“ਵਿਆਨਾ’ਚ ਸਾਡੇ ਸੰਤ ਜੀ ਨੂੰ ਕਤਲ ਕਰਤਾ… ਤੁਸੀਂ ਸਾਨੂੰ ਇਓ ਨੀਂ ਮਾਰ ਸਕਦੇ… ਇਓ ਨੀਂ ਅਸੀਂ ਡਰਨ ਲੱਗੇ।ਕੁੱਤਿਓ – ਕੰਜਰੋ …”।
ਪ੍ਰੋ. ਦੇਸ਼ਬੰਧੂ ਦੀ ਨੀਮਬੇਹੋਸ਼ੀ ਵਿਚ ਥਥਲਾਹਟ ਭਰੀ ਆਵਾਜ ਉੱਭਰੀ । ਆਵਾਜ਼ ਪਿੱਛੋਂ ਨਿੱਕਲੀ ਉੱਚੀ ਤਿੱਖੀ ਚੀਕ ਚੌਧਰੀ ਹਸਪਤਾਲ ਦੇ ਆਈ.ਸੀ.ਯੂ. ਨੂੰ ਚੀਰਦੀ ਹੋਈ ਜਨਰਲ ਵਾਰਡ ਤੱਕ ਪੱਸਰ ਗਈ। ਇੱਕ ਵਾਰਗੀ ਸਭ ਨਜ਼ਰਾਂ ਪ੍ਰੋ ਦੀ ਚੀਕ ਵੱਲ ਹੀ ਮੁੜ ਗਈਆਂ। ਕੋਲ ਬੈਠੀ ਡਿਊਟੀ ਨਰਸ ਭਵੱਤਰਿਆਂ ਵਾਂਗ ਭੁੜਕ ਕੇ ਉੱਠੀ। ਉਹ ਜਲਦੀ-ਜਲਦੀ ਓਹੜ-ਪੋਹੜ ਕਰਨ ਲੱਗ ਪਈ। ਫਟਾਫਟ ਉਸ ਨੇ ਨੀਂਦ ਦਾ ਟੀਕਾ ਪ੍ਰੋ. ਦੇ ਸੱਜੇ ਹੱਥ ਉਪਰ ਖੁਭੀ ਪਈ ਨੀਡਲ ਵਿੱਚ ਠੋਕ ਦਿੱਤਾ। ਨਸ਼ੇ ਦੇ ਟੀਕੇ ਨੇ ਜਲਦ ਅਸਰ ਵਿਖਾਇਆ।ਪ੍ਰੋ. ਦੀਆਂ ਅੱਖਾਂ ਮਿਚਣ ਲੱਗੀਆਂ।
“ਆਹ ਪਤਾ ਨਹੀਂ ਕੀ ਭਾਣਾ ਵਾਪਰ ਗਿਆ ! ਚੰਦਰੀ ਕਿਸਮਤ ਈ ਮਾੜੀ ਐ ! ਹੁਣ ਤਾਂ ਭਾਜੀ, ਸੁੱਖ ਨਾਲ ਡੇਰੇ ਦੇ ਨਿੱਤਨੇਮੀ ਵੀ ਬਣਗੇ ਸੀ!ਇਸ ਗੱਲੋਂ ਬੀਬੀ ਬਾਹਲੀ ਖੁਸ਼ ਸੀ।ਕਹਿੰਦੀ ,ਹੁਣ ‘ਲਾਦ ਦਾ ਸੁੱਖ ਵੀ ਵੇਖ ਲਊ ਮੇਰਾ ਬੰਧੂ ”।
ਆਰਤੀ ਆਪਣੇ ਹੀ ਵੇਗ’ਚ ਬੋਲੀ ਜਾ ਰਹੀ ਸੀ । ਸਹਿਜ ਦਾ ਧਿਆਨ ਆਪਣੇ ਸੱਜੇ ਗੁੱਟ ਵੱਲ ਚਲਾ ਗਿਆ।ਦੇਸ਼ਬੰਧੂ ਨੇ ਉਸ ਦੇ ਗੁੱਟ ਨੂੰ ਫੜਿਆ ਹੋਇਆ ਸੀ।ਉਸਦੇ ਹੱਥ ਦੀ ਪਕੜ ਸਹਿਜ ਦੇ ਗੁੱਟ ਤੇ ਅਜੇ ਵੀ ਪੂਰੀ ਪੀਡੀ ਸੀ।ਉਹ ਸ਼ਾਇਦ ਸੁਪਨੇ ਵਿੱਚ ਵੀ ਉਸ ਨਾਲ ਸਾਂਝ ਦੀ ਤੰਦ ਨੂੰ ਇਓ ਹੀ ਬਣਾਈ ਰੱਖਣਾ ਚਾਹੁੰਦਾ ਹੋਵੇ।ਸਹਿਜਪਾਲ ਨੂੰ ਆਪਣੇ ਗੁੱਟ ਤੇ ਕੁਝ ਰੀਂਘਦਾ ਮਹਿਸੂਸ ਹੋਇਆ।
ਇਸੇ ਸੱਜੇ ਗੁਟ ਨੂੰ ਨੌਂ ਮਹੀਨੇ ਪਹਿਲਾਂ ਦੇਸ਼ਬੰਧੂ ਨੇ ਕਾਲਜ ਦੇ ਸਟਾਫ਼ ਰੁੂਮ ਵਿੱਚ ਅਚਾਨਕ ਪਕੜ ਲਿਆ ਸੀ।ਸਹਿਜਪਾਲ ਦਾ ਕਾਲਜ ਵਿੱਚ ਤੀਸਰਾ ਦਿਨ ਸੀ।ਉਹ ਸਟਾਫ਼ ਰੂਮ ਵਿੱਚ ਦਾਖਲ ਹੋਇਆ ਹੀ ਸੀ ਕਿ ਦੇਸ਼ਬੰਧੂ ਨਾਲ ਉਸ ਦਾ ਸਾਹਮਣਾ ਹੋ ਗਿਆ।ਸਟਾਫ਼ ਸੈਕਟਰੀ ਪ੍ਰੋ.ਚੱਠਾ, ਸਹਿਜਪਾਲ ਦੀ ਰਸਮੀ ਜਾਂਣ-ਪਛਾਣ ਕਰਾਉਣ ਦੇ ਉਦੇਸ਼ ਨਾਲ ਉਸ ਵਕਤ ਉਥੇ ਸੀ । ਵੈਸੇ ਉਹ ਆਪਣੇ ਵੱਖਰੇ ਕਮਰੇ ਵਿੱਚ ਬੈਠਦਾ ।ਚੱਠੇ ਨੇ ਅਜੇ ਇਕ ਦੋ ਸ਼ਬਦ ਹੀ ਕਹੇ ਸਨ ਕਿ ਵਿੱਚੋਂ ਟੋਕ ਕੇ ਦੇਸ਼ਬੰਧੂ ਬੋੋੋੋਲਿਆ,
“ਛੱਡੋ ਪ੍ਰੋੋ. ਸਾਹਿਬ, ਬੰਦੇ ਦੇ ਕੰਮ ਨਾਲ ਉਹਦੀ ਪਛਾਣ ਆਪੇ ਹੋ ਜਾਣੀ ਹੁੰਦੀ ਐ।ਬਹੁਤਾ ਫਾਰਮੈਲਟੀਜ਼ ਵਿੱਚ ਨਾ ਪਿਆ ਕਰੋ”।
ਚੱਠਾ ਕੁਝ ਛਿੱਥਾ ਜਿਹਾ ਪੈ ਗਿਆ।ਪਰ ਉਸ ਨੇ ਕੋਈ ਮੋੜਵਾਂ ਵਾਰ ਕਰਨ ਦੀ ਬਜਾਇ ਇਸ ਸਭ ਨੂੰੰ ਇਓ ਹਜ਼ਮ ਕਰ ਲਿਆ ਜਿਵੇਂ ਇਹ ਕੋਈ ਸਿਹਤਵਰਧਕ ਟਾਨਿਕ ਹੋਵੇ।ਉਹ ਉਨ੍ਹੀਂ ਪੈਂਰੀ ਹੀ ਆਪਣੇ ਕਮਰੇ ਵੱਲ ਨੂੰ ਮੁੜ ਗਿਆ।ਲਗਭੱਗ ਅੱਧਾ ਸਟਾਫ਼ ਇਸ ਵਕਤ ਪੀਰੀਅਡ ਦੀ ਘੰਟੀ ਹੋਈ ਹੋਣ ਕਾਰਣ ਸਟਾਫ਼ ਰੂਮ ਵਿੱਚ ਹੀ ਸੀ।ਦੇਸ਼ਬੰਧੂ ਇੱਕਾਇੱਕ ਆਪਣੀ ਸੀਟ ਤੋਂ ਉੱਠ ਕੇ ਸਿੱਧਾ ਪ੍ਰੋ. ਸਹਿਜਪਾਲ ਕੋਲ ਆਇਆ।ਉਸ ਦੀ ਬਾਂਹ ਨੂੰ ਸੱਜੇ ਗੁੱਟ ਤੋਂ ਕੱਸ ਕੇ ਪਕੜਿਆ ਤੇ ਆਪਣੇ ਨਾਲ ਉਸ ਨੂੰ ਵੀ ਬਾਹਰਲੇ ਲਾਅਨ ਵਿੱਚ ਲੈ ਆਇਆ।ਉਸਦੇ ਬੁੱਲ ਫੜਫੜਾਏ,
“ਮੈਂ ਤੁਹਾਨੂੰ ਕਾਲਜ ਵੜਦਿਆਂ ਹੀ ਤੱਕ ਲਿਆ ਸੀ।ਮੈਨੂੰ ਤੁਹਾਡੇ ਮਸਤਕ ਵਿੱਚ ਕੁਝ ਖਾਸ ਜਾਪਿਆ।ਐਵੇਂ ਨਹੀਂ ਇਨ੍ਹਾਂ ਚੱਠਿਆਂ- ਚੁਠਿਆਂ ਦੇ ਮਗਰ ਲੱਗਣਾ।ਮੈਨੂੰ ਗਲਤ ਨਾ ਜਾਣਿਓ,ਇਹ ਗਂੈਗਬਾਜ਼ ਬੰਦੇ ਨੇ”।
ਏਨੀ ਗੱਲ ਕਹਿ ਤੇ ਬਿਨਾਂ ਸਹਿਜਪਾਲ ਦਾ ਕੋਈ ਉੱਤਰ ਉਡੀਕੇ ਉਹ ਉਸ ਨੂੰ ਕੰਟੀਨ ਵੱਲ ਲੈ ਤੁਰਿਆ।ਕੰਟੀਨ ਵਿੱਚ ਵਿਦਿਆਰਥੀਆਂ ਦੀ ਕਾਫੀ ਰੌਣਕ ਸੀ।ਚਾਰ ਪੰਜ ਵਿਦਿਆਰਥੀ ਦੇਸ਼ਬੰਧੂ ਦੇ ਗੋਡੀ ਹੱਥ ਲਾਉਣ ਲਈ ਝੁਕੇ।ਕੰਟੀਨ ਵਿਚਲੇ ਸਟਾਫ਼ ਲਈ ਰਾਖਵੇਂ ਟੇਬਲ ਤੇ ਬੈਠਦਿਆਂ ਦੇਸ਼ਬੰਧੂ ਬੋੋਲਿਆ,
“ਪ੍ਰੋ.ਸਾਹਿਬ, ਇਹ ਵਿਦਿਆਰਥੀ ਹੀ ਸਾਡੇ ਅਸਲੀ ਦੋਸਤ ਨੇ।ਇਨ੍ਹਾਂ ਨਾਲ ਪਿਆਰ ਕਰੋ,ਇਨ੍ਹਾਂ ਦੇ ਕੰਮ ਆਵੋ,ਠੋਕ ਕੇ ਪੜ੍ਹਾਓ,ਬੱਸ ਇਹੀ ਅਸਲੀ ਗੱਲ ਐ, ਬਾਕੀ ਸਭ ਜਾਲ੍ਹੀਪੁਣਾ”।
ਗੱਲ ਮੁਕਾਂਦਿਆਂ ਤੇ ਨਾਲ ਹੀ ਸੱਜੇ ਹੱਥ ਦੀ ਪਹਿਲੀ ਉਗਲ ਨਾਲ ਹਵਾ ਵਿੱਚ ਕਾਂਟਾ ਮਾਰਦਿਆਂ ਉਸ ਨੇ ਬਾਕੀ ਸਭ ਕੁਝ ਇੱਕ ਝਟਕੇ ਵਿੱਚ ਹੀ ਰੱਦ ਕਰ ਸੁੱਟਿਆ।ਅਗਲੇ ਹੀ ਪਲ ਉਹ ਸਹਿਜਪਾਲ ਦੇ ਮੱਥੇ ਤੇ ਤਿੱਖੀ ਨਜ਼ਰ ਗੱਡਦਿਆਂ ਕਹਿਣ ਲੱਗਾ,
“ਵੈਸੇ ਤਾਂ ਸੈਕਸ਼ਪੀਅਰ ਕਹਿੰਦਾ ਕਿ ਨਾਮ ਵਿੱਚ ਕੀ ਪਿਆ , ਫਿਰ ਵੀ ਨਾਮ ਦੱਸਣ ਵਿੱਚ ਕੀ ਹਰਜ ਹੈ ?”
“ਸਹਿਜਪਾਲ ਸਿੰਘ ਸੰਧੂ” ਅੱਗਿਓ ਧੀਮਾ ਜਿਹਾ ਜੁਆਬ ਆਇਆ
“ਸਹਿਜਪਾਲ ਹੀ ਕਾਫੀ ਹੈ।ਸਗੋਂ ਸਹਿਜ ਜਿਆਦਾ ਬਿਹਤਰ ਲੱਗਦਾ,ਪਾਲ ਵੀ ਲਾਹ ਦਿਓ ।ਬੜਾ ਪਿਆਰਾ ਨਾਮ ਹੈ।ਆਪਣੀ ਦੋਸਤੀ ਜੰਮ ਸਕਦੀ ਐ।ਤੁਹਾਡੇ’ਚ ਗੱਲ ਲੱਗਦੀ ਐ।ਕਾਲਜ ਨੂੰ ਤੁਹਾਡੇ ਵਰਗੇ ਨੌਜਵਾਨ ਅਗਾਂਹਵਧੂ ਬੰਦਿਆਂ ਦੀ ਲੋੜ ਐ।ਇਹ ਬਰੀਡ ਈ ਮੁੱਕ ਚੱਲੀ ਏ”।
ਦੇਸ਼ਬੰਧੂ ਇੱਕੋ ਸਾਹੇ ਕਈ ਕੁਝ ਕਹਿ ਗਿਆ।ਚਾਹ ਦੇ ਕੱਪ ਸ਼ੁਰੂ ਹੋਣ ਨਾਲ ਹੀ ਦੋਸਤੀ ਦੀ ਸ਼ੁਰੂਆਤ ਹੋ ਗਈ।ਸਹਿਜਪਾਲ ਨੂੰ ਵੀ ਬੰਦਾ ਦਿਲਚਸਪ ਜਾਪਿਆ।ਉਸ ਦੀ ਗੱਲਬਾਤ ਵਿੱਚ ਇੱਕ ਕਸ਼ਿਸ਼ ਸੀ ।ਬਾਕੀ ਸਟਾਫ਼ ਵਿੱਚੋ ਕਿਸੇ ਨਾਲ ਬਹੁਤੀ ਗੱਲ ਸਾਂਝੀ ਨਹੀਂ ਸੀ ਹੋਈ।ਸਬੱਬ ਹੀ ਨਹੀਂ ਸੀ ਬਣਿਆਂ ।ਪਿਛਲੇ ਦੋ ਦਿਨ ਉਹ ਚੁੱਪਚਾਪ ਸਟਾਫ਼ ਰੂਮ ਤੋਂ ਕਲਾਸ ਤੇ ਕਲਾਸ ਤੋਂ ਸਟਾਫ਼ ਰੂਮ ਦਾ ਸਫਰ ਕਰਦਾ ਰਿਹਾ ਸੀ ।ਸਭ ਸਟਾਫ਼ ਇੱਕ ਅਜੀਬ ਕਿਸਮ ਦੀ ਕਾਹਲ ਵਿੱਚ ਜਾਪਦਾ।ਕਲਾਸਾਂ ਮੁਕਾ ਸਭ ਇਓ ਭੱਜਣ ਦਾ ਯਤਨ ਕਰਦੇ ਜਿਵੇਂ ਤੁਰੰਤ ਕਾਲਜ ਖਾਲੀ ਕਰਨ ਦਾ ਮਿਲਟਰੀ ਆਰਡਰ ਹੋਇਆ ਪਿਆ ਹੋਵੇ।
ਕੁਝ ਦਿਨਾਂ ਵਿੱਚ ਹੀ ਸਹਿਜ ਨੇ ਇਹ ਗੱਲ ਭਾਂਪ ਲਈ ਕੇ ਜਦ ਸਭ ਜਾ ਚੁੱਕੇ ਹੁੰਦੇ ਤਾਂ ਦੇਸ਼ਬੰਧੂ ਆਰਟਸ ਬਲਾਕ ਦੀ ਇੱਕ ਗੁੱਠ ਵਿੱਚ ਬਣੇ ਛੋਟੇ ਜਿਹੇ ਕਮਰੇ ਵਿੱਚ ਜਾ ਬੈਠਦਾ।ਉਹ ਐਸ.ਸੀ.ਵਿਦਿਆਰਥੀਆਂ ਦੀ ਭਲਾਈ ਲਈ ਬਣੀ ਕਮੇਟੀ ਦਾ ਇੰਚਾਰਜ ਸੀ।ਇਹ ਕਮਰਾ ਉਸੇ ਦੀ ਬਦੌਲਤ ਸੀ । ਸਹਿਜ ਛੜਾ-ਛੜਾਂਗ ਸੀ ।ਉਸ ਨੂੰ ਘਰ ਜਾਣ ਦੀ ਕੋਈ ਕਾਹਲ ਨਾ ਹੁੰਦੀ ।ਉਹ ਵੀ ਦੇਸ਼ਬੰਧੂ ਦੇ ਕਮਰੇ ਵਿੱਚ ਬੈਠਣ ਲੱਗ ਪਿਆ।ਫਿਰ ਇਹ ਉਸਦਾ ਰੁਟੀਨ ਹੀ ਬਣ ਗਿਆ।ਦੇਸ਼ਬੰਧੂ ਵਿਦਿਆਰਥੀਆਂ ਦੀਆਂ ਗੱਲਾਂ ਸੁਣਦਾ,ਉਨ੍ਹਾਂ ਨੂੰ ਜ਼ਿੰਦਗੀ ਜਿਊਣ ਦੇ ਗੁਰ ਦੱਸਦਾ।ਬੇਇਨਸਾਫੀ ਖਿਲਾਫ ਹਿੱਕ ਡਾਹ ਕੇ ਖੜ੍ਹੇ ਹੋਣ ਦੇ ਪਾਠ ਪੜ੍ਹਾਉਦਾ ਪੂਰਾ ਜਜ਼ਬਾਤੀ ਹੋ ਜਾਂਦਾ।ਪਤਾ ਨਹੀਂ ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਜਾ ਨਹੀਂ ਪਰ ਉਸ ਦੀਆਂ ਗੱਲਾਂ ਸਹਿਜ ਵਿਦਿਆਰਥੀਆਂ ਤੋਂ ਵੀ ਵੱਧ ਧਿਆਨ ਨਾਲ ਸੁਣ ਰਿਹਾ ਹੁੰਦਾ।ਇਸ ਸਭ ਦੇ ਚੱਲਦਿਆਂ ਸਹਿਜ ਨੂੰ ਖੁਦ ਵੀ ਪਤਾ ਨਾਂ ਲੱਗਾ ਕਿ ਦੇਸ਼ਬੰਧੂ ਉਸ ਲਈ ਕਦ ਬੰਧੂ ਬਣ ਗਿਆ।ਉਹ ਉਸ ਦੀਆਂ ਗੱਲਾਂ ਦਾ ਆਦੀ ਜਿਹਾ ਹੋ ਗਿਆ।ਇਸ ਨੂੰ ਦੇਸ਼ਬੰਧੂ ਨੇ ‘ਅਡਿਕਟਡ ਫ੍ਰਂੈਡਸ਼ਿਪ’ ਦਾ ਨਾਮ ਦੇ ਦਿੱਤਾ।
ਵੈਸੇ ਦੇਸ਼ਬੰਧੂ ਨੂੰ ਇਓ ਇਕੱਲਿਆਂ ਕਮਰੇ ਵਿੱਚ ਬੈਠਣਾ ਕਦੇ ਵੀ ਚੰਗਾ ਨਹੀਂ ਸੀ ਲੱਗਦਾ।ਉਸਦਾ ਖਿਆਲ ਸੀ ਕਿ ਬੰਦੇ ਨੂੰ ਸਮੁੰਦਰ ਵਾਂਗ ਫੈਲ ਕੇ ਜਿਊਣਾ ਚਾਹੀਦਾ।ਉਹ ਅਕਸਰ ਆਖਦਾ “ਇਹ ਵੀ ਕੀ ਹੋਇਆ ਕਿ ਬੰਦਾ ਆਪਣੇ ਆਪ’ਚ ਸੁੰਗੜੀ ਫਿਰੇ”।
ਸਟਾਫ਼ ਰੂਮ ਨੂੰ ਉਹ ਸਮੁੰਦਰ ਤੇ ਆਪਣੇ ਨਿੱਜੀ ਕਮਰੇ ਨੂੰ ਖੂਹ ਆਖਦਾ। ਉਸਦੇ ਬੋਲੇ ਉੱਚੇ ਬੋਲਾਂ ਨਾਲ ਖਾਲੀ ਸਟਾਫ਼ ਰੂਮ ਵੀ ਭਰਿਆ-ਭਰਿਆ ਜਾਪਦਾ।ਉਸ ਕੋਲ ਆਉਣ ਵਾਲੇ ਵਿਦਿਆਰਥੀਆਂ ਦਾ ਤਾਂਤਾ ਲੱਗਾ ਰਹਿੰਦਾ।ਕੁਝ ਸਟਾਫ ਮੈਂਬਰ ਉਸਦੀ ਇਸ ਆਦਤ ਤੋਂ ਖਿਝਦੇ ਪਰ ਉਸ ਨਾਲ ਬਹਿਸਣ ਤੋਂ ਪ੍ਰਹੇਜ਼ ਕਰਦੇ।ਇੱਕ ਦਿਨ ਹੌਂਸਲਾ ਕਰਕੇ ਉਸਦੇ ਵਿਭਾਗ ਦੀ ਮੈਡਮ ਭਾਟੀਆ ਕਲਪੀ
“ਬੰਦੂ ਜੀ, ਇਨ ਬੱਚੋਂ ਕੋ ਬਾਹਰ ਹੀ ਅਟੈਂਡ ਕਰ ਲੀਆ ਕੀਜੇ।ਦੇਖੀਏ ਕਾਰਪੈਟ ਪੇ ਡਸਟ ਹੀ ਡਸਟ ਬਿਖਰੀ ਪੜ੍ਹੀ ਹੈ”।
ਇਹ ਕਹਿ ਉਸ ਆਪਣੇ ਨਾਲ ਘਰੋਂ ਲਿਆਂਦੀ ਮਿਨਰਲ ਵਾਟਰ ਦੀ ਬੋਤਲ ਨੂੰ ਸਿੱਪ ਕੀਤਾ।ਸ਼ਾਇਦ ਉਹ ਆਪਣੇ ਅੰਦਰ ਉੱਠ ਰਹੇ ਕ੍ਰੋਧ ਦੀ ਅੱਗ ਨੂੰ ਬੁਝਾਉਣ ਦਾ ਉਪਰਾਲਾ ਕਰ ਰਹੀ ਸੀ।ਪਰ ਬੰਧੂ ਤਾਂ ਇਹੋ ਜਿਹੀਆ ਗੱਲਾਂ ਨੂੰ ਹਾਸੇ ਦੇ ਠਹਾਕੇ ਨਾਲ ਹਵਾ ਵਿੱਚ ਉਡਾਉਣ ਦਾ ਮਾਹਰ ਸੀ,
“ਮੈਡਮ ਜੀ ,ਇਨ੍ਹੀ ਕੀ ਕਿਰਪਾ ਸੇ ਸਜੇ ਹਮ ਹੈਂ।ਮਿੱਟੀ, ਲੈਅ ਮਿੱਟੀ ਦਾ ਕੀ ਐ, ਲਿਆਓ ਮੈਂ ਸਾਫ ਕਰ ਦਿੰਨਾ”।
ਇਹ ਆਖ ਉਹ ਆਪਣੀ ਸੀਟ ਤੋਂ ਉੱਠ ਆਪਣੇ ਬੂਟਾਂ ਦੇ ਤਲੇ ਨਾਲ ਮਿੱਟੀ ਨੂੰ ਹੂੰਝਣ ਦਾ ਯਤਨ ਜਿਹਾ ਕਰਨ ਲੱਗ ਪਿਆ।ਮਿੱਟੀ ਸਾਫ਼ ਹੋਣ ਦੀ ਬਜਾਇ ਬੂਟਾ ਦੀ ਰਗੜ ਨਾਲ ਹੋਰ ਵੀ ਚਮਕਣ ਲੱਗ ਪਈ।ਮੈਡਮ ਭਾਟੀਆ ਫਿਰ ਖਿਝੀ,
“ਪ੍ਰੋ ਸਾਹਿਬ ਕੁਛ ਅਪਨੇ ਸਟੇਟਸ ਕਾ ਖਿਆਲ ਕੀਜੇ।ਵੋਹ ਬਾਹਰ ਬੈਠੀ ਹੂਈ ਗੱਪੇ ਹਾਂਕ ਰਹੀ ਹੈ।ਇਨ ਲੋਗੋ ਕੋ ਆਪ ਨੇ ਸਿਰ ਚੜ੍ਹਾ ਰੱਖਾ ਹੈ।ਯਹ ਲੋਗ ਤੋ ਪਤਾ ਨਹੀਂ ਕਿਸ ਬਾਤ ਕੀ ਤਨਖਵਾਹ ਲੈਤੇ ਹੈਂ।ਬਾਤ ਕਰੋ ਤੋ ਸਿਰ ਕੋ ਆਤੇ ਹੈਂ।ਇਸ ਕਾਲਜ ਮੇਂ ਸਬ ਕੁਛ ਉਲਟਾ- ਸੁਲਟਾ ਹੋਨੇ ਲਗਾ ਹੈ”।
ਭਾਟੀਆ ਮੈਡਮ ਨੇ ਤਾਂ ਆਪਣਾ ਗੁੱਭ-ਗੁਭਾਟ ਕੱਢ ਲਿਆ ਪਰ ਇਸ ਨਾਲ ਬੰਧੂ ਦਾ ਚਿਹਰਾ ਸਖਤ ਹੋਣ ਲੱਗ ਪਿਆ ।ਉਸ ਦੀਆ ਮੁੱਠੀਆਂ ਭਿਚਣ ਲੱਗੀਆਂ।ਉਹ ਉੱਠਿਆ ਤੇ ਤੇਜੀ ਨਾਲ ਕਮਰੇ ਵਿੱਚੋਂ ਬਾਹਰ ਨਿੱਕਲ ਗਿਆ।ਉਸ ਨੂੰ ਜਾਪਿਆ ਜੇ ਉਹ ਕੁਝ ਚਿਰ ਹੋਰ ਬੈਠਾ ਰਿਹਾ ਤਾਂ ਕੋਈ ਵੀ ਵਿਸਫੋਟ ਹੋ ਸਕਦਾ ਹੈ।ਜਲਦੀ ਹੀ ਅਗਲੇ ਪੀਰੀਅਡ ਦੀ ਘੰਟੀ ਹੋ ਗਈ ਤੇ ਦੇਸ਼ਬੰਧੂ ਦਾ ਵਿਸਫੋਟ ਵਿਦਿਆਰਥੀਆਂ ਦੇ ਸ਼ੋਰ-ਸ਼ਰਾਬੇ ਵਿੱਚ ਦਫਨ ਹੋ ਗਿਆ।ਪਰ ਨਹੀਂ, ਇਹ ਅਂੈਵੇ ਭੁਲੇਖਾ ਸੀ ।ਇਹ ਭੁਲੇਖਾ ਉਸ ਦੇ ਨਾਲ ਇਸ ਵੇਲੇ ਚੱਲਣ ਵਾਲਾ ਕੋਈ ਵੀ ਖਾ ਸਕਦਾ ਸੀ।ਇਸ ਗੱਲ ਦਾ ਅਹਿਸਾਸ ਸਹਿਜ ਨੂੰ ਬੜੀ ਦੇਰ ਬਾਦ ਹੋਇਆ ।ਉਸ ਦੇ ਅੰਦਰ ਤਾਂ ਕੋਈ ਡੂੰਘੀ ਖੁਭੀ ਬੈਠੀ ਛਿਲਤਰ ਜੋਰ ਨਾਲ ਟੱਸ-ਟੱਸ ਕਰਨ ਲੱਗ ਪਈ ਸੀ।’ਸਿਰ ਕੋ ਆਤੇ ਹੈਂ’ਸ਼ਬਦ ਉਸਦੇ ਸਿਰ ਵਿੱਚ ਵਦਾਨ ਵਾਂਗ ਵੱਜਣ ਲੱਗ ਪਿਆ।ਪੰਜਤਾਲੀ ਸਾਲ ਪਹਿਲਾਂ ਬੀਤੀਆਂ ਦਾ ਚੀਕ ਚਿਹਾੜਾ ਸਿਰ ਚੁਕਣ ਲੱਗਾ।ਉਸਦੇ ਜ਼ਿਹਨ ਵਿੱਚ ਮਾਂ ਦੀ ਉਂਗਲ ਨਾਲ ਤੁਰੇ ਆਉਂਦੇ ਪਰਿਵਾਰ ਦਾ ਆਕਾਰ ਫੈਲਣਾ ਸ਼ੁਰੂ ਹੋ ਗਿਆ।ਰਾਜਸਥਾਨ ਦੇ ਰੇਤਲੇ ਟਿੱਬਿਆਂ ਵਿੱਚ ਉਸ ਦੀਆਂ ਨਿੱਕੀਆਂ-ਨਿੱਕੀਆਂ ਲੱਤਾਂ ਖੁਭ-ਖੁਭ ਜਾ ਰਹੀਆਂ ਸਨ।ਪਿਛੋਕੜ ਵਿੱਚ ਅਵਾਜ਼ਾਂ ਦਾ ਸ਼ੋਰ ਸੀ,
“ਸੁਸਰੋਂ ਕੋ ਮੂੰਂਹ ਲਗਾਨੇ ਕਾ ਫਲ ਚਖ ਲੀਆ।ਯਹ ਛਛੋਰੇ ਲੋਗ ਸਾਲੇ ਸਿਰ ਪਰ ਬਠਾਓ ਗੇ ਤੋ ਯਹੀ ਹੋਗਾ”।
ਉਸ ਤੋਂ ਛੋਟੀ ਸੱਤਿਆ ਮਾਂ ਦੇ ਕੁੱਛੜ ਤੋਰੀ ਵਾਂਗ ਲਮਕੀ ਪਈ ਸੀ ।ਸਿਰ ਤੇ ਕੱਪੜਿਆਂ ਦੀ ਪੋਟਲੀ ਸੰਭਾਲੀ ਮਾਂ ਨੂੰ ਖੁਦ ਵੀ ਪਤਾ ਨਹੀਂ ਸੀ ਕਿ ਉਸ ਨੇ ਕਿੱਥੇ ਜਾਣਾ ਹੈ। ਉਸ ਨੂੰ ਤਾਂ ਬੱਸ ਏਨਾ ਪਤਾ ਸੀ ਕਿ ਉਨ੍ਹਾਂ ਦੇ ਪਿੰਡ ਜਾਤੀਟੋਲਾ ਵਿੱਚ ਉਨ੍ਹਾਂ ਲਈ ਕੋਈ ਥਾਂ ਬਚੀ ਨਹੀਂ ਸੀ।ਸਾਰਾ ਪਿੰਡ ਇੱਕ ਪਾਸੇ ਤੇ ਉਨ੍ਹਾਂ ਦੇ ਕੋੜਮੇ ਦੇ ਚਾਰ ਘਰ ਇੱਕ ਪਾਸੇ।ਪਿੰਡ ਵਿੱਚ ਉਨ੍ਹਾਂ ਦਾ ਕੁਨਬਾ ਹੀ ਕੰਮੀ ਕਮੀਣਾ ਦਾ ਸੀ । ਬਾਕੀ ਸਭ ਘਰ ਰਾਜਪੂਤਾਂ ਦੇ ਸਨ।ਬੰਧੂ ਨੂੰ ਬੱਸ ਏਨਾ ਕੁ ਯਾਦ ਸੀ ਕਿ ਉਸਦੇ ਬਾਪ ਨੂੰ ਪੰਚਾਇਤ ਵਿੱਚ ਬੁਲਾ ਕੇ ਉਸਦੀ ਬਹੁਤ ਦੁਰਗਤ ਕੀਤੀ ਗਈ ਸੀ।ਅਗਲੇ ਦਿਨ ਉਸਦੀ ਲਾਸ਼ ਪਿੰਡ ਵਿਚਲੇ ਖੂਹ ਵਿੱਚ ਤੈਰਦੀ ਮਿਲੀ ।ਪਾਂਣੀ ਉੱਪਰ ਤੈਰਦੀ ਪਿਓ ਦੀ ਲਾਸ਼ ਉਸਦੇ ਜ਼ਿਹਨ ਵਿੱਚ ਫਸ ਕੇ ਰਹਿ ਗਈ।ਉਹ ਬਹੁਤ ਛੋਟਾ ਸੀ ।ਮਸਾਂ ਚਾਰ ਸਾਲ ਤੋਂ ਕੁਝ ਮਹੀਨੇ ਉਪਰ।ਇਹ ਸਭ ਕਿਓ ਹੋਇਆ ਇਸ ਬਾਬਤ ਉਸ ਨੂੰ ਆਪਣੇ ਕੁਨਬੇ ਦੇ ਬੰਦਿਆਂ ਕੋਲਂੋਂ ਹੀ ਮਾੜਾ ਮੋਟਾ ਪਤਾ ਲੱਗਾ ਸੀ। ਉਸਦੀ ਮਾਂ ਰਾਮ ਦੁਲਾਰੀ ਨੇ ਤਾਂ ਇਸ ਬਾਬਤ ਬੁੱਲ੍ਹ ਹੀ ਸੀਅ ਲਏ ਸਨ।ਉਹ ਤਾਂ ਆਪਣੇ ਬੰਧੂ ਨੂੰ ਇਸ ਸਭ ਦੇ ਪ੍ਰਛਾਂਵੇ ਤੋਂ ਵੀ ਦੂਰ ਰੱਖਣਾ ਚਾਹੁੰਦੀ ਸੀ।ਸ਼ਾਇਦ ਇਸੇ ਕਾਰਣ ਉਹ ਬਠਿੰਡੇ ਕੋਲ ਵਸੇ ਆਪਣੇ ਭਾਈਆਂ ਕੋਲ ਟਿਕਾਣਾ ਕਰਨ ਦੀ ਥਾਂ ਸ਼ਰੀਕੇ ਵਾਲਿਆਂ ਦੇ ਲੜ ਲੱਗੀ ਤੁਰਦੀ ਆਈ ਸੀ ।ਉਸ ਨੇ ਭਾਵੇਂ ਲੋਕਾਂ ਦੇ ਭਾਂਡੇ ਮਾਂਜੇ ਜਾਂ ਡੇਰੇ ਦੀ ਸਾਫ਼-ਸਫ਼ਾਈ ਕੀਤੀ ਪਰ ਇਸ ਗੱਲ ਦਾ ਉਸਨੇ ਬੱਚਿਆਂ ਦੀ ਪੜ੍ਹਾਈ ਤੇ ਕੋਈ ਅਸਰ ਨਾ ਪੈਣ ਦਿੱਤਾ।ਉਸ ਦੇ ਰਾਤਾਂ ਜਾਗ-ਜਾਗ ਸੀਤੇ ਫੁੱਟਬਾਲਾਂ ਦੀ ਕਮਾਈ ਨੂੰ ਭਰਵਾਂ ਫਲ਼ ਪਿਆ।ਇੱਕ ਕਮਰੇ ਦੀ ਕੋਠੜੀ ਵਿੱਚ ਪਲ ਕੇ ਪਹਿਲਾਂ ਬੰਧੂ ਕਾਲਜ ਵਿੱਚ ਪ੍ਰੋਫੈਸਰ ਜਾ ਲੱਗਿਆ ਤੇ ਮਗਰੇ ਹੀ ਸੱਤਿਆ ਸਟਾਫ਼ ਨਰਸ ਬਣ ਗਈ।ਜਲੰਧਰ ਦੀ ਬੂਟਾ ਮੰਡੀ ਛੱਡ ਉਹ ਹੁਣ ਇੱਕ ਸਹਿੰਦੇ ਮਹੱਲੇ ਆਣ ਵਸੇ।ਅਜੇ ਕਾਲਜ ਜੁਆਇਨ ਵੀ ਨਹੀਂ ਸੀ ਕੀਤਾ ਕਿ ਬੰਧੂ ਨੇ ਮਾਂ ਨੂੰ ਆਦੇਸ਼ ਚਾੜ੍ਹ ਦਿੱਤਾ,
“ਤੂੰ ਆਪਣੇ ਲੇਖਾਂ ਦਾ ਬਹੁਤ ਲੇਖਾ ਦੇ ਲਿਆ ਮਾਂ।ਬੱਸ ਹੋਰ ਨਹੀਂ”।
ਉਹ ‘ਬੱਸ ਹੋਰ ਨਹੀਂ’ ਕਹਿ ਕੇ ਆਪਣੇ ਜ਼ਖਮੀ ਅਤੀਤ ਤੋਂ ਪਿਛਲੇ ਕਈ ਸਾਲਾਂ ਤੋਂ ਖਹਿੜਾਂ ਛੁਡਾਉਣ ਦਾ ਯਤਨ ਕਰ ਰਿਹਾ ਸੀ।ਪਰ ਇਹ ਉਸਦੇ ਵੱਸ ਕਿੱਥੇ ਸੀ ?ਇਹ ਕਦੇ ਨਾ ਕਦੇ ਵਿੱਚ ਵਾਰ ਉਸ ਨਾਲ ਖਹਿ ਜਾਂਦਾ । ਉਸਦੇ ਜ਼ਖਮਾਂ ਤੋਂ ਖਰੀਢ ਉਚੇੜ ਕੇ ਲੈ ਜਾਂਦਾ।ਅੱਜ ਮੈਡਮ ਭਾਟੀਆ ਦੇ ਬੋਲਾਂ ਨਾਲ ਉਸਦੇ ਜ਼ਖਮਾਂ ਵਿੱਚੋਂ ਫਿਰ ਖੁੁੂਨ ਸਿੰਮ ਆਇਆ ਸੀ।ਵੈਸੇ ਉਸਦੇ ਇਨ੍ਹਾਂ ਜ਼ਖਮਾਂ ਤੋਂ ਬਾਕੀ ਸਭ ਅਣਜਾਣ ਸਨ।ਆਪਣਾ ਸਾਰਾ ਅਤੀਤ ਉਸਨੇ ਦਿਲ ਦੀ ਕਿਸੇ ਗਹਿਰੀ ਨੁੱਕਰੇ ਡੂੰਘਾ ਦਫਨ ਕੀਤਾ ਹੋਇਆ ਸੀ।ਉਹ ਚਾਹੁੰਦਾ ਸੀ ਕਿ ਇਸ ਸਭ ਨੂੰ ਏਨਾ ਡੂੰਘਾ ਦਬਾ ਦੇਵੇ ਜਿੱਥੋਂ ਖੁਦ ਉਸ ਨੂੰ ਵੀ ਇਸ ਦਾ ਸ਼ੋਰ ਸ਼ਰਾਬਾ ਸੁਣਾਈ ਨਾਂ ਦੇਵੇ।ਪਰ ਉਸਦੇ ਸੋਚਿਆ ਕੀ ਹੁੰਦਾ ?ਇਸ ਦਾ ਮਾਰੂ ਵਦਾਨ ਅਚਾਨਕ ਚੱਲਣ ਲੱਗ ਪੈਂਦਾ।ਅੱਜ ਇਹ ਫਿਰ ਇਹ ਚੱਲ ਪਿਆ।
ਕੋਠੜੀ ਦੇ ਨੇੜੇ ਬਣੇ ਸੰਤਾਂ ਦੇ ਡੇਰੇ ਨੇ ਉਨ੍ਹਾਂ ਦੇ ਰੁਲ ਰਹੇ ਟੱਬਰ ਦੀ ਬਾਂਹ ਫੜੀ ਸੀ।ਮਾਂ ਡੇਰੇ ਦੀ ਬਹੁਕਰ ਬਹਾਰੀ ਕਰਦੀ-ਕਰਦੀ ਸੰਤਾਂ ਦੇ ਬਿਸਤਰੇ ਦੀ ਝਾੜ-ਪੂੰਝ ਵੀ ਕਰਨ ਲੱਗ ਪਈ।ਸੰਤਾਂ ਦੀ ਨਜਰ ਸਵੱਲੀ ਹੋ ਗਈ ।ਸੰਤਾਂ ਦੇ ਆਸਣ ਅਤੇ ਪੀੜ੍ਹਾ ਸਾਹਿਬ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਉਸ ਨੂੰ ਆਣ ਮਿਲੀ।ਜਿਹੜੀ ਸੇਵਾ ਸੇਵਾਦਾਰਨੀਆਂ ਨੂੰ ਸਾਲਾਂ ਤੋਂ ਨਹੀਂ ਸੀ ਮਿਲੀ ਉਹ ਮੂਹ-ਮੱਥੇ ਲੱਗਦੀ ਰਾਮ ਦੁਲਾਰੀ ਨੂੰ ਦਿਨਾਂ ਵਿੱਚ ਹੀ ਮਿਲ ਗਈ।ਕਹਿਣ ਵਾਲੇ ਤਾਂ ਕਹਿੰਦੇ ਸਨ ਕਿ ਸੰਤਾਂ ਦੀ ਉਸ ਉਪਰ ‘ਵਿਸ਼ੇਸ਼’ ਕਿਰਪਾ ਦ੍ਰਿਸ਼ਟੀ ਹੋਈ ਹੈ।ਘਰ ਦਾ ਤੋਰੀ ਫੁਲਕਾ ਚੱਲਣ ਲੱਗ ਪਿਆ।ਮਾਂ ਬੰਧੂ ਨੂੰ ਵੀ ਦਿਨ ਤਿਉਹਾਰ ਤੇ ਸੰਤਾਂ ਦੇ ਪ੍ਰਵਚਨ ਸੁਣਨ ਲੈ ਜਾਂਦੀ।ਉਸ ਨੂੰ ਸੰਤਾਂ ਦੀ ਚਰਨ ਧੂੜ ਬਣ ਜਾਣ ਲਈ ਕਹਿੰਦੀ ਰਹਿੰਦੀ।ਬੰਧੂ ਦੇ ਪੈਰ ਵੀ ਹੌਲੀ-ਹੌਲੀ ਮਾਂ ਦੀ ਪੈੜ-ਚਾਪ ਕਰਨ ਲੱਗੇ।ਉਸ ਨੂੰ ਡੇਰੇ ਦੇ ਖੁੱਲ੍ਹੇ ਵਿਹੜੇ ਵਿੱਚ ਆਪਣਾ ਕੋਠਾ ਬੰਦ ਸੰਸਾਰ ਸਿਮ-ਸਿਮ ਕਰਕੇ ਖੁੱਲ੍ਹਦਾ ਜਾਪਦਾ। ਉੇਸਨੇ ਸੰਤਾਂ ਦੀ ਇਹ ਗੱਲ ਚੰਗੀ ਤਰਾਂ ਕੰਠ ਕਰ ਲਈ
“ਸਭ ਉਸੀਕੇ ਬੱਚਾ ਜਨ ਹੈਂ।ਸਭ ਮੇਂ ਉਸਕਾ ਨੂਰ ਹੈ।ਸਭੀ ਨੇ ਆਖਰ ਉਸੀ ਮੇਂ ਵਿਲੀਨ ਹੋਨਾ ਹੈ। ਮੋਹ ਮਾਇਆ ਕੋ ਭਸਮ ਕਰਨੇ ਸੇ ਹੀ ਯਹ ਸਭ ਹੋਗਾ”।
ਅਜੇ ਬੰਧੂ ਨੂੰ ਡੇਰੇ ਜਾਂਦਿਆਂ ਛੇ ਮਹੀਨੇ ਵੀ ਨਹੀਂ ਸੀ ਹੋਏ ਕਿ ਵੱਡੇ ਸੰਤਾਂ ਦਾ ਦੁਸਹਿਰਾ ਸਮਾਗਮ ਆ ਗਿਆ।ਵੱਡੇ ਸੰਤ ਮਿੱਤਰਦਾਸ ਜੀ ਨੇ ਸਭ ਪਰਿਵਾਰ ਨੂੰੰ ਰਾਤ ਉਥੇ ਸਰਾਂਅ ਵਿੱਚ ਹੀ ਰੁਕਣ ਦਾ ਆਦੇਸ਼ ਦੇ ਦਿੱਤਾ।ਡੇਰੇ ਦਾ ਛੋਟਾ ਸੰਤ ਪਰਮਦਾਸ ਬੰਧੂ ਨੂੰ ਆਪਣੇ ਕਮਰੇ ਦੀ ਸਾਫ਼ ਸਫ਼ਾਈ ਕਰਨ ਲੈ ਗਿਆ।ਰਾਤੀਂੇ ਉਸ ਨੂੰ ਆਪਣੇ ਕਮਰੇ ਵਿਚ ਹੀ ਠਹਿਰ ਜਾਣ ਲਈ ਕਹਿ ਦਿੱਤਾ।ਪੋਲੇ ਗਧੇਲੇ ਤੇ ਛੱਤ ਤੇ ਚੱਲਦੇ ਪੱਖੇ ਦਾ ਮੋਹਿਆ ਬੰਧੂ ਝੱਟ ਮੰਨ ਗਿਆ।ਅਜੇ ਅੱਧੀ ਰਾਤ ਵੀ ਨਹੀਂ ਸੀ ਹੋਈ ਕਿ ਉਸਨੂੰ ਆਪਣੀ ਪਿੱਠ ’ਤੇ ਹੱਥ ਫਿਰਦਾ ਮਾਲੂਮ ਹੋਇਆ।ਮਲੂਕ ਜਿਹੇ ਬੰਧੂ ਨੂੰ ਵੇਖ ਕੇ ਜਤੀ-ਸਤੀ ਪਰਮਦਾਸ ਦੇ ਸਭ ਬੰਂਨ੍ਹ ਟੁੱਟੇ ਪਏ ।ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਵਹਿਸ਼ਤ ਸੀ।ਪਹਾੜ ਵਰਗਾ ਸਾਧ ਉਸਦੀ ਪਿੱਠ ਨਾਲ ਜੋਕ ਵਾਂਗ ਚੁੰਬੜਿਆਂ ਪਿਆ ਸੀ।ਉਸਦਾ ਇੱਕ ਹੱਥ ਉਸਦੇ ਮੂਹ ਉਪਰ ਤੇ ਦੂਜਾ ਬਿਜਲਈ ਫੁਰਤੀ ਨਾਲ ਪਿੱਠ ਨੰਗੀ ਕਰਨ ਲੱਗਿਆ ਹੋੋਇਆ ਸੀ।ਬੰਧੂ ਦੇ ਹੱਥ-ਪੈਰ ਸੁੰਨ੍ਹ ਹੋ ਗਏ ।ਇੱਕ ਅਜੀਬ ਡਰ ਨੇ ਉਸ ਨੰ ਨਾਗਵਲ ਮਾਰ ਲਿਆ ।ਉਸ ਵਿੱਚ ਜਿਵੇ ਸਾਹ ਸੱੱਤ ਹੀ ਨਾਂ ਬਚਿਆ ਹੋਵੇ।ਉਸ ਦੀ ਸਾਰੀ ਸ਼ਕਤੀ ਜਿਵੇਂ ਕਿਤੇ ਪਰ ਲਾ ਕੇ ਉੱਡ ਗਈ ਹੋਵੇ।ਡਰਾਉਣੇ ਹਨੇਰੇ ਵਿੱਚ ਘਸਰ-ਘਸਰ ਦੀ ਆਵਾਜ਼ ਤੋਂ ਬਿਨਾਂ ਬਾਕੀ ਸਭ ਕੁਝ ਖਾਮੋਸ਼ ਸੀ।
ਗੁੰਮਸੁੰਮ ਬੰਧੂ ਬਿਨਾਂ ਕਿਸੇ ਨੂੰ ਕੁਝ ਕਹੇ ਸੁਣੇ ਤੜਕ ਸਾਰ ਹੀ ਘਰ ਵਾਪਸ ਆ ਗਿਆ ।ਅੱਜ ਪਹਿਲੀ ਵਾਰ ਉਸ ਨੂੰ ਆਪਣੀ ਮਾਂ ਵਿਹੁੰ ਵਰਗੀ ਲੱਗੀ ।ਉਸ ਨੇ ਹੀ ਉਸਨੂੰ ਡੇਰੇ ਜਾਣ ਲਈ ਮਜਬੂਰ ਕੀਤਾ ਸੀ।ਡੇਰੇ ਲਈ ਉਸਦੇ ਮਨ ਵਿੱਚ ਘੋਰ ਨਫਰਤ ਭਰ ਗਈ ।ਉਹ ਮਾਂ ਦਾ ਦਿਲ ਰੱਖਣ ਲਈ ਸੰਤ ਬਾਬਤ ਕੋਈ ਅਨਾਪ-ਛਨਾਪ ਗੱਲ ਤਾਂ ਨਾਂ ਕਰਦਾ ਪਰ ਖੁਦ ਉਸ ਨੁੂੰ ਸੰਤ ਤੇ ਉਸਦਾ ਡੇਰਾ ਪਾਖੰਡ ਦੀ ਦੁਕਾਨ ਜਾਪਦਾ। ਡੇਰੇ ਦੇ ਕਈ ਕਿੱਸੇ ਉਸਦੇ ਕੰਨੀ ਇਧਰੋਂ ਉਧਰੋਂ ਵੀ ਪੈਂਦੇ ਰਹਿੰਦੇ।ਉਸਦਾ ਜੀਅ ਕਰਦਾ ਉਹ ਮਾਂ ਨੂੰ ਵੀ ਉਥੇ ਜਾਣ ਤੋਂ ਵਰਜ ਦੇਵੇ ਪਰ ਉਹ ਅਜਿਹਾ ਕਰ ਨਾ ਸਕਿਆ।ਉਦੋਂ ਵੀ ਨਹੀਂ ਜਦੋਂ ਉਸ ਨੂੰ ਨੌਕਰੀ ਮਿਲੀ ।ਉਸ ਨੂੰ ਪਤਾ ਸੀ ਜੇ ਉਸ ਨੇ ਅਜਿਹਾ ਕਿਹਾ ਵੀ ਤਾਂ ਮਾਂ ਨੇ ਉਸਦੀ ਸੁਣਨੀ ਨਹੀਂ।ਉਹ ਡੇਰੇ ਦੇ ਅਹਿਸਾਨਾਂ ਥੱਲੇ ਦੱਬੀ ਹੋਈ ਸੀ ਤੇ ਉੇਹ ਮਾਂ ਦੀ ਵਿਰਾਨ ਜ਼ਿੰਦਗੀ ਦੀ ਜੱਦੋਜਹਿਦ ਥੱਲੇ।ਪਰ ਉਸ ਨੇ ਸੱਤਿਆ ਲਈ ਹੁਕਮ ਚਾੜ੍ਹ ਦਿੱੱਤਾ ਕਿ ਜੇ ਉੇਸ ਨੇ ਉਥੇ ਪੈਰ ਪਾਇਆ ਤਾਂ ਸਭ ਉਸ ਦਾ ਮਰੇ ਦਾ ਮੂਹ ਵੇਖਣਗੇ।ਮੋਢੇ ਨਾਲ ਡੁਸਕਦੀ ਸੱਤਿਆ ਨੂੰ ਪਲੋਸਦੇ ਮਾਂ ਬੋਲੀ,
“ਦਿਲ ਖੱਟਾ ਨਾ ਕਰ।ਇਹ ਬਾਹਰੋਂ ਈ ਐਵਂੇ ਭੁੜਕਬੰਬ ਐ, ਵਿੱਚੋਂ ਤਾਂ ਨਿਰਾ ਸੰਤ ਏ।ਜਮਾਂ ਸਿੱਧਰਾ…”
ਮਾਂ ਨਾਲ ਉੇਸ ਨੇ ਇੱਕ ਮੂਕ ਸਮਝੋਤਾ ਜਿਹਾ ਕਰ ਲਿਆ।ਉਹ ਆਪਣੀ ਤੋਰੇ ਤੁਰਦੀ ਰਹੀ ਤੇ ਉੇਹ ਆਪਣੇ ਰਸਤੇ ਬਣਾਉਣ ਵੱਲ ਵੱਧਦਾ ਰਿਹਾ।ਜਵਾਨੀ ਦੇ ਜੋਸ਼ ਵਿੱਚ ਤਪਦੇ ਮਨ ਲਈ ਸਾਹਿਤ ਕਦ ਉਸ ਦੀ ਠਾਹਰ ਬਣ ਗਿਆ ਇਹ ਉਸ ਨੂੰ ਖੁਦ ਵੀ ਪਤਾ ਨਾ ਲੱਗਾ।ਇਸੇ ਸ਼ੌਂਕ ਨੇ ਉਸ ਨੂੰ ਅੰਗ੍ਰੇਜੀ ਦਾ ਪ੍ਰੋਫੈਸਰ ਬਣਾ ਦਿੱਤਾ ।ਇਹ ਪਤਾ ਨਹੀਂ ਸਾਹਿਤ ਦੀ ਹੀ ਕੋਈ ਖਿੱਚ ਸੀ ਜਾਂ ਡੇਰੇ ਲਈ ਉਸ ਦੀ ਨਫਰਤ ਕਿ ਉਸ ਦੇ ਕਦਮ ਜਿਵੇਂ ਡੇਰੇ ਵੱਲੋਂ ਵਾਪਸ ਪਰਤੇ ਇਹ ਸ਼ਹਿਰ ਦੇ ਦੇਸ਼ਭਗਤ ਯਾਦਗਾਰ ਹਾਲ ਵੱਲ ਵੱਧ ਗਏ।ਉਥੇ ਜਾ ਕੇ ਉਸ ਤੇ ਇੱਕ ਅਜੀਬ ਸਰੂਰ ਜਿਹਾ ਛਾ ਜਾਂਦਾ ।ਉਥੇ ਹੁੰਦੀ ਗੱਲਬਾਤ ਉਸਨੂੰ ਆਪਣੇ ਹੋਏ ਬੀਤੇ ਦੇ ਕੋਲ-ਕੋਲ ਜਾਪਦੀ।ਉਥੋਂ ਵਾਲੇ ਬੰਦੇ ਉਸਨੂੰ ਆਪਣੇ ਜਿਹੇ ਜਾਪਦੇ।ਹਾਲ’ਚੋਂ ਉਠਦੀ ਆਵਾਜ ਨਾਲ ਸੂਹਾ ਸੂਰਜ ਉਸਨੂੰ ਆਪਣੇ ਵਿਹੜੇ’ਚ ਚੜਿਆ ਜਾਪਦਾ। ਲਾਲ ਜਿਲਦ ਵਾਲੀਆਂ ਪੋਥੀਆਂ ਨੂੰ ਉਹ ਪਿਆਸੇ ਸ਼ੁਦਾਈਆਂ ਵਾਂਗ ਘੋਟ-ਘੋਟ ਪੀਣ ਲੱਗਦਾ।ਇਹ ਬੰਧਨ ਉਸ ਨੂੰ ਅਟੁੱਟ ਜਾਪਦਾ।ਹਾਲ ਵਾਲਿਆਂ ਵਿੱਚ ਉੇਹ ‘ਪ੍ਰਤਿਬੱਧ’ ਸਾਥੀ ਵਜੋਂ ਜਾਣਿਆਂ ਜਾਣ ਲੱਗ ਪਿਆ।
ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਦੀਆਂ ਬਹੁਤ ਸਾਰੀਆਂ ਸਰਗਰਮੀਆਂ ਦਾ ਕੇਂਦਰੀ ਧੁਰਾ ਉਹ ਕਦ ਬਣ ਗਿਆ, ਇਸ ਦਾ ਉਸ ਨੂੰ ਖੁਦ ਵੀ ਪਤਾ ਨਹੀ ਸੀ ਲੱਗਾ।ਇਹ ਧੁਰਾ ਬਣਨ ਲਈ ਕਈ ਹੋਰ ਵੀ ਤਰਲੋ-ਮੱਛੀ ਹੁੰਦੇ ਪਰ ਉਸ ਅੱਗੇ ਕਿਸੇ ਦੀ ਕੋਈ ਵਾਹ ਪੇਸ਼ ਨਾਂ ਜਾਂਦੀ।ਸਭ ਕਹਿੰਦੇ ਉਸ ਵਿੱਚ ਝੋਟੇ ਜਿੰਨੀ ਤਾਕਤ ਹੈ।ਇਸ ਤਾਕਤ ਤੇ ਉਸ ਨੂੰ ਖੁਦ ਵੀ ਲੋਹੜੇ ਦਾ ਮਾਣ ਸੀ।ਉਹ ਦਿਨ ਵਿਚ ਵੀਹ ਘੰਟੇ ਕੰਮ ਕਰਕੇ ਵੀ ਇਓ ਠਹਾਕੇ ਮਾਰ ਕੇ ਹੱਸ ਸਕਦਾ ਲੈਂਦਾ ਜਿਵੇਂ ਹੁਣੇ ਅਰਾਮ ਕਰਕੇ ਉੱੱਠਿਆ ਹੋਵੇ।ਕਾਲਜ ਵਿਚ ਕੋਈ ਫੰਕਸ਼ਨ ਹੁੰਦਾ ਤਾਂ ਜਿਵੇਂ ਉਸ ਵਿੱਚ ਕੋਈ ਸ਼ੈਅ ਵੜ ਜਾਂਦੀ।ਉਹ ਸਭ ਕੁਝ ਨੂੰ ਆਪਣੇ ਹੱਥ ਵਿੱਚ ਸਮੇਟੀ ਉਰੀ ਵਾਂਗ ਘੁੰਮਦਾ।ਸਹਿਜ ਕੁਝ ਇਹੋ ਜਿਹੀਆਂ ਗੱਲਾਂ ਦਾ ਖਿੱਚਿਆ ਹੀ ਉਸ ਵੱਲ ਚੁੰਬਕ ਵਾਂਗ ਖਿੱਚਿਆ ਗਿਆ।ਇੱਕ ਇਕੱਲਾ ਦੋ ਗਿਆਰਾਂ ਵਾਲੀ ਗੱਲ ਹੋ ਗਈ।ਲੁਧਿਆਣਿਓ ਆਇਆ ਨਵਾਂ ਪ੍ਰਿੰਸੀਪਲ ਗੁਪਤਾ ਵੀ ਕੁਝ ਇਹੋ ਜਿਹੀਆ ਗੱਲਾਂ ਤੇ ਹੀ ਮੋਹਿਤ ਹੋ ਗਿਆ।ਉਹ ਸ਼ਾਇਦ ਉਸ ਬਾਬਤ ਪਿਛਲੇ ਕਾਲਜ ਵਿੱਚੋਂ ਹੀ ਕੁਝ ਸੁਣ ਕੇ ਆਇਆ ਸੀ।ਆਉਂਦੇ ਨੇ ਹੀ ਕਾਲਜ ਦਾ ‘ਟੇਲੈਂਟ ਹੰਟ’ ਕਰਾਉਣ ਦੀ ਜ਼ਿੰਮੇਵਾਰੀ ਉਸ ਨੂੰ ਦੇ ਦਿੱਤੀ। ਸਭਿਆਚਾਰਕ ਸਰਗਰਮੀਆਂ ਦਾ ਇੰਚਾਰਜ ਪ੍ਰੋ. ਗਿੱਲ ਪਿੱਟ ਪਿਆ,
“ਪ੍ਰਿੰਸੀਪਲ ਸਾਹਿਬ, ਇੰਚਾਰਜ ਹੋਵਾਂ ਮੈਂ ਤੇ ਫੰਕਸ਼ਨ ਕਰਾਏ ਬੰਧੂ?ਇਹ ਸਰਾਸਰ ਧੱਕਾ ਏ”।
“ਤੁਸੀਂ ਵੇਖਿਆ ਈ ਐ ਕਿ ਕਾਲਜ ਦਾ ਕਲਚਰ ਵਿਭਾਗ ਕਈ ਸਾਲਾਂ ਤੋਂ ਯੁੂਨੀਵਰਸਿਟੀ ਵਿੱਚੋਂ ਫਾਡੀ ਰਹਿ ਰਿਹਾ।ਮੈਂ ਕੌਸਲ ਨਾਲ ਗੱਲ ਕੀਤੀ ਏ।ਸਭ ਕਹਿੰਦੇ ਕਿ ਬੰਧੂ ਨੂੰ ਵਿਭਾਗ ਦੇ ਕੇ ਵੇਖੋ”।
ਗੱਲ ਮੁਕਾ ਪ੍ਰਿੰਸੀਪਲ ਨੇ ਇੱਕ ਫਾਈਲ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ।ਗਿੱਲ ਸਮਝ ਗਿਆ ਕਿ ਪ੍ਰਿੰਸੀਪਲ ਇਸ ਗੱਲ ਤੇ ਹੋਰ ਮਗਜ਼ਪੱਚੀ ਨਹੀਂ ਕਰਨਾ ਚਾਹੁੰਦਾ। ਫਿਰ ਵੀ ਉਹ ਕਹਿਣੋ ਰਹਿ ਨਾ ਸਕਿਆ,
“ਮੈਨੂੰ ਪਤਾ ਉਸਦਾ ਪੱਖ ਕੌਣ ਪੂਰਦਾ।।ਤੁਹਾਨੂੰ ਪ੍ਰੋ. ਚੌਧਰੀ ਨੇ ਕਿਹਾ ਹੋਣਾ…”।
ਅਗਲੀ ਗੱਲ ਕਹਿਣਾ ਚਾਹ ਕੇ ਵੀ ਪ੍ਰੋ. ਗਿੱਲ ਕਹਿ ਨਾ ਸਕਿਆ।ਉਸ ਨੂੰ ਪਤਾ ਸੀ ਕਿ ਇਓ ਠਾਹ ਸੋਟਾ ਮਾਰਨ ਨਾਲ ਗੱਲ ਹੋਰ ਵਿਗੜ ਸਕਦੀ ਸੀ।ਪ੍ਰਿੰਸੀਪਲ ਨਾਲ ਅਜੇ ‘ਅੰਡਰਸਟੈਂਡਿੰਗ’ ਨਹੀਂ ਬਣੀ ਸੀ ।ਪਰ ਤੁਰਦੇ-ਤੁਰਦੇ ਉਹ ਇਹ ਕਹਿਣੋ ਨਾ ਉੱਕ ਸਕਿਆ,
“ਮੈਂਨੂੰ ਵੀ ਆਪਣੇ ਸਾਥੀਆਂ ਨਾਲ ਗੱਲ ਕਰਨੀ ਪਊ।ਇਟਸ ਟੋਟਲੀ ਅਨਜਸਟਸ ਫਾਰ ਮੀਂ”।
ਜੁਆਬ ਵਿੱਚ ਪ੍ਰਿੰਸੀਪਲ ਖਾਮੋਸ਼ ਰਿਹਾ।
ਦੇਸ਼ਬੰਧੂ ਨੂੰ ਪਹਿਲੀ ਵਾਰ ਉਸਦੀ ਪਸੰਦ ਦਾ ਕੰਮ ਮਿਲਿਆ ਸੀ ।ਉਸ ਨੇ ਚਾਰ-ਚੁਫੇਰੇ ਧੂੜਾਂ ਪੁੱਟ ਦਿੱਤੀਆਂ ।ਪਹਿਲਾਂ ਸ਼ਾਨਦਾਰ ਟੇਲੰਟ ਹੰਟ ਤੇ ਉਸਤੋ ਬਾਅਦ ਯੂਨੀਵਰਸਿਟੀ ਯੁਵਕ ਮੇਲੇ ਦੀ ਜੇਤੂ ਟਰਾਫੀ। ਗਰੀਬ ਵਿਦਿਆਰਥੀਆਂ ਦੀਆਂ ਉਸ ਦੁਆਲੇ ਪਹਿਲਾਂ ਹੀ ਭੀੜਾਂ ਜੁੜੀਆਂ ਰਹਿੰਦੀਆਂ ਸਨ। ਹੁਣ ਤਾਂ ਉਹ ਸਾਰੇ ਵਿਦਿਆਰਥੀਆਂ ਦਾ ਨਾਇਕ ਬਣਿਆ ਫਿਰਦਾ ਸੀ।ਸਹਿਜ ਨੂੰ ਕਈ ਵਾਰ ਲੱਗਾ ਜਿਵੇਂ ਕਈਆਂ ਦੀ ਉਹ ਪੈਸੇ ਧੇਲੇ ਵੱਲੋਂ ਵੀ ਮਦਦ ਕਰਦਾ ਹੋਵੇ।ਅਜਿਹੀ ਗੱਲ ਉਹ ਕਿਸੇ ਦੇ ਸਾਹਮਣੇ ਨਹੀਂ ਸੀ ਕਰਦਾ।ਅਕਸਰ ਪਰਦੇਦਾਰੀ ਨਾਲ ਕਰਦਾ।ਜੋ ਕੁਝ ਵੀ ਸੀ ਹੁਣ ਤਾਂ ਇੱਕ ਤਰ੍ਹਾਂ ਉੇਹ ਕਾਲਜ ਦੀ ਜਿੰਦ-ਜਾਨ ਹੀ ਬਣ ਗਿਆ।ਉਸਦੀ ਆਵਾਜ਼ ਪਹਿਲਾਂ ਨਾਲੋਂ ਵੀ ਉਚੀ ਹੋ ਕੇ ਕਾਲਜ ਵਿੱਚ ਗੂੰਜਣ ਲੱਗੀ।ਇਹੋ ਜਿਹੀ ਚੜ੍ਹਾਈ ਦੇ ਇੱਕ ਦਿਨ ਸਹਿਜ ਨੇ ਉੇਸ ਨਾਲ ਖਦਸ਼ਾ ਜਾਹਰ ਕੀਤਾ,
“ਬੰਧੂ ਜੀ,ਗਿੱਲ ਬਹੁਤ ਦੁਖਿਆ ਪਿਆ।ਉਸ ਨਾਲ ਆਪਾਂ ਨੂੰ ਗੱਲ ਕਰਨੀ ਚਾਹੀਦੀ ਐ।ਉਸਦਾ ਵੀ ਸੀਨਾ ਠੰਢਾ ਕਰਨਾ ਚਾਹੀਦਾ ”।
“ਕਿਓ ਕਰੀਏ ਅਸੀਂ ਗੱਲ ? ਤੁਹਾਨੂੰ ਪਤਾ ਇਸ ਗਿੱਲ ਨੇ ਕਾਲਜ ਦਾ ਕਿੰਨਾ ਨੁਕਸਾਨ ਕੀਤਾ? ਤੁਹਾਨੂੰ ਪਤਾ ਇਸ ਬੰਦੇ ਦਾ ਕਿਰਦਾਰ ਕੀ ਐ?ਵਿਦਿਆਰਣ ਮਮਤਾ ਨਾਲ ਇਸ ਨੇ ਕੀ ਕੀਤਾ,ਪਤਾ ਏ?” ਬੰਧੂ ਨੇ ਉਲਟਾ ਪ੍ਰਸ਼ਨਾਂ ਦੀ ਝੜੀ ਲਾ ਦਿੱਤੀ।
ਉਪਰ ਫਿਰ ਵੀ…”।
ਗੱਲ ਅਜੇ ਸਹਿਜ ਦੇ ਮੂੰਂਹ ਵਿੱਚ ਹੀ ਸੀ ਕਿ ਬੰਧੂ ਬੋਲ ਪਿਆ,
“ਪਰ ਸ਼ਬਦ ਕਮਜੋਰਾਂ ਦੀ ਢਾਲ ਹੋਇਆ ਕਰਦਾ।ਕਾਲਜ ਨੂੰ ਤਬਦੀਲ ਕਰਨ ਦਾ ਸਮਾਂ ਆ ਗਿਆ।ਇਹ ਆਪਾ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੁੂ? ਕਹਿੰਦੇ ਆ ਕਿ ਜੇ ਸਾਨ੍ਹ ਨੂੰ ਸਿੰਙਾਂ ਤੋਂ ਫੜ ਕੇ ਨਹੀਂ ਰੋਕ ਸਕਦੇ ਤਾਂ ਫਿਰ ਪੂੰਛ ਤੋਂ ਇਹ ਰੁਕਣੋ ਰਿਹਾ”।
ਸਹਿਜ ਨਵਾਂ ਹੋਣ ਕਰਕੇ ਅਜੇ ਇਹ ਨਹੀਂ ਸੀ ਜਾਣਦਾ ਕਿ ਬੰਧੂ ਕਿਹੜੇ ਸਾਨ੍ਹ ਨੂੰ ਰੋਕਣ ਦੀ ਗੱਲ ਕਰ ਰਿਹਾ ਸੀ।ਉਸ ਨੂੰ ਤਾਂ ਕਿਤੇ ਨਾ ਕਿਤੇ ਅਜੇ ਵੀ ਜਾਪਦਾ ਸੀ ਕਿ ਗਿੱਲ ਨੂੰ ਇਓ ਮੱਖਣ’ਚੋਂ ਵਾਲ ਕੱਢਣ ਵਾਂਗ ਬਾਹਰ ਨਹੀਂ ਕੱਢਣਾ ਚਾਹੀਦਾ ਸੀ।ਪਰ ਬੰਧੂ ਕਾਹਨੂੰ ਸੁਣਨ ਵਾਲਾ ਸੀ।ਗੱਲ ਆਈ-ਗਈ ਹੋ ਗਈ।ਬਹੁਤਾ ਸੋਚਣ ਦਾ ਵਕਤ ਹੀ ਨਾਂ ਮਿਲਿਆ।ਕਾਲਜ ਦਾ ‘ਪੰਜਾਹਵਾਂ ਸਥਾਪਨਾਂ ਦਿਵਸ’ ਆਣ ਪਹੁੰਚਾ।ਪ੍ਰਿੰਸੀਪਲ ਇਸ ਮੌਕੇ ਨੂੰ ਵਰਤਣਾ ਚਾਹੁੰਦਾ ਸੀ।ਕਹਿਣ ਨੂੰ ਤਾਂ ਭਾਵੇਂ ਉਹ ਇਹੀ ਕਹਿੰਦਾ ਸੀ ਕਿ ਇਓ ਕਾਲਜ ਦਾ ਨਾਮ ਚਮਕਦਾ ਪਰ ਕਹਿਣ ਵਾਲੇ ਕਹਿੰਦੇ ਸਨ ਕਿ ਉਹ ਇਸ ਮੌਕੇ ਨੂੰ ਸੱਤ੍ਹਾ ਦੇ ਨੇੜੇ ਹੋਣ ਲਈ ਵਰਤਣਾ ਚਾਹੁੰਦਾ ਸੀ।ਉਹ ਸੱਤ੍ਹਾ ਜਿਸਦੇ ਕੋਲ ਹੋਣ ਦਾ ਉਸ ਨੂੰ ਆਪਣੀ ਪ੍ਰੋਫੈਸਰੀ ਵਿੱਚ ਮੌਕਾ ਨਹੀਂ ਸੀ ਮਿਲਿਆ।ਕੁਝ ਵੀ ਹੋਵੇ ਬੰਧੂ ਇੱਕ ਵਾਰ ਫੇਰ ਭੰਬੀਰੀ ਵਾਂਗ ਘੁੰੰਮ ਰਿਹਾ ਸੀ ਤੇ ਸਹਿਜ ਵੱਡੇ ਗ੍ਰਹਿ ਦੁਆਲੇ ਛੋਟੇ ਗ੍ਰਹਿ ਦੇ ਘੁੰਮਣ ਵਾਂਗ ਆਪਣੇ ਆਪ ਹੀ ਘੁੰਮੀ ਜਾ ਰਿਹਾ ਸੀ।ਇਹੋ ਜਿਹੀ ਇੱਕ ਘੁੰਮਣਘੇਰੀ ਵਾਲੇ ਦਿਨ ਸਹਿਜ ਬੰਧੂ ਨੂੰ ਚੇਤੰਨ ਕਰਨ ਲੱਗਾ,
“ਲੋਕ ਬਹੁਤ ਜਐਲਿਸ ਫੀਲ ਕਰ ਰਹੇ ਨੇ।ਆਪਾਂ ਨੂੰ ਦੂਜਿਆਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ”।
“ਤੂੰ ਕੀ ਚਾਹੁੰਦਾਂ ਮੈਂ ਇਨ੍ਹਾਂ ਤੂੜੀ ਦੇ ਟਰੱਕਾਂ ਦੇ ਭਾਰ ਥੱਲੇ ਮਿੱਧਿਆ ਜਾਵਾਂ ? ਕੁਝ ਕਰਨਾ ਏ ਤਾਂ ਆਪਾ ਹੀ ਕਰਨਾ ਏ।ਭੀੜ ਹਮੇਸ਼ਾਂ ਕਮਜੋਰ ਬੰਦਿਆਂ ਦੀ ਹੁੰਦੀ।ਮਾੜਿਆਂ ਨਾਲ ਖੜਨ ਦੀ ਬਜਾਇ ਮੈਂ ‘ਕੱਲਾ ਹੋ ਕੇ ਸਗੋ ਤਾਕਤਵਰ ਬਣ ਜਾਨਾ”।
“ਪਰ ਕੱਲਾ ਬੰਦਾ ਕੀ ਕਰ ਸਕਦਾ”?
“ਸਭ ਕੁਝ ਕਰ ਸਕਦਾ ।ਵੱਡੀ ਤਬਦੀਲੀ ਲਿਆ ਸਕਦਾ ।ਤੂੰ ਉਹ ਕਹਾਣੀ ਸੁਣੀ ਹੋਵੇਗੀ ।ਕੱਲਾ ਬੰਦਾ ਸਮੁੰਦਰ ਕਿਨਾਰੇ ਖੜ੍ਹਾ ਦੂਰ ਪਾਣੀਆਂ ਨੂੰ ਨਿਹਾਰ ਰਿਹਾ ਸੀ।ਅਚਾਨਕ ਪਾਂਣੀ ਦੀ ਜਬਰਦਸਤ ਲਹਿਰ ਆਈ ਤੇ ਵਾਪਸ ਜਾਂਦੀ ਮੱਛੀਆਂ ਦੇ ਢੇਰ ਨੂੰ ਰੇਤ ਤੇ ਤੜਫਣ ਲਈ ਸੁੱਟ ਗਈ।ਇੱਕ ਮੇਰੇ ਵਰਗਾ ਪਾਗਲ ਉਥੇ ਖੜਾ ਵਾਰੀ ਸਿਰ ਇੱਕ ਮੱਛੀ ਨੂੰ ਪਕੜੇ ਤੇ ਪਾਂਣੀ ਵਿੱਚ ਵਗਾਹ ਮਾਰੇ ।ਉਹਨੂੰ ਇੱਕ ਤੇਰੇ ਵਰਗਾ ਤੱਕ ਰਿਹਾ ਸੀ।ਕੋਲ ਆ ਬੋਲਿਆ, “ਇਓ ਏਡੇ ਢੇਰ ਨੂੰ ਕੀ ਫਰਕ ਪੈਣਾ”? ਦੀਵਾਨੇ ਨੇ ਉਸ ਦੀ ਗੱਲ ਅਣਗੌਲੀ ਕਰਦਿਆਂ ਉਸੇ ਫੁਰਤੀ ਨਾਲ ਇੱਕ ਹੋਰ ਮੱਛੀ ਨੂੰ ਚੁੱਕਿਆ ਤੇ ਪਾਂਣੀ’ਚ ਸੁੱਟਦਾ ਬੋਲਿਆ, “ਲਓ ਇਹਨੂੰ ਤੇ ਫਰਕ ਪੈ ਗਿਆ”।
ਗੱਲ ਮੁਕਾ ਬੰਧੂ ਠਹਾਕਾ ਮਾਰ ਕੇ ਹੱਸ ਪਿਆ।ਉਸ ਦੇ ਇਸ ਠਹਾਕੇ ਨਾਲ ਸਹਿਜ ਵੀ ਹੱਸਣੋ ਨਾ ਰਹਿ ਸਕਿਆ।ਗੱਲ ਨੇ ਉੇਸ ਨੂੰ ਵੀ ਟੁੰਬਿਆ।ਪਰ ਅਗਲੇ ਪਲ ਉਹ ਫਿਰ ਗੰਭੀਰ ਸੀ,
“ਤੁਹਾਡੀ ਗੱਲ’ਚ ਦਮ ਹੈਗਾ।ਪਰ ਮੇਰੀ ਗੱਲ ਵੀ ਸੁੱਟ ਪਾਉਣ ਵਾਲੀ ਨੀਂ।ਤੁਸੀ ਨੋਟ ਕੀਤਾ ਪ੍ਰੋ. ਚੌਧਰੀ ਵੀ ਆਪਾ ਨੂੰ ਅਵਾਈਡ ਕਰਨ ਲੱਗ ਪਿਆ।ਕਦੇ ਆਇਆ ਇਸ ਕਮਰੇ’ਚ ? ਅੱਗੇ ਕਦੇ-ਕਦੇ ਗੇੜਾ ਮਾਰ ਲੈਦਾ ਸੀ।ਉਸ ਦਾ ਸਾਰਾ ਗਰੁੱਪ ਹੀ ਆਪਾਂ ਤੋਂ ਦੂਰ-ਦੂਰ ਰਹਿਣ ਲੱਗ ਪਿਆ”।
“ਤੂੰ ਸਹਿਜ ਅਜੇ ਦੁਨੀਆਂ ਦਾ ਵੇਖਿਆ ਕੀ ਏ?ਤੂੰ ਇਸ ਕੁੱਤੇ ਦੀ ਦੁੰਮ ਨੂੰ ਨਹੀ ਜਾਣਦਾ ।ਉਹ ਪਤਾ ਮੇਰੇ ਨਾਲ ਕਿਓ ਹੇਜ ਜਿਤਾਉਦਾ,ਤੈਨੂੰ ਪਤਾ ਕੁਝ ਇਸ ਬਾਰੇ”?
ਬੰਧੂ ਨੇ ਗੱਲ ਸੁਲਝਾਉਣ ਦੀ ਬਜਾਇ ਸਗੋਂ ਪਹੇਲੀ ਬਣਾ ਦਿੱਤੀ।ਅਗਲੀ ਗੱਲ ਸੁਣਨ ਲਈ ਸਹਿਜ ਦੀਆਂ ਅੱਖਾਂ ਫੈਲ ਗਈਆਂ,
“ਉਸ ਨੂੰ ਅੱਜ ਕੱਲ ਦਲਿਤਪੁਣੇ ਦਾ ਬੁਖਾਰ ਚੜਿਆ ਪਿਆ।ਅਗਲੇ ਸਾਲ ਉਸ ਦੀ ਰਿਟਾਇਰਮੈਂਟ ਐ।ਉਹ ਹੁਣ ਦਲਿਤ ਰਾਜਨੀਤੀ ’ਚੋਂ ਖੱਟਣਾ ਚਾਹੁੰਦਾ।ਤੇਰੇ ਬਾਰੇ ਉੇਸ ਪਤਾ ਮੈਨੂੰ ਕੀ ਕਿਹਾ,…ਚੱਲ ਛੱਡ!”
ਪਰ ਸਹਿਜ ਹੁਣ ਗੱਲ ਕਿਵੇਂ ਛੱਡ ਸਕਦਾ ਸੀ ।ਉਹ ਦੱਸਣ ਲਈ ਜੋਰ ਪਾਉਣ ਲੱਗਾ।ਜਦ ਉਹ ਨਾ ਟਲਿਆ ਤਾਂ ਬੰਧੂ ਬੋਲਿਆ,
“ਵਾਦਾ ਕਰ ਇਹ ਗੱਲ ਕਦੇ ਕਿਸੇ ਨਾਲ ਸ਼ੇਅਰ ਨਹੀਂ ਕਰੇਗਾ ਤੇ ਨਾਂ ਹੀ ਉਸ ਤੋਂ ਪੁੱਛੇਂਗਾ”
ਸਹਿਜ ਦੇ ਖਾਮੋਸ਼ ਵਾਅਦੇ ਨੂੰ ਉਸ ਦੀਆਂ ਅੱਖਾਂ ਵਿੱਚੋਂ ਪੜ੍ਹ ਬੰਧੂ ਬੋਲਿਆ,
“ਕਹਿੰਦਾ ,ਕਿਹਨੂੰ ਸਿਰੇ ਚੜਾਈ ਫਿਰਦਾਂ,ਇਹ ਕਦੇ ਸਾਡੇ ਮਿੱਤ ਹੋਏ ਨੇ”।
ਗੱਲ ਮੁਕਾ ਬੰਧੂ ਨੇ ਡੂੰਘਾ ਸਾਹ ਲਿਆ।ਉਸ ਦੀਆਂ ਅੱਖਾਂ ਵਿੱਚ ਤਰਲਤਾ ਭਰ ਗਈ।ਸਹਿਜ ਡੂੰਘੀ ਖਾਂਮੋਸ਼ੀ’ਚ ਲੱਥ ਗਿਆ।ਉਹ ਚੁੱਪਚਾਪ ਉਥੋਂ ਉੱਠ ਆਇਆ।ਉਸ ਨੂੰ ਆਸ-ਪਾਸ ਸਭ ਕੁਝ ਗਰਕਦਾ ਨਜ਼ਰ ਆਇਆ ਪਰ ਬੰਧੂ ਉਸ ਦੀ ਨਜ਼ਰਾਂ ਵਿੱਚ ਬਹੁਤ ਉੱਚਾ ਉੱਠ ਗਿਆ।
ਕਾਲਜ ਸਥਾਪਨਾ ਦਿਵਸ ਕਾਲਜ ਦੇ ਝੰਡੇ ਦੂਰ-ਦੂਰ ਤੱਕ ਗੱਡ ਗਿਆ।ਪ੍ਰਿੰਸੀਪਲ ਨੂੰ ਇਸਦਾ ਖੁਮਾਰ ਚੜਿਆ ਪਿਆ ਸੀ।ਬੰਧੂ ਨੇ ਸਟੇਜ ਸੰਭਾਲਣ ਵਿੱਚ ਬਹਿਜਾ-ਬਹਿਜਾ ਕਰਵਾ ਦਿੱਤੀ।ਸੈਂਟਰ ਦਾ ਮੰਤਰੀ ਤੱਕ ਸਟੇਜ ਤੇ ਕਾਲਜ ਦੀ ਤਾਰੀਫ ਦੇ ਪੁਲ ਬੰਨ੍ਹ ਗਿਆ।ਸਟੇਟ ਦੇ ਸਿੱਖਿਆ ਮੰਤਰੀ ਨੇ ਵੀ ਦਿਲ ਖੋਲ੍ਹ ਕੇ ਸਿਫਤਾਂ ਕੀਤੀਆਂ। ਦਸ ਲੱਖ ਦੀ ਸਪੈਸ਼ਲ ਗ੍ਰਾਂਟ ਪੱਕੇ ਬੇਰ ਦੇ ਡਿੱਗਣ ਵਾਂਗ ਕਾਲਜ ਦੀ ਝੋਲੀ ਆਪਣੇ ਆਪ ਆਂਣ ਡਿਗੀ ।ਬੰਧੂ ਦੀ ਹਰ ਪਾਸੇ ਵਾਹਵਾ-ਵਾਹਵਾ ਹੋ ਗਈ।ਸਟਾਫ ਵਿੱਚੋਂ ਉਸ ਨੂੰ ਸਟਾਫ ਸੈਕਟਰੀ ਬਣਾਉਣ ਦੀਆਂ ਅਵਾਜਾਂ ਵੀ ਉੱਠਣ ਲੱਗੀ ਪਈਆਂ।ਪਰ ਕਾਲਜ ਦੇ ਗੱਡੇ ਝੰਡੇ ਕਈਆਂ ਦੇ ਦਿਲਾਂ ਵਿੱਚ ਤੱਕਲੇ ਵਾਂਗ ਖੁਭ ਕੇ ਉਨ੍ਹਾਂ ਨੂੰ ਲਹੂ ਲੁਹਾਣ ਕਰ ਗਏ।ਬਰਾੜ ਐਂਡ ਕੰਪਨੀ ਦੀ ਜੁੰਡਲੀ ਵਿੱਚ ਵੀ ਇਸ ਵਕਤ ਇਹੀ ਲਹੂ ਟਪਕ ਰਿਹਾ ਸੀ। ੳਸਦੀ ਸਾਰੀ ਢਾਂਣੀ ਉਸ ਦੇ ਕਮਰੇ ਵਿੱਚ ਇਕੱਠੀ ਹੋਈ ਪਈ ਸੀ।ਉਹ ਕਾਲਜ ਦਾ ਸੈਲਫ ਸਟਾਈਲ ਲੀਡਰ ਸੀ।ਉਸ ਦੀ ਸ਼ਰਨ ਵਿੱਚ ਸਾਹਿਬ ਸਲਾਮ ਕਰਨ ਅਕਸਰ ਪੰਜ ਸੱਤ ਬੰਦੇ ਤੁਰੇ ਰਹਿੰਦੇ ।ਬਹੁਤੇ ਉਸ ਨੂੰ ਗੋਡੀਂ ਹੱਥ ਲਾ ਕੇ ਹੀ ਆਪਣੀ ਸ਼ਰਧਾ ਭੇਂਟ ਕਰਦੇ ।ਕਾਲਜ ਵਿੱਚ ਸੁੱਖ ਦੇ ਦਿਨ ਕੱਟਣ ਲਈ ਉਸਦੀ ਕ੍ਰਿਪਾ ਦ੍ਰਿਸ਼ਟੀ ਬਣੀ ਰਹਿਣੀ ਜ਼ਰੂਰੀ ਸੀ। ਪਰ ਅੱਜ ਦੀ ਮਹਿਫ਼ਲ ਉਸਦੇ ਖਾਸ ਬਗਲਗੀਰ ਬੰਦਿਆ ਦੀ ਸੀ।ਬੈਠਦਿਆਂ ਹੀ ਗਿੱਲ ਨੇ ਗੱਲ ਦਾ ਗਲੋਟਾ ਕੱਤਿਆ,
“ਦੇਖ ਲਿਆ ਚਮਾਰੜੀ ਨੂੰ ਭੁਚਲਾਉਣ ਦਾ ਨਜ਼ਾਰਾ ?ਮੈਂ ਤਹਾਨੂੰ ਕਿਹਾ ਸੀ ਨਾਂ, ਇਹਨੂੰ ਜੇ ਗੁੱਠ’ਚੋਂ ਬਾਹਰ ਕੱਢੋਗੇ ਤਾਂ ਸਭ ਨੂੰ ਗੁੱਠੇ ਲਾਊ।ਮਨਿਸਟਰ ਤੁਹਾਡਾ, ਸੱਦਿਆ ਤੁਸੀਂ, ਤੇ ਸਾਰੇ ਇਲਾਕੇ ਸਾਹਮਣੇ ਹੀਰੋ ਬਣੇ ਇਹ ਚੜ੍ਹੱਤ ?”।
“ਉਹ ਸਾਡਾ ਕੱਲ ਦਾ ਛੋਕਰਾ ਵੀ ਉਹਦੇ ਕੁੱਛੜ ਚੜਿਆ ਫਿਰਦਾ।ਸੌਹਰਾ ਕਹਿੰਦਾ, ਇਹ ਮੇਰਾ ਆਈਡਲ ਐ।ਇਹੋ ਜਿਹੇ ਸਿਰ ਫਿਰੇ ਆਈਡਲ ਬਣਨ ਲੱਗਗੇ ਤਾਂ ਪੈ ਗਈਆਂ ਪੂਰੀਆਂ”।ਮਹਿਫਲ ਵਿੱਚ ਅਕਸਰ ਖਾਮੋਸ਼ ਰਹਿਣ ਵਾਲਾ ਪ੍ਰੋ.ਚੱਠਾ ਵੀ ਪੂਰਾ ਮਘ ਪਿਆ
“ਅੰਦਰ ਦੀ ਗੱਲ ਦੱਸਾਂ,ਊਂ ਭਾਂਵੇ ਜਿੰਨਾ ਮਰਜੀ ਚਾਂਭਲਿਆ ਫਿਰੇ ,ਪਰ ਬੰਦਾ ੳਹਦੇ ਨਾਲ ਇੱਕ ਨੀਂ।ਐਡਾ ਹੰਕਾਰੀ ਬੰਦਾ! ਕਿਸੇ ਨੂੰ ਲੜ ਈ ਨਹੀਂ ਬੰਨਦਾ!ਚੌਧਰੀ ਦੀ ਚੰਡਾਲ ਚੌਕੜੀ ਵੀ ਅੰਦਰੋਂ ਉਹਦੇ ਨਾਲ ਹੈਨੀ।ਮੈਨੂੰ ਪੀਅਨ ਰਾਮ ਲਾਲ ਨੇ ਕੱਲ ਈ ਦੱਸਿਆ ਕਿ ਗੱਲ ਤਾਂ ਪਤਾ ਨਹੀਂ ਕੀ ਸੀ ,ਉਹਨੂੰ ਵੀ ਹਫਤਾ ਪਹਿਲਾਂ ਇਹ ਬੁਰਾ ਭਲਾ ਬੋਲਿਆ”।
ਅੰਦਰ ਦੀਆਂ ਪੱਕੀਆਂ ਖਬਰਾਂ ਰੱਖਣ ਵਾਲੇ ਬਰਸਰ ਭਾਟੀਆ ਦੀਆਂ ਖਬਰਾਂ ਨੇ ਸਭ ਦੇ ਚਿਹਰਿਆਂ ਤੇ ਮੁਸਕਾਨ ਲੈ ਆਂਦੀ।ਬਰਾੜ ਦੀ ਮੁਸਕਾਨ ਸਭ ਤੋਂ ਗਹਿਰੀ ਸੀ।ਉਹ ਚੱਠੇ ਵੱਲ ਵੇਖਦਿਆਂ ਮੁਸਕਰਾਇਆ,
“ਐਵੇਂ ਨਾ ਦਿਲ ਛੱਡੀ ਜਾਇਆ ਕਰੋ।ਇਸ ਕਾਲਜ ਵਿੱਚ ਅੱਗੇ ਸਾਥੋਂ ਪੁੱਛੇ ਬਿਨਾਂ ਕਦੇ ਕੁਝ ਹੋਇਆ?ਮੈਂ ਸੋਚਿਆ ਇਹਨੇ ਸਟੇਜ ਤੇ ਜਿਹੜਾ ਕੰਜਰਪੁਣਾ ਜਿਹਾ ਕਰਨਾ ਕਰ ਲਵੇ ਪਰ ਪਾਂਣੀ ਇਓ ਸਿਰ ਨੂੰ ਆ ਜੂ ਇਹ ਤਾਂ ਚਿੱਤ-ਚੇਤੇ ਨੀ ਸੀ”।
“ਪ੍ਰਿੰਸੀਪਲ ਅੜੀਅਲ ਟੱਟੂ ਜਾਪਦਾ।ਉਹਦਾ ਪੱਖ ਪੂਰਦਾ ।ਗਿੱਲ ਨੂੰ ਬਦਲਣ ਵੇਲੇ ਤੁਹਾਨੂੰ ਕਨਫੀਡੈਂਸ’ਚ ਲਿਆ ?ਕੌਸਲ ਨੂੰ ਉਸ ਕਦੇ ਗੌਲਿਆ?”ਪ੍ਰੋ. ਸੁਡਾਨੇ ਨੇ ਟੋਣਾ ਲਾਇਆ
“ਅੜੀਅਲ ਨਹੀ ਅਨਾੜੀ ਏ।ਨਵੀਂ-ਨਵੀਂ ਪ੍ਰਿਸੀਪਲੀ ਦਾ ਚਾਅ ਏ।ਕਰਾੜ ਨੂੰ ਐਡਮਿਨਸਟ੍ਰੇਸ਼ਨ ਦੀ ਅਕਲ ਹੈਨੀ।ਪਤਾ ਈ ਨ੍ਹੀ ਕਿਹਦੇ ਨਾਲ ਬਣਾ ਕੇ ਰੱਖਣੀ ਏ ਤੇ ਕਿਹਦੇ ਨਾਲ ਨਹੀਂ”।
ਬਰਾੜ ਨੇ ਪ੍ਰਿਸੀਪਲ ਦਾ ਜੁਗਰਾਫੀਆ ਬਿਆਨ ਕਰ ਦਿੱਤਾ।
“ਆਪਣੀ ਗੱਲ ਮੰਨਜੂ?” ਗਿੱਲ ਨੇ ਖਦਸ਼ਾ ਜਾਹਰ ਕੀਤਾ
“ਮੰਨੂ ਕਿਓ ਨਾ ?ਮੈ ਤੁਹਾਡੇ ਨਾਲ ਗੱਲ ਸਾਂਝੀ ਨ੍ਹੀ ਕੀਤੀ ,ਬਦਲੀ ਕਰਾਉਣ ਲਈ ਦੋ ਵਾਰ ਮੇਰੀਆਂ ਲੇਲੜੀਆਂ ਕੱਢ ਚੁੱਕਾ।ਘਬਰਾਓ ਨਾ, ਹੋਜੂ ਪ੍ਰਬੰਧ”।ਬਰਾੜ ਨੇ ਉਹ ਗੱਲ ਕਹੀ ਜੋ ਸੁਣਨ ਲਈ ਸਭ ਬੇਤਾਬ ਸਨ।
ਫਿਰ ਇਸ ਪ੍ਰਬੰਧ ਦਾ ਓਦਣ ਹੀ ਪਤਾ ਲੱਗਾ ਜਿੱਦਣ ਕਾਲਜ ਖੁੱਲ੍ਹਦੇ ਹੀ ਰੌਲਾ ਪੈ ਗਿਆ।ਬੰਧੂ ਸਟਾਫ ਰੂਮ ਵਿੱਚ ਚੰਗਿਆੜੇ ਛੱਡਦਾ ਪਿਆ ਸੀ,
“ਇਓ ਨਹੀਂ ਮੈਨੂੰ ਕੋਈ ਡਰਾ ਸਕਦਾ ।ਇਹ ਬੁਰਜੂਆ ਰਾਜਨੀਤੀ ਨਹੀਂ ਇਥੇ ਚੱਲਣੀ।ਸ਼ਰਮ ਆਉਣੀ ਚਾਹੀਦੀ ਐ ਇਹੋ ਜਿਹੇ ਕਾਰੇ ਕਰਨ ਵਾਲਿਆਂ ਨੂੰ।ਨੇਸ਼ਨ ਬਿਲਡਰਾਂ ਦੇ ਕਾਰੇ ਦੇਖ ਲਓ ?ਮੇਰੀ ਬੱਚੀਆਂ ਵਰਗੀ ਵਿਦਿਆਰਥਣ ਨਾਲ ਮੇਰੇ ਪੋਸਟਰ ਛਾਪ ਕੇ ਇਹ ਕੀ ਸਮਝਦੇ ਨੇ ਕਿ ਮੈਨੂੰ ਬਦਨਾਮ ਕਰ ਲੈਣਗੇ।ਚੰਨ ਤੇ ਥੁੱਕਿਆਂ ਥੁੱਕ ਤੁਹਾਡੇ ਮੂਹਾਂ ਤੇ ਹੀ ਪੈਣਾ”।
ਇਸ ਵਕਤ ਸਟਾਫ਼ ਰੂਮ ਵਿੱਚ ਜਿਆਦਾ ਲੇਡੀ ਸਟਾਫ਼ ਹੀ ਬੈਠਾ ਸੀ । ਸਭ ਉਸਦੀ ਗੱਲ ਤਾਂ ਸੁਣਦੇ ਰਹੇ ਪਰ ਕਿਸੇ ਪਾਸਿਓ ਕੋਈ ਹੁੰਗਾਰਾ ਨਾ ਆਇਆ।ਸਭ ਓਨੀ ਕੁ ਹੂੰ ਹਾਂ ਕਰ ਰਹੇ ਸਨ ਜਿਸ ਬਿਨ੍ਹਾਂ ਬਿਲਕੁਲ ਸਰ ਨਹੀਂ ਸੀ ਸਕਦਾ।ਪਤਾ ਨਹੀਂ ਕਿਵੇਂ ਸਭ ਨੇ ਚੁੱਪ ਰਹਿਣ ਵਿੱਚ ਹੀ ਬਿਹਤਰੀ ਸਮਝੀ ਸੀ।ਆਨੇ-ਬਹਾਨੇ ਖਿਸਕਣ ਦੇ ਸਾਧਨ ਜੁਟਾਏ ਜਾ ਰਹੇ ਸਨ।ਪਰ ਤੀਰ ਤਾਂ ਛੁੱਟ ਚੁੱਕਾ ਸੀ।ਅੰਦਰ ਜੇ ਬੰਧੂ ਭਖਿਆ ਪਿਆ ਸੀ ਤਾਂ ਓਧਰ ਬਰਾੜ ਆਪਣੇ ਸਾਥੀਆਂ ਨਾਲ ਪ੍ਰਿੰਸੀਪਲ ਦੀ ਹਜੂਰੀ ਵਿੱਚ ਮਸਲੇ ਦਾ ‘ਹੱਲ’ ਕੱਢ ਰਿਹਾ ਸੀ
“ਕਿਉ ਸਰ ਜੀ , ਕਰਾ ਤੀ ਨਾਂ ਬਦਨਾਮੀ ਕਾਲਜ ਦੀ।ਕੱਲ ਨੂੰੰ ਇਹ ਖਬਰ ਅਖਬਾਰ’ਚ ਛਪੂ।ਸਾਰੇ ਪਾਸੇ ਕਾਲਜ ਦੀ ਤੋਏ-ਤੋਏ ਹੋਊ।ਮੰਤਰੀ ਜੀ ਤੱਕ ਤਾਰਾਂ ਖੜਕ ਜਾਣੀਆਂ”।
ਮੰਤਰੀ ਵਾਲੇ ਹਿੱਸੇ ਤੇ ਗਿੱਲ ਨੇ ਜਰਾ ਜਿਆਦਾ ਦਬਾਅ ਪਾ ਕੇ ਬਾਲ ਆਪਣੇ ਆਗੂ ਬਰਾੜ ਵੱਲ ਖਿਸਕਾ ਦਿੱਤੀ।
ਨਪੀ ਤੁਲੀ ਗੱਲ ਦਾ ਮਾਹਰ ਬਰਾੜ ਬੋੋੋਲਿਆ,
“ਤਾਰਾਂ ਤਾਂ ਪਹਿਲਾਂ ਹੀ ਖੜਕੀਆਂ ਪਈਆਂ ਨੇ।ਮੰਤਰੀ ਸਾਹਿਬ ਕੱਲ ਮਿਲੇ ਸੀ,ਗਰਾਂਟ ਵਾਲੇ ਚੈੱਕ ਦਾ ਪੁੱਛਦੇ ਪਏ ਸੀ…”।
ਅਗਲੀ ਗੱਲ ਅਧੂਰੀ ਛੱਡ ਉਸਨੇ ਆਪਣੀ ਟਿਕਟਿਕੀ ਪ੍ਰਿੰਸੀਪਲ ਦੇ ਚਿਹਰੇ ਦੀ ਸਕੈਨਿੰਗ ਕਰਨ ਲਈ ਗੱਡ ਦਿੱਤੀ।ਬਰਾੜ ਦੀ ਗੱਲ ਸੁਣ ਪ੍ਰਿੰਸੀਪਲ ਆਪਣੀ ਕੁਰਸੀ ਵਿੱਚ ਦੁਬਕ ਕੇ ਬੈਠ ਗਿਆ।ਉਹ ਜਾਣਦਾ ਸੀ ਕਿ ਮੰਤਰੀ ਬਰਾੜ ਦੀ ਰਿਸ਼ਤੇਦਾਰੀ ਵਿੱਚੋਂ ਸੀ ।ੳਸਦੀ ਗੱਲ ਹਮੇਸ਼ਾਂ ਵਜਨੀ ਹੁੰਦੀ ।ਉਹ ਅਂੈਵੇ ਜਣੇ-ਖਣੇ ਦੇ ਨਾਲ ਪ੍ਰਿੰਸੀਪਲ ਕੋਲ ਨਹੀਂ ਸੀ ਆਉਂਦਾ।ਪ੍ਰਿੰਸੀਪਲ ਵੀ ਉਸ ਦੀ ਗੱਲ ਨਿਵ ਕੁ ਸੁਣਦਾ ।ਸੁਣੇ ਵੀ ਕਿਓ ਨਾਂ ਅਜੇ ਮਹੀਨਾ ਪਹਿਲਾਂ ਤਾਂ ਉਸ ਨੇ ਬੇਨਤੀ ਕੀਤੀ ਸੀ ਕਿ ਉਹ ਉਸਦੀ ਬਦਲੀ ਉਸ ਦੇ ਸ਼ਹਿਰ ਕਰਵਾ ਦੇਵੇ।ਐਂਵੇ ਤਰੱਕੀ ਦੇ ਲਾਲਚ ਵਿੱਚ ਲੁਧਿਆਣੇ ਵਰਗੇ ਸ਼ਹਿਰ ਨੂੰ ਛੱਡ ਘਰੋਂ ਬੇਘਰ ਹੋਇਆ ਪਿਆ ਸੀ।ਸ਼ਾਇਦ ਉਸਦੇ ਅੰਦਰੋਂ ਵੀ ਕਾਲਜ ਨੂੰ ਬਦਲ ਦੇਣ ਦਾ ਜੋਸ਼ ਠੰਢਾ ਪੈ ਗਿਆ ਸੀ ।ਕਾਲਜ ਦਾ ਅਸਰ-ਰਸੂਖ ਵਾਲਾ ਧੜਾ ੳਸਤੋਂ ਖਫਾ ਹੋਇਆ ਬੈਠਾ ਸੀ।ਜਿਹਨੂੰ ਤਾਜ ਦਿੱਤਾ ਸੀ ਉਹ ਤਾਂ ਕੰਮ ਤੋਂ ਬਿਨਾਂ ਕਦੇ ਕੋਲ ਆ ਕੇ ਵੀ ਨਹੀਂ ਬੈਠਾ ਸੀ ।ਉਹਨੇ ਇਸ ਪੰਗੇ’ਚੋਂ ਕੀ ਕੱਢਣਾ ਸੀ ?ਕਾਲਜ ਅੱਗੇ ਕਿਹੜਾ ਪੰਜਾਹ ਸਾਲਾਂ ਤੋਂ ਉਹਦੇ ਚਲਾਇਆਂ ਚੱਲ ਰਿਹਾ ਸੀ ?ਬਹੁਤ ਕੁਝ ਪ੍ਰਿੰਸੀਪਲ ਦੇ ਜ਼ਿਹਨ ਵਿੱਚ ਇੱਕੋ ਵੇਲੇ ਪਲਸੇਟੇ ਮਾਰਨ ਲੱਗਾ। ਫਿਰ ਸਭ ਇਓ ਵਾਪਰਿਆ ਜਿਵੇਂ ਕਿਸੇ ਨੇ ਬਟਨ ਦਬਾ ਕਿ ਚੱਲ ਰਹੀ ਫਿਲਮ ਦੇ ਫਾਸਟ ਬਟਨ ਨੂੰ ਦਬਾ ਦਿੱਤਾ ਹੋਵੇ।ਅਚਾਨਕ ਦਫਤਰੀ ਅਮਲੇ ਦੀ ਗਤੀਵਿਧੀ ਤੇਜ ਹੋ ਗਈ।ਕੰਪਿਊਟਰ ਕੀ ਬੋਰਡ ਉਪਰ ਸਟੈਨੋ ਸੁਸ਼ੀਲ ਦੀਆਂ ਉਗਲਾਂ ਫੁਰਤੀ ਨਾਲ ਚੱਲੀਆਂ।ਅੱਧੇ ਘੰਟੇ ਦੇ ਅੰਦਰ-ਅੰਦਰ ਫਰਲਾ ਲੈ ਕੇ ਪੀਅਨ ਰਾਮ ਲਾਲ ਬੰਧੂ ਦੇ ਕਮਰੇ ਵਿੱਚ ਸੀ।ਕਾਗਜ਼ ਨੂੰ ਹੱਥ ਵਿੱਚ ਲੈਦਿਆਂ ਬੰਧੂ ਦੀਆਂ ਅੱਖਾਂ ਲਾਟਾਂ ਛੱਡਣ ਲੱਗ ਪਈਆਂ।ਬਿਨਾਂ ਕੁਝ ਵਿਚਾਰੇ ਉਹ ਅਗਲੇ ਹੀ ਪਲ ਪ੍ਰਿਸੀਪਲ ਮੂਹਰੇ ਦਹਾੜ ਪਿਆ,
“ਕਿਸ ਦੇ ਕਹਿਣ ਤੇ ਮੇਰੇ ਕੋਲੋਂ ਕਲਚਰ ਵਿਭਾਗ ਖੋਹਿਆ ਗਿਆ?ਨਾਲੇ ਇਹ ਜੋ ਬਕਵਾਸ ਬਾਜੀ ਕੰਧਾਂ ਤੇ ਕੀਤੀ ਗਈ ਏ ਮੈਂ ਇਸ ਦਾ ਕੀ ਉਤਰ ਦਿਆਂ? ਤੁਹਾਨੂੰ ਮੇਰੇ ਰਿਕਾਰਡ ਦਾ ਪਤਾ ਨਹੀਂ?”
ਇਹ ਕਹਿੰਦਿਆਂ ਹੀ ਉਸ ਦੀ ਨਜ਼ਰ ਪ੍ਰਿਸੀਪਲ ਚੇਅਰ ਦੇ ਨਾਲ ਬੜੀ ਸ਼ਾਨ ਨਾਲ ਟਿਕਾਈ ਜੇਤੂ ਟਰਾਫੀ ਉਪਰ ਟਿਕ ਗਈ।ਉਸ ਦੀ ਗੱਲ ਨੂੰ ਅਣਸੁਣਿਆਂ ਕਰਦਿਆਂ ਪ੍ਰਿੰਸੀਪਲ ਬੋੋਲਿਆ,
“ਵਟਸ ਐਵਰ ਯੂ ਵਾਂਟ ਟੂੰ ਰਾਈਟ, ਗਿਵ ਮੀ ਇਨ ਰਾਇਟਿੰਗ”।
“ਜੇ ਕੰਧ ਤੇ ਲਿਖਿਆ ਨਹੀਂ ਪੜ੍ਹ ਹੁੰਦਾ ਤਾਂ ਕਾਗਜ਼ ਤੇ ਲਿਖਿਆ ਕੀ ਕਰਦੂ”।
“ਗੋ ਪ੍ਰੋ.ਦੇਸ਼ਬੰਧੂ”।ਪ੍ਰਿੰਸੀਪਲ ਨੇ ਗੱਲ ਨਿਬੇੜਨੀ ਚਾਹੀ
“ਇਟਸ ਐ ਮੈਟਰ ਆਫ ਸ਼ੇਮ ਡੈਟ ਯੂ ਆਰ ਮਾਈ ਪ੍ਰਿੰਸੀਪਲ”।
ਬੰਧੂ ਫਟਣ ਵਾਲਾ ਹੋ ਪਿਆ ।ਆਖਰੀ ਦੋ ਵਾਕ ਅੰਦਰ ਲ਼ੰਘ ਆਏ ਸੁਪਰਡੈਂਟ ਸੁਧੀਰ ਨੇ ਵੀ ਸੁਣ ਲਏ ਸਨ।ਬੰਧੂ ਅਜੇ ਕਮਰੇ ਦੀਆਂ ਦੀਆਂ ਬਰੂਹਾਂ ਵੀ ਨਹੀਂ ਸੀ ਟੱਪਿਆ ਕਿ ਸੁਸ਼ੀਲ ਜੋਰ ਨਾਲ ਵੱਜੀ ਆਫਿਸ ਬੈੱਲ ਸੁਣ ਕੇ ਪ੍ਰਿੰਸੀਪਲ ਕੋਲ ਨਵੀਂ ਡਿਕਟੇਸ਼ਨ ਲੈਣ ਲਈ ਤਿਆਰ ਖੜੀ ਸੀ।ਅਗਲੇ ਪਲ ਉਸ ਦੀਆਂ ਉਗਲ਼ਾਂ ਪਹਿਲਾਂ ਨਾਲੋਂ ਵੀ ਤੇਜ, ਕੀ ਬੋਰਡ ਤੇ ਚੱਲੀਆਂ। ਅੱਧੇ ਘੰਟੇ ਬਾਅਦ ਨਵਾਂ ਫਰਲਾ ਲੈ ਕੇ ਰਾਮ ਲਾਲ ਬੰਧੂ ਦੇ ਦੁਆਰ ਖੜ੍ਹਾ ਸੀ।ਫਰਲਾ ਹੱਥ ਵਿੱਚ ਆਉਂਦੇ ਹੀ ਪਰਜਾ-ਪੁਰਜਾ ਹੋ ਕੇ ਖਿੱਲਰ ਗਿਆ ।ਬੰਧੂ ਬੁੜਬੜਾਇਆ,
“ਜੱਦਾ ਮਿਸਬਿਹੇਵ ਦਾ।ਕੁਰਸੀ ਤੇ ਬੈਠ ਕੇ ਬੇਇਨਸਾਫੀਆਂ ਕਰਨ ਡਿਆਂ ਏਂ…”।
ਗੱਲ ਸੁਲਝਣ ਦੀ ਬਜਾਇ ਫਿਰ ਇਓ ਉਲਝੀ ਕਿ ਜਵਾਬ ਤਲਬੀਆਂ ਵਾਲੀ ਫਾਈਲ ਦਾ ਅਕਾਰ ਗੈਸ ਦੇ ਗੁਬਾਰੇ ਵਾਂਗ ਫੁੱਲ ਗਿਆ।ਇਹ ਕਹਾਣੀ ਹਨੂੰਮਾਨ ਦੀ ਪੂਸ਼ ਵਾਂਗ ਘਟਣ ਦੀ ਬਜਾਇ ਹਰ ਆਏ ਦਿਨ ਲੰਮੀ ਹੁੰਦੀ ਗਈ ।ਸੁਣਨ ਵਿੱਚ ਇਹ ਵੀ ਆ ਰਿਹਾ ਸੀ ਕਿ ਇੱਕ-ਇੱਕ ਕਾਪੀ ਚੰਡੀਗੜ੍ਹ ਵੀ ਨਾਲੋਂ-ਨਾਲ ਪਹੁੰਚ ਰਹੀ ਸੀ।ਬੰਧੂ ਨੇ ਅਜਿਹਾ ਕੌਤਕ ਪਹਿਲੀ ਵਾਰ ਤੱਕਿਆ ਸੀ।ਕਲਮ ਦੀ ਮਾਰ ਉਸ ਨੂੰ ਬੰਦਿਆਂ ਦੀ ਮਾਰ ਨਾਲੋਂ ਵੀ ਜਿਆਦਾ ਸੱਲ੍ਹ ਰਹੀ ਸੀ ।ਸਭ ਨੂੰ ਦਬੱਲੀ ਫਿਰਨ ਵਾਲਾ ਬੰਧੂ ਖੁਦ ਫਾਈਲ ਦੇ ਭਾਰ ਥੱਲੇ ਹੀ ਦੱਬਦਾ ਗਿਆ।ਦੋ ਤਿੰਨ ਮਹੀਨੇ ਦੀਆਂ ਜਵਾਬ ਤਲਬੀਆਂ ਨੇ ਉਸ ਨੂੰ ਤੋੜ ਕੇ ਰੱਖ ਦਿੱਤਾ।ਇੱਕ ਖਿਝ ਦਾ ਜੁਗਰਾਫੀਆ ਉਸਦੇ ਤਾਂਬੇ ਵੰਨੇ ਚਿਹਰੇ ਦੇ ਆਰ-ਪਾਰ ਉੱਕਰਿਆ ਗਿਆ।ਸਦਾ ਪਹਾੜ ਦੀ ਟੀਸੀ ਤੇ ਖੜ੍ਹ ਕੇ ਗੱਲ ਕਰਨ ਵਾਲਾ ਬੰਧੂ ਮੀਲਾਂ ਲੰਮੀਆਂ ਖੱਡਾਂ ਵਿੱਚ ਧਸ ਗਿਆ।ਸਹਿਜ ਜਦ ਉਸਦੇ ਕਮਰੇ ਵਿੱਚ ਅਚਾਨਕ ਆਇਆ ਤਾਂ ਉਹ ਬਿਨ੍ਹਾਂ ਕੁਝ ਪੁੱਛਿਆਂ ਹੀ ਬੁੜਬੜਾਇਆ,
“ਸਭ ਪਾਸੇ ਇੱਕੋ ਜਿਹੇ ਕੰਜਰ ਤੁਰੇ ਫਿਰਦੇ।ਬੱਸ ਸ਼ਕਲਾਂ ਬਦਲੀਆਂ ਨੇ ਜਾਂ ਗੱਲਾਂ ਦਾ ਮੁਲੰਮਾ”
“ਹੁਣ ਕੀ ਹੋ ਗਿਆ?”
ਸਹਿਜ ਦੇ ਅੰਦਰ ਡਰ ਦੀ ਇਕ ਤਾਰ ਫਿਰ ਗਈ
“ਹਾਲ ਵਾਲਿਆਂ ਮੇਰਾ ਪਲੇਅ ਰਿਜੈਕਟ ਕਰਤਾ।ਕਹਿੰਦੇ ,ਇਹ ਜਾਤੀਵਾਦ ਉਭਾਰਦਾ।ਸਮੂਹਿਕ ਸੰਘਰਸ਼ ਦੀ ਬਜਾਇ ਕੱਲੇ ਬੰਦੇ ਦੇ ਨਾਇਕਤਵ ਨੂੰ ਉਛਾਲਦਾ ।ਤੂੰ ਦੱਸ ਇਸ’ਚ ਗਲਤ ਕੀ ਹੈਗਾ ?ਕਿੱਥੇ ਆ ਸਮੂਹਿਕ ਸਘੰਰਸ਼ ? ਗੈਂਗਬਾਜੀ ਆ ,ਜਾਂ ‘ਕੱਲਾ ਬੰਦਾ ?ਕੋਈ ਸੱਚ ਸੁਣਨਾ ਹੀ ਨਹੀਂ ਚਾਹੁੰਦਾ !”
ਬੰਧੂ ਨੂੰ ਵੱਡਾ ਝਟਕਾ ਲੱਗਾ ਸੀ।ਉਸ ਦੇ ਤਿਆਰ ਕਰਵਾਏ ਨਾਟਕ ਪਿਛਲੇ ਕਈ ਸਾਲਾਂ ਤੋਂ ਹਾਲ ਦੇ ਨਾਟਕ ਮੇਲੇ ਦੀ ਸ਼ਾਂਨ ਬਣਦੇ ਆਏ ਸਨ।ਸਹਿਜ ਬੰਧੂ ਦੇ ਆਦਰ ਕਾਰਣ ਉਸ ਨਾਲ ਬਹੁਤੀ ਬਹਿਸਬਾਜ਼ੀ ਵਿੱਚ ਨਹੀਂ ਸੀ ਪੈਂਦਾ, ਪਰ ਇਸ ਵਕਤ ਉਸ ਅੰਦਰਲਾ ਰਾਜਨੀਤੀ-ਸ਼ਾਸਤਰ ਦਾ ਪ੍ਰੋਫੈਸਰ ਏਨਾ ਕਹਿਣ ਤੋਂ ਆਪਣੇ ਆਪ ਨੂੰ ਰੋਕ ਨਾ ਸਕਿਆ,
“ਨਾਇਕਤਵ ਚੰਗੀ ਚੀਜ਼ ਐ ਪਰ ਇਹ ਆਖਰ ਫਾਸ਼ੀਵਾਦ’ਚ ਬਦਲ ਜਾਂਦੈ।ਗੱਲ ਆਖਰ ਸਮੂਹਿਕ ਸਘੰਰਸ਼ ਨਾਲ ਈ ਕਿਸੇ ਤਣ-ਪੱਤਣ ਲੱਗ ਸਕਣੀ”।
ਬੰਧੂ ਦੀ ਪ੍ਰੇਰਣਾ ਨਾਲ ਹਾਲ ਨਾਲ ਜੁੜਿਆ ਸਹਿਜ ਅੱਜ ਉਸ ਨੂੰ ਹੀ ਮੱਤਾਂ ਦੇ ਰਿਹਾ ਸੀ।ਵੇੈਸੇ ਉਹਦਾ ਤਾਇਆ ਕਿਸੇ ਵੇਲੇ ਮੁਜਾਰਾ ਲਹਿਰ ਨਾਲ ਜੁੜਿਆ ਰਿਹਾ ਸੀ ।ਪਰ ਇਹ ਤਾਂ ਹੋਏ ਬੀਤੇ ਦੀਆਂ ਗੱਲਾਂ ਸਨ।ਉਹਨਾਂ ਦਾ ਟੱਬਰ ਤਾਂ ਸਦਾ ਨੱਕ ਦੀ ਸੇਧੇ ਹੀ ਤੁਰਿਆ ਸੀ।
“ਇਤਿਹਾਸ’ਚ ਆਪਣੀ ਛਾਪ ਸਦਾ ਕੱਲਿਆਂ ਬੰਦਿਆਂ ਨੇ ਹੀ ਛੱਡੀ ਏ”।
ਬੰਧੂ ਕਿਸੇ ਕੀਮਤ ਤੇ ਹਥਿਆਰ ਨਹੀਂ ਸੀ ਸੁੱਟਣਾਂ ਚਾਹੁੰਦਾ
ਉਪਰ ਇਹ ਸਭ ਉਨ੍ਹਾਂ ਦੀ ਮਦਦ ਨਾਲ ਹੋਇਆ ਜਿਨ੍ਹਾਂ ਦਾ ਇਤਿਹਾਸ’ਚ ਜਿਕਰ ਨ੍ਹੀਂ”।
ਸਹਿਜ ਆਪਣੀ ਗੱਲ ਤੇ ਡਟ ਗਿਆ
“ਇਹ ਸਭ ਤੇਰੇ ਵਰਗੇ ਬੁਰਜੂਆ ਬੰਦਿਆਂ ਦੇ ਤਰਕ ਨੇ”
ਬੰਧੂ ਭੜਕ ਪਿਆ।ਉਸ ਅੰਦਰਲੀ ਤਲਖੀ ਛਾਲ ਮਾਰਕੇ ਬਾਹਰ ਫੰਨ੍ਹ ਫੈਲਾ ਬੈਠੀ।ਉਹ ਤਰਕ ਦਾ ਪੱਲਾ ਛੱਡ ਅਚਾਨਕ ਹਮਲਾਵਰ ਹੋ ਗਿਆ।ਪਿਛਲੇ ਸਮੇਂ ਤੋਂ ਉਸਦੀ ਖਿਝ ਸਹਿਜ ਨਾਲ ਗੱਲ ਸਮੇਂ ਵੀ ਉਛਾਲੇ ਮਾਰਨ ਲੱਗ ਪਈ ਸੀ।ਸਹਿਜ ਪਹਿਲਾਂ ਤਾਂ ਖਾਮੋਸ਼ੀ ਦਾ ਪੈਂਤੜਾ ਧਾਰਨ ਕਰਨ ਲੱਗਾ ਪਰ ਫਿਰ ਉਹ ਇਹ ਸਲਾਹ ਦੇ ਬੈਠਾ,
“ਤੁਹਾਨੂੰ ਉਥੇ ਤਰਕ ਨਾਲ ਆਪਣੇ ਹਮਖਿਆਲ ਬੰਦਿਆਂ ਦਾ ਗਰੁੱਪ ਖੜ੍ਹਾ ਕਰਨਾ ਚਾਹੀਦਾ”।
“ਕੌਣ ਸੁਣਦਾ ਤਰਕ ?ਸਭ ਸ਼ਕਲਾਂ ਵੇਖ ਗੱਲ ਕਰਦੇ।ਹਾਲ ਵਾਲਿਆਂ ਤੋਂ ਮੇਰੀ ਚੜ੍ਹਤ ਬਰਦਾਸ਼ਤ ਨਹੀਂਂ ਹੋਈ।ਮੇਰੀ ਬਜਾਇ ਕੁਲਵੰਤ ਧਾਲੀਵਾਲ ਨੂੰ ਪਲੇਅ ਦੇ ਤਾ”।
“ਹੋ ਸਕਦਾ ਉਸ’ਚ ਵੱਡੀ ਗੱਲ ਹੋਵੇ ?”
“ਵੱਡੀ ਗੱਲ ਸਾਲੀ ਧਾਲੀਵਾਲ ਹੋਣ’ਚ ਐ”।
“ਫਿਰ ਵੀ…”
ਗੱਲ ਨੂੰ ਵਿਚੋਂ ਕੱਟਦਾ ਉਤੇਜਨਾ ਨਾਲ ਭਰਿਆ ਬੰਧੂ ਡੂਘਾਂ ਸਾਹ ਲੈ ਕੇ ਬੋਲਿਆ,
“ਕਿਹੜੇ ਤਰਕਾਂ ਦੀ ਗੱਲ ਕਰਦਾਂ ?ਤੈਨੂੰ ਪਤਾ ਮੇਰਾ ਬਾਪ ਕਿਓ ਮਾਰਤਾ ਸੀ ?ਉਸ ਨੇ ਵੀ ਤਰਕ ਨਾਲ ਹੀ ਗੱਲ ਕੀਤੀ ਸੀ ।ਫਸਲ’ਚੋਂ ਹਿੱਸਾ ਵਧਾਈ ਮੰਗੀ ਸੀ ।ਮੌਤ ਮਿਲੀ ਉਂਹਨੂੰ !”
ਆਖਰੀ ਵਾਕ ਸਹਿਜ ਦੀ ਛਾਤੀ ਵਿੱਚ ਇਓ ਵੱਜਾ ਜਿਵੇਂ ਖੂਹ ਦੀ ਛਾਤੀ ਤੇ ਬਾਹਰੋਂ ਡਿੱਗੀ ਇੱਟ ਵੱਜਦੀ ਹੈ ।
ਉਹ ਡੂੰਘੀ ਖਾਮੋਸ਼ੀ’ਚ ਲੱਥ ਗਿਆ।ਬੰਧੂ ਤੜੱਕ ਕਰਕੇ ਵਹਿ ਤੁਰਿਆ ਸੀ।ਦੋਨੋਂ ਕਿੰਨੀ ਦੇਰ ਇੱਕ ਦੂਜੇ ਤੋਂ ਅੱਖਾਂ ਚਰਾਂਉਂਦੇ ਰਹੇ ।ਫਿਰ ਦੋਨਾਂ’ਚੋਂ ਕੋਈ ਵੀ ਬੋਲ ਨਾਂ ਸਕਿਆ।
ਸਹਿਜ ਅੰਦਰ ਹਫਤਾ ਭਰ ਖਿਆਲਾਂ ਦਾ ਘਮਸਾਣ ਮਚਿਆ ਰਿਹਾ।ਉਸ ਨੂੰ ਇਸ ਗੱਲ ਦਾ ਤਾਂ ਪਤਾ ਸੀ ਕਿ ਹਾਲ ਦੇ ਟਰੱਸਟੀਆਂ ਵਿੱਚੋਂ ਗਦਰੀ ਬਾਬਾ ਬਲਿਹਾਰ ਸਿੰਘ ਦੀ ਮੌਤ ਨਾਲ ਬੰਧੂ ਦੀ ਵੱਡੀ ਧਿਰ ਖਾਮੋਸ਼ ਹੋ ਗਈ ਸੀ।ਪਰ ਪਤਾ ਨਹੀਂ ਕਿਓ ਉਸਨੂੰ ਇਓ ਜਾਪਦਾ ਕਿ ਗੱਲ ਇਵੇਂ ਨਾਂ ਹੋਵੇ ਜਿਵੇਂ ਬੰਧੂ ਸੋਚਦਾ ਸੀ ।ਡੋਲੇ ਹੋਏ ਬੰਧੂ ਨੂੰ ਤਕੜਾ ਕਰਨ ਦੇ ਇਰਾਦੇ ਨਾਲ ਉਹ ਉਸਦੇ ਕਮਰੇ ਵਿੱਚ ਗਿਆ।ਉਹ ਹੁਣ ਜਿਆਦਾ ਉਥੇ ਹੀ ਬੈਠਦਾ।ਸਹਿਜ ਨੇ ਹੀ ਗੱਲ ਤੋਰੀ,
“ਈਰਖਾਬਾਜ਼ੀ ਤਾਂ ਹਰ ਥਾਂ ਚੱਲਦੀ ਏ। ਪ੍ਰਸਨੈਲਟੀਜ਼ ਕਲੈਸ਼ ਇਤਿਹਾਸ ਦਾ ਹਿੱਸਾ ਨੇ ਪਰ ਇਓ ਹਥਿਆਰ ਸੁੱਟਿਆਂ ਤਾਂ ਗੱਲ ਨ੍ਹੀਂ ਬਣਨੀ ?” ।
“ਨਹੀਂ ਹੁਣ ਤੂੰ ਮੈਂਨੂ ਸਿਖਾੲਂੇਗਾ ਗੱਲਾਂ ਬਣਾਉਣੀਆਂ ?
ਤੂੰ ਵੀ ਮੇਰਾ ਦਰਦ ਨਹੀਂ ਸਮਝਿਆ!ਸੰਧੂ ਜੋ ਏਂ!ਉਨ੍ਹਾਂ ਦਾ ਪੱਖ ਹੀ ਕਰਂੇਗਾ !”।
ਬੰਧੂ ਬੰਬ ਬਣ ਕੇ ਫਟ ਪਿਆ।ਸਹਿਜ ਗੱਲ ਸੁਣਕੇ ਅਵਾਕ ਰਹਿ ਗਿਆ।ਬੰਧੂ ਅੰਦਰ ਜਿਹੜਾ ਤੂਫਾਨ ਮੱਚਿਆ ਪਿਆ ਸੀ ਉਸਦੀ ਉਸਨੂੰ ਬਿਲਕੁਲ ਥਾਹ ਨਹੀਂ ਸੀ।ੳਸਦੇ ਦੁਆਲੇ ਇੱਕ ਡੂੰਘੀ ਖਾਮੋਸ਼ੀ ਪੱਸਰ ਗਈ।ਇਸ ਤੋਂ ਪਹਿਲਾਂ ਕਿ ਇਹ ਖਾਮੋਸ਼ੀ ਬੋਝਲ ਬਣ ਕੇ ਦੋਨਾਂ ਨੂੰ ਪੂਰੀ ਤਰ੍ਹਾਂ ਨਿੱਗਲ ਲੈਂਦੀ ਉਹ ਤੇਜ਼ ਕਦਮੀ ਕਮਰੇ’ਚੋਂ ਬਾਹਰ ਨਿੱਕਲ ਗਿਆ।ਦੂਰ ਪਹੁੰਚ ਕੇ ਉਸ ਨੇ ਇੱਕ ਵਾਰ ਪਿੱਛੇ ਭਂੌਅ ਕੇ ਵੇਖਿਆ । ਡੂੰਘੇ ਖਲਾਅ ਤੋਂ ਬਿਨ੍ਹਾਂ ਕਿਧਰੇ ਕੁਝ ਵੀ ਨਜ਼ਰ ਨਾਂ ਆਇਆ।
ਦੋ ਦਿਨ ਵੀ ਨਹੀਂ ਸੀ ਲੰਘੇ ਕੇ ਆਰਟਸ ਬਲਾਕ ਕੋਲ ਤੁਰੇ ਜਾਂਦੇ ਸਹਿਜ ਨੂੰ ਬੰਧੂ ਨੇ ਅਚਾਨਕ ਗੁੱਟ ਤੋਂ ਆਣ ਫੜਿਆ,
“ਤੂੰ ਮੇਰੇ ਦਿਲ ਦੇ ਸਭ ਤੋਂ ਕਰੀਬ ਏਂ,ਆਰਤੀ ਤੋਂ ਵੀ ਕਰੀਬ।ਆ’ਮ ਸੌਰੀ! ਓਦਣ ਦਾ ਦਿਲ’ਚੋਂ ਕੱਢ ਛੱਡੀਂ”।
ਪਰ ਸਹਿਜ ਇਸ ਸਭ ਨੂੰ ਚਾਹ ਕੇ ਵੀ ਦਿਲੋਂ ਕੱਢ ਨਾ ਸਕਿਆ।ਮੁਹੱਬਤੀ ਗੱਲਬਾਤ ਰਸਮੀ ਹਾਇ,ਹੈਲੋ’ਚ ਵੱਟ ਗਈ।ਹੌਲੀ-ਹੌਲੀ ਇਸ ਵਿੱਚ ਵੀ ਲੰਮਾ ਵਕਫਾ ਪੈਣ ਲੱਗ ਪਿਆ।ਦੋਸਤੀ ਦੇ ਬੂਟੇ ਨੂੰ ਹਉਂਮੇ ਦੀ ਸਿਉਂਕ ਚਟਮ ਕਰਨ ਲੱਗੀ।
ਦੋਨੋਂ ਆਪਣੇ-ਆਪਣੇ ਖਿਆਲਾਂ ਦੀਆਂ ਘੁੰਮਣਘੇਰੀਆਂ ਵਿੱਚ ਫਸੇ ਰਹੇ।ਇਸੇ ਵਿੱਚੋਂ ਇਕ ਖਿਆਲ ਨੇ ਸਹਿਜ ਨੂੰ ਇਸ ਸਮੇਂ ਡਾਹਢਾਂ ਪ੍ਰੇਸ਼ਾਨ ਕਰੀ ਰੱਖਿਆ।ਜਿਨ੍ਹਾਂ ਵਿਦਿਆਰਥੀਆਂ ਲਈ ਬੰਧੂ ਮਰ-ਮਰ ਜਾਂਦਾ ਸੀ ਤੇ ਜਿਨ੍ਹਾਂ ਨੂੰ ਉਹ ਅਧਿਆਪਕ ਦੀ ਅਸਲ ਤਾਕਤ ਦੱਸਦਾ ਸੀ ਉਹ ਏਨਾ ਕੁਝ ਹੋ ਜਾਣ ਤੇ ਵੀ ਕਿੱਥੇ ਸਨ ? ਫਿਰ ਉਸ ਸੋਚਿਆ , ਉਨ੍ਹਾਂ ਨੂੰ ਕੀ ਪਤਾ ਅੰਦਰ ਕੀ ਵਾਪਰ ਰਿਹਾ ?ਇਸ ਦਾ ਪਤਾ ਵੀ ਕਿਵੇਂ ਲੱਗੇ ?ਉਨ੍ਹਾਂ ਨੂੰ ਤਾਂ ਮਨਾਹੀ ਦੇ ਬਾਵਜੂਦ ਕਾਲਜ ਲਿਆਂਦੇ ਮੋਬਾਈਲ ਫੂਨਾਂ ਤੇ ਐਸ.ਐਮ.ਐਸ ਕਰਨ ਤੇ ਇੱਕ ਦੂਜੇ ਨਾਲ ਗੱਲਬਾਤ ਕਰਨ ਤੋਂ ਹੀ ਵਿਹਲ ਨਹੀਂ ਸੀ ! ਕੁੜੀਆਂ ਮੁੰਡਿਆਂ ਦੀ ਜਿਆਦਾ ਦਿਲਚਸਪੀ ਕਾਲਜ ਵਿੱਚ ਸੁੰਨੀਆਂ ਗੁੱਠਾਂ ਲੱਭਣ ਵਿੱਚ ਸੀ । ਕਾਲਜ ਵਿੱਚ ਕਈ ਵਾਰ ਬਾਹਰਲੇ ਬੰਦੇ ਜਿਨ੍ਹਾਂ ਨੂੰ ਅਖਬਾਰਾਂ ‘ਸ਼ਰਾਰਤੀ ਤੱਤ’ ਆਖਦੀਆਂ ਆ ਕੇ ਕਾਲਜ ਬੰਦ ਕਰਾ ਕੇ ਗਏ ਸਨ ।ਕਿਸੇ ਨੂੰ ਕੋਈ ਫਰਕ ਹੀ ਨਹੀ ਸੀ ਪੈਂਦਾ!ਸਭ ਲਈ ਛੁੱਟੀ ਦਾ ਬਹਾਨਾ ਤੇ ਕੰਟੀਨ ਵਿੱਚ ਗੱਪਛੱਪ ਦਾ ਮੌਕਾ ਬਣਦਾ ।ਬੰਧੂ ਵਿਦਿਆਰਥੀਆਂ ਨਾਲ ਆਪਣੇ ਬਾਬਤ ਕਦੇ ਗੱਲ ਕਰੇ, ਇਹ ਸੁਵਾਲ ਹੀ ਪੈਦਾ ਨਹੀਂ ਸੀ ਹੁੰਦਾ।ਉਹ ਉਨ੍ਹਾਂ ਨਾਲ ਅਜਿਹੀਆਂ ਗੱਲਾਂ ਕਰਨ ਦੇ ਸਦਾ ਹੀ ਵਿਰੁੱਧ ਸੀ ।ਸਹਿਜ ਨੇ ਜੇ ਕਦੇ ਕਾਲਜ ਵਿੱਚ ਕਿਸੇ ਵਿਦਿਆਰਥੀ ਸੰਗਠਨ ਦੀ ਅਣਹੋਂਦ ਦੀ ਗੱਲ ਕੀਤੀ ਤਾਂ ਉਸ ਨੇ ਇਸ ਨੂੰ ਸਿਰੇ ਤੋਂ ਰੱਦ ਕੀਤਾ ਸੀ,
“ਪਾਲਿਟਿਕਸ ਹੈ ਹੀ ਗੰਦੀ ਚੀਜ਼।ਇਹ ਇਨ੍ਹਾਂ ਦੇ ਕੰਮ ਦੇ ਚੀਜ਼ ਨਹੀਂ।ਗਰੀਬ ਵਿਦਿਆਰਥੀਆਂ ਦੇ ਤੇ ਬਿਲਕੁਲ ਹੀ ਨਹੀਂ”
“ਫਿਰ ਖਰੇ-ਖੋਟੇ ਨੂੰ ਪਹਿਚਾਣਨਾ ਕਿਵੇਂ ਆਊ ?”
ਸਹਿਜ ਨੇ ਅਸਹਿਮਤੀ ਜਤਾਈ।
“ਸਮੇਂ ਨਾਲ ਆਪੇ ਆ ਜਾਂਦੈ ।ਤੂੰ ਕੀ ਸੋਚਦਾਂ ਪ੍ਰਿਸੀਪਲ ਜਾਂ ਸਟਾਫ਼ ਨੂੰ ਖਰੇ-ਖੋਟੇ ਦਾ ਪਤਾ ਨਹੀਂ ?ਸਭ ਪਤਾ।ਬੱਸ ਹਰ ਇੱਕ ਦੇ ਨਿੱਜੀ ਸੁਵਾਰਥ ਨੇ ।”
ਬੰਧੂ ਗੱਲ ਸਮੇਟਦਾ ।ਉਸਦੇ ਆਪਣੇ ਤਰਕ ਸਨ।
ਇਨ੍ਹਾਂ ਤਰਕਾਂ ਕਾਰਣ ਹੀ ਉਸਦੀ ਜ਼ਿੰਦਗੀ ਦਾ ਸਮੁੰਦਰੀ ਜ਼ਜ਼ੀਰਾ ਤੂਫ਼ਾਨੀ ਛੱਲਾਂ ਨੇ ਘੇਰ ਲਿਆ। ਵੈਸੇ ਬਾਹਰੋਂ ਦੇਖਿਆਂ ਤਾਂ ਸਭ ਕੁਝ ਆਮ ਜਿਹਾ ਸੀ।ਇਸ ਆਮ ਜ਼ਿੰਦਗੀ ਦੇ ਸਮੁੰਦਰ ਵਿੱਚ ਸਾਰੇ ਸਟਾਫ਼ ਨੇ ਆਪਣੇ-ਆਪਣੇ ਸਿਲੇਬਸ ਦੇ ਦੂਜੇ ਕੰਢੇ ਪਹੁੰਚਣ ਲਈ ਆਪਣੀਆਂ-ਆਪਣੀਆ ਬੇੜੀਆਂ ਠੇਲ ਦਿੱਤੀਆ।ਤੇਜੀ ਨਾਲ ਲੈਕਚਰਾਂ ਅਤੇ ਨੋਟਿਸਾਂ ਦੇ ਚੱਪੂ ਘੁੰਮਣ ਲੱਗੇ।ਹਰ ਕੋਈ ਦੂਜੇ ਨਾਲੋਂ ਕਾਹਲਾ ਜਾਪਦਾ।ਵੈਸੇ ਵੀ ਬੱਲਾਂ ਵਾਲੇ ਸੰਤ ਰਾਮਾਨੰਦ ਦੇ ਵਿਆਨਾ ਵਿੱਚ ਹੋਏ ਕਤਲ ਦਾ ਪ੍ਰਛਾਵਾਂ ਵੀ ਸੈਸ਼ਨ ਵਿੱਚ ਪਿਆ ਰਿਹਾ ।ਪੰਜਾਬ ਵਿੱਚ ਪਹਿਲਾਂ ਅਗਜ਼ਨੀ,ਲੁੱਟਮਾਰ ਤੇ ਹਿੰਸਕ ਮਾਹੌਲ਼ ਬਣਿਆ ਰਿਹਾ।ਚੰਗੇ ਭਾਗੀਂ ਉਦੋ ਕਾਲਜ ਪੇਪਰਾਂ ਲਈ ਬੰਦ ਸਨ।ਪਰ ਸੈਸ਼ਨ ਸ਼ੁਰੂ ਹੁੰਦੇ ਹੀ ਨਿੱਤ ਫੈਲਦੀਆਂ ਅਫਵਾਹਾਂ ਕਾਰਣ ਕਾਲਜ ਕਈ ਵਾਰ ਬੰਦ ਹੋਇਆ।ਪੜ੍ਹਾਈ ਦਾ ਖਾਸਾ ਨੁਕਸਾਨ ਹੋਇਆ ।ਇਸ ਸਭ ਦੇ ਚੱਲਦਿਆਂ ਕਿਸੇ ਕੋਲ ਵੀ ਇੱਕ ਦੂਜੇ ਲਈ ਸਮਾਂ ਹੀ ਕਿੱਥੇ ਸੀ ?
ਸਭ ਨੇ ਉਦੋਂ ਹੀ ਸੁਰਤ ਸੰਭਾਲੀ ਜਦੋਂ ਸਾਲਾਨਾ ਖੇਡ ਮੇਲੇ ਦਾ ਪੰਡਾਲ ਖੇਡ ਗਰਾਊਂਡ ਵਿੱਚ ਸੱਜ ਗਿਆ ।ਪਿਛਲੇ ਦਸ ਸਾਲ’ਚ ਇਹ ਪਹਿਲਾ ਮੌਕਾ ਸੀ ਜਦੋਂ ਬੰਧੂ ਦੀ ਬਜਾਇ ਗਿੱਲ ਦੀ ਆਵਾਜ ਮਾਈਕ ਤੇ ਗੂਜ਼ ਰਹੀ ਸੀ।ਬੰਧੂ ਟਰੈਕ ਵਿੱਚ ਬੇਦਿਲੀ ਨਾਲ ਸਿਰ ਸੁੱਟੀ ਆਪਣੀ ਡਿਊਟੀ ਦਾ ਭਾਰ ਢੋਂਹਦਾ ਜਾਪ ਰਿਹਾ ਸੀ।ਸਿੱਖਿਆ ਮੰਤਰੀ ਸਮੇਤ ਇਲਾਕੇ ਦੇ ਸਭ ਚੌਧਰੀ ਕੈਂਪਸ ਪੁੱਜੇ ਹੋਏ ਸਨ।ਸੌ ਮੀਟਰ ਦੌੜ ਦੇ ਆਖਰੀ ਮੁਕਾਬਲੇ ਨਾਲ ਖੇਡ ਮੇਲਾ ਸਮਾਪਤ ਹੋ ਜਾਣਾ ਸੀ।ਪਰ ਰੇਸ ਮਗਰੋਂ ਖਤਮ ਹੋਈ ਝੱਜੂ ਪਹਿਲਾਂ ਪੈ ਗਿਆ।ਬੰਧੂ ਆਪੇ ਤੋਂ ਬਾਹਰ ਹੋ ਪਿਆ।ਮੈਡਮ ਸੁਜਾਤਾ ਅਵਸਥੀ ਨੇ ਜਿਸ ਖਿਡਾਰਨ ਨੂੰ ਜੇਤੂ ਕਰਾਰ ਦਿੱਤਾ, ਉਹ ਉਸ ਤੇ ਭੜਕ ਪਿਆ।ਮਾਮਲਾ ਫੋਟੋ ਫਿਨਿਸ਼ ਵਾਲਾ ਸੀ।ਪਰ ਕਾਲਜ ਵਿੱਚ ਕੌਣ ਏਨਾ ਗੌਲਦਾ ? ਜਲਦੀ ਜਲਦੀ ਫੈਸਲਾ ਹੋਇਆ ਕਿ ਸੁਖਵੰਤ ਬਰਾੜ ਅਤੇ ਕਾਮਨੀ ਕਲੇਰ ਨੂੰ ਸਾਂਝੇ ਘੋਸ਼ਿਤ ਕਰ ਦੇਵੋ।ਬੰਧੂ ਕਾਹਨੂੰ ਟਲਣ ਵਾਲਾ ਸੀ।ਉਹ ਭਖਣ ਲੱਗਾ,
“ਕਾਮਨੀ ਕਲੇਰ ਹੀ ਜੇਤੂ ਹੈ।ਉਹੀ ਇਨਾਮ ਦੀ ਹੱਕਦਾਰ ਐ।ਇਹ ਧੱਕੇ ਹੁਣ ਇਓ ਨਹੀ ਚੱਲਣੇ…”
ਗੁੱਸੇ ਦੀ ਛੱਲ ਵਿੱਚ ਉਲਝਿਆਂ ਬੰਧੂ ਇਹ ਵੀ ਭੁੱਲ ਗਿਆ ਕਿ ਏਸੇ ਕਾਮਨੀ ਕਲੇਰ ਨਾਲ ਹੀ ਉਸਦੇ ਕਾਲਜ ਵਿੱਚ ਪੋਸਟਰ ਛਪੇ ਸਨ। ਉਸ ਨੂੰ ਤਾਂ ਇਸ ਵਕਤ ਇਹੀ ਯਾਦ ਸੀ ਕਿ ਇਸ ਫੈਸਲੇ ਨਾਲ ਬੈਸਟ ਅਥਲੀਟ ਨੂੰ ਮਿਲਣ ਵਾਲਾ ਦਸ ਹਜਾਰ ਰੁਪਇਆ ਕਾਮਨੀ ਹੱਥੋਂ ਖੁੱਸ ਜਾਣਾ ਹੈ। ਸੁਖਵੰਤ ਅਤੇ ਕਾਮਨੀ ਵਿੱਚ ਕਾਂਟੇ ਦੀ ਟੱਕਰ ਚੱਲ ਰਹੀ ਸੀ ।ਕਾਮਨੀ ਇੱਕ ਅੰਕ ਨਾਲ ਹੁਣ ਤੱਕ ਪੱਛੜ ਰਹੀ ਸੀ ।ਇਸ ਨਤੀਜੇ ਨਾਲ ਬਾਜ਼ੀ ਪਲਟ ਜਾਣੀ ਸੀ। ਵਜੀਫੇ ਨਾਲ ਪੜ੍ਹਾਈ ਕਰ ਰਹੀ ਕਾਮਨੀ ਦੀ ਲੋੜ ਹੀ ਬੰਧੂ ਨੂੰ ਇਸ ਵਕਤ ਸਭ ਤੋਂ ਵੱਡੀ ਲੱਗੀ ।ਆਪਣੇ ਵਕਾਰ ਤੋਂ ਵੀ ਵੱਡੀ !ਉਸ ਲਈ ਬਾਕੀ ਸਭ ਕੁਝ ਮਨਫੀ ਹੋ ਗਿਆ ।ਉਹ ਚੁੱਪ ਹੋਣ ਦਾ ਨਾਂ ਨਹੀ ਲੈ ਰਿਹਾ ਸੀ।ਵਾਈਸ ਪ੍ਰਿੰਸੀਪਲ ਬੰਤ ਸਿੰਘ ਸੋਫੇ ਤੋਂ ਬੁੜਕ ਕੇ ਉਠਿਆ ਤੇ ਬੰਧੂ ਕੋਲ ਜਾ ਪਹੁੰਚਿਆ,
“ਪ੍ਰਿੰਸੀਪਲ ਕਹਿੰਦੇ ਆ, ਉਹ ਪੈਟਰਨ ਹੋਣ ਦੇ ਨਾਤੇ ਦੋਨਾਂ ਨੂੰ ਸਾਂਝੇ ਜੇਤੂ ਘੋਸ਼ਿਤ ਕਰਦੇ ਆ ।ਤੁਸੀਂ ਹੁਣ…
ਗੱਲ ਅਜੇ ਮੂੰਹ ਵਿੱਚ ਹੀ ਸੀ ਕਿ ਉਸਦੀ ਬਾਂਹ ਝਟਕ ਬੰਧੂ ਬੋੋਲਿਆ,
“ਪਰੇ ਹੋ ਪ੍ਰਿੰਸੀਪਲ ਦੇ ਚਮਚਿਆ।ਇਹਦੇ ਇਨਸਾਫਾਂ ਨੂੰ ਮੈ ਜਾਣਦਾਂ…”
ਪਤਾ ਨਹੀਂ ਉਹ ਹੋਰ ਕੀ ਕੁਝ ਬੋਲ ਜਾਂਦਾ ਜੇ ਸਹਿਜ ਉਸ ਦੀ ਬਾਂਹ ਨਾ ਆ ਫੜਦਾ।ਇੱਕ ਵਾਰਗੀ ਤਾਂ ਉਸਨੇ ਉੇਸ ਦੀ ਬਾਂਹ ਵੀ ਝਟਕ ਦਿੱਤੀ ।ਪਤਾ ਨਹੀਂ ਇਹ ਪੁਰਾਂਣੇ ਰਿਸ਼ਤੇ ਦੀ ਪਕੜ ਸੀ ਜਾਂ ਉਸਦਾ ਹੀ ਗੁੱਭ-ਗੁਭਾਟ ਨਿੱਕਲ ਗਿਆ ਸੀ , ਉਹ ਸ਼ਾਂਤ ਹੋ ਕੇ ਪੰਡਾਲ ਤੋਂ ਬਾਹਰ ਚਲਾ ਗਿਆ।
ਪਰ ਅਗਲੇ ਦਿਨ ਕਾਲਜ ਪੂਰੀ ਤਰ੍ਹਾਂ ਅਸ਼ਾਂਤ ਸੀ। ਹੋਣ ਵਾਲੀ ਛੁੱਟੀ ਵੀ ਕੈਂਸਲ ਹੋ ਗਈ ।ਬੰਧੂ ਕਾਲਜ ਮਗਰੋਂ ਪਹੁੰਚਿਆ ਉਸ ਦੇ ਹੱਥ ਚੰਡੀਗੜ੍ਹੋ ਆਈ ਸਸਪੈਨਸ਼ਨ ਦੀ ਫੈਕਸ ਕਾਪੀ ਪਹਿਲਾਂ ਪਹੁੰਚ ਗਈ।ਸਭ ਨੇ ਸਰਕਾਰੀ ਤੰਤਰ ਦੀ ਇਹ ਫੁਰਤੀ ਪਹਿਲੀ ਵਾਰ ਤੱਕੀ।ਬੰਧੂ ਨੂੰ ਸਭ ਕੁਝ ਘੁੰਮਦਾ ਨਜ਼ਰ ਆਇਆ।ਸਭ ਧੁੰਧਲਾ ਜਿਹਾ।ਅਗਲੇ ਹੀ ਪਲ ਉਹ ਕੈਂਪਸ ਵਿੱਚੋਂ ਗਾਇਬ ਸੀ।
ਉਸ ਨੂੰ ਅਟੈਕ ਆਂਣ ਦੀ ਖਬਰ ਸਹਿਜ ਨੂੰ ਪਰਸੋਂ ਸੱਤ ਵਜੇ ਦੇ ਕਰੀਬ ਮਿਲੀ।ਉਹ ਉਨ੍ਹੀ ਪੈਰੀਂ ਭੱਜਾ ਆਇਆ।ਵੈਸੇ ਤਾਂ ਅਗਲੇ ਦਿਨ ਬਹੁਤ ਸਾਰਾ ਸਟਾਫ ਵੀ ਆਪਣੀ ਹਾਜ਼ਰੀ ਪਾ ਗਿਆ ।ਬਰਾੜ ਆਪਣੀ ਇਨੋਵਾ ਗੱਡੀ ਵਿੱਚ ਪੂਰੇ ਲਾਮ ਲਸ਼ਕਰ ਸਮੇਤ ਆਇਆ ।ਉਹ ਪੂਰਾ ‘ਦੁਨੀਆਦਾਰ’ ਬੰਦਾ ਸੀ । ਉਹ ਜਾਣ ਲੱਗਿਆਂ ਆਰਤੀ ਨੂੰ ਇਹ ਵੀ ਕਹਿ ਗਿਆ,
“ਕੋਈ ਜ਼ਰੂਰਤ ਹੋਈ ਤਾਂ ਦੱਸਿਓ…ਇਥੇ ਬਥੇਰੇ ਆਪਣੇ ਵਾਕਫ ਨੇ”।
ਕੋਲ ਬੈਠੇ ਸਹਿਜ ਨੂੰ ਜਾਪਿਆ ਜਿਵੇਂ ਬੰਧੂ ਹੁਣੇ ਬੈੱਡ ਤੋਂ ਬੁੜਕ ਕੇ ਬੋਲੇਗਾ ,
“ਚੁੱਪ ਕਰ ਉਏ ਹਰਾਮੀਆਂ, ਤੇਰੇ ਸਭ ਡਰਾਮੇ ਮੈਂ ਜਾਣਦਾਂ”
ਪਰ ਉਹ ਤਾਂ ਬੇਹੋਸ਼ ਪਿਆ ਸੀ। ਸਭ ਕਾਸੇ ਤੋਂ ਬੇਖਬਰ।ਸਿਰਫ ਆਰਤੀ ਦੀ ਆਵਾਜ ਉੱਭਰੀ,
“ਹੁਣ ਤਾਂ ਭਾਜੀ ਤੁਹਾਡਾ ਈ ਆਸਰਾ।ਘਰ’ਚ ਇਨ੍ਹਾਂ ਤੋਂ ਬਿਨਾਂ ਕਮਾਉਣ ਵਾਲਾ ਹੋਰ ਕੌਣ ਐਂ?”
ਇਹ ਕਹਿ ਉਸ ਤੋਂ ਆਪਣੇ ਹੌਕੇ ਰੋਕਦਿਆਂ ਵੀ ਰੋਕ ਨਹੀਂ ਸਨ ਹੋਏ।ਕਮਰੇ ਵਿੱਚ ਦਿਲ’ਚ ਛੇਕ ਕਰਨ ਵਾਲੀ ਡੂੰਘੀ ਚੁੱਪ ਛਾ ਗਈ।ਉਸ ਤੋਂ ਬਾਅਦ ਇਹ ਚੁੱਪ ਟੁੱਟ ਨਹੀਂ ਸੀ ਸਕੀ।ਡਾਕਟਰਾਂ ਅਤੇ ਨਰਸਾਂ ਦੀ ਹਰਕਤ ਨਾਲ ਇਸ ਵਿੱਚ ਕਿਤੇ-ਕਿਤੇ ਖਲਲ ਜਿਹਾ ਪੈਂਦਾ।ਇਸ ਚੁੱਪ ਨੂੰ ਕਈ ਵਾਰ ਆਰਤੀ ਦੇ ਹੱਥ ਵਿੱਚ ਫੜੇ ਬੰਧੂ ਦੇ ਮੋਬਾਇਲ ਦੀ ਘੰਟੀ ਨੇ ਜ਼ਰੂਰ ਡੰਗਿਆ।ਬਹੁਤੀ ਟੁਨ-ਟੁਨ ਵਿਦਿਆਰਥੀਆਂ ਦੇ ਸਿਹਤਮੰਦੀ ਲਈ ਦੁਆ ਕਰਦੇ ਸੁਨੇਹਿਆਂ ਦੀ ਹੀ ਸੀ।ਜਦ ਟੁਨ-ਟੁਨ ਬਹੁਤੀ ਹੀ ਵੱਧ ਗਈ ਤਾਂ ਆਰਤੀ ਨੇ ਇਸ ਨੂੰ ਝੁੰਜਲਾਹਟ ਜਿਹੀ ਨਾਲ ਬੰਦ ਕਰ ਦਿੱਤਾ।ਪੂਰੇ ਦੋ ਦਿਨ ਦੋ ਸਦੀਆਂ ਤੋਂ ਵੀ ਲੰਮੇ ਹੋ ਗਏ ਸਨ।ਇਹ ਖਾਮੋਸ਼ੀ ਫਿਰ ਬੰਧੂ ਦੀ ਥਥਲਾਹਟ ਭਰੀ ਦਹਾੜ ਨਾਲ ਨਿਕਲੀ ਚੀਕ ਨਾਲ ਹੀ ਟੁੱਟੀ। ਕੁਰਸੀ ਤੇ ਊਂਘ ਰਹੀ ਆਰਤੀ ਤ੍ਰਬਕ ਕੇ ਉੱਠੀ,
“ਬੰਧੂ ਜੀ ਠੀਕ ਹੋਗੇ…!”
ਸਹਿਜ ਸਮਝ ਨਾ ਪਾਇਆ ਕਿ ਕੀ ਠੀਕ ਹੋਇਆ ਤੇ ਕੀ ਗਲਤ।ਉਸ ਨੂੰ ਤਾਂ ਉਸ ਵਕਤ ਬੰਧੂ ਦਾ ਧੜ ਹੀ ਨਜ਼ਰ ਆਇਆ।ਉਹ ਧੜ ਜਿਸਦਾ ਖੱਬਾ ਪਾਸਾ ਅਟੈਕ ਨੇ ਜਮਾਂ ਮਾਸ ਦਾ ਲੋਥੜਾ ਜਿਹਾ ਬਣਾ ਦਿੱਤਾ ਸੀ । ਮੂੰਹ ਨੂੰ ਇੱਕ ਪਾਸਿਓ ਵਿੰਗਾ ਜਿਹਾ ਕਰਕੇ ਬੇਢੱਬਾ ਕਰ ਦਿੱਤਾ ਸੀ।ਦੋ ਘੰੰਟੇ ਬਾਅਦ ਬੰਧੂ ਨੇ ਮੁੜ ਅੱਖਾਂ ਪੱਟੀਆਂ।ਉਹ ਸਿੱਧੀਆਂ ਸਹਿਜ ਨਾਲ ਜਾ ਮਿਲੀਆਂ ।ਅੱਖਾਂ ਦੇ ਕੋਇਆਂ ਵਿੱਚੋਂ ਅੱਥਰੂ ਫੁੱਟ ਕੇ ਬੰਧੂ ਦੀਆਂ ਗੱਲਾਂ ਤੇ ਲੀਕ ਬਣਾਉਂਦੇ ਉਥੇ ਹੀ ਕਿਤੇ ਗੱਦੇ ਵਿੱਚ ਸਮਾ ਗਏ।ਤੁਰਨ ਲਈ ਕਾਹਲੇ ਪਏ ਸਹਿਜ ਨੂੰ ਰੋਕਣ ਲਈ ਸੱਜੇ ਹੱਥ ਵਿੱਚ ਬੇਮਲੂਮੀ ਹਰਕਤ ਹੋਈ। ਪਰ ਹੱਥ ਤਾਂ ਸੂਈਆਂ ਦਾ ਵਿੱਧਾ ਹੋਇਆ ਸੀ। ਇੰਚ ਕੁ ਉੱਠਕੇ ਹੀ ਰੁਕ ਗਿਆ।ਸਹਿਜ ਨੇ ਪੋਲੇ ਜਿਹੇ ਉੱਠੇ ਹੱਥ ਨੂੰ ਪਲੋਸਿਆ ,
“ਚੰਗਾਂ, ਮੈਂ ਚੱਲਦਾਂ ।ਹਾਲ’ਚ ਚੇਤਨਾ ਕੈਂਪ ਲੱਗਾ ਹੋਇਆ।ਮੁੜਦੀ ਵਾਰੀਂ ਮਿਲੂ”।
ਉਸਦੇ ਉੱਠਦੇ ਹਰ ਕਦਮ ਨਾਲ ਬੋਝਲ ਖਾਮੋਸ਼ੀ ਪਿੱਛੇ ਛੁੱਟ ਰਹੀ ਸੀ।
ਸੁਖਪਾਲ ਥਿੰਦ ਨੂੰ ਪੰਜਾਬੀ ਸਾਹਿਤ ਦੇ ਆਲੋਚਕ ਵਜੋਂ ਜਾਣਿਆ ਜਾਂਦਾ ਹੈ। ਇਕ ਆਲੋਚਨਾ ਪੁਸਤਕ 'ਬਿਰਤਾਂਤ ਸ਼ਾਸ਼ਤਰ-ਉਤਰ ਆਧੁਨਿਕ ਪਰਿਪੇਖ, ਨਾਲ ਹੀ ਉਹ ਆਲੋਚਨਾ ਦੇ ਪਿੜ ਵਿਚ ਆਪਣਾ ਅਸਰਦਾਰ ਮੁਕਾਮ ਹਾਸਲ ਕਰ ਚੁੱਕਾ ਹੈ। ਬਰਤਾਨੀਆ ਅਤੇ ਕੈਨੇਡਾ ਬਾਰੇ ਉਹਦੇ ਦੋ ਸਫਰਨਾਮੇ ਵੀ ਕਾਫੀ ਚਰਚਿਤ ਰਹੇ ਹਨ। ਆਮ ਤੌਰ 'ਤੇ ਮੌਲਿਕ ਲੇਖਕ ਹੌਲੀ ਹੌਲੀ ਆਲੋਚਨਾ ਵਲੋ ਖਿਸਕਦੇ ਜਾਂਦੇ ਹਨ ਪਰ ਸੁਖਪਾਲ ਥਿੰਦ ਆਲੋਚਨਾ ਤੋਂ ਕਹਾਣੀ ਲੇਖਨ ਵੱਲ ਆਇਆ ਹੈ। ਇਸ ਨੂੰ ਸ਼ੁਭ ਸ਼ਗਨ ਸਮਝਦਿਆਂ 'ਹੁਣ' ਸੁਖਪਾਲ ਥਿੰਦ ਦੀ ਪਹਿਲੀ ਕਹਾਣੀ ਛਾਪਣ ਦਾ ਮਾਣ ਲੈ ਰਿਹਾ ਹੈ।