ਆਰ ਨਾ ਪਾਰ – ਮੁਖ਼ਤਾਰ ਗਿੱਲ

Date:

Share post:

ਜਲਾਲਦੀਨ ਨੂੰ ਸਾਰੀ ਰਾਤ ਅਜੀਬ ਜਿਹੀ ਅੱਚਵੀ ਲੜਦੀ ਰਹੀ-ਬੇਚੈਨੀ ’ਚ ਪਾਸੇ ਪਰਤਦਾ ਰਿਹਾ। ਪਲ ਭਰ ਵੀ ਅੱਖ ਨਾ ਲੱਗੀ। ਅਲਾਣੇ ਮੰਜੇ ਦੀ ਥਾਂ ਡਬਲ ਬੈੱਡ, ਨਰਮ ਗਦੈਲਾ, ਓਪਰੀ ਜਗ੍ਹਾ, ਅਜਨਬੀ ਸ਼ਹਿਰ ਅਤੇ ਪਲ ਛਿਣ ਬੇਗਾਨਗੀ ਦਾ ਅਹਿਸਾਸ ’ਚ ਅੱਖ ਲਗਦੀ ਵੀ ਕਿਵੇਂ? ਉਸ ਦੀਆਂ ਬੁੱਢੀਆਂ ਅੱਖਾਂ ਤਾਂ ਸਾਰੀ ਰਾਤ ਆਪਣੀ ਜਨਮ ਭੂਮੀ, ਧਰਤੀ ਮਾਂ, ਆਪਣੇ ਪੁਰਖ਼ਿਆਂ ਦੀ ਸਿਰਾਂ ’ਤੇ ਸਦਾ ਰਹਿਣ ਵਾਲੀ ਠੰਡੀ ਮਿੱਠੀ ਛਾਂ, ਨਿੱਘੀ ਤੇ ਕੂਲੀ ਧੁੱਪ, ਆਪਣਾ ਪਿੰਡ ਗਰਾਂ, ਆਪਣੀ ਪੱਤੀ, ਆਪਣੀ ਗਲੀ, ਆਪਣੇ ਘਰ ਦੀ ਡਿਓੜੀ, ਆਪਣਾ ਖੁੱਲ੍ਹਾ ਡੁੱਲ੍ਹਾ ਵਿਹੜਾ, ਹਮਸਾਇਆਂ ਦੇ ਧੁੰਦਲੇ ਚਿਹਰੇ, ਲੱਖ ਦਾਤੇ ਦੀ ਦਰਗਾਹ, ਮਦਰੱਸਾ, ਗੁਰੂਦੁਆਰਾ ਸਾਹਮਣੇ ਬੋਹੜ ਹੇਠਾਂ ਡੱਠਾ ਤਖ਼ਤਪੋਸ਼, ਪੈਰਾਂ ਨਾਲ ਚੱਲਣ ਵਾਲੀ ਹਰਟੀ, ਖਰਾਸ, ਕੋਹਲੂ, ਖੂਹ, ਛੱਪੜ, ਟੋਭੇ, ਪਿੰਡ ਦੇ ਚੜ੍ਹਦੇ ਪਾਸਿਓਂ ਲੰਘਦੀ ਨਹਿਰ, ਚਰਾਂਦਾਂ, ਬੇਰੀਆਂ ਦਾ ਝੁੰਡ, ਲੋਧੀ ਗੁੱਜਰ ਤੇ ਹੇਤਮ ਦੇ ਕਿਲ੍ਹੇ ਦਰਮਿਆਨ ਸੱਕੀ ਕੰਢੇ ਸੰਘਣੀ ਝਿੜੀ ਆਦਿ ਨੂੰ ਢੂੰਡਦੀਆਂ ਭਟਕਦੀਆਂ ਰਹੀਆਂ ਸਨ।
ਜਲਾਲਦੀਨ ਦੇ ਪਿੰਡ ਵਾਲੇ ਅੱਡੇ ਨੂੰ ਬੜੇ ਸੁਚੱਜ ਨਾਲ ਸਜਾਇਆ ਗਿਆ ਸੀ। ਪਿੰਡ ਦੀਆਂ ਗਲੀਆਂ ਤੇ ਉਹਦੀ ਪੱਤੀ ਭਾਰੇਕੀ ਦੇ ਘਰਾਂ ਨੂੰ ਵੀ ਸ਼ਿੰਗਾਰਿਆ ਸੀ। ਰੰਗੇ ਬੂਰੇ ਨਾਲ ਕਿਧਰੇ ਰੰਗੋਲੀਆਂ ਸਜਾਈਆਂ ਗਈਆਂ ਸਨ ਤੇ ਕਈ ਥਾਈਂ ਕਲੀ ਨਾਲ ਅੰਗਰੇਜ਼ੀ ’ਚ ‘ਵੈੱਲਕੰਮ’ ਲਿਖ ਦਿੱਤਾ ਹੋਇਆ ਸੀ। ਅੱਡੇ ਦੇ ਮੁੱਖ ਚੌਕ ’ਚ ਪੰਡਾਲ ਬਣਾਇਆ ਗਿਆ ਸੀ-ਜਿਸ ਨੂੰ ਝੰਡੀਆਂ, ਰਿਬਨਾਂ, ਲੜੀਆਂ ਅਤੇ ਗੁਬਾਰਿਆਂ ਨਾਲ ਸਜਾਇਆ ਹੋਇਆ ਸੀ। ਅੰਮ੍ਰਿਤਸਰ ਰੋਡ, ਰਾਣੀਆਂ ਰੋਡ ਅਤੇ ਪ੍ਰੀਤ ਨਗਰ ਰੋਡ ’ਤੇ ਬੈਨਰ ਲਗਾਏ ਗਏ ਸਨ-ਜਿਹਨਾਂ ਉੱਪਰ ਸੁਨਹਿਰੀ ਅੱਖਰ ‘ਜੀ ਆਇਆਂ ਜਲਾਲਦੀਨ’, ‘ਖੁਸ਼ਆਮਦੀਦ ਜਨਾਬ ਜਲਾਲਦੀਨ’ ਅਤੇ ‘ਵੈੱਲਕੰਮ ਟੂ ਜਲਾਲਦੀਨ’ ਚਮਕ ਰਹੇ ਸਨ।
ਮੰਚ ਦੀ ਪਿੱਠ ਭੂਮੀ ’ਚ ਵੀ ਬੈਨਰ ਲਗਾਏ ਗਏ ਸਨ ਜਿਹਨਾਂ ਉੱਪਰ ‘ਹਿੰਦ-ਪਾਕਿ ਦੋਸਤੀ ਜ਼ਿੰਦਾਬਾਦ, ਲਾਡਲੇ ਪੁੱਤਰ ਜਲਾਲਦੀਨ ਤੇਰਾ ਨਗਰ ਤੈਨੂੰ ਗਲੇ ਲਗਾਉਂਦਾ ਹੈ-ਸਮੂਹ ਪਿੰਡ ਵਾਸੀ ਲੋਪੋਕੇ। ‘ਆਰ ਨਾ ਪਾਰ ਬਾਬਾ ਜਲਾਲ ਦੀਨ ਸਾਡੇ ਵਿਚਕਾਰ : ਸ਼ਹੀਦ ਭਗਤ ਸਿੰਘ ਯੂਥ ਕਲੱਬ।’ ਆਦਿ ਅੱਖਰਕਾਰੀ ਪਿੰਡ ਦੀਆਂ ਸੱਚੀਆਂ ਸੁੱਚੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਰਹੀਆਂ ਸਨ। ਪੰਡਾਲ ’ਚ ਗੁਰਦਾਸ ਮਾਨ ਸਾਹਿਬ ਦੀ ਹੇਰਵੇ ਨੂੰ ਖੂਬਸੂਰਤੀ ਨਾਲ ਪੇਸ਼ ਕਰ ਰਹੀ, ਪੁਰ ਸੋਜ਼ ਆਵਾਜ਼ ਗੂੰਜ ਰਹੀ ਸੀ-‘ਮੁੜ ਮੁੜ ਯਾਦ ਸਤਾਵੇ, ਪਿੰਡ ਦੀਆਂ ਗਲੀਆਂ ਦੀ…।’ ਅੱਡੇ ਵਿਚ ਹੀ ਪ੍ਰੀਤਨਗਰ ਨੂੰ ਜਾਣ ਵਾਲੀ ਸੜਕ ਕੰਢੇ-ਇਕ ਦੁਕਾਨ ਅੱਗੇ ਕਨਾਤਾਂ ਦਾ ਪਰਦਾ ਕਰੀ ਸੱਤੇ ਸ਼ਾਹ ਪਕੌੜੇ ਕੱਢ ਰਿਹਾ ਸੀ। ਪੰਡਾਲ ਦੇ ਖੱਬੇ ਪਾਸੇ ਸੱਤੀ ਹਲਵਾਈ ਦੀ ਦੁਕਾਨ ਅੱਗੇ ਦੇਸੀ ਘਿਓ ਦੇ ਜਲੇਬ ਨਿਕਲ ਰਹੇ ਸਨ ਅਤੇ ਦੇਸੇ ਦੀ ਹਵੇਲੀ ਵਿਚ ਵੀਰੂ ਨਾਈ ਨਿਆਜ਼ ਦੀ ਦੇਗ਼ ਪਕਾ ਰਿਹਾ ਸੀ। ਪਾਲਾ ਢੋਲੀ, ਖੁਸ਼ੀ ’ਚ ਖੀਵਾ ਹੋਇਆ ਆਪਣੇ ਪਿੰਡ ਦੇ ਬਜ਼ੁਰਗ ਦੀ ਆਮਦ ’ਚ ਢੋਲ ਵਜਾ ਰਿਹਾ ਸੀ।
ਬਾਬਾ ਜਲਾਲਦੀਨ ਦੇ ਹਾਣੀ-ਆੜੀ ਪਿੰਡ ਦੇ ਪੁਰਾਣੇ ਬਜ਼ੁਰਗ, ਉਸਦੇ ਪੁੱਤਾਂ ਪੋਤਰਿਆਂ ਵਰਗੇ ਉਤਸ਼ਾਹੀ ਨੌਜਵਾਨ, ਅਧਿਆਪਕ, ਸੋਹਣੀਆਂ ਵਰਦੀਆਂ ’ਚ ਫੱਬ ਰਹੇ ਸਕੂਲੀ ਬੱਚੇ ਅਤੇ ਪਤਵੰਤੇ ਸੱਜਣ ਹੱਥਾਂ ਵਿਚ ਹਾਰ ਫੜੀ ਜਜ਼ਬਾਤ ਤੇ ਅਹਿਸਾਸ ਦੀ ਸ਼ਿੱਦਤ ਨਾਲ ਲਬਰੇਜ਼ ਆਪਣੇ ਪਿੰਡ ਦੇ ਬਜ਼ੁਰਗ ਦੀ ਉਡੀਕ ਵਿਚ ਅੱਖਾਂ ਵਿਛਾਈ ਖੜ੍ਹੇ ਸਨ। ਹੱਥਾਂ ’ਚ ਤਿਰੰਗੀਆਂ ਝੰਡੀਆਂ ਫੜੀ ਕੁਝ ਬੱਚੇ ਸੋਚ ਰਹੇ ਸਨ, ‘ਚਲੋ! ਅੱਜ ਵੇਖਾਂਗੇ ਮੁਸਲਮਾਨ ਕਿਹੋ ਜਿਹੇ ਹੁੰਦੇ ਹਨ।’
ਬਾਬਾ ਜਲਾਲਦੀਨ ਨੂੰ ਅੰਮ੍ਰਿਤਸਰੋਂ ਲੈਣ ਗਏ ਯੂਥ ਕਲੱਬ ਦੇ ਮੈਂਬਰ ਆ ਗਏ ਸਨ। ਉਹਨਾਂ ਨੂੰ ਬਾਬਾ ਜਲਾਲਦੀਨ ਦੇ ਮੇਜ਼ਬਾਨ ਪ੍ਰੋ. ਰੰਧਾਵਾ ਨੇ ਦੱਸਿਆ ਕਿ, ‘ਮੈਂ ਬਥੇਰਾ ਕਿਹਾ ਕਿ ਤੁਹਾਨੂੰ ਪਿੰਡ ਦੇ ਨੌਜਵਾਨ ਬੜੇ ਮਾਣ ਸਤਿਕਾਰ ਨਾਲ ਲੈਜਾਣ ਲਈ ਆ ਰਹੇ ਹਨ ਪਰ ਉਹਨਾਂ ਸਵੇਰ ਦੀ ਚਾਹ ਪੀਂਦਿਆਂ ਇਕੋ ਰੱਟ ਲਗਾਈ ਰੱਖੀ ਕਿ ਮੈਨੂੰ ਲੋਪੋਕੇ ਜਾਣ ਵਾਲੀ ਲਾਰੀ ’ਤੇ ਬਿਠਾ ਆਓ। ਮੈਂ ਉਹਨਾਂ ਦੀ ਜਿੱਦ ਅੱਗੇ ਝੁਕਦਿਆਂ, ਬਾਬਾ ਜੀ ਨੂੰ ਮੋਟਰ ਸਾਈਕਲ ’ਤੇ ਬਿਠਾਇਆ ਤੇ ਗਵਾਲ ਮੰਡੀ ਅੱਡੇ ਜਾ ਉਤਾਰਿਆ। ਉਥੋਂ ਮਿੰਨੀ ਬਸ ’ਤੇ ਬਿਠਾ ਕੇ ਡਰਾਈਵਰ ਕੰਡਕਟਰ ਨੂੰ ਪੱਕੀ ਕਰ ਦਿੱਤੀ ਕਿ ਬਜ਼ੁਰਗਾਂ ਨੂੰ ਲੋਪੋਕੇ ਐਮ.ਐਲ.ਏ. ਦੇ ਘਰ ਸਾਹਮਣੇ ਉਤਾਰ ਦੇਣ।’
ਬਾਬਾ ਜਲਾਲਦੀਨ ਸਾਈਂ ਮੀਆਂ ਮੀਰ ਦੇ ਸਾਲਾਨਾ ਉਰਸ ਦੇ ਸਬੰਧ ਵਿਚ ਲਾਹੌਰ ਤੋਂ ਜਥੇ ਨਾਲ ਸ਼ਿਰਕਤ ਲਈ ਅੰਮ੍ਰਿਤਸਰ ਪਹੁੰਚਾ ਸੀ। ਕੱਲ੍ਹ ਦਿਨ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ। ਜਲਿ੍ਹਆਂਵਾਲੇ ਬਾਗ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਨ ਕੀਤੇ ਅਤੇ ਖਾਲਸਾ ਕਾਲਜ ਵੇਖ ਸ਼ਾਮੀਂ 5 ਵਜੇ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਲ ਵਿਚ ਪਹੁੰਚ ਗਏ। ਕੱਵਾਲੀਆਂ ਵੀ ਬਾਬਾ ਜੀ ਨੂੰ ਨਾ ਬੰਨ੍ਹ ਸਕੀਆਂ ਉਹ ਤਾਂ ਇਸੇ ਪਲ ਉੱਡ ਕੇ ਲੋਪੋਕੇ ਪਹੁੰਚ ਜਾਣਾ ਲੋਚ ਰਿਹਾ ਸੀ। ਸੋ ਪ੍ਰੋਗਰਾਮ ਤੋਂ ਬਾਅਦ ਪ੍ਰੋਫੈਸਰ ਸਾਹਿਬ ਦੇ ਘਰ ਰਾਤ ਕੱਟ ਲੋਪੋਕੇ ਆ ਪਹੁੰਚਾ।
ਪੰਡਾਲ ’ਚ ਜੁੜੀਆਂ ਸਾਰੀਆਂ ਅੱਖਾਂ ਅੱਸੀ ਬਿਆਸੀ ਸਾਲਾਂ ਦੇ, ਬੜੇ ਹੀ ਸਾਦਮੁਰਾਦੇ ਬਜ਼ੁਰਗ ਨੂੰ ਟਿਕਟਿਕੀ ਲਾ ਤੱਕਣ ਲੱਗੀਆਂ। ਐਮ.ਐਲ.ਏ. ਸਾਹਿਬ ਬਜ਼ੁਰਗ ਨੂੰ, ਜਿਸ ਦੇ ਤੇੜ ਝੱਗਾ ਚਾਦਰਾ, ਪੈਰੀਂ ਖ਼ੱਲ ਦੀ ਜੁੱਤੀ, ਸਿਰ ’ਤੇ ਚਿੱਟਾ ਸਾਫ਼ਾ ਵਲ੍ਹੇਟੀ, ਬਲੈਕ ਬਰਾਊਨ ਧਾਰੀਆਂ ਵਾਲਾ ਸਵੈਟਰ ਉੱਪਰ ਘਸਮੈਲੀ ਜਿਹੀ ਲੋਈ ਮੋਢੇ ਰੱਖੀ ਹੋਈ ਸੀ, ਬੜੀ ਹੀ ਇੱਜ਼ਤ ਨਾਲ ਮੰਚ ਤੱਕ ਲੈ ਕੇ ਆਏ। ਬਾਬਾ ਜਲਾਲਦੀਨ ਜ਼ਿੰਦਾਬਾਦ ਦੇ ਨਾਹਰੇ ਨਾਲ ਪੰਡਾਲ ਗੂੰਜ ਉੱਠਿਆ। ਬਿਲਕੁਲ ਆਪਣਿਆਂ ਵਰਗੇ ਬਜ਼ੁਰਗ ਜਲਾਲਦੀਨ ਨੂੰ ਹਾਰ ਪਾਏ ਗਏ। ਇਸ ਜਨਤਕ ਸਵਾਗਤ ਉਪਰੰਤ ਬਕਾਇਦਾ ਸਟੇਜ ਦੀ ਕਾਰਵਾਈ ਆਰੰਭ ਹੋਈ। ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਦੀਆਂ ਬੱਚੀਆਂ ਨੇ, ‘ਨੀ ਅੱਜ ਕੋਈ ਆਇਆ, ਸਾਡੇ ਵਿਹੜੇ’ ਗੀਤ ਗਾ ਕੇ ਸਵਾਗਤ ਕੀਤਾ।
ਫਿਰ ਉੱਘੇ ਲੇਖਕ ਅਧਿਆਪਕ ਅਤੇ ਹਿੰਦ-ਪਾਕਿ ਮਿੱਤਰਤਾ ਮੰਚ ਦੇ ਪ੍ਰਧਾਨ ਐਮ.ਐਸ. ਔਲਖ ਮੰਚ ’ਤੇ ਆਏ। ਮਾਈਕ ਲੈ ਹਾਜ਼ਰੀਨ ਨੂੰ ਸੰਬੋਧਨ ਕਰਨ ਲੱਗੇ, ‘ਮੇਰੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਬਾਬਾ ਜਲਾਲਦੀਨ ਜੀ! ਉਹਨਾਂ ਦੇ ਨਾਲ ਬੈਠੇ ਮਾਣਯੋਗ ਬਜ਼ੁਰਗੋ, ਪਤਵੰਤੇ ਸੱਜਣੋਂ! ਮੰਚ ਦੇ ਮੈਂਬਰ ਸਾਹਿਬਾਨ ਬੀਬੀਓ, ਭੈਣੋ ਤੇ ਬੱØਚਿਓ! ਅੱਜ ਦਾ ਦਿਨ ਸਾਡੇ ਲਈ ਭਾਗਾਂ ਭਰਿਆ ਹੈ-ਇਹ ਸੁਭਾਗਾ ਦਿਨ ਲਿਆਉਣ ਲਈ ਦੋਹਾਂ ਦੇਸ਼ਾਂ ਦੇ ਲੇਖਕਾਂ ਕਲਾਕਾਰਾਂ ਵਲੋਂ ਕਈ ਸਾਲਾਂ ਤੋਂ ਆਪਣੀਆਂ ਕਹਾਣੀਆਂ, ਨਜ਼ਮਾਂ ਕਵਿਤਾਵਾਂ ਅਤੇ ਨਾਟਕਾਂ ਰਾਹੀਂ ਸੁਖਾਵਾਂ ਮਾਹੌਲ ਸਿਰਜਣ, ਸਿਆਸੀ ਮਾਹੌਲ ਵਿਚ ਬਦਲਾਅ ਲਿਆਉਣ ਅਤੇ ਵਾਹਗਾ ਬਾਰਡਰ ’ਤੇ ਹਰ ਸਾਲ ਬਾਲੀਆਂ ਜਾਣ ਵਾਲੀਆਂ ਮੋਮਬੱਤੀਆਂ ਦੀ ਲੋਅ ਨੇ ਦੋਹਾਂ ਪਾਸਿਆਂ ਦੇ ਪੰਜਾਬੀਆਂ ਦੇ ਦਿਲਾਂ ਵਿਚ ਵਸਾਈ ਗਈ ਫਿਰਕੂ ਨਫ਼ਰਤ ਨੂੰ ਨਾ ਸਿਰਫ਼ ਖ਼ਤਮ ਕੀਤਾ ਸਗੋਂ ਮਨਾਂ ’ਤੇ ਜੰਮੀ ਜ਼ਹਿਰੀਲੀ ਬਰਫ਼ ਨੂੰ ਪਿਘਲਾ ਦਿੱਤਾ। ਦੋਹਾਂ ਦੇਸ਼ਾਂ ਦੇ ਸਰੋਕਾਰਾਂ ਨੂੰ ਸਦਭਾਵਨਾ ਦੀ ਖ਼ੁਸ਼ਬੂ ਨਾਲ ਮਹਿਕਾ ਦਿੱਤਾ। ਦੋਹਾਂ ਦੇਸ਼ਾਂ ਦੇ ਆਵਾਮ ਦੇ ਦਬਾਅ ਨੇ ਘਟੀਆ ਸਿਆਸਤ ਦੇ ਮੋਢਿਆਂ ’ਤੇ ਚੜ੍ਹੀਆਂ ਹਕੂਮਤਾਂ ਨੂੰ ਆਪਸੀ ਸਬੰਧਾਂ ਵਿਚ ਸੁਧਾਰ ਕਰਨ ਲਈ ਮਜਬੂਰ ਕਰ ਦਿੱਤਾ। ਸੁਧਰੇ ਸਬੰਧਾਂ ਦੀ ਬਦੌਲਤ ਦੋਹਾਂ ਦੇਸ਼ਾਂ ਦਰਮਿਆਨ ਜੰਗਬੰਦੀ ਲਾਗੂ ਹੋਈ, ਜਿਸ ਦੇ ਫਲਸਰੂਪ ਸੀਮਾ ਦੇ ਦੋਹਾਂ ਪਾਸਿਆਂ ਤੋਂ ਟੈਂਕਾਂ, ਤੋਪਾਂ ਦੀ ਗੂੰਜ ਮੱਠੀ ਪੈ ਗਈ। ਸ਼ਾਂਤੀ ਵਾਰਤਾਵਾਂ ਦਾ ਸਿਲਸਿਲਾ ਸ਼ੁਰੂ ਹੋਇਆ। ਦੋਹਾਂ ਦੇਸ਼ਾਂ ਦੇ ਲੇਖਕ, ਕਲਾਕਾਰ, ਖਿਡਾਰੀ ਅਤੇ ਜੀਵਨ ਦੇ ਹੋਰਾਂ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਪੰਜਾਬੀਆਂ ਨੂੰ ਖੁੱਲ੍ਹ ਮਿਲੀ। ਉਹ ਚੜ੍ਹਦੇ ਲਹਿੰਦੇ ਪੰਜਾਬ ਵਿਚ ਆਪਣੇ ਫ਼ਨ ਦੇ ਮੁਜ਼ਾਹਰੇ ਕਰਨ ਲਈ ਆਉਣ ਜਾਣ ਲੱਗੇ। ਸਰਕਾਰਾਂ ਕੁਝ ਹੋਰ ਨਰਮ ਹੋਈਆਂ। ਸਮਝੌਤਾ ਐਕਸਪ੍ਰੈਸ, ਸਦਾ-ਏ-ਸਰਹੱਦ, ਪੰਜ ਆਬ ਆਦਿ ਨੇ ਦੂਰੀਆਂ ਮਿਟਾ ਦਿੱਤੀਆਂ। ਸੱਜਣਾਂ ਮਿੱਤਰਾਂ, ਰਿਸ਼ਤੇਦਾਰਾਂ ਸਕੇ ਸਬੰਧੀਆਂ ਨੂੰ ਦਿਲਾਂ ਦੇ ਹੋਰ ਨੇੜੇ ਲੈ ਆਂਦਾ। ਭਾਈਚਾਰਕ ਸਾਂਝ ਵਧਣ-ਫੁੱਲਣ ਲੱਗੀ।
ਅੱਜ ਸਾਡੇ ਪਿੰਡ ਦੇ ਬਜ਼ੁਰਗ ਬਾਬਾ ਜਲਾਲਦੀਨ ਜੀ ਆਪਣੀ ਜਨਮ ਭੂਮੀ ਦੀ ਗੋਦ ਵਿਚ ਬੈਠੇ ਕਿੰਨੀ ਮੋਹ ਮਮਤਾ, ਕਿੰਨਾ ਨਿੱਘ, ਅਪਣੱਤ ਤੇ ਧੰਨ ਭਾਗ ਮਹਿਸੂਸ ਕਰ ਰਹੇ-ਇਹ ਉਹ ਹੀ ਜਾਣਦੇ ਹਨ। ਇਹ ਉਹੋ ਬਾਬਾ ਜਲਾਲਦੀਨ ਸਨ-ਜਿਹੜੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਉੱਚੀ ਉੱਚੀ ਆਵਾਜ਼ਾਂ ਮਾਰਿਆ ਕਰਦੇ ਸਨ, ‘ਭਾਈ! ਕੋਈ ਹੈ ਲੋਪੋਕੇ ਦਾ, ਤਹਿਸੀਲ ਅਜਨਾਲੇ ਦਾ, ਜ਼ਿਲ੍ਹੇ ਅੰਬਰਸਰ ਦਾ….। ਪਰ ਕੋਈ ਨਾ ਮਿਲਿਆ। ਫਿਰ ਬਾਬਾ ਜੀ ਦਾ ਭੇਜਿਆ ਇਕ ਰੁੱਕਾ ਮੇਰੇ ਲੇਖਕ ਮਿੱਤਰ ਬਲਵਿੰਦਰ ਝਬਾਲ ਨੇ ਮੇਰੇ ਤੱਕ ਪਹੁੰਚਾਇਆ ਜੋ ਇਸ ਤਰ੍ਹਾਂ ਸੀ:
‘ਅਜ਼ ਜਲਾਲਦੀਨ ਘੁਮਾਰ ਲੋਪੋਕੇ ਜ਼ਿਲ੍ਹਾ ਅੰਬਰਸਰ।
ਸੁਰਾਜਦੀਨ ਘੁਮਾਰ ਵਲਦ ਅਹਿਮਦੀਨ ਘੁਮਾਰ।
ਬਾਖਿਦਮਤ ਜਨਾਬ ਸੂਰਤ ਸਿੰਘ, ਸੋਹਣ ਸਿੰਘ ਮਸ਼ੀਨ ਵਾਲੇ। ਇਨਕੇ ਲੜਕੇ ਮੋਹਨ ਸਿੰਘ, ਚੰਨਣ ਸਿੰਘ ਕੋ ਮੇਰੀ ਤਰਫ਼ ਸੇ ਸਾਹਿਬ ਸਲਾਮ। ਮੇਰੀ ਰਿਹਾਇਸ਼ ਚੂਹੜਕਾਣਾ ਫਰਾਖ਼ਾਬਾਦ, ਜ਼ਿਲ੍ਹਾ ਸੇਖ਼ੂਪੁਰਾ/ਫ਼ੋਨ ਨੰਬਰ 874492 ਕੋਡ 04945-ਪੀ.ਪੀ. 874123 ਔਰ ਮੁਹੰਮਦ ਰਫ਼ੀਕ ਵਲਦ ਮੁਹੰਮਦ ਇਬਰਾਹੀਮ ਸਕਨਾ ਝਬਾਲ ਜ਼ਿਲ੍ਹਾ ਅੰਬਰਸਰ ਕੇ ਹਾਥ ਆਪ ਕੋ ਰੁੱਕਾ ਭੇਜ ਰਹਾ ਹੂੰ। ਇਸਕਾ ਜਵਾਬ ਆਪ ਬਜਰੀਆ ਫੋਨ ਨੰਬਰ ਪਰ ਦੇ। ਬੜੀ ਮਿਹਰਬਾਨੀ ਹੋਗੀ। ਕਿਉਂਕਿ ਹਮੇ ਆਪਣੀ ਜਨਮ ਭੂਮੀ ਯਾਦ ਆਤੀ ਹੈ। ਜੰਗ ਸਿੰਘ ਲੜਕਾ ਸ਼ੰਗਾਰਾ ਸਿੰਘ, ਹਜ਼ਾਰਾ ਸਿੰਘ, ਪ੍ਰੀਤਮ ਸਿੰਘ ਵਲਦ ਸੁਦਾਗਰ ਸਿੰਘ, ਦਲੀਪ ਸਿੰਘ, ਟਹਿਲ ਸਿੰਘ, ਹਰੀ ਸਿੰਘ, ਹਰਨਾਮ ਸਿੰਘ, ਭਾਨ ਸਿੰਘ, ਚੇਤ ਸਿੰਘ, ਇਕਬਾਲ ਸਿੰਘ, ਬੰਤਾ ਸਿੰਘ, ਚਤਰ ਸਿੰਘ ਮਿਸਤਰੀ, ਬਾਜ ਸਿੰਘ, ਦਾਨਾ ਸਿੰਘ ਆਪ ਸਭ ਕੋ ਮੇਰੀ ਤਰਫ਼ ਸੇ ਸਾਹਿਬ ਸਲਾਮ। ਮੇਰਾ ਟੈਲੀਫੋਨ ਨੰਬਰ ਯੇਹ ਹੈ : 874492 ਕੋਡ 04945 ਪੀ.ਪੀ. 874123
ਇਹ ਰੁੱਕਾ ਲੈ ਕੇ ਬਲਵਿੰਦਰ ਝਬਾਲ ਦੇ ਰਫ਼ੀਕ ਮੇਰੇ ਕੋਲ ਆਏ। ਅਸੀਂ ਪਿੰਡ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੇ ਤਖ਼ਤਪੋਸ਼, ਭਾਈ ਹਰਦਾਸ, ਦਰਗਾਹ ਲੱਖ ਦਾਤਾ, ਮੰਦਰ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਰੁੱਕੇ ’ਚ ਲਿਖੇ ਨਾਂ ਵਾਲੇ ਬਜ਼ੁਰਗਾਂ ਨੂੰ ਢੂੰਡਣ ਗਏ। ਕੁਝ ਬਜ਼ੁਰਗ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਪਰ ਫਿਰ ਅਸੀਂ ਪਿੰਡ ਦੇ ਕੁਝ ਬਜ਼ੁਰਗਾਂ ਨੂੰ ਲੱਭ ਲੈਣ ’ਚ ਸਫ਼ਲਤਾ ਪ੍ਰਾਪਤ ਕਰ ਹੀ ਲਈ। ਫਿਰ ਅਸੀਂ ਇਹਨਾਂ ਬਜ਼ੁਰਗਾਂ ਵਲੋਂ ਜਲਾਲਦੀਨ ਹੋਰਾਂ ਨੂੰ ਪੱਤਰ ਲਿਖਿਆ : ‘ਬਾਖ਼ਿਦਮਤ ਜਨਾਬ ਜਲਾਲਦੀਨ ਔਰ ਜਨਾਬ ਸੁਰਾਜਦੀਨ ਸਾਹਿਬ ਚੂਹੜਕਾਣਾ ਫਾਰੂਖਾਬਾਦ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ। ਆਪਕਾ ਖ਼ਤ ਬਜਰਈਆ ਮੁਹੰਮਦ ਰਫ਼ੀਕ ਸਾਹਿਬ ਸੇ ਮਿਲਾ। ਜਵਾਬ ਹਾਜ਼ਰ ਹੈ। ਯਾਦ ਆਵਰੀਕਾ ਬਹੁਤ-ਬਹੁਤ ਸ਼ੁਕਰੀਆ। ਮਿਹਰਬਾਨ। ਹਮਾਰੀ ਤਰਫ਼ ਸੇ ਭੀ ਸਭ ਪੁਰਾਣੇ ਔਰ ਨਏ ਜਾਣਕਾਰੋਂ ਕੋ ਸਲਾਮ ਅਰਜ਼ ਹੈ। ਸ੍ਰ. ਸੂਰਤ ਸਿੰਘ ਮਸ਼ੀਨਵਾਲੇ ਦੇ ਦੋ ਲੜਕੇ ਮੋਹਨ ਸਿੰਘ ਅਤੇ ਚੰਨਣ ਸਿੰਘ ਸਨ ਜੋ ਕੁਝ ਅਰਸਾ ਪਹਿਲੇ ਇਸ ਫ਼ਾਨੀ ਦੁਨੀਆ ਸੇ ਕੂਚ ਕਰ ਚੁੱਕੇ ਹੈਂ। ਚੰਨਣ ਸਿੰਘ ਕੇ ਚਾਰ ਲੜਕੇ ਹੈਂ ਜਿਨਮੇ ਸੇ ਏਕ ਅਲ੍ਹਾ ਕੋ ਪਿਆਰਾ ਹੋ ਚੁੱਕਾ ਹੈ। ਬਾਕੀ ਤੀਨ ਮੇਂ ਸੇ ਸ੍ਰ: ਵੀਰ ਸਿੰਘ ਪੋਤਾ ਸ੍ਰ: ਸੂਰਤ ਸਿੰਘ ਪੰਜਾਬ ਅਸੰਬਲੀ ਦਾ ਮੈਂਬਰ ਹੈ।
(2) ਸ਼ੰਗਾਰਾ ਸਿੰਘ, ਹਜ਼ਾਰਾ ਸਿੰਘ, ਪ੍ਰੀਤਮ ਸਿੰਘ, ਟਹਿਲ ਸਿੰਘ, ਭਾਨ ਸਿੰਘ ਸਭ ਏਸ ਫਾਨੀ ਦੁਨੀਆਂ ਸੇ ਕੂਚ ਕਰ ਚੁੱਕੇ ਹੈਂ। ਸ੍ਰ: ਬਾਜ ਸਿੰਘ, ਦਲੀਪ ਸਿੰਘ ਔਰ ਕੁੰਨਣ ਸਿੰਘ ਤੰਦਰੁਸਤ ਹੈਂ। ਸ੍ਰ: ਇੰਦਰ ਸਿੰਘ ਬੀਤ ਚੁੱਕਾ ਹੈ। ਉਸ ਦਾ ਏਕ ਪੁੱਤਰ ਕਿਰਪਾਲ ਸਿੰਘ ਔਲਖ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਕਾ ਵਾਈਸ ਚਾਂਸਲਰ ਹੈ। ਆਜ਼ਾਦ ਹਿੰਦ ਫੌਜ ਦਾ ਸਿਪਾਹੀ ਪਿਆਰਾ ਸਿੰਘ ਵੀ ਸਲਾਮਤ ਹੈ।
ਆਪਕਾ ਮੁਹੱਬਤਨਾਮਾ ਪੁਰਾਣੇ ਬਜ਼ੁਰਗੋਂ ਕੋ ਪੜ੍ਹਕਰ ਸੁਣਾਇਆ ਗਿਆ ਹੈ। ਵੋਹ ਭੀ ਆਪ ਕੋ ਬਹੁਤ ਯਾਦ ਕਰਤੇ ਹੈਂ ਔਰ ਦੁਆਏਂ ਦੇਤੇ ਹੈਂ।
ਫਕਤ : ਆਪ ਕੇ ਲੋਪੋਕੇ ਵਾਸੀ।
ਪੰਡਾਲ ਵਿਚ ਚੁੱਪ ਪਸਰ ਗਈ ਸੀ। ਕੁਝ ਅੱਖਾਂ ’ਚੋਂ ਪਰਲ-ਪਰਲ ਹੰਝੂ ਵਹਿ ਰਹੇ ਸਨ। ਨਮ ਤਾਂ ਹਰ ਅੱਖ ਸੀ। ਸਾਰੇ ਇੰਤਹਾ ਦੀ ਹੱਦ ਤੱਕ ਭਾਵੁਕ ਹੋ ਗਏ ਸਨ। ਬਾਬਾ ਜਲਾਲਦੀਨ ਤਾਂ ਇਸ ਹੱਦ ਤੱਕ ਜਜ਼ਬਾਤੀ ਹੋ ਚੁੱਕਾ ਸੀ ਕਿ ਕਿੰਨਾ ਚਿਰ ਹੱਥ ਜੋੜੀ ਨਗਰ ਵਾਸੀ ਹਾਜ਼ਰੀਨ ਅੱਗੇ ਝੁਕਿਆ ਰਿਹਾ-ਉਸ ਮਸਾਂ ਚੰਦ ਸ਼ਬਦ ਬੋਲੇ : ‘ਨਗਰ ਵਾਸੀਓ! ਸਾਸਰੀਕਾਲ… ਮੇਰੀ ਬਰਸੋਂ ਕੀ ਇੱਛਾ ਪੂਰੀ ਹੂਈ ਹੈ। ਮੇਰੇ ਧੰਨ ਭਾਗ ਹਨ। ਮੈਂ ਆਪਣੇ ਜਨਮ ਭੂਮੀ ਸਾਹਮਣੇ ਨਤਮਸਤਕ ਹਾਂ। ਤੇਰੀ ਨਿੱਤ ਖ਼ੈਰ ਮੰਗਦਾਂ! … ਤੈਨੂੰ ਸੱਤੇ ਖੈਰਾਂ। ਅੱਲਾ ਰਾਖਾ…। ਇੰਸ਼ਾ ਆਲਾ! ਮੇਰਾ ਇਹ ਨਗਰ ਖੇੜਾ ਵਸਦਾ ਰਹੇ…।’ ਉਸਦਾ ਗੱਚ ਭਰ ਗਿਆ। ਇਕ ਵੀ ਹੋਰ ਲਫ਼ਜ਼ ਉਸਦੇ ਮੂੰਹੋਂ ਨਹੀਂ ਨਿਕਲ ਸਕਿਆ। ਬਸ ਕੁਝ ਹੰਝੂ ਸਨ, ਜਿਹੜੇ ਉਸ ਦੀ ਮਹਿੰਦੀ ਰੰਗੀ ਦਾੜ੍ਹੀ ਵਿਚ ਗਵਾਚ ਰਹੇ ਸਨ। ਫਿਰ ਜਲਾਲਦੀਨ ਦੀ ਪੱਤੀ ਦੇ ਇਕ ਬਜ਼ੁਰਗ ਵੱਲੋਂ ਲੋਈ ਅਤੇ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਭੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਬੱਚਿਆਂ ਨੂੰ ਲੱਡੂ ਵੰਡੇ ਗਏ। ਜਲੇਬੀਆਂ, ਪਕੌੜਿਆਂ ਅਤੇ ਚਾਹ ਦੇ ਖੁੱਲ੍ਹੇ ਲੰਗਰ ਵਰਤਾਏ ਗਏ।
ਇਸ ਤੋਂ ਬਾਅਦ ਬਾਬਾ ਜਲਾਲਦੀਨ ਨੂੰ ਜਲੂਸ ਦੀ ਸ਼ਕਲ ਵਿਚ ਪਿੰਡ ਵੱਲ ਲੈਜਾਇਆ ਜਾਣ ਲੱਗਾ : ਪਿੰਡ ਬਾਹਰਲੇ ਇਤਿਹਾਸਕ ਗੁਰਦੁਆਰਾ ਸਾਹਿਬ, ਉਹਨਾਂ ਕਰੀਬ ਛੇ ਦਹਾਕਿਆਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ। ਫਿਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਸੜਕੇ ਪੈ ਜਲੂਸ ਸੱਜੇ ਇਕ ਵੱਡੀ ਗਲੀਏ ਪੈ ਗਿਆ। ਬਾਰ ਬਾਰ ‘ਬੜਾ ਕੁਝ ਬਦਲ ਗਿਆ’ ਕਹਿਣ ਦੇ ਬਾਵਜੂਦ ਬਾਬਾ ਜੀ ਨੇ, ‘ਇੱਥੇ ਕੁ ਫਲਾਣਾ ਸਿੰਹੁ ਦਾ ਘਰ ਹੁੰਦਾ ਸੀ’ ਆਖ-ਆਖ ਕਈ ਵਾਰ ਸਭ ਨੂੰ ਹੈਰਾਨ ਕਰ ਦਿੱਤਾ। ਉਹਨਾਂ ਕਈ ਘਰਾਂ ਨੂੰ ਪਛਾਣਦਿਆਂ ਮਾਲਕ ਬਜ਼ੁਰਗਾਂ ਦੇ ਅਲਾਂ ਸਮੇਤ ਨਾਂ ਦੱਸੇ। ਜਾਤ ਗੋਤ ਬਾਰੇ ਸਹੀ-ਸਹੀ ਬੁੱਝਿਆ। ਗਲੀ ਵਿਚ ਲੰਘਦਿਆਂ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦੇ ਸਵਾਗਤ ਲਈ ਕੋਠਿਆਂ ਅਤੇ ਘਰਾਂ ਦੇ ਬੂਹਿਆਂ ਅੱਗੇ, ਘਰਾਂ ਦੀਆਂ ਦਾਦੀਆਂ, (ਉਸ ਦੀਆਂ ਵੱਡੀਆਂ-ਛੋਟੀਆਂ ਭਰਜਾਈਆਂ) ਨੂੰਹਾਂ ਧੀਆਂ, ਪੁੱਤ ਪੋਤਰੀਆਂ ਦਾ ਹਜ਼ੂਮ ਉਮੜ ਆਇਆ ਹੋਵੇ। ਇਸ ਭਾਈਚਾਰਕ ਸਾਂਝ ਤੇ ਸਦਭਾਵਨਾ ਦੇ ਪ੍ਰਤੀਕ ਜਲੂਸ ’ਤੇ ਕੋਠਿਆਂ ਅਤੇ ਘਰਾਂ ਦੀਆਂ ਦਹਿਲੀਜ਼ਾਂ ਅੱਗੋਂ ਫੁੱਲ ਪੱਤੀਆਂ ਦੀ ਵਰਖਾ ਹੋ ਰਹੀ ਸੀ। ਘਰਾਂ ਦੀਆਂ ਨੂੰਹਾਂ ਮੱਥਾ ਟੇਕ ਰਹੀਆਂ ਸਨ। ਬਜ਼ੁਰਗ ਸੁੱਖ ਸ਼ਾਂਦ ਪੁੱਛਦਾ, ਅਸੀਸਾਂ ਦੇਂਦਾ, ਸਿਰ ’ਤੇ ਪਿਆਰ ਭਰਿਆ ਹੱਥ ਰੱਖ, ਪਿਆਰ ਦੇਂਦਾ, ਅੱਗੇ ਲੰਘ ਜਾਂਦਾ। ਸਾਈਂ ਲੱਖ ਦਾਤਾ ਦੀ ਦਰਗਾਹ ’ਤੇ ਬਾਬਾ ਜਲਾਲਦੀਨ ਦਾ ਹੱਥ ਲਵਾ ਚਾਦਰ ਤੇ ਦੇਗ ਚੜ੍ਹਾਈ ਗਈ। ਇਕ ਵਾਰ ‘ਮਾਦਰੇ ਸਰਜਮੀਂ’ ਦੀ ਮਾਟੀ ਚੁੰਮ ਲੈਣ ਦੀ ਮੰਨਤ ਪੂਰੀ ਹੋਣ ’ਤੇ ਉਸ ਸਾਈਂ ਲੱਖ ਦਾਤਾ ਦਾ ਸ਼ੁਕਰਾਨਾ ਅਦਾ ਕੀਤਾ। ਨਗਰ ਖੇੜ੍ਹੇ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਵਾਸਤੇ ਦੁਆ ਕੀਤੀ। ਨਿਆਜ਼ ਵੰਡੀ ਜਾ ਰਹੀ ਸੀ। ਸਾਰੇ ਦਿਨ ਦੀ ਥਕਾਵਟ ਮਹਿਸੂਸ ਕਰ ਜਲਾਲਦੀਨ ਨੇ ਆਪਣੇ ਪਰਮ ਸਨੇਹੀ ਪਿੰਡ ਵਾਸੀਆਂ ਨੂੰ ਗੁਜਾਰਿਸ਼ ਕੀਤੀ ਕਿ ‘ਉਹ ਹੁਣ ਆਪਣੇ ਮੇਜ਼ਬਾਨ ਦੇ ਘਰ ਜਾ ਆਰਾਮ ਕਰਨਾ ਚਾਹੁੰਦਾ ਹੈ।’ ਸੋ ਬਾਬਾ ਜਲਾਲਦੀਨ ਨੂੰ ਐਮ.ਐਲ.ਏ. ਸਾਹਿਬ ਦੇ ਘਰ ਪਹੁੰਚਾ, ਉਸ ਦੇ ਹਾਣੀਂ ਦਲੀਪ ਸਿੰਘ, ਕੁੰਨਣ ਸਿੰਘ, ਪਿਆਰਾ ਸਿੰਘ, ਇਕਬਾਲ ਸਿੰਘ ਅਤੇ ਧਨਵੰਤ ਸਿੰਘ ਤੋਂ ਇਲਾਵਾ ਸਭ ਪਿੰਡ ਵਾਸੀ ਆਪਣੇ ਘਰਾਂ ਨੂੰ ਪਰਤ ਗਏ।
ਬਾਬਾ ਜਲਾਲਦੀਨ ਤੇ ਉਸ ਦੇ ਆੜੀਆਂ ਲਈ ਲਾਅਨ ਵਿਚ ਕੁਰਸੀਆਂ ਲਗਵਾ ਦਿੱਤੀਆਂ ਗਈਆਂ। ਜਨਵਰੀ ਦੀ ਨਿੱਘੀ ਕੂਲੀ ਧੁੱਪ ਵਿਚ ਅਲਸਾਏ ਬਜ਼ੁਰਗ ਬਚਪਨ ਦੀਆਂ ਯਾਦਾਂ ਦੇ ਅੰਗ-ਸੰਗ ਵਿਚਰਨ ਲੱਗੇ। ਦੁਪਹਿਰ ਦੀ ਰੋਟੀ ਤੋਂ ਨਾਂਹ ਦੇ ਬਾਵਜੂਦ ਐਮ.ਐਲ.ਏ. ਚਾਹ ਨਾਲ ਕਿੰਨਾ ਹੀ ਖਾਣ ਦਾ ਸਾਮਾਨ ਰਖਵਾ ਗਿਆ। ਉਹਨਾਂ ਦੀਆਂ ਗੱਲਾਂ ਸਨ ਕਿ ਮੁੱਕਣ ਦਾ ਨਾਂ ਹੀ ਨਹੀਂ ਸਨ ਲੈ ਰਹੀਆਂ। ਵਕਤ ਦਾ ਪਤਾ ਨਹੀਂ ਸੀ ਲੱਗਾ। ਕਦੋਂ ਸੂਰਜ ਪੱਛਮ ਦੀ ਝਿੜੀ ਜਿਹੀ ਵਿਚ ਲੁਕਣ ਮੀਟੀ ਖੇਡਣ ਜਾ ਲੱਗਾ ਸੀ। ਸ਼ਾਮ ਦੀ ਚਾਹ ਦਾ ਇਕ ਹੋਰ ਦੌਰ ਚਲਾ ਉਸਦੇ ‘ਯਾਰ ਬੇਲੀ ਤੇ ਹਮਸਾਏ’ ਕੱਲ੍ਹ ਸਵੇਰੇ ਆਉਣ ਦੇ ਵਾਅਦੇ ਨਾਲ ਘਰਾਂ ਨੂੰ ਚਲੇ ਗਏ। ਤ੍ਰਕਾਲਾਂ ਪੈ ਗਈਆਂ ਸਨ। ਪੰਛੀਆਂ ਦੀਆਂ ਡਾਰਾਂ ਆਲ੍ਹਣਿਆਂ ਵੱਲ ਜਾਣ ਲੱਗੀਆਂ। ਘਰਾਂ ਨੂੰ ਪਰਤ ਰਹੇ ਮਾਲ ਡੰਗਰ ਦੇ ਗਲ ਪਈਆਂ ਟੱਲੀਆਂ ਦੀ ਆਵਾਜ਼ ਬਾਬਾ ਜੀ ਨੂੰ ਬਹੁਤ ਚੰਗੀ ਲੱਗ ਰਹੀ ਸੀ। ਉਸਦਾ ਜੀਅ ਕੀਤਾ ਉੱਡ ਰਹੀ ਧੂੜ ਵਿਚ ਗਵਾਚ ਜਾਵੇ।
‘ਤਾਇਆ ਜੀ ਆਓ! ਤੁਹਾਨੂੰ ਤੁਹਾਡਾ ਕਮਰਾ ਵਿਖਾਵਾਂ…।’ ਬਾਬਾ ਜਲਾਲਦੀਨ ਐਮ.ਐਲ.ਏ. ਦੇ ਪਿੱਛੇ ਤੁਰਦਾ ਕੋਠੀ ਦੇ ਅੰਦਰੂਨੀ ਭਾਗ ਵਿਚ ਦਾਖਲ ਹੋ ਗਿਆ। ਬੈਠਕ ਵਿਚ ਪਹੁੰਚੇ ਹੀ ਸਨ ਕਿ ਬਾਬਾ ਜੀ ਨੂੰ ਦੱਸਿਆ ਕਿ ‘ਇਹ ਤੁਹਾਡੀ ਵੱਡੀ ਨੂੰਹ, ਇਕ ਛੋਟੀ ਨੂੰਹ, ਇਹ ਮੇਰਾ ਬੇਟਾ, ਇਹ ਬਹੂ, ਮੇਰਾ ਛੋਟਾ ਭਰਾ ਅਤੇ ਇਸਦੇ ਬੇਟੇ।’ ਬਾਬਾ ਜੀ ਨੇ ਸਭ ਨੂੰ ਅਸੀਸਾਂ ਦਿੱਤੀਆਂ। ਪਿਆਰ ਦਿੱਤਾ। ਉੱਧਰ ਚੂਹੜਕਾਣਾ ਫਾਰੂਖਾਬਾਦ ਰਹਿੰਦੇ ਘਰ ਪਰਿਵਾਰ ਬਾਰੇ ਦੱਸਿਆ। ਫਿਰ ਐਮ.ਐਲ.ਏ. ਬਾਬਾ ਜੀ ਨੂੰ ਉਹਨਾਂ ਦੇ ਕਮਰੇ ’ਚ ਲੈ ਗਏ ਜੋ ਨਰਮ ਬੈੱਡ, ਬਾਥਰੂਮ ਅਟੈਚਟਡ, ਸੋਫ਼ਾ, ਤਪਾਈ, ਟੀ.ਵੀ. ਰੂਮ, ਹੀਟਰ ਆਦਿ ਸਭ ਆਧੁਨਿਕ ਸਹੂਲਤਾਂ ਨਾਲ ਲੈਸ ਸੀ। ਪਰ ਬਾਬਾ ਜਲਾਲਦੀਨ ਨੂੰ ਇਹ ਕਮਰਾ ਪਸੰਦ ਨਾ ਆਇਆ। ਐਮ.ਐਲ.ਏ. ਨੂੰ ਖ਼ਿਆਲ ਆਇਆ ਕਿਉਂ ਨਾ ਤਾਇਆ ਜੀ ਨੂੰ ਪਿਤਾ ਜੀ ਵਾਲਾ ਬਾਹਰਲਾ ਕਮਰਾ ਵਿਖਾਇਆ ਜਾਵੇ। ਮੰਜਾ, ਬਿਸਤਰਾ, ਮੇਜ਼, ਕੁਰਸੀਆਂ, ਚਿੜੀਆਂ, ਕਬੂਤਰਾਂ ਦੇ ਆਲ੍ਹਣੇ ’ਤੇ ਵੱਡੀ ਸਹੂਲਤ ਬਾਹਰ ਵੱਲ ਖੁੱਲ੍ਹਦਾ ਦਰਵਾਜ਼ਾ। ਕਮਰੇ ਵਿਚ ਪੀਲੀ ਰੋਸ਼ਨੀ… ਬਾਬਾ ਜਲਾਲਦੀਨ ਨੂੰ ਕਮਰਾ ਪਸੰਦ ਆ ਗਿਆ। ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਕਮਰਾ ਉਸਦੇ ਆੜੀ ਦਾ ਸੀ।
‘ਤਾਇਆ ਜੀ! ਤੁਸੀਂ ਪਹਿਲਾਂ ਰੋਟੀ ਖਾ ਆਓ! ਬਿੱਲਿਆ। ਤੂੰ ਕਮਰੇ ਨੂੰ ਝਾੜ ਪੂੰਝ ਦੇ… ਬਿਸਤਰਾ ਝਾੜ ਕੇ ਵਿਛਾ ਦੇ… ਚਾਦਰ ਵੇਖ ਲਵੀਂ ਜੇ ਬਦਲਣ ਵਾਲੀ ਹੋਈ ਤਾਂ…। ਕੰਬਲ ਵੀ ਲਿਆ ਰੱਖੀਂ। ਆਓ ਤਾਇਆ ਜੀ!’ ਐਮ.ਐਲ.ਏ. ਬਜ਼ੁਰਗਾਂ ਨੂੰ ਖਾਣਾ ਖਵਾਉਣ ਲਈ ਲੈ ਗਿਆ। ਘਰ ਦੀ ਨੂੰਹ ਧੀ ਨੇ ਬਾਬਾ ਜੀ ਨੂੰ ਬੜੇ ਸਤਿਕਾਰ ਨਾਲ ਪ੍ਰਸ਼ਾਦਾ ਛਕਾਇਆ। ਬਾਬਾ ਜੀ ਦੀ ਫਰਮਾਇਸ਼ ’ਤੇ ਗੁੜ ਦੀ ਢੇਲੀ ਖਾਣ ਨੂੰ ਦਿੱਤੀ ਗਈ।
ਬਾਬਾ ਜਲਾਲਦੀਨ ਆਪਣੇ ਕਮਰੇ ਵਿਚ ਆ ਗਿਆ। ਪਿੱਛੇ ਨੌਕਰ ਪਾਣੀ ਦੀ ਗੜ੍ਹਵੀ, ਗਿਲਾਸ ਅਤੇ ਢੱਕਿਆ ਦੁੱਧ ਰੱਖ ਗਿਆ। ਪਿਛਲੀ ਰਾਤ ਦੇ ਅਨੀਂਦਰੇ ਅਤੇ ਦਿਨ ਭਰ ਦੀ ਥਕਾਵਟ ਕਰਕੇ ਬਾਬਾ ਨੂੰ ਬੜੀ ਗੂੜ੍ਹੀ ਨੀਂਦ ਆਈ। ਭਾਵੇਂ ਸੁਪਨਈ ਖ਼ਿਆਲਾਂ ਵਿਚ ਉਹ ਚੰਨਣ ਸਿੰਘ, ਇੰਦਰ ਸਿੰਘ ਆਦਿ ਬਚਪਨ ਦੇ ਆੜੀਆਂ ਨਾਲ ਲੋਪੋਕੇ ’ਚ ਘੁੰਮਦਾ ਰਿਹਾ।
ਗੁਰਦੁਆਰਾ ਬੇਰ ਬਾਬਾ ਨਾਨਕ ਅਤੇ ਆਸ-ਪਾਸ ਹੋਰ ਗੁਰਦੁਆਰਿਆਂ ਦੇ ਬਾਬਿਆਂ ਦੇ ਬੋਲਣ ਨਾਲ ਹੀ ਬਾਬਾ ਜਾਗ ਪਿਆ। ਸਰਘੀ ਦੀ ਲੋਅ ਲੱਗਣ ’ਤੇ ਬਾਬਾ ਕਾਮੇ ਨਾਲ ਬਾਹਰ ਜੰਗਲ ਪਾਣੀ ਲਈ ਨਿਕਲ ਗਿਆ। ਚੋਗਾਵਾਂ ਵੱਲ ਸੂਏ ਦੇ ਪੁਲ ’ਤੇ ਕਾਮਾ ਬੈਠ ਗਿਆ ਤੇ ਬਾਬਾ ਜੀ ਬਾਹਰ ਬੈਠ ਆਏ। ਘਰ ਆ ਬੰਬੀ ਦੇ ਨਿੱਘੇ ਪਾਣੀ ਨਾਲ ਇਸ਼ਨਾਨ ਕੀਤਾ। ਕੱਪੜੇ ਬਦਲੇ। ਸਾਫ਼ਾ ਚੰਗੀ ਤਰ੍ਹਾਂ ਬੰਨਿਆ। ਚਾਹ ਪੀਤੀ ਅਤੇ ਆਪਣੇ ਯਾਰ ਬੇਲੀਆਂ ਨੂੰ ਉਡੀਕਣ ਲੱਗੇ।
ਬਾਹਰ ਐਮ.ਐਲ.ਏ. ਨਾਲ ਕੰਮਾਂ ਵਾਲੇ ਲੋਕ ਆ ਦਫ਼ਤਰ ਸਾਹਮਣੇ ਪਈਆਂ ਕੁਰਸੀਆਂ ’ਤੇ ਬੈਠ ਗਏ। ਧੁੱਪ ਨਿਕਲ ਆਈ ਸੀ। ਨਾਸ਼ਤੇ ਬਾਰੇ ਪੁੱਛਣ ’ਤੇ ਬਾਬਾ ਨੇ ਗੋਰਖੇ ਨੂੰ ਇਕ ਕੌਲਾ ਕਿਸੇ ਸਲੂਣੇ ਦਾ ਤਿੰਨ ਚਾਰ ਖ਼ੁਸ਼ਕ ਫੁਲਕੇ, ਦਹੀਂ ਲੱਸੀ ਤੇ ਅਚਾਰ ਆਦਿ ਲਿਆਉਣ ਲਈ ਕਿਹਾ। ਐਮ.ਐਲ.ਏ. ਨੌਕਰ ਨਾਲ ਖ਼ੁਦ ਰੋਟੀ ਖਵਾਉਣ ਆਇਆ। ਥਾਲੀ ਵੇਖ ਬਾਬਾ ਨੇ ਕਿਹਾ, ‘ਪੁੱਤਰ! ਇਹੋ ਤਿੰਨ ਚਾਰ ਮੰਨੀਆਂ ਤੇ ਕੌਲਾ ਸਲੂਣਾ ਮੇਰਾ ਛਾਹ ਵੇਲਾ ਤੇ ਲੌਢੇ ਵੇਲਾ ਹੈ। ਬੱਸ ਫਿਰ ਰਾਤ ਨੂੰ ਅਜਿਹਾ ਹੀ ਸਾਦਾ ਭੋਜਨ, ਦਾਲ ਰੋਟੀ।’ ਬਾਹਰ ਲੋਕਾਂ (ਕੰਮ ਵਾਲਿਆਂ) ਵੱਲ ਨਜ਼ਰ ਮਾਰ ਐਮ.ਐਲ.ਏ. ਆਪਣੇ ਦਫ਼ਤਰ ਜਾ ਬੈਠਾ। ਬਾਬਾ ਨੇ ਰੋਟੀ ਖ਼ਤਮ ਕੀਤੀ ਹੀ ਸੀ ਕਿ ਉਸਦੇ ਆੜੀ ਦਲੀਪ ਸਿੰਘ ਤੇ ਕੁੰਨਣ ਸਿੰਘ ਆ ਪਹੁੰਚੇ। ਤਿੰਨੇ ਕਮਰੇ ਵਿਚੋਂ ਬਾਹਰ ਨਿਕਲੇ। ਕੁਰਸੀਆਂ ’ਤੇ ਬੈਠੇ, ਕੰਮਾਂ ਵਾਲੇ ਲੋਕ ਬਾਬਾ ਜੀ ਦੇ ਸਤਿਕਾਰ ਵਜੋਂ ਖੜ੍ਹੇ ਹੋ ਗਏ। ਬਾਬਾ ਨੇ ਹੱਥ ਜੋੜ ਕੇ ਸਭ ਨੂੰ ਸਾਸਰੀਕਾਲ ਆਖੀ। ਫਿਰ ਉਹਨਾਂ ਦੇ ਨੇੜੇ ਹੀ ਬੈਠ ਗੱਲਾਂ ਕਰਦਾ ਰਿਹਾ। ਪਿੰਡ ਦੇ ਕੁਝ ਬਜ਼ੁਰਗ, ਵੱਡੀ ਉਮਰ ਦੀਆਂ ਔਰਤਾਂ ਅਤੇ ਨੌਜਵਾਨ ਜਿਹਨਾਂ ਕੱਲ੍ਹ ਬਾਬਾ ਦੇ ਦਰਸ਼ਨ ਨਹੀਂ ਸਨ ਕੀਤੇ-ਉਹ ਵੀ ਆ ਗਏ।
ਬਾਬਾ ਨੂੰ, ‘ਕਿਹੜੀ ਪੱਤੀ ’ਚੋਂ ਸੀ?’ ‘ਤੁਹਾਡਾ ਘਰ ਕਿੱਥੇ ਕੁ ਸੀ?’, ‘ਕੀ ਕੰਮ ਕਰਦੇ ਸੀ?’ ‘ਪਾਰ ਹੁਣ ਕੌਣ ਕੌਣ ਹਨ?’ ‘ਸਾਡੇ ਘਰ ਵੀ ਆਉਣਾ’ ਅਤੇ ‘ਉਧਰ ਗੁਰੂਧਾਮਾਂ ਦੇ ਦਰਸ਼ਨਾਂ ਬਹਾਨੇ ਆਏ ਤਾਂ ਮਿਲਾਂਗੇ।’ ਆਦਿ ਸਵੇਰੇ ਆਏ ਉਸ ਦੇ ਗਰਾਂਈਂ ਪੁੱਛਦੇ/ਦੱਸਦੇ ਰਹੇ ਸਨ।
ਨਿੱਘੀ-ਨਿੱਘੀ ਧੁੱਪ ਪਸਰ ਗਈ ਸੀ। ਤਿੰਨੇ ਆੜੀ ਅੱਡੇ ਵਿਚੋਂ ਕੱਚੇ ਪਹੇ ਪਹੇ ਪੈ, ਠੱਠੇ ਵਾਲੀ ਨਿੱਕੀ ਜਿਹੀ ਪੁਲੀ ਪਾਰ ਕਰ ਖੰਡਰ ‘ਨਹਿਰੀ ਵਿਸ਼ਰਾਮ ਘਰ’ ਜਾ ਪਹੁੰਚੇ, ਜਿਸ ਨੂੰ ਬਾਬਾ ਜੀ ਤੇ ਉਸਦੇ ਬੇਲੀ ‘ਡਾਕ ਬੰਗਲਾ’ ਸੱਦਦੇ ਹੁੰਦੇ ਸਨ। ਕੂਝ ਲੋਕ ਕੋਠੀ ਵੀ ਆਖਦੇ ਹੁੰਦੇ ਸਨ।
‘ਉਹ ਸੜਿਆ ਜਿਹਾ ‘ਗਾਡ’, ਸਾਡਾ ਮਾਲ ਡੰਗਰ ਅਜੇ ਨਹਿਰ ਜਾਂ ਡਾਕ ਬੰਗਲੇ ਵੱਲ ਜਾਂਦਾ ਨਹੀਂ ਸੀ ਕਿ ਉਹ ਹਲਕੇ ਕੁੱਤੇ ਵਾਂਗ ਪੈਰ ਚੁੱਕ ਪੈ ਜਾਂਦਾ ਸੀ…।’ ਦਲੀਪ ਸਿੰਘ ਨੇ ਯਾਦ ਕੀਤਾ।
‘ਦਲੀਪ ਸਿੰਹਾਂ! ਮੇਰੀ ਪਤਾ ਨਹੀਂ ਮੱਝ ਕਿ ਗਾਂ ਡਾਕ ਬੰਗਲੇ ਦੇ ਰੁੱਖਾਂ ਵਿਚਲੇ ਹਰੇ ਘਾਹ ਨੂੰ ਜਾ ਪਈ ਸੀ ਫਿਰ ਜਿਹੜੀ ਮੇਰੀ ਸ਼ਾਮਤ ਆਈ, ਮੈਨੂੰ ਖੌ ਪੀਏ ਉਸ ਛੱਡਿਆ।’
ਬਾਬਾ ਜਲਾਲਦੀਨ ਨੇ ਆਪਣੇ ਨਾਲ ਬੀਤ ਸੁਣਾਈ।
‘ਤੇਰੇ ਬਾਕੀ ਡੰਗਰ ਮੈਂ ਤੇ ਚੰਨਣ ਸਿੰਹੁ ਲੈ ਗਏ ਸੀ। ਅਸਾਂ ਤੇਰੇ ਅੱਬੇ ਨੂੰ ਦੱਸਿਆ ਸੀ ਕਿ ਜਲਾਲ ਨੂੰ ਗਾਡ ਬਾਊ ਨੇ ਫੜ ਲਿਆ ਹੈ।’ ਕੁੰਨਣ ਸਿੰਹੁ ਨੇ ਦੱਸਿਆ ਸੀ।
‘ਉਹਨਾਂ ਵੇਲਿਆਂ ’ਚ ਇਸ ਨਹਿਰ ਵਿਚ ਪਾਣੀ ਵੀ ਤਾਂ ਕਿੰਨਾ ਵਗਦਾ ਹੁੰਦਾ ਸੀ। ਹੁਣ ਤਾਂ ਲਾਹੌਰ ਕੋਲੋਂ ਲੰਘਦੀ ਜਿਵੇਂ ਰਾਵੀ ਨਦੀ ਸੁੰਗੜ ਕੇ ਇਕ ਗੰਦੇ ਨਾਲੇ ਦਾ ਰੂਪ ਧਾਰਨ ਕਰ ਚੁੱਕੀ ਹੈ-ਉਂਝ ਹੀ ਇਹ ਨਹਿਰ ਸੂਏ ’ਚ ਬਦਲ ਗਈ ਹੈ…।’ ਬਾਬਾ ਜਲਾਲਦੀਨ ਨੇ ਕਿਹਾ।
‘ਉਦੋਂ ਤਾਂ ਇਸ ਨਹਿਰ ਦੀ ਪਟੜੀ ਹੀ ਨਹੀਂ ਸੀ ਮਾਣ… ਬੇਲਦਾਰਾਂ ਪਾਣੀ ਤਰੌਂਕ ਤਰੌਂਕ, ਝਾੜੂ ਮਾਰ ਮਾਰ, ਇਸ ਤਰ੍ਹਾਂ ਬਣਾ ਦੇਣਾਂ ਜਿਵੇਂ ਹੇਠਾਂ ਰੋੜਾਂ ਦੀ ਤਹਿ ਲਾ-ਲਾ ਪੱਕੀ ਕੀਤੀ ਹੋਵੇ…।’ ਕੁੰਨਣ ਸਿੰਘ ਨੇ ਬਾਬਾ ਨੂੰ ਕਿਹਾ। ਕੈਨਾਲ ਰੈਸਟ ਹਾਊਸ (ਕੋਠੀ, ਡਾਕ ਬੰਗਲਾ, ਆਜ਼ਾਦੀ ਬਾਅਦ ਨਹਿਰੀ ਵਿਸ਼ਰਾਮ) ਦੀ ਵੀ ਤਾਂ ਆਪਣੀ ਸ਼ਾਨ ਹੁੰਦੀ ਸੀ। ਸਾਫ਼ ਸੁਥਰੇ ਕਮਰੇ, ਫੁੱਲ ਬੂਟੇ, ਹਰਿਆਵਲ, ਚਹਿਲ-ਪਹਿਲ ਸੀ ਪਰ ਅੱਜ ਉਜਾੜ ਫ਼ਲਦਾਰ ਬੂਟੇ ਵੱਢ ਟੁੱਕ ਲਏ। ਫੁੱਲਾਂ ਦੇ ਬਗੀਚੇ ਉਜਾੜ ਸੁੱਟੇ, ਮਲਬਾ ਹੌਲੀ-ਹੌਲੀ ਲੋਕ ਲੈ ਗਏ… ਡਾਕ ਬੰਗਲੇ ਦੀ ਹੋਣੀ ’ਤੇ ਝੂਰਦੇ ਤਿੰਨ ਆੜੀ ਸੂਏ-ਸੂਏ ਠੱਠੀ ਨੂੰ ਤੁਰ ਪਏ।
‘ਇੱਥੇ ਕੁ ਨਾਭਾਂ ਵਾਲਾ ਖ਼ੂਹ ਹੁੰਦਾ ਸੀ।’ ਬਾਬਾ ਨੇ ਬੁੱਝਣ ਦਾ ਯਤਨ ਕਰਦਿਆਂ ਕਿਹਾ। ਭਾਵੇਂ ਉੱਜੜ ਗਏ ਖ਼ੂਹਾਂ ਦਾ ਨਾਂ ਨਿਸ਼ਾਨ ਨਹੀਂ ਸੀ ਪਰ ਉਹ ਕਿਆਫ਼ੇ ਤਾਂ ਲਾ ਸਕਦੇ ਸਨ।
‘ਉੱਥੇ ਕੁ ਕਿਧਰੇ ਛਤਿਆਣਾ ਹੁੰਦਾ ਸੀ।’ ਦਲੀਪ ਸਿੰਘ ਯਾਦ ਸ਼ਕਤੀ ਪਰਖਦਿਆਂ ਦੱਸਿਆ। ‘ਇਹਨਾਂ ਦੇ ਦਰਮਿਆਨ ‘ਕੱਚਣ ਬੇਰੀਆਂ’ ਦਾ ਝੁੰਡ ਹੁੰਦਾ ਸੀ।’ ਜਿਸ ਬਾਰੇ ਤਿੰਨਾਂ ਨੂੰ ਕੱਲ੍ਹ ਵਾਂਗ ਯਾਦ ਸੀ। ‘ਕਾਠੇ ਬੇਰ, ਕਿੰਨੇ ਮਿੱਠੇ ਤੇ ਸਵਾਦੀ ਹੁੰਦੇ ਸਨ।’ ਦਲੀਪ ਸਿੰਘ ਬੋਲਿਆ। ‘ਇੱਥੇ ਹੀ ਕਿਧਰੇ ਬੁੱਢੀ ਬੇਰੀ ਹੁੰਦੀ ਸੀ, ਪਰ ਉਸਦੇ ਬੇਰ ਗਲ ਘੋਟੂ ਹੁੰਦੇ ਸਨ।’ ਬਾਬਾ ਜਲਾਲਦੀਨ ਨੇ ਦਲੀਪ ਸਿੰਘ ਨੂੰ ਕਾਠੇ ਬੇਰਾਂ ਦੇ ਸਵਾਦ ਵਿਚੋਂ ਕੱਢਿਆ। ‘ਮਲਿਆਂ ਦੇ ਬੇਰ ਭਾਵੇਂ ਮਿੱਠੇ ਹੁੰਦੇ ਸਨ, ਪਰ ਬੇਰ ਘੱਟ ਤੇ ਕੰਡੇ ਜ਼ਿਆਦਾ ਪੱਛਦੇ ਸਨ।’ ਦਲੀਪ ਸਿੰਘ ਨੇ ਹੁੰਗਾਰੇ ਵਜੋਂ ਆਪਣੀ ਗਲ ਨਾਲ ਜੋੜਦਿਆਂ ਕਿਹਾ।
‘ਕਣਕਾਂ ਦੀ ਲਹਿਰ ਬਹਿਰ ਹੈ ਪਰ ਛੋਲੇ, ਕਮਾਦ, ਤੋਰੀਏ ਆਦਿ ਕਿਧਰੇ ਨਹੀਂ ਦਿਸ ਰਹੇ…।’ ਬਾਬਾ ਜਲਾਲਦੀਨ ਦੀ ਗੱਲ ਵੱਲ ਕਿਸੇ ਕੰਨ ਹੀ ਨਾ ਧਰਿਆ। ਉਹ ਤਾਂ ਛੋਲਿਆਂ ਦੇ ਡੱਡਿਆਂ ਵਿਚੋਂ ਨਿਕਲੇ ਛੋਲੀਏ, ਮਗਰਾ ਕੁ ਛੋਲੀਆ ਅੱਗ ’ਤੇ ਸੁੱਟ ਭੁੱਜੀਆਂ ‘ਹੋਲਾਂ’ ਦੇ ਸਵਾਦ ਵਿਚ ਗਵਾਚੇ ਹੋਏ ਸਨ। ਫਿਰ ਜਲਾਲਦੀਨ ਯਾਦ ਕਰ ਰਿਹਾ ਸੀ-‘ਮਾਂ ਨੇ ਹਰੇ ਛੋਲੀਏ ਦੇ ਸਲੂਣੇ ਵਿਚ ਰੁੱਗ ਕੁ ਮੱਖਣੀ ਪਾ ਦੇਣੀ ਤੇ ਅਸੀਂ ਤੰਦੂਰ ਦੀਆਂ ਰੋਟੀਆਂ ਨਾਲ ਪਚਾ ਕੇ ਮਾਰ-ਮਾਰ ਕਿੰਨੀਆਂ-ਕਿੰਨੀਆਂ ਰੋਟੀਆਂ ਖਾ ਜਾਣੀਆਂ…।
ਤਿੰਨੇ ਹੋਲਾਂ ਛੋਲੀਏ ਦੇ ਸਵਾਦ ਵਿਚੋਂ ਅਜੇ ਨਿਕਲੇ ਹੀ ਨਹੀਂ ਸਨ ਕਿ ਉਧਰ ਜਾ ਰਹੇ ਟਰੈਕਟਰ ਟਰਾਲੀ ਵਾਲੇ ਨੇ ਬਜ਼ੁਰਗਾਂ ਨੂੰ ਬੈਠ ਜਾਣ ਦਾ ਸੱਦਾ ਦਿੱਤਾ।
‘ਜਲਾਲ! ਇਧਰ ਸੱਜੇ ਕਾਂਵੇ, ਸਾਹਮਣੇ ਲੇਲੀਆ, ਇਕ ਪਾਸੇ ਪੰਜੂ ਰਾਏ ਤੇ ਅੱਗੇ ਸਾਰੰਗੜਾ, ਰਾਏ, ਚੱਕ ਪੰਡੋਰੀ।’ ਦਲੀਪ ਸਿੰਘ ਨੇ ਦੱਸਿਆ। ਜਲਾਲਦੀਨ ਚੁੱਪ ਰਿਹਾ। ਸਾਰੰਗੜੇ ਵਿਚੋਂ ਦੀ ਲੰਘਦਿਆਂ ਟਰੈਕਟਰ ਵਾਲੇ ਪੁੱਛਿਆ, ‘ਬਜ਼ੁਰਗੋ! ਤੁਸੀਂ ਜਾਣਾ ਕਿੱਥੇ ਹੈ?’ ‘ਪੁੱਤਰ! ਅਸੀਂ ਫਿਰਨ ਤੁਰਨ ਆਏ ਹਾਂ। ਇਹ ਸਾਡਾ ਆਡੀ ਬਟਵਾਰੇ ਵੇਲੇ ਪਾਕਿਸਤਾਨ ਚਲਾ ਗਿਆ ਸੀ। ਕੱਲ ਲੋਪੋਕੇ ਆਇਆ। ਕਹਿੰਦਾ ਪੁਰਾਣੇ ਪਿੰਡ ਵੇਖ ਆਈਏ, ਸੋ ਅਸੀਂ ਚਲ ਪਏ…।’ ਕੁੰਨਣ ਸਿੰਘ ਨੇ ਉਸ ਦੀ ਉਤਸੁਕਤਾ ਸ਼ਾਂਤ ਕੀਤੀ।
‘ਹਾਂ, ਹਾਂ! ਬਜ਼ੁਰਗਾਂ ਬਾਰੇ ਅੱਜ ਅਖ਼ਬਾਰ ’ਚ ਆਇਆ… ਫ਼ੋਟੋ ਵੀ ਆ ਕੱਲ੍ਹਹੋਏ ਸਵਾਗਤ ਸਮਾਗਮ ਦੀ…!’ ਮੇਰੇ ਧੰਨਭਾਗ ਤੁਹਾਡੇ ਦਰਸ਼ਨ ਹੋ ਗਏ। ਔਹ ਸਾਹਮਣੇ ਡੇਰਾ ਜੇ-ਚਾਹ ਪਾਣੀ ਪੀਣ ਤੋਂ ਬਿਨਾਂ ਮੈਂ ਜਾਣ ਨਹੀਂ ਜੇ ਦੇਣਾ। ਨੌਜਵਾਨ ਨੇ ਮਾਣ ਨਾਲ ਕਿਹਾ।
ਬਜ਼ੁਰਗਾਂ ਦੀ ਹਾਮੀ ਤੋਂ ਬਿਨਾਂ ਹੀ ਪਿੰਡ ਗਏ ਦੇ ਚੜ੍ਹਦੇ ਪਾਸਿਓਂ ਉਸ ਟਰੈਕਟਰ ਕੱਕੜਾਂ ਵੱਲ ਪੈਂਦੇ ਆਪਣੇ ਡੇਰੇ ਵੱਲ ਮੋੜ ਲਿਆ ਹਾਲਾਂਕਿ ਉਹਨਾਂ ਚੱਕ ਪੰਡੋਰੀ ਤੱਕ ਜਾਣਾ ਸੀ।
ਪਰ ਫਿਰ ਵੀ ‘ਪੰਜਾਬੀ ਪ੍ਰਾਹੁਣਚਾਰੀ’ ਦੇ ਅਮੀਰ ਵਿਰਸੇ ਨੂੰ ਸਮਝਦਿਆਂ (ਉਹ ਬਜ਼ੁਰਗ) ਉਜ਼ਰ ਨਾ ਕਰ ਸਕੇ। ਨੌਜਵਾਨ ਨੇ ਟਰੈਕਟਰ ਮੋੜ ਵੱਡੇ ਗੇਟ ਰਾਹੀਂ ਡੇਰੇ ਦੇ ਅੰਦਰ ਲੰਘਾਇਆ। ਦੋ ਢਾਈ ਕਨਾਲਾਂ ਵਿਚ ਬਣੀ ਆਲੀਸ਼ਾਨ ਕੋਠੀ ਨੂੰ ‘ਡੇਰਾ’ ਨਹੀਂ ਕਿਹਾ ਜਾ ਸਕਦਾ। ਬੰਬੀ, ਬਗ਼ੀਚਾ, ਸਾਗ, ਸਬਜ਼ੀ, ਕੰਬਾਈਨ, ਗੈਰਜ ’ਚ ਕਾਰ, ਦੋ ਮੋਟਰ ਸਾਈਕਲ… ਖੁਸ਼ਹਾਲੀ ਦੀ ਤਸਵੀਰ ਵੇਖ ਜਲਾਲਦੀਨ ਹੈਰਾਨ ਰਹਿ ਗਿਆ। ਘਰ ਪਰਿਵਾਰ ਵਲੋਂ ਦਿੱਤੇ ਗਏ ਵਿਸ਼ੇਸ਼ ਮਾਣ ਸਤਿਕਾਰ ਨੇ ਬਾਬੇ ਨੂੰ ਅੰਦਰ ਤੱਕ ਝੰਜੋੜ ਸੁੱਟਿਆ। ਖਾ ਪੀ, ਬਜ਼ੁਰਗ ਕੱਕੜ ਨੂੰ ਜਾਂਦੇ ਪਹੇ ਪੈ ਗਏ।
‘ਪੈਲੀਆਂ ਵਿਚ ਜਿੰਨੇ ਟੌਹਰੀ ਮਕਾਨ ਮੇਰੇ ਇੱਧਰਲੇ ਜੱਟ ਭਰਾਵਾ ਨੇ ਪਾਏ ਹਨ ਅਤੇ ਜਿਵੇਂ ਲਹਿਰਾਉਂਦੀ ਕਣਕ ਦੀ ਫ਼ਸਲ ਇੱਧਰ ਵਿਛੀ ਪਈ ਹੈ-ਉਧਰ ਨਹੀਂ…।’ ਜਲਾਲਦੀਨ ਨੇ ਹੈਰਾਨ ਹੁੰਦਿਆਂ ਕਿਹਾ।
‘ਤੇ ਫ਼ਸਲ ਤੇ ਆਲੀਸਾਨ ਘਰ-ਉਹ ਵੀ ਕੰਡਿਆਲੀ ਤਾਰ ਤੱਕ…।’
ਦਲੀਪ ਸਿੰਘ ਨੇ ਜਲਾਲ ਦੀ ਗੱਲ ਨੂੰ ਪੂਰਿਆਂ ਕੀਤਾ। ਕੱਕੜਾਂ ਦੇ ਬਾਹਰਵਾਰ ਤਖੀਆ ਵੇਖ ਉਹ ਤਿੰਨੇ ਬਜ਼ੁਰਗ ਤਖੀਏ ਵੱਲ ਹੋ ਤੁਰੇ। ਤਖੀਏ ਦੀ ਬਹੁਤ ਹੀ ਖਸਤਾ ਹਾਲਤ ਹੋ ਚੁੱਕੀ ਸੀ। ਜ਼ਿਆਰਤ ਕਰ ਜਲਾਲਦੀਨ ਤਖੀਏ ਤੋਂ ਲਹਿੰਦੇ ਵੱਲ ਤੁਰ ਪਿਆ। ਵੀਹ ਕਰਮਾਂ ਜਾ ਕੇ ਖੇਡ ਦੀ ਨੁੱਕਰ ਕੁਝ ਢੂੰਡਣ ਲੱਗਾ। ਕਦੇ ਦਸ ਕਦਮ ਇੱਧਰ ਕਦੇ ਵੀਹ ਕਦਮ ਉੱਧਰ। ਡਾਹਢਾ ਪਰੇਸ਼ਾਨ। ਇਸ ਤਰ੍ਹਾਂ ਉਹ ਪੰਦਰਾਂ ਵੀਹ ਮਿੰਟ ਕਰਦਾ ਰਿਹਾ। ਝੱਲਿਆਂ ਵਾਂਗ-ਕਦੇ ਤਖੀਏ ਵੱਲ ਵੇਖਦਾ-ਕਦੀ ਤਖੀਏ ਦੀ ਸੇਧ ਵਿਚ ਖੇਤ ਦੀ ਉਸੇ ਨੁੱਕਰ ਤੱਕ ਪਹੁੰਚ ਜਾਂਦਾ ਫਿਰ ਕੁਝ ਲੱਭਦਾ। ਆਖ਼ਰ ਨਾਕਾਮੀ ਦੀ ਸੂਰਤ ਵਿਚ ਬਦਹਵਾਸ ਜਿਹਾ ਸਾਥੀਆਂ ਨਾਲ ਆ ਰਲਿਆ। ਦਲੀਪ ਸਿੰਘ ਤੇ ਕੁੰਨਣ ਸਿੰਘ ਨੇ ਕੁਝ ਪੁੱਛਣਾ ਮੁਨਾਸਿਬ ਨਾ ਸਮਝਿਆ ਕਿਉਂਕਿ ਉਸ ਦੇ ਚਿਹਰੇ ’ਤੇ ਗ਼ਮਾਂ ਦੇ ਕਾਲੇ ਪਰਛਾਵਿਆਂ ਵਾਸਾ ਕਰ ਲਿਆ ਜਾਪਦਾ ਸੀ। ਵਾਪਸ ਜਾਣ ਲਈ ਬੇਲੀਆਂ ਦਾ ਟੋਲਾ ਰਾਣੀਆਂ ਵੱਲੋਂ ਆ ਰਹੀ ਮਿੰਨੀ ਬੱਸ ’ਤੇ ਦੁਪਹਿਰ ਤੱਕ ਮੇਜ਼ਬਾਨ ਦੇ ਘਰ ਆ ਪਹੁੰਚਿਆ। ਉਸ ਨੂੰ ‘ਚੁੱਪ’ ਵੇਖ ਦਲੀਪ ਸਿੰਘ ਤੇ ਕੁੰਨਣ ਸਿੰਘ ਵੀ ਆਪੋ ਆਪਣੇ ਘਰਾਂ ਨੂੰ ਜਾਣ ਲੱਗੇ ਜਲਾਲ ਨੂੰ ਕਹਿ ਗਏ, ‘ਲੌਢੇ ਵੇਲੇ ਸੜਕ ਵਾਲੇ ਗੁਰੂਦੁਆਰਿਓਂ ਪਿੰਡ ਦੇ ਲਹਿੰਦੇ-ਲਹਿੰਦੇ ਵਸਦੇ ਘਰਾਂ ਦਾ ਗੇੜਾ ਲਵਾਂਵਾਂਗੇ।’
ਗੋਰਖਾ ਗਰਮ ਪਕੌੜਿਆਂ ਦੀ ਪਲੇਟ ਅਤੇ ਚਾਹ ਲੈ ਕੇ ਆ ਗਿਆ। ਇਧਰ ਉੱਧਰ ਵੇਖ ‘ਬਾਬਾ ਜੀ! ਤੁਹਾਡੇ ਦੋਸਤ ਸਰਦਾਰ ਜੀ ਚਲੇ ਗਏ?’ ਗੋਰਖੇ ਨੇ ਪੁੱਛਿਆ। ‘ਹਾਂ ਭਈ ਸ਼ੇਰਾ!’ ਗੁਰੂਦੁਆਰੇ ਅੱਗੇ ਡੱਠੇ ਤਖ਼ਤਪੋਸ਼ ’ਤੇ ਬੈਠੇ ਬਜ਼ੁਰਗਾਂ ਸਮੇਤ ਉਸਦੇ ਗਰਾਈਂ ਬਾਬਾ ਨੂੰ ਉਡੀਕ ਰਹੇ ਸਨ। ਏਨੇ ਨੂੰ ਉਸਦੇ ਪਰਛਾਵੇਂ ਵਾਂਗ ਨਾਲ ਰਹਿਣ ਵਾਲੇ ਯਾਰ ਬੇਲੀ ਬਾਬਾ ਜਲਾਲਦੀਨ ਨੂੰ ਲੈ ਕੇ ਆ ਪਹੁੰਚੇ। ਬਾਬਾ ਨੇ ਗੁਰੂਦੁਆਰਾ ਸਾਹਿਬ ਦੇ ਬਾਹਰਲੇ ਦਰਵਾਜ਼ੇ ਦੀ ਸਰਦਲ ’ਤੇ ਮੱਥਾ ਟੇਕਿਆ ਅਤੇ ਤਖ਼ਤਪੋਸ਼ ’ਤੇ ਸਜੀ ਸਾਰੀ ਸੰਗਤ ਨੂੰ ਸਾਸਰੀ ਕਾਲ ਗੁਰੂ ਫਤਹਿ, ਅਦਾਬ ਆਦਿ ਆਖਦਿਆਂ ਸਿਰ ਝੁਕਾਇਆ। ਤਖ਼ਤਪੋਸ਼ ’ਤੇ ਉਸ ਨੂੰ ‘ਇਕਬਾਲ ਸਿੰਘ, ਧਨਵੰਤ ਸਿੰਘ ਆਦਿ ਪੁਰਾਣੇ ਆੜੀ ਮਿਲੇ। ਗੱਲਾਂ ਬਾਤਾਂ ਹੁੰਦੀਆਂ ਰਹੀਆਂ।
ਇੱਥੋਂ ਬਾਬਾ ਜਲਾਲਦੀਨ ਨੂੰ ਉਸਦੇ ਆੜੀ ਵੱਡੇ ਸਕੂਲ ਵੱਲ ਲੈ ਤੁਰੇ। ‘ਹੁਣ ਤਾਂ ਮਦਰੱਸਾ ਬੜਾ ਵੱਡਾ ਸਕੁੂਲ ਬਣ ਗਿਆ’ ਬਾਬਾ ਨੇ ਆਪ ਮੁਹਾਰੇ ਕਿਹਾ। ਅੱਗੋਂ ਇਹ ਕਾਫ਼ਲਾ ਸੱਜੇ ਨੂੰ ਪਿੰਡ ਵੜ੍ਹਦੀ ਗਲੀਏ ਪੈ ਗਿਆ। ਘਰਾਂ ਦੇ ਬੂਹਿਆਂ ’ਤੇ, ਕੋਠਿਆਂ ’ਤੇ ਕੱਲ੍ਹ ਵਰਗੇ ਹੀ ਚਾਅ ਨਾਲ ਭਰਿਆ ਹਜ਼ੂਮ। ਆਦਰ ਮਾਣ, ਸਤਿਕਾਰ ਤੇ ਬਾਬਾ ਵੱਲੋਂ ਹੱਥਾਂ ਨਾਲ ਅਸ਼ੀਰਵਾਦ, ਪਿਆਰ, ਨਗਰ ਖੇੜਾ, ਘਰ ਪਰਿਵਾਰਾਂ ਨੂੰ ਵਸਦੇ ਰਹਿਣ ਦੀ ਅਸੀਸ। ਬਾਬਾ ਜਿਸ ਬਚਪਨ ਦੇ ਆੜੀ ਦੇ ਘਰ ਨੂੰ ਪਛਾਣਦੇ ਉਹ ਉਹਨਾਂ ਦੇ ਘਰ ਜ਼ਰੂਰ ਜਾਂਦੇ। ਜੋ ਹੁੰਦਾ ਜਾਂ ਬੀਤ ਗਿਆ-ਉਸ ਬਾਰੇ ਗੱਲਾਂ ਕਰਦੇ। ਇੱਧਰ ਤੇਲੀਆਂ, ਅਰਾਈਆਂ, ਲਲਾਰੀਆਂ ਦੇ ਘਰ ਹੁੰਦੇ ਸਨ। ਬਾਬੇ ਨੇ ਹਸਨ ਨੂੰ ਚੇਤਾ ਕੀਤਾ ਜੋ ਆਪਣੇ ਪਟੇ ਹਮੇਸ਼ਾ ਤੇਲ ਨਾਲ ਚੋਪੜ ਕੇ ਰੱਖਦਾ ਸੀ ਅਤੇ ਧੂਹਣੀ ਚਾਦਰਾ ਬੰਨਿ੍ਹਆ ਕਰਦਾ ਸੀ। ਰੋਲ ਵਾਲੀ ਗਲੀ ਲੰਘ ਤਾੜੀਆਂ ਲੋਦਿਆਂ ਦੀਆਂ ਗਲੀਆਂ ਵਿਚੋਂ ਲੰਘਦੇ ਹੋਏ ਗੁਰੂਦੁਆਰਾ ਬਾਬਾ ਆਲ਼ਾ ਸਿੰਘ ਪੁੱਜੇ, ਜਿੱਥੇ ਗੁਰੂਦੁਆਰਾ ਕਮੇਟੀ ਵੱਲੋਂ ਬਾਬਾ ਦਾ ਸਨਮਾਨ ਕੀਤਾ ਗਿਆ। ਇੱਥੋਂ ਇਹ ਕਾਫ਼ਲਾ ਬਜ਼ਾਰ ਵਿਚ ਦੀ ਹੁੰਦਾ ਹੋਇਆ ਰਾਧਾ ਕ੍ਰਿਸ਼ਨ ਮੰਦਰ ਪਹੁੰਚਿਆ। ਮੰਦਰ ਦੀਆਂ ਘੰਟੀਆਂ, ਆਰਤੀ, ਭਜਨ, ਨਮਾਣੀ ਕਾਸ਼ਤੀ ਦੀਆਂ ਛਬੀਲਾਂ, ਰਾਮ ਲੀਲਾ ਅਤੇ ਕਾਸ਼ੀ ਜੀ ਤੋਂ ਹਰ ਸਾਲ ਆਉਣ ਵਾਲੇ ਕਥਾ ਵਾਚਕ ਪੰਡਤ ਜੀ ਦੇ ਪ੍ਰਵਚਨ ਬਾਬਾ ਨੂੰ ਕੱਲ੍ਹਵਾਂਗ ਯਾਦ ਸਨ। ਇਸੇ ਤਰ੍ਹਾਂ ਜਨਮ ਅਸ਼ਟਮੀ, ਰਾਮ ਨੌਮੀ, ਹੋਲੀ, ਦੀਵਾਲੀ ਸਾਰੇ ਰਲ ਮਿਲ ਕੇ ਮਨਾਉਂਦੇ ਸਨ। ਮਾਤਾ ਕੇ ਭੰਡਾਰੇ ਵਰਤਦੇ ਸਨ।
‘ਇਹ ਬੋਹੜ ਅਸਲੀ ਨਹੀਂ-ਉਹ ਵੱਡਾ ਸਾਰਾ, ਬੜੀ ਦੂਰ-ਦੂਰ ਤੱਕ ਫੈਲਿਆ ਹੁੰਦਾ ਸੀ-ਆਹ ਤਾਂ ਉਹਦਾ ਬੱਚਾ ਲੱਗਦਾ…।’ ਲੰਡੇ ਵਿਚੋਂ ਲੰਘਦਿਆਂ ਬਾਬਾ ਨੇ ਆਪਣੇ ਵੇਲੇ ਦੇ ਵਿਸ਼ਾਲ ਕਾਇਆ ਵਾਲੇ ਬੋਹੜ ਦੇ ਬ੍ਰਿਛ ਨੂੰ ਯਾਦ ਕਰਦਿਆਂ ਕਿਹਾ।’ … ਇੱਥੇ ਹੀ ਕਿਤੇ ਸਾਡਾ ਮਦਰੱਸਾ ਹੁੰਦਾ ਸੀ। ਉਹ ਛੱਤੀ ਖੂਹੀ ਤੇ ਸਾਹਮਣੇ ਬਾਬਾ ਕਪੂਰ ਸਿੰਘ ਵਾਲਾ ਗੁਰੂਦੁਆਰਾ। ਬਾਬਾ ਨੇ 59 ਸਾਲ ਬਾਅਦ ਆਪਣੀਆਂ ਯਾਦਾਂ ’ਚ ਵਸੀਆਂ ਗਲੀਆਂ, ਮੰਦਰ, ਲੰਡੇ, ਬੋਹੜ, ਛੱਤੀ ਖੂਹੀ ਆਦਿ ਦੀ ਸਹੀ ਨਿਸ਼ਾਨਦੇਹੀ ਕੀਤੀ ਸੀ।
ਬਾਬਾ ਦਾ ਕਾਫ਼ਲਾ ਛੱਤੀ ਖੂਹੀ ਤੋਂ ਹੁੰਦਾ ਹੋਇਆ ਕੁਝ ਰਾਮਗੜ੍ਹੀਆਂ, ਤਰਖਾਣਾਂ, ਲੁਹਾਰਾਂ, ਰਾਜ ਮਿਸਤਰੀਆਂ ਘਰੀਂ ਪਹੁੰਚਿਆ। ਬਾਬਾ ਨੇ ਜੋਤਾ ਸਿੰਘ, ਵਸਾਵਾ ਸਿੰਘ, ਸੋਹਣ ਸਿੰਘ ਅਤੇ ਆਪਣੇ ਗਵਾਂਢੀ ਬਾਜ਼ ਸਿੰਘ ਨੂੰ ਯਾਦ ਕੀਤਾ। ਅਖ਼ੀਰ ਵੱਡੇ ਗੁਰੂਦੁਆਰਾ ਸਾਹਿਬ ਸੰਗਤ ’ਚ ਬੈਠ ਬਾਬਾ ਨੇ ਰਹਿਰਾਸ ਸਾਹਿਬ ਦਾ ਪਾਠ ਸੁਣਿਆ। ਭੋਗ ਉਪਰੰਤ ਪਰਸ਼ਾਦ ਲਿਆ ਅਤੇ ਸਾਰੇ ਆਪੋ ਆਪਣੇ ਘਰਾਂ ਨੂੰ ਚੱਲ ਪਏ। ਬਾਬਾ ਦੇ ਆੜੀ ਕੱਲ੍ਹ ਦਾ ਪ੍ਰੋਗਰਾਮ ਬਣਾ ਉਸ ਨੂੰ ਉਸ ਦੀ ਠਾਹਰ ਕੋਲ ਛੱਡ ਗਏ। ਘਰ ਅੰਦਰ ਬੈਠੇ ਸਾਰਿਆਂ ਨੂੰ ਦੁਆ ਸਲਾਮ ਕਰ ਬਾਬਾ ਆਪਣੇ ਕਮਰੇ ਨੂੰ ਚੱਲ ਪਿਆ।
ਅਗਲੀ ਸਵੇਰ। ਸਵੇਰ ਦੇ ਸਾਰੇ ਕੁਦਰਤੀ ਕਾਰਜ ਨਿਪਟਾ, ਨਹਾ ਧੋ, ਦਹੀਂ ਨਾਲ ਮਿੱਸੇ ਪਰਸ਼ਾਦੇ ਦਾ ਸ਼ਾਹ ਵੇਲਾ ਕਰ, ਪੂਰਾ ਡੋਲੂ ਲੱਸੀ ਦਾ ਪੀ ਬਾਬਾ ਮੁੜ ਆਪਣੇ ਆੜੀਆਂ ਨਾਲ ਤੁਰ ਪਿਆ। ਕੱਲ੍ਹ ਦੇ ਉਲੀਕੇ ਪ੍ਰੋਗਰਾਮ ਵਿਚ ਕੁਝ ਪੱਤੀ ਦੇ ਰਹਿ ਗਏ ਘਰਾਂ ’ਚ ਜਾਣ, ਡੇਰਿਆਂ ਵਾਲਿਆਂ ਦੇ ਸੱਦੇ, ਸ਼ਾਮ ਨੂੰ ਬਾਬਾ ਦੀਪ ਸਿੰਘ ਹਸਪਤਾਲ, ਗੁਰੂਦੁਆਰਾ ਬਖਸ਼ਿਸ਼ ਧਾਮ ਪ੍ਰੀਤਨਗਰ, ਭੁੱਲਰ ਸਿਹਤ ਸੇਵਾਵਾਂ ਸੰਸਥਾ ਵਿਚ ਸਨਮਾਨ ਤੋਂ ਇਲਾਵਾ ਧਨਵੰਤ ਸਿੰਘ ਸੰਧੂ ਦੇ ਡੇਰੇ ਬਾਬਾ ਦੇ ਸਨਮਾਨ ਵਿਚ ਰੱਖੇ ਇਕ ਫੰ²ਕਸ਼ਨ ਵਿਚ ਸ਼ਾਮਲ ਹੋਣਾ ਆਦਿ ਸੀ।
ਬਾਬਾ ਨੂੰ ਲੈ ਕੇ ਸਾਰੇ ਦਲੀਪ ਸਿੰਘ, ਪਿਆਰਾ ਸਿੰਘ ਅਤੇ ਕੁੰਨਣ ਸਿੰਘ ਪਿੰਡ ਦੇ ਲਹਿੰਦੇ ਨੂੰ ਹੋ ਗਏ। ਪਿੰਡ ਤੋਂ ਬਾਹਰ ਨਿਕਲਦਿਆਂ ਹੀ ਜਲਾਲਦੀਨ ਨੇ ਕਿਹਾ, ‘ਇੱਥੇ ਤਾਂ ਬੜਾ ਵੱਡਾ ਸਾਰਾ ਛੱਪੜ ਹੁੰਦਾ ਸੀ-ਪਰਾਂ ਅਰਾਈਆਂ ਨੇ ਖੱਤੀਆਂ ਵਿਚ ਖ਼ੀਰੇ, ਤਰਾਂ, ਖ਼ਰਬੂਜ਼ੇ, ਗੰਢੇ, ਲਸਣ ਅਤੇ ਸਬਜ਼ੀਆਂ ਆਦਿ ਲਾਈਆਂ ਹੁੰਦੀਆਂ ਸਨ-ਰਾਖੀ ਲਈ ਖੱਤੀਆਂ ਦੀ ਨੁੱਕਰੇ ਝੁੱਗੀਆਂ ਪਾਈਆਂ ਹੁੰਦੀਆਂ ਸਨ ਪਰ ਹੁਣ ਤਾਂ ਇੱਥੇ ਆਲੀਸ਼ਾਨ ਮਕਾਨ ਨਜ਼ਰ ਆ ਰਹੇ ਹਨ।
‘ਆਹੋ! ਔਹ ਪਰਾਂ ਮੰਡੀ ਅਤੇ ਸਟੇਡੀਅਮ ਬਣ ਗਏ। ਇਹਦੇ ਨੇੜੇ ਰੌੜ ਹੁੰਦੀ ਸੀ। ਪਿੰਡ ਦੇ ਗਭਰੂ ਇਸ ਰੌੜ ਵਿਚ ਖੇਡਦੇ ਹੁੰਦੇ ਸਨ।’ ਦਲੀਪ ਸਿੰਘ ਨੇ ਯਾਦਾਂ ਦੀ ਪਟਾਰੀ ਖੋਲ੍ਹਦਿਆਂ ਕਿਹਾ।
‘ਲੋਪੋਕੇ ਸਾਂਵੇ ਮੈਨੂੰ ਕਦੇ ਨਹੀਂ ਭੁੱਲਦੇ। ਸਾਉਣ ਮਹੀਨੇ ਦੇ ਸਾਂਵੇ। ਪਿੰਡ ਦੀਆਂ ਮੁਟਿਆਰਾਂ ਪੀਂਘਾਂ ਝੂਟਦੀਆਂ ਸਨ। ਪਿੜ ਬੰਨ੍ਹ ਗਿੱਧਾ ਪਾਉਂਦੀਆਂ ਲੰਮੀ ਹੇਕ ਲਾ ਪਾਈਆਂ ਬੋਲੀਆਂ ਦੀ ਗੂੰਜ ਆਸ ਪਾਸ ਦੇ ਪਿੰਡਾਂ ਤੱਕ ਪਹੁੰਚਦੀ ਸੀ… ਪਾਰ ਮੈਂ ਇੱਧਰ ਨੂੰ ਕੰਨ ਲਾ ਲਾ ਸਾਂਝਿਆਂ ਵਿਚ ਆਪਣੇ ਪਿੰਡ ਦੀਆਂ ਧੀਆਂ, ਭੈਣਾਂ ਤੇ ਟੁਣਕਦੇ ਬੋਲ ਸੁਣਨ ਨੂੰ ਤਰਸਦਾ ਰਹਿੰਦਾ ਸੀ। ਤਾਈ ਤਾਰੋ ਦੇ ਪਕਾਏ ਪੂੜੇ, ਠੂਠੀ (ਗਰੀ), ਸੌਗੀ ਅਤੇ ਬਦਾਮ ਪਾ ਰਿੰਨੀ ਖੀਰ ਦਾ ਸਵਾਦ ਕੌਣ ਭੁੱਲ ਸਕਦਾ… ਪਾਰ ਇਹ ਨਿਆਮਤਾਂ ਕਿੱਥੇ?’ ਬਾਬਾ ਜਲਾਲਦੀਨ ਦੇ ਧੁਰ ਅੰਦਰੋਂ ਕੁਝ ਟੁੱਟਣ ਦੇ ਹਾਓਕੇ ਵਰਗੀ ’ਵਾਜ ਆਈ।
‘ਉਏ ਜਲਾਲਦੀਨਾ! ਤੈਨੂੰ ਸਾਵਿਆਂ ਨੂੰ ਖੇਡੀ ਜਾਂਦੀ ਕਬੱਡੀ ਅਤੇ ਪਿੰਡ ਦੇ ਭਲਵਾਨਾਂ ਵਲੋਂ ਵਾਹ-ਵਾਹ ਪੋਲੇ ਕੀਤੇ ਵਾਹਣ ਵਿਚ ਘੋਲ ਭੁੱਲ ਗਏ ਲੱਗਦੇ ਆ…।’ ‘ਓ ਕੁੰਨਣ ਸਿਹਾਂ! ਕੌਡੀ ਕੌਡੀ… ਮੱਲਾਂ ਦੇ ਦਾਅ ਤਾਂ ਮੇਰੀ ਰਗ ਰਗ ਵਿਚ ਸਮਾਏ ਹੋਏ ਆ… ਫਿਰ ਅਸੀਂ ਹਾਣੀ ਕਿਰਲਗੜ੍ਹਛਿੰਝ ਵੇਖਣ ਜਾਂਦੇ ਹੁੰਦੇ ਸੀ-ਗਾਮਾ, ਕਿੱਕਰ ਸਿੰਹੁ ਵਰਗੇ ਦਰਸ਼ਨੀ ਪਹਿਲਵਾਨਾਂ ਦੇ ਉੱਥੇ ਦਰਸ਼ਨ ਹੁੰਦੇ ਸਨ।’ ਜਲਾਲਦੀਨ ਨੇ ਆਪਣੇ ਆੜੀ ਕੁੰਨਣ ਸਿੰਹੁ ਨੂੰ ਭੁੱਲ ਜਾਣ ਆਖਣ ’ਤੇ ਜਰਾ ਗੁੱਸੇ ਨਾਲ ਜਵਾਬ ਦਿੱਤਾ।
‘ਜਲਾਲਦੀਨਾ! ਯਾਦ ਈ ਇਕ ਵਾਰ ਖ਼ਤਰੀਆਂ ਆਪ ਜ਼ਮੀਨ ਵਾਹੁਣ ਬੀਜਣ ਲਈ ਅਰਾਈਆਂ ਤੋਂ ਛੁਡਾ ਲਈ ਸੀ। ਇੱਥੇ ਕੁ ਜਿਹੇ ਖ਼ਤਰੀਆਂ ਵਾਲਾ ਖੂਹ ਹੁੰਦਾ ਸੀ। ਖੱਤਰੀਆਂ ਜੋਗ ਤਾਂ ਮਹਿੰਗੀ ਲਈ ਪਰ ਵਤਰ ਨਾ ਹੋਣ ਕਰਕੇ ਨਾ ਹੀ ਹਲ ਚੰਗੀ ਤਰ੍ਹਾਂ ਵਾਹ ਸਕੇ ਅਤੇ ਨਾ ਹੀ ਖੂਹ ਜੋ ਸਾਰੇ ਦਿਨ ’ਚ ਵਿੱਘਾ ਕੁ ਥਾਂ ਹੀ ਭਰ ਸਕੇ। ਮਿੱਟੀ ਦੀਆਂ ਟਿੰਡਾਂ ਨੇ ਪਾਣੀ ਕਿੰਨਾ ਕੁ ਕੱਢਣਾ ਸੀ। ਵਾਹਣ ਭਰਦਾ ਤਾਂ ਕੱਦੂ ਹੁੰਦਾ… ਖੱਤਰੀਆਂ ਕਿਸੇ ਜੱਟ ਦੀ ਜੋਗ ਲਿਆ ਰਾਤ ਨੂੰ ਵਾਹਣ ਭਰਨ ਦੀ ਸੋਚੀ। ਉਹਨਾਂ ਖੌ ਪੀਏ ਫਿਰ ਖੂਹ ਜੋੜ ਲਿਆ-ਉੱਧਰ ਅਰਾਈਆਂ ਨੂੰ ਵੀ ਗੁੱਸਾ ਸੀ। ਵੱਡਿਆਂ ਦੇ ਵਰਜਣ ਦੇ ਡਰੋਂ ਉਹਨਾਂ ਚੁੱਪ-ਚਾਪ ਕੱਪੜੇ ਲਾਹ, ਆਪਣੇ ਸਾਰੇ ਸਰੀਰ ’ਤੇ ਛੱਪੜ ਦੀ ਕਾਲੀ ਮਿੱਟੀ ਦਾ ਲੇਪ ਲਗਾ, ਸਿਰਾਂ ’ਤੇ ਲੜਾਂ ਵਾਲੇ ਕਾਲੇ ਪਟਕੇ ਬੰਨ੍ਹ ਖੱਤਰੀਆਂ ਵਾਲੇ ਖ਼ੂਹ ਨੇੜੇ ਜਾ ਡਰਾਉਣੀਆਂ ’ਵਾਜ਼ਾਂ ਕੱਢ ਜਦੋਂ ਨੱਚਣਾ ਸ਼ੁਰੂ ਕੀਤਾ ਤਾਂ ਖੱਤਰੀ ਚੀਕਾਂ ਮਾਰਦੇ ਪਿੰਡ ਵੱਲ ਭੱਜੇ-ਜੋਗ ਵੀ ਉੱਥੇ ਛੱਡ ਆਏ… ਉਸ ਤੋਂ ਬਾਅਦ ਖੱਤਰੀਆਂ ਮੁੜ ਕਦੇ ਨਾ ਵਾਹੀ ਕਰਨ ਵਾਸਤੇ ਕੰਨਾਂ ਨੂੰ ਹੱਥ ਲਾਏ।’ ਦਲੀਪ ਸਿੰਘ ਨੇ ਤੁਰਦਿਆਂ-ਤੁਰਦਿਆਂ ਆਪਣੇ ਬੇਲੀਆਂ ਨੂੰ ਅਰਾਈ ਗੱਭਰੂਆਂ ਵੱਲੋਂ ਖੱਤਰੀਆਂ ਨੂੰ ਡਰਾਉਣ ਦੀ ਕਾਰਸਤਾਨੀ ਲੂਣ ਮਿਰਚਾਂ ਲਾ-ਲਾ ਸੁਣਾਈ।
‘ਅਰਾਈਆਂ ਦੇ ਦੋ ਚੋਭਰ ਸਾਨੂੰ ਲਾਹੌਰ ਸਟੇਸ਼ਨ ’ਤੇ ਮਿਲੇ ਸਨ ਜਦੋਂ ਅਸੀਂ ਵੀਹ ਕੁ ਸਾਲ ਪਹਿਲਾਂ ਜਥੇ ਨਾਲ ਨਨਕਾਣਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਪਾਕਿਸਤਾਨ ਗਏ ਸੀ। ਭਈ! ਬੜੀ ਸੇਵਾ ਕੀਤੀ ਸੀ ਗਰਾਈਆਂ।’ ਕੁੰਨਣ ਸਿੰਘ ਨੇ ਦੱਸਿਆ। ਤਿੰਨਾਂ ਨੇ ਨਲਕੇ ’ਤੇ ਮੂੰਹ ਧੋਤਾ : ਗੁਰਦੂਆਰੇ ਭਾਈ ਹਰਦਾਸ ਮੱਥਾ ਟੇਕਿਆ-ਪ੍ਰਸ਼ਾਦ ਲਿਆ। ਉੱਥੋਂ ਫਿਰਦੇ ਫਿਰਾਉਂਦੇ ਕੱਚੇ ਭੀਲੋਵਾਲ ਹੁੰਦੇ ਹੋਏ ਭੀਲੋਵਾਲ ਪੱਕਾ ਪਹੁੰਚੇ। ਜਲਾਲਦੀਨ ਜ਼ੈਲਦਾਰ ਸਮੇਤ ਸੋਨੀ ਤੇ ਮਹਿਤਾ ਪਰਿਵਾਰਾਂ ਦੇ ਕੁਝ ਬਜ਼ੁਰਗਾਂ ਨੂੰ ਜਾਣਦਾ ਸੀ। ਉਸ ਬਾਰਾਂਦਰੀ, ਕੁਝ ਬੁਰਜ਼ਾਂ ਅਤੇ ਮੰਦਰ ਦੀ ਸਹੀ ਨਿਸ਼ਾਨਦੇਹੀ ਹੀ ਕੀਤੀ। ਬਾਬੇ ਨਾਂਗੇ ਦੇ ਮੰਦਰ ਜਾ ਕੇ ਪੂਜਾ ਅਰਚਨਾ ਤੋਂ ਬਾਅਦ ਬਾਬਾ ਨੇ ਕੁਝ ਨਾਨਕਸ਼ਾਹੀ ਇੱਟਾਂ ਦੀਆਂ ਮਹਿਲ ਮਾੜੀਆਂ ਦੇ ਮਾਲਕਾਂ (ਵਡੇਰਿਆਂ) ਦੀ ਪਛਾਣ ਦੱਸੀ। ਸ੍ਰੀ ਜਗਤ ਮਿੱਤਰ ਸੋਨੀ ਦੇ ਘਰ ਬਾਬਾ ਦਾ ਸਨਮਾਨ ਕੀਤਾ ਅਤੇ ਚਾਹ ਪਾਣੀ ਛਕਾਇਆ। ਸੋਨੀ ਸਮੇਤ ਹੋਰ ਮੋਹਤਬਰਾਂ ਤੋਂ ਇਜਾਜ਼ਤ ਲੈ ਤਿੰਨੇ ਹੇਤਮਪੁਰਾ ਨੂੰ ਤੁਰ ਪਏ।
ਬਾਬਾ ਵਾਰ-ਵਾਰ ਖੇਤਾਂ ’ਚ ਬਣੇ ਆਲੀਸ਼ਾਨ ਡੇਰਿਆਂ ਦੀਆਂ ਇਮਾਰਤਾਂ, ਫ਼ਸਲਾਂ, ਬੰਬੀਆਂ, ਟਰੈਕਟਰ, ਕੰਬਾਈਨਾਂ, ਥਰੈਸ਼ਰ ਅਤੇ ਰੀਪਰ ਆਦਿ ਵੇਖ-ਵੇਖ ਆਪਣੇ ਪਛੜੇ ਬਾਰਡਰ ਦੇ ਇਲਾਕੇ ਦੀ ਲਹਿਰ-ਬਹਿਰ ਤੋਂ ਅਸ਼-ਅਸ਼ ਕਰ ਰਿਹਾ ਸੀ। ਤੁਰੇ ਜਾਂਦੇ ਤਿੰਨਾਂ ਬਜ਼ੁਰਗਾਂ ਨੂੰ ਵੇਖ ਖਾਲੀ ਜਾ ਰਹੇ ਟਰੱਕ ਦੇ ਡਰਾਈਵਰ ਨੇ ਉਹਨਾਂ ਨੂੰ ਬੜੇ ਆਦਰ ਨਾਲ ਆਪਣੇ ਪਿਛਲੀ ਸੀਟ ’ਤੇ ਬਿਠਾ ਲਿਆ ਅਤੇ ਹੇਤਮਪੁਰੇ ਦੇ ਭੱਠੇ ’ਤੇ ਜਾ ਉਤਾਰਿਆ। ਉਹ ਅਜੇ ਕਿੱਲਾ ਕੁ ਹੀ ਗਏ ਕਿ ਪਿੱਛੋਂ ਆ ਰਹੇ ਰੇਹੜੇ ਵਾਲੇ ਨੇ ਬਜ਼ੁਰਗ ਨੂੰ ਸੁਲ੍ਹਾ ਮਾਰਦਿਆਂ ਕਿਹਾ, ‘ਆਓ! ਅੱਜ ਸ਼ਾਹੀ ਸਵਾਰੀ ਦਾ ਵੀ ਆਨੰਦ ਮਾਣ ਲਓ।’ ਉਸ ਰੇਹੜਾ ਖੜ੍ਹਾ ਕਰ ਬਜ਼ੁਰਗਾਂ ਨੂੰ ਬਿਠਾਇਆ।
ਪਾਣੀ ਦੀਆਂ ਟੈਂਕੀਆਂ, ਸਕੂਲ ਤੇ ਹਸਪਤਾਲਾਂ ਦੀਆਂ ਇਮਾਰਤਾਂ ਅਤੇ ਪੱਕੀਆਂ ਗਲੀਆਂ-ਨਾਲੀਆਂ ਵੇਖ ਜਲਾਲਦੀਨ ਆਜ਼ਾਦੀ ਦੇ ਪਿੱਛੋਂ ਪਿੰਡਾਂ ਦੇ ਕੀਤੇ ਵਿਕਾਸ ਨੂੰ ਮੰਨ ਗਿਆ। ਲੋਧੀ ਗੁੱਜਰ ਨਵੇਂ ਬਣੇ ਪੁਲ ’ਤੇ ਜਾ ਪਹੁੰਚੇ। ਰੇਹੜੇ ਵਾਲੇ ਨੇ ਸੈਦਪੁਰ ਡਗਤੂਤ ਵੱਲ ਜਾਣਾ ਸੀ ਤੇ ਬਜ਼ੁਰਗਾਂ ਧੁੱਸੀਏ ਪੈ ਦਸਮੇਸ਼ ਨਗਰ ਮੰਜ ਕੋਲੋਂ ਦੀ ਲੰਘਦੇ ਕੱਕੜਾਂ ਵੱਲ ਜਾਣ ਦੀ ਇੱਛਾ ਪ੍ਰਗਟ ਕੀਤੀ। ਦਲੀਪ ਸਿੰਘ ਕੁੰਨਣ ਸਿੰਘ ਦੀ ਇੱਛਾ ਗੁਰਦੁਆਰੇ ਰਾਮ ਟਾਹਲੀ ਦੇ ਦਰਸ਼ਨ ਕਰਨ ਦੀ ਸੀ, ਪਰ ਜਲਾਲਦੀਨ ਫਿਰ ਕੱਲ੍ਹ ਵਾਲੇ ਤਖੀਏ ਕੋਲ ਜਾ ਪੁੱਜਾ। ਕੱਲ੍ਹ ਵਾਂਗ ਹੀ ਉਹ ਤਖੀਏ ਤੋਂ ਲਹਿੰਦੇ ਵਲ 20 ਕੁ ਕਰਮ ਦੀ ਵਿੱਥ ’ਤੇ ਕੁਝ ਲੱਭ ਰਿਹਾ ਸੀ, ਭਾਵੇਂ ਵਾਰ-ਵਾਰ ਪੁੱਛਣ ’ਤੇ ਉਸ ਇਹ ਭੇਤ ਆਪਣੇ ਬੇਲੀਆਂ ਨੂੰ ਨਾ ਦੱਸਿਆ। ਅੱਧੇ ਕੁ ਘੰਟੇ ਦੀ ਤਲਾਸ਼ ਬਾਅਦ ਜਲਾਲਦੀਨ ਨੇ ਹਾਰ ਮੰਨ ਲਈ ਤੇ ਉਹ ਮਿੰਨੀ ਬੱਸ ਵਿਚ ਚੜ੍ਹ ਲੋਪੋਕੇ ਆ ਪੁੱਜੇ। ਦੁਪਹਿਰੇ ਆਰਾਮ ਕਰਨ ਦੀ ਆਖ ਦੋਵੇਂ ਜਲਾਲਦੀਨ ਨੂੰ ਐਮ.ਐਲ.ਏ. ਘਰ ਛੱਡ ਆਪੋ ਆਪਣੇ ਘਰਾਂ ਨੂੰ ਚਲੇ ਗਏ। ਜਾਂਦੇ-ਜਾਂਦੇ ਦੋ ਘੰਟੇ ਬਾਅਦ ਚਾਰ ਕੁ ਵਜੇ ਆਉਣ ਲਈ ਆਖ ਗਏ। ਬਾਬਾ ਲਈ ਗੋਰਖਾ ਪਾਣੀ, ਚਾਹ ਦੇ ਦੁੱਧ ਆਦਿ ਲੈ ਆਇਆ। ਪਰ ਉਸ ਦੇ ਆੜੀ ਤਾਂ ਜਾ ਚੁੱਕੇ ਸਨ। ਬਾਬਾ ਨੇ ਪਾਣੀ ਪੀ ਦੋ ਪਿੰਨੀਆਂ ਨਾਲ ਦੁੱਧ ਆਦਿ ਲੈ ਆਇਆ। ਦੋ ਪਿੰਨੀਆਂ ਨਾਲ ਦੁੱਧ ਪੀ ਉਸੇ ਮੰਜੇ ’ਤੇ ਲਮ ਲੇਟ ਹੋ ਗਿਆ।
ਸਵਾ ਕੁ ਚਾਰ ਵਜੇ ਉਹ ਗੁਰਦੁਆਰਾ ਬਾਬਾ ਜੀਵਨ ਸਿੰਘ ਪੁੱਜੇ ਜਿੱਥੇ ਹਾਜ਼ਰ ਸੰਗਤ ਨੇ ਉਹਨਾਂ ਦਾ ਸਵਾਗਤ ਕੀਤਾ। ਬੜੀ ਇਜ਼ਤ ਮਾਣ ਨਾਲ ਸਜਾਏ ਦੀਵਾਨ ਵਿਚ ਲੈ ਕੇ ਗਏ। ਬਾਬਾ ਜੀ ਨੇ ਮੱਥਾ ਟੇਕ ਅਲਾਹੀ ਬਾਣੀ ਦਾ ਆਨੰਦ ਮਾਣਿਆ। ਫਿਰ ਭਾਈ ਰੰਘਰੇਟਾ ਦਲ ਵਲੋਂ ਬਾਬਾ ਜੀ ਨੂੰ ਸਿਰੋਪਾ ਬਖਸ਼ਿਸ਼ ਕੀਤਾ ਗਿਆ। ਅਜਿਹਾ ਹੀ ਮਾਣ ਸਤਿਕਾਰ ਅੱਡੇ ਵਿਚ ਸਥਿਤ ਗੁਰੂਦੁਆਰਾ ਭਾਈ ਲਾਲੋ ਜੀ ਵਿਖੇ ਸੰਗਤ ਵਲੋਂ ਬਾਬਾ ਦਾ ਕੀਤਾ ਗਿਆ। ਇਥੋਂ ਬਾਬਾ ਨੂੰ ਕਾਫ਼ਲੇ ਦੀ ਸ਼ਕਲ ਵਿਚ ਬਖਸ਼ਿਸ਼ ਚੈਰੀਟੇਬਲ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਹਨਾਂ ਦਾ ਸਨਮਾਨ ਕੀਤਾ ਗਿਆ। ਪਰਸੋਂ ਬਾਬਾ ਨੇ ਚਲੇ ਜਾਣਾ ਸੀ ਜਿਸ ਕਰਕੇ ਹਿੰਦ-ਪਾਕਿ ਮਿੱਤਰਤਾ ਮੰਚ ਦੇ ਪ੍ਰਧਾਨ ਐਮ.ਐਸ. ਔਲਖ ਬਾਬਾ ਨਾਲ ਸਬੰਧਤ ਪ੍ਰੋਗਰਾਮ ਜਲਦੀ-ਜਲਦੀ ਨਿਪਟਾ ਰਹੇ ਸਨ। ਸੂਏ ਨੇੜਲੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਲੋਪੇਕੇ ਵਿਖੇ ਪ੍ਰਿੰਸੀਪਲ ਸਟਾਫ਼ ਤੇ ਬੱਚਿਆਂ ਵੱਲੋਂ ਨਿੱਕੇ-ਨਿੱਕੇ ਸਵਾਲ ਪੁੱਛੇ ਅਤੇ ਹਿੰਦ-ਪਾਕਿ ਦੋਸਤੀ ਦੀ ਕਾਮਨਾ ਕੀਤੀ ਗਈ। ਇਸ ਤੋਂ ਬਾਅਦ ਬਾਬਾ ਦੀਪ ਸਿੰਘ ਹਸਪਤਾਲ ਵਿਖੇ ਬਾਬਾ ਨੂੰ ਤਸਵੀਰ ਭੇਟ ਕੀਤੀ ਗਈ। ਸਨਮਾਨ, ਯਾਦ ਚਿੰਨ੍ਹ ਸਿਰੋਪੇ ਆਦਿ ਪ੍ਰਾਪਤ ਕਰਦਿਆਂ ਸਿਆਲੀ ਦਿਨ ਕੁਝ ਛੇਤੀ ਹੀ ਢਲ ਗਿਆ ਅਤੇ ਲੌਢੇ ਵੇਲੇ ਦੇ ਘੁਸਮੁਸੇ ਤੋਂ ਪਹਿਲਾਂ ਬਾਬਾ ਮੇਜ਼ਬਾਨ ਘਰ ਪਹੁੰਚ ਗਏ।
ਅੱਜ ਬਾਬਾ ਦਾ ਆਖ਼ਰੀ ਦਿਨ ਸੀ-ਕੱਲ੍ਹ ਉਸ ਵਾਘਾ ਪਾਰ ਕਰ ਜਾਣਾ ਸੀ। ਬਾਬਾ ਅੱਜ ਦਾ ਸਾਰਾ ਦਿਨ ਆਪਣੇ ਹਾਣੀਆਂ, ਆਪਣੇ ਨਗਰ ਗਰਾਂ, ਨਗਰ ਖੇੜੇ ਦੀਆਂ ਗਲੀਆਂ, ਮਾਂ ਮਿੱਟੀ ਆਦਿ ਦੀ ਜ਼ਿਆਰਤ ਕਰਨੀ ਚਾਹੁੰਦਾ ਸੀ। ਅੱਜ ਜ਼ਰਾ ਛੇਤੀ ਹੀ ਦਲੀਪ ਸਿੰਘ, ਕੁੰਨਣ ਸਿੰਘ ਤੇ ਪਿਆਰਾ ਸਿੰਘ ਨੇ ਬਾਬਾ ਨੂੰ ਲੈ ਉੱਤਰ ਦੀ ਬਾਹੀ ਨੂੰ ਚਾਲੇ ਪਾ ਦਿੱਤੇ।
‘ਇੱਧਰ ਰੋਹੀ ਹੁੰਦੀ ਸੀ। ਕੰਮੀਆਂ ਵਾਲੀਆਂ ਇੱਥੋਂ ਕੰਮੀਆਂ ਲੈ ਘਰੋ-ਘਰੀਂ ਬਾਲਾਂ ਨੂੰ ਦੇ ਫੱਕਾ-ਫੱਕਾ ਦਾਣੇ ਲੈਂਦੀਆਂ ਹੁੰਦੀਆਂ ਸਨ। ਭੇਂ, ਕਮਲ ਡੋਡੇ ਤਰ੍ਹਾਂ-ਤਰ੍ਹਾਂ ਦੇ ਪੰਛੀ ਰੋਹੀ ਦੀ ਸੁੰਦਰਤਾ ਵਿਚ ਵਾਧਾ ਕਰਿਆ ਕਰਦੇ ਸਨ। ਹੁਣ ਤਾਂ ਖੂਹਾਂ ਵਾਂਗ ਰੋਹੀ ਵੀ ਇਹਨਾਂ ਖੇਤਾਂ ਵਿਚ ਕਿਧਰੇ ਸਮਾ ਗਈ ਹੈ।’ ਬਾਬਾ ਨੇ ਹਾਉਕਾ ਭਰਦਿਆਂ ਤਿੰਨਾਂ ਨੂੰ ਕਿਹਾ। ‘ਖੂਹਾਂ ਖੇਤਾਂ ਨੂੰ ਜਾਂਦੀਆਂ ਡੰਡੀਆਂ, ਪਹੇ ਨਹੀਂ ਰਹੇ। ਸੜਕਾਂ ਬਣ ਗਈਆਂ। ਮਸ਼ੀਨਰੀ ਦੀ ਭਰਮਾਰ ਹੋ ਗਈ, ਪ੍ਰਦੂਸ਼ਣ ਕਰਕੇ ਸਾਹ ਲੈਣਾ ਔਖਾ…।’ ਦਲੀਪ ਸਿੰਘ ਨੇ ਤੌਖ਼ਲਾ ਪ੍ਰਗਟ ਕਰਦਿਆਂ ਕਿਹਾ।
‘ਵੇਖ ਲਏ ਜਲਾਲਦੀਨਾਂ! ਇਹਨਾਂ ਬਾਂਸਾਂ ਨੂੰ ਗੰਨੇ ਕਹਿੰਦੇ ਨੇ, ਚੂਪਣ ਦੀ ਥਾਂ ਗੰਨੇ ਖਾਣੇ ਹੋ ਗਏ। ਖੰਡ ਮਿੱਲ ਲੈ ਜਾਣ ਲਈ ਟਰਾਲੀ ’ਚ ਲੱਦੇ ਜਾ ਰਹੇ ਗੰਨਿਆਂ ਨੂੰ ਵੇਖ ਕੁੰਨਣ ਸਿੰਘ ਨੇ ਕਿਹਾ, ‘ਕਿੱਥੇ ਪੋਨੇ ਗੰਨੇ, ਕਾਠੇ ਕਮਾਦ ਜਿਹਨਾਂ ਦੀ ਰੌਹ ਨਾਲ ਮੂੰਹਾਂ ’ਚ ਜਿਵੇਂ ਸ਼ਹਿਦ ਘੁਲ ਜਾਣਾ, ਗੁੜ ਬਣਨਾ ਜਿਵੇਂ ਲੱਡੂ ਹੁੰਦੇ ਆ… ਕਣ ਏਨਾ ਹੁੰਦਾ ਸੀ ਕਿ ਰੋਟੀ ਤੋਂ ਬਾਅਦ ਖਾਣ ਦਾ ਸਵਾਦ ਆ ਜਾਣਾ ਪਰ ਬਾਂਸ ਵਰਗਾ ਗੰਨਾ ਚੂਪਿਆਂ ਤਾਂ ਦੰਦਾਂ, ਬੁੱਟਾਂ ’ਚੋਂ ਲਹੂ ਆ ਜਾਂਦਾ।’
‘ਯਾਦ ਈ ਜਲਾਲਦੀਨਾ! ਚਾਨਣੀਆਂ ਰਾਤਾਂ ’ਚ ਅਸੀਂ ਲੁਕਣਮੀਚੀ ਖੇਡਦੇ ਮੁੱਧ ਭੀਲੋਵਾਲ, ਹੇਤਮ ਦੇ ਕਿਲੇ ਕਾਂਵੇ, ਲੇਲੀਆਂ, ਭੰਗਵਾਂ ਸਿਧਵਾਂ, ਠੱਠੇ ਟਪਿਆਲੇ ਤੱਕ ਹੋ ਆਉਂਦੇ ਸੀ। ਖ਼ਰਬੂਜ਼ੇ, ਹੱਦਵਾਣੇ, ਸੇਊ ਤੇ ਕਾਠੇ ਬੇਰ, ਖੀਰੇ ਤਰਾਂ, ਅੰਬ ਜਾਮਨੂੰ ਆਦਿ ਰੁੱਤ-ਰੁੱਤ ਦੇ ਮੇਵੇ ਹੁੰਦੇ ਸੀ-ਰੱਬ ਨੇ ਦਾਤਾਂ ਬਖ਼ਸ਼ੀਆਂ ਸਨ ਪਰ ਹੁਣ ਸਭ ਕੁਝ ਮੁੱਲ ਵਿਕਦਾ।’ ਪਿਆਰਾ ਸਿੰਘ ਨੇ ਪਿਛਲੇ ਸਮੇਂ ਦੀ ਤੁਲਨਾ ਅੱਜ ਦੇ ਪਦਾਰਥਕ ਯੁਗ ਨਾਲ ਕਰਦਿਆਂ ਕਿਹਾ। ਗਿੱਲਾਂ ਦੇ ਡੇਰੇ, ਬਾਬਾ ਰਾਮ ਸਿੰਹੁ ਦੇ ਡੇਰੇ ਕੋਲੋਂ ਦੀ ਲੰਘ ਚਾਰੇ ਖਾਨਗਾਹ ਸ਼ਾਹ ਬਖ਼ਤਿਆਰ ਜਾ ਪਹੁੰਚੇ। ਦਰਗਾਹ ਸ਼ਾਹ ਬਖਤਿਆਰ ਰੌਣਕਾਂ ਸਨ। ”ਇੱਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ, ਬਾਬੇ ਮਰਦਾਨੇ ਸਮੇਤ ਚਰਨ ਪਾਏ ਸਨ। ਬਾਬਾ ਨਾਨਕ ਜਿਸ ਪੀਰ ਫ਼ਕੀਰ ਨਾਲ ਬਚਨ ਬਲਾਸ ਕਰਨ ਆਏ ਸੀ-ਉਹ ਤਾਂ ਭੀਲੋਵਾਲ ਨੂੰ ਗਜ਼ਾ ਕਰਨ ਗਏ ਸਨ। ਗੁਰੂ ਜੀ ਨੇ ਫੁਰਮਾਇਆ :
‘ਬੀਬੀ ਬੈਠੀ ਦਮਦਮੇ, ਮੀਆਂ ਭੀਲੋਵਾਲ। ਸੁੰਝੇ ਮਹਿਲ ਡਰਾਵਦੇਂ ਬਰਕਤ ਮਰਦਾਂ ਨਾਲ।’
ਇੱਥੋਂ ਬਾਬਾ ਨਾਨਕ ਭੀਲੋਵਾਲ ਦੀ ਜ਼ੂਹ ਵੱਲ ਚੱਲ ਪਏ। ਅੱਗੋਂ ਪੀਰ ਸ਼ਾਹ ਬਖ਼ਤਿਆਰ ਗਜ਼ਾ ਕਰ ਆਉਂਦੇ ਮਿਲੇ। ਤਿੱਖੀ ਧੁੱਪ ਸੀ। ਬਚਨ ਬਲਾਸ ਲਈ ਛਾਂ ਢੂੰਡਦੇ ਗੁਰੂ ਜੀ ਇਕ ਸੁੱਕੇ ਬੇਰੀ ਦੇ ਮੁੱਢ ’ਤੇ ਬੈਠ ਗਏ। ਕੁਦਰਤ ਦਾ ਕ੍ਰਿਸ਼ਮਾ ਹੀ ਕਿਹਾ ਜਾਵੇਗਾ ਕਿ ਬੇਰੀ ਹਰੇ ਭਰੇ ਛਾਂਦਾਰ ਦਰੱਖਤ ’ਚ ਤਬਦੀਲ ਹੋ ਗਈ-ਅੱਜ ਕੱਲ੍ਹ ਉਸ ਜਗ੍ਹਾ ਬੇਰੀ ਦਾ ਪੁਰਾਣਾ ਦਰੱਖਤ ਵੀ ਮੌਜੂਦ ਹੈ ਅਤੇ ਉੱਥੇ ਗੁਰਦੁਆਰਾ ਬੇਰ ਬਾਬਾ ਨਾਨਕ ਸੁਸ਼ੋਭਤ ਹੈ।’’ ਦਲੀਪ ਸਿੰਘ ਨੇ ਇਲਾਕੇ ’ਚ ਪੀੜ੍ਹੀ ਦਰ ਪੀੜ੍ਹੀ ਸੁਣਾਈ ਜਾਂਦੀ ਮਸ਼ਹੂਰ ਕਥਾ ਬਿਆਨ ਕੀਤੀ। ਕਿਸੇ ਵੱਲੋਂ ਵੀ ਕੋਈ ਪ੍ਰਤੀਕਰਮ ਨਾ ਆਇਆ ਕਿਉਂਕਿ ਸਾਰਿਆਂ ਇਹ ਪਹਿਲਾਂ ਸੁਣੀ ਸੀ।
ਜਲਾਲਦੀਨ ਸਮੇਤ ਸਾਰਿਆਂ ਨੇ ਸ਼ਾਹ ਬਖ਼ਤਿਆਰ ਜੀ ਦੀ ਦਰਗਾਹ ’ਤੇ ਜ਼ਿਆਰਤ ਕਰ, ਮੰਨਤ ਮੰਗੀ, ਮੰਨਤ ਪੂਰੀ ਹੋਣ ’ਤੇ ਸ਼ੁਕਰਾਨੇ ਵਜੋਂ ਮੁੜ ਜ਼ਿਆਰਤ ਕਰਨ ਮੌਕੇ ਚਾਦਰ ਚੜ੍ਹਾਉਣ ਦੀ ਸੁਖਣਾ ਵੀ ਸੁੱਖੀ। ਦਰਗਾਹ ’ਤੇ ਗੁਰਦੁਆਰਾ ਬੇਰ ਬਾਬਾ ਨਾਨਕ ਨੂੰ ਜੋੜਨ ਵਾਲੀ ਨਵੀਂ ਸੜਕੇ ਪੈ ਚਾਰੇ ਪੁਰਾਣੇ ਬੇਲੀ ਵੈਰੋਕੇ ਵੱਲ ਚੱਲ ਪਏ। ਗੁਰੂਦੁਆਰਾ ਸਾਹਿਬ ਦੀ ਨਵੀਂ ਇਮਾਰਤ, ਸਰੋਵਰ ਅਤੇ ਦੀਵਾਨ ਹਾਲ ਵੇਖਣਯੋਗ ਸਨ। ਪੰਜ ਇਸ਼ਨਾਨਾ ਕਰ ਮੱਥਾ ਟੇਕ, ਪ੍ਰਸ਼ਾਦ ਲੈ ਮੁੜ ਪ੍ਰੀਤਨਗਰ ਵੱਲ ਚੱਲ ਪਏ। ਸਾਹਮਣੇ ਪ੍ਰੀਤ ਨਗਰ ਦੀਆਂ ਪੀਲੀਆਂ ਭਾਅ ਮਾਰਦੀਆਂ ਕੋਠੀਆਂ ਸਨ। ਲੇਖਕ ਔਲਖ ਦੇ ਘਰ ਚਾਹ ਪੀ ਫਿਰ ਨਿਕਲ ਪਏ।
‘ਤਲਾਬ, ਡਿਓਢੀ, ਬੁਰਜ਼, ਫਸੀਲ (ਨਾਨਕਸ਼ਾਹੀ ਇੱਟ ਦੀ) ਖੂਹ ਅਤੇ ਬਾਗ ਆਦਿ ਦੀ ਤਮੀਰ ਬਾਦਸ਼ਾਹ ਜਹਾਂਗੀਰ ਨੇ ਕਰਵਾਈ ਸੀ।’ ਪਿਆਰਾ ਸਿੰਘ ਨੇ ਦੱਸਿਆ। ਜਲਾਲਦੀਨ ਨੂੰ ਯਾਦ ਆ ਰਿਹਾ ਸੀ ਕਿ ਉਹ ਇੱਥੇ ਮਾਂ ਨਾਲ ਕੰਮ ਕਰਨ ਆਉਂਦਾ ਸੀ। ‘ਜਹਾਂਗੀਰ ਬੇਗਮ ਨੂਰਜਹਾਂ ਨਾਲ ਇੱਥੇ ਠਹਿਰਦਾ ਹੁੰਦਾ ਸੀ। ਬੇਗਮ ਨੂਰਜਹਾਂ ਸ਼ਾਹ ਬਖ਼ਤਿਆਰ ਦੇ ਮਕਬਰੇ ਜ਼ਿਆਰਤ ਲਈ ਜਾਂਦੀ ਹੁੰਦੀ ਸੀ। ਜਹਾਂਗੀਰ ਨੇ ਦਰਗਾਹ ਦੇ ਨਿਰਮਾਣ ਦਾ ਕੰਮ ਵੀ ਕਰਵਾਇਆ ਸੀ।’ ਜਲਾਲਦੀਨ ਨੇ ਦੱਸਿਆ। ‘ਬਾਗ ਅਤੇ ਖੂਹ ਤਾਂ ਅਸੀਂ ਵੇਖਿਆ। ਖੂਹ ਅੱਗੇ ਹਾਥੀ ਜੁਪਦਾ ਹੁੰਦਾ ਸੀ। ਉੱਥੇ ਐਕਟਿਵਟੀ ਸਕੂਲ ਹੁੰਦਾ ਸੀ। ਪੰਡਤ ਨਹਿਰੂ ਖ਼ੁਦ ਪ੍ਰੀਤਨਗਰ ਵੇਖਣ ਆਏ ਸਨ। ਉਸੇ ਸਾਲ ਇੱਥੇ ਨਾਟਕ, ‘ਕੱਢ ਦਿਓ ਬਾਹਰ ਫਿਰੰਗੀ ਨੂੰ’ ਖੇਡਿਆ ਅਤੇ ਇਸਦੀਆਂ ਕਲਾਕਾਰ ਕੁੜੀਆਂ ਉਮਾ, ਪ੍ਰਤਿਮਾ, ਉਰਮਿਲਾ, ਸੰਕੁਤਲਾ ਅਤੇ ਸ਼ੀਲਾ ਆਦਿ ਨੂੰ ਅੰਗਰੇਜ਼ ਸਰਕਾਰ ਨੇ ਗ੍ਰਿਫਤਾਰ ਵੀ ਕੀਤਾ ਸੀ।’ ਪ੍ਰੀਤਲੜੀ ਦੇ ਜੀਵਨ ਮੈਂਬਰ ਬਾਪੂ ਪਿਆਰਾ ਸਿੰਘ ਨੇ ਵਿਸਥਾਰ ਨਾਲ ਦੱਸਿਆ।
”ਇਹ ਜਾਦੂ ਟੂਣੇ, ਮੜੀਆਂ ਮਸਾਣਾਂ ਨੂੰ ਨਹੀਂ ਮੰਨਦੇ। ਰੱਬ ਤੋਂ ਵੀ ਮੁਨਕਰ ਸਨ। ਕਹਿੰਦੇ ਇਹਨਾਂ ਕੋਲ ਨੋਟ ਛਾਪਣ ਵਾਲੀ ਮਸ਼ੀਨ ਸੀ।’ ਦਲੀਪ ਸਿੰਘ ਨੇ ਮਖੌਲੀ ਅੰਦਾਜ਼ ਵਿਚ ਕਿਹਾ।’ ਇੱਥੇ ਮਰਦ ਔਰਤ ਇਕੱਠੇ ਘੁੰਮਦੇ, ਮਿਲਣੀਆਂ ਕਰਦੇ, ਹੱਥ ਘੁੱਟਦੇ ਅਤੇ ਇਕ ਦੂਸਰੇ ਨੂੰ ਚੁੰਮ ਵੀ ਲੈਂਦੇ ਸਨ।’ ਕੁੰਨਣ ਸਿੰਘ ਨੇ ਵਾਧਾ ਕਰਦਿਆਂ ਕਿਹਾ। ਪ੍ਰੀਤਨਗਰ ਦਾ ਗੇੜਾ ਲਾ, ਪੁਰਾਣੇ ਭੱਠੇ ਲਾਗੋਂ ਦੀ ਲੰਘ ਲੋਢਿਆਂ ਵਾਲੀ ਸੜਕੇ ਪੈ ਲੋਪੇਕੇ ਨੂੰ ਚੱਲ ਪਏ। ਸੂਰਜ ਸਿਰ ’ਤੇ ਸੀ। ਲੋਪੋਕੇ ਦੇ ਬਜ਼ਾਰ ਵਿਚ ਲੰਘ ਰਿਹਾ ਬਾਬਾ ਜਲਾਲਦੀਨ ਸੋਚ ਰਿਹਾ ਸੀ, ‘ਇਹ ਸਾਰਾ ਕੁਝ ਮੈਂ ਕਿਵੇਂ ਆਪਣੇ ਮਨ ਵਿਚ ਵਸਾ ਲਵਾਂ।’ ਅੱਡੇ ਵਿਚਲੇ ਬਖਸ਼ਿਸ਼ ਚੈਰੀਟੇਬਲ ਹਸਪਤਾਲ ਦੇ ਡਾ. ਭੁੱਲਰ ਜੋ ਹਿੰਦ-ਪਾਕਿ ਮਿੱਤਰਤਾ ਮੰਚ ਦੇ ਮੈਂਬਰ ਅਤੇ ਮਾਨਵਤਾ ਪ੍ਰੇਮੀ ਹਨ-ਬਾਬਾ ਅਤੇ ਉਸਦੇ ਸਾਥੀਆਂ ਨੂੰ ਬੜਾ ਜ਼ੋਰ ਪਾ ਕੇ ਚਾਹ ਲਈ ਲੈ ਗਏ। ਹਸਪਤਾਲ ਉਪਰਲੀ ਰਿਹਾਹਿਸ਼ ਵਿਖੇ ਪਰਿਵਾਰ ਦੀ ਸੇਵਾ ਭਾਵਨਾ, ਮਾਣ ਸਤਿਕਾਰ ਅਤੇ ਆਦਰ ਨਾਲ ਪਿਲਾਈ ਚਾਹ ਤੋਂ ਸਾਰੇ ਬੜੇ ਪ੍ਰਭਾਵਿਤ ਹੋਏ। ਬਾਬਾ ਨੂੰ ਡਾਕਟਰ ਪਰਿਵਾਰ ਵੱਲੋਂ ਯਾਦ ਚਿੰਨ੍ਹ ਦਿੱਤਾ ਗਿਆ।
ਬਾਬਾ ਨੂੰ ਐਮ.ਐਲ.ਏ. ਸਾਹਿਬ ਦੇ ਘਰ ਛੱਡ ਘੰਟੇ ਕੁ ਬਾਅਦ ਮੁੜਨ ਦਾ ਵਾਅਦਾ ਕਰ ਤਿੰਨੇ ਆੜੀ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਪੰਦਰਾਂ ਕੁ ਮਿੰਟ ਰੈਸਟ ਕਰ ਬਾਬਾ ਨੇ ਐਮ.ਐਲ.ਏ. ਦੇ ਬੇਟੇ ਰਾਣੇ ਨੂੰ ਆਪਣੇ ਕਿਸੇ ਦੋਸਤ ਨੂੰ ਮਿਲਣ ਕੱਕੜ ਰਾਣੀਆਂ ਜਾਣ ਵਾਸਤੇ ਗੱਡੀ ਭੇਜਣ ਲਈ ਕਿਹਾ। ਕੁਝ ਮਿੰਟਾਂ ’ਚ ਡਰਾਈਵਰ ਗੱਡੀ ਲੈ ਆਇਆ-ਬਾਬਾ ਬੈਠੇ। ਨਵੀਂ ਬਣੀ ਸੜਕ ਕਰਕੇ ਹਵਾ ਨਾਲ ਗੱਲਾਂ ਕਰਦੀ ਗੱਡੀ ਦਸ ਕੁ ਮਿੰਟਾਂ ਵਿਚ ਕੱਕੜ ਜਾ ਪੁੱਜੀ। ਅੱਡੇ ਤੋਂ ਥੋੜ੍ਹਾ ਪਹਿਲਾਂ ਉੱਤਰ ਬਾਬਾ ਤਖੀਏ ਕੋਲ ਪੁੱਜੇ-ਫਿਰ ਵੀਹ ਕੁ ਕਰਮਾਂ ਮਾਰ ਲਹਿੰਦੇ ਵੱਲ ਗਏ ਅਤੇ ਤਿੰਨਾਂ ਚਹੁੰ ਥਾਵਾਂ ਤੋਂ ਮਿੱਟੀ ਪੁੱਟ ਲਿਫਾਫ਼ੇ ’ਚ ਪਾ ਪਰਤ ਆਏ।
ਗੱਡੀ ਵਿਚੋਂ ਉਤਰਦਿਆਂ ਹੀ ਬਾਬਾ ਆਪਣੇ ਕਮਰੇ ਵਿਚਲੇ ਮੰਜੇ ’ਤੇ ਢਹਿ ਹੀ ਪਿਆ। ਥਕਾਵਟ ਵੀ ਕੋਈ ਨਹੀਂ, ਸਰੀਰ ਵੀ ਟੁੱਟਦਾ ਭੱਜਦਾ ਨਹੀਂ ਸੀ, ਪਰ ਤਖੀਏ ਨੇੜੇ ਉਹ ਜਗ੍ਹਾ ਨਾ ਲੱਭਣ ਕਰਕੇ ਉਸ ਮਹਿਸੂਸ ਕੀਤਾ ਕਿ ਉਸਦੇ ਅੰਦਰੋਂ ਕੁਝ ਕੜੱਕ ਕਰਕੇ ਟੁੱਟ ਗਿਆ ਹੋਵੇ। ਗੋਰਖਾ ਪਾਣੀ ਦਾ ਗਿਲਾਸ ਲੈ ਆਇਆ-ਬਾਬਾ ਨੇ ਅਜੇ ਘੁੱਟ ਕੁ ਪਾਣੀ ਪੀਤਾ ਹੀ ਸੀ ਕਿ ਉਸ ਦੇ ਤਿੰਨੇ ਯਾਰ ਬੇਲੀ ਆ ਗਏ। ਘਰ ਆਏ ਖਾਸ ਮਹਿਮਾਨਾਂ ਲਈ ਉਚੇਚ ਨਾਲ ਬਣਾਏ ਪਕੌੜਿਆਂ ਵਿਚੋਂ ਬਾਬਾ ਤੇ ਉਸਦੇ ਆੜੀਆਂ ਲਈ ਪਕੌੜਿਆਂ ਨਾਲ ਗਰਮ-ਗਰਮ ਚਾਹ ਆਈ।
‘ਅੱਜ ਤਾਏ ਸਿੰਹਾਂ ਕਿਆਂ ਦਾ ਕੀ ਪ੍ਰੋਗਰਾਮ ਹੈ?’ ਐਮ.ਐਲ.ਏ. ਨੇ ਆਪਣੇ ‘ਤਾਏ’ ਬਜ਼ੁਰਗਾਂ ਨੂੰ ਪੁੱਛਿਆ।
‘ਕੁਝ ਡੇਰਿਆਂ ’ਚ ਜਲਾਲ ਨੂੰ ਪੈਰ ਪਾਉਣ ਲਈ ਸੱਦਿਆ। ਜਲੇਬੀ, ਚਾਹ ਪਕੌੜਿਆਂ ਦੇ ਲੰਗਰ ਹੋਣਗੇ ਅਤੇ ਅੱਜ ਰਾਤ ਦੀ ਰੋਟੀ ਤੁਹਾਡੇ ਘਰੋਂ ਨਹੀਂ ਪੁੱਤਰਾ! ਸਾਡੇ ਕਿਸੇ ਘਰੋਂ ਛਕੇਗਾ।’ ਪਿਆਰਾ ਸਿੰਘ ਨੇ ਅੱਜ ਸ਼ਾਮ ਦੇ ਪ੍ਰੋਗਰਾਮ ਬਾਰੇ ਦੱਸਿਆ।
ਦਿਨ ਢਲੇ ਬਾਬਾ ਦੇ ਇਕ ਹੋਰ ਆੜੀ ਧਨਵੰਤ ਸਿੰਘ ਦੇ ਸੰਧੂ ਫਾਰਮ ਤੋਂ ਗੱਡੀ ਬਜ਼ੁਰਗਾਂ ਨੂੰ ਲੈਣ ਆ ਗਈ। ਸੰਧੂ ਫਾਰਮ ਬਿਲਕੁਲ ਹੀ ਵਿਆਹ ਵਾਲਾ ਮਾਹੌਲ ਸੀ। ਚਾਨਣੀਆਂ, ਕਨਾਤਾਂ, ਝਾਲਰਾਂ, ਰਿਬਨਾਂ ਅਤੇ ਗੁਬਾਰਿਆਂ ਨਾਲ ਸਜਾਇਆ ਪੰਡਾਲ। ਪਰਾਂ ਪੱਕ ਰਹੇ ਪਕਵਾਨਾਂ ਦੀ ਖ਼ੁਸ਼ਬੂ। ਸੰਧੂ ਸਾਹਿਬ ਦੇ ਪੁੱਤ ਪੋਤਰੇ, ਨੁੂੰ ਹਟਾ ਧੀਆਂ, ਰਿਸ਼ਤੇਦਾਰ, ਸੱਜਣ ਮਿੱਤਰ, ਧਾਰਮਿਕ, ਸਮਾਜਿਕ, ਸਿਆਸੀ, ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਦੇ ਪ੍ਰਤੀਨਿਧਾਂ ਆਦਿ ਵਲੋਂ ਬਾਬਾ ਦਾ ਪੁਰਜ਼ੋਰ ਸਵਾਗਤ ਕੀਤਾ ਗਿਆ। ਬਾਬਾ ਨੇ ਹੱਥ ਜੋੜ, ਅੱਖਾਂ ’ਚ ਭਰ ਆਏ ਖੁਸ਼ੀ ਦੇ ਹੰਝੂਆਂ ਨਾਲ ਅਦਾਬ ਕੀਤਾ, ਸਿਰ ਝੁਕਾ ਸਾਸਰੀਕਾਲ, ਫਤਿਹ ਬੁਲਾਈ। ਸਿਰ ਪਲੋਸੇ, ਅਸ਼ੀਰਵਾਦ ਦਿੱਤੇ। ਫਿਰ ਟੋਲੀਆਂ ਬਣਾ ਬਣਾ ਬੈਠੇ ਹਰ ਉਮਰ ਦੇ ਲੋਕਾਂ ਨਾਲ ਗੱਲਾਂ ਮਾਰੀਆਂ। ਪਾਕਿਸਤਾਨ ਦੇ ਚੂਹੜ ਕਾਣਾ/ਫਰਾਖਾਬਾਦ (ਜ਼ਿਲ੍ਹਾ ਸ਼ੇਖੂਪੁਰਾ) ਰਹਿੰਦੇ ਘਰ ਪਰਿਵਾਰ ਬਾਰੇ ਦੱਸਿਆ। ਇੱਥੇ ਪਹਿਲੀ ਵਾਰ ਮਿਲੇ ਪਿੰਡ ਦੇ ਹੀ ਕੁਝ ਹੋਰ ਬਜ਼ੁਰਗਾਂ ਨਾਲ ਬੈਠ ਪੁਰਾਣੇ ਵੇਲਿਆਂ ਨੂੰ ਯਾਦ ਕੀਤਾ ਤੇ ਆਪਣੀ ਯਾਦਾਂ ਦੀ ਚੰਗੇਰ ਵਿਚ ਬੜਾ ਕੁਝ ਸਮੇਟ ਲਿਆ। ਇੱਥੇ ਸੰਧੂ ਪਰਿਵਾਰ ਵਲੋਂ ਬਾਬਾ ਨੂੰ ਲੋਈ, ਕੰਬਲ, ਸ਼ਾਲ ਅਤੇ ਹੋਰ ਯਾਦ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਘਰ ਦੇ ਸਾਰੇ ਜੀਆਂ ਬਾਬਾ ਨੂੰ ਵਿਚਕਾਰ ਬਿਠਾ ਕੇ ਯਾਦ ਵਜੋਂ ਸਾਂਝੀ ਫ਼ੋਟੋ ਖਿਚਵਾਈ।
ਅਜਿਹੇ ਹੀ ਛੋਟੇ-ਛੋਟੇ ਸਮਾਗਮ ਹੋਰ ਵੀ ਡੇਰਿਆਂ ਵਾਲਿਆਂ ਰੱਖੇ ਹੋਏ ਸਨ। ਜਿੱਥੇ ਬਾਬਾ ਦਾ ਸਵਾਗਤ ਕੀਤਾ ਗਿਆ। ਕੰਬਲ ਲੋਈਆਂ ਦਿੱਤੀਆਂ ਗਈਆਂ। ਬਾਬਾ ਕੋਲੋਂ ਪਾਕਿਸਤਾਨ/ਮੁਸਲਮਾਨਾਂ ਉਸ ਦੇ ਘਰ ਪਰਿਵਾਰ ਬਾਰੇ ਪੁੱਛਿਆ ਗਿਆ। ਆਪਣੇ ਪਿੰਡ ਵਾਸੀਆਂ ਅਤੇ ਆਸ-ਪਾਸ ਦੇ ਪਿੰਡਾਂ ਤੋਂ ਆਏ ਪਰਮ ਸਨੇਹੀਆਂ ਦਾ ਆਪਣੇ ਪ੍ਰਤੀ ਉਹਨਾਂ ਦੀਆਂ ਅੱਖਾਂ ਅਤੇ ਚਿਹਰਿਆਂ ’ਤੇ ਭਰਿਆ ਪਸਰਿਆ ਸਨੇਹ ਵੇਖ ਬਾਬਾ ਜ਼ਜਬਾਤੀ ਹੋ ਜਾਂਦੇ : ਬਲਿਹਾਰੇ ਜਾਂਦੇ। ਅਸੀਸਾਂ ਦੇਂਦੇ-ਮੋਹ ਲੁਟਾਉਂਦੇ-ਤ੍ਰਕਾਲਾਂ ਦੇ ਘੁਸਮੁਸੇ ਵਿਚ ਅਖ਼ੀਰਲੇ ਪ੍ਰੋਗਰਾਮ ਵਿਚ ਪੁੱਜੇ ਬਾਬਾ ਕੁਝ ਥੱਕੇ-ਥੱਕੇ, ਉੱਖੜੇ-ਉੱਖੜੇ ਜਿਹੇ ਲੱਗੇ। ਅਸਲ ਵਿਚ ਉਹ ਘਰ ਦੇ ਬਜ਼ੁਰਗਾਂ ’ਤੇ ਉਹਨਾਂ ਦੀ ਪਈ ਅਲ ‘ਝੰਡੂ’ ਸੁਣ ਹੀ ਅਣਸੁਖਾਵਾਂ ਜਿਹਾ ਮਹਿਸੂਸ ਕਰਨ ਲੱਗੇ ਸਨ ਪਰ ਛੇਤੀ ਹੀ ਉਹ ਸੰਭਲ ਗਏ। ਚਾਹ ਪਾਣੀ ਪੀਤਾ। ਝੰਡੂ ਦੇ ਪੁੱਤਾਂ ਨੂੰ ਜੱਫ਼ੀ ’ਚ ਲਿਆ, ਪੋਤਰਿਆਂ ਨੂੰ ਪਿਆਰ ਦਿੱਤਾ-ਨੂੰਹਾਂ ਧੀਆਂ ਦੇ ਸਿਰ ਪਲੋਸੇ ਅਤੇ ਅਸੀਸਾਂ ਦੀ ਝੜੀ ਲਾ ਦਿੱਤੀ।
ਅੱਜ ਸ਼ਾਮ ਦਾ ਆਖ਼ਰੀ ਪ੍ਰੋਗਰਾਮ ਝੰਡੂਆਂ ਦੇ ਡੇਰੇ ਸੀ। ਇੱਥੋਂ ਪਿੰਡ ਵੀ ਨੇੜੇ ਹੀ ਸੀ। ਸੋ ਬਾਬਾ ਅਤੇ ਉਸ ਦੇ ਤਿੰਨਾਂ ਬੇਲੀਆਂ ਨੂੰ ਝੰਡੂ ਦਾ ਵੱਡਾ ਪੁੱਤਰ ਤੇ ਕੁਝ ਆਸ-ਪਾਸ ਦੇ ਡੇਰਿਆਂ ਦੇ ਸਨੇਹੀ ਉਹਨਾਂ ਨੂੰ ਪੈਦਲ ਹੀ ਮੇਜ਼ਬਾਨ ਦੇ ਘਰ ਤੱਕ ਛੱਡਣ ਲਈ ਆਏ। ਗੁਰਦੂਆਰੇ ਪਹੁੰਚ ਬਾਬਾ ਨੇ ਤੋਰਨ ਆਏ ਸਨੇਹੀਆਂ ਨੂੰ ਦੁਆ ਸਲਾਮ ਕਰ ਵਾਪਸ ਭੇਜ ਆਪਣੇ ਸਾਥੀਆਂ ਨੂੰ ਸੁਝਾਅ ਦਿੱਤਾ ਕਿ, ‘ਮੈਨੂੰ ਸਵੇਰੇ ਜਾਣ ਦੀ ਕਾਹਲੀ ਹੋਵੇਗੀ ਕਿਉਂਕਿ 9 ਵਜੇ ਮੇਰੇ ਨਾਲ ਆਏ ਜਥੇ ਦੇ ਸਾਥੀਆਂ ਵਾਹਗਾ ਪਹੁੰਚ ਜਾਣਾ ਹੈ, ਇਸ ਕਰਕੇ ਆਪਣੇ ਘਰ ਪਰਿਵਾਰਾਂ ਨੂੰ ਹੁਣੇ ਮਿਲ ਆਉਂਦੇ ਹਾਂ।’
‘ਅੱਜ ਰਾਤ ਦੀ ਰੋਟੀ ਵੀ ਤਾਂ ਅਸੀਂ ਤਿੰਨਾਂ ਕਿਸੇ ਦੇ ਘਰੋਂ ਇਕੱਠਿਆਂ ਖਾਣੀ ਹੈ।’ ਦਲੀਪ ਸਿੰਘ ਨੇ ਜਲਾਲਦੀਨ ਦੀ ਸਵੇਰੇ ਸਵੱਖਤੇ ਜਾਣ ਦੀ ਮਜਬੂਰੀ ਸਮਝਦਿਆਂ ਤਿੰਨਾਂ ਦੇ ਘਰੀਂ ਜਾਣ ਦੀ ਹਾਮੀ ਭਰ ਦਿੱਤੀ। ਪਰ ਬਾਬਾ ਤਾਂ ਕੁਝ ਹੋਰ ਸੋਚ ਰਿਹਾ ਸੀ।
ਬਾਬਾ ਤਿੰਨਾਂ ਦੇ ਘਰੀਂ ਗਿਆ। ਕਾਰ ਵਿਹਾਰ ਕੀਤੇ, ਕਰਾਏ। ਸਭ ਘਰਾਂ ਪਰਿਵਾਰਾਂ ਦੀ ਖ਼ੈਰ ਸੁੱਖ ਮੰਗੀ। ਤਿੰਨਾਂ ਘਰੋਂ ਤਿੰਨਾਂ ਥਾਲੀਆਂ ’ਚ ਪਵਾਈ ਰੋਟੀ ਲੈ ਬਾਬਾ ਦੇ ਘਰ ਸਾਹਮਣੇ ਵਾਲੀ ਦਰਗਾਹ ਬਾਬਾ ਲੱਖਦਾਤਾ ਦੇ ਥੜ੍ਹੇ ਉੱਪਰ ਆ ਬੈਠੇ। ਪੱਕੇ ਫਰਸ਼ ਨੂੰ ਦਸਤਰਖਾਨ ਬਣਾ, ਇਕ ਥਾਲੀ ਅੱਗੇ ਰੱਖਦੇ ਅਤੇ ਚਾਰੇ ਦਾਲ-ਸਬਜ਼ੀ ਨਾਲ ਬੁਰਕੀ ਲਾ-ਲਾ ਖਾਂਦੇ। ਇਸ ਤਿੰਨਾਂ ਘਰਾਂ ਤੋਂ ਲਿਆਂਦੀਆਂ ਥਾਲੀਆਂ ਵਿਚੋਂ ਸਾਦਾ ਜਿਹੇ ਭੋਜਨ ਦਾ ਬਾਬਾ ਨੂੰ ਕਿਸੇ ਛੱਤੀ ਪਕਵਾਨਾਂ ਤੋਂ ਵੱਧ ਸਵਾਦ ਆਇਆ। ਬਾਬਾ ਨੇ ਯਾਦ ਕਰਦਿਆਂ ਕਿਹਾ, ‘ਮੇਰੀ ਮਾਂ ਕੰਮ ਵਾਲੇ ਘਰਾਂ ਤੋਂ ਇਸੇ ਤਰ੍ਹਾਂ ਰੋਟੀ ਲਿਆਉਂਦੀ ਹੁੰਦੀ ਸੀ ਅਤੇ ਅਸੀਂ ਸਾਰਾ ਟੱਬਰ ਇਸੇ ਥੜ੍ਹੇ ਦੇ ਦਸਤਰਖਾਨ ’ਤੇ ਰਲ-ਮਿਲ ਖਾਂਦੇ ਹੁੰਦੇ ਸਾਂ। ਮਾਂ ਬੜੀ ਖੁਦੱਾਰ ਸੀ। ‘ਰੌਲਿਆਂ ਵੇਲੇ ਜਦੋਂ ਮੇਰਾ ਅੱਬਾ ਆਪਣੇ ਛੋਟੇ ਪਰਿਵਾਰ ਨੂੰ ਨਾਲ ਲੈ ਅਤੇ ਗੱਡੇ ’ਤੇ ਕੁਝ ਘਰੇਲੂ ਜਿਹਾ ਸਮਾਨ ਲੱਦ ਪਾਕਿਸਤਾਨ ਜਾਣ ਲਈ ਪਿੰਡ ਕੱਕੜ ਨੇੜੇ ਪੁੱਜੇ ਸੀ ਤਾਂ ਕੁਝ ਧਾੜਵੀ ਲੁੱਟਣ ਦੀ ਨੀਤ ਨਾਲ ਸਾਡੇ ਪਰਿਵਾਰ ਨੂੰ ਕਤਲ ਕਰਨ ਲੱਗੇ ਸੀ ਤਾਂ ਕੋਲੋਂ ਲੰਘ ਰਹੇ ਜ਼ੈਲਦਾਰ ਤੇ ਉਸ ਦੇ ਸਾਥੀਆਂ ਸਾਨੂੰ ਬਚਾਇਆ। ਪਰ ਇਕ ਲੁਟੇਰੇ ਦੀ ਭੂਤਰੀ ਘੋੜੀ ਨੇ ਮੇਰੀ ਮਾਂ ਨੂੰ ਅਜਿਹਾ ਪਛੇਡਾ ਮਾਰਿਆ ਕਿ ਉਹ ਉੱਥੇ ਹੀ ਦਮ ਤੋੜ ਗਈ।’ ‘ਉਸ ਤਖੀਏ ਦੇ ਕੋਲ ਕਬਰ ਪੁੱਟ ਮੇਰਾ ਅੱਬਾ ਮਾਂ ਨੂੰ ਦਫ਼ਨਾ ਗਿਆ ਸੀ ਅਤੇ ਮੈਂ ਤੁਹਾਡੇ ਨਾਲ, ਚੋਰੀ ਵੀ ਜਾ ਕੇ ਮਾਂ ਦੀ ਕਬਰ ਲੱਭਦਾ ਰਿਹਾ ਸੀ। ਭਾਵੇਂ ਕਬਰ ਨਹੀਂ ਲੱਭੀ, ਮਿੱਟੀ ਜ਼ਰੂਰ ਲੈ ਆਇਆ ਸੀ।’
ਤਿੰਨੇ ਬੇਲੀ ਇਕ ਸਦਮਾ ਜਿਹਾ ਮਹਿਸੂਸ ਕਰ ਸੁਣ ਰਹੇ ਸਨ। ਬਾਬਾ ਨੇ ਹੋਰ ਭੇਦ ਖੋਹਲਿਆ-‘ਮੂੰਹ ਬੰਨ੍ਹੀ ਧਾੜਵੀਆਂ ਵਿਚ ਝੰਡੂ, ਨੱਥੂ ਕਾਣੇ ਅਤੇ ਮਜ਼੍ਹਬੀ ਸਿੱਖਾਂ ਦੇ ਦੂਲੇ ਨੂੰ ਅੱਬਾ ਤੇ ਮੈਂ ਪਛਾਣ ਵੀ ਲਿਆ। ਝੰਡੂ ਦੇ ਡੇਰੇ ਮੈਂ ਉੱਖੜ ਵੀ ਚੱਲਿਆ ਸੀ ਪਰ ਇਹ ਸੋਚ ਕਿ, ‘ਮੈਂ ਤਾਂ ਸਾਈਂ ਮੀਆਂ ਮੀਰ ਦਾ ਪੈਰੋਕਾਰ ਬਣ ਆਇਆਂ- ਦਿਲਾਂ ਨੂੰ ਜੋੜਨ ਆਇਆਂ। ਨਫ਼ਰਤ ਦੀ ਮੈਲ ਧੋਣ ਆਇਆ। ਮਿੱਟੀ ਨੂੰ ਸਿਜਦਾ ਕਰਨ ਆਇਆਂ। ਸੋ ਮੈਂ ਉੇਸੇ ਪਲ ਝੰਡੂ ਹੋਰਾਂ ਨੂੰ ਮੁਆਫ ਕਰ, ਉਸ ਦੇ ਪੁੱਤਰ ਨੂੰ ਗਲੇ ਲਗਾ ਲਿਆ ਸੀ।’
ਅਗਲੀ ਸਵੇਰੇ ਬਾਬਾ ਨੂੰ ਤੋਰਨ ਸਾਰਾ ਪਿੰਡ ਢੁੱਕਿਆ ਸੀ। ਮੇਜ਼ਬਾਨ ਘਰ ਵੱਲੋਂ ਬਾਬਾ ਨੂੰ ਲੋਈ, ਮਠਿਆਈ ਅਤੇ ਪਰਿਵਾਰ ਲਈ ਤੋਹਫ਼ੇ ਦਿੱਤੇ ਗਏ। ਸਾਰੇ ਪਿੰਡ ਦੀਆਂ ਅੱਖਾਂ ਭਰੀਆਂ ਸਨ। ਤੋਰਨ ਵੇਲੇ ਐਮ.ਐਲ.ਏ. ਨੇ ਕਿਹਾ, ‘ਤਾਇਆ ਜੀ! ਰਹਿ ਜਾਂਦੇ ਕੁਝ ਦਿਨ ਹੋਰ…।’
‘ਪੁੱਤਰ! ਮੈਂ ਗਿਆ ਹੀ ਕਦੋਂ ਸੀ। ਲੋਪੋਕੇ ਕੱਕੜ ਦੀ ਜ਼ੂਹ ’ਚ ਭਟਕਦਾ ਰਿਹਾਂ। ਆਰ ਨਾ ਪਾਰ। ਮਨ ਦਾ ਬੋਝ ਲੱਥਾ ਅਤੇ ਅੱਜ ਮੁਕਤ ਹੋਇਆਂ। ਚੰਗਾ ਅੱਲ੍ਹਾ ਬੇਲੀ! ਨਗਰ ਖੇੜਾ ਵਸਦਾ ਰਹੇ। ਮੇਰੇ ਗਰਾਂ ਨੂੰ ਸੱਤੇ ਖ਼ੈਰਾਂ।’ ਬਚਪਨ ਦੇ ਆੜੀਆਂ ਨੂੰ ਗਲੇ ਮਿਲ, ਪੁੱਤ ਪੋਤਰਿਆਂ ਨੂੰ ਪਿਆਰ ਦੇ ਬਾਬਾ ਗੱਡੀ ’ਚ ਬੈਠ ਵਾਹਗੇ ਲਈ ਰਵਾਨਾ ਹੋ ਗਿਆ।

ਮੁਖਤਾਰ ਗਿੱਲ
ਪ੍ਰੀਤ ਨਗਰ ਵਿੱਚ ਸਦਾ ਖੁੱਲ੍ਹੇ ਰਹਿਣ ਵਾਲੇ ਘਰ ਦੇ ਵਿਹੜੇ ਜਾਂ ਅੰਬਰ ਜਿੱਡੀ ਖੁੱਲੀ ਛੱਤ ’ਤੇ ਬਹਿ ਕੇ ਮੁਖਤਾਰ ਗਿੱਲ ਆਲੇ-ਦੁਆਲੇ ਖੇਡਦੇ ਬਾਲਾਂ ਨੂੰ ਵਿਹੰਦਾ ਹਲਕਾ ਜਿਹਾ ਮੁਸਕਰਾ ਦਿੰਦਾ ਹੈ। ਘਰ ਦੇ ਸਾਹਮਣਿਓਂ ਲੰਘਦਾ ਕੋਈ ਵੀ ਬੰਦਾ ਓਹਦੇ ਨਾਲ ਗਲ ਕੀਤੇ ਬਿਨਾ ਨਹੀਂ ਜਾ ਸਕਦਾ। ਬੱਸ ਇਹੀ ਨਿੱਕੀਆਂ-ਨਿੱਕੀਆਂ ਗੱਲਾਂ ਉਸ ਦੀ ਕਹਾਣੀ ਦੀ ਰੂਹ ਵਿੱਚ ਪ੍ਰਵੇਸ਼ ਕਰ ਜਾਂਦੀਆਂ ਹਨ ਤੇ ਇਹੀ ਉਸਦੀ ਸਿਰਜਣ ਪ੍ਰਕਿਰਿਆ ਹੈ। ਉਹ ਕਹਾਣੀ ਲਿਖਦਾ ਨਹੀਂ, ਕਹਾਣੀ ਉਸ ਤੋਂ ਇਹ ਕਾਰਜ ਕਰਵਾਉਂਦੀ ਹੈ।
ਹੁਣ ਤੱਕ ਉਸਦੇ ਆਖਰੀ ਚੂੜੀਆਂ (ਕਹਾਣੀ ਸੰਗ੍ਰਹਿ), ਮਿੱਟੀ ਦੀ ਚਿੜੀ (ਨਾਵਲੈੱਟ), ਕਾਲੇ ਪਹਿਰ (ਨਾਵਲੈੱਟ), ਤ੍ਰਕਾਲਾਂ ਦੇ ਪ੍ਰਛਾਵੇਂ (ਕਹਾਣੀ ਸੰਗ੍ਰਹਿ), ਰਾਹਤ ਕੈਂਪ (ਨਾਵਲੈੱਟ), ਆਲ੍ਹਣਾ (ਕਹਾਣੀ ਸੰਗ੍ਰਹਿ), ਸੰਦਲੀ ਸੁਪਨਿਆਂ ਦਾ ਮਾਤਮ (ਕਹਾਣੀ ਸੰਗ੍ਰਹਿ), ਤਿੰਨ ਲੇਲੇ, ਨਨ੍ਹੀ ਪਰੀ (ਨਾਵਲੈੱਟ), ਪ੍ਰਕਾਸ਼ਤ ਹੋ ਚੁੱਕੇ ਹਨ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!