‘ਅਲਫ਼ ਲੈਲਾ’ ਕਹਾਣੀਆਂ ਦਾ ਬੰਜਰ – ਜਸਵੀਰ ਭੁੱਲਰ

Date:

Share post:

5 ਸਤੰਬਰ 1988।
ਮੈਂ ਪੋਸਟਿੰਗ ‘ਤੇ ਜਾ ਰਿਹਾ ਸਾਂ।
ਮੇਰੇ ਸ਼ਹਿਰ ਦੀ ਕੋਈ ਵੀ ਸੜਕ ਬਰਫ਼ੀਲੀਆਂ ਸਿਖ਼ਰਾਂ ਤਕ ਨਹੀਂ ਸੀ ਪਹੁੰਚਦੀ। ਉਥੇ ਮੈਂ ਹਵਾਈ ਸੈਨਾ ਦੇ ਮਾਲਵਾਹਕ ਜਹਾਜ਼ ਰਾਹੀਂ ਜਾਣਾ ਸੀ। ਟਰਾਂਜ਼ਿਟ ਕੈਂਪ ਤੋਂ ਹੋ ਕੇ ਜਦੋਂ ਹਵਾਈ ਅੱਡੇ ਦੇ ਫੌਜ ਵਾਲੇ ਪਾਸੇ ਪਹੁੰਚਿਆ ਤਾਂ ਉਥੇ ਚਾਰ ਜਹਾਜ਼ ਖੜੇ ਸਨ। ਉਹਨਾਂ ਜਹਾਜ਼ਾਂ ਨੇ ਸਿਆਚਨ ਗਲੇਸ਼ੀਅਰ ਵਾਲੇ ਸੈਕਟਰ ਵੱਲ ਅਗੱੜ-ਪਿਛੱੜ ਹੀ ਉਡਾਣ ਭਰਨੀ ਸੀ। ਸੈਨਿਕ ਉਹਨਾਂ ਜਹਾਜ਼ਾਂ ਵਿਚ ਗੋਲਾ-ਬਾਰੂਦ, ਰਸਦ ਤੇ ਕੁਝ ਹੋਰ ਸਟੋਰ ਲੱਦ ਰਹੇ ਸਨ। ਲਦਾਈ ਦਾ ਕੰਮ ਮੁੱਕਿਆ ਤਾਂ ਟਰਾਂਜ਼ਿਟ ਕੈਂਪ ਦੇ ਹੌਲਦਾਰ ਮੇਜਰ ਨੇ ਸੈਨਿਕ ਯਾਤਰੀਆਂ ਦੀ ਫਰਿਸਤ ਕੱਢ ਲਈ ਤੇ ਉਚੀ-ਉਚੀ ਨਾਂ ਬੋਲ ਕੇ ਜਹਾਜ਼ਾਂ ਵਿਚ ਬਿਠਾਉਣ ਲੱਗ ਪਿਆ।
ਮੈਂ ਜਿਸ ਜਹਾਜ਼ ਵਿਚ ਚੜ੍ਹਿਆ ਉਹ ਮੋਈਆਂ ਹੋਈਆਂ ਮੱਛੀਆਂ ਦੀ ਬੂਅ ਨਾਲ ਭਰਿਆ ਹੋਇਆ ਸੀ। ਜਹਾਜ਼ ਅੰਦਰ ਦੋਹੀਂ ਪਾਸੀਂ ਬੈਠਣ ਲਈ ਫੱਟੇ ਸਨ। ਮੈਂ ਇਕ ਫੱਟੇ ਉਤੇ ਖ਼ਾਲੀ ਥਾਂ ਵੇਖ ਕੇ ਬੈਠ ਗਿਆ। ਮੇਰੇ ਨਾਲ ਹੀ ਗਾਰਡਜ਼ ਦੀ ਬਟਾਲੀਅਨ ਦਾ ਕਮਾਨ ਅਫ਼ਸਰ ਕਰਨਲ ਬੋਪਾਰਾਏ ਬੈਠਾ ਹੋਇਆ ਸੀ। ਆਪਸ ਵਿਚ ਜਾਣ-ਪਛਾਣ ਹੋਈ ਤਾਂ ਉਹ ਮੈਨੂੰ ਚਾਲੁੰਕਾ ਬਾਰੇ ਦੱਸਣ ਲੱਗ ਪਿਆ। ਚਾਲੁੰਕਾ ਵਿਚ ਮੇਰੀ ਨਵੀਂ ਯੂਨਿਟ ਉਹਦੀ ਬਟਾਲੀਅਨ ਦੇ ਨੇੜੇ ਹੀ ਸੀ।
ਮੱਛੀਆਂ ਦੀ ਬੂਅ ਮੇਰੇ ਸਿਰ ਨੂੰ ਚੜ੍ਹ ਰਹੀ ਸੀ। ਮੇਰਾ ਜੀਅ ਕਚਿਆਂ ਹੋ ਰਿਹਾ ਸੀ। ਫੱਟਿਆਂ ਦੇ ਵਿਚਕਾਰਲੀ ਥਾਂ ਉਤੇ ਮੱਛੀਆਂ ਵਾਲੇ ਟੋਕਰੇ ਪਏ ਸਨ। ਸਾਰਿਆਂ ਦੇ ਬੈਠਣ ਪਿੱਛੋਂ ਉਹਨਾਂ ਤੂਸਰ-ਤੂਸਰ ਕੇ ਕੁਝ ਹੋਰ ਟੋਕਰੇ ਲੱਦ ਦਿੱਤੇ ਸਨ।
ਜਹਾਜ਼ ਦੇ ਅੰਦਰ ਬੂਅ ਸੰਘਣੀ ਹੋ ਗਈ ਸੀ।
ਉਡਾਣ ਭਰਨ ਵਾਲੇ ਜਹਾਜ਼ ਦਾ ਰੌਲਾ ਕੰਨ ਪਾੜਵਾਂ ਸੀ। ਕਰਨਲ ਬੋਪਾਰਾਏ ਨੇ ਜੇਬ ਵਿਚੋਂ ਕੁਝ ਰੂੰ ਕੱਢਿਆ ਤੇ ਕੰਨਾਂ ਵਿਚ ਤੁੰਨਣ ਲੱਗ ਪਿਆ। ਰੂੰ ਦਾ ਇਕ ਫੰਬਾ ਉਹਨੇ ਮੇਰੇ ਵੱਲ ਕਰ ਦਿੱਤਾ। ਉਹਦੀ ਨਕਲ ਕਰਦਿਆਂ ਮੈਂ ਵੀ ਰੂੰ ਦੇ ਤੂੰਬੇ ਕੰਨਾਂ ਵਿਚ ਲੈ ਲਏ।
ਮੈਂ ਬਾਅਦ ਵਿਚ ਜਾਣਿਆ ਸੀ ਕਿ ਸਿਆਚਨ ਜਾਣ-ਆਉਣ ਵਾਲੇ ਸਾਰੇ ਸੈਨਿਕ ਬੋਲੇ ਹੋਣ ਦੇ ਡਰੋਂ ਰੂੰ ਕੋਲ ਰੱਖਦੇ ਸਨ ਤੇ ਜਹਾਜ਼ ਦੀ ਉਡਾਣ ਵੇਲੇ ਕੰਨਾਂ ਵਿਚ ਦੇ ਲੈਂਦੇ ਸਨ।
ਉਹ ਮਾਲਵਾਹਕ ਜਹਾਜ਼ ਬਹੁਤ ਰੌਲਾ ਪਾਉਂਦੇ ਸਨ। ਜਹਾਜ਼ ਦੇ ਉਸ ਰੌਲੇ ਵਿਚ ਗੱਲਾਂ ਗੁੰਮ ਹੋ ਜਾਂਦੀਆਂ ਸਨ।
ਮੈਂ ਜਹਾਜ਼ ਦੇ ਝਰੋਖੇ ਵਿਚੋਂ ਬਾਹਰ ਵੇਖਣ ਲੱਗ ਪਿਆ।
ਮਾਚਸ ਦੀਆਂ ਡੱਬੀਆਂ ਵਾਂਗੂੰ ਦਿਸਦੇ ਚੰਡੀਗੜ੍ਹ ਦੇ ਮਕਾਨ ਹੌਲੀ-ਹੌਲੀ ਗਵਾਚ ਗਏ ਸਨ।
ਜਹਾਜ਼ ਨੇ ਉਚਾਈਆਂ ਛੂਹ ਲਈਆਂ ਸਨ। ਅਸੀਂ ਬੱਦਲਾਂ ਵਿਚ ਆ ਗਏ ਸਾਂ। ਹੇਠਾਂ ਕੁਝ ਵੀ ਦਿਸਣਾ ਬੰਦ ਹੋ ਗਿਆ ਸੀ। ਬੱਦਲਾਂ ਦੇ ਗੁਬਾਰੇ ਮੈਨੂੰ ਖੌਲਦੇ ਹੋਏ ਸਮੁੰਦਰ ਵਾਂਗੂੰ ਜਾਪਣ ਲੱਗ ਪਏ ਸਨ। ਮੈਨੂੰ ਲੱਗਾ, ਉਹ ਜਹਾਜ਼ ਸਮੁੰਦਰੀ ਹੋ ਗਿਆ ਸੀ ਤੇ ਮੈਂ ਹਵਾ ਦੀਆਂ ਤੁਫਾਨੀ ਲਹਿਰਾਂ ਨਾਲ ਜੂਝ ਰਿਹਾ ਸਾਂ।
ਫੇਰ ਜਹਾਜ਼ ਦੀ ਉਡਾਣ ਕੁਝ ਨੀਵੀਂ ਹੋ ਗਈ। ਸ਼ਾਇਦ ਉਥੇ ਉਹ ਪਹਾੜ ਹੀ ਏਨੇ ਉਚੇ ਸਨ ਕਿ ਉਹਨਾਂ ਬੱਦਲਾਂ ਵਿਚੋਂ ਸਿਰ ਉਪਰ ਚੁੱਕ ਲਿਆ ਸੀ।
ਅਸੀਂ ਬਰਫ਼ ਦੇ ਲੱਦੇ ਹੋਏ ਪਹਾੜਾਂ ਦੇ ਉਤੋਂ ਦੀ ਲੰਘ ਰਹੇ ਸਾਂ।
ਫੇਰ ਦ੍ਰਿਸ਼ ਹੋਰ ਸਾਫ ਹੋ ਗਿਆ।
ਬਰਫ਼ੀਲੀਆਂ ਨਦੀਆਂ ਬਰਫ਼ ਉਤੇ ਵਾਹੀਆਂ ਗੰਧਲੀਆਂ ਲੀਕਾਂ ਵਾਂਗ ਦਿਸ ਰਹੀਆਂ ਸਨ। ਕਿਧਰੇ ਕਿਧਰੇ ਉਹਨਾਂ ਠਰੀਆਂ ਹੋਈਆਂ ਲੀਕਾਂ ਦੀ ਵਿੰਗ-ਟੇਡ ਔਰਤ ਦੇ ਸਡੌਲ ਬਦਨ ਦਾ ਆਕਾਰ ਲੈ ਲੈਂਦੀ ਸੀ।
ਇਹ ਇਕ ਥੁੜੇ ਹੋਏ ਸੈਨਿਕ ਦੀ ਨਜ਼ਰ ਸੀ ਕਿ ਇਕ ਚਿਤਰਕਾਰ ਦੀ? ਮੈਂ ਨਹੀਂ ਸਾਂ ਜਾਣਦਾ।
ਹੇਠੋਂ ਪੈਰਾਂ ਨੂੰ ਠੰਡ ਚੜ੍ਹ ਰਹੀ ਸੀ। ਮੈਂ ਸੁੰਨ ਹੋਇਆ ਬੈਠਾ ਸਾਂ, ਫੇਰ ਵੀ ਚਾਹੁੰਦਾ ਸਾਂ ਕਿ ਜਹਾਜ਼ ਦੀ ਕੋਈ ਖਿੜਕੀ ਖੁਲੇ੍ਹ ਤੇ ਹਵਾ ਤਰੱਕੀਆਂ ਹੋਈਆਂ ਮੱਛੀਆਂ ਦੀ ਬੂਅ ਨੂੰ ਉਡਾ ਕੇ ਲੈ ਜਾਵੇ।
ਪਹਾੜਾਂ ਦੀ ਬਰਫ਼ ਜਿਵੇਂ ਅਚਨਚੇਤੀ ਖ਼ੁਰ ਗਈ ਸੀ।
ਹੁਣ ਹੇਠਾਂ ਹਰਿਆਵਲ ਤੋਂ ਵਿਰਵੇ ਖ਼ੁਸ਼ਕ ਪਹਾੜ ਸਨ, ਕੁਝ ਧੁਆਂਖੇ ਹੋਏ, ਕੁਝ ਝੁਲਸੇ ਜਿਹੇ। ਕਦੇ ਮਿੱਟੀ ਰੰਗੇ, ਕਦੀ ਕਾਲੇ ਸਿਆਹ ਤੇ ਕਦੀ ਗੇਰੂ ਦੇ ਲਿੱਪੇ ਹੋਏ।
ਜਹਾਜ਼ ਸਰਾਪੇ ਹੋਏ ਪਹਾੜਾਂ ਦੇ ਖਿੱਤੇ ਵਿਚ ਪਹੁੰਚ ਚੁਕਿਆ ਸੀ।
…..ਤੇ ਫਿਰ ਜਹਾਜ਼ ਸ਼ਿਔਕ ਦਰਿਆ ਦੇ ਕਿਨਾਰੇ ਬਣੀ ਹਵਾਈ ਪੱਟੀ ਉਤੇ ਉਤਰ ਗਿਆ।
ਜਹਾਜ਼ ਪਿੱਠ ਵੱਲੋਂ ਖੁਲਿ੍ਹਆ ਤਾਂ ਮੈਂ ਮੱਛੀਆਂ ਦੀ ਬੂਅ ਵਿਚੋਂ ਨਿਕਲ ਕੇ ਥੋਇਸ ਦੀ ਸੀਤ ਹਵਾ ਵਿਚ ਖਲੋ ਗਿਆ।
ਅਧੂਰੀ ਜਿਹੀ ਸੜਕ ਵਰਗੀ ਹਵਾਈ ਪੱਟੀ ਉਥੇ ਏਅਰ ਪੋਰਟ ਦਾ ਇਕੋ-ਇੱਕ ਚਿੰਨ ਸੀ। ਉਥੇ ਨਾ ਕੋਈ ਕੰਧ ਸੀ ਤੇ ਨਾ ਕੰਡਿਆਲੀਆਂ ਤਾਰਾਂ। ਉਥੇ ਨਾ ਕੋਈ ਇਮਾਰਤ ਸੀ ਤੇ ਨਾ ਜਹਾਜ਼ ਖੜੇ੍ਹ ਕਰਨ ਲਈ ਹੈਂਗਰ। ਮੈਨੂੰ ਉਥੇ ਹਵਾਈ ਅੱਡੇ ਦਾ ਸੁਰੱਖਿਆ ਅਮਲਾ ਵੀ ਵਿਖਾਈ ਨਹੀਂ ਸੀ ਦਿਤਾ। ਮੈਨੂੰ ਉਥੇ ਹਵਾਈ ਅੱਡਾ ਕੁਝ ਇਸ ਤਰ੍ਹਾਂਲੱਗਾ ਸੀ ਜਿਵੇਂ ਸ਼ਾਮਲਾਤ ਦੀ ਜ਼ਮੀਨ ਨੂੰ ਪੱਧਰਿਆਂ ਕਰਕੇ ਪਿੰਡ ਦੇ ਮੁੰਡਿਆਂ ਨੇ ਫੁਟਬਾਲ ਦੀ ਗਰਾਂਉਂਡ ਬਣਾ ਲਈ ਹੋਵੇ।
ਚੁਫ਼ੇਰੇ ਬੀਆਬਾਨ ਪਸੱਰਿਆ ਹੋਇਆ ਸੀ। ਉਚੇ-ਉਚੇ ਤੇ ਭਿਆਨਕ ਦਿਸਦੇ ਪਹਾੜ ਬੇਢੱਬੇ ਤੇ ਰੁੱਖੇ ਸਨ। ਉਹਨਾਂ ਬਾਂਝ ਪਹਾੜਾਂ ਦੇ ਪਿਛੋਕੜ ਵਿਚ ਬਰਫੀਲੇ ਪਹਾੜ ਸਨ।
ਮੋਈਆਂ ਮੱਛੀਆਂ ਵਾਲੇ ਟੋਕਰੇ ਜਹਾਜ਼ ਵਿਚੋਂ ਉਤਾਰੇ ਜਾ ਚੁਕੇ ਸਨ। ਵਾਪਸੀ ਦਾ ਬੋਝ ਸਿਆਚਨ ਗਲੇਸ਼ੀਅਰ ਦੇ ਜ਼ਖਮੀਆਂ ਅਤੇ ਬਿਮਾਰ ਸੈਨਿਕਾਂ ਦਾ ਸੀ।
ਉਹ ਜਹਾਜ਼ ਵਾਪਸੀ ਦੀ ਉਡਾਣ ਭਰਨ ਲਈ ਤਿਆਰ ਹੋ ਚੁਕਿਆ ਸੀ।
ਉਸ ਹਵਾਈ ਅੱਡੇ ਦੀ ਕੁਝ ਪਲਾਂ ਦੀ ਰੌਣਕ ਮੁੱਕ ਗਈ ਸੀ। ਸਾਰੇ ਆਪੋ ਆਪਣੇ ਰਾਹ ਤੁਰ ਗਏ ਸਨ। ਨਵੀਂ ਯੂਨਿਟ ਤੋਂ ਆਇਆ ਵੰਨ ਟਨ ਟਰੱਕ ਮੈਨੂੰ ਲੈ ਕੇ ਜ਼ੋਖਮ ਭਰੇ ਰਾਹ ਵੱਲ ਮੁੜ ਗਿਆ ਸੀ।
ਸੱਪ-ਵਲੇਂਵੇਂ ਖਾਂਦੀ ਸੜਕ ਬੰਜਰ ਪਹਾੜਾਂ ਨੂੰ ਕੱਟ ਕੇ ਬਣਾਈ ਹੋਈ ਸੀ। ਉਹ ਸੜਕ ਸ਼ਿਔਕ ਦਰਿਆ ਦੇ ਨਾਲ ਨਾਲ ਤੁਰਦੀ ਸੀ।
ਉਸ ਸੜਕ ਉਤੇ ਵਿਛੇ ਹੋਏ ਪੱਥਰ ਅਪਣੇ ਪਹਾੜਾਂ ਵਰਗੇ ਹੀ ਕੱਚੇ ਸਨ। ਫੌਜੀ ਟਰੱਕਾਂ ਦੇ ਟਾਇਰਾਂ ਹੇਠ ਪਿਸਦੇ ਰਹਿੰਦੇ ਸਨ। ਪੱਥਰਾਂ ਦਾ ਚੂਰਾ ਘੱਟੇ ਮਿੱਟੀ ਵਾਂਗ ਹੀ ਉਡਦਾ ਸੀ।
ਉਸ ਸੜਕ ਦਾ ਪੱਕਾ ਹੋਣਾ ਸੰਭਵ ਨਹੀਂ ਸੀ। ਉਹ ਸੜਕ ਕਿਧਰੋਂ ਵੀ ਹੇਠਾਂ ਧੱਸ ਜਾਂਦੀ ਸੀ, ਕਿਧਰੋਂ ਵੀ ਟੁੱਟ ਜਾਂਦੀ ਸੀ। ਕਿਧਰੇ ਵੀ ਪਹਾੜ ਦਾ ਮਲਬਾ ਸੜਕ ਨੂੰ ਢੱਕ ਲੈਂਦਾ ਸੀ।
ਉਹ ਵਿਸ਼ਾਲ ਬੰਜਰ ‘ਅਲਫ਼ ਲੈਲਾ’ ਦੀਆਂ ਕਹਾਣੀਆਂ ਦੇ ਦੇਸ਼ ਵਰਗਾ ਸੀ। ਉਥੇ ਆਦਮਖੋਰ ਦਿਓ ਸੀ, ਰਹੱਸ ਸੀ ਤੇ ਭਟਕਦੀਆਂ ਰੂਹਾਂ ਸਨ। ਪਹਾੜਾਂ ਦੇ ਖੱਪਿਆਂ ਵਿਚ ਤਿੱਖੀਆਂ, ਤੁਰਸ਼ ਹਵਾਵਾਂ ‘ਆਦਮ ਬੋਅ’ ‘ਆਦਮ ਬੋਅ’ ਕਰਦੀਆਂ ਵਗਦੀਆਂ ਸਨ।
ਸੜਕ ਤੋਂ ਹੇਠਾਂ, ਖੱਡ ਵਿਚ, ਜਿਥੇ ਦਰਿਆ ਵਗਦਾ ਸੀ, ਉਥੇ ਥਾਂ ਥਾਂ ਫੌਜੀ ਟਰੱਕ ਡਿੱਗੇ ਹੋਏ ਵਿਖਾਈ ਦਿੰਦੇ ਸਨ ਜਿਵੇਂ ਮਰੇ ਹੋਏ ਜਾਨਵਰਾਂ ਦਾ ਪਿੰਜਰ ਹੋਣ। ਉਹਨਾਂ ਟਰੱਕਾਂ ਨੂੰ ਉਥੋਂ ਕੱਢ ਸਕਣਾ ਸੰਭਵ ਨਹੀਂ ਸੀ। ਇਸੇ ਲਈ ਉਹ ਜੰਗਾਲ ਦੇ ਖਾਧੇ ਹੋਏ ਸਨ, ਮੌਸਮ ਦੀ ਮਾਰ ਦੇ ਭੰਨੇ ਹੋਏ ਸਨ ਅਤੇ ਪਏ ਪਏ ਸੜ ਰਹੇ ਸਨ।
ਸਫ਼ਰ ਲੰਮਾਂ ਸੀ। ਪਹਾੜਾਂ ਦੇ ਪਰਛਾਵਿਆਂ ਨੇ ਵੇਲੇ ਤੋਂ ਪਹਿਲਾਂ ਸ਼ਾਮ ਪਾ ਦਿੱਤੀ ਸੀ।
ਉਹ ਸ਼ਾਮ ਹੌਲੀ-ਹੌਲੀ ਹਨੇਰੇ ਵਿਚ ਢੱਲ ਗਈ ਸੀ।
ਹਨੇ੍ਹਰੇ ਵਿਚ ਸ਼ੂਕਦੇ ਹੋਏ ਦਰਿਆ ਦੀ ਆਵਾਜ਼ ਹੋਰ ਵੀ ਉਚੀ ਸੁਣਾਈ ਦੇਣ ਲੱਗ ਪਈ ਸੀ।
ਜਦੋਂ ਵੰਨ ਟਨ ਯੂਨਿਟ ਵਿਚ ਪਹੁੰਚਿਆ ਉਸ ਵੇਲੇ ਮੈਂ ਚੌਗਿਰਦੇ ਦਾ ਹਨੇ੍ਹਰਾ ਵੀ ਵੇਖ ਸਕਿਆ।
ਮੇਰੇ ਬੰਕਰ ਵਿਚ ਲਾਲਟੈਣ ਬਲ ਰਹੀ ਸੀ।
ਮੈਂ ਲਾਲਟੈਣ ਦੀ ਮੱਧਮ ਰੌਸ਼ਨੀ ਵਿਚ ਵੇਖਿਆ, ਉਹ ਬੰਕਰ ਕੱਚਾ ਸੀ, ਪਰ ਸਾਫ-ਸੁਥਰਾ ਤੇ ਲਿੰਬਿਆ ਹੋਇਆ ਸੀ। ਉਸ ਬੰਕਰ ਵਿਚ ਪਿਛਲੀ ਕੰਧ ਵਿਚ ਇਕ ਨਿੱਕਾ ਜਿਹਾ ਝਰੋਖਾ ਸੀ। ਉਸ ਵੇਲੇ ਝਰੋਖੇ ਦੇ ਪੱਲੇ ਬੰਦ ਸਨ ਤੇ ਝਰੋਖੇ ਸਾਹਵੇਂ ਫੌਜੀ ਕੰਬਲ ਦਾ ਟੁਕੜਾ ਲਟਕ ਰਿਹਾ ਸੀ।
ਬੁਖ਼ਾਰੀ ਤਿੱਪ ਤਿੱਪ ਬਲ ਰਹੀ ਸੀ। ਬੰਕਰ ਨਿੱਘਾ ਸੀ। ਪੂਰਾ ਦਿਨ ਬਰਫੀਲੀ ਹਵਾ ਵਿਚ ਰਹਿਣ ਪਿਛੋਂ ਉਹ ਨਿੱਘ ਸੁਖਾਂਵਾਂ ਲੱਗ ਰਿਹਾ ਸੀ।
ਸੇਵਾਦਾਰ ਚਾਹ ਫੜਾਉਣ ਆਇਆ ਤਾਂ ਦੋ ਚੂਹੇ ਅਗੱੜ-ਪਿਛੱੜ ਦੌੜਦੇ ਹੋਏ ਬੰਕਰ ਦੇ ਦੂਸਰੇ ਕੋਨੇ ਦੀ ਇਕ ਖੁੱਡ ਵਿਚ ਵੜ ਗਏ।
ਉਸ ਰਾਤ ਮੈਂ ਥੱਕਿਆ ਹੋਣ ਦੇ ਬਾਵਜੂਦ ਬਹੁਤ ਦੇਰ ਤੱਕ ਜਾਗਦਾ ਰਿਹਾ। ਚੂਹੇ ਕੰਧਾਂ ਦੇ ਅੰਦਰਵਾਰ ਵੀ ਦੌੜ ਰਹੇ ਸਨ। ਉਹਨਾਂ ਨੂੰ ਕੋਈ ਭੈਅ ਨਹੀਂ ਸੀ।
ਉਹ ਕੰਧਾਂ ਅੰਦਰੋਂ ਖਾਲੀ ਸਨ।
ਮੇਰੇ ਉਸ ਬੰਕਰ ਸਮੇਤ ਸਾਰੀ ਯੂਨਿਟ ਜੈਰੀਕੇਨਾਂ ਦੀ ਬਣੀ ਹੋਈ ਸੀ। ਜਦੋਂ ਸੜਕ ਦੀ ਕੋਈ ਹੱਦ ਹੀ ਨਹੀਂ ਸੀ, ਤੇਲ ਦੇ ਭਰੇ ਹੋਏ ਜੈਰੀਕੇਨ ਹੈਲੀਕਾਪਟਰਾਂ ਤੋਂ ਪੈਰਾਸ਼ੂਟਾਂ ਨਾਲ ਹੇਠਾਂ ਸੁੱਟੇ ਜਾਂਦੇ ਸਨ। ਯੂਨਿਟਾਂ ਕੋਲ ਖਾਲੀ ਜੈਰੀਕੇਨ ਵਾਪਸ ਭੇਜਣ ਦਾ ਕੋਈ ਤਰੀਕਾ ਨਹੀਂ ਸੀ। ਜੈਰੀਕੇਨ ਲੱਖਾਂ ਦੀ ਗਿਣਤੀ ਵਿਚ ਜਮਾਂ ਹੋ ਗਏ ਸਨ। ਯੂਨਿਟਾਂ ਨੇ ਆਪਣੀ ਰਿਹਾਇਸ਼ ਜੈਰੀਕੇਨਾਂ ਨਾਲ ਬਨਾਉਣੀ ਸ਼ੁਰੂ ਕਰ ਦਿੱਤੀ ਸੀ। ਪਰ ਮਿੱਟੀ ਦੇ ਆਸਰੇ ਤੋਂ ਬਿਨਾਂ ਜੈਰੀਕੇਨਾਂ ਦੀਆਂ ਕੰਧਾਂ ਖਲੋਤੀਆਂ ਨਹੀਂ ਸਨ ਰਹਿ ਸਕਦੀਆਂ। ਉਹਨਾਂ ਮਿੱਟੀ ਦੀ ਭਾਲ ਕੀਤੀ ਸੀ ਤੇ ਹੌਲੀ ਹੌਲੀ ਮਿੱਟੀ ਇੱਕਠੀ ਕਰਕੇ ਕੰਧਾਂ ਲਿੰਬ ਲਈਆਂ ਸਨ।
ਚਾਲੁੰਕਾ ਵਿਚ ਮੀਂਹ ਬਹੁਤ ਘੱਟ ਪੈਂਦਾ ਸੀ। ਪਰ ਸਾਲ ਵਿਚ ਦੋ-ਚਾਰ ਵਾਰ ਬਰਫਬਾਰੀ ਹੁੰਦੀ ਸੀ। ਜੇ ਕਦੀ ਅਣਕਿਆਸਿਆ ਮੀਂਹ ਪੈ ਵੀ ਜਾਵੇ ਤਾਂ ਜੈਰੀਕੇਨਾਂ ਦੀਆਂ ਕੰਧਾਂ ਤੋਂ ਖਲੇਪੜ ਲਹਿ ਜਾਂਦੇ ਸਨ। ਉਦੋਂ ਉਹ ਕੰਧਾਂ ਹੱਥ ਦੇ ਧੱਕੇ ਨਾਲ ਡਿੱਗ ਪੈਂਦੀਆਂ ਸਨ।
ਉਹਨਾਂ ਜੈਰੀਕੇਨਾਂ ਦੇ ਅੰਦਰ ਚੂਹਿਆਂ ਦੇ ਘਰ ਸਨ। ਜੈਰੀਕੇਨਾਂ ਦੇ ਗਰ ਜਾਣ ਨਾਲ ਚੂਹਿਆਂ ਲਈ ਜੈਰੀਕੇਨਾਂ ਦੇ ਅੰਦਰ ਹੀ ਅੰਦਰ ਦੂਰ ਤਕ ਜਾਣ ਦਾ ਰਾਹ ਬਣ ਗਿਆ ਸੀ।
ਉਹ ਕੰਧਾਂ ਚੂਹਿਆਂ ਦਾ ਸਵਰਗ ਸੀ।
ਮੈਂ ਥੱਕਿਆ ਹੋਇਆ ਸਾਂ, ਪਤਾ ਨਹੀਂ ਕਿਹੜੇ ਵੇਲੇ ਨੀਂਦ ਦੀਆਂ ਹਨੇਰੀਆਂ ਗੁਫਾਵਾਂ ਵੱਲ ਤੁਰ ਪਿਆ। ਮੇਰੇ ਸੁਪਨੇ ਜੈਰੀਕੈਨਾਂ ਵਿਚ ਦੌੜ ਰਹੇ ਚੂਹਿਆਂ ਨਾਲ ਲੁਕਣਮੀਚੀ ਖੇਡਣ ਲੱਗ ਪਏ।
ਮੈਂ ਅਬੜਵਾਹਿਆ ਉੱਠ ਕੇ ਬੈਠ ਗਿਆ।
ਮੇਰੇ ਸੁਪਨਿਆਂ ਵਿਚ ਅੱਗ ਦੇ ਲਾਂਬੂ ਸਨ| ਮਨੁੱਖੀ ਵਜੂਦ ਦੇ ਖਿਲਰੇ ਹੋਏ ਚੀਥੜੇ ਸਨ ਅਤੇ ਉਨਾਂ੍ਹ ਚਿਥੜਿਆਂ ਨੂੰ ਕੁਤਰ ਰਹੇ ਚੂਹੇ ਸਨ| ਜਾਗਣ ਪਿੱਛੋਂ ਵੀ ਸੁਪਨਿਆਂ ਦੀ ਦਹਿਸ਼ਤ ਪਰ੍ਹਾਂਨਹੀਂ ਸੀ ਹੋਈ ਕਿ ਤੋਪਾਂ ਦਾਗਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ।
ਮੈਂ ਘਬਰਾਏ ਹੋਏ ਨੇ ਸੇਵਾਦਾਰ ਨੂੰ ਆਵਾਜ਼ ਦਿੱਤੀ।
ਪਹਾੜ ਦੇ ਪਰਛਾਵੇਂ ਨੇ ਯੂਨਿਟ ਨੂੰ ਢੱਕਿਆ ਹੋਇਆ ਸੀ।
ਪਹੁ ਫੁਟਾਲਾ ਅਜੇ ਪਹਾੜਾਂ ਉਹਲੇ ਸੀ।
“ਸਰ ਅਪਣੇ ਨਾਲ ਵਾਲੀ ਯੂਨਿਟ ਤੋਪਖਾਨੇ ਵਾਲਿਆਂ ਦੀ ਐ। ਉਹ ਇਕ ਅੱਧ ਦਿਨ ਛੱਡ ਕੇ ਗੋਲਾਬਾਰੀ ਕਰਦੇ ਹੀ ਰਹਿੰਦੇ ਹਨ।” ਸੇਵਾਦਾਰ ਨੇ ਸਹਿਜ ਭਾਅ ਦੱਸਿਆ, “ਸਰ, ਇਹਨਾਂ ਤੋਪਾਂ ਦੀ ਮਾਰ ਤਾਂ ਤੀਹ-ਪੈਂਤੀ ਕਿਲੋੱਮੀਟਰ ਐ। ਗੋਲੇ ਤਾਂ ਦੁਸ਼ਮਣ ਇਲਾਕੇ ਵਿਚ ਹੀ ਕਿਧਰੇ ਡਿਗਦੇ ਨੇ।”
ਚਾਲੁੰਕਾ ਵਿਚ ਉਹ ਮੇਰੇ ਪਹਿਲੇ ਦਿਨ ਦਾ ਸ਼ੁਰੂ ਸੀ। ਤੋਪਾਂ ਗਿਆਰਾਂ ਵਜੇ ਤਕ ਲਗਾਤਾਰ ਚਲਦੀਆਂ ਰਹੀਆਂ।
ਉਹਨਾਂ ਭਿਆਨਕ ਦਿਸਦੇ ਪਹਾੜਾਂ ਵਿਚ ਆਉਣਸਾਰ ਹੀ ਮੈਨੂੰ ਖੁੜਕ ਗਈ ਸੀ ਕਿ ਉਥੇ ਮੇਰੇ ਲਿਖਣ ਲਈ ਬਹੁਤ ਸਾਰੀਆਂ ਕਹਾਣੀਆਂ ਸਨ। ਉਹ ਕਹਾਣੀਆਂ ਲੁਕੀਆਂ ਹੋਈਆਂ ਵੀ ਸਨ ਤੇ ਪਥਰਾਈਆਂ ਹੋਈਆਂ ਵੀ। ਮੈਂ ਉਹਨਾਂ ਕਹਾਣੀਆਂ ਨੂੰ ਲਭ ਕੇ ਸਾਹ ਦੇਣੇ ਸਨ। ਮੈਨੂੰ ਕਦੀ ਕਦਾਈਂ ਦਿਨਾਂ ਦੇ ਵੇਰਵੇ ਲਿਖਦੇ ਰਹਿਣਾ ਚਾਹੀਦਾ ਸੀ।
ਮੈਂ ਤਿਆਰ ਹੋ ਕੇ ਬੈਠ ਗਿਆ। ਨਵੀਂ ਯੂਨਿਟ ਦਾ ਪਹਿਲਾ ਦਿਨ ਹੋਣ ਕਰਕੇ ਸੀਨੀਅਰ ਜੇ.ਸੀ.ਓ. ਰਿਸਾਲਦਾਰ ਹੋਸ਼ਿਆਰ ਸਿੰਘ ਨੇ ਮੈਨੂੰ ਯੂਨਿਟ ਲਿਜਾਣ ਲਈ ਲੈਣ ਆਉਣਾ ਸੀ। ਉਹਦੀ ਉਡੀਕ ਨੂੰ ਨਿੱਕਿਆਂ ਕਰਨ ਲਈ ਮੈਂ ਪਿਛਲੇ ਦਿਨ ਦਾ ਵੇਰਵਾ ਲਿਖਣ ਬੈਠ ਗਿਆ।
ਰਿਸਾਲਦਾਰ ਹੋਸ਼ਿਆਰ ਸਿੰਘ ਆਇਆ ਤਾਂ ਉਸ ਪੁੱਛਿਆ, “ਸਰ! ਆਉਣਸਾਰ ਇਹ ਕੀ ਲਿਖਣ ਲੱਗ ਪਏ ਹੋ?”
“ਡਾਇਰੀ!”
“ਡਾਇਰੀ!” ਉਹ ਕੁਝ ਹੈਰਾਨ ਜਿਹਾ ਹੋਇਆ, “ਸਰ, ਇਥੇ ਤਾਂ ਕਦੀ ਕੁਝ ਹੁੰਦਾ ਹੀ ਨਹੀਂ, ਲਿਖੋਗੇ ਕੀ?”
ਕਾਗਜ਼ ਪਰਾਂ ਕਰਦਿਆਂ ਮੈਂ ਹੱਸਿਆ, “ਸਾਬ੍ਹ! ਮੈਂ ਵੇਖਣਾ ਚਾਹੁੰਦਾ ਹਾਂ, ਜਦੋਂ ਕੁਝ ਨਹੀਂ ਹੁੰਦਾ, ਉਦੋਂ ਕੀ ਹੁੰਦਾ ਹੈ?”
ਦਿਨ ਨਿਖਰਿਆ ਹੋਇਆ ਸੀ ਪਰ ਸੀਤ ਹਵਾ ਕੰਬਣੀ ਛੇੜ ਰਹੀ ਸੀ।
ਮੈਂ ਬੰਕਰ ਤੋਂ ਬਾਹਰ ਆਇਆ ਤੇ ਹੈਰਾਨਕੁੰਨ ਨਜ਼ਰਾਂ ਨਾਲ ਚੌਗਿਰਦੇ ਵੱਲ ਵੇਖਿਆ।
ਯੂਨਿਟ ਦੇ ਦੋਵੇਂ ਪਾਸੇ ਸਿੱਧੀਆਂ ਕੰਧਾਂ ਵਰਗੇ ਉਚੇ ਪਹਾੜ ਸਨ। ਪਹਾੜਾਂ ਵਿਚਕਾਰ ਚੌੜਾ ਪਾੜ ਸੀ। ਇਕ ਪਾਸੇ ਪਹਾੜਾਂ ਨਾਲ ਖਹਿ ਕੇ ਮਾਰੋ ਮਾਰ ਕਰਦਾ ਸ਼ਿਔਕ ਦਰਿਆ ਵਗਦਾ ਸੀ। ਪਾਣੀ ਵਿਚ ਵਹਿ ਰਹੇ ਬਰਫ਼ ਦੇ ਛੋਟੇ-ਵੱਡੇ ਟੁਕੱੜੇ ਵੀ ਦਿਸਦੇ ਸਨ। ਉਹ ਟੁਕੜੇ ਪਥੱਰਾਂ ਨਾਲ ਵੱਜ ਕੇ ਟੁਟੱਦੇ ਰਹਿੰਦੇ ਸਨ, ਪਾਣੀ ਬਣਦੇ ਰਹਿੰਦੇ ਸਨ।
ਸ਼ਿਔਕ ਦੇ ਉਰਲੇ ਕਿਨਾਰੇ ਦੇ ਫੈਲਾਅ ਵਿਚ ਮੇਰੀ ਯੂਨਿਟ ਦੇ ਕੱਚੇ ਕੋਠੇ ਸਨ ਅਤੇ ਖੱਚਰਾਂ ਦੀਆਂ ਬੈਠਕਾਂ ਸਨ। ਉਹ ਖਚੱਰਾਂ ਸਿਆਚਨ ਗਲੇਸ਼ੀਅਰ ਦੇ ਅਹਿਮ ਮੋਰਚਿਆਂ ਤਕ ਗੋਲਾ ਬਾਰੂਦ ਅਤੇ ਹੋਰ ਕਈ ਤਰ੍ਹਾਂਦਾ ਮਾਲ ਲੈ ਕੇ ਜਾਂਦੀਆਂ ਸਨ।
ਉਥੇ ਹੀ ਇਕ ਪੋਸਟ ਉਤੇ ਇਕ ਸੈਨਿਕ ਟਹਿਲ ਰਿਹਾ ਸੀ। ਬਰਫ਼ ਦੀ ਗਾਰ ਵਿਚ ਆਪਣੇ ਜਵਾਈ ਦੇ ਦਫ਼ਨ ਹੋ ਜਾਣ ਪਿੱਛੋਂ ਉਹ ਕਦੀ ਪਾਕਿਸਤਾਨ ਵੱਲ ਮੂੰਹ ਕਰਕੇ ਬਰਫ਼ ਝੱਟਣ ਲੱਗ ਪੈਂਦਾ ਸੀ ਤੇ ਕਦੀ ਭਾਰਤ ਵੱਲ ਮੂੰਹ ਕਰਕੇ। ਬਰਫ਼ ਝਟਦਿਆਂ ਉਹ ਲਗਾਤਾਰ ਬੁੜਬੁੜਾਈ ਜਾਂਦਾ ਸੀ, “ਤੁਹਾਨੂੰ ਬਰਫ਼ ਚਾਹੀਦੀ ਹੈ ਨਾ!….ਐਹ ਲਵੋ!…..ਹੋਰ ਲਵੋ। ਕਹਾਣੀ ‘ਬਰਫ਼ ਦਾ ਦਾਨਵ’ ਮੈਂ ਉਸੇ ਸੈਨਿਕ ਬਾਰੇ ਲਿਖੀ ਸੀ।
ਇਹ ਪੋਸਟ ਮੇਰੇ ਉਥੇ ਹੁੰਦਿਆਂ ਐਵਲਾਂਚ ਦੀ ਮਾਰ ਹੇਠ ਆਈ ਸੀ। ਬਰਫ਼ ਦਾ ਪੂਰਾ ਪਹਾੜ ਹੀ ਟੁੱਟ ਕੇ ਗਾਰ ਬਣ ਵਹਿ ਤੁਰਿਆ ਸੀ। ਬਰਫ਼ ਨੇ ਪਹਿਲੋਂ ਮੋਰਚਿਆਂ ਨੂੰ ਅਪਣੇ ਹੇਠ ਦੱਬ ਲਿਆ ਸੀ ਤੇ ਫਿਰ ਬਰਫ਼ ਦੀ ਗਾਰ ਨੇ ਉਹਨਾਂ ਮੋਰਚਿਆਂ ਨੂੰ ਆਪਣੇ ਨਾਲ ਰੋੜ੍ਹ ਲਿਆ ਸੀ।
ਜੰਮੇ ਹੋਏ ਸਾਹਾਂ ਦੀ ਬਰਫ਼’ ਦੂਸਰੀ ਉਹ ਕਹਾਣੀ ਸੀ ਜਿਹੜੀ ਮੈਂ ਸਿਆਚਨ ਗਲੇਸੀLਅਰ ਕੋਲੋਂ ਚੁਰਾ ਲਈ ਸੀ।
ਸਿਆਚਨ ਗਲੇਸ਼ੀਅਰ ਬਰਫ਼ ਦਾ ਉਹ ਦਾਨਵ ਹੈ ਜਿਸ ਨੇ ਇਕ ਨਹੀਂ ਹਜ਼ਾਰਾਂ ਸੈਨਿਕ ਖਾ ਲਏ ਸਨ। ਸਿਆਚਨ ਗਲੇਸ਼ੀਅਰ ਦੁਨੀਆਂ ਦਾ ਸਭ ਤੋਂ ਉਚਾ ਤੇ ਭਖਿਆ ਹੋਇਆ ਜੰਗ ਦਾ ਮੈਦਾਨ ਹੈ। ਭਾਂਵੇਂ ਉਥੇ ਕੋਈ ਜੰਗ ਲੱਗੀ ਹੋਈ ਨਹੀਂ ਦਿਸਦੀ ਪਰ ਭਾਰਤ ਸਚੱਮੁਚ ਹੀ ਪਿਛਲੇ ਕਈ ਵਰਿ੍ਹਆਂ ਤੋਂ ਸਿਆਚਨ ਗਲੇਸ਼ੀਅਰ ਦੀ ਰਣ ਭੂਮੀ ਵਿਚ ਜੂਝ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਕਿਥੋਂ ਕੁ ਤਕ ਜਾਣੀ ਹੈ, ਕੋਈ ਨਹੀਂ ਜਾਣਦਾ। ਦੁਸ਼ਮਣ ਦੀਆਂ ਗੋਲੀਆਂ ਵੀ ਮਾਂਵਾਂ ਦੇ ਲਾਲ ਨਿਗਲ ਰਹੀਆਂ ਨੇ ਤੇ ਬਰਫ਼ ਦਾ ਹਾਬੜਾ ਵੀ ਮੁਕੱਣ ਵਾਲਾ ਨਹੀਂ।
ਮੇਰੀ ਯੂਨਿਟ ਦੇ ਖਚੱਰ ਮੋਰਚਿਆਂ ਤਕ ਗੋਲਾ-ਬਾਰੂਦ ਪਹੁੰਚਾ ਕੇ ਚਹੁੰ ਦਿਨਾਂ ਬਾਅਦ ਵਾਪਸ ਮੁੜਦੇ ਸਨ।
ਹਰ ਰੋਜ਼ ਸਵੇਰੇ ਮੇਰੇ ਜਵਾਨ ਮੋਢਿਆਂ ਨਾਲ ਭਰੀਆਂ ਹੋਈਆਂ ਸਟੇਨਾਂ ਲਟਕਾਈ, ਲੱਦੇ ਹੋਏ ਦੋ ਦੋ ਖੱਚਰ ਸੰਭਾਲਦੇ ਹੋਏ ਯੂਨਿਟ ਤੋਂ ਰੁਖਸਤ ਹੁੰਦੇ ਸਨ।
ਉਹ ਵਿਦਾ ਅਲਵਿਦਾ ਵਰਗੀ ਹੁੰਦੀ ਸੀ।
ਕੂਚ ਕਰਨ ਵੇਲੇ ਉਹ ਖੁਦ ਵੀ ਨਹੀਂ ਸਨ ਜਾਣਦੇ ਕਿ ਉਹਨਾਂ ਵਾਪਸ ਪਰਤਣਾ ਵੀ ਸੀ ਕਿ ਨਹੀਂ।
ਮੇਰਾ ਮਨ ਉਹਨਾਂ ਨੂੰ ਸਲਾਮ ਕਹਿੰਦਾ ਸੀ। ਬਰਫੀਲੇ ਰਾਹਾਂ ਤੋਂ ਵਾਪਸ ਪਰਤ ਆਉਣ ਤਕ ਮੈਂ ਉਹਨਾਂ ਦੀ ਸੁੱਖ ਮੰਗਦਾ ਸਾਂ।
ਮੇਰੇ ਰਿਹਾਇਸ਼ੀ ਬੰਕਰ ਤੋਂ ਕੁਝ ਕਦਮਾਂ ਦੀ ਵਿੱਥ ਉਤੇ ਮੇਰਾ ਆਫਿਸ ਸੀ, ਜੈਰੀਕੇਨਾਂ ਦਾ ਬਣਿਆ ਹੋਇਆ ਇਕ ਹੋਰ ਕੱਚਾ ਕੋਠਾ।
ਪਿਛਲੇ ਦਿਨ ਦੀ ਕਾਰਗੁਜ਼ਾਰੀ ਬਾਰੇ ਰੀਪੋਰਟ ਦੇਣ ਪਿੱਛੋਂ ਰਿਸਾਲਦਾਰ ਹੁਸ਼ਿਆਰ ਸਿੰਘ ਨੇ ਆਂਢ-ਗੁਆਂਢ ਦਾ ਚਿੱਠਾ ਫਰੋਲ ਲਿਆ, “ਸਰ, ਅੱਜ ਤੋਪਖਾਨੇ ਵਾਲਿਆਂ ਦੀ ਚਾਂਦਮਾਰੀ ਇਕ ਵਜੇ ਤਕ ਚਲਦੀ ਰਹੂ। ਰਾਤ ਗਾਰਡਜ਼ ਵਾਲਿਆਂ ਦੇ ਦੋ ਜੁਆਨ ਬਰਫ ਵਿਚ ਦੱਬੇ ਗਏ ਨੇ। ਕਲ੍ਹ ਕਾਨਵਾਈ ਗੋਰਖਿਆਂ ਦਾ ਐਮੂਨੀਸ਼ਨ ਲੈ ਕੇ ਆ ਰਹੀ ਸੀ, ਡਿੰਗੂ ਨੇੜੇ ਪਹਾੜ ਤੋਂ ਇਕ ਬੋਲਡਰ ਰਿੜ ਕੇ ਥ੍ਰੀ-ਟਨ ਦੇ ਕੈਬਿਨ ਉਤੇ ਡਿੱਗ ਪਿਆ। ਉਹਨੇ ਡਰਾਈਵਰ ਨੂੰ ਥਾਂਏਂ ਫੇਹ ਦਿੱਤਾ। ਥ੍ਰੀ-ਟਨ ਦਾ ਵੀ ਕੁਸ਼ ਨਈਂ ਬਚਿਆ। ਜੇ ਬੋਲਡਰ ਐਮੂਨੀਸ਼ਨ ਉਤੇ ਡਿਗੱਦਾ ਤਾਂ ਅੱਗ ਲੱਗ ਜਾਣੀ ਸੀ ਫੇਰ ਤਾਂ ਕੋਈ ਬਚਾਅ ਨਹੀਂ ਸੀ। ਪੂਰੀ ਕਾਨਵਾਈ ਸੜ ਕੇ ਸੁਆਹ ਹੋ ਜਾਣੀ ਸੀ।

ਦੁਸ਼ਮਣ ਦੀ ਨਜ਼ਰ ਵਿੱਚ : ਬਰਫ਼ੀਲੀ ਸਰਹੱਦ ਉੱਤੇ ਜਸਬੀਰ ਭੁੱਲਰ ਆਪਣੇ ਦੋ ਸਾਥੀਆਂ ਨਾਲ ਤਫ਼ਰੀਹ ਦੇ ਰੌਂਅ ਵਿੱਚ।

ਬੁੱਢੇ ਫੋਨ ਨੇ ਕਰਰ ਕਰਰ ਕੀਤੀ ਤਾਂ ਰਿਸਾਲਦਾਰ ਹੋਸ਼ਿਆਰ ਸਿੰਘ ਸੈਲਿਊਟ ਦੇ ਕੇ ਚਲਿਆ ਗਿਆ। ਮੈਂ ਰਸੀਵਰ ਚੁੱਕ ਲਿਆ, “ਹੈਲੋ!”
“ਸਰ, ਸੀ.ਓ. ਸਾਬ੍ਹ ਗੱਲ ਕਰਨਾ ਚਾਹੁੰਦੇ ਨੇ।” ਦੂਸਰੇ ਸਿਰੇ ਤੋਂ ਤੋਪਖਾਨੇ ਦਾ ਐਡਜੂਟੈਂਟ ਬੋਲਿਆ।
ਕਰਨਲ ਬਰਗਂੈਜ਼ਾਂ ਨੇ ਕੁਝ ਛਿਣ ਏਧਰ ਉਧਰ ਦੀਆਂ ਗੱਲਾਂ ਕੀਤੀਆਂ ਤੇ ਫਿਰ ਪੁੱਛਿਆ, “ਅੱਜ ਸ਼ਾਮੀ ਕੀ ਕਰ ਰਿਹਾ ਏਂ?”
“ਕੁਝ ਵੀ ਖਾਸ ਨਹੀਂ।”
“….ਤਾਂ ਫਿਰ ਡਿਨਰ ਲਈ ਪਹੁੰਚ ਜਾਵੀਂ।”
“ਸਰ! ਕੋਈ ਖਾਸ ਗੱਲ ਐ?”
“ ਹਾਂ, ਆਪਾਂ ਰਲ ਕੇ ਜਸ਼ਨ ਮਨਾਉਣਾ ਏ!”
“ਜਸ਼ਨ!”
“ਹਾਂ, ਇਕ ਖੁਸ਼ੀ ਦੀ ਖਬਰ ਹੈ।”
ਫ਼ੀਲਡ ਏਰੀਆ ਦੀ ਭਿਆਨਕ ਇੱਕਲ ਤੇ ਮੌਤ ਦੇ ਪਰਛਾਵਿਆਂ ਨੂੰ ਅੱਖੋਂ ਪਰੋਖਾ ਕਰਨ ਲਈ ਯੂਨਿਟਾਂ ਦੇ ਕਮਾਨ ਅਫਸਰ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਜਸ਼ਨ ਦਾ ਬਹਾਨਾ ਬਣਾ ਲੈਂਦੇ ਸਨ। ਇਹੋ ਜਿਹੇ ਹੀ ਕਿਸੇ ਜਸ਼ਨ ਲਈ ਤੋਪਖਾਨਾ ਰਜ਼ਮੈਂਟ ਦੇ ਕਮਾਨ ਅਫਸਰ ਕਰਨਲ ਬਰਗਂੈਜ਼ਾਂ ਨੇ ਮੈਨੂੰ ਸੱਦਿਆ ਸੀ। ਮੈਨੂੰ ਖੁਸ਼ੀ ਦੀ ਖਬਰ ਜਾਣਨ ਦੀ ਕੋਈ ਕਾਹਲ ਨਹੀਂ ਸੀ। ਫੇਰ ਵੀ ਮੈਂ ਆਪਣੀ ਜਗਿਆਸਾ ਦਾ ਵਿਖਾਵਾ ਕੀਤਾ- “ਸਰ, ਮੁਬਾਰਕ! ਖ਼ਬਰ ਦਾ ਵੀ ਤਾਂ ਕੁਸ਼ ਪਤਾ ਲੱਗੇ।”
“ਤੂੰ ਪਹੁੰਚ ਤਾਂ ਸਹੀ।” ਉਹਦਾ ਚਾਅ ਡੁਲ੍ਹ-ਡੁਲ੍ਹ ਪੈ ਰਿਹਾ ਸੀ।
ਉਸ ਰਾਤ ਵੀ ਤੋਪਖਾਨੇ ਵਾਲਿਆਂ ਦੇ ਅਫਸਰਜ਼ ਮੈੱਸ ਵਿਚ ਰੋਜ਼ ਵਾਲੇ ਚਿਹਰੇ ਹੀ ਸਨ। ਵਿਸਕੀ ਦੀਆਂ ਘੁੱਟਾਂ ਦਾ ਹਾਲੇ ਮੁਢਲਾ ਦੌਰ ਹੀ ਸੀ, ਪਰ ਕਰਨਾਲ ਬਰਗੈਂਜ਼ਾਂ ਦਾ ਰੌਂਅ ਖਿੜਿਆ ਹੋਇਆ ਸੀ। ਉਹਨੇ ਲੰਮੀ ਝੀਕ ਨਾਲ ਗਿਲਾਸ ਪੂਰਾ ਖਾਲੀ ਕਰ ਦਿਤਾ ਤੇ ਫੇਰ ਹੱਸਿਆ, “ਯੂ ਨੋ ਜਸਬੀਰ! ਅੱਜ ਤਾਂ ਕਮਾਲ ਹੋ ਗਿਆ। ਸਾਡਾ ਇਕ ਯੰਗਸਟਰ ਗਾਰਡਜ਼ ਵਾਲਿਆਂ ਨਾਲ ਏਅਰ ਓ.ਪੀ ਹੈ। ਉਹਨੇ ਏਨਾ ਸੁਹਣਾ ਫਾਇਰ ਡਾਇਰੈਕਟ ਕੀਤਾ ਕਿ ਦੁਸ਼ਮਣ ਦੀ ਪੂਰੀ ਗਸ਼ਤ ਪਾਰਟੀ ਢੇਰੀ ਹੋ ਗਈ। ਇਸ ਵੇਲੇ ਵੀ ਦੁਸ਼ਮਣ ਦੇ ਗਿਆਰਾਂ ਸੋਲਜ਼ਰ ਨੋ ਮੈਨਜ਼ ਲੈਂਡ ਵਿਚ ਮਰੇ ਪਏ ਨੇ। ਸੁਣਦਾ ਏਂ ਨਾ ਤੂੰ? …ਪੂਰੇ ਗਿਆਰਾਂ।” ਮੁੱਛਾਂ ਉਤੇ ਹੱਥ ਫੇਰਦਿਆਂ ਉਹਨੇ ਖੰਘੂਰਾ ਮਾਰਿਆ, “ ਅੱਜ ਤਾਂ ਮਜ਼ਾ ਆ ਗਿਆ। ਪਤੈ, ਡਰਿਆ ਹੋਇਆਂ ਨੇ ਹਾਲੇ ਤਕ ਲਾਸ਼ਾਂ ਨਹੀਂ ਚੁੱਕੀਆਂ।”
ਉਹ ਘਟਨਾ ਗਾਰਡਜ਼ ਦੀ ਜਿੰLਮੇਵਾਰੀ ਵਾਲੇ ਇਲਾਕੇ ਵਿਚ ਵਾਪਰੀ ਸੀ। ਦੁਸ਼ਮਣ ਸਿਪਾਹੀਆਂ ਦੀਆਂ ਲਾਸ਼ਾਂ ਉਹਨਾਂ ਦੇ ਖਾਤੇ ਵਿਚ ਹੀ ਜਮਾਂ ਹੁੰਦੀਆਂ ਸਨ, ਇਸ ਕਾਰਨ ਗਾਰਡਜ਼ ਦਾ ਕਮਾਨ ਅਫਸਰ ਕਰਨਲ ਬੋਪਾਰਾਏ ਵੀ ਖੁਸ਼ ਸੀ।
ਹੌਲੀ-ਹੌਲੀ ਵਿਸਕੀ ਦਾ ਰੰਗ ਗੂੜਾ ਹੋਣ ਲੱਗ ਪਿਆ ਸੀ।
ਕਰਨਲ ਬਰਗੈਂਜ਼ਾਂ ਫੇਰ ਬੋਲਿਆ, “ਵੇਖ ਜਸਬੀਰ! ਏਅਰ ਓ.ਪੀ ਦੀ ਡਿਊਟੀ ਹਰ ਅਫਸਰ ਨੂੰ ਇਕ ਮਹੀਨੇ ਲਈ ਮਿਲਦੀ ਐ। ਮੈਂ ਤਾਂ ਅਪਣੇ ਅਫਸਰਾਂ ਨੂੰ ਸਾਫ ਹੁਕਮ ਦਿੱਤਾ ਹੋਇਐ, ਜਿਹੜਾ ਵੀ ਉਸ ਡਿਊਟੀ ਲਈ ਜਾਵੇ ਖਾਲੀ ਨਾ ਮੁੜੇ। ਜੀਹਨੇ ਵੀ ਮਾੜਾ ਨਤੀਜਾ ਦਿੱਤਾ, ਸਮਝ ਲਵੋ ਉਸ ਦੀ ਰਿਪੋਰਟ ਖਰਾਬ। ਇਸ ਪੱਖੋਂ ਮੇਰੇ ਸਾਰੇ ਅਫਸਰਾਂ ਦਾ ਰਿਕਾਰਡ ਠੀਕ ਐ। ਬੱਟ ਲੁਕ ਐਟ ਦਿਸ ਯੰਗਸਟਰ! ਇਹਨੇ ਤਾਂ ਕਮਾਲ ਹੀ ਕਰ ਦਿਤੀ ਐ। ਮੈਂ ਉਹਦੇ ਲਈ ਸੈਨਾ ਮੈਡਲ ਦੀ ਸਿਫਾਰਸ਼ ਕਰ ਰਿਹਾ ਹਾਂ। ਮੇਰੇ ਲਈ ਵੀ ਕਮਾਂਡਰ ਨੇ ਵਸ਼ਿਸ਼ਟ ਸੇਵਾ ਮੈਡਲ ਦੀ ਹਾਮੀ ਭਰੀ ਹੈ। ਬ੍ਰਿਗੇਡ ਕਮਾਂਡਰ ਮੇਰੀ ਰਜਮੈਂਟ ਉਤੇ ਬਹੁਤ ਖੁਸ਼ ਹੈ।”
ਪਿਛਲੇ ਹਫਤੇ ਗੋਰਖਾ ਪਲਟਨ ਦੇ ਕੁਝ ਜਵਾਨ ਦੁਸ਼ਮਣ ਦੀ ਘਾਤ ਵਿਚ ਆ ਕੇ ਮਾਰੇ ਗਏ ਸਨ। ਉਸ ਰਾਤ ਇਹੋ ਜਿਹਾ ਜਸ਼ਨ ਸਰਹੱਦ ਦੇ ਉਸ ਪਾਰ ਵੀ ਜ਼ਰੂਰ ਹੋਇਆ ਹੋਵੇਗਾ।
ਉਹ ਮੌਤ ਦੀ ਧਰਤੀ ਸੀ, ਉਥੇ ਜਿਉਂਦਿਆਂ ਲਈ ਜਸ਼ਨ ਕੋਈ ਨਹੀਂ ਸੀ ਕਰਦਾ।….ਕਦੀ ਵੀ ਨਹੀਂ ਸੀ ਕਰਦਾ।
ਗਾਰਡਜ਼ ਦੀ ਬਟਾਲੀਅਨ ਉਥੋਂ ਜਾ ਚੁੱਕੀ ਸੀ। ਉਹਨਾ ਦੀ ਥਾਂ ਸਿੱਖ ਪਲਟਨ ਆ ਗਈ ਸੀ। ਇਕ ਸ਼ਾਮ ਉਹਨਾਂ ਦਾ ਕਮਾਨ ਅਫਸਰ ਕਰਨਲ ਰਣਜੀਤ ਮੇਰੇ ਕੋਲ ਆ ਗਿਆ। ਉਹਨੇ ਦਸਿਆ, “ਗਾਰਡਜ਼ ਦੀ ਮੂਵ ਵੇਲੇ ਕਰਨਲ ਬੋਪਾਰਾਏ ਨੇ ਆਖਿਆ ਸੀ ਕਿ ਜੇ ਕੋਈ ਪੰਜਾਬੀ ਦਾ ਕੰਮ ਹੋਵੇ ਤਾਂ ਜਸਬੀਰ ਨੂੰ ਦਸੀਂ। ਤੂੰ ਤਾਂ ਕਹਾਣੀਆਂ ਵੀ ਲਿਖਦੈਂ, ਮੇਰੀ ਪਲਟਨ ਲਈ ਇਕ ਚਿੱਠੀ ਵੀ ਲਿਖ ਦੇ।”
ਸ਼ਿਔਕ ਦਰਿਆ ਦੇ ਕਿਨਾਰੇ ਵਾਲੀਆਂ ਯੂਨਿਟਾਂ ਨੇ ਪਾਣੀ ਗਰਮ ਕਰਨ ਲਈ ਦਰਿਆ ਦੇ ਨੇੜੇ ਚੁਲ੍ਹੇ ਬਣਾਏ ਹੋਏ ਸਨ। ਛੁੱਟੀ ਵਾਲੇ ਦਿਨ ਉਥੇ ਖੁਲ੍ਹੇ ਢੱਕਣ ਵਾਲੀਆਂ ਬੈਰਲਾਂ ਵਿਚ ਪਾਣੀ ਗਰਮ ਹੁੰਦਾ ਰਹਿੰਦਾ ਸੀ। ਸੈਨਿਕ ਬੈਰਲ ਵਿਚੋਂ ਗਰਮ ਪਾਣੀ ਲੈ ਲੈਂਦੇ ਸਨ ਤੇ ਫਿਰ ਨਹਾਉਣ ਪਿੱਛੋਂ ਬੈਰਲ ਵਿਚ ਓਨਾ ਹੀ ਪਾਣੀ ਪਾ ਦਿੰਦੇ ਸਨ ਤਾਂ ਕਿ ਬਾਅਦ ਵਿਚ ਨਹਾਉਣ ਵਾਲਿਆਂ ਲਈ ਵੀ ਗਰਮ ਪਾਣੀ ਮੁੱਕੇ ਨਾ। ਕਰਨਲ ਰਣਜੀਤ ਦੀ ਪਲਟਨ ਦਾ ਉਹ ਜਵਾਨ ਨਹਾਉਣ ਪਿੱਛੋਂ ਸ਼ਿਔਕ ਵਿਚੋਂ ਠੰਡਾ ਪਾਣੀ ਲੈਣ ਲਈ ਝੁਕਿਆ ਤਾਂ ਉਹਦਾ ਪੈਰ ਤਿਲਕ ਗਿਆ। ਉਹ ਬਰਫੀਲੇ ਪਾਣੀ ਵਿਚੋਂ ਬਾਹਰ ਆਉਣ ਲਈ ਹੱਥ ਪੈਰ ਵੀ ਨਹੀਂ ਸੀ ਮਾਰ ਸਕਿਆ।
ਕਰਨਲ ਰਣਜੀਤ ਨੂੰ ਮੈਂ ਅਫਸੋਸ ਦੀ ਉਹ ਚਿੱਠੀ ਲਿਖ ਕੇ ਦੇ ਦਿਤੀ।
ਉਸ ਅਜਨਬੀ ਸੈਨਿਕ ਦੇ ਘਰ ਵਾਲਿਆਂ ਲਈ ਮੇਰੇ ਕੋਲ ਸ਼ਬਦ ਦੀ ਮਰ੍ਹਮ ਸੀ। ਮੈਂ ਚਿੱਠੀ ਵਿਚ ਉਸ ਸੈਨਿਕ ਦੀ ਫਰਜ਼ਸਨਾਸ਼ੀ ਅਤੇ ਅਗਲੇ ਮੋਰਚਿਆਂ ਵਿਚ ਦੁਸ਼ਮਣ ਸਾਹਵੇਂ ਹਿੱਕ ਤਾਣ ਕੇ ਖੜੇ ਰਹਿਣ ਦੀ ਗੱਲ ਵੀ ਸ਼ਾਮਲ ਕਰ ਦਿੱਤੀ ਸੀ। ਉਹਦੀ ਮੌਤ ਲਈ ਮੈਂ ਸ਼ਹਾਦਤ ਵਰਗਾ ਭੁਲੇਖਾ ਵੀ ਸਿਰਜ ਦਿਤਾ ਸੀ।
ਕੁਝ ਦਿਨਾਂ ਬਾਅਦ ਕਰਨਲ ਰਣਜੀਤ ਮੁੜ ਮੇਰੇ ਕੋਲ ਆਇਆ। ਉਸ ਆਖਿਆ ਕਿ ਜਿਹੜੀ ਚਿੱਠੀ ਮੈਂ ਉਹਦੇ ਉਸ ਸੈਨਿਕ ਬਾਰੇ ਲਿਖੀ ਸੀ, ਮਾਪਿਆਂ ਵਲੋਂ ਉਸ ਚਿੱਠੀ ਦਾ ਜੁਆਬ ਆਇਆ ਸੀ। ਤੇ ਮੈਂ ਉਸ ਜਵਾਬ ਦੇ ਜਵਾਬ ਵਿਚ ਇਕ ਚਿੱਠੀ ਹੋਰ ਲਿਖ ਦੇਵਾਂ।
ਮੈਂ ਉਹ ਚਿੱਠੀ ਕਰਨਲ ਰਣਜੀਤ ਦੇ ਹਥੋਂ ਲੈ ਕੇ ਪੜ੍ਹੀ। ਜਿਸ ਸੈਨਿਕ ਦਾ ਚਿੱਠੀ ਵਿਚ ਹਵਾਲਾ ਸੀ ਉਹ ਕੋਈ ਹੋਰ ਸੀ। ਮੈਂ ਉਹਦੇ ਲਈ ਚਿੱਠੀ ਨਹੀਂ ਸੀ ਲਿਖੀ। ਮੈਂ ਇਸ ਗੱਲ ਵਲ ਕਰਨਲ ਰਣਜੀਤ ਦਾ ਧਿਆਨ ਦਿਵਾਇਆ ਤਾਂ ਉਸ ਦੱਸਿਆ ਕਿ ਮੇਰੀ ਲਿਖੀ ਹੋਈ ਚਿੱਠੀ ਉਹਨਾਂ ਪਲਟਨ ਦੀ ਮਾਸਟਰ ਫ਼ਾਇਲ ਵਿਚ ਰੱਖ ਲਈ ਸੀ| ਸੈਨਿਕ ਬਰਫ਼ਾਂ ਵਿਚ ਨਿੱਤ ਮਰਦੇ ਸਨ| ਮੋਏ ਸੈਨਿਕਾਂ ਦੇ ਘਰੀਂ ਹਮਦਰਦੀ ਦੀਆਂ ਚਿੱਠੀਆਂ ਭੇਜਣ ਦਾ ਇਹ ਉਹਨਾਂ ਸੌਖਾ ਢੰਗ ਲੱਭ ਲਿਆ ਸੀ| ਕਿਸੇ ਨੂੰ ਦਿਮਾਗ ਖਪਾਉਣ ਦੀ ਲੋੜ ਨਹੀਂ ਸੀ ਪੈਂਦੀ| ਯੂਨਿਟ ਦਾ ਕਲਰਕ ਮਾਸਟਰ ਫ਼ਾਇਲ ਵਾਲੀ ਉਸ ਚਿੱਠੀ ਵਿਚ ਨਾਂ, ਨੰਬਰ ਬਦਲ ਕੇ ਚਿੱਠੀ ਭੇਜ ਦਿੰਦਾ ਸੀ|
ਉਥੇ ਮੌਤ ਵੰਡਦੀਆਂ ਪੋਸਟਾਂ ਦੇ ਨਾਂ ਬਹੁਤ ਹੀ ਦਿਲਕਸ਼ ਸਨ| ਸਿੱਖ ਪਲਟਨ ਦੀ ਉਸ ਪੋਸਟ ਦਾ ਨਾਂ ਕਿਸੇ ਫੁੱਲ ਦੇ ਨਾਂ ਉਤੇ ਸੀ, ਗੁਲਾਬ, ਚੰਬੇਲੀ ਜਾ ਸ਼ਾਇਦ ਗੇਂਦਾ, ਪਰ ਉਸ ਪੋਸਟ ਦਾ ਸੁਭਾਅ ਫੁੱਲ ਵਰਗਾ ਨਹੀਂ ਸੀ|
ਉਥੇ ਬਰਫ਼ ਵਿਚ ਬਣੇ ਹੋਏ ਮੋਰਚਿਆਂ ਲਈ ਮਿੱਟੀ ਨਹੀਂ ਸੀ, ਪਰ ਉਹ ਬਰਫ਼ ਮਿੱਟੀ ਤੋਂ ਵੀ ਵੱਧ ਸੁੱਕੀ ਹੋਈ ਸੀ| ਕਿਉਂਕਿ ਤਾਪਮਾਨ ਹਮੇਸ਼ਾ ਮਨਫ਼ੀ ਵਿਚ ਹੁੰਦਾ ਸੀ| ਕਈ ਵਾਰ ਤਾਂ ਮਨਫ਼ੀ 50 ਡਿਗਰੀ ਸੈਲਸੀਅਸ ਤਕ ਵੀ ਪਹੁੰਚ ਜਾਂਦਾ ਸੀ| ਗਲੇਸ਼ੀਅਰ ਦੇ ਚਾਰ ਪੰਜ ਹਜ਼ਾਰ ਫੁੱਟ ਹੇਠਾਂ ਤਕ ਵੀ ਜ਼ਮੀਨ ਨਹੀਂ ਸੀ|
ਫੁੱਲ ਦੇ ਨਾਂ ਵਾਲੀ ਉਸ ਪੋਸਟ ਦੇ ਮੋਰਚਿਆਂ ਉਤੇ ਬਰਫ਼ ਦਾ ਪਹਾੜ ਝੁਕਿਆ ਹੋਇਆ ਸੀ| ਉਹ ਪਹਾੜ ਸਾਲ ਵਿਚ ਇਕ ਦੋ ਵਾਰ ਆਪਣੇ ਹੀ ਭਾਰ ਨਾਲ ਟੁੱਟ ਜਾਂਦਾ ਸੀ| ਉਹ ਬਰਫ਼ ਮੋਰਚਿਆਂ ਨੂੰ ਅਪਣੇ ਹੇਠ ਦੱਬ ਲੈਂਦੀ ਸੀ| ਸੈਨਿਕ ਉਸ ਬਰਫ਼ ਵਿਚ ਦਫ਼ਨ ਹੋ ਜਾਂਦੇ ਸਨ|
ਕਰਨਲ ਬੋਪਾਰਾਏ ਦੇ ਵੇਲੇ ਵੀ ਐਵਲਾਂਚ ਨਾਲ ਉਸ ਪੋਸਟ ਦਾ ਨਾਮੋ ਨਿਸ਼ਾਨ ਮਿਟ ਗਿਆ ਸੀ| ਉਦੋਂ ਵੀ ਉਹ ਪੋਸਟ ਨਵੇਂ ਮੋਰਚੇ ਬਣੇ ਸਨ ਤੇ ਮੌਤ ਦੇ ਉਨ੍ਹਾਂ ਬੰਕਰਾਂ ਵਿਚ ਨਵੇਂ ਸਿਪਾਹੀ ਤਾਇਨਾਤ ਹੋ ਗਏ ਸਨ|
ਉਹ ਹਾਦਸਾ ਮੁੜ ਵਾਪਰ ਗਿਆ ਸੀ|
ਮੈਂ ਤਾਬੜ ਤੋੜ ਜਾ ਕੇ ਕਰਨਲ ਰਣਜੀਤ ਨੂੰ ਮਿਲਿਆ। ਉਹ ਨਿਮੋਝੂਣਾ ਹੋਇਆ ਬੈਠਾ ਸੀ ਬੋਲਿਆ, “ਮੇਰੀ ਤਾਂ ਕਿਸਮਤ ਹੀ ਖਰਾਬ ਹੈ| ਪਰਮੋਸ਼ਨ ਲਈ ਰਿਪੋਰਟ ਦਾ ਵੇਲਾ ਆਇਆ ਹੈ ਤਾਂ ਪੋਸਟਿੰਗ ਇਥੋਂ ਦੀ ਹੋ ਗਈ ਹੈ|……ਤੇ ਹੁਣ ਕਮਾਂਡਰ ਨੇ ਹੁਕਮ ਚਾੜ੍ਹ ਦਿੱਤਾ ਹੈ ਕਿ ਬਰਫ਼ ਹੇਠ ਦੱਬੇ ਗਏ ਜਵਾਨਾਂ ਦੀਆਂ ਲਾਸ਼ਾਂ ਲੱਭੀਆਂ ਜਾਣ|…ਨਿੱਘੇ ਦਫ਼ਤਰ ਵਿਚ ਬੈਠ ਕੇ ਹੁਕਮ ਦਾਗਣਾ ਕਿੰਨਾ ਸੌਖਾ ਹੁੰਦੈ, ਕੀ ਪਤੈ, ਐਵਲਾਂਚ ਲਾਸ਼ਾਂ ਨੂੰ ਧੂਅ ਕੇ ਕਿਥੋਂ ਤੱਕ ਲੈ ਗਿਆ ਹੋਵੇ|”
ਇਹੋ ਸਮੱਸਿਆ ਕਰਨਲ ਬੋਪਾਰਾਏ ਨੂੰ ਵੀ ਪੇਸ਼ ਆਈ ਸੀ ਤੇ ਉਹਨਾਂ ਲਾਸ਼ਾਂ ਲੱਭਣ ਦਾ ਇਕ ਤਰੀਕਾ ਲੱਭ ਲਿਆ ਸੀ|
ਗਲੇਸ਼ੀਅਰ ਉਤੇ ਤਾਂ ਨਿੱਤ ਨਵੀਂ ਬਰਫ਼ ਵਰ੍ਹਦੀ ਸੀ|
ਉਤਲੀ ਬਰਫ਼ ਦੇ ਬੋਝ ਨਾਲ ਪਹਿਲੀ ਬਰਫ਼ ਹੇਠਾਂ ਸਰਕਦੀ ਸੀ| ਹੇਠਲੀ ਉਚਾਈ ਉਤੇ ਆ ਕੇ ਉਹ ਬਰਫ਼ ਹੌਲੀ ਹੌਲੀ ਪਿਘਲਣ ਲੱਗ ਪੈਂਦੀ ਸੀ ਤੇ ਬਰਫ਼ ਨਾਲ ਹੇਠਾਂ ਤਕ ਆਈਆਂ ਲਾਸ਼ਾਂ ਪਾਕਿਸਤਾਨ ਵੱਲ ਰੁੜ੍ਹ ਜਾਂਦੀਆਂ ਸਨ|
ਲੜਾਈ ਦੇ ਦੌਰਾਨ ਫੌਜੀ ਟਰੱਕਾਂ ਨੂੰ ਦੁਸ਼ਮਣ ਦੇ ਜਹਾਜ਼ਾਂ ਦੀ ਨਜ਼ਰ ਤੋਂ ਬਚਾਉਣ ਲਈ ਵੱਡੇ ਵੱਡੇ ਜਾਲਾਂ ਦੀ ਵਰਤੋਂ ਕੀਤੀ ਜਾਂਦੀ ਸੀ| ਉਹਨਾਂ ਜਾਲਾਂ ਦੇ ਹੇਠ ਟਰੱਕ ਲੁਕਾ ਦਿੱਤੇ ਜਾਂਦੇ ਸਨ| ਇਸ ਖੇਤਰ ਵਿਚ ਉਹ ਜਾਲ ਕੰਮ ਨਹੀਂ ਸਨ ਆਉਂਦੇ| ਉਹ ਥਾਂ ਜਿੱਥੇ ਬਰਫ਼ ਪਾਣੀ ਹੋ ਕੇ ਵਗਦੀ ਸੀ, ਗਾਰਡਜ਼ ਵਾਲਿਆਂ ਨੇ ਉਹ ਜਾਲ ਤਾਣ ਦਿੱਤੇ ਸਨ| ਉਤੋਂ ਬਰਫ਼ ਨਾਲ ਰੁੜ੍ਹ ਕੇ ਆਈਆਂ ਲਾਸ਼ਾਂ ਉਹਨਾਂ ਜਾਲਾਂ ਵਿਚ ਫਸਦੀਆਂ ਰਹਿੰਦੀਆਂ ਸਨ|
ਮੈਂ ਕਰਨਲ ਰਣਜੀਤ ਨੂੰ ਇਸ ਬਾਰੇ ਦੱਸਿਆ ਤਾਂ ਉਹਨੇ ਮੇਰਾ ਹੱਥ ਅਪਣੇ ਦੋਹਾਂ ਹੱਥਾਂ ਵਿਚ ਘੁੱਟ ਲਿਆ, “ਥੈਂਕਯੂ ਭੁੱਲਰ ! …ਥੈਂਕਯੂ ਵੈਰੀ ਮੱਚ! …ਆਈ ਐਮ ਗਰੇਟਫੁੱਲ|”
ਉਹ ਥਾਂ ਜਿੱਥੇ ਬਰਫ਼ ਪਾਣੀ ਹੋ ਜਾਂਦੀ ਸੀ, ਸਿੱਖ ਪਲਟਨ ਵਾਲਿਆਂ ਨੇ ਵੀ ਉਥੇ ਜਾਲ ਤਾਣ ਦਿੱਤੇ| ਲਾਸ਼ਾਂ ਉਹਨਾਂ ਜਾਲਾਂ ਵਿਚ ਅਟਕਣ ਲੱਗ ਪਈਆਂ|
ਇਕ ਇਕ ਕਰਕੇ ਉਹ ਲਾਸ਼ਾਂ ਸੱਤ ਹੋ ਗਈਆਂ| ਸ਼ਿਔਕ ਦਰਿਆ ਦੇ ਕਿਨਾਰੇ ਉਹਨਾਂ ਸੈਨਿਕਾਂ ਦੇ ਸਸਕਾਰ ਲਈ ਚਿਤਾਵਾਂ ਚਿਣ ਦਿੱਤੀਆਂ ਗਈਆਂ| ਇਹ ਗਨੀਮਤ ਹੀ ਸਮਝੋ ਕਿ ਉਸ ਪਲਟਨ ਕੋਲ ਬਹੁਤ ਸਾਰਾ ਸਟੋਰ ਇਸ ਤਰ੍ਹਾਂਦਾ ਵੀ ਸੀ ਜਿਸ ਦੀਆਂ ਲੱਕੜਾਂ ਉਹ ਵਰਤ ਸਕਦੇ ਸਨ| ਇਸ ਕਾਰਨ ਉਹਨਾਂ ਨੂੰ ਲੱਕੜਾਂ ਦੀ ਸਮੱਸਿਆ ਨਹੀਂ ਆਈ|
ਸਾਰਿਆਂ ਨੇ ਉਹਨਾਂ ਸੈਨਿਕਾਂ ਨੂੰ ਆਖ਼ਰੀ ਸੈਲਿਊਟ ਦਿੱਤਾ| ਉਹਨਾਂ ਦੇ ਸਤਿਕਾਰ ਵਿਚ ਗੋਲੀਆਂ ਦਾਗੀਆਂ ਗਈਆਂ| ਕਰਨਲ ਰਣਜੀਤ ਉਹਨਾਂ ਸੈਨਿਕਾਂ ਦੇ ਪਿਓ ਦੀ ਥਾਂ ਸੀ| ਉਹਨੇ ਚਿਤਾਵਾਂ ਨੂੰ ਲਾਂਬੂ ਦੇ ਦਿੱਤਾ|
ਚਿਤਾਵਾਂ ਦੀ ਅੱਗ ਲਟ ਲਟ ਬਲਦੀ ਰਹੀ ਤੇ ਫਿਰ ਉਹਨਾਂ ਸੈਨਿਕਾਂ ਦੇ ਹੋਣ ਦੇ ਨਿਸ਼ਾਨ ਹੌਲੀ ਹੌਲੀ ਮੁੱਕ ਗਏ|
ਪਲਟਨ ਦੇ ਕਲਰਕ ਨੇ ਫੁਰਸਤ ਦੇ ਪਲਾਂ ਵਿਚ ਮਾਸਟਰ ਫਾਇਲ ਖੋਲ੍ਹੀ ਤੇ ਉਸ ਵਿਸ਼ੇਸ਼ ਚਿੱਠੀ ਦੀਆਂ ਕਾਪੀਆਂ ਕਰਵਾ ਕੇ ਖਾਲੀ ਥਾਵਾਂ ਵਿਚ ਤੁਰ ਗਏ ਸੈਨਿਕਾਂ ਦੇ ਨਾਂ, ਨੰਬਰ ਤੇ ਘਰਾਂ ਦੇ ਸਿਰਨਾਵੇਂ ਭਰਨ ਲੱਗ ਪਿਆ|
ਮੈਨੂੰ ਨਹੀਂ ਪਤਾ, ਮੇਰੀ ਲਿਖੀ ਹੋਈ ਉਹ ਇਕ ਚਿੱਠੀ ਕਿੰਨਿਆਂ ਕੁ ਘਰਾਂ ਵਿਚ ਕੀਰਨੇ ਲੈ ਕੇ ਪਹੁੰਚੀ ਸੀ| ਉਸ ਗਿਣਤੀ ਦਾ ਖੁਰਾ ਨੱਪ ਕੇ ਰੱਖਣਾ ਸਿੱਖ ਪਲਟਨ ਲਈ ਵੀ ਮੁਹਾਲ ਸੀ|
ਮੈਂ ਉਹ ਚਿੱਠੀ ਲਿਖ ਕੇ ਪ੍ਰੇਸ਼ਾਨ ਹੋਇਆ ਸਾਂ। ਉਸ ਚਿੱਠੀ ਨੇ ਕਰਨਲ ਰਣਜੀਤ ਦੀ ਪਲਟਨ ਦਾ ਕੰਮ ਬਹੁਤ ਸੌਖਾ ਕਰ ਦਿੱਤਾ ਸੀ|
ਇਹ ਘਟਨਾ ਮੇਰੀ ਕਹਾਣੀ ‘ਮੋਇਆਂ ਦੀ ਮੰਡੀ’ ਦਾ ਆਧਾਰ ਬਣੀ ਸੀ|
ਸੈਨਿਕਾਂ ਦਾ ਜੀਅ ਕਰਦਾ ਰਹਿੰਦਾ ਸੀ ਕਿ ਉਹਨਾਂ ਦੇ ਮੁਹੱਬਤੀ ਲੰਮੀਆਂ ਲੰਮੀਆਂ ਚਿੱਠੀਆਂ ਲਿਖਣ, ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਨ|
…ਤੇ ਉਹ ਵੀ ਅਪਣਾ ਮਨ ਉਹਨਾਂ ਸਾਹਵੇਂ ਕਿਤਾਬ ਵਾਂਗੂੰ ਫਰੋਲ ਦੇਣ|
ਉਥੇ ਸੈਨਿਕਾਂ ਦੀ ਇੱਕਲ ਬਹੁਤ ਡਰਾਉਣੀ ਸੀ ਤੇ ਮਨ ਦੀ ਭੁੱਖ-ਪਿਆਸ ਬਹੁਤ ਵੱਡੀ, ਪਰ ਉਹਨਾਂ ਨੂੰ ਹਫ਼ਤੇ ਵਿਚ ਦੋ ਤੋਂ ਵੱਧ ਚਿੱਠੀਆਂ ਲਿਖਣ ਦਾ ਹੁਕਮ ਨਹੀਂ ਸੀ|
ਚਿੱਠੀ ਲਿਖਣ ਲਈ ਉਹਨਾਂ ਨੂੰ ਡੇਢ ਕੁ ਚੱਪਾ ਥਾਂ ਵਾਲੇ ਫੌਜੀ ਲਿਫ਼ਾਫੇ ਦਿੱਤੇ ਜਾਂਦੇ ਸਨ| ਉਨੇ ਕੁ ਥਾਂ ਵਿਚ ਕੋਈ ਕੀ ਮਨ ਫਰੋਲੇ| ਚਿੱਠੀ ਲਿਖ ਕੇ ਲਿਫ਼ਾਫੇ ਖੁੱਲ੍ਹੇ ਰੱਖਣੇ ਪੈਂਦੇ ਸਨ| ਉਹ ਚਿੱਠੀਆਂ ਸੈਂਸਰ ਹੁੰਦੀਆਂ ਸਨ| ਜੇ ਕੋਈ ਹੀਜ ਪਿਆਜ਼ ਫਰੋਲਣ ਲੱਗ ਪਵੇ ਤਾਂ ਉਹਦੀ ਜੁਆਬ ਤਲਬੀ ਦਾ ਸੰਸਾ ਬਣਿਆ ਰਹਿੰਦਾ ਸੀ| ਜੇ ਸੈਨਾ ਦੀ ਸੁਰੱਖਿਆ ਨਾਲ ਤੁਅਲਕ ਰੱਖਦੀ ਗੱਲ ਕੋਈ ਸਹਿਵਨ ਵੀ ਲਿਖ ਦੇਵੇ ਤਾਂ ਸਜ਼ਾ ਦਾ ਹਕਦਾਰ ਹੋ ਜਾਂਦਾ ਸੀ|
ਫੌਜ ਦੀ ਸੁਰੱਖਿਆ ਗਰੀਬ ਦੀ ਕੁੜੀ ਦੀ ਇੱਜ਼ਤ ਵਰਗੀ ਸੀ, ਜਿਸਦੇ ਭੰਗ ਹੋਣ ਦਾ ਡਰ ਹਰ ਵੇਲੇ ਬਣਿਆ ਰਹਿੰਦਾ ਸੀ|
ਇਹ ਵੀ ਇਕ ਕਾਰਨ ਸੀ ਕਿ ਸੈਨਿਕਾਂ ਦੇ ਦਿਮਾਗ ਸੁੰਨ ਰਹਿਣ ਦੇ ਆਦੀ ਹੋ ਜਾਂਦੇ ਸਨ| ਇਸ ਤਰ੍ਹਾਂਲੱਗਣ ਲੱਗ ਪੈਂਦਾ ਸੀ ਜਿਵੇਂ ਸੈਨਿਕ ਹੁੰਦਾ ਹੋਇਆ ਵੀ ਕਿਤੇ ਨਹੀਂ ਹੁੰਦਾ ਜਾਂ ਫਿਰ ਆਪਣੇ ਅੰਦਰ ਹੀ ਕਿਧਰੇ ਸਹਿਮਿਆ ਹੋਇਆ ਹੁੰਦਾ ਹੈ|
ਅਫ਼ਸਰ ਐਨੀ ਕੁ ਖੁੱਲ੍ਹ ਲੈ ਲੈਂਦੇ ਸਨ ਕਿ ਅਪਣੀ ਚਿੱਠੀ ਆਪ ਹੀ ਸੈਂਸਰ ਕਰ ਲੈਂਦੇ ਸਨ ਜਾਂ ਫਿਰ ਚਿੱਠੀ ਛੁੱਟੀ ਜਾ ਰਹੇ ਕਿਸੇ ਜੁਆਨ ਹੱਥ ਭੇਜ ਦਿੰਦੇ ਸਨ| ਉਹ ਜੁਆਨ ਜਹਾਜ਼ੋਂ ਉਤਰ ਕੇ ਚਿੱਠੀ ਚੰਡੀਗੜ੍ਹ ਦੇ ਕਿਸੇ ਲੈਟਰ ਬਾਕਸ ਵਿਚ ਪਾ ਦਿੰਦਾ ਸੀ|
ਮੈਂ ਉਥੋਂ ਬਹੁਤ ਚਿੱਠੀਆਂ ਲਿਖੀਆਂ ਸਨ, ਸ਼ਾਇਦ ਇਕੋਂ ਹੀ ਚਿੱਠੀ ਵਾਰ ਵਾਰ ਲਿਖੀ ਸੀ:

ਦੋਸਤਾ!
ਮੈਂ ਉਥੇ ਹਾਂ
ਜਿਥੇ ਸੀਤ ਹਵਾਵਾਂ ਦਾ ਤਾਂਡਵ ਹੈ|
ਬੁਖਾਰੀ ਵਿਚ ਤਿਪ ਤਿਪ
ਮਿੱਟੀ ਦਾ ਤੇਲ ਨਹੀਂ ਬਲਦਾ
ਉਮਰ ਬਲਦੀ ਹੈ|
ਜੇ ਕੁਝ ਲਿਖਣਾ ਵੀ ਚਾਹਵਾਂ
ਤਾਂ ਲਿਖ ਨਹੀਂ ਸਕਦਾ
ਪੈਨ ਵਿਚ ਸਿਆਹੀ ਜੰਮ ਜਾਂਦੀ ਹੈ
ਜਿਵੇਂ ਮੌਤ ਪਿੱਛੋਂ
ਨਾੜਾਂ ਵਿਚ ਲਹੂ ਜੰਮਦਾ ਹੈ|

ਅਪਣੇ ਬੰਕਰ ’ਚੋਂ
ਬਾਹਰ ਆਉਂਦਾ ਹਾਂ
ਤਾਂ ਕੋਈ ਰਾਹ ਨਹੀਂ ਦਿਸਦਾ
ਰਾਹ ਹੋਵੇ ਵੀ
ਤਾਂ ਕਿਤੇ ਨਹੀਂ ਜਾਂਦਾ|

ਮੈਂ ਬੰਕਰ ’ਚ ਪਰਤ ਆਉਂਦਾ ਹਾਂ
ਝਰੋਖੇ ’ਚੋਂ ਬਾਹਰ ਵੇਂਹਦਾ ਹਾਂ
ਬਰਫ਼ਾਂ ਦੇ ਪਹਾੜ ਉਲਰੇ ਦਿਸਦੇ ਨੇ
ਉਹ ਕੁਝ ਇਸ ਤਰ੍ਹਾਂ ਟੁੱਟਦੇ ਨੇ
ਕਿ ਤੁਰਦੇ ਪੈਰ
ਤੇ ਸੁਪਨਿਆਂ ਦੀ ਲੰਮੀਂ ਕਤਾਰ
ਉਸ ਪਹਾੜ ਹੇਠ ਗੁਆਚ ਜਾਂਦੀ ਹੈ|
ਲ਼ਗਦਾ ਹੀ ਨਹੀਂ
ਕਿ ਉਥੇ ਕੋਈ ਸਾਹ ਲੈਂਦਾ ਸੀ|

ਮੈਂ ਕੁਝ ਓਦਰਿਆ ਹੋਇਆਂ ਸਾਂ, ਛੁੱਟੀ ਜਾਣ ਬਾਰੇ ਸੋਚ ਲਿਆ|
ਫੋਨ ਉਤੇ ਬਿਰਗੇਡ ਹੈਡਕੁਆਟਰਜ਼ ਤੋਂ ਸਹਿਮਤੀ ਲੈ ਕੇ ਮੈਂ ਅਰਜ਼ੀ ਭਿਜਵਾ ਦਿੱਤੀ| ਉਥੋਂ ਤੁਰਨ ਤੋਂ ਪਹਿਲਾਂ ਮੈਂ ਰਿਸਾਲਦਾਰ ਹੋਸ਼ਿਆਰ ਸਿੰਘ ਨੂੰ ਪੱਕੀ ਕੀਤੀ , “ਸਾਬ੍ਹ! ਮੇਰੀ ਛੁੱਟੀ ਦੌਰਾਨ ਚੂਹਿਆਂ ਦਾ ਕੁਸ਼ ਕਰਨਾ ਹੈ|”
ਚੂਹਿਆਂ ਤੋਂ ਖਹਿੜਾ ਛੁਡਾਉਣ ਲਈ ਯੂਨਿਟ ਵਿਚ ਪਹਿਲੋਂ ਵੀ ਕਈ ਹਰਬੇ ਵਰਤੇ ਗਏ ਸਨ, ਪਰ ਕੋਈ ਵੀ ਤਰੀਕਾ ਕਾਰਗਰ ਸਾਬਤ ਨਹੀਂ ਸੀ ਹੋਇਆ| ਉਹ ਬੋਲਿਆ, “ਸਰ, ਮੈਨੂੰ ਤਾਂ ਕੁਝ ਸੁਝ ਨਹੀਂ ਰਿਹਾ|
ਮੈਨੂੰ ਅਚਨਚੇਤੀ ਅਹੁੜਿਆ “ਜੇ ਭਲਾ ਰਮ ਵਾਲੀਆਂ ਖਾਲੀ ਬੋਤਲਾਂ ਤੋੜ ਕੇ ਖੁੱਡਾਂ ਵਿਚ ਭਰ ਦੇਈਏ ਤਾਂ…।”
ਉਹ ਪ੍ਰੇਸ਼ਾਨ ਹੋਇਆ ਬੋਲਿਆ, “ਸਰ! ਜੇ ਚੂਹੇ ਜ਼ਖ਼ਮੀ ਹੋ ਕੇ ਖੁੱਡਾਂ ਅੰਦਰ ਹੀ ਮਰ ਗਏ ਤਾਂ …।”
ਉਸਦਾ ਡਰ ਜਾਇਜ਼ ਸੀ| ਇਸ ਤਰ੍ਹਾਂ ਯੂਨਿਟ ਵਿਚ ਬਿਮਾਰੀ ਅਤੇ ਬਦਬੂ ਫੈਲ ਸਕਦੀ ਸੀ| ਮੈਂ ਦੋ ਹਰਫ਼ੀ ਗੱਲ ਨਬੇੜੀ ਕਿ ਰਿਸਾਲਦਾਰ ਹੋਸ਼ਿਆਰ ਸਿੰਘ ਮੇਰੀ ਗੈLਰ-ਹਾਜ਼ਰੀ ਵਿਚ ਇਹ ਤਰੀਕਾ ਮੇਰੇ ਬੰਕਰ ਵਾਲੀਆਂ ਖੁੱਡਾਂ ਲਈ ਵਰਤ ਕੇ ਵੇਖ ਲਵੇ|
ਬਰਫ਼ ਵਰ੍ਹ ਰਹੀ ਸੀ| ਤਾਪਮਾਨ ਬਹੁਤ ਹੇਠਾਂ ਚਲਿਆ ਗਿਆ ਸੀ| ਗਲੇਸ਼ੀਅਰ ਦੀ ਖ਼ਬਰ ਤਾਂ ਇਹ ਵੀ ਸੀ ਕਿ ਉਥੇ ਤਾਪਮਾਨ 50 ਡਿਗਰੀ ਸੈਂਟੀਗਰੇਡ ਹੇਠਾਂ ਤਕ ਪਹੁੰਚਿਆ ਹੋਇਆ ਸੀ|
ਮੇਰਾ ਛੁੱਟੀ ਮੁਲਤਵੀ ਕਰਨ ਦਾ ਕੋਈ ਇਰਾਦਾ ਨਹੀਂ ਸੀ|
ਮੈਂ ਅਪਣੇ ਸਫ਼ਰ ਵਲ ਚੱਲ ਪਿਆ|
ਅਸੀਂ ਉਦੋਂ ਡੱਕੇਡੋਲੇ ਖਾਂਦਿਆਂ ਅੱਧਾ ਕੁ ਪੈਂਡਾ ਮੁਕਾ ਲਿਆ ਸੀ| ਡਰਾਈਵਰ ਨੇ ਗੀਅਰ ਬਦਲ ਕੇ ਵੱਨ ਟੱਨ ਪਿੱਛੇ ਕਰ ਲਿਆ|
ਸੜਕ ਉਤੇ ਪੱਥਰ ਡਿੱਗੇ ਪਏ ਸਨ| ਨਿੱਕੇ ਵੱਡੇ ਪੱਥਰ ਪਹਾੜ ਉਤੋਂ ਹੇਠਾਂ ਵੱਲ ਰਿੜ੍ਹ ਰਹੇ ਸਨ| ਕਈ ਪੱਥਰ ਕਿਸੇ ਹੋਰ ਪੱਥਰ ਨਾਲ ਅਟਕ ਕੇ, ਰੁਕਣ ਰੁਕਣ ਕਰਦੇ, ਅਪਣੇ ਦਬਾਅ ਨਾਲ ਉਸ ਪੱਥਰ ਨੂੰ ਵੀ ਨਾਲ ਰੇੜ੍ਹ ਲੈਂਦੇ ਸਨ|
ਅਸੀਂ ਰੁਕੇ ਰਹੇ| ਕੁਝ ਚਿਰ ਪਿੱਛੋਂ ਪੱਥਰ ਡਿੱਗਣੇ ਬੰਦ ਹੋ ਗਏ|
ਮੈਂ ਤੇ ਡਰਾਈਵਰ ਨੇ ਰਲ ਕੇ ਰਾਹ ਦੇ ਪੱਥਰ ਹੇਠਾਂ ਦਰਿਆ ਵੱਲ ਰੇੜ੍ਹ ਦਿੱਤੇ| ਵੱਨ ਟਨ ਦੇ ਲੰਘਣ ਲਈ ਰਾਹ ਬਣ ਗਿਆ ਤਾਂ ਅਗਲਾ ਪੈਂਡਾ ਨਾਪਦੇ ਅਸੀਂ ਸ਼ਿਔਕ ਦਰਿਆ ਦੇ ਪੁੱਲ ਤੱਕ ਪਹੁੰਚ ਗਏ| ਪੁਲ ਦੀ ਰਾਖੀ ਕਰ ਰਹੇ ਮਿਲਟਰੀ ਪੁਲੀਸ ਦੇ ਇਕ ਸਿਪਾਹੀ ਨੇ ਹੱਥ ਦੇ ਇਸ਼ਾਰੇ ਨਾਲ ਵੱਨ ਟਨ ਰੁਕਵਾ ਲਿਆ| ਉਸ ਆਖਿਆ, “ਸਰ, ਤੁਹਾਨੂੰ ਵਾਪਸ ਮੁੜਨਾ ਪਊ| ਅੱਗੇ ਪੱਥਰ ਡਿੱਗਣ ਨਾਲ ਸੜਕ ਰੁਕੀ ਹੋਈ ਹੈ| ਕਈ ਥਾਂਈ ਤਾਂ ਸੜਕ ਟੁੱਟ ਵੀ ਗਈ ਹੈ| ਪੂਰੇ ਸੈਕਟਰ ਵਿਚ ਹੀ ਉਥੱਲ ਪੁਥੱਲ ਮਚੀ ਹੋਈ ਹੈ| ਸਭ ਪਾਸਿਓ ਇਹੋ ਜਿਹੀਆਂ ਖ਼ਬਰਾਂ ਹੀ ਪਹੁੰਚ ਰਹੀਆਂ ਨੇ|”
ਅਸੀਂ ਉਥੋਂ ਵਾਪਸ ਮੁੜ ਪਏ| ਜਦੋਂ ਪਹਿਲੇ ਅੜਿੱਕੇ ਵਾਲੀ ਥਾਂ ਪਹੁੰਚੇ ਤਾਂ ਸਾਡਾ ਸਾਫ਼ ਕੀਤਾ ਹੋਇਆ ਰਾਹ ਵੱਡੀਆਂ ਵੱਡੀਆਂ ਚਟਾਨਾਂ ਨੇ ਢੱਕਿਆ ਹੋਇਆ ਸੀ| ਉਹਨਾਂ ਪੱਥਰਾਂ ਨੂੰ ਹਿਲਾਉਣਾ ਸਾਡੇ ਵੱਸ ਤੋਂ ਬਾਹਰ ਸੀ|
ਅਸੀਂ ਵਾਪਸ ਪੁਲ ਉਤੇ ਆ ਗਏ| ਸ਼ਿਔਕ ਪੁਲ ਟੱਪ ਕੇ ਖੱਬੇ ਮੁੜਦੀ ਸੜਕ ਥੌਇਸ ਨੂੰ ਜਾਂਦੀ ਸੀ| ਸੱਜੇ ਮੁੜੀਏ ਤਾਂ ਕਿਲੋਮੀਟਰ ਦੀ ਦੂਰੀ ਉੱਤੇ ਤੋਪਖਾਨੇ ਦੀ ਇਕ ਬੈਟਰੀ ਦਾ ਟਿਕਾਣਾ ਸੀ| ਰਾਹ ਖੁੱਲਣ ਤੱਕ ਸਾਨੂੰ ਉਥੇ ਰਹਿਣਾ ਪੈਣਾ ਸੀ|
ਡਰਾਈਵਰ ਨੇ ਵੱਨ ਟਨ ਵਿਚੋਂ ਉਤਰ ਕੇ ਵਿੰਡ-ਸਕਰੀਨ ਉਤੋਂ ਜੰਮੀ ਹੋਈ ਬਰਫ਼ ਸਾਫ਼ ਕੀਤੀ ਤੇ ਵੱਨ ਟਨ ਟਰੱਕ ਤੋਪਖਾਨੇ ਵਾਲਿਆਂ ਦੀ ਯੂਨਿਟ ਵੱਲ ਤੋਰ ਲਿਆ|
ਤਾਪਮਾਨ ਲਗਾਤਾਰ ਹੇਠਾਂ ਡਿੱਗ ਰਿਹਾ ਸੀ| ਮੈਂ ਕੋਟ ਪਰਕਾ ਦੇ ਬਟਨ ਉਪਰ ਤੱਕ ਬੰਦ ਕੀਤੇ ਹੋਏ ਸਨ, ਪਰ ਕੋਟ ਪਰਕਾ ਠੰਡ ਰੋਕਣ ਤੋਂ ਅਸਮਰਥ ਜਾਪ ਰਿਹਾ ਸੀ|
ਬਰਫ਼ ਦੇ ਫੰਬੇ ਲਗਾਤਾਰ ਡਿੱਗ ਰਹੇ ਸਨ|
ਜਦੋਂ ਅਸੀਂ ਤੋਪਖਾਨੇ ਵਾਲਿਆਂ ਦੇ ਟਿਕਾਣੇ ਉਤੇ ਪਹੁੰਚੇ ਤਾਂ ਅਸੀਂ ਹੈਰਾਨ ਹੋ ਕੇ ਵੇਖਿਆ ਤੋਪਖਾਨੇ ਦੇ ਸੈਨਿਕ ਬੈਰਕਾਂ ਤੋਂ ਬਾਹਰ ਕਤਾਰਾਂ ਬੰਨ੍ਹੀ ਖੜੇ ਸਨ| ਉਹਨਾਂ ਦੇ ਮੂੰਹ ਪਹਾੜ ਵੱਲ ਸਨ ਤੇ ਪਿੱਠਾਂ ਸਾਡੇ ਵੰਨੀ| ਉਹ ਸਾਰੇ ਇਕ ਵਿਸ਼ਾਲ ਪਹਾੜ ਦੀ ਟੀਸੀ ਵੱਲ ਵੇਖ ਰਹੇ ਸਨ| ਜਦੋਂ ਉਹਨਾਂ ਦੇ ਕੋਟ ਪਰਕਿਆਂ ਉਤੇ ਬਰਫ਼ ਕੁਝ ਵੱਧ ਜਮਾਂ੍ਹ ਹੋ ਜਾਂਦੀ ਸੀ ਤਾਂ ਉਹ ਸਰੀਰ ਛੰਡ ਕੇ ਬਰਫ਼ ਝਾੜ ਦਿੰਦੇ ਸਨ ਤੇ ਮੁੜ ਪਹਾੜ ਦੀ ਟੀਸੀ ਵੱਲ ਵੇਖਣ ਲੱਗ ਪੈਂਦੇ ਸਨ|
ਮੈਂ ਉਸ ਦਾਨਵ ਪਰਬਤ ਦੇ ਸਿਖ਼ਰ ਵੱਲ ਵੇਖਿਆ| ਉਸ ਪਹਾੜ ਦਾ ਸਿਖ਼ਰ ਬੱਦਲਾਂ ਵਿਚ ਗੁਆਚਾ ਹੋਇਆ ਸੀ| ਵਰ੍ਹ ਰਹੀ ਬਰਫ਼ ਨੇ ਵੀ ਨਜ਼ਰਾਂ ਸਾਹਵੇਂ ਚਿੱਟੀ ਚਾਦਰ ਤਾਣੀ ਹੋਈ ਸੀ| ਉਸ ਬੈਟਰੀ ਦਾ ਕਮਾਨ ਅਫਸਰ ਮੇਜਰ ਤੀਰਥ ਜਦੋਂ ਮਿਲਿਆ ਤਾਂ ਉਸ ਦੱਸਿਆ, “ਅਸੀਂ ਬੜੀ ਮੁਸੀਬਤ ਵਿਚ ਹਾਂ| ਇਸ ਪਹਾੜ ਦੇ ਉਪਰੋਂ ਨਿੱਕੇ-ਵੱਡੇ ਪੱਥਰ ਅਤੇ ਬੋਲਡਰ ਟੁੱਟ ਟੁੱਟ ਡਿੱਗ ਰਹੇ ਨੇ| ਨਿੱਕੇ ਪੱਥਰ ਤਾਂ ਰਾਹ ਵਿਚ ਹੀ ਰੁਕ ਜਾਂਦੇ ਨੇ, ਪਰ ਬੋਲਡਰ ਗੋਲੀ ਵਾਂਗ ਆਉਂਦੇ ਨੇ| ਜੇ ਕੋਈ ਲਪੇਟ ਵਿਚ ਆ ਜਾਵੇ ਤਾਂ ਖ਼ੈਰ ਨਹੀਂ|”
ਪਹਾੜ ਨੇ ਜਿੰਨਾ ਕੁ ਟੁੱਟਣਾ ਸੀ ਸ਼ਾਇਦ ਟੁੱਟ ਚੁੱਕਿਆ ਸੀ| ਉਸ ਵੇਲੇ ਪੱਥਰ ਨਹੀਂ ਸਨ ਡਿੱਗ ਰਹੇ|
ਮੇਜਰ ਤੀਰਥ ਮੈਨੁੰੂ ਨਾਲ ਲੈ ਕੇ ਅਫ਼ਸਰਜ਼ ਮੈੱਸ ਵੱਲ ਤੁਰ ਪਿਆ| ਜਾਂਦਿਆਂ-ਜਾਂਦਿਆਂ ਉਹਨੇ ਹੌਲਦਾਰ ਮੇਜਰ ਨੂੰ ਚਿਤਾਵਨੀ ਦਿੱਤੀ, “ਬੈਰਕਾਂ ਵਿਚ ਜਾਣ ਦੀ ਕਾਹਲੀ ਨਾ ਕਰਿਓ|”- “ਜੀ ਸਰ!”
ਅਫ਼ਸਰਜ਼ ਮੈੱਸ ਨਾਂ ਦੇ ਉਥੇ ਦੋ ਬੰਕਰਨੁਮਾ ਕਮਰੇ ਸਨ| ਮੇਰੇ ਡਰਾਈਵਰ ਨੇ ਖ਼ਾਲੀ ਬੰਕਰ ਵਿਚ ਮੇਰਾ ਸਾਮਾਨ ਟਿਕਾ ਦਿੱਤਾ| ਚਾਲੁੰਕਾ ਵਾਂਗੂੰ ਇਹ ਕਮਰੇ ਵੀ ਖਾਲੀ ਜੈਰੀਕੇਨਾਂ ਦੇ ਬਣੇ ਹੋਏ ਸਨ| ਮੈੱਸ ਦੀ ਰਸੋਈ ਦੀ ਇਕ ਕੰਧ ਬੋਲਡਰ ਵੱਜਣ ਨਾਲ ਡਹਿ ਚੁੱਕੀ ਸੀ ਤੇ ਉਸ ਕੰਧ ਦੇ ਜੈਰੀਕੇਨ ਦੂਰ ਤਕ ਖਿਲਰੇ ਹੋਏ ਸਨ|
“ਸ਼ੁਕਰ ਹੈ ਕੋਈ ਕੈਜੂਐਲਟੀ ਨਹੀਂ ਹੋਈ| ਮੈੱਸ ਸਟਾਫ਼ ਉਸ ਵੇਲੇ ਲੰਗਰ ਵਿਚ ਖਾਣਾ ਖਾਣ ਗਿਆ ਹੋਇਆ ਸੀ| ਮੇਜਰ ਤੀਰਥ ਨੇ ਦੱਸਿਆ, “ਮੈਨੂੰ ਤਾਂ ਲਗਦੈ, ਕੋਈ ਤੁਆਜ਼ਨ ਹਿਲਿਆ ਹੋਇਐ| ਮੈਂ ਡੇਢ ਵਰੇ੍ਹ ਤੋਂ ਇਥੇ ਹਾਂ, ਪਰ ਪਹਿਲੋਂ ਕਦੀ ਇਸ ਤਰ੍ਹਾਂਪਹਾੜ ਟੁੱਟ ਟੁੱਟ ਕੇ ਨਹੀਂ ਡਿੱਗੇ|”
ਰਾਤ ਬੇਚੈਨੀ ਭਰੀ ਸੀ| ਸਾਰਿਆਂ ਨੂੰ ਡਰ ਸੀ ਕਿ ਕਿਧਰੇ ਮੁੜ ਪਹਾੜ ਨਾ ਟੁੱਟਣ ਲੱਗ ਪੈਣ| ਪਰ ਵਰ੍ਹ ਰਹੀ ਬਰਫ਼ ਵਿਚ ਸੈਨਿਕ ਪੂਰੀ ਰਾਤ ਤਾਂ ਖਲੋਤੇ ਨਹੀਂ ਸਨ ਰਹਿ ਸਕਦੇ| ਹੌਲਦਾਰ ਮੇਜਰ ਸੀਤਾ ਰਾਮ ਨੇ ਸੰਤਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ ਦਿੱਤੀ ਤੇ ਜੁਆਨਾਂ ਨੂੰ ਬੈਰਕਾਂ ਵਿਚ ਜਾਣ ਲਈ ਕਹਿ ਦਿੱਤਾ|
ਮੈਂ ਉਦੋਂ ਗੂੜੀ ਨੀਂਦ ਵਿਚ ਸਾਂ| ਮੈਂ ਭਿਆਨਕ ਆਵਾਜ਼ ਸੁਣੀ ਤੇ ਅਬੜਵਾਹਿਆ ਉੱਠ ਬੈਠਾ| ਮੇਜਰ ਤੀਰਥ ਘਬਰਾਇਆ ਹੋਇਆ ਮੇਰੇ ਬੰਕਰ ਵਿਚ ਆਇਆ, “ਸਰ! ਉੱਠੋ! ਪੱਥਰ ਮੁੜ ਡਿੱਗਣ ਲੱਗ ਪਏ ਨੇ|”
ਮੈਂ ਕਾਹਲੀ ਨਾਲ ਬੰਕਰ ਵਿਚੋਂ ਬਾਹਰ ਨਿਕਲ ਆਇਆ| ਉਦੋਂ ਭਾਣਾ ਵਾਪਰ ਚੁਕਿਆ ਸੀ|
ਇਕ ਬਹੁਤ ਵੱਡਾ ਬੋਲਡਰ ਪਹਾੜ ਦੇ ਸਿਖਰ ਉੱਤੋਂ ਰਿੜਦਾ ਹੋਇਆ ਆਇਆ ਸੀ ਤੇ ਬੈਰਕ ਦੀ ਟੀਨ ਅਤੇ ਲੱਕੜ ਦੇ ਫੱਟਿਆਂ ਨੂੰ ਤੋੜਦਾ ਹੋਇਆ ਬਾਹਰ ਨਿਕਲ ਗਿਆ ਸੀ|
ਉਸ ਬੋਲਡਰ ਨੇ ਹੌਲਦਾਰ ਮੇਜਰ ਸੀਤਾ ਰਾਮ ਦਾ ਸਿਰ ਫੇਹ ਦਿੱਤਾ ਸੀ| ਬੋਲਡਰ ਦੇ ਨਾਲ ਰਿੜ੍ਹੇ ਪੱਥਰਾਂ ਨੇ ਹੋਰਾਂ ਨੂੰ ਸੱਟਾਂ ਮਾਰੀਆਂ ਸਨ| ਉਨਾਂ੍ਹ ਵਿਚੋਂ ਦੋ ਜਣੇ ਤਾਂ ਗੰਭੀਰ ਰੂਪ ਵਿਚ ਜ਼ਖਮੀ ਹੋਏ ਸਨ| ਉਹ ਬੇਹੋਸ਼ ਸਨ ,ਸ਼ਾਇਦ ਮਰ ਗਏ ਸਨ, ਪਰ ਸਾਰੇ ਉਹਨਾਂ ਦੇ ਜਿਊਂਦੇ ਹੋਣ ਦੇ ਭਰਮ ਵਿਚ ਰਹਿਣਾ ਚਾਹੁੰਦੇ ਸਨ|
ਉਸ ਵੇਲੇ ਰਾਤ ਦੇ ਗਿਆਰਾਂ ਵੱਜੇ ਹੋਏ ਸਨ| ਮੇਜਰ ਤੀਰਥ ਨੇ ਬ੍ਰਿਗੇਡ ਹੈਡਕੁਆਟਰਜ਼ ਨੂੰ ਵਾਇਰਲੈੱਸ ਰਾਹੀਂ ਦੁਰਘਟਨਾ ਦੀ ਖ਼ਬਰ ਭੇਜ ਦਿੱਤੀ| ਉਹਨਾਂ ਹਾਮੀ ਭਰੀ ਕਿ ਭਲਕੇ ਮੌਸਮ ਸਾਫ਼ ਹੋਣ ਦੀ ਸੂਰਤ ਵਿਚ ਦੋਹਾਂ ਜ਼ਖ਼ਮੀਆਂ ਨੂੰ ਹੈਲੀਕਾਪਟਰ ਰਾਹੀਂ ਬੇਸ ਦੇ ਹਸਪਤਾਲ ਪਹੁੰਚਾ ਦਿੱਤਾ ਜਾਵੇਗਾ| ਉਹਨਾਂ ਤਿੰਨ ਨੁਕਾਤੀ ਹੁਕਮ ਵੀ ਦਾਗਿਆ, ਕੰਪਨੀ ਫੌਰਨ ਉਹ ਥਾਂ ਵਿਹਲੀ ਕਰ ਦੇਵੇ ਕਿਉਂਕਿ ਉਸ ਤੋਂ ਵੱਡੀ ਦੁਰਘਟਨਾ ਵੀ ਵਾਪਰ ਸਕਦੀ ਸੀ| ਦਿਨ ਦੇ ਚੜ੍ਹਾਅ ਨਾਲ ਹੌਲਦਾਰ ਮੇਜਰ ਸੀਤਾ ਰਾਮ ਦਾ ਪੂਰੇ ਸਤਿਕਾਰ ਨਾਲ ਸਸਕਾਰ ਕਰ ਦਿੱਤਾ ਜਾਵੇ| ਦਿਨ ਵੇਲੇ ਬੈਟਰੀ ਦੇ ਨਵੇਂ ਟਿਕਾਣੇ ਲਈ ਥਾਂ ਲੱਭੀ ਜਾਵੇ|
ਗ਼ੈਰਵਾਜਬ ਹੁਕਮ ਦਾਗਣਾ ਕਿੰਨਾ ਆਸਾਨ ਸੀ| ਮੇਜਰ ਤੀਰਥ ਖਿਝਿਆ ਹੋਇਆ ਸੀ| ਦੋ ਨੁਕਤੇ ਤਾਂ ਭਲਕ ਤਕ ਮੁਲਤਵੀ ਹੋ ਸਕਦੇ ਸਨ, ਪਰ ਉਸ ਵੇਲੇ ਯੂਨਿਟ ਦੀ ਪਨਾਹ ਲਈ ਥਾਂ ਕਿਥੋਂ ਲੱਭੇ|
ਆਉਣ ਵਾਲੇ ਕੁਝ ਦਿਨਾਂ ਤਕ ਸੜਕ ਦੀ ਆਵਾਜਾਈ ਬਹਾਲ ਨਹੀਂ ਸੀ ਹੋ ਸਕਣੀ| ਸਮੱਸਿਆ ਦਾ ਇਹੋ ਹੀ ਇਕ ਹੱਲ ਸੀ ਕਿ ਸ਼ਿਔਕ ਦੇ ਪੁਲ ਉੱਤੇ ਆਸਣ ਜਮਾਅ ਲਿਆ ਜਾਵੇ|
ਪੁਲ ਉਤੇ ਲਗਪਗ ਚਾਰ ਚਾਰ ਫੁੱਟ ਬਰਫ਼ ਸੀ| ਉਸ ਬਰਫ਼ ਉੱਤੇ ਤਿਰਪਾਲਾਂ ਤੇ ਤਲਾਈਆਂ ਵਿਛਾ ਦਿੱਤੀਆਂ ਗਈਆਂ ਅਤੇ ਸਨੋਅ ਟੈਂਟ ਲਾ ਦਿੱਤੇ ਗਏ| ਉਸ ਬੈਟਰੀ ਦੀ ਨਫ਼ਰੀ ਲਈ ਓਨੇ ਕੁ ਤੰਬੂ ਬਹੁਤ ਥੋੜ੍ਹੇ ਸਨ, ਪਰ ਉਸ ਰਾਤ ਲਈ ਉਹ ਸਿਰ ਤਾਂ ਢੱਕ ਹੀ ਸਕਦੇ ਸਨ|
ਉਹ ਰਾਤ ਬਰਫ਼ ਦੀ ਰਾਤ ਸੀ ਤੇ ਸੀਤ ਹੋਣ ਲਈ ਉਸ ਬੈਟਰੀ ਦੇ ਸੈਨਿਕ ਸਨ|
ਦਿਨ ਚੜ੍ਹਿਆ ਤਾਂ ਚਾਰ ਚੁਫੇਰੇ ਜਿਵੇਂ ਚਿੱਟੀ ਕੂਚੀ ਫਿਰੀ ਹੋਈ ਸੀ| ਬਰਫ਼ ਦਾ ਆਲਮ ਉਸ ਵੇਲੇ ਸੈਨਿਕਾਂ ਦੇ ਮਨ ਵਰਗਾ ਸੀ|

ਪਿਛਲੇ ਦਿਨ ਦਾ ਥੱਕਿਆ ਹੋਇਆ ਮੌਸਮ ਚੁੱਪ ਸੀ, ਪਰ ਧੁੰਦ ਬਹੁਤ ਗੂੜ੍ਹੀ ਸੀ|

ਦਿਨ ਕੁਝ ਉਪਰ ਹੋਇਆ ਤਾਂ ਧੁੰਦ ਹੋਰ ਸੰਘਣੀ ਹੋ ਗਈ| ਤੋਪਖਾਨੇ ਵਾਲਿਆਂ ਸੜਕ ਤੋਂ ਹੇਠਾਂ ਉੱਤਰ ਕੇ ਸ਼ਿਔਕ ਦੇ ਕਿਨਾਰੇ ਲਾਸ਼ ਦਾ ਸਸਕਾਰ ਕਰਨ ਲਈ ਥਾਂ ਲੱਭ ਲਈ, ਪਰ ਚਿਤਾ ਚਿਣਨ ਲਈ ਲੱਕੜਾਂ ਕਿਥੇ ਸਨ?
ਉਥੇ ਜਿੰਨੇ ਵੀ ਸੈਨਿਕ ਮਰਦੇ ਸਨ, ਉਹਨਾਂ ਸਾਰਿਆਂ ਲਈ ਲੱਕੜਾਂ ਦੀ ਲੋੜ ਨਹੀਂ ਸੀ ਪੈਂਦੀ| ਸਿਆਚਨ ਗਲੇਸ਼ੀਅਰ ਦੇ ਸੈਨਿਕਾਂ ਨੂੰ ਤਾਂ ਬਰਫ਼ ਪੂਰੇ ਅਦਬ ਨਾਲ ਸੰਭਾਲ ਲੈਂਦੀ ਸੀ| ਸ਼ਹੀਦਾਂ ਦੇ ਸਤਿਕਾਰ ਵਿਚ ਆਸਮਾਨ ਉੱਤੋਂ ਬਰਫ਼ ਦੇ ਫੁੱਲ ਡਿਗਦੇ ਸਨ|
ਹੇਠਲੇ ਖ਼ੇਤਰ ਵਿਚ ਸੈਨਿਕ ਟੁੱਟ ਰਹੇ ਪਹਾੜਾਂ ਹੇਠ ਦੱਬੇ ਜਾਂਦੇ ਸਨ, ਸ਼ਿਔਕ ਦਰਿਆ ਵਿਚ ਰੁੜ੍ਹ ਜਾਂਦੇ ਸਨ, ਜ਼ਖਮੀਆਂ ਤੇ ਬਿਮਾਰਾਂ ਨੂੰ ਇਲਾਜ ਲਈ ਫੌਜ ਦੇ ਹਸਪਤਾਲ ਵਿਚ ਭੇਜ ਦਿੱਤਾ ਜਾਂਦਾ ਸੀ| ਜਿਨ੍ਹਾਂ ਲਈ ਲੱਕੜਾਂ ਦਾ ਪ੍ਰਬੰਧ ਕਰਨ ਦੀ ਲੋੜ ਪੈਂਦੀ ਸੀ, ਉਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਰਹਿ ਜਾਂਦੀ ਸੀ|
ਪੁਰਾਣੇ ਦਿਨੀਂ ਫੌਜ ਵਿਚ ਕਦੀ ਲੱਕੜਾਂ ਦੀ ਥੋੜ ਨਹੀਂ ਸੀ ਹੋਈ| ਸੈਨਿਕਾਂ ਲਈ ਭੋਜਨ ਲੱਕੜਾਂ ਬਾਲ ਕੇ ਹੀ ਤਿਆਰ ਕੀਤਾ ਜਾਂਦਾ ਸੀ| ਹੁਣ ਫੌਜ ਵਿਚ ਲੱਕੜ ਨਹੀਂ ਸੀ ਆਉਂਦੀ| ਭੋਜਨ ਪਕਾਉਣ ਲਈ ਵੱਡੇ ਵੱਡੇ ਸਟੋਵ ਸਨ| ਉਹਨਾਂ ਚੁਲਿ੍ਹਆਂ ਵਿਚ ਮਿੱਟੀ ਦਾ ਤੇਲ ਬਲਦਾ ਸੀ|
ਹੌਲਦਾਰ ਮੇਜਰ ਸੀਤਾ ਰਾਮ ਦੇ ਸਸਕਾਰ ਲਈ ਲੱਕੜਾਂ ਕਿਥੋਂ ਆਉਣਗੀਆਂ? ਮੇਜਰ ਤੀਰਥ ਦੇ ਮੱਥੇ ਉਤੇ ਚਿੰਤਾ ਦੀਆਂ ਲਕੀਰਾਂ ਗੂੜ੍ਹੀਆਂ ਹੋ ਗਈਆਂ| ਉਹਨੇ ਜਿਵੇਂ ਅਪਣੇ ਆਪ ਨਾਲ ਗੱਲ ਕੀਤੀ, “ਜੇ ਚਿਤਾ ਲਈ ਤੌਪਾਂ ਦੇ ਗੋਲਿਆਂ ਵਾਲੀਆਂ ਪੇਟੀਆਂ ਤੋੜ ਕੇ ਵਰਤ ਲਈਏ ਤਾਂ ਸ਼ਾਇਦ ਸਰ ਜਾਊ, ਪਰ ਅਸੀਂ ਗੋਲੇ ਕਿਥੇ ਰੱਖਾਂਗੇ?”
“ਅਪਣੇ ਕੋਲ ਹੋਰ ਕੋੱਈ ਰਾਹ ਵੀ ਤਾਂ ਨਹੀਂ|” ਮੈਂ ਕਿਹਾ| “ਪਿਛਲੇ ਮੁਆਇਨੇ ਵੇਲੇ ਕਮਾਂਡਰ ਬਹੁਤ ਨਰਾਜ਼ ਹੋਇਆ ਸੀ| ਉਹਨੇ ਵੇਖਿਆ, ਕੁਝ ਗੋਲਿਆਂ ਨੂੰ ਜੰਗਾਲ ਲੱਗਾ ਹੋਇਆ ਸੀ|” ਮੇਜਰ ਤੀਰਥ ਦੇ ਬੋਲਾਂ ਵਿਚ ਨਿਰਾਸਤਾ ਸੀ, “ਮੇਰੀ ਕਮਾਂਡ ਰੀਪੋਰਟ ਬ੍ਰਿਗੇਡ ਕਮਾਂਡਰ ਨੇ ਲਿਖਣੀ ਹੈ| ਮੈਂ ਤਾਂ ਮਾਰਿਆ ਜਾਊਂ|”
ਮੈਂ ਹੌਸਲਾ ਦਿੱਤਾ, “ਕੁਛ ਨਹੀਂ ਹੁੰਦਾ| ਕੀ ਪਤਾ ਮੁਆਇਨਾ ਕਦੋਂ ਹੋਵੇ| ਕੁਛ ਹਫਤੇ ਵੀ ਲੰਘ ਗਏ ਤਾਂ ਹੁਣ ਵਾਲਾ ਸਟਾਕ ਰੁਟੀਨ ਵਾਲੀ ਚਾਂਦਮਾਰੀ ਵਿਚ ਹੀ ਮੁੱਕ ਜਾਊ| ਫ਼ਿਕਰ ਕਾਹਦਾ ਹੈ| ਨਵਾਂ ਸਟਾਕ ਤਾਂ ਫਿਰ ਪੇਟੀਆਂ ਵਿਚ ਹੀ ਆਊ|”
ਮੇਜਰ ਤੀਰਥ ਦਾ ਮਨ ਕੁਝ ਇਹੋ ਜਿਹਾ ਠੁੰਮਣਾ ਹੀ ਭਾਲ ਰਿਹਾ ਸੀ| ਉਸ ਪਲ ਗੋਲਾ-ਬਾਰੂਦ ਵਾਲੇ ਬੰਕਰ ਵਿਚ ਤ੍ਰਿਪਾਲਾਂ ਵਿਛਾ ਕੇ ਗੋਲੇ ਚਿਣ ਦਿੱਤੇ ਗਏ| ਉਹਨਾਂ ਗੋਲਿਆਂ ਨੂੰ ਇਕ ਦੂਸਰੀ ਤ੍ਰਿਪਾਲ ਨਾਲ ਢੱਕ ਦਿੱਤਾ ਗਿਆ|
ਪੇਟੀਆਂ ਤੋੜ ਕੇ ਇੱਕਠੀ ਕੀਤੀ ਲੱਕੜ ਅੰਦਾਜ਼ੇ ਨਾਲੋਂ ਘੱਟ ਸੀ| ਨੇੜੇ ਹੀ ਮੇਰੀ ਯੂਨਿਟ ਦੇ ਖੱਚਰਾਂ ਦੀ ਇਕ ਟੁਕੜੀ ਦਾ ਟਿਕਾਣਾ ਸੀ| ਮੈਂ ਸੁਨੇਹਾ ਭੇਜ ਕੇ ਸੁੱਕੇ ਘਾਹ ਦੇ ਦੋ ਗੱਠੜ ਮੰਗਵਾ ਲਏ| ਲੰਗਰ ਕਮਾਂਡਰ ਨੇ ਭਵਿੱਖ ਦੇ ਕਿਸੇ ਵੱਡੇ ਖਾਣੇ ਲਈ ਘਿਓ ਜਮਾਂ ਕੀਤਾ ਹੋਇਆ ਸੀ| ਉਹ ਵੀ ਪੀਪਾ ਚੁੱਕ ਲਿਆਇਆ|
ਡਰਾਈਵਰ ਟਰੱਕਾਂ ’ਚੋਂ ਥੋੜ੍ਹਾ ਥੋੜ੍ਹਾ ਡੀਜ਼ਲ ਕੱਢ ਕੇ ਲੈ ਆਏ|
ਆਖ਼ਰੀ ਰੀਤਾਂ ਲਈ ਉਥੇ ਕੋਈ ਪੰਡਿਤ ਨਹੀਂ ਸੀ| ਇਕ ਜੁਆਨ ਨੂੰ ਕੁਝ ਸ਼ਲੋਕ ਜੁਬਾਨੀ ਯਾਦ ਸਨ| ਉਹਨੇ ਸ਼ਲੋਕ ਉਚਾਰੇ ਤੇ ਹੌਲਦਾਰ ਮੇਜਰ ਸੀਤਾ ਰਾਮ ਨੂੰ ਅਗਨ ਭੇਟ ਕਰ ਦਿੱਤਾ ਗਿਆ|
ਲੱਕੜ ਬਹੁਤ ਥੋੜ੍ਹੀ ਸੀ ਛੇਤੀ ਹੀ ਸੜ ਗਈ| ਓਨੀ ਕੁ ਅੱਗ ਉਸ ਸਰੀਰ ਨੂੰ ਸਿਰਫ਼ ਕੱਚਾ ਭੁੰਨਾ ਹੀ ਕਰ ਸਕੀ| “ਹੁਣ?” ਇਹ ਸਵਾਲ ਡਾਹਢਾ ਵੱਡਾ ਸੀ|
ਅਚਨਚੇਤੀ ਮੇਰਾ ਟਰੁਪ ਲੱਕੜਾਂ ਲੈ ਕੇ ਪਹੁੰਚ ਗਿਆ| ਉਹਨਾਂ ਕੋਲ ਲੱਕੜਾਂ ਪਤਾ ਨਹੀਂ ਕਿਹੜੇ ਵੇਲੇ ਦੀਆਂ ਪਈਆਂ ਹੋਈਆਂ ਸਨ|
ਚੌਥੇ ਉਤੇ ਉਹਨਾਂ ਫੁੱਲ ਚੁਗਣੇ ਸਨ, ਪਰ ਅਗਲੀ ਸਵੇਰ ਤੱਕ ਉਥੇ ਚਿਤਾ ਦਾ ਨਾਮੋ ਨਿਸ਼ਾਨ ਵੀ ਬਾਕੀ ਨਹੀਂ ਸੀ| ਸ਼ਿਔਕ ਦਰਿਆ ਦਾ ਚੜ੍ਹਾਅ ਫੁੱਲਾਂ ਨੂੰ ਰੋੜ ਕੇ ਲੈ ਗਿਆ ਸੀ|
ਦੁਪਹਿਰ ਵੇਲੇ ਹੈਲੀਕਾਪਟਰ ਦੀ ਪਹਿਲੀ ਉਡਾਨ ਆਈ| ਟੁੱਟੀ ਬੈਰਿਕ ਵਿਚ ਪਈਆਂ ਦੋਹਾਂ ਲਾਸ਼ਾਂ ਨੂੰ ਜਿੳਂੂਦੇ ਕਹਿ ਕੇ ਲੱਦ ਦਿੱਤਾ ਗਿਆ|
ਜਦੋਂ ਹੈਲੀਕਾਪਟਰ ਅੱਖਾਂ ਤੋਂ ਓਝਲ ਹੋ ਗਿਆ ਤਾਂ ਸਾਰਿਆਂ ਨੇ ਸੁੱਖ ਦਾ ਸਾਹ ਲਿਆ| ਅਸੀਂ ਮਨ ਹੀ ਮਨ ਡਰ ਰਹੇ ਸਾਂ ਜੇ ਉਹਨਾਂ ਦੋਹਾਂ ਸੈਨਿਕਾਂ ਦੇ ਮੋਏ ਹੋਏ ਹੋਣ ਦਾ ਪਤਾ ਲੱਗ ਗਿਆ ਤਾਂ ਲੱਕੜਾਂ ਕਿੱਥੋਂ ਲੈ ਕੇ ਆਵਾਂਗੇ|
ਹੈਲੀਕਾਪਟਰ ਦੀ ਅਗਲੀ ਉਡਾਣ ਕਮਾਂਡਰ ਤੇ ਡਿਪਟੀ ਕਮਾਂਡਰ ਨੂੰ ਲੈ ਕੇ ਪਹੁੰਚ ਗਈ| ਉਹਨਾਂ ਘੁੰਮ ਫਿਰ ਕੇ ਹਾਲਾਤ ਦਾ ਜਾਇਜ਼ਾ ਲਿਆ| ਟੁੱਟੀ ਹੋਈ ਬੈਰਿਕ ਵੇਖੀ ਤੇ ਫਿਰ ਆਪਸ ਵਿਚ ਕੁਝ ਸਲਾਹਾਂ ਕਰਨ ਲੱਗ ਪਏ|
ਇਹ ਮੇਰੀ ਯੂਨਿਟ ਨਹੀਂ ਸੀ, ਇਸ ਕਾਰਨ ਮੈਂ ਕਮਾਂਡਰ ਦੇ ਗੇੜੇ ਵੇਲੇ ਕੁਝ ਪਰ੍ਹਾਂ ਹੀ ਰਿਹਾ ਸਾਂ| ਕਮਾਂਡਰ ਦੀ ਨਜ਼ਰ ਮੇਰੇ ਉਤੇ ਪਈ ਤਾਂ ਉਸ ਹੈਰਾਨ ਹੋ ਕੇ ਪੁੱਛਿਆ “ਭੁੱਲਰ ਤੇਰੀ ਯੂਨਿਟ ਤਾਂ ਚਾਲੁੰਕਾ ਵਿਚ ਹੈ ਨਾ?”
“ਯੈੱਸ ਸਰ!”
“ ਤੂੰ ਇਥੇ ਕੀ ਕਰ ਰਿਹਾ ਏ?”
“ਸਰ ! ਮੈਂ ਤਾਂ ਛੁੱਟੀ ਚੱਲਿਆ ਸਾਂ ਕਿ ਰਾਹ ਵਿਚ ਹੀ ਅਟਕਣਾ ਪੈ ਗਿਆ|”
“ ਹੁਣ ਛੁੱਟੀ ਫੇਰ ਜਾਵੀਂ| ਆਵਾਜਾਈ ਚਾਲੂ ਹੁੰਦਿਆਂ ਕੁਝ ਦਿਨ ਲੱਗਣਗੇ| ਤੂੰ ਵਾਪਸ ਪਹੁੰਚ ਕੇ ਅਪਣਾ ਕੰਮ ਸੰਭਾਲ|
“ਯੈੱਸ ਸਰ!”
ਸੜਕ ਰਾਹੀਂ ਤਾਂ ਮੈਂ ਚਾਲੁੰਕਾ ਪਹੁੰਚ ਨਹੀਂ ਸਾਂ ਸਕਦਾ| ਉਥੋਂ ਤੁਰਨ ਵੇਲੇ ਕਮਾਂਡਰ ਨੇ ਮੈਨੂੰ ਅਪਣੇ ਨਾਲ ਆਉਣ ਲਈ ਕਿਹਾ| ਮੈਂ ਅਪਣੇ ਡਰਾਈਵਰ ਨੂੰ ਵਾਪਸੀ ਬਾਰੇ ਹਦਾਇਤ ਦੇ ਕੇ ਹੈਲੀਕਾਪਟਰ ਵਿਚ ਬੈਠ ਗਿਆ|
ਹੈਲੀਕਾਪਟਰ ਪਲਾਂ-ਛਿਣਾਂ ਵਿਚ ਹੀ ਮੈਨੂੰ ਚਾਲੁੰਕਾ ਲੈ ਗਿਆ ਮੈਨੂੰ ਹੈਲੀਪੈਡ ਉਤੇ ਉਤਾਰ ਕੇ ਹੈਲੀਕਾਪਟਰ ਵਾਪਸ ਥੌਇਸ ਵੱਲ ਮੁੜ ਗਿਆ|
ਮੇਰੀ ਗ਼ੈਰਹਾਜ਼ਰੀ ਵਿਚ ਰਿਸਾਲਦਾਰ ਹੋਸ਼ਿਆਰ ਸਿੰਘ ਨੇ ਇਕ ਚੰਗੇ ਸੈਨਿਕ ਵਾਂਗ ਹੁਕਮ ਦੀ ਤਾਮੀਲ ਕੀਤੀ ਸੀ| ਉਹਨੇ ਮੇਰੇ ਬੰਕਰ ਦੀਆਂ ਖੁੱਡਾਂ ਵਿਚ ਟੁੱਟਿਆ ਕੱਚ ਭਰਵਾ ਦਿੱਤਾ ਸੀ ਤੇ ਖੁੱਡਾਂ ਲਿੰਬੀਆਂ ਜਾ ਚੁੱਕੀਆਂ ਸਨ|
ਚੂਹੇ ਬੰਦਿਆਂ ਤੋਂ ਨਹੀਂ ਸਨ ਡਰਦੇ, ਉਹ ਸ਼ੀਸ਼ੇ ਦੀਆਂ ਕਿਰਚਾਂ ਤੋਂ ਡਰਦੇ ਸਨ| ਉਹ ਉਥੋਂ ਨੱਸ ਗਏ ਸਨ| ਰਿਸਾਲਦਾਰ ਹੋਸ਼ਿਆਰ ਸਿੰਘ ਦਾ ਖ਼ਿਆਲ ਸੀ ਕਿ ਚੂਹੇ ਏਨੀ ਛੇਤੀ ਪਿੱਛਾ ਛੱਡਣ ਵਾਲੇ ਜੀਵ ਨਹੀਂ ਸਨ| ਉਹ ਕੁਝ ਦਿਨਾਂ ਬਾਅਦ ਪਰਤ ਆਉਣਗੇ| ਫਿਲਹਾਲ ਮੈਂ ਬੰਕਰ ਵਿਚ ਸੁੱਖ ਦੀ ਨੀਂਦ ਸੌਣ ਲੱਗ ਪਿਆ ਸਾਂ|
ਸੜਕ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ਉਤੇ ਚੱਲ ਰਿਹਾ ਸੀ| ਲਗਦਾ ਸੀ ਛੁੱਟੀ ਜਾਣ ਵਾਲੇ ਛੇਤੀ ਹੀ ਥੌਇਸ ਵੱਲ ਤੁਰ ਪੈਣਗੇ|
ਮੈਂ ਟੀ.ਵੀ ਉਤੇ ਮੌਸਮ ਦਾ ਹਾਲ ਵੇਖਣ ਲੱਗ ਪਿਆ ਸਾਂ| ਮਾਲ ਵਾਹਕ ਜ਼ਹਾਜ਼ਾਂ ਦਾ ਆਉਣਾ ਜਾਣਾ ਮੌਸਮ ਨਾਲ ਜੁੜਿਆ ਹੋਇਆ ਸੀ| ਹੋਰ ਸਾਮਾਨ ਦੇ ਨਾਲ ਉਹ ਜਹਾਜ਼ ਚਿੱਠੀਆਂ ਲੈ ਕੇ ਵੀ ਆਉਂਦੇ ਸਨ| ਜਦੋਂ ਉਹ ਜਹਾਜ਼ ਵਾਪਸੀ ਦੀ ਉਡਾਣ ਭਰਦੇ ਸਨ ਤਾਂ ਅਪਣੇ ਨਾਲ ਸੈਨਿਕਾਂ ਦੇ ਸੁਪਨੇ ਲੈ ਕੇ ਵੀ ਉਡਦੇ ਸਨ, ਕੁਝ ਜਿਊਂਦੇ ਅਤੇ ਕੁਝ ਮੋਏ-ਅਧਮੋਏ ਸੁਪਨੇ| ਛੁੱਟੀ ਜਾ ਰਹੇ ਸੈਨਿਕ ਵੀ ਉਹਨਾਂ ਨਾਲ ਹੀ ਉਡਾਰੀ ਭਰਦੇ ਸਨ|
ਸੜਕ ਦੀ ਆਵਾਜਾਈ ਚਾਲੂ ਹੋਈ ਤਾਂ ਬ੍ਰਿਗੇਡ ਕਮਾਂਡਰ ਨੇ ਤਾਬੜਤੋੜ ਮੀਟਿੰਗ ਬੁਲਾ ਲਈ| ਮੈਂ ਆਪਣੀ ਛੁੱਟੀ ਦੇ ਕਾਗਜ਼-ਪੱਤਰ ਤਿਆਰ ਕਰਵਾਏ ਤੇ ਮੀਟਿੰਗ ਤੋਂ ਬਾਅਦ ਉਥੋਂ ਹੀ ਅੱਗੇ ਛੁੱਟੀ ਜਾਣ ਬਾਰੇ ਸੋਚ ਲਿਆ|
ਲੱਕੜਾਂ ਦੀ ਲੋੜ ਉਸ ਮੀਟਿੰਗ ਦਾ ਮੁੱਖ ਮੁੱਦਾ ਸੀ| ਇਹ ਪ੍ਰੇਸ਼ਾਨੀ ਸੈਕਟਰ ਦੇ ਸਾਰੇ ਕਮਾਨ ਅਫ਼ਸਰਾਂ ਦੀ ਸੀ| ਮੀਟਿੰਗ ਵਿਚ ਪਿਛਲੇ ਕੁਝ ਸਮੇਂ ਅੰਦਰ ਹੋਈਆਂ ਸੈਨਿਕਾਂ ਦੀਆਂ ਮੌਤਾਂ ਦੇ ਆਂਕੜੇ ਫਰੋਲੇ ਗਏ| ਜੇ ਇਕ ਮੁਰਦੇ ਦੇ ਸਸਕਾਰ ਲਈ ਸੱਤ ਮਣ ਲੱਕੜਾਂ ਚਾਹੀਦੀਆਂ ਸਨ ਤਾਂ ਲੱਕੜਾਂ ਦੀ ਕੁੱਲ ਲੋੜ ਕਿੰਨੀ ਬਣਦੀ ਸੀ| ਲੱਕੜਾਂ ਦੀ ਨਿੱਤ ਦੀ ਵਰਤੋਂ ਤੋਂ ਇਲਾਵਾ ਪੰਦਰਾਂ ਦਿਨਾਂ ਦਾ ਰੀਜਰਵ ਰੱਖਣ ਦੀ ਲੋੜ ਉਤੇ ਵੀ ਵਿਚਾਰ ਕੀਤਾ ਗਿਆ|
ਬਹੁਤ ਦੇਰ ਤੱਕ ਜ਼ਰਬਾਂ-ਤਕਸੀਮਾਂ ਹੁੰਦੀਆਂ ਰਹੀਆਂ ਤੇ ਫਿਰ ਫੌਰੀ ਡਿਮਾਂਡ ਭੇਜਣ ਦਾ ਹੁਕਮ ਹੋ ਗਿਆ|

ਮੈਂ ਉਹ ਰਾਤ ਥੋਇਸ ਵਿਚ ਹੀ ਕੱਟੀ ਤੇ ਅਗਲੀ ਸਵੇਰ ਜਹਾਜ਼ ਉਤੇ ਬੈਠ ਗਿਆ|

ਮੈਂ ਜਦੋਂ ਪਹਿਲੀ ਵਾਰ ਥੌਇਸ ਜਾਣ ਲਈ ਜਹਾਜ਼ ਵਿਚ ਬੈਠਾ ਸਾਂ ਉਦੋਂ ਜਹਾਜ਼ ਬਦਬੂਦਾਰ ਮੱਛੀਆਂ ਨਾਲ ਭਰਿਆ ਹੋਇਆ ਸੀ| ਹੁਣ ਛੁੱਟੀ ਮੁੱਕਣ ਪਿੱਛੋਂ ਮੈਂ ਮੁੜਿਆ ਤਾਂ ਜਹਾਜ਼ ਵਿਚ ਲੱਕੜਾਂ ਲੱਦੀਆਂ ਹੋਈਆਂ ਸਨ|
ਸੈਨਿਕਾਂ ਦੇ ਮੁਰਦੇ ਬਾਲਣ ਖਾਤਰ ਕੀਤੀ ਗਈ ਲੱਕੜਾਂ ਦੀ ਮੰਗ ਉਤੇ ਫੌਰਨ ਕਾਰਵਾਈ ਹੋਈ ਸੀ| ਲੱਕੜਾਂ ਦੇ ਲੱਦੇ ਹੋਏ ਜਹਾਜ਼ ਥੌਇਸ ਪਹੁੰਚਣ ਲੱਗ ਪਏ ਸਨ|
ਉਥੇ ਕੋਈ ਇਹੋ ਜਿਹੀ ਖੁਲ੍ਹੀ ਡੁਲ੍ਹੀ ਥਾਂ ਨਹੀਂ ਸੀ ਜਿੱਥੇ ਸਾਰੀਆਂ ਲੱਕੜਾਂ ਰੱਖੀਆਂ ਜਾ ਸਕਦੀਆਂ ਹੋਣ| ਭਲਾ ਕਿਥੇ ਰੱਖੀਆਂ ਹੋਣਗੀਆਂ ਉਹਨਾਂ ਹਜ਼ਾਰਾਂ ਮਣ ਲੱਕੜਾਂ ?
ਜਦੋਂ ਥੌਇਸ ਤੋਂ ਚਾਲੁੰਕਾ ਵੱਲ ਸੜਕ ਦਾ ਸਫ਼ਰ ਸ਼ੁਰੂ ਹੋਇਆਂ ਤਾਂ ਮੈਂ ਡੌਰ ਭੌਰ ਹੋਇਆ ਵੇਖਦਾ ਰਿਹਾ| ਉਹਨਾਂ ਸੜਕ ਦੇ ਪਹਾੜ ਵਲ ਦੇ ਕਿਨਾਰੇ ਨੂੰ ਲੱਕੜਾਂ ਰੱਖਣ ਵਾਲੀ ਥਾਂ ਮਿੱਥ ਲਿਆ ਸੀ| ਉਥੇ ਮੀਲਾਂ ਤੱਕ ਲੱਕੜਾਂ ਚਿਣੀਆਂ ਹੋਈਆਂ ਸਨ| ਲੱਕੜਾਂ ਦੇ ਰੱਖਣ ਨਾਲ ਤੰਗ ਸੜਕ ਹੋਰ ਸੌੜੀ ਹੋ ਗਈ ਸੀ| ਫੌਜੀ ਟਰੱਕਾਂ ਦਾ ਹੇਠਾਂ ਦਰਿਆ ਵੱਲ ਡਿੱਗਣ ਦਾ ਖ਼ਤਰਾ ਹੋਰ ਵਧ ਗਿਆ ਸੀ|
ਵੱਨ ਟੱਨ ਤੋਂ ਅੱਗੇ ਫੌਜੀ ਟਰੱਕਾਂ ਦੀ ਕਾਨਵਾਈ ਸੀ| ਕਿਸੇ ਨਵੀਂ ਯੂਨਿਟ ਦੇ ਸੈਨਿਕ ਅਗਲੇ ਮੋਰਚਿਆਂ ਵੱਲ ਕੂਚ ਕਰ ਰਹੇ ਸਨ| ਉਹ ਉਪਰਾਮ ਜਿਹੀਆਂ ਨਜ਼ਰਾਂ ਨਾਲ ਲੱਕੜਾਂ ਵੱਲ ਵੇਖ ਰਹੇ ਸਨ| ਸ਼ਾਇਦ ਉਹ ਸੋਚ ਰਹੇ ਹੋਣਗੇ ਕਿ ਲੱਕੜਾਂ ਬੱਸ ਉਂਝ ਹੀ ਉਥੇ ਪਈਆਂ ਹੋਈਆਂ ਸਨ| ਉਹ ਲੱਕੜਾਂ ਕਿਸੇ ਵਰਤੋਂ ਵਿਚ ਨਹੀਂ ਸਨ ਆਉਣੀਆਂ|
ਕੁਝ ਦਿਨਾਂ ਪਿੱਛੋਂ ਉਹ ਬੇਖ਼ਬਰ ਨਹੀਂ ਰਹਿਣਗੇ| ਉਹ ਜਦੋਂ ਵੀ ਇਥੋਂ ਲੰਘਣਗੇ ਤਾਂ ਇਹਨਾਂ ਲੱਕੜਾਂ ਵਿਚ ਮੌਤ ਦਾ ਚਿਹਰਾ ਵੇਖਣਗੇ ਤੇ ਫਿਰ ਅਗਲੇ ਮੋਰਚਿਆਂ ਵਿਚ ਉਸ ਚਿਹਰੇ ਨੂੰ ਕੋਲ ਬਿਠਾ ਲੈਣਗੇ|
ਉਸ ਰਾਹੋਂ ਗੁਜ਼ਰਦਿਆਂ ਮੈਂ ਬੇਨਾਮ ਸੈਨਿਕਾਂ ਦੇ ਸਿਵਿਆਂ ਲਈ ਚਿਣੀਆਂ ਹੋਈਆਂ ਲੱਕੜਾਂ ਵੇਖਦਾ ਸਾਂ| ਮੈਨੂੰ ਲਗਦਾ ਸੀ, ਮੇਰੇ ਹਿੱਸੇ ਦੀਆਂ ਲੱਕੜਾਂ ਉਹਨਾਂ ਲੱਕੜਾਂ ਵਿਚ ਹੀ ਸਨ|

ਉਥੇ ਹਰ ਸੈਨਿਕ ਨੂੰ ਇਹੋ ਲਗਦਾ ਸੀ|

24 ਜੁਲਾਈ 1990 ਦਾ ਫੌਜ ਤੋਂ ਮੇਰੀ ਰੁਖ਼ਸਤ ਦਾ ਦਿਨ ਸੀ|
ਫੌਜੀ ਵਰਦੀ ਮੈਂ ਸੰਦੂਕ ਵਿਚ ਸਾਂਭ ਦਿੱਤੀ|
ਜੰਗਲ ਬੂਟ ਮੈਂ ਕਿੱਟ ਵਿਚ ਰੱਖ ਲਏ|
ਉਹ ਜਿਹੜੇ ਚਿੱਪਰ ਚਿੱਪਰ ਟੁੱਟਦੇ ਰਹੇ ਸਨ, ਚਟਾਨ ਚਟਾਨ ਹੋ ਕੇ ਸ਼ਿਔਕ ਦਰਿਆ ਵਿਚ ਡੁਬਦੇ ਰਹੇ ਸਨ, ਉਦਾਸ ਸਨ, ਬਹੁਤ ਇਕੱਲੇ ਸਨ| ਜ਼ਿੰਦਗੀ ਦੇ ਲੇਖਾਂ ਤੋਂ ਊਣੇ, ਕਿਸੇ ਹਰੀ ਕਚੂਰ ਤਿੜ੍ਹ ਦੇ ਝਾਓਲੇ ਮਾਤਰ ਤੋਂ ਵੀ ਵਿਰਵੇ|
ਉਹ ਸਾਰੇ ਪਹਾੜ ਦੋ ਵਰ੍ਹੇ ਮੇਰੇ ਨਾਲ ਰਹੇ ਸਨ| ਮੈਂ ਉਹਨਾਂ ਪਹਾੜਾਂ ਨੂੰ ਅਲਵਿਦਾ ਕਹਿ ਦਿੱਤੀ। ਥੌਇਸ ਤੋਂ ਜਹਾਜ਼ ਵਿਚ ਬੈਠਣ ਵੇਲੇ ਮੈਂ ਗਲੇਸ਼ਲੀਅਰ ਦੇ ਸਿਰ ਉਤੇ ਬੈਠੀ ਕੁਦਰਤ ਨੂੰ ਕਿਹਾ, “ ਜਿਨ੍ਹਾਂ ਨੂੰ ਮੈਂ ਪਿੱਛੇ ਛੱਡ ਚਲਿਆ ਹਾਂ, ਉਹਨਾਂ ਉੱਤੇ ਮਿਹਰਬਾਨ ਰਹੀਂ| ਬਹੁਤ ਦੂਰ, ਜਿੱਥੇ ਘਰ ਨੇ, ਉੱਥੇ ਕੋਈ ਉਹਨਾਂ ਨੂੰ ਉਡੀਕ ਰਿਹਾ ਏ|
ਮੋਹਾਲੀ ਪਹੁੰਚ ਕੇ ਮੈਂ ਅਪਣੇ ਸ਼ਹਿਰ ਦੀ ਹਵਾ ਵਿਚ ਲੰਮਾਂ ਸਾਹ ਲਿਆ ਸੀ, ਹੁਣ ਮੇਰੇ ਕੋਲ ਹਰ ਦਿਨ ਦੇ ਚੌਵੀ ਘੰਟੇ ਹੋਇਆਂ ਕਰਨਗੇ| ਮੈਂ ਉਹਨਾਂ ਦਾ ਹਰ ਛਿਣ ਜੀਵਿਆ ਕਰਾਂਗਾ|
ਮੌਤ ਦੇ ਉਹ ਪਹਾੜ ਜਿਹੜੇ ਮੈਨੂੰ ‘ਅਲਫ਼ ਲੈਲਾ’ ਕਹਾਣੀਆਂ ਦੀ ਜਨਮ ਭੂਮੀ ਵਰਗੇ ਦਿਸਦੇ ਰਹੇ ਸਨ, ਉਹਨਾਂ ਨੇ ਮੈਨੂੰ ਜ਼ਿੰਦਗੀ ਦੇ ਚਾਅ ਦੀ ਸਮਝ ਦਿੱਤੀ ਸੀ|
ਉਹਨਾਂ ਪਹਾੜਾਂ ਨੇ ਹੀ ਮੈਨੂੰ ਦੱਸਿਆ ਸੀ ਕਿ ਬੰਦੇ ਨੂੰ ਜਿਊਣਾ ਚਾਹੀਦੈ, ਹਰ ਹਾਲ ਵਿਚ ਜਿਊਣਾ ਚਾਹੀਦੈ|

ਜਸਬੀਰ ਭੁੱਲਰ
ਜਸਬੀਰ ਭੁੱਲਰ ਪੰਜਾਬੀ ਦੇ ਕੁਝ ਵੱਖਰੇ ਕਿਸਮ ਦੇ ਲੇਖਕਾਂ ਵਿੱਚੋਂ ਹੈ। 23 ਸਾਲ ਫੌਜ ਵਿਚ ਸੇਵਾ ਕਰਨ ਤੋਂ ਬਾਅਦ ਉਹ ਕਰਨਲ ਰਿਟਾਇਰ ਹੋਏ। ਫੌਜੀ ਜੀਵਨ ਦੀਆਂ ਔਖੀਆਂ ਘਾਟੀਆਂ ਉਨ੍ਹਾਂ ਦੀਆਂ ਲਿਖਤਾਂ ਵਿਚ ਬੇਹੱਦ ਖ਼ੂਬਸੂਰਤ ਢੰਗ ਨਾਲ ਦਿਖਾਈ ਦਿੰਦੀਆਂ ਹਨ। 6 ਕਹਾਣੀ ਸੰਗ੍ਰਹਿ, 8 ਨਾਵਲ ਅਤੇ ਅਨੇਕ ਬਾਲ ਸਾਹਿਤ ਦੀਆਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਉਣ ਵਾਲੇ ਜਸਬੀਰ ਭੁੱਲਰ ਨੇ ਹਥਲੀ ਰੁਮਾਂਚਕ ਯਾਦ 'ਹੁਣ' ਦੇ ਪਾਠਕਾਂ ਲਈ ਉਚੇਚੀ ਲਿਖੀ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!