ਅਸੀਂ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ

Date:

Share post:

ਚਾਹੁੰਦੇ ਅਸੀਂ ਜਿਉਣਾ,
ਅਸੀਂ ਹੀ ‘ਸਿਰਫ਼’ ਜਿਉਣਾ ਚਾਹੁੰਦੇ,
‘ਸਿਰਫ਼’ ਤੀਕਰਾਂ ਸਦਾ ਸਿਮਟਣਾ
ਤੇ ਨਿੱਤ ਸਿਮਟੇ ਰਹਿਣਾ,
ਮੁੱਢ ਕਦੀਮੋਂ ਹੋਂਦ ਅਸਾਡੀ
ਦਾ ਇਹੋ ਸਿਰਨਾਵਾਂ
ਇਹ ਸਿਰਨਾਵਾਂ ਕਵਚ ਬਣੇ
ਮਹਿਫ਼ੂਜ਼ ਅਸੀਂ ਅਨੁਭਵ ਕਰੀਏ
ਆਪਣੇ ਚੱਕਰਵਿਊ ਵਿਚ ਬੈਠੇ
ਸਿਰਜਦਿਆਂ ਸਹਿਗਾਨ ‘ਸਿਰਫ਼’ ਦਾ
ਇਸ ਸਗਲੀ ਕਾਇਨਾਤ ਦੇ ਵਿੱਚੋਂ
ਮਾਨਵ ਜਾਤ-ਕੁਜਾਤ ਦੇ ਵਿੱਚੋਂ
ਆਪਣੀ ਹਓਂ ਤੱਕ ਸਿਮਟਣ ਵੇਲੇ
‘ਸਿਰਫ਼’ ਦੁਆਲੇ ਲਿਪਟਣ ਵੇਲੇ
ਆਪਣਿਆਂ ਪੈਰਾਂ ਦੇ ਹੇਠੋਂ
ਆਪਣੀ ਮਿੱਟੀ ਖਿਸਕਣ ਵੇਲੇ
ਚਿੜੀਆਂ ਦੇ ਖਰਮਸਤਣ ਵੇਲੇ
ਬਾਜ਼ਾਂ ਦਾ ਦਿਨ ਅਸਤਣ ਵੇਲੇ
ਬੰਦੀ-ਝੀਲ ਦੇ ਮੁਸ਼ਕਣ ਵੇਲੇ
ਤੇ ਪੂੰਗਾਂ ਦੇ ਕੁਸਕਣ ਵੇਲੇ
ਨਾ ਤਾਂ ਕੋਈ ਜੁਗ ਬਦਲਦੈ
ਨਾ ਕੋਈ ਪਰਲੋ ਹੀ ਆਵੇ,
ਹੋਵੇ ਤਾਂ ਬਸ ਇਹ ਹੋਵੇ ਕਿ :
ਔਜ਼ਾਰ ਸਾਡੇ ਨੇ ਹਥਿਆਰ ਬਣਦੇ,
ਅੱਖ ਦੇ ਸੁਨੇਹੇ ਵੀ, ਅੰਗਿਆਰ ਬਣਦੇ,
ਨਿਗਾਹਾਂ ’ਚ ਸਾਡੇ ਪਨਾਹ ਲੈਣ ਮਕਤਲ,
ਅਸੰਖਾਂ ਸਲੀਬਾਂ ਅਸਾਡਾ ਨੇ ਹਾਸਿਲ,
ਧਰਤੀ ਦਾ ਜੋ ਵੀ ਹੈ ਖਿੱਤਾ ਸੁਹਾਵਾ
ਉਸ ਤੇ ਅਸਾਡੀ ਖੁਦਾਈ ਦਾ ਦਾਅਵਾ,
ਜਿੱਥੇ ਇਹ ਦਾਅਵਾ ਨਾ ਮਨਜ਼ੂਰ ਹੋਵੇ
ਅਸਾਡੀ ‘ਸਿਰਫ਼’ ਦਾ ਕਵਚ ਚੂਰ ਹੋਵੇ
ਅਸੀਂ ਉੱਥੇ ਰਚ ਦੇਂਦੇ ਹਾਂ ਕੁਰਕਸ਼ੇਤਰ
ਸਜਾ ਦੇਂਦੇ ਹਾਂ ਰੋਮ, ਏਥਨਜ਼ ਦੇ ਖੰਡਰ
ਸਾਨੂੰ ਮੁਬਾਰਕ ਅਦਨ 1 ਤੇਰਾ ਮਲਬਾ
ਸਾਡੀ ਹਜ਼ੂਰੀ ’ਚ ਹਾਜ਼ਰ ਕਰਬਲਾ 2,
ਉੱਠ ਪੈਣ ਸਾਡੇ ’ਚੋਂ ਪੁਰਖੇ ਅਸਾਡੇ,
ਚੰਗੇਜ਼ ਸਾਡੇ ਤੇ ਸਾਡੇ ਹਲਾਕੂ 3
ਦੁਖੀਆਂ ਦੇ ਬਣਕੇ ਹਾਂ ਆਉਂਦੇ ਮਸੀਹੇ,
ਮੁੜ-ਮੁੜ ਦੁਹਰਾਉਂਦੇ ਹਾਂ ਨੀਰੋ ਦੇ ਨਗ਼ਮੇ
ਆਵਣ ਨਾ ਸਾਡੀ ਜੋ ਸਰਗਮ ਦੇ ਮੇਚੇ
ਚਾਹਤਾਂ ਦੇ ਛੇੜਨ ਜੋ ਵੱਖਰੇ ਤਰਾਨੇ
ਦੁਨੀਆਂ ’ਤੇ ਏਦਾਂ ਦੇ ਜਿੰਨੇ ਵੀ ਲੇਲੇ
ਓਹਨਾਂ ਦੀ ਖ਼ਾਤਿਰ ਪਿਤਾ ਸ਼ੇਰ 4 ਸਾਡਾ,
ਜਦੋਂ ਢੂੰਡ ਲੈਂਦਾ ਹੈ ਦਿਲਕਸ਼ ਬਹਾਨੇ
ਅਸੀਂ ਚੁੱਕ ਲੈਂਦੇ ਹਾਂ ਵਹਿਸ਼ਤ ਦਾ ਪਰਚਮ
ਵਿੰਹਦੀ ਹੈ ਦੁਨੀਆਂ ਕਿ ਲਹਿਰਾ ਰਿਹਾ ਹੈ,
ਕਤਲਗਾਹ ’ਚ ਸਾਡੀ ਹੀ ਅਜ਼ਮਤ ਦਾ ਪਰਚਮ
ਜਦੋਂ ਏਸ ਪਰਚਮ ਦੀ ਘੂਰੀ ਦੇ ਅੱਗੇ
ਤੁਹਾਡੇ ਸਿਰਾਂ ਦੀ ਨਾ ਨੁਮਾਇਸ਼ ਲੱਗੇ,
ਤੱਕਣੇ ਹੀ ਪੈਣੇ ਨੇ ਫਿਰ ਰੋਮ ਸੜਦੇ,
ਪਿੱਠਾਂ ’ਤੇ ਸਾਡੇ ਜੋ ਇਤਿਹਾਸ ਲਿਖਿਆ
ਜ਼ਰਾ ਪੜ੍ਹਕੇ ਵੇਖੋ ਕਿ ਹਰ ਸਤਰ ਦੱਸੇ,
ਤੁਸੀਂ ਸਮਝਦੇ ਹੋ ਜਦੋਂ ਸਿਰ ਸਿਰਾਂ ਨੂੰ,
ਅਸੀਂ ਫੇਰ ਲਾਸ਼ਾਂ ਦੀ ਗਿਣਤੀ ਨੲ੍ਹੀਂ ਕਰਦੇ।

ਮੇਰੇ ’ਤੇ ਉਂਗਲ ਉਠਾਵਣ ਤੋਂ ਪਹਿਲਾਂ
ਕਾਤਲ ਦਾ ਰੁਤਬਾ ਸੁਣਾਵਣ ਤੋਂ ਪਹਿਲਾਂ
ਮੇਰੇ ਕਮਲ ਦੀ ਨੂਰਾਨੀ ਅਦਾ ’ਤੇ 5,
ਬੇਦੋਸ਼ਿਆਂ ਤੇ ਮਾਸੂਮਾਂ ਦੇ ਲਹੂ ਦੇ,
ਗਾਰੇ ਦਾ ਚਿੱਕੜ ਉਛਾਲਣ ਤੋਂ ਪਹਿਲਾਂ
ਜ਼ਰਾ ਮੈਨੂੰ ਦੱਸੋ ਤੁਸੀਂ ਕਿਉਂ ਨਹੀਂ ਮੰਗਿਆ,
ਸੋਨੇ ਦੀ ਲੰਕਾ ਦੇ ਖੰਡਰਾਂ ’ਚ ਦੱਬੇ
ਮਿੱਟੀ ਦੇ ਪੁੱਤਰਾਂ ਦੇ ਪਿੰਜਰਾਂ ਦਾ ਲੇਖਾ,
ਤੁਰਿਆਂ ਤੁਹਾਡੇ ਜੋ ਜਿਸਮਾਂ ਦੇ ਉੱਤੇ
ਅਸ਼ਵਮੇਧ ਰਥ ਦਾ ਉਹ ਘੋੜਾ ਨਿਰਾਲਾ,
ਕਿੰਨੀ ਕੁ ਵਾਰੀ ਭਲਾ ਪੌੜ ਉਸਦੇ,
ਤੁਹਾਡੇ ਸਿਰਾਂ ਨੂੰ ਨੇ ਫੇਹ-ਫੇਹ ਕੇ ਲੰਘੇ
ਤੁਸੀਂ ਛਾਤੀਆਂ, ਹਿੱਕਾਂ, ਪਿੱਠਾਂ ਦੇ ਉੱਤੇ
ਕਿੰਨੇ ਮੁਨਾਖ਼ੇ ਹਸਤਨਾਪੁਰਾਂ ਦੇ
ਕਿੰਨੇ ਕੁ ਖੰਡਰ ਨੇ ਆਬਾਦ ਕੀਤੇ
ਕਿੰਨੇ ਕੁ ਗੁਰੂਆਂ ਦੀ ਬਦਨੀਤ ਉੱਤੇ
ਕੀਤੇ ਨਿਛਾਵਰ ਨੇ ਆਪਣੇ ਅੰਗੂਠੇ,
ਮੇਰੇ ਸਜਾਏ ਹੋਏ ਮਰਘਟਾਂ ਨੂੰ
ਵੇਖਣ ਤੋਂ ਪਹਿਲਾਂ ਕਲਿੰਗਾਂ ਨੂੰ ਜਾਓ,
ਲਾਸ਼ਾਂ ਤੋਂ ਲਾਸ਼ਾਂ ਦੀ ਗਿਣਤੀ ਕਰਾ ਕੇ
ਕਾਤਲ 6 ਦਾ ਪੜ੍ਹਕੇ ਮੁੜੋ ਮਾਫ਼ੀਨਾਮਾ,
ਮੇਰੀ ਕਤਲਗਾਹ ’ਚੋਂ ਮਿਲੇ ਅੰਕੜੇ ਜੋ,
ਜ਼ਰਾ ਫੇਰ ਦੋਹਾਂ ਦਾ ਅਨੁਪਾਤ ਕੱਢੋ,
ਮੇਰੀ ਤੇ ਉਹਦੀ ਮਹਾਂਮਾਨਤਾ ਦਾ,
ਵੇਖੋਗੇ ਜਦ ਵੀ ਤੁਸੀਂ ਪਾਸਕੂ ਤਾਂ
ਮੈਨੂੰ ਭਰੋਸਾ ਹੈ ਮੇਰੇ ਪੱਲੜੇ ਲਈ,
ਤੁਸੀਂ ਹੋਰ ਲਾਸ਼ਾਂ ਵੀ ਅਰਪਿਤ ਕਰੋਗੇ,
ਵਿਰਸਾ ਤੁਹਾਡਾ ਤਾਂ ਹੈ ਅਰਪਣਾ ਦਾ,
ਤੁਸੀਂ ਗਿਣਤੀਆਂ-ਮਿਣਤੀਆਂ ਤੋਂ ਉਤਾਂਹ ਹੋ,
ਤੁਹਾਡੀ ਬੁਲੰਦੀ ’ਤੇ ਹੈ ਮਾਣ ਸਾਨੂੰ
ਅਸੀਂ ਤਾਹੀਓਂ ਲਾਸ਼ਾਂ ਦੀ ਗਿਣਤੀ ਨਈਂ ਕਰਦੇ।

ਨਰ ਹਾਂ ਤੇ ਇੰਦਰ ਦੀ ਹਾਂ ਅੰਸ਼ ਮੈਂ ਤਾਂ,
ਉਹਦੀ ਤੇਗ਼, ਮੇਰੀ ਹਵਸ ਲਹੂ ਦੀ ਪਿਆਸੀ,
ਸਾਨੂੰ ਤਾਂ ਲਾਸ਼ਾਂ ਦੇ ਗੀਟੇ ਲੋੜੀਂਦੇ,
ਤਾਂ ਕਿ ਸਲਾਮਤ ਰਹੇ ਪੁਰਖਿਆਂ ਦੀ
ਅਜ਼ਮਤ ਦੇ ਪਾਸੇL ਦੀ ਇਹ ਖੇਡ ਫਿਰ ਵੀ,
ਭਾਵੇਂ ਕਿ ਬਾਲਾਂ ਦੇ ਕੋਲੋਂ ਉਹਨਾਂ ਦੀ,
ਹਰ ਖੇਡ ਕਾਲ਼ੀ ਹਨੇਰੀ ਚੁਰਾ ਲਏ
ਇਹ ਕੁਝ ਤਾਂ ਇੰਦਰ ਦੇ ਨਰ ਦੀ ਹੈ ਲੀਲ੍ਹਾ
ਤੁਸੀਂ ਏਸ ਲੀਲ੍ਹਾ ਨੂੰ ਉੱਜੜੀ ਗਯਾ 7 ਦੇ
ਵਚਨਾਂ ਦੇ ਛੱਜਾਂ ’ਚ ਛੱਟਣ ਤੋਂ ਪਹਿਲਾਂ
ਰੰਡੀ ਅਹਿੰਸਾ ਦੇ ਪੂਜਕ ਦੇ ਦਰ ਤੋਂ
ਸਤੀ ਹੋਈ ਤਾਰੀਖ਼ ਦੀ ਰਾਖ਼ ਫ਼ੋਲੋ,
ਉਹਦੇ ’ਚੋਂ ਕਾਮਾਗਾਟਾ ਮਾਰੂ ਤਲਾਸ਼ੋ
ਅਤੇ ਬਾਗ਼ ਜੱਲਿ੍ਹਆਂ ਦਾ ਲੱਭ ਕੇ ਲਿਆਓ
ਛੱਡ ਦੇਵੋ ਪਾਸੇ ਹੁਸੈਨੀ ਵਾਲੇ ਨੂੰ,
ਦੱਬ ਆਓ ਕਿਤੇ ਧੂੜ ਵਿਚ ਗ਼ਦਰ ਗੂੰਜਾਂ
ਸੱਤਾਂ ਸਮੁੰਦਰਾਂ ’ਚ ਗ਼ੈਰਾਂ ਦੀ ਖ਼ਾਤਿਰ,
ਗ਼ੈਰਾਂ ਦੀ ਮਿੱਟੀ ’ਚ ਲਹੂ ਜੋ ਤੁਹਾਡਾ
ਡੁੱਲਿ੍ਹਆਂ ਤੇ ਜਿਸਦੀ ਸ਼ਨਾਖ਼ਤ ਕਰਨ ਦਾ
ਮਹਾਂ ਆਲਮਾਂ ਨੂੰ ਨਾ ਚੇਤਾ ਵੀ ਆਇਆ,
ਇਕ ਜਿਸਮ ਨੂੰ ਚੀਰ ਦੋਫਾੜ ਕੀਤਾ
ਲੱਖਾਂ ਹੀ ਜਿਸਮਾਂ ਨੂੰ ਦੰਦਿਆਂ ਨੇ ਵਿੰਨਿ੍ਹਆਂ
ਕਿੱਦਾਂ ‘ਮਹਾਂ ਆਤਮਾ’ 8 ਦੇ ਹਜ਼ਾਰਾਂ
ਸ਼ਰਧਾਲੂਆਂ ਅਤੇ ਪੂਜਕਾਂ ਦੇ
ਹੁੰਦੇ ਹੋਏ ਵੀ ਇਹ ਭਾਣਾ ਵਰਤਿਆਂ
ਬਹਿ ਕੇ ਵਿਚਾਰੋ ਤੇ ਧੁਰ ਅੰਦਰੋਂ ਸੁਲਗੋ
ਕੋਈ ਚਿਣਗ ਮੱਚੂ ਤੇ ਦੱਸੂ ਤੁਹਾਨੂੰ,
ਕਿ ਤਖ਼ਤ ਵਲ ਨੂੰ ਜਾਂਦੇ ਹੋਏ ਰਾਹ ’ਤੇ ਤੁਰਦੀ,
ਤਖ਼ਤੇ ਦੀ ਪੱਧਰ ’ਤੇ ਆ ਕੇ ਸਿਆਸਤ
ਆਰੇ ਦੇ ਦੰਦਿਆਂ ਨੂੰ ਰੁਸਵਾ ਨਹੀਂ ਕਰਦੀ।
ਮਗ਼ਰ ਇਹ ਤਾਂ ਦੱਸੋ ਤੁਸੀਂ ਵਕਤ ਕਿਹੜੇ,
ਆਪਣੇ ਸੁਆਲਾਂ ਦੇ ਸਾਵ੍ਹੇਂ ਖੜਾ ਕੇ,
ਆਪਣੇ ‘ਮਹਾਂ ਮਾਨਵਾਂ’, ਰਹਿਬਰਾਂ ਨੂੰ,
ਸਮਿਆਂ ਦੇ ਸੱਚ ਦਾ ਹੈ ਸ਼ੀਸ਼ਾ ਵਿਖਾਇਆ,
ਸਾਨੂੰ ਪਤਾ ਹੈ ਤੁਸੀਂ ਅਕਸ ਆਪਣੇ,
ਹਰ ਸ਼ੀਸ਼ੇ ਵਿਚ ਹੀ ਹੋ ਭੁੱਲਣ ਦੇ ਆਦੀ,
ਕੋਈ ਟੋਬਾ, ਛੱਪੜ, ਖੂਹ ਬੋੜਾ ਜਾਂ ਨਾਲ਼ਾ,
ਬਣ ਕੇ ਤੁਹਾਨੂੰ ਵਿਖਾਵੇ ਜਾਂ ਦਰਿਆ,
ਤੁਸੀਂ ਉਹਦੇ ਵਿਚ ਹੀ ਹੋ ਡੁੱਬਣ ਦੇ ਆਦੀ,
ਮਜ਼ਬ੍ਹਾਂ ਦੀ ਜਿੱਲਣ, ਸਿਆਸਤ ਦਾ ਖੋਭਾ,
ਨਸਲਾਂ-ਕੁਨਸਲਾਂ ਦਾ ਚਿੱਕੜ ਤੇ ਗਾਰਾ
ਜਿੱਥੇ ਵੀ ਵੇਖੋਂ ਤੁਸੀਂ, ਉਸ ਹੀ ਥਾਂ ’ਤੇ,
ਕਮਲਾਂ ਦੇ ਭਰਮਾਂ ’ਚ ਉੱਗਣ ਦੇ ਆਦੀ,
ਉੱਗਣਾ-ਉਗਾਉਣਾ ਤੇ ਵੱਢਣਾ-ਵਢਾਉਣਾ,
ਸਦੀਆਂ ਤੋਂ ਜਾਰੀ ਰਹੀ ਖੇਡ ਜਿਹੜੀ
ਹੁਣ ਵੀ ਤੁਹਾਡੇ ਲਈ ਮਾਕੂਲ ਕਿੰਨੀ,
ਕਿ ਬਿਨ ਹੀਲ ਹੁੱਜਤ ਵਰ੍ਹੇ-ਦਰ-ਵਰ੍ਹੇ ਹੀ,
ਤੁਸੀਂ ਇਸ ਨੂੰ ਆਪਣੇ ਨੇ ਕਲਬੂਤ ਬਖ਼ਸ਼ੇ,
ਆਪਣੇ ਹੀ ਖੇਤਾਂ ’ਚ ਆਪਣੇ ਹੀ ਪੁਰਜ਼ੇ,
ਆਪਣੇ ਲਹੂ ’ਚ ਹੀ ਧੋ-ਧੋ ਕੇ ਸੁੱਟੇ,
ਚੁਰਾਸੀ ਦੇ ਚੱਕਰਾਂ ਦੇ ਆਦੀ ਹੋਇਆਂ ਨੇ,
ਪਿੰਡਿਆਂ ’ਤੇ ਆਪਣੇ ਚੁਰਾਸੀ ਹੰਢਾਇਆ,
ਤੁਸੀਂ ਬਹੁਤੇ ਵਿਹੰਦੇ ਰਹੇ ਸੀ ਤਮਾਸ਼ਾ,
ਆਪਣੇ ’ਚੋਂ ਕੁਝ ਨੂੰ ਤਮਾਸ਼ਾ ਬਣਾ ਕੇ
ਤੁਸੀਂ ਖੇਡ ਲਾਸ਼ਾਂ ਦੀ ਖੇਡੀ ਤੇ ਦੱਸਿਆ
ਕਿ ਥੋਡ੍ਹੇ ਲਈ ਕਤਲਗਾਹ ਹੈ ਅਖਾੜਾ,
ਤੁਸੀ ਖ਼ੁਦ ਜਾਹਿਰ ਕਰੋ ਕਿ ਤੁਸਾਂ ਲਈ,
ਲਾਸ਼ਾਂ ਨੇ ਗੀਟੇ ਤੇ ਗੀਟੇ ਖ਼ੁਦਾ ਨੇ,
ਖ਼ੁਦਾਵਾਂ ਦੀ ਗਿਣਤੀ ਅਸ਼ਰਧਾ ਦੀ ਸੂਚਕ,
ਅਤੇ ਗੀਟਿਆਂ ਦੀ ਭੁਲਾਵਾਂ ਨਿਰਾ ਹੈ,
ਸ਼ਰਧਾ ਦੇ ਪਾਲਕ ਅਸੀਂ ਭੁੱਲੋਂ ਬਾਹਰੇ
ਤਾਹੀਓਂ ਤਾਂ ਲਾਸ਼ਾਂ ਦੀ ਗਿਣਤੀ ਨਈਂ ਕਰਦੇ।

ਮੈਂ, ਹਾਂ ਲਾਲ ਬੋਲਾਂ ਦਾ, ਦਿਲ ਦਾ ਕ੍ਰਿਸ਼ਨ ਹਾਂ,
ਵੱਖ ਹਾਂ, ਹੈ ਹੋਰਾਂ ਤੋਂ ‘ਅੱਡ’ ਮੇਰੀ ‘ਵਾਣੀ’,
ਅਮਲਾਂ ’ਚ ਪਾਣੀ ਨੂੰ ਅੱਗ ਮੈਂ ਲਗਾਵਾਂ
ਤੇ ਸੁਖਨਾਂ ’ਚ ਅੱਗ ਨੂੰ ਬਣਾਉਂਦਾ ਹਾਂ ਪਾਣੀ,
ਮਹਾਂ ਯਾਤਰੂ ਹਾਂ, ਰਹਾਂ ਯਾਤਰਾ ’ਤੇ,
ਅਸ਼ਵਮੇਧੀ ਮੇਰਾ ਜਾਂ ਰਥ ਧੂੜ ਪੁੱਟੇ,
ਮਾਵਾਂ ਦੇ ਗਰਭਾਂ ਨੂੰ ਆ ਘੇਰ ਲੈਂਦੇ,
ਰਾਹੂ ਤੇ ਕੇਤੂ ਗਰਭ-ਜੂਨ ਰੁੱਤੇ,
ਮੇਰੀ ਤਮ੍ਹਾਂ ਦੀ ਜਦੋਂ ਲਾਰ ਫੁੱਟੇ,
ਰੇਸ਼ਮ ਦੇ ਐਸੇ ਜਣਨ ਲੱਖਾਂ ਕੀੜੇ
ਛਾਵਾਂ ਦੀ ਰੁੱਤੇ ਹਰੇ ਪੱਤਿਆਂ ਤੋਂ,
ਪਲ ਵਿਚ ਰੁੱਖਾਂ ਨੂੰ ਕਰ ਜਾਣ ਹੀਣੇ,
ਬਹਿ ਕੇ ਕਮਲ ਉੱਤੇ ਤ੍ਰਿਸ਼ੂਲ ਹੱਸੇ,
ਤੇ ਤਾਰੇ ਦੀ ਹਿੱਕ ਦਾ ਲਵੇ ਮੇਚ ਖ਼ੰਜਰ,
ਚਿੜੀਆਂ ਨੂੰ ਕੋਹਦੀ ਹੋਈ ਤੇਗ਼ ਅਣਖੀ,
ਦੋਹਾਂ ਨੂੰ ਆ ਕੇ ਕਲਾਵੇ ’ਚ ਲੈਂਦੀ
‘ਸਤਿਅਮ ਸ਼ਿਵਮ ਸੁੰਦਰਮ’ ਦੇ ਅਨੋਖੇ,
ਨਗਮੇ ਦੀ ਰਚਨਾ ਕਰਨ ਇਹ ਨਿਆਰੀ,
ਰਲ ਮਿਲ ਕੇ ਸਾਰੇ ਉਸ ਹਰਮ 9 ਖ਼ਾਤਿਰ,
ਜਿਹਦੇ ’ਚ ਗੁਟਰ ਗੂੰ-ਗੁਟਰ ਗੂੰ ਦੀ ਧੁਨ ’ਤੇ
ਘੁੱਗੀ ਦੀ ਖ਼ਾਤਿਰ ਮਿਜ਼ਾਇਲਾਂ ਦਾ ਮੁਜਰਾ
ਹੁੰਦਾ ਰਿਹਾ ਹੈ ਅਤੇ ਹੋ ਰਿਹਾ ਹੈ,
ਤੁਸੀਂ ਮੁਜਰਿਆਂ ਦੀ ਵਿਰਾਸਤ ਦੇ ਵਾਰਿਸ
ਹੁੰਦੇ ਹੋਏ ਵੀ ਕਦੇ ਸੋਚਿਆ ਜੇ
ਕਿ ਸਿੱਕੇ ਦੀ ਟਨ ਟਨ ’ਤੇ ਘੁੰਗਰੂ ਦੀ ਛਣ-ਛਣ
ਨੇ ਕਿੰਨੇ ਕੁ ਪੈਰਾਂ ਨੂੰ ਜ਼ਖ਼ਮੀ ਹੈ ਕੀਤਾ,
ਕਿੰਨੀਆਂ ਕੁ ਰੂਹਾਂ ਤੋਂ ਕਲਬੂਤ ਖੁੱਸੇ,
ਤੇ ਕਿੰਨੇ ਕੁ ਕਲਬੂਤ ਰੂਹਹੀਣ ਹੋਏ,
ਰੂਹਾਂ ਤਾਂ ਨਿਰਵੈਰ, ਨਿਰਭਓਂ, ਅਮਰ ਨੇ,
ਇਹਨਾਂ ਦਾ ਰੋਣਾ, ਭਲਾ ਕੀ ਹੈ ਰੋਣਾ
ਕਲਬੂਤ ਹੁੰਦੇ ਨੇ ਮਿੱਟੀ ਦੀ ਢੇਰੀ,
ਮਿੱਟੀ ਦਾ ਕਾਹਦਾ ਹੈ ਜੀਣਾ ਤੇ ਮਰਨਾ
ਮਿੱਟੀ ਦੀ ਖ਼ਾਤਿਰ ਹਵਾਵਾਂ ਤੇ ਪਾਣੀ
ਕਿੱਥੇ ਨੇ ਆਪਣੇ ਵਹੀ ਖ਼ਾਤੇ ਭਰਦੇ।।।
ਇਹ ਮੰਦਰ ’ਚ ਮਿੱਟੀ ਹੈ, ਮਸਜਿਦ ’ਚ ਮਿੱਟੀ
ਹੈ ਗਿਰਜੇ, ਗੁਰੂ ਦੇ ਦੁਆਰੇ ’ਚ ਮਿੱਟੀ
ਹੈ ਮਿੱਟੀ ਘਰਾਂ, ਬੰਕਰਾਂ ’ਚ ਹੈ ਮਿੱਟੀ
ਵਸਦੇ ਗਰਾਂ ਖੰਡਰਾਂ ’ਚ ਹੈ ਮਿੱਟੀ
ਹੈ ਮੱਠਾਂ ’ਚ ਮਿੱਟੀ, ਸਤੂਪਾਂ ’ਚ ਮਿੱਟੀ,
ਕਤਲਗਾਹ ਦੇ ਦਿਲਕਸ਼ ਸਰੂਪਾਂ ’ਚ ਮਿੱਟੀ,
ਮਿੱਟੀ ਹੀ ‘ਕੁਨ’ ਹੈ ਤੇ ਮਿੱਟੀ ਫ਼ਨਾਹ ਹੈ,
ਮਿੱਟੀ ਲਈ ਹਰ ਫ਼ਤਵਾ ਨਿਆਂ ਹੈ,
ਜਿਉਂਦੀ ਕਦੋਂ ਤੇ ਕਦੋਂ ਹੈ ਇਹ ਮੋਈ,
ਇਹ ਫ਼ੈਸਲਾ ਫ਼ੈਸਲੇ ਤੋਂ ਪਰ੍ਹਾਂ ਹੈ,
ਮੇਰੇ ਫ਼ੈਸਲੇ ਤੋਂ ਪਰ੍ਹਾਂ ਕੁਝ ਨੲ੍ਹੀਂ ਹੁੰਦਾ,
ਸਾਨੂੰ ਤਖ਼ਤ ਦਾ ਇਹੋ ਮਸ਼ਵਰਾ ਹੈ
ਅਸੀਂ ਮਸ਼ਵਰੇ ਦੇ ਮਹਾਂਵਾਕ ਅੱਗੇ
ਥੋਡੇ ਹਵਾਂਕਣ ਦੀ ਗੂੰਗੀ ਇਬਾਰਤ,
ਪੜ੍ਹ ਤਾਂ ਲਵਾਂਗੇ ਮਗਰ ਪੜ੍ਹ ਲਈ ਤਾਂ,
ਇਹਦੇ ’ਚੋਂ ਜਿਉਂਦੇ ਜਾਂ ਮੁਰਦੇ ਦਾ ਰੁਤਬਾ,
ਸਾਨੂੰ ਤੁਹਾਡੇ ਲਈ ਘੜਨਾ ਹੀ ਪੈਣਾ,
ਤੇ ਸੱਚ ਹੈ ਕਿ ਆਪਣੇ ਗੁਰੂ-ਸ਼ਬਦ ਖ਼ਾਤਿਰ,
ਥੋਨੂੰ ਇਹ ਸਵੀਕਾਰ ਕਰਨਾ ਹੀ ਪੈਣਾ,
ਕਿ ਮਿੱਟੀ ’ਚ ਜਿਊਂਦੇ ਮੋਏ ਦਾ ਵਿਤਕਰਾ
ਕਰਨਾ ਤਾਂ ਹੁੰਦਾ ਹੈ ਕੰਮ ਕਾਫ਼ਰਾਂ ਦਾ
ਅਸੀਂ ਦੇਵ-ਵੰਸ਼ੀ, ਮਸੀਹੀ-ਨਸਲ ’ਚੋਂ
ਕੁਫ਼ਰ ਦੇ ਹਾਂ ਕਾਤਿਲ, ਵਲੀ ਔਲੀਏ ਹਾਂ,
ਸਾਡੇ ’ਚੋਂ ਥੋਡੇ ਖ਼ੁਦਾ ਬੋਲਦੇ ਨੇ
ਇਹਨਾਂ ਨੂੰ ਪੁੱਛੋ ਇਹ ਦੱਸਣ ਤੁਹਾਨੂੰ
ਸੁਣੋ ਤੇ ਕੁਫ਼ਰਹੀਣ ਹੋਵਣ ਦੀ ਖ਼ਾਤਿਰ,
ਸਾਡੇ ਅਕੀਦੇ ’ਤੇ ਵਿਸ਼ਵਾਸ ਰੱਖੋ
ਰੂਹਾਂ ਨੂੰ ਨਾਵਾਂ ਦੇ ਬੰਧਨ ਨਾ ਪਾਵੋ
ਬੇਨਾਮ ਹੋ ਕੇ ਕਤਲਗਾਹ ਨੂੰ ਆਵੋ
ਅਮਰਤਵ ਦਾ ਉਹਨਾਂ ਨੇ ਰੁਤਬਾ ਕੀ ਪਾਉਣਾ
ਜੋ ਅੰਕਾਂ ਦੇ ਪੱਥਰ ਨੇ ਰੂਹਾਂ ’ਤੇ ਧਰਦੇ
ਗੁਪਤਦਾਨ ਸਭ ਤੋਂ ਮਹਾਂਦਾਨ ਹੁੰਦੈ,
ਅਸੀਂ ਤਾਹੀਓਂ ਲਾਸ਼ਾਂ ਦੀ ਗਿਣਤੀ ਨਈਂ ਕਰਦੇ।

ਮੇਰੀ ਨਸਲ ਦੇ ਹੀ ਕੁਝ ਜੀਵ ਜੰਤੂ 10,
ਮੇਰੇ ਸਿਖਾਏ ਹੋਏ ਕਰਤਬਾਂ ਨੂੰ,
ਮੈਨੂੰ ਚਿੜਾਵਣ ਲਈ ਵਰਤਣ ਤੇ ਸਮਝਣ
ਕਿ ਮੇਰੀ ਉਹਨਾਂ ਖੋਹ ਲਈ ਬਾਜ਼ੀਗਰੀ ਹੈ,
ਮਗਰ ਉਹ ਕੀ ਸਮਝਣ ਕਿ ਉਹਨਾਂ ਨੂੰ ਮੈਂ
ਬਖ਼ਸ਼ਦਾ ਹਾਂ ਜੋ ਵੀ, ਉਹਨਾਂ ਕਰਤਬਾਂ ਦੀ
ਕ੍ਰਿਸ਼ਮਾਮਈ ਆਭਾ ਸਿਰਫ਼ ਆਰਜ਼ੀ ਹੈ,
ਜੋ ਸੁਪਨੇ ਵਿਖਾਵਾਂ ਮੈਂ ਉਹ ਆਰਜ਼ੀ ਨੇ,
ਮੇਰੇ ਅਰਪੇ ਧਰਤੀ ਗਗਨ ਆਰਜ਼ੀ ਨੇ,
ਇਹ ਅਰਸ਼ਾਂ ਨੂੰ ਛੂੰਹਦੇ ਫਰਸ਼ ਆਰਜ਼ੀ ਨੇ,
ਦਇਆ ਆਰਜ਼ੀ ਹੈ, ਤਰਸ ਆਰਜ਼ੀ ਨੇ,
ਹੱਦਾਂ-ਕੁਹੱਦਾਂ, ਗਲੋਬੀ ਲਕੀਰਾਂ,
ਇਹ ਪਰਬਤ, ਇਹ ਸਾਗਰ, ਇਹ ਸਹਿਰਾ-ਅਛੋਹੇ,
ਮੇਰੇ ਥਾਪੇ ਸਭ ਫ਼ਾਸਲੇ ਆਰਜ਼ੀ ਨੇ
ਇਹ ਹੁੰਦੇ ਨੇ, ਚਾਹੁੰਦਾ ਹਾਂ, ਮੈਂ ਕਿ ਇਹ ਹੋਵਣ
ਮੈਂ ਚਾਹਵਾਂ ਨਾ ਹੋਵਣ, ਤਾਂ ਹੋਵਣ ਤੋਂ ਪਹਿਲਾਂ,
ਏਨ੍ਹਾਂ ਦੇ ਹੋਵਣ ਦੀ ਲੀਲ੍ਹਾ ਦਾ ਪਾਸ਼ਾ,
ਕਿਸੇ ਮਾਰੂਥਲ ਜਾਂ ਪਹਾੜਾਂ ਦੀ ਕੰਧਰੇ,
ਇਹਨਾਂ ਦੇ ਦਰਿਆਵਾਂ, ਸਾਗਰਾਂ, ਝਰਨਿਆਂ
ਪਾਸੋਂ ਖਿਡਾ ਕੇ, ਜਦੋਂ ਚਾਹਾਂ ਤਦ ਹੀ,
ਪੁਗਦੀ ਮੈਂ ਕਰ ਦੇਵਾਂ, ਹਰ ਇਕ ਮੀਟ੍ਹੀ,
ਤੇ ਖੇਡ ਇਨ੍ਹਾਂ ਦੀ ਦਾ ਕੂੜਾ ਕਰਕਟ,
ਹੂੰਝਣ-ਹੂੰਝਾਵਣ ਤੇ ਧੋਵਣ-ਧੁਆਵਣ,
ਖ਼ਾਤਿਰ ਜੋ ਚਾਹੀਦਾ ਹੈ ਪੌਣ-ਪਾਣੀ
ਉਹਦੇ ਲਈ ਇਹਨਾਂ ਦੇ ਸਾਹ ਤੇ ਲਹੂ ਦਾ
ਜੇ ਸੌਦਾ ਮੈਂ ਕਰਦਾਂ ਤਾਂ ਕੀ ਗ਼ਲਤ ਕਰਦਾਂ,
ਸਾਹਾਂ ਤੋਂ ਸੁੱਚੀ ਹਵਾ ਹੋਰ ਕਿੱਥੇ,
ਲਹੂ ਤੋਂ ਪਵਿੱਤਰ ਭਲਾ ਕਿਹੜਾ ਪਾਣੀ,
ਮੈਲ਼ੀ ਇਹਨਾਂ ਦੇ ਕੁਫ਼ਰ ਨੇ ਜੋ ਕੀਤੀ,
ਉਸ ਧਰਤ ਨੂੰ ਪਾਕ-ਦਾਮਨ ਕਰਨ ਲਈ
ਲਹੂ ਨਾਲ ਮੈਨੂੰ ਨੁਹਾਉਣਾ ਹੈ ਪੈਂਦਾ;
ਵੈਸੇ ਇਹੇ ਨਾਉਣ-ਧੋਣ ਆਰਜ਼ੀ ਹੈ,
ਮੇਰਾ ਕਤਲਗ਼ਾਹ ’ਚ ਹੋਣ ਆਰਜ਼ੀ ਹੈ,।।।
ਗ਼ਾਜ਼ੀਆਂ ਦੀ ਗਰਜ਼ਦੀ ਬਿੜਕ ਵੀ ਹੈ ਆਰਜ਼ੀ
ਮੇਰੀ ਮਾਰੀ ਉਨ੍ਹਾਂ ਨੂੰ ਝਿੜਕ ਵੀ ਹੈ ਆਰਜ਼ੀ,
ਆਰਜ਼ੀ ਵੀ ਹੈ ਜੋ ਮੇਰਾ, ਆਰਜ਼ਾ ਉਹਦੀ ਵੀ ਪਰ,
ਵਰ੍ਹੇ-ਦਰ-ਵਰ੍ਹੇ, ਦਰ-ਵਰ੍ਹੇ, ਦਰ-ਵਰ੍ਹੇ ਹੈ।
ਆਰਜ਼ੀ ਨੇ ਵਾਅਦੇ ਮੇਰੇ, ਆਰਜ਼ੀ ਭਰੋਸੇ ਨੇ,
ਯਾਰੀ ਹੈ ਸਦੀਵੀ ਪਰ ਕਤਲਗਾਹਾਂ ਨਾਲ ਮੇਰੀ,
ਘਰਾਂ ਨਾਲ ਮੇਰੇ ਬੰਕਰਾਂ ਦਾ ਸ਼ਰੀਕਾ ਹੈ,
ਮੇਰੇ ਤੋਂ ਨਿਸ਼ਾਨਦੇਹੀ ਹੁੰਦੀ ਨਾ ਮਕਤਲਾਂ ਦੀ,
ਫੜਕੇ ਜ਼ਰੀਬਾਂ ਕਿੱਥੇ ਕਿੱਥੇ ਮੈਂ ਪੈਮਾਇਸ਼ ਕਰਾਂ
ਕਬਰਾਂ ਵਸੀਅਤ ਕਰਾਂ, ਕਿਹਦੇ ਕਿਹਦੇ ਨਾਮ ’ਤੇ,
ਤੁਰਾਂ ਜੇ ਕਤਲਗਾਹਾਂ ਲੱਭਣ ਤਾਂ ਕਿੱਥੋਂ ਲੱਭਾਂ
ਏਨੀਆਂ ਕਿ ਜਿੰਨੀਆਂ ਦੀ ਕਾਫ਼ਰਾਂ ਨੂੰ ਲੋੜ ਹੈ।
ਲੱਭਣਾ ਲਭਾਉਣਾ ਕੰਮ ਸਿਰ ਸੜੇ ਖੋਜੀਆਂ ਦਾ
ਮੇਰਾ ਕਾਰੋਬਾਰ ਜਿੱਥੇ ਚਾਹਿਆ, ਜੋ ਬਣਾ ਲਿਆ,
ਮੇਰੀ ਹੀ ਤੌਫ਼ੀਕ ਹੈ ਕਿ ਪਿੰਡ-2 ਸ਼ਹਿਰ-ਸ਼ਹਿਰ,
ਘਰ-ਘਰ ਕਤਲਗਾਹਾਂ ਵਿਚ ਉਲਥਾ ਲਿਆ।।।।
ਮੇਰੇ ਮੀਨਾਰਾਂ 11 ਦੀ ਖੋਹ ਕੇ ਉਡਾਰੀ
ਜੋ ਉੱਡਣਾ ਸੀ ਚਾਹੁੰਦੇ, ਉਹ ਭਟਕੇ ਹੋਏ ਸੀ
ਮੇਰੀ ਕੁਨੀਅਤ ਦੇ ਚਿੱਕੜ ਨੂੰ ਜਿਹੜੇ,
ਮੇਰੇ ਹੀ ਲੋਕਾਂ ਦੇ ਲਹੂ ਨਾਲ ਧੋ ਕੇ,
ਮਕਤਲ ਨੂੰ ਅਰਗ ਚੜ੍ਹਾਵਣ ਤੁਰੇ ਸੀ,
ਮੇਰੀ ਕਤਲਗਾਹ ਨੂੰ ਡਰਾਵਣ ਤੁਰੇ ਸੀ,
ਮਗਰ ਕੀ ਪਤਾ ਸੀ, ਉਨ੍ਹਾਂ ਨੂੰ ਕਿ ਉਹ ਤਾਂ
ਹਿਟਲਰ, ਹਲਾਕੂ ਤੇ ਚੰਗੇਜ਼ ਤਾਈਂ,
ਇਕੋ ਹੀ ਵੇਲੇ ਜਗਾਵਣ ਤੁਰੇ ਸੀ,
ਮੇਰੇ ਲੋਕ ਮੋਏ ਮੈਂ ਮਿਹਣੇ ਜਰੇ ਨੇ,
ਨਾ ਲਾਸ਼ਾਂ ਮੈਂ ਗਿਣੀਆਂ, ਨਾ ਹਉਕੇ ਭਰੇ ਨੇ,
ਮਲਬੇ ਦੇ ਢੇਰਾਂ ’ਤੇ ਖੜ ਕੇ ਕਿਹਾ ਸੀ,
ਮੈਂ ਲਾਸ਼ਾਂ ਦੀ ਪਉੜੀ ’ਤੇ ਚੜ੍ਹ ਕੇ ਕਿਹਾ ਸੀ
ਕੈਸਾ ਇਹ ਤੋਹਫ਼ਾ ਅਮੁੱਲ ਦੇ ਗਏ ਹੋ,
ਮੈਨੂੰ ਬਣਾ ਕੇ ਪੜੁੱਲ ਦੇ ਗਏ ਹੋ,
ਏਸੇ ਪੜੁੱਲ ਤੋਂ ਹੀ ਵਹਿਸ਼ਤ ਮੇਰੀ ਦੀ
ਦਹਿਸ਼ਤ ਜੋ ਮਾਰੇਗੀ, ਉਹ ਛਾਲ ਤੱਕਣਾ
ਮੇਰੀ ਹਵਸ ਦੇ ਗੁਨਾਹਾਂ ਦਾ ਜਿੱਦਾਂ,
ਇਸ ਥਾਂ ’ਤੇ ਲੋਕਾਂ ਨੇ ਸੰਤਾਪ ਜਰਿਆ
ਤੁਹਾਡੇ ਗੁਨਾਹਾਂ ਦੀ ਵਹਿਸ਼ਤ ਦਾ ਥਾਂ-ਥਾਂ
ਇਹ ਫਲ ਵਿਵਰਜਤ ਤੁਹਾਡੀ ਨਸਲ ਨੂੰ,
ਤੱਕਿਓ ਕਦੋਂ ਤੀਕ ਪੈਂਦਾ ਹੈ ਖਾਣਾ,
ਮੈਂ ਜੋ ਕਿਹਾ ਸੀ, ਉਹੀ ਕਰ ਵਿਖਾਇਆ
ਆਦਮ ਹਵਾ ਦੀ ਮਿਲਣਗਾਹ ਸੀ ਜਿਹੜਾ,
ਅਦਨ ਓਹੀ ਲਾਸ਼ਾਂ ਦੀ ਸ਼ਾਹ ਰਾਹ ਬਣਾਇਆ
ਦਜਲਾ 12 ਨੇ ਲੂਹੇ ਹੀ ਜਾਣਾ ਸੀ ਆਖ਼ਿਰ
ਤੇ ਫ਼ੂਕੇ ਹੀ ਜਾਣਾ ਹੀ ਫਾਰਾਤ 13 ਨੇ ਵੀ,
ਲਾਸ਼ਾਂ ਨੇ ਹੱਥਾਂ ’ਚ ਫੜਨੇ ਸੀ ਠੂਠੇ,
ਤੇ ਚੰਦ ਟੁਕੜਿਆਂ ਦੇ ਲਈ ਲਾਸ਼ਾਂ ਦੇ ਅੱਗੇ,
ਮਰ ਕੇ ਸੀ ਜਾਣਾ ਤੇ ਜੀਅ ਕੇ ਸੀ ਮਰਨਾ,
ਮਗਰ ਮੈਨੂੰ ਅਫ਼ਸੋਸ ਹੈ ਕਿ ਇਨ੍ਹਾਂ ਤੋਂ,
ਇਹ ਕੁਝ ਵੀ ਕਰਕੇ ਤੁਹਾਡੀ ਖ਼ਤਾ ਦਾ
ਚੁੰਗ ਭਰਨ ਜੋਗਾ…
ਸਿਲ੍ਹਾ ਨਹੀਂ ਸੀ ਤਰਨਾ,
ਅੱਲ੍ਹਾ ਦੇ ਪਿਆਰੇ ਇਹ ਧਰਮੀ ਵਿਚਾਰੇ,
ਕਰਜ਼ ਸਿਰ ਤੇ ਲੈ ਕੇ, ਨਾ ਇਹਨਾਂ ਨੇ ਮਰਨਾ,
ਥੋਡਾ ਚੜ੍ਹਾਇਆ ਕਰਜ਼ ਲਾਹ ਰਹੇ ਨੇ,
ਸਿਰ ਤੋਂ ਇਲਾਹੀ ਫਰਜ਼ ਲਾਹ ਰਹੇ ਨੇ,
ਮੈਂ ਜਨਮਾਂ ਤੋਂ ਹਾਂ ਸ਼ੁਭ ਕਰਮਾਂ ਦਾ ਆਦੀ,
ਮੇਰਾ ਫਰਜ਼ ਹਰ ਥਾਂ ’ਤੇ ਵੰਡਣਾ ਆਜ਼ਾਦੀ,
ਜੀਵੋ ਅਤੇ ਜੀਣ ਦੇਵੋ ਦਾ ਨਾਅਰਾ,
ਮੈਂ ਲਿਖ ਕੇ ਮਿਜ਼ਾਈਲਾਂ ’ਤੇ ਥਾਂ-ਥਾਂ ’ਤੇ ਘਲਦਾਂ,
ਮੈਂ ਲੋਕਾਂ ਦੇ ਹੱਕਾਂ ਦੀ ਰਾਖ਼ੀ ਦਾ ਵਾਰਿਸ,
ਥਾਂ-ਥਾਂ ’ਤੇ ਬੰਬਾਂ ਦੇ ਪਹਿਰੇ ਬਿਠਾਉਂਦਾ,
ਰਹੇ ਸ਼ੌਕ ਪੂੰਗਾਂ ਨੂੰ ਨੱਚਣ ਦਾ ਤਾਹੀਂ
ਮੈਂ ਸਹਿਰਾ ’ਚ ਮੱਛਾਂ ਦਾ ਤਾਂਡਵ ਰਚਾਉਂਦਾ,
ਮੇਰਾ ਸ਼ੌਕ ਲਾਸ਼ਾਂ ਦੀ ਮੰਡੀ ਸਜਾਉਣਾ
ਤੇ ਸਿਰਤਾਜ ਮਹਾਂ ਤਾਜਰਾਂ ਦਾ ਕਹਾਉਣਾ,
ਮੇਰੀ ਖ਼ਾਹਿਸ਼ ਤੇ ਕਿਉਂ ਉਜਰ ਹੈ ਤੁਹਾਨੂੰ
ਤੁਹਾਨੂੰ ਮੇਰੇ ਖ਼ਾਬ ਕਿਉਂ ਨਾ ਸੁਖਾਉਂਦੇ
ਤੁਸੀਂ ਕਾਤਲਾਂ ਨੂੰ ਮਹਾਂ ਨਾਇਕ ਕਹਿ ਕੇ,
ਆਪਣੇ ਸਿਰਾਂ ’ਤੇ ਬਿਠਾਉਂਦੇ ਰਹੇ ਹੋ,
ਵਹਿਸ਼ਤ ਦਾ ਨਾਯਾਬ ਸੀ ਜੋ ਮੁਜੱਸਮਾ 14,
ਤਾਰੀਖ਼ ਜਿਸ ਨੇ ਤੁਹਾਡੇ ਅਜ਼ਮ ਦੀ,
ਤੁਹਾਡੇ ਹੀ ਸਾਵ੍ਹੇਂ ਸੀ ਪੈਰਾਂ ’ਚ ਰੋਲ਼ੀ
ਤੁਸੀਂ ਉਸ ਕਾਤਲ ਨੂੰ ਮਹਾਂਨਾਇਕ ਕਹਿ ਕੇ
ਕਰਦੇ ਨਿਵਸਤਰ ਤਵਾਰੀਖ਼ ਨੂੰ ਹੋ,
ਅਜੇ ਮੈਂ ਤਾਂ ਗੋਹੜੇ ’ਚੋਂ ਪੂਣੀ ਹੀ ਕੱਤੀ
ਤੁਸੀਂ ਮੇਰੇ ਚਰਖ਼ੇ ਨੂੰ ਘੂਰਨ ਡਹੇ ਹੋ,
ਅਜੇ ਮੈਂ ਤਾਂ ਪਹਿਲਾ ਪਰਾਗਾ ਹੀ ਪਾਇਆ,
ਤੁਸੀਂ ਮੇਰੀ ਭੱਠੀ ’ਤੇ ਖਿਝਦੇ ਪਏ ਹੋ,
ਅਜੇ ਮਾਵਾਂ ਬੱਚੇ ਜਣਦੀਆਂ ਨੇ ਪਈਆਂ,
ਅਜੇ ਫ਼ਸਲ ਹੋ ਰਹੀ ਹੈ ਭਰਵੀਂ ਸਿਰਾਂ ਦੀ,
ਅਜੇ ਲੱਖਾਂ ਨੈਣਾਂ ਦੇ ਦੀਵੇ ਨੇ ਜਗਦੇ,
ਅਜੇ ਧੜਕ ਹਰ ਤਰਫ਼ ਸੁਣਦੀ ਦਿਲਾਂ ਦੀ,
ਅਜੇ ਪੈਰ ਤੁਰਦੇ ਪਏ ਨੇ ਸਫ਼ਰ ’ਤੇ,
ਤੇ ਹੱਥਾਂ ’ਚ ਹਾਲੇ ਵੀ ਹੈ ਕਾਰ ਬਾਕੀ,
ਅਗਰ ਹੋ ਰਿਹੈ ਹੋਰ ਸਭ ਕੁਝ ਤਾਂ ਦੱਸੋ,
ਇਹ ਵਹਿਸ਼ਤ ਦਾ ਤਾਂਡਵ ਕਿਵੇਂ ਸ਼ਾਂਤ ਹੋਵੇ,
ਤੁਸੀਂ ਆਪਣੇ ਪੂੰਗਾਂ ਨੂੰ ਸਮਝਾ ਕੇ ਪਾਲੋ
ਕਿ ਸਾਗਰ ’ਚ ਕੋਈ ਉਪੱਦਰ ਨੲ੍ਹੀਂ ਕਰਨਾ,
ਇਹ ਹੱਕ ਸਿਰਫ਼ ਮਗਰ ਮੱਛਾਂ ਨੂੰ ਹਾਸਿਲ,
ਤੇ ਉਹਨਾਂ ’ਚੋਂ ਵੀ ਨਕੜ-ਦਾਦੇ ਨਿਹੰਗ 15ਨੂੰ,
ਜੋ ਚਾਹੇ ਕਰਨ ਦੀ, ਹਮੇਸ਼ਾ ਹੀ ਖੁੱਲ੍ਹ ਹੈ,
ਤੁਹਾਡੀ ਹਮੇਸ਼ਾ ਤੋਂ ਪਰ ਇਹੋ ਹੀ ਭੁੱਲ ਹੈ,
ਮਰਜ਼ੀ ਦੇ ਮਾਲਕ, ਤੁਸੀਂ ਬਣ ਹੋ ਬਹਿੰਦੇ,
ਜਗਾਉਂਦੇ ਹੋ ਮੇਰੇ ’ਚੋਂ ਸੁੱਤੇ ਹਲਾਕੂ,
ਹਿਟਲਰ ਤੇ ਚੰਗੇਜ਼ ਨੂੰ ਹੋ ਬੁਲਾਉਂਦੇ,
ਮੈਂ ਪੁਰਖਾਂ ਦੀ ਰੂਹ ਤੋਂ ਕਿਵੇਂ ਹੋਵਾਂ ਮੁਨਕਰ,
ਕਿਵੇਂ ਆਪਣੇ ਦੋਜ਼ਖ਼ ਦੀ ਅਗਨੀ ਨੂੰ ਰੋਕਾਂ,
ਤੁਹਾਡੀ ਖ਼ਤਾ ਕਿ ਸਮਝਦੇ ਨਈਂ ਹੋ,
ਮੇਰੇ ਐਟਮੀ ਇਸ਼ਤਿਹਾਰਾਂ ਦੀ ਭਾਸ਼ਾ,
ਜਿੱਨ੍ਹਾਂ ਦੀ ਹਰ ਸਤਰ, ਹਰ ਸ਼ਬਦ ਦੱਸਦੈ,
ਕਿ ਇਨ੍ਹਾਂ ਨੂੰ ਜਦ ਵੀ ਕੋਈ ਮੂੜ੍ਹ ਮੱਤਾ,
ਆਪਣੀ ਅਗਨ ਦੀ ਹੈ ਹਸਤੀ ਵਿਖਾਉਂਦੈ,
ਮੇਰੀ ਘਾਇਲ ਹਉਂ ਦਾ, ਉਦੋਂ ਬ੍ਰਹਮ-ਅਸਤਰ,
ਥਾਂ-ਥਾਂ ’ਤੇ ਨਕਸ਼ਾ ਹੈ ਕਰਬਲਾ ਦਾ ਵਾਹੁੰਦਾ,
ਪਿੱਤਰਾਂ ਦੇ ਪੂਜਕ ਤੇ ਮੰਮੀਆਂ ਦੇ ਵਾਰਸ,
ਤੁਸੀਂ ਪੂਰਬੀ ਹੋ ਜਹਾਲਤ ਦੇ ਪਾਰਸ
ਬੱਚੇ ਤੁਹਾਡੇ ਜਾਂ ਫ਼ੋਲਣਗੇ ਖ਼ਾਤੇ
ਚੱਲਣਗੇ ਉਹ ਵੀ ਤੁਹਾਡੀ ਹੀ ਰਾਹ ’ਤੇ
ਅਸੀਂ ਏਸੇ ਲੀਹ ਦੇ ਹਾਂ ਪੈਵਣ ਤੋਂ ਡਰਦੇ,
ਸਾਨੂੰ ਤੁਹਾਡੀ ਨਸਲ ਦਾ ਫ਼ਿਕਰ ਹੈ,
ਅਸੀਂ ਤਾਹੀਓਂ ਲਾਸ਼ਾਂ ਦੀ ਗਿਣਤੀ ਨਹੀਂ ਕਰਦੇ।

ਇਹ ਅੱਲ੍ਹਾ ਦੀ ਮਰਜ਼ੀ, ਖ਼ੁਦਾ ਦਾ ਹੈ ਭਾਣਾ,
ਸਲੀਬਾਂ ਤੁਹਾਡੇ ਹੀ ਅੰਗ ਸੰਗ ਹੈ ਰਹਿਣਾ,
ਤ੍ਰਿਸ਼ੂਲਾਂ, ਖ਼ੰਜਰਾਂ ਤੇ ਤੇਗਾਂ ਦੀ ਤੇਹ ਨੂੰ,
ਆਖ਼ਰ ਤੁਹਾਡੇ ਹੀ ਲਹੂ ਨੇ ਬੁਝਾਉਣਾ,
ਅਸੀਂ ਸਿਰਫ਼ ਦੇਵਾਂਗੇ ਖੇਡਣ ਦਾ ਸੱਦਾ
ਦਾਅ ’ਤੇ ਤੁਸੀਂ ਖ਼ੁਦ ਹੀ ਲੱਗਣਾ ਲਗਾਉਣਾ
ਉਪਦੇਸ਼ ਗੀਤਾ ਦਾ ਮੈਂ ਦੇ ਦਿਆਂਗਾ,
ਪਿੰਡਿਆਂ ’ਤੇ ਯੁੱਧ ਤਾਂ ਤੁਸੀਂ ਹੀ ਹੰਢਾਉਣਾ,
ਮੈਂ ਐਟਮ, ਮਿਜ਼ਾਇਲਾਂ, ਤਬਾਹੀ ਦਿਆਂਗਾ,
ਚੁੱਕਣਾ ਤੁਸੀਂ ਹੀ ਹੈ ਮਲਬਾ ਘਰਾਂ ਦਾ,
ਰੱਖ ਮੈਂ ਤਾਂ ਸਕਦਾ ਹਾਂ ਧਰਤੀ ਪਿਆਸੀ,
ਬਣ ਕੇ ਘਟਾਵਾਂ ਵਰ੍ਹੋਗੇ ਤੁਸੀਂ ਹੀ,
ਮੈਂ ਬਾਂਸਾਂ ਨੂੰ ਆਪੋ ’ਚ ਟਕਰਾ ਦਿਆਂਗਾ,
ਭਟਕਦੇ ਫਿਰੋਗੇ ਤੁਸੀਂ ਬੰਸੁਰੀ ਲਈ,
ਤੁਸੀਂ ਬਾਂਝ ਸਰਗਮ ’ਤੇ ਰੀਝੇ ਰਹੋਗੇ,
ਮੈਂ ਬੋਲੀ ’ਤੇ ਸੱਭੇ ਸੁਰਾਂ ਲਾ ਦਿਆਂਗਾ,
ਮੇਰੀ ਹਵਸ ਦੇ ਅਸ਼ਵਮੇਧ ਜੱਗ ਦਾ,
ਘੋੜਾ ਅਜੇਤੂ ਤੁਸੀਂ ਫੜ ਨਾ ਲੈਣਾ,
ਇਹਦੇ ’ਚ ਮੇਰਾ ਹੀ ਦਿਲ ਧੜਕਦਾ ਹੈ,
ਇਹਦੇ ’ਚ ਮੇਰੇ ਹੀ ਸਾਹ ਰੁਮਕਦੇ ਨੇ,
ਮੇਰੇ ਦਿਲ ਦੀ ਧੜਕਣ ਤੇ ਸਾਹਾਂ ਦੀ ਥਿਰਕਣ
ਜੇ ਠਹਿਰੇ ਤਾਂ ਆਉਂਦੀ ਹੈ, ਧਰਤੀ ’ਤੇ ਪਰਲ਼ੋ,
ਤੁਸੀਂ ਹੋਰ ਰਚ ਲਓ ਸ਼ਹਾਦਤ ਦੇ ਨਗ਼ਮੇ,
ਮੈਂ ਆਉਂਦਾ ਹਾਂ ਦੇ ਕੇ ਕਤਲਗ਼ਾਹ ਨੂੰ ਸੱਦਾ,
ਮੈਂ ਸਾਰੇ ਵਿਸ਼ਵ ਦੇ ਜ਼ਿਬਾਹ ਖ਼ਾਨਿਆਂ ਨੂੰ,
ਇੱਕੋ ਹੀ ਰੰਗ ਵਿਚ ਰੰਗਦਾ ਪਿਆ ਹਾਂ,
ਤੁਸੀਂ ਜੀਣ ਜੋਗੇ ਜੁ ਹੋਏ ਬਹੁ ਰੰਗੇ,
ਤੇ ਮੰਗਦੇ ਰਹੋ ਹਰ ਰੰਗ ਦੀ ਸ਼ਨਾਖ਼ਤ,
ਆ ਕੇ ਮਕਤਲਾਂ ’ਚ, ਵੀ ਸੋਚਦੇ ਹੋ,
ਕਿ ਹੋਵੇ ਗਿਣਤੀਆਂ ਦੀ ਕੋਝੀ ਵਕਾਲਤ,
ਅਸੀਂ ਆਖਦੇ ਹਾਂ ਕਿ ਦੱਸੋ ਜ਼ਰਾ ਕੁ,
ਰੁੱਖਾਂ ਤੋਂ ਪੱਤੇ ਕਦੋਂ ਗਿਣ ਕੇ ਝੜਦੇ,
ਕਾਦਰ ਦੀ ਕੁਦਰਤ ਦੇ ਪੂਜਕ ਅਸੀਂ ਹਾਂ,
ਲਾਸ਼ਾਂ ਦੀ ਭੁੱਲ ਕੇ ਵੀ ਗਿਣਤੀ ਨਈਂ ਕਰਦੇ।

ਸੁਰਜੀਤ ਜੱਜ

ਹਵਾਲੇ : 1. ਅਦਨ : ਸਾਮੀ ਮਿਥ ਅਨੁਸਾਰ ਆਦਮ-ਹਵਾ ਦਾ ਬਸੇਰਾ ਅਦਨ ਬਾਗ ਅਤੇ ਇਰਾਕ ਦਾ ਇਕ ਪ੍ਰਮੁੱਖ ਸ਼ਹਿਰ ਜਿਸ ਨੂੰ ਅਮਰੀਕੀ ਹਮਲਾਵਰਾਂ ਨੇ ਨਰਕ ਵਿਚ ਬਦਲ ਦਿੱਤਾ। 2. ਕਰਬਲਾ : ਇਰਾਕ ਵਿਚ ਸਥਿਤ ਉਹ ਖਿੱਤਾ ਜਿੱਥੇ ਹਸਨ-ਹੁਸੈਨ ਸ਼ਹੀਦ ਹੋਏ ਤੇ ਫਿਰ ਇਹ ਸਦੀਵੀ ਪਿਆਸ ਤੇ ਤਬਾਹੀ ਦਾ ਚਿੰਨ੍ਹ ਬਣ ਗਿਆ। 3. ਚੰਗੇਜ਼ : ਤਬਾਹੀ ਤੇ ਵਹਿਸ਼ੀਅਤ ਦਾ ਦੂਜਾ ਨਾਂ-ਮੰਗੋਲ ਹਮਲਾਵਰ, ਇਸਦਾ ਪੋਤਾ ਹਲਾਕੂ ਇਸ ਤੋਂ ਵਧੇਰੇ ਵਹਿਸ਼ਤ ਫੈਲਾਉਣ ਵਾਲਾ ਹਮਲਾਵਰ ਬਣਿਆ। 4. ਜਾਰਜ ਬੁਸ਼ ਵੱਲ ਇਸ਼ਾਰਾ ਹੈ। 5. ਇਸ਼ਾਰਾ ਗੁਜਰਾਤ ਦੰਗਿਆਂ ਵੱਲ ਹੈ। 6. ਅਸ਼ੋਕ ਸਮਰਾਟ ਦੀ ਕਲਿੰਗਾ ਤਬਾਹੀ ਦਾ ਸੰਕੇਤ 7. ਮਹਾਤਮਾ ਬੁੱਧ ਦੇ ਅਹਿੰਸਾ ਦੇ ਸਿਧਾਂਤ ਦੀ ਭਾਰਤ ਵਿਚ ਹੋਈ ਦੁਰਦਸ਼ਾ ਦਾ ਹਵਾਲਾ 8. ਮਹਾਤਮਾ ਗਾਂਧੀ ਵੱਲ ਸੰਕੇਤ 9. ਅਮਰੀਕਾ ਦੇ ਵਾਈਟ ਹਾਊਸ ਦਾ ਸੰਕੇਤ 10. ਜਾਰਜ ਬੁਸ਼, ਤਾਲਿਬਾਨ ਤੇ ਸੱਦਾਮ ਵੱਲ ਇਸ਼ਾਰਾ 11. 11 ਸਤੰਬਰ ਦੇ ਹਮਲੇ ’ਚ ਤਬਾਹ ਹੋਏ ਅਮਰੀਕੀ ਟਰੇਡ ਸੈਂਟਰ ਦੇ ਟਾਵਰ 12. ਦਜਲਾ : ਇਰਾਕ ਦਾ ਪ੍ਰਮੁੱਖ ਦਰਿਆ 13. ਫਾਰਾਤ : ਇਰਾਕ ਦਾ ਇਕ ਹੋਰ ਦਰਿਆ 14. ਸਿਕੰਦਰ ਵੱਲ ਸੰਕੇਤ ਹੈ। ਜਿਸ ਨੇ ਸਿਰਫ਼ ਤੇ ਸਿਰਫ਼ ਮਾਨਵਤਾ ਖ਼ਾਸਕਰ ਏਸ਼ੀਅਨ ਲੋਕਾਂ ਦੀ ਤਬਾਹੀ ਹੀ ਕੀਤੀ ਤੇ ਪੱਛਮ ਦੀ ਰੀਸੇ ਅਸੀਂ ਵੀ ਅੱਜ ਤੱਕ ਉਸ ਨੂੰ ‘ਸਿਕੰਦਰ ਮਹਾਨ’ ਹੀ ਕਹੀ ਜਾ ਰਹੇ ਹਾਂ। 15. ਨਿਹੰਗ : ਮਗਰਮੱਛ-ਇਸ਼ਾਰਾ ਜਾਰਜ ਬੁਸ਼ ਵੱਲ ਹੈ।

ਸੁਰਜੀਤ ਜੱਜ

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!