ਅਨਤੋਨੀਓ ਗ੍ਰਾਮਸ਼ੀ – ਮਨਮੋਹਨ

Date:

Share post:

‘ਸੱਚ ਕਹਿਣਾ ਹਮੇਸ਼ਾ ਹੀ ਇਨਕਲਾਬੀ ਹੁੰਦਾ ਹੈ’

ਅਨਤੋਨੀਓ ਗ੍ਰਾਮਸ਼ੀ (ਜਨਵਰੀ 23, 1891-ਅਪਰੈਲ 27, 1937) ਇਟਲੀ ਦਾ ਵੱਡਾ ਲੇਖਕ, ਰਾਜਨੀਤੀਵਾਨ ਅਤੇ ਰਾਜਨੀਤੀ ਦਾ ਸਿਧਾਂਤਕਾਰ ਸੀ। ਇਟਲੀ ਦੀ ਕਮਿਊਨਿਸਟ ਪਾਰਟੀ ਦੀ ਨੀਂਹ ਰੱਖਣ ਵਾਲਾ ਮੋਹਤਬਰ ਲੀਡਰ ਸੀ। ਇਟਲੀ ਦੇ ਤਾਨਾਸ਼ਾਹ ਮੋਸੋਲਿਨੀ ਦੀ ਫਾਸ਼ੀਵਾਦੀ ਸਰਕਾਰ ਨੇ ਉਸਨੂੰ ਕੈਦ ਕਰ ਲਿਆ। ਉਸਦੀਆਂ ਲਿਖਤਾਂ ਸਭਿਆਚਾਰਕ ਤੇ ਰਾਜਨੀਤਕ ਅਗਵਾਈ ਦੇ ਸਰੋਕਾਰਾਂ ਦਾ ਡੂੰਘਾ ਵਿਸ਼ਲੇਸ਼ਣ ਹਨ। ਉਹ ਮਾਰਕਸਵਾਦੀ ਪਰੰਪਰਾ ਦਾ ਬਹੁਤ ਹੀ ਮਹੱਤਵਪੂਰਣ ਮੂਲ ਚਿੰਤਕ ਹੈ ਤੇ ਆਪਣੇ ਸੰਕਲਪ ‘ਸਭਿਆਚਾਰਕ ਦਾਬੇ’(cultural hegemony) ਕਰਕੇ ਜਾਣਿਆ ਜਾਂਦਾ ਹੈ। ਇਹ ਉਹ ਸੰਕਲਪ ਹੈ ਜੋ ਕਿ ਪੂੰਜੀਵਾਦੀ ਸਮਾਜ ਨੂੰ ਬਣਾਉਣ ਅਤੇ ਕਾਇਮ ਰੱਖਣ ਦਾ ਸਾਧਨ ਮੰਨਿਆ ਗਿਆ ਹੈ। ਪੂੰਜੀਵਾਦ ਨਿਜ਼ਾਮ ਹਾਲਾਤ ਉਪਰ ਆਪਣਾ ਕੰਟਰੋਲ ਸਿਰਫ਼ ਹਿੰਸਾ, ਸਿਆਸੀ ਤੇ ਆਰਥਕ ਜਬਰ ਨਾਲ ਹੀ ਨਹੀਂ ਬਲਕਿ ਵਿਚਾਰਧਾਰਕ ਪੱਧਰ ’ਤੇ ਵੀ ਇਸ ਦਾਬੇ ਰਾਹੀਂ ਕਾਇਮ ਰੱਖਦਾ ਹੈ ਜਿਸ ਕਾਰਨ ਬੁਰਜੁਆਜ਼ੀ ਦੀਆਂ ਕੀਮਤਾਂ ਸਾਰਿਆਂ ਲਈ ‘ਆਮ ਸਮਝ’ (common sense) ਬਣ ਜਾਂਦੀਆਂ ਹਨ। ਇੰਝ ਇਕ ਸਹਿਮਤੀ ਦਾ ਸਭਿਆਚਾਰ ਵਿਕਸਤ ਹੁੰਦਾ ਹੈ ਜਿਸ ਵਿਚ ਕਾਮਾ ਵਰਗ ਆਪਣੀਆਂ ਚੰਗਿਆਈਆਂ ਨੂੰ ਬੁਰਜੁਆਜ਼ੀ ਦੀਆਂ ਤੇ ਬੁਰਜੁਆਜ਼ੀ ਦੀਆਂ ਚੰਗਿਆਈਆਂ ਨੂੰ ਆਪਣੀਆਂ ਬਣਾ ਕੇ ਇਨਕਲਾਬ ਦੇ ਰਾਹੇ ਪੈਣ ਦੀ ਬਜਾਏ ਯਥਾ ਸਥਿਤੀ ਨੂੰ ਕਾਇਮ ਰੱਖਦਾ ਹੈ।
ਕਾਮਾ ਵਰਗ ਨੂੰ ਜ਼ਰੂਰਤ ਹੈ ਕਿ ਉਹ ਆਪਣਾ ਸਭਿਆਚਾਰ ਆਪ ਵਿਕਸਤ ਕਰੇ। ਬੁਰਜੁਆਜ਼ੀ ਦੀਆਂ ਕੀਮਤਾਂ ਨੂੰ ਉਖਾੜ ਕੇ ਪਰ੍ਹਾਂ ਵਗਾਹ ਮਾਰੇ। ਇਸ ਤਰ੍ਹਾਂ ਕਰਕੇ ਸੋਸ਼ਿਤ ਅਤੇ ਦਮਿਤ ਜਮਾਤਾਂ ਨੂੰ ਤੇ ਨਾਲ ਹੀ ਬੌਧਿਕ ਵਰਗ ਨੂੰ ਪਰੋਲੋਤਾਰੀ ਰਾਜਨੀਤੀ ਵੱਲ ਖਿੱਚ ਸਕੇ।
ਲੇਨਿਨ ਦਾ ਵਿਚਾਰ ਸੀ ਕਿ ਸਭਿਆਚਾਰ ਸਿਆਸਤ ਦਾ ਸਹਾਇਕ ਹੈ ਪਰ ਗ੍ਰਾਮਸ਼ੀ ਦਾ ਕਹਿਣਾ ਸੀ ਕਿ ਜੇਕਰ ਸੱਤਾ ਹਾਸਲ ਕਰਨੀ ਹੈ ਤਾਂ ‘ਸਭਿਆਚਾਰਕ ਦਾਬਾ’ ਪਹਿਲਾਂ ਪ੍ਰਾਪਤ ਕਰਨਾ ਪਵੇਗਾ। ਇਸ ਲਈ ਤੰਗ ਆਰਥਕ ਹਿੱਤਾਂ ਤੋਂ ਉਪਰ ਉਠ ਕੇ ਬੌਧਿਕ ਤੇ ਨੈਤਿਕ ਲੀਡਰਸ਼ਿੱਪ ਤਿਆਰ ਕਰਨੀ ਪਵੇਗੀ ਜੋ ਸਾਰੀਆਂ ਸਮਾਜਕ ਤਾਕਤਾਂ ਨੂੰ ਇਕਜੁੱਟ ਕਰਕੇ ‘ਇਤਿਹਾਸਕ ਗੁੱਟ’ (historic bloc) ਬਣਾ ਸਕੇ। ਇਸ ਵਾਸਤੇ ਅਵਰ ਸੰਰਚਨਾਵਾਂ (superstructures) ਨੂੰ ਪਛਾਨਣਾ ਜ਼ਰੂਰੀ ਹੋਵੇਗਾ।

ਗ੍ਰਾਮਸ਼ੀ ਦੀ ਸੰਖੇਪ ਜੀਵਨੀ
ਗ੍ਰਾਮਸ਼ੀ ਦਾ ਜਨਮ ਇਟਲੀ ਦੇ ਟਾਪੂ ਸਾਰਦੀਨੀਆ ਵਿਚ ਐਲੇਸ ਨਾਮ ਦੇ ਕਸਬੇ ਵਿਚ ਹੋਇਆ। ਉਹ ਆਪਣੇ ਪਿਤਾ ਫਰਾਂਸੈਸਕੋ ਗ੍ਰਾਮਸ਼ੀ ਦੇ ਸੱਤਾਂ ਬੱਚਿਆਂ ਵਿਚੋਂ ਚੌਥੀ ਔਲਾਦ ਸੀ। ਉਸ ਦਾ ਪਿਤਾ ਸਰਕਾਰੀ ਦਫ਼ਤਰ ਵਿਚ ਕਲਰਕ ਸੀ। ਉਸਦਾ ਪਰਿਵਾਰ ਸ਼ਾਇਦ ਅਲਬਾਨੀਆ ਦੇ ਸ਼ਹਿਰ ਗਰਾਮਸ਼ ਨਾਲ ਸਬੰਧਤ ਹੋਣ ਕਾਰਨ ‘ਗ੍ਰਾਮਸ਼ੀ’ ਵਜੋਂ ਜਾਣਿਆ ਗਿਆ। ਮਾਂ ਦਾ ਨਾਂ ਸੀ ਗੁਇਸਪਿਨਾ ਮਾਰਸੀਆ। ਅਨਤੋਨੀਓ ਆਪਣੇ ਪਿਤਾ ਦੇ ਬਹੁਤ ਲਾਗੇ ਨਹੀਂ ਸੀ ਪਰ ਉਸਨੂੰ ਆਪਣੀ ਮਾਂ ਨਾਲ ਬੜਾ ਮੋਹ ਸੀ। ਮਾਂ ਦੀ ਕਹਾਣੀ ਸੁਣਾਉਣ ਦੀ ਕਲਾ ਤੇ ਮਜ਼ਾਕੀਆ ਲਹਿਜ਼ੇ ਦਾ ਗ੍ਰਾਮਸ਼ੀ ਦੇ ਸੁਭਾਅ ’ਤੇ ਬੜਾ ਡੂੰਘਾ ਪ੍ਰਭਾਵ ਪਿਆ।
ਉਹ ਆਪਣੇ ਛੇ ਭੈਣ ਭਰਾਵਾਂ ਵਿਚੋਂ ਆਪਣੀ ਛੋਟੀ ਭੈਣ ਤੇਰੇਸਿਨਾ ਨਾਲ ਸਾਹਿਤ ਦਾ ਸ਼ੌਕ ਸਾਂਝਿਆ ਕਰਦਾ। ਆਪਣੇ ਸਭ ਤੋਂ ਵੱਡੇ ਭਰਾ ਜੇਨਾਰੋ ਅਤੇ ਸਭ ਤੋਂ ਛੋਟੇ ਕਾਰਲੋ ਨਾਲ ਗ੍ਰਾਮਸ਼ੀ ਇਕ ਤਰ੍ਹਾਂ ਨਾਲ ਆਤਮਿਕ ਪੱਧਰ ’ਤੇ ਜੁੜਿਆ ਅਨੁਭਵ ਕਰਦਾ ਸੀ। ਜੇਨਾਰੋ ਦੇ ਬਹੁਤ ਬਚਪਨ ਤੋਂ ਹੀ ਸਮਾਜਵਾਦ ਨਾਲ ਜੁੜ ਜਾਣ ਨੇ ਅਨਤੋਨੀਓ ਦੀ ਰਾਜਨੀਤਕ ਸਮਝ ਅਤੇ ਵਿਕਾਸ ’ਤੇ ਮਹੱਤਵਪੂਰਨ ਪ੍ਰਭਾਵ ਪਾਇਆ।
1898 ਵਿਚ ਅਨਤੋਨੀਓ ਦੇ ਪਿਤਾ ਨੂੰ ਕਥਿਤ ਪ੍ਰਸ਼ਾਸਨਿਕ ਘੁਟਾਲੇ ਕਾਰਨ ਬਰਖਾਸਤ ਕਰ ਦਿੱਤਾ ਗਿਆ ਤੇ ਬਾਅਦ ਵਿਚ ਪੰਜ ਸਾਲ ਦੀ ਜੇਲ੍ਹ ਵੀ ਭੇਜ ਦਿੱਤਾ ਗਿਆ। ਉਸਤੋਂ ਥੋੜ੍ਹੀ ਦੇਰ ਬਾਅਦ ਹੀ ਮਾਂ ਗੁਇਸਪਿਨਾ ਆਪਣੇ ਸੱਤ ਬੱਚਿਆਂ ਨੂੰ ਲੈ ਕੇ ਸਾਰਦੀਨੀਆਂ ਟਾਪੂ ਦੇ ਕਈ ਪਿੰਡਾਂ ਵਿਚ ਮਾਰੀ ਮਾਰੀ ਫਿਰੀ। ਅੰਤ ਉਹ ਪੱਕੇ ਤੌਰ ’ਤੇ ਗਿਲਆਰਜ਼ਾ ਵਿਖੇ ਰਹਿਣ ਲੱਗ ਪਈ। ਇਥੇ ਹੀ ਅਨਤੋਨੀਓ ਨੇ ਸਕੂਲ ਦੀ ਮੁਢਲੀ ਪੜ੍ਹਾਈ ਕੀਤੀ। ਇਨ੍ਹਾਂ ਸੰਘਰਸ਼ ਦੇ ਦਿਨਾਂ ਦੌਰਾਨ ਹੀ, ਗਰੀਬੀ ਤੇ ਭੁੱਖਮਰੀ ਨਾਲ ਲੜਦਿਆਂ ਇਕ ਦਿਨ ਉਹ ਆਇਆ ਦੀ ਗੋਦੀ ’ਚੋਂ ਡਿੱਗ ਪਿਆ। ਉਸਦੇ ਪਰਿਵਾਰ ਦੇ ਦੱਸਣ ਅਨੁਸਾਰ ਇਸ ਡਿੱਗਣ ਕਾਰਨ ਹੀ ਉਸਨੂੰ ਕੁੱਬ ਪੈ ਗਿਆ ਤੇ ਉਸ ਦਾ ਵੱਧਣਾ ਹੀ ਰੁੱਕ ਗਿਆ। ਉਸਦੀ ਲੰਮਾਈ ਪੰਜ ਫੁੱਟ ਤੋਂ ਇਕ ਦੋ ਇੰਚ ਘੱਟ ਹੀ ਸੀ। ਸਾਰੀ ਉਮਰ ਸਿਹਤ ਪੱਖੋਂ ਉਸਦਾ ਹਾਲ ਮਾੜਾ ਹੀ ਰਿਹਾ। ਕੁੱਬੇ ਹੋਣ ਦੀ ਕਰੂਪਤਾ ਉਸਨੇ ਸਾਰੀ ਜ਼ਿੰਦਗੀ ਹੰਢਾਈ।
ਪਿਤਾ ਦੀ ਜੇਲ੍ਹ ਦੌਰਾਨ ਅਨਤੋਨੀਓ ਨੂੰ ਕਈ ਵਾਰ ਸਧਾਰਨ ਮਜ਼ਦੂਰੀ ਵੀ ਕਰਨੀ ਪਈ। 1904 ਵਿਚ ਉਸਦਾ ਪਿਤਾ ਰਿਹਾਅ ਹੋ ਗਿਆ। ਸਕੂਲ ਦੀ ਪੜਾ੍ਹਈ ਤੋਂ ਬਾਅਦ ਉਸਨੇ ਗਿਲਆਰਜ਼ਾ ਦੇ ਰਜਿਸਟਰੀ ਮਹਿਕਮੇ ਵਿਚ ਕੰਮ ਵੀ ਕੀਤਾ। ਉਸਨੇ ਪ੍ਰਾਈਵੇਟ ਪੱਧਰ ’ਤੇ ਆਪਣੀ ਪੜ੍ਹਾਈ ਜਾਰੀ ਰੱਖੀ। ਉਸਨੂੰ ਆਪਣੀ ਲਿਆਕਤ ਕਾਰਨ ਸਾਰੇ ਵਿਸ਼ਿਆਂ ਵਿਚੋਂ ਉਤਮ ਗਰੇਡ ਮਿਲਿਆ। ਗ੍ਰਾਮਸ਼ੀ ਨੇ ਕੈਰਾਲੀਆਰੀ ਵਿਚ ਆਪਣੀ ਸੈਕੰਡਰੀ ਦੀ ਪੜ੍ਹਾਈ ਕੀਤੀ। ਇੱਥੇ ਉਹ ਆਪਣੇ ਵੱਡੇ ਭਰਾ ਜੇਨਾਰੋ ਕੋਲ ਰਹਿੰਦਾ ਸੀ। ਇਥੇ ਹੀ ਉਹ ਪਹਿਲੀ ਵਾਰੀ ਕਾਮਾ ਵਰਗ ਦੇ ਸੰਗਠਤ ਖੇਤਰ ਨਾਲ ਸੰਪਰਕ ਵਿਚ ਆਇਆ। ਪਰ ਉਸ ਵੇਲੇ ਗ੍ਰਾਮਸ਼ੀ ਦੀ ਹਮਦਰਦੀ ਸਮਾਜਵਾਦ ਨਾਲ ਨਹੀਂ ਸੀ। ਉਸਨੂੰ ਉਸ ਵੇਲੇ ਦੇ ਸਾਰਦੀਨੀਆ ਦੇ ਕਿਸਾਨਾਂ ਤੇ ਖਾਣ-ਮਜ਼ਦੂਰਾਂ ਦੀਆਂ ਸਮਸਿਆਵਾਂ ਤੇ ਸੰਘਰਸ਼ ਦੀ ਚਿੰਤਾ ਸੀ ਜੋ ਤੇਜ਼ੀ ਨਾਲ ਉਤਰ ਵਿਚ ਹੋ ਰਹੇ ਉਦਯੋਗਿਕ ਵਿਕਾਸ ਕਾਰਨ ਅਣਗੋਲੇ ਤੇ ਨਜ਼ਰਅੰਦਾਜ਼ ਕੀਤੇ ਜਾ ਰਹੇ ਸਨ। ਉਹ ਉਸ ਸਮੇਂ ਸਾਰਦੀਨੀਆ ਦੇ ਰਾਸ਼ਟਰਵਾਦ ਦੇ ਸੰਘਰਸ਼ ਦਾ ਸਮਰੱਥਕ ਸੀ।
ਇਸ ਦੌਰਾਨ ਉਹ ਸਿਆਸੀ ਗਤੀਵਿਧੀਆਂ ਤੋਂ ਦੂਰ ਹੀ ਰਿਹਾ। ਇਹ ਉਸਦੇ ਸੰਘਰਸ਼ ਦੇ ਦਿਨ ਸਨ ਅਤੇ ਉਸਨੂੰ ਆਪਣੇ ਪਿਤਾ ਵੱਲੋਂ ਦਿੱਤੀ ਜਾਂਦੀ ਆਰਥਕ ਸਹਾਇਤਾ ’ਤੇ ਨਿਰਭਰ ਰਹਿਣਾ ਪੈ ਰਿਹਾ ਸੀ। ਇਹ ਵੀ ਉਸਨੂੰ ਕਦੇ ਕਦਾਈਂ ਮਿਲਦੀ ਸੀ। ਆਪਣੇ ਪਰਿਵਾਰ ਨੂੰ ਲਿਖੀਆਂ ਚਿੱਠੀਆਂ ਵਿਚ ਉਸਨੇ ਪਿਤਾ ਵੱਲੋਂ ਪੈਸੇ ਭੇਜਣ ਵਿਚ ਕੀਤੀ ਜਾਂਦੀ ਗ਼ੈਰਮੁਆਫ਼ੀ ਯੋਗ ਦੇਰੀ ਤੇ ਅਣਗਹਿਲੀ ਦਾ ਜ਼ਿਕਰ ਕੀਤਾ ਹੈ। ਉਸਦੀ ਸਿਹਤ ਵਿਗੜ ਗਈ ਸੀ। ਉਸ ਵੱਲੋਂ ਆਪਣੀ ਪਿਛਲੀ ਉਮਰੇ ਦਿਖਾਏ ਗਏ ਕੁਝ ਨਰਵਸ ਬ੍ਰੇਕਡਾਉਨ ਦੇ ਲੱਛਣ ਇਨ੍ਹਾਂ ਚਿੱਠੀਆਂ ਵਿਚ ਵੀ ਦਿਸ ਜਾਂਦੇ ਹਨ।
ਨੌਜਵਾਨ ਗ੍ਰਾਮਸ਼ੀ ਦੇ ਜੀਵਨ ਵਿਚ 1911 ਦਾ ਵਰ੍ਹਾ ਬੜਾ ਮਹੱਤਵਪੂਰਨ ਸੀ। ਕੈਗਲੀਆਰੀ ਲਿਜ਼ੀਅਮ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਸਨੂੰ ਜ਼ਰੂਰਤਮੰਦ ਵਿਦਿਆਰਥੀਆਂ ਦੀ ਸਾਰਦੀਨੀਆ ਦੀ ਰਾਜਾਸ਼ਾਹੀ ਵੱਲੋਂ ਦਿੱਤਾ ਜਾਂਦਾ ਟੂਰਿਨ ਯੂਨੀਵਰਸਿਟੀ ਵਿਚ ਵਜੀਫ਼ਾ ਮਿਲ ਗਿਆ। ਵਜੀਫ਼ਾ ਮਿਲਣ ਵਾਲੇ ਹੋਰ ਨੌਜਵਾਨ ਵਿਦਿਆਰਥੀਆਂ ਵਿਚ ਪਾਲਮੀਰੋ ਤੋਗਲੀਆਤੀ ਵੀ ਸੀ ਜੋ ਕਿ ਬਾਅਦ ਵਿਚ ਇਟਲੀ ਦੀ ਕਮਿਊਨਿਸਟ ਪਾਰਟੀ ਦਾ ਜਰਨਲ ਸੱਕਤਰ ਬਣਿਆ। ਇਸੇ ਯੂਨੀਵਰਸਿਟੀ ਵਿਚ ਉਹ ਐਂਜਲੋ ਤਾਸਕਾ ਤੇ ਹੋਰ ਕਈ ਸ਼ਖਸੀਅਤਾਂ ਨੂੰ ਮਿਲਿਆ, ਜਿਨ੍ਹਾਂ ਨਾਲ ਉਸਨੇ ਪਹਿਲਾਂ ਤਾਂ ਇਤਾਲਵੀ ਸੋਸ਼ਲਿਸਟ ਪਾਰਟੀ ਵਿਚ ਕੰਮ ਕੀਤਾ ਅਤੇ ਫਿਰ ਜਨਵਰੀ 1921 ਵਿਚ ਪਾਰਟੀ ਟੁੱਟ ਜਾਣ ਕਾਰਨ ਇਤਾਲਵੀ ਕਮਿਊਨਿਸਟ ਪਾਰਟੀ ਵੱਲੋਂ ਵਿੱਢੇ ਸੰਘਰਸ਼ ਵਿਚ ਹਿੱਸਾ ਲਿਆ।
ਟੂਰਿਨ ਵਿਚ ਉਸਨੇ ਇਤਾਲਵੀ ਤੇ ਵਿਸ਼ਵ ਸਾਹਿਤ ਪੜ੍ਹਿਆ ਅਤੇ ਭਾਸ਼ਾ ਵਿਗਿਆਨ ਵਿਚ ਡੂੰਘੀ ਦਿਲਚਸਪੀ ਲਈ। ਉਸਨੇ ਦੇਖਿਆ ਕਿ ਟੂਰਿਨ ਸ਼ਹਿਰ ਉਦਯੋਗੀਕਰਨ ਦੀ ਪ੍ਰਕਿਰਿਆ ’ਚੋਂ ਲੰਘ ਰਿਹਾ ਸੀ। ਫੀਅਟ, ਲਾਂਸੀਆ ਨਾਮੀ ਫੈਕਟਰੀਆਂ ਗਰੀਬ ਇਲਾਕਿਆਂ ’ਚੋਂ ਕਾਮਿਆਂ ਦੀ ਭਰਤੀ ਕਰ ਰਹੀਆਂ ਸਨ। ਉਦਯੋਗਿਕ ਵਿਕਾਸ ਨਾਲ ਟਰੇਡ ਯੂਨੀਅਨਾਂ ਵੀ ਸਥਾਪਤ ਹੋਈਆਂ। ਇੰਝ ਇਟਲੀ ਵਿਚ ਪਹਿਲਾ ਉਦਯੋਗਿਕ ਸਮਾਜਕ ਤਣਾਓ ਉਭਰਨਾ ਸ਼ੁਰੂ ਹੋਇਆ। ਗ੍ਰਾਮਸ਼ੀ ਦੀ ਇਨ੍ਹਾਂ ਘਟਨਾਕ੍ਰਮਾਂ ਵਿਚ ਡੂੰਘੀ ਸ਼ਮੂਲੀਅਤ ਸੀ। ਉਹ ਸਮਾਜਕ ਦਾਇਰਿਆਂ ਵਿਚ ਘੁੰਮਦਾ ਅਤੇ ਸਾਰਦੀਨੀਆ ਦੇ ਪਰਵਾਸੀਆਂ ਨੂੰ ਮਿਲਦਾ। ਜਿਸ ਨਾਲ ਉਸਦੀ ਆਪਣੇ ਪੁਸ਼ਤੈਨੀ ਸਭਿਆਚਾਰ ਨਾਲ ਸਾਂਝ ਦੀ ਨਿਰੰਤਰਤਾ ਬਣੀ ਰਹੀ। ਸਾਰਦੀਨੀਆ ਦੇ ਉਸਦੇ ਪੂਰਵਲੇ ਅਨੁਭਵਾਂ ਅਤੇ ਮੇਨਲੈਂਡ ਦੇ ਮਾਹੌਲ ਨੇ ਉਸਦੀ ਵਿਸ਼ਵ ਦ੍ਰਿਸ਼ਟੀ ਨੂੰ ਤਿੱਖਿਆਂ ਕੀਤਾ। 1913 ਦੇ ਅਖੀਰਲੇ ਦਿਨਾਂ ਵਿਚ ਉਹ ਇਤਾਲਵੀ ਸੋਸ਼ਲਿਸ਼ਟ ਪਾਰਟੀ ’ਚ ਪੱਕੇ ਤੌਰ ’ਤੇ ਸ਼ਾਮਲ ਹੋ ਗਿਆ।
ਯੂਨੀਵਰਸਿਟੀ ਵਿਚ ਮਾੜੀ ਸਿਹਤ ਕਾਰਨ ਉਸਨੂੰ ਕਈ ਮੁਸੀਬਤਾਂ ਝਲਣੀਆਂ ਪਈਆਂ ਪਰ ਕਈ ਅਧਿਆਪਕ ਜਿਵੇਂ ਭਾਸ਼ਾ ਵਿਗਿਆਨੀ ਮੈਤੀਓ ਬਰਤੋਲੀ, ਦਾਂਤੇ ਉਪਰ ਮਾਸਟਰੀ ਰੱਖਣ ਵਾਲਾ ਵਿਦਵਾਨ ਅੰਬਰਟੋ ਕੋਸਮੋ ਉਸਦੇ ਮਿੱਤਰ ਵੀ ਬਣ ਗਏ। ਆਪਣੀ ਪੜ੍ਹਾਈ ਵਿਚ ਪ੍ਰਤਿਭਾਸ਼ੀਲ ਹੋਣ ਦੇ ਬਾਵਜੂਦ, ਆਰਥਕ ਹਾਲਾਤ ਦੇ ਨਾਲ ਡਿਗ ਰਹੀ ਸਿਹਤ ਕਾਰਨ ਅਤੇ ਉਸਦੀਆਂ ਸਿਆਸੀ ਪ੍ਰਤੀਬੱਧਤਾਵਾਂ ਵਿਚ ਵਾਧਾ ਹੋਣ ਕਾਰਨ 1915 ਦੇ ਸ਼ੁਰੂਆਤੀ ਦਿਨਾਂ ਵਿਚ ਉਸਨੂੰ ਅੱਧ ਵਿਚਾਲੇ ਹੀ ਪੜ੍ਹਾਈ ਛੱਡਣੀ ਪਈ। ਹੁਣ ਤੱਕ ਉਸਨੇ ਇਤਿਹਾਸ ਤੇ ਦਰਸ਼ਨ ਵਿਚ ਚੌਖਾ ਗਿਆਨ ਹਾਸਲ ਕਰ ਲਿਆ ਸੀ। ਯੂਨੀਵਰਸਿਟੀ ਵਿਚ ਉਸਦਾ ਅਨਤੋਨੀਓ ਤੇ ਲੈਬਰੀਓਲਾ, ਰੂਡੋਲਫੋ ਮੰਡੋਲਫੋ, ਗਿਓਵਾਨੀ ਜੈਨਟਾਇਲ ਅਤੇ ਸਭ ਤੋਂ ਮਹੱਤਵਪੂਰਨ ਬੈਨਡੀਟੋ ਕ੍ਰੋਚਿ ਦੇ ਵਿਚਾਰਾਂ ਨਾਲ ਵਾਹ ਪਿਆ। ਕ੍ਰੋਚਿ ਉਸ ਸਮੇਂ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਇਤਾਲਵੀ ਬੁੱਧੀਜੀਵੀ ਸੀ। ਇਹ ਸਾਰੇ ਚਿੰਤਕ ‘ਹੀਗੇਲੀਅਨ ਮਾਰਕਸਵਾਦ’ ਨਾਲ ਜੁੜੇ ਸਨ ਜਿਸਨੂੰ ਲੈਬਰੀਓਲਾ ‘ਵਿਵਹਾਰਾਂ ਦਾ ਦਰਸ਼ਨ’ (Philosophy of Praxis) ਕਹਿੰਦਾ ਸੀ। ਭਾਵੇਂ ਕਿ ਬਾਅਦ ਵਿਚ ਇਸ ਮੁਹਾਵਰੇ ਦਾ ਪ੍ਰਯੋਗ ਗ੍ਰਾਮਸ਼ੀ ਨੇ ਵੀ ਜੇਲ ਦੀ ਸੈਂਸਰਸ਼ਿੱਪ ਤੋਂ ਬਚਣ ਲਈ ਕੀਤਾ ਪਰ ਇਸ ਵਿਚਾਰਧਾਰਾ ਨਾਲ ਉਸਦੇ ਸਬੰਧ ਸਾਰੀ ਉਮਰ ਅਸਪਸ਼ਟ ਹੀ ਰਹੇ।
1915 ਵਿਚ ਹੋਣਹਾਰ ਅਕਾਦਮਿਕ ਸਕਾਲਰ ਹੋਣ ਦੇ ਬਾਵਜੂਦ ਗ੍ਰਾਮਸ਼ੀ ਇਤਾਲਵੀ ਸੋਸ਼ਲਿਸ਼ਟ ਪਾਰਟੀ ਦਾ ਗਤੀਸ਼ੀਲ ਕਾਰਕੁੰਨ ਬਣ ਗਿਆ। ਇਸਦੇ ਨਾਲ ਹੀ ਉਸਨੇ ਪੱਤਰਕਾਰੀ ਨੂੰ ਕੈਰੀਅਰ ਵਜੋਂ ਚੁਣਿਆ। 1914 ਵਿਚ ਸਮਾਜਵਾਦੀ ਅਖ਼ਬਾਰ ‘Il Grido Del Popolo’ ਵਿਚ ਛੱਪਦੇ ਉਸਦੇ ਲੇਖਾਂ ਨੇ ਉਸਨੂੰ ਪਹਿਲਾਂ ਹੀ ਵਕਾਰੀ ਪੱਤਰਕਾਰ ਬਣਾ ਦਿੱਤਾ ਸੀ। 1916 ਵਿਚ ਉਹ ਸਮਾਜਵਾਦੀ ਪਾਰਟੀ ਦੇ ਅਖ਼ਬਾਰ ‘Avanti’ ਦੇ ਇੱਕ ਐਡੀਸ਼ਨ ਦਾ ਸਹਿ-ਸੰਪਾਦਕ ਬਣ ਗਿਆ। ਟੂਰਿਨ ਦੇ ਸਮਾਜਕ ਤੇ ਰਾਜਨੀਤਕ ਜੀਵਨ ਉਪਰ ਕੀਤੀਆਂ ਉਸ ਵੱਲੋਂ ਨਿਡਰ ਤੇ ਬੇਬਾਕ ਟਿੱਪਣੀਆਂ ਕਾਰਨ ਉਹ ਰਾਜਨੀਤੀ ਸਿਧਾਂਤਾ ਦਾ ਵੱਡਾ ਬੁਲਾਰਾ ਤੇ ਲੇਖਕ ਬਣ ਗਿਆ ਸੀ। ‘ਅਵਾਂਤੀ’ ਵਿਚ ਛੱਪਦੇ ਉਸਦੇ ਥੀਏਟਰ ਰੀਵੀਓ ਅਤੇ ਸਾਹਿਤਕ ਚਰਚਾਵਾਂ ਕਾਫ਼ੀ ਪ੍ਰਭਾਵਸ਼ਾਲੀ ਲਿਖਤਾਂ ਸਾਬਤ ਹੋਈਆਂ ਸਨ। ਉਹ ਕਾਮਿਆਂ ਦੇ ਸਟੱਡੀ ਸਰਕਲਾਂ ਵਿਚ ਕਈ ਸਾਹਿਤਕ ਵਿਸ਼ਿਆਂ ਜਿਵੇਂ ਰੋਮਾਂ ਰੋਲਾਂ ਦੇ ਨਾਵਲਾਂ, ਇਤਾਲਵੀ ਤੇ ਫਰਾਂਸਿਸੀ ਇਨਕਲਾਬਾਂ ਅਤੇ ਮਾਰਕਸ ਦੀਆਂ ਲਿਖਤਾਂ ’ਤੇ ਭਾਸ਼ਣ ਦਿੰਦਾ। ਪ੍ਰਿੰਡੈਲੋ ਦੀ ਨਾਟ ਕਲਾ ਨਾਲ ਸਬੰਧਤ ਲੇਖਾਂ ਵਿਚ ਉਸਨੇ ਖੇਤਰੀ ਲੋਕਬੋਧ ਤੇ ਸੁਬੋਧ ਦੇ ਤਣਾਓ ਦਾ ਵਿਸ਼ਲੇਸ਼ਣ ਕੀਤਾ। ਇਹ ਉਹ ਸਮਾਂ ਸੀ ਜਦੋਂ ਵਿਸ਼ਵ ਯੁੱਧ ਲੰਮਾ ਹੋ ਰਿਹਾ ਸੀ ਅਤੇ ਇਤਾਲਵੀ ਦਖਲਅੰਦਾਜ਼ੀ ਹੁਣ ਖੂਨੀ ਵਾਸਤਵਿਕਤਾ ਬਣ ਚੁੱਕੀ ਸੀ। ਇਸ ਦੌਰਾਨ ਗ੍ਰਾਮਸ਼ੀ ਨੇ ਕੁਝ ਦੁਚਿਤੀ ਵਾਲੀ ਪੁਜੀਸ਼ਨ ਅਖ਼ਤਿਆਰ ਕੀਤੀ ਕਿ ਇਤਾਲਵੀ ਸਮਾਜਵਾਦੀਆਂ ਨੂੰ ਇਸ ਦਖ਼ਲ ’ਚੋਂ ਪੈਦਾ ਹੋਈਆਂ ਇਤਾਲਵੀ ਭਾਵਨਾਵਾਂ ਨੂੰ ਕ੍ਰਾਂਤੀਕਾਰੀ ਮੌਕੇ ਵਜੋਂ ਲੈਣਾ ਚਾਹੀਦਾ ਹੈ ਨਾ ਕਿ ਇਸ ਨੂੰ ਸ਼ਾਵਨਵਾਦੀ ਦਿਸ਼ਾ ਵੱਲ ਖੜਨਾ ਚਾਹੀਦਾ ਹੈ।
1917 ਤੋਂ ਲੈ ਕੇ 1918 ਦੇ ਸਮੇਂ ਦੌਰਾਨ ਹੀ ਉਸਨੇ ਸਿਆਸੀ ਤੇ ਆਰਥਕ ਕੰਮਾਂ ਨੂੰ ਸਭਿਆਚਾਰਕ ਕਾਰਜਾਂ ਨਾਲ ਜੋੜ ਕੇ ਦੇਖਣਾ ਸ਼ੁਰੂ ਕੀਤਾ। ਇਥੋਂ ਹੀ ਉਸਨੇ ਟੂਰਿਨ ਵਿਖੇ ਪਰੋਲੋਤਾਰੀ ਸਭਿਆਚਾਰਕ ਐਸੋਸੀਏਸ਼ਨ ਬਣਾਈ। ਇਸ ਦੌਰਾਨ ਗ੍ਰਾਮਸ਼ੀ ਟੂਰਿਨ ਦੇ ਕਾਮਿਆਂ ਤੇ ਮਜ਼ਦੂਰਾਂ ਨੂੰ ਸੰਗਠਤ ਕਰਨ ਤੇ ਉਨ੍ਹਾਂ ਦੀ ਸਿਖਿਆ ਦੇ ਕੰਮਾਂ ਵਿਚ ਰੁਝਿਆ ਰਿਹਾ। 1916 ਵਿਚ ਉਸਨੇ ਰੋਮਾਂ ਰੋਲਾਂ, ਫਰਾਂਸੀਸੀ ਇਨਕਲਾਬ ਤੇ ਔਰਤਾਂ ਦੇ ਹੱਕਾਂ ਤੇ ਆਜ਼ਾਦੀ ਆਦਿ ਵਿਸ਼ਿਆਂ ਤੇ ਭਾਸ਼ਣ ਦਿੱਤੇ। ਅਗਸਤ 1917 ਵਿਚ ਇਨਕਲਾਬੀ ਦੰਗਿਆਂ ਮਗਰੋਂ ਹੋਈਆਂ ਸੋਸ਼ਲਿਸ਼ਟ ਲੀਡਰਾਂ ਦੀਆਂ ਗ੍ਰਿਫ਼ਤਾਰੀਆਂ ਵੇਲੇ ਤੱਕ ਗ੍ਰਾਮਸ਼ੀ ਟੂਰਿਨ ਦਾ ਵੱਡਾ ਸੋਸ਼ਲਿਸ਼ਟ ਰਹਿਨੁਮਾ ਬਣ ਚੁੱਕਾ ਸੀ। ਹੁਣ ਉਸਨੂੰ ਪਾਰਟੀ ਦੀ ਆਰਜ਼ੀ ਕਮੇਟੀ ਲਈ ਚੁਣ ਲਿਆ ਗਿਆ ਸੀ। ਇਸ ਦੇ ਨਾਲ ਨਾਲ ਉਹ ‘II Grido oel Popolo’ ਦਾ ਸੰਪਾਦਕ ਵੀ ਬਣਾ ਦਿੱਤਾ ਗਿਆ ਸੀ।
ਅਕਤੂਬਰ 1917 ਦੇ ਰੂਸੀ ਬਾਲਸ਼ਵਿਕ ਇਨਕਲਾਬ ਨੇ ਕ੍ਰਾਂਤੀਕਾਰੀ ਉਤਸ਼ਾਹ ਵਿਚ ਗਰਮੀ ਲਿਆ ਦਿੱਤੀ। ਇਸ ਤੋਂ ਬਾਅਦ ਦੀਆਂ ਯੁੱਧ ਦੀਆਂ ਘਟਨਾਵਾਂ ਤੇ ਗਤੀਵਿਧੀਆਂ ਨੂੰ ਉਸ ਨੇ ਬੜੇ ਲਾਗਿਓਂ ਵੇਖਿਆ। ਭਾਵੇਂ ਕਿ ਉਹ ਰੂਸੀ ਇਨਕਲਾਬ ਦੀ ਲੀਡਰਸ਼ਿੱਪ ਦੇ ਢੰਗਾਂ ਤੇ ਉਦੇਸ਼ਾਂ ਅਤੇ ਵਿਕਸਤ ਪੂੰਜੀਵਾਦੀ ਜਗਤ ਵਿਚਲੀ ਸਮਾਜਕ ਰੂਪਾਂਤਰਣ ਪ੍ਰਤੀ ਪੂਰੀ ਤਰ੍ਹਾਂ ਗੈਰ ਸਮੀਖਿਅਕ ਨਹੀਂ ਸੀ।

ਗ੍ਰਾਮਸੀ ਦੀ ਪਤਨੀ ਜੂਲੀਆ

ਅਪਰੈਲ 1919 ਵਿਚ ਗ੍ਰਾਮਸ਼ੀ ਨੇ ਐਂਜਲੋ ਟਾਸਕਾ, ਅੰਰਤੋ ਤੇਰਾਸ਼ਨੀ ਅਤੇ ਪਾਲਮੀਰੋ ਤੋਗਲੀਆਤੀ ਨਾਲ ਮਿਲ ਕੇ L Ordine Nuovo (ਪਹਿਲਾਂ ਸਪਤਾਹਕ ਤੇ ਬਾਅਦ ਵਿਚ ਦੋ ਮਾਸਕ) ਪਰਚਾ ਕੱਢਿਆ। ਇਹ ਪਰਚਾ ਆਉਣ ਵਾਲੇ ਪੰਜ ਸਾਲਾਂ ਲਈ ਇਟਲੀ ਵਿਚ ਖੱਬੇਪੱਖੀਆਂ ਦਾ ਰੈਡੀਕਲ ਤੇ ਕ੍ਰਾਂਤੀਕਾਰੀ ਪ੍ਰਭਾਵ ਵਜੋਂ ਸਥਾਪਤ ਹੋਇਆ। ਇਸ ਪਰਚੇ ਨੇ ਯੂਰਪ, ਸੋਵੀਅਤ ਯੂਨੀਅਨ ਤੇ ਅਮਰੀਕਾ ਵਿਚਲੀਆਂ ਸਿਆਸੀ ਤੇ ਸਾਹਿਤਕ ਗਤੀਵਿਧੀਆਂ ਵੱਲ ਖਾਸ ਤਵੱਜੋ ਦੇ ਕੇ ਬੜੇ ਕੀਮਤੀ ਤੇ ਪੜ੍ਹ ੇਜਾਣ ਵਾਲੇ ਵਿਸ਼ਲੇਸ਼ਣੀ ਲੇਖ ਪ੍ਰਕਾਸ਼ਤ ਕੀਤੇ। ਇਸੇ ਸਾਲ ਅਕਤੂਬਰ ਵਿਚ, ਕਈ ਧੜਿਆਂ ਵਿਚ ਵੰਡੀ ਹੋਣ ਦੇ ਬਾਵਜੂਦ ਸਮਾਜਵਾਦੀ ਪਾਰਟੀ ਦੀ ਅਗਵਾਈ ਦੀ ਵੱਡੀ ਅਕਸਰੀਅਤ ਤੀਜੀ ਇੰਟਰਨੈਸ਼ਨਲ ਵਿਚ ਸ਼ਾਮਲ ਹੋ ਗਈ। ਗ੍ਰਾਮਸ਼ੀ ਵਾਲੇ ਗਰੁੱਪ ਨੂੰ ਲੈਨਿਨ ਬਾਲਸ਼ਿਵਕਾਂ ਦੇ ਲਾਗੇ ਮੰਨਦਾ ਸੀ। ਇਸਨੂੰ ਅਮਾਡੀਓ ਬੋਰਡਿਗਾ ਦੇ ਖੱਬੇ ਪੱਖੀ ਅਤਿਵਾਦ ਵਾਲੇ ਵਿਰੋਧੀ ਪਾਰਲੀਮੈਂਟਰੀ ਪ੍ਰੋਗਰਾਮ ਦੀ ਖਿਲਾਫਤ ਲਈ ਹੱਲਾਸ਼ੇਰੀ ਵੀ ਮਿਲੀ। ਪਾਰਟੀ ਵਿਚ ਹੋ ਰਹੇ ਬਹੁਤ ਸਾਰੇ ਨੀਤੀਗਤ ਵਿਚਾਰ ਵਟਾਂਦਰਿਆਂ ਤੇ ਬਹਿਸ ਵਿਚ ਗ੍ਰਾਮਸ਼ੀ ਧੜੇ ਦੀ ਕਾਮਿਆਂ ਤੇ ਮਜ਼ਦੂਰਾਂ ਦੀ ਕੌਂਸਲ ਦੀ ਹਮਾਇਤ ਕਾਰਣ ਹੋਂਦ ਵੱਖਰੀ ਹੀ ਰਹੀ। ਇਹ ਧੜਾ 1919 ਤੇ 1920 ਦੀਆਂ ਵੱਡੀਆਂ ਹੜਤਾਲਾਂ ਕਾਰਨ ਆਪਣੇ ਆਪ ਹੀ ਬਣ ਗਿਆ। ਗ੍ਰਾਮਸ਼ੀ ਦਾ ਕਹਿਣਾ ਸੀ ਕਿ ਇਹ ਕੌਂਸਲਾਂ ਨਾਲ ਕਾਮੇ ਤੇ ਮਜ਼ਦੂਰ ਉਤਪਾਦਨ ਦੇ ਸੰਗਠਨ ਦੇ ਕੰਮ ਨੂੰ ਆਪਣੇ ਕੰਟਰੋਲ ਵਿਚ ਲੈ ਸਕਦੇ ਹਨ। ਭਾਵੇਂ ਕਿ ਉਸਦਾ ਵਿਸ਼ਵਾਸ ਸੀ ਕਿ ਉਸਦੀ ਇਸ ਵੇਲੇ ਲੈਨਿਨ ਦੀ ਨੀਤੀ ਅਨੁਸਾਰ ਅਪਣਾਈ ਗਈ ਪੋਜੀਸ਼ਨ ‘ਤੇ ਬੋਰਡਿਗਾ ਨੇ ਤਕੜਾ ਹਮਲਾ ਕੀਤਾ ਅਤੇ ਕਿਹਾ ਕਿ ਜੋਰਜ ਸੋਰੇਲ ਤੇ ਛੇਨੀਅਲ ਡੀਲੀਓਨ ਦੇ ਪ੍ਰਭਾਵਾਂ ਕਾਰਣ ਸਿੰਡੀਕੇਟ ਦੀਆਂ ਪ੍ਰਵਿਰਤੀਆਂ ਨਾਲ ਵਿਸ਼ਵਾਸਘਾਤ ਹੋ ਰਿਹਾ ਹੈ। ਅਪਰੈਲ 1920 ਤੱਕ ਟੂਰਿਨ ਦੇ ਕਾਮਿਆਂ ਦੀ ਹਾਰ ਹੋਣ ਤੱਕ ਕੌਂਸਲਾਂ ਦੇ ਹੱਕ ਵਿਚ ਬੋਲਣ ਵਾਲਾ ਗ੍ਰਾਮਸ਼ੀ ਹੁਣ ਕੱਲਾ ਕਾਰਾ ਰਹਿ ਗਿਆ ਸੀ। ਉਹ ਅਗਲੇ ਪੰਜ ਸਾਲਾਂ ਲਈ ਫੈਕਟਰੀ ਕੌਂਸਲ ਲਹਿਰ ਨੂੰ ਖੜਿਆਂ ਕਰਨ ਵਿਚ ਤੇ ਖਾੜਕੂ ਪੱਤਰਕਾਰੀ ਵਿਚ ਰੁੱਝ ਗਿਆ। ਇਸ ਰੁਝਾਨ ਕਾਰਨ ਇਤਾਲਵੀ ਸੋਸ਼ਲਿਸ਼ਟ ਪਾਰਟੀ ਦੀ ਜਨਵਰੀ 1921 ਦੀ ਲੈਵੀਰਨੋ ਕਾਂਗਰਸ ਵਿਚ ਉਸਦਾ ਪਾਰਟੀ ਵਿਚਲੀ ਕਮਿਊਨਿਸਟ ਅਕਲੀਅਤ ਨਾਲ ਜੁੜਨਾ ਸੁਭਾਵਕ ਸੀ। ਉਹ ਇਤਾਲਵੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ ਬਣ ਗਿਆ ਪਰ ਉਸਨੇ ਕਈ ਸਾਲਾਂ ਬਾਅਦ ਤੱਕ ਪਾਰਟੀ ਵਿਚ ਕੋਈ ਲੀਡਿੰਗ ਭੂਮਿਕਾ ਨਹੀਂ ਨਿਭਾਈ। ਫਾਸੀਵਾਦੀ ਲਹਿਰ ਦੇ ਆਉਣ ਤੋਂ ਪਹਿਲਾਂ ਉਹ ਇਤਾਲਵੀ ਖੱਬੇਪੱਖੀਆਂ ਦਾ ਸਭ ਤੋਂ ਪੂਰਵਗਿਆਨਕ ਸਮਝ ਵਾਲਾ ਵੱਡਾ ਪ੍ਰਤੀਨਿੱਧ ਸੀ ਜਿਸ ਨੇ ਕਈ ਮੌਕਿਆਂ ’ਤੇ ਇਹ ਭਵਿੱਖਬਾਣੀ ਕੀਤੀ ਸੀ ਕਿ ਜਿੰਨੀ ਦੇਰ ਤੱਕ ਮੋਸਲਿਨੀ ਦੇ ਉਭਾਰ ਵਿਰੁਧ ਇਕਜੁੱਟ ਹੋ ਕੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਹ ਇਤਾਲਵੀ ਪਰਜਾਤੰਤਰ ਤੇ ਇਤਾਲਵੀ ਸਮਾਜਵਾਦ ਲਈ ਬੜਾ ਘਾਤਕ ਸਿੱਧ ਹੋਵੇਗਾ ਤੇ ਵੱਡੀ ਹਾਰ ਦਾ ਕਾਰਨ ਬਣੇਗਾ।
ਗ੍ਰਾਮਸ਼ੀ ਨੇ 1921 ਤੋਂ ਲੈ ਕੇ 1926 ਤੱਕ ਦੇ ਸਮੇਂ ਨੂੰ ‘ਲੋਹੇ ਤੇ ਅੱਗ ਦੇ ਸਾਲ’ (years of iron and fire) ਕਿਹਾ ਸੀ। ਇਹ ਸਮਾਂ ਬੜਾ ਘਟਨਾ ਭਰਪੂਰ ਤੇ ਗਤੀਵਿਧੀਆਂ ਨਾਲ ਭਰਪੂਰ ਰਿਹਾ। ਉਸਨੇ ਇਸ ਦੌਰਾਨ ਕਮਿਊਨਿਸਟ ਇੰਟਰਨੈਸ਼ਨਲ (ਮਈ 1922-ਨਵੰਬਰ 1923) ਵਿਚ ਇਤਾਲਵੀ ਡੈਲੀਗੇਟ ਵਜੋਂ ਭਾਗ ਲੈਂਦਿਆਂ ਮਾਸਕੋ ਵਿਖੇ ਡੇਢ ਸਾਲ ਦਾ ਸਮਾਂ ਬਿਤਾਇਆ। ਅਪਰੈਲ 1924 ਵਿਚ ਉਹ ਚੈਂਬਰ ਆਫ਼ ਡਿਪਟੀਜ਼ ਦਾ ਮੈਂਬਰ ਚੁਣਿਆ ਗਿਆ। ਇਸ ਦੌਰਾਨ ਉਹ ਪੀ.ਸੀ.ਆਈ ਦਾ ਜਨਰਲ ਸਕੱਤਰ ਵੀ ਬਣਿਆ।
ਇਸ ਦੌਰਾਨ ਉਸਦਾ ਨਿੱਜੀ ਜੀਵਨ ਵੀ ਅਨੁਭਵ ਭਰਪੂਰ ਰਿਹਾ ਤੇ ਕਈ ਮਹੱਤਵਪੂਰਨ ਘਟਨਾਵਾਂ ਵੀ ਵਾਪਰੀਆਂ। ਰੂਸੀ ਕਮਿਊਨਿਸਟ ਪਾਰਟੀ ਦੀ ਕਾਰਕੁੰਨ ਤੇ ਸ਼ੋਨੀਆ ਵਾਇਲਨਿਸਟ ਜੁਲੀਆ ਸੁਚੈਟ (1896-1980) ਨਾਲ ਮੁਲਾਕਾਤ ਹੋਈ, ਪ੍ਰੇਮ ਹੋਇਆ ਤੇ ਇਹ ਪ੍ਰੇਮ ਵਿਆਹੁਤਾ ਬੰਧਨ ਵਿਚ ਬੱਝ ਗਿਆ। ਅਨਤੋਨੀਓ ਤੇ ਜੁਲੀਆ ਦੇ ਦੋ ਪੁੱਤਰ ਹੋਏ। ਡੈਲੀਓ (1924-1981) ਤੇ ਗੀਉਲਿਆਨੋ (1926) । ਗੀਉਲਿਆਨੋ ਅੱਜ ਕੱਲ੍ਹ ਆਪਣੀ ਪਤਨੀ ਤੇ ਪੁੱਤਰ ਨਾਲ ਮਾਸਕੋ ਰਹਿ ਰਿਹਾ ਹੈ।
ਗ੍ਰਾਮਸ਼ੀ ਦੁਆਰਾ ਕਾਮਿਆਂ ਦੀਆਂ ਕੌਂਸਲਾਂ ਬਣਾਉਣ ਦੀ ਮੁਹਿੰਮ ਦੇ ਫੇਲ ਹੋ ਜਾਣ ’ਤੇ ਉਸਦਾ ਵਿਸ਼ਵਾਸ਼ ਹੋਰ ਦ੍ਰਿੜ ਹੋਇਆ ਕਿ ਇਤਾਲਵੀ ਕਮਿਊਨਿਸਟ ਪਾਰਟੀ ਨੂੰ ਲੈਨਿਨ ਦੀ ਲਾਈਨ ਅਨੁਸਾਰ ਢਾਲਣ ਦੀ ਜ਼ਰੂਰਤ ਹੈ।
ਜਨਵਰੀ 21, 1921 ਨੂੰ ਲਿਵੋਰੀਨੋ ਸ਼ਹਿਰ ਵਿਚ ਇਤਾਲਵੀ ਕਮਿਊਨਿਸਟ ਪਾਰਟੀ (ਪੀ.ਸੀ.ਆਈ.) ਦੀ ਨੀਂਹ ਰੱਖੀ ਗਈ। ਗ੍ਰਾਮਸ਼ੀ ਨੇ ਬੋਰਡਿਗਾ ਦੇ ਖਿਲਾਫ਼ ਖਾੜਕੂ ਫਾਸ਼ਿਸਟ ਵਿਰੋਧੀ ਧੜੇ (Arditi Del Popolo) ਦੀ ਹਮਾਇਤ ਕੀਤੀ। ਇਹ ਧੜਾ ਫਾਸ਼ੀ ਕਾਲੀਆਂ ਕੁੜਤੀਆਂ (Black Shirts) ਵਾਲਿਆਂ ਦਾ ਡੱਟ ਕੇ ਵਿਰੋਧ ਕਰਦਾ ਸੀ।
ਗ੍ਰਾਮਸ਼ੀ ਪਾਰਟੀ ਦਾ ਲੀਡਰ ਤਾਂ ਬਣ ਗਿਆ ਪਰ ਉਹ ਬੋਰਡਿਗਾ ਦੀ ਅਧੀਨਤਾ ਵਿਚ ਸੀ ਜਿਸ ਦਾ ਪਾਰਟੀ ਦੇ ਅਨੁਸ਼ਾਸਨ, ਕੇਂਦਰੀਵਾਦ, ਸਿਧਾਤਾਂ ਦੀ ਸ਼ੁੱਧਤਾ ਵਿਚ ਵਿਸ਼ਵਾਸ ਸੀ। ਬੋਰਡਿਗਾ ਦੀ ਲੀਡਰਸ਼ਿੱਪ ਵਿਚ ਇਹ ਅਧੀਨਤਾ 1924 ਤੱਕ ਹੀ ਬਣੀ ਰਹਿ ਸਕੀ ਕਿਉਂਕਿ ਇਸ ਤੋਂ ਬਾਅਦ ਬੋਰਡਿਗਾ ਕੋਲੋਂ ਪਾਰਟੀ ਦੀ ਵਾਗਡੋਰ ਖੁੱਸ ਗਈ ਸੀ। 1922 ਵਿਚ ਗ੍ਰਾਮਸ਼ੀ ਦਾ ਰੂਸੀ ਦੌਰਾ ਫਾਸੀਵਾਦ ਦੇ ਉਥਾਨ ਨਾਲ ਮੇਲ ਖਾ ਗਿਆ। ਗ੍ਰਾਮਸ਼ੀ ਪੀ.ਸੀ.ਆਈ ਲੀਡਰਸ਼ਿੱਪ ਦੀ ਇੱਛਾ ਦੇ ਬਰਖਿਲਾਫ਼ ਵਾਪਸ ਇਟਲੀ ਆ ਗਿਆ ਤਾਂ ਕਿ ਫਾਸ਼ੀਵਾਦ ਦੇ ਵਿਰੁਧ ਖੱਬੇਪੱਖੀ ਪਾਰਟੀਆਂ ਅਤੇ ਧੜਿਆਂ ਦਾ ਸਾਂਝਾ ਮੁਹਾਜ ਖੜ੍ਹਾ ਕੀਤਾ ਜਾ ਸਕੇ। ਆਦਰਸ਼ਕ ਰੂਪ ਵਿਚ ਇਸ ਮੁਹਾਜ ਦੇ ਕੇਂਦਰ ਵਿਚ ਤਾਂ ਪੀ.ਸੀ.ਆਈ ਹੀ ਸੀ, ਜਿਸ ਵਿਚ ਸਾਰੀਆਂ ਖੱਬੇਪੱਖੀ ਤਾਕਤਾਂ ਉਪਰ ਮਾਸਕੋ ਦਾ ਕੰਟਰੋਲ ਸੀ ਪਰ ਦੂਸਰੇ ਲੀਡਰਾਂ ਨੇ ਇਸ ਸੰਭਵ ਪ੍ਰਮੁੱਖਤਾ ਨੂੰ ਅਸਵੀਕਾਰ ਕੀਤਾ। ਸੋਸ਼ਿਲਿਸ਼ਟਾਂ ਦੀਆਂ ਇਟਲੀ ਵਿਚ ਕੁਝ ਖਾਸ ਪਰੰਪਰਾਵਾਂ ਸਨ। ਜਦੋਂਕਿ ਕਮਿਊਨਿਸਟ ਪਾਰਟੀ ਅਜੇ ਨਵੀਂ ਤੇ ਗਰਮ ਖਿਆਲਾਂ ਵਾਲੀ ਸੀ। ਬਹੁਤਿਆਂ ਦਾ ਵਿਸ਼ਵਾਸ ਸੀ ਕਿ ਕਮਿਊਨਿਸਟਾਂ ਵੱਲੋਂ ਇਸ ਸਾਂਝੇ ਮੁਹਾਜ ਨੂੰ ਚਲਾਉਣਾ ਔਖਾ ਕੰਮ ਹੈ ਕਿਉਂਕਿ ਇਹ ਸਿਆਸੀ ਵਿਚਾਰ ਚਰਚਾ ਨਹੀਂ ਕਰਦੇ ਸਨ। ਇਸੇ ਕਰਕੇ ਇਨ੍ਹਾਂ ਦੇ ’ਕੱਲਿਆਂ ਹੋ ਜਾਣ ਦਾ ਡਰ ਸੀ।
1922 ਦੇ ਅਖੀਰ ਤੇ 1923 ਦੇ ਸ਼ੁਰੂਆਤੀ ਦਿਨਾਂ ਵਿਚ ਮੋਸੋਲਿਨੀ ਸਰਕਾਰ ਨੇ ਵਿਰੋਧੀ ਪਾਰਟੀਆਂ ’ਤੇ ਜਬਰ ਦਾ ਦੌਰ ਆਰੰਭਿਆ। ਬਹੁਤ ਸਾਰੇ ਪੀ.ਸੀ.ਆਈ ਦੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਵਿਚ ਬੋਰਡਿਗਾ ਵੀ ਸ਼ਾਮਲ ਸੀ। 1923 ਦੇ ਅੰਤ ਵਿਚ ਗ੍ਰਾਮਸ਼ੀ ਨੇ ਮਾਸਕੋ ਤੋਂ ਵਿਆਨਾ ਦਾ ਦੌਰਾ ਕੀਤਾ ਅਤੇ ਧੜਿਆਂ ’ਚ ਵੰਡੀ ਪਾਰਟੀ ਨੂੰ ਮੁੜ ਜੋੜ ਕੇ ਇੱਕਠਿਆਂ ਕਰਨ ਦੀ ਕੋਸ਼ਿਸ਼ ਕੀਤੀ।
1924 ਵਿਚ ਗ੍ਰਾਮਸ਼ੀ ਨੂੰ ਪੀ.ਸੀ.ਆਈ ਦਾ ਮੁਖੀ ਵਜੋਂ ਮਨਜ਼ੂਰੀ ਮਿਲ ਗਈ। ਵੈਨੀਤੋ ਉਸਦਾ ਉਪ ਨੇਤਾ ਚੁਣਿਆ ਗਿਆ। ਰੋਮ ਵਿਚ ਰਹਿੰਦਿਆਂ ਗ੍ਰਾਮਸ਼ੀ ਨੇ ਪਾਰਟੀ ਦੇ ਅਖ਼ਬਾਰ ‘La Unita’ ਨੂੰ ਪ੍ਰਕਾਸ਼ਨ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਉਸਦਾ ਪਰਿਵਾਰ ਮਾਸਕੋ ਵਿਚ ਹੀ ਰਹਿ ਰਿਹਾ ਸੀ। ਜਨਵਰੀ 1926 ਵਿਚ ਲਿਓਨ ਕਾਂਗਰਸ ਵਿਚ ਗ੍ਰਾਮਸ਼ੀ ਦਾ ਪ੍ਰਸਤਾਵ ਪਾਰਟੀ ਨੇ ਆਪਣਾ ਲਿਆ ਕਿ ਇਟਲੀ ਵਿਚ ਪਰਜਾਤੰਤਰ ਦੀ ਮੁੜ ਬਹਾਲੀ ਲਈ ਸੰਯੁਕਤ ਫਰੰਟ ਬਣਾਇਆ ਜਾਵੇ।

ਮੈਸੋਲੀਨੀ ਤੇ ਹਿਟਲਰ-ਫਾਸ਼ੀ ਮਿੱਤਰਤਾ

1926 ਵਿਚ ਬਾਲਸ਼ਵਿਕ ਪਾਰਟੀ ਅੰਦਰ ਸਟਾਲਿਨ ਵੱਲੋਂ ਕੀਤੀਆਂ ਜਾ ਰਹੀਆਂ ਪੈਂਤੜੇਬਾਜ਼ੀਆਂ ਦੀਆਂ ਹਰਕਤਾਂ ਕਾਰਨ ਦੁਖੀ ਹੋ ਕੇ ਗ੍ਰਾਮਸ਼ੀ ਨੇ ਕੌਮੀਨਟਰਨ ਨੂੰ ਦੂਰਅੰਦੇਸ਼ੀ ਖ਼ਤ ਲਿਖਿਆ ਜਿਸ ਵਿਚ ਉਸਨੇ ਟ੍ਰਾਟਸਕੀ ਦੇ ਵਿਰੋਧ ਨੂੰ ਨਿੰਦਦਿਆਂ ਸਟਾਲਿਨ ਤੇ ਟ੍ਰਾਟਸਕੀ ਨੂੰ ਆਪਸੀ ਵਿਰੋਧਾਂ ਨੂੰ ਖਤਮ ਕਰਨ ਦੀ ਸਲਾਹ ਦਿੱਤੀ ਪਰ ਨਾਲ ਹੀ ਸਟਾਲਿਨ ਦੀਆਂ ਕੁਝ ਗਲਤੀਆਂ ਨੂੰ ਵੀ ਉਜਾਗਰ ਕੀਤਾ। ਮਾਸਕੋ ਵਿਚ ਪਾਰਟੀ ਦੇ ਪ੍ਰਤੀਨਿੱਧ ਤੋਗਿਲਆਤੀ ਨੂੰ ਇਹ ਖ਼ਤ ਮਿਲਿਆ। ਉਸਨੇ ਖੋਲ੍ਹ ਕੇ ਇਸਨੂੰ ਪੜ੍ਹਿਆ ਪਰ ਇਸ ਖ਼ਤ ਨੂੰ ਪਾਰਟੀ ਤੱਕ ਨਾ ਪਹੁੰਚਾਇਆ। ਇਸ ਗੱਲ ਨੇ ਗ੍ਰਾਮਸ਼ੀ ਤੇ ਤੋਗਿਲਆਤੀ ਵਿਚ ਬੜਾ ਮਨਮੁਟਾਵਾ ਪੈਦਾ ਕਰ ਦਿੱਤਾ ਜੋ ਅੰਤ ਤੱਕ ਕਦੇ ਵੀ ਪਰੂੀ ਤਰ੍ਹਾਂ ਨਹੀਂ ਸੁਲਝਿਆ। ਨਵੰਬਰ, 1926 ਫਾਸ਼ਿਸਟ ਸਰਕਾਰ ਨੇ ਇਟਲੀ ਵਿਚ ਐਮਰਜੰਸੀ ਕਾਨੂੰਨਾਂ ਦਾ ਨਵਾਂ ਦੌਰ ਆਰੰਭਿਆ। ਇਸ ਵਾਸਤੇ ਬਹਾਨਾ ਬਣਾਇਆ ਗਿਆ ਮੋਸੋਲਿਨੀ ’ਤੇ ਹੋਇਆ ਬਹੁਤ ਦਿਨ ਪਹਿਲਾਂ ਦਾ ਜਾਨਲੇਵਾ ਹਮਲਾ।
ਫਾਸੀਵਾਦੀ ਪੁਲੀਸ ਨੇ ਗ੍ਰਾਮਸ਼ੀ ਨੂੰ ਗ੍ਰਿਫ਼ਤਾਰ ਕਰਕੇ ਰੋਮ ਦੀ ਮਸ਼ਹੂਰ ਜੇਲ ਰਜੀਨਾ ਕੋਏਲੀ (Regina Coelie) ਵਿਚ ਲਿਆਂਦਾ ਗਿਆ। ਮੁਕੱਦਮੇ ਦੌਰਾਨ ਸਰਕਾਰੀ ਵਕੀਲ ਦਾ ਕਥਨ ਬੜਾ ਪ੍ਰਸਿੱਧ ਹੋਇਆ ਕਿ ‘ਵੀਹ ਸਾਲ ਲਈ ਇਸ ਦਿਮਾਗ ਨੂੰ ਨਕਾਰਾ ਕਰਨਾ ਬਹੁਤ ਜ਼ਰੂਰੀ ਹੈ।’
ਉਸੇ ਵੇਲੇ ਤਾਂ ਉਸਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾ ਕੇ ਉਸਟਿਕਾ ਦੇ ਦੁਰੇਡੇ ਟਾਪੂ ’ਤੇ ਭੇਜ ਦਿੱਤਾ ਗਿਆ। ਚਾਰ ਜੂਨ 1928 ਨੂੰ ਬਾਅਦ ਵਿਚ ਉਸਨੂੰ ਫਿਰ ਵੀਹ ਸਾਲ ਚਾਰ ਮਹੀਨੇ ਤੇ ਪੰਜ ਦਿਨ ਦੀ ਹੋਰ ਕੈਦ ਦੀ ਸਜ਼ਾ ਦੇ ਕੇ ਬਾਰੀ ਦੇ ਕੋਲ ਤੁਰੀ ਨਾਮੀ ਜੇਲ ਵਿਚ ਰੱਖਿਆ ਗਿਆ। ਜੂਨ 1928 ਤੋਂ 1933 ਤੱਕ ਇੱਥੇ ਉਸਦੀ ਸਭ ਤੋਂ ਲੰਮੀ ਕੈਦ ਸੀ। ਇਸ ਦੌਰਾਨ ਉਸਦੀ ਸਿਹਤ ਵਿਚ ਲਗਾਤਾਰ ਨਿਘਾਰ ਜਾਰੀ ਰਿਹਾ। ਉਸਨੂੰ ਸੈਲਾਂ ਵਿਚ ਬੰਦ ਰੱਖਿਆ ਜਾਂਦਾ ਸੀ ਜਿੱਥੇ ਬਹੁਤ ਘੱਟ ਨਿੱਜੀ ਸਹਾਇਤਾ ਮਿਲਦੀ ਸੀ। ਲੰਮੀ ਬਿਮਾਰੀ ਤੇ ਵਿਗੜਦੀ ਸਿਹਤ ਕਾਰਨ ਉਸਨੂੰ ਫੋਰਮੀਆ ਦੇ ਕਲੀਨਕ ਵਿਚ ਪੁਲੀਸ ਪਹਿਰੇ ਹੇਠ ਰੱਖਿਆ। ਅਗਸਤ 1935 ਵਿਚ ਇੱਥੋਂ ਉਸਨੂੰ ਰੋਮ ਦੇ ਕਿਊਸਿਸਆਨਾ ਹਸਪਤਾਲ ਵਿਚ ਭੇਜ ਦਿੱਤਾ ਗਿਆ ਪਰ ਇਥੇ ਵੀ ਪੁਲੀਸ ਦਾ ਪਹਿਰਾ ਜਾਰੀ ਰਿਹਾ।
ਇੱਥੇ ਉਸਨੇ ਆਪਣੀ ਉਮਰ ਦੇ ਆਖਰੀ ਦੋ ਸਾਲ ਗੁਜ਼ਾਰੇ। ਉਸਨੂੰ ਮਿਲਣ ਆਉਣ ਵਾਲਿਆਂ ਵਿਚੋਂ ਰੋਮ ਵਿਖੇ ਰਹਿੰਦੀ ਉਸਦੀ ਸਾਲੀ ਤਾਨੀਆ ਸੁਚੈਟ ਸੀ ਜੋ ਉਸਨੂੰ ਲਗਾਤਾਰ ਲਿਖਣ,ਪੜ੍ਹਨ ਦੀ ਸਮੱਗਰੀ ਪਹੁੰਚਾਂਦੀ ਸੀ। ਗ੍ਰਾਮਸ਼ੀ ਦੇ ਮਾਂ ਗੁਇਸਪਿਨਾ ਮਾਰਸੀਆ ਵਿਚ ਮਿਲਣ ਆਉਂਦੀ ਪਰ ਉਸਦੀ ਮੌਤ 1933 ਵਿਚ ਹੋ ਗਈ। ਉਸਦੇ ਭਰਾ ਕਾਰਲੋ, ਭੈਣਾਂ ਤ੍ਰੇਸਿਨਾ ਤੇ ਗ੍ਰਾਜ਼ਿਟਾ ਤੋਂ ਇਲਾਵਾ ਉਸਦਾ ਗੂੜਾ ਮਿੱਤਰ ਅਰਥਸ਼ਾਸ਼ਤਰੀ ਪੀਮਾਰੋ ਸਰਾਫ਼ਾ ਵੀ ਮਿਲਣ ਆਉਂਦਾ।ਸਰਾਫ਼ਾ ਆਪਣੇ ਨਿੱਜੀ ਪੈਸਿਆਂ ਤੇ ਸਬੰਧਾਂ ਨੂੰ ਵਰਤ ਕੇ ਗ੍ਰਾਮਸ਼ੀ ਨੂੰ ਲੋੜੀਂਦੀਆਂ ਕਿਤਾਬਾਂ ਤੇ ਪਤ੍ਰਿਕਾਵਾਂ ਪਹੁੰਚਾਉਂਦਾ ਸੀ। 1932 ਵਿਚ ਇਟਲੀ ਅਤੇ ਸੋਵੀਅਤ ਸਮਝੌਤਾ ਅਸਫ਼ਲ ਹੋ ਗਿਆ। 1934 ਵਿਚ ਗ੍ਰਾਮਸ਼ੀ ਦੀ ਸਿਹਤ ਜ਼ਿਆਦਾ ਹੀ ਖਰਾਬ ਹੋਣ ਤੋਂ ਬਾਅਦ ਕਿਊਸਿਸਆਨਾ ਫ਼ੋਰਮੀਆ ਆਦਿ ਹਸਪਤਾਲਾਂ ਵਿਚ ਇਲਾਜ ਦੌਰਾਨ ਜੇਲ ਤੋਂ ਬਾਹਰ ਆਉਣ ਤੋਂ ਕੁਝ ਅਰਸੇ ਮਗਰੋਂ ਹੀ 46 ਸਾਲ ਦੀ ਉਮਰ ਵਿਚ ਅਪਰੈਲ 27, 1937 ਨੂੰ ਉਸਦੀ ਮੌਤ ਹੋ ਗਈ। ਰੋਮ ਵਿਖੇ ਪ੍ਰੋਟੈਸਟੈਂਟ ਕਬਰਿਸਤਾਨ ਵਿਚ ਉਸਨੂੰ ਦਫ਼ਨਾ ਦਿੱਤਾ ਗਿਆ।
ਗ੍ਰਾਮਸ਼ੀ ਦੀਆਂ ਲਿਖਤਾਂ
ਅਨਤੋਨੀਓ ਗ੍ਰਾਮਸ਼ੀ ਦਾ ਜੇਲਾਂ ਵਿਚ ਬਿਤਾਇਆ ਸਮਾਂ ਬੌਧਿਕ ਪ੍ਰਾਪਤੀਆਂ ਦੇ ਨੁਕਤੇ ਤੋਂ ਬਹੁਤ ਹੀ ਮਹੱਤਵ ਪੂਰਣ ਰਿਹਾ। ਇਹ ਦੇਖ ਕੇ ਕਿ ਉਸਦੀ ਕਾਲ ਕੋਠੜੀ ਤੋਂ ਬੱਚ ਕੇ ਨਿਕਲ ਜਾਣ ਦੀ ਕੋਈ ਸੰਭਵਾਨਾ ਨਹੀਂ ਦਿਖਾਈ ਦਿੰਦੀ, ਉਸਨੇ ਲਿਖਣ ਪੜ੍ਹਨ ਦੀ ਇਕ ਵਿਸਤ੍ਰਿਤ ਯੋਜਨਾ ਬਣਾਈ। ਉਸ ਨੇ ਚਾਰ ਵਿਸ਼ਿਆਂ ਦੀ ਚੋਣ ਕੀਤੀ।

ਰੋਮ ਵਿਚ ਗ੍ਰਾਮਸ਼ੀ ਦੀ ਕਬਰ
  • ਇਟਲੀ ਵਿਚ ਬੁੱਧੀ ਵਰਗ ਦਾ ਵਿਕਾਸ।
  • ਪ੍ਰਿਨਡੈਲੋ ਦੀ ਨਾਟ ਕਲਾ।
  • ਭਾਸ਼ਾ ਵਿਗਿਆਨ ਦਾ ਤੁਲਨਾਤਮਕ ਅਧਿਐਨ।
  • ਸਾਹਿਤ ਵਿਚ ਲੋਕ ਚੇਤਨਾ ਦਾ ਵਿਕਾਸ।

ਜਿਉਂ ਜਿਉਂ ਉਸਦੇ ਅਧਿਐਨ ਵਿਚ ਗਤੀ ਆਈ, ਇਨ੍ਹਾਂ ਪ੍ਰਮੁੱਖ ਵਿਸ਼ਿਆਂ ਨਾਲ ਰਾਜਸੀ, ਸਮਾਜਕ, ਸਭਿਆਚਾਰਕ ਤੇ ਦਾਰਸ਼ਨਿਕ ਵਿਸ਼ੇ ਵੀ ਜੁੜਦੇ ਗਏ। ਮਾੜੀ ਸਿਹਤ, ਕੋਈ ਨਾ ਕੋਈ ਬਿਮਾਰੀ, ਭੈਣਾਂ ਭਰਾਵਾਂ ਦੀਆਂ ਤਕਲੀਫਾਂ ਕਾਰਨ ਦਰਪੇਸ਼ ਮਾਯੂਸੀ, ਪਤਨੀ ਦੀ ਮਾਨਸਿਕ ਬਿਮਾਰੀ ਤੋਂ ਉਪਜੀ ਚਿੰਤਾ, ਪੁੱਤਰਾਂ ਦੀ ਪੜ੍ਹਾਈ ਦਾ ਫ਼ਿਕਰ ਤੇ ਦੂਸਰਿਆਂ ਦੇ ਦੁੱਖਾਂ ਦੇ ਕਾਰਨ ਬਣਨ ਦਾ ਪਛਤਾਵਾ ਆਦਿ ਅਨੇਕ ਗੱਲਾਂ ਸਨ ਜੋ ਉਸਦੇ ਲਿਖਣ ਪੜ੍ਹਨ ਵਿਚ ਰੁਕਾਵਟਾਂ ਬਣਦੀਆਂ। ਅੱਠ ਸਾਲ ਮਰਨ ਕਿਨਾਰੇ ਪਹੁੰਚਿਆ ਗ੍ਰਾਮਸ਼ੀ ਜਦੋਂ ਬਾਹਰ ਆਇਆ ਤਾਂ ਉਸ ਕੋਲ 30 ਜੇਲ ਡਾਇਰੀਆਂ ਸਨ ਅਤੇ ਇਹ 2848 ਪੰਨਿਆਂ ’ਚ ਫੈਲਿਆ ਉਸਦੀਆਂ ਲਿਖਤਾਂ ਦਾ ਸਰਮਾਇਆ ਸੀ। ਇਨ੍ਹਾਂ ਨੂੰ ਦੂਜੀ ਸੰਸਾਰ ਜੰਗ ਤੋਂ ਬਾਅਦ ਬਾਹਰ ਲਿਆਂਦਾ ਗਿਆ। ਇਨ੍ਹਾਂ ਵਿਚ ਉਸਦੇ ਬੜੇ ਮਹੱਤਵਪੂਰਨ ਖ਼ਤ ਵੀ ਸ਼ਾਮਲ ਹਨ ਜੋ ਉਸਨੇ ਆਪਣੇ ਦੋਸਤਾਂ, ਰਿਸ਼ਤੇਦਾਰਾਂ, ਪਤਨੀ ਜੁਲੀਆ ਅਤੇ ਆਪਣੀ ਸਾਲੀ ਤਾਨੀਆ ਨੂੰ ਲਿਖੇ ਸਨ। ਰੋਮ ਵਿਚ ਰਹਿੰਦੀ ਤਾਨੀਆ ਉਸਦੇ ਜੇਲ ਦੇ ਦਿਨਾਂ ਵਿਚ ਉਸਦੇ ਨਾਲ ਲਗਾਤਾਰ ਸੰਪਰਕ ਵਿਚ ਰਹੀ। ਜੇਲ ਦੇ ਔਖੋ ਦਿਨਾਂ ਵਿਚ ਉਹ ਗ੍ਰਾਮਸ਼ੀ ਲਈ ਵੱਡਾ ਸਹਾਰਾ ਸੀ। ਭਾਵੇਂ ਕਿ ਗ੍ਰਾਮਸ਼ੀ ਦੀ ਯਾਦਸ਼ਕਤੀ ਬੜੀ ਚਮਤਕਾਰੀ ਸੀ ਪਰ ਇਹ ਕਹਿਣਾ ਸਹੀ ਹੋਵੇਗਾ ਕਿ ਉਸਦੇ ਦੋਸਤ ਪੀਅਰੋ ਸਰਾਫ਼ਾ ਦੀ ਸਹਾਇਤਾ ਤੋਂ ਬਿਨਾਂ ਤੇ ਤਾਨੀਆ ਵੱਲੋਂ ਨਿਭਾਈ ਗਈ ਵਿਚੋਲਗੀ ਵਾਲੀ ਭੂਮਿਕਾ ਤੋਂ ਬਿਨਾਂ ਗ੍ਰਾਮਸ਼ੀ ਦੀਆਂ ਜੇਲ ਡਾਇਰੀਆਂ ਅੱਜ ਸਾਡੇ ਤੱਕ ਨਾ ਪਹੁੰਚਦੀਆਂ। ਇਨ੍ਹਾਂ ਜੇਲ ਡਾਇਰੀਆਂ (prison diaries) ਵਿਚ ਗ੍ਰਾਮਸ਼ੀ ਨੇ ਇਤਾਲਵੀ ਇਤਿਹਾਸ ਤੇ ਰਾਸ਼ਟਰਵਾਦ, ਮਾਰਕਸਵਾਦੀ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ। ਉਸਦੀ ਕੁਝ ਸ਼ਬਦਾਵਾਲੀ ਤਾਂ ਖੱਬੇਪੱਖੀਆਂ ਦੀ ਜ਼ੁਬਾਨ ’ਤੇ ਚੜ੍ਹ ਗਈ ਹੈ ਜਿਵੇਂ ‘ਦਾਬਾ’ (Hegemoney) ਦਾ ਸੰਕਲਪ ਜੋ ਉਸਨੇ ਵਿਸ਼ਵ ਪੱਧਰ ’ਤੇ ਸਮਾਜਵਾਦ ਦੀ ਸਫ਼ਲਤਾ ਤੇ ਅਸਫ਼ਲਤਾ ਨੂੰ ਦਰਸਾਉਣ ਲਈ ਘੜਿਆ। ਉਸ ਦੇ ਘੜੇ ਕੁਝ ਮੁਹਾਵਰੇ ਤੇ ਸ਼ਬਦਾਵਲੀਆਂ ਵਿਚ ਜੈਵਿਕ ਬੌਧਿਕਤਾਵਾਦ (neoliberal thinking), ਰਾਸ਼ਟਰੀ ਪਾਪੂਲਰ (popular culture) ਇਤਿਹਾਸਕ ਗੁੱਟ (historic bloc) ਵੀ ਰਾਜਨੀਤਕ ਦਰਸ਼ਨ ਨੂੰ ਉਸਦੀਆਂ ਮੂਲ ਨਿਹਿਤ ਅਰਥ ਸੰਭਾਵਨਾਵਾਂ ਰਾਹੀਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸਮਝਣ ਵਿਚ ਸਹਾਈ ਹੁੰਦੀਆਂ ਹਨ।

ਜੌਰਜ ਹੇਗਲ-ਜਰਮਨ ਫਲਸਫੀ

ਉਸ ਵੱਲੋਂ ਸਥਾਪਤ ਕੀਤੀਆਂ ਕੁਝ ਧਾਰਨਾਵਾਂ ਨੂੰ ਇੰਝ ਵਰਗੀਕ੍ਰਿਤ ਕੀਤਾ ਗਿਆ ਹੈ।

  • ਸਭਿਆਚਾਰਕ ਦਾਬਾ ਪੂੰਜੀਵਾਦੀ ਸਟੇਟ ਨੂੰ ਬਣਾਏ ਅਤੇ ਕਾਇਮ ਰੱਖਣ ਲਈ ਇਕ ਸਾਧਨ ਹੈ।
  • ਕਾਮੇ ਤੇ ਮਜ਼ਦੂਰ ਵਰਗ ਵਿਚੋਂ ਬੌਧਿਕ ਵਿਕਾਸ ਲਈ ਉਨ੍ਹਾਂ ਦੀ ਵਿਦਿਆ ਦੇ ਨਾਲ ਸਿੱਖਿਆ ਦੇ ਪ੍ਰਸਾਰ ਦੀ ਬੇਹੱਦ ਜ਼ਰੂਰਤ ਹੈ।
  • ਰਾਜਨੀਤਕ ਸਮਾਜ (ਪੁਲੀਸ, ਸੈਨਾ ਤੇ ਨਿਆਂਇਕ ਪ੍ਰਣਾਲੀ) ਜੋ ਨਾਗਰਿਕ ਸਮਾਜ (ਪਰਿਵਾਰ, ਸਿਖਿਆ ਪ੍ਰਣਾਲੀ, ਟਰੇਡ ਯੂਨੀਅਨ ਆਦਿ) ਉਪਰ ਸਿੱਧੇ ਤੇ ਜਬਰੀ ਰੂਪ ਵਿਚ ਗਲਬਾ ਪਾਈ ਰੱਖਦਾ ਹੈ, ਉਹਦੀ ਲੀਡਰਸ਼ਿੱਪ ਵਿਚਾਰਧਾਰਾ ਤੇ ਸਹਿਮਤੀ ਦੇ ਸਾਧਨਾਂ ਰਾਹੀਂ ਹੀ ਬਣਾਈ ਜਾ ਸਕਣੀ ਹੀ ਸੰਭਵ ਹੈ।

ਮਾਰਕਸ ਤੇ ਏਂਗਲਜ਼ ਤੋਂ ਬਾਅਦ

ਮਾਰਕਸ ਤੇ ਏਂਗਲਜ਼ ਤੋਂ ਬਾਅਦ ਲੈਨਿਨ ਨੂੰ ਹੀ ਮੌਲਿਕ ਤੇ ਸ਼ਕਤੀਸ਼ਾਲੀ ਮਾਰਕਸਵਾਦੀ ਕਿਹਾ ਜਾਂਦਾ ਹੈ। ਪਰ ਗ੍ਰਾਮਸ਼ੀ ਦੇ ਚਿੰਤਨ ਵਿਚ ਇਨਕਲਾਬ ਦੀ ਤੀਬਰ ਭਾਵਨਾ ਤੇ ਅੰਤਰ ਦ੍ਰਿਸ਼ਟੀ ਪਾਈ ਜਾਂਦੀ ਹੈ। ਮਾਰਕਸਵਾਦ ਉਸ ਲਈ ਇਨਕਲਾਬੀ ਵਿਵਹਾਰ ਦਾ ਵਿਸ਼ਵ ਦਰਸ਼ਨ ਹੈ। ਉਹ ਮੰਨਦਾ ਹੈ ਕਿ ਕਾਮਾ ਅਤੇ ਮਜ਼ਦੂਰ ਵਰਗ ਅਪਣੀ ਮੁਕਤੀ ਆਪਣੀਆਂ ਹੀ ਰਾਜਨੀਤਕ ਗਤੀਵਿਧੀਆਂ ਰਾਹੀਂ ਪ੍ਰਾਪਤ ਕਰ ਸਕਦਾ ਹੈ।

ਲੈਨਿਨ ਵਾਂਗ ਗ੍ਰਾਮਸ਼ੀ ਵੀ ਅਰਾਜਵਾਦੀਆਂ(ਅੱਤਵਾਦੀਆਂ) ਦੀ ਅਲੋਚਨਾ ਕਰਦਾ ਹੈ। ਰਾਜ ਨੂੰ ਖਤਮ ਕਰ ਦੇਣ ਨਾਲ ਰਾਜ ਤੋਂ ਮੁਕਤੀ ਨਹੀਂ ਪਾਈ ਜਾ ਸਕਦੀ, ਪਹਿਲਾਂ ਤਾਂ, ਰਾਜ ਨੂੰ ਖਤਮ ਕਰਨ ਲਈ ਹੀ ਰਾਜ ਦੀ ਜ਼ਰੂਰਤ ਹੈ। ਰਾਜ ਦੇ ਦਮਨ ਲਈ ਨਵੇਂ ਰਾਜ ਦੀ ਜ਼ਰੂਰਤ ਹੈ। ਸੈਨਾ ਦੇ ਦਮਨ ਲਈ ਸੈਨਾ ਦੀ ਜ਼ਰੂਰਤ ਹੈ। ਪੂੰਜੀਵਾਦੀ ਅਤੇ ਬੁਰਜ਼ੂਆ ਰਾਜ ਦੇ ਉਲਟ, ਸਮਾਜਵਾਦੀ ਰਾਜ ਆਪਣੀਆਂ ਸੰਸਥਾਵਾਂ ਵਿਚ ਆਪਣੀ ਜਨਤਾ ਦੀ ਗਤੀਸ਼ੀਲ ਸ਼ਮੂਲੀਅਤ ਦੀ ਮੰਗ ਕਰਦਾ ਹੈ। ਗ੍ਰਾਮਸ਼ੀ ਅਰਾਜਵਾਦੀਆਂ ਦੀ ਤੁਲਨਾ ਉਨ੍ਹਾਂ ਧਾਰਮਕ ਸਮੂਹਾਂ ਨਾਲ ਕਰਦਾ ਹੈ ਜੋ ‘ਸੱਚ’ ਤੇ ‘ਆਜ਼ਾਦੀ’ ਬਾਰੇ ਅਮੂਰਤ ਤੇ ਪਰਮ ਰੂਪਾਂ ਵਿਚ ਗੱਲਾਂ ਕਰਦੇ ਹਨ। ਉਹ ਇਨ੍ਹਾਂ ਆਦਰਸ਼ਾਂ ਨੂੰ ਇਤਿਹਾਸ ਜਾਂ ਪ੍ਰਸਥਿਤੀਆਂ ਵਿਚ ਸੀਮਤ ਨਹੀਂ ਮੰਨਦੇ।

ਨਿਰਪੇਖ ਸੱਚ ਵਿਚ ਅਰਾਜਵਾਦੀਆਂ ਦੇ ਵਿਸ਼ਵਾਸ ਦਾ ਅਰਥ ਹੈ ਕਿ ਇਹ ਸੱਚ ਕਾਮਾ ਵਰਗ ਵਿਚ ਸਹਿਜ ਰੂਪ ਵਿਚ ਵਿਦਮਾਨ ਹੁੰਦਾ ਹੈ। ਇਸ ਲਈ ਉਹ ਇਸ ਵਰਗ ਨੂੰ ਸ਼ਾਸ਼ਤ ਜਾਂ ਨਿਰਦੇਸ਼ਿਤ ਕਰਨ ਵਿਚ ਕੋਈ ਤੁੱਕ ਨਹੀਂ ਸਮਝਦੇ। ਗ੍ਰਾਮਸ਼ੀ ਅਨੁਸਾਰ ਇੱਥੇ ਇਹ ਸਪਸ਼ੱਟ ਨਹੀਂ ਹੁੰਦਾ ਕਿ ਜੇਕਰ ਉਹ ਇਨਕਲਾਬੀ ਸੱਚ ਦੇ ਇਲਹਾਮ ਦਾ ਦਾਅਵਾ ਕਰਦੇ ਹਨ ਤਾਂ ਜਨਤਾ ਉਨ੍ਹਾਂ ਵੱਲ ਖਿੱਚੀ ਕਿਉਂ ਨਹੀਂ ਜਾਂਦੀ। ਉਹ ਨਹੀਂ ਸਮਝਦੇ ਕਿ ਜਨਤਾ ਸਾਪੇਖ ਜਾਂ ਨਿਰਧਾਰਤ ਸੱਚਾਂ ਤੋਂ ਹੀ ਅੰਦੋਲਿਤ ਹੁੰਦੀ ਹੈ, ਨਾ ਕਿ ਨਿਰਪੇਖ ਸੱਚ ਨਾਲ। ਇਤਿਹਾਸ ਦੇ ਨੇਮਾਂ ਲਈ ਸੱਚ ਖੁਦ ਜਨਤਾ ਦੁਆਰਾ ਕੀਤੇ ਅੰਦੋਲਨਾਂ ਰਾਹੀਂ ਅਸਲ ਉਪਲਬੱਧੀਆਂ ਵਿਚ ਬਦਲਿਆ ਜਾਂਦਾ ਹੈ। ਅਰਾਜਵਾਦੀਆਂ ਦਾ ਸਿਧਾਂਤ ਤੇ ਆਜ਼ਾਦੀ, ਜਿਸ ’ਤੇ ਉਨ੍ਹਾਂ ਦਾ ਬਲ ਹੈ, ਕਿਸੇ ਪ੍ਰੋਗਰਾਮ ਵਿਚ ਨਹੀਂ ਬਦਲਦੀ ਜਦੋਂ ਕਿ ਮਾਰਕਸਵਾਦੀਆਂ ਅਨੁਸਾਰ ਆਜ਼ਾਦੀ ਉਨ੍ਹਾਂ ਪ੍ਰਸਥਿਤੀਆਂ ਦਾ ਸੰਗਠਨ ਹੈ, ਜਿਨ੍ਹਾਂ ਰਾਹੀਂ ਇਸ ਨੂੰ ਸਾਕਾਰ ਕੀਤਾ ਜਾਂਦਾ ਹੈ। ਇਹ ਕਾਮਾ ਵਰਗ ਦੀ ਸਿਰਜਣਾਤਮਕਤਾ ਵਿਚ ਪਿਆ ਹੁੰਦਾ ਹੈ।

ਤੋਗਿਲਆਤੀ, ਗ੍ਰਾਮਸ਼ੀ ਨੂੰ ਇਟਲੀ ਦੀਆਂ ਸਥਿਤੀਆਂ ਵਿਚ ਲੈਨਿਨਵਾਦੀ ਦ੍ਰਿਸ਼ਟੀਕੋਣ ਦਾ ਹੀ ਸਮਰਥੱਕ ਮੰਨਦਾ ਹੈ। ਕੁਝ ਲੋਕ ਉਸਨੂੰ ਇਤਿਹਾਸਵਾਦੀ ਦਾਰਸ਼ਨਿਕ ਦੱਸਦੇ ਹਨ। ਗ੍ਰਾਮਸ਼ੀ ਮਾਰਕਸਵਾਦੀ ਪਰੰਪਰਾ ’ਚ ਦੋ ਮਹੱਤਵਪੂਰਨ ਸਥਾਪਨਾਵਾਂ ਕਰਦਾ ਹੈ।

  • ਆਰਥਕ ਸੰਰਚਨਾ ਦੇ ਵਿਰੁਧ ਵਿਚਾਰਵਾਦੀ ਅਵਰ-ਸੰਰਚਨਾਵਾਂ (superstructure ) ’ਤੇ ਹਨ।
  • ਰਾਜਨੀਤਕ ਸਮਾਜ (political society) ਦੇ ਵਿਰੁੱਧ ਨਾਗਰਿਕ ਸਮਾਜ (social society) ਦਾ ਸਮਰਥਨ।

ਜਿਥੇ ਮਾਰਕਸ ਦਾ ਧਿਆਨ ਸੰਰਚਨਾਤਮਕ ਸਥਿਤੀਆਂ ’ਤੇ ਕੇਂਦਰ ਹੈ, ਗ੍ਰਾਮਸ਼ੀ ਦੀ ਰੁਚੀ ਅਵਰ-ਸੰਰਚਨਾਵਾਂ ਵਿਚ ਸੀ। ਇੰਝ ਗ੍ਰਾਮਸ਼ੀ ਮਾਰਕਸ ਦੇ ‘ਆਰਥਕ ਨਿਯਤੀਵਾਦ’ ਤੇ ਲੈਨਿਨ ਦੇ ‘ਬੱਲਵਾਦ’ ਦੀ ਪਰੰਪਰਾ ਨੂੰ ਤੱਜ ਦਿੰਦਾ ਹੈ ਅਤੇ ਮਾਨਵੀ ਸੰਕਲਪ ਤੇ ਵਿਚਾਰਾਂ ਦੀ ਭੂਮਿਕਾ ’ਤੇ ਬੱਲ ਦਿੰਦਾ ਹੈ। ਇੰਝ ਗ੍ਰਾਮਸ਼ੀ ਹੀਗਲ ਤੇ ਬੈਨਡੀਤੋ ਕ੍ਰੋਚਿ ਦੀ ਪਰੰਪਰਾ ਦੇ ਲਾਗੇ ਚਲਿਆ ਜਾਂਦਾ ਹੈ। ਲੀਡਰ ਦੇ ਰੂਪ ਵਿਚ ਉਸਦੀ ਭੂਮਿਕਾ ਤੇ ਮਜ਼ਦੂਰ ਵਰਗਾਂ ਦੇ ਸੰਘਰਸ਼ ਤੇ ਅੰਦੋਲਨਾਂ ਦੇ ਪਰਿਪੇਖ ਵਿਚ ਹੀ ਗ੍ਰਾਮਸ਼ੀ ਦਾ ਸਹੀ ਮੁਲਾਂਕਣ ਹੋ ਸਕਦਾ ਹੈ।

ਉਸਦਾ ਮਾਰਕਸਵਾਦ ਚਿੰਤਨਾਤਮਕ ਦਰਸ਼ਨ ਤੋਂ ਸਾਨੂੰ ਅਲੱਗ ਕਰਦਾ ਹੈ ਅਤੇ ਰਾਜਨੀਤੀ ਬਾਰੇ ਉਸਦੇ ਵਿਚਾਰ ਉਸਨੂੰ ਇਤਾਲਵੀ ਅਨੁਭਵ ਦੀਆਂ ਸੀਮਾਵਾਂ ਤੋਂ ਪਾਰ ਲੈ ਜਾਂਦੇ ਹਨ। ਲੁਕਾਚ ਤੇ ਕ੍ਰੋਚਿ ਵਾਂਗ ਹੀ ਗ੍ਰਾਮਸ਼ੀ ਮੰਨਦਾ ਹੈ ਕਿ ਟਰੇਡ ਯੂਨੀਅਨਾਂ ਅਤੇ ਹੋਰ ਸੰਸਦੀ ਸੰਸਥਾਵਾਂ ਨਹੀਂ, ਬਲਕਿ ਮਜ਼ਦੂਰ ਕੌਂਸਲਾਂ ਹੀ ਕਾਮਾ ਵਰਗ ਦੀ ਮੁਕਤੀ ਦਾ ਆਧਾਰ ਹੋ ਸਕਦੀਆਂ ਹਨ। ਲੁਕਾਚ ਅਨੁਸਾਰ ਹਰ ਇਨਕਲਾਬ ਚੇਤੰਨ ਤੇ ਅਤਿਰੂਪ ਵਿਚ ਮਜ਼ਦੂਰ ਕੌਂਸਲਾਂ ਦਾ ਨਿਰਮਾਣ ਕਰਦਾ ਹੈ ਜਦੋਂ ਸ਼ਕਤੀਸ਼ਾਲੀ ਹੋ ਕੇ ਇਹ ਕੌਂਸਲਾਂ ਹੀ ਰਾਜ ਦਾ ਰੂਪ ਬਣ ਜਾਂਦੀਆਂ ਹਨ ਤਾਂ ਕਾਮਿਆਂ ਦੀ ਵਰਗ ਚੇਤਨਾ ਨੇਤਾਵਾਂ ਦੇ ਬੁਰਜੂਆ ਤੇ ਪੂੰਜੀਵਾਦੀ ਦ੍ਰਿਸ਼ਟੀਕੋਣ ਨੂੰ ਪ੍ਰਭਾਵਤ ਕਰਨ ਦੇ ਬਿੰਦੂ ’ਤੇ ਪਹੁੰਚ ਜਾਂਦੀ ਹੈ।

ਗ੍ਰਾਮਸ਼ੀ ਇਹ ਵੀ ਮੰਨਦਾ ਹੈ ਕਿ ਕਾਮਾ ਵਰਗ ਦੇ ਨਿੱਤ ਦੇ ਜੀਵਨ ਤੋਂ ਹੀ ਇਨਕਲਾਬੀ ਅੰਦੋਲਨ ਸ਼ੁਰੂ ਹੋਣਾ ਚਾਹੀਦਾ ਹੈ। ਉਹ ਮਾਰਕਸਵਾਦ ਦੇ ਆਤਮਨਿਸ਼ਠ, ਸਿਰਜਣਾਤਮਕ ਪੱਖ ਨੂੰ ਇੱਜ਼ਤ ਦਿੰਦਾ ਹੈ, ਇਸਦੇ ਮਹੱਤਵਪੂਰਨ ਰਾਜਨੀਤਕ ਅਯਾਮਾਂ ’ਤੇ ਜ਼ੋਰ ਦਿੰਦਾ ਹੈ ਤੇ ਸਮਾਜਵਾਦੀ ਰੂਪਾਂਤਰਣ ਦੀ ਪ੍ਰਕਿਰਿਆ ਵਿਚ ਵਿਚਾਰਵਾਦੀ ਸੰਘਰਸ਼ ਦੀ ਭੂਮਿਕਾ ਨੂੰ ਮਹੱਤਵਪੂਰਨ ਮੰਨਦਾ ਹੈ। ਉਹ ਕ੍ਰੋਚਿ ਦੀ ਇਸ ਪਰੰਪਰਾ ਨੂੰ ਅੱਗੇ ਵਧਾਉਂਦਾ ਹੈ ਜਿਸ ਅਨੁਸਾਰ ਵਿਅਕਤੀਗਤ ਤੇ ਨੈਤਿਕ ਜਵਾਬਦੇਹੀ ਅਤੇ ਸਭਿਆਚਾਰ ਦੇ ਫੈਲਾਓ ਨਾਲ ਸਮਾਜਵਾਦ ਦੀ ਮੰਜ਼ਿਲ ਵੱਲ ਵਧਿਆ ਜਾ ਸਕਦਾ ਹੈ। ਇਨਕਲਾਬ ਤਾਂ ਪਾਰਟੀਆਂ ਤੇ ਟਰੇਡ ਯੂਨੀਅਨਾਂ ਨਾਲ ਆ ਸਕਦਾ ਹੈ ਕਿਉਂਕਿ ਇਸਦਾ ਵਿਕਾਸ ਬੁਰਜੂਆ ਤੰਤਰ ਅਤੇ ਰਾਜਨੀਤਕ ਆਜ਼ਾਦੀ ਦੇ ਖੇਤਰ ਵਿਚ ਹੁੰਦਾ ਹੈ। ਇਨਕਲਾਬੀ ਪ੍ਰਕਿਰਿਆ ਫੈਕਟਰੀਆਂ ਵਿਚ ਉਤਪਾਦਨ ਦੇ ਖੇਤਰ ਵਿਚ ਪਰਿਵਰਤਨਸ਼ੀਲ ਹੁੰਦੀ ਹੈ। ਇਥੇ ਨਾ ਮਜ਼ਦੂਰ ਲਈ ਆਜ਼ਾਦੀ ਹੁੰਦੀ ਹੈ ਤੇ ਨਾ ਹੀ ਪਰਜਾਤੰਤਰ ਲਈ। ਗ੍ਰਾਮਸ਼ੀ ਅਨੁਸਾਰ ਕੌਂਸਲਾਂ ਦਾ ਮੁੱਖ ਕੰਮ ਮਜ਼ਦੂਰਾਂ ਦੀ ਨਿਰਭਰਤਾ ਦੀ ਪ੍ਰਵਿਰਤੀ ਦੇ ਸਥਾਨ ਉਪਰ ਲੀਡਰਸ਼ਿੱਪ ਦੀ ਤਾਕਤ ਦਾ ਵਿਕਾਸ ਕਰਨਾ ਹੈ।

ਗ੍ਰਾਮਸ਼ੀ ਨੂੰ ਅਵਰ ਸੰਰਚਨਾਵਾਂ ਦਾ ਮਾਰਕਸਵਾਦੀ ਕਿਹਾ ਗਿਆ ਹੈ। ਉਹ ਰਾਜ ਵਿਵਸਥਾ ਦੀ ਤੁਲਨਾ ਵਿਚ ਨਾਗਰਿਕ ਸਮਾਜ ਨੂੰ ਵਧੀਆ ਮੰਨਦਾ ਹੈ। ਉਹ ਮਾਰਕਸਵਾਦ ਵਿਚ ਨਿਹਿਤ ਆਰਥਕ ਨਿਯਤੀਵਾਦ ਨੂੰ ਅਸਵੀਕਾਰ ਕਰਦਾ ਹੈ। ਉਹ ਮਾਨਵ ਸੰਕਲਪ ਤੇ ਵਿਚਾਰਾਂ ਦੀ ਭੂਮਿਕਾ ’ਤੇ ਜ਼ੋਰ ਦਿੰਦਾ ਹੈ। ਉਹ ਪਰੰਪਰਾਗਤ ਇਤਿਹਾਸਕ ਭੋਤਿਕਵਾਦ ਨੂੰ ਅਸਵੀਕਾਰ ਕਰਦਾ ਹੈ ਤੇ ਪਲੇਖਾਨੋਵ ਵਾਂਗ ਮੰਨਦਾ ਹੈ ਕਿ ਕਾਮਿਆਂ ਦੇ ਚੇਤਨ ਹੋਣ ਨਾਲ ਵਿਚਾਰ ਦੀ ਭੂਮਿਕਾ ਮੁੱਖ ਹੋ ਜਾਂਦੀ ਹੈ। ਉਹ ਮੰਨਦਾ ਹੈ ਕਿ ਇਨਕਲਾਬੀ ਵਿਚਾਰਵਾਦ ਹੀ ਸਾਰਥਕਤਾ ਇਸ ਗੱਲ ਵਿਚ ਹੈ ਕਿ ਇਹ ਮੂਰਤ ਵਿਵਸਥਾ ਵਿਚ ਬਦਲ ਜਾਵੇ ਭਾਵ ਇਤਿਹਾਸਕ ਸ਼ਕਤੀ ਬਣ ਜਾਵੇ। ਉਹ ਦਰਸ਼ਨ ਨੂੰ ਇਤਿਹਾਸ ਵਿਚ ਬਦਲਦਿਆਂ ਦੇਖਣਾ ਚਾਹੁੰਦਾ ਹੈ। ਇਨ੍ਹਾਂ ਅਰਥਾਂ ਵਿਚ ਉਹ ਦਰਸ਼ਨ ਤੇ ਇਤਿਹਾਸ ਦੇ ਏਕੀਕਰਨ ਵਿਚ ਵਿਸ਼ਵਾਸ ਰੱਖਦਾ ਹੈ।

ਗ੍ਰਾਮਸ਼ੀ ਰਾਸ਼ਟਰ ਦੀ ਧਾਰਨਾਂ ਨੂੰ ਵੀ ਜ਼ਰੂਰੀ ਮੰਨਦਾ ਹੈ। ਉਹ ਸਮਾਜ ਵਿਚ ਕਾਮਾ ਤੇ ਪੂੰਜੀਪਤੀ ਵਰਗਾਂ ਤੋਂ ਇਲਾਵਾ ਵੀ ਕੁਝ ਸਮੂਹਾਂ ਦੀ ਹੋਂਦ ਸਵੀਕਾਰ ਕਰਦਾ ਹੈ। ਉਹ ਕਾਮਾ ਵਰਗਾਂ ਨੂੰ ਰਾਸ਼ਟਰ ਦਾ ਅੰਗ ਮੰਨਦਾ ਹੈ। ਰਾਸ਼ਟਰ ਉਹ ਕੜੀ ਹੈ ਜੋ ਵਰਗਾਂ ਨੂੰ ਰਾਜ ਨਾਲ ਜੋੜਦੀ ਹੈ। ਪੂੰਜੀਵਾਦ ਦੇ ਵਿਕਸਤ ਹੋ ਜਾਣ ਨਾਲ ਸਮਾਜ ਵਿਚ ਵਿਦਮਾਨ ਸਮੂਹਾਂ ਦਾ ਖਾਤਮਾ ਨਹੀਂ ਹੋ ਜਾਂਦਾ। ਅਜਿਹੇ ਸਮੂਹ ਵੀ ਹੁੰਦੇ ਹਨ ਜੋ ਨਾ ਤਾਂ ਪੂੰਜੀਵਾਦੀ ਬੁਰਜੂਆ ਹਨ, ਨਾ ਹੀ ਕਾਮੇ। ਸਮਾਜਕ ਸਮੂਹ ਬੌਧਿਕ ਤੇ ਨੈਤਿਕ ਭੂਮਿਕਾ ਰਾਹੀਂ ਆਪਣੀ ਸਰਵਉਚਤਾ ਬਣਾਈ ਰੱਖਦੇ ਹਨ। ਸੰਯੁਕਤ ਸਮੂਹਾਂ ਉਪਰ, ਬੌਧਿਕ ਤੇ ਨੈਤਿਕ ਅਗਵਾਈ ਹੀ ਦਾਬਾ (Heg-emony) ਹੈ।

ਵਲਾਦਮੀਅਰ ਇਲੀਅਚ ਲੇਨਿਨ

ਗ੍ਰਾਮਸ਼ੀ ਆਧਾਰ ਸੰਰਚਨਾ (ਆਰਥਕਤਾ) ਤੇ ਅਵਰ ਸੰਰਚਨਾ (ਰਾਜਨੀਤੀ) ਦੇ ਅੰਤਰ ਸਬੰਧਾਂ ਵਿਚ ਜਟਿਲਤਾ ਦੇਖਦਾ ਹੈ। ਉਸ ਅਨੁਸਾਰ ਸਿਰਫ਼ ਆਰਥਕ ਤੱਥਾਂ ਜਾਂ ਸ਼ਕਤੀਆਂ ਦੇ ਆਧਾਰ ਉਪਰ ਹੀ ਕਿਸੇ ਰਾਸ਼ਟਰ ਦੇ ਇਤਿਹਾਸ ਦਾ ਮੁਲਾਂਕਣ ਨਹੀਂ ਹੋ ਸਕਦਾ। ਇਸ ਮੁਲਾਂਕਣ ਲਈ ਸਾਰੀਆਂ ਅਧਿਆਤਮਕ (ਗੈਰ ਭੋਤਿਕ) ਤੇ ਵਿਵਹਾਰਕ ਗਤੀਵਿਧੀਆਂ ਦਾ ਅਧਿਐਨ ਜ਼ਰੂਰੀ ਹੈ। ਆਰਥਕ ਸੰਰਚਨਾ ਪ੍ਰਤੱਖ ਰੂਪ ਨਾਲ ਰਾਜਨੀਤਕ ਕਿਰਿਆ ਦਾ ਨਿਰਧਾਰਣ ਨਹੀਂ ਕਰਦੀ, ਬਲਕਿ ਇਸ ਸੰਰਚਨਾ ਅਤੇ ਇਸ ਦੇ ਵਿਕਾਸ ਦੇ ਨਿਯਮਾਂ ਦੀ ਵਿਆਖਿਆ ਇਸ ਨੂੰ ਨਿਰਧਾਰਣ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਨਾਗਰਿਕ ਸਮਾਜ ਦੀ ਧਾਰਨਾ ਗ੍ਰਾਮਸ਼ੀ ਜੌਰਜ ਹੇਗਲ ਤੋਂ ਗ੍ਰਹਿਣ ਕਰਦਾ ਹੈ ਨਾ ਕਿ ਮਾਰਕਸ ਤੋਂ। ਨਾਗਰਿਕ ਸਮਾਜ ਵਿਚ ਉਹ ਸਾਰੇ ਸਮਾਜ ਉਪਰ ਵਿਸ਼ੇਸ਼ ਸਮਾਜਕ ਸਮੂਹ ਦਾ ਰਾਜਨੀਤਕ ਸਭਿਆਚਰਕ ਦਾਬਾ ਦੇਖਦਾ ਹੈ। ਇਹੋ ਹੀ ਰਾਜ ਦੀ ਨੈਤਿਕ ਅੰਤਰਵਸਤੂ ਹੈ। ਗ੍ਰਾਮਸ਼ੀ ਅਨੁਸਾਰ ਨਾਗਰਿਕ ਸਮਾਜ ਦੀ ਹੀਗਲ ਤੋਂ ਲਈ ਗਈ ਇਹ ਧਾਰਨਾ ਅਵਰ ਸੰਰਚਨਾਤਮਕ ਹੈ ਜਦੋਂ ਕਿ ਮਾਰਕਸ ਇਸ ਨੂੰ ਸੰਰਚਨਾਤਮਕ (ਬੁਨਿਆਦੀ) ਮੰਨਦਾ ਹੈ। ਗ੍ਰਾਮਸ਼ੀ ਦੀ ਧਾਰਨਾ ਤਾਂ ਹੀ ਮੰਨੀ ਜਾ ਸਕਦੀ ਹੈ ਜਦੋਂ ਇਸਨੂੰ ਕਾਨੂੰਨ, ਪੁਲੀਸ ਤੇ ਸ਼ਾਸਨ ਅਤੇ ਇਸ ਨਾਲ ਜੁੜੇ ਵਿਚਾਰਵਾਦ ਤੋਂ ਵਿਸ਼ੇਸ਼ ਮੰਨਿਆ ਜਾਵੇ। ਭਾਵ ਗ੍ਰਾਮਸ਼ੀ ਹੀਗਲ ਦੇ ਨਾਗਰਿਕ ਸਮਾਜ ਨੂੰ ਉਸਦੇ ਆਰੰਭਲੇ (ਆਰਥਕ) ਸਰੂਪ ਵਿਚ ਨਹੀਂ, ਬਲਕਿ ਉਸਦੇ ਅੰਤਿਮ ਤੇ ਵਿਕਸਤ ਰੂਪ ਵਿਚ ਗ੍ਰਹਿਣ ਕਰਦਾ ਹੈ। ਇਸ ਵਿਚ ਵਿਭਿੰਨ ਹਿੱਤਾਂ ਦਾ ਨਿਯਮਣ ਹੁੰਦਾ ਹੈ ਤੇ ਇੱਥੋਂ ਰਾਜ ਵੱਲ ਸੰਕ੍ਰਾਤੀ ਆਸਾਨ ਹੋ ਜਾਂਦੀ ਹੈ।

ਗ੍ਰਾਮਸ਼ੀ ਚਿੰਤਨ ਵਿਚ ਦਵੈਤਾਂ

ਗ੍ਰਾਮਸ਼ੀ ਦੇ ਚਿੰਤਨ ਵਿਚ ਦਵੈਤ ਜਟਿਲ ਹੈ। ਇਹ ਦੋ ਪੱਧਰਾਂ ’ਤੇ ਪਾਇਆ ਜਾਂਦਾ ਹੈ। ਪਹਿਲਾ ਪੱਧਰ ਹੈ, ਜ਼ਰੂਰੀਪਨ ਬਨਾਮ ਆਜ਼ਾਦੀ (ਰਾਜ ਬਨਾਮ ਨਾਗਰਿਕ ਸਮਾਜ) ਦੀ ਦਵੈਤ। ਗ੍ਰਾਮਸ਼ੀ ਅਨੁਸਾਰ ਅਵਰ ਸੰਰਚਨਾ ਦੀ ਭੂਮਿਕਾ ਨਿਰਣੈਕਾਰੀ ਹੁੰਦੀ ਹੈ ਕਿਉਂਕਿ ਇਸ ਦੇ ਮਾਧਿਅਮ ਰਾਹੀਂ ਹੀ ਜ਼ਰੂਰੀਪਨ ਆਪਣੇ ਆਪ ਨੂੰ ਆਜ਼ਾਦੀ ’ਚ ਬਦਲਦਾ ਹੈ। ਇਹ ਰੂਪਾਂਤਰਣ ਨੈਤਿਕ ਰਾਜਨੀਤਕ ਤੱਤਾਂ ਦੀ ਬਦੋਲਤ ਹੁੰਦਾ ਹੈ। ਜ਼ਰੂਰੀਪਨ ਦਾ ਅਰਥ ਉਨ੍ਹਾਂ ਭੌਤਿਕ ਪ੍ਰਸਥਿਤੀਆਂ ਤੋਂ ਹੈ ਜੋ ਕਿਸੇ ਇਤਿਹਾਸਕ ਅਵਸੱਥਾ ਨੂੰ ਦਰਸਾਂਦੀਆਂ ਹਨ ਅਤੇ ਇਤਿਹਾਸਕ ਕਾਲ ਨਾਲ ਜੁੜੀਆਂ ਹੁੰਦੀਆਂ ਹਨ। ਇਤਿਹਾਸਕ ਅਤੀਤ ਤੇ ਵਿਦਮਾਨ ਸਮਾਜਕ ਸਬੰਧਾਂ ਦੇ ਜੋੜ ਨਾਲ ਹੀ ਵਸਤੂਨਿਸ਼ਠ ਪ੍ਰਸਥਿਤੀਆਂ ਬਣਦੀਆਂ ਹਨ, ਜਿਨ੍ਹਾਂ ਨੂੰ ਗ੍ਰਾਮਸ਼ੀ ਆਮ (ਸਮੂਹਕ) ਸੰਕਲਪ ’ਚ ਪਏ ਗਤੀਸ਼ੀਲ ਇਤਿਹਾਸਕ ਕਰਤਾ ਨੂੰ ਪਛਾਣਦਾ ਹੈ। ਇਨ੍ਹਾਂ ਵਸਤੂਨਿਸ਼ਠ ਪ੍ਰਸਥਿਤੀਆਂ ਨੂੰ ਪਛਾਣਨ ਨਾਲ ਹੀ ਕਰਤਾ ਆਜ਼ਾਦ ਹੁੰਦਾ ਹੈ ਅਤੇ ਵਾਸਤਵਿਕਤਾ ਨੂੰ ਰੂਪਾਂਤਰਿਤ ਕਰਨ ਦੀ ਤਾਕਤ ਵਿਕਸਤ ਕਰਦਾ ਹੈ। ਇਹ ਪਛਾਣ ਮਿਲਦਿਆਂ ਹੀ ਸੰਰਚਨਾ ਉਹ ਬਾਹਰੀ ਸ਼ਕਤੀ ਨਹੀਂ ਰਹਿ ਜਾਂਦੀ ਜੋ ਮਨੁੱਖ ਦਾ ਦਮਨ ਕਰਦੀ ਹੈ ਅਤੇ ਉਸਨੂੰ ਯੰਤਰ ਬਣਾ ਕੇ ਛੱਡ ਦਿੰਦੀ ਹੈ। ਬਲਕਿ ਰੂਪਾਂਤ੍ਰਿਤ ਹੋ ਕੇ ਇਹ ਮੁਕਤੀ ਦਾ ਸਾਧਨ ਬਣਦੀ ਹੈ, ਇਕ ਨਵੀਂ ਨੈਤਿਕ-ਰਾਜਨੀਤਕ ਵਿਵਸਥਾ ਦੇ ਨਿਰਮਾਣ ਦਾ ਸਾਧਨ। ਇਤਿਹਾਸ ਦਾ ਗਤੀਸ਼ੀਲ ਕਰਤਾ ਉਦੇਸ਼ ਨੂੰ ਪਛਾਣਦਾ ਤੇ ਉਸਦੀ ਨਕਲ ਕਰਦਾ ਹੈ ਅਤੇ ਅਵਰ ਸੰਰਚਨਾ ਦੇ ਖੇਤਰ ਵਿਚ ਕਾਰਜਸ਼ੀਲ ਹੋ ਕੇ ਸੰਰਚਨਾ ਦਾ ਪ੍ਰਯੋਗ ਉਪਕਰਨ ਦੇ ਰੂਪ ਵਿਚ ਕਰਦਾ ਹੈ। ਇਸ ਤਰ੍ਹਾਂ ਨੈਤਿਕ-ਰਾਜਨੀਤਕ ਜੁਜ਼ ਜ਼ਰੂਰੀਪਨ ਦੀ ਪਛਾਣ ਦੇ ਰੂਪ ਵਿਚ ਆਜ਼ਾਦੀ ਦੀ ਸ਼ਕਤੀ ਬਣ ਜਾਂਦਾ ਹੈ ਅਤੇ ਵਸਤੂਨਿਸ਼ਠਾ ਦੀ ਪਛਾਣ ਦੇ ਰੂਪ ਵਿਚ ਇਹ ਆਰਥਕ ਜੂਜ਼ ਉਪਰ ਆਪਣਾ ਦਾਬਾ ਸਥਾਪਤ ਕਰਦਾ ਹੈ। ਭੌਤਿਕ ਪ੍ਰਸਥਿਤੀਆਂ ਨੂੰ ਆਜ਼ਾਦੀ ਦੇ ਸਾਕਾਰ ਕਰਨ ਲਈ ਉਪਕਰਨ ਬਣਾ ਦਿੱਤਾ ਜਾਂਦਾ ਹੈ।

ਪਹਿਲੀ ਦਵੈਤ ਆਰਥਕ ਤੱਤਾਂ ਤੇ ਨੈਤਿਕ-ਰਾਜਨੀਤਕ ਤੱਤਾਂ ਵਿਚ ਪ੍ਰਗਟ ਹੁੰਦੀ ਹੈ ਅਤੇ ਇਹ ਇਤਿਹਾਸਕ ਪ੍ਰਕਿਰਿਆ ਦੇ ਮੂਲ ਤੱਤਾਂ ਦਾ ਪ੍ਰਗਟਾਵਾ ਕਰਦੀ ਹੈ। ਨੈਤਿਕ ਜਾਂ ਰਾਜਨੀਤਕ ਤੱਤਾਂ ਦੀ ਦਵੈਤ ਸਾਕਾਰਾਤਮਕ ਜਾਂ ਨਾਕਾਰਤਮਕ ਤੱਤਾਂ ਦੀ ਪ੍ਰਬਲਤਾ ਦੇ ਅਨੁਸਾਰ ਹੀ ਇਤਿਹਾਸ ਵਿਚ ਉਤਰਾਅ-ਚੜਾਓ ਅਤੇ ਵਿਕਾਸ ਤੇ ਪਿਛੜੇਪਨ ਦੇ ਪੜਾਵਾਂ ਨੂੰ ਪ੍ਰਗਟ ਕਰਦੀ ਹੈ। ਇਤਿਹਾਸ ਪ੍ਰਸਥਿਤੀ ਦੀ ਸਮਗੱਰਤਾ ਨੂੰ ਹੀ ਗ੍ਰਾਮਸ਼ੀ ‘ਇਤਿਹਾਸਕ ਗੁੱਟ’ਕਹਿੰਦਾ ਹੈ। ਇਹ ਸ਼ਬਦ ਉਸਨੇ ਜੋਰਜ ਸੋਰੇਲ ਤੋਂ ਲਿਆ ਸੀ।

ਗ੍ਰਾਮਸ਼ੀ ਅਨੁਸਾਰ ਦੂਸਰੇ ਪੜਾਓ ਵਿਚ ਕੁਝ ਅਵਰ ਸੰਰਚਨਾਵਾਂ ਵਿਚ ਅੰਤਰ ਵਿਰੋਧ ਪੈਦਾ ਹੋ ਜਾਂਦਾ ਹੈ। ਇਹ ਅੰਤਰ ਵਿਰੋਧ ਨਾਗਰਿਕ ਸਮਾਜ ਤੇ ਰਾਜ ਦੇ ਜੁੱਜ਼ਾਂ ਵਿਚ ਹੁੰਦਾ ਹੈ। ਇਸ ਅੰਤਰ ਵਿਰੋਧ ਵਿਚ ਨਾਗਰਿਕ ਸਮਾਜ ਦੀ ਭੂਮਿਕਾ ਤਾਂਮੂਲਕ ਹੁੰਦੀ ਹੈ ਤੇ ਰਾਜ ਦੀ ਨਾਂਹਮੂਲਕ। ਗ੍ਰਾਮਸ਼ੀ ਮੁੱਖ ਭੂਮਿਕਾ ਵਿਚਾਰਵਾਦ ਦੀ ਹੀ ਮੰਨਦਾ ਹੈ ਜੋ ਸੰਰਚਨਾਵਾਂ ਤੋਂ ਬਾਅਦ ਉਤਪੰਨ ਹੁੰਦਾ ਹੈ। ਆਮ ਹੀ ਉਹ ਸੰਰਚਨਾਵਾਂ ਨੂੰ ਗੌਣ ਬਣਾ ਦਿੰਦਾ ਹੈ। ਵਿਚਾਰਵਾਦ ਨਾਗਰਿਕ ਸਮਾਜ ਦੀ ਹੀ ਉਪਜ ਹੈ ਇਹ ਇਸ ਸਮਾਜ ਦੇ ਰੂਪਾਂਤਰਣ ਦਾ ਹਥਿਆਰ ਬਣ ਜਾਂਦਾ ਹੈ। ਗ੍ਰਾਮਸ਼ੀ ਇਸ ਤਰ੍ਹਾਂ ਸੰਰਚਨਾ ਉਪਰ ਅਵਰ-ਸੰਰਚਨਾ ਨੂੰ ਪ੍ਰਬਲ ਬਣਾਉਂਦਾ ਹੈ ਅਤੇ ਆਪ ਹੀ ਅਵਰ ਸੰਰਚਨਾਵਾਂ ਦੇ ਖੇਤਰ ਵਿਚ ਸੰਰਚਨਾਤਮਕ ਜੁਜ਼ਾਂ ਉਪਰ ਵਿਚਾਰਵਾਦੀ ਜੁਜ਼ਾਂ ਦਾ ਦਾਬਾ ਸਥਾਪਤ ਕਰਦਾ ਹੈ।

ਉਸਦੇ ਚਿੰਤਨ ਵਿਚ ਦੋ ਦਵੈਤਾਂ ਮਿਲਦੀਆਂ ਹਨ, ਜ਼ਰੂਰੀਪਨ (ਸੰਰਚਨਾ) ਅਤੇ ਆਜ਼ਾਦੀ(ਅਵਰ ਸੰਰਚਨਾ) ਦੀ ਅਤੇ ਸੰਰਚਨਾਵਾਂ (ਬਲ ਤੇ ਵਿਚਾਰਵਾਦ ਸਹਿਮਤੀ) ਦੀ। ਇਸ ਜਟਿਲ ਪ੍ਰਣਾਲੀ ਵਿਚ ਨਾਗਰਕਿ ਸਮਾਜ ਪਹਿਲੀ ਦਵੈਤ ਦਾ ਗਤੀਸ਼ੀਲ ਜੁਜ਼ ਹੈ ਦੂਜੀ ਦਵੈਤ ਦਾ ਹਾਂਮੂਲਕ ਜੁਜ਼।

ਜਿਥੋਂ ਤੱਕ ਇਤਿਹਾਸਕ ਗੁੱਟ ਦਾ ਸਵਾਲ ਹੈ, ਉਸ ਵਿਚ ਇਤਿਹਾਸਕ ਪ੍ਰਸਥਿਤੀਆਂ ਦੀ ਸਮੱਗਰਤਾ ਸ਼ਾਮਲ ਹੁੰਦੀ ਹੈ ਅਤੇ ਇਸ ਵਿਚ ਸੰਰਚਨਾ ਤੇ ਅਵਰ ਸੰਰਚਨਾ ਦੋਨੋਂ ਹੀ ਪਈਆਂ ਹੁੰਦੀਆਂ ਹਨ। ਪਹਿਲੀ ਦਵੈਤ ਇਤਿਹਾਸਕ ਗੁੱਟ ਨੂੰ ਪਰਿਭਾਸ਼ਤ ਤੇ ਨਿਰਧਾਰਤ ਕਰਦੀ ਹੈ ਜਦੋਂ ਕਿ ਦੂਜੀ ਦਵੈਤ ਇਹ ਦੱਸਦੀ ਹੈ ਕਿ ਕਿਹੜਾ ਇਤਿਹਾਸਕ ਗੁੱਟ ਪ੍ਰਗਤੀਸ਼ੀਲ ਹੈ ਤੇ ਕਿਹੜਾ ਪ੍ਰਤਿਗਾਮੀ। ਜਿੱਥੋਂ ਤੱਕ ਬੁੱਧੀਜੀਵੀਆਂ ਦਾ ਪ੍ਰਸ਼ਨ ਹੈ, ਉਹ ਪਰੰਪਰਾਕ ਤੇ ਗੈਰ ਪਰੰਪਾਰਕ ਹੁੰਦੇ ਹਨ। ਪਰੰਪਰਕ ਨੈਤਿਕਤਾ ਦੀ ਸਿਖਿਆ ਦਿੰਦੇ ਹਨ ਅਤੇ ਅਪਰੰਪਰਕ ਕਾਲਪਨਿਕ ਮੰਡਲਾਂ ਦਾ ਨਿਰਮਾਣ ਕਰਦੇ ਹਨ। ਦੋਵੇਂ ਹੀ ਸੱਚ ਤੋਂ ਦੂਰ ਹੁੰਦੇ ਹਨ।

ਗ੍ਰਾਮਸ਼ੀ ਕਾਮਾ ਵਰਗ ਦੀਆਂ ਸਮਸਿਆਵਾਂ ਦਾ ਹੱਲ ਆਰਥਕ ਖੇਤਰ ਵਿਚ ਨਹੀਂ ਲੱਭਦਾ ਅਤੇ ਅਰਥਵਾਦ ਨੂੰ ਅਸਵੀਕਾਰ ਕਰਦਾ ਹੈ। ਰਾਜਨੀਤਕ ਸ਼ਕਤੀ ਨੂੰ ਹੀ ਉਹ ਪਰਿਵਰਤਨ ਦਾ ਘਟਕ ਦੱਸਦਾ ਹੈ। ਉਸ ਅਨੁਸਾਰ ਕੇਵਲ ਸੰਰਚਨਾ ਨੂੰ ਹੀ ਸਭ ਕੁਝ ਮੰਨ ਲੈਣ ਨਾਲ ਕਾਮਾ ਵਰਗ ਐਂਵੇ ਹੀ ਲੰਮੇ ਸੰਘਰਸ਼ ਵਿਚ ਪੈ ਜਾਂਦਾ ਹੈ। ਨਾਲ ਹੀ ਕੇਵਲ ਅਵਰ ਸੰਰਚਨਾ ਦੇ ਨਾਂਹਮੂਲਕ ਪਹਿਲੂਆਂ ’ਤੇ ਧਿਆਨ ਦੇਣ ਨਾਲ ਸਥਾਈ ਜਿੱਤ ਪ੍ਰਾਪਤ ਨਹੀਂ ਹੁੰਦੀ। ਸੰਰਚਨਾ ਅਤੇ ਨਾਗਰਿਕ ਸਮਾਜ ਵਿਚ ਭੇਦ ਕਰਨਾ ਜ਼ਰੂਰੀ ਹੈ ਨਹੀਂ ਤਾਂ ਮਜ਼ਦੂਰ ਯੂਨੀਅਨਇਜ਼ਮ ਦੀ ਗਫ਼ਲਤ ਪੈਦਾ ਹੋ ਜਾਵੇਗੀ। ਨਾਗਰਿਕ ਸਮਾਜ ਤੇ ਰਾਜਨੀਤਕ ਸਮਾਜ ਵਿਚ ਭੇਦ ਨਾਂ ਕਰਨ ਕਾਰਨ ਰਾਜ-ਪੂਜਾ ਪੈਦਾ ਹੁੰਦੀ ਹੈ।

ਵਿਚਾਰਵਾਦ ਦਾ ਰੋਲ

ਮਜ਼ਦੂਰ ਯੂਨੀਅਨਇਜ਼ਮ ਤੇ ਇਕੋਨੋਮਿਜ਼ਮ ਦਾ ਨਿਦਾਨ ਵਿਚਾਰਵਾਦ ’ਤੇ ਮੁਨਸੱਰ ‘ਦੱਲ’ ਪਾਰਟੀ ਹੈ ਅਤੇ ਰਾਜ-ਪੂਜਾ ਤੇ ਤਾਨਾਸ਼ਾਹੀ ਦਾ ਨਿਦਾਨ ‘ਦਾਬਾ’ ਹੈ। ਪਾਰੀਟ ਸੰਰਚਨਾ ਦੇ ਵਿਰੁਧ ਹੈ ਅਤੇ ਅਵਰ ਸੰਰਚਨਾ ਦਾ ਪ੍ਰਤੀਨਿੱਧ ਹੈ ਅਤੇ ਦਾਬਾ, ਬਲ ਜਾਂ ਰਾਜ ਦੇ ਵਿਰੁਧ ਹੈ ਜੋ ਕਿ ਅਵਰ ਸੰਰਚਨਾ ਦਾ ਨਾਂਹਮੂਲਕ ਪਹਿਲੂ ਹੈ। ਗ੍ਰਾਮਸ਼ੀ ਮਜ਼ਦੂਰਾਂ ਤੇ ਕਿਸਾਨਾਂ ਦੇ ਗਠਜੋੜ ਵਿਚ ਯਕੀਨ ਰੱਖਦਾ ਹੈ ਉਸਨੂੰ ਹੀ ਰਾਜਨੀਤਕ ਦਾਬਾ ਪ੍ਰਦਾਨ ਕਰਦਾ ਹੈ। ਦਾਬਾ ਸਭਿਆਚਾਰਕ ਤੇ ਰਾਜਨੀਤਕ ਦੋਵੇਂ ਹੀ ਹੈ। ਰਾਜਨੀਤਕ ਦਾਬਾ ਪਾਰਟੀ ਦੇ ਮਾਧਿਅਮ ਨਾਲ ਹੁੰਦਾ ਹੈ ਅਤੇ ਆਮ ਤੇ ਸਮੂਹਕ ਸੰਕਲਪ ਨੂੰ ਪ੍ਰਗਟਾਉਾਂਦਾ ਹੈ। ਗ੍ਰਾਮਸ਼ੀ ਨੈਤਿਕ ਤੇ ਬੌਧਿਕ ਸੁਧਾਰ ਦੀ ਵੀ ਵਕਾਲਤ ਕਰਦਾ ਹੈ। ਇਹ ਸੁਧਾਰ ਸਭਿਆਚਾਰਕ ਦਾਬੇ ਦਾ ਉਦੇਸ਼ ਹੈ। ਗ੍ਰਾਮਸ਼ੀ ਸਭਿਆਚਾਰ ਤੇ ਰਿਵਾਜ਼ਾਂ ਦਾ ਰੂਪਾਂਤਰਣ ਚਾਹੁੰਦਾ ਹੈ। ਇਸ ਰੂਪਾਂਤਰਣ ਦਾ ਪ੍ਰਯੋਗ ਉਹ ਇਨਕਲਾਬੀ, ਨਾ ਕਿ ਸਧਾਰਣ ਰਾਜਨੀਤਕ ਅਰਥਾਂ ਵਿਚ ਕਰਦਾ ਹੈ।

ਗ੍ਰਾਮਸ਼ੀ ਬਲ ਦੇ ਜੁਜ਼ ਨੂੰ ਦਾਬੇ ਦੇ ਜੁਜ ਅਧੀਨ ਰੱਖਦਾ ਹੈ ਜਦੋਂ ਕਿ ਲੇਨਿਨ ਇਨਕਲਾਬੀ ਦੌਰ ਵਿਚ ਬਲ ਤੇ ਦਾਬੇ ਦੋਹਾਂ ਨੂੰ ਸਮਾਨ ਮਹੱਤਵ ਦਿੰਦਾ ਹੈ ਅਤੇ ਬਲ ਨੂੰ ਆਸ ਤੋਂ ਵੱਧ ਨਿਰਣੈਕਾਰੀ ਮੰਨਦਾ ਹੈ। ਗ੍ਰਾਮਸ਼ੀ ਅਨੁਸਾਰ ਸੱਤਾ ਤੋਂ ਪਹਿਲਾਂ ਦਾਬੇ ਦੀ ਪ੍ਰਾਪਤੀ ਜ਼ਰੂਰੀ ਹੈ।

ਗ੍ਰਾਮਸ਼ੀ ਦਾ ਕਹਿਣਾ ਹੈ ਕਿ ਪੱਛਮ ਵਿਚ ਬੁਰਜ਼ੁਆਜ਼ੀ ਸਭਿਆਚਾਰਕ ਕੀਮਤਾਂ ਈਸਾਈਅਤ ਨਾਲ ਜੁੜੀਆਂ ਹਨ ਇਸ ਲਈ ਉਸਦੀ ਸਭਿਆਚਾਰਕ ਦਾਬੇ ਦੀ ਵਿਚਾਰਧਾਰਨਾ ਧਾਰਮਕ ਨਿਯਮਾਂ ਤੇ ਕੀਮਤਾਂ ਵਿਰੁਧ ਹੈ। ਉਹ ਰੋਮਨ ਕੈਥੋਲਿਕਵਾਦ ਦੀ ਸੱਤਾ ਤੋਂ ਪ੍ਰਭਾਵਤ ਹੋਇਆ ਜਿਸਨੇ ਪੜ੍ਹੇ ਲਿਖੇ ਤੇ ਅਨਪੜ੍ਹ ਬੰਦੇ ਦੇ ਧਰਮ ਵਿਚਾਲੇ ਪਾੜੇ ਨੂੰ ਹੋਰ ਵੱਧਣ ਤੋਂ ਰੋਕੀ ਰੱਖਿਆ। ਉਸਦਾ ਵਿਸ਼ਵਾਸ ਸੀ ਕਿ ਇਹ ਮਾਰਕਸਵਾਦ ਦਾ ਕੰਮ ਹੈ ਕਿ ਉਹ ਪੁਨਰਜਾਗਰਤੀ ਕਾਲ ਦੇ ਮਾਨਵਵਾਦ ਵਿਚਲੇ ਧਰਮ ਦੀ ਬੌਧਿਕ ਆਲੋਚਨਾ ਉਸਾਰ ਕੇ ਸੁਧਾਰਵਾਦ ਦੇ ਤੱਤਾਂ ਨਲਾ ਜੋੜਦਾ ਜੋ ਕਿ ਆਮ ਜਨਤਾ ਨੂੰ ਅਪੀਲ ਕਰਦਾ। ਗ੍ਰਾਮਸ਼ੀ ਅਨੁਸਾਰ ਮਾਰਕਸਵਾਦ ਧਰਮ ਨੂੰ ਤਾਂ ਹੀ ਪਿੱਛੇ ਛੱਡ ਸਕਦਾ ਹੈ ਜੇ ਉਹ ਲੋਕਾਂ ਦੀਆਂ ਅਧਿਆਤਮਕ ਲੋੜਾਂ ਨੂੰ ਪੂਰਿਆਂ ਕਰ ਸਕੇ ਤਾਂ ਹੀ ਲੋਕ ਇਸ ਨੂੰ ਆਪਣੇ ਅਨੁਭਵਾਂ ਨਾਲ ਜੋੜ ਕੇ ਪਛਾਣ ਸਕਣਗੇ।

ਜਿੱਥੇ ਤੱਕ ਰਾਜ ਦੇ ਅੰਤ ਦਾ ਪ੍ਰਸ਼ਨ ਹੈ, ਇਸ ਉਪਰ ਗ੍ਰਾਮਸ਼ੀ ਨੇ ਬਹੁਤ ਘੱਟ ਲਿਖਿਆ ਹੈ। ਰਾਜ ਦੇ ਵਿਲੀਨ ਹੋਣ ਨੂੰ ਉਸਨੇ ਨਾਗਰਿਕ ਸਮਾਜ ਦੁਆਰਾ ਰਾਜਨੀਤਕ ਸਮਾਜ ਦਾ ਪੁਨਰ ਰਚਾਈਕਰਨ (reconstruction) ਕਿਹਾ ਹੈ। ਵਿਲੀਨਤਾ ਉਸ ਪ੍ਰਕਿਰਿਆ ਦਾ ਨਤੀਜਾ ਹੈ ਜਿਸ ਨਾਲ ਨਾਗਰਿਕ ਸਮਾਜ ਅਤੇ ਦਾਬੇ ਦੇ ਜੁਜ਼ਾਂ ਦੀ ਪ੍ਰਬਲਤਾ ਸਥਾਪਤ ਹੁੰਦਾ ਹੈ। ਇਹ ਇਥੋਂ ਤੱਕ ਵੱਧ ਜਾਂਦੀ ਹੈ ਕਿ ਰਾਜਨੀਤਕ ਸਮਾਜ ਦੁਆਰਾ ਘਟਿਤ ਖੇਤਰ ਹੀ ਖ਼ਤਮ ਹੋ ਜਾਂਦਾ ਹੈ। ਇਸ ਵਿਚ ਦਮਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਕਾਮਾ ਵਰਗ ਦਾ ਦਾਬਾ ਸਭ ਨੂੰ ਆਪਣੇ ਵਿਚ ਸਮਾਅ ਲੈਂਦਾ ਹੈ। ਨਿਯਮਿਤ (ਆਜ਼ਾਦ) ਸਮਾਜ ਰਾਜਨੀਤਕ ਸਮਾਜ ਤੋਂ ਉਨਮੁਕਤ ਨਾਗਰਿਕ ਸਮਾਜ ਦਾ ਹੀ ਨਾਮ ਹੈ।

ਲੇਨਿਨ ਦੀ ਰਾਜ ਦੇ ਵਿਲੀਨੀਕਰਨ ਦੀ ਪ੍ਰਕਿਰਿਆ ਸੰਰਚਨਾਤਮਕ ਹੈ। ਗ੍ਰਾਮਸ਼ੀ ਦੇ ਚਿੰਤਨ ਵਿਚ ਵਿਲੀਨੀਕਰਨ ਅਵਰ ਸੰਰਚਨਾਤਮਕ ਪ੍ਰਕਿਰਿਆ ਹੈ। ਭਾਵ ਨਾਗਰਿਕ ਸਮਾਜ ਦਾ ਏਨਾ ਵਿਸਤਾਰ ਹੋਵੇ ਕਿ ਇਕ ਸਭ ਲਈ ਹੋ ਜਾਵੇ। ਜਿੱਥੇ ਏਂਗਲਜ਼ ਸਮਾਜ ਤੇ ਵਰਗਾਂ ਦੀ ਦੁਵੱਲਤਾ ’ਚ ਵਿਸ਼ਵਾਸ ਰੱਖਦਾ ਹੈ, ਗ੍ਰਾਮਸ਼ੀ ’ਚ ਅਸੀਂ ਨਾਗਰਿਕ ਤੇ ਰਾਜਨੀਤਕ ਸਮਾਜ ਦੀ ਦਵੈਤ ਦੇਖਦੇ ਹਾਂ। ਫਿਰ ਇੱਥੇ ਏਂਗਲਜ਼ ਤੇ ਲੈਨਿਨ ਰਾਜ (ਵਰਗ-ਸੰਰਚਨਾ) ਦੀ ਗੱਲ ਕਰਦੇ ਹਨ, ਗ੍ਰਾਮਸ਼ੀ ਨਾਗਰਿਕ ਸਮਾਜ ਦੁਆਰਾ ਰਾਜਨੀਤਕ ਸਮਾਜ ਦੇ ਪੁਨਰ ਰਚਾਈਕਰਨ ਦੀ ਧਾਰਨਾ ਦਿੰਦਾ ਹੈ।

ਗ੍ਰਾਮਸ਼ੀ ਦੇ ਚਿੰਤਨ ਵਿਚ ਇਤਿਹਾਸਕ ਗੁੱਟ ਦੀ ਧਾਰਨਾ ਮਹੱਤਵਪੂਰਨ ਹੈ। ਇਹ ਗੁੱਟ ਆਰਥਿਕਤਾ ਤੇ ਸਭਿਆਚਾਰ ਅਤੇ ਸਭਿਆਚਾਰ ਤੇ ਰਾਜਨੀਤੀ ਦੀ ਏਕਤਾ ’ਚੋਂ ਪੈਦਾ ਹੁੰਦੇ ਹਨ। ਇਤਿਹਾਸਕ ਗੁੱਟ ਵਿਚ ਆਧਾਰ ਸੰਰਚਨਾ ਤੇ ਅਵਰ ਸੰਰਚਨਾ ਦੀ ਦਵੰਦਾਤਮਕ ਏਕਤਾ ਪ੍ਰਗਟ ਹੁੰਦੀ ਹੈ। ਇਸ ਵਿਚ ਆਰਥਕ ਤੋਂ ਰਾਜਨੀਤਕ ਪੜਾਓ ਵੱਲ ਵਿਕਾਸ ਅਤੇ ਰਾਜਨੀਤੀ ਦਾ ਸਮਾਜ ਦੁਆਰਾ ਰਚਾਈਕਰਨ ਪਿਆ ਹੁੰਦਾ ਹੈ। ਇਸ ਵਿਚ ਗੁਣਵੱਤਾ ਤੇ ਭੋਤਿਕਤਾ, ਆਜ਼ਾਦੀ ਤੇ ਜ਼ਰੂਰੀਪਨ, ਵਿਚਾਰਵਾਦ ਤੇ ਆਰਥਕਤਾ ਦਾ ਅਲਗਾਓ ਮੁੱਕ ਜਾਂਦਾ ਹੈ।

ਦੂਸਰਾ ਇਸ ਦੇ ਵਿਕਾਸ ਦੇ ਪੜਾਵਾਂ ਵਿਚ ਅਵਰ ਸੰਰਚਨਾਤਮਕ ਗਤੀਵਿਧੀ ਦੇ ਹੀ ਘਟਕਾਂ ਦਾ ਸਬੰਧ ਭਾਵ ਦਮਨ ਤੇ ਅਨੁਪਾਲਣ, ਬੱਲ ਤੇ ਸਰਵਸੰਮਤੀ, ਸ਼ਾਸਨ ਤੇ ਦਾਬਾ, ਤਾਨਾਸ਼ਾਹੀ ਤੇ ਦਾਬਾ, ਰਾਜਨੀਤਕ ਸਮਾਜ ਤੇ ਨਾਗਰਿਕ ਸਮਾਜ ਦੀ ਦਵੈਤ ਦਾ ਪ੍ਰਸ਼ਨ ਮਹੱਤਵਪੂਰਨ ਹੈ। ਗ੍ਰਾਮਸ਼ੀ ਇਸ ਦਵੈਤ ਨੂੰ ਵਾਸਤਵਿਕ ਨਹੀਂ, ਪਰ ਵਿਸਲੇਸ਼ਣ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਮੰਨਦਾ ਹੈ। ਵਿਵਹਾਰ ਵਿਚ ਉਹ ਕ੍ਰੋਚਿ ਵਾਂਗ ਹੀ ਨੈਤਿਕ-ਰਾਜਨੀਤਕ ਅਤੇ ਆਰਥਕ-ਰਾਜਨੀਤਕ ਘਟਕਾਂ ਦੇ ਵਿਚ ਹੀ ਏਕਤਾ ਦੀ ਹੋਂਦ ਮੰਨਦਾ ਹੈ। ਉਹ ਆਪਣੀ ਆਦਰਸ਼ ਵਿਵਸਥਾ ਵਿਚ ਰਾਜਨੀਤੀ ਤੇ ਸਭਿਆਚਾਰ ਦਾ ਸੁਮੇਲ ਤਲਾਸ਼ ਕਰਦਾ ਹੈ। ਉਸਦਾ ਬਲ ਹੈ ਕਿ ਮਾਨਵੀ ਗਤੀਵਿਧੀਆਂ ਦੀ ਸਿਰਜਣਾਤਮਕਤਾ ਦੇ ਬਲ ਉਪਰ ਹੀ ਸਹੀ ਸੁਮੇਲ ਨਾਲ ਖੁਦ ਹੀ ਇਤਿਹਾਸਕ ਗੁੱਟ ਦਾ ਨਿਰਮਾਣ ਹੁੰਦਾ ਹੈ। ਗ੍ਰਾਮਸ਼ੀ ਲਈ ਅੰਤਿਮ ਰੂਪ ਵਿਚ ਨਿਰਣੈਕਾਰੀ ਭੂਮਿਕਾ ਨਾ ਤਾਂ ਆਧਾਰ ਸੰਰਚਨਾ ਦੀ ਹੈ ਨਾ ਅਵਰ ਸੰਰਚਨਾ ਦੀ। ਬਲਕਿ ਅਵਰ ਸੰਰਚਨਾਵਾਂ ’ਚ ਨਿਹਿਤ ਵਿਚਾਰਵਾਦੀ-ਸਭਿਆਚਾਰਕ ਸਬੰਧਾਂ ਦੀ ਭਾਵ ਸਮੱਗਰ ਅਧਿਆਤਮਕ ਬੌਧਿਕ ਜੀਵਨ ਦੀ ਹੁੰਦੀ ਹੈ। ਉਸਦਾ ਇਤਿਹਾਸਕ ਗੁੱਟ ਰੂਪਾਂਤਰਿਤ ਹੋ ਕੇ ਅਵਰ ਸੰਰਚਨਾਵਾਂ ਦੇ ਨਾਲ ਜੁੜ ਜਾਂਦਾ ਹੈ। ਇਹੋ ਜੋੜ/ਸੁਮੇਲ ਨਾਗਰਿਕ ਸਮਾਜ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ।

ਗ੍ਰਾਮਸ਼ੀ ਅਨੁਸਾਰ ਇਤਿਹਾਸਕ ਗੁੱਟ ਵਿਚ ਤਿੰਨ ਪੱਧਰਾਂ ’ਤੇ ਸ਼ਕਤੀਆਂ ਵਿਕਸਤ ਹੁੰਦੀਆਂ ਹਨ, ਸਮਾਜਕ ਸ਼ਕਤੀਆਂ ਦਾ ਪੱਧਰ, ਰਾਜਨੀਤਕ ਸ਼ਕਤੀਆਂ ਦਾ ਪੱਧਰ ਤੇ ਸੈਨਿਕ ਸ਼ਕਤੀਆਂ ਦਾ ਪੱਧਰ। ਉਹ ਸੈਨਿਕ ਸ਼ਕਤੀਆਂ ਨੂੰ ਨਿਰਣੈਕਾਰੀ ਭੂਮਿਕਾ ਪ੍ਰਦਾਨ ਕਰਦਾ ਹੈ। ਖੁਦ ਰਾਜਨੀਤਕ ਚੇਤਨਾ ਦੇ ਪੱਧਰ ਉਪਰ ਉਹ ਤਿੰਨ ਪਹਿਲੂਆਂ ਦਾ ਪਰਿਵਰਤਨ ਦੇਖਦਾ ਹੈ। ਆਰੰਭਕ ਆਰਥਕ ਘਟਕ, ਜਿਨ੍ਹਾਂ ਵਿਚ ਵਰਗ ਚੇਤਨਾ ਨਹੀਂ ਬਲਕਿ ਵਿਉਪਾਰਕ ਚੇਤਨਾ ਪ੍ਰਗਟ ਹੁੰਦੀ ਹੈ, ਰਾਜਨੀਤਕ-ਆਰਥਕ ਘਟਕ ਜੋ ਵਰਗ-ਹਿੱਤਾਂ ਦੀ ਚੇਤਨਾ ਨੂੰ ਆਰਥਕ ਪੱਧਰ ’ਤੇ ਪ੍ਰਗਟ ਕਰਦਾ ਹੈ, ਦਾਬੇ ਦਾ ਘਟਕ, ਜਿਸ ਦੇ ਪੱਧਰ ’ਤੇ ਅਸੀਂ ਜਾਣ ਪਾਉਂਦੇ ਹਾਂ ਕਿ ਸਾਨੂੰ ਹਿੱਤ ਵਰਗ ਦੇ ਹਿੱਤਾਂ ਤੋਂ ਬਹੁਤ ਅੱਗੇ ਜਾਂਦੇ ਹਨ ਅਤੇ ਅਸੀਂ ਦੂਸਰੇ ਗੌਣ ਸਮੂਹਾਂ ਦੇ ਹਿੱਤਾਂ ਤੋਂ ਵੀ ਭਿੰਨ ਨਹੀਂ ਹਾਂ।

ਗ੍ਰਾਮਸ਼ੀ ਨੂੰ ਬੁੱਧੀਜੀਵੀਆਂ ਦਾ ਮਾਰਕਸਵਾਦੀ ਕਿਹਾ ਗਿਆ ਹੈ। ਉਸ ਅਨੁਸਾਰ ਬੁੱਧੀਜੀਵੀ ਦੋ ਤਰ੍ਹਾਂ ਦੇ ਹੁੰਦੇ ਹਨ, ਪਰੰਪਰਕ ਤੇ ਜੈਵਿਕ । ਪਰੰਪਰਕ ਬੁੱਧੀਜੀਵੀ ਵਾਸਤਵਿਕਤਾ ਤੇ ਵਰਗ-ਚੇਤਨਾ ਤੋਂ ਬੇਖ਼ਬਰ ਹੁੰਦੇ ਹਨ ਜਦ ਕਿ ਜੈਵਿਕ ਇਸ ਨਾਲ ਜੁੜੇ ਹੁੰਦੇ ਹਨ। ਅਸਲ ’ਚ ਪਰੰਪਰਕ ਬੁੱਧੀਜੀਵੀ ਇਤਿਹਾਸਕ ਰੂਪ ਵਿਚ ਮਰੇ ਹੋਏ ਵਰਗਾਂ ਦੇ ਹਿੱਤਾਂ ਨਾਲ ਜੁੜੇ ਹੁੰਦੇ ਹਨ ਜਦੋਂ ਕਿ ਉਹ ਆਪਣੇ ਆਪ ਨੂੰ ਖੁਦਮੁਖਤਾਰ ਤੇ ਆਜ਼ਾਦ ਮੰਨਦੇ ਹਨ। ਇਸ ਦੇ ਉਲਟ ਜੈਵਿਕ ਬੁੱਧੀਜੀਵੀ ਆਪਣੇ ਆਪ ਨੂੰ ਕਾਮਾ ਵਰਗ/ਸਰਵਹਾਰਾ ਦੀ ਸਮੂਹਿਕ ਚੇਤਨਾ ਦਾ ਰਾਜਨੀਤਕ, ਸਮਾਜਕ ਅਤੇ ਆਰਥਕ ਖੇਤਰਾਂ ਵਿਚ ਪ੍ਰਗਟਾਵਾ ਕਰਦੇ ਹਨ। ਇਹ ਵਰਗ ਕਾਮੇ/ਸਰਵਾਹਾਰਾ ਵਰਗ ਦੀ ਸੰਭਾਵੀ ਤਾਕਤ ਤੇ ਚੇਤਨਾ ਨੂੰ ਜਗਾਉਂਦਾ ਤੇ ਸਾਕਾਰ ਕਰਦਾ ਹੈ। ਇਨਕਲਾਬ ਤੋਂ ਬਾਅਦ ਹੀ ਇਹ ਵਰਗ ਪੈਦਾ ਹੁੰਦਾ ਹੈ। ਇਨਕਲਾਬ ਤੋਂ ਪਹਿਲਾਂ ਤਾਂ ਖੁਦ ਕਾਮਾ ਵਰਗ ਵੀ ਆਰਥਕਤਾ ਤੱਕ ਹੀ ਸੀਮਤ ਹੁੰਦਾ ਹੈ। ਰਾਜਨੀਤਕ ਪਾਰਟੀ ਦਾ ਨਿਰਮਾਣ ਅਤੇ ਸੰਗਠਨ ਕਰਕੇ ਹੀ ਕਾਮਾ ਵਰਗ ਆਪਣੇ ਜੈਵਿਕ ਬੁੱਧੀਜੀਵੀਆਂ ਨੂੰ ਪ੍ਰਾਪਤ ਕਰਦਾ ਹੈ। ਪਾਰਟੀ ਨੂੰ ਗ੍ਰਾਮਸ਼ੀ ਨੇ ‘ਆਧੁਨਿਕ ਪ੍ਰਿੰਸ’ ਕਿਹਾ ਹੈ। ਪਾਰਟੀ (ਨੈਤਿਕ-ਬੌਧਿਕ) ਆਰਥਕ ਪੁਨਰ ਸੰਗਠਨ ਅਤੇ ਰਾਜਨੀਤਕ ਸੱਤਾ ਦਾ ਸੰਗਠਨ ਕਰਦੀ ਹੈ। ਇਹ ਮੁੱਖ ਰੂਪ ਵਿਚ ਸਾਰੇ ਸਮਾਜ ਉਪਰ ਆਪਣਾ ਦਾਬਾ ਸਥਾਪਤ ਕਰਦੀ ਹੈ। ਪੂੰਜੀਵਾਦ ਦੇ ਵਿਰੁਧ ਵਿਦਮਾਨ ਸਾਰੀਆਂ ਸ਼ਕਤੀਆਂ ਨੂੰ ਦਾਬਾ ਪ੍ਰਦਾਨ ਕਰਕੇ ਇਹ ਉਨ੍ਹਾਂ ਦੀ ਏਕਤਾ ਸਥਾਪਤ ਕਰਦੀ ਹੈ। ਇਹੀ ਏਕਤਾ ਇਤਿਹਾਸਕ ਗੁੱਟ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਇਸ ਵਿਚ ਆਰਥਕ, ਰਾਜਨੀਤਕ, ਸਮਾਜਕ ਤੇ ਵਿਚਾਰਵਾਦੀ ਸ਼ਕਤੀਆਂ ਦਾ ਸੁਮੇਲ ਤੇ ਜੋੜ ਪੈਦਾ ਹੁੰਦਾ ਹੈ।

ਲੇਨਿਨ ਦੇ ਉਲਟ ਗ੍ਰਾਮਸ਼ੀ ਬੁਰਜੂਆ ਦੇ ਵਿਚਾਰਵਾਦੀ ਦਾਬੇ ਦੀ ਉਪੇਖਿਆ ਨਹੀਂ ਕਰਦਾ, ਕਿਉਂਕਿ ਪੱਛਮ ਦੇ ਵਿਕਸਤ ਦੇਸ਼ਾਂ ਵਿਚ ਇਹ ਸ਼ਕਤੀਸ਼ਾਲੀ ਰੂਪ ਵਿਚ ਕਿਰਿਆਸ਼ੀਲ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਪ੍ਰਤਿਕੂਲ (ਸਮਾਜਵਾਦੀ) ਸਭਿਆਚਾਰ ਦਾ ਨਿਰਮਾਣ ਕੀਤਾ ਜਾਏ। ਇਸ ਸਭਿਆਚਾਰ ਦਾ ਨਿਰਮਾਣ ਹੀ ਪਾਰਟੀ ਦਾ ਮੁੱਖ ਕੰਮ ਹੈ। ਪਾਰਟੀ ਦੀ ਭੂਮਿਕਾ ਇਸ ਤਰ੍ਹਾਂ ਸਿਖਿਆ ਸੰਸਥਾ ਦੀ ਬਣ ਜਾਂਦੀ ਹੈ।

ਪਾਰੰਭਿਕ ਸਮਾਜ ’ਚ ਰਾਜ ਸਿਰਫ਼ ਦਮਨ ਦਾ ਸੰਗਠਨ ਸੀ ਜਿਸ ਉਪਰ ਸਿੱਧੇ ਹਮਲੇ ਸੰਭਵ ਸੀ। ਵਿਕਸਤ ਸਮਾਜਾਂ ਵਿਚ ਦਮਨ ਸੂਖ਼ਮ ਰੂਪ ਵਿਚ ਕੀਤਾ ਜਾਂਦਾ ਹੈ ਅਤੇ ਰਾਜ ਨਾਗਰਿਕ ਸਮਾਜ ਦੇ ਅੰਦਰ ਵੜ ਜਾਂਦਾ ਹੈ। ਵਿਕਸਤ ਸਮਾਜ ਵਿਚ ਕੇਵਲ ਖੜਯੰਤਰੀ ਯੁੱਧਾਂ ਨਾਲ ਸਮਾਜਵਾਦੀ ਇਨਕਲਾਬ ਸੰਭਵ ਨਹੀਂ ਹੋਵੇਗਾ। ਗ੍ਰਾਮਸ਼ੀ ਬੁਰਜੂਆ ਸਭਿਆਚਾਰ ਦੇ ਥੰਮਾਂ ਉਪਰ ਤਕੜੇ ਹਮਲੇ ਦੇ ਸਿਧਾਂਤ ਦਾ ਹਮਾਇਤੀ ਹੈ।

ਗ੍ਰਾਮਸ਼ੀ ਵਿਚਾਰਵਾਦ ਦੀ ਪਹਿਲ ਉਦਾਰਵਾਦੀ ਨਹੀਂ, ਮਾਰਕਸਵੀ-ਇਨਕਲਾਬੀ ਅਰਥਾਂ ਵਿਚ ਸਥਾਪਤ ਕਰਦਾ ਹੈ। ਉਸ ਅਨੁਸਾਰ, ਵਿਚਾਰਵਾਦ ਉਸ ਖੇਤਰ ਦਾ ਨਿਰਮਾਣ ਕਰਦਾ ਹੈ ਜਿੱਥੇ ਮਨੁੱਖ ਕਾਰਜ ਕਰਦੇ ਹਨ, ਗਤੀਮਾਨ ਹੁੰਦੇ ਹਨ ਅਤੇ ਆਪਣੇ ਸਥਾਨ ਦੀ ਚੇਤਨਾ ਪ੍ਰਾਪਤ ਕਰਕੇ ਸੰਘਰਸ਼ ਕਰਦੇ ਹਨ। ਵਿਚਾਰਵਾਦ ਇਕ ਤਰ੍ਹਾਂ ਦਾ ਰਣਖੇਤਰ ਹੈ, ਨਿਰੰਤਰ ਸੰਘਰਸ਼ ਦਾ ਖੇਤਰ। ਕਿਉਂਕਿ ਵਿਚਾਰਵਾਦ ਦੇ ਮਾਧਿਅਮ ਨਾਲ ਮਨੁੱਖਾਂ ਦੀ ਚੇਤਨਾ ਵਿਅਕਤੀਗਤ ਰੂਪ ਵਿਚ ਨਹੀਂ ਬਲਕਿ ਉਸੇ ਵਿਚਾਰਵਾਦੀ ਖੇਤਰ ਤੋਂ ਹੀ ਪੈਦਾ ਹੁੰਦੀ ਹੈ। ਵਿਅਕਤੀਆਂ ਦਾ ਦ੍ਰਿਸ਼ਟੀਕੋਣ, ਉਨ੍ਹਾਂ ਦਾ ਵਿਚਾਰਵਾਦ ਸਮਾਜਕ ਵਿਵਸਥਾ ਦਾ ਨਤੀਜਾ ਹੁੰਦਾ ਹੈ, ਨਾ ਕਿ ਆਤਮਵਾਦੀ ਅਨੁਭਾਵ ਦਾ।

ਵਿਚਾਰਵਾਦ ਅਧਿਆਤਮਕ ਸੱਚਾਂ ਜਾਂ ਅਨੁਭੂਤੀਆਂ ਦਾ ਸੰਯੋਗ ਨਹੀਂ, ਬਲਕਿ ਉਹ ਚੇਤਨਾ ਹੈ ਜੋ ਵਿਵਹਾਰ ਭਾਵ ਸੰਘਰਸ਼ ’ਚੋਂ ਸਾਕਾਰ ਹੁੰਦੀ ਹੈ। ਖੁਦ ਵਿਸ਼ਵ-ਦ੍ਰਿਸ਼ਟੀਕੋਣ ਵਿਅਕਤੀਗਤ ਤੱਥ ਨਹੀਂ, ਬਲਕਿ ਕਿਸੇ ਸਮਾਜਕ ਗੁੱਟ ਦੇ ਸਮੁਦਾਇਕ ਜੀਵਨ ਦਾ ਪ੍ਰਗਟਾਵਾ ਹੁੰਦੇ ਹਨ। ਗ੍ਰਾਮਸ਼ੀ ਵਿਚਾਰਾਂ ਨੂੰ ਜੈਵਿਕ ਵਿਚਾਰਵਾਦ ਦਾ ਨਾਮ ਦਿੰਦਾ ਹੈ। ਇਹੋ ਹੀ ਵਿਭਿੰਨ ਜਨ ਸਮੁਦਾਵਾਂ ਦੇ ਸੰਘਟਨ ਦੇ ਆਧਾਰ ਅਤੇ ਸਾਰੀਆਂ ਵਿਅਕਤੀਗਤ ਅਤੇ ਸਮੂਹਕ ਗੀਤੀਵਿਧੀਆਂ ਦੇ ਚੇਤਨਾ ਸਰੋਤ ਹੁੰਦੇ ਹਨ। ਵਿਚਾਰਵਾਦ ਹੀ ਵਿਅਕਤੀਆਂ ਦਾ ਨਿਰਮਾਣ ਕਰਦਾ ਹੈ ਅਤੇ ਉਨ੍ਹਾਂ ਨੂੰ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ। ਗ੍ਰਾਮਸ਼ੀ ਆਤਮਨਿਸ਼ਠ ਵਿਅਕਤੀਵਾਦ ਨੂੰ ਸਵੀਕਾਰ ਨਹੀਂ ਕਰਦਾ। ਉਸ ਉਪਰ ਮਾਰਕਸਵਾਦ ਦੀ ਹੀਗੇਲੀਅਨ ਵਿਆਖਿਆ ਦਾ ਦੋਸ਼ ਲਾਉਣਾ ਉਚਿਤ ਨਹੀਂ।

ਮੋਢੀ ਵਿਚਾਰਕ- ਫਰੈਡਰਿਕ ਏਂਜਲਜ਼ ਤੇ ਕਾਰਲ ਮਾਰਕਸ

ਗ੍ਰਾਮਸ਼ੀ ਵਿਚਾਰਵਾਦ ਦੀ ਭੌਤਿਕ ਤੇ ਸੰਸਥਾਮੂਲਕ ਪ੍ਰਕਿਰਤੀ ਨੂੰ ਮਹੱਤਵਪੂਰਨ ਮੰਨਦਾ ਹੈ। ਵਿਚਾਰਵਾਦੀ ਵਿਵਹਾਰ ਦੇ ਆਪਣੇ ਵੱਡੇ ਮਾਧਿਅਮ ਹੁੰਦੇ ਹਨ। ਉਸਦੀ ਦ੍ਰਿਸ਼ਟੀ ’ਚ ਬੁੱਧੀਜੀਵੀ ਹੀ ਇਹ ਮਾਧਿਅਮ ਹਨ। ਇਹੋ ਹੀ ਜੈਵਿਕ ਵਿਚਾਰਵਾਦ ਨੂੰ ਘੜਦੇ ਤੇ ਪ੍ਰਸਾਰਦੇ ਹਨ। ਇਹੋ ਹੀ ਬੌਧਿਕ ਤੇ ਨੈਤਿਕ ਸੂਖ਼ਮਤਾ ਲਿਆਉਂਦੇ ਹਨ ਪਰ ਇਸ ਲਈ ਉਹ ਵਿਭਿੰਨ ਦਾਬਿਆਂ-ਉਪਕਰਨਾਂ ਨੂੰ ਵਰਤਦੇ ਹਨ, ਜਿਵੇਂ ਸਕੂਲ, ਚਰਚ, ਸੰਚਾਰ-ਸਾਧਨ, ਮੀਡੀਆ, ਕਲਾ ਅਤੇ ਰਾਜਮਾਰਗਾਂ ਦੇ ਨਾਮ ਆਦਿ। ਇਨ੍ਹਾਂ ਨਾਲ ਹੀ ਪ੍ਰਬਲ ਵਰਗ ਦੀ ਵਿਚਾਰਵਾਦੀ ਸੰਰਚਨਾ ਦਾ ਨਿਰਮਾਣ ਹੁੰਦਾ ਹੈ।

ਉਸ ਅਨੁਸਾਰ ਨਾਗਰਕਿ ਸਮਾਜ ਉਹ ਅਵਰ-ਸੰਰਚਨਾਤਮਕ ਪੱਧਰ ਹੈ ਜਿੱਥੇ ਵਿਚਾਰਵਾਦ ਪੈਦਾ ਹੁੰਦਾ ਤੇ ਫੈਲਦਾ ਹੈ। ਇੱਥੇ ਨਿੱਜੀ ਹਿੱਤਾਂ ਦਾ ਉਹ ਸੰਕਲਨ ਪਾਇਆ ਜਾਂਦਾ ਹੈ ਜਿਸਦੇ ਮਾਧਿਅਮ ਨਾਲ ਕਿਸੇ ਸਮਾਜਕ ਸਮੂਹ ਦਾ ਸਮਾਜਕ ਤੇ ਰਾਜਨੀਤਕ ਦਾਬਾ ਕ੍ਰਿਆਸ਼ੀਲ ਹੁੰਦਾ ਹੈ। ਗ੍ਰਾਮਸ਼ੀ ਇੰਜ ਵਿਚਾਰਵਾਦ ਦੀ ਭੌਤਿਕ ਪ੍ਰਕਿਰਤੀ ਤੋਂ ਸੁਜੱਗ ਹੈ ਅਤੇ ਸਮਾਜਕ ਰਾਜਨੀਤਕ ਉਪਕਰਨਾਂ ’ਚ ਇਸਨੂੰ ਸ਼ਾਮਲ ਸਮਝਦਾ ਹੈ। ਇਥੇ ਗ੍ਰਾਮਸ਼ੀ ਦਾ ਦ੍ਰਿਸ਼ਟੀਕੋਣ ਲੁਇਸ ਅਲਥੂਸਰ ਨਾਲ ਸਮਾਨਤਾ ਪ੍ਰਗਟ ਕਰਦਾ ਹੈ। ਉਹ ਵਿਚਾਰਵਾਦ ਨੂੰ ਵਿਅਕਤੀਆਂ ਦਾ ਵਰਗ ਪ੍ਰਕਾਰਜ ਮੰਨਦਾ ਹੈ ਅਤੇ ਨਾਲ ਹੀ ਵਸਤੂਨਿਸ਼ਠ ਤੇ ਪਰਿਵਰਤਨਸ਼ੀਲ ਵਾਸਤਵਿਕਤਾ ਵੀ।

ਉਸ ਅਨੁਸਾਰ ਸੱਤਾ ’ਤੇ ਅਧਿਕਾਰ ਕਰਨ ਤੋਂ ਪਹਿਲਾਂ ਹੀ ਸਬੰਧਤ ਵਰਗ ਆਪਣਾ ਦਾਬਾ ਸਥਾਪਤ ਕਰ ਲੈਂਦਾ ਹੈ। ਇਹ ਵਰਗ ਸਮੂਹਕ ਜਾਂ ਰਾਸ਼ਟਰੀ ਸੰਕਲਪ ਦਾ ਵਿਕਾਸ ਕਰਕੇ ਉਸਦੇ ਆਧਾਰ ’ਤੇ ਹੋਰ ਵਰਗਾਂ ਨਾਲ ਗੱਠਜੋੜ ਕਰਦਾ ਹੈ ਅਤੇ ਇਸ ਤਰ੍ਹਾਂ ‘ਸਮੂਹਕ ਮਨੁੱਖ’ ਪੈਦਾ ਹੁੰਦਾ ਹੈ। ਇਹ ਬੌਧਿਕ ਤੇ ਨੈਤਿਕ ਸੁਧਾਰ ਦਾ ਨਤੀਜਾ ਦਿੰਦਾ ਹੈ। ਇਹ ਸੁਧਾਰ ਵਰਤਮਾਨ ਵਿਸ਼ਵ-ਦ੍ਰਿਸ਼ਟੀਕੋਣ ਨੂੰ ਨਕਾਰਦਾ ਨਹੀਂ ਬਲਕਿ ਉਸਦੇ ਸਾਕਾਰਾਤਮਕ ਤੱਤਾਂ ਨੂੰ ਆਤਮਸਾਤ ਕਰ ਉਨ੍ਹਾਂ ਦਾ ਪੁਨਰ ਨਿਰਮਾਣ ਕਰਦਾ ਹੈ ਅਤੇ ਨਵੇਂ ਵਿਚਾਰਵਾਦ ਵਿਚ ਸ਼ਾਮਲ ਕਰ ਲੈਂਦਾ ਹੈ। ਵਿਚਾਰਵਾਦ ਦੀ ਇਸ ਧਾਰਨਾ ’ਤੇ ਇਤਿਹਾਸਕ ਗੁੱਟਾਂ ਦਾ ਨਿਰਮਾਣ ਹੁੰਦਾ ਹੈ।

ਗ੍ਰਾਮਸ਼ੀ ਅਨੁਸਾਰ ਇਸ ਤਰ੍ਹਾਂ ਦਾਬਾ ਬੁਨਿਆਦੀ (ਮੁੱਖ) ਵਰਗ ਦੀ ਰਾਜਨੀਤਕ ਬੌਧਿਕ ਤੇ ਨੈਤਿਕ ਭੂਮਿਕਾ ’ਚ ਪ੍ਰਗਟ ਹੁੰਦਾ ਹੈ ਤੇ ਇਕ ਵਿਸ਼ਵ ਦ੍ਰਿਸ਼ਟੀਕੋਣ ’ਤੇ ਆਧਾਰਤ ਹੁੰਦਾ ਹੈ। ਇਸ ਦਾਬੇ ਦਾ ਅਰਥ ਕਦੇ ਵੀ ਮੁੱਖ ਵਰਗ ਦੁਆਰਾ ਹੋਰ ਸਮੂਹਾਂ ਜਾਂ ਵਰਗਾਂ ਉਪਰ ਆਪਣਾ ਵਿਚਾਰਵਾਦ ਥੋਪਣਾ ਨਹੀਂ ਹੁੰਦਾ। ਉਹ ਇਸ ਗੱਲ ’ਤੇ ਬੱਲ ਦਿੰਦਾ ਹੈ ਕਿ ਵਿਭਿੰਨ ਸ਼ਕਤੀਆਂ ਦੇ ਗਠਜੋੜ ਨਾਲ ਹੀ ਦਾਬੇ ਦਾ ਨਿਰਮਾਣ ਹੁੰਦਾ ਹੈ। ਦਾਬੇ ’ਤੇ ਨਿਰਧਾਰਤ ਵਿਵਸਥਾ ਵਿਚ ਸ਼ਾਸਕੀ ਅਤੇ ਸ਼ਾਸਤ ਸਮੂਹਾਂ ਨੂੰ ਇਕਬੱਧ ਕਰਨ ਵਾਲਾ ਆਮ ਵਿਸ਼ਵ ਦ੍ਰਿਸ਼ਟੀਕੋਣ ਸਾਰੇ ਗੁੱਟ ਦਾ ਹੀ ਜੈਵਿਕ ਪ੍ਰਗਟਾਵਾ ਹੁੰਦਾ ਹੈ। ਇਸ ਵਿਸ਼ਵ ਦ੍ਰਿਸ਼ਟਕੋਣ ਦੇ ਵਿਚਾਰਵਾਦੀ ਤੱਤ ਭਿੰਨ ਭਿੰਨ ਸਰੋਤਾਂ ਤੋਂ ਪੈਦਾ ਹੁੰਦੇ ਹਨ ਪਰ ਇਨ੍ਹਾਂ ਦੀ ਏਕਤਾ ਮੁੱਖ ਵਰਗ ਦੇ ਵਿਚਾਰਵਾਦੀ ਪ੍ਰਗਟਾਵੇ ’ਤੇ ਹੀ ਨਿਰਭਰ ਕਰਦੀ ਹੈ। ਵਿਚਾਰਵਾਦੀ ਤੱਤ ਅਸਲ ਵਿਚ ਇਸ ਤਰ੍ਹਾਂ ਰੂਪਾਂਤਰਿਤ ਹੋ ਕੇ ਹੀ ਆਪਣੀ ਵਰਗ ਪ੍ਰਕਿਰਤੀ ਪ੍ਰਾਪਤ ਕਰਦੇ ਹਨ। ਇਹ ਪ੍ਰਕਿਰਤੀ ਉਨ੍ਹਾਂ ਵਿਚ ਨਿਹਿਤ ਨਹੀਂ ਹੁੰਦੀ। ਕਿਸੇ ਵਿਚਾਰਵਾਦੀ ਪ੍ਰਣਾਲੀ ਦਾ ਏਕੀਕਰਨ-ਸਿਧਾਂਤ ਉਸਦੇ ਦਾਬੇ ਦੇ ਸਿਧਾਂਤ ਤੋਂ ਹੀ ਬਣਦਾ ਹੈ ਜੋ ਹੋਰ ਸਾਰੇ ਵਿਚਾਰਵਾਦੀ ਤੱਤਾਂ ਨੂੰ ਪ੍ਰਗਟਾਉਂਦਾ ਹੈ। ਇਹ ਸਦਾ ਬੁਨਿਆਦੀ ਵਰਗ ਦਾ ਪ੍ਰਗਟਾਵਾ ਹੁੰਦਾ ਹੈ। ਫਿਰ ਵਿਚਾਰਵਾਦ ਦੀ ਵਰਗ-ਪ੍ਰਕਿਰਤੀ ਉਸ ਦਾਬੇ ਦੇ ਸਿਧਾਂਤ ਤੋਂ ਬਣਦੀ ਹੈ ਜੋ ਉਸਦੇ ਪ੍ਰਗਟਾਵੇ ਦੇ ਕੇਂਦਰ ਦਾ ਕੰਮ ਕਰਦੀ ਹੈ।

ਗ੍ਰਾਮਸ਼ੀ ਇੰਜ ਵਿਚਾਰਵਾਦ ਦੀ ਭੌਤਿਕ ਪ੍ਰਕਿਰਤੀ ’ਤੇ ਬੱਲ ਦਿੰਦਾ ਹੈ ਅਤੇ ਮਿਥਿਆ ਚੇਤਨਾ ਦੇ ਰੂਪ ਵਿਚ ਵਿਚਾਰਵਾਦ ਦੀ ਧਾਰਨਾ ਨੂੰ ਅਸਵੀਕਾਰ ਕਰਦਾ ਹੈ। ਉਹ ਨਹੀਂ ਮੰਨਦਾ ਕਿ ਸਾਰੇ ਵਿਚਾਰਵਾਦੀ ਤੱਤਾਂ ਵਿਚ ਜ਼ਰੂਰੀ ਹੀ ਵਰਗ-ਅਨੁਕੂਲਣ ਹੁੰਦਾ ਹੀ ਹੈ।

ਗ੍ਰਾਮਸ਼ੀ ਦੇ ਚਿੰਤਨ ’ਚ ਅਸੀਂ ਨਵੀਂ ਵਿਵਸਥਾ ਦੀ ਸਥਾਪਨਾ ਦੇ ਉਦੇਸ਼ ਨਾਲ ਜੁੜੀ ਉਸ ਸ਼ਕਤੀ ਦੇ ਅਸਤਿੱਤਵ ’ਤੇ ਬਲ ਦੇਖਦੇ ਹਾਂ ਜੋ ਸੱਤਾਰੂੜ, ਹੋਣ ਤੋਂ ਪਹਿਲਾਂ ਹੀ ਦਾਬੇ ’ਤੇ ਅਧਿਕਾਰ ਕਰ ਲੈਂਦਾ ਹੈ। ਉਹ ਕਾਮਾ ਵਰਗ ਦੇ ਦਾਬੇ ’ਚ ਇਤਿਹਾਸਕ ਸ਼ਕਤੀਆਂ ਦੇ ਉਸ ਗੁੱਟ ਦਾ ਸਮਰਥਨ ਕਰਦਾ ਹੈ ਜੋ ਨਾਗਰਿਕ ਸਮਾਜ ਦੀ ਜਟਿਲਤਾ ਦਾ ਪ੍ਰਗਟਾਵਾ ਕਰਦਾ ਹੈ। ਉਹ ਬੁੱਧੀਜੀਵੀਆਂ ਨੂੰ ਮਹੱਤਵਪੂਰਨ ਸਿਰਜਣਾਤਮਕ ਭੂਮਿਕਾ ਪ੍ਰਦਾਨ ਕਰਦਾ ਹੈ। ਉਹ ਬੁਰਜੂਆ ਦੇ ਪ੍ਰਤੀਕੂਲ ਸਭਿਆਚਾਰ ਦੇ ਨਵ-ਨਿਰਮਾਣ ਹੇਤੂ ਲੰਮੇ ਸੰਘਰਸ਼ ਦੀ ਲੋੜ ’ਤੇ ਬਲ ਦਿੰਦਾ ਹੈ।

ਇਸ ਤਰ੍ਹਾਂ ਗ੍ਰਾਮਸ਼ੀ ਯੂਰਪ ਦੇ ਵਿਕਸਤ ਬੁਰਜੂਆ ਸਮਾਜਾਂ ਦੀਆਂ ਪ੍ਰਸਥਿਤੀਆਂ ਅਨੁਸਾਰ ਮਾਰਕਸਵਾਦ ਦੀ ਵਿਆਖਿਆ ਕਰਦਾ ਹੈ। ਉਹ ਆਧਾਰ ਸੰਰਚਨਾ ਤੇ ਅਵਰ ਸੰਰਚਨਾ ਦੀ ਅੰਤਰ ਕਿਰਿਆਸ਼ੀਲਤਾ ’ਚ ਯਕੀਨ ਰੱਖਦਾ ਹੈ। ਉਹ ਇਨ੍ਹਾਂ ਦੇ ਦਵੈਤ ਨੂੰ ਤਾਂ ਮੰਨਦਾ ਹੀ ਹੈ। ਅਵਰ ਸੰਰਚਨਾਵਾਂ ਵਿਚ ਵੀ ਦਵੈਤ ਦੇਖਦਾ ਹੈ। ਉਹ ਮੰਨਦਾ ਹੈ ਕਿ ਅਵਰ ਸੰਰਚਨਾਤਮਕ ਸ਼ਕਤੀਆਂ ਭੂਮਿਕਾ ਹੀ ਮੁੱਖ ਰੂਪ ਵਿਚ ਸਿਰਜਣਾਤਮਕ ਹੁੰਦੀ ਹੈ। ਉਹ ਪ੍ਰਤੀਕੂਲ ਸਭਿਆਚਾਰ ਦੇ ਨਿਰਮਾਣ ਵਿਚ ਹੀ ਇਨਕਲਾਬ ਦਾ ਸਾਰ ਦੇਖਦਾ ਹੈ। ਇਸੇ ਲਈ ਉਸਨੂੰ ਅਵਰ ਸੰਰਚਨਾਵਾਂ ਦਾ ਮਾਰਕਸਵਾਦੀ ਕਿਹਾ ਜਾਂਦਾ ਹੈ। ਉਹ ਹੀਗਲ ਤੇ ਕ੍ਰੋਚਿ ਦੀਆਂ ਧਾਰਨਾਵਾਂ ਦਾ ਪ੍ਰਯੋਗ ਕਰਦਾ ਹੈ। ਉਂਜ ਇਤਿਹਾਸਕ ਗੁੱਟ ਦੀ ਧਾਰਨਾ ਉਸਦੀ ਆਪਣੀ ਹੈ ਪਰ ਇਸ ਦਾ ਮਾਣ ਉਹ ਲੇਨਿਨ ਨੂੰ ਦਿੰਦਾ ਹੈ।

ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਆਰਥਕ ਸੰਰਚਨਾਵਾਂ ਦੇ ਉਲਟ ਵਿਚਾਰਵਾਦੀ ਅਵਰ ਸੰਰਚਨਾਵਾਂ ਨੂੰ ਪਹਿਲ ਦੇ ਕੇ ਗ੍ਰਾਮਸ਼ੀ ਨੇ ਮਾਰਕਸਵਾਦਦੀ ਚਿੰਤਨ ਨੂੰ ਉਲਟਾ ਦਿੱਤਾ ਹੈ। ਅਸਲ ਵਿਚ ਸਮਾਜਵਾਦੀ ਇਨਕਲਾਬ ਵਿਚ ਆਸਥਾ ਵਿਚਾਰਵਾਦੀ ਅਵਰ-ਸੰਰਚਨਾਵਾਂ ਦੀ ਸਿਰਜਣਾਤਮਕ ਭੂਮਿਕਾ ਵਿਚ ਹੀ ਆਸਥਾ ਹੈ।

ਮਾਰਕਸ ਅਨੁਸਾਰ, ਇਨਕਲਾਬ ਦੁਆਰਾ ਵਸਤੂਆਂ ਦੇ ਦਾਬੇ (ਦਾਸਤਾ) ਨੂੰ ਚੇਤਨਾ ਜਾਂ ਵਿਚਰਾਵਾਦ ਦੇ ਦਾਬੇ ਨਾਲ ਵਿਸਥਾਪਤ ਕੀਤਾ ਜਾਂਦਾ ਹੈ। ਇੰਜ ਗ੍ਰਾਮਸ਼ੀ ਦਾ ਚਿੰਤਨ ਮਾਰਕਸਵਾਦ ਦੀ ਆਲੋਚਨਾ ਨਹੀਂ ਉਹ ਇਨਕਲਾਬ ਤੋਂ ਬਾਅਦ ਦੇ ਸਿਰਜਣਾਤਮਕ ਪੱਖ ਨੂੰ ਲੈ ਕੇ ਤੁਰਦਾ ਹੈ।

ਭਾਵੇਂ ਗ੍ਰਾਮਸ਼ੀ ਦੇ ਵਿਚਾਰ ਸੰਗਠਤ ਖੱਬੇਪੱਖ ਵਿਚੋਂ ਉਦੈ ਹੁੰਦੇ ਹਨ ਪਰ ਉਹ ਵਰਤਮਾਨ ਅਕਾਦਮਿਕ ਵਿਚਾਰ ਚਰਚਾਵਾਂ, ਸਭਿਆਚਾਰਕ ਅਧਿਐਨਾਂ ਤੇ ਆਲੋਚਨਾਤਮਕ ਸਿਧਾਤਾਂ ਵਿਚ ਵੀ ਮਹੱਤਵਪੂਰਨ ਚਿੰਤਕ ਵਜੋਂ ਜਾਣਿਆ ਗਿਆ ਹੈ। ਉਸਦੇ ਦਾਬੇ ਦੇ ਸੰਕਲਪ ਤੇ ਵਿਚਾਰ ਨੂੰ ਕੇਂਦਰੀ ਤੇ ਸੱਜੇਪੱਖੀਆਂ ਨੂੰ ਵੀ ਪ੍ਰਭਾਵਤ ਕੀਤਾ ਹੈ। ਵਰਤਮਾਨ ਰਾਜਨੀਤੀ ਵਿਗਿਆਨ ਵਿਚ ਨਵੇਂ ਉਦਾਰਵਾਦੀ ਪਰਿਪੇਖ ਅਧੀਨ ਰਾਜਨੀਤਕ ਜਾਗਰੂਪ ਸ਼ੇਣੀ ਵੀ ਉਸਦੇ ਵਿਚਰਾਾਂ ਤੋਂ ਕਾਫੀ ਪ੍ਰਾਭਵਤ ਹੋਈ ਹੈ। ਪਾਪੂਲਰ ਸਭਿਆਚਾਰਾਂ ਤੇ ਅਧਿਐਨਾਂ ਵਿਚ ਉਸਦੇ ਵਿਚਾਰਾਂ ਨਾਲ ਰਾਜਨੀਤਕ ਤੇ ਵਿਚਾਰਧਾਰਕ ਵਿਰੋਧ ਤੇ ਗਲਬੇ ਵਾਲੀਆਂ ਸਰਕਾਰਾਂ ਤੇ ਵਿਉਪਾਰਕ ਹਿੱਤਾਂ ਨੂੰ ਸਮਝਣ ਵਿਚ ਵੱਡੀ ਪੱਧਰ ’ਤੇ ਸਹਾਇਤਾ ਮਿਲੀ ਹੈ।

ਉਸਦੇ ਆਲੋਚਕਾਂ ਨੇ ਉਸ ਉਪਰ ਵਿਚਾਰਾਂ ਰਾਹੀਂ ਸੱਤਾ ਦੇ ਸੰਘਰਸ਼ ਦੀ ਸਮਝ ਨੂੰ ਥੋਪਣ ਦਾ ਦੋਸ਼ ਲਾਇਆ। ਉਨ੍ਹਾਂ ਨੂੰ ਲਗਿਆ ਹੈ ਕਿ ਗਰਾਮਸ਼ੀਅਨ ਪਹੁੰਚ ਦਾਰਸ਼ਨਿਕ ਵਿਸ਼ਲੇਸ਼ਣ ਪ੍ਰਤੀ ਖੁੱਲ੍ਹੇ ਅੰਤ ਵਾਲੀ ਨਹੀਂ ਸਗੋਂ ਪੱਛਮੀ ਸਭਿਆਚਾਰ ਦੇ ਸਨਾਤਨੀ ਅਧਿਐਨ ਖੁੱਲ੍ਹੀਆਂ ਜਿਗਿਆਸਾਵਾਂ ਦੀਆਂ ਗੈਰ ਰਾਜਨੀਤਕ ਰੀਡਿੰਗਜ਼ ’ਤੇ ਨਿਰਭਰ ਕਰਦੇ ਹਨ।

ਭਾਵੇਂ ਜੋ ਮਰਜ਼ੀ ਕਹਿ ਲਿਆ ਜਾਵੇ ਕਿ ਉਸ ਵਿਚ ਅਕਾਦਮਿਕ ਊਣਤਾਈਆਂ ਹਨ ਅਤੇ ਉਸਦੇ ਵਿਚਾਰ ਇਕਜੁੱਟ ਨਹੀਂ ਹਨ ਪਰ ਇਹ ਕਹਿਣਾ ਠੀਕ ਹੈ ਕਿ ਕਿਉਂਕਿ ਗ੍ਰਾਮਸ਼ੀ ਆਪ ਹੀ ਅਕਾਦਮਿਕ ਬੰਦਾ ਨਹੀਂ ਸੀ ਸਗੋਂ ਉਹ ਤਾਂ ਇਤਾਲਵੀ ਸਭਿਆਚਾਰ, ਇਤਿਹਾਸ ਤੇ ਰਾਜਨੀਤਕ ਵਿਚਾਰਾਂ ਨਾਲ ਬੌਧਿਕ ਪੱਧਰ ’ਤੇ ਸੰਲਗਿਤ ਸੀ ,ਜਿਸ ਨੇ ਆਪਣੇ ਸਮਕਾਲੀਆਂ ਨੂੰ ਹੀ ਨਹੀਂ ਬਾਅਦ ਦੇ ਚਿੰਤਕਾਂ ਨੂੰ ਵੀ ਪ੍ਰਭਾਵਤ ਕੀਤਾ। ਤਾਂ ਹੀ ਤਾਂ ਐਂਜਲੋ ਟਾਸਕਾ ਨੇ 1954 ਵਿਚ ਗ੍ਰਾਮਸ਼ੀ ਦੇ 1919-1928 ਤੱਕ ਦੇ ਲੇਖਾਂ ਦੇ ਪ੍ਰਕਾਸ਼ਿਤ ਹੋਣ ’ਤੇ ਕਿਹਾ ਸੀ ਕਿ ਇਹ ਪਿੱਛਲੇ ਪੰਜਾਹ ਵਰਿ੍ਹਆਂ ਤੋਂ ਸਾਹਮਣੇ ਆਇਆ ਸਮਾਜਵਾਦੀ ਚਿੰਤਨ ਦਾ ਸਭ ਤੋਂ ਵੱਧ ਮੌਲਿਕ ਤੇ ਸ਼ਕਤੀਸ਼ਾਲੀ ਪ੍ਰਗਟਾਵਾ ਹੈ।

ਐਨਤੋਨੀਉਂ ਗ੍ਰਾਮਸ਼ੀ ਦੀਆਂ ਅੰਗਰੇਜ਼ੀ ਵਿਚ ਮਿਲਦੀਆਂ ਮਹੱਤਵਪੂਰਨ ਪੁਸਤਕਾਂ।

  1. Selections from prison notebooks-New York:International publishers,1971.
  2. Selections from political writings(1910-1920)- London: Lawrence and Wishart,1977)
  3. Selections from political writings (1921-1926)-London:Lawrence and Wishart,1978)
  4. Selections from Cultural writings London: Lawrence and Wishart,1985)
  5. Letters from Prison, 2 volumes- New York: Columbia University Press, 1994).
    ਗ੍ਰਾਮਸ਼ੀ ਦੀ ਜੀਵਨੀ ਵੀ ਅੰਗਰੇਜ਼ੀ ਵਿਚ ਬਹੁਤ ਸਾਰੇ ਪ੍ਰਕਾਸ਼ਕਾਂ ਤੋਂ ਮਿਲਦੀ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!