜਾਬ ਦੇ ਉਸ ਕੈਂਠੇ ਵੱਲ ਜੀਹਦੇ ਖੌਲਦੇ ਤੱਤੇ ਲਹੂ ਨੇ ਕਦੇ ਦੋ ਮਾਸੂਮ ਕਤਲ ਕੀਤੇ ਸਨ ਤੇ ਉਮਰ ਕੈਦ ਕੱਟੀ ਸੀ। ਬਲਵੰਤ ਸਿੰਘ ਦੀਆਂ ਅੱਖਾਂ ਬੈਠਕ ਦੇ ਫਰਸ਼ ਵਿੱਚੋਂ ਕੁਝ ਤਲਾਸ਼ ਰਹੀਆਂ ਸਨ। ਪਤਾ ਨਹੀਂ ਕੀ? ਤੇ ਮੈਂ ਮਨ ਹੀ ਮਨ ਅਰਦਾਸ ਕਰ ਰਿਹਾ ਸਾਂ ਕਿ ਯਾ ਰੱਬਾ! ਕੈਂਠਾ ਕਿਤੇ ਦੁਬਾਰਾ ਨਾ ਜਾਗ ਪਵੇ। ਇਹ ਸੁੱਤਾ ਹੀ ਰਹੇ ਤਾਂ ਚੰਗਾ ਹੈ। ਇਹਦਾ ਵਕਤ ਤਾਂ ਚਿਰੋਕਾ ਬੀਤ ਚੁੱਕਾ ਹੈ।
ਬਲਵੰਤ ਸਿੰਘ ਨੇ ਹੌਲੀ ਹੌਲੀ ਆਪਣੀਆਂ ਅੱਖਾਂ ਨੂੰ ਫਰਸ਼ ਨਾਲੋਂ ਤੋੜਿਆ ਤੇ ਫੇਰ ਸਾਹਮਣੇ ਵੇਖਿਆ, ਖਲਾਅ ਵਿਚ। ਇਕ ਲੰਮਾ ਹਉਕਾ ਭਰਿਆ, ਤੇ ਫਿਰ ਮੂੰਹ ਵਿਚ ਹੀ ਬੁੜਬੁੜਾਇਆ: ‘ਸਮੇਂ ਬਹੁਤ ਬਦਲ ਗਏ ਨੇ!’ ਏਨਾ ਕਹਿ ਕੇ ਉਹ ਹੌਲੀ ਹੌਲੀ ਕੁਰਸੀ ਤੋਂ ਉੱਠਿਆ ਤੇ ਨਾਲ ਹੀ ਪਲੰਘ ‘ਤੇ ਬੈਠ ਗਿਆ। ਫੇਰ ਲੱਤਾਂ ਤਾਂਹ ਕਰ ਕੇ ਲੰਮਾ ਪੈ ਗਿਆ। ਸਾਡੇ ਦੋਹਾਂ ਵੱਲ ਪਾਸਾ ਕਰ ਕੇ।
‘ਮੈਂ ਕੁਸ਼ ਥੱਕ ਜਿਹਾ ਗਿਆਂ। ਤੁਸੀਂ ਰੋਟੀ ਖਾ ਕੇ ਜਾਇਓ,’ ਉਹ ਬੋਲਿਆ, ਜਿਵੇਂ ਕਿਸੇ ਡੂੰਘੇ ਖੂਹ ਵਿੱਚੋਂ।
‘ਨਈਂ ਬਸ ਭਾਅ ਜੀ, ਅਸੀਂ ਤਾਂ ਤੁਰਨ ਹੀ ਲੱਗੇ ਸਾਂ। ਸ਼ਹਿਰ ਵਿਚ ਕੁਝ ਕੰਮ ਨੇ ਕਰਨ ਵਾਲੇ। ਕਦੇ ਫੇਰ ਆਇਆ ਤਾਂ ਮਿਲੂੰ ਗਾ’। ਕਹਿ ਕੇ ਮੈਂ ਉੱਠ ਪਿਆ, ਤੇ ਨਾਲ ਹੀ ਰਾਜੂ ਵੀ। ਅਸੀਂ ਵੇਹੜੇ ਥਾਣੀਂ ਅੰਦਰਲੇ ਘਰ ਵੱਲ ਗਏ। ਨੂੰਹ ਦੀ ਆਗਿਆ ਲੈਣ। ਸੀਮਾ ਤੇ ਹਰਪ੍ਰੀਤ ਕੰਪਿਊਟਰ ਖੋਹਲੀ ਬੈਠੇ ਸਨ। ਸਾਨੂੰ ਵੇਖਦਿਆਂ ਹੀ ਨੂੰਹ ਰਾਣੀ ਸਾਡੇ ਵੱਲ ਆ ਗਈ।
‘ਅੰਕਲ ਜੀ, ਤੁਸੀਂ ਤਾਂ ਤੁਰ ਵੀ ਪਏ। ਮੈਂ ਤਾਂ ਰੋਟੀ ਤਿਆਰ…’ ਉਹ ਬੋਲੀ।
‘ਨਈਂ ਬੇਟੇ, ਜਾਣਾ ਏਂ ਹੁਣ। ਰੋਟੀ ਕਦੇ ਫੇਰ ਜਦੋਂ ਮੁੜ ਕੇ ਆਇਆ,’ ਮੈਂ ਕਿਹਾ।
ਮੇਰੀ ਆਵਾਜ਼ ਸੁਣ ਕੇ ਸੀਮਾ ਤੇ ਹਰਪ੍ਰੀਤ ਵੀ ਬਾਹਰ ਆ ਗਏ।’ਵਿਸ਼ ਯੂ ਬੋਥ ਔਲ ਦਾ ਬੈਸਟ,’ ਕਹਿੰਦਿਆਂ ਮੈਂ ਹਰਪ੍ਰੀਤ ਨਾਲ ਹੱਥ ਮਿਲਾਇਆ ਤੇ ਸੀਮਾ ਦਾ ਮੋਢਾ ਥਪਥਪਾਇਆ। ਫੇਰ ਨੂੰਹ ਰਾਣੀ ਨੂੰ ਸਤਿ ਸ੍ਰੀ ਅਕਾਲ ਕਹੀ ਤੇ ਤੁਰ ਪਏ। ਰਾਜੂ ਨੇ ਵੀ ਸਭ ਨੂੰ ਹੱਥ ਜੋੜੇ। ਮੁਸਕੁਰਾ ਕੇ। ਉਹ ਤਿੰਨੇ ਹੀ ਗੇਟ ਤਕ ਸਾਨੂੰ ਛੱਡਣ ਆਏ। ਤਿੰਨੇ ਹੀ ਮੁਸਕਰਾ ਰਹੇ ਸਨ। ਅਸੀਂ ਵੀ ਮੁਸਕੁਰਾਏ, ਤੇ ਫੇਰ ਰਾਜੂ ਦੀ ਕਾਰ ਵਿਚ ਜਾ ਬੈਠੇ।
ਜਦੋਂ ਅਸੀਂ ਪਿੰਡ ਦਾ ਪਹਿਆ ਮੁਕਾ ਕੇ ਸੜਕ ਤਕ ਪਹੁੰਚੇ ਤਾਂ ਵੇਖਿਆ ਉਥੇ ਹੁਣ ਇਕ ਗੱਡਾ ਉੱਲਰਿਆ ਹੋਇਆ ਸੀ। ਸੜਕ ਪੈਹੇ ਨਾਲੋਂ ਕਾਫੀ ਉੱਚੀ ਹੋਣ ਕਰ ਕੇ। ਗੱਡੇ ਵਿਚ ਮਾਲ ਦੀਆਂ ਭਰੀਆਂ ਹੋਈਆਂ ਕੁਝ ਬੋਰੀਆਂ ਵੀ ਸਨ। ਤੇ ਚਾਰ-ਪੰਜ ਬੰਦੇ ਗੱਡੇ ਦੇ ਨਿਵੇਂ ਹੋਏ ਪਾਸੇ ਨੂੰ ਚੁੱਕ ਕੇ ਪਹੀਏ ਥੱਲੇ ਪੱਥਰ-ਰੋੜੇ ਰੱਖ ਰਹੇ ਸਨ। ਪਰ ਪਾੜ ਏਨਾ ਸੀ ਕਿ ਦੋਹਾਂ ਪਹੀਆਂ ਦਾ ਲੈਵਲ ਠੀਕ ਨਹੀਂ ਸੀ ਹੋ ਰਿਹਾ। ਐਨ ਉਸੇ ਵੇਲੇ ਉੱਤੋਂ ਇਕ ਹਵਾਈ ਜਹਾਜ਼ ਲੰਘਿਆ। ਰਾਕਟ ਦੀ ਰਫ਼ਤਾਰ ਨਾਲ। ਜਹਾਜ਼ ਕਾਫ਼ੀ ਨੀਵਾਂ ਸੀ। ਲਾਗਲੇ ਹਵਾਈ ਅੱਡੇ ‘ਤੇ ਉਤਰਨਾ ਹੋਵੇ ਗਾ। ਪਰ ਥੱਕਾ ਹੋਇਆ ਗੱਡੇ ਅਗਲਾ ਬੌਲਦ ਜਿਵੇਂ ਦਹਿਲ ਗਿਆ ਤੇ ਡਿਗ ਪਿਆ। ਕੁਝ ਡੂੰਘੇ ਸਾਹ ਲਏ ਤੇ ਫੇਰ ਚੁਫ਼ਾਲ ਲੰਮਾ ਪੈ ਗਿਆ।
ਅਸਾਂ ਕਾਰ ਵਾਪਸ ਮੋੜ ਲਈ ਤੇ ਕੋਈ ਅੱਧੇ ਮੀਲ ਦਾ ਵਲਾ ਪਾ ਕੇ ਸੜਕ ‘ਤੇ ਪਾਈ। ਰਾਜੂ ਚੁੱਪ ਚਾਪ ਕਾਰ ਚਲਾਈ ਗਿਆ ਤੇ ਮੇਰੇ ਦਿਮਾਗ਼ ਵਿਚ ਇਕ ਪੁਰਾਣੀ ਪੜ੍ਹੀ ਹੋਈ ਗੱਲ ਗਸ਼ਤ ਕਰਨ ਲੱਗੀ – ‘ਸਮਾਜਕ ਕ੍ਰਾਂਤੀ ਦੀ ਇਕ ਮੁੱਖ ਨਿਸ਼ਾਨੀ ਇਹ ਹੈ ਕਿ ਪੁਰਾਣੀ ਆਰਥਕ ਬਣਤਰ ਦੇ ਸਾਰੇ ਸੰਦ ਅਜਾਇਬ ਘਰ ਵਿਚ ਚਲੇ ਜਾਂਦੇ ਹਨ’। ਸੋਚਦਾ ਸੋਚਦਾ ਮੈਂ ਹੱਸਣ ਲਗ ਪਿਆ।
‘ਕੀ ਗੱਲ ਚਾਚਾ ਜੀ?’ ਰਾਜੂ ਨੂੰ ਜਾਪਿਆ ਮੈਂ ਉਹਦੀ ਕਿਸੇ ਗੱਲ ‘ਤੇ ਹੱਸ ਰਿਹਾ ਸਾਂ।
‘ਨਈਂ, ਕੁਝ ਨਈਂ ਯਾਰ,’ ਆਖ ਕੇ ਮੈਂ ਉਹਦੀ ਭਰਮ ਨਵਿਰਤੀ ਕੀਤੀ।
ਜਦੋਂ ਅਸੀਂ ਫਾਟਕ ਪਾਰ ਕੀਤਾ ਤਾਂ ਮੈਂ ਖੱਬੇ ਹੱਥ ਨਜ਼ਰ ਮਾਰੀ। ਹਰੀ ਸਿੰਘ ਹੁਰਾਂ ਨੇ ਆਪਣੀ ਜ਼ਮੀਨ ਵਿਚ ਕੋਈ ਫੈਕਟਰੀ ਲਾ ਲਈ ਸੀ। ਦੂਰੋਂ ਹੀ ਲਿਖਿਆ ਹੋਇਆ ਪੜ੍ਹ ਹੋ ਰਿਹਾ ਸੀ, ‘ਗੁਰੂ ਨਾਨਕ ਫ਼ਿਊਲ ਫ਼ੈਕਟਰੀ’।
‘ਇਹ ਕਾਹਦੀ ਫ਼ੈਕਟਰੀ ਲਾਈ ਬਈ ਇਹਨਾਂ?’
‘ਸ਼ਰਾਬ ਵਾਲੀਆਂ ਡਿਸਟਿਲਰੀਜ਼ ਲਈ ਬਾਲਣ ਪੈਦਾ ਕਰਦੇ ਨੇ,’ ਰਾਜੂ ਨੇ ਕਿਹਾ।
‘ਕਿਵੇਂ?’
‘ਐਗਰੀਕਲਚਰਲ ਵੇਸਟ ਤੋਂ ਜਿਵੇਂ ਤੂੜੀ, ਪਰਾਲੀ, ਕਮਾਦੀ ਆਗ ਤੇ ਹੋਰ ਨਿਕ-ਸੁਕ,’ ਉਹਨੇ ਦੱਸਿਆ।
ਫੇਰ ਝੱਟ ਹੀ ਕਾਜ਼ੀਪੁਰ ਆ ਗਿਆ।’ਲਉ ਜੀ, ਆ ਗਿਆ ਜੇ ਮੋਬਾਈਲ ਸਿਟੀ…’ ਰਾਜੂ ਨੇ ਨਵਾਂ ਤੋੜਾ ਝਾੜਿਆ।
‘ਮੋਬਾਈਲ ਸਿਟੀ?… ਕੀ ਮਤਲਬ?’
‘ਏਸ ਕਾਜ਼ੀਪੁਰ ਨੂੰ ਮੋਬਾਈਲ ਸਿਟੀ ਕਹਿੰਦੇ ਨੇ ਹੁਣ?’ ਰਾਜੂ ਹੱਸਿਆ।
‘ਅੱਛਾ-ਅ-ਅ! ਉਹ ਕਿਉਂ ਬਈ?’ ਮੈਂ ਹੈਰਾਨ ਸਾਂ।
‘ਉਹ ਏਦਾਂ ਪਈ ਇਹ ਕਸਬਾ ਚੌਵੀ ਘੰਟੇ ਈ ਜਾਗਦਾ ਰਹਿੰਦੈ। ਰਾਤ ਹੋਵੇ ਜਾਂ ਦਿਨ ਕੋਈ ਫਰਕ ਨਈਂ ਪੈਂਦਾ ਇਹਨੂੰ।… ਏਥੋਂ ਦੇ ਲੋਕਾਂ ਦੇ ਮੋਬਾਈਲ ਖੜਕਦੇ ਈ ਰਹਿੰਦੇ ਨੇ।… ਜਦੋਂ ਸ਼ਹਿਰ ‘ਚੋਂ ਕਿਤਿਉਂ ਮਾਲ ਨਾ ਮਿਲੇ ਏਥੋਂ ਮਿਲ ਸਕਦੈ। ਜਿਹੋ ਜਿਹਾ ਚਾਹੋ। ਸਕੂਲ ਦਾ, ਕਾਲਜ ਦਾ ਸਾਰੀ ਸਾਰੀ ਰਾਤ ਕਾਰਾਂ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ।… ਆਹ ਵਿਆਹਾਂ ‘ਚ ਜਿਹੜੀਆਂ ਕੁੜੀਆਂ ਨੱਚਦੀਆਂ, ਜਿਨ੍ਹਾਂ ਸਿਰਫ ਛਾਤੀਆਂ ਤੇ ਹਿੱਪਸ ਈ ਢੱਕੇ ਹੁੰਦੇ ਆ – ਸਭ ਇਸ ਮੋਬਾਈਲ ਸਿਟੀ ਦੀ ਮਿਹਰਬਾਨੀ ਜੇ…’। ਰਾਜੂ ਪੂਰੇ ਜਲੌਅ ਵਿਚ ਹਕੀਕਤਾਂ ਬਿਆਨ ਕਰ ਰਿਹਾ ਸੀ। ਇਲਾਕੇ ਦਾ ਬਾਸ਼ਿੰਦਾ ਜੁ ਸੀ।
‘ਪਰ ਇਹ ਤਾਂ ਬੜਾ ਸਾਊ ਜਿਹਾ ਇਲਾਕਾ ਹੁੰਦਾ ਸੀ,’ ਮੈਨੂੰ ਪੁਰਾਣਾ ਸਮਾਂ ਅਜੇ ਵੀ ਯਾਦ ਸੀ।
‘ਹੁੰਦਾ ਹੋਊ ਧਾਡੇ ਵੇਲਿਆਂ ‘ਚ।।।। ਓਦਾਂ ਇਹ ਵੀ ਹੁਣ ਕੱਲਾ ਨਹੀਂ ਰਹਿ ਗਿਆ। ਉੱਨੀ ਇੱਕੀ ਦਾ ਈ ਫਰਕ ਆ। ਸ਼ਹਿਰਾਂ ਦੇ ਲਾਗੇ ਚਾਗੇ ਦੇ ਬਾਕੀ ਕਸਬੇ ਵੀ ਤਰੱਕੀ ਦੀ ਰਾਹ ‘ਤੇ ਨੇ।।।। ਪੈਸਾ ਆਉਣਾ ਚਾਹੀਦਾ ਬਸ, ਜਿੱਦਾਂ ਮਰਜੀ ਆਵੇ।।।’ ਰਾਜੂ ਬੋਲੀ ਜਾ ਰਿਹਾ ਸੀ।ਉਹਦੀਆਂ ਗੱਲਾਂ ਸੁਣ ਕੇ ਮੈਂ ਸੋਚੀਂ ਪੈ ਗਿਆ।’ਅਤੀਤ ਨਾਲੋਂ ਮੂਲੋਂ ਹੀ ਟੁੱਟ ਗਿਆ ਵਰਤਮਾਨ ਵੀ ਕਿਸ ਕੰਮ’ ਮੈਂ ਮੂੰਹ ਵਿਚ ਹੀ ਬੁੜਬੁੜਾਇਆ।
‘ਕੁਸ਼ ਕਿਹਾ ਤੁਸੀਂ?’

‘ਨਹੀਂ!’ ਆਖ ਕੇ ਮੈਂ ਸੀਟ ਦੀ ਬੈਕ ਨੂੰ ਹੋਰ ਲਿਫ਼ਾ ਕੇ ਟੇਢਾ ਜਿਹਾ ਹੋ ਗਿਆ – ਸ਼ਰਮਸਾਰ ਤੇ ਮਾਯੂਸ। ਮੈਨੂੰ ਜਾਪਿਆ ਕ’ਨਹੀਂ!’ ਆਖ ਕੇ ਮੈਂ ਸੀਟ ਦੀ ਬੈਕ ਨੂੰ ਹੋਰ ਲਿਫ਼ਾ ਕੇ ਟੇਢਾ ਜਿਹਾ ਹੋ ਗਿਆ – ਸ਼ਰਮਸਾਰ ਤੇ ਮਾਯੂਸ। ਮੈਨੂੰ ਜਾਪਿਆ ਕੈਂਠਾ ਮੇਰੇ ‘ਤੇ ਹੱਸ ਰਿਹਾ ਸੀ।

ਸਵਰਨ ਚੰਦਨ
ਗਲਪਕਾਰ, ਆਲੋਚਕ ਤੇ ਕਵੀ ਸਵਰਨ ਚੰਦਨ ਨੇ ਚਾਲੀ ਤੋਂ ਉਪਰ ਸਾਲ ਵਲਾਇਤ ਵਿਚ ਗੁਜ਼ਾਰੇ ਹਨ। ਇਸ ਦੌਰਾਨ ਇਕ ਨਾਵਲ ਅੰਗਰੇਜ਼ੀ ਵਿਚ ਲਿਖਕੇ ਵੀ ਉਹ ਲਗਾਤਾਰ ਪੰਜਾਬੀ ਵਿਚ ਰਚਨਾ ਕਰਦਾ ਰਿਹਾ ਹੈ। ਮੌਲਿਕ ਸਾਹਿਤ ਦੀ ਹਰ ਇਕ ਵਿਧਾ ਅਤੇ ਅਲੋਚਨਾ ਦੇ ਖੇਤਰ ਵਿਚ ਵੀ ਉਸ ਦੀ ਗੌਲਣਯੋਗ ਦੇਣ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!