ਅੰਕਲ – ਰਿਸ਼ਮਦੀਪ ਸਿੰਘ

Date:

Share post:

“ਇਹ ਰਿਸ਼ਮ ਹੈ! ਇੰਡੀਆ ਵਿਚ ਇੰਗਲਿਸ਼ ਪੜ੍ਹਾਉਂਦਾ ਹੁੰਦਾ ਸੀ, ਜਾਣੀ ਕਿ ਮਾਸਟਰ ਜੀ’’ ਕਹਿ ਕੇ ਕਿਚਨ- ਕੈਬਨਿਟ ਫੈਕਟਰੀ ਦੇ ਮਾਲਿਕ ਜਸਵਿੰਦਰ ਨੇ ਮੇਰਾ ਤਆਰੁਫ ਕਾਮਿਆਂ ਨਾਲ ਕਰਾਇਆ ਤੇ ਚਲਾ ਗਿਆ… ਅਤੇ ਮੇਰਾ ਨਾਂ ‘ਮਾਸਟਰ’ ਪੱਕ ਗਿਆ।
ਵੈਨਕੂਵਰ ਦੇ ਨਾਲ ਲੱਗਦੇ ‘ਸਰੀ’ ਸ਼ਹਿਰ ਦੀ ਠੰਡੀ ਠੰਡੀ ਸਵੇਰ… ਕ੍ਰਿਸਮਿਸ ਦੇ ਰਵਾਂ-ਰਵੀਂ ਵਾਲੇ ਦਿਨ। ਬਰਫ਼ ਦੋ ਦਿਨ ਪਹਿਲਾਂ ਹੀ ਪਈ ਸੀ, ਮੈਂ ਚਾਅ ਨਾਲ ਜ਼ਿੰਦਗੀ ਵਿਚ ਪਹਿਲੀ ਵਾਰ ਇਸ ਦਾ ਆਨੰਦ ਮਾਣਿਆ। ਚੰਡੀਗੜ੍ਹ ਰਹਿੰਦੇ ਹੋਏ ਅਸੀਂ ਸਨੋਅ-ਫਾਲ ਦੇਖਣ ਸ਼ਿਮਲੇ ਭੱਜਦੇ ਹੁੰਦੇ ਸੀ। ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਸਾਰਾ ਪੰਜਾਬ ਸ਼ਿਮਲੇ ਨੂੰ ਟੁੱਟ ਕੇ ਪੈ ਜਾਂਦਾ ਹੈ, ਪਰ ਬਰਫ਼ ਕਦੇ ਪੈਂਦੀ ਕਦੇ ਨਾ। ਹੁਣ ਮੋਟਰ-ਕਾਰਾਂ ਨੇ ਇਸ ਦਾ ਚਿੱਕੜ ਬਣਾ ਦਿੱਤਾ ਸੀ, ਜਿਸ ਵਿਚ ਤੁਰੇ ਜਾਂਦਿਆਂ ਮੇਰੇ ਬੂਟਾਂ ਵਿਚ ਗੰਧਲਾ ਪਾਣੀ ਪੈ ਗਿਆ। ਇਕ ਘੰਟੇ ਦੀ ਪੈਦਲ ਯਾਦਰਾ ਕਰਕੇ ਮੈਂ ਫੈਕਟਰੀ ਪਹੁੰਚਿਆ, ਮੈਂ ਤਾਂ ਹੁਣੇ ਹੀ ਥੱਕ ਗਿਆ ਸੀ। ਸਾਰਿਆਂ ਦੇ ਮਨ੍ਹਾ ਕਰਨ ਦੇ ਬਾਵਜੂਦ ਮੈਂ ਇੱਥੇ ਕੰਮ ਕਰਨ ਆ ਗਿਆ ਸੀ। ਅਸਲ ਵਿਚ ਫੈਕਟਰੀ ਵਿਚ ਕੰਮ ਕਰਨਾ ਮੇਰੀ ਆਪਣੇ-ਆਪ ਨੂੰ ਹੀ ਇਕ ਵੰਗਾਰ ਸੀ, ਆਪਣੇ ਜੱਟ-ਪੁਣੇ ਨੂੰ ਸਰੀਰਕ ਮੁਸ਼ੱਕਤ ਕਰਾ ਸਕਣ ਦੀ ਚੁਣੌਤੀ। ਪਰ ਏਥੇ ਹਵਾ ਵਿਚ ਤੈਰਦੇ ਤਰ੍ਹਾਂ-ਤਰ੍ਹਾਂ ਦੇ ਜੁਮਲੇ ਕੰਮ ਨਾਲੋਂ ਵੀ ਵੱਧ ਸਖ਼ਤ ਸਨ, ”ਉਇ ਮਾਸਟਰ! ਤੂੰ ਕੰਮ ਦੀ ਮਾਂ….’’ ਸੁਣਨਾ ਪਵੇਗਾ, ਮੇਰੇ ਖ਼ਿਆਲ ਵਿਚ ਵੀ ਨਹੀਂ ਸੀ ਆਇਆ। ਫੈਕਟਰੀ ਦਾ ਆਪਣਾ ਅਲੱਗ ਜਿਹਾ ਮਾਹੌਲ ਸੀ… ਮਸ਼ੀਨਾਂ ਦਾ ਕੰਨ-ਪਾੜਵਾਂ ਰੌਲਾ…. ਉਸ ਤੋਂ ਵੀ ਉੱਚੇ ਪੰਜਾਬੀ ਗਾਣੇ। ਧੂੜ ਤੇ ਬੁਰਾਦੇ ਤੋਂ ਬਚਣ ਲਈ ਮਾਸਕ ਪਾਉਣੇ ਪੈਂਦੇ ਸਨ ਅਤੇ ਰੌਲੇ ਤੋਂ ਕੰਨਾਂ ਵਿਚ ਰਬੜ ਜਿਹੀ ਫਸਾਈ ਹੁੰਦੀ ਸੀ, ਮੈਨੂੰ ਗੱਲ ਸੁਣਨ ਵਾਸਤੇ ਇਹ ਵਾਰ-ਵਾਰ ਕੱਢਣੀ ਪਾਉਣੀ ਪੈਂਦੀ, ਮਸ਼ੀਨਾਂ ਦਾ ਰੌਲਾ ਹੋਰ ਉੱਚੀ ਹੋ ਜਾਂਦਾ… ਗਾਣੇ ਵੀ ਮੈਨੂੰ ਟਿੱਚਰਾਂ ਕਰਦੇ ਜਾਪਦੇ,
”ਜੇ ਤੈਥੋਂ ਨਹੀਂ ਨਿੱਭਦੀ, ਛੱਡ ਦੇ ਵੈਰਨੇ ਯਾਰੀ’’
ਕਰਤਾਰ ਨੇ ਟੇਪ-ਰਿਕਾਰਡ ਦੇ ਨਾਲ ਹੀ ਗਾਉਣਾ।
ਮੇਰਾ ਮਨ ਵਿਦਿਆਰਥੀਆਂ ਨਾਲ ਭਰੇ ਕਲਾਸਰੂਮ ਦੇ ਸ਼ਾਂਤਮਈ ਵਾਤਾਵਰਨ ਦਾ ਹੇਰਵਾ ਕਰਦਾ।
ਸੱਤ-ਅੱਠ ਕਰਿੰਦਿਆਂ ਦੀ ਟੀਮ ਵਿਚ ਇਕ ਸਿਆਣੀ ਉਮਰ ਦੇ ਬਜ਼ੁਰਗ ਸਨ, ਮੇਰੇ ਵਾਂਗ ‘ਹੈਲਪਰ’ ਦਾ ਕੰਮ ਕਰ ਰਹੇ, ਜਿਸ ਤੋਂ ਮੈਨੂੰ ਅੰਦਾਜ਼ਾ ਹੋਇਆ ਕਿ ਹਾਲੇ ‘ਨਵੇਂ’ ਹੀ ਹਨ। ਵੀਹ ਕਿਲੋ ਦੀ ਚਰਬੀ ਚੜ੍ਹਾਈ ਸ਼ਹਿਰੀ ਮਾਸਟਰ ਦੀਆਂ ਤਰੇਲੀਆਂ ਵਗ ਜਾਂਦੀਆਂ ਹੈ ਪਰ ‘ਅੰਕਲ ਜੀ’ ਭੱਜ ਭੱਜ ਕੰਮ ਕਰਦੇ। ਸਾਰੇ ਕਾਮੇ ਪਿੰਡਾਂ ਤੋਂ ਆਏ ਸਨ, ਹੱਥੀਂ ਕੰਮ ਕਰਨ ਦੀ ਆਦਤ ਤਾਂ ਸੀ ਹੀ, ਇਸ ਤਰਖਾਣੇ ਕੰਮ ਵਿਚ ਵੀ ਤਜਰਬੇ ਨਾਲ ਨਿਪੁੰਨ ਹੋ ਗਏ ਸਨ। ਕੰਮ ਦੇ ਵਕਤ ਕੋਈ ਵੀ ਵਿਹਲਾ ਨਾ ਖੜ੍ਹਦਾ, ਸੁੱਖ ਨਾਲ ਕੰਮ ਸੀ ਵੀ ਬਹੁਤ।
ਮੈਨੂੰ ਅਤੇ ਅੰਕਲ ਜੀ ਨੂੰ ਅਲੱਗ ਅਲੱਗ ਮਿਸਤਰੀਆਂ ਨਾਲ ਹੈਲਪਰ ਲਾਇਆ ਹੁੰਦਾ ਸੀ, ਇਸ ਕਰਕੇ ਗੱਲਬਾਤ ਦੇ ਮੌਕੇ ਘੱਟ ਮਿਲਦੇ। ਸਵੇਰੇ ਦਸ ਵਜੇ ਕੌਫੀ-ਬਰੇਕ ਹੁੰਦੀ, ਡੇਢ ਵਜੇ ਲੰਚ-ਬਰੇਕ… ਮਸ਼ੀਨਾਂ ਬੰਦ ਹੋ ਜਾਂਦੀਆਂ ਤੇ ਗਾਣੇ ਵੀ, ਕੰਨ ਇਸ ਚੁੱਪ-ਚਾਂ ਨਾਲ ਵੀ ਦੁਖਣ ਲੱਗਦੇ, ਪਰ ਅੰਕਲ ਜੀ ਦੇ ਨਹੀਂ ਦੁਖਦੇ ਹੋਣਗੇ ਸ਼ਾਇਦ। ਉਹਨਾਂ ਨੂੰ ਤਾਂ ਮੁੰਡਿਆਂ ਨੇ ਏਦਾਂ ਘੇਰਿਆਂ ਹੁੰਦਾ ਜਿੱਦਾਂ ਕਾਵਾਂ ਨੇ ਉੱਲੂ….
”ਅੰਕਲ ਜੀ! ਕਦੋਂ ਆਏ ਕੈਨੇਡਾ ਫੇਰ?’’ ਇਕ ਦਿਨ ਮੈਂ ਵਿਚੋਂ ਮੌਕਾ ਦੇਖ ਕੇ ਗੱਲ ਤੋਰੀ।
”ਤਿੰਨ ਕੁ ਮਹੀਨੇ ਹੋਗੇ….’’
”ਬੱਚਿਆਂ ਨੇ ਬੁਲਾਇਐ?’’ ਮੈਂ ਜਵਾਬ ਜਾਣਦੇ ਹੋਏ ਵੀ ਪੁੱਛਿਆ।
”ਆਹੋ! ਵੱਡੀ ਕੁੜੀ ਨੇ ਬੁਲਾਇਆ, ਤੇਰੀ ਆਂਟੀ ਵੀ ਆਈ ਆ ਨਾਲ…. ਉਹ ਗਰੀਨ-ਹਾਊਸ ’ਚ ਲੱਗ ਗਈ ਆ, ਮੇਰੇ ਜਮਾਈ ਨੇ ਆਵਦੀ ਕੋਠੀ ਪਾਈ ਆ ਉਰੇ, ਟਰੱਕ ਚਲਾਊੁਂਦਾ, ਬੜਾ ਸਾਊ ਆ ਵਚਾਰਾ’’ ਅੰਕਲ ਜੀ ਇੱਕੋ ਸਾਹੇ ਬੋਲ ਗਏ।
”ਉਇ ਅੰਕਲ! ਆਹ ਡੋਰ ਪੇਂਟਿੰਗ-ਰੂਮ ’ਚ ਰੱਖ ਕੇ ਆ ਦਬਾ-ਦਬ….’’
ਸੋਨੀ ਨੇ ਹਾਕ ਮਾਰੀ, ਬਰੇਕ ਖ਼ਤਮ ਹੋ ਚੁੱਕੀ ਸੀ।
ਮੈਨੂੰ ਹੈਲਪਰ ਦਾ ਕੰਮ ਕਰਨਾ ਬਹੁਤ ਔਖਾ ਲੱਗਦਾ, ਭਾਰੀ ਬੋਝ ਚੁੱਕ ਕੇ ਸਾਰਾ ਦਿਨ ਪੌੜੀਆਂ ਚੜ੍ਹਨਾ ਉਤਰਨਾ ਪੈਂਦਾ। ਮੈਂ ਯਤਨ ਕਰਕੇ ਛੇਤੀ ਹੀ ਕੈਬਨਿਟ ਬਣਾਉਣ ਲੱਗ ਪਿਆ। ਪਲਾਈਵੁੱਡ ਦੀਆਂ ਸ਼ੀਟਾਂ, ਆਰੇ ਦਾ ਮਾਹਿਰ ਕਰਤਾਰ ਕੱਟ ਕੇ ਰੱਖ ਦਿੰਦਾ ਤੇ ਮੈਂ ਮੇਖਾਂ ਵਾਲੀ ਪਿਸਤੌਲ ਨਾਲ ਕੈਬਨਿਟ ਜੋੜਦਾ। ਪਿਸਤੌਲ ਚਲਾਉਂਦਿਆਂ ਜ਼ਰਾ ਕੁ ਹੱਥ ਹਿੱਲ ਜਾਂਦਾ ਤਾਂ ਮੇਖ ਸ਼ੀਟ ’ਚੋਂ ਬਾਹਰ ਆ ਜਾਂਦੀ ਤੇ ਸਾਰਾ ਕੈਬਨਿਟ ਖ਼ਰਾਬ ਹੋ ਜਾਂਦਾ, ਇਸ ਕੁਤਾਹੀ ਦਾ ਹਮੇਸ਼ਾ ਤੌਖਲਾ ਲੱਗਿਆ ਰਹਿੰਦਾ।
ਅੰਕਲ ਜੀ ਮੇਰੇ ਵੱਲ ਤਾਂਘ ਨਾਲ ਦੇਖਦੇ, ਮੈਂ ਆਉਂਦਾ ਹੀ ਮਿਸਤਰੀ ਲੱਗ ਗਿਆ ਸੀ।
”ਮਾਸਟਰ ਜੀ! ਅੱਜ ਫੇਰ ਕਿੰਨੇ ਕੈਬਨਿਟ ਬਣੇ?’’ ਫੈਕਟਰੀ ਦੇ ਸਹਿ-ਮਾਲਿਕ ਕੁਲਵੰਤ ਨੇ ਹਰ ਰੋਜ਼ ਸ਼ਾਮ ਨੂੰ ਪੁੱਛਣਾ। ਮੇਰਾ ਜਵਾਬ ਸੁਣ ਕੇ ਕਹਿਣਾ,
”ਸਪੀਡ ਵਧਾਓ ਮਾਸਟਰ ਜੀ…!’’ ਤੇ ਫੇਰ ਕਦੇ ਕਦੇ ਉਹਨੇ ਮੈਨੂੰ ਕੈਬਨਿਟ ਸਕਿੰਟਾਂ ਵਿਚ ਬਣਾ ਕੇ ਵਿਖਾ ਦੇਣਾ।
”ਕੰਮ ਐਂ ਹੁੰਦਾ! …. ’’ ਕੁਲਵੰਤ ਮੀਸਣਾ ਜਿਹਾ ਹੱਸ ਕੇ ਕਹਿੰਦਾ ਅਤੇ ਮੈਂ ਨੀਵੀਂ ਪਾ ਕੇ ਸਿਰ ਖੁਰਕਣ ਲੱਗ ਪੈਂਦਾ।
ਕ੍ਰਿਸਮਿਸ ਦੀ ਸ਼ਾਮ ਨੂੰ ਮਾਲਕਾਂ ਨੇ ਸਭ ਲਈ ਪਿਜ਼ਾ ਮੰਗਵਾ ਦਿੱਤਾ। ਦਾਰੂ ਦੀ ਬੋਤਲ ਵੀ ਕੋਈ ਜਸਵਿੰਦਰ ਨੂੰ ਦੇ ਗਿਆ ਸੀ। ਮੁੰਡਿਆਂ ਨੇ ਮੱਲੋ-ਮੱਲੀ ਤਿੰਨ-ਚਾਰ ਮੋਟੇ ਮੋਟੇ ਪੈੱਗ ਅੰਕਲ ਜੀ ਨੂੰ ਲਵਾਤੇ, ਉਨ੍ਹਾਂ ਦੀ ਜ਼ੁਬਾਨ ਥਿੜਕਣ ਲੱਗ ਪਈ ਤੇ ਚਿਹਰਾ ਲਾਲ ਸੁਰਖ਼ ਹੋ ਗਿਆ। ਮੁੰਡੇ ਇਕ ਦੂਜੇ ਨੂੰ ਕੂਹਣੀਆਂ ਮਾਰ ਮਾਰ ਮੁਸਕੁੜੀਏ ਹੱਸੀ ਜਾਣ।
”ਅੰਕਲ ਜੀ ਆਜੋ! ਅੱਜ ਮੈਂ ਥੋਨੂੰ ਘਰ ਛੱਡ ਦਿੰਨਾ, ਨਾਲੇ ਮੇਰੀ ਕਾਰ ਦੱਸਿਓ ਠੀਕ ਚੱਲਦੀ ਆ ਕਿ ਨਹੀਂ?’’ ਮੈਂ ਪੰਜਾਬੋਂ ਆਉਂਦਿਆਂ ਸਾਰ ਹੌਂਡਾ ਕਾਰ ਖਰੀਦ ਲਈ ਸੀ, ਕੈਨੇਡਾ ਆਉਣ ਦੀਆਂ ਏਹੀ ਮੌਜਾਂ ਹਨ। ਉਹ ਛੜੱਪਾ ਮਾਰ ਕੇ ਮੇਰੀ ਕਾਰ ਵਿਚ ਆ ਬੈਠੇ।
”ਤੂੰ ਕਿਹੜੇ ਪਾਸਿਉਂ ਆਂ?’’ ਅੱਜ ਅੰਕਲ ਜੀ ਦੀ ਵਾਰੀ ਸੀ।
”ਪਿੰਡ ਤਾਂ ਸਾਡਾ ਫਿਰੋਜ਼ਪੁਰ ਕੋਲ ਪੈਂਦਾ ਅੰਕਲ ਜੀ! ਪਰ ਹੁਣ ਤਾਂ ਸਭ ਵੇਚ ਵੂਚ ’ਤਾ, ਉਦਾਂ ਮੈਂ ਤਾਂ ਚੰਡੀਗੜ੍ਹ ਜੰਮਿਆ ਪਲਿਆਂ’’ ਮੈਂ ਕੱਚਾ ਜਿਹਾ ਹੋ ਕੇ ਜਵਾਬ ਦਿੱਤਾ।
”ਫੇਰ ਜ਼ਮੀਨ ਵੇਚ ’ਤੀ ਸਾਰੀ?’’ ਕਿਸਾਨ ਚਿਹਰੇ ਉੱਤੇ ਹੈਰਾਨੀ ਅਤੇ ਗੁੱਸੇ ਦਾ ਰਲਵਾਂ ਜਿਹਾ ਪ੍ਰਭਾਵ ਨਜ਼ਰ ਆਇਆ।
”ਹਾਂ ਜੀ! ਵੈਸੇ ਸੀਗ੍ਹੀ ਵੀ ਥੋੜ੍ਹੀ ਜਿਹੀ, ਅਸੀਂ ਤਾਂ ਦੋ ਪੀੜ੍ਹੀਆਂ ਪਹਿਲਾਂ ਪਿੰਡ ਤੇ ਖੇਤੀਬਾੜੀ ਛੱਡੀ ਫਿਰਦੇ ਆਂ, ਦਾਦਾ ਜੀ ਫ਼ੌਜ ਵਿਚ ਹੁੰਦੇ ਸੀ ਤੇ ਮੇਰੇ ਮੰਮੀ-ਪਾਪਾ ਡਾਕਟਰ ਨੇ ਦੋਵੇਂ… ਤੇ ਅੰਕਲ ਜੀ! ਥੋਡਾ ਕਿਸ ਤਰ੍ਹਾਂ ਸੀ ਕੰਮ-ਕਾਰ?’’ ਮੈਨੂੰ ਸਵਾਲ ਪੁੱਛਣਾ ਜਵਾਬ ਦੇਣ ਤੋਂ ਸੌਖਾ ਲੱਗਿਆ।
”ਸਾਡੀ ਦੋ ਭਰਾਵਾਂ ਦੀ ਪੰਦਰਾਂ ਕਿੱਲੇ ਜ਼ਮੀਨ ਆ ਨਵਾਂਸ਼ਹਿਰ ਦੇ ਲਾਗੇ, ਜਦੋਂ ਤਾਈਂ ਅੱਡ ਨੀ ਸੀ ਹੋਏ ਬਧੀਆ ਚੱਲੀ ਜਾਂਦਾ ਸੀ… ਐਵੇਂ ਮੈਂ ਝੂਠ ਆਖਾਂ’’ ਉਨ੍ਹਾਂ ਨੇ ਖਿੜਕੀ ਖੋਲ੍ਹੀ ਤੇ ਬਾਹਰ ਥੁੱਕਿਆ, ”ਹੁਣ ਆਹ ਵੱਡੀ ਕੁੜੀ ਉਰੇ ਵਿਆਹ ’ਤੀ ਆ, ਪਿੱਛੇ ਇਕ ਮੁੰਡਾ ਤੇ ਕੁੜੀ ਆ ।’’
ਅੰਕਲ ਜੀ ਦੂਰ ਪਰਬਤ ਦੀ ਚੋਟੀ ਵੱਲ ਦੇਖਣ ਲੱਗ ਪਏ, ਮੈਨੂੰ ਲੱਗਿਆ ਉਹ ਹੋਰ ਗੱਲ ਨਹੀਂ ਕਰਨਾ ਚਾਹੁੰਦੇ। ਉਹਨਾਂ ਨੂੰ ਘਰ ਦੇ ਬੂਹੇ ’ਤੇ ਉਤਾਰ ਕੇ ਮੈਂ ਆਵਦੀ ਬੇਸਮੈਂਟ ਵੱਲ ਨੂੰ ਕਾਰ ਮੋੜ ਲਈ।
ਸਾਰੇ ਪਾਸੇ ਕ੍ਰਿਸਮਿਸ ਦੀ ਚਹਿਲ-ਪਹਿਲ ਹੈ, ਹਰ ਘਰ ਰੁਸ਼ਨਾਇਆ ਹੋਇਆ ਹੈ, ਸਭ ਚਿਹਰੇ ਹਸੂੰ ਹਸੂੰ ਕਰ ਰਹੇ ਹਨ।
”ਉਇ ਅੰਕਲ! ਉਰੇ ਆ….’’
”ਉਇ ਅੰਕਲ! ਤੇਰਾ ਦਮਾਕ ਹੈਗਾ ਕਿ ਨਹੀਂ?’’
ਇਹ ਆਵਾਜ਼ਾਂ ਮੇਰਾ ਪਿੱਛਾ ਨਹੀਂ ਛੱਡ ਰਹੀਆਂ। ਮੈਂ ਟੇਪ ਰਿਕਾਰਡ ਵਿਚ ਕੈਸਟ ਪਾ ਕੇ ਵਾਲਿਊਮ ਉੱਚੀ ਕਰ ਦਿੰਦਾ ਹਾਂ… ਗਾਣਾ ਚੱਲ ਰਿਹਾ ਹੈ,
”ਬਹਿ ਕੇ ਦੇਖ ਜਵਾਨਾ! ਬਾਬੇ ਭੰਗੜਾ ਪਾਉਂਦੇ ਨੇ….’’ ਮੈਂ ਟੇਪ ਰਿਕਾਰਡ ਬੰਦ ਕਰ ਦਿੰਦਾ ਹਾਂ- ਕਾਸ਼ ਮੈਂ ਸੋਚਣਾ ਵੀ ਬੰਦ ਕਰ ਸਕਾਂ…!
ਇਹ ਸਾਡਾ ਬਜ਼ੁਰਗ ਜੋ ਚਾਰ ਮਹੀਨੇ ਪਹਿਲਾਂ ਆਵਦੇ ਖੇਤ ਭਈਆਂ ਨੂੰ, ”ਉਇ ਭਈਆ! ਆਹ ਕਰ…’’, ”ਉਇ ਭਈਆ! ਔਹ ਕਰ…’’ ਦਾ ਹੁਕਮ ਚਲਾਉਂਦਾ ਸੀ, ਹੁਣ ਕੱਲ੍ਹ ਦੇ ਜੰਮੇ ਮੁੰਡਿਆਂ ਤੋਂ ਛੋਤ ਲਹਾਉਂਦਾ,
”ਅੰਕਲਾ! ਹੌਲੀ-ਹੌਲੀ ਤੁਰਦਾਂ! ਆਂਟੀ ਚੇਤੇ ਆਉਂਦੀ ਐ?’’
”ਅੰਕਲ! ਕੋਈ ਚੱਜ ਦਾ ਕੰਮ ਵੀ ਕਰ ਲਿਆ ਕਰ…’’
”ਉਇ ਅੰਕਲ… ਭੈਣ-ਚੋ…ਆਹ ਕੀ ਕਰ ’ਤਾ…?’’
ਤੇ ਅੰਕਲ ਜੀ ਹਰ ਰੋਜ਼ ਸਿੱਖਣ ਦਾ ਬਹਾਨਾ ਅਤੇ ਮੌਕਾ ਟੋਲਦੇ ਰਹਿੰਦੇ, ਪਰ ਉਹਨਾਂ ਤੋਂ ਸਿਰਫ਼ ਹੈਲਪਰ ਦਾ ਕੰਮ ਲਿਆ ਜਾਂਦਾ। ਉਹਨਾਂ ਦੇ ਕੀਤੇ ਛੋਟੇ-ਮੋਟੇ ਕੰਮ ਵਿਚ ਖਾਮੀਆਂ ਕੱਢੀਆਂ ਜਾਂਦੀਆਂ ਤੇ ਵੱਡੀ ਗ਼ਲਤੀ ਤੇ ਮਾਂ-ਭੈਣ ਇਕ ਕਰ ਦਿੱਤੀ ਜਾਂਦੀ।
ਗੱਲਾਂ-ਗੱਲਾਂ ਵਿਚ ਮੈਂ ਇਕ ਦਿਨ ਸਲਾਹ ਦਿੱਤੀ,
”ਅੰਕਲ ਜੀ! ਤੁਸੀਂ ਵੀ ਆਂਟੀ ਨਾਲ ਗਰੀਨ-ਹਾਊਸ ਜਾ ਆਇਆ ਕਰੋ’’
”ਉਇ ਉੱਥੇ ਵੀ ਆਹੀ ਕੰਜਰਖਾਨਾ ਆ, ਤੇਰੀ ਆਂਟੀ ਦੱਸਦੀ ਆ ਨਿੱਤ, ਨਾਲੇ ਆਹ ਕੰਮ ਸਿੱਖ ਕੇ ਫੈਦਾ, ਮੇਰਾ ਜਮਾਈ ਆਹਦਾ ‘ਕੰਮ ਸਿੱਖ ਲਾ! ਫੇਰ ਗੋਰਿਆਂ ਦੇ ਲਵਾ ਦੂੰ ਦੂਣੇ ਪੈਸਿਆਂ ’ਤੇ’’ ਉਹਨਾਂ ਨੇ ਏਧਰ ਉਧਰ ਝਾਕਦੇ ਹੋਏ ਆਖਿਆ।
”ਫੇਰ ਅੰਕਲ ਜੀ! ਤੁਸੀਂ ਕਰਤਾਰ ਹੁਣਾਂ ਨੂੰ ਟੋਕ ਦਿਆ ਕਰੋ, ਤੁਸੀਂ ਕੁਸ਼ ਕਹਿੰਦੇ ਈ ਨੀ, ਮੈਨੂੰ ਤਾਂ ਧਰਮ ਨਾਲ ਬੜਾ ਗੁੱਸਾ ਆਉਂਦਾ’’
ਉਹ ਖਿੜ ਖਿੜ ਕਰਕੇ ਹੱਸ ਪਏ, ”ਉਇ ਕਾਕਾ! ਕੀਹਦਾ ਕੀਹਦਾ ਮੂੰਹ ਫੜੇਂਗਾ ਤੇ ਕੀਹਨੂੰ ਕੀਹਨੂੰ ਟੋਕੇਂਗਾ? … ਏਥੇ ਤਾਂ ਆਵਾ ਈ ਊਤਿਆ ਪਿਐ।’’
ਮੈਂ ਇਸ ਖਿੜ-ਖਿੜ ਵਿਚੋਂ ਬਨਾਵਟੀਪਨ ਲੱਭਦਾ ਰਿਹਾ, ਪਰ ਉਹ ਤਾਂ ਜਿਵੇਂ ਖਾਲਿਸ ਹਾਸਾ ਹੀ ਸੀ। ਫੱਟੇ ਉੱਤੇ ਤਬਲਾ ਵਜਾਉਂਦੇ ਉਹ ਬੋਲੇ, ”ਨਾਲੇ ਪੁੱਤਰਾ! ਜ਼ਿੰਦਗੀ ਦੇ ਮੇਨ ਕੰਮ ਤਾਂ ਸਮਝ ਲਾ ਅਜੇ ਪਏ ਆ ਸਾਰੇ… ਹੁਣ ਤੈਨੂੰ ਤਾਂ ਪਤਾ ਈ ਆ… ਕੁੜੀ ਵਿਆਹੁਣੀ ਆ ਛੋਟੀ… ਫੇਰ ਉਹ ਨਲੈਕ ਵੀ ਰਹਿੰਦਾ ਅਜੇ, ਖਬਰਨੀ ਖੇਤ ਗੇੜਾ ਮਾਰਨ ਵੀ ਜਾਂਦਾ ਹੋਊ ਕਿ ਨਹੀਂ?’’
ਦਿਨ ਬੀਤਦੇ ਗਏ, ਅੰਕਲ ਜੀ ਸਖ਼ਤ ਮਿਹਨਤ ਕਰਦੇ, ਟਿੱਚਰਾਂ ਹੰਢਾਉਂਦੇ ਪਰ ਕੰਮ ਸਿੱਖਣ ਦਾ ਕੋਈ ਮੌਕਾ ਨਾ ਖੁੰਝਣ ਦਿੰਦੇ। ਇਕ ਸ਼ਾਮ ਮੈਂ ਉਹਨਾਂ ਨੂੰ ਕਿਹਾ,
”ਚੰਗਾ ਫੇਰ ਅੰਕਲ ਜੀ! ਸਤਿ ਸ੍ਰੀ ਅਕਾਲ! ਮੈਂ ਤਾਂ ਕੱਲ੍ਹ ਤੋਂ ਨਹੀਂ ਆਉਣਾ’’
”ਕੀ ਹੋ ਗਿਆ ਸ਼ਹਿਰੀਆ? ਅਜੇ ਤਾਂ ਮਸਾਂ ਮੀਨ੍ਹਾ ਹੋਇਆ ਤੈਨੂੰ’’ ਆਖਰ ਅੰਕਲ ਜੀ ਵੀ ਮੈਨੂੰ ‘ਟੁੱਲ’ ਮਾਰ ਹੀ ਗਏ।
”ਮੈਨੂੰ ਟੈਕਸੀ ਦਾ ਲਸੰਸ ਮਿਲ ਗਿਆ, ਹੁਣ ਮੈਂ ਟੈਕਸੀ ਚਲਾਊਂਗਾ।’’
”ਚੱਲ ਬਧੀਆ ਮੱਲਾ! ਹੁਣ ਲੱਗਾ ਰਹੀਂ, ਕੰਮ ਸ਼ੁਰੂ ਕਰਕੇ ਬਚਾਲਿਉਂ ਨੀ ਛੱਡੀਦੇ, ਫੇਰ ਕੁਸ਼ ਨੀ ਆਉਂਦਾ ਹੁੰਦਾ।’’
”ਅੰਕਲ ਜੀ! ਤੁਸੀਂ ਵੀ ਕੋਈ ਹੋਰ ਜੌਬ ਕਰ ਲੋ…’’ ਮੈਂ ਆਖ਼ਿਰੀ ਵਾਰ ਤਰਲਾ ਕੀਤਾ।
”ਉਇ ਤੂੰ ਫ਼ਿਕਰ ਨਾ ਕਰ ਸ਼ੇਰਾ! ਬੱਸ ਆਹ ਮੁੰਡੇ ਨੀ ਕੁਸ਼ ਸਿੱਖਣ ਦਿੰਦੇ… ਐਵੇਂ ਭਜਾਈ ਫਿਰਦੇ ਆ… ਇਕ ਵਾਰੀ ਕੰਮ ਸਿੱਖ ਜਮਾਂ… ਫੇਰ ਆਪਣੀਆਂ ਵੀ ਪੌਂ-ਬਾਰਾਂ….’’
ਅੰਕਲ ਜੀ ਦੀਆਂ ਅੱਖਾਂ ਵਿਚ ਬਾਜ਼ ਵਰਗੀ ਚਮਕ ਸੀ।

ਰਿਸ਼ਮਦੀਪ ਸਿੰਘ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!