ਜੁਗਤ – ਗੁਰਦੇਵ ਸਿੰਘ ਰੁਪਾਣਾ

Date:

Share post:

ਅਵਿਨਾਸ਼ ਜਦ ਘਰ ਪੁੱਜਿਆ ਲਾਲਾ ਜੀ ਰਾਜੂ ਤੇ ਰਿਸ਼ੀ ਨਾਲ ਖੇਡ ਰਹੇ ਸਨ। ਲਾਲਾ ਜੀ, ਯਾਨੀ ਲਾਲਾ ਦੁਰਗਾ ਦਾਸ, ਅਵਿਨਾਸ਼ ਦੇ ਪਿਤਾ ਜੀ। ਰਾਜੂ ਤੇ ਰਿਸ਼ੀ ਅਵਿਨਾਸ਼ ਦੇ ਪੁੱਤਰ।

”ਰਾਜੂ, ਰਿਸ਼ੀ! ਤੁਸੀਂ ਲੋਕ ਅੰਦਰ ਜਾਓ।” ਅਵਿਨਾਸ਼ ਨੇ ਖੜ੍ਹੇ ਖੜ੍ਹੇ ਬੱਚਿਆਂ ਨੂੰ ਸਖਤੀ ਨਾਲ ਕਿਹਾ।

ਲਾਲਾ ਜੀ ਨੇ ਅਵਿਨਾਸ਼ ਦੇ ਚਿਹਰੇ ਵੱਲ ਵੇਖਿਆ। ਫੁੱਲਿਆ ਹੋਇਆ, ਗੁਸੈਲ ਤੇ ਗੁੱਸੇ ਦੀ ਤਪਸ਼ ਨਾਲ ਤੇਲੀਆ ਦਿਖ ਵਾਲਾ ਚਿਹਰਾ।

”ਕਿਤੋਂ ਜ਼ਖ਼ਮੀ ਹੋ ਕੇ ਆਇਆ ਏ। ਕੋਈ ਕਾਰੋਬਾਰੀ ਜ਼ਖ਼ਮ।” ਲਾਲਾ ਜੀ ਨੇ ਸੋਚਿਆ।

”ਅੰਦਰ ਜਾਓ ਤੁਸੀਂ ਲੋਕ।” ਅਵਿਨਾਸ਼ ਨੇ ਪਿਉਆਂ ਵਾਲੇ ਰੋਹਬਦਾਰ ਲਹਿਜ਼ੇ ਵਿਚ ਬੱਚਿਆਂ ਨੂੰ ਦੁਬਾਰਾ ਹੁਕਮ ਦਿੱਤਾ।

ਰਾਜੂ ਤੇ ਰਿਸ਼ੀ ਦਾਦੇ ਦੀ ਪਨਾਹ ਵਿਚ ਸਨ, ਇਸ ਲਈ ਨਿੱਡਰ ਸਨ। ਦੁਬਾਰਾ ਕਹਿਣ ‘ਤੇ ਵੀ ਉਹ ਅੰਦਰ ਨਹੀਂ ਗਏ।

ਅਵਿਨਾਸ਼ ਤਣ ਕੇ ਸੋਫ਼ੇ ਉੱਤੇ ਬੈਠ ਗਿਆ। ਲਾਲਾ ਜੀ ਸਮਝ ਗਏ, ਉਹ ਝਗੜਾ ਕਰਨ ਦੀ ਸੋਚ ਕੇ ਆਇਆ ਹੈ। ਲਾਲਾ ਜੀ ਨੇ ਬੱਚਿਆਂ ਨੂੰ ਢਾਲ ਬਣਾ ਲਿਆ। ਉਹਨਾਂ ਨੂੰ ਪਹਿਲਾਂ ਤੋਂ ਹੀ ਵੱਧ ਲਾਡ ਲਡਾਉਣ ਲੱਗੇ। ਬੇਸ਼ਕ ਬੱਚੇ ਤੋਤਲਿਆਂ ਦੀ ਉਮਰ ਪਾਰ ਕਰ ਚੁੱਕੇ ਸਨ, ਫੇਰ ਵੀ ਉਹਨਾਂ ਨਾਲ ਤੋਤਲੀ ਜ਼ੁਬਾਨ ਵਿਚ ਬੋਲਣ ਲੱਗੇ।

”ਮੇਲੇ ਲਾਜੇ! ਮੇਲੇ ਸੰਤਲੇ… ਮੇਲੇ ਮਾਲਤੇ।”

ਛੋਟੇ ਰਿਸ਼ੀ ਤੇ ਮੱਥੇ ਨਾਲ ਮੱਥਾ ਰਗੜਿਆ। ਫੇਰ ਵਾਰੀ ਵਾਰੀ ਦੋਹਾਂ ਦੇ ਮੱਥੇ ਚੁੰਮੇ। ਇਕ ਨੂੰ ਖੱਬੀ ਤੇ ਦੂਜੇ ਨੂੰ ਸੱਜੀ ਵੱਖੀ ਨਾਲ ਲਿਟਾ ਲਿਆ। ਲਾਲਾ ਜੀ ਦੇ ਪੇਟ ਉੱਤੋਂ ਦੀ ਬੱਚੇ ਇਕ ਦੂਜੇ ਨਾਲ ਛੇੜਖਾਨੀ ਕਰਕੇ ਖੇਡਣ ਲੱਗੇ, ਹੱਸਣ ਲੱਗੇ। ਲਾਲਾ ਜੀ ਵੀ ਉਹਨਾਂ ਦੇ ਨਾਲ ਹੱਸਣ ਲੱਗੇ। ਇਉਂ ਕਰਕੇ ਉਹ ਅਵਿਨਾਸ਼ ਨੂੰ ਦੱਸਣਾ ਚਾਹੁੰਦੇ ਸਨ-ਘਰ ਵਿਚ ਸੁੱਖ ਸ਼ਾਂਤੀ ਹੈ। ਮੈਨੂੰ ਕਿਸੇ ਕਿਸਮ ਦਾ ਕਲੇਸ਼ ਨਹੀਂ ਚਾਹੀਦਾ।

”ਭਗਤ ਸਿੰਘ ਨੂੰ ਜਦ ਫਾਂਸੀ ਲੱਗੀ ਸੀ, ਤੁਸੀਂ ਕਿੰਨੇ ਸਾਲਾਂ ਦੇ ਸੀ ਉਦੋਂ?” ਅਵਿਨਾਸ਼ ਨੇ ਹਮਲਾ ਸ਼ੁਰੂ ਕੀਤਾ।

ਲਾਲਾ ਜੀ ਬੱਚਿਆਂ ਨਾਲ ਰੁੱਝੇ ਰਹੇ। ਕੋਈ ਉੱਤਰ ਨਾ ਦਿੱਤਾ। ਉਹ ਜਾਣ ਗਏ ਸਨ ਮੁੰਡਾ ਕਿੱਥੋਂ ਬੋਲ ਰਿਹਾ ਹੈ।

”ਜਦ ਸਾਈਮਨ ਭਾਰਤ ਆਇਆ ਸੀ, ਤੁਹਾਨੂੰ ਪੂਰੀ ਹੋਸ਼ ਸੀ?”

ਲਾਲਾ ਜੀ ਨੂੰ ਪੂਰੀ ਹੋਸ਼ ਸੀ ਬਲਕਿ ਉਹ ਪੂਰੇ ਜਵਾਨ ਸਨ। ਪਰ ਉਹਨਾਂ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ। ਜੇ ਉਹ ਕਹਿ ਦਿੰਦੇ ਤਾਂ ਪੂਰੀ ਹੋਸ਼ ਸੀ, ਤਾਂ ਅਵਿਨਾਸ਼ ਨੇ ਕਹਿਣਾ ਸ਼ੁਰੂ ਕਰ ਦੇਣਾ ਸੀ ਜੇ ਹੋਸ਼ ਹੁੰਦੀ ਤਾਂ ਇਹ ਕਰ ਲੈਂਦੇ… ਜੇ ਹੋਸ਼ੀ ਹੁੰਦੀ ਤਾਂ ਅੱਜ ਨੂੰ ਨੇਤਾ ਬਣੇ ਹੁੰਦੇ….ਜੇ ਹੋਸ਼ ਹੁੰਦੀ ਅਸੀਂ ਇਹ ਨਾਂ ਹੁੰਦੇ ਜੋ ਅੱਜ ਹਾਂ… ਜੇ ਹੋਸ਼ੀ ਹੁੰਦੀ ਤਾਂ ਅਸੀਂ ਕਿਤੇ ਦੇ ਕਿਤੇ ਪੁੱਜੇ ਹੁੰਦੇ।

ਲਾਲਾ ਜੀ ਨੇ ਇਹ ਸਾਰੇ ਤਾਹਨੇ ਬਚਾ ਲਏ ਤੇ ਬੱਚਿਆਂ ਵਿਚ ਮਗਨ ਉਹਨਾਂ ਨੂੰ ਲਾਡ ਲਡਾਂਦੇ ਰਹੇ।

“ਰਾਵੀ ਕੰਢੇ ਜਦ ਪੂਰਨ ਸਵਰਾਜ ਦਾ ਮਤਾ ਪਾਸ ਹੋਇਆ ਸੀ, ਉਦੋਂ ਤੁਸੀਂ ਲਾਹੌਰ ਵਿਚ ਹੀ ਸਓਂ।” ਅਵਿਨਾਸ਼ ਦੇ ਸੁਰ ਵਿਚ ਘ੍ਰਿਣਾ ਤਿੱਖੀ ਹੁੰਦੀ ਜਾ ਰਹੀ ਸੀ।

ਲਾਲਾ ਜੀ ਨੇ ਉਹਦੇ ਵੱਲ ਵੇਖਿਆ ਵੀ ਨਹੀਂ।

”ਬੱਚਿਆਂ ਨਾਲ ਹੀ ਬਕਵਾਸ ਕਰਦੇ ਰਹੋਗੇ ਜਾਂ ਮੇਰੀ ਵੀ ਸੁਣੋਂਗੇ।” ਅਵਿਨਾਸ਼ ਨੇ ਸ਼ਬਦ ‘ਬਕਵਾਸ’ ਨੂੰ ਚਵਲ ਕੇ ਕਿਹਾ ਤਾਂ ਜੋ ਪੂਰੀ ਤਰ੍ਹਾਂ ਸੁਣਿਆ ਨਾ ਜਾ ਸਕੇ। ਬਾਪ ਦਾ ਇਤਨਾ ਕੁ ਲਿਹਾਜ਼ ਤਾਂ ਉਹ ਕਰ ਹੀ ਗਿਆ।

”ਅੱਜ ਫੇਰ ਸਾਡਾ ਟਰੱਕ ਫੜਿਆ ਗਿਆ ਜੇ।” ਅਵਿਨਾਸ਼ ਨੇ ਲਗਭਗ ਲੇਰ ਮਾਰਨ ਵਾਂਗ ਕਿਹਾ।

ਉਹ ਅਨਾਜ ਦਾ ਵਪਾਰ ਕਰਦੇ ਸਨ। ਦੋ ਨੰਬਰ ਦਾ ਮਾਲ ਜਿਸ ਟਰੱਕ ਵਿਚ ਭੇਜਿਆ ਜਾ ਰਿਹਾ ਸੀ, ਕਾਗਜ਼ ਪੂਰੇ ਨਾ ਹੋਣ ਕਰਕੇ ਫੜਿਆ ਗਿਆ, ਜਿਸ ਦਿਨ ਉਹਨਾਂ ਦੇ ਗੁਦਾਮ ਉੱਤੇ ਛਾਪਾ ਪੈਂਦਾ ਜਾਂ ਕੋਈ ਟਰੱਕ ਫੜਿਆ ਜਾਂਦਾ, ਉਸ ਦਿਨ ਉਹ ਲਾਲਾ ਜੀ ਨੂੰ ਇਸ ਕਿਸਮ ਦੇ ਸਵਾਲ ਪੁੱਛ ਕੇ ਗੁੱਸਾ ਕੱਢਿਆ ਕਰਦਾ ਸੀ।

ਅਵਿਨਾਸ਼ ਦੀ ਧਾਰਨਾ ਸੀ ਲਾਲਾ ਦੁਰਗਾ ਦਾਸ ਆਪਣੇ ਸਮੇਂ ਦਾ ਪੜ੍ਹਿਆ ਲਿਖਿਆ ਬੰਦਾ ਸੀ। ਜੇ ਉਸ ਨੇ ਜੰਗੇ ਆਜ਼ਾਦੀ ਵਿਚ ਹਿੱਸਾ ਲਿਆ ਹੁੰਦਾ। ਝੰਡਾ ਚੁੱਕ ਕੇ ਜ਼ਿੰਦਾਬਾਦ-ਮੁਰਦਾਬਾਦ ਦੇ ਨਾਅਰੇ ਲਾਏ ਹੁੰਦੇ। ਦੋ ਚਾਰ ਮਹੀਨੇ ਕੈਦ ਕੱਟ ਆਉਂਦਾ। ਸੁਤੰਤਰਤਾ ਸੰਗਰਾਮ ਦਾ ਸਿਪਾਹੀ ਬਣ ਜਾਂਦਾ। ਅੱਜ ਨੂੰ ਉਹ ਕੋਈ ਨੇਤਾ ਹੁੰਦਾ, ਮੰਤਰੀ ਬਣਿਆ ਹੁੰਦਾ। ਫੇਰ ਉਹ ਹੁਣ ਵਰਗੇ ਨਾ ਹੁੰਦੇ, ਜਿਹਨਾਂ ਨੂੰ ਕੋਈ ਵੀ ਟੁੱਚੂ ਇੰਸਪੈਕਟਰ ਆ ਕੇ ਤੰਗ ਕਰ ਸਕਦਾ। ਉਸ ਦੇ ਬਾਪ ਨੇ ਸਮੇਂ ਦੀ ਧਾਰਾ ਨੂੰ ਨਹੀਂ ਸਮਝਿਆ, ਇਸ ਲਈ ਉਹ ਆਮਾਂ ਵਿਚ ਆਮ ਰਹਿ ਗਏ। ਖਾਸਾਂ ਵਿਚ ਖਾਸ ਨਹੀਂ ਬਣ ਸਕੇ।

”ਤੂੰ ਗਲਤ ਕੰਮ ਕਰਦਾ ਈ ਕਿਓਂ ਏ?” ਲਾਲਾ ਜੀ ਬੋਲ ਹੀ ਪਏ।

”ਲਓ ਹੋਰ ਸੁਣੋ! ਇਹ ਗਲਤ ਸਹੀ ਦੇ ਪਾਠ ‘ਤੇ ਬੈਠੇ ਨੇ ਹਾਲੇ।” ਅਵਿਨਾਸ਼ ਨੇ ਕਹਿਣਾ ਸ਼ੁਰੂ ਕੀਤਾ, ”ਗਲਤ ਸਹੀ ਕੰਗਲਿਆਂ ਦੀ ਫਿਲਾਸਫੀ ਏ। ਆਪਣੀ ਨਾਕਾਮੀ ‘ਤੇ ਸ਼ਰਮਿੰਦਾ ਹੋਣ ਦੀ ਥਾਂ, ਹਰ ਕੰਗਲਾ ਸ਼ੇਖੀ ਮਾਰੇਗਾ… ਮੈਂ ਸਭ ਤੋਂ ਵਧੀਆ ਆਦਮੀ ਹਾਂ ਕਿਉਂਕਿ ਮੈਂ ਸਹੀ ਰਸਤੇ ‘ਤੇ ਚੱਲ ਰਿਹਾ ਹਾਂ। ਸਹੀ ਰਸਤੇ ‘ਤੇ ਚੱਲ ਰਿਹਾ ਹਾਂ ਇਸ ਲਈ ਈਸ਼ਵਰ ਮੇਰੇ ਵੱਲ ਹੈ। ਮੈਨੂੰ ਮਨ ਦੀ ਸ਼ਾਂਤੀ ਪ੍ਰਾਪਤ ਹੈ। ਹਰ ਕੰਗਲਾ ਆਪਣੀ ਗਰੀਬੀ ਉੱਤੇ ਫ਼ਖ਼ਰ ਕਰਨ ਦੀ ਕੋਈ ਨਾ ਕੋਈ ਦਲੀਲ ਲੱਭ ਹੀ ਲੈਂਦਾ ਹੈ। ਗਰੀਬੀ ਨੂੰ ਗਹਿਣੇ ਵਾਂਗ ਸਜਾਈ ਫਿਰਦਾ ਹੈ। ਏਸੇ ਲਈ ਏਸ ਮੁਲਕ ‘ਚੋਂ ਕਦੇ ਗਰੀਬੀ ਖਤਮ ਨਹੀਂ ਹੋ ਸਕਦੀ…।”

”ਕੀ ਨਹੀਂ ਸਾਡੇ ਕੋਲ?” ਲਾਲਾ ਜੀ ਨੂੰ ਗੁੱਸਾ ਆਉਣ ਲੱਗ ਪਿਆ, “ਆਪਣਾ ਮਕਾਨ, ਆਪਣੀ ਦੁਕਾਨ, ਆਪਣੀ ਸਵਾਰੀ, ਚੰਗੇ ਗੁਜ਼ਾਰੇ ਵਾਲਾ ਕਾਰੋਬਾਰ… ਹੋਰ ਤੈਨੂੰ ਕੀ ਚਾਹੀਦਾ ਹੈ।”

”ਹੂੰ! ਮਕਾਨ! ਆਪਣਾ ਮਕਾਨ। ਬੜਾ ਗਾਫ਼-ਲਿੰਕ ‘ਚ ਹੈਗਾ ਸਾਡਾ ਮਕਾਨ। ਕਲੋਨੀ ਦੀ ਨੁੱਕੜ ਤੇ ਬੋਰਡ ਲੱਗਾ ਵੇਖਿਆ ਜੇ ਕਦੀ। ਜੂੰਆਂ ਮਾਰਨ ਦੀ ਦਵਾਈ ਦਾ ਬੋਰਡ। ਐਸੇ ਬੋਰਡ ਹਰ ਗਲੀ ਦੀ ਨੁੱਕਰ ‘ਤੇ ਲੱਗੇ ਹੋਏ ਨੇ। ਜੂੰਆਂ ਦੀ ਖਾਧ ਵਿਚ ਰਹਿੰਦੇ ਹਾਂ ਅਸੀਂ। ਥੋੜ੍ਹਾ ਅੱਗੇ ਝੌਂਪੜੀਆਂ ਵਿਚ ਰਹਿਣ ਲੱਗੀਏ ਤਾਂ ਏਸ ਤੋਂ ਵੀ ਵੱਡੇ ਸੇਠ ਦਿਸਣ ਲੱਗ ਪਵਾਂਗੇ ਆਪਣੇ ਆਪ ਨੂੰ।” ਅਵਿਨਾਸ਼ ਇਉਂ ਬੋਲ ਰਿਹਾ ਸੀ ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੋਵੇ। ਇਹ ਗੱਲਾਂ ਬਹੁਤ ਵਾਰ ਉਸ ਨੇ ਆਪਣੇ ਆਪ ਨਾਲ ਕੀਤੀਆਂ ਸਨ-ਸੋਚੀਆਂ ਸਨ।

ਲਾਲਾ ਜੀ ਨੂੰ ਚੁੱਪ ਵੇਖ ਕੇ ਉਹ ਫਿਰ ਸ਼ੁਰੂ ਹੋ ਗਿਆ, ”ਕਾਰੋਬਾਰ! ਇਹ ਵੀ ਕੋਈ ਕਾਰੋਬਾਰ ਹੈ। ਜਦ ਮਰਜ਼ੀ ਕੋਈ ਦੋ ਆਨੇ ਦਾ ਇੰਸਪੈਕਟਰ ਆ ਧਮਕਦੈ। ਜਨਰਲ ਮੋਟਰਜ਼ ਦਾ ਨਾ ਸੁਣਿਆ ਏ? ਮਾਈਕਰੋਸੌਫਟ ਦਾ ਨਾਂ ਸੁਣਿਆ ਜੇ? ਜਨਰਲ ਇਲੈਕਟ੍ਰੌਨਿਕਸ ਦਾ ਨਾਂ ਸੁਣਿਆ ਏ? ਇਹ ਕੰਪਨੀਆਂ ਦੇ ਨਾਂ ਨੇ। ਇਹ ਕੰਪਨੀਆਂ ਨਹੀਂ ਸ਼ਕਤੀਆਂ ਨੇ। ਜਿਨ੍ਹਾਂ ਦੇ ਇਕ ਫੋਨ ਕਰਨ ਨਾਲ ਸਰਕਾਰਾਂ ਡੋਲ ਜਾਂਦੀਆਂ ਨੇ। ਜਿਨ੍ਹਾਂ ਤੋਂ ਪੁੱਛ ਕੇ ਬੈਂਕ ਆਪਣੀਆਂ ਨੀਤੀਆਂ ਤੈਅ ਕਰਦੇ ਨੇ। ਦੁਨੀਆ ਦੇ ਸਾਰੇ ਸ਼ੇਅਰ ਬਾਜ਼ਾਰ ਇਹਨਾਂ ਦੇ ਰਹਿਮ ‘ਤੇ ਚੱਲਦੇ ਨੇ…।”

”ਬਣਾ ਕਿਓਂ ਨਹੀਂ ਲੈਂਦਾ ਕੋਈ ਕੰਪਨੀ ਫੇਰ।” ਲਾਲਾ ਜੀ ਭੜਕ ਕੇ ਬੋਲੇ, ”ਰੋਕ ਕਿਸ ਰੱਖਿਆ ਏ ਤੈਨੂੰ… ਬਣ ਜਾਹ…।”

ਕੋਈ ਲਾਭ ਨਹੀਂ… ਇਹਨਾਂ ਨਾਲ ਗੱਲ ਕਰਨ ਦਾ ਕੋਈ ਲਾਭ ਨਹੀਂ। ਅਵਿਨਾਸ਼ ਨੇ ਸੋਚਣਾ ਸ਼ੁਰੂ ਕੀਤਾ-ਜੇ ਕਾਰੋਬਾਰ ਕਰਨਾ ਹੈ ਤੇ ਢੰਗ ਨਾਲ ਕਰਨਾ ਹੈ ਤਾਂ ਪਾਵਰ ਚਾਹੀਦੀ ਹੈ… ਰਾਜਨੀਤਕ ਸ਼ਕਤੀ ਤੁਹਾਡੇ ਵੱਲ ਹੋਵੇ। ਨਹੀਂ ਤਾਂ ਤਰ ਤੇ ਲੂੁਣ ਲਾਂਦੇ ਰਹੋ ਤੇ ਵੇਚਦੇ ਰਹੋ। ਬਸ ਹੋ ਗਿਆ ਕਾਰੋਬਾਰ-ਤੇ ਮਨ ਦੀ ਸ਼ਾਂਤੀ ਕਾਇਮ। ਬੁੱਢੇ ਨੇ ਇਕ ਸੁਨਹਿਰੀ ਮੌਕਾ ਗਵਾ ਲਿਆ। ਪਿਓ ਨੇ ਕਹਿ ਦਿੱਤਾ ਬੇਟਾ ਹੱਟੀ ਬੈਠੋ, ਹੱਟੀ ਬੈਠ ਗਏ। ਪਿਓ ਨੇ ਕਹਿ ਦਿੱਤਾ-ਕਿਸੇ ਜਲਸੇ ਜਲੂਸ ‘ਚ ਨਹੀਂ ਜਾਣਾ। ਘਰ ਬੈਠੋ। ਬਸ ਘਰ ਬੈਠ  ਗਏ। … ਤੇ ਹੁਣ ਕਿਸੇ ਪਾਰਟੀ ‘ਚ ਸ਼ਾਮਲ ਹੋਣਾ ਹੋਵੇ, ਪਹਿਲਾਂ ਚਾਰ ਆਨੇ ਦੇ ਮੈਂਬਰ ਬਣੋ। ਪਾਰਟੀ ਦੇ ਫੱਟੇ ਢੋਂਦੇ ਫਿਰੋ। ਪੋਸਟਰ ਲਾਂਦੇ ਰਹੋ। ਯਾਨੀ ਭੀੜ ਵਿਚ ਇਕ ਨਗ ਦਾ ਵਾਧਾ ਕਰਦੇ ਰਹੋ। ਜਦ ਨੂੰ ਕੋਈ ਥਾਂ ਬਣੇਗੀ ਉਦੋਂ ਨੂੰ ‘ਰਾਮ ਨਾਮ ਸੱਤ’ ਹੋਣ ਦਾ ਵਕਤ ਆ ਜਾਵੇਗਾ। ਸੋਚਦਾ-ਸੋਚਦਾ ਅਵਿਨਾਸ਼ ਅੰਦਰ ਚਲਾ ਗਿਆ।

———————

ਬੀ.ਆਰ. ਸ਼ਰਮਾ ਤੇ ਰਾਜਕਿਰਣ ਗੁੜਗਾਵਾਂ ਤੋਂ ਦਿੱਲੀ ਨੂੰ ਆ ਰਹੇ ਸਨ। ਅਚਾਨਕ ਡਰਾਈਵਰ ਨੇ ਕਾਰ ਇਕ ਪਾਸੇ ਕਰਕੇ ਰੋਕ ਦਿੱਤੀ ਤੇ ਦੱਸਿਆ, ”ਜਨਾਬ ਟਾਇਰ ਪੰਚਰ ਹੋ ਗਿਆ।”

ਛੇਤੀ-ਛੇਤੀ ਟਾਇਰ ਬਦਲੋ। ਮੈਂ ਅੱਠ ਵਜੇ ਕਿਸੇ ਨੂੰ ਮਿਲਣੈ!” ਸ਼ਰਮਾ ਨੇ ਘੜੀ ਵੇਖ ਕੇ ਕਿਹਾ।

”ਸਟਿੱਪਨੀ ਪਹਿਲਾਂ ਹੀ ਪੰਚਰ ਪਈ ਏ।” ਡਰਾਈਵਰ ਨੇ ਕਿਹਾ, ”ਗੁੜਗਾਵਾਂ ਜਾਣਾ ਪਵੇਗਾ। ਪਤਾ ਨਹੀਂ ਕਿੰਨਾਂ ਟੈਮ ਲੱਗੇਗਾ।”

”ਉਹ ਹੋ! ਹੁਣ ਮੈਂ ਕਿਵੇਂ ਪਹੁੰਚਾਂਗਾ , ਵਕਤ ਸਿਰ।” ਸ਼ਰਮਾ ਨੇ ਕਿਹਾ।

”ਤੈਨੂੰ ਕੀ ਮੁਸ਼ਕਿਲ ਏ ਕਿਤੇ ਵੀ ਪੁੱਜਣ।” ਰਾਜਕਿਰਣ ਨੇ ਕਿਹਾ।

ਡਰਾਈਵਰ ਨੇ ਡਿੱਕੀ ਵਿਚੋਂ ਸਟਿਪਨੀ ਕੱਢੀ ਤੇ ਸੜਕ ਪਾਰ ਕਰਕੇ ਗੁੜਗਾਵਾਂ ਵੱਲ ਜਾਂਦੀਆਂ ਕਾਰਾਂ, ਬੱਸਾਂ ਤੇ ਟਰੱਕਾਂ ਨੂੰ ਇਸ਼ਾਰੇ ਕਰਨ ਲੱਗਾ। ਚਾਰ-ਪੰਜ ਕਾਰਾਂ ਲੰਘ ਗਈਆਂ। ਕਿਸੇ ਨੇ ਉਹਦੇ ਵੱਲ ਧਿਆਨ ਨਹੀਂ ਕੀਤਾ।

ਜਿੱਥੇ ਉਹ ਖੜ੍ਹੇ ਸਨ, ਸੜਕ ਦੇ ਦੋਵੇਂ ਪਾਸੇ ਸੈਂਡ ਸਟੋਨ ਦੀਆਂ ਉਜੜੀਆਂ ਹੋਈਆਂ ਪਹਾੜੀਆਂ ਸਨ। ਕਦੇ ਏਥੇ ਪੱਥਰ ਦੀਆਂ ਕਾਨਾਂ ਹੁੰਦੀਆਂ ਸਨ।  ਹੁਣ ਕੇਵਲ ਛੋਟੇ ਵੱਡੇ ਖੱਡੇ ਸਨ। ਵਿਚ ਵਿਚ ਝਾੜੀਆਂ ਉੱਗ ਆਈਆਂ ਸਨ। ਸ਼ਰਮਾ ਨੇ ਝਾੜੀ ਦੀ ਇਕ ਟਹਿਣੀ ਤੋੜ ਲਈ। ਜੇਬ ਵਿਚੋਂ ਚਿੱਟਾ ਰੁਮਾਲ ਕੱਢ ਕੇ ਉਸ ਦੇ ਸਿਰੇ ਨਾਲ ਬੰਨ ਲਿਆ ਤੇ ਅਮਨ ਦਾ ਝੰਡਾ ਬਣਾ ਲਿਆ। ਅਮਨ ਤੇ ਦੋਸਤੀ ਦਾ ਝੰਡਾ ਆਉਂਦੀ ਇਕ ਕਾਰ ਨੂੰ ਵਿਖਾਇਆ। ਕਾਰ ਰੁਕ ਗਈ। ਕਾਰ ਵਿਚੋਂ ਡਰਾਈਵਰ ਬਾਹਰ ਨਿਕਲਿਆ। ਇਹ ਅਵਿਨਾਸ਼ ਸੀ। ਉਹੀ ਅਵਿਨਾਸ਼, ਅਨਾਜ ਦਾ ਵਪਾਰੀ। ਲਾਲਾ ਦੁਰਗਾ ਦਾਸ ਦਾ ਪੁੱਤਰ, ਰਾਜੂ ਦੇ ਰਿਸ਼ੀ ਦਾ ਬਾਪ।

”ਦਿੱਲੀ ਪਲੀਜ਼।” ਸ਼ਰਮਾ ਨੇ ਬੇਨਤੀ ਕੀਤੀ।

”ਆਓ ਬੈਠੋ।”

ਸ਼ਰਮਾ ਉਸ ਦੇ ਬਰਾਬਰ ਬੈਠ ਗਿਆ। ਅਵਿਨਾਸ਼ ਨੇ ਉਸ ਦੇ ਚਿਹਰੇ ਵੱਲ ਵੇਖਿਆ। ਅੱਖਾਂ ਵਿਚ ਅਸਧਾਰਣ ਚਮਕ। ਗੰਦਮੀ ਚਿਹਰੇ ਦੀ ਕਸੀ ਕਸੀ ਜਿਲਦ। ਤਿੱਖੇ ਨਕਸ਼ । ਇਕ ਪ੍ਰਭਾਵਸ਼ਾਲੀ ਸੰਤੁਸ਼ਟ ਚਿਹਰਾ। ਉਸ ਬੰਦੇ ਦੇ ਚਿਹਰੇ ਵਰਗਾ ਜੋ ਆਪਣੀ ਕਾਰਗੁਜ਼ਾਰੀ ਉੱਤੇ ਪ੍ਰਸੰਨ ਹੋਵੇ। ਜ਼ਿੰਦਗੀ ਵਿਚ ਜੋ ਕੁਝ ਕਰ ਰਿਹਾ ਹੈ ਉਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਵੇ। ਇਸ ਚਿਹਰੇ ਉੱਤੇ ਫੈਲੀ ਤਨਜ਼ੀਆਂ ਮੁਸਕਾਨ ਜਿਵੇਂ ਮਨ ਹੀ ਮਨ ਕਿਸੇ ਦਾ ਮਜ਼ਾਕ ਉਡਾ ਰਹੀ ਹੋਵੇ।

”ਕੁਛ ਲੋਗ ਸਾਰੀ ਉਮਰ ਨਿੰਨੀ ਰਹਿੰਦੇ ਨੇ।” ਉਸ ਦੇ ਮਨ ਵਿਚ ਜਿਹੜਾ ਮਜ਼ਾਕ ਸੀ ਉਹ ਬਾਹਰ ਆ ਰਿਹਾ ਸੀ।

”ਜੀ!”

”ਮੈਂ ਰਾਜਕਿਰਣ ਦੀ ਗੱਲ ਕਰਦਾ ਹਾਂ। ਉਹੀ ਭਾਈ ਜਿਸ ਨੂੰ ਅਸੀਂ ਕਾਰ ਵਿਚ ਬੈਠਾ ਛੱਡ ਆਏ ਹਾਂ।” ਸ਼ਰਮਾ ਨੇ ਬੋਲਣਾ ਸ਼ੁਰੂ ਕੀਤਾ, ”ਸਟਿਪਨੀ ਹਮੇਸ਼ਾਂ ਪੰਚਰ ਰੱਖਦਾ ਏ। ਪੰਚਰ ਹੋਇਆ, ਲਵਾ ਲਿਆ।” ਸਟਿਪਨੀ ਪੰਚਰ ਦੀ ਪੰਚਰ। ਹੁਣ ਇਹ ਡਰਾਈਵਰ ਨੂੰ ਗੁੜਗਾਵਾਂ ਭੇਜੇਗਾ। ਆਪ ਇੰਤਜ਼ਾਰ ਕਰੇਗਾ। ਘਰ ਪੁੱਜਦਿਆਂ ਅੱਧੀ ਰਾਤ ਹੋ ਜਾਣੀ ਏ। ਹਮੇਸ਼ਾ ਏਸੇ ਤਰ੍ਹਾਂ ਹੁੰਦੈ। ਏਸੇ ਵਾਸਤੇ ਭਾਬੀ ਜੀ ਨੇ ਇਹਦਾ ਨਾਂ ਨਿੰਨੀ’ਪਾ ਰੱਖਿਆ ਜੇ।”

”ਭਾਬੀ ਜੀ?”

”ਰਮਾਂ ਭਾਬੀ ਜੀ। ਬਲਰਾਜ ਭਾਈ ਸਾਹਿਬ ਦੀ ਪਤਨੀ। ਆਪਣੇ ਜਗਨ ਨਾਥ ਜੀ ਹੈ ਨਾ, ਪਾਰਟੀ ਦੇ ਜਨਰਲ ਸਕੱਤਰ, ਵਰਕਿੰਗ ਕਮੇਟੀ ਦੇ ਵੀ ਮੈਂਬਰ ਨੇ- ਉਹਨਾਂ ਦੀ ਬੇਟੀ ਰਮਾ। ਬਲਰਾਜ ਭਾਈ ਸਾਹਬ ਜਗਨ ਨਾਥ ਜੀ ਦੇ ਦਾਮਾਦ ਨੇ। ਤੇ ਏਸ ਰਾਜਕਿਰਣ ਦੇ ਵੱਡੇ ਭਾਈ। ਰਾਜਕਿਰਣ ਸਿਵਲ ਕੰਸਟਰਕਸ਼ਨ ਦਾ ਕੰਮ ਕਰਦਾ ਏ- ਠੇਕੇਦਾਰੀ/ਵੱਡੇ-ਵੱਡੇ ਠੇਕੇ। ਸਾਰਾ ਕੰਮ ਬਲਰਾਜ ਭਾਈ ਸਾਹਬ ਕਰਕੇ ਚੱਲਦਾ ਪਿਆ ਜੇ। ਇਹਨੂੰ ਕੋਈ ਪਤਾ ਨਹੀਂ ਜਗ ਕਿੱਥੇ ਵੱਸਦਾ ਏ… ਅਸਲੋਂ ਨਿੰਨੀ।” ਸ਼ਰਮਾ ਨੇ ਦੱਸਿਆ।

ਅਵਿਨਾਸ਼ ਹੈਰਾਨ ਸੀ-ਇਹ ਆਦਮੀ ਕੀ ਹੋਵੇਗਾ ਜੋ ਜਗਨ ਨਾਥ; ਦਿੱਲੀ ਦੇ ਬੇਤਾਜ਼ ਬਾਦਸ਼ਾਹ ਦੀ ਬੇਟੀ ਨੂੰ ਭਾਬੀ ਕਹਿ ਰਿਹਾ ਸੀ ਤੇ ਉਸ ਦੇ ਦਾਮਾਦ ਨੂੰ ਭਾਈ ਸਾਹਿਬ। ਜਿਵੇਂ ਕੋਈ ਆਪਣੇ ਪਰਿਵਾਰ ਦੇ ਲੋਕਾਂ ਦਾ ਜ਼ਿਕਰ ਕਰਦਾ ਹੋਵੇ।

”ਤੁਹਾਡਾ ਸ਼ੁਭ ਨਾਮ ਕੀ ਏ?” ਅਵਿਨਾਸ਼ ਨੇ ਪੁੱਛਿਆ।

ਬੀ.ਆਰ. ਸ਼ਰਮਾ ਦਾ ਇਹ ਪੁਰਾਣਾ ਤਰੀਕਾ ਸੀ-ਕਿ ਹਰ ਨਵੇਂ ਆਦਮੀ ਨਾਲ ਪਹਿਲੀ ਮੁਲਾਕਾਤ ਸਮੇਂ, ਆਪਣੀ ਜਾਣ ਪਛਾਣ ਕਰਵਾਉਣ ਤੋਂ ਪਹਿਲਾਂ ਉਹ ਵੱਡੀਆਂ ਵੱਡੀਆਂ ਹਸਤੀਆਂ ਦੇ ਨਾਂ ਕੁਝ ਇਸਤਰ੍ਹਾਂ ਛੱਡਦਾ ਕਿ ਸੁਣਨ ਵਾਲਾ ਸਮਝੇ, ਇਹਨਾਂ ਹਸਤੀਆਂ ਨਾਲ ਉਸ ਦੀ ਬਹੁਤ ਨੇੜਤਾ ਹੈ। ਅਗਲਾ ਆਪ ਹੀ ਉਸ ਦੀ ਜਾਣ ਪਛਾਣ ਪੁੱਛ ਲੈਂਦਾ। ਅਵਿਨਾਸ਼ ਦੀ ਉਤਸੁਕਤਾ ਜਗਾਣ ਵਿਚ ਵੀ ਉਹ ਸਫਲ ਹੋ ਗਿਆ।

”ਮੈਨੂੰ ਬੀ.ਆਰ. ਸ਼ਰਮਾ ਕਹਿੰਦੇ ਨੇ।” ਸ਼ਰਮਾ ਨੇ ਅੰਗਰੇਜ਼ੀ ਵਿਚ ਬੋਲਣਾ ਸ਼ੁਰੂ ਕੀਤਾ, ”ਮੇਰੇ ਪਹਿਲਾ ਪਿਆਰ ਰਾਜਨੀਤੀ ਹੈ। ਵੈਸੇ ਮੈਂ ਇਕ ਸਰਕਾਰੀ ਸਕੂਲ ਵਿਚ ਪੜ੍ਹਾਂਦਾ ਵੀ ਹਾਂ, ਸ਼ਾਇਦ ਮੈਂ ਗਲਤ ਕਹਿ ਰਿਹਾ ਹਾਂ, ਕਹਿਣਾ ਚਾਹੀਦਾ ਸੀ, ”ਸਕੂਲ ਵਿਚ ਹਾਜ਼ਰੀ ਲਗਾਣ ਜਾਂਦਾ ਹਾਂ।”

”ਸਿਰਫ ਹਾਜ਼ਰੀ ਲਗਾਣ?”

”ਏਥੇ ਆਟੇ ਦਾਣੇ ਦਾ ਇਕੋ ਭਾਅ ਚੱਲਦਾ ਏ ਜਨਾਬ। ਬਸ ਚਲਾਣ ਵਾਲਾ ਹੋਵੇ। ਆਪਣਾ ਚੱਲੀ ਜਾਂਦੈ।” ਸ਼ਰਮਾ ਨੇ ਲਾਪ੍ਰਰਵਾਹੀ ਨਾਲ ਕਿਹਾ ਤੇ ਪਰਤ ਕੇ ਸਵਾਲ ਕੀਤਾ, ”ਜਨਾਬ ਦਾ ਕੀ ਨਾਂ ਏ?”

”ਅਵਿਨਾਸ਼ ਚੋਪੜਾ।”

”ਕਿੱਥੇ ਰਹਿੰਦੇ ਹੋ?”

”ਗਾਂਧੀ ਨਗਰ।”

”ਮੈਂ ਬਿਲਕੁਲ ਤੁਹਾਡੇ ਨੇੜੇ ਰਹਿੰਦਾ ਵਾਂ-ਗੀਤਾ ਕਲੋਨੀ।” ਸ਼ਰਮਾ ਨੇ ਹੱਸ ਕੇ ਕਿਹਾ, ”ਗਾਂਧੀ ਤੇ ਗੀਤਾ ਦਾ  ਪੁਰਾਣਾ ਸਬੰਧ ਹੈ।”

ਦੋਵੇਂ ਹੱਸ ਪਏ। ਹੱਸਦੇ ਰਹੇ ਜਿਵੇਂ ਕਹਿੰਦੇ ਹੋਣ-ਬਹੁਤ ਖ਼ੂਬ।

ਉਹ ਧੌਲਾਕੂੰਆਂ ਪੁੱਜ ਗਏ। ਅਵਿਨਾਸ਼ ਨੇ ਗੱਡੀ ਰਿੰਗ ਰੋਡ ‘ਤੇ ਪਾ ਲਈ। ਆਸ਼ਰਮ ਤੱਕ ਪੁੱਜਦਿਆਂ ਸ਼ਰਮਾ ਨੇ ਬਹੁਤ ਸਾਰੇ  ਮੰਤਰੀਆਂ ਤੇ ਲੀਡਰਾਂ ਦੇ ਕਿੱਸੇ ਉਸ ਨੂੰ ਸੁਣਾ ਲਏ ਸਨ, ਜਿਨ੍ਹਾਂ ਦੇ ਘਰ ਉਸ ਦਾ ਆਣਾ-ਜਾਣਾ ਸੀ। ਜਿਨ੍ਹਾਂ ਦੇ ਪਰਿਵਾਰਾਂ ਨੂੰ, ਰਿਸ਼ਤੇਦਾਰਾਂ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ। ਸੁਣ-ਸੁਣ ਕੇ ਅਵਿਨਾਸ਼ ਚਿੱਤ ਹੋ ਗਿਆ। ਸ਼ਰਮਾ ਉਹਨੂੰ ਬਹੁਤ ਕੰਮ ਦਾ ਬੰਦਾ ਜਾਪਿਆ, ਜਿਸ ਨੂੰ ਹਾਈ ਕਮਾਂਡ ਤੱਕ ਪੁੱਜਣ ਦੇ ਬਹੁਤ ਸਾਰੇ ਰਸਤਿਆਂ ਦਾ ਪਤਾ ਸੀ। ਉਸ ਹਾਈ ਕਮਾਂਡ ਦਾ ਜਿਸ ਵਿਚ ਸ਼ਾਮਲ ਹੋਣ ਦਾ ਮੌਕਾ ਲਾਲਾ ਜੀ ਨੇ ਗਵਾ ਲਿਆ ਸੀ।

”ਜੇ ਤੁਹਾਨੂੰ ਘਰ ਪੁੱਜਣ ਦੀ ਜਲਦੀ ਨਹੀਂ ਤਾਂ ਅਵਿਨਾਸ਼ ਜੀ ਮੈਨੂੰ ਅੱਪੂ ਘਰ ਤੱਕ ਛੱਡ ਸਕਦੇ ਹੋ?” ਹਜ਼ਰਤ ਨਿਜ਼ਾਮਉਦੀਨ ਦੇ ਪੁਲ ਕੋਲ ਪੁੱਜ ਕੇ ਸ਼ਰਮਾ ਨੇ ਪੁੱਛਿਆ।

”ਜਲਦੀ ਕੋਈ ਨਹੀਂ। ਬਿਲਕੁਲ ਛੱਡਾਂਗਾ ਜੀ।” ਇਸ ਵੇਲੇ ਤਾਂ ਉਹ ਸ਼ਰਮਾ ਨੂੰ ਪਾਣੀਪਤ ਤੱਕ ਵੀ ਛੱਡ ਸਕਦਾ ਸੀ।

”ਦਰਅਸਲ ਮੈਂ ਸਪੋਰਟਸ ਕਲੱਬ ਜਾਣੈ। ਬੱਗਾ ਨੇ ਬੁਲਾਇਆ ਏ।” ਸ਼ਰਮਾ ਨੇ ਇਕ ਹੋਰ ਨਾਂ ਛੱਡ ਦਿੱਤਾ।

”ਬੱਗਾ ਕੌਣ?”

”ਆਕਾਸ਼ ਬੱਗਾ। ਪਾਰਟੀ ਦੇ ਯੂਥ ਵਿੰਗ ਦਾ ਉਪ ਪ੍ਰਧਾਨ।” ਸ਼ਰਮਾ ਨੇ ਦੱਸਿਆ।

ਕਲੱਬ ਪੁੱਜ ਕੇ ਸ਼ਰਮਾ ਨੇ ਕਲੱਬ ਦੇ ਬਾਹਰ ਪਾਰਕ ਕੀਤੀਆਂ ਕਾਰਾਂ ਨੂੰ ਘੁੰਮ ਫਿਰ ਕੇ ਵੇਖਿਆ।

”ਬੱਗਾ ਦੀ ਕਾਰ ਵੇਖਦਾ ਸਾਂ। ਹਾਲੇ ਨਹੀਂ ਆਇਆ।” ਸ਼ਰਮਾ ਨੇ ਕਿਹਾ, ”ਜੇ ਰੁਕ ਸਕਦੇ ਹੋ ਤਾਂ ਥੋੜ੍ਹਾ ਰੁਕ ਜਾਵੋ, ਇਕੱਠੇ ਚੱਲਾਂਗੇ।”

ਅਵਿਨਾਸ਼ ਰੁਕ ਗਿਆ। ਦੱਸ ਕੁ ਮਿੰਟ ਦੀ ਉਡੀਕ ਪਿੱਛੋਂ ਬੱਗਾ ਪੁੱਜ ਗਿਆ। ਆਕਾਸ਼ ਬੱਗਾ ਪੰਝੀ-ਛੱਬੀ ਸਾਲ ਦਾ ‘ਯੁਵਾ ਨੇਤਾ’ ਸੀ। ਉਸ ਨੇ ‘ਯੁਵਾ’ ਤੇ ‘ਨੇਤਾ’ ਦਾ ਸੁਆਂਗ ਪੂਰਾ ਜ਼ੋਰ ਲਾ ਕੇ ਕੀਤਾ ਹੋਇਆ ਸੀ। ਮਹਿੰਗੇ ਖੱਦਰ ਦਾ ਸਫੈਦ ਕੁਰਤਾ ਤੇ ਚੂੜੀਦਾਰ ਪਹਿਨੇ ਹੋਏ ਸਨ।  ਕੁਰਤਾ ਗਿੱਟਿਆਂ ਤੱਕ ਨੀਵਾਂ, ਜਿਸ ਕਰਕੇ ਚੂੜੀਦਾਰ ਦੇ ਦਰਸ਼ਨ ਘੱਟ ਹੀ ਹੁੰਦੇ ਸਨ। ਕੁਰਤੇ ਦੇ ਬਟਨ ਗਲੇ ਤੱਕ ਬੰਦ। ਛੋਟੇ-ਛੋਟੇ ਸਿਰ ਦੇ ਵਾਲ। ਸੰਜੀਦਾ ਪਹਿਰਾਵਾ ‘ਯੁਵਾ’ ਸੀ। ਇਸ ਲਈ ਪੈਰਾਂ ਵਿਚ ਤਿੱਲੇਦਾਰ ਪਠਾਣੀ ਚਪਲਾਂ। ਪੰਜ ਉਂਗਲਾਂ ਵਿਚ ਵੱਖ-ਵੱਖ ਰੰਗਾਂ ਦੇ ਕੀਮਤੀ ਪੱਥਰਾਂ ਵਾਲੀਆਂ ਅੰਗੂਠੀਆਂ। ਇਕ ਵੀਣੀਂ ਉੱਤੇ ਸੋਨੇ ਦਾ ਬਰੇਸਲੈੱਟ। ਗਲੇ ਵਿਚ ਲਟਕਦੀ ਸੋਨੇ ਦੀ ਚੇਨ। ਪਰ ਚੇਹਰਾ ਨਾ ਨੇਤਾ ਲੋਕਾਂ ਵਰਗਾ ਪਕਰੋਟ ਨਾ ਢੀਠ। ਅਵਿਨਾਸ਼ ਨਾਲ ਉਸ ਦੇ ਨਕਸ਼ ਮੇਲ ਨਹੀਂ ਸਨ ਖਾਂਦੇ, ਫੇਰ ਵੀ ਚਿਹਰੇ ਦਾ ਪ੍ਰਭਾਵ ਇਕੋ ਜਿਹਾ ਸੀ। ਖਾਲੀ-ਖਾਲੀ। ਕੱਚਾ-ਕੱਚਾ, ਲਾਈ ਲੱਗਾਂ ਵਰਗਾ। ਚਿਹਰਾ ਵੇਖ ਕੇ ਲੱਗਦਾ ਸੀ-ਜੇ ਹਾਈਕਮਾਂਡ ਕਹਿ ਦੇਵੇ, ਤੇਰਾ ਕੰਨ ਕੁੱਤਾ ਲੈ ਗਿਆ ਤਾਂ ਉਹ ਕੰਨ ਦੀ ਪੜਤਾਲ ਨਹੀਂ ਕਰੇਗਾ, ਕੁੱਤੇ ਪਿੱਛੇ ਨੱਠ ਪਵੇਗਾ। ਇਹਨਾਂ ਗੁਣਾ ਕਰਕੇ ਹੀ ਉਹ ਪਾਰਟੀ ਦੇ ਯੂਥ-ਵਿੰਗ ਦਾ ਉਪ ਪ੍ਰਧਾਨ ਸੀ। ਇਹੋ ਜਿਹੇ ਯੁਵਾ ਨੇਤਾ ਵੀ ਸ਼ਕਤੀ ਦਾ ਵਿਖਾਲਾ ਕਰਨ ਵਾਸਤੇ ਪਾਰਟੀਆਂ ਤਿਆਰ ਕਰਦੀਆਂ ਹਨ। ਕਿਤੇ ਤੋੜ-ਫੋੜ ਕਰਨੀ ਹੋਵੇ। ਬੱਸਾਂ ਸਾੜਨੀਆਂ ਹੋਣ। ਰੇਲਾਂ ਰੋਕਣੀਆਂ ਹੋਣ। ਜ਼ਬਰਦਸਤੀ ਸ਼ਹਿਰ ਬੰਦ ਕਰਵਾਉਣਾ ਹੋਵੇ, ਉਸ ਸਮੇਂ ਯੁਵਾ ਸ਼ਕਤੀ ਦੀ ਲੋੜ ਪੈਂਦੀ ਹੈ। ਹਾਈ ਕਮਾਂਡ ਇਹ ਕਹਿ ਕੇ ਪੱਲਾ ਝਾੜ ਦਿੰਦੀ ਹੈ-‘ਯੁਵਾ ਸ਼ਕਤੀ ਹੈ। ਕਭੀ-ਕਭੀ ਜੋਸ਼ ਮੇਂ ਬੇਕਾਬੂ ਹੋ ਜਾਤੀ ਹੈ-ਯੁਵਾ ਸ਼ਕਤੀ।

ਸ਼ਰਮਾ ਨੇ ਅਵਿਨਾਸ਼ ਨੂੰ ਆਪਣਾ ਦੋਸਤ ਦੱਸ ਕੇ ਬੱਗਾ ਨਾਲ ਮਿਲਵਾਇਆ। ਉਹ ਅੰਦਰ ਚਲੇ ਗਏ।

ਗੇਟ ਉੱਤੇ ਫੁਟਮੈਨ ਨੇ ਸ਼ਰਮਾ ਨੂੰ ‘ਗੁਡ ਈਵਨਿੰਗ ਸਰ’ ਕਿਹਾ।

ਬਾਰ ਦੇ ਅੰਦਰ ਦਾਖਲ ਹੁੰਦਿਆਂ ਹੀ ਇਕ ਮੇਜ਼ ਤੋਂ ਆਵਾਜ਼ ਆਈ, ”ਹਾਏ ਬੀ.ਆਰ.।” ਸ਼ਰਮਾ ਨੇ ਪਰਤ ਕੇ ਵੇਖਿਆ, ਇਕ ਜਵਾਨ ਜੋੜਾ ਬੈਠਾ ਸੀ। ਦੋਵਾਂ ਨੇ ਖੜ੍ਹੇ ਹੋ ਕੇ ਸ਼ਰਮਾ ਨਾਲ ਹੱਥ ਮਿਲਾਏ। ਆਪਣੇ ਪਾਸ ਬੈਠਣ ਲਈ ਕਿਹਾ। ਸ਼ਰਮਾ ਨੇ ਬੱਗਾ ਤੇ ਅਵਿਨਾਸ਼ ਵੱਲ ਇਸ਼ਾਰਾ ਕੀਤਾ, ਜਿਸ ਦਾ ਮਤਲਬ, ਉਹ ਇਹਨਾਂ ਨਾਲ ਬੈਠੇਗਾ।

”ਪਛਾਣੇ?” ਸ਼ਰਮਾ ਨੇ ਅਵਿਨਾਸ਼ ਨੂੰ ਪੁੱਛਿਆ, ”ਦੂਰਦਰਸ਼ਨ ਦੇ ਜਮੂਰੇ ਨੇ ਤੇ ਆਪਣੇ ਬੱਚੇ।” ਸ਼ਰਮਾ ਵੇਖ ਰਿਹਾ ਸੀ ਕਿ ਅਵਿਨਾਸ਼ ਉੱਤੇ ਇਹਨਾਂ ਗੱਲਾਂ ਦਾ ਵੀ ਅਸਰ ਹੋ ਰਿਹਾ ਸੀ।

ਇਕ ਕੋਨੇ ਵਿਚ ਉਹਨਾਂ ਮੇਜ਼ ਮੱਲ ਲਈ।

”ਕੀ ਲਓਗੇ?” ਬੱਗਾ ਨੇ ਪੁੱਛਿਆ।

ਸ਼ਰਮਾ ਨੇ ਆਪਣੀ ਪਸੰਦ ਦੱਸ ਦਿੱਤੀ। ਅਵਿਨਾਸ਼ ਨੇ ਕਿਹਾ ਉਹ ਦਾਰੂ ਨਹੀਂ ਪੀਂਦਾ। ਦੂਜਾ ਦੌਰ ਸ਼ੁਰੂ ਹੋਣ ਵੇਲੇ ਸ਼ਰਮਾ ਦਾ ਕਿਹਾ ਮੰਨ ਕੇ ਅਵਿਨਾਸ਼ ਇਕ ਗਿਲਾਸ ਬੀਅਰ ਦਾ ਪੀਣ ਲਈ ਤਿਆਰ ਹੋ ਗਿਆ। ਅਵਿਨਾਸ਼ ਪਹਿਲੀ ਵਾਰ ਕਲੱਬ ਆਇਆ ਸੀ। ਉਸ ਨੂੰ ਇਹ ਮਾਹੌਲ ਅਜੀਬ ਲੱਗ ਰਿਹਾ ਸੀ। ਇਸ ਲਈ ਮਨਮੋਹਣਾ ਵੀ।

ਸ਼ਰਮਾ ਤੇ ਬੱਗਾ ਪਾਰਟੀ ਬਾਰੇ ਗੱਲਾਂ ਕਰ ਰਹੇ ਸਨ। ਅਵਿਨਾਸ਼ ਸਿਰਫ ਸੁਣ ਹੀ ਸਕਦਾ ਸੀ, ਇਸ ਲਈ ਚੁੱਪ ਚਾਪ ਬੈਠਾ ਸੀ। ਵਾਰ-ਵਾਰ ਬੱਗਾ ਇਕ ਗੱਲ ਪੁੱਛ ਰਿਹਾ ਸੀ-ਬਲਰਾਜ ਭਾਈ ਸਾਹਬ ਯੂਥ-ਵਿੰਗ ਦੀ ਪ੍ਰਧਾਨਗੀ ਵਿਚ ਰੁਚੀ ਰੱਖਦੇ ਹਨ ਜਾਂ ਨਹੀਂ।

”ਬੱਗਾ ਜਗਨ ਨਾਥ ਜੀ ਦੇ ਦਾਮਾਦ ਬਲਰਾਜ ਭਾਈ ਸਾਹਬ ਬਾਰੇ ਪੁੱਛ ਰਿਹਾ ਏ।” ਵਾਰ-ਵਾਰ ਸ਼ਰਮਾ ਅਵਿਨਾਸ਼ ਦਾ ਧਿਆਨ ਉਹਨਾਂ ਦੀ ਗੱਲਬਾਤ ਵੱਲ ਕਰਵਾ ਰਿਹਾ ਸੀ-ਆਪਣੀ ਅਹਿਮੀਅਤ ਦੱਸਣ ਵਾਸਤੇ।

ਅਵਿਨਾਸ਼ ਨਾਲ ਗੱਲਾਂ ਕਰਦਿਆਂ ਸ਼ਰਮਾ ਨੂੰ ਅਹਿਸਾਸ ਹੋਇਆ ਸੀ-ਉਹ ਵੀ ਕੁਝ ਹੈ। ਹੁਣ ਬੱਗਾ ਵਾਰ-ਵਾਰ ਬਲਰਾਜ ਭਾਈ ਸਾਹਿਬ ਦੇ ਮਨ ਦੀ ਗੱਲ ਪੁੱਛ ਰਿਹਾ ਸੀ। ਪਾਰਟੀ ਦੇ ਅੰਦਰਲੇ ਰਾਜ਼ ਦਾ ਉਹਨੂੰ ਭੇਤੀ ਸਮਝ ਰਿਹਾ ਸੀ। ਉਸ ਨੂੰ ਅਹਿਸਾਸ ਹੋਇਆ ਉਹ ਬਹੁਤ ਕੁਝ ਹੈ। ਇਹ ਅਹਿਸਾਸ ਕਿਸੇ ਵੱਡੇ ਆਦਮੀ ਦੇ ਨੌਕਰ ਨੂੰ ਵੀ ਹੋ ਜਾਂਦਾ ਹੈ, ਜਦ ਲੋਕ ਉਸ ਨੂੰ ਆਪਣੇ ਮਾਲਕ ਦੇ ਘਰ ਦੀਆਂ ਅੰਦਰੂਨੀ ਗੱਲਾਂ ਦਾ ਭੇਤੀ ਸਮਝ ਲੈਂਦੇ ਹਨ। ਸ਼ਰਮਾ ਅੰਦਰ ਵੀ ਹਵਾ ਭਰੀ ਗਈ ਤੇ ਜਿਵੇਂ ਹਵਾ ਬਹੁਤੀ ਭਰੀ ਜਾਵੇ ਤਾਂ ਗੁਬਾਰਾ ਫਟ ਜਾਂਦਾ ਹੈ, ਸ਼ਰਮਾ ਵੀ ਫੁੱਟ ਪਿਆ। ਅੰਦਰਲੀ ਗਲ ਬਾਹਰ ਆ ਗਈ।

”ਲੈ ਬੱਗਾ ਅਸਲੀ ਗੱਲ ਸੁਣ… ਅੰਦਰਲੀ। ਏਸ ਪ੍ਰਧਾਨਗੀ ਵਿਚ ਭਾਈ ਸਾਹਬ ਦੀ ਕੋਈ ਰੁਚੀ ਨਹੀਂ।” ਸ਼ਰਮਾ ਨੇ ‘ਸਭ ਕੁਝ ਜਾਣਦਾਂ’ ਦੇ ਅੰਦਾਜ਼ ਵਿਚ ਦੱਸਣਾ ਸ਼ੁਰੂ ਕੀਤਾ, ”ਦਿੱਲੀ ਨੂੰ ਰਾਜ ਦਾ ਦਰਜਾ ਮਿਲਣ ਵਾਲੈ… ਪਾਰਲੀਮੈਂਟ ਦੇ ਏਸ ਇਜਲਾਸ ਵਿਚ ਬਿੱਲ ਪਾਸ ਹੋ ਜਾਣੈ… ਭਾਈ ਸਾਹਬ ਦਿੱਲੀ ਅਸੈਂਬਲੀ ਦੀ ਚੋਣ ਲੜਨਗੇ। ਜਗਨ ਨਾਥ ਜੀ ਉਹਨਾਂ ਨੂੰ ਦਿੱਲੀ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਨੇ-ਖੁਸ਼ ਹੋ ਜਾ…।”

ਸੁਣ ਕੇ ਬੱਗਾ ਉਛਲ ਪਿਆ, ”ਫੇਰ ਆਪਾਂ ਪ੍ਰਧਾਨ ਪੱਕੇ… ਸ਼ਰਮਾ ਜ਼ਿੰਦਾਬਾਦ।”

ਏਸ ਖੁਸ਼ੀ ਵਿਚ ਉਹਨਾਂ ਨੇ ਚੌਥਾ ਦੌਰ ਸ਼ੁਰੂ ਕੀਤਾ।

”ਸ਼ਰਮਾ ਜੀ ਤੁਸੀਂ ਕਹਿੰਦੇ ਸੀ ਬਲਰਾਜ ਮੁੱਖ ਮੰਤਰੀ-ਉਹ ਤਾਂ ਬਹੁਤ ਜੂਨੀਅਰ ਨੇ।” ਬੱਗੇ ਨੇ ਕਿਹਾ।

ਸ਼ਰਮਾ ਨੇ ਕਿਹਾ, ”ਕੁਰਸੀ ਮਿਲਦਿਆਂ ਸਭ ਸੀਨੀਅਰ ਹੋ ਜਾਂਦੇ ਨੇ-ਤੇਰੇ ਸਾਹਮਣੇ ਸਭ ਕੁਝ ਹੋ ਰਿਹਾ।”

।।।।।।।।।।।।।।।।।।।।

ਅਗਲੇ ਦਿਨ ਸ਼ਰਮਾ ਸਵੇਰੇ ਹੀ ਅਵਿਨਾਸ਼ ਦੇ ਦਫਤਰ ਪੁੱਜ ਗਿਆ। ਇਹ ਵੇਖਣ ਲਈ ਕਿ ਕੱਲ੍ਹ ਦੀ ਮੁਲਾਕਾਤ ਦਾ ਉਹਦੇ  ਉੱਤੇ ਕੀ ਅਸਰ ਹੋਇਆ ਸੀ, ਜਿਵੇਂ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਫੁੰਡ ਕੇ ਉਸ ਥਾਂ ਵੱਲ ਨੱਠਦਾ ਹੈ, ਜਿੱਥੇ ਸ਼ਿਕਾਰ ਤੜਪ ਰਿਹਾ ਹੁੰਦਾ। ਜੇ ਨਿਸ਼ਾਨਾ ਠੀਕ ਲੱਗਿਆ ਹੋਇਆ ਤਾਂ ਉਸ ਨੂੰ ਸ਼ਾਮ ਦੇ ਜਲਸੇ ਵਿਚ ਪੁੱਜਣ ਲਈ ਕਹਿ ਦੇਵੇਗਾ। ਆਵੇਗਾ ਤਾਂ ਉਹ ਕਾਰ ਲੈ ਕੇ ਹੀ।

ਦਫਤਰ ਦੇ ਪਿਛਲੇ ਪਾਸੇ ਗੁਦਾਮ ਸੀ। ਅਵਿਨਾਸ਼ ਉਹਨੂੰ ਗੁਦਾਮ ਵਿਖਾਂਦਾ ਰਿਹਾ ਤੇ ਨਾਲ ਨਾਲ ਆਪਣੇ ਕਾਰੋਬਾਰ ਵਿਚ ਆਉਣ ਵਾਲੀਆਂ ਮੁਸ਼ਕਲਾਂ ਵੀ ਦੱਸਦਾ ਗਿਆ।

”ਹੁਣ ਕੋਈ ਮੁਸ਼ਕਿਲ ਨਹੀਂ ਆਵੇਗੀ।” ਸ਼ਰਮਾ ਨੇ ਭਰੋਸਾ ਦਿਵਾਇਆ।

ਉਹ ਚਾਹ ਪੀਣ ਬੈਠ ਗਏ। ਚਾਹ ਨਾਲ ਮਿਠਾਈ ਵੀ ਆਈ। ਅਲਮਾਰੀ ਵਿਚੋਂ ਕਾਜੂ ਕੱਢ ਕੇ ਰੱਖੇ ਗਏ। ਚੰਗੀ ਸਵਾਗਤੀ ਚਾਹ। ਸ਼ਰਮਾ ਸਮਝ ਗਿਆ ਕੱਲ੍ਹ ਦੀ ਮੁਲਾਕਾਤ ਬੋਲ ਰਹੀ ਸੀ।

”ਅਵਿਨਾਸ਼ ਜੀ ਂਇਕ ਗੱਲ ਦੱਸੋ।” ਸ਼ਰਮਾ ਨੇ ਗੱਲ ਸ਼ੁਰੂ ਕੀਤੀ, ”ਤੁਹਾਡੇ ਕਾਰੋਬਾਰ ਵਿਚ ਕਿੰਨਾ ਕੁ ਮਾਰਜਨ ਏ… ਮੇਰਾ ਮਤਲਬ ਮੁਨਾਫੇ ਦਾ?”

”ਵੱਧ ਤੋਂ ਵੱਧ ਪੰਦਰਾਂ ਫੀਸਦੀ।” ਅਵਿਨਾਸ਼ ਨੇ ਠੀਕ ਠੀਕ ਦੱਸਿਆ। ਬਾਕੀ ਲੋਕਾਂ ਨੂੰ ਉਹ ਬਹੁਤ ਵਧਾ ਕੇ ਦੱਸਿਆ ਕਰਦਾ ਸੀ।

”ਬੱਸ।” ਸ਼ਰਮਾ ਨੇ ‘ਕੁਝ ਵੀ ਨਹੀਂ’ ਦੇ ਅੰਦਾਜ਼ ਵਿਚ ਕਿਹਾ, ”ਂਏਨੇ ਵਿਚ ਤਾਂ ਜਿੱਥੇ ਬੈਠੇ ਹੋ, ਸਾਰੀ ਉਮਰ ਉੱਥੇ ਹੀ ਬੈਠੇ ਰਹੋਗੇ… ਕਾਰੋਬਾਰ ਐਸਾ ਹੋਵੇ, ਹਜ਼ਾਰਾਂ ਦੀ ਲਾਗਤ ਲੱਖਾਂ ਦਾ ਮੁਨਾਫਾ।”

ਅਵਿਨਾਸ਼ ਖੁਦ ਜਿੱਥੇ ਸੀ, ਉਸ ਤੋਂ ਉੱਪਰ ਉੱਠਣਾ ਚਾਹੁੰਦਾ ਸੀ। ਬੋਲਿਆ, ”ਇਹੀ ਸੋਚਦੇ ਹਾਂ।”

”ਅਸਲ ‘ਚ ਤੁਹਾਡਾ ਕਾਰੋਬਾਰ ਐਸੀ ਚੀਜ਼ ਦਾ ਏ ਜਿਸ ਦੀ ਹਰ ਇਕ ਨੂੰ ਜ਼ਰੂਰਤ ਹੈ। ਹਰ ਕੋਈ ਗਾਹਕ ਹੈ। ਜਿਸ ਚੀਜ਼ ਦੀ ਆਮ ਜਨਤਾ ਨੂੰ ਲੋੜ ਪੈਂਦੀ ਹੋਵੇ ਉਹ ‘ਜ਼ਰੂਰੀ ਵਸਤਾਂ’ ਵਿਚ ਸ਼ਾਮਲ ਹੋ ਜਾਂਦੀ ਹੈ। ਫੇਰ ਸਰਕਾਰ ਦਾ ਦਖਲ ਸ਼ੁਰੂ। ਕਾਰੋਬਾਰ ਲੁਕਣ ਮੀਟੀ ਬਣ ਕੇ ਰਹਿ ਜਾਂਦੈ।” ਸ਼ਰਮਾ ਰੁਕ ਗਿਆ। ਅਵਿਨਾਸ਼ ਉਸ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ।

”ਤੁਸੀਂ ਕੋਈ ਐਸੀ ਚੀਜ਼ ਵੇਚੋ ਜਿਸ ਨੂੰ ਪੈਸੇ ਵਾਲੇ ਲੋਕ ਖਰੀਦਣ। ਅਮੀਰ ਲੋਕ। ਕੁਝ ਲੋਕਾਂ ਕੋਲ ਇਤਨਾ ਪੈਸਾ ਹੈ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਕਿੱਥੇ ਖਰਚ ਕਰਨ। ਫੇਰ ਉਹ ਇਸ਼ਤਿਹਾਰ ਵੇਖ-ਵੇਖ ਕੇ ਆਪਣੀਆਂ ਜ਼ਰੂਰਤਾਂ ਬਣਾਉਂਦੇ ਨੇ। ਉਹਨਾਂ ਲੋਕਾਂ ਨੂੰ ਆਪਣੇ ਗਾਹਕ ਬਣਾਓ। ਜੋ ਮਰਜ਼ੀ ਕੀਮਤ ਰੱਖਦੇ ਰਹੋ। ਕੋਈ ਪੁੱਛਣ ਵਾਲਾ ਨਹੀਂ। … ਅੱਜ ਕੱਲ੍ਹ ਦੋ ਚੀਜ਼ਾਂ ਬਹੁਤ ਵਿਕਦੀਆਂ ਨੇ-ਆਯੁਰਵੈਦ ਤੇ ਔਰਤਾਂ ਦੇ ਸ਼ਿੰਗਾਰ ਦਾ ਸਾਮਾਨ। ਔਰਤਾਂ ਦੇ ਦੁਕਾਨਦਾਰ ਨੂੰ ਗਾਹਕਾਂ ਦੀ ਕਮੀ ਨਹੀਂ ਰਹਿੰਦੀ ਤੇ ਔਰਤਾਂ ਦੇ ਸਾਧ ਨੂੰ ਸ਼ਰਧਾਲੂਆਂ ਦੀ। ਮਰਦ ਦੀ ਜਵਾਨੀ ਤੇ ਔਰਤ ਦਾ ਹੁਸਨ… ਸ਼ਕਰਕੰਦੀ ਨੂੰ ਘੋਟ ਕੇ ਡੱਬਿਆਂ ਵਿਚ ਬੰਦ ਕਰੋ-ਬਣ ਗਿਆ ਚਵਨਪ੍ਰਾਸ਼। ਚਿੱਟੇ ਤੇਲ ਵਿਚ ਰੰਗ ਮਿਲਾਓ ਤੇ ਬਣ ਗਿਆ ਵਿਟਾਮਿਨਾਂ ਵਾਲਾ ‘ਕੇਸ਼ ਤੇਲ’। ਪੀਪਿਆਂ ਦੇ ਹਿਸਾਬ ਨਾਲ ਖਰੀਦੋ ਤੇ ਬੂੰਦਾਂ ਦੇ ਹਿਸਾਬ ਵੇਚੋ… ਇਹੀ ਚਲਨ ਹੈ ਮੁਨਾਫੇ ਦਾ।”

”ਇੰਸਪੈਕਟਰ ਤਾਂ ਹਰ ਥਾਂ ਹੈ ਨੇ।” ਅਵਿਨਾਸ਼ ਨੇ ਕਿਹਾ। ਉਹ ਹੋਰ ਵੀ ਕੁਝ ਕਹਿਣਾ ਚਾਹੁੰਦਾ ਸੀ ਪਰ ਸ਼ਰਮਾ ਛੇਤੀ ਨਾਲ ਬੋਲ ਪਿਆ। ਇਹ ਤਰੀਕਾ ਉਹਨੇ ਆਪਣੇ ਨੇਤਾ ਜਗਨ ਨਾਥ ਤੋਂ ਸਿੱਖਿਆ ਸੀ। ਆਪਣੀ ਦੱਸਦੇ ਜਾਵੋ, ਦੂਜੇ ਦੀ ਨਾ ਸੁਣੋ।

”ਹੈ ਨਾ।” ਸ਼ਰਮਾ ਬੋਲਿਆ, ”ਤੁਹਾਡੀ ਬਣਾਈ ਚੀਜ਼ ਫਾਇਦਾ ਬੇਸ਼ਕ ਨਾ ਕਰੇ ਪਰ ਨੁਕਸਾਨ ਕੋਈ ਨਾ ਕਰੇ। ਫੇਰ ਕੋਈ ਨਹੀਂ ਪੁੱਛਦਾ।”

ਸ਼ਰਮਾ ਸੋਚ ਰਿਹਾ ਸੀ-ਅੱਜ ਵਾਸਤੇ ਇਤਨਾ ਹੀ ਕਾਫੀ ਹੈ, ਜਿਸ ਮਕਸਦ ਵਾਸਤੇ ਆਇਆ ਸੀ ਉਹ ਦੱਸਣ ਲੱਗਾ, ”ਜੇ ਸ਼ਾਮ ਨੂੰ ਵਕਤ ਹੈ ਤਾਂ ਪਾਰਲੀਮੈਂਟ ਐਨਕਸੀ ਆ ਜਾਣਾ। ਦੱਖਣੀ ਅਫਰੀਕਾ ਬਾਰੇ ਇਕ ਜਲਸਾ ਕਰਵਾ ਰਹੇ ਹਾਂ। ਬਹੁਤ ਸਾਰੇ ਨੇਤਾ ਲੋਕ ਪੁੱਜ ਰਹੇ ਨੇ। ਲੋਕ ਸਭਾ ਦੇ ਸਪੀਕਰ ਵੀ ਆਣਗੇ… ਪਰ ਆਣਾ ਰੈੱਡ ਕਰਾਸ ਰੋਡ ਵੱਲੋਂ ਦੀ। ਪਾਰਕਿੰਗ ਅਨੈਕਸੀ ਦੇ ਪਿਛਲੇ ਪਾਸੇ ਹੈ- ਮੈਂ ਗੇਟ ਉੱਤੇ ਮਿਲਾਂਗਾ-ਛੇ ਵਜੇ।

ਸ਼ਾਮ ਕਦੋਂ ਆਈ ਅਵਿਨਾਸ਼ ਤਾਂ ਉਹਦੇ ਨਾਲ ਉਸੇ ਵਕਤ ਚੱਲਣ ਲਈ ਤਿਆਰ ਸੀ।

”ਅਵਿਨਾਸ਼ ਜੀ ਲੈ ਤਾਂ ਮੈਂ ਤੁਹਾਨੂੰ ਹੁਣੇ ਚੱਲਦਾ। ਮੈਂ ਇਕ ਦੋ ਐਸੇ ਬੰਦਿਆਂ ਨੂੰ ਮਿਲਣੈ, ਜਿਨ੍ਹਾਂ ਸਾਹਮਣੇ ਮੈਂ ਤੁਹਾਨੂੰ ਕਿਸੇ ਢੰਗ ਨਾਲ ਪੇਸ਼ ਕਰਨਾ ਚਾਹੁੰਦਾ ਹਾਂ, ਕਿਸੇ ਇੱਜ਼ਤਦਾਰ ਤਰੀਕੇ ਨਾਲ… ਐਵੇ ਚੱਲਦੇ ਚੱਲਦੇ ਨਹੀਂ।” ਬੋਲਦੇ-ਬੋਲਦੇ  ਸ਼ਰਮਾ ਨੇ ਵੇਖਿਆ ਇਕ ਬਜ਼ੁਰਗ  ਉਹਨਾਂ ਵੱਲ ਆ ਰਿਹਾ ਸੀ। ਉਸ ਨੂੰ ਵੇਖ ਕੇ ਅਵਿਨਾਸ਼ ਖੜ੍ਹਾ ਹੋ ਗਿਆ। ਸ਼ਰਮਾ ਨੂੰ ਵੀ ਖੜ੍ਹਾ ਹੋਣਾ ਪਿਆ।

”ਮੇਰੇ ਪਿਤਾ ਜੀ।” ਅਵਿਨਾਸ਼ ਨੇ ਜਾਣ ਪਛਾਣ ਕਰਵਾਈ, ”ਇਹ ਸ਼ਰਮਾ ਜੀ ਮੇਰੇ ਦੋਸਤ।”

ਸ਼ਰਮਾ ਨੇੇ ਲਾਲਾ ਜੀ ਨੂੰ ਮੱਥਾ ਟੇਕਿਆ। ਲਾਲਾ ਜੀ ਖੁਸ਼ ਹੋ ਗਏ। ਸ਼ਰਮਾ ਤੁਰਨ ਲੱਗਿਆ ਤਾਂ ਉਹਨਾਂ ਬੈਠਣ ਲਈ ਕਿਹਾ। ਇਹ ਕਿਹੜਾ ਨਵਾਂ ਦੋਸਤ ਬਣਾਇਆ ਹੈ ਅਵਿਨਾਸ਼ ਨ,ੇ ਲਾਲਾ ਜੀ ਪਤਾ ਕਰਨਾ ਚਾਹੁੰਦੇ ਸਨ।  ਇਸ ਲਈ ਸਵਾਲ ਕਰਨ ਲੱਗੇ। ਕੀ ਕਰਦੇ ਹੋ? ਕਿੱਥੇ ਰਹਿੰਦੇ ਹੋ? ਮਕਾਨ ਆਪਣਾ ਹੈ ਜਾਂ ਕਿਰਾਏ ਦਾ? ਪਿੱਛੋਂ ਕਿੱਥੇ ਦੇ ਰਹਿਣ ਵਾਲੇ ਹੋ? ਇਕੋ ਸਾਹ ਉਹਨਾਂ ਨੇ ਪੁੱਛਣਾ ਸ਼ੁਰੂ ਕੀਤਾ।

ਇਹ ਬੁੱਢਾ ਕੀ ਲੈ ਕੇ ਬੈਠ ਗਿਆ। ਪਹਿਲਾਂ ਹੀ ਦੇਰ ਹੋ ਗਈ ਹੈ। ਸ਼ਰਮਾ ਨੇ ਸੋਚਿਆ ਤੇ ਉਸਦੇ ਸਵਾਲਾਂ ਦੇ ਜਵਾਬ ਸੰਖੇਪ ਤੇ ਇਕ ਵਾਰ ਦੇਣ ਦੇ ਇਰਾਦੇ ਨਾਲ ਦੱਸਿਆ, ”ਪਿੱਛੋਂ ਅਸੀਂ ਵੇਰਕਾ ਦੇ ਰਹਿਣ ਵਾਲੇ ਹਾਂ। ਹੁਣ ਉੱਥੇ ਕੋਈ ਨਹੀਂ। ਜ਼ਮੀਨ ਸੀ, ਪਿਤਾ ਜੀ ਦੇ ਬਾਅਦ ਵੇਚ ਦਿੱਤੀ। ਇਕ ਮਕਾਨ ਖਰੀਦ ਲਿਆ ਇਕ ਪਲਾਟ। ਅੰਮ੍ਰਿਤਸਰ ਤੇ ਵੇਰਕਾ ਨਾਲੋਂ ਰਿਸ਼ਤਾ ਸਮਝੋ ਟੁੱਟ ਹੀ ਗਿਆ।”

ਸ਼ਰਮਾ ਦੇ ਖੜ੍ਹਾ ਹੋਣ ਤੋਂ ਪਹਿਲਾਂ ਲਾਲਾ ਦੁਰਗਾ ਦਾਸ ਨੇ ਆਪਣੀ ਗੱਲ ਸ਼ੁਰੂ ਕਰ ਦਿੱਤੀ, ”ਅਸੀਂ ਲਾਹੌਰ ਤੋਂ ਆਏ ਸਾਂ। ਪਰ ਸਾਡੀ ਜਦ ਕੋਟਕਬੂਲੇ ਦੀ ਹੈ। ਕੋਟ ਕਬੂਲਾ ਮੁਲਤਾਨ ਤੇ ਮੀਆਂ ਵਾਲੀ ਦੇ ਵਿਚਕਾਰ ਛੋਟਾ ਜਿਹਾ ਸਟੇਸ਼ਨ ਏ। ਉਂਜ ਹੈ ਬੜਾ ਤਵਾਰੀਖੀ ਕਸਬਾ। ਕਿਸੇ ਜ਼ਮਾਨੇ ਵਿਚ ਕਿਸੇ ਰਾਜੇ ਦੀ ਰਾਜਧਾਨੀ ਹੁੰਦਾ ਸੀ। ਹਾਲਾਂ ਵੀ ਪੁਰਾਣੇ ਕਿਲ੍ਹੇ ਦੇ ਖੰਡਰ ਉੱਥੇ ਲੱਭਦੇ ਨੇ। ਦੱਸਦੇ ਨੇ ਹੀਰ ਰਾਂਝੇ ਦੇ ਮੁਕੱਦਮੇ ਦਾ ਫੈਸਲਾ ਵੀ ਕੋਟਕਬੂਲੇ ਦੇ ਰਾਜੇ ਨੇ ਹੀ ਕੀਤਾ ਸੀ । ਬੜਾ ਤਵਾਰੀਖੀ ਕਸਬਾ ਜੇ। ਮੈਂ ਹਰ ਸਾਲ ਜਾਇਆ ਕਰਦਾ ਸਾਂ ਪਾਕਿਸਤਾਨ ਤੋਂ ਪਹਿਲਾਂ। ਹਿੱਕ ਗਲ ਉਥੋਂ ਦੀ ਬੜੀ ਮਸ਼ਹੂਰ ਆਹੀ-ਕੋਟਕਬੂਲੇ ਦੀ ਲੱਸੀ। ਲੋਕ ਹਾਲਾਂ ਵੀ ਕਹਿੰਦੇ ਨੇ-ਕੋਟਕਬੂਲੇ ਦੀ ਲੱਸੀ, ਲੋਟਾਂ ਪੀਵੀਂ ਤੇ ਲੋਟਾਂ ਘੱਤੀਂ।”

ਲਾਲ ਦੁਰਗਾ ਦਾਸ ਬੋਲਦਾ ਜਾ ਰਿਹਾ ਸੀ ਤੇ ਸ਼ਰਮਾ ਬੇਚੈਨ ਹੁੰਦਾ ਜਾ ਰਿਹਾ ਸੀ, ”ਤੇਰੀ ਲੱਸੀ ਦੀ ਓਏ…।”

”… ਉਸ ਇਲਾਕੇ ਵਿਚ ਗਰਮੀ ਤੇ ਹਨੇਰੀਆਂ ਦਾ ਬੜਾ ਜ਼ੋਰ ਰਹਿੰਦਾ। ਲੋਕਾਂ ਨੂੰ ਲੱਸੀ ਚੰਗੀ ਵੀ ਬਹੁਤ ਲੱਗਦੀ। ਕਹਿੰਦੇ ਨੇ ਉੱਥੇ ਇਕ ਫਕੀਰ ਹੁੰਦਾ ਸੀ। ਸਟੇਸ਼ਨ ਦੇ ਬਾਹਰ ਇਕ ਮੱਟ ਲੱਸੀ ਤੇ ਇਕ ਪਾਣੀ ਦਾ ਭਰ ਕੇ ਰੱਖਦਾ। ਲੋਕ ਗੱਡੀ ਤੋਂ ਉਤਰ ਕੇ ਲੱਸੀ ਦਾ ਲੋਟਾ ਪੀਂਦੇ ਤੇ ਪਾਣੀ ਦਾ ਲੋਟਾ ਭਰ ਕੇ ਉਹਦੇ ਵਿਚ ਪਾ ਦਿੰਦੇ। ਲੱਸੀ ਦਾ ਮੱਟ ਭਰੇ ਦਾ ਭਰਿਆ। …. ਏਸੇ ਤੋਂ ਲੋਕਾਂ ਗੱਲ ਜੋੜ ਲਈ… ਲੋਟਾ ਪੀਵੀਂ ਤੇ ਲੋਟਾ ਘੱਤੀਂ।”

ਸ਼ਰਮਾ ਖੜ੍ਹਾ ਹੋ ਗਿਆ, ”ਚੰਗਾ ਅਵਿਨਾਸ਼ ਜੀ, ਸ਼ਾਮੀ ਮਿਲਦੇ ਹਾਂ… ਛੇ ਵਜੇ, ਯਾਦ ਰੱਖਣਾ।”

ਸ਼ਾਮ ਨੂੰ ਸ਼ਰਮਾ ਅਨੈਕਸੀ ਪੁੱਜਿਆ ਤਾਂ ਅਵਿਨਾਸ਼ ਉਸ ਤੋਂ ਪਹਿਲਾਂ ਪੁੱਜਿਆ ਹੋਇਆ ਸੀ। ਸ਼ਰਮਾ ਦੀ ਵਾਪਸ ਜਾਣ ਦੀ ਚਿੰਤਾ ਖਤਮ ਹੋ ਗਈ।

ਪ੍ਰਬੰਧਕਾਂ ਨੇ ਛਾਤੀਆਂ ਉੱਤੇ ਲਾਲ ਫੁੱਲਾਂ ਦੇ ਬਿੱਲੇ ਲਾਏ ਹੋਏ ਸਨ। ਸ਼ਰਮਾ ਨੇ ਅਵਿਨਾਸ਼ ਦੀ ਛਾਤੀ ਉੱਤੇ ਵੀ ਇਕ ਲਾ ਦਿੱਤਾ। ਅਵਿਨਾਸ਼ ਨੇ ਕਈ ਵਾਰੀ ਫੁੱਲ ਉੱਤੇ ਹੱਥ ਫੇਰਿਆ-ਕੂਲਾ ਕੂਲਾ… ਖੱਬੇ ਪਾਸੇ ਗੋਲ ਚੱਕਰ। ਪਿੱਛੇ ਵੱਡੇ-ਵੱਡੇ ਮੋਰਿਆਂ ਵਾਲੀ ਕੰਧ। ਕੰਧ ਦੇ ਪਿੱਛੇ ਡਾ. ਅੰਬੇਦਕਰ ਦਾ ਬੁੱਤ-ਇਕ ਬਾਂਹ ਹੇਠਾਂ ਇਕ ਪੁਸਤਕ। ਜੋ ਅੰਬੇਦਕਰ ਬਾਰੇ ਜਾਣਕਾਰੀ ਰੱਖਦੇ ਹਨ, ਉਹਨਾਂ ਨੂੰ ਇਹ ਪੁਸਤਕ ਨਹੀਂ ਦੇਸ਼ ਦਾ ਸੰਵਿਧਾਨ ਦਿੱਸਦਾ ਹੈ। ਦੂਜੀ ਬਾਂਹ ਸਾਹਮਣੇ ਉੱਠੀ ਹੋਈ। ਹੱਥ ਦੀ ਇਕ ਉਂਗਲੀ ਲੋਕ ਸਭਾ ਵੱਲ ਸੰਕੇਤ ਕਰਦੀ ਹੋਈ। ਜਿਵੇਂ ਅਵਿਨਾਸ਼ ਨੂੰ ਇਸ਼ਾਰੇ ਨਾਲ ਰਸਤਾ ਵਿਖਾਉਂਦੀ ਹੋਵੇ। ਲੋਕ ਸਭਾ ਦੇ ਐਨਾ ਨੇੜੇ। ਉਹ ਪਾਰਲੀਮੈਂਟ ਅਨੈਕਸੀ ਦੇ ਅੱਗੇ ਹੀ ਤਾਂ ਖੜ੍ਹਾ ਹੈ… ਅਨੈਕਸੀ…।

”ਹਾਂ ਹਾਂ ਇਹ ਪਾਰਲੀਮੈਂਟ ਅਨੈਕਸੀ ਹੈ।” ਸ਼ਰਮਾ ਬੋਲਿਆ। ਉਸ ਨੇ ਅਵਿਨਾਸ਼ ਦੇ ਮੂੰਹੋਂ ਨਿਕਲੀ ਆਵਾਜ਼ ‘ਅਨੈਕਸੀ’ ਸੁਣ ਲਈ ਸੀ, ”ਇਹ ਲੋਕ ਸਭਾ ਦਾ ਹੀ ਹਿੱਸਾ ਹੈ। ਏਸ ਸੜਕ ਦੇ ਥੱਲਿਓਂ ਦੀ ਰਸਤਾ ਹੈ।”

ਫੇਰ ਕਦ ਮਹਿਮਾਨ ਆਣ ਲੱਗੇ ਅਵਿਨਾਸ਼ ਨੂੰ ਪਤਾ ਨਾ ਰਿਹਾ। ਸ਼ੋਰ ਵਿਚ ਉਸ ਨੂੰ ਸੁਣਾਈ ਦਿੰਦਾ, ਵਿਦੇਸ਼ ਮੰਤਰੀ ਆ ਰਹੇ ਨੇ… ਲੋਕ ਸਭਾ ਦੇ ਸਪੀਕਰ ਆ ਗਏ… ਰੱਖਿਆ ਮੰਤਰੀ…। ਕੈਮਰਿਆਂ ਦੀ ਚਮਕਾਰ ਵਿਚ ਉਸ ਨੂੰ ਦਿਸਦਾ ਹਾਰ ਪਾਏ ਜਾ ਰਹੇ ਸੀ। …. ਮਾਹਿਮਾਨਾਂ ਨੂੰ ਹਾਲ ਵਿਚ ਲੈ ਜਾਇਆ ਜਾ ਰਿਹਾ ਸੀ। ਸਭ ਕੁਝ ਅਵਿਨਾਸ਼ ਨੂੰ ਸੁਪਨੇ ਵਾਂਗ ਜਾਪ ਰਿਹਾ ਸੀ। ਹਾਲ ਵਿਚ ਉਸ ਨੂੰ ਯਾਦ ਨਹੀਂ ਸੀ-ਧੂੰਆਂ ਧਾਰ ਭਾਸ਼ਨ ਹੋਏ ਜਾਂ ਸਿਰਫ਼ ਭਾਸ਼ਨ। ਤਾੜੀਆਂ, ਆਵਾਜ਼ਾਂ। ਨੈਲਸਨ ਮੰਡੇਲਾ… ਕਾਲੇ ਲੋਕ… ਬਹੁਤ ਗਿਣਤੀ ਦੇ ਅਧਿਕਾਰ-ਜ਼ੁਲਮ… ਸਾਊਥ ਅਫਰੀਕਾ… ਗੋਰੀ ਸਰਕਾਰ.. ਉਸ ਲਈ ਸਭ ਕੁਝ ਸ਼ਬਦਾਂ ਵਿਚ ਬਦਲ ਗਿਆ, ਸਾਰੇ ਸ਼ਬਦ ਆਪਣੇ ਅਰਥਾਂ ਸਮੇਤ ਰਲਗੱਡ ਹੋ ਗਏ ਤੇ ਪਤਾ ਹੀ ਨਾ ਲੱਗਾ ਸਭ ਕੁਝ ਖ਼ਤਮ ਹੋਣ ਵਿਚ ਕਿੰਨਾ ਵਕਤ ਲੱਗਿਆ।

ਕਾਫੀ ਦਾ ਪ੍ਰਬੰਧ ਇਕ ਵੱਖਰੇ ਹਾਲ ਵਿਚ ਕੀਤਾ ਹੋਇਆ ਸੀ। ਲੋਕ ਚਾਰ-ਚਾਰ, ਪੰਜ-ਪੰਜ ਦੀਆਂ ਟੋਲੀਆਂ, ਵਿਚ ਖੜ੍ਹੇ ਸਨ। ਮੰਤਰੀਆਂ ਦੁਆਲੇ ਭੀੜ ਜੁੜੀ ਹੋਈ ਸੀ। ਮੁੱਖ ਪ੍ਰਬੰਧਕ ਹੱਥ ਮਿਲਾ ਕੇ ਧੰਨਵਾਦ ਕਰਦਾ ਘੁੰਮ ਰਿਹਾ ਸੀ। ਸੱਤਾ ਦੇ ਸਾਗਰ ਤੇ ਸਿਆਸਤ ਦੀ ਇਸ ਗਹਿਮਾ ਗਹਿਮੀ ਵਿਚ ਅਵਿਨਾਸ਼ ਨੂੰ ਪਤਾ ਨਹੀਂ ਸੀ ਲੱਗ ਰਿਹਾ ਉਹ ਕਿਸ ਨਾਲ ਤੇ ਕੀ ਗੱਲ ਕਰੇ। ਬੱਸ ਉਹ ਸ਼ਰਮਾ ਦੇ ਨਾਲ ਨਾਲ ਘੁੰਮ ਰਿਹਾ ਸੀ।

”ਏ ਸਿਪਾਹੀ।” ਭੀੜ ਵਿਚੋਂ ਇਕ ਆਵਾਜ਼ ਉਭਰੀ।

ਸ਼ਰਮਾ ਨੇ ਮੁੜਕੇ ਵੇਖਿਆ। ਆਵਾਜ਼ ਵਾਲੇ ਨੂੰ ਪਛਾਣ ਕੇ ਉਸ ਨੇ ਕਿਹਾ, ”ਏ ਸਿਆਹੀ।”

ਦੋਵੇਂ ਜੱਫੀਆਂ ਪਾ ਕੇ ਮਿਲੇ ਤੇ ਇਕੋ ਸੁਰ ਬੋਲੇ।

”ਸਿਪਾਹੀ ਕੋ ਸਿਆਹੀ ਮਿਲੇ…।”

ਦੋਵੇਂ ਹੱਸਣ ਲੱਗੇ। ਸਭ ਲੋਕ ਉਹਨਾਂ ਵੱਲ ਵੇਖਣ ਲੱਗੇ। ਤੇ ਫੇਰ ਦੋਵੇਂ ਇਕੋ ਵੇਲੇ ਇਕੋ ਤਰ੍ਹਾਂ ਦੇ ਸਵਾਲ ਪੁੱਛਣ ਲੱਗੇ :

”ਸੁਣਾ ਸਿਪਾਹੀ ਜੀਦੈਂ? ਸੁਣਾ ਸਿਆਹੀ ਜੀਦਂੈ?”

”ਸਿਪਾਹੀ ਕਿੱਥੇ ਮੈਂ? ਸਿਆਹੀ ਕਿੱਥੇ ਮੈਂ?”

”ਸੁਣਾ ਸਿਪਾਹੀ? ਸੁਣਾ ਸਿਆਹੀ।”

ਕੁਝ ਚਿਰ ਚੁੱਪ ਚਾਪ ਉਹ ਇਕ ਦੂਜੇ ਦਾ ਹੱਥ ਘੁੱਟਦੇ ਰਹੇ।

”ਨੈਲਸਨ ਮੰਡੇਲਾ ਨੇ ਰਿਹਾਅ ਹੋ ਜਾਣੈ। ਹੁਣ ਆਜ਼ਾਦ ਹੋਈਏ ਏਥੋਂ।” ਜਿਸ ਨੂੰ ਸ਼ਰਮਾ ਨੇ ਸਿਆਈ ਕਿਹਾ ਸੀ, ਉਸ ਬੰਦੇ ਨੇ ਕਿਹਾ।

”ਅੱਜ ਨਹੀਂ।” ਸ਼ਰਮਾ ਨੇ ਕਿਹਾ, ”ਇਕ ਦੋਸਤ ਹੈ ਨਾਲ।”

”ਦੋਸਤਾਂ ਤੋਂ ਤੂੰ ਕਦੋਂ ਦਾ ਡਰਨ ਲੱਗ ਪਿਆ ਏ। ਦੋਸਤ ਨੂੰ ਵੀ ਲੈ ਚੱਲਾਂਗੇ। ਕੌਣ ਦੋਸਤ ਏ?”

”ਅਹਿ ਰਹੇ ਅਵਿਨਾਸ਼ ਚੋਪੜਾ, ਅਵਿਨਾਸ਼ ਜੀ, ਇਹ ਰਣਜੀਤ ਕਪਾਹੀ। ਪੱਤਰਕਾਰ। ਬਹੁਤ ਘੱਟ ਸਿਆਹੀ ਨਾਲ ਇਹ ਬਹੁਤ ਸਾਰੀ ਪੱਤਰਕਾਰੀ ਕਰਦਾ ਏ।” ਸ਼ਰਮਾ ਨੇ ਦੋਵਾਂ ਦੀ ਪਛਾਣ ਕਰਵਾਈ।

ਦੋਵਾਂ ਨੇ ਹੱਥ ਮਿਲਾਏ।

”ਚੱਲੋ ਚੋਪੜਾ ਜੀ ਤੁਸੀਂ ਵੀ ਚੱਲੋ।” ਪੱਤਰਕਾਰ ਬੋਲਿਆ।

”ਨਹੀਂ ਅੱਜ ਨਹੀਂ ਦੇਰ ਹੋ ਜਾਵੇਗੀ। ਘਰ ਜਲਦੀ ਪੁੱਜਣਾ ਏ।” ਅਵਿਨਾਸ਼ ਬੋਲਿਆ।

ਸ਼ਰਮਾ ਨੇ ਅਵਿਨਾਸ਼ ਵੱਲ ਵੇਖਿਆ। ਪਹਿਲੀ ਵਾਰ ਸੀ ਜਦ ਉਹ ਆਪਣੀ ਰਾਏ ਦੇ ਰਿਹਾ ਸੀ, ਅਸਲ ਵਿਚ ਸ਼ਰਮਾ ਨਾਲ ਸੁਰ ਮਿਲਾ ਰਿਹਾ ਸੀ।

ਰਣਜੀਤ, ਕਪਾਹੀ ਵਰਗੇ ਪੱਤਰਕਾਰ ਜੋ ਮੇਜ਼ ‘ਤੇ ਬੈਠ ਕੇ ਖ਼ਬਰਾਂ ਬਣਾਂਦੇ ਹਨ, ਸ਼ਰਮਾ ਵਰਗੇ ਬੇਨਾਮ ਸਿਆਸੀ ਚਿਹਰਿਆਂ ਦਾ ਮਹੱਤਵ ਖੂਬ ਸਮਝਦੇ ਹਨ। ਇਹਨਾਂ ਚਿਹਰਿਆਂ ਨੂੰ ਆਮ ਆਦਮੀ ਨਹੀਂ ਜਾਣਦੇ। ਇਸ ਲਈ ਇਹਨਾਂ ਨੂੰ ਦੱਸਣਾ ਪੈਂਦਾ ਹੈ, ਇਹ ਕੌਣ ਹਨ। ਕੀ ਕਰਦੇ ਹਨ, ਨਾਲੇ ਇਸ ਗੱਲ ‘ਤੇ ਜ਼ੋਰ ਦੇਣਾ ਪੈਂਦਾ ਹੈ-ਕੀ ਕਰ ਸਕਦੇ ਹਨ। ਪਰ ਸਿਆਸੀ ਹਲਕਿਆਂ ਵਿਚ ਇਹਨਾਂ ਬੇਨਾਮ ਚਿਹਰਿਆਂ ਨੂੰ ਹਰ ਕੋਈ ਪਛਾਣਦਾ ਹੈ। ਇਹਨਾਂ ਦੀ ਉਪਯੋਗਤਾ ਦੀ ਕਦਰ ਕੀਤੀ ਜਾਂਦੀ ਹੈ। ਪਾਰਟੀ ਦੇ ਕਿਸੇ ਵੀ ਧੁਰੰਦਰ ਦੇ ਘਰ ਜਨਮ ਦਿਨ ਤੋਂ ਮਰਨ ਦਿਨ ਤੱਕ ਹਰ ਅਵਸਰ ‘ਤੇ ਇਹ ਵਿਖਾਈ ਦੇ ਜਾਂਦੇ ਹਨ ਤੇ ਆਪਣੇ ਆਪ ਨੂੰ ਮੇਜ਼ਬਾਨਾਂ ਵਿਚ ਸ਼ਾਮਲ ਕਰ ਲੈਂਦੇ ਹਨ। ਕੋਈ ਨਹੀਂ ਪੁੱਛਦਾ-ਕਿਵੇਂ ਆਣਾ ਹੋਇਆ? ਆਏ ਹਨ ਤਾਂ ਬੱਸ ਆਏ ਹਨ। ਕੋਈ ਇਤਰਾਜ਼ ਨਹੀਂ ਕਰਦਾ। ਸਭ ਜਾਣਦੇ ਹਨ ਇਹਨਾਂ ਦਾ ਕੰਮ ਤਾਂ ਆਣਾ ਜਾਣਾ ਹੀ ਹੈ। ਹਰ ਅਵਸਰ ‘ਤੇ ਕੌਣ ਕੌਣ ਹਾਜ਼ਰ ਹੋਇਆ। ਕਿਸ ਕਿਸ ਦਾ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਗਿਆ। ਕਿਸ ਕਿਸ ਨੂੰ ਬੋਲਣ ਲਈ ਕਿਹਾ। ਬੋਲਣ ਵਾਲਿਆਂ ਨੇ ਕੀ ਕਿਹਾ। ਕਿਸ ਨੇ ਵੱਧ ਸ਼ਗਨ ਪਾਇਆ ਕਿਸ ਨੇ ਘੱਟ। ਇਹ ਸਭ ਕੁਝ ਇਹਨਾਂ ਨੂੰ ਯਾਦ ਰਹਿੰਦਾ ਹੈ। ਇਹ ਜਾਣਕਾਰੀ ਹੀ ਇਹਨਾਂ ਦੀ ਸ਼ਕਤੀ ਹੈ। ਪਾਰਟੀ ਦੇ ਅੰਦਰ ਨਵੇਂ ਜੋੜ ਤੋੜ, ਨਵੇਂ ਸਮੀਕਰਨ ਬਣਾਉਣ ਵੇਲੇ ਇਹ ਜਾਣਕਾਰੀ ਏਚ-ਪੇਚ ਦਾ ਕੰਮ ਕਰਦੀ ਹੈ। ਏਸੇ ਲਈ ਕਪਾਹੀ ਸ਼ਰਮਾ ਨੂੰ ਸਿਪਾਹੀ ਕਿਹਾ ਕਰਦਾ ਸੀ। ਕਪਾਹੀ ਇਸ ਵੇਲੇ ਕਿਸੇ ਅੰਦਰਲੀ ਖ਼ਬਰ ਦਾ ਪਿੱਛਾ ਕਰ ਰਿਹਾ ਸੀ।

”ਚਲੋ ਪ੍ਰੈਸ ਕਲੱਬ ਚੱਲਦੇ ਆਂ।” ਕਪਾਹੀ ਨੇ ਲਾਲਚ ਦਿੱਤਾ।

ਸ਼ਰਮਾ ਨੇ ਅਵਿਨਾਸ਼ ਦੇ ਚਿਹਰੇ ਵੱਲ ਵੇਖਿਆ ਤੇ ਸਮਝ ਗਿਆ ਉਹ ਉਸਦੇ ਨਾਲ ਇਕੱਠੇ ਰਹਿਣਾ ਚਾਹੁੰਦਾ ਹੈ, ਕਿਸੇ ਅੰਦਰਲੀ ਜ਼ਰੂਰਤ ਕਰਕੇ।

”ਫੇਰ ਕਿਸੇ ਦਿਨ ਮਿਲਦੇ ਆਂ।” ਸ਼ਰਮਾ ਨੇ ਕਿਹਾ, ਇਕ ਅੱਧ ਦਿਨ ‘ਚ ਮੈਂ ਤੇਰੇ ਦਫਤਰ ਪਹੁੰਚਦਾ ਹਾਂ।”

ਕਾਰ ਵਿਚ ਬੈਠਦਿਆਂ ਸ਼ਰਮਾ ਬੋਲਿਆ, ”ਮਲਾਈ ਲਾਹੁਣਾ ਚਾਹੁੰਦਾ ਸੀ ਇਹ ਕਪਾਹੀ ਦਾ ਬੱਚਾ। ਇਹ ਜਗਨ ਨਾਥ ਤੇ ਚੌਧਰੀ ਦੀ ਟਸਲ ਬਾਰੇ ਪੁੱਛਣਾ ਚਾਹੁੰਦਾ ਸੀ-ਦਿੱਲੀ ਦੇ ਅਗਲੇ ਮੁੱਖ ਮੰਤਰੀ ਬਾਰੇ।”

ਅਵਿਨਾਸ਼ ਨੂੰ ਨਹੀਂ ਸੁਣਿਆ, ਉਹ ਕੀ ਬੋਲ ਰਿਹਾ ਸੀ।

”ਵਿਕਾਸ ਮਾਰਗ ਵੱਲੋਂ ਚੱਲਦੇ ਆਂ।” ਸ਼ਰਮਾ ਨੇ ਕਿਹਾ ਤੇ ਅਵਿਨਾਸ਼ ਨੇ ਕਾਰ ਉਸ ਪਾਸੇ ਮੋੜ ਲਈ।

ਇਸ ਸਾਰੀ ਚਕਾਚੌਧ ਤੋਂ ਬਾਅਦ ਅਵਿਨਾਸ਼ ਬਹੁਤ ਉਤੇਜਿਤ ਸੀ। ਉਹ ਕੁਝ ਬੋਲਣਾ ਚਾਹੁੰਦਾ ਸੀ। ਦੱਸਣਾ ਚਾਹੁੰਦਾ ਸੀ ਕਿ ਉਹ ਵੀ ਸਿਆਸੀ ਕਿਸਮ ਦਾ ਆਦਮੀ ਹੈ। ਪਰ ਉਹਨੂੰ ਪਤਾ ਨਹੀਂ ਸੀ ਚੱਲ ਰਿਹਾ ਉਹ ਕੀ ਬੋਲੇ ਕੀ ਕਹੇ ਤੇ ਕਿਵੇਂ ਦੱਸੇ। ਇਸ ਜੱਕੋ ਤੱਕੀ ਦੀ ਉਤੇਜਨਾ ਵਿਚ ਉਹਦੇ ਕੋਲੋਂ ਪੁੱਛ ਹੋ ਗਿਆ।

”ਸ਼ਰਮਾ ਜੀ ਇਹ ਨੈਲਸਨ ਮੰਡੇਲਾ ਦਾ ਕੀ ਚੱਕਰ ਏ?”

ਸ਼ਰਮਾ ਨੇ ਉਹਦੇ ਵੱਲ ਬਿਨਾ ਦੇਖਣ ਤੋਂ ਸੋਚਿਆ, ”ਇਹ ਹਾਲੇ ਤੱਕ ਅਖਬਾਰ ਦੇ ਤੀਜੇ ਪੰਨੇ ਦਾ ਪਾਠਕ ਹੈ।” ਤੀਜਾ ਪੰਨਾ ਚੋਰੀ ਚਕਾਰੀ, ਬਲਾਤਕਾਰੀ ਤੇ ਦੁਰਘਟਨਾਵਾਂ ਨਾਲ ਭਰਿਆ ਹੁੰਦਾ ਹੈ।

”ਚਲੋ ਕਿਤੇ ਬੈਠਦੇ ਆਂ।” ਸ਼ਰਮਾ ਨੇ ਸਹਿਜਤਾ ਨਾਲ ਕਿਹਾ।

ਉਹ ‘ਗੁਡ ਈਵਨਿੰਗ’ ਬੀਅਰ ਬਾਰ ਵਿਚ ਚਲੇ ਗਏ। ਅੰਦਰ ਘੁਸਮੁਸੇ ਦਾ ਮਾਹੌਲ ਸੀ। ਸੂਰਜ ਨਿਕਲਣ ਤੋਂ ਪਹਿਲਾਂ ਵਰਗੀ ਰੋਸ਼ਨੀ। ਨਾ ਤੋਂ ਇਹ ਥਾਂ ਬੀਅਰ ਬਾਰ ਸੀ, ਪਰ ਵਿਸਕੀ ਵੀ ਦੇ ਦਿੰਦੇ ਸਨ, ਬੀਅਰ ਦੀਆਂ ਬੋਤਲਾਂ ਵਿਚ ਪਾ ਕੇ ਤੇ ਹਰ ਆਣ ਵਾਲੇ ਨੂੰ ਆਮ ਤੋਂ ਖਾਸ ਬਣਾ ਦਿੰਦੇ ਸਨ, ਇਹ ਕਹਿ ਕੇ, ”ਇਹ ਅਸੀਂ ਖਾਸ-ਖਾਸ ਗਾਹਕਾਂ ਨੂੰ ਹੀ ਦਿੰਦੇ ਹਾਂ।”

ਸ਼ਰਮਾ ਸੋਚ ਰਿਹਾ ਸੀ ਇਸ ਅਸਲੋਂ ਕੋਰੇ, ਪਰ ਕੰਮ ਦੇ ਬੰਦੇ ਨਾਲ ਗੱਲ ਕਿਵੇਂ ਸ਼ੁਰੂ ਕੀਤੀ ਜਾਵੇ।

“ਅਵਿਨਾਸ਼ ਜੀ ਤੁਹਾਡੇ ਮਨ ‘ਚ ਇਕ ਸਵਾਲ ਉੱਠ ਰਿਹਾ ਹੋਵੇਗਾ ਕਿ ਇਹ ਆਦਮੀ ਜਿਸ ਦੀ ਪਹੁੰਚ ਹਾਈ ਕਮਾਂਡ ਤੱਕ ਹੈ, ਉਹ ਬੇਗਾਨੀ ਸ਼ਾਦੀ ‘ਚ ਅਬਦੁੱਲਾ ਦੀਵਾਨਾ ਕਿਉਂ ਬਣਿਆ ਫਿਰਦਾ ਏ। ਆਪ ਕਿਉਂ ਨਹੀਂ ਮੈਦਾਨ ਵਿਚ ਉਤਰਦਾ।”

ਅਵਿਨਾਸ਼ ਦੇ ਮਨ ਵਿਚ ਅਜਿਹਾ ਕੋਈ ਸਵਾਲ ਨਹੀਂ ਸੀ। ਫੇਰ ਵੀ ਉਸ ਨੇ ਇਸ ਤਰ੍ਹਾਂ ਉਹਦੇ ਵੱਲ ਵੇਖਿਆ ਕਿ ਸ਼ਰਮਾ ਨੂੰ ਜਾਪੇ ਸਵਾਲ ਉਹਦੇ ਮਨ ਵਿਚ ਹੈ। ਸ਼ਰਮਾ ਨੇ ਫੇਰ ਬੋਲਣਾ ਸ਼ੁਰੂ ਕੀਤਾ-

”ਮੈਂ ਵੀ ਉਤਰਾਂਗਾ ਮੈਦਾਨ ਵਿਚ। ਇਕ ਸਾਲ ਹੋਰ। ਵੱਧ ਤੋਂ ਵੱਧ ਦੋ ਸਾਲ। ਤੁਹਾਡੀ ਭਾਬੀ ਦੀ ਨੌਕਰੀ ਲੱਗ ਜਾਵੇ। ਉਹ ਬੀੰ. ਐੱਡ. ਕਰ ਰਹੀ ਏ ਸ੍ਰੀਨਗਰ ਤੋਂ। ਉੱਥੇ ਹਾਜ਼ਰੀ ਦੀ ਲੋੜ ਨਹੀਂ। ਬੱਸ ਪੇਪਰ ਦੇਣ ਵੇਲੇ ਜਾਣਾ ਪੈਂਦਾ ਏ। ਫੌਜ ਤਾਂ ਹੀ ਲੜ ਸਕਦੀ ਏ ਜੇ ਪਿੱਛੋਂ ਸਪਲਾਈ ਹੋਵੇ… ਤੁਹਾਡੀ ਲਾਈਨ ਕਾਇਮ ਹੈ… ਤੁਸੀਂ ਤਿਆਰ ਹੋ ਜਾਵੋ ਮੈਦਾਨ ‘ਚ ਉਤਰਨ ਲਈ।”

”ਕਿਸ ਮੈਦਾਨ ਦੀ ਗੱਲ ਕਰਦੇ ਹੋ?” ਅਵਿਨਾਸ਼ ਨੇ ਪੁੱਛਿਆ।

”ਕਾਰਪੋਰੇਸ਼ਨ ਦੀਆਂ ਚੋਣਾਂ ਆ ਰਹੀਆਂ ਨੇ। ਉਸ ਵਾਸਤੇ।”

”ਆਪਾਂ ਨੂੰ ਕੌਣ ਜਾਣਦੈ। ਕੌਣ ਟਿਕਟ ਦੇਵੇਗਾ?”

“ਵੇਖੋ; ਅਵਿਨਾਸ਼ ਜੀ! ਅੱਜ ਦੀ ਗੱਲ ਦੱਸਦਾ ਵਾਂ। ਪਾਰਟੀਆਂ ਜਿੱਤਣ ਵਾਲੇ ਬੰਦੇ ਨੂੰ ਟਿਕਟ ਦਿੰਦੀਆਂ ਨੇ। ਸ਼ੁਰੂ ਸ਼ੁਰੂ ਵਿਚ ਆਜ਼ਾਦੀ ਘੁਲਾਟੀਏ ਛਾਏ ਰਹੇ। ਹੁਣ ਸਮਾਂ ਉਹਨਾਂ ਲੋਕਾਂ ਦਾ ਏ ਜਿਹੜੇ ਭੀੜ ਇਕੱਠੀ ਕਰ ਸਕਣ। ਜੋ ਇਹ ਵਿਖਾ ਸਕੇ ਕਿ ਉਹਦੇ ਪਿੱਛੇ ਬਹੁਤ ਲੋਕ ਹਨ। ਤੁਹਾਡੇ ਅੱਬਾ ਹਜ਼ੂਰ ਨੇ ਗੱਲ ਸੁਣਾਈ ਸੀ ਨਾ-ਕੋਟਕਬੂਲੇ ਦੀ ਲੱਸੀ। ਤੁਹਾਡਾ ਮੱਟ ਭਰਿਆ ਨਜ਼ਰ ਆਵੇ, ਬੇਸ਼ਕ ਬਹੁਤਾ ਪਾਣੀ ਹੋਵੇ। ਪਰ ਪਹਿਲਾਂ ਤੁਸੀਂ ਫੈਸਲਾ ਕਰੋ-ਤੁਸੀਂ ਰਾਜਨੀਤੀ ਵਿਚ ਆਣਾ ਚਾਹੁੰਦੇ ਹੋ ਕਿ ਨਹੀਂ। ਜੇ ਮੇਰੇ ਤੋਂ ਪੁੱਛੋਂ ਤਾਂ ਕਹਾਂਗਾ… ਤੁਸੀਂ ਆ ਸਕਦੇ ਹੋ। ਤੁਹਾਡੇ ਕੋਲ ਸਾਧਨ ਹੈਨ…. ਤੁਸੀਂ ਪੜ੍ਹੇ ਲਿਖੇ ਤੇ ਸਮਝਦਾਰ ਹੋਂ।”

‘ਤੁਸੀਂ ਸਮਝਦਾਰ ਹੋਂ’,  ਆਪਣੀ ਸਮਝਦਾਰੀ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਬੇਸਮਝ ਲੋਕ ਤਾਂ ਬਿਲਕੁਲ ਹੀ ਨਹੀਂ। ਅਵਿਨਾਸ਼  ਉੱਤੇ ਇਸ ਗੱਲ ਦਾ ਡੂੰਘਾ ਅਸਰ ਪਿਆ, ”ਪਰ ਸ਼ਰਮਾ ਜੀ ਚੋਣਾਂ ‘ਤੇ ਖਰਚਾ ਬਹੁਤ ਹੋ ਜਾਂਦਾ ਏ।”

”ਤੁਸੀਂ ਇਕ ਵਾਰੀ ਕੁੱਦ ਪਵੋ। ਟਿਕਟ ਮਿਲ ਜਾਵੇ ਪੈਸੇ ਲਾਣ ਵਾਲੇ ਆਪੇ ਇਕੱਠੇ ਹੋ ਜਾਂਦੇ ਨੇ ਤੁਹਾਡੇ ਦੁਆਲੇ। ਤੁਹਾਨੂੰ ਇਹ ਫੈਸਲਾ ਕਰਨਾ ਮੁਸ਼ਕਿਲ ਹੋ ਜਾਣੈ, ਕਿਸ ਤੋਂ ਖਰਚਾ ਕਰਵਾਈਏ ਕਿਸ ਤੋਂ ਨਾ ਕਰਵਾਈਏ। ਉਹ ਮੂਰਖ ਲੋਕ ਹੁੰਦੇ ਨੇ ਜੋ ਆਪਣਾ ਘਰ ਸਾੜਕੇ ਹੱਥ ਸੇਕਦੇ ਨੇ।” ਸ਼ਰਮਾ ਨੇ ਕਿਹਾ।

”ਪਰ ਆਪਾਂ ਬੰਦੇ ਕਿਵੇਂ ਇਕੱਠੇ ਕਰਾਂਗੇ… ਵਿਖਾਵਾਂਗੇ ਕਿਵੇਂ? ਇਹ ਸੋਚਣ ਵਾਲੀ ਗੱਲ ਏ… ਤੁਸੀਂ ਵੀ ਸੋਚੋ, ਮੈਂ ਵੀ ਕੋਈ ਜੁਗਤ ਲੜਾਵਾਂਗਾ… ਕੋਈ ਜਲਸਾ ਕੋਈ ਫੰਕਸ਼ਨ ਕਰਨ ਦੀ।”

ਅਵਿਨਾਸ਼ ਚੁਪ ਹੋ ਗਿਆ। ਉਸ ਨੇ ਹੁਣੇ ਤੋਂ ਹੀ ਸੋਚਣਾ ਸ਼ੁਰੂ ਕਰ ਦਿੱਤਾ।

ਉਹਨੂੰ ਚੁੱਪ ਵੇਖ ਕੇ ਸ਼ਰਮਾ ਨੇ ਬੋਲਣਾ ਸ਼ੁਰੂ ਕਰ ਦਿੱਤਾ, ”ਇਹ ਹੋ ਜਾਵੇਗਾ। ਜਗਨ ਨਾਥ ਜੀ ਨੂੰ ਮੈਂ ਲੈ ਆਵਾਂਗਾ। ਤੁਸੀਂ ਆਪਣੀ ਤਿਆਰੀ ਕਰੋ। ਪਹਿਲੀ ਗੱਲ ਕਈ ਸਾਰੇ ਅਖਬਾਰ ਪੜ੍ਹਿਆ ਕਰੋ ਤੇ ਯਾਦ ਵੀ ਰੱਖਿਆ ਕਰੋ। ਪਰ ਆਮ ਬੰਦਿਆਂ ਵਾਂਗ ਪੜ੍ਹਨਾ। ਆਮ ਬੰਦਾ ਖ਼ਬਰਾਂ ਪੜ੍ਹ ਕੇ ਜਾਂ ਖੁਸ਼ ਹੋ ਜਾਂਦਾ ਏ ਜਾਂ ਵਿਚਲਿਤ। ਦੰਗੇ ਹੋ ਗਏ… ਅੱਠ ਸੌ ਬੰਦੇ ਮਾਰੇ ਗਏ। ਜੀਂਦੇ ਸਾੜ ਦਿੱਤੇ ਗਏ। ਜਨਤਾ ਪੜ੍ਹ ਕੇ ਹਾਹਾਕਾਰ ਕਰ ਉੱਠਦੀ ਹੈ। ਸਿਆਸੀ ਬੰਦੇ ਵਿਰੋਧੀਆਂ ਦੇ ਖਿਲਾਫ ਇਕ ਹਥਿਆਰ ਹੱਥ ਲੱਗ ਜਾਣ ‘ਤੇ ਖੁਸ਼ ਹੁੰਦੇ ਨੇ। ਫਲਾਣਾ ਹਜ਼ਾਰਾਂ ਕਰੋੜਾਂ ਦਾ ਘੁਟਾਲਾ ਕਰ ਗਿਆ। ਫਲਾਂ-ਫਲਾਂ ਸਰਕਾਰ ਨੂੰ ਲੁੱਟ ਕੇ ਖਾ ਗਿਆ, ਵਗੈਰਾ ਵਗੈਰਾ। ਤੁਸੀਂ ਦੱਸੋ ਆਪਣੇ ਦਿਮਾਗ ਨਾਲ ਪੜ੍ਹੋ ਸੁਣੋ। ਦੂੁਜੀ ਗੱਲ ਹਾਈ ਕਮਾਂਡ ਦੀ ਸੁਰ ਵਿਚ ਸੁਰ ਮਿਲਾਂਦੇ ਰਹੋ। ਕੋਈ ਆਦਮੀ ਬੇਸ਼ਕ ਕੁੱਤੇ ਦੀ ਮੌਤ ਮਰਿਆ ਹੋਵੇ, ਜੇ ਹਾਈ ਕਮਾਂਡ ਨੇ ਉਹਨੂੰ ਸ਼ਹੀਦ ਕਹਿ ਦਿੱਤਾ ਤਾਂ ਉਹਨੂੰ ਸ਼ਹੀਦ ਹੀ ਸਮਝੋ। ਬੱਸ ਏਨੀ ਤਾਂ ਗੱਲ ਏ ਵਿਚੋਂ…।”

ਅਗਲੇ ਦਿਨ ਨੈਲਸਨ ਮੰਡੇਲਾ ਵਾਲੇ ਜਲਸੇ ਦੀਆਂ ਤਸਵੀਰਾਂ ਅਖਬਾਰਾਂ ਵਿਚ ਛਪੀਆਂ। ਇਕ ਤਸਵੀਰ ਲੋਕ ਸਭਾ ਦੇ ਸਪੀਕਰ ਦੀ ਸੀ। ਜਿਸ ਵਿਚ ਸਪੀਕਰ ਦੇ ਨਾਲ ਅਵਿਨਾਸ਼ ਤੇ ਸ਼ਰਮਾ ਖੜ੍ਹੇ ਸਨ।

”ਇਹ ਲੋਕ ਸਭਾ ਕੇ ਸਪੀਕਰ ਨੇ।” ਅਵਿਨਾਸ਼ ਆਪਣੇ ਮੁਲਾਜ਼ਮਾਂ ਨੂੰ ਅਖਬਾਰ ਵਿਖਾ ਰਿਹਾ ਸੀ। ”ਲੋਕ ਸਭਾ ਵਿਚ ਪ੍ਰਧਾਨ ਮੰਤਰੀ ਵੀ ਇਹਨਾਂ ਤੋਂ ਆਗਿਆ ਲੈ ਕੇ ਬੋਲਦੇ ਨੇ।”ੋ

”ਜੇ ਇਹ ਆਗਿਆ ਨਾ ਦੇਵੇ ਤਾਂ?” ਇਕ ਮੁਲਜ਼ਮ ਨੇ ਪੁੱਛਿਆ।

”ਫੇਰ ਨਹੀਂ ਬੋਲ ਸਕਦੇ।”

”ਇਤਨੇ ਇਤਨੇ ਬੜੇ ਆਦਮੀ… ਵਾਹ ਬਾਬੂ ਜੀ।” ਦੂਜੇ ਮੁਲਾਜ਼ਮ ਨੇ ਕਿਹਾ।

ਅਖਬਾਰ ਲੈ ਕੇ ਸ਼ਰਮਾ ਵੀ ਪੁੱਜ ਗਿਆ। ਉਸ ਨੂੰ ਆਉਂਦਾ ਵੇਖ ਕੇ ਅਵਿਨਾਸ਼ ਉੱਛਲ ਪਿਆ। ਪਰ ਕੁਝ ਕਹਿਣ ਵਾਸਤੇ ਨਹੀਂ ਸੁੱਝਿਆ।

ਅਵਿਨਾਸ਼ ਨੇ ਸਾਰਿਆਂ ਵਾਸਤੇ ਚਾਹ ਮੰਗਵਾਈ। ਮਿਠਾਈ ਤੇ ਸਮੋਸੇ ਮੰਗਵਾਏ ਤੇ ਉੱਚੀ ਆਵਾਜ਼ ਵਿਚ ਗੱਲਾਂ ਕਰਨ ਲੱਗਾ। ਜਿਵੇਂ ਕਲਾਜ ਵਿਚ ਨਵਾਂ ਨਵਾਂ ਦਾਖਲ ਹੋਇਆ ਮੁੰਡਾ ਬਿਨਾ ਲੋੜ ਤੋਂ ਉੱਚੀ ਆਵਾਜ਼ ਕੱਢ ਕੇ ਬੋਲਦਾ ਹੈ ਤੇ ਨਾ ਹੱਸਣ ਵਾਲੀ ਗੱਲ ‘ਤੇ ਵੀ ਖਿੜ੍ਹ ਖਿੜ੍ਹ ਕਰਕੇ ਹੱਸਦਾ ਹੈ। ਨਾਲ ਨਾਲ ਉਹਨੂੰ ਇਕ ਖਿਆਲ ਅੰਦਰੇ ਅੰਦਰ ਕੁਤਰ ਰਿਹਾ ਸੀ ‘ਏਸ ਰੰਗ ਵਿਚ ਭੰਗ ਪਾਣ ਲਈ ਲਾਲਾ ਜੀ ਨਾ ਆ ਜਾਣ।”

ਲਾਲਾ ਜੀ ਤਾਂ ਨਹੀਂ ਆਏ। ਪਰ ਸਕੂਲ ਯੂਨੀਫਾਰਮ ਵਿਚ ਇਕ ਸੱਤ ਅੱਠ ਸਾਲਾ ਬੱਚੀ ਘਬਰਾਈ ਹੋਈ ਪੁੱਜ ਗਈ।

”ਅੰਕਲ ਅੰਕਲ, ਰਾਜੂ ਸਕੂਟਰ ਤੋਂ ਡਿੱਗ ਪਿਆ।” ਬੱਚੀ ਨੇ ਦੱਸਿਆ।

”ਕਿੱਥੇ? ਬਹੁਤ ਚੋਟ ਆਈ ਏ?” ਅਵਿਨਾਸ਼ ਵੀ ਘਬਰਾ ਗਿਆ।

”ਨੇੜੇ ਹੀ : ਅੰਕਲ ਰਾਜੂ ਮਰ ਗਿਆ ਜੇ।” ਬੱਚੀ ਰੋਣ ਲੱਗ ਪਈ।

ਅਵਿਨਾਸ਼ ਤੇ ਸ਼ਰਮਾ ਬੱਚੀ ਨੂੰ ਆਪਣੇ ਨਾਲ ਕਾਰ ਵਿਚ ਬਿਠਾ ਕੇ ਦੁਰਘਟਨਾ ਵਾਲੀ ਥਾਂ ‘ਤੇ ਪੁੱਜੇ। ਅਵਿਨਾਸ਼ ਰਾਜੂ ਨੂੰ ਸੰਭਾਲਣ ਲੱਗਾ,  ਸ਼ਰਮਾ ਸਕੂਟਰ ਵਾਲੇ ਤੋਂ ਪੁੱਛਗਿੱਛ ਕਰਨ ਲੱਗਾ।

”ਏਥੇ ਵੱਜੀ ਸੀ ਬੱਸ।” ਸ਼ਰਮਾ ਨੇ ਸਕੂਟਰ ਦੇ ਪਹੀਏ ਉੱਪਰ ਲੱਗੀ ਝਰੀਟ ਵੱਲ ਇਸ਼ਾਰਾ ਕਰਕੇ ਪੁੱਛਿਆ।

”ਨਹੀਂ ਇਹ ਤਾਂ ਕੱਲ੍ਹ ਚਾਂਦਨੀ ਚੌਕ ਵਿਚ ਰਗੜ ਲੱਗ ਗਈ ਸੀ।” ਆਟੋ ਰਿਕਸ਼ਾ ਦੇ ਡਰਾਈਵਰ ਨੇ ਕਿਹਾ।

ਸ਼ਰਮਾ ਨੇ ਪੁੱਛ ਪੜਤਾਲ ਰਾਹੀਂ ਆਟੋ ਰਿਕਸ਼ਾ ਦੇ ਡਰਾਈਵਰ ਤੋਂ ਪਤਾ ਲਗਾ ਲਿਆ ਕਿ ਇਹ ਸਕੂਟਰ ਹਰ ਰੋਜ਼ ਦਸ-ਗਿਆਰਾਂ ਬੱਚਿਆਂ ਨੂੰ ਸਕੂਲ ਛੱਡਣ ਤੇ ਲਿਆਣ ਵਾਸਤੇ ਲੱਗਿਆ ਹੋਇਆ ਸੀ। ਛੋਟੀ ਸੜਕ ਤੋਂ ਵੱਡੀ ਸੜਕ ਵਿਚ ਦਾਖਲ ਹੋਣ ਲੱਗਾ ਸੀ ਕਿ ਵੱਡੀ ਸੜਕ ਉੱਤੇ ਤੇਜ਼ ਆਉਂਦੀ ਡੀ.ਟੀ.ਸੀ. ਦੀ ਬੱਸ ਦਿਸ ਗਈ। ਬਚਾਅ ਵਾਸਤੇ ਡਰਾਈਵਰ ਨੇ ਇਕ ਦਮ ਸਕੂਟਰ ਮੋੜ ਲਿਆ। ਮੋੜਦਿਆਂ ਹੀ ਰਾਜੂ ਸਕੂਟਰ ਤੋਂ ਬਾਹਰ ਫੁੱਟਪਾਥ ਉੱਤੇ ਜਾ ਡਿੱਗਾ। ਸਿਰ ‘ਤੇ ਸੱਟ ਵੱਜੀ ਤੇ ਮਰ ਗਿਆ।

ਸ਼ਰਮਾ ਨੇ ਸਕੂਟਰ ਦੇ ਡਰਾਈਵਰ ਨੂੰ ਸਮਝਾਇਆ-ਜੇ ਉਸ ਨੇ ਪੁਲਿਸ ਦੇ ਲਫ਼ੜੇ ਤੋਂ ਬਚਣਾ ਹੇ ਤਾਂ ਸਿਰਫ਼ ਇਹ ਕਹੇ-ਬਸ ਡੀ.ਟੀ.ਸੀ. ਦੀ ਨਹੀਂ ਸੀ ‘ਰੈਡ ਲਾਈਨ’ ਸੀ। ਫੇਟ ਮਾਰ ਕੇ ਨਿਕਲ ਗਈ। ਨੰਬਰ ਉਹ ਘਬਰਾਹਟ ਵਿਚ ਨੋਟ ਨਹੀਂ ਕਰ ਸਕਿਆ। ਬਸ।

ਸਕੂਟਰ ਚਾਲਕ ਸਮਝ ਗਿਆ। ਉਹਨਾਂ ਦਿਨਾਂ ਵਿਚ ਦਿੱਲੀ ਦੀਆਂ ਸੜਕਾਂ ਉੱਤੇ ‘ਰੈਡ ਲਾਈਨ’ ਬੱਸਾਂ ਨੇ ਬਹੁਤ ਆਂਤਕ ਮਚਾ ਰੱਖਿਆ ਸੀ। ਛੇ–ਸੱਤ ਹਰ ਰੋਜ਼ ਦੁਰਘਟਨਾਵਾਂ ਤੇ ਤਿੰਨ ਬੰਦਿਆਂ ਦੀ ਔਸਤਨ ਮੌਤ। ‘ਰੈਡ ਲਾਈਨ’ ਬੱਸਾਂ ‘ਚ ਸਫਰ ਕਰਨ ਵਾਲੇ ਤੇ ਪੈਦਲ ਚੱਲਣ ਵਾਲੇ ਸਭ ਪਰੇਸ਼ਾਨ ਸਨ।

ਸੰਸਕਾਰ ਸਮੇਂ ਸ਼ਰਮਾ ਗਾਇਬ ਹੋ ਗਿਆ। ਕਾਰਨਸ ਤੋਂ ਰਾਜੂ ਦੀ ਫੋਟੋ ਵੀ ਲੈ ਗਿਆ। ਸਦਮੇ ਨਾਲ ਸਾਰਾ ਟੱਬਰ ਬੇਹਾਲ ਸੀ। ਕਿਸੇ ਨੂੰ ਪਤਾ ਵੀ ਨਹੀਂ ਚੱਲਿਆ।

ਅਗਲੇ ਦਿਨ ਅਖਬਾਰ ਵਿਚ ਰਾਜੂ ਦੀ ਫੋਟੋ ਨਾਲ ਦੁਰਘਟਨਾ ਦੀ ਖ਼ਬਰ ਛਪੀ ਹੋਈ ਸੀ।  ਕਲੋਨੀ ਦੀਆਂ ਕੰਧਾਂ ਉੱਤੇ ਰਾਜੂ ਦੀ ਤਸਵੀਰ ਵਾਲੇ ਪੋਸਟਰ ਲੱਗ ਗਏ। ਰੈਡ ਲਾਈਨ ਬੱਸਾਂ ਦੇ ਖ਼ਿਲਾਫ ਜ਼ਹਿਰ ਉਗਲਦੇ ਪੋਸਟਰ। ਇਹ ਸਭ ਕੁਝ ਸ਼ਰਮਾ ਨੇ ਕੀਤਾ ਸੀ।

”ਚੌਥਾ ਉਠਾਲਾ ਕਿੱਥੇ ਕਰਾਂਗੇ?” ਸ਼ਰਮਾ ਨੇ ਪੁੱਛਿਆ।

”ਮੇਰਾ ਖਿਆਲ ਏ ਸਾਹਮਣੇ ਵਾਲੀ ਪਾਰਕ ਵਿਚ ਕੀਤਾ ਜਾਵੇ।”

ਸ਼ਰਮਾ ਨੇ ਸਲਾਹ ਦਿੱਤੀ, ”ਜਗਨ ਨਾਥ ਜੀ ਆਣਗੇ… ਘਰ ‘ਚ ਏਨੇ ਲੋਕ…।”

”ਹੈਂ ਜਗਨ ਨਾਥ ਜੀ  ਆਣਗੇ!” ਅਵਿਨਾਸ਼ ਨੇ ਇਤਨਾ ਹੀ ਕਿਹਾ, ਜਿਸ ਦਾ ਮਤਲਬ ਸੀ ਫੇਰ ਜਿਵੇਂ ਠੀਕ ਸਮਝੋ ਕਰ ਲਵੋ।

ਪਾਰਕ ਦੀ ਸਫਾਈ ਹੋਣ ਲੱਗੀ। ਸਟੇਜ ਬਣਾਈ ਗਈ। ਲਾਊਡ ਸਪੀਕਰ ਦਾ ਪ੍ਰਬੰਧ ਹੋ ਗਿਆ।

”ਇਹ ਸਾਰਾ ਕੁਝ  ਕਿਉਂ ਪਏ ਕਰਦੇ ਹੋ?” ਵਿਚ ਵਿਚ ਲਾਲਾ ਜੀ ਪੁੱਛਦੇ।

”ਜਗਨ ਨਾਥ ਜੀ ਆਣਗੇ।” ਸ਼ਰਮਾ ਨੇ ਅਵਿਨਾਸ਼ ਨੂੰ ਕਿਹਾ, ”ਕਲੋਨੀ ਦੇ ਲੋਕ ਤਾਂ ਆਣਗੇ ਹੀ ਪੋਸਟਰ ਪੜ੍ਹ ਕੇ। ਮੇਰਾ ਵਿਚਾਰ ਏ ਰੇਲ ਲਾਈਨ ਵਾਲੀ ਝੌਂਪੜ ਪੱਟੀ ਤੋਂ ਕੁਝ ਲੋਕ ਬੁਲਵਾ ਲਈਏ।”

”ਉਹ ਆਪਣੇ ਕਹੇ ਆ ਜਾਣਗੇ?” ਅਵਿਨਾਸ਼ ਨੇ ਪੁੱਛਿਆ।

” ਆ ਜਾਣਗੇ।” ਸ਼ਰਮਾ ਨੇ ਕਿਹਾ, ”ਉਹਨਾਂ ਦੇ ਨੇਤਾ ਲੋਕ ਮੈਨੂੰ ਜਾਣਦੇ ਨੇ। ਕੋਈ ਰੈਲੀ ਕਰਨੀ ਹੋਵੇ ਅਸੀਂ ਲੈ ਜਾਂਦੇ ਹਾਂ ਉਹਨਾਂ ਨੂੰ। ਜਗਨ ਨਾਥ ਜੀ ਦੀ ਪਰਜਾ ਹੀ ਨੇ ਉਹ ਲੋਕ। ਬਹੁਤਾ ਖਰਚਾ ਨਹੀਂ ਹੋਵੇਗਾ … ਬਈ ਪੁੰਨਦਾਨ ਤਾਂ ਕਰਾਂਗੇ ਹੀ। ਦੋ ਦੋ ਛੋਲੇ-ਕੁਲਚੇ ਦੇ ਦਿਆਂਗੇ ਖਾਣੇ ਵਿਚ। ਵੀਹ ਕੁ ਰੁਪਏ ਨਕਦ ਦੇ ਦਿਆਂਗੇ। ਬੰਦੇ ਪਿੱਛੇ ਬਸ। ਫੇਰ ਆਪਾਂ ਨੂੰ…।” ਸ਼ਰਮਾ ਨੇ ਗੱਲ ਅਧੂਰੀ ਛੱਡ ਦਿੱਤੀ। ਪਰ ਅਵਿਨਾਸ਼ ਪੂਰੀ ਸਮਝ ਗਿਆ-‘ਫੇਰ ਆਪਾਂ ਨੂੰ ਅਲੱਗ ਕੋਈ ਜਲਸਾ ਨਹੀਂ ਕਰਨਾ ਪਵੇਗਾ।’

ਸ਼ਰਮਾ ਝੁੱਗੀਆਂ ਵਿਚ ਜਾ ਕੇ ਵੀਹ ਰੁਪਏ ਫੀ ਆਦਮੀ ਤੇ ਖਾਣਾ ਦੋ ਸੌ ਬੰਦੇ ਪੱਕੇ ਕਰ ਆਇਆ।

ਸਟੇਜ ਬਣ ਗਈ। ਸ਼ਾਮਿਆਨੇ ਲੱਗ ਗਏ। ਦਰੀਆਂ ਵਿੱਛ ਗਈਆਂ। ਦੋ ਮੇਜ਼ਾਂ ਉੱਤੇ ਛੋਲੇ ਕੁਲਚੇ ਸਜ ਗਏ। ਸਭ ਕੁਸ਼ ਸ਼ਰਮਾ ਕਰਵਾ ਰਿਹਾ ਸੀ। ਅਵਿਨਾਸ਼ ਚੁੱਪ ਚਾਪ ਵੇਖਦਾ ਰਿਹਾ।

ਝੁੱਗੀਆਂ ਵਿਚੋਂ ਚਾਰ ਸੌ ਦੇ ਕਰੀਬ ਬੰਦੇ ਪੁੱਜ ਗਏ। ਉਠਾਲੇ ਦੀਆਂ ਰਸਮਾਂ ਪੂਰੀਆਂ ਹੁੰਦੇ ਹੀ ਜਗਨ ਨਾਥ ਆਪਣੇ ਪਿਛਲੱਗਾਂ ਦੀ ਫੌਜ ਨਾਲ ਪੁੱਜ ਗਿਆ। ਝੁੱਗੀਆਂ ਵਾਲੇ ਉਸ ਨੂੰ ਵੇਖ ਨਾਹਰੇ ਲਾਣ ਲੱਗੇ :

ਜਗਨ ਨਾਥ ਜ਼ਿੰਦਾਬਾਦ

ਸਾਡੇ ਨੇਤਾ-ਜਗਨ ਨਾਥ

ਜਗਨ ਨਾਥ ਜ਼ਿੰਦਾਬਾਦ

ਹੱਥ ਖੜ੍ਹੇ ਕਰਕੇ ਸ਼ਰਮਾ ਨੇ ਨਾਅਰੇ ਲਾਣ ਤੋਂ ਰੋਕਿਆ। ਪਰ ਉਹ ਲੋਕ ਜ਼ਿੰਦਾਬਾਦ-ਮੁਰਦਾਬਾਦ ਦਾ ਧੰਦਾ ਕਰਨ ਵਾਲੇ ਸਨ। ਉਹ ਨਾਅਰੇ ਲਾਉਂਦੇ ਰਹੇ ਤੇ ਜਗਨ ਨਾਥ ਸਟੇਜ ਉੱਤੇ ਪੁੱਜ ਗਿਆ। ਉਸ ਨੇ ਦੋਵੇਂ ਹੱਥ ਖੜ੍ਹੇ ਕੀਤੇ ਤਾਂ ਨਾਅਰੇ ਲੱਗਣੇ ਬੰਦ ਹੋਏ।

ਮਾਈਕ ਦੇ ਸਾਹਮਣੇ ਖੜ੍ਹੇ ਹੋ ਕੇ ਜਗਨ ਨਾਥ ਨੇ ਜੈਕਿਟ ਦੀ ਜੇਬ੍ਹ ਵਿਚੋਂ ਇਕ ਪਰਚੀ ਕੱਢੀ, ਜਿਸ ਉੱਤੇ ਰਾਜੂ ਦਾ ਨਾਂ ਲਿਖਿਆ ਹੋਇਆ ਸੀ ਤੇ ਭਾਸ਼ਨ ਸ਼ੁਰੂ ਕਰ ਦਿੱਤਾ।

”ਬੱਚੇ ਦੇਸ਼-ਕੌਮ ਦਾ ਭਵਿੱਖ ਹੁੰਦੇ ਹਨ। ਅੱਜ ਦੇ ਬੱਚੇ ਕੱਲ੍ਹ ਦੇ ਨੇਤਾ। ਇਹ ਬੱਚਾ ਰਾਜੂ ਜਿਸ ਦਾ ਅਫਸੋਸ ਕਰਨ ਲਈ ਅਸੀਂ ਸਭ ਇਕੱਠੇ ਹੋਏ ਹਾਂ, ਮੈਨੂੰ ਦੱਸਿਆ ਗਿਆ ਹੈ-ਬਹੁਤ ਹੋਣਕਾਰ ਬੱਚਾ ਸੀ। ਪਤਾ ਨਹੀਂ ਇਸ ਨੇ ਵੱਡਾ ਹੋ ਕੇ ਇੰਦਰਾ ਜੀ ਵਰਗਾ ਵਿਸ਼ਵ-ਖਿਆਤੀ ਦਾ ਨੇਤਾ ਬਣਨਾ ਸੀ ਜਾਂ ਰਾਜੀਵ ਜੀ ਦੀ ਤਰ੍ਹਾਂ ਵਿਗਿਆਨ ਤੇ ਟੈਕਨਾਲੋਜੀ ਦਾ ਪ੍ਰਤੀਕ ਬਣ ਕੇ ਭਾਰਤ ਨੂੰ ਕਿੰਨੀਆਂ ਉਚਾਈਆਂ ‘ਤੇ ਲੈ ਜਾਣਾ ਸੀ। ਜਾਂ ਫੇਰ ਸੰਜੇ ਜੀ ਵਾਂਗ ਯੁਵਾ ਸ਼ਕਤੀ ਦਾ ਧਾਰਨੀ ਹੋ ਨਿਬੜਨਾ ਸੀ। ਪਰ ਇਕ ਜ਼ਾਲਮ ਬਸ ਚਾਲਕ ਦੀ ਲਾਪ੍ਰਵਾਹੀ ਨੇ…ਇਕ ਦਰਿੰਦੇ ਨੇ…। ਮੈਂ ਤਾਂ ਉਹਨੂੰ ਦਰਿੰਦਾ ਹੀ ਕਹਾਂਗਾ, ਸਾਡੇ ਕੋਲੋਂ ਮਹਾਨ ਨੇਤਾ ਖੋਹ ਲਿਆ ਹੈ। ਬਹੁਤ ਦੁੱਖ ਦੀ ਗੱਲ ਹੈ। … ਪਰ ਇਕ ਗੱਲ ਦਾ ਮੈਂ ਵਿਸ਼ਵਾਸ ਦਿਵਾਂਦਾ ਹਾਂ ਕਿ ਉੁਸ ਦਰਿੰਦੇ ਨੂੰ ਸਜ਼ਾ ਜ਼ਰੂਰ ਮਿਲੇਗੀ। ਉਹ ਜ਼ਰੂਰ ਲੱਭ ਲਿਆ ਜਾਵੇਗਾ… ਪੁਲਿਸ ਨੂੰ ਸਖਤ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ… ਉਹ ਬਚ ਨਹੀਂ ਸਕੇਗਾ।”

ਝੁੱਗੀਆਂ ਵਿਚੋਂ ਬੁਲਾਏ ਲੋਕਾਂ ਨੂੰ ਜੋਸ਼ ਆ ਗਿਆ। ਉਹਨਾਂ ਫੇਰ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ :

ਜਗਨ ਨਾਥ ਜੀ-ਜ਼ਿੰਦਾਬਾਦ

ਸਾਡੇ ਨੇਤਾ ….ਜਗਨ ਨਾਥ

ਜਗਨ ਨਾਥ ਜੀ-ਜਿੰਦਾਬਾਦ

ਨੇਤਾ ਜੀ ਨੇ ਕੁਝ ਨਾਅਰੇ ਲੱਗਣ ਦਿੱਤੇ। ਫੇਰ ਹੱਥ ਖੜ੍ਹੇ ਕਰਕੇ ਚੁੱਪ ਹੋ ਜਾਣ ਲਈ ਕਿਹਾ। ਜੋ ਗੱਲਾਂ ਪਹਿਲਾਂ ਕਹਿ ਦਿੱਤੀਆਂ ਸਨ, ਉਹ ਫੇਰ ਦੁਹਰਾ ਦਿੱਤੀਆਂ ਤੇ ਭਾਸ਼ਨ ਖ਼ਤਮ ਕਰ ਦਿੱਤਾ।

ਸ਼ਰਮਾ ਅਵਿਨਾਸ਼ ਦੀ ਬਾਂਹ ਫੜ ਕੇ ਜਗਨ ਨਾਥ ਦੇ ਕੋਲ ਲੈ ਗਿਆ। ਅਵਿਨਾਸ਼ ਦੇ ਮੋਢੇ ਉੱਤੇ ਹੱਥ ਰੱਖ ਕੇ ਜਗਨ ਨਾਥ ਨੇ ਭਰੋਸਾ ਦਿਵਾਇਆ ਕਿ ਕਸੂਰਵਾਰ ਡਰਾਈਵਰ ਨੂੰ ਸਜ਼ਾ ਜ਼ਰੂੁਰ ਮਿਲੇਗੀ। ਜਗਨ ਨਾਥ ਹੌਲੀ ਹੌਲੀ ਆਪਣੀ ਕਾਰ ਵੱਲ ਚੱਲਦਾ ਗਿਆ। ਨਾਲ-ਨਾਲ ਸ਼ਰਮਾ ਤੇ ਅਵਿਨਾਸ਼ ਚੱਲਦੇ ਰਹੇ।

ਸ਼ਰਮਾ ਨੂੰ ਜਗਨ ਨਾਥ ਦਾ ਪੀ.ਏ. ਵਿਖਾਈ ਦੇ ਗਿਆ।

”ਗੁਪਤਾ ਜੀ ਗੱਲ ਸੁਣੋ।” ਸ਼ਰਮਾ ਨੇ ਉਹਨੂੰ ਵਾਜ ਮਾਰ ਲਈ । ਗੁਪਤਾ ਉਸ ਦੇ ਕੋਲ ਆ ਗਿਆ, ”ਇਹਨਾਂ ਨੂੰ ਜਾਣਦੇ ਹੋ?” ਅਵਿਨਾਸ਼ ਵੱਲ ਇਸ਼ਾਰਾ ਕਰਕੇ ਸ਼ਰਮਾ ਨੇ ਪੁੱਛਿਆ।

”ਲਓ ਜੀ ਇਹਨਾਂ ਨੂੰ ਕੌਣ ਨਹੀਂ ਜਾਣਦਾ-ਅਵਿਨਾਸ਼ ਚੋਪੜਾ ਜੀ।” ਗੁਪਤਾ ਨੇ ਲੇਸਦਾਰ ਜਿਹੀ ਆਵਾਜ਼ ਵਿਚ ਕਿਹਾ।

”ਇਹਨਾਂ ਦਾ ਨਾਂ ਕੰਪਿਊਟਰ ਵਿਚ ਚਲਾ ਜਾਣਾ ਚਾਹੀਦਾ ਏ। ਕਾਰਪੋਰੇਸ਼ਨ ਦੇ ਉਮੀਦਵਾਰਾਂ ਵਾਲੀ ਸੂਚੀ ਵਿਚ।”

”ਤੁਸੀਂ ਚਿੰਤਾ ਹੀ ਨਾ ਕਰੋ।” ਗੁਪਤਾ ਨੇ ਕਿਹਾ, ”ਕਾਰਪੋਰੇਸ਼ਨ ਤੇ ਅਸੈਂਬਲੀ, ਦੋਹਾਂ ਲਿਸਟਾਂ ਵਿਚ। ਸਭ ਨਾਲੋਂ ਉੱਪਰ।”

”ਯਾਦ ਨਾਲ।” ਸ਼ਰਮਾ ਨੇ ਕਿਹਾ।

”ਲਓ ਜੀ! ਕੀ ਗੱਲ ਕਰਦੇ ਹੋ। ਸ਼ਰਮਾ ਜੀ ਤੁਸੀਂ ਆਪ ਹੀ ਦੱਸੋ, ਅੱਜ ਤੱਕ ਤੁਹਾਡਾ ਕੋਈ ਕੰਮ ਰੁਕਿਆ ਹੈ। ਦੱਸੋ, ਤੁਸੀਂ ਕਿਹਾ ਹੋਵੇ ਤੇ ਮੈਂ ਨਾ ਕੀਤਾ ਹੋਵੇ। ਤੁਹਾਡੀ ਕ੍ਰਿਪਾ ਨਾਲ ਅਸੀਂ ਵੀ ਬੰਦਿਆਂ ਦੀ ਪਰਖ ਕਰਨਾ ਸਿੱਖ ਗਏ ਹਾਂ।” ਫੇਰ ਅਵਿਨਾਸ਼ ਵੱਲ ਮੂੰਹ ਕਰਕੇ ਕਹਿਣ ਲੱਗਾ, ”ਨਾ ਪਤਾ ਤਾਂ ਮੈਨੂੰ ਪਤਾ ਹੈ, ਟੈਲੀਫੋਨ ਨੰਬਰ ਹੋਰ ਲਿਖਵਾ ਦਿਓ।” ਸ਼ਰਮਾ ਜੀ ਤੁਸੀਂ ਹੁਕਮ ਕਰਿਆ ਕਰੋ, ਤਾਬੇਦਾਰ ਹਾਂ।”

ਜਗਨਨਾਥ ਦੀ ਕਾਰ ਚੱਲਦਅਿਾਂ ਹੀ ‘ਜ਼ਿੰਦਾਬਾਦ’ ਵਾਲੇ ਲੋਕ ਖਾਣੇ ਦੀਆਂ ਮੇਜ਼ਾਂ ਉੱਤੇ ਟੁੱਟ ਪਏ। ਮੇਜ਼ਾਂ ਕੋਲ ਖੜ੍ਹੇ ਆਦਮੀ ਉਹਨਾਂ ਨੂੰ ਇਕ ਇਕ ਪੈਕਟ ਦਿੰਦੇ ਗਏ। ਹਰ ਪੈਕਟ ਦੋ ਦੋ ਕੁਲਚੇ ਤੇ ਛੋਲਿਆਂ ਦਾ ਡੂੰਨਾ ਸੀ। ਲੋਕ ਲੈ ਕੇ ਖੋਲ੍ਹਦੇ ਤੇ ਖੜ੍ਹੇ ਖੜ੍ਹੇ ਖਾ ਲੈਂਦੇ। ਫੇਰ ਦੂਜੀ ਮੇਜ਼ ‘ਤੇ ਚਲੇ ਜਾਂਦੇ। ਇਸ ਤਰ੍ਹਾਂ ਵੇਖਦੇ ਵੇਖਦੇ ਸਾਰੇ ਪੈਕਟ ਖ਼ਤਮ ਹੋ ਗਏ। ਬਹੁਤ ਸਾਰੇ ਲੋਕ ਪੈਕਟਾਂ ਤੋਂ ਬਿਨਾ ਰਹਿ ਗਏ। ਉਹਨਾਂ ਨੇ ਰੌਲਾ ਪਾਉਣਾ ਸ਼ੁਰੂੁ ਕਰ ਦਿੱਤਾ-ਖਾਣਾ ਕਿੱਥੇ… ਖਾਣਾ… ਮੈਨੂੰ ਨਹੀਂ ਮਿਲਿਆ… ਮੈਨੂੰ ਨਹੀਂ ਮਿਲਿਆ…ਬਸ ਇਤਨਾ ਹੀ ਖਾਣਾ ਸੀ… ਜੰਗੀ ਭਾਈ ਕਿੱਥੇ ਹੈ…। ਜੰਗੀ ਭਾਈ ਉਹਨਾਂ ਦਾ ਨੇਤਾ ਸੀ। ਜੋ ਉਹਨਾਂ ਨੂੰ ਲੈ ਕੇ ਆਇਆ ਸੀ। ਜੰਗੀ ਨੂੰ ਆਵਾਜ਼ਾਂ ਪੈਣ ਲੱਗੀਆਂ। ਕਿਸੇ ਪਾਸੇ ਤੋਂ ਜੰਗੀ ਪ੍ਰਗਟ ਹੋ ਗਿਆ… ਜੰਗੀ ਭਾਈ ਜਾਨ…ਜੰਗੀ ਭਾਈ… ਜੰਗੀ ਭਾਈ। ਜੰਗੀ ਭਾਈ ਨੇ ਸ਼ਰਮਾ ਨੂੰ ਲੱਭਣਾ ਸ਼ੁਰੂ ਕਰ ਦਿੱਤਾ… ਸ਼ਰਮਾ ਕਿੱਥੇ ਹੈ… ਸ਼ਰਮੇ ਨੂੰ ਲੱਭੋ। ਚਾਰੇ ਪਾਸੇ ਸ਼ਰਮਾ-ਸ਼ਰਮਾ ਹੋ ਗਈ। ਕੋਈ ਜਣਾ ਸ਼ਰਮਾ ਨੂੰ ਲੈ ਆਇਆ। ਸ਼ਰਮਾ ਜੀ ਅਹਿ ਖਾਣਾ ਸੀ। ਅਸੀਂ ਤਾਂ ਇਹ ਸਮਝ ਕੇ ਆਏ ਸਾਂ ਪੁੰਨ ਦਾਨ ਕਰਨ ਦਾ ਮੌਕਾ ਹੇ। ਹਲਵਾਈ ਬਿਠਾਉਣਗੇ। ਪੂਰੀ ਕਚੌਰੀ ਮਿਲੇਗੀ। ਠੰਡੇ ਛੋਲੇ ਕੁਚਲੇ। ਉਹ ਵੀ ਏਨੇ ਘੱਟ। ਸ਼ਰਮਾ ਨੂੰ ਕੋਈ ਗੱਲ ਨਹੀਂ ਸੀ ਆ ਰਹੀ। ਉਸ ਨੇ ਜੰਗੀ ਨੂੰ ਕਿਹਾ, ਜੰਗੀ ਭਾਈ ਇਹਨਾਂ ਨੂੰ ਸ਼ਾਂਤ ਕਰੋ। ਸਭ ਦਾ ਘਰ ਪੂਰਾ ਕਰ ਦਿਆਂਗੇ। ਜੰਗੀ ਭਾਈ ਨੇ ਆਪਣੇ ਵਲੋਂ ਐਲਾਨ ਕਰ ਦਿੱਤਾ-ਜਿਨ੍ਹਾਂ ਨੂੰ ਖਾਣਾ ਨਹੀਂ ਮਿਲਿਆ ਉਹਨਾਂ ਨੂੰ ਦਸ ਦਸ ਰੁਪਏ ਹੋਰ ਮਿਲ ਜਾਣਗੇ। ਪਰ ਸ਼ੋਰ ਬੰਦ ਨਾ ਹੋਇਆ। ਕੋਈ ਪੁੱਛਦਾ ਪੈਸੇ ਕਦੋਂ ਦੇਣਗੇ… ਕੋਈ ਕਹਿੰਦਾ ਇਹ ਤਾਂ ਸਰਾ ਸਰ ਠੱਗੀ ਹੈ। ਸ਼ਰਮਾ ਕਹਿਣ ਲੱਗਾ, “ਅਗਲੀ ਵਾਰ ਘਰ ਪੂਰਾ ਕਰ ਦਿਆਂਗੇ। ਅਗਲੀ ਵਾਰ। ਆਪਣਾ ਤਾਂ ਵਾਹ ਪੈਂਦਾ ਹੀ ਰਹਿਣਾ ਹੈ। ਅਗਲੀ ਵਾਰ… ਬਸ ਹੁਣ ਜਾਓ। ਮੈਂ ਜੰਗੀ ਨਾਲ ਪਹੁੰਚਦਾ ਹਾਂ ਰੇਲ ਦੀ ਲਾਈਨ ਉੱਤੇ… ਬਸ ਹੁਣ … ਅਗਲੀ ਵਾਰ ਸਭ ਨੂੰ  ਖੁਸ਼  ਕਰ ਦਿਆਂਗੇ।”

ਫੇਰ ਵੀ ਉਹਨਾਂ ਨੂੰ ਵਿਦਾ ਕਰਦਿਆਂ ਅੱਧਾਂ ਘੰਟਾ ਲੱਗ ਗਿਆ। ਸਭ ਚਲੇ ਗਏ ਤਾਂ ਸ਼ਾਂਤੀ ਵਰਤ ਗਈ। ਅਵਿਨਾਸ਼ ਤੇ ਸ਼ਰਮਾ ਅੰਦਰ ਡਰਾਇੰਗ ਰੂਮ ਵਿਚ ਆ ਬੈਠੇ।

ਚੋਖਾ ਚਿਰ ਚੁੱਪ ਚਾਪ ਬੈਠੇ ਰਹੇ।

”ਸਭ ਕੁਝ ਠੀਕ ਹੋ ਗਿਆ ਸੀ… ਬੱਸ ਖਾਣੇ ਵੇਲੇ…।” ਸ਼ਰਮਾ ਨੇ ਗੱਲ ਸ਼ੁਰੂ ਕੀਤੀ।

ਪਿੱਛੇ ਅਵਿਨਾਸ਼ ਦੀ ਬੀਵੀ ਆ ਖੜੋਤੀ ਸੀ। ਉਹ ਬੋਲੀ, ”ਅਗਲੀ ਵਾਰ ਸਭ ਨੂੰ ਖੁਸ਼ ਕਰ ਦੇਣਾ । ਰਿਸ਼ੀ ਦੇ ਚੌਥੇ ਵੇਲੇ ਖੁਦ ਹਾਈਕਮਾਂਡ ਨੂੰ ਬੁਲਾ ਲੈਣਾ। ਸਭ ਝੁੱਗੀਆਂ ਵਾਲੇ ਇਕੱਠੇ ਕਰ ਲਵਾਂਗੇ। ਹਲਵਾਈ ਬੈਠੇਗਾ… ਸਤ ਪਕਵਾਨੀ ਪੱਕੇਗੀ… ਸਭ ਖੁੁਸ਼ ਜਾਣਗੇ…।”

ਉਸ ਦੀ ਆਵਾਜ਼ ਸੁਣ ਕੇ ਲਾਲਾ ਜੀ ਵੀ ਆ ਗਏ।

”ਬੇਟੀ ਕਿਉਂ ਇਹਨਾਂ ਨਾਲ ਸਿਰ ਖਪਾਣ ਡਹੀਂ ਏ… ਉਹ ਸਾਡਾ ਦੁੱਖ ਵੰਡਾਣ ਨਹੀਂ ਸੀ ਆਏ ਸਾਡਾ ਦੁੱਖ ਲੁੱਟਣ ਆਏ ਸਾ ਨੇ… ਲੁਟੇਰੇ…। ਆਪਣਾ ਪੈਸਾ ਖੋਟਾ ਹੋਵੇ ਤਾਂ ਬਾਣੀਏ ਦਾ ਕੀ ਦੋਸ਼।” ਅੱਗੇ ਲਾਲਾ ਜੀ ਦੀ ਆਵਾਜ਼ ਨਹੀਂ ਨਿਕਲੀ।

LEAVE A REPLY

Please enter your comment!
Please enter your name here

spot_img

Related articles

Free Spin Veren Siteler +100 Bedava Dönüş Kazandıran Siteler

Evet, ücretsiz çevirmelerinizi kullanmaya başlamadan önce bir online casino sitesine kaydolmanız gerekecek. Pek çok kumarhane para yatırmanızı istemez,...

Nejlepší Online Casino Legální České Stránky 2024

Nejlepší Online Casino Legální České Stránky 2024""John & Co On Line Casino Tourbillon 44 Logistik Watch In Dark-colored...

Mostbet Giriş ️ Resmi Casino Empieza Spor Bahisler

Mostbet Giriş ️ Resmi Casino Empieza Spor BahisleriMostbet Türkiye Uygulaması Mostbet Türkiyede Bahis Ve Slot Oyunları Için 1...

تنزيل 1xbet => جميع إصدارات 1xbet V 1116560 تطبيقات المراهنات + مكافأة مجاني

تنزيل 1xbet => جميع إصدارات 1xbet V 1116560 تطبيقات المراهنات + مكافأة مجانية"1xbet لـ Android قم بتنزيل تطبيق...
error: Content is protected !!