ਫਰਾਂਕੂਆ ਬਰਨੀਅਰ ਦੀ ”ਮੁਗ਼ਲ ਸਲਤਨਤ ਦੀ ਯਾਤਰਾ’’ ਤੇ ਜੀਨ ਬੈਪਟਿਸਟ ਟੈਵਰਨੀਅਰ ਦੀ ”ਭਾਰਤ ਦੀ ਯਾਤਰਾ’’ ਦੋ ਐਸੇ ਮਨਮੋਹਕ ਸਫ਼ਰਨਾਮੇ ਹਨ ਜਿਹਨਾਂ ਨੂੰ ਪੜ੍ਹਨ ਦਾ ਮੈਨੂੰ ਮੌਕਾ ਮਿਲਿਆ ਹੈ। ਇਹ ਲੇਖਕ ਸਤਾਰ੍ਹਵੀਂ ਸਦੀ ਵਿਚ ਭਾਰਤ ਘੁੰਮੇ ਸਨ। ਇਹ ਦੋਵੇਂ ਕਿਤਾਬਾਂ ਮੁਗ਼ਲ-ਕਾਲ ਦੇ ਇਤਿਹਾਸਕਾਰਾਂ ਲਈ ਮੁਢਲੇ ਸੋਮਿਆਂ ਵਿਚੋਂ ਹਨ। ਇਹਨਾਂ ਤੋਂ ਜ਼ਰਾ ਘੱਟ ਜਾਣੇ ਜਾਂਦੇ ਦੋ ਹੋਰ ਸਫ਼ਰਨਾਮੇ ਜੋ ਇਤਿਹਾਸਕ ਤੌਰ ’ਤੇ ਏਨੇ ਹੀ ਮਹੱਤਵਪੂਰਨ ਹਨ ਯੂਰਪੀਅਨ ਯਾਤਰੀਆਂ ਵਲੋਂ ਸਿੱਖ-ਕਾਲ ਸਮੇਂ ਲਿਖੇ ਗਏ। ਇਹਨਾਂ ਵਿਚੋਂ ਇਕ ਹੈ ਜੌਹਨ ਮਾਰਟਨ ਹੋਨਿੰਗ ਬਰਜਰ ਦਾ ”ਪੂਰਬ ਵਿਚ ਪੈਂਤੀ ਸਾਲ’’ ਤੇ ਦੂਜਾ ਹੈ ਬੈਰਨ ਚਾਰਲਸ ਵੌਨ ਹੀਊਗਲ ਦਾ ”ਕਸ਼ਮੀਰ ਅਤੇ ਪੰਜਾਬ ਦੀ ਯਾਤਰਾ’’। ਇਹਨਾਂ ਦਿਨਾਂ ਵਿਚ ਮੈਂ ਵੌਨ ਹੀਊਗਲ ਦੀ ਪੁਸਤਕ ਪੜ੍ਹੀ ਹੈ, ਜਿਸ ਵਿਚ ਮਹਾਰਾਜਾ ਰਣਜੀਤ ਸਿੰਘ, ਉਹਦੇ ਰਾਜ ਅਤੇ ਉਹਦੇ ਨੇੜੇ-ਤੇੜੇ ਦੇ ਲੋਕਾਂ ਦਾ ਬੜਾ ਵਿਸਥਾਰਤ ਅਤੇ ਦਿਲਖਿੱਚਵਾਂ ਬਿਆਨ ਹੈ।
ਵੌਨ ਹੀਊਗਲ 1795 ਵਿਚ ਬਾਵੇਰੀਆ ਅੰਦਰ ਪੈਦਾ ਹੋਇਆ ਸੀ। ਉਸ ਨੇ ਹਾਈਡਲਬਰਗ ਯੂਨੀਵਰਸਿਟੀ ਤੋਂ ਕਾਨੂੰਨ ਦੀ ਸਿੱਖਿਆ ਲਈ ਤੇ ਫੇਰ ਆਸਟ੍ਰੀਅਨ ਫੌਜ ਵਿਚ ਭਰਤੀ ਹੋ ਗਿਆ ਜਿੱਥੇ ਉਹ 1824 ਤੱਕ ਅਫ਼ਸਰ ਦੇ ਅਹੁਦੇ ’ਤੇ ਰਿਹਾ। ਇਸ ਨੌਕਰੀ ਦੌਰਾਨ ਹੀ ਉਸਨੂੰ ਯੂਰਪ ਘੁੰਮਣ ਦਾ ਮੌਕਾ ਮਿਲਿਆ ਤੇ ਉਹਦੀ ਦਿਲਚਸਪੀ ਪ੍ਰਕਿਰਤੀ, ਇਤਿਹਾਸ ਅਤੇ ਜਾਤੀ ਵਿਗਿਆਨ ਵਿਚ ਹੋ ਗਈ। 1830 ਵਿਚ ਉਹ ਸੰਸਾਰ ਦੀ ਲੰਮੀ ਯਾਤਰਾ ‘ਤੇ ਨਿਕਲਿਆ ਅਤੇ ਮੱਧ ਸਾਗਰ, ਆਸਟ੍ਰੇਲੀਆ, ਨੀਊਜ਼ੀਲੈਂਡ, ਚੀਨ ਤੇ ਦੱਖਣੀ ਏਸ਼ੀਆ ਦੇ ਦੇਸ਼ਾਂ ਵਿਚ ਗਿਆ। 1835 ਵਿਚ ਉਹ ਭਾਰਤ ਆਇਆ ਤੇ ਏਥੋਂ ਹੀ ਫੇਰ ਅਗਲੇ ਸਾਲ ਇੰਗਲੈਂਡ ਲਈ ਜਹਾਜ਼ੇ ਚੜ੍ਹਿਆ। ਆਸਟ੍ਰੀਆ ਪਹੁੰਚ ਕੇ ਉਹ ਫਲੋਰੈਂਸ ਦੇ ਦਰਬਾਰ ਵਿਚ ਪ੍ਰਤੀਨਿਧ ਬਣਿਆ ਤੇ ਫੇਰ ਬਰਸਲਜ਼ ਵਿਚ ਆਸਟ੍ਰੀਆ ਦਾ ਰਾਜਦੂਤ। 1870 ਵਿਚ ਆਪਣੀ ਮੌਤ ਤੋਂ ਪਹਿਲਾਂ ਉਹ ਪ੍ਰਕਿਰਤੀ ਅਤੇ ਮਨੁੱਖੀ ਸਮਾਜ ਦਾ ਉੱਘਾ ਨਿਰੀਖਿਅਕ ਹੋ ਨਿਬੜਿਆ ਸੀ।
ਭਾਰਤ ਪਹੁੰਚਣ ਤੋਂ ਪਹਿਲਾਂ ਜੋ ਤਜਰਬਾ ਵੌਨ ਹੀਊਗਲ ਨੂੰ ਹੋ ਚੁੱਕਾ ਸੀ ਉਹਦੇ ਨਾਲ ਹੀ ਉਹ ਸਮਾਜੀ ਤੇ ਰਾਜਸੀ ਵਰਤਾਰਿਆਂ ਨੂੰ ਬੜੀ ਨੀਝ ਨਾਲ ਦੇਖਣ ਦੇ ਕਾਬਲ ਹੋ ਗਿਆ ਸੀ। ਭਾਰਤ ਉਹ ਅਸਲ ਵਿਚ ਕਸ਼ਮੀਰ ਕਰਕੇ ਹੀ ਆਇਆ ਸੀ। ਪਰ ਅਜਿਹਾ ਕਰਨ ਲਈ ਉਹ ਉਹਨੂੰ ਮਹਾਰਾਜੇ ਕੋਲੋਂ ਇਜਾਜ਼ਤ ਲੈਣ ਦੀ ਲੋੜ ਸੀ ਜਿਸ ਵਾਸਤੇ ਉਸਨੇ ਲੁਧਿਆਣੇ ਮਹਾਰਾਜੇ ਦੇ ਅਹਿਲਕਾਰਾਂ ਕੋਲ ਅਰਜ਼ੀ ਦਿੱਤੀ। ਛੇ ਅਕਤੂਬਰ 1935 ਨੂੰ ਇਹ ਇਜਾਜ਼ਤ ਉਸ ਨੂੰ ਮਹਾਰਾਜੇ ਵਲੋਂ ਇਕ ਪ੍ਰਵਾਨੇ ਦੇ ਰੂਪ ਵਿਚ ਮਿਲੀ। ਉਹ ਲਿਖਦਾ ਹੈ ”ਇਹ ਪਰਵਾਨਾ ਏਥੇ ਸਾਡੇ ਯੂਰਪ ਦੇ ਕਿਸੇ ਪਾਸਪੋਰਟ ਨਾਲੋਂ ਵੀ ਮਹੱਤਵਪੂਰਨ ਸੀ। ਪਾਸਪੋਰਟ ਤਾਂ ਸਬੰਧਤ ਦੇਸ਼ ਵਿਚ ਘੁੰਮਣ ਦੀ ਆਗਿਆ ਹੀ ਦਿੰਦਾ ਹੈ ਪਰ ਪਰਵਾਨੇ ਨਾਲ ਜਿਥੇ ਵੀ ਤੁਸੀਂ ਜਾਉ ਉਥੇ ਤੁਹਾਨੂੰ ਨੌਕਰ ਚਾਕਰ, ਰਾਸ਼ਨ, ਹਾਥੀ ਘੋੜੇ, ਸਭ ਕੁਝ ਹੀ ਜਿਹਦੀ ਤੁਹਾਨੂੰ ਜ਼ਰੂਰਤ ਹੋਵੇ ਮਿਲਦਾ ਹੈ।’’ ਇਸ ਦੌਰੇ ਸਮੇਂ ਵੌਨ ਹੀਊਗਲ ਨੂੰ ਜਿਸ ਤਰ੍ਹਾਂ ਸ਼ਾਹੀ ਮਹਿਮਾਨ ਬਣਾ ਕੇ ਰੱਖਿਆ ਗਿਆ ਉਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਰਣਜੀਤ ਸਿੰਘ ਦਾ ਆਪਣੇ ਇਲਾਕੇ ’ਤੇ ਕਿੰਨਾ ਮਜ਼ਬੂਤ ਕਬਜ਼ਾ ਸੀ ਤੇ ਉਹਦੀ ਸਰਕਾਰ ਕਿੰਨੇ ਵਧੀਆ ਢੰਗ ਨਾਲ ਚਲਾਈ ਜਾਂਦੀ ਸੀ।
ਬਰਨੀਅਰ ਵਾਂਗ ਹੀ ਹੀਊਗਲ ਨੂੰ ਘੋੜੇ ਜਾਂ ਪਾਲਕੀ ਵਿਚ ਬੈਠ ਕੇ ਪਹਾੜਾਂ ਦਾ ਔਖਾ ਸਫ਼ਰ ਕਿਵੇਂ ਕਰਨਾ ਪੈਂਦਾ ਸੀ ਤੇ ਕਸ਼ਮੀਰ ਹੋਕੇ ਉਹ ਐਟੌਕ ਰਾਹੀਂ ਕਿਵੇਂ ਪਰਤੇ, ਇਹਦਾ ਵੇਰਵਾ ਅੱਧੀ ਕਿਤਾਬ ਵਿਚ ਹੈ। ਕਿਤਾਬ ਵਿਚ ਮੇਰੀ ਦਿਲਚਸਪੀ ਉਦੋਂ ਡੂੰਘੀ ਹੋਈ ਜਦੋਂ ਉਹ ਪੰਜਾਬ ਪਹੁੰਚੇ। ਐਟੌਕ ਵਿਚ ਮਹਾਰਾਜੇ ਦੇ ਪੁੱਤਰ ਕਸ਼ਮੀਰ ਸਿੰਘ ਨਾਲ ਉਹਦੀ ਭੇਂਟ ਹੋਈ, ਜਿਸ ਨੂੰ ਉਹ ਇਉਂ ਯਾਦ ਕਰਦਾ ਹੈ :- ਉਹ ਪੰਦਰਾਂ ਸੋਲਾਂ ਸਾਲਾਂ ਦਾ ਸਜੀਵ ਤੱਕਣੀ ਵਾਲਾ ਨੌਜਵਾਨ ਸੀ। ਖੂਬ ਸਜੇ ਹੋਏ ਚਿੱਟੇ ਜੰਗਲੀ ਘੋੜੇ ‘ਤੇ ਸਵਾਰ, ਗੁਲਾਬੀ ਰੇਸ਼ਮ ਦੀ ਲੰਮੀ ਜੈਕਟ ਪਹਿਨੀ ਤੇ ਪੇਟੀ ਵਿਚ ਦੋ ਅੰਗਰੇਜ਼ੀ ਪਿਸਤੌਲਾਂ ਨਾਲ ਇਕ ਛੁਰਾ ਟੰਗੀ, ਰੇਸ਼ਮ ਦੀ ਹੀ ਵਧੀਆ ਪੁਸ਼ਾਕ ਪਹਿਨੀ ਉਹ ਸਹਿਜ ਦਿਸਦਾ ਸੀ। ਉਹਦੀ ਪਤਲੂਨ ਨੀਲੇ ਤੇ ਚਿਟੇ ਰੰਗ ਦੀ ਲੱਤਾਂ ਨਾਲ ਫਿੱਟ ਹੋਈ ਪਈ ਸੀ। ਉਹਦੀ ਜੁਤੀ ‘ਤੇ ਕਢਾਈ ਕੀਤੀ ਹੋਈ ਸੀ ਅਤੇ ਸਿਰ ’ਤੇ ਲਾਲ ਪਗੜੀ। ਨਿੱਕੀ-ਨਿੱਕੀ ਫੁੱਟ ਰਹੀ ਕਾਲੀ ਦਾੜ੍ਹੀ ਅਤੇ ਉੱਪਰ ਗੁਲਾਬੀ ਰੰਗ ਦੀ ਛਤਰੀ ਨਾਲ ਕਸ਼ਮੀਰ ਸਿੰਘ ਬਹੁਤ ਰੋਹਬੀਲਾ ਲਗਦਾ ਸੀ। ਉਹ ਨਿੱਕੇ-ਨਿੱਕੇ ਵਾਕ ਬੋਲਦਾ ਮੈਨੂੰ ਉਹਨਾਂ ਸਭ ਭਾਰਤੀਆਂ ਤੋਂ ਚੰਗਾ ਲੱਗਾ ਜਿਹਨਾਂ ਨੂੰ ਮੈਂ ਮਿਲ ਸਕਿਆ ਹਾਂ।’’
ਐਟੋਕ ਤੋਂ ਵੌਨ ਹੀਊਗਲ ਜਰਨੈਲੀ ਸੜਕ ’ਤੈ ਪੈ ਗਿਆ ਤੇ ਬਾਰ੍ਹਾਂ ਦਿਨਾਂ ਬਾਅਦ ਵਜ਼ੀਰਾਬਾਦ ਪਹੁੰਚਾ ਜਿੱਥੇ ਜਰਨੈਲ ਵੈਨਤੂਰਾ ਵਲੋਂ ਭੇਜੀ ਹੋਈ ਬੱਘੀ ਚਾਰ ਘੋੜਿਆਂ ਨਾਲ ਉਹਦੀ ਉਡੀਕ ਕਰ ਰਹੀ ਸੀ। ਠਾਠ ਨਾਲ ਸਫ਼ਰ ਕਰਦਿਆਂ ਉਹ ਲਿਖਦਾ ਹੈ :- ”ਇਸ ਵਧੀਆ ਅੰਗ੍ਰੇਜ਼ੀ ਬੱਘੀ ਵਿਚ ਸਫ਼ਰ ਕਰਦਿਆਂ ਮੈਨੂੰ ਲਗਦਾ ਹੈ ਕਿਵੇਂ ਯੂਰਪ ਵਿਚ ਹੋਵਾਂ ਤੇ ਮੈਨੂੰ ਔਖੇ ਸਫ਼ਰ ਭੁੱਲ ਹੀ ਗਏ।’’
ਵਜ਼ੀਰਾਬਾਦ ਤੋਂ ਲਾਹੌਰ ਵੱਲ ਵੀਹ ਮੀਲ ਦਾ ਸਫ਼ਰ ਕਰਕੇ ਉਹ ਹਰੀ ਸਿੰਘ ਨਲਵਾ ਦੀ ਰਿਆਸਤ ਵਿਚ ਪਹੁੰਚਦਾ ਹੈ ਜੋ ਮਹਾਰਾਜੇ ਦੇ ਫਰਾਂਸੀਸੀ ਵਿੰਗ ਨੂੰ ਛੱਡ ਕੇ ਬਾਕੀ ਫੌਜਾਂ ਦਾ ਇੰਚਾਰਜ ਸੀ। ਜਦੋਂ ਉਹ ਹਰੀ ਸਿੰਘ ਦੇ ਮਹੱਲ ਵਿਚ ਪਹੁੰਚਿਆ ਤਾਂ ਹੈਰਾਨ ਹੋਇਆ। ”ਮਹੱਲ ਦਾ ਹਰ ਕਮਰਾ ਕਾਬਲ ਤੇ ਕਸ਼ਮੀਰ ਤੋਂ ਲਿਆਂਦੇ ਮਹਿੰਗੇ ਤੋਂ ਮਹਿੰਗੇ ਦੁਸ਼ਾਲਿਆਂ ਨਾਲ ਸਜਿਆ ਹੋਇਆ ਸੀ।’’ ਏਥੇ ਇਕ ਰਾਤ ਕੱਟ ਕੇ ਉਹ ਲਾਹੌਰ ਤੋਂ ਤਿੰਨ ਮੀਲ ਦੂਰ ਮਹਾਰਾਜੇ ਵਲੋਂ ਭੇਜੇ ਇਕ ਡੈਪੂਟੇਸ਼ਨ ਨੂੰ ਮਿਲਿਆ, ਜਿਸ ਦਾ ਆਗੂ ਖਲੀਫ਼ਾ ਫਕੀਰ-ਉਦ-ਦੀਨ ਸੀ। ਆਪਣੀ ਸਪੀਚ ਵਿਚ ਉਸਨੇ ਕਿਹਾ ਕਿ ਮਹਾਰਾਜੇ ਵਲੋਂ ਹੁਕਮ ਹਨ ਕਿ ਯਾਤਰੀ ਦਾ ਪੂਰਾ ਖ਼ਿਆਲ ਰੱਖਿਆ ਜਾਵੇ।
ਲਾਹੌਰ ਵਿਚ ਵੌਨ ਹੀਊਗਲ ਜਨਰਲ ਵੈਨਤੂਰਾ ਕੋਲ ਠਹਿਰਿਆ ਤੇ ਮਹਾਰਾਜੇ ਅਤੇ ਉਹਦੇ ਅਹਿਲਕਾਰਾਂ ਨਾਲ ਕਈ ਮੁਲਾਕਾਤਾਂ ਹੋਈਆਂ। ਇਹਨਾਂ ਮੀਟਿੰਗਾਂ ਵਿਚ ਰਣਜੀਤ ਸਿੰਘ ਨੇ ਉਸ ਤੋਂ ਉਹਨਾਂ ਸਭ ਦੇਸ਼ਾਂ ਤੇ ਥਾਵਾਂ ਦੀ ਜਾਣਕਾਰੀ ਲਈ ਜਿੱਥੇ-ਜਿੱਥੇ ਉਸ ਨੇ ਸਫ਼ਰ ਕੀਤਾ ਸੀ। ਇਹ ਵੀ ਪੁੱਛਿਆ ਕਿ ਰਿਆਸਤਾਂ ਦੇ ਸੈਨਕ ਪ੍ਰਬੰਧ ਕਿਹੋ ਜਿਹੇ ਸਨ। ਕਈ ਵਾਰੀ ਇਹ ਮਿਲਣੀਆਂ ਲੰਮੀਆਂ ਹੁੰਦੀਆਂ ਗਈਆਂ। ਇੱਥੇ ਉਹ ਮਹਾਰਾਜੇ ਦੇ ਦਰਬਾਰ ਬਾਰੇ ਵਿਸਥਾਰ ਨਾਲ ਲਿਖਦਾ ਹੈ। ਹੋਰ ਵੀ ਜਿੱਥੇ ਉਹ ਗਿਆ ਉਹਦੇ ਵੇਰਵਾ ਦਿੰਦਾ ਹੈ ਤੇ ਦੱਸਦਾ ਹੈ ਕਿ ਮਹਾਰਾਜੇ ਨੇ ਉਹਨੂੰ ਆਪਣੀਆਂ ਫੌਜਾਂ ਵੀ ਦਿਖਾਈਆਂ।
ਭਾਵੇਂ ਵੌਨ ਹੀਊਗਲ ਲਾਹੌਰ ਵਿਚ ਸਿਰਫ਼ ਦੋ ਹਫ਼ਤੇ ਠਹਿਰਿਆ ਪਰ ਉਹਦੀ ਲਿਖਤ ਵਿਚ ਰਣਜੀਤ ਸਿੰਘ ਦੀ ਚੜ੍ਹਤ ਵੇਲੇ ਦੇ ਰਾਜ ਦੀ ਪੂਰੀ ਤਸਵੀਰ ਮਿਲਦੀ ਹੈ। ਉਹਦੀ ਤਜਰਬੇਕਾਰ ਅੱਖ ਤੋਂ ਨਿੱਕੀ ਤੋਂ ਨਿੱਕੀ ਚੀਜ਼ ਵੀ ਨਹੀਂ ਬਚਦੀ। ਉਹਦੀ ਪੁਸਤਕ ਪੰਜਾਬ ਦੇ ਸਮਾਜਕ ਅਤੇ ਸਿਆਸੀ ਹਾਲਾਤ ਦੀ ਵਡਮੁੱਲੀ ਤਸਵੀਰ ਹੈ।