ਔਕਤਾਈ ਰਿਫ਼ਤ ਦੀਆਂ ਕਵਿਤਾਵਾਂ

Date:

Share post:

ਸ਼ੋਰ-ਸ਼ਰਾਬੇ ਤੇ ਸ਼ੁਹਰਤ ਤੋਂ ਪਰੇ ਔਕਤਾਈ ਰਿਫ਼ਤ

ਮੈਨੂੰ ਪੈਸਾ ਤੇ ਜਾਇਦਾਦ ਪਸੰਦ ਨਹੀਂ । ਮੈਨੂੰ ਉਨ੍ਹਾਂ ਲੋਕਾਂ ਤੋਂ ਨਫਰਤ ਹੈ ਜੋ ਸੱਚ ਨਹੀਂ ਬੋਲਦੇ, ਖਾਸ ਕਰਕੇ ਉਦੋਂ ਜਦੋਂ ਉਨ੍ਹਾਂ ਨੂੰ ਨਿੱਜੀ ਲਾਭ ਹੁੰਦਾ ਹੋਵੇ । ਮੈਂ ਸਮਾਜਵਾਦੀ ਹਾਂ । ਮੇਰੇ ਖਿਆਲ ਵਿਚ ਸਮਾਜਵਾਦੀ ਹੋਣਾ, ਕਵਿਤਾ ਨੂੰ ਪਿਆਰ ਕਰਨਾ ਤੇ ਕੂੜ ਤੋਂ ਪਰੇ ਰਹਿਣਾ, ਮੇਰੀ ਸਖ਼ਸ਼ੀਅਤ ਦੇ ਤਿੰਨ ਧੁਰੇ ਹਨ ।

ਤੁਰਕੀ ਦੇ ਕਵੀ ਔਕਤਾਈ ਰਿਫ਼ਤ ਨੇ ਇਹ ਸ਼ਬਦ 1971 ਵਿਚ ਆਪਣੀ ਕਵਿਤਾ ਦੀ ਕਿਤਾਬ ਤੇ ਟਿੱਪਣੀ ਕਰਦਿਆਂ ਲਿਖੇ ਸੀ।
ਉਨ੍ਹੀਵੀਂ ਸਦੀ ਦੇ ਅੰਤ ਤਕ ਤੁਰਕਿਸਤਾਨ ਦੀ ਕਵਿਤਾ ਉਤੇ ਰਵਾਇਤ ਦੀ ਪੱਕੀ ਪਕੜ ਰਹੀ। ਦੀਵਾਨ ਕਵਿਤਾ, ਹਾਕਮਾਂ ਦੇ ਕਸੀਦੇ, ਗ਼ਜ਼ਲਾਂ, ਸ਼ਿਅਰਾਂ ਵਿਚ ਕਵਿਤਾ ਨੂੰ ਬੰਨ੍ਹਣਾ ਹੁੰਦਾ। ਛੰਦ ਦੀ ਨਵਾਬੀ ਜੁੱਤੀ ਦੀ ਕੈਦ ਸੀ। ਅਖਮਦੀ ਨਾਮ ਦੇ ਕਵੀ ਨੇ ਸਕੰਦਰ ਮਹਾਨ ਦੀ ਸਿਫਤ ਸਲਾਹ ਵਿਚ ਦਸ ਹਜ਼ਾਰ ਸ਼ਿਅਰਾਂ ਦਾ ਗ੍ਰੰਥ ਲਿਖਕੇ ਰੀਕਾਰਡ ਕਾਇਮ ਕੀਤਾ ਸੀ । ਕਵਿਤਾ ਦੀ ਬੋਲੀ ਵੀ ਆਮ ਸਾਧਾਰਨ ਮਨੁੱਖ ਦੀ ਨਹੀਂ ਸੀ । ਏਸ ਗੱਲੋਂ ਪੰਜਾਬੀ ਕਿੰਨੀ ਵਡਭਾਗੀ ਹੈ ਜਿਸਨੂੰ ਸੋਲ੍ਹਵੀ ਸਦੀ ਵਿਚ ਹੀ ਗੁਰੂਆਂ / ਭਗਤਾਂ ਨੇ ਅਵਾਮ ਨਾਲ ਜੋੜ ਦਿੱਤਾ ਸੀ ।
ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਨਾਜ਼ਮ ਹਿਕਮਤ (1902-1963) ਅਤੇ ਔਕਤਾਈ ਰਿਫਤ (1914-1988) ਨਾਮ ਦੇ ਦੋ ਕਵੀ ਤੁਰਕੀ ਨੂੰ ਮਿਲੇ ਜਿਨ੍ਹਾਂ ਨੇ ਕਵਿਤਾ ਵਿਚ ਕੇਵਲ ਰੂਪ ਦੀਆਂ ਸਾਰੀਆਂ ਜਕੜਾ ਹੀ ਨਾ ਤੋੜੀਆਂ ਬਲਕਿ ਬੋਲੀ ਅਤੇ ਵਿਚਾਰਾਂ ਦੇ ਪੱਖੋਂ ਵੀ ਇਸਂਨੂੰ ਆਮ ਮਨੁੱਖ ਦੀ ਹੋਣੀ ਨਾਲ ਇਕ ਮਿਕ ਕਰ ਦਿੱਤਾ । ਨਾਜ਼Lਮ ਹਿਕਮਤ ਦੀ ਬਹੁਤੀ ਪ੍ਰਸਿਧੀ ਸੋਵੀਅਤ ਰੂਸ ਕਾਰਨ ਹੋਈ ਪਰ ਔਕਤਾਈ ਤਾਂ ਇਸ ਕਿਸਮ ਦਾ ਮਨੁਖ ਸੀ ਜੋ ਹਰ ਤਰ੍ਹਾਂ ਦੇ ਸ਼ੋਰ-ਸ਼ਰਾਬੇ ਤੋਂ ਦੂਰ ਰਹਿੰਦਾ ਸੀ । ਉਸਨੇ ਤਾਂ ਕਦੀ ਕਿਸੇ ਨੂੰ ਇੰਟਰਵੀਊ ਵੀ ਨਾ ਦਿੱਤੀ। ਖਾਸ ਕਰਕੇ 1950 ਤੋ ਪਿੱਛੋਂ ਜਦੋਂ ਉਹਦੇ ਸਭ ਤੋਂ ਪਿਆਰੇ ਮਿੱਤਰ ਔਰਹਾਨ ਕਨੀਕ ਦੀ ਛੱਤੀ ਸਾਲ ਦੀ ਉਮਰੇ ਮੌਤ ਹੋ ਗਈ ।
ਨੌਂ ਸਾਲ ਪਹਿਲਾਂ ਹੀ ਉਨ੍ਹਾ ਗਰੀਪ ਨਾਂ ਦਾ ਇਨਕਲਾਬੀ ਗਰੁੱਪ ਬਣਾਇਆ ਸੀ ਜਿਸਦੇ ਮੈਨੀਫੇਸਟੋ ਵਿਚ ਆਮ ਆਦਮੀ ਲਈ ਲਿਖਣ ਦਾ ਐਲਾਨ ਸੀ ।
ਔਕਤਾਈ ਨੇ ਅੰਕਰਾ ਵਿਚ ਕਾਨੂੰਨ ਦੀ ਪੜ੍ਹਾਈ ਕੀਤੀ ਤੇ ਪੈਰਸ ਵਿਚ ਉਚ ਵਿਦਿਆ ਲਈ ਗਿਆ। ਇਸ ਸ਼ਹਿਰ ਦੇ ਇਨਕਲਾਬੀ ਮਾਹੌਲ ਵਿਚ ਹੀ ਉਹ ਲੋਕਾਂ ਨਾਲ ਜੁੜ ਗਿਆ ਸੀ । ਅਪਣੇ ਅੰਤਲੇ ਸਾਲਾਂ ਵਿਚ ਉਹ ਕਵਿਤਾ ਵਿਚ ਏਨਾ ਡੂੰਘਾ ਉੱਤਰ ਗਿਆ ਕਿ ਉਸਂਨੂੰ ਜ਼ਬਾਨ ਦੀ ਤੜਾਗੀ ਵੀ ਬੇਲੋੜੀ ਲੱਗਣ ਲੱਗੀ । ਕਿਸੇ ਨੇ ਠੀਕ ਹੀ ਕਿਹਾ ਹੈ ਕਿ ਔਕਤਾਈ ਨੂੰ ਨੋਬਲ ਇਨਾਮ ਸਹਿਜੇ ਹੀ ਮਿਲ ਜਾਣਾ ਸੀ ਜੇ ਉਹ ਏਨਾ ਚੁੱਪ ਚਾਪ ਨਾ ਰਹਿੰਦਾ ਹੁੰਦਾ ਅਤੇ ਤੁਰਕੀ ਵਿਚ ਨਾ ਲਿਖਦਾ ਹੁੰਦਾ ।

ਰਿਫ਼ਤ ਦੀਆਂ ਕਵਿਤਾਵਾਂ

ਹੱਥ
ਪਾਣੀ ਪੀਂਦਿਆਂ, ਮੈਂ ਅਪਣਾ ਹੱਥ ਦੇਖਿਆ
ਗੁਲਾਬੀ ਰੰਗਾ,ਖਾਲੀ ਖਾਲੀ, ਝੁਕਿਆ ਜਿਹਾ ।
ਮੈਂ ਕਿਹਾ- ਹੈਲੋ ਹੱਥ, ਹੈਲੋ
ਗਲਾਸ ਨੂੰ ਫੜੀਂ, ਕਾਂਟੇ ਨੂੰ ਤੇ ਕਲਮ ਨੂੰ
ਤੇ ਜਦੋਂ ਸਮਾਂ ਆਵੇ ਤਾਂ ਤਲਵਾਰ ਜਾਂ ਬੰਦੂਕ
ਫੜਨ ਤੋਂ ਵੀ ਨਾ ਝਿਜਕੀਂ, ਮੇਰੇ ਸੂਰਮੇ, ਮੇਰੇ ਸ਼ੇਰ ਦੋਸਤ ।
ਪਾਣੀ ਪੀਂਦਿਆਂ, ਮੈ ਅਪਣਾ ਹੱਥ ਦੇਖਿਆ
ਚੁੱਪ ਗੜੁੱਪ ਤੇ ਅਣਭਿੱਜਿਆ
ਅਖਮਤ ਤੇ ਅਹਿਮਦ ਦੇ ਹੱਥ ਵਰਗਾ ।
ਹੈਲੋ, ਮੈਂ ਕਿਹਾ, ਹੈਲੋ, ਰੁਝੇ ਹੋਏ ਹੱਥ,
ਉਨ੍ਹਾਂ ਹੱਥਾਂ ਵਰਗੇ ਜੋ ਰੇਲਾਂ ਚਲਾਉਂਦੇ
ਬਿਜਲੀ ਘੁਮਾਉਂਦੇ, ਪਹਾੜ ਡੇਗਦੇ
ਨਦੀਆਂ ਨੂੰ ਬੰਨ੍ਹ ਮਾਰਦੇ, ਧਰਤੀ ਨੂੰ ਹਰਾ ਭਰਾ ਕਰਦੇ
ਮਨੁੱਖੀ ਨਸਲ ਦੇ ਅਨੇਕ ਹੱਥਾਂ ਨੂੰ ਤਾਕਤ ਦਿੰਦੇ ।
ਪਾਣੀ ਪੀਂਦਿਆਂ, ਮੈਂ ਅਪਣਾ ਹੱਥ ਦੇਖਿਆ
ਨਾ ਅੱਖਾਂ, ਨਾ ਕੰਨ, ਪਰ ਜੀਊਂਦਾ ਜਾਗਦਾ ।
ਸੁੰਦਰ ਨੀਲੀਆਂ ਨਾੜਾਂ ਨਾਲ ਭਰਿਆ ।
ਅੰਗੂਠਾ ਜ਼ਰਾ ਜਿੰਨੀ ਮਸਤੀ ਨਾਲ ਅੱਧਾ ਗੋਲ
ਵੱਡੀ ਉਂਗਲ ਮੁਟਿਆਰ ਵਾਂਗ ਮਾਣਮੱਤੀ
ਮੁੰਦਰੀ ਵਾਲੀ ਉਂਗਲ ਸੁਬਕ, ਸ਼ਰਮੀਲੀ
ਤੇ ਚੀਚੀ ਆਪਣੀ ਹੀ ਮਸਤੀ ਵਿਚ ਖੋਈ ਹੋਈ ।

ਬੱਚਾ
ਮਰ ਗਿਆ ਉਹ
ਉਹਨੂੰ ਪਤਾ ਨਹੀਂ, ਉਹ ਮਰ ਗਿਆ ।
ਵੱਖੀਆਂ ਨਾਲ ਜੁੜੀਆਂ ਅਹਿੱਲ ਹਨ ਉਹਦੀਆਂ ਬਾਹਵਾਂ ।
ਉਹਨੂੰ ਲੈ ਜਾਣਗੇ ਹੁਣ,
ਉਹ ਇਹ ਵੀ ਨਹੀਂ ਕਹਿ ਸਕੇਗਾ
“ਮੈਂ ਨਹੀਂ ਜਾਣਾ”
ਨੜੋਏ ਦਾ ਕੇਕ ਨਹੀਂ ਚੱਖ ਸਕੇਗਾ ਉਹ ।
ਉਹ ਤਾਂ ਅਪਣੇ ਉਨ੍ਹਾਂ ਮਿੱਤਰਾਂ ਦਾ
ਧੰਨਵਾਦ ਵੀ ਨਹੀਂ ਕਰ ਸਕੇਗਾ
ਜਿਨ੍ਹਾਂ ਨੇ ਉਹਦਾ ਕੱਫਣ ਚੁੱਕਣਾ ਹੈ ।
ਹਾ- ਉਹਦੀ ਮੌਤ ਹੋਰ ਕਿਸੇ ਵਰਗੀ ਨਹੀਂ ।

ਸ਼ੁਕਰ ਕਰ
ਸ਼ੁਕਰ ਕਰ, ਚੂਹੇ, ਸ਼ੁਕਰ ਕਰ,
ਪਿੰਜਰਾ ਹੀ ਤਾਂ ਹੈ ਇਹ, ਸ਼ੁਕਰ ਕਰ,
ਤੇ ਮੇਰੇ ਵੱਲ ਇਉਂ ਨਾ ਝਾਕ ।
ਮੈਂ ਤੇਰੀਆਂ ਅੱਖਾਂ ਤਾਂ ਨਹੀਂ ਕੱਢੀਆਂ
ਤੇਰੀ ਚਮੜੀ ਤਾਂ ਨਹੀਂ ਉਧੇੜੀ,
ਤੇਰੀਆਂ ਲੱਤਾਂ ਵਿਚਾਲੇ ਮਰੋੜਾ ਤਾਂ ਨਹੀਂ ਦਿਤਾ ।
ਮੈਂ ਤੈਨੂੰ ਫੇਹ ਸਕਦਾ ਸਾਂ,
ਤੇਰਾ ਗਲ ਘੁੱਟਣ ਜਾਂ ਤੈਨੂੰ ਜੀਊਂਦਾ ਜਲਾਉਣ ਜੋਗੀ
ਤਾਕਤ ਮੇਰੇ ਕੋਲ ਹੈ ।
ਇਹ ਜਾਣਕੇ ਅਪਣੇ ਦਿਲ ਤੇ ਹੱਥ ਰੱਖ ਤੇ ਬੋਲ-
ਕੀ ਮੈਂ ਤੇਰੀ ਔਰਤ ਨੂੰ ਫਾਹੇ ਲਾਇਆ ਹੈ,
ਤੇਰੀ ਧੀ ਦੇ ਟੁਕੜੇ ਕੀਤੇ ਹਨ
ਤੇਰੇ ਘਰ ਨੂੰ ਮਲੀਆਮੇਟ ਕੀਤਾ ਹੈ ।
ਨਹੀਂ, ਚੂਹੇ, ਨਹੀਂ,
ਇਹ ਤਾਂ ਨਿੱਕਾ ਜਿਹਾ ਪਿੰਜਰਾ ਹੈ,
ਕੋਈ ਫੌਜੀ ਟੈਂਕ ਨਹੀਂ
ਸਟੇਨਗੰਨ ਨਹੀਂ ਤੇ ਨਾ ਹੀ ਕੋਈ ਜੰਗੀ ਜਹਾਜ਼ ।

ਦੇਖਣਾ
ਪੱਤੇ ਦੀ ਸ਼ਫ਼ਾਫੀ ਦੇਖੀ ਹੈ ਤੁਸੀਂ ?
ਰੌਸ਼ਨੀ ਸੂਈ ਦੇ ਨੱਕੇ ਵਿਚੋਂ ਦੀ ਲੰਘਦੀ,
ਸਮੁੰਦਰ ਤੇ ਉਹਦੇ ਕੰਢੇ ਘਾਹ ਚੋਂ ਗੁਜ਼ਰਦੇ,
ਦੇਖਿਆ ਹੈ ਕਦੇ ਪੱਤਾ ਸਾਗਰ ਪਾਰ ਕਰਦਾ ?
ਕੰਧ ਉਤੇ ਟਿਕਿਆ ਰਾਤ ਦਾ ਪਰਛਾਵਾਂ,
ਹੌਲੀ ਹੌਲੀ ਇਹਨੂੰ ਕੰਧ ਟੱਪਦਾ ਦੇਖੋ,
ਜ਼ਿੰਦਗੀ ਧੁੱਪ ਦੀ ਤਰ੍ਹਾਂ ਘਰ ਵਿਚੋਂ ਗੁਜ਼ਰਦੀ ।
ਫੁਲਾਂ ਨੂੰ ਹੱਥਾਂ ਨਾਲ ਦੇਖੋ
ਅੱਖਾਂ ਨਾਲ ਛੂਹੋ ਉਨ੍ਹਾਂ ਨੂੰ
ਫੜਕੇ ਛਾਤੀ ਨਾਲ ਲਾਉ ਉਨ੍ਹਾਂ ਦੀ ਸੁੰਦਰਤਾ ।

ਕੂੜਾ
ਕੂੜਾ ਚੁੱਕਦੀਆਂ ਔਰਤਾਂ ਦੇ ਪਰਛਾਵੇਂ
ਮੇਰੇ ਸਾਹਮਣੇ ਹੀ ਗਲੀ ਵਿਚ ਡਿਗਦੇ
ਮੈਂ ਉਨ੍ਹਾਂ ਨੂੰ ਫੜਕੇ, ਕੂੜੇ ਵਿਚ ਸੁੱਟ ਦਿੰਦਾ।
ਬੀਤ ਗਏ ਦਿਨਾਂ ਨੂੰ, ਜੀਅ ਚੁਕੀਆਂ,ਵਰਤ ਲਈਆਂ ਚੀਜ਼ਾਂ,
ਸਭ ਨੂੰ ਮਾਰਦਾ ਵਗਾਹ ਕੇ ।
ਕਬੂਤਰਾਂ ਦੇ ਪਰ, ਚਾਕੂ ਦਾ ਬਲੇਡ,
ਪਲੇਟ ਵਿਚ ਪਏ ਬੇਹੇ ਅਲੂਚੇ
ਭੁੱਖਾ ਘੋੜਾ, ਪੁਰਾਣੀ ਬੱਘੀ, ਕੱਟੇ ਹੋਏ ਵਾਲ, ਨਹੁੰ,
ਮੱਛੀਆਂ ਤੇ ਚੂਚਿਆ ਦੀਆਂ ਹੱਡੀਆਂ
ਨਿੰਬੂਆਂ ਦੀਆ ਛਿੱਲਾਂ, ਪੜ੍ਹੇ ਹੋਏ ਅਖਬਾਰ,
ਕੂੜੇ ਦੇ ਸਪੁਰਦ ਸਭ ।
ਅਸੀ ਵੀ ਜਾ ਰਹੇ ਕੂੜੇ ਵੱਲ
ਥੋੜੇ ਥੋੜੇ ਕਰਕੇ ।
ਮੈਂ ਟੁੱਟੀ ਹੋਈ ਬੋਤਲ ਵੱਲ ਵੇਖਦਾਂ
ਇਹਦੇ ਚ ਅਕਾਸ਼ ਦੀ ਨੀਲਤਣ ਦਿਸਦੀ
ਨਵਜੰਮੇ ਦੀ ਅੱਖ ਵਾਂਗ ਚਮਕਦੀ,
ਜਾ ਰਹੀ ਕੂੜੇ ਦੇ ਢੇਰ ਵੱਲ ।

ਹਜਾਮਤ
ਨਾਈ ਨੂੰ ਪੈਸੇ ਦਿੰਦਾ ਆਦਮੀ
ਏਧਰ ਓਧਰ ਦੇਖਦਾ
ਕੱਟੇ ਹੋਏ ਵਾਲ, ਦਰੀ
ਹੁਣੇ ਖਾਲੀ ਹੋਈ ਕੁਰਸੀ ਅਤੇ ਫਰਸ਼ ।
ਅਗਲਾ ਗਾਹਕ ਕੁਰਸੀ ਤੇ ਬੈਠਦਾ,
ਮੁੰਡਾ ਫਰਸ਼ ਸੁੰਬਰਦਾ
ਤੌਲੀਏ ਦੀ ਤਹਿ ਲਾਉਂਦਾ ।
ਨਰਗਸੀ ਸਮਾਂ,
ਪਿੰਜਰੇ ਚ ਚਹਿਕਦਾ ਪੰਛੀ
ਸ਼ੀਸ਼ੇ ਚ ਧੁਪ ਵਾਲਾ ਦਿਨ ।
ਆਦਮੀ ਦੁਕਾਨ ਦੀਆਂ ਪੌੜੀਆਂ ਉਤਰਦਾ
ਬੁਲ੍ਹ ਸੀਟੀ ਵਜਾਉਂਦੇ
ਅੰਦਰੋਂ ਜਿਵੇਂ ਕੁਝ ਗੁਆਚ ਗਿਆ ਹੋਵੇ ।

ਨ੍ਹੇਰੀ ਤੇ ਸਿਲ੍ਹ
ਨ੍ਹੇਰੀਆਂ ਸਿਲ੍ਹੀਆਂ ਰਾਤਾਂ
ਮੈਂ ਸਿਰਫ ਆਵਾਜ: ਤੇ ਉਹਦੀ
ਗੂੰਜ ਵਿਚ ਸੁਕੜ ਜਾਂਦਾ ।
ਚੱਕੀ ਵਰਗਾ ਹੈ ਅਕਾਸ਼, ਭਾਰੇ ਖਰ੍ਹਵੇ ਪੁੜਾਂ ਵਾਲਾ,
ਖੁਸ਼ੀਆਂ ਤੇ ਉਮੀਦਾਂ ਦਾ ਦਲੀਆ ਕਰੀ ਜਾਂਦਾ ।
ਦਿਲ ‘ਚ ਫਾਲਾ ਉਤਰਦਾ
ਸਿਆੜ ਕੱਢਦਾ, ਜੜ੍ਹਾਂ ਪੁੱਟਦਾ ।
ਚਮੜੀ ਕਰਾਹੀ ਜਾਂਦੀ
ਪਾਗਲਪਨ ਦਾ ਬੀਜ ਕਿਤੇ ਡੂੰਘਾ ਉਤਰ ਜਾਂਦਾ
ਨ੍ਹੇਰੀਆਂ ਸਿਲ੍ਹੀਆਂ ਰਾਤਾਂ
ਅਸਮਾਨ ਵੱਡੇ ਸਾਰੇ ਜ਼ਹਾਜ਼ ਦੀ ਤਰ੍ਹਾਂ
ਅਪਣਾ ਸਾਮਾਨ ਖਾਲੀ ਕਰਦਾ
ਭਾਰਾ, ਚਿਪਚਿਪਾ, ਸੜਿਆ ਹੋਇਆ
ਸ਼ਹਿਰ ਵਿਚ ਕਿਤੇ ਵੀ ਸੁੱਟ ਦਿੰਦਾ ।
ਸ਼ਹਿਰ ਕੋਲ ਉਪਰ ਵੱਲ ਕੋਈ ਕੰਧ, ਵਾੜ, ਬੂਹਾ ਨਹੀਂ ।
ਨ੍ਹੇਰੀਆਂ ਰਾਤਾਂ, ਰੱਤ ਪੀਣੇ ਜਾਨਵਰਾਂ ਵਰਗੇ ਬੱਦਲ
ਹਜ਼ਾਰਾਂ ਜੀਭਾਂ ਤੇ ਮੂੰਹਾਂ ਵਾਲੇ
ਸਾਡੀਆਂ ਉਂਗਲਾਂ ਚੋਂ, ਸਾਡੇ ਲਹੂ ਚੋਂ
ਰੌਸ਼ਨੀ ਦੀਆਂ ਕਿਰਨਾਂ ਨੂੰ ਪੀਂਦੇ

ਇਉਂ ਵੀ ਹੋਇਆ
ਤੂੰ ਮੇਰੇ ਵਲ ਹਰ ਰੁੱਖ ਪਿਛੋਂ ਲਪਕੀ ।
ਏਨੇ ਬਦਨਾਂ ‘ਚ ਤੂੰ ਕਿ ਮੈਂ ਇਕੱਲ ਨਾਲ ਉਦਾਸ ਹੋ ਗਿਆ ।
ਤੇਰੇ ਸਾਹ ਨਾਲ ਪਹਾੜ ਤੇ ਚਟਾਨਾਂ ਉੜ ਗਏ
ਪੌੜੀਆਂ ਡਿਗ ਪਈਆਂ, ਮੈਂ ਥਮਲਿਆਂ ਸਹਾਰੇ ਬਚਿਆ ।
ਤੂੰ ਹਰ ਖੂੰਜੇ ਚੋਂ ਮੇਰੇ ਵੱਲ ਆਈ,
ਪਰ ਏਨੀ ਗੈਰਹਾਜ਼ਰ ਤੂੰ
ਕਿ ਮੈਂ ਰੋਇਆ ਤੇ ਪਾਗ਼ਲ ਹੋ ਗਿਆ ।
ਪੱਥਰ ਤੇਰੀ ਰੱਤ ਨਾਲ ਨਰਮ ਹੋ ਗਏ
ਬੱਦਲਾਂ ਨੇ ਸਮੁੰਦਰਾਂ ਨੂੰ ਵਾਜਾਂ ਮਾਰੀਆਂ ।
ਅਜੀਬ ਹੈ ਕਿ ਹੁਣ “ਅਣਗਿਣਤ” ਤੂੰ ਚਲੀ ਗਈ ਏਂ
ਜਾਪਦਾ ਹੈ ਤੂੰ ਬਾਰ ਬਾਰ ਆਈ ਸੀ ਕਦੇ
ਮੈਂ ਅਪਣੀ ਬਾਂਹ ਲੰਮੀ ਕੀਤੀ
ਅਪਣੇ ਨੇੜਲੇ ਅਸਮਾਨ ਨੂੰ ਫੜ ਲਿਆ
ਜਿਹੜਾ ਤੂੰ ਮੇਰੇ ਵੱਲ ਵਗਾਹ ਮਾਰਿਆ ਸੀ ।

ਪੰਜਾਬੀ ਰੂਪ : ਅਵਤਾਰ ਜੰਡਿਆਲਵੀ (16.10.06)

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!