ਮੈਂ ਉਸ ਵੇਲ਼ੇ ਉਮਰ ਦੇ ਸੋਲ੍ਹਵੇਂ ਸਾਲ ਵਿਚ ਸਾਂ ਤੇ ਅੱਠਵੀਂ ਜਮਾਤ ਵਿਚ ਪੜ੍ਹਦਾ ਸਾਂ। ਉਮਰ ਦਾ ਉਹ ਮੋੜ ਸੀ, ਜਿਸ ‘ਤੇ ਪੁੱਜ ਕੇ ਸਰੀਰ ਵਿਚ ਅਜੇਹੇ ਪਰਿਵਰਤਨ ਹੁੰਦੇ ਹਨ ਕਿ ਬੰਦਾ ਹੋਰ ਦਾ ਹੋਰ ਬਣ ਜਾਂਦਾ ਹੈ। ਕੁਦਰਤ ਦੇ ਨੇਮ ਹਰ ਜੀਵ ‘ਤੇ ਲਾਗੂ ਹੁੰਦੇ ਹਨ। ਮੈਂ ਹੋਰਨਾਂ ਨਾਲੋਂ ਵੱਖਰਾ ਨਹੀਂ ਹੋ ਸਕਦਾ ਸਾਂ। ਵੱਖਰਾ ਤਾਂ ਉਹ ਹੀ ਹੋ ਸਕਦਾ ਹੈ ਜਿਸ ਵਿਚ ਕੁਦਰਤ ਵਲੋਂ ਹੀ ਕੁੱਝ ਘਾਟਾਂ ਰਹਿ ਗਈਆਂ ਹੋਣ। ਮੇਰੇ ਨਾਲ ਉਹ ਸਭ ਕੁੱਝ ਵਾਪਰ ਰਿਹਾ ਸੀ ਜਿਹੜਾ ਹਰ ਬੰਦੇ ਨਾਲ ਇਸ ਉਮਰ ਵਿਚ ਵਾਪਰਦਾ ਹੈ।
ਸੁਹਣੇ ਮੂੰਹਾਂ ਤੋਂ ਸੁਹਣੀਆਂ ਗੱਲਾਂ ਸੁਣਨ ਦੀ ਭੁੱਖ ਪਹਿਲਾਂ ਵੀ ਕੋਈ ਘੱਟ ਨਹੀਂ ਸੀ, ਹੁਣ ਤਾਂ ਸਿਖਰ ‘ਤੇ ਪੁੱਜ ਗਈ ਸੀ। ਦੂਰੋਂ ਦੇਖੀ ਸੁੰਦਰਤਾ ਦਿਲ ਵਿਚ ਤਾਂ ਤੂਫਾਨ ਮਚਾਈ ਰੱਖਦੀ ਸੀ ਪਰ ਨੇੜੇ ਕੋਈ ਕੁੜੀ ਆਈ ਨਹੀਂ ਕਿ ਮੈਂ ਤ੍ਰੇਲੀਓ ਤ੍ਰੇਲੀ ਹੋਇਆ ਨਹੀਂ। ਘਟੀਆਪਣ ਦਾ ਅਹਿਸਾਸ ਬਚਪਨ ਤੋਂ ਹੀ ਅੰਦਰ ਲੁਕਿਆ ਬੈਠਾ ਸੀ। ਕਿਸੇ ਸੁਹਣੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਤੋਂ ਪਹਿਲਾਂ ਇਹ ਅਹਿਸਾਸ ਜਾਗ ਪੈਂਦਾ ਸੀ। ਜਦੋਂ ਮਨ-ਇੱਛਤ ਵਸਤ ਦੀ ਪ੍ਰਾਪਤੀ ਸੰਭਵ ਨਾ ਦਿਸੇ ਤਾਂ ਬੰਦਾ ਆਪਣੀ ਮਜਬੂਰੀ ਨੂੰ ਆਦਰਸ਼ ਦਾ ਰੰਗ ਦੇ ਲੈਂਦਾ ਹੈ। ਅਸਲੀਅਤ ਨੂੰ ਛਲਾਵਾ ਸਮਝਣ ਦੀ ਮਜਬੂਰੀ ਆਦਤ ਬਣ ਜਾਂਦੀ ਹੈ। ਸਰੀਰਕ ਪਿਆਰ ਨਾਲੋਂ ਆਤਮਕ ਪਿਆਰ ਦੀ ਮਹੱਤਤਾ ਨੂੰ ਵਧਾ ਕੇ ਦੇਖਣਾ ਤਾਂ ਮੇਰੀ ਆਪਣੀ ਮਜਬੂਰੀ ਸੀ। ਅਚੇਤ ਹੀ ਮੈਂ ਮਜਬੂਰੀ ਨੂੰ ਆਦਰਸ਼ ਬਣਾ ਕੇ ਆਪਣੇ ਦਿਲ ਨਾਲ ਲਾ ਲਿਆ। ਜਦੋਂ ਮੇਰੀ ਉਮਰ ਦੇ ਮੁੰਡੇ, ਕੁੜੀਆਂ ਦੀਆਂ ਗੱਲਾਂ ਸੁਆਦ ਲੈ ਲੈ ਕੇ ਕਰਦੇ ਤਾਂ ਮੈਂ ਹੀਰ-ਰਾਂਝੇ, ਸੱਸੀ-ਪੁਨੂੰ ‘ਤੇ ਲੈਲਾ-ਮਜਨੂੰ ਦੇ ਕਿੱਸਿਆਂ ਵਿਚਲੇ ਪਿਆਰ ਨੂੰ ਰੂਹਾਨੀ ਪਿਆਰ ਦੇ ਤੌਰ ‘ਤੇ ਪੇਸ਼ ਕਰਦਾ ਤੇ ਗੁਰਬਾਣੀ ਤੋਂ ਮਿਲੀ ਸਮਝ ਅਨੁਸਾਰ ਜੀਵ-ਆਤਮਾ ਦੀ ਪਰਮਾਤਮਾ ਨਾਲ ਮੇਲ ਦੀ ਤਾਂਘ ਦੀਆਂ ਗੱਲਾਂ ਕਰਦਾ। ਮੈਂ ਹੈਰਾਨ ਹੁੰਦਾ ਜਦੋਂ ਦੇਖਦਾ ਕਿ ਮੇਰਾ ਸਰੀਰ ਮੇਰੀ ਆਤਮਾ ਦਾ ਸਾਥ ਨਹੀਂ ਦੇ ਰਿਹਾ। ਇਹ ਕੁਦਰਤੀ ਹੀ ਸੀ। ਆਦਰਸ਼ ਹੁੰਦਾ ਵੀ ਕੁੱਝ ਨਹੀਂ ਅਸਲੀਅਤ ਉੱਤੇ ਪਰਦਾਪੋਸ਼ੀ ਤੋਂ ਬਿਨਾ। ਅਜੇਹੀਆਂ ਗੱਲਾ ਕਰਦਾ ਵੀ ਮੈਂ ਅੰਦਰੋਂ ਪਿਆਰ-ਭੁੱਖ ਦੀ ਖੋਹ ਨਾਲ ਤੜਪ ਰਿਹਾ ਹੁੰਦਾ ਸਾਂ। ਕਿਸੇ ਕੁੜੀ ਵਲ ਜੇ ਮਨ ਆਕ੍ਰਸ਼ਿਤ ਹੁੰਦਾ ਤਾਂ ਦਿਮਾਗ ਵਿਚ ਇਹ ਸੋਚ ਭਾਰੂ ਹੋ ਜਾਂਦੀ, “ਉਹ ਕਿਹੜੀ ਕੁੜੀ ਹੋਵੇਗੀ ਜਿਹੜੀ ਮੇਰੇ ਵਰਗੇ ਬੰਦੇ ਨੂੰ ਪਸੰਦ ਕਰੇਗੀ?”
ਜੇ ਅਸਲ ਜੀਵਨ ਵਿਚ ਪਿਆਰ ਮਿਲਣ ਦੀ ਕੋਈ ਆਸ ਨਹੀਂ ਸੀ ਤਾਂ ਸੁਪਨੇ ਲੈਣ ਤੋਂ ਤਾਂ ਮਨ ਨੂੰ ਰੋਕਿਆ ਨਹੀਂ ਜਾ ਸਕਦਾ ਸੀ। ਵਿਹੂਣੇ ਬੰਦੇ ਲਈ ਸੁਪਨੇ ਹੀ ਤਾਂ ਹੁੰਦੇ ਹਨ ਜੀਣ ਦਾ ਇੱਕ ਮਾਤਰ ਸਹਾਰਾ। ਇਹ ਸੁਪਨ-ਸਾਜ਼ੀ ਅਤਿ ‘ਤੇ ਪੁੱਜ ਕੇ ਰੋਗ ਬਣ ਜਾਂਦੀ ਹੈ। ਮੈਂ ਪੂਰਾ ਰੋਗੀ ਤਾਂ ਨਹੀਂ ਸਾਂ, ਅੱਧਾ ਅਧੂਰਾ ਜ਼ਰੂਰ ਸਾਂ। ਫੇਰ ਉਹ ਘਟਨਾ ਵਾਪਰ ਗਈ ਜਿਸਨੇ ਮੇਰਾ ਕਾਇਆ-ਕਲਪ ਕਰ ਦਿੱਤਾ।
ਮੈਂ ਦੂਰ ਦੇ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਪਿੰਡ ਗਿਆ ਹੋਇਆ ਸਾਂ। ਉਹ ਕੁੜੀ ਵੀ ਆਪਣੇ ਇਨ੍ਹਾਂ ਰਿਸ਼ਤੇਦਾਰਾਂ ਦੇ ਘਰ ਆਈ ਹੋਈ ਸੀ। ਕੁੜੀ ਮੇਰੀ ਕੁ ਉਮਰ ਦੀ ਹੀ ਸੀ, ਸਾਂਵਲੀ ਸਲੋਨੀ, ਤਿੱਖੇ ਨੈਣ ਨਕਸ਼ਾਂ ਵਾਲੀ। ਮੈਂ ਸਿੱਧਾ ਉਸ ਵਲ ਝਾਕਣ ਦੀ ਹਿੰਮਤ ਕਰ ਨਹੀਂ ਸਕਦਾ ਸਾਂ। ਨੀਵੀਂ ਤੇ ਚੋਰ-ਨਜ਼ਰ ਨਾਲ ਜੋ ਕੁੱਝ ਦੇਖ ਸਕਿਆ ਇੰਨਾ ਕੁ ਹੀ ਸੀ। ਉਹਨੇ ਮੇਰੇ ਵਲ ਦੇਖਿਆ ਤਾਂ ਮੈਂ ਆਪਣੀ ਆਦਤ ਅਨੁਸਾਰ ਨਜ਼ਰਾਂ ਝੁਕਾ ਲਈਆਂ। ਸ਼ਾਇਦ ਉਹਨੇ ਮੈਨੂੰ ਆਪਣੇ ਵਲ ਦੇਖਦਿਆਂ ਨਿਹਾਰ ਲਿਆ ਸੀ। ਕੁੱਝ ਕਿਹਾ ਨਹੀਂ ਜਾ ਸਕਦਾ, ਪਰ ਲਗਦਾ ਕੁੱਝ ਇੰਝ ਹੀ ਸੀ।
ਮੈਂ ਉਹਦੇ ਨਾਲ ਤਾਂ ਕੀ ਖੁੱਲ੍ਹਣਾ ਸੀ, ਮੈਂ ਤਾਂ ਆਪਣੇ ਉਨ੍ਹਾਂ ਰਿਸ਼ਤੇਦਾਰਾਂ ਨਾਲ ਵੀ ਖੁੱਲ੍ਹਣ ਤੋਂ ਝਿਜਕਦਾ ਸਾਂ। ਇਹ ਝਿਜਕ ਬਚਪਨ ਤੋਂ ਮੇਰੀ ਸ਼ਖ਼ਸੀਅਤ ਦਾ ਹਿੱਸਾ ਬਣੀ ਹੋਈ ਸੀ।
ਸਮਾਂ ਕੋਈ ਲੌਢੇ ਕੁ ਵੇਲ਼ੇ ਦਾ ਹੋਵੇਗਾ। ਮੈਂ ਉਸ ਘਰ ਦੀ ਬੈਠਕ ਵਿਚ ਡਿੱਠੇ ਮੰਜੇ ‘ਤੇ ਪਿਆ ਆਪਣੀ ਸੁਪਨ-ਸਾਜ਼ੀ ਵਿਚ ਮਗਨ ਸਾਂ ਕਿ ਉਹ ਕੁੜੀ ਵੀ ਆ ਕੇ ਨੇੜੇ ਹੀ ਡਿੱਠੇ ਮੰਜੇ ਉੱਤੇ ਪੈ ਗਈ। ਉਹਦੇ ਹੱਥ ਵਿਚ ਕੋਈ ਕਿਤਾਬ ਸੀ ਜਿਸ ਵਿਚੋਂ ਉਹ ਕੁੱਝ ਪੜ੍ਹਨ ਦਾ ਬਹਾਨਾ ਜਿਹਾ ਕਰ ਰਹੀ ਸੀ। ਪਤਾ ਨਹੀਂ, ਇਹ ਕਿਤਾਬ ਅੰਗਰੇਜ਼ੀ ਦੀ ਸੀ ਕਿ ਪੰਜਾਬੀ ਦੀ ਜਾਂ ਉਰਦੂ ਦੀ। ਉਹ ਪੜ੍ਹਦੀ ਪੜ੍ਹਦੀ ਕੋਈ ਸ਼ਬਦ ਉੱਚੀ ਬੋਲ ਦਿੰਦੀ। ਮੈਨੂੰ ਵਹਿਮ ਜਿਹਾ ਹੋ ਗਿਆ ਕਿ ਉਹ ਅਜੇਹਾ ਮੇਰਾ ਧਿਆਨ ਆਪਣੇ ਵਲ ਖਿੱਚਣ ਲਈ ਕਰ ਰਹੀ ਸੀ। ਮੈਂ ਸਭ ਕੁੱਝ ਸੁਣਦਾ ਹੋਇਆ ਵੀ ਇਹ ਜ਼ਾਹਰ ਕਰ ਰਿਹਾ ਸਾਂ ਕਿ ਕੁੱਝ ਵੀ ਸੁਣ ਨਹੀਂ ਰਿਹਾ ਸਾਂ।
ਪਤਾ ਨਹੀਂ, ਸੱਚ ਸੀ ਜਾਂ ਉਹ ਮੇਰਾ ਮਖੌਲ ਉਡਾ ਰਹੀ ਸੀ। ਫੇਰ ਉਹਨੇ ਉਹ ਸ਼ਬਦ ਬੋਲੇ ਜਿਨ੍ਹਾਂ ਨੇ ਮੇਰਾ ਕਾਇਆ-ਕਲਪ ਕਰ ਦਿੱਤਾ। ਉਹ ਸ਼ਬਦ ਸਨ:- “ਐੱਲ ਓ ਵੀ ਈ; ਲਵ, ਲਵ ਮਾਇਨੇ ਪਿਆਰ।” ਮੈਂ ਪਿਆਰ ਦੇ ਭੁੱਖੇ ਨੇ ਇਹ ਸਮਝ ਲਿਆ ਜਾਂ ਆਪਣੇ ਆਪ ਨੂੰ ਭੁਲਾਵਾ ਦੇ ਲਿਆ ਕਿ ਉਹਨੇ ਇਹ ਸ਼ਬਦ ਮੈਨੂੰ ਹੀ ਕਹੇ ਸਨ। ਬੱਸ ਉਹ ਕੁੜੀ ਮੇਰੀ ਸਦੀਵੀ ਹੀਰ ਬਣ ਗਈ।
ਇਸ ਪਿੱਛੋਂ ਨਾ ਉਹਨੇ ਮੇਰੇ ਨਾਲ ਕੋਈ ਗੱਲ ਕੀਤੀ, ਨਾ ਮੈਂ ਇੰਨਾ ਹਿੰਮਤੀ ਸਾਂ ਕਿ ਉਹਦੇ ਨਾਲ ਕੋਈ ਗੱਲ ਕਰ ਸਕਦਾ। ਦੂਜੇ ਦਿਨ ਸਵੇਰੇ ਉਹ ਆਪਣੇ ਪਿੰਡ ਨੂੰ ਤੁਰ ਗਈ ਤੇ ਮੈਂ ਵੀ ਅਜੀਬ ਜੇਹੀ ਅਵਸਥਾ ਵਿਚ ਸੁਆਦ ਸੁਆਦ ਹੋਇਆ ਆਪਣੇ ਪਿੰਡ ਵਾਪਸ ਆ ਗਿਆ। ਉਹ ਅਵਸਥਾ ਕਿਹੋ ਜਿਹੀ ਸੀ? ਨਾ ਕੋਈ ਤਾਂਘ ਸੀ ਨਾ ਉਕਸਾਹਟ, ਨਾ ਕੋਈ ਸੋਚ ਨਾ ਵਿਚਾਰ ਬੱਸ ਇੱਕ ਨਸ਼ਾ ਜਿਹਾ ਦਿਨ ਰਾਤ ਛਾਇਆ ਰਹਿੰਦਾ ਸੀ।
ਮੈਂ ਮੁੜ ਕੇ ਕਦੀ ਵੀ ਉਸ ਕੁੜੀ ਦੀ ਸੂਰਤ ਨਹੀਂ ਦੇਖੀ। ਇੰਨਾ ਕੁ ਪਤਾ ਲੱਗਾ ਸੀ ਕਿ ਉਸ ਕੁੜੀ ਦਾ ਨਾਂ ਦੀਪ ਹੈ ਤੇ ਜਲੰਧਰ ਧੰਨੋਵਾਲੀ ਵਿਚ ਰਹਿੰਦੀ ਹੈ। ਬੱਸ ਮੈਂ ਉਸ ਦੀਪ ਦਾ ਪਰਵਾਨਾ ਬਣ ਗਿਆ। ਤੁਕ ਬੰਦੀ ਤਾਂ ਮੈਂ ਕਰ ਹੀ ਲੈਂਦਾ ਸਾਂ। ਉਸ ਦਿਨ ਤੋਂ ਆਪਣੇ ਨਾਉਂ ਨਾਲ “ਪਰਵਾਨਾ” ਉਪਨਾਮ ਜੋੜ ਲਿਆ । ਮੈਂ ਉਹਦੇ ਬਾਰੇ ਹੋਰ ਕੁੱਝ ਜਾਣਨ ਦੀ ਲੋੜ ਹੀ ਨਾ ਸਮਝੀ। ਜਾਂ ਡਰਦਾ ਸਾਂ ਕਿ ਇਸ ਯਤਨ ਵਿਚ ਆਪਣੇ ਸੁਪਨੇ ਤੋਂ ਵੀ ਹੱਥ ਨਾ ਧੋ ਬੈਠਾਂ। ਫੇਰ ਉਹੀ ਆਤਮਕ ਪਿਆਰ ਦੇ ਭੁਲਾਵੇ ਦਾ ਸਹਾਰਾ। ਸਾਡੇ ਪਿੰਡਾਂ ਵਿਚ ਪਿਆਰ ਬਾਰੇ ਇੱਕ ਬੋਲੀ ਆਮ ਲੋਕਾਂ ਦੀ ਜ਼ਬਾਨ ‘ਤੇ ਚੜ੍ਹੀ ਹੋਈ ਹੁੰਦੀ ਸੀ, “ਨੇੜੇ ਜਾਈਏ ਨਾ ਹੱਡਾਂ ਨੂੰ ਰੋਗ ਲਾਈਏ, ਨਜ਼ਾਰਾ ਲਈਏ ਦੂਰ ਦੂਰ ਦਾ।” ਇਹ ਬੋਲੀ ਕਿਸੇ ਮੇਰੇ ਵਰਗੇ ਬੰਦੇ ਨੇ ਮਨ ਨੂੰ ਧਰਵਾਸ ਦੇਣ ਲਈ ਘੜੀ ਹੋਵੇਗੀ।
ਇਹ ਤਾਂ ਮੈਂ ਹੁਣ ਕਹਿੰਦਾ ਹਾਂ। ਉਦੋਂ ਤਾਂ ਪੈਰ ਜ਼ਮੀਨ ‘ਤੇ ਨਹੀਂ ਲਗਦੇ ਸਨ। ਲਗਦਾ ਸੀ ਕੋਈ ਸਵਰਗ ਮਿਲ ਗਿਆ ਹੈ। ਸੁਪਨਸਾਜ਼ ਦੇ ਸੁਪਨਿਆਂ ਨੂੰ ਸੁਨਹਿਰੀ ਰੰਗਤ ਮਿਲ ਗਈ ਸੀ। ਮੇਰੀ ਤੁਕ-ਬੰਦੀ ਵਿਚ ਵੀ ਹੁਣ ਰਸ ਭਰ ਗਿਆ ਸੀ। ਕੁੱਝ ਨਾ ਕੁੱਝ ਗੁਣਗੁਣਾਉਣ ਲਈ/ਲਿਖਣ ਲਈ ਜੀ ਕਰਦਾ ਰਹਿੰਦਾ ਸੀ। ਜਾਪਦਾ ਸੀ, ਮੇਰੀ ਕਲਪਨਾ ਲਈ ਕੋਈ ਕੇਂਦਰ ਮਿਲ ਗਿਆ ਸੀ। ਇਸ ਕੇਂਦਰ ਨਾਲ ਜੁੜਿਆ ਮਨ ਸਭ ਕੁੱਝ ਨੂੰ ਵਿਸਾਰ ਕੇ ਕੇਵਲ ਇੱਕ ਹੀ ਸੂਰਤ ਨੂੰ ਚਿਤਵਣ ਦਾ ਆਦੀ ਬਣ ਗਿਆ।
ਇਸ ਕੇਂਦਰ-ਜੁੜੇ ਮਨ ਨੂੰ ਇਕਾਗਰਤਾ ਦਾ ਅਭਿਆਸ ਆਪਣੇ ਆਪ ਹੋ ਗਿਆ। ਖੁੱਭ ਕੇ ਪੜ੍ਹਨ, ਸੋਚਣ, ਸਮਝਣ ਲਈ ਹੁਣ ਬਹੁਤਾ ਤਰੱਦਦ ਨਹੀਂ ਕਰਨਾ ਪੈਂਦਾ ਸੀ। ਮੈਂ ਮਹਿਸੂਸ ਕੀਤਾ ਮੇਰੀ ਯਾਦ-ਸ਼ਕਤੀ ਪਹਿਲਾਂ ਨਾਲੋਂ ਵੱਧ ਗਈ ਸੀ।
ਇਨ੍ਹਾਂ ਦਿਨਾਂ ਵਿਚ ਮੈਂ ਢੇਰਾਂ ਦਾ ਢੇਰ ਪੰਜਾਬੀ ਸਾਹਿਤ ਪੜ੍ਹਿਆ। ਮੈਂ ਨਾਨਕ ਸਿੰਘ ਦੇ ਉਸ ਸਮੇਂ ਤੱਕ ਛਪੇ ਸਾਰੇ ਨਾਵਲ ਪੜ੍ਹ ਲਏ। ਉਨ੍ਹਾਂ ਨਾਵਲਾਂ ਵਿਚ ਪਿਆਰ ਦਾ ਜਿਹੜਾ ਬਿਰਤਾਂਤ ਸੀ, ਉਸ ਵਿਚ ਪ੍ਰੇਮੀਆਂ ਦੇ ਮੇਲ ਵੀ ਹੁੰਦੇ ਸਨ, ਪਰ ਸਰੀਰਕ ਮੇਲ ਦੀ ਕਣੀ ਵੀ ਨਜ਼ਰ ਨਹੀਂ ਆਉਂਦੀ ਸੀ। ਉਸ ਆਦਰਸ਼ਵਾਦੀ ਤੇ ਰੁਮਾਂਟਿਕ ਪਿਆਰ ਨੂੰ ਹੀ ਮੈਂ ਅਸਲ ਪਿਆਰ ਸਮਝ ਲਿਆ। ਸਰੀਰਕ ਸੰਤੁਸ਼ਟੀ ਨਾ ਸਹੀ, ਆਤਮਕ ਸੰਤੁਸ਼ਟੀ ਤਾਂ ਮਿਲਦੀ ਹੀ ਸੀ। ਇਹ ਤਾਂ “ਰੋਟੀ ਮੇਰੀ ਕਾਠ ਕੀ” ਵਾਲੀ ਗੱਲ ਸੀ। ਆਦਰਸ਼ਵਾਦੀ ਹੱਲ ਵਕਤੀ ਹੁੰਦਾ ਹੈ। ਸਰੀਰ ਨੂੰ ਬਹੁਤਾ ਚਿਰ ਭੁਲਾਵਾ ਨਹੀਂ ਦਿੱਤਾ ਜਾ ਸਕਦਾ। ਕਾਠ ਦੀ ਰੋਟੀ ਨਾਲ ਭੁੱਖ ਭਾਵੇਂ ਨਾ ਮਿਟੇ ਭੁੱਖੇ ਪੇਟ ਨੂੰ ਭੁਲਾਵਾ ਦੇਣ ਦਾ ਯਤਨ ਕੁੱਝ ਚਿਰ ਲਈ ਤਾਂ ਕੰਮ ਦੇ ਜਾਂਦਾ ਹੈ। ਇਸੇ ਤਰ੍ਹਾਂ ਰੂਹਾਨੀ ਪਿਆਰ ਉੱਨਾ ਚਿਰ ਹੀ ਕੰਮ ਕਰਦਾ ਹੈ ਜਿੰਨਾ ਚਿਰ ਇਸਦਾ ਨਸ਼ਾ ਸਰੀਰ/ਆਤਮਾ ‘ਤੇ ਛਾਇਆ ਰਹਿੰਦਾ ਹੈ। ਨਸ਼ਾ ਉੱਤਰਿਆ ਨਹੀਂ, ਇਹ ਕਾਫ਼ੂਰ ਹੋਇਆ ਨਹੀਂ।
ਫੇਰ “ਪ੍ਰੀਤ-ਲੜੀ” ਦੇ ਦਰਸ਼ਨ ਹੋ ਗਏ। ਸਰਦਾਰ ਗੁਰਬਖਸ਼ ਸਿੰਘ ਦੀ ਲਿਖਤ ਨੇ ਅਜੇਹਾ ਜਾਦੂ ਧੂੜਿਆ ਕਿ ਉਸਦੇ ਨਸ਼ੇ ਤੋਂ ਬਿਨਾ ਜਾਨ ਨਿਕਲਣ ਲੱਗ ਪੈਂਦੀ। ਗੁਰਬਖਸ਼ ਸਿੰਘ ਦੀਆਂ ਉਸ ਸਮੇਂ ਤੱਕ ਛਪੀਆਂ ਸਾਰੀਆਂ ਕਿਤਾਬਾਂ ਕੁੱਝ ਦਿਨਾਂ ਵਿਚ ਹੀ ਪੜ੍ਹ ਲਈਆਂ। ਉਸਦੇ ਪਿਆਰ ਸਿਧਾਂਤ “ਪਿਆਰ ਕਬਜ਼ਾ ਨਹੀਂ ਪਛਾਣ ਹੈ” ਦੀਆਂ ਹਰੀਆਂ ਐਨਕਾਂ ਵਿਚੋਂ ਸਭ ਕੁੱਝ ਹਰਾ ਹੀ ਦਿਸਣ ਲੱਗ ਪਿਆ। ਆਪਣੇ ਇਸ ਇੱਕਪਾਸੜ ਪਿਆਰ ਲਈ ਆਧਾਰ ਮਿਲ ਗਿਆ। “ਵੇਖਣ, ਜਾਣਨ ਤੇ ਕੰਮ ਆਉਣ” ਦਾ ਗੁਰਮੰਤਰ ਪੱਲੇ ਬੰਨ੍ਹ ਲਿਆ। “ਮਨੋਹਰ ਸ਼ਖ਼ਸੀਅਤ” ਜੀਵਨ ਦਾ ਆਦਰਸ਼ ਬਣ ਗਈ। ਪਿਆਰ ਦਾ ਜਾਦੂ ਹੀ ਸਮਝੋ ਕਿ ਬੋਲਾਂ ਵਿਚ ਮਿਠਾਸ ਘੁਲ਼ ਗਈ ਤੇ ਆਪਣਾ ਆਪ ਹੋਰ ਦਾ ਹੋਰ ਲੱਗਣ ਲੱਗ ਪਿਆ। ਮੈਂ ਆਪਣੇ ਆਪ ਨੂੰ, ਆਪਣੇ ਕੱਦ-ਕਾਠ ਨੂੰ ਤੇ ਆਪਣੇ ਚਿਹਰੇ ਮੋਹਰੇ ਨੂੰ ਪਹਿਲੀ ਵਾਰ ਜਾਚਿਆ ਸਮਝਿਆ ਤੇ ਨਾਪਿਆ ਤੋਲਿਆ। ਕੁੱਝ ਵੀ ਤਾਂ ਇੰਨਾ ਮਾੜਾ ਨਹੀਂ ਸੀ। ਘਟੀਆਪਣ ਦਾ ਅਹਿਸਾਸ ਬੇਬੁਨਿਆਦ ਲੱਗਾ। ਕੁੱਝ ਤਾਂ ਸੀ, ਤਾਂ ਹੀ ਤਾਂ ਕਿਸੇ ਕੁੜੀ ਦੀ ਨਿਗਾਹ ਨੂੰ ਜਚ ਗਿਆ ਸਾਂ। ਆਪਣੇ ਆਪ ਮੂੰਹੋਂ ਨਿਕਲ ਜਾਂਦਾ, “ਮੋਈ ਮਿੱਟੀ ਵਿਚ ਜਾਨ ਪਾਉਣ ਵਾਲੀਏ ਤੇਰਾ ਸ਼ੁਕਰੀਆ!”