ਇਨਸਾਨੀਅਤ ਲਈ ਸੰਘਰਸ਼ਸ਼ੀਲ ਔਰਤ ਸਿਮੋਨ ਦ’ ਬੋਵੁਆਰ – ਸੱਤਿਆਪਾਲ ਗੌਤਮ

Date:

Share post:

ਆਪਣੀ ਆਤਮ ਕਥਾ ਦੇ ਤੀਜੇ ਹਿੱਸੇ ‘ਫੋਰਸ ਆਫ ਸਰਕਮਸਟਾਂਸ’ ਦੀ ਅੰਤਿਕਾ ਵਿਚ ਭਵਿੱਖ ਬਾਰੇ ਆਪਣਾ ਫਿਕਰ ਜ਼ਾਹਿਰ ਕਰਦਿਆਂ ਸਿਮੋਨ ਦ’ ਬੋਵੁਆਰ ਨੇ ਲਿਖਿਆ ਸੀ : ”ਜਾਂ ਮੈਂ ਸਾਰਤ੍ਰ ਨੂੰ ਮਰੇ ਹੋਏ ਵੇਖਾਂਗੀ ਜਾਂ ਮੈਂ ਉਸ ਤੋਂ ਪਹਿਲਾਂ ਮਰ ਜਾਵਾਂਗੀ। ਸੋਚ ਕੇ ਡਰ ਲਗਦਾ ਹੈ ਕਿ ਦਿਲਾਸਾ ਜਾਂ ਤਸੱਲੀ ਦੇਣ ਲਈ ਤੁਸੀਂ ਉਸ ਬੰਦੇ ਦੇ ਕੋਲ ਨਾ ਹੋਵੋਂ, ਜਿਸ ਨੂੰ ਵਿਛੋਹ ਦੀ ਪੀੜ ਤੁਹਾਡੇ ਅਚਾਨਕ ਛੱਡ ਤੁਰ ਜਾਣ ਵਜੋਂ ਹੋ ਰਹੀ ਹੋਵੇ। ਇਹ ਬਹੁਤ ਹੀ ਦਰਦ ਭਰਿਆ ਅਹਿਸਾਸ ਹੈ ਕਿ ਵਿਛੜ ਜਾਣ ਬਾਅਦ ਉਹ ਤੁਹਾਡੇ ਨਾਲ ਕਦੇ ਵੀ ਨਾ ਬੋਲੇ। ਜੇ ਕਿਸੇ ਅਸੰਭਾਵੀ ਖੁਸ਼ਨਸੀਬੀ ਦੀ ਮਿਹਰ ਮੇਰੇ ’ਤੇ ਨਾ ਹੋਈ ਤਾਂ ਅਜਿਹਾ ਵਿਛੋੜਾ ਭੋਗਣ ਦਾ ਨਸੀਬ ਮੇਰਾ ਹੀ ਹੈ।’’
ਸਾਰਤ੍ਰ ਦੀ ਮ੍ਰਿਤੂ ਬਾਰੇ ਆਪਣੇ ਅੰਦੇਸ਼ੇ ਦੇ (1963 ਵਿਚ ਲਿਖੇ ਅਤੇ ਛਪੇ) ਇਸ ਬਿਆਨ ਵਿਚ ਸਿਮੋਨ ਦ’ ਬੋਵੁਆਰ ਲਈ ਨਿੱਜੀ ਰਿਸ਼ਤਿਆਂ ਵਿਚ ਗੁਫ਼ਤਗੂ ਦੀ ਮਹੱਤਤਾ, ਮ੍ਰਿਤੂ ਬਾਰੇ ਯਥਾਰਥਵਾਦੀ ਨਜ਼ਰੀਆ, ਜ਼ਿੰਦਗੀ ਦੀਆਂ ਸੀਮਾਵਾਂ, ਅਸਲੀਅਤਾਂ ਨੂੰ ਪਛਾਨਣ, ਸਮਝਣ ਅਤੇ ਸਿੱਝਣ ਦੀ ਹਿੰਮਤ ਦੇ ਨਾਲ ਨਾਲ ਲੋੜੀਂਦੀ ਮਾਨਸਿਕ ਤਿਆਰੀ, ਸਿਮੋਨ ਅਤੇ ਜਾਂ ਪਾਲ ਸਾਰਤ੍ਰ ਵਿਚਲੇ ਰਿਸ਼ਤੇ ਦੀ ਗਹਿਰਾਈ ਅਤੇ ਲਗਾਓ ਪ੍ਰਗਟ ਹੁੰਦਾ ਹੈ। ਸਿਮੋਨ ਦ’ ਬੋਵੁਆਰ ਦਾ ਇਹ ਸ਼ੰਕਾ 17 ਸਾਲ ਬਾਅਦ ਸਹੀ ਸਾਬਤ ਹੋਇਆ। 15 ਅਪਰੈਲ 1980 ਨੂੰ ਜਾਂ ਪਾਲ ਸਾਰਤ੍ਰ ਪੂਰਾ ਹੋ ਗਿਆ। ਸਾਰਤ੍ਰ ਨੂੰ ‘ਅਲਵਿਦਾ’ ਕਹਿਣ ਦੀ ਰਸਮ ਅਦਾ ਕਰਦਿਆਂ ਸਿਮੋਨ ਦ’ ਬੋਵੁਆਰ ਨੇ ਆਪਣੀ ਪੁਸਤਕ ”ਆਦੀਊ’’ (ਅਲਵਿਦਾ) ਵਿਚ ਆਪਣੇ ਸਨੇਹੀ ਨੂੰ ਯਾਦ ਕਰਦਿਆਂ ਲਿਖਿਆ : ”ਇਹ ਮੇਰੀ ਪਹਿਲੀ ਕਿਤਾਬ ਹੈ- ਸਿਰਫ਼ ਇੱਕੋ-ਇੱਕ ਜਿਹੜੀ ਛਪਣ ਤੋਂ ਪਹਿਲਾਂ ਤੁਸੀਂ ਨਹੀਂ ਪੜ੍ਹੀ ਹੋਵੇਗੀ। ਇਹ ਬਿਲਕੁਲ ਪੂਰੀ ਤਰ੍ਹਾਂ ਤੁਹਾਨੂੰ ਹੀ ਅਰਪਿਤ ਹੈ ਅਤੇ ਤੁਹਾਡੇ ਤੇ ਇਸਦਾ ਕੋਈ ਅਸਰ ਨਹੀਂ ਹੋਵੇਗਾ। ਅੱਲੜ੍ਹ ਜਵਾਨੀ ਦੇ ਦਿਨਾਂ ’ਚ ਕਿਸੇ ਉਤੇਜਨਾ ਭਰੀ ਬਹਿਸ ਬਾਅਦ ਆਪਣੀ ਸ਼ਾਨਦਾਰ ਜਿੱਤ ਦੀ ਹੈਂਕੜ ਵਿਚ ਅਸੀਂ ਅਕਸਰ ਇਕ ਦੂਜੇ (ਹਾਰਨ ਵਾਲੇ) ਨੂੰ ਆਖਦੇ : ”ਆਹ ਲੈ! ਹੁਣ ਤੂੰ ਬੰਦ ਆਪਣੇ ਛੋਟੇ ਬਕਸੇ ਵਿਚ!’’ ਤੂੰ ਆਪਣੇ ਬਕਸੇ ਵਿਚ ਹੈਂ ਅਤੇ ਕਦੇ ਵੀ ਇਸ ਤੋਂ ਬਾਹਰ ਨਹੀਂ ਆ ਸਕੇਂਗਾ। ਮੈਂ ਕਦੇ ਵੀ ਇਸ ਬਕਸੇ ਵਿਚ ਤੇਰੇ ਨਾਲ ਸ਼ਾਮਲ ਨਹੀਂ ਹੋ ਸਕਾਂਗੀ। ਜੇ ਮਰਨ ਦੇ ਬਾਅਦ ਮੈਨੂੰ ਤੇਰੇ ਨੇੜੇ ਦੀ ਕਬਰ ਵਿਚ ਦਫਨਾ ਵੀ ਦਿੱਤਾ ਗਿਆ ਤਾਂ ਵੀ ਸਾਡੀਆਂ ਅਸਥੀਆਂ ਵਿਚਕਾਰ ਕਦੇ ਵੀ ਕੋਈ ਗੁਫ਼ਤਗੂ, ਸੰਵਾਦ ਜਾਂ ਬਹਿਸ ਨਹੀਂ ਹੋਵੇਗੀ।’’
15 ਅਪ੍ਰੈਲ 1986 ਨੂੰ ਸਾਰਤ੍ਰ ਦੀ ਛੇਵੀਂ ਬਰਸੀ ਦਾ ਦਿਨ ਚੜ੍ਹਨਾ ਸੀ। ਇਹ ਦਿਨ ਚੜ੍ਹਨ ਤੋਂ ਅੱਠ ਘੰਟੇ ਪਹਿਲਾਂ ਹੀ 14 ਅਪ੍ਰ੍ਰੈਲ 1986 ਨੂੰ ਪੈਰਿਸ ਦੇ ਇਕ ਹਸਪਤਾਲ ਵਿਚ ਸਿਮੋਨ ਦ’ ਬੋਵੁਆਰ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਸਾਰਤਰ ਨੂੰ ਦਫ਼ਨਾਏ ਜਾਣ ਦੇ ਦਿਨ ਦੇ ਪੂਰੇ 6 ਸਾਲ ਬਾਅਦ 19 ਅਪ੍ਰੈਲ 1986 ਨੂੰ ਮੋਪਾਰਨਾਸ ਕਬਰਿਸਤਾਨ ’ਚ ਉਸ ਦੀਆਂ ਅਸਥੀਆਂ ਜਾਂ ਪਾਲ ਸਾਰਤ੍ਰ ਦੀ ਕਬਰ ਦੇ ਬਿਲਕੁਲ ਨਾਲ ਦਫ਼ਨਾ ਦਿੱਤੀਆਂ ਗਈਆਂ। ਦੁਨੀਆ ਭਰ ਤੋਂ ਹਜ਼ਾਰਾਂ ਸ਼ਰਧਾਲੂ ਮਾਤਮੀ ਜਲੂਸ ਵਿਚ ਸ਼ਾਮਿਲ ਹੋਣ ਲਈ ਪੈਰਿਸ ਪੁੱਜੇ। ਇਸ ਸੋਗ ਭਰੇ ਮੌਕੇ ’ਤੇ ਉਸ ਨੂੰ ਆਪਣੀ ਸ਼ਰਧਾਂਜਲੀ ਦੇਣ ਲਈ ਪ੍ਰਸਿੱਧ ਨਾਰੀਵਾਦੀ ਲੇਖਕ ਐਲਿਜ਼ਾਬੈਥ ਬੈਡਿੰਟਰ ਨੇ ਲਿਖਿਆ : ਬੀਬੀਓ ! ਸਭ ਕੁਝ ਲਈ ਤੁਸੀਂ ਉਸਦੀਆਂ ਦੇਣਦਾਰ ਹੋ! (ੱੋਮੲਨ ! ੈੋੁ ੋੱੲ ਹੲਰ ੲਵੲਰੇਟਹਨਿਗ) ਇਸ ਭਾਵਭਰੀ ਸ਼ਰਧਾਂਜਲੀ ਨੇ ਇਕ ਭੁਲੇਖਾ ਦੂਰ ਕਰ ਦਿੱਤਾ। ਇਹ ਭੁਲੇਖਾ ਪ੍ਰਸਿੱਧ ਫਰਾਂਸੀਸੀ ਲੇਖਕ ਸਟੈਂਡਹਲ ਨੇ ਕਾਇਮ ਕੀਤਾ ਸੀ-ਜਿਸ ਨੇ ਲਿਖਿਆ ਸੀ : ”ਕਿਸੇ ਬੁੱਧੀਜੀਵੀ ਦਾ ਔਰਤ ਦੇ ਰੂਪ ਵਿਚ ਜਨਮ ਲੈਣਾ ਇਨਸਾਨੀਅਤ ਲਈ ਬੇਮਾਅਨੀ ਹੈ।’’ ਸਿਮੋਨ ਦੀ ਜ਼ਿੰਦਗੀ, ਉਸ ਦੀਆਂ ਲਿਖਤਾਂ, ਉਸਦੇ ਸੰਘਰਸ਼ਾਂ, ਉਸਦੀਆਂ ਪ੍ਰਾਪਤੀਆਂ ਨੇ ਇਹ ਸਾਬਿਤ ਕਰ ਦਿੱਤਾ ਕਿ ਇਕ ਬੁੱਧੀਜੀਵੀ ਔਰਤ ਇਨਸਾਨੀਅਤ ਨੂੰ ਬਦਲਣ ਲਈ ਕਿੰਨਾ ਪ੍ਰੇਰਕ ਅਤੇ ਉੱਚਾ ਮਿਆਰ ਹਾਸਲ ਕਰ ਸਕਦੀ ਹੈ। ਸਿਮੋਨ ਨੇ ਮਰਦਾਂ ਦੀ ਘਟੀਆ ਅਤੇ ਹੋਛੀ ਮਾਨਸਿਕਤਾ ਨੂੰ ਇਕ ਜ਼ੋਰਦਾਰ ਹਲੂਣਾ ਦਿੱਤਾ ਸੀ।
ਸਿਮੋਨ ਨੂੰ ਵੀਹਵੀਂ ਸਦੀ ਦੇ ਫਰਾਂਸ ਦੀ ਹੀ ਨਹੀਂ, ਦੁਨੀਆ ਦੀ ਮਹਾਨ ਔਰਤ, ਆਧੁਨਿਕ ਨਾਰੀਵਾਦੀ ਅੰਦੋਲਨ ਦੀ ਦਾਦੀ, ਜਾਂਬਾਜ਼ ਔਰਤ, ਵਿਦਰੋਹੀ, ਇਨਕਲਾਬੀ, ਸੰਘਰਸ਼ ਅਤੇ ਬਦਲਾਅ ਦੀ ਬੁਲਾਰੀ, ਪ੍ਰੇਰਣਾ ਦੇਣ ਵਾਲੀ ਨਾਇਕਾ, ਇਨਸਾਨੀ ਆਜ਼ਾਦੀ ਦੀ ਪਹਿਰੇਦਾਰ, ਮਹਾਨ ਲੇਖਕ ਅਤੇ ਵਿਚਾਰਕ ਕਹਿ ਕੇ ਸਤਿਕਾਰਿਆ ਗਿਆ ਹੈ। ਇਸ ਦੇ ਉਲਟ ਉਸ ਦੇ ਨਿੰਦਕਾਂ ਅਤੇ ਆਲੋਚਕਾਂ ਨੇ ਉਸ ਨੂੰ ‘ਆਖ਼ਿਰ ਉਹੀ ਲਿਜਲਿਜੀ ਭਾਵੁਕ ਔਰਤ’, ‘ਸਾਰਤ੍ਰ ਦੀ ਪਰਛਾਈਂ’, ਮਾਵਾਂ’ ਅਤੇ ‘ਔਰਤਾਂ ਦੀ ਨਿੰਦਕ’ ਵਰਗੇ ਕਈ ਵਿਸ਼ੇਸ਼ਣ ਵਰਤ ਕੇ ਉਹਦੀ ਭੰਡੀ ਕੀਤੀ ਹੈ।
ਸਿਮੋਨ ਦਾ ਜਨਮ 9 ਜਨਵਰੀ 1908 ਨੂੰ ਪੈØਰਿਸ ਵਿਚ ਹੋਇਆ। ਉਸ ਦੀ ਮਾਂ ਦਾ ਨਾਂ ਫਰਾਂਸ਼ੁਆ ਬਰਾਸਰ ਅਤੇ ਪਿਤਾ ਦਾ ਨਾਂ ਜਾਰਜ ਬੋਵੁਆਰ ਸੀ। ਫਰਾਂਸ਼ੂਆ ਬੜੀ ਖ਼ੂਬਸੂਰਤ ਅਤੇ ਨਸ਼ੀਲੀ ਅੱਖਾਂ ਵਾਲੀ ਔਰਤ ਸੀ। ਉਸ ਨੂੰ ਸੰਗੀਤ ਦੀ ਬੜੀ ਚੰਗੀ ਜਾਣਕਾਰੀ ਸੀ ਅਤੇ ਉਹ ਦਿਲ ਨੂੰ ਟੁੰਬਣ ਵਾਲੀ ਆਵਾਜ਼ ਵਿਚ ਗਾਉਂਦੀ ਸੀ। ਬਚਪਨ ਤੋਂ ਹੀ ਮਿਲੀ ਕੈਥੋਲਿਕ ਸਿੱਖਿਆ ਦੇ ਪ੍ਰਭਾਵ ਹੇਠ ਫਰਾਂਸ਼ੂਆ ਦਾ ਸੁਭਾਅ ਧਾਰਮਿਕ ਯਕੀਨਾਂ ਨਾਲ ਬਣਿਆ ਸੀ। ਆਪਣੇ ਬਚਪਨ ਦਾ ਸੁਫ਼ਨਾ, ਘੁਮੱਕੜੀ ਦੀ ਚਾਹਤ, ਉਸ ਦੇ ਲਈ ਜ਼ਿੰਦਗੀ ਭਰ ਨਿਰੋਲ ਸੁਫ਼ਨਾ ਹੀ ਰਿਹਾ, ਪਰ ਸਿਮੋਨ ਨੇ ਆਪਣੀ ਮਾਂ ਦੇ ਇਸ ਸੁਫ਼ਨੇ ਨੂੰ ਆਪਣੇ ਅੱਲੜਪਣ ਦੇ ਦਿਨਾਂ ਤੋਂ ਹੀ ਅਸਲੀ ਜਾਮਾ ਦੇ ਦਿੱਤਾ ਸੀ।
ਸਿਮੋਨ ਦੇ ਪਿਤਾ ਜਾਰਜ ਬੋਵੁਆਰ ਨੂੰ ਬਚਪਨ ਤੋਂ ਹੀ ਪੜ੍ਹਣ-ਲਿਖਣ ਦਾ ਬਹੁਤ ਸ਼ੌਕ ਸੀ। ਉਹ ਸਕੂਲ ਅਤੇ ਕਾਲਜ ਵਿਚ ਆਪਣੀ ਪੜ੍ਹਾਈ ਵਿਚ ਹਮੇਸ਼ਾ ਅੱਵਲ ਰਿਹਾ। ਸਕੂਲੀ ਦਿਨਾਂ ਦੀਆਂ ਛੁੱਟੀਆਂ ਦੌਰਾਨ ਜਾਰਜ ਆਪਣੇ ਇਲਾਕੇ ਦੇ ਕਿਸਾਨਾਂ ਦੇ ਬੱਚਿਆਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਪੜ੍ਹਾਉਣ ਲਈ ਉਹਨਾਂ ਦੀ ਕਲਾਸ ਲੈਂਦਾ। ਬੱਚਿਆਂ ਨੂੰ ਉਹ ਬੜੀ ਲਗਨ ਅਤੇ ਉਤਸ਼ਾਹ ਨਾਲ ਪੜ੍ਹਣ ਲਈ ਪ੍ਰੇਰਦਾ। ਜਾਰਜ ਦੀ ਯਾਦਾਸ਼ਤ ਬੜੇ ਗ਼ਜ਼ਬ ਦੀ ਸੀ। ਉਸ ਨੂੰ ਥਿਏਟਰ ਅਤੇ ਐਕਟਿੰਗ ਦਾ ਵੀ ਸ਼ੌਕ ਸੀ। ਉਹ ਮਸਤ ਮੌਲਾ ਸੁਭਾਅ ਦਾ ਮਾਲਿਕ ਅਤੇ ਨਾਸਤਿਕ ਵਿਚਾਰਾਂ ਦਾ ਹਾਮੀ ਸੀ।
ਆਪਣੇ ਮਾਤਾ ਪਿਤਾ ਦੀ ਪਲੇਠੀ ਔਲਾਦ ਹੋਣ ਕਾਰਨ ਸਿਮੋਨ ਬੜੀ ਲਾਡਲੀ ਸੀ। ਘਰ ਦਾ ਮਾਹੌਲ ਕਾਫੀ ਜ਼ਿੰਦਾਦਿਲ ਸੀ। ਉਸ ਵਿਚ ਆਪਣੀ ਉਮਰ ਤੋਂ ਅਗੇਤੇ ਹੀ ਚੁਸਤੀ ਅਤੇ ਜਗਿਆਸਾ ਦੀ ਊਰਜਾ ਦਿਸਦੀ ਸੀ। ਪਿਤਾ ਦੀਆਂ ਸਿਖਾਈਆਂ ਕਹਾਣੀਆਂ ਅਤੇ ਕਵਿਤਾਵਾਂ ਉਸ ਨੂੰ ਚੰਗੀ ਤਰ੍ਹਾਂ ਯਾਦ ਰਹਿੰਦੀਆਂ। ਜਾਰਜ ਦੇ ਦੋਸਤ ਸਿਮੋਨ ਦੀ ਖੁਸ਼ਮਜ਼ਾਜ਼ੀ ਅਤੇ ਪ੍ਰਤਿਭਾ ਬਾਰੇ ਆਪਣੀ ਹੈਰਾਨੀ ਅਤੇ ਪ੍ਰਸੰਸਾ ਜ਼ਾਹਿਰ ਕਰਨ ਤੋਂ ਨਾ ਥੱਕਦੇ। ਸਿਮੋਨ ਆਪਣੇ ਮਾਂ ਦੇ ਧਾਰਮਿਕ ਸੁਭਾਅ ਅਤੇ ਵਿਸ਼ਵਾਸਾਂ ਤੋਂ ਵੀ ਪ੍ਰਭਾਵਿਤ ਹੋ ਰਹੀ ਸੀ।

ਸਾਰਤ੍ਰ ਤੇ ਸਿਮੋਨ – ਫ਼ੋਟੋਕਾਰ ਡੇਵਿਡ ਈ ਸ਼ਰਮਨ (1946)

ਜਦੋਂ ਸਿਮੋਨ ਢਾਈ ਸਾਲਾਂ ਦੀ ਸੀ ਤਾਂ 1910 ਵਿਚ ਉਸ ਦੀ ਛੋਟੀ ਭੈਣ ਹੈਲੇਨ (ਜਿਸ ਨੂੰ ਪਿਆਰ ਨਾਲ ਪੋਪੇ ਕਿਹਾ ਜਾਣ ਲੱਗਾ) ਦਾ ਜਨਮ ਹੋਇਆ। ਆਮ ਤੌਰ ’ਤੇ ਦੇਖਿਆ ਹੈ ਕਿ ਦੂਜੇ ਬੱਚੇ ਦੇ ਜਨਮ ’ਤੇ ਮਾਂ-ਬਾਪ ਦਾ ਧਿਆਨ ਪਹਿਲੇ ਬੱਚੇ ਨੂੰ ਘੱਟ ਮਿਲਦਾ ਹੈ। ਨਤੀਜੇ ਵਜੋਂ ਪਹਿਲਾ ਬੱਚਾ ਨਵੇਂ ਜੰਮੇ ਬੱਚੇ ਨਾਲ ਈਰਖਾ ਕਰਨ ਲੱਗਦਾ ਹੈ। ਹੋ ਸਕਦਾ ਹੈ ਜੇ ਦੂਜੀ ਬੇਟੀ ਦੀ ਥਾਂ ਬੋਵੁਆਰ ਪਰਿਵਾਰ ਵਿਚ ਇਕ ਬੇਟਾ ਪੈਦਾ ਹੋਇਆ ਹੁੰਦਾ ਤਾਂ ਸ਼ਾਇਦ ਸਿਮੋਨ ਨੂੰ ਮਿਲ ਰਹੇ ਪਿਆਰ-ਦੁਲਾਰ ਵਿਚ ਕੋਈ ਫ਼ਰਕ ਜਾਂ ਘਾਟ ਮਹਿਸੂਸ ਹੁੰਦੀ। ਸਿਮੋਨ ਨੇ ਆਪਣੇ ਬਚਪਨ ਦੀਆਂ ਯਾਦਾਂ ‘ਮੈਮਾਇਰਜ਼ ਆਫ਼ ਏ ਡਿਊਟੀਫੁਲ ਡਾਟਰ’’ ਵਿਚ ਲਿਖਿਆ ਹੈ ਕਿ ਉਸ ਨੂੰ ਆਪਣੀ ਛੋਟੀ ਭੈਣ ਨਾਲ ਕਦੇ ਵੀ ਕਿਸੇ ਕਿਸਮ ਦੀ ਈਰਖਾ ਮਹਿਸੂਸ ਨਹੀਂ ਹੋਈ। ਆਪਣੇ ਪਿਤਾ ਦੀ ਦੇਖਾ ਦੇਖੀ ਸਿਮੋਨ ਨੇ ਵੀ ਛੋਟੀ ਬੱਚੀ ਲਈ ਕਵਿਤਾਵਾਂ ਲਿਖੀਆਂ ਅਤੇ ‘ਛੋਟੀ ਪੋਪੇ’ ਨੂੰ ਵੱਡੇ ਹੋਣ ਦੇ ਗੁਰ ਸਿਖਾਣ ਦੀ ਜ਼ਿੰਮੇਵਾਰੀ ਬੜੇ ਚਾਅ ਨਾਲ ਆਪਣੇ ਸਿਰ ਸਾਂਭ ਲਈ। ਸਿਮੋਨ ਦੇ ਪਿਤਾ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੇ ਉਸ ਦੇ ਵਕਤ ਤੋਂ ਪਹਿਲਾਂ ਹੀ ਅਜਿਹੀ ਸਿਆਣਪ ਹਾਸਿਲ ਕਰਨ ’ਤੇ ਹੈਰਤ ਦਾ ਇਜ਼ਹਾਰ ਕੀਤਾ। ਆਪਣੀਆਂ ਯਾਦਾਂ ਵਿਚ ਸਿਮੋਨ ਨੇ ਆਪਣੀ ਛੋਟੀ ਭੈਣ ਨਾਲ ਆਪ ਬਣਾਏ ਅਧਿਆਪਕ-ਵਿਦਿਆਰਥੀ ਰਿਸ਼ਤੇ ਦੀਆਂ ਖੇਡਾਂ ਅਤੇ ਕਾਰਗੁਜ਼ਾਰੀਆਂ ਦਾ ਜ਼ਿਕਰ ਬੜੀ ਸੰਵੇਦਨਾ, ਚਾਅ ਅਤੇ ਨਿੱਘੇ ਪਿਆਰ ਨਾਲ ਕੀਤਾ ਹੈ। ਇਨ੍ਹਾਂ ਦਿਨਾਂ ਬਾਰੇ ਸਿਮੋਨ ਦਾ ਇਹ ਵੀ ਖ਼ਿਆਲ ਸੀ ਕਿ ਪਰਿਵਾਰ ਵਿਚ ਪੁੱਤਰ ਦੀ ਗ਼ੈਰਹਾਜ਼ਰੀ ਕਾਰਨ ਉਸ ਨੂੰ ਕਦੇ ਵੀ ਅਜਿਹਾ ਮਹਿਸੂਸ ਕਰਨ ਦਾ ਮੌਕਾ ਨਹੀਂ ਮਿਲਿਆ ਕਿ ਉਸ ਦੀ ਪਾਲਣਾ ਇਕ ਕੁੜੀ ਹੋਣ ਕਾਰਨ ਮੁੰਡਿਆਂ ਤੋਂ ਵੱਖਰੇ ਢੰਗ ਨਾਲ ਹੋ ਰਹੀ ਸੀ। ਉਸ ਨੂੰ ਇਹ ਸੁਣਨਾ ਵੀ ਅਜੀਬ ਨਹੀਂ ਲੱਗਦਾ ਸੀ ਕਿ ”ਸਿਮੋਨ ਦਾ ਦਿਮਾਗ ਮੁੰਡਿਆਂ ਵਰਗਾ ਹੈ। ”ਜਾਂ’’ ਸਿਮੋਨ ਤਾਂ ਮੁੰਡਿਆਂ ਵਾਂਗੂੰ ਸੋਚਦੀ ਹੈ।’’
ਪਿਤਾ ਦਾ ਸਾਹਿਤ, ਅਦਾਕਾਰੀ ਅਤੇ ਥੀਏਟਰ ਲਈ ਸ਼ੌਕ, ਮਾਂ ਦਾ ਸੰਗੀਤ ਪ੍ਰੇਮ, ਸਿਮੋਨ ਦੇ ਬੌਧਿਕ ਜੋਸ਼ ਅਤੇ ਉਦਮ ਲਈ ਬੜੀ ਸਿਹਤਮੰਦ ਖ਼ੁਰਾਕ ਸਾਬਤ ਹੋਇਆ। ਬਚਪਨ ਵਿਚ ਹੀ ਸਿਮੋਨ ਨੂੰ ਸਾਫ਼ ਦਿਸਣ ਲੱਗਾ ਸੀ ਕਿ ਸਿਰਜਣ ਦਾ ਖੇਤਰ ਹੀ ਅਜਿਹਾ ਖੇਤਰ ਹੈ, ਜਿੱਥੇ ਸਾਨੂੰ ਰੋਜ਼ਾਨਾ ਜ਼ਿੰਦਗੀ ਦੀ ਨੀਰਸਤਾ, ਖਾਲੀਪਨ, ਦਮਨ ਅਤੇ ਨਿਰਾਸ਼ਾ ਤੋਂ ਨਿਜ਼ਾਤ ਹਾਸਲ ਹੋ ਸਕਦੀ ਹੈ। ਜਦੋਂ ਉਸ ਦੀ ਮਾਂ ਆਪਣੀ ਸੋਜ਼ਭਰੀ ਆਵਾਜ਼ ਵਿਚ ਗਾਉਂਦੀ ਤਾਂ ਉਸਦੇ ਚਿਹਰੇ ’ਤੇ ਆਪਣੀ ਪ੍ਰਤਿਭਾ ਨਾਲ ਪਿਆਰ ਅਤੇ ਮਾਣ ਦੀ ਚਮਕ ਦਮਕ ਸਾਫ ਦਿਸਦੀ। ਉਂਜ ਉਸ ਦੀ ਮਾਂ ਪਰਿਵਾਰ ਦੀ ਆਰਥਿਕ ਤੌਰ ’ਤੇ ਮੰਦੀ ਹਾਲਤ ਹੋਣ ਕਾਰਨ ਕਾਫ਼ੀ ਉਦਾਸ, ਦੁਖੀ ਅਤੇ ਚਿੜਚਿੜੀ ਹੋ ਗਈ ਸੀ। ਸਿਮੋਨ ਦੇ ਨਾਨਾ ਦਿਵਾਲੀਆ ਹੋ ਚੁੱਕੇ ਸਨ ਅਤੇ ਪਿਤਾ ਨੇ ਪੁਰਖਿਆਂ ਤੋਂ ਮਿਲੀ ਜਾਇਦਾਦ ਨੂੰ ਹੌਲੀ-ਹੌਲੀ ਤਾਸ਼ ਦੇ ਪੱਤਿਆਂ ਅਤੇ ਘੋੜਿਆਂ ਦੀਆਂ ਦੌੜਾਂ ਦੇ ਹਵਾਲੇ ਕਰ ਦਿੱਤਾ ਸੀ। ਹਾਲਾਂਕਿ ਸਿਮੋਨ ਦੇ ਅੱਲੜ ਹੋਣ ਤਾਈਂ ਜਾਰਜ ਨੇ ਉਸ ਦੇ ਬੌਧਿਕ ਵਿਕਾਸ ਵਿਚ ਖਾਸ ਦਿਲਚਸਪੀ ਲਈ ਸੀ ਪਰ ਆਰਥਿਕ ਮੰਦੀ ਦੇ ਨਾਲ-ਨਾਲ ਉਹ ਆਪਣੀ ਬੇਟੀ ਬਾਰੇ ਪਹਿਲੇ ਵਾਲਾ ਉਤਸ਼ਾਹ ਕਾਇਮ ਨਹੀਂ ਰੱਖ ਸਕਿਆ। ਉਸ ਨੂੰ ਇਹ ਅਹਿਸਾਸ ਖੋਰਦਾ ਰਹਿੰਦਾ ਕਿ ਉਹ ਆਪਣੀਆਂ ਬੇਟੀਆਂ ਦੀ ਸ਼ਾਦੀ ਲਈ ਜ਼ਰੂਰੀ ਦਹੇਜ਼ ਨਹੀਂ ਦੇ ਸਕੇਗਾ ਅਤੇ ਇਸ ਕਾਰਨ ਉਹਨਾਂ ਦੀ ਸ਼ਾਦੀ ਨਹੀਂ ਹੋ ਸਕੇਗੀ। ਸਿਮੋਨ ਦੀ ਚੁਸਤੀ, ਅਕਲ, ਜਗਿਆਸਾ ਬਾਰੇ ਪਿਤਾ ਨੂੰ ਮਾਣ ਹੁੰਦਾ, ਪਰ ਉਸ ਦੇ ਭਵਿੱਖ ਬਾਰੇ ਸੋਚ ਕੇ ਉਸ ਨੂੰ ਨਿਰਾਸ਼ਾ ਹੀ ਹੱਥ ਆਉਂਦੀ।
ਮਾਂ ਦੇ ਪ੍ਰਭਾਵ ਹੇਠ ਬਚਪਨ ਵਿਚ ਸਿਮੋਨ ਦੇ ਧਾਰਮਿਕ ਵਿਸ਼ਵਾਸ ਬੜੇ ਡੂੰਘੇ ਅਤੇ ਪੱਕੇ ਸਨ। ਇਹਨਾਂ ਵਿਸ਼ਵਾਸਾਂ ਕਾਰਨ ਹੌਲੀ-ਹੌਲੀ ਉਸਦੀ ਰੁਚੀ ਧਾਰਮਿਕ ਰਹੱਸਵਾਦ ਵਿਚ ਵਧਣ ਲੱਗੀ। ਪਰਮ ਸੱਚ ਨੂੰ ਜਾਨਣ ਦੀ ਇੱਛਾ ਉਸ ਦੀ ਚੇਤਨਾ ’ਤੇ ਹਾਵੀ ਸੀ। ਇਨ੍ਹਾਂ ਦਿਨਾਂ ਬਾਰੇ ਆਪਣੀਆਂ ਯਾਦਾਂ ਵਿਚ ਸਿਮੋਨ ਨੇ ਦੱਸਿਆ ਹੈ : ”ਦਰਅਸਲ ਮੈਂ ਅੱਤਵਾਦੀ ਸੀ। ਮੈਂ ਹਮੇਸ਼ਾ ਰੱਬ ਦੀਆਂ ਨਜ਼ਰਾਂ ਹੇਠ ਰਹਿਣਾ ਚਾਹੁੰਦੀ ਸੀ। ਮੈਂ ਇਕੋ ਵੇਲੇ ਹੀ ਜ਼ਿੰਦਗੀ ਨੂੰ ‘ਹਾਂ’ ਤੇ ‘ਨਾਂਹ’ ਦੋਨੋਂ ਹੀ ਕਹਿੰਦੀ ਸੀ।’’
ਬਾਰ੍ਹਾਂ ਵਰਿ੍ਹਆਂ ਦੀ ਉਮਰ ਵਿਚ ਸਿਮੋਨ ਨੇ ਆਪਣੇ ਘਰਦਿਆਂ ਤੋਂ ਲੁਕਾ ਛਿਪਾ ਕੇ ਪਰੂਸਤ, ਮੋਪਾਸਾਂ ਅਤੇ ਲੋਤੀ ਦੀਆਂ ਸਾਹਿਤਕ ਕਿਰਤਾਂ ਨੂੰ ਪੜ੍ਹਿਆ। ਉਹ ਦੋਲਤੀ ਅਤੇ ਫੇਅਰਰ ਦੀਆਂ ਲਿਖਤਾਂ ਵਿਚ ਦਰਸਾਏ ਸਮਲਿੰਗੀ ਕਿਰਦਾਰਾਂ ਦੇ ਜੀਵਨ ਵਿਚ ਵੀ ਦਿਲਚਸਪੀ ਲੈਣ ਲੱਗੀ। ਨਰ-ਮਾਦਾ ਦੀ ਕਾਮ-ਕ੍ਰੀੜਾ ਦੇ ਵਰਨਣ ਪੜ੍ਹਣ ਵਿਚ ਉਸ ਨੂੰ ਸੁਆਦ ਲੱਭਦਾ। ਕਾਮ-ਉਜੇਤਨਾ ਦੀ ਕਲਪਨਾ ਕਰਨ ਵਿਚ ਉਹ ਆਨੰਦ ਮਾਨਣ ਲੱਗੀ। ਉਸ ਨੂੰ ਇਹ ਸੋਚ ਕੇ ਬੜੀ ਖਿਝ ਆਉਂਦੀ ਕਿ ਪੰਦਰਾਂ ਸਾਲਾਂ ਦੀ ਉਮਰ ਤੋਂ ਪਹਿਲਾਂ ਉਹ ਵਿਆਹ ਕਿਉਂ ਨਹੀਂ ਕਰਾ ਸਕਦੀ। ਕਈ ਵਾਰ ਉਸ ਨੂੰ ਇੰਜ ਜਾਪਦਾ ਜਿਵੇਂ ਇਸ ਦੁਨੀਆ ਅਤੇ ਜ਼ਿੰਦਗੀ ਦਾ ਕੋਈ ਮਤਲਬ ਹੀ ਨਹੀਂ ਹੈ। ਉਸ ਨੂੰ ਇਹ ਵੀ ਲਗਦਾ ਕਿ ਦੁਨਿਆਵੀ ਜ਼ਿੰਦਗੀ ਦੇ ਸੁਆਦਾਂ ਤੋਂ ਉੱਪਰ ਉੱਠ ਕੇ ਆਪਣੇ ਰੱਬ ਨਾਲ ਪਿਆਰ ਕਰਨ ਵਿਚ ਹੀ ਜ਼ਿੰਦਗੀ ਦਾ ਅਸਲੀ ਸੱਚ ਹੈ। ਪਰ ਹੌਲੀ ਹੌਲੀ ਉਸ ਨੂੰ ਸਪਸ਼ਟ ਹੋਣ ਲੱਗਾ ਕਿ ਕੋਈ ਵੀ ਚੀਜ਼ ਉਸਨੂੰ ਦੁਨਿਆਵੀ ਖੁਸ਼ੀਆਂ ਤੋਂ ਵੱਖਰਿਆਂ ਨਹੀਂ ਕਰ ਸਕਦੀ। ਉਹ ਸੋਚਦੀ ਕਿ ਦੁਨੀਆ ਦੇ ਆਨੰਦ ਮਾਨਣ ਲਈ ਜੇ ਉਸ ਨੂੰ ਰੱਬ ਵੀ ਛੱਡਣਾ ਪਵੇ ਤਾਂ ਉਹ ਛੱਡ ਸਕਦੀ ਹੈ ਪਰ ਦੁਨਿਆਵੀ ਖੁਸ਼ੀਆਂ ਨੂੰ ਨਹੀਂ। ਕਈ ਸਾਲਾਂ ਬਾਅਦ ਸ਼ਾਇਦ ਸਿਮੋਨ ਨੂੰ ਪਾਲ ਕਲਾਦ ਦੀਆਂ ਲਿਖਤਾਂ ਇਸ ਕਰਕੇ ਚੰਗੀਆਂ ਲੱਗੀਆਂ ਕਿ ਉਹਨਾਂ ਵਿਚ ਜਿਸਮਾਨੀ ਸੁਖ ਦੀ ਲਾਲਸਾ ਦੇ ਇਜ਼ਹਾਰ ਨੂੰ ਆਤਮਾ ਦਾ ਇਜ਼ਹਾਰ ਮੰਨਿਆ ਗਿਆ ਹੈ। ਦੇਹ ਦੇ ਅੰਦਰ ਬੈਠੀ ਆਤਮਾ ਆਪਣਾ ਪ੍ਰਗਟਾਵਾ ਤਾਂ ਦੇਹ ਰਾਹੀਂ ਹੀ ਕਰ ਸਕਦੀ ਹੈ।
ਆਪਣੇ ਸ਼ੰਕਿਆਂ, ਇੱਛਾਵਾਂ, ਸੰਤਾਪਾਂ, ਅਹਿਸਾਸਾਂ ਅਤੇ ਵਿਚਾਰਾਂ ਨੂੰ ਸਿਮੋਨ ਕਿਸੇ ਨਾਲ ਵੀ ਸਾਂਝਿਆਂ ਨਾ ਕਰਦੀ। ਤਿੰਨ ਸਾਲ ਤੱਕ ਆਪਣੀ ਚੇਤਨਾ ਵਿਚ ਨਾਸਤਿਕਤਾ ਦੇ ਵਧ ਰਹੇ ਪ੍ਰਭਾਵ ਦਾ ਜ਼ਿਕਰ ਉਸ ਨੇ ਆਪਣੇ ਨਾਸਤਿਕ ਪਿਤਾ ਨਾਲ ਵੀ ਨਹੀਂ ਕੀਤਾ ਕਿਉਂਕਿ ਉਸ ਕੋਲ ਇੰਜ ਕਰਨ ਦੀ ਹਿੰਮਤ ਨਹੀਂ ਸੀ। ਉਹ 14 ਸਾਲਾਂ ਦੀ ਸੀ ਜਦੋਂ ਇਕ ਦਿਨ ਉਸ ਨੂੰ ਇਹ ਅਹਿਸਾਸ ਹੋਇਆ ਕਿ ਮੌਤ ਨਾਲ ਕਿਸੇ ਪਰਲੋਕ ਦਾ ਰਾਹ ਨਹੀਂ ਖੁੱਲ੍ਹਦਾ। ਮੌਤ ਨਾਲ ਸਿਰਫ਼ ਸਾਡੀ ਜ਼ਿੰਦਗੀ ਅਤੇ ਦੁਨੀਆ ਦਾ ਅੰਤ ਹੋ ਜਾਂਦਾ ਹੈ। ਸਭ ਕਾਸੇ ਦਾ ਅੰਤ। ਵਰਜਣਾਵਾਂ ਅਤੇ ਅਨੁਸ਼ਾਸਨ ਦੀ ਆਦੀ ਸਿਮੋਨ ਨੇ ਆਪਣੇ ਅਜਿਹੇ ਵਿਚਾਰਾਂ ਨੂੰ ਰੋਜ਼ਾਨਾ ਨਿੱਜੀ ਡਾਇਰੀ ਵਿਚ ਲਿਖਣਾ ਸ਼ੁਰੂ ਕੀਤਾ। ਬਾਅਦ ਵਿਚ ਉਹ ਅਜਿਹੀ ਡਾਇਰੀ ਸਾਰੀ ਉਮਰ ਲਿਖਦੀ ਰਹੀ। ਇਸੇ ਡਾਇਰੀ ਵਿਚ ਸਿਮੋਨ ਨੇ ਆਪਣੇ ਅੱਲੜਪਣ ਦੇ ਦਿਨਾਂ ਵਿਚ ਮਾਤਾ-ਪਿਤਾ ਵਿਚਕਾਰ ਵਧ ਰਹੇ ਤਕਰਾਰ, ਆਪਸੀ ਡਾਂਟ-ਫਿਟਕਾਰ, ਖਹਿਬਾਜ਼ੀ, ਝਗੜਿਆਂ ਅਤੇ ਘਰੇਲੂ ਹਿੰਸਾ ਦੇ ਅਣਸੁਖਾਵੇਂ ਅਨੁਭਵਾਂ ਨੂੰ ਦਰਜ ਕੀਤਾ ਹੈ।
15 ਸਾਲ ਦੀ ਉਮਰ ਵਿਚ ਸਿਮੋਨ ਨੇ ਫ਼ੈਸਲਾ ਕੀਤਾ ਕਿ ਉਹ ਇਕ ਲੇਖਕ ਬਣੇਗੀ। ਇਸ ਇਰਾਦੇ ਨੇ ਉਸ ਨੂੰ ਆਪਣੇ ਆਲੇ ਦੁਆਲੇ ਦੇ ਘਰੇਲੂ ਅਤੇ ਵਿਦਿਅਕ ਮਾਹੌਲ ਵਿਚ ਲੋੜੀਂਦਾ ਸੰਘਰਸ਼ ਕਰਨ ਲਈ ਅੰਦਰੂਨੀ ਤਾਕਤ ਅਤੇ ਉਤਸ਼ਾਹ ਬਖਸ਼ਿਆ। ਉਸ ਨੂੰ ਇਹ ਸਾਫ਼ ਨਜ਼ਰ ਆ ਰਿਹਾ ਸੀ ਕਿ ਆਤਮ-ਸਨਮਾਨ ਨਾਲ ਜ਼ਿੰਦਗੀ ਜੀਣ ਵਾਸਤੇ ਉਸ ਲਈ ਆਰਥਿਕ ਤੌਰ ’ਤੇ ਆਤਮ ਨਿਰਭਰ ਹੋਣਾ ਜ਼ਰੂਰੀ ਹੋਵੇਗਾ। ਸਿਮੋਨ ਨੇ ਆਪਣੀ ਜ਼ਿੰਦਗੀ ਦੇ ਨਿਯਮ ਆਪ ਬਣਾਉਣ ਦਾ ਫ਼ੈਸਲਾ ਕੀਤਾ। ਉਸ ਨੇ ਆਪਣੀ ਆਜ਼ਾਦੀ ਆਪ ਲੱਭਣ ਦੀ ਚੁਣੌਤੀ ਪੂਰੇ ਨਿਸ਼ਚੇ ਅਤੇ ਦ੍ਰਿੜ੍ਹਤਾ ਨਾਲ ਕਬੂਲ ਕੀਤੀ। ਬਾਅਦ ਦੀ ਸਾਰੀ ਉਮਰ ਉਸ ਨੇ ਆਪਣੇ ਇਸ ਨਿਸ਼ਚੇ ’ਤੇ ਕਾਇਮ ਰਹਿਣ ਲਈ ਪੂਰੀ ਲਗਨ ਨਾਲ ਲਗਾਤਾਰ ਮਿਹਨਤ ਅਤੇ ਸੰਘਰਸ਼ ਕੀਤਾ।
ਇਹ ਉਹ ਜ਼ਮਾਨਾ ਸੀ ਜਦੋਂ ਵਿਆਹੇ ਹੋਏ ਮਰਦਾਂ ਨੂੰ ਤਾਂ ਦੂਜੀਆਂ ਔਰਤਾਂ ਨਾਲ ਦੋਸਤੀਆਂ ਪਾਲਣ ਅਤੇ ਰਿਸ਼ਤੇ ਕਾਇਮ ਕਰਨ ਬਾਰੇ ਕੋਈ ਮਨਾਹੀ ਨਹੀਂ ਸੀ ਪਰ ਪਤਨੀਆਂ ਤੋਂ ਆਸ ਕੀਤੀ ਜਾਂਦੀ ਸੀ ਕਿ ਉਹ ਆਪਣੇ ਪਤੀ ਪ੍ਰਤੀ ਵਫ਼ਾਦਾਰ ਰਹਿਣ ਲਈ ਪਰਾਏ ਮਰਦਾਂ ਨਾਲ ਕਿਸੇ ਕਿਸਮ ਦੀ ਦੋਸਤੀ ਜਾਂ ਨੇੜਤਾ ਨਾ ਰੱਖਣ। ਅਜਿਹਾ ਵਿਤਕਰਾ ਸਿਮੋਨ ਨੂੰ ਸਵੀਕਾਰ ਨਹੀਂ ਸੀ। ਉਸਦਾ ਕਹਿਣਾ ਸੀ ਕਿ ਮਰਦ ਤੇ ਔਰਤ ਬਰਾਬਰ ਹਨ ਅਤੇ ਉਹਨਾਂ ਦੇ ਆਪਸੀ ਰਿਸ਼ਤਿਆਂ ਵਿਚ ਵੀ ਪੂਰੀ ਬਰਾਬਰੀ ਹੋਣੀ ਚਾਹੀਦੀ ਹੈ। ਇਹ ਬਿਲਕੁਲ ਗ਼ਲਤ ਸੀ ਕਿ ਪਤੀ ਤਾਂ ਪਤਨੀ ਨਾਲ ਬੇਵਫ਼ਾਈ ਕਰ ਸਕੇ ਪਰ ਪਤਨੀ ਤੇ ਵਫ਼ਾਦਾਰੀ ਦੇ ਨਾਂ ’ਤੇ ਸਖ਼ਤ ਅਤੇ ਕੋਝੀਆਂ ਸ਼ਰਤਾਂ ਲਾਗੂ ਕਰੇ। ਉਹਨੀਂ ਦਿਨੀਂ ਕਿਸੇ ਕੈਥੋਲਿਕ ਪਰਿਵਾਰ ’ਚ ਪਲੀ ਕਿਸੇ ਕੁੜੀ ਜਾਂ ਮੁਟਿਆਰ ਕੋਲੋਂ ਅਜਿਹੇ ਵਿਚਾਰਾਂ ਦਾ ਸੁਣਿਆ ਜਾਣਾ ਲੋਕ-ਨਿੰਦਿਆ ਦਾ ਸ਼ਿਕਾਰ ਹੋਣ ਲਈ ਕਾਫ਼ੀ ਸੀ।
ਸਿਮੋਨ ਦਾ ਵਿਚਾਰ ਸੀ ਕਿ ਇਸਤਰੀਆਂ ਨੂੰ ਵੀ ਆਪਣੀ ਜ਼ਿੰਦਗੀ ਨੂੰ ਆਪਣੇ ਮਨਚਾਹੇ ਢੰਗ ਨਾਲ ਜੀਣ ਦਾ ਹੱਕ ਉਂਝ ਹੀ ਹੋਣਾ ਚਾਹੀਦਾ ਹੈ ਜਿਵੇਂ ਕਿ ਮਰਦਾਂ ਨੂੰ ਹੈ। ਮਰਦਾਂ ਅਤੇ ਔਰਤਾਂ ਲਈ ਵੱਖ-ਵੱਖ ਨੈਤਿਕ ਨਿਯਮ ਉਸ ਨੂੰ ਕਬੂਲ ਨਹੀਂ ਸਨ। ਹਰ ਵਿਅਕਤੀ ਜਾਂ ਇਨਸਾਨ, ਭਾਵੇਂ ਉਹ ਮਰਦ ਹੋਵੇ ਜਾਂ ਔਰਤ, ਦੀ ਇਕ ਆਪਣੀ ਨਿੱਜੀ ਹੋਂਦ ਹੈ। ਉਸ ਨੂੰ ਆਪਣੇ ਨਿੱਜੀ ਫ਼ੈਸਲੇ ਕਰਨ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਅਜੇਹੇ ਸਮਾਜ ਨੂੰ ਬਦਲਣਾ ਹੋਵੇਗਾ ਜਿਹੜਾ ਸਿਰਫ਼ ਵਿਆਹੀਆਂ ਔਰਤਾਂ ਦੀ ਹੀ ਇੱਜ਼ਤ ਕਰਦਾ ਹੈ। ਸਿਮੋਨ ਦਾ ਨਿਸ਼ਚਾ ਸੀ ”ਮੇਰੀ ਹੋਂਦ ਅਤੇ ਮੇਰੀ ਪਹਿਚਾਣ, ਲਈ ਮੇਰਾ ਇਕ ਲੇਖਕ ਬਣਨਾ ਨਿਹਾਇਤ ਜ਼ਰੂਰੀ ਹੈ। … ਮੈਂ ਜ਼ਿੰਦਗੀ ਦੇ ਦੁੱਖਾਂ ਅਤੇ ਜ਼ਿੰਦਗੀ ਦੀ ਖ਼ੂਬਸੂਰਤੀ, ਦੋਨਾਂ ਦਾ ਇਜ਼ਹਾਰ ਆਪਣੀਆਂ ਲਿਖਤਾਂ ਰਾਹੀਂ ਕਰਾਂਗੀ।’’ ਲੇਖਕ ਬਣਨ ਦੀ ਲਾਲਸਾ ਅਤੇ ਉਤਸ਼ਾਹ ਵਿਚ ਉਸ ਨੇ ਫ਼ੈਸਲਾ ਕੀਤਾ ਕਿ ਉਹ ਜ਼ਿੰਦਗੀ ਨਾਲ ਆਪਣੇ ਸਾਰੇ ਗਿਲੇ-ਸ਼ਿਕਵੇ ਦਰਕਿਨਾਰ ਕਰ ਦੇਵੇਗੀ। ਇਸ ਫ਼ੈਸਲੇ ਨਾਲ ਹੀ ਸਿਮੋਨ ਨੇ ਵਿਆਹ ਦੀ ਸੰਸਥਾ ਨੂੰ ਇਨਕਾਰਣ ਬਾਰੇ ਸੋਚਣਾ ਸ਼ੁਰੂ ਕੀਤਾ। ਉਸ ਦਾ ਖ਼ਿਆਲ ਸੀ ਕਿ ਵਿਆਹ ਇਕ ਅਜਿਹੀ ਸੰਸਥਾ ਹੈ ਜਿਹੜੀ ਹਮੇਸ਼ਾ ਲੁਕਾ-ਛਿਪੀ ਅਤੇ ਧੋਖੇ ਭਰੇ ਰਿਸ਼ਤਿਆਂ ਨੂੰ ਹੱਲਾਸ਼ੇਰੀ ਦਿੰਦੀ ਹੈ ਅਤੇ ਇਮਾਨਦਾਰੀ ਤੋਂ ਮੁੱਖ ਮੋੜਣ ਲਈ ਪ੍ਰੇਰਿਤ ਕਰਦੀ ਹੈ। ਇਮਾਨਦਾਰੀ ਨਾਲ ਜ਼ਿੰਦਗੀ ਜੀਣ ਲਈ ਢੁੱਕਵੇਂ ਜਾਂ ਲੋੜੀਂਦੇ ਰਿਸ਼ਤੇ ਅਜੇ ਈਜ਼ਾਦ ਹੋਣੇ ਬਾਕੀ ਸਨ।
18 ਸਾਲ ਦੀ ਉਮਰ ਵਿਚ ਸਿਮੋਨ ਦੀ ਰੁਚੀ ਅਤੇ ਉਤਸ਼ਾਹ ਕਹਾਣੀਆਂ ਅਤੇ ਨਾਵਲਾਂ ਦੀ ਮੂਰਤ, ਠੋਸ ਦੁਨੀਆ ਅਤੇ ਦਰਸ਼ਨ ਸ਼ਾਸਤਰ ਦੀਆਂ ਅਮੂਰਤ ਪ੍ਰਣਾਲੀਆਂ ਨੂੰ ਸਮਝਣ ਲਈ ਵਧਣ ਲੱਗੇ। ਸਿਮੋਨ ਦਾ ਵਿਚਾਰ ਸੀ ਕਿ ਦਾਰਸ਼ਨਿਕ ਆਪਣੇ ਫੌਰੀ ਸਿੱਧੇ ਅਨੁਭਵਾਂ ਦੀ ਬੌਧਿਕ ਪੁਨਰ ਰਚਨਾ ਕਰਦੇ ਹਨ ਜਦਕਿ ਸਾਹਿਤਕਾਰ ਇਕ ਕਾਲਪਨਿਕ ਪੱਧਰ ’ਤੇ ਉਸੇ ਅਨੁਭਵ ਨੂੰ ਨਵੇਂ ਢੰਗ ਨਾਲ ਨਵੇਂ ਰੂਪ ਵਿਚ ਢਾਲਦਾ ਹੈ। ਇੰਜ ਦੇਖਿਆ ਜਾਵੇ ਤਾਂ ਸਿਮੋਨ ਅਨੁਸਾਰ ਕੋਈ ਵੀ ਦਾਰਸ਼ਨਿਕ ਸਿਧਾਂਤ ਸਜੀਵ ਅਨੁਭਵਾਂ ਦੀ ਅਮੂਰਤ ਤਾਤਵਿਕ ਵਿਆਖਿਆ ਹੈ। ਅਜਿਹੀ ਵਿਆਖਿਆ ਦੀ ਰਚਨਾ ਪਿੱਛੇ ਮਰਦਾਂ ਦੀ ਰੱਬ ਬਣਨ ਦੀ ਤਮੰਨਾ ਲੁਕੀ ਹੁੰਦੀ ਹੈ। ਉਹ ਹਮੇਸ਼ਾ ਇਸ ਭੁਲੇਖੇ ਦਾ ਸ਼ਿਕਾਰ ਹੁੰਦੇ ਰਹੇ ਹਨ ਕਿ ਉਹ ਸਾਰੇ ਦਾ ਸਾਰਾ ਸੱਚ ਹਾਸਿਲ ਕਰ ਸਕਦੇ ਹਨ। ਨਿਰੋਲ, ਪੂਰੇ ਅਤੇ ਅੰਤਿਮ ਪਰਮ ਸੱਚ ਨੂੰ ਲੱਭ ਲੈਣ ਦੇ ਭੁਲੇਖੇ ਦਾ ਸ਼ਿਕਾਰ ਸ਼ਾਇਦ ਸਿਰਫ਼ ਮਰਦ ਹੀ ਹੋ ਸਕਦੇ ਹਨ। ਸਿਮੋਨ ਅਨੁਸਾਰ ਸਾਹਿਤ, ਕਹਾਣੀਆਂ, ਨਾਵਲ, ਕਵਿਤਾਵਾਂ, ਨਾਟਕ, ਨਾਚ, ਸੰਗੀਤ ਅਤੇ ਹੋਰ ਕਲਾਵਾਂ, ਤਿਉਹਾਰ, ਉਤਸਵ ਵਗੈਰਾ ਆਜ਼ਾਦੀ ਦੇ ਆਨੰਦਮਈ ਅਨੁਭਵ ਨੂੰ ਸਾਕਾਰ ਕਰਦੇ ਹਨ। ਅਸਲੀ ਇਨਸਾਨੀ ਹੋਂਦ ਦੇ ਅਰਥ ਅਤੇ ਮਹੱਤਤਾ ਇਹਨਾਂ ਸਿਰਜਣਾਤਮਕ ਜਸ਼ਨਾਂ ਵਿਚ ਹੀ ਪ੍ਰਗਟ ਹੁੰਦੇ ਹਨ। ਜ਼ਿੰਦਗੀ ਦੇ ਰੋਜ਼ਾਨਾ ਅਮਲ ਵਿਚ ਸਾਰਿਆਂ ਲਈ ਆਜ਼ਾਦੀ ਹਾਸਿਲ ਕਰਨਾ ਸਾਡੀ ਨੈਤਿਕਤਾ ਅਤੇ ਨੈਤਿਕ ਕੰਮਾਂ ਦਾ ਉਦੇਸ਼ ਹੈ। ਇਸ ਟੀਚੇ ਜਾਂ ਉਦੇਸ਼ ਦੀ ਪ੍ਰਾਪਤੀ ਦੀਆਂ ਕੋਸ਼ਿਸ਼ਾਂ ਵਿਚ ਇਹ ਵੀ ਸੰਭਵ ਹੈ ਕਿ ਸਾਡੇ ਕਰਮਾਂ ਦੇ ਨਤੀਜੇ ਵਜੋਂ ਕਿਸੇ ਹੋਰ ਦੂਸਰੇ ਜਾਂ ਦੂਸਰਿਆਂ ਦੀ ਆਜ਼ਾਦੀ ਦੀ ਬੇਧਿਆਨੇ ਜਾਂ ਜਾਣਦਿਆਂ ਬੁੱਝਦਿਆਂ ਕਿਸੇ ਨਾ ਕਿਸੇ ਕਿਸਮ ਦੀ ਉਲੰਘਣਾ ਵੀ ਹੋ ਰਹੀ ਹੋਵੇ।
19 ਵਰ੍ਹਿਆਂ ਦੀ ਉਮਰ ਹੋਣ ‘ਤੇ ਸਿਮੋਨ 1927 ਵਿਚ ਫ਼ਲਸਫ਼ੇ ਦੀ ਉਚੇਰੀ ਪੜ੍ਹਾਈ ਦੀ ਪ੍ਰੀਖਿਆ ਵਿਚ ਬੈਠੀ। ਪ੍ਰੀਖਿਆ ਵਿਚ ਬੈਠਣ ਵੇਲੇ ਉਹ ਬਾਕੀ ਸਾਰਿਆਂ ਨਾਲੋਂ ਛੋਟੀ ਉਮਰ ਦੀ ਸੀ। ਨਤੀਜਾ ਨਿਕਲਣ ’ਤੇ ਉਹ ਅੱਵਲ ਆਉਣ ਵਾਲੇ ਪਹਿਲੇ ਤਿੰਨ ਵਿਦਿਆਰਥੀਆਂ ਵਿਚੋਂ ਇਕ ਸੀ। ਪਹਿਲਾ ਸਥਾਨ ਸਿਮੋਨ ਵੇਅ ਨੂੰ ਅਤੇ ਤੀਜਾ ਸਥਾਨ ਮਾਰਿਸ ਮਰਲੋ ਪੌਂਤੀ ਨੂੰ ਹਾਸਲ ਹੋਇਆ ਸੀ। ਸਿਮੋਨ ਦੂਜੇ ਸਥਾਨ ’ਤੇ ਸੀ। ਇਸ ਪ੍ਰੀਖਿਆ ਵਿਚ ਪਹਿਲੀ ਵਾਰ ਸੀ ਕਿ ਦੋ ਮੁਟਿਆਰਾਂ ਸਾਰੇ ਗਭਰੂਆਂ ਤੋਂ ਅਗਾਂਹ ਨਿਕਲ ਗਈਆਂ ਸਨ। ਇਹ ਕਾਬਿਲੇ ਜ਼ਿਕਰ ਹੈ ਕਿ ਬਾਅਦ ਵਿਚ ਇਹਨਾਂ ਤਿੰਨਾਂ ਨੇ ਫ਼ਲਸਫ਼ੇ ਦੀ ਦੁਨੀਆ ਵਿਚ ਆਪਣੇ ਨਿਵੇਕਲੇ ਅਤੇ ਵੱਖਰੇ ਕਿਸਮ ਦੇ ਸਪੱਸ਼ਟ ਵਿਚਾਰਾਂ ਨਾਲ ਆਪਣੇ ਲਈ ਯਾਦਗਾਰੀ ਜਗ੍ਹਾ ਬਣਾਈ। ਇਹਨਾਂ ਦੇ ਵਿਚਾਰਾਂ ਵਿਚ ਅੰਤਰ ਸਮਝਣ ਲਈ ਉਹਨਾਂ ਦਿਨਾਂ ਦੌਰਾਨ ਇਹਨਾਂ ਦੀ ਆਪਸੀ ਗੁਫ਼ਤਗੂ ਦੇ ਨਮੂਨੇ ਇੰਜ ਹਨ : ਸਿਮੋਨ ਵੇਅ ਦਾ ਕਹਿਣਾ ਸੀ, ”ਅਜਿਹਾ ਇਨਕਲਾਬ ਜ਼ਰੂਰੀ ਹੈ ਜਿਸ ਨਾਲ ਧਰਤੀ ਦੇ ਸਾਰੇ ਭੁੱਖਿਆਂ ਲਈ ਆਪਣਾ ਪੇਟ ਭਰਨਾ ਸੰਭਵ ਹੋ ਜਾਵੇ।’’ ਸਿਮੋਨ ਦ’ ਬੋਵੁਆਰ ਦਾ ਕਹਿਣਾ ਸੀ : ਇਹ ਨਿਹਾਇਤ ਜ਼ਰੂਰੀ ਹੈ ਕਿ ਅਸੀਂ ਆਪਣੀ ਇਨਸਾਨੀ ਹੋਂਦ ਦੇ ਅਰਥ ਪਛਾਣ ਸਕੀਏ।’’ ਸਿਮੋਨ ਵੇਅ ਨੇ ਪਲਟ ਕੇ ਸਿਮੋਨ ਦ’ ਬੋਵੁਆਰ ਨੂੰ ਕਿਹਾ ਸੀ : ”ਤੇਰੇ ਲਈ ਇਹ ਕਹਿਣਾ ਬੜਾ ਸੌਖਾ ਹੈ। ਲੱਗਦਾ ਹੈ ਤੂੰ ਕਦੇ ਭੁੱਖ ਝੱਲੀ ਨਹੀਂੈ।’’
ਮਾਰਿਸ ਮਰਲੌ ਪੌਂਤੀ ਕਹਿੰਦਾ ਸੀ, ”ਜ਼ਿੰਦਗੀ ਦੀ ਹਰ ਸਥਿਤੀ ਅਤੇ ਹਰ ਆਦਮੀ ਵਿਚ ਚੰਗਿਆਈਆਂ ਅਤੇ ਊਣਤਾਈਆਂ ਦੋਨੋਂ ਹੀ ਹੁੰਦੀਆਂ ਹਨ। ਇਸੇ ਕਾਰਨ ਕੁਝ ਵੀ ਨਾ ਤਾਂ ਪੂਰਾ ਚੰਗਾ ਤੇ ਨਾ ਹੀ ਪੂਰਾ ਮਾੜਾ ਹੁੰਦਾ ਹੈ। ਸਾਨੂੰ ਸਥਿਤੀਆਂ, ਸਮੂਹਾਂ ਅਤੇ ਵਿਅਕਤੀਆਂ ਨੂੰ ਸਿਰਫ਼ ਨਿਰੋਲ ਚੰਗੇ ਮਾੜੇ ਦੇ ਖਾਨਿਆਂ ਵਿਚ ਨਹੀਂ ਵੰਡਣਾ ਚਾਹੀਦਾ।’’ ਇਸ ਦੇ ਉਲਟ ਸਿਮੋਨ ਦ’ ਬੋਵੁਆਰ ਅਜੇ ਨਿਰੋਲ ਚੰਗੇ-ਮੰਦੇ ਦੇ ਖਾਨਿਆਂ ਤੋਂ ਬਾਹਰ ਨਿਕਲ ਕੇ ਸੋਚਣਾ ਸਿੱਖਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਕਿਹਾ ਜਾ ਸਕਦਾ ਹੈ ਕਿ ਸਿਮੋਨ ਦ’ ਬੋਵੁਆਰ ਨੇ ਆਪਣੀ ਸੋਚ ਵਿਚ ਆਪਣੇ ਸਾਥੀਆਂ ਤੋਂ ਸਿੱਖਣ ਤੋਂ ਗੁਰੇਜ਼ ਨਹੀਂ ਕੀਤਾ। ਇਹ ਵੀ ਇਕ ਰੌਚਕ ਤੱਥ ਹੈ ਕਿ ਬਚਪਨ ਵਿਚ ਧਾਰਮਿਕ ਰਹੱਸਵਾਦ ਦੀ ਉਪਾਸ਼ਕ ਸਿਮੋਨ ਦ’ ਬੋਵੁਆਰ ਨੇ ਬਾਅਦ ਵਿਚ ਇਨਕਲਾਬ ਦਾ ਰਾਹ ਫੜਿਆ ਪਰ ਦੂਜੇ ਪਾਸੇ ਇਨਕਲਾਬੀ ਮੁਟਿਆਰ ਸਿਮੋਨ ਵੇਅ ਨੇ ਧਾਰਮਿਕ ਰਹੱਸਵਾਦ ਵਿਚ ਇਨਸਾਨੀ ਹੋਂਦ ਦੇ ਸੱਚੇ ਅਰਥ ਭਾਲਣ ਵਿਚ ਆਪਣੀ ਜ਼ਿੰਦਗੀ ਸਮਰਪਿਤ ਕੀਤੀ।
ਸਿਮੋਨ ਦ’ ਬੋਵੁਆਰ ਬਣਨਾ ਤਾਂ ਲੇਖਕ ਚਾਹੁੰਦੀ ਸੀ। ਪਰ ਆਰਥਿਕ ਤੌਰ ’ਤੇ ਆਤਮ ਨਿਰਭਰ ਹੋਣ ਲਈ ਇਕ ਅਧਿਆਪਕ ਹੋਣ ਦਾ ਕਿੱਤਾ ਉਸ ਨੂੰ ਵਾਜਿਬ ਜਾਪਦਾ ਸੀ। ਫਰਾਂਸ ਦੇ ਸਕੂਲਾਂ ਅਤੇ ਕਾਲਜਾਂ ਵਿਚ ਫਸਲਫ਼ੇ ਦਾ ਅਧਿਆਪਕ ਬਣਨ ਦੀ ਯੋਗਤਾ ਦੀ ਉਪਾਧੀ ਹਾਸਲ ਕਰਨ ਲਈ ਇਕ ਹੋਰ ਉਚੇਰਾ ਇਮਤਿਹਾਨ ਪਾਸ ਕਰਨਾ ਜ਼ਰੂਰੀ ਸੀ। ਇਸ ਇਮਤਿਹਾਨ ਦੀ ਤਿਆਰੀ ਕਰਨਾ ਔਖਾ ਸਮਝਿਆ ਜਾਂਦਾ ਸੀ। ਪਹਿਲੀ ਵਾਰੀ ਪਾਸ ਹੋਣਾ ਤਾਂ ਬਹੁਤ ਹੀ ਮੁਸ਼ਕਿਲ ਸੀ। 1928 ਵਿਚ ਜਾਂ ਪਾਲ ਸਾਰਤ੍ਰ ਇਸ ਉਪਾਧੀ ਵਾਸਤੇ ਲਿਖਤ ਪ੍ਰੀਖਿਆ ਦੇ ਇਮਤਿਹਾਨ ਵਿਚ (ਆਪਣੀ ਮੌਲਿਕਤਾ ਵਜੋਂ?) ਅਸਫ਼ਲ ਰਿਹਾ ਸੀ। ਸ਼ਾਇਦ ਸਿਮੋਨ ਦ’ ਬੋਵੁਆਰ ਅਤੇ ਜਾਂ ਪਾਲ ਸਾਰਤ੍ਰ ਜ਼ਿੰਦਗੀ ’ਚ ਕਦੇ ਮਿਲਦੇ ਜਾਂ ਨਾ ਮਿਲਦੇ, ਜੇ ਸਾਰਤ੍ਰ ਇਸ ਪ੍ਰੀਖਿਆ ਵਿਚ ਪਾਸ ਹੋ ਗਿਆ ਹੁੰਦਾ। ਫੇਲ੍ਹ ਹੋਣ ਬਾਅਦ ਸਾਰਤ੍ਰ ਦੀ ਆਪਣੀ ਮੰਗੇਤਰ ਅਤੇ ਮਾਸ਼ੁਕਾ ਸਿਮੋਨ ਜੋਲੀਵੇਅ ਨਾਲ ਮੰਗਣੀ ਟੁੱਟ ਗਈ, ਪਰ ਉਸ ਨੇ ਇਸ ਦੁਖਾਵੀਂ ਘਟਨਾ ਨੂੰ ਆਪਣੀ ਆਜ਼ਾਦੀ ਮੁੜ ਹਾਸਿਲ ਹੋਣ ਲਈ ਤਕਦੀਰ ਦਾ ਸੰਜੋਗੀ ਖੇਲ ਸਮਝਿਆ ਅਤੇ ਪ੍ਰਵਾਨ ਕੀਤਾ। ਇਸ ਉਚੇਰੀ ਉਪਾਧੀ ਲਈ ਲਿਖਤ ਪ੍ਰੀਖਿਆ ਦਿਨਾਂ ਦੌਰਾਨ ਮੌਖਿਕ ਪ੍ਰੀਖਿਆ ਦੀ ਤਿਆਰੀ ਵਾਸਤੇ ਸਾਰਤ੍ਰ ਅਤੇ ਸਿਮੋਨ ਦੀ ਜਾਣ ਪਛਾਣ ਉਹਨਾਂ ਦੇ ਇਕ ਸਾਂਝੇ ਦੋਸਤ ਰੈਨੇ ਮਾਹੂ ਨੇ ਕਰਾਈ। ਉਂਜ ਮਾਹੂ ਨੇ ਸਿਮੋਨ ਨੂੰ ਸਾਰਤ੍ਰ ਤੋਂ ਖ਼ਬਰਦਾਰ ਰਹਿਣ ਦੀ ਹਦਾਇਤ ਵੀ ਕੀਤੀ ਸੀ। ਰੈਨੇ ਮਾਹੂ ਵਿਆਹੇ ਹੋਣ ਦੇ ਬਾਵਜੂਦ ਸਿਮੋਨ ਨੂੰ ਪਿਆਰ ਕਰਦਾ ਸੀ। ਦਰਅਸਲ ਇਹ ਵੀ ਇਕ ਸੰਜੋਗ ਹੀ ਸੀ ਕਿ ਰੈਨੇ ਮਾਹੂ ਲਿਖਤ ਪ੍ਰੀਖਿਆ ਵਿੱਚ ਪਾਸ ਨਾ ਹੋ ਸਕਿਆ । ਹੁਣ ਤਾਂ ਇਹ ਜੱਗ ਜ਼ਾਹਿਰ ਹੈ ਕਿ ਸਾਰਤ੍ਰ ਤੇ ਸਿਮੋਨ ਦੋਨੋਂ ਹੀ ਪਹਿਲਾਂ ਵੀ ਕਈ ਪਿਆਰ ਸਬੰਧਾਂ ਨੂੰ ਹੰਢਾਅ ਚੁੱਕੇ ਸਨ ਅਤੇ ਇਕ ਦੂਜੇ ਦੇ ਪ੍ਰੇਮੀ ਬਣਨ ਦੇ ਬਾਅਦ ਵੀ ਕਈ ਹੋਰਨਾਂ ਨਾਲ ਉਨ੍ਹਾਂ ਦੋਨਾਂ ਦੇ ਰਿਸ਼ਤੇ ਜਿੰਦਗੀ ਭਰ ਬਣਦੇ-ਵਿਗੜਦੇ ਰਹੇ।
ਸਿਮੋਨ ਨੇ ਸਾਰਤ੍ਰ ਬਾਰੇ ਆਪਣੇ ਸ਼ੁਰੂਆਤੀ ਨਜ਼ਰੀਏ ਅਤੇ ਅਨੁਭਵਾਂ ਨੂੰ ਇੰਜ ਬਿਆਨ ਕੀਤਾ ਹੈ : ”ਸਾਰਤ੍ਰ ਬਿਲਕੁਲ ਮੇਰੇ ਸੁਫ਼ਨਿਆਂ ਦੇ ਉਸ ਸਾਥੀ ਵਰਗਾ ਸੀ ਜਿਸਦੀ ਚਾਹ ਮੈਨੂੰ 15 ਸਾਲ ਦੀ ਉਮਰ ਤੋਂ ਸ਼ੁਰੂ ਹੋਈ ਸੀ। ਉਹ ਇਕ ਤਰ੍ਹਾਂ ਮੇਰਾ ਹੀ ਦੂਜਾ ਰੂਪ ਸੀ, ਜਿਸ ਵਿਚ ਮੈਨੂੰ ਆਪਣੀਆਂ ਸਾਰੀਆਂ ਚਾਹਤਾਂ ਅਤੇ ਤਾਂਘਾਂ ਅਸਮਾਨੀ ਸਿਖ਼ਰ ਛੂੰਹਦੀਆਂ ਦਿਸ ਰਹੀਆਂ ਸਨ। ਮੈਨੂੰ ਯਕੀਨ ਸੀ ਕਿ ਮੈਂ ਉਸ ਦੇ ਨਾਲ ਹਮੇਸ਼ਾ ਆਪਣਾ ਸਾਰਾ ਕੁਝ ਸਾਂਝਾ ਕਰ ਸਕਾਂਗੀ। … ਆਪਣੀ ਪੂਰੀ ਜ਼ਿੰਦਗੀ ’ਚ ਮੈਂ ਕਿਸੇ ਅਜਿਹੇ ਆਦਮੀ ਨੂੰ ਨਹੀਂ ਮਿਲ ਸਕੀ, ਜਿਸ ਵਿਚ ਖ਼ੁਸ਼ ਹੋਣ ਦੀ ਉਸੇ ਤਰ੍ਹਾਂ ਦੀ ਅਤੇ ਓਨੀ ਹੀ ਸਮਰੱਥਾ ਸੀ, ਜਿੰਨੀ ਮੇਰੇ ਵਿਚ ਸੀ। ਮੈਂ ਖ਼ੁਸ਼ੀ ਪ੍ਰਾਪਤ ਕਰਨ ਲਈ ਕੁਝ ਵੀ ਕਰਨ ਲਈ ਤਿਆਰ ਸਾਂ।’’
ਸਾਰਤ੍ਰ ਔਰਤਾਂ ਨਾਲ ਆਪਣੇ ਰਿਸ਼ਤਿਆਂ ਵਿਚ ਵਿਵਿਧਤਾ ਅਤੇ ਨਿਵੇਕਲਾਪਣ ਭਾਲਦਾ ਸੀ। ਸਿਰਫ਼ ਇਕ ਔਰਤ ਨਾਲ ਰਿਸ਼ਤੇ ਵਿਚ ਬੰਨ੍ਹੇ ਜਾਣਾ, ਉਸ ਨੂੰ ਗਵਾਰਾ ਨਹੀਂ ਸੀ। ਸਿਮੋਨ ਤਾਂ ਪਹਿਲਾਂ ਤੋਂ ਹੀ ਵਿਆਹ ਦੀ ਸੰਸਥਾ ਦੇ ਖ਼ਿਲਾਫ਼ ਸੀ। ਇਹ ਉਹ ਦਿਨ ਸਨ ਜਦੋਂ ਸਿਮੋਨ ਨੇ ਪੈਰਿਸ ਦੇ ਸ਼ਰਾਬ ਖਾਨਿਆਂ ਵਿਚ ਜਾ ਕੇ ਜਾਜ਼, ਸ਼ਰਾਬ ਅਤੇ ਨਾਚ ਦੌਰਾਨ ਅਜਨਬੀ ਦੇਹਾਂ ਦੀ ਨੇੜਤਾ ਅਤੇ ਛੋਹ ਦਾ ਸੁਆਦ ਮਾਨਣਾ ਸ਼ੁਰੂ ਕੀਤਾ ਸੀ। ਇਹਨਾਂ ਦਿਨਾਂ ਬਾਰੇ ਉਸ ਨੇ ਆਪਣੀ ਡਾਇਰੀ ਵਿਚ ਇੰਜ ਲਿਖਿਆ : ਮੈਂ ਨਹੀਂ ਜਾਣਦੀ ਕਿ ਮੇਰੇ ਅੰਦਰ ਕਿਹੜੀ ਲਾਲਸਾ ਹੈ? ਹੋ ਸਕਦਾ ਹੈ ਇਹ ਰਾਖਸ਼ਸੀ ਕਾਮੁਕਤਾ ਹੋਵੇ ਜਿਹੜੀ ਹਮੇਸ਼ਾ ਰੌਲੇ, ਯੁੱਧ ਅਤੇ ਵਹਿਸ਼ੀ ਹਿੰਸਾ ਦੀ ਤਲਾਸ਼ ਵਿਚ ਰਹਿੰਦੀ ਹੈ।.. ਮੈਂ ਜੀਣਾ ਚਾਹੁੰਦੀ ਹਾਂ ਪੂਰੇ ਦਾ ਪੂਰਾ ਜੀਵਨ। ਮੇਰੇ ਅੰਦਰ ਬਹੁਤ ਜ਼ਿਆਦਾ ਜਗਿਆਸਾ ਹੈ। ਮੈਂ ਕਿਸੇ ਵੀ ਦੂਜੇ ਬੰਦੇ ਨਾਲੋਂ ਜ਼ਿਆਦਾ ਤੇਜ਼ ਲੋਅ ਦੇ ਨਾਲ ਆਪਣੇ ਜੀਵਨ ਦੀ ਆਹੂਤੀ ਦੇਣ ਲਈ ਤਤਪਰ ਹਾਂ। ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਇਸ ਅਗਨੀ ਦੀਆਂ ਲਪਟਾਂ ਕਿਸ ਤਰ੍ਹਾਂ ਦੀਆਂ ਹਨ।’’
ਮੌਖਿਕ ਪ੍ਰੀਖਿਆ ਦੇ ਨਤੀਜੇ ਆਏ। ਸਾਰਤ੍ਰ ਨੂੰ ਪਹਿਲਾ ਅਤੇ ਸਿਮੋਨ ਨੂੰ ਦੂਜਾ ਸਥਾਨ ਮਿਲਿਆ। ਜਿਊਰੀ ਦੇ ਪ੍ਰੋਫੈਸਰਾਂ ਨੂੰ ਇਸ ਨਤੀਜੇ ਦਾ ਫ਼ੈਸਲਾ ਲੈਣ ਲਈ ਕਾਫੀ ਸਮਾਂ ਵਾਦ-ਵਿਵਾਦ, ਸਲਾਹ-ਮਸ਼ਵਰਾ ਕਰਨਾ ਪਿਆ ਸੀ ਕਿ ਇਹਨਾਂ ਦੋਹਾਂ ਵਿਚੋਂ ਕਿਸ ਨੂੰ ਅੱਵਲ ਮੰਨਿਆ ਜਾਵੇ। ਬਾਅਦ ਵਿਚ ਇਕ ਪ੍ਰੀਖਿਅਕ ਦਾ ਕਹਿਣਾ ਸੀ : ”ਹਾਲਾਂਕਿ ਸਾਰਤ੍ਰ ਵਿਚ ਗੁਣਾਂ ਦਾ ਭੰਡਾਰ ਸੀ, ਵਿਲੱਖਣ ਪ੍ਰਤਿਭਾ ਸੀ, ਡੂੰਘੇ ਸੰਸਕਾਰ ਸਨ ਪਰ ਸਾਡਾ ਸਾਰਿਆਂ ਦਾ ਇਹ ਵਿਚਾਰ ਸੀ ਕਿ ਦੋਨਾਂ ਵਿਚੋਂ ਸੱਚੀ ਫ਼ਿਲਾਸਫ਼ਰ ਸਿਮੋਨ ਦ’ ਬੋਵੁਆਰ ਹੀ ਸੀ। ਉਹ ਬਹੁਤ ਹੀ ਮਿਹਨਤੀ, ਅਨੁਸ਼ਾਸਿਤ, ਨਪੀ-ਤੁਲੀ ਅਤੇ ਵਿਸ਼ਲੇਸ਼ਣ ਕਰਨ ਵਾਲੀ ਵਿਚਾਰਕ ਸੀ। 21 ਸਾਲ ਦੀ ਉਮਰ ਵਿਚ ਉਹ ਸਾਰੇ ਪ੍ਰੀਖਿਆਰਥੀਆਂ ਨਾਲੋਂ ਛੋਟੀ ਸੀ।” ਕਿਹਾ ਜਾਂਦਾ ਹੈ ਕਿ ਸਾਰਤ੍ਰ ਨੂੰ ਪਿਛਲੇ ਵਰ੍ਹੇ ਦੀ ਗ਼ੈਰਯਕੀਨੀ ਅਸਫ਼ਲਤਾ ਦਾ ਇਵਜ਼ਾਨਾ ਦੇਣ ਲਈ ਅਤੇ ਉਸ ਦੇ ਉਮਰ ਵਿਚ ਸਿਮੋਨ ਨਾਲੋਂ ਵੱਡੇ ਹੋਣ ਕਾਰਨ ਅਤੇ ਸ਼ਾਇਦ ਸਿਮੋਨ ਦੇ ਇਕ ਮਰਦ ਦੀ ਥਾਂ ਔਰਤ ਹੋਣ ਕਾਰਨ, ਸਿਮੋਨ ਦੇ ਅੱਵਲ ਹੋਣ ਦੀ ਅਸਲੀਅਤ ਐਲਾਨੇ ਗਏ ਨਤੀਜੇ ਵਿਚੋਂ ਗ਼ੈਰਹਾਜ਼ਰ ਕਰ ਦਿੱਤੀ ਗਈ। ਸਿਮੋਨ ਦੀਆਂ ਜੀਵਨੀਆਂ ਲਿਖਣ ਵਾਲੇ ਕਈ ਲੇਖਕਾਂ ਅਨੁਸਾਰ ਸਾਰਤ੍ਰ ਦੇ ਇੰਜ ਅੱਵਲ ਆਉਣ ਨਾਲ ਸਿਮੋਨ ਅਤੇ ਸਾਰਤ੍ਰ ਦੇ ਰਿਸ਼ਤੇ ’ਤੇ ਸ਼ਾਇਦ ਇਕ ਅਸਰ ਇਹ ਹੋਇਆ ਕਿ ਸਿਮੋਨ ਨੇ ਆਪਣੇ ਆਪ ਨੂੰ ਇਕ ਦਾਰਸ਼ਨਿਕ ਜਾਂ ਫ਼ਿਲਾਸਫ਼ਰ ਕਹਿਣ/ਮੰਨਣ ਦੀ ਥਾਂ ਇਕ ਲੇਖਕ/ਸਾਹਿਤਕਾਰ ਕਹਿਣਾ ਕਹਾਉਣਾ ਸ਼ੁਰੂ ਕੀਤਾ। ਇਸ ਫ਼ੈਸਲੇ ’ਤੇ ਉਹ ਆਪਣੇ ਆਖ਼ਰੀ ਦਿਨਾਂ ਤੱਕ ਕਾਇਮ ਰਹੀ। ਹਾਲਾਂਕਿ ਸੱਚਾਈ ਇਹ ਹੈ ਕਿ ਨਾਵਲ ਅਤੇ ਕਹਾਣੀਆਂ ਲਿਖਣ ਤੋਂ ਇਲਾਵਾ ਸਿਮੋਨ ਦ’ ਬੋਵੁਆਰ ਨੇ ਫ਼ਿਲਾਸਫ਼ੀ, ਨੈਤਿਕਤਾ, ਨਾਰੀਵਾਦ, ਰਾਜਨੀਤੀ, ਸਾਹਿਤ-ਸਿਧਾਂਤ, ਆਤਮਕਥਾ ਅਤੇ ਸਫ਼ਰਨਾਮਿਆਂ ਸਮੇਤ ਕਈ ਪੁਸਤਕਾਂ ਲਿਖੀਆਂ। ਉਸ ਨੂੰ ਆਪਣੇ ਨਾਵਲ ”ਮੈਂਡੈਰਿਨਜ਼’’ ਵਾਸਤੇ 1954 ਵਿਚ ਫਰਾਂਸ ਦਾ ਸਰਵੋਤਮ ਸਾਹਿਤਕ ਪੁਰਸਕਾਰ ਮਿਲਿਆ।

ਸਿਮੋਨ ਤੇ ਨੈਲਸਨ ਐਲਗ੍ਰੇਨ

ਸਿਮੋਨ ਦੀਆਂ ਜ਼ਿਆਦਾ ਕਹਾਣੀਆਂ ਅਤੇ ਨਾਵਲ ਉਸ ਦੀ ਜ਼ਿੰਦਗੀ ਦੇ ਆਪਣੇ ਅਨੁਭਵਾਂ, ਰਿਸ਼ਤਿਆਂ, ਆਲੇ ਦੁਆਲੇ ਦੀਆਂ ਸਮਾਜਿਕ ਅਤੇ ਰਾਜਨੀਤਕ ਘਟਨਾਵਾਂ ਤੇ ਅਧਾਰਿਤ ਹਨ। ਇਹਨਾਂ ਕਿਰਤਾਂ ਵਿਚ ਸਿਮੋਨ ਲਈ ਵਿਚਾਰਨ ਦਾ ਇਕ ਪ੍ਰਮੁੱਖ ਮਸਲਾ ਵਿਅਕਤੀ ਦੀ ਆਪਣੇ ਪ੍ਰਤੀ, ਦੂਜੇ ਵਿਅਕਤੀਆਂ ਪ੍ਰਤੀ ਅਤੇ ਦਮਿਤ/ਦਲਿਤ ਸਮੂਹਾਂ ਪ੍ਰਤੀ ਨੈਤਿਕ ਜ਼ਿੰਮੇਵਾਰੀ ਦਾ ਰਿਹਾ ਹੈ। ਆਜ਼ਾਦੀ ਹਮੇਸ਼ਾ ਕਿਸੇ ਸਥਿਤੀ, ਕਿਸੇ ਜਗ੍ਹਾ ’ਤੇ ਹੀ ਸਾਕਾਰ ਹੁੰਦੀ ਹੈ, ਜਿੱਥੇ ਉਸ ਨੂੰ ਅਮਲ ਵਿਚ ਲਿਆਇਆ ਜਾ ਸਕਦਾ ਹੈ। ਆਜ਼ਾਦੀ ਦੇ ਅਮਲ ਵਿਚ ਹੀ ਸਾਡੇ ਲਈ ਨੈਤਿਕ ਦੁਵਿਧਾਵਾਂ ਅਤੇ ਸੰਕਟ ਪੇਸ਼ ਹੁੰਦੇ ਹਨ। ਸਾਡੀ ਆਤਮ ਨਿਸ਼ਟਤਾ ਅਤੇ ਸਵੈ ਭਾਵਨਾ ਦਾ ਟਾਕਰਾ ਸਾਡੀ ਆਪਣੀ ਹੀ ਪਰ ਫੇਰ ਵੀ ਬਗਾਨੀ ਜਾਪਦੀ ਭੌਤਿਕਤਾ ਅਤੇ ਵਸਤੂਗਤਤਾ ਨਾਲ ਤਾਂ ਹੁੰਦਾ ਹੀ ਹੈ, ਦੂਜਿਆਂ ਦੀ ਸੁਤੰਤਰ ਹੋਂਦ ਨਾਲ ਵੀ ਹੁੰਦਾ ਹੈ। ਇਸ ਟਾਕਰੇ ਵਜੋਂ ਪੇਸ਼ ਹੋਏ ਦਵੰਦ ਦੀ ਅਨਿਸ਼ਚਿਤਤਾ ਸਾਡੇ ਸਾਹਮਣੇ ਹਿੰਸਾ ਅਤੇ ਨਿਆਂ-ਅਨਿਆਂ ਦੇ ਮਸਲੇ ਦੁਵਿਧਾਵਾਂ ਦੇ ਰੂਪ ਵਿਚ ਪੇਸ਼ ਕਰਦੀ ਹੈ। ਇਹਨਾਂ ਦਾ ਚਿਤਰਣ ਕਹਾਣੀਆਂ ਅਤੇ ਨਾਵਲਾਂ ਵਿਚ ਜ਼ਿੰਦਗੀ ਦੀਆਂ ਨਿਵੇਕਲੀਆਂ ਪਰ ਵਿਰੋਧੀ ਸੰਭਾਵਨਾਵਾਂ ਅਤੇ ਭੋਗੇ ਜਾ ਰਹੇ ਯਥਾਰਥਾਂ ਦੀਆਂ ਝਲਕੀਆਂ ਰਾਹੀਂ ਪੇਸ਼ ਕੀਤਾ ਜਾ ਸਕਦਾ ਹੈ। ਸਿਮੋਨ ਦੇ ਪਹਿਲੇ ਨਾਵਲ ”ਲ ਇਨਵਿਤੀ’ (ਠਹਿਰ ਗਈ ਮਹਿਮਾਨ) ਵਿਚ ਸਾਰਤ੍ਰ, ਸਿਮੋਨ ਅਤੇ ਅੋਲਗਾ ਦੇ ਤਿਕੋਣੇ ਰਿਸ਼ਤੇ ਵਿਚ ਪੇਸ਼ ਹੋਏ ਮਸਲਿਆਂ ਅਤੇ ਸਥਿਤੀਆਂ ਦਾ ਬਿਆਨ ਹੈ। ਕਿਵੇਂ ਸਾਡੇ ਸੁਤੰਤਰ ਫ਼ੈਸਲੇ ਇਕ ਦੂਜੇ ਦੀ ਸਮੁੱਚੀ ਸਾਰਥਕ ਹੋਂਦ ’ਤੇ ਸੁਆਲੀਆ ਨਿਸ਼ਾਨ ਵੀ ਲਾ ਸਕਦੇ ਹਨ ਅਤੇ ਉਸ ਹੋਂਦ ਦੀ ਸਾਰਥਕਤਾ ਲਈ ਮਜ਼ਬੂਤ ਜਾਂ ਕਮਜ਼ੋਰ ਧਰਾਤਲ ਵੀ ਬਣਦੇ ਹਨ। ਇਸ ਨਾਵਲ ਦਾ ਮੁੱਖ ਵਿਸ਼ਾ ਹੈ। ਸਾਡੇ ਭੂਤ, ਵਰਤਮਾਨ ਵਿਚ ਹੀ ਨਹੀਂ ਸਗੋਂ ਭਵਿੱਖ ਵਿਚ ਵੀ ਦੂਸਰੇ ਹੋਰ, ਸਾਡੇ ਜਾਂ ਉਨ੍ਹਾਂ ਦੇ ਚਾਹੁੰਦਿਆਂ, ਨਾ ਚਾਹੁੰਦਿਆਂ ਕਿੰਜ ਹਾਜ਼ਰ-ਗੈLਰਹਾਜ਼ਰ ਜਾਂ ਸ਼ਾਮਲ ਰਹਿੰਦੇ ਹਨ, ਇਸ ਨਾਵਲ ਵਿਚ ਇਹ ਮਸਲਾ ਬਹੁਤ ਹੀ ਸੰਵੇਦਨਾ ਨਾਲ ਪੇਸ਼ ਕੀਤਾ ਗਿਆ ਹੈ। ਇਹ ਨਾਵਲ ਲਿਖਣਾ ਕੋਈ ਸੌਖਾ ਕੰਮ ਨਹੀਂ ਸੀ। ਸਿਮੋਨ ਨੇ ਪੂਰੇ ਚਾਰ ਸਾਲਾਂ ਵਿਚ ਇਸ ਨਾਵਲ ਨੂੰ ਪੂਰਾ ਕੀਤਾ। ਨਾਵਲ ਦੇ ਪਾਤਰਾਂ ਦੀ ਗੁਫਤਗੂ ਅਤੇ ਕਥਾਕਾਰ ਦੀਆਂ ਟਿੱਪਣੀਆਂ ਵਿਚ ਕਈ ਪਾਠਕ ਸਾਰਤ੍ਰ ਦੀ ਪਹਿਲੀ ਮੁੱਖ ਦਾਰਸ਼ਨਿਕ ਰਚਨਾ ‘ਬੀਇੰਗ ਐਂਡ ਨਥਿੰਗਨੈੱਸ’ ਵਿਚ ਪ੍ਰਗਟਾਏ ਵਿਚਾਰਾਂ ਦੀਆਂ ਜੜ੍ਹਾਂ ਵੀ ਲੱਭਦੇ ਹਨ।
ਕੁਝ ਵਿਚਾਰਕਾਂ ਦਾ ਦਾਅਵਾ ਹੈ ਕਿ ਸਾਰਤ੍ਰ ਦੇ ਪ੍ਰਭਾਵ ਦੀ ਜਿੰਨੀ ਹਾਮੀ ਸਿਮੋਨ ਨੇ ਆਪਣੀਆਂ ਲਿਖਤਾਂ ਵਿਚ ਕੀਤੀ ਹੈ, ਉਸ ਤੋਂ ਕਿਤੇ ਵੱਧ ਅਸਰਦਾਰ ਯੋਗਦਾਨ ਸਿਮੋਨ ਨੇ ਸਾਰਤ੍ਰ ਦੇ ਵਿਚਾਰਾਂ ਦੇ ਵਿਕਾਸ ਵਿਚ ਪਾਇਆ ਹੈ। ਸਿਮੋਨ ਦੇ ਪੂਰੇ ਹੋਣ ਬਾਅਦ ਪਿਛਲੇ ਦੋ ਦਹਾਕਿਆਂ ਵਿਚ ਸਾਰਤ੍ਰ ਅਤੇ ਸਿਮੋਨ ਦੀਆਂ ਚਿੱਠੀਆਂ, ਯਾਦਾਂ, ਡਾਇਰੀਆਂ ਅਤੇ ਹੋਰ ਕਿਰਤਾਂ ਪ੍ਰਕਾਸ਼ਿਤ ਹੋਈਆਂ ਹਨ। ਇਹਨਾਂ ਕਿਰਤਾਂ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਇਕ ਦੂਜੇ ਤੋਂ ਸਿੱਖਣ ਦੇ ਬਾਵਜੂਦ, ਆਪਸੀ ਪਿਆਰ, ਸਨਮਾਨ, ਸਹਿਯੋਗ, ਕਰੀਬੀ ਅਤੇ ਭਾਵਪੂਰਣ ਸੰਗਤ ਦੇ ਬਾਵਜੂਦ, ਸਿਮੋਨ ਅਤੇ ਸਾਰਤ੍ਰ ਦੇ ਵਿਚਾਰ ਅਤੇ ਦ੍ਰਿਸ਼ਟੀਕੋਣ ਅਨੇਕ ਮਸਲਿਆਂ ‘ਤੇ ਇਕ ਦੂਜੇ ਤੋਂ ਵੱਖ ਅਤੇ ਸੁਤੰਤਰ ਸਨ। ਉਹਨਾਂ ਨੇ ਆਪਣੀ ਮਿਤ੍ਰਤਾ ਜਾਂ ਰਿਸ਼ਤੇ ਖ਼ਾਤਿਰ ਆਪਣੇ ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਦੀ ਸੁਤੰਤਰਤਾ ਦਾ ਤਿਆਗ ਨਹੀਂ ਕੀਤਾ। ਆਪਣੀਆਂ ਯਾਦਾਂ ਵਿਚ ਇਸ ਪੱਖ ਨੂੰ ਸਾਫ਼ ਕਰਦਿਆਂ ਸਿਮੋਨ ਨੇ ਆਤਮਕਥਾ ਦੀ ਤੀਜੀ ਖੇਪ ਦੀ ਅੰਤਿਕਾ ਵਿਚ ਲਿਖਿਆ ਸੀ : ”ਆਪਣੀ ਜ਼ਿੰਦਗੀ ਦੀ ਇਕ ਕਾਮਯਾਬੀ ਬਾਰੇ ਮੇਰਾ ਪੂਰਾ ਯਕੀਨ ਹੈ : ਸਾਰਤ੍ਰ ਨਾਲ ਮੇਰਾ ਰਿਸ਼ਤਾ। ਪਿਛਲੇ ਤਿੰਨ ਦਹਾਕਿਆਂ ਦੀ ਡੂੰਘੀ ਨੇੜਤਾ ਦੌਰਾਨ … ਇਕ ਦੂਜੇ ਨਾਲ ਗੁਫ਼ਤਗੂ ’ਚ ਸਾਡੀ ਦਿਲਚਸਪੀ ਵਿਚ ਕੋਈ ਕਮੀ ਨਹੀਂ ਆਈ। ਮੇਰੀ ਇਕ ਸਹੇਲੀ ਮੁਤਾਬਕ ਅਸੀਂ ਇਕ ਦੂਜੇ ਨੂੰ ਬਹੁਤ ਹੀ ਧਿਆਨ ਅਤੇ ਸਤਿਕਾਰ ਨਾਲ ਸੁਣਦੇ ਹਾਂ। ਇਸ ਦੇ ਬਾਵਜੂਦ ਅਸੀਂ ਦੋਹਾਂ ਨੇ, ਹਮੇਸ਼ਾ ਹੀ, ਇਕ ਦੂਜੇ ਦੇ ਵਿਚਾਰਾਂ ਦੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਆਲੋਚਨਾ ਸੋਧ ਅਤੇ ਪੁਸ਼ਟੀ ਕੀਤੀ ਹੈ। ਇਸ ਵਜੋਂ ਸਾਡੇ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਰਲ ਕੇ ਸੋਚਦੇ ਰਹੇ। … ਇਸ ਦੇ ਬਾਵਜੂਦ ਸਾਡੇ ਵਿਚਕਾਰ ਸਾਡੇ ਮਜ਼ਾਜ਼ਾਂ, ਸਾਡੀਆਂ ਦਿਸ਼ਾਵਾਂ ਅਤੇ ਇਕ ਦੂਜੇ ਨੂੰ ਜਾਨਣ ਤੋਂ ਪਹਿਲਾਂ ਦੇ ਲਏ ਗਏ ਫ਼ੈਸਲਿਆਂ ਦਾ ਫ਼ਰਕ ਜਾਂ ਵੱਖਰਾਪਨ ਕਾਇਮ ਹੈ। ਆਪਣੀ ਆਪਣੀ ਸਮਗਰਤਾ ਵਿਚ ਸਾਡੀਆਂ, ਦੋਨਾਂ ਦੀਆਂ, ਲਿਖਤਾਂ ਇਕ ਦੂਜੇ ਤੋਂ ਤਕਰੀਬਨ ਪੂਰੀ ਤਰ੍ਹਾਂ ਭਿੰਨ ਹਨ। ਹਾਲਾਂਕਿ ਉਹਨਾਂ ਦੀ ਉਪਜ ਸਾਡੀ ਜ਼ਮੀਨ ਦੀ ਸਾਂਝੀ ਕਿਆਰੀ ’ਤੇ ਹੋਈ ਹੈ।’’ ਸਿਮੋਨ ਵਲੋਂ ਕੀਤੇ ਗਏ ਇਸ ਦਾਅਵੇ ਨੂੰ ਸਮਝਣ ਅਤੇ ਯਾਦਗਾਰੀ ਕਾਮਸਾਬੀ ਦੀ ਪ੍ਰਾਪਤੀ ਲਈ ਕੀਤੇ ਗਏ ਸੰਘਰਸ਼, ਉਹਨਾਂ ਦੇ ਰਿਸ਼ਤਿਆਂ ਦੀਆਂ ਸੰਭਾਵਨਾਵਾਂ ਅਤੇ ਯਥਾਰਥ ਨੂੰ ਸਮਝਣ ਦਾ ਉਪਰਾਲਾ ਕਰਨਾ ਪਵੇਗਾ। ਸ਼ਾਇਦ ਕਾਮਯਾਬੀ ਦੇ ਇਸ ਦਾਅਵੇ ਮਾਰਫ਼ਤ ਸਿਮੋਨ ਨੇ ਸਾਰਤ੍ਰ ਨਾਲ ਆਪਣੇ ਰਿਸ਼ਤੇ ਨੂੰ ਅਸਲੀਅਤ ਤੋਂ ਕਿਤੇ ਉਚੇਰੇ ਪੱਧਰ ’ਤੇ ਪੇਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋ ਸਕਦੀ ਹੈ।
ਕੁਝ ਆਲੋਚਕ ਸਿਮੋਨ ਵਲੋਂ ਪੂਰੀ ਖੁੱਲ੍ਹਦਿਲੀ ਨਾਲ ਕੀਤੀ ਸਾਰਤ੍ਰ ਦੀ ਪ੍ਰਸੰਸਾ ਅਤੇ ਸਾਰਤ੍ਰ ਵਲੋਂ ਆਪਣੇ ਵਿਚਾਰਕ ਵਿਕਾਸ ਵਿਚ ਸਿਮੋਨ ਦੀ ਭੂਮਿਕਾ ਅਤੇ ਯੋਗਦਾਨ ਬਾਰੇ ਸੋਚੀ ਸਮਝੀ ਚੁੱਪੀ ਦੀ ਆਲੋਚਨਾ ਕਰਦੇ ਹਨ। ਇਹਨਾਂ ਆਲੋਚਕਾਂ ਅਨੁਸਾਰ ਸਿਮੋਨ ਦੀਆਂ ਯਾਦਾਂ, ਚਿੱਠੀਆਂ ਅਤੇ ਸਾਹਿਤ ਦਾ ਸਮੁੱਚਾ ਪਾਠ ਇਹ ਸਾਫ਼ ਕਰਦਾ ਹੈ ਕਿ ਸਾਹਿਤ ਦਾ ਸੱਚ ਆਤਮ ਕਥਾ ਦੇ ਸੱਚ ਨਾਲੋਂ ਕਿਤੇ ਜ਼ਿਆਦਾ ਪਾਰਦਰਸ਼ੀ ਅਤੇ ਨਿਰਮਲ ਹੋ ਕੇ ਨਿੱਤਰਦਾ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਸਿਮੋਨ ਦ’ ਬੋਵੁਆਰ ਨੂੰ ਔਰਤ ਹੋਣ ਕਾਰਨ ਆਪਣੀ ਸਵੈ-ਪਹਿਚਾਣ ਬਨਾਉਣ ਅਤੇ ਉਸਨੂੰ ਕਾਇਮ ਰੱਖਣ ਲਈ ਜਿਹੜਾ ਸੰਘਰਸ਼ ਕਰਨਾ ਪਿਆ ਉਸ ਦੀ ਲੋੜ ਸਾਰਤ੍ਰ ਨੂੰ ਕਦੇ ਵੀ ਮਹਿਸੂਸ ਨਹੀਂ ਹੋਈ ਕਿਉਂਕਿ ਉਹ ਇਕ ਮਰਦ ਸੀ। ਕਾਫ਼ੀ ਅਰਸੇ ਤੱਕ ਸਿਮੋਨ ਨੂੰ ਵੀ ਇਹ ਵਹਿਮ ਰਿਹਾ ਕਿ ਉਹ ਇਕ ਸੁਤੰਤਰ ਬੁੱਧੀਜੀਵੀ ਸੀ ਅਤੇ ਉਹਦੇ ਔਰਤ ਹੋਣ ਕਾਰਨ ਉਸ ਦੀ ਜ਼ਿੰਦਗੀ ਅਤੇ ਸੋਚਣੀ ’ਤੇ ਕੋਈ ਫ਼ਰਕ ਨਹੀਂ ਪਿਆ ਸੀ। ਸਿਮੋਨ ਨੇ ਜਦ ਆਪਣੀ ਆਤਮਕਥਾ ਲਿਖਣ ਬਾਰੇ ਸੋਚਣਾ ਸ਼ੁਰੂ ਕੀਤਾ ਤਾਂ ਉਸ ਵਾਸਤੇ ਆਪਣੀ ਸਵੈ-ਪਹਿਚਾਣ ਵਿਚਾਰਨ ਦਾ ਮਸਲਾ ਪੇਸ਼ ਹੋਇਆ। ਅਜਿਹਾ ਮਸਲਾ ਕਿਸੇ ਮਰਦ ਲੇਖਕ ਜਾਂ ਵਿਚਾਰਕ ਸਾਹਮਣੇ ਪੇਸ਼ ਨਹੀਂ ਹੁੰਦਾ। ਕੋਈ ਵੀ ਮਰਦ ਇਹ ਨਹੀਂ ਪੁੱਛਦਾ ਕਿ ਕੀ ਉਹ ਪਹਿਲਾਂ ਇਕ ਮਰਦ ਹੈ ਅਤੇ ਬਾਅਦ ਵਿਚ ਇਕ ਲੇਖਕ ਜਾਂ ਬੁੱਧੀਜੀਵੀ ਹੈ। ਪਰ ਸਿਮੋਨ ਨੂੰ ਇਹ ਸੋਚਣਾ ਪਿਆ, ”ਕੀ ਮੈਂ ਇਕ ਬੁੱਧੀਜੀਵੀ/ਲੇਖਕ ਹਾਂ ਜਾਂ ਮੈਂ ਪਹਿਲਾਂ ਔਰਤ ਹਾਂ ਅਤੇ ਔਰਤ ਹੋਣ ਦੇ ਨਾਲ ਨਾਲ ਲੇਖਕ ਅਤੇ ਬੁੱਧੀਜੀਵੀ ਵੀ ਹਾਂ।’’
ਆਪਣੇ ਸਾਹਮਣੇ ਔਰਤ ਹੋਣ ਦੇ ਯਥਾਰਥ ਦਾ ਮਸਲਾ ਪੇਸ਼ ਹੋਣ ’ਤੇ ਸਿਮੋਨ ਨੇ ਦੁਨੀਆ ਵਿਚ ਔਰਤਾਂ ਦੀ ਅਸਲੀ ਸਥਿਤੀ ਬਾਰੇ ਵਿਸ਼ਲੇਸ਼ਣ ਕਰਨਾ ਸ਼ੁਰੂ ਕੀਤਾ। ਇਸ ਗੰਭੀਰ ਅਤੇ ਲੰਬੇ ਵਿਸ਼ਲੇਸ਼ਣ ਦਾ ਨਤੀਜਾ ਸਿਮੋਨ ਦੀ ਪ੍ਰਸਿੱਧ ਪੁਸਤਕ ”ਸੈਕਿੰਡ ਸੈਕਸ’’ ਸੀ। ਸਿਮੋਨ ਆਪਣੇ ਵਿਸ਼ਲੇਸ਼ਣ ਦੇ ਆਧਾਰ ’ਤੇ ਇਸ ਨਤੀਜੇ ’ਤੇ ਪੁੱਜੀ ਕਿ ਇਹ ਦੁਨੀਆ ਹਮੇਸ਼ਾ ਮਰਦਾਂ ਦੀ ਦੁਨੀਆ ਰਹੀ ਹੈ ਅਤੇ ਜਿੰਨੇ ਵੀ ਤਰਕ ਅਜਿਹੀ ਹੋਂਦ ਦੀ ਵਿਆਖਿਆ ਜਾਂ ਇਸ ਦੇ ਸਮਰਥਨ ਲਈ ਦਿੱਤੇ ਜਾਂਦੇ ਹਨ ਉਹ ਹਮੇਸ਼ਾ ਇਸ ਤੱਥ ਦੀ ਜ਼ਰੂਰਤ ਜਾਂ ਇਸ ਨੂੰ ਸਹੀ ਸਾਬਤ ਕਰਨ ਲਈ ਨਾਕਾਫ਼ੀ ਸਿੱਧ ਹੋਏ ਹਨ। ਇਸ ਮਰਦ-ਪੱਖੀ ਦੁਨੀਆਂ ਵਾਂਗ ਇਸਦਾ ਚਿਤਰਣ ਅਤੇ ਵਰਣਨ ਵੀ ਮਰਦਾਂ ਨੇ ਆਪਣੇ ਨਜ਼ਰੀਏ ਤੋਂ ਹੀ ਕੀਤਾ ਹੈ। ਮਰਦ ਹਮੇਸ਼ਾ ਇਸ ਭੁਲੇਖੇ ਦਾ ਸ਼ਿਕਾਰ ਰਹੇ ਹਨ ਕਿ ਉਹਨਾਂ ਦਾ ਨਜ਼ਰੀਆ ਹੀ ਅੰਤਿਮ ਤੇ ਪਰਮ ਸੱਚ ਹੈ। ਸਿਮੋਨ ਨੇ ਇਹ ਵੀ ਮਹਿਸੂਸ ਕੀਤਾ ਕਿ ”ਔਰਤਾਂ ਲਈ ਸਾਰਿਆਂ ਤੋਂ ਵੱਧ ਹਮਦਰਦੀ ਰੱਖਣ ਵਾਲਾ ਮਰਦ ਵੀ ਜ਼ਿੰਦਗੀ ਦੀਆਂ ਨਿੱਗਰ ਸਥਿਤੀਆਂ ’ਚ ਔਰਤ ਦੀ ਸਮੁੱਚੀ ਹੋਂਦ ਨੂੰ ਸਹੀ ਸਮਝਣ ’ਚ ਅਕਸਰ ਉੱਕ ਹੀ ਜਾਂਦਾ ਹੈ।’’ ਮਰਦਾਂ ਦੀ ਇਸ ਕਮਜ਼ੋਰੀ ਦੀ ਪਹਿਚਾਣ ਸਿਮੋਨ ਨੇ ਜ਼ਰੂਰ ਆਪਣੀ ਜ਼ਿੰਦਗੀ ਦੇ ਅਨੁਭਵਾਂ ਤੋਂ ਹੀ ਹਾਸਲ ਕੀਤੀ ਹੋਵੇਗੀ। ‘ਪਿਆਰ’ ਬਾਰੇ ਚਰਚਾ ਕਰਦਿਆਂ ਸਿਮੋਨ ਨੇ ਲਿਖਿਆ ਸੀ : ਮਰਦਾਂ ਅਤੇ ਔਰਤਾਂ ਲਈ ‘ਪਿਆਰ’ ਸ਼ਬਦ ਦੇ ਅਰਥ ਕਿਸੇ ਵੀ ਤਰ੍ਹਾਂ ਨਾਲ ਸਮਰੂਪ ਜਾਂ ਸਮਾਨ ਨਹੀਂ ਹਨ। ਇਹ ਫ਼ਰਕ ਹੀ ਉਹਨਾਂ ਵਿਚਲੀਆਂ ਆਪਸੀ ਗ਼ਲਤ ਫਹਿਮੀਆਂ ਦੀ ਸੰਜੀਦਗੀ ਅਤੇ ਪਾੜੇ ਦਾ ਇਕ ਪ੍ਰਮੁੱਖ ਕਾਰਨ ਹੈ।
ਔਰਤਾਂ ਅਤੇ ਮਰਦਾਂ ਦੇ ਇਸ ਫਰਕ ਦੀ ਚਰਚਾ ਸਿਮੋਨ ਨੇ ਸ਼ਾਇਦ ਆਪਣੇ, ਸਾਰਤ੍ਰ ਅਤੇ ਨੈਲਸਨ ਐਲਗ੍ਰੇਨ ਵਿਚਕਾਰਲੇ ਰਿਸ਼ਤਿਆਂ ਵਿਚ ਪੇਸ਼ ਹੋਈਆਂ ਗੁੰਝਲਾਂ ਕਾਰਨ ਕੀਤੀ। 1947-49 ਦੇ ਦਿਨਾਂ ਵਿੱਚ ”ਸੈਕਿੰਡ ਸੈਕਸ’’ ਦੀ ਲੇਖਨੀ ਦੌਰਾਨ ਸਾਰਤ੍ਰ ਦਾ ਇਸ਼ਕ ਇਕ ਅਮਰੀਕੀ ਅਦਾਕਾਰਾ ਨਾਲ ਪੂਰੇ ਵੇਗ ’ਤੇ ਸੀ ਅਤੇ ਸਿਮੋਨ ਆਪ ਇਕ ਅਮਰੀਕੀ ਲੇਖਕ ਨੈਲਸਨ ਐਲਗ੍ਰੇਨ ’ਤੇ ਮੁਗਧ ਸੀ। ਆਪਣੇ ਅਮਰੀਕੀ ਪ੍ਰੇਮੀ ਨੂੰ ਲਿਖੇ ਖ਼ਤਾਂ ਵਿਚ ਸਿਮੋਨ ਇਕ ਨਾਜ਼ੁਕ, ਸ਼ਰਾਰਤੀ ਅਤੇ ਪ੍ਰੇਮ ਨਾਲ ਭਿੱਜੀ ਹੋਈ ਭਾਵੁਕ ਪਰ ਚਤੁਰ ਔਰਤ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਆਪਣੇ ਇਕ ਖ਼ਤ ਵਿਚ ਸਿਮੋਨ ਨੇ ਨੈਲਸਨ ਨੂੰ ਲਿਖਿਆ : ”ਮੇਰਾ ਪ੍ਰੀਤਮ ਬਹੁਤ ਦੂਰ ਹੈ… ਜਦ ਤੱਕ ਉਹ ਮੈਨੂੰ ਮਿਲ ਨਾ ਜਾਵੇ ਮੈਂ ਉਸ ਬਾਰੇ ਸੋਚਦੀ ਰਹਾਂਗੀ ਅਤੇ ਉਸ ਨੂੰ ਮਿਲਣ ਦੇ ਬਾਅਦ ਕੁਝ ਵੀ ਹੋਰ ਸੋਚਣ ਦੀ ਲੋੜ ਹੀ ਨਹੀਂ ਰਹੇਗੀ। … ਉਹ ਬਹੁਤ ਜ਼ਿਆਦਾ ਦੂਰ ਹੈ ਪਰ ਉਸ ਤੋਂ ਨੇੜੇ ਵੀ ਹੋਰ ਕੋਈ ਨਹੀਂ ਕਿਉਂਕਿ ਉਹ ਮੇਰੇ ਦਿਲ ਵਿਚ ਰਹਿੰਦਾ ਹੈ। ਉਸ ਦਾ ਨਾਂ ਨੈਲਸਨ ਐਲਗ੍ਰੇਨ ਹੈ।’’
ਸਿਮੋਨ ਨੇ ਨੈਲਸਨ ਦੀ ਦਿੱਤੀ ਮੁੰਦਰੀ ਸਾਰੀ ਉਮਰ ਆਪਣੀ ਉਂਗਲੀ ਵਿਚ ਰੱਖੀ। ਇਹ ਮੁੰਦਰੀ ਸਿਮੋਨ ਦੇ ਨਾਲ ਹੀ ਉਸ ਦੀ ਕਬਰ ਵਿਚ ਗਈ। ਪਰ ਨੈਲਸਨ ਨੂੰ ਪਿਆਰ ਕਰਨ ਦੇ ਬਾਵਜੂਦ ਸਿਮੋਨ ਪੈਰਿਸ ਤੋਂ ਸ਼ਿਕਾਗੋ ਜਾ ਕੇ ਨੈਲਸਨ ਨਾਲ ਰਹਿਣ ਲਈ ਤਿਆਰ ਨਹੀਂ ਹੋ ਸਕੀ। ਉਸਦੇ ਲਈ ਆਪਣਾ ਮਾਹੌਲ, ਆਪਣੀ ਭਾਸ਼ਾ, ਸਾਰਤ੍ਰ ਲਈ ਆਪਣੀ ਜ਼ਿੰਮੇਵਾਰੀ ਜ਼ਿਆਦਾ ਮਾਇਨਾ ਰੱਖਦੇ ਸਨ। ਸਤਾਰਾਂ ਵਰਿ੍ਹਆਂ ਬਾਅਦ 1964 ਵਿੱਚ ਇਹ ਰਿਸ਼ਤਾ ਖ਼ਤਮ ਹੋ ਗਿਆ। ਪਰ ਕੀ ਇਹ ਸੱਚਮੁੱਚ ਖ਼ਤਮ ਹੋਇਆ? ਸਿਮੋਨ ਦੀ ਉਂਗਲ ਵਿਚ ਸਾਰੀ ਉਮਰ ਟਿਕੀ ਨੈਲਸਨ ਦੀ ਮੁੰਦਰੀ ਆਪਣੀ ਕਹਾਣੀ ਆਪ ਕਹਿੰਦੀ ਹੈ।
ਸਿਮੋਨ ਨੇ ਔਰਤਾਂ ਦੀ ਹੋਂਦ ਬਾਰੇ ਪ੍ਰਚਲਿਤ ਮਿਥਕਾਂ, ਇਤਿਹਾਸ, ਮਨੋਵਿਗਿਆਨ, ਅਰਥ ਸ਼ਾਸਤਰ, ਸਾਹਿਤ ਅਤੇ ਫ਼ਲਸਫ਼ੇ ਵਿਚ ਪੇਸ਼ ਕੀਤੀਆਂ ਗਈਆਂ ਧਾਰਨਾਵਾਂ, ਸਿਧਾਂਤਾਂ, ਮਾਨਤਾਵਾਂ ਦਾ ਡੂੰਘਾ ਅਧਿਐਨ ਕਰਨ ਬਾਅਦ ਇਹ ਨਤੀਜਾ ਕੱਢਿਆ : ਔਰਤ ਪੈਦਾ ਨਹੀਂ ਹੁੰਦੀ, ਔਰਤ ਬਣਾਈ ਜਾਂਦੀ ਹੈ। ਮਰਦ ਆਪਣੇ ਆਪ ਨੂੰ ਆਜ਼ਾਦ ਪ੍ਰਾਣੀ, ਸਿਆਣੇ, ਅਕਲਮੰਦ, ਦੁਨੀਆ ਦੇ ਬਾਦਸ਼ਾਹ, ਮਾਲਿਕ ਸਮਝਦੇ ਹਨ ਅਤੇ ਆਪਣੇ ਵਿਪਰੀਤ ਔਰਤ ਨੂੰ ਗੁਲਾਮ, ਮੂਰਖ਼ ਅਤੇ ਦੋਇਮ ਦਰਜੇ ਦਾ ਸਮਝਦੇ ਹਨ। ਸੈਕਿੰਡ ਸੈਕਸ ਦੀ ਭੂਮਿਕਾ ’ਚ ਸਿਮੋਨ ਦਾ ਬੋਵੁਆਰ ਨੇ ਲਿਖਿਆ ਸੀ : ਇਕ ਅਰਸੇ ਤੋਂ ਮੈਂ ਔਰਤ ਬਾਰੇ ਲਿਖਣਾ ਚਾਹੁੰਦੀ ਸੀ ਪਰ ਝਿਜਕਦੀ ਰਹੀ। ‘ਔਰਤ’ ਇਕ ਪਰੇਸ਼ਾਨ ਕਰਨ ਵਾਲਾ ਵਿਸ਼ਾ ਹੈ, ਖਾਸ ਤੌਰ ’ਤੇ ਔਰਤਾਂ ਨੂੰ। ਉਂਜ ਵੀ ਇਸ ਵਿਸ਼ੇ ਵਿਚ ਨਵਾਂ ਕੁਝ ਨਹੀਂ ਹੈ। ਔਰਤਪਣ ਤੇ ਬਹੁਤ ਸਿਆਹੀ ਡੋਲੀ ਜਾ ਚੁੱਕੀ ਹੈ ਅਤੇ ਸਾਡੇ ਕੋਲ ਸ਼ਾਇਦ ਨਵਾਂ ਕੁਝ ਕਹਿਣ ਲਈ ਬਚਿਆ ਵੀ ਨਹੀਂ ਹੈ। ਪਰ ਇਹ ਸੋਚਣਾ ਜ਼ਰੂਰੀ ਹੈ ਕਿ ਹੁਣ ਤੱਕ ਜੋ ਕੁਝ ਲਿਖਿਆ ਜਾਂ ਕਿਹਾ ਗਿਆ ਹੈ ਕੀ ਉਹ ਅਸਲੀ ਸਮੱਸਿਆ ਨੂੰ ਸਮਝਣ ਲਈ ਕਾਫ਼ੀ ਹੈ? ਕੀ ਔਰਤ ਅਸਲ ਵਿਚ ਸਿਰਫ਼ ਔਰਤ ਹੈ? ਨਿਸ਼ਚੇ ਹੀ ਸਦੀਵੀ ਔਰਤ ਦੇ ਸਿਧਾਂਤ ਦੇ ਹਮਾਇਤੀ ਹੌਲੀ ਦੇਣੀ ਤੁਹਾਡੇ ਕੰਨਾਂ ਵਿਚ ਘੁਸਰ-ਮੁਸਰ ਕਰਦੇ ਹੋਏ ਕਹਿਣਗੇ : ”ਸਮਾਜਵਾਦੀ ਰੂਸ ਵਿਚ ਵੀ ਤਾਂ ਔਰਤ ਔਰਤ ਹੀ ਹੈ!’’ ਕਈ ਹੋਰ ਵਿਦਵਾਨ ਬੜਾ ਠੰਡਾ ਸਾਹ ਭਰ ਕੇ ਉਚਰਣਗੇ : ਔਰਤ ਭਟਕ ਗਈ ਹੈ। ਔਰਤ ਔਰਤ ਹੀ ਨਹੀਂ ਰਹੀ।’’ ਅਸੀਂ ਸੋਚਣ ਲੱਗਦੇ ਹਾਂ ਕਿ ਫਿਰ ਸੱਚ ਕੀ ਹੈ? ਜੇ ਆਧੁਨਿਕ ਔਰਤ ਪਰੰਪਰਾ ਵਾਲੀ ਔਰਤ ਨਹੀਂ ਹੈ ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਜੋਕੀ ਦੁਨੀਆ ਵਿਚ ਔਰਤ ਦਾ ਸਹੀ ਠਿਕਾਣਾ ਅਤੇ ਸਹੀ ਰੂਪ ਕਿਹੜਾ ਹੈ? ਦਰਅਸਲ ਔਰਤ ਨੂੰ ਸਮਾਜ ਵਿਚ ਕਿਹੜਾ ਦਰਜਾ ਮਿਲਣਾ ਚਾਹੀਦਾ ਹੈ?
ਪਹਿਲਾ ਸਵਾਲ ਇਹੀ ਉੱਠਦਾ ਹੈ ਕਿ ਔਰਤ ਕੀ ਹੈ? ਕੀ ਔਰਤ ਮਹਿਜ਼ ਇਕ ਬੱਚੇਦਾਨੀ ਹੈ? ਔਰਤਾਂ ਦੇ ਕੁਝ ਕਦਰਦਾਨ ਇਹ ਵੀ ਕਹਿਣਗੇ ਕਿ ਬੱਚੇਦਾਨੀ ਵਰਗਾ ਔਜ਼ਾਰ ਕੋਲ ਹੋਣ ਦੇ ਬਾਵਜੂਦ ਅੱਜ ਦੇ ਸੰਦਰਭ ਵਿਚ ਔਰਤ ਆਪਣੇ ਆਪ ਵਿਚ ਸਿਮਟੀ ਨਹੀਂ ਰਹੀ। ਪਰ ਅੱਜ ਦੀ ਔਰਤ ਦੇ ਯਥਾਰਥ ਨੂੰ ਕੋਈ ਨਕਾਰ ਨਹੀਂ ਸਕਦਾ। ਸੱਚਾਈ ਇਹੀ ਹੈ ਕਿ ਮਾਨਵ ਜਾਤੀ ਅਤੇ ਔਰਤ ਦੀ ਹੋਂਦ ਇਕ ਦੂਜੇ ਤੋਂ ਬਹੁਤ ਵੱਖ ਹੈ। ਔਰਤ ਮਾਨਵਤਾ ਦਾ ਅੱਧਾ ਹਿੱਸਾ ਹੈ। ਇਹ ਹੈਰਾਨਕੁੰਨ ਜਾਪਦਾ ਹੈ ਕਿ ਮਾਨਵਤਾ ਦੇ ਅੱਧੇ ਹਿੱਸੇ ਬਾਰੇ ਇਹ ਕਿਹਾ ਜਾਵੇ ਕਿ ਅੱਜ ਔਰਤਪੁਣੇ ਦੀ ਹੋਂਦ ਖ਼ਤਰੇ ਵਿਚ ਹੈ। ਔਰਤ ਨੂੰ ਔਰਤ ਹੋਣਾ ਸਿਖਾਇਆ ਜਾਂਦਾ ਹੈ। ਔਰਤ ਨੂੰ ਔਰਤ ਬਣੀ ਰਹਿਣ ਲਈ ਉਸ ਨੂੰ ਉੰਝ ਦਾ ਬਣਨਾ ਸਿਖਾਇਆ ਜਾਂਦਾ ਹੈ।’’ ਇਸ ਤਰ੍ਹਾਂ ਸਿਮੋਨ ਦ’ ਬੋਵੁਅਰ ਨੇ ਔਰਤਾਂ ਨੂੰ ਆਪਣੀ ਹੋਂਦ ਦੀ ਅਸਲੀਅਤ ਦਾ ਵਿਸ਼ਲੇਸ਼ਣ ਕਰਨ ਲਈ ਪ੍ਰੇਰਿਆ।
1949 ਵਿਚ ਜਦੋਂ ਪੈਰਿਸ ਵਿਚ ”ਸੈਕਿੰਡ ਸੈਕਸ’’ ਦਾ ਪ੍ਰਕਾਸ਼ਨ ਹੋਇਆ ਤਾਂ ਪਹਿਲੇ ਮਹੀਨੇ ਹੀ ਸੱਤਰ ਹਜ਼ਾਰ ਤੋਂ ਵੱਧ ਪ੍ਰਤੀਆਂ ਵਿਕ ਗਈਆਂ। ਪਰ ਇਸ ਕਿਤਾਬ ਨਾਲ ਸਿਮੋਨ ਬਾਰੇ ਬਹੁਤ ਉਲਟਾ ਸਿੱਧਾ ਪ੍ਰਚਾਰ ਵੀ ਹੋਇਆ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਫਰੈਂਚ ਤੋਂ ਅੰਗਰੇਜ਼ੀ ਵਿਚ ਇਸ ਕਿਤਾਬ ਦਾ ਤਰਜਮਾ ਐਚ.ਐਮ. ਪਾਰਸ਼ਲੇ ਨੇ ਕੀਤਾ। ਪਾਰਸ਼ਲੇ ਪ੍ਰਾਣੀ ਸ਼ਾਸਤਰ ਦਾ ਵਿਦਵਾਨ ਸੀ ਅਤੇ ਉਸ ਨੂੰ ਫ਼ਲਸਫ਼ੇ ਬਾਰੇ ਲਗਭਗ ਕੋਈ ਖਾਸ ਜਾਣਕਾਰੀ ਨਹੀਂ ਸੀ। ਇਸ ਕਾਰਨ ਉਸ ਨੂੰ ਮੂਲ ਫਰੈਂਚ ਵਿਚ ਜਿਹੜੇ ਵੀ ਵਿਚਾਰ ਸਮਝਣ ਵਿਚ ਮੁਸ਼ਕਲ ਪੇਸ਼ ਆਈ, ਉਹ ਉਸ ਨੇ ਅਨੁਵਾਦ ਹੀ ਨਹੀਂ ਕੀਤੇ। ਨਤੀਜਾ ਇਹ ਹੋਇਆ ਕਿ ਸਿਮੋਨ ਦ’ ਬੋਵੁਆਰ ਦੇ ਵਿਚਾਰ ਸਹੀ ਢੰਗ ਨਾਲ ਅੰਗਰੇਜ਼ੀ ਪਾਠਕਾਂ ਸਾਹਮਣੇ ਨਹੀਂ ਪਹੁੰਚੇ-ਅਰਥ ਦਾ ਅਨਰਥ ਵੀ ਪਰੋਸਿਆ ਗਿਆ। ਸਿਮੋਨ ਦੀ ਆਲੋਚਨਾ ਕਈ ਵਾਰ ਅਨੁਵਾਦ ਦੀਆਂ ਖ਼ਾਮੀਆਂ ਵਜੋਂ ਵੀ ਹੁੰਦੀ ਰਹੀ। ਫਰੈਂਚ ਭਾਸ਼ਾ ਵਿਚ ਮੂਲ ਪੁਸਤਕ ਪੜ੍ਹ ਸਕਣ ਵਾਲੇ ਕਈ ਵਿਦਵਾਨਾਂ ਅਨੁਸਾਰ ਅੰਗਰੇਜ਼ੀ ਅਨੁਵਾਦ ਵਿਚੋਂ 15-20% ਹਿੱਸਾ ਗਾਇਬ ਹੈ। ਪੁਸਤਕ ਦੇ ਪ੍ਰਕਾਸ਼ਕ ਸੋਧਿਆ ਹੋਇਆ ਸੰਸਕਰਣ ਨਾ ਆਪ ਛਾਪਣ ਲਈ ਤਿਆਰ ਹਨ ਅਤੇ ਨਾ ਕਿਸੇ ਹੋਰ ਨੂੰ ਸਹੀ ਅਨੁਵਾਦ ਛਾਪਣ ਦੀ ਇਜਾਜ਼ਤ ਦਿੰਦੇ ਹਨ। ਸਿਮੋਨ ਦ’ ਬੋਵੁਆਰ ਦੀ ਇਸ ਕਿਰਤ ਦੇ ਸਹੀ ਅੰਗਰੇਜ਼ੀ ਅਨੁਵਾਦ ਲਈ ਅੱਜ ਕੱਲ੍ਹ ਇਕ ਮੁਹਿੰਮ ਸ਼ੁਰੂ ਹੋਈ ਹੈ। ਇਸ ਤੋਂ ਇਹ ਸਾਫ਼ ਹੁੰਦਾ ਹੈ ਕਿ ਆਪਣੀਆਂ ਪ੍ਰਾਪਤੀਆਂ ਦੇ ਬਾਵਜੂਦ ਕਿਸੇ ਵਿਚਾਰਕ ਲਈ ਪੂੰਜੀਵਾਦੀ ਸੰਸਾਰ ਵਿਚ ਆਪਣੇ ਹੱਕਾਂ ਦੀ ਰਾਖੀ ਕਰਨਾ ਕਿੰਨਾ ਮੁਸ਼ਕਿਲ ਹੈ।
ਸਿਮੋਨ ਦ’ ਬੋਵੁਆਰ ਦੀਆਂ ਰਚਨਾਵਾਂ, ਖ਼ਾਸ ਤੌਰ ’ਤੇ ਉਸ ਦੀਆਂ ਆਤਮ ਕਥਾਵਾਂ ਅਤੇ ਸਾਹਿਤਕ ਕਿਰਤਾਂ ਨੇ ਪਿਛਲੀ ਸਦੀ ਦੇ ਪਾਠਕਾਂ ਨੂੰ ਔਰਤ-ਮਰਦ ਦੇ ਰਿਸ਼ਤਿਆਂ ਦੀ ਅਸਲੀਅਤ ਬਾਰੇ ਮੁੜ ਤੋਂ ਵਿਚਾਰਨ ਲਈ ਪ੍ਰੇਰਿਆ। ਨਾਰੀਵਾਦੀ ਅੰਦੋਲਨ ਦੇ 1960-70 ਵਾਲੇ ਸਾਲਾਂ ਦੀਆਂ ਵਿਚਾਰਕਾਂ ਅਤੇ ਨੇਤਾਵਾਂ ਨੇ ਸਿਮੋਨ ਦੀ ਜ਼ਿੰਦਗੀ ਅਤੇ ਕਿਰਤਾਂ ਦੋਹਾਂ ਤੋਂ ਹੀ ਨਵੀਂ ਦ੍ਰਿਸ਼ਟੀ ਅਤੇ ਨਵਾਂ ਰਾਹ ਹਾਸਲ ਕੀਤਾ। ਸਿਮੋਨ ਦੀ ਜਨਮ ਸ਼ਤਾਬਦੀ ਆਉਣ ਵਾਲੇ ਦੋ ਸਾਲਾਂ ਦੌਰਾਨ ਮਨਾਈ ਜਾਵੇਗੀ। ਪਰ ਇਸ ਦੇ ਬਾਵਜੂਦ ਅੱਜ ਵੀ ਔਰਤਾਂ ਲਈ ਆਪਣੇ ਇਨਸਾਨੀ ਹੱਕਾਂ, ਬਰਾਬਰੀ ਅਤੇ ਆਜ਼ਾਦੀ ਲਈ ਸੰਘਰਸ਼ ਕਰਨਾ ਜ਼ਰੂਰੀ ਹੈ। ਇਸ ਨਿਰੰਤਰ ਸੰਘਰਸ਼ ਤੋਂ ਗੁੱਸੇ ਹੋ ਕੇ ਕਈ ਔਰਤਾਂ, ਮਰਦਾਂ ਨੂੰ ਔਰਤਾਂ ਦੇ ਸਦੀਵੀ ਦੁਸ਼ਮਣ ਸਮਝਣ ਲੱਗਦੀਆਂ ਹਨ। ਉਹਨਾਂ ਨੂੰ ਸਿਮੋਨ ਤੋਂ ਸਿੱਖਣਾ ਚਾਹੀਦਾ ਹੈ ਕਿ ਔਰਤਾਂ ਖ਼ੁਦ ਵੀ ਛੋਟੀਆਂ-ਛੋਟੀਆਂ ਸਹੂਲਤਾਂ ਦੇ ਲਾਲਚ ਵਿਚ ਆਪਣੀ ਗ਼ੁਲਾਮੀ ਅਤੇ ਸ਼ੋਸ਼ਣ ਕਰਨ ਵਾਲੇ ਮਰਦ ਪੱਖੀ ਸਮਾਜ ਦੀਆਂ ਸਾਜਿਸ਼ਾਂ ਵਿਚ ਕਦੇ ਅਣਜਾਣੇ ਅਤੇ ਕਦੇ ਸੋਚ ਸਮਝ ਕੇ ਸ਼ਾਮਲ ਹੁੰਦੀਆਂ ਹਨ। ਦਰਅਸਲ ਸਵਾਲ ਸਿਰਫ਼ ਔਰਤਾਂ ਲਈ ਬਰਾਬਰੀ ਜਾਂ ਆਜ਼ਾਦੀ ਦਾ ਹੀ ਨਹੀਂ ਹੈ। ਸਵਾਲ ਸਾਰੇ ਇਨਸਾਨਾਂ ਦੀ ਬਰਾਬਰੀ, ਆਜ਼ਾਦੀ, ਸਨਮਾਨ ਅਤੇ ਉਹਨਾਂ ਲਈ ਨਿਆਂ ਦਾ ਹੈ। ਆਪਣੀ ਸੁਤੰਤਰਤਾ ਨੂੰ ਅਸਲੀ ਰੂਪ ਦੇਣ ਦੀ ਕੋਸ਼ਿਸ਼ ਕਰਦਿਆਂ ਹਰ ਇਨਸਾਨ ਦੀ ਜ਼ਿੰਮੇਵਾਰੀ ਉਸ ਦੇ ਆਪਣੇ ਸਿਰ ਹੁੰਦੀ ਹੈ। ਇਨਸਾਨ ਕੋਈ ਪੱਥਰ ਜਾਂ ਪੌਦਾ ਨਹੀਂ ਜੋ ਸਿਰਫ਼ ਹੁੰਦਾ ਜਾਂ ਨਹੀਂ ਹੁੰਦਾ ਹੈ। ਸਾਨੂੰ ਸਿਰਫ਼ ਇਸ ਤੱਥ ਨਾਲ ਕਦੇ ਸੰਤੋਖ ਨਹੀਂ ਹੋ ਸਕਦਾ ਕਿ ਅਸੀਂ ਜੀ ਰਹੇ ਹਾਂ ਅਤੇ ਅਸੀਂ ਇਸ ਦੁਨੀਆ ਵਿਚ ਮੌਜੂਦ ਹਾਂ। ਅਸੀਂ ਇਸ ਲਈ ਇਨਸਾਨ ਹਾਂ ਕਿਉਂਕਿ ਅਸੀਂ ਆਪਣੇ ਨਕਾਰਾ ਹੋਣ ਤੋਂ ਇਨਕਾਰੂ ਹਾਂ। ਸਾਡੀ ਇਹੀ ਇਨਸਾਨੀ ਇੱਛਾ ਸਾਨੂੰ ਵਰਤਮਾਨ ਤੋਂ ਭਵਿੱਖ ਵੱਲ ਸੋਚਣ ਅਤੇ ਪਹੁੰਚਣ ਲਈ ਪ੍ਰੇਰਿਤ ਕਰਦੀ ਹੈ। ਇਸੇ ਇੱਛਾ ਅਤੇ ਪ੍ਰੇਰਣਾ ਵਜੋਂ ਅਸੀਂ ਆਪਣੇ ਆਲੇ-ਦੁਆਲੇ, ਆਪਣੀਆਂ ਸਥਿਤੀਆਂ ਨੂੰ ਆਪਣੇ ਵਸ ਵਿਚ ਕਰਨਾ ਚਾਹੁੰਦੇ ਹਾਂ। ਅਸੀਂ ਸਥਿਤੀਆਂ ਨੂੰ ਬਦਲਣਾ ਲੋਚਦੇ ਹਾਂ।
ਸਿਮੋਨ ਅਨੁਸਾਰ ਇਨਸਾਨਾਂ ਲਈ ਆਪਣੀ ਹੋਂਦ ਦਾ ਅਰਥ ਹੈ ਆਪਣੇ ਆਪੇ ਦੀ ਮੁੜ ਰਚਨਾ ਕਰਨੀ, ਉਸ ਨੂੰ ਨਿਵੇਕਲਾ ਸਵਰੂਪ ਦੇਣਾ। ਇਨਸਾਨੀ ਜੀਣ ਦਾ ਅਰਥ ਹੈ, ਜੀਵਨ ਦਾ ਸੰਕਲਪ ਲੈ ਕੇ ਜੀਣਾ ਅਤੇ ਸੰਕਲਪ ਨੂੰ ਪੂਰਾ ਕਰਕੇ ਸਿਰੇ ਲਾਉਣ ਦੀ ਕੋਸ਼ਿਸ਼ ਕਰਨੀ। ਮਨੁੱਖ ਸੁਤੰਤਰ ਤਾਂ ਹੈ ਪਰ ਸਾਡੀ ਸੁਤੰਤਰਤਾ ਨੂੰ ਸੱਚਾ ਅਤੇ ਠੋਸ ਰੂਪ ਉਦੋਂ ਹੀ ਹਾਸਲ ਹੁੰਦਾ ਹੈ ਜਦੋਂ ਕਿਸੇ ਟੀਚੇ ਦੀ ਪ੍ਰਾਪਤੀ ਲਈ ਅਸੀਂ ਆਪਣੀ ਦੁਨੀਆ ਨੂੰ ਬਦਲਣ ਦਾ ਉਪਰਾਲਾ ਕਰਦੇ ਹਾਂ। ਸਿਮੋਨ ਦ’ ਬੋਵੁਆਰ ਦੀ ਜ਼ਿੰਦਗੀ ਅਜਿਹੇ ਉਪਰਾਲੇ ਦਾ ਇਕ ਬੇਜੋੜ ਦਸਤਾਵੇਜ਼ ਅਤੇ ਪ੍ਰੇਰਣਾ ਭਰਿਆ ਨਮੂਨਾ ਹੈ। ਸਿਮੋਨ ਦਾ ਸਮੁੱਚਾ ਜੀਵਨ ਇਸ ਸੱਚਾਈ ਦੀ ਗਵਾਹੀ ਹੈ ਕਿ ਸਾਨੂੰ ਆਪਣੀ ਆਜ਼ਾਦੀ ਮਾਨਣ ਲਈ ਪਹਿਲੇ ਤੋਂ ਬਣੇ ਬਣਾਏ ਸਿਧਾਂਤਾਂ ਜਾਂ ਰਸਮਾਂ ਤੋਂ ਕਿਸੇ ਕਿਸਮ ਦੀ ਮਦਦ ਦੀ ਆਸ ਨਹੀਂ ਰੱਖਣੀ ਚਾਹੀਦੀ। ਜਦ ਵੀ ਅਸੀਂ ਪ੍ਰਚਲਿਤ ਵਿਸ਼ਵਾਸਾਂ, ਸਿਧਾਂਤਾਂ ਜਾਂ ਧਾਰਨਾਵਾਂ ਨੂੰ ਕਿਸੇ ਸੌਖੇ ਜਾਪਦੇ ਬਚਾਓ ਲਈ ਇਸਤੇਮਾਲ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਦੋਗਲੇ ਹੋ ਜਾਂਦੇ ਹਾਂ। ਜਦੋਂ ਵੀ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਹੋਣ ਲਈ ਆਪਣੀ ਸੁਤੰਤਰਤਾ ਨੂੰ ਨਕਾਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਮੀਸਣੇ ਯਕੀਨ (ਭਅਦ ਾਂਅਟਿਹ) ਦਾ ਸ਼ਿਕਾਰ ਹੋ ਜਾਂਦੇ ਹਾਂ। ਮੀਸਣੇ ਯਕੀਨ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਸਿਮੋਨ ਦ’ ਬੋਵੁਆਰ ਦੀ ਪੁਸਤਕ ”ਐਥਿਕਸ ਆਫ ਐਂਬਿਗੁਇਟੀ’’ ਵਿਚ ਪ੍ਰਸਤੁਤ ਵਿਚਾਰ ਮਹੱਤਵਪੂਰਨ ਹਨ।
ਸਿਮੋਨ ਅਨੁਸਾਰ ਕੋਈ ਵੀ ਮੁੱਲ ਨਿਰਪੇਖ ਨਹੀਂ ਹੈ। ਆਪਣੀ ਆਜ਼ਾਦੀ ਦੀਆਂ ਸੰਭਾਵਨਾਵਾਂ ਪਛਾਣਦਿਆਂ, ਰੋਜ਼ਾਨਾ ਜ਼ਿੰਦਗੀ ਦਾ ਕਾਰ ਵਿਹਾਰ ਕਰਦੇ ਹੋਏ ਅਸੀਂ ਆਪਣੇ ਜੀਵਨ-ਮੁੱਲਾਂ ਦੀ ਰਚਨਾ ਆਪਣੀਆਂ ਸਥਿਤੀਆਂ ਨੂੰ ਸਮਝਣ ਅਤੇ ਸਿੱਝਣ ਲਈ ਆਪ ਕਰਦੇ ਹਾਂ। ਆਪਣੇ ਜੀਵਨ ਮੁੱਲਾਂ ਦੀ ਰਚਨਾ ਵਿਚ ਹੀ ਅਸੀਂ ਆਪਣੀ ਆਜ਼ਾਦੀ ਦੀ ਸਹੀ ਅਤੇ ਅਸਲੀ ਵਰਤੋਂ ਕਰਦੇ ਹਾਂ। ਆਪਣੀ ਆਜ਼ਾਦੀ ਦਾ ਅਜਿਹਾ ਅਮਲ ਸਾਡੇ ਲਈ ਇਕ ਆਨੰਦ ਭਰਿਆ ਅਨੁਭਵ ਹੋ ਸਕਦਾ ਹੈ। ਆਪਣੀਆਂ ਸਥਿਤੀਆਂ ਨਾਲ ਆਪਣੇ ਸਬੰਧਾਂ ਦੀ ਫੇਰ ਬਦਲ ਦੇ ਉਪਰਾਲੇ ਵਿਚ ਹੀ ਮੁਕਤ ਕਰਮ ਕਰ ਸਕਣ ਦੀ ਸੰਭਾਵਨਾ ਸਾਡੇ ਸਾਹਮਣੇ ਉਜਾਗਰ ਹੁੰਦੀ ਹੈ। ਇਸ ਸੰਭਾਵਨਾ ਨੂੰ ਪਹਿਚਾਨਣ ਅਤੇ ਸਮਝਣ ਨਾਲ ਹੀ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਦੂਜੇ ਵੀ ਮੇਰੇ ਵਾਂਗ ਓਸੇ ਜ਼ਮੀਨ ’ਤੇ ਹਨ ਜਿੱਥੇ ਮੈਂ ਹਾਂ। ਮੇਰੀ ਸੁਤੰਤਰ ਜਾਂ ਮੁਕਤ ਚੋਣ ਉਦੋਂ ਮੌਲਿਕ ਅਤੇ ਸੱਚੀ ਹੁੰਦੀ ਹੈ ਜਦੋਂ ਮੈਂ ਆਪਣੇ ਕਰਮਾਂ ਅਤੇ ਸਬੰਧਾਂ ਲਈ ਆਪਣੀ ਜ਼ਿੰਮੇਵਾਰੀ ਮਹਿਸੂਸ ਕਰਦਾ ਹਾਂ ਅਤੇ ਉਸ ਨੂੰ ਕਬੂਲ ਕਰਦਾ ਹਾਂ। ਮੇਰੀ ਜ਼ਿੰਮੇਵਾਰੀ ਰਾਹੀਂ ਹੀ ਮੇਰੀ ਅਤੇ ਦੂਜਿਆਂ ਦੀ ਆਜ਼ਾਦੀ ਆਪਣੇ ਅਮਲ ਵਿਚ ਆਉਂਦੀ ਹੈ। ਮੇਰੀ ਆਜ਼ਾਦੀ ਦੂਜਿਆਂ ਦੀ ਆਜ਼ਾਦੀ ਦੇ ਨਾਲ ਜੁੜੀ ਹੋਈ ਹੈ ਪਰ ਦੋ ਆਜ਼ਾਦੀਆਂ ਵਿਚ ਵਿਰੋਧ ਵੀ ਪੈਦਾ ਹੋ ਸਕਦਾ ਹੈ, ਜਿਸ ਕਾਰਨ ਹਿੰਸਾ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ। ਪਰ ਗੁਫ਼ਤਗੂ ਰਾਹੀਂ ਇਕ ਦੂਜੇ ਦੇ ਦ੍ਰਿਸ਼ਟੀਕੋਣ ਨੂੰ ਸਮਝ ਕੇ ਵਿਰੋਧਾਂ ਨੂੰ ਘੱਟ ਜਾਂ ਖ਼ਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ। ਇਸ ਸੰਭਾਵਨਾ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਿਮੋਨ ਨੇ ਔਰਤਾਂ ਨੂੰ ਇਸ ਸੰਭਾਵਨਾ ’ਤੇ ਵਿਚਾਰ ਕਰਨ ਲਈ ਪ੍ਰੇਰਿਆ ਸੀ ਕਿ ਇਹ ਜ਼ਰੂਰੀ ਨਹੀਂ ਹੈ ਕਿ ਮਰਦ ਔਰਤ ਦੇ ਜਿਨਸੀ ਰਿਸ਼ਤੇ (ਯੋਨ-ਸਬੰਧ) ਹਮੇਸ਼ਾ ਦਮਨਕਾਰੀ ਹੀ ਹੋਣ। ਅਜਿਹੇ ਯੋਨ ਰਿਸ਼ਤਿਆਂ ਯਾਨੀ ਮਰਦ ਅਤੇ ਔਰਤ ਦੇ ਰਿਸ਼ਤੇ, ਤੋਂ ਮੁਨਕਰ ਹੋਣ ਦੀ ਬਜਾਏ ਸਾਨੂੰ ਇਹਨਾਂ ਰਿਸ਼ਤਿਆਂ ਵਿਚ ਹਾਜ਼ਰ ਦਮਨਕਾਰੀ ਤੱਤਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਕ ਇੰਟਰਵਿਊ ਦੌਰਾਨ ਸਿਮੋਨ ਨੇ ਕਿਹਾ ਸੀ: ”ਮੈਨੂੰ ਹੈਰਾਨੀ ਹੁੰਦੀ ਹੈ ਜਦੋਂ ਲੋਕ ਆਖਦੇ ਨੇ ਕਿ ਸੰਭੋਗ ਹਮੇਸ਼ਾ ਬਲਾਤਕਾਰ ਹੀ ਹੁੰਦਾ ਹੈ। ਮੈਂ ਅਜਿਹਾ ਨਹੀਂ ਸਮਝਦੀ। ਜਦੋਂ ਕੋਈ ਇਹ ਕਹਿੰਦਾ ਹੈ ਕਿ ਸੰਭੋਗ ਬਲਾਤਕਾਰ ਹੈ ਤਾਂ ਉਹ ਦਮਨਕਾਰੀ ਮਰਦਾਂ ਦੀ ਤੋਰੀ ਉਸ ਮਿੱਥ ਨੂੰ ਅੱਗੇ ਤੋਰ ਰਿਹਾ ਹੁੰਦਾ ਹੈ, ਜਿਸਦਾ ਮਤਲਬ ਹੈ ਮਰਦ ਦੀ ਇੰਦਰੀ ਕੋਈ ਚਾਕੂ ਜਾਂ ਤਲਵਾਰ ਹੈ ਜਿਸ ਨਾਲ ਉਹ ਔਰਤ ਨੂੰ ਚੀਰਦਾ ਹੈ। ਦਰਅਸਲ ਸਵਾਲ ਔਰਤਾਂ ਅਤੇ ਮਰਦਾਂ ਵਿਚਕਾਰ ਉਤਪੀੜਣ ਤੋਂ ਮੁਕਤ ਇਕ ਨਵੇਂ ਢੰਗ ਦੇ ਯੋਨ-ਸਬੰਧਾਂ ਨੂੰ ਸਿਰਜਣ ਅਤੇ ਜੀਣ ਦਾ ਹੈ।’’
ਗੱਲਾਂ ਕਰਨੀਆਂ ਸੌਖੀਆਂ ਹਨ ਅਤੇ ਨਿਭਾਉਣੀਆਂ ਬਹੁਤ ਔਖੀਆਂ। ਸਿਮੋਨ ਦ’ ਬੋਵੁਆਰ ਨੇ ਆਪਣੇ ਜੀਵਨ ਵਿਚ ਮਰਦਾਂ ਨਾਲ ਆਪਣੇ ਰਿਸ਼ਤੇ ਆਪ ਸਿਰਜੇ। ਆਪਣੇ ਸਿਰਜੇ ਰਿਸ਼ਤਿਆਂ ਦੀ ਮਾਰਫ਼ਤ ਸਿਮੋਨ ਨੇ ਆਪਣੇ ਵਿਚਾਰਾਂ ਨੂੰ ਆਪਣੇ ਅਤੇ ਦੂਜਿਆਂ ਦੇ ਜੀਵਨ ਵਿਚ ਅਮਲ ਵਿਚ ਲਿਆਉਣ ਦੇ ਤਜਰਬੇ ਕੀਤੇ। ਇਹਨਾਂ ਤਜਰਬਿਆਂ ਦੇ ਚੰਗੇ ਅਤੇ ਮਾੜੇ ਪੱਖਾਂ ਬਾਰੇ ਵਿਚਾਰ ਹੋਣਾ ਵੀ ਸ਼ੁਰੂ ਹੋਇਆ ਹੈ। ਕਿਸੇ ਨਿਸ਼ਚਿਤ ਰਾਇ ਨੂੰ ਬਨਾਣ ਲੱਗਿਆਂ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਿਮੋਨ ਦੇ ਜੀਵਨ ਦੇ ਤਜਰਬੇ ਪੂੰਜੀਵਾਦੀ, ਪਿੱਤਰਵਾਦੀ ਸਮਾਜ ਦੇ ਢਾਂਚੇ, ਮੁੱਲਾਂ ਅਤੇ ਪਰੰਪਰਾਵਾਂ ਖਿਲਾਫ਼ ਵਿਦਰੋਹ ਅਤੇ ਸੰਘਰਸ਼ ਵਿਚ ਆਪਣੀ ਸਵੈ-ਪਹਿਚਾਣ ਨੂੰ ਰਚਣ ਅਤੇ ਸਾਂਭਣ ਦੀ ਕੋਸ਼ਿਸ਼ਾਂ ਦੇ ਨਤੀਜੇ ਸਨ। ਸਿਮੋਨ ਦੇ ਸੰਘਰਸ਼ਾਂ ਅਤੇ ਉਸ ਵੱਲੋਂ ਇਹਨਾਂ ਸੰਘਰਸ਼ਾਂ ਦੀ ਅਨੂਠੀ ਢੰਗ ਨਾਲ ਪੇਸ਼ ਕੀਤੀ ਗਈ ਦਾਸਤਾਨ ਨੇ ਅਗਲੀਆਂ ਪੀੜ੍ਹੀਆਂ ਦੀਆਂ ਔਰਤਾਂ ਲਈ ਜ਼ਿੰਦਗੀ ਵਿਚ ਕਈ ਅਜਿਹੇ ਨਵੇਕਲੇ ਬਦਲਾਓ ਪੇਸ਼ ਕੀਤੇ ਜਿਹੜੇ ਪਹਿਲਾਂ ਕਦੀ ਸੋਚੇ ਵੀ ਨਹੀਂ ਜਾ ਸਕਦੇ ਸੀ । ਇਨ੍ਹਾਂ ਬੇਮਿਸਾਲ ਬਦਲਾਵਾਂ ਤੋਂ ਹਾਸਿਲ ਹੋਈਆਂ ਪ੍ਰਾਪਤੀਆਂ ਕਾਰਨ ਹੀ ਐਲਿਜ਼ਾਬੈਥ ਬੈਂਡਿੰਟਰ ਨੇ ਕਿਹਾ ਸੀ : ਬੀਬੀਓ! ਸਭ ਕੁਝ ਲਈ ਤੁਸੀਂ ਉਸ ਦੀਆਂ ਦੇਣਦਾਰ ਹੋ!’ ਸ਼ਾਇਦ ਸਭ ਕੁਝ ਤਾਂ ਕਦੇ ਵੀ ਹਾਸਿਲ ਨਹੀਂ ਹੋ ਸਕੇਗਾ। ਪਰ ਸਿਮੋਨ ਦਾ’ ਬੋਵੁਆਰ ਦੇ ਜੀਵਨ ਤੋਂ ਸਾਨੂੰ, ਔਰਤਾਂ ਨੂੰ ਤੇ ਖਾਸ ਤੌਰ ’ਤੇ ਮਰਦਾਂ ਨੂੰ, ਬਹੁਤ ਕੁਝ ਹਾਸਿਲ ਹੋ ਸਕਦਾ ਹੈ ਅਤੇ ਬਹੁਤ ਕੁਝ ਹੋਰ ਹਾਸਿਲ ਕਰਨ ਦੀ ਪ੍ਰੇਰਣਾ ਵੀ ਮਿਲ ਸਕਦੀ ਹੈ। ਇਸੇ ਪ੍ਰੇਰਣਾ ਸਦਕਾ ਅਸੀਂ ਆਪਣੀ ਆਜ਼ਾਦੀ ਨੂੰ ਪਛਾਨਣ, ਉਸ ਨੂੰ ਸਾਂਭਣ, ਦੂਜਿਆਂ ਨਾਲ ਸਾਂਝਾ ਕਰਨ ਅਤੇ ਉਹਨਾਂ ਦੀ ਆਜ਼ਾਦੀ ਦਾ ਸਨਮਾਨ ਕਰਨਾ ਸਿੱਖ ਸਕਦੇ ਹਾਂ। ਬਹੁਤ ਸਾਰੀਆਂ ਨਾਰੀਵਾਦੀ ਬੀਬੀਆਂ ਨੇ ਆਪਣੇ ਆਪ ਨੂੰ ਸਿਮੋਨ ਦ’ ਬੋਵੁਆਰ ਦੀਆਂ ਧੀਆਂ ਮੰਨਣ ਵਿਚ ਗੌਰਵ ਅਤੇ ਮਾਣ ਮਹਿਸੂਸ ਕੀਤਾ ਹੈ। ਜੇ ਸੁਹਿਰਦ ਮਰਦ ਵੀ ਸਿਮੋਨ ਦੇ ਪੁੱਤ ਬਣਨ ਵਿਚ ਅਜਿਹਾ ਮਾਣ ਮਹਿਸੂਸ ਕਰਨ ਦੀ ਹਿੰਮਤ ਅਤੇ ਦਲੇਰੀ ਕਰ ਸਕਣ ਤਾਂ ਸਿਮੋਨ ਵਲੋਂ ਤੋਰੀ ਮੁਹਿੰਮ ਆਪਣੇ ਟੀਚਿਆਂ ਦੀ ਪ੍ਰਾਪਤੀ ਵੱਲ ਅਵੱਸ਼ ਹੀ ਅੱਗੇ ਵਧ ਸਕੇਗੀ। ਮਰਦ ਅਤੇ ਔਰਤ ਰਲ ਕੇ ਹੀ, ਆਪਣੀ ਆਜ਼ਾਦੀ ਅਤੇ ਬਰਾਬਰੀ ਦੀ ਰੱਖਿਆ ਕਰ ਸਕਦੇ ਹਨ।

Simone De Beauvoir
Selected Writings
I. Autobiography (4Vols.)
1. Memoirs of a Dutiful Daughter
2. The Prime of life
3. Force of Circumstance
4. All Said and Done
II. Novels and Stories
1. She Came to Stay (L' Invitee)
2. The Blood of others
3. The Mandarins
4. When the things of spirit come first
5. The woman destroyed
III. Philosophical writings
1. The Ethics of Ambiguity
2. The Second Sex
3. Pyrrhus et Cineas
4. Diary of a Student of Philosophy
5. Selected Philosophical Works
6. Old Age
IV. Memoirs, Travelogues and other works
1. America Day by Day
2. The Long March
3. A Very Easy Death
4. Adieu : A Farewell to Sartre
5. Letters to Sartre : A Witness to my life
6. Letters to Nelson Algren
7. Letters to Bost
ਸੱਤਿਆਪਾਲ ਗੌਤਮ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!