ਉੱਜਲ ਦੋਸਾਂਝ

Date:

Share post:

ਉੱਜਲ ਦੋਸਾਂਝ (ਜਨਮ 1946) ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਅਤੇ
ਕੈਨੇਡਾ ਸਰਕਾਰ ਦੇ ਸਿਹਤ ਮੰਤਰੀ ਰਹਿ ਚੁੱਕੇ ਹਨ

ਕਿਹੜੇ ਲੇਖਕਾਂ ਜਾਂ ਕਿਤਾਬਾਂ ਕਰਕੇ ਤੁਹਾਡੀ ਸੋਚ ਬਣੀ ਹੈ?
– ਸਵਾਲ ਬੜਾ ਸੀਮਿਤ ਜਿਹਾ ਹੈ, ਮਨੁੱਖ ਦੀ ਸੋਚ ਲੇਖਕ ਜਾਂ ਕਿਤਾਬਾਂ ਕਰਕੇ ਨਹੀਂ ਬਣਦੀ।ਇਹ ਸਾਡੀ ਸੋਚ ਨੂੰ ਤਿੱਖਾ ਤਾਂ ਕਰਦੇ ਜਾਂ ਉਹਦੇ ਵਿਚ ਵਾਧਾ ਤਾਂ ਕਰਦੇ ਹਨ, ਜਿਵੇਂ ਮੈਂ ਮਹਿਸੂਸ ਕਰਦਾਂ ਕਿ ਮੇਰੇ ਬਚਪਨ ਵਿਚ ਮੇਰੇ ਨਾਨਾ ਜੀ (ਮੂਲ਼ਾ ਸਿੰਘ ਬੈਂਸ ਪਿੰਡ ਬਾਹੋਵਾਲ, ਜ਼ਿਲਾ ਹੁਸ਼ਿਆਰਪੁਰ) ਤੇ ਮੇਰੇ ਪਿਤਾ ਜੀ (ਪ੍ਰੀਤਮ ਸਿੰਘ ਦੋਸਾਂਝ ਪਿੰਡ ਦੋਸਾਂਝ ਕਲਾਂ, ਜ਼ਿਲਾ ਜਲੰਧਰ) ਵੱਲ ਦੇਖਕੇ ਮੇਰੀ ਸੋਚ ਬਣਨੀ ਸ਼ੁਰੂ ਹੋਈ। ਫਿਰ 14-15 ਸਾਲ ਦੀ ਉਮਰ ਤਕ ਅਪਣੇ ਆਲੇ- ਦੁਆਲੇ ਤੋਂ ਕਈ ਕੁੱਝ ਗ੍ਰਹਿਣ ਕੀਤਾ। ਲੇਕਿਨ ਸੋਚ ਕੋਈ ਐੇਹੋ ਜਿਹੀ ਚੀਜ਼ ਤਾਂ ਹੈ ਨਹੀਂ ਕਿ ਇੱਕ ਵਾਰੀ ਬਣ ਗਈ, ਤਾਂ ਉਹਨੂੰ ਡੱਬੇ ਵਿਚ ਬੰਦ ਕਰ ਲਉ। ਇਹ ਤਾਂ ਲਗਾਤਾਰ ਵਿਕਸਿਤ ਹੁੰਦੀ ਰਹਿੰਦੀ ਹੈ। ਇਹ ਵੀ ਸੰਭਵ ਹੈ ਕਿ ਅੱਜ ਤੁਸੀਂ ਕਿਸੇ ਚੀਜ਼ ਬਾਰੇ ਇੱਕ ਤਰ੍ਹਾਂ ਸੋਚਦੇ ਆਂ ਤੇ ਕੱਲ੍ਹ ਨੂੰ ਕਿਸੇ ਹੋਰ ਦ੍ਰਿਸ਼ਟੀਕੋਣ ਨਾਲ਼ ਦੇਖੋਂ।ਬੁਨਿਆਦੀ ਤੌਰ ‘ਤੇ ਕਹਾਂ ਤਾਂ ਮੈਨੂੰ ਯਾਦ ਹੈ ਕਿ ਚੌਥੀ ਕੁ ‘ਚ (ਨਾਨਕੇ ਸਕੂਲ) ਪੜ੍ਹਦੇ ਨੂੰ ਮੈਨੂੰ ਕੋਈ ਕਵਿਤਾ “ਘੁੱਗੀ ਅਮਨ ਦੀ ਫੇਰੇ ‘ਤੇ” ਪੜ੍ਹਵਾਈ ਸੀ। ਫਿਰ ਪੰਜਵੀਂ, ਛੇਵੀਂ ਤੇ ਸੱਤਵੀਂ ਜਮਾਤ ਦੌਰਾਨ ਸਾਡੇ ਘਰ (ਦੋਸਾਂਝ ਕਲਾਂ) ਨਾਨਕ ਸਿੰਘ ਦੇ ਕਈ ਨਾਵਲ ਪਏ ਸਨ, ਉਹ ਪੜ੍ਹੇ। ਫਿਰ ਥੋੜ੍ਹਾ ਵੱਡਾ ਹੋ ਕੇ ਗੋਰਕੀ ਦਾ ਨਾਵਲ ਮਾਂ ਪੜ੍ਹਿਆ।ਸੋਲ਼ਾਂ-ਸਤਾਰਾਂ ਸਾਲ ਦੀ ਉਮਰ ਵਿਚ ਇੰਗਲੈਂਡ ਪੁੱਜ ਗਿਆ ਤੇ ਉਦੋਂ ਕੁ ਮੈਂ ਟਾਲਸਟਾਏ ਪੜ੍ਹਿਆ। ਫਿਰ ਕੈਨੇਡਾ ਆ ਕੇ 1973-74 ਵਿਚ ਮੈਂ ਮਹਾਤਮਾ ਗਾਂਧੀ ਨੂੰ ਪੜ੍ਹਿਆ।ਉਸ ਤੋਂ ਪਹਿਲਾਂ ਮਾਰਕਸ ਪੜ੍ਹਿਆ; ਐਂਗਲਜ਼ ਪੜ੍ਹਿਆ ਤੇ ਹੋਰ ਕਈ ਫ਼ਿਲਾਸਫ਼ਰ ਪੜ੍ਹੇ।ਮੇਰੀ ਜ਼ਿੰਦਗੀ ਬਾਰੇ ਇਹ ਧਾਰਣਾ ਬਣੀ ਹੈ ਕਿ ਸਮਾਜ ਬਰਾਬਰੀ, ਇਨਸਾਫ਼ ਅਤੇ ਹਰ ਕਿਸਮ ਦੇ ਵਿਤਕਰੇ ਤੋਂ ਰਹਿਤ ਹੋਣਾ ਚਾਹੀਦਾ ਹੈ।ਮੌਕੇ ਦੀ ਸਰਕਾਰ ਨੂੰ ਸਮਾਜ ਵਿਚ ਲੋੜਵੰਦਾਂ ਦੀ ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰ ਸਕਣ ਵਲ ਹਰ ਵੇਲੇ ਯਤਨ ਕਰਦੇ ਰਹਿਣਾ ਚਾਹੀਦਾ ਹੈ ਤੇ ਇਸ ਦੇ ਨਾਲ਼-ਨਾਲ਼ ਵਿਅਕਤੀ ਦੀ ਨਿਜੀ ਆਜ਼ਾਦੀ ਨੂੰ ਪ੍ਰਫੁਲਤ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਹੈ।ਜਿੱਥੇ ਤਕ ਵਿਅਕਤੀ ਦਾ ਸਵਾਲ ਹੈ, ਤੁਹਾਡੀ ਕਾਰਗੁਜ਼ਾਰੀ ਦਾ ਮੈਂ ਮਹਿਸੂਸ ਕਰਦਾਂ ਕਿ ਅਖ਼ੀਰ ‘ਸੱਚ’ ਨੇ, ਤੁਹਾਡੀ ਜ਼ਿੰਦਗੀ ਦੇ ‘ਸੱਚ’ ਨੇ, ਤੁਹਾਡੇ ਆਲ਼ੇ-ਦੁਆਲ਼ੇ ਦੇ ‘ਸੱਚ’ ਨੇ ਤਹੁਾਡੇ ਕੋਲ਼ੋਂ ਹਿਸਾਬ ਮੰਗਣਾ ਹੈ।
ਕੋਈ ਫ਼ਿਲਮ, ਕਿਤਾਬ, ਨਾਟਕ, ਕਵਿਤਾ ਜਾਂ ਸੰਗੀਤ ਦਾ ਨਾਂ ਲਉ ਜੋ ਤੁਸੀਂ ਚਾਹੁੰਦੇ ਹੋ ਕਿ ਹਰ ਕੋਈ ਪੜ੍ਹੇ, ਸੁਣੇ ਜਾਂ ਮਾਣੇ?
– ਟੈਗੋਰ ਦੀ ਕਵਿਤਾ ਹੈ – ਏਕਲਾ ਚੱਲੋ ਰੇ।ਇਹ ਮੈਨੂੰ ਬੜੀ ਟੁੰਬਦੀ ਹੈ ਕਿ ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਠੀਕ ਰਾਹ ‘ਤੇ ਹੋ ਤਾਂ ਬੇਖ਼ੌਫ਼ ਤੁਰੇ ਜਾਉ; ਇਹ ਨਾ ਦੇਖੋ ਕਿ ਕੌਣ ਤੁਹਾਡੇ ਨਾਲ਼ ਤੁਰਦਾ ਹੈ, ਕੌਣ ਨਹੀਂ।ਇਕ ਹੋਰ ਕਵਿਤਾ ਹੈ ਟੈਗੋਰ ਦੀ ਹੀ “ਲੈੱਟ ਮਾਈ ਕੰਟਰੀ ਅਵੇਕ” (ਜਿੱਥੇ ਮਨ ਵਿਚ ਡਰ ਨਹੀਂ, ਜਿੱਥੇ ਸਿਰ ਉੱਚਾ ਰਹੇ…) ਭਾਵ ਮੇਰੇ ਮੁਲਕ ਦੇ ਲੋਕਾਂ ਦੀ ਸੋਚ ਵਧੀਆ ਹੋਵੇ, ਜਿੱਥੇ ਕੋਈ ਹੱਦਾਂ ਬੰਨੇ ਨਾ ਹੋਣ।ਇਹ ਦੋਹਾਂ ਕਵਿਤਾਵਾਂ ਨੇ ਮੈਨੂੰ ਬੜਾ ਟੁੰਬਿਆ।
ਬਾਕੀ ਮੈਂ ਵੀ 1946 ਦਾ ਜੰਮਿਆ ਹੋਇਆਂ। ਮੈਨੂੰ ਵੀ ਮੁਲਕ ਦੀ ਵੰਡ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਮੈਨੂੰ ‘ਗਰਮ ਹਵਾ’ ਬਲਰਾਜ ਸਾਹਣੀ ਦੀ ਫ਼ਿਲਮ ਸੀ ਉਹ ਮੈਨੂੰ ਉਹ ਬਹੁਤ ਚੰਗੀ ਲੱਗੀ ਸੀ; ਖ਼ਾਸ ਕਰਕੇ ਉਹਦਾ ਅੰਤ ਬਹੁਤ ਟੁੰਬਵਾਂ ਸੀ। ਕਿਤਾਬਾਂ ਵਿੱਚੋਂ ਮਹਾਤਮਾ ਗਾਂਧੀ ਦੀ ਮਾਈ ਐਕਸਪੈਰੀਮੈਂਟਸ ਵਿੱਦ ਟਰੁੱਥ ਨੇ ਸੱਚਾ ਇਨਸਾਨ ਬਣਨ ਵੱਲ ਪ੍ਰੇਰਿਆ।
ਨਿੱਕੇ ਹੁੰਦਿਆਂ ਕਿਸ ਬੰਦੇ ਦਾ ਉਘੜਵਾਂ ਅਸਰ ਪਿਆ?
– ਕਿਸੇ ਇਕ ਦਾ ਨਹੀਂ। ਜਿਵੇਂ ਪਹਿਲਾਂ ਗੱਲ ਹੋ ਚੁੱਕੀ ਹੈ ਕਿ ਮੇਰੇ ਪਿਤਾ ਜੀ ਤੇ ਨਾਨਾ ਜੀ ਦੋਵੇਂ ਸਿਆਸੀ ਤੌਰ ਤੇ ਚੇਤੰਨ ਅਤੇ ਸਰਗਰਮ ਸਨ। ਸੋ ਉਨ੍ਹਾਂ ਕੋਲ ਖ਼ਾਸ ਕਰ ਨਾਨਾ ਜੀ ਕੋਲ਼ ਸਿਆਸੀ ਬੰਦੇ ਕਾਫ਼ੀ ਆਉਂਦੇ ਸਨ ਤੇ ਉਨ੍ਹਾਂ ਵਿਚੋਂ ਦਰਸ਼ਨ ਸਿੰਘ ਕੈਨੇਡੀਅਨ, ਡਾਕਟਰ ਭਾਗ ਸਿੰਘ ਹੁਰਾਂ ਦੀ ਗੱਲਬਾਤ ਮੈਨੂੰ ਬਹੁਤ ਜਚਦੀ ਸੀ।ਬਾਅਦ ਦੇ ਸਮੇਂ ਵਿਚ ਨਹਿਰੂ, ਟੀਟੋ, ਨਾਸਿਰ ਤੇ ਕੈਨੇਡੀ ਮੈਨੂੰ ਬਹੁਤ ਉੱਚੇ ਕੱਦ ਦੇ ਸਿਆਸਤਦਾਨ ਜਾਪਦੇ ਸਨ।ਦਰਅਸਲ ਪਾਲਿਟਿਕਸ ਨਾ ਖ਼ਤਮ ਹੋਣ ਵਾਲਾ ਸਫ਼ਰ ਹੈ। ਤੁਸੀਂ ਕਈ ਪਾਸਿਉਂ ਕੁਝ ਨਾ ਕੁਝ ਸਿੱਖਦੇ ਓ, ਕੋਈ ਇੱਕ ਕਲੀਅਰ-ਕੱਟ ਵਸੀਲਾ ਨਹੀਂ ਹੁੰਦਾ ਤੁਹਾਡੇ ਵਿਕਾਸ ਦਾ।ਕਈ ਵਾਰੀ ਤੁਹਾਨੂੰ ਮੁੱਖ ਰਾਹ ਛੱਡ ਕੇ ਕਿਸੇ ਪਗਡੰਡੀ ਉਪਰ ਵੀ ਤੁਰਨਾ ਪੈ ਸਕਦਾ ਹੈ, ਅਪਣੀ ਮੰਜ਼ਿਲ ਵੱਲ ਵਧਦੇ ਰਹਿਣ ਲਈ; ਇਹ ਗੱਲ ਵੀ ਇਨ੍ਹਾਂ ਸਿਆਸਤਦਾਨਾਂ ਦੀਆਂ ਗੱਲਾਂ ਤੋਂ ਸਿੱਖੀ ਹੈ।
ਕਿਹੜਾ ਸਿਆਸਤਦਾਨ ਜਿਊਂਦਾ ਜਾਂ ਮੋਇਆ ਤੁਹਾਨੂੰ ਸੱਭ ਤੋਂ ਵੱਧ ਚੰਗਾ ਲੱਗਦਾ ਹੈ?
– ਦਿਮਾਗ਼ੀ ਪੱਧਰ ਤੇ ਮੈਨੂੰ ਨਹਿਰੂ ਨੇ ਪ੍ਰਭਾਵਿਤ ਕੀਤਾ ਹੈ, ਮੇਰੇ ਵਿਚਾਰ ਵਿਚ ਨਹਿਰੂ ਕੋਲ਼ ਬਹੁਤ ਸਾਰੀਆਂ ਖ਼ੂਬੀਆਂ ਦਾ ਮਿਸ਼ਰਣ ਸੀ।ਇਸ ਤੋਂ ਇਲਾਵਾ ਗਾਂਧੀ ਦੀਆਂ ਬਹੁਤ ਸਾਰੀਆਂ ਗੱਲਾਂ ਚੰਗੀਆਂ ਲਗਦੀਆਂ ਹਨ।ਫਿਰ ਟਰੂਡੋ (ਕੈਨੇਡੀਅਨ ਸਿਆਸਤਦਾਨ) ਦੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਟੁੰਬਦੀਆਂ ਹਨ। ਮੇਰੇ ਲਈ ਇਹ ਫ਼ੈਸਲਾ ਕਰਨਾ ਔਖਾ ਹੈ ਕਿ ਇਨ੍ਹਾਂ ਵਿੱਚੋਂ ਵੱਧ ਪ੍ਰਭਾਵਿਤ ਕਿਸ ਤੋਂ ਹੋਇਆਂ।
ਜੇ ਤੁਸੀਂ ਇਤਿਹਾਸ ਦੇ ਕਿਸੇ ਯੁੱਗ ਵਿਚ ਜਾ ਸਕੋ ਤਾਂ ਕਿਹੜੇ ਯੁੱਗ ਵਿਚ ਜਾਣਾ ਚਾਹੋਗੇ?
– ਮੈਂ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ 1890 ਤੋਂ ਲੈ ਕੇ 1947 ਦੇ ਸਮੇਂ ਵਿਚ ਜਾਣਾ ਚਾਹਾਂਗਾ।ਹਿੰਦੋਸਤਾਨ ਦੀ ਆਜ਼ਾਦੀ ਲਹਿਰ ਚ ਹਿੱਸਾ ਲੈਣ ਦਾ ਅਪਣਾ ਹੀ ਸਵਾਦ ਹੁੰਦਾ ਹੋਣੈ।
ਇਸ ਵੇਲੇ ਸ਼ਖਸੀ ਆਜ਼ਾਦੀ ਨੂੰ ਸਭ ਤੋਂ ਵੱਧ ਖਤਰਾ ਕਿਸ ਤੋਂ ਹੈ?
– ਟੈਕਨੌਲੋਜੀ ਤੇ ਦਹਿਸ਼ਤਵਾਦ ਦੋਵਂੇ ਹੀ ਭਿਆਨਕ ਖ਼ਤਰੇ ਹਨ ਮਨੁੱਖੀ ਆਜ਼ਾਦੀ ਲਈ, ਟੈਕਨੌਲੋਜੀ ਸ਼ਾਇਦ ਵਡੇਰਾ ਖ਼ਤਰਾ ਹੋਵੇ ਕਿ ਇਕ ਤਾਂ ਸਰਵੇਲੈਂਸ ਕੈਮਰਿਆਂ ਨੇ ਤੁਹਾਡੀ ਆਜ਼ਾਦੀ ਖੋਹ ਲਈ ਹੈ; ਦੂਸਰੇ ਟੈਕਨੌਲੋਜੀ ਜਦੋਂ ਦਹਿਸ਼ਤਗਰਦਾਂ ਦੇ ਹੱਥ ਆ ਜਾਂਦੀ ਹੈ ਤਾਂ ਕਦੀ ਕਿਸੇ ਦੇ ਭਲੇ ਲਈ ਨਹੀਂ ਵਰਤ ਹੁੰਦੀ। ਮਨੁੱਖਤਾ ਦਾ ਘਾਣ ਕਰਨ ਲਈ ਹੀ ਵਰਤ ਹੁੰਦੀ ਹੈ।
ਲੋੜ ਪੈਣ ‘ਤੇ ਕਿਹਦੀ ਸਲਾਹ ਮੰਨਦੇ ਹੋ?
– ਇਹ ਤਾਂ ਲੋੜ ਲੋੜ ਦੀ ਗੱਲ ਹੈ। ਕੋਈ ਇੱਕ ਬੰਦਾ ਤਾਂ ਨਹੀਂ ਕਿ ਜਿਹਦੀ ਸਲਾਹ ਪੱਕੇ ਤੌਰ ‘ਤੇ ਹੀ ਮੰਨਦਾ ਹੋਵਾਂ। ਸਿਆਸਤ ਵਿਚ ਕਿਸੇ ਚੀਜ਼ ਦੀ ਗਰੰਟੀ ਨਹੀਂ ਹੁੰਦੀ, ਜਿਹਦੇ ਲਈ ਉਸ ਉਪਰ ਟੇਕ ਰੱਖੀ ਜਾ ਸਕੇ।ਹਰ ਫ਼ੈਸਲਾ ਮੌਕਾ ਵਿਚਾਰ ਕੇ ਹੀ ਕਰਨਾ ਬਿਹਤਰ ਹੁੰਦਾ ਹੈ।
ਜੇ ਕੋਈ ਕਾਨੂੰਨ ਬਣਾ ਸਕੋਂ ਤਾਂ ਕਾਹਦਾ ਬਣਾਉਗੇ?
– ਮੇਰੇ ਖ਼ਿਆਲ ਵਿਚ ਇਹ ਫ਼ਜ਼ੂਲ ਸਵਾਲ ਹੈ।ਕਾਨੂੰਨ ਸਮੇਂ ਦੇ ਸਮਾਜ ਦਾ ਹੀ ਅਕਸ ਹੁੰਦੇ ਹਨ।ਇਕੱਲਾ ਕਾਨੂੰਨ ਬਣਾ ਦੇਣਾ ਹੀ ਕਾਫੀ ਨਹੀਂ ਹੁੰਦਾ, ਜੇਕਰ ਸਮਾਜ ਉਸ ਲਈ ਤਿਆਰ ਨਾ ਹੋਵੇ। ਨਹੀਂ ਤਾਂ ਉਸ ਕਾਨੂੰਨ ਦੀ ਉਲੰਘਣਾ ਇੰਨੀ ਹੁੰਦੀ ਹੈ ਕਿ ਉਹ ਤੁਹਾਡੇ ਲਈ ਵਡੇਰੀ ਸਿਰਦਰਦੀ ਬਣ ਜਾਂਦਾ ਹੈ।ਸੋ ਕਾਨੂੰਨ ਐਵੇਂ ਨਹੀਂ ਬਣ ਜਾਂਦੇ, ਪਹਿਲਾਂ ਲੋਕਾਂ ਨੂੰ ਕਾਨੂੰਨ ਲਈ ਤਿਆਰ ਕਰਨਾ ਪੈਂਦਾ ਹੈ, ਵਰਨਾ ਉਸ ਕਾਨੂੰਨ ਦਾ ਕੋਈ ਫ਼ਾਇਦਾ ਨਹੀਂ।
ਪੰਜਾਬ ਵਿਚ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦਾਨਿਸ਼ਵਰ ਕੌਣ ਹੋਇਆ ਹੈ?
– ਮੇਰੇ ਲਈ ਇਹ ਫ਼ੈਸਲਾ ਕਰਨਾ ਸੌਖਾ ਨਹੀਂ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!