ਇਕ ਹੱਥ ਕਾਗਦ ਇਕ ਹੱਥ ਕਾਨੀ – ਨਵਤੇਜ ਭਾਰਤੀ

Date:

Share post:

ਹਰ ਹਰਕਤ ਕ੍ਰਿਸ਼ਮਾ ਲਗਦੀ ਹੈ

ਨਵਤੇਜ ਭਾਰਤੀ ਦਾ ਜਨਮ 5.2.1938 ਨੂੰ ਮਾਲਵੇ ਦੇ ਪ੍ਰਸਿੱਧ ਪਿੰਡ ਰੋਡੇ ਵਿਚ ਹੋਇਆ। ਮਾਤਾ ਦਾ ਨਾਮ ਸ਼ਾਮ ਕੌਰ ਤੇ ਪਿਤਾ ਦਾ ਕਿਸ਼ਨ ਸਿੰਘ। ਤੀਹ ਸਾਲ ਦੀ ਆਯੂ ਵਿਚ ਉਹ ਪੰਜਾਬ ਵਿਚੋਂ ਪ੍ਰੋਫੈਸਰੀ ਦਾ ਕਿੱਤਾ ਛੱਡਕੇ ਕੈਨੇਡਾ ਚਲਾ ਗਿਆ ਜਿਥੇ ਉਹਨੇ ਵਿਕਟੋਰੀਆ ਯੂਨੀਵਰਸਟੀ ਤੋਂ ਫਿਲਾਸਫੀ ਦੀ ਐਮ.ਏ. ਕੀਤੀ। ਅੱਜ ਕਲ ਉਹ ਅਪਣੀ ਪਤਨੀ ਸੁਰਿੰਦਰ ਕੌਰ ਨਾਲ ਟਰਾਂਟੋ ਦੇ ਨੇੜੇ ਲੰਡਨ ਵਿਚ ਰਹਿੰਦਾ ਹੈ। ਉਸਦੇ ਦੋ ਬੱਚੇ ਹਨ, ਬੇਟਾ ਸੁਬੋਧ ਟੋਰਾਂਟੋ ਅਤੇ ਬੇਟੀ ਸੁਮੀਤ ਨਿਊਯਾਰਕ ਵਿਚ ਹੈ।
ਕੈਨੇਡਾ ਵਿਚ ਨਵਤੇਜ ਨੇ‘ਥਰਡ ਆਈ ਪਬਲੀਕੇਸ਼ਨਜ਼’ ਦੀ ਸਥਾਪਨਾ ਕੀਤੀ ਤੇ ਹੁਣ ਤੱਕ ਉਹ ਅੰਗਰੇਜ਼ੀ ਲੇਖਕਾਂ ਦੀਆਂ ਪੰਜਾਹ ਤੋਂ ਵੱਧ ਕਿਤਾਬਾਂ ਛਾਪ ਚੁੱਕਾ ਹੈ। ਲੰਡਨ(ਕੈਨੇਡਾ) ਵਿਚ ਉਹ ‘ਲੰਡਨ ਸਿਟੀਜ਼ਨਜ਼ ਕਮੇਟੀ ਫਾਰ ਹਿਊਮਨ ਰਾਈਟਸ’ ਦਾ ਸਥਾਪਤੀ ਪ੍ਰਧਾਨ ਵੀ ਰਿਹਾ ਹੈ।
1968 ਵਿਚ ਕੈਨੇਡਾ ਜਾਣ ਤੋਂ ਪਹਿਲਾਂ ਉਹਨੇ ਅਪਣਾ ਕਾਵਿ ਸੰਗ੍ਰਹਿ ‘ਸਿੰਬਲ ਦੇ ਫੁੱਲ’ ਛਪਵਾਇਆ ਸੀ। ਫੇਰ ਇਕੱਤੀ ਸਾਲ ਦੇ ਵਕਫ਼ੇ ਪਿੱਛੋਂ 1999 ਵਿਚ ਅਪਣੇ ਛੋਟੇ ਭਾਈ ਅਜਮੇਰ ਰੋਡੇ ਨਾਲ ਮਿਲਕੇ ‘ਲੀਲਾ’ ਨਾਮ ਦੀ ਵੱਡ ਆਕਾਰੀ ਕਾਵਿ ਪੁਸਤਕ ਪਾਠਕਾਂ ਨੂੰ ਦਿੱਤੀ।
ਨਵਤੇਜ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਸ਼L੍ਰੋਮਣੀ ਸਾਹਿਤਕਾਰ (ਬਦੇਸ਼ੀ) ਮੰਨ ਕੇ ਸਤਿਕਾਰਿਆ ਹੈ। ਬਚਪਨ ਤੋਂ ਹੀ ਉਹ ਦਾਰਸ਼ਨਕ ਰੁਚੀਆਂ ਦਾ ਰਿਹਾ ਹੈ, ਇਸੇ ਲਈ ਕਦੇ ਕਵਿਤਾ ਤੋਂ ਕਿਨਾਰਾ ਕਰਨ ਦੀ ਵੀ ਸੋਚਦਾ ਰਿਹਾ। ਪਰ ਕਵਿਤਾ ਹੀ ਸੀ ਜਿਸ ਨੇ ਉਸਨੂੰ ਨਾ ਤਿਆਗਿਆ।
‘ਹੁਣ’ ਨੂੰ ਇਸ ਵਾਰੀ ਉਹਦੇ ਨਾਲ ਗੱਲਾਂ ਕਰਨ ਦਾ ਮਾਣ ਹੈ। ਨਵੀਂ ਪਿਰਤ ਤੋਰਨ ਲਈ ਅਸੀਂ ਉਸਨੂੰ ਕੁਝ ਪ੍ਰਸ਼ਨਾਂ ਦੇ ਸੁਝਾਅ ਦਿੱਤੇ ਸਨ। ਬਹੁਤੇ ਸਵਾਲ ਉਹਨੇ ਆਪ ਹੀ ਅਪਣੇ ਆਪ ਨੂੰ ਕੀਤੇ ਹਨ। ਸੋ ਇਹ ਮੁਲਾਕਾਤ ਉਹਦੀਆਂ ਅਪਣੇ ਆਪ ਨਾਲ ਕੀਤੀਆਂ ਗੱਲਾਂ ਹਨ। ‘ਹੁਣ’ ਨੇ ਵੀ ਉਹਦੇ ਨਾਲ ਸ਼ਾਇਦ ਇਹੀ ਕਰਨੀਆਂ ਸਨ।

-ਸੰਪਾਦਕ

ਮੈਂ ਜੋ ਹਾਂ

ਜਦੋਂ ਤੋਂ ਮੈਂ
ਮੌਤ ਵੇਖੀ ਹੈ
ਹਰ ਹਰਕਤ
ਕ੍ਰਿਸ਼ਮਾ ਲਗਦੀ ਹੈ:
ਹਸਣਾ ਰੋਣਾ
ਜੁੱਤੀ ਪਾਉਣਾ
ਡਰਨਾ, ਝੂਠ ਬੋਲਣਾ

ਮ੍ਰਿਤੂ ਦੇ ਦਰਸ

ਸਵਾਲ: ਕੁਝ ਦੇਰ ਪਹਿਲਾਂ ਤੇਰੀ ਕਵਿਤਾ “ਜਦੋਂ ਤੋਂ ਮੈਂ ਮੌਤ ਵੇਖੀ ਹੈ” ਲੀਲ੍ਹਾ ਚੋਂ ਪੜ੍ਹੀ ਸੀ। ਲੱਗਾ ਜਿਵੇਂ ਤੇਰਾ ਨਿੱਜੀ ਅਨੁਭਵ ਹੋਵੇ। ਕੀ ਤੂੰ ਮੌਤ ਵੇਖੀ ਹੈ?
ਨਵਤੇਜ: ਨਹੀਂ। ਓਵੇਂ ਨਹੀਂ, ਜਿਵਂੇ ਅਸੀਂ ਜੁੱਤੀ, ਬਿਰਖ ਜਾਂ ਪੰਛੀ ਵੇਖਦੇ ਹਾਂ। ਇਹ ਓਵੇਂ ਦਿਸਦੀ ਵੀ ਨਹੀਂ, ਕਿਉਂਕਿ ਇਹ ਜੁੱਤੀ, ਬਿਰਖ ਤੇ ਪੰਛੀ ਵਾਙੂੰ ਹੈ ਨਹੀਂ। ਹੋ ਵੀ ਨਹੀਂ ਸਕਦੀ। ਜੋ ਹੋ ਸਕਦੀ ਹੈ, ਉਹ ਮਿਰਤੂ ਨਹੀਂ।
ਸਵਾਲ: ਇਹ ਉਤਰ ਫ਼ਲਸਫ਼ੀ ਦਾ ਹੈ। ਪ੍ਰਸ਼ਨ ਕਵੀ ਨੂੰ ਕੀਤਾ ਸੀ?
ਨਵਤੇਜ: ਕਵਿਤਾ ਉਤਰ ਨਹੀਂ ਦਿੰਦੀ। ਪ੍ਰਸ਼ਨ ਨੂੰ ਹੀ ਪ੍ਰਕਾਸ਼ਦੀ ਹੈ। ਉਤਰ ਵਾਸਤੇ ਫ਼ਲਸਫ਼ੇ ਤੇ ਵਿਗਿਆਨ ਦੀ ਸ਼ਰਣ ਲੈਂਣੀ ਪੈਂਦੀ ਹੈ। ਮਿਰਤੂ ਅੰਤ ਦਾ ਨਾਂ ਹੈ, ਪ੍ਰਸ਼ਨ ਤੇ ੳੁੱਤਰ ਦੋਹਾਂ ਦੇ ਅੰਤ ਦਾ। ਕਵਿਤਾ ਵਿਚ ਵੀ ਪ੍ਰਸ਼ਨੋਤਰੀ ਦਾ ਅੰਤ ਹੋ ਜਾਂਦਾ ਹੈ। ਚੀਜ਼ਾਂ ਦਾ ਰਹੱਸ ਰਹਿ ਜਾਂਦਾ ਹੈ। ਮਿਰਤੂ ਨਾਂਹ ਦਾ ਰਹੱਸ ਹੈ, ਕਵਿਤਾ ਹਾਂ ਦਾ। ਕਵੀ ਹਾਂ ਤੇ ਨਾਂਹ ਨੂੰ ਆਪਸ ਵਿਚ ਪਲਟ ਦਿੰਦਾ ਹੈ।
ਸਵਾਲ: ਕਿਵੇ ਪਲਟ ਦਿੰਦਾ ਹੈ, ਇਹ ਤਾਂ ‘ਪਰਮਾਤਮਾ’ ਦਾ ਕਰਮ ਲਗਦਾ ਹੈ?
ਨਵਤੇਜ: ਚੇਤਨਾ (ਪਰਮਾਤਮਾ) ਏਸੇ ਸੰਭਾਵਨਾ ਦਾ ਨਾਂ ਹੈ। ਨਿਰਗੁਣ ਤੋਂ ਸਰਗੁਣ ਤੇ ਸਰਗੁਣ ਤੋਂ ਨਿਰਗੁਣ ਹੋਣਾ। ਇਹ ਕਿਵੇ ਹੁੰਦਾ ਹੈ? ਕਿਸੇ ਨੂੰ ਪਤਾ ਨਹੀਂ। ਕਵਿਤਾ ਵਿਚ ਇਹ ਕਰਮ ਕਲਪਣਾ ਕਰਦੀ ਹੈ। ਏਸੇ ਕਰਕੇ ਕਲਪਣਾ ਮੈਨੂੰ ਰੱਬੀ ਗੁਣ ਲਗਦਾ ਹੈ। ਇਹਦੇ ਕਰਕੇ ਹੀ ਮੈਨੂੰ ਹਰ ਕਿਰਿਆ ਕ੍ਰਿਸ਼ਮਾ ਲਗਦੀ ਹੈ: ਜੁੱਤੀ ਪਾਉਣਾ, ਹੱਸਣਾ, ਰੋਣਾ, ਝੂਠ ਬੋਲਣਾ।
ਸਵਾਲ: ਹਰ ਕਿਰਿਆ ਕ੍ਰਿਸ਼ਮਾ ਹੈ ਤਾਂ ਕੋਈ ਕਿਰਿਆ ਕ੍ਰਿਸ਼ਮਾ ਨਹੀਂ। ਕੁਦਰਤ ਦੇ ਨੇਮਾਂ ਦੀ ਉਲੰਘਣਾ ਵੀ। ਜੇ ਕ੍ਰਿਸ਼ਮਾ ਨਹੀਂ ਤਾਂ ਮਨੁੱਖ ਕੋਲ ਰਬ ਜਿੱਡਾ ਬਣਨ ਦਾ ਮੌਕਾ ਨਹੀਂ ਰਹਿੰਦਾ?
ਨਵਤੇਜ: ਇਹ ਸਹੀ ਹੈ ਕਿ ਤੁਸੀਂ ਰੱਬ ਨਹੀਂ ਬਣ ਸਕਦੇ। ਕਿਉਂਕਿ ਬਣਨ ਦੀ ਲੋੜ ਹੀ ਨਹੀਂ ਰਹਿੰਦੀ। ਪਤਾ ਲੱਗ ਜਾਂਦਾ ਹੈ ਕਿ ਤੁਸੀਂ ਆਪ ਹੀ ਰੱਬ ਹੋ। ਤੁਸੀਂ ਕੁਦਰਤ ਦੇ ਨੇਮ ਉਲੰਘਦੇ ਨਹੀਂ ਕਿਉਂਕਿ ਉਹ ਤੁਹਾਨੂੰ ਹੋਣ ਦਿੰਦੇ ਹਨ। ਸਭ ਤੋਂ ਵੱਡਾ ਕ੍ਰਿਸ਼ਮਾ ਕ੍ਰਿਸ਼ਮੇ ਦਾ ਫ਼ਨਾਹ ਹੋਣਾ ਹੈ। ਜਾਂ ਇਸ ਮਹਾਂ ਸ਼ੂਨਯ ਵਿਚ ਹੋਣਾ ਹੈ।
ਸਵਾਲ: ਇਸ ਅਨੁਭਵ ਚੋਂ ਕਿੰਨਾਂ ਕੁ ਲਿਖਿਆ ਹੈ?
ਨਵਤੇਜ: ਬਹੁਤ ਥੋਹੜਾ। ਇਸ ਅਨੁਭਵ ਵਿਚ ਜੀਵਿਆ ਹੀ ਥੋਹੜਾ ਹੈ। ਜਿੱਥੇ ਕਵਿਤਾ ਤੇ ਜਿਉਣ ਦਾ ਸੰਗਮ ਹੁੰਦਾ ਹੈ ਮੈਂ ਉਹਨੂੰ ਬਿੰਦਾਂ ਛਿਣਾਂ ਵਿਚ ਹੀ ਅਨੁਭਵ ਕੀਤਾ ਹੈ। ਇਹ ਪੰਕਿਤੀ ਪੰਕਿਤੀ ਕਰ ਕੇ ਮੇਰੀਆਂ ਕਵਿਤਾਵਾਂ ਵਿਚ ਖਿੰਡਿਆ ਹੋਇਆ ਹੈ।

ਮੈਂ ਵੇਖ ਸਕਦਾ ਹਾਂ
ਕ੍ਰਿਸ਼ਮਾ
ਮੈ ਸੁਣ ਸਕਦਾ ਹਾਂ
ਕ੍ਰਿਸ਼ਮਾ
ਮੈਂ ਸੁੰਘ ਸਕਦਾ ਹਾਂ
ਕ੍ਰਿਸ਼ਮਾ
ਮੈਂ ਹੱਸ ਸਕਦਾ ਹਾਂ
ਰੋ ਸਕਦਾ ਹਾਂ
ਖੇਡ ਸਕਦਾ ਹਾਂ
ਮੈਂ ਹਰ ਪਲ
ਕ੍ਰਿਸ਼ਮਿਆਂ ਵਿਚ ਜਿਉਂਦਾ ਹਾਂ
ਮੇਰਾ ਜੋਗ, ਭੋਗ, ਸੰਭੋਗ
ਨਿੰਦਿਆ ਚੁਗਲੀ ਈਰਖਾ
ਮੇਰਾ ਕਾਮ ਕ੍ਰੋਧ ਲੋਭ
ਮੇਰਾ ਮੋਹ ਮੇਰਾ ਅਹੰਕਾਰ
ਮੈਂ ਕ੍ਰਿਸ਼ਮਿਆਂ ’ਚ ਜੰਮਿਆ
ਕ੍ਰਿਸ਼ਮਿਆਂ ਚ ਖੇਡਦਾ ਹਾਂ

ਸਵਾਲ: ਕਵਿਤਾ ਦਾ ਕੰਮ ਬਣਾਉਣਾ ਹੈ। ਇਹ ਸਰਗੁਣ ਹੋਣ ਦੀ ਲੀਲਾ ਹੈ। ਇਹਦੇ ਵਿਚ ਮਿਰਤੂ ਦੀ ਕੀ ਭੂਮਿਕਾ ਹੈ?
ਨਵਤੇਜ: ਸਰਗੁਣ ਨੇ ਨਿਰਗੁਣ ਚੋਂ ਹੀ ਆਉਣਾ ਹੈ। ਸਿਰਜਣਾ ਨੇ ਵਿਸਿਰਜਣਾ ਚੋਂ। ਅੱਖਰ ਪੈਣ ਤੋਂ ਪਹਿਲਾਂ ਪੰਨਾ ਖ਼ਾਲੀ ਹੈ। ਪੰਛੀ ਦੇ ਉਡਣ ਤੋਂ ਪਹਿਲਾਂ ਅੰਬਰ ਖ਼ਾਲੀ ਹੈ। ਕਵਿਤਾ ਮਿਰਤੂ ਤੋਂ ਬਿਨਾ ਸੰਭਵ ਨਹੀਂ। ਇਹਨੇ ਆਸਮਾਨ ਨੂੰ ਹੀ ਟਾਕੀ ਲਾਉਣੀ ਹੈ।
ਕਵਿਤਾ ਦੀ ਕਿਰਿਆ ਸਾਨੂੰ ਹੋਣ ਵੱਲ ਲਿਜਾਂਦੀ ਹੈ, ਜਿਉਣ ਦੀ ਦੂਜੇ ਪਾਸੇ। ਕਬੀਰ ਜੀ ਕਹਿੰਦੇ ਹਨ – ਬੱਚਾ ਜਨਮ ਲੈਂਦਾ ਹੈ, ਉਸੇ ਦਿਨ ਉਹਦੀ ਉਮਰ ਘਟਣ ਲੱਗ ਜਾਂਦੀ ਹੈ। ਕਵੀ ਮਿਰਤੂ ਵੱਲੋਂ ਮੋੜ ਕੇ ਜਿਉਣ ਵੱਲ ਮੂੰਹ ਕਰ ਦਿੰਦਾ ਹੈ।
ਹੋਣ ਦੀ ਵਿਚਿੱਤਰਤਾ ਖ਼ਾਲੀਪਣ ਚੋਂ ਆਉਂਦੀ ਹੈ। ਕਬੀਰ ਸੰਸਾਰ ਨੂੰ ਜਾਦੂਗਰੀ (‘ਇਹ ਦੁਨੀਆ ਸਿਹਰਮੇਲਾ…’) ਕਹਿੰਦਾ ਹੈ। ਮੈਨੂੰ ਅਜੇ ਤਕ ਅਪਣੀ ਹੈਰਾਨੀ ਯਾਦ ਹੈ, ਜਦ ਪਹਿਲੀ ਵਾਰ ਮਦਾਰੀ ਨੂੰ ਆਸਮਾਨ ਚੋਂ ਹੱਥ ਮਾਰ ਕੇ ਰੇਲ ਦੇ ਟਿਕਟ ਬਣਾਉਂਦੇ ਵੇਖਿਆ ਸੀ। ਕੁਝ ਦੇਰ ਪਿੱਛੋਂ ਉਹ ਮੇਰੀ ਜੇਬ ਵਿੱਚੋਂ ਨਿਕਲ਼ ਆਏ ਸੀ।
ਹੋਣ ਦੀ ਵਿਚਿਤਰਤਾ ਬਿਨਸਣ ਵਿਚ ਵੀ ਹੈ। ਜੇ ਬੁਲਬੁਲਾ ਦੇਰ ਤਕ ਨਾ ਟੁੱਟੇ, ਨਿਆਣਾ ਉਂਗਲ ਮਾਰ ਕੇ ਤੋੜ ਦਿੰਦਾ ਹੈ।
ਸਵਾਲ: ਬੱਚਾ ਬੁਲਬੁਲੇ ਨੂੰ ਤੋੜ ਕੇ ਖ਼ੁਸ਼ ਹੁੰਦਾ ਹੈ, ਕਿਉਂਕਿ ਉਸਨੂੰ ਅਪਣੇ ਟੁੱਟਣ ਦਾ ਅਨੁਭਵ ਨਹੀਂ ਹੁੰਦਾ?
ਨਵਤੇਜ: ਮਿਰਤੂ ਦਾ ਅਨੁਭਵ ਤਾਂ ਸਿਆਣੇ ਨੂੰ ਵੀ ਨਹੀਂ ਹੁੰਦਾ। ਮਰੇ ਬਿਨਾ ਮਿਰਤੂ ਦਾ ਅਨੁਭਵ ਨਹੀਂ ਹੋ ਸਕਦਾ ਤੇ ਮਰਿਆ ਅਨੁਭਵ ਨਹੀਂ ਕਰ ਸਕਦਾ। ਮਿਰਤੂ ਨਾ ਮਰਨ ਤੋਂ ਪਹਿਲਾਂ ਆ ਸਕਦੀ ਹੈ; ਨਾ ਪਿੱਛੋਂ। ਜਿੰਨਾ ਚਿਰ ਕੋਈ ਜਿਉਂਦਾ ਹੈ, ਜਿਉਂਦਾ ਹੈ ਤੇ ਮਰਿਆ ਮਰ ਨਹੀਂ ਸਕਦਾ। ਜਿਉਣ ਮਰਨ ਦੇ ਵਿਚਾਲੇ ਕੋਈ ਥਾਂ ਨਹੀਂ, ਜਿੱਥੇ ਮਿਰਤੂ ਦਾ ਅਨੁਭਵ ਹੋ ਸਕਦਾ ਹੈ। ਸਾਨੂੰ ਮਿਰਤੂ ਦਾ ਅਨੁਭਵ ਨਹੀਂ, ਉਹਦਾ ਡਰ ਹੈ। ਇਸ ਕਰਕੇ ਅਸੀਂ ਮਿਰਤੂ ਦੀ ਕਵਿਤਾ ਨਾਲ਼ੋਂ ਮਿਰਤੂ ਦੇ ਡਰ ਦੀ ਕਵਿਤਾ ਲਿਖਦੇ ਹਾਂ। ਉਹਦੇ ਬਹੁਤੇ ਚਿਤਰਾਂ ਤੇ ਤਸਵੀਰਾਂ ਵਿਚ ਉਹ ਨਹੀਂ ਹੁੰਦੀ, ਉਹਦਾ ਭੈਅ ਹੁੰਦਾ ਹੈ। ਸਾਡੇ ਸਾਰੇ ਭੈਅ ਮੌਤ ਦੇ ਭੈਅ ਚੋਂ ਨਿਕਲ਼ਦੇ ਹਨ। ਸਾਰੀ ਉਮਰ ਉਹਤੋਂ ਡਰਦੇ ਰਹਿੰਦੇ ਹਾਂ ਜੋ ਹੈ ਨਹੀਂ।
ਸਵਾਲ: ਜੇ ਮਿਰਤੂ ਹੈ ਨਹੀਂ, ਭਗਤ ਸਿੰਘ ਘੋੜੀ ’ਤੇ ਚੜ੍ਹ, ਸਿਹਰੇ ਬੰਨ੍ਹ ਕੇ ਕੀਹਨੂੰ ਵਿਆਹੁਣ ਜਾਂਦਾ ਹੈ?
ਨਵਤੇਜ: ਛਲੇਡੇ ਨੂੰ। ਮੌਤ ਨੂੰ ਮਨੁੱਖੀ ਚਿਹਰਾ ਦੇਣ ਨਾਲ਼ ਉਹਨੂੰ ਵਿਆਹਿਆ-ਵਰਿਆ ਜਾ ਸਕਦਾ ਹੈ। ਤੇ ਉਸ ਨਾਲ਼ ਲੜਿਆ ਜਾ ਸਕਦਾ ਹੈ। ਅਸੀਂ ਉਹਨੂੰ ਅਪਣੇ ਵਰਗੀ ਕਰ ਲੈਂਦੇ ਹਾਂ। ਭਗਤ ਸਿੰਘ ਉਹਨੂੰ ਵਰੇ, ਇਹ ਉਹਦੀ ਲੋੜ ਨਹੀਂ, ਸਾਡੀ ਹੈ। ਭਗਤ ਸਿੰਘ ਰਾਹੀਂ ਅਸੀ ਮਿਰਤੂ ਨਾਲ਼ ਸਿੱਝ ਰਹੇ ਹਾਂ।
ਸਵਾਲ: ਛਲੇਡੇ ਪਿੱਛੇ ਲੱਗ ਕੇ ਤੁਸੀਂ ਸੱਚ ਤੱਕ ਕਿਵੇਂ ਪਹੁੰਚ ਸਕਦੇ ਹੋ?
ਨਵਤੇਜ: ਕਿਉਂਕਿ ਜਿਸ ਸੱਚ ਵਿਚ ਅਸੀਂ ਰਹਿੰਦੇ ਹਾਂ, ਉਹ ਵੀ ਛਲੇਡੇ ਵਰਗਾ ਹੀ ਹੈ। ਉਹ ਆਦਿ, ਜੁਗਾਦਿ ਹੈਭੀ ਹੋਸੀ ਸੱਚ ਨਹੀਂ, ਸਗੋਂ ਸਥਾਨਿਕ ਹੈ, ਸੰਬਾਦਿਕ ਹੈ ਪਰਿਵਰਤਨਸ਼ੀਲ ਹੈ। ਤੇ ਕੁਆਂਟਿਕ ਮਕੈਨਿਕਸ ਅਨੁਸਾਰ ਇਕ ਪਲ ਅਣੂ ਹੈ, ਦੂਜੇ ਪਲ ਤਰੰਗ ਹੈ। ਫੇਰ ਵੀ ਭਗਤ ਸਿੰਘ ਦੀ ਮੌਤ ਦਾ ਛਲੇਡਾ ਸਾਨੂੰ ਪੰਜਾਬ ਦੇ ਲੋਕਮਨ ਵਿਚ ਸਾਂਭੇ ਭਗਤ ਸਿੰਘ ਦੇ ਚਿਤਰ ਤੱਕ ਲੈ ਜਾਂਦਾ ਹੈ, ਜੋ ਛਲੇਡੇ ਨਾਲ਼ੋਂ ਵਧੇਰੇ ਯਥਾਰਥ ਹੈ। ਸ਼ਾਇਦ ਛਲੇਡਾ ਮਿਰਤੂ ਦੇ ਬਿੰਬ ਲਈ ਢੁੱਕਵਾਂ ਨਾਂ ਨਹੀਂ। ਕਿਉਂਕਿ ਮਿਰਤੂ ਜਿਉਣ ਜਿੰਨੀ ਹੀ ਮੁੱਲਵਾਨ ਹੈ। ਇਹਦੀ ਅੱਖ ਨਾਲ਼ ਹੀ ‘ਦੁਨੀਆਂ ਰੰਗਾਂ ਦਾ ਅਚੰਭਾ ਛੰਭ’ ਦਿਸਦੀ ਹੈ। ਬਿਨਸਣ-ਉਪਜਣ ਦੀ ਨੂਤਨਤਾ ਦਾ ਅਹਿਸਾਸ ਹੁੰਦਾ ਹੈ।
ਸਵਾਲ: ਸਾਡੀ ਸੰਸਕ੍ਰਿਤੀ ਮਿਰਤੂ ਨੂੰ ਕਿਵੇਂ ਚਿਤਵਦੀ ਹੈ?
ਨਵਤੇਜ: ਪੂਰਨ ਸਿੰਘ ਕਹਿੰਦਾ ਹੈ, ਪੰਜਾਬੀ ਮੌਤ ਨੂੰ ਮਖੌਲ ਕਰਦੇ ਹਨ ਤੇ ਮਰਨ ਥੀਂ ਨਹੀਂ ਡਰਦੇ। ਮਰਨ ਤੋਂ ਨਾ ਡਰਨਾ ਵੱਡੀ ਗੱਲ ਹੈ, ਪਰ ਇਹ ਸਭ ਕੁਝ ਨਹੀਂ। ਅਸੀਂ ਇਉਂ ਸਮਝ ਜ਼ਰੂਰ ਲਿਆ ਹੈ। ਸ਼ਾਇਦ ਇਸ ਦੇ ਇਤਿਹਾਸਕ ਕਾਰਣ ਹੋਣਗੇ। ਉਂਜ ਸਾਨੂੰ ਅਪਣੀ ਹਰ ਸਾਂਸਕ੍ਰਿਤਿਕ ਊਣਤਾਈ ਇਤਿਹਾਸ ਦੇ ਸਿਰ ਮੜ੍ਹਨ ਦੀ ਆਦਤ ਪੈ ਗਈ ਹੈ। ਸਹਿਜ-ਭਾਅ ਕਹਿ ਦਿੰਦੇ ਹਾਂ – ਇਤਿਹਾਸ ਨੇ ਸਾਨੂੰ ਮਰਨਾ-ਮਾਰਨਾ ਹੀ ਸਿਖਾਇਆ ਹੈ। ਨਾਲ਼ ਹੀ ਲੋੜ ਪੈਣ ’ਤੇ ਇਸ ਆਦਤ ’ਤੇ ਮਾਣ ਵੀ ਕਰਨ ਲੱਗ ਜਾਂਦੇ ਹਾਂ।
ਇਤਿਹਾਸ ਨੂੰ ਅਸੀਂ ਮਨ-ਮਰਜ਼ੀ ਨਾਲ਼ ਚੁਣ ਤਾਂ ਨਹੀਂ ਸਕਦੇ, ਪਰ ਵਰਤ ਸਕਦੇ ਹਾਂ। ਅਸੀਂ ਇਉਂ ਕਰ ਨਹੀਂ ਸਕੇ। ਅਸੀਂ ਮਿਰਤੂ ਨੂੰ ‘ਮਰਨ ਮਾਰਨ’ ਦੇ ਰੂਪ ਵਿਚ ਗ੍ਰਹਿਣ ਕਰ ਲਿਆ। ਜਾਂ ਮਿਰਤੂ ਦੇ ਇਸ ਰੂਪ ਨੇ ਸਾਨੂੰ ਫਾਹ ਲਿਆ ਹੈ। ਅਸੀਂ ਮਿਰਤੂ ’ਚ ਜਿਉਣਾ ਨਹੀਂ, ਨਿਰਾ ਮਰਨਾ ਵੇਖਦੇ ਹਾਂ।
ਸਵਾਲ: ਮਿਰਤੂ ਦਾ ਸਾਡੀ ਕਵਿਤਾ ਨਾਲ਼ ਕੀ ਸੰਬੰਧ ਹੈ?
ਨਵਤੇਜ: ਕਵਿਤਾ ਦਾ ਸੰਬੰਧ ਵੇਖਣ ਨਾਲ਼ ਹੈ। ਮਿਰਤੂ ਵੇਖਣ ਵਾਲੀ ਅੱਖ ਮੀਚਦੀ ਹੈ। ਗੁਰਬਾਣੀ ਅਤੇ ਸੂਫ਼ੀ ਕਵਿਤਾ ਵਿਚ ਮਿਰਤੂ ਇਸ ਤੋਂ ਉਲਟਾ ਕੰਮ ਕਰਦੀ ਹੈ। ਉਹ ਭੈਅ ਨਾਲ਼ ਮੀਚੀਆਂ ਅੱਖਾਂ ਨੂੰ ਭੈਅ ਵਿਖਾਉਂਦੀ ਹੈ ਤੇ ਉਨ੍ਹਾਂ ਨੂੰ ਨਿਰਭੈ ਕਰ ਦਿੰਦੀ ਹੈ। ਗੁਰਬਾਣੀ ਵਿਚ ਮਿਰਤੂ ਦਾ ਇਕ ਤੋਂ ਇਕ ਭਿਅੰਕਰ ਰੂਪ ਮਿਲਦਾ ਹੈ। ਭੈਅ ਭਿਅੰਕਰ ਬਣਦਾ ਹੈ, ਤਾਂ ਜਾਗ੍ਰਤੀ ਬਣ ਜਾਂਦਾ ਹੈ। ਗੁਰਬਾਣੀ ਵਿਚ ਮਿਰਤੂ ਜਾਗ੍ਰਤੀ ਦਾ ਮੁਹਾਵਰਾ ਹੈ।
ਪੰਜਾਬੀ ਦੀ ਨਵੀਂ ਕਵਿਤਾ ਨੇ ਇਹ ਮੁਹਾਵਰਾ ਨਹੀਂ ਵਰਤਿਆ। ਸ਼ਾਇਦ ਇਸ ਵਿਚ ਇਹ ਸਮਰੱਥਾ ਹੀ ਨਹੀਂ ਸੀ। ਬਾਣੀ ਸੁਰਤ ਦੀ ਰਚਨਾ ਹੈ, ਸਾਡੀ ਕਵਿਤਾ ਭਾਵੁਕਤਾ ਦੀ। ਭਾਵੁਕਤਾ ਜਦੋਂ ਨਿੱਜ ਤੋਂ ਉਠ ਕੇ ਅਸਤਿਤਵ ਨਾਲ ਜੁੜ ਜਾਂਦੀ ਹੈ ਸੁਰਤ ਬਣ ਜਾਂਦੀ ਹੈ। ਸੁਰਤ ਵਿਚ ਢਲ਼ ਕੇ ਹੀ ਮਿਰਤੂ ਦਾ ਭੈਅ ਜਾਗਰਤੀ ਬਣ ਸਕਦਾ ਸੀ। ਸਾਡੀ ਕਵਿਤਾ ਅਜੇ ਭਾਵੁਕਤਾ ਤੋਂ ਉੱਚਾ ਨਹੀਂ ਉਠ ਸਕੀ। ਜੇ ਕਿਸੇ ਕਵਿਤਾ ਵਿਚ ਸੁਰਤ ਦੀ ਝਲਕ ਮਿਲਦੀ ਹੈ, ਉਹ ਬਲਵੰਤ ਨਹੀਂ ਹੁੰਦੀ। ਸ਼ਾਇਦ ਉਹ ਸਿਰ ਤੋਂ ਉਤਰ ਕੇ ਸਰੀਰ ਦਾ ਭਾਗ ਨਹੀਂ ਬਣੀ ਹੁੰਦੀ।
ਬਹੁਤੇ ਕਵੀ ਮਿਰਤੂ ਨੂੰ ਮਰਨ-ਮਾਰਨ ਦੇ ਰੂਪ ਵਿਚ ਹੀ ਵੇਖਦੇ ਹਨ। ਇਹ ਰੂਪ ਸਾਡੀ ਹੁਣ ਦੀ ਸਾਂਸਕ੍ਰਿਤਕ ਸੁਰ ਨਾਲ਼ ਮਿਲ਼ਦਾ ਵੀ ਹੈ। ਮਰਨ ਵਿਚ ਸ਼ਹੀਦੀ ਹੈ, ਮਾਰਨ ਵਿਚ ਨਾਇਕਤਵ। ਦੋਹਾਂ ਤੇ ਰੋਮਾਂਸ ਦੀ ਝਾਲ ਚੜ੍ਹੀ ਹੋਈ ਹੈ। ਅਸੀਂ ਅਪਣੇ-ਆਪ ਨੂੰ ਜਿਉਣ ਨਾਲ਼ ਨਹੀਂ, ਮਿਰਤੂ ਨਾਲ਼ ਪਰਿਭਾਸ਼ਤ ਕਰਦੇ ਹਾਂ। ਫ਼ੈਜ਼ ਦੇ ਆਖਣ ਵਾਂਙ – ਜਿਸ ਸ਼ਾਨ ਨਾਲ਼ ਕੋਈ ਮਕਤਲ ਵੱਲ ਜਾਂਦਾ ਹੈ, ਉਹੀ ਸ਼ਾਨ ਸਲਾਮਤ ਰਹਿੰਦੀ ਹੈ।
ਸਵਾਲ: ਪਰ ਹੁਣ ਪ੍ਰਸਥਿਤੀ ਬਦਲ ਗਈ ਹੈ। ਸ਼ਹੀਦੀ ਅਤੇ ਨਾਇਕਤਵ ਦੀ ਉਨੀ ਪੁੱਛ ਨਹੀਂ ਰਹਿਣੀ ਚਾਹੀਦੀ?
ਨਵਤੇਜ: ਪ੍ਰਸਥਿਤੀ ਹੀ ਬਦਲੀ ਹੈ, ਵਿਚਾਰ-ਅਧੀਨ ਪ੍ਰਵਿਰਤੀ ਨਹੀਂ। ਪ੍ਰਵਿਰਤੀਆਂ ਦੇ ਪਰਿਵਰਤਨ ਦਾ ਕੋਈ ਟਾਈਮ ਟੇਬਲ ਨਹੀਂ ਹੁੰਦਾ। ਜਾਤ-ਪਾਤ ਦੀ ਪ੍ਰਵਿਰਤੀ ਅਜੇ ਤਕ ਸਾਨੂੰ ਚੰਬੜੀ ਹੋਈ ਹੈ। ਸ਼ਹੀਦੀ ਅਤੇ ਨਾਇਕਤਵ ਦੇ ਸੰਸਕਾਰ ਸਾਡੀ ਪਛਾਣ ਦਾ ਅੰਗ ਬਣ ਗਏ ਹਨ। ਅਪਣੇ ਅੰਗ ਭੰਗ ਕਰਨੇ ਸੌਖੇ ਨਹੀਂ ਹੁੰਦੇ।
ਸਵਾਲ: ਤਕਨੌਲੌਜੀ ਰਾਹੀਂ ਅਸੀਂ ਵਿਸ਼ਵ ਦੇ ਲੋਕਾਂ ਨਾਲ਼ ਜੁੜ ਰਹੇ ਹਾਂ। ਇਸ ਮੇਲ-ਜੋਲ ਦਾ ਇਨ੍ਹਾਂ ਸੰਸਕਾਰਾਂ ’ਤੇ ਪ੍ਰਭਾਵ ਪਵੇਗਾ?
ਨਵਤੇਜ: ਪ੍ਰਭਾਵ ਤਾਂ ਕੋਈ ਨਾ ਕੋਈ ਪਵੇਗਾ ਹੀ। ਕੇਹੋ ਜਿਹਾ ਪਵੇਗਾ, ਇਹ ਗੌਲਣ ਵਾਲੀ ਗੱਲ ਹੈ। ਇਹ ਭਵਿੱਖਬਾਣੀ ਨਹੀਂ ਮੇਰੀ ਇੱਛਾਬਾਣੀ ਹੈ। ਮੇਰਾ ਖ਼ਿਆਲ ਹੈ ਇਹ ਸੰਸਕਾਰ ਖ਼ਤਮ ਨਹੀਂ ਹੋਣਗੇ, ਪਰ ਇਨ੍ਹਾਂ ਤੋਂ ਰੋਮਾਂਸ ਦੀ ਧੁੰਦ ਲਹਿ ਜਾਵੇਗੀ। ਜੋਬਨ ਰੁੱਤੇ ਲੋਕ ਮਰਨਗੇ ਤਾਂ ਸਹੀ, ਪਰ ਉਨ੍ਹਾਂ ਨੂੰ ਮਰਨ ਦਾ ਚਾਅ ਨਹੀਂ ਹੋਵੇਗਾ। ਰੋਮਾਂਸ ਦੀ ਧੁੰਦ ਲਹਿ ਗਈ ਤਾਂ ਉਹ ਵਿਸ਼ੇਸ਼ ਨਹੀਂ ਰਹਿਣਗੇ। ਇਹ ਪਰਿਵਰਤਨ ਓਦੋਂ ਪੂਰਾ ਹੋਵੇਗਾ, ਜਦੋਂ ਲੋਕ ਮਿਰਤੂ ਤੋਂ ਡਰਨੋਂ ਹਟ ਜਾਣਗੇ। ਮਿਰਤੂ ਦੇ ਡਰ ਚੋਂ ਸ਼ਹੀਦ ਤੇ ਨਾਇਕ ਲਈ ਰੋਮਾਂਸ ਪੈਦਾ ਹੁੰਦਾ ਹੈ।

ਸਵਾਲ: ਤੈਨੂੰ ਮਿਰਤੂ ਤੋਂ ਡਰ ਲਗਦਾ ਹੈ?
ਨਵਤੇਜ: ਤਹੱਈਏ ਨਾਲ਼ ਨਹੀਂ ਕਹਿ ਸਕਦਾ ਕਿ ਮੈਨੂੰ ਡਰ ਨਹੀਂ ਲਗਦਾ। ਸ਼ਾਇਦ ਮੈਂ ਮਰਨ ਤੋਂ ਨਹੀਂ ਡਰਦਾ, ਪਰ ਹੁਣ ਜਿਉਣਾ ਵਧੇਰੇ ਚੰਗਾ ਲੱਗਣ ਲੱਗ ਪਿਆ ਹੈ। ਲਗਦਾ ਹੈ ਜਿਵੇਂ ਹੁਣੇ ਜਿਉਣਾ ਸ਼Lੁਰੂ ਕੀਤਾ ਹੈ। ਹੈਰਾਨ ਹੁੰਦਾ ਹਾਂ ਧਰਤੀ ਏਨੇ ਸੁਹਣੇ ਪਿਆਰੇ ਲੋਕਾਂ ਨਾਲ਼ ਭਰੀ ਪਈ ਹੈ। ਕਵਿਤਾ ਮੈਨੂੰ ਵਧੇਰੇ ਆਨੰਦ ਦੇਣ ਲਗ ਪਈ ਹੈ। ਹਰ ਚੀਜ਼ ਮੇਰੇ ਨਾਲ਼ ਬੋਲਣ ਲੱਗ ਪਈ ਹੈ।
ਸਵਾਲ: ਏਸ ਆਨੰਦ ਵਿਚ ਲਿਖਣ ਨੂੰ ਜੀਅ ਕਰਦਾ ਹੈ? ਮਨ ਚ ਆਉਂਦਾ ਹੈ ਜਿਹੜੀਆਂ ਚੀਜ਼ਾਂ ਤੇਰੇ ਨਾਲ਼ ਬੋਲਦੀਆਂ ਹਨ, ਉਹ ਨਾਲ਼-ਦਿਆਂ ਨੂੰ ਵੀ ਦੱਸੇਂ?
ਨਵਤੇਜ: ਹੁਣ ਇਹ ਖ਼ਿਆਲ ਆਉਣ ਲੱਗ ਪਿਆ ਹੈ ਕਿ ਦੱਸਣ ਦਾ ਕੰਮ ਬਹੁਤ ਲੋਕ ਕਰ ਰਹੇ ਹਨ ਤੇ ਮੇਰੇ ਨਾਲ਼ੋਂ ਕਿਤੇ ਵਧੀਆ ਕਰ ਰਹੇ ਹਨ।
ਸਵਾਲ: ਬਚਪਨ ਤੋਂ ਹੁਣ ਤਕ ਕਦੇ ਅਪਣੇ-ਆਪ ’ਤੇ ਝਾਤ ਮਾਰੀ ਹੈ?
ਨਵਤੇਜ: ਨਹੀਂ। ਮੈਂ ਅਪਣੇ ਜਨਮ ਤੇ ਮਰਨ ਬਾਰੇ ਭੁੱਲ-ਭੁਲੇਖੇ ਹੀ ਸੋਚਦਾ ਹਾਂ। ਅਜੇ ਜਿਉਣ ਤੋਂ ਥੱਕਿਆ ਨਹੀਂ ਹਾਂ। ਇਹ ਦੋਵੇਂ ਘਟਨਾਵਾਂ ਊਂ ਵੀ ਮੇਰੇ ਵੱਸ ਤੋਂ ਬਾਹਰ ਹਨ। ਮੈਂ ਜਨਮ ਤੋਂ ਪਹਿਲਾਂ ਜੰਮ ਨਹੀਂ ਸਕਦਾ ਨਾ ਮਰਨ ਤੋਂ ਪਿੱਛੋਂ ਮਰ ਸਕਦਾ ਹਾਂ। ਫ਼ਲਸਫ਼ੀ ਹਾਇਦਗਰ ਕਹਿੰਦਾ ਹੈ – ਅਸੀਂ ਹੋਂਦ ਵਿਚ ਸਿੱਟੇ (ਟਹਰੋੱਨ ਨਿਟੋ ਬੲਨਿਗ) ਜਾਂਦੇ ਹਾਂ। ਮੈਨੂੰ ਬੁਲਬੁਲੇ ਵਾਙੂੰ ਉਪਜਣ ਬਿਨਸਣ ਦਾ ਬਿੰਬ ਸੁਹਣਾ ਲਗਦਾ ਹੈ। ਇਸ ਵਿਚ ਮੈਂ ਹੁੰਦਾ ਹਾਂ ਸਿੱਟਿਆ ਨਹੀਂ ਜਾਂਦਾ। ਮੈਂ ਸਿੱਟਣ ਵਾਲੇ ਦੇ ਭੈਅ ਤੇ ਸਿੱਟੇ ਜਾਣ ਦੀ ਹਿੰਸਾ ਤੋਂ ਬਚ ਜਾਂਦਾ ਹਾਂ। ਬੁਲਬੁਲੇ ਵਾਙੂੰ ਮੈਂ ਦੂਜੇ ਨਾਲ਼ੋਂ ਉੱਤਮ ਜਾਂ ਮੱਧਮ ਵੀ ਨਹੀਂ। ਨਾ ਹੀ ਮੇਰੇ ਉਪਜਣ ਤੇ ਬਿਨਸਣ ਦਾ ਕੋਈ ਮਨੋਰਥ ਹੈ। ਮੈਂ ਕੇਵਲ ਹਾਂ ਤੇ ਮੇਰਾ ਹੋਣਾ ਹੀ ਮੇਰਾ ਧਰਮ ਹੈ।
ਸਵਾਲ: ਇਹ ਤਾਂ ਤੇਰੀਆਂ ਹੁਣ ਦੀਆਂ ਗੱਲਾਂ ਹਨ। ਜਨਮ ਵੇਲੇ ਦੀ ਕੋਈ ਗੱਲ?

ਨਵਤੇਜ: ਅੰਤਲੀ ਉਮਰੇ ਇਕ ਵਾਰ ਮਾਂ ਨੇ ਮੈਨੂੰ ਕਿਹਾ ਸੀ, “ਤੇਰੀ ਜਨਮਸਾਖੀ ਮੇਰੇ ਕੋਲ ਐ”। ਉਹ ਚਲੀ ਗਈ, ਤਾਂ ਮੈਂ ਪਛਤਾਇਆ ਕਿ ਉਹਨੂੰ ਜਿਉਂਦੇ ਜੀਅ ਕਿਉਂ ਨਾ ਪੜ੍ਹਿਆ? ਮੈਂ ਅਪਣੇ ਬਾਪ ਦੇ ਅੰਦਰ ਵੀ ਕਦੇ ਝਾਤ ਨਹੀਂ ਸੀ ਮਾਰੀ। ਉਹਨਾ ਮੈਨੂੰ ਪੜ੍ਹਨੇ ਪਾਇਆ, ਮੈਂ ਉਨ੍ਹਾਂ ਨੂੰ ਪੜ੍ਹਨਾ ਭੁੱਲ ਗਿਆ। ਮੇਰੀ ਪੜ੍ਹਾਈ ਉਨ੍ਹਾਂ ਨੂੰ ਮਹਿੰਗੀ ਪਈ। ਇਹਦੀ ਦਖਸ਼ਿਣਾ ਵਿਚ ਉਹ ਆਪ ਲੱਗ ਗਏ।
ਮੇਰੇ ਜਨਮ ’ਤੇ ਦੋ ਘਟਨਾਵਾਂ ਦਾ ਪਰਛਾਵਾਂ ਹੈ। ਕਾਗ਼ਜ਼ਾਂ ਵਿਚ ਮੇਰਾ ਜਨਮ 1938 ਦਾ ਹੈ। ਓਦੋਂ ਦੂਜਾ ਵਿਸ਼ਵਯੁਧ ਆਰੰਭ ਹੋਇਆ ਸੀ। ਮਾਂ ਦੀ ਸਿਮਰਤੀ ਵਿਚ ਮੇਰਾ ਜਨਮ ਕਾਗ਼ਜ਼ੀ ਜਨਮ ਤੋਂ ਪਹਿਲਾਂ ਦਾ ਹੈ। ਓਦੋਂ ਕੁੰਭ ਦਾ ਮੇਲਾ ਲੱਗਿਆ ਸੀ। ਮੇਰੇ ਜੀਵਨ ਵਿਚ ਮੇਲਾ ਤੇ ਮਿਰਤੂ ਪਲਚੇ ਹੋਏ ਹਨ। ਮੈਂ ਪਹਿਲੀ ਵਾਰ ਬੀਮਾਰ, ਕਿਸੇ ਵਿਆਹ ਵਿਚ ਹੋਇਆ ਸੀ। ਦੋ ਢਾਈ ਸਾਲ ਦਾ ਸੀ ਤੇ ਮਾਂ ਦੇ ਦੱਸਣ ਅਨੁਸਾਰ ਮੈਨੂੰ ਕਿਸੇ ਦੀ ਨਜ਼ਰ ਲੱਗ ਗਈ ਸੀ। ਮੈਂ ਸੁੱਕਦਾ-ਸੁੱਕਦਾ ਸੁੱਕ ਗਿਆ। ਤੇ ਇਕ ਦਿਨ ਮੇਰਾ ਸਾਹ ਰੁਕ ਗਿਆ। ਮਾਂ ਰੋਣ ਲੱਗ ਪਈ। ਮੈਨੂੰ ਹਟਕੋਰਾ ਆਇਆ ਤੇ ਸਾਹ ਫੇਰ ਚੱਲਣ ਲੱਗ ਪਿਆ। ਡੋਰ ਗੰਢੀ ਗਈ। ਪਰ ਉਸ ਵਿਚ ਟੁੱਟਣ ਦਾ ਝਟਕਾ ਅਟਕਿਆ ਰਿਹਾ। ਇਸ ਗੱਲ ਦੀ ਸੋਝੀ ਮੈਨੂੰ ਪਿੱਛੇ ਜਿਹੇ ਹੋਈ ਹੈ। ਜਦੋਂ ਵੀ ਡੋਰ ਵਿਚ ਖਿੱਚ ਪੈਂਦੀ ਹੈ ਮੈਂ ਸਹਿਮ ਜਾਂਦਾ ਹਾਂ।
ਸਵਾਲ: ਇਸ ਸਹਿਮ ਦਾ ਕੀ ਅਸਰ ਹੋਇਆ?
ਨਵਤੇਜ: ਮੈਂ ਅਪਣੇ ਆਪ ਨੂੰ ਘੁੱਟ ਕੇ ਫੜਿਆ ਹੋਇਆ ਹੈ। ਜਿਵੇਂ ਕੰਜੂਸ ਜੇਬ ਨੂੰ ਫੜਦਾ ਹੈ। ਮੈਨੂੰ ਪਤਾ ਹੈ ਜੇਬ ਖ਼ਾਲੀ ਹੈ ਫਿਰ ਵੀ ਹੱਥ ਇਹਨੂੰ ਛੱਡਦੇ ਨਹੀਂ। ਖ਼ਾਲੀ ਹੋਣ ਦਾ ਸਿਰ ਨੂੰ ਪਤਾ ਹੈ ਹੱਥਾਂ ਨੂੰ ਨਹੀਂ। ਮੈਨੂੰ ਲਗਦਾ ਹੈ ਮੇਰਾ ਸਿਰ ਪੂਰੀ ਤਰ੍ਹਾਂ ਸਰੀਰ ਨਾਲ਼ ਜੁੜਿਆ ਹੋਇਆ ਨਹੀਂ। ਇਸ ਕਰਕੇ ਹੋਣ ਦੇ ਮਹਾਂਨਾਚ ਵਿਚ ਮੈ ਪੂਰਾ ਸ਼ਾਮਿਲ ਨਹੀਂ ਹੁੰਦਾ। ਮੇਰਾ ਸਰੀਰ ਮੇਰੇ ਅੰਗਾਂ ਨੂੰ ਫੜੀ ਰਖਦਾ ਹੈ। ਲੀਲਾ ਦੀਆਂ ਕੁਝ ਪੰਕਤੀਆਂ ਮੇਰੀ ਇਸ ਦਸ਼ਾ ਵਲ ਸੈਨਤ ਕਰਦੀਆਂ ਹਨ

ਅਸੀਂ ਪੂਰੇ-ਸੂਰੇ ਹੋਣ ਤੋਂ ਡਰਦੇ ਹਾਂ
ਅਪਣੇ ਅੰਗ ਕੱਟ ਵੱਢ ਕੇ
ਅਪਾਹਜ ਹੋ ਜਾਂਦੇ ਹਾਂ
… …
ਤੁਰਨ ਤੋਂ ਡਰਦੇ
ਲੋਹੇ ਦੀਆਂ ਜੁੱਤੀਆਂ ਪਾ ਲੈਂਦੇ ਹਾਂ

ਭੈਅ ਨੇ ਮੇਰੇ ਪਿੰਡ (ਪਿੰਡੇ) ਨੂੰ ਹੀ ਨਹੀਂ ਮੇਰੇ ਬ੍ਰਹਿਮੰਡ ਨੂੰ ਵੀ ਸੁੰਗੇੜ ਦਿੱਤਾ ਹੈ। ਇਸ ਕਰਕੇ ਮੇਰੀ ਕਵਿਤਾ ਵਿਚ ਓਹ ਤੇਜੱਸਵ ਨਹੀਂ; ਜਿਹੜਾ ਹੋਮਰ, ਸ਼ੇਕਸਪੀਅਰ, ਬਲੇਕ, ਵਿਟਮੈੱਨ ਜਾਂ ਪੂਰਨ ਸਿੰਘ ਦੀ ਕਵਿਤਾ ਵਿਚ ਹੈ। ਇਹ ਕਵੀ ਅਪਣੇ ਪਿੰਡ ਨੂੰ ਬ੍ਰਹਿਮੰਡ ਜਿੱਡਾ ਕਰ ਲੈਂਦੇ ਹਨ। ਮੈਂ ਇਸ ਤੋਂ ਉਲਟ ਕਰਦਾ ਹਾਂ।
ਸਵਾਲ: ਜੇ ਕਾਵਿ ਗੁਣ ਹੋਣ, ਸੁੰਗੜੇ ਬ੍ਰਹਿਮੰਡ ਦੀ ਕਵਿਤਾ ਵੀ ਵੱਡੀ ਬਣ ਸਕਦੀ ਹੈ?
ਨਵਤੇਜ: ਕਵਿਤਾ ਦਾ ਮਹਾਤਮ ਕਾਵਿਗੁਣਾਂ ਕਰਕੇ ਨਹੀਂ, ਉਸ ਵਿਚਲੇ ਬ੍ਰਹਿਮੰਡ ਕਰਕੇ ਹੁੰਦਾ ਹੈ। ਜਿੱਡਾ ਬ੍ਰਹਿਮੰਡ, ਓਡੀ ਕਵਿਤਾ। ਤੁਲਸੀ ਦਾਸ ਜੀ ਕਹਿੰਦੇ ਹਨ ਕਿ ਮੇਰੀ ਰਚਨਾ (ਰਾਮਾਇਣ) ਵਿਚ ਕਵਿਤਾ ਵਾਲਾ ਇਕ ਵੀ ਗੁਣ ਨਹੀਂ; ਫਿਰ ਵੀ ਇਹ ਸ੍ਰੇਸ਼ਟ ਹੈ, ਕਿਉਂਕਿ ਇਸ ਵਿਚ ਰਾਮ ਦਾ ਨਾਮ ਹੈ।
ਮੇਰਾ ਬ੍ਰਹਿਮੰਡ ਖੁੱਲ੍ਹਾ ਨਾ ਹੋਣ ਕਰਕੇ ਮੇਰੀਆਂ ਕਵਿਤਾਵਾਂ ਕਿਸੇ ਨਾ ਕਿਸੇ ਥਾਂ ’ਤੇ ਆ ਕੇ ਖੜ੍ਹ ਜਾਂਦੀਆਂ ਹਨ। ਜਿਵੇਂ ਸੂਪਨਖਾ ਦੀ ਸੂਪਨਖਾ ਅਪਣੇ ਆਕ੍ਰੋਸ਼ ’ਤੇ ਆ ਕੇ ਖੜ੍ਹ ਜਾਂਦੀ ਹੈ। ਵਾਲਮੀਕੀ ਦੇ ਵੇਲੇ ਤੋਂ ਉਹ ਏਥੇ ਹੀ ਖੜ੍ਹੀ ਹੈ। ਮੈਂ ਉਹਦੀ ਭੂਮਿਕਾ ਹੀ ਬਦਲੀ ਹੈ। ਉਹ ਰਾਖਸ਼ੀ ਤੋਂ ਮਾਨੁਸ਼ੀ ਬਣ ਗਈ ਹੈ ਤੇ ਰਾਮ ਲਛਮਣ ਉਹਦੇ ਅੰਗ ਭੰਗ ਕਰਨ ਦਾ ਰਾਖਸ਼Lੀ ਕਰਮ ਕਰਦੇ ਹਨ। ਪਰ ਮੇਰੀ ਕਵਿਤਾ ਉਹਨੂੰ ਅਪਣੇ ਆਕ੍ਰੋਸ਼ ਤੋਂ ਅੱਗੇ ਤੁਰਨ ਲਈ ਥਾਂ ਨਹੀਂ ਦਿੰਦੀ। ਮੈਂ ਉਸਨੂੰ ਗੋਮਤੀ ਨਦੀ ’ਤੇ ਲੈ ਤਾਂ ਜਾਂਦਾ ਹਾਂ ਪਰ ਆਕ੍ਰੋਸ਼ ਤੋਂ ਕੱਢ ਕੇ ਨਦੀ ਨਾਲ਼ ਤੋਰਦਾ ਨਹੀਂ।
ਸਵਾਲ: ਤੂੰ ਉਹਨੂੰ ਤੋਰ ਕੇ ਕਿੱਥੇ ਲਿਜਾਂਦਾ ਤੇ ਕਿਵੇਂ ਲਿਜਾਂਦਾ। ਸੂਪਨਖਾ ਇਕੱਲੀ ਔਰਤ ਨਹੀਂ ਸਰਬੱਤ ਵਣ ਹੈ। ਆਯੋਧਿਆ ਅਪਣੇ ਫੈਲਣ ਲਈ ਉਹਨੂੰ ਉਜਾੜਦੀ ਹੈ। ਵਣ ਚਿੰਘਾੜਦਾ ਹੈ। ਇਹ ਸੂਪਨਖਾ ਦਾ ਆਕ੍ਰੋਸ਼ ਹੈ। ਇਸ ਆਕ੍ਰੋਸ਼ ਦੀ ਪੰਚਵਟੀ ਨਾਲ਼ੋਂ ਅਜ ਐਮੇਜ਼ਾਨ ਨੂੰ ਵਧੇਰੇ ਲੋੜ ਹੈ। ਕੀ ਸੂਪਨਖਾ ਕਵਿਤਾ ਲਈ ਇਹ ਬਹੁਤ ਨਹੀਂ?
ਨਵਤੇਜ: ਸ਼ਾਇਦ ਹੈ। ਸਮੁੱਚੇ ਰਾਮ ਕਾਵਿ ਨੇ ਸੂਪਨਖਾ ਦੀ ਪੀੜ ਨਹੀਂ ਸੁਣੀ। ਕਿਉਂਕਿ ਉਹ ਰਾਖਸ਼ੀ ਸੀ। ਤੇ ਪੀੜ ਦੇਣ ਵਾਲਾ ਕਵੀਆਂ ਦਾ ਪੂਜਯ ਨਾਇਕ ਰਾਮ ਆਪ ਸੀ। ਸੂਪਨਖਾ ਦੇ ਨੱਕ, ਕੰਨ ਅਤੇ ਦੱਖਣ ਦੀਆਂ ਕੁਝ ਰਾਮਾਇਣਾਂ ਅਨੁਸਾਰ ਛਾਤੀਆਂ ਕੱਟੀਆਂ ਜਾਂਦੀਆਂ ਹਨ। ਤੁਲਸੀ ਦਾਸ ਉਨ੍ਹਾਂ ਵਿੱਚੋਂ ਵਗਦੇ ਲਹੂ ਨੂੰ ਅਲੰਕਾਰ ਸਜਾਉਣ ਲਈ ਤਾਂ ਵਰਤ ਲੈਂਦਾ ਹੈ, ਸੂਪਨਖਾ ਦੇ ‘ਸਰੀਰ ਤੋਂ ਲਹੂ ਇੰਜ ਵਹਿ ਰਿਹਾ ਸੀ ਜਿਵੇਂ ਪਰਬਤ ਤੋਂ ਗੇਰੂ ਦੀ ਧਾਰ ਵਹਿ ਰਹੀ ਹੋਵੇ’ ਪਰ ਸੂਪਨਖਾ ਦੀ ਪੀੜ ਲਈ ਉਹ ਤੋਂ ਇਕਹਿਰਾ ‘ਵਿਰਲਾਪ’ ਸ਼ਬਦ ਹੀ ਸਰਦਾ ਹੈ, ‘ਉਹ ਵਿਰਲਾਪ ਕਰਦੀ ਖਰ ਅਤੇ ਦੂਸ਼ਣ (ਭਰਾਵਾਂ) ਕੋਲ਼ ਗਈ’। ਮਹਾਕਵੀ ਵਾਲਮੀਕੀ ਮਹਾਂ ਹਿਰਦੇ ਵਾਲੇ ਹਨ, ਉਹ ਸੂਪਨਖਾ ਦੇ ਦੁੱਖ ਲਈ ਕੁਝ ਵਧੇਰੇ ਪੰਕਤੀਆਂ ਦਾਨ ਕਰ ਦਿੰਦੇ ਹਨ। ਆਖ਼ਿਰ ਸੀਤਾ ਦੇ ਦੁੱਖ ਦੇ ਸਾਹਮਣੇ ਇਕ ਰਾਖਸ਼ੀ ਦਾ ਦੁੱਖ ਕਿੰਨਾ ਕੁ ਦੁੱਖਮਈ ਹੋ ਸਕਦਾ ਹੈ? ਸੂਪਨਖਾ ਕਵਿਤਾ ਸਦੀਆਂ ਪਿੱਛੋਂ ਸੂਪਨਖਾ ਦੀ ਚੀਕ ਨੂੰ ਸੁਣਦੀ ਹੈ ਤੇ ਉਸਦੇ ਆਕ੍ਰੋਸ਼ ਨੂੰ ਸ਼ਬਦ ਦਿੰਦੀ ਹੈ। ਭਾਵੇਂ ਕਣ ਭਰ ਹੀ ਸਹੀ ਮੈਂ ਉਸਦਾ ਰਿਣ ਚੁਕਾਇਆ ਹੈ। ਤੇ ਅਪਣੇ ਆਪ ਨੂੰ ਸੁਰਖ਼ਰੂ ਕੀਤਾ ਹੈ।
ਸੁਰਖ਼ਰੂ ਹੋਣ ਵਿਚ ਹੀ ਮੇਰੀ ਨਿਰਬਲਤਾ ਹੈ। ਸੂਪਨਖਾ ਨੂੰ ਆਕ੍ਰੋਸ਼ ਤਕ ਲਿਆ ਕੇ ਸੁਰਖ਼ਰੂ ਹੋ ਗਿਆ ਹਾਂ। ਸੂਪਨਖਾ ਅਪਣੇ ਆਕ੍ਰੋਸ਼ ਤੋਂ ਵੱਡੀ ਹੈ। ਸੂਪਨਖਾ ਮੇਰੇ ਵਿਤ ਤੋਂ ਵੀ ਵੱਡੀ ਹੈ। ਕਵਿਤਾ ਕਵੀ ਤੋਂ ਵੱਡੀ ਹੋਣ ਲਗਦੀ ਹੈ, ਤਾਂ ਉਹ ਡਰ ਕੇ ਉਸਦੇ ਅੰਗ ਭੰਗ ਕਰ ਦਿੰਦਾ ਹੈ ਜਾਂ ਪੈਰਾਂ ਵਿਚ ਲੋਹੇ ਦੀ ਜੁੱਤੀ ਪਾ ਦਿੰਦਾ ਹੈ। ਸੂਪਨਖਾ ਨਾਲ਼ ਮੈਂ ਇਹੀ ਕੀਤਾ ਹੈ।
ਮੇਰੇ ਤੇ ਲਛਮਣ ਵਿਚ ਬਹੁਤਾ ਅੰਤਰ ਨਹੀਂ ਹੈ। ਲਛਮਣ ਦਾ ਦੋਸ਼ ਨੰਗਾ ਕਰਦਾ-ਕਰਦਾ ਮੈਂ ਆਪ ਲਛਮਣ ਬਣ ਗਿਆ। ਪਾਤੰਜਲੀ ਕਹਿੰਦਾ ਹੈ ਕਿ ਤੁਸੀਂ ਜਿਹੜਾ ਕੰਮ ਕਰਦੇ ਹੋ, ਉਹਦਾ ਰੂਪ ਬਣ ਜਾਂਦੇ ਹੋ। ਧੰਦੇ ਵਿਚ ਧੰਦਾ ਹੋ ਜਾਂਦੇ ਹੋ। ਮੇਰਾ ਦੋਸ਼ ਲਛਮਣ ਨਾਲ਼ੋਂ ਵੱਡਾ ਹੈ। ਉਹਨੇ ਸੂਪਨਖਾ ਦੇ ਅੰਗ ਭੰਗ ਕੀਤੇ ਹਨ, ਮੈਂ ਉਹਦੀ ਸਮਰੱਥਾ। ਮੈਂ ਲਛਮਣ ਨੂੰ ਕਵਿਤਾ ਦੀ ਕਚਿਹਰੀ ਵਿਚ ਖੜ੍ਹਾ ਕੀਤਾ ਹੈ। ਪਰ ਪਾਠਕਾਂ ਨੇ ਮੇਰੇ ਨਾਲ਼ ਰਿਆਇਤ ਕੀਤੀ ਹੈ। ਮੈਂ ਕਚਹਿਰੀ ਵਿਚ ਆਪ ਹਾਜ਼ਿਰ ਹੋ ਗਿਆ ਹਾਂ।
ਸਵਾਲ: ਕੀ ਭੈਅ ਕਰਕੇ ਹੀ ਤੇਰਾ ਕਾਵਿ-ਵਿਸ਼ਵ ਸੁੰਗੜਿਆ ਹੋਇਆ ਹੈ ਜਾਂ ਇਹਦੇ ਹੋਰ ਵੀ ਕਾਰਣ ਹਨ। ਕਿਸੇ ਵਸਤੂ/ਵਰਤਾਰੇ ਦਾ ਇਕਹਿਰਾ ਕਾਰਣ ਵਿਆਖਿਆ ਨੂੰ ਸਰਲ ਨਹੀਂ ਕਰ ਦਿੰਦਾ?
ਨਵਤੇਜ: ਤੂੰ ਸਹੀ ਹੈਂ। ਸਰਲ ਕਰ ਦਿੰਦਾ ਹੈ। ਹੋਰ ਕਾਰਣ ਮੇਰੇ ਬਚਪਨ ਨਾਲ਼ ਜੁੜੇ ਹੋਏ ਹਨ। ਮੈਨੂੰ ਮੇਰਾ ਸਾਰਾ ਬਚਪਨ ਨਹੀਂ ਮਿਲਿਆ। ਸੱਤ ਕੁ ਸਾਲ ਦੀ ਉਮਰ ਵਿਚ ਮੈਨੂੰ ਬਚਪਨ ਦੇ ਅਦਨ ਵਿਚੋਂ ਨਿਕਲਣਾ ਪਿਆ। ਪਿੰਡ ਦੇ ਗਿਆਨੀ ਹਰੀ ਸਿੰਘ ਨੇ ਮੇਰੇ ਮਾਂ ਬਾਪ ਨੂੰ ਕਿਹਾ, “ਇਹ ਭੁਜੰਗੀ ਮੈਨੂੰ ਦੇ ਦਿਓ, ਮੈਂ ਇਹਨੂੰ ਗਿਆਨਵਾਨ ਕਰ ਦਿਆਂਗਾ।” ਗਿਆਨੀ ਜੀ ਦਾ ਕਿਹਾ ਕੋਈ ਮੋੜਦਾ ਨਹੀਂ ਸੀ। ਮੈਂ ਉਨ੍ਹਾਂ ਦਾ ਹੱਥ ਫੜਿਆ ਤੇ ਤੁਰ ਪਿਆ। ਵਿਹੜੇ ਤੋਂ ਦਲਾਨ ਤੇ ਦਲਾਨ ਤੋਂ ਬੂਹੇ ਤਕ ਮੇਰੇ ਪੈਰ ਹੌਲੀ ਹੁੰਦੇ ਗਏ। ਮੈਨੂੰ ਪੱਕ ਸੀ ਸਰਦਲ ਟੱਪਣ ਤੋਂ ਪਹਿਲਾਂ ਮਾਂ ਮੈਨੂੰ ਰੋਕ ਲਵੇਗੀ। ਮਾਂ ਰਸੋਈ ਦੇ ਚੌਂਕੇ ’ਚ ਖੜ੍ਹੀ ਵੇਖਦੀ ਰਹੀ। ਮੈਂ ਪੈਰ ਘੜੀਸਦਾ ਬੂਹਾ ਲੰਘ ਗਿਆ। ਤੇ ਅਪਣੇ ਬਚਪਨ ਵਿਚੋਂ ਬਾਹਰ ਨਿਕਲ ਗਿਆ।
ਮੇਰੇ ਚੇਤੇ ਵਿਚ ਮਾਂ ਅਜੇ ਵੀ ਓਵੇਂ ਖੜ੍ਹੀ ਹੈ। ਰੁਕੀ ਹੋਈ ਮਮਤਾ। ਗਿਆਨੀ ਜੀ ਨੇ ਮੈਨੂੰ ਪੰਜ ਸਾਲ ਲਈ ਮੰਗਿਆ ਸੀ, ਪੂਰਾ ਸਮਾਂ, ਦਿਨ ਰਾਤ। ਮਾਂ ਨੂੰ ਪਤਾ ਸੀ ਹੁਣ ਮੈਂ ਨਿਤ ਘਰ ਨਹੀਂ ਆਉਣਾ। ਸੱਤ-ਅੱਠ ਸਾਲ ਦੇ ਪੁੱਤ ਨੂੰ ਤੋਰਨ ਵੇਲੇ ਉਹਨੇ ਚਿੱਤ ਪੱਥਰ ਦਾ ਕਰ ਲਿਆ ਸੀ। ਮਮਤਾ ਦੀ ਕੂਲ ਅੰਦਰੇ ਕਿਤੇ ਡੱਕ ਲਈ ਸੀ। ਮੇਰੀ ਮਾਂ ਅਨਪੜ੍ਹ ਸੀ, ਬਾਪ ਵੀ। ਪਰ ਉਨ੍ਹਾਂ ਨੂੰ ਪੜ੍ਹਾਈ ਕੋਈ ਅਣਮੁੱਲ ਜਿਹੀ ਸ਼ੈਅ ਲਗਦੀ ਸੀ। ਉਹ ਇਸ ਲਈ ਕੁਝ ਵੀ ਵਾਰ ਸਕਦੇ ਸਨ। ਮਾਂ ਕੋਲ ਮਮਤਾ ਸੀ ਉਹਨੇਂ ਉਹ ਵਾਰ ਦਿੱਤੀ। ਇਸਤਰ੍ਹਾਂ ਉਹ ਗਿਆਨ ਲਈ ਹੀ ਕਰ ਸਕਦੀ ਸੀ। ਗਿਆਰਾਂ ਸਾਲ ਦੀ ਉਮਰ ਵਿਚ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਨੇ ਮਾਂ ਤੋਂ ਮੈਨੂੰ ਮੰਗਿਆ। ਮਾਂ ਮੰਨੀਂ ਨਹੀਂ। ਗੁਰਚਰਨ ਰਾਮਪੁਰੀ ਮੈਨੂੰ ਅਕਸਰ ਮਖੌਲ ਵਿਚ ਯਾਦ ਕਰਵਾਉਂਦਾ ਰਹਿੰਦਾ ਹੈ ਕਿ ਪੰਜਾਬ ਦੇ ਪਿਛਲੇ ਦੁਖਾਂਤ ਦਾ ਜ਼ਿੰਮੇਵਾਰ ਮੈਂ ਹਾਂ। ਚੰਗਾ ਹੁੰਦਾ ਜੇ ਸੰਤਾਂ ਨਾਲ ਚਲਿਆ ਜਾਂਦਾ।

ਗਿਆਨੀ ਹਰੀ ਸਿੰਘ

ਸਵਾਲ: ਗਿਆਨੀ ਹਰੀ ਸਿੰਘ ਕੌਣ ਸੀ? ਤੇਰੇ ਚਰਿੱਤਰ ਵਿਚ ਉਹ ਕਿੰਨਾਂ ਕੁ ਹੈ?

ਨਵਤੇਜ: ਗਿਆਨੀ ਹਰੀ ਸਿੰਘ ਨੂੰ ਵੇਖਣ ਵਿਚ ਮੈਨੂੰ ਸੱਠ ਸਾਲ ਲੱਗ ਗਏ ਹਨ। ਉਹ ਅਜੇ ਵੀ ਅਣਵੇਖਿਆ ਲਗਦਾ ਹੈ। ਸ਼ਾਇਦ ਗਹੁ ਨਾਲ਼ ਅਸੀਂ ਉਸੇ ਨੂੰ ਵੇਖਦੇ ਹਾਂ, ਜਿਹੜਾ ਸਾਡੇ ਵੱਲ ਵੇਖਦਾ ਹੈ। ਗਿਆਨੀ ਹਰੀ ਸਿੰਘ ਇਹ ਨਹੀਂ ਸੀ ਕਰ ਸਕਦਾ। ਉਹ ਅੰਨ੍ਹਾ ਸੀ। ਉਹਦੇ ਨਾਲ਼ ਇਹ ਭਾਣਾ ਦੋ ਸਾਲ ਦੀ ਉਮਰ ਵਿਚ ਵਰਤ ਗਿਆ ਸੀ।
ਪਰ ਅੱਖਾਂ ਬੰਦ ਹੋਣ ਨਾਲ਼ ਵੇਖਣਾ ਬੰਦ ਨਹੀਂ ਹੁੰਦਾ। ਉਹੀ ਚੀਜ਼ਾਂ ਉਵੇਂ ਵੇਖ ਵੇਖ ਕੇ ਵੀ ਅੱਖਾਂ ਬੰਦ ਹੋ ਜਾਂਦੀਆਂ ਹਨ। ਗਿਆਨੀ ਜੀ ਨੇ ਉਹ ਵੇਖਿਆ ਜੋ ਸਦੀਆਂ ਤੋਂ ਪਿੰਡ ਦੇ ਲੋਕਾਂ ਨੇ ਨਹੀਂ ਵੇਖਿਆ ਸੀ ਤੇ ਨਾ ਵੇਖਣ ਲਈ ਤਿਆਰ ਸਨ।
ਉਹਨੇ ਅਪਣੇ ਹਿੱਸੇ ਆਉਂਦੀ ਜ਼ਮੀਨ ਵਿਚ ਕੁੜੀਆਂ ਦਾ ਸਕੂਲ ਖੋਲ੍ਹ ਦਿੱਤਾ।
ਇਹ ਗੱਲ ਹੁਣ ਭਾਵੇਂ ਸਾਧਾਰਣ ਲੱਗੇ ਓਦੋਂ ਨਹੀਂ ਸੀ। ਬਿਜਲੀ ਲਿਸ਼ਕਣ ਵਰਗੀ ਸੀ। ਬਿਜਲੀ ਦਾ ਲਿਸ਼ਕਣਾ ਵੀ ਅਲੋਕਾਰ ਨਹੀਂ, ਅਲੋਕਾਰ ਉਹਨੂੰ ਫੜਨ ਵਿਚ ਹੈ। ਗਿਆਨੀ ਜੀ ਨੇ ਉਹ ਓਨਾਂ ਚਿਰ ਫੜੀ ਰੱਖੀ, ਜਿੰਨਾਂ ਚਿਰ ਉਹਦੀ ਲਿਸ਼ਕ ਸਥੂਲ ਚਾਨਣ ਨਹੀਂ ਬਣ ਗਈ। ਸੰਨ 1962 ਵਿਚ ਬਿਜਲੀ ਅਲੋਪ ਹੋ ਗਈ, ਪਰ ਚਾਨਣ ਪਿੱਛੇ ਛੱਡ ਗਈ।
ਸਕੂਲ ਗਿਆਨੀ ਜੀ ਦਾ ਗੁਰਦੁਆਰਾ ਸੀ ਤੇ ਸਕੂਲ ਦਾ ਕੰਮ ਉਨ੍ਹਾਂ ਦੀ ਕਾਰਸੇਵਾ। ਦੱਸਿਆਂ ਇਹ ਅੱਤਕਥਨੀ ਲੱਗੇਗੀ ਕਿ ਸਕੂਲ ਦੇ ਦੋਨਾਂ ਕਮਰਿਆਂ ਨੂੰ ਲੱਗਣ ਵਾਲੀ ਹਰ ਇੱਟ ਨੂੰ ਉਹ ਟੋਹ ਕੇ ਵੇਖਦੇ ਸਨ। ਕੋਈ ਕੰਧ ਕੌਲ਼ਾ, ਬਾਰੀ ਅਲਮਾਰੀ, ਦਰ ਦੇਹਲੀ ਐਸੀ ਨਹੀਂ ਸੀ, ਜਿਸ ’ਤੇ ਉਹਨੇ ਹੱਥ ਨਹੀਂ ਫੇਰਿਆ ਸੀ। ਰਾਜਾਂ ਨੂੰ ਉਹ ਦੱਸ ਦਿੰਦਾ ਸੀ, ਕਿੱਥੇ ਵਿੰਙ ਹੈ, ਕਿੱਥੇ ਟੋਆ ਤੇ ਕਿੱਥੇ ਪਲੱਸਤਰ ਘਟ ਲੱਗਾ ਹੈ। ਅੱਖਾਂ ਵਾiਲ਼ਆਂ ਨੂੰ ਸਕੂਲ ਦੇ ਕਮਰੇ, ਕਮਰੇ ਦੀਹਦੇ ਸਨ; ਗਿਆਨੀ ਜੀ ਨੂੰ ਉਹ ਸ਼Lੁਧ ਸਿਰਜਣਾ। ਉਹ ਉਨ੍ਹਾਂ ਦੀ ਸ਼ਕਲ ਨੂੰ ਨਹੀਂ, ਹੋਂਦ ਨੂੰ ਹੱਥ ਲਾਉਂਦੇ ਸਨ।
ਪਰ ਲੋਕ ਕੁੜੀਆਂ ਪੜ੍ਹਾਉਣ ਲਈ ਰਾਜ਼ੀ ਨਹੀਂ ਸਨ। 90 ਸਾਲ ਦੀ ਸਾਡੀ ਮਾਸੀ ਨਿਧ ਕੌਰ ਕਹਿੰਦੀ ਹੈ – “ਓਦੋਂ ਲੋਕ ਸਮਝਦੇ ਸਨ, ਪੜ੍ਹ ਕੇ ਕੁੜੀਆਂ ਘਰੋਂ ਨਿਕਲ਼ ਜਾਂਦੀਐਂ।” ਇਸਤਰੀ ਦੋ ਵਾਰ ਹੀ ਘਰੋਂ ਨਿਕਲ਼ਦੀ ਸੀ, ਪਹਿਲੀ ਵਾਰ ਡੋਲੀ ਵਿਚ, ਦੂਜੀ ਵਾਰ ਖੱਫਣ ਵਿਚ। ਡੋਲੀ ਵਿਚ ਵੀ ਘਰੋਂ ਨਿਕਲ਼ਦੀ ਨਹੀਂ ਸੀ, ਘਰ ਬਦਲਦੀ ਸੀ। ਘਰ, ਇਸਤਰੀ ਦੁਆਲੇ ਚਮੜੀ ਵਾਙੂੰ ਚੰਬੜਿਆ ਹੋਇਆ ਹੈ। ਸਰੀਰ ਦੀ ਚਮੜੀ ਉਮਰ ਨਾਲ਼ ਹੱਡਾਂ ਤੋਂ ਢਿਲਕ ਜਾਂਦੀ ਹੈ, ਚਿਤਾ ਵਿਚ ਸੜ ਜਾਂਦੀ ਹੈ। ਘਰ ਦੀ ਚਮੜੀ ਸਦੀਆਂ ਲੰਘਣ ਨਾਲ਼ ਵੀ ਨਹੀਂ ਢਿਲਕਦੀ।
ਤਾਪ ਚੜ੍ਹੇ ਮੈਂ ਕੁਨੀਨ ਦੀ ਗੋਲ਼ੀ ਗੁੜ ਵਿਚ ਲਪੇਟ ਕੇ ਲੰਘਾਉਂਦਾ ਹੁੰਦਾ ਸੀ। ਗਿਆਨੀ ਜੀ ਨੇ ਇਸਤਰੀ ਵਿਦਿਆ ਦੇ ਵਿਚਾਰ ਨੂੰ ਧਰਮ ਵਿਚ ਲਪੇਟ ਦਿੱਤਾ। ਇਉਂ ਇਹ ਵਿਚਾਰ ਔਖਾ ਸੌਖਾ ਲੋਕਾਂ ਦੇ ਸੰਘ ਹੇਠੋਂ ਹੋ ਗਿਆ। ਗਿਆਨੀ ਜੀ ਆਪ ਆਪ ਰੋਮ-ਰੋਮ ਧਾਰਮਕ ਸਨ। ਸਰਬੱਤ ਦਾ ਭਲਾ ਚਿਤਵਦੇ, ਗੁਰੂ ਦੀ ਹਜ਼ੂਰੀ ਵਿਚ ਰਹਿੰਦੇ। ਕੁੜੀਆਂ ਦੀ ਪੜ੍ਹਾਈ ਨੂੰ ਉਹ ਗੁਰੂ ਦੀ ਦਿੱਤੀ ਹੋਈ ਕਾਰ ਸਮਝਦੇ ਸਨ। ਇਹੀ ਉਨ੍ਹਾਂ ਦਾ ਸਿਮਰਨ ਸੀ।
ਸਵਾਲ: ਕੀ ਇਹ ਸਕੂਲ ਧਾਰਮਕ ਸੀ?
ਨਵਤੇਜ: ਧਾਰਮਕ ਨਹੀਂ ਸੀ, ਪਰ ਪ੍ਰਭਾਵ ਧਾਰਮਕਤਾ ਦਾ ਪੈਂਦਾ ਸੀ। ਧਰਮ ਸਕੂਲ ਦੇ ਸਿਲੇਬਸ ਦਾ ਜ਼ਰੂਰੀ ਅੰਗ ਸੀ। ਪਰ ਇਹ ਸਿੱਖ ਇਤਿਹਾਸ ਤੇ ਨਾਨਕ ਸਿੰਘ ਦੀ ਸਤਿਗੁਰ ਮਹਿਮਾ ਤਕ ਹੀ ਸੀਮਿਤ ਸੀ। ਗੁਰਪੁਰਬਾਂ ਤੇ ਕੁੜੀਆਂ ਇਸ ਵਿੱਚੋਂ ਗੀਤ ਗਾਉਂਦੀਆਂ, ਤਾਂ ਸਦੀਆਂ ਤੋਂ ਇਸਤਰੀ ਦੇ ਕੰਠ ਵਿਚ ਪਥਰਾਏ ਗੁੰਗਪੁਣੇ ਵਿਚ ਤਰੇੜਾਂ ਆ ਜਾਂਦੀਆਂ। ਸਕੂਲ ਦਾ ਸਿਲੇਬਸ ਅੱਖਰੀ ਵਿਦਿਆ ਹੀ ਨਹੀਂ ਸੀ। ਇਸਦੀ ਪੈਂਤੀ ਅੱਖਰੀ ਗੁਰਮੁਖੀ ਦੀ ਪੈਂਤੀ ਅੱਖਰੀ ਨਾਲ਼ੋਂ ਕਰਾਂਤੀ ਦੀ ਵਧੇਰੇ ਸੀ।
ਪਰ ਇਸ ਕਰਾਂਤੀ ਦਾ ਪਰਾਰੰਭ ਸੌਖਾ ਨਹੀਂ ਸੀ। ਸ਼ਾਇਦ ਕਿਸੇ ਵੀ ਕ੍ਰਾਂਤੀ ਦਾ ਨਹੀਂ ਹੁੰਦਾ। ਗਿਆਨੀ ਜੀ ਘਰੋ ਘਰੀਂ ਜਾਂਦੇ, ਅਪਣੇ ਆਪ ਨੂੰ ਜਮਾਨਤ ’ਤੇ ਧਰਦੇ, ਕੁੜੀਆਂ ਨਾਲ਼ ਲੈ ਕੇ ਆਉਂਦੇ ਤੇ ਸਕੂਲ ਪਿੱਛੋਂ ਉਨ੍ਹਾਂ ਨੂੰ ਵਾਪਸ ਛੱਡ ਕੇ ਆਉਂਦੇ। ਇਹ ਉਨ੍ਹਾਂ ਦਾ ਨਿਤਨੇਮ ਸੀ ਜੋ ਉਹ ਪੈਰਾਂ ਨਾਲ਼ ਕਰਦੇ। ਕਦੇ ਨਾ ਖੁੰਝਾਉਂਦੇ, ਕਦੇ ਨਾ ਥਕਦੇ। ਸਾਲ ਵਿਚ ਦੋ ਤਿੰਨ ਵਾਰ ਉਹ ਪਾਠ-ਪੁਸਤਕਾਂ, ਪੈਨਸਿਲਾਂ, ਸਿਆਹੀ, ਕਾਪੀਆਂ ਲੈਣ ਲਈ ਮੋਗੇ ਜਾਂਦੇ। ਪੰਦਰਾਂ ਮੀਲ ਦੀ ਵਾਟ; ਤੁਰ ਕੇ ਜਾਣਾ, ਤੁਰ ਕੇ ਆਉਣਾ। ਦੋ ਦਿਨ ਆਉਣ ਦੇ ਦੋ ਜਾਣ ਦੇ ਲੱਗਦੇ। ਰਸਤੇ ਵਿਚ ਕਾਲੇ ਕੇ ਪਿੰਡ ਵਿਚ ਰਾਤ ਠਹਿਰਦੇ। ਛੋਟਾ ਹੋਣ ਕਰਕੇ ਮੈਂ ਥੱਕ ਜਾਂਦਾ ਸੀ। ਮੇਰਾ ਜੀਅ ਲੁਆਉਣ ਲਈ ਸਾਰੇ ਰਾਹ ਇਤਿਹਾਸ ਮਿਥਿਹਾਸ ਦੀਆਂ ਬਾਤਾਂ ਸੁਣਾਉਂਦੇ ਜਾਂਦੇ।
ਉਹ ਪੈਰਾਂ ਵਿਚ ਜਿਉਂਦੇ ਸਨ। ਕੀ ਜਾਣੀਏ ਸਾਰੇ ਨੇਤਰਹੀਣ ਇਉਂ ਹੀ ਜਿਉਂਦੇ ਹਨ। ਸੁਜਾਖੇ ਬੈਠੇ ਬਿਠਾਏ ਚੀਜ਼ਾਂ ਵੇਖ ਲੈਂਦੇ ਹਨ, ਮਨਾਖਿਆਂ ਨੂੰ ਤੁਰ ਕੇ ਉਨ੍ਹਾਂ ਕੋਲ ਜਾਣਾ ਪੈਂਦਾ ਹੈ। ਰਾਹ ਵਿਚ ਹੋਰ ਚੀਜ਼ਾਂ ਨੂੰ ਠੇਡਾ ਵਜਦਾ ਹੈ, ਮਥਾ ਫੁੱਟਦਾ ਹੈ, ਉਹ ਟੋਏ ਵਿਚ ਡਿਗਦੇ ਹਨ। ਸੁਜਾਖਿਆਂ ਤੋਂ ਇਹ ਚੀਜ਼ਾਂ ਵੇਖਣੋਂ ਰਹਿ ਜਾਂਦੀਆਂ ਹਨ। ਉਨ੍ਹਾਂ ਨੂੰ ਉਹੀ ਦਿਸਦਾ ਹੈ ਜੋ ਉਹ ਵੇਖਣਾ ਚਾਹੁੰਦੇ ਹਨ। ਸੁਜਾਖੇ ਯਥਾਰਥ ਵੇਖਦੇ ਹਨ, ਮਨਾਖੇ ਉਹਦੇ ਨਾਲ਼ ਟਕਰਾਉਂਦੇ ਹਨ। ਯਥਾਰਥ ਵੀ ਟੁਟਦਾ ਹੈ ਉਹ ਵੀ ਟੁਟਦੇ ਹਨ। ਥਾਂ ਦਾ ਸ਼ੁੱਧ ਅਨੁਭਵ ਵੀ ਉਹੀ ਕਰਦੇ ਹਨ। ਸੁਜਾਖੇ ਥਾਂ ਨਹੀਂ ਵੇਖਦੇ ਉਸ ਉਤੇ ਪਈਆਂ ਚੀਜ਼ਾਂ ਵੇਖਦੇ ਹਨ। ਚੀਜ਼ਾਂ ਵੀ ਉਹੀ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੁੰਦੀ ਹੈ।
ਰਾਤ ਨੂੰ ਸਾਉਣ ਲੱਗੇ ਉਹ ਅਪਣੇ ਪੈਰ ਕੋਸੇ ਪਾਣੀ ਵਿਚ ਡੋਬਦੇ। ਮੇਰੇ ਪੈਰ ਵੀ ਧੋਂਦੇ। ਅਸਲ ਵਿਚ ਨਾ ਅਪਣੇ ਨਾ ਮੇਰੇ, ਉਹ ਸਿਰਫ਼ ਪੈਰ ਧੋਂਦੇ ਸਨ। ਇਉਂ ਉਹ ਪੈਰਾਂ ਦਾ ਧੰਨਵਾਦ ਕਰਦੇ ਸਨ। ਇਹ ਉਨ੍ਹਾਂ ਦਾ ਚਰਣਾਂ ਨੂੰ ਮੱਥਾ ਟੇਕਣ ਦਾ ਢੰਗ ਸੀ।
ਸਵਾਲ: ਗਿਆਨੀ ਹਰੀ ਸਿੰਘ ਵਰਗੇ ਮਹਾਪੁਰਖ ਦੀ ਸੰਗਤ ਸਬੱਬ ਨਾਲ਼ ਹੀ ਮਿਲਦੀ ਹੈ। ਉਹਦਾ ਤੇਰੇ ਤੇ ਕੋਈ ਪਾਹ ਚੜ੍ਹਿਆ? ਉਂਜ ਇਹ ਪੁੱਛ ਹੋਰ ਸ਼ਬਦਾਂ ਵਿਚ ਪਹਿਲਾਂ ਵੀ ਕੀਤੀ ਗਈ ਹੈ।
ਨਵਤੇਜ: ਕੋਈ ਨਾ ਕੋਈ ਪਾਹ ਚੜ੍ਹਿਆ ਹੀ ਹੋਵੇਗਾ। ਪਾਹ ਚੜ੍ਹਨ ਪਿੱਛੋਂ ਅਪਾਹ ਅਵਸਥਾ ਭੁੱਲ ਜਾਦੀ ਹੈ। ਖੰਭਾਂ ਵਾਲ਼ੀ ਤਿਤਲੀ ਨੂੰ ਯਾਦ ਨਹੀਂ ਰਹਿੰਦਾ ਕਦੇ ਉਹ ਰੀਂਗਦੀ ਸੁੰਡੀ ਸੀ। ਪਾਹ ਚੜ੍ਹਨ ਜਾਂ ਨਾ ਚੜ੍ਹਨ ਦਾ ਮੈਨੂੰ ਪੂਰਾ ਪਤਾ ਨਹੀਂ। ਮੈਂ ਅਪਣੇ ਅੰਦਰ ਝਾਤ ਮਾਰਨ ਤੋਂ ਸੰਕੋਚ ਕਰਦਾ ਹਾਂ। ਭਰਮ ਹੈ, ਮੈਂ ਜੋ ਹਾਂ, ਉਹ ਸ਼ਾਇਦ ਨਹੀਂ ਹਾਂ। ਪਰ ਇਹ ਭਰਮ ਏਨਾ ਵੰਨ-ਸੁਵੰਨਾ ਹੈ ਕਿ ਤੋੜਨ ਨੂੰ ਜੀਅ ਨਹੀਂ ਕਰਦਾ। ਸ਼ਾਇਦ ਭਰਮ ਏਸੇ ਕਰਕੇ ਜਿਉਂਦਾ ਰਹਿੰਦਾ ਹੈ। ਇਹਦੀ ਜੜ ਸਾਡੇ ਜੀਅ ਵਿਚ ਲੱਗੀ ਹੁੰਦੀ ਹੈ।
ਗਿਆਨੀ ਜੀ ਦੀ ਸੰਗਤ ਵਿਚ ਮੈਂ ਪੂਰਾ ਸੰਗਤੀ ਨਹੀਂ ਹੁੰਦਾ ਸੀ। ਅੱਖਾਂ ਖੁੱਲ੍ਹੀ ਪੋਥੀ ’ਤੇ ਹੁੰਦੀਆਂ, ਧਿਆਨ ਉਡਦੇ ਪਤੰਗਾਂ ੳੁੱਤੇ। ਪਾਹ ਤਾਂ ਧਿਆਨ ’ਤੇ ਹੀ ਚੜ੍ਹਨਾ ਹੁੰਦਾ ਹੈ। ਪਾਹ ਤੋਂ ਪਹਿਲਾਂ ਵਸਤਰ ਚਿੱਟਾ ਖੁੰਬ ਹੋਣਾ ਚਾਹੀਦਾ ਹੈ। ਮੈਂ ਜਦੋਂ ਦਾਅ ਲੱਗਦਾ; ਅਪਣੇ ਆਪ ਨੂੰ ਉਸ ਮਿੱਟੀ ਵਿਚ ਲਿਬੇੜ ਲੈਂਦਾ, ਜੀਹਦੇ ਵਿਚ ਪਹਿਲਾਂ ਨਹੀ ਲਿਬੜਿਆ ਸੀ।
ਮੈਂ ਉਨ੍ਹਾਂ ਕੋਲੋਂ ਬਾਣੀ, ਦਰਸ਼ਨ ਤੇ ਮਹਾਂਕਾਵਿ, ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਪੜ੍ਹੇ। ਸੰਗਤ ਦੀ ਕੁਝ ਨਾ ਕੁਝ ਰੰਗਤ ਲੱਗਣੀ ਹੀ ਸੀ। ਕਬੀਰ ਜੀ ਕਹਿੰਦੇ ਹਨ ਚੰਦਨ ਦੇ ਨੇੜੇ ਵਸਣ ਵਾਲੇ ਵੀ ਚੰਦਨ ਹੋ ਜਾਂਦੇ ਹਨ। ਮੈਂ ਚੰਦਨ ਤਾਂ ਨਹੀਂ ਹੋਇਆ। ਪਰ ਗਿਆਨੀ ਜੀ ਦੇ ਇਕ ਗੁਣ ਦੀ ਸੁਗੰਧ ਮੇਰੇ ਵਿਚ ਰਚ ਗਈ ਹੈ। ਉਹ ਹੈ ਅਦਬ ਜਾਂ ਆਦਰ। ਮੈਂ ਇਸਤਰੀ ਦਾ, ਸੰਗੀਤ ਦਾ, ਸ਼ਬਦ ਦਾ ਅਦਬ ਕਰਦਾ ਹਾਂ। ਕੀੜੀ ਦਾ ਆਦਰ ਕਰਦਾ ਹਾਂ। ਮੈਂ ਜੋ ਹਾਂ ਉਹਦਾ ਆਦਰ ਕਰਦਾ ਹਾਂ। ਆਦਰ, ਸਤਿਕਾਰ ਨਹੀਂ, ਰਹੱਸ ਦੀ ਪ੍ਰਤੀਤੀ ਵਰਗਾ ਕੋਈ ਅਨੁਭਵ ਹੈ। ਗੁਰਬਾਣੀ ਵਿਚ ਇਹਨੂੰ ਭੈਅ ਤੇ ਭਾਓ ਵੀ ਕਿਹਾ ਗਿਆ ਹੈ।
ਮੈਨੂੰ ਸ਼ਬਦਾਂ ਨਾਲ਼ ਖੇਡਣ ਦੀ ਲਗਨ ਵੀ ਉਸ ਸੰਗਤ ਵਿੱਚੋਂ ਮਿਲ਼ੀ। ਮੈਨੂੰ ਓਦੋਂ ਦਾ ਅਪਣਾ ਬਣਾਇਆ ਸ਼ਬਦਕੋਸ਼ ਯਾਦ ਹੈ: 8 ਪੰਨੇ, ਜੇਬੀ ਸਾਈਜ਼, ਵਿਚਾiਲ਼ਓਂ ਧਾਗੇ ਨਾਲ਼ ਗੰਢਿਆ ਹੋਇਆ। ਉਹਦੇ ਪਹਿਲੇ ਦੋ ਸ਼ਬਦ ਵੀ ਯਾਦ ਹਨ: ਖਰ ਅਤੇ ਨਰ। ਖਰ ਅੱਗੇ ਖੋਤਾ ਅਤੇ ਨਰ ਅੱਗੇ ਮਨੁੱਖ ਲਿਖਿਆ ਹੋਇਆ ਸੀ। ਹੁਣ ਵੀ ਮੈਂ ਓਸੇ ਆਕਾਰ ਦੀ ਓਵੇਂ ਬਣਾਈ ਹੋਈ ਨੋਟਬੁਕ ਬਣਾ ਕੇ ਜੇਬ ’ਚ ਰੱਖਦਾ ਹਾਂ।
ਸਵਾਲ: ਨਰ ਤੋਂ ਪਹਿਲਾਂ ਖਰ ਲਿਖਣ ਵਿਚ ਕੋਈ ਤਰਕ ਸੀ ਜਾਂ ਇਹ ਸਹਿਜ-ਭਾਅ ਹੀ ਲਿਖਿਆ ਗਿਆ ਸੀ?
ਨਵਤੇਜ: ਸਹਿਜ-ਭਾਅ ਹੀ ਲਿਖਿਆ ਗਿਆ ਹੋਣਾ ਹੈ। ਭਾਵੇਂ ਫ਼ਰਾਇਡ ਇਸ ਮਤ ਨਾਲ਼ ਸਹਿਮਤ ਨਾ ਹੋਵੇ। ਮੀਆਂ ਗ਼ਾਲਿਬ ਵੀ ਕਹਿੰਦੇ ਹਨ ਕਿ ਬੇਖ਼ੁਦੀ ਵੀ ਬੇਸਬੱਬ ਨਹੀਂ ਹੁੰਦੀ। ਕਿਵੇਂ ਵੀ ਹੋਵੇ ਹੁਣ ਸੱਠ ਸਾਲਾਂ ਪਿੱਛੋਂ ਮੈਨੂੰ ਖਰ/ਨਰ ਦੀ ਅਗੇਤ ਪਿਛੇਤ ਸਹੀ ਲੱਗਣ ਲੱਗ ਪਈ ਹੈ। ਪੂਰਨ ਸਿੰਘ ਨੇ ਉਹਤੋਂ ਵੀ ਪਹਿਲਾਂ ਕਹਿ ਦਿੱਤਾ ਸੀ, ਮੇਰਾ ਮੁੜ-ਮੁੜ ਪਸ਼ੂ ਹੋਣ ਨੂੰ ਜੀਅ ਕਰਦਾ ਹੈ। ਮੈਂ ਆਦਮੀ ਬਣ-ਬਣ ਥੱਕ ਗਿਆ ਹਾਂ। ਮੇਰੇ ਤੇ ਪੂਰਨ ਸਿੰਘ ਵਿਚ ਬਹੁਤਾ ਫ਼ਰਕ ਨਹੀਂ। ਉਹ ਆਦਮੀ ਬਣ ਕੇ ਥੱਕ ਗਿਆ ਸੀ, ਮੈਂ, ਹੁਣ ਦਾ ਬੰਦਾ, ਹੰਕਾਰ ਨਾਲ ਭਰ ਗਿਆ ਹਾਂ। ਕਨੇਡੀਅਨ ਲੇਖਕ ਫਾਰਲੇ ਮਵਾਤ ਕਹਿੰਦਾ ਹੈ ਬੰਦੇ ਦੀ ਕਰਤੂਤ ਵੇਖ ਕੇ ਇਹਦੀ ਨਸਲ ਤੋਂ ਅਸਤੀਫ਼ਾ ਦੇਣ ਨੂੰ ਜੀਅ ਕਰਦਾ ਹੈ।
ਸਵਾਲ: ਤੇਰੇ ਬਚਪਨ ਦੇ ਸ਼ਬਦਕੋਸ਼ ਵਿਚ ਦੋ ਹੀ ਸ਼ਬਦ ਕਿਉਂ ਹਨ?
ਨਵਤੇਜ: ਸ਼ਾਇਦ ਹੋਰ ਵੀ ਹੋਣਗੇ ਪਰ ਹੁਣ ਉਹ ਯਾਦ ਨਹੀਂ ਰਹੇ। ਫੇਰ ਵੀ ਬਹੁਤੇ ਨਹੀਂ ਹੋਣੇ। ਜਿਵੇਂ ਮੈਂ ਪਹਿਲਾਂ ਆਖਿਆ ਹੈ, ਮੈਨੂੰ ਮੇਰਾ ਪੂਰਾ ਬਚਪਨ ਨਹੀਂ ਮਿiਲ਼ਆ। ਜਦੋਂ ਗਿਆਨੀ ਜੀ ਦੀ ਸੰਗਤ ’ਚੋਂ ਅੱਖ ਬਚਾ ਕੇ ਖਿਸਕਦਾ ਸੀ, ਤਾਂ ਬਾਹਰ ਖੜ੍ਹੇ ਬਚਪਨ ਵਿਚ ਵੜ ਜਾਂਦਾ ਸੀ। ਜਿੰਨਾ ਕੁ ਮਿਲ਼ਦਾ ਸੀ ਓਨਾ ਹੀ ਸਹੀ। ਨਰਸੁਰਤੀ ਵਿਚੋਂਂ ਨਿਕਲ ਕੇ ਪਲ ਭਰ ਦੀ ਖਰਮਸਤੀ ਵੀ ਗ਼ਨੀਮਤ ਲਗਦੀ ਸੀ। ਕਬੀਰ ਜੀ ਕਹਿੰਦੇ ਹਨ – ਭਗਤਾਂ ਨਾਲ਼ ਗੋਸ਼ਟੀ ਕਰਨ ਲਈ ਭਾਵੇਂ ਇਕ ਘੜੀ ਮਿਲ਼ੇ, ਭਾਵੇਂ ਅੱਧੀ ਜਾਂ ਅੱਧੀ ਤੋਂ ਵੀ ਅੱਧੀ , ਲਾਭ ਹੀ ਲਾਭ ਹੈ। ਮੈਂ ਵੀ ਇਸ ਤੁਕ ਦੇ ਏਹੀ ਅਰਥ ਕਰਦਾ ਸੀ, ਬਸ ‘ਭਗਤਾਂ ਦੀ ਗੋਸ਼ਟੀ’ ਵਾਲ਼ੇ ਦੋ ਸ਼ਬਦ ਬਦਲ ਦਿੰਦਾ ਸੀ।
ਗਿਆਨੀ ਜੀ ਨੇ ਮੈਥੋਂ ਗੁਰਦੀਖਸ਼ਾ ਪੇਸ਼ਗੀ ਲੈ ਲਈ ਸੀ। ਉਹ ਦੀਖਸ਼ਾ ਮੇਰੀਆਂ ਅੱਖਾਂ ਸਨ।
ਘਰ ਦੀ ਦੇਹਲੀ ਲੰਘੇ, ਤਾਂ ਉਨ੍ਹਾਂ ਨੂੰ ਦਿਸਣ ਲੱਗ ਪਿਆ ਤੇ ਮੈਨੂੰ ਜਿਵੇਂ ਪਹਿਲਾਂ ਦਿਸਦਾ ਸੀ ਉਹ ਬੰਦ ਹੋ ਗਿਆ।
ਸਵਾਲ: ਤੈਨੂੰ ਯਾਦ ਹੈ ਅਪਣੀਆਂ ਅੱਖਾਂ ਗਿਆਨੀ ਜੀ ਨੂੰ ਦੇ ਕੇ ਤੂੰ ਪਹਿਲੀ ਵਾਰ ਕਿਵੇਂ ਤੁਰਿਆ?
ਨਵਤੇਜ: ਹਾਂ, ਇੰਨਬਿੰਨ ਯਾਦ ਹੈ। ਮੈਂ ਉਨ੍ਹਾਂ ਦੀ ਟੋਹਣੀ ਅਗਲੇ ਸਿਰੇ ਤੋਂ ਫੜੀ, ਪੈਰ ਚੁੱਕਿਆ, ਟੋਹਣੀ ਦਾ ਹੁੱਝਕਾ ਵੱਜਿਆ, ਪਿੱਛੋਂ ਆਵਾਜ਼ ਆਈ, ‘ਸੰਭਲ਼ ਕੇ’। ਦੂਜੀ ਵਾਰ ਵੀ ਓਵੇਂ ਹੋਇਆ। ਤੀਜੀ ਵਾਰ ਮੈਂ ਸੰਭਲ਼ ਗਿਆ। ਪੈਰ ਧਰਤੀ ’ਤੇ ਟਿਕਿਆ, ਤਾਂ ਉਸ ਵਿਚ ‘ਛੜੱਪਾ’ ਜੰਮ ਚੁਕਾ ਸੀ। ਛੜੱਪੇ ਮਾਰਨ ਵਾਲੀ ਜੂਹ ਪਿੱਛੇ ਰਹਿ ਗਈ ਸੀ, ਟੋਹ ਕੇ ਤੁਰਨ ਵਾਲ਼ੀ ਧਰਤੀ ਸ਼ੁਰੂ ਹੋ ਗਈ ਸੀ। ਬਾਵਨ ਅਵਤਾਰ ਹੁੰਦਾ, ਤਾਂ ਮੈਂ ਤੀਜਾ ਕਦਮ ਆਕਾਸ਼ ਵਿਚ ਰੋਕ ਲੈਂਦਾ।
ਤੀਜੇ ਕਦਮ ਨਾਲ਼ ਮੈਂ ਭਵੰਤਰ ਗਿਆ। ਮੈਨੂੰ ਧਰਤੀ ਨੂੰ ਟੋਹਣਾ ਨਹੀਂ ਆਉਂਦਾ ਸੀ। ਅੱਖਾਂ ਨੂੰ ਅੰਨ੍ਹਾ ਕਰਨਾ ਸੌਖਾ ਹੈ। ਅੱਖਾਂ ਮੀਚਣੀਆਂ ਹੀ ਹਨ ਜਾਂ ਉਨ੍ਹਾਂ ’ਤੇ ਪੱਟੀ ਬੰਨ੍ਹਣੀ ਹੈ। ਅੰਨ੍ਹਾ ਝੋਟਾ ਖੇਡ ਖੇਡਣ ਵੇਲੇ ਇਉਂ ਹੀ ਕਰਦੇ ਹੁੰਦੇ ਸੀ। ਪਰ ਪੈਰ ਕਿਵੇਂ ਅੰਨ੍ਹੇ ਹੁੰਦੇ ਹਨ, ਮੈਨੂੰ ਉੱਕਾ ਪਤਾ ਨਹੀਂ ਸੀ। ਮੈਨੂੰ ਉਸ ਦਿਨ ਮਹਿਸੂਸ ਹੋਇਆ ਕੋਈ ਅੰਨ੍ਹਾ ਕਿੰਨਾ ਅੰਨ੍ਹਾ ਹੁੰਦਾ ਹੈ। ਉਹਨੂੰ ਹਰ ਕਦਮ ’ਤੇ ਵਿਸ਼ਵਾਸ ਕਰਨਾ ਪੈਂਦਾ ਹੈ ਕਿ ਅੱਗੇ ਧਰਤੀ ਹੈ। ਇਹ ਪੰਕਤੀਆਂ ਕੁਝ ਏਹੋ ਜਿਹੇ ਅਨੁਭਵ ਵਿਚੋਂ ਹੀ ਉਪਜੀਆਂ ਜਾਪਦੀਆਂ ਹਨ:

ਜੇ ਮੈਨੂੰ ਵਿਸ਼ਵਾਸ ਹੋਵੇ
ਅੱਗੇ ਧਰਤੀ ਨਹੀਂ ਹੈ
ਮੈਂ ਤੁਰਾਂ ਹੀ ਨਾਂਹ
ਮੈਂ ਧਰਤੀ ’ਤੇ ਨਹੀਂ
ਵਿਸ਼ਵਾਸ ’ਤੇ ਤੁਰਦਾ ਹਾਂ
ਕਦਮ ਰੱਖਣ ਵੇਲੇ
ਧਰਤੀ ਵਿਛਾਉਂਦਾ ਹਾਂ
ਚੁਕਣ ਵੇਲੇ
ਵਲ੍ਹੇਟ ਲੈਂਦਾ ਹਾਂ

ਮੈ ਹੁਣ ਗਿਆਨੀ ਜੀ ਲਈ ਵੇਖਣਾ ਵੀ ਸੀ। ਇਹ ਕੰਮ ਤੁਰਨ ਨਾਲ਼ੋਂ ਗੁੰਝਲ਼ਦਾਰ ਸੀ। ਗਿਆਨੀ ਜੀ ਮੇਰੀਆ ਅੱਖਾਂ ਨੂੰ ਮੇਰੇ ਪੈਰਾਂ ਵਾਙੂੰ ਟੋਹਣੀ ਨਾਲ਼ ਬੰਨ੍ਹ ਨਹੀਂ ਸਕਦੇ ਸਨ। ਮੈਨੂੰ ਪਤਾ ਨਹੀਂ ਸੀ ਉਨ੍ਹਾਂ ਵਾਙੂੰ ਕਿਵੇਂ ਵੇਖਣਾ ਹੈ। ਮੈ ਰਾਹ ਵਿਚ ਉਡਦੇ ਪਤੰਗ ਵੇਖਣ ਲਗ ਗਿਆ ਤੇ ਗਿਆਨੀ ਜੀ ਨੂੰ ਟੋਭੇ ਵਲ ਲੈ ਤੁਰਿਆ। ਅੱਗੇ ਵਾਙੂੰ ਉਹਨਾਂ ਦੀ ਆਵਾਜ਼ ਆਈ, “ਕਾਕਾ, ਸਿੱਧਾ ਵੇਖ।” ਹੌਲ਼ੀ ਹੌਲ਼ੀ ਮੈਨੂੰ ਪਤਾ ਲਗ ਗਿਆ ਕਿ ਗਿਆਨ ਜੀ ਹੀ ਨਹੀਂ ਸਾਰੇ ਸਿਆਣੇ ਸਿੱਧਾ ਤੁਰਦੇ ਹਨ ਤੇ ਸਿੱਧਾ ਵੇਖਦੇ ਹਨ। ਉਹ ਆਸਮਾਨ ਵਿਚ ਉਡਦੇ ਪਤੰਗ ਨਹੀਂ ਵੇਖਦੇ; ਨਾ ਪਾਸੇ ਹੋ ਰਿਹਾ ਬਾਂਦਰ ਬਾਂਦਰੀ ਦਾ ਤਮਾਸ਼ਾ।
ਮੈਂ ਹਮੇਸ਼ਾਂ ਨਾ ਸਿੱਧਾ ਤੁਰ ਸਕਦਾ ਸੀ ਨਾ ਸਿੱਧਾ ਵੇਖ ਸਕਦਾ ਸੀ। ਅੱਕ ਜਾਂਦਾ ਸੀ ਤੇ ਜਦੋਂ ਦਾਅ ਲਗਦਾ ਸੀ ਧੁਰਲੀ ਮਾਰ ਜਾਂਦਾ ਸੀ। ਅਲਕ ਵਛੇਰੇ ਵਾਙੂੰ ਕੰਨ੍ਹਾ ਨਹੀਂ ਪੈਣ ਦਿੰਦਾ ਸੀ। ਗਿਆਨੀ ਜੀ ਸਮਝਾਉਂਦੇ ਸਿੱਧੇ ਰਾਹ ਘਰ ਛੇਤੀ ਆਉਂਦਾ ਹੈ; ਸਿੱਧਾ ਵੇਖਣ ਨਾਲ਼ ਗਿਆਨ ਛੇਤੀ ਮਿਲ਼ਦਾ ਹੈ। ਦ੍ਰਿਸ਼ਟਾਂਤ ਦਿੰਦੇ – ਰਾਜੇ ਜਨਕ ਨੇ ਸੁਕਦੇਵ ਨੂੰ ਤੇਲ ਦੀ ਨੱਕੋ ਨੱਕ ਭਰੀ ਥਾਲ਼ੀ ਦੇ ਕੇ ਕਿਹਾ ਕਿ ਜਨਕ ਪੁਰੀ ਦਾ ਗੇੜਾ ਕੱਢ ਕੇ ਆਵੇ ਤੇ ਆਪ ਰਸਤੇ ਤੇ ਥਾਂ ਥਾਂ ਭਾਂਤ ਭਾਂਤ ਦੇ ਰੰਗ ਤਮਾਸ਼ੇ ਲੁਆ ਦਿੱਤੇ। ਸੁਕਦੇਵ ਪਰਤਿਆ, ਤਾਂ ਜਨਕ ਨੇ ਪੁੱਛਿਆ, “ਰਾਹ ਵਿਚ ਕੀ ਕੁਝ ਵੇਖਿਆ?” “ਕੁਝ ਨਹੀਂ, ਕੁਝ ਹੈ ਹੀ ਨਹੀਂ ਸੀ ਵੇਖਣ ਵਾਲ਼ਾ।” ਜਨਕ ਨੇ ਸੁਕਦੇਵ ਨੂੰ ਗਿਆਨ ਦੇ ਦਿੱਤਾ।
ਹੌਲ਼ੀ-ਹੌਲ਼ੀ ਮੈਨੂੰ ਵੀ ਉਡਦੇ ਪਤੰਗ ਦਿਸਣੋਂ ਹਟ ਗਏ। ਸਿੱਧਾ ਵੇਖਣ ਦੀ ਤੇ ਤੁਰਨ ਦੀ ਆਦਤ ਪੈ ਗਈ।
ਸਵਾਲ: ਉਡਦੇ ਪਤੰਗ ਤਾਂ ਤੂੰ ਹੁਣ ਵੀ ਵੇਖ ਸਕਦਾ ਹੈਂ?
ਨਵਤੇਜ: ਵੇਖ ਸਕਦਾ ਹਾਂ। ਪਰ ਉਨ੍ਹਾਂ ਨਾਲ਼ ਉਡ ਨਹੀਂ ਸਕਦਾ। ਉਦੋ ਮੈਂ ਰੱਬ ਨੂੰ ਹੱਥ ਲਾ ਕੇ ਮੁੜਦਾ ਸੀ। ਹੁਣ ਕਿੰਨੇ ਵੀ ਉਚੀ ਉਡਣ ਮੈਨੂੰ ਪਤਾ ਹੁੰਦਾ ਹੈ ਓਦੂੰ ਉਤੇ ਵੀ ਆਕਾਸ਼ ਹੈ। ਓਦੋਂ ਮੇਰੀ ਬਾਂਹ ਚੰਦ ਤਕ ਪਹੁੰਚ ਜਾਂਦੀ ਸੀ, ਹੁਣ ਨਹੀਂ। ਇਕ ਵਾਰ ਗਿਣਤੀ-ਮਿਣਤੀ ਕਰਨੀ ਆ ਜਾਵੇ, ਫੇਰ ਭੁੱਲਦੀ ਨਹੀਂ। ਸਿਧਾਰਥ ਤੋਂ ਗੌਤਮ ਬਣਨਾ ਓਨਾ ਔਖਾ ਨਹੀਂ, ਜਿੰਨਾਂ ਗੌਤਮ ਤੋਂ ਸਿਧਾਰਥ ਬਣਨਾ।
ਕਦੇ ਮੈਂ ਅਪਣੇ ਗੁਆਚੇ ਬਚਪਨ ਨੂੰ ਉਡੀਕਦਾ ਸੀ ਹੁਣ ਤਲਾਸ਼ਦਾ ਹਾਂ। ਮੈਂ ਬੱਚਿਆਂ ਨਾਲ਼ ਬਹੁਤ ਖੇਡਦਾ ਹਾਂ। ਇਹ ਇੱਕੋ-ਇਕ ਕਿਰਿਆ ਹੈ ਜਿਸ ਵਿਚ ਮੈਂ ਥੱਕਦਾ ਨਹੀਂ। ਨਿੱਕੇ ਤੋਂ ਨਿੱਕੇ ਬੱਚੇ ਨਾਲ਼ ਓਹੋ-ਜਿਹਾ ਬਣ ਜਾਂਦਾ ਹਾਂ। ਅਪਣੀ ਉਮਰ ਪਾਸੇ ਧਰ ਦਿੰਦਾ ਹਾਂ। ਬਚਪਨ ਦੇ ਖਿੰਡੇ ਕਿਣਕੇ ਇਕੱਠੇ ਕਰਦਾ ਰਹਿੰਦਾ ਹਾਂ। ਬੱਚਿਆਂ ਨੂੰ ਪਤਾ ਹੁੰਦਾ ਹੈ ਕਿ ਮੇਰੀ ਖੇਡ ਨਕਲੀ ਹੁੰਦੀ ਹੈ, ਪਰ ਉਹ ਇਹਨੂੰ ਅਣਡਿੱਠ ਕਰ ਦਿੰਦੇ ਹਨ। ਉਹ ਵੀ ਮੇਰੇ ਨਾਲ਼ ਐਕਟਿੰਗ ਕਰਦੇ ਹਨ। ਰੇਤ ਦੇ ਘਰ ਨਾਂ ਦੀ ਕਵਿਤਾ ਵਿਚ ਮੈ ਇਹ ਗਲ ਦੱਸਣ ਦਾ ਉਪਰਾਲਾ ਕੀਤਾ ਹੈ:

ਸਮੁੰਦਰ ਕਿਨਾਰੇ
ਬੱਚੇ ਰੇਤ ਦੇ ਘਰ
ਬਣਾ ਰਹੇ ਸਨ
ਮੈ ਖੜ੍ਹਾ ਵੇਖਦਾ ਰਿਹਾ
ਤੇ ਫੇਰ ਉਨ੍ਹਾਂ ਨਾਲ਼
ਉਨ੍ਹਾਂ ਵਾਙੂੰ
ਘਰ ਉਸਾਰਨ ਲੱਗ ਪਿਆ
ਉਹ ਮੇਰੇ ਵਲ ਵੇਖ ਕੇ ਹੱਸੇ

ਕਹਿੰਦੇ:

ਤੂੰ ਤਾਂ ਰੇਤ ਦੇ ਘਰ ਬਣਾਉਣੈ

ਮੈ ਰੇਤ ਦੇ ਘਰ ਬਣਾਉਂਦਾ ਹਾਂ ਤਾਂ ਉਹ ਰੇਤ ਦੇ ਹੁੰਦੇ ਹਨ। ਬੱਚੇ ਰੇਤ ਦੇ ਘਰ ਬਣਾਉਂਦੇ ਹਨ ਤਾਂ ਉਹ ਰੇਤ ਦੇ ਨਹੀਂ ਹੁੰਦੇ। ਇਹ ਕ੍ਰਿਸ਼ਮਾ ਬੱਚੇ ਹੀ ਕਰ ਸਕਦੇ ਹਨ, ਗਿਆਨੀ ਨਹੀਂ। ਉਹ ਹੱਥਾਂ ਨਾਲ਼ ਬਣਾ ਕੇ ਪੈਰਾਂ ਨਾਲ਼ ਢਾਹ ਸਕਦੇ ਹਨ ਤੇ ਢਾਹੁਣ ਵੇਲੇ ਨੱਚ ਸਕਦੇ ਹਨ। ਮੈਂ ਬਣਾਉਣ ਵੇਲੇ ਵੀ ਨੱਚ ਨਹੀਂ ਸਕਦਾ ਢਾਹੁਣ ਵੇਲੇ ਤਾਂ ਕੀ ਨੱਚਣਾ ਸੀ।

ਬਚਪਨ ਦੀ ਤਲਾਸ਼

ਸਵਾਲ: ਤੂੰ ਬਚਪਨ ਨੂੰ ਕਿਉਂ ਤਲਾਸ਼ਦਾ ਹੈਂ?
ਨਵਤੇਜ: ਹਰ ਚੀਜ਼ ਦਾ ਵੇਲਾ ਹੁੰਦਾ ਹੈ: ਗੁੱਲੀ ਡੰਡਾ ਖੇਡਣ ਦਾ, ਪੰਜਗੰ੍ਰਥੀ ਪੜ੍ਹਨ ਦਾ, ਬੇਰੀਆਂ ਨੂੰ ਬੇਰ ਲੱਗਣ ਦਾ, ਬੇਰ ਤੋੜਨ ਦਾ। ਨਾਨਕ ਗੁਰੂ ਜੀ ਤਾਂ ਕਹਿੰਦੇ ਹਨ ਸੱਚ ਕੀ ਵੀ ਬੇਲਾ ਹੁੰਦੀ ਹੈ। ਅੰਜੀਲ ਵਿਚ ਵੀ ਲਿਖਿਆ ਹੈ – ਫ਼ੌਰ ਐਵਰੀ ਥਿੰਗ ਦਿਅਰ ਇਜ਼ ਟਾਈਮ…। ਬੁਧ ਧਰਮ ਤਾਂ ਹੈ ਹੀ ਹਾਜ਼ਿਰੀ ਦਾ ਧਰਮ। ਵੇਲੇ ਦੇ ਹਰ ਛਿਣ ਵਿਚ ਹਾਜ਼ਿਰ ਰਹਿਣ ਦਾ ਧਰਮ।
ਸਵਾਲ: ਫੇਰ ਤੂੰ ਅਪਣੇ ਬਚਪਨ ਦੀ ਤਲਾਸ਼ ਕਿਵੇਂ ਕਰ ਸਕਦਾ ਹੈ? ਜੇ ਹਰ ਚੀਜ਼ ਦਾ ਵੇਲਾ ਹੁੰਦਾ ਹੈ, ਤਾਂ ਉਹਦਾ ਵੇਲਾ ਲੰਘ ਗਿਆ ਹੈ। ਤੇ ਜੇ ਵੇਲਾ ਹਾਜ਼ਿਰ ਹੋਣ ਜਾਂ ਰਹਿਣ ਦਾ ਨਾਂ ਹੈ ਤਾਂ ਉਹਦੀ ਤਲਾਸ਼ ਕਿਵੇਂ ਹੋ ਸਕਦੀ ਹੈ। ਤੁਸੀਂ ਜਾਂ ਹਾਜ਼ਿਰ ਹੋ ਜਾਂ ਨਹੀਂ। ਤੁਸੀਂ ਅਪਣੇ ਹਾਜ਼ਿਰ ਜਾਂ ਗੈਰਹਾਜ਼ਿਰ ਹੋਣ ਦੀ ਕਿਵੇਂ ਤਲਾਸ਼ ਕਰ ਸਕਦੇ ਹੋ?
ਨਵਤੇਜ: ਮੇਰੇ ਕੋਲ ਇਨ੍ਹਾਂ ਗੱਲਾਂ ਦਾ ਕੋਈ ਉਤਰ ਨਹੀਂ ਹੈ। ਸ਼ਾਇਦ ਅੰਦਰੋ ਅੰਦਰ ਮੈਂ ਉਤਰ ਲੱਭਣਾ ਹੀ ਨਹੀਂ ਚਾਹੁੰਦਾ। ਤਲਾਸ਼ ਵਿਚ ਹੀ ਰਹਿਣਾ ਚਾਹੁੰਦਾ ਹਾਂ। ਮੈਨੂੰ ਭਰਮ ਵੱਡੀ ਬਖ਼ਸ਼ਿਸ਼ ਲਗਦੀ ਹੈ। ਇਹ ਕਰੂਰ ਯਥਾਰਥ ਤੋਂ ਖੁਆਰ ਹੋਇਆਂ ਨੂੰ ਗਲ਼ ਲਾਉਂਦਾ ਹੈ।
ਹਰ ਸੰਸਕ੍ਰਿਤੀ ਵਿਚ ਅਦਨ ਨੂੰ ਪਰਤਣ ਦੀ ਇੱਛਾ ਹੈ। ਸ਼ਾਇਦ ਅਸੀਂ ਨਿਰੇ ਗਿਆਨ ਤੋਂ ਉਕਤਾ ਜਾਂਦੇ ਹਾਂ, ਕਿਉਂਕਿ ਸ਼ੇਕਸਪੀਅਰ ਦੇ ਕਹਿਣ ਵਾਙੂੰ ਅਸੀਂ ਉਸ ਮਿੱਟੀ ਦੇ ਬਣੇ ਹੋਏ ਹਾਂ, ਜਿਸਦੇ ਸੁਪਨੇ ਬਣਦੇ ਹਨ। ਸ਼ਾਇਦ ਅਸੀਂ ਸ਼ੂਨਯ ਵਿਚ ਨਾਸ ਹੋਣ ਤੋਂ ਸਹਿਮ ਕੇ ਮਾਂ ਦੇ ਪੇਟ ਦੀ ਸੁਰੱਖਿਆ ਭਾਲ਼ਦੇ ਹਾਂ।
ਅਸੀਂ ਪੂਰਬ ਵਾਲੇ ਭਾਗਵਾਨ ਹਾਂ ਕਿ ਸਾਡਾ ਵੇਲਾ ਸਿੱਧੀ ਲੀਕ ਵਿਚ ਨਹੀਂ, ਚੱਕਰ ਵਿਚ ਚਲਦਾ ਹੈ। ਬੇਰਾਂ ਵਾਲੀ ਲੰਘੀ ਰੁੱਤ ਅਗਲੇ ਸਾਲ ਫੇਰ ਆ ਜਾਂਦੀ ਹੈ। ਪਰ, ਤੂੰ ਸਹੀ ਹੈਂ, ਮੈਂ ਇਹਦੀ ਤਲਾਸ਼ ਨਹੀਂ, ਉਡੀਕ ਹੀ ਕਰ ਸਕਦਾ ਹਾਂ।
ਸਵਾਲ: ਤੂੰ ਬਚਪਨ ਨੂੰ ਏਨਾ ਮਾਣ ਕਿਉਂ ਦਿੰਨੈਂ?
ਨਵਤੇਜ: ਇਹਦਾ (ਮੇਰੀ) ਕਵਿਤਾ ਨਾਲ਼ ਸੰਬੰਧ ਹੈ। ਬਚਪਨ ਦਾ ਮੇਰੇ ਕਾਵਿ-ਵਿਸ਼ਵ ਦੇ ਸੁੰਗੜਨ ਨਾਲ਼ ਰਿਸ਼ਤਾ ਹੈ। ਆਪਾਂ ਮਿਰਤੂ ਦੇ ਸਹਿਮ ਬਾਰੇ ਪਹਿਲਾਂ ਗੱਲ ਕਰ ਚੁੱਕੇ ਹਾਂ। ਮੇਰਾ ਬਚਪਨ ਮੇਰੇ ਕਾਵਿ-ਵਿਸ਼ਵ ਦੇ ਸੁੰਗੜਨ ਦਾ ਦੂਜਾ ਵੱਡਾ ਕਾਰਣ ਹੈ। ਮੇਰਾ ਵਿਚਾਰ ਸੀ ਗਿਆਨ ਇਸ ਵਿਸ਼ਵ ਨੂੰ ਵਿਸਤਾਰਦਾ ਹੈ।
ਸਵਾਲ: ਸੰਸਕ੍ਰਿਤ ਸਲੋਕ ਮੁਤਾਬਕ ਜਨ-ਸਾਧਾਰਣ ਦੀਆਂ ਦੋ, ਵਿਦਵਾਨ ਦੀਆਂ ਤਿੰਨ, ਤੇ ਧਰਮੀ ਦੀਆਂ ਸੱਤ ਅੱਖਾਂ ਹੁੰਦੀਆਂ ਹਨ। ਪਰ ਗਿਆਨੀ ਦੀਆਂ ਅਨੰਤ ਅੱਖਾਂ ਹੁੰਦੀਆਂ ਹਨ। ਤੈਨੂੰ ਛੋਟੀ ਉਮਰ ਵਿਚ ਹੀ ਅਨੰਤ ਅੱਖਾਂ ਵਾਲ਼ਾ ਮਾਹੌਲ ਮਿਲ ਗਿਆ ਸੀ। ਤੇਰਾ ਕਾਵਿ ਵਿਸ਼ਵ ਕਿਵੇਂ ਸੁੰਗੜ ਗਿਆ?
ਨਵਤੇਜ: ਗਿਆਨ ਦਾ ਵਿਸ਼ਵ ਕਾਵਿ-ਵਿਸ਼ਵ ਨਾਲ਼ੋਂ ਵੱਖਰਾ ਹੈ, ਭਾਵੇਂ ਦੋਹਾਂ ਵਿਚਾਲੇ ਕੋਈ ਪੱਕੀ ਸਰਹੱਦ ਨਹੀਂ। ਗਿਆਨ ‘ਜੋ ਹੈ’ ਦੀ ਸੀਮਾ ਵਿਚ ਰਹਿੰਦਾ ਹੈ, ਕਾਵਿ ‘ਜੋ ਹੋ ਸਕਦਾ ਹੈ’ ਨੂੰ ਵੀ ਅੰਗਦਾ ਹੈ। ਅਨੰਤ ਅੱਖਾਂ ਗਿਆਨੀ ਦੀ ‘ਹੈ’ ਨੂੰ ਹੀ ਵੱਡਾ ਕਰਦੀਆਂ ਹਨ, ਉਹਨੂੰ ਟੱਪਦੀਆਂ ਨਹੀ। ਇਕਸਿਰਾ ਰਾਵਣ ਦਹਿਸਿਰਾ ਬਣ ਕੇ ਵੱਡਾ ਰਾਵਣ ਹੋ ਜਾਂਦਾ ਹੈ, ਬਦਲਦਾ ਨਹੀਂ। ਕਵੀ ‘ਹੈ’ ਨੂੰ ਗਿਆਨੀ ਵਾਙੂੰ ਨਹੀਂ ਵੇਖਦਾ: ਕਲਪਾਂ, ਸਿਧਾਤਾਂ, ਪਰਿਭਾਸ਼ਾਵਾਂ, ਫ਼ਾਰਮੂਲਿਆਂ ਦੀ ਛਾਨਣੀ ਵਿਚ ਛਾਣ ਕੇ ਵੇਖਦਾ ਹੈ। ਕਵੀ ‘ਹੈ’ ਨੂੰ ਖਾਂਦਾ ਹੈ ਜਿਵੇਂ ਬਨਸਪਤੀ ਸੂਰਜ (ਧੁੱਪ) ਨੂੰ ਖਾਂਦੀ ਹੈ। ਬਨਸਪਤੀ ਸੂਰਜ ਨੂੰ ਅਸੰਖਾਂ ਰੰਗਾਂ ਰੂਪਾਂ, ਫ਼ਸਲਾਂ ਫੁੱਲਾਂ ਵਿਚ ਪਲਟ ਦਿੰਦੀ ਹੈ। ਕਵੀ ਕੋਲ਼ ਆ ਕੇ ‘ਹੈ’ ਨੂੰ ਰੂਪ ਚੜ੍ਹ ਜਾਂਦਾ ਹੈ।
ਪਰ ਖਾਣ-ਪੀਣ ਤੇ ਖੇਡਣ ਮੱਲ੍ਹਣ ਦਾ ਵੇਲਾ ਹੁੰਦਾ ਹੈ। ਇਸ ਵੇਲੇ ਦਾ ਨਾਂ ਬਚਪਨ ਹੈ। ਬੱਚੇ ਨੂੰ ਜੋ ਮਿਲਦਾ ਹੈ ਮੂੰਹ ਵਿਚ ਪਾਉਂਦਾ ਹੈ: ਮਿੱਟੀ, ਲੀਰਾਂ, ਬੂਟਾਂ ਦੇ ਤਸਮੇ। ਉਹ ਦੀਵੇ ਦੀ ਲਾਟ ਨੂੰ ਫੜਦਾ, ਗਾਰੇ ਵਿਚ ਲਿਬੜਦਾ, ਕੁੱਤੇ ਬਿੱਲੀਆਂ ਦੇ ਮੂੰਹ ਚੱਟਦਾ ਹੈ। ਉਹ ਪੌਣ ਪਾਣੀ, ਧਰਤੀ ਆਕਾਸ਼, ਅਗਨੀ ਸਭ ਤੱਤਾਂ ਨੂੰ ਖਾਂਦਾ ਹੈ। ਬੁਲਬੁਲੇ ਨੂੰ ਉਂਗਲ਼ ਮਾਰ ਕੇ ਉਹ ਮਿਰਤੂ ਨੂੰ ਤੋੜਦਾ ਹੈ। ਕੇਵਲ ਬੱਚਾ ਹੀ ਰੱਬ ਦੇ ਦੰਦੀ ਵਢ ਸਕਦਾ ਹੈ। ਗਿਆਨੀ ਡਰ ਜਾਂਦਾ ਹੈ।

ਰੱਬ ਦੇ ਦੰਦੀ

ਸਵਾਲ: ਤੈਂ ਰੱਬ ਦੇ ਦੰਦੀ ਵੱਢੀ?
ਨਵਤੇਜ: ਵੱਢੀ। ਬੜੀ ਵਾਰੀ ਵੱਢੀ। ਫੇਰ ਵੀ ਲਗਦਾ ਹੈ ਪੂਰੀ ਨਹੀਂ ਵੱਢੀ ਗਈ। ਬਾਣੀ ਕਹਿੰਦੀ ਹੈ, ‘ਸਭ ਕੋਈ ਘੱਟ ਘੱਟ ਆਖਦਾ ਹੈ, ਵੱਧ ਕੋਈ ਨਹੀਂ ਆਖਦਾ’। ਮੈਨੂੰ ਇਹੋ ਜਿਹਾ ਕੋਈ ਰੋਸ ਨਹੀਂ। ਮੈਂ ਅਪਣੀ ਕਵਿਤਾ ਨੂੰ ਬਚਪਨ ਦੇ ਕੋਣ ਤੋਂ ਵੇਖਣ ਦਾ ਯਤਨ ਕਰ ਰਿਹਾ ਹਾਂ। ਜਿੰਨਾ ਕੁ ਯਾਦ ਹੈ, ਮੇਰੀਆਂ ਓਸ ਵੇਲੇ ਦੀਆਂ ਕਵਿਤਾਵਾਂ ਵਿਚ ਓਹ ਵੇਲਾ ਪੂਰੇ ਦਾ ਪੂਰਾ ਗ਼ਾਇਬ ਹੈ: ਗੋਰੇ ਛੱਪੜ ’ਤੇ ਖੜ੍ਹਾ ਬੋਹੜ ਜੀਹਦੀ ਦਾੜੀ ਫੜ ਕੇ ਗੋਲ੍ਹਾਂ ਲਾਹੁੰਦੇ ਹੁੰਦੇ ਸੀ, ਬਨੇਰੇ ’ਤੇ ਪੈਲ ਪਾਉਂਦਾ ਮੋਰ ਜੀਹਦੇ ਖੰਭ ਵੇਖ ਕੇ ਮੂੰਹ ਵਿਚ ਬੁਰਕੀ ਪਾਉਣੀ ਭੁੱਲ ਜਾਂਦੇ ਸੀ, ਬਾਵੇ ਦੇ ਖੇਤ ਦਾ ਅੰਬ ਜੀਹਨੂੰ ਕਦੇ ਅੰਬ ਨਹੀਂ ਲੱਗੇ ਸਨ। ਉੁਹ ਸਭ ਮੇਰੀ ਕਵਿਤਾ ਵਿੱਚੋਂ ਗੁੰਮ ਹਨ।
ਸਵਾਲ: ਉਹ ਸਭ ਤੇਰੀਆਂ ਇਨ੍ਹਾਂ ਗੱਲਾਂ ਚ ਤਾਂ ਆ ਗਏ ਹਨ। ਕਵਿਤਾ ਚ ਕਿਉਂ ਨਹੀਂ ਆ ਸਕਦੇ? ਕੀ ਜੁਗਤ ਦਾ ਮਸਲ੍ਹਾ ਹੈ ਜਾਂ ਕੋਈ ਹੋਰ?
ਨਵਤੇਜ: ਜੁਗਤ ਦਾ ਮਸਲਾ ਵੀ ਹੋਣਾ ਹੈ ਪਰ ਇਨ੍ਹਾਂ ਗੱਲਾਂ ਬਾਰੇ ਚੇਤੰਨ ਹੀ ਹੁਣ ਹੋਇਆ ਹਾਂ। ਮੈਨੂੰ ਛੋਟੇ ਤੇ ਵੱਡੇ ਕਵੀ ਵਿਚ ਇਹ ਵੀ ਅੰਤਰ ਲਗਦਾ ਹੈ ਕਿ ਵੱਡੇ ਕਵੀ ਕੋਲ ਹਰ ਘਟਨਾ ਦੀਵਾ ਲੈਕੇ ਆਉਂਦੀ ਹੈ। ਛੋਟੇ ਕਵੀ ਨੂੰ ਦੀਵਾ ਆਪ ਜਗਾਉਣਾ ਪੈਂਦਾ ਹੈ। ਬਿਜਲੀ ਤੇ ਬਿਜਲੀ ਦਾ ਚਾਨਣ ਇੱਕੋ ਵੇਲੇ ਲਿਸ਼ਕਣਾ ਚਾਹੀਦਾ ਹੈ।
ਸਵਾਲ: ਉਨ੍ਹਾਂ ਕਵਿਤਾਵਾਂ ਵਿਚ ਕੀ ਸੀ? ਕੋਈ ਯਾਦ ਹੈ?
ਨਵਤੇਜ: ਸੰਸਾਰ ਅਮਨ। ਕਵਿਤਾ ਯਾਦ ਨਹੀਂ। ਕੁਝ ਇਉਂ ਸੀ, “ਅਜ ਦੋ ਅਰਬ ਦਿਲ ਧੜਕਣ/ ਚਾਰ ਅਰਬ ਅੱਖਾਂ ਫਰਕਣ/ਆਖਣ ਅਮਨ ਅਸਾਨੂੰ ਪਿਆਰਾ ਹੈ।” ਇਹ ਗੁਰਬਖ਼ਸ਼ ਸਿੰਘ ਦੇ ਰਿਸਾਲੇ ‘ਬਾਲ ਸੰਦੇਸ਼’ ਵਿਚ ਛਪੀ ਸੀ। ਅਮਨ ਅਸਾਨੂੰ ਪਿਆਰਾ ਹੈ, ਸਮੱਸਿਆ ਸੀ। ਛਪਣ ਵਾਲੀ ਮੇਰੀ ਇਹ ਪਹਿਲੀ ਕਵਿਤਾ ਸੀ।
ਸਪਸ਼ਟ ਹੈ, ਓਦੋਂ ਨਾ ਮੈਨੂੰ ਸੰਸਾਰ ਦਾ ਪਤਾ ਸੀ, ਨਾ ਅਮਨ ਦਾ, ਹੁਣ ਵੀ ਬਹੁਤਾ ਨਹੀ। ਤੇ ਮੇਰਾ ਪਿਆਰ ਅਪਣੇ ਭੈਣ ਭਰਾਵਾਂ, ਮਾਂ ਬਾਪ ਤੇ ਹਾਣੀਆਂ ਨਾਲ਼ ਸੀ। ਮੈਨੂੰ ਵੱਗ ਦੀਆਂ ਟੱਲੀਆਂ ਦੀ ਆਵਾਜ਼ ਚੰਗੀ ਲਗਦੀ ਸੀ। ਨਵੇਂ ਜੰਮੇ, ਅਣਖੁੱਲ੍ਹੀਆਂ ਅੱਖਾਂ ਵਾਲੇ ਕਤੂਰੇ ਅਪਣੀ ਮਾਂ ਦੇ ਥਣ ਭਾਲਦੇ ਮੈਨੂੰ ਓਦੂੰ ਵੀ ਚੰਗੇ ਲਗਦੇ ਸਨ। ਇਹ ਸਭ ਕੁਝ ਸੰਸਾਰ ਅਮਨ ਦੀ ਬਲੀ ਚੜ੍ਹ ਗਿਆ ਸੀ। ਪੰਜਾਬੀ ਦੀ ਬਹੁਤੀ ਅਮਨ ਕਵਿਤਾ ਏਹੋ ਜਿਹੀ ਅਮਨ ਦੀ ਬਲੀ ਚੜ੍ਹਨ ਦੀ ਹਿੰਸਾ ਨਾਲ਼ ਭਰੀ ਪਈ ਹੈ।
ਮੈਨੂੰ ਕਵਿਤਾ ਵਿਚ ਇਹਦੇ ਵੇਲੇ ਦਾ ਮਰਨਾ ਵੱਡੀ ਹਿੰਸਾ ਲਗਦੀ ਹੈ। ਬਚਪਨ ਏਸੇ ਕਰਕੇ ਮੁੱਲਵਾਨ ਹੈ ਕਿਉਂਕਿ ਇਹ ਸਾਡੀਆਂ ਜੜ੍ਹਾਂ ਵੇਲੇ ਵਿਚ ਲਾਉਂਦਾ ਹੈ। ਜੜ੍ਹਾਂ ਡੂੰਘੀਆਂ ਹੋਣ ਤਾਂ ਬਿਰਖ ਝੱਖੜ-ਝਾਂਜੇ ਵਿਚ ਨਹੀਂ ੳੁੱਖੜਦਾ। ਜੜ੍ਹਾਂ ਆਦਿ ਵਿਸ਼ਵਾਸ ਦੇ ਅਨ੍ਹੇਰੇ ਵਿਚ ਲੱਗਦੀਆਂ ਅਤੇ ਫੈਲਦੀਆਂ ਹਨ, ‘ਗਿਆਨ’ ਦੇ ਚਾਨਣ ਤੋਂ ਬਿਨਾ। ਪ੍ਰਕਾਸ਼ ਯੁਗ (ੳਗੲ ੋਾ ਓਨਲਗਿਹਟੲਨਮੲਨਟ) ਦਾ ਸ੍ਰੇਸ਼ਟ ਗਿਆਨੀ ਕਾਂਤ ਸਹੀ ਕਹਿੰਦਾ ਹੈ ਕਿ ਵਿਸ਼ਵਾਸ ਨੂੰ ਥਾਂ ਦੇਣ ਲਈ ਗਿਆਨ ਨੂੰ ਕੱਢਣਾ ਜ਼ਰੂਰੀ ਹੈ।
ਗਿਆਨ ਕੋਲ ਇਕ ਜੁਗਤ ਹੈ; ਇਹ ਸ਼Lੁਰੂ ਵਿਚ ਚੀਜ਼ਾਂ ਨੂੰ ਸਮਝਦੀ ਹੈ ਪਿੱਛੋਂ ਕਾਬੂ ਕਰ ਲੈਂਦੀ ਹੈ। ਬਾਣੀ ਇਹਨੂੰ ਅੰਕੁਸ਼ ਕਹਿੰਦੀ ਹੈ ਜੋ ਹਾਥੀ ਨੂੰ ਵੱਸ ਵਿਚ ਰੱਖਣ ਲਈ ਉਹਦੇ ਸਰੀਰ ਵਿਚ ਗੱਡਿਆ ਜਾਂਦਾ ਹੈ। ਇਸ ਕਰਕੇ ਚੀਜ਼ਾਂ ਗਿਆਨੀ ਨੂੰ ਅਪਣੇ ਭੇਤ ਨਹੀਂ ਦਿੰਦੀਆਂ। ਲੁਕਣ ਮੀਚੀ ਕਵਿਤਾ ਵਿਚ ਇਉਂ ਲਿਖਿਆ ਹੈ:

ਮੈਂ ਸ਼ਬਦਾਂ ਨਾਲ਼
ਲੁਕਣਮੀਚੀ ਖੇਡਦਾ ਹਾਂ
ਉਹ ਮੈਨੂੰ ਹਾਕ ਮਾਰ ਕੇ
ਲੁਕ ਜਾਂਦੇ ਹਨ
ਸਿਰਹਾਣੇ ਵਿਚ, ਕੁਰਸੀਆਂ ਥੱਲੇ
ਖੱਲਾਂ ਖੂੰਜਿਆਂ ਵਿਚ
ਮੈਂ ਉਨ੍ਹਾਂ ਦੇ ਕੋਲ ਦੀ
ਲੰਘ ਜਾਂਦਾ ਹਾਂ
ਉਹ ਪਿੱਛੋਂ ਫੇਰ ਹਾਕ ਮਾਰਦੇ ਹਨ
ਮੈਂ ਮੁੜ ਕੇ ਵੇਖਦਾ ਹਾਂ
ਸਿਰਫ ਚੀਜ਼ਾਂ ਦਿਸਦੀਆਂ ਹਨ
ਸ਼ਬਦ ਨਹੀਂ
ਚੀਜ਼ਾਂ ਸ਼ਬਦਾਂ ਲਈ
ਦਰ ਖੋਲ੍ਹਦੀਆਂ ਹਨ
ਮੇਰੇ ਲਈ ਫਟੱਕ ਬੰਦ
ਉਹ ਜਾਣਦੀਆਂ ਹਨ
ਉਨ੍ਹਾਂ ਨੂੰ ਕੌਣ ਵਰਤਦਾ ਹੈ
ਉਨ੍ਹਾਂ ਨਾਲ਼
ਕੌਣ ਖੇਡਦਾ ਹੈ

ਸਵਾਲ: ਸੰਸਾਰ ਅਮਨ ਵਾਲੀ ਕਵਿਤਾ ਪਹਿਲੀ ਸੀ?
ਨਵਤੇਜ: ਨਹੀਂ, ਇਹਤੋਂ ਪਹਿਲਾਂ ਵੀ ਇਕ ਕਵਿਤਾ ਲਿਖੀ ਸੀ, ਨੌਂ ਦਸ ਸਾਲ ਦੀ ਉਮਰ ਵਿਚ। ਉਹਦੇ ਵਿਚ ਮੇਰਾ ਇਕ ਹੀ ਸ਼ਬਦ ਸੀ ਬਾਕੀ ਨਕਲ। ਬਾਰਾਂ ਕੁ ਪੰਕਤੀਆਂ ਦੀ ਹੋਣੀ ਹੈ। ਹਰ ਪੰਕਤੀ ਦੇ ਤੁਕਾਂਤੀ ਸ਼ਬਦ ‘ਬਾਬਾ’ ਨੂੰ ਬਦਲ ਕੇ ਮੈਂ ‘ਪਿਆਰੇ’ ਕਰ ਦਿੱਤਾ। ਗੁਰੂ ਨਾਨਕ ਦੇ ਗੁਰਪੁਰਬ ’ਤੇ ਮੈਂ ਗਾ ਕੇ ਸੁਣਾਈ। ਵਾਹ ਵਾਹ ਮਿਲੀ ਤੇ ਮੈਂ ਕਵਿਤਾ ਲਿਖਣ ਲੱਗ ਪਿਆ। ਤਿੰਨ ਅੱਖਰਾਂ ਨਾਲ ਕਵੀ ਬਣ ਗਿਆ।
ਸਵਾਲ: ਤੂੰ ਕਹਿਨੈਂ ਤੇਰੀ ਕਵਿਤਾ ਤੇਜੱਸਵੀ ਨਹੀਂ, ਕਿਉਂਕਿ ਬਚਪਨ ਵਿਚ ਤੂੰ ਰੱਬ ਦੇ ਪੂਰੀ ਦੰਦੀ ਨਹੀਂ ਵੱਢ ਸਕਿਆ। ਇਹ ਗੱਲ ਅਹਿਮ ਲਗਦੀ ਹੈ। ਬਚਪਨ ਦੇ ਇਸ ਤਰ੍ਹਾਂ ਦੇ ਕੋਈ ਹੋਰ ਵੇਰਵੇ?
ਨਵਤੇਜ: ਮੈਂ ਗੁਰਮੁਖੀ ਦੇ ਅੱਖਰ ਚੁੱਲੇ੍ਹ ਮੂਹਰੇ ਬੈਠ ਕੇ ਸਿੱਖੇ, ਸੁਆਹ ਵਿਛਾ ਕੇ ਉਂਗਲ ਘਸਾ ਕੇ। ਘਸ-ਘਸ ਕੇ ਚਮੜੀ ਦੇ ਹੇਠ ਚਲੇ ਗਏ ਹਨ। ਉਂਗਲ ਨੂੰ ਲਿਖਣ ਦੀ ਬਾਣ ਪੈ ਗਈ ਹੈ। ਸਦਾ ਅੰਗੂਠੇ ੳੁੱਤੇ ਲਿਖਦੀ ਰਹਿੰਦੀ ਹੈ। ਲੱਗਦਾ ਹੈ ਖ਼ਿਆਲ ਸਿਰ ਵਿਚ ਆਉਣ ਤੋਂ ਪਹਿਲਾਂ ਇਸ ਉਂਗਲ ਵਿਚ ਆਉਂਦੇ ਹਨ। ਸੁਰਿੰਦਰ (ਮੇਰੀ ਜੀਵਨ ਸਾਥਣ) ਦਾ ਖ਼ਿਆਲ ਹੈ ਅੰਗੂਠੇ ’ਤੇ ਲਿਖਣ ਕਰਕੇ ਮੈਂ ਕਾਗ਼ਜ਼ ’ਤੇ ਨਹੀਂ ਲਿਖਦਾ। ਉਹ ਕਹਿੰਦੀ ਹੈ:

ਉਹ ਸਾਰਾ ਦਿਨ
ਲਿਖਦਾ ਹੈ
ਕਾਗ਼ਜ਼ ’ਤੇ ਨਹੀਂ
ਹੱਥ ਦੀ ਪਹਿਲੀ ਉਂਗਲ ਨਾਲ਼
ਅੰਗੂਠੇ ਤੇ
ਜਦੋਂ ਕਾਗ਼ਜ਼ ’ਤੇ ਲਿਖਣ ਲਗਦੈ
ਅੰਗੂਠੇ ’ਤੇ ਲਿਖੇ ਸ਼ਬਦ
ਰੌਲਾ ਪਾਉਣ ਲਗ ਜਾਂਦੇ ਹਨ
“ਪਹਿਲਾਂ ਮੈਨੂੰ ਲਿਖ
ਪਹਿਲਾਂ ਮੈਨੂੰ ਲਿਖ”
ਇਸ ਘੜਮੱਸ ਚ ਬੌਂਦਲਿਆ
ਉਹ ਕੋਰਾ ਕਾਗ਼ਜ਼ ਛੱਡ
ਉਠ ਖੜਦੈ
ਉਂਜ ਉਹ ਸਾਰਾ ਦਿਨ
ਲਿਖਦਾ ਰਹਿੰਦੈ

ਇਹ ਅੱਖਰ ਅੰਨ ਦੀ ਮਹਿਕ ਅਤੇ ਅੱਗ ਦੇ ਸੇਕ ਦੇ ਬਣੇ ਹੋਏ ਹਨ। ਮਾਂ ਮੈਨੂੰ ਲਿਖਦੇ ਨੂੰ ਵੇਖਦੀ-ਵੇਖਦੀ ਤਵੇ ’ਤੇ ਰੋਟੀ ਪਾਉਣੀ ਭੁੱਲ ਜਾਂਦੀ। ਮੇਰੇ ਮੱਥੇ ਤੇ ਸੁਆਹ ਦਾ ਟਿੱਕਾ ਲਾਉਂਂਦੀ, ਕਹਿੰਦੀ, “ਵਾਹਿਗੁਰੂ ਸੁੱਖ ਰੱਖੀਂ”
ਸਾਡੇ (ਛੋਟੇ ਭਰਾ ਅਜਮੇਰ ਰੋਡੇ ਤੇ ਮੇਰੇ) ਸਕੂਲੋਂ ਆਉਣ ਦਾ ਵੇਲਾ ਹੁੰਦਾ, ਉਹ ਬੂਹੇ ’ਤੇ ਖੜ੍ਹ ਜਾਂਦੀ। ਨਾਲ਼ ਉਹਦੀ ਸਹੇਲੀ ਕੇਸਰੀ ਹੁੰਦੀ। ਸਾਨੂੰ ਦੂਰੋਂ ਗਲ਼ੀ ਚ ਵੇਖ ਕੇ ਕੇਸਰੀ ਮਾਂ ਨੂੰ ਆਖਦੀ, “ਲੈ ਨੀ ਭੈਣੇਂ ਆ ਗਈ ਤੇਰੀ ਹੰਸਾਂ ਦੀ ਜੋੜੀ।” ਇਹ ਗੱਲ ਮਾਂ ਨੇ ਅਪਣੀ ਆਖ਼ਿਰੀ ਵਿਦਾਇਗੀ ਤੋਂ ਥੁਹੜਾ ਚਿਰ ਪਹਿਲਾਂ ਮੈਨੂੰ ਦੱਸੀ ਸੀ।
ਚਾਚਾ ਜੀ ਨੂੰ (ਪਿਤਾ ਨੂੰ ਅਸੀਂ ਚਾਚਾ ਜੀ ਆਖਦੇ ਸੀ) ਅੱਖਰ ਅਲੋਕਾਰ ਲਗਦੇ ਸਨ। ਸਾਨੂੰ ਚਿੱਠੀ ਪੜ੍ਹਦਿਆਂ ਸੁਣ ਕੇ ਉਨ੍ਹਾਂ ਨੂੰ ਅਚੰਭਾ ਹੁੰਦਾ ਸੀ ਕਿ ਕਾਗ਼ਜ਼ ’ਤੇ ਪਏ ਅੱਖਰ ਬੋਲ ਪੈਂਦੇ ਹਨ। ਓਦੋਂ ਅੱਖਰ ਪੜ੍ਹੇ ਨਹੀਂ ਉਠਾਏ ਜਾਂਦੇ ਸੀ। ਉਨ੍ਹਾਂ ਨੂੰ ਉਹ ਸਚਮੁਚ ਉਠਕੇ ਗੱਲਾਂ ਕਰ ਰਹੇ ਸੁਣਦੇ ਹੋਣਗੇ।
ਉਹ ਕਹਿੰਦੇ ਹੁੰਦੇ ਸੀ, ਜੇ ਸਾਲ ਦਾ ਇੱਕ ਅੱਖਰ ਸਿਖਾਓਂ, 35 ਸਾਲਾਂ ਵਿਚ ਮੈਨੂੰ ਸਾਰੇ ਆ ਜਾਣਗੇ। ਸਾਰੇ ਅੱਖਰ ਉਨ੍ਹਾਂ ਲਈ ਸਾਰਾ ਬ੍ਰਹਿਮੰਡ ਸੀ। ਪਰ ਸਾਰੀ ਉਮਰ ਉਨ੍ਹਾਂ ਇੱਕ ਅੱਖਰ ਵੀ ਨਾ ਸਿਖਿਆ। ਸਿੱਖਣ ਦੀ ਚਾਹ ਹੀ ਨਹੀਂ ਸੀ। ਅੱਖਰ ਉਨ੍ਹਾਂ ਦੇ ਇਸ਼ਟ ਸਨ-ਪੂਜਣ ਯੋਗ। ਜਾਨਣ-ਜਣਾਉਣ ਤੋਂ ਉੱਚੇ।
ਅਪਣੀ ਜੇਬ ਵਿਚ ਉਹ ਪੈਂਤੀ ਅੱਖਰੀ ਦਾ ਪੰਨਾ ਰਖਦੇ ਸਨ। ਜਦ ਕਦੇ ਮਿਲਣਾ ਕਿਸੇ ਅੱਖਰ ’ਤੇ ਉਂਗਲ ਧਰ ਕੇ ਪੁੱਛਦੇ, “ਆਹ ਕਿਹੜਾ ਅੱਖਰ ਐ?” 98 ਸਾਲ ਦੀ ਉਮਰ ਤਕ ਉਹ ਕੋਈ ਅੱਖਰ ਨਹੀਂ ਸਿੱਖੇ ਸਨ। ਕਬੀਰ ਢਾਈ ਅੱਖਰ ਪੜ੍ਹਨ ਦੀ ਸਿੱਖਿਆ ਦਿੰਦਾ ਹੈ, ਬੁੱਲ੍ਹੇ ਸ਼ਾਹ ਇੱਕ ਅੱਖਰ ਨੂੰ ਦਰਕਾਰ ਮੰਨਦਾ ਹੈ। ਚਾਚਾ ਜੀ ਨੂੰ ਉਨ੍ਹਾਂ ਦੇ ਦਰਸ਼ਨ ਹੀ ਅਮੋਲਕ ਲਗਦੇ ਸਨ। ਉਹ 97 ਸਾਲ ਦੇ ਸਨ ਜਦੋਂ ਮੈ ਉਨ੍ਹਾਂ ਨੂੰ ਅੰਤਿਮ ਵਾਰ ਮਿਲਿਆ। ਜੁਆਕਾਂ ਦੀ ਸੁਖ-ਸਾਂਦ ਪੁੱਛਣ ਮਗਰੋਂ ਉਹਨਾ ਜੇਬ ਵਿਚੋਂ ਪੈਂਤੀ ਅੱਖਰੀ ਕੱਢੀ, ਕੰਬਦੀ ਕੰਬਦੀ ਉਂਗਲ ਇੱਕ ਅੱਖਰ ’ਤੇ ਧਰੀ, ਤੇ ਮੱਧਮ ਆਵਾਜ਼ ਵਿਚ ਕਹਿੰਦੇ, “ਮਿਹਰ ਸਿਆਂ ਆਹ ਕਿਹੜਾ ਅੱਖਰ ਐ?” ਅਗਲੇ ਸਾਲ ਉਨ੍ਹਾਂ ਨੂੰ ਉਹ ਪਾਤੀ ਆ ਗਈ ਜਿਹੜੀ ਕਿਸੇ ਨੂੰ ਵੀ ਪੜ੍ਹਨੀ ਨਹੀਂ ਆਉਂਦੀ। ਉਹ ਅਜੇ ਵੀ ਉਸ ਪਾਤੀ ਨੂੰ ਖੋਲ੍ਹੀ ਇਕ ਅੱਖਰ ’ਤੇ ਉਂਗਲ ਧਰੀ ਬੈਠੇ ਪੁੱਛ ਰਹੇ ਹਨ,”ਮਿਹਰ ਸਿਆਂ ਆਹ ਕਿਹੜਾ ਅੱਖਰ ਐ?”
ਉਨ੍ਹਾਂ ਵਾਙੂੰ ਮੈਨੂੰ ਖੁੱਲ੍ਹੇ ਮੂੰਹ ਵਾਲ਼ਾ ਊੜਾ ਅਲੋਕਾਰ ਲਗਦਾ ਹੈ। ਮੈਂ ਇਹਨੂੰ ਅਨੇਕ ਰੂਪਾਂ ਵਿਚ ਆਕਾਰਿਆ ਹੈ। ਹੱਥ ਵਿਚ ਕਾਨੀ ਤੇ ਕਾਗਦ ਹੋਵੇ, ਤੇ ਹੋਰ ਕੁਝ ਨਾ ਲਿਖ ਰਿਹਾ ਹੋਵਾਂ, ਇਹ ਅਪਣੇ ਆਪ ਪੈ ਜਾਂਦਾ ਹੈ। ਉਂਗਲ ਨਾਲ਼ ਧਰਤੀ ਪਾਉਣ ਵੇਲੇ ਇਹ ਬਹੁਤ ਚੰਗਾ ਲੱਗਦਾ ਸੀ। ਮੈਨੂੰ ਯਾਦ ਹੈ ਗੁਰਦੁਆਰੇ ਵਿਚ ਭਾਂਡੇ ਸੁੱਚੇ ਕਰਨ ਵਾਲ਼ੀ ਸੁਆਹ ਵਿਛਾ ਕੇ ਮੈਂ ਊੜਾ ਪਾਉਣ ਲਗ ਪਿਆ। ਉਕਾਰ (ਉਪਰਲੀ ਰੇਖਾ) ਪਾਉਣ ਵੇਲੇ ਪਤਾ ਨਾ ਲੱਗੇ ਕਿੱਥੇ ਰੁਕਣਾ ਹੈ। ਉਹਦੇ ਮਗਰ-ਮਗਰ ਚਲਦਾ ਗਿਆ। ਅੱਗੇ ਸੰਤ ਅਰਜਨ ਸਿੰਘ ਖੜ੍ਹੇ ਸਨ। ਉਹ ਥੁਹੜਾ ਜਿਹਾ ਪਿੱਛੇ ਹਟ ਗਏ। ਜਦੋਂ ਰੇਖਾ ਫੇਰ ਉਨ੍ਹਾਂ ਕੋਲ ਪਹੁੰਚ ਗਈ; ਉਹ ਕਹਿੰਦੇ, “ਕਾਕਾ ਇਹ ਨਹੀਂ ਮੁੱਕਣੀ।” ਕਈ ਦਹਾਕਿਆਂ ਪਿੱਛੋਂ ਪਤਾ ਲਗਾ ਕਿ ਮੈਂ ਓਅੰਕਾਰ ਦੀ ਲੀਕ ’ਤੇ ਹੀ ਤੁਰਨਾ ਹੈ। ਤੇ ਉਕਾਰ ਵਿਚਲੀ ਸਪੇਸ ਹੀ ਮੇਰੀ ਕਵਿਤਾ ਦੀ ਸਪੇਸ ਹੈ।
ਸਵਾਲ: ਉਹ ਸਪੇਸ ਕੇਹੋ ਜਿਹੀ ਹੈ?

ਨਵਤੇਜ: ਇਹ ਖੁੱਲ੍ਹੇ ਮੂੰਹ ਵਾਲੇ ਊੜੇ ਵਾਙੂੰ ਖੁੱਲ੍ਹੀ ਹੈ। ਮੇਰੀ ਉਂਗਲ ਘਸ ਜਾਣ ’ਤੇ ਵੀ ਇਹਦਾ ਅੰਤ ਨਹੀਂ ਸੀ ਆਉਣਾ। ਅੰਤ ਤਾਂ ਅੰਤ ਵਾਲੀ ਚੀਜ਼ ਦਾ ਹੀ ਆਉਂਦਾ ਹੈ। ਕਵਿਤਾ, ਘਸ ਰਹੀ ਉਂਗਲ ਦੇ ਸਿੰਮਦੇ ਰਕਤ ਨਾਲ਼ ਲਿਖੀ ਜਾਂਦੀ ਹੈ।
ਇਹ ਸਪੇਸ ਮੈਨੂੰ ਓਮ ਦੀ ਸਪੇਸ ਲਗਦੀ ਹੈ, ਦਰਸ਼ਨ ਦੀ ਸਪੇਸ ਲਗਦੀ ਹੈ। ਇਹ ਸ਼ੰਕਰਾਚਾਰੀਆ ਸੰਨਿਆਸੀ ਦੀ ਸਪੇਸ ਹੈ, ਪੂਰਨ ਸਿੰਘ ਕਵੀ ਦੀ ਨਹੀਂ।
ਓਮ ਸਰਬੱਤ ਦੀ ਸਪੇਸ ਹੈ, ਜੋ ਹੈ ਤੇ ਜੋ ਹੋ ਸਕਦਾ ਹੈ ਦੋਹਾਂ ਦੀ। ਖਟ ਸ਼ਾਸਤਰ ਦੀ ਵੀ ਤੇ ਸ਼ਿੰਗਾਰ ਸ਼ਤਕ ਦੀ ਵੀ। ਜਿਵੇਂ ਵੇਖੀਏ ਓਵੇਂ ਦਿਸ ਪੈਂਦੀ ਹੈ।
ਓਅੰਕਾਰ ਮੈਨੂੰ ਕਵਿਤਾ ਦੇ ਵਧੇਰੇ ਨੇੜੇ ਲਗਦਾ ਹੈ। ਇਹਦਾ ਅਨਹੱਦ ਸੰਗੀਤ ਮਰਦਾਨੇ ਦੀ ਰਬਾਬ ਵਿਚਦੀ ਨਿਕਲ਼ਦਾ ਹੈ ਤੇ ਕਰੁਣਾ ਬੁੱਧ ਤੇ ਨਾਨਕ ਦੀਆਂ ਪੈੜਾਂ ਰਾਹੀਂ। ਇਹਨੇ ਦੁੱਖ-ਸੁੱਖ ਪਹਿਨੇ ਹੋਏ ਹਨ। ਇਹ ਸ਼ੂਨਯ ਨਹੀ ਵਾਹ ਦਾ ਪਾਸਾਰ ਹੈ। ਹੋਣ ਦਾ ਮੰਗਲ ਹੈ।
ਸਵਾਲ: ਕੀ ਇਹ ਸਪੇਸ ਧਾਰਮਿਕ ਹੈ?
ਨਵਤੇਜ: ਇਹ ਹੋਣ ਦੀ ਸਪੇਸ ਹੈ। ਜੇ ਹੋਣਾ ਧਾਰਮਿਕ ਹੈ ਤਾਂ ਇਹ ਧਾਰਮਿਕ ਹੈ। ਪਰ ਇਹਦਾ ਭੂਗੋਲ ਜਨੇਊ ਜਾਂ ਗਾਤਰੇ ਵਿਚ ਨਹੀਂ ਵਲਿਆ ਜਾ ਸਕਦਾ। ਇਹ ਬਾਬੇ ਨਾਨਕ ਤੇ ਮਰਦਾਨੇ ਦੀਆਂ ਉਦਾਸੀਆਂ ਵਾਙੂੰ ਖੁੱਲ੍ਹਾ ਹੈ। ਦਿਸਹੱਦੇ ਵਾਙੂੰ ਇਹਦੀਆਂ ਸਰਹੱਦਾਂ ਜਿੱਥੇ ਦਿਸਦੀਆਂ ਹਨ ਓਥੋਂ ਅੱਗੇ ਹਨ।

ਸਵਾਲ: ਇਸ ਸਪੇਸ ਦੀ ਕੋਈ ਕਵਿਤਾ ਸਾਂਝੀ ਕਰ ਸਕਦਾ ਹੈਂ?
ਨਵਤੇਜ: ਨਹੀਂ। ਇਸ ਸਪੇਸ ਦੀ ਕਵਿਤਾ ਮੈਂ ਅਜੇ ਲਿਖਣੀ ਹੈ। ਜੇ ਲਿਖਣ ਦਾ ਵੇਲਾ ਮਿਲਿਆ ਤੇ ਜੇ ਲਿਖ ਸਕਿਆ। ਮੈਂ ਤਾਂ ਅਜੇ ਏਥੇ ਆਇਆ ਹੀ ਹਾਂ। ਉਹ ਵੀ ਪਤਾ ਨਹੀਂ ਕਿੰਨਾ ਕੁ ਆਇਆ ਹਾਂ। ਲੀਲਾ ਦੀ ਵਿਰਲੀ ਵਿਰਲੀ ਪੰਕਤੀ ਵਿਚ ਸ਼ਾਇਦ ਇਸ ਸਪੇਸ ਦੀ ਝਲਕ ਮਿਲ ਵੀ ਜਾਵੇ। ਮੈਂ ਪੰਕਤੀ ਦਾ ਕਵੀ ਹਾਂ, ‘ਕਵਿਤਾ’ ਦਾ ਨਹੀਂ।
ਸਵਾਲ: ਗੁਰਦੁਆਰੇ ਵਿਚ ਰਹਿ ਕੇ ਵੀ ਤੂੰ ਧਾਰਮਿਕ ਕਵਿਤਾ ਕਿਉਂ ਨਹੀਂ ਲਿਖੀ?
ਨਵਤੇਜ: ਪ੍ਰੀਤਲੜੀ ਨੇ ਮੇਰਾ ਅਪਹਰਣ ਕਰ ਲਿਆ ਸੀ। ਬਾਲ ਸੰਦੇਸ਼ ਵਿਚ ਛਪਣ ਪਿੱਛੋਂ ਮੇਰੇ ’ਤੇ ਪ੍ਰੀਤਲੜੀ ਦਾ ਟੂਣਾ ਹੋਣਾ ਹੀ ਸੀ। ਪ੍ਰੀਤਲੜੀ ਨਵੀਂ ਪੁਸ਼ਤ ਦੀ ਨਵੀਂ ਭਾਸ਼ਾ ਸੀ; ਕਾਵਿਕ, ਸੁਪਨੀਲੀ, ਕਿਸ਼ੋਰ ਉਮਰ ਦੇ ਸੇਕ ਨਾਲ਼ ਭਖਦੀ। ਸਕੂਲਾਂ ਕਾਲਜਾਂ ਦੇ ਮੁੰਡੇ ਕੁੜੀਆਂ ਇਹਦੇ ਵਿਚ ਚਿੱਠੀਆਂ ਲਿਖਦੇ ਤੇ ਕੋਈ ਵਿਰਲਾ ਆਤਮਾ ਸਿੰਘ ਵਰਗਾ ਇਹਦੇ ਵਿਚ ਬੋਲ ਵੀ ਪੈਂਦਾ। ਮੈਂ ਉਹਤੋਂ ਗਣਿਤ ਦਾ ਕੋਈ ਸੁਆਲ ਸਮਝਿਆ ਸੀ। ਸ਼ੁਕਰੀਆ ਕਰਨ ਲੱਗਾ ਤਾਂ ਆਤਮਾ ਸਿੰਘ ਬੋਲਿਆ ਸੀ, “ਧੰਨਵਾਦ ਤਾਂ ਮੈਨੂੰ ਕਰਨਾ ਚਾਹੀਦਾ ਹੈ ਤੁਸੀਂ ਇਹ ਮੌਕਾ ਦਿੱਤਾ। ਮੈਨੂੰ ਕਿਸੇ ਦੇ ਕੰਮ ਆਉਣ ਦਾ ਚਾਅ ਹੈ।” ਪ੍ਰੀਤਲੜੀ ਚਿੱਠੀ ਦੀ ਭਾਸ਼ਾ ਸੀ ਜਿਸ ਦੇ ਸ਼ਬਦਾਂ ਵਿਚ ਧਰਮ, ਫ਼ਲਸਫ਼ੇ, ਮਿਥ ਦਾ ਭਾਰ ਨਹੀਂ ਸੀ। ਲੋਕ ਪ੍ਰੀਤਲੜੀ ਨੂੰ ਚਿੱਠੀ ਵਾਙੂੰ ਉਡੀਕਦੇ, ਚਿੱਠੀ ਵਾਙੂੰ ਸਾਂਭਦੇ। ਅਸੀਂ (ਅਜਮੇਰ ਤੇ ਮੈਂ) ਪਹਿਲੀ ਵਾਰ ਪ੍ਰੀਤਲੜੀ ਅਪਣੀ ਤਾਈ ਸੰਤ ਕੌਰ ਕੋਲੋਂ ਵੇਖੀ ਸੀ। ਉਹਨੇਂ ਟਰੰਕ ਖੋਲਿ੍ਹਆ, ਕਪੜਿਆਂ ਦੀ ਤਹਿ ਵਿੱਚੋਂ ਪ੍ਰੀਤਲੜੀ ਕੱਢੀ, ਸਾਨੂੰ ਵਿਖਾਈ ਤੇ ਓਵੇਂ ਟਰੰਕ ਵਿਚ ਸਾਂਭ ਦਿੱਤੀ।
ਪ੍ਰੀਤਲੜੀ ਵਿਚਦੀ ਸਾਡੇ ਪਿੰਡਾਂ ਵਿਚ ਸ਼ਹਿਰ ਪਹੁੰਚਿਆ, ਅਮਰੀਕਾ ਤੇ ਰੂਸ ਪਹੁੰਚੇ। ਅਸੀਂ ਅਪਣੀ ਜੂਹ ਚੋਂ ਬਾਹਰ ਨਿਕਲੇ। ਅਜ ਸਾਨੂੰ ਪ੍ਰੀਤਲੜੀ ਦੀ ਭਾਸ਼ਾ-ਜੂਹ ਚੋਂ ਵੀ ਨਿਕਲਣ ਦੀ ਲੋੜ ਹੈ। ਚਿੱਠੀ ਦੀ ਭਾਸ਼ਾ ਗੋਸ਼ਟੀ ਤੇ ਚਿੰਤਨ ਲਈ ਢੁਕਵੀਂ ਨਹੀਂ।

ਪ੍ਰੀਤ ਲੜੀ ਦਾ ਮੰਤਰ

ਸਵਾਲ: ਤੇਰੇ ’ਤੇ ਪ੍ਰੀਤਲੜੀ ਦਾ ਮੰਤਰ ਕਿਵੇਂ ਚੱਲਿਆ?
ਨਵਤੇਜ: ਮੰਤਰ-ਮੁਗਧ ਨੂੰ ਮੰਤਰ ਦੇ ਮੰਤਕ ਦਾ ਪਤਾ ਨਹੀਂ ਲਗਦਾ। ਪਰ ਪ੍ਰੀਤਲੜੀ ਦਾ ਮੰਤਰ ਉਹਦੀ ਭਾਸ਼ਾ ਵਿਚ ਸੀ। ਓਦੋਂ ਸ਼ਹਿਰ, ਪਿੰਡ ਦੀ ਹੈਰਾਨੀ ਹੁੰਦੇ ਸਨ, ਅਜ ਵਾਲ਼ੀ ਫੋਕੀ ਘਿਰਣਾ ਨਹੀਂ। ਉਹ ਪਿੰਡ ਤੋਂ ਬਹੁਤੇ ਵੱਖਰੇ ਵੀ ਨਹੀਂ ਸਨ। ਜਿਵੇਂ ਕੁੜੀ ਇਕ ਦੀ ਥਾਂ ਦੋ ਗੁੱਤਾਂ ਕਰ ਲਵੇ। ਪ੍ਰੀਤਲੜੀ ਦੀ ਭਾਸ਼ਾ ਸ਼ਹਿਰਨ ਸੀ, ਚਕਮਾਕ ਦੀ ਆਕਰਸ਼ਣ ਵਾਲੀ। ਮੈਂ ਮੋਹਿਆ ਗਿਆ। ਦਾਰ ਜੀ ਨੂੰ ਚਿੱਠੀ ਲਿਖੀ ਤੇ ਕਵੀ ਬਣਨ ਲਈ ਆਸ਼ੀਰਵਾਦ ਮੰਗੀ ਜੋ ਹਫ਼ਤੇ ਦੇ ਵਿਚ-ਵਿਚ ਮਿਲ਼ ਗਈ। ਪਿੰਡ ਵਿਚ ਇਹ ਸ਼ਾਇਦ ਪਹਿਲੀ ਆਸ਼ੀਰਵਾਦ ਹੋਣੀ ਹੈ ਜਿਹੜੀ ਸਿਰ ’ਤੇ ਪਿਆਰ ਦੇਣ ਦੀ ਥਾਂ ਡਾਕ ਰਾਹੀਂ ਆਈ ਸੀ। ਮੈਂ ਦਾਰ ਜੀ ਦੀ ਆਸ਼ੀਰਵਾਦ ਵਾਲੀ ਚਿੱਠੀ 1965 ਤਕ ਸਾਂਭੀ ਰੱਖੀ। ਪਿੱਛੋਂ ਕਿਤੇ ਗੁਆਚ ਗਈ।

ਨਵਾਂ ਨਾਂ, ਮਿਹਰ ਸਿੰਘ ਤੋਂ ਨਵਤੇਜ

ਸਵਾਲ: ਤੂੰ ਓਦੋਂ ਗੁਰਦੁਆਰੇ ਵਿਚ ਸੀ, ਆਸ਼ੀਰਵਾਦ ਗੁਰੂ ਤੋਂ ਲੈਣ ਦੀ ਥਾਂ ਗੁਰਬਖਸ਼ ਸਿੰਘ ਤੋਂ ਕਿਉਂ ਮੰਗੀ?
ਨਵਤੇਜ: ਉਹਦੇ ਮੰਤਰ ਦਾ ਕੀਲਿਆ ਹੋਇਆ ਸੀ। ਉਮਰ ਵੀ ਕੱਚੀ ਸੀ 13 ਕੁ ਸਾਲ ਦੀ। ਮੈਂ ਕੇਵਲ ਆਸ਼ੀਰਵਾਦ ਹੀ ਨਹੀਂ ਮੰਗੀ, ਉਸਦੇ ਵੱਡੇ ਪੁਤਰ ਦਾ ਨਾਂ ਵੀ ਲੈ ਲਿਆ। ਮਿਹਰ ਸਿੰਘ ਤੋਂ ਨਵਤੇਜ ਬਣ ਗਿਆ। ਮੋਗਿਓਂ ਛਪਦੇ ਸਪਤਾਹਿਕ ਸੁਖ ਜੀਵਨ ਲਈ ਲਿਖਿਆ ਜੋ ਮੈਨੂੰ ਅਜੇ ਤਕ ਯਾਦ ਹੈ:-
“ਸਭ ਸੱਜਣਾਂ ਨੂੰ ਵਿਦਿਤ ਕੀਤਾ ਜਾਂਦਾ ਹੈ ਕਿ ਮੈ, ਮਿਹਰ ਸਿੰਘ, ਸਪੁੱਤਰ ਸ. ਕਿਸ਼ਨ ਸਿੰਘ ਪਿੰਡ ਰੋਡੇ ਨੇ ਆਪਣਾ ਨਾਂ ਮਿਹਰ ਸਿੰਘ ਤੋਂ ਬਦਲ ਕੇ ਨਵਤੇਜ ਸਿੰਘ ਰੱਖ ਲਿਆ ਹੈ।”

ਸਹੀ/ ਮਿਹਰ ਸਿੰਘ, ਸਪੁੱਤਰ ਕਿਸ਼ਨ ਸਿੰਘ

ਇਸ਼ਤਿਹਾਰ ਦੇ ਨਾਲ਼ ਸੰਪਾਦਕ ਨੂੰ ਚਿੱਠੀ ਲਿਖੀ ਕਿ ਮੇਰੇ ਕੋਲ ਇਸ਼ਤਿਹਾਰ ਛਪਵਾਉਣ ਜੋਗੇ ਪੈਸੇ ਨਹੀਂ। ਪੈਸਿਆਂ ਦੀ ਥਾਂ ਅਪਣੀ ਕਵਿਤਾ ਭੇਜ ਰਿਹਾ ਹਾਂ। ਚਿੱਠੀ ਤੇ ਕਵਿਤਾ ਦੀ ਸਾਰੀ ਇਬਾਰਤ ਮੈਨੂੰ ਵਿਸਰ ਗਈ ਹੈ। ਦੋ ਤਿੰਨ ਮਹੀਨੇ ਮੈਂ ਅਖ਼ਬਾਰ ਉਡੀਕਦਾ ਰਿਹਾ, ਪਿੱਛੋਂ ਭੁੱਲ ਗਿਆ। ਇਕ ਦਿਨ ਤੁਲਸੀ ਰਾਮ ਦੀ ਹੱਟੀਓਂ ਅਜਮੇਰ ਨੇ ਚਾਹ ਵਾਸਤੇ ਗੁੜ ਲਿਆਂਦਾ। ਗੁੜ ਕੱਢ ਕੇ ਉਹਦੇ ’ਤੇ ਲਪੇਟਿਆ ਅਖਬਾਰ ਸਿੱਟਣ ਲੱਗਾ, ਤਾਂ ਮੇਰੀ ਨਿਗ੍ਹਾ ‘ਨਵਤੇਜ’ ਸਿੰਘ ਨਾਂ ’ਤੇ ਪੈ ਗਈ। ਪੰਨੇ ਤੇ ਨਾਂ ਬਦਲੀ ਦਾ ਇਸ਼ਤਿਹਾਰ ਛਪਿਆ ਸੀ, ਹੇਠਾਂ ਮੇਰੀ ਕਵਿਤਾ:

ਕੋਈ ਚਮਕੇਗੀ ਨਵੀਂ ਸਵੇਰ।
ਇਹ ਰਾਤ ਹੈ ਦੰਭੀ ਚੋਰਾਂ ਦੀ
ਲਹੂ ਪੀਣੇ ਰਿਸ਼ਵਤ ਖੋਰਾਂ ਦੀ
ਨਫ਼ੇਖੋਰਾਂ ਦਾ ਲਗਦਾ ਗੇੜ
ਕੋਈ ਚਮਕੇਗੀ ਨਵੀਂ ਸਵੇਰ।

ਮੇਰੇ ਨਵੇਂ ਨਾਂ ਵਾਲਾ ਅਖ਼ਬਾਰ ਮੇਰੇ ਤਕ ਓਦੋਂ ਪਹੁੰਚਿਆ, ਜਦੋਂ ਉਹ ਰੱਦੀ ਬਣ ਗਿਆ ਸੀ।
ਸਵਾਲ: ਪਹਿਲੀ ਵਾਰ ਆਪਣਾ ਨਵਾਂ ਨਾਂ ਵੇਖ ਕੇ ਕਿਵੇਂ ਲੱਗਿਆ?
ਨਵਤੇਜ: ਹੈਰਾਨੀ ਤੇ ਖ਼ੁਸ਼ੀ ਹੋਈ। ਕਈ ਵਾਰ ਨਵਾਂ ਨਾਂ ਪੜ੍ਹਿਆ। ਘਰਦਿਆਂ ਨੂੰ ਵਿਖਾਇਆ। ਕੁਝ ਓਪਰਾ ਓਪਰਾ ਵੀ ਲੱਗਿਆ।
ਸਵਾਲ: ਉਹ ਕਿਉਂ?
ਨਵਤੇਜ: ਪੂਰਾ ਪਤਾ ਨਹੀਂ। ਨਾਂ ਬਦਲਣਾ ਪਹਿਲਾਂ ਖੇਡ ਜਿਹੀ ਲਗਦੀ ਸੀ। ਹੁਣ ਇਹ ਸੱਚੀਂਮੁੱਚੀਂ ਬਦਲ ਗਿਆ ਸੀ। ਚਾਚਾ ਜੀ ਨੇ ਕਿਹਾ ਤੂੰ ਨਾ ਤਾਂ ਭਾਵੇਂ ਕੋਈ ਰੱਖ ਲੈ ਪਰ ਅਸੀਂ ਤਾਂ ਤੈਨੂੰ ਮਿਹਰ ਸਿਉਂ ਈ ਕਹਾਂਗੇ। ਚਾਚਾ ਜੀ ਸਾਰੀ ਉਮਰ ਮੈਨੂੰ ਮਿਹਰ ਸਿਉਂ ਕਹਿੰਦੇ ਰਹੇ। ਮਾਂ ਹੌਲ਼ੀ-ਹੌਲ਼ੀ ਨਵਤੇਜ ਕਹਿਣਾ ਸਿੱਖ ਗਈ। ਪਰ ਜਦੋਂ ਉਹ ਨਵਾਂ ਨਾਂ ਲੈਂਦੀ, ਮੈਨੂੰ ਔਖ ਜਿਹੀ ਲਗਦੀ। ਆਵਾਜ਼ ਓਹੀ ਸੀ, ਪਰ ਓਹੋ ਜਿਹੀ ਲਗਦੀ ਨਹੀਂ ਸੀ। ਹੁਣ ਆ ਕੇ ਸਮਝ ਆਈ ਹੈ ਕਿ ਮੈਂ ਓਦੋਂ ਕੀ ਕਰ ਬੈਠਾ ਸੀ; ਉਹ ਸਥਿਤੀ ਪੈਦਾ ਕਰ ਦਿੱਤੀ ਸੀ ਜਿਸ ਵਿਚ ਮਾਂ ਨੂੰ ਅਪਣੇ ਪੁੱਤ ਦਾ ਨਾਂ ਸਿੱਖਣਾ ਪੈਂਦਾ ਹੈ। ਯਾਦ ਕਰਨਾ ਪੈਂਦਾ ਹੈ। ਜੇ ਉਹ ਹੁਣ ਹੁੰਦੀ ਮੈਂ ਜ਼ਰੂਰ ਪੁੱਛਦਾ; ਜਿਸ ਨਾਂ ਨਾਲ਼ ਉਹਨੇ ਮੈਨੂੰ ਤੇਰਾਂ ਸਾਲ ਵੱਡਾ ਕੀਤਾ ਸੀ, ਦੁੱਧ ਚੁੰਘਾਇਆ, ਨੁਹਾਇਆ, ਧੁਆਇਆ, ਲੋਰੀਆਂ ਦਿਤੀਆਂ ਸੀ, ਉਹਦੇ ਨਾਲ਼ੋਂ ਟੁੱਟਣ ਵੇਲੇ ਉਹਦੇ ਅੰਦਰ ਕੀ ਹੋਇਆ ਸੀ?
ਸਵਾਲ: ਮਿਹਰ ਸਿੰਘ ਤੇ ਨਵਤੇਜ ਆਪਸ ਵਿਚ ਲੜਦੇ ਵੀ ਰਹੇ?
ਨਵਤੇਜ: ਲੜਦੇ ਤਾਂ ਰਹੇ ਹੋਣਗੇ, ਪਰ ਅੰਦਰਖਾਤੇ। ਇਹ ਲੜਾਈ ਪਛਾਣ ਦੀ ਸੀ ਤੇ ਇਹਦਾ ਕੁਰਖੇਤਰ ਮੇਰੇ ਅੰਦਰ ਸੀ। ਨਵੀਂ ਪਛਾਣ ਵਿਚ ਸਿਰਜਣਾ ਸੀ, ਮਾਣ ਤੇ ਨਾਮਣਾ ਸੀ। ਮਿਹਰ ਸਿੰਘ ਚੁਪ ਕਰ ਗਿਆ। ਕੁਝ ਸਾਲਾਂ ਪਿੱਛੋਂ ਮੇਰੀਆਂ ਕਵਿਤਾਵਾਂ ਪੜ੍ਹ ਕੇ ਇਕ ਭਲੇ ਪੁਰਖ ਨੇ ਦੋ ਤਿੰਨ ਵਾਰ ਯਤਨ ਕੀਤਾ ਕਿ ਮੈਂ ਕਾਂਸੀ ਜਾ ਕੇ ਸੰਸਕ੍ਰਿਤ ਪੜ੍ਹਾਂ। ਪਰ ਪ੍ਰੀਤਲੜੀ ਦੀ ਸ਼ਹਿਰਨ ਭਾਸ਼ਾ ਅੱਗੇ ਵੇਦਾਂ ਉਪਨਿਸ਼ਦਾਂ ਦੀ ਦੈਵੀ ਭਾਸ਼ਾ ਹਾਰ ਗਈ। ਵਾਲਮੀਕੀ ਤੇ ਕਾਲੀਦਾਸ ਦੇ ਚਰਣਾਂ ਚ ਬੈਠਣ ਦੀ ਥਾਂ ਮੈਂ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੇ ਰਾਹ ਪੈ ਗਿਆ। ਕਾਂਸ਼ੀ ਸੰਸਕ੍ਰਿਤ ਪੜ੍ਹਨ ਦਾ ਮਿਹਰ ਸਿੰਘ ਦਾ ਅੰਤਿਮ ਦਾਅ ਸੀ। ਉਸ ਪਿੱਛੋਂ ਉਹਨੇ ਤੀਰਾਂ ਵਾਲਾ ਭੱਥਾ ਕਿੱਲੀ ’ਤੇ ਟੰਗ ਦਿੱਤਾ।
ਸਵਾਲ: ਨਵਤੇਜ ਬਣ ਕੇ ਕੀ ਫ਼ਰਕ ਪਿਆ?
ਨਵਤੇਜ: ਕਵਿਤਾ ਦਾ ਕੜ ਪਾਟ ਗਿਆ। ਇਹ ਕਵਿਤਾ, ਬੋਲੀ ਸਿੱਖ ਰਹੇ ਨਿਆਣੇ ਦੀਆਂ ਮਾਰੀਆਂ ਅਵੱਲੀਆਂ-ਸਵੱਲੀਆਂ ਵਰਗੀ ਸੀ। ਮੈਂ ਸੈਂਕੜੇ ਕਵਿਤਾਵਾਂ ਲਿਖੀਆਂ ਹੋਣਗੀਆਂ। ਹਰ ਕਵਿਤਾ ਸ਼ਾਹਕਾਰ ਲਗਦੀ। ਹਰ ਰਿਸਾਲੇ ਨੂੰ ਭੇਜਦਾ। ਗੁਰਬਖਸ਼ ਸਿੰਘ ਦੀ ਪ੍ਰੀਤਲੜੀ ਨੂੰ, ਮੋਹਨ ਸਿੰਘ ਦੇ ਪੰਜ ਦਰਿਆ ਤੇ ਨਾਨਕ ਸਿੰਘ ਦੇ ਲੋਕ ਸਾਹਿਤ ਨੂੰ, ਪ੍ਰੀਤਮ, ਜੀਵਨ ਪ੍ਰੀਤੀ, ਫ਼ੌਜੀਆਂ ਦੇ ਸੈਨਿਕ ਸਮਾਚਾਰ ਨੂੰ। ਹੋਰ ਨਾਂ ਯਾਦ ਨਹੀਂ ਰਹੇ। ਸੈਨਿਕ ਸਮਾਚਾਰ ਨੇ ਮੈਨੂੰ ਕਵਿਤਾ ਛਾਪਣ ਦੇ 6 ਰੁਪਏ ਭੇਜੇ, ਨਾਲ਼ ਕਵਿਤਾ ਵਾਲਾ ਅੰਕ। ਮੈਂ ਰਿਸਾਲਾ ਵੱਡੇ ਭਰਾਵਾਂ, ਬਾਈ ਕਰਨੈਲ ਤੇ ਬਾਈ ਪ੍ਰੀਤਮ ਨੂੰ ਵਿਖਾਇਆ ਤੇ 6 ਰੁਪੱਈਆਂ ਦਾ ਵੀ ਦੱਸਿਆ। ਛੋਟੇ ਭਰਾ ਦਾ ਨਾਂ ਛਪਿਆ ਵੇਖ ਕੇ ਉਹ ਖਿੜ ਗਏ। ਬਾਈ ਕਰਨੈਲ ਨੇ ਪੁੱਛਿਆ, “ਕਿੰਨੇ ਚਿਰ ’ਚ ਲਿਖੀ ਸੀ?” “ਘੰਟੇ ’ਚ,” ਮੈਂ ਕਿਹਾ। ਓਦੋਂ ਦਸ-ਬਾਰਾਂ ਘੰਟੇ ਦੀ ਹੱਡ-ਭੰਨਵੀਂ ਦਿਹਾੜੀ ਦੇ 10 ਰੁਪਏ ਮਿਲਦੇ ਸਨ। ਘੰਟੇ ਦੇ 6 ਰੁਪਏ ਕਮਾਉਣੇ ਉਨ੍ਹਾਂ ਨੂੰ ਅਚੰਭਾ ਲੱਗੇ। ਉਹ ਫਾਜ਼ਿਲਕਾ ਜਿਲ੍ਹੇ ਦੇ ਛੋਟੇ-ਜਿਹੇ ਕਸਬੇ ਮੰਡੀ ਲਾਧੂਕਾ ਵਿਚ ਕੰਮ ਕਰਦੇ ਸਨ। ਅਪਣਾ ਆਰਾ ਲਾਇਆ ਹੋਇਆ ਸੀ। ਮੰਡੀ ਦੇ ਸਾਰੇ ਇਕ ਦੂਜੇ ਨੂੰ ਜਾਣਦੇ ਸਨ। ਆਥਣੇ ਮੈਨੂੰ ਨਾਲ਼ ਲੈ ਕੇ ਹਰ ਦੁਕਾਨ ’ਤੇ ਗਏ, ਸੈਨਿਕ ਸਮਾਚਾਰ ਵਿੱਚੋਂ ਮੇਰੀ ਕਵਿਤਾ ਵਿਖਾ ਕੇ ਕਹਿੰਦੇ, “ਇਹ ਸਾਡੇ ਐਸ ਭਰਾ ਦੀ ਕਵਿਤਾ ਐ, ਇਹਦੇ ਛੇ ਰੁਪਏ ਮਿਲ਼ੇ ਐ।” ਮੈਨੂੰ ਨਹੀਂ ਲੱਗਦਾ, ਹੁਣ ਮੇਰੀ ਕਵਿਤਾ ਕਦੇ ਉਸ ਤਰ੍ਹਾਂ ਸੈਲੀਬ੍ਰੇਟ ਹੋ ਸਕੇਗੀ।
ਮੈਂ ਨਵੀਂ ਪਛਾਣ ਪ੍ਰੀਤਲੜੀ ਤੋਂ ਲਈ ਸੀ। ਓਸੇ ਨੇ ਇਸ ਪਛਾਣ ਦੀ ਪਹਿਲੀ ਕਵਿਤਾ ਪ੍ਰਕਾਸ਼ਿਤ ਕੀਤੀ। ਜੂਨ 1954 ਵਿਚ, ਮੈ ਅੱਠਵੀਂ ਚ ਪੜ੍ਹਦਾ ਸੀ। ਉਸ ਪਿੱਛੋਂ ਬਾਕੀ ਰਿਸਾਲਿਆਂ ਨੇ ਵੀ ਮੇਰੀਆਂ ਪਹਿਲਾਂ ਭੇਜੀਆਂ ਕਵਿਤਾਵਾਂ ਛਾਪਣੀਆਂ ਸ਼ੁਰੂ ਕਰ ਦਿੱਤੀਆਂ।
ਸਵਾਲ: ਗੁਰਦੁਆਰੇ ਵਿਚ ਪੜ੍ਹੀ ਤਿੰਨ-ਅੱਖਰੀ ਕਵਿਤਾ ਪਿੱਛੋਂ ਤੇ ਗੁਰਬਖ਼ਸ਼ ਸਿੰਘ ਦੀ ਆਸ਼ੀਰਵਾਦ ਤੋਂ ਪਹਿਲਾਂ ਦੇ ਅੰਤਰਾਲ ਵਿਚ ਤੂੰ ਕੇਹੋ ਜਿਹੀ ਰਚਨਾ ਕੀਤੀ?
ਨਵਤੇਜ: ਉਹ ਅੰਤਰਾਲ ਰਚਨਾ ਦਾ ਨਹੀਂ ਸੀ, ਸ਼ਬਦਾਂ ਨਾਲ਼ ਖੇਡਣ ਦਾ ਸੀ। ਖੇਡਣ ਦਾ ਵੀ ਨਹੀਂ ਸ਼ਬਦ ਖਾਣ ਦਾ ਸੀ। ਸ਼ਬਦਾਂ ਨਾਲ਼ ਲਿਬੜਨ ਦਾ, ਘੁਲਣ ਦਾ। ਕਹਿੰਦੇ ਨੇ ਅੰਨ੍ਹੇ ਦੀ ਇਕ ਰਗ ਵਧ ਹੁੰਦੀ ਹੈ। ਮੈਨੂੰ ਲਗਦੈ ਲੇਖਕ ਦੀ ਵੀ ਹੁੰਦੀ ਹੈ; ਭਾਸ਼ਾ ਦੀ ਰਗ (ਲਅਨਗੁਅਗੲ ਸੲਨਸੲ)। ਇਹ ਰਗ ਸਾਧਾਰਣ ਭਾਸ਼ਾ-ਸੂਝ ਤੋਂ ਵੱਖਰੀ ਹੁੰਦੀ ਹੈ। ਕਿਵੇਂ ਨਾ ਕਿਵੇਂ ਇਹ ਰਗ ਮੇਰੇ ਅੰਦਰ ਜਾਗ ਪਈ ਸੀ। ਸ਼ਾਇਦ ਗਿਆਨੀ ਜੀ ਦੀ ਸੰਗਤ ਦਾ ਫਲ ਸੀ। ਤੁਲਸੀ ਰਾਮ ਸੌਦੇ ਵਿਚ ਲਏ ਹਰ ਸਿੱਕੇ ਨੂੰ ਟੁਣਕਾਉਂਦਾ ਸੀ; ਉਹਨੂੰ ਸੱਜੇ ਹੱਥ ਦੀ ਦੂਜੀ ਉਂਗਲ ’ਤੇ ਟਿਕਾਉਂਦਾ, ਹੇਠੋਂ ਗੂਠੇ ਦਾ ਠੋਲਾ ਲਾਉਂਦਾ ਤੇ ਇਕ ਫੁੱਟ ਉਚੇ ਬੁੜ੍ਹਕਦੇ, ਖੜਕਦੇ, ਘੁਮੇਟਣੀਆਂ ਖਾਂਦੇ ਆਉਂਦੇ ਸਿੱਕੇ ਨੂੰ ਅਪਣੀ ਤਲੀ ’ਤੇ ਬੋਚ ਲੈਂਦਾ। ਮੈਨੂੰ ਉਹ ਜਾਦੂ ਦਾ ਖੇਲ ਲਗਦਾ। ਘਰੇ ਆ ਕੇ ਮੈਂ ਓਵੇਂ ਕਰਦਾ, ਪਰ ਮੈਨੂੰ ਦੁਆਨੀਆਂ ਚੁਆਨੀਆਂ ਉਸ ਤਰਾਂ ਬੋਲਦੀਆਂ ਨਾ ਸੁਣਦੀਆਂ। ਉਹੀ ਜਾਦੂ ਦਾ ਖੇਲ ਮੈਂ ਸ਼ਬਦਾਂ ਨਾਲ਼ ਕਰਨ ਲਗ ਪਿਆ। ਮੈਂ ਸ਼ਬਦਾਂ ਨੂੰ ਟੁਣਕਾਉਂਦਾ, ਘੁਮਾਉਂਦਾ, ਛੋਟੇ ਵੱਡੇ ਕਰਦਾ, ਪਰੋਂਦਾ, ਖਿਲਾਰਦਾ। ਗਿਆਨੀ ਜੀ ਨਾਲ਼ ਤੁਰਦਾ ਫਿਰਦਾ, ਸ਼ਬਦਾਂ ਦੀ ਖੇਡ ਖੇਡਣ ਲਗ ਜਾਂਦਾ। ਜਿਵੇਂ ਛੱਪੜ ਕੋਲੋਂ ਲੰਘਣ ਵੇਲੇ ਮੈਂ ਛੱਪੜ ਨੂੰ “ਛੱਪੜ” ਸ਼ਬਦ ਵਿਚ ਬਦਲ ਲੈਂਦਾ। ਤੇ ਉਹਨੂੰ ਮਨ ਮਰਜ਼ੀ ਦੀਆ ਚੀਜ਼ਾਂ ਨਾਲ਼ ਜੋੜਨ ਲਗ ਜਾਂਦਾ:- ਧੱਫੜ, ਰੱਕੜ, ਫੁੱਫੜ। ਛੱਪੜ ਵਿਚ ਫੁੱਫੜ ਵੇਖ ਕੇ ਹਾਸਾ ਆ ਜਾਂਦਾ। ਕੁਝ ਦੇਰ ਪਿੱਛੋਂ ਮੈ ਵਖਰੇ ਵਖਰੇ ਸ਼ਬਦਾਂ ਨੂੰ ਇਕ ਦੂਜੇ ਨਾਲ਼ ਜੋੜਨ ਲੱਗ ਪਿਆ। ਜੁੜ ਕੇ ਉਨ੍ਹਾਂ ਦੇ ਅਰਥ ਬਣ ਜਾਂਦੇ। ਤੇ ਕਦੇ ਕਦੇ ਕਵਿਤਾ ਵਰਗੇ ਲਗਦੇ। ਜਿਵੇ:-

ਸੁੱਕਾ ਛੱਪੜ
ਪਿੰਡੇ ਧੱਫੜ
ਮੀਂਹ ਨਹੀਂ ਪੈਂਦਾ
ਛੱਪੜ ਰੱਕੜ

ਛੋਟੇ ਹੁੰਦੇ ਇਸ ਖੇਡ ਵਰਗੀ ਅਸੀਂ ਇਕ ਹੋਰ ਖੇਡ ਖੇਡਦੇ ਹੁੰਦੇ ਸੀ। ਉਹਦੇ ਵਿਚ ਗੱਲ ਵਿਚੋਂ ਗੱਲ ਨਿਕਲਦੀ ਸੀ। ਪਹਿਲੀ ਚੋਂ ਦੂਜੀ, ਦੂਜੀ ਚੋਂ ਤੀਜੀ

ਤੇ ਅੱਗੇ ਚੱਲ ਸੋ ਚੱਲ।
ਦੋ ਕੋਠੜੀਆ ਦੋ ਬਾਰ
ਵਿੱਚੋਂ ਨਿਕਲਿਆ ਠਾਣੇਦਾਰ
ਠਾਣੇਦਾਰ ਨੇ ਭੰਨੀ ਭੇਲੀ
ਵਿੱਚੋਂ ਨਿਕਲਿਆ ਰੂੜਾ ਤੇਲੀ
ਰੂੜੇ ਤੇਲੀ ਨੇ ਰਿੱਧੀ ਖੀਰ
ਵਿੱਚੋਂ ਨਿਕਲੇ ਪੰਜ ਫ਼ਕੀਰ
ਪੰਜਾਂ ਫ਼ਕੀਰਾਂ ਨੇ ਮਾਰਿਆ ਸੋਟਾ
ਵਿੱਚੋਂ ਨਿਕਲਿਆ ਬੂਰਾ ਝੋਟਾ

… … …
ਮੈਨੂੰ ਅਪਣੀ ਕਵਿਤਾ ਏਸੇ ਖੇਡ ਵਿਚੋਂ ਨਿਕਲੀ ਲਗਦੀ ਹੈ। ਬੂਰੇ ਝੋਟੇ ਵਾਲੀ ਪੰਕਤੀ ਤੋਂ ਅਗਲੀ ਇਹ ਵੀ ਹੋ ਸਕਦੀ ਹੈ:

ਬੂਰੇ ਝੋਟੇ ਨੇ ਮਾਰਿਆ ਬੜ੍ਹਕਾ
ਵਿਚੋਂ ਨਿਕਲੀ ਲੰਙੀ ਕਵਿਤਾ।

ਸਵਾਲ: ਤੇਰੀ ਕਵਿਤਾ ਸਚਮੁਚ ਲੰਙੀ ਹੈ ਕਿ ਤੂੰ ਤੋਲ ਰੱਖਣ ਵਾਸਤੇ ਇਹਦੀ ਲੱਤ ਤੋੜ ਦਿੱਤੀ ਹੈ?
ਨਵਤੇਜ: ਦੋਵੇਂ ਗੱਲਾਂ ਸਹੀ ਹਨ। ਵਾਹ ਲਗਦੇ ਮੈਂ ਇਹਦੇ ਅੰਗ ਭੰਗ ਨਹੀਂ ਕਰਦਾ। ਏਥੇ ਉਦਾਹਰਣ ਦੇਣ ਵਿਚ ਇਹ ਲਛਮਣੀ ਕਰਮ ਹੋ ਗਿਆ ਹੈ।
ਸਵਾਲ: ਇਸ ਮਿਸਾਲ ਵਿਚ ਮੈਨੂੰ ਤਣਾਅ ਦਿਸਦਾ ਹੈ। ਤੈਨੂੰ ਰੋਸਾ ਹੈ ਕਿ ਤੈਨੂੰ ਸੰਸਾਰ ਵਿਚ ਲਿਬੜਨ ਦਾ ਅਵਸਰ ਨਹੀਂ ਦਿੱਤਾ ਗਿਆ। ਪਰ ਓਸੇ ਅਵਸਰ ਕਰਕੇ ਤੇਰੀ ਭਾਸ਼ਾ-ਰਗ ਜਾਗਦੀ ਹੈ। ਤੂੰ ਸ਼ਬਦਾਂ ਵਿਚ ਲਿਬੜਦਾ ਹੈ। ਕਵੀ ਬਣਦਾ ਹੈਂ। ਕੀ ਇਹ ਅਭਿਸ਼ਾਪ ਵਰਦਾਨ ਨਹੀਂ ਹੈ? ਕੀ ਸੰਸਾਰ ਤੇ ਸ਼ਬਦ ਵਿਚ ਸਦਾ ਤਣਾਅ ਨਹੀਂ ਰਹਿੰਦਾ?
ਨਵਤੇਜ: ਬਾਣੀ ਉਚਰਦੀ ਹੈ ਸੰਸਾਰ ਬੰਨ੍ਹਦਾ ਹੈ, ਸ਼ਬਦ ਛੁਡਾਉਂਦਾ ਹੈ। ਹੋਮਰ ਕਹਿੰਦਾ ਹੈ ਮੈਂ ਕਵਿਤਾ ਲਿਖਦਾ ਹਾਂ ਤਾਂ ਸੰਸਾਰ ਤੋਂ 20 ਫੁੱਟ ਉੱਚਾ ਹੋ ਜਾਂਦਾ ਹਾਂ।
ਮੈਨੂੰ ਅਪਣੇ ਕਵੀ ਹੋਣ ’ਤੇ ਮਾਣ ਹੈ। ਜੇ ਕਵੀ ਨਾ ਹੁੰਦਾ ਸ਼ਾਇਦ ਤਾਂ ਵੀ ਅਪਣੇ ’ਤੇ ਮਾਣ ਹੋਣਾ ਸੀ। ਮੇਰੇ ਕਵੀ ਹੋਣ ਨਾਲ਼ ਸੰਸਾਰ ਦਾ ਕੁਝ ਵਧਿਆ ਨਹੀਂ, ਨਾ ਹੋਣ ਨਾਲ਼ ਕੁਝ ਘਟਣਾ ਨਹੀਂ ਸੀ। ਮੇਰੇ ਕਵੀ ਹੋਣ ਨਾਲ਼ ਜਾਰਜ ਬੁਸ਼ ਇਰਾਕ ਦਾ ਸੱਤਿਆਨਾਸ ਕਰਨ ਤੋਂ ਰੁਕਿਆ ਨਹੀਂ। ਮੇਰੇ ਕਵੀ ਹੋਣ ਨਾਲ਼ ਸ਼ਾਇਦ ਨੁਕਸਾਨ ਹੀ ਹੋਇਆ ਹੋਵੇ। ਸੁਰਜੀਤ ਹਾਂਸ ਨੇ ਲਕੀਰ ਪਰਚੇ ਵਿਚ ਲਿਖਿਆ ਕਿ ਲੀਲਾ ਨੇ ਏਨੇ ਬਿਰਖਾਂ ਦਾ ਘਾਣ ਕੀਤਾ ਹੈ ਇਹਦੇ ਕਵੀਆਂ ’ਤੇ ਮੁਕੱਦਮਾ ਚੱਲਣਾ ਚਾਹੀਦਾ ਹੈ! ਕਵੀ ਦਾ ਅਭਿਸ਼ਾਪ ਜਾਂ ਵਰਦਾਨ ਉਹਦੇ ਵੇਲੇ ਵਿਚ ਹੁੰਦਾ ਹੈ। ਸੰਸਾਰ ਤੇ ਸ਼ਬਦ ਵਿਚਲਾ ਤਣਾਅ ਵੀ ਵੇਲੇ ਕਰਕੇ ਹੁੰਦਾ ਹੈ। ਸੰਸਾਰ ਵਿਚ ਬੱਝਣ ਤੋਂ ਪਹਿਲਾ ਮੁਕਤ ਨਹੀਂ ਹੋਇਆ ਜਾ ਸਕਦਾ। ਨਾਲ਼ੇ ਕਵਿਤਾ ਸੰਸਾਰ ਤਂੋਂ ਮੁਕਤ ਨਹੀਂ ਕਰਦੀ ਉਹਦੀ ਲੀਲਾ ਵਿਚ ਨੱਚਣ ਲਾਉਂਦੀ ਹੈ।
ਮੈਂ ਚੀਜ਼ਾਂ ਨੂੰ ਸ਼ਬਦਾਂ ਵਿਚ ਦੀ ਵੇਖਣਾ ਸਿੱਖ ਲਿਆ ਸੀ। ਚੀਜ਼ਾਂ ਸ਼ਬਦ ਬਣਦੀਆਂ ਹਨ, ਤਾਂ ਉਹ ਅਪਣੀ ਪਦਾਰਥਕਤਾ ਦੀ ਜਕੜ ਵਿੱਚੋਂ ਨਿਕਲ ਜਾਂਦੀਆਂ ਹਨ। ਛੱਪੜ ਛੱਪੜ ਨਹੀਂ ਰਹਿੰਦਾ ਸਹੰਸਾਂ ਰੂਪ ਧਾਰ ਲੈਂਦਾ ਹੈ। ਉਹਦੇ ਸਾਰੇ ਰੂਪ ਵੇਖੇ ਨਹੀਂ ਜਾ ਸਕਦੇ। ਉਹ ਹੈ ਹੀ ਤਾਂ ਕਿਉਂਕਿ ਉਹਦਾ ਅੰਤ ਨਹੀਂ ਪਾਇਆ ਗਿਆ। ਅੰਤ ਤੇ ਉਹਦਾ ਅੰਤ ਹੋ ਜਾਣਾ ਹੈ। ਚੀਜ਼ਾਂ ਨੂੰ ਸ਼ਬਦਾਂ ਵਿਚ ਵੇਖਣਾ ਜ਼ਰੂਰੀ ਹੈ। ਪਰ ਉਨ੍ਹਾਂ ਸ਼ਬਦਾਂ ਨੂੰ ਫੇਰ ਚੀਜ਼ਾਂ ਦਾ ਸਰੀਰ ਦੇਣਾ ਉਹਤੋਂ ਵੀ ਜ਼ਰੂਰੀ ਹੈ। ਪਰ ਤੁਸੀਂ ਸਰੀਰ ਵਿਚ ਦੁਬਾਰਾ ਤਾਂ ਹੀ ਪਰਵੇਸ਼ ਕਰ ਸਕਦੇ ਹੋ ਜੇ ਪਹਿਲਾਂ ਉਸ ਵਿੱਚੋਂ ਨਿਕਲੇ ਹੋਵੋ। ਬ੍ਰਹਮਚਾਰੀ ਸ਼ੰਕਰਾਚਾਰੀਆ ਨੂੰ ਇੱਕ ਗੋਸ਼ਟੀ ਵਿਚ ਹਰਾਉਣ ਲਈ ਇਸਤਰੀ ਪੁਰਖ ਦੇ ਯੌਨ ਸੰਬੰਧ ਬਾਰੇ ਪੁਛਿਆ ਗਿਆ। ਬ੍ਰਹਮਚਾਰੀ ਹੋਣ ਕਰਕੇ ਉਹਨੂੰ ਇਸ ਸੰਬੰਧ ਦਾ ਅਨੁਭਵ ਨਹੀਂ ਸੀ। ਇਹਨੂੰ ਪ੍ਰਾਪਤ ਕਰਨ ਲਈ ਉਹਨੂੰ ਚਾਲੀ ਦਿਨ ਅਮਰੁਕ ਰਾਜੇ ਦੇ ਵਿਲਾਸੀ ਸਰੀਰ ਵਿਚ ਪਰਵੇਸ਼ ਕਰਨਾ ਪਿਆ ਸੀ। ਜੇ ਮੇਰੀ ਕਵਿਤਾ ਲੰਙ ਮਾਰਦੀ ਹੈ ਤਾਂ ਮੈਂ ਪਹਿਲਾਂ ਹੀ ਅਪਣੇ ਸਰੀਰ ਨੂੰ ਪੂਰੀ ਤਰ੍ਹਾਂ ਭੋਗਿਆ ਨਹੀਂ ਹੋਣਾ।
ਸਵਾਲ: ਗੁਰਬਖਸ਼ ਸਿੰਘ ਦੀ ਆਸ਼ੀਰਵਾਦ ਪਿੱਛੋਂ ਤੇਰੀ ਸ਼ਬਦ ਖੇਡ ਬੰਦ ਹੋ ਗਈ ਹੋਵੇਗੀ? ਸੰਸਾਰ ਅਮਨ ਤੇ ਸਮਾਜਵਾਦ ਤਾਂ ‘ਬਾਹਲ਼ੇ ਹੀ ਗੰਭੀਰ’ ਮਸਲੇ ਸਨ।
ਨਵਤੇਜ: ਖੇਡ ਬੰਦ ਨਹੀਂ ਹੋਈ, ਇਹਦੇ ਸ਼ਬਦ ਬਦਲ ਗਏ। ਬੰਟੇ ਤੇ ਕੌਡੀਆਂ ਨਵੀਆਂ ਮਿਲ ਗਈਆਂ। ਮੈਂ ਪ੍ਰੀਤਲੜੀ ਨੂੰ ਤਿੰਨ ਕਵਿਤਾਵਾਂ ਭੇਜੀਆਂ ਸਨ। ਸੰਪਾਦਕ ਨਵਤੇਜ ਸਿੰਘ ਨੇ ਦੋ ਸਵੀਕਾਰ ਕਰ ਲਈਆਂ, ਇਕ ਰੱਦ ਕਰ ਦਿੱਤੀ। ਪਹਿਲੀ ਛਪੀ ਕਵਿਤਾ ਦੀਆਂ ਦੋ ਪੰਕਤੀਆਂ ਯਾਦ ਹਨ:

ਆ ਵੇ ਮੇਰੇ ਹਾਣੀਆਂ ਤੱਕ ਪ੍ਰੀਤਾਂ ਦਾ ਕੀ ਹਾਲ ਵੇ
ਛਾਂ ਤੋਪ ਦੀ ਜੋਬਨ ਨੱਚਦਾ ਸੰਗੀਨਾਂ ਕੱਢਣ ਤਾਲ ਵੇ

ਓਦੋਂ ਤਕ ਮੈਂ ਨਾ ਤੋਪ ਵੇਖੀ ਸੀ, ਨਾ ਸੰਗੀਨ। ਨਹੀਂ ਤਾਂ ਇਹ ਨ੍ਰਿਤ ਦਾ ਸਾਥ ਦੇਣ ਵਾਲੇ ਸਾਜ਼ ਨਾ ਦਿਸਦੇ। ਇਨ੍ਹਾਂ ਬੰਟਿਆਂ ਨਾਲ਼ ਕੇਵਲ ਮੈਂ ਹੀ ਨਹੀਂ ਉਸ ਵੇਲੇ ਦੇ ਸਾਰੇ ਹੀ ਕਵੀ ਖੇਡਦੇ ਸਨ। ਕਈ ਮੈਨੂੰ ਪ੍ਰੇਰਣਾ ਵੀ ਦਿੰਦੇ ਸਨ:

ਕਿਕਰਾ ਵੇ ਕੰਡਿਆਲਿਆ ਚੜ੍ਹਿਆ ਅਜ ਵਿਸਾਖ
ਸਾਮਰਾਜ ਦੇ ਮੂੰਹ ਤੇ ਉਡ ਉਡ ਪੈਂਦੀ ਰਾਖ
ਕਿਕਰਾ ਵੇ ਕੰਡਿਆਲਿਆ ਉਤੋਂ ਚੜ੍ਹਿਆ ਪੋਹ
ਹੱਕ ਜਿਨ੍ਹਾਂ ਦੇ ਅਪਣੇ ਆਪ ਲੈਣ ਗੇ ਖੋਹ

ਅੰਮ੍ਰਿਤਾ ਪ੍ਰੀਤਮ

ਰੱਦ ਹੋਈ ਕਵਿਤਾ ਦੀਆਂ ਵੀ ਦੋ ਪੰਕਤੀਆਂ ਯਾਦ ਹਨ:

ਅਜ ਨੈਣ ਮੇਰੇ ਨਸ਼ਿਆਏ
ਹੋਠਾਂ ਦੇ ਸੁੰਞੇ ਰਾਹਾਂ ਤੇ
ਮੁਸਕਾਨਾਂ ਪੈਰ ਛੁਹਾਏ।

ਨਵਤੇਜ ਸਿੰਘ ਨੇਂ ਇਸ ਕਵਿਤਾ ਨੂੰ ਰੱਦ ਕਰਨ ਦਾ ਕਾਰਣ ਦੱਸਿਆ ਸੀ ਕਿ ਅਜੇ ਨਸ਼ਿਆਏ ਨੈਣਾਂ ਵਾਲਾ ਯੁੱਗ ਨਹੀਂ ਆਇਆ। ਨਵਤੇਜ ਸਿੰਘ ਦੀ ਟਿੱਪਣੀ ਤੋਂ ਮੈਨੂੰ ਹੋਰ ਜੁਗਤ ਔੜ੍ਹ ਗਈ। ਉਸਦੀ ਸੁਝਾਈ ‘ਯੁਗ-ਚੇਤਨਾ’ ਨੂੰ ਮੈਂ ਕਵਿਤਾ ਦੀ ਅੰਤਲੀ ਪੰਕਤੀ ਵਿਚ ਅੜੁੰਗਣ ਲੱਗ ਪਿਆ।
ਸਵਾਲ: ਉਨ੍ਹਾਂ ਕਵਿਤਾਵਾਂ ਦੀ ਕੋਈ ਵੰਨਗੀ?
ਨਵਤੇਜ: ਪੂਰੀ ਕਵਿਤਾ ਕੋਈ ਯਾਦ ਨਹੀਂ। ਵਿੱਚੋਂ-ਵਿੱਚੋਂ ਪੰਕਤੀਆਂ ਵੇਖੀਆਂ ਜਾ ਸਕਦੀਆਂ ਹਨ:

1
ਕਿਵੇਂ ਕਰਾਂ ਮੈਂ ਪਿਆਰ ਗੋਰੀਏ ਕਿਵੇਂ ਕਰਾਂ ਮੈਂ ਪਿਆਰ।
ਮਜ਼ਬੂਰੀ ਦੀ ਚਾਦਰ ਲੈ ਕੇ ਸੌਂ ਗਏ ਨੇ ਅਰਮਾਨ
ਚਾਵਾਂ ਨੇ ਫੜ੍ਹ ਲਈ ਡੰਗੋਰੀ ਹੌਕੇ ਹੋਏ ਜਵਾਨ
……………………
ਇਹ ਮਜ਼ਬਰੂੀ ਇਹ ਲਾਚਾਰੀ ਇਹ ਭੁਖਾਂ ਦੀ ਗਾਰ
ਠਹਿਰ ਜ਼ਰਾ ਇਹ ਬਦਲ ਲੈਣਦੇ ਨਰਕਾਂ ਦਾ ਸੰਸਾਰ
ਤੋੜ ਲੈਣ ਦੇ ਕੁਲ ਜੰਜੀਰਾਂ ਸਬਰ ਮੇਰਾ ਬੇਜ਼ਾਰ
ਫੇਰ ਕਰਾਂਗੇ ਪਿਆਰ ਗੋਰੀਏ ਫੇਰ ਕਰਾਂਗੇ ਪਿਆਰ।
(ਇਸਤੇ ਫ਼ੈਜ਼ ਦੀ “ਮੁਝ ਸੇ ਪਹਿਲੀ ਸੀ ਮੁਹੱਬਤ ਮੇਰੀ ਮਹਿਬੂਬ ਨਾ ਮਾਂਗ” ਦਾ ਪ੍ਰਭਾਵ ਸਪਸ਼ਟ ਹੈ)
2
ਰਾਤ ਦੀ ਨਾਗਣ ਖੇਲ੍ਹਦੀ
ਚੰਨ ਮਣੀ ਦੇ ਨਾਲ਼
ਡੁੱਬਣ ਸੋਚ-ਝਨਾਂ ਵਿਚ
ਮੇਰੇ ਕੱਚੇ ਘੜੇ ਖ਼ਿਆਲ
ਲਰਜ਼ੇ ਟਾਹਣੀ ਰਾਤ ਦੀ,
ਖਿੜਨਾ ਲਾਲ ਗੁਲਾਬ
ਤੂੰ ਆਵੇਂਗਾ ਰਾਂਝਣਾ
ਝੂਮਣ ਮੇਰੇ ਖ਼ਾਬ
3
ਇੰਜ ਤੇਰੇ ਨੈਣੀਂ ਅੱਥਰੂ
ਜਿਉਂ ਟੀਂਡੇ ਖਿੜੀ ਕਪਾਹ
ਮੇਰੇ ਇਸ਼ਕ ਨੂੰ ਕਾਂਬਾ ਛੇੜਦੇ
ਤੇਰੇ ਗਿੱਲੇ ਗਿੱਲੇ ਸਾਹ
… …
ਤੇਰੇ ਮੂੰਹ ਜਿਹੀ ਚੜ੍ਹੂੂ ਸਵੇਰ ਨੀ
ਅਜ ਜੀਵੇ ਪਈ ਉਡੀਕ
4
ਨੂਰਾਂ ਚੁਣੀਂ ਕਪਾਹ ਅੰਬਰੀਂ
ਨੱਚਣ ਕਿਰਨਾਂ ਸੋਹਲ
ਤੂੰ ਵੀ ਫੁੱਲਾਂ ਜਿਹੇ ਨੈਣਾਂ ਚੋਂ
ਖਾਰਾ ਪਾਣੀ ਡੋਲ੍ਹ

ਇਕ ਕਵਿਤਾ ਮੈਂ ਸਾਵਣ ਦੇ ਮਹੀਨੇ ਬਾਰੇ ਲਿਖੀ ਸੀ। ਉਸ ਵਿਚ ਉਸ ਮਾਹ ਦੇ ਵੰਨ-ਸੁਵੰਨੇ ਚਿਤਰ ਸਨ। ਪਰ ਨਵਤੇਜ ਨੂੰ ਉਹ ਕਵਿਤਾ ਅੰਤਲੇ ਬੰਦ ਕਰਕੇ ਚੰਗੀ ਲੱਗੀ ਸੀ, ਉਹ ਵੀ ਅੰਤਲੀ ਪੰਕਤੀ ਕਰਕੇ:

ਪੀਂਘਾਂ ਪਈਆਂ ਗੀਤ ਥਰਕਦੇ
ਜੋਬਨ ਮਚਲੇ ਤੀਆਂ ਆਈਆਂ
ਤੀਆਂ ਵਰਗੇ ਦਿਨ ਧਰਤੀ ’ਤੇ
ਅਜੇ ਨਾ ਆਏ।

ਕਵੀਸ਼ਰੀ ਦੀ ਤੋੜੇ ਦੀ ਤੁਕ ਵਾਙੂੰ ਮੇਰਾ ਪ੍ਰਗਤੀਵਾਦ ਇਸ ਤੋੜੇ ਦੀ ਪੰਕਿਤੀ ਤਕ ਹੀ ਸੀਮਿਤ ਹੁੰਦਾ ਸੀ। ਇਕ ਫ਼ਰਕ ਨਾਲ਼। ਕਵੀਸ਼ਰੀ ਦਾ ਤੋੜਾ ਕਵੀਸ਼ਰੀ ਦੇ ਪ੍ਰਸੰਗ ਨੂੰ ਬੰਨ੍ਹਦਾ ਹੈ, ਜਿਵੇਂ ਰਾਗ ਵਿਚ ‘ਪਕੜ’ ਰਾਗ ਦੇ ਸੁਭਾਅ ਨੂੰ ਸਾਂਭੀ ਰਖਦੀ ਹੈ। ਮੇਰਾ ਤੋੜਾ ਪਹਿਲੇ ਉਸਰੇ ਨੂੰ ਢਾਹੁੰਦਾ ਸੀ। ਮੋਹਨ ਸਿੰਘ ਦੀ ਤਾਜ ਮਹਿਲ ਕਵਿਤਾ ਵਿਚ ਇਹੀ ਕੁਝ ਵਾਪਰਦਾ ਹੈ ਤੇ ਸਾਹਿਰ ਦੀ ਤਾਜਮਹਿਲ ਨਜ਼ਮ ਵਿਚ ਵੀ। ਭਾਵੇਂ ਸਾਹਿਰ ਢਾਹੁਣ ਦੀ ਥਾਂ, ‘ਕਹੀਂ ਔਰ’ ਚਲਾ ਜਾਂਦਾ ਹੈ।

ਕੀ ਢਾਹਿਆ

ਸਵਾਲ: ਤੂੰ ਕੀ ਢਾਹਿਆ?
ਨਵਤੇਜ: ਸ਼ਾਇਦ ਕੁਝ ਵੀ ਨਹੀਂ। ਬਸ ‘ਕਹੀਂ ਔਰ’ ਚਲਾ ਗਿਆ। ਰੋਡੇ ਚੋਂ ਨਿਕਲ ਕੇ ‘ਸੰਸਾਰ’ ਵਿਚ। ਪ੍ਰੀਤਲੜੀ ਉਹਦੀ ਐਟਲਸ ਸੀ। ਮੈਨੂੰ ਹਲ ਵਾਹੁੰਦਾ, ਕਬੂਤਰ ਉਡਾਉਂਦਾ, ਲੋਕਾਂ ਦੇ ਘਰੀਂ ਨਲਕੇ ਲਾਉਂਦਾ ਫ਼ਕੀਰੀਆ ਦਿਸਣੋਂ ਹਟ ਗਿਆ। ਤੇ ਆਰੇ ’ਤੇ ਕੰਮ ਕਰਦੇ ਵੱਡੇ ਭਰਾ, ਗੱਡੇ ਬਣਾਉਂਦਾ ਮੁੜ੍ਹਕੋ-ਮੁੜ੍ਹਕੀ ਬਾਪ ਤੇ ਦਿਨ ਰਾਤ ਕਪੜੇ ਸਿਉਂਦਾ ਗੁਰਮੁਖ ਅੱਖਾਂ ਤੋਂ ਓਝਲ ਹੋ ਗਏ। ਜਿਹੜੀਆਂ ਦਾਤੀਆਂ ਨਾਲ਼ ਸਕੂਲੋਂ ਆ ਕੇ ਅਸੀਂ ਕਣਕ ਵਢਾਉਂਦੇ, ਤੇ ਜਿਹੜੇ ਹਥੌੜੇ ਨਾਲ਼ ਈਸਰ ਫਾਲ਼ੇ ਕੁੱਟਦਾ ਉਨ੍ਹਾਂ ਨਾਲ਼ੋਂ ਲਾਲ ਝੰਡੇ ਤੇ ਵਾਹੇ ਦਾਤੀ ਹਥੌੜਾ ਵਧੇਰੇ ਅਸਲੀ ਲਗਦੇ। ਮੈਨੂੰ ਤਾਂ ਅਪਣੇ ਨੰਗੇ ਪੈਰ ਵੀ ਨਹੀਂ ਦਿਸਦੇ ਸੀ ਜਿਨ੍ਹਾਂ ਤੇ ਅੱਕ ਦੇ ਪਤੇ ਬੰਨ੍ਹ ਕੇ ਜੇਠ ਹਾੜ ਦੇ ਬਲਦੇ ਰੇਤੇ ਵਿਚਦੀ ਸਕੂਲੋਂ ਆਉਂਦੇ ਜਾਂਦੇ ਸੀ। ਮੈਂ ਜਿੱਥੇ ਸੀ ਓਥੇ ਨਹੀਂ ਸੀ। ਉਹ ਨਹੀ ਵੇਖਦਾ ਸੀ ਜੋ ਅੱਖਾਂ ਦੇ ਸਾਹਮਣੇ ਸੀ।
ਸਵਾਲ: ਸੰਭਵ ਹੈ ਜੇ ਤੂੰ ‘ਕਹੀਂ ਔਰ’ ਨਾ ਜਾਂਦਾ ਫੇਰ ਵੀ ਏਵੇਂ ਹੀ ਵੇਖਦਾ। ਜੋ ਵੇਖਣ ਜਾਣਦਾ ਹੈ ਉਹਨੂੰ ਕੋਈ ਸਿਧਾਂਤ ਕਿਵੇਂ ਅੰਨ੍ਹਾ ਕਰ ਸਕਦਾ ਹੈ?
ਨਵਤੇਜ: ਸੰਭਵ ਹੈ ਮੈਂ ਓਵੇਂ ਹੀ ਵੇਖਦਾ। ਪਰ ਏਥੇ ਸੰਭਾਵਨਾ ਦੀ ਗੱਲ ਨਹੀਂ ਹੋ ਰਹੀ; ਜੋ ਹੋਇਆ ਹੈ, ਉਹਦੀ ਹੋ ਰਹੀ ਹੈ। ਵੇਖਣਾ ਸਹਿਜ ਕਿਰਿਆ ਨਹੀਂ ਹੈ। ਜਿਵੇਂ ਕੈਮਰਾ ਵੇਖਦਾ ਹੈ ਅਸੀਂ ਨਹੀਂ ਵੇਖਦੇ। ਕੁਝ ਵੇਖਦੇ ਹਾਂ ਕੁਝ ਛੱਡ ਦਿੰਦੇ ਹਾਂ। ਲੋੜ ਪੈਣ ਤੇ ਨਿੱਕੀ ਨੂੰ ਵੱਡੀ ਕਰ ਲੈਂਦੇ ਹਾਂ ਵੱਡੀ ਨੂੰ ਨਿੱਕੀ। ਕਈ ਵਾਰ ਰੱਸੀ ਸੱਪ ਵੀ ਬਣ ਜਾਂਦੀ ਹੈ।
ਅਸੀਂ ਵੇਖਣਾ ਸਿੱਖਦੇ ਹਾਂ। ਬਹੁਤੀ ਵਾਰ ਓਹੀ ਵੇਖਦੇ ਹਾਂ ਜੋ ਸਿੱਖੇ ਹੁੰਦੇ ਹਾਂ। ਪ੍ਰਗਤੀਵਾਦ ਮਹਾਂ ਦ੍ਰਿਸ਼ਟੀ ਹੈ। ਲੰਮੀ ਨਦਰ। ਇਹ ਦਸਦੀ ਹੈ ਕਿ ਵਿਅਕਤੀ ਦਾ ਭਲਾ ਸਰਬੱਤ ਦੇ ਭਲੇ ਵਿਚ ਹੈ। ਇਹ ਸੱਤ ਅਜੇ ਪੂਰਾ ਉਜਾਗਰ ਨਹੀਂ ਹੋਇਆ। ਸ਼ਾਇਦ ਓਦੋਂ ਹੋਵੇ ਜਦੋਂ ਅਸੀਂ ਸਰਵਨਾਸ਼ ਦੇ ਕਿਨਾਰੇ ’ਤੇ ਪਹੁੰਚ ਗਏ।
ਪਰ ਇਹ ਮਹਾਂ ਦ੍ਰਿਸ਼ਟੀ ਸਾਨੂੰ ਸਾਹਿਤ ਜਾਂ ਕਲਾ ਦੇ ਸੋਮੇ ਤੋਂ ਨਹੀਂ ਆਰਥਕਿਤਾ ਤੇ ਰਾਜਨੀਤੀ ਤੋਂ ਮਿਲ਼ੀ ਸੀ। ਇਹ ਰਾਜਨੀਤਿਕ ਏਜੰਡਾ ਸੀ, ਜੀਹਨੂੰ ਅਸੀਂ ਕਾਵਿ ਅਨੁਭਵ ਨਹੀਂ ਬਣਾ ਸਕੇ। ਜਾਂ ਇਹ ਨਾਅਰਾ ਬਣ ਜਾਂਦਾ ਹੈ ਜਾਂ ਰੋਮਾਂਟਿਕ ਸੁਪਨਾ। ਸਾਡੀ ਪ੍ਰਗਤੀਵਾਦੀ ਕਵਿਤਾ ਇਸ ਦੁਬਿਧਾ ਦੀ ਕਵਿਤਾ ਹੈ।
ਪਹਿਲੇ ਜਾਂ ਕਲਾਸੀਕਲ ਪ੍ਰਗਤੀਵਾਦ ਦੀ ਹੋਰ ਸਮੱਸਿਆ ਵੀ ਸੀ; ਇਹ ਸਾਡੇ ਦਾਰਸ਼ਨਿਕ ਖ਼ਮੀਰ ਨਾਲ਼ ਨਹੀਂ ਰਲਦਾ ਸੀ। ਸਾਡੀ ਸੰਸਕ੍ਰਿਤੀ ਅਪਣੇ ਤੇ ਪਰਾਏ ਵਿਚ ਪੱਕੀ ਲੀਕ ਨਹੀਂ ਖਿੱਚਦੀ। ਸਾਮੀ ਦਰਸ਼ਨ ਖਿੱਚਦਾ ਹੈ। ਸਾਡਾ ਪ੍ਰਗਤੀਵਾਦ ਸਾਮੀ ਸੋਮੇਂ ਤੋਂ ਆਇਆ ਸੀ। ਜਮਾਤੀ ਦੁਸ਼ਮਣਾਂ ਦਾ ਸਫ਼ਾਇਆ ਕਰਨ ਦੀ ਗੱਲ ਨਾਅਰਾ ਬਣ ਜਾਂਦੀ ਸੀ।
ਸਵਾਲ: ਪ੍ਰਗਤੀਵਾਦ ਦੀ ਲੰਮੀ ਨਦਰ ਕਾਰਣ ਤੂੰ ਨੇੜ ਦਾ ਕੀ ਨਹੀਂ ਵੇਖ ਸਕਿਆ?
ਨਵਤੇਜ: ਸੰਤਾਲੀ ਦੀ ਵੰਡ ਅੱਖੋਂ ਪਰੋਖੇ ਕੀਤੀ।
ਸਵਾਲ: ਕੀ ਤੇਰਾ ਧਿਆਨ ਕਾਣੀ ਵੰਡ ’ਤੇ ਟਿਕਿਆ ਹੋਇਆ ਸੀ?
ਨਵਤੇਜ: ਨਹੀਂ। ਮੈਨੂੰ ਓਦੋਂ ਕਾਣੀ ਵੰਡ ਦਾ ਤਾਂ ਨਹੀਂ, ਪਰ ਉੱਤਰੀ ਦੱਖਣੀ ਕੋਰੀਆ ਦੀ ਵੰਡ ਦਾ ਪਤਾ ਸੀ। ਮੈਨੂੰ ਤੇਰਾ ਸਿੰਘ ਚੰਨ ਦਾ ਉਪੇਰਾ ਯਾਦ ਹੈ ਜਿਸ ਵਿਚ ਬੰਬ ਨਾਲ਼ ਮਰੇ ਬੱਚੇ ਦੇ ਬਸਤੇ ਵਿਚੋਂ ਕਾਪੀ ਕੱਢ ਕੇ ਬਾਲੋ ਮਾਹੀਆ ਦੀ ਧੁਨ ਤੇ ਗਾਇਆ ਜਾਂਦਾ ਸੀ:

ਇਹਦੀ ਕਾਪੀ ’ਤੇ ਕੀ ਲਿਖਿਆ
ਕੋਰੀਆ ਦੇ ਲੋਕਾਂ ਨੇ ਅਜੇ
ਰੋਣਾ ਨਹੀਂ ਸਿਖਿਆ

ਓਦੋਂ ਇਹ ਪੰਕਤੀਆਂ ਸਾਡੀ ਜੀਭ ’ਤੇ ਚੜ੍ਹੀਆਂ ਹੋਈਆਂ ਸਨ। ਸਾਨੂੰ ਉਹ ਬੱਚਾ ਅਪਣੇ ਵਰਗਾ ਲਗਦਾ ਹੋਵੇਗਾ। ਪਰ ਇਹ ਚੇਤਨਾ ਨਹੀਂ ਸੀ ਕਿ ਉਹਦੀ ਮਿਰਤੂ ਏਜੰਡੇ ਲਈ ਵਰਤੀ ਗਈ ਸੀ।
ਤੇ ਮੇਰੀ ਆਪਣੀ ਕਵਿਤਾ ਦੀਆਂ ਸਤਰਾਂ:

ਦੂਰ ਦੁਰਾਡੇ ਦੇਸ ਸੁਣੀਦਾ ਨਾਮ ਕੋਰੀਆ ਪਿਆਰਾ
ਧਰਤੀ ਜਿਥੋਂ ਦੀ ਸੋਨਾ ਉਗਲੇ ਚਮਕੇ ਵਾਂਗ ਸਿਤਾਰਾ
ਲਹਿ ਲਹਾਂਦੀਆਂ ਫਸਲਾਂ ਜਿਸਦੀਆਂ ਦਿਤੀਆਂ ਜ਼ਾਲਮਾਂ ਸਾੜ
ਕਿ ਤੀਜੀ ਜੰਗ ਨਹੀਂ ਲੱਗਣੀ, ਅਸੀਂ ਕਹਿੰਦੇ ਹਾਂ ਅੱਜ ਲਲਕਾਰ
ਕਿ ਤੀਜੀ ਜੰਗ ਨਹੀਂ ਲੱਗਣੀ

ਵੰਡ ਦੀਆਂ ਯਾਦਾਂ

ਸਵਾਲ: ਸੰਤਾਲੀ ਦੀ ਵੰਡ ਦੀਆਂ ਕਿੰਨੀਆਂ ਕੁ ਯਾਦਾਂ ਯਾਦ ਹਨ?
ਨਵਤੇਜ: ਬਹੁਤੀਆਂ ਨਹੀ। ਮੈਂ ਓਦੋਂ ਛੋਟਾ ਸੀ, ਦਸ-ਗਿਆਰਾਂ ਸਾਲ ਦਾ। ਬਹੁਤ ਕੁਝ ਭੁੱਲ ਭੁਲਾ ਗਿਆ ਹੈ। ਟੁੱਭੀ ਮਾਰ ਕੇ ਕੱਢਣਾ ਪਵੇਗਾ। ਪਹਿਲੀ ਯਾਦ ਮੁਸਲਮਾਨਾਂ ਨੂੰ ਅੰਮ੍ਰਿਤ ਛਕਾਉਣ ਦੀ ਹੈ। ਉਹ ਤਿੱਖੀ ਗਰਮੀ ਦਾ ਦਿਨ ਸੀ। ਸੰਤ ਅਰਜਨ ਸਿੰਘ ਦੇ ਗੁਰਦੁਆਰੇ ਦਾ ਦੀਵਾਨ ਹਾਲ ਭਰਿਆ ਹੋਇਆ ਸੀ। ਕਿਰਪਾਨ, ਕੜੇ ਤੇ ਕੰਘਿਆਂ ਦੇ ਕਕਾਰ ਥੁੜ ਗਏ ਸਨ। ਕਿਰਪਾਨ ਦੀ ਥਾਂ ਉਹੋ ਜਿਹੀ ਸ਼ਕਲ ਦੀਆਂ ਲੋਹੇ ਦੀਆਂ ਪੱਤੀਆਂ ਵੰਡੀਆਂ ਗਈਆਂ। ਮੈ ਸੰਤਾਂ ਨੂੰ ਕਿਹਾ ਸੀ, “ਜੀ ਏਨ੍ਹਾਂ ਦੇ ਪੰਜ ਕਕਾਰ ਤਾਂ ਪੂਰੇ ਨਹੀਂ, ਸਿਰਾਂ ਤੇ ਵਾਲ ਵੀ ਨਹੀਂ”। ਉਨ੍ਹਾਂ ਕਿਹਾ ਸੀ, “ਗੁਰੂ ਦੇ ਸਿੰਘ ਸਜ ਗਏ, ਗੁਰੂ ਆਪੇ ਦੇ ਦੇਊਗਾ।” ਮੈ ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਵਿਚ ਸੀ ਤੇ ਜਾਪ ਸਾਹਿਬ ਦੀ ਬਾਣੀ ਪੜ੍ਹਦਾ ਹੁੰਦਾ ਸੀ।
ਉਨ੍ਹਾਂ ਨੂੰ ਗੁਰੂ ਦੇ ਸਿੰਘ ਸਜਾਉਣ ਦਾ ਮੈਨੂੰ ਵੀ ਚਾਅ ਸੀ। ਪਰ ਬੱਚਿਆਂ ਤੇ ਮਾਵਾਂ ਦੇ ਸਹਿਮੇ ਚਿਹਰੇ ਵੇਖ ਕੇ ਚਾਅ ਮੱਠਾ ਪੈ ਜਾਂਦਾ ਸੀ। ਛੋਟੇ ਬੱਚੇ ਮਾਵਾਂ ਨਾਲ਼ ਚੰਬੜ ਕੇ ਤੁਰਦੇ ਵੱਡੇ ਨੀਵੀਂ ਪਾ ਕੇ। ਅੰਮ੍ਰਿਤ ਦੀ ਰਸਮ ਪਿੱਛੋਂ ਜੈਕਾਰਾ ਸੁਣ ਕੇ ਛੋਟੇ ਬੱਚਿਆਂ ਦੀਆਂ ਚੀਕਾਂ ਨਿਕਲ ਜਾਂਦੀਆਂ। ਦਹਿਲੀਆਂ ਹੋਈਆਂ ਮਾਵਾਂ ਉਨ੍ਹਾਂ ਦੇ ਮੂੰਹਾਂ ’ਤੇ ਹੱਥ ਧਰਦੀਆਂ। ਮੈ ਹੁਣ ਵੀ ਜਦੋਂ ਜੈਕਾਰਾ ਸੁਣਦਾ ਹਾਂ, ਉਹ ਦ੍ਰਿਸ਼ ਮੇਰੀਆਂ ਅੱਖਾਂ ਵਿਚ ਖੁੱਭ ਜਾਂਦਾ ਹੈ। ਪਿੱਛੇ ਜਿਹੇ ਕਿਸੇ ਕਵਿਤਾ ਦੀ ਪੰਕਤੀ ਵਿਚ ਜੈਕਾਰੇ ਦਾ ਸ਼ਬਦ ਲਿਖਿਆ ਹੀ ਸੀ ਕਿ ਅਪਣੇ ਆਪ ਅੱਗੇ ਲਿਖਿਆ ਗਿਆ:

“ਹਰ ਜੈਕਾਰੇ ਅੰਦਰ ਚੀਕ ਰਲ਼ੀ ਹੁੰਦੀ ਹੈ”

ਪਿਛੋਂ ਜਦੋਂ ਪਾਕਿਸਤਾਨ ਦੀ ਮਿਲਟਰੀ ਮੁਸਲਮਾਨਾਂ ਨੂੰ ਲੈਣ ਆਈ ਤਾਂ ਟਰੱਕ ’ਤੇ ਖੜ੍ਹਾ ਬਾਜਾ ਯਾਦ ਆਉਂਦਾ ਹੈ। ਉਹਨੇ ਸਾਡੇ ਸਾਰਿਆਂ ਵਲ ਵੇਖਿਆ ਤੇ ਬਾਂਹ ਚੋਂ ਕੜਾ ਲਾਹਕੇ ਵਗਾਹ ਮਾਰਿਆ ਤੇ ਕਿਹਾ, ਆਹ ਚੱਕੋ ਓਇ ਸਿਖੜਿਓ ਆਵਦਾ ਕੜਾ। ਕੜਾ ਰੌੜਾਂ ਤੇ ਰੁੜ੍ਹਦਾ-ਰੁੜ੍ਹਦਾ ਥੁਹੜੀ ਦੂਰ ਜਾ ਕੇ ਡਿਗ ਪਿਆ। ਰੁੜ੍ਹਦੇ ਕੜੇ ਵਲ ਵੇਖ ਕੇ ਉਹਨੇ ਸਾਡੇ ਵਲ ਇਉਂ ਵੇਖਿਆ ਕਿ ਦੱਸਣਾ ਨਹੀਂ ਆਉਂਦਾ। ਮੈਨੂੰ ਕਈ ਵਾਰ ਉਹ ਕੜਾ ਮੇਰੇ ਵਲ ਰੁੜ੍ਹਦਾ ਆਉਂਦਾ ਦਿਸਦਾ ਹੈ।
ਸਵਾਲ: ਹੁਣ ਇਹ ਫ਼ਰਕ ਕਰਨਾ ਔਖਾ ਹੋ ਗਿਆ ਹੈ ਕਿ ਇਹ ਚੀਕ ਮੇਰੀ ਹੈ ਜਾਂ ਉਨ੍ਹਾਂ ਬੱਚਿਆਂ ਦੀ?
ਓਦੋਂ ਹੋਰ ਕੀ ਵੇਖਿਆ?
ਨਵਤੇਜ: ਮੁਸਲਮਾਨਾਂ ਦੇ ਘਰੋਂ ਲੁੱਟ ਕੇ ਲਿਆਂਦੇ ਭਾਂਡੇ। ਇਹ ਅੰਨ ਨਾਲ਼ ਲਿਬੜੇ ਹੋਏ ਸਨ। ਇਹ ਮੈਨੂੰ ਅਜੇ ਵੀ ਦਿਸ ਪੈਂਦੇ ਹਨ। ਇਹ ਦ੍ਰਿਸ਼ ਮੈਨੂੰ ਸਭ ਤੋਂ ਵੱਧ ਕੰਬਾਉਂਦਾ ਹੈ। ਕਦੇ ਕਦੇ ਹੁਣ ਵੀ ਸੁਪਨੇ ਵਿਚ ਉਹ ਭਾਂਡੇ ਦਿਸ ਪੈਂਦੇ ਹਨ; ਅੰਨ ਨਾਲ਼ ਲਿਬੜੇ, ਖ਼ਾਲੀ। ਕਿਸੇ ਦੇ ਹੱਥ ਵਿਚ ਨਹੀਂ ਫੜੇ ਹੁੰਦੇ ਨਾ ਕੋਈ ਚਿਹਰਾ ਦੀਹਦਾ ਹੈ। ਮੈ ਵੇਖ ਕੇ ਡਰ ਜਾਂਦਾ ਹਾਂ।
ਇਕ ਹੋਰ ਦ੍ਰਿਸ਼ ਹੈ ਜੋ ਸਾਧਾਰਣ ਲਗਦਾ ਹੈ, ਪਰ ਮੈਨੂੰ ਭੁੱਲਦਾ ਨਹੀਂ। ਮੈਂ ਕਿਸੇ ਦੇ ਘਰ ਸਾਧਾਰਣ ਪਾਠ ਕਰ ਰਿਹਾ ਸੀ। ਆਥਣ ਦਾ ਵੇਲਾ ਸੀ। ਘਰ ਦੀ ਸੁਆਣੀ ਬਾਹਰੋਂ ਨੱਸੀ ਆਈ ਤੇ ਦਰਵਾਜ਼ੇ ਦਾ ਬੂਹਾ ਫੜਾਕ ਦੇਣੇ ਬੰਦ ਕਰ ਦਿੱਤਾ। ਕਹਿੰਦੀ: ਓਡ ਆ ਗਏ, ਓਡ। ਲੋਕਾਂ ਦੇ ਦਿਲਾਂ ਵਿਚ ਇਕ ਦੂਜੇ ਪ੍ਰਤੀ ਅੰਤਾਂ ਦਾ ਡਰ ਸੀ।
ਕੋਠਿਆਂ ’ਤੇ ਪੈਣ ਦੇ ਦਿਨ ਸਨ। ਛੱਤਾਂ ੳੁੱਤੇ ਲੋਕ ਇੱਟਾਂ ਰੋੜੇ ਰੱਖਦੇ ਸਨ। ਗੁਆਂਢੀ ਫ਼ਕੀਰੀਏ (ਪਾਖਰ ਸਿੰਘ ਬਰਾੜ) ਨੂੰ ਰੌੜਾਂ ਵਿਚ ਐਵੇਂ ਚਾਨਣ ਦਿਸ ਪੈਂਦਾ, ਉਹ ਅੱਭੜਵਾਹੇ ਉਠ ਕੇ ਰੋੜੇ ਚੱਕ ਲੈਂਦਾ ਤੇ ਰੌਲਾ ਪਾ ਦਿੰਦਾ, ‘ਆ ਗਏ ਓਏ, ਆ ਗਏ ਓਏ’।
ਸਵਾਲ: ਤੇਰੀਆਂ ਕਵਿਤਾਵਾਂ ਵਿਚ ਇਹ ਗੱਲਾਂ ਕਿਉਂ ਨਹੀਂਂ ਆਈਆਂ? ਤੇਰੇ ਲੇਖਾ ਵਿਚ ਵੀ ਨਹੀਂ।
ਨਵਤੇਜ: ਤੱਤੇ ਘਾਅ ਇਨ੍ਹਾਂ ਵੱਲ ਧਿਆਨ ਨਹੀਂ ਗਿਆ। ਓਦੋਂ ਇਹ ਗੱਲਾਂ ਸੰਸਾਰ ਅਮਨ ਅਤੇ ਸਮਾਜਵਾਦ ਸਾਹਵੇਂ ਨਿਗੂਣੀਆਂ ਲੱਗਦੀਆਂ ਸਨ। ਸੁਰਤ ਆਈ ਹੈ ਤਾਂ ਹਰ ਗੱਲ ਕਹਿਣ ਦਾ ਸਮਾਂ ਨਹੀਂ ਰਿਹਾ। ਲਗਦੈ ਹੁਣ ਓਹੀ ਗੱਲਾਂ ਲਿਖੀਆਂ ਜਾਣਗੀਆਂ ਜਿਹੜੀਆਂ ਮੇਰੇ ਹੱਥੋਂ ਕਲਮ ਫੜ ਲੈਣਗੀਆਂ ਤੇ ਆਪਣੇ ਅੱਖਰ ਆਪ ਪਾਉਣਗੀਆਂ
ਸਵਾਲ: ਤੇਰਾ ਅਪਣੀ ਰਚਨਾ ਨਾਲ ਕੀ ਰਿਸ਼ਤਾ ਹੈ?
ਨਵਤੇਜ: ਇਹ ਰਿਸ਼ਤਾ ਅਜੇ ਸਪੱਸ਼ਟ ਨਹੀਂ ਅਤੇ ਨਾ ਹੀ ਬਣ ਸਕਿਆ ਹੈ। ਏਨਾ ਪਤਾ ਲੱਗ ਗਿਆ ਹੈ ਕਿ ਮੇਰੀ ਰਚਨਾ ਨਿਰੀ ਮੇਰੀ ਨਹੀਂ। ਇਹਦੀ ਗ਼ਜ਼ਲ ਵਿਚ ਮਤਲੇ (ਇਸ ਵਿਚ ਲੇਖਕ ਦਾ ਨਾਂ ਜਾਂ ਤਖ਼ੁਲੱਸ ਹੁੰਦਾ ਹੈ) ਦੀ ਲੋੜ ਨਹੀਂ। ਪੁਰਾਣੇ ਕਵੀ ਅਪਣੀ ਕਵਿਤਾ ਨੂੰ ਕਾਵਿ ਦੇਵੀ ਸਰਸਵਤੀ ਦਾ ਵਰ ਮੰਨਦੇ ਸਨ। ਵਰ ਮਿਲਦਾ ਹੈ, ਆਪ ਨਹੀ ਸਿਰਜਿਆ ਜਾ ਸਕਦਾ। ਯੂਰਪ ਦੀ ਪੁਰਾਣੀ ਕਵਿਤਾ ਵੀ ਸਰਸਵਤੀ ਨੂੰ ਧਿਆਉਣ ਨਾਲ ਆਰੰਭ ਹੁੰਦੀ ਸੀ, ਜਿਸਨੂੰ ਮਿਊੂਜ਼ (ਮੁਸੲ) ਕਿਹਾ ਜਾਂਦਾ ਸੀ। ਹੋਮਰ, ਮਿਲਟਨ, ਦਾਂਤੇ ਸਭ ਕਵੀ ਉਹਦਾ ਨਾਂ ਲੈ ਕੇ ਸਿਰਜਣਾ ਦਾ ਯੱਗ ਆਰੰਭਦੇ ਹਨ।
ਮੈਨੂੰ ਇਹ ਵਰ ਅਪਣੇ ਕੁਝ ਕਵੀ ਮਿੱਤਰਾਂ ਤੋਂ ਵੀ ਮਿਲਦਾ ਹੈ। ਉਹ ਇਸ ਵਰ ਨੂੰ ਕਵਿਤਾ ਦੇ ਰੂਪ ਤੇ ਸ਼ਿਲਪ ਵਿਚ ਵਰੋਸਾਉਣ ਵਿਚ ਵੀ ਹਿੱਸਾ ਪਾਉਂਦੇ ਹਨ। ਉਨ੍ਹਾਂ ਦਾ ਵੀ ਮੇਰੀ ਕਵਿਤਾ ’ਤੇ ਹੱਕ ਹੈ। ਇਸ ਕਰਕੇ ਵੀ ਮੈਨੂੰ ਸਪੱਸ਼ਟ ਨਹੀਂ ਮੇਰਾ ਅਪਣੀ ਕਵਿਤਾ ਨਾਲ ਕੀ ਰਿਸ਼ਤਾ ਹੈ।
ਸਵਾਲ: ਫੇਰ ਵੀ ਤੇਰੀ ਕਵਿਤਾ ਤੇਰੇ ਨਾਂ ਹੀ ਲਗਦੀ ਹੈ?
ਨਵਤੇਜ: ਸਹੀ ਹੈ। ਮੇਰਾ ਲਕਸ਼ ਹੈ ਮੈਂ ਅਪਣੀ ਕਵਿਤਾ ਨਾਲ ਉਹੀ ਰਿਸ਼ਤਾ ਜੋੜ ਸਕਾਂ, ਜਿਹੜਾ ਬ੍ਰਹਮਾ ਦਾ ਸ੍ਰਿਸ਼ਟੀ ਨਾਲ ਹੈ।
ਸਵਾਲ: ਉਹ ਕੀ ਹੈ?
ਨਵਤੇਜ: ਰਿਸ਼ਤਾ-ਮੁਕਤ ਹੋਣਾ। ਸ੍ਰਿਸ਼ਟੀ ਸਾਜਣ ਪਿੱਛੋਂ ਬ੍ਰਹਮਾ ਦਾ ਸ੍ਰਿਸ਼ਟੀ ਨਾਲ ਕੋਈ ਰਿਸ਼ਤਾ ਨਹੀਂ ਰਹਿ ਜਾਂਦਾ। ਏਸੇ ਕਰਕੇ ਉਹਦੀ ਪੂਜਾ ਨਹੀਂ ਹੁੰਦੀ। ਸਗੋਂ ਕਈ ਵਾਰ ਉਹਨੂੰ ਦੇਵਤਿਆਂ ਦਾ ਕ੍ਰੋਧ ਵੀ ਝੱਲਣਾ ਪੈਂਦਾ ਹੈ; ਕਿਉਂਕਿ ਉਹ ਦੈਂਤ, ਦਾਨਵ, ਤੇ ਰਾਖਸ਼ਾਂ ਦਾ ਵੀ ਜਨਕ ਹੈ। ਸਾਰੇ ਭਾਰਤ ਵਿਚ ਉਹਦੇ ਕੇਵਲ ਤਿੰਨ ਮੰਦਿਰ ਹਨ।
ਬ੍ਰਹਮਾ ਨੂੰ ਅਪਣੀ ਰਚਨਾ ਵਿਚ ਰਚਿਤ ਹੋਣ ਦੀ ਵੀ ਆਗਿਆ ਨਹੀਂ। ਉਹਦਾ ਧਰਮ ਕੇਵਲ ਸਿਰਜਣਾ ਹੈ, ਸਿਰਜਣਾ ਨੂੰ ਭੋਗਣਾ ਨਹੀਂ। ਉਹਦੀ ਸ੍ਰਿਸ਼ਟੀ ਉਹਤੋਂ ਸੁਤੰਤਰ ਹੈ। ਕਥਾ ਆਉਂਦੀ ਹੈ ਕਿ ਜਦੋਂ ਉਹਨੇ ਸ਼ਤਰੂਪਾ, ਸੌ ਰੂਪਾਂ ਵਾਲੀ, ਦੇਵੀ ਪੈਦਾ ਕੀਤੀ, ਉਹ ਉਹਦੇ ਰੂਪ ’ਤੇ ਮੋਹਿਤ ਹੋ ਗਿਆ। ਉਹ ਉਹਦੀਆਂ ਨਜ਼ਰਾਂ ਤੋਂ ਬਚਣ ਲਈ ਚਹੁੰ ਦਿਸ਼ਾਵਾਂ ਵਿਚ ਲੁਕੀ, ਉਹਦੇ ਚਾਰ ਮੂੂੰਹ ਹੋ ਗਏ। ਜਦੋਂ ਉਹਦਾ ਉਪਰ ਵੱਲ ਵੇਖਣ ਵਾਲਾ ਪੰਜਵਾਂ ਸਿਰ ਉਗ ਆਇਆ, ਸ਼ਿਵ ਨੇ ਸੁਦਰਸ਼ਨ ਚੱਕਰ ਨਾਲ ਵੱਢ ਦਿੱਤਾ।
ਮੈ ਵੀ ਚਾਹੁੰਦਾ ਹਾਂ ਬ੍ਰਹਮ ਵਾਙੂੰ ਅਪਣੀ ਸਿਰਜਣਾ ਦੀ ਸਮਾਪਤੀ ’ਤੇ ਉਹਤੋਂ ਮੁਕਤ ਹੋ ਜਾਵਾਂ। ਇਹ ਪਰਵਾਹ ਨਾ ਰਹੇ ਕਿ ਪਾਠਕ ਮੇਰੀ ਪੁਸਤਕ ਨੂੰ ਵਿਸ਼ਣੂ ਵਾਙੂੰ ਪਾਲਦੇ ਹਨ ਜਾਂ ਸ਼ਿਵ ਵਾਙੂੰ ਸੰਘਾਰਦੇ ਹਨ। ਮੇਰਾ ਧਰਮ ਸਿਰਜਣਾ ਤਕ ਹੀ ਰਹੇ। ਜਦੋਂ ਵੀ ਉਹਨੂੰ ਭੋਗਣ ਦੀ ਇੱਛਾ ਜਾਗੇ ਮੇਰਾ ਸਿਰ ਵੱਢਿਆ ਜਾਵੇ।
ਸਵਾਲ: ਭੋਗਣ ਦੀ ਇੱਛਾ ਤੋਂ ਕੀ ਭਾਵ ਹੈ?
ਨਵਤੇਜ: ਇਨਾਮਾਂ-ਸਨਮਾਨਾਂ ਦੀ ਝਾਕ। ਉਸਤਤ, ਸ਼ੋਭਾ ਦਾ ਲੋਭ।

ਕਵਿਤਾ ਕਿਉਂ ਲਿਖਦਾਂ

ਸਵਾਲ: ਤੂੰ ਕਵਿਤਾ ਕਿਉਂ ਲਿਖਦਾ ਹੈਂ? ਕੀ ਬ੍ਰਹਮਾ ਵਾਙੂੰ ਇਹ ਤੇਰਾ ਧਰਮ ਹੈ?
ਨਵਤੇਜ: ਕਵਿਤਾ ਮੇਰਾ ਧਰਮ ਹੈ, ਕਿਉਂਕਿ ਇਹ ਮੈਨੂੰ ਹੋਣ ਦਿੰਦੀ ਹੈ। ਇਹ ਮੇਰੀ ਥਾਂ ਹੈ ਤੇ ਇਹ ਮੇਰਾ ਵੇਲ਼ਾ ਹੈ। ਬਚਪਨ ਵਿਚ ਇਹ ਮੇਰੀ ਖੇਡ ਸੀ। ਇਹਦੇ ਨਾਲ ਖੇਡਦਾ ਖੇਡਦਾ ਮੈ ਗੋਰੇ ਛੱਪੜ ਵਿਚ ਵੜ ਜਾਂਦਾ ਸੀ। ਆਕਾਸ਼ ’ਤੇ ਚੜ੍ਹ ਜਾਂਦਾ ਤੇ ਡੋਰ ਕਿਸੇ ਦੇ ਹੱਥ ਵਿਚ ਨਹੀਂ ਹੁੰਦੀ ਸੀ। ਮੈਂ ਕਵਿਤਾ ਦਾ ਕਵੀ ਨਹੀਂ ਮੀਤੀ ਹੁੰਦਾ ਸੀ, ਬਰਾਬਰ ਦਾ।
ਮੈਂ ਕਵਿਤਾ ਲਿਖਦਾ ਸੀ, ਕਿਉਂਕਿ ਪਿੰਡ ਦੇ ਹੱਟੀ ਵਾਲੇ ਤੁਲਸੀ ਰਾਮ ਵਾਙੂੰ ਮੈਨੂੰ ਸ਼ਬਦ ਟੁਣਕਾਉਣੇ ਚੰਗੇ ਲਗਦੇ ਸੀ। ਨਿਤਨੇਮ ਦੀਆਂ ਬਾਣੀਆਂ ਵਿਚੋਂ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਜਾਪੁ ਸਾਹਿਬ ਤੇ ਸਵੱਈਏ ਪਹਿਲਾਂ ਯਾਦ ਹੋਏ। ਉਨ੍ਹਾਂ ਦੇ ਸ਼ਬਦ ਇਉਂ ਛਣਕਦੇ ਜਿਵੇਂ ਰਸੋਈ ਵਿਚ ਕੌਲੀਆਂ ਤੇ ਗਲਾਸ। ਗਿਆਨੀ ਜੀ ਉਨ੍ਹਾਂ ਦੇ ਪ੍ਰਮਾਣਾਂ ਸਹਿਤ ਅਰਥ ਕਰਦੇ, ਤਾਂ ਉਹ ਛਣਕਣੋਂ ਹਟ ਜਾਂਦੇ। ਭਰੇ ਭਾਂਡੇ ਕਿੱਥੇ ਬੋਲਦੇ ਹਨ।
ਮੈਂ ਕਵਿਤਾ ਲਿਖਦਾ ਸੀ, ਸੰਸਾਰ ਅਮਨ ਅਤੇ ਸਮਾਜਵਾਦ ਲਿਆਉਣ ਲਈ। ਕਵਿਤਾ ਲਿਖਦਾ ਸੀ, ਅਪਣਾ ਨਾਂ ਛਪਿਆ ਵੇਖਣ ਲਈ, ਅਣੋਖਾ ਦਿਸਣ ਲਈ, ਵੱਡਾ ਲੱਗਣ ਲਈ।
ਕੁਰਾਨ ਵਿਚ ਅੱਲ੍ਹਾ ਦੇ ਨੜਿੰਨਵੇਂ ਨਾਂ ਹਨ, ਨੜਿੰਨਵੇਂ ਬਹਾਨੇ ਉਹਨੂੰ ਯਾਦ ਕਰਨ ਦੇ। ਕਵਿਤਾ ਲਿਖਣ ਦੇ ਇਸ ਤੋਂ ਵਧ ਬਹਾਨੇ ਹਨ। ਕਵਿਤਾ ਚੀਜ਼ਾਂ ਦੇ ਨਵੇਂ ਨਾਂ ਧਰਨ ਦੀ ਕਿਰਿਆ ਹੈ। ਅੱਲ੍ਹਾ ਦੇ ਨੜਿੰਨਵੇ ਤੇ ਵਿਸ਼ਣੂ ਦੇ ਹਜ਼ਾਰ ਨਾਂ ਵੀ ਕਵਿਤਾ ਨੇ ਹੀ ਧਰੇ ਹਨ। ਜਦੋਂ ਲੋਕਾਂ ਨੂੰ ਚੀਜ਼ਾਂ ਦੀ ਥਾਂ ਉਨ੍ਹਾਂ ਦੇ ਨਾਂ (ਲੇਬਲ) ਵੇਖਣ ਦੀ ਆਦਤ ਪੈ ਜਾਂਦੀ ਹੈ, ਕਵਿਤਾ ਉਨ੍ਹਾਂ ਦੇ ਨਾਂ ਬਦਲ ਦਿੰਦੀ ਹੈ।
ਮੈਨੂੰ ਕਵਿਤਾ ਲਿਖਣ ਦੇ ਅਨੇਕ ਬਹਾਨੇ ਮਿਲੇ ਤੇ ਮੈਂ ਅਨੇਕ ਵਰਤੇ: ਮੰਗਣੇ ਵਿਆਹਾਂ ਦੇ ਵਧਾਈ ਪੱਤਰ ਲਿਖਣ ਵੇਲੇ, ਨਵੇਂ ਘਰਾਂ ਵਿਚ ਪ੍ਰਵੇਸ਼, ਤੇ ਬੱਚਿਆਂ ਦੇ ਜਨਮ ਵੇਲੇ, ਮਾਂ ਤੇ ਚਾਚਾ ਜੀ ਦੀ ਅੰਤਿਮ ਵਿਦਾ ਵੇਲੇ। ਮੈਨੂੰ ਜਿੱਥੇ ਵੀ ਬੋਲਣਾ ਪਿਆ, ਕਵਿਤਾ ਨੇ ਅਪਣੇ ਸ਼ਬਦ ਦਿੱਤੇ। ਪਰ ਮੈ ਕਵਿਤਾ ਦੇ ਸ਼ਬਦਾਂ ਵਿਚ ਕਹੀ ਕਿਸੇ ਗੱਲ ਨੂੰ ਕਵਿਤਾ ਨਾ ਮੰਨਿਆ। ਜੇ ਕਦੇ ਮੰਨਿਆ, ਤਾਂ ਉਸਨੂੰ ਡੰਗ-ਟਪਾਊ ਚੀਜ਼ ਸਮਝਿਆ। ਇਹ ਨਾ ਫੁਰਿਆ ਕਿ ਜੇ ਉਹ ਕਵਿਤਾ ਡੰਗ ਟਪਾਊ ਸੀ, ਤਾਂ ਸੰਭਵ ਸੀ ਕਿ ਮੇਰਾ ਜਿਉਣਾ ਹੀ ਡੰਗ ਟਪਾਉਣ ਵਰਗਾ ਸੀ। ਕਵੀ ਦਾ ਕਵਿਤਾ ਤੋਂ ਬੇਮੁੱਖ ਹੋਣਾ ਜਿਉਣ ਤੋਂ ਬੇਮੁਖ ਹੋਣਾ ਹੈ। ਉਹ ਕਵਿਤਾ ਵਿਚ ਹੀ ਜਿਉਂਦਾ ਹੈ।
ਸਵਾਲ: ਤੂੰ ਕਵਿਤਾ ਇਸ ਕਰਕੇ ਲਿਖਦਾ ਹੈਂ ਕਿ ਜਿਉਣਾ ਡੰਗ-ਟਪਾਊ ਨਾ ਰਹੇ?
ਨਵਤੇਜ: ਇਉਂ ਵੀ ਕਿਹਾ ਜਾ ਸਕਦਾ ਹੈ। ਪਰ ਇਉਂ ਕਹਿਣ ਨਾਲ ਕਵਿਤਾ ਲਕਸ਼ ਨਾਲ ਬੱਝ ਜਾਂਦੀ ਹੈ। ਮੈਂ ਕਵਿਤਾ ਨੂੰ ਜਿਉਣ ਦਾ ਉਤਸਵ ਕਹਿਣਾ ਪਸੰਦ ਕਰਦਾ ਹਾਂ। ਜਿਉਣ ਦਾ ਉਤਸਵ ਕਰਨਾ ਕਵਿਤਾ ਦਾ ਧਰਮ ਹੈ ਲਕਸ਼ ਨਹੀਂ।
ਸਵਾਲ: ਧਰਮ ਤੇ ਲਕਸ਼ ਵਿਚ ਕੀ ਅੰਤਰ ਹੈ?
ਨਵਤੇਜ: ਧਰਮ ਸਾਡੇ ਅੰਦਰ ਹੈ, ਲਕਸ਼ ਬਾਹਰ। ਧਰਮ ਸਾਡਾ ਸੁਭਾਅ ਹੈ, ਲਕਸ਼, ਔਚਿਤਯ (justification)। ਲਕਸ਼ ਕੇਵਲ ਮਨੁੱਖ ਦੀ ਹੀ ਸਹੇੜ ਹੈ। ਇਹ ਪ੍ਰਕ੍ਰਿਤੀ ਦਾ ਅੰਗ ਨਹੀਂ। ਫੁੱਲ ਮਹਿਕ ਦੇਣ ਲਈ ਨਹੀਂ ਖਿੜਦਾ, ਬਸ ਖਿੜਦਾ ਹੈ। ਉਹਨੂੰ ਖਿੜਨ ਦੀ ਸਫ਼ਾਈ ਨਹੀਂ ਦੇਣੀ ਪੈਂਦੀ। ਸੋ ਜੇ ਜਿਉਣ ਦਾ ਉਤਸਵ ਕਵਿਤਾ ਦਾ ਧਰਮ ਹੈ, ਤਾਂ ਇਹ ਉਤਸਵ ਉਸ ਤੋਂ ਹੁੰਦਾ ਹੈ। ਕੋਈ ਸਫ਼ਾਈ ਦੇਣ ਲਈ ਨਹੀਂ ਕੀਤਾ ਜਾਂਦਾ। ਇਹ ਉਹਦਾ ਲਕਸ਼ ਨਹੀਂ।
ਇਸ ਉਤਸਵ ਵਿਚ ਕੋਈ ਚੀਜ਼ ਨਿਗੂਣੀ ਨਹੀਂ। ਕੀੜੀ ਤੇ ਹਾਥੀ, ਕਿਣਕਾ ਤੇ ਤਾਰਾ ਇਕ ਸਮਾਨ ਹਨ। ਗੁਰੂ ਨਾਨਕ ਦੇਵ ਜੀ ਦੇ ਭੈਣ ਨਾਨਕੀ ਦੇ ਚੁੱਲ੍ਹੇ ਮੂਹਰੇ ਬਹਿ ਕੇ ਤਵੇ ਉਤੇ ਫੁੱਲੀ ਰੋਟੀ ਖਾਣ ਵਿਚ ਓਨਾ ਹੀ ਉਤਸਵ ਹੈ, ਜਿੰਨਾ ਗਗਨ ਦੇ ਥਾਲ ਵਿਚ ਚੰਨ ਸੂਰਜ ਦੇ ਦੀਵੇ ਜਗਾ ਕੇ ਆਰਤੀ ਕਰਨ ਵਿਚ। ਇਕ ਚਿਤਰ ਵਿਚ ਗੁਰੂ ਨਾਨਕ ਤੇ ਮਰਦਾਨਾ ਬਿਰਖ ਹੇਠ ਕੀਰਤਨ ਕਰ ਰਹੇ ਹਨ ਤੇ ਪਸੂ ਪੰਛੀ ਸੁਣ ਰਹੇ ਹਨ।
ਸਵਾਲ: ਕੀ ਤੇਰੀ ਕਵਿਤਾ ਜਿਉਣ ਦੇ ਉਤਸਵ ਦੀ ਕਵਿਤਾ ਹੈ?
ਨਵਤੇਜ: ਵਿਰਲੀ ਵਿਰਲੀ। ਬਹੁਤੀ ਕਵਿਤਾ ਵਿਚ ਉਤਸਵ ਦੀ ਚੇਤਨਾ ਹੈ, ਪਰ ਉਤਸਵ ਦਾ ਕੀਰਤਨ ਨਹੀਂ। ਪੀੜ ਅਕਸਰ ਪ੍ਰਵਚਨ ਬਣ ਜਾਂਦੀ ਹੈ, ਤੇ ਆਨੰਦ, ਔਚਿਤਯ ਲਭਣ ਵਿਚ ਅਲੋਪ ਹੋ ਜਾਂਦਾ ਹੈ। ਮੈਨੂੰ ਪਿੱਛੇ ਜਿਹੇ ਅਹਿਸਾਸ ਹੋਇਆ ਹੈ ਕਿ ਮੈ ਅਪਣੇ ਆਪ ਨੂੰ, ਮਾਂ ਬੋਲੀ, ਮਾਨਵਤਾ, ਵਾਤਾਵਰਣ ਤੇ ਹੋਰ ਪਤਾ ਨਹੀਂ ਕਿਸ ਕਿਸ ਦੇ ਰਿਣ ਹੇਠ ਦੱਬ ਰੱਖਿਆ ਹੈ। ਇਸ ਰਿਣ ਦਾ ਜ਼ਿਕਰ ਮੈਂ ਲੀਲਾ ਦੀ “ਨੀਂਦਰ ਦੀ ਮਿਹਰਬਾਨੀ” ਕਵਿਤਾ ਵਿਚ ਕੀਤਾ ਹੈ, ਭਾਵੇਂ ਇਹਦਾ ਪ੍ਰਸੰਗ ਵੱਖਰਾ ਹੈ:

ਜੇ ਕਦੇ ਇਕ ਪਲ ਲਈ ਵੀ
ਤੂੰ ਮੈਨੂੰ ਆਪਣਾ ਰਿਣ ਜਤਾ ਦੇਵੇ
ਮੈਂ ਉਸ ਥੱਲੇ
ਦੱਬ ਕੇ ਮਰ ਜਾਵਾਂ
ਏਸੇ ਕਰਕੇ ਤੂੰ
ਮੈਨੂੰ ਸੁਆ ਰੱਖਿਆ ਹੈ
ਇਹ ਨੀਂਦ ਵੀ ਤੇਰੀ ਮਿਹਰਬਾਨੀ ਹੈ
ਜਦੋਂ ਮੈਂ ਅਪਣੀ ਦਾਰਦ ਦਸ਼ਾ
ਵੇਖਣ ਜੋਗਾ ਹੋ ਗਿਆ
ਮੈਨੂੰ ਜਗਾ ਦੇਵੀਂ
ਤੇ ਉਹ ਕੰਮ ਦੇਵੀਂ
ਜੋ ਮੈਂ ਕਰ ਸਕਾਂ:
ਜੁੱਤੀਆਂ ਸਿਉਣ ਦਾ
ਦੀਵੇ ਜਗਾਉਣ ਦਾ
ਪਾਣੀ ਪਿਆਉਣ ਦਾ
ਕਵਿਤਾ ਲਿਖਣ ਦਾ

ਹੁਣ ਮੈ ਇਸ ਅੱਖ ਨਾਲ ਅਪਣੀ ਕਵਿਤਾ ਪੜ੍ਹੀ ਹੈ, ਤਾਂ ਲੱਗਾ ਹੈ ਕਿ ਮੈ ਇਹਨੂੰ ਅਪਣਾ ਰਿਣ ਲਾਹੁਣ ਲਈ ਵਰਤਦਾ ਰਿਹਾ ਹਾਂ, ਉਤਸਵ ਮਨਾਉਣ ਲਈ ਨਹੀਂ। ਜੇ ਮੇਰੀ ਕਵਿਤਾ ਮੈਥੋਂ ਸੁਤੰਤਰ ਹੈ ਜਿਵੇ ਬ੍ਰਹਮਾ ਤੋਂ ਉਹਦੀ ਸ੍ਰਿਸ਼ਟੀ ਤਾਂ ਮੈਨੂੰ ਅਪਣਾ ਰਿਣ ਲਾਹੁਣ ਲਈ ਇਹਨੂੰ ਵਰਤਣ ਦਾ ਕੋਈ ਅਧਿਕਾਰ ਨਹੀਂ।
ਸਵਾਲ: ਕੀ ਤੂੰ ਇਸ ਰਿਣ ਤੋਂ ਮੁਕਤ ਹੋ ਸਕਦਾ ਹੈਂ?
ਨਵਤੇਜ: ਨਹੀਂ। ਪਰ ਮੈਂ ਇਸ ਤੋਂ ਮੁੱਕਰ ਸਕਦਾ ਹਾਂ। ਤੇ ਅਜ ਮੈਂ ਮੁੱਕਰਨ ਦਾ ਐਲਾਨ ਕਰਦਾ ਹਾਂ ਤੇ ‘ਸਗਲੋ ਲੇਖਾ’ ਫਾੜ ਦਿੰਦਾ ਹਾਂ। ਮੈਂ ਕਬੀਰ ਜੀ ਦੇ ਸ਼ਬਦਾਂ ਦੀ ਸ਼ਰਣ ਲੈਂਦਾ ਹਾਂ: “ਮੋਹਿ ਐਸੇ ਬਨਜ ਸਿਉ ਨਹੀਨ ਕਾਜੁ। ਜਿਹ ਘਟੈ ਮੂਲ ਨਿਤ ਬਢੈ ਬਿਆਜ।” ਮੈਂ ਸਮਝਦਾ ਹਾਂ, ਕਵੀ ਕਿਸੇ ਦਾ ਰਿਣੀ ਨਹੀਂ ਹੁੰਦਾ। ਤੇ ਕਵਿਤਾ ਵੀ ਉਹਦਾ ਰਿਣ ਨਹੀਂ ਧਰਮ ਹੈ। ਮੈਂ ਜਿਉਣ ਦੇ ਉਤਸਵ ਦੀ ਕਵਿਤਾ ਓਦੋਂ ਹੀ ਲਿਖ ਸਕਦਾ ਹਾਂ ਜਦੋਂ ਲੈਣ ਦੇਣ ਦੇ ਸੰਸੇ ਤੋਂ ਮੁਕਤ ਹੋਵਾਂ।
ਸਵਾਲ: ਕੀ ਤੇਰੀ ਮਾਨਵਤਾ ਜਾਂ ਸੰਸਕ੍ਰਿਤੀ ਨਾਲ ਕੋਈ ਚਿੰਤਾ ਨਹੀਂ ਰਹੇਗੀ?
ਨਵਤੇਜ: ਸਗੋਂ ਵਧੇਗੀ। ਇਹ ਵਗਾਰ ਨਹੀਂ ਹੋਵੇਗੀ, ਜਿਵੇਂ ਕਰਜ਼ਈ ਦਾ ਹੁੰਦਾ ਹੈ। ਇਹ ਚਿੰਤਾ ਸਹੇੜੀ ਨਹੀਂ ਹੋਵੇਗੀ ਤੇ ਇਹਦੀ ਅਭਿਵਿਅਕਤੀ ਵੀ ਖੋਟੀ ਨਹੀਂ ਹੋਵੇਗੀ।
ਸਵਾਲ: ਕਿਸੇ ਦੇ ਕਹੇ ’ਤੇ ਕਵਿਤਾ ਨਹੀਂ ਲਿਖੇਂਗਾ?
ਨਵਤੇਜ: ਲਿਖਾਂਗਾ, ਪਰ ਜੇ ਕਿਸੇ ਦਾ ਕਿਹਾ ਮੇਰੇ ਆਪਣੇ ਕਹੇ ਵਰਗਾ ਹੋਵੇਗਾ। ਜਦੋਂ ਲੇਖਕ ਮੰਚ ਨੇ ਵੈਨਕੂਵਰ ਵਿਚ ਲੀਲਾ ਬਾਰ ਗੋਸ਼ਟੀ ਆਯੋਜਿਤ ਕੀਤੀ ਸੀ, ਮੇਰੇ ਵੱਡੇ ਭਰਾ ਕਰਨੈਲ ਸਿੰਘ ਤੇ ਪ੍ਰੀਤਮ ਸਿੰਘ ਵੀ ਉਸ ਵਿਚ ਸ਼ਾਮਲ ਹੋਏ। ਛੋਟੇ ਭਰਾ ਦੀ ਸਿਫ਼ਤ ਸੁਣ ਕੇ ਖ਼ੁਸ਼ ਹੋਏ। ਘਰ ਗਏ ਤਾਂ ਬਾਈ ਪ੍ਰੀਤਮ ਨੇ ਕਿਹਾ, “ਕੋਈ ਕਵਿਤਾ ਸਾਡੇ ਬਾਰੇ ਵੀ ਲਿਖ ਦੇਣੀ ਸੀ”। ਹੁਣ ਮੈਂ ਬਾਈ ਪ੍ਰੀਤਮ ਲਈ ਕਵਿਤਾ ਲਿਖਾਂਗਾ। ਚਾਹੀਦਾ ਤਾਂ ਸੀ ਮੈਂ ਉਹਦੇ ਬਿਨਾ ਕਹੇ ਤੋਂ ਲਿਖਦਾ। ਪਰ ਮੈਂ ਕਵਿਤਾ ਨੂੰ ਵਿਸ਼ੇਸ਼ ਵਿਸ਼ਿਆਂ ਤੇ ਘਟਨਾਵਾਂ ਵਾਸਤੇ ਹੀ ਸਾਂਭ ਕੇ ਰੱਖਿਆ ਹੋਇਆ ਸੀ, ‘ਦਿਨ ਦਿਹਾਰ’ ਤੇ ਪਾਉਣ ਲਈ ਸਾਂਭ ਕੇ ਰੱਖੇ ਕੱਪੜਿਆਂ ਵਾਙੂੰ। ਮੈਨੂੰ ਅਹਿਸਾਸ ਨਹੀਂ ਸੀ ਕਿ ਕਵਿਤਾ ਲਿਖੀ ਹੀ ਆਪਣਿਆਂ ਵਾਸਤੇ ਜਾਂਦੀ ਹੈ ਜਾਂ ਇਸ ਲਈ ਕਿ ਹਰ ਬੰਦਾ ਬਾਈ ਪ੍ਰੀਤਮ ਵਾਙੂੰ ਦਿਸਣ ਲਗ ਪਏ। ਕਵੀ ਦਾ ਹਰ ਦਿਵਸ ਕਾਵਿ ਦਿਵਸ ਤੇ ਹਰ ਵਾਰ ਸ਼ਬਦਵਾਰ ਹੁੰਦਾ ਹੈ। ਪੰਜ ਵਰ੍ਹੇ ਪਹਿਲਾਂ ਮੈਨੂੰ ਅਮਰਜੀਤ ਚੰਦਨ ਨੇ ਕਿਹਾ ਸੀ, “ਤੁਸੀਂ ਦੋਵੇਂ ਭਰਾ (ਅਜਮੇਰ ਤੇ ਮੈਂ) ਆਪਣੇ ਬਾਰੇ ਕਿਉਂ ਨਹੀਂ ਲਿਖਦੇ?” ਮੈ ਉਹਨੂੰ ਅਣਗੌਲਿਆ ਕਰ ਦਿੱਤਾ ਸੀ। ਹੁਣ ਮੈਨੂੰ ਲਗਦਾ ਹੈ ਸ਼ਾਇਦ ਉਹ ਬਾਈ ਪ੍ਰੀਤਮ ਵਾਙੂੰ ਹੀ ਕੁਝ ਕਹਿ ਰਿਹਾ ਸੀ।
ਸਵਾਲ: ਅਜ ਕਲ ਕੀ ਲਿਖ ਰਿਹਾ ਹੈਂ?
ਨਵਤੇਜ: ਕਵਿਤਾ ਵਿਚ ਨਾਵਲ, ਪਿਆਰ ਕਵਿਤਾ, ਸਿਰਜਣਾਤਮਕ ਵਾਰਤਕ ਵਿਚ ਪਾਣੀ ਤੇ ਪੁਸਤਕ, ਤੇ ਕਈ ਹੋਰ ਕਿਰਤਾਂ ਜਿਨ੍ਹਾਂ ਦੇ ਅਜੇ ਨਾਂ ਨਹੀਂ ਧਰੇ। ਮੈ ਰਚਨਾ ਵਿਢ ਤਾਂ ਲੈਂਦਾ ਹਾਂ ਉਹਨੂੰ ਸਿਰੇ ਨਹੀਂ ਚਾੜ੍ਹਦਾ। ਅੰਤ ਤੋਂ ਭੈਅ ਆਉਂਦਾ ਹੈ। ਅੱਧ ਵਿਚੋਂ ਬਾਹਰ ਨਿਕਲ ਜਾਂਦਾ ਹਾਂ ਤੇ ਕੋਈ ਹੋਰ ਰਚਨਾ ਅਰੰਭ ਕਰ ਲੈਂਦਾ ਹਾਂ। ਮੈਂ ਆਰੰਭਾਂ ਦਾ ਲੇਖਕ ਹਾਂ। ਸੋਚਦਾ ਹਾਂ ਕਿਸੇ ਹੋਰ ਨਾਲ ਸਿੜ੍ਹੀ ਕਰ ਲਵਾਂ। ਮੈਂ ਅਰੰਭ ਕਰੀ ਜਾਵਾਂ, ਉਹ ਅੰਤ।
ਸਵਾਲ: ਕਵਿਤਾ ਵਿਚ ਨਾਵਲ ਕਿਹੋ ਜਿਹਾ ਹੋਵੇਗਾ?
ਨਵਤੇਜ: ਪਹਿਲਾਂ ਰੂਸੀ ਕਵੀ ਪੁਸ਼ਕਿਨ ਦਾ ਕਾਵਿ ਨਾਵਲ ਯੂਜੈਨੋ ਮੇਰਾ ਮਾਡਲ ਸੀ। ਹੁਣ ਤੋਤਾ ਮੈਨਾ ਦਾ ਕਿੱਸਾ ਹੈ। ਕੱਲ ਨੂੰ ਕੋਈ ਹੋਰ ਰੂਪ ਧਾਰ ਸਕਦਾ ਹੈ। ਇਹਦੀ ਬਣਤਰ ਖੁੱਲ੍ਹੇ ਮੂੰਹ ਵਾਲੇ ਊੜੇ ਵਰਗੀ ਹੈ, ਆਦਿ ਅੰਤ ਤੋਂ ਮੁਕਤ। ਇਹਦਾ ਰੂਪ ਵਿਧਾਨ ਚੰਪੂ ਵਾਲਾ ਹੈ। ਚੰਪੂ ਸੰਸਕ੍ਰਿਤ ਕਵਿਤਾ ਦਾ ਅਲੋਪ ਹੋ ਚੁਕਾ ਰੂਪ (genre) ਹੈ ਜਿਸ ਵਿਚ ਬਿਰਤਾਂਤ ਦੇ ਰਿਦਮ ਨੂੰ ਕਵਿਤਾ ਤੇ ਵਾਰਤਕ ਦੋਵੇਂ ਬੰਨ੍ਹਦੇ ਹਨ। ਮੇਰੀ ਰਚਨਾ ਵਿਚ ਕਥਾ ਕੇਂਦਰ ਵਿਚ ਹੋਵੇਗੀ ਤੇ ਮਨੁੱਖੀ ਪਾਤਰ ਹਾਸ਼ੀਏ ਤੇ। ਦ੍ਰਿਸ਼ ਦ੍ਰਿਸ਼ਟਾ ਨੂੰ ਵੇਖੇਗਾ ਤੇ ਉਹਨੂੰ ਪਰਿਭਾਸ਼ਤ ਕਰੇਗਾ। ਕਰਤਾ (ਸਬਜੈਕਟ) ਤੇ ਕਰਮ (ਆਬਜੈਕਟ) ਦੀ ਭੂਮਿਕਾ ਬਦਲਦੀ ਰਹੇਗੀ।
ਸਵਾਲ: ਤੂੰ ਮਨੁੱਖ ਨੂੰ ਨਕਾਰ (negate) ਨਹੀਂ ਰਿਹਾ?
ਨਵਤੇਜ: ਨਹੀਂ, ਮੈ ਉਹਨੂੰ ਵੱਡੇ ਪ੍ਰਸੰਗ ਵਿਚ ਵੇਖ ਰਿਹਾ ਹਾਂ। ਸ੍ਰਿਸ਼ਟੀ ਦੇ ਆਪ ਥਾਪੇ ਸੁਲਤਾਨ ਦੀ ਥਾਂ ਇਸਦੇ ਅੰਗ ਵਜੋਂ। ਅੰਗ ਬਣ ਕੇ ਉਹ ਸ੍ਰਿਸ਼ਟੀ ਜਿਡਾ ਬਣ ਜਾਦਾ ਹੈ, ਸੁਲਤਾਨ ਬਣ ਕੇ ਸੁਲਤਾਨ ਜਿੱਡਾ ਰਹਿ ਜਾਂਦਾ ਹੈ। ਮਾਨਵਵਾਦ ਪ੍ਰਕਾਸ਼ ਯੁਗ (Age of Enlightenment) ਦੀ ਰਹਿੰਦ ਖੂੰਹਦ ਹੈ। ਇਹ ਕਿਰਤ ਇਸ ਧਾਰਨਾ ਨੂੰ ਨਵੇਂ ਸਿਰੇ ਤੋਂ ਵੇਖਣ ਦਾ ਜਤਨ ਕਰੇਗੀ।

ਭੂਤਵਾੜਾ

ਸਵਾਲ: ਪੰਜਾਬੀ ਲੇਖਕਾਂ ਵਿਚ ਪਟਿਆਲੇ ਦੀ ਗੱਲ ਚਲਦੀ ਹੈ ਤਾਂ ਭੂਤਵਾੜੇ ਤੇ ਲਾਲੀ ਦਾ ਨਾਂ ਅਕਸਰ ਆ ਜਾਂਦਾ ਹੈ। ਭੂਤਵਾੜਾ ਕੀ ਸੀ?
ਨਵਤੇਜ: ਇਕ ਸਾਧਾਰਣ ਘਰ ਸੀ, ਜਿਸ ਵਿਚ ਅਸੀਂ ਕੁਝ ਦੋਸਤ-ਮਿਤਰ ਰਹਿੰਦੇ ਸੀ। ਇਹਦਾ ਨਾਂ ਭੂਤਵਾੜਾ ਪਿਆ ਤਾਂ ਇਹਦੇ ਵਾਸੀ ਭੂਤ ਬਣ ਗਏ। ਹੁਣ ਭੂਤ ਖਿੰਡ ਗਏ ਹਨ। ਭੂਤਵਾੜਾ ਢਹਿ ਗਿਆ ਹੈ। ਭੂਤਾਂ ਦੀਆਂ ਦਾੜੀਆਂ ਬੱਗੀਆਂ ਹੋ ਗਈਆ ਹਨ।
ਭੂਤਵਾੜਾ ਬੁੱਢਾ ਨਹੀਂ ਹੋਇਆ। ਇਤਿਹਾਸ ਵਿਚੋਂ ਨਿਕਲ ਕੇ ਦੰਦ ਕਥਾ ਬਣ ਗਿਆ ਹੈ। ਦੰਦ ਕਥਾ ਅਲੋਪ ਹੋਣ ਤਕ ਜਵਾਨ ਰਹਿੰਦੀ ਹੈ। ਇਹਨੂੰ ਕਰਨ ਵਾਲੇ ਆਪ ਇਹਦੇ ਵਿਚ ਵੜ ਜਾਂਦੇ ਹਨ। ਭੂਤਵਾੜੇ ਵਿਚ ਵੀ ਨਵੇਂ ਪਾਤਰ ਨਵੀਆਂ ਕਥਾਵਾਂ ਨਾਲ਼ ਪਰਵੇਸ਼ ਕਰ ਰਹੇ ਹਨ। ਜਦ ਵੀ ਇਹਦੀ ਗੱਲ ਤੁਰਦੀ ਹੈ ਤਾਂ ਵਾਰਿਸ ਦੀ ਹੀਰ ਵਾਂਙੂੰ ਅਸਲੀ ਤੇ ਵੱਡੀ ਹੋ ਜਾਂਦੀ ਹੈ। ਪੰਜ ਕੁ ਸਾਲ ਪਹਿਲਾਂ ਟੋਰੰਟੋ ਕੋਈ ਮੁੰਡਾ ਮੈਨੂੰ ਦੱਸ ਰਿਹਾ ਸੀ, “ਅੰਕਲ ਜੀ ਇਕ ਵਾਰ ਕਿਸੇ ਦਾ ਪੀਐੱਚ ਡੀ ਦਾ ਥੀਸਿਸ ਪਛੜ ਗਿਆ ਸੀ। ਭੂਤਾਂ ਨੇ ਰਲ ਕੇ ਤਿੰਨ ਦਿਨਾਂ ਵਿਚ ਲਿਖ ਦਿੱਤਾ।” ਭੂਤਵਾੜੇ ਦੀ ਕਥਾ ਦਾ ਪਾਤਰ ‘ਮੈਂ’ ਕਥਾ ਚੋਂ ਬਾਹਰ ਨਿਕਲ਼ ਗਿਆ ਸੀ। ਤੇ ਉਹਨੂੰ ਹੈਰਾਨੀ ਨਾਲ਼ ਸੁਣੀ ਗਿਆ।
ਭੂਤਵਾੜੇ ਦਾ ਸਥਾਪਨਾ-ਦਿਵਸ ਕਿਸੇ ਨੂੰ ਯਾਦ ਨਹੀਂ। 1958 ਵਿਚ ਅਸੀਂ ਪਟਿਆਲੇ ਇਕੱਠੇ ਹੋਣ ਲਗ ਪਏ ਸੀ। ਗੁਰਭਗਤ ਸਿੰਘ, ਕੁਲਵੰਤ ਗਰੇਵਾਲ, ਅਮਰਜੀਤ ਸਾਥੀ, ਤੇ ਪਰੇਮ ਪਾਲੀ ਪਹਿਲਾਂ ਹੀ ਓਥੇ ਸਨ। ਹਰਿੰਦਰ ਮਹਿਬੂਬ, ਗੁਰਬਖ਼ਸ਼ ਸੋਚ ਤੇ ਮੈਂ ਬਾਹਰੋਂ ਜਾ ਕੇ ਰਲ਼ ਗਏ। ਰਾਤ ਅਸੀਂ ਅੱਡੋ-ਅੱਡ ਘਰਾਂ ਵਿਚ ਰਹਿੰਦੇ ਸੀ; ਦਿਨੇਂ ਮਹਿੰਦਰਾ ਕਾਲਜ ਵਿਚ ਇਕੱਠੇ ਵਿਚਰਦੇ। ਹਰਿੰਦਰ ਨੇ ਪੰਜਾਬੀ ਐੱਮ ਏ ਸ਼ੁਰੂ ਕੀਤੀ ਸੀ ਤੇ ਮੈਂ ਤੇਰ੍ਹਵੀਂ ਜਮਾਤ। ਹਰਿੰਦਰ ਪਹਿਲੇ ਦੋ ਸਾਲ ਪ੍ਰੀਖਿਆ ਵਿਚ ਨਾ ਬੈਠਾ, ਪਹਿਲੇ ਸਾਲ ਮਨ ਦੀ ਮੌਜ ਕਰਕੇ ਤੇ ਦੂਜੇ ਸਾਲ ਇਕ ਸੁਪਨੇ ਕਰਕੇ। ਇਹ ਸੁਪਨਾ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਆਇਆ ਸੀ। ਜਾਣੀਂ ਉਹਦੀ ਹਿੱਕ ਉਤੇ ਡਾਇਣ ਚੜ੍ਹ ਗਈ, ਵੱਡੇ ਨਹੁੰ, ਖੁੱਲ੍ਹੇ ਜੁੰਡੇ, ਤਿੱਖੇ ਦੰਦ। ਹਰਿੰਦਰ ਦੇ ਖ਼ੁਸ਼ਕ ਸੰਘ ਚੋਂ ਆਵਾਜ਼ ਨਿਕਲੀ, “ਕੌਣ ਐਂ ਤੂੰ”? “ਥਰਡ ਡਵੀਜ਼ਨ” ਉਹ ਬੋਲੀ। ਤੇ ਸੁਪਨਾ ਟੁੱਟ ਗਿਆ। ਉਸ ਤੋਂ ਅਗਲੇ ਸਾਲ ਯੂਨੀਵਰਸਿਟੀ ਵਿਚੋਂ ‘ਫ਼ਸਟ’ ਆ ਕੇ ਹਰਿੰਦਰ ਨੇ ਉਸ ਡਾਇਣ ਤੋਂ ਖਹਿੜਾ ਛੁਡਾਇਆ।
ਪਰ ਹਰਿੰਦਰ ਨੂੰ ਦੋ ਸਾਲ ਗੁਆਚਣ ਦੀ ਚਿੰਤਾ ਨਹੀਂ ਸੀ। ਉਹ ਸਾਲਾਂ ਦੀ ਗਿਣਤੀ-ਮਿਣਤੀ ਵਿਚ ਨਹੀਂ ਪੈਂਦਾ ਸੀ। ਇਕ ਸ਼ਾਮ ਲੋਅਰ ਮਾਲ ’ਤੇ ਅਸੀਂ ਪ੍ਰੋਫ਼ੈਸਰ ਪ੍ਰੀਤਮ ਸਿੰਘ ਨਾਲ਼ ਸੈਰ ਕਰ ਰਹੇ ਸੀ। ਉਨ੍ਹਾਂ ਨੇ ਹਰਿੰਦਰ ਦੇ ਮੋਢੇ ਉੱਤੇ ਹੱਥ ਧਰਕੇ ਆਖਿਆ, “ਬੁਧੂ ਸ਼ਾਹ ਜੀ, ਨੌਕਰੀਆਂ ਲਈ ਮੁਕਾਬਲਾ ਦਿਨੋ-ਦਿਨ ਵਧੀ ਜਾਂਦੈ ਤੇ ਤੂੰ ਦੋ ਸਾਲ ਹੋਰ ਪਿੱਛੇ ਹੋ ਗਿਆ ਹੈਂ।”
ਹਰਿੰਦਰ ਨੇ ਸਹਿਜ ਭਾਅ ਉੱਤਰ ਦਿੱਤਾ, “ਪ੍ਰੋ ਸਾਹਿਬ ਮੈਂ ਸਮਝ ਲੂੰ ਦੋ ਸਾਲ ਪਿੱਛੋਂ ਜੰਮਿਆ ਸੀ।”
ਪ੍ਰੀਤਮ ਸਿੰਘ ਜੀ ਹੈਰਾਨ ਹੋ ਕੇ ਉਸ ਵਲ ਵੇਖਣ ਲੱਗ ਪਏ।ਂ ਉਹ ਦੋਵੇਂ ਇੱਕੋ ਸੜਕ ’ਤੇ ਦੋ ਸਮਿਆਂ ਵਿਚ ਤੁਰ ਰਹੇ ਸਨ। ਪ੍ਰੀਤਮ ਸਿੰਘ ਜੰਤਰੀ ਦੇ ਸਮੇਂ ਵਿਚ ਬੱਝੇ ਹੋਏ ਸਨ, ਹਰਿੰਦਰ ਖੁੱਲ੍ਹਾ ਸੀ। ਉਹ ਅਪਣੇ ਜਨਮ ਤੋਂ ਦੋ ਸਾਲ ਪਿੱਛੇ ਜਾ ਸਕਦਾ ਸੀ ਤੇ ਅੱਗੇ ਵੀ। ਉਹਦਾ ਸਮਾਂ ਲੋਅਰ ਮਾਲ ਦੀ ਸਿੱਧੀ ਰੇਖਾ ਵਰਗਾ ਨਹੀਂ ਸੀ ਅਤੇ ਨਾ ਹੀ ਹਰ ਹੀਲੇ ਅੱਗੇ ਨਿਕਲਣ ਦੀ ਹਿੰਸਾ ਨਾਲ਼ ਲਿਬੜਿਆ ਹੋਇਆ ਸੀ। ਇਹ ਸਮਾਂ ਸੀ ਭੂਤਵਾੜੇ ਦਾ ਜੋ ਅਜੇ ਸਥਿਤ ਨਹੀਂ ਹੋਇਆ ਸੀ। ਹਰਿੰਦਰ ਭਵਿੱਖ ਵਿਚੋਂ ਆ ਕੇ ਪ੍ਰੀਤਮ ਸਿੰਘ ਨਾਲ਼ ਰiਲ਼ਆ ਸੀ।
ਸਵਾਲ: ਭੂਤਵਾੜਾ ਕਿੱਥੇ ਤੇ ਕਦੋਂ ਸ਼ੁਰੂ ਹੋਇਆ ਸੀ?

ਨਵਤੇਜ: 1962 ਵਿਚ ਹਰਿੰਦਰ ਮਹਿਬੂਬ, ਗੁਰਭਗਤ, ਪ੍ਰੇਮ ਪਾਲੀ ਤੇ ਮੈਂ ਪ੍ਰੋ ਪ੍ਰੀਤਮ ਸਿੰਘ ਦੇ ਘਰ ਦੇ ਸਾਹਮਣੇ ਕਿਸੇ ਮਕਾਨ ਵਿਚ ਆ ਗਏ। ਇਸ ਵਿਚ ਦੋ ਕਮਰੇ, ਇਕ ਨਿੱਕਾ ਜਿਹਾ ਸਟੋਰ, ਰਸੋਈ ਤੇ ਗ਼ੁਸਲਖ਼ਾਨਾ ਸੀ। ਕਮਰਿਆਂ ਦੇ ਮੂਹਰੇ ਬਰਾਮਦਾ ਸੀ। ਵਿਹੜਾ ਖੁੱਲ੍ਹਾ ਸੀ ਤੇ ਕੱਚਾ ਸੀ। ਇਕ ਪਾਸੇ ਬਾਰਾਂ ਕੁ ਫੁੱਟ ਉਚਾ ਵੰਝ ਗੱਡਿਆ ਹੋਇਆ ਸੀ। ਦੋ ਤਿੰਨ ਘੰਟੇ ਦੇ ਲਗਾਤਾਰ ਯਤਨਾਂ ਨਾਲ਼ ਭੂਤਾਂ ਨੇ ਉਸ ਉਤੇ ਗੁਰਭਗਤ ਦਾ ਗਿੱਲਾ ਕੱਛਾ ਟੰਗ ਦਿੱਤਾ ਜੋ ਭੂਤਵਾੜੇ ਦੇ ਅੰਤ ਤਕ ਧੁੱਪਾਂ ਛਾਵਾਂ ਕਣੀਆਂ ਵਿੱਚ ਵੰਨ ਸਵੰਨੇ ਰੰਗਾਂ ਦੀ ਪ੍ਰਦਰਸ਼ਨੀ ਕਰਦਾ ਰਿਹਾ।
ਸਵਾਲ: ਉਹਦਾ ਕੋਈ ਅਰਥ ਸੀ?
ਨਵਤੇਜ: ਨਹੀਂ, ਕੋਈ ਅਰਥ ਨਹੀਂ ਸੀ। ਖੇਡ ਸੀ। ਇਹ ਸਬੱਬ ਹੀ ਸੀ ਕਿ ਭੂਤਵਾੜੇ ਦਾ ਸ਼੍ਰੀ ਗਣੇਸ਼ ਅਰਥ ਨਾਲ਼ ਨਹੀਂ ਖੇਡ ਨਾਲ਼ ਹੋਇਆ ਸੀ। ਪਰ ਅਰਥ ਪਰਸ ਰਾਮ ਦੇ ਕੁਹਾੜੇ ਵਾਗੂੰ ਮਨੁੱਖ ਦੀ ਹਰ ਕਿਰਿਆ ਤੇ ਉੱਲਰਿਆ ਰਹਿੰਦਾ ਹੈ। ਇਹ ਸਾਡੇ ਮਨੁੱਖ ਹੋਣ ਦਾ ਵਰ ਤੇ ਸਰਾਪ ਹੈ। ਗਿੱਲੇ ਕੱਛੇ ਦੀ ਖੇਡ ਦੇ ਅਰਥ ਦੀ ਸੂੰਹ ਮੈਨੂੰ ਪਟਿਆਲੇ ਦੇ ਸਰਕਾਰੀ ਇਸਤਰੀ ਕਾਲਜ ਦੇ ਸੰਗੀਤ ਅਧਿਆਪਕ ਤਾਰਾ ਸਿੰਘ ਤੋਂ ਪਈ। ਉਹ ਕਹਿੰਦੇ, ਲਾਲ, ਕੇਸਰੀ, ਤਿਰੰਗੇ ਝੰਡੇ ਤਾਂ ਆਮ ਵੇਖੀਦੇ ਹਨ, ਪਰ ਕੱਛੇ ਦਾ ਝੰਡਾ ਪਹਿਲੀ ਵਾਰ ਤੁਹਾਡੇ ਭੂਤਵਾੜੇ ਵਿਚ ਵੇਖਿਆ ਹੈ। ਜਦੋਂ ਵੀ ਕੋਲ ਦੀ ਲੰਘਦਾ ਹਾਂ ਸੋਚਦਾ ਹਾਂ ਇਹਦੇ ਕੀ ਅਰਥ ਹਨ? ਅਖ਼ੀਰ ਮੈਂ ਇਹੀ ਸਮਝਿਆ ਹੈ ਕਿ ਇਹ ਜਤ ਸਤ ਦਾ ਝੰਡਾ ਹੈ।
ਦ੍ਰਿਸ਼ਟੀ ਤੇ ਅਰਥਕਾਰੀ ਦੋਵੇਂ ਭੇਤ-ਭਰੇ ਅਮਲ ਹਨ। ਜੀਹਨੂੰ ਤਾਰਾ ਸਿੰਘ ਨੇ ਝੰਡਾ ਵੇਖਿਆ ਸੀ, ਮੈਂ ਝੰਡਾ ਨਹੀਂ ਵੇਖਿਆ ਸੀ। ਜੇ ਵੇਖਿਆ ਵੀ ਹੁੰਦਾ ਮੈ ਉਹਨੂੰ ਤਾਰਾ ਸਿੰਘ ਵਾਲੇ ਅਰਥ ਨਹੀਂ ਦੇਣੇ ਸਨ।
ਸਵਾਲ: ਤੂੰ ਕੀ ਅਰਥ ਦਿੰਦਾ?
ਨਵਤੇਜ: ਇਹੀ ਕਿ ਝੰਡਾ ਅਰਥਹੀਣ ਹੁੰਦਾ ਹੈ। ਤੇ ਜੇ ਬਾਂਸ ’ਤੇ ਟੰਗਿਆ ਕੱਛਾ ਝੰਡੇ ਵਰਗਾ ਲਗਦਾ ਹੈ, ਤਾਂ ਇਹ ਝੰਡੇ ਦਾ ਮਜ਼ਾਕ ਹੈ। ਤੂੰ ਇਹਨੂੰ ਉਤਰ-ਆਧੁਨਿਕਤਾ ਦਾ ਪਹਿਲਾ ਅਭਿਆਸ ਵੀ ਕਹਿ ਸਕਦਾ ਹੈਂ।
ਮੈਨੂੰ ਏਹੋ ਜਿਹੀ ਇਕ ਹੋਰ ਖੇਡ ਯਾਦ ਆ ਗਈ ਹੈ। ਇਹ ਭੂਤਵਾੜੇ ਤੋਂ ਪਹਿਲਾਂ ਦੀ ਹੈ, ਪਰ ਸੁਰ ਭੂਤਵਾੜੇ ਦੀ ਹੈ। ਇਹਦੇ ਅਰਥ ਮੈਨੂੰ ਭੂਤਵਾੜੇ ਤੋ ਬਿਨਾ ਸਮਝ ਨਹੀਂ ਆਉਣੇ ਸੀ। ਮੈ ਨੌਵੀਂ ਵਿਚ ਸੀ ਤੇ ਮੋਗੇ ਕਿਸੇ ਗਿਆਨੀ ਕਾਲਜ ਦੇ ਪ੍ਰੋਗਰਾਮ ਲਈ ਇਹ ਤਿੰਨ ਮਿੰਟਾਂ ਦਾ ਸਕਿਟ ਤਿਆਰ ਕੀਤਾ ਸੀ। ਇਹਦੇ ਕੇਵਲ ਦੋ ਡਾਇਲਾਗ ਸਨ। ਇਕ ਜਣਾ ਕਹਿੰਦਾ ਸੀ “ਮੈਂ ਗਿੱਲਾ ਕੱਛਹਿਰਾ ਪਾਊਂਗਾਂ” ਤੇ ਦੂਜਾ ਕਹਿੰਦਾ ਸੀ “ਮੈਂ ਪਾਉਣ ਨਹੀਂ ਦੇਣਾ।”
ਸਵਾਲ: ਸੁਣਿਐ ਜਿਵੇਂ ਝੰਡੇ ਨਾਲ਼ ਕੀਤਾ ਸੀ ਭੂਤ ਹਰ ਪੰਜਾਬੀ ਲੇਖਕ ਨਾਲ਼ ਕਰਦੇ ਸਨ, ਆਏ ਦਾ ਹਾਸਾ ਉਡਾਉਂਦੇ ਸਨ? ਕੀ ਇਹ ਸਹੀ ਹੈ ਕਿ ਜਸਵੰਤ ਸਿੰਘ ਕੰਵਲ ਨੇ ਭੂਤਾਂ ਨੂੰ ਸਿੱਧਾ ਹੀ ਕਹਿ ਦਿੱਤਾ ਸੀ ਕਿ ਤੁਸੀਂ “ਹਰ ਲੇਖਕ ਦੇ ਮਗਰ ਪੌਲੇ ਲੈ ਕੇ ਪੈ ਜਾਂਦੇ ਓ”?
ਨਵਤੇਜ: ਕੰਵਲ ਨੇ ਅਵੱਸ਼ ਕਿਹਾ ਹੋਵੇਗਾ। ਪਰ ਭੂਤ ਹਰ ਲੇਖਕ ਦੇ ਮਗਰ ਨਹੀਂ ਪੈਂਦੇ ਸੀ। ਪੈਣ ਯੋਗ ਦੇ ਪੈਂਦੇ ਸੀ। “ਪੈਣਾ” ਸ਼ਬਦ ਵੀ ਸਹੀ ਨਹੀਂ। ਮਨਸ਼ਾ ਗੋਸ਼ਟੀ ਦੀ ਹੁੰਦੀ ਸੀ। ਜਿਹੜੇ ਆਲੋਚਨਾ ਸਹਾਰਦੇ ਨਹੀਂ ਸਨ ਉਨ੍ਹਾਂ ਨੂੰ ਭੂਤਾਂ ਦੀ ਸੁਰ ਮਜ਼ਾਕ ਦੀ ਲਗਦੀ ਸੀ। ਕਈ ਵਾਰ ਹੁੰਦੀ ਵੀ ਸੀ। ਉਪਹਾਸ ਕਾਰਗਰ ਗੁਰ ਹੈ।
ਹੌਲ਼ੀ-ਹੌਲ਼ੀ ਭੂਤਵਾੜੇ ਵਿਚ ਹਰਦਿਲਜੀਤ ਲਾਲੀ, ਸੁਤਿੰਦਰ ਨੂਰ, ਹਰਭਜਨ ਸੋਹੀ ਬਠਿੰਡੇ ਵਾਲ਼ਾ (ਨਕਸਲੀ ਲੀਡਰ) ਸੁਰਜੀਤ ਲੀ, ਮਾਸਟਰ ਮੇਘ ਤੇ ਕੁਝ ਹੋਰ ਮਿੱਤਰ ਸ਼ਾਮਲ ਹੋ ਗਏ। ਹੁਣ ਭੂਤਵਾੜੇ ਦਾ ਨਾਂ ਭੂਤਵਾੜੇ ਚੋਂ ਨਿਕਲ ਕੇ ਰਿਕਸ਼ਾ ਤੇ ਤਾਂਗਾ ਵਾਹਕਾਂ ਤਕ ਪਹੁੰਚ ਗਿਆ ਸੀ। ਕੇਵਲ ਦੋ ਵਾਰ ਉਕਾਈ ਹੋਈ। ਪਹਿਲੀ ਵਾਰ ਓਦੋਂ ਜਦੋਂ ਰਿਕਸ਼ੇ ਵਾਲੇ ਨੇ ਡਾਕਟਰ ਗੰਡਾ ਸਿੰਘ ਦੇ ਦਰ ਤੇ ਆ ਕੇ ਪੁੱਛਿਆ ਸੀ, “ਜੀ ਭੂਤਵਾੜਾ ਏਹੀ ਐ?” “ਕੀ?” ਡਾਕਟਰ ਸਾਹਿਬ ਡੌਰ-ਭੌਰ ਹੋ ਕੇ ਆਸੇ-ਪਾਸੇ ਝਾਕਣ ਲਗ ਪਏ ਸਨ। ਉਨ੍ਹਾਂ ਦੀ ਸ਼੍ਰੀਮਤੀ ਨੇ ਰਿਕਸ਼ੇ ਵਾਲੇ ਨੂੰ ਭੂਤਵਾੜੇ ਵੱਲ ਇਸ਼ਾਰਾ ਕਰਕੇ ਡਾਕਟਰ ਸਾਹਿਬ ਦੀ ਪ੍ਰੇਸ਼ਾਨੀ ਦੂਰ ਕੀਤੀ ਸੀ। ਦੂਜੀ ਵਾਰ ਰਿਕਸ਼ੇ ਵਾਲਾ ਭੂਤ ਕਢਣ ਵਾਲੀ ਦੁਕਾਨ ’ਤੇ ਚਲਾ ਗਿਆ ਸੀ। ਮੁੰਡਾ ਅਜੇ ਅੰਦਰ ਵੜਿਆ ਹੀ ਸੀ ਲਾਲ ਅੱਖਾਂ ਨੇ ਕਿਹਾ, “ਬਹਿ ਜਾ ਏਥੇ ਤੇਰਾ ਭੂਤ ਪਿੱਛੋਂ ਕਢਾਂ ਗੇ”। “ਮੈਂ ਤਾਂ ਭੂਤ ਬਣਨ ਆਇਆ ਸੀ” ਕਹਿਕੇ ਮੁੰਡਾ ਬਾਹਰ ਨਿਕਲ ਗਿਆ।
ਲਾਲੀ ਦੇ ਆਉਣ ਨਾਲ਼ ਭੂਤਵਾੜੇ ਦਾ ਵਿਹੜਾ ਹੋਰ ਮੋਕਲ਼ਾ ਹੋ ਗਿਆ। ਉਹਦੇ ਨਾਲ਼ ਵਿਸ਼ਵ ਭਰ ਦੇ ਚੋਣਵੇਂ ਲੇਖਕ, ਕਲਾਕਾਰ ਅਤੇ ਫ਼ਿਲਮਕਾਰ ਇਸ ਵਿਹੜੇ ਵਿਚ ਪਹੁੰਚੇ। ਲਾਲੀ ਜ਼ਿੰਦਗੀ ਨੂੰ ਫੱਕਰ ਵਾਂਗ ਜਿਉਂਦਾ ਸੀ। ਤੇ ਅਪਣੇ ਆਪ ਨੂੰ ਲੁਟਾਉਂਦਾ ਰਹਿੰਦਾ ਸੀ। ਇਹ ਪਰਵਾਹ ਨਹੀਂ ਕਰਦਾ ਸੀ ਕਿ ਲੁੱਟਣ ਵਾਲਾ ਕੌਣ ਹੈ। ਭੂਤਵਾੜੇ ਵਿਚ ਉਹ ਸਾਰੀ-ਸਾਰੀ ਰਾਤ ਪੁਸਤਕਾਂ ਪੜ੍ਹਦਾ ਰਹਿੰਦਾ ਸੀ ਤੇ ਸੁਣਨ ਵਾਲਿਆਂ ਨੂੰੰ ਜਗਾਈ ਰੱਖਣ ਦਾ ਕੰਮ ਵੀ ਆਪ ਹੀ ਕਰਦਾ ਸੀ।
ਭੂਤ ਘਰ ਦੇ ਸਾਜ਼ੋ-ਸਾਮਾਨ ਵਲੋਂ ਤਾਂ ਮਲੰਗ ਸਨ। ਪਰ ਉਹਨਾਂ ਦਾ ਵਿਹੜਾ ਸੂਰਜ ਦੀ ਧੁੱਪ, ਚੰਨ ਦੀ ਚਾਨਣੀ, ਸੱਜਰੀ ਪੌਣ ਤੇ ਤਾਰਿਆਂ ਨਾਲ਼ ਭਰਿਆ ਰਹਿੰਦਾ ਸੀ। ਪੂਰਣਿਮਾ ਦੀਆਂ ਰਾਤਾਂ ਨੂੰ ਜਦੋਂ ਉਹ ਵਿਹੜੇ ਵਿਚ ਬੈਠਕੇ ਕਵਿਤਾ ਪਾਠ ਕਰਦੇ, ਤਾਂ ਚੰਨ ਚਾਨਣ ਦੇਣ ਲਈ ਨੀਵਾਂ ਹੋ ਜਾਂਦਾ ਲਗਦਾ ਸੀ
ਸਵਾਲ: ਲਾਲੀ ਨੇ ਲਿਖਿਆ ਕਿਉਂ ਨਹੀਂ?
ਨਵਤੇਜ: ਲਾਲੀ ਆਪ ਲਿਖਤ ਹੈ। ਉਹਨੂੰ ਲਿਖਣ ਵਾਲੇ ਹੋਰ ਹਨ। ਮੈਂ ਵੀ ਉਹਨੂੰ ਲਿਖਦਾ ਹਾਂ। ਉਹ ਮੇਰੇ ਵਿਚ ਲਿਖਦਾ ਹੈ। ਜਿਹੜੀ ਕਵਿਤਾ ਵਿਚੋਂ ਮੈਨੂੰ ਆਨੰਦ ਆਉਂਦਾ ਹੈ, ਉਹਦੇ ਵਿਚ ਉਹਦਾ ਕੁਝ ਹਿੱਸਾ ਹੁੰਦਾ ਹੈ।
ਉਹ ਬਾਣੀ (orality) ਦਾ ਬੰਦਾ ਹੈ, ਤੁਰਿਆ ਫਿਰਦਾ ਸ਼ਬਦਾਂ ਦੇ ਛਿੱਟੇ ਦਿੰਦਾ ਰਹਿੰਦੈ। ਉਹਦੇ ਨਾਲ਼ ਦੁਨੀਆਂ ਦੇ ਅਨੇਕ ਲੇਖਕ, ਕਲਾਕਾਰ ਹੁੰਦੇ ਹਨ। ੳਹਨ੍ਹੂੰ ਮਿਲਣ ’ਤੇ ਪਤਾ ਲਗਦਾ ਹੈ ਪਟਿਆਲੇ ਦੀ ਜੂਹ ਕਿੱਥੋਂ ਤਕ ਫੈਲੀ ਹੋਈ ਹੈ ਤੇ ਏਥੇ ਕਿੰਨੇ ਅਨੁਭਵੀ ਲੋਕ ਰਹਿੰਦੇ ਹਨ। ਉਹ ਲਾਲੀ ਦੀ ਰਸਨਾ ਰਾਹੀਂ ਬੋਲਦੇ ਹਨ, ਉਹ ਬੋਲ ਜਿਹੜੇ ਅੱਖਰਾਂ ਤੋਂ ਸਾਂਭੇ ਨਹੀਂ ਗਏ। ਇਹ ਬਾਣੀ ਦੀ ਮਹਿਮਾ ਹੈ, ਬੋਲਾਂ ਨੂੰ ਅੱਖਰਾਂ ਤੋਂ ਮੁਕਤ ਕਰ ਦਿੰਦੀ ਹੈ।
ਮੈ ਜਦੋਂ ਉਹਨੂੰ ਪਹਿਲੀ ਵਾਰ ਮਿਲਿਆ, ਉਹਨੇ ਵੱਡੀਆਂ ਜੇਬਾਂ ਵਾਲ਼ਾ ਕੋਟ ਪਾਇਆ ਹੋਇਆ ਸੀ। ਜੇਬਾਂ ਖ਼ਾਲੀ ਲਗਦੀਆਂ ਸਨ। ਥੁਹੜੀ ਹੀ ਦੂਰ ਗਏ ਸੀ ਕਿ ਜੇਬਾਂ ਵਿਚੋਂ ਮਦਾਰੀ ਦੀ ਟੋਪੀ ਵਾਂਗੂੰ ਵੰਨ ਸੁਵੰਨੇ ਪੰਛੀ ਨਿਕਲਣ ਲੱਗ ਪਏ।
ਲਾਲੀ ਨੂੰ ਖ਼ਾਲੀ ਹੋਣ ਦੀ ਕਲਾ ਆਉਂਦੀ ਹੈ। ਉਹ ਖੂਹ ਦੀਆਂ ਟਿੰਡਾਂ ਵਾਗੂੰ ਭਰਦਾ ਹੈ, ਮੁਧ ਜਾਂਦਾ ਹੈ ਤੇ ਖ਼ਾਲੀ ਹੋ ਜਾਂਦਾ ਹੈ।
ਸਵਾਲ: ਤੇਰੇ ’ਤੇ ਲਾਲੀ ਦਾ ਕੋਈ ਪ੍ਰਭਾਵ ਪਿਆ?
ਨਵਤੇਜ: ਖ਼ਾਲੀ ਬੰਦੇ ਦਾ ਕੀ ਪ੍ਰਭਾਵ ਪੈਣਾ ਸੀ? ਨਾ ਹੀ ਉਹ ਪ੍ਰਭਾਵ ਪੈਣ ਦਿੰਦਾ ਹੈ। ਉਹਨੇ ਮੈਨੂੰ ਅਪਣੇ ਵਿਚਦੀ ਪਾਰ ਹੋਣ ਦਿੱਤਾ ਹੈ। ਆਕਾਸ਼ ਵਾਙੂੰ। ਉਹਨੇ ਮੈਨੂੰ ਮੇਰੇ ਅਪਣੇ ਵਰਗਾ ਬਣਨ ਦਿੱਤਾ ਹੈ। ਮੈਨੂੰ ਉਹ ਖੁੱਲ੍ਹੇ ਮੂੰਹ ਵਾਲੇ ਊੜੇ ਵਰਗਾ ਲਗਦਾ ਹੈ। ਮੈਂ ਉਹਦੇ ਵਾਙੂੰ ਅਪਣੀ ਰਚਨਾ ਵਿਚੋਂ ਤੇ ਅਪਣੇ ਆਪ ਵਿੱਚੋਂ ਖ਼ਾਲੀ ਹੋਣਾ ਚਾਹੁੰਦਾ ਹਾਂ।
ਸਵਾਲ: ਕਿਸੇ ਹੋਰ ਭੂਤ ਦਾ ਪ੍ਰਭਾਵ?
ਨਵਤੇਜ: ਸਾਰੇ ਭੂਤ ਵੱਖੋ-ਵੱਖਰੇ ਸਨ ਤੇ ਵਿਅਕਤੀ ਸਨ। ਮੇਰੇ ਵਿਚ ਉਹ ਸਾਰੇ ਹਨ। ਮੇਰੀ ਕਵਿਤਾ ਵਿਚ ਵੀ। ਮੇਰੀ ਕਵਿਤਾ ਉਹ ਸਾਰੇ ਜਣੇ ਲਿਖਦੇ ਹਨ। ਇਕ ਵਾਰ ਮੈਂ ਹਰਿੰਦਰ ਮਹਿਬੂਬ ਨੂੰ ਕਨੇਡਾ ਤੋਂ ਗੀਤ ਭੇਜਿਆ, ‘ਬੇਰਾਹੇ ਮੇਰੇ ਪੈਰ’। ਉਹਨੇ ਅਪਣੇ ਆਪ ਹਰ ਬੰਦ ਵਿਚ ਇਕ ਪੰਕਤੀ ਜੋੜ ਕੇ ਦੋਹਾਂ ਦੇ ਨਾਂ ਹੇਠ ਨੂਰ ਦੇ ਇਕੱਤੀ ਫਰਵਰੀ ਰਿਸਾਲੇ ਵਿਚ ਛਪਵਾ ਦਿੱਤਾ। ਮੈਨੂੰ ਕਈ ਮਹੀਨਿਆਂ ਪਿੱਛੋਂ ਪਤਾ ਲਗਾ। ਜੇ ਉਹ ਜਾਂ ਨੂਰ ਉਸ ਗੀਤ ਦੇ ਲੇਖਕਾਂ ਵਜੋਂ ਬਾਕੀ ਭੂਤਾਂ ਦੇ ਨਾਂ ਲਿਖ ਦਿੰਦੇ ਮੈਂ ਹੋਰ ਵੀ ਖ਼ੁਸ਼ ਹੁੰਦਾ। ਹਰਿੰਦਰ ਮੇਰੇ ਓਦੋਂ ਵਧ ਨੇੜੇ ਹੁੰਦਾ ਹੈ, ਜਦੋਂ ਕਿਸੇ ਚਿੱਠੀ ਵਿਚ ਸ਼ੇਖ਼ਚਿਲੀਆਂ ਮਾਰਦਾ ਹੈ। ਓਦੋਂ ਉਹ ਬੱਚੇ ਵਾਙੂੰ ਮਾਸੂਮ ਹੁੰਦਾ ਹੈ। ਇਹ ਮਾਸੂਮੀ ਉਹਦੀ ਕਵਿਤਾ ਵਿਚੋਂ ਅਲੋਪ ਹੋ ਗਈ ਹੈ। ਹੁਣ ਉਹ ਭਾਰੀ ਗੌਰੀ ਕਵਿਤਾ ਲਿਖਦਾ ਹੈ। ਪੰਥ ਨਾਲ਼ ਕੀਤੇ ਕੌਲ ਪੁਗਾਉਣ ਲਈ। ਅਪਣਾ ਬਚਨ ਪਾਲਣ ਪਿੱਛੋਂ ਇਕ ਦਿਨ ਫੇਰ ਉਹ ਵਗਦੇ ਖਾਲ਼ ਉੱਤੇ ਸੰਤਰਿਆਂ ਦੇ ਬੂਟੇ ਕੋਲ਼ ਬਹਿ ਕੇ ‘ਕਬਿਤ’ ਜੋੜੇਗਾ। ਸਾਡਾ ਵੀ ਉਸ ’ਤੇ ਕੋਈ ਦਾਅਵਾ ਹੈ।
ਸਵਾਲ: ਭੂਤਵਾੜਾ ਨਾਂ ਕਿਵੇਂ ਪਿਆ?
ਨਵਤੇਜ: ਭੂਤਵਾੜਾ ਨਾਂ ਸੋਚ ਸਮਝ ਕੇ ਨਹੀਂ ਰੱਖਿਆ ਸੀ। ਇਹ ਗ਼ੁੱਸੇ ਵਿਚ ਆਏ ਕਿਸੇ ਮਿਤਰ ਮੂੰਹੋਂ ਨਿਕiਲ਼ਆ ਸੀ। ਭੂਤਾਂ ਨੇ ਇਸ ਸਰਾਪ ਨੂੰ ਵਰਦਾਨ ਸਮਝ ਕੇ ਅਪਣਾਅ ਲਿਆ। ਇਸ ਤੋਂ ਪਹਿਲਾਂ ਗੁਰਭਗਤ ਸਿੰਘ ਨੇ ਥਿੰਕਰਜ਼ ਕੌਰਨਰ ਨਾਂ ਰੱਖਣ ਦਾ ਸੁਝਾਅ ਦਿੱਤਾ ਸੀ। ਪਰ ਜਦੋਂ ਕਿਸੇ ਸਾਥੀ ਨੇ ਹਾਸੇ ਵਿਚ ਥਿੰਕਰਜ਼ ਕੌਰਨਰ ਦਾ ਅਨੁਵਾਦ “ਸੋਚੂਆਂ ਦਾ ਖੂੰਜਾ” ਕੀਤਾ, ਤਾਂ ਗੁਰਭਗਤ ਸਿੰਘ ਦਾ ਸੁਝਾਅ ਰੱਦ ਕਰ ਦਿੱਤਾ ਗਿਆ। ਦੋ ਗੱਲਾਂ ਕਰ ਕੇ ਭੂਤਵਾੜਾ ਨਾਂ ਬਿਲਕੁਲ ਢੁੱਕਵਾਂ ਸੀ। ਪਹਿਲਾ, ਲੋਕਯਾਨ ਦੇ ਵਿਚ ਕਲਪਿਤ ਭੂਤਾਂ ਵਾਂਙ, ਇਸ ਭੂਤਵਾੜੇ ਦੇ ਭੂਤ ਵੀ ਵਖਰੇ ਸਮੇਂ ਤੇ ਸਪੇਸ ਵਿਚ ਵਿਚਰਦੇ ਸਨ। ਇਹ ਉਹ ਸਮਾਂ/ਸਪੇਸ ਸੀ; ਜਿਹਨੂੰ ਉਹ ਸਿਰਜਣਾ ਚਾਹੁੰਦੇ ਸਨ, ਜੋ ਕਵਿਤਾ ਅਤੇ ਕਲਾ ਦੀ ਬਣੀ ਹੋਈ ਸੀ। ਦੂਜਾ, ਲੋਕਯਾਨ ਦੇ ਭੂਤਾਂ ਵਾਂਗ ਇਹ ਭੂਤ ਵੀ ਅਪਣੇ ਪਿੱਛੇ ਪੈੜ ਛਡਣ ਦੇ ਖ਼ਿਲਾਫ਼ ਸਨ। ਉਹ ਨਾ ਕਿਸੇ ਦੀ ਪੈੜ ਉਤੇ ਤੁਰਦੇ ਸਨ ਨਾ ਅਪਣੀ ਤੇ ਕਿਸੇ ਨੂੰ ਤੁਰਨ ਦਿੰਦੇ ਸਨ। ਇਸ ਕਰਕੇ ਭੂਤਵਾੜੇ ਦਾ ਕੋਈ ਪੈਰੋਕਾਰ ਨਹੀਂ।
ਭੂਤਵਾੜੇ ਦਾ ਦਰ ਹਮੇਸ਼ਾਂ ਖੁੱਲ੍ਹਾ ਰਹਿੰਦਾ ਸੀ। ਰਾਤ ਨੂੰ ਜਿੰਨੇ ਭੂਤ ਸੌਂਦੇ ਸਨ, ਸਵੇਰੇ ਉਨ੍ਹਾਂ ਤੋਂ ਵਧ ਉਠਦੇ ਸਨ। ਰਾਤੀਂ ਆਏੇ ਸੁੱਤੇ ਪਏ ਭੂਤਾਂ ਵਿਚ ਜਿੱਥੇ ਥਾਂ ਮਿਲ਼ਦੀ ਘੁਸੜ ਕੇ ਪੈ ਜਾਂਦੇ। ਬਿਸਤਰਿਆਂ ਦੀ ਕੋਈ ਘਾਟ ਨਹੀਂ ਤੇ ਉਹ ਨਿਤ ਨਵੇਂ ਹੁੰਦੇ ਸਨ। ਸਮਾਚਾਰ ਪੱਤਰ ਦਿਨੇ ਖ਼ਬਰਾਂ ਦਿੰਦੇ ਸਨ ਰਾਤ ਨੂੰ ਗਦੈਲੇ ਬਣ ਜਾਂਦੇ ਸਨ। ਕਿਸੇ ਲੇਖਕ ਦਾ ਮਾਣ ਕਰਨ ਲਈ ਉਸਨੂੰ ਦੋ ਅਖ਼ਬਾਰ (ਗਦੈਲੇ) ਭੇਟਾ ਕੀਤੇ ਜਾਂਦੇ ਸਨ।
ਸਵਾਲ: ਗੁਜ਼ਾਰਾ ਕਿਵੇਂ ਚਲਦਾ ਸੀ?

ਨਵਤੇਜ: ਰੱਬ ਤਵੱਕੋਂ। ਗੁਰਭਗਤ ਖ਼ਾਲਸਾ ਕਾਲਜ ਪੜ੍ਹਾਉਂਦਾ ਸੀ। ਹਰਿੰਦਰ ਤੇ ਮੈਂ ਭਾਸ਼ਾ ਵਿਭਾਗ ਵਿਚ ਪਰੂਫ਼ ਰੀਡਰੀ ਕਰਦੇ ਸੀ। ਭਾਸ਼ਾ ਵਿਭਾਗ ਤੋਂ ਇੱਕਾ-ਦੁੱਕਾ ਅਨੁਵਾਦ ਦਾ ਕੰਮ ਮਿਲ਼ ਜਾਂਦਾ ਸੀ। ਕਦੇ-ਕਦੇ ਕਾਵਿ ਮੁਕਾਬਲਿਆਂ ਵਿਚ ਨਕਦ ਇਨਾਮ ਮਿਲ਼ ਜਾਂਦੇ। ਪਿੰਡ ਗਏ ਭੂਤ ਆਟਾ, ਗੁੜ ਤੇ ਹੋਰ ਸੀਧਾ ਲੈ ਆਉਂਦੇ। ਕੁਝ ਵਿਸ਼ੇਸ਼ ਮਹਿਮਾਨ ਸਨ ਜਿੰਨਾਂ ਂਤੋਂ, ਆਓ ਭਾਗਤ ਤੋਂ ਪਿੱਛੋਂ, ਵਾਪਸੀ ਕਿਰਾਇਆ ਛਡ ਕੇ ਬਾਕੀ ਭੂਤਵਾੜੇ ਦੀ ਦਰਸ਼ਨ ਭੇਟਾ ਲੈ ਲਈ ਜਾਂਦੀ ਸੀ। ਭੂਤਵਾੜੇ ਵਿਚ ਸਭ ਕੁਝ ਸਭ ਦਾ ਸੀ। ਕਪੜੇ, ਪੁਸਤਕਾਂ, ਕਲਮਾਂ। ਫ਼ੀਸਾਂ, ਕਿਰਾਏ, ਦਾਖ਼ਲੇ ਦੇ ਖ਼ਰਚ ਵੀ ਸਭ ਦੇ ਸਾਂਝੇ ਸਨ। ਕਿਸੇ ਦਾ ਆਪਣਾ ਕੁਝ ਨਹੀਂ ਸੀ। ਹਰ ਕੋਈ ਸਭ ਦੇ ਜਿਉਣ ਚ ਜਿਉਂਦਾ ਸੀ।
ਕਿਵੇਂ ਨਾ ਕਿਵੇ ਆਈ-ਚਲਾਈ ਚੱਲੀ ਜਾਂਦੀ ਸੀ। ਔੜ ਬਹੁਤੇ ਦਿਨ ਨਹੀਂ ਲਗਦੀ ਸੀ। ਕਿਸੇ ਨਾ ਕਿਸੇ ਖੂੰਜੇ ਚੋਂ ਮੀਂਹ ਨਾਲ਼ ਭਰੀਆਂ ਘਟਾਵਾਂ ਆ ਝੁੱਲਦੀਆ ਸਨ। ਕੁਝ ਦਰ ਵੀ ਸਾਡੇ ਲਈ ਖੁੱਲ੍ਹੇ ਰਹਿੰਦੇ ਸਨ, ਦਲੀਪ ਕੌਰ ਟਿਵਾਣਾ, ਅੰਮ੍ਰਿਤ ਕਲੇਰ, ਪ੍ਰੋਫ਼ੈਸਰ ਪ੍ਰੀਤਮ ਸਿੰਘ ਦੇ। ਉਧਾਰ ਦੇਣ ਵਾਲੇ ਅੱਡ ਮਿਹਰਬਾਨ ਸਨ। ਸਾਨੂੰ ਪਤਾ ਵੀ ਨਹੀਂ ਹੁੰਦਾ ਸੀ ਕਿਸ ਕਿਸ ਦਾ ਉਧਾਰ ਦੇਣਾ।
ਮੈਨੂੰ ਲਗਦਾ ਹੈ ਪਟਿਆਲੇ ਵਰਗਾ ਨਗਰ ਹੀ ਭੂਤਵਾੜੇ ਨੂੰ ਝੱਲ ਸਕਦਾ ਸੀ। ਅਜ ਦੇ ਖਪਤ-ਯੁਗ ਦੀ ਸ਼ੈਲੀ ਵਿਚ ਭੂਤਵਾੜੇ ਦੀ ਗੱਲ ਕਰਨੀ ਔਖੀ ਹੈ।
ਸਵਾਲ: ਕੀ ਇਹਦੀ ਗੱਲ ਕਰਨ ਦੀ ਲੋੜ ਹੈ?
ਨਵਤੇਜ: ਮੈਂ ਸਮਝਦਾ ਹਾਂ ਲੋੜ ਹੈ। ਜੇ ਅਸੀਂ ਚਾਹੁੰਦੇ ਹਾਂ ਪਾਣੀ, ਹਵਾ, ਧੁੱਪ ਦੀ ਖ਼ਰੀਦੋ-ਫ਼ਰੋਖ਼ਤ ਨਾ ਹੋਵੇ; ਨਾ ਮਾਂ ਪਿਉ, ਭੈਣ ਭਰਾ ਦੀ, ਨਾ ਸੌਂਦਰਯ ਦੇ ਅਨੁਭਵ ਦੀ ਤਾਂ ਭੂਤਵਾੜੇ ਦੀ ਗੱਲ ਕਰਨ ਦੀ ਲੋੜ ਹੈ।
ਸਵਾਲ: ਭੂਤਵਾੜੇ ਦੀ ਕੋਈ ਅਪਣੀ ਵਿਚਾਰਧਾਰਾ ਸੀ?
ਨਵਤੇਜ: ਭੂਤਵਾੜੇ ਦਾ ਘਰ ਵਿਅਕਤੀਆਂ ਲਈ ਹੀ ਨਹੀਂ ਵਿਚਾਰਾਂ ਲਈ ਵੀ ਖੁੱਲ੍ਹਾ ਸੀ। ਏਥੇ ਸੌ ਫੁੱਲ (ਵਿਚਾਰ) ਸੱਚੀ ਮੁੱਚੀ ਖਿੜਨ ਦਿੱਤੇ ਜਾਂਦੇ ਸਨ। ਜੇ ਹਰਿੰਦਰ ਮਹਿਬੂਬ ਮਾਓ ਜ਼ੇ ਤੁੰਗ ਦੀਆਂ ਕਵਿਤਾਵਾਂ ਅਨੁਵਾਦ ਕਰ ਰਿਹਾ ਸੀ ਤਾਂ ਹਰਭਜਨ ਚੇ ਗੁਵੇਰਾ ਦੀ ਡਾਇਰੀ ਪੜ੍ਹ ਰਿਹਾ ਸੀ। ਲਾਲੀ ਤੇ ਮੈਂ ਗ਼ੁਲਾਮ ਫ਼ਰੀਦ ਦੀਆਂ ਕਾਫ਼ੀਆਂ ਗੁਰਮੁਖੀ ਵਿਚ ਲਿਖ ਰਹੇ ਸੀ। ਗੁਰਭਗਤ ਕਾਮੂ ਪੜ੍ਹ ਰਿਹਾ ਸੀ ਤੇ ਗੁਰਬਖ਼ਸ਼ ਸੋਚ ਹੋਮਰ। ਭੂਤਵਾੜਾ ਅਪਣੇ ਆਪ ਵਿੱਚ ਸਿਧਾਂਤ ਮੁਕਤ ਸੀ, ਪਰ ਹਰ ਤਰ੍ਹਾਂ ਦੇ ਸਿਧਾਂਤਕ ਸੰਵਾਦ ਲਈ ਸੂਤਰਧਾਰ ਦੀ ਭੂਮਿਕਾ ਨਿਭਾਉਂਦਾ ਸੀ। ਸੰਵਾਦ ਵਿਚ ਸ਼ਾਮਿਲ ਹਰ ਪ੍ਰਵਚਨ ਭੂਤਵਾੜੇ ਵਾਂਗ ਖੁੱਲ੍ਹਾ ਰਹਿੰਦਾ ਸੀ। ਵਿਚਾਰ ਨੂੰ ਵਿਚਾਰਧਾਰਾ ਤੋਂ ਅਤੇ ਦ੍ਰਿਸ਼ਟੀ ਨੂੰ ਦ੍ਰਿਸ਼ਟੀਕੋਣ ਤੋਂ ਮੁਕਤ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਸੀ।
ਸੁਪਨੇ ਲੈਣੇ ਭੂਤਾਂ ਦੀ ਪਛਾਣ ਦਾ ਮੁੱLਖ ਚਿੰਨ੍ਹ ਸੀ। ਉਹ ਮਹਿਸੂਸ ਕਰਦੇ ਸਨ ਕਿ ਸੰਸਕ੍ਰਿਤੀ ਦੇ ਜਿਉਂਦੇ ਰਹਿਣ ਲਈ ਜ਼ਰੂਰੀ ਹੈ ਕੁਝ ਲੋਕ ਸੁਪਨੇ ਲੈਂਦੇ ਰਹਿਣ। ਹਰ ਤਰ੍ਹਾਂ ਦੇ ਸੁਪਨੇ, ਉਹ ਸੁਪਨੇ ਵੀ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ਭੂਤਵਾੜਾ ਸੁਪਨੇ ਲੈਣ ਵਾਲੀ ਥਾਂ ਸੀ ਤੇ ਸਾਰੇ ਭੂਤ ਉਹਨਾਂ ਦਿਨਾਂ ਵਿਚ ਸੁਪਨੇ ਲੈਂਦੇ ਸਨ। ਉਹ ਸੁਪਨੇ ਵੀ ਜਿਹਨਾਂ ਨੂੰ ਲੈਣ ਤੋਂ ਬਾਕੀ ਲੋਕ ਡਰਦੇ ਸਨ। ਅੱਜ ਜਦੋਂ ਪੰਜਾਬੀ ਸਭਿਆਚਾਰ ਨਵੀਆਂ ਚੁਣੌਤੀਆਂ ਨਾਲ਼ ਸਿੱਝ ਰਿਹਾ ਹੈ ਤਾਂ ਭੂਤਵਾੜੇ ਵਰਗੀ ਸਪੇਸ ਦੀ ਹੋਰ ਵੀ ਲੋੜ ਹੈ।

ਭੂਤਵਾੜਾ ਕਿਸੇ ਥਾਂ ਦਾ ਨਾਂ ਨਹੀਂ
ਇਹ ਸਮੇਂ ਤੋਂ ਆਜ਼ਾਦ ਹੋਈ ਸ੍ਰਿਸ਼ਟੀ ਹੈ
ਦ੍ਰਿਸ਼ਟੀ ਕੋਣ ਤੋਂ ਮੁਕਤ ਹੋਈ ਦ੍ਰਿਸ਼ਟੀ ਹੈ
ਇਹ ਉਹ ਸੰਧਿਆ ਹੈ
ਜਿਥੇ ਸੁਪਨਾ ਤੇ ਸਚ ਮਿਲਦੇ ਹਨ
ਆਦਿ ਸਚ
ਜੁਗਾਦ ਸੁਪਨਾ
ਹੈ ਭੀ ਸਚ
ਹੋਸੀ ਭੀ ਸੁਪਨਾ

ਸਵਾਲ: ਝਨਾਂ ਦੀ ਰਾਤ ਦੇ ਮੁਖਬੰਧ ਵਿਚ ਹਰਿੰਦਰ ਮਹਿਬੂਬ ਨੇ ਲਿਖਿਆ ਹੈ ਕਿ ਤੂੰ, “ਇਕ ਦੋਸਤ ਦੇ ਮਿਹਣੇ ਦੀ ਤਲਖ਼ੀ ਨ ਸਹਾਰਦੇ ਹੋਏ ਅਪਣੀਆਂ ਡੇਢ ਸੌ ਤੋਂ ਉਪਰ ਕੁਝ ਨਿੱਕੀਆਂ ਅਤੇ ਕੁਝ ਵੱਡੀਆਂ ਨਜ਼ਮਾਂ ਨੂੰ ਅਗਨ-ਭੇਟ ਕਰ ਦਿੱਤਾ। ਭਾਵੇਂ ਇੱਕ ਸਾਲ ਲੰਘਣ ਉਤੇ ਜਲੀਆਂ ਕਵਿਤਾਵਾਂ ਵਿਚੋਂ ਜ਼ਬਾਨੀ ਯਾਦ ਵੀਹ ਪੰਝੀ ਨਿੱਕੀਆਂ ਕਵਿਤਾਵਾਂ ਦਾ ਇੱਕ ਕਾਵਿ-ਸੰਗ੍ਰਹਿ ਉਸਨੇ ਛਾਪਿਆ ਵੀ ਪਰ ਇਸ ਸਦਮੇ ਦੀ ਪੀੜ ਨੂੰ ਉਹ ਨਾ ਭੁੱਲ ਸਕਿਆ ਅਤੇ ਪ੍ਰਦੇਸ ਵਿਚ ਵੀ ਉਦਾਸ ਹੀ ਰਿਹਾ।” ਇਸ ਟੂਕ ਬਾਰੇ ਤੇਰਾ ਕੀ ਪ੍ਰਤਿਕਰਮ ਹੈ?
ਨਵਤੇਜ: ਕਵਿਤਾਵਾਂ ਅਗਨ-ਭੇਟ ਹੋਈਆਂ ਸਨ, ਇਹ ਸਹੀ ਹੈ। ਕਿੰਨੀਆਂ ਸਨ, ਇਹ ਯਾਦ ਨਹੀਂ। ਹਰਿੰਦਰ ਨੇਂ ਉਹ ਸਾਰੀਆਂ ਪੜ੍ਹੀਆਂ ਸਨ, ਹੋ ਸਕਦੈ ਉਹਦਾ ਅਨੁਮਾਨ ਸਹੀ ਹੋਵੇ। ਇੱਕ ਲੰਬੀ ਕਵਿਤਾ ਦੀ ਧੁੰਦਲੀ ਜਿਹੀ ਯਾਦ ਆਉਂਦੀ ਹੈ। ਸਮੁੰਦਰ ਚੋਂ ਔਰਤ ਜਨਮ ਲੈਂਦੀ ਹੈ ਤੇ ਪਾਣੀ ਚੁੱਕੀ ਮਾਰੂਥਲ ਵਲ ਜਾ ਰਹੀ ਹੈ। ਕਵਿਤਾ ਦਾ ਹੋਰ ਕੁਝ ਯਾਦ ਨਹੀਂ। ਪਰ ਹਰਿੰਦਰ ਦਾ ਪ੍ਰਤਿਕਰਮ ਯਾਦ ਹੈ। ਉਹਨੂੰ ਇਹ ਕਵਿਤਾ ਐਲਿਅਟ ਦੀ ਬੰਜਰ ਧਰਤੀ (ਵੇਸਟ ਲੈਂਡ) ਨਾਲ਼ੋਂ ਉਤਮ ਲੱਗੀ ਸੀ। ਉਹ ਬੰਜਰ ਧਰਤੀ ਨੂੰ ਪਸੰਦ ਨਹੀਂ ਕਰਦਾ ਸੀ, ਹੁਣ ਵੀ ਨਹੀਂ ਕਰਦਾ। ਸਮਝਦਾ ਹੈ ਇਹਦੇ ਵਿਚ ਕਵੀ ਨੇ ਮਿਥ ਵਿਕ੍ਰਿਤ ਕਰ ਦਿੱਤੀ ਹੈ। ਉਹਦਾ ਖ਼ਿਆਲ ਹੈ ਕੇਵਲ ਧਿਆਨੀ ਕਵੀ ਹੀ ਮਿਥ ਨੂੰ ਸੰਭਾਲ ਸਕਦਾ ਹੈ। ਨਹੀਂ ਤਾਂ ਮਿਥ “ਵਲੂੰਧਰੀ” ਜਾਂਦੀ ਹੈ ਸ਼ਿਵ ਕੁਮਾਰ ਦੀ ਲੂਣਾ ਵਾਂਙ। ਮੈਂ ਧਿਆਨੀ ਕਵੀ ਤਾਂ ਨਹੀਂ ਸੀ, ਪਰ ਹਰਿੰਦਰ ਦਾ ਮਿੱਤਰ ਪਿਆਰਾ ਸੀ। ਮੇਰੀ ਕਵਿਤਾ ਨੂੰ ਸਿਫ਼ਤ ਦਾ ਗੱਫਾ ਮਿਲ ਗਿਆ। ਉਂਜ ਮੈਨੂੰ ਬੰਜਰ ਧਰਤੀ ਉੱਤਮ ਕਵਿਤਾ ਲਗਦੀ ਸੀ।
ਪਰ ਉਹ ਕਵਿਤਾਵਾਂ ਉੱਤਮ ਸਨ ਜਾਂ ਅੱਧਮ, ਡੇਢ ਸੌ ਸਨ ਜਾਂ ਡੇਢ ਹਜ਼ਾਰ ਉਨ੍ਹਾਂ ਨੇ ਨਾਸ ਹੋਣਾ ਹੀ ਸੀ। ਕਿਸੇ ਦੋਸਤ ਦਾ ਮਿਹਣਾ ਮਿਲਦਾ ਜਾਂ ਨਾ ਮਿਲਦਾ।
ਸਵਾਲ: ਐਡਾ ਕਿਹੜਾ ਮਿਹਣਾ ਸੀ ਉਹ?
ਨਵਤੇਜ: ਉਹ ਮਿਹਣਾ ਨਹੀਂ ਸੀ ਕਵਿਤਾਵਾਂ ਸੜਨ ਦਾ ਬਹਾਨਾ ਸੀ। ਮੈਂ ਕਿਸੇ ਕਵਿਤਾ ਵਿਚ ਇਕ ਦੋ ਸ਼ਬਦ ਉਹਦੇ ਵਾਙੂੰ ਵਰਤ ਲਏ ਸਨ। ਤੇ ਬਸ। ਕਵਿਤਾਵਾਂ ਨਾ ਸੜਦੀਆਂ ਤਾਂ ਰਾਈ ਨੇ ਪਹਾੜ ਨਹੀਂ ਬਣਨਾ ਸੀ। ਭੁੱਲ ਮੇਰੀ ਹੀ ਸੀ। ਮੈਨੂੰ ਉਹ ਬਹਾਨਾ ਨਹੀਂ ਲਾਉਣਾ ਚਾਹੀਦਾ ਸੀ। ਸ਼ੁਕਰ ਹੈ ਇਹ ਗੱਲ ਹੁਣ ਆਈ-ਗਈ ਹੋ ਗਈ ਹੈ। ਬਹਾਨੇ ਦੀ ਉਮਰ ਵੱਡੀ ਨਹੀਂ ਹੁੰਦੀ।
ਸਵਾਲ: ਤੂੰ ਕਹਿੰਦਾ ਹੈਂ, ਉਨ੍ਹਾਂ ਕਵਿਤਾਵਾਂ ਨੇ ਨਾਸ ਹੋਣਾ ਹੀ ਸੀ। ਇਹ ਕਿਉਂ?
ਨਵਤੇਜ: ਨਾਸ ਦਾ ਅੱਧਾ ਕਾਰਣ ਮੇਰੇ ਅੰਦਰ ਹੈ, ਅੱਧਾ ਬਾਹਰ। ਅੰਦਰਲਾ ਮੇਰੀ ਵਿਸ਼ੇਸ਼ ਪ੍ਰਵਿਰਤੀ ਨਾਲ਼ ਜੁੜਿਆ ਹੋਇਆ ਹੈ, ਬਾਹਰਲਾ ਉਸ ਵੇਲੇ ਦੇ ਪੰਜਾਬੀ ਕਾਵਿ ਦੀ ਪ੍ਰਸਥਿਤੀ ਨਾਲ਼। ਵਿਸ਼ੇਸ਼ ਪ੍ਰਵਿਰਤੀ ਅਪਣੇ ਕੀਤੇ ਨੂੰ ਅਣਕੀਤਾ ਕਰਨ ਦੀ ਹੈ ਤੇ ਇਹ ਕਿਸੇ ਸੂਤਰ (ਪੈਟਰਨ) ਵਿਚ ਬੱਝੀ ਹੋਈ ਹੈ। 1960 ਤਕ ਦੇ ਲਿਖੇ ਛਪੇ ਨੂੰ ਭੁੱLਲ ਗਿਆ ਹਾਂ। ਉਸਨੂੰ ਯਾਦ ਵੀ ਨਹੀਂ ਕਰਨਾ ਚਾਹੁੰਦਾ। 60 ਤੋਂ 66 ਤੱਕ ਦਾ ਬਹੁਤਾ ਅਗਨ-ਭੇਟ ਕਰ ਦਿੱਤਾ ਹੈ। ਹੁਣ ਅਪਣੀ ਲੀਲ੍ਹਾ ਦੀ ਕਵਿਤਾ ਤੋਂ ਵਿਰਕਤ ਹੋਣ ਲਗ ਪਿਆ ਹਾਂ।
ਬਾਹਰਲੇ ਕਾਰਣ ਦਾ ਸੰਬੰਧ ਮੇਰੀ ਕਵਿਤਾ ਦੀ ਆਵਾਜ਼ (ਅਭਿਵਿਅਕਤੀ) ਨਾਲ਼ ਹੈ। 1964 ਤਕ ਮੈਨੂੰ ਪੱਕ ਪ੍ਰਤੀਤ ਹੋ ਗਿਆ ਸੀ ਕਿ ਮੇਰੀ ਆਵਾਜ਼ ਮੇਰੀ ਨਹੀਂ ਸੀ। ਪਹਿਲਾਂ ਮੈਂ ਉਹ ਸੁਣੀ ਨਹੀਂ ਹੋਣੀ। ਅਪਣੇ ਕੰਠ ਚੋਂ ਨਿਕਲੀ ਆਵਾਜ਼ ਵੱਲ ਅਸੀ ਕੰਨ ਨਹੀਂ ਕਰਦੇ।
ਉਸ ਪ੍ਰਤੀਤੀ ਨੇ ਮੈਨੂੰ ਨਿਰਾਸ ਕਰ ਦਿੱਤਾ। ਤੇ ਮੈਂ ਅਪਣੇ ਨਿਕਸੁਕ ਨੂੰ ਅਗਨਭੇਟ ਕਰ ਦਿੱਤਾ।

ਉਦਾਸੀ ਜਾਂ ਨਿਰਾਸਤਾ

ਸਵਾਲ: ਉਸ ਉਦਾਸੀ ਜਾਂ ਨਿਰਾਸਾ ਦੀ ਕੋਈ ਨਿਸ਼ਾਨੀ ਹੈ?
ਨਵਤੇਜ: ਮੇਰੀ ਅਖੀਰਲੀ ਕਵਿਤਾ ਵਿਚ ਉਹਦੀ ਉਗਾਹੀ ਹੈ।

ਜਗ ਜਗ ਵੇ ਬੁਝਿਆ ਸੂਰਜਾ
ਮੈਂ ਫੂਕਾਂ ਮਾਰਾਂ
ਮੈੰ ਠਰੀ ਠਰੀ ਮੈਂ ਸੀਤ ਸੀਤ
ਪਥਰਾਉਂਦੀ ਜਾਵਾਂ
ਨੀ ਜਾਗੋ ਕਿਰਨ ਸਹੇਲੀਓ
ਗਲਵੱਕੜੀ ਪਾਓ
ਅਜ ਸੂਰਜ ਕੋਈ ਨਿਚੋੜ ਕੇ
ਮੇਰੇ ਸਾਹ ਗਰਮਾਓ
ਮੈਂ ਥਲ ਸਮਿਆਂ ਦਾ ਚੀਰ ਕੇ
ਉਸ ਜੂਹ ਵਿਚ ਆਈ
ਜਿੱਥੇ ਮੇਰੀ ਕਲਪਣਾ
ਫਿਰਦੀ ਤਿਰਹਾਈ
ਅਜ ਰੁੱਖਾਂ ਗਲ ਪਾਉਂਦੀਆਂ
ਨਾ ਹਾਰ ਬਹਾਰਾਂ
ਨਾ ਲਗਰਾਂ ਤੇ ਬਹਿੰਦੀਆਂ
ਗੀਤਾਂ ਦੀਆਂ ਡਾਰਾਂ
ਅੱਜ ਪੌਣਾਂ ਹੋਈਆਂ ਅੰਨ੍ਹੀਆਂ
ਰੇਤਾਂ ਵਿਚ ਭਟਕਣ
ਪਗਡੰਡੀਆਂ ਦੀ ਹਿੱਕ ਵਿਚ
ਸੁੱਤੀ ਪਈ ਧੜਕਣ
ਇਉਂ ਰੰਗ-ਚਲੂਲੇ ਬਿੰਦ ਪਲ
ਹੋ ਗਏ ਪਰਾਏ
ਜੀਕਣ ਟੱਪਰੀਵਾਸ ਕੋਈ
ਆਏ ਤੁਰ ਜਾਏ।

ਉਨ੍ਹਾਂ ਦਿਨਾਂ ਵਿਚ ਹੀ ਹਰਿੰਦਰ ਮਹਿਬੂਬ ਨੂੰ ‘ਮਿਰਤੂ ਦੇ ਹੌਲ’ ਪੈਣੇ ਸ਼ੁਰੂ ਹੋ ਗਏ ਸਨ। ਸੰਭਵ ਹੈ ਉਹ ਵੀ ਮੇਰੇ ਵਰਗੇ ਅਨੁਭਵ ਵਿਚਦੀ ਲੰਘ ਰਿਹਾ ਸੀ। ਪਰ ਮੈਂ ਸਮਝਦਾ ਹਾਂ ਉਸ ਕੋਲ ਅਪਣੀ ਆਵਾਜ਼ ਸੀ। ਏਸੇ ਕਰਕੇ ਉਹਨੇ ਅਪਣੀਆਂ ਪਹਿਲੀਆਂ ਕਵਿਤਾਵਾਂ ਰੱਦ ਨਹੀਂ ਕੀਤੀਆਂ। ਸਿਵਾਏ ‘ਕ੍ਰਾਂਤੀਕਾਰੀ’ ਕਵਿਤਾਵਾਂ ਦੇ ਜਿਨ੍ਹਾਂ ਦੀ ਆਵਾਜ਼ ਉਸਨੂੰ ਉਧਾਰੀ ਲਗਦੀ ਸੀ।
ਤੂੰ ਵੀ ਓਦੋ ਅਪਣੀਆਂ ਬਚੀਆਂ-ਖੁਚੀਆਂ ਕਵਿਤਾਵਾਂ ਰੱਦ ਨਹੀਂ ਕੀਤੀਆਂ। ਅੱਗ ਵਿਚੋਂ ਬੱਚੀਆਂ ਨੂੰ ਸਿੰਬਲ ਦੇ ਫੁੱਲ ਵਿਚ ਛਾਪ ਦਿੱਤਾ ਰੱਦ ਕੀਤੀਆਂ ਹਨ, ਪਰ ਅਗਨੀ ਦੇਵ ਨਾਲ਼ ਨਹੀ, ਬਾਬੇ ਨਾਨਕ ਦੀ ਪੰਕਿਤੀ ਨਾਲ਼। ਸਿੰਬਲ ਦੇ ਫੁੱਲ ਇਨ੍ਹਾਂ ਸ਼ਬਦਾਂ ਨਾਲ਼ ਆਰੰਭ ਹੁੰਦੀ ਹੈ: ਫੁੱਲ ਫਿੱਕੇ ਫਲ ਬਕ ਬਕੇ ਕੰਮ ਨਾ ਆਵਹਿ ਪੱਤ। ਉਂਜ ਪੁਸਤਕ ਦੇ ਨਾਂ ਵਿਚ ਵੀ ਇਹੀ ਸੈਨਤ ਸੀ ਪਰ ਇਹ ਪੂਰੀ ਸਪਸ਼ਟ ਨਹੀਂ ਸੀ।
ਸਿੰਬਲ ਦੇ ਫੁੱਲ ਸਹੀ ਅਰਥਾਂ ਵਿਚ ਪ੍ਰਕਾਸ਼ਨ ਨਹੀਂ ਸੀ। ਇਹ ਵੇਚੀ ਨਹੀਂ ਗਈ, ਵੰਡੀ ਨਹੀਂ ਗਈ, ‘ਘੁੰਡ ਚੁਕਾਈ’ ਅਤੇ ਰਿਵਿਊਆਂ ਤੋਂ ਬਚੀ ਰਹੀ। ਇਹ ਮੇਰੇ ਸਾਰੇ ਮਿੱਤਰਾਂ ਤਕ ਵੀ ਨਹੀਂ ਪਹੁੰਚੀ। ਇਹ ਪੂਰੀ ਤਿਆਰ ਨਹੀਂ ਹੋਈ ਸੀ ਪਰ ਪ੍ਰਿੰਟਰ ਨੇ ਮੈਨੂੰ ਕਨੇਡਾ ਜਾਣ ਵਾਲੇ ਦਿਨ ਪੰਦਰਾਂ ਕੁ ਕਾਪੀਆਂ ਜਿਲਦਬੰਦੀ ਕਰਵਾ ਕੇ ਦੇ ਦਿੱਤੀਆਂ ਸਨ। ਪਿੱਛੋਂ ਮੇਰੇ ਮਿੱਤਰ ਸੁਰਜੀਤ ਸਿੰਘ ਪੰਨੂੰ ਨੇ ਇਨ੍ਹਾਂ ਦਾ ਕੀ ਕੀਤਾ ਮੈਂ ਪੁੱਛਿਆ ਨਹੀਂ। ਹੁਣ ਤਾਂ ਉਹ ਪੂਰਾ ਵੀ ਹੋ ਚੁੱਕਾ ਹੈ।
ਸਵਾਲ: ਜੇ ਰੱਦ ਕਰਨੀ ਸੀ, ਤਾਂ ਇਹ ਛਾਪੀ ਹੀ ਕਿਉਂ?
ਨਵਤੇਜ: ਛਾਪਣ ਲਈ ਨਹੀਂ ਛਾਪੀ ਸੀ। ਮੈਂ ‘ਪਬਲਿਸ਼ਡ ਪੋਇਟ’ ਬਣਨ ਲਈ ਛਾਪੀ ਸੀ। ਮੇਰਾ ਕਨੇਡਾ ਵਾਸੀ ਮਿੱਤਰ ਗੁਰਨਾਮ ਸਿੰਘ ਕੁਲਾਰ ਏਸੇ ਰੂਪ ਵਿਚ ਮੈਨੂੰ ਲੋਕਾਂ ਨਾਲ਼ ਮਿਲਾਉਣਾ ਚਾਹੁੰਦਾ ਸੀ। ਉਹ ਬਹੁਤ ਪਿਆਰਾ ਦੋਸਤ ਸੀ, ਉਹਨੇ ਜਿਵੇਂ ਕਿਹਾ ਸਤਬਚਨ ਕਹਿਕੇ ਮੰਨ ਲਿਆ।
ਸਵਾਲ: ਤੂੰ ਕਿਹਾ ਹੈ, ਤੂੰ ਕੀਤੇ ਨੂੰ ਅਣਕਰਦਾ ਰਹਿੰਦਾ ਹੈ। ਤੈਨੂੰ ਅਪਣੇ ਕੀਤੇ ਤੇ ਭਰੋਸਾ ਨਹੀਂ ਹੁੰਦਾ? ਜਾਂ ਉਹ ਤੈਨੂੰ ਚੰਗਾ ਨਹੀਂ ਲਗਦਾ? ਤੇਰਾ ਅਪਣੀ ਰਚਨਾ ਨਾਲ਼ ਕੇਹੋ ਜਿਹਾ ਸਬੰਧ ਹੈ?
ਨਵਤੇਜ: ਮੇਰੇ ਅੰਦਰ ਪੂਰਣਤਾ ਦਾ ਭੈਅ ਹੈ। ਕਵਿਤਾ ਪੂਰੀ ਹੋਣ ਤੋਂ ਪਹਿਲਾਂ ਛੱਡ ਦਿੰਦਾ ਹਾਂ। ਤੇ ਫੇਰ ਉਸਨੂੰ ਅਧੂਰੀ ਹੋਣ ਕਰਕੇ ਤ੍ਰਿਸਕਾਰਦਾ ਹਾਂ। ਮੈਨੂੰ ਅਪਣੀ ਹਰ ਕਵਿਤਾ ਅਧੂਰੀ ਲਗਦੀ ਹੈ। ਪੂਰੇ/ਅਧੂਰੇ ਦਾ ਤਣਾਅ ਮੇਰੀ ਕਾਵਿ ਪ੍ਰਕਿਰਿਆ ਦਾ ਅੰਗ ਹੈ। ਲੀਲਾ ਦੀਆਂ ਲੰਬੀਆਂ ਕਵਿਤਾਵਾ, ਸੂਪਨਖਾ, ਯਸ਼ੋਧਰਾ, ਅਹੱਲਿਆ, ਅਲਵਿਦਾ ਆਦਿ ਸਭ ਅੱਧ-ਵਿਚਕਾਰ ਛੱਡੀਆਂ ਹੋਈਆਂ ਹਨ। ਜਦੋਂ ਪੜ੍ਹਦਾ ਹਾਂ, ਉਨ੍ਹਾਂ ਦਾ ਛੱਡਿਆ ਹੋਇਆ ਅੱਧਾਪਣ ਮੇਰੇ ਵੱਲ ਝਾਕਣ ਲਗ ਪੈਂਦਾ ਹੈ। ਉਹ ਅੱਧਾਪਣ ਮੇਰਾ ਅਪਣਾ ਵੀ ਹੁੰਦਾ ਹੈ। ਜਦੋਂ ਮੈ ਕਵਿਤਾ ਨੂੰ ਸੋਧਦਾ ਹਾਂ ਅਪਣੇ ਖੱਪੇ ਨੂੰ ਵੀ ਭਰਦਾ ਹਾਂ। ਅਪਣੀ ਰਚਨਾ ’ਤੇ ਭਰੋਸਾ ਅਪਣੇ ਆਪ ’ਤੇ ਭਰੋਸਾ ਹੁੰਦਾ ਹੈ। ਜਦੋਂ ਮੈਂ ਅਪਣੀ ਕੋਈ ਕਵਿਤਾ ਰੱਦ ਕਰਦਾ ਹਾਂ, ਓਨਾ ਕੁ ਆਪ ਵੀ ਰੱਦ ਹੋ ਜਾਂਦਾ ਹਾਂ। ਜਿਨ੍ਹਾਂ ਦੀ ਕਵਿਤਾ ਦਾ ਸੋਮਾਂ ਉਨ੍ਹਾਂ ਤੋ ਬਾਹਰ ਹੁੰਦਾ ਹੈ, ਉਨ੍ਹਾਂ ਨੂੰ ਇਹ ਰੋਗ ਨਹੀਂ ਚੰਬੜਦਾ। ਮੈਂ ਤੇ ਮੇਰੀ ਕਵਿਤਾ ਅਜੇ ਇਕ ਜਾਨ ਹਾਂ। ਜੋ ਇਹਦੇ ਨਾਲ਼ ਹੁੰਦਾ ਹੈ, ਉਹ ਮੇਰੇ ਨਾਲ਼ ਹੁੰਦਾ ਹੈ। ਭਾਵੇਂ ਉਹਨ੍ਹੂੰ ਕਰਨ ਵਾਲਾ ਮੈਂ ਹੀ ਹੋਵਾਂ।

ਕਵਿਤਾ ਲਿਖਣੀ ਬੰਦ

ਸਵਾਲ: ਤੂੰ ਕਿਹਾ ਸੀ ਤੇਰੇ ਕੀਤੇ ਨੂੰ ਅਣਕੀਤਾ ਕਰਨ ਵਿਚ ਬਾਹਰਲੀਆਂ ਕਾਵਿ ਪ੍ਰਸਥਿਤੀਆਂ ਦਾ ਵੀ ਕਾਰਣ ਸੀ। ਉਹ ਕੇਹੜੀਆਂ ਸਨ?
ਨਵਤੇਜ: 1964 ਵਿਚ ਮੈਂ ਕਵਿਤਾ ਲਿਖਣੀ ਬੰਦ ਕਰ ਦਿੱਤੀ। ਉਹ ਰਾਹ ਬੰਦ ਹੋ ਗਿਆ ਸੀ ਜਿਸ ਤੇ ਇਹ ਤੁਰੀ ਆਉਂਦੀ ਸੀ। ਰਾਹ ਤਾਂ ਸ਼ਾਇਦ ਪਹਿਲਾਂ ਹੀ ਬੰਦ ਹੋ ਗਿਆ ਸੀ। ਕਿਸ਼ੋਰ ਉਮਰ ਦੀਆਂ ਯਾਦਾਂ ਇਸ ’ਤੇ ਫਿਰਦੀਆਂ ਸਨ। ਕੁਝ ਦੇਰ ਖੜ੍ਹਾ ਰਿਹਾ। ਇਹ ਰਾਹ ਬਣਾਉਣ ਵਾਲੇ ਅੰਮ੍ਰਿਤਾ ਪ੍ਰੀਤਮ ਤੇ ਮੋਹਨ ਸਿੰਘ ਸਨ, ਜਿਨ੍ਹਾਂ ਦੀ ਕਵਿਤਾ ਨੇ ਦਹਾਕਿਆਂ ਬੱਧੀ ਪੰਜਾਬ ਨੂੰ ਸੰਮੋਹਿਤ ਕਰੀ ਰੱਖਿਆ। ਸੈਂਕੜੇ ਕਵੀਆਂ ਨੂੰ ਕਵਿਤਾ ਲਿਖਣ ਲਾਇਆ। ਮੈ ਆਪ ਉਨ੍ਹਾਂ ਤੋਂ ਪ੍ਰੇਰਣਾ ਲੈਂਦਾ ਰਿਹਾ ਹਾਂ।
ਕੋਈ ਕਾਵਿਧਾਰਾ ਇਸ ਤਰ੍ਹਾਂ ਪੂਰੀ ਬੰਦ ਹੋ ਜਾਂਦੀ ਹੈ? ਮੋਹਨ ਸਿੰਘ 78 ਤਕ ਤੇ ਅੰਮ੍ਰਿਤਾ ਪ੍ਰੀਤਮ 2005 ਤਕ ਜਿਉਂਦੀ ਰਹੀ। ਦੋਵੇਂ ਅੰਤਲੀ ਉਮਰ ਤਕ ਲਿਖਦੇ ਰਹੇ।
ਕਾਵਿਧਾਰਾ ਨੂੰ ਉਹਦਾ ਮੁਹਾਵਰਾ ਤੋਰਦਾ ਹੈ। ਜਦੋਂ ਮੁਹਾਵਰਾ ਅਪਣੇ ਵੇਲੇ ਨੂੰ ਅਭਿਵਿਅਕਤ ਕਰਨੋਂ ਹਟ ਜਾਂਦਾ ਹੈ ਕਾਵਿਧਾਰਾ ਬੰਦ ਹੋ ਜਾਂਦੀ ਹੈ। 1964 ਪਿੱਛੋਂ ਅੰਮ੍ਰਿਤਾ-ਮੋਹਨ ਸਿੰਘ ਮੁਹਾਵਰੇ ਨਾਲ਼ ਇਹੀ ਕੁਝ ਹੋਇਆ। ਯਥਾਰਥ ਨੂੰ ਰੋਮਾਂਸ ਵਿਚ ਰੰਗ ਕੇ ਵੇਖਣ ਦਾ ਵੇਲਾ ਵਿਹਾ ਗਿਆ ਸੀ। ਅੰਮ੍ਰਿਤਾ ਪ੍ਰੀਤਮ ਨੇ ਆਪ ਉਹ ਮੁਹਾਵਰਾ ਤਿਆਗ ਦਿੱਤਾ ਸੀ। ਮੋਹਨ ਸਿੰਘ ਵਿਚ ਉਹ ਨਿਰਬਲ ਹੋ ਗਿਆ ਸੀ।
ਭਾਈ ਵੀਰ ਸਿੰਘ ਤੋਂ ਪਿੱਛੋ ਪੰਜਾਬੀ ਕਵਿਤਾ, ਦਰਸ਼ਨ-ਮੁਕਤ ਦ੍ਰਿਸ਼ਟੀ ਨਾਲ਼ ਚੀਜ਼ਾਂ ਨੂੰ ਵੇਖਣ ਦਾ ਅਭਿਆਸ ਕਰਦੀ ਹੈ। ਇਹਦੀ ਲੰਬੀ ਪਰੰਪਰਾ ਵਿਚ ਇਹ ਪਹਿਲੀ ਵਾਰ ਹੋਇਆ ਹੈ। ਭਾਈ ਵੀਰ ਸਿੰਘ ਤੇ ਪੂਰਨ ਸਿੰਘ ਪਹਿਲੀ ਪਰੰਪਰਾ ਦੇ ਅੰਤਲੇ ਕਵੀ ਹਨ। ਭਾਈ ਵੀਰ ਸਿੰਘ ਦਾ ਦਰਸ਼ਨ ਗੁਰਬਾਣੀ ਦੀ ਟੀਕਾਕਾਰੀ ਹੀ ਹੈ। ਪੂਰਨ ਸਿੰਘ ਦਾ ਦਾਰਸ਼ਨਿਕ ਰੰਗ, ਕਵਿਤਾ ਨਾਲ਼ੋਂ ਉਹਦੀ ਵਾਰਤਕ, ਉਹ ਵੀ ਅੰਗਰੇਜ਼ੀ, ਵਿਚ ਵਧੇਰੇ ਉਘੜਦਾ ਹੈ। ਪੂਰਨ ਸਿੰਘ ਨੇ ਊਂ ਵੀ ਵਾਲਟ ਵਿਟਮੈਨ ਵਾਗੂੰ ਅਣੋਖਾ ਤੇ ਇਕੱਲਾ ਹੀ ਰਹਿਣਾ ਸੀ। ਉਹਦੇ ਰਾਹ ਤੇ ਚਲਣਾ ਔਖਾ ਹੈ।
ਸਵਾਲ: ਕੀ ਦ੍ਰਿਸ਼ਟੀ ਦਰਸ਼ਨ-ਮੁਕਤ ਹੋ ਸਕਦੀ ਹੈ? ਪ੍ਰਗਤੀਵਾਦ ਵੀ ਤਾਂ ਦਰਸ਼ਨ ਹੀ ਸੀ?
ਨਵਤੇਜ: ਹੋ ਸਕਦੀ ਹੈ ਤੇ ਨਹੀਂ ਵੀ। ਤੇ ਪ੍ਰਗਤੀਵਾਦ ਦਰਸ਼ਨ ਹੈ। ਪਰ ਅਸੀਂ ਕੈਮਰੇ ਵਾਙੂੰ ਨਹੀਂ ਵੇਖਦੇ। ਸੱਪ ਵੇਖਦੇ ਹਾਂ, ਤਾਂ ਉਸਦੀ ਜ਼ਹਿਰ ਵੀ ਦਿਸ ਜਾਂਦੀ ਹੈ ਤੇ ਜ਼ਹਿਰ ਵਿਚਲੀ ਮੌਤ ਵੀ। ਇਕ ਸਪੇਰੇ ਨੂੰ ਸ਼ਾਇਦ ਸੱਪ ਵਿਚੋਂ ਮੌਤ ਦੀ ਥਾਂ ਜਿਉਣ ਦਾ ਸਾਧਨ ਦਿਸਦਾ ਹੋਵੇ। ਕੈਮਰੇ ਨੂੰ ਇਹ ਕੁਝ ਨਹੀਂ ਦਿਸਦਾ। ਸਾਡੀ ਵੇਖਣੀ ਸਾਂਸਕ੍ਰਿਤਿਕ ਹੈ ਤੇ ਉਪਯੋਗਿਕ ਹੈ। ਇਸ ਅਰਥ ਵਿਚ ਦ੍ਰਿਸ਼ਟੀ ਦਰਸ਼ਨ ਮੁਕਤ ਨਹੀਂ ਹੁੰਦੀ। ਹੋਰ ਅਰਥ ਵਿਚ ਹੁੰਦੀ ਹੈ। ਉਸ ਵਿਚ ਇਹ ਸਾਂਸਕ੍ਰਿਤਿਕ ਉਪਯੋਗਤਾ ਨੂੰ ਤ੍ਰਿਸਕਾਰਦੀ ਨਹੀਂ, ਪਰ ਉਸ ਵਿਚ ਕੈਦ ਵੀ ਨਹੀਂ ਹੁੰਦੀ। ਲੋੜ ਨਾਲ਼ ਬੱਝੀ ਚੀਜ਼ ਲੋੜ ਖ਼ਤਮ ਹੋਣ ਤੇ ਖ਼ਤਮ ਹੋ ਜਾਂਦੀ ਹੈ।
ਪ੍ਰਗਤੀਵਾਦ ਨਿਸਚੇ ਦਰਸ਼ਨ ਹੈ, ਪਰ ਸਾਡੇ ਪ੍ਰਗਤੀਵਾਦੀ ਕਵੀ ਦਾਰਸ਼ਨਿਕ ਨਹੀਂ ਸਨ। ਉਨ੍ਹਾਂ ਦਾ ਪ੍ਰਗਤੀਵਾਦ ਰੋਮਾਂਸ ਤੇ ਭਾਵੁਕਤਾ ਤੋ ਅੱਗੇ ਸੁਰਤੀ ਤੇ ਵਿਵੇਕ ਤਕ ਨਹੀਂ ਜਾਂਦਾ। ਪ੍ਰਗਤੀਵਾਦ ਉਨ੍ਹਾਂ ਦੀ ਸਾਂਸਕ੍ਰਿਤਿਕ ਲੋੜ ਵੱਧ ਸੀ ਤੇ ਕਾਵਿਕ ਘਟ।
ਅੰਮ੍ਰਿਤਾ-ਮੋਹਨ ਮੁਹਾਵਰਾ ਏਨਾ ਪ੍ਰਚਲਿਤ ਤੇ ਪ੍ਰਵਾਨਿਤ ਸੀ ਕਿ ਇਹਨੇ ਸੌ ਫੁੱਲ ਖਿੜਨ ਨਹੀਂ ਦਿੱਤੇ। ਹਰਿਭਜਨ ਸਿੰਘ ਦੀ ਤਾਰ ਤੁਪਕਾ (1957) ਇਸ ਖੜੋਤ ਵਿਚੋਂ ਪਹਿਲੀ ਛਾਲ਼ ਸੀ। ਛਾਲ਼ ਵੱਡੀ ਸੀ ਪਰ ਸੀ ਵਿਵੇਕ ਦੇ ਪੱਧਰ ’ਤੇ। ਸੁਰਤੀ ਦੇ ਅਨੁਭਵ ਤਕ ਨਹੀਂ ਪਹੁੰਚੀ ਸੀ। ਸ਼ਾਇਦ ਉਹਦਾ ਅਜੇ ਵੇਲਾ ਨਹੀਂ ਆਇਆ ਸੀ। ਚਲਦੇ ਗੀਤ ਵਿਚ ਉਹ ਗੋਸ਼ਟੀ ਕਰਨ ਲਗ ਪਿਆ ਸੀ। ਤਾਰ ਤੁਪਕਾ ਚਲ ਰਹੇ ਸੰਗੀਤ ਵਿਚ ਵਿਵਾਦੀ ਸੁਰ ਸੀ। ਭਾਵੇਂ ਉਹਨੇਂ ਭਾਵ ਤੋਂ ਭਾਵੁਕਤਾ ਅਤੇ ਪਿਆਰ ਤੋ ਰੋਮਾਂਸ ਦਾ ਉਛਾੜ ਲਾਹ ਦਿੱਤਾ ਸੀ, ਪਰ ਇਹ ਅੰਮ੍ਰਿਤਾ ਮੋਹਨ ਦੇ ਮੁਹਾਵਰੇ ਦਾ ਬਦਲ ਨਹੀਂ ਸੀ। ਪਰ ਹਰਿਭਜਨ ਅਨੁਭਵੀ ਸੀ, ਬਹੁਤਾ ਚਿਰ ਉਸ ਟੂਣੇ ਵਿਚ ਨਹੀਂ ਰਹਿ ਸਕਦਾ ਸੀ। 1970 ਵਿਚ ਉਹਨੇ ‘ਮੈਂ ਜੋ ਬੀਤ ਗਿਆ’ ਵਿਚ ਪਹਿਲੇ ਹਰਿਭਜਨ ਸਿੰਘ ਨੂੰ ਅਪਣੇ ਆਪ ਵਿਚੋਂ ਕੱਢ ਦਿੱਤਾ।
ਹਰਿਭਜਨ, ਹਰਿੰਦਰ ਤੇ ਮੈਂ ਅੰਮ੍ਰਿਤਾ-ਮੋਹਨ ਮੁਹਾਵਰੇ ਦੇ ਤਿੰਨ ਕਾਵਿ ਪ੍ਰਤਿਕਰਮ ਹਾਂ। ਹਰਿਭਜਨ 1970 ਪਿੱਛੋਂ ਰੁੱਖ ਤੇ ਰਿਸ਼ੀ ਵੱਲ ਤੁਰ ਪਿਆ। ਹਰਿੰਦਰ ਸਿੱਖ ਵਿਰਸੇ ਵੱਲ ਮੁੜ ਪਿਆ। ਤੇ ਮੈਂ ਕਵਿਤਾ ਵਿੱਚੋਂ ਹੀ ਨਹੀਂ ਦੇਸ ਤੋਂ ਬਾਹਰ ਨਿਕਲ ਗਿਆ। ਹਰਿਭਜਨ ਤੇ ਹਰਿੰਦਰ ਅਪਣੀ ਭਸਮ ਚੋਂ ਛੇਤੀ ਸੁਰਜੀਤ ਹੋ ਗਏ, ਮੈਨੂੰ ਪੱਚੀ ਵਰ੍ਹੇ ਲਗ ਗਏ।
ਸਵਾਲ: ਅੰਮ੍ਰਿਤਾ-ਮੋਹਨ ਦੇ ਕਾਵਿ ਮੁਹਾਵਰੇ ਦਾ ਕੀ ਬਦਲ ਹੈ?
ਨਵਤੇਜ: ਮੈਨੂੰ ਪੂਰਾ ਪਤਾ ਨਹੀਂ। ਜਿਸ ਮੁਹਾਵਰੇ ਦਾ ਬਦਲ ਲਭ ਰਹੇ ਹਾਂ ਉਹਦੀਆਂ ਜੜਾਂ ਭਾਵੁਕਤਾ ਵਿਚ ਹਨ। ਗੁਰਬਾਣੀ ਅਤੇ ਸੂਫੀ ਕਾਵਿ ਦੇ ਮੁਹਾਵਰੇ ਦੀਆਂ ਸੁਰਤੀ (consciousness) ਵਿਚ। ਭਾਵੁਕਤਾ, ਅਫ਼ਲਾਤੂਨ ਕਹਿੰਦਾ ਹੈ, ਸੱਤ ਨੂੰ ਗੰਧਲਾ ਕਰ ਦਿੰਦੀ ਹੈ। ਏਸੇ ਕਰਕੇ ਉਹ ਕਵਿਤਾ ਨੂੰ ਨਿੰਦਦਾ ਹੈ। ਪਰ ਅਫ਼ਲਾਤੂਨ ਦਾ ਸੱਤ ਨਿੱਤਰਿਆ ਹੋਇਆ ਹੈ, ਕਿਉਂਕਿ ਇਹ ਵਿਚਾਰ ਦਾ ਹੈ। ਭਾਵੁਕਤਾ ਦਾ ਸੱਚ ਉਹਨੂੰ ਗੰਧਲਾ ਲਗਦਾ ਹੈ ਕਿਉਂਕਿ ਇਹ ਸਰੀਰ ਵਿਚ ਲਿਬੜਿਆ ਹੁੰਦਾ ਹੈ। ਸੁਰਤੀ ਦੋਹਾਂ ਦਾ ਸੰਗਮ ਹੈ, ਚਿੱਕੜ ਵਿਚ ਖਿੜਿਆ ਹੋਇਆ ਕੰਵਲ। ਇਸ ਸੰਗਮ ਚੋਂ ਨਵਾਂ ਮੁਹਾਵਰਾ ਉਪਜਣਾ ਹੈ। ਇਹਦੀ ਝਲਕ ਹਰਿਭਜਨ ਸਿੰਘ ਦੀ ਪੁਸਤਕ ਰੁੱਖ ਤੇ ਰਿਸ਼ੀ ਵਿਚ ਮੈਨੂੰ ਦਿਸਦੀ ਹੈ।

ਪਰਵਾਸ ਦਾ ਅਨੁਭਵ

ਸਵਾਲ: ਤੇਰਾ ਪਰਵਾਸ ਦਾ ਅਨੁਭਵ ਕੇਹੋ ਜਿਹਾ ਹੈ?
ਨਵਤੇਜ: ਮੈਨੂੰ ਅਜੇ ਤਕ ਪਰਵਾਸੀ ਹੋਣ ਦਾ ਅਨੁਭਵ ਨਹੀਂ ਹੋਇਆ। ਮੈਂ 14 ਮਈ 1968 ਨੂੰ ਕਨੇਡਾ ਪਹੁੰਚਿਆ ਸੀ। ਟੋਰਾਂਟੋ ਏਅਰਪੋਰਟ ਤੇ ਮੇਰੇ ਭਾਰਤੀ ਪਾਸਪੋਰਟ ਵਿਚ ਇਮੀਗ੍ਰੇਸ਼ਨ ਦੀ ਮੁਹਰ ਲੱਗੀ। ਮੈ ਪਰਵਾਸੀ ਹੋ ਗਿਆ। ਪੰਜ ਸਾਲਾਂ ਪਿੱਛੋਂ ਮੈਨੂੰ ਕਨੇਡੀਅਨ ਪਾਸਪੋਰਟ ਮਿਲ਼ ਗਿਆ। ਮੈਂ ਕਨੇਡੀਅਨ ਨਾਗ੍ਰਿਕ ਬਣ ਗਿਆ। ਮੁਹਰ ਲਗਣ ਤੋਂ ਪਹਿਲਾਂ ਮੈ ਓਵੇਂ ਵੇਖਦਾ (ਕੀ?) ਸੀ, ਜਿਵੇ ਮੁਹਰ ਲੱਗਣ ਤੋਂ ਪਿੱਛੋਂ। ਕਨੇਡੀਅਨ ਪਾਸਪੋਰਟ ਮਿਲਣ ਤੇ ਵੀ ਮੈ ‘ਹੋਰ ਕੁਛ ਨਹੀ ਬਣਿਆ’।
ਮੈਂ ਕਨੇਡੇ ਦੀ ਬਰਫ਼ ਦੇ ਡਿਗਦੇ ਗੋੜ੍ਹਿਆਂ ਵਿਚ ਚਿੱਟਾ ਹੋਇਆ ਹਾਂ, ਇਹਦੇ ਸ਼ਾਂਤ ਤੇ ਅੰਧ ਮਹਾਂਸਾਗਰਾਂ ਵਿਚ ਛਾਲ਼ਾਂ ਲਾਈਆਂ ਹਨ, ਪੱਤਝੜ ਦੇ ਰੰਗਾਂ ਦੀ ਲੁੱਟ ਪੈਂਦੀ ਵੇਖੀ ਹੈ, ਪਰ ਮੈਨੂੰ ਅਜੇ ਤਕ ‘ਪਰਵਾਸ’ ਨਹੀਂ ਦਿਸਿਆ।
ਜੇ ਕਿਸੇ ਫ਼ੈਕਟਰੀ ਵਿਚ ਕੰਮ ਕਰਨਾ ਪੈਂਦਾ ਤਾਂ ਦਿਸ ਪੈਣਾ ਸੀ!
ਮੈਂ ਫ਼ੈਕਟਰੀ ਵਿਚ ਕੰਮ ਕੀਤਾ ਹੈ, ਮੁਰਗ਼ੇ ਸਾਫ਼ ਕਰਕੇ ਪੈਕ ਕਰਨ ਦਾ। ਜੇ ਏਹੋ ਜਿਹੇ ਕੰਮ ਨਾਲ਼ ਹੀ ਮੈ ਪਰਵਾਸੀ ਹੋਣਾ ਸੀ, ਤਾਂ ਲੁਧਿਆਣੇ ਦੇ ਮਿਲਰਗੰਜ ਦਾ ਕਾਮਾ ਮੇਰੇ ਨਾਲ਼ੋਂ ਵੱਧ ਪਰਵਾਸੀ ਹੈ। ਤੇ ਮੇਰੇ ਪਿੰਡ ਦਾ ਦਲਿਤ ਉਸ ਤੋਂ ਵੀ ਵੱਧ। ਉਹ ਤਾ ਸ਼ਾਇਦ ਪਰਵਾਸੀ ਵੀ ਨਹੀ। ਪਰਵਾਸੀ ਹੋਣ ਵਾਸਤੇ ਵਾਸੀ ਹੋਣਾ ਜ਼Lਰੂਰੀ ਹੈ। ਮੈਨੂੰ ਨਹੀਂ ਲੱਗਦਾ, ਉਹ ਕਿਤੇ ‘ਵਸਦੇ’ ਹਨ। ਮਾਰਕਸ ਤਾਂ ਇਸ ਤੋਂ ਵੀ ਅੱਗੇ ਜਾਂਦਾ ਹੈ। ਉਹ ਕਹਿੰਦਾ ਹੈ ਕਿ ਪੂੰਜੀਵਾਦ ਕਿਰਤੀ ਤੋਂ ਮਨੁੱਖਤਵ ਵੀ ਖੋਹ ਲੈਂਦਾ ਹੈ ਤੇ ਉਹਨੂੰ ਵਸਤ (ਚੋਮਮੋਦਟਿੇ) ਬਣਾ ਦਿੰਦਾ ਹੈ। ਉਹਦੇ ‘ਵਸਣ’ ਲਈ ਅੰਦਰਲੀ ਥਾਂ ਵੀ ਨਹੀਂ ਬਚਦੀ। ਦੇਸ ਪਰਦੇਸ ਦੋਵੇਂ ਅਰਥਹੀਣ ਹੋ ਜਾਂਦੇ ਹਨ। ਮਾਰਕਸ ਇਸ ਵਰਤਾਰੇ ਨੂੰ ਏਲਿਅਨੇਸ਼ਨ (ਅਲਇਨਅਟiੋਨ) ਕਹਿੰਦਾ ਹੈ ਪਰ ਅਜ ਦੇ ਪ੍ਰਸੰਗ ਵਿਚ ਇਹਨੂੰ ਪਰਵਾਸ ਵੀ ਕਿਹਾ ਜਾ ਸਕਦਾ ਹੈ; ਮਨੁੱਖ ਦਾ ਅਪਣੇ ਆਪ ਤੋਂ ਪਰਵਾਸੀ ਹੋਣਾ। ਇਸ ਅੰਤਰਦ੍ਰਿਸ਼ਟੀ ਤੋਂ ਵੇਖਿਆਂ ਪਰਵਾਸ ਵਧੇਰੇ ਵਿਆਪਕ ਤੇ ਵੀਭੑਤਸ ਬਣ ਜਾਂਦਾ ਹੈ। ਇਹ ਦੇਸ ਪਰਦੇਸ ਅਤੇ ਵਿਸ਼ੇਸ਼ ਸਿਧਾਤਾਂ ਦੀਆਂ ਸਰਹੱਦਾਂ ਤੋ ਬਾਹਰ ਨਿਕਲ਼ ਜਾਂਦਾ ਹੈ। ਕਈ ਵਾਰ ਤਾਂ ਲੱਗਦਾ ਹੈ, ਇਹ ਪਰਵਾਸ ਮਨੁੱਖ ਦੇ ਨਿਅੰਤ੍ਰਣ ਤੋਂ ਵੀ ਬਾਹਰ ਨਿਕਲ ਗਿਆ ਹੈ।
ਸਵਾਲ: ਤੈਨੂੰ ਕੈਨੇਡਾ ਵਿਚ ਬਰਫ਼, ਪਤਝੜ ਦੇ ਰੰਗ, ਝੀਲਾਂ ਸਮੁੰਦਰ ਦਿਸਦੇ ਹਨ, ਪਰ ਪਰਵਾਸ ਨਹੀਂ। ਇਹ ਕਿਉਂ?
ਨਵਤੇਜ: ਮੈਨੂੰ ਓਹੀ ਦਿਸਣਾ ਸੀ, ਜੋ ਓਥੇ ਸੀ। ਤੇ ਜੋ ਓਥੇ ਸੀ ਉਹ ਮੈਨੂੰ ਸੰਤਾਪ ਨਹੀਂ ਲੱਗਿਆ। ਮੈ ਪਰਵਾਸ ਦੇ ਇਹੀ ਅਰਥ ਸੁਣੇ ਸਨ। ਇਸ ਕਰਕੇ ਮੈਂ ਕਿਹਾ ਸੀ, ਮੈਨੂੰ ਪਰਵਾਸ ਨਹੀਂ ਦਿਸਿਆ।
ਸਵਾਲ: ਬਹੁਤੇ ਲੋਕਾਂ ਨੂੰ ਪਰਵਾਸ ਵਿਚ ਸੰਤਾਪ ਕਿਉਂ ਦਿਸਦਾ ਹੈ?
ਨਵਤੇਜ: ਕਈ ਵਾਰ ਅਸੀਂ ਉਹੀ ਵੇਖਦੇ ਹਾਂ, ਜੋ ਸਾਨੂੰ ਵੇਖਣ ਲਈ ਦੱਸਿਆ ਗਿਆ ਹੁੰਦਾ ਹੈ। ਮੈਨੂੰ ਲਗਦਾ ਹੈ, ਪਰਵਾਸ ਵਿਚ ਸੰਤਾਪ ਵੇਖਣ ਵਾਲੇ ਬਹੁਤੇ ਉਹ ਹਨ, ਜਿਹੜੇ ਪੰਜਾਬ ਤੋਂ ਬਾਹਰ ਨਹੀਂ ਨਿਕਲੇ। ਉਹ ਦੂਰ-ਦ੍ਰਸ਼ਟੇ ਵੀ ਹਨ, ਸੰਤਾਪ-ਦ੍ਰਸ਼ਟੇ ਵੀ। ਕੈਨੇਡੇ ਤੋਂ ਪਹਿਲੀ ਦੇਸ ਵਾਪਸੀ ਤੇ ਜਦ ਮੈ ਅਪਣੇ ਕਿਸੇ ਮਿੱਤਰ ਨੂੰ ਪੁੱਛਿਆ, “ਕੀ ਹਾਲ ਹੈ”? ਤਾਂ ਉਹਦਾ ਉੱਤਰ ਸੀ, “ਸਾਡਾ ਹਾਲ ਤਾਂ ਚੰਗਾ ਹੀ ਚੰਗਾ ਹੈ ਤੂੰ ਅਪਣਾ ਦੱਸ ਜਿਹੜਾ ਪਰਵਾਸ ਦਾ ਸੰਤਾਪ ਭੋਗਦਾ ਹੈ।” ਅਜ ਕਲ ਏਧਰਲੀਆਂ ਯੂਨੀਵਰਸਿਟੀਆਂ ਦੇ ਵਿਦਵਾਨ ਪਰਵਾਸ ਵਾਸਤੇ ਯੂਨਾਨੀ ਸ਼ਬਦ ਡਾਇਸਪੋਰਾ ਵਰਤਣ ਲੱਗ ਪਏ ਹਨ। ਇਹ ਮੁੱਢ ਵਿਚ ਯਹੂਦੀ ਉਜਾੜੇ ਲਈ ਵਰਤਿਆ ਜਾਂਦਾ ਸੀ। ਪੰਜਾਬੀ ਪਰਵਾਸ ਉਹੋ ਜਿਹਾ ਉਜਾੜਾ ਨਹੀਂ। ਯਹੂਦੀਆਂ ਨੂੰ ਉਜੜਨ ਦਾ ਸਰਾਪ ਹੈ, ਪੰਜਾਬੀਆਂ ਨੂੰ ਨਹੀਂ। ਬਾਬੇ ਨਾਨਕ ਨੇ ਤਾਂ ਸਗੋਂ ਇਹਦਾ ਵਰ ਦਿੱਤਾ ਸੀ। ਅਸੀਂ ‘ਪਰਵਾਸ’ ਨੂੰ ਰੋਮਾਂਸ ਦੀ ਧੁੰਦ ਵਿਚ ਲਪੇਟ ਦਿੱਤਾ ਹੈ। ‘ਹੇਰਵੇ’ ਦਾ ਲੇਬਲ ਲੱਗ ਕੇ ਧਰਤੀ ਬਦਲਣ ਦਾ ਦੁੱਖ ਵੀ ਦੁੱਖ ਨਹੀਂ ਰਹਿੰਦਾ।

ਸਵਾਲ: ਤੈਨੂੰ ਪਰਵਾਸ ਨੇ ਦੁਖੀ ਨਹੀਂ ਕੀਤਾ?
ਨਵਤੇਜ: ਨਹੀਂ। ਦੁੱਖ ਦੋਫਾੜ ਹੋਣ ਵਿੱਚੋਂ ਆਉਂਦਾ ਹੈ। ਮੈ ਕੈਨੇਡਾ ਵਿਚ ਆਪਣੇ ਆਪ ਨੂੰ ਦੋਫਾੜ ਨਹੀਂ ਹੋਣ ਦਿੱਤਾ। ਇਸ ਕਰਕੇ ਮੈ ਇਹਦੇ ਨਾਲ ਲੜਿਆ ਨਹੀਂ। ਆਉਣ ਵੇਲੇ ਮੈਂ ਅਪਣੇ ਸੂਟਕੇਸ ਵਿਚ ਉਹੀ ਚੀਜ਼ਾਂ ਰੱਖੀਆਂ ਸਨ, ਜਿਹੜੀਆਂ ਏਥੇ ਕੰਮ ਆਉਣੀਆਂ ਸਨ। ਬਾਕੀ ਸਿਮਰਤੀਆਂ, ਸੰਸਕਾਰ, ਤੇ ਸਾਂਸਕ੍ਰਿਤਕ ਅਭਿਮਾਨ ਮੈਂ ਓਥੇ ਛਡ ਆਇਆ ਸੀ।
ਸਵਾਲ: ਪਰਵਾਸੀ ਦੋਫਾੜ ਕਿਵੇਂ ਹੁੰਦਾ ਹੈ?
ਨਵਤੇਜ: ਉਹਦਾ ਇਕ ਪੈਰ ਧਰਤੀ ’ਤੇ ਹੁੰਦਾ ਹੈ ਦੂਜਾ ਸਿਮਰਤੀ ਵਿਚ। ਧਰਤੀ ਨਵੇਂ ਦੇਸ ਦੀ, ਸਿਮਰਤੀ ਪੁਰਾਣੇ ਦੀ। ਜਿੰਨਾ ਚਿਰ ਨਵੀਂ ਧਰਤੀ ਤੇ ਧਿਜਦਾ ਨਹੀਂ, ਉਹ ਦੂਜਾ ਪੈਰ ਨਹੀ ਪੁੱਟਦਾ। ਕਈ ਵਾਰ ਦੂਜਾ ਪੈਰ ਪੁੱਟਣ ਦੀ ਸੱਤਿਆ ਨਹੀਂ ਰਹਿੰਦੀ, ਸਿਮਰਤੀ ਦਲਦਲ ਬਣ ਜਾਂਦੀ ਹੈ। ਕਈ ਵਾਰ ਨਵੀਂ ਧਰਤੀ ’ਤੇ ਉਹਦਾ ਚਿੱਤ ਨਹੀਂ ਭਿੱਜਦਾ। ਕਈ ਲੰਗੂਰ ਦੂਜੇ ਦਰੱਖਤ ਤਕ ਛਾਲ਼ ਮਾਰਨ ਤੋਂ ਪਹਿਲਾਂ ਪੂਛ ਪਹਿਲੇ ਨਾਲ ਵਲੇਟ ਲੈਂਦੇ ਹਨ। ਡਿਗਣ ਤੋਂ ਬਚ ਜਾਂਦੇ ਹਨ, ਪਰ ਨਵੇਂ ਤਕ ਨਹੀਂ ਉਪੜਦੇ।
ਸਵਾਲ: ਤੂੰ ਸਿਮਰਤੀਆਂ ਨੂੰ ਕਿਵੇਂ ਤਿਆਗਿਆ?
ਨਵਤੇਜ: ਮੈਂ ਉਨ੍ਹਾਂ ਨੂੰ ਤਿਆਗਿਆ ਨਹੀਂ। ਬਸ ਉਨ੍ਹਾਂ ਨੂੰ ਫੜਿਆ ਨਹੀਂ। ਅਸੀਂ ਉਨ੍ਹਾਂ ਨੂੰ ਫੜਦੇ ਹਾਂ, ਓਦੋਂ ਹੀ ਉਹ ਸਾਨੂੰ ਫੜਦੀਆਂ ਹਨ।
ਸਵਾਲ: ਤੈਨੂੰ ਅਪਣਾ ਪਿੰਡ ਜਾਂ ਪਟਿਆਲਾ ਚੇਤੇ ਆਉਂਦਾ ਹੈ?
ਨਵਤੇਜ: ਪਿੰਡ ਜਾਂ ਪਟਿਆਲਾ ਨਹੀਂ, ਪਿੰਡ ਦਾ ਕੱਚਾ ਘਰ, ਕੂਕਿਆਂ ਦੀ ਖੂਹੀ, ਤੇ ਜੰਡ ਦਾ ਦਰੱਖਤ। ਪਟਿਆਲੇ ਦੀ ਮਾਲ ਰੋਡ, ਭੂਤਵਾੜਾ, ਮਹਿੰਦਰਾ ਕਾਲਜ ਦੇ ਗੁੰਬਦ ਤੇ ਮੌਲਸਰੀਆਂ ਯਾਦ ਆਉਂਦੀਆਂ ਹਨ। ਮਿੱਤਰ ਬੇਲੀ ਯਾਦ ਆਉਂਦੇ ਹਨ। ਕਈ ਵਾਰ ਉਹ ਯਾਦਾਂ ਵੀ ਆ ਜਾਂਦੀਆਂ ਹਨ, ਜਿਹੜੀਆਂ ਵਿਸਰ ਗਈਆਂ ਹੁੰਦੀਆਂ ਹਨ।
ਸਵਾਲ: ਯਾਦਾਂ ਉਦਾਸ ਨਹੀਂ ਕਰਦੀਆਂ?
ਨਵਤੇਜ: ਕਰਦੀਆਂ ਹਨ; ਪਰ ਖ਼ੁਸ਼ ਵੀ ਕਰਦੀਆਂ ਹਨ। ਪਰ ਉਹ ਮੇਰੇ ਨਾਲ ਚੰਬੜਦੀਆਂ ਨਹੀਂ, ਨਾ ਮੈਂ ਉਨ੍ਹਾਂ ਨਾਲ ਚੰਬੜਦਾ ਹਾਂ। ਸਾਡਾ ਆਪਸ ਵਿਚ ਸਮਝੌਤਾ ਹੈ। ਸਿਮਰਤੀ ਦੇ ਹਰਖ ਸੋਗ ਸਿਮਰਤੀ ਦੇ ਹੀ ਰਹਿੰਦੇ ਹਨ। ਸਿਮਰਤੀ ਨਾਲ ਉਚਿਤ ਸਮਝੌਤਾ ਦੇਸ ਪਰਦੇਸ ਦੇ ਅਰਥ ਬਦਲ ਦਿੰਦਾ ਹੈ। 1961 ਵਿਚ ਅਸੀਂ, ਭੂਤਵਾੜੇ ਦੇ ਕੁਝ ਭੂਤ, ਪਹਾੜਾਂ ’ਤੇ ਘੁੰਮਦੇ ਫਿਰਦੇ ਰਾਮਪੁਰੇ ਬੁਸ਼ਹਿਰ ਕਿਸੇ ਬੰਦੇ ਨੂੰ ਮਿਲੇ, ਜੋ ਪਟਿਆਲੇ ਵੱਲ ਦਾ ਸੀ ਤੇ ਕਈ ਵਰਿ੍ਹਆਂ ਤੋਂ ਉਥੇ ਕਪੜੇ ਸਿਉਣ ਦਾ ਕੰਮ ਕਰਦਾ ਸੀ। “ਪਰਿਵਾਰ ਨੂੰ ਮਿਲਿਆਂ ਕਿੰਨਾ ਚਿਰ ਹੋਇਐ?” ਅਸੀਂ ਪੁੱਛਿਆ। “ਰੋਜ ਮਿਲੀਦੈ। ਆਥਣੇ ਵਿਹਲਾ ਹੋਕੇ ਅੱਖਾਂ ਮੀਚਦਾਂ, ਸਾਰੇ ਕੋਲ ਆ ਜਾਂਦੇ ਐ। ਯਾਦ ਕਰਨ ਦੀ ਬੜੀ ਮੌਜ ਐ ਜੀ, ਆਹ ਪਰਦੇਸ ਲਗਦਾ ਈ ਨਈਂ।”
ਦੂਜੇ ਪਾਸੇ ਸਿਮਰਤੀ ਹੀ ਸਾਨੂੰ ਦਸਦੀ ਹੈ ਕਿ ਜਿੱਥੇ ਅਸੀ ਹੁਣ ਹਾਂ, ਪਹਿਲਾਂ ਨਹੀ ਸੀ। ਤੇ ਇਹ ਪਰਵਾਸ ਹੈ ਤੇ ਪਰਵਾਸ ਵਿਚ ਸੰਤਾਪ ਹੈ।
ਸਵਾਲ: ਪਰਵਾਸ ਵਿਚ ਪਹਿਲਾ ਕਦਮ ਰੱਖਣ ਵੇਲੇ ਕਿਵੇਂ ਮਹਿਸੂਸ ਕੀਤਾ?
ਨਵਤੇਜ: ਜਿਵੇਂ ਖੁੱਲ੍ਹੀਆਂ ਅੱਖਾਂ ਨਾਲ਼ ਸੁਪਨੇ ਵਿਚ ਪ੍ਰਵੇਸ਼ ਕੀਤਾ ਹੋਵੇ। ਇਹ ਮੇਰਾ ਇਕੱਲੇ ਦਾ ਨਹੀਂ ਸੀ, ਉਸ ਪੂਰੇ ਦਹਾਕੇ ਦਾ ਸੁਪਨਾ ਸੀ। ਸੋ ਮੇਰਾ ਪਹਿਲਾ ਕਦਮ ਪਰਵਾਸ ਵਿਚ ਨਹੀਂ, ਉਸ ਸੁਪਨੇ ਵਿਚ ਟਿਕਿਆ ਸੀ। ਦਿਨ 14 ਮਈ 1968 ਦਾ ਸੀ। ਉਸ ਤੋਂ ਪੰਜ ਵਰ੍ਹੇ ਪਹਿਲਾਂ 28 ਅਗਸਤ 1963 ਨੂੰ ਦੋ ਲੱਖ ਲੋਕਾਂ ਸਾਹਵੇਂ ਅਮਰੀਕਾ ਦੇ ਕਾਲੇ ਨੇਤਾ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਭਾਸ਼ਣ ਕੀਤਾ ਸੀ। ਇਹ ਵੀਹਵੀਂ ਸਦੀ ਦਾ ਸਰਵ ਸ੍ਰੇਸ਼ਟ ਭਾਸ਼ਣ ਮੰਨਿਆ ਜਾਂਦਾ ਹੈ, ਕਿਉਂਕਿ ਇਹਦੇ ਵਿਚ ਕਿੰਗ ਨੇ ਉਸ ਸੁਪਨੇ ਦੀ ਨੁਹਾਰ ਉਲੀਕੀ ਸੀ। ਰਾਗ ਦੀ ਸਥਾਈ ਤੁਕ ਵਾਙੂੰ ਕਿੰਗ ਬਾਰ ਬਾਰ ਉਚਰਦਾ ਹੈ – ‘ਆਈ ਹੈਵ ਏ ਡਰੀਮ’, ‘ਆਈ ਹੈਵ ਏ ਡਰੀਮ’। ਮੇਰੇ ਕੈਨੇਡੇ ਪਹੁੰਚਣ ਤੋਂ ਇਕ ਮਹੀਨਾ ਪਹਿਲਾਂ ਉਹਨੂੰ ਗੋਲੀ ਨਾਲ ਮਾਰ ਦਿੱਤਾ ਗਿਆ, ਪਰ ਓਦੋਂ ਤਕ ਉਹ ਲੱਖਾਂ ਲੋਕਾਂ ਦੇ ਸੁਪਨੇ ਵਿਚ ਪ੍ਰਵੇਸ਼ ਕਰ ਚੁੱਕਾ ਸੀ। ਇਹੀ ਸੁਪਨਾ ਸੀ, ਜਿਸ ਵਿਚ ਮੈ ਪ੍ਰਵੇਸ਼ ਕੀਤਾ ਸੀ।
ਟੋਰਾਂਟੋ ਪਹੁੰਚਣ ਤੋਂ ਅਗਲੀ ਰਾਤ ਅਜਮੇਰ ਨਾਲ਼ ਮੈਂ ਜੈਜ਼ ਸੰਗੀਤਕਾਰ ਲੂਈ ਆਰਮਸਟ੍ਰਾਂਗ ਨੂੰ ਸੁਣਿਆ। ਭੂਤਵਾੜੇ ਵਿਚ ਲਾਲੀ ਨੇ ਉਹਦੀ ਸੋਭਾ ਕੀਤੀ ਸੀ। ਪਰ ਕਬੀਰ ਸਹੀ ਹੈ “ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ”। ਅਸੀਂ ਮੂਹਰਲੀਆਂ ਸੀਟਾਂ ’ਤੇ ਬੈਠੇ ਸੀ, ਉਹਦੇ ਸਰੀਰ ਦਾ ਸੇਕ ਮਹਿਸੂਸ ਕਰ ਸਕਦੇ ਸੀ। ਉਹ ਸਾਰੇ ਸਰੀਰ ਨਾਲ ਗਾਉਂਦਾ ਸੀ ਤੇ ਸਾਰੇ ਸਰੀਰ ਨਾਲ ਹੱਸਦਾ ਸੀ। ਪਤਾ ਨਹੀਂ ਲਗਦਾ ਸੀ, ਕਦੋਂ ਗਾਉਂਦਾ ਸੀ ਤੇ ਕਦੋਂ ਹੱਸਦਾ। ਉਹਦੀ ਆਵਾਜ਼ ਦੂਰੋਂ ਆਉਂਦੀ ਸੀ, ਸਦੀਆਂ ਦੀ ਦੂਰੀ ਤੋਂ। ਕਾਲਿਆਂ ਦੇ ਦੁੱਖ ਨਾਲ ਭਰੀ ਹੋਈ। ਇਹਦਾ ਕੁਝ ਅਨੁਮਾਨ ਉਹਦੇ ਗੀਤ “ਕਦੇ ਕਦੇ ਮੈਂ ਮਹਿਸੂਸ ਕਰਦਾਂ, ਮੈ ਮਾਂ-ਮਹਿੱਟਰ ਬੱਚਾ ਹਾਂ” (sometimes I feel like a motherless child) ਤੋਂ ਲਗ ਸਕਦਾ ਹੈ। ਇਤਿਹਾਸ ਅਜੇ ਅੱਖਰਾਂ ਵਿਚ ਨਹੀਂ ਆਇਆ ਸੀ, ਜਦੋਂ ਦਾ ਕਾਲਾ ਵਿਕਦਾ ਹੈ, ਤੇ ਉਹਨੂੰ ਮਾਂ ਬਾਹਰਾ ਹੋਣ ਦਾ ਅਹਿਸਾਸ ਹੁੰਦਾ ਹੈ। ਪਰ ਲੂਈ ਆਰਮਸਟ੍ਰਾਂਗ ਦੀ ਸ਼ਕਤੀ ਉਹਦੇ ਹੱਸਣ ਵਿਚ ਹੈ। ਉਹਦਾ ਗੀਤ ਸਰੋਤੇ ਨੂੰ ਦੁੱਖ ਵਿਚ ਡੁੱਬਣ ਨਹੀਂ ਦਿੰਦਾ।
ਸੋ ਮੇਰੇ ਪਰਵਾਸ ਦਾ ਦੂਜਾ ਕਦਮ ਲੂਈ ਦੇ ਹਾਸੇ ਤੇ ਗੀਤ ਵਿਚ ਟਿਕਿਆ ਸੀ।
ਸਵਾਲ: ਓਦੋਂ ਟੋਰਾਂਟੋ ਵਿਚ ਅਪਣੇ ਲੋਕ ਕਿੰਨੇ ਕੁ ਸਨ?
ਨਵਤੇਜ: ਵਿਰਲੇ-ਵਿਰਲੇ ਦੇ ਦਰਸ਼ਨ ਹੁੰਦੇ ਸਨ। ਅਜ ਕਲ ਕੁਝ ਹਿੱਸਿਆਂ ਵਿਚ ਗ਼ੈਰ-ਪੰਜਾਬੀ ਵਿਰਲਾ ਵਿਰਲਾ ਦਿਸਦਾ ਹੈ।
ਸਵਾਲ: ਓਦੋਂ ਤਾਂ ਪਰਵਾਸ ਮਹਿਸੂਸ ਹੁੰਦਾ ਹੋਵੇਗਾ।
ਨਵਤੇਜ: ਕਿਸੇ ਅਪਣੇ ਨੂੰ ਮਿਲ ਕੇ ਖ਼ੁਸ਼ੀ ਹੁੰਦੀ ਸੀ। ਉਸ ਵਿਚ ਕੁਝ ਨਾ ਕੁਝ ਅਪਣਾ ਦੇਸ ਮਹਿਸੂਸ ਹੁੰਦਾ ਸੀ। ਏਨਾ ਕੁ ਪਰਵਾਸ ਮੇਰੇ ਅੰਦਰ ਜਾਂ ਬਾਹਰ ਸੀ। ਹੋ ਸਕਦਾ ਹੈ, ਇਹ ਇਸ ਤੋਂ ਵੱਡਾ ਹੋ ਜਾਂਦਾ, ਜੇ ਓਥੇ ਅਜਮੇਰ ਤੇ ਗੁਰਨਾਮ ਨਾ ਹੁੰਦੇ। ਨਵਾਂ ਦੇਸ ਅਸੀਂ ਪਹਿਲੀ ਵਾਰ ਅਕਸਰ ਉਨ੍ਹਾਂ ਦੀਆਂ ਅੱਖਾਂ ਨਾਲ ਵੇਖਦੇ ਹਾਂ, ਜਿਨ੍ਹਂਾਂ ਨੂੰ ਅਸੀਂ ਜਾਣਦੇ ਹੁੰਦੇ ਹਾਂ ਤੇ ਉਹੀ ਵੇਖਦੇ ਹਾਂ, ਜੋ ਉਹ ਵੇਖਦੇ ਹਨ। ਅਜਮੇਰ ਤੇ ਗੁਰਨਾਮ ਅੰਦਰ ਪੰਜਾਬ ਤੇ ਕੈਨੇਡਾ ਦੋਵੇਂ ਫੈਲੇ ਹੋਏ, ਇਕੋ ਜਿੰਨੇ ਅਪਣੇ ਤੇ ਸੁਹਣੇ ਸਨ। ਮੈਨੂੰ ਕੈਨੇਡਾ ਤੇ ਇਹਦੇ ਲੋਕ ਬੇਗ਼ਾਨੇ ਨਹੀਂ ਲੱਗੇ।

ਵਿਕਟੋਰੀਆ ਕਦੋਂ ਗਿਆ

ਸਵਾਲ: ਤਿੰਨ ਚਾਰ ਮਹੀਨੇ ਟੋਰਾਂਟੋ ਠਹਿਰਿਆ ਹੋਵਾਂਗਾ, ਜਦੋਂ ਅਜਮੇਰ ਨੂੰ ਵਿਕਟੋਰੀਆ ਯੂਨੀਵਰਸਿਟੀ ਵਿਚ ਕੰਮ ਮਿਲ ਗਿਆ ਤੇ ਅਸੀ ਦੋਵੇਂ ਉਥੇ ਚਲੇ ਗਏ। ਵਿਕਟੋਰੀਆ, ਵੈਨਕੂਵਰ ਟਾਪੂ (ਵੈਨਕੂਵਰ ਸ਼ਹਿਰ ਵੱਖਰਾ ਹੈ) ਤੇ ਸਥਿਤ ਹੈ ਤੇ ਚੁਫੇਰਿਓਂ ਸ਼ਾਂਤ ਮਹਾ ਸਾਗਰ ਨਾਲ ਘਿਰਿਆ ਹੋਇਆ ਹੈ।
ਨਵਤੇਜ: ਵਿਕਟੋਰੀਆ ਵੱਖਰਾ ਕੈਨੇਡਾ ਸੀ। ਇਹਨੂੰ ਦੂਜੇ ਕੈਨੇਡੇ ਦੀ ਹਫੜਾ-ਦਫੜੀ ਤੋਂ ਸ਼ਾਂਤ ਮਹਾਸਾਗਰ ਦੀ ਰੱਛਿਆ ਰਿਆਇਤ ਸੀ। ਇਹ ਸਮੁੰਦਰ ਦੇ ਰਿਦਮ ਨਾਲ ਬੱਝਿਆ ਹੋਇਆ ਸੀ। ਘਰ ਤੋਂ ਸਾਨੂੰ ਇਹਦਾ ਪਾਣੀ ਦਿਸਦਾ। ਰਾਤ ਨੂੰ ਜਹਾਜ਼ਾਂ ਦੇ ਆਉਣ-ਜਾਣ ਦੀਆਂ ਆਵਾਜ਼ਾਂ ਸੁਣਦੀਆਂ। ਸਿੱਲ੍ਹੀ ਹਵਾ ਵਿਚ ਸਮੁੰਦਰ ਦੀ ਗੰਧ ਹੁੰਦੀ।
ਅਜਮੇਰ ਯੂਨੀਵਰਸਿਟੀ ਦੇ ਕੰਪਿਊਟਰ ਸੈਂਟਰ ਵਿਚ ਕੰਮ ਕਰਦਾ, ਮੈਂ ਫ਼ਿਲੌਸਫ਼ੀ ਦਾ ਕੋਰਸ ਲੈ ਰੱਖਿਆ ਸੀ। ਪ੍ਰੋਫ਼ੈਸਰ ਚਾਰਲੀ ਅਪਣੇ ਬਹੁਤ ਵੱਡੇ ਕੁੱਤੇ ਸਮੇਤ ਕਲਾਸ ਵਿਚ ਆਉਂਦਾ। ਚਾਰਲੀ ਪੜ੍ਹਾਉਂਦਾ ਤੇ ਕੁੱਤਾ ਸਾਡੇ ਵੱਲ ਵੇਖਦਾ ਰਹਿੰਦਾ।
ਮਹਾਸਾਗਰ ਤੋਂ ਬਿਨਾ ਵਿਕਟੋਰੀਆ ਦਾ ਰਿਦਮ ਉਥੋਂ ਦੇ ਹਿੱਪੀਆਂ ਦੀ ਜੀਵਨ-ਸ਼ੈਲੀ ਨਾਲ ਵੀ ਜੁੜਿਆ ਹੋਇਆ ਸੀ। ਉਹ ਉਸ ਦਹਾਕੇ ਦੇ ਜਾਂਗਲੀ ਫੁੱਲ ਸਨ, ਜਿਹੜੇ ਸਮਾਂ ਵਿਹਾਉਣ ਤੇ ਅਲੋਪ ਹੋ ਗਏ।
ਸਵਾਲ: ਸੁਣਿਐ ਤੇਰੇ ਬਾਰੇ ਪਟਿਆਲੇ ਚ ਕਿਸੇ ਨੇ ਗੱਲ ਉਡਾ ਦਿੱਤੀ ਸੀ ਕਿ ਨਵਤੇਜ ਵਾਲ ਖੁੱਲ੍ਹੇ ਛਡ ਕੇ ਹਿੱਪੀਆਂ ਨਾਲ ਸਿਤਾਰ ਵਜਾਉਂਦਾ ਫਿਰਦੈ। ਇਹ ਕਿੰਨੀ ਕੁ ਸਹੀ ਸੀ?
ਨਵਤੇਜ: ਇਹ ਸਹੀ ਸੀ, ਜਿੰਨੀ ਕੁ ਉਡਣ ਵਾਲੀ ਗੱਲ ਸਹੀ ਹੋ ਸਕਦੀ ਹੈ। ਮੇਰੇ ਕੋਲ ਓਦੋਂ ਸਿਤਾਰ ਸੀ ਤੇ ਮੈਂ ਹਿੱਪੀਆਂ ਨਾਲ ਇਹ ਵਜਾਈ ਵੀ ਸੀ। ਪਰ ਇਹ ਵਾਕ ਵਾਰਤਕ ਵਰਗਾ ਹੈ। ਅਫ਼ਵਾਹ ਕਵਿਤਾ ਵਿਚ ਹੁੰਦੀ ਹੈ, ਉਹਨੂੰ ਖੰਭ ਲੱਗੇ ਹੁੰਦੇ ਹਨ। ਮੈਂ ਆਪਣੇ ਬਾਰੇ ‘ਉਡਦੀ ਗੱਲ’ 1975 ਵਿਚ ਪਹਿਲੀ ਦੇਸ ਵਾਪਸੀ ਤੇ ਪਟਿਆਲੇ ਸੁਰਜੀਤ ਲੀ ਤੋਂ ਸੁਣੀ ਸੀ। ਓਪਰੀ ਨਹੀਂ ਲੱਗੀ ਸੀ, ਕਿਉਂਕਿ ਇਹ ਸੱਠਵੇਂ ਦਹਾਕੇ ਦੇ ਸੁਭਾਅ ਨਾਲ ਮਿਲਦੀ ਸੀ ਜੋ ਸਬੱਬ ਨਾਲ ਉਸੇ ਸਾਲ ਅੰਤ ਹੋਇਆ ਮੰਨਿਆ ਜਾਂਦਾ ਹੈ।
ਸੱਠਵਾਂ ਦਹਾਕਾ ਧਰਤੀ ਤੇ ਤੁਰਿਆ ਨਹੀਂ ਸੀ, ਆਸਮਾਨ ਵਿਚ ਉਡਿਆ ਸੀ। ਇਹਦੇ ਸੁਆਲਾਂ ਦੇ ਜਵਾਬ ਹਵਾ ਵਿਚ ਤਰਦੇ ਫਿਰਦੇ ਸਨ। ਬਾਬ ਡਿਲ੍ਹਨ ਦਾ ਗੀਤ, “ਜਵਾਬ, ਮੇਰੇ ਦੋਸਤ, ਹਵਾ ਵਿਚ ਉਡਿਆ ਫਿਰਦਾ ਹੈ” (ਦ ਆਂਸਰ, ਮਾਈ ਫ੍ਰੈਂਡ, ਇਜ਼ ਬਲੋਇੰਙ ਇਨ ਦ ਵਿੰਡ), ਲੋਕਗੀਤ ਬਣ ਗਿਆ ਸੀ। ਹਿੱਪੀ ਉਹ ਮੁੰਡੇ ਕੁੜੀਆਂ ਸਨ ਜਿਹੜੇ ਉਸ ਹਵਾ ਨੂੰ ਜਿਉਣ ਲਗ ਪਏ ਸਨ। ਹਰ ਕਰਮ ਵੇਲੇ ਦੀ ਸਥਾਪਤੀ ਦੇ ਵਿਦ੍ਰੋਹ ਵਿਚ ਕਰਦੇ: ਵਾਲ ਲੰਬੇ ਰਖਦੇ, ਫੁੱਲਾਂ ਬੂਟੀਆ ਵਾਲੇ ਕਪੜੇ ਪਾਉਂਦੇ, ਸਾਕਾਹਾਰੀ ਭੋਜਨ ਖਾਂਦੇ, ਕਮਿਊਨਾਂ, ਸਾਂਝੀਆਂ ਬਸਤੀਆਂ, ਵਿਚ ਰਹਿੰਦੇ। ਇਹ ਉਨ੍ਹਾਂ ਦੀ ਸ਼ੈਲੀ ਸੀ ਜੋ ਨਿਜੀ ਸੰਪਤੀ, ਯੁੱਧ, ਹਿੰਸਾ, ਖਪਤਕਾਰੀ, ਨਿਜਵਾਦ ਨੂੰ ਨਕਾਰਦੀ। ਇਸ ਸ਼ੈਲੀ ਵਿਚ ਗਾਂਧੀ ਦੀ ਨਾਮਿਲਵਰਣ, ਤੇ ਮਲਾਮਤੀ ਸੂਫ਼ੀਆਂ ਦੀ ਮਲਾਮਤ ਦੇ ਕੁਝ ਅੰਸ਼ ਰਲੇ ਹੋਏ ਸਨ ਤੇ ਇਹ ਵਿਸ਼ਵਾਸ ਕਿ ਫੁਲਾਂ ਦੀ ਸ਼ਕਤੀ ਨਾਲ ਦੁਨੀਆਂ ਬਦਲੀ ਜਾ ਸਕਦੀ ਹੈ।
ਸਵਾਲ: ਤੂੰ ਉਨ੍ਹਾਂ ਨੂੰ ਕਿਵੇਂ ਮਿਲਿਆ?
ਨਵਤੇਜ: ਆਪਣੇ ਜਾਣੂ ਜਗਦੇਵ ਢਿੱਲੋਂ ਦੇ ਛੋਟੇ ਭਰਾ ਬਲਦੇਵ ਰਾਹੀਂ। ਉਹ ਵਿਕਟੋਰੀਆ ਦੇ ਸਿਟੀ ਹਾਲ ਵਿਚ ਨੀਲਜ਼ ਨੁਡਸਨ ਨਾਲ ਕੰਮ ਕਰਦਾ ਸੀ ਜੋ ਲੇਖਕ, ਬੁਤਘਾੜਾ, ਚਿਤਰਕਾਰ, ਇਮਾਰਤਸਾਜ਼ ਤੇ ਹੋਰ ਬੜਾ ਕੁਝ ਸੀ। ਉਹਦਾ ਘਰ ਹਿੱਪੀਕਲਾਕਾਰਾਂ ਤੇ ਸੰਗੀਤਕਾਰਾਂ ਦਾ ਕੇਂਦਰ ਸੀ।
ਜਿਵੇਂ ਬਾਤ ਪਾਉਣ ਵਾਲਾ ਬਾਤ ਨੂੰ ਕੁੰਡੇ ਲਾਉਂਦਾ ਹੈ (ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਨੂੰ ਲਾਵਾਂ ਕੁੰਡੇ) ਬਲਦੇਵ ਗੱਲ ਨੂੰ ਕੁੰਡੇ ਲਾ ਕੇ ਕਰਦਾ ਸੀ। ਉਹਨੇਂ ਨੀਲਜ਼ ਨੂੰ ਦੱਸਿਆ, “ਇੰਡੀਆ ਤੋਂ ਮੇਰਾ ਫ੍ਰੈਂਡ ਆਇਐ, ਉਹਦੀ ਸਿਤਾਰ ਸੁਣਕੇ ਰਵੀ ਸ਼ੰਕਰ ਭੁੱਲ ਜਾਈ ਦੈ”। ਬਲਦੇਵ ਨੇਂ ਮੇਰੀ ਸਿਤਾਰ ਸੁਣੀ ਨਹੀਂ ਸੀ, ਉਹ ਮੈਨੂੰ ਜਾਣਦਾ ਵੀ ਨਹੀਂ ਸੀ। ਤੇ ਮੈਨੂੰ ਰਾਗ ਵੀ ਪੰਜ ਛੇ ਕੁ ਆਉਂਦੇ ਸਨ, ਉਹ ਵੀ ਅੱਧ ਪਚੱਧੇ; ਭੂਪਾਲੀ, ਭੈਰਵੀ, ਪਹਾੜੀ ਤੇ ਮਾਲਕੌਂਸ ਆਦਿ।
ਨੀਲਜ਼ ਸਮੁੰਦਰ ਦੇ ਐਨ ਨਾਲ ਰਹਿੰਦਾ ਸੀ। ਉਹਦੀਆਂ ਛੱਲਾਂ ਘਰ ਦੇ ਪਿਛਵਾੜੇ ਤਕ ਆ ਜਾਂਦੀਆਂ ਸਨ। ਉਥੇ ਬਹਿ ਕੇ ਚੰਦ ਦੀ ਚਾਨਣੀ ਵਿਚ ਸਮੁੰਦਰ ਵੇਖਦੇ ਤਾਂ ਉਹ ਨਿਰਾ ਅਚੰਭਾ ਦਿਸਦਾ। ‘ਵਾਹੁ ਵਾਹੁ ਕਾ ਬਡਾ ਤਮਾਸਾ’। ਜਦੋਂ ਬਲਦੇਵ ਨਾਲ ਅਜਮੇਰ ਤੇ ਮੈ ਨੀਲਜ਼ ਦੇ ਘਰ ਪਹਿਲੀ ਵਾਰ ਗਏ, ਅੰਦਰ ਮੋਮਬੱਤੀਆਂ ਜਗ ਰਹੀਆਂ ਸਨ, ਧੂਪ ਧੁਖ ਰਹੀ ਸੀ ਤੇ ਓਮ ਦੀ ਧੁਨ ਗੂੰਜ ਰਹੀ ਸੀ। ਓਸ ਮਹਿਫ਼ਲ ਵਿਚ ਮੈਂ ਪਹਿਲੀ ਵਾਰ ‘ਹਿੱਪੀਆਂ’ ਨਾਲ ਬਹਿ ਕੇ ਸਿਤਾਰ ਵਜਾਈ। ਅਜਮੇਰ ਨੇ ਬੈਂਜੋ ਤੇ ਸੰਗਤ ਕੀਤੀ। ਤਿੰਨ ਚਾਰ ਮਿੰਟਾਂ ਪਿੱਛੋਂ ਸਿਤਾਰ ਦੀ ਆਵਾਜ਼ ਵਿਚ ਗਿਟਾਰ ਦੀ ਆਵਾਜ਼ ਰਲ ਗਈ। ਇਹ ਵਾਲਦੀ ਸੀ ਜੋ ਪਿੱਛੋਂ ਉਸ ਦਹਾਕੇ ਦੇ ਕੈਨੇਡਾ ਦੇ ਸੰਗੀਤ ਵਿਚ ਲੈਜੈਂਡ ਬਣ ਗਿਆ ਸੀ। 35 ਸਾਲਾਂ ਪਿੱਛੋਂ ਕੈਨੇਡਾ ਦੇ ਸੰਗੀਤ ਵਿਚ ਅਜੇ ਵੀ ਲੈਜੇਂਡ ਹੈ। ਵਾਲਦੀ ਨਾਲ ਸਾਡੀ ਦੋਸਤੀ ਮਾਲਕੌਂਸ ਰਾਗ ਵਿਚ ਪਈ ਸੀ। ਰਾਗ ਵਿਚ ਪਈ ਦੋਸਤੀ ਟੁਟਦੀ ਨਹੀਂ। ਉਸ ਪਿੱਛੋਂ ਅਸੀਂ ਕਈ ਪ੍ਰੋਗਰਾਮ ਇਕੱਠਿਆਂ ਕੀਤੇ। ਉਹ ਸਾਡੇ ਪੰਜਾਬੀ ਦੇ ਹਰ ਸਮਾਗਮ ਵਿਚ ਗਾ ਕੇ ਹਿੱਸਾ ਪਾਉਂਦਾ। ਵਾਲਦੀ ਅਤੇ ਨੀਲਜ਼ ਅਤੇ ਹੋਰ ਕਲਾਕਾਰਾਂ ਦੀ ਸੰਗਤ ਵਿਚ ਮੈਨੂੰ ਕਦੇ ਵੀ ਪਰਵਾਸ ਨਹੀਂ ‘ਦਿਸਿਆ’ ਸੀ। ਨਾਂ ਦੇਸ ਪਰਦੇਸ ਦਿਸੇ ਸਨ।
ਸਵਾਲ: ਦੇਸ ਪਰਦੇਸ ਨਾਲ਼ ਨਾ ਸਹੀ, ਪਰਵਾਸ ਦਾ “ਥਾਂ’ ਨਾਲ਼ ਤਾਂ ਸੰਬੰਧ ਹੈ ਹੀ। ਜਿਸ ਥਾਂ ’ਤੇ ਬੰਦਾ ਜਿਉਂਦਾ ਹੈ, ਉਹ ਵੀ ਉਹਦੇ ਅੰਦਰ ਜਿਉਂਦੀ ਹੈ। ਤੂੰ ਜਦੋਂ ਅਪਣੀ ਥਾਂ ਛੱਡੀ ਸੀ ਤੇਰੇ ਚਿਤ ਨੂੰ ਕੀ ਹੋਇਆ ਸੀ?
ਨਵਤੇਜ: ਓਦੋਂ ਲਗਦਾ ਸੀ, ਮੈਂ ਉਹ ਥਾਂ ਛੱਡ ਨਹੀਂ ਰਿਹਾ ਸੀ। ਨਵੀ ਵੇਖਣ ਜਾ ਰਿਹਾ ਸੀ। ਸੋਚਿਆ ਸੀ ਤਿੰਨ ਚਾਰ ਵਰਿ੍ਹਆਂ ਪਿੱਛੋਂ ਪਰਤ ਆਵਾਂਗਾ। ‘ਗਿਆ ਤੇ ਆਇਆ’। ਹਰ ਵਿਦਾ ਨੂੰ ਅਸੀਂ ਏਹੋ ਜਿਹੇ ਭਰਮ ਵਿਚ ਲਪੇਟ ਦਿੰਦੇ ਹਾਂ। ਵਧੇਰੇ ਸਹਿਣਯੋਗ ਹੋ ਜਾਂਦੀ ਹੈ। ਸਾਨੂੰ ਵਿਦਾ ਕਰਨੀ ਆਉਂਦੀ ਹੈ। ਆਗਮਨ ਨਾਲ਼ੋਂ ਵਿਦਾ ਵਿਚ ਸਾਡੀ ਸੰਸਕ੍ਰਿਤੀ ਵਧੇਰੇ ਅਭਿਵਿਅਕਤ ਹੁੰਦੀ ਹੈ; ਤਿਆਗ, ਸੰਨਿਆਸ ਤੇ ਵੈਰਾਗ ਵਿਦਾ ਦੇ ਹੀ ਅੰਗ ਹਨ। ਜਾਂ ਵਿਦਾ ਇਨ੍ਹਾਂ ਦਾ ਅੰਗ ਹੈ। ਸ਼ੰਕਰਾਚਾਰੀਆ ਵਰਗਾ ਸੰਨਿਆਸੀ ਵੀ ਮਾਂ ਦੀ ਅੰਤਿਮ ਵਿਦਾ ਵੇਲੇ ਘਰ ਮੁੜ ਆਉਂਦਾ ਹੈ। ਨਾਲ਼ ਦੇ ਸੰਨਿਆਸੀਆਂ ਨੂੰ ਇਹ ਸੰਨਿਆਸ ਦੀ ਉਲੰਘਣਾ ਲਗਦੀ ਹੈ। ਸ਼ੰਕਰਾਚਾਰੀਆਂ ਨੂੰ ਤਿਆਗ ਦੀ ਅੰਤਿਮ ਅਵਸਥਾ। ਚਾਚਾ ਜੀ ਮੈਨੂੰ ਵੱਡੇ ਸਕੂਲ ਦੇ ਬੱਸ ਅੱਡੇ ਤਕ ‘ਤੋਰਨ’ ਆਉਂਦੇ। ਦੋ ਕੋਹ। ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ। ਉਹੀ ਗੱਲਾਂ ਜਿਹੜੀਆਂ ਹਰ ਵਾਰ ਕਰਦੇ, ‘ਪਿੱਛਾ ਯਾਦ ਰੱਖੀਂ, ਜਾਣ ਸਾਰ ਚਿੱਠੀ ਪਾ ਦੀ।ਂ” ਵਿਦਾ ਵੇਲੇ ਗੱਲ ਵਿਦਾ ਦੀ ਨਹੀਂ, ਮੁੜ ਕੇ ਆਉਣ ਦੀ ਹੁੰਦੀ ਹੈ। ਯਥਾਰਥ ਵਿਚ ਅਸੀਂ ਜਾ ਰਹੇ ਹੁੰਦੇ ਹਾਂ, ਕਲਪਣਾ ਵਿਚ ਆ ਰਹੇ। ਅਖਾਣ ਹੈ, ਜਾਣਾ ਅਪਣੇ ਵੱਸ, ਆਉਣਾ ਪਰਾਏ ਵਸ। ਅਸੀਂ ਕਲਪਣਾ ਵਿਚ ‘ਆਉਣਾ’ ਨੂੰ ਅਪਣੇ ਵੱਸ ਕਰਦੇ ਹਾਂ। ਮਾਂ ਬੂਹੇ ਚ ਖੜ੍ਹੀ ਮੈਨੂੰ ਜਾਂਦੇ ਨੂੰ ਵੇਖਦੀ, ਓਵੇਂ ਜਿਵੇਂ ਘਰ ਆਉਂਦੇ ਨੂੰ ਵੇਖਦੀ।
ਸੁਰਿੰਦਰ, ਮੇਰੇ ਮਿਤਰ ਗੁਲਾਬ ਗਰੇਵਾਲ ਤੇ ਉਹਦੀ ਪਤਨੀ ਅਮਰਜੀਵ ਮੈਨੂੰ ਦਿੱਲੀ ਤਕ ਛੱਡਣ ਆਏ। ਏਦੂੰ ਅੱਗੇ ਉਹ ਆ ਨਹੀਂ ਸਕਦੇ ਸਨ। ਜਹਾਜ਼ ਵਿਚ ਬੈਠਾ ਤਾਂ ਮਹਿਸੂਸ ਹੋਇਆ ਬਾਰੀ ਹੇਠਾਂ ਕੋਈ ਗੱਲ ਕਰਨ ਵਾਲਾ ਨਹੀਂ ਸੀ, ਜਹਾਜ਼ ਤੁਰਨ ਵੇਲੇ ਨਾਲ਼ ਨਾਲ਼ ਤੁਰਦਾ, ਕਦਮ ਤੇਜ਼ ਕਰਦਾ, ਆਵਾਜ਼ ਹੌਲੀ-ਹੌਲੀ ਉੱਚੀ ਹੁੰਦੀ, ਫੇਰ ਨੀਵੀਂ, ਗੱਲ ਬਚ ਜਾਂਦੀ ਫੇਰ ਕਰਨ ਲਈ। ਅਸੀਂ ਬਚੀ ਗੱਲ ਸੁਣਨ ਲਈ ਘਰ ਪਰਤਦੇ ਹਾਂ, ਭਾਵੇਂ ਅਸੀ ਸ਼ੰਕਰਾਚਾਰੀਆ ਵਰਗੇ ਸੰਨਿਆਸੀ ਵੀ ਕਿਉਂ ਨਾ ਹੋਈਏ।
ਪੈਰਿਸ ਏਅਰਪੋਰਟ ਉੱਤਰਿਆ, ਤਾਂ ਭਗਵੇਂ ਕਪੜਿਆਂ ਵਾਲੇ ਕੁਝ ਬੰਦੇ ਇਕ ਪਾਸੇ ਜਾਂਦੇ ਦਿਸੇ। ਪਤਾ ਲੱਗਾ ਉਹ ਉਤਰੀ ਵੀਤਨਾਮ ਤੋਂ ‘ਪੈਰਿਸ ਅਮਨ ਸਮਝੌਤੇ’ ਦੀ ਗੱਲਬਾਤ ਵਿਚ ਭਾਗ ਲੈਣ ਆਏ ਸਨ। ਮੇਰੇ ਪੈਰ ਆਪਮੁਹਾਰੇ ਉਨ੍ਹਾਂ ਵੱਲ ਚੱਲੇ ਗਏ। ਮੇਰੇ ਇਕ ਹੱਥ ਵਿਚ ਹੈਂਡ ਬੈਗ ਤੇ ਦੂਜੇ ਵਿਚ ਸਿਤਾਰ ਸੀ। ਪੰਦਰਾਂ ਕੁ ਕਦਮ ਉਨ੍ਹਾਂ ਨਾਲ਼ ਤੁਰਿਆ ਤੇ ਰੁਕ ਗਿਆ। ਇਹ ਗੁਰੀਲੇ ਸਾਡੀ ਪੀੜ੍ਹੀ ਦੇ ਨਾਇਕ ਸਨ ਤੇ ਸਾਡੀ ਕਵਿਤਾ ਦੀ ਪ੍ਰੇਰਣਾ। ਅਜ ਇਨ੍ਹਾਂ ਦੇ ਨਾਲ਼ ਤੁਰ ਕੇ ਮੈਂ ਅੰਦਰੋਂ ਬਾਹਰੋਂ ਭਰ ਗਿਆ। ਬਹੁਤ ਵਰਿ੍ਹਆਂ ਪਿੱਛੋਂ ਮੈਨੂੰ ਮਾਸਟਰ ਨਿਰੰਜਣ ਸਿੰਘ ਯਾਦ ਆਇਆ।

ਮਾਸਟਰ ਨਿਰੰਜਣ ਸਿੰਘ

ਸਵਾਲ: ਉਹ ਕਿਉਂ? ਮਾਸਟਰ ਨਿਰੰਜਨ ਸਿੰਘ ਕੌਣ?
ਨਵਤੇਜ: ਨਿਰੰਜਣ ਸਿੰਘ ਸੱਤਵੀਂ ਤੇ ਅੱਠਵੀ ਸ਼੍ਰੇਣੀ ਵਿਚ ਸਾਡਾ ਹਿਸਾਬ ਤੇ ਇਤਿਹਾਸ ਦਾ ਅਧਿਆਪਕ ਸੀ। ਉਨ੍ਹੇ ਸਾਨੂੰ ਦੱਸਿਆ ਸੀ ਵੀਤਨਾਮ ਵਿਚ ਬੰਦਾ ਬਹਾਦਰ ਦੇ ਸਿੰਘ ਲੜਦੇ ਹਨ। ਉਹ ਦੋ ਤਰ੍ਹਾਂ ਦਾ ਇਤਿਹਾਸ ਪੜ੍ਹਾਉਂਦਾ ਸੀ, ਕਿਤਾਬੀ ਤੇ ‘ਅਸਲੀ’। ਕਿਤਾਬੀ ਇਤਿਹਾਸ ਦਾ ਬਹੁਤਾ ਹਿੱਸਾ ਉਹ ਸੱਤਵੀਂ ਸ਼੍ਰੇਣੀ ਵਿਚ ਨਿਬੇੜ ਦਿੰਦਾ ਤੇ ਕਹਿਣ ਲਗ ਜਾਂਦਾ – ਅਸਲ ਇਤਿਹਾਸ ਅਗਲੇ ਸਾਲ ਪੜ੍ਹਾਊਂਗਾ। ਤੇ ਅਸਲ ਇਤਿਹਾਸ ਉਹ ਪੜ੍ਹਾਉਂਦਾ ਨਹੀਂ, ਕਰਦਾ ਸੀ। ਉਹ ਸਹੀ ਅਰਥਾਂ ਵਿਚ ਇਤਿਹਾਸ ‘ਕਾਰ’ ਸੀ। ਕਈ ਵਾਰ ਜੋ ਉਹ ਦਸਦਾ ਸੀ, ਸਾਨੂੰ ਦਿਸਣ ਲਗ ਪੈਂਦਾ ਸੀ। ਤੇ ਕਈ ਵਾਰ ਲਗਦਾ ਸੀ, ਉਹ ਘਟਨਾਵਾਂ ਵੇਖ-ਵੇਖ ਕੇ ਸਾਨੂੰ ਵਿਖਾਈ ਜਾ ਰਿਹਾ ਹੈ। ਕਦੇ-ਕਦੇ ਲਗਦਾ ਸੀ ਜਦੋਂ ਉਹ ਬੋਲਦਾ ਸੀ, ਘਟਨਾ ਓਦੋਂ ਹੀ ਘਟਦੀ ਸੀ। ਤੇਜਾ ਸਿੰਘ ਸੁਤੰਤਰ ਦੀਆਂ ਕਹਾਣੀਆਂ ਤਾਂ ਇਉਂ ਹੀ ਲਗਦੀਆਂ ਸਨ। ਸੁਤੰਤਰ ਉਦੋਂ ਰੂਪੋਸ਼ ਸੀ। ਨਿਰੰਜਣ ਰੂਪੋਸ਼ ਯਥਾਰਥ ਦਾ ਕੁਸ਼ਲ ਕਹਾਣੀਕਾਰ/ ਇਤਿਹਾਸਕਾਰ ਸੀ। ਉਹ ਊਰਜਾ ਨਾਲ਼ ਡੁਲੂੰ-ਡੁਲੂੰ ਕਰਦਾ ਸੀ। ਜਿੱਥੋਂ ਦੀ ਲੰਘਦਾ ਸੀ, ਡੁੱਲ੍ਹਦਾ ਜਾਂਦਾ ਸੀ। ਲੋਕ ਉਹਨੂੰ ਢਿੱਲੋਂ ਦੀ ਥਾਂ ਭੇੜੂ ਕਹਿੰਦੇ ਸਨ। ਅਪਣੇ ਵੇਲ਼ੇ ਨਾਲ਼ ਉਹਦੀ ਬਣੀ ਨਹੀਂ। ਸਾਰੀ ਉਮਰ ਉਹਦੇ ਨਾਲ਼ ਭਿੜਦਾ ਰਿਹਾ। ਸਮਝੌਤਾ ਨਹੀਂ ਕੀਤਾ। ਜੋ ਕਹਿੰਦਾ ਸੀ ਕਰਦਾ ਸੀ। 1953 ਵਿਚ ਜਿਸ ਦਿਨ ਸਤਾਲਿਨ ਦੀ ਮੌਤ ਹੋਈ ਉਹਨੇ ਸਾਰਾ ਸਕੂਲ ਇਕੱਠਾ ਕਰ ਲਿਆ ਤੇ ਇਕ ਘੰਟਾ ਉਹਦੇ ਬਾਰੇ ਬੋਲਦਾ ਰਿਹਾ, ਜਿਵੇਂ ਉਹਦੇ ਪਿੰਡ ਦਾ ਬੰਦਾ ਹੁੰਦਾ ਹੈ। ਏਨੇ ਉਮਾਹ ਨਾਲ਼ ਹੀ ਬੰਦਾ ਬਹਾਦਰ ਬਾਰੇ ਬੋਲਦਾ ਸੀ। ਰਾਜਸਥਾਨ ਨਗੌਰ ਦੇ ਇਲਾਕੇ ਚੋਂ ਉਹ ਬਲਦ ਲੈਣ ਗਿਆ ਤੇ ਮੁੜਨ ਵੇਲੇ ਆਪਣੇ ਸਾਥੀ ਨੂੰ ਕਹਿੰਦਾ ਤੂੰ ਬਲਦ ਲੈ ਕੇ ਚੱਲ ਮੈ ਠਹਿਰ ਕੇ ਆਊਂਗਾ। ਉਹ ਸਿੱਧਾ ਪਿੰਡ ਨਹੀਂ ਆਇਆ, ਉਥੋਂ ਦੀ ਤੁਰ ਕੇ ਆਇਆ, ਜਿਸ ਰਾਹ ਬੰਦਾ ਬਹਾਦਰ ਸਰਹੰਦ ਤਕ ਆਇਆ ਸੀ।
ਸਵਾਲ: ਤੈਨੂੰ ਕਵੀ ਬਣਾਉਣ ਵਿਚ ਮਾਸਟਰ ਨਿਰੰਜਨ ਸਿੰਘ ਦਾ ਕਿੰਨਾ ਕੁ ਹੱਥ ਹੈ?

ਨਵਤੇਜ: ਕਿੰਨਾ ਕੁ’ ਦਾ ਅਨੁਮਾਨ ਲਾਉਣਾ ਔਖਾ ਹੈ। ਸਾਡੀ ਮਿੱਟੀ ਗੁੰਨ੍ਹਣ ਵਾਲੇ ਅਨੇਕਾਂ ਹੱਥ ਹੁੰਦੇ ਹਨ। ਸਾਨੂੰ ਸਾਰਿਆਂ ਦਾ ਪਤਾ ਨਹੀਂ ਹੁੰਦਾ। ਨਿਰੰਜਣ ਸਿੰਘ ਤੋਂ ਪਹਿਲਾਂ ਸਾਧੂ ਸਿੰਘ ਤਾਲਿਬ ਨੇ ਮੇਰੀ ਉਂਗਲ਼ ਫੜ੍ਹੀ ਸੀ। ਉਹ ਮੇਰਾ ਮਾਮਾ ਸੀ, ਤਾਈ ਸੰਤ ਕੌਰ ਦਾ ਛੋਟਾ ਭਰਾ ਜੀਹਨੇ ਸਾਨੂੰ ਪ੍ਰੀਤਲੜੀ ਦੇ ਦਰਸ਼ਨ ਕਰਵਾਏ ਸੀ। ਮਾਮਾ ਸਾਥੋਂ ਥੋਹੜੀ ਦੂਰ ਦਧਾਹੂਰ ਪਿੰਡ ਦੇ ਗੁਰਦੁਆਰੇ ਦਾ ਗ੍ਰੰਥੀ ਸੀ। ਕਈ ਅਖੰਡਪਾਠਾਂ ਦੀ ਭੇਟਾ ਨਵੇਂ ਜ਼ਮਾਨੇ ਦੇ ਫ਼ੰਡ ਵਿਚ ਪਾ ਦਿੰਦਾ ਸੀ। ਉਹ ਕਵੀ ਸੀ ਕੀਰਤਨੀਆ ਸੀ ਤੇ ਮੰਝਿਆ ਹੋਇਆ ਗਾਇਕ ਸੀ। ਉਹਦੀ ਕਵਿਤਾ “ਮੈਂ ਸ਼ਾਇਰ ਲੋਕਤਾ ਦਾ ਹਾਂ” ਓਦੋਂ ਲੋਕਾਂ ਦੇ ਮੂੰਹ ’ਤੇ ਚੜ੍ਹੀ ਹੋਈ ਸੀ। ਪਿੱਛੋਂ ਪ੍ਰੀਤਲੜੀ ਵਿਚ ਤੇਰਾ ਸਿੰਘ ਚੰਨ ਦੇ ਨਾਂ ਹੇਠਾਂ ਛਪੀ ਸੀ। ਮਾਮੇ ਦੇ ਨਾਲ਼ ਮੈ ਪਿੰਡ-ਪਿੰਡ ਅਮਨ ਦੇ ਨਾਟਕ ਕੀਤੇ। ਮੈ ਉਹਦੇ ਵਾਙੂੰ ਗੀਤ ਲਿਖਦਾ ਤੇ ਗਾਉਂਦਾ ਸੀ। ਭੂਤਵਾੜੇ ਤੋਂ ਪਹਿਲਾਂ ਮੇਰੀ ਪਛਾਣ ਮੇਰੇ ਗੀਤ ਸਨ। ਮਾਮੇ ਨੇ ਮੈਨੂੰ ਸਿੱਖਿਆ ਦਿੱਤੀ ਸੀ, “ਨਕਲ ਨਹੀਂ ਕਰਨੀ।”
ਨਿਰੰਜਣ ਨਿਰਾ ਭਰੋਸਾ ਸੀ। ਉਹ ਮੈਨੂੰ ਵੱਡਾ ਕਰਕੇ ਵੇਖਦਾ ਸੀ। ਤੇ ਕਹਿੰਦਾ ਰਹਿੰਦਾ ਸੀ ਤੂੰ ਏਡਾ ਹੈਂ। ਇਹਦਾ ਪਤਾ ਮੈਨੂੰ ਇਕ ਘਟਨਾ ਪਿੱਛੋਂ ਲੱਗਾ। ਹੋਇਆ ਇਉਂ। ਇਕ ਆਥਣੇ ਸਾਥੋਂ ਹਾਰੀ ਹੋਈ ਪਿੰਡ ਦੀ ਵਾਲੀਬਾਲ ਟੀਮ ਨੇ ਅਗਲਾ ਮੈਚ ਜਿੱਤਣ ਲਈ ਚਾਹ ਵਿਚ ਧਤੂਰੇ ਦੇ ਪੱਤੇ ਪਾ ਦਿੱਤੇ। ਉਨ੍ਹਾਂ ਨੂੰ ਪਤਾ ਨਹੀਂ ਸੀ ਧਤੂਰੇ ਦੇ ਹਰੇ ਫੁੱਲ ਵੀ ਜ਼ਹਿਰ ਹੁੰਦੇ ਹਨ। ਸਾਰੀ ਰਾਤ ਅਸੀਂ ਮੌਤ ਨਾਲ਼ ਮੈਚ ਖੇਡਦੇ ਰਹੇ। ਪਰ ਸਵੇਰ ਹੋਈ, ਸਾਰੇ ਬਚ ਗਏ। ਸਾਡੇ ਪਹੁੰਚਣ ਤੋਂ ਪਹਿਲਾਂ ਇਹ ਖ਼ਬਰ ਸਕੂਲ ਪਹੁੰਚ ਗਈ। ਨਿਰੰਜਨ ਮਿiਲ਼ਆ ਤਾਂ ਪਹਿਲੀ ਗੱਲ ਕਹੀ, “ਸੁਣਿਐ, ਰਾਤ ਵੌਲੀਆਂ ਤੇ ਵੌੱਲੀਆਂ (ਵੋਲਲਏਬਅਲਲ ਸਪਕਿੲਸ) ਲਾਉਂਦਾ ਰਿਹੈਂ”। ਆਵਾਜ਼ ਵਿਚ ਬੇਮਲੂਮਾ ਗ਼ੁੱਸਾ ਤੇ ਫ਼ਿਕਰ ਰਲਿਆ ਹੋਇਆ ਸੀ। ਮੈਂ ਚੁੱਪ ਰਿਹਾ। ਉਹਨੇ ਮੇਰਾ ਮੋਢਾ ਥਾਪੜਿਆ ਤੇ ਕਿਹਾ, “ਬੱਚੂ, ਕੁਦਰਤ ਨੇ ਤੈਥੋਂ ਕੋਈ ਕੰਮ ਲੈਣੈਂ, ਐਵੇਂ ਨਹੀਂ ਬਚਿਆ।”
ਇਕ ਦਿਨ ਫੇਰ ਉਹਨੇ ਮੈਨੂੰ ਅਪਣੇ ਕੋਲ਼ ਸੱਦਿਆ। ਹੱਥ ਵਿਚ ਪ੍ਰੀਤਲੜੀ ਸੀ ਜਿਸ ਵਿਚ ਮੇਰੀ ਕਵਿਤਾ ਛਪੀ ਹੋਈ ਸੀ। ਮੇਰੇ ਵਾਸਤੇ ਇਹਦਾ ਚੰਦਾ ਵੀ ਉਸੇ ਨੇ ਭਰਿਆ ਸੀ। ਉਹਨੇ ਮੈਨੂੰ ਨਵਾਂ ਜ਼ਮਾਨਾ ਤੇ ਲੋਕ ਲਹਿਰ ਵੀ ਲੁਆ ਕੇ ਦਿੱਤੇ ਸਨ। ਉਹਨੇ ਮੈਨੂੰ ਕੋਲ਼ ਬਿਠਾ ਕੇ ਆਖਿਆ, “ਤੈਥੋਂ ਕੁਦਰਤ ਨੇ ਕੋਈ ਖ਼ਾਸ ਕੰਮ ਲੈਣੈ। ਐਵੇਂ ਵਿਆਹ ਦੇ ਚੱਕਰ ਚ ਨਾ ਪਈਂ।”
ਮੈਂ ਸਕੂਲ ਛੱਡਿਆ, ਤਾਂ ਨਿਰੰਜਣ ਸਿੰਘ ਵੀ ਉਥੇ ਹੀ ਰਹਿ ਗਿਆ।
18 ਵਰ੍ਹਿਆਂ ਪਿਛੋਂ 1974 ਇਕ ਦਿਨ ਉਹ ਮੈਨੂੰ ਮਿਲ਼ ਗਿਆ। ਲੁਧਿਆਣੇ ਬਸ ਅੱਡੇ ’ਤੇ ਟਿਕਟ ਲੈਣ ਵਾਲੀ ਕਤਾਰ ਵਿਚ ਖੜ੍ਹਾ ਸੀ। ਮੈਂ ਕਨੇਡਿਓਂ ਪਰਤਿਆ ਸੀ। ਵਿਆਹ ਕਰਵਾ ਲਿਆ ਸੀ। ਤੇ ਕਵਿਤਾ ਲਿਖਣੀ ਛੱਡੀ ਹੋਈ ਸੀ। ਉਹਦੇ ਮੱਥੇ ਲੱਗਣ ਤੋਂ ਮੈਂ ਜਕ ਗਿਆ। ਪਿੱਛੋਂ ਜਾ ਕੇ ਮੋਢਿਆਂ ’ਤੇ ਹੱਥ ਰੱਖ ਦਿੱਤੇ। ਉਹਨੇ ਪਿੱਛੇ ਮੁੜ ਕੇ ਮੇਰੇ ਚਿਹਰੇ ਵੱਲ ਵੇਖਿਆ, ਕੁਝ ਸੈਕਿੰਡ ਵੇਖਦਾ ਰਿਹਾ ਤੇ ਸਿਰ ਹਿਲਾ ਦਿੱਤਾ। ਮੈਂ ਅਜੇ ਦੋ ਸ਼ਬਦ ਹੀ ਮੂੰਹੋਂ ਕੱਢੇ ਸੀ ਉਹਨੇ ਮੈਨੂੰ ਜੱਫੀ ਪਾ ਲਈ ਤੇ ਉਸੇ ਤਰਾਂ ਮੈਨੂੰ ਨਾਲ਼ ਪਏ ਬੈਂਚ ਤਕ ਲੈ ਗਿਆ। ਬੈਠਣ ਤੋਂ ਪਹਿਲਾਂ ਉਹਨੇ ਮੈਨੂੰ ਸਿਰ ਤੋਂ ਪੈਰਾਂ ਤਕ ਵੇਖਿਆ ਤੇ ਅਪਣੇ ਨਾਲ਼ ਬੈਠਾ ਲਿਆ। ਅਸੀਂ ਦੋ ਘੰਟੇ ਗੱਲਾਂ ਕਰਦੇ ਰਹੇ। ਮੈਂ ਕਰਦਾ ਰਿਹਾ, ਉਹ ਸੁਣਦਾ ਰਿਹਾ। ਚੁਪ ਕਰਦਾ, ਉਹ ਫੇਰ ਪੁੱਛ ਲੈਂਦਾ। ਮੈਂ ਕੀ ਕਰਦਾ ਹਾਂ, ਕਿਵੇਂ ਰਹਿੰਦਾ ਹਾਂ, ਬੱਚੇ ਕੀ ਬੋਲਦੇ ਹਨ, ਬੀਵੀ ਕੀ ਕਰਦੀ ਹੈ, ਅਜਮੇਰ ਮਿਲਦਾ ਰਹਿੰਦਾ ਹੈ? … ਸਕੂਲ ਛੱਡਣ ਪਿੱਛੋਂ ਤੇ ਕਨੇਡੇ ਜਾਣ ਤਕ ਉਹਨੂੰ ਮੇਰੀਆਂ ਬਹੁਤ ਗੱਲਾਂ ਦਾ ਪਤਾ ਸੀ।
ਬੁੱਟਰ (ਉਹਦਾ ਪਿੰਡ) ਜਾਣ ਵਾਲੀ ਬਸ ਦੀ ਹਾਕ ਪਈ, ਤਾਂ ਉਹਨੇ ਮੈਨੂੰ ਫੇਰ ਕਲਾਵੇ ਵਿਚ ਲੈ ਲਿਆ। ਇਸ ਵਾਰ ਚਿਰ ਤਕ ਅਪਣੇ ਨਾਲ਼ ਲਾਈ ਰੱਖਿਆ ਤੇ ਬਸ ਵੱਲ ਤੁਰ ਪਿਆ। ਪਿਛੇ ਮੁੜ ਕੇ ਨਹੀਂ ਵੇਖਿਆ। ਬੁੱਟਰ ਜਾਣ ਵਾਲੀ ਉਹ ਆਖ਼ਰੀ ਬਸ ਸੀ। ਸਾਡਾ ਇਹ ਮੇਲ ਵੀ ਆਖਰੀ ਸੀ। ਮੈਂ ਖੜ੍ਹਾ ਜਾਂਦੀ ਬਸ ਵਲ ਵੇਖਦਾ ਰਿਹਾ। ਬਸ ਵਲ ਵਿੰਗ ਖਾਂਦੀ ਮੇਰੀ ਨਿਗਾਹ ਚੋਂ ਨਿਕਲ ਗਈ, ਫੇਰ ਲੁਧਿਆਣੇ ਚੋਂ ਤੇ ਅੰਤ ਥਾਂ ਥਾਂ ਰੁਕਦੀ ਪੰਦਰਾਂ ਸਾਲਾਂ ਪਿੱਛੋਂ ਉਹ ਧਰਤੀ ਦੀ ਜੂਹ ਟੱਪ ਗਈ। ਜਿੱਥੋਂ ਕੋਈ ਬਸ ਪਰਤਦੀ ਨਹੀਂ। ਬਸ ਓਝਲ ਹੋਣ ਪਿੱਛੋਂ ਮੈਂ ਅੱਡੇ ਵਿਚ ਖੜ੍ਹਾ ਰਿਹਾ। ਅੱਖਾਂ ਸਿੱਲ੍ਹੀਆਂ ਹੋ ਗਈਆਂ। ਕੇਹੋ ਜਿਹੇ ਗੁਰੂ ਮਿਲ਼ੇ ਸਨ ਮੈਨੂੰ। ਇਕ ਸਿਆਲਾਂ ਚ ਪਾਣੀ ਗਰਮ ਕਰਕੇ ਮੇਰੇ ਪੈਰ ਧੋਂਦਾ, ਦੂਜਾ ਮੈਂ ਜਿੱਥੇ ਵੀ ਹੁੰਦਾ ਮੇਰਾ ਧਿਆਨ ਰਖਦਾ।
ਮੈਨੂੰ ਪਤਾ ਹੈ ਕੁਦਰਤ ਨੇ ਮੈਥੋਂ ਕੋਈ ਕੰਮ ਨਹੀ ਲੈਣਾ, ਕਿਸੇ ਤੋਂ ਵੀ ਨਹੀਂ ਲੈਣਾ। ਪਰ ਇਹ ਭਰਮ ਮੈਨੂੰ ਅਣਮੁੱਲ ਲਗਦਾ ਹੈ। ਮੇਰਾ ਜੀਅ ਕਰਦਾ ਸੀ ਉਸ ਦਿਨ ਨਿਰੰਜਨ ਸਿੰਘ ਫੇਰ ਮੈਨੂੰ ਓਹੀ ਗੱਲ ਯਾਦ ਕਰਵਾਉਂਦਾ ਤੇ ਮੈ ਉਹਨੂੰ ਦਸਦਾ ਕਿ ਮੈਂ ਪੈਰਿਸ ਬੰਦਾ ਬਹਾਦਰ ਦੇ ਸਿੰਘਾਂ ਨਾਲ਼ ਤੁਰ ਕੇ ਆਇਆ ਹਾਂ।

ਸੂਪਨਖਾ

ਲਛਮਣ ਨੇ ਘਬਰਾ ਕੇ
ਸ਼ਾਂਤ, ਮੁਸਕ੍ਰਾ ਰਹੇ ਰਾਮ ਵੱਲ ਵੇਖਿਆ
ਰਾਮ ਨੇ ਸੀਤਾ ਨੂੰ ਕਿਹਾ
ਪਿਰਯ, ਮੇਰੇ ਲਈ ਬਿਰਖ ਦੀ
ਟਾਹਣੀ ਲਿਆਓ
ਤੇ ਉਸਨੇ ਲਛਮਣ ਨੂੰ ਵਿਖਾ ਕੇ
ਟਾਹਣੀ ਤੋਂ ਤਿੰਨ ਪੱਤੇ ਤੋੜ ਦਿੱਤੇ
ਉਸੇ ਪਲ ਲਛਮਣ ਉਠਿਆ
ਤੇ ਪੱਤਿਆਂ ਦੇ ਧਰਤੀ ਤੱਕ ਪਹੁੰਚਣ ਤੋਂ ਪਹਿਲਾਂ
ਸੂਪਨਖਾ ਦਾ ਨੱਕ
ਰਾਮ ਦੇ ਚਰਨਾਂ ਵਿੱਚ ਆਣ ਡਿੱਗਿਆ
ਤ੍ਰਹਿ ਕੇ ਸੀਤਾ ਨੇ
ਆਪਣੇ ਨੱਕ ਉੱਤੇ ਹੱਥ ਧਰ ਲਏ
ਤੇ ਚੀਕ ਮਾਰਕੇ
ਟੁੱਟੇ ਪੱਤੇ ਵਾਂਗ ਧਰਤੀ ਉੱਤੇ
ਲੁੜਕ ਗਈ
ਡੌਰ ਭੌਰ ਸੂਪਨਖਾ
ਪੀੜ ਨਾਲ ਕਰਾਹੁੰਦੀ ਕਰੋਧ ਵਿਚ ਸੜਦੀ
ਬਲਦੇ ਲਹੂ ਦੀ ਤਤੀਰੀ
ਡਿਗਦੀ ਢਹਿੰਦੀ ਰਾਮ ਉੱਤੇ ਲਪਕੀ
ਪਰ ਸੂਰਬੀਰ ਲਛਮਣ ਨੇ
ਰਾਮ ਤੱਕ ਪਹੁੰਚਣ ਤੋਂ ਪਹਿਲਾਂ
ਉਸਦੇ ਦੋਵੇਂ ਕੰਨ ਕੁਤਰ ਦਿੱਤੇ
ਸੂਪਨਖਾ ਇਕ ਚੰਘਿਆੜ ਵਾਂਗ
ਅੱਧੀ ਧਰਤੀ ਉੱਤੇ ਡਿਗ ਪਈ
ਅੱਧੀ ਅਸਮਾਨ ਵਿਚ ਗਲੀ ਕਰ ਕੇ
ਉੱਪਰ ਚੜ੍ਹ ਗਈ
ਜਦੋਂ ਸੂਪਨਖਾ ਨੂੰ ਸੁਰਤ ਆਈ
ਉਹ ਪੀੜ ਨਾਲ ਝੰਬੀ ਪਈ ਸੀ
ਉਸਦਾ ਜੀਅ ਕੀਤਾ
ਉਹ ਟੀਸ ਟੀਸ ਕਰਦੀ ਦੇਹ ਵਿਚੋਂ ਨਿਕਲ ਕੇ
ਕਿਸੇ ਬਿਰਛ ਵਿੱਚ ਵਛ ਜਾਵੇ
ਜਾਂ ਪੱਥਰ ਦੀ ਸਿਲ ਹੋ ਜਾਵੇ
ਉਹ ਜ਼ੋਰ ਲਾ ਕੇ ਉੱਠਣ ਲੱਗੀ
ਪਰ ਚੱਕਰ ਖਾ ਕੇ ਡਿੱਗ ਪਈ
ਕੁਝ ਪਲਾਂ ਪਿਛੋਂ ਫੇਰ ਅਹੁਲੀ
ਤੇ ਉੱਠ ਕੇ ਬੈਠ ਗਈ
ਵੱਢੇ ਅੰਗਾਂ ਵਿਚੋਂ ਖੂਨ ਵਗ ਵਗ ਕੇ
ਉਸਦਾ ਗਲਾ ਭਰ ਗਿਆ ਸੀ
ਇਕ ਵਾਰ ਫੇਰ ਉਸਦੇ ਅੰਦਰ
ਪੀੜ ਦੀ ਘਾਰ ਪਈ
ਉਹ ਇਕੱਠੀ ਹੋ ਗਈ
ਤੇ ਰੋਣ ਲੱਗ ਪਈ
ਰੋਂਦੀ ਰੋਂਦੀ ਦੀ ਉਸਦੀ ਨਜ਼ਰ
ਰਾਮ ਦੀ ਕੁਟੀਅ ਤੇ ਪੈ ਗਈ
ਚਾਨਚੱਕ ਉਸਦੀਆਂ ਅੱਖਾਂ ਵਿਚੋਂ
ਡਿਗਦੇ ਅੱਥਰੂ ਅੰਗਿਆਰੇ ਬਣ ਗਏ
ਸਰੀਰ ਵਿਚ ਵਗਦੀ ਪੀੜ ਅੱਗ ਦੀ
ਲਾਟ ਬਣ ਗਈ
ਅੱਗ ਬਬੂਲਾ ਹੋਈ ਉਹ ਬੋਲਣ ਲੱਗੀ
ਪਰ ਖੂਨ ਨਾਲ ਭਰੇ ਕੰਠ ਵਿਚ
ਸ਼ਬਦ ਅਟਕ ਗਏ
ਉਸਨੇ ਰਾਮ ਦੀ ਕੁਟੀਆ
ਵੱਲ ਮੂੰਹ ਕਰਕੇ ਖੂਨ ਥੁੱਕ ਦਿੱਤਾ
ਤੇ ਤੱਗ ਦੀ ਜੀਭ ਨਾਲ
ਕਹਿਣ ਲੱਗੀ :
ਮੇਰੇ ਬਣ ਦੇ ਬਿਰਖੋ, ਪਰਬਤੋ
ਮੇਰੀ ਚੀਕ ਨੂੰ ਰਾਹ ਦੇਣ ਲਈ
ਪਾਸੇ ਹਟ ਜਾਵੋ
ਪਸੂ ਪੰਖੀਓ
ਆਪਣੀਆਂ ਚੀਕਾਂ
ਮੇਰੀ ਚੀਕ ਵਿਚ ਰਲਾ ਦਿਓ
ਤੇ ਅਯੁਧਿਆ ਦੇ ਹਰ ਕੰਨ ਵਿਚ
ਸਦਾ ਲਈ ਗੂੰਜਣ ਦਿਓ
ਰਾਮ!
ਮੇਰੇ ਸਾਰੇ ਸ਼ਬਦ ਗਾਲਾਂ ਬਣ ਜਾਣ
ਮੈਂ ਜਦ ਵੀ ਬੋਲਾਂ
ਮੇਰੇ ਮੂੰਹ ਵਿਚੋਂ ਤੈਨੂੰ ਗਾਲ ਨਿਕਲੇ
ਮੇਰੇ ਬਣ ਦੀ ਉਹ ਪੌਣ
ਜਿਸ ਵਿਚ ਤੂੰ ਸਾਹ ਲੈਂਦਾ ਹੈਂ
ਬਲਦੀ ਲੂੰਅ ਬਣ ਜਾਵੇ
ਤੇ ਸਾਰੇ ਸੱਪ ਉਸ ਵਿਚ ਵਿਹੁ ਥੁੱਕ ਦੇਣ
ਬਿਰਖ ਤੈਨੂੰ ਛਾਂ ਨਾਂਹ ਦੇਣ
ਤੇ ਉਸ ਫਲ ਵਿਚ ਕੀੜੇ ਪੈ ਜਾਣ
ਜਿਸ ਨੂੰ ਤੂੰ ਹੱਥ ਲਾਵੇਂ
ਨਦੀ ਤੈਨੂੰ ਪਾਣੀ ਨਾ ਦੇਵੇ
ਤੇ ਨਾ ਪੈਰ ਧਰਨ ਲਈ
ਧਰਤੀ ਤੈਨੂੰ ਥਾਂ
ਤੇਰੀ ਹਰ ਗ੍ਰਾਹੀ
ਮੇਰੇ ਖੂਨ ਵਿਚ ਲਿੱਬੜ ਜਾਵੇ
ਤੇਰੀਆਂ ਬਾਹਾਂ ਮੋਢਿਆਂ ਦੀਆਂ
ਚੂਲਾਂ ਵਿਚੋਂ ਨਿਕਲ ਜਾਣ
ਤੇ ਅਧਖਿੱਚਿਆ ਤੀਰ
ਧਰਤੀ ਉਤੇ ਡਿਗ ਪਵੇ
ਤੇਰੇ ਨੱਕ ਅਤੇ ਕੰਨ ਟੁੱਟ ਕੇ
ਤੇਰੇ ਚਿਹਰੇ ਲਟਕਦੇ ਰਹਿਣ
ਰਾਮ ਨੂੰ ਗਾਲਾਂ ਕਢਦੀ ਕਢਦੀ
ਸੂਪਨਖਾ ਨੇ
ਨੱਕ ਅਤੇ ਕੰਨਾਂ ਦੇ ਤੜਪਦੇ ਲੋਥੜੇ
ਚੁੱਕ ਕੇ ਅਸਮਾਨ ਵਿਚ ਹੱਥ ਫੈਲਾ ਦਿੱਤਾ
ਤੇ ਬੋਲੀ :
ਸੂਰਜ! ਆਹ ਵੇਖ ਆਪਣੇ ਸੂਰਜਵੰਸ ਦੇ
ਪਰਖੋਤਮ ਦੇ ਬਾਹੂਬਲ ਦੀ ਨਿਸ਼ਾਨੀ
ਸਹੰਸ ਨੈਣਾਂ ਵਾਲੇ ਅੰਬਰ!
ਅਸੰਖ ਰੰਗਾਂ ਵਾਲੀ ਧਰਤੀ!
ਜੋ ਮੇਰੇ ਨਾਲ ਹੋਇਆ ਹੈ
ਤੁਸੀਂ ਉਸਦੇ ਗਵਾਹ ਹੋ
ਜਦ ਵੀ ਕਦੇ ਇਤਿਹਾਸ ਨੇ
ਰਾਮ ਦੇ ਚਰਨਾਂ ਵਿਚ ਬਹਿ ਕੇ ਝੂਠ ਬੋਲਿਆ
ਮੇਰੇ ਇਸ ਪਸਰੇ ਹੱਥ ਵਿਚਲੇ
ਲੋਥੜੇ ਨੰਗੇ ਕਰ ਦੇਣੇ
ਜਦ ਵੀ ਕਿਸੇ ਕਲਾਕਾਰ ਨੇ
ਰਾਮ ਦੀ ਮੂਰਤ ਵਾਹੀ
ਉਸਦੇ ਚਿਹਰੇ ਉੱਤੇ
ਮੇਰੇ ਨੱਕ ਤੇ ਕੰਨਾਂ ਦੇ ਲੋਥੜੇ ਲਟਕਾ ਦੇਣੇ
ਸੂਪਨਖਾ
ਥਿੜਕਦੇ ਪੈਰਾਂ ਨਾਲ
ਟਸਕਦੇ ਜਖ਼ਮਾਂ ਨਾਲ
ਕਦਮ ਕਦਮ ਤੇ ਖੂਨ ਦੇ ਛਿੱਟੇ ਸੁਟਦੀ
ਕਦਮ ਕਦਮ ਤੇ ਰਾਮ ਨੂੰ ਗਾਲਲਾਂ ਕਢਦੀ
ਗੋਮਤੀ ਨਦੀ ਦੇ ਕੰਢੇ ਉੱਤੇ
ਮੂਧੇ ਮੂੰਹ ਜਾ ਡਿੱਗੀ
ਤੇ ਨਿਤਰੇ ਪਾਣੀ ਵਿਚ
ਆਪਣਾ ਅਕਸ ਵੇਖ ਕੇ
ਬੇਹੋਸ਼ ਹੋ ਗਈ
ਜਦੋਂ ਨਦੀ ਦਾ ਪਾਣੀ ਲੱਗ ਕੇ
ਸੂਪਨਖਾ ਨੂੰ ਜਾਗ ਆਈ
ਉਹ ਨੱਕ ਅਤੇ ਕੰਨਾਂ ਦੇ ਲੋਥੜੇ
ਜਲ ਪਰਵਾਹ ਕਰਦੀ ਹੋਈ ਬੋਲੀ
ਗੋਮਤੀ ਮਾਂ!
ਇਹ ਲੋਥੜੇ ਪਰਮ ਕਿਰਪਾਲੂ
ਰਾਮ ਜੀ ਦੇ ਦਰਸ਼ਨ ਦਾ ਫਲ ਹੈ
ਉਹ ਜਦ ਤੇਰੇ ਵਿਚ ਇਸ਼ਨਾਨ ਕਰਨ
ਜਾਂ ਜਲ ਪੀਣ ਆਵੇ
ਤੂੰ ਆਪਣਾ ਪਾਣੀ
ਇਹਨਾਂ ਟੁਕੜਿਆਂ ਦੇ ਖੂਨ ਨਾਲ
ਲਾਲ ਕਰ ਦੇਵੀਂ ਤੇ ਕਹੀਂ
ਆਪਣੀ ਵਰੋਸਾਈ ਸੂਪਨਖਾ ਦੀ
ਭੇਟਾ ਪਰਵਾਨ ਕਰੋ
ਆਪਣਾ ਚਿਹਰਾ ਧੋਂਦੀ ਹੋਈ
ਸੂਪਨਖਾ ਬੋਲੀ
ਮਾਂ! ਜਦੋਂ ਉਹ ਤੇਰੇ ਜਲ ਵਿਚ
ਇਸ਼ਨਾਨ ਕਰਦਾ ਹੈ
ਤੂੰ ਉਸਦੀ ਹਿੰਸਾ ਨਹੀਂ ਧੋਂਦੀ?
ਤੇਰਾ ਪਾਣੀ ਪੀ ਕੇ ਵੀ ਉਹ
ਨਿਰਵੈਰ ਨਹੀਂ ਹੁੰਦਾ
ਕੇਹੋ ਜਿਹੇ ਹਨ ਇਹ ਲੋਕ
ਜੋ ਸਾਡੇ ਬਿਰਛਾਂ ਦੀ ਛਾਂ ਲੈ ਕੇ
ਸਾਡੀ ਧਰਤੀ ਦਾ ਅੰਨ ਖਾ ਕੇ
ਸਾਡੇ ਦਰਿਆਵਾਂ ਦਾ ਪਾਣੀ ਪੀ ਕੇ
ਸਾਡੇ ਘਰਾਂ ਵਿਚ ਸ਼ਰਣ ਲੈ ਕੇ
ਸਾਡਾ ਹੀ ਘਾਤ ਕਰਦੇ ਹਨ
ਤੇ ਆਪਣੇ ਆਪ ਨੂੰ ਕੁਲੀਨ ਸਮਝਦੇ ਹਨ
ਉਹ ਏਥੇ ਬਨਵਾਸ ਭੋਗਣ ਨਹੀਂ ਆਏ
ਬਣ ਨੂੰ ਵੱਸ ਵਿਚ ਕਰਨ ਆਏ ਹਨ
ਜਿੱਥੇ ਵੀ ਪੈਰ ਧਰਦੇ ਹਨ
ਅਯੁਧਿਆ ਵਿਛਾ ਦਿੰਦੇ ਹਨ
ਸਾਡੇ ਬਿਰਛਾਂ ਉਤੇ ਆਪਣੀ
ਮਰਯਾਦਾ ਦੀ ਪੀਲੀ ਅੰਬਰ ਵੇਲ ਸੁਟਦੇ ਹਨ
ਉਹ ਇਸ ਬਣ ਨੂੰ ਬਣ ਨਹੀਂ
ਅਯੁਧਿਆ ਦੀ ਬਸਤੀ ਸਮਝਦੇ ਹਨ
ਜੋ ਅਯੁਧਿਆ ਤੋਂ ਨਾਬਰ ਹੈ ਉਹ ਰਾਖਸ਼ ਹੈ
ਤੇ ਮਰਯਾਦਾ ਪੁਰਸ਼ੋਤਮ ਉਹਨਾਂ ਦਾ
ਉਧਾਰ ਕਰਨ ਲਈ ਆਇਆ ਹੈ
ਜੋ ਉਧਾਰ ਤੋਂ ਆਕੀ ਹੋ ਜਾਂਦਾ ਹੈ
ਉਸਦਾ ਸੰਘਾਰ ਕਰਦਾ ਹੈ
ਇਹ ਯੁੱਧ ਅਯੁਧਿਆ ਤੇ ਪੰਚਵਟੀ ਵਿਚ ਹੈ
ਵਣ ਅਤੇ ਸੰਸਕ੍ਰਿਤੀ ਵਿਚ ਹੈ

(ਇਹ ਪੂਰੀ ਕਵਿਤਾ ਨਹੀਂ)

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!