ਕਸਬੇ ਸੁਲਤਾਨਪੁਰ ਲੋਧੀ ਦਾ ਇਤਿਹਾਸਿਕ ਪਿਛੋਕੜ – ਸੁਭਾਸ਼ ਪਰਿਹਾਰ

Date:

Share post:

ਸੁਲਤਾਨਪੁਰ ਲੋਧੀ ਦਾ ਕਸਬਾ ਕਪੂਰਥਲੇ ਜ਼ਿਲ੍ਹੇ ਵਿਚ ਨਦੀ ਕਾਲ਼ੀ ਵੇਈਂ ਦੇ ਕੰਢੇ ਸਥਿਤ ਹੈ. ਕਾਲੀ ਵੇਈਂ ਬਾਰੇ ਸਥਾਨਕ ਲੋਕਾਂ ਦਾ ਖ਼ਿਆਲ ਹੈ ਕਿ ਇਹ ਮਹਾਭਾਰਤ ਦੇ ਨਾਇਕ ਅਰਜਨ ਦੇ ਤੀਰਾਂ ਨਾਲ਼ ਹੋਂਦ ਵਿਚ ਆਈ ਸੀ। ਸਿੱਖ ਵਿਸ਼ਵਾਸ ਅਨੁਸਾਰ ਇਸੇ ਨਦੀ ਵਿਚ ਡੁਬਕੀ ਲਾਉਂਦਿਆਂ ਬਾਬਾ ਨਾਨਕ ਜੀ ਨੂੰ 1499 ਈਸਵੀ ਵਿਚ ਗਿਆਨ ਦੀ ਪ੍ਰਾਪਤੀ ਹੋਈ ਸੀ। ਉਸ ਸਮੇਂ ਬਾਬਾ ਨਾਨਕ ਸੁਲਤਾਨਪੁਰ ਲੋਧੀ ਵਿਖੇ ਅਪਣੀ ਭੈਣ ਨਾਨਕੀ ਤੇ ਭਣੋਈਏ ਜੈ ਰਾਮ ਕੋਲ਼ ਰਹਿੰਦਿਆਂ ਸੁਲਤਾਨ ਸਿਕੰਦਰ ਲੋਧੀ (1489-1517) ਦੇ ਮਲਿਕ ਦੌਲਤ ਖ਼ਾਨ ਲੋਧੀ ਦੇ ਮੋਦੀਖ਼ਾਨੇ ਵਿਚ ਨੌਕਰੀ ਕਰਦੇ ਸਨ। ਇੱਥੇ ਕਾਫ਼ੀ ਸਮਾਂ ਗੁਜ਼ਾਰਨ ਕਾਰਣ ਇਸ ਦਾ ਚੱਪਾ-ਚੱਪਾ ਗੁਰੂ ਜੀ ਦੀ ਯਾਦ ਨਾਲ ਜੁੜਿਆ ਹੋਇਆ ਹੈ। ਪੰਜਾਬੀਆਂ ਦੇ ਮਨਾਂ ਉੱਤੇ ਇਨ੍ਹਾਂ ਯਾਦਾਂ ਦੀ ਛਾਪ ਇੰਨੀ ਗੂੜ੍ਹੀ ਹੈ ਕਿ ਇਸ ਕਸਬੇ ਦਾ ਬਾਕੀ ਇਤਿਹਾਸ ਅਣਗੌiਲ਼ਆ ਹੀ ਰਹਿ ਜਾਂਦਾ ਹੈ। ਜੋ ਥੋੜ੍ਹਾ ਬਹੁਤ ਉਹ ਜਾਣਦੇ ਹਨ ਉਹ ਕੋਰੀ ਕਲਪਨਾ ਮਾਤਰ ਹੈ। ਇੱਥੇ ਅਸੀਂ ਇਸ ਕਸਬੇ ਦੇ ਬਾਕੀ ਇਤਿਹਾਸ ਨੂੰ ਲੱਭਣ ਦਾ ਨਿਮਾਣਾ ਜਿਹਾ ਜਤਨ ਕਰਾਂਗੇ।
ਸਭ ਤੋਂ ਪਹਿਲਾਂ ਕਸਬੇ ਦੇ ਨਾਂ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ। ਇਸ ਬਾਰੇ ਲੋਕਾਂ ਵਿਚ ਅਨੇਕ ਵਿਸ਼ਵਾਸ ਪ੍ਰਚਲਿਤ ਹਨ। ਉਨ੍ਹੀਵੀਂ ਸਦੀ ਦਾ ਇਤਿਹਾਸਕਾਰ ਰਾਮਜਸ ਅਪਣੀ ਰਚਨਾ ਤਾਰੀਖ਼-ਏ-ਕਪੂਰਥਲਾ ਵਿਚ ਲਿਖਦਾ ਹੈ ਕਿ ਪਰੰਪਰਾ ਅਨੁਸਾਰ ਮੁਸਲਮਾਨਾਂ ਦੇ ਆਗਮਨ ਤੋਂ ਪਹਿਲਾਂ ਇਸ ਥਾਂ ਤੇ ਸਰਬਮਾਨਪੁਰ ਨਾਂ ਦਾ ਸ਼ਹਿਰ ਆਬਾਦ ਸੀ। ਕਪੂਰਥਲਾ ਸਟੇਟ ਗਜ਼ਟੀਅਰ (1904) ਮੁਤਾਬਿਕ ਮਹਿਮੂਦ ਗ਼ਜ਼ਨਵੀ ਦੇ ਜਰਨੈਲ ਸੁਲਤਾਨ ਖ਼ਾਨ ਲੋਧੀ ਨੇ ਅਪਣੇ ਨਾਂ ‘ਤੇ ਇਹ ਸ਼ਹਿਰ ਵਸਾਇਆ ਸੀ। ਇਕ ਹੋਰ ਪਰੰਪਰਾ ਮੁਤਾਬਿਕ ਇਸ ਕਸਬੇ ਦੀ ਨੀਂਹ 1332 ਈ: ਵਿਚ ਪੰਜਾਬ ਦੇ ਸੂਬੇਦਾਰ ਵਲੀ ਮੁਹੰਮਦ ਖ਼ਾਨ ਦੇ ਪੁੱਤਰ ਸੁਲਤਾਨ ਖ਼ਾਨ ਨੇ ਰੱਖੀ। ਚੌਥੀ ਪਰੰਪਰਾ ਅਨੁਸਾਰ ਇਹ ਕਸਬਾ ਦੌਲਤ ਖ਼ਾਨ ਲੋਧੀ ਨੇ ਵਸਾਇਆ, ਜਦੋਂ ਉਹ ਸੁਲਤਾਨ ਇਬਰਾਹੀਮ ਲੋਧੀ ਵੇਲੇ ਲਾਹੌਰ ਦਾ ਗਵਰਨਰ ਸੀ।
ਕਸਬੇ ਦੇ ਵਰਤਮਾਨ ਨਾਂ ਸੁਲਤਾਨਪੁਰ ਲੋਧੀ ਤੋਂ ਇਹ ਤਾਂ ਸਪੱਸ਼ਟ ਹੈ ਕਿ ਇਸ ਦੀ ਨੀਂਹ ਲੋਧੀ ਕਬੀਲੇ ਦੇ ਕਿਸੇ ਅਮੀਰ ਨੇ ਰੱਖੀ ਹੋਵੇਗੀ। ਉੱਤਰੀ ਭਾਰਤ ਦੇ ਦਿੱਲੀ ਅਤੇ ਲਾਹੌਰ ਵਿਚਲੇ ਇਲਾਕੇ ਤੇ ਲੋਧੀ ਸੁਲਤਾਨਾਂ ਦੀ ਹਕੂਮਤ 1451 ਤੋਂ 1526 ਤੀਕ, ਪੌਣੀ ਸਦੀ ਤੀਕ ਰਹੀ ਹੈ ਪਰ ਇਸ ਸਮੇਂ ਦੇ ਬਚਦੇ ਇੱਕੋ-ਇਕ ਸਮਕਾਲੀ ਇਤਿਹਾਸਕਾਰ ਯਾਹਿਯਾ ਬਿਨ-ਅਹਿਮਦ-ਬਿਨ-ਅਬਦੁੱਲਾ ਸਰਹੰਦੀ ਦੀ ਕ੍ਰਿਤ ਤਾਰੀਖ਼-ਏ-ਮੁਬਾਰਕਸ਼ਾਹੀ ਵਿਚ ਇਸ ਕਸਬੇ ਨੂੰ ਵਸਾਉਣ ਦਾ ਕਿਤੇ ਜ਼ਿਕਰ ਨਹੀਂ ਆਉਂਦਾ ਪਰ ਇਸੇ ਇਤਿਹਾਸ ਵਿਚ ਪੰਤਾਲੀ-ਕੁ ਸਾਲ ਪਹਿਲਾਂ 1405-06 ਦੌਰਾਨ ਕਿਸੇ ਮਲਿਕ ਸੁਲਤਾਨਸ਼ਾਹ ਲੋਧੀ ਦਾ ਜ਼ਿਕਰ ਆਉਂਦਾ ਹੈ, ਜਿਹਨੇ ਸੱਯਦ ਸੁਲਤਾਨ ਖਿਜ਼ਰ ਖ਼ਾਨ ਸਮੇਂ ਬਾਗ਼ੀ ਮੱਲੂ ਇਕਬਾਲ ਖ਼ਾਨ ਦਾ ਬਹਾਦਰੀ ਨਾਲ਼ ਮੁਕਾਬਲਾ ਕੀਤਾ ਸੀ, ਜਿਸ ਕਰਕੇ ਉਸ ਨੂੰ ਇਸਲਾਮ ਸ਼ਾਹ ਦਾ ਖ਼ਿਤਾਬ ਵੀ ਬਖ਼ਸ਼ਿਆ ਗਿਆ ਸੀ। ਇਸ ਦੇ ਬਾਅਦ ਵੀ ਇਸ ਮਲਿਕ ਨੇ ਸਰਹਿੰਦ ਅਤੇ ਲਾਹੌਰ ਵਿਚਲੇ ਇਲਾਕੇ ਵਿਚ ਕਈ ਬਗ਼ਾਵਤਾਂ ਕੁਚਲੀਆਂ. ਇਸਦਾ ਦਿਹਾਂਤ 1425 ਵਿਚ ਹੋ ਗਿਆ ਅਤੇ ਇਹ ਅਪਣਾ ਵਾਰਿਸ ਅਪਣੇ ਪੁੱਤਰ ਦੀ ਬਜਾਏ ਭਤੀਜੇ ਅਤੇ ਜਵਾਈ ਬਹਿਲੋਲ ਲੋਧੀ ਨੂੰ ਥਾਪ ਕੇ ਗਿਆ ਸੀ, ਜੋ ਕਿ ਹਿੰਦੁਸਤਾਨ ਦਾ ਪਹਿਲਾ ਲੋਧੀ ਸੁਲਤਾਨ ਬਣਿਆ। ਸੰਭਾਵਨਾ ਇਹ ਵੀ ਹੈ ਕਿ ਵਰਤਮਾਨ ਕਸਬੇ ਦੀ ਨੀਂਹ ਇਸ ਮਲਿਕ ਸੁਲਤਾਨ ਸ਼ਾਹ ਲੋਧੀ ਨੇ ਰੱਖੀ ਹੋਵੇ। ਦੂਸਰੀ ਅਤੇ ਤੀਸਰੀ ਪਰੰਪਰਾ ਵਿਚ ਦਰਜ ਸੁਲਤਾਨ ਖ਼ਾਨ ਸ਼ਾਇਦ ਇਹੋ ਸ਼ਖਸ ਸੀ।
ਭਾਵੇਂ ਸੁਲਤਾਨਪੁਰ ਲੋਧੀ ਨਾਂ ਦੀ ਤਾਂ ਨਹੀਂ, ਪਰ ਇਸ ਥਾਂ ‘ਤੇ ਵੱਸੋਂ ਮੁਸਲਿਮ ਕਾਲ ਤੋਂ ਪਹਿਲਾਂ ਵੀ ਸੀ, ਜਿਹਦਾ ਸਬੂਤ ਸਾਨੂੰ ਇਥੋਂ ਦੇ ਪੁਰਾਤਨ ਥੇਹਾਂ ਤੋਂ ਸਮੇਂ-ਸਮੇਂ ਪ੍ਰਾਪਤ ਮੂਰਤੀਆਂ, ਸਿੱਕਿਆਂ ਅਤੇ ਵੱਡ-ਅਕਾਰੀ ਇੱਟਾਂ ਤੋਂ ਮਿਲ਼ਦਾ ਹੈ। ਭਾਰਤੀ ਪੁਰਾਤੱਤਵ ਵਿਭਾਗ ਦੇ ਪਹਿਲੇ ਸਰਵੇਅਰ ਅਲੈਗ਼ਜ਼ੈˆਡਰ ਕਨਿੰਘਮ ਨੂੰ 1878-79 ਵਿਚ ਇਥੋਂ ਔਰਤ ਦੀ ਪੱਥਰ ਦੀ ਅਧੂਰੀ ਮੂਰਤੀ, ਗਣੇਸ਼ ਦੀ ਮੂਰਤੀ ਬਣਾਉਣ ਦਾ ਸਾਂਚਾ ਅਤੇ 34 ਹਿੰਦੂ ਰਾਜਿਆਂ ਦੇ ਅਤੇ 51 ਮੁਸਲਿਮ ਹਾਕਿਮਾਂ ਦੇ ਸਿੱਕੇ ਮਿਲ਼ੇ ਸਨ। ਸਭ ਤੋਂ ਪੁਰਾਣਾ ਤਾਂਬੇ ਦਾ ਚੌਰਸ ਸਿੱਕਾ ਸੀ, ਜਿਸ ਦੇ ਇਕ ਪਾਸੇ ਹਾਥੀ ਦਾ ਚਿੱਤਰ ਸੀ ਅਤੇ ਦੂਸਰੇ ਪਾਸੇ ਸ਼ੇਰ ਦਾ। ਹਾਥੀ ਦੇ ਚਿਤਰ ਉੱਪਰ ਯੂਨਾਨੀ ਲਿਪੀ ਵਿਚ ਸ਼ਬਦ “ਬੁਧ” ਵਰਗਾ ਕੁਝ ਲਿਖਿਆ ਵੀ ਹੋਇਆ ਸੀ। 13 ਸਿੱਕੇ ਰਾਜਬਲ ਨਾਂ ਦੇ ਰਾਜੇ ਦੇ ਸਨ, ਜਿਹਦਾ ਸਮਾਂ ਈਸਵੀ ਸੰਨ ਦੇ ਆਰੰਭ ਦੇ ਨੇੜ-ਤੇੜੇ ਸੀ ਅਤੇ 6 ਸਿੱਕੇ ਦਿੱਲੀ ਦੇ ਰਾਜੇ ਮਦਨ ਪਾਲ ਦੇਵ ਦੇ। ਮੁਸਲਿਮ ਹਾਕਮਾਂ ਦੇ ਸਿੱਕਿਆਂ ਵਿਚੋਂ 13 ਗ਼ਜ਼ਨੀ ਸੁਲਤਾਨਾਂ ਦੇ, 25 ਗੌਰੀ ਸੁਲਤਾਨਾਂ ਦੇ, 10 ਲੋਧੀ ਅਤੇ ਸੂਰੀ ਸੁਲਤਾਨਾਂ ਦੇ ਅਤੇ 3 ਸਿੱਕੇ ਸ਼ਾਹਜਹਾਨ ਦੇ ਮਿਲੇ ਸਨ। ਇਸ ਤੋਂ ਕਨਿੰਘਮ ਇਸ ਸਿੱਟੇ ‘ਤੇ ਅੱਪੜਿਆ ਕਿ ਇਹ ਥਾਂ ਈਸਵੀ ਸਮੰਤ ਦੇ ਸ਼ੁਰੂ ਤੋਂ ਹੀ ਲਗਾਤਾਰ ਆਬਾਦ ਰਿਹਾ ਹੈ।
ਕਨਿੰਘਮ ਤੋਂ ਬਾਅਦ ਵੀ ਕਸਬੇ ਦੇ ਥੇਹਾਂ ਵਿਚੋਂ ਸਮੇਂ-ਸਮੇਂ ਪੁਰਾਤਨ ਵਸਤਾਂ ਪ੍ਰਾਪਤ ਹੁੰਦੀਆਂ ਰਹੀਆਂ ਹਨ। ਜਿਸ ਥਾਂ ਹੁਣ ਗੁਰਦੁਆਰਾ ਹੱਟ ਸਾਹਿਬ ਹੈ, ਇੱਥੇ ਵੀ ਪੁਰਾਤਨ ਥੇਹ ਸੀ; ਜਿਸ ਵਿਚੋਂ ਮਹਾਤਮਾ ਬੁੱਧ ਦੀ ਮੂਰਤੀ, ਕੁਝ ਮੋਹਰਾਂ ਅਤੇ ਇਕ ਦੇਗਾ ਮਿਲਿਆ ਸੀ। ਗੁਰੂ ਨਾਨਕ ਖ਼ਾਲਸਾ ਕਾਲਜ ਦੀਆਂ ਨੀਹਾਂ ਦੀ ਖੁਦਾਈ ਸਮੇਂ ਇੱਥੋਂ ਵੀ ਇਕ ਮੂਰਤੀ (ਸ਼ਾਇਦ ਵਿਸ਼ਣੂ ਦੀ) ਅਤੇ ਕੁਝ ਸਿੱਕੇ ਪ੍ਰਾਪਤ ਹੋਏ ਸਨ। ਚਾਰ ਕੁ ਦਹਾਕੇ ਪਹਿਲਾਂ ਜਦ ਭਾਸ਼ਾ ਵਿਭਾਗ, ਪੰਜਾਬ ਦੇ ਤਤਕਾਲੀਨ ਨਿਰਦੇਸ਼ਕ ਕਪੂਰ ਸਿੰਘ ਘੁੰਮਣ ਦੀ ਅਗਵਾਈ ਹੇਠ ਸਰਵੇ ਟੀਮ ਇੱਥੇ ਆਈ ਸੀ, ਤਾਂ ਉਨ੍ਹਾਂ ਨੇ ਕੁਝ ਸਿੱਕੇ ਇਥੋਂ ਦੇ ਵਸਨੀਕ ਲਾਲਾ ਸਖੀ ਚੰਦ ਅਤੇ ਚੌਂਕ ਚੇਲਿਆਂ ਵਾਲ਼ੇ ਦਰਸ਼ਨ ਸਿੰਘ ਕੋਲ਼ ਵੇਖੇ ਸਨ।
ਇਨ੍ਹਾਂ ਪੁਰਾਤਨ ਵਸਤਾਂ ਤੋਂ ਇਲਾਵਾ ਸੁਲਤਾਨਪੁਰ ਦੀ ਥਾਂ ‘ਤੇ ਪ੍ਰਾਚੀਨ ਵਸੋਂ ਦਾ ਕੁਝ ਸੰਕੇਤ ਸਾਨੂੰ ਭਾਰਤ ਆਏ ਚੀਨੀ-ਯਾਤਰੀ ਹਿਊਨ ਸਾਂਙ (629 ਈਸਵੀ) ਦੇ ਯਾਤਰਾ-ਬ੍ਰਿਤਾਂਤ ਸੀ-ਯੂ-ਕੀ (ਪੱਛਮੀ ਜਗਤ ਦਾ ਬ੍ਰਿਤਾਂਤ) ਤੋਂ ਵੀ ਮਿਲ਼ਦਾ ਹੈ। ਪਰ ਇਸ ਯਾਤਰੀ ਨੇ ਥਾਵਾਂ ਦੇ ਜੋ ਤਤਕਾਲੀਨ ਨਾਂ ਚੀਨੀ ਭਾਸ਼ਾ ਵਿਚ ਦਿੱਤੇ ਹਨ, ਉਹ ਛੇਤੀ ਪਛਾਣ ਵਿਚ ਨਹੀਂ ਆਉਂਦੇ। ਕਨਿੰਘਮ ਇਨ੍ਹਾਂ ਵਿੱਚੋਂ ਅਨੇਕ ਨਾਵਾਂ ਨੂੰ ਪਹਿਚਾਨਣ ਵਿਚ ਸਫਲ ਹੋਇਆ ਹੈ। ਪੰਜਾਬ ਵਿਚ ਘੁੰਮਦਾ ਹਿਊਨ ਸਾਂਙ ਇਕ ਥਾਂ “ਚੀ-ਨਾ-ਪੋ-ਟੀ” ਦਾ ਜ਼ਿਕਰ ਕਰਦਾ ਹੈ, ਜੋ ਕਿ ਕਨਿੰਘਮ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦਾ ਵਰਤਮਾਨ ਕਸਬਾ ਪੱਟੀ ਹੈ। ਇਸ ਤੋਂ ਬਾਅਦ ਇਥੋਂ ਜਲੰਧਰ ਦੇ ਰਸਤੇ ਵਿਚ ਇਸ ਦੇ 25 ਮੀਲ ਦੱਖਣ-ਪੱਛਮ ਵੱਲ ਉਹ ਇਕ ਬੋਧ ਮਠ “ਤਾ-ਮੋ-ਸੁ-ਫਾ-ਨਾ” (ਤਾਮਸਵਨ) ਦਾ ਜ਼ਿਕਰ ਕਰਦਾ ਹੈ; ਜਿੱਥੇ 300 ਭਿਕਸ਼ੂ ਰਹਿੰਦੇ ਸਨ, ਜੋ ਬੁਧ ਧਰਮ ਦੇ ਸਰਵਾਸਤੀਵਾਦਨ ਸ਼ਾਖ ਦੇ ਸਿਧਾਤਾਂ ਦਾ ਅਧਿਅਨ ਕਰਦੇ ਸਨ। ਕਨਿੰਘਮ ਦੇ ਵਿਚਾਰ ਮੁਤਾਬਕ ਇਹ ਤਾਮਸਵਨ ਵਰਤਮਾਨ ਸੁਲਤਾਨਪੁਰ ਲੋਧੀ ਹੀ ਸੀ। ਉਹਦਾ ਵਿਚਾਰ ਨਿਰਮੂਲ ਨਹੀਂ ਹੈ। ਜਦ ਉਹ ਨਵੰਬਰ 1838 ਵਿਚ ਪਹਿਲੀ ਵਾਰ ਇੱਥੇ ਆਇਆ, ਤਾਂ ਉਹਨੇ ਕਸਬੇ ਦੇ ਪੱਛਮ ਵਿਚ ਸਰਕੜਿਆਂ ਦਾ 10-15 ਫੁੱਟ ਉੱਚਾ ਜੰਗਲ ਵੇਖਿਆ ਸੀ। ਫੇਰ ਮਾਰਚ 1846 ਵਿਚ ਇੱਥੋਂ ਦੀ ਲੰਘਦੇ ਉਹਨੇ ਨੋਟ ਕੀਤਾ ਕਿ ਇਹ ਕਸਬਾ ਕਾਲੇ ਚਿੱਕੜ ਦੇ ਵਿਸ਼ਾਲ ਟੋਭੇ ਦੇ ਕੰਢੇ ‘ਤੇ ਸਥਿਤ ਹੈ। ਜਦ ਉਹ ਬ੍ਰਿਟਿਸ਼ ਸੇਨਾ ਨਾਲ਼ ਇਥੋਂ ਦੀ ਗੁਜ਼ਰਿਆ, ਤਾਂ ਉਸ ਨੇ ਵੇਖਿਆ ਕਿ ਫ਼ੌਜਾਂ ਤੇ ਭਾਰੀ ਤੋਪਾਂ ਦੇ ਭਾਰ ਹੇਠ ਇਸ ਦਲਦਲ ਦੀ ਉਪਰੀ ਪਪੜੀ ਕਈ ਥਾਵਾਂ ਤੋਂ ਤਿੜਕ ਗਈ ਅਤੇ ਵਿਥਾਂ ਵਿੱਚੋਂ ਕਾਲ਼ਾ ਚਿੱਕੜ ਬਾਹਰ ਆ ਗਿਆ। ਸ਼ਾਇਦ ਪੁਰਾਣਾ ਨਾਂ ਤਾਮਸਵਨ ਜਾਂ ਕਾਲਾ ਜੰਗਲ ਇਸ ਦੀ ਕਾਲੀ ਮਿੱਟੀ ਕਾਰਣ ਹੀ ਪਿਆ ਹੋਵੇਗਾ ਅਤੇ ਸ਼ਾਇਦ ਇਸੇ ਕਾਲੀ ਮਿੱਟੀ ਕਾਰਣ ਹੀ ਇਸਦੀ ਨਦੀ ਦਾ ਨਾਂ ਕਾਲੀ ਵੇਈਂ ਪਿਆ।
ਸੁਲਤਾਨਪੁਰ ਲੋਧੀ ਦੀ ਅਸਲ ਤਰੱਕੀ ਉਦੋਂ ਹੋਈ ਹੋਵੇਗੀ, ਜਦ ਸੋਲ੍ਹਵੀਂ ਸਦੀ ਵਿਚ ਆਗਰੇ ਤੋਂ ਲਾਹੌਰ ਜਾਣ ਵਾਲਾ ਮੁਗ਼ਲ ਸ਼ਾਹਰਾਹ ਇੱਥੋਂ ਦੀ ਲੰਘਣ ਲੱਗਾ। ਅਕਬਰ ਦਾ ਦਰਬਾਰੀ ਇਤਿਹਾਸਕਾਰ ਅਬੁਲ ਫ਼ਜ਼ਲ ਅਪਣੀ ਰਚਨਾ ਆਈਨ-ਏ-ਅਕਬਰੀ ਵਿਚ ਸੁਲਤਾਨਪੁਰ ਦੇ ਪੱਕੇ ਕਿਲੇ ਦਾ ਜ਼ਿਕਰ ਕਰਦਾ ਹੈ। ਜਦ ਜਹਾਂਗੀਰ ਦੇ ਵੱਡੇ ਪੁੱਤਰ ਸੁਲਤਾਨ ਖ਼ੁਸਰੋ ਦੀ ਬਗ਼ਾਵਤ ਨੂੰ ਸ਼ਾਹੀ ਫ਼ੌਜਾਂ ਨੇ ਸ਼ੇਖ਼ ਫ਼ਰੀਦ ਬੁਖ਼ਾਰੀ ਦੀ ਅਗਵਾਈ ਵਿਚ ਭੈਰੋਵਾਲ ਵਿਖੇ ਕੁਚਲਿਆ, ਤਾਂ ਜਹਾਂਗੀਰ ਆਪ ਸੁਲਤਾਨਪੁਰ ਲੋਧੀ ਵਿਚ ਮੁਕੀਮ ਸੀ। ਇਕ ਹੋਰ ਮੁਗ਼ਲ ਕਾਲੀਨ ਇਤਿਹਾਸ ਮਾਅਸਿਰ-ਏ-ਰਹੀਮੀ ਵਿਚ ਸ਼ਿਕਾਰ ਲਈ ਜਹਾਂਗੀਰ ਦੇ ਸੁਲਤਾਨਪੁਰ ਆਉਣ ਦਾ ਜ਼ਿਕਰ ਹੈ। ਪਰ ਇਸ ਕਸਬੇ ਦੇ ਮਹੱਤਵ ਦਾ ਇਨ੍ਹਾਂ ਟੁੱਟਵੇਂ ਹਵਾਲਿਆਂ ਤੋਂ ਵੀ ਵੱਡਾ ਸਬੂਤ ਹਨ, ਇਥੇ ਬਚਦੀਆਂ ਅਨੇਕਾਂ ਇਤਿਹਾਸਿਕ ਇਮਾਰਤਾਂ, ਜਿਵੇਂ ਸਰਾਂ, ਦੋ ਪੁਲ਼, ਕੋਸ ਮੀਨਾਰ ਅਤੇ ਮਕਬਰਾ।
ਸਰਾਂ ਕਸਬੇ ਦੇ ਸਭ ਤੋਂ ਉੱਚੇ ਥਾਂ ‘ਤੇ ਹੈ, ਕੁਝ ਲੋਕ ਇਸ ਨੂੰ ਕਿਲਾ ਵੀ ਕਹਿੰਦੇ ਹਨ ਅਤੇ ਕੁਝ ਕਿਲਾ-ਸਰਾਂ। ਸਰਾਂ ਦੀ ਅਸਲ ਬਿਲਡਿੰਗ ਵਿੱਚੋਂ ਹੁਣ ਇਸ ਦਾ ਸਿਰਫ਼ ਇਕ ਦਰਵਾਜ਼ਾ ਤੇ ਕੁਝ ਚਾਰ-ਦੀਵਾਰੀ ਹੀ ਬਚੀ ਹੈ। ਕਨਿੰਘਮ ਇਸ ਸਰਾਂ ਦੀ ਉਸਾਰੀ ਦਾ ਸੇਹਰਾ ਬਾਦਸ਼ਾਹ ਜਹਾਂਗੀਰ (ਰਾਜਕਾਲ 1605-27) ਸਿਰ ਬੰਨ੍ਹਦਾ ਹੈ ਅਤੇ ਰਾਮ ਜੱਸ ਸੁਲਤਾਨ ਨਸਿਰੁਦੀਨ ਮਹਮੂਦ (1246-65) ਦੇ ਸਿਰ। ਪਰ ਦਰਵਾਜ਼ੇ ਦੀ ਆਰਕੀਟੈਕਚਰਲ ਸ਼ੈਲੀ ਤੋਂ ਪਤਾ ਲਗਦਾ ਹੈ ਕਿ ਇਹਦਾ ਉਸਾਰੀ ਕਾਲ ਸ਼ਾਹਜਹਾਂ (1628-58) ਦੇ ਰਾਜਕਾਲ ਤੋਂ ਪਹਿਲਾਂ ਦਾ ਨਹੀਂ ਹੈ ਕਿਉਂਕਿ ਦਰਵਾਜ਼ੇ ਦੇ ਸਿਰਿਆਂ ‘ਤੇ ਬਣੇ ਛੱਤਰੀਦਾਰ ਅੱਠ-ਭੁਜੇ ਬੁਰਜ ਸਭ ਤੋਂ ਪਹਿਲਾਂ ਸ਼ਾਹਜਹਾਂ ਕਾਲ ਦੀਆਂ ਇਮਾਰਤਾਂ ਵਿਚ ਹੀ ਮਿਲ਼ਦੇ ਹਨ। ਇਸ ਸਰਾਂ ਦੇ ਦਰਵਾਜ਼ੇ ਦਾ ਡਿਜ਼ਾਇਨ ਜਹਾਂਗੀਰ ਸਮੇਂ ਦੀ ਬਣੀ ਸਰਾਏ ਨੂਰਮਹਿਲ ਦੇ ਦਰਵਾਜ਼ਿਆਂ ਦੀ ਬਜਾਏ ਸ਼ਾਹਜਹਾਂ ਸਮੇਂ ਉਸਾਰੀ ਗਈ ਦੱਖਣੀ ਸਰਾਂ ਦੇ ਦਰਵਾਜ਼ਿਆਂ ਨਾਲ਼ ਮਿਲ਼ਦਾ-ਜੁਲ਼ਦਾ ਹੈ।

ਕਨਿੰਘਮ ਇਸ ਸਰਾਂ ਦੀ ਇਕ ਹੋਰ ਵਿਸ਼ੇਸ਼ਤਾ ਦਸਦਾ ਹੈ ਕਿ ਇਹ ਇਮਾਰਤ ਮਧਿਆਨ ਰੇਖਾ ਤੋਂ ਸਾਢੇ ਪੰਦਰਾਂ ਡਿਗਰੀ ਦੇ ਕੋਣ ‘ਤੇ ਬਣੀ ਹੋਈ ਹੈ। ਇਸਲਾਮੀ ਇਮਾਰਤਾਂ ਦੀ ਸਥਿਤੀ ਇਸ ਤਰ੍ਹਾਂ ਨਹੀਂ ਹੁੰਦੀ ਸੀ, ਪਰ ਹਿੰਦੂਆਂ ਤੇ ਬੋਧੀਆਂ ਦੀਆਂ ਇਮਾਰਤਾਂ ਆਮ ਤੌਰ ‘ਤੇ ਮਧਿਆਨ ਰੇਖਾ ਤੋਂ ਇਕ ਨਕਸ਼ਤਰ ਜਾਂ ਸਾਢੇ ਤੇਰਾਂ ਡਿਗਰੀ ਦੇ ਕੋਣ ਤੇ ਉਸਾਰੀਆਂ ਹੁੰਦੀਆਂ ਸਨ। ਸੋ ਉਸ ਦਾ ਅਨੁਮਾਨ ਹੈ ਕਿ ਇਹ ਸਰਾਂ ਹਿਊਨ ਸਾਂਙ ਦੇ ਜ਼ਿਕਰ ਵਾਲੇ ਬੋਧ-ਮਠ ਦੀਆਂ ਨੀਹਾਂ ਉੱਤੇ ਉੱਸਰੀ ਹੋ ਸਕਦੀ ਹੈ। ਇਸੇ ਮਠ ਵਿਚ ਬੋਧ ਭਿਖੂ ਕਾਤਯਾਯਨ ਨੇ “ਅਭੀਧਰਮ-ਜੁਆਨ-ਪ੍ਰਸਥਾਵ” ਨਾਂ ਦੇ ਗ੍ਰੰਥ ਦੀ ਰਚਨਾ ਕੀਤੀ ਸੀ। ਸਥਾਨਕ ਲੋਕ ਇਹ ਵੀ ਕਹਿੰਦੇ ਹਨ ਕਿ ਸ਼ਾਹਜਹਾਨ ਦੇ ਦੋ ਪੁਤਰਾਂ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਦੀ ਪੜ੍ਹਾਈ ਸੁਲਤਾਨਪੁਰ ਲੋਧੀ ਵਿਚ ਹੀ ਹੋਈ ਸੀ, ਜਿਸ ਦੌਰਾਨ ਉਹ ਸ਼ਾਹਜ਼ਾਦੇ ਇਸੇ ਸਰਾਂ ਵਿਚ ਰਹਿੰਦੇ ਸਨ। ਸ਼ਾਹਜਹਾਂ ਦੇ ਦਰਬਾਰੀ ਇਤਿਹਾਸ “ਪਾਦਸ਼ਾਹਨਾਮਾ” ਵਿਚ ਇਹ ਤਾਂ ਦਰਜ ਹੈ ਕਿ ਸੁਲਤਾਨਪੁਰ ਦੇ ਮੁੱਲਾ ਅਬਦੁਲ ਲਤੀਫ਼ ਨੂੰ ਸ਼ਹਿਜ਼ਾਦਾ ਦਾਰਾ ਸ਼ਿਕੋਹ ਦਾ ਉਸਤਾਦ ਮੁਕੱਰਰ ਕੀਤਾ ਗਿਆ ਸੀ, ਪਰ ਇਹ ਨਹੀਂ ਲਗਦਾ ਕਿ ਸ਼ਹਿਜ਼ਾਦਾ ਪੜ੍ਹਨ ਲਈ ਸੁਲਤਾਨਪੁਰ ਆਇਆ ਹੋਵੇਗਾ।
ਇੱਥੋਂ ਦਾ ਕੋਸ-ਮੀਨਾਰ ਬਸ-ਅੱਡੇ ਲਾਗੇ ਹੈ। ਜਦ ਮੈˆ 1980 ਵਿਚ ਇਹ ਵੇਖਿਆ ਸੀ ਤਾਂ ਇਹ ਪੂਰਾ ਸੀ, ਪਰ ਹੁਣ ਉਪਰਲਾ ਹਿੱਸਾ ਡਿੱਗ ਚੁਕਿਆ ਹੈ।
ਇਸ ਮੀਨਾਰ ਤੋਂ ਥੋੜ੍ਹੀ ਦੂਰੀ ‘ਤੇ ਹੀ ਪਹਿਲੇ ਮੁਗ਼ਲ ਪੁਲ਼ ਦੇ ਖੰਡਰ ਹਨ, ਜੋ ਕਿ ਮੁਸ਼ਕਿਲ ਨਾਲ ਹੀ ਨਜ਼ਰ ਆਉਂਦੇ ਹਨ ਪਰ ਦੂਸਰੇ ਮੁਗਲ ਪੁਲ਼ ਦੇ ਖੰਡਰ ਗੁਰਦੁਆਰਾ ਬੇਰ ਸਾਹਿਬ ਦੇ ਬਿਲਕੁਲ ਨਾਲ ਦੂਰੋਂ ਹੀ ਦਿਖ ਜਾਂਦੇ ਹਨ। ਇਸ ਪੁਲ਼ ਦੀਆਂ ਇਕ ਪਾਸੇ ਨੋਂ ਡਾਟਾਂ ਅਤੇ ਦੂਜੇ ਪਾਸੇ ਤਿੰਨ ਡਾਟਾਂ ਬਚੀਆਂ ਹੋਈਆਂ ਹਨ।

ਕੋਸ ਮੀਨਾਰ

ਬ੍ਰਿਟਿਸ਼ ਵਪਾਰੀ ਰਿਚਰਡ ਸਟੀਲ ਤੇ ਜੌਨ੍ਹ ਕਰਾਉਥਰ 1615 ਵਿਚ ਅਜਮੇਰੋਂ ਇਸਫ਼ਾਹਾਨ (ਈਰਾਨ) ਜਾਂਦਿਆਂ ਸੁਲਤਾਨਪੁਰ ਲੋਧੀ ਵਿਚ ਦੀ ਲੰਘੇ ਸਨ ਅਤੇ ਉਹ ਇੱਥੇ ਛੇ ਡਾਟਾਂ ਵਾਲੇ ਪੁਲ਼ ਦਾ ਜ਼ਿਕਰ ਕਰਦੇ ਹਨ। ਜ਼ਾਹਿਰ ਹੈ ਕਿ ਇਹ ਪਹਿਲਾ ਪੁਲ਼ ਹੋਵੇਗਾ। ਜਦ ਕਿਸੇ ਕਾਰਣ ਇਹ ਪੁਲ਼ ਬਰਬਾਦ ਹੋ ਗਿਆ, ਤਾਂ ਕੁਝ ਦੂਰੀ ‘ਤੇ ਨਵੇਂ ਪੁਲ਼ ਦੀ ਉਸਾਰੀ ਕਰ ਦਿੱਤੀ ਗਈ ਹੋਵੇਗੀ।
ਕੁਝ ਲੋਕ ਵੱਡੇ ਪੁਲ਼ ਨੂੰ ਕੰਜਰੀ ਦਾ ਪੁਲ਼ ਵੀ ਆਖਦੇ ਹਨ। ਇਹ ਨਾਂ ਉਹ ਕਿਸੇ ਮਨਘੜਤ ਕਹਾਣੀ ਨਾਲ਼ ਜੋੜਦੇ ਹਨ, ਜਿਸ ਅਨੁਸਾਰ ਕਿਸੇ ਨਰਤਕੀ ਨੇ ਇੱਥੋਂ ਵੇਈਂ ਨਦੀ ਪਾਰ ਕਰਨੀ ਸੀ। ਉਸਦੇ ਕਾਹਲੀ ਕਰਨ ‘ਤੇ ਕਿਸ਼ਤੀ ਵਾਲੇ ਨੇ ਮਿਹਣਾ ਮਾਰਿਆ ਕਿ ਜਿਹਨੂੰ ਤੂੰ ਨਾਚ ਵਿਖਾਉਣਾ ਹੈ, ਉਹਨੂੰ ਕਹਿ ਤੈਨੂੰ ਪੁਲ਼ ਬਣਵਾ ਦੇਵੇ ਅਤੇ ਉਹਨੇ ਇਹ ਪੁਲ਼ ਬਣਵਾ ਦਿੱਤਾ। ਅਜੇਹੀ ਹੀ ਕਹਾਣੀ ਜ਼ਿਲ੍ਹਾ ਅਮ੍ਰਿਤਸਰ ਦੇ ਪਿੰਡ ਪੁਲ਼ ਕੰਜਰੀ ਦੇ ਪੁਲ਼ ਬਾਰੇ ਵੀ ਪ੍ਰਚਲਿਤ ਹੈ।
ਇਸ ਪੁਲ਼ ਦੇ ਪਾਰ ਵੇਈਂ ਦੇ ਪਰਲੇ ਕੰਢੇ ਨੇੜੇ ਅੱਠ-ਭੁਜੀ ਇਮਾਰਤ ਹੈ, ਜਿਸ ਨੂੰ ਹਜ਼ੀਰਾ ਜਾਂ ਹਦੀਰਾ ਕਹਿੰਦੇ ਹਨ। ਹਜ਼ੀਰਾ ਅਰਬੀ ਦਾ ਲਫ਼ਜ਼ ਹੈ, ਜਿਹਦਾ ਮਤਲਬ ਹੈ – ਮਕਬਰਾ ਜਾਂ ਮਜ਼ਾਰ। ਹਦੀਰਾ ਇਸੇ ਸ਼ਬਦ ਦਾ ਵਿਕ੍ਰਿਤ ਰੂਪ ਹੈ. ਪਰ ਇਹ ਪਤਾ ਨਹੀਂ ਚਲਦਾ ਕਿ ਇਸ ਮਕਬਰੇ ਵਿਚ ਕੌਣ ਦਫ਼ਨ ਹੈ।
ਭਾਸ਼ਾ ਵਿਭਾਗ ਦੇ ਸਰਵੇਅਰਜ਼ ਨੇ ਤੁੱਕਾ ਮਾਰਿਆ ਹੈ ਕਿ ਇਸ ਦੀ ਉਸਾਰੀ ਸੁਲਤਾਨ ਮੁਹੰਮਦ ਤੁਗ਼ਲਕ (1325-51) ਦੇ ਜ਼ਮਾਨੇ ਵਿਚ ਹੋਈ ਸੀ. ਪਰ ਇਸ ਸ਼ੈਲੀ ਵਿਚ ਬਣਨ ਵਾਲੀਆਂ ਇਮਾਰਤਾਂ ਵਿੱਚੋਂ ਸਭ ਤੋਂ ਪਹਿਲੀ ਦਿੱਲੀ ਦੇ ਪੁਰਾਣੇ ਕਿਲੇ ਵਿਚ ਸਥਿਤ ਸ਼ੇਰ ਮੰਡਲ ਨਾਂ ਦੀ ਇਮਾਰਤ ਹੈ, ਜਿਹਦੀ ਉਸਾਰੀ ਹੁਮਾਯੂੰ ਬਾਦਸ਼ਾਹ ਨੇ 1555 ਵਿਚ ਕਰਵਾਈ ਸੀ। ਉਂਜ ਸੁਲਤਾਨਪੁਰ ਲੋਧੀ ਦੀ ਇੱਕੋ-ਇਕ ਪ੍ਰਮੁੱਖ ਸ਼ਖ਼ਸੀਅਤ ਦਾਰਾ ਸ਼ਿਕੋਹ ਦਾ ਉਸਤਾਦ ਮੁੱਲਾ ਅਬਦੁਲ ਲਤੀਫ਼ ਹੀ ਸੀ। ਸੋ ਹੋ ਸਕਦਾ ਹੈ ਕਿ ਇਸ ਮਕਬਰੇ ਵਿਚ ਉਹੀ ਦਫ਼ਨ ਹੋਵੇ। ਉਹਦੀ ਮੌਤ 1036 ਹਿਜਰੀ ਯਾਨੀ 1626-27 ਈਸਵੀ ਵਿਚ ਹੋਈ ਸੀ।

ਇਹ ਮਕਬਰਾ ਬਾਹਰੋਂ ਦੋ-ਮੰਜ਼ਿਲਾ ਹੈ। ਉਪਰੀ ਮੰਜ਼ਿਲ ‘ਤੇ ਜਾਣ ਲਈ ਅਨੇਕ ਪੌੜੀਆਂ ਹਨ। ਸਮਝ ਨਹੀਂ ਲਗਦਾ, ਮਕਬਰੇ ਵਿਚ ਇੰਨੀਆਂ ਪੌੜੀਆਂ ਦੀ ਕੀ ਲੋੜ ਸੀ। ਹੋ ਸਕਦਾ ਹੈ ਕਿ ਮੁੱਲਾ ਅਬਦੁਲ ਲਤੀਫ਼ ਨੇ ਇਸ ਇਮਾਰਤ ਦੀ ਉਸਾਰੀ ਅਪਣੇ ਜੀਵਨ-ਕਾਲ ਵਿਚ ਹੀ ਕਰਵਾ ਲਈ ਹੋਵੇ ਅਤੇ ਇਹਨੂੰ ਐਸ਼ੋ-ਇਸ਼ਰਤ ਲਈ ਵਰਤਦਾ ਹੋਵੇ ਅਤੇ ਉਸ ਦੀ ਮੌਤ ਤੋਂ ਬਾਅਦ ਇਹੋ ਇਮਾਰਤ ਉਹ ਦੀ ਆਖ਼ਿਰੀ ਕਿਆਮਗਾਹ ਵਿਚ ਤਬਦੀਲ ਕਰ ਦਿੱਤੀ ਗਈ ਹੋਵੇ। ਮੁਗ਼ਲ ਅਮੀਰ ਅਕਸਰ ਇਸ ਤਰ੍ਹਾਂ ਹੀ ਕਰਦੇ ਸਨ।
ਇਮਾਰਤ ਦੇ ਅੰਦਰਲੇ ਪਾਸੇ ਚੂਨੇ ਦਾ ਪਲਸਤਰ ਚਮਕ ਵਿਚ ਸੰਗਮਰਮਰ ਨੂੰ ਮਾਤ ਪਾਉਂਦਾ ਹੈ। ਕਈ ਥਾਈਂ ਇਹ ਪਲਸਤਰ ਉੱਖੜਿਆ ਹੋਇਆ ਹੈ, ਉਥੋਂ ਇਹ ਪਤਾ ਚਲਦਾ ਹੈ ਹੇਠਲੀਆਂ ਤੈਹਾਂ ਵਿਚ ਚੂਨੇ ਵਿਚ ਸਣ ਮਿਲਾ ਕੇ ਵਰਤਿਆ ਜਾਂਦਾ ਸੀ।
ਇਸ ਇਮਾਰਤ ਦੀਆਂ ਕੰਧਾਂ ਉੱਪਰ ਇੱਥੇ ਆਉਣ ਵਾਲੇ ਕੁਝ ਵਿਜ਼ਿਟਰਜ਼ ਨੇ ਇਬਾਰਤਾਂ ਲਿਖੀਆਂ ਹੋਈਆਂ ਹਨ, ਜਿਨ੍ਹਾਂ ਦਾ ਹਾਲੇ ਤੀਕ ਕਿਸੇ ਨੇ ਅਧਿਐਨ ਨਹੀਂ ਕੀਤਾ। ਅਜੇਹੀਆਂ ਇਬਾਰਤਾਂ ਵੀ ਇਤਿਹਾਸ ਦੇ ਕੀਮਤੀ ਸੋਮੇ ਹਨ। ਬਟਾਲੇ ਦੀ ਜਾਮਾ ਮਸਜਿਦ ‘ਤੇ ਲਿਖੀਆਂ ਅਜੇਹੀਆਂ ਇਬਾਰਤਾਂ ਅਰਸਾ ਪਹਿਲੇ ਡਾਕਟਰ ਜੇ. ਐੱਸ. ਗਰੇਵਾਲ ਨੇ ਪੜ੍ਹੀਆਂ ਸਨ। ਇਸ ਤੋਂ ਬਾਅਦ ਮੈˆ ਤਰਨ ਤਾਰਨ ਨੇੜਲੇ ਪਿੰਡ ਨੂਰਦੀ ਵਿਖੇ ਮਕਬਰੇ ਉਪਰਲੀਆਂ ਲਿਖਤਾਂ ਦਾ ਅਹਿਮਦਾਬਾਦ ਦੇ ਅਰਬੀ ਅਤੇ ਫ਼ਾਰਸੀ ਦੇ ਵਿਦਵਾਨ ਅਤੇ ਉੱਘੇ ਇਤਿਹਾਸਕਾਰ ਡਾਕਟਰ ਜ਼ਿਆਉਦੀਨ ਦੇਸਾਈ ਦੀ ਮਦਦ ਨਾਲ ਅਧਿਐਨ ਕਰਕੇ ਨਤੀਜੇ ਲੰਦਨ ਤੋਂ ਛਪਦੇ ਖੋਜ-ਪੱਤਰ ਜਰਨਲ ਆਵ ਰਾਇਲ ਏਸ਼ਿਆਟਿਕ ਸੋਸਾਇਟੀ ਵਿਚ ਛਪਵਾਏ ਸਨ (ਕੁਝ ਹੋਰ ਇਮਾਰਤਾਂ ਬਾਰੇ ਵੀ ਇਸ ਤਰ੍ਹਾਂ ਦਾ ਕੰਮ ਕਰਨ ਦੀ ਯੋਜਨਾ ਵੀ ਸੀ ਪਰ ਬਦਕਿਸਮਤੀ ਨਾਲ 24 ਮਾਰਚ 2002 ਨੂੰ ਡਾਕਟਰ ਦੇਸਾਈ ਦਾ ਦੇਹਾਂਤ ਹੋ ਗਿਆ)। ਪੰਜਾਬ ਦੀਆਂ ਬਾਕੀ ਇਮਾਰਤਾਂ ‘ਤੇ ਬਚਦੀਆਂ ਇਨ੍ਹਾਂ ਲਿਖਤਾਂ ਦੇ ਅਧਿਐਨ ਦੀ ਵੀ ਸਖ਼ਤ ਲੋੜ ਹੈ।

ਸੁਲਤਾਨਪੁਰ ਲੋਧੀ ਦੀ ਬਰਬਾਦੀ ਦਾ ਮੁੱਖ ਕਾਰਣ ਨਾਦਿਰ ਸ਼ਾਹ ਦਾ 1739 ਵਿਚ ਹਮਲਾ ਹੋ ਸਕਦਾ ਹੈ। ਪੰਜਾਬ ਵਿਚ ਅਠਾਰ੍ਹਵੀਂ ਸਦੀ ਦੀ ਉਥਲ-ਪੁਥਲ ਤੋਂ ਬਾਅਦ ਸਿੱਖ ਮਿਸਲਾਂ ਦੇ ਉਭਾਰ ਸਮੇਂ ਇਸ ਕਸਬੇ ‘ਤੇ ਕਪੂਰਥਲੇ ਵਾਲਿਆਂ ਦਾ ਕਬਜ਼ਾ ਹੋ ਗਿਆ ਅਤੇ ਇਹ ਇਸ ਸਟੇਟ ਦਾ ਭਾਗ ਬਣ ਗਿਆ। ਰਾਮ ਜੱਸ ਲਿਖਦਾ ਹੈ ਕਿ ਕਪੂਰਥਲੇ ਦੀਆਂ ਅਨੇਕ ਇਮਾਰਤਾਂ ਲਈ ਇੱਟਾਂ ਸੁਲਤਾਨਪੁਰ ਦੇ ਮਲਬੇ ਦੀਆਂ ਲਿਆਂਦੀਆਂ ਗਈਆਂ ਸਨ।
ਸੁਲਤਾਨਪੁਰ ਲੋਧੀ ਵਾਂਙ ਹੀ ਪੰਜਾਬ ਦੇ ਹੋਰ ਬਹੁਤ ਸ਼ਹਿਰ, ਕਸਬੇ ਅਤੇ ਪਿੰਡ ਇਤਿਹਾਸਕ ਹਨ। ਪਰ ਇਨ੍ਹਾਂ ਦਾ ਇਤਿਹਾਸ ਹਾਲੇ ਅੰਨ੍ਹੇਰੇ ਵਿਚ ਹੈ। ਰੋਪੜ, ਸੰਘੋਲ, ਢੋਲਬਾਹਾ ਜਾਂ ਇਕ-ਅੱਧਾ ਥਾਂ ਹੋਰ ਛੱਡ ਕੇ ਇਸ ਖ਼ਿੱਤੇ ਦੇ ਜ਼ਿਆਦਾਤਰ ਥੇਹਾਂ ਦੀ ਹਾਲੇ ਕੋਈ ਯੋਜਨਾਬੱਧ ਖੁਦਾਈ ਨਹੀਂ ਹੋਈ। ਸਥਾਨਕ ਲੋਕਾਂ ਨੂੰ ਮਿੱਟੀ ਪੁੱਟਦੇ ਜਾਂ ਖੇਤੀ ਲਈ ਥਾਂ ਪੱਧਰਾ ਕਰਦੇ ਕਦੇ-ਕਦਾਈਂ ਕੋਈ ਪੁਰਾਤਨ ਵਸਤ ਮਿਲ ਜਾਂਦੀ ਹੈ, ਜਿਹਦਾ ਬਾਅਦ ਵਿਚ ਥਾਂ-ਟਿਕਾਣਾ ਵੀ ਪਤਾ ਨਹੀਂ ਲਗਦਾ। ਇਸ ਤਰਾਂ ਇਤਿਹਾਸ ਦੇ ਵੱਡਮੁੱਲੇ ਸੋਮੇਂ ਗਵਾਚ ਰਹੇ ਹਨ। ਸਮਝ ਨਹੀਂ ਲਗਦਾ ਇਹ ਸਭ ਸੰਭਾਲਣ ਦੀ ਆਸ ਕਿਸ ਤੋਂ ਕਰੀਏ।

(ਸਭ ਤਸਵੀਰਾਂ ਲੇਖਕ ਦੀਆਂ ਖਿੱਚੀਆਂ ਹੋਈਆਂ ਹਨ)

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!