ਅੰਦਰ ਦੇ ਗਗਨ ਦੀਆਂ ਉਡਾਰੀਆਂ – ਜਸਵੰਤ ਸਿੰਘ ਨੇਕੀ

Date:

Share post:

ਡਾ. ਜਸਵੰਤ ਸਿੰਘ ਨੇਕੀ ਪੰਜਾਬੀ ਦੇ ਉੱਚ ਕੋਟੀ ਦੇ ਕਵੀ ਅਤੇ ਸੰਸਾਰ ਪ੍ਰਸਿੱਧ ਮਨੋਵਿਗਿਆਨੀ ਹਨ। ਉਨ੍ਹਾਂ ਦੇ ਪੰਜਾਬੀ ਵਿੱਚ ਦਸ ਕਾਵਿ ਸੰਗ੍ਰਹਿ ਛੱਪ ਚੁੱਕੇ ਹਨ। ਜਿਨ੍ਹਾਂ ਦੇ ਨਾਲ ਉਨ੍ਹਾਂ ਨੇ ਵਾਰਤਕ ਦੀਆਂ ਵੀ ਕਈ ਪੁਸਤਕਾਂ ਲਿਖੀਆਂ ਹਨ।
ਉਨ੍ਹਾਂ ਦਾ ਜਨਮ 1925 ਵਿੱਚ ਲਹਿੰਦੇ ਪੰਜਾਬ ਵਿੱਚ ਹੋਇਆ ਸੀ। ਉਹ ਸ਼ੁਰੂ ਤੋਂ ਹੀ ਬੇਹਦ ਮਿਹਨਤੀ ਸੁਭਾਅ ਦੇ ਰਹੇ ਹਨ।
ਉਨ੍ਹਾਂ ਨੇ ਮੈਡੀਕਲ ਖੇਤਰ ਅੰਦਰ ਏਨਾ ਨਾਮਨਾ ਖੱਟਿਆ ਕਿ ਉਨ੍ਹਾਂ ਦਾ ਨਾਮ ਬੁੱਧੀਜੀਵੀਆਂ ਦੀ ਸੰਸਾਰ ਪ੍ਰਸਿੱਧ ਡਾਇਰੈਕਟਰੀ (Who is Who) ਵਿੱਚ ਆਉਂਦਾ ਹੈ। ਸਮੇਂ ਸਮੇਂ ਉਹ ਜਨੀਵਾ, ਲੰਡਨ, ਆਸਟ੍ਰੇਲੀਆ ਵਿੱਚ ਮਨੋਵਿਗਿਆਨ ਨਾਲ ਸੰਬੰਧਤ ਉੱਚੇ ਔਹਦਿਆਂ ਤੇ ਨਿਯੁਕਤ ਰਹੇ। ਗੁਰਮਤਿ ਤੇ ਗੁਰਬਾਣੀ ਬਾਰੇ ਉਨ੍ਹਾਂ ਨੇ ਕਈ ਪੁਸਤਕਾਂ ਅੰਗ੍ਰੇਜ਼ੀ ਵਿੱਚ ਵੀ ਲਿਖੀਆਂ।
ਭਾਰਤੀ ਸਾਹਿਤ ਅਕਾਦਮੀ ਦਿੱਲੀ ਤੋਂ ਲੈ ਕੇ ਉਨ੍ਹਾਂ ਨੂੰ ਸਾਹਿਤ ਸ਼੍ਰੋਮਣੀ ਅਵਾਰਡ, ਵਾਰਿਸ-ਸ਼ਾਹ ਅਵਾਰਡ, ਸਰਬੋਤਮ ਸਾਹਿਤਕਾਰ ਅਵਾਰਡ ਤੇ ਭਾਈ ਵੀਰ ਸਿੰਘ ਅਵਾਰਡ ਵਰਗੇ ਵਕਾਰੀ ਪੁਰਸਕਾਰਾਂ ਨਾਲ ਸਨਮਾਨਿਆ ਜਾ ਚੁੱਕਾ ਹੈ।
ਅੱਜ ਕਲ ਉਹ ਦਿੱਲੀ ਰਹਿੰਦੇ ਹਨ ਤੇ 80 ਸਾਲ ਦੀ ਉਮਰ ਭੋਗਣ ਬਾਅਦ ਵੀ ਨਿਰੰਤਰ ਰਚਨਾ ਅਤੇ ਖੋਜ ਦੇ ਕੰਮ ਵਿੱਚ ਜੁੱਟੇ ਹੋਏ ਹਨ।

ਮੁਤਲਾਸ਼ੀ ਤੋਂ ਨੇਕੀ

ਹੁਣ : ਸੁਣਿਆ ਹੈ ਕਿ ਤੁਹਾਡਾ ਉਪਨਾਮ ‘ਨੇਕੀ’ ਤੁਸੀਂ ਆਪ ਨਹੀਂ ਸੀ ਚੁਣਿਆ, ਇਹਨੇ ਤੁਹਾਨੂੰ ਚੁਣਿਆ ਸੀ। ਇਹ ਕਿਵੇਂ ਹੋਇਆ?
ਨੇਕੀ : ਗਿਆਨੀ ਨਰਿੰਦਰ ਸਿੰਘ ਜੀ ‘ਸੋਚ’ ਸਾਨੂੰ ਧਾਰਮਕ ਪੜ੍ਹਾਇਆ ਕਰਦੇ ਸਨ। ਇਕ ਦਿਨ ਕਲਾਸ ਵਿਚ ਕਹਿਣ ਲੱਗੇ, “ਬੱਚਿਓ ਨੇਕੀ ਕਰਿਆ ਕਰੋ!” ਪਤਾ ਨਹੀਂ ਮੇਰੇ ਮਨ ਵਿਚ ਕੀ ਆਇਆ, ਮੈਂ ਪੁੱਛ ਬੈਠਾ, “ਗਿਆਨੀ ਜੀ, ਨੇਕੀ ਕੀ ਹੁੰਦੀ ਏ?” ਕਲਾਸ ਸਾਰੀ ਹੱਸ ਪਈ। ਕਲਾਸ ਮੁੱਕੀ, ਤਾਂ ਸਾਰੇ ਮੈਨੂੰ ਛੇੜਨ ਲੱਗੇ, “ਨੇਕੀ ਕੀ ਹੁੰਦੀ ਏ? ਨੇਕੀ ਕੀ ਹੁੰਦੀ ਏ?” ਹੌਲੀ-ਹੌਲੀ ਇਹ ਛੇੜ ਸੁੰਗੜ ਕੇ ‘ਨੇਕੀ’ ਹੋ ਗਈ ਤੇ ਮੁੰਡੇ ਮੈਨੂੰ ਬੁਲਾਉਣ ‘ਓਏ ਨੇਕੀ ਗੱਲ ਸੁਣ!’ ਮੈਨੂੰ ਬਹੁਤ ਬੁਰਾ ਲੱਗੇ। ਮੈਂ ‘ਸੋਚ’ ਜੀ ਕੋਲ ਆਪਣਾ ਦੁੱਖੜਾ ਜਾ ਰੋਇਆ। ਉਹ ਸੁਣ ਕੇ ਹੱਸ ਪਏ ਦੇ ਕਹਿਣ ਲੱਗੇ, “ਇਉਂ ਕਰ ਆਪਣਾ ਉਪਨਾਮ ‘ਨੇਕੀ’ ਰੱਖ ਲੈ। ਫਿਰ ਛੇੜ ਹਟ ਜਾਵੇਗੀ! ਮੇਰਾ ਨਾਮ ‘ਸੋਚ’ ਵੀ ਇਸੇ ਤਰ੍ਹਾਂ ਬਣਿਆ।” ਮੈਨੂੰ ਗੱਲ ਚੰਗੀ ਲੱਗੀ ਤੇ ਮੈਂ ਓਦੋਂ ਜੋ ਤਖ਼ੱਲਸ ‘ਮੁਤਲਾਸ਼ੀ’ ਰੱਖਿਆ ਹੋਇਆ ਸੀ, ਛੋੜ ਕੇ ‘ਨੇਕੀ’ ਰੱਖ ਲਿਆ।” ਓਦੋਂ ਮੈਨੂੰ ਖ਼ਿਆਲ ਨਾ ਆਇਆ ਕਿ ਇਹ ਉਪਨਾਮ ਰੱਖ ਕੇ ਮੈਨੂੰ ਇਸ ਦੇ ਯੋਗ ਹੋਣਾ ਪਵੇਗਾ। ਹੁਣ ਸੋਚਦਾ ਹਾਂ ਕਿ ਇਹ ਉਪਨਾਮ ਨਾ ਰੱਖਦਾ, ਤਾਂ ਦੰਭ ਤੋਂ ਬਚਿਆ ਰਹਿੰਦਾ।
ਹੁਣ : ਤੁਹਾਨੂੰ ਕਦੋਂ ਕੁ ਅਨੁਭਵ ਹੋਇਆ ਸੀ ਕਿ ਤੁਸੀਂ ਕਵੀ ਹੋ?
ਨੇਕੀ : ਇਹ ਜੋ ਗੱਲ ‘ਨੇਕੀ’ ਉਪਨਾਮ ਦੀ ਦੱਸੀ ਹੈ, ਓਦੋਂ ਮੈਂ ਅੱਠਵੀਂ ਜਮਾਤ ਦਾ ਵਿਦਿਆਰਥੀ ਸਾਂ। ਇਸ ਤੋਂ ਪਹਿਲਾਂ ਮੈਂ ਉਰਦੂ ਵਿਚ ਲਿਖਦਾ ਸਾਂ, ਜਿਵੇਂ ਮੈਂ ਦੱਸਿਆ, ਤਖ਼ੱਲਸ ਸੀ ‘ਮੁਤਲਾਸ਼ੀ!’ ਫਿਰ ਮੈਂ ‘ਸੋਚ’ ਜੀ ਦੀ ਪ੍ਰੇਰਣਾ ਨਾਲ ਹੀ ਪੰਜਾਬੀ ਵਿਚ ਲਿਖਣਾ ਸ਼ੁਰੂ ਕਰ ਦਿੱਤਾ। ਉਸ ਤੋਂ ਪਹਿਲਾਂ ਵੀ ਇਕ ਕਵਿਤਾ ਮੈਂ ਬਾਰਾਂ ਸਾਲ ਦੀ ਉਮਰ ਵਿਚ ਪੰਜਾਬੀ ਵਿਚ ਹੀ ਲਿਖੀ ਸੀ, ਗੁਰਦੁਆਰੇ ਕਵੀ ਦਰਬਾਰ ਵਿਚ ਪੜ੍ਹਨ ਲਈ। ਤਰ੍ਹਾ ਮਿਸਰਾ ਸੀ, “ਕੀ ਨਾਨਕ ਤੂੰ ਹੀ ਵੱਸਦਾ ਨਹੀੰ।” ਉਹ ਕਵਿਤਾ ਮੇਰੇ ਪਿਤਾ ਜੀ ਨੇ ਖ਼ਾਲਸਾ ਐਡਵੋਕੇਟ ਨੂੰ ਘਲਾ ਦਿੱਤੀ ਤੇ ਉਹ ਛਪ ਗਈ। ਸੋ ਮੈਨੂੰ ਭਰਮ ਹੋ ਗਿਆ ਕਿ ਮੈਂ ਕਵੀ ਹੋ ਗਿਆ ਹਾਂ। ਉਹੋ ਭਰਮ ਹੁਣ ਤੱਕ ਹੰਢਾਉਂਦਾ ਚਲਿਆ ਆ ਰਿਹਾ ਹਾਂ।
ਮੁੜ ਇਹ ਭਰਮ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਤਿੱਖਾ ਕੀਤਾ, ਜਦ ਉਨ੍ਹਾਂ ਮੇਰੇ ਪਲੇਠੀ ਦੇ ਕਾਵਿ ਸੰਗ੍ਰਹਿ ‘ਅਸਲੇ ਤੇ ਉਹਲੇ’ ਦੀ ਭੂਮਿਕਾ ਲਿਖੀ। ਉਸ ਵਿਚ ਉਨ੍ਹਾਂ ਕਿਹਾ ਇਸ ਕਵੀ ਨਾਲ “ਪੰਜਾਬੀ ਕਵਿਤਾ ਜੁਆਨ ਹੋ ਗਈ ਹੈ”। ਇਹ ਮੈਨੂੰ ਮਗਰੋਂ ਜਾ ਕੇ ਪਤਾ ਲੱਗਾ ਕਿ ਉਹ ਤਾਂ ਹਰ ਲੇਖਕ ਨੂੰ ਹੱਲਾਸ਼ੇਰੀ ਦੇਂਦੇ ਸਨ। ਪਰ ਤਦ ਤਕ ਪੰਜਾਬ ਸਰਕਾਰ ਨੇ ਉਸੇ ਪਲੇਠੀ ਦੀ ਪੁਸਤਕ ਨੂੰ ਇਨਾਮ ਦੇ ਕੇ ਮੇਰੇ ਭਰਮ ਨੂੰ ਟੁੱਟਣ ਨਾ ਦਿੱਤਾ।
ਹੁਣ : ਤੁਸੀਂ ਗ਼ਜ਼ਲ ਜਾਂ ਇਸ ਵਰਗੀ ਕੋਈ ਕਵਿਤਾ ਨਹੀਂ ਲਿਖੀ?
ਨੇਕੀ : ਮੈਂ ਉਰਦੂ ਤੇ ਫ਼ਾਰਸੀ ਵਿਚ ਗ਼ਜ਼ਲ ਦਾ ਜਲਾਲ ਮਾਣਿਆ ਹੈ। ਮੈਨੂੰ ਮਹਿਸੂਸ ਹੋਇਆ, ਇਨ੍ਹਾਂ ਬੋਲੀਆਂ ਵਿਚ ਇਕ ਵਿਉਂਤ ਹੈ। ‘ਇਜ਼ਾਫ਼ਤ’ ਤੇ ਇਕ ਹੈ ‘ਵਾਓ’, ਇਨ੍ਹਾਂ ਕਾਰਣ ਸ਼ਬਦ-ਜੁੱਟ ਸੌਖੇ ਹੀ ਬਣ ਜਾਂਦੇ ਹਨ। ਇਹ ਗ਼ਜ਼ਲ ਦੀ ਸੰਜੁਗਤੀ ਵਾਲੀ ਵਿਉਂਤ ਲਈ ਬੜੇ ਜ਼ਰੂਰੀ ਹੋਂਦੇ ਹਨ। ਪੰਜਾਬੀ ਵਿਚ ਇਨ੍ਹਾਂ ਦਾ ਕੋਈ ਬਦਲ ਨਹੀਂ। ਇਸੇ ਲਈ ਪੰਜਾਬੀ ਵਿਚ ਗ਼ਜ਼ਲ ਉੱਚ ਪਾਏ ਦੀ ਨਹੀਂ ਲਿਖੀ ਗਈ। ਕੁਝ ਕਵੀਆਂ ਵਿਚ ਹੋਰਾਂ ਨਾਲੋਂ ਵੱਧ ਸਲਾਹੀਅਤ ਹੈ। ਤਖ਼ਤ ਸਿੰਘ ਤੇ ਸੁਰਜੀਤ ਪਾਤਰ ਇਨ੍ਹਾਂ ਵਿਚੋਂ ਹਨ। ਸੁਰਜੀਤ ਪਾਤਰ ਪਾਸ ਗ਼ਜ਼ਲ ਕਹਿਣ ਦੀ ਜੁਗਤ ਹੈ। ਤਖ਼ਤ ਸਿੰਘ ਆਪਣੇ ਆਪ ਦੀ ਪੜਚੋਲ ਨਹੀਂ ਕਰ ਸਕਿਆ। ਚੰਗੇ ਸ਼ਿਅਰਾਂ ਤੋਂ ਹਲਕੇ ਸ਼ਿਅਰ ਛਾਂਗ ਨਹੀਂ ਸਕਿਆ।
ਮੈਂ ਇਕ-ਅੱਧ ਗ਼ਜ਼ਲ ਲਿਖੀ ਹੈ। ਪਰ ਪਛਾਣ ਲਿਆ ਕਿ ਇਹ ਕਸਬ ਮੇਰੇ ਜੋਗਾ ਨਹੀਂ। ਸੋ ਇਸ ਵਿਚ ਬਹੁਤਾ ਮੂੰਹ ਨਹੀਂ ਮਾਰਨਾ ਚਾਹਿਆ।
ਹੁਣ : ਤੁਹਾਡੀ ਕਵਿਤਾ ਨੂੰ ਅਧਿਆਤਮਵਾਦੀ, ਨਵ-ਰਹੱਸਵਾਦੀ ਕਿਹਾ ਗਿਆ ਹੈ। ਕੀ ਤੁਸੀਂ ਇਸ ਨਾਲ ਸਹਿਮਤ ਹੋ?
ਨੇਕੀ : ਮੇਰੀਆਂ ਕੁਝ ਕਵਿਤਾਵਾਂ ਅਧਿਆਤਮਵਾਦੀ ਹਨ। ਉਹ ਮੋਹਨ ਸਿੰਘ ਦੀਆਂ ਵੀ ਹਨ; ਅੰਮ੍ਰਿਤਾ ਪ੍ਰੀਤਮ ਦੀਆਂ ਵੀ ਹਨ (ਖ਼ਾਸ ਕਰ ਜਦੋਂ ਉਹ ਅੰਮ੍ਰਿਤ ਕੌਰ ਹੋਂਦੀ ਸੀ, ਓਦੋਂ ਦੀਆਂ), ਹਰਿਭਜਨ ਸਿੰਘ ਦੀਆਂ ਵੀ ਹਨ। ਪਰ ਕਿਸੇ ਨੇ ਉਨ੍ਹਾਂ ਨੂੰ ਅਧਿਆਤਮਵਾਦੀ ਨਹੀਂ ਕਿਹਾ।
ਨਾ ਹੀ ਮੈਂ ਸਭ ਕਵਿਤਾਵਾਂ ਨਵ-ਰਹੱਸਵਾਦੀ ਲਿਖੀਆਂ ਹਨ। ਦੋ ਚਾਰ ਹੀ ਐਸੀਆਂ ਕਵਿਤਾਵਾਂ ਹਨ।
ਕੁਝ ਚਿੰਤਕ ਦੋ ਚਾਰ ਮਿਸਾਲਾਂ ਤੋਂ ਹੀ ਸਾਧਾਰਨੀਕਰਨ ਕਰਨ ਲੱਗ ਜਾਂਦੇ ਹਨ। ਮੈਂ ਇਸ ਦਾ ਕੀ ਕਰ ਸਕਦਾ ਹਾਂ?
ਬਹੁਤੇ ਪਾਠਕ ‘ਅਸਲੇ ਤੇ ਉਹਲੇ’ ਤੋਂ ਅੱਗੇ ਨਹੀਂ ਤੁਰੇ। ਉਹ ਕਦੇ ‘ਧਰਮ ਦੇ ਬੀਤ ਰਹੇ ਜੁਗਚਾਰ’ ਕਵਿਤਾ ਨੂੰ ਅਧਿਆਤਮਵਾਦੀ ਮੰਨ ਲੈਂਦੇ ਹਨ, ਕਦੇ ਨਵ- ਰਹੱਸਵਾਦੀ। ਪਰ ਮੈਂ ਕਦੇ ਇਸ ਬਹਿਸ ਵਿਚ ਨਹੀਂ ਪਿਆ। ਮੈਂ ਹਰ ਧਿਰੋਂ ਆਈ ਆਲੋਚਨਾ ਨੂੰ ਸਵੀਕਾਰ ਹੀ ਕੀਤਾ ਹੈ ਤੇ ਉਸ ਨੂੰ ਆਤਮ-ਚਿੰਤਨ ਲਈ ਪ੍ਰਵਾਨਿਆ ਹੈ। ਸੋ ਮੈਂ ਵਾਦ ਵਿਚ ਕਿਸੇ ਨਾਲ ਨਹੀਂ ਪਿਆ। ਖੋਜ ਵੱਲ ਹੀ ਰੁਚਿਤ ਹੋਇਆ ਹਾਂ ਕਿਉਂਕਿ ਸਤਿਗੁਰਾਂ ਦੀ ਚੇਤਾਵਨੀ ਹੈ:

ਖੋਜੀ ਉਪਜੈ ਬਾਦੀ ਬਿਨਸੈ…

ਹੁਣ : ਕੀ ਤੁਹਾਡੀ ਕਵਿਤਾ ਪੂਰਨ ਸਿੰਘ ਦੇ ਨੇੜੇ ਨਹੀਂ ਲੱਗਦੀ?
ਨੇਕੀ : ਮੇਰੀ ਕਵਿਤਾ ਤਾਂ ਪੂਰਨ ਸਿੰਘ ਦੇ ਨੇੜੇ ਵੀ ਨਹੀਂ ਅਪੜਦੀ। ਉਸ ਪਾਸ ਭਾਵਨਾ ਦਾ ਜਲੌ ਹੈ। ਜਜ਼ਬੇ ਦਾ ਤੂਫ਼ਾਨ ਹੈ। ਬੋਲਾਂ ਦੀ ਸਾਦਗੀ ਹੈ। ਉਹ ਤਾ ਪਾਠਕ ਨੂੰ ਉਡਾ ਕੇ ਲੈ ਜਾਂਦਾ ਹੈ। ਮੇਰੇ ਵਿਚ ਉਸ ਵਰਗਾ ਕੋਈ ਗੁਣ ਨਹੀਂ।
ਮੇਰੀ ਕਵਿਤਾ ਵਿਚ ਜਜ਼ਬੇ ਨਾਲੋਂ ਵੱਧ ਗਿਆਨ ਭਾਰੂ ਹੋਇਆ ਜਾਪਦਾ ਹੈ। ਸ਼ਬਦਾਵਲੀ ਮੇਰੀ ਵੀ ਕਾਵਿਕ ਨਾਲੋਂ ਵੱਧ ਦਾਰਸ਼ਨਿਕ ਹੈ। ਇਸ ਲਈ ਇਸ ਨੂੰ ਦਾਰਸ਼ਨਿਕ ਕਾਵਿ ਤਾਂ ਕਹਿ ਸਕਦੇ ਹਾਂ। ਪੂਰਨ ਸਿੰਘ ਦਾਰਸ਼ਨਿਕ ਕਵੀ ਨਹੀਂ। ਉਸ ਨੇ ‘ਖੁੱਲ੍ਹੇ ਘੁੰਡ’ ਵਿਚ ਦਾਰਸ਼ਨਿਕ ਕਾਵਿ ਦੀ ਕੋਸ਼ਿਸ਼ ਕੀਤੀ ਹੈ। ਪਰ ਉਹ ਕਵੀ ‘ਖੁੱਲ੍ਹੇ ਮੈਦਾਨ’ ਵਿਚ ਹੀ ਹੈ।
ਅਜੇ ਤਕ ਸਾਡੇ ਆਲੋਚਕਾਂ ਨੇ ਉਸ ਦਾ ਹਾਥ ਨਹੀਂ ਲਿਆ। ਪਾਠਕ ਵੀ ਉਸ ਦੇ ਵਿਰਲੇ ਹਨ। ਕਾਰਣ ਮੈਨੂੰ ਸਮਝ ਨਹੀਂ ਆਇਆ।
ਹੁਣ : ਲੰਮੀਆਂ ਕਵਿਤਾਵਾਂ ਤੁਹਾਡਾ ਇਸ਼ਕ ਜਾਪਦੀਆਂ ਹਨ। ਪਰ ਕਈ ਲੋਕਾਂ ਦਾ ਵਿਚਾਰ ਹੈ ਕਿ ਨਿੱਕੀਆਂ ਕਵਿਤਾਵਾਂ ਵਧੇਰੇ ਚਮਤਕਾਰਕ ਹੁੰਦੀਆਂ ਹਨ।
ਨੇਕੀ : ਸਵਾਲ ਲੰਮੀ ਤੇ ਛੋਟੀ ਦਾ ਨਹੀਂ, ਚਮਤਕਾਰਕ ਤੇ ਅਣਚਮਤਕਾਰਕ ਦਾ ਹੈ। ਅੱਜ ਸਾਡੇ ਰਸਾਲਿਆਂ ਵਿਚ ਅਨੇਕਾਂ ਕਵਿਤਾਵਾਂ ਛਪ ਰਹੀਆਂ ਹਨ। ਉਹ ਸਭ ਛੋਟੀਆਂ ਕਵਿਤਾਵਾਂ ਹਨ। ਉਨ੍ਹਾਂ ਵਿਚੋਂ ਚਮਤਕਾਰੀ ਕਿੰਨੀਆਂ ਕੁ ਹਨ?
ਮੇਰੀਆਂ ਦੋ ਲੰਮੀਆਂ ਕਵਿਤਾਵਾਂ “ਸਿਮਰਿਤੀ ਦੇ ਕਿਰਨ ਤੋਂ ਪਹਿਲਾਂ” ਤੇ “ਕਰੁਣਾ ਦੀ ਛੁਹ ਤੋਂ ਮਗਰੋਂ ਹਨ। ਕੁਝ ਹੋਰ ਕਵੀਆਂ ਨੇ ਵੀ ਲੰਮੀਆਂ ਕਵਿਤਾਵਾਂ ਲਿਖੀਆਂ। ਇਨ੍ਹਾਂ ਸਾਰੀਆਂ (ਮੇਰੀਆਂ ਸਮੇਤ) ਵਿਚੋਂ ਕਿਹੜੀਆਂ ਚਮਤਕਾਰੀ ਹਨ?
ਗੁਰਬਾਣੀ ਤੋਂ ਇਲਾਵਾ ਤਾਂ ਮੇਰੀ ਜਾਚੇ ਕੋਈ ਚਮਤਕਾਰੀ ਕਾਵਿ ਪੰਜਾਬੀ ਨੂੰ ਨਸੀਬ ਨਹੀਂ ਹੋਇਆ। ਵਾਰਿਸ ਦੀ ਹੀਰ ਵੀ ਨਹੀਂ; ਸੂਫ਼ੀਆਂ ਦਾ ਕਲਾਮ ਵੀ ਨਹੀਂ। ਇਹ ਸਾਰੇ ਸਾਡਾ ਸੁਥਰਾ ਵਿਰਸਾ ਹਨ, ਪਰ ਚਮਤਕਾਰੀ ਨਹੀਂ।
ਗੁਰੂ ਨਾਨਕ ਦਾ ਇਕ ਸ਼ਬਦ ‘ਮੋਰੀ ਰੁਣ ਝੁਣ ਲਾਇਆ…’ ਵਾਲਾ ਅਤਿਅੰਤ ਚਮਤਕਾਰੀ ਸ਼ਬਦ ਹੈ। ਉਸ ਵਰਗੀ ਪ੍ਰਤਿਭਾ ਵਾਲਾ ਕਾਵਿ ਤਾਂ ਸ਼ਾਇਦ ਸੰਸਾਰ ਦੇ ਸਮੁੱਚੇ ਕਾਵਿ ਅੰਦਰ ਨਾ ਲੱਭ ਸਕੇ। ਇਹ ਤਾਂ ਗੁਰੂ ਨਾਨਕ ਹੀ ਆਖ ਸਕਦਾ ਹੈ :

ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥
ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥
ਕਿਉ ਨਾ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ॥

ਆਦਿ ਗ੍ਰੰਥ ਪੰਨਾ. ੫੫੮

ਬਚਪਨ ਦੀਆਂ ਯਾਦਾਂ

ਹੁਣ : ਅੱਠ ਤੋਂ ਵਧ ਦਹਾਕੇ ਹੋ ਗਏ ਹਨ ਤੂਹਾਨੂੰ ਬਚਪਨ ਦੀ ਦਹਿਲੀਜ਼ ਟੱਪਿਆਂ। ਜਦੋਂ ਪਿੱਛੇ ਮੁੜ ਦੇਖਦੇ ਹੋ, ਤਾਂ ਕੀ ਕੁਝ ਯਾਦ ਆਉਂਦਾ ਹੈ?
ਨੇਕੀ : ਦਾਦਾ ਜੀ ਮੇਰੇ ਕਈ ਭਾਸ਼ਾਵਾਂ ਦੇ ਚੰਗੇ ਜਾਣਕਾਰ ਸਨ। ਉਨ੍ਹਾਂ ਪਾਸੋਂ ਮੈਂ ਬ੍ਰਜੀ, ਹਿੰਦੀ, ਫ਼ਾਰਸੀ ਤੇ ਸਿੰਧੀ ਬੋਲੀਆਂ ਬਚਪਨ ਵਿਚ ਹੀ ਸਿੱਖ ਲਈਆਂ ਸਨ। ਪੰਜਾਬੀ ਤਾਂ ਮਾਤ ਭਾਸ਼ਾ ਹੈ ਹੀ ਸੀ। ਉਰਦੂ ਤੇ ਅੰਗਰੇਜ਼ੀ ਸਕੂਲ ਵਿਚ ਸਿੱਖੀਆਂ। ਸੋ ਛੇ ਬੋਲੀਆਂ ਤੋਂ ਬਚਪਨ ਵਿਚ ਹੀ ਜਾਣੂ ਹੋ ਗਿਆ। ਇਹ ਛੇ ਦੀਆਂ ਛੇ ਮੈਂ ਹੁਣ ਵੀ ਚੰਗੀਆਂ ਵਰਤ ਸਕਦਾ ਹਾਂ। ਮਗਰੋਂ ਮੈਂ ਕੰਨੜ੍ਹ, ਜਰਮਨ, ਯੋਰੂਬਾ ਸਿੱਖੀਆਂ, ਪਰ ਉਹ ਮਗਰੋਂ ਵਰਤਣ ਦਾ ਮੌਕਾ ਨਾ ਮਿਲਣ ਕਰਕੇ ਵਿਸਰ ਗਈਆਂ।
ਨਾਨਾ ਜੀ ਮੇਰੇ ਹੈੱਡਮਾਸਟਰ ਸਨ। ਉਨ੍ਹਾਂ ਦਾ ਬੜਾ ਰੁਅਬ ਸੀ। ਉਨ੍ਹਾਂ ਦੇ ਸਾਹਮਣੇ ਹੋਣਾ ਬੜਾ ਔਖਾ ਸੀ। ਸੋ ਉਨ੍ਹਾਂ ਪਾਸੋਂ ਜੇ ਕੁਝ ਪ੍ਰਾਪਤ ਹੋ ਵੀ ਸਕਦਾ ਸੀ, ਤਾਂ ਵੀ ਨਹੀਂ ਹੋਇਆ। ਵੈਸੇ ਉਹ ਗੁਜ਼ਰ ਵੀ ਜਲਦੀ ਗਏ ਸਨ।
ਦਾਦੀ ਜੀ ਮੇਰੇ ਨਿੱਪਟ ਉੱਮੀ ਸਨ। ਅੰਗੂਠਾ ਲਾਉਣਾ ਹੀ ਜਾਣਦੇ ਸਨ। ਪਰ ਬੇਸ਼ੁਮਾਰ ਕਹਾਣੀਆਂ ਤੇ ਸਾਖੀਆਂ ਉਨ੍ਹਾਂ ਨੂੰ ਯਾਦ ਸਨ। ਸਾਹਿਤ ਵੱਲ ਮੇਰਾ ਰੁਜਹਾਨ ਆਪਣੀ ਅਨਪੜ੍ਹ ਦਾਦੀ ਜੀ ਪਾਸੋਂ ਕਹਾਣੀਆਂ ਸੁਣਦਿਆਂ ਪੈਦਾ ਹੋਇਆ।
ਪਿਤਾ ਜੀ ਮੇਰੇ ਅਧਿਆਪਕ ਸਨ। ਬੱਚਿਆਂ ਨੂੰ ਬੜਾ ਪਿਆਰਦੇ, ਦੁਲਾਰਦੇ ਸਨ; ਪਰ ਹੈ ਸਨ ਬੜੇ ਸਖ਼ਤ ਸੁਭਾ ਵਾਲੇ। ਉਹ ਜਦੋਂ ਘਰ ਆਉਂਦੇ ਸਨ, ਤਾਂ ਅਸੀਂ ਲੁਕਦੇ ਫਿਰਦੇ ਹੋਂਦੇ ਸਾਂ। ਹੱਥ ਵਿਚ ਉਨ੍ਹਾਂ ਦੇ ਸਿਮਰਨਾ ਹੋਂਦਾ ਤੇ ਜਾਪ ਚੱਲਦਾ ਹੀ ਰਹਿੰਦਾ ਸੀ। ਮਾਤਾ ਜੀ ਮੇਰੇ ਬੇਅੰਤ ਸ਼ਾਂਤ ਸੁਭਾ ਵਾਲੇ ਸਨ। ਹਸੰੂ ਹਸੰੂ ਕਰਦਾ ਚਿਹਰਾ। ਸਾਰੇ ਟੱਬਰ ਦੀ ਦੇਖਭਾਲ ਕਰਦੇ। ਰਸੋਈ ਦਾ ਕੰਮ ਕਰਦਿਆਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹਿੰਦੇ, ਜੋ ਉਨ੍ਹਾਂ ਨੂੰ ਕੰਠ ਸੀ। ਮੇਰੇ ਦਾਦਾ ਜੀ ਉਨ੍ਹਾਂ ਦੇ ਪਕਾਏ ਹੋਏ ਖਾਣੇ ਨੂੰ ‘ਅਮ੍ਰਿਤ’ ਆਖਦੇ ਹੁੰਦੇ।
ਹੁਣ : ਤੁਸੀ ਨਾਨੀ ਜੀ ਬਾਰੇ ਕੁਝ ਨਹੀਂ ਦੱਸਿਆ?
ਨੇਕੀ : ਨਾਨੀ ਜੀ ਬਾਰੇ ਮੈਨੂੰ ਇਤਨਾ ਹੀ ਯਾਦ ਹੈ ਕਿ ਉਨ੍ਹਾਂ ਦਾ ਸਿਰ ਬੜਾ ਹਿਲਦਾ ਰਹਿੰਦਾ ਸੀ। ਸੋ ਕੋਈ ਵੀ ਗੱਲ ਪੁੱਛੋ ਹਿਲਦਾ ਸਿਰ ‘ਨਾਂਹ’ ਵਿਚ ਜਵਾਬ ਦੇ ਦੇਂਦਾ ਸੀ।
ਹੁਣ : ਤੇ ਭੈਣ ਭਰਾ?
ਨੇਕੀ : ਮੈਂ ਪਲੇਠੀ ਦਾ ਸਾਂ, ਮੈਥੋਂ ਨਿੱਕਾ ਭਰਾ ਪਰਕਾਸ਼ ਸਿੰਘ ਮੈਥੋਂ ਦੋ ਵਰ੍ਹੇ ਛੋਟਾ ਸੀ। ਪਰ ਅਧਿਆਤਮਕ ਪੱਧਰ ‘ਤੇ ਮੈਥੋਂ ਵੱਡਾ ਸੀ। ਉਹ ਮੇਰਾ ਭਰਾ ਤਾਂ ਹੈ ਹੀ ਸੀ, ਮਿੱਤਰ ਵੀ ਸੀ, ਹਮਰਾਜ਼ ਵੀ ਸੀ।
ਹੁਣ : ਇੱਕੋ ਭਰਾ ਸੀ ਤੁਹਾਡਾ?
ਨੇਕੀ : ਨਹੀਂ, ਅਸੀਂ ਸਾਰੇ ਦਸ ਭੈਣ ਭਰਾ ਸਾਂ, ਚਾਰ ਭੈਣਾਂ ਤੇ ਛੇ ਉਨ੍ਹਾਂ ਦੇ ਭਰਾ। ਪਰ ਬਚਪਨ ਦੇ ਸੰਦਰਭ ਵਿਚ ਗੱਲ ਹੋ ਰਹੀ ਸੀ। ਓਦੋਂ ਉਹ ਇੱਕੋ ਵੀਰ ਸੀ ਮੇਰਾ!

ਗੁਰੂਦੱਖਣਾ

ਹੁਣ : ਕੋਇਟੇ ਦੇ ਭੂਚਾਲ ਵੇਲੇ ਤੁਹਾਡੀ ਉਮਰ ਕਿੰਨੀ ਸੀ? ਉਹਦਾ ਤੁਹਾਡੇ ਉੱਪਰ ਕੀ ਅਸਰ ਹੋਇਆ?
ਨੇਕੀ : ਮੇਰੀ ਉਮਰ ਓਦੋਂ ਸਾਢੇ ਕੁ ਨੌਂ ਵਰਿ੍ਹਆਂ ਦੀ ਸੀ। ਮੈਂ ਮਲਬੇ ਹੇਠ ਦੱਬਿਆ ਗਿਆ ਸਾਂ ਤੇ ਕੋਈ ਛੇ ਕੁ ਘੰਟੇ ਬਾਅਦ ਨਿਕਾਲਿਆ ਗਿਆ। ਹੇਠਾਂ ਦੱਬੇ ਹੋਏ ਨੂੰ ਆਪਣੀ ਜਾਨ ਖ਼ਤਰੇ ਵਿਚ ਜਾਪਦੀ ਸੀ। ਬਾਹਰ ਨਿਕਲ ਕੇ ਹਜ਼ਾਰਾਂ ਲੋਕਾਂ ਦੀ ਹਾਹਾਕਾਰ ਸੁਣੀ, ਤਾਂ ਸਰੀਰ ਸਿਥਲ ਜਿਹਾ ਹੋ ਗਿਆ। ਇਤਨਾ ਦੁੱਖ ਨਾ ਮੈਂ ਕਦੇ ਪਹਿਲਾਂ ਵੇਖਿਆ ਸੀ ਨਾ ਬਾਅਦ ਵਿਚ। ਮਲਬੇ ਹੇਠੋਂ ਆਪਣਾ ਜੀਊਂਦੇ ਨਿਕਲ ਆਉਣਾ ਤਾਂ ਅਚੰਭਾ ਲਗਦਾ ਹੀ ਸੀ, ਪਰ ਆਪਣੇ ਬਚ ਰਹਿਣ ਕਾਰਨ ਏਨਾ ਵਿਆਪਕ ਦੁੱਖ ਵੇਖ ਕੇ ਬਚ ਰਹਿਣਾ ਚੰਗਾ ਨਹੀਂ ਸੀ ਲਗਦਾ। ਖ਼ਾਸ ਕਰ ਓਦੋਂ ਜਦੋਂ ਸਾਡੇ ਸਕੂਲ ਮਾਸਟਰ ਜੀ ਨੇ ਆ ਕੇ ਦੱਸਿਆ ਕਿ ਸਕੂਲ ਦੇ ਹੋਸਟਲ ਵਿਚ ਰਹਿੰਦੇ ਬੱਚਿਆਂ ‘ਚੋਂ ਕੋਈ ਵੀ ਨਹੀਂ ਸੀ ਬਚਿਆ। ਮੇਰਾ ਜਿਗਰੀ ਦੋਸਤ ਵੀ ਉਨ੍ਹਾਂ ਵਿਚ ਹੀ ਸੀ। ਮੈਂ ਉਹਦਾ ਨਾਮ ਲੈ ਕੇ ਪੁੱਛਿਆ, “ਮਾਸਟਰ ਜੀ, ਉਹ ਵੀ ਨਹੀਂ?” ਤਾਂ ਮਾਸਟਰ ਜੀ ਜ਼ਾਰ-ਜ਼ਾਰ ਰੋ ਪਏ। ਕੋਈ ਉਤਰ ਨਾ ਦੇ ਸਕੇ।
ਹੁਣ : ਤੁਸੀਂ ਭੁਚਾਲ ਤੋਂ ਬਾਅਦ ਕੋਇਟਾ ਛੱਡ ਕੇ ਕਿੱਥੇ ਗਏ ਸੀ?
ਨੇਕੀ : ਮੈਂ ਤੇ ਮੇਰਾ ਛੋਟਾ ਭਰਾ ਪਰਕਾਸ਼ ਸਿੰਘ ਨਾਨਕਿਆਂ ਦੇ ਘਰ ‘ਮੱਛ ਨਗਰ’ ਚਲੇ ਗਏ। ਉੱਥੇ ਰੋਜ਼ ਕੋਇਟੇ ਤੋਂ ਦੁਖੀਆਂ ਦੀਆਂ ਭਰੀਆਂ ਰੇਲ ਗੱਡੀਆਂ ਲੰਘਦੀਆਂ ਤੇ ਅਸੀਂ ਦੋਵੇਂ ਮੁਸਾਫ਼ਿਰਾਂ ਨੂੰ ਪਾਣੀ ਪਿਆਉਂਦੇ ਤੇ ਭੁੱਜੇ ਹੋਏ ਛੋਲੇ ਵੰਡਦੇ।
ਇਕ ਦਿਨ ਗੱਡੀ ਵਿਚ ਮੇਰੇ ਉਨ੍ਹਾਂ ਮਾਸਟਰ ਜੀ ਦਾ ਟੱਬਰ ਆਇਆ, ਜਿਨ੍ਹਾਂ ਮੈਨੂੰ ਵਿਸ਼ੇਸ਼ ਵਿੱਦਿਆ ਵੀ ਦਿੱਤੀ ਤੇ ਜੀਣ ਦਾ ਢੰਗ ਵੀ ਸਿਖਾਇਆ। ਉਨ੍ਹਾਂ ਮੈਨੂੰ ਚੌਥੀ ਜਮਾਤ ਵਿਚ ਹੀ ਗਣਿਤ ਵਿਚ ਇਤਨਾ ਨਿਪੁੰਨ ਕਰ ਦਿੱਤਾ ਸੀ ਕਿ ਮੈਂ ਦਸਵੀਂ ਜਮਾਤ ਦੇ ਸੁਆਲ ਕੱਢ ਲੈਂਦਾ ਸਾਂ। ਉਰਦੂ ਇਤਨਾ ਪੜ੍ਹਾ ਦਿੱਤਾ ਸੀ ਕਿ ਉਸਦੇ ਬਲਬੂਤੇ ‘ਤੇ ਮੈਂ ਉਰਦੂ ਅਖ਼ਬਾਰ ‘ਪ੍ਰਭਾਤ’ ਦੀ ਐਡੀਟਰੀ ਕੀਤੀ। ਮਿਹਨਤ ਉਨ੍ਹਾਂ ਸਿਖਾਈ। ਪਰਉਪਕਾਰ ਉਨ੍ਹਾਂ ਸਿਖਾਇਆ। ਵਿੱਦਿਆ ਵੰਡਣ ਦੀ ਵਿਧੀ ਉਨ੍ਹਾਂ ਦਰਸਾਈ। ਮਾਸਟਰ ਜੀ ਆਪ ਫੱਟੜ ਹੋਏ ਬੇਸੁਰਤ ਪਏ ਸਨ। ਉਨ੍ਹਾਂ ਨੂੰ ਇੰਜ ਵੇਖ ਕੇ ਮੇਰੇ ਹੋਸ਼ ਹਵਾਸ ਹੀ ਉਡ ਗਏ ਤੇ ਮੈਂ ਸਿਥਲ ਜਿਹਾ ਹੋ ਗਿਆ। ਪਰ ਝੱਟ ਹੀ ਗੱਡੀ ਤੁਰ ਪਈ ਤੇ ਮੈਂ ਹੇਠਾਂ ਉਤਰ ਆਇਆ। ਕਈ ਦਿਨ ਉਹ ਨਜ਼ਾਰਾ ਮੇਰੀਆਂ ਅੱਖਾਂ ਅੱਗੇ ਘੁੰਮਦਾ ਰਿਹਾ। ਮੈਂ ਆਪਣੀ ਸਾਹਿਤਕ ਸ੍ਵੈ-ਜੀਵਨੀ ਵਿਚ ਉਨ੍ਹਾਂ ਬਾਰੇ ਲਿਖਿਆ ਤੇ ਉਨ੍ਹਾਂ ਪ੍ਰਤੀ ਆਪਣਾ ਰਿਣ ਦਰਸਾਇਆ। ਇਹ ਪੁਸਤਕ ਕਿਸੇ ਨੇ ਉਨ੍ਹਾਂ ਦੇ ਬੇਟੇ ਨੂੰ ਕੈਨੇਡਾ ਵਿਚ ਜਾ ਦਿੱਤੀ। ਉਨ੍ਹਾਂ ਆਪਣੇ ਪਿਤਾ ਜੀ ਦੀ ਤਸਵੀਰ ਮੈਨੂੰ ਭੇਜਣ ਦਾ ਉਪਕਾਰ ਕੀਤਾ। ਮੈਂ ਉਹ ਤਸਵੀਰ ਮੜ੍ਹਵਾ ਕੇ ਆਪਣੇ ਘਰ ਸਜਾ ਦਿੱਤੀ ਤੇ ਰੋਜ਼ ਸਵੇਰੇ ਗੁਰੂ ਨੂੰ ਚੇਤੇ ਕਰਨ ਮਗਰੋਂ ਇਨ੍ਹਾਂ ਨੂੰ ਸਨਿਮਰ ਪ੍ਰਣਾਮ ਕਰਦਾ ਹਾਂ। ਇਹੀ ਮੇਰੀ ਗੁਰੂਦੱਖਣਾ ਹੈ।
ਉਹੋ ਜਿਹਾ ਅਧਿਆਪਕ ਤਾਂ ਉਦੋੰਂ ਵੀ ਹੋਰ ਕੋਈ ਨਹੀਂ ਸੀ, ਅੱਜ ਤਾਂ ਕੋਈ ਹੋਣਾ ਹੀ ਨਹੀਂ!
ਉਨ੍ਹਾਂ ਮੈਨੂੰ ਵਜ਼ੀਫ਼ੇ ਦੇ ਇਮਤਿਹਾਨ ਲਈ ਤਿਆਰ ਕਰਾਇਆ ਸੀ। ਇਮਤਿਹਾਨ ਦਾ ਨਤੀਜਾ ਵੀ ਕੋਇਟੇ ਭੁਚਾਲ ਕਾਰਨ ਮਲਬੇ ਹੇਠ ਦੱਬਿਆ ਗਿਆ ਸੀ। ਛੇ ਮਹੀਨੇ ਮਗਰੋਂ ਜਦ ਉੱਥੇ ਖੁਦਵਾਈ ਹੋਈ ਤਾਂ ਨਿਕਲਿਆ, ਤਾਂ ਮੈਨੂੰ ਬਾਰਾਂ ਰੁਪਏ ਮਹੀਨੇ ਦੇ ਹਿਸਾਬ ਬਹੱਤਰ ਰੁਪਏ ਵਜ਼ੀਫ਼ੇ ਦੇ ਪਹਿਲੀ ਕਿਸ਼ਤ ਮਿਲੀ। ਮੇਰੇ ਦਾਦਾ ਜੀ ਨੇ ਇਹ ਰਕਮ ਮਾਸਟਰ ਜੀ ਨੂੰ ਮਨੀ ਆਰਡਰ ਕਰਵਾ ਦਿੱਤੀ। ਉਨ੍ਹਾਂ ਦਾ ਉਤਰ ਆਇਆ, “ਇਹ ਬਹੱਤਰ ਰੁਪਏ ਮੈਨੂੰ ਬਹੱਤਰ ਹਜ਼ਾਰ ਵਰਗੇ ਲੱਗੇ ਹਨ। ਇਕ ਤਾਂ ਇਸ ਕਰਕੇ ਕਿ ਜਸਵੰਤ ਸਿੰਘ ਅੱਵਲ ਆਇਆ ਹੈ ਤੇ ਵਾਹਿਗੁਰੂ ਨੇ ਉਸਦੀ ਮਿਹਨਤ ਸਫਲ ਕੀਤੀ ਹੈ ਤੇ ਦੂਜੇ ਇਸ ਲਈ ਕਿ ਮੈਂ ਇਸ ਵੇਲੇ ਬੀਮਾਰ ਪਿਆ ਹਾਂ ਤੇ ਇਹ ਰਕਮ ਮੇਰੇ ਇਲਾਜ ਦੇ ਕੰਮ ਆਵੇਗੀ।” ਪਰ ਉਸ ਤੋਂ ਥੋੜ੍ਹੇ ਚਿਰ ਮਗਰੋਂ ਹੀ ਉਹ ਅਕਾਲ ਚਲਾਣਾ ਕਰ ਗਏ।

ਜ਼ਿੰਦਗੀ ਤੇ ਮੌਤ

ਹੁਣ : ਡਾਕਟਰੀ ਦੇ ਕਿੱਤੇ ਵਿਚ ਤੁਹਾਡੀ ਦਿਲ ਹਿਲਾ ਦੇਣ ਵਾਲੀ ਯਾਦ ਪਹਿਲੀ ਵਾਰ ਕਿਸੇ ਤੀਵੀਂ ਦੇ ਨੰਗੇ ਮੁਰਦਾ ਸਰੀਰ ਦੀ ਚੀਰ-ਫਾੜ ਕਰਨ ਦੀ ਹੈ। ਉਸ ਬਾਰੇ ਹੁਣ ਕਿਵੇਂ ਚੇਤੇ ਕਰਦੇ ਹੋ?
ਨੇਕੀ : ਉਦੋਂ ਮੈਂ ਸੋਚਿਆ ਸੀ, ਇਹ ਔਰਤ ਜਿਸ ਦਾ ਸਰੀਰ ਖ਼ੁਸ਼ਬੋਈਆਂ ਮਾਣਦਾ ਰਿਹਾ ਹੋਣਾ ਹੈ, ਅੱਜ ਕੇਡੀ ਕੁਲਹਿਣੀ ਸੜ੍ਹਾਂਦ ਛੋੜ ਰਿਹਾ ਹੈ। ਉਸ ਦੀਆਂ ਛਾਤੀਆਂ ਜੋ ਕਦੇ ਅਮ੍ਰਿਤ ਦਾ ਸੋਮਾ ਸਨ, ਅੱਜ ਕੇਵਲ ਜ਼ਿਲਭ ਦਾ ਢੇਰ ਹੋਈਆਂ ਪਈਆਂ ਹਨ। ਜੋ ਕਦੇ ਸ਼ਰਮ ਹਯਾ ਦੀ ਪੁਤਲੀ ਸੀ, ਅੱਜ ਸਾਡੇ ਸਾਹਵੇਂ ਨੰਗ-ਧੜੰਗੀ ਪਈ ਹੋਈ ਸੀ। ਤਦ ਖ਼ਿਆਲ ਆਇਆ ਇਹ ਔਰਤ ਕਿਤਨੀ ਪਰਉਪਕਾਰੀ ਜੀਵ ਹੈ ਕਿ ਉਸ ਦਾ ਮਿਰਤਕ ਸਰੀਰ ਵੀ ਮੇਰੇ ਲਈ ਨਵਾਂ ਗਿਆਨ ਪ੍ਰਾਪਤ ਕਰਨ ਦਾ ਸਾਧਨ ਬਣਿਆ ਹੋਇਆ ਹੈ।
ਤਦ ਮੈਂ ਲਿਖਿਆ ਸੀ :

ਅੱਜ ਵੀ ਜੇ ਕਦੇ ਓਸ ਹਾਲ ਅੱਗੋਂ ਲੰਘਾਂ ਮੈਂ।
ਓਥੇ ਪ੍ਰਣਾਮ ਕਰ ਲੰਘਣੋਂ ਨਾ ਸੰਗਾਂ ਮੈਂ।
ਦੁਨੀ ‘ਚ ਨ ਹੋਰ ਕੋਈ ਥਾਂਓਂ ਇਹਦੇ ਨਾਲ ਦੀ,
ਮੌਤ ਜਿੱਥੇ ਜ਼ਿੰਦਗੀ ਨੂੰ ਸੰਥਿਆ ਨਹੀੰ ਸਿਖਾਲਦੀ।

ਕੁਝ ਵਰ੍ਹੇ ਹੋਏ ਮੈਂ ਪਾਕਿਸਤਾਨ ਗੁਰਦੁਆਰਿਆਂ ਦੀ ਯਾਤਰਾ ‘ਤੇ ਗਿਆ ਸਾਂ। ਲਾਹੌਰ ਵਿਚ ਮੈਂ ਕੇਵਲ ਡੇਹਰਾ ਸਾਹਿਬ ਦੇ ਦਰਸ਼ਨ ਹੀ ਨਹੀਂ ਕੀਤੇ, ਮੈਡੀਕਲ ਕਾਲਿਜ, ਜਿੱਥੇ ਮੈਂ ਪੜ੍ਹਿਆ ਸਾਂ, ਓਥੇ ਵੀ ਗਿਆ ਤੇ ਉਚੇਚਾ ਮੁਰਦਿਆਂ ਦੇ ਉਸ ਹਾਲ ਤੱਕ ਗਿਆ, ਜਿੱਥੇ ਮੈਂ ਸਰੀਰ-ਵਿਗਿਆਨ ਸਿੱਖਣ ਲਈ ਉਸ ਤੀਵੀਂ ਦੇ ਸਰੀਰ ਦੀ ਚੀਰ-ਫਾੜ ਕੀਤੀ ਸੀ। ਉਸ ਦਾ ਦਰਵਾਜ਼ਾ ਉਸ ਵੇਲੇ ਬੰਦ ਹੋ ਚੁੱਕਾ ਸੀ, ਕਿਉਂਕਿ ਸ਼ਾਮ ਦੇ ਪੰਜ ਵੱਜ ਚੁੱਕੇ ਸਨ ਤੇ ਕਾਲਜ ਬੰਦ ਹੋਣ ਦਾ ਸਮਾਂ ਹੋ ਚੁੱਕਾ ਸੀ। ਪਰ ਬੰਦ ਦਰਵਾਜ਼ਾ ਵੀ ਮੈਨੂੰ ਓਥੇ ਪ੍ਰਣਾਮ ਕਰਨ ਤੋਂ ਨਾ ਹਟਕ ਸਕਿਆ। ਮੈਂ ਓਥੇ ਹੀ ਸਿਜਦਾ ਕੀਤਾ ਤੇ ਉਸ ਦੀ ਮੁਹਾਨ ਤੋਂ ਧੂੜੀ ਲੈ ਕੇ ਆਪਣੇ ਮੱਥੇ ‘ਤੇ ਲਗਾ ਲਈ। ਇਹ ਵੀ ਮੈਨੂੰ ਤੀਰਥ ਯਾਤਰਾ ਵਰਗਾ ਹੱਜ ਲੱਗਾ ਸੀ।
ਹੁਣ : ਡਾਕਟਰੀ ਕਿੱਤੇ ਵਿਚ ਸਭ ਤੋਂ ਵੱਡਾ ਸਬਕ ਤੁਸੀਂ ਕਿਹੜਾ ਸਿੱਖਿਆ?
ਨੇਕੀ : ਇਕ ਸਬਕ ਜੋ ਮੈਂ ਡਾਕਟਰੀ ਕਿੱਤੇ ਦੇ ਆਰੰਭ ਵਿਚ ਹੀ ਸਿੱਖਿਆ ਸੀ, ਉਹੀ ਸ਼ੈਦ ਸਭ ਤੋਂ ਵੱਡਾ ਸਬਕ ਸੀ। ਮੈਂ ਓਦੋਂ ਡਾਕਟਰ ਬਣਿਆ ਹੀ ਸਾਂ ਤੇ ਵੀ. ਜੇ. ਹਸਪਤਾਲ ਅਮ੍ਰਿਤਸਰ ਵਿਚ ਹਾਊਸ ਫ਼ਿਜ਼ੀਸ਼ਨ ਲੱਗਾ ਹੋਇਆ ਸਾਂ। ਕੋਈ ਬੱਚਾ ਸਾਡੇ ਦਾਖ਼ਲ ਸੀ, ਜਿਸ ਦਾ ਖ਼ੂਨ ਸਰੀਰ ਦੇ ਅੰਦਰ ਹੀ ਸਿੰਮੀ ਜਾਂਦਾ ਸੀ। ਚਮੜੀ ਦੇ ਹੇਠਾਂ ਇਸੇ ਕਾਰਨ ਕਈ ਥਾਈਂ ਸਿੰਮੇ ਹੋਏ ਲਹੂ ਦੇ ਦਾਗ਼ ਸਨ। ਉਸ ਨੂੰ ਕਈ ਬੋਤਲਾਂ ਖ਼ੂਨ ਦੀਆਂ ਚੜ੍ਹਾਉਣੀਆਂ ਪਈਆਂ ਸਨ। ਪ੍ਰੋਫ਼ੈਸਰ ਸਾਹਿਬ ਦੇਖਣ ਆਏ ਤੇ ਕਹਿਣ ਲੱਗੇ, ਹੁਣ ਇਹ ਬੱਚਾ ਠੀਕ ਲੱਗਦਾ ਹੈ। ਇਸ ਨੂੰ ਛੁੱਟੀ ਦੇ ਦਿਓ। ਸੋ ਅਸਾਂ ਉਸ ਨੂੰ ਛੁੱਟੀ ਦੇਣ ਦੇ ਕਾਗ਼ਜ਼ ਤਿਆਰ ਕਰਕੇ ਉਸ ਦੀ ਮਾਂ ਨੂੰ ਦੇ ਦਿੱਤੇ। ਉਹ ਬੱਚੇ ਨੂੰ ਲੈ ਕੇ ਅਜੇ ਬੂਹਾ ਵੀ ਨਹੀਂ ਸੀ ਟੱਪੀ ਤੇ ਬੱਚੇ ਨੂੰ ਕੁਝ ਹੋ ਗਿਆ। ਉਹ ਝਬਦੇ ਹੀ ਵਾਪਸ ਪਰਤੀ ਤਾਂ ਅਸਾਂ ਵੇਖਿਆ, ਉਹ ਬੱਚਾ ਤਾਂ ਗੁਜ਼ਰ ਗਿਆ ਹੈ। ਗ਼ਾਲਬਨ ਕੁਝ ਖ਼ੂਨ ਇਸ ਵਾਰ ਉਸ ਦੇ ਦਿਮਾਗ਼ ਅੰਦਰ ਸਿੰਮ ਗਿਆ ਤੇ ਉਸ ਤੋਂ ਉਸ ਦੀ ਜਾਨ ਚਲੀ ਗਈ।
ਉਸੇ ਦਿਨ ਲੌਢੇ ਵੇਲੇ ਪੁਲੀਸ ਕਿਸੇ ਬੁੱਢੀ ਮਾਈ ਨੂੰ ਛੋੜ ਗਈ, ਜੋ ਬੇਸੁਰਤ ਸੀ ਤੇ ਸੜਕ ‘ਤੇ ਡਿੱਗੀ ਪਈ ਸੀ। ਮੈਂ ਉਸ ਨੂੰ ਦਾਖ਼ਲ ਕਰ ਲਿਆ। ਉਸ ਨੂੰ 104 ਡਿਗਰੀ ਬੁਖ਼ਾਰ ਸੀ। ਛਾਤੀ ਵਿਚ ਦੋਵੇਂ ਪਾਸੇ ਦੇ ਫੇਫੜੇ ਪਾਕ ਨਾਲ ਭਰੇ ਪਏ ਸਨ। ਸਾਹ ਉਸਦਾ ਬੜਾ ਮੱਧਮ ਸੀ, ਪਰ ਘਰੜਾ ਕੇ ਆ ਰਿਹਾ ਸੀ। ਉਸ ਦੇ ਪਾਸੋਂ ਬੜੀ ਬਦਬੂ ਆ ਰਹੀ ਸੀ। ਅਜੇ ਅਸੀਂ ਉਸ ਨੂੰ ਵੇਖ ਵਿਖਾ ਕੇ ਉਸ ਦਾ ਹਾਲ ਲਿਖ ਹੀ ਰਹੇ ਸਾਂ ਕਿ ਪ੍ਰੋਫ਼ੈਸਰ ਸਾਹਿਬ ਆ ਗਏ ਤੇ ਉਸ ਦਾ ਹਾਲ ਦੇਖ ਕੇ ਕਹਿਣ ਲੱਗੇ, “ਮੈਨੂੰ ਨਹੀਂ ਉਮੀਦ ਇਹ ਮਾਈ ਰਾਤ ਵੀ ਕੱਢੇਗੀ। ਇਸ ਪਾਸੋਂ ਇਤਨੀ ਬਦਬੂ ਆ ਰਹੀ ਸੀ, ਸੋ ਇਸ ਨੂੰ ਵਾਰਡ ਦੇ ਅੰਦਰ ਨਾ ਰੱਖੋ, ਬਾਹਰ ਬਰਾਂਡੇ ਵਿਚ ਪਾ ਦਿਓ ਤੇ ਉੱਥੇ ਪਰਦਾ ਤਾਣ ਦਿਓ।” ਅਸਾਂ ਇਵੇਂ ਹੀ ਕੀਤਾ, ਜਿਵੇਂ ਆਦੇਸ਼ ਹੋਇਆ ਸੀ। ਰਾਤ ਦੀ ਨਰਸ ਵੀ ਵਾਰਡ ਦੇ ਅੰਦਰ ਦੇ ਮਰੀਜ਼ਾਂ ਨੂੰ ਤਾਂ ਵੇਖਦੀ ਰਹੀ। ਇਸ ਬਾਹਰ ਪਈ ਬਾਰੇ ਬਿਲਕੁਲ ਹੀ ਭੁੱਲ ਭੁਲਾ ਗਈ।
ਮੈਂ ਸਵੇਰੇ ਸਵੇਰੇ ਜਦ ਉੱਠਿਆ, ਤਾਂ ਮਾਈ ਦਾ ਖ਼ਿਆਲ ਆਇਆ। ਸੋਚਿਆ, ‘ਮਾਈ ਚਲਾਣਾ ਤਾਂ ਕਰ ਗਈ ਹੋਣੀ ਏ, ਪਰ ਉਸਦੀ ਮੌਤ ਦਾ ਸਰਟੀਫਿਕੇਟ ਤਾਂ ਬਣਾਉਣਾ ਹੀ ਪਵੇਗਾ। ਚੱਲ ਕੇ ਬਣਾ ਦੇਂਦਾ ਹਾਂ।’
ਆਇਆ ਤਾਂ ਕੀ ਵੇਖਿਆ, ਮਾਈ ਨੇ ਰਾਤੀਂ ਕਿਤੇ ਪਾਸਾ ਲਿਆ ਹੋਣਾ ਏ ਤੇ ਸਿਰ ਭਾਰ ਇੰਝ ਹੇਠਾਂ ਜਾ ਪਈ ਕਿ ਧੜ ਅੱਧਾ ਉੱਪਰ ਤੇ ਅੱਧਾ ਹੇਠਾਂ ਲਟਕਿਆ ਹੋਇਆ ਸੀ। ਹੇਠਾਂ ਕੋਈ ਸੇਰ ਭਰ ਪੀਕ ਦਾ ਢੇਰ ਲੱਗਾ ਪਿਆ ਸੀ। ਮੈਂ ਮਾਈ ਦਾ ਸਿਰ ਪੂੰਝਿਆ, ਚੁੱਕ ਕੇ ਉਸ ਨੂੰ ਮੰਜੇ ਉੱਪਰ ਲਿਟਾਇਆ। ਉਸ ਦੇ ਫੇਫੜਿਆਂ ਦੀ ਕਰੀਬਨ ਸਾਰੀ ਪਾਕ ਥੱਲੇ ਵਗ ਗਈ ਸੀ। ਉਸ ਦਾ ਬੁਖ਼ਾਰ ਵੀ ਹੁਣ 104 ਤੋਂ 100 ‘ਤੇ ਆ ਗਿਆ ਸੀ। ਪੰਜ ਛੇ ਦਿਨਾਂ ਵਿਚ ਉਹ ਰਾਜ਼ੀ ਹੋ ਗਈ ਤੇ ਹਸਪਤਾਲੋਂ ਵਿਦਾ ਹੋ ਗਈ। ਮੈਂ ਸੋਚਿਆ, ਜਿਸ ਨੂੰ ਅਸਾਂ ‘ਬਚ ਗਿਆ’ ਸੋਚਿਆ ਸੀ, ਉਹ ਤਾਂ ਤੁਰੰਤ ਤੁਰ ਗਿਆ ਤੇ ਜਿਸ ਨੂੰ ‘ਮੌਤ ਦੇ ਮੂੰਹ ਵਿਚ ਪਈ’ ਮੰਨਿਆ ਸੀ, ਉਹ ਰਾਜ਼ੀ ਹੋ ਗਈ। ਤਦੇ ਮੈਂ ਲਿਖਿਆ :

ਵੇਖ ਮੇਰੇ ਮਨਾ, ਪੈਂਦਾ ਸੱਚ ਇਹ ਵਿਚਾਰਨਾ,
ਜ਼ਿੰਦਗੀ ਤੇ ਮੌਤ ਉੱਤੇ ਸਾਨੂੰ ਅਧਿਕਾਰ ਨਾ।

ਪਾਗਲ ਕਵੀ

ਹੁਣ : ਤੁਸੀਂ ਮਾਨਸਿਕ ਰੋਗਾਂ ਦੇ ਇਲਾਜ ਦੇ ਵਿਸ਼ੇਸ਼ਗ ਹੋ। ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਕਵੀ ਲੋਕ ਪਾਗਲ ਜਾਂ ਨੀਮਪਾਗਲ ਹੁੰਦੇ ਹਨ। ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ?
ਨੇਕੀ : ਜੇਕਰ ਪਾਗਲ ਹੋਣਾ ਹੀ ਕਵੀ ਹੋਣ ਦੀ ਸ਼ਰਤ ਹੋਵੇ ਤਾਂ ਦੁਨੀਆ ਦੀ ਸਾਰੀ ਕਵਿਤਾ ਪਾਗਲਖ਼ਾਨਿਆਂ ਵਿਚ ਹੀ ਰਚੀ ਜਾਂਦੀ ਹੋਵੇ। ਪਰ ਇਹ ਇਉਂ ਹੈ ਨਹੀਂ। ਐਸਾ ਸੋਚਣ ਵਾਲੇ ਆਪਣੇ ਆਪ ਨੂੰ ‘ਸਾਵਾਂ’ ਮੰਨਦੇ ਹਨ ਤੇ ਹੋਰ ਹਰ ਬੰਦੇ ਨੂੰ ਜੋ ਉਨ੍ਹਾਂ ਵਰਗਾ ਨਹੀਂ ਕੁਸਾਵਾਂ ਮੰਨ ਲੈਂਦੇ ਹਨ। ਹਰ ਵਿਲੱਖਣ ਮਨੁੱਖ ਕੁਸਾਵਾਂ ਤਾਂ ਨਹੀਂ ਹੋਂਦਾ। ਵਿਲੱਖਣਤਾ ਸਾਵੇਂ ਹੋਣ ਨਾਲੋਂ ਉੱਚੇ ਪੱਧਰ ਦੀ ਵੀ ਹੋ ਸਕਦੀ ਹੈ। ਕਵੀ ਐਸੀ ਹੀ ਵਿਲੱਖਣਤਾ ਦਾ ਭਾਗੀ ਹੁੰਦਾ ਹੈ।
ਪਾਗਲਖ਼ਾਨੇ ਵਿਚ ਵੀ ਕੁਝ ਲੋਕ ਕਵਿਤਾ ਵਿਚ ਮੂੰਹ ਮਾਰਦੇ ਹਨ। ਇਕ ਮਿਸਾਲ ਉਸ ਪ੍ਰਕਾਰ ਦੀ ਪੇਸ਼ ਕਰਦਾ ਹਾਂ, ਜੋ ਮੇਰੇ ਕਿਸੇ ਮਰੀਜ਼ ਨੇ ਲਿਖੀ ਸੀ :

ਕਿਸ ਪਾਸ ਦੂਰਬੀਨ ਨਾਲ ਨਿਕਟ ਵੇਖਣ ਜਾਂ ਸੁਣਨ ਦੀ ਵਿਹਲ?
ਵੇਖਾਂ ਤਾਂ ਸੱਪ
ਸੁਣਾਂ ਤਾਂ ਬਦਲਾਂ ਦੀ ਚਮਕ! ਕੋਹਲੂ ਵਰਗੀ!
ਬਾਂਦਰ ਦੀ ਟਪੂਸੀ ਵੀ ਸ਼ੱਕੀ।
ਕੁੱਤੇ ਦਾ ਭੌਂਕਣਾ ਵੀ ਸ਼ੱਕੀ ਦੋਝਾੜ ਇਕ ਝਾੜੂ, ਨਹੀਂ ਸੱਚ ਲੱਗਾ!
ਮੱਕੀ ਦਾ ਆਟਾ ਵੀ ਸ਼ੱਕੀ ਸੁੱਕੀ ਰੋਟੀ… ਕਾਲਾ ਪਾਣੀ।
ਉਹ ਸਭ ਬੋਲਦੇ। ਮੇਰੇ ਕੰਨ ਅੰਦਰ ਬੈਠ ਕੇ…
ਫੁੱਲਾਂ ਉੱਪਰ ਬਿੱਛੂ ਗੁਲਾਬਜਾਮਣ।
ਕਪੜੇ ਕਲਬੂਤ ਕਵਿਤਾ ਸਭ ਕੱਕੇ, ਪੰਜ ਕੱਕੇ।
ਘਬਰਾਓ ਨਹੀਂ। ਕੀੜੇ, ਕਬਾੜੀ (ਇਹ ਦੋ ਕੱਕੇ ਹੋਰ)
ਚਿੜੀਆਂ ਕੋਲੋਂ ਬਾਜ਼ ਤੁੜਾਊਂ
ਤਬੈ ਗੋਬਿੰਦ ਸਿੰਘ ਨਾਮ ਕਹਾਊਂ।
ਬੋਲੇ ਸੋ ਨਿਹਾਲ ਕੀ ਚੜ੍ਹਦੀ ਕਲਾ। ਮਹਾਤਮਾ ਗਾਂਧੀ ਕੀ ਜੈ।
ਕਲਾਬਾਜ਼ੀ। ਬਾਜ਼ੀਗਰ। ਬਾਜ਼ਾਰੂ! ਬਜ਼ਮ! ਬਸਰਾ। ਗਈ ਰਨ ਬਸਰੇ।
ਬਿਸਮਿੱਲਾ! ਕੁੱਤਾ ਪਿੱਲਾ। ਕਾਲਾ ਬਾਜ਼ਾਰ…
ਅੰਗੂਰ ਬੇਸ਼ੁਮਾਰ! ਅੰਗਾਰ ਬੇਸ਼ੁਮਾਰ! ਰਬ ਇਕ, ਉਲਾਂਘਾ ਦੋ! ਡੇਢ!
ਗਗਨ ਮੇ ਪਰਾਤਜ ਚੱਲ ਮੇਰੇ ਦੀਵੇ। ਫੁੱਲ ਮੇਰੇ ਫੁਟਬਾਲ!!

ਇਸ ਨੂੰ ਕਵਿਤਾ ਮੰਨ ਲਓ ਤਾਂ ਵੀ ਹਰ ਪਾਗਲ ਐਸੀ ਕਵਿਤਾ ਵੀ ਨਹੀਂ ਲਿਖ ਸਕਦਾ ਹੈ!

ਵਾਦਾਂ ਦੇ ਉਧਾਲੇ

ਹੁਣ : ਤੁਹਾਡੀ ਕਵਿਤਾ ਹੋਰ ਕਵੀਆਂ ਤੋਂ ਵਿਲੱਖਣ ਹੈ – ਇਸ ਬਾਰੇ ਕਰੀਬਨ ਸਾਰੇ ਲੋਕ ਸਹਿਮਤ ਹਨ। ਤੁਹਾਡਾ ਆਪਣਾ ਇਸ ਬਾਰੇ ਕੀ ਖ਼ਿਆਲ ਹੈ?
ਨੇਕੀ : ਵੈਸੇ ਤਾਂ ਹਰ ਕਵੀ ਹੀ ਵਿਲੱਖਣ ਹੋਂਦਾ ਹੈ, ਜੇਕਰ ਉਹ ਕਿਸੇ ਹੋਰਸ ਦੀ ਨਕਲ ਨਾ ਕਰ ਰਿਹਾ ਹੋਵੇ। ਕਿਸੇ ਪ੍ਰਕਾਰ ਦੇ ਵੀ ਸਾਹਿਤ ਦੇ ਵਿਕਾਸ ਵਿਚ ਉਹਦੀ ਰਚਨਾ ਵਾਧਾ ਕਰਦੀ ਹੈ ਉਹ ਭਾਵੇਂ ਮਾਰਕਸਵਾਦ ਹੋਵੇ, ਭਾਵੇਂ ਗਾਂਧੀਵਾਦ, ਭਾਵੇਂ ਯਥਾਰਥਵਾਦ ਹੋਵੇ, ਭਾਵੇਂ ਪੜਯਥਾਰਥਵਾਦ, ਭਾਵੇਂ ਬਿੰਬਵਾਦ ਹੋਵੇ, ਭਾਵੇਂ ਸੰਰਚਨਾਵਾਦ। ਕਿਰਤ ਉਸ ਵਾਦ ਵਿਚ ਜੜੀ ਜਾਂਦੀ ਹੈ, ਜਿਸ ਦਾ ਪ੍ਰਭਾਵ ਉਹ ਪਰਵਾਨ ਕਰਦੀ ਹੈ। ਫਿਰ ‘ਵਾਦ’ ਦੀ ਮੁਹਰਛਾਪ ਪ੍ਰਮੁੱਖ ਹੋ ਜਾਂਦੀ ਹੈ ਤੇ ਲੇਖਕ ਦੀ ਮੌਲਿਕਤਾ ਦੁਜੈਲੀ। ਇਹ ਹੋਇਆ ਨਹੀਂ ਤਾਂ ਲਿਖਤ ਵਿਰੱਸ ਹੋਣ ਲੱਗਦੀ ਹੈ। ਇੱਕੋ ਠੱਪੇ ਵਾਲੀਆਂ ਜਿਤਨੀਆਂ ਵੱਧ ਲਿਖਤਾਂ ਪੈਦਾ ਹੁੰਦੀਆਂ ਹਨ, ਉਤਨੀ ਵਿਰੱਸਤਾ ਵਧਦੀ ਜਾਂਦੀ ਹੈ।
ਹੁਣ : ਤੁਸੀਂ ਵਾਦਾਂ ਤੋਂ ਕਿਵੇਂ ਬਚਦੇ ਤੁਰੇ ਆਏ?
ਨੇਕੀ : ਜਦੋਂ ਮੈਂ ਲਿਖਣਾ ਆਰੰਭਿਆ ਸੀ, ਓਦੋਂ ਮਾਰਕਸਵਾਦ ਦਾ ਬੜਾ ਜ਼ੋਰ ਸੀ। ਕੇਵਲ ਸਾਡੇ ਹੀ ਨਹੀਂ, ਸਾਰੇ ਸੰਸਾਰ ਵਿਚ। ਇਕ ਬੜੀ ਵੱਡੀ ਸਲਤਨਤ ਉਸ ਦੀ ਪਿੱਠ ‘ਤੇ ਸੀ। ਮੇਰੇ ਵੇਖਦੇ-ਵੇਖਦੇ ਕਈ ਮੌਲਕ ਪੰਜਾਬੀ ਲੇਖਕ ਇਸ ਵਾਦ ਨੇ ਉਧਾਲ ਲਏ। ਮੋਹਨ ਸਿੰਘ, ਅੰਮ੍ਰਿਤਾ ਵਰਗੇ ਮੌਲਕ ਕਵੀ ਉੱਧਲ ਗਏ। ਜੇਕਰ ਕਦੇ ਇਨ੍ਹਾਂ ਦੀਆਂ ਮਾਰਕਸਵਾਦੀ ਕਵਿਤਾਵਾਂ ਨਾਲ ਉਨ੍ਹਾਂ ਦੀਆਂ ਹੋਰ ਕਵਿਤਾਵਾਂ ਦੀ ਤੁਲਨਾ ਕਰੋ, ਤਾਂ ਤੁਹਾਨੂੰ ਮੇਰਾ ਉਜ਼ਰ ਸਪੱਸ਼ਟ ਹੋਦਾਂ ਦਿਸੇਗਾ। ਮਾਰਕਸਵਾਦੀ ਕਵਿਤਾਵਾਂ ਵਿਚ ਉਹ ਚਗਲੇ ਹੋਏ ਵਿਚਾਰਾਂ ਨੂੰ ਆਪਣੇ ਕਾਵਿ-ਸ਼ਿਲਪ ਦੀਆਂ ਥੰਮੀਆਂ ਦੇ ਕੇ ਖੜ੍ਹਾ ਕਰਦੇ ਪ੍ਰਤੀਤ ਹੋਂਦੇ ਹਨ। ਘੱਟੋ ਘੱਟ ਮੈਨੂੰ ਇਵੇਂ ਪ੍ਰਤੀਤ ਹੋਇਆ ਸੀ। ਤਦ ਮੈਨੂੰ ਲੱਗਾ ਮੈਨੂੰ ਹਰ ਵਾਦ ਤੋਂ ਬੇਪਰਵਾਹ ਹੋ ਕੇ ਰਚਨਾ ਕਰਨੀ ਚਾਹੀਦੀ ਹੈ। ਮੈਂ ਮਾੜਾ ਹਾਂ, ਚੰਗਾ ਹਾਂ, ਪਰ ਵਾਦ ਕਿਸੇ ਦਾ ਵੀ ਪਿਛਲੱਗ ਨਹੀਂ।
ਹੁਣ : ਤੁਹਾਨੂੰ ਪਰਾਭੌਤਕਵਾਦੀ ਕਵੀ ਕਿਹਾ ਗਿਆ ਹੈ। ਕੀ ਇਹ ‘ਵਾਦ’ ਨਹੀਂ?
ਨੇਕੀ : ਹੈ, ਪਰ ਮੇਰਾ ਨਹੀਂ। ਜਿਹਨਾਂ ਇਹ ‘ਵਾਦ’ ਮੇਰੇ ‘ਤੇ ਮੇਰੀ ਰਚਨਾ ਉੱਪਰ ਆਰੋਪਿਆ ਹੈ, ਉਨ੍ਹਾਂ ਪਾਸ ਇਸ ਨੂੰ ਕਿਸੇ ਹੋਰ ਵਰਗੀਕਰਣਕ ਵਿਧਾ ਵਿਚ ਰੱਖਣਾ ਸ਼ਾਇਦ ਸਹੀ ਨਹੀਂ ਜਾਪਿਆ। ਪਰ, ਉਹ ਆਪ ਵੀ ਤਾਂ ਸਹੀ ਨਹੀਂ।
ਦਰਅਸਲ, ਮਨੋਵਿਗਿਆਨ ਨਾਲ ਮੇਰਾ ਬੜਾ ਗੂੜ੍ਹਾ ਸੰਬੰਧ ਹੋਣ ਕਾਰਨ ਮੈਨੂੰ ਅੰਦਰ ਦੇ ਦ੍ਰਿਸ਼ ਬਾਹਰ ਦੇ ਦ੍ਰਿਸ਼ਾਂ ਨਾਲੋਂ ਵਧੇਰੇ ਆਕਰਸ਼ਤ ਕਰਦੇ ਹਨ। ਮੈਨੂੰ ਬਾਹਰ ਦੇ ਦ੍ਰਿਸ਼ ‘ਉਹਲੇ’ ਲਗਦੇ ਹਨ ਤੇ ਮੈਂ ਇਨ੍ਹਾਂ ਪਿੱਛੇ ਵਰਤਦੇ ‘ਅਸਲੇ’ ਵਲ ਰੁਚਿਤ ਹੋਂਦਾ ਹਾਂ। ਮੇਰੇ ਪਲੇਠੇ ਸੰਗ੍ਰਹਿ ਦਾ ਨਾਮ ‘ਅਸਲੇ ਤੇ ਉਹਲੇ’ ਮੇਰੇ ਇਸ ਰੁਝਾਨ ਦੀ ਸ਼ਾਹਦੀ ਭਰਦਾ ਹੈ ਤੇ ਇਹ ਰੁਝਾਨ ਮੇਰੇ ਨਾਲ ਨਾਲ ਤੁਰਿਆ ਆਇਆ ਹੈ। ਅੰਦਰ ਵੜ ਕੇ ਮੈਂ ਗਿਆਨ ਨਾਲ ਵੀ ਜੂਝਦਾ ਹਾਂ, ਵਿਗਿਆਨ ਨਾਲ ਵੀ, ਆਸਤਕਤਾ ਨਾਲ ਵੀ, ਨਾਸਤਕਤਾ ਨਾਲ ਵੀ, ਆਪਣੀ ਨਿਜਤਾ ਨਾਲ ਵੀ, ਆਪਣੀ ਬ੍ਰਹਮੰਡਤਾ ਨਾਲ ਵੀ। ਮੇਰੇ ਇਸ ਕਿਰਦਾਰ ਲਈ ਜਿਸ ਨੂੰ ਕੋਈ ਘੜਿਆ-ਘੜਾਇਆ ਵਾਦ ਨਹੀਂ ਲਭਦਾ, ਉਹ ਕਿਸੇ ਖ਼ਾਨੇ ਵਿਚ ਹੀ ਮੈਨੂੰ ਜੜ ਦੇਂਦਾ ਹੈ। ਪਰ ਮੈਂ ਇਸ ਦਾ ਵੀ ਕਦੇ ਬੁਰਾ ਨਹੀਂ ਮਨਾਇਆ।
ਹੁਣ : ਇਹ ਤਾਂ ਮੈਂ ਜਾਣਦਾ ਹਾਂ, ਤੁਸਾਂ ਕਿਸੇ ਆਲੋਚਕ ਨਾਲ ਵਾਦ ਨਹੀਂ ਰਚਾਇਆ। ਪਰ ਤੁਹਾਡੇ ਕੁਝ ਬੋਲ ਹਨ ਜੋ ਕਿਸੇ ‘ਵਾਦ’ ਨਾਲ ‘ਵਾਦ’ ਰਚਾਉਣੋਂ ਝਕੇ ਨਹੀਂ?
ਨੇਕੀ : ਮੈਂ ਤੁਹਾਡਾ ਮਤਲਬ ਨਹੀਂ ਸਮਝਿਆ। ਜ਼ਰਾ ਸਮਝਾਓਗੇ।
ਹੁਣ : ਤੁਹਾਡੀ ਕਵਿਤਾ ‘ਇਨਕਲਾਬ ਦੀ ਰੂਹ’ ਦੇ ਸ਼ਬਦ ਹਨ :

ਇਹ ਵੀ ਕੋਈ ਸ਼ੱਕ ਦੀ ਗੱਲ ਹੈ
ਕਿ ਅਸੀਂ ਸਭ ਕਾਮੇ ਹਾਂ?
ਠੀਕ ਹੈ ਸਾਡੇ ਕਾਰਖ਼ਾਨੇ ਚੱਲਦੇ ਹਲ,
ਪਰ ਕੀ ਕਾਮੇ ਕਾਰਖ਼ਾਨੇ ਨਹੀਂ ਚਲਾ ਸਕਦੇ?

ਕੀ ਇਹ ਸਤਰਾਂ ਮਾਰਕਸੀ ਸੋਚ ਨੂੰ ਸਿੱਧਾ ਚੈਲੰਜ ਨਹੀਂ?
ਨੇਕੀ : ਇਹ ਸਤਰਾਂ ਮਾਰਕਸਵਾਦੀ ‘ਸੋਚ’ ਨੂੰ ਨਹੀਂ, ਮਾਰਕਸਵਾਦੀ ‘ਦੰਭ’ ਨੂੰ ਚੈਲੰਜ ਹੈ। ਮੇਰੀ ਨਜ਼ਰ ਵਿਚੀਂ ਅਨੇਕਾਂ ‘ਮਾਰਕਸਵਾਦੀ’ ਲੰਘੇ ਹਨ, ਜੋ ਤਕੜੀ ਮਾਇਕ ਸਲਤਨਤ ਦੇ ਮਾਲਕ ਹਨ। ਇਹ ਐਸੇ ਮਾਰਕਸਵਾਦੀਆਂ ਪੁਰ ਵਿਅੰਗ ਹੈ।
ਵੈਸੇ ਮੇਰਾ ਮਾਰਕਸਵਾਦ ਨਾਲ ਵਖੇਵਾਂ ਜ਼ਰੂਰ ਹੈ। ਉਹ ‘ਖ਼ੂਨੀ ਇਨਕਲਾਬ’ ਦਾ ਮੁਦਈ ਹੈ, ਮੈਂ ‘ਪਿਆਰਵਾਨ ਇਨਕਲਾਬ’ ਦਾ। ਮੇਰੀ ਮਨੌਤ ਹੈ ਅਸੀਂ ਕਿਸੇ ਨੂੰ ਧੱਕੇ ਨਾਲ ਤਬਦੀਲ ਨਹੀਂ ਕਰ ਸਕਦੇ। ਕੇਵਲ ਪਿਆਰ ਨਾਲ ਕਰ ਸਕਦੇ ਹਾਂ। ‘ਖ਼ੂਨੀ ਇਨਕਲਾਬ’ ਧੱਕੇ ਨਾਲ ਪਰਿਵਰਤਨ ਲਿਆਉਣ ਦਾ ਜਤਨ ਹੈ, ਸੋ ਇਹ ਸਿਰੇ ਚੜ੍ਹਨ ਜੋਗਾ ਨਹੀਂ। ਇਹ ਨਫ਼ਰਤ ਵਰਤਾਉਂਦਾ ਹੈ। ਜੇ ਇਹ ਰੂਸ ਵਿਚ ਉਜੜ ਗਿਆ ਤੇ ਹੁਣ ਚੀਨ ਵਿਚ ਵੀ ਰੂਪ ਵਟਾ ਰਿਹਾ ਹੈ ਤਾਂ ਮੇਰੀ ਨਜ਼ਰ ਵਿਚ ਇਹ ਕੋਈ ਅਲੋਕਾਰ ਗੱਲ ਨਹੀਂ ਹੋਈ।

ਸੱਚ, ਤੱਥ ਤੇ ਪੈਗ਼ੰਬਰ

ਹੁਣ : ਤਾਂ ਕੀ ਤੁਸੀਂ ਇਸ ਦੇ ਟਾਕਰੇ ਅਮਰੀਕੀ ਪਦਾਰਥਵਾਦ ਨੂੰ ਚੰਗਾ ਸਮਝਦੇ ਹੋ?
ਨੇਕੀ : ਮੇਰੀ ਨਜ਼ਰ ਵਿਚ ਤਾਂ ਇਹ ‘ਹਰਦੋ ਲਾਅਨਤ’ ਵਾਲੀ ਗੱਲ ਹੈ। ਪਦਾਰਥਵਾਦ ਭਾਵੇਂ ਰੂਸੀ ਹੋਵੇ ਭਾਵੇਂ ਅਮਰੀਕੀ, ਬੁਨਿਆਦੀ ਤੌਰ ‘ਤੇ ਪਦਾਰਥਵਾਦ ਹੀ ਤਾਂ ਹੈ। ਦੁਨੀਆਂ ਦੀ ਅੱਜ ਵੱਡੀ ਬਦਕਿਸਮਤੀ ਇਹ ਹੈ ਕਿ ਦੋਵੇਂ ਵੱਡੀਆਂ ਰਾਜਸੀ ਸੋਚਾਂ ਪਦਾਰਥਵਾਦੀ ਹਨ। ‘ਸੱਚ’ ਪਦਾਰਥਕ ਵਸਤ ਨਹੀਂ ਹੋਂਦਾ, ‘ਤੱਥ’ ਹੋਂਦਾ ਹੈ। ਇਨ੍ਹਾਂ ਦੋਹਾਂ ਵਿਚ ਬੁਨਿਆਦੀ ਅੰਤਰ ਹੈ। ‘ਸੱਚ’ ਭਾਵੁਕ ਤੌਰ ‘ਤੇ ਨਿੱਘਾ ਹੋਂਦਾ ਹੈ, ‘ਤੱਥ’ ਠੰਢਾ। ‘ਸੱਚ’ ਨੈਤਿਕ ਤੌਰ ‘ਤੇ ਉਪਜਾਊ ਹੋਂਦਾ ਹੈ ‘ਤੱਥ’ ਨੈਤਿਕ ਤੌਰ ‘ਤੇ ਬਾਂਝ। ‘ਤੱਥ’ ਬਾਹਰ ਪਿਆ ਮਿਲਦਾ ਹੈ, ‘ਸੱਚ’ ਅੰਦਰ ਗਤੀਸ਼ੀਲ ਹੋਂਦਾ ਹੈ। ਜਿਨ੍ਹਾਂ ਆਪਣੇ ਅੰਦਰ ਵੜ ਕੇ ਕਦੇ ਨਹੀਂ ਵੇਖਿਆ, ‘ਸੱਚ’ ਉਨ੍ਹਾਂ ਉੱਪਰ ਮੁਸਕਰਾ ਕੇ ਲਾਗਿਓਂ ਦੀ ਲੰਘ ਜਾਂਦਾ ਹੈ। ‘ਸੱਚ’ ਤਾਂ ਬਾਹਾਂ ਅੱਡ ਕੇ ਆਉਂਦਾ ਹੈ, ਉਸ ਦੇ ਆਲਿੰਗਨ ਵਿਚ ਵਿਚਰਨ ਦਾ ਮਨ ਤਾਂ ਅਸਾਂ ਬਣਾਉਣਾ ਹੋਂਦਾ ਹੈ।
ਹੁਣ : ‘ਸੱਚ’ ਤੇ ‘ਤੱਥ’ ਵਿਚਲਾ ਵੇਰਵਾ ਤੁਸੀਂ ਬੜਾ ਸੁੰਦਰ ਬਣਾਇਆ ਹੈ!
ਨੇਕੀ : ਇਹੋ ਤਾਂ ‘ਸਤਿ ਸੁਹਾਣ’ ਹੈ!
ਹੁਣ : ‘ਸਤਿ ਸੁਹਾਣ’ ਤੋਂ ਮੈਨੂੰ ਖ਼ਿਆਲ ਆਇਆ, ਇਹ ਤੁਹਾਡੀ ਕਿਸੇ ਲੰਮੀ ਕਵਿਤਾ ਦਾ ਨਾਮ ਹੈ। ਮੇਰੇ ਖ਼ਿਆਲ ਵਿਚ ਇਹ ਤੁਹਾਡੀ ਸਭ ਤੋਂ ਜਟਿਲ ਕਵਿਤਾ ਹੈ। ਇਹ ਇੰਨੀ ਜਟਿਲ ਕਿਉਂ ਹੈ?
ਨੇਕੀ : ਹਰ ਦਾਰਸ਼ਨਿਕ ਕਵਿਤਾ ਪਾਠਕ ਪਾਸੋਂ ਪਹਿਲਾਂ ਕੁਝ ਮੰਗ ਕਰਦੀ ਹੈ। ਪਹਿਲਾਂ ਇਹ ਕਿ ਉਸ ਪਾਸ ਵੀ ਦਾਰਸ਼ਨਿਕ ਰੁਝਾਨ ਹੋਵੇ ਤੇ ਦਰਸ਼ਨ ਦੀ ਸੁੰਦਰਤਾ ਨੂੰ ਪਛਾਣਨ ਦੀ ਯੋਗਤਾ ਤੇ ਮਾਣਨ ਦੀ ਰੁਚੀ। ਨਾਲ ਹੀ ਇਹ ਮੰਗ ਕਰਦੀ ਹੈ ਕਿ ਪਾਠਕ ਨੂੰ ਉਹ ਗਿਆਨ ਵਿਗਿਆਨ ਪ੍ਰਾਪਤ ਹੋਵੇ, ਜਿਸ ਉੱਪਰ ਇਹ ਰਚਨਾ ਉਸਾਰੀ ਗਈ ਹੈ। ਜੋ ਕੋਈ ਇਹ ਮੰਗਾਂ ਪੂਰੀਆਂ ਕਰ ਸਕਦਾ ਹੈ, ਉਹੋ ਦਾਰਸ਼ਨਿਕ ਕਵਿਤਾ ਦਾ ਹੱਜ ਉਠਾ ਸਕਦਾ ਤੇ ਰਸ ਮਾਣ ਸਕਦਾ ਹੈ। ਮੈਨੂੰ ਅੱਜ ਤਕ ਕੇਵਲ ਪੰਜ ਚਾਰ ਪਾਠਕ ਹੀ ਐਸੇ ਮਿਲੇ ਹਨ, ਜਿਹਨਾਂ ਇਸ ਕਵਿਤਾ ਨੂੰ ਮਾਣਿਆ ਹੈ। ਜੇਕਰ ਕੇਵਲ ਇਕ ਪਾਠਕ ਨੇ ਵੀ ਇਸ ਨੂੰ ਇਤਨਾ ਸਲਾਹਿਆ ਹੋਂਦਾ, ਜਿਤਨਾ ਇਨ੍ਹਾਂ ਚੌਂਹ-ਪੰਜਾਂ ਨੇ ਤਾਂ ਮੈਂ ਇਸ ਨੂੰ ਸਫ਼ਲ ਹੋਇਆ ਮੰਨ ਲੈਂਦਾ। ਚਾਰ ਪੰਜ ਤਾਂ ਇਸ ਲੇਖੇ ਬੜੇ ਹਨ।
ਹੁਣ : ਅਧਿਆਤਮਵਾਦੀ ਕਵੀ ਤਾਂ ਸ਼ਾਇਦ ਪੈਗੰਬਰ ਹੁੰਦੇ ਹੋਣਗੇ, ਕੀ ਯਥਾਰਥਵਾਦੀ ਕਵੀ ਵੀ ਪੈਗੰਬਰ ਹੋ ਸਕਦੇ ਹਨ?
ਨੇਕੀ : ਮੈਂ ਅੱਗੇ ਵੀ ਇਸ਼ਾਰਾ ਕੀਤਾ ਹੈ, ਕਿਸੇ ਵਾਦ ਨਾਲ ਜੁੜਿਆ ਕਵੀ ਪੈਗ਼ੰਬਰ ਨਹੀਂ ਹੋ ਸਕਦਾ। ਪੈਗੰਬਰ ਤਾਂ ਉਹ ਹੋਂਦਾ ਹੈ, ਜੋ ਪੈਗ਼ਾਮ ਲਿਆਉਂਦਾ ਹੈ। ਵਾਦ ਨਾਲ ਜੁੜੇ ਪਾਸ ਤਾਂ ਪੈਗ਼ਾਮ ਹੀ ਪਰਾਇਆ ਹੋਂਦਾ ਹੈ, ਉਹ ਪੈਗ਼ੰਬਰ ਕਿਵੇਂ ਹੋ ਸਕਦਾ ਹੈ? ਜੋ ‘ਆਪਣੀ’ ਗੱਲ ਹੀ ਨਹੀਂ ਕਰ ਸਕਦਾ, ਉਹ ਪੈਗ਼ੰਬਰ ਕਿਵੇਂ ਹੋ ਸਕਦਾ ਹੈ।
ਜੇਕਰ ਕੋਈ ਕਵੀ ਕਿਸੇ ਯਥਾਰਥ ਨਾਲ ਹਲੂਣਿਆ ਗਿਆ ਤੇ ਆਪਣੇ ਅੰਦਰ ਦੀਆਂ ਥਰਕੰਬਣੀਆਂ ਸਾਡੇ ਨਾਲ ਸਾਂਝੀਆਂ ਕਰ ਗਿਆ, ਤਾਂ ਉਹ ਪੈਗ਼ੰਬਰ ਹੋ ਗਿਆ। ਪੈਗ਼ੰਬਰ ਲਈ ਕੇਵਲ ਰੱਬ ਦਾ ਪੈਗ਼ਾਮ ਲਿਆਉਣਾ ਹੀ ਜ਼ਰੂਰੀ ਨਹੀਂ; ਉਹ ਕੁਦਰਤ ਦਾ ਪੈਗ਼ਾਮ ਵੀ ਲਿਆ ਸਕਦਾ ਹੈ।
ਭਾਈ ਵੀਰ ਸਿੰਘ ‘ਮਟਕ ਹੁਲਾਰੇ’ ਵਿਚ ਕਵੀ ਹੈ। ਕੁਦਰਤ ਦਾ ਪੈਗ਼ਾਮ ਲਿਆਉਂਦਾ ਹੈ। ਇਸੇ ਵਿਚ ਉਸ ਦੀ ਪ੍ਰਗੀਤਕਤਾ ਨਿਖਰੀ ਹੈ। ਬਾਕੀ ਥਾਈਂ (‘ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ’ ਛੋੜ ਕੇ) ਉਹ ਉਪਦੇਸ਼ਕ ਕਵੀ ਹੈ ਤੇ ਉਪਦੇਸ਼ ਕਵਿਤਾ ਦਾ ਮੂਲ ਕਰਤਵ ਨਹੀਂ ਹੋਂਦਾ।
ਹੁਣ : ਤੁਹਾਡਾ ਕਥਨ ਹੈ ‘ਦਰਸ਼ਨ ਤੇ ਸਾਇੰਸ ਵਿਚ ਸ਼ਬਦ ਇਕਹਿਰੇ ਅਰਥ ਲੈ ਕੇ ਆਉਂਦੇ ਹਨ, ਪਰ ਕਾਵਿ ਵਿਚ ਬ੍ਰਹਮੰਡੀ ਰੂਪ’। ਬੋਲੀ ਦੇ ਸ਼ਬਦ ਤਾਂ ਓਹੀ ਹਨ, ਫਿਰ ਇਹ ਰੂਪ ਕਿਵੇਂ ਬਦਲ ਲੈਂਦੇ ਹਨ?
ਨੇਕੀ : ਮੈਂ ਇਕ ਥਾਏਂ ਲਿਖਿਆ ਏ :

ਸ਼ਬਦ, ਜਿਹਦੇ ਨੇਤ੍ਰਾਂ ‘ਚੋਂ ਹੰਝੂ ਨਹੀਂ ਛਲਕਦੇ,
ਅੱਖ, ਜਿਹਦੇ ਹੰਝੂਆਂ ‘ਚੋਂ ਬੋਲ ਨਹੀਂ ਵਿਲਕਦੇ,
ਕਰਨ ਕੀ ਆਏ ਨਾਟਸ਼ਾਲ ਵਿਚ।

ਕਿਸੇ ਦਰਸ਼ਨ ਤੇ ਵਿਗਿਆਨ ਦੇ ਬੋਲਾਂ ਪਾਸ ਹੰਝੂ ਛਲਕਾਉਣ ਵਾਲੇ ਨੇਤਰ ਨਹੀਂ ਹੋਂਦੇ। ਓਥੇ ਤਾਂ ਜੇ ਕੋਈ ਐਸਾ ਸ਼ਬਦ ਭੁਲ ਭੁਲੇਖੇ ਵੀ ਆ ਵੜੇ, ਤਾਂ ਉਸ ਨੂੰ ਸ਼ਹਿਰ ਬਦਰ ਕਰ ਦਿੱਤਾ ਜਾਂਦਾ ਹੈ। ਹੰਝੂਆਂ ਵਾਲੇ ਸ਼ਬਦ ਤਾਂ ਪਿਆਰ ਪਾਸ ਹੁੰਦੇ ਹਨ ਤੇ ਵਿਲਕਦੇ ਹੰਝੂ ਬਿਰਹੇ ਪਾਸ। ਪਿਆਰਵਾਨ ਬਿਰਹੀ ਆਪਣੀ ਨਿੱਜਤਾ ਤੋਂ ਨਿਕਲ ਕੇ ਕਿਸੇ ਹੋਰ ਦਾ ਹੋ ਗਿਆਂ ਹੋਂਦਾ ਹੈ। ਉਸ ਦੇ ਬੋਲ ਉਸ ਦੀ ਨਿੱਜਤਾ ਦੇ ਬੋਲ ਨਹੀਂ ਰਹਿੰਦੇ, ਬ੍ਰਹਮੰਡੀ ਬੋਲ ਹੋ ਜਾਂਦੇ ਹਨ।
ਕਦੇ-ਕਦੇ ਦਰਸ਼ਨ ਦੀ ਅੱਖ ਵਿਚ ਵੀ, ਵਿਗਿਆਨ ਦੀ ਅੱਖ ਵਿਚ ਵੀ ਹੰਝੂ ਆ ਜਾਂਦੇ ਹਨ, ਤਦ ਉਹ ਦਾਰਸ਼ਨਿਕ ਕਾਵਿ ਜਾਂ ਵਿਗਿਆਨਕ ਕਾਵਿ ਹੋ ਜਾਂਦਾ ਹੈ। ਸੁਧਾ ਦਰਸ਼ਨ ਤਰਕ ਦੇ ਆਸਰੇ ਖਲੋਂਦਾ ਹੈ ਤੇ ਤਰਕ ਤੋਂ ਵਧੇਰੇ ਖ਼ੁਸ਼ਕ ਸ਼ਾਇਦ ਹੋਰ ਕੋਈ ਚੀਜ਼ ਨਹੀਂ ਹੋਣੀ।
ਹੁਣ : ਮਾਫ਼ ਕਰਨਾ ਵਿੱਚੋਂ ਇਕ ਗੱਲ ਪੁੱਛਣ ਲੱਗਿਆ ਹਾਂ: ਬਹੁਤੇ ਵਿਗਿਆਨੀ ਰਹੱਸਮਈ ਕਿਉਂ ਹੁੰਦੇ ਹਨ?
ਨੇਕੀ : ਤੁਹਾਡਾ ਪ੍ਰਸ਼ਨ ਥੋੜ੍ਹਾ-ਜਿਹਾ ਪਰਿਵਰਤਨ ਮੰਗਦਾ ਹੈ। ਸਹੀ ਪ੍ਰਸ਼ਨ ਇਓਂ ਹੋਵੇਗਾ – ਬਹੁਤੇ ਵਿਗਿਆਨੀ ਰਹੱਸਵਾਦੀ ਕਿਉਂ ਹੋ ਗਏ ਹਨ?
ਵਿਗਿਆਨ ਨੇ ਪਿਛਲੀ ਸਦੀ ਦੇ ਮੱਧ ਤਕ ਆਪਣਾ ਰਾਬਤਾ ਬਾਹਰਗਤ (ੌਬਜੲਚਟਵਿੲ) ਯਥਾਰਥ ਨਾਲ ਰੱਖਿਆ ਹੋਇਆ ਸੀ ਤੇ ਇਹ ਪਦਾਰਥਵਾਦੀ ਭੋਇੰ ਉੱਪਰ ਉਸਾਰਿਆ ਗਿਆ ਸੀ। ਵਿਗਿਆਨ ਜਦ ਪਦਾਰਥ ਦੇ ਅੰਦਰ ਵੜਿਆ, ਤਾਂ ਉਸਨੇ ਪਹਿਲਾਂ ਅਣੂ ਵੇਖੇ; ਪਦਾਰਥ ਦੇ ਉਹ ਨਿੱਕੇ ਤੋਂ ਨਿੱਕੇ ਭੋਰੇ ਜੋ ਪਦਾਰਥ ਵਿਸ਼ੇਸ਼ ਦੇ ਗੁਣਾਂ ਨੂੰ ਸੰਭਾਲੀ ਬੈਠੇ ਸਨ। ਜਦ ਵਿਗਿਆਨੀ ਅਣੂ ਦੇ ਅੰਦਰ ਵੜਨ ਜੋਗਾ ਹੋਇਆ ਤਾਂ ਉਸ ਨੇ ਪਰਮਾਣੂ ਵੇਖੇ ਅਣੂ ਤੋਂ ਵੀ ਛੋਟੇ ਭੋਰੇ। ਏਥੇ ਮੈਂ ਸ਼ਬਦ ‘ਵੇਖੇ’ ਵਰਤ ਰਿਹਾ ਹਾਂ, ਪਰ ਇਹ ਅੱਖਾਂ ਨਾਲ ਨਹੀਂ ਵੇਖੇ ਗਏ। ਸਬੂਤਾਂ ਦੇ ਆਧਾਰ ‘ਤੇ ਅਨੁਮਾਨੇ ਗਏ ਹਨ। ਜਦ ਮਨੁੱਖ ਇਨ੍ਹਾਂ ਦੇ ਵੀ ਅੰਦਰ ਵੜਿਆ, ਤਾਂ ਹੋਰ ਵੀ ਨਿੱਕੇ ਨਿਮਨਾਣੂ ਉਸ ਨੂੰ ਪ੍ਰਤੀਤ ਹੋਏ। ਇਹ ਪਦਾਰਥਕ ਨਹੀਂ ਸਨ। ਕਦੇ ਪ੍ਰਤੀਤ ਹੋਂਦੇ ਸਨ, ਕਦੇ ਅਲੋਪ ਹੋ ਜਾਂਦੇ ਸਨ। ਨਿਰੀ ਊੁਰਜਾ ਸਨ ਜੋ ਜੁਗਨੂੰ ਵਾਂਗੂੰ ਜਗਦੀ-ਬੁਝਦੀ ਪ੍ਰਤੀਤ ਹੋਂਦੀ ਸੀ। ਕਦੇ ਇਹ ਤੀਰ ਵਾਂਗ ਇੱਕੇ ਸੇਧ ਵਿਚ ਤੁਰੀ ਜਾਂਦੀ ਲਗਦੀ; ਕਦੇ ਲਹਿਰਾਂ ਵਾਂਗ ਲਹਿਰਾਉਂਦੀ। ਜੇਕਰ ਵਿਗਿਆਨੀ ਇਹ ਸਮਝ ਕੇ ਤੁਰੇ ਕਿ ਇਹ ਲਕੀਰੀ ਸੇਧ ਵਿਚ ਤੁਰਦੀ ਹੈ ਤਾਂ ਉਸਦਾ ਗਣਿਤ ਇਹੋ ਸਿੱਧ ਕਰ ਦੇਂਦਾ। ਜੇਕਰ ਇਸ ਮਨੌਤ ਨਾਲ ਤੁਰੇ ਕਿ ਇਹ ਇਕ ਲਹਿਰ ਹੋ ਕੇ ਤੁਰਦੀ ਹੈ, ਤਾਂ ਗਣਿਤ ਏਹੋ ਸਿੱਧ ਕਰ ਦੇਂਦਾ। ਤਦ ਵਿਗਿਆਨੀ ਨੂੰ ਲੱਗਾ, ਗਣਿਤ ਤਾਂ ਓਹੋ ਕੁਝ ਸਿੱਧ ਕਰ ਦੇਂਦਾ ਹੈ, ਜੋ ਮੈਂ ਸੋਚ ਕੇ ਤੁਰਦਾ ਹਾਂ। ਹੁਣ ਉਹ ਸਾਇੰਸ ਦੇ ਬਾਹਰਗਤ ਹੋਣ ਬਾਰੇ ਸ਼ੱਕੀ ਹੋ ਗਿਆ। ਹੁਣ ਆਪਣੇ ਅੰਦਰ ਝਾਤੀ ਮਾਰਨ ‘ਤੇ ਮਜਬੂਰ ਹੋ ਗਿਆ। ਆਇਨਸ਼ਟਾਈਨ ਵਰਗਾ ਮਹਾਨ ਵਿਗਿਆਨੀ ਵੀ ਅੰਤਰਮੁਖੀ ਵਿਚਾਰਕ ਹੋ ਗਿਆ।
ਹੁਣ ਸਾਇੰਸ ਨੂੰ ਜਾਪਣ ਲੱਗਾ ਹੈ ਕਿ ਜਿੱਥੇ ਉਹ ਪਹੁੰਚੇ ਹਨ, ਓਥੋਂ ਰਹੱਸ ਦਾ ਦਰਵਾਜ਼ਾ ਖੁੱਲ੍ਹਦਾ ਹੈ ਤੇ ਉਹ ਰਹੱਸਾਤਮਕ ਸਾਧਨਾਂ ਵਾਲਿਆਂ ਨਾਲ ਵਾਰਤਾਲਾਪ ਕਰਨਾ ਲੋਚਣ ਲੱਗੇ ਹਨ।

ਸ਼ਾਦੀ ਤੇ ਸਿਆਸਤ

ਹੁਣ : ਤੁਹਾਡਾ ਵਿਆਹ ਕਦੋਂ ਤੇ ਕਿਵੇਂ ਹੋਇਆ?
ਨੇਕੀ : ਇਹ ਵਿਚਿੱਤਰ ਘਟਨਾ ਸੀ। ਮੈਂ ਜਦ ਡਾਕਟਰੀ ਵਿੱਦਿਆ ਲੈ ਰਿਹਾ ਸਾਂ, ਤਾਂ ਮੇਰੇ ਇਕ ਪ੍ਰੋਫ਼ੈਸਰ ਸਨ ਡਾਕਟਰ ਕਰਨਲ ਗੁਰਬਖ਼ਸ਼ ਸਿੰਘ। ਉਨ੍ਹਾਂ ਦੀ ਵੱਡੀ ਲੜਕੀ ਵਿਆਹੁਣ ਜੋਗੀ ਸੀ। ਉਨ੍ਹਾਂ ਦੇ ਘਰੋਂ ਬੀਬੀ ਜੀ ਉਨ੍ਹਾਂ ਨੂੰ ਕਹਿਣ ਲੱਗੇ, “ਤੁਹਾਡੇ ਕੋਲੋਂ ਇਤਨੇ ਡਾਕਟਰ ਮੁੰਡੇ ਪੜ੍ਹ ਕੇ ਗਏ ਹਨ, ਉਨ੍ਹਾਂ ਵਿੱਚੋਂ ਤੁਹਾਨੂੰ ਕੋਈ ਠੀਕ ਨਹੀਂ ਲੱਗਦਾ?” ਕਹਿਣ ਲੱਗੇ, “ਇਕ ਲੜਕਾ ਮੈਨੂੰ ਪਸੰਦ ਤਾਂ ਆਇਆ ਹੈ, ਪਰ ਉਸ ਵਿਚ ਦੋ ਨੁਕਸ ਹਨ: ਇਕ ਤਾਂ ਪਾਲੇਟਿਕਸ ਵਿਚ ਫਸਿਆ ਫਿਰਦੈ ਤੇ ਦੂਜਾ ਕਵਿਤਾ ਲਿਖਦੈ!” ਪਰ ਉਨ੍ਹਾਂ ਦੀ ਸੱਸ ਨੇ ਕਿਹਾ, “ਇਹ ਕਾਹਦੇ ਨੁਕਸ ਹੋਏ? ਵੇਖੋ ਤਾਂ ਇਹ ਗੁਣ ਹਨ। ਉਸ ਨਾਲ ਗੱਲ ਕਰੋ।” ਸੋ ਉਨ੍ਹਾਂ ਮੈਨੂੰ ਆਪਣੇ ਘਰ ਚਾਹ ‘ਤੇ ਬੁਲਾਇਆ ਤੇ ਸਾਡੇ ਟੱਬਰ ਬਾਰੇ ਮੇਰੇ ਪਾਸੋਂ ਤਫ਼ਤੀਸ਼ ਕੀਤੀ ਤੇ ਅੰਤ ਵਿਚ ਆਪਣੀ ਬੇਟੀ ਦਾ ਹੱਥ ਮੇਰੇ ਹੱਥ ਦੇਣ ਦੀ ਪੇਸ਼ਕਸ਼ ਕਰ ਕੇ ਮੈਥੋਂ ਮੇਰੀ ਰਾਏ ਮੰਗੀ। ਮੈਂ ਕਿਹਾ, “ਮੈਂ ਆਪ ਦਾ ਧੰਨਵਾਦੀ ਹਾਂ ਜੁ ਤੁਸਾਂ ਮੈਨੂੰ ਇਸ ਜੋਗਾ ਜਾਣਿਆ। ਮੈਂ ਘਰ ਜਾ ਕੇ ਆਪਣੇ ਬਜ਼ੁਰਗਾਂ ਦੀ ਰਾਏ ਲੈ ਕੇ ਆਪ ਨੂੰ ਸੂਚਿਤ ਕਰ ਸਕਾਂਗਾ।”
ਘਰ ਪਰਤਿਆ ਤਾਂ ਅੱਗੇ ਪ੍ਰਿੰਸੀਪਲ ਬਾਵਾ ਹਰਕਿਸ਼ਨ ਸਿੰਘ ਜੀ ਆਏ ਹੋਏ ਸਨ। ਉਹ ਕਿਸੇ ਪ੍ਰਤਿਸ਼ਠਿਤ ਸਿਆਸੀ ਲੀਡਰ ਵੱਲੋਂ ਆਏ ਸਨ ਤੇ ਉਨ੍ਹਾਂ ਦੀ ਬੇਟੀ ਨਾਲ ਮੇਰੇ ਰਿਸ਼ਤੇ ਦੀ ਪੇਸ਼ਕਸ਼ ਲੈ ਕੇ ਆਏ ਸਨ। ਮੈਂ ਇਕਦਮ ਦੁਬਿਧਾ ਵਿਚ ਪੈ ਗਿਆ। ਕੁੜੀਆਂ ਦੋਵੇਂ ਚੰਗੀਆਂ ਸ਼ਕਲਵੰਦ। ਦੋਵੇਂ ਫ਼ਿਲਾਸਫ਼ੀ ਦੀਆਂ ਐੱਮ.ਏ.। ਸੋ ਇੱਕੋ ਜਿੰਨੀਆਂ ਪੜ੍ਹੀਆਂ ਹੋਈਆਂ। ਕੱਦ ਵੀ ਬਿਲਕੁਲ ਬਰਾਬਰ। ਮੈਂ ਬਾਵਾ ਜੀ ਨੂੰ ਆਪਣੀ ਦੁਬਿਧਾ ਦੱਸੀ।
ਓਦੋਂ ਮੈਂ ਆਪ ਵੀ ਰਾਜਨੀਤੀ ਵਿਚ ਧੱਸਿਆ ਹੋਇਆ ਸਾਂ। ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਸਾਂ ਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਵੀ ਸਾਂ ਤੇ ਬਾਵਾ ਜੀ ਇਹ ਜਾਣਦੇ ਵੀ ਸਨ। ਤਦ ਮੈਨੂੰ ਕਹਿਣ ਲੱਗੇ, “ਨੇਕੀ! ਤੈਨੂੰ ਇਕ ਗੱਲ ਪੁੱਛਣਾ ਚਾਹੁੰਦਾ ਹਾਂ। ਤੂੰ ਰਾਜਨੀਤੀ ਵਿਚ ਸੇਵਾ ਦੀ ਨੀਅਤ ਨਾਲ ਆਇਆ ਹੈਂ ਕਿ ਤਾਕਤ ਹਾਸਲ ਕਰਨ ਦੀ ਨੀਅਤ ਨਾਲ? ਤੇਰਾ ਉੱਤਰ ਮੈਂ ਜਾਣਦਾ ਹਾਂ, ਪਰ ਤੇਰੇ ਮੂੰਹੋਂ ਸੁਣਨਾ ਚਾਹੁੰਦਾ ਹਾਂ।” ਮੈਂ ਕਿਹਾ, “ਜੀ ਸੇਵਾ ਦੀ ਨੀਅਤ ਨਾਲ।” ਤਾਂ ਕਹਿਣ ਲੱਗੇ, “ਤਾਂ ਫਿਰ ਰਾਜਨੀਤੀ ਛੋੜ ਦੇ। ਇਸ ਵਿਚ ਪ੍ਰਵੇਸ਼ ਭਾਵੇਂ ਸੇਵਾ ਦੀ ਨੀਅਤ ਨਾਲ ਹੀ ਕਰੋ, ਪਿੱਛੋਂ ਜਾ ਕੇ ਪਤਾ ਚੱਲਦਾ ਹੈ, ਸੇਵਾ ਨਹੀਂ ਹੋਈ, ਕੁਸੇਵਾ ਹੋ ਗਈ ਹੈ। ਆਪਣੇ ਕਿੱਤੇ ਡਾਕਟਰੀ ਵੱਲ ਧਿਆਨ ਦੇਵੋ। ਉਸ ਵਿਚ ਸੇਵਾ ਸੇਵਾ ਹੀ ਰਹੇਗੀ।” ਮੈਨੂੰ ਉਨ੍ਹਾਂ ਦੀ ਰਾਏ ਇਤਨਾ ਟੁੰਬ ਗਈ ਕਿ ਮੈਂ ਕਿਹਾ, “ਮੈਂ ਅੱਜ ਤੋਂ ਹੀ ਰਾਜਨੀਤੀ ਦਾ ਰਾਹ ਛੱਡ ਦਿੱਤਾ!” ਤੇ ਸੱਚਮੁੱਚ ਛੱਡ ਦਿੱਤਾ। ਇਸ ਨਾਲ ਸ਼ਾਦੀ ਕਿੱਥੇ ਕਰਾਉਣੀ ਹੈ, ਇਹ ਦੁਬਿਧਾ ਵੀ ਬਾਵਾ ਜੀ ਨੇ ਸਮਾਪਤ ਕਰ ਦਿੱਤੀ।
ਮੈਂ ਘਰ ਜਾ ਕੇ ਦਾਦਾ ਜੀ ਨਾਲ ਆਪਣੇ ਪ੍ਰੋਫ਼ੈਸਰ ਸਾਹਿਬ ਦੀ ਲੜਕੀ ਬਾਰੇ ਦੱਸਿਆ ਤੇ ਉਹ ਕਹਿਣ ਲੱਗੇ, “ਇਸ ਬਾਰੇ ਨਾ ਤੂੰ ਹੋਰ ਕੁਝ ਬੋਲ, ਨਾ ਮੈਂ ਬੋਲਦਾ ਹਾਂ। ਇਹ ਧੁਰ ਦਾ ਸੰਜੋਗ ਹੈ। ਇਸ ਨੂੰ ਪਰਵਾਨ ਕਰ ਲੈ।”
ਇਸ ਨੂੰ ਪਰਵਾਨ ਕਰਨ ਬਾਰੇ ਮੈਨੂੰ ਕਦੇ ਕੋਈ ਰਤਾ ਜਿੰਨਾ ਅਫ਼ਸੋਸ ਵੀ ਨਹੀਂ ਹੋਇਆ।
ਖਿਮਾ ਕਰਨਾ ਮੈਂ ਗੱਲ ਲੋੜ ਤੋਂ ਲੰਮੀ ਕਰ ਗਿਆ ਹਾਂ।

ਸੱਜਣ-ਕੱਜਣ, ਲੁਕਣਮੀਟੀ

ਹੁਣ : ਨਹੀਂ ਕੋਈ ਗੱਲ ਨਹੀਂ। ਇਹ ਕਹਾਣੀ ਵੀ ਜ਼ਰੂਰੀ ਸੀ। ਦਿਲਚਸਪ ਵੀ ਸੀ। ਇਹ ਦੱਸੋ, ਤੁਹਾਨੂੰ ਮਾਪਿਆਂ ਵਿਚੋਂ ਮਾਂ ਨਾਲ ਵੱਧ ਪਿਆਰ ਸੀ ਜਾਂ ਪਿਤਾ ਜੀ ਨਾਲ?
ਨੇਕੀ : ਉਹ ਦੋਵੇਂ ਤਾਂ ਮੈਨੂੰ ਰੱਜ ਕੇ ਪਿਆਰ ਕਰਦੇ ਸਨ। ਪਰ ਪਿਤਾ ਜੀ ਅਨੁਸ਼ਾਸਨਵਾਦੀ ਸਨ ਤੇ ਮਾਂ ਬੱਚਿਆਂ ਦੇ ਪਰਦੇ ਕੱਜਿਆ ਕਰਦੀ ਸੀ। ਸੋ ਪਿਤਾ ਜੀ ਨਾਲ ਮੇਰੇ ਪਿਆਰ ਵਿਚ ਉਨ੍ਹਾਂ ਦਾ ਖ਼ੌਫ਼ ਵੀ ਸ਼ਾਮਿਲ ਰਹਿੰਦਾ ਸੀ। ਮਾਂ ਨਾਲ ਨਿਰੋਲ ਪਿਆਰ ਹੀ ਹੋਂਦਾ ਸੀ, ਖ਼ੌਫ਼ ਕੋਈ ਨਹੀਂ।
ਹੁਣ : ਨਿੱਕੇ ਹੁੰਦਿਆਂ ਟੱਬਰ ਵਿਚੋਂ ਸਭ ਤੋਂ ਪਿਆਰਾ ਤੁਹਾਨੂੰ ਕੌਣ ਲਗਦਾ ਸੀ?
ਨੇਕੀ : ਮੇਰੇ ਦਾਦਾ ਜੀ। ਮੈਨੂੰ ਉਨ੍ਹਾਂ ਕੋਲੋਂ ਬੜਾ ਕੁਝ ਪ੍ਰਾਪਤ ਹੋਇਆ, ਪਰ ਸਭ ਤੋਂ ਵੱਧ ਉਨ੍ਹਾਂ ਦਾ ਪਿਆਰ। ਮਾਂ ਪਾਸੋਂ ਵੀ ਕਦੇ ਫਿਟਕਾਰ ਪਈ ਹੋਵੇਗੀ, ਪਰ ਉਨ੍ਹਾਂ ਪਾਸੋਂ ਕਦੇ ਨਹੀਂ ਸੀ ਪਈ। ਜੇ ਕੋਈ ਗ਼ਲਤ ਕੰਮ ਵੀ ਹੋ ਜਾਵੇ ਤਾਂ ਕਹਿੰਦੇ, “ਰੱਬ ਤੇਰਾ ਭਲਾ ਕਰੇ, ਇਹ ਕੀ ਕੀਤਾ ਈ?” ਤੇ ਨਾਲ ਹੀ ਛਾਤੀ ਨਾਲ ਲਾ ਕੇ ਪਿਆਰ ਕਰ ਲੈਂਦੇ।
ਹੁਣ : ਤੁਹਾਡੇ ਦਾਦਾ ਜੀ, ਦਾਦੀ ਜੀ, ਪਿਤਾ ਜੀ, ਮਾਤਾ ਜੀ, ਸਭ ਨਹੀਂ ਰਹੇ। ਇਨ੍ਹਾਂ ਦੇ ਚਲੇ ਜਾਣ ਦਾ ਤੁਹਾਡੇ ‘ਤੇ ਕੀ ਅਸਰ ਹੋਇਆ? ਖ਼ਾਸ ਕਰ ਬਾਬਾ ਜੀ ਦਾ, ਜੋ ਤੁਹਾਨੂੰ ਏਨਾ ਪਿਆਰ ਕਰਦੇ ਸਨ?
ਨੇਕੀ : ਮੈਂ ਅਕਾਲ ਪੁਰਖ ਦਾ ਧੰਨਵਾਦੀ ਰਿਹਾ ਕਿ ਮੇਰੇ ਪ੍ਰੋੜ੍ਹ ਹੋਣ ਤੱਕ ਉਨ੍ਹਾਂ ਸਭਨਾਂ ਦਾ ਸਾਇਆ ਮੇਰੇ ਸਿਰ ਉੱਪਰ ਰਿਹਾ। ਸਭ ਤੋਂ ਪਹਿਲਾਂ ਮੇਰੇ ਪਿਤਾ ਜੀ ਗੁਜ਼ਰੇ ਸਨ। ਜਿਸ ਰਾਤ ਉਹ ਗੁਜ਼ਰੇ ਮੈਨੂੰ ਕੋਈ ਪਤਾ ਨਹੀਂ ਸੀ, ਕਿਉਂਕਿ ਉਹ ਤਾਂ ਕਪੂਰਥਲੇ ਗੁਜ਼ਰੇ ਸਨ ਤੇ ਮੈਂ ਬੰਗਲੌਰ ਵਿਚ ਸਿਖਲਾਈ ਲੈ ਰਿਹਾ ਸਾਂ। ਮੇਰੇ ਦਾਦਾ ਜੀ ਨੇ ਵੀ ਮੈਨੂੰ ਉਨ੍ਹਾਂ ਦੇ ਅਕਾਲ ਚਲਾਣੇ ਬਾਰੇ ਇਕ ਪੋਸਟ ਕਾਰਡ ਹੀ ਪਾਇਆ, ਜੋ ਮੈਨੂੰ ਤਿੰਨ ਚਾਰ ਦਿਨ ਬਾਅਦ ਪ੍ਰਾਪਤ ਹੋਇਆ। ਪਰ ਜਿਸ ਰਾਤ ਉਹ ਗੁਜ਼ਰੇ, ਮੇਰੇ ਬੰਦ ਬੂਹੇ ਥਾਣੀ ਉਹ ਮੈਨੂੰ ਅੰਦਰ ਆਉਂਦੇ ਦਿਸੇ ਤੇ ਕਹਿਣ ਲੱਗੇ, “ਮੈਨੂੰ ਬਸ ਇਤਨੀ ਮੁਹਲਤ ਹੀ ਮਿਲੀ ਹੈ ਕਿ ਤੈਨੂੰ ਫ਼ਤਹਿ ਬੁਲਾ ਜਾਵਾਂ।” ਤੇ ਫਿਰ ਉਹ ਗ਼ਾਇਬ ਹੋ ਗਏ। ਮੈਂ ਉੱਠ ਕੇ ਵੇਖਿਆ, ਤਾਂ ਕਮਰੇ ਨੂੰ ਅੰਦਰੋਂ ਕੁੰਡੀ ਬਦਸਤੂਰ ਲੱਗੀ ਹੋਈ ਸੀ।
ਹੁਣ : ਕੀ ਤੁਹਾਡੇ ਮਨ ਦਾ ਭਰਮ ਨਹੀਂ ਸੀ ਇਹ?
ਨੇਕੀ : ਹੋ ਤਾਂ ਸਕਦਾ ਏ, ਪਰ ਕੁਝ ਤੱਥ ਆਸਾਨੀ ਨਾਲ ਇਹ ਮੰਨਣ ਨਹੀਂ ਦੇਂਦੇ। ਉਹ ਪਹਿਲਾਂ ਬੀਮਾਰ ਨਹੀਂ ਸਨ। ਉਨ੍ਹਾਂ ਦਾ ਅਕਾਲ ਚਲਾਣਾ ਮਿੰਟਾਂ ਵਿਚ ਦਿਲ ਬੰਦ ਹੋ ਜਾਣ ਕਾਰਨ ਹੋਇਆ, ਜਿਸ ਦਾ ਪਤਾ ਮੈਨੂੰ ਚਾਰ ਦਿਨ ਬਾਅਦ ਲੱਗਾ।
ਹੁਣ : ਤੁਹਾਡੇ ਸਭ ਤੋਂ ਪਿਆਰੇ ਜੀਅ ਤੁਹਾਡੇ ਬਾਬਾ ਜੀ ਦੀ ਅੰਤਮ ਖ਼ਾਹਿਸ਼ ਸੀ ਕਿ ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਪ੍ਰਸਾਰਣ ਦੀ ਕੋਈ ਲੋੜ ਨਹੀਂ। ਸਗੋਂ ਚਾਹੁੰਦੇ ਸਨ ਕਿ ਉਨ੍ਹਾਂ ਨੂੰ ‘ਮੌਨ ਦੇ ਕੰਧਾੜੇ ਚਾੜ੍ਹਕੇ’ ਤੋਰਿਆ ਜਾਵੇ। ਕੀ ਤੁਹਾਡਾ ਵੀ ਖ਼ਿਆਲ ਹੈ ਕਿ ਸ਼ੋਰ-ਸ਼ਰਾਬਾ, ਤੜਕ-ਭੜਕ ਜ਼ਿੰਦਗੀ ਦੇ ਅਸਲ ਵੈਰੀ ਹਨ?
ਨੇਕੀ : ਜ਼ਿੰਦਗੀ ਦੇ ਵੈਰੀ ਹੀ ਨਹੀਂ, ਮੌਤ ਦੇ ਵੀ ਵੈਰੀ ਹਨ। ਪਰ ਇਹ ਗੱਲ ਕੋਈ ਵਿਰਲਾ ਹੀ ਪ੍ਰਤੀਤ ਕਰ ਸਕਦਾ ਹੈ, ਜਿਸ ਦੀ ਅਧਿਆਤਮਕ ਅਵਸਥਾ ਪਾਰਗਾਮੀ ਹੋ ਗਈ ਹੋਵੇ। ਮੈਂ ਆਪਣੇ ਦਾਦਾ ਜੀ ਵਰਗਾ ਕਿਵੇਂ ਹੋ ਸਕਦਾ ਹਾਂ। ਉਨ੍ਹਾਂ ਤਾਂ ਕਦੇ ਝੂਠ ਨਹੀਂ ਸੀ ਬੋਲਿਆ, ਮੈਂ ਇਹ ਦਾਅਵਾ ਕਦਾਚਿਤ ਨਹੀਂ ਕਰ ਸਕਾਂਗਾ। ਛੋਟੇ ਹੁੰਦਿਆਂ ਲੁਕਣਮੀਟੀ ਖੇਡਦਿਆਂ ਜੇ ਉਨ੍ਹਾਂ ਓਥੇ ਸਾਨੂੰ ਲੁਕਦਿਆਂ ਨੂੰ ਵੇਖ ਲੈਣਾ, ਤਾਂ ਅਸਾਂ ਕਹਿਣਾ, “ਤੁਸੀਂ ਦੱਸਿਓ ਨਾ ਅਸੀਂ ਕਿੱਥੇ ਲੁਕੇ ਹੋਏ ਹਾਂ।” ਤਾਂ ਕਹਿੰਦੇ, “ਬੇਟਾ ਜੀ, ਜੇ ਕੋਈ ਨਹੀਂ ਪੁੱਛੇਗਾ, ਤਾਂ ਨਹੀਂ ਦੱਸਾਂਗਾ; ਪਰ ਜੇ ਕੋਈ ਪੁੱਛ ਲਏਗਾ, ਤਾਂ ਮੈਂ ਝੂਠ ਨਹੀਂ ਬੋਲ ਸਕਾਂਗਾ।”
ਹੁਣ : ਹੁਣ ਤਾਂ ਸੁੱਖ ਨਾਲ ਤੁਸੀਂ ਆਪ ਦਾਦਾ ਨਾਨਾ ਬਣ ਗਏ ਹੋਵੋਗੇ। ਆਪਣੇ ਬੱਚਿਆਂ ਤੇ ਪੋਤੇ ਦੋਹਤਿਆਂ ਬਾਰੇ ਦੱਸੋ।
ਨੇਕੀ : ਮੇਰੇ, ਨਹੀਂ ਨਹੀਂ, ਸਾਡੇ ਦੋ ਬੱਚੇ ਹਨ। ਵੱਡੀ ਲੜਕੀ ਹੈ। ਉਸ ਨੇ ਖਾਧ ਵਿਗਿਆਨ ਵਿਚ ਅੱੈਮ.ਐੱਸ.ਸੀ. ਕੀਤੀ। ਉਸ ਦੇ ਦੋ ਬੇਟੇ ਹਨ; ਦੋਵੇਂ ਯੂਨੀਵਰਸਿਟੀ ਵਿਚ ਵਿਦਿਆਰਥੀ ਹਨ। ਉਸ ਦਾ ਘਰ ਵਾਲਾ ਇਲੈਕਟ੍ਰਾਨਿਕ ਇੰਜੀਨੀਅਰ ਹੈ। ਸਾਰਾ ਟੱਬਰ ਕਈ ਵਰਿ੍ਹਆਂ ਤੋਂ ਅਮਰੀਕਾ ਵਿਚ ਹੀ ਹੈ। ਉਸ ਤੋਂ ਛੋਟਾ ਬੇਟਾ ਹੈ, ਉਹ ਡਾਕਟਰ ਹੈ, ਕੈਂਸਰ ਦੇ ਇਲਾਜ ਦਾ ਵਿਸ਼ੇਸ਼ਗ ਹੈ। ਉਸ ਦੀ ਪਤਨੀ, ਸਾਡੀ ਨੂੰਹ ਰਾਣੀ ਵੀ ਡਾਕਟਰ ਹੈ। ਉਨ੍ਹਾਂ ਦੇ ਵੀ ਦੋ ਬੱਚੇ ਹਨ। ਲੜਕਾ ਵੱਡਾ ਹੈ; ਹੁਣ ਦਸਵੀਂ ਦਾ ਵਿਦਿਆਰਥੀ ਹੈ, ਲੜਕੀ ਜੋ ਛੋਟੀ ਹੈ ਸੱਤਵੀਂ ਵਿਚ ਹੈ।
ਹੁਣ : ਤੁਹਾਡਾ ਸਮੁੱਚਾ ਪਰਿਵਾਰਕ ਜੀਵਨ ਕਿਹੋ ਜਿਹਾ ਰਿਹਾ?
ਨੇਕੀ : ਇਸ ਤੋਂ ਚੰਗਾ ਕੀ ਹੋ ਸਕਦਾ ਹੈ ਕਿ ਜੀਵਨ ਸਾਥੀ ਸੁੰਦਰ ਵੀ ਹੋਵੇ, ਸੁਘੜ ਵੀ ਤੇ ਸੰਜਮੀ ਵੀ। ਜਵਾਨੀ ਵਿਚ ਉਸਦੀ ਸਰੀਰਕ ਸੁੰਦਰਤਾ ਮੈਨੂੰ ਟੁੰਬਦੀ ਸੀ। ਹੁਣ ਉਸ ਦੀ ਆਤਮਕ ਸ਼ੁੱਧਤਾ ਟੁੰਬਦੀ ਹੈ। ਉਹ ਮੈਨੂੰ ਕੁਰਾਹੇ ਪੈਣ ਤੋਂ ਕਿਸੇ ਵੀ ਮਾਮਲੇ ਵਿਚ ਸਦਾ ਹਟਕਦੀ ਰਹੀ। ਮੇਰੇ ਵਿਪੱਥ ਨਾ ਹੋ ਸਕਣ ਵਿਚ ਮੇਰੇ ਵਡੇਰਿਆਂ ਤੋਂ ਬਾਅਦ ਇਸ ਦਾ ਹੱਥ ਹੈ। ਬੱਚੇ ਸਾਡੇ ਸਾਨੂੰ ਪਿਆਰ ਵੀ ਦੇਂਦੇ ਹਨ, ਸਤਿਕਾਰ ਵੀ। ਪੋਤਾ ਪੋਤੀ ਸਾਡੇ ਕੋਲ ਹੀ ਹਨ। ਪੋਤਾ ਮੇਰਾ ਕੰਪਿਊਟਰ ਵਿਚ ਮਾਹਿਰ ਹੈ। ਮੈਨੂੰ ਜਦ ਮੁਸ਼ਕਿਲ ਆਵੇ, ਉਹ ਮੈਨੂੰ ਮਦਦ ਕਰਨ ਆ ਬਹੁੜਦਾ ਹੈ। ਮੈਂ ਉਸਨੂੰ ਤੇ ਪੋਤੀ ਨੂੰ ਵੀ ਪੰਜਾਬੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ ਉਹ ਜਾਣਦਾ ਹੈ ਕਿ ਕੰਪਿਊਟਰ ਤਾਂ ਉਸ ਨੂੰ ਮੈਥੋਂ ਵੱਧ ਆਉਂਦਾ ਹੈ ਤੇ ਪੰਜਾਬੀ ਮੈਨੂੰ ਉਸ ਤੋਂ ਵੱਧ। ਅਸੀਂ ਇਸ ਲਈ ਮਿੱਤ੍ਰਤਾ ਦਾ ਦਾਅਵਾ ਕਰ ਸਕਦੇ ਹਾਂ।

ਹਿੰਮਤੋਂ ਬਗੈਰ ਪਿਆਰ

ਹੁਣ : ਤੁਸਾਂ ਆਪਣੀ ਸਾਹਿਤਕ ਸ੍ਵੈ-ਜੀਵਨੀ ‘ਕੋਈ ਨਾਉ ਨ ਜਾਣੇ ਮੇਰਾ’ ਵਿਚ ਆਪਣੇ ਪਿਆਰਾਂ ਬਾਰੇ ਬੜਾ ਰੱਜ ਤੇ ਗੱਜ ਕੇ ਲਿਖਿਆ ਹੈ। ਉਨ੍ਹਾਂ ਦਾ ਤੁਹਾਡੇ ‘ਤੇ ਕੀ ਪ੍ਰਭਾਵ ਪਿਆ?
ਨੇਕੀ : ਹਰ ਪਿਆਰ ਸਫਲ ਹੋਵੇ ਭਾਵੇਂ ਨਾ, ਉਸ ਨੂੰ ਕੋਈ ਹੁੰਗਾਰਾ ਮਿਲੇ ਭਾਵੇਂ ਨਾ, ਜ਼ਿੰਦਗੀ ਸੁਆਰਦਾ ਹੈ। ਜੇ ਕਬਜ਼ੇ ਦੀ ਤ੍ਰਿਸ਼ਨਾ ਨਾ ਹੋਵੇ, ਤਾਂ ਪਿਆਰ ਜ਼ਿੰਦਗੀ ਵਿਚੋਂ ਬੜੇ ਉੱਚੇ ਗੁਣ ਜਿਵਾਲ ਸਕਦਾ ਹੈ। ਮੈਂ ਕਦੇ ਕਦੇ ਸੋਚਦਾ ਹਾਂ, ਜੇਕਰ ਇਹ ਪਿਆਰ ਜ਼ਿੰਦਗੀ ਵਿਚ ਨਾ ਆਏ ਹੋਂਦੇ, ਤਾਂ ਮੇਰੇ ਅੰਦਰ ਸੂਖਮ ਭਾਵਾਂ ਦੀ ਅਣਹੋਂਦ ਹੀ ਬਣੀ ਰਹਿੰਦੀ। ਹਰ ਪਿਆਰ ਭਾਵਾਂ ਨੂੰ ਜਗਾਉਣ ਤੇ ਉਨ੍ਹਾਂ ਨੂੰ ਸੰਜਮ ਵਿਚ ਰੱਖਣ ਦੀ ਸੰਥਿਆ ਪ੍ਰਦਾਨ ਕਰਦਾ ਹੈ। ਮੈਂ ਇਸ ਪੱਖੋਂ ਆਪਣੇ ਆਪ ਨੂੰ ਵਰੋਸਾਇਆ ਮੰਨਦਾ ਹਾਂ। ਕਦੇ-ਕਦੇ ਹਮਦਰਦੀ ਵੀ ਪਿਆਰ ਦਾ ਰੂਪ ਧਾਰਨ ਕਰ ਲੈਂਦੀ ਹੈ। ਮੇਰੇ ਪਿੰਡ ਦੀ ਕੁੜੀ ਜਿਸ ਦਾ ਵਿਆਹ ਲਾਗਲੇ ਪਿੰਡ ਦੇ ਟੁੰਡੇ ਹਟਵਾਣੀਏ ਨਾਲ ਹੋਇਆ, ਮੇਰੇ ਅੰਦਰ ਡੂੰਘੀ ਹਮਦਰਦੀ ਜਿਵਾਲ ਗਈ। ਇਥੋਂ ਤਕ ਕਿ :

ਚਿੱਤ ਮੇਰੇ ਆਇਆ ਲਵਾਂ ਓਸ ਨੂੰ ਬਚਾਲ ਮੈਂ
ਭਾਵੇਂ ਤਾਂ ਲਿਜਾਵਾਂ ਕਿਤੇ ਓਸ ਨੂੰ ਉਧਾਲ ਮੈਂ
ਚਿੱਤ ਮੇਰੇ ਭਾਵੇਂ ਹਮਦਰਦੀ ਘਨੇਰੀ ਸੀ
ਚਿੰਤਨਾ ਤੋਂ ਵੱਧ ਮੇਰੇ ਪਾਸ ਨ ਦਲੇਰੀ ਸੀ
ਸੋਚਣੇ ਹੀ ਜੋਗਾ ਸਾਂ, ਮੈਂ ਕਰਨ ਜੋਗਾ ਕਿੱਥੇ ਸਾਂ?
ਪੁੱਛ ਵੀ ਨਾ ਸਕਿਆ ਤਾਂ ਹਰਨ ਜੋਗਾ ਕਿੱਥੇ ਸਾਂ?

ਇਵੇਂ ਹੀ ਗੁੰਗੀ-ਬੋਲੀ ਕੁੜੀ ਨਾਲ ਪਹਿਲਾਂ ਹਮਦਰਦੀ ਜਾਗੀ, ਫਿਰ ਉਸ ਦੀਆਂ ਕਲਾਤਮਕ ਪ੍ਰਾਪਤੀਆਂ ਵੇਖ ਕੇ ਪ੍ਰਸੰਸਾ ਤੇ ਇਹ ਦੋਵੇਂ ਭਾਵ ਰੱਲ ਕੇ ਪਿਆਰ ਜਿਹਾ ਰੂਪ ਧਾਰ ਗਏ। ਪਰ ਘਰਦਿਆਂ ਦੀ ਨਾਮਨਜ਼ੂਰੀ ਉੱਪਰ ਉਜ਼ਰ ਉਛਾਲਣ ਦੀ ਦਲੇਰੀ ਹੈ ਨਹੀਂ ਸੀ। ਸੋ ਭਾਵ ਦਿਲ ਦੇ ਦਿਲ ਵਿਚ ਹੀ ਦੱਬੇ ਗਏ।
ਮੈਂ ਇਕੱਲਾ ਹੀ ਦਲੇਰੀ ਤੋਂ ਹੀਣਾ ਨਹੀਂ। ਪੰਜਾਬ ਦੇ ਕਿੱਸਿਆਂ ਦੇ ਬਹੁਤ ਸਾਰੇ ਹੀਰੋ ਵੀ ਇਹੋ ਜਿਹੇ ਹੀ ਹਨ।

ਰਾਂਝੇ ਪਾਸ ਹੁੰਦੀ ਜੇ ਦਲੇਰੀ ਕਿੱਸਾ ਹੋਰ ਹੁੰਦਾ,
ਹੀਰ ਹੋਂਦੀ ਉਹਦੀ, ਨਹੀਂ ਕੰਨ ਪੜਵਾਂਦਾ ਉਹ
ਮਹੀਂਵਾਲ ਪਾਸ ਜੇ ਸ਼ਊਰ ਹੋਂਦਾ ਮਰਦਮੀ ਦਾ
ਠਿਲ੍ਹ ਕੇ ਝਨਾਈਂ ਆਪ ਸੁਹਣੀ ਪਾਸ ਜਾਂਦਾ ਉਹ
ਕੈLਸ ਪਾਸ ਹੋਂਵਦਾ ਜੇ ਸਾਹਸ, ਸਲਾਮ ਲੈਂਦਾ
ਲੈਲੀ ਪਾਸੋਂ ਆਪਣਾ ਨਾ ਠੂਠਾ ਭੰਨਵਾਂਦਾ ਉਹ
ਪੁੰਨੂ ਦੇ ਜੇ ਪੱਲੇ ਕਦੇ ਪੁਰਖਤਾ ਦਾ ਚੱਜ ਹੋਂਦਾ
ਸੱਸੀ ਪਾਸ ਰਹਿੰਦਾ, ਨਾ ਬਲੋਚਾਂ ਨਾਲ ਧਾਂਦਾ ਉਹ।
ਸੁਣੋ ਪਿਆਰ ਵਾਲਿਓ ਮੈਂ ਅਨੁਭਵੀ ਪੁਕਾਰਦਾ,
ਹਿੰਮਤੋਂ ਬਗ਼ੈਰ ਪਿਆਰ ਹਾਰਦਾ ਹੀ ਹਾਰਦਾ!

ਜੇਕਰ ਕਿਸੇ ਬੇਹਿੰਮਤੀ ਦਾ ਪਿਆਰ ਸਰਸ਼ਾਰ ਵੀ ਹੋ ਜਾਵੇ, ਤਾਂ ਅਗਲੇ ਦੀ ਦਲੇਰੀ ਕਰਕੇ ਹੋ ਸਕਦਾ ਹੈ। ਇਹ ਉਸ ਦੀ ਖ਼ੁਸ਼ਹਿੰਮਤੀ ਨਹੀਂ ਹੋਂਦੀ, ਖ਼ੁਸ਼ ਕਿਸਮਤੀ ਹੋਂਦੀ ਹੈ।

ਰਚਨਾ ਪਲ

ਹੁਣ : ਤੁਹਾਡੇ ਰਚਨਾ ਪਲ ਕਿਹੋ ਜਹੇ ਹੁੰਦੇ ਹਨ?
ਨੇਕੀ : ਮੈਂ ਆਪਣੀ ਰਚਨਾ-ਪ੍ਰਕਿਰਿਆ ਬਾਰੇ ਇਕ ਬੰਦ ਲਿਖਿਆ ਹੈ। ਉਸ ਰਾਹੀਂ ਤੁਹਾਡੇ ਇਸ ਪ੍ਰਸ਼ਨ ਦਾ ਪੂਰਾ ਉੱਤਰ ਦੇਣ ਦਾ ਯਤਨ ਕਰਦਾ ਹਾਂ:

ਕਾਲ ਬੱਝਾ ਕਿਸੇ ਕਰਾਮਾਤੀ ਪ੍ਰਭਾਓ ਵਿਚ,
ਥਾਨ ਸੰਮੋਹੇ ਕਿਸੇ ਸ਼ਬਦ ਦੇ ਰਹਾਓ ਵਿਚ।
ਚੇਤਨਾ ‘ਚ ਸੁੱਤੀ ਹੋਈ ਅਖਰਾਂ ਦੀ ਸੱਤਿਆ,
ਸ਼ਬਦ ਨੂੰ ਦਲਹੀਜ਼ ‘ਚ ਵਿਚਾਰਾਂ ਰੋਕ ਰਖਿਆ।
ਬੱਝੀ ਹੋਈ ਕਿਸੇ ਜਾਦੂਗਰੀ ਦੇ ਤਣਾਵਾਂ ‘ਚ,
ਖੜ੍ਹੀ ਕਾਵਿ-ਕੰਜਕਾਂ, ਅਚੱਲ, ਅਸਗਾਹਾਂ ‘ਚ।
ਓਦੋਂ, ਜਿਵੇਂ, ਚਿਣਗ ਕੋਈ ਤੜਪੀ ਬਿਭੂਤ ‘ਚੋਂ,
ਕਣੀ ਇਕ ਜਾਗੀ ਇਕਾਇਕ ਕਲਬੂਤ ‘ਚੋਂ।
ਸਕਤੇ ‘ਚੋਂ ਹੁਸੜ ਕੇ ਵੈਰਾਗ ਕੋਈ ਜਾਗਿਆ,
ਸੋਹਿਲੇ ਦੇ ਸੀਨੇ ਵਿਚੋਂ ਰਾਗ ਕੋਈ ਜਾਗਿਆ।
ਜ਼ਿੰਦੜੀ ‘ਚੋਂ ਜਨਮ-ਜਾਤ ਨਾਦ ਆਣ ਮੌਲਿਆ,
ਕਲਾ ਨਾਲ ਕਾਲ ਦਾ ਸੰਬਾਦ ਆਣ ਮੌਲਿਆ।
ਸਹਿਕਦੀ ਸਮਾਧੀ ‘ਚੋਂ ਸਰੂਰ ਕੋਈ ਫੁੱਟਿਆ,
ਭਿੱਜੀ ਹੋਈ ਆਤਮਾ ‘ਚੋਂ ਬੂਰ ਕੋਈ ਫੁੱਟਿਆ।
ਗੀਤ ਕਿਸੇ ਰੂਪ ਦਾ ਅਰੂਪ ਹੋ ਕੇ ਗਾਂਵਿਆ,
ਸੁਹਜ ਕਿਸੇ ਸੱਚ ਦਾ ਸਰੂਪ ਹੋ ਕੇ ਗਾਂਵਿਆ।

ਕਾਮਾ ਜਾਂ ਕਾਰੀਗਰ

ਹੁਣ : ਮੈਨੂੰ ਨਹੀਂ ਉਮੀਦ ਹੋਰ ਕਿਸੇ ਕਵੀ ਨੇ ਆਪਣੀ ਸਿਰਜਨ ਪ੍ਰਕਿਰਿਆ ਬਾਰੇ ਵਾਰਤਕ ਵਿਚ ਵੀ ਇਤਨੀ ਸੁਚੱਜਤਾ ਨਾਲ ਲਿਖਿਆ ਹੋਵੇ, ਜਿਤਨੀ ਸੁਚੱਜਤਾ ਨਾਲ ਤੁਸੀਂ ਕਵਿਤਾ ਵਿਚ ਲਿਖਿਆ ਹੈ। ਇਸ ਵੇਲੇ ਇਕ ਪ੍ਰਸ਼ਨ ਮੇਰੇ ਅੰਦਰੋਂ ਆਣ ਪੈਦਾ ਹੋਇਆ ਹੈ। ਕੀ ਤੁਹਾਡਾ ਵਿਸ਼ਵਾਸ ਹੈ ਕਿ ਕਵਿਤਾ ਧੁਰੋਂ ਉਤਰਦੀ ਹੈ?
ਨੇਕੀ : ਜੋ ਧੁਰ ਨਾਲ ਜੁੜੇ ਹੋਂਦੇ ਹਨ, ਉਨ੍ਹਾਂ ਦੀ ਕਵਿਤਾ ਜ਼ਰੂਰ ਧੁਰੋਂ ਹੀ ਉਤਰਦੀ ਹੈ। ਜਨਮ ਸਾਖੀਆਂ ਵਿਚ ਗੁਰੂ ਨਾਨਕ ਦੇਵ ਜੀ ਬੜੀ ਥਾਈਂ ਮਰਦਾਨੇ ਨੂੰ ਆਖਦੇ ਹਨ,
“ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ।” ਉਹ ਆਪ ਵੀ ਆਖਦੇ ਹਨ:
“ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀਂ ਗਿਆਨ ਵੇ ਲਾਲੋ।”
ਨਾਨਕ ‘ਸਾਇਰ’ ਦੀ ਸੁਰਤਿ ਹਰ ਵੇਲੇ ਧੁਰ ਦਰਗਾਹ ਨਾਲ ਜੁੜੀ ਹੋਂਦੀ ਸੀ, ਸੋ ਉਸ ਦੇ ਉਚਾਰਨ ਸਭ ‘ਆਮਦ’ ਦੇ ਉਚਾਰਣ ਸਨ।
ਕਈ ਕਵੀ ਆਪਣੀ ਪ੍ਰੇਰਿਤ ਅਵਸਥਾ ਵਿਚ ਆਪਣੇ ਚੌਗਿਰਦੇ ਤੋਂ ਨਿਖੜ ਕੇ ਆਪਣੇ ਅੰਦਰ ਇਤਨਾ ਗੜੂੰਦ ਹੋ ਕੇ ਸਿਰਜਣਾ ਕਰਦੇ ਹਨ ਕਿ ਜਦ ਉਹ ਆਪਣੀ ਹੀ ਸਿਰਜਣਾ ਦਾ ਪਾਠ ਕਰਦੇ ਹਨ, ਹੈਰਾਨ ਹੋਂਦੇ ਹਨ ਕਿ ਇਹ ਉਨ੍ਹਾਂ ਕਿਵੇਂ ਸਿਰਜੀ। ਉਹ ਉਨ੍ਹਾਂ ਨੂੰ ਆਪਣੀ ਕੂਤ ਤੇ ਕੌਸ਼ਲ ਤੋਂ ਉਚੇਰੀ ਵਸਤ ਜਾਪਦੀ ਹੈ। ਉਹ ਵੀ ਇਕ ਤਰ੍ਹਾਂ ‘ਆਮਦ’ ਦੀ ਕਵਿਤਾ ਹੀ ਕਹਿੰਦੇ ਹਨ ਪਰ ਆਮਦ ‘ਧੁਰੋਂ’ ਨਹੀਂ, ਉਨ੍ਹਾਂ ਤੇ ਅਚੇਤਨ ਜਾਂ ਪਰਾਚੇਤਨ ਵਿਚੋਂ ਹੁੰਦੀ ਹੈ।
ਤੀਜੀ ਪ੍ਰਕਾਰ ਦੇ ਕਵੀ ਉਹ ਹੋਂਦੇ ਹਨ, ਜਿਨ੍ਹਾਂ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਲਿਖਦੇ ਹਨ, ਕੱਟਦੇ ਹਨ, ਮੁੜ ਲਿਖਦੇ, ਮੁੜ ਕੱਟਦੇ ਹਨ। ਜਿਵੇਂ ਵਾਰਿਸ ਸ਼ਾਹ ਕਹਿੰਦਾ ਹੈ :

ਫ਼ਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ,
ਨਵਾਂ ਫੁੱਲ ਗੁਲਾਬ ਦਾ ਤੋੜਿਆ ਈ॥

ਪਰ ਬੜੇ ਲੋਕ ਵਾਰਿਸ ਸ਼ਾਹ ਦੇ ਇਕਬਾਲ ਦੇ ਬਾਵਜੂਦ ਇਹ ਮੰਨਦੇ ਹਨ ਕਿ ਉਸਦੀ ਕਵਿਤਾ ਆਮਦ ਦੀ ਕਵਿਤਾ ਹੈ, ਆਵੁਰਦ ਦੀ ਨਹੀਂ। ਕਈ ਤਾਂ ਉਸ ਨੂੰ ਸੂਫ਼ੀ ਕਵੀ ਹੀ ਮੰਨਦੇ ਹਨ ਤੇ ਉਸ ਦੀ ਰਚਨਾ ਨੂੰ ਕਲਾਮ ਦਾ ਦਰਜਾ ਦੇਂਦੇ ਹਨ।
ਹੁਣ ਇਹ ਪ੍ਰਸ਼ਨ ਮੇਰੇ ਬਾਰੇ ਪੁੱਛ ਕੇ ਮੈਨੂੰ ਸ਼ਰਮਸਾਰ ਨਾ ਕਰਨਾ। ਮੈਨੂੰ ਤਾਂ ਬੜੀ ਜਾਨ ਮਾਰਨੀ ਪੈਂਦੀ ਏ। ਲੰਮੀ ਕਵਿਤਾ ਵਿਚ ਖ਼ਾਸ ਕਰ। ਲੰਮੀ ਕਵਿਤਾ ਲਈ ਦਾਰਸ਼ਨਿਕ ਪਿਛੋਕੜ ਲੋੜੀਂਦਾ ਹੋਂਦਾ ਹੈ ਤੇ ਦਰਸ਼ਨ ਨੂੰ ਕਾਵਿ ਵਿਚ ਢਾਲਣਾ ਕੋਈ ਸੁਖੈਨ ਯਤਨ ਨਹੀਂ ਹੋਂਦਾ। ਇਕ ਇਕ ਪੰਕਤੀ ਉੱਤੇ, ਕਈ ਵਾਰ ਇਕ-ਇਕ ਅੱਖਰ ਉੱਪਰ ਘੰਟਿਆਂ ਬੱਧੀ ਜਾਨ ਮਾਰਨੀ ਪੈਂਦੀ ਹੈ। ਮੈਂ ਤਾਂ ਕਾਮਾ ਹਾਂ, ਕਾਰੀਗਰ ਨਹੀਂ!
ਹੁਣ : ਤੁਸੀਂ ਸੂਫ਼ੀਆਂ ਦੀ ਗੱਲ ਤੋਰੀ ਹੈ ਤਾਂ ਪੁੱਛਣਾ ਚਾਹੁੰਦਾ ਹਾਂ ਗੁਰਬਾਣੀ ਤੇ ਸੂਫ਼ੀਵਾਦ ਵਿਚ ਪੁਰਖ ਇਸਤਰੀ ਬਣ ਕੇ ਕਿਉਂ ਲਿਖਦੇ ਹਨ?
ਨੇਕੀ : ਸੂਫ਼ੀਆਂ ਵਿਚ ਤਾਂ ਇਹ ਰੁਝਾਨ ਬਹੁਤ ਘੱਟ ਹੈ, ਗੁਰਬਾਣੀ ਵਿਚ ਬੜਾ ਸਪੱਸ਼ਟ ਹੈ। ਗੁਰੂ ਸਾਹਿਬ ਕਹਿੰਦੇ ਹਨ :

ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਥਾਈ॥

-ਆਦਿ ਗ੍ਰੰਥ ਪੰਨਾ. ੫੯੧

ਪੁਰਖ ਦੇ ਇਥੇ ਦੋ ਅਰਥ ਹਨ। ਇਕ ਅਰਥ ਹੈ “ਪੁਰੀ ਵਿਚ ਰਹਿਣ ਵਾਲਾ” ਤੇ ਜੇ ਪੁਰੀ ਤੋਂ ਭਾਵ ਬ੍ਰਹਮੰਡ ਲੈ ਲਿਆ ਜਾਵੇ, ਤਾਂ ਅਰਥ ਹੋਵੇਗਾ ਸਰਬ-ਵਿਆਪਕ। ਉਹ ਤਾਂ ਕਰਤਾਰ ਹੈ ਹੀ।
ਪਰ ਇਕ ਥਾਂ ‘ਤੇ ਪੁਰਖ ਤੋਂ ਅਰਥ ਮਰਦ ਹੈ, ਜੋ ਨਾਰਿ ਦੇ ਵਿਪ੍ਰੀਤ ਵਰਤਿਆ ਗਿਆ ਹੈ। ਉਹ ਸਭਨਾ ਕਾ ਖਸਮ ਹੈ। ਉਸ ਤਕ ਰਸਾਈ ਹਰਿਕ ਪ੍ਰਾਣੀ ਦਾ ਧਰਮ ਹੈ। ਇਉਂ ਉਹ ਸਭ ਦਾ ਮਹਿਬੂਬ ਹੈ, ਜਿਸ ਦੀ ਨਿਕਟਤਾ ਦੇ ਸਭ ਲੋਕ ਅਭਿਲਾਖੀ ਹਨ, ਉਵੇਂ ਜਿਵੇਂ ਕੋਈ ਸੁਹਾਗਣ ਆਪਣੇ ਪਤੀ ਦੀ ਨਿਕਟਤਾ ਲੋਚਦੀ ਹੈ। ਉਤਨੀ ਤੀਬਰਤਾ ਨਾਲ ਹੀ ਉਸ ਦੀ ਵਾਟ ਨਿਹਾਰਦੀ ਹੈ, ਉਸ ਤੋਂ ਵੀ ਵੱਧ ਤੀਬਰਤਾ ਨਾਲ ਬਿਰਹਾ ਹੰਢਾਉਂਦੀ ਹੈ। ਸੰਸਾਰਕ ਪਿਆਰ ਦਾ ਇਹ ਰੂਪਕ ਰੱਬ ਲਈ ਜਾਗੇ ਪਿਆਰ ਦੇ ਨਿਕਟਤਮ ਅਪੜਦਾ ਹੈ। ਇਸ ਲਈ ਕੇਵਲ ਗੁਰਬਾਣੀ ਵਿਚ ਹੀ ਨਹੀਂ ਸਾਰੇ ਭਗਤੀ ਸਾਹਿਤ ਵਿਚ ਇਵੇਂ ਹੈ।
ਕ੍ਰਿਸ਼ਣ ਭਗਵਾਨ ਦੇ ਗਿਰਦ ਗੋਪੀਆਂ ਦਾ ਹਜੂਮ ਹੈ। ਸਭ ਉਸ ਨੂੰ ਪਿਆਰਦੀਆਂ ਹਨ। ਉਸ ਦੀ ਬੰਸੀ ਦੀ ਤਾਨ (ਅਨਹਦ ਸ਼ਬਦ) ਉਨ੍ਹਾਂ ਨੂੰ ਆਕਰਸ਼ਤ ਕਰਦੀ ਹੈ। ਪਰ ਉਹ ਸਭ ਤੋਂ ਵੱਧ ਰਾਧਾ (ਭਗਤ) ਵੱਲ ਰੁਚਿਤ ਹੈ। ਆਪਣੀ ਵਿਆਹੁਤਾ ਵੱਲ ਵੀ ਨਹੀਂ। ਪਿਆਰ ਰਿਸ਼ਤਿਆਂ ਤੋਂ ਬਾਲਾ ਹੋਂਦਾ ਹੈ। ਕ੍ਰਿਸ਼ਣ ਆਪਣੀਆਂ ਗੋਪੀਆਂ ਦੇ ਬਸਤਰ ਚੁੱਕ ਕੇ ਲੈ ਜਾਂਦਾ ਹੈ। ਭਾਵ ਇਹ ਹੈ ਕਿ ਅਸੀਂ ਸਭ ਆਪਣੇ ਪਰਮਾਤਮਾ ਅੱਗੇ ਨੰਗੇ ਹਾਂ। ਪਰ ਉਹ ਭੋਗਦਾ ਕਿਸੇ ਨੂੰ ਨਹੀਂ। ਉਸ ਦੇ ਵਸਲ ਦੀ ਪ੍ਰਾਪਤੀ ਲਈ ਆਪਣੀ ਹਉਮੈ ਤਿਆਗਣੀ ਪੈਂਦੀ ਹੈ।

ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ॥

-ਆਦਿ ਗ੍ਰੰਥ ਪੰਨਾ. ੧੨੬੩

ਹੁਣ : ਇਸੇ ਸੰਦਰਭ ਵਿਚ ਇਕ ਸਵਾਲ ਹੋਰ। ਕੋਈ ਪੰਜਾਬਣ ਕਵਿਤ੍ਰੀ ਸੂਫ਼ੀ ਕਵਿਤ੍ਰੀ ਕਿਉਂ ਨਹੀਂ ਹੋਈ?
ਨੇਕੀ : ਵੈਸੇ ਤਾਂ ਰਾਬਿਆ ਤੋਂ ਇਲਾਵਾ ਸ਼ਾਇਦ ਹੀ ਕੋਈ ਇਸਤਰੀ ਸੂਫ਼ੀ ਹੋਈ ਹੋਵੇ। ਘੱਟੋ ਘੱਟ ਮੈਂ ਨਹੀਂ ਜਾਣਦਾ।
ਪੰਜਾਬਣਾਂ ਸੂਫ਼ੀ ਨਹੀਂ ਹੋ ਸਕਦੀਆਂ। ਜੇ ਉਹ ਹੀਰਾਂ ਹੋ ਸਕਦੀਆਂ ਹਨ, ਸੁਹਣੀਆਂ ਹੋ ਸਕਦੀਆਂ ਹਨ ਤੇ ਜੇ ਇਸ਼ਕੇ-ਮਜਾਜ਼ੀ ਤੇ ਇਸ਼ਕੇ-ਹਕੀਕੀ ਵਿਚ ਮਾਰਫ਼ਤ ਦੇ ਹਿਸਾਬ ਕੋਈ ਫ਼ਰਕ ਨਹੀਂ, ਤਾਂ ਇਹ ਸੂਫ਼ੀ ਔਰਤਾਂ ਸਨ। ਉਹ ਕਵਿਤ੍ਰੀਆਂ ਬੋਲਾਂ ਦੀਆਂ ਨਹੀਂ ਸਨ, ਕਰਮ ਦੀਆਂ ਸਨ। ਉਨ੍ਹਾਂ ਦੇ ਕਰਮ ਨੇ ਕਿਤਨੇ ਹੀ ਕਵੀਆਂ ਨੂੰ ਬੋਲ ਦਿੱਤੇ ਹਨ!
ਹੁਣ : ਜੇ ਇਜਾਜ਼ਤ ਦਿਓ ਤਾਂ ਕੁਝ ਪ੍ਰਸ਼ਨ ਪੰਜਾਬੀ ਲੇਖਕਾਂ ਬਾਰੇ ਪੁੱਛਾਂ?
ਨੇਕੀ : ਅਜਿਹਾ ਕੋਈ ਸਵਾਲ ਨਾ ਪੁੱਛਣਾ ਜਿਸ ਦਾ ਸਹੀ ਜਵਾਬ ਦੇਣਾ ਮੈਨੂੰ ਉਚਿਤ ਨਾ ਲੱਗੇ ਤੇ ਝੂਠਾ ਮੈਂ ਦੇ ਨਾ ਸਕਾਂ।

ਉਲਾਰ ਲੇਖਕ

ਹੁਣ : ਕੀ ਪੰਜਾਬੀ ਲੇਖਕਾਂ ਦਾ ਆਪਣੀ ਬੋਲੀ ਦੀਆਂ ਲੇਖਕਾਵਾਂ ਵੱਲ ਰੁਝਾਣ ਕੁਝ ਉਲਾਰ ਨਹੀਂ?
ਨੇਕੀ : ਇਕੋ ਕਿੱਤੇ ਵਾਲਿਆਂ ਦੀ ਆਪੋ ਵਿਚ ਰੁਚੀ ਹੋ ਜਾਣੀ ਕੋਈ ਉਲਾਰ ਗੱਲ ਨਹੀਂ ਹੋਂਦੀ। ਡਾਕਟਰ ਮੁੰਡੇ ਡਾਕਟਰ ਕੁੜੀਆਂ ਵੱਲ ਵਧੇਰੇ ਰੁਚਿਤ ਹੋਂਦੇ ਹਨ ਇਤਿਆਦਿ। ਪਰ ਇਕ ਉਲਾਰਪੁਣਾ ਜ਼ਰੂਰ ਸਭ ਨੇ ਪ੍ਰਤੀਤ ਕੀਤਾ ਹੋਣਾ ਹੈ। ਕਰੀਬਨ ਹਰ ਲੇਖਕ ਇਕ ਵਿਸ਼ੇਸ਼ ਲੇਖਕਾ ਦਾ ਪਾਣੀ ਭਰਨ ਦਾ ਚਾਹਵਾਨ ਰਿਹਾ ਜਾਪਦਾ ਹੈ। ਇਸ ਤੋਂ ਇਹ ਸਿੱਟਾ ਵੀ ਤਾਂ ਕੱਢਿਆ ਜਾ ਸਕਦਾ ਹੈ ਕਿ ਉਸ ਨੇ ਜੋ ਆਇਆ, ਉਸ ਦੀ ਹੌਸਲਾ ਅਫ਼ਜ਼ਾਈ ਹੀ ਕੀਤੀ। ਨਾਮ ਮੈਂ ਕੀ ਲਵਾਂ।
‘ਪੰਜ ਦਰਿਆ’ ਵਿਚ ਉਸ ਦੀ ਕਰੀਬਨ ਹਰ ਕਵਿਤਾ ਦਾ ਪ੍ਰਤਿਉੱਤਰ ਮੋਹਨ ਸਿੰਘ ਛਾਪਦਾ ਰਿਹਾ। ਉਸ ਨੇ ਕੋਈ ਪ੍ਰੋਟੈਸਟ ਨਹੀਂ ਕੀਤਾ, ਸਗੋਂ ਖ਼ਾਮੋਸ਼ੀ ਧਾਰ ਕੇ ਉਸ ਦੀ ਹੌਸਲਾ-ਅਫ਼ਜ਼ਾਈ ਹੀ ਕੀਤੀ। ਇਥੋਂ ਤੱਕ ਕਿ ਦੋਹਾਂ ਦੇ ਸੰਬੰਧ ਦੀ ਮਿੱਥ ਖੜ੍ਹੀ ਹੋ ਗਈ। ਜਦ ਤਕ ਮੋਹਨ ਸਿੰਘ ਦੀ ਉਸ ਨੂੰ ਲੋੜ ਸੀ, ਇਸ ਮਿੱਥ ਨੂੰ ਉਸ ਨੇ ਉਖਾੜਿਆ ਨਾ। ਜਦ ਇਸ ਦੀ ਆਪਣੀ ਪ੍ਰਤਿਭਾ ਪਰਵਾਨ ਹੋ ਗਈ, ਇਸ ਮਿੱਥ ਤੋਂ ਇਨਕਾਰੀ ਹੋ ਗਈ।
ਇਸ ਮਿੱਥ ਦੇ ਬੜੇ ਮਨੋਵਿਗਿਆਨਕ ਪੱਖ ਹਨ, ਪਰ ਸਭ ਵਿਚ ਜਾਣਾ ਜ਼ਰੂਰੀ ਨਹੀਂ! ਇਤਨਾ ਜਾਣ ਲੈਣਾ ਹੀ ਕਾਫ਼ੀ ਹੈ ਕਿ ਉਲਾਰ ਪੁਣਾ ਜੇ ਕਿਸੇ ਕੇਂਦਰ ਤੋਂ ਤੁਰਦਾ ਹੋਵੇ, ਤਾਂ ਉਸ ਨੂੰ ਵਿਆਪਕ ਨਹੀਂ ਮੰਨ ਲੈਣਾ ਚਾਹੀਦਾ।
ਅਸਾਂ ਇਹ ਵੀ ਵੇਖਿਆ ਹੈ ਕਿ ਇਕ ਲੇਖਕ ਤੇ ਇਕ ਲੇਖਕਾ ਦਾ ਪਿਆਰ ਰਿਸ਼ਤੇ ਵਿਚ ਵੱਟ ਗਿਆ ਤੇ ਫਿਰ ਸਮਾਂ ਪਾ ਕੇ ਜਾਨੀ ਦੁਸ਼ਮਣੀ ਦਾ ਰੂਪ ਧਾਰਨ ਕਰ ਗਿਆ। ਪਰ ਕੇਵਲ ਇਕ ਨਮੂਨੇ ਤੋਂ ਸਰਬੱਤ ਲਈ ਸਾਧਾਰਨੀਕਰਨ ਨਹੀਂ ਕੀਤਾ ਜਾ ਸਕਦਾ।

ਮਿੱਤਰਤਾ

ਹੁਣ : ਅਤਰ ਸਿੰਘ ਤੇ ਹਰਿਭਜਨ ਸਿੰਘ ਦੀ ਮਿਤ੍ਰਤਾ ਤੋਂ ਤੁਸਾਂ ਕੀ ਖੱਟਿਆ ਤੇ ਕੀ ਗੁਆਇਆ?
ਨੇਕੀ : ਤੁਸਾਂ ਇਹ ਸਵਾਲ ਬੜਾ ਉਲਝਣ ਵਾਲਾ ਕੀਤਾ ਹੈ। ਇਸ ਦਾ ਉੱਤਰ ਇਕੋ ਫ਼ਿਕਰੇ ਵਿਚ ਵੀ ਦਿੱਤਾ ਜਾ ਸਕਦਾ ਹੈ ਤੇ ਪੂਰੀ ਇਕ ਪੁਸਤਕ ਵਿਚ ਵੀ, ਜੋ ਸ਼ਾਇਦ ਸਾਰਾ ਕੁਝ ਨ ਦੱਸ ਸਕੇ। ਪਹਿਲਾਂ ਇਕ ਫ਼ਿਕਰੇ ਦਾ ਜਵਾਬ : ਖੱਟਿਆ ਬੜਾ ਕੁਝ ਗੰਵਾਇਆ ਕੁਝ ਵੀ ਨਹੀਂ। ਇਹ ਦੋਵੇਂ ਮੇਰੇ ਬੜੇ ਪਿਆਰੇ ਮਿੱਤਰ ਸਨ। ਦੋਵੇਂ ਬੜੇ ਗੁਣਵਾਨ ਤੇ ਕੁਦਰਤ ਦੇ ਵਰੋਸਾਏ ਚਿੰਤਕ ਸਨ। ਮੈਨੂੰ ਇਨ੍ਹਾਂ ਦੋਹਾਂ ਪਾਸੋਂ ਕਈ ਕੁਝ ਪ੍ਰਾਪਤ ਹੋਇਆ।
ਅਤਰ ਸਿੰਘ ਬੜੀ ਤੀਖਣ ਅਨੁਭੂਤੀ ਵਾਲਾ ਚਿੰਤਕ ਸੀ। ਕਿਸੇ ਹੱਦ ਤੱਕ ਮੂੰਹ-ਫੱਟ ਵੀ ਸੀ। ਮੈਨੂੰ ਇਸ ਗੱਲੇ ਵੀ ਚੰਗਾ ਲੱਗਦਾ ਸੀ ਕਿ ਉਹ ਮੈਨੂੰ ਵੀ ਮੇਰੇ ਮੂੰਹ ‘ਤੇ ਸੁਣਾ ਜਾਂਦਾ ਸੀ। ਉਹ ਵੀ ਇਸ ਗੱਲੇ ਖ਼ੁਸ਼ ਹੋਂਦਾ ਸੀ ਕਿ ਮੈਂ ਉਸ ਦੀ ਕਿਸੇ ਗੱਲ ਦਾ ਬੁਰਾ ਨਹੀਂ ਸੀ ਮਨਾਉਂਦਾ। ਸਾਡੀਆਂ ਗੱਲਾਂ ਵਿਚ ਗੰਭੀਰਤਾ ਤੇ ਹਾਸ ਰਲਗੱਡ ਹੋਏ ਰਹਿੰਦੇ ਸਨ।
ਇਹੋ ਗੱਲ ਹਰਿਭਜਨ ਸਿੰਘ ਬਾਰੇ ਵੀ ਆਖ ਸਕਦਾ ਹਾਂ, ਪਰ ਉਹ ਮੂੰਹ-ਫੱਟ ਨਹੀਂ ਸੀ। ਬੜੀ ਵਾਰੀ ਗੱਲ ਅੰਦਰੇ ਰੱਖ ਲੈਂਦਾ ਸੀ। ਥੋੜ੍ਹਾ ਕੁ ਸ਼ੱਕੀ ਸੁਭਾ ਦਾ ਵੀ ਸੀ, ਪਰ ਮੈਂ ਇਸ ਦਾ ਕਾਰਨ ਸਮਝ ਸਕਦਾ ਸਾਂ। ਸੋ ਸਾਡੀ ਮਿਤ੍ਰਤਾ ਵਿਚ ਕਦੇ ਫਿੱਕ ਨਹੀਂ ਸੀ ਪਈ। ਅਤਰ ਸਿੰਘ ਤੇ ਹਰਿਭਜਨ ਸਿੰਘ ਆਪੋ ਵਿਚ ਉਲਝ ਗਏ ਸਨ, ਪਰ ਦੋਵੇਂ ਮੈਨੂੰ ਆਪਣੀ ਨਿੱਘੀ ਮਿਤ੍ਰਤਾ ਨਾਲ ਨਿਵਾਜਦੇ ਰਹੇ।
ਹਰਿਭਜਨ ਨੂੰ ਮੈਂ ਸਦਾ ਵੱਡਾ ਕਲਾਕਾਰ ਮੰਨਿਆ। ਉਸ ਪਾਸੋਂ ਗੀਤ ਸੁਣ ਕੇ ਮੈਂ ਵੀ ਗੀਤ ਲਿਖੇ। ਇਕ ਦਿਨ ਹਰਿਭਜਨ ਕਹਿਣ ਲੱਗਾ, “ਤੰੂ ਗੀਤ ਨਹੀਂ ਗਿਆਨ-ਗੀਤ ਲਿਖਦਾ ਹੈਂ। ਤੇਰੇ ਗੀਤਾਂ ਦਾ ਹੱਜ ਉਠਾਣ ਲਈ ਪਾਠਕ ਜਾਂ ਸਰੋਤੇ ਦਾ ਗਿਆਨਵਾਨ ਹੋਣਾ ਬੜਾ ਜ਼ਰੂਰੀ ਹੋਂਦਾ ਹੈ। ….ਰਤਾ ਕੁ ਰੁਕ ਕੇ ਫਿਰ ਬੋਲਿਆ, “ਨੇਕੀ! ਤੇਰੀ ਕਵਿਤਾ ਦਾ ਅਸਲ ਮੁੱਲ ਓਦੋਂ ਪਵੇਗਾ, ਜਦ ਕੋਈ ਵੱਡਾ ਆਲੋਚਕ ਤੈਨੂੰ ਉਜਾਗਰ ਕਰੇਗਾ।” ਮੈਂ ਹੱਸ ਕੇ ਉਸ ਨੂੰ ਕਿਹਾ, “ਮੈਨੂੰ ਸਮਝ ਆ ਗਈ ਹੈ, ਪਹਿਲਾਂ ਪੰਜਾਬੀ ਬੋਲੀ ਪ੍ਰਬੁੱਧ ਆਲੋਚਕ ਪੈਦਾ ਕਰੋ। ਫਿਰ ਉਸ ਤੱਕ ਮੇਰਾ ਗੁਆਚ ਚੁੱਕਾ ਕਾਵਿ ਪਹੁੰਚੇ। ਉਹ ਇਸ ਨੂੰ ਵਾਚੇ। ਇਹ ਉਸ ਨੂੰੂ ਪ੍ਰਭਾਵਿਤ ਕਰੇ। ਫਿਰ ਉਹ ਇਸ ਬਾਰੇ ਲਿਖਣ ਲਈ ਪ੍ਰੇਰਿਤ ਹੋਵੇ। ਫਿਰ ਉਸ ਦੇ ਪਾਠਕ ਵੀ ਹੋਣ ਤੇ ਉਹ ਉਸ ਦੀ ਗੱਲ ਮੰਨਣ ਨੂੰ ਤਿਆਰ ਵੀ ਹੋਣ। ਇਹਦੇ ਨਾਲੋਂ ਚੰਗਾ ਨਹੀਂ ਕਿ ਮੈਂ ਅੱਜ ਤੈਨੂੰ ਇਕ ਕਵਿਤਾ ਸੁਣਾ ਲਵਾਂ ਤੇ ਵਟਾਂਦਰੇ ਵਿਚੋਂ ਤੈਥੋਂ ਇਕ ਸੁਣ ਲਵਾਂ। ਮੇਰਾ ਲਿਖਣਾ ਤਾਂ ਹੁਣੇ ਸਫਲ ਹੋ ਜਾਵੇਗਾ।” ਮੈਨੂੰ ਹੌਲੀ-ਹੌਲੀ ਇਕ ਗੱਲ ਸਮਝ ਆ ਗਈ ਕਿ ਉਹ ਗੀਤ ਲਿਖਣ ਲੱਗਿਆਂ ਕੇਵਲ ਗੀਤਕਾਰ ਹੋਂਦਾ ਸੀ ਤੇ ਮੈਂ ਆਪਣੇ ਗਿਆਨ-ਪੱਖ ਨੂੰ ਪਰੇ ਨਹੀਂ ਸੀ ਹਟਾ ਸਕਦਾ।

ਪ੍ਰੇਤ ਅੰਗ

ਹੁਣ : ਤੁਸੀਂ ਤੇ ਹਰਿਭਜਨ ਸਿੰਘ ਦੋਹਵਾਂ ਨੇ ਕਿਸੇ ਮਰੀਜ਼ ਬਾਰੇ ਆਪੋ ਆਪਣੀ ਕਵਿਤਾ ਵੀ ਲਿਖੀ ਸੀ। ਉਸ ਬਾਰੇ ਕੁਝ ਦੱਸੋ?
ਨੇਕੀ : ਮੈਂ ਓਦੋਂ ਅਮ੍ਰਿਤਸਰ ਵਿਚ ਮਨੋਚਿਕਿਤਸਾ ਦਾ ਅਧਿਆਪਕ ਸਾਂ ਤੇ ਵੀ.ਜੇ. ਹਸਪਤਾਲ ਵਿਚ ਮਾਨਸਿਕ ਤਕਲੀਫ਼ਾਂ ਵਾਲੇ ਮਰੀਜ਼ ਦੇਖਦਾ ਹੁੰਦਾ ਸਾਂ। ਹਰਿਭਜਨ ਛੁੱਟੀਆਂ ਵਿਚ ਅਮ੍ਰਿਤਸਰ ਆ ਜਾਂਦਾ ਸੀ। ਇਕ ਵੇਰਾਂ ਮੈਂ ਮਰੀਜ਼ ਦੇਖ ਰਿਹਾ ਸਾਂ, ਤਾਂ ਉਹ ਆ ਗਿਆ। ਮੈਂ ਉਸ ਨੂੰ ਪਰਲੀ ਕੰਧ ਨਾਲ ਪਈ ਕੁਰਸੀ ‘ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਆਪ ਮਰੀਜ਼ ਵੇਖਦਾ ਰਿਹਾ। ਉਸ ਮਰੀਜ਼ ਦੀ ਬਾਂਹ ਕੱਟੀ ਗਈ ਸੀ। ਜ਼ਖ਼ਮ ਤਾਂ ਹੁਣ ਸਹੀ ਹੋ ਗਿਆ ਸੀ, ਪਰ ਉਸ ਨੂੰ ਬਾਂਹ ਦਾ ਕੱਟਿਆ ਹੋਇਆ ਹਿੱਸਾ ਨਾਲ ਲੱਗਾ ਜਾਪਦਾ ਸੀ। ਉਹ ਹਿਲਦਾ ਵੀ ਸੀ, ਉਸ ਵਿਚ ਦਰਦ ਵੀ ਉੱਠਦਾ ਸੀ। ਇਉਂ ਉਹ ਇਕ ਪ੍ਰੇਤ-ਅੰਗ ਨਾਲ ਲਈ ਫਿਰਦਾ ਸੀ। ਹਰਿਭਜਨ ਇਸ ਤੋਂ ਪ੍ਰੇਰਿਤ ਹੋਇਆ ਤੇ ਮੈਨੂੰ ਕਹਿਣ ਲੱਗਾ, “ਕਿਉਂ ਨਾ ਅਸੀਂ ਦੋਵੇਂ ਇਕ-ਇਕ ਕਵਿਤਾ ਇਹਦੇ ਬਾਰੇ ਲਿਖੀਏ?” ਅਸਾਂ ਲਿਖੀ ਵੀ। ਉਹ ਕਵਿਤਾਵਾਂ ਸਾਡੀਆਂ ਵੱਖੋ-ਵੱਖ ਸ਼ੈਲੀਆਂ ਦੀਆਂ ਸੂਚਕ ਹਨ। ਅਸਾਂ ਇਕ ਦੂਏ ਨੂੰ ਸੁਣਾਈਆਂ। ਉਸ ਦੀ ਕਵਿਤਾ ਸੁਣ ਕੇ ਮੈਂ ਕਿਹਾ, “ਮੈਂ ਕਦੇ ਹਰਿਭਜਨ ਨਹੀਂ ਬਣ ਸਕਦਾ।” ਉਹ ਤੁਰੰਤ ਬੋਲਿਆ, “ਮੈਂ ਵੀ ਕਦੇ ਨੇਕੀ ਨਹੀਂ ਬਣ ਸਕਦਾ।”
ਹੁਣ : ਤੁਸੀਂ ਇਹ ਤਾਂ ਦੱਸਿਆ ਹੈ ਤੁਹਾਡੀ ਦੋਸਤੀ ਕੈਸੀ ਸੀ। ਇਹ ਵੀ ਇਸ਼ਾਰਾ ਕੀਤਾ ਕਿ ਤੁਸੀਂ ਇਨ੍ਹਾਂ ਦੋਹਾਂ ਕੋਲੋਂ ਪ੍ਰਾਪਤ ਕੀ ਕੀਤਾ। ਇਹ ਨਹੀਂ ਦੱਸਿਆ ਗੁਆਇਆ ਕੀ?
ਨੇਕੀ : ਮੇਰੀ ਸਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਮੈਂ ਉਨ੍ਹਾਂ ਨੂੰ ਹੀ ਗੁਆ ਬੈਠਾ ਹਾਂ। ਮੈਨੂੰ ਕਈ ਵਾਰ ਗੁਰੂ ਅੰਗਦ ਸਾਹਿਬ ਦਾ ਇਹ ਸਲੋਕ ਯਾਦ ਆਉਂਦਾ ਹੈ :

ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ॥

-ਆਦਿ ਗ੍ਰੰਥ ਪੰਨਾ. ੮੩

ਹੁਣ : ਇਕ ਕਵੀ ਹੋਰ ਵੀ ਤੁਹਾਡਾ ਸਮਕਾਲੀ ਸੀ, ਜੋ ਹੁਣ ਨਹੀਂ ਰਿਹਾ। ਮੇਰੀ ਮੁਰਾਦ ਸ਼ਿਵ ਕੁਮਾਰ ਤੋਂ ਹੈ। ਉਸ ਬਾਰੇ ਤੁਹਾਡਾ ਕੀ ਖ਼ਿਆਲ ਹੈ?
ਨੇਕੀ : ਸ਼ਿਵ ਪਾਸ ਵੀ ਸੁੰਦਰ ਗੀਤਕਾਰੀ ਸੀ। ਉਹ ਲੋਕ ਬੋਲੀ ਨਾਲ ਜੁੜਿਆ ਹੋਇਆ ਸੀ ਤੇ ਉਸ ਵਿਚ ਸੁੰਦਰ ਬਿੰਬ ਪਰੋ ਸਕਦਾ ਸੀ। ਉਹ ਆਪਣੇ ਗੀਤ ਗਾ ਕੇ ਸੁਣਾਉਂਦਾ ਹੁੰਦਾ ਸੀ। ਉਸ ਦੀ ਆਵਾਜ਼ ਵਿਚ ਵੀ ਸੋਜ਼ ਸੀ। ਇਹੋ ਗੁਣ ਉਸ ਦੀ ਮਕਬੂਲੀਅਤ ਦਾ ਕਾਰਣ ਬਣੇ।
ਹੁਣ : ਪਰ ਕੀ ਤੁਹਾਨੂੰ ਸ਼ਿਵ ਕੁਮਾਰ ਦੀ ਮਸ਼ਹੂਰੀ ਨਾਲ ਇਉਂ ਨਹੀਂ ਲਗਦਾ ਜਿਵੇਂ ਪੂਰੀ ਦੀ ਪੂਰੀ ਪੰਜਾਬੀ ਕੌਮ ਮੁਕਾਣੇ ਆਈ ਹੋਈ ਹੈ?
ਨੇਕੀ : ਤੁਹਾਡੀ ਗੱਲ ਕਿਸੇ ਹੱਦ ਤੱਕ ਸਹੀ ਜਾਪਦੀ ਹੈ। ਮੌਤ ਦੀ ਆਕਾਂਖਿਆ ਉਸ ਦੀ ਪ੍ਰਮੁੱਖ ਥੀਮ ਹੈ। ਇਸ ਨਾਲ ਉਹ ਸਰੋਤਿਆਂ ਦੀ ਹਮਦਰਦੀ ਦਾ ਪਾਤਰ ਬਣ ਜਾਂਦਾ ਸੀ। ਪ੍ਰੰਸਸਾ ਤੇ ਹਮਦਰਦੀ ਦੇ ਭਾਵਾਂ ਦੀ ਰਲਵੀਂ ਪ੍ਰਾਪਤੀ ਇਸ ਥੀਮ ਨਾਲ ਉਸ ਦਾ ਮੋਹ ਗੰਢ ਗਈ। ਇਤਨਾ ਕਿ ਉਹ ਇਸ ਨੂੰ ਸੱਚ ਸਾਬਤ ਕਰਨ ਲਈ ਸ਼ਰਾਬ ਰਾਹੀਂ ਕਿਸ਼ਤਾਂ ਵਿਚ ਆਤਮਘਾਤ ਕਰਨ ‘ਤੇ ਤੁੱਲ ਪਿਆ। ਆਖ਼ਰ ਉਹ ਕਾਮਯਾਬ ਹੋ ਗਿਆ। ਤਦ ਲੋਕੀਂ ਸੱਚਮੁੱਚ ਮੁਕਾਣੇ ਜਾ ਸਕਦੇ ਸਨ।
ਹੁਣ : ਅੱਜ ਕੱਲ੍ਹ ਲਿਖੀ ਜਾ ਰਹੀ ਪੰਜਾਬੀ ਕਵਿਤਾ ਤੁਹਾਨੂੰ ਕਿਹੋ ਜਹੀ ਲਗਦੀ ਹੈ?
ਨੇਕੀ : ਸੱਚ ਪੁੱਛੋਂ ਤਾਂ ਚੰਗਾ ਲਿਖਣ ਵਾਲਿਆਂ ਦੀ ਬੜੀ ਘਾਟ ਹੈ। ਦੇਵ, ਪਾਸ਼, ਸੋਹਨ ਕਾਦਰੀ, ਸੁਰਜੀਤ ਪਾਤਰ ਮੈਨੂੰ ਬੜੇ ਪਿਆਰੇ ਲੱਗਦੇ ਹਨ। ਉਨ੍ਹਾਂ ਪਾਸ ਕਹਿਣ ਨੂੰ ਵੀ ਕੁਝ ਹੈ ਤੇ ਕਹਿਣ ਦਾ ਸਲੀਕਾ ਵੀ। ਪਰ ਬਹੁਤਾ ਕੁਝ ਜੋ ਰਸਾਲਿਆਂ ਵਿਚ ਛਪ ਰਿਹਾ ਹੈ, ਕਾਗ਼ਜ਼ ਹੀ ਕਾਲੇ ਕਰ ਰਿਹਾ ਹੈ। ਮੈਂ ਕਿਸੇ ਸੰਪਾਦਕ ਨੂੰ ਪੁੱਛਿਆ, “ਤੁਸੀਂ ਇਹ ਕਿਹੋ ਜਿਹੀਆਂ ਕਵਿਤਾਵਾਂ ਛਾਪਦੇ ਰਹਿੰਦੇ ਹੋ?” ਕਹਿਣ ਲੱਗਾ, “ਕਰੀਏ ਕੀ? ਜੋ ਪ੍ਰਾਪਤ ਹੁੰਦਾ ਹੈ, ਉਸ ਵਿਚੋਂ ਹੀ ਚੋਣ ਕਰ ਸਕਦੇ ਹਾਂ।” ਮੈਂ ਉਸ ਨੂੰ ਦੱਸਿਆ, “ਮੋਹਨ ਸਿੰਘ ਹੋਰੀਂ ਪੰਜ ਦਰਿਆ ਵਿਚ ਛਪਣ ਆਈਆਂ ਕਵਿਤਾਵਾਂ ਬਾਰੇ ਟਿੱਪਣੀ ਕਰ ਕੇ ਨਵੇਂ ਕਵੀਆਂ ਨੂੰ ਘੱਲ ਦੇਂਦੇ ਸਨ, ਪਰ ਹੌਸਲਾ ਸ਼ਿਕਨੀ ਨਹੀਂ ਸਨ ਕਰਦੇ।” ਤੁਸੀਂ ਵੀ ਇਉਂ ਕਰੋ ਤਾਂ ਨਵੇਂ ਕਵੀਆਂ ਨੂੰ ਲਾਭ ਪ੍ਰਾਪਤ ਹੋਵੇਗਾ।” ਕਹਿਣ ਲੱਗਾ, “ਹਰ ਸੰਪਾਦਕ ਮੋਹਨ ਸਿੰਘ ਤਾਂ ਨਹੀਂ ਬਣ ਸਕਦਾ!”
ਹੁਣ : ਤੁਹਾਡੇ ਲਿਖਣ ਕਾਲ ਦੌਰਾਨ ਪ੍ਰਗਤੀਵਾਦ, ਪ੍ਰਯੋਗਵਾਦ, ਜੁਝਾਰਵਾਦ ਆਦਿ ਵਰਗੀਆਂ ਕਈ ਧਾਰਾਵਾਂ ਚਲੀਆਂ, ਪਰ ਤੁਹਾਡੇ ‘ਤੇ ਇਨ੍ਹਾਂ ਦਾ ਕੋਈ ਵੀ ਅਸਰ ਨਹੀਂ ਹੋਇਆ; ਕਿਉਂ?
ਨੇਕੀ : ਮੇਰੇ ਪਾਸ ਤੱਕਣੀ ਇਨ੍ਹਾਂ ਸਭਨਾਂ ਤੋਂ ਵੱਖਰੀ ਜੁ ਸੀ। ਮੇਰੀਆਂ ਕੁਝ ਪੰਕਤੀਆਂ ਹਨ ਜੋ ਇਸ ਸੰਦਰਭ ਵਿਚ ਸੰਗਤ ਹਨ। ਜ਼ਰਾ ਕੁ ਲੰਮੀ ਟੂਕ ਹੈ, ਪਰ ਤੁਸੀਂ ਇਜਾਜ਼ਤ ਦਿਓ ਤਾਂ ਦੱਸਾਂ!
ਹੁਣ : ਹਾਂ ਹਾਂ! ਦੱਸੋ।
ਨੇਕੀ :

ਇਹ ਜੋ ਕੱਪੜੇ ਮੈਂ ਪਾਏ ਹੋਏ ਹਨ,
ਤੁਸੀਂ ਕੀ ਸਮਝਦੇ ਹੋ, ਮੇਰੇ ਆਪਣੇ ਹਨ?
ਢੇਰ ਚਿਰ ਦੀ ਗੱਲ ਹੈ
ਮੈਂ ਭਰੇ ਬਜ਼ਾਰ ਵਿੱਚੋਂ
ਆਪਣੀ ਮਰਜ਼ੀ ਦੇ ਕੱਪੜੇ ਪਹਿਨ ਕੇ ਲੰਘਿਆ?
ਐਪਰ ਲੋਕੀਂ ਮੇਰੇ ਪਹਿਰਾਵੇ ‘ਤੇ ਹੱਸੇ
ਤੇ ਮੈਂ ਉਨ੍ਹਾਂ ਤੋਂ ਡਰ ਕੇ
ਉਨ੍ਹਾਂ ਦੀ ਪਸੰਦ ਦਾ ਲਿਬਾਸ ਪਹਿਨ ਲਿਆ।
ਓਦੋਂ ਦਾ ਹੀ ਮੈਂ
ਇਕ ਓਪਰੀ ਕਾਟ ਤੇ ਪਰਾਈ ਪਸੰਦ
ਆਪਣੇ ਤਨ ਉਪਰ ਲਟਕਾਈ ਫਿਰਦਾ ਹਾਂ
ਤੇ ਲੋਕ ਖ਼ੁਸ਼ ਹਨ।
ਜਦ ਦੂਜੀ ਵਾਰ ਮੈਂ ਭਰੇ ਬਜ਼ਾਰ ਥਾਣੀਂ ਲੰਘਿਆ,
ਤਾਂ ਲੋਕ ਮੇਰੇ ਸਿੱਧ ਪੱਧਰੇ ਬੋਲਾਂ ‘ਤੇ ਹੱਸੇ।
ਮੈਂ ਡਰ ਕੇ ਉਨ੍ਹਾਂ ਪਾਸੋਂ
ਉਨ੍ਹਾਂ ਦੇ ਬਚਨ ਉਧਾਰੇ ਲੈ ਲਏ।
ਹੁਣ ਮੈਂ ਆਪਣੇ ਮੂੰਹੋਂ
ਪਰਾਏ ਬੋਲ ਬੋਲਦਾ ਹਾਂ
ਤੇ ਲੋਕ ਖ਼ੁਸ਼ ਹਨ।
ਤੀਜੀ ਵਾਰ ਭਰੇ ਬਜ਼ਾਰ ‘ਚੋਂ ਲੰਘਿਆ
ਤਾਂ ਲੋਕੀਂ ਫੇਰ ਮੇਰੇ ‘ਤੇ ਹੱਸੇ?
ਕਿਉਂਕਿ ਮੇਰੀ ਤਕਣੀ ਉਨ੍ਹਾਂ ਤੋਂ ਨਿਆਰੀ ਸੀ।
ਮੈਂ ਫਿਰ ਉਨ੍ਹਾਂ ਦੇ ਹਾਸ ਤੋਂ ਡਰਿਆ
ਐਪਰ ਹਜ਼ਾਰ ਕੋਸ਼ਿਸ਼ਾਂ ‘ਤੇ ਵੀ
ਮੈਂ ਉਨ੍ਹਾਂ ਵਾਂਗ ਵੇਖ ਨਹੀਂ ਸਕਿਆ।
ਉਦੋਂ ਦਾ ਹੀ ਉਹ
ਮੈਨੂੰ ਸ਼ੁਦਾਈ ਸਮਝਦੇ ਹਨ।
ਮੈਂ ਸ਼ੁਦਾ ਦੇ ਵਿਹੜੇ ਵਿਚ ਨੱਚਦਾ ਹਾਂ
ਤੇ ਸਦਾਚਾਰਾਂ ਦੇ ਘੁੰਗਰੂ
ਮੇਰੇ ਪੈਰਾਂ ਵਿਚ ਛਣਕਦੇ ਹਨ।
ਸੋ ਆਪਣੀ ਤਾਂ ਇਹੋ ਅਵਸਥਾ ਹੈ!

ਹੁਣ : ਤੁਸੀਂ ਕੁਝ ਚਿਰ ਸਿਆਸਤ ਵਿਚ ਵੀ ਰਹੇ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਵੀ। ਇਹ ਓਦੋਂ ਦੀ ਗੱਲ ਹੈ ਜਦੋਂ ਮਾਸਟਰ ਤਾਰਾ ਸਿੰਘ ਜੀ ਅਕਾਲੀ ਦਲ ਦੇ ਪ੍ਰਧਾਨ ਸਨ?
ਨੇਕੀ : ਹਾਂ ਜੀ।
ਹੁਣ : ਤੁਹਾਡਾ ਕੀ ਤਜਰਬਾ ਹੋਇਆ ਪਾਲੇਟਿਕਸ ਦਾ?
ਨੇਕੀ : ਮੈਂ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਸਿੱਖ ਵਿਦਿਆਰਥੀਆਂ ਵਿਚ ਧਰਮ ਪ੍ਰਚਾਰ ਦੀ ਨੀਅਤ ਨਾਲ ਗਿਆ ਸਾਂ। ਵਿਚ ਵੜ ਕੇ ਪਤਾ ਲੱਗਾ ਕਿ ਸਿਆਸਤ ਦਾ ਇਸ ਵਿਚ ਬੜਾ ਦਖ਼ਲ ਹੈ। ਹੌਲੀ-ਹੌਲੀ ਸਿਆਸਤ ਮੇਰੇ ਉੱਪਰ ਵੀ ਹਾਵੀ ਹੋਣ ਲੱਗੀ। ਤਦ ਪ੍ਰਿੰਸੀਪਲ ਬਾਵਾ ਹਰਕਿਸ਼ਨ ਸਿੰਘ ਨੂੰੂ ਰੱਬ ਨੇ ਮੇਰੀ ਬਹੁੜੀ ਕਰਨ ਹਿਤ ਘੱਲ ਦਿੱਤਾ। ਇਹ ਹਾਲ ਮੈਂ ਆਪ ਨੂੰ ਪਹਿਲੇ ਦੱਸ ਚੁੱਕਾ ਹਾਂ। ਸੋ ਮੈਂ ਸਿਆਸਤ ਨੂੰ ਖ਼ੈਰਬਾਦ ਆਖ ਦਿੱਤੀ।
ਹੁਣ : ਪਰ ਜੇਕਰ ਤੁਸੀਂ ਸਿਆਸਤ ਵਿਚ ਟਿਕੇ ਰਹਿੰਦੇ ਤਾਂ ਬੜੀ ਸੰਭਾਵਨਾ ਸੀ ਕਿ ਤੁਸੀਂ ਪੰਜਾਬ ਵਿਚ ਵਜ਼ੀਰ ਜਾਂ ਕੇਂਦਰ ਵਿਚ ਵਜ਼ੀਰ ਹੁੰਦੇ?
ਨੇਕੀ : ਜਾਂ ਸਿਆਸਤ ਵਿਚ ਜੁੱਤੀਆਂ ਖਾਧੀਆਂ ਹੁੰਦੀਆਂ। ਹੁਣ ਵਾਹਿਗੁਰੂ ਨੇ ਬੜੀ ਇੱਜ਼ਤ ਬਖ਼ਸ਼ੀ ਹੋਈ ਹੈ ਤੇ ਮੈਂ ਉਸ ਦਾ ਸਦਾ ਲਈ ਧੰਨਵਾਦੀ ਹਾਂ।
ਹੁਣ : ਸਿਆਸਤ ਵਿਚ ਸਭ ਤੋਂ ਵੱਡਾ ਕੰਮ ਤੁਸਾਂ ਕੀ ਕੀਤਾ?
ਨੇਕੀ : ਇਹੋ ਕਿ ਸਿਆਸਤ ਛੋੜ ਦਿੱਤੀ। ਇਹ ਨਹੀਂ ਕਿ ਮੈਂ ਸਿਆਸਤ ਨੂੰ ਗ਼ਲਤ ਸਮਝਦਾ ਹਾਂ। ਇਹ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਪਰ ਮੈਂ ਸੁਭਾ ਵਲੋਂ ਇਸ ਜੋਗਾ ਨਹੀਂ। ਸਾਡੇ ਦੇਸ਼ ਦੀ ਹੁਣ ਤਕ ਦੀ ਸਿਆਸਤ ਮੇਰੇ ਸੁਭਾ ਨਾਲ ਮੇਲ ਨਹੀਂ ਖਾਂਦੀ।

ਕਾਮਰੇਡਾਂ ਤੋਂ ਵੱਧ

ਹੁਣ : ਤੁਹਾਡਾ ਧਰਮ ਵਿਚ ਬੜਾ ਪੱਕਾ ਨਿਸ਼ਚਾ ਲਗਦਾ ਹੈ। ਉਸ ਬਾਰੇ ਕੁਝ ਪ੍ਰਸ਼ਨ ਪੁੱਛਣਾ ਚਾਹਾਂਗਾ, ਪਰ ਉਸ ਤੋਂ ਪਹਿਲਾਂ ਇਕ ਸਵਾਲ: ਤੁਸੀਂ ਮਾਰਕਸ ਕਿੰਨਾ ਪੜ੍ਹਿਆ ਹੈ?
ਨੇਕੀ : ਬਹੁਤ ਸਾਰੇ ਕਾਮਰੇਡਾਂ ਤੋਂ ਵੱਧ! ਪਰ ਉਹ ਮੇਰੇ ਅੰਦਰ ਆਪਣੇ ਵਿਚਾਰਾਂ ਲਈ ਸਹਾਨਭੂਤੀ ਪੈਦਾ ਨਹੀਂ ਕਰ ਸਕਿਆ। ਉਸ ਲਈ ਸਾਰਾ ਕੁਝ ਮਾਇਆ ਪੁਰ ਕੇਂਦ੍ਰਿਤ ਹੈ। ਇਸ ਨਾਲ ਮੇਰਾ ਪਹਿਲਾ ਨਖੇੜਾ ਉਸ ਨਾਲ ਹੈ। ਦੂਜਾ, ਉਹ ਕਹਿੰਦਾ ਹੈ, “ਜੋ ਤੇਰਾ ਹੈ ਸੋ ਮੇਰਾ ਹੈ; ਦੇ ਦੇ, ਨਹੀਂ ਤੇ ਮੈਂ ਖੋਹ ਕੇ, ਜਾਂ ਤੈਨੂੰ ਮਾਰ ਕੇ ਲੈਣਾ ਹੈ।” ਮੈਨੂੰ ਜੋ ਵਿਸ਼ਵਾਸ ਪ੍ਰਾਪਤ ਹੈ ਉਸ ਅਨੁਸਾਰ, “ਮੇਰਾ ਕੁਝ ਵੀ ਨਹੀਂ। ਜੋ ਕੁਝ ਮੈਨੂੰ ਨਸੀਬ ਹੈ ਸਭ ਤੇਰਾ ਦਿੱਤਾ ਹੈ। ਮੈਨੂੰ ਸੁਮੱਤ ਦੇ ਕਿ ਤੇਰੇ ਹੋਰ ਜੀਆਂ ਨਾਲ ਸਾਂਝਾ ਕਰ ਸਕਾਂ!” ਇਹ ਮੇਰੇ ਬੁਨਿਆਦੀ ਵਖੇਵੇਂ ਹਨ ਉਸ ਨਾਲ।
ਹੁਣ : ਵਿਚੋਂ ਇਕ ਸੁਆਲ ਹੋਰ ਮੇਰੇ ਮਨ ਵਿਚ ਆਇਆ ਹੈ। ਉਹ ਹੈ ਐਰਿਕ ਫ਼ਰੌਮ ਦਾ ਵਿਚਾਰ ਕਿ ਫ਼ਰਾਇਡ ਤੇ ਮਾਰਕਸ ਵਿਚ ਬੜੀ ਸਾਂਝ ਹੈ। ਤੁਹਾਡਾ ਕੀ ਖ਼ਿਆਲ ਹੈ?
ਨੇਕੀ : ਇਨ੍ਹਾਂ ਵਿਚ ਤਿੰਨ ਸਾਂਝਾਂ ਹਨ: ਪਹਿਲੀ ਇਹ ਕਿ ਦੋਵੇਂ ਨਾਸਤਕ ਹਨ; ਰੱਬ ਵਿਚ ਵਿਸ਼ਵਾਸ ਨਹੀਂ ਰੱਖਦੇ ਤੇ ਧਰਮ ਨੂੰ ਕੇਵਲ ਭਰਮਜਾਲ ਸਮਝਦੇ ਹਨ। ਦੂਜਾ ਇਹ ਦੋਵੇਂ ਵੱਡੇ ਚਿੰਤਕ ਹਨ; ਫ਼ਰਾਇਡ ਦੇ ਮਨੋਵਿਗਿਆਨਕ ਵਿਚਾਰਾਂ ਨੇ ਤੇ ਮਾਰਕਸ ਦੇ ਪਦਾਰਥਵਾਦੀ ਵਿਚਾਰਾਂ ਨੇ ਕਰੀਬਨ ਸਾਰੀ ਦੁਨੀਆ ਉਪਰ ਤਸੱਲਤ ਕਰ ਲਿਆ। ਤੀਜਾ ਇਹ ਕਿ ਦੋਵੇਂ ਯਹੂਦੀ ਹਨ। ਇਥੋਂ ਤੱਕ ਕਿ ਯਹੂਦੀ ਇਹ ਮੰਨਦੇ ਹਨ ਕਿ ਉਨ੍ਹਾਂ ਦੇ ਤਿੰਨ ਪੈਗ਼ੰਬਰ ਹੋਏ ਹਨ: ਹਜ਼ਰਤ ਮੂਸਾ, ਮਾਰਕਸ ਤੇ ਫ਼ਰਾਇਡ। ਹਜ਼ਰਤ ਮੂਸਾ ਦੀ ਪੈਗ਼ੰਬਰੀ ਤਾਂ ਟੁੱਟਣੀ ਨਹੀਂ, ਦੂਜੇ ਦੋਹਾਂ ਦੀ ਜਾਂਦੀ ਨਜ਼ਰ ਆ ਰਹੀ ਹੈ। ਮਾਰਕਸ ਦੇ ਵਿਚਾਰਾਂ ਪੁਰ ਉਸਰੀਆਂ ਸਲਤਨਤਾਂ ਜਾਂ ਬਿਨਸ ਰਹੀਆਂ ਹਨ, ਜਾਂ ਪਰਿਵਰਤਿਤ ਹੋ ਰਹੀਆਂ ਹਨ। ਫ਼ਰਾਇਡ ਦੇ ਬਹੁਤ ਸਾਰੇ ਸਿਧਾਂਤਾਂ ਦੀਆਂ ਟਾਕੀਆਂ ਲੱਥ ਰਹੀਆਂ ਹਨ। ਇਹ ਸਭ ਕੁਦਰਤ ਵਲੋਂ ਹੋ ਰਿਹਾ ਹੈ।
ਹੁਣ : ਚਲੋ ਮਾਰਕਸ ਬਾਰੇ ਕਾਫ਼ੀ ਹੋ ਗਿਆ। ਹੁਣ ਧਰਮ ਵੱਲ ਆਉਂਦੇ ਹਾਂ। ਤੁਸੀਂ ਵੱਖ ਵੱਖ ਧਰਮਾਂ ਦੇ ਆਪਸੀ ਰਿਸ਼ਤੇ ਨੂੰ ਕਿਵੇਂ ਸਮਝਦੇ ਹੋ?
ਨੇਕੀ : ਜਿਵੇਂ ਗੁਰੂ ਨਾਨਕ ਸਾਹਿਬ ਦੱਸ ਗਏ :

ਸੂਰਜੁ ਏਕੋ ਰੁਤਿ ਅਨੇਕ॥
ਨਾਨਕ ਕਰਤੇ ਕੇ ਕੇਤੇ ਵੇਸ॥

-ਆਦਿ ਗ੍ਰੰਥ ਪੰਨਾ. ੧੨

ਜਿਵੇਂ ਇਕ ਸੂਰਜ ਕਈ ਰੁੱਤਾਂ ਪੈਦਾ ਕਰਦਾ ਹੈ, ਉਵੇਂ ਇੱਕੋ ਕਰਤਾਰ ਦੇ ਅਨੇਕਾਂ ਪ੍ਰਗਟਾਓ (੍ਰੲਵੲਲਅਟiੋਨਸ) ਹਨ। ਇਸ ਨਾਤੇ ਸਾਰੇ ਧਰਮ ਮੇਰੇ ਸਤਿਕਾਰ ਦੇ ਹੱਕਦਾਰ ਹਨ। ਮੈਂ ਜਦ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦਾ ਹਾਂ; ਤਾਂ ਫ਼ਰੀਦ ਜੀ, ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ ਆਦਿ ਸਭ ਭਗਤਾਂ ਨੂੰ ਵੀ ਮੱਥਾ ਟੇਕਦਾ ਹਾਂ। ਮੈਂ ਗੀਤਾ ਦਾ ਵੀ ਬੜੀ ਸ਼ਰਧਾ ਨਾਲ ਪਾਠ ਕੀਤਾ ਹੈ, ਬਾਈਬਲ ਦਾ ਵੀ ਤੇ ਕੁਰਾਨ ਦਾ ਵੀ। ਮੈਨੂੰ ਹਰਥਿਓਂ ਕਿਸੇ ਨ ਕਿਸੇ ਰੂਪ ਵਿਚ ਚਾਨਣਾ ਹੀ ਪ੍ਰਾਪਤ ਹੋਇਆ ਹੈ।
ਇਕ ਗੱਲ ਹੋਰ ਦੱਸਾਂ, ਸ਼ਾਇਦ ਤੁਹਾਨੂੰ ਪਸੰਦ ਆਏ। ਭਾਰਤ ਵਿਚ ਜਿਤਨੀ ਅਧਿਆਤਮਕਤਾ (ਵੱਡੇ, ਪੁਰਾਣੇ, ਪੰਜਾਂ ਪਾਣੀਆਂ ਵਾਲੇ) ਪੰਜਾਬ ਵਿਚ ਰੂਨੁਮਾ ਹੋਈ ਬਾਕੀ ਸ਼ਾਇਦ ਸਾਰੇ ਹਿੰਦੁਸਤਾਨ ਵਿਚ ਰਲਾ ਕੇ ਵੀ ਨਹੀਂ ਹੋਈ। ਵੇਦ ਇੱਥੇ ਲਿਖੇ ਗਏ, ਗੀਤਾ ਇੱਥੇ ਉਚਾਰੀ ਗਈ। ਬਾਬਾ ਫ਼ਰੀਦ ਤੇ ਉਸ ਦੇ ਜਾਨਸ਼ੀਨ ਸੂਫ਼ੀ ਇੱਥੇ ਹੋਏ, ਦਸੇ ਗੁਰੂ ਸਾਹਿਬਾਨ ਏਥੇ ਹੋਏ, ਬੁੱਲ੍ਹੇ ਸ਼ਾਹ ਤੇ ਸੁਲਤਾਨ ਬਾਹੂ ਇੱਥੇ ਹੋਏ। ਵੇਦਾਂ ਤੋਂ ਪਹਿਲਾਂ ਦਾ ਪੂਰਬ-ਸ਼ੈਵਿਕ ਧਰਮ ਵੀ ਇੱਥੇ ਹੀ ਉਪਜਿਆ ਮੈਨੂੰ ਇਸ ਗੱਲ ਨੇ ਇਤਨਾ ਪ੍ਰਭਾਵਿਤ ਕੀਤਾ ਕਿ ਮੈਂ ਪੁਸਤਕ Sਪਰਿਟਿੁਅਲ ੍ਹੲਰਟਿਅਗੲ ੋਾ ਟਹੲ ਫੁਨਜਅਬ ਲਿਖੀ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਛਾਪੀ। ਇਸ ਜੁਮਲੇ ਮੁਅਤਰਿਜ਼ੇ ਲਈ ਖਿਮਾ!
ਹੁਣ : ਨਹੀਂ ਕੋਈ ਗੱਲ ਨਹੀਂ। ਇਹ ਵੀ ਦੱਸਣਾ ਬਣਦਾ ਸੀ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਕਿਹੜੇ ਗੁਰੂ ਦੀ ਬਾਣੀ ਸਭ ਤੋਂ ਵੱਧ ਟੁੰਬਦੀ ਹੈ?
ਨੇਕੀ : ਟੁੰਬਦੇ ਤਾਂ ਸਾਰੇ ਹਨ, ਪਰ ਗੁਰੂ ਨਾਨਕ ਸਭ ਤੋਂ ਵੱਧ ਪਿਆਰੇ ਲਗਦੇ ਹਨ। ਇਕ ਤਾਂ ਇਸ ਲਈ ਕਿ ਉਹ ਸਾਰਾ ਕੁਝ ਜੋ ਕਹਿਣ ਗੋਚਰਾ ਸੀ ਕਹਿ ਗਏ। ਦੂਜੇ ਗੁਰੂ ਸਾਹਿਬਾਂ ਨੇ ਉਸ ਨੂੰ ਦੁਹਰਾਇਆ ਜਾਂ ਵਿਸਤਾਰਿਆ ਜਾਂ ਉਸ ਦੀ ਵਿਆਖਿਆ ਕੀਤੀ। ਦੂਜੇ ਇਸ ਲਈ ਕਿ ਗੁਰੂ ਨਾਨਕ ਸਾਹਿਬ ਨੇ ਸੰਗੀਤ ਨੂੰ ਅਧਿਆਤਮਕਤਾ ਦਾ ਮਾਧਿਅਮ ਹੀ ਨਹੀਂ ਥਾਪਿਆ, ਇਸ ਵਿਚ ਕਈ ਮੌਲਿਕ ਖ਼ੂਬਸੂਰਤੀਆਂ ਵੀ ਲਿਆਂਦੀਆਂ। ਇਕ ਮਿਸਾਲ ਦੇਂਦਾ ਹਾਂ : ਗੁਰੂ ਨਾਨਕ ਸਾਹਿਬ ਦਾ ਆਸਾ ਰਾਗ ਭਾਰਤੀ ਕਲਾਸੀਕਲ ਆਸਾ ਨਾਲੋਂ ਵੱਖਰਾ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੀ ਬਾਣੀ ਸਭ ਤੋਂ ਵੱਧ ਹੈ। ਇਸ ਦੇ ਸਤਾਰਾਂ ਸੰਭਵ ਘਰਾਂ ਵਿਚੋਂ ਸੋਲਾਂ ਵਿਚ ਗੁਰੂ ਸਾਹਿਬ ਨੇ ਗਾਂਵਿਆ। ਜਾਣੀਕਿ ਇਸ ਦੀਆਂ ਵੱਧ ਤੋਂ ਵੱਧ ਸੰਭਾਵਨਾਵਾਂ ਨੂੰ ਤਰਾਸ਼ਿਆ। ਕਰਤਾਰਪੁਰ ਦੋਵੇਂ ਵੇਲੇ ਇਸੇ ਰਾਗ ਵਿਚ ਚੌਂਕੀ ਲੱਗਿਆ ਕਰਦੀ ਸੀ। ਤੀਜੇ ਇਸ ਲਈ ਕਿ ਗੁਰੂ ਨਾਨਕ ਸਾਹਿਬ ਦੀ ਪ੍ਰਗੀਤਕਤਾ ਵੀ ਉੱਚੀਆਂ ਸਿਖਰਾਂ ਛੂੰਹਦੀ ਹੈ।
ਪ੍ਰਗੀਤਕਤਾ ਵਲੋਂ ਗੁਰੂ ਅਮਰ ਦਾਸ ਜੀ ਦਾ ‘ਆਨੰਦ ਸਾਹਿਬ’ ਤੇ ਗੁਰੂ ਰਾਮ ਦਾਸ ਜੀ ਦਾ ‘ਸੋਪੁਰਖ’ ਵੀ ਕਮਾਲ ਦੀਆਂ ਕਿਰਤਾਂ ਹਨ।
ਜੇ ਮੈਨੂੰ ਭਗਤਾਂ ਨੂੰ ਵੀ ਗੁਰੂ ਮੰਨਣ ਦੀ ਆਗਿਆ ਹੋਵੇ (ਕਿਉਂ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹਨ) ਤਾਂ ਮੈਂ ਕਹਾਂਗਾ ਕਿ ਕਬੀਰ ਦੀ ਬਾਣੀ ਵੀ ਬਹੁਤ ਟੁੰਬਦੀ ਹੈ। ਪਰ ਉਸਦਾ ਵਿਅੰਗ ਬੜੀ ਥਾਈਂ ਬੜਾ ਕਾਟਵਾਂ ਹੋ ਜਾਂਦਾ ਹੈ।
ਹੁਣ : ਉਹ ਕਿਵੇਂ?
ਨੇਕੀ : ਮਸਲਨ ਉਹ ਬ੍ਰਾਹਮਣ ਨੂੰ ਕਹਿੰਦਾ ਹੈ :

ਜੌ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀਂ ਆਇਆ॥

-ਆਦਿ ਗ੍ਰੰਥ ਪੰਨਾ. ੩੨੪

ਇਵੇਂ ਹੀ ਸੁੰਨਤ ਬਾਰੇ ਉਸਦੇ ਵਿਚਾਰ ਹਨ।

ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ॥
ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ॥ ੩ ॥

ਆਦਿ ਗ੍ਰੰਥ ਪੰਨਾ. ੪੭੭

ਗੁਰੂ ਨਾਨਕ ਸਾਹਿਬ ਦੇ ਬੋਲ ਬੜੇ ਮਿੱਠੇ ਹਨ। ਇੱਕੋ ਉਲਾਹਮਾ ਉਨ੍ਹਾਂ ਦੀ ਬਾਣੀ ਵਿਚ ਲਭਦਾ ਹੈ ਤੇ ਉਹ ਉਲਾਹਮਾ ਵੀ ਉਨ੍ਹਾਂ ਆਪਣੇ ਰੱਬ ਨੂੰ ਹੀ ਦਿੱਤਾ । ਜਦੋਂ ਬਾਬਰ ਦੇ ਹਮਲੇ ਦਾ ਕਤਲਾਮ ਉਨ੍ਹਾਂ ਅੱਖੀਂ ਵੇਖਿਆ ਤਾਂ ਉਨ੍ਹਾਂ ਦੀ ਕਰੁਣਾ ਕੁਰਲਾ ਉੱਠੀ :

ਏਤੀ ਮਾਰ ਪਈ ਕਰਲਾਣੈ ਤੈਂ ਕੀ ਦਰਦ ਨਾ ਆਇਆ।
ਮੇਰੀ ਨਜ਼ਰ ਵਿਚ ਗੁਰੂ ਨਾਨਕ ਦੇਵ ਜੀ ਦੇ ਪਾਏ ਦਾ ਕੋਈ ਵੀ ਨਹੀਂ।

ਹੁਣ : ਕੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਬਖ਼ਸ਼ ਸਿੰਘ ਦਾ ‘ਪਰਮ ਮਨੁੱਖ’ ਮੰਨਦੇ ਹੋ ਜਾਂ ਨਿਤਸ਼ੇ ਵਾਲਾ ‘ਸੁਪਰਮੈਨ’ ਜਾਂ ਕੁਝ ਹੋਰ, ਜਾਂ ਅਵਤਾਰ?
ਨੇਕੀ : ਅਵਤਾਰ ਮੰਨਣ ਤੋਂ ਤਾਂ ਗੁਰੂ ਜੀ ਮੈਨੂੰ ਆਪ ਵਰਜ ਗਏ ਹਨ। ਉਹ ਆਪ ਕਹਿ ਗਏ ਹਨ:

ਜੋ ਮੋ ਕਉ ਪਰਮੇਸ਼ਰ ਉਚਰ ਹੈ।
ਤੇ ਸਭ ਨਰਕ ਕੁੰਡ ਮਹਿ ਪਰ ਹੈ।

ਬਾਕੀ ਮੈਂ ਨਾ ਗੁਰਬਖ਼ਸ਼ ਸਿੰਘ ਨਾਲ ਸਹਿਮਤ ਹਾਂ ਨਾ ਨਿਤਸ਼ੇ ਨਾਲ। ਮੈਂ ਤਾਂ ਦੌਲਤ ਰਾਏ ਦੇ ‘ਸਾਹਿਬੇ ਕਮਾਲ’ ਨਾਲ ਸਹਿਮਤੀ ਰੱਖਦਾ ਹਾਂ, ਜਾਂ ਫਿਰ ਮਹਾਸ਼ਾ ਰਣਬੀਰ ਦੇ ‘ਹੇਮਕੁੰਟ ਕਾ ਵਾਸੀ’ ਨਾਲ। ਜਿਨ੍ਹਾਂ ਇਹ ਦੋ ਪੁਸਤਕਾਂ ਅਜੇ ਨਹੀਂ ਪੜ੍ਹੀਆਂ ਉਹ ਵਾਂਞੇ ਹਨ।
ਹੁਣ : ਕੀ ਤੁਹਾਡਾ ਕਰਾਮਾਤਾਂ ਵਿਚ ਯਕੀਨ ਹੈ?
ਨੇਕੀ : ਮੈਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਹੈ :

ਰਿਧਿ ਸਿਧਿ ਅਵਰਾ ਸਾਦ॥

– ਆਦਿ ਗ੍ਰੰਥ ਪੰਨਾ. ੬

ਇਹ ਰਿੱਧੀਆਂ-ਸਿੱਧੀਆਂ ਮੇਰੇ ਲਈ ਓਪਰੇ ਸੁਆਦ ਹਨ, ਮੇਰੇ ਨਹੀਂ। ਭੋਲੇ ਸਿੱਖਾਂ ਨੇ ਉਨ੍ਹਾਂ ਨਾਲ ਕਰਾਮਾਤਾਂ ਦੀਆਂ ਸਾਖੀਆਂ ਘੜ ਕੇ ਜੋੜ ਦਿੱਤੀਆਂ। ਇਸ ਦਾ ਕਾਰਨ ਇਹ ਸੀ ਕਿ ਹਿੰਦੂ ਵਿਦਵਾਨ ਕਹਿੰਦੇ ਸਨ – ‘ਜੇਕਰ ਤੁਹਾਡਾ ਗੁਰੂ ਅਵਤਾਰਾਂ ਦੇ ਬਰਾਬਰ ਦਾ ਹੈ ਤਾਂ ਉਸ ਪਾਸ ਰਿੱਧੀਆਂ ਸਿੱਧੀਆਂ ਵਾਲੀਆਂ ਸ਼ਕਤੀਆਂ ਹੋਣ।’ ਇਹ ਕਿਸੇ ਦੇ ਅਵਤਾਰ ਹੋਣ ਦਾ ਪ੍ਰਮਾਣ ਮੰਨਿਆ ਜਾਂਦਾ ਸੀ। ਮੁਸਲਮਾਨ ਕਹਿੰਦੇ ਸਨ ‘ਪੈਗ਼ੰਬਰ ਤਾਂ ਕਰਾਮਾਤੀ ਹੋਂਦਾ ਹੈ, ਤੁਹਾਡੇ ਗੁਰੂ ਪਾਸ ਕਿਹੜੀ ਕਰਾਮਾਤ ਹੈ?’ ਇਨ੍ਹਾਂ ਦਾ ਮੂੰਹ ਬੰਦ ਕਰਨ ਵਾਸਤੇ ਸਿੱਖਾਂ ਨੇ ਕਰਾਮਾਤਾਂ ਦੀਆਂ ਸਾਖੀਆਂ ਘੜ ਲਈਆਂ । ਉਨ੍ਹਾਂ ਦਾ ਮੂੰਹ ਪਤਾ ਨਹੀਂ ਬੰਦ ਹੋਇਆ ਜਾਂ ਨਹੀਂ । ਗੁਰੂ ਦੀ ਅਸਾਂ ਕੁਮੂਰਤੀ (ਛਅਰਚਿਅਟੁਰੲ) ਬਣਾ ਦਿੱਤੀ। ਧੰਨ ਗੁਰਸਿੱਖੀ। ਬਾਕੀ ਕਰਾਮਾਤਾਂ ਹੁੰਦੀਆਂ ਮੈਂ ਰੋਜ਼ ਦੇਖਦਾ ਹਾਂ। ਬੱਚਾ ਪੈਦਾ ਹੋਣਾ ਹੈ, ਮਾਂ ਦੀਆਂ ਛਾਤੀਆਂ ਵਿਚ ਅਗਾਊਂ ਦੁੱਧ ਆ ਗਿਆ ਹੈ। ਇਹ ਮਾਂ ਨੇ ਤਾਂ ਨਹੀਂ ਲਿਆਂਦਾ। ਨਵ-ਜਨਮੇ ਬੱਚੇ ਨੂੰ ਵੀ ਜਾਂ ਰੋਣਾ ਆਉਂਦਾ ਹੈ ਜਾਂ ਚੁੰਘਣਾ। ਕਿਸੇ ਨੇ ਉਸ ਨੂੰ ਚੁੰਘਣਾ ਸਿਖਾਇਆ? ਇਹ ਕਰਾਮਾਤ ਨਹੀਂ ਤਾਂ ਹੋਰ ਕੀ ਹੈ? ਨਿੱਕੀ ਜਿੰਨੀ ਮਤੋਨੀ ਵਿੱਚੋਂ ਏਡਾ ਵੱਡਾ ਬੋਹੜ ਪੈਦਾ ਹੋ ਗਿਆ। ਕੀ ਇਹ ਕਰਾਮਾਤ ਨਹੀਂ?
ਸਾਇੰਸ ਦੀਆਂ ਕਾਢਾਂ ਅੱਜ ਨਿਤ ਦਿਨ ਦੀਆਂ ਕਰਾਮਾਤਾਂ ਹਨ। ਜੇਕਰ ਇਹ ਸਭ ਕਰਾਮਾਤਾਂ ਹਨ ਤਾਂ ਮੈਂ ਕਰਾਮਾਤਾਂ ਨੂੰ ਮੰਨਦਾ ਹਾਂ!

ਦਸਮ ਗ੍ਰੰਥ

ਹੁਣ : ਦਸਮ ਗ੍ਰੰਥ ਬਾਰੇ ਬੜਾ ਵਿਵਾਦ ਚੱਲ ਰਿਹਾ ਹੈ। ਇਸ ਬਾਰੇ ਤੁਸੀਂ ਕੀ ਸਮਝਦੇ ਹੋ ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ?
ਨੇਕੀ : ਤੁਸੀਂ ਸਹੀ ਸ਼ਬਦ ‘ਰਚਨਾ’ ਵਰਤਿਆ ਹੈ। ਇਹ ਗੁਰੂ ਸਾਹਿਬ ਦੀ ‘ਸਾਹਿਤਕ ਰਚਨਾ’ ਹੈ। ਸਾਹਿਤ ਵਿਚ ਬਾਣੀ ਵੀ ਹੋ ਸਕਦੀ ਹੈ (ਜਿਵੇਂ ਜਾਪੁ ਸਾਹਿਬ), ਆਤਮ-ਕਥਾ ਵੀ ਹੋ ਸਕਦੀ ਹੈ (ਜਿਵੇਂ ਬਚਿਤ੍ਰ ਨਾਟਕ ਵਿਚ), ਮਿਥਿਹਾਸ ਵੀ ਹੋ ਸਕਦੀ ਹੈ (ਜਿਵੇਂ ਚੌਬੀਸ ਅਵਤਾਰ), ਅਸ਼ਲੀਲ ਰਚਨਾ ਵੀ ਹੋ ਸਕਦੀ ਹੈ (ਜਿਵੇਂ ਚ੍ਰਿਤੋਪਾਖਿਆਨ), ਰਾਜਨੀਤਕ ਮੁਰਾਸਲਾ ਵੀ ਹੋ ਸਕਦਾ ਹੈ (ਜਿਵੇਂ ਜ਼ਫਰਨਾਮਾ)। ਤਕਲੀਫ਼ ਉਨ੍ਹਾਂ ਨੂੰ ਹੋਂਦੀ ਹੈ, ਜੋ ਗੁਰੂ ਦੀ ਰਚਨਾ ਨੂੰ ਕੇਵਲ ਬਾਣੀ ਮੰਨਣਾ ਚਾਹੁੰਦੇ ਹਨ, ਪਰ ਦਸਮਗ੍ਰੰਥ ਨੂੰ ਬਾਣੀ ਨਹੀਂ ਮੰਨ ਸਕਦੇ। ਉਹ ਘਬਰਾ ਕੇ ਬੌਖਲਾ ਕੇ ਕਹਿੰਦੇ ਹਨ, ਮੇਰਾ ਗੁਰੂ ਐਸਾ ਨਹੀਂ ਲਿਖ ਸਕਦਾ। ਫਿਰ ਇਹ ਨਹੀਂ ਦੱਸ ਸਕਦੇ ਕਿ ਇਹ ਗ੍ਰੰਥ ਕਿਸ ਨੇ ਲਿਖਿਆ ਹੈ। ਕਦੇ ਕਹਿੰਦੇ ਹਨ ਕਿਸੇ ਬ੍ਰਾਹਮਣ ਨੇ ਲਿਖਿਆ ਹੈ। ਕਦੇ ਕਹਿੰਦੇ ਹਨ, ਗੁਰੂ ਜੀ ਦੇ ਦਰਬਾਰੀ ਕਵੀਆਂ ਨੇ ਲਿਖਿਆ ਹੈ (ਉਹ ਤਾਂ ਆਪਣੀ ਰਚਨਾ ਵਿਚ ਆਪਣਾ ਨਾਮ ਜ਼ਰੂਰ ਦੇਂਦੇ ਹੁੰਦੇ ਸਨ) ! ਮੇਰੇ ਗੁਰੂ ਨੂੰ ਤਾਂ ਅਸ਼ਲੀਲਤਾ ਵੀ ਉਸੇ ਰੱਬ ਦਾ ਕੌਤਕ ਦਿਸਦਾ ਹੈ। ਉਹ ਤਾਂ ਕਹਿੰਦੇ ਹਨ :

ਨਮੋ ਨਮੋ ਵੇਦ ਬਾਣੀ। ਨਮੋ ਕੋਕ ਕੀ ਕਹਾਣੀ।

ਉਹ ਵੇਦਾਂ ਨੂੰ ਵੀ ਨਮਸਕਾਰ ਕਰਦੇ ਹਨ ਤੇ ਕੋਕ ਸ਼ਾਸਤ੍ਰ ਨੂੰ ਵੀ। ਇਹ ਦੋਵੇਂ ਕਰਤਾਰ ਦੀ ਲੀਲਾ ਦੇ ਨਮੂਨੇ ਹਨ।
ਉਨ੍ਹਾਂ ਦੀ ਨਜ਼ਰ ਵਿਚ ਤਾਂ ਨਫ਼ਰਤ ਕਿਤੇ ਵੀ ਨਹੀਂ ਸੀ। ਸਾਡੀ ਨਜ਼ਰ ਅੰਦਰ ਹੀ ਹਕਾਰਤ ਹੈ ਤੇ ਉਸ ਨੂੰ ਅਸਾਂ ਆਪਣੇ ਗੁਰੂ ਉੱਪਰ ਜੜਨੋਂ ਵੀ ਗੁਰੇਜ਼ ਨਹੀਂ ਕੀਤਾ। ਅਸਾਂ ਆਪਣੇ ਆਪ ਨੂੰ ਸਾਹਿਤ ਦੇ ਇਕ ਸਰਵਉੱਚ ਸਰੋਤ ਨਾਲੋਂ ਨਖੇੜ ਲਿਆ ਹੈ। ਇਸ ਤੋਂ ਵੱਡੀ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ?

ਅਰਦਾਸ

ਹੁਣ : ਤੁਸੀਂ ਜੀਵਨ ਵਿਚ ਅਰਦਾਸ ਨੂੰ ਬੜੀ ਮਹੱਤਤਾ ਦਿੱਤੀ ਹੈ। ਕੀ ਅਰਦਾਸਾਂ ਪੂਰੀਆਂ ਹੁੰਦੀਆਂ ਹਨ?
ਨੇਕੀ : ਇਸ ਪ੍ਰਸ਼ਨ ਤੋਂ ਇਹ ਸਿੱਧ ਹੋਂਦਾ ਹੈ ਕਿ ਅਸੀਂ ਅਰਦਾਸ ਨੂੰ ਬੜਾ ਗ਼ਲਤ ਸਮਝਦੇ ਹਾਂ। ਇਉਂ ਲਗਦਾ ਹੈ, ਅਰਦਾਸ ਦਾ ਮਤਲਬ ਅਸੀਂ ਇਹ ਲੈਂਦੇ ਹਾਂ ਕਿ ਮਰਜ਼ੀ ਮੇਰੀ ਹੋਵੇ ਤੇ ਸ਼ਕਤੀ ਰੱਬ ਦੀ? ਤੇ ਮਰਜ਼ੀ ਮੇਰੀ ਤੁਰੰਤ ਪੂਰੀ ਹੋ ਜਾਵੇ।
ਅਰਦਾਸ ਦਾ ਇਹ ਮਤਲਬ ਤਾਂ ਨਹੀਂ ਹੋਂਦਾ। ਅਰਦਾਸ ਤਾਂ ਆਪਣੇ ਪਰਮ ਪਿਤਾ ਨਾਲ ਗੱਲਬਾਤ ਕਰਨ ਦਾ, ਉਸ ਦੀਆਂ ਦਾਤਾਂ ਦਾ ਧੰਨਵਾਦ ਕਰਨ ਦਾ, ਉਸ ਦੀ ਸਿਫ਼ਤ ਸਲਾਹ ਕਰਨ ਦਾ, ਉਸ ਦੀ ਰਹਿਮਤ ਦੀ ਯਾਚਨਾ ਕਰਨ ਦਾ ਅਵਸਰ ਕੇਵਲ ਆਪਣੇ ਲਈ ਨਹੀਂ ਸਰਬੱਤ ਲਈ ਸਰਬ ਵਿਆਪੀ ਵਿਉਂਤ ਹੈ।
ਮੰਗੋ, ਮੰਗਣ ‘ਤੇ ਕੋਈ ਪ੍ਰਤਿਬੰਧ ਨਹੀਂ। ਜੇ ਮੰਗਿਆ ਹੋਇਆ ਮਨਜੂਰ ਹੋ ਜਾਵੇ, ਤਾਂ ਧੰਨਵਾਦ ਕਰੋ ਕਿ ਮੰਗ ਪੂਰੀ ਹੋਈ। ਨਾ ਪੂਰੀ ਹੋਵੇ ਤਾਂ ਧੰਨਵਾਦ ਕਰੋ ਕਿ ਪੂਰੀ ਨਹੀਂ ਹੋਈ। ਜਾਂ ਤਾਂ ਮੰਗ ਹੀ ਨੈਤਿਕ ਤੌਰ ‘ਤੇ ਗ਼ਲਤ ਸੀ ਜਾਂ ਭਾਗਾਂ ਵਿਚ ਉਸ ਤੋਂ ਵੀ ਕੁਝ ਚੰਗਾ ਸੀ। ਹਰ ਹਾਲ ਸ਼ੁਕਰਾਨੇ ਦੀ ਅਰਦਾਸ ਹੀ ਬਣਦੀ ਹੈ।
ਜਿਨ੍ਹਾਂ ਅਰਦਾਸ ਦੀ ਆਤਮਾ ਨੂੰ ਸਮਝਿਆ ਹੈ, ਉਹ ਅਰਦਾਸ ਵਿਚ ਪੂਰੀ ਬੇਤਕੱਲਫ਼ੀ ਨਾਲ ਆਪਣੇ ਪਰਮ ਪਿਤਾ ਨਾਲ ਗੱਲ ਕਰਦੇ ਹਨ। ਪਿਤਾ ਸੁਣਦਾ ਵੀ ਹੈ, ਉੱਤਰ ਵੀ ਦੇਂਦਾ ਹੈ। ਮੰਗ ਦਾ ਪੂਰਿਆਂ ਨਾ ਹੋਣਾ ਵੀ ਤਾਂ ਉੱਤਰ ਹੈ, ਜੋ ਉਸਦੇ ਸਾਡੇ ਪ੍ਰਤੀ ਪਿਆਰ ਦਾ ਲਖ਼ਾਇਕ ਹੈ।
ਹੁਣ : ਕੁਝ ਹੋਰ ਫੁਟਕਲ ਸੁਆਲ ਹਨ। ਇਕ ਇਹ ਕੀ ਕਵੀ ਲਈ ਅਸੰਤੁਲਿਤ ਹੋਣਾ ਲਾਜ਼ਮੀ ਹੈ? ਕੀ ਸੰਤੁਲਿਤ ਪ੍ਰੋੜ੍ਹ ਬੰਦੇ ਕਾਵਿ ਨਹੀਂ ਸਿਰਜ ਸਕਦੇ?
ਨੇਕੀ : ਇਹ ਮਜਹੂਲ ਮਨੌਤ ਬੜੇ ਚਿਰ ਤੋਂ ਚਲਦੀ ਆਈ ਹੈ ਕਿ ਕਵੀ ਅਸਾਧਾਰਨ (Abnormal) ਵਿਅਕਤੀ ਹੋਂਦਾ ਹੈ। ਉਹ ਅਸਾਧਾਰਨ ਨਹੀਂ ਅਪਸਾਧਾਰਨ (Paranormal) ਹੋਂਦਾ ਹੈ। ਉਸ ਪਾਸ ਹੋਰਨਾਂ ਸਾਧਾਰਨ ਲੋਕਾਂ ਨਾਲੋਂ ਵੱਧ ਕੋਈ ਕਲਾ ਹੋਂਦੀ ਹੈ। ਇਸ ਬਾਰੇ ਮੈਂ ਸ਼ਾਇਦ ਅੱਗੇ ਵੀ ਰਾਏ ਦੇ ਬੈਠਾ ਹਾਂ, ਹੋਰ ਕੁਝ ਆਖਣ ਦੀ ਲੋੜ ਨਹੀਂ।
ਹੁਣ : ਲੇਖਕ ਕਿਉਂ ਲਿਖਦਾ ਹੈ ਤੇ ਪਾਠਕ ਕਿਉਂ ਪੜ੍ਹਦਾ ਹੈ?
ਨੇਕੀ : ਲਿਖਣ-ਪੜ੍ਹਨ ਦੀ ਗੱਲ ਲਿਪੀ ਦੇ ਈਜਾਦ ਹੋਣ ਤੋਂ ਬਾਅਦ ਦੀ ਗੱਲ ਹੈ, ਉਸ ਤੋਂ ਪਹਿਲਾਂ ਕਹਿਣ ਤੇ ਸੁਣਨ ਦੀ ਗੱਲ ਹੀ ਹੋ ਸਕਦੀ ਸੀ। ਕਹੀ ਹੋਈ ਗੱਲ ਤੁਰੰਤ ਬਿਨਸ ਜਾਂਦੀ ਸੀ। ਲਿਖੀ ਹੋਈ ਗੱਲ ਚਿਰ ਹੰਢਣੀ ਹੋ ਜਾਂਦੀ ਹੈ। ਸ਼ੁਰੂ ਵਿਚ ਗ਼ਾਲਿਬਨ ਲਿਖਣ ਪੜ੍ਹਨ ਦਾ ਕੰਮ ਚਿੱਠੀ-ਪੱਤਰ ਕਰਨਾ ਹੋਵੇਗਾ ਜਾਂ ਚੇਤੇ ਦੀ ਸਹਾਇਤਾ ਲਈ ਕੁਝ ਨੋਟ ਕਰ ਕੇ ਰੱਖ ਲੈਣਾ । ਯਾਦ ਰੱਖਣ ਲਈ ਛੰਦਾਬੰਦੀ ਤੇ ਤੋਲ ਤੁਕਾਂਤ ਸਹਾਈ ਹੋਂਦੇ ਹਨ, ਸੋ ਪਹਿਲਾਂ ਕਵਿਤਾ ਲਿਖੀ ਗਈ। ਇਕ ਬੰਦਾ ਦੂਜੇ ਦੇ ਦਿਲ ਦੀ ਗੱਲ ਜਾਣਨਾ ਚਾਹੁੰਦਾ ਹੈ। ਸੋ ਲਿਖਣ ਦੇ ਨਾਲ ਪੜ੍ਹਨਾ ਵੀ ਆਰੰਭ ਹੋਇਆ। ਫਿਰ ਕੁਝ ਲੋਕਾਂ ਨੂੰ ਇਉਂ ਜਾਪਿਆ ਹੋਵੇਗਾ ਕਿ ਉਨ੍ਹਾਂ ਦੇ ਵਿਚਾਰ ਦੁਨੀਆ ਦੇ ਭਲੇ ਦੇ ਹਨ। ਉਨ੍ਹਾਂ ਉਹ ਅੰਕਿਤ ਕਰ ਦਿੱਤੇ। ਜਦ ਕਿਸੇ ਨੇ ਪੜ੍ਹੇ ਹੋਣਗੇ ਤੇ ਉਸ ਨੂੰ ਸੱਚਮੁੱਚ ਸਰਬਤ ਦੇ ਭਲੇ ਦੇ ਵਿਚਾਰ ਜਾਪੇ, ਤਾਂ ਉਸ ਨੇ ਜ਼ਰੂਰ ਹੋਰਾਂ ਨੂੰ ਵੀ ਪੜ੍ਹਨ ਲਈ ਪ੍ਰੇਰਿਆ ਹੋਵੇਗਾ। ਜਦ ਕਿਸੇ ਨੇ ਕਿਸੇ ਹੋਰ ਲਈ ਹਿੱਤ ਨਾਲ ਲਿਖਿਆ ਹੋਵੇਗਾ ਤੇ ਅਗਲੇ ਨੇ ਹਿੱਤ ਨਾਲ ਵਾਚਿਆ ਹੋਵੇਗਾ ਤਾਂ ਸਾਹਿਤ ਦਾ ਮੁੱਢ ਬੱਝ ਗਿਆ ਹੋਵੇਗਾ।
ਐਸੀ ਕੋਈ ਪ੍ਰਕਿਰਿਆ ਲਿਖਣ ਤੇ ਪੜ੍ਹਨ ਵਿਚਾਲੇ ਵਰਤੀ ਜਾਪਦੀ ਹੈ, ਇਹ ਮੇਰਾ ਅਨੁਮਾਨ ਹੈ।

ਹੁਣ : ਤੁਸੀਂ ਕਵਿਤਾ ਨੂੰ ਉਚੇਰੇ ਮੰਡਲਾਂ ਦੀ ਉਡਾਰੀ ਮੰਨਦੇ ਹੋ, ਨੈਰੂਦਾ ਅਨੁਸਾਰ ਇਹ ਧਰਤੀ ਦੀ ਸ਼ੈ ਹੈ? ਕੌਣ ਸਹੀ ਹੈ?
ਨੇਕੀ : ਉਕਾਬ ਲਈ ਆਕਾਸ਼ ਦੀ ਉਡਾਰੀ ਹੀ ਸਹੀ ਹੋਂਦੀ ਹੈ, ਸ਼ੇਰ ਲਈ ਧਰਤੀ ‘ਤੇ ਤੁਰਨਾ ਹੀ। ਤੁਸੀਂ ਉਕਾਬ ਵਾਸਤੇ ਸ਼ੇਰ ਦੀ ਰਹਿਤਲ ਮੁਕੱਰਰ ਨਹੀਂ ਕਰ ਸਕਦੇ। ਇਹ ਸਵਾਲ ਹੀ ਪੈਦਾ ਨਹੀਂ ਹੋਂਦਾ ਕਿ ਕੌਣ ਸਹੀ ਹੈ।
ਦਰਅਸਲ ਪੱਛਮੀ ਕਵਿਤਾ ਬਹੁਤਕਰ ਬਾਹਰਲੇ ਜਗਤ ਦੀ ਵਸਤ ਹੋਂਦੀ ਹੈ ਧਰਤੀ ਦੀ ਵਸਤ। ਪੂਰਬੀ ਕਾਵਿ ਅੰਦਰ ਦੇ ਗਗਨ ਦੀਆਂ ਉਡਾਰੀਆਂ ਨਾਲ ਵਾਸਤਾ ਰੱਖਦਾ ਆਇਆ ਹੈ।
ਹੁਣ : ਕੀ ਤੁਹਾਨੂੰ ਲਿਖਣ ਲਈ ਕਿਸੇ ਖ਼ਾਸ ਮਾਹੌਲ ਦੀ ਲੋੜ ਹੁੰਦੀ ਹੈ?
ਨੇਕੀ : ਦੋ ਚੀਜ਼ਾਂ ਦੀ – ਵਿਹਲ ਦੀ ਤੇ ਏਕਾਂਤ ਦੀ। ਪਰ ਇਹ ਦੋਵੇਂ ਵਸਤਾਂ ਓਦੋਂ ਦਰਕਾਰ ਹੋਣ, ਜਦੋਂ ਕਾਵਿ ਪ੍ਰੇਰਣਾ ਜਾਗ ਪਈ ਹੋਵੇ। ਬਾਕੀ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਪਹਿਲਾਂ ਦੱਸ ਆਇਆ ਹਾਂ।
ਹੁਣ : ਤੁਹਾਡੀ ਕਵਿਤਾ ਨੇ ਲੋਕਾਂ ਦਾ ਕੀ ਸੁਆਰਿਆ ਹੈ?
ਨੇਕੀ : ਕੁਝ ਵੀ ਨਹੀਂ। ਪਰ ਗੁਰਬਾਣੀ ਤੋਂ ਛੁੱਟ ਸਾਰੇ ਪੰਜਾਬੀ ਕਾਵਿ ਨੇ ਕਿਸੇ ਦਾ ਕੀ ਸੰਵਾਰਿਆ ਹੈ?
ਵੈਸੇ ਤਾਂ ਸ਼ੇਕਸਪੀਅਰ, ਕਾਲੀਦਾਸ ਜਹੇ ਮਹਾਨ ਕਵੀਆਂ ਨੇ ਵੀ ਸੰਸਾਰ ਦਾ ਕੀ ਸੁਆਰਿਆ ਹੈ?
ਹੁਣ : ਆਪਣੀ ਜੀਵਨ ਕਥਾ ਵਿਚ ਤੁਸਾਂ ਲਿਖਿਆ ਹੈ:

ਮਿਲਿਆ ਅਸਾਨੂੰ ਨਿਰਾ ਕਿਸ਼ਤਾਂ ‘ਚ ਜੀਵਣਾ।

ਕੀ ਪੂਰਨ ਗੁਰਮੁਖ ਹੁੰਦਿਆਂ ਤੁਹਾਨੂੰ ਆਪਣੇ ਜੀਵਨ ਦਾ ਪਛਤਾਵਾ ਹੈ?
ਨੇਕੀ : ਪਹਿਲੀ ਗੱਲ ਤਾਂ ਮੈਂ ਗੁਰਮੁਖ ਅਖਵਾਉਣ ਜੋਗਾ ਨਹੀਂ, ਪੂਰਨ ਗੁਰਮੁਖ ਅਖਵਾਉਣ ਜੋਗਾ ਤਾਂ ਕਦਾਚਿੱਤ ਵੀ ਨਹੀਂ। ਜੇਕਰ ਗੁਰਮੁਖ ਹੋਂਦਾ, ਤਾਂ ਪਛਤਾਵਾ ਜ਼ਰੂਰ ਹੋਂਦਾ ਕਿਉਂਕਿ

ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥
ਨਾਨਕ ਅਵਰੁ ਨ ਜੀਵੈ ਕੋਇ॥

– ਆਦਿ ਗ੍ਰੰਥ ਪੰਨਾ. ੧੪੨

ਮੈਂ ਵਾਹਿਗੁਰੂ ਨੂੰ ਸਦਾ ਮਨ ਵਿਚ ਨਹੀਂ ਵਸਾਇਆ। ਇਸ ਲਈ ਉਤਨਾ ਹੀ ਜੀਵਿਆਂ ਹਾਂ, ਉਹ ਵੀ ਕਿਸ਼ਤਾਂ ਵਿਚ ਜਿਚਰ ਉਸ ਨੂੰ ਆਪਣੇ ਧਿਆਨ ਵਿਚ ਰੱਖ ਸਕਿਆਂ ਹਾਂ।
ਪਰ ਮੈਂ ਜਿਹੜੀਆਂ ਕਿਸ਼ਤਾਂ ਵਿਚ ਜੀਣ ਦੀ ਗੱਲ ਕੀਤੀ ਹੈ, ਉਹ ਹੋਰ ਦ੍ਰਿਸ਼ਟੀ ਤੋਂ ਕੀਤੀ ਹੈ। ‘ਸਿਮਰਿਤੀ ਦੇ ਕਿਰਨ ਤੋਂ ਪਹਿਲਾਂ’ ਵਿਚ ਮੈਂ ਲਿਖਿਆ ਹੈ:

ਮੈਂ ਤਾਂ ਬੱਸ ਉਤਨੇ ਪਲ ਹੀ ਜੀਵਿਆ ਹਾਂ
ਜਿਹਨਾਂ ਉੱਪਰ ਮੇਰੀ ਕਿਰਿਆ ਦੀ ਛਾਪ ਹੈ?
ਤੇ ਏਹੋ ਮੇਰੀ ਸਿਮਰਿਤੀ ਦਾ ਸਰਮਾਇਆ ਹਨ।
ਇਨ੍ਹਾਂ ਕਿਰਮਚੀ ਪਲਾਂ ਤੋਂ ਛੁੱਟ
ਧਰਤੀ ਦੀ ਕੁੱਖ ਬਾਂਝ ਹੈ।

ਐਸੇ ਉਪਜਾਊੁ ਪਲ ਹਰ ਵੇਲੇ ਤਾਂ ਨਸੀਬ ਨਹੀਂ ਹੋਂਦੇ। ਸੋ ਅਸੀਂ ਕਿਸ਼ਤਾਂ ਵਿਚ ਹੀ ਜਿਊਂਦੇ ਹਾਂ। ਪਰ ਇਸ ਦਾ ਮੈਨੂੰ ਹਿਰਖ ਤਾਂ ਕੋਈ ਨਹੀਂ। ਮੈਨੂੰ ਐਸੀਆਂ ਕਿਰਿਆਸ਼ੀਲ ਕਿਸ਼ਤਾਂ ਕੁਦਰਤ ਨੇ ਬੜੀ ਖੁੱਲ੍ਹਦਿਲੀ ਨਾਲ ਦਿੱਤੀਆਂ ਹਨ।

ਨਾਮ ਸਿਮਰਨ

ਹੁਣ : ਨਾਮ ਸਿਮਰਨ ਬਾਰੇ ਤੁਹਾਡਾ ਕੀ ਵਿਚਾਰ ਹੈ?
ਨੇਕੀ : ਸਾਰੇ ਭਗਤੀ ਸਾਹਿਤ ਵਿਚ, ਸਿੱਖ ਧਰਮ ਵਿਚ ਵੀ, ਨਾਮ ਦਾ ਬੜਾ ਮਹਾਤਮ ਮੰਨਿਆ ਗਿਆ ਹੈ। ਨਾਮ ਸਿਮਰਨ ਨੂੰ ਨਾਮੀ ਤਕ ਪਹੁੰਚਣ ਦਾ ਸਾਧਨ ਮੰਨਿਆ ਗਿਆ ਹੈ। ਨਾਮੀ ਨੂੰ ਵੀ ਨਾਮ ਆਖਿਆ ਗਿਆ ਹੈ।

ਨਾਮ ਕੇ ਧਾਰੇ ਸਗਲੇ ਜੰਤ॥
ਨਾਮ ਕੇ ਧਾਰੇ ਖੰਡ ਬ੍ਰਹਿਮੰਡ॥

– ਆਦਿ ਗ੍ਰੰਥ ਪੰਨਾ ੧੮੪

ਪਰ ਮੈਨੂੰ ਰੱਬ ਨਾਮ ਨਹੀਂ ਕਿਰਿਆ ਪ੍ਰਤੀਤ ਹੋਂਦਾ ਹੈ। ਤਦੇ ਮੈਂ ਲਿਖਿਆ ਹੈ :

ਰੱਬ ਕੋਈ ਨਾਮ ਨਹੀਂ ਕਰਮ ਰੂਪ ਕਿਰਿਆ
ਪਿਆਰ ਪ੍ਰਤੱਖ ਹੋ ਕੇ ਗਲੀ ਗਲੀ ਫਿਰਿਆ।

ਮੈਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਾਏ ਪੂਰਨਿਆਂ ‘ਤੇ ‘ਕਰਮ ਨਾਮ ਬਰਣਤ ਸੁਮਤਿ’ ਦਾ ਵਿਸ਼ਵਾਸੀ ਹਾਂ। ਉਸ ਦੇ ਅਪਾਰ ਪਿਆਰ ਦਾ ਉਪਾਸ਼ਕ ਹਾਂ। ਉਹ ਸਾਡੇ ਨਾਲ ਅਸੀਮ ਪਿਆਰ ਦੀ ਬੋਲੀ ਵਿਚ ਹਮਕਲਾਮ ਹੋਂਦਾ ਹੈ:

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥

-ਆਦਿ ਗ੍ਰੰਥ ਪੰਨਾ. ੨

ਸਾਥੋਂ ਵੀ ਆਸ ਕਰਦਾ ਹੈ ਅਸੀਂ ਵੀ ਉਸ ਨਾਲ ਇਸੇ ਬੋਲੀ ਵਿਚ ਬੋਲੀਏ। ਮੈਨੂੰ ਤਾਂ ਜਦ ਕਦੇ ਐਸਾ ਅਵਸਰ ਪ੍ਰਾਪਤ ਹੋਇਆ ਹੈ, ਜ਼ਿੰਦਗੀ ਹੋਰ ਦੀ ਹੋਰ ਹੋਂਦੀ ਜਾਪੀ ਹੈ।
ਕਦੇ-ਕਦੇ ਮੈਂ ਸੋਚਦਾ ਹਾਂ ਸਾਡੀ ਬੋਲੀ ਵਿਚ ਸ਼ੁਕਰੀਏ ਲਈ ਕੋਈ ਸ਼ਬਦ ਕਿਉਂ ਨਹੀਂ? ‘ਧੰਨਵਾਦ’ ਤਾਂ ਵੀਹਵੀਂ ਸਦੀ ਵਿਚ ‘ਧੰਨ’ ਦੇ ਨਾਲ ‘ਵਾਦ’ ਜੋੜ ਕੇ ਬਣਾਇਆ ਗਿਆ ਹੈ। ਗੁਰਬਾਣੀ ਵਿਚ ਵੀ ‘ਧੰਨਵਾਦ’ ਸ਼ਬਦ ਕਿਧਰੇ ਨਹੀਂ ਦਿਸਦਾ। ਧੰਨਵਾਦ ਦੀ ਸਪਿਰਿਟ ਤਾਂ ਹੈ, ਫਿਰ ਸ਼ਬਦ ਕਿਉਂ ਨਹੀਂ? ਮੇਰੀ ਸਮਝ ਅਨੁਸਾਰ ‘ਧੰਨਵਾਦ’ ਉਪਚਾਰਕ (ਾਂੋਰਮਅਲ) ਸ਼ਬਦ ਹੈ, ਜੋ ਅਸੀਂ ਉਦੋਂ ਵਰਤਦੇ ਹਾਂ ਜਦੋਂ ਕੋਈ ਸਾਡੇ ਲਈ ਕੁਝ ਚੰਗਾ ਕਰੇ। ਪਰ ਵਾਹਿਗੁਰੂ ਤਾਂ ਹਰ ਪਲ, ਸਾਡੇ ਚੰਗੇ ਵਿਚ ਮਸਰੂਫ਼ ਹੈ। ਮੇਰਾ ਸਾਹ ਚੱਲ ਰਿਹਾ ਹੈ, ਮੇਰੀ ਨਜ਼ਰ ਸਹੀ ਹੈ, ਮੈਨੂੰ ਰੋਟੀ ਨਸੀਬ ਹੈ… ਗਿਣੀ ਜਾਓ ਕੀ ਕੀ ਕੁਝ ਪ੍ਰਾਪਤ ਨਹੀਂ। ਕਾਹਦਾ ਕਾਹਦਾ ਧੰਨਵਾਦ ਕਰੋਗੇ? ਜੇਕਰ ਲਗਾਤਾਰ ‘ਧੰਨਵਾਦ ਧੰਨਵਾਦ’ ਕਹਿੰਦੇ ਚਲੇ ਜਾਓ, ਤਾਂ ਵੀ ਗੱਲ ਬਣਦੀ ਨਹੀਂ। ਤਦੇ ਤਾਂ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸਮਝਾਇਆ :

ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ॥ ਤਿਸੁ ਠਾਕੁਰ ਕਉ ਰਖੁ ਮਨ ਮਾਹਿ॥
ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ॥ ਤਿਸ ਕਉ ਸਿਮਰਤ ਪਰਮ ਗਤਿ ਪਾਵਹਿ॥
ਜਿਹ ਪ੍ਰਸਾਦਿ ਬਸਹਿ ਸੁਖ ਮੰਦਿਰ॥ ਤਿਸਹਿ ਧਿਆਇ ਸਦਾ ਮਨ ਅੰਦਰਿ॥
ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ॥ ਆਠ ਪਹਰ ਸਿਮਰਹੁ ਤਿਸੁ ਰਸਨਾ॥
ਜਿਹ ਪ੍ਰਸਾਦਿ ਰੰਗ ਰਸ ਭੋਗ॥ ਨਾਨਕ ਸਦਾ ਧਿਆਈਐ ਧਿਆਵਨ ਜੋਗ॥੧॥

ਆਦਿ ਗ੍ਰੰਥ ਪੰਨਾ. ੨੬੯

ਅਸੀਂ ਜੇ ਅਵਿਰਲ ਉਸ ਨੂੰ ਆਪਣੇ ਮਨ ਵਿਚ ਕਿਰਤਗਤਾ ਦੀ ਭਾਵਨਾ ਨਾਲ ਵਸਾਈ ਰੱਖੀਏ, ਤਾਂ ਵੀ ਉਸ ਦਾ ਰਿਣ ਉਤਾਰ ਨਹੀਂ ਸਕਦੇ। ਉਪਚਾਰਕ (formal) ਤੇ ਸਬੱਬੀ (occasional) ਸ਼ਬਦ ‘ਧੰਨਵਾਦ’ ਨਾਲ ਕੀ ਕਰ ਸਕਦੇ ਹਾਂ?
ਹੁਣ : ਤੁਸੀਂ ਆਪਣੀ ਕਵਿਤਾ ਵਿਚ ‘ਸੰਸੇ’ ਦੀ ਬੜੀ ਗੱਲ ਕੀਤੀ ਹੈ। ਤੁਹਾਡੀ ਇਕ ਪੁਸਤਕ (ਕਾਵਿ ਸੰਗ੍ਰਹਿ) ਵੀ ਹੈ, ਜਿਸ ਦਾ ਨਾਮ ਹੈ ‘ਇਹ ਮੇਰੇ ਸੰਸੇ ਇਹ ਮੇਰੇ ਗੀਤ।’ ਪਰ ਸੰਸੇ ਦਾ ਤੁਹਾਡਾ ਸੰਬੋਧ ਗੁਰਬਾਣੀ ਦੇ ਸੰਬੋਧ ਤੋਂ ਅੱਡਰਾ ਜਾਪਦਾ ਹੈ। ਇਸ ਬਾਰੇ ਕੁਝ ਰੋਸ਼ਨੀ ਪਾਓ।
ਨੇਕੀ : ਸੰਸਾ (ਸੰਸਕ੍ਰਿਤ : ਸੰਸ਼ਯ) ਦਾ ਅਰਥ ਹੈ ਸ਼ੱਕ। ਗੁਰਬਾਣੀ ਵਿਚ ਇਸ ਦਾ ਅਰਥ ‘ਰੱਬ ਦੀ ਹੋਂਦ ‘ਤੇ ਸ਼ੱਕ’ ਲਿਆ ਗਿਆ ਹੈ, ਜਿਵੇਂ

ਗੁਰਮੁਖਿ ਸੰਸਾ ਮੂਲਿ ਨ ਹੋਵਈ ਚਿੰਤਾ ਵਿਚਹੁ ਜਾਇ॥

ਆਦਿ ਗ੍ਰੰਥ ਪੰਨਾ. ੮੫੩

ਪਰ ਮੈਂ ਸੰਸੇ ਨੂੰ ਸਾਧਾਰਨ ‘ਸ਼ੱਕ’ ਦੇ ਅਰਥਾਂ ਵਿਚ ਵਰਤਿਆ। ਜਦ ਕਦੇ ਸ਼ੱਕ ਉਪਜੇ ਕਿ ਇਹ ਗੱਲ ਸਹੀ ਹੈ ਕਿ ਨਹੀਂ ਤਾਂ ਸਹੀ ਗੱਲ ਦੀ ਖੋਜ ਪੈਦਾ ਹੋਣੀ ਸੁਭਾਵਿਕ ਹੈ। ਇਸੇ ਲਈ ਕਿਹਾ ਗਿਆ ਹੈ ਕਿ ਬਿਬੇਕ ਸੰਸੇ ਤੋਂ ਆਰੰਭ ਹੋਂਦਾ ਹੈ (ਧੋੁਬਟ ਸਿ ਬੲਗਨਿਨਨਿਗ ੋਾ ੱਸਿਦੋਮ) ਫ਼ਰਾਂਸ ਦੇ ਦਾਰਸ਼ਨਿਕ ਦੇਕਾਰਤ ਦਾ ਸਾਰਾ ਫ਼ਲਸਫ਼ਾ ਸੰਸੇ ਤੋਂ ਆਰੰਭ ਹੋਇਆ। ਸਭ ਤੋਂ ਪਹਿਲਾਂ ਉਸ ਨੇ ਆਪਣੀ ਹੋਂਦ ‘ਤੇ ਹੀ ਸ਼ੱਕ ਕੀਤਾ। ਇਹ ਸੋਚਿਆ, “ਮੈਂ ਸੰਸਾ ਕਰਦਾ ਹਾਂ, ਇਸ ਲਈ ਮੈਂ ਹਾਂ!” ਇਥੋਂ ਉਸ ਦਾ ਸਾਰਾ ਫ਼ਲਸਫ਼ਾ ਉਸਰਿਆ।
ਮੈਂ ਇਹ ਮੰਨਦਾ ਹਾਂ ਕਿ ਅੰਧ-ਵਿਸ਼ਵਾਸ ਕਦੇ ਵੀ ਟੁੱਟ ਸਕਦਾ ਹੈ। ਪਰ ਜੋ ਵਿਸ਼ਵਾਸ ਸੰਸਿਆਂ ਦੀ ਪੁਣ-ਛਾਣ ਤੋਂ ਬਾਅਦ ਬੱਚ ਨਿਕਲਦਾ ਹੈ, ਉਸਨੂੰ ਕੋਈ ਡੁਲਾ ਨਹੀਂ ਸਕਦਾ। ਇਸੇ ਲਈ ਤਾਂ:

ਮੈਂ ਸਦਾ ਆਪਣੇ ਸੰਸਿਆਂ ਨੂੰ ਖੁੱਲ੍ਹ ਦਿੱਤੀ ਹੈ
ਕਿ ਉਹ ਮੇਰੇ ਹਰ ਵਿਸ਼ਵਾਸ ਦਾ ਮੱਥਾ ਚੁੰਮਣ।
ਜਿਸ ਘਰ ਦੇ ਬੂਹੇ ‘ਤੇ
ਕਦੇ ਕਿਸੇ ਸੰਸੇ ਨੇ ਦਸਤਕ ਨਹੀਂ ਦਿੱਤੀ,
ਉਸ ਦੇ ਅੰਦਰੋਂ
ਕਿਸੇ ਜਾਗਦੇ, ਸੁੱਤੇ ਵਿਸ਼ਵਾਸ ਦੀ
ਹੁੰਗਾਰ ਨਹੀਂ ਆ ਸਕਦੀ।
ਪਰ ਜਿਹਨਾਂ ਨੇ ਸੰਸਿਆਂ ਨੂੰ
ਹਾਕਾਂ ਮਾਰੀਆਂ ਹਨ,
ਅਸਮਾਨ ਉਨ੍ਹਾਂ ਦੇ ਘਰ ਆਉਂਦਾ
ਤੇ ਉਨ੍ਹਾਂ ਦੀ ਛੱਤ ਹੇਠ ਆਰਾਮ ਕਰਦਾ ਹੈ।

ਹੁਣ : ਇਥੋਂ ਇਹ ਪ੍ਰਸ਼ਨ ਉੱਠਦਾ ਹੈ, ਰੱਬ ਦੀ ਹੋਂਦ ਬਾਰੇ ਤੁਹਾਡਾ ਕੀ ਵਿਚਾਰ ਹੈ?
ਨੇਕੀ : ਰੱਬ ਮਨੁੱਖ ਦੇ ਆਪਣੇ ਅੰਦਰ ਵਸਦਾ ਹੈ :

ਵਸੀ ਰਬ ਹੀਆਲੀਐ ਬਾਹਰ ਕਿਆ ਢੂੰਢੇਹ।

ਓਹੀ ਅੰਦਰ ਬੈਠਾ ਉਸ ਨੂੰ ਤੋਰੀ ਫਿਰਦਾ ਹੈ। ਓਹੀ ਉਸ ਪਾਸੋਂ ਅਰਦਾਸ ਕਰਾਉਂਦਾ ਹੈ। ਅਰਦਾਸ ਵਿਚ ਬੋਲਦਾ ਵੀ ਉਹ ਆਪ ਹੈ। ਸਿਜਦੇ ਵੀ ਉਹ ਆਪ ਹੀ ਕਰਦਾ ਹੈ। ਪਰ ਮਨੁੱਖ ਨੂੰ ਜਾਪਦਾ ਹੈ ਕਿ ਅਰਦਾਸ ਉਹ ਆਪ ਕਰਦਾ ਹੈ, ਤੇ ਮੰਦਰ ਦੀ ਦਰਵੱਟਣ ‘ਤੇ ਸਿਜਦੇ ਕਰਦਾ ਹੈ। ਪਰ ਇਸ ਨੂੰ ਇਉਂ ਵੀ ਤਾਂ ਵੇਖਿਆ ਜਾ ਸਕਦਾ ਹੈ :

ਮੈਂ ਜਾਣਦਾ ਹਾਂ
ਮੇਰੇ ਹਰ ਸਿਜਦੇ ਵਿਚੋਂ
ਕੋਈ ਰੱਬ ਪੈਦਾ ਹੋਂਦਾ ਹੈ
ਤੇ ਜਿਸ ਦਰਵੱਟਣ ਉੱਤੇ ਵੀ ਮੈਂ
ਆਪਣਾ ਸਿਰ ਟਿਕਾ ਦੇਂਦਾ ਹਾਂ,
ਉੱਥੇ ਹੀ ਕੋਈ ਮੰਦਰ ਬਣ ਜਾਂਦਾ ਹੈ।

ਇਵੇਂ ਹੀ ਮੈਂ ‘ਅਸਲੇ ਤੇ ਉਹਲੇ’ ਵਿਚ ਕਵਿਤਾ ‘ਧਰਮ ਦੇ ਬੀਤ ਰਹੇ ਜੁਗ ਚਾਰ’ ਵਿਚ ਕਿਹਾ ਸੀ :

ਅੱਜ ਫਿਰ ਬੰਦਾ ਬਣਦਾ ਜਾਪੇ
ਰੱਬ ਦਾ ਸਿਰਜਣਹਾਰ।

ਰੱਬ ਦਾ ਸੰਬੋਧ ਤਾਂ ਕੇਵਲ ਮਨੁੱਖ ਪਾਸ ਹੀ ਹੈ। ਤੇ ਇਹ ਸੰਬੋਧ ਉਸਦੇ ਅੰਦਰੋਂ ਉਪਜਿਆ ਹੈ। ਜੋਤਿ ਅੰਦਰ ਹੀ ਹੈ। ਉਹ ਜੋਤਿ ਹੀ ਰੱਬ ਹੈ।
ਹੁਣ : ਤੁਹਾਨੂੰ ਨਹੀਂ ਲੱਗਦਾ ਕਿ ‘ਅਸਲੇ ਤੇ ਉਹਲੇ’ ਵੇਲੇ ਤੁਸੀਂ ਪਾਠਕਾਂ ਦੇ ਬੜੇ ਨੇੜੇ ਸਉ। ਹੁਣ ਫ਼ਾਸਲਾ ਵੱਧ ਗਿਆ ਹੈ।
ਨੇਕੀ : ਤੁਸੀਂ ਠੀਕ ਕਹਿੰਦੇ ਓ। ਮੈਂ ਵੀ ਜਾਣਦਾ ਹਾਂ ਕਾਵਿ ਰਚਨਾ ਪਾਠਕਾਂ ਲਈ ਹੋਂਦੀ ਹੈ। ਪਰ ਕਦੇ-ਕਦੇ ਕਾਵਿ ਰਚਨਾ ਕਾਵਿ ਲਈ ਵੀ ਤਾਂ ਹੋਂਦੀ ਹੈ। ਪਰਾਭੌਤਕ ਕਵਿਤਾ ਦੇ ਪਰਾਭੌਤਕ ਦ੍ਰਿਸ਼ਟੀ ਵਾਲੇ ਪਾਠਕ ਹੀ ਹੋ ਸਕਦੇ ਹਨ। ਜੋ ਐਸੇ ਕੁਝ ਹੀ ਪਾਠਕ ਲੱਭ ਜਾਣ ਤੇ ਕਾਵਿ ਕਿਰਤ ਨੂੰ ਪ੍ਰਸੰਸਾ ਜੋਗਾ ਮੰਨ ਲੈਣ ਤਾਂ ਸਮਝੋ ਕਾਵਿ ਕਿਰਤ ਨੇ ਕਾਵਿ ਪ੍ਰਤੀ ਆਪਣਾ ਧਰਮ ਨਿਭਾ ਲਿਆ।

ਅਜੋਕੀ ਕਵਿਤਾ

ਹੁਣ : ਗੱਲ ਹੋਰ ਪਾਸੇ ਤੁਰ ਪਈ ਏ। ਇਹ ਨਹੀਂ ਕਿ ਇਹ ਜ਼ਰੂਰੀ ਨਹੀਂ; ਪਰ ਕਾਵਿ ਵੱਲ ਪਰਤਣ ਦੀ ਇਜਾਜ਼ਤ ਦਿਓ। ਮੈਂ ਪੁੱਛਣਾ ਚਾਹੁੰਦਾਂ, ਆਧੁਨਿਕ ਯੁੱਗ ਦੀ ਕਵਿਤਾ ਕਿਹੋ ਜਹੀ ਹੋਵੇ?
ਨੇਕੀ : ‘ਆਧੁਨਿਕ’ ਯੁਗ ਦੀ ਕਵਿਤਾ ਨੂੰ ‘ਆਧੁਨਿਕਵਾਦੀ’ ਕਿਹਾ ਗਿਆ ਸੀ। ਉਹ ਬੜੀ ਛੇਤੀ ਪੁਰਾਣੀ ਹੋ ਨਿਬੜੀ। ਇਸੇ ਲਈ ਹੁਣ ‘ਉੱਤਰ ਆਧੁਨਿਕਵਾਦੀ’ ਕਵਿਤਾ ਦੀ ਗੱਲ ਕਰਨ ਲੱਗ ਪਏ ਹਨ। ਜੋ ਕਵਿਤਾ ਕਿਸੇ ਸਮੇਂ ਵਿਸ਼ੇਸ਼ ਨਾਲ ਜੁੜੀ ਹੋਵੇਗੀ, ਉਹ ਪੁਰਾਣੀ ਹੋਵੇਗੀ ਹੀ। ਜੋ ਸਦੀਵੀ ਮਾਨਵੀ ਸਰੋਕਾਰਾਂ ਨਾਲ ਜੂਝੇਗੀ, ਉਹ ਸਦ-ਨਵਤਨ ਰਹੇਗੀ। ਮਨੁੱਖ ਦੇ ਸਦੀਵੀ ਸਰੋਕਾਰ ਕਿਸੇ ਇਕ ਵਾਦ ਦੀ ਵਲਗਣ ਵਿਚ ਨਹੀਂ ਆ ਸਕਦੇ।
ਇਕ ਗੱਲ ਹੋਰ। ‘ਆਧੁਨਿਕਵਾਦ’ ਵਿਚ ਕੁਝ ਨਵਾਂ ਕਹਿਣਾ ਲਾਜ਼ਿਮੀ ਮੰਨਿਆ ਜਾਣ ਲੱਗ ਪਿਆ ਸੀ। ਅਰਥਹੀਣ ਨਵੀਨਤਾਵਾਂ, ਬੇਮਾਅਨੀ ਜਿੱਦਤਾਂ ਘੜੀਆਂ ਜਾਣ ਲੱਗ ਪਈਆਂ। ਜੁਮੈਟਰੀ ਦੀਆਂ ਸ਼ਕਲਾਂ ਵਾਲੇ ਮਸਨੂਈ ਛੰਦ ਜੋੜੇ ਜਾਣ ਲੱਗੇ। ਇਹ ਸਭ ਚਾਰ ਦਿਹਾੜੇ ਵੀ ਨਹੀਂ ਕੱਢ ਸਕੇ।
ਪਰ ਜੋ ਕਵਿਤਾਵਾਂ ਮੌਲਿਕ ਮਾਨਵੀ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਹਨ, ਉਹ ਕਦੇ ਵੀ ਰਚੀਆਂ ਗਈਆਂ ਹੋਣ, ਸਦਜੀਵਤਾ ਮਾਣ ਸਕਦੀਆਂ ਹਨ।
ਕੋਈ ਯੁਗ ਆਪਣੇ ਸਮੇਂ ਦੇ ਸਰੋਕਾਰ ਵੀ ਸਾਹਵੇਂ ਲਿਆ ਸਕਦਾ ਹੈ ਤੇ ਆਪਣੇ ਸਮੇਂ ਦੇ ਬਿੰਬ ਵੀ। ਪਰ ਸਾਮਿਯਕ ਸਰੋਕਾਰ ਤੇ ਸਾਮਿਯਕ ਬਿੰਬ ਸਮੇਂ ਨਾਲ ਆਪਣਾ ਮਹੱਤਵ ਕਾਇਮ ਰੱਖਣ ਦੇ ਅਸਮਰਥ ਹੋ ਜਾਂਦੇ ਹਨ।
ਅੱਜ ਦੇ ਯੁਗ ਵਿਚ ਤਾਂ ਪਰਿਵਰਤਨ ਇਤਨਾ ਤੇਜ਼ ਹੋ ਗਿਆ ਹੈ ਕਿ ਚਿਰਜੀਵੇ ਕਾਵਿ ਦਾ ਵਜੂਦ ਹੀ ਸੰਸੇ ਵਿਚ ਪੈ ਗਿਆ ਜਾਪਦਾ ਹੈ।
ਹੁਣ : ਤੁਹਾਡਾ ਕਥਨ ਹੈ, ਕਾਵਿ ਦਾ ਧਰਮ ਮਨੋਰੰਜਨ ਨਹੀਂ। ਫਿਰ ਕਾਵਿ ਦਾ ਧਰਮ ਹੈ ਕੀ?
ਨੇਕੀ : ਮੇਰੇ ਵਿਚਾਰ ਅਨੁਸਾਰ ਮਨੋਰੰਜਨ ਕਾਵਿ ਦਾ ਪ੍ਰਥਮ ਧਰਮ ਨਹੀਂ। ਪ੍ਰਥਮ ਧਰਮ ਇਸ ਦਾ ਪ੍ਰੇਰਨਾ ਹੈ। ਮਨੋਰੰਜਕ ਵਿਧੀਆਂ ਉਸ ਪ੍ਰੇਰਨਾ ਦੇ ਮਾਧਿਅਮ ਵਜੋਂ ਹੋਣੀਆਂ ਲਾਜ਼ਮ ਹਨ। ਇਹ ਜਿਤਨੀਆਂ ਵੱਧ ਮਨੋਰੰਜਕ ਹੋਣਗੀਆਂ, ਪ੍ਰੇਰਨਾ ਉਤਨੀ ਵੱਧ ਸਫ਼ਲ ਤਰ੍ਹਾਂ ਹੋ ਸਕੇਗੀ।
ਕਾਵਿ ਦਾ ਇਕ ਧਰਮ ਜਨ ਸਧਾਰਨ ਪ੍ਰਤੀ ਹੈ। ਉਹ ਹੈ ਮਨੋਰੰਜਨ ਦਾ ਸਾਧਨ ਹੋਣਾ। ਪਰ ਇਕ ਹੋਰ ਧਰਮ ਇਸ ਦਾ ਆਪਣੇ ਪ੍ਰਤੀ ਵੀ ਹੈ। ਉਹ ਮਨੋਰੰਜਨ ਤੋਂ ਵਖਰਾ ਹੈ। ਜੇਕਰ ਨਾਲ ਮਨੋਰੰਜਨ ਵੀ ਦੇ ਸਕੇ ਤਾਂ ਕਿਆ ਬਾਤ ਹੈ।
ਇਸ ਗੱਲ ਵਿਚ ਮੇਰਾ ਮਾਡਲ ਗੁਰੂ ਨਾਨਕ ਦੇਵ ਜੀ ਹਨ। ਉਹ ਬੜੇ ਉੱਚ ਪਾਏ ਦੇ ਕਵੀ ਤੇ ਕਮਾਲ ਦੇ ਸੰਗੀਤਕਾਰ ਸਨ, ਪਰ ਉਦੇਸ਼ ਉਨ੍ਹਾਂ ਦੀਆਂ ਦੋਹਾਂ ਕਲਾਵਾਂ ਦਾ ਮਨੋਰੰਜਨ ਨਹੀਂ, ਪ੍ਰੇਰਨਾ ਸੀ।
ਕੇਵਲ ਮਨੋਰੰਜਨ ਨੂੰ ਟੀਚਾ ਮੰਨਣ ਵਾਲੀ ਕਲਾ ਸਸਤੀ ਜਹੀ ਹੋ ਕੇ ਰਹਿ ਜਾਂਦੀ ਹੈ। ਭੰਡ ਵੀ ਕੇਵਲ ਮਨੋਰੰਜਨ ਨਹੀਂ ਕਰਦੇ। ਵਿਅੰਗ ਨੂੰ ਪਰਿਵਰਤਨ ਦੀ ਪ੍ਰੇਰਨਾ ਦਾ ਸਾਧਨ ਬਣਾ ਕੇ ਵਰਤਦੇ ਹਨ।

ਨਜ਼ਮ ਤੇ ਨਿਜ਼ਾਮ

ਹੁਣ : ਵਾਲਤੇਅਰ ਨੇ ਕਿਹਾ ਸੀ, “ਹਲਕੀ ਕਵਿਤਾ ਉਹ ਨਹੀਂ ਜਿਸ ਵਿਚ ਪਿੰਗਲ ਦੇ ਨੇਮਾਂ ਦਾ ਉਲੰਘਣ ਕੀਤਾ ਹੋਵੇ; ਸਗੋਂ ਉਹ ਹੈ ਜਿਸ ਵਿਚ ਕਾਵਿ-ਪ੍ਰਤਿਭਾ ਗ਼ੈਰਹਾਜ਼ਰ ਹੋਵੇ।” ਤੁਹਾਡੀ ਜਾਚੇ ਇਹ ਕਾਵਿ ਪ੍ਰਤਿਭਾ ਕੀ ਹੈ?
ਨੇਕੀ : ਜਿਵੇਂ ਗੱਲ ਦਾ ਵਿਆਕਰਣ ਅਨੁਸਾਰ ਹੋਣਾ ਕੋਈ ਵੱਡਾ ਗੁਣ ਨਹੀਂ, ਵੱਡਾ ਗੁਣ ਹੈ, ਕੀ ਕਿਹਾ ਜਾਂਦਾ ਹੈ। ਉਵੇਂ ਪਿੰਗਲ ਦੇ ਨੇਮਾਂ ਦਾ ਪਾਲਣ ਇਤਨਾ ਗੁਣਕਾਰੀ ਨਹੀਂ, ਜੇਕਰ ਕਾਵਿ ਪਾਸ ਪ੍ਰਗਟ ਕਰਨ ਜੋਗਾ ਕੁਝ ਨਹੀਂ। ਮੈਂ ਇਕ ਥਾਏਂ ਲਿਖਿਆ ਹੈ :

ਤੜਪ ਰਹੇ ਸੱਚ ਦੀ ਸੁਹਾਵਣੀ ਆਵਾਜ਼ ਕਾਵਿ।
ਟੁੰਬੀ ਹੋਈ ਆਤਮਾ ਦੇ ਅੰਦਰੇ ਦਾ ਰਾਜ਼ ਕਾਵਿ।
ਆਸਥਾ ਦੀ ਛੋਤ ਕਾਵਿ।
ਸੱਚ ਦੀ ਸਰੋਤ ਕਾਵਿ।
ਕਲਾ-ਰਹਿਤ ਕਲਪਨਾ ਦਾ, ਵਾਕ-ਹੀਣ ਬੋਲ ਕਾਵਿ।
ਨਜ਼ਮ ਦੇ ਨਿਜ਼ਾਮ ਤੋਂ ਨਵੇਕਲਾ ਨਿਰੋਲ-ਕਾਵਿ।

ਨਿਰੋਲ ਕਾਵਿ ਮੇਰੇ ਵਿਚਾਰ ਮੁਤਾਬਕ ਨਜ਼ਮ ਦੇ ਨਿਜ਼ਾਮ (ਅਥਵਾ ਪਿੰਗਲ ਦੇ ਨੇਮਾਂ) ਵਲੋਂ ਬੇਪਰਵਾਹ ਹੋਂਦਾ ਹੈ। ਉਸ ਦੇ ਅੰਦਰ ਕੋਈ ਸੱਚ ਤੜਪ ਰਿਹਾ ਹੋਂਦਾ ਹੈ, ਜਿਸ ਨੂੰ ਉਸ ਨੇ ਸੁਹਾਵਣੇ ਬੋਲ ਦੇਣੇ ਹਨ। ਇਸੇ ਵਿਚ ਕਾਵਿ ਦੀ ਪ੍ਰਤਿਭਾ ਹੈ ਕਿ ਉਹ ਕਿਸੇ ਵਿਲਕ ਰਹੇ ਸੱਚ ਨੂੰ ਸੰੁਦਰਤਮ ਬੋਲ ਦੇ ਕੇ ਪ੍ਰਗਟ ਕਰਦਾ ਹੈ। ਇਸ ਨੂੰ ਕਿਸੇ ਕਲਾ ਦੀ, ਕਿਸੇ ਕਾਰੀਗਰੀ ਦੀ ਲੋੜ ਨਹੀਂ ਹੋਂਦੀ। ਕਲਾ ਇਸ ਦੀ ਪਿਛਲੱਗ ਹੋ ਕੇ ਤੁਰਦੀ ਹੈ। ਜਦ ਇਸ ਦੀ ਪ੍ਰਸੰਸਾ ਵਿਚ ਤਾਲੀ ਵੱਜਦੀ ਹੈ, ਤਾਂ ਇਸ ਦਾ ਤਾਲ ਉਘੜਦਾ ਹੈ। ਜਦ ਕੋਈ ਬੇਅਖ਼ਤਿਆਰ ‘ਵਾਹ’ ਇਸ ਦਾ ਹੁੰਗਾਰਾ ਭਰਦੀ ਹੈ ਤਾਂ ਇਸ ਦੀ ਪ੍ਰਤਿਭਾ ਦੀ ਹਾਮੀ ਭਰਦੀ ਹੈ।
ਹੁਣ : “ਕਲਾ ਅਚੰਭਿਤ ਕਰਦੀ ਹੈ, ਪਰ ਵਿਗਿਆਨ ਤੋਂ ਵੱਖਰੀ ਤਰ੍ਹਾਂ।” ਇਹ ਕਿਵੇਂ?
ਨੇਕੀ : ਵਿਗਿਆਨ ਕਰਤਾਰ ਦੀ ਸਿਰਜਣਾ ਦੀ ਖੋਜ ਕਰਦਾ ਹੈ ਤੇ ਕੁਦਰਤ ਦੇ ਕੋਈ ਨਵੇਂ ਨੇਮ ਭਾਲ ਕੇ ਅਚੰਭੇ ਜਗਾਉਂਦਾ ਹੈ। ਉਹ ਸਿਰਜਣਾ ਕਰਦਾ ਨਹੀਂ, ਕਰਤਾਰ ਦੀ ਸਿਰਜਣਾ ਦੀ ਖੋਜਕਾਰੀ ਕਰਦਾ ਹੈ। ਕਲਾ ਆਪ ਸਿਰਜਣਾ ਕਰਦੀ ਹੈ ਤੇ ਇਸ ਸਿਰਜਣਾ ਰਾਹੀਂ ਅਚੰਭੇ ਜਗਾਉਂਦੀ ਹੈ। ਇਸ ਦੀ ਸਿਰਜਣਾ ਪਾਸ ਮਨੁੱਖੀ ਹਿਰਦੇ ਨੂੰ ਹਲੂਣ ਸਕਣ ਦੀ ਪ੍ਰਤਿਭਾ ਹੋਂਦੀ ਹੈ। ਜਦੋਂ ਇਹ ਇਉਂ ਹਲੂਣਦੀ ਹੈ, ਤਾਂ ਦਰਸ਼ਕ/ਸਰੋਤਾ ਸੁੱਤੇ ਸਿੱਧ ‘ਵਾਹ ਵਾਹ!’ ਕਰਨ ‘ਤੇ ਮਜਬੂਰ ਹੋ ਜਾਂਦਾ ਹੈ। ਕਲਾ ਦਾ ਅਚੰਭਾ ਵਿਸਮਾਦ ਜਗਾਉਂਦਾ ਹੈ। ਵਿਗਿਆਨ ਦਾ ਅਚੰਭਾ ਹੈਰਾਨੀ। ਦੋਨਾਂ ਵਿਚ ਬੜਾ ਅੰਤਰ ਹੈ।
ਹੁਣ : ਤੁਸਾਂ ਆਪਣੀ ਇਕ ਲੰਮੀ ਕਵਿਤਾ ਵਿਚ ‘ਸੱਚ’ ਦੀ ਵਿਆਖਿਆ ਕੀਤੀ ਹੈ। ਇਸ ਵਿਚ ਸ਼ਬਦਾਂ ਦੀਆਂ ਮਨਮੋਹਕ ਫੁਲਝੜੀਆਂ ਹਨ, ਪਰ ਫੇਰ ਵੀ ਸਮਝ ਨਹੀਂ ਆਉਂਦੀ ਕਿ ‘ਸੱਚ’ ਅਸਲ ਵਿਚ ਹੈ ਕੀ?
ਨੇਕੀ : ਇਹ ਕਵਿਤਾ ਜਿਸ ਦਾ ਤੁਸਾਂ ਜ਼ਿਕਰ ਕੀਤਾ ਹੈ ‘ਸੱਚ’ ਬਾਰੇ ਨਹੀਂ, ‘ਸੱਚ’ ਦੇ ਅਪਹਰਣ ਬਾਰੇ ਹੈ। ਇਸ ਵਿਚ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ‘ਸੱਚ’ ਸਾਡੀ ਜ਼ਿੰਦਗੀ ਵਿਚੋਂ ਅਲੋਪ ਕਿਉਂ ਹੋ ਗਿਆ ਹੈ। ਜੇਕਰ ਸਾਨੂੰ ਇਹ ਪਤਾ ਲੱਗ ਜਾਵੇ ਕਿ ਇਹ ਸਾਡੇ ਅਸਤਿਤਵ ਵਿਚੋਂ ਉੱਠ ਕਿਵੇਂ ਗਿਆ ਹੈ, ਤਾਂ ਸ਼ਾਇਦ ਅਸੀਂ ਇਸ ਨੂੰ ਮੋੜ ਲਿਆਉਣ ਵਿਚ ਸਫ਼ਲ ਹੋ ਸਕੀਏ।
ਇਥੇ ਮੈਂ ਲਿਖਿਆ ਹੈ :

ਸੱਚ ਕਿਸੇ ਝੂਠ ਦਾ ਵਿਲੋਮ ਨਹੀਂ ਹੁੰਦਾ।
ਆਰਸੀ ਦੇ ਉਹਲੇ ਵੀ ਇਹ ਆਪ ਹੀ ਵਰਤਦਾ ਹੈ।
ਇਸ ਦਾ ਮੰਗਲ ਦਰਸ਼ਨ
ਮਸੂਮ ਦ੍ਰਿਸ਼ਟੀ ਨੂੰ ਹੀ ਪ੍ਰਾਪਤ ਹੈ।
ਜਿਸ ਨੇ ਸਮਸਤ ਨੂੰ ਦੁਬਾਰੇ
ਮਸੂਮ ਅੱਖ ਨਾਲ ਨਹੀਂ ਵੇਖਿਆ,
ਉਹ ਸਾਰਾ ਅੰਤਰਿਕਸ਼ ਭਾਵੇਂ ਫਿਰ ਆਵੇ
ਅਸ਼ਨਾ ਨਹੀਂ ਹੋਂਦਾ।
ਇਸੇ ਕਵਿਤਾ ਵਿਚ ਇਕਥੇ ਹੋਰ ਮੈਂ ਲਿਖਿਆ ਹੈ :
ਹਰ ਕੋਈ ਆਪਣੀ ਪ੍ਰਤਿਗਿਆ ਨੂੰ ਹੀ
ਪ੍ਰਾਪਤ ਹੁੰਦਾ ਹੈ
ਇੰਦਰੀਆਂ ਦਾ ਕੌਸ਼ਲ ਮੂਰਤਾਂ ਹੀ ਸਿਰਜਦਾ ਹੈ,
ਸੱਚ ਦਾ ਰੂਪ ਤਾਂ ਪਰੋਖੇ ਰਹਿ ਜਾਂਦਾ ਹੈ।
ਨੇਤਰ ਤਾਂ ਚਿਲਮਿਨਾਂ ਦੀ ਚਕਾਚੌਂਧ ਚੁਗਦੇ ਹਨ,
ਸੱਚ ਤਾਂ ਪਰਦਿਆਂ ਦੇ ਪਾਰ ਹੀ ਸੁਹਾਂਦਾ ਹੈ।
ਰਸਨਾ, ਅਤਕਥਨੀ ਦਾ ਚਸਕਾ ਹੀ ਲੈਂਦੀ ਹੈ,
ਸੱਚ ਤਾਂ ਸੁਆਦਾਂ ਦੇ ਪਸਿੱਤੇ ਮੁਸਕਾਂਦਾ ਹੈ।
ਸੁਰਤ ਵੀ ਸਰੋਤਾਂ ਦਾ ਰਸ ਹੀ ਭਾਲਦੀ ਹੈ,
ਸੱਚ, ਅੱਖਰਾਂ ਉਹਲਿਓ ਅੱਖ ਮਾਰ ਜਾਂਦਾ ਹੈ।
ਸੱਚ ਦੀ ਆਪਣੀ ਨਵੇਕਲੀ ਹੀ ਪੀੜਾ ਹੈ,
ਪਰਤੱਖ ਕਰਨ ਤੋਂ ਪਹਿਲਾਂ
ਜੋ ਜਰਨੀ ਪੈਂਦੀ ਹੈ।
ਜਿਸ ਬਿਰਤੀ ‘ਚੋਂ ਕਦੇ
ਕੋਈ ਜਨ-ਪੀੜਾ ਨਹੀਂ ਕੂਕੀ
ਸੱਚ ਦਾ ਓਥੇ ਕਦੇ ਫੇਰਾ ਨਹੀਂ ਪਿਆ।

ਜਿਸ ਕਿਸੇ ਨੂੰ ਸੱਚ ਦੀ ਹਕੀਕਤ ਪਤਾ ਨਹੀਂ ਲੱਗੀ ਉਹ ਇਸ ਦਾ ਕਾਰਨ ਇਨ੍ਹਾਂ ਦੋ ਟੂਕਾਂ ਵਿਚੋਂ ਭਾਲ ਸਕਦਾ ਹੈ।

ਹੁਣ : ਤੁਹਾਡੇ ਕਹਿਣ ਮੁਤਾਬਕ ਕਾਵਿ ਅੰਦਰ ਕਵੀ ਦਾ ‘ਅਨੁਭਵ’ ਆਉਂਦਾ ਹੈ ‘ਨਿੱਜਤਵ’ ਨਹੀਂ। ਕੀ ਇਹ ਦੋਵੇਂ ਵੱਖਰੀਆਂ ਸ਼ੈਆਂ ਹਨ?
ਨੇਕੀ : ਤੁਸਾਂ ਮੈਨੂੰ ਇਕ ਤੋਂ ਬਾਅਦ ਇਕ ਪ੍ਰਸ਼ਨ ਕਾਵਿ-ਦਰਸ਼ਨ ਬਾਰੇ ਕਰੀ ਗਏ ਹੋ। ਮੈਂ ਕਦੇ ਕਾਵਿ- ਦਰਸ਼ਨ ਵਿੱਚ ਮਾਹਰ ਹੋਣ ਦਾ ਦਾਅਵਾ ਹੀ ਨਹੀਂ ਕੀਤਾ, ਪਰ ਮੈਂ ਇਸ ਤੋਂ ਨਿੱਪਟ ਬੇਬਹਿਰਾ ਵੀ ਨਹੀਂ ਹਾਂ। ਸੋ ਵਿੱਤ ਅਨੁਸਾਰ ਉੱਤਰ ਦੇਂਦਾ ਆਇਆ ਹਾਂ। ਤੁਹਾਡੇ ਇਸ ਪ੍ਰਸ਼ਨ ਦਾ ਉੱਤਰ ਦੇਣ ਦੀ ਕੋਸ਼ਿਸ਼ ਵੀ ਕਰਦਾ ਹਾਂ।
ਇਕ ਮਿਸਾਲ ਦੇ ਕੇ ਨਿੱਜਤਵ ਤੇ ਅਨੁਭਵ ਦਾ ਫ਼ਰਕ ਵੇਖਣ ਦਾ ਯਤਨ ਕਰਾਂਗਾ। ਇਕ ਬੰਦਾ ਸਮਝਦਾ ਹੈ ਕਿ ਉਸ ਨੂੰ ਪਿਆਰ ਹੋ ਗਿਆ ਹੈ, ਉਹ ਹੁਣ ਆਪਣੇ ਪਿਆਰੇ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਉਸਦਾ ਅਨੁਭਵ ਹੁਣ ਪਿਆਰ ਦਾ ਨਹੀਂ, ਪ੍ਰਾਪਤੀ ਦਾ ਹੈ, ਕਬਜ਼ੇ ਦਾ ਹੈ। ਇਸ ਵਿਚ ਨਿੱਜਤਾ ਕੇਵਲ ਬਣੀ ਹੀ ਨਹੀਂ ਹੋਈ, ਤੀਬਰ ਹੋਈ ਹੋਈ ਹੈ। ਇਕ ਹੋਰ ਬੰਦੇ ਨੂੰ ਵੀ ਪਿਆਰ ਹੋਇਆ ਹੈ, ਉਹ ਆਪਣੇ ਮਹਿਬੂਬ ਤੇ ਵਿਕ ਗਿਆ ਹੈ, ਉਸ ਤੋਂ ਸਭ ਕੁਝ ਨਿਛਾਵਰ ਕਰਨ ਨੂੰ ਤਿਆਰ ਹੈ। ਉਸ ਨੇ ਪਿਆਰ ਦੇ ਅਨੁਭਵ ਵਿਚ ਆਪਣਾ ਨਿੱਜਤਵ ਹਲੂਲ ਕਰ ਦਿੱਤਾ ਹੈ। ਉਹ ਪਿਆਰ ਦੇ ਅਨੁਭਵ ਨੂੰ ਉਸ ਦੀ ਨਿਰੋਲਤਾ ਵਿਚ ਮਾਣਦਾ ਹੈ।
ਕਵੀ ਜੇ ਆਪਣੀ ਨਿੱਜਤਾ ਨੂੰ ਤਿਆਗ ਨਹੀਂ ਸਕਦਾ, ਤਾਂ ਆਪਣੇ ਰੋਣੇ ਰੋਣ ਤੱਕ ਹੀ ਰਹਿ ਜਾਂਦਾ ਹੈ। ਜੇ ਨਿੱਜਤਾ ਤਿਆਗ ਸਕੇ, ਤਾਂ ਸਹਿਜੇ ਹੀ ਹਰ ਪਾਠਕ ਨੂੰ ਇਹ ਅਨੁਭਵ ਕਰਵਾ ਦੇਂਦਾ ਹੈ ਕਿ ਉਹ ਉਸਦੀ ਗੱਲ ਕਰ ਰਿਹਾ ਹੈ! ਨਿੱਜਤਵ ਉੱਠ ਜਾਵੇ, ਤਾਂ ਵਿਆਪਕਤਾ ਦੇ ਝਲਕਾਰੇ ਵੱਜਦੇ ਹਨ। ਮੇਰੀਆਂ ਦੋ ਪੰਕਤੀਆਂ ਹਨ:

ਭਾਵਨਾ ਦੀ ਭੀੜ ਜੁੜੀ ਕਾਮਨਾ ਦੇ ਬੇਲੇ ਵਿਚ,
ਗੁੰਮ ਗਿਆ ਆਪਾ ਏਸ ਆਖ਼ਰਾਂ ਦੇ ਮੇਲੇ ਵਿਚ।

ਭਾਵਨਾ ਦੀ ਤੀਬਰਤਾ ਵਿਚ ਆਪੇ (ਨਿੱਜਤਾ) ਦਾ ਗੁਆਚ ਜਾਣਾ ਹੀ ਕਾਵਿ ਕੌਸ਼ਲ ਦਾ ਧਰਮ-ਪਾਲਣ ਹੁੰਦਾ ਹੈ।
ਹੁਣ : ਆਖ਼ਰੀ ਸਵਾਲ – ਤੁਸੀਂ ਹੁਣ ਆਪਣੇ ਅੱਸੀਵੇਂ ਸਾਲ ਤੋਂ ਟੱਪ ਗਏ ਹੋ। ਜ਼ਿੰਦਗੀ ਨੂੰ ਤੁਸੀਂ ਲਿਖਿਆ ਹੈ:

ਪੋਲੇ ਪੈਰ ਨਿਕਲ ਜਾਵੀਂ ਚੋਰਾਂ ਜਹੀ ਚਾਲ ਨਾਲ।
ਅਲਵਿਦਾ ਦਾ ਕਰੀਂ ਨ ਸੰਕੇਤ ਵੀ ਰੁਮਾਲ ਨਾਲ।

ਕੀ ਤੁਹਾਡਾ ਹੁਣ ਹੋਰ ਕੋਈ ਬੁਲੰਦੀਆਂ ਛੂਹਣ ਦਾ ਇਰਾਦਾ ਨਹੀਂ?
ਨੇਕੀ : ਇਹ ਲਾਈਨਾਂ ਮੈਂ ਸ੍ਵੈ-ਜੀਵਨੀ ਦੇ ਅਖ਼ੀਰ ਵਿਚ ਲਿਖੀਆਂ ਹਨ। ਸ੍ਵੈ-ਜੀਵਨੀ ਮੁਕਾਈ ਸੀ, ਕਿਉਂਕਿ ਮੁਕਾਉਣੀ ਪਈ ਸੀ। ਮੈਥੋਂ ਬਾਅਦ ਮੇਰੀ ਸ੍ਵੈ-ਜੀਵਨੀ ਤਾਂ ਕੋਈ ਨਹੀਂ ਲਿਖ ਸਕਦਾ? ਤੇ ਆਪ ਮੈਂ ਮਰਨ ਵੇਲੇ ਤਾਂ ਮੁਕੰਮਲ ਨਹੀਂ ਕਰ ਸਕਦਾ। ਸੋ ਆਪਣੇ ਅਲਵਿਦਾ ਦਾ ਵਕਤ ਕਲਪਨਾ ਵਿਚ ਲਿਆਂਦਾ ਤੇ ਮੌਤ ਨੂੰ ਉਹ ਬੇਨਤੀ ਕੀਤੀ ਕਿ ਉਹ ਚੁੱਪ ਕੀਤਿਆਂ ਆਵੇ ਤੇ ਮੈਨੂੰ ਕਿਸੇ ਨੂੰ ਅਲਵਿਦਾ ਆਖਣ ਦਾ ਸਮਾਂ ਹੀ ਨਾ ਦੇਵੇ।
ਪਰ ਮੈਂ ਨਾ ਕੋਈ ਬੁਲੰਦੀਆਂ ਛੂਹੀਆਂ ਹਨ, ਨਾ ਹੀ ਛੂਹ ਸਕਣ ਦੀ ਮੇਰੇ ਵਿਚ ਸਲਾਹੀਅਤ ਹੈ। ਮੈਂ ਕਾਮਾ ਹਾਂ। ਕਾਮਾ ਮਰਨ ਤਕ ਕੰਮ ਕਰਨ ਲਈ ਮਜਬੂਰ ਹੋਂਦਾ ਹੈ। ਮੇਰੇ ਹੱਥਾਂ ਵਿਚ ਕੋਈ ਵੀਹ ਤੋਂ ਵਧੀਕ ਪ੍ਰਾਜੈਕਟ (ਸਾਹਿਤਕ) ਹਨ। ਕਿਤਨੀ ਮੁਹਲਤ ਮੇਰੇ ਪਾਸ ਹੈ ਤੇ ਕਿਤਨੇ ਇਨ੍ਹਾਂ ਵਿਚੋਂ ਮੁਕੰਮਲ ਹੋ ਪਾਣਗੇ, Øਇਹ ਤਾਂ ਮੇਰਾ ਰੱਬ ਹੀ ਜਾਣਦਾ ਹੈ। ਅਸਾਂ ਤਾਂ, ਜਿਸ ਦੇ ਹੁਕਮ ਵਿਚ ਆਏ, ਉਸ ਦੇ ਹੁਕਮ ਵਿਚ ਸਿੱਧਾ ਹੀ ਜਾਣਾ ਹੈ।

‘ਹੁਣ’ ਵੱਲੋਂ ਅਵਤਾਰ ਜੰਡਿਆਲਵੀ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!