ਝੋਟਾ
ਕਈ ਵਾਰ ਜਦ ਮੈਂ ਆਦਮੀ ਨੂੰ ਨੀਝ ਲਾ ਕੇ ਦੇਖਦਾ ਹਾਂ
ਤਾਂ ਮੈਨੂੰ ਝੋਟੇ ਦਾ ਝਉਲ਼ਾ ਪੈਂਦਾ ਹੈ।
ਰਾਤੀਂ ਮੇਰੀ ਭਵੰਤਰੀ ਹੋਈ ਤੀਵੀਂ ਨੇ ਕਹਿ ਮਾਰਿਆ:
ਹੇ ਮੇਰੇ ਪਤੀ ਦੇਵ, ਤੇਰੇ ਅੰਦਰ ਤਾਂ ਝੋਟਾ ਰਹਿੰਦਾ ਹੈ।
ਜਦੋਂ ਦਾ ਆਦਮੀ ਨੇ ਝੋਟਿਆਂ ਨੂੰ ਗ਼ੁਲਾਮ ਬਣਾਇਆ
ਝੋਟਿਆਂ ਦੀ ਉਦੋਂ ਤੋ ਹੀ ਆਦਮੀ ਨਾਲ਼ ਖਾਰ ਹੈ
ਆਦਮੀ ਗਿਆ ਜਿੱਥੇ-ਜਿੱਥੇ
ਕੁਝ ਜੁੜੇ ਹੋਏ ਝੋਟੇ ਗਏ ਉਹਦੇ ਅੱਗੇ-ਅੱਗੇ
ਤੇ ਕੁਝ ਪੈੜਾਂ ਦੱਬਦੇ ਝੋਟੇ ਲੁਕ ਛਿਪ ਕੇ ਗਏ ਉਹਦੇ ਪਿੱਛੇ-ਪਿੱਛੇ।
ਝੋਟਿਆਂ ਨੇ ਚੋਰੀ ਛਿਪੇ ਆਦਮੀ ਦੇ ਅੰਦਰ ਆ ਡੇਰੇ ਲਾਏ।
ਆਦਮੀ ਨੇ ਮੇਲੇ ਲਗਾਏ।
ਝੋਟੇ ਅੜਿੰਗੇ, ਸਿੰਙ ਭਿੜਾਏ।
ਆਦਮੀ ਨੇ ਸੋਚ ਦੌੜਾਈ, ਗੋਸ਼ਟੀ ਰਚਾਈ।
ਝੋਟਿਆਂ ਨੇ ਡਾਂਗ ਵਾਹੀ, ਗੋਲ਼ੀ ਚਲਾਈ।
ਆਦਮੀ ਨੇ ਸ਼ਾਦੀ ਰਚਾਈ, ਝੋਟਿਆਂ ਨੇ ਸੇਜ ਹੰਢਾਈ।
ਆਦਮੀ ਦਾ ਮਸਤਕ ਚਾਰਾਗਾਹ ਬਣ ਗਿਆ ਹੈ
ਝੋਟਿਆਂ ਦੇ ਵਾਸਤੇ ਆਦਮੀ ਦਾ ਹਰ ਰਿਸ਼ਤਾ
ਜਿਸਮ ਤੇ ਮੌਤ ਵਿਚਕਾਰ ਆਖ਼ਿਰੀ ਸਾਹ ਬਣ ਗਿਆ ਹੈ
ਝੋਟਿਆਂ ਦੇ ਵਾਸਤੇ।
ਝੋਟਿਆਂ ਦਾ ਹੀ ਪ੍ਰਤਾਪ ਹੈ ਕਿ ਫ਼ਰਹਾਦ ਦਾ ਤੇਸਾ ਅੱਜ ਵੀ
ਸੱਚਾਈ ਦੀ ਭਾਲ਼ ਵਿਚ ਨਹੀਂ ਮੌਤ ਦੀ ਭਾਲ਼ ਵਿਚ ਵੱਜਦਾ ਹੈ
ਕਿ ਬਾਰਾਂ ਸਦੀਆਂ ਬਾਅਦ ਵੀ
ਰਾਂਝੇ ਦਾ ਸਿਦਕ ਵਿਗਿਆਨ ਦੇ ਕੱਠਾਂ ਚੋਂ ਨਹੀਂ
ਚੂਚਕ ਦੇ ਬੇਲਿਆਂ ਚੋਂ ਹੀ ਲੱਭਦਾ ਹੈ।
ਆਦਮੀ ਦੇ ਸਿਰ ਵਿਚ
ਆਦਮੀਆਂ ਦੇ ਰਿਸ਼ਤਿਆਂ ਵਿਚ ਝੋਟੇ ਛੁਪੇ ਨੇ ਜਿੱਥੇ-ਜਿੱਥੇ
ਝੋਟਿਆਂ ਨੂੰ ਕਹਿ ਦਿਉ ਉਹ ਬਾਹਰ ਨਿਕਲ਼ ਆਉਣ
ਆਦਮੀ ਹਾਰਿਆ ਤੇ ਝੋਟੇ ਜਿੱਤੇ।
ਝੋਟਿਆਂ ਨੂੰ ਕਹਿ ਦਿਉ ਉਹ ਆਦਮੀ ਚੋਂ ਨਿਕਲ਼ ਕੇ
ਜੰਗਲ ਵਲ ਪਰਤ ਜਾਣ
ਤਾਂ ਜੋ ਆਦਮੀ ਤੇ ਪਸ਼ੂ ਦੀ ਅਲੱਗ-ਅਲੱਗ ਹੋ ਸਕੇ ਪਛਾਣ।
ਪਰਤਦੇ ਹੋਏ ਝੋਟੇ ਸਿੰਙਾਂ ਉੱਪਰ ਟੰਗ ਕੇ
ਲੈ ਜਾਣਗੇ ਇਹ ਯੁਗ
ਛੱਡ ਜਾਣਗੇ ਅਪਣੇ ਪਿੱਛੇ ਆਦਮੀਆਂ ਦੀ ਬਹਿਸ:
ਇਹ ਯੁੱਗ ਕਿੰਨਾ ਕੁ ਸੀ ਬੰਦੇ ਦਾ
ਤੇ ਕਿੰਨਾ ਕੁ ਝੋਟਿਆਂ ਦਾ
ਕਿ ਬੰਦੇ ਨੇ ਝੋਟਿਆਂ ਨੂੰ ਵਾਹਿਆ ਜਾਂ ਝੋਟਿਆਂ ਨੇ ਬੰਦੇ ਨੂੰ?
ਦਾਸ
ਗੁਜ਼ਰ ਗਏ ਯੁਗ ਦੇ ਚਰਣਾਂ ਦੀ ਧੂੜ ਵਿਚ ਲੁਕਿਆ
ਦਾਸ ਹਾਜ਼ਿਰ ਹੈ।
ਹੱਥ ਬੱਧੇ
ਸਿਰ ਝੁਕਿਆ
ਦਾਸ ਹਾਜ਼ਿਰ ਹੈ।
ਬੀਤੀਆਂ ਸਦੀਆਂ ਦਾ ਘਾਹ, ਦਾਸ ਦੀ ਅਕਲ ਨੂੰ ਚਾਰੋ ਜੀ।
ਦਾਸ ਦਾ ਸਿਰ ਹਾਜ਼ਿਰ ਹੈ, ਦਾਸ ਦੀ ਆਰਤੀ ਉਤਾਰੋ ਜੀ।
ਪਿਘਲਦਾ ਮੋਮ ਮੋਮਨ, ਸ਼ੇਰ ਤੋਂ ਘਾਤਕ ਹੈ ਜੀ।
ਭੁੱਲਣਹਾਰ ਹੈ ਦਾਸ, ਖਿਮਾ ਦਾ ਜਾਚਕ ਹੈ ਜੀ।
ਬੇਕਬਰੀ ਹਰ ਮਰੀ ਹੋਈ ਸ਼ੈਅ
ਦਾਸ ਵਿਚ ਆਣ ਵਸੀ ਹੈ।
ਦਾਸ ਨੂੰ ਜੀਉਂਦੇ ਜੀਅ
ਕਿਸੇ ਦੀ ਨਜ਼ਰ ਲੱਗੀ ਹੈ।
ਦਾਸ ਦਾ ਭਲਾ ਚਾਹੁੰਦੇ ਹੋ ਤਾਂ
ਦਾਸ ਤੋਂ ਉਤਾਰੋ ਭੂਤ ਜੀ।
ਦਾਸ ਦਾ ਹਾਜ਼ਿਰ ਹੈ ਸਿਰ
ਦਾਸ ਦੇ ਮਾਰੋ ਜੂਤ ਜੀ॥
ਛੋਟੇ ਛੋਟੇ ਸੱਚ
ਧਰੁਵੀ ਰਿੱਛ ਨੇ ਫ਼ਰਮਾਇਆ:
ਬਰ ਬਰ ਬਰਫ਼ ਤੋਂ ਬਣੀ ਹੈ ਧਰਤੀ
ਸੂਰਜ ਬਰਫ਼ ਦਾ ਗ਼ੁਸੈਲਾ ਪੁੱਤਰ
ਆਸਮਾਨ ਬਰਫ਼ ਦਾ ਫੁੱਲਿਆ ਭੂੰਪੜਾ
ਗਾਂ ਨੇ ਸਿਰ ਉਠਾਇਆ:
ਬਾਂ ਬਾਂ ਘਾਹ ਤੋਂ ਬਣੀ ਹੈ ਧਰਤੀ
ਆਸਮਾਨ ਹੈ ਸਵਰਗੀ ਗਾਈਆਂ ਦੀ ਚਾਰਾਗਾਹ
ਤੇ ਸੂਰਜ ਲੈਂਪਾਂ ਦੀ ਮਾਂ ਲੈਂਪ
ਉਨ੍ਹਾਂ ਨੂੰ ਰਾਹ ਦਿਖਾਉਣ ਲਈ
ਗੰਡੋਏ ਨੇ ਵਲ਼ ਵਲ਼ੇਵਿਆਂ ਦੀ ਭਾਸ਼ਾ ਵਿਚ ਆਖਿਆ:
ਚਿੱਕੜ ਤੋਂ ਬਣੀ ਹੈ ਧਰਤੀ
ਨਾ ਕੋਈ ਆਸਮਾਨ ਹੈ ਨਾ ਸੂਰਜ
ਜੋ ਕੁਝ ਵੀ ਹੈ ਸਭ ਚਿੱਕੜ ਵਿਚ ਸਮਾਇਆ
ਮੈਂ
ਰਿੱਛ ਨੂੰ ਸਮਝਿਆ
ਗਾਂ ਨੂੰ ਸਮਝਿਆ
ਗੰਡੋਏ ਨੂੰ ਸਮਝਿਆ
ਫਿਰ ਗੰਡੋਏ ਨੇ ਵਟ ਵਲ਼ ਖਾ ਕੇ ਦਾਅਵਾ ਜਤਾਇਆ
ਗਾਂ ਨੇ ਬਾਂ ਬਾਂ ਕਰਕੇ
ਸ਼ਬਦ ਨੂੰ ਪੂਰੇ ਜ਼ੋਰ ਦੀ ਵਗਾਹਿਆ
ਰਿੱਛ ਬੰਦੇ ਨੂੰ ਗੁਰਗੁਰਾਇਆ
ਇੱਕੋ ਹੀ ਸੁਨੇਹਾ ਸੀ:
ਸਿਰਫ਼ ਮੈਂ ਹੀ ਸੱਚ ਜਾਣਾ
ਮੈਂ ਕਿਹਾ:
ਗੰਡੋਆ ਜੀ
ਗਾਂ ਜੀ
ਰਿੱਛ ਜੀ
ਤੁਸੀਂ ਕਿਰਪਾ ਕਰਕੇ ਚੱਲਦੇ ਬਣੋ ਜੀ ਚੱਲਦੇ
ਤੇ ਚੱਲਦੇ ਹੀ ਰਹੋ
ਸੱਚ ਜਾਣੋ ਤਾਂ ਇਹੀਓ ਸੱਚ ਹੈ
ਹਾਰ ਸਿੰਘ
ਰੋ ਮਾਰ ਦੁਹੱਥੜਾ ਹਾਰ ਸਿੰਹਾਂ, ਤੂੰ ਘੁੰਮ ਆਇਆ ਸੰਸਾਰ ਸਿੰਹਾਂ।
ਸੀ ਦੁਨੀਆ ਜਿੱਤਣ ਨਿਕiਲ਼ਆ, ਤੂੰ ਛੱਡ ਅਪਣਾ ਘਰ ਬਾਰ ਸਿੰਹਾਂ।
ਦਿਲ ਬਿਨਾਂ ਨਾ ਕੁਝ ਵੀ ਜਿਤ ਹੁੰਦਾ
ਤੂੰ ਦਿਲ ਘਰ ਵਿਚ ਹੀ ਭੁੱਲ ਗਿਆ,
ਜੋ ਬਚੀ ਉਹ ਬੀਤੂ ਅਪਣਿਆਂ, ਸੰਗ ਕਰ ਕਰ ਕੇ ਤਕਰਾਰ ਸਿੰਹਾਂ।
ਨਦਿਆਈ ਔਰਤ
ਮਨ ਭਰ ਮੈਨੂੰ ਪੀ ਸੱਜਣਾ, ਜੀਅ ਮੇਰੇ ਵਿਚ ਨਹਾ ਕੇ।
ਇਸ਼ਟ ਮੇਰਾ ਪਰ ਵਗਦੀ ਰਹਿਣਾ ਰੋਕੀਂ ਨਾ ਬੰਨ੍ਹ ਲਾ ਕੇ।
ਘਰ ਵੱਲ ਮੈਨੂੰ ਹੱਕਣ ਦਾ ਕੀਤਾ ਯਤਨ ਕਬੀਲੇਦਾਰਾ,
ਤੈਨੂੰ ਸੰਗ ਕਬੀਲੇ ਤੇਰੇ ਲੈ ਜਾਊਂਗੀ ਹੜ੍ਹਾ ਕੇ।
ਕੁਰਬਾਨੀ
ਕਿਸੇ ਗ਼ਰੀਬ ਦਾ ਪਾਟਿਆ ਹੋਇਆ
ਬੋਝਾ ਹੈ ਕੁਰਬਾਨੀ।
ਜੋ ਝੱਖੜਾਂ ਨੂੰ ਝੱਲ ਨਾ ਸਕਿਆ
ਪੌਦਾ ਹੈ ਕੁਰਬਾਨੀ।
ਜਾਂ ਫਿਰ ਲਾਲਚੀ ਬੰਦਾ ਜੋ
ਹਿਸਾਬ ਕਿਤਾਬ ਦਾ ਮਾੜਾ,
ਉਸ ਬੰਦੇ ਦਾ ਘਾਟੇ ਵਾਲ਼ਾ
ਸੌਦਾ ਹੈ ਕੁਰਬਾਨੀ
ਸ਼ਹੀਦੀ
ਹਾਰਿਆ ਬੰਦਾ ਹਾਰ ਨੂੰ ਮੰਨ ਕੇ ਮੌਤ ਨੂੰ ਜੱਫੀ ਪਾਵੇ।
ਐਸੀ ਮੌਤ ਜਹਾਨ ਦੀ ਅੱਖ ਵਿਚ ਖ਼ੁਦਕੁਸ਼ੀ ਕਹਿਲਾਵੇ।
ਉਸ ਬੰਦੇ ਦੀ ਖ਼ੁਦਕੁਸ਼ੀ ਦਾ ਧਰਿਆ ਨਾਮ ਸ਼ਹੀਦੀ,
ਹਾਰਿਆ ਹੋਇਆ ਜ਼ਿੱਦੀ ਜਿਹੜਾ ਹਾਰ ਤੋਂ ਮੁੱਕਰ ਜਾਵੇ।
ਨਕਸ਼ਾ
ਉੱਧਰ ਨੂੰ ਮੂੰਹ ਚੁੱਕਿਆ ਜਿੱਧਰ ਜਾਣੇ ਵਾਲ਼ੇ ਕਹਿ ਗਏ।
ਸਾਗਰ ਚੀਰੇ ਅੰਬਰ ਗਾਹੇ ਨਾਲ਼ ਮੌਤ ਦੇ ਖਹਿ ਗਏ।
ਮੰਜ਼ਿਲ ਆਈ ਤਾਂ ਦਿਲ ਕਹਿੰਦਾ: ਇਹ ਕਿਹੜੀ ਥਾਂ ਐ ਬੰਦਿਆ?
ਦਿਲ ਨੂੰ ਸਮਝਾਉਣੇ ਦੀ ਖ਼ਾਤਿਰ ਨਕਸ਼ਾ ਚੁੱਕ ਕੇ ਬਹਿ ਗਏ।
ਮੰਜ਼ਿਲ ਤੇ ਸੁਪਨਾ
ਜਦ ਮੰਜ਼ਿਲ ਤੇ ਪੁੱਜੇ, ਸਫ਼ਰ ਨੇ ਮਾਰਿਆ ਕੱਸ ਕੇ ਤਾਹਨਾ ਸੀ।
ਕੀ ਖੋਹਿਆ ਕੀ ਪਾਇਆ, ਪੁੱਛੇ ਭੁੱਲੜ ਬੜਾ ਜ਼ਮਾਨਾ ਸੀ।
ਸੁਪਨਾ ਹੈ ਤਾਂ ਸਭ ਕੁਝ ਹੈ, ਜਦ ਸੁਪਨੇ ਹੀ ਘਰ ਛੱਡ ਗਏ,
ਫਿਰ ਉਸ ਘਰ ਨੂੰ ਛੱਡਣ ਲਈ ਮੰਜ਼ਿਲ ਤਾਂ ਇਕ ਬਹਾਨਾ ਸੀ।
ਖ਼ੁਸ਼ੀ ਗ਼ਮੀ-।
ਖ਼ੁਸ਼ੀ ਹੈ ਐਸੀ ਵਹੁਟੀ ਜਿਹੜੀ ਸੇਜ ਦੇ ਉੱਤੇ ਚੜ੍ਹਦੀ।
ਭੋਗਣ ਬਾਅਦ ਉਹ ਗ਼ਮੀ ਹੈ, ਜਿਹੜੀ ਜ਼ਮੀਂ ਉੱਤੇ ਪੱਬ ਧਰਦੀ।
ਖ਼ੁਸ਼ੀ ਗ਼ਮੀ ਦੋ ਰੂਪ ਨੇ ਯਾਰੋ ਇੱਕੋ ਇਕ ਬਲਾਅ ਦੇ,
ਖ਼ੁਸ਼ੀ ਹੈ ਜਦੋਂ ਬੇਗ਼ਾਨੀ ਹੈ ਉਹ ਗ਼ਮੀ ਹੈ ਜਦ ਉਹ ਘਰ ਦੀ॥
ਖ਼ੁਸ਼ੀ ਗ਼ਮੀ-2
ਆ ਨੀ ਖ਼ੁਸ਼ੀਏ, ਜਾ ਨੀ ਖ਼ੁਸ਼ੀਏ
ਆਉਂਦੀ ਜਾਂਦੀ ਰਹਿਣਾ।
ਨਾ ਤੂੰ ਸਬਕ ਵਫ਼ਾ ਦਾ ਪੜ੍ਹਿਆ
ਨਾ ਤੂੰ ਟਿਕ ਕੇ ਬਹਿਣਾ।
ਜਿੱਥੇ ਅੱਜ ਖ਼ੁਸ਼ੀ ਦੇ ਭੰਗੜੇ
ਭਲਕੇ ਗ਼ਮੀ ਨੇ ਆਉਣਾ,
ਇਕ ਦੂਜੇ ਬਿਨ ਰਹਿ ਨਾ ਸਕਦੀਆਂ
ਦੋਨੋਂ ਸਕੀਆਂ ਭੈਣਾਂ॥
ਮੇਲ਼
ਕੁਝ ਪਲ ਉਹਦੇ ਨਾਲ਼ ਮੈਂ ਚੱਲਿਆ, ਫਿਰ ਰੁਕਿਆ ਘਬਰਾਇਆ।
ਗੱਲ ਕਰਨ ਦਾ ਢੁੱਕਵਾਂ ਵੇਲਾ, ਮੇਰੀ ਪਕੜ ਨਾ ਆਇਆ।
ਨਾ ਉਹ ਪਲ ਸੀ ਮੇਰਾ ਅਪਣਾ, ਨਾ ਉਹ ਨਿਕiਲ਼ਆ ਉਹਦਾ;
ਜਿਸ ਪਲ ਦੇ ਅਸੀਂ ਓਹਲੇ ਬਹਿ ਕੇ ਪੂਰਾ ਯੁਗ ਹੰਢਾਇਆ॥
ਟੈਕਨੌਲੋਜਿਸਟ ਤੇ ਕੰਪਿਊਟਰ ਸਾਇੰਸਦਾਨ ਸੁਖਪਾਲ ਸੰਘੇੜਾ (ਜਨਮ 1958 ਫਰਵਾਲ਼ਾ, ਜਲੰਧਰ) ਇੰਟਰਨੈੱਟ ਟੈਕਨੌਲੋਜੀ ਦੇ ਮੋਢੀਆਂ ਵਿੱਚੋਂ ਹੈ। ਨੈੱਟਸਕੇਪ ਬਰਾਊਜ਼ਰ ਤੇ ਨੋਵੈੱਲ ਨੈੱਟਵਰਕਸ ਦੇ ਘਾੜਿਆਂ ਵਿੱਚੋਂ ਇਹ ਪਹਿਲੀਆਂ ਵੈੱਬਆਰਡਰ ਤੇ mp3.com ਵਰਗੀਆਂ ਵੱਡੀਆਂ ਇੰਟਰਨੈੱਟ ਕੰਪਨੀਆਂ ਦਾ ਇੰਜਨੀਅਰਿੰਗ ਡਾਇਰੈਕਟਰ ਰਹਿ ਚੁੱਕਾ ਹੈ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਸਾਬਕਾ ਜਨਰਲ ਸਕੱਤਰ ਸੰਘੇੜੇ ਦੇ ਇਕ ਸੌ ਤੋਂ ਵੱਧ ਖੋਜ ਪੱਤਰ ਯੂਰਪ ਤੇ ਅਮਰੀਕਾ ਦੇ ਖੋਜ ਰਸਾਲਿਆਂ ਵਿਚ ਛਪ ਚੁੱਕੇ ਹਨ। ਅੱਜ ਕੱਲ੍ਹ ਇੰਟਰਨੈੱਟ ਦੇ ਵਿਕਾਸ ਦੀ ਜ਼ਿੰਮੇਵਾਰ ਕਮੇਟੀ ਇੰਟਰਨੈੱਟ ਇੰਜਨੀਅਰਿੰਗ ਟਾਸਕ ਫ਼ੋਰਸ ਦਾ ਸਰਗਰਮ ਮੈਂਬਰ ਹੋਣ ਦੇ ਨਾਲ਼ ਸੈਨ ਹੋਜ਼ੇ ਸਟੇਟ ਯੂਨਿਵਰਸਟੀ ਵਿਚ ਕੰਪਿਊਟਰ ਸਾਇੰਸ ਵੀ ਪੜ੍ਹਾਉਂਦਾ ਹੈ। ਸੰਘੇੜਾ ਮਕਗਰਾਅ ਹਿਲ ਤੇ ਟੌਮਸਨ ਕੋਰਸ ਟੈਕਨੌਲੋਜੀ ਵਰਗੇ ਨਾਮਵਰ ਪ੍ਰਕਾਸ਼ਕਾਂ ਦੀ ਟੈਕਨੌਲੋਜੀ ਤੇ ਪ੍ਰੌਜੈਕਟ ਮੈਨੇਜਮੈਂਟ ਦੇ ਵਿਸ਼ਿਆਂ ਦੀਆਂ ਪੰਜ ਮਕਬੂਲ (ਬੈੱਸਟ ਸੈੱਲਰਜ਼) ਕਿਤਾਬਾਂ ਦਾ ਲੇਖਕ ਵੀ ਹੈ। ਫ਼ਿਜ਼ਿਕਸ ਦਾ ਡਾਕਟਰ ਸੰਘੇੜਾ ਸਰਨ (ਸਵਿਟਜ਼ਰਲੈਂਡ) ਵਾਲ਼ੀ ਬ੍ਰਹਮੰਡ ਦੇ ਜਨਮ ਦੀ ਖੋਜਸ਼ਾਲਾ ਵਿਚ ਵੀ ਕੰਮ ਕਰ ਚੁੱਕਾ ਹੈ। -ਸੰਪਾਦਕ