ਸਮੁੰਦਰ ਕੋਲ ਮੈਂ
ਸਵੇਰ ਵੇਲਾ ਨਿੱਘੀ ਨਿੱਘੀ ਧੁੱਪ ਦਾ
ਪਾਣੀਆਂ ‘ਤੇ ਜਿਓਂ ਦੂਰ ਦੂਰ ਤਾਈਂ ਕੱਚ ਖਿਲਰਿਆ ਹੋਵੇ
ਮੇਰੇ ਕੋਲ ਮੇਰਾ ਹੁਣ ਤੱਕ ਦਾ ਕਮਾਇਆ
ਨਜ਼ਮ ਦਾ ਲੂਣ ਸੀ
ਪਾਣੀ ਵਰਗੀ ਆਪ-ਬੀਤੀ
ਪਰ ਸਮੁੰਦਰ ਜੇਡਾ ਵਰਕਾ ਨਾ ਸੀ
ਵਗ-ਵਗ ਪੈਂਦਾ ਅਕਸਰ ਤੋੜ ਦੇਂਦਾ ਮੈਂ ਕਿਨਾਰਿਆਂ ਨੂੰ
ਉਹਦੇ ਕੋਲ ਪਹੁੰਚਦਿਆਂ ਹੀ ਪੈਰਾਂ ’ਚ ਰੇਤ ਆਈ
ਮੈਂ ਥੋੜ੍ਹਾ ਰੁਕਿਆ
ਸਵੇਰ ਤੋਂ ਸ਼ਾਮ ਤੀਕ
ਸਾਡੇ ਵਿਚਕਾਰ ਕੋਈ ਗੱਲ ਨਾ ਹੋਈ
ਨਾ ਉਸ ਨੇ ਆਪਣੀਆਂ ਛੱਲਾਂ ਦੀ ਪ੍ਰੀਭਾਸ਼ਾ ਦੱਸੀ
ਨਾ ਹੀ ਮੈਂ ਕੀਤਾ ਤ੍ਰੇਹ ਦਾ ਪਾਠ
ਪਰ ਮੇਰੇ ਅੰਦਰ ਕਿਤੇ ਬੂੰਦ ਵੀ ਡਿੱਗਦੀ
ਤਾਂ ਉਹ ਝਟ ਆਵਾਜ਼ ਸੁਣ ਲੈਂਦਾ
ਛਪ-ਛਪ ਮਨ ’ਚ ਤੁਰਦੀਆਂ ਆਵਾਜ਼ਾਂ ਸੁਣ
ਕਿਸੇ ਨੂੰ ਹਵਾ ’ਚ ਹੀ ਕੋਈ ਇਸ਼ਾਰਾ ਕਰਦਾ
ਸੂਰਜ ਥੋੜ੍ਹਾ ਖਿਸਕਦਾ
ਖਜੂਰ ਦੇ ਰੁੱਖ ਪਿੱਛੇ ਹੁੰਦਾ
ਛਾਂ ਬੋਲਦੀ
ਚੁੱਪ ਸੁਣਦੀ
ਮੈਂ ਦੇਖਦਾ
ਉਹ ਵੱਡੇ-ਵੱਡੇ ਜਹਾਜ਼ਾਂ ਨੂੰ ਤੁਰਨ ਦੀ ਤਰਤੀਬ ਦੇਂਦਾ ਦੇਂਦਾ
ਖ਼ੁਦ ਕਿਸੇ ਘੋਗੇ ਦੇ ਪੈਰਾਂ ’ਚ ਬੈਠ ਜਾਂਦਾ
ਨਿੱਕੀਆਂ-ਨਿੱਕੀਆਂ ਮੱਛਲੀਆਂ ਨਾਲ ਜ਼ਿਆਦਾ ਪਿਆਰ ਕਰਦਾ
ਉਹ ਉਹਨਾਂ ਲਈ ਉੱਥੇ ਵੀ ਜਗ੍ਹਾ ਬਣਾ ਦੇਂਦਾ
ਜਿੱਥੇ ਉਹ ਆਪ ਵੀ ਨਾ ਹੁੰਦਾ
ਇੰਝ ਕਰਦਿਆਂ ਪੱਥਰਾਂ ਨੂੰ ਪਤਾ ਨਹੀਂ ਕੀ ਕਹਿੰਦਾ
ਉਹ ਚੁੱਪ-ਚਾਪ ਆਪਣੀ ਜਗ੍ਹਾ ਛੱਡ ਕੇ ਪਰੇ ਹੋ ਜਾਂਦੇ
ਵੱਡੀਆਂ-ਵੱਡੀਆਂ ਚਟਾਨਾਂ ਦੀ ਸਲੇਟ ’ਤੇ
ਲੂਣ ਦੇ ਅੱਖਰਾਂ ਨਾਲ
ਬੱਚੇ ਵਾਂਗ ਊੜਾ ਐੜਾ ਲਿਖਦਾ
ਲਿਖਦਾ-ਲਿਖਦਾ ਦੂਰ ਦੁਰਾਡੇ ਤੱਟਾਂ ’ਤੇ ਫੈਲ ਜਾਂਦਾ
ਕਿਸੇ ਆਦਿਵਾਸੀ ਕੁੜੀ ਕੋਲ ਆਦਿ ਸ਼ਬਦ ਪੜ੍ਹਨ
ਇਕ ਵੇਲੇ ਉਹਦੀ ਇਕ ਸਿੱਪੀ ਕੋਲ ਖੜ੍ਹਾ ਸਾਂ
ਤਾਂ ਮੈਨੂੰ ਪਤਨੀ ਦੇ ਚੇਤਿਆਂ ’ਚ
ਫਰਾਕ ਪਾ ਖੜ੍ਹੀ ਅਣਜੰਮੀ ਧੀ ਦਾ ਚੇਤਾ ਆਇਆ
ਇਕ ਵੇਲੇ ਮੈਨੂੰ ਉਹ ਸਾਰੇ ਦਾ ਸਾਰਾ
ਬੇਟੇ ਦੀ ਗਰਮੀਆਂ ਵਾਲੀ ਠੰਡੀ ਬੋਤਲ ਜਿਹਾ
ਇਕ ਵੇਲੇ ਪਿਤਾ ਦੇ ਦੰਦ ਰੱਖਣ ਵਾਲੀ ਡੱਬੀ ਜਿਹਾ
ਇਕ ਵੇਲੇ ਭੈਣ ਜਿਹਾ
ਇਕੱਲਾ ਡੋਲਦਾ ਪਰਦੇਸਾਂ ’ਚ ਪਿਆਰਿਆਂ ਨੂੰ ਉਡੀਕਦਾ
ਨਿੱਕੀਆਂ-ਨਿੱਕੀਆਂ ਬੇੜੀਆਂ ਆਸਰੇ ਗਾਉਂਦਾ ਹੱਸਦਾ
ਡੂੰਘਾਂ ਵਿਚੋਂ ਰੋਂਦਾ
ਹਨੇਰਾ ਹੋਣ ਲੱਗਾ ਸੀ
ਮੈਂ ਉਪਰ ਵੱਲ ਤੱਕਿਆ
ਜਿਵੇਂ ਅਸਮਾਨ ਹੁਣੇ ਇਸ ਨੂੰ ਆਪਣੇ ਘੜੇ ’ਚ ਭਰ ਲਵੇਗਾ
ਏਨੇ ਨੂੰ ਬਾਰਿਸ਼ ਹੋਣ ਲੱਗੀ
ਸਮੁੰਦਰ ਅਸਮਾਨ ਦੇ ਪਿਆਰ ਨਾਲ ਬੂੰਦ ਬੂੰਦ ਭਰ ਗਿਆ
ਚੁੰਮਣਾਂ ਦੀ ਇਸ ਬੂੰਦਾ ਬਾਂਦੀ ’ਚ
ਬਾਰਿਸ਼ ਦੇ ਕਸਾਵ ’ਚ ਬਿਨਾ ਦੱਸਿਆਂ
ਮੈਂ ਉਸ ਨੂੰ ਛੱਡ ਮੁੜ ਆਇਆ ਪਰ
ਸ਼ੀਸ਼ੇ ’ਚ ਤੱਕਿਆ
ਅੱਖ ’ਚ ਇਕ ਮੱਛਲੀ ਤੈਰ ਰਹੀ ਸੀ।