ਅਹੀਆਪੁਰ ਵਾਲ਼ੀ ਪੋਥੀ (ਭਾਗ ਪਹਿਲਾ)

Date:

Share post:

ਬੇਮਿਸਾਲ ਖੋਜ ਕਾਰਜ

ਸਿੱਖ ਧਾਰਮਿਕ ਰਵਾਇਤ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦਿ ਗਰੰਥ ਦੇ ਸੰਕਲਨ-ਸੰਪਾਦਨ ਦਾ ਮਹਾਨ ਕਾਰਜ ਵਿੱਢਣ ਤੋਂ ਪਹਿਲਾਂ ਗੁਰੂ ਅਮਰ ਦਾਸ ਜੀ ਦੇ ਪੋਤਰੇ ਬਾਬਾ ਮੋਹਨ ਤੋਂ ਆਪ ਗੋਇੰਦਵਾਲ਼ ਪਧਾਰ ਕੇ ਪੋਥੀਆਂ ਪ੍ਰਾਪਤ ਕੀਤੀਆਂ ਸਨ, ਜੋ ਕਿ ਆਦਿ ਗਰੰਥ ਦੇ ਸੰਕਲਨ-ਸੰਪਾਦਨ ਦਾ ਆਧਾਰ ਬਣੀਆਂ ਸਨ। ਇਸੇ ਕਾਰਣ ਸਿੱਖ ਧਾਰਮਿਕ ਸਾਹਿਤ ਵਿਚ ਗੋਇੰਦਵਾਲ਼ ਵਾਲ਼ੀਆਂ ਜਾਂ ਬਾਬੇ ਮੋਹਨ ਜੀ ਵਾਲ਼ੀਆਂ ਪੋਥੀਆਂ ਦੀ ਬੜੀ ਅਹਿਮੀਅਤ ਹੈ। ਹੱਥਲੀ ਅਹੀਆਪੁਰ ਵਾਲ਼ੀ ਪੋਥੀ ਉਨ੍ਹਾਂ ਗੋਇੰਦਵਾਲ਼ ਵਾਲ਼ੀਆਂ ਪੋਥੀਆਂ ਦੀ ਹੀ ਇਕ ਭੈਣ ਹੈ। ਗੋਇੰਦਵਾਲ਼ ਵਾਲ਼ੀਆਂ ਪੋਥੀਆਂ ਬਹੁਤ ਲੰਮੇ ਸਮੇਂ ਤਕ ਵਿਦਵਾਨਾਂ ਦੀ ਪਹੁੰਚ ਤੋਂ ਬਾਹਰ ਰਹੀਆਂ ਹਨ। ਇਹਨਾਂ ਗੋਇੰਦਵਾਲ਼ ਵਾਲ਼ੀਆਂ ਪੋਥੀਆਂ ਵਿੱਚੋਂ ਇਕ ਪੋਥੀ ਹੁਣ ਅਹੀਆਪੁਰ ਵਾਲ਼ੀ ਪੋਥੀ ਦੇ ਨਾਂ ਨਾਲ਼ ਜਾਣੀ ਜਾਂਦੀ ਹੈ। ਵਿਚਾਰ-ਅਧੀਨ ਖੋਜ ਕਾਰਜ ਅਹੀਆਪੁਰ ਵਾਲ਼ੀ ਪੋਥੀ ਨੂੰ ਆਧਾਰ ਬਣਾ ਕੇ ਆਰੰਭਿਆ ਗਿਆ ਹੈ। ਲੇਖਕ ਅਨੁਸਾਰ, ”ਅਹੀਆਪੁਰ ਵਾਲ਼ੀ ਪੋਥੀ ਦੋ ਸੁਤੰਤਰ ਜਿਲਦਾਂ ਵਿਚ ਛਪ ਰਹੀ ਹੈ। ਹੱਥਲੀ ਪੁਸਤਕ, ਅਰਥਾਤ, ‘ਭੂਮਿਕਾ’, ਇਸਦੀ ਪਹਿਲੀ ਜਿਲਦ ਹੈ। ਦੂਜੀ ਵਿਚ ਇਸਦਾ ਸਟਿੱਪਣ ਪਾਠ, ਮੂਲ਼ ਪੋਥੀ ਦੇ ਫ਼ੋਟੋ ਉਤਾਰਿਆਂ ਸਮੇਤ ਦਿੱਤਾ ਗਿਆ ਹੈ।’’
ਜਾਣਕਾਰ ਹਲਕਿਆਂ ਅਨੁਸਾਰ ਗੋਇੰਦਵਾਲ਼ ਪੋਥੀਆਂ ਜਾਂ ਬਾਬੇ ਮੋਹਨ ਵਾਲ਼ੀਆਂ ਪੋਥੀਆਂ ਚਾਰ ਸਨ, ਪਰ ਹੁਣ ਉਨ੍ਹਾਂ ਵਿੱਚੋਂ ਦੋ ਹੀ ਉਪਲਬਧ ਹਨ। ਪਹਿਲੀ ਅਹੀਆਪੁਰ ਵਾਲ਼ੀ ਪੋਥੀ, ਜੋ ਕਿ ਭੱਲਾ ਵੰਸ਼ਜ ਦੇ ਇਕ ਰੁਕਨ ਕੋਲ਼ ਅਹੀਆਪੁਰ (ਟਾਂਡਾ) ਜ਼ਿਲ੍ਹਾ ਹੁਸ਼ਿਆਰਪੁਰ ਕੋਲ਼ ਸੁਰੱਖਿਅਤ ਸੀ, ਅੱਜ ਕੱਲ੍ਹ 371 ਲਾਜਪਤ ਨਗਰ, ਜਲੰਧਰ ਵਿਖੇ ਸੁਸ਼ੋਭਤ ਹੈ ਅਤੇ ਦੂਜੀ ਪੋਥੀ ਸੁੰਦਰ ਕੁਟੀਆ, ਪਿੰਜੌਰ ਵਿਖੇ ਸੁਭਾਏਮਾਨ ਹੈ। ਤੀਜੀ ਪੋਥੀ ਗੁਰੂ ਹਰ ਸਹਾਏ ਜ਼ਿਲ੍ਹਾ ਫ਼ੀਰੋਜ਼ਪੁਰ ਸੋਢੀ ਵੰਸ਼ਜਾਂ ਪਾਸ ਹੁੰਦੀ ਸੀ; ਪਰ ਮੰਦੇ ਭਾਗਾਂ ਨੂੰ 1970 ਵਿਚ ਜਦੋਂ ਇਨ੍ਹਾਂ ਦਾ ਮਾਲਕ, ਸੋਢੀ ਜਸਵੰਤ ਸਿੰਘ, ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਸ਼ਤਾਬਦੀ ਦੇ ਸਿਲਸਿਲੇ ਵਿਚ ਕੀਤੀ ਗਈ ਨੁਮਾਇਸ਼ ਵਿਚ ਭਾਗ ਲੈਣ ਪਿੱਛੋਂ ਰੇਲ ਵਿਚ ਵਾਪਸ ਆ ਰਿਹਾ ਸੀ, ਤਾਂ ਇਸ ਸਫ਼ਰ ਦੌਰਾਨ ਇਹ ਦੁਰਲਭ ਪੋਥੀ ਚੋਰੀ ਹੋ ਗਈ ਤੇ ਅੱਜ ਤਕ ਇਹ ਪੋਥੀ ਮੁੜ ਕੇ ਦਸਤਯਾਬ ਨਹੀਂ ਹੋ ਸਕੀ। ਜਿੱਥੋਂ ਤਕ ਚੌਥੀ ਪੋਥੀ ਦਾ ਸੰਬੰਧ ਹੈ, ਇਸਦਾ ਇਸ ਵੇਲੇ ਕੋਈ ਥਹੁ ਪਤਾ ਨਹੀਂ। ਇਸ ਦੀ ਹੋਂਦ ਦਾ ਆਧਾਰ ਸੀਨਾ-ਬ-ਸੀਨਾ ਰਵਾਇਤ ਹੀ ਹੈ।
ਸਿੱਖ ਧਾਰਮਿਕ ਰਵਾਇਤ ਅਨੁਸਾਰ ਸ੍ਰੀ ਆਦਿ ਗਰੰਥ ਦੇ ਸੰਕਲਨ ਤੋਂ ਪਹਿਲਾਂ ਹਰ ਇਕ ਗੁਰੂ ਸਾਹਿਬ ਅਪਣੀ ਉਚਾਰੀ ਹੋਈ ਅਤੇ ਭਗਤਾਂ ਦੀ ਬਾਣੀ ਅਪਣੀ ਪੋਥੀ ਵਿਚ ਦਰਜ ਕਰਦੇ ਜਾਂਦੇ ਸਨ। ਭਾਈ ਗੁਰਦਾਸ ਅਨੁਸਾਰ ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਦੀ ਯਾਤਰਾ ’ਤੇ ਗਏ, ਤਾਂ ”ਕਿਤਾਬ’’ ਉਨ੍ਹਾਂ ਦੀ ‘ਕਛਿ’ ਵਿਚ ਸੀ।

ਬਾਬਾ ਫਿਰ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ।

ਪੁਰਾਤਨ ਜਨਮ ਸਾਖੀ ਅਨੁਸਾਰ, “ਤਿਤ ਮਹਲ ਹੋ ਹੋਆ ਜੋ ਪੋਥੀ ਜੋ ਬਾਨਿ ਗੁਰੂ ਅੰਗਦ ਜੋਗ ਮਿਲੀ।’’ ਸੱਤਾ ਬਲਵੰਤ ਅਨੁਸਾਰ “ਸ਼ਬਦ ਖ਼ਜ਼ਾਨਾ ਬਖ਼ਸ਼ਿਉਨ” ਅਤੇ ਇਸ ਉਪਰੰਤ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਭਤੀਜੇ ਮੇਹਰਬਾਨ ਅਨੁਸਾਰ, ”ਗੁਰੂ ਨਾਨਕ ਜੀ ਗੁਰੂ ਅੰਗਦ ਕਉ ਸ਼ਬਦ ਕੀ ਥਾਪਨਣਾ ਦੇ ਕਰ ਸੰਮਤ 1589, ਅੱਸੂ ਵਦੀ 10 ਦਸਮੀ ਕਉ ਆਪ ਸੱਚ ਖੰਡ ਪਧਾਰੇ।’’
ਇਸ ਰਵਾਇਤ ਅਨੁਸਾਰ ਹਰ ਇਕ ਗੁਰੂ ਸਾਹਿਬ ਆਪਣੇ ਉੱਤਰਾਧਿਕਾਰੀ ਨੂੰ ਗੁਰ ਗੱਦੀ ਸੌਂਪਣ ਵੇਲੇ ਅਪਣੀ ਰਚੀ ਹੋਈ ਬਾਣੀ ਦੀ ਪੋਥੀ ਅਤੇ ਪਹਿਲਾਂ ਪ੍ਰਾਪਤ ਪੋਥੀ-ਪੋਥੀਆਂ ਸੌਂਪ ਦਿੰਦੇ ਸਨ। ਇਸ ਰਵਾਇਤ ਅਨੁਸਾਰ ਜਦੋਂ ਗੁਰੂ ਅਰਜਨ ਦੇਵ ਜੀ ਗੋਇੰਦਵਾਲ਼ ਪੋਥੀਆਂ ਪ੍ਰਾਪਤ ਕਰਨ ਹਿਤ ਪਹੁੰਚੇ, ਤਾਂ ਉਸ ਵੇਲੇ ਉਪਲਬਧ ਪੋਥੀਆਂ ਦੀ ਗਿਣਤੀ ਵੀ ਚਾਰ ਹੀ ਬਣਦੀ ਹੈ। ਪਰ ਵਿਚਾਰ-ਅਧੀਨ ਖੋਜ ਕਾਰਜ ਤੋਂ ਇਹ ਭਲੀ-ਭਾਂਤ ਸਿੱਧ ਹੁੰਦਾ ਹੈ ਕਿ ਗੋਇੰਦਵਾਲ਼ ਪੋਥੀਆਂ ਉਹ ਨਹੀਂ ਹਨ, ਜੋ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੇ ਇਕ ਦੂਜੇ ਨੂੰ ਸੌਂਪੀਆਂ ਹੋਣਗੀਆਂ। ਇਹ ਹੱਥਲੇ ਖੋਜ ਕਾਰਜ ਦੀ ਸਭ ਤੋਂ ਮਹੱਤਵਪੂਰਣ ਦੇਣ ਹੈ। ਇਸ ਖੋਜ ਕਾਰਜ ਤੋਂ ਇਹ ਵੀ ਪੂਰੀ ਤਰ੍ਹਾਂ ਸਿੱਧ ਹੁੰਦਾ ਹੈ ਕਿ ਗੋਇੰਦਵਾਲ਼ ਵਾਲ਼ੀਆਂ ਪੋਥੀਆਂ ਸ੍ਰੀ ਆਦਿ ਗਰੰਥ ਦੇ ਸੰਕਲਨ-ਸੰਪਾਦਨ ਦਾ ਆਧਾਰ ਨਹੀਂ ਬਣੀਆਂ।
ਗੁਰੂ ਗਰੰਥ ਸਾਹਿਬ ਨਾਲ਼ ਸਬੰਧਤ ਪ੍ਰਾਚੀਨ ਬੀੜਾਂ ਦੀ ਘੋਖ ਪੜਤਾਲ ਅਤਿ ਸੰਵੇਦਨਸ਼ੀਲ ਵਿਸ਼ਾ ਹੈ। ਵਿਚਾਰ-ਅਧੀਨ ਪੁਸਤਕ ਤੋਂ ਪਹਿਲਾਂ ਜਦੋਂ ਵੀ ਕਿਸੇ ਵਿਦਵਾਨ ਨੇ ਇਸ ਵਿਸ਼ੇ ’ਤੇ ਕਲਮ ਅਜ਼ਮਾਈ ਹੈ, ਤਾਂ ਉਸਨੂੰ ਡਾਢੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਵਿਚਾਰ- ਅਧੀਨ ਪੁਸਤਕ ਦੇ ਲੇਖਕ ਨੇ ਬੇਮਿਸਾਲ ਮਿਹਨਤ ਕਰਕੇ ਦਰਪੇਸ਼ ਹਰ ਸਮੱਸਿਆ ਦੇ ਵੱਖ-ਵੱਖ ਪਹਿਲੂਆਂ ਦੀ ਪੂਰੀ ਪੁਣਛਾਣ ਇਸ ਪ੍ਰਬੀਨਤਾ ਨਾਲ਼ ਕੀਤੀ ਹੈ ਕਿ ਮੇਰੀ ਜਾਂਚ ਕਿਸੇ ਲਈ ਵੀ ਸਹਿਜੇ ਕੀਤੇ ਕਿੰਤੂ- ਪ੍ਰੰਤੂ ਦੀ ਗੁੰਜਾਇਸ਼ ਨਹੀਂ ਛੱਡੀ।
ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ”ਗੋਇੰਦਵਾਲ਼ ਪੋਥੀਆਂ’’ ਤਕ ਕਿਸੇ ਖੋਜੀ ਦੀ ਰਸਾਈ ਇਸ ਹੱਦ ਤਕ ਨਹੀਂ ਸੀ ਹੋ ਸਕੀ ਕਿ ਇਹਨਾਂ ਪੋਥੀਆਂ ਨਾਲ਼ ਜੁੜੀ ਹਰ ਸਮੱਸਿਆ ਦੀ ਪੁਣਛਾਣ ਹੋ ਸਕੇ ਅਤੇ ਹੱਥਲੀ ਪੁਸਤਕ ਦੇ ਵਿਦਵਾਨ ਲੇਖਕ ਦੀ ਵੀ ਰਸਾਈ ਅਹੀਆਪੁਰ ਵਾਲ਼ੀ ਪੋਥੀ ਦੇ ਮੂਲ ਰੂਪ ਤਕ ਨਹੀਂ ਹੋ ਸਕੀ। ਪਰ ਸਾਡੇ ਚੰਗੇ ਭਾਗਾਂ ਨੂੰ ਇਸ ਪੋਥੀ ਦੀ ਇਕ ਫ਼ੋਟੋ ਨਕਲ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬਰੇਰੀ ਵਿਚ ਮੌਜੂਦ ਹੈ ਅਤੇ ਵਿਚਾਰ-ਅਧੀਨ ਖੋਜ ਕਾਰਜ ਅਹੀਆਪੁਰ ਵਾਲ਼ੀ ਪੋਥੀ ਦੀ ਇਸੇ ਫ਼ੋਟੋ ਨਕਲ ਉੱਤੇ ਆਧਾਰਿਤ ਹੈ।
ਇਸ ਪੁਸਤਕ ਦੇ 25 ਕਾਂਡ ਹਨ ਅਤੇ 321 ਪੰਨੇ। ਪੁਸਤਕ ਦੇ ਤੀਜੇ ਕਾਂਡ “ਪੋਥੀ ਦੇ ਪ੍ਰਕਾਸ਼ਨ ਦੀ ਉਚਿਤਤਾ’’ ਵਿਚ ਲੇਖਕ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ “ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਇਸ ਪੋਥੀ ਦਾ ਮਤਨ ਪਾਠਕਾਂ ਸਾਹਮਣੇ ਆ ਜਾਣ ਨਾਲ਼, ਗਵੇੜਾਂ ਦੀ ਥਾਂ ਪ੍ਰਮਾਣ ਲੈ ਲੈਣਗੇ ਤੇ ਇਸ ਤਰ੍ਹਾਂ ਸੋਲ੍ਹਵੀਂ-ਸਤਾਰਵੀਂ ਸਦੀ ਦੇ ਸਿੱਖ ਸਾਹਿੱਤ ਪੰਜਾਬੀ ਸਾਹਿੱਤ ਤੇ ਭਗਤੀ ਸਾਹਿੱਤ ਨਾਲ਼ ਸੰਬੰਧ ਰੱਖਣ ਵਾਲ਼ੇ ਕੁਝ ਮਸਲਿਆਂ ਉੱਤੇ ਹੋਣ ਵਾਲ਼ੀ ਬਹਿਸ, ਨਿਰੋਲ ਅਨੁਮਾਨਾਂ ਦੀ ਪੱਧਰ ਤੋਂ ਉੱਠ ਕੇ ਇਕਦਮ ਨਿੱਗਰ, ਤੱਥ ਆਧਾਰੀ ਤੇ ਵਿਗਿਆਨਕ ਥਰ ਉੱਤੇ ਪਹੁੰਚ ਜਾਵੇਗੀ।’’ ਚੌਥੇ ਕਾਂਡ, ”ਪੋਥੀ ਦੀ ਪੈੜ’’ ਵਿਚ ਪੋਥੀ ਦੀ ਭਾਲ਼ ਦੀ ਕਹਾਣੀ ਦਿੱਤੀ ਗਈ ਹੈ। ਪੰਜਵੇਂ ਕਾਂਡ, ”ਪੋਥੀ/ਪੋਥੀਆਂ ਦਾ ਜ਼ਿਕਰ: ਪੁਰਾਣਿਆਂ ਵੱਲੋਂ’’ ਵਿਚ ਉਨ੍ਹਾਂ ਪੁਸਤਕਾਂ ਦਾ ਜ਼ਿਕਰ ਹੈ, ਜਿਹਨਾਂ ਵਿਚ ਇਹਨਾਂ ਪੋਥੀਆਂ ਦੀ ਹੱਦ ਦੇ ਹਵਾਲੇ ਮਿਲ਼ਦੇ ਹਨ। ਇਹਨਾਂ ਵਿਚ ਕੇਸਰ ਸਿੰਘ ਛਿੱਬਰ ਦਾ ਬੰਸਾਵਲੀਨਾਮਾ, ਬਾਬਾ ਸਰੂਪ ਦਾਸ ਭੱਲੇ ਦਾ ਮਹਿਮਾ ਪ੍ਰਕਾਸ਼, ਭਾਈ ਮਨੀ ਸਿੰਘ ਦੀ ਸਿੱਖਾਂ ਦੀ ਭਗਤਮਾਲ, ਗੁਰ ਬਿਲਾਸ ਛੇਵੀਂ ਪਾਤਸ਼ਾਹੀ ਅਤੇ ਭਾਈ ਸੰਤੋਖ ਸਿੰਘ ਦੇ ਸ੍ਰੀ ਗੁਰੂ ਪ੍ਰਤਾਪ ਸੂਰਜ ਗਰੰਥ ਵਿਚ ਇਹਨਾਂ ਪੋਥੀਆਂ ਦੀ ਹੋਂਦ ਬਾਰੇ ਸੰਖੇਪ ਰੂਪ ਵਿਚ ਚਰਚਾ ਕੀਤੀ ਗਈ ਹੈ। ਇਸ ਕਾਂਡ ਵਿਚ ਇਹਨਾਂ ਪੁਸਤਕਾਂ ਦੇ ਹਵਾਲਿਆਂ ਰਾਹੀਂ ਇਹ ਦੱਸਿਆ ਗਿਆ ਹੈ ਕਿ ਕਿਨ੍ਹਾਂ ਹਾਲਾਤ ਵਿਚ ਗੁਰੂ ਅਰਜਨ ਦੇਵ ਜੀ ਨੂੰ ਸ੍ਰੀ ਆਦਿ ਗਰੰਥ ਦੇ ਸੰਕਲਨ-ਸੰਪਾਦਨ ਦਾ ਕਾਰਜ ਵਿੱਢਣਾ ਪਿਆ। ਇਹਨਾਂ ਪੁਸਤਕਾਂ ਅਨੁਸਾਰ ਨਾਨਕ ਛਾਪ ਵਾਲ਼ੀ ਬਹੁਤ ਕੱਚੀ ਬਾਣੀ ਰਚੀ ਜਾਣ ਲੱਗ ਪਈ ਸੀ ਅਤੇ ਇਸ ਬਾਣੀ ਦਾ ਕੀਰਤਨ ਵੀ ਹੋਣ ਲੱਗ ਪਿਆ ਸੀ। ਗੁਰਬਾਣੀ ਵਿਚ ਕੱਚੀ ਬਾਣੀ ਦੇ ਰਲ਼ੇਵੇਂ ਦੇ ਅੰਦੇਸ਼ੇ ਦੇ ਮੱਦੇਨਜ਼ਰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦਿ ਗਰੰਥ ਦੇ ਸੰਕਲਨ-ਸੰਪਾਦਨ ਦਾ ਮਹਾਨ ਕਾਰਜ ਆਪਣੇ ਹੱਥ ਵਿਚ ਲਿਆ ਅਤੇ ਇਸੇ ਸਬੰਧ ਵਿਚ ਗੋਇੰਦਵਾਲ਼ ਪਧਾਰ ਕੇ ਬਾਬੇ ਮੋਹਨ ਪਾਸੋਂ ”ਗੋਇੰਦਵਾਲ਼ ਪੋਥੀਆਂ’’ ਪ੍ਰਾਪਤ ਕੀਤੀਆਂ ਸਨ। ਕੇਸਰ ਸਿੰਘ ਛਿੱਬਰ ਦੇ ‘ਬੰਸਾਵਲੀ ਨਾਮਾ’ ਅਨੁਸਾਰ:

ਮਿਹਰਵਾਨ ਪੁਤੁ ਪਿਰਥੀਏ ਦਾ
ਕਬੀਸਰੀ ਕਰੇ
ਪਾਰਸੀ ਹਿੰਦਵੀ ਸਹੰਸਕ੍ਰਿਤ ਨਾਲ਼ੇ
ਗੁਰਮੁਖੀ ਪੜ੍ਹੇ।
…ਤਿਨ ਭੀ ਬਾਣੀ ਬਹੁਤ ਬਣਾਈ
ਭੋਗ ਗੁਰੂ ਨਾਨਕ ਜੀ ਦਾ ਹੀ ਪਾਈ।
ਡੂਮ ਲਗੇ ਸਬਦ ਮੀਣਿਆ ਦੇ ਗਾਵਨਿ।
ਦੂਆ ਦਰਬਾਰ ਵਡਾ ਗੁਰਿਆਈ ਦਾ ਲਗੇ ਬਣਾਵਨਿ।
ਮੀਣਿਆ ਭੀ ਪੁਸਤਕੁ ਇਕ ਗਰੰਥ ਬਣਾਇਆ
ਚਹੁੰ ਪਾਤਸ਼ਾਹੀਆਂ ਦੀ ਸਬਦ ਬਾਣੀ ਲਿਖ ਲਿਖ ਵਿਚਿ ਪਾਇਆ।
ਇਥੇ ਕਿਸੇ ਸਿੱਖ ਸਬਦ ਮਿਹਰਵਾਨ ਦਾ ਕੀਰਤਨ ਵਿਚਿ ਪੜਿਆ
ਸੋ ਸਰਵਣੀ ਗੁਰੂ ਅਰਜਨ ਜੀ ਦੀ ਪਰਿਆ।
ਬਚਨ ਕੀਤਾ ਭਾਈ ਗੁਰਦਾਸੁ ਗੁਰੂ ਦੀ ਬਾਣੀ ਜੁਦਾ ਕਰੀਏ
ਮੀਣੈ ਪਾਂਦੇ ਨੀ ਰਲਾ ਸੇ ਵਿਚ ਰਲਾ ਨਾ ਧਰੀਏ।

ਉਕਤ ਪੁਸਤਕਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਪਹਿਲਾਂ ਬਾਬਾ ਬੁੱਢਾ ਅਤੇ ਫੇਰ ਭਾਈ ਗੁਰਦਾਸ ਨੂੰ ਚਾਰ ਗੁਰੂ ਸਾਹਿਬਾਨ ਦੀ ਬਾਬੇ ਮੋਹਨ ਪਾਸ ਇਕੱਤਰ ਬਾਣੀ ਨੂੰ ਪ੍ਰਾਪਤ ਕਰਨ ਲਈ ਭੇਜਦੇ ਹਨ, ਪਰ ਉਹ ਖ਼ਾਲੀ ਹੱਥ ਪਰਤ ਆਉਂਦੇ ਹਨ ਅਤੇ ਫੇਰ ਗੁਰੂ ਅਰਜਨ ਦੇਵ ਜੀ ਆਪ ਗੋਇੰਦਵਾਲ਼ ਪਧਾਰਦੇ ਹਨ। ਪਰ ਬਾਬਾ ਮੋਹਨ ਗੁਰੂ ਸਾਹਿਬ ਨੂੰ ਮਿਲਣ ਦੀ ਬਜਾਏ ਅਪਣੇ ਚੁਬਾਰੇ ਵਿਚ ਜਾ ਬੈਠਦੇ ਹਨ ਤਾਂ ਗੁਰੂ ਅਰਜਨ ਦੇਵ ਜੀ ਚੁਬਾਰੇ ਥੱਲੇ ਗਲ਼ੀ ਵਿਚ ਬੈਠ ਕੇ ਸ਼ਬਦ ਦਾ ਗਾਇਨ ਕਰਦੇ ਹਨ:

ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ
ਮਲਿ ਦਰਸਨ ਸੁਖੁ ਸਾਰਾ।

ਗੁਰ ਬਿਲਾਸ ਛੇਵੀਂ ਪਾਤਸ਼ਾਹੀ ਅਨੁਸਾਰ :

ਇਮ ਵਾਕ ਸੁਨੈ ਗੁਰੂ ਅਰਜਨ ਕੇ ਤਬ ਮੋਹਨ ਜੀ ਮਨ ਅੰਦਰ ਪਾਯੋ
ਪੋਥੀਆਂ ਹਾਥ ਲੇ ਆਯੋ ਤਬੈ ਜਸ ਬੀਨ ਸੁਨੇ ਚਲ ਬਾਸਕ ਆਯੋ
ਦੀਨੀ ਸੁ ਪੋਥੀਆਂ ਹਾਥ ਗੁਰੂ ਗੁਰੂ ਕੇ ਚਰਨੰਬੁਜ ਸੀਸ ਨਿਵਾਯੋ।

ਉਕਤ ਪੰਜੇ ਪੁਸਤਕਾਂ ਅਨੁਸਾਰ ਬਾਬੇ ਮੋਹਨ ਨੇ ਅਪਣੇ ਪਾਸ ਚਾਰੋ ਗੁਰੂ ਸਾਹਿਬਾਨ ਦੀ ਇਕੱਤਰ ਬਾਣੀ ਗੁਰੂ ਅਰਜਨ ਦੇਵ ਜੀ ਦੇ ਹਵਾਲੇ ਕਰ ਦਿੱਤੀ ਸੀ।
ਵਿਚਾਰ-ਅਧੀਨ ਪੁਸਤਕ ਦੇ ਛੇਵੇਂ ਕਾਂਡ ”ਪੋਥੀ/ਪੋਥੀਆਂ ਦਾ ਜ਼ਿਕਰ: ਨਵਿਆਂ ਵੱਲੋਂ’’ ਵਿਚ ਲੇਖਕ ਨੇ ਗੋਇੰਦਵਾਲ਼ ਵਾਲ਼ੀਆਂ ਪੋਥੀਆਂ ਦੇ ਹਵਾਲੇ ਨਾਲ਼ ਆਧੁਨਿਕ ਕਾਲ ਵਿਚ ਵਿਦਵਾਨਾਂ ਦੇ ਕੀਤੇ ਖੋਜ ਕਾਰਜਾਂ ਦਾ ਬਿਉਰਾ ਦਿੱਤਾ ਹੈ। ਇਹਨਾਂ ਖੋਜੀਆਂ ਵਿਚ ਭਾਈ ਕਾਨ੍ਹ ਸਿੰਘ, ਭਾਈ ਵੀਰ ਸਿੰਘ, ਸਰਦਾਰ ਜੀ.ਬੀ. ਸਿੰਘ, ਭਾਈ ਜੋਧ ਸਿੰਘ, ਪ੍ਰੋਫ਼ੈਸਰ ਤੇਜਾ ਸਿੰਘ ਦੇ ਨਾਮ ਸ਼ਾਮਲ ਹਨ। ਇੱਥੇ ਸਰਦਾਰ ਜੀ.ਬੀ. ਸਿੰਘ ਦਾ ਖੋਜ ਜੋ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ ਨਾਮੀ ਪੁਸਤਕ ਵਿਚ ਪ੍ਰਕਾਸ਼ਤ ਹੋਇਆ ਸੀ, ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਨਾ ਬਣਦਾ ਹੈ। ਇਹ ਪੁਸਤਕ 1945 ਵਿਚ ਮਾਡਰਨ ਪਬਲੀਕੇਸ਼ਨਜ਼, ਲਾਹੌਰ ਨੇ ਪ੍ਰਕਾਸ਼ਤ ਕੀਤੀ ਸੀ। ਇਸ ਪੁਸਤਕ ਦੇ ਪ੍ਰਕਾਸ਼ਤ ਹੁੰਦਿਆਂ ਹੀ ਤੂਫ਼ਾਨ ਖੜ੍ਹਾ ਹੋ ਗਿਆ। ਸਰਦਾਰ ਜੀ.ਬੀ. ਸਿੰਘ ਪੋਸਟ ਮਾਸਟਰ ਜਨਰਲ ਦੇ ਉੱਚੇ ਅਹੁਦੇ ’ਤੇ ਸੁਸ਼ੋਭਿਤ ਸਨ। ਇਸ ਖੋਜ ਕਾਰਜ ਵਿਚ ਜੋ ਨੁਕਤੇ ਉਠਾਏ ਗਏ ਸਨ, ਉਨ੍ਹਾਂ ਦਾ ਕਿਸੇ ਵਿਦਵਾਨ ਨੇ ਵਿਧੀਬੱਧ ਉੱਤਰ ਤਾਂ ਨਾ ਦਿੱਤਾ, ਪਰ ਕਿਸੇ ਜਨੂੰਨੀ ਨੇ ਸਰਦਾਰ ਜੀ.ਬੀ. ਸਿੰਘ ਨੂੰ ਰਾਹ ਵਿਚ ਘੇਰ ਕੇ ਉਸਦੀ ਚੰਗੀ ਛਤਰੌਲ਼ ਕੀਤੀ ਸੀ। ਕੁਛ ਇਹੋ ਜਿਹਾ ਹਾਲ ਹੀ ਡਾਕਟਰ ਪਿਆਰ ਸਿੰਘ ਦਾ ਹੋਇਆ, ਜਿਸ ਦਾ ਖੋਜ ਕਾਰਜ ਗਾਥਾ ਸ੍ਰੀ ਆਦਿ ਗ੍ਰੰਥ 1992 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰਕਾਸ਼ਤ ਕੀਤਾ ਸੀ, ਪਰ ਇਸ ਖੋਜ ਕਾਰਜ ਵਿਚ ਜੋ ਪ੍ਰਾਚੀਨ ਪੋਥੀਆਂ ਦੀ ਛਾਣ ਬੀਣ ’ਤੇ ਅਧਾਰਤ ਨਵੇਂ ਨੁਕਤੇ ਉਠਾਏ ਗਏ ਸਨ, ਉਨ੍ਹਾਂ ਨੂੰ ਗ਼ਲਤ ਸਿੱਧ ਕਰਨ ਲਈ ਕੋਈ ਸਬੂਤ ਪ੍ਰਸਤੁਤ ਕਰਨ ਦੀ ਥਾਂ ਕੁਝ ਲੋਕਾਂ ਦੇ ਵਾਵੇਲਾ ਮਚਾਉਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਡਾਕਟਰ ਪਿਆਰ ਸਿੰਘ ਨੂੰੂ ਤਨਖ਼ਾਹੀਆ ਕਰਾਰ ਦੇ ਕੇ ਉਨ੍ਹਾਂ ਨੂੰ ਲੱਗੀ ਤਨਖ਼ਾਹ ਭੁਗਤਣ ਲਈ ਮਜਬੂਰ ਕਰ ਦਿੱਤਾ ਸੀ ਅਤੇ ਇਸ ਪੁਸਤਕ ’ਤੇ ਪਾਬੰਦੀ ਵੀ ਲਗਵਾ ਦਿੱਤੀ ਗਈ ਸੀ। ਤਨਖ਼ਾਹ ਭੁਗਤਣ ਬਾਅਦ ਜਦੋਂ ਡਾਕਟਰ ਪਿਆਰ ਸਿੰਘ ਨੇ ਕਿਹਾ ਕਿ ਜੋ ਨੁਕਤੇ ਮੈਂ ਅਪਣੇ ਖੋਜ ਕਾਰਜ ਵਿਚ ਉਠਾਏ ਹਨ ਅਤੇ ਜਿਹਨਾਂ ਦੇ ਠੋਸ ਸਬੂਤ ਵੀ ਮੁਹੱਈਆ ਕੀਤੇ ਹਨ, ਉਨ੍ਹਾਂ ਸੰਬੰਧੀ ਤੁਹਾਡਾ ਕੀ ਵਿਚਾਰ ਹੈ; ਤਾਂ ਜਥੇਦਾਰ ਅਕਾਲ ਤਖ਼ਤ ਨੇ ਇਸ ਸਾਰੇ ਮਾਮਲੇ ਦੀ ਪੁਣਛਾਣ ਲਈ ਕਮੇਟੀ ਨਿਯੁਕਤ ਕਰ ਦਿੱਤੀ। ਪਰ ਇਸ ਕਮੇਟੀ ਦੀ ਰਿਪੋਰਟ ਅੱਜ ਤਕ ਸਿਰੇ ਨਹੀਂ ਚੜ੍ਹੀ ਅਤੇ ਆਪਣਾ ਕਸੂਰ ਜਾਣੇ ਬਗ਼ੈਰ ਡਾਕਟਰ ਪਿਆਰ ਸਿੰਘ ਇਸ ਜਹਾਨ ਨੂੰ ਅਲਵਿਦਾ ਕਹਿ ਗਏ।
ਇਸ ਪੁਸਤਕ ਦਾ ਸੱਤਵਾਂ ਕਾਂਡ ਹੈ, “ਜਿਹਨਾਂ ਅੱਖੀਂ ਡਿੱਠੀਆਂ।’’ ਜਿਵੇਂ ਪਹਿਲਾਂ ਜ਼ਿਕਰ ਆ ਚੁੱਕਾ ਹੈ ਕਿ ਗੋਇੰਦਵਾਲ਼ ਪੋਥੀਆਂ ਤਕ ਸਹਿਜੇ ਕੀਤੇ ਕਿਸੇ ਦੀ ਰਸਾਈ ਨਹੀਂ ਸੀ ਹੁੰਦੀ। ਇਸ ਲਈ ਇਸ ਕਾਂਡ ਵਿਚ ਲੇਖਕ ਨੇ ਉਨ੍ਹਾਂ ਵਿਦਵਾਨਾਂ ਦੇ ਖੋਜ ਕਾਰਜਾਂ ਦਾ ਬਿਓਰਾ ਦਿੱਤਾ ਹੈ, ਜਿਹਨਾਂ ਨੇ ਇਹਨਾਂ ਪੋਥੀਆਂ ਨੂੰ ਅੱਖੀਂ ਦੇਖ ਕੇ ਅਪਣਾ ਖੋਜ ਕਾਰਜ ਮੁਕੰਮਲ ਕਰਨ ਦਾ ਦਾਅਵਾ ਕੀਤਾ। ਇਹਨਾਂ ਵਿਦਵਾਨਾਂ ਵਿਚ ਗਿਆਨੀ ਗਿਆਨ ਸਿੰਘ, ਬਾਬਾ ਪ੍ਰੇਮ ਸਿੰਘ, ਡਾਕਟਰ ਮੋਹਨ ਸਿੰਘ ਦੀਵਾਨਾ , ਗਿਆਨੀ ਗੁਰਦਿੱਤ ਸਿੰਘ ਅਤੇ ਡਾਕਟਰ ਪਿਆਰ ਸਿੰਘ ਸ਼ਾਮਲ ਹਨ। ਇਸ ਕਾਂਡ ਵਿਚ ਇਹਨਾਂ ਵਿਦਵਾਨਾਂ ਦੇ ਕੀਤੇ ਖੋਜ-ਕਾਰਜਾਂ ਦੀ ਬੜੇ ਵਿਸਥਾਰ ਨਾਲ਼ ਪੁਣਛਾਣ ਕਰਕੇ ਇਹਨਾਂ ਵਿਦਵਾਨਾਂ ਵੱਲੋਂ ਕੱਢੇ ਗਏ ਨਿਸਕਰਸ਼ਾਂ ਦਾ ਅਹੀਆਪੁਰ ਵਾਲ਼ੀ ਪੋਥੀ ਨਾਲ਼ ਮਿਲਾਨ ਕਰਕੇ ਇਹ ਦਿਖਾਇਆ ਗਿਆ ਹੈ ਕਿ ਮੂਲ ਪੋਥੀ ਵਿਚ ਦਰਜ ਅੰਦਰਾਜ ਅਤੇ ਇਹਨਾਂ ਵਿਦਵਾਨਾਂ ਦੇ ਨਿਸ਼ਕਰਸ਼ਾਂ ਵਿਚ ਕਈ ਥਾਂ ਬੜਾ ਅੰਤਰ ਹੈ। ਇਹ ਕਾਂਡ ਬੜਾ ਮਹੱਤਵਪੂਰਣ ਹੈ ਅਤੇ ਇਸ ਖੋਜ ਕਾਰਜ ਤੋਂ ਪਹਿਲਾਂ ਹੋਏ ਖੋਜ ਕਾਰਜਾਂ ਦਾ ਸਹੀ ਮੁੱਲਾਂਕਣ ਪ੍ਰਸਤੁਤ ਕਰਦਾ ਹੈ।
ਇਸ ਪੁਸਤਕ ਦਾ ਅੱਠਵਾਂ ਕਾਂਡ ਹੈ, “ਪੋਥੀ ਦੀ ਸੈਰ’’। ਲੇਖਕ ਅਨੁਸਾਰ, “ਪੋਥੀ ਦੀ ਸੈਰ’’ ਇਸ ‘ਭੂਮਿਕਾ’ ਦਾ ਸਭ ਤੋਂ ਅਹਿਮ ਭਾਗ ਹੈ, ਕਿਉਂਕਿ ਇਸ ਵਿਚ ਪੋਥੀ ਦੇ ਪਹਿਲੇ ਪੱਤਰੇ ਤੋਂ ਲੈ ਕੇ ਅਖ਼ੀਰਲੇ ਪੱਤਰੇ ਤਕ ਕ੍ਰਮਵਾਰ, ਪਾਠਾਂ ਦਾ ਵੇਰਵਾ ਵੀ ਨਹੀਂ ਦਿੱਤਾ ਗਿਆ, ਹਰ ਖੜ੍ਹੇ ਹੋਣ ਵਾਲ਼ੇ ਸਵਾਲ ਨੂੰ ਪੜਤਾਲ ਦਾ ਵਿਸ਼ਾ ਬਣਾਉਣ ਦਾ ਯਤਨ ਕੀਤਾ ਗਿਆ ਹੈ।’’
“ਪੋਥੀ ਦੇ ਵਿਹੜੇ ਵਿਚ’’ ਇਸ ਪੁਸਤਕ ਦਾ ਸਭ ਤੋਂ ਵੱਧ ਮਹੱਤਵਪੂਰਣ ਕਾਂਡ ਹੈ। ਇਸ ਕਾਂਡ ਵਿਚ ਵਿਦਵਾਨ ਲੇਖਕ ਨੇ ਪੋਥੀ ਵਿਚ ਪ੍ਰਾਪਤ ਸਮੱਗਰੀ ਦੀ ਹਰ ਪਹਿਲੂ ਤੋਂ ਬੜੀ ਮਿਹਨਤ ਨਾਲ਼ ਪੁਣਛਾਣ ਕੀਤੀ ਹੈ ਅਤੇ ਇਸ ਘੋਖ ਪੜਤਾਲ ਤੋਂ ਬੜੇ ਹੈਰਾਨ ਕਰਨ ਵਾਲੇ ਸਿੱਟੇ ਪ੍ਰਾਪਤ ਹੋਏ ਹਨ। ਲੇਖਕ ਅਨੁਸਾਰ, “ਪੋਥੀ ਦੇ ਕੁੱਲ 300 ਪੱਤਰੇ (600) ਸਫ਼ੇ ਹਨ, ਜਿਹਨਾਂ ਵਿੱਚੋਂ ਕੁਝ ਉੱਘੜ-ਦੁੱਘੜੇ ਲੱਗੇ ਹੋਏ ਹਨ।…ਪੋਥੀ ਵਿਚ ਮੂਲ ਲਿਖਾਰੀ ਤੇ ਹੋਰ ਕਈ ਹੱਥਾਂ ਦੇ ਲਿਖੇ ਹੋਏ ਕੁੱਲ 293 ਸ਼ਬਦ ਤੇਰਾਂ ਰਾਗਾਂ ਵਿਚ ਦਰਜ ਹਨ। ਇਹਨਾਂ ਵਿਚ ਕੱਟੇ ਹੋਏ ਤੇ ਹਸਤਾਖੇਪੀ ਸ਼ਬਦ ਸ਼ਾਮਲ ਹਨ… ਵਧੇਰੇ ਬਾਣੀ ਗੁਰੂ ਗਰੰਥ ਸਾਹਿਬ ਵਾਲ਼ੀ ਹੀ ਹੈ, ਪਰ ਕੁਝ ਕੱਚੀ ਬਾਣੀ ਵੀ ਹੈ, ਮਸਲਨ ਇਕ ਸ਼ਬਦ ਸ਼ੇਖ ਸਰਫ ਦਾ ਤੇ ਤੇਰਾਂ ਸ਼ਬਦ ਗੁਲਾਮ/ਸਦਾ ਸੇਵਕ ਦੇ ਮੌਜੂਦ ਹਨ।’’ ਬੜੀ ਹੈਰਾਨ ਕਰਨ ਵਾਲ਼ੀ ਗੱਲ ਹੈ ਕਿ ਪੋਥੀ ਦੇ ਸ਼ੁਰੂ ਵਿਚ 24 ਸ਼ਬਦ ਦਿੱਤੇ ਗਏ ਹਨ ਜੋ ਕਿ ਰਾਗ ਸੂਹੀ ਵਿਚ ਹਨ। ਹਾਲਾਂਕਿ ਸ਼ੁਰੂ ਵਿਚ ਰਾਗ ਸੂਹੀ ਨੂੰ ਰਾਗ ਸੂਹਬੀ ਲਿਖਿਆ ਗਿਆ ਹੈ। ਇਹਨਾਂ 24 ਸ਼ਬਦਾਂ ਵਿਚੋਂ ਪਹਿਲੇ 3 ਸ਼ਬਦ ਗੁਰੂ ਨਾਨਕ ਦੇਵ ਜੀ ਦੇ ਹਨ, ਇਕ ਸ਼ਬਦ ਗੁਰੂ ਅੰਗਦ ਦੇਵ ਜੀ ਦਾ ਹੈ, ਪਰ ਗੁਰੂ ਗਰੰਥ ਸਾਹਿਬ ਵਿਚ ਇਹੋ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਦੱਸਿਆ ਗਿਆ ਹੈ। ਇਸ ਤੋਂ ਬਾਅਦ 9 ਸ਼ਬਦ ਗੁਰੂ ਅਮਰ ਦਾਸ ਜੀ ਦੇ ਦੱਸੇ ਗਏ ਹਨ, ਪਰ ਇਹਨਾਂ ਨੌਂ ਸ਼ਬਦਾਂ ਵਿਚ ਦੋ ਸ਼ਬਦ ਅਜਿਹੇ ਹਨ, ਜੋ ਗੁਰੂ ਗਰੰਥ ਸਾਹਿਬ ਵਿਚ ਗੁਰੂ ਨਾਨਕ ਰਚਿਤ ਮੰਨੇ ਗਏ ਹਨ। ਇਹਨਾਂ ਤੋਂ ਇਲਾਵਾ 11 ਸ਼ਬਦ ਬਿਨਾ ਸਿਰਲੇਖ ਦੇ ਦਰਜ ਹਨ। ਇਹਨਾਂ ਵਿਚੋਂ 10 ਸ਼ਬਦ ਗੁਰੂ ਗਰੰਥ ਸਾਹਿਬ ਵਿਚ ਗੁਰੂ ਨਾਨਕ ਰਚਿਤ ਮੰਨੇ ਗਏ ਹਨ, ਪਰ ਗਿਆਰਵਾਂ ਸ਼ਬਦ ਗੁਰੂ ਗਰੰਥ ਸਾਹਿਬ ਤੋਂ ਬਾਹਿਰਾ ਹੈ। ਸਭ ਤੋਂ ਹੈਰਾਨ ਕਰਨ ਵਾਲ਼ੀ ਗੱਲ ਪੋਥੀ ਵਿਚ ਦਰਜ ਮੂਲ ਮੰਤਰ ਦੀ ਹੈ। ਪੋਥੀ ਵਿਚ ਦਰਜ ਮੂਲ ਮੰਤਰ ਨਿਮਨ ਲਿਖਤ ਹੈ।

ੴ ਸਤਿਗੁਰੂ ਪਰਸਾਦੁ ਸਚੁ ਨੁਮ ਕਰਤਰੁ, ਨਿਰਭਓ ਨਿਰੀਕਾਰ,
ਅਕਲ ਮੂਰਤਿ ਅਜੂਨੀ ਸਾਭਓੁ
ਪਰ ਗੁਰੂ ਗਰੰਥ ਸਾਹਿਬ ਵਿਚ ਮੂਲ ਮੰਤਰ ਦਾ ਸਰੂਪ ਨਿਮਨ ਲਿਖਤ ਹੈ।
ੴਸਤਿ ਨਾਮੁ ਕਰਤਾ ਪੁਰਖੁ ਨਿਰਵੈਰ, ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

ਮੂਲ ਮੰਤਰ ਸੰਬੰਧੀ ਲੇਖਕ ਬੜਾ ਮਹੱਤਵ ਪੂਰਣ ਪ੍ਰਸ਼ਨ ਉਠਾਉਂਦਾ ਹੈ। “ਅਸਲ ਮੂਲ ਮੰਤਰ ਦਾ ਇਹ ਪੋਥੀ ਵਾਲ਼ਾ ਸਰੂਪ, ਸਿੱਖ ਖੋਜੀਆਂ ਲਈ ਬੜੀਆਂ ਸਮੱਸਿਆਵਾਂ ਖੜ੍ਹੀਆਂ ਕਰਦਾ ਹੈ। ਜੇ ਪੋਥੀ ਗੁਰੂ ਅਰਜਨ ਦੇਵ ਦੀ ਆਦਿ ਬੀੜ ਤੋਂ ਪਹਿਲਾਂ ਦੀ ਹੈ, ਤਾਂ ਕੀ ਇਸ ਦਾ ਮੂਲ ਮੰਤਰ ਵੀ, ਆਦਿ ਬੀੜ ਤੋਂ ਪਹਿਲਾਂ ਦਾ ਹੋਣ ਕਰਕੇ ਵਧੇਰੇ ਪ੍ਰਮਾਣਿਕ ਨਹੀਂ ਮੰਨਿਆ ਜਾਣਾ ਚਾਹੀਦਾ? ਕੀ ਇਹੋ ਮੂਲ ਮੰਤਰ ਸੀ, ਜੋ ਗੁਰੂ ਨਾਨਕ ਦੇਵ ਦੇ ਵੇਲੇ ਤੋਂ ਤੁਰਿਆ ਆ ਰਿਹਾ ਸੀ? ਕੀ ਗੁਰੂ ਰਾਮਦਾਸ ਜੀ ਨੇ ਜਾਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਮੂਲ ਮੰਤਰ ਦਾ ਸੰਪਾਦਨ ਕੀਤਾ ਸੀ?’’ ਕੁਛ ਇਸ ਕਿਸਮ ਦਾ ਸਵਾਲ ਹੀ ਡਾਕਟਰ ਪਿਆਰ ਸਿੰਘ ਨੇ ਅਪਣੀ ਖੋਜ ਪੁਸਤਕ ਗਾਥਾ ਸ੍ਰੀ ਆਦਿ ਗਰੰਥ ਵਿਚ ਉਠਾਇਆ ਸੀ, ਜਿਸ ਕਾਰਣ ਉਸਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ ਅਤੇ ਉਸ ਨੂੰ ਕਰੜੀ ਤਨਖ਼ਾਹ ਭੁਗਤਣੀ ਪਈ ਸੀ।
ਇਸੇ ਕਾਂਡ ਵਿਚ ਲੇਖਕ ਕਈ ਹੋਰ ਹੈਰਾਨ ਕਰਨ ਵਾਲ਼ੇ ਨੁਕਤੇ ਉਠਾਉਂਦਾ ਹੈ। ਮਸਲਨ “ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ, ਤਾਂ ਪੋਥੀ ਵਾਲ਼ਾ ਸਿਰ ਉੱਤੇ ਪੂਰਾ ਮੂਲ ਮੰਤਰ ਸਜਾਉਂਦਾ ਹੈ, ਪਰ ਗੁਰੂ ਗਰੰਥ ਸਾਹਿਬ ਵਿਚ ਇਸ ਵਿਧੀ ਨੂੰ ਨਹੀਂ ਅਪਣਾਇਆ ਗਿਆ।” ਅੱਗੇ ਚੱਲ ਕੇ ਲੇਖਕ ਇਕ ਹੋਰ ਮਹੱਤਵਪੂਰਨ ਤੱਥ ਵਲ ਧਿਆਨ ਦਿਵਾਉਂਦਾ ਹੈ। “ਇਹ ਗੱਲ ਨੋਟ ਕਰਨ ਵਾਲ਼ੀ ਹੈ ਕਿ ਰਾਗਾਂ ਦੀ ਪੋਥੀ ਵਾਲ਼ੀ ਤਰਤੀਬ, ਸ੍ਰੀ ਗੁਰੂ ਗਰੰਥ ਸਾਹਿਬ ਵਿਚਲੀ ਰਾਗ ਤਰਤੀਬ ਨਾਲ਼ ਨਹੀਂ ਮਿਲਦੀ।’’
ਪੁਸਤਕ ਦੇ ਦਸਵੇਂ ਕਾਂਡ ਵਿਚ ਵਿਚ ”ਪੋਥੀ ਵਿਚ ਸ਼ਬਦਾਂ ਦੀ ਤਰਤੀਬ’’ ਦੇ ਹਵਾਲੇ ਨਾਲ਼ ਬੜੀ ਵਿਸਥਾਰ-ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਪੁਣਛਾਣ ਤੋਂ ਬਾਅਦ ਲੇਖਕ ਇਹ ਨਤੀਜਾ ਕੱਢਦਾ ਹੈ, “ਪੋਥੀ ਤੇ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਮਿਲਦੇ ਸ਼ਬਦਾਂ ਦੀ ਤਰਤੀਬ ਦੇ ਮੁਕਾਬਲੇ ਤੋਂ ਦੋਹਾਂ ਸੰਕਲਨਾਂ ਦੇ ਆਪਸੀ ਫ਼ਰਕ ਉੱਘੜ ਕੇ ਸਾਹਮਣੇ ਆ ਗਏ ਹਨ…ਇਹਨਾਂ ਰਾਗਾਂ ਵਿਚ ਮਿਲਦੇ ਸ਼ਬਦਾਂ ਵਿਚ ਕ੍ਰਮਗਤ ਸਮਾਨਤਾ ਵੀ ਹੈ ਅਤੇ ਅਸਮਾਨਤਾ ਵੀ ਪਰ ਅਸਮਾਨਤਾ ਦਾ ਪਲੜਾ ਕਿੰਨਾ ਭਾਰਾ ਹੈ, ਇਸਦਾ ਅਨੁਮਾਨ ਅੱਗੇ ਦਿੱਤੇ ਜਾ ਰਹੇ ਅਨੁਪਾਤ ਲੇਖੇ ਤੋਂ ਲੱਗ ਸਕਦਾ ਹੈ। ਕ੍ਰਮ ਭੇਦਾਂ ਦੀ ਰਾਗਵਾਰ ਨਿਸਬਤ ਇਹ ਬਣਦੀ ਹੈ:…ਸ਼ਬਦਾਂ ਦੀ ਤਰਤੀਬ ਵਿਚ ਮੇਲ ਕੇਵਲ 31.4% ਹੈ ਤੇ ਅਣਮੇਲ 68.6%।’’
ਪੁਸਤਕ ਦਾ ਗਿਆਰਵਾਂ ਕਾਂਡ ਹੈ “ਪੋਥੀ ਦੇ ਅੰਕ’’ ਜਿਸ ਵਿਚ ਲੇਖਕ ਦੱਸਦਾ ਹੈ ਕਿ, “ਪੋਥੀ ਵਿਚ ਕਈ ਤਰ੍ਹਾਂ ਦੇ ਅੰਕ ਵਰਤੇ ਗਏ ਹਨ।’’ 12ਵੇਂ ਕਾਂਡ ਦੇ ਪਾਠ ਤੋਂ ਪਤਾ ਲੱਗਦਾ ਹੈ ਕਿ ਪੋਥੀ ਵਿਚ ਕਈ ਤਰ੍ਹਾਂ ਦੇ ਕਾਟੇ ਵਜੇ ਹੋਏ ਹਨ ਤੇ ਸੁਧਾਈਆਂ ਕੀਤੀਆਂ ਹੋਈਆਂ ਹਨ। 13ਵਾਂ ਕਾਂਡ “ਪੋਥੀ ਦਾ ਬੇਨਤੀ ਪੱਤਰ’’ ਅਤੇ 14ਵਾਂ ਕਾਂਡ “ਪੋਥੀ ਦੇ ਕੋਰੇ ਪਤਰੇ’’ ਹੈ। 15ਵਾਂ ਕਾਂਡ “ਪਦ ਜੋੜਾਂ ਦੇ ਭੇਦ’’ ਵਿਚ ਲੇਖਕ ਦੱਸਦਾ ਹੈ ਕਿ “ਪੋਥੀ ਤੇ ਗੁਰੂ ਗਰੰਥ ਸਾਹਿਬ ਵਿਚ ਪਦ ਜੋੜਾਂ ਦਾ ਕੋਈ ਅੰਤ ਨਹੀਂ।’’ 16ਵੇਂ ਕਾਂਡ ਵਿਚ “ਪੋਥੀ ਦੇ ਪਾਠ ਭੇਦਾਂ’’ ਵਿਚ ਪੋਥੀ ਅਤੇ ਗੁਰੂ ਗਰੰਥ ਸਾਹਿਬ ਵਿਚਾਲ਼ੇ ਪਾਠ ਭੇਦਾਂ ਸਬੰਧੀ ਬਹਿਸ ਕੀਤੀ ਗਈ ਹੈ। ਲੇਖਕ ਅਨੁਸਾਰ, “ਪੋਥੀ ਦੇ ਕਈ ਸ਼ਬਦ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਨਹੀਂ ਮਿਲਦੇ ਤੇ ਸ੍ਰੀ ਗੁਰੂ ਗਰੰਥ ਸਾਹਿਬ ਵਾਲੇ ਕਈ ਸ਼ਬਦ ਪੋਥੀ ਵਿਚ ਨਹੀਂ ਮਿਲਦੇ…ਇਕੋ ਸ਼ਬਦ ਦਾ ਰਚਿਆਰ ਪੋਥੀ ਵਿਚ ਹੋਰ ਤੇ ਸ੍ਰੀ ਗੁਰੂ ਗਰੰਥ ਸਾਹਿਬ ਹੋਰ ਦਿੱਤਾ ਮਿਲਦਾ ਹੈ।’’
ਲੇਖਕ ਦੀ ਕੀਤੀ ਬੇਮਿਸਾਲ ਮਿਹਨਤ ਦਾ ਨਿਚੋੜ ਇਹ ਹੈ ਕਿ “ਗੁਰੂ ਅਰਜਨ ਦੇਵ ਜੀ ਵੱਲੋਂ ”ਪੋਥੀ’’ ਦਾ ਅਨੁਸਰਣ ਬਿਲਕੁਲ ਨਹੀਂ ਕੀਤਾ ਗਿਆ। ਕਿਉਂ ਨਹੀਂ ਕੀਤਾ ਗਿਆ? ਕਿਉਂਕਿ “ਪੋਥੀ’’ ਉਨ੍ਹਾਂ ਪਾਸ ਹੈ ਹੀ ਨਹੀਂ।’’ ਲੇਖਕ ਦੇ ਇਸ ਨਤੀਜੇ ਨਾਲ਼ ਸਹਿਮਤ ਹੋਣਾ ਜ਼ਰਾ ਮੁਸ਼ਕਲ ਜਾਪਦਾ ਹੈ। ਜੇ ਇਹ ਗੱਲ ਮੰਨ ਲਈਏ ਕਿ “ਪੋਥੀ’’ ਗੁਰੂ ਅਰਜਨ ਦੇਵ ਜੀ ਪਾਸ ਸੀ ਹੀ ਨਹੀਂ, ਤਾਂ ਇਹ ਸਵਾਲ ਪੈਦਾ ਹੋਣਾ ਕੁਦਰਤੀ ਹੈ ਕਿ ਫੇਰ ਜੋ ਕਹਾਣੀ ਬੰਸਾਵਲੀਨਾਮਾ, ਮਹਿਮਾ ਪ੍ਰਕਾਸ਼, ਸਿੱਖਾਂ ਦੀ ਭਗਤਮਾਲ, ਗੁਰਬਿਲਾਸ ਛੇਵੀਂ ਪਾਤਸ਼ਾਹੀ ਅਤੇ ਸ੍ਰੀ ਗੁਰ ਪ੍ਰਤਾਪ ਸੂਰਜ ਗਰੰਥ ਜਿਹੇ ਪ੍ਰਾਚੀਨ ਗਰੰਥਾਂ ਵਿਚ ਦਿੱਤੀ ਗਈ ਹੈ, ਉਸਦਾ ਕੀ ਕੀਤਾ ਜਾਏ? ਇਨ੍ਹਾਂ ਸਾਰੇ ਗਰੰਥਾਂ ਵਿਚ ਦਿੱਤੀ ਗਈ ਕਥਾ ਦਾ ਕੋਈ ਨਿੱਗਰ ਆਧਾਰ ਤਾਂ ਜ਼ਰੂਰ ਹੋਵੇਗਾ। ਇਹ ਕਥਾ ਨਿਰੀ ਮਨਘੜਤ ਨਹੀਂ ਹੋ ਸਕਦੀ। ਇਕ ਹੋਰ ਜੋ ਗੁਰੂ ਅਰਜਨ ਦੇਵ ਜੀ ਦੇ ਗੋਇੰਦਵਾਲ਼ ਤਸ਼ਰੀਫ਼ ਲੈ ਜਾਣ ਅਤੇ ਬਾਬੇ ਮੋਹਨ ਪਾਸੋਂ ਪੋਥੀਆਂ ਪ੍ਰਾਪਤ ਕਰਨ ਦਾ ਸ਼ਾਹਦੀ ਭਰਦਾ ਹੈ, ਉਹ ਪਾਲਕੀ ਸਾਹਿਬ ਹੈ, ਜੋ ਗੋਇੰਦਵਾਲ਼ ਸਾਹਿਬ ਦੇ ਗੁਰਦੁਆਰੇ ਵਿਚ ਅੱਜ ਵੀ ਬੜੇ ਸਤਿਕਾਰ ਨਾਲ਼ ਸੁਸ਼ੋਭਤ ਕੀਤੀ ਹੋਈ ਮਿਲ਼ਦੀ ਹੈ, ਜਿਸ ਵਿਚ ਗੁਰੂ ਸਾਹਿਬ ਇਹ ਪੋਥੀਆਂ ਲੈ ਕੇ ਅਮ੍ਰਿਤਸਰ ਗਏ ਸਨ।
ਇਹ ਗੱਲ ਤਾਂ ਸਵੀਕਾਰ ਕਰਨ ਵਿਚ ਕੋਈ ਕੋਈ ਸੰਕੋਚ ਨਹੀਂ ਹੋ ਸਕਦਾ ਕਿ ਅਹੀਆਪੁਰ ਵਾਲ਼ੀ ਪੋਥੀ ਜਾਂ ਪਿੰਜੌਰ ਵਾਲ਼ੀ ਪੋਥੀ ਗੁਰੂ ਗਰੰਥ ਸਾਹਿਬ ਦੇ ਸੰਕਲਨ-ਸੰਪਾਦਨ ਦਾ ਆਧਾਰ ਨਹੀਂ ਬਣੀਆਂ ਹੋਣਗੀਆਂ, ਪਰ ਫੇਰ ਇਹ ਸਵਾਲ ਪੈਦਾ ਹੋਣਾ ਕੁਦਰਤੀ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦਿ ਗਰੰਥ ਦਾ ਸੰਕਲਨ-ਸੰਪਾਦਨ ਕਿਵੇਂ ਕੀਤਾ? ਕੀ ਉਨ੍ਹਾਂ ਪਾਸ ਕੋਈ ਹੋਰ ਪ੍ਰਾਚੀਨ ਲਿਖਤਾਂ ਸਨ, ਜਿਹਨਾਂ ਨੂੰ ਆਧਾਰ ਬਣਾਇਆ ਗਿਆ ਸੀ? ਜੇ ਇਸ ਸਵਾਲ ਦਾ ਜਵਾਬ ਹਾਂ ਵਿਚ ਹੈ ਤੇ ਫੇਰ ਉਹ ਹੱਥ ਲਿਖਤਾਂ ਕਿੱਥੇ ਗਈਆਂ? ਜਾਂ ਕੀ ਗੁਰੂ ਗਰੰਥ ਸਾਹਿਬ ਦੇ ਸੰਕਲਨ ਸਮੇਂ ਜੋ ਬਾਣੀ ਆਦਿ ਬੀੜ ਵਿਚ ਦਰਜ ਕੀਤੀ ਗਈ ਸੀ, ਉਹ ਗੁਰੂ ਅਰਜਨ ਦੇਵ ਜੀ ਨੇ ਜ਼ਬਾਨੀ ਕੰਠ ਕੀਤੀ ਹੋਈ ਸੀ। ਦਮਦਮੀ ਬੀੜ ਸੰਬੰਧੀ ਰਵਾਇਤ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਵਿਚ ਦਰਜ ਸਾਰੀ ਬਾਣੀ ਅਪਣੀ ਅਧਿਆਤਮਕ ਸ਼ਕਤੀ ਨਾਲ਼ ਉਚਾਰ ਕੇ ਬਾਬਾ ਦੀਪ ਸਿੰਘ ਜੀ ਨੂੰ ਲਿਖਵਾਈ ਸੀ, ਕਿਉਂਕਿ ਕਰਤਾਰਪੁਰੀ ਬੀੜ ਧੀਰਮੱਲੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਣ ਤੋਂ ਨਾਂਹ ਕਰ ਦਿੱਤੀ ਸੀ।
ਇਕ ਹੋਰ ਸਵਾਲ ਇਹ ਖੜ੍ਹਾ ਹੋ ਜਾਂਦਾ ਹੈ ਕਿ ਜੇ ਪੋਥੀ (ਅਹੀਆਪੁਰ ਵਾਲ਼ੀ) ਗੁਰੂ ਗਰੰਥ ਸਾਹਿਬ ਦੇ ਸੰਕਲਨ ਤੋਂ ਪਹਿਲਾਂ ਵਜੂਦ ਵਿਚ ਆ ਚੁੱਕੀ ਸੀ, ਤਾਂ ਕੀ ਉਸ ਦਾ ਟਾਕਰਾ ਅੱਜ ਕੱਲ੍ਹ ਸੁਸ਼ੋਭਿਤ ਗੁਰੂ ਗਰੰਥ ਸਾਹਿਬ ਨਾਲ਼ ਕਰਨਾ ਕਿੰਨਾ ਕੁ ਵਾਜਬ ਹੈ? ਇਕ ਹੋਰ ਵੱਡੀ ਸਮੱਸਿਆ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸੰਪਾਦਤ ਕੀਤੀ ਅਤੇ ਭਾਈ ਗੁਰਦਾਸ ਨੂੰ ਲਿਖਵਾਈ ਬੀੜ ਹੁਣ ਉਪਬਲਧ ਨਹੀਂ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਦਮਦਮਾ ਸਾਹਿਬ ਵਾਲ਼ੀ ਬੀੜ ਵੀ ਉਪਲਬਧ ਨਹੀਂ।
ਅੰਤ ਵਿਚ ਲੇਖਕ ਨਾਲ਼ ਸਹਿਮਤ ਹੋਣ ਤੋਂ ਬਿਨਾ ਕੋਈ ਚਾਰਾ ਨਹੀਂ ਜਾਪਦਾ ਕਿ, “ਕੁਦਰਤ ਦੀ ਕੈਸੀ ਸਿਤਮ ਜ਼ਰੀਫ਼ੀ ਹੈ ਕਿ ਗੁਰਦੇਵ ਦੀ ਆਪਣੀ ਜਾਂ ਉਨ੍ਹਾਂ ਦੇ ਕਿਸੇ ਨਿਕਟ ਵਰਤੀ ਦੀ ਕੋਈ ਵੀ ਹੱਥ ਲਿਖਤ ਕਾਲ ਤੋਂ ਨਹੀਂ ਬਚ ਸਕੀ।

ਪ੍ਰੀਤਮ ਸਿੰਘ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!