ਅਜਮੇਰ ਰੋਡੇ ਦੀਆਂ ਕਵਿਤਾਵਾਂ

Date:

Share post:

ਸਰ੍ਹੋਂ ਦੇ ਫੁੱਲ

ਜੇ ਕਦੇ ਤੁਸੀਂ ਇਸ ਬੱਸ ਅੱਡੇ ‘ਤੇ ਬੈਠਾ

ਕੱਲਮਕੱਲਾ ਬਜ਼ੁਰਗ ਵੇਖੋ

ਤਾਂ ਹੈਰਾਨ ਨਾ ਹੋਣਾ

ਮੈਨੂੰ ਪਤੈ ਉਹ ਕੌਣ ਹੈ

ਉਹ ਮੇਰਾ ਬਾਪ ਹੈ

ਉਹ ਕਿਸੇ ਬੱਸ ਦੀ ਉਡੀਕ ਨਹੀਂ ਕਰ ਰਿਹਾ

ਨਾ ਕਿਸੇ ਦੋਸਤ ਮਿੱਤਰ ਦੀ

ਤੇ ਨਾ ਹੀ ਉਹ ਤੁਰਦਾ-ਤੁਰਦਾ ਸਾਹ ਲੈਣ ਲਈ ਦੋ ਪਲ ਅਟਕਿਆ ਹੈ

ਉਹਦੀ ਆਸਪਾਸ ਕਿਸੇ ਦੁਕਾਨ ‘ਤੇ ਜਾਣ ਦੀ ਮਨਸ਼ਾ ਵੀ ਨਹੀਂ

ਉਹ ਤਾਂ ਬੱਸ ਉਂਜ ਹੀ ਬੈਠਾ ਹੈ  ਬੈਂਚ ‘ਤੇ

ਕਦੇ-ਕਦਾਈਂ ਉਹ ਐਵੇਂ ਮੁਸਕਰਾ ਪੈਂਦਾ ਹੈ

ਕੋਈ ਗੱਲ ਵੀ ਕਰਦਾ ਹੈ

ਪਰ ਸੁਣਨ ਵਾਲ਼ਾ ਕੋਈ ਨਹੀਂ

ਸੜਕ ‘ਤੇ ਬੱਸਾਂ ਕਾਰਾਂ ਲੋਕਾਂ ਦੀ ਨਦੀ ਵਹਿੰਦੀ ਹੈ

ਉਹਦੇ ਸਿਰ ਵਿਚ ਬਿੰਬਾਂ ਰੂਪਕਾਂ ਅਲੰਕਾਰਾਂ ਦਾ ਦਰਿਆ ਵਗਦਾ ਹੈ

ਜਦੋਂ ਬੱਤੀਆਂ ਲਾਲ ਹੋ ਜਾਂਦੀਆਂ ਹਨ

ਤੇ ਸਭ ਕੁਝ ਖੜ੍ਹ ਜਾਂਦਾ ਹੈ

ਤਾਂ ਪਿੱਛੇ ਉਹਦੇ ਪਿੰਡ ਵਿਚ ਅੱਧੀ ਰਾਤ ਹੋ ਜਾਂਦੀ ਹੈ

ਬੱਤੀਆਂ ਹਰੀਆਂ ਹੋ ਜਾਣ ਤਾਂ ਸਵੇਰ

ਜਦੋਂ ਕੋਈ ਕਾਰ ਦਾ ਹਾਰਨ ਵਜਾਉਂਦਾ ਹੈ

ਤਾਂ ਉਹਦੇ ਪਿੰਡ ਗਵਾਂਢੀਆਂ ਦਾ ਕੁੱਤਾ ਭੌਂਕ ਰਿਹਾ ਹੁੰਦਾ ਹੈ

ਜਦੋਂ ਕੋਈ ਪੀਲ਼ੀ ਕਾਰ ਲੰਘਦੀ ਹੈ ਤਾਂ

ਉਹਦੇ ਸਿਰ ਵਿਚ ਸਰ੍ਹੋ ਦੇ ਲੱਖ ਹਜ਼ਾਰਾਂ ਫੁੱਲ ਖਿੜ ਜਾਂਦੇ ਹਨ

ਲੰਮੇ ਕੱਦ ਦਾ ਬੰਦਾ ਲੰਘਦਾ ਹੈ

ਜਿਸਦੇ ਮਗਰ ਉਹਦਾ ਪਰਛਾਵਾਂ ਘਟਦਾ-ਘਟਦਾ ਅਲੋਪ ਹੋ ਜਾਂਦਾ ਹੈ

ਮੇਰੇ ਬਾਪ ਨੂੰ ਪਾਲੀ ਦਾ ਖ਼ਿਆਲ ਆਉਂਦਾ ਹੈ

ਜੋ ਮਲਾਇਆ ਗਿਆ ਤੇ ਰਹਿੰਦਾ-ਰਹਿੰਦਾ ਓਥੇ ਹੀ ਰਹਿ ਗਿਆ

ਉਹਦੇ ਬੁੱਲ੍ਹਾਂ ‘ਤੇ ਮੁਸਕਾਨ ਆਉਂਦੀ ਹੈ ਤੇ ਮਿਟ ਜਾਂਦੀ ਹੈ

ਜਦੋਂ ਸੜਕ ‘ਤੇ ਧਿਆਨ ਖਿੱਚਣ ਵਾਲ਼ਾ ਕੁਝ ਨਹੀਂ ਦਿਸਦਾ

ਉਹ ਫੇਰ ਅਪਣੇ ਆਪ ਨਾਲ਼ ਗੱਲੀਂ ਲੱਗ ਜਾਂਦਾ ਹੈ

ਤੂੰ ਕਿੱਥੇ ਜੰਮਿਆ ਕਿਸ਼ਨ ਸਿਹਾਂ, ਕਿੱਥੇ ਪਹੁੰਚ ਗਿਆ

ਕਦੇ ਵਾਪਸ ਵੀ ਜਾਵੇਂਗਾ?

ਸਭ ਪਰਾਲਭਦ ਦੀਆਂ ਗੱਲਾਂ ਮਿੱਤਰਾ, ਪਰਾਲੱਭਦ ਦੇ ਗੇੜ,

ਉਹ ਹਾਂ ਵਿਚ ਸਿਰ ਹਿਲਾਉਂਦਾ ਹੈ

ਤੇ ਮਰਨਾ, ਮਰਨਾ ਕਿਥੇ ਐ ਆਪਾਂ, ਸੋਚਿਆ ਕਦੇ?

ਮਰਨ ਦਾ ਖ਼ਿਆਲ ਉਹਨੂੰ ਸਭ ਤੋਂ ਅਜੀਬ ਲਗਦਾ ਹੈ

ਉਹ ਬੋਲਣੋਂ ਹਟ ਜਾਂਦਾ ਹੈ ਤੇ ਫ਼ਰੇਜ਼ਰ ਸਟਰੀਟ ‘ਤੇ ਬਣੇ

ਸ਼ਮਸ਼ਾਨ ਘਾਟ ਬਾਰੇ ਸੋਚਦਾ ਹੈ

ਜਿਥੇ ਉਹ ਕਈ ਮਰਨਿਆਂ ‘ਤੇ ਜਾ ਚੁੱਕਾ ਹੈ

ਉਹਨੂੰ ਘਾਹ ਦੇ ਵਿਸ਼ਾਲ ਪਾਰਕ ਦਾ

ਉਸ ਵਿਚ ਬਣੀਆਂ ਸੜਕਾਂ ਦਾ

ਤੇ ਸੜਕਾਂ ਕਿਨਾਰੇ ਲੱਗੇ ਫੁੱਲਾਂ ਦਾ ਖ਼ਿਆਲ ਆਉਂਦਾ ਹੈ

ਸੜਕ ‘ਤੇ ਚੁੱਪਚਾਪ

ਹਾਲ ਵੱਲ ਤੁਰਦੇ ਲੋਕ ਦਿਸਦੇ ਹਨ

ਹਾਲ ਵਿਚ ਉਹਨੂੰ ਲਾਲ ਪੀਲ਼ੇ ਗੁਲਦਸਤੇ

ਤੇ ਹੋਰ ਸਜਾਵਟਾਂ ਦਿਸਦੀਆਂ ਹਨ

ਉਹ ਅਪਣੇ ਆਪ ਨੂੰ ਪੂਰਣ ਸ਼ਾਂਤੀ ਵਿਚ ਲੇਟਿਆ ਦੇਖਦਾ ਹੈ

ਲੋਕ ਉਹਦਾ ਮੂੰਹ ਆਖ਼ਰੀ ਵਾਰ

ਦੇਖਣ ਲਈ ਕਤਾਰ ਵਿਚ ਆ ਰਹੇ ਹਨ

ਬੰਦੇ ਬੁੜ੍ਹੀਆਂ…

ਉਹਦੀਆਂ ਅੱਖਾਂ ਵਿਚ ਚਮਕ ਆ ਜਾਂਦੀ ਹੈ

ਸ਼ਾਇਦ ਇਹੋ ਬਿੰਬ ਹੈ ਜੋ ਉਹਨੂੰ ਸਭ ਤੋਂ ਚੰਗਾ ਲਗਦਾ ਹੈ

ਪਰ ਅੱਡੇ ‘ਤੇ ਬੱਸ ਆਉਣ ਨਾਲ਼ ਇਹ ਦ੍ਰਿਸ਼ ਇਕਦਮ ਨਸ਼ਟ ਹੋ ਜਾਂਦਾ ਹੈ

ਬੱਸ ਤੋਂ ਮੁਸਾਫ਼ਰ ਉਤਰਦੇ ਹਨ

ਤੇ ਕੀੜੀਆਂ ਵਾਂਙ ਇਧਰ ਉਧਰ ਖਿੱਲਰ ਜਾਂਦੇ ਹਨ

ਬੱਸ ਚਲੀ ਜਾਂਦੀ ਹੈ

ਉਹ ਸੜਕ ‘ਤੇ ਦੇਖਣ ਲੱਗ ਪੈਂਦਾ ਹੈ ਕਿ

ਸ਼ਾਇਦ ਕੋਈ ਪੀਲ਼ੇ ਰੰਗ ਦੀ ਕਾਰ ਫੇਰ ਲੰਘ ਰਹੀ ਹੋਵੇ

ਚਾਦਰ ਵਿਚ ਮੋਰੀ

ਆਈਨਸਟਾਈਨ ਨੇ ਕਿਹਾ

ਮਾਦਾ ਤੇ ਊਰਜਾ ਵੱਖਰੇ ਨਹੀਂ ਏਕ ਹਨ

ਸਮਾਂ ਤੇ ਪੁਲਾੜ ਨਿਰਪੇਖ ਨਹੀਂ ਸਾਪੇਖ ਹਨ

ਦੁਨੀਆ ਨੇ ਸਿਰ ਝੁਕਾਇਆ: ਸੱਤਬਚਨ

ਹਾਈਜ਼ਨਬਰਗ ਨੇ ਕਿਹਾ

ਸੁਣੋ, ਝੂਠ ਹੈ ਜੋ ਨਿਸ਼ਚਿਤ ਨਿਯਮ ਹੈ

ਇਹ ਕੇਵਲ ‘ਸੰਭਵ’ ਹੀ ਹੈ ਜੋ ਦਾਇਮ ਹੈ

ਸਭ ਨੇ ਕਿਹਾ: ਜੋ ਹੁਕਮ

ਟੈਗੋਰ ਨੇ ਕਿਹਾ

ਵਿਗਿਆਨ ਨੇ ਸੱਚ ਕਹਿ ਕੇ ਵੀ ਕੱਚ ਕੀਤਾ ਹੈ

ਸੰਸਾਰ ਨੂੰ ਮਹਾਂਸ਼ੂਨਯ ਦੀ ਚਾਦਰ ਨਾਲ਼ ਢਕ ਦਿੱਤਾ ਹੈ

ਵਿਗਿਆਨ ਕਿਸੇ ਇਕ ਅਣੂ ਪਰਮ-ਅਣੂ ਚੰਨ ਸਿਤਾਰੇ ‘ਤੇ ਨਜ਼ਰ ਨਹੀਂ ਗਡਦਾ

ਕਿਸੇ ਟੌਮ ਹੈਰੀ ਕਿਸ਼ਨ ਬਿਸ਼ਨ ਦੀ ਗੱਲ ਨਹੀਂ ਕਰਦਾ

ਕੇਵਲ ਸਰਬਵਿਆਪਕ ਗੱਲ ਕਰਦਾ ਹੈ

ਅਨਾਤਮ ਨਿਯਮਾਂ ਵਿਚ ਬੋਲਦਾ ਹੈ

ਹਰ ਰੂਹ ਗੁੰਮਸੁੰਮ ਤੇ ਮਨ ਚੁੱਪ ਹੋ ਕੇ ਰਹਿ ਗਿਆ ਹੈ

ਲੋਰਕਾ ਨੇ ਕਿਹਾ

ਮੇਰੀ ਕਵਿਤਾ ਇਸ ਸਰਬਵਿਆਪਕ ਸੂਨਯ ਥੱਲੇ ਰਹਿਣ ਤੋਂ ਇਨਕਾਰ ਕਰਦੀ ਹੈ

ਕਵਿਤਾ ਤਾਂ ਹਰ ਕਣ ਹਰ ਛਿਣ ਹਰ ਮਨ ਦੀ

ਅਦੁੱਤੀ ਗੱਲ ਕਰਦੀ ਹੈ

ਕਵੀ ਪੂਰਨ ਸਿੰਘ ਨੇ ਮਸਤੀ ਵਿਚ ਕਿਲਕਾਰੀ ਮਾਰੀ

ਚਾਦਰ ਮੋਰੀ ਮੋਰੀ ਹੋ ਗਈ

ਅੰਗੂਰ

ਮੈਂ ਤੇਰੀ ਕਵਿਤਾ ਵਿਚ ਬਿਨ ਆਗਿਆ ਹੀ ਪ੍ਰਵੇਸ਼ ਕਰ ਲਿਆ ਹੈ

ਜਿਵੇਂ ਬਾਣੀ ਪੜ੍ਹਨ ਲਈ ਕੋਈ ਪੋਥੀ ਖੋਲ੍ਹ ਲਵੇ

ਖੜ੍ਹ ਖੜ੍ਹ ਕੇ

ਕਦੇ ਛਾਲ਼ਾਂ ਮਾਰ ਕੇ

ਕਦੇ ਘੋੜੇ ਤੇ ਚੜ੍ਹ ਕੇ

ਮੈਂ ਸ਼ਬਦ ਤੋਂ ਸ਼ਬਦ ਦੀ ਵਿੱਥ ਪਾਰ ਕਰਦਾ ਹਾਂ

ਨਵੇਂ ਸਿਰਿਓਂ ਘਰ ਉਸਾਰਨ ਵਾਂਙ

ਮੈਂ ਸ਼ਬਦਾਂ ਦੇ ਅਰਥ ਬਦਲ ਬਦਲ ਦੇਖਦਾ ਹਾਂ

ਹਰ ਨਵੇਂ ਘਰ ਵਿਚ ਜਾਂਦਾ ਹਾਂ

ਖ਼ਾਲੀ ਹੱਥ ਪਰਤ ਆਉਂਦਾ ਹਾਂ

ਕਦੇ ਕਿਸੇ ਘਰ ਦੇ ਬਾਹਰ

ਦੋ ਪਲ ਅਟਕਦਾ ਹਾਂ ਤਾਂ ਤੇਰਾ ਹੱਥ ਪ੍ਰਗਟ ਹੋ ਜਾਂਦਾ ਹੈ

ਤੇ ਹੋਰ ਘਰ ਵਲ ਇਸ਼ਾਰਾ ਕਰਕੇ ਛੁਪਤ ਹੋ ਜਾਂਦਾ ਹੈ

ਮੈਂ ਉਹਦੇ ਦਰ ਵਲ ਤੁਰ ਪੈਂਦਾ ਹਾਂ

ਅੰਤ ਥੱਕ ਕੇ ਬੈਠ ਜਾਂਦਾ ਹਾਂ, ਤਾਂ ਬੋਲ ਸੁਣਦਾ ਹੈ

ਬਾਣੀ ਤੇ ਕਵਿਤਾ ਪੜ੍ਹਨ ਵਿਚ ਅੰਤਰ ਹੈ ਪਿਆਰੇ

ਕਵਿਤਾ ਨੂੰ ਸਹਿਜ ਨਾਲ ਪੜ੍ਹ

ਇਸ ਚ ਲੁਕੇ ਰਤਨ ਜਵਾਹਰ ਤੇਰੇ ਸਾਹਵੇਂ ਪੰਨਿਆਂ ਤੇ ਰੁੜ੍ਹਨ ਲਗ ਪੈਣਗੇ

ਗੁੱਛੇ ਚ ਜੜੇ ਹਰ ਅੰਗੂਰ ਨੂੰ ਗਹੁ ਨਾਲ਼ ਵੇਖ

ਤਲੀ ਤੇ ਟਿਕਾ ਇਸ ਦੀਆਂ ਗੋਲਾਈਆਂ ਛੋਹ

ਲਾਲੀ ਮਹਿਸੂਸ ਕਰ

ਜੀਭ ‘ਤੇ ਰੱਖ ਕੇ ਖੇਡ ਤੇ ਫੇਰ

ਗਲ਼ ਚੋਂ ਥੱਲੇ ਲੰਘਦੇ ਸਮੇਂ ਸੋਚ

ਸ਼ਬਦਾਂ ਤੋਂ ਅੰਗੂਰ ਕਿਸ ਤਰ੍ਹਾਂ ਬਣ ਜਾਂਦੇ ਹਨ

ਗਵਾਚਿਆ

ਉਹ ਓਦੋਂ ਨਹੀਂ ਸੀ ਗਵਾਚਿਆ

ਜਦੋਂ ਅਪਣੇ ਦੂਰ-ਦੁਰਾਡੇ ਪਿੰਡੋਂ

ਦਿੱਲੀ ਆਇਆ ਸੀ ਜਿੱਥੇ ਮਨੁੱਖ ਪਸ਼ੂ ਰਿਕਸ਼ੇ

ਸਕੂਟਰ ਟੈਕਸੀਆਂ ਸੌ ਦਿਸ਼ਾਵਾਂ ਵਲ ਨੱਸ ਰਹੇ ਸਨ

ਉਹ ਓਦੋਂ ਵੀ ਠੀਕ ਠਾਕ ਰਿਹਾ ਸੀ

ਜਦੋਂ ਫ਼ਰਾਂਸ ਦੇ ਓਰਲੀ ਅੱਡੇ ‘ਤੇ ਉਤਰਿਆ ਸੀ

ਜਿੱਥੇ ਹਵਾਈ ਜਹਾਜ਼ ਖੰਭਾਂ ਵਾਲ਼ੀਆਂ ਕੀੜੀਆਂ ਵਾਂਙ ਉਤਰਦੇ ਚੜ੍ਹਦੇ ਸਨ

ਪਰ ਵੈਨਕੂਵਰ ਦੀ ਮੇਨ ਸਟਰੀਟ ‘ਤੇ ਤੁਰਦਾ ਫਿਰਦਾ

ਉਹ ਅਕਸਰ ਗਵਾਚ ਜਾਂਦਾ ਹੈ

ਜਿਥੇ ਉਹ ਪਿਛਲੇ ਤੀਹ ਸਾਲਾਂ ਤੋਂ

ਘੁੰਮਦਾ ਫਿਰਦਾ ਰਿਹਾ ਹੈ

ਅਪਣੇ ਤਿੰਨ ਮੰਜ਼ਿਲੇ ਮਕਾਨ ਦੇ

ਲਿਵਿੰਗ ਰੂਮ ਚ ਬੈਠਾ

ਉਹ ਸੋਚੀ ਜਾਂਦਾ ਹੈ ਕਿ ਜ਼ਿੰਦਗੀ ਕਿਧਰੇ ਗਵਾਚ ਜਾਣ ਦਾ ਨਾਮ ਤਾਂ ਨਹੀਂ

ਖਿੜਕੀਆਂ

ਇਹ ਘਰ ਪਿਆਰ ਨੂੰ ਤਰਸ ਗਿਆ ਹੈ

ਉਸ ਤੀਵੀਂ ਵਾਂਙ ਜਿਸਦਾ ਦਿਲ ਵੀਰਾਨੀ ਨਾਲ਼ ਭਰ ਗਿਆ ਹੋਵੇ

ਘਰ ਖਿੜਕੀਆਂ ਚੋਂ ਬਾਹਰ ਝਾਕਦਾ ਹੈ

ਜਾਣਨ ਲਈ ਕਿ ਗਲ਼ੀ ਚੋਂ ਲੰਘ ਰਹੇ

ਲੋਕ ਅਜੇ ਵੀ ਹੱਥ ਚ ਹੱਥ ਪਾਈ ਤੁਰਦੇ ਹਨ ਕਿ ਨਹੀਂ

ਵਿਹੜੇ ਵਿਚ ਪੰਛੀ ਅਜੇ ਵੀ

ਚੋਗ ਲਈ ਉਤਰਦੇ ਹਨ ਕਿ ਨਹੀਂ

ਯਾਦ ਕਰਨ ਲਈ ਕਿ ਬੱਚੇ ਕਿਸ ਤਰ੍ਹਾਂ ਕਿਲਕਾਰੀਆਂ ਮਾਰਦੇ ਹਨ

ਕੁੱਤੇ ਕਿਵੇਂ ਲਾਡੀਆਂ ਕਰਦੇ ਅੱਗੇ ਪਿੱਛੇ ਨਸਦੇ ਹਨ

ਵਰਖਾ ਕਿਵੇਂ ਕਿਣ ਮਿਣ ਕਿਣ ਮਿਣ ਕਰਦੀ ਹੈ

ਬਰਫ਼ ਕਿਵੇਂ ਚੋਰੀ ਚੋਰੀ ਉਤਰਦੀ ਹੈ

ਇਸ ਘਰ ਦੀਆਂ ਅੱਖਾਂ ਖਿੜਕੀਆਂ ਪਿੱਛੇ ਰਹਿੰਦੀਆਂ ਹਨ

ਘਰ ਉਨ੍ਹਾਂ ਹੱਥਾਂ ਲਈ ਦੁਆ ਕਰਦਾ ਰਹਿੰਦਾ ਹੈ

ਜੋ ਖਿੜਕੀਆਂ ਦੇ ਸ਼ੀਸ਼ੇ ਸਾਫ਼ ਕਰਦੇ ਹਨ।

ਪਹਿਲਾਂ ਅੰਗਰੇਜ਼ੀ ਵਿਚ ਲਿਖੀਆਂ ਇਹ ਕਵਿਤਾਵਾਂ ਅਜਮੇਰ ਰੋਡੇ ਨੇ ਆਪ ਪੰਜਾਬੀ ਵਿਚ ਉਲਥਾਈਆਂ। ਪਿੱਛੇ ਜਿਹੇ ਇਹਦਾ ਅੰਗਰੇਜ਼ੀ ਨਾਟਕ ਰੀਬਰਥ ਆੱਵ ਗਾਂਧੀ ਵੈਨਕੂਵਰ ਵਿਚ ਖੇਡਿਆ ਗਿਆ ਸੀ।

LEAVE A REPLY

Please enter your comment!
Please enter your name here

spot_img

Related articles

ਜਿਨਿ ਨਾਮੁ ਲਿਖਾਇਆ ਸਚੁ

ਰਚੇਤਾ: ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘ, ਸ.ਸਿਮਰਜੀਤ ਸਿੰਘਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ 'ਜਿਨਿ ਨਾਮੁ ਲਿਖਾਇਆ ਸਚੁ'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...

ਚਿੱਠੀਆਂ – ‘ਹੁਣ-11’

ਕੁੱਝ ਵੱਖਰਾ, ਕੁੱਝ ਅੱਡਰਾ ਤੁਹਾਡੀ ਜੋੜੀ ਸੋਹਣੀ ਬਣੀ ਬਈ। ਤੁਹਾਨੂੰ ਦੋਹਾਂ ਨੂੰ ਲਗਨ ਵੀ ਹੈ। ਕੁਝ ਵੱਖਰਾ, ਅੱਡਰਾ ਕਰਨ...

ਅੰਮ੍ਰਿਤਾ ਸ਼ੇਰਗਿੱਲ ਜੀਵਨ ਤੇ ਕਲਾ

ਰਚੇਤਾ. ਤੇਜਵੰਤ ਸਿੰਘ ਗਿੱਲਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋਪੰਜਾਬੀ ਯੂਨੀਵਰਸਿਟੀ, ਪਟਿਆਲਾ ਸਿੱਖ ਪਿਤਾ ਅਤੇ ਹੰਗੇਰੀਅਨ ਮਾਂ ਦੀ ਜਾਈ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ...

ਕਿਸ ਤਰ੍ਹਾਂ ਦਾ ਹੋਵੇ ਨਾਟਕ?-ਰਿਪੋਰਟ:ਹਰਪ੍ਰੀਤ ਸਿੰਘ

ਕੋਈ ਸੌ ਵਰ੍ਹੇ ਪਹਿਲਾਂ ਨੌਰਾ ਰਿਚਰਡਜ਼ ਨੇ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਈਸ਼ਵਰ ਚੰਦਰ ਨੰਦਾ ਵਰਗੇ ਵਿਦਿਆਰਥੀਆਂ ਨੂੰ...
error: Content is protected !!