ਗੁਆਚੇ ਵਤਨ ਦੀ ਤਲਾਸ਼
ਪੁਸਤਕਾਲੇ ਦੇ ਰਾਜਸੀ ਸ੍ਵੈਜੀਵਨੀਆਂ/ ਯਾਦਾਂ ਵਾਲੇ ਸ਼ੈਲਫ਼ ’ਤੇ ਪਈ ਇਸ ਪੁਸਤਕ ਨੇ ਮੇਰਾ ਧਿਆਨ ਏਸ ਲਈ ਖਿੱਚਿਆ ਕਿਉਂਕਿ ਕਿਤਾਬ ਦੇ ਨਾਂਅ-‘ਫ਼ਾਤਿਮਾ ਦੀ ਤਲਾਸ਼ ਵਿੱਚ’-ਹੇਠ ਛੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ : ‘ਇੱਕ ਫ਼ਲਸਤੀਨੀ ਕਹਾਣੀ’। ਇਜ਼ਰਾਈਲ ਦੇ ਮਾਰੂ ਹਮਲਿਆਂ ਅਤੇ ਹਿਜ਼ਬੁੱਲਾਹ ਦੇ ਮੇਚਵੇਂ ਸੰਘਰਸ਼ ਕਾਰਨ ਉਨ੍ਹੀਂ ਦਿਨੀਂ ‘ਫਲਸਤੀਨ-ਇਜ਼ਰਾਈਲ-ਲੈਬਨਾਨ’ ਅਖ਼ਬਾਰਾਂ ਦੀਆਂ ਸੁਰਖੀਆਂ ਮੱਲੀ ਬੈਠੇ ਸਨ।
ਵਰਿ੍ਹਆਂ ਤੋਂ ਕੈਂਪਾਂ ਵਿੱਚ ਨੂੜੇ ਫ਼ਲਸਤੀਨੀਆਂ ਨਾਲ ਧੱਕਾ ਹੋ ਰਿਹਾ ਹੈ, ਇਜ਼ਰਾਈਲ ਦੇ ਇਰਾਦੇ ਬੇਰਹਿਮ ਤੇ ਜੰਗੀ ਹਨ ਤੇ ਅਮਰੀਕਾ ਦੀ ਉਸ ਨੂੰ ਸ਼ਹਿ ਵੀ ਹੈ-ਇਹ ਸਾਰਾ ਕੁਝ ਮੈਂ ਜਾਣਦਾ ਸਾਂ: ਅਖ਼ਬਾਰਾਂ ਪੜ੍ਹਨ ਵਾਲੇ ਕਿਸੇ ਵੀ ਹੋਰ ਪਾਠਕ ਵਾਂਗ। ਪਰ ਏਸ ਖੇਤਰ ਦੇ ਇਤਿਹਾਸ, ਮੱਧ-ਪੂਰਬ ਦੀ ਸੁਲਗਦੀ ਸਮੱਸਿਆ ਦੀਆਂ ਜੜ੍ਹਾਂ ਤੇ ਫ਼ਲਸਤੀਨੀ ਲੋਕਾਂ ਬਾਰੇ ਮੇਰੀ ਜਾਣਕਾਰੀ ਡਾਢੀ ਪੇਤਲੀ ਸੀ। ਮੈਂ ‘ਇਨ ਸਰਚ ਔਵ ਫ਼ਾਤਿਮਾ’ ਆਪਣੇ ਨਾਂਅ ਜਾਰੀ ਕਰਾ ਲਈ-ਭਾਵੇਂ ਇਸ ਦੀ ਲੇਖਕ ਗ਼ਦਾ ਕਾਰਮੀ ਦੇ ਨਾਂਅ ਤੋਂ ਮੈਂ ਨਾਵਾਕਫ਼ ਸਾਂ। ਕੋਰਾ ਇਤਿਹਾਸ ਤੇ ਸੁੱਕਾ ਸਿਆਸੀ ਖੁਲਾਸਾ ਪੜ੍ਹਨੇ ਕਈ ਵੇਰ ਔਖੇ ਹੋ ਜਾਂਦੇ ਹਨ, ਖਾਸ ਕਰ ਕੇ ਉਦੋਂ ਜਦੋਂ ਤੁਹਾਡੀ ਉਸ ਖੇਤਰ ਨਾਲ ਕੋਈ ਸਿੱਧੀ ਸਾਂਝ ਨਾ ਹੋਵੇ। ਪਰ ਜ਼ਾਤੀ ਤਜਰਬਿਆਂ ਦੇ ਆਧਾਰ ’ਤੇ ਲਿਖਿਆ ਪੜ੍ਹ ਕੇ ਨਾ ਸਿਰਫ਼ ਸਮੱਸਿਆ ਦੀ ਸਮਝ ਸੌਖੇਰਿਆਂ ਆਉਂਦੀ ਹੈ, ਸਗੋਂ ਨਾਲ-ਨਾਲ ਇਸ ਦੇ ਇਤਿਹਾਸਕ ਪੜਾਅ ਵੀ ਕੰਠ ਹੋ ਜਾਂਦੇ ਹਨ। ਹਾਲਾਂਕਿ ਇਸ ਤਰ੍ਹਾਂ ਦੀ ਲਿਖਤ ਦੇ ਇੱਕ-ਪਾਸੜ ਤੇ ਅੰਤਰ-ਮੁਖੀ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਕੁਝ ਇਹੋ ਜਿਹੀਆਂ ਗਿਣਤੀਆਂ-ਮਿਣਤੀਆਂ ਨਾਲ ਮੈਂ ਗ਼ਦਾ ਕਾਰਮੀ ਦੀ ਕਿਤਾਬ ਫਰੋਲਣ ਦਾ ਫ਼ੈਸਲਾ ਕੀਤਾ। ਮੈਂ ਨਹੀਂ ਸਾਂ ਜਾਣਦਾ ਕਿ ਸਹਿਵਨ ਹੀ ਇੱਕ ਯਾਦ ਰੱਖਣ ਯੋਗ ਕਿਤਾਬ ਮੇਰੀ ਝੋਲੀ ਆਣ ਪਈ ਹੈ।
ਇਹ ਉਸ ਕੁੜੀ ਦੀ ਕਹਾਣੀ ਹੈ ਜਿਸ ਦੇ ਵਤਨ ਫਲਸਤੀਨ ਨੂੰ 1948 ਵਿੱਚ ਸੰਯੁਕਤ ਰਾਸ਼ਟਰ ਸੰਘ ਦੇ ਇੱਕ ਹੁਕਮ ਰਾਹੀਂ ਯਹੂਦੀ ਤੇ ਗੈਰ ਯਹੂਦੀ ਹਿੱਸਿਆਂ ਵਿੱਚ ਤਕਸੀਮ ਕਰ ਦਿੱਤਾ ਗਿਆ। ਅਰਬੀ ਯਹੂਦੀ ਤੇ ਅਰਬੀ ਮੁਸਲਮਾਨ ਸਦੀਆਂ ਤੋਂ ਉਸ ਖਿੱਤੇ ਵਿੱਚ ਅਮਨ-ਅਮਾਨ ਨਾਲ ਰਹਿੰਦੇ ਆਏ ਸਨ-ਪਰ ਹੁਣ ਕਈ ਚਿਰਾਂ ਤੋਂ ਯੋਰਪੀ ਯਹੂਦੀ ਵੀ ਓਥੇ ਆਉਣ ਲੱਗ ਪਏ ਸਨ। ਖਾਸ ਕਰ ਕੇ 1917 ਦੀ ‘ਬਾਲਫੋਰ ਡੈਕਲੇਰੇਸ਼ਨ’ ਤੋਂ ਬਾਅਦ। ਇਸ ਘੋਸ਼ਣਾ ਰਾਹੀਂ ਬਰਤਾਨੀਆ ਦੇ ਉਸ ਸਮੇਂ ਦੇ ਵਿਦੇਸ਼ ਸਕੱਤਰ ਆਰਥਰ ਬਾਲ ਫੋਰ ਨੇ ਬਰਤਾਨਵੀ ਯਹੂਦੀਆਂ ਦੇ ਆਗੂ ਲਾਰਡ ਰੌਤਸ਼ੀਲਡ ਨੂੰ ਇੱਕ ਖ਼ਤ ਦਿੱਤਾ ਜੋ ਉਸ ਨੇ ਸੰਸਾਰ ਯਹੂਦੀ ਫੈਡਰੇਸ਼ਨ ਨੂੰ ਪੁਚਾਉਣਾ ਸੀ। ਇਸ ਖ਼ਤ ਵਿੱਚ ਦਰਜ ਸੀ ਕਿ ”ਕੈਬਨਿਟ ਦੀ ਅਕਤੂਬਰ 1917 ਵਿੱਚ ਹੋਈ ਮੀਟਿੰਗ ਵਿੱਚ ਇਸ ਗੱਲ ’ਤੇ ਸਹਿਮਤੀ ਹੋ ਗਈ ਹੈ ਕਿ ਬਰਤਾਨਵੀ ਸਰਕਾਰ ਫਲਸਤੀਨ ਵਿੱਚ ਯਹੂਦੀਆਂ ਦੇ ਕੌਮੀ ਵਸੇਬੇ ਨੂੰ ਸਥਾਪਤ ਕਰਨ ਦੀ ਜ਼ਾਇਨਵਾਦੀ ਯੋਜਨਾ ਦਾ ਸਮਰਥਨ ਕਰਦੀ ਹੈ।’’
ਸੰਸਾਰ ਦੇ ਸਿਆਸੀ ਇਤਿਹਾਸ ਵਿੱਚ ਅਜਿਹੀ ਘੋਸ਼ਣਾ (ਇਸ ਖ਼ਤ ਨੂੰ ਬਾਲਫ਼ੋਰ ਘੋਸ਼ਣਾ ਦੇ ਨਾਂਅ ਨਾਲ ਹੀ ਜਾਣਿਆ ਜਾਂਦਾ ਹੈ) ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ। 20ਵੀਂ ਸਦੀ ਦੇ ਪ੍ਰਸਿੱਧ ਲੇਖਕ/ਦਾਰਸ਼ਨਿਕ ਆਰਥਰ ਕੋਸਲਰ ਮੁਤਾਬਕ ਇਸ ਰਾਹੀਂ ”ਇੱਕ ਕੌਮ ਨੇ ਪੂਰੀ ਸੰਜੀਦਗੀ ਨਾਲ, ਦੂਜੀ ਕੌਮ ਨੂੰ ਕਿਸੇ ਤੀਜੀ ਕੌਮ ਦਾ ਦੇਸ ਭੇਟਾ ਕਰਨਾ ਵਾਅਦਾ ਕੀਤਾ।’’
ਪਹਿਲੀ ਸੰਸਾਰ ਜੰਗ ਤੋਂ ਬਾਅਦ ਟਰਾਂਸ-ਜੌਰਡਨ ਦਾ ਜਿਹੜਾ ਖੇਤਰ ਬਰਤਾਨਵੀ ਅਧਿਕਾਰ ਹੇਠ ਆ ਗਿਆ, ਫ਼ਲਸਤੀਨ ਉਸੇ ਵਿੱਚ ਪੈਂਦਾ ਸੀ। ਸੋ ਬਾਲਫ਼ੋਰ ਘੋਸ਼ਣਾ ਨੂੰ ਅਮਲੀ ਜਾਮਾ ਪੁਆਉਣਾ ਸੌਖਾ ਹੋ ਗਿਆ-ਦੁਨੀਆ ਦੇ ਹਰ ਕੋਨੇ ਤੋਂ ਯਹੂਦੀ ਏਥੇ ਆਉਣੇ ਸ਼ੁਰੂ ਹੋ ਗਏ। ਯਹੂਦੀ ਬਾਈਬਲ (ਪੁਰਾਣੇ ਟੈਸਟਾਮੈਂਟ) ਵਿੱਚ ਦਰਜ ਹੈ ਕਿ ‘ਇਜ਼ਰਾਈਲ ਦੇ ਖਿੱਤੇ ਉੱਤੇ ਯਹੂਦੀਆਂ ਦਾ ਅਧਿਕਾਰ ਹੋਵੇਗਾ’-ਸੋ ਇੱਕ ਪੁਰਾਤਨ ਧਾਰਮਕ ਵਿਸ਼ਵਾਸ ਮੁਤਾਬਕ ਵੀ ਯਹੂਦੀ (ਭਾਵੇਂ ਕਿਤੇ ਵੀ ਰਹਿੰਦੇ ਹੋਣ) ਇਜ਼ਰਾਈਲ ਨੂੰ ਆਪਣਾ ਵਤਨ ਮੰਨਦੇ ਹਨ। ਫ਼ਲਸਤੀਨ ਵਿੱਚ ਹੌਲੀ ਹੌਲੀ ਯਹੂਦੀਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ। ਪਰ ਦੂਜੀ ਆਲਮੀ ਜੰਗ ਦੌਰਾਨ ਜਦੋਂ ਹਿਟਲਰ ਤੇ ਉਸ ਦੀ ਟੋਕਾ-ਮਸ਼ੀਨਰੀ ਨੇ ਮੱਧ-ਯੋਰਪੀ ਦੇਸ਼ਾਂ ਦੇ ਯਹੂਦੀਆਂ ਦਾ ਕੁਤਰਾ ਕਰਨਾ ਸ਼ੁਰੂ ਕੀਤਾ ਤਾਂ ਜਾਨ ਬਚਾ ਕੇ ਭੱਜਣ ਵਾਲੇ ਯਹੂਦੀਆਂ ਦੀਆਂ ਧਾੜਾਂ ਦੀਆਂ ਧਾੜਾਂ ਫ਼ਲਸਤੀਨ ਵਿੱਚ ਪੁੱਜਣ ਲੱਗ ਪਈਆਂ। ਨਾ ਫ਼ਰਾਂਸ, ਨਾ ਇੰਗਲੈਂਡ, ਤੇ ਨਾ ਹੀ ਅਮਰੀਕਾ ਇਨ੍ਹਾਂ ਹਿਟਲਰ ਹੇਠਲੇ ਇਲਾਕਿਆਂ ਵਿੱਚੋਂ ਭੱਜ ਰਹੇ ਯਹੂਦੀਆਂ ਨੂੰ ਠਾਹਰ ਦੇਣ ਲਈ ਤਿਆਰ ਸਨ। ਨਤੀਜੇ ਵਜੋਂ ਜੇਕਰ 1922 ਵਿੱਚ ਫ਼ਲਸਤੀਨ ਵਿੱਚ ਸਿਰਫ਼ 11 ਪ੍ਰਤੀਸ਼ਤ ਵੱਸੋਂ ਯਹੂਦੀ ਨਸਲ ਦੀ ਸੀ ਤਾਂ 1946 ਵਿੱਚ ਇਹ 33 ਪ੍ਰਤੀਸ਼ਤ ਹੋ ਗਈ।
ਜਿੰਨੀ ਤੇਜ਼ੀ ਨਾਲ ਅਰਬੀ ਮੁਸਲਮਾਨਾਂ ਤੇ ਯਹੂਦੀਆਂ ਦੀ ਆਬਾਦੀ ਵਿਚਲਾ ਅਨੁਪਾਤ ਘਟਣ ਲੱਗਾ, ਦੋਹਾਂ ਕੌਮਾਂ ਵਿੱਚ ਤਣਾਅ ਓਨੀ ਹੀ ਤੇਜ਼ੀ ਨਾਲ ਵਧਣ ਲੱਗਾ। ਸਦੀਆਂ ਤੋਂ ਫ਼ਲਸਤੀਨ ਵਿੱਚ ਰਹਿੰਦੀ ਅਰਬੀ ਯਹੂਦੀ ਘੱਟ ਗਿਣਤੀ ਦੀ ਤਾਂ ਆਪਣੇ ਹਮਸਾਏ ਅਰਬੀ ਮੁਸਲਮਾਨਾਂ ਨਾਲ ਸੱਭਿਆਚਾਰਕ ਤੇ ਬੋਲੀ ਦੀ ਸਾਂਝ ਸੀ, ਪਰ ਯੋਰਪੀ ਯਹੂਦੀਆਂ ਦਾ ਨਾ ਰੰਗ ਸਥਾਨਕ ਲੋਕਾਂ ਨਾਲ ਰਲਦਾ ਸੀ, ਨਾ ਉਨ੍ਹਾਂ ਦਾ ਢੰਗ ਤੇ ਰਹਿਣ ਸਹਿਣ। ਆਪਣੇ ਅਕੀਦੇ ਮੁਤਾਬਕ ਉਹ ਫ਼ਲਸਤੀਨ ਦੀ ਹੋਂਦ ਨਹੀਂ ਬਾਈਬਲ ਵਿਚਲੇ ਇਜ਼ਰਾਈਲ ਦੀ ਹੋਂਦ ਮੰਨਦੇ ਸਨ, ਜਿਸ ਉੱਤੇ ਉਨ੍ਹਾਂ ਦਾ ਅਧਿਕਾਰ ਹੋਣਾ ਚਾਹੀਦਾ ਸੀ। ਇਸ ‘ਅਧਿਕਾਰ’ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਬਰਤਾਨਵੀ ਹਕੂਮਤ ਦੇ ਨੁਮਾਇੰਦਿਆਂ ’ਤੇ ਹਮਲੇ ਸ਼ੁਰੂ ਕਰ ਦਿੱਤੇ। ਬਰਤਾਨੀਆ ਨੇ ਹਾਰ ਕੇ ਹੱਥ ਖੜੇ ਕਰ ਦਿੱਤੇ ਤੇ ਮਾਮਲਾ ਯੂ ਐੱਨ ਓ ਨੂੰ ਦੇ ਦਿੱਤਾ ਗਿਆ ਜਿਸ ਨੇ 29 ਨਵੰਬਰ 1948 ਨੂੰ ਫ਼ਲਸਤੀਨ ਨੂੰ ਅਰਬੀ ਤੇ ਯਹੂਦੀ ਖੇਤਰਾਂ ਵਿੱਚ ਤਕਸੀਮ ਕਰਨ ਦਾ ਫੈਸਲਾ ਕੀਤਾ ਤੇ ਇਜ਼ਰਾਈਲ ਹੋਂਦ ਵਿੱਚ ਆ ਗਿਆ। ਇੱਕ ਤੀਜੇ ਹਿੱਸੇ-ਵਡੇਰੇ ਜੇਰੂਸਲੀਮ-ਨੂੰ ਕੌਮਾਂਤਰੀ ਅਧਿਕਾਰ ਖੇਤਰ ਹੇਠ ਰੱਖਿਆ ਗਿਆ ਕਿਉਂਕਿ ਇਹ ਤਿੰਨ ਵੱਡੇ ਧਰਮਾਂ -ਯਹੂਦੀ, ਈਸਾਈ ਤੇ ਇਸਲਾਮ- ਲਈ ਪਵਿੱਤਰ ਥਾਂ ਹੈ।
ਪਰ ਇਸ ਤਕਸੀਮ ਵੇਲੇ ਭਾਰਤ-ਪਾਕਿ ਵੰਡ ਵਾਂਗ ਆਬਾਦੀਆਂ ਦਾ ਤਬਾਦਲਾ ਕੋਈ ਨਾ ਹੋਇਆ। ਜਿਹੜਾ ਜਿੱਥੇ ਸੀ ਓਥੇ ਹੀ ਰਹਿ ਗਿਆ ਤੇ ਨਾ ਹੀ ਇਸ ਤਕਸੀਮ ਨੂੰ ਕਿਸੇ ਵੀ ਧਿਰ ਨੇ ਪੂਰੀ ਤਰ੍ਹਾਂ ਮਨਜ਼ੂਰ ਕੀਤਾ। ਯਹੂਦੀਆਂ ਦੀਆਂ ਖਾੜਕੂ ਜਥੇਬੰਦੀਆਂ ਨੂੰ ਜਾਪਦਾ ਸੀ ਕਿ ਉਨ੍ਹਾਂ ਨੂੰ ਘੱਟ ਰਕਬਾ ਮਿਲਿਆ ਹੈ (ਏਸੇ ਲਈ ਪਿਛਲੇ 6 ਦਹਾਕਿਆਂ ਵਿੱਚ ਇਜ਼ਰਾਈਲ ਫੈਲਦਾ ਹੀ ਗਿਆ ਹੈ) ਤੇ ਅਰਬੀਆਂ ਨੂੰ ਇਹ ਤਕਸੀਮ ਮੂਲੋਂ ਹੀ ਨਾ ਮਨਜ਼ੂਰ ਸੀ।
ਇੱਕ ਸਾਮਰਾਜੀ ਤਾਕਤ-ਬਰਤਾਨੀਆ-ਨੇ ਵਿਹੁਲਾ ਬੀਅ ਬੀਜ ਕੇ ਜਿਹੜਾ ਬੂਟਾ ਲਾਇਆ ਸੀ; ਪੱਲਰਣ ਤੋਂ ਮਗਰੋਂ ਉਸ ਦੇ ਕੰਡਿਆਲੇ ਟਾਹਣ ਅੱਜ ਤੱਕ ਸਾਰੇ ਖੇਤਰ ਨੂੰ ਲਹੂ ਲੁਹਾਨ ਕਰ ਰਹੇ ਹਨ।
ਜਦੋਂ ਇਜ਼ਰਾਈਲ ਹੋਂਦ ਵਿੱਚ ਆਇਆ ਤਾਂ ਜੇਰੂਸਲੀਮ ਰਹਿੰਦੀ ਗ਼ਦਾ ਕਾਰਮੀ 8 ਵਰਿ੍ਹਆਂ ਦੀ ਸੀ ਤੇ ਉਸ ਦਾ ਪਿਤਾ ਬਰਤਾਨਵੀ ਵਿੱਦਿਅਕ ਪ੍ਰਬੰਧ ਵਿੱਚ ਮੁਲਾਜ਼ਮ ਸੀ। ਕੁਝ ਚਿਰ ਤਾਂ ਕਾਰਮੀ ਪਰਵਾਰ ਓਥੇ ਟਿਕਿਆ ਰਿਹਾ ਪਰ ਜਦੋਂ ਮਾਰਕਾਟ ਉਨ੍ਹਾਂ ਦੇ ਘਰ ਦੀਆਂ ਬਰੂਹਾਂ ਤੀਕ ਆਣ ਪੁੱਜੀ ਤਾਂ ਉਨ੍ਹਾਂ ਨੇ ਫ਼ਲਸਤੀਨ ਛੱਡ ਦਿੱਤਾ। ਕਈ ਥਾਂਈਂ ਪਾਪੜ ਵੇਲਣ ਤੋਂ ਬਾਅਦ ਕਾਰਮੀ ਸਾਹਿਬ ਨੂੰ ਬੀ ਬੀ ਸੀ ਦੀ ਅਰਬੀ ਸੰਚਾਰ ਸੇਵਾ ਵਿੱਚ ਨੌਕਰੀ ਮਿਲ ਗਈ ਤੇ 1949 ਵਿੱਚ ਉਨ੍ਹਾਂ ਦਾ ਪਰਵਾਰ ਲੰਡਨ ਆ ਗਿਆ।
ਗ਼ਦਾ ਕਾਰਮੀ ਦੀ ਪੁਸਤਕ ਏਸ ਛਿਣ ਤੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਨੌਂ ਵਰਿ੍ਹਆਂ ਦੀ ਅਰਬੀ ਕੁੜੀ ਹੀਥਰੋ ਦੇ ਹਵਾਈ ਅੱਡੇ ’ਤੇ ਉਤਰਦੀ ਹੈ।
ਗੋਰਿਆਂ ਦੇ ਸ਼ਹਿਰ ਵਿੱਚ (ਛੇ ਦਹਾਕੇ ਪਹਿਲਾਂ ਦਾ ਲੰਡਨ ਸੱਚਮੁੱਚ ਗੋਰਾ ਸ਼ਹਿਰ ਸੀ-ਅੱਜ ਦੇ ਲੰਡਨ ਵਰਗਾ ਬਹੁਰੰਗੀ ਨਹੀਂ) ਇੱਕ ਅਰਬੀ ਪਰਵਾਰ ਰਸਣ-ਰੁੱਝਣ ਦੀ ਕੋਸ਼ਿਸ਼ ਕਰਦਾ ਹੈ। ਬਾਪ ਆਪਣੇ ਕੰਮ ਤੇ ਸਹਿਕਰਮੀਆਂ ਵਿੱਚ ਰੁਝੇਵਾਂ ਤੇ ਹੁਲਾਸ ਤਲਾਸ਼ ਲੈਂਦਾ ਹੈ, ਬੱਚੇ ਸਕੂਲ ਜਾ ਕੇ ਅੰਗਰੇਜ਼ੀ ਵੀ ਸਿੱਖ ਲੈਂਦੇ ਹਨ ਤੇ ਆਪਣੇ ਚੌਗਿਰਦੇ ਦੇ ਢੰਗ-ਤਰੀਕੇ ਵੀ। ਪਰ ਆਪਣੇ ਵਤਨ ਤੇ ਸਮਾਜ ਤੋਂ ਕੱਟੀ ਗਈ ਘਰ ਦੀ ਸੁਆਣੀ ਹੌਲੀ-ਹੌਲੀ ਉਦਰੇਵੇਂ ਦੇ ਪਾਣੀਆਂ ਕਾਰਨ ਖੁਰਦੀ ਜਾਂਦੀ ਹੈ। ਗ਼ਦਾ ਇਸ ਸਭ ਨੂੰ ਏਨੀ ਡੂੰਘਾਈ ਨਾਲ ਬਿਆਨ ਕਰਦੀ ਹੈ ਕਿ ਇਹ ਕਹਾਣੀ ਇੱਕ ਅਰਬੀ ਪਰਵਾਰ ਦੀ ਨਾ ਰਹਿ ਕੇ ਕਿਸੇ ਵੀ ਪਰਵਾਸੀ ਪਰਵਾਰ ਦੀ ਜਾਪਦੀ ਹੈ। ਗੋਲਡਰਜ਼ ਗਰੀਨ ਆ ਕੇ ਵੱਸੇ ਇਸ ਅਰਬੀ ਪਰਵਾਰ ਵਿੱਚੋਂ ਮੈਨੂੰ ਸਾਊਥਹਾਲ ਦੇਖੇ ਪੰਜਾਬੀ ਪਰਵਾਰਾਂ ਦੇ ਨਕਸ਼ ਲੱਭਦੇ ਹਨ।
ਗ਼ਦਾ ਦੀ ਵੱਡੀ ਭੈਣ, ਉਮਰ ਵਿੱਚ ਉਸ ਨਾਲੋਂ ਅੱਠ ਸਾਲ ਵੱਡੀ ਹੋਣ ਕਾਰਨ, ਆਪਣੀ ਅਰਬ ਵਿਰਾਸਤ ਨਹੀਂ ਭੁੱਲਦੀ ਪਰ ਗ਼ਦਾ ਦੀ ਅਰਬੀਅਤ ਸਿਰਫ਼ ਘਰ ਤੀਕ ਹੀ ਸੀਮਤ ਰਹਿ ਜਾਂਦੀ ਹੈ।
ਲੰਡਨ ਵਿੱਚ ਜਵਾਨ ਹੋ ਰਹੀ, ਅੰਗਰੇਜ਼ੀ ਲਹਿਜੇ ਵਿੱਚ ਅੰਗਰੇਜ਼ੀ ਪਟਾਕਦੀ, ਹਮਉਮਰਾਂ ਵਰਗੇ ਰੰਗ-ਢੰਗ ਅਪਣਾਉਂਦੀ ਗ਼ਦਾ ਆਪਣੀ ਮਾਂ ਵਾਂਗ ਸਿਰਫ਼ ਘਰੇਲੂ ਸੁਆਣੀ ਬਣ ਕੇ ਜ਼ਿੰਦਗੀ ਨਹੀਂ ਗੁਜ਼ਾਰਨਾ ਚਾਹੁੰਦੀ, ਡਾਕਟਰ ਬਣਨਾ ਚਾਹੁੰਦੀ ਹੈ। ਏਸ ਗੱਲ ਵਿੱਚ ਉਸ ਦਾ ਪਿਤਾ ਉਸ ਦਾ ਸਾਥ ਦੇਂਦਾ ਹੈ ਤੇ ਗ਼ਦਾ ਡਾਕਟਰੀ ਦੀ ਪੜ੍ਹਾਈ ਕਰਨ ਬ੍ਰਿਸਟਲ ਚਲੀ ਜਾਂਦੀ। ਤੇ ਓਥੇ ਹੀ ਆਪਣੇ ਸਹਿਪਾਠੀਆਂ ਵਿੱਚੋਂ ਇੱਕ ਨੂੰ ਜੀਵਨ ਸਾਥੀ ਚੁਣ ਲੈਣ ਦਾ ਫੈLਸਲਾ ਕਰਦੀ ਹੈ। ਪਰ ਉਸ ਦੀ ਚੋਣ ਨਾ ਅਰਬੀ ਹੈ ਤੇ ਨਾ ਹੀ ਮੁਸਲਮਾਨ ਸਗੋਂ ਇੱਕ ਅੰਗਰੇਜ਼ ਹੈ, ਘਰ ਵਿੱਚ ਜਿਵੇਂ ਭੂਚਾਲ ਆ ਜਾਂਦਾ ਹੈ। ਮਾਂ ਨੇ ਤਾਂ ਕੀ ਮੰਨਣਾ ਸੀ, ਨਾ ਵੱਡੀ ਭੈਣ ਤੇ ਨਾ ਉਸ ਦੇ ਪਿਤਾ ਇਸ ਰਿਸ਼ਤੇ ਨੂੰ ਮਨਜ਼ੂਰ ਕਰ ਸਕਦੇ ਹਨ। ਇਸ ਭੂਚਾਲ ਕਾਰਨ ਇਹ ਅਰਬੀ ਟੱਬਰ ਜਿਸ ਉੱਥਲ-ਪੁੱਥਲ ਵਿੱਚੋਂ ਲੰਘਦਾ ਹੈ ਉਹ ਵੈਨਕੂਵਰ ਜਾਂ ਟੋਰਾਂਟੋ ਵੱਸਦੇ ਕਿਸੇ ਪੰਜਾਬੀ ਟੱਬਰ ਦੀ ਹੋਣੀ ਨਾਲੋਂ ਰਤਾ ਵੀ ਵੱਖਰੀ ਨਹੀਂ ਭਾਸਦੀ।
ਪਰਵਾਰ ਦੇ ਰੋਸੇ ਨੂੰ ਲਾਂਭੇ ਰੱਖ ਕੇ ਇਹ ਅੰਗਰੇਜ਼-ਅਰਬੀ ਪ੍ਰੇਮੀ ਜੋੜਾ ਆਪਣਾ ਆਲ੍ਹਣਾ ਸਿਰਜਦਾ ਹੈ, ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਜੇ ਸਾਬਤ ਕਦਮੀਂ ਤੁਰੀ ਵੀ ਨਹੀਂ ਹੁੰਦੀ ਕਿ ਇੱਕ ਰਾਜਨੀਤਕ ਤੂਫ਼ਾਨ ਆ ਜਾਂਦਾ ਹੈ….ਮਿਸਰ ਦੇ ਪ੍ਰਧਾਨ ਨਾਸਰ ਨੇ ਸੁਏਜ਼ ਨਹਿਰ ਦਾ ਕੌਮੀਕਰਨ ਕਰ ਕੇ ਉਸ ਨੂੰ 1956 ਵਿੱਚ ਮਿਸਰ ਦੇ ਅਧਿਕਾਰ ਹੇਠ ਲੈ ਆਉਂਦਾ ਸੀ। ਇੰਜ ਕਰਨ ਨਾਲ ਫਰਾਂਸ ਤੇ ਇੰਗਲੈਂਡ ਦੇ ਆਰਥਕ ਹਿੱਤਾਂ ਨੂੰ ਸਿੱਧੀ ਸੱਟ ਵੱਜੀ ਸੀ ਕਿਉਂਕਿ ਇਸ ਨਹਿਰ ਤੋਂ ਹੋਣ ਵਾਲੀ ਆਮਦਨ ’ਤੇ ਹੁਣ ਉਨ੍ਹਾ ਦਾ ਨਹੀਂ ਮਿਸਰ ਦਾ ਅਧਿਕਾਰ ਹੋ ਗਿਆ ਸੀ। ਸਾਮਰਾਜੀ ਤਾਕਤਾਂ ਨਾਲ ਸਫ਼ਲਤਾ ਪੂਰਵਕ ਆਢਾ ਲੈਣ ਕਾਰਨ ਜਿੰਨਾ ਅਰਬ ਜਗਤ ਵਿੱਚ ਨਾਸਰ ਦਾ ਅਕਸ ਉੱਚਾ ਉੱਠਿਆ , ਓਨਾ ਹੀ ਉਹ (ਤੇ ਅਸਿੱਧੇ ਰੂਪ ਵਿੱਚ ਅਰਬੀ ਭਾਈਚਾਰਾ) ਸਾਮਰਾਜੀ ਤਾਕਤਾਂ ਦੀ ਘਿਰਨਾ ਦਾ ਪਾਤਰ ਬਣੇ ਤੇ ਇਹ ਘਿਰਨਾ 1967 ਦੀ ਅਰਬ-ਇਜ਼ਰਾਈਲੀ 6 ਦਿਨੀਂ ਜੰਗ ਸਮੇਂ ਪ੍ਰਚੰਡ ਰੂਪ ਧਾਰਨ ਕਰ ਗਈ। ਪੱਛਮੀ ਮੁਲਕਾਂ ਦੇ ਕੀ ਸਿਆਸਤਦਾਨ, ਤੇ ਕੀ ਆਮ ਜਨਤਾ ਇਜ਼ਰਾਈਲ ਨਾਲ ਹੀ ਖੜੇ ਲੱਭਦੇ ਸਨ। ਏਸ ਰਾਜਨੀਤਕ ਦੁਫੇੜ ਵਿੱਚ ਗ਼ਦਾ ਤੇ ਉਸ ਦਾ ਅੰਗਰੇਜ਼ ਪਤੀ ਅੱਡੋ-ਅੱਡ ਕੰਢਿਆਂ ’ਤੇ ਖੜੇ ਹਨ। ਜਿਸ ਗੱਲ ਨੂੰ ਇੱਕ ਅੰਗਰੇਜ਼ ਮਨ ‘ਬਰਤਾਨਵੀ ਪ੍ਰਭੁਸੱਤਾ ਤੇ ਹਮਲਾ’ ਸਮਝਦਾ ਹੈ, ਉਹੀ ਗੱਲ ਗ਼ਦਾ ਵਾਸਤੇ ‘ਆਪਣਾ ਹੱਕ ਲੈ ਲੈਣ’ ਵਾਲੇ ਮਾਣ ਨਾਲ ਭਰੀ ਹੋਈ ਹੈ। ਕਿਸੇ ਸੱਭਿਆਚਾਰਕ ਪਾੜੇ ਕਾਰਨ ਨਹੀਂ, ਬਲਕਿ ਰਾਜਨੀਤਕ ਮਤਭੇਦ ਕਾਰਨ ਇਹ ਜੋੜੀ ਟੁੱਟ ਜਾਂਦੀ ਹੈ। ਤੇ ਏਥੋਂ ਹੀ ਸ਼ੁਰੂ ਹੁੰਦਾ ਹੈ ਗ਼ਦਾ ਕਾਰਮੀ ਦਾ ਆਪਣੀਆਂ ਜੜ੍ਹਾਂ ਤਲਾਸ਼ਣ, ਆਪਣੇ ਗੁਆਚੇ ਵਤਨ ਨੂੰ ਲੱਭਣ ਤੇ ਅਰਬ-ਪੱਛਮ (ਤੇ ਅਰਬ-ਯਹੂਦੀ ਵੀ) ਪਾੜੇ ਨੂੰ ਸਮਝਣ ਦਾ ਜਤਨ….।
‘ਇਨ ਸਰਚ ਔਵ ਫ਼ਾਤਿਮਾ’ ਵੀਹਵੀਂ ਸਦੀ ਦੇ ਵਿਸ਼ਵੀਕ੍ਰਿਤ (ਏਥੇ ਮੈਂ ਇਹ ਸ਼ਬਦ ਇਸ ਦੇ ਪਰਚੱਲਤ ਆਰਥਕ ਅਰਥਾਂ ਵਿੱਚ ਨਹੀਂ ਬਲਕਿ ਸੱਭਿਆਚਾਰਕ ਅਰਥ ਵਿੱਚ ਵਰਤ ਰਿਹਾ ਹਾਂ) ਪਰਵਾਰ ਦੀ ਕਹਾਣੀ ਵੀ ਹੈ ਤੇ ਵੀਹਵੀਂ ਸਦੀ ਦੀ ਖ਼ੁਦ-ਮੁਖ਼ਤਾਰ ਔਰਤ ਦੀ ਵੀ। ਇਹ ਆਪਣਾ ਵਤਨ (ਮਜਬੂਰਨ ਜਾਂ ਮਰਜ਼ੀ ਨਾਲ) ਛੱਡ ਕੇ ਨਵੇਂ ਦੇਸਾਂ ਵਿੱਚ ਵੱਸਣ ਵਾਲੇ ਲੋਕਾਂ ਦੇ ਆਰਥਕ ਤੇ ਸੱਭਿਆਚਾਰਕ ਵਿਕਾਸ ਦੀ ਕਥਾ ਵੀ ਹੈ, ਤੇ ਉਨ੍ਹਾਂ ਦੀ ਇਕੱਲਤਾ ਤੇ ਵਖਰੇਵੇਂ ਦੀ ਵੀ। ਪਰ ਸਭ ਤੋਂ ਵੱਡੀ ਗੱਲ ਕਿ ਇਹ ਵੀਹਵੀਂ ਸਦੀ ਵਿੱਚ ਸਾਮਰਾਜੀ ਤਾਕਤਾਂ ਵੱਲੋਂ ‘ਤੀਜੀ ਦੁਨੀਆ’ ਦੇ ਦੇਸਾਂ ਨਾਲ ਕੀਤੇ ਧਰੋਹਾਂ ਵਿੱਚੋਂ ਇੱਕ ਵੱਡੇ ਧਰੋਹ ਨੂੰ ਸਾਡੇ ਸਾਹਮਣੇ ਪੇਸ਼ ਕਰਦੀ ਹੈ। ਗ਼ਦਾ ਕਾਰਮੀ ਦੀ ਇਸ ਕਿਤਾਬ (ਵੇਰਸੋ ਪਬਲਿਕੇਸ਼ਨਜ਼, ਲੰਡਨ 2002) ਨੂੰ ਪੜ੍ਹਨ ਦੀ ਸਿਫ਼ਾਰਿਸ਼ ਮੈਂ ਏਸ ਲਈ ਕਰਦਾ ਹਾਂ ਕਿ ਉੱਚ ਪਾਏ ਦੇ ਸਾਹਿਤ ਵਾਂਗ ਇਹ ਕਹਾਣੀ ਨਿੱਜੀ ਹੋਣ ਦੇ ਬਾਵਜੂਦ ਸਾਂਝੇ ਮਨੁੱਖੀ ਮਨ ਦੀਆਂ ਉਡਾਣਾਂ ਤੇ ਨੀਵਾਣਾਂ, ਹਸਰਤਾਂ ਤੇ ਹਕੀਕਤਾਂ, ਹੁਲਾਰਿਆਂ ਤੇ ਨਮੋਸ਼ੀਆਂ ਦਾ ਚਿਤਰਣ ਵੀ ਹੈ। ਆਪਣੀ ਪਰਵਾਰਕ ਕਹਾਣੀ ਨੂੰ ਬਿਆਨ ਕਰਦਿਆਂ ਲੇਖਕ ਬੜੇ ਸਹਿਜ ਢੰਗ ਨਾਲ ਫ਼ਲਸਤੀਨ ਦੇ ਉਲਝੇ ਇਤਿਹਾਸ ਤੇ ਫ਼ਸਵੀਂ ਸਮੱਸਿਆ ਨੂੰ ਵੀ ਪਾਠਕ ਅੱਗੇ ਰੱਖਣ ਵਿੱਚ ਕਾਮਯਾਬ ਹੈ। ਪ੍ਰਸੰਸਾਯੋਗ ਗੱਲ ਇਹ ਵੀ ਹੈ ਕਿ ਗ਼ਦਾ ਕਾਰਮੀ ਆਪਣੇ ਸੁਰ ਨੂੰ ਕਿਤੇ ਵੀ ਬੇਲੋੜਾ ਤਲਖ਼ ਤੇ ਇੱਕ ਪਾਸੜ ਨਹੀਂ ਹੋਣ ਦੇਂਦੀ।