ਅਧੂਰੀ ਅਲਵਿਦਾ – ਹਰਜੀਤ ਅਟਵਾਲ

Date:

Share post:

ਪਿਤਾ ਦਾ ਫੂਨ ਆਇਆ ਕਿ ਮਾਂ ਦੀ ਸਿਹਤ ਹੁਣ ਜ਼ਿਆਦਾ ਹੀ ਢਿੱਲੀ ਹੈ ਤੇ ਆ ਕੇ ਮਿਲ ਜਾਵੋ। ਲਗਾਤਾਰ ਡਾਇਲੈਸਜ਼ ਲੱਗ ਰਿਹਾ ਹੈ। ਪਿਤਾ ਦੇ ਗੱਲ ਕਰਨ ਦੇ ਲਹਿਜੇ ਵਿਚੋਂ ਇਹ ਸੁਰ ਉਭਰਦੀ ਸੀ ਕਿ ਤੁਸੀਂ ਆਪ ਤਾਂ ਸਾਰੇ ਇੰਗਲੈਂਡ ਜਾ ਬੈਠੇ ਹੋ ਤੇ ਤੁਹਾਡੀ ਮਾਂ ਨੂੰ ਮੈਂ ਸੰਭਾਲਦਾ ਫਿਰਦਾ ਹਾਂ। ਅੱਜ ਵੀ ਪਿਤਾ ਮਾਂ ਦੇ ਡਾਇਲਸੈਜ਼ ਲਵਾ ਕੇ ਮੁੜ ਰਹੇ ਸਨ ਕਿ ਰਾਹ ਵਿਚ ਪੈਂਦੇ ਪੀ.ਸੀ.ਓ.ਤੋਂ ਫੋਨ ਕਰ ਲਿਆ।
ਮੇਰੀ ਮਾਂ ਸ਼ੂਗਰ ਦੀ ਮਰੀਜ਼ ਸੀ। ਸ਼ੂਗਰ ਨੇ ਉਸਦੀਆਂ ਕਿਡਨੀਆਂ ਖਰਾਬ ਕਰ ਦਿੱਤੀਆਂ ਸਨ ਤੇ ਕਿਡਨੀਆਂ ਨੇ ਖੂਨ ਸਾਫ ਕਰਨਾ ਬੰਦ ਕਰ ਦਿੱਤਾ ਸੀ। ਖੂਨ ਸਾਫ ਕਰਨ ਲਈ ਡਾਇਲਸੈਜ਼ ਲਗਦਾ ਸੀ ਤੇ ਇਸ ਦੀਆਂ ਮਸ਼ੀਨਾਂ ਲੁਧਿਆਣੇ ਹੀ ਸਨ ਤੇ ਉਨ੍ਹਾਂ ਨੂੰ ਛੇਤੀ ਛੇਤੀ ਲੁਧਿਆਣੇ ਜਾਣਾ ਪੈਂਦਾ ਤੇ ਲੁਧਿਆਣਾ ਸਾਡੇ ਪਿੰਡ ਤੋਂ ਪੈਂਤੀ ਚਾਲੀ ਮੀਲ ਦੂਰ ਹੈ। ਹੁਣ ਪਿਤਾ ਦੀ ਸਿਹਤ ਵੀ ਪਹਿਲਾਂ ਜਹੀ ਨਹੀਂ ਹੈ, ਕੁਦਰਤੀ ਹੈ ਕਿ ਮਾਂ ਨੂੰ ਸੰਭਾਲਣਾ ਉਨ੍ਹਾਂ ਲਈ ਕਾਫੀ ਮੁਸ਼ਕਲ ਹੋਵੇਗਾ। ਮਰੀਜ਼ ਦੀ ਦੇਖ ਭਾਲ ਕਰਨੀ ਇਕ ਦੁਖਦਾਈ ਪ੍ਰਕਿਰਿਆ ਹੈ। ਮੈਂ ਪਿਤਾ ਦੇ ਦੁੱਖ ਨੂੰ ਸਮਝਦਾ ਸਾਂ ਪਰ ਆਪਣੇ ਕਾਰੋਬਾਰ ਵਿਚ ਇਵੇਂ ਉਲਝਿਆ ਸਾਂ ਕਿ ਨਿਕਲ ਨਹੀਂ ਸੀ ਹੋ ਰਿਹਾ। ਮੇਰੇ ਛੋਟੇ ਭਰਾ ਨੇ ਕਦੇ ਕੋਈ ਜ਼ੁੰਮੇਵਾਰੀ ਲਈ ਹੀ ਨਹੀਂ ਸੀ। ਉਸਨੂੰ ਕਿਸੇ ਦੇ ਜੰਮਣ ਮਰਨ ਦਾ ਬਹੁਤਾ ਫਰਕ ਨਹੀਂ ਸੀ। ਮੈਂ ਮਾਂ ਤੇ ਪਿਤਾ ਨੂੰ ਇਥੇ ਸੱਦਣ ਦੇ ਕਈੇ ਉਪਰਾਲੇ ਕੀਤ ਸਨ। ਪਿਤਾ ਦਾ ਪਾਸਪੋਰਟ ਤਾਂ ਬਣ ਗਿਆ ਸੀ ਪਰ ਮਾਂ ਦਾ ਪਾਸਪੋਰਟ ਨਹੀਂ ਸੀ ਬਣ ਰਿਹਾ, ਕੋਈ ਅੜਿੱਕਾ ਪੈ ਗਿਆ ਸੀ। ਵੈਸੇ ਤਾਂ ਮਾਂ ਪਹਿਲਾਂ ਇਕ ਵਾਰ ਇੰਗਲੈਂਡ ਦਾ ਚੱਕਰ ਲਗਾ ਗਈ ਸੀ ਪਰ ਉਸਦੇ ਪਾਸਪੋਰਟ ਦੀ ਮਿਆਦ ਹੁਣ ਖਤਮ ਹੋ ਚੁੱਕੀ ਸੀ। ਪਿਤਾ ਦੱਸ ਰਹੇ ਸਨ ਕਿ ਰਿਸ਼ਵਤ ਦੇ ਕੇ ਵੀ ਪਾਸਪੋਰਟ ਨਹੀਂ ਸੀ ਮਿਲ ਰਿਹਾ।
ਪਿਤਾ ਦੇ ਫੋਨ ਤੋਂ ਬਾਅਦ ਮੈਂ ਆਪਣੇ ਕਾਰੋਬਾਰ ਦੀ ਦੇਖ ਰੇਖ ਦਾ ਇੰਤਜ਼ਾਮ ਕੀਤਾ ਤੇ ਇੰਡੀਆ ਲਈ ਚੜ੍ਹ ਗਿਆ। ਮੈਂ ਸੋਚਦਾ ਸਾਂ ਕਿ ਘਰ ਪੁਜਦਾ ਹੀ ਪਿਤਾ ਨੂੰ ਆਰਾਮ ਕਰਨ ਲਈ ਕਹਾਂਗਾ ਤੇ ਮਾਂ ਦੀ ਆਪ ਸੇਵਾ ਕਰਾਂਗਾ ਤੇ ਕੋਸ਼ਿਸ਼ ਕਰਾਂਗਾ ਕਿ ਉਸਦਾ ਪਾਸਪੋਰਟ ਬਣ ਜਾਵੇ ਤੇ ਦੋਵਾਂ ਨੂੰ ਨਾਲ ਹੀ ਲੈਂਦਾ ਆਵਾਂਗਾ। ਲੋੜੀਂਦੇ ਪੇਪਰ ਮੈਂ ਤਿਆਰ ਕਰਵਾ ਕੇ ਨਾਲ ਲੈ ਚੱਲਿਆ ਸਾਂ।
ਘਰ ਪੁੱਜਾ ਤਾਂ ਮਾਂ ਦੀ ਸਿਹਤ ਦੇਖਕੇ ਮੈਂ ਹੈਰਾਨ ਰਹਿ ਗਿਆ। ਉਹ ਇੰਨੀ ਪਤਲੀ ਹੋ ਗਈ ਸੀ ਕਿ ਹਵਾ ਨਾਲ ਹੀ ਉਡ ਜਾਣ ਦਾ ਡਰ ਰਹੇ। ਸੱਠ ਸਾਲ ਦੀ ਮਾਂ ਜਿਵੇਂ ਸੌ ਸਾਲ ਦੀ ਹੋਵੇ। ਮੈਨੂੰ ਦੇਖਕੇ ਉਸ ਨੂੰ ਚਾਅ ਚੜ੍ਹ ਗਿਆ ਤੇ ਕਹਿਣ ਲੱਗੀ, ‘ਲੈ ਹੁਣ ਨਹੀਂ ਮੈਂ ਮਰਦੀ, ਹੁਣ ਮੇਰਾ ਜਿੰਦਰ ਆ ਗਿਆ, ਹੁਣ ਤਾਂ ਮੈਂ ਓਦਾਂ ਈ ਠੀਕ ਹੋ ਜਾਣਾ।’’
ਉਸ ਦਾ ਰੰਗ ਕਾਲਾ ਫਿਰ ਗਿਆ ਸੀ। ਮੈਂ ਕਾਰਨ ਪੁਛਿਆ ਤਾਂ ਬੋਲੀ, ‘ ਮੈਨੂੰ ਕਈ ਵਾਰ ਖੂਨ ਚੜ੍ਹਾਉਣ ਨਵੇਂ ਸ਼ਹਿਰ ਜਾਣਾ ਪੈਂਦਾ, ਪਤਾ ਨਹੀਂ ਉਹ ਕਿਸੇ ਕਾਲੇ ਦਾ ਖੂਨ ਈ ਚਾੜ੍ਹ ਦਿੰਦੇ ਆ।’ ਉਹ ਹੱਸਦੀ ਹੋਈ ਦੱਸ ਰਹੀ ਸੀ। ਮਜ਼ਾਕ ਕਰਨ ਦੀ ਉਹਦੀ ਆਦਤ ਪਹਿਲਾਂ ਤੋਂ ਹੀ ਸੀ। ਹੁਣ ਉਹ ਪੂਰੇ ਹੌਸਲੇ ਵਿਚ ਸੀ। ਇਧਰ ਉਧਰ ਕਾਹਲੀ ਨਾਲ ਤੁਰਨ ਦੀ ਕੋਸ਼ਿਸ਼ ਕਰਦੀ। ਪਿਤਾ ਹਿਰਖ ਜਿਹਾ ਕਰਕੇ ਆਖਦੇ, ‘ ਕਲ੍ਹ ਤੱਕ ਤਾਂ ਮੰਜੇ ਤੋਂ ਹਿੱਲਦੀ ਨਹੀਂ ਸੀ ।’
‘ਹੁਣ ਮੇਰਾ ਪੁੱਤ ਆ ਗਿਆ, ਏਹਨੇ ਮੇਰਾ ਪਾਸਪੋਰਟ ਲੈ ਆਉਣਾ ਤੇ ਹੁਣ ਆਪਾਂ ਇੰਗਲੈਂਡ ਚਲੇ ਜਾਣਾ। ਮੈਨੂੰ ਡਾਕਟਰ ਦੱਸਦਾ ਸੀ ਕਿ ਉਥੇ ਡਾਇਲਸੈਜ਼ ਲਾਉਣਾ ਏਨਾ ਮੁਸ਼ਕਲ ਨਹੀਂ ਹੈ।’
ਉਹ ਫਿਰ ਮੈਨੂੰ ਆਖਣ ਲੱਗੀ, ‘ ਤੂੰ ਇਕ ਵਾਰ ਇੰਗਲੈਂਡ ਲੈ ਜਾ, ਮੈਂ ਤੇਰੇ ਕਿਸੇ ਕੰਮ ਵਿਚ ਵਿਘਨ ਨਹੀਂ ਪਾਉਂਦੀ। ਮੈਂ ਤੈਨੂੰ ਕੋਈ ਤੰਗ ਨਹੀਂ ਕਰਦੀ। ਤੂੰ ਮੈਨੂੰ ਇਕ ਵਾਰ ਹਸਪਤਾਲ ਛੱਡ ਆਈਂ, ਉਨ੍ਹਾਂ ਨੇ ਆਪੇ ਮੇਰਾ ਇਲਾਜ ਕਰ ਦੇਣਾ। ਤੁਸੀਂ ਭਾਵੇਂ ਕੋਈ ਮਿਲਣ ਵੀ ਨਾ ਆਇਓਂ।’’
ਉਸ ਨੂੰ ਇੰਗਲੈਂਡ ਦੇ ਹਸਪਤਾਲਾਂ ਦੇ ਸਿਸਟਮ ਦਾ ਪਤਾ ਸੀ।
ਜਦ ਉਸ ਨੂੰ ਪਤਾ ਚੱਲਿਆ ਕਿ ਉਨ੍ਹਾਂ ਨੂੰ ਨਾਲ ਲੈ ਜਾਣ ਲਈ ਮੈਂ ਪੇਪਰ ਨਾਲ ਲਿਆਇਆ ਹਾਂ ਤਾਂ ਉਹ ਇੰਗਲੈਂਡ ਜਾਣ ਦੀ ਤਿਆਰੀ ਕਰਨ ਲੱਗੀ।
ਉਸ ਨੂੰ ਮੇਰੇ ਉਪਰ ਲੋਹੜੇ ਦਾ ਯਕੀਨ ਸੀ। ਉਸ ਨੂੰ ਲਗਦਾ ਸੀ ਕਿ ਉਸਦਾ ਪਾਸਪੋਰਟ ਲੈ ਆਉਣਾ ਤਾਂ ਮੇਰੇ ਲਈ ਖੱਬੇ ਹੱਥ ਦਾ ਕੰਮ ਸੀ।
ਮਾਂ ਦੀ ਜ਼ਿੰਦਗੀ ਦਾ ਬਹੁਤਾ ਹਿੱਸਾ ਦੁੱਖਾਂ ਤਕਲੀਫਾਂ ਵਿਚ ਹੀ ਗੁਜ਼ਰਿਆ ਸੀ। ਮਾਂ ਮਾਲਵੇ ਦੇ ਨਗਰ ਨਾਰੰਗਵਾਲ ਤੋਂ ਸੀ ਜੋ ਕਿ ਲੁਧਿਆਣੇ ਜ਼ਿਲ੍ਹੇ ਵਿਚ ਪੈਂਦਾ ਹੈ। ਮਾਲਵੇ ਦੇ ਆਮ ਘਰ ਖੁੱਲ੍ਹੇ ਡੁੱਲ੍ਹੇ ਹਨ ਜਦ ਕਿ ਦੁਆਬੇ ਦੇ ਆਮ ਘਰ ਛੋਟੇ ਛੋਟੇ ਹਨ ਜਾਂ ਉਨ੍ਹਾਂ ਦਿਨਾਂ ਵਿਚ ਸਨ। ਸਾਡੇ ਨਾਨਕਿਆਂ ਦੇ ਘਰ ਦਾ ਵਿਹੜਾ ਹੀ ਪੂਰੇ ਕਨਾਲ ਦਾ ਸੀ ਜਦ ਕਿ ਇਥੇ ਮਾਂ ਦੋ ਮਰਲਿਆਂ ਦੇ ਨਿੱਕੇ ਘਰ ਵਿਚ ਆ ਬੈਠੀ ਸੀ ਜਿਸ ਦੇ ਤਿੰਨ ਛੋਟੇ ਛੋਟੇ ਕਮਰੇ ਸਨ ਜਿਨ੍ਹਾਂ ਵਿਚ ਮੇਰਾ ਬਾਬਾ, ਬੇਬੇ, ਚਾਚਾ ਤੇ ਭੂਆ ਵੀ ਰਹਿੰਦੇ ਸਨ। ਸਭ ਤੋਂ ਪਹਿਲਾ ਦੁੱਖ ਤਾਂ ਮਾਂ ਦਾ ਇਹੋ ਹੀ ਸੀ। ਉਹ ਦੱਸਿਆ ਕਰਦੀ ਸੀ ਕਿ ਪਹਿਲਾਂ ਪਹਿਲ ਇਸ ਡੱਬੀ ਵਰਗੇ ਘਰ ਨੂੰ ਦੇਖਕੇ ਉਹ ਬਹੁਤ ਰੋਇਆ ਕਰਦੀ ਸੀ ਕਿ ਕਿੱਥੇ ਆ ਗਈ ਹੈ। ਮੇਰੇ ਜਨਮ ਤੋਂ ਬਾਅਦ ਉਹ ਆਪਣੇ ਆਪ ਨੂੰ ਤਸੱਲੀ ਦੇਣ ਲੱਗੀ ਕਿ ਆਪੇ ਮੇਰਾ ਪੁੱਤ ਬੜਾ ਹੋ ਕੇ ਵੱਡਾ ਸਾਰਾ ਘਰ ਬਣਾਏਗਾ। ਜਦੋ ਮੇਰੀਂ ਮਾਂ ਦੀ ਤੇ ਬੇਬੇ ਦੀ ਆਪਸ ਵਿਚ ਨਾ ਬਣੀ ਤਾਂ ਉਸਨੂੰ ਉਪਰ ਚਾਰ ਖਣ ਦਾ ਚੁਬਾਰਾ ਛੱਤਕੇ ਜੁਦਾ ਕਰ ਦਿੱਤਾ ਗਿਆ। ਚਾਰ ਖਣ ਦਾ ਚੁਬਾਰਾ ਤੇ ਅਸੀਂ ਪੰਜ ਭੈਣ ਭਰਾ। ਉਸ ਨੇ ਕਨਾਲ ਦੇ ਵਿਹੜੇ ਦਾ ਸੁਪਨਾ ਅਜੇ ਤਿਆਗਿਆ ਨਹੀਂ ਸੀ। ਉਹ ਅਕਸਰ ਇਹ ਸੁਪਨਾ ਮੇਰੇ ਨਾਲ ਸਾਂਝਾ ਕਰਦੀ । ਇੰਨੀ ਵਾਰ ਸਾਂਝਾ ਕਰਦੀ ਕਿ ਇਹ ਸੁਪਨਾ ਮੇਰਾ ਵੀ ਬਣ ਗਿਆ ਤੇ ਜਦ ਮੈਨੂੰ ਮੌਕਾ ਮਿਲਿਆ ਤਾਂ ਸਭ ਤੋਂ ਪਹਿਲਾਂ ਮੈਂ ਮਾਂ ਦਾ ਇਹ ਸੁਪਨਾ ਪੂਰਾ ਕੀਤਾ। ਸੁਪਨਾ ਤਾਂ ਪੂਰਾ ਹੋ ਗਿਆ ਪਰ ਜਦ ਤੱਕ ਸਭ ਕੁਝ ਬਦਲ ਚੁੱਕਾ ਸੀ। ਅਸੀਂ ਸਾਰੇ ਉਡਾਰੀ ਮਾਰ ਚੁੱਕੇ ਸਾਂ। ਹੁਣ ਇਸ ਕਨਾਲ ਦੇ ਵਿਹੜੇ ਵਿਚ ਫਿਰਨ ਵਾਲੇ ਮਾਂ ਤੇ ਪਿਤਾ ਇਕੱਲੇ ਸਨ।
ਸਾਡੇ ਘਰ ਆ ਕੇ ਮਾਂ ਨੇ ਆਰਥਿਕ ਤੰਗੀਆਂ ਵੀ ਬਹੁਤ ਦੇਖੀਆਂ ਸਨ। ਵੈਸੇ ਤਾਂ ਪਿਤਾ ਸੀ.ਆਰ.ਪੀ.ਵਿਚ ਸਨ ਤੇ ਲਗਾਤਾਰ ਮਨੀਆਰਡਰ ਭੇਜਦੇ ਸਨ ਪਰ ਟੱਬਰ ਵੱਡਾ ਸੀ ਤੇ ਸਾਰੇ ਹੀ ਪੜ੍ਹਦੇ ਸਾਂ। ਉਪਰੋਂ ਸਭ ਕੁਝ ਮੁੱਲ ਦਾ ਸੀ। ਮੁੱਲ ਦਾ ਇਸ ਕਰਕੇ ਕਿ ਸਾਡੇ ਹਿੱਸੇ ਦੀ ਜ਼ਮੀਨ ਥੋੜ੍ਹੀ ਹੀ ਸੀ। ਫਿਰ ਸਾਡੀ ਬਹੁਤੀ ਜ਼ਮੀਨ ਵਿਚ ਕੱਲਰ ਸੀ। ਘਰ ਖਾਣ ਜੋਗੇ ਦਾਣੇ ਵੀ ਨਹੀਂ ਸੀ ਆਉਂਦੇ। ਉਦੋਂ ਖੇਤੀ ਏਨੀ ਵਿਕਸਤ ਵੀ ਨਹੀਂ ਸੀ ਹੋਈ। ਅਜਿਹੀ ਹਾਲਤ ਵਿਚ ਮਾਂ ਪੂਰੇ ਸੰਜਮ ਨਾਲ ਘਰ ਚਲਾਉਂਦੀ ਰਹੀ। ਪਿਤਾ ਤਾਂ ਬਾਹਰ ਹੀ ਹੁੰਦੇ, ਸਾਲ ਵਿਚ ਮਹੀਨਾ-ਦੋ ਮਹੀਨੇ ਲਈ ਆਉਂਦੇ। ਘਰ ਵਿਚ ਮੈਂ ਹੀ ਵੱਡਾ ਸਾਂ। ਘਰ ਨੂੰ ਚਲਾਉਣ ਲਈ ਮਾਂ ਮੇਰੇ ਨਾਲ ਹੀ ਬਹੁਤੀਆਂ ਸਲਾਹਾਂ ਕਰਦੀ। ਇਸੇ ਆਰਥਿਕ ਤੰਗੀ ਵਿਚ ਵਿਚLਰਦਿਆਂ ਅਸੀਂ ਤਿੰਨ ਭੈਣਾਂ ਵਿਆਹੀਆਂ, ਤੇ ਆਪ ਮੈਂ ਐਲ.ਐਲ.ਬੀ. ਤੱਕ ਪੜ੍ਹਾਈ ਕੀਤੀ। ਮਾਂ ਨੇ ਪਿਤਾ ਨੂੰ ਘਰ ਦੀਆਂ ਤਕਲੀਫਾਂ ਤੋਂ ਇੱਕ ਤਰ੍ਹਾਂ ਨਾਲ ਅਭਿੱਜ ਰੱਖਿਆ ਤੇ ਫਿਰ ਜਦ ਘਰ ਵਿਚ ਸੁਰੱਗੀ ਆ ਗਈ ਤਾਂ ਮਾਂ ਦੀ ਸਿਹਤ ਜਾਂਦੀ ਰਹੀ।
ਮਾਂ ਮੈਨੂੰ ਵੱਡੇ ਹੁੰਦੇ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ। ਮੈਂ ਪੱਗ ਬੰਨ੍ਹ ਕੇ ਉਸਦੇ ਸਾਹਮਣੇ ਆਉਂਦਾ ਤਾਂ ਕਹਿੰਦੀ, ‘ਆ ਗਿਐਂ ਦਾਤਣ ਸਿਆਂ।’
ਮੇਰੇ ਪਿਤਾ ਦੇ ਨਾਂ ਦਰਸ਼ਣ ਸਿੰਘ ਨੂੰ ਵਿਗਾੜ ਕੇ ਦਾਤਣ ਸਿੰਘ ਆਖਦੀ ਤੇ ਸਰੂਰ ਜਿਹੇ ਨਾਲ ਭਰ ਜਾਂਦੀ। ਮੇਰੇ ਵਿਚ ਉਸਨੂੰ ਆਪਣੇ ਸੁਪਨੇ ਜਿਉਂਦੇ ਦਿਸਦੇ ਸਨ।’
ਮਾਂ ਦੇ ਮੇਰੇ ਨਾਲ ਸੰਬੰਧ ਬਹੁਤ ਹੀ ਦੋਸਤਾਨਾ ਸਨ। ਮੈਂ ਸੋਚਦਾ ਹਾਂ ਕਿ ਸ਼ਾਇਦ ਸਾਰੀਆਂ ਮਾਵਾਂ ਹੀ ਇਹੋ ਜਹੀਆ ਹੁੰਦੀਆਂ ਹੋਣਗੀਆਂ। ਇੱਕ ਗੱਲ ਬਹੁਤ ਹੀ ਅਜੀਬ ਸੀ ਕਿ ਮੇਰੇ ਦਿਲ ਵਿਚ ਆਈ ਗੱਲ ਉਹ ਇਕ ਦਮ ਬੁੱਝ ਲੈਂਦੀ। ਕੁਝ ਕਹੇ ਬਿਨਾਂ ਹੀ ਮੇਰੇ ਦੁੱਖ ਵਿਚ ਸ਼ਾਮਲ ਹੋ ਜਾਂਦੀ। ਮੇਰੇ ਸੁਪਨਿਆਂ ਨੂੰ ਵੀ ਉਹ ਸਹਿਜੇ ਹੀ ਪੜ੍ਹ ਲੈਂਦੀ। ਉਹ ਬਹੁਤ ਵਧੀਆ ਸਲਾਹਕਾਰ ਵੀ ਸੀ । ਮੇਰੀਆਂ ਲਿਖਤਾਂ ਨੂੰ ਬੜੇ ਚਾਅ ਨਾਲ ਪੜ੍ਹਦੀ। ਪੂਰੇ ਘਰ ਵਿਚ ਇੱਕ ਮਾਂ ਹੀ ਸੀ ਜਿਸਨੂੰ ਮੇਰੇ ਲੇਖਕ ਹੋਣ ਦਾ ਮਾਣ ਸੀ। ਮਾਂ ਨੇ ਮੇਰੀ ਸ਼ਖਸ਼ੀਅਤ ਨੂੰ ਨਿਖਾਰਨ ਲਈ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਬਹੁਤ ਕੁਝ ਕੀਤਾ। ਆਪਣੇ ਗੁੱਸੇ ਨੂੰ ਸੰਭਾਲ ਕੇ ਸਹੀ ਮੌਕੇ ’ਤੇ ਵਰਤਣ ਦਾ ਰਾਹ ਵੀ ਮੈਨੂੰ ਉਸੇ ਨੇ ਦਿਖਾਇਆ। ਜਜ਼ਬੇ ਦੀ ਸ਼ਿੱਦਤ ਨੂੰ ਨੱਪ ਕੇ ਰੱਖਣਾ ਵੀ ਮੈਂ ਮਾਂ ਤੋਂ ਹੀ ਸਿੱਖਿਆ। ਹੋਰ ਵੀ ਬਹੁਤ ਕੁਝ ਜਿਸਦਾ ਮੈਨੂੰ ਨਹੀਂ ਪਤਾ।
ਮੈਂ ਉਸਦੇ ਪਾਸਪੋਰਟ ਦਾ ਪਤਾ ਕਰਨ ਜਾਲੰਧਰ ਗਿਆ। ਮੇਰੇ ਨਾਲ ਮੇਰਾ ਇਕ ਦੋਸਤ ਅਸ਼ੋਕ ਪਰੂਥੀ ਵੀ ਸੀ ਜਿਸਦਾ ਪਾਸਪੋਰਟ ਅਫਸਰ ਵਾਕਫ ਸੀ। ਉਸਨੇ ਕਿਸੇ ਵਿਸ਼ੇਸ਼ ਕਲਰਕ ਨੂੰ ਮਾਂ ਦੇ ਪਾਸਪੋਰਟ ਦੀ ਫਾਈਲ ਚੈਕ ਕਰਨ ਭੇਜਿਆ। ਕਲਰਕ ਨੇ ਕੁਝ ਦੇਰ ਬਾਅਦ ਇਕ ਖਤ ਅਫਸਰ ਦੇ ਸਾਹਮਣੇ ਰੱਖ ਦਿੱਤਾ ਤੇ ਅਫਸਰ ਨੇ ਸਾਨੂੰ ਕਿਹਾ ਕਿ ਅਜੇ ਵਕਤ ਲੱਗੇਗਾ। ਕਿੰਨਾ ਲੱਗੇਗਾ, ਕੁਝ ਕਿਹਾ ਨਹੀਂ ਜਾ ਸਕਦਾ। ਅਸੀਂ ਸੋਚ ਰਹੇ ਸਾਂ ਕਿ ਜ਼ਰੂਰ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਹੋਵਗੀ ਨਹੀਂ ਤਾਂ ਹੋਰ ਕੀ ਅੜਚਣ ਹੋ ਸਕਦੀ ਹੈ। ਘਰ ਆਇਆ ਤਾਂ ਮਾਂ ਨੇ ਮੇਰਾ ਚਿਹਰਾ ਪੜ੍ਹ ਲਿਆ। ਉਸਨੇ ਇੰਗਲੈਂਡ ਜਾਣ ਵਾਲੀ ਆਪਣੀ ਟੋਨ ਹੀ ਬਦਲ ਲਈ। ਬੋਲੀ, ‘ਅਸੀਂ ਨਹੀਂ ਜਾਣਾ ਇੰਗਲੈਂਡ। ਨਾ ਉਥੇ ਮੌਸਮ ਚੰਗਾ ਨਾ ਲੋਕ, ਸੂਰਜ ਤਾਂ ਕਦੇ ਦਿਸਦਾ ਹੀ ਨਹੀਂ। ਫੇਰ ਤੁਸੀਂ ਆਪ ਤਾਂ ਤੁਰ ਜਾਣਾ ਕੰਮਾਂ ਕਾਰਾਂ ’ਤੇ ਅਸੀਂ ਬੈਠੇ ਰਹਿਣਾ ਇਕੱਲੇ। ਜੇ ਇਕੱਲੇ ਹੀ ਬੈਹਣਾ ਤਾਂ ਇਥੇ ਹੀ ਨਹੀਂ ਠੀਕ ।’’
ਕੁਝ ਦੇਰ ਬਾਅਦ ਫਿਰ ਕਹਿਣ ਲੱਗੀ, ‘ਦੇਖ ਜਿੰਦਰ, ਇਥੇ ਅਸੀਂ ਕਿੰਨੇ ਸੌਖੇ ਆਂ। ਨੌਕਰ ਕਿੰਨੇ ਸਸਤੇ ਮਿਲ ਜਾਂਦੇ ਆ, ਕੋਈ ਕੰਮ ਆਪ ਨਹੀਂ ਕਰਨਾ ਪੈਂਦਾ। ਉਥੇ ਸਾਰਾ ਕੁਝ ਹੱਥੀਂ ਕਰਨਾ ਪਊ ਫੇਰ ਭਾਈ ਤੁਹਾਡੀਆਂ ਜ਼ਨਾਨੀਆਂ ਵੀ ਮੂੰਹ ਜ਼ੋਰ ਨੇ।’’
ਇਸ ਗੱਲ ਦਾ ਮੈਂਨੂੰ ਯਕੀਨ ਦੁਆਉਣ ਲਈ ਕਿ ਉਹ ਇੰਗਲੈਂਡ ਨਹੀਂ ਜਾਣਾ ਚਾਹੁੰਦੀ ਕੋਈ ਨਾ ਕੋਈ ਟੋਣਾ ਲਾ ਜਾਂਦੀ:-
‘ਤੁਸੀਂ ਨਿਆਣਿਆਂ ਦੇ ਵਿਆਹ ਏਥੇ ਪਿੰਡ ਕਰਿਓ, ਆਪਣਾ ਭਾਈਚਾਰਾ ਤੇ ਆਹ ਪੂਰੇ ਕਨਾਲ ਦਾ ਵਿਹੜਾ ਕਿਸ ਕੰਮ ਆਊ।’’
ਪਿਛਲੇ ਸਾਲ ਮੈਂ ਆਇਆ ਤਾਂ ਮਾਂ ਏਨੀ ਕਮਜ਼ੋਰ ਨਹੀਂ ਸੀ। ਡਾਇਲਸੈਜ਼ ਵੀ ਨਹੀਂ ਸੀ ਲੱਗਦਾ। ਮੈਂ ਤੇ ਪਿਤਾ ਬੈਠੇ ਦਾਰੂ ਪੀ ਰਹੇ ਸਾਂ। ਮਾਂ ਆਦਤ ਅਨੁਸਾਰ ਮੈਨੂੰ ਹੱਥ ਮਾਰਦੀ ਬੋਲੀ, ‘ਦਾਤਣ ਸਿਆਂ, ਤੇਰੇ ਪਿਓ ਦੀ ਕਬੀਲਦਾਰੀ ਤਾਂ ਨਿੱਬੜ ਗਈ ਪਰ ਤੇਰੀਆਂ ਜੁਮੇਵਾਰੀਆਂ ਅਜੇ ਬਹੁਤ ਨੇ, ਸ਼ਰਾਬ ਛੱਡ ਦੇ।’’
ਇਸ ਵਾਰ ਹੁਣ ਮੈਂ ਸ਼ਰਾਬ ਛੱਡੀ ਹੋਈ ਸੀ। ਪਿਤਾ ਨੇ ਤਾਂ ਹਰ ਸ਼ਾਮ ਪੀਣੀ ਹੀ ਹੁੰਦੀ ਸੀ ਪਰ ਪਿਤਾ ਪਹਿਲਾਂ ਵਾਂਗ ਖੁਲ੍ਹਕੇ ਗੱਲ ਨਹੀਂ ਸੀ ਕਰ ਰਹੇ। ਇਕ ਦਿਨ ਮਾਂ ਨੇ ਕਿਹਾ, ‘ਜਿੰਦਰ ਇਹ ਤੈਨੂੰ ਰੋਜ਼ ਉਡੀਕਦੇ ਸੀ। ਕਈ ਕਿਸਮ ਦੀ ਇਨ੍ਹਾਂ ਸ਼ਰਾਬ ਲਿਆ ਕੇ ਰੱਖੀ ਹੋਈ ਆ ਪਰ ਤੂੰ ਇੱਕ ਦਮ ਹੀ ਛੱਡ ਗਿਆ।’’
‘ਤੂੰ ਆਪੇ ਤਾਂ ਕਹਿੰਦੀ ਸੀ ਕਿ ਛੱਡ ਦੇ।’’
‘ਆਹੋ ਅੱਗੇ ਤਾਂ ਤੂੰ ਸਾਰੇ ਕੰਮ ਮੇਰੇ ਕਹੇ ‘ਤੇ ਹੀ ਕਰਦਾਂ। ਜੇ ਪੇ ਪੁੱਤ ਇਕੱਠੇ ਬੈਠ ਕੇ ਖਾਂਦੇ ਪੀਂਦੇ ਆ ਤਾਂ ਕਿਹਨੂੰ ਬੁਰਾ ਲੱਗੇਗਾ। ਨਾਲੇ ਮੈਂ ਗਲਤੀ ਕਰ ਲਈ ਪਾਸਪੋਰਟ ਦੀ। ਮੁਨਿਆਦ ਦੇ ਅੰਦਰ ਅੰਦਰ ਹੀ ਆ ਜਾਂਦੀ ਤਾਂ ਤੈਨੂੰ ਦੇਖਦੀ ਕਿੰਨੀ ਕੁ ਪੀਂਦਾ।’’
ਮੈਂ ਇਕ ਵਾਰ ਫਿਰ ਜਲੰਧਰ ਗਿਆ। ਇੱਕ ਏਜੰਟ ਨੂੰ ਮਿਲਿਆ ਜੋ ਪਾਸਪੋਰਟ ਬਣਾਉਣ ਦਾ ਮਾਹਿਰ ਸੀ। ਉਸਨੇ ਦੋ ਹਜ਼ਾਰ ਰੁਪਏ ਮੰਗੇ ਮੈਂ ਦੇ ਦਿੱਤੇ। ਜਦ ਮੈਂ ਮੁੜ ਉਸਨੂੰ ਮਿਲਿਆ ਤਾਂ ਉਸਨੇ ਪੈਸੇ ਮੋੜਦਿਆਂ ਕਿਹਾ ਕਿ ਇਹ ਕੰਮ ਉਹਦੇ ਵੱਸ ਦਾ ਨਹੀਂ ਸੀ।
ਮਾਂ ਜ਼ਿਆਦਾਤਰ ਮੰਜੇ ‘ਤੇ ਪਈ ਰਹਿੰਦੀ ਜਾਂ ਕੁਰਸੀ ‘ਤੇ ਬੈਠੀ ਰਹਿੰਦੀ। ਉਸਦਾ ਸਰੀਰ ਬਹੁਤ ਹੀ ਕਮਜ਼ੋਰ ਸੀ। ਮੈਨੂੰ ਡਰ ਲੱਗਣ ਲੱਗਦਾ ਕਿ ਪਤਾ ਨਹੀਂ ਕਦੋਂ ਕੀ ਹੋ ਜਾਵੇ। ਮੈਂ ਮਾਂ ਵੱਲ ਵੇਖ ਰਿਹਾ ਸਾਂ, ਉਹ ਸਮਝ ਗਈ ਤੇ ਮੈਨੂੰ ਆਪਣੇ ਕੋਲ ਬੁਲਾ ਕੇ ਕਹਿਣ ਲੱਗੀ :-
‘ਦੇਖ ਜਿੰਦਰ ਮੈਨੂੰ ਕਿਸੇ ਵੱਡੀ ਤਾਕਤ ਵਿਚ ਯਕੀਨ ਨਹੀਂ, ਇਸ ਕਰਕੇ ਲੋਕਾਂ ਦੇ ਆਖੇ ਲੱਗ ਕੇ ਰਸਮਾਂ ਵਿਚ ਨਾ ਫਸ ਜਾਈਂ, ਜੇ ਕੁਝ ਕਰਨਾ ਹੋਇਆ ਤਾਂ ਐਵੇਂ ਸਾਦਾ ਜਿਹਾ।’’
ਮੈਂ ਉਦਾਸ ਹੋਣ ਲੱਗਾ ਤਾਂ ਉਸ ਨੇ ਕਿਹਾ, ‘ਪਰ ਮੈਂ ਏਨੀ ਛੇਤੀ ਮਰਦੀ ਨਹੀਂ। ਤੇਰੀ ਨਾਨੀ ਨੱਬੇ ਸਾਲ ਦੀ ਹੋ ਕੇ ਪੂਰੀ ਹੋਈ। ਮੈਂ ਵੀ ਤਾਂ ਉਸੇ ਹੱਡੀ ਦੀ ਬਣੀ ਹੋਈ ਆਂ। ਤੀਹ ਸਾਲ ਪਏ ਮੇਰੇ ਹਾਲੇ।’’
ਹੁਣ ਜਦ ਵੀ ਮੈਂ ਉਸ ਕੋਲ ਇਕੱਲਾ ਹੁੰਦਾ ਤਾਂ ਆਪਣੀ ਮੌਤ ਤੋਂ ਬਾਅਦ ਵਾਲੀ ਮੇਰੀ ਜ਼ਿੰਦਗੀ ਬਾਰੇ ਜ਼ਰੂਰ ਗੱਲ ਕਰਦੀ। ਪਰ ਉਨੀ ਕੁ ਗੱਲ ਹੀ ਕਰਦੀ ਜਿੰਨੀ ਮੈਂ ਸਹਿ ਸਕਦਾ ਹੁੰਦਾ। ਡਾਕਟਰ ਵਾਂਗ ਹਿਸਾਬ ਦੀ ਡੋਜ਼ ਹੀ ਦਿੰਦੀ ।
ਉਹ ਕਹਿੰਦੀ, ‘ਆਪਣੇ ਪਿਓ ਨੂੰ ਇਥੇ ਪਿੰਡ ਵਿਚ ਇਕੱਲਾ ਨਾ ਛੱਡ ਜਾਈਂ, ਇਹਨੂੰ ਨਾਲ ਲੈ ਜਾਈਂ।’’
ਫਿਰ ਅਗਲੇ ਪਲ ਹੀ ਆਖਦੀ, ‘ਓਦਾਂ ਤਾਂ ਮੈਨੂੰ ਕੁਝ ਨਹੀਂ ਹੋਇਆ ਪਰ ਇਥੇ ਕਈ ਵਿਧਵਾਵਾਂ ਮਰਦ ਭਾਲਦੀਆਂ ਫਿਰਦੀਆਂ। ਫੇਰ ਤੇਰੇ ਪਿਓ ਕੋਲ ਤਾਂ ਚਾਰ ਪੈਸੇ ਵੀ ਹੈਗੇ ਆ ਤੇ ਉਪਰੋਂ ਪੈਨਸ਼ਨ ਵੀ।’’
ਕਦੇ ਕਹਿੰਦੀ, ‘ਤੂੰ ਆਪਣੇ ਭਰਾ ਭੈਣਾਂ ਦਾ ਬਹੁਤ ਕਰ ਲਿਆ, ਹੁਣ ਆਪਣੇ ਬਾਰੇ ਸੋਚੀਂ। ਆਹ ਬੜੇ ਪਿੰਡ ਦੀ ਇੱਕ ਕੁੜੀ ਤੂੰ ਵਿਆਹ ਦਿੱਤੀ, ਹੋਰ ਨਾ ਕਰੀ ਜਾਈਂ।’’ ਬੜੇ ਪਿੰਡ ਮੇਰੀ ਭੈਣ ਵਿਆਹੀ ਹੋਈ ਹੈ ਜਿਸਦੀ ਇੱਕ ਲੜਕੀ ਦੀ ਮੈਂ ਇਥੇ ਸੱਦ ਕੇ ਸ਼ਾਦੀ ਕੀਤੀ ਸੀ ਜਿਸ ਉਪਰ ਮੇਰਾ ਬਹੁਤ ਖਰਚ ਹੋ ਗਿਆ ਸੀ ਤੇ ਮੈਂ ਆਰਥਿਕ ਤੌਰ ’ਤੇ ਹਿੱਸ ਗਿਆ ਸਾਂ। ਇੱਕ ਕੁੜੀ ਤੇ ਇੱਕ ਮੁੰਡਾ ਉਨ੍ਹਾਂ ਦੇ ਹੋਰ ਵਿਆਹੁਣ ਵਾਲੇ ਸਨ। ਮਾਂ ਨੂੰ ਮੇਰਾ ਫਿਕਰ ਸੀ।
ਮੇਰੇ ਘਰ ਪੁੱਤ ਦੋਹਾਂ ਕੁੜੀਆਂ ਤੋਂ ਬਾਅਦ ਹੋਇਆ। ਮਾਂ ਨੂੰ ਉਸਦਾ ਬਹੁਤ ਚਾਅ ਸੀ ਪਰ ਮਾਂ ਨੇ ਉਸਨੂੰ ਅਜੇ ਦੇਖਿਆ ਨਹੀਂ ਸੀ। ਉਸਦੀ ਬਹੁਤ ਤਮੰਨਾ ਸੀ ਕਿ ਉਹ ਬਿਲਾਵਲ ਨੂੰ ਖਿਡਾਵੇ। ਵੈਸੇ ਤਾਂ ਮੈਂ ਉਹਦੀ ਵੀਡੀਓ ਬਣਾ ਕੇ ਲੈ ਗਿਆ ਸਾਂ ਪਰ ਮਾਂ ਕਹਿਣ ਲੱਗੀ, ‘ ਜੇ ਮੈਂ ਇਸ ਨੂੰ ਇੱਕ ਵਾਰ ਚੁੱਕ ਲੈਂਦੀ ਤਾਂ ਮੇਰੇ ਲਈ ਕਿੰਨਾ ਸੌਖਾ ਹੁੰਦਾ।’’ ਫੇਰ ਆਪਣੇ ਆਪ ’ਤੇ ਕਾਬੂ ਪਾਉਂਦੀ ਬੋਲੀ, ‘ਮੈਂ ਤਾਂ ਬਿਲਾਵਲ ਨੂੰ ਵਿਆਹ ਕੇ ਮਰੂੰਗੀ। ਕਿਸੇ ਛੋਟੇ ਪਿੰਡ ਦੀ ਕੁੜੀ ਨਹੀਂ ਵਿਆਹੁਣੀ । ਤੇਰੀ ਵਾਰੀ ਕਾਹਲੀ ਕਰ ਹੋ ਗਈ ਸੀ, ਕਿਸੇ ਨਗਰ ਦੀ ਕੁੜੀ ਲਵਾਂਗੇ।’’
ਉਸਨੂੰ ਬਹੁਤਾ ਫਿਕਰ ਪਿਤਾ ਦਾ ਹੀ ਸੀ। ਮੈਨੂੰ ਪਿਤਾ ਦੇ ਸੁਭਾਅ ਦੀਆਂ ਬਰੀਕੀਆਂ ਸਮਝਾਉਂਦੀ ਦੱਸਦੀ ਕਿ ਉਹਦਾ ਕੌਅ ਕਿਵੇਂ ਪਾਉਣਾ ਹੈ। ਉਹ ਖੁਸ਼ ਸੀ ਕਿ ਪਿਤਾ ਨੇ ਉਸਦੀ ਬਹੁਤ ਸੇਵਾ ਕੀਤੀ। ਉਹ ਕਹਿ ਰਹੀ ਹੁੰਦੀ, ‘ ਜਦ ਮੇਰੀਆਂ ਟੁੱਟਦੀਆਂ ਤਾਂ ਮੈਨੂੰ ਜੰਗਲ ਪਾਣੀ ਜਾਣ ਦੀ ਬਹੁਤ ਹਾਜਤ ਹੁੰਦੀ ਆ ਤੇ ਇਹ ਹੀ ਮੈਨੂੰ ਸੰਭਾਲਦੇ ਆ। ਸੇਵਾ ’ਚ ਕਸਰ ਨਹੀਂ ਛੱਡਦੇ ਪਰ ਕਰਦੇ ਅਧੀਆ ਪੀ ਕੇ ਆ।’’
ਡਾਇਲੈਸਿਜ਼ ਲੱਗਣ ਤੋਂ ਬਾਅਦ ਉਹ ਬਹੁਤ ਨਿਢਾਲ ਹੋ ਜਾਂਦੀ। ਮੈਂ ਉਸਨੂੰ ਚੁੱਕ ਕੇ ਟੈਕਸੀ ਵਿਚ ਬਿਠਾਊਂਦਾ ਤੇ ਘਰ ਪਹੁੰਚਕੇ ਫਿਰ ਚੁੱਕ ਕੇ ਬਿਸਤਰ ਵਿਚ ਪਾ ਦਿੰਦਾ। ਉਹ ਮੈਨੂੰ ਸਰਬਣ ਪੁੱਤ ਆਖਦੀ ਦੁਆਵਾਂ ਦਿੰਦੀ ਤੇ ਬੋਲਦੀ, ‘ਮੇਰੀ ਇਹੋ ਖਾਹਸ਼ ਸੀ ਕਿ ਇੱਕ ਵਾਰ ਤੂੰ ਆ ਜਾਵੇਂ, ਆਖਰੀ ਪਾਣੀ ਦਾ ਘੁੱਟ ਮੈਨੂੰ ਤੂੰ ਹੀ ਪਿਆਵੇਂ, ਤੇਰੇ ਨਾਲ ਗੱਲਾਂ ਕਰਦੀ ਕਰਦੀ ਮੈਂ ਅਲਵਿਦਾ ਕਹਾਂ।’’
ਮੇਰਾ ਗਲਾ ਭਰ ਆਇਆ ਤਾਂ ਉਸ ਨੇ ਗੱਲ ਬਦਲ ਲਈ ਤੇ ਕਹਿਣ ਲੱਗੀ ‘ਮੈਂ ਐਤਕੀਂ ਦੀ ਗੱਲ ਨਹੀਂ ਕਰਦੀ, ਅਗਲੀ ਕਿਸੇ ਵਾਰ ਦੀ ਕਰਦੀ ਆਂ, ਵੀਹ ਪੱਚੀ ਸਾਲ ਬਾਅਦ ਦੀ।’
ਉਸਦੀ ਕੋਸ਼ਿਸ਼ ਹੁੰਦੀ ਕਿ ਉਹ ਆਪਣੀਂ ਹੱਥੀਂ ਰੋਟੀ ਬਣਾ ਕੇ ਮੈਨੂੰ ਖਵਾਵੇ। ਉਹ ਮੀਟ ਬਣਾਉਣ ਦੀ ਬਹੁਤ ਮਾਹਿਰ ਸੀ ਤੇ ਮੈਂ ਮੀਟ ਦਾ ਬਹੁਤ ਸੌਕੀਨ। ਉਹ ਮੰਜੇ ਤੋਂ ਉਠਕੇ ਔਖੀ ਹੋ ਕੇ ਮੀਟ ਬਣਾਉਂਦੀ। ਪੂਰੀਆਂ ਵੇਲੇ ਵੀ ਕੰਮ ਕਰਨ ਵਾਲੀ ਦੇ ਸਿਰ ‘ਤੇ ਖੜ੍ਹ ਕੇ ਬਣਵਾਉਂਦੀ। ਮੰਜੇ ‘ਤੇ ਬੈਠੀ ਬੈਠੀ ਮੇਰੇ ਕੱਪੜੇ ਪ੍ਰੈਸ ਕਰ ਰਹੀ ਹੁੰਦੀ। ਮੇਰੇ ਰੋਕਿਆਂ ਵੀ ਨਾ ਰੁਕਦੀ। ਉਸਨੂੰ ਇਸ ਵਿਚ ਅਜੀਬ ਤਸੱਲੀ ਮਿਲਦੀ। ਮੈਨੂੰ ਵੀ ਚੰਗਾ ਚੰਗਾ ਲਗਦਾ।
ਸਾਡੇ ਰਿਸ਼ਤੇਦਾਰ ਉਹਦੀ ਖ਼ਬਰ ਨੂੰ ਆਉਂਦੇ ਹੀ ਰਹਿੰਦੇ। ਮੈਨੂੰ ਮਿਲਣ ਮੇਰੇ ਦੋਸਤ ਵੀ ਆ ਜਾਂਦੇ ਪਰ ਮਾਂ ਨੇ ਕਦੀ ਆਪਣੀ ਬੀਮਾਰੀ ਬਾਰੇ ਬਹੁਤੀ ਗੱਲ ਨਹੀਂ ਸੀ ਕੀਤੀ। ਜੇ ਕੋਈ ਪੁੱਛਦਾ ਤਾਂ ਕਹਿ ਦਿੰਦੀ ਕਿ ਐਸੀ ਤਕਲੀਫ ਵਾਲੀ ਗੱਲ ਨਹੀਂ ਹੈ।
ਉਸ ਦਿਨ ਪਠਾਣਕੋਟ ਤੋਂ ਮੇਰੇ ਫੁੱਫੜ ਜੀ ਤੇ ਉਹਨਾਂ ਦੀ ਲੜਕੀ ਬੇਵੀ ਆਏ ਹੋਏ ਸਨ। ਬੇਵੀ ਨਾਲ ਮਾਂ ਦਾ ਵਾਹਵਾ ਮੋਹ ਸੀ। ਰਾਤੀਂ ਅਸੀਂ ਸਾਰੇ ਹੱਸਦੇ ਖੇਡਦੇ ਸੁੱਤੇ। ਸਵੇਰੇ ਉਠੇ ਤਾਂ ਮਾਂ ਦੀ ਸਿਹਤ ਠੀਕ ਨਹੀਂ ਸੀ। ਪਿੰਡ ਵਿਚੋਂ ਹੀ ਕਿਸੇ ਡਾਕਟਰ ਨੂੰ ਬੁਲਾਇਆ। ਉਸਨੇ ਦੁਆਈ ਦੇ ਕੇ ਕਿਹਾ ਕਿ ਮਾਂ ਨੂੰ ਸ਼ਹਿਰ ਲੈ ਜਾਉ। ਪਰ ਮਾਂ ਕਹਿ ਰਹੀ ਸੀ ਹੁਣ ਉਹ ਠੀਕ ਹੈ। ਉਸਨੇ ਬੇਵੀ ਨੂੰ ਕਿਹਾ ਕਿ ਕੰਮ ਵਾਲੀ ਨੂੰ ਨਾਲ ਲੈ ਕੇ ਰੋਟੀ ਬਣਾ ਲਉ। ਅਸੀਂ ਰੋਟੀ ਖਾ ਰਹੇ ਸਾਂ। ਮਾਂ ਦੂਜੇ ਕਮਰੇ ਵਿਚ ਪਈ ਸੀ। ਡਾਕਟਰ ਇੱਕ ਵਾਰ ਫਿਰ ਆ ਕੇ ਦਵਾ ਦੇ ਗਿਆ ਸੀ। ਅਚਾਨਕ ਮਾਂ ਨੇ ਪਿਤਾ ਨੂੰ ਬੁਲਾਇਆ। ਪਿਤਾ ਉਠਕੇ ਗਏ ਤਾਂ ਉਨ੍ਹਾਂ ਨੇ ਦਰਵਾਜ਼ਾ ਬੰਦ ਕਰ ਲਿਆ।
ਕੁਝ ਦੇਰ ਬਾਅਦ ਪਿਤਾ ਸਾਡੇ ਵਿਚ ਆ ਬੈਠੇ। ਮਾਂ ਨੇ ਫਿਰ ਆਵਾਜ਼ ਮਾਰੀ, ਪਿਤਾ ਨੇ ਫਿਰ ਦਰਵਾਜ਼ਾ ਬੰਦ ਕਰ ਲਿਆ। ਮਾਂ ਨੇ ਤੀਜੀ ਵਾਰ ਹਾਕ ਮਾਰੀ ਤਾਂ ਪਿਤਾ ਬੇਵੀ ਨੂੰ ਵੀ ਨਾਲ ਲੈ ਗਏ। ਸਾਡੇ ਰੋਟੀ ਖਾਂਦਿਆਂ ਹੀ ਬੇਵੀ ਚੀਕਾਂ ਮਾਰ ਕੇ ਰੋਣ ਲੱਗੀ। ਮਾਂ ਦੇ ਸਾਹ ਨਾਮੀ ਪੰਖੇਰੂ ਉਡ ਚੁੱਕੇ ਸਨ।
ਕੁਝ ਦਿਨ ਬਾਅਦ ਮੈਂ ਪਿਤਾ ਨੂੰ ਕਿਹਾ:-
‘ਮਾਂ ਚਾਹੁੰਦੀ ਸੀ ਕਿ ਜਾਂਦੀ ਵਾਰ ਮੈਨੂੰ ਅਲਵਿਦਾ ਕਹੇ ਪਰ ਚੁੱਪ ਚਾਪ ਹੀ ਤੁਰ ਗਈ।’
‘ਹਾਂ ਚਾਹੁੰਦੀ ਤਾਂ ਉਹ ਇਹੋ ਹੀ ਸੀ ਪਰ ਉਸ ਨੂੰ ਜੰਗਲ ਦੀ ਹਾਜਤ ਹੋਈ ਜਾ ਰਹੀ ਸੀ। ਉਹ ਕਹਿ ਦਿੰਦੀ ਕਿ ਦਰਵਾਜ਼ਾ ਬੰਦ ਕਰ ਦੇ, ਮੇਰਾ ਪੁੱਤ ਰੋਟੀ ਖਾਂਦਾ’ ਪਿਤਾ ਨੇ ਦੱਸਿਆ।
ਜਦੋਂ ਮੈਂ ਪਿਤਾ ਨੂੰ ਨਾਲ ਲੈ ਕੇ ਵਾਪਸ ਇੰਗਲੈਂਡ ਮੁੜਨ ਲੱਗਿਆ ਤਾਂ ਮਾਂ ਦੇ ਘਰ ਨੂੰ ਨਜ਼ਰ ਭਰ ਕੇ ਦੇਖਿਆ। ਮਾਂ ਦਾ ਕਨਾਲ ਦਾ ਵਿਹੜਾ ਬਹੁਤ ਸੁੰਨਾ ਸੀ।

ਹਰਜੀਤ ਅਟਵਾਲ
ਅੱਜ ਕਲ ਇੰਗਲੈਂਡ ਰਹਿੰਦਾ ਅਟਵਾਲ ਪੰਜਾਬੀ ਦੇ ਤ੍ਰੈਮਾਸਕ ਪੱਤਰ 'ਸ਼ਬਦ' ਦਾ ਸੰਚਾਲਕ ਵੀ ਹੈ। ਉਸਨੇ ਵੀਹ ਕੁ ਸਾਲਾਂ ਦੇ ਸਮੇਂ ਵਿੱਚ ਵਧੀਆ ਕਹਾਣੀਆਂ ਨਾਲ 'ਵੰਨ ਵੇ' ਅਤੇ 'ਰੇਤ' ਵਰਗੇ ਨਾਵਲ ਰਚ ਕੇ ਪੰਜਾਬੀ ਜਗਤ ਨੂੰ ਹੈਰਾਨ ਕਰ ਦਿੱਤਾ ਹੈ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!