ਨਿਰਮਾਣ ਘਾਲਣਾ ਦਾ ਜੀਵਨ
ਪੰਜਾਬ ਦੀ ਕੌਮੀ ਲਹਿਰ ਦੀਆਂ ਸਿਆਸੀ ਹਸਤੀਆਂ ਦੀਆਂ ਜੀਵਨੀਆਂ ਛਾਪਣ ਦੇ ਮੁਆਮਲੇ ਵਿਚ ਵੀ ਅਸੀਂ ਬਹੁਤ ਪਿੱਛੇ ਹਾਂ। ਸਭ ਤੋਂ ਵਧ ਰੜਕਵੀਂ ਗੱਲ ਇਹ ਹੈ ਕਿ ਪੰਜਾਬ ਤੇ ਕੁਝ ਹੱਦ ਤਕ ਸਾਰੇ ਹਿੰਦੁਸਤਾਨ ਦੀ ਇਨਕਲਾਬੀ ਸੋਚ ‘ਤੇ ਅਸਰ ਪਾਉਣ ਵਾਲ਼ੇ ਭਗਤ ਸਿੰਘ ਦੀ ਸਿੱਕੇਬੰਦ ਜੀਵਨੀ ਹਾਲੇ ਤਕ ਨਹੀਂ ਲਿਖੀ ਗਈ। ਇਹੀ ਗੱਲ ਤੇਜਾ ਸਿੰਘ ਸੁਤੰਤਰ ਅਤੇ ਸੋਹਣ ਸਿੰਘ ਜੋਸ਼ ਬਾਰੇ ਵੀ ਆਖੀ ਜਾ ਸਕਦੀ ਹੈ। ਕਿਰਤੀ ਲਹਿਰ ਦੇ ਬਾਨੀ ਭਾਈ ਰਤਨ ਸਿੰਘ ਅਤੇ ਭਾਈ ਸੰਤੋਖ ਸਿੰਘ ਅਤੇ ਲਲਤੋਂ ਵਾਲ਼ੇ ਬਾਬੇ ਗੁਰਮੁਖ ਸਿੰਘ ਦੀਆਂ ਅੱਧਪੱਕੀਆਂ ਜੀਵਨੀਆਂ ਪਿੱਛੇ-ਜਿਹੇ ਛਪੀਆਂ ਹਨ। ਪੂਰਬੀ ਪੰਜਾਬ ਦੇ ਉਸਰੱਈਏ ਪ੍ਰਤਾਪ ਸਿੰਘ ਕੈਰੋਂ ਦੀ ਜੀਵਨੀ ਪਤਾ ਨਹੀਂ ਕਦੋਂ ਜਾ ਕੇ ਛਪੇਗੀ।
ਪਿਛਲੇ ਦੋ-ਕੁ ਦਹਾਕਿਆਂ ਚ ਪੰਜਾਬੀਆਂ ਚ ਇਹ ਰੁਜਹਾਨ ਹਾਵੀ ਰਿਹਾ ਹੈ ਕਿ ਕਿਸੇ ਹਸਤੀ ਦੇ ਗੁਜ਼ਰ ਜਾਣ ‘ਤੇ ਉਹਦੇ ਪਰਿਵਾਰ ਵਾਲ਼ੇ ਵੇਗ ਵਿਚ ਆ ਕੇ ਯਾਦਗਾਰੀ ਟਰੱਸਟ ਵਗ਼ੈਰਾ ਬਣਾਉਣ ਦਾ ਏਲਾਨ ਕਰ ਦਿੰਦੇ ਹਨ। ਅੱਵਲ ਤਾਂ ਫੇਰ ਕੋਈ ਸਰਗਰਮੀ ਹੁੰਦੀ ਨਹੀਂ; ਜੇ ਕੁਝ ਹੋਵੇ, ਤਾਂ ਕੁਝ ਅਰਸੇ ਮਗਰੋਂ ਕੰਮ ਠੱਪ-ਜਿਹਾ ਹੋ ਜਾਂਦਾ ਹੈ। ਜਾਂ ਐਸੀਆਂ ਕਾਰਵਾਈਆਂ ਗੁਜ਼ਰੇ ਬੰਦੇ ਦੀ ਜ਼ਾਤ-ਬਿਰਾਦਰੀ ਅਤੇ ਘਰ ਦੇ ਜੀਆਂ ਦੇ ਕਰਨ ਜੋਗੀਆਂ ਹੀ ਰਹਿ ਜਾਂਦੀਆਂ ਹਨ। ਕਵੀ ਅਤੇ ਸਿਆਸਤਦਾਨ ਗੁਰਮੁਖ ਸਿੰਘ ਮੁਸਾਫ਼ਿਰ ਦੀ ਯਾਦ ਇਹਦੀ ਖੁਖਰੈਣ ਬਿਰਾਦਰੀ ਵਾਲ਼ੇ ਹੀ ਲੰਦਨ ਵਿਚ ਮਨਾਉਂਦੇ ਹਨ ਅਤੇ ਜਾਂ ਮਹਾਨ ਕਵੀ ਪੂਰਨ ਸਿੰਘ ਦੀ ਯਾਦ ਵਿਚ ਇਹਦੇ ਘਰ ਦੇ ਜੀਆਂ ਨੇ ਕੁਝ ਸਾਲ ਪਹਿਲਾਂ ਦਿੱਲੀ ਵਿਚ ਇਕੱਠ ਕੀਤਾ ਸੀ। ਇਸ ਸਾਲ ਕਿਸੇ ਨੇ ਵੀ ਪੂਰਨ ਸਿੰਘ ਦਾ 115ਵਾਂ ਜਨਮ ਦਿਹਾੜਾ ਅਤੇ 75ਵਾਂ ਵਰੀ੍ਹਣਾ ਨਹੀਂ ਮਨਾਇਆ।
ਪੰਜਾਬ ਵਿਚ ਹੋਰਨਾਂ ਨਾਲ਼ੋਂ ਘੱਟ-ਜਾਣੇ ਜਾਂਦੇ ਕਮਿਉਨਿਸਟ ਮੱਖਣ ਸਿੰਘ ਦੀ 563-ਸਫ਼ਿਆਂ ਦੀ ਜੀਵਨੀ ਉਹਦੀ ਬਿਰਾਦਰੀ ਅਤੇ ਉਹਦੇ ਘਰ-ਦਿਆਂ ਨੇ ਸਾਖੀਆਂ ਬਣਵਾ ਕੇ ਨਹੀਂ ਛਾਪੀ; ਸਗੋਂ ਇਹ ਹਾਵਰਡ ਯੂਨੀਵਰਸਟੀ ਦੀ ਪੜ੍ਹੀ, ਕੀਨੀਆ ਦੀ ਜੰਮਪਲ਼ ਅਤੇ ਓਥੋਂ ਦੇ ਵੱਡੇ ਧਨਾਢ ਦੇਸਭਗਤ ਅਲੀਭਾਈ ਜੀਵਨਜੀ ਦੀ ਦੋਹਤੀ ਜ਼ਰੀਨਾ ਪਟੇਲ ਨੇ ਫ਼ੋਰਡ ਫ਼ਾਉਂਡੇਸ਼ਨ ਦੀ ਗਰਾਂਟ ਨਾਲ਼ ਵਰਿ੍ਹਆਂ ਦੀ ਮਿਹਨਤ ਨਾਲ਼ ਲਿਖ ਕੇ ਅੰਗਰੇਜ਼ੀ ਵਿਚ ਨੈਰੋਬੀ ਵਿਚ ਛਾਪੀ ਹੈ।
ਭਾਰਤ ਅਤੇ ਕੀਨੀਆ ਦੀ ਆਜ਼ਾਦੀ ਵਾਸਤੇ 17 ਸਾਲ ਕੈਦ ਕੱਟਣ ਵਾਲ਼ੇ ਮੱਖਣ ਸਿੰਘ ਦਾ ਜੀਵਨ ਲਾਮਿਸਾਲ ਹੈ। ਇਨ੍ਹਾਂ ਦਾ ਜਨਮ ਗੁਜਰਾਂਵਾਲ਼ੇ ਦੇ ਪਿੰਡ ਘਰਜਾਖ ਵਿਚ ਸੰਨ 1913 ਵਿਚ ਹੋਇਆ ਸੀ ਅਤੇ 14 ਸਾਲ ਦੀ ਉਮਰ ਵਿਚ ਇਹ ਅਪਣੇ ਪਿਤਾ ਕੋਲ਼ ਨੈਰੋਬੀ ਚਲੇ ਗਏ ਸਨ। ਇਹ ਉਹ ਵੇਲਾ ਸੀ, ਜਦ ਪੰਜਾਬੀ ਕਾਰੀਗਰ ਵੱਡੀ ਤਾਦਾਦ ਵਿਚ ਪੂਰਬੀ ਅਫ਼ਰੀਕਾ ਵਿਚ ਰਿਜ਼ਕ ਕਮਾ ਰਹੇ ਸਨ। ਇਨ੍ਹਾਂ ਵਿਚ ਨੈਰੋਬੀ ਦੇ ਸਿੱਖ ਭਾਈਚਾਰੇ ਦੇ ਆਗੂ ਨਕੋਦਰ ਦੇ ਗੋਪਾਲ ਸਿੰਘ ਚੰਦਨ ਅਤੇ ਸੰਸਾਰਪੁਰ ਪਿੰਡ ਦੇ ਦੇਵਿੰਦਰ ਸਿੰਘ ਉਰਫ਼ ਲਾਲ ਸਿੰਘ ਵੀ ਸਨ। ਇਹ ਦੋਹਵੇਂ ਨਾਲ਼ੋ-ਨਾਲ਼ ਕੀਨੀਆ ਦੀ ਗ਼ਦਰ-ਕਿਰਤੀ ਪਾਰਟੀ ਦੇ ਆਗੂ ਸਨ। (ਮਾਸਕੋ ਜਾਣ ਵਾਲ਼ੇ ਪੰਜਾਬੀ ਕਮਿਉਨਿਸਟਾਂ ਦੀ ਨੈਰੋਬੀ ਪੱਕੀ ਠਾਹਰ ਹੁੰਦੀ ਸੀ)। ਇਨ੍ਹਾਂ ਦੀ ਸੰਗਤ ਵਿਚ ਮੱਖਣ ਸਿੰਘ ਜੁਝਾਰੂ ਕੌਮੀ ਲਹਿਰ ਵਲ ਪੇ੍ਰਰੇ ਗਏ ਅਤੇ ਪੱਕੇ ਕਮਿਉਨਿਸਟ ਬਣ ਗਏ।
ਸੰਨ 1935 ਵਿਚ ਮੱਖਣ ਸਿੰਘ ਨੇ ਟਰੇਡ ਯੂਨੀਅਨ ਆੱਵ ਕੀਨੀਆ ਦੀ ਨੀਂਹ ਰੱਖੀ, ਜਿਸ ਵਿਚ ਕਾiਲ਼ਆਂ ਸਮੇਤ ਹਰ ਧਰਮ ਤੇ ਨਸਲ ਦੇ ਕਿਰਤੀ ਸ਼ਾਮਿਲ ਸਨ। ਚਾਰ ਸਾਲ ਬਾਅਦ ਮੱਖਣ ਸਿੰਘ ਪੰਜਾਬ ਜਾਂਦਿਆਂ ਹੀ ਫੜੇ ਗਏ ਅਤੇ ਸਰਕਾਰ ਨੇ ਇਨ੍ਹਾਂ ਨੂੰ ਪਿੰਡ ਵਿਚ ਤਿੰਨ ਸਾਲ ਲਈ ਜੂਹਬੰਦ ਕਰ ਦਿੱਤਾ। ਰਿਹਾਈ ਪਿੱਛੋਂ ਇਹ ਲਹੌਰ ਵਿਚ ਕਮਿਉਨਿਸਟ ਪਾਰਟੀ ਦੇ ਪੰਜਾਬੀ ਅਖ਼ਬਾਰ ਜੰਗ-ਏ ਆਜ਼ਾਦੀ ਦੇ ਸੰਪਾਦਕ ਬਣੇ। ਸਰਕਾਰ ਨੇ ਫਿਰ ਇਨ੍ਹਾਂ ਨੂੰ ਦੋ ਸਾਲ ਘਰਜਾਖ ਵਿਚ ਜੂਹਬੰਦ ਰੱਖਿਆ। ਸੰਨ 1947 ਵਿਚ ਆਜ਼ਾਦੀ ਦਾ ਦਿਹਾੜਾ ਇਨ੍ਹਾਂ ਨੇ ਸਮੁੰਦਰੀ ਜਹਾਜ਼ ਵਿਚ ਕੀਨੀਆ ਜਾਂਦਿਆਂ ਮਨਾਇਆ ਸੀ।
ਕੀਨੀਆ ਦੀ ਫ਼ਰੰਗੀ ਸਰਕਾਰ ਦੀ ਮੱਖਣ ਸਿੰਘ ਨੂੰ ਵਾਪਿਸ ਭਾਰਤ ਭੇਜ ਦੇਣ ਦੀ ਸਕੀਮ ਸਿਰੇ ਨਾ ਚੜ੍ਹ ਸਕੀ ਅਤੇ ਅਖ਼ੀਰ ਇਨ੍ਹਾਂ ਨੂੰ 1950 ਵਿਚ ਗ੍ਰਿਫ਼ਤਾਰ ਕਰ ਲਿਆ ਅਤੇ 12 ਸਾਲ ਬਾਅਦ ਜਾ ਕੇ ਰਿਹਾਅ ਕੀਤਾ। ਨਵੀਂ ਕੌਮੀ ਸਰਕਾਰ ਵਿਚ ਮੱਖਣ ਸਿੰਘ ਨੇ ਅੱਗੇ ਹੋ ਕੇ ਕੋਈ ਅਹੁਦਾ ਕਬੂਲ ਨਹੀਂ ਕੀਤਾ ਅਤੇ ਮਈ 1973 ਵਿਚ 60 ਸਾਲ ਦੀ ਉਮਰ ਵਿਚ ਦਿਲ ਦੀ ਕਸਰ ਨਾਲ਼ ਨੈਰੋਬੀ ਵਿਚ ਪੂਰੇ ਹੋ ਗਏ।
ਮਾਰਕਸੀ ਅਤੇ ਸਿਆਸੀ ਪ੍ਰਚਾਰ ਦੀਆਂ ਅੰਗਰੇਜ਼ੀ ਲਿਖਤਾਂ ਦਾ ਪੰਜਾਬੀ ਉਲਥਾ ਸੰਨ 1920ਆਂ ਵਿਚ ਭਾਈ ਸੰਤੋਖ ਸਿੰਘ ਨੇ ਸ਼ੁਰੂ ਕੀਤਾ ਸੀ; ਜੋ ਮਗਰੋਂ ਭਗਤ ਸਿੰਘ, ਸੋਹਣ ਸਿੰਘ ਜੋਸ਼, ਤੇਜਾ ਸਿੰਘ ਸੁਤੰਤਰ, ਰਣਧੀਰ ਸਿੰਘ, ਜਗਜੀਤ ਸਿੰਘ ਆਨੰਦ, ਭਾਗ ਸਿੰਘ ਅਤੇ ਮੱਖਣ ਸਿੰਘ ਨੇ ਅੱਗੇ ਤੋਰਿਆ। ਪਰਾਈ ਉੱਨਤ ਬੋਲੀ ਦੀਆਂ ਲਿਖਤਾਂ ਨੂੰ ਲਿੱਸੀ ਪੰਜਾਬੀ ਵਿਚ ਪਰਤਾਉਣ ਦਾ ਕੰਮ ਹੁਣ ਵੀ ਏਨਾ ਸੌਖਾ ਨਹੀਂ ਅਤੇ ਅੱਜ ਤੋਂ ਅੱਸੀ ਸਾਲ ਪਹਿਲਾਂ ਸਾਡੇ ਸਿਆਸੀ ਵਡੇਰਿਆਂ ਦੇ ਕੀਤੇ ਮੁੱਢਲੇ ਕੰਮ ਦੀ ਜਿੰਨੀ ਵੀ ਵਡਿਆਈ ਕੀਤੀ ਜਾਵੇ, ਥੋਹੜੀ ਹੈ।
ਮੱਖਣ ਸਿੰਘ ਦੀਆਂ ਪਹਿਲ ਵਰੇਸ ਵਿਚ ਪੰਜਾਬੀ ਵਿਚ ਲਿਖੀਆਂ ਸਿੱਖੀ ਅਤੇ ਦੇਸ਼ਭਗਤੀ ਦੀਆਂ ਕਵਿਤਾਵਾਂ, ਹੋਰ ਲਿਖਤਾਂ ਅਤੇ ਬਹੁਤ ਸਾਰੀਆਂ ਤਸਵੀਰਾਂ ਗੋਪਾਲ ਸਿੰਘ ਚੰਦਨ ਦੇ ਪਰਿਵਾਰ ਨੇ ਜਲੰਧਰ ਵਾਲ਼ੀ ਦੇਸ ਭਗਤ ਯਾਦਗਾਰ ਲਾਇਬ੍ਰੇਰੀ ਨੂੰ ਭੇਟ ਕੀਤੀਆਂ ਹੋਈਆਂ ਹਨ।
-ਅ.ਚੰ